ਯਿਰਮਿਯਾਹ
27 ਯੋਸੀਯਾਹ ਦੇ ਪੁੱਤਰ, ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਰਾਜ ਦੇ ਸ਼ੁਰੂ ਵਿਚ ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 2 “ਯਹੋਵਾਹ ਨੇ ਮੈਨੂੰ ਇਹ ਕਿਹਾ ਹੈ, ‘ਆਪਣੇ ਲਈ ਜੂਲਾ ਅਤੇ ਪਟੇ ਬਣਾ ਅਤੇ ਉਸ ਨੂੰ ਆਪਣੀ ਧੌਣ ਉੱਤੇ ਰੱਖ। 3 ਫਿਰ ਇਸ ਤਰ੍ਹਾਂ ਦੇ ਜੂਲੇ ਅਦੋਮ ਦੇ ਰਾਜੇ,+ ਮੋਆਬ ਦੇ ਰਾਜੇ,+ ਅੰਮੋਨੀਆਂ ਦੇ ਰਾਜੇ,+ ਸੋਰ ਦੇ ਰਾਜੇ+ ਅਤੇ ਸੀਦੋਨ ਦੇ ਰਾਜੇ+ ਨੂੰ ਉਨ੍ਹਾਂ ਰਾਜਦੂਤਾਂ ਦੇ ਹੱਥੀਂ ਘੱਲ ਜਿਹੜੇ ਯਹੂਦਾਹ ਦੇ ਰਾਜੇ ਸਿਦਕੀਯਾਹ ਕੋਲ ਯਰੂਸ਼ਲਮ ਵਿਚ ਆਏ ਹਨ। 4 ਉਨ੍ਹਾਂ ਰਾਹੀਂ ਉਨ੍ਹਾਂ ਦੇ ਮਾਲਕਾਂ ਨੂੰ ਇਹ ਹੁਕਮ ਦੇ:
“‘“ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ; ਤੁਸੀਂ ਆਪਣੇ ਮਾਲਕਾਂ ਨੂੰ ਇਹ ਕਹਿਣਾ, 5 ‘ਮੈਂ ਹੀ ਆਪਣੀ ਵੱਡੀ ਤਾਕਤ ਅਤੇ ਆਪਣੀ ਤਾਕਤਵਰ ਬਾਂਹ* ਨਾਲ ਧਰਤੀ ਅਤੇ ਇਸ ਉੱਤੇ ਰਹਿੰਦੇ ਇਨਸਾਨਾਂ ਅਤੇ ਜਾਨਵਰਾਂ ਨੂੰ ਬਣਾਇਆ ਹੈ। ਮੈਂ ਜਿਨ੍ਹਾਂ ਨੂੰ ਚਾਹਾਂ,* ਉਨ੍ਹਾਂ ਨੂੰ ਇਹ ਸਭ ਕੁਝ ਦਿੰਦਾ ਹਾਂ।+ 6 ਮੈਂ ਹੁਣ ਇਹ ਸਾਰੇ ਦੇਸ਼ ਆਪਣੇ ਦਾਸ, ਬਾਬਲ ਦੇ ਰਾਜੇ ਨਬੂਕਦਨੱਸਰ+ ਦੇ ਹੱਥ ਵਿਚ ਦੇ ਦਿੱਤੇ ਹਨ; ਇੱਥੋਂ ਤਕ ਕਿ ਜੰਗਲੀ ਜਾਨਵਰ ਵੀ ਉਸ ਨੂੰ ਦੇ ਦਿੱਤੇ ਹਨ ਤਾਂਕਿ ਉਹ ਉਸ ਦੀ ਸੇਵਾ ਕਰਨ। 7 ਇਹ ਸਾਰੀਆਂ ਕੌਮਾਂ ਉਸ ਦੀ, ਉਸ ਦੇ ਪੁੱਤਰ ਦੀ ਅਤੇ ਉਸ ਦੇ ਪੋਤੇ ਦੀ ਗ਼ੁਲਾਮੀ ਕਰਨਗੀਆਂ ਜਦ ਤਕ ਉਸ ਦੇ ਰਾਜ ਦਾ ਅੰਤ ਨਹੀਂ ਆ ਜਾਂਦਾ।+ ਫਿਰ ਬਹੁਤ ਸਾਰੀਆਂ ਕੌਮਾਂ ਅਤੇ ਵੱਡੇ-ਵੱਡੇ ਰਾਜੇ ਉਸ ਨੂੰ ਆਪਣਾ ਗ਼ੁਲਾਮ ਬਣਾਉਣਗੇ।’+
8 “‘“ਯਹੋਵਾਹ ਕਹਿੰਦਾ ਹੈ, ‘ਜੇ ਕੋਈ ਕੌਮ ਜਾਂ ਰਾਜ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਅਧੀਨ ਹੋਣ ਤੋਂ ਇਨਕਾਰ ਕਰਦਾ ਹੈ ਅਤੇ ਆਪਣੀ ਧੌਣ ʼਤੇ ਬਾਬਲ ਦੇ ਰਾਜੇ ਦਾ ਜੂਲਾ ਰੱਖਣ ਤੋਂ ਇਨਕਾਰ ਕਰਦਾ ਹੈ, ਤਾਂ ਮੈਂ ਉਸ ਕੌਮ ਨੂੰ ਤਲਵਾਰ, ਕਾਲ਼ ਅਤੇ ਮਹਾਂਮਾਰੀ* ਨਾਲ ਤਦ ਤਕ ਸਜ਼ਾ ਦਿਆਂਗਾ+ ਜਦ ਤਕ ਮੈਂ ਉਸ ਦੇ ਹੱਥੀਂ ਉਨ੍ਹਾਂ ਦਾ ਨਾਮੋ-ਨਿਸ਼ਾਨ ਨਹੀਂ ਮਿਟਾ ਦਿੰਦਾ।’
9 “‘“‘ਇਸ ਲਈ ਤੁਸੀਂ ਆਪਣੇ ਨਬੀਆਂ, ਫਾਲ* ਪਾਉਣ ਵਾਲਿਆਂ, ਸੁਪਨੇ ਦੇਖਣ ਵਾਲਿਆਂ, ਜਾਦੂਗਰਾਂ ਅਤੇ ਜਾਦੂ-ਟੂਣਾ ਕਰਨ ਵਾਲਿਆਂ ਦੀ ਗੱਲ ਨਾ ਸੁਣੋ ਜੋ ਤੁਹਾਨੂੰ ਕਹਿੰਦੇ ਹਨ: “ਤੁਹਾਨੂੰ ਬਾਬਲ ਦੇ ਰਾਜੇ ਦੀ ਗ਼ੁਲਾਮੀ ਨਹੀਂ ਕਰਨੀ ਪਵੇਗੀ।” 10 ਉਹ ਤੁਹਾਡੇ ਸਾਮ੍ਹਣੇ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ, ਇਸ ਲਈ ਤੁਹਾਨੂੰ ਤੁਹਾਡੇ ਦੇਸ਼ ਤੋਂ ਬਹੁਤ ਦੂਰ ਲਿਜਾਇਆ ਜਾਵੇਗਾ। ਮੈਂ ਤੁਹਾਨੂੰ ਖਿੰਡਾ ਦਿਆਂਗਾ ਅਤੇ ਤੁਸੀਂ ਨਾਸ਼ ਹੋ ਜਾਓਗੇ।
11 “‘“ਯਹੋਵਾਹ ਕਹਿੰਦਾ ਹੈ, ‘ਪਰ ਜਿਹੜੀ ਕੌਮ ਆਪਣੀ ਧੌਣ ʼਤੇ ਬਾਬਲ ਦੇ ਰਾਜੇ ਦਾ ਜੂਲਾ ਰੱਖੇਗੀ ਅਤੇ ਉਸ ਦੀ ਗ਼ੁਲਾਮੀ ਕਰੇਗੀ, ਮੈਂ ਉਸ ਨੂੰ ਉਸ ਦੇ ਦੇਸ਼ ਵਿਚ ਰਹਿਣ* ਦਿਆਂਗਾ ਤਾਂਕਿ ਉਹ ਦੇਸ਼ ਦੀ ਜ਼ਮੀਨ ਵਾਹੇ ਅਤੇ ਉੱਥੇ ਵੱਸੀ ਰਹੇ।’”’”
12 ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ+ ਨੂੰ ਵੀ ਇਹੀ ਕਿਹਾ: “ਜੇ ਤੁਸੀਂ ਆਪਣੀਆਂ ਧੌਣਾਂ ʼਤੇ ਬਾਬਲ ਦੇ ਰਾਜੇ ਦਾ ਜੂਲਾ ਰੱਖੋਗੇ ਅਤੇ ਉਸ ਦੀ ਅਤੇ ਉਸ ਦੇ ਲੋਕਾਂ ਦੀ ਗ਼ੁਲਾਮੀ ਕਰੋਗੇ, ਤਾਂ ਤੁਸੀਂ ਜੀਉਂਦੇ ਰਹੋਗੇ।+ 13 ਤੂੰ ਅਤੇ ਤੇਰੇ ਲੋਕ ਕਿਉਂ ਤਲਵਾਰ,+ ਕਾਲ਼+ ਅਤੇ ਮਹਾਂਮਾਰੀ+ ਨਾਲ ਮਰਨ? ਯਹੋਵਾਹ ਨੇ ਕਿਹਾ ਹੈ ਕਿ ਜੋ ਕੌਮ ਬਾਬਲ ਦੇ ਰਾਜੇ ਦੀ ਗ਼ੁਲਾਮੀ ਨਹੀਂ ਕਰੇਗੀ, ਉਸ ਦਾ ਇਹੀ ਹਸ਼ਰ ਹੋਵੇਗਾ। 14 ਉਨ੍ਹਾਂ ਨਬੀਆਂ ਦੀ ਗੱਲ ਨਾ ਸੁਣੋ ਜਿਹੜੇ ਕਹਿੰਦੇ ਹਨ, ‘ਤੁਹਾਨੂੰ ਬਾਬਲ ਦੇ ਰਾਜੇ ਦੀ ਗ਼ੁਲਾਮੀ ਨਹੀਂ ਕਰਨੀ ਪਵੇਗੀ।’+ ਉਹ ਤੁਹਾਡੇ ਸਾਮ੍ਹਣੇ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ।+
15 “ਯਹੋਵਾਹ ਕਹਿੰਦਾ ਹੈ, ‘ਮੈਂ ਉਨ੍ਹਾਂ ਨਬੀਆਂ ਨੂੰ ਨਹੀਂ ਭੇਜਿਆ, ਪਰ ਉਹ ਮੇਰੇ ਨਾਂ ʼਤੇ ਝੂਠੀਆਂ ਭਵਿੱਖਬਾਣੀਆਂ ਕਰ ਰਹੇ ਹਨ। ਇਸ ਕਰਕੇ ਮੈਂ ਤੁਹਾਨੂੰ ਖਿੰਡਾ ਦਿਆਂਗਾ ਅਤੇ ਤੁਹਾਡਾ ਨਾਸ਼ ਕਰ ਦਿਆਂਗਾ, ਹਾਂ ਤੁਹਾਨੂੰ ਅਤੇ ਉਨ੍ਹਾਂ ਨਬੀਆਂ ਨੂੰ ਜਿਹੜੇ ਤੁਹਾਡੇ ਸਾਮ੍ਹਣੇ ਭਵਿੱਖਬਾਣੀਆਂ ਕਰ ਰਹੇ ਹਨ।’”+
16 ਮੈਂ ਪੁਜਾਰੀਆਂ ਅਤੇ ਇਨ੍ਹਾਂ ਸਾਰੇ ਲੋਕਾਂ ਨੂੰ ਕਿਹਾ: “ਯਹੋਵਾਹ ਕਹਿੰਦਾ ਹੈ, ‘ਆਪਣੇ ਨਬੀਆਂ ਦੀ ਗੱਲ ਨਾ ਸੁਣੋ ਜਿਹੜੇ ਭਵਿੱਖਬਾਣੀ ਕਰਦੇ ਹੋਏ ਤੁਹਾਨੂੰ ਕਹਿੰਦੇ ਹਨ: “ਦੇਖੋ! ਬਾਬਲ ਤੋਂ ਯਹੋਵਾਹ ਦੇ ਘਰ ਦੇ ਭਾਂਡੇ ਜਲਦੀ ਹੀ ਵਾਪਸ ਲਿਆਂਦੇ ਜਾਣਗੇ!”+ ਉਹ ਤੁਹਾਡੇ ਸਾਮ੍ਹਣੇ ਝੂਠੀ ਭਵਿੱਖਬਾਣੀ ਕਰਦੇ ਹਨ।+ 17 ਉਨ੍ਹਾਂ ਦੀ ਗੱਲ ਨਾ ਸੁਣੋ। ਬਾਬਲ ਦੇ ਰਾਜੇ ਦੀ ਗ਼ੁਲਾਮੀ ਕਰੋ ਅਤੇ ਜੀਉਂਦੇ ਰਹੋ।+ ਨਹੀਂ ਤਾਂ ਇਹ ਸ਼ਹਿਰ ਤਬਾਹ ਹੋ ਜਾਵੇਗਾ। 18 ਪਰ ਜੇ ਉਹ ਸੱਚ-ਮੁੱਚ ਨਬੀ ਹਨ ਅਤੇ ਉਨ੍ਹਾਂ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ ਹੈ, ਤਾਂ ਕਿਰਪਾ ਕਰ ਕੇ ਉਹ ਸੈਨਾਵਾਂ ਦੇ ਯਹੋਵਾਹ ਨੂੰ ਬੇਨਤੀ ਕਰਨ ਕਿ ਜਿਹੜੇ ਭਾਂਡੇ ਯਹੋਵਾਹ ਦੇ ਘਰ ਵਿਚ, ਯਹੂਦਾਹ ਦੇ ਰਾਜੇ ਦੇ ਘਰ* ਵਿਚ ਅਤੇ ਯਰੂਸ਼ਲਮ ਵਿਚ ਬਾਕੀ ਰਹਿ ਗਏ ਸਨ, ਉਹ ਬਾਬਲ ਨਾ ਲਿਜਾਏ ਜਾਣ।’
19 “ਕਿਉਂਕਿ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ ਕਿ ਜਿਹੜੇ ਥੰਮ੍ਹ,+ ਵੱਡਾ ਹੌਦ,*+ ਪਹੀਏਦਾਰ ਗੱਡੀਆਂ+ ਅਤੇ ਇਸ ਸ਼ਹਿਰ ਵਿਚ ਬਾਕੀ ਬਚੇ ਭਾਂਡੇ 20 ਬਾਬਲ ਦਾ ਰਾਜਾ ਨਬੂਕਦਨੱਸਰ ਉਦੋਂ ਆਪਣੇ ਨਾਲ ਨਹੀਂ ਲੈ ਗਿਆ ਸੀ ਜਦੋਂ ਉਹ ਯਹੋਯਾਕੀਮ ਦੇ ਪੁੱਤਰ, ਯਹੂਦਾਹ ਦੇ ਰਾਜੇ ਯਕਾਨਯਾਹ ਅਤੇ ਯਹੂਦਾਹ ਤੇ ਯਰੂਸ਼ਲਮ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਬੰਦੀ ਬਣਾ ਕੇ ਯਰੂਸ਼ਲਮ ਤੋਂ ਬਾਬਲ ਲੈ ਗਿਆ ਸੀ,+ 21 ਹਾਂ, ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਉਨ੍ਹਾਂ ਬਾਕੀ ਬਚੇ ਭਾਂਡਿਆਂ ਬਾਰੇ ਕਹਿੰਦਾ ਹੈ ਜੋ ਯਹੋਵਾਹ ਦੇ ਘਰ ਵਿਚ, ਯਹੂਦਾਹ ਦੇ ਰਾਜੇ ਦੇ ਘਰ* ਵਿਚ ਅਤੇ ਯਰੂਸ਼ਲਮ ਵਿਚ ਰਹਿ ਗਏ ਹਨ: 22 ‘“ਉਹ ਭਾਂਡੇ ਬਾਬਲ ਲਿਜਾਏ ਜਾਣਗੇ+ ਅਤੇ ਉਸ ਦਿਨ ਤਕ ਉੱਥੇ ਰਹਿਣਗੇ ਜਦ ਤਕ ਮੈਂ ਉਨ੍ਹਾਂ ਵੱਲ ਆਪਣਾ ਧਿਆਨ ਨਹੀਂ ਦਿੰਦਾ,” ਯਹੋਵਾਹ ਕਹਿੰਦਾ ਹੈ। “ਫਿਰ ਮੈਂ ਉਨ੍ਹਾਂ ਨੂੰ ਵਾਪਸ ਲਿਆਵਾਂਗਾ ਅਤੇ ਇਸ ਜਗ੍ਹਾ ਦੁਬਾਰਾ ਰੱਖਾਂਗਾ।”’”+