ਲੋੜ ਹੈ—4,000 ਸਹਿਯੋਗੀ ਪਾਇਨੀਅਰਾਂ ਦੀ
ਕੀ ਤੁਸੀਂ ਮਾਰਚ, ਅਪ੍ਰੈਲ, ਜਾਂ ਮਈ ਵਿਚ ਸਹਿਯੋਗੀ ਪਾਇਨੀਅਰੀ ਕਰ ਸਕਦੇ ਹੋ?
1 “ਲੋੜ ਹੈ 1,000 ਪ੍ਰਚਾਰਕਾਂ ਦੀ,” ਇਹ ਪਹਿਰਾ ਬੁਰਜ (ਅੰਗ੍ਰੇਜ਼ੀ) ਦੇ ਅਪ੍ਰੈਲ 1881 ਦੇ ਅੰਕ ਵਿਚ ਪ੍ਰਕਾਸ਼ਿਤ ਇਕ ਲੇਖ ਦਾ ਸਿਰਲੇਖ ਸੀ। ਇਸ ਵਿਚ ਸਾਰੇ ਸਮਰਪਿਤ ਮਰਦ ਅਤੇ ਔਰਤਾਂ, “ਜਿਨ੍ਹਾਂ ਨੂੰ ਪ੍ਰਭੂ ਨੇ ਆਪਣੀ ਸੱਚਾਈ ਦਾ ਗਿਆਨ ਬਖ਼ਸ਼ਿਆ ਹੈ,” ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਬਾਈਬਲ ਸੱਚਾਈ ਨੂੰ ਫੈਲਾਉਣ ਵਿਚ ਵੱਧ ਤੋਂ ਵੱਧ ਸਮਾਂ ਦੇਣ। ਜੋ ਆਪਣੇ ਸਮੇਂ ਵਿੱਚੋਂ ਅੱਧਾ ਜਾਂ ਇਸ ਤੋਂ ਜ਼ਿਆਦਾ ਸਮਾਂ ਵਿਸ਼ੇਸ਼ ਤੌਰ ਤੇ ਪ੍ਰਭੂ ਦੇ ਕੰਮ ਵਿਚ ਦੇ ਸਕਦੇ ਸਨ, ਉਨ੍ਹਾਂ ਨੂੰ ਕੋਲਪੋਰਟਰ ਇੰਜੀਲ ਪ੍ਰਚਾਰਕਾਂ ਵਜੋਂ—ਜੋ ਅੱਜ-ਕੱਲ੍ਹ ਦੇ ਪਾਇਨੀਅਰਾਂ ਦੇ ਮੋਢੀ ਸਨ—ਖ਼ੁਦ ਨੂੰ ਪੇਸ਼ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਸੀ।
2 ਹਾਲਾਂਕਿ 1800 ਦੇ ਦਹਾਕੇ ਤੋਂ ਲੈ ਕੇ ਹੁਣ ਤਕ ਸਮਾਂ ਕਾਫ਼ੀ ਬਦਲ ਚੁੱਕਾ ਹੈ, ਇਕ ਹਕੀਕਤ ਅਜੇ ਵੀ ਕਾਇਮ ਹੈ—ਪਰਮੇਸ਼ੁਰ ਦੇ ਸਮਰਪਿਤ ਸੇਵਕ ਅਜੇ ਵੀ ਖ਼ੁਸ਼ ਖ਼ਬਰੀ ਨੂੰ ਫੈਲਾਉਣ ਵਿਚ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੁੰਦੇ ਹਨ। ਸਹਿਯੋਗੀ ਪਾਇਨੀਅਰਾਂ ਵਜੋਂ ਸੇਵਾ ਕਰਨੀ, ਕਲੀਸਿਯਾ ਦੇ ਪ੍ਰਕਾਸ਼ਕਾਂ ਨੂੰ ਆਪਣੀ ਪ੍ਰਭਾਵਕਤਾ ਵਧਾਉਣ ਲਈ ਮਦਦ ਕਰਦੀ ਹੈ, ਜਿਉਂ-ਜਿਉਂ ਉਹ ਰਾਜ ਸੇਵਕਾਈ ਵਿਚ ਜ਼ਿਆਦਾ ਸਮਾਂ ਬਿਤਾਉਂਦੇ ਹਨ।—ਕੁਲੁ. 4:17; 2 ਤਿਮੋ. 4:5.
3 ਸਹਿਯੋਗੀ ਪਾਇਨੀਅਰ ਕਾਰਜ ਦੇ ਮੁੱਢ ਤੋਂ ਹੀ, ਸੰਸਾਰ ਭਰ ਵਿਚ ਲੱਖਾਂ ਭਰਾਵਾਂ ਅਤੇ ਭੈਣਾਂ ਨੇ ਇਸ ਦਾ ਆਨੰਦ ਮਾਣਿਆ ਹੈ। ਪਾਇਨੀਅਰ ਸੇਵਾ ਦੇ ਇਸ ਪਹਿਲੂ ਲਈ ਜੋਸ਼ ਭਾਰਤ ਵਿਚ ਇਸ ਹੱਦ ਤਕ ਵਧਿਆ ਕਿ ਅਪ੍ਰੈਲ 1994 ਵਿਚ, ਜਿਸ ਸਮੇਂ ਦੇਸ਼ ਵਿਚ ਕੇਵਲ 14,000 ਪ੍ਰਕਾਸ਼ਕ ਸਨ, ਲਗਭਗ 2,000 ਸਹਿਯੋਗੀ ਪਾਇਨੀਅਰਾਂ ਦਾ ਸਿਖਰ ਪ੍ਰਾਪਤ ਹੋਇਆ! ਇਹ ਉਸ ਸਮੇਂ ਤਕ ਭਾਰਤ ਵਿਚ ਕਾਰਜ ਦਾ ਸਭ ਤੋਂ ਉੱਤਮ ਮਹੀਨਾ ਸੀ, ਜਦੋਂ ਸੇਵਕਾਈ ਦੇ ਹਰੇਕ ਪਹਿਲੂ ਵਿਚ ਨਵਾਂ ਸਿਖਰ ਪ੍ਰਾਪਤ ਹੋਇਆ, ਅਤੇ ਇਸ ਵਿਚ ਸੇਵਕਾਈ ਵਿਚ ਬਿਤਾਏ ਗਏ 3,33,489 ਘੰਟਿਆਂ ਦਾ ਸਿਖਰ ਅਤੇ ਦਿੱਤੀਆਂ ਗਈਆਂ 71,998 ਪੁਸਤਿਕਾਵਾਂ ਅਤੇ 3,235 ਸਬਸਕ੍ਰਿਪਸ਼ਨਾਂ ਦਾ ਸਿਖਰ ਸ਼ਾਮਲ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤਕ ਦੋ ਸਾਲਾਂ ਦੌਰਾਨ ਇਨ੍ਹਾਂ ਤਿੰਨਾਂ ਸਿਖਰਾਂ ਨੂੰ ਪਾਰ ਨਹੀਂ ਕੀਤਾ ਗਿਆ ਹੈ। ਹੁਣ ਜਦ ਕਿ ਦੇਸ਼ ਵਿਚ 17,000 ਪ੍ਰਕਾਸ਼ਕ ਹਨ, ਯਕੀਨਨ ਇੰਨੀ ਸੰਭਾਵਨਾ ਹੈ ਕਿ ਅਪ੍ਰੈਲ 1994 ਵਿਚ ਕੀਤੇ ਗਏ ਉੱਤਮ ਕਾਰਜ ਤੋਂ ਵੱਧ—ਇੱਥੋਂ ਤਕ ਕਿ ਦੁਗਣਾ—ਕਾਰਜ ਕੀਤਾ ਜਾਵੇ।
4 ਅਸੀਂ ਤੁਹਾਨੂੰ ਮਾਰਚ, ਅਪ੍ਰੈਲ, ਅਤੇ ਮਈ ਦੇ ਮਹੀਨਿਆਂ ਵਿੱਚੋਂ ਇਕ ਜਾਂ ਵੱਧ ਮਹੀਨਿਆਂ ਦੌਰਾਨ ਸਹਿਯੋਗੀ ਪਾਇਨੀਅਰੀ ਦਾ ਟੀਚਾ ਰੱਖਣ ਲਈ ਉਤਸ਼ਾਹਿਤ ਕਰਦੇ ਹਾਂ। ਮਾਰਚ ਵਿਚ ਕਿਉਂ? ਕਿਉਂਕਿ ਇਸ ਸਾਲ ਮਸੀਹ ਦੀ ਮੌਤ ਦਾ ਸਮਾਰਕ ਐਤਵਾਰ, ਮਾਰਚ 23 ਨੂੰ ਪੈਂਦਾ ਹੈ। ਸਮਾਰਕ ਤੋਂ ਪਹਿਲਾਂ ਆਉਣ ਵਾਲੇ ਹਫ਼ਤਿਆਂ ਨੂੰ ਬਿਤਾਉਣ ਦਾ ਇਸ ਨਾਲੋਂ ਹੋਰ ਕੋਈ ਬਿਹਤਰ ਤਰੀਕਾ ਨਹੀਂ ਹੈ ਕਿ ਅਸੀਂ ਆਪਣੇ ਪ੍ਰਭੂ ਅਤੇ ਮੁਕਤੀਦਾਤਾ, ਯਿਸੂ ਮਸੀਹ ਦੁਆਰਾ ਸ਼ੁਰੂ ਕੀਤੇ ਗਏ ਰਾਜ-ਪ੍ਰਚਾਰ ਕਾਰਜ ਵਿਚ ਜੋਸ਼ ਨਾਲ ਹਿੱਸਾ ਲਈਏ। ਮਾਰਚ ਵਿਚ ਢੇਰ ਸਾਰੀ ਗਵਾਹੀ ਦੇਣ ਨਾਲ, ਅਸੀਂ ਰੁਚੀ ਰੱਖਣ ਵਾਲੇ ਬਹੁਤ ਸਾਰੇ ਵਿਅਕਤੀਆਂ ਨੂੰ ਮਸੀਹ ਦੀ ਮੌਤ ਦੀ ਯਾਦਗਾਰੀ ਵਿਚ ਸ਼ਾਮਲ ਹੋਣ ਲਈ ਸੱਦਾ ਦੇ ਸਕਦੇ ਹਾਂ। ਮਾਰਚ ਦਾ ਮਹੀਨਾ ਇਸ ਕਾਰਨ ਵੀ ਖ਼ਾਸ ਹੋਵੇਗਾ ਕਿ ਅਸੀਂ ਪਹਿਲੀ ਵਾਰ ਨਵੀਂ ਪੁਸਤਕ, ਪਰਿਵਾਰਕ ਖ਼ੁਸ਼ੀ ਦਾ ਰਾਜ਼, ਨੂੰ ਪੇਸ਼ ਕਰ ਰਹੇ ਹੋਵਾਂਗੇ। ਇਸ ਤੋਂ ਇਲਾਵਾ, ਮਾਰਚ ਦੇ ਮਹੀਨੇ ਵਿਚ ਪੰਜ ਸਿਨੱਚਰਵਾਰ ਅਤੇ ਪੰਜ ਐਤਵਾਰ ਹਨ, ਜੋ ਸਪਤਾਹ-ਅੰਤ ਦੌਰਾਨ ਖੇਤਰ ਸੇਵਾ ਵਿਚ ਅਤਿਅਧਿਕ ਕਾਰਜ ਕਰਨਾ ਸੰਭਵ ਬਣਾਉਂਦੇ ਹਨ। ਨਿਰਸੰਦੇਹ, ਅਪ੍ਰੈਲ ਅਤੇ ਮਈ ਦੇ ਮਹੀਨਿਆਂ ਦੌਰਾਨ, ਸੇਵਕਾਈ ਵਿਚ ਸਰਗਰਮ ਜਤਨ ਜਾਰੀ ਰੱਖਣ ਨਾਲ ਅਸੀਂ ਜਿੱਥੇ ਕਿਤੇ ਰੁਚੀ ਪਾਈ ਸੀ ਉੱਥੇ ਵਾਪਸ ਜਾ ਸਕਾਂਗੇ ਅਤੇ ਵੱਡੀ ਪੁਸਤਿਕਾ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?, ਵਰਤਦੇ ਹੋਏ ਨਵੇਂ ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰ ਸਕਾਂਗੇ। ਅਸੀਂ ਪਹਿਰਾਬੁਰਜ ਅਤੇ ਅਵੇਕ! ਦੇ ਸਮੇਂ-ਅਨੁਕੂਲ ਤਾਜ਼ੇ ਅੰਕਾਂ ਨਾਲ, ਖ਼ਾਸ ਕਰਕੇ ਸਪਤਾਹ-ਅੰਤ ਤੇ, ਆਪਣੇ ਖੇਤਰ ਨੂੰ ਚੰਗੀ ਤਰ੍ਹਾਂ ਨਾਲ ਪੂਰਾ ਵੀ ਕਰਾਂਗੇ।
5 ਕੌਣ ਸਹਿਯੋਗੀ ਪਾਇਨੀਅਰੀ ਕਰਨ ਦੇ ਯੋਗ ਹੈ?: ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤ (ਅੰਗ੍ਰੇਜ਼ੀ), ਸਫ਼ਾ 114, ਵਿਆਖਿਆ ਕਰਦੀ ਹੈ: “ਤੁਹਾਡੇ ਨਿੱਜੀ ਹਾਲਾਤ ਭਾਵੇਂ ਜੋ ਵੀ ਹੋਣ, ਜੇਕਰ ਤੁਸੀਂ ਬਪਤਿਸਮਾ-ਪ੍ਰਾਪਤ ਹੋ, ਚੰਗੀ ਨੈਤਿਕ ਸਥਿਤੀ ਵਿਚ ਹੋ, ਖੇਤਰ ਸੇਵਕਾਈ ਵਿਚ 60 ਘੰਟੇ ਪ੍ਰਤਿ ਮਹੀਨਾ ਬਿਤਾਉਣ ਦੀ ਮੰਗ ਪੂਰੀ ਕਰਨ ਦਾ ਪ੍ਰਬੰਧ ਕਰ ਸਕਦੇ ਹੋ ਅਤੇ ਵਿਸ਼ਵਾਸ ਰੱਖਦੇ ਹੋ ਕਿ ਤੁਸੀਂ ਇਕ ਸਹਿਯੋਗੀ ਪਾਇਨੀਅਰ ਵਜੋਂ ਇਕ ਜਾਂ ਵੱਧ ਮਹੀਨਿਆਂ ਲਈ ਸੇਵਾ ਕਰ ਸਕਦੇ ਹੋ, ਤਾਂ ਕਲੀਸਿਯਾ ਦੇ ਬਜ਼ੁਰਗ ਸੇਵਾ ਦੇ ਇਸ ਵਿਸ਼ੇਸ਼-ਸਨਮਾਨ ਲਈ ਤੁਹਾਡੀ ਅਰਜ਼ੀ ਉੱਤੇ ਖ਼ੁਸ਼ੀ ਨਾਲ ਵਿਚਾਰ ਕਰਨਗੇ।” ਕੀ ਤੁਸੀਂ ਅਪ੍ਰੈਲ ਵਿਚ, ਸ਼ਾਇਦ ਮਾਰਚ ਵਿਚ, ਅਤੇ ਮਈ ਵਿਚ ਵੀ ਇਹ ਵਿਸ਼ੇਸ਼-ਸਨਮਾਨ ਸਵੀਕਾਰ ਕਰ ਸਕਦੇ ਹੋ? ਅਸੀਂ ਤੁਹਾਨੂੰ ਉਤਸ਼ਾਹਿਤ ਕਰਦੇ ਹਾਂ ਕਿ ਜੇਕਰ ਤਿੰਨਾਂ ਮਹੀਨਿਆਂ ਵਿਚ ਨਹੀਂ, ਤਾਂ ਘੱਟੋ-ਘੱਟ ਅਪ੍ਰੈਲ ਵਿਚ ਸਹਿਯੋਗੀ ਪਾਇਨੀਅਰੀ ਕਰਨ ਲਈ ਖ਼ਾਸ ਜਤਨ ਕਰੋ।
6 ਬਜ਼ੁਰਗਾਂ ਦੀ ਨਿਕਾਇ ਵੱਲੋਂ ਸਕਾਰਾਤਮਕ ਮਨੋਬਿਰਤੀ ਅਤੇ ਬਾਕੀ ਦੇ ਪ੍ਰਕਾਸ਼ਕਾਂ ਦੇ ਦਿਲੀ ਸਹਿਯੋਗ ਨਾਲ 4,000 ਸਹਿਯੋਗੀ ਪਾਇਨੀਅਰਾਂ ਲਈ ਇਸ ਸੱਦੇ ਨੂੰ ਸ਼ਾਨਦਾਰ ਸਫ਼ਲਤਾ ਪ੍ਰਾਪਤ ਹੋਣੀ ਚਾਹੀਦੀ ਹੈ। ਹਰੇਕ ਕਲੀਸਿਯਾ ਅਪ੍ਰੈਲ ਦੇ ਦੌਰਾਨ ਆਪਣੇ ਪ੍ਰਕਾਸ਼ਕਾਂ ਵਿੱਚੋਂ ਘੱਟੋ-ਘੱਟ 25 ਤੋਂ 30 ਫੀ ਸਦੀ ਦੇ ਨਾਂ ਸਹਿਯੋਗੀ ਪਾਇਨੀਅਰਾਂ ਵਜੋਂ ਦਰਜ ਕਰਵਾਉਣ ਦਾ ਟੀਚਾ ਰੱਖ ਸਕਦੀ ਹੈ; ਕੁਝ ਕਲੀਸਿਯਾਵਾਂ ਵਿਚ ਸ਼ਾਇਦ ਇਸ ਤੋਂ ਵੀ ਵੱਧ ਫੀ ਸਦੀ ਪ੍ਰਕਾਸ਼ਕ ਇਸ ਵਿਸ਼ੇਸ਼-ਸਨਮਾਨ ਵਿਚ ਭਾਗ ਲੈ ਸਕਣ। ਬਜ਼ੁਰਗ ਅਤੇ ਸਹਾਇਕ ਸੇਵਕ ਸਭ ਤੋਂ ਪਹਿਲਾਂ ਆਪਣੇ ਨਾਂ ਦਰਜ ਕਰਵਾਉਣ ਦੁਆਰਾ ਚੰਗੀ ਮਿਸਾਲ ਪੇਸ਼ ਕਰ ਸਕਦੇ ਹਨ। (ਇਬ. 13:7) ਸਾਰੇ ਪਰਿਵਾਰਾਂ ਦੇ ਸਿਰਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਇਹ ਨਿਸ਼ਚਿਤ ਕਰਨ ਕਿ ਉਨ੍ਹਾਂ ਦੇ ਘਰਾਣੇ ਵਿੱਚੋਂ ਕਿੰਨੇ ਜੀਅ ਅਪ੍ਰੈਲ ਜਾਂ ਆਉਣ ਵਾਲੇ ਹੋਰ ਮਹੀਨਿਆਂ ਦੌਰਾਨ ਸਹਿਯੋਗੀ ਪਾਇਨੀਅਰਾਂ ਦੇ ਸਮੂਹ ਵਿਚ ਸ਼ਾਮਲ ਹੋ ਸਕਦੇ ਹਨ।—ਜ਼ਬੂ. 148:12, 13; ਤੁਲਨਾ ਕਰੋ ਰਸੂਲਾਂ ਦੇ ਕਰਤੱਬ 21:8, 9.
7 ਆਪਣੀ ਪੂਰਣ-ਕਾਲੀ ਨੌਕਰੀ, ਸਕੂਲ ਦੀ ਸਮਾਂ-ਸੂਚੀ, ਪਰਿਵਾਰਕ ਜ਼ਿੰਮੇਵਾਰੀਆਂ, ਜਾਂ ਦੂਜੇ ਸ਼ਾਸਤਰ-ਸੰਬੰਧੀ ਫ਼ਰਜ਼ਾਂ ਕਾਰਨ ਇਹ ਸਿੱਟਾ ਕੱਢਣ ਵਿਚ ਕਾਹਲ ਨਾ ਕਰੋ ਕਿ ਸਹਿਯੋਗੀ ਪਾਇਨੀਅਰੀ ਤੁਹਾਡੀ ਪਹੁੰਚ ਤੋਂ ਬਾਹਰ ਹੈ। ਕਈਆਂ ਲਈ ਇਸ ਵਿਚ ਭਾਗ ਲੈਣਾ ਸ਼ਾਇਦ ਆਸਾਨ ਨਾ ਹੋਵੇ; ਫਿਰ ਵੀ, ਚੰਗੀ ਵਿਵਸਥਾ ਅਤੇ ਯਹੋਵਾਹ ਦੀ ਬਰਕਤ ਨਾਲ, ਉਹ ਸਫ਼ਲ ਹੋ ਸਕਦੇ ਹਨ। (ਜ਼ਬੂ. 37:5; ਕਹਾ. 16:3) ਪਾਇਨੀਅਰ ਸੇਵਾ ਵਿਚ ਹਿੱਸਾ ਲੈਣ ਦੀ ਇੱਛਾ ਨੂੰ ਤੁਹਾਡੇ ਹਾਲਾਤ ਉੱਤੇ ਹਾਵੀ ਹੋਣ ਦਿਓ; ਆਪਣੇ ਹਾਲਾਤ ਨੂੰ ਤੁਹਾਡੀ ਪਾਇਨੀਅਰੀ ਕਰਨ ਦੀ ਇੱਛਾ ਉੱਤੇ ਹਾਵੀ ਨਾ ਹੋਣ ਦਿਓ। (ਕਹਾ. 13:19ੳ) ਇਸ ਵਾਸਤੇ, ਯਹੋਵਾਹ ਲਈ ਅਤੇ ਸੰਗੀ ਮਨੁੱਖਾਂ ਲਈ ਡੂੰਘੇ ਪ੍ਰੇਮ ਦੇ ਕਾਰਨ, ਅਨੇਕ ਵਿਅਕਤੀ ਆਪਣੀ ਸੇਵਕਾਈ ਨੂੰ ਮਹੀਨੇ ਤੋਂ ਮਹੀਨੇ ਵਧਾਉਣ ਦੇ ਲਈ, ਆਪਣੇ ਹਫ਼ਤੇਵਾਰ ਰੁਟੀਨ ਵਿਚ ਤਬਦੀਲੀਆਂ ਲਿਆ ਸਕੇ ਹਨ। (ਲੂਕਾ 10:27, 28) ਉਨ੍ਹਾਂ ਨੂੰ ਅਨੇਕ ਬਰਕਤਾਂ ਮਿਲਣਗੀਆਂ ਜੋ ਰਾਜ ਸੇਵਾ ਵਿਚ ਵੱਡਾ ਜਤਨ ਕਰਦੇ ਹਨ।—1 ਤਿਮੋ. 4:10.
8 ਸਹਿਯੋਗੀ ਪਾਇਨੀਅਰੀ ਕੀ ਨੇਪਰੇ ਚਾੜ੍ਹਦੀ ਹੈ: ਸਹਿਯੋਗੀ ਪਾਇਨੀਅਰੀ ਕਰਨ ਲਈ ਪਰਮੇਸ਼ੁਰ ਦੇ ਹਜ਼ਾਰਾਂ ਸੇਵਕਾਂ ਵੱਲੋਂ ਕੀਤੇ ਗਏ ਦਿਲੀ ਜਤਨ ਦੇ ਕਾਰਨ, ਯਹੋਵਾਹ ਦੀ ਵੱਡੀ ਪ੍ਰਸ਼ੰਸਾ ਹੁੰਦੀ ਹੈ। ਜਿਉਂ-ਜਿਉਂ ਇਹ ਰਾਜ ਪ੍ਰਕਾਸ਼ਕ ਹੋਰ ਜ਼ਿਆਦਾ ਲੋਕਾਂ ਤਕ ਖ਼ੁਸ਼ ਖ਼ਬਰੀ ਨੂੰ ਫੈਲਾਉਣ ਦਾ ਜਤਨ ਕਰਦੇ ਹਨ, ਉਹ ਨਿੱਜੀ ਤੌਰ ਤੇ ਯਹੋਵਾਹ ਦੇ ਹੋਰ ਜ਼ਿਆਦਾ ਨਜ਼ਦੀਕ ਖਿੱਚੇ ਜਾਂਦੇ ਹਨ ਕਿਉਂਕਿ ਉਹ ਉਸ ਦੀ ਆਤਮਾ ਅਤੇ ਬਰਕਤ ਲਈ ਉਸ ਉੱਤੇ ਵੱਧ ਤੋਂ ਵੱਧ ਨਿਰਭਰ ਹੋਣਾ ਸਿੱਖਦੇ ਹਨ।
9 ਸਹਿਯੋਗੀ, ਨਿਯਮਿਤ, ਅਤੇ ਵਿਸ਼ੇਸ਼ ਪਾਇਨੀਅਰਾਂ ਦਾ ਸਾਡੇ ਵਿਚਕਾਰ ਸਰਗਰਮ ਹੋਣ ਦੇ ਕਾਰਨ, ਕਲੀਸਿਯਾ ਵਿਚ ਇਕ ਨਵਾਂ ਜੋਸ਼ ਉਤਪੰਨ ਹੁੰਦਾ ਹੈ। ਜਦੋਂ ਉਹ ਆਪਣੇ ਖੇਤਰ ਅਨੁਭਵਾਂ ਬਾਰੇ ਗੱਲਾਂ ਕਰਦੇ ਹਨ, ਤਾਂ ਉਨ੍ਹਾਂ ਦਾ ਜੋਸ਼ ਦੂਜਿਆਂ ਵਿਚ ਵੀ ਜੋਸ਼ ਭਰ ਦਿੰਦਾ ਹੈ। ਇਹ ਦੂਜਿਆਂ ਨੂੰ ਆਪਣੀਆਂ ਪ੍ਰਾਥਮਿਕਤਾਵਾਂ ਉੱਤੇ ਅਤੇ ਸੇਵਕਾਈ ਦੇ ਅਤਿ ਮਹੱਤਵਪੂਰਣ ਕਾਰਜ ਵਿਚ ਵਾਧੂ ਭਾਗ ਲੈਣ ਦੀ ਆਪਣੀ ਸੰਭਾਵਨਾ ਉੱਤੇ ਫਿਰ ਤੋਂ ਵਿਚਾਰ ਕਰਨ ਲਈ ਪ੍ਰੇਰਦਾ ਹੈ। ਇਕ ਭੈਣ ਜਿਸ ਨੇ 70 ਸਾਲ ਦੀ ਉਮਰ ਤੇ ਬਪਤਿਸਮਾ ਲਿਆ ਸੀ, ਨੇ ਤੁਰੰਤ ਨਿਯਮਿਤ ਤੌਰ ਤੇ ਸਹਿਯੋਗੀ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਕੁਝ ਸਾਲਾਂ ਮਗਰੋਂ ਉਸ ਤੋਂ ਪੁੱਛਿਆ ਗਿਆ ਕਿ ਉਹ ਇਸ ਉਮਰ ਵਿਚ ਕਿਉਂ ਹਰ ਮਹੀਨੇ ਇਕ ਸਹਿਯੋਗੀ ਪਾਇਨੀਅਰ ਵਜੋਂ ਸੇਵਕਾਈ ਵਿਚ ਇੰਨੀ ਮਿਹਨਤ ਕਰਦੀ ਹੈ, ਤਾਂ ਉਸ ਨੇ ਕਿਹਾ ਕਿ ਉਹ ਮਹਿਸੂਸ ਕਰਦੀ ਹੈ ਮਾਨੋ ਉਸ ਦੇ ਜੀਵਨ ਦੇ ਪਹਿਲੇ 70 ਸਾਲ ਬੇਕਾਰ ਹੀ ਗਏ, ਅਤੇ ਉਹ ਆਪਣੀ ਬਾਕੀ ਦੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੁੰਦੀ ਸੀ!
10 ਸਹਿਯੋਗੀ ਪਾਇਨੀਅਰ ਕਾਰਜ ਵਿਚ ਹਿੱਸਾ ਲੈਣ ਵਾਲਾ ਹਰੇਕ ਪ੍ਰਕਾਸ਼ਕ ਸੇਵਕਾਈ ਵਿਚ ਹੋਰ ਜ਼ਿਆਦਾ ਨਿਪੁੰਨਤਾ ਹਾਸਲ ਕਰਦਾ ਹੈ। ਇਕ ਨੌਜਵਾਨ ਗਵਾਹ ਨੇ ਕਬੂਲ ਕੀਤਾ: ‘ਬਚਪਨ ਦੇ ਮੁਢਲੇ ਸਾਲਾਂ ਦੌਰਾਨ ਮੈਂ ਆਪਣੇ ਮਾਪਿਆਂ ਨਾਲ ਉਨ੍ਹਾਂ ਦੇ ਪ੍ਰਚਾਰ ਕਾਰਜ ਵਿਚ ਜਾਂਦਾ ਹੁੰਦਾ ਸੀ। ਖੇਤਰ ਸੇਵਾ ਸੱਚ-ਮੁੱਚ ਹੀ ਮਜ਼ੇਦਾਰ ਸੀ। ਪਰੰਤੂ, ਸਮੇਂ ਦੇ ਬੀਤਣ ਨਾਲ, ਮੈਨੂੰ ਅਹਿਸਾਸ ਹੋਇਆ ਕਿ ਸਕੂਲ ਵਿਖੇ ਮੈਂ ਦੂਜਿਆਂ ਤੋਂ ਵੱਖਰਾ ਸੀ। ਤਦ ਮੈਨੂੰ ਸੰਗੀ ਵਿਦਿਆਰਥੀਆਂ ਨਾਲ ਸੱਚਾਈ ਬਾਰੇ ਗੱਲਬਾਤ ਕਰਨੀ ਔਖੀ ਲੱਗਣ ਲੱਗੀ। ਘਰ-ਘਰ ਪ੍ਰਚਾਰ ਕਰਦੇ ਸਮੇਂ, ਮੈਨੂੰ ਇਸ ਗੱਲ ਦਾ ਡਰ ਲੱਗਿਆ ਰਹਿੰਦਾ ਕਿ ਕਿਧਰੇ ਮੈਨੂੰ ਸਕੂਲ ਦਾ ਕੋਈ ਵਾਕਫ਼ ਹੀ ਨਾ ਟੱਕਰ ਪਵੇ। ਮੇਰੀ ਸਮੱਸਿਆ ਸ਼ਾਇਦ ਮਨੁੱਖ ਦਾ ਭੈ ਸੀ। [ਕਹਾ. 29:25] ਸਕੂਲ ਖ਼ਤਮ ਕਰਨ ਮਗਰੋਂ, ਮੈਂ ਵਕਤੀ ਤੌਰ ਤੇ ਪਾਇਨੀਅਰੀ ਅਜ਼ਮਾਉਣ ਦਾ ਫ਼ੈਸਲਾ ਕੀਤਾ। ਸਿੱਟੇ ਵਜੋਂ, ਮੈਨੂੰ ਪ੍ਰਚਾਰ ਕਾਰਜ ਇੰਨਾ ਚੰਗਾ ਲੱਗਣ ਲੱਗ ਪਿਆ, ਜਿੰਨਾ ਕਿ ਪਹਿਲਾਂ ਕਦੇ ਨਹੀਂ ਲੱਗਦਾ ਸੀ। ਹੁਣ ਇਹ ਮੇਰੇ ਲਈ ਇਕ ਮਨੋਰੰਜਨ ਨਹੀਂ ਸੀ, ਨਾ ਹੀ ਇਹ ਇਕ ਭਾਰਾ ਬੋਝ ਸੀ। ਆਪਣੇ ਬਾਈਬਲ ਸਿੱਖਿਆਰਥੀਆਂ ਨੂੰ ਸੱਚਾਈ ਵਿਚ ਤਰੱਕੀ ਕਰਦਿਆਂ ਦੇਖ ਕੇ, ਮੈਨੂੰ ਇਸ ਸਬੂਤ ਤੇ ਗਹਿਰੀ ਸੰਤੁਸ਼ਟਤਾ ਮਹਿਸੂਸ ਹੋਈ ਕਿ ਯਹੋਵਾਹ ਪਰਮੇਸ਼ੁਰ ਮੇਰੇ ਜਤਨਾਂ ਤੇ ਬਰਕਤ ਦੇ ਰਿਹਾ ਸੀ।’ ਇਹ ਨੌਜਵਾਨ ਅੱਗੇ ਜਾ ਕੇ ਇਕ ਨਿਯਮਿਤ ਪਾਇਨੀਅਰ ਵਜੋਂ ਸੇਵਾ ਕਰਨ ਲੱਗਾ।
11 ਵਿਵਹਾਰਕ ਨਜ਼ਰੀਏ ਤੋਂ, ਜਦੋਂ ਕਲੀਸਿਯਾ ਵਿਚ ਅਨੇਕ ਲੋਕ ਸਹਿਯੋਗੀ ਪਾਇਨੀਅਰਾਂ ਦੇ ਤੌਰ ਤੇ ਸੇਵਾ ਕਰਦੇ ਹਨ, ਤਾਂ ਸਿੱਟੇ ਵਜੋਂ ਖੇਤਰ ਚੰਗੀ ਤਰ੍ਹਾਂ ਨਾਲ ਪੂਰਾ ਕੀਤਾ ਜਾਂਦਾ ਹੈ। ਜਿਹੜਾ ਭਰਾ ਖੇਤਰ ਨਿਯੁਕਤੀ ਸੰਭਾਲਦਾ ਹੈ, ਉਹ ਘੱਟ ਕੰਮ ਕੀਤੇ ਗਏ ਭਾਗਾਂ ਨੂੰ ਪੂਰਾ ਕਰਨ ਵਿਚ ਸਹਿਯੋਗੀ ਪਾਇਨੀਅਰਾਂ ਦੀ ਮਦਦ ਲੈ ਸਕਦਾ ਹੈ। ਆਪਣੇ ਨਾਲ ਭੋਜਨ ਲਿਆਉਣ ਅਤੇ ਪੂਰਾ ਦਿਨ ਸੇਵਾ ਵਿਚ ਬਿਤਾਉਣ ਨਾਲ ਖੇਤਰ ਦੇ ਦੁਰੇਡੇ ਹਿੱਸਿਆਂ ਵਿਚ ਵੀ ਕੰਮ ਕਰਨਾ ਸੰਭਵ ਹੋਵੇਗਾ।
12 ਬਜ਼ੁਰਗਾਂ ਵੱਲੋਂ ਅਗਾਉ ਤਿਆਰੀ: ਅਗਲੇ ਤਿੰਨ ਮਹੀਨਿਆਂ ਦੌਰਾਨ, ਹਫ਼ਤੇ ਦੇ ਵੱਖ-ਵੱਖ ਸਮੇਂ ਤੇ ਅਲੱਗ-ਅਲੱਗ ਪ੍ਰਕਾਰ ਦੇ ਗਵਾਹੀ ਕਾਰਜ ਲਈ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ, ਜਿਸ ਵਿਚ ਢਲਦੀ ਦੁਪਹਿਰ ਅਤੇ ਸ਼ਾਮ ਦਾ ਸਮਾਂ ਵੀ ਸ਼ਾਮਲ ਹੋਵੇਗਾ, ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਪ੍ਰਕਾਸ਼ਕ ਹਿੱਸਾ ਲੈ ਸਕਣ। ਨਿਯਮਤ ਘਰ-ਘਰ ਗਵਾਹੀ ਕਾਰਜ ਕਰਨ ਤੋਂ ਇਲਾਵਾ, ਸੜਕ ਗਵਾਹੀ, ਵਪਾਰ ਖੇਤਰ ਵਿਚ ਕਾਰਜ, ਅਤੇ ਘਰ-ਵਿਖੇ-ਨਹੀਂ ਮੁਲਾਕਾਤਾਂ ਦਾ ਵੀ ਪ੍ਰਬੰਧ ਕਰੋ। ਇੰਜ ਕਰਨ ਨਾਲ, ਬਜ਼ੁਰਗ ਲੋਕ ਪਾਇਨੀਅਰੀ ਕਰ ਰਹੇ ਪ੍ਰਕਾਸ਼ਕਾਂ ਦੀ ਮਦਦ ਕਰਦੇ ਹਨ ਕਿ ਉਹ ਅਜਿਹੇ ਸਮੇਂ ਤੇ ਕਲੀਸਿਯਾ ਨਾਲ ਸੇਵਾ ਕਰ ਸਕਣ ਜੋ ਪਾਇਨੀਅਰਾਂ ਲਈ ਸਭ ਤੋਂ ਵਿਵਹਾਰਕ ਅਤੇ ਢੁਕਵਾਂ ਹੋਵੇਗਾ। ਕਲੀਸਿਯਾ ਨੂੰ ਖੇਤਰ ਸੇਵਾ ਦੇ ਸਾਰੇ ਪ੍ਰਬੰਧਾਂ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹੋਣਾ ਚਾਹੀਦਾ ਹੈ। ਸੇਵਾ ਲਈ ਸਭਾਵਾਂ ਦਾ ਸੰਚਾਲਨ ਸੁਵਿਵਸਥਿਤ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਕਾਫ਼ੀ ਖੇਤਰ ਉਪਲਬਧ ਹੋਣਾ ਚਾਹੀਦਾ ਹੈ ਅਤੇ ਕਾਫ਼ੀ ਰਸਾਲੇ ਅਤੇ ਦੂਜੇ ਸਾਹਿੱਤ ਤੁਰੰਤ ਆਰਡਰ ਕੀਤੇ ਜਾਣੇ ਚਾਹੀਦੇ ਹਨ।
13 ਆਪਣੀ ਨਿੱਜੀ ਸੇਵਾ ਸਮਾਂ-ਸੂਚੀ ਤਿਆਰ ਕਰੋ: ਇਕ ਭਰਾ, ਜੋ ਪਹਿਲਾਂ-ਪਹਿਲ ਸਹਿਯੋਗੀ ਪਾਇਨੀਅਰੀ ਬਾਰੇ ਚਿੰਤਾਵਾਨ ਸੀ, ਨੇ ਕਿਹਾ: “ਜਿੰਨਾ ਮੈਂ ਸੋਚਿਆ ਸੀ, ਇਹ ਅਸਲ ਵਿਚ ਉਸ ਤੋਂ ਕਿਤੇ ਹੀ ਵੱਧ ਆਸਾਨ ਹੈ। ਇਸ ਲਈ ਕੇਵਲ ਇਕ ਚੰਗੀ ਸਮਾਂ-ਸੂਚੀ ਚਾਹੀਦੀ ਹੈ।” ਇਸ ਅੰਤਰ-ਪੱਤਰ ਦੇ ਪਿੱਛਲੇ ਸਫ਼ੇ ਤੇ, ਕੀ ਤੁਸੀਂ ਸਹਿਯੋਗੀ ਪਾਇਨੀਅਰ ਸਮਾਂ-ਸੂਚੀ ਦਾ ਕੋਈ ਨਮੂਨਾ ਦੇਖਦੇ ਹੋ ਜੋ ਤੁਹਾਡੇ ਲਈ ਵਿਵਹਾਰਕ ਹੋਵੇਗਾ? ਸਹਿਯੋਗੀ ਪਾਇਨੀਅਰਾਂ ਨੂੰ ਹਰ ਹਫ਼ਤੇ ਸੇਵਕਾਈ ਵਿਚ ਕੇਵਲ 15 ਘੰਟੇ ਬਿਤਾਉਣ ਦੀ ਲੋੜ ਹੁੰਦੀ ਹੈ।
14 ਸਹਿਯੋਗੀ ਪਾਇਨੀਅਰ ਵਜੋਂ ਸੇਵਾ ਕਰਨ ਲਈ, ਸੁਆਣੀਆਂ ਅਤੇ ਦੂਜੀ ਸ਼ਿਫ਼ਟ ਵਾਲੇ ਅਕਸਰ ਸਵੇਰ ਦਾ ਵੇਲਾ ਖੇਤਰ ਸੇਵਾ ਲਈ ਅਲੱਗ ਰੱਖ ਸਕਦੇ ਹਨ। ਸਕੂਲ ਜਾਂਦੇ ਬੱਚੇ ਅਤੇ ਤੀਜੀ ਸ਼ਿਫ਼ਟ ਵਾਲੇ ਆਮ ਤੌਰ ਤੇ ਢਲਦੀ ਦੁਪਹਿਰ ਵੇਲੇ ਪ੍ਰਚਾਰ ਕਾਰਜ ਕਰ ਸਕਦੇ ਹਨ। ਪੂਰਣ-ਕਾਲੀ ਨੌਕਰੀ ਕਰਨ ਵਾਲਿਆਂ ਨੇ ਸ਼ਾਮ ਵੇਲੇ ਗਵਾਹੀ ਕਾਰਜ ਕਰਨ ਤੋਂ ਇਲਾਵਾ, ਜਾਂ ਤਾਂ ਹਰ ਹਫ਼ਤੇ ਇਕ ਦਿਨ ਛੁੱਟੀ ਲੈਣੀ ਜਾਂ ਸਮੁੱਚੇ ਸਪਤਾਹ-ਅੰਤਾਂ ਨੂੰ ਸੇਵਕਾਈ ਵਿਚ ਲਗਾਉਣਾ ਸੰਭਵ ਪਾਇਆ ਹੈ। ਅਨੇਕ ਜਿਨ੍ਹਾਂ ਦੀ ਖੇਤਰ ਸੇਵਾ ਜ਼ਿਆਦਾਤਰ ਸਪਤਾਹ-ਅੰਤ ਤਕ ਹੀ ਸੀਮਿਤ ਹੁੰਦੀ ਹੈ, ਅਜਿਹੇ ਮਹੀਨਿਆਂ ਨੂੰ ਚੁਣਦੇ ਹਨ ਜਿਨ੍ਹਾਂ ਵਿਚ ਪੰਜ ਪੂਰੇ ਸਪਤਾਹ-ਅੰਤ ਹੁੰਦੇ ਹਨ। ਇਸ ਸਾਲ, ਮਾਰਚ, ਅਗਸਤ, ਅਤੇ ਨਵੰਬਰ ਅਜਿਹੇ ਮਹੀਨੇ ਹਨ। ਸਫ਼ਾ 6 ਉੱਤੇ ਮਾਰਗ-ਦਰਸ਼ਨ ਵਜੋਂ ਦਿੱਤੀ ਗਈ ਖਾਲ੍ਹੀ ਸਮਾਂ-ਸੂਚੀ ਵਰਤਦੇ ਹੋਏ, ਇਸ ਗੱਲ ਉੱਤੇ ਧਿਆਨਪੂਰਵਕ ਅਤੇ ਪ੍ਰਾਰਥਨਾਪੂਰਵਕ ਵਿਚਾਰ ਕਰੋ ਕਿ ਤੁਹਾਡੇ ਵਿਅਕਤੀਗਤ ਹਾਲਾਤ ਅਨੁਸਾਰ ਕਿਹੜੀ ਸੇਵਾ ਸਮਾਂ-ਸੂਚੀ ਤੁਹਾਡੇ ਲਈ ਨਿੱਜੀ ਤੌਰ ਤੇ ਵਿਵਹਾਰਕ ਹੋਵੇਗੀ।
15 ਸਹਿਯੋਗੀ ਪਾਇਨੀਅਰੀ ਦੇ ਪ੍ਰਬੰਧ ਦਾ ਇਕ ਫ਼ਾਇਦਾ ਇਹ ਹੈ ਕਿ ਇਹ ਪਰਿਵਰਤਨਸ਼ੀਲ ਹੈ। ਤੁਸੀਂ ਚੁਣ ਸਕਦੇ ਹੋ ਕਿ ਕਿਹੜੇ ਮਹੀਨਿਆਂ ਵਿਚ ਪਾਇਨੀਅਰੀ ਕਰਨੀ ਹੈ, ਅਤੇ ਤੁਸੀਂ ਜਿੰਨੀ ਵਾਰੀ ਕਰਨੀ ਚਾਹੋ, ਉੱਨੀ ਵਾਰੀ ਕਰ ਸਕਦੇ ਹੋ। ਜੇਕਰ ਤੁਸੀਂ ਨਿਯਮਿਤ ਤੌਰ ਤੇ ਸਹਿਯੋਗੀ ਪਾਇਨੀਅਰੀ ਕਰਨੀ ਚਾਹੁੰਦੇ ਹੋ ਪਰੰਤੂ ਕਰ ਨਹੀਂ ਸਕਦੇ, ਤਾਂ ਕੀ ਤੁਸੀਂ ਪੂਰੇ ਸਾਲ ਦੌਰਾਨ ਹਰ ਦੂਜੇ ਮਹੀਨੇ ਲਈ ਆਪਣਾ ਨਾਂ ਦਰਜ ਕਰਵਾਉਣ ਬਾਰੇ ਸੋਚਿਆ ਹੈ? ਦੂਜੇ ਪਾਸੇ, ਕੁਝ ਪ੍ਰਕਾਸ਼ਕ ਕਾਫ਼ੀ ਸਮੇਂ ਤਕ ਸਹਿਯੋਗੀ ਪਾਇਨੀਅਰ ਵਜੋਂ ਬਾਕਾਇਦਾ ਸੇਵਾ ਕਰਨ ਦੇ ਯੋਗ ਹੋਏ ਹਨ।
16 ਪੂਰਣ-ਕਾਲੀ ਪਾਇਨੀਅਰੀ ਲਈ ਤਿਆਰੀ: ਅਨੇਕ ਜੋ ਪਾਇਨੀਅਰ ਭਾਵਨਾ ਰੱਖਦੇ ਹਨ, ਨਿਯਮਿਤ ਪਾਇਨੀਅਰਾਂ ਵਜੋਂ ਸੇਵਾ ਕਰਨਾ ਚਾਹੁੰਦੇ ਹਨ, ਪਰੰਤੂ ਉਹ ਚਿੰਤਿਤ ਹਨ ਕਿ ਉਨ੍ਹਾਂ ਕੋਲ ਇਸ ਲਈ ਸਮਾਂ, ਹਾਲਾਤ, ਜਾਂ ਤਾਕਤ ਹੈ ਜਾਂ ਨਹੀਂ। ਨਿਰਸੰਦੇਹ, ਹੁਣ ਨਿਯਮਿਤ ਪਾਇਨੀਅਰੀ ਕਰ ਰਹਿਆਂ ਵਿੱਚੋਂ ਅਧਿਕਤਰ ਨੇ ਪੂਰਣ-ਕਾਲੀ ਕਾਰਜ ਲਈ ਤਿਆਰੀ ਵਜੋਂ ਪਹਿਲਾਂ ਸਹਿਯੋਗੀ ਪਾਇਨੀਅਰ ਸੇਵਾ ਕੀਤੀ ਸੀ। ਆਪਣੀ ਸਹਿਯੋਗੀ ਪਾਇਨੀਅਰ ਸਮਾਂ-ਸੂਚੀ ਵਿਚ ਹਰ ਦਿਨ ਕੇਵਲ ਇਕ ਘੰਟਾ, ਜਾਂ ਹਰ ਹਫ਼ਤੇ ਇਕ ਪੂਰਾ ਦਿਨ ਵਧਾਉਣ ਨਾਲ, ਨਿਯਮਿਤ ਪਾਇਨੀਅਰੀ ਦੇ ਘੰਟੇ ਪੂਰੇ ਕੀਤੇ ਜਾ ਸਕਦੇ ਹਨ। ਇਹ ਦੇਖਣ ਲਈ ਕਿ ਇਹ ਤੁਹਾਡੇ ਲਈ ਸੰਭਵ ਹੈ ਜਾਂ ਨਹੀਂ, ਤੁਸੀਂ ਸਹਿਯੋਗੀ ਪਾਇਨੀਅਰੀ ਦੇ ਇਕ ਜਾਂ ਵੱਧ ਮਹੀਨਿਆਂ ਦੌਰਾਨ ਸੇਵਕਾਈ ਵਿਚ 90 ਘੰਟੇ ਬਿਤਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਕੇ ਦੇਖਦੇ? ਨਾਲ ਹੀ, ਤੁਹਾਨੂੰ ਪੁਨਰ-ਮੁਲਾਕਾਤਾਂ ਅਤੇ ਬਾਈਬਲ ਅਧਿਐਨ ਵੀ ਮਿਲਣਗੇ, ਜਿਸ ਨਾਲ ਤੁਸੀਂ ਇਕ ਬਹੁ-ਪੱਖੀ ਪਾਇਨੀਅਰ ਸੇਵਕਾਈ ਦਾ ਆਨੰਦ ਮਾਣ ਸਕੋਗੇ।
17 ਇਕ ਭੈਣ ਨੇ ਲਗਾਤਾਰ ਛੇ ਸਾਲਾਂ ਤਕ ਸਹਿਯੋਗੀ ਪਾਇਨੀਅਰੀ ਦਾ ਆਨੰਦ ਮਾਣਿਆ। ਇਸ ਪੂਰੇ ਸਮੇਂ ਦੌਰਾਨ ਉਸ ਦਾ ਇਹੋ ਟੀਚਾ ਸੀ ਕਿ ਉਹ ਨਿਯਮਿਤ ਪਾਇਨੀਅਰ ਸੇਵਾ ਵਿਚ ਪ੍ਰਵੇਸ਼ ਕਰੇ। ਇਸੇ ਲਕਸ਼ ਨਾਲ, ਉਸ ਨੇ ਚਾਰ ਵੱਖਰੀਆਂ ਨੌਕਰੀਆਂ ਅਜ਼ਮਾਈਆਂ, ਇਸ ਉਮੀਦ ਵਿਚ ਕਿ ਉਸ ਲਈ ਅਜਿਹੀ ਸਥਿਤੀ ਪੈਦਾ ਹੋਵੇ, ਜਿਸ ਨਾਲ ਨਿਯਮਿਤ ਪਾਇਨੀਅਰੀ ਦੇ 90 ਘੰਟੇ ਦੇਣਾ ਉਸ ਲਈ ਸੰਭਵ ਹੋ ਜਾਵੇਗਾ। ਉਸ ਨੇ ਹਰ ਮਹੀਨੇ ਇਕ ਜਾਂ ਦੋ ਸਮਾਂ-ਸੂਚੀਆਂ ਤਿਆਰ ਕੀਤੀਆਂ, ਇਹ ਦੇਖਣ ਲਈ ਕਿ ਇਹ ਸੰਭਵ ਹੋਵੇਗਾ ਜਾਂ ਨਹੀਂ। ਪਰੰਤੂ ਇਨ੍ਹਾਂ ਨੂੰ ਪਰਖਣ ਤੇ ਉਹ ਮਹਿਸੂਸ ਕਰਦੀ ਕਿ ਪੂਰਣ-ਕਾਲੀ ਸੇਵਕਾਈ ਉਸ ਦੀ ਪਹੁੰਚ ਤੋਂ ਬਾਹਰ ਸੀ। ਫਿਰ ਵੀ, ਉਹ ਲਗਾਤਾਰ ਯਹੋਵਾਹ ਤੋਂ ਨਿਰਦੇਸ਼ਨ ਲਈ ਬੇਨਤੀ ਕਰਦੀ ਰਹੀ। ਫਿਰ ਇਕ ਦਿਨ ਸੇਵਾ ਸਭਾ ਲਈ ਤਿਆਰੀ ਕਰਦੇ ਸਮੇਂ, ਉਸ ਨੇ ਅਕਤੂਬਰ 1991 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਵਿਚ ਇਕ ਲੇਖ ਪੜ੍ਹਿਆ ਜਿਸ ਵਿਚ ਲਿਖਿਆ ਸੀ: “ਘੰਟਿਆਂ ਦੀ ਮੰਗ ਉੱਤੇ ਹੱਦੋਂ ਵੱਧ ਜ਼ੋਰ ਦੇਣ ਦੀ ਬਜਾਇ, ਇਕੱਤਰੀਕਰਣ ਕਾਰਜ ਵਿਚ ਹਿੱਸਾ ਲੈਣ ਦੇ ਅਧਿਕ ਮੌਕੇ ਉੱਤੇ ਧਿਆਨ ਕਿਉਂ ਨਹੀਂ ਲਗਾਉਂਦੇ? (ਯੂਹੰਨਾ 4:35, 36)” ਉਹ ਦੱਸਦੀ ਹੈ: “ਮੈਂ ਇਸ ਵਾਕ ਨੂੰ ਪੰਜ-ਛੇ ਵਾਰੀ ਪੜ੍ਹਿਆ, ਅਤੇ ਮੈਨੂੰ ਪੂਰਾ ਯਕੀਨ ਸੀ ਕਿ ਇਹ ਯਹੋਵਾਹ ਦਾ ਜਵਾਬ ਸੀ। ਉਸੇ ਵੇਲੇ ਮੈਂ ਨਿਯਮਿਤ ਪਾਇਨੀਅਰ ਸੇਵਾ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕਰ ਲਿਆ।” ਹਾਲਾਂਕਿ ਉਸ ਦੀ ਅੰਸ਼ਕਾਲੀ ਨੌਕਰੀ ਦਾ ਸਮਾਂ ਬਿਲਕੁਲ ਅਨੁਕੂਲ ਨਹੀਂ ਸੀ, ਉਸ ਨੇ ਨਿਯਮਿਤ ਪਾਇਨੀਅਰੀ ਲਈ ਅਰਜ਼ੀ ਭਰ ਦਿੱਤੀ। ਇਕ ਹਫ਼ਤੇ ਮਗਰੋਂ ਉਸ ਦੀ ਨੌਕਰੀ ਦਾ ਸਮਾਂ ਬਦਲ ਦਿੱਤਾ ਗਿਆ, ਅਤੇ ਉਸ ਨੂੰ ਅਜਿਹੇ ਘੰਟੇ ਨਿਯਤ ਕੀਤੇ ਗਏ ਜੋ ਉਸ ਲਈ ਬਿਲਕੁਲ ਸਹੀ ਸਨ। ਉਸ ਨੇ ਸਿੱਟਾ ਕੱਢਿਆ, “ਕੀ ਇਸ ਵਿਚ ਯਹੋਵਾਹ ਦਾ ਹੱਥ ਨਹੀਂ ਸੀ?,” ਅਤੇ ਅੱਗੇ ਕਿਹਾ: “ਜਦੋਂ ਤੁਸੀਂ ਯਹੋਵਾਹ ਤੋਂ ਅਗਵਾਈ ਮੰਗਦੇ ਹੋ ਅਤੇ ਇਹ ਤੁਹਾਨੂੰ ਦਿੱਤੀ ਜਾਂਦੀ ਹੈ, ਤਾਂ ਇਸ ਤੋਂ ਨਾ ਭੱਜੋ—ਇਸ ਨੂੰ ਸਵੀਕਾਰ ਕਰੋ।” ਜੇਕਰ ਤੁਸੀਂ ਨਿਯਮਿਤ ਪਾਇਨੀਅਰੀ ਕਰਨ ਦੀ ਦਿਲੀ ਇੱਛਾ ਰੱਖਦੇ ਹੋ, ਤਾਂ ਸ਼ਾਇਦ ਮਾਰਚ, ਅਪ੍ਰੈਲ, ਅਤੇ ਮਈ ਦੇ ਇਨ੍ਹਾਂ ਤਿੰਨ ਮਹੀਨਿਆਂ ਵਿਚ ਸਹਿਯੋਗੀ ਪਾਇਨੀਅਰੀ ਕਰਨ ਮਗਰੋਂ, ਤੁਹਾਨੂੰ ਯਕੀਨ ਹੋ ਜਾਵੇਗਾ ਕਿ ਤੁਸੀਂ ਵੀ ਪੂਰਣ-ਕਾਲੀ ਸੇਵਕਾਈ ਵਿਚ ਸਫ਼ਲ ਹੋ ਸਕਦੇ ਹੋ।
18 ਸਾਨੂੰ ਪੂਰਾ ਯਕੀਨ ਹੈ ਕਿ ਜਿਉਂ-ਜਿਉਂ ਯਹੋਵਾਹ ਦੇ ਲੋਕ ਇਸ ਖ਼ਾਸ ਸਰਗਰਮੀ ਵਾਲੇ ਬਸੰਤ ਰੁੱਤ ਦੌਰਾਨ ਮੁਕਤੀ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਹਨ, ਯਹੋਵਾਹ ਉਨ੍ਹਾਂ ਦੇ ਜੋਸ਼ ਉੱਤੇ ਬਰਕਤ ਦੇਵੇਗਾ ਅਤੇ ਉਨ੍ਹਾਂ ਦਿਆਂ ਜਤਨਾਂ ਵਿਚ ਸਹਾਇਤਾ ਕਰੇਗਾ। (ਯਸਾ. 52:7; ਰੋਮੀ. 10:15) ਕੀ ਤੁਸੀਂ ਅਪ੍ਰੈਲ ਵਿਚ, ਸ਼ਾਇਦ ਮਾਰਚ ਵਿਚ, ਅਤੇ ਮਈ ਵਿਚ ਵੀ ਹਿੱਸਾ ਲੈਣ ਦੁਆਰਾ 4,000 ਸਹਿਯੋਗੀ ਪਾਇਨੀਅਰਾਂ ਲਈ ਸੱਦੇ ਦਾ ਜਵਾਬ ਦਿਓਗੇ?
[ਸਫ਼ਾ 3 ਉੱਤੇ ਡੱਬੀ]
ਇਕ ਸਹਿਯੋਗੀ ਪਾਇਨੀਅਰ ਵਜੋਂ ਕਿਵੇਂ ਸਫ਼ਲ ਹੋਈਏ
◼ ਆਪਣੀ ਸਫ਼ਲਤਾ ਦੀਆਂ ਸੰਭਾਵਨਾਵਾਂ ਬਾਰੇ ਸਕਾਰਾਤਮਕ ਹੋਵੋ
◼ ਆਪਣੇ ਜਤਨਾਂ ਉੱਤੇ ਯਹੋਵਾਹ ਦੀ ਬਰਕਤ ਲਈ ਪ੍ਰਾਰਥਨਾ ਕਰੋ
◼ ਕਿਸੇ ਹੋਰ ਪ੍ਰਕਾਸ਼ਕ ਨੂੰ ਤੁਹਾਡੇ ਨਾਲ ਪਾਇਨੀਅਰੀ ਕਰਨ ਦਾ ਸੱਦਾ ਦਿਓ
◼ ਇਕ ਵਿਵਹਾਰਕ ਸੇਵਾ ਸਮਾਂ-ਸੂਚੀ ਤਿਆਰ ਕਰੋ
◼ ਕਾਫ਼ੀ ਰਸਾਲੇ ਆਰਡਰ ਕਰੋ
◼ ਸੇਵਾ ਲਈ ਕਲੀਸਿਯਾ ਦੇ ਪ੍ਰਬੰਧਾਂ ਨੂੰ ਸਹਿਯੋਗ ਦਿਓ
◼ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਦੇ ਮੌਕੇ ਭਾਲੋ