ਕੀ ਤੁਸੀਂ “ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ” ਜ਼ਿਲ੍ਹਾ ਸੰਮੇਲਨ ਵਿਚ ਸਿੱਖੀਆਂ ਗੱਲਾਂ ਤੇ ਅਮਲ ਕਰ ਰਹੇ ਹੋ?
1 ਪਿਛਲੇ ਜ਼ਿਲ੍ਹਾ ਸੰਮੇਲਨ ਵਿਚ ਹਾਜ਼ਰ ਹੋਏ ਲੋਕਾਂ ਨੇ ਦੇਖਿਆ ਹੋਵੇਗਾ ਕਿ ਯਹੋਵਾਹ ਦੇ ਲੋਕ ਉਸ ਦਾ ਬਚਨ ਸਿਖਾਉਣ ਦੇ ਆਪਣੇ ਟੀਚੇ ਨੂੰ ਪੂਰਾ ਕਰਨ ਵਿਚ ਜੁਟੇ ਹੋਏ ਹਨ। (ਮੱਤੀ 28:19, 20) ਜਦੋਂ ਤੁਸੀਂ ਘਰ ਗਏ ਸੀ, ਤਾਂ ਤੁਸੀਂ ਸੰਮੇਲਨ ਵਿਚ ਸਿੱਖੀਆਂ ਕਿਹੜੀਆਂ ਖ਼ਾਸ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਅਤੇ ਖੇਤਰ ਸੇਵਕਾਈ ਵਿਚ ਲਾਗੂ ਕਰਨ ਦਾ ਇਰਾਦਾ ਕੀਤਾ ਸੀ?
2 ਪਰਮੇਸ਼ੁਰ ਦੁਆਰਾ ਪ੍ਰੇਰਿਤ ਬਾਈਬਲ ਸਿੱਖਿਆ ਦੇਣ ਲਈ ਗੁਣਕਾਰ ਹੈ: ਪਹਿਲੇ ਦਿਨ ਦੇ ਵਿਸ਼ੇ ਨੇ 2 ਤਿਮੋਥਿਉਸ 3:16 ਨੂੰ ਉਜਾਗਰ ਕੀਤਾ ਸੀ। ਮੁੱਖ ਭਾਸ਼ਣ ਵਿਚ ਦੱਸਿਆ ਗਿਆ ਸੀ ਕਿ “ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲਿਆਂ ਵਜੋਂ ਪੂਰੀ ਤਰ੍ਹਾਂ ਤਿਆਰ” ਹੋਣ ਲਈ ਸਾਨੂੰ ਪਰਮੇਸ਼ੁਰ ਦੇ ਬਚਨ ਦੀ ਗਹਿਰੀ ਕਦਰ ਕਰਨੀ ਚਾਹੀਦੀ ਹੈ, ਕਿਸੇ ਵੀ ਮਨੁੱਖੀ ਵਿਚਾਰ ਜਾਂ ਰੀਤ ਨਾਲੋਂ ਵਧ ਕੇ ਬਾਈਬਲ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਇਸ ਦਾ ਬਾਕਾਇਦਾ ਇਸਤੇਮਾਲ ਕਰਨਾ ਚਾਹੀਦਾ ਹੈ। ਸਾਨੂੰ ਹਰ ਰੋਜ਼ ਆਪਣੀ ਸੇਵਕਾਈ ਵਿਚ ਪਵਿੱਤਰ ਆਤਮਾ ਦੀ ਮਦਦ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਸਾਨੂੰ ਆਪਣੇ ਵਿਚ ਇਸ ਦਾ ਸਭ ਤੋਂ ਪਹਿਲਾਂ ਫਲ—ਪਿਆਰ—ਪੈਦਾ ਕਰਨ ਲਈ ਮਿਹਨਤ ਕਰਨੀ ਚਾਹੀਦੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਸਾਰੀਆਂ ਕਲੀਸਿਯਾ ਸਭਾਵਾਂ ਰਾਹੀਂ ਪਰਮੇਸ਼ੁਰ ਦੇ ਸੇਵਕਾਂ ਵਜੋਂ ਯਹੋਵਾਹ ਦੇ ਸੰਗਠਨ ਤੋਂ ਸਿੱਖਿਆ ਲਈਏ।
3 ਪਹਿਲੇ ਦਿਨ ਦੀ ਭਾਸ਼ਣ-ਲੜੀ “ਦੂਸਰਿਆਂ ਨੂੰ ਸਿਖਾਉਣ ਦੇ ਨਾਲ-ਨਾਲ ਆਪਣੇ ਆਪ ਨੂੰ ਵੀ ਸਿਖਾਉਣਾ” ਨੇ ਸਪੱਸ਼ਟ ਕੀਤਾ ਕਿ ਸਾਨੂੰ ਇਨ੍ਹਾਂ ਗੱਲਾਂ ਵਿਚ ਚੰਗੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ (1) ਮਸੀਹੀ ਨੈਤਿਕਤਾ ਦੇ ਸਾਰੇ ਪਹਿਲੂਆਂ ਵਿਚ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਨੀ, (2) ਸਟੱਡੀ ਕਰਨ ਦੀਆਂ ਚੰਗੀਆਂ ਆਦਤਾਂ ਪਾਉਣੀਆਂ ਅਤੇ (3) ਆਪਣੇ ਦਿਲਾਂ-ਦਿਮਾਗ਼ਾਂ ਵਿੱਚੋਂ ਅਜਿਹੇ ਰਵੱਈਏ ਅਤੇ ਵਿਚਾਰਾਂ ਨੂੰ ਕੱਢਣਾ ਜਿਨ੍ਹਾਂ ਦਾ ਸ਼ਤਾਨ ਲਾਭ ਉਠਾ ਸਕਦਾ ਹੈ। ਫਿਰ ਅਸੀਂ ਆਪਣੇ ਪਰਿਵਾਰਾਂ ਨੂੰ ਅਸ਼ਲੀਲ ਸਾਹਿੱਤ ਦੀ ਮਹਾਂਮਾਰੀ ਤੋਂ ਬਚਾਉਣ ਦੇ ਫ਼ਾਇਦੇਮੰਦ ਤਰੀਕਿਆਂ ਬਾਰੇ ਸਿੱਖਿਆ ਸੀ। ਮਾਤਾ-ਪਿਤਾਵਾਂ ਨੂੰ ਤਾਕੀਦ ਕੀਤੀ ਗਈ ਸੀ ਕਿ ਉਹ ਇਕ ਪਲ ਲਈ ਵੀ ਗੰਦਾ ਦ੍ਰਿਸ਼ ਨਾ ਦੇਖਣ ਦੀ ਚੰਗੀ ਮਿਸਾਲ ਕਾਇਮ ਕਰਨ ਅਤੇ ਇੰਟਰਨੈੱਟ ਅਤੇ ਟੈਲੀਵਿਯਨ ਸੰਬੰਧੀ ਆਪਣੇ ਬੱਚਿਆਂ ਦੀਆਂ ਆਦਤਾਂ ਦਾ ਧਿਆਨ ਰੱਖਣ। ਸ਼ੁੱਕਰਵਾਰ ਦੇ ਪ੍ਰੋਗ੍ਰਾਮ ਵਿੱਚੋਂ ਤੁਸੀਂ ਕਿਹੜੀਆਂ ਗੱਲਾਂ ਨੂੰ ਲਾਗੂ ਕਰਨਾ ਸ਼ੁਰੂ ਕੀਤਾ ਹੈ?
4 ਉਸ ਦਿਨ ਦੇ ਆਖ਼ਰੀ ਭਾਸ਼ਣ ਨੇ ਯਹੋਵਾਹ ਦੇ ਚਾਨਣ ਦੀ ਕਦਰ ਕਰਨ, ਉਸ ਦੇ ਮਸਹ ਕੀਤੇ ਵਫ਼ਾਦਾਰ ਮਸੀਹੀਆਂ ਦੇ ਨੇੜੇ ਰਹਿਣ ਅਤੇ ਯਹੋਵਾਹ ਦੇ ਲੋਕਾਂ ਦੀ ਸ਼ਾਂਤੀ ਨੂੰ ਵਧਾਉਣ ਦੇ ਸਾਡੇ ਇਰਾਦੇ ਨੂੰ ਹੋਰ ਪੱਕਾ ਕੀਤਾ ਸੀ। ਕੀ ਤੁਸੀਂ ਨਵੀਂ ਰਿਲੀਜ਼ ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2 ਪੜ੍ਹ ਲਈ ਹੈ?
5 ਹੋਰਨਾਂ ਨੂੰ ਸਿੱਖਿਆ ਦੇਣ ਦੇ ਜੋਗ ਹੋਣਾ: ਦੂਜੇ ਦਿਨ ਦਾ ਵਿਸ਼ਾ 2 ਤਿਮੋਥਿਉਸ 2:2 ਉੱਤੇ ਆਧਾਰਿਤ ਸੀ। ਜਦੋਂ ਤੁਸੀਂ ਸਵੇਰ ਦੀ ਭਾਸ਼ਣ-ਲੜੀ ਨੂੰ ਸੁਣਿਆ ਸੀ, ਤਾਂ ਕੀ ਤੁਸੀਂ ਇਨ੍ਹਾਂ ਸੁਝਾਵਾਂ ਉੱਤੇ ਧਿਆਨ ਦਿੱਤਾ ਸੀ ਕਿ ਅਸੀਂ ਕਿਵੇਂ (1) ਲਾਇਕ ਲੋਕਾਂ ਨੂੰ ਲੱਭੀਏ, (2) ਉਨ੍ਹਾਂ ਦੀ ਦਿਲਚਸਪੀ ਨੂੰ ਵਧਾਈਏ ਅਤੇ (3) ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨੀ ਸਿਖਾਈਏ ਜਿਨ੍ਹਾਂ ਦਾ ਮਸੀਹ ਨੇ ਹੁਕਮ ਦਿੱਤਾ ਸੀ? ਭਾਸ਼ਣ ਵਿਚ ਸਾਨੂੰ ਕਿਹਾ ਗਿਆ ਸੀ ਕਿ ਅਸੀਂ ਘਰ-ਸੁਆਮੀ ਨੂੰ ਬਾਈਬਲ ਵਿੱਚੋਂ ਘੱਟੋ-ਘੱਟ ਇਕ ਹਵਾਲਾ ਦਿਖਾਈਏ ਤੇ ਉਨ੍ਹਾਂ ਨੂੰ ਦੁਬਾਰਾ ਮਿਲਣ ਦਾ ਇੰਤਜ਼ਾਮ ਕਰੀਏ। ਕੀ ਤੁਸੀਂ ਇਨ੍ਹਾਂ ਗੱਲਾਂ ਨੂੰ ਲਾਗੂ ਕਰ ਰਹੇ ਹੋ?
6 ਦੁਪਹਿਰ ਦੇ ਪ੍ਰੋਗ੍ਰਾਮ ਨੇ ਮਹਾਨ ਸਿੱਖਿਅਕ ਯਿਸੂ ਦੀ ਰੀਸ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਸੀ। ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਉਸ ਵਰਗੇ ਬਣਨ ਦੀ ਕੋਸ਼ਿਸ਼ ਕਰ ਰਹੇ ਹੋ? ਦਿਨ ਦੀ ਦੂਜੀ ਭਾਸ਼ਣ-ਲੜੀ ਨੂੰ ਸੁਣਨ ਮਗਰੋਂ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਕਿਵੇਂ ‘ਪਰਮੇਸ਼ੁਰੀ ਸਿੱਖਿਆ ਤੋਂ ਜ਼ਿਆਦਾ ਲਾਭ ਹਾਸਲ ਕਰ’ ਸਕਦੇ ਹੋ? ਨਿੱਜੀ ਅਧਿਐਨ ਅਤੇ ਕਲੀਸਿਯਾ ਸਭਾਵਾਂ ਦੌਰਾਨ ਤੁਸੀਂ ਧਿਆਨ ਲਾਉਣ ਵਿਚ ਕਿਹੜੇ ਸੁਝਾਵਾਂ ਨੂੰ ਲਾਗੂ ਕੀਤਾ ਹੈ?
7 ਇਸ ਵਿਚ ਕੋਈ ਸ਼ੱਕ ਨਹੀਂ ਕਿ ਭਵਿੱਖ ਵਿਚ ਬੈਨੀਫਿਟ ਫਰਾਮ ਥੀਓਕ੍ਰੈਟਿਕ ਮਿਨਿਸਟਰੀ ਸਕੂਲ ਐਜੂਕੇਸ਼ਨ ਕਿਤਾਬ ਚੰਗੇ ਭਾਸ਼ਣਕਾਰ ਅਤੇ ਪਰਮੇਸ਼ੁਰ ਦੇ ਬਚਨ ਦੇ ਨਿਪੁੰਨ ਸਿੱਖਿਅਕ ਬਣਨ ਵਿਚ ਸਾਡੀ ਮਦਦ ਕਰੇਗੀ। ਜ਼ਿਆਦਾ ਧਿਆਨ ਬੋਲਣ ਦੇ ਉਨ੍ਹਾਂ ਗੁਣਾਂ ਉੱਤੇ ਦਿੱਤਾ ਜਾਵੇਗਾ ਜਿਨ੍ਹਾਂ ਗੁਣਾਂ ਨੂੰ ਬਾਈਬਲ ਸਮਿਆਂ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੇ ਦਿਖਾਇਆ ਸੀ। ਇਸ ਨਵੀਂ ਕਿਤਾਬ ਦੇ ਹਰ ਪਾਠ ਵਿਚ ਡੱਬੀਆਂ ਦਿੱਤੀਆਂ ਗਈਆਂ ਹਨ ਜੋ ਸੰਖੇਪ ਵਿਚ ਦਿਖਾਉਂਦੀਆਂ ਹਨ ਕਿ ਸਾਨੂੰ ਕੀ ਕਰਨ ਦੀ ਲੋੜ ਹੈ, ਇਹ ਕਰਨਾ ਕਿਉਂ ਜ਼ਰੂਰੀ ਹੈ ਅਤੇ ਇਸ ਨੂੰ ਅਸੀਂ ਕਿਵੇਂ ਕਰੀਏ। ਇਸ ਵਿਚ ਫ਼ਾਇਦੇਮੰਦ ਅਭਿਆਸ ਸ਼ਾਮਲ ਕੀਤੇ ਗਏ ਹਨ। ਭੈਣਾਂ ਲਈ ਇਸ ਵਿਚ 29 ਸੈਟਿੰਗਜ਼ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਉਹ ਆਪਣੇ ਵਿਸ਼ੇ ਮੁਤਾਬਕ ਕੋਈ ਵੀ ਸੈਟਿੰਗ ਚੁਣ ਸਕਦੀਆਂ ਹਨ। ਸਮਾਂ ਆਉਣ ਤੇ ਸਕੂਲ ਦੇ ਪ੍ਰਬੰਧ ਵਿਚ ਘੋਸ਼ਿਤ ਕੀਤੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ। ਕੀ ਤੁਹਾਨੂੰ ਅਧਿਐਨ ਅਤੇ ਤਿਆਰੀ ਕਰਨ ਦੀ ਚੰਗੀ ਆਦਤ ਹੈ ਤਾਂਕਿ ਤੁਸੀਂ ਹਰ ਹਫ਼ਤੇ ਦੈਵ-ਸ਼ਾਸਕੀ ਸੇਵਕਾਈ ਸਕੂਲ ਤੋਂ ਪੂਰੀ ਤਰ੍ਹਾਂ ਲਾਭ ਉਠਾ ਸਕੋ?
8 ਸਮੇਂ ਨੂੰ ਧਿਆਨ ਵਿਚ ਰੱਖਦੇ ਹੋਏ ਉਪਦੇਸ਼ਕ ਬਣੋ: ਇਬਰਾਨੀਆਂ 5:12 ਨੇ ਹਾਜ਼ਰੀਨ ਨੂੰ ਸੰਮੇਲਨ ਦੇ ਆਖ਼ਰੀ ਦਿਨ ਲਈ ਤਿਆਰ ਕੀਤਾ ਸੀ। ਸਵੇਰ ਦੀ ਭਾਸ਼ਣ-ਲੜੀ “ਮਲਾਕੀ ਦੀ ਭਵਿੱਖਬਾਣੀ ਸਾਨੂੰ ਯਹੋਵਾਹ ਦੇ ਦਿਨ ਲਈ ਤਿਆਰ ਕਰਦੀ ਹੈ” ਦੁਆਰਾ ਸਾਨੂੰ ਪ੍ਰੇਰਿਤ ਕੀਤਾ ਗਿਆ ਸੀ ਕਿ ਅਸੀਂ ਤਨੋਂ-ਮਨੋਂ ਪਰਮੇਸ਼ੁਰ ਦੀ ਸੇਵਾ ਕਰੀਏ ਅਤੇ ਹਰ ਤਰ੍ਹਾਂ ਦੀ ਧੋਖੇਬਾਜ਼ੀ ਤੋਂ ਨਫ਼ਰਤ ਕਰੀਏ ਤਾਂਕਿ ਅਸੀਂ ਯਹੋਵਾਹ ਦੇ ਵੱਡੇ ਅਤੇ ਭੈ-ਦਾਇਕ ਦਿਨ ਤੋਂ ਬਚ ਸਕੀਏ। ਯਹੋਵਾਹ ਦੇ ਅਧਿਕਾਰ ਦਾ ਆਦਰ ਕਰਨਾ ਨਾਮਕ ਡਰਾਮੇ ਨੇ ਜ਼ਬਰਦਸਤ ਢੰਗ ਨਾਲ ਦਿਖਾਇਆ ਕਿ ਪੁਰਾਣੇ ਜ਼ਮਾਨੇ ਵਿਚ ਕੋਰਾਹ ਤੇ ਉਸ ਦੇ ਸਾਥੀਆਂ ਦੇ ਹੰਕਾਰ, ਅਭਿਲਾਸ਼ਾ, ਈਰਖਾ ਅਤੇ ਗ਼ਲਤ ਬੰਦਿਆਂ ਪ੍ਰਤੀ ਵਫ਼ਾਦਾਰੀ ਨੇ ਕਿਵੇਂ ਉਨ੍ਹਾਂ ਨੂੰ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕਰਨ ਲਈ ਉਕਸਾਇਆ ਸੀ। ਡਰਾਮੇ ਉੱਤੇ ਆਧਾਰਿਤ ਅਗਲੇ ਭਾਸ਼ਣ ਨੇ ਪਰਿਵਾਰ ਅਤੇ ਕਲੀਸਿਯਾ ਵਿਚ ਪਰਮੇਸ਼ੁਰੀ ਅਧਿਕਾਰ ਦੇ ਅਧੀਨ ਰਹਿਣ ਦੀ ਮੌਜੂਦਾ ਲੋੜ ਉੱਤੇ ਜ਼ੋਰ ਦਿੱਤਾ ਸੀ। ਪਬਲਿਕ ਭਾਸ਼ਣ “ਕੌਣ ਸਾਰੀਆਂ ਕੌਮਾਂ ਨੂੰ ਸੱਚਾਈ ਸਿਖਾ ਰਹੇ ਹਨ?” ਨੇ ਸਬੂਤ ਦਿੱਤਾ ਕਿ ਈਸਾਈ-ਜਗਤ ਇਹ ਕੰਮ ਨਹੀਂ ਕਰ ਰਿਹਾ, ਬਲਕਿ ਉਹ ਬਾਈਬਲ ਸੱਚਾਈ ਸਿਖਾਉਣ ਦਾ ਸਿਰਫ਼ ਦਾਅਵਾ ਕਰਦਾ ਹੈ। ਇਹ ਕੰਮ ਯਹੋਵਾਹ ਦੇ ਗਵਾਹ ਕਰ ਰਹੇ ਹਨ।
9 ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਆਪਣੇ ਬਚਨ ਦੇ ਬਿਹਤਰ ਸਿੱਖਿਅਕ ਬਣਨ ਦੀ ਸਾਨੂੰ ਸਿਖਲਾਈ ਦੇ ਰਿਹਾ ਹੈ। ਆਓ ਆਪਾਂ ਸਿੱਖੀਆਂ ਹੋਈਆਂ ਗੱਲਾਂ ਨੂੰ ਲਾਗੂ ਕਰੀਏ ਅਤੇ ‘ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰੀਏ ਤਾਂਕਿ ਅਸੀਂ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾ ਸਕੀਏ।’—1 ਤਿਮੋ. 4:16.