ਸਾਰੇ ਤਿਹਾਏ ਹੋਇਆਂ ਨੂੰ ਸੱਦਾ ਦਿਓ
1 ਜਿਵੇਂ ਨਬੀ ਆਮੋਸ ਨੇ ਪਹਿਲਾਂ ਹੀ ਦੱਸਿਆ ਸੀ, ਅੱਜ ਮਾਨਵ ਪਰਿਵਾਰ ‘ਨਾ ਪਾਣੀ ਲਈ, ਸਗੋਂ ਯਹੋਵਾਹ ਦੀ ਬਾਣੀ ਦੇ ਸੁਣਨ ਲਈ ਤਿਹਾ’ ਰਿਹਾ ਹੈ। (ਆਮੋ. 8:11) ਇਸ ਅਧਿਆਤਮਿਕ ਸੋਕੇ ਦੀ ਦਸ਼ਾ ਵਿਚ ਜੀ ਰਹੇ ਲੋਕਾਂ ਦੀ ਮਦਦ ਕਰਨ ਲਈ, ਅਸੀਂ ਉਨ੍ਹਾਂ ਨੂੰ ਆਗਿਆਕਾਰ ਮਨੁੱਖਾਂ ਨੂੰ ਪਾਪ ਅਤੇ ਮੌਤ ਤੋਂ ਛੁਡਾਉਣ ਲਈ ਪਰਮੇਸ਼ੁਰ ਦੇ ਪ੍ਰਬੰਧਾਂ ਬਾਰੇ ਦੱਸਦੇ ਹਾਂ, ਜਿਨ੍ਹਾਂ ਦਾ ਵਰਣਨ ਪਰਕਾਸ਼ ਦੀ ਪੋਥੀ ਦੇ ਆਖ਼ਰੀ ਅਧਿਆਇ ਵਿਚ “ਅੰਮ੍ਰਿਤ ਜਲ ਦੀ ਇੱਕ ਨਦੀ” ਵਜੋਂ ਕੀਤਾ ਗਿਆ ਹੈ। ਸਾਡੇ ਕੋਲ ਇਹ ਵਿਸ਼ੇਸ਼-ਸਨਮਾਨ ਹੈ ਕਿ ਅਸੀਂ ਧਾਰਮਿਕਤਾ ਲਈ ਤਿਹਾਏ ਸਾਰੇ ਵਿਅਕਤੀਆਂ ਨੂੰ ‘ਅੰਮ੍ਰਿਤ ਜਲ ਮੁਖਤ ਲੈਣ’ ਦਾ ਸੱਦਾ ਦੇਈਏ। (ਪਰ. 22:1, 17) ਅਸੀਂ ਫਰਵਰੀ ਦੌਰਾਨ ਇਹ ਕਿਵੇਂ ਕਰ ਸਕਦੇ ਹਾਂ? ਪੁਸਤਕ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਜਾਂ ਸੂਚੀਬੱਧ ਕੀਤੇ ਗਏ ਅੱਧੀ-ਕੀਮਤ ਜਾਂ ਖ਼ਾਸ-ਕੀਮਤ ਪ੍ਰਕਾਸ਼ਨਾਂ ਵਿੱਚੋਂ ਕੋਈ ਵੀ ਪੁਰਾਣਾ ਪ੍ਰਕਾਸ਼ਨ ਪੇਸ਼ ਕਰਨ ਦੁਆਰਾ। ਜਿੱਥੇ ਇਨ੍ਹਾਂ ਵਿੱਚੋਂ ਕੋਈ ਵੀ ਪੁਸਤਕ ਸਥਾਨਕ ਭਾਸ਼ਾ ਵਿਚ ਉਪਲਬਧ ਨਹੀਂ ਹੈ, ਉੱਥੇ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਜਾਂ ਪਰਿਵਾਰਕ ਖ਼ੁਸ਼ੀ ਦਾ ਰਾਜ਼ ਪੁਸਤਕ ਪੇਸ਼ ਕੀਤੀ ਜਾ ਸਕਦੀ ਹੈ। ਤੁਸੀਂ ਸ਼ਾਇਦ ਇਨ੍ਹਾਂ ਪੇਸ਼ਕਾਰੀਆਂ ਨੂੰ ਅਜ਼ਮਾਉਣਾ ਚਾਹੋ:
2 ਕਿਉਂਕਿ ਬਹੁਤ ਸਾਰੇ ਲੋਕ ਸਿਹਤ ਸੰਬੰਧੀ ਮਾਮਲਿਆਂ ਬਾਰੇ ਚਿੰਤਿਤ ਹਨ, ਤੁਸੀਂ ਸ਼ਾਇਦ ਇਸ ਪ੍ਰਸਤਾਵਨਾ ਨੂੰ ਪ੍ਰਭਾਵਕਾਰੀ ਪਾਓ:
◼ “ਬਹੁਤ ਸਾਰੇ ਲੋਕ ਚੰਗੀ ਸਿਹਤ ਸੰਭਾਲ ਦੇ ਵਧਦੇ ਖ਼ਰਚਿਆਂ ਬਾਰੇ ਚਿੰਤਿਤ ਹਨ। ਸ਼ਾਇਦ ਤੁਸੀਂ ਇਸ ਮਾਮਲੇ ਉੱਤੇ ਕੁਝ ਸੋਚ-ਵਿਚਾਰ ਕੀਤਾ ਹੋਵੇ। [ਜਵਾਬ ਲਈ ਸਮਾਂ ਦਿਓ।] ਕੀ ਇਸ ਸਮੱਸਿਆ ਦਾ ਕੋਈ ਸਥਾਈ ਹੱਲ ਹੈ? [ਜਵਾਬ ਦੀ ਉਡੀਕ ਕਰੋ।] ਇੱਥੇ ਇਕ ਸ਼ਾਨਦਾਰ ਸੰਭਾਵਨਾ ਦੱਸੀ ਗਈ ਹੈ।” ਪਰਕਾਸ਼ ਦੀ ਪੋਥੀ 21:3, 4 ਪੜ੍ਹੋ। ਫਿਰ ਸਦਾ ਦੇ ਲਈ ਜੀਉਂਦੇ ਰਹਿਣਾ ਪੁਸਤਕ ਦੇ ਸਫ਼ਾ 162 ਉੱਤੇ ਦਿੱਤੀ ਗਈ ਤਸਵੀਰ ਦਿਖਾਓ, ਅਤੇ ਇਸ ਦੀ ਵਿਆਖਿਆ ਕਰਨ ਲਈ ਸਫ਼ਾ 164 ਉੱਤੇ ਪੈਰੇ 17 ਅਤੇ 18 ਇਸਤੇਮਾਲ ਕਰੋ। ਅੰਤ ਵਿਚ ਕਹੋ: “ਇਹ ਪ੍ਰਕਾਸ਼ਨ ਦੱਸਦਾ ਹੈ ਕਿ ਅਜਿਹੇ ਹਾਲਾਤ ਕਿਵੇਂ ਅਤੇ ਕਦੋਂ ਆਉਣਗੇ।” ਪੁਸਤਕ ਪੇਸ਼ ਕਰੋ ਅਤੇ ਵਾਪਸ ਜਾਣ ਦੇ ਪ੍ਰਬੰਧ ਕਰੋ।
3 ਪੁਨਰ-ਮੁਲਾਕਾਤ ਕਰਦੇ ਸਮੇਂ, ਤੁਸੀਂ ਇਹ ਕਹਿ ਕੇ ਆਪਣੀ ਚਰਚਾ ਜਾਰੀ ਰੱਖ ਸਕਦੇ ਹੋ:
◼ “ਜਦੋਂ ਮੈਂ ਪਿਛਲੀ ਵਾਰ ਆਇਆ ਸੀ, ਤਾਂ ਅਸੀਂ ਸਿਹਤ ਸੰਬੰਧੀ ਸਮੱਸਿਆਵਾਂ ਦੇ ਸਥਾਈ ਹੱਲ ਬਾਰੇ ਗੱਲ ਕੀਤੀ ਸੀ। ਕੀ ਤੁਹਾਡੇ ਖ਼ਿਆਲ ਵਿਚ ਕਦੇ ਅਜਿਹਾ ਸਮਾਂ ਆਵੇਗਾ ਜਦੋਂ ਕੋਈ ਵੀ ਬੀਮਾਰ ਨਹੀਂ ਹੋਵੇਗਾ? [ਜਵਾਬ ਲਈ ਸਮਾਂ ਦਿਓ।] ਜ਼ਰਾ ਇਸ ਧਿਆਨਯੋਗ ਕਥਨ ਨੂੰ ਸੁਣੋ।” ਯਸਾਯਾਹ 33:24 ਪੜ੍ਹੋ। ਫਿਰ ਮੰਗ ਵੱਡੀ ਪੁਸਤਿਕਾ ਵਿਚ ਪਾਠ 5 ਖੋਲ੍ਹੋ, ਅਤੇ ਪੈਰੇ 5-6 ਦੀ ਚਰਚਾ ਕਰੋ। ਇਨ੍ਹਾਂ ਪੈਰਿਆਂ ਨਾਲ ਸੰਬੰਧਿਤ ਸਵਾਲ ਪੁੱਛੋ ਜੋ ਪਾਠ ਦੇ ਸ਼ੁਰੂ ਵਿਚ ਦਿੱਤੇ ਗਏ ਹਨ, ਅਤੇ ਕੁਝ ਉਲਿਖਤ ਸ਼ਾਸਤਰਵਚਨ ਪੜ੍ਹੋ। ਦੱਸੋ ਕਿ ਧਰਤੀ ਲਈ ਪਰਮੇਸ਼ੁਰ ਦੇ ਮੂਲ ਮਕਸਦ ਦੀ ਪੂਰਤੀ ਵਿਚ ਬੀਮਾਰੀ ਅਤੇ ਮੌਤ ਨੂੰ ਹਟਾਉਣਾ ਵੀ ਸ਼ਾਮਲ ਹੈ। ਉਸੇ ਪਾਠ ਦੇ ਪੈਰੇ 1-4 ਅਤੇ 7 ਦੀ ਚਰਚਾ ਕਰਨ ਲਈ ਦੁਬਾਰਾ ਮਿਲਣ ਦੇ ਪ੍ਰਬੰਧ ਕਰੋ।
4 ਜੇਕਰ ਹਾਲ ਹੀ ਵਿਚ ਕਿਸੇ ਵਿਅਕਤੀ ਦੀ ਬੇਵਕਤ ਮੌਤ ਦੀ ਖ਼ਬਰ ਲੋਕਾਂ ਦੇ ਮਨਾਂ ਉੱਤੇ ਛਾਈ ਹੋਈ ਹੈ, ਤਾਂ ਤੁਸੀਂ ਇਹ ਪ੍ਰਸਤਾਵਨਾ ਅਜ਼ਮਾ ਸਕਦੇ ਹੋ:
◼ “ਤੁਸੀਂ ਸ਼ਾਇਦ [ਉਸ ਖ਼ਬਰ ਦਾ ਜ਼ਿਕਰ ਕਰੋ] ਬਾਰੇ ਸੁਣਿਆ ਹੈ। ਜਦੋਂ ਬੇਵਕਤ ਮੌਤਾਂ ਹੁੰਦੀਆਂ ਹਨ, ਤਾਂ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਹਾਦਸੇ ਦੇ ਸ਼ਿਕਾਰ ਹੋਏ ਇਨ੍ਹਾਂ ਵਿਅਕਤੀਆਂ ਦੇ ਪਰਿਵਾਰਾਂ ਨੂੰ ਕੀ ਦਿਲਾਸਾ ਦਿੱਤਾ ਜਾ ਸਕਦਾ ਹੈ। ਤੁਸੀਂ ਕੀ ਸੋਚਦੇ ਹੋ?” ਜਵਾਬ ਲਈ ਸਮਾਂ ਦਿਓ। ਫਿਰ ਗਿਆਨ ਪੁਸਤਕ ਦਾ ਸਫ਼ਾ 86 ਖੋਲ੍ਹੋ, ਅਤੇ ਪੁਨਰ-ਉਥਾਨ ਦੀ ਤਸਵੀਰ ਦਿਖਾਓ। ਗੱਲ-ਬਾਤ ਜਾਰੀ ਰੱਖੋ: “ਬਹੁਤ ਸਾਰੇ ਲੋਕ ਇਹ ਜਾਣ ਕੇ ਹੈਰਾਨ ਹੁੰਦੇ ਹਨ ਕਿ ਧਰਮੀ ਅਤੇ ਕੁਧਰਮੀ ਦੋਵੇਂ ਲੋਕ ਧਰਤੀ ਉੱਤੇ ਪਰਾਦੀਸ ਵਿਚ ਜੀ ਉਠਾਏ ਜਾਣਗੇ। [ਸਫ਼ਾ 87 ਉੱਤੇ ਪੈਰਾ 17 ਵਿਚ ਉਲਿਖਤ ਰਸੂਲਾਂ ਦੇ ਕਰਤੱਬ 24:15 ਪੜ੍ਹੋ, ਅਤੇ ਫਿਰ ਉਸੇ ਪੈਰੇ ਵਿੱਚੋਂ ਇਸ ਨੂੰ ਸਮਝਾਓ।] ਇਹ ਪੁਸਤਕ ਭਵਿੱਖ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਬਹੁਤ ਸਾਰੀਆਂ ਦੂਸਰੀਆਂ ਦਿਲਚਸਪ ਗੱਲਾਂ ਦੀ ਚਰਚਾ ਕਰਦੀ ਹੈ। ਮੇਰਾ ਸੁਝਾਅ ਹੈ ਕਿ ਤੁਸੀਂ ਇਕ ਕਾਪੀ ਲੈ ਕੇ ਪੜ੍ਹੋ।” ਵਾਪਸ ਜਾਣ ਦੇ ਪ੍ਰਬੰਧ ਕਰੋ, ਅਤੇ ਉਸ ਵਿਅਕਤੀ ਦੀਆਂ ਖ਼ਾਸ ਰੁਚੀਆਂ ਅਤੇ ਚਿੰਤਾਵਾਂ ਨੂੰ ਨੋਟ ਕਰ ਲਓ।
5 ਜਦੋਂ ਤੁਸੀਂ ਵਾਪਸ ਜਾਓ, ਤਾਂ ਆਪਣੀ ਪੇਸ਼ਕਾਰੀ ਨੂੰ ਘਰ-ਸੁਆਮੀ ਦੇ ਅਨੁਸਾਰ ਢਾਲੋ। ਸ਼ਾਇਦ ਤੁਸੀਂ ਕਹਿ ਸਕਦੇ ਹੋ:
◼ “ਸਾਡੀ ਪਿਛਲੀ ਗੱਲ-ਬਾਤ ਵਿਚ, ਤੁਸੀਂ ਧਰਤੀ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਇਕ ਟਿੱਪਣੀ ਕੀਤੀ ਸੀ ਜੋ ਮੈਨੂੰ ਚੰਗੀ ਲੱਗੀ। [ਟਿੱਪਣੀ ਨੂੰ ਦੁਹਰਾਓ।] ਮੈਂ ਕੁਝ ਜਾਣਕਾਰੀ ਲੱਭੀ ਹੈ ਜੋ ਮੇਰੇ ਖ਼ਿਆਲ ਵਿਚ ਤੁਹਾਨੂੰ ਦਿਲਚਸਪ ਲੱਗੇਗੀ।” ਮੰਗ ਵੱਡੀ ਪੁਸਤਿਕਾ ਦਾ ਪਾਠ 5 ਖੋਲ੍ਹੋ। ਜਿੰਨੀ ਦੇਰ ਤਕ ਘਰ-ਸੁਆਮੀ ਦਾ ਧਿਆਨ ਲੱਗਿਆ ਰਹਿੰਦਾ ਹੈ, ਇਸ ਪਾਠ ਵਿੱਚੋਂ ਪੈਰਿਆਂ ਨੂੰ ਪੜ੍ਹ ਕੇ ਉਨ੍ਹਾਂ ਉੱਤੇ ਚਰਚਾ ਕਰੋ। ਪਾਠ ਦੀ ਚਰਚਾ ਜਾਰੀ ਰੱਖਣ ਲਈ ਇਕ ਸਮਾਂ ਮਿਥਣ ਮਗਰੋਂ, ਘਰ-ਸੁਆਮੀ ਨੂੰ ਇਕ ਨਿਮੰਤ੍ਰਣ-ਪਰਚਾ ਦਿਓ ਜਿਸ ਵਿਚ ਕਲੀਸਿਯਾ ਦੀਆਂ ਸਭਾਵਾਂ ਦੇ ਸਮੇਂ ਦਿੱਤੇ ਗਏ ਹਨ। ਪਬਲਿਕ ਸਭਾ ਬਾਰੇ ਸਮਝਾਓ, ਅਤੇ ਉਸ ਨੂੰ ਸਭਾ ਵਿਚ ਆਉਣ ਦਾ ਸੱਦਾ ਦਿਓ।
6 ਪੁਰਾਣੀਆਂ ਪੁਸਤਕਾਂ ਪੇਸ਼ ਕਰਦੇ ਸਮੇਂ, ਜੇਕਰ ਤੁਸੀਂ ਟ੍ਰੈਕਟ ਸੰਬੰਧੀ ਇਕ ਸਰਲ ਪੇਸ਼ਕਾਰੀ ਪਸੰਦ ਕਰਦੇ ਹੋ, ਤਾਂ ਤੁਸੀਂ ਇਹ ਕਹਿ ਸਕਦੇ ਹੋ:
◼ “ਮੈਂ ਤੁਹਾਨੂੰ ਇਹ ਟ੍ਰੈਕਟ ਦੇਣਾ ਚਾਹੁੰਦਾ ਹਾਂ, ਜਿਸ ਦਾ ਵਿਸ਼ਾ ਹੈ ਇਕ ਸ਼ਾਂਤੀਪੂਰਣ ਨਵੀਂ ਦੁਨੀਆਂ ਵਿਚ ਜੀਵਨ।” ਇਹ ਟ੍ਰੈਕਟ ਘਰ-ਸੁਆਮੀ ਨੂੰ ਫੜਾਓ ਅਤੇ ਉਸ ਨੂੰ ਨਾਲ-ਨਾਲ ਪੜ੍ਹਨ ਦਾ ਸੱਦਾ ਦਿਓ, ਜਿਉਂ-ਜਿਉਂ ਤੁਸੀਂ ਪਹਿਲਾ ਪੈਰਾ ਪੜ੍ਹਦੇ ਹੋ। ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਲਈ ਉਸ ਨੂੰ ਸਮਾਂ ਦਿਓ। ਦੂਜਾ ਪੈਰਾ ਪੜ੍ਹੋ ਅਤੇ ਫਿਰ ਜੋ ਵੀ ਪੁਸਤਕ ਤੁਸੀਂ ਪੇਸ਼ ਕਰ ਰਹੇ ਹੋ ਉਸ ਨੂੰ ਖੋਲ੍ਹ ਕੇ ਪਰਾਦੀਸ ਦੀ ਇਕ ਤਸਵੀਰ ਦਿਖਾਓ। ਗੱਲ-ਬਾਤ ਜਾਰੀ ਰੱਖੋ: “ਇਹ ਪੁਸਤਕ ਭਵਿੱਖ ਲਈ ਬਾਈਬਲ ਦੇ ਅਦਭੁਤ ਵਾਅਦਿਆਂ ਬਾਰੇ ਹੋਰ ਜ਼ਿਆਦਾ ਦੱਸਦੀ ਹੈ।” ਪੁਸਤਕ ਪੇਸ਼ ਕਰੋ ਅਤੇ ਵਾਪਸ ਜਾਣ ਦਾ ਪ੍ਰਬੰਧ ਕਰੋ।
7 ਦੂਸਰਿਆਂ ਨੂੰ ਇਕ ਸਨੇਹੀ ਸੱਦਾ ਦੇਣ ਦੁਆਰਾ ਅਸੀਂ ਸ਼ਾਇਦ ਉਨ੍ਹਾਂ ਨੂੰ ਜੀਵਨ ਦੇ ਉਸ ਜਲ ਕੋਲ ਆਉਣ ਲਈ ਪ੍ਰੇਰਿਤ ਕਰ ਸਕੀਏ, ਜੋ ਯਹੋਵਾਹ ਹੁਣ ਉਪਲਬਧ ਕਰਵਾ ਰਿਹਾ ਹੈ। ਇਸ ਲਈ, ਆਓ ਅਸੀਂ ਸਾਰੇ ਤਿਹਾਏ ਹੋਇਆਂ ਨੂੰ ਕਹੀਏ, “ਆਓ!”—ਪਰ. 22:17.