ਕੀ ਤੁਸੀਂ ਜਾਣਦੇ ਹੋ ਕਿ ਖ਼ੂਨ ਲਏ ਬਿਨਾਂ ਇਲਾਜ ਕਰਾਉਣ ਦੇ ਕਿਹੜੇ-ਕਿਹੜੇ ਤਰੀਕੇ ਹਨ?
ਅੱਜ-ਕਲ੍ਹ ਦੁਨੀਆਂ ਭਰ ਵਿਚ ਕਾਫ਼ੀ ਹਸਪਤਾਲਾਂ ਵਿਚ ਖ਼ੂਨ ਲਏ ਬਿਨਾਂ ਇਲਾਜ ਕਰਾਇਆ ਜਾ ਸਕਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਖ਼ੂਨ ਲਏ ਬਿਨਾਂ ਇਲਾਜ ਕਰਾਉਣ ਦੇ ਕਿਹੜੇ-ਕਿਹੜੇ ਤਰੀਕੇ ਹਨ? ਤੁਹਾਨੂੰ ਇਸ ਬਾਰੇ ਜਾਣਨ ਦੀ ਲੋੜ ਹੈ ਤਾਂਕਿ ਤੁਸੀਂ ਸੋਚ-ਸਮਝ ਕੇ ਫ਼ੈਸਲਾ ਕਰ ਸਕੋ ਕਿ ਤੁਸੀਂ ਕਿਸ ਤਰ੍ਹਾਂ ਦਾ ਇਲਾਜ ਜਾਂ ਸਰਜਰੀ ਕਰਵਾਉਣੀ ਚਾਹੁੰਦੇ ਹੋ। ਖ਼ੂਨ ਬਿਨਾਂ ਇਲਾਜ—ਮੈਡੀਕਲ ਖੇਤਰ ਦੀ ਸਫ਼ਲਤਾ (ਅੰਗ੍ਰੇਜ਼ੀ) ਨਾਮਕ ਵਿਡਿਓ ਦੇਖੋ। ਫਿਰ ਥੱਲ੍ਹੇ ਦਿੱਤੇ ਗਏ ਸਵਾਲਾਂ ਦੀ ਮਦਦ ਨਾਲ ਵਿਚਾਰ ਕਰੋ ਕਿ ਤੁਸੀਂ ਕੀ ਸਿੱਖਿਆ ਹੈ। ਧਿਆਨ ਦਿਓ ਕਿ ਇਸ ਵਿਡਿਓ ਵਿਚ ਮਰੀਜ਼ਾਂ ਦੇ ਓਪਰੇਸ਼ਨ ਦੇ ਕੁਝ ਦ੍ਰਿਸ਼ ਦਿਖਾਏ ਗਏ ਹਨ, ਇਸ ਲਈ ਮਾਪਿਆਂ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਹ ਵਿਡਿਓ ਦਿਖਾਉਣਗੇ ਜਾਂ ਨਹੀਂ।
(1) ਕਿਹੜੇ ਮੁੱਖ ਕਾਰਨ ਕਰਕੇ ਯਹੋਵਾਹ ਦੇ ਗਵਾਹ ਖ਼ੂਨ ਨਹੀਂ ਲੈਂਦੇ? (2) ਅਸੀਂ ਕਿਸ ਤਰ੍ਹਾਂ ਦਾ ਡਾਕਟਰੀ ਇਲਾਜ ਚਾਹੁੰਦੇ ਹਾਂ? (3) ਮਰੀਜ਼ਾਂ ਕੋਲ ਕਿਹੜਾ ਬੁਨਿਆਦੀ ਹੱਕ ਹੈ? (4) ਖ਼ੂਨ ਨਾ ਲੈਣ ਦਾ ਫ਼ੈਸਲਾ ਸਹੀ ਅਤੇ ਸੋਚ-ਸਮਝ ਕੇ ਕੀਤਾ ਗਿਆ ਫ਼ੈਸਲਾ ਕਿਉਂ ਹੈ? (5) ਜਦੋਂ ਮਰੀਜ਼ ਦਾ ਬਹੁਤ ਜ਼ਿਆਦਾ ਖ਼ੂਨ ਵਹਿ ਜਾਂਦਾ ਹੈ, ਤਾਂ ਡਾਕਟਰ ਮੁੱਖ ਤੌਰ ਤੇ ਕਿਹੜੀਆਂ ਦੋ ਜ਼ਰੂਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਨ? (6) ਖ਼ੂਨ ਬਿਨਾਂ ਸਰਜਰੀ ਕਰਦੇ ਵੇਲੇ ਡਾਕਟਰ ਕਿਨ੍ਹਾਂ ਚਾਰ ਗੱਲਾਂ ਦਾ ਖ਼ਾਸ ਧਿਆਨ ਰੱਖਦੇ ਹਨ? (7) ਓਪਰੇਸ਼ਨ ਦੌਰਾਨ ਸਰਜਨ ਕਿਹੜੀ ਵਿਧੀ ਇਸਤੇਮਾਲ ਕਰ ਸਕਦੇ ਹਨ ਤਾਂਕਿ (ੳ) ਮਰੀਜ਼ ਦਾ ਜ਼ਿਆਦਾ ਖ਼ੂਨ ਨਾ ਵਹੇ, (ਅ) ਲਹੂ ਦੇ ਲਾਲ ਸੈੱਲ ਜ਼ਾਇਆ ਨਾ ਹੋਣ, (ੲ) ਸਰੀਰ ਜ਼ਿਆਦਾ ਖ਼ੂਨ ਬਣਾਵੇ ਅਤੇ (ਸ) ਸਰੀਰ ਵਿੱਚੋਂ ਨਿਕਲਿਆ ਖ਼ੂਨ ਮੁੜ ਮਰੀਜ਼ ਵਿਚ ਪਾਇਆ ਜਾਵੇ? (8) ਸਮਝਾਓ ਕਿ (ੳ) ਹੀਮੋਡਾਈਲੂਸ਼ਨ ਅਤੇ (ਅ) ਸੈੱਲ ਸਾਲਵੇਜ ਵਿਧੀਆਂ ਕੀ ਹਨ। (9) ਬਿਨਾਂ ਖ਼ੂਨ ਦੇ ਕੀਤੇ ਜਾਂਦੇ ਕਿਸੇ ਵੀ ਇਲਾਜ ਬਾਰੇ ਤੁਹਾਨੂੰ ਕੀ ਜਾਣਨ ਦੀ ਲੋੜ ਹੈ? (10) ਕੀ ਖ਼ੂਨ ਚੜ੍ਹਾਏ ਬਿਨਾਂ ਗੁੰਝਲਦਾਰ ਤੇ ਖ਼ਤਰਨਾਕ ਓਪਰੇਸ਼ਨ ਕੀਤੇ ਜਾ ਸਕਦੇ ਹਨ? (11) ਡਾਕਟਰੀ ਖੇਤਰ ਵਿਚ ਕਿਹੜੀਆਂ ਹਾਂ-ਪੱਖੀ ਤਬਦੀਲੀਆਂ ਦੇਖੀਆਂ ਗਈਆਂ ਹਨ?
ਇਸ ਵਿਡਿਓ ਵਿਚ ਦੱਸੇ ਗਏ ਇਲਾਜ ਦੇ ਕੁਝ ਤਰੀਕਿਆਂ ਨੂੰ ਸਵੀਕਾਰ ਕਰਨਾ ਹੈ ਜਾਂ ਨਹੀਂ, ਇਸ ਦਾ ਫ਼ੈਸਲਾ ਹਰ ਮਸੀਹੀ ਨੂੰ ਆਪਣੀ ਬਾਈਬਲ-ਸਿੱਖਿਅਤ ਜ਼ਮੀਰ ਦੇ ਆਧਾਰ ਤੇ ਆਪ ਕਰਨਾ ਚਾਹੀਦਾ ਹੈ। ਕੀ ਤੁਸੀਂ ਇਹ ਫ਼ੈਸਲਾ ਕਰ ਲਿਆ ਹੈ ਕਿ ਤੁਸੀਂ ਆਪਣੇ ਵਾਸਤੇ ਅਤੇ ਆਪਣੇ ਬੱਚਿਆਂ ਵਾਸਤੇ ਖ਼ੂਨ ਤੋਂ ਬਿਨਾਂ ਇਲਾਜ ਕਰਾਉਣ ਦੇ ਕਿਹੜੇ ਤਰੀਕੇ ਚਾਹੁੰਦੇ ਹੋ? ਕੀ ਤੁਸੀਂ ਆਪਣਾ ਲਹੂ ਸੰਬੰਧੀ ਕਾਰਡ (Advance Health Care Directive) ਭਰਿਆ ਹੈ? ਇਸ ਮਾਮਲੇ ਸੰਬੰਧੀ ਪੂਰੀ ਜਾਣਕਾਰੀ ਲੈਣ ਲਈ 15 ਜੂਨ 2004 ਅਤੇ 15 ਅਕਤੂਬਰ 2000 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਨਾਮਕ ਲੇਖ ਪੜ੍ਹੋ। ਫਿਰ ਨਵੰਬਰ 2006 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਦਿੱਤਾ ਲੇਖ “ਮੈਂ ਇਲਾਜ ਵਿਚ ਲਹੂ ਦੇ ਅੰਸ਼ਾਂ ਅਤੇ ਆਪਣੇ ਹੀ ਲਹੂ ਦੀ ਵਰਤੋਂ ਨੂੰ ਕਿਵੇਂ ਵਿਚਾਰਦਾ ਹਾਂ?” ਨੂੰ ਪੜ੍ਹ ਕੇ ਅਤੇ ਇਸ ਨਾਲ ਦਿੱਤੀ ਵਰਕ-ਸ਼ੀਟ ਇਸਤੇਮਾਲ ਕਰ ਕੇ ਫ਼ੈਸਲਾ ਕਰੋ ਕਿ ਤੁਸੀਂ ਖ਼ੂਨ ਲਏ ਬਿਨਾਂ ਇਲਾਜ ਕਰਾਉਣ ਦੇ ਕਿਹੜੇ ਤਰੀਕੇ ਚਾਹੁੰਦੇ ਹੋ ਅਤੇ ਕਿਹੜੇ ਨਹੀਂ। ਅਖ਼ੀਰ ਵਿਚ ਇਸ ਗੱਲ ਤੇ ਧਿਆਨ ਦਿਓ ਕਿ ਤੁਸੀਂ ਆਪਣੇ ਫ਼ੈਸਲੇ ਆਪਣੇ ਕਾਰਡ ਉੱਤੇ ਸਹੀ-ਸਹੀ ਲਿਖ ਦਿੱਤੇ ਹਨ। ਤੁਹਾਡੇ ਡਾਕਟਰ ਅਤੇ ਗ਼ੈਰ-ਮਸੀਹੀ ਰਿਸ਼ਤੇਦਾਰਾਂ ਨੂੰ ਤੁਹਾਡੇ ਫ਼ੈਸਲਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ।
[ਡੱਬੀ 3 ਉੱਤੇ ਡੱਬੀ]
• ਕੀ ਤੁਸੀਂ ਫ਼ੈਸਲਾ ਕੀਤਾ ਹੈ ਕਿ ਤੁਸੀਂ ਅਤੇ ਤੁਹਾਡੇ ਬੱਚੇ ਕਿਹੜਾ ਡਾਕਟਰੀ ਇਲਾਜ ਕਰਾਉਣਾ ਚਾਹੋਗੇ ਤੇ ਕਿਹੜਾ ਨਹੀਂ?
• ਕੀ ਤੁਸੀਂ ਆਪਣਾ ਕਾਰਡ ਆਪਣੇ ਕੋਲ ਰੱਖਦੇ ਹੋ ਜਿਸ ਤੇ ਤੁਹਾਡੇ ਫ਼ੈਸਲੇ ਲਿਖੇ ਹੋਏ ਹਨ?