ਹਵਾ ਵਿਚ ਮੁੱਕੇ ਨਾ ਮਾਰੋ
1. ਪਹਿਲਾ ਕੁਰਿੰਥੀਆਂ 9:26 ਪ੍ਰਚਾਰ ਦੇ ਕੰਮ ਵਿਚ ਕਿੱਦਾਂ ਲਾਗੂ ਹੁੰਦਾ ਹੈ?
1 ਪੌਲੁਸ ਰਸੂਲ ਨੇ ਲਿਖਿਆ ਸੀ: “ਮੈਂ ਇਸ ਤਰ੍ਹਾਂ ਨਹੀਂ ਦੌੜਦਾ ਕਿ ਮੈਨੂੰ ਪਤਾ ਹੀ ਨਹੀਂ ਕਿ ਮੈਂ ਕਿੱਧਰ ਨੂੰ ਜਾ ਰਿਹਾ ਹਾਂ; ਮੈਂ ਅਜਿਹਾ ਮੁੱਕੇਬਾਜ਼ ਨਹੀਂ ਹਾਂ ਜਿਹੜਾ ਹਵਾ ਵਿਚ ਮੁੱਕੇ ਮਾਰਦਾ ਹੈ।” (1 ਕੁਰਿੰ. 9:26) ਪੌਲੁਸ ਇੱਥੇ ਕਹਿ ਰਿਹਾ ਸੀ ਕਿ ਉਹ ਪੂਰਾ ਮਨ ਲਾ ਕੇ ਯਹੋਵਾਹ ਦੀ ਸੇਵਾ ਸੰਬੰਧੀ ਟੀਚਿਆਂ ਨੂੰ ਹਾਸਲ ਕਰਨ ਵਿਚ ਲੱਗਾ ਰਿਹਾ। ਪਰ ਇਹ ਸ਼ਬਦ ਅਸਲ ਵਿਚ ਸਾਡੇ ਪ੍ਰਚਾਰ ਦੇ ਕੰਮ ʼਤੇ ਵੀ ਲਾਗੂ ਹੁੰਦੇ ਹਨ। ਅਸੀਂ ਅਕਲਮੰਦੀ ਨਾਲ ‘ਮੁੱਕੇ ਮਾਰਨੇ’ ਯਾਨੀ ਜਤਨ ਕਰਨੇ ਚਾਹੁੰਦੇ ਹਾਂ ਤਾਂਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਫ਼ਲ ਹੋਈਏ। ਇਹ ਅਸੀਂ ਕਿਵੇਂ ਕਰ ਸਕਦੇ ਹਾਂ?
2. ਅਸੀਂ ਪੌਲੁਸ ਅਤੇ ਪਹਿਲੀ ਸਦੀ ਦੇ ਹੋਰ ਪ੍ਰਚਾਰਕਾਂ ਦੀ ਰੀਸ ਕਰਦਿਆਂ ਕਦੋਂ ਅਤੇ ਕਿੱਥੇ ਪ੍ਰਚਾਰ ਕਰ ਸਕਦੇ ਹਾਂ?
2 ਉੱਥੇ ਜਾਓ ਜਿੱਥੇ ਲੋਕ ਹਨ: ਪੌਲੁਸ ਅਤੇ ਪਹਿਲੀ ਸਦੀ ਦੇ ਹੋਰ ਪ੍ਰਚਾਰਕ ਉੱਥੇ ਜਾਂਦੇ ਸਨ ਜਿੱਥੇ ਉਨ੍ਹਾਂ ਨੂੰ ਲੋਕ ਮਿਲ ਸਕਦੇ ਸਨ। (ਰਸੂ. 5:42; 16:13; 17:17) ਇਸ ਲਈ ਜੇ ਸਾਡੇ ਇਲਾਕੇ ਦੇ ਲੋਕ ਸ਼ਾਮ ਨੂੰ ਹੀ ਘਰ ਹੁੰਦੇ, ਤਾਂ ਸ਼ਾਇਦ ਉਦੋਂ ਹੀ ਘਰ-ਘਰ ਜਾਣ ਦਾ ਸਭ ਤੋਂ ਵਧੀਆ ਸਮਾਂ ਹੋਵੇਗਾ। ਕੀ ਤੁਹਾਡੇ ਸ਼ਹਿਰ ਦਾ ਬੱਸ ਅੱਡਾ ਜਾਂ ਰੇਲਵੇ ਸਟੇਸ਼ਨ ਸਵੇਰੇ-ਸਵੇਰੇ ਅਤੇ ਸ਼ਾਮ ਨੂੰ ਬਿਜ਼ੀ ਹੁੰਦਾ ਹੈ ਜਦੋਂ ਲੋਕ ਆਪਣੀਆਂ ਨੌਕਰੀਆਂ ਤੋਂ ਆਉਂਦੇ-ਜਾਂਦੇ ਹਨ? ਤੁਹਾਡੇ ਸ਼ਹਿਰ ਵਿਚ ਬਾਜ਼ਾਰ ਕਦੋਂ ਲੋਕਾਂ ਨਾਲ ਭਰਿਆ ਹੁੰਦਾ ਹੈ? ਇਨ੍ਹਾਂ ਸਮਿਆਂ ਤੇ ਸੜਕਾਂ ʼਤੇ ਗਵਾਹੀ ਦੇਣੀ ਸਭ ਤੋਂ ਲਾਭਦਾਇਕ ਹੋ ਸਕਦੀ ਹੈ।
3. ਪ੍ਰਚਾਰ ਦੇ ਇਲਾਕੇ ਵਿਚ ਜਾ ਕੇ ਅਸੀਂ ਹਵਾ ਵਿਚ ਮੁੱਕੇ ਮਾਰਨ ਤੋਂ ਕਿਵੇਂ ਬਚ ਸਕਦੇ ਹਾਂ?
3 ਅਕਲਮੰਦੀ ਨਾਲ ਪ੍ਰਚਾਰ ਕਰੋ: ਪ੍ਰਚਾਰ ਦੇ ਇਲਾਕੇ ਵਿਚ ਜਾ ਕੇ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਅਸੀਂ ਆਪਣੇ ਮੁੱਕੇ ਹਵਾ ਵਿਚ ਨਾ ਮਾਰੀਏ। ਮਿਸਾਲ ਲਈ, ਵੱਡੇ ਸਾਰੇ ਗਰੁੱਪ ਨੂੰ ਇੱਕੋ ਜਗ੍ਹਾ ਲੈ ਜਾਣ ਦੀ ਬਜਾਇ ਪਹਿਲਾਂ ਹੀ ਛੋਟੇ-ਛੋਟੇ ਗਰੁੱਪ ਬਣਾ ਕੇ ਵੱਖੋ-ਵੱਖਰੀ ਥਾਂ ਪ੍ਰਚਾਰ ਕਰਨ ਲਈ ਭੇਜ ਦੇਣਾ ਚਾਹੀਦਾ ਹੈ ਕਿਉਂਕਿ ਵੱਡੇ ਗਰੁੱਪ ਨੂੰ ਇੱਕੋ ਜਗ੍ਹਾ ਸੰਭਾਲਣਾ ਤੇ ਪ੍ਰਚਾਰ ਵਿਚ ਬਿਜ਼ੀ ਰੱਖਣਾ ਔਖਾ ਹੋ ਸਕਦਾ ਹੈ। ਇਸੇ ਤਰ੍ਹਾਂ ਪੇਂਡੂ ਇਲਾਕੇ ਵਿਚ ਪ੍ਰਚਾਰ ਕਰਦੇ ਸਮੇਂ ਜੇ ਅਸੀਂ ਗਰੁੱਪਾਂ ਨੂੰ ਛੋਟੇ ਰੱਖਾਂਗੇ, ਤਾਂ ਅਸੀਂ ਜਲਦੀ ਉਸ ਇਲਾਕੇ ਨੂੰ ਪੂਰਾ ਕਰ ਪਾਵਾਂਗੇ ਅਤੇ ਸਾਨੂੰ ਜ਼ਿਆਦਾ ਲੋਕਾਂ ਨਾਲ ਗੱਲ ਕਰਨ ਦਾ ਮੌਕਾ ਮਿਲੇਗਾ। ਕੀ ਅਸੀਂ ਆਪਣੇ ਘਰ ਦੇ ਲਾਗੇ ਪ੍ਰਚਾਰ ਕਰਨ ਲਈ ਟੈਰਟਰੀ ਲੈ ਸਕਦੇ ਹਾਂ ਤਾਂਕਿ ਸਫ਼ਰ ਕਰਨ ਵਿਚ ਸਮਾਂ ਜ਼ਾਇਆ ਨਾ ਹੋਵੇ?
4. ਅਸੀਂ ਕੁਸ਼ਲ ‘ਮੱਛੀਆਂ ਫੜਨ’ ਵਾਲਿਆਂ ਵਾਂਗ ਕਿੱਦਾਂ ਕਾਮਯਾਬ ਹੋ ਸਕਦੇ ਹਾਂ?
4 ਯਿਸੂ ਨੇ ਪ੍ਰਚਾਰਕਾਂ ਦੀ ਤੁਲਨਾ ‘ਮੱਛੀਆਂ ਫੜਨ’ ਵਾਲਿਆਂ ਨਾਲ ਕੀਤੀ ਸੀ। (ਮਰ. 1:17) ਮਛਿਆਰੇ ਮੱਛੀਆਂ ਨੂੰ ਫੜਨ ਲਈ ਹੀ ਪਾਣੀ ਵਿਚ ਜਾਲ਼ ਸੁੱਟਦੇ ਹਨ। ਇਸ ਲਈ, ਕੁਸ਼ਲ ਮਛਿਆਰੇ ਉਸ ਜਗ੍ਹਾ ਜਾ ਕੇ ਜਾਲ਼ ਸੁੱਟਦੇ ਹਨ ਜਿੱਥੇ ਅਤੇ ਜਦੋਂ ਉਨ੍ਹਾਂ ਨੂੰ ਮੱਛੀਆਂ ਮਿਲਣ ਦੀ ਉਮੀਦ ਹੁੰਦੀ ਹੈ ਅਤੇ ਉਹ ਦੇਰ ਕੀਤੇ ਬਿਨਾਂ ਆਪਣਾ ਕੰਮ ਸ਼ੁਰੂ ਕਰਦੇ ਹਨ। ਵਾਕਈ, ਉਹ ਹਵਾ ਵਿਚ ਮੁੱਕੇ ਨਹੀਂ ਮਾਰਦੇ, ਸਗੋਂ ਅਕਲਮੰਦੀ ਵਰਤਦੇ ਹਨ। ਆਓ ਆਪਾਂ ਵੀ ਉਨ੍ਹਾਂ ਦੀ ਤਰ੍ਹਾਂ ਪ੍ਰਚਾਰ ਦੇ ਆਪਣੇ ਕੰਮ ਵਿਚ ਪੁਰਜ਼ੋਰ ਮਿਹਨਤ ਕਰੀਏ।—ਇਬ. 6:11.