ਸਮਾਂ ਅਤੇ ਸਦੀਵਤਾ—ਅਸਲ ਵਿਚ ਅਸੀਂ ਇਨ੍ਹਾਂ ਬਾਰੇ ਕੀ ਜਾਣਦੇ ਹਾਂ?
“ਸਮਾਂ ਮਨੁੱਖੀ ਤਜਰਬੇ ਦਾ ਇਕ ਸਭ ਤੋਂ ਰਹੱਸਮਈ ਰੂਪ ਜਾਪਦਾ ਹੈ,” ਇਕ ਐਨਸਾਈਕਲੋਪੀਡੀਆ ਬਿਆਨ ਕਰਦਾ ਹੈ। ਜੀ ਹਾਂ, ਸਮੇਂ ਨੂੰ ਸੌਖੇ ਸ਼ਬਦਾਂ ਵਿਚ ਸਮਝਾਉਣਾ ਬਹੁਤ ਹੀ ਮੁਸ਼ਕਲ ਹੈ। ਅਸੀਂ ਸ਼ਾਇਦ ਕਹੀਏ ਕਿ ਸਮਾਂ “ਬੀਤ ਜਾਂਦਾ ਹੈ,” “ਗੁਜ਼ਰ ਜਾਂਦਾ ਹੈ,” “ਪਲਕ ਝਪਕਦੇ ਹੀ ਉੱਡ ਜਾਂਦਾ ਹੈ,” ਅਤੇ ਇੱਥੋਂ ਤਕ ਕਿ ਖ਼ੁਦ ਅਸੀਂ ਵੀ “ਸਮੇਂ ਦੇ ਵਹਾਅ” ਵਿਚ ਵਹਿ ਰਹੇ ਹਾਂ। ਪਰ ਅਸਲ ਵਿਚ ਅਸੀਂ ਨਹੀਂ ਜਾਣਦੇ ਕਿ ਅਸੀਂ ਕਿਸ ਬਾਰੇ ਗੱਲ ਕਰ ਰਹੇ ਹਾਂ।
“ਦੋ ਘਟਨਾਵਾਂ ਵਿਚਲੇ ਵਕਫ਼ੇ” ਨੂੰ ਸਮਾਂ ਕਿਹਾ ਗਿਆ ਹੈ। ਪਰ, ਸਾਡਾ ਤਜਰਬਾ ਸਾਨੂੰ ਦੱਸਦਾ ਹੈ ਕਿ ਸਮਾਂ ਘਟਨਾਵਾਂ ਤੇ ਨਿਰਭਰ ਨਹੀਂ ਹੈ; ਭਾਵੇਂ ਕੁਝ ਹੋਵੇ ਜਾਂ ਨਾ ਹੋਵੇ ਇਹ ਚੱਲਦਾ ਹੀ ਰਹਿੰਦਾ ਹੈ। ਇਕ ਫ਼ਿਲਾਸਫ਼ਰ ਦਾਅਵਾ ਕਰਦਾ ਹੈ ਕਿ ਅਸਲ ਵਿਚ ਸਮਾਂ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ, ਇਹ ਮਹਿਜ਼ ਇਕ ਕਲਪਨਾ ਹੈ। ਪਰ ਸਮੇਂ ਦੇ ਬੀਤਣ ਨਾਲ ਅਸੀਂ ਜੋ ਤਜਰਬਾ ਹਾਸਲ ਕੀਤਾ ਹੈ, ਕੀ ਉਹ ਮਹਿਜ਼ ਸਾਡੀ ਕਲਪਨਾ ਹੀ ਹੈ?
ਸਮੇਂ ਬਾਰੇ ਬਾਈਬਲ ਦਾ ਨਜ਼ਰੀਆ
ਬਾਈਬਲ ਸਮੇਂ ਦੀ ਕੋਈ ਪਰਿਭਾਸ਼ਾ ਨਹੀਂ ਦਿੰਦੀ, ਜਿਸ ਤੋਂ ਸਾਨੂੰ ਸੰਕੇਤ ਮਿਲਦਾ ਹੈ ਕਿ ਇਸ ਨੂੰ ਸਮਝਣਾ ਮਨੁੱਖੀ ਸਮਝ ਤੋਂ ਬਾਹਰ ਹੈ। ਇਹ ਉਸ ਵਿਸ਼ਾਲ ਆਕਾਸ਼ ਦੀ ਤਰ੍ਹਾਂ ਹੈ ਜਿਸ ਨੂੰ ਸਮਝਣਾ ਸਾਡੇ ਲਈ ਬਹੁਤ ਮੁਸ਼ਕਲ ਹੈ। ਸਪੱਸ਼ਟ ਤੌਰ ਤੇ, ਸਮਾਂ ਉਨ੍ਹਾਂ ਚੀਜ਼ਾਂ ਵਿੱਚੋਂ ਇਕ ਹੈ ਜਿਸ ਨੂੰ ਸਿਰਫ਼ ਪਰਮੇਸ਼ੁਰ ਹੀ ਚੰਗੀ ਤਰ੍ਹਾਂ ਸਮਝ ਸਕਦਾ ਹੈ, ਕਿਉਂਕਿ ਉਹੀ ਇਕੱਲਾ “ਆਦ ਤੋਂ ਅੰਤ ਤੀਕ” ਹੈ।—ਜ਼ਬੂਰ 90:2.
ਭਾਵੇਂ ਕਿ ਬਾਈਬਲ ਸਮੇਂ ਦੀ ਕੋਈ ਪਰਿਭਾਸ਼ਾ ਨਹੀਂ ਦਿੰਦੀ ਹੈ, ਫਿਰ ਵੀ ਇਹ ਸਮੇਂ ਦਾ ਜ਼ਿਕਰ ਇਕ ਹਕੀਕਤ ਵਜੋਂ ਕਰਦੀ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਨੇ “ਨਿਸ਼ਾਨਾਂ ਤੇ ਰੁੱਤਾਂ ਤੇ ਦਿਨਾਂ ਤੇ ਵਰਿਹਾਂ ਲਈ” ਸਮਾਂ-ਸੂਚਕਾਂ ਵਜੋਂ “ਜੋਤਾਂ” ਅਰਥਾਤ ਸੂਰਜ, ਚੰਦ ਅਤੇ ਤਾਰਿਆਂ ਨੂੰ ਸ੍ਰਿਸ਼ਟ ਕੀਤਾ। ਬਾਈਬਲ ਵਿਚ ਦਰਜ ਕੀਤੀਆਂ ਗਈਆਂ ਬਹੁਤ ਸਾਰੀਆਂ ਘਟਨਾਵਾਂ ਦੇ ਸਮੇਂ ਨੂੰ ਇਤਿਹਾਸ ਵਿਚ ਨਿਰਧਾਰਿਤ ਕੀਤਾ ਜਾ ਸਕਦਾ ਹੈ। (ਉਤਪਤ 1:14; 5:3-32; 7:11,12; 11:10-32; ਕੂਚ 12:40, 41) ਬਾਈਬਲ ਇਹ ਵੀ ਦੱਸਦੀ ਹੈ ਕਿ ਸਮਾਂ ਇਕ ਅਜਿਹੀ ਚੀਜ਼ ਹੈ, ਜਿਸ ਨੂੰ ਸਾਨੂੰ ਪਰਮੇਸ਼ੁਰ ਤੋਂ ਸਦੀਵਤਾ ਦੀ ਬਰਕਤ ਅਰਥਾਤ ਸਦਾ ਲਈ ਜੀਉਂਦੇ ਰਹਿਣ ਦੀ ਬਰਕਤ ਹਾਸਲ ਕਰਨ ਲਈ ਬੁੱਧੀਮਾਨੀ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ।—ਅਫ਼ਸੀਆਂ 5:15, 16.
ਸਦੀਪਕ ਜੀਵਨ—ਕੀ ਇਹ ਮੰਨਣਯੋਗ ਹੈ?
ਜਿਸ ਤਰ੍ਹਾਂ ਬਹੁਤ ਸਾਰੇ ਲੋਕ ਸਮੇਂ ਨੂੰ ਸਮਝਣ ਦੀ ਕੋਸ਼ਿਸ਼ ਕਰ ਕੇ ਨਿਰਾਸ਼ ਹੁੰਦੇ ਹਨ, ਉਸੇ ਤਰ੍ਹਾਂ ਸਦੀਪਕ ਜੀਵਨ ਜਾਂ ਸਦਾ ਲਈ ਜੀਉਂਦੇ ਰਹਿਣ ਦਾ ਵਿਚਾਰ ਲੋਕਾਂ ਨੂੰ ਸਭ ਤੋਂ ਜ਼ਿਆਦਾ ਉਲਝਣ ਵਿਚ ਪਾਉਂਦਾ ਹੈ। ਇਸ ਦਾ ਇਕ ਕਾਰਨ ਸ਼ਾਇਦ ਇਹ ਹੋ ਸਕਦਾ ਹੈ ਕਿ ਸਮੇਂ ਸੰਬੰਧੀ ਸਾਡਾ ਤਜਰਬਾ ਹਮੇਸ਼ਾ ਜਨਮ, ਵੱਡੇ ਹੋਣ, ਬੁੱਢੇ ਹੋਣ ਅਤੇ ਮੌਤ ਦੇ ਚੱਕਰ ਨਾਲ ਜੁੜਿਆ ਰਿਹਾ ਹੈ। ਇਸ ਲਈ ਅਸੀਂ ਸਮੇਂ ਦੇ ਵਹਾਅ ਨੂੰ ਇਸ ਸਦੀਆਂ ਪੁਰਾਣੇ ਚੱਕਰ ਦੁਆਰਾ ਹੀ ਸਮਝਦੇ ਹਾਂ। ਸਮੇਂ ਨੂੰ ਕਿਸੇ ਹੋਰ ਤਰੀਕੇ ਨਾਲ ਵਿਚਾਰਨ ਨਾਲ ਬਹੁਤ ਸਾਰੇ ਲੋਕਾਂ ਨੂੰ ਲੱਗੇਗਾ ਕਿ ਉਹ ਸਮੇਂ ਦੀ ਧਾਰਣਾ ਦੀ ਉਲੰਘਣਾ ਕਰ ਰਹੇ ਹਨ। ਸ਼ਾਇਦ ਉਹ ਪੁੱਛਣ, ‘ਜੇ ਦੂਸਰੇ ਸਾਰੇ ਜੀਉਂਦੇ ਜੀਵ-ਜੰਤੂ ਇਸ ਪੁਰਾਣੇ ਚੱਕਰ ਅਨੁਸਾਰ ਚੱਲਦੇ ਹਨ, ਤਾਂ ਇਨਸਾਨ ਨੂੰ ਕਿਉਂ ਨਹੀਂ ਚੱਲਣਾ ਚਾਹੀਦਾ?’
ਇਸ ਤਰੀਕੇ ਨਾਲ ਤਰਕ ਕਰਨ ਵਿਚ ਅਕਸਰ ਇਸ ਹਕੀਕਤ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਕਿ ਇਨਸਾਨ ਪਹਿਲਾਂ ਹੀ ਕਈ ਖੇਤਰਾਂ ਵਿਚ ਬਾਕੀ ਸ੍ਰਿਸ਼ਟੀ ਨਾਲੋਂ ਵੱਖਰਾ ਹੈ। ਉਦਾਹਰਣ ਲਈ, ਇਨਸਾਨ ਕੋਲ ਜਿਹੜੀਆਂ ਬੌਧਿਕ ਯੋਗਤਾਵਾਂ ਹਨ ਉਹ ਜਾਨਵਰਾਂ ਕੋਲ ਨਹੀਂ ਹਨ। ਇਨ੍ਹਾਂ ਦਾਅਵਿਆਂ ਦੇ ਅਨੁਸਾਰ, ਜਾਨਵਰ ਜੋ ਕੁਝ ਆਪਣੀ ਸੁਭਾਵਕ ਬੁੱਧੀ ਨਾਲ ਕਰ ਸਕਦੇ ਹਨ, ਉਸ ਬੁੱਧੀ ਤੋਂ ਬਾਹਰ ਉਹ ਸਿਰਜਣਾਤਮਕ ਕੰਮ ਨਹੀਂ ਕਰਦੇ ਹਨ। ਉਨ੍ਹਾਂ ਕੋਲ ਨਾ ਤਾਂ ਕਲਾਤਮਕ ਗੁਣ ਹਨ, ਤੇ ਨਾ ਹੀ ਉਨ੍ਹਾਂ ਕੋਲ ਪ੍ਰੇਮ ਅਤੇ ਕਦਰ ਦਿਖਾਉਣ ਦੀ ਯੋਗਤਾ ਹੈ ਜੋ ਕਿ ਇਨਸਾਨਾਂ ਕੋਲ ਹੈ। ਜੇਕਰ ਇਨਸਾਨ ਨੂੰ ਬਾਕੀ ਸ੍ਰਿਸ਼ਟੀ ਨਾਲੋਂ ਇੰਨੇ ਜ਼ਿਆਦਾ ਗੁਣ ਅਤੇ ਯੋਗਤਾਵਾਂ ਦਿੱਤੀਆਂ ਗਈਆਂ ਹਨ ਜੋ ਜ਼ਿੰਦਗੀ ਨੂੰ ਅਰਥਪੂਰਣ ਬਣਾਉਂਦੀਆਂ ਹਨ, ਤਾਂ ਫਿਰ ਇਹ ਸੰਭਵ ਕਿਉਂ ਨਹੀਂ ਹੈ ਕਿ ਉਨ੍ਹਾਂ ਨੂੰ ਬਾਕੀ ਸ੍ਰਿਸ਼ਟੀ ਨਾਲੋਂ ਜ਼ਿਆਦਾ ਸਮੇਂ ਤਕ ਜੀਉਣ ਲਈ ਵੀ ਬਣਾਇਆ ਗਿਆ ਸੀ?
ਦੂਜੇ ਪਾਸੇ, ਕੀ ਇਹ ਅਜੀਬ ਗੱਲ ਨਹੀਂ ਲੱਗਦੀ ਕਿ ਕੁਝ ਦਰਖ਼ਤ, ਜੋ ਸੋਚ ਨਹੀਂ ਸਕਦੇ ਹਨ, ਹਜ਼ਾਰਾਂ ਸਾਲਾਂ ਤਕ ਜੀਉਂਦੇ ਰਹਿੰਦੇ ਹਨ, ਜਦੋਂ ਕਿ ਬੁੱਧੀਮਾਨ ਇਨਸਾਨ ਸਿਰਫ਼ 70 ਤੋਂ 80 ਸਾਲਾਂ ਤਕ ਹੀ ਜੀਉਂਦੇ ਰਹਿ ਸਕਦੇ ਹਨ? ਕੀ ਇਹ ਉਲਟੀ ਗੱਲ ਨਹੀਂ ਹੈ ਕਿ ਕੱਛੂਕੁੰਮੇ, ਜਿਨ੍ਹਾਂ ਕੋਲ ਕੋਈ ਸਿਰਜਣਾਤਮਕ ਜਾਂ ਕਲਾਤਮਕ ਯੋਗਤਾਵਾਂ ਨਹੀਂ ਹਨ, 200 ਤੋਂ ਵੀ ਜ਼ਿਆਦਾ ਸਾਲਾਂ ਤਕ ਜੀਉਂਦੇ ਰਹਿ ਸਕਦੇ ਹਨ, ਜਦ ਕਿ ਮਨੁੱਖ ਜਿਨ੍ਹਾਂ ਨੂੰ ਇਨ੍ਹਾਂ ਯੋਗਤਾਵਾਂ ਨਾਲ ਨਿਵਾਜ਼ਿਆ ਗਿਆ ਹੈ, ਉਹ ਕੱਛੂਕੁੰਮੇ ਨਾਲੋਂ ਅੱਧੇ ਤੋਂ ਵੀ ਘੱਟ ਸਮਾਂ ਜੀਉਂਦੇ ਰਹਿੰਦੇ ਹਨ?
ਭਾਵੇਂ ਕਿ ਇਨਸਾਨ ਸਮੇਂ ਅਤੇ ਸਦੀਵਤਾ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ, ਪਰ ਬਾਈਬਲ ਸਦੀਪਕ ਜੀਵਨ ਦਾ ਪੱਕਾ ਵਾਅਦਾ ਕਰਦੀ ਹੈ। ਬਾਈਬਲ ਦੇ ਇਬਰਾਨੀ ਤੇ ਯੂਨਾਨੀ ਸ਼ਾਸਤਰ ਵਿਚ ‘ਸਦੀਪਕ ਜੀਵਨ’ ਜਾਂ ‘ਸਦੀਪਕ ਜੀਉਣ’ ਸ਼ਬਦ 44 ਵਾਰ ਆਉਂਦਾ ਹੈ। ਪਰੰਤੂ, ਜੇ ਪਰਮੇਸ਼ੁਰ ਦਾ ਉਦੇਸ਼ ਸੀ ਕਿ ਇਨਸਾਨ ਸਦਾ ਲਈ ਜੀਉਂਦਾ ਰਹੇ ਤਾਂ ਇਹ ਉਦੇਸ਼ ਹੁਣ ਤਕ ਪੂਰਾ ਕਿਉਂ ਨਹੀਂ ਕੀਤਾ ਗਿਆ? ਇਸ ਪ੍ਰਸ਼ਨ ਨੂੰ ਅਗਲੇ ਲੇਖ ਵਿਚ ਵਿਚਾਰਿਆ ਜਾਵੇਗਾ।