ਨਵੇਂ ਭੈਣਾਂ-ਭਰਾਵਾਂ ਨੂੰ ਕਿੱਦਾਂ ਸਿਖਲਾਈ ਦੇਈਏ
1. ਪਹਿਲਾਂ-ਪਹਿਲ ਪ੍ਰਚਾਰ ਕਰਦਿਆਂ ਤੁਸੀਂ ਕਿੱਦਾਂ ਮਹਿਸੂਸ ਕੀਤਾ ਸੀ?
1 ਕੀ ਤੁਹਾਨੂੰ ਯਾਦ ਹੈ ਜਦੋਂ ਤੁਸੀਂ ਪਹਿਲੀ ਵਾਰ ਘਰ-ਘਰ ਜਾ ਕੇ ਪ੍ਰਚਾਰ ਕੀਤਾ ਸੀ? ਹੋ ਸਕਦਾ ਹੈ ਕਿ ਤੁਸੀਂ ਪਹਿਲਾਂ-ਪਹਿਲ ਘਬਰਾਉਂਦੇ ਸੀ। ਜੇ ਤੁਸੀਂ ਆਪਣੇ ਬਾਈਬਲ ਸਿੱਖਿਅਕ ਜਾਂ ਕਿਸੇ ਹੋਰ ਪਬਲੀਸ਼ਰ ਨਾਲ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ, ਤਾਂ ਤੁਸੀਂ ਜ਼ਰੂਰ ਉਸ ਦੀ ਮਦਦ ਲਈ ਸ਼ੁਕਰਗੁਜ਼ਾਰ ਹੋਏ ਹੋਣੇ। ਇਕ ਤਜਰਬੇਕਾਰ ਸੇਵਕ ਵਜੋਂ ਤੁਸੀਂ ਆਪ ਨਵੇਂ ਭੈਣਾਂ-ਭਰਾਵਾਂ ਦੀ ਮਦਦ ਕਰਨ ਦੇ ਕਾਬਲ ਬਣ ਗਏ ਹੋ।
2. ਨਵੇਂ ਪਬਲੀਸ਼ਰਾਂ ਨੂੰ ਕੀ ਸਿੱਖਣ ਦੀ ਲੋੜ ਹੈ?
2 ਨਵੇਂ ਪਬਲੀਸ਼ਰਾਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ: ਘਰ-ਸੁਆਮੀ ਨਾਲ ਗੱਲ ਸ਼ੁਰੂ ਕਰਨੀ, ਲੋਕਾਂ ਦੇ ਦਰਾਂ ʼਤੇ ਬਾਈਬਲ ਇਸਤੇਮਾਲ ਕਰਨੀ, ਵਾਪਸ ਜਾ ਕੇ ਉਨ੍ਹਾਂ ਨੂੰ ਮਿਲਣਾ ਅਤੇ ਨਵੀਆਂ ਬਾਈਬਲ ਸਟੱਡੀਆਂ ਸ਼ੁਰੂ ਕਰਨੀਆਂ। ਉਨ੍ਹਾਂ ਨੂੰ ਸੜਕਾਂ ʼਤੇ ਗਵਾਹੀ ਦੇਣੀ ਤੇ ਬਿਜ਼ਨਿਸ ਦੀਆਂ ਥਾਵਾਂ ਤੇ ਵੀ ਪ੍ਰਚਾਰ ਕਰਨਾ ਸਿੱਖਣ ਦੀ ਲੋੜ ਹੈ। ਉਨ੍ਹਾਂ ਨੂੰ ਲੋਕਾਂ ਦੇ ਧਾਰਮਿਕ ਖ਼ਿਆਲਾਂ ਨੂੰ ਧਿਆਨ ਵਿਚ ਰੱਖਣ ਦੇ ਨਾਲ-ਨਾਲ ਖ਼ੁਸ਼ ਖ਼ਬਰੀ ਸੁਣਾਉਂਦਿਆਂ ਸਮਝਦਾਰੀ ਵਰਤਣ ਦੀ ਵੀ ਲੋੜ ਹੈ। (ਕੁਲੁ. 4:6) ਤੁਸੀਂ ਇਨ੍ਹਾਂ ਮਾਮਲਿਆਂ ਵਿਚ ਆਪਣੀ ਮਿਸਾਲ ਅਤੇ ਆਪਣੇ ਸੁਝਾਵਾਂ ਦੁਆਰਾ ਉਨ੍ਹਾਂ ਦੀ ਮਦਦ ਕਰ ਸਕਦੇ ਹੋ।
3. ਤੁਹਾਡੀ ਮਿਸਾਲ ਦੂਸਰਿਆਂ ਦੀ ਕਿੱਦਾਂ ਮਦਦ ਕਰ ਸਕਦੀ ਹੈ?
3 ਮਿਸਾਲ ਦੁਆਰਾ ਸਿਖਾਓ: ਯਿਸੂ ਨੇ ਆਪਣੇ ਚੇਲਿਆਂ ਨੂੰ ਕਹਿ ਕੇ ਹੀ ਨਹੀਂ, ਸਗੋਂ ਕਰ ਕੇ ਪ੍ਰਚਾਰ ਕਰਨਾ ਸਿਖਾਇਆ। (ਲੂਕਾ 8:1; 1 ਪਤ. 2:21) ਜਦੋਂ ਤੁਸੀਂ ਇਕ ਨਵੇਂ ਪਬਲੀਸ਼ਰ ਨਾਲ ਪ੍ਰਚਾਰ ਕਰਦੇ ਹੋ, ਤਾਂ ਇਕ ਸੌਖੀ ਪੇਸ਼ਕਾਰੀ ਤਿਆਰ ਕਰੋ ਜਿਸ ਦੀ ਉਹ ਨਕਲ ਕਰ ਸਕੇ। ਤੁਸੀਂ ਅਜਿਹੀ ਪੇਸ਼ਕਾਰੀ ਸਾਡੇ ਕਿਸੇ ਪ੍ਰਕਾਸ਼ਨ ਤੋਂ ਲੈ ਸਕਦੇ ਹੋ। ਫਿਰ ਪਹਿਲੇ ਇਕ-ਦੋ ਘਰਾਂ ਤੇ ਤੁਸੀਂ ਗੱਲ ਕਰੋ ਤਾਂਕਿ ਪਬਲੀਸ਼ਰ ਤੁਹਾਡੀ ਪੇਸ਼ਕਾਰੀ ਸੁਣ ਸਕੇ। ਵਿਚ-ਵਿਚਾਲੇ ਤੁਸੀਂ ਪਬਲੀਸ਼ਰ ਨੂੰ ਪੁੱਛ ਸਕਦੇ ਹੋ ਕਿ ਉਸ ਨੂੰ ਤੁਹਾਡੀ ਪੇਸ਼ਕਾਰੀ ਕਿੱਦਾਂ ਲੱਗੀ। ਇਸ ਗੱਲ ਤੋਂ ਉਹ ਦੂਸਰਿਆਂ ਨਾਲ ਪ੍ਰਚਾਰ ਕਰਨ ਦਾ ਲਾਭ ਦੇਖ ਸਕੇਗਾ ਅਤੇ ਉਸ ਦੀ ਪੇਸ਼ਕਾਰੀ ਬਾਰੇ ਉਹ ਤੁਹਾਡੀ ਸਲਾਹ ਸਵੀਕਾਰ ਕਰਨ ਲਈ ਰਾਜ਼ੀ ਹੋਵੇਗਾ।
4. ਅਸੀਂ ਨਵੇਂ ਪਬਲੀਸ਼ਰ ਦੀ ਪੇਸ਼ਕਾਰੀ ਸੁਣਨ ਤੋਂ ਬਾਅਦ ਉਸ ਦੀ ਕਿੱਦਾਂ ਮਦਦ ਕਰ ਸਕਦੇ ਹਾਂ?
4 ਸੁਝਾਅ ਪੇਸ਼ ਕਰੋ: ਯਿਸੂ ਨੇ ਵੀ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਬਾਰੇ ਸੁਝਾਅ ਦਿੱਤੇ ਸਨ। (ਮੱਤੀ 10:5-14) ਤੁਸੀਂ ਵੀ ਨਵੇਂ ਪਬਲੀਸ਼ਰ ਦੀ ਇਸੇ ਤਰ੍ਹਾਂ ਮਦਦ ਕਰ ਸਕਦੇ ਹੋ। ਜਦੋਂ ਬੋਲਣ ਦੀ ਉਸ ਦੀ ਵਾਰੀ ਹੋਵੇ, ਧਿਆਨ ਨਾਲ ਸੁਣੋ। ਦਰਵਾਜ਼ੇ ਤੋਂ ਪਰੇ ਹੋ ਕੇ ਖ਼ਾਸ ਗੱਲਾਂ ਦੇ ਸੰਬੰਧ ਵਿਚ ਉਸ ਦੀ ਦਿਲੋਂ ਸ਼ਲਾਘਾ ਕਰੋ ਭਾਵੇਂ ਕਿ ਉਸ ਦੀ ਪੇਸ਼ਕਾਰੀ ਨੂੰ ਸੁਧਾਰਨ ਦੀ ਲੋੜ ਹੋਵੇ। ਕਾਹਲੀ ਨਾਲ ਸੁਝਾਅ ਨਾ ਦਿਓ ਕਿਉਂਕਿ ਅਗਲੀ ਵਾਰ ਉਸ ਦੀ ਪੇਸ਼ਕਾਰੀ ਸ਼ਾਇਦ ਬਿਹਤਰ ਹੋਵੇ। ਹੋ ਸਕਦਾ ਹੈ ਕਿ ਉਹ ਪਹਿਲੀ ਵਾਰ ਘਬਰਾਇਆ ਸੀ। ਇਹ ਗੱਲ ਵੀ ਯਾਦ ਰੱਖੋ ਕਿ ਸਾਰਿਆਂ ਵਿਚ ਇੱਕੋ ਜਿਹੇ ਗੁਣ ਨਹੀਂ ਹੁੰਦੇ ਨਾਲੇ ਪ੍ਰਚਾਰ ਕਰਨ ਦਾ ਇੱਕੋ ਹੀ ਸਹੀ ਤਰੀਕਾ ਨਹੀਂ ਹੈ।—1 ਕੁਰਿੰ. 12:4-7.
5. ਸੁਝਾਅ ਦਿੰਦਿਆਂ ਅਸੀਂ ਕੀ ਕਹਿ ਸਕਦੇ ਹਾਂ?
5 ਕਦੇ-ਕਦੇ ਨਵਾਂ ਪਬਲੀਸ਼ਰ ਤੁਹਾਡੇ ਤੋਂ ਸੁਝਾਅ ਮੰਗੇਗਾ। ਪਰ ਜੇ ਉਹ ਨਾ ਵੀ ਮੰਗੇ, ਤੁਸੀਂ ਫਿਰ ਵੀ ਉਸ ਦੀ ਮਦਦ ਕਰ ਸਕਦੇ ਹੋ। ਤੁਸੀਂ ਉਸ ਨੂੰ ਬਿਨਾਂ ਨਾਰਾਜ਼ ਕੀਤੇ ਇਹ ਕਿੱਦਾਂ ਕਰ ਸਕਦੇ ਹੋ? ਕੁਝ ਤਜਰਬੇਕਾਰ ਪਬਲੀਸ਼ਰ ਸੁਭਾਵਕ ਤੌਰ ਤੇ ਪੁੱਛਦੇ ਹਨ, “ਕੀ ਮੈਂ ਤੁਹਾਨੂੰ ਇਕ ਸਲਾਹ ਦੇ ਸਕਦਾ ਹਾਂ?” ਜਾਂ “ਤੁਹਾਡੇ ਖ਼ਿਆਲ ਵਿਚ ਇਹ ਪੇਸ਼ਕਾਰੀ ਕਿੱਦਾਂ ਰਹੀ?” ਜਾਂ ਤੁਸੀਂ ਇਵੇਂ ਕੁਝ ਕਹਿ ਸਕਦੇ ਹੋ, “ਜਦੋਂ ਮੈਂ ਨਵਾਂ ਪਬਲੀਸ਼ਰ ਸੀ, ਮੈਨੂੰ ਇਹ ਗੱਲ ਬਹੁਤ ਮੁਸ਼ਕਲ ਲੱਗਦੀ ਸੀ . . . , ਪਰ ਮੈਂ . . . ਕੀਤਾ।” ਤੁਸੀਂ ਦੋਵੇਂ ਇਕੱਠੇ ਬੈਠ ਕੇ ਸਾਡੀ ਰਾਜ ਸੇਵਕਾਈ ਦੇ ਪੁਰਾਣੇ ਅੰਕਾਂ ਵਿਚ ਦੇਖ ਸਕਦੇ ਹੋ। ਉਸ ਨੂੰ ਬਹੁਤੇ ਸੁਝਾਅ ਦੇਣ ਤੋਂ ਪਰਹੇਜ਼ ਕਰੋ ਤਾਂਕਿ ਉਹ ਹੌਸਲਾ ਨਾ ਹਾਰ ਜਾਵੇ।
6. ਪ੍ਰਚਾਰ ਦੇ ਸੰਬੰਧ ਵਿਚ ਕਿੱਦਾਂ “ਲੋਹਾ ਲੋਹੇ ਨੂੰ ਤਿੱਖਾ” ਕਰਦਾ ਹੈ?
6 ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ: ਪੌਲੁਸ ਨੇ ਇਕ ਤਜਰਬੇਕਾਰ ਪ੍ਰਚਾਰਕ ਤਿਮੋਥਿਉਸ ਨੂੰ ਹੌਸਲਾ ਦਿੱਤਾ ਸੀ ਕਿ ਉਹ ਸਿੱਖਿਆ ਦੇਣ ਵਿਚ ਲੱਗਾ ਰਹੇ ਅਤੇ ਤਰੱਕੀ ਕਰੇ। (1 ਤਿਮੋ. 4:13, 15) ਭਾਵੇਂ ਕਿ ਤੁਸੀਂ ਸਾਲਾਂ-ਬੱਧੀ ਸੇਵਕਾਈ ਕਰ ਚੁੱਕੇ ਹੋ, ਫਿਰ ਵੀ ਤੁਹਾਨੂੰ ਆਪਣੇ ਤੌਰ-ਤਰੀਕਿਆਂ ਸੰਬੰਧੀ ਹੋਰ ਤਰੱਕੀ ਕਰਦੇ ਰਹਿਣਾ ਚਾਹੀਦਾ ਹੈ। ਦੂਸਰਿਆਂ ਤੋਂ ਸਿੱਖੋ ਜਿਨ੍ਹਾਂ ਨਾਲ ਤੁਸੀਂ ਪ੍ਰਚਾਰ ਕਰਦੇ ਹੋ। ਘੱਟ ਤਜਰਬੇਕਾਰ ਭੈਣਾਂ-ਭਰਾਵਾਂ ਤੋਂ ਵੀ ਕੁਝ ਸਿੱਖਿਆ ਜਾ ਸਕਦਾ ਹੈ। ਦੂਸਰਿਆਂ ਦੀ ਮਦਦ ਕਰਨ ਬਾਰੇ ਧਿਆਨ ਰੱਖੋ, ਖ਼ਾਸ ਤੌਰ ਤੇ ਨਵਿਆਂ ਭੈਣਾਂ-ਭਰਾਵਾਂ ਦੀ ਤਾਂਕਿ ਉਹ ਖ਼ੁਸ਼ ਖ਼ਬਰੀ ਦੇ ਕਾਬਲ ਪ੍ਰਚਾਰਕ ਬਣ ਸਕਣ।—ਕਹਾ. 27:17.