ਇਕ-ਦੂਜੇ ਦਾ ਸਾਥ ਦੇ ਕੇ ਪਰਮੇਸ਼ੁਰ ਦੀ ਸੇਵਾ ਵਿਚ ਤਰੱਕੀ ਕਰੋ
ਇਕ-ਦੂਜੇ ਦਾ ਸਾਥ ਦੇਣਾ ਉਨ੍ਹਾਂ ਲਈ ਜ਼ਰੂਰੀ ਹੈ ਜਿਹੜੇ ਅਜਿਹਾ ਪਰਿਵਾਰ ਚਾਹੁੰਦੇ ਹਨ ਜੋ ਯਹੋਵਾਹ ਨੂੰ ਪਿਆਰ ਕਰੇ ਤੇ ਉਸ ਦੀ ਭਗਤੀ ਕਰੇ। ਜਦੋਂ ਯਹੋਵਾਹ ਨੇ ਪਹਿਲੇ ਇਨਸਾਨੀ ਜੋੜੇ ਨੂੰ ਬਣਾਇਆ ਸੀ, ਤਾਂ ਉਸ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਸੀ ਕਿ ਉਹ ਇਕ-ਦੂਜੇ ਦਾ ਸਾਥ ਦੇਣ। ਹੱਵਾਹ ਨੇ ਆਦਮ ਦੀ “ਸਹਾਇਕਣ” ਵਜੋਂ ਆਪਣੇ ਪਤੀ ਦਾ ਸਾਥ ਦੇਣਾ ਸੀ। (ਉਤ. 2:18) ਵਿਆਹ ਇਹੋ ਜਿਹਾ ਬੰਧਨ ਹੋਣਾ ਚਾਹੀਦਾ ਹੈ ਜਿਸ ਵਿਚ ਆਦਮੀ ਤੇ ਔਰਤ ਇਕ-ਦੂਜੇ ਨਾਲ ਮਿਲ ਕੇ ਕੰਮ ਕਰਨ। (ਉਪ. 4:9-12) ਮਾਪਿਆਂ ਤੇ ਬੱਚਿਆਂ ਨੂੰ ਯਹੋਵਾਹ ਨੇ ਜੋ ਜ਼ਿੰਮੇਵਾਰੀਆਂ ਦਿੱਤੀਆਂ ਹਨ, ਉਨ੍ਹਾਂ ਨੂੰ ਪੂਰਾ ਕਰਨ ਲਈ ਵੀ ਇਕ-ਦੂਜੇ ਦੇ ਸਾਥ ਦੀ ਲੋੜ ਹੈ।
ਪੂਰਾ ਪਰਿਵਾਰ ਮਿਲ ਕੇ ਪਰਮੇਸ਼ੁਰ ਦੀ ਭਗਤੀ ਕਰੋ
ਬੈਰੀ ਤੇ ਹਾਇਡੀ ਦੇ ਪੰਜ ਬੱਚੇ ਹਨ। ਉਹ ਕਹਿੰਦੇ ਹਨ ਕਿ ਉਹ ਪੂਰਾ ਪਰਿਵਾਰ ਮਿਲ ਕੇ ਬਾਈਬਲ ਪੜ੍ਹਦੇ ਹਨ। ਇੱਦਾਂ ਕਰ ਕੇ ਉਨ੍ਹਾਂ ਨੂੰ ਤਰੱਕੀ ਕਰਨ ਵਿਚ ਮਦਦ ਮਿਲਦੀ ਹੈ। ਬੈਰੀ ਦੱਸਦਾ ਹੈ: “ਫੈਮਲੀ ਸਟੱਡੀ ਵਾਸਤੇ ਮੈਂ ਕਦੇ-ਕਦੇ ਬੱਚਿਆਂ ਨੂੰ ਕੁਝ-ਨ-ਕੁਝ ਪੜ੍ਹਨ ਨੂੰ ਕਹਿੰਦਾ ਹਾਂ। ਮਿਸਾਲ ਲਈ, ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਉਹ ਜਾਗਰੂਕ ਬਣੋ! ਦੇ ਲੇਖਾਂ ਵਿੱਚੋਂ ਕੁਝ ਟਿੱਪਣੀਆਂ ਤਿਆਰ ਕਰ ਕੇ ਦੱਸਣ ਕਿ ਉਨ੍ਹਾਂ ਨੂੰ ਕਿਹੜੀਆਂ ਗੱਲਾਂ ਚੰਗੀਆਂ ਲੱਗੀਆਂ। ਪ੍ਰਚਾਰ ਦੀ ਤਿਆਰੀ ਵਾਸਤੇ ਅਸੀਂ ਪਹਿਲਾਂ ਪ੍ਰੈਕਟਿਸ ਕਰਦੇ ਹਾਂ ਤਾਂਕਿ ਬੱਚਿਆਂ ਨੂੰ ਪਤਾ ਰਹੇ ਕਿ ਉਨ੍ਹਾਂ ਨੇ ਲੋਕਾਂ ਨੂੰ ਕੀ ਕਹਿਣਾ ਹੈ।” ਹਾਇਡੀ ਅੱਗੇ ਦੱਸਦੀ ਹੈ: “ਸਾਡੇ ਸਾਰਿਆਂ ਕੋਲ ਇਕ-ਇਕ ਲਿਸਟ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਸੰਬੰਧੀ ਕਿਹੜੇ ਟੀਚੇ ਪੂਰੇ ਕਰਨੇ ਹਨ। ਫੈਮਲੀ ਸਟੱਡੀ ਦੌਰਾਨ ਕਦੇ-ਕਦੇ ਅਸੀਂ ਇਨ੍ਹਾਂ ਟੀਚਿਆਂ ਬਾਰੇ ਗੱਲ-ਬਾਤ ਕਰਦੇ ਹਾਂ ਕਿ ਅਸੀਂ ਕਿੰਨੀ-ਕੁ ਤਰੱਕੀ ਕਰ ਲਈ ਹੈ।” ਇਸ ਪਰਿਵਾਰ ਨੇ ਇਹ ਵੀ ਦੇਖਿਆ ਹੈ ਕਿ ਹਫ਼ਤੇ ਵਿਚ ਇਕ ਰਾਤ ਟੈਲੀਵਿਯਨ ਨਾ ਦੇਖਣ ਨਾਲ ਸਾਰਿਆਂ ਨੂੰ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹਨ ਦਾ ਮੌਕਾ ਮਿਲਦਾ ਹੈ।
ਕਲੀਸਿਯਾ ਦੀਆਂ ਸਭਾਵਾਂ
ਮਾਈਕ ਤੇ ਡਨੀਜ਼ ਨੇ ਚਾਰ ਬੱਚਿਆਂ ਦੀ ਪਾਲਣਾ-ਪੋਸ਼ਣਾ ਕੀਤੀ ਹੈ। ਉਨ੍ਹਾਂ ਨੂੰ ਇਕੱਠੇ ਕੰਮ ਕਰਨ ਦਾ ਕੀ ਫ਼ਾਇਦਾ ਹੋਇਆ ਹੈ? ਮਾਈਕ ਦੱਸਦਾ ਹੈ: “ਭਾਵੇਂ ਅਸੀਂ ਸੋਚ-ਸਮਝ ਕੇ ਯੋਜਨਾ ਬਣਾ ਲੈਂਦੇ ਸੀ ਕਿ ਅਸੀਂ ਸਮੇਂ-ਸਿਰ ਮੀਟਿੰਗਾਂ ʼਤੇ ਪਹੁੰਚਣਾ ਹੈ, ਪਰ ਕਦੇ-ਕਦੇ ਅਸੀਂ ਪਹੁੰਚ ਨਹੀਂ ਸੀ ਪਾਉਂਦੇ। ਪਰ ਮਿਲ ਕੇ ਕੰਮ ਕਰਨ ਨਾਲ ਸਾਨੂੰ ਸਮੇਂ-ਸਿਰ ਮੀਟਿੰਗਾਂ ਤੇ ਪਹੁੰਚਣ ਵਿਚ ਮਦਦ ਮਿਲੀ।” ਡਨੀਜ਼ ਕਹਿੰਦੀ ਹੈ: “ਜਦੋਂ ਬੱਚੇ ਛੋਟੇ ਹੁੰਦੇ ਸਨ, ਤਾਂ ਅਸੀਂ ਉਨ੍ਹਾਂ ਨੂੰ ਕੋਈ-ਨਾ-ਕੋਈ ਕੰਮ ਕਰਨ ਨੂੰ ਦਿੰਦੇ ਸਾਂ। ਸਾਡੀ ਧੀ ਕਿਮ ਖਾਣਾ ਬਣਾਉਣ ਤੇ ਮੇਜ਼ ਉੱਤੇ ਪਲੇਟਾਂ-ਗਲਾਸ ਵਗੈਰਾ ਟਿਕਾਉਣ ਵਿਚ ਮਦਦ ਕਰਦੀ ਹੁੰਦੀ ਸੀ।” ਉਨ੍ਹਾਂ ਦਾ ਪੁੱਤਰ ਮਾਈਕਲ ਯਾਦ ਕਰਦਾ ਹੈ: “ਮੰਗਲਵਾਰ ਸ਼ਾਮ ਨੂੰ ਸਾਡੇ ਘਰ ਮੀਟਿੰਗ ਹੁੰਦੀ ਸੀ। ਅਸੀਂ ਕਮਰੇ ਤੇ ਫ਼ਰਸ਼ ਦੀ ਸਾਫ਼-ਸਫ਼ਾਈ ਕਰ ਕੇ ਕੁਰਸੀਆਂ ਨੂੰ ਢੰਗ ਸਿਰ ਟਿਕਾ ਦਿੰਦੇ ਸੀ।” ਇਕ ਹੋਰ ਪੁੱਤਰ ਮੈਥਿਊ ਕਹਿੰਦਾ ਹੈ: “ਡੈਡੀ ਮੀਟਿੰਗ ਵਾਲੇ ਦਿਨ ਜਲਦੀ ਘਰ ਆ ਜਾਂਦੇ ਸਨ ਤਾਂਕਿ ਉਹ ਮੀਟਿੰਗ ਵਾਸਤੇ ਤਿਆਰ ਹੋਣ ਵਿਚ ਸਾਡੀ ਮਦਦ ਕਰ ਸਕਣ।” ਨਤੀਜੇ ਕੀ ਨਿਕਲੇ?
ਮਿਹਨਤ ਦਾ ਫਲ
ਮਾਈਕ ਦੱਸਦਾ ਹੈ: “1987 ਵਿਚ ਮੈਂ ਤੇ ਡਨੀਜ਼ ਦੋਵੇਂ ਪਾਇਨੀਅਰਿੰਗ ਕਰਨ ਲੱਗ ਪਏ। ਉਸ ਸਮੇਂ ਸਾਡੇ ਤਿੰਨ ਬੱਚੇ ਅਜੇ ਸਾਡੇ ਨਾਲ ਹੀ ਰਹਿੰਦੇ ਸਨ। ਦੋ ਜਣੇ ਪਾਇਨੀਅਰ ਬਣ ਗਏ ਤੇ ਦੂਸਰਿਆਂ ਨੇ ਬੈਥਲ ਉਸਾਰੀ ਪ੍ਰਾਜੈਕਟਾਂ ਉੱਤੇ ਕੰਮ ਕੀਤਾ। ਸਾਡੇ ਪਰਿਵਾਰ ਲਈ ਹੋਰ ਵੀ ਖ਼ੁਸ਼ੀ ਦੀ ਗੱਲ ਇਹ ਹੈ ਕਿ ਅਸੀਂ 40 ਲੋਕਾਂ ਦੀ ਪਰਮੇਸ਼ੁਰ ਦਾ ਗਿਆਨ ਲੈਣ ਵਿਚ ਮਦਦ ਕੀਤੀ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਪਰਮੇਸ਼ੁਰ ਨੂੰ ਸਮਰਪਿਤ ਕੀਤੀਆਂ ਹਨ। ਸਾਨੂੰ ਇਹ ਸਨਮਾਨ ਮਿਲਿਆ ਹੈ ਕਿ ਅਸੀਂ ਸਾਰੇ ਪਰਿਵਾਰ ਨੇ ਮਿਲ ਕੇ ਉਸਾਰੀ ਪ੍ਰਾਜੈਕਟਾਂ ʼਤੇ ਕੰਮ ਕੀਤਾ ਹੈ, ਦੂਜੇ ਦੇਸ਼ਾਂ ਵਿਚ ਜਾ ਕੇ ਵੀ।”
ਵਾਕਈ, ਪਰਿਵਾਰ ਵਿਚ ਇਕ-ਦੂਜੇ ਦਾ ਸਾਥ ਦੇਣ ਦਾ ਫ਼ਾਇਦਾ ਹੈ। ਕੀ ਤੁਸੀਂ ਦੇਖ ਸਕਦੇ ਹੋ ਕਿ ਹੋਰ ਕਿਹੜੇ ਤਰੀਕਿਆਂ ਨਾਲ ਤੁਸੀਂ ਆਪਣੇ ਪਰਿਵਾਰ ਵਿਚ ਇਕ-ਦੂਜੇ ਨੂੰ ਸਹਿਯੋਗ ਦੇ ਸਕਦੇ ਹੋ? ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਸਹਿਯੋਗ ਦੇਣ ਨਾਲ ਤੁਹਾਡੇ ਪਰਿਵਾਰ ਨੂੰ ਯਹੋਵਾਹ ਦੀ ਸੇਵਾ ਵਿਚ ਅੱਗੋਂ ਤਰੱਕੀ ਕਰਨ ਵਿਚ ਮਦਦ ਮਿਲੇਗੀ।
[ਸਫ਼ਾ 28 ਉੱਤੇ ਤਸਵੀਰ]
ਪ੍ਰਚਾਰ ਜਾਣ ਤੋਂ ਪਹਿਲਾਂ ਪ੍ਰੈਕਟਿਸ ਕਰਨ ਨਾਲ ਤੁਸੀਂ ਪ੍ਰਚਾਰ ਦੇ ਕੰਮ ਵਿਚ ਤਰੱਕੀ ਕਰ ਸਕਦੇ ਹੋ