ਸਾਨੂੰ ਵਾਰ-ਵਾਰ ਜਾਣਾ ਚਾਹੀਦਾ ਹੈ
1 ਜਦੋਂ ਤੁਹਾਡੇ ਨਾਲ ਕਿਸੇ ਨੇ ਪਹਿਲੀ ਵਾਰ ਖ਼ੁਸ਼-ਖ਼ਬਰੀ ਬਾਰੇ ਗੱਲ ਕੀਤੀ, ਤਾਂ ਕੀ ਤੁਸੀਂ ਚੰਗੀ ਪ੍ਰਤਿਕ੍ਰਿਆ ਦਿਖਾਈ? ਜੇਕਰ ਨਹੀਂ, ਤਾਂ ਤੁਹਾਨੂੰ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਯਹੋਵਾਹ ਦੇ ਗਵਾਹ ਵਾਰ-ਵਾਰ ਤੁਹਾਡੇ ਕੋਲ ਆਏ, ਜਦ ਤਕ ਕਿ ਤੁਸੀਂ ਆਖ਼ਰਕਾਰ ਬਾਈਬਲ ਅਧਿਐਨ ਦੀ ਪੇਸ਼ਕਸ਼ ਨੂੰ ਕਬੂਲ ਨਹੀਂ ਕਰ ਲਿਆ। ਜਦੋਂ ਤੁਸੀਂ ਆਪਣੇ ਨਿਯਤ ਖੇਤਰ ਵਿਚ ਵਾਰ-ਵਾਰ ਕੰਮ ਕਰਦੇ ਹੋ, ਤਾਂ ਤੁਹਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।
2 ਲੋਕਾਂ ਦੀਆਂ ਜ਼ਿੰਦਗੀਆਂ ਨਿਰੰਤਰ ਬਦਲਦੀਆਂ ਰਹਿੰਦੀਆਂ ਹਨ। ਉਹ ਨਵੀਆਂ ਸਮੱਸਿਆਵਾਂ ਜਾਂ ਹਲਾਤਾਂ ਦਾ ਸਾਮ੍ਹਣਾ ਕਰਦੇ, ਸਮਾਜ ਜਾਂ ਸੰਸਾਰ ਵਿਚ ਹੋ ਰਹੀਆਂ ਚਿੰਤਾਜਨਕ ਘਟਨਾਵਾਂ ਬਾਰੇ ਸੁਣਦੇ, ਆਰਥਿਕ ਮੁਸ਼ਕਲਾਂ ਨੂੰ ਝੱਲਦੇ, ਜਾਂ ਪਰਿਵਾਰ ਵਿਚ ਬੀਮਾਰੀ ਜਾਂ ਮੌਤ ਦਾ ਅਨੁਭਵ ਕਰਦੇ ਹਨ। ਅਜਿਹੀਆਂ ਗੱਲਾਂ ਕਰਕੇ ਸ਼ਾਇਦ ਉਹ ਇਨ੍ਹਾਂ ਦੁੱਖਾਂ ਦੇ ਕਾਰਨਾਂ ਨੂੰ ਜਾਣਨਾ ਚਾਹੁਣ। ਸਾਨੂੰ ਲੋਕਾਂ ਦੀਆਂ ਮੁੱਖ ਚਿੰਤਾਵਾਂ ਨੂੰ ਸਮਝਣ ਅਤੇ ਫਿਰ ਉਨ੍ਹਾਂ ਨੂੰ ਦਿਲਾਸੇ ਭਰਿਆ ਸੰਦੇਸ਼ ਦੇਣ ਦੀ ਲੋੜ ਹੈ।
3 ਇਹ ਇਕ ਜਾਨ-ਬਚਾਊ ਕੰਮ ਹੈ: ਇਕ ਆਫ਼ਤਗ੍ਰਸਤ ਥਾਂ ਤੇ ਬਚਾਅ ਮੁਲਾਜ਼ਮਾਂ ਬਾਰੇ ਸੋਚੋ। ਭਾਵੇਂ ਕਿ ਕੁਝ ਮੁਲਾਜ਼ਮ ਸ਼ਾਇਦ ਉਸ ਥਾਂ ਤੇ ਖੋਜ ਕਰਦੇ ਹਨ, ਜਿੱਥੇ ਘੱਟ ਹੀ ਉੱਤਰਜੀਵੀ ਮਿਲ ਰਹੇ ਹੁੰਦੇ ਹਨ, ਪਰ ਉਹ ਇਸ ਕਾਰਨ ਢਿੱਲੇ ਪੈ ਕੇ ਆਪਣਾ ਕੰਮ ਕਰਨਾ ਨਹੀਂ ਛੱਡ ਦਿੰਦੇ ਹਨ, ਕਿਉਂਕਿ ਉਨ੍ਹਾਂ ਦੇ ਸਹਿਕਰਮੀ ਕਿਸੇ ਹੋਰ ਥਾਂ ਤੇ ਜ਼ਿਆਦਾ ਉੱਤਰਜੀਵੀਆਂ ਨੂੰ ਲੱਭ ਰਹੇ ਹੁੰਦੇ ਹਨ। ਸਾਡਾ ਜਾਨਾਂ ਬਚਾਉਣ ਦਾ ਕੰਮ ਅਜੇ ਖ਼ਤਮ ਨਹੀਂ ਹੋਇਆ ਹੈ। ਹਰ ਸਾਲ, ਲੱਖਾਂ ਹੀ ਲੋਕ ਜਿਹੜੇ “ਵੱਡੀ ਬਿਪਤਾ” ਵਿੱਚੋਂ ਬਚਣਾ ਚਾਹੁੰਦੇ ਹਨ, ਲੱਭੇ ਜਾ ਰਹੇ ਹਨ।—ਪਰ. 7:9, 14.
4 “ਹਰੇਕ ਜਿਹੜਾ ਯਹੋਵਾਹ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ।” (ਰੋਮੀ. 10:13-15) ਇਨ੍ਹਾਂ ਸ਼ਬਦਾਂ ਨੂੰ ਪੜ੍ਹ ਕੇ ਸਾਨੂੰ ਹਰ ਇਕ ਨੂੰ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣ ਦੀ ਲੋੜ ਨੂੰ ਸਮਝਣਾ ਚਾਹੀਦਾ ਹੈ। ਜਦੋਂ ਤੋਂ ਸਾਡੇ ਖੇਤਰ ਵਿਚ ਪ੍ਰਚਾਰ ਕੰਮ ਸ਼ੁਰੂ ਹੋਇਆ ਹੈ, ਬੱਚੇ ਵੱਡੇ ਹੋ ਚੁੱਕੇ ਹਨ ਅਤੇ ਹੁਣ ਉਹ ਆਪਣੇ ਭਵਿੱਖ ਅਤੇ ਜੀਵਨ ਦੇ ਉਦੇਸ਼ ਬਾਰੇ ਗੰਭੀਰਤਾ ਨਾਲ ਸੋਚਣ ਦੇ ਯੋਗ ਹੋ ਗਏ ਹਨ। ਅਸੀਂ ਨਹੀਂ ਜਾਣਦੇ ਕਿ ਆਖ਼ਰਕਾਰ ਕੌਣ ਸੁਣੇਗਾ। (ਉਪ. 11:6) ਕਈ ਵਿਰੋਧ ਕਰਨ ਵਾਲਿਆਂ ਨੇ ਸੱਚਾਈ ਨੂੰ ਕਬੂਲ ਕੀਤਾ ਹੈ। ਸਾਡਾ ਕੰਮ ਪਹਿਲਾਂ ਹੀ ਲੋਕਾਂ ਬਾਰੇ ਰਾਇ ਕਾਇਮ ਕਰਨਾ ਨਹੀਂ, ਪਰ ਉਨ੍ਹਾਂ ਨੂੰ ਸੁਣਨ ਦਾ ਅਤੇ ਇਸ ਪੁਰਾਣੇ ਸੰਸਾਰ ਤੋਂ ਬਚਣ ਦਾ ਵਾਰ-ਵਾਰ ਮੌਕਾ ਦੇਣਾ ਹੈ। ਸਾਨੂੰ ਵੀ ਯਿਸੂ ਦੇ ਮੁਢਲੇ ਚੇਲਿਆਂ ਵਾਂਗ, ਲੋਕਾਂ ਕੋਲ ‘ਲਗਾਤਾਰ ਜਾਣਾ’ ਚਾਹੀਦਾ ਹੈ ਅਤੇ ਰਾਜ ਸੰਦੇਸ਼ ਵਿਚ ਉਨ੍ਹਾਂ ਦੀ ਦਿਲਚਸਪੀ ਨੂੰ ਜਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।—ਮੱਤੀ 10:6, 7, ਨਿ ਵ.
5 ਇਹ ਹਕੀਕਤ ਹੈ ਕਿ ਸਾਡੇ ਕੋਲ ਪ੍ਰਚਾਰ ਕਰਨ ਦਾ ਅਜੇ ਵੀ ਮੌਕਾ ਹੈ, ਜੋ ਕਿ ਯਹੋਵਾਹ ਦੀ ਦਇਆ ਦਾ ਇਕ ਪ੍ਰਗਟਾਵਾ ਹੈ। (2 ਪਤ. 3:9) ਜਦੋਂ ਅਸੀਂ ਵਾਰ-ਵਾਰ ਦੂਸਰੇ ਲੋਕਾਂ ਨੂੰ ਸੰਦੇਸ਼ ਸੁਣਨ ਦਾ ਮੌਕਾ ਦਿੰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੇ ਪਿਆਰ ਨੂੰ ਉਜਾਗਰ ਕਰਦੇ ਹਾਂ ਅਤੇ ਇਸ ਤਰੀਕੇ ਨਾਲ ਉਸ ਦੀ ਵਡਿਆਈ ਕਰਦੇ ਹਾਂ।