ਨਵਾਂ ਵਿਸ਼ੇਸ਼ ਸੰਮੇਲਨ ਦਿਨ ਪ੍ਰੋਗ੍ਰਾਮ
ਫਰਵਰੀ 2000 ਵਿਚ ਸ਼ੁਰੂ ਹੋਣ ਵਾਲੇ ਵਿਸ਼ੇਸ਼ ਸੰਮੇਲਨ ਦਿਨ ਪ੍ਰੋਗ੍ਰਾਮ ਦਾ ਵਿਸ਼ਾ ਹੈ: “ਪਰਮੇਸ਼ੁਰ ਦੀਆਂ ਡੂੰਘੀਆਂ ਗੱਲਾਂ ਦੀ ਜਾਂਚ ਕਰਨੀ।” (1 ਕੁਰਿੰ. 2:10) ਇਸ ਪ੍ਰੋਗ੍ਰਾਮ ਤੋਂ ਅਸੀਂ ਕਿਹੜੀਆਂ ਬਹੁਮੁੱਲੀਆਂ ਗੱਲਾਂ ਸਿੱਖਾਂਗੇ?
ਬਹੁਤ ਸਾਰੇ ਲੋਕ ਗਿਆਨ ਦੀ ਖੋਜ ਕਰਦੇ ਹਨ, ਪਰ ਜੋ ਗਿਆਨ ਉਨ੍ਹਾਂ ਨੂੰ ਮਿਲਦਾ ਹੈ, ਉਸ ਤੋਂ ਉਹ ਤਾਜ਼ਗੀ ਮਹਿਸੂਸ ਨਹੀਂ ਕਰਦੇ। ਸਰਕਟ ਨਿਗਾਹਬਾਨ ਆਪਣੇ ਭਾਸ਼ਣ ਵਿਚ ਦੱਸਣਗੇ ਕਿ ਬਾਈਬਲ ਸਾਡੇ ਵਿਚ ਜਾਨ ਪਾਉਂਦੀ ਹੈ, ਅਤੇ ਉਨ੍ਹਾਂ ਦੇ ਭਾਸ਼ਣ ਦਾ ਸਿਰਲੇਖ ਹੈ “ਪਰਮੇਸ਼ੁਰ ਦੇ ਬਚਨ ਦੀ ਖੋਜ ਕਰਨੀ ਸਾਨੂੰ ਤਾਜ਼ਾ ਕਰਦੀ ਹੈ।” “ਤੁਸੀਂ ਰਾਜ ਦੇ ਪ੍ਰਚਾਰ ਨੂੰ ਕਿਸ ਤਰ੍ਹਾਂ ਵਿਚਾਰਦੇ ਹੋ?,” ਇਸ ਸਵਾਲ ਉੱਤੇ ਚਰਚਾ ਕਰਦੇ ਹੋਏ ਮਹਿਮਾਨ ਭਾਸ਼ਣਕਾਰ ਪਰਮੇਸ਼ੁਰ ਦੀਆਂ ਡੂੰਘੀਆਂ ਗੱਲਾਂ ਦੀ ਜਾਂਚ ਕਰਨ ਅਤੇ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚਲੇ ਸੰਬੰਧ ਨੂੰ ਦੱਸਣਗੇ।
ਪਰਮੇਸ਼ੁਰ ਦੇ ਬਚਨ ਦੀ ਡੂੰਘੀ ਜਾਂਚ ਕਰਨ ਵਿਚ ਮਾਪੇ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ? “ਆਪਣੇ ਬੱਚਿਆਂ ਦਿਆਂ ਦਿਲਾਂ ਵਿਚ ਪਰਮੇਸ਼ੁਰ ਦਾ ਬਚਨ ਬਿਠਾਓ,” ਇਸ ਭਾਸ਼ਣ ਵਿਚ ਵਿਵਹਾਰਕ ਸੁਝਾਅ ਦਿੱਤੇ ਜਾਣਗੇ। ਕਲੀਸਿਯਾ ਵਿਚ ਅਧਿਆਤਮਿਕ ਤੌਰ ਤੇ ਪਰਿਪੱਕ ਵਿਅਕਤੀਆਂ ਦੀ ਸੰਗਤੀ ਦਾ ਮਸੀਹੀ ਨੌਜਵਾਨਾਂ ਤੇ ਚੰਗਾ ਪ੍ਰਭਾਵ ਪੈਂਦਾ ਹੈ। “ਨੌਜਵਾਨ ਜੋ ਸਿਆਣਿਆ ਤੋਂ ਸਿੱਖਦੇ ਹਨ” ਨਾਮਕ ਭਾਸ਼ਣ ਵਿਚ ਇਸ ਦੀਆਂ ਉਦਾਹਰਣਾਂ ਦਿੱਤੀਆਂ ਜਾਣਗੀਆਂ।
ਯਹੋਵਾਹ ਭੇਤਾਂ ਨੂੰ ਪ੍ਰਗਟ ਕਰਦਾ ਹੈ। ਸਾਨੂੰ ਇਸ ਸਮੇਂ ਗੁਪਤ ਅਧਿਆਤਮਿਕ ਖ਼ਜ਼ਾਨੇ ਦੀ ਲਗਨ ਨਾਲ ਕਿਉਂ ਖੋਜ ਕਰਨੀ ਚਾਹੀਦੀ ਹੈ? ਮਹਿਮਾਨ ਭਾਸ਼ਣਕਾਰ ਆਪਣੇ ਭਾਸ਼ਣ, “ਯਹੋਵਾਹ ਡੂੰਘੀਆਂ ਗੱਲਾਂ ਹੌਲੀ-ਹੌਲੀ ਪ੍ਰਗਟ ਕਰਦਾ ਹੈ” ਵਿਚ ਦੱਸੇਗਾ ਕਿ ਯਹੋਵਾਹ ਨੇ ਪੁਰਾਣੇ ਸਮੇਂ ਵਿਚ ਅਤੇ ਮੌਜੂਦਾ ਸਮੇਂ ਵਿਚ ਕੀ-ਕੀ ਪ੍ਰਗਟ ਕੀਤਾ ਹੈ। ਇਹ ਲਗਾਤਾਰ ‘ਪਰਮੇਸ਼ੁਰ ਦੀਆਂ ਡੂੰਘੀਆਂ ਗੱਲਾਂ ਦੀ ਜਾਂਚ ਕਰਨ’ ਦੇ ਸਾਡੇ ਇਰਾਦੇ ਨੂੰ ਮਜ਼ਬੂਤ ਕਰੇਗਾ।
ਹਾਜ਼ਰ ਹੋਣ ਲਈ ਹੁਣ ਤੋਂ ਹੀ ਪ੍ਰਬੰਧ ਕਰੋ। ਜਿਹੜੇ ਯਹੋਵਾਹ ਪ੍ਰਤੀ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਬਪਤਿਸਮਾ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਕਲੀਸਿਯਾ ਦੇ ਪ੍ਰਧਾਨ ਨਿਗਾਹਬਾਨ ਨੂੰ ਦੱਸਣਾ ਚਾਹੀਦਾ ਹੈ। ਅਸੀਂ ਪ੍ਰੋਗ੍ਰਾਮ ਵਿਚ ਜੋ ਕੁਝ ਵੀ ਸੁਣਾਂਗੇ, ਉਸ ਨਾਲ ਪਰਮੇਸ਼ੁਰ ਦੇ ਬਚਨ ਦੀ ਡੂੰਘੀ ਜਾਂਚ ਕਰਨ ਦੀ ਸਾਡੀ ਦਿਲੀ ਇੱਛਾ ਮਜ਼ਬੂਤ ਹੋਵੇਗੀ। ਇਸ ਲਈ, ਅਧਿਆਤਮਿਕ ਸਿੱਖਿਆ ਲੈਣ ਲਈ ਇਸ ਖ਼ਾਸ ਦਿਨ ਤੋਂ ਨਾ ਖੁੰਝੋ!