ਅਧਿਆਤਮਿਕ ਚੀਜ਼ਾਂ ਦੀ ਕਦਰ ਕਰੋ
1 ਹੈਕਲ ਦੀ ਮੁਰੰਮਤ ਕਰਨ ਸੰਬੰਧੀ ਹਿਦਾਇਤਾਂ ਦਿੰਦੇ ਸਮੇਂ ਰਾਜਾ ਯੋਸੀਯਾਹ ਨੇ ਮਿਸਤਰੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਸੀ: “ਮੁਰੰਮਤ ਦੇ ਪ੍ਰਬੰਧਕ ਈਮਾਨਦਾਰ ਆਦਮੀ ਹਨ, ਇਸ ਲਈ ਉਹਨਾਂ ਤੋਂ ਹਿਸਾਬ ਕਿਤਾਬ ਲੈਣ ਦੀ ਕੋਈ ਲੋੜ ਨਹੀਂ ਹੈ।” (ਟੇਢੇ ਟਾਈਪ ਸਾਡੇ।) (2 ਰਾਜਿ. 22:3-7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਮਿਸਤਰੀਆਂ ਦੁਆਰਾ ਧਨ ਦੀ ਸਹੀ ਵਰਤੋਂ ਕਰਨ ਤੋਂ ਇਸ ਗੱਲ ਦਾ ਸਬੂਤ ਮਿਲਿਆ ਕਿ ਉਹ ਪਵਿੱਤਰ ਚੀਜ਼ਾਂ ਦੀ ਕਦਰ ਕਰਦੇ ਸਨ। ਅੱਜ, ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਉਣ ਦਾ ਪਵਿੱਤਰ ਕੰਮ ਕਰਦੇ ਸਮੇਂ ਸਾਨੂੰ ਵੀ ਵਫ਼ਾਦਾਰੀ ਦਿਖਾਉਣੀ ਚਾਹੀਦੀ ਹੈ। ਸਾਨੂੰ ਉਨ੍ਹਾਂ ਚੀਜ਼ਾਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਜੋ ਸਾਨੂੰ ਦਿੱਤੀਆਂ ਜਾਂਦੀਆਂ ਹਨ।
2 ਪ੍ਰਚਾਰ ਦੇ ਕੰਮ ਵਿਚ: ਅਸੀਂ ਆਪਣੇ ਸਾਹਿੱਤ ਦੀ ਗਹਿਰੀ ਕਦਰ ਕਰਾਂਗੇ ਜੇ ਅਸੀਂ ਇਸ ਗੱਲ ਨੂੰ ਚੇਤੇ ਰੱਖੀਏ ਕਿ ਇਸ ਵਿਚ ਇਕ ਬਹੁਤ ਹੀ ਜ਼ਰੂਰੀ ਸੰਦੇਸ਼ ਹੈ ਅਤੇ ਇਨ੍ਹਾਂ ਪ੍ਰਕਾਸ਼ਨਾਂ ਨੂੰ ਛਾਪਣ ਉੱਤੇ ਬਹੁਤ ਪੈਸਾ ਲੱਗਦਾ ਹੈ। ਸਾਨੂੰ ਬਿਨਾਂ ਸੋਚੇ-ਸਮਝੇ ਉਨ੍ਹਾਂ ਲੋਕਾਂ ਨੂੰ ਆਪਣਾ ਸਾਹਿੱਤ ਨਹੀਂ ਦੇਣਾ ਚਾਹੀਦਾ ਜੋ ਬਾਈਬਲ ਦੇ ਸੰਦੇਸ਼ ਦੀ ਸੱਚੇ ਦਿਲੋਂ ਕਦਰ ਨਹੀਂ ਕਰਦੇ। ਜੇ ਕੋਈ ਵਿਅਕਤੀ ਖ਼ੁਸ਼ ਖ਼ਬਰੀ ਵਿਚ ਜ਼ਿਆਦਾ ਰੁਚੀ ਨਹੀਂ ਦਿਖਾਉਂਦਾ ਹੈ, ਤਾਂ ਅਸੀਂ ਉਸ ਨੂੰ ਕੋਈ ਕਿਤਾਬ ਦੇਣ ਦੀ ਬਜਾਇ ਇਕ ਟ੍ਰੈਕਟ ਦੇ ਸਕਦੇ ਹਾਂ।
3 ਸਾਹਿੱਤ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਸ ਨੂੰ ਸੋਚ-ਸਮਝ ਕੇ ਵੰਡੋ। ਇਸ ਨੂੰ ਜਨਤਕ ਥਾਵਾਂ ਤੇ ਐਵੇਂ ਹੀ ਨਾ ਰੱਖ ਛੱਡੋ, ਜਿੱਥੇ ਲੋਕੀ ਇਸ ਨੂੰ ਇੱਧਰ-ਉੱਧਰ ਸੁੱਟ ਦੇਣਗੇ। ਹੋਰ ਕਿਤਾਬਾਂ ਮੰਗਵਾਉਣ ਤੋਂ ਪਹਿਲਾਂ ਆਪਣੇ ਘਰ ਵਿਚ ਪਈਆਂ ਕਿਤਾਬਾਂ ਦੀ ਸੂਚੀ ਬਣਾਓ ਤਾਂਕਿ ਸਾਹਿੱਤ ਜ਼ਾਇਆ ਨਾ ਹੋਵੇ। ਜੇ ਰਸਾਲਿਆਂ ਦੀਆਂ ਵਾਧੂ ਕਾਪੀਆਂ ਤੁਹਾਡੇ ਕੋਲ ਬੇਕਾਰ ਪਈਆਂ ਰਹਿੰਦੀਆਂ ਹਨ, ਤਾਂ ਤੁਸੀਂ ਆਪਣਾ ਆਰਡਰ ਘਟਾ ਸਕਦੇ ਹੋ।
4 ਨਿੱਜੀ ਵਰਤੋਂ ਲਈ ਕਿਤਾਬਾਂ: ਹੁਣ ਸਾਡੇ ਲਈ ਡੀਲਕਸ ਬਾਈਬਲਾਂ, ਰੈਫ਼ਰੈਂਸ ਬਾਈਬਲਾਂ ਅਤੇ ਹੋਰ ਵੱਡੀਆਂ ਕਿਤਾਬਾਂ ਜਿਵੇਂ ਕੰਨਕੌਰਡੈਂਸ, ਇੰਡੈਕਸ, ਇਨਸਾਈਟ ਦੇ ਖੰਡ ਅਤੇ ਪ੍ਰੋਕਲੇਮਰਜ਼ ਕਿਤਾਬਾਂ ਉਪਲਬਧ ਨਹੀਂ ਹਨ, ਇਸ ਲਈ ਹੁਣ ਅਸੀਂ ਇਨ੍ਹਾਂ ਕਿਤਾਬਾਂ ਦੀ ਅਹਿਮੀਅਤ ਨੂੰ ਸਮਝ ਰਹੇ ਹਾਂ। ਜੇ ਤੁਹਾਡੀ ਲਾਇਬ੍ਰੇਰੀ ਵਿਚ ਇਹ ਕਿਤਾਬਾਂ ਮੌਜੂਦ ਹਨ, ਤਾਂ ਇਨ੍ਹਾਂ ਦੀ ਚੰਗੀ ਦੇਖ-ਰੇਖ ਕਰੋ। ਭੈਣ-ਭਰਾਵਾਂ ਨੂੰ ਸ਼ਾਇਦ ਕਿੰਗਡਮ ਹਾਲ ਦੀ ਲਾਇਬ੍ਰੇਰੀ ਵਿਚ ਪਈਆਂ ਕਿਤਾਬਾਂ ਨੂੰ ਇਸਤੇਮਾਲ ਕਰਨ ਦੀ ਲੋੜ ਪਵੇ। ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕਿਤਾਬਾਂ ਨੂੰ ਚੰਗੀ ਹਾਲਤ ਵਿਚ ਰੱਖਣ ਅਤੇ ਇਨ੍ਹਾਂ ਨੂੰ ਗੁਆਉਣ ਨਾ।
5 ਕੀ ਤੁਸੀਂ ਆਪਣੀਆਂ ਕਿਤਾਬਾਂ ਉੱਤੇ ਆਪਣਾ ਨਾਂ ਤੇ ਪਤਾ ਲਿਖਦੇ ਹੋ? ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਕਿਤਾਬਾਂ ਨਹੀਂ ਗੁਆਚਣਗੀਆਂ ਅਤੇ ਤੁਹਾਨੂੰ ਹੋਰ ਕਿਤਾਬਾਂ ਲੈਣ ਦੀ ਲੋੜ ਨਹੀਂ ਪਵੇਗੀ। ਜੇ ਤੁਹਾਡੀ ਗੀਤ ਪੁਸਤਕ, ਬਾਈਬਲ ਜਾਂ ਹੋਰ ਕੋਈ ਕਿਤਾਬ ਗੁਆਚ ਗਈ ਹੈ, ਤਾਂ ਕਿੰਗਡਮ ਹਾਲ ਜਾਂ ਅਸੈਂਬਲੀ ਹਾਲ ਵਿਚ ਉਸ ਥਾਂ ਤੇ ਲੱਭੋ ਜਿੱਥੇ ਗੁਆਚੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਹਨ। ਸ਼ਾਇਦ ਤੁਹਾਨੂੰ ਉੱਥੋਂ ਆਪਣੀ ਕਿਤਾਬ ਮਿਲ ਜਾਵੇ।—ਲੂਕਾ 15:8, 9.
6 ਆਓ ਆਪਾਂ ਆਪਣੇ ਸਾਹਿੱਤ ਦੀ ਸੋਚ-ਸਮਝ ਕੇ ਵਰਤੋਂ ਕਰਨ ਦੀ ਪੂਰੀ ਕੋਸ਼ਿਸ਼ ਕਰੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਦਿਖਾਵਾਂਗੇ ਕਿ ਯਹੋਵਾਹ ਨੇ ਸਾਨੂੰ ਜਿਹੜੀਆਂ ਚੀਜ਼ਾਂ ਸੌਂਪੀਆਂ ਹਨ, ਅਸੀਂ ਉਨ੍ਹਾਂ ਦੀ ਬਹੁਤ ਕਦਰ ਕਰਦੇ ਹਾਂ।—ਲੂਕਾ 16:10.