ਬਿਵਸਥਾ ਸਾਰ
31 ਫਿਰ ਮੂਸਾ ਨੇ ਜਾ ਕੇ ਇਹ ਗੱਲਾਂ ਸਾਰੇ ਇਜ਼ਰਾਈਲੀਆਂ ਨੂੰ ਦੱਸੀਆਂ 2 ਅਤੇ ਉਨ੍ਹਾਂ ਨੂੰ ਕਿਹਾ: “ਮੈਂ ਹੁਣ 120 ਸਾਲਾਂ ਦਾ ਹੋ ਗਿਆ ਹਾਂ।+ ਹੁਣ ਤੋਂ ਮੈਂ ਤੁਹਾਡੀ ਅਗਵਾਈ ਨਹੀਂ ਕਰਾਂਗਾ* ਕਿਉਂਕਿ ਯਹੋਵਾਹ ਨੇ ਮੈਨੂੰ ਕਿਹਾ ਹੈ, ‘ਤੂੰ ਯਰਦਨ ਦਰਿਆ ਪਾਰ ਨਹੀਂ ਜਾਵੇਂਗਾ।’+ 3 ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਅੱਗੇ-ਅੱਗੇ ਯਰਦਨ ਦਰਿਆ ਪਾਰ ਜਾਵੇਗਾ ਅਤੇ ਉਹ ਤੁਹਾਡੇ ਅੱਗਿਓਂ ਉਨ੍ਹਾਂ ਕੌਮਾਂ ਨੂੰ ਨਾਸ਼ ਕਰ ਦੇਵੇਗਾ ਅਤੇ ਤੁਸੀਂ ਉੱਥੋਂ ਉਨ੍ਹਾਂ ਨੂੰ ਕੱਢ ਦਿਓਗੇ।+ ਯਹੋਸ਼ੁਆ ਤੁਹਾਡੀ ਅਗਵਾਈ ਕਰੇਗਾ+ ਅਤੇ ਤੁਹਾਨੂੰ ਉਸ ਪਾਰ ਲੈ ਜਾਵੇਗਾ ਜਿਵੇਂ ਯਹੋਵਾਹ ਨੇ ਕਿਹਾ ਹੈ। 4 ਯਹੋਵਾਹ ਉਨ੍ਹਾਂ ਦਾ ਨਾਸ਼ ਕਰ ਦੇਵੇਗਾ ਜਿਵੇਂ ਉਸ ਨੇ ਅਮੋਰੀਆਂ ਦੇ ਰਾਜੇ ਸੀਹੋਨ+ ਤੇ ਓਗ+ ਦਾ ਅਤੇ ਉਨ੍ਹਾਂ ਦੇ ਦੇਸ਼ ਦਾ ਕੀਤਾ ਸੀ।+ 5 ਯਹੋਵਾਹ ਤੁਹਾਡੇ ਵੱਲੋਂ ਲੜੇਗਾ ਅਤੇ ਉਨ੍ਹਾਂ ਨੂੰ ਹਰਾ ਦੇਵੇਗਾ ਅਤੇ ਮੈਂ ਤੁਹਾਨੂੰ ਜੋ ਕਾਨੂੰਨ ਦਿੱਤਾ ਹੈ, ਤੁਸੀਂ ਉਨ੍ਹਾਂ ਨਾਲ ਉਸੇ ਮੁਤਾਬਕ ਕਰਿਓ।+ 6 ਦਲੇਰ ਬਣੋ ਅਤੇ ਤਕੜੇ ਹੋਵੋ।+ ਤੁਸੀਂ ਉਨ੍ਹਾਂ ਤੋਂ ਨਾ ਡਰੋ ਅਤੇ ਨਾ ਹੀ ਖ਼ੌਫ਼ ਖਾਓ+ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਨਾਲ-ਨਾਲ ਜਾਵੇਗਾ। ਉਹ ਤੁਹਾਨੂੰ ਕਦੇ ਨਹੀਂ ਛੱਡੇਗਾ ਅਤੇ ਨਾ ਹੀ ਤੁਹਾਨੂੰ ਤਿਆਗੇਗਾ।”+
7 ਫਿਰ ਮੂਸਾ ਨੇ ਯਹੋਸ਼ੁਆ ਨੂੰ ਸੱਦਿਆ ਅਤੇ ਸਾਰੇ ਇਜ਼ਰਾਈਲੀਆਂ ਦੇ ਸਾਮ੍ਹਣੇ ਉਸ ਨੂੰ ਕਿਹਾ: ‘ਦਲੇਰ ਬਣ ਅਤੇ ਤਕੜਾ ਹੋ+ ਕਿਉਂਕਿ ਤੂੰ ਹੀ ਇਨ੍ਹਾਂ ਲੋਕਾਂ ਨੂੰ ਉਸ ਦੇਸ਼ ਵਿਚ ਲੈ ਜਾਵੇਂਗਾ ਜੋ ਦੇਸ਼ ਇਨ੍ਹਾਂ ਨੂੰ ਦੇਣ ਦੀ ਯਹੋਵਾਹ ਨੇ ਇਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ। ਤੂੰ ਇਹ ਦੇਸ਼ ਇਨ੍ਹਾਂ ਲੋਕਾਂ ਨੂੰ ਵਿਰਾਸਤ ਵਿਚ ਦੇਵੇਂਗਾ।+ 8 ਯਹੋਵਾਹ ਤੇਰੇ ਅੱਗੇ-ਅੱਗੇ ਜਾਵੇਗਾ ਅਤੇ ਉਹ ਹਮੇਸ਼ਾ ਤੇਰੇ ਨਾਲ ਰਹੇਗਾ।+ ਉਹ ਤੈਨੂੰ ਕਦੇ ਨਹੀਂ ਛੱਡੇਗਾ ਅਤੇ ਨਾ ਹੀ ਤੈਨੂੰ ਤਿਆਗੇਗਾ। ਤੂੰ ਨਾ ਡਰ ਅਤੇ ਨਾ ਹੀ ਖ਼ੌਫ਼ ਖਾਹ।”+
9 ਫਿਰ ਮੂਸਾ ਨੇ ਇਹ ਕਾਨੂੰਨ ਲਿਖ+ ਕੇ ਲੇਵੀ ਪੁਜਾਰੀਆਂ ਨੂੰ, ਜੋ ਯਹੋਵਾਹ ਦੇ ਇਕਰਾਰ ਦਾ ਸੰਦੂਕ ਚੁੱਕਦੇ ਹਨ ਅਤੇ ਇਜ਼ਰਾਈਲ ਦੇ ਸਾਰੇ ਬਜ਼ੁਰਗਾਂ ਨੂੰ ਦਿੱਤਾ। 10 ਮੂਸਾ ਨੇ ਉਨ੍ਹਾਂ ਨੂੰ ਹੁਕਮ ਦਿੱਤਾ: “ਹਰ ਸੱਤਵੇਂ ਸਾਲ ਯਾਨੀ ਛੁਟਕਾਰੇ ਦੇ ਸਾਲ ਦੇ ਅਖ਼ੀਰ ਵਿਚ ਮਿਥੇ ਹੋਏ ਸਮੇਂ ਤੇ+ ਛੱਪਰਾਂ ਦੇ ਤਿਉਹਾਰ ਦੌਰਾਨ+ 11 ਜਦੋਂ ਸਾਰਾ ਇਜ਼ਰਾਈਲ ਆਪਣੇ ਪਰਮੇਸ਼ੁਰ ਯਹੋਵਾਹ ਦੀ ਚੁਣੀ ਹੋਈ ਜਗ੍ਹਾ ʼਤੇ ਉਸ ਦੀ ਹਜ਼ੂਰੀ ਵਿਚ ਇਕੱਠਾ ਹੋਵੇਗਾ,+ ਤਾਂ ਤੁਸੀਂ ਪੂਰੇ ਇਜ਼ਰਾਈਲ ਨੂੰ ਇਹ ਕਾਨੂੰਨ ਪੜ੍ਹ ਕੇ ਸੁਣਾਇਓ।+ 12 ਤੁਸੀਂ ਸਾਰੇ ਆਦਮੀਆਂ, ਤੀਵੀਆਂ, ਬੱਚਿਆਂ ਅਤੇ ਤੁਹਾਡੇ ਸ਼ਹਿਰਾਂ* ਵਿਚ ਰਹਿੰਦੇ ਪਰਦੇਸੀਆਂ ਨੂੰ ਇਕੱਠਾ ਕਰਿਓ+ ਤਾਂਕਿ ਉਹ ਸੁਣ ਕੇ ਆਪਣੇ ਪਰਮੇਸ਼ੁਰ ਯਹੋਵਾਹ ਬਾਰੇ ਸਿੱਖਣ ਅਤੇ ਉਸ ਦਾ ਡਰ ਮੰਨਣ ਅਤੇ ਇਸ ਕਾਨੂੰਨ ਦੀਆਂ ਸਾਰੀਆਂ ਗੱਲਾਂ ਦੀ ਧਿਆਨ ਨਾਲ ਪਾਲਣਾ ਕਰਨ। 13 ਤੁਸੀਂ ਯਰਦਨ ਪਾਰ ਜਿਸ ਦੇਸ਼ ʼਤੇ ਕਬਜ਼ਾ ਕਰਨ ਜਾ ਰਹੇ ਹੋ, ਉੱਥੇ ਉਨ੍ਹਾਂ ਦੇ ਪੁੱਤਰ ਇਸ ਕਾਨੂੰਨ ਨੂੰ ਸੁਣਨਗੇ ਜੋ ਇਸ ਬਾਰੇ ਨਹੀਂ ਜਾਣਦੇ ਅਤੇ ਉਹ ਉਮਰ ਭਰ ਤੁਹਾਡੇ ਪਰਮੇਸ਼ੁਰ ਯਹੋਵਾਹ ਦਾ ਡਰ ਮੰਨਣਾ ਸਿੱਖਣਗੇ।”+
14 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਦੇਖ, ਤੇਰੀ ਮੌਤ ਦਾ ਸਮਾਂ ਨੇੜੇ ਹੈ।*+ ਇਸ ਲਈ ਯਹੋਸ਼ੁਆ ਨੂੰ ਬੁਲਾ ਅਤੇ ਤੁਸੀਂ ਦੋਵੇਂ ਮੰਡਲੀ ਦੇ ਤੰਬੂ ਸਾਮ੍ਹਣੇ ਹਾਜ਼ਰ ਹੋਵੋ ਤਾਂਕਿ ਮੈਂ ਯਹੋਸ਼ੁਆ ਨੂੰ ਆਗੂ ਨਿਯੁਕਤ ਕਰਾਂ।”+ ਇਸ ਕਰਕੇ ਮੂਸਾ ਅਤੇ ਯਹੋਸ਼ੁਆ ਦੋਵੇਂ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਹਾਜ਼ਰ ਹੋਏ। 15 ਫਿਰ ਯਹੋਵਾਹ ਬੱਦਲ ਦੇ ਥੰਮ੍ਹ ਵਿਚ ਤੰਬੂ ʼਤੇ ਪ੍ਰਗਟ ਹੋਇਆ ਅਤੇ ਬੱਦਲ ਦਾ ਥੰਮ੍ਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਖੜ੍ਹ ਗਿਆ।+
16 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਦੇਖ, ਤੇਰੀ ਮੌਤ ਨੇੜੇ ਹੈ। ਇਹ ਲੋਕ ਜਿਸ ਦੇਸ਼ ਵਿਚ ਜਾ ਰਹੇ ਹਨ, ਇਹ ਉੱਥੇ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਦੇਵਤਿਆਂ ਨਾਲ ਹਰਾਮਕਾਰੀ* ਕਰਨ ਲੱਗ ਪੈਣਗੇ।+ ਇਹ ਮੈਨੂੰ ਤਿਆਗ ਦੇਣਗੇ+ ਅਤੇ ਮੇਰੇ ਇਕਰਾਰ ਨੂੰ ਤੋੜ ਦੇਣਗੇ ਜੋ ਮੈਂ ਇਨ੍ਹਾਂ ਨਾਲ ਕੀਤਾ ਹੈ।+ 17 ਉਸ ਵੇਲੇ ਇਨ੍ਹਾਂ ʼਤੇ ਮੇਰਾ ਗੁੱਸਾ ਭੜਕੇਗਾ+ ਅਤੇ ਮੈਂ ਇਨ੍ਹਾਂ ਨੂੰ ਤਿਆਗ ਦਿਆਂਗਾ+ ਅਤੇ ਇਨ੍ਹਾਂ ਤੋਂ ਆਪਣਾ ਮੂੰਹ ਲੁਕਾ ਲਵਾਂਗਾ+ ਜਦ ਤਕ ਇਹ ਨਾਸ਼ ਨਹੀਂ ਹੋ ਜਾਂਦੇ। ਫਿਰ ਇਨ੍ਹਾਂ ʼਤੇ ਬਹੁਤ ਸਾਰੀਆਂ ਆਫ਼ਤਾਂ ਤੇ ਮੁਸੀਬਤਾਂ ਦਾ ਪਹਾੜ ਟੁੱਟੇਗਾ+ ਅਤੇ ਇਹ ਕਹਿਣਗੇ, ‘ਕੀ ਇਹ ਸਾਰੀਆਂ ਆਫ਼ਤਾਂ ਸਾਡੇ ʼਤੇ ਇਸ ਕਰਕੇ ਨਹੀਂ ਆਈਆਂ ਕਿਉਂਕਿ ਸਾਡਾ ਪਰਮੇਸ਼ੁਰ ਸਾਡੇ ਨਾਲ ਨਹੀਂ ਹੈ?’+ 18 ਪਰ ਮੈਂ ਉਸ ਦਿਨ ਇਨ੍ਹਾਂ ਤੋਂ ਆਪਣਾ ਮੂੰਹ ਲੁਕਾਈ ਰੱਖਾਂਗਾ ਕਿਉਂਕਿ ਇਨ੍ਹਾਂ ਨੇ ਬੁਰਾਈ ਕੀਤੀ ਕਿ ਇਹ ਦੂਜੇ ਦੇਵਤਿਆਂ ਦੇ ਮਗਰ ਗਏ।+
19 “ਹੁਣ ਆਪਣੇ ਲਈ ਇਸ ਗੀਤ ਨੂੰ ਲਿਖ ਲਓ+ ਅਤੇ ਇਹ ਇਜ਼ਰਾਈਲੀਆਂ ਨੂੰ ਸਿਖਾਓ।+ ਉਨ੍ਹਾਂ ਨੂੰ ਯਾਦ ਕਰਾਓ* ਤਾਂਕਿ ਇਹ ਗੀਤ ਇਜ਼ਰਾਈਲੀਆਂ ਦੇ ਖ਼ਿਲਾਫ਼ ਗਵਾਹੀ ਦੇਵੇ।+ 20 ਜਦ ਮੈਂ ਉਨ੍ਹਾਂ ਨੂੰ ਉਸ ਦੇਸ਼ ਲੈ ਜਾਵਾਂਗਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ,+ ਜਿਵੇਂ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ+ ਅਤੇ ਉੱਥੇ ਉਹ ਖਾ ਕੇ ਰੱਜ ਜਾਣਗੇ ਅਤੇ ਵਧਣ-ਫੁੱਲਣਗੇ,*+ ਤਾਂ ਉਹ ਦੂਜੇ ਦੇਵਤਿਆਂ ਦੇ ਮਗਰ ਲੱਗ ਕੇ ਉਨ੍ਹਾਂ ਦੀ ਭਗਤੀ ਕਰਨਗੇ ਅਤੇ ਮੇਰਾ ਅਪਮਾਨ ਕਰਨਗੇ ਅਤੇ ਮੇਰਾ ਇਕਰਾਰ ਤੋੜ ਦੇਣਗੇ।+ 21 ਜਦ ਇਨ੍ਹਾਂ ʼਤੇ ਬਹੁਤ ਸਾਰੀਆਂ ਆਫ਼ਤਾਂ ਤੇ ਮੁਸੀਬਤਾਂ ਦਾ ਪਹਾੜ ਟੁੱਟੇਗਾ,+ ਤਾਂ ਇਹ ਗੀਤ ਇਨ੍ਹਾਂ ਖ਼ਿਲਾਫ਼ ਗਵਾਹੀ ਦੇਵੇਗਾ (ਇਨ੍ਹਾਂ ਦੀ ਔਲਾਦ ਨੂੰ ਇਹ ਗੀਤ ਨਹੀਂ ਭੁੱਲਣਾ ਚਾਹੀਦਾ) ਕਿਉਂਕਿ ਮੈਂ ਪਹਿਲਾਂ ਤੋਂ ਹੀ ਇਨ੍ਹਾਂ ਦੇ ਮਨ ਦਾ ਝੁਕਾਅ ਜਾਣਦਾ ਹਾਂ+ ਭਾਵੇਂ ਕਿ ਮੈਂ ਇਨ੍ਹਾਂ ਨੂੰ ਅਜੇ ਉਸ ਦੇਸ਼ ਵਿਚ ਨਹੀਂ ਲੈ ਕੇ ਗਿਆ ਜੋ ਦੇਸ਼ ਦੇਣ ਦੀ ਮੈਂ ਸਹੁੰ ਖਾਧੀ ਸੀ।”
22 ਇਸ ਲਈ ਮੂਸਾ ਨੇ ਉਸ ਦਿਨ ਇਹ ਗੀਤ ਲਿਖ ਲਿਆ ਅਤੇ ਇਜ਼ਰਾਈਲੀਆਂ ਨੂੰ ਸਿਖਾਇਆ।
23 ਉਸ* ਨੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਆਗੂ ਨਿਯੁਕਤ ਕੀਤਾ+ ਅਤੇ ਕਿਹਾ: “ਦਲੇਰ ਬਣ ਅਤੇ ਤਕੜਾ ਹੋ+ ਕਿਉਂਕਿ ਤੂੰ ਹੀ ਇਜ਼ਰਾਈਲੀਆਂ ਨੂੰ ਉਸ ਦੇਸ਼ ਵਿਚ ਲੈ ਜਾਵੇਂਗਾ ਜੋ ਦੇਸ਼ ਮੈਂ ਇਨ੍ਹਾਂ ਨੂੰ ਦੇਣ ਦੀ ਸਹੁੰ ਖਾਧੀ ਸੀ।+ ਮੈਂ ਹਮੇਸ਼ਾ ਤੇਰੇ ਨਾਲ ਰਹਾਂਗਾ।”
24 ਜਿਉਂ ਹੀ ਮੂਸਾ ਨੇ ਇਕ ਕਿਤਾਬ ਵਿਚ ਇਸ ਕਾਨੂੰਨ ਦੀਆਂ ਸਾਰੀਆਂ ਗੱਲਾਂ ਲਿਖ ਲਈਆਂ,+ 25 ਤਾਂ ਮੂਸਾ ਨੇ ਲੇਵੀਆਂ ਨੂੰ ਹੁਕਮ ਦਿੱਤਾ ਜੋ ਯਹੋਵਾਹ ਦੇ ਇਕਰਾਰ ਦਾ ਸੰਦੂਕ ਚੁੱਕਦੇ ਸਨ: 26 “ਕਾਨੂੰਨ ਦੀ ਇਸ ਕਿਤਾਬ ਨੂੰ ਲੈ ਕੇ+ ਆਪਣੇ ਪਰਮੇਸ਼ੁਰ ਯਹੋਵਾਹ ਦੇ ਇਕਰਾਰ ਦੇ ਸੰਦੂਕ+ ਦੇ ਇਕ ਪਾਸੇ ਰੱਖ ਦਿਓ ਅਤੇ ਇਹ ਤੁਹਾਡੇ ਖ਼ਿਲਾਫ਼ ਗਵਾਹੀ ਦੇਵੇਗੀ। 27 ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਸੀਂ ਕਿੰਨੇ ਬਾਗ਼ੀ+ ਤੇ ਢੀਠ*+ ਹੋ! ਜੇ ਤੁਸੀਂ ਮੇਰੇ ਜੀਉਂਦੇ-ਜੀ ਯਹੋਵਾਹ ਦੇ ਖ਼ਿਲਾਫ਼ ਇੰਨੀ ਬਗਾਵਤ ਕਰਦੇ ਹੋ, ਤਾਂ ਮੇਰੀ ਮੌਤ ਤੋਂ ਬਾਅਦ ਤੁਸੀਂ ਕਿੰਨੀ ਜ਼ਿਆਦਾ ਬਗਾਵਤ ਕਰੋਗੇ। 28 ਤੁਸੀਂ ਮੇਰੇ ਸਾਮ੍ਹਣੇ ਆਪਣੇ ਗੋਤਾਂ ਦੇ ਸਾਰੇ ਮੁਖੀ ਅਤੇ ਆਪਣੇ ਅਧਿਕਾਰੀ ਇਕੱਠੇ ਕਰੋ ਅਤੇ ਮੈਂ ਉਨ੍ਹਾਂ ਦੇ ਸਾਮ੍ਹਣੇ ਇਹ ਗੱਲਾਂ ਕਹਾਂਗਾ ਅਤੇ ਮੈਂ ਉਨ੍ਹਾਂ ਦੇ ਖ਼ਿਲਾਫ਼ ਆਕਾਸ਼ ਤੇ ਧਰਤੀ ਨੂੰ ਗਵਾਹ ਬਣਾਵਾਂਗਾ।+ 29 ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੇਰੀ ਮੌਤ ਤੋਂ ਬਾਅਦ ਤੁਸੀਂ ਜ਼ਰੂਰ ਦੁਸ਼ਟ ਕੰਮ ਕਰਨ ਲੱਗ ਪਵੋਗੇ+ ਅਤੇ ਉਸ ਰਾਹ ʼਤੇ ਚੱਲਣਾ ਛੱਡ ਦਿਓਗੇ ਜਿਸ ਉੱਤੇ ਚੱਲਣ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਤੁਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਕੰਮ ਕਰੋਗੇ ਅਤੇ ਆਪਣੇ ਹੱਥਾਂ ਦੇ ਕੰਮਾਂ ਨਾਲ ਉਸ ਨੂੰ ਗੁੱਸਾ ਚੜ੍ਹਾਓਗੇ ਜਿਸ ਕਰਕੇ ਭਵਿੱਖ ਵਿਚ ਜ਼ਰੂਰ ਤੁਹਾਡੇ ਉੱਤੇ ਆਫ਼ਤ ਆ ਪਵੇਗੀ।”+
30 ਫਿਰ ਮੂਸਾ ਨੇ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ ਇਸ ਗੀਤ ਦੇ ਬੋਲ ਇਜ਼ਰਾਈਲ ਦੀ ਸਾਰੀ ਮੰਡਲੀ ਨੂੰ ਸੁਣਾਏ:+