ਸਾਡੇ ਰਸਾਲੇ ਸਾਰਿਆਂ ਲਈ ਤਿਆਰ ਕੀਤੇ ਜਾਂਦੇ ਹਨ
1. ਮਾਤਬਰ ਅਤੇ ਬੁੱਧਵਾਨ ਨੌਕਰ ਨੇ ਪੌਲੁਸ ਰਸੂਲ ਦੀ ਕਿਸ ਤਰ੍ਹਾਂ ਰੀਸ ਕੀਤੀ ਹੈ?
1 ਜਿਸ ਤਰ੍ਹਾਂ ਪੌਲੁਸ ਰਸੂਲ ਨੇ “ਸਭਨਾਂ” ਲੋਕਾਂ ਨੂੰ ਬਚਾਉਣ ਲਈ ਖ਼ੁਸ਼ ਖ਼ਬਰੀ ਪੇਸ਼ ਕਰਨ ਦੇ ਵੱਖ-ਵੱਖ ਤਰੀਕੇ ਵਰਤੇ, ਉਸੇ ਤਰ੍ਹਾਂ ਮਾਤਬਰ ਅਤੇ ਬੁੱਧਵਾਨ ਨੌਕਰ ਨੇ ਵੱਖੋ-ਵੱਖਰੇ ਪਿਛੋਕੜ ਅਤੇ ਧਰਮਾਂ ਦੇ ਲੋਕਾਂ ਤਕ ਪਹੁੰਚਣ ਲਈ ਰਸਾਲਿਆਂ ਨੂੰ ਵਰਤਿਆ ਹੈ। (1 ਕੁਰਿੰ. 9:22, 23) ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਨੂੰ ਚੰਗੀ ਤਰ੍ਹਾਂ ਵਰਤਣ ਲਈ ਸਾਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਇਹ ਕਿਨ੍ਹਾਂ-ਕਿਨ੍ਹਾਂ ਲੋਕਾਂ ਲਈ ਲਿਖੇ ਗਏ ਹਨ।
2. ਜਾਗਰੂਕ ਬਣੋ! ਕਿਹੋ ਜਿਹੇ ਲੋਕਾਂ ਲਈ ਤਿਆਰ ਕੀਤਾ ਜਾਂਦਾ ਹੈ?
2 ਜਾਗਰੂਕ ਬਣੋ!: ਇਹ ਰਸਾਲਾ ਉਸ ਤਰ੍ਹਾਂ ਦੇ ਲੋਕਾਂ ਲਈ ਤਿਆਰ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਦੇ ਲੋਕਾਂ ਨਾਲ ਪੌਲੁਸ ਨੇ ਅਥੇਨੈ ਵਿਚ ਗੱਲ ਕੀਤੀ ਸੀ। (ਰਸੂ. 17:22) ਉਨ੍ਹਾਂ ਲੋਕਾਂ ਨੂੰ ਬਾਈਬਲ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸੇ ਤਰ੍ਹਾਂ ਜਿਹੜੇ ਲੋਕ ਜਾਗਰੂਕ ਬਣੋ! ਰਸਾਲੇ ਪੜ੍ਹਦੇ ਹਨ ਉਨ੍ਹਾਂ ਨੂੰ ਬਾਈਬਲ ਦਾ ਘੱਟ ਹੀ ਗਿਆਨ ਹੈ। ਹੋ ਸਕਦਾ ਹੈ ਕਿ ਉਹ ਮਸੀਹੀ ਸਿੱਖਿਆਵਾਂ ਬਾਰੇ ਕੁਝ ਨਾ ਜਾਣਦੇ ਹੋਣ, ਉਹ ਧਰਮਾਂ ਬਾਰੇ ਵੀ ਸ਼ੱਕੀ ਹੋਣ ਜਾਂ ਉਹ ਬਾਈਬਲ ਦੇ ਗਿਆਨ ਦੇ ਅਸਲੀ ਲਾਭ ਤੋਂ ਅਣਜਾਣ ਹੋਣ। ਜਾਗਰੂਕ ਬਣੋ! ਦਾ ਮੁੱਖ ਟੀਚਾ ਹੈ ਆਪਣੇ ਪਾਠਕਾਂ ਨੂੰ ਮਨਾਉਣਾ ਕਿ ਸੱਚਾ ਰੱਬ ਵਾਕਈ ਹੈ। ਇਹ ਰਸਾਲਾ ਪਾਠਕਾਂ ਵਿਚ ਬਾਈਬਲ ਉੱਤੇ ਵਿਸ਼ਵਾਸ ਪੈਦਾ ਕਰਨ ਤੋਂ ਇਲਾਵਾ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਯਹੋਵਾਹ ਦੇ ਗਵਾਹ ਦੂਸਰੇ ਧਾਰਮਾਂ ਨਾਲੋਂ ਵੱਖਰੇ ਹਨ।
3. ਪਹਿਰਾਬੁਰਜ ਦੇ ਦੋਵੇਂ ਐਡੀਸ਼ਨ ਕਿਨ੍ਹਾਂ-ਕਿਨ੍ਹਾਂ ਲਈ ਲਿਖੇ ਜਾਂਦੇ ਹਨ?
3 ਪਹਿਰਾਬੁਰਜ: ਇਸ ਰਸਾਲੇ ਦਾ ਪਬਲਿਕ ਐਡੀਸ਼ਨ ਉਨ੍ਹਾਂ ਪਾਠਕਾਂ ਲਈ ਤਿਆਰ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਦਿਲਾਂ ਵਿਚ ਪਰਮੇਸ਼ੁਰ ਅਤੇ ਉਸ ਦੇ ਬਚਨ ਲਈ ਕੁਝ ਹੱਦ ਤਕ ਸ਼ਰਧਾ ਹੈ। ਉਹ ਬਾਈਬਲ ਦੀਆਂ ਥੋੜ੍ਹੀਆਂ-ਬਹੁਤੀਆਂ ਗੱਲਾਂ ਜਾਣਦੇ ਹਨ, ਪਰ ਉਸ ਦੀਆਂ ਸਿੱਖਿਆਵਾਂ ਚੰਗੀ ਤਰ੍ਹਾਂ ਨਹੀਂ ਸਮਝਦੇ। ਪੌਲੁਸ ਨੇ ਅਜਿਹੇ ਲੋਕਾਂ ਨੂੰ “ਪਰਮੇਸ਼ੁਰ ਦਾ ਭੌ ਕਰਨ” ਵਾਲੇ ਕਿਹਾ। (ਰਸੂ. 13:14-16) ਪਹਿਰਾਬੁਰਜ ਦਾ ਸਟੱਡੀ ਐਡੀਸ਼ਨ ਮੁੱਖ ਤੌਰ ਤੇ ਯਹੋਵਾਹ ਦੇ ਗਵਾਹਾਂ ਲਈ ਤਿਆਰ ਕੀਤਾ ਜਾਂਦਾ ਹੈ। ਪੌਲੁਸ ਮੰਨਦਾ ਸੀ ਕਿ ਉਸ ਦੀਆਂ ਚਿੱਠੀਆਂ ਪੜ੍ਹਨ ਵਾਲਿਆਂ ਨੂੰ ਬਾਈਬਲ ਦਾ ਗਿਆਨ ਹੈ ਅਤੇ ਉਹ ਸੱਚਾਈ ਜਾਣਦੇ ਸਨ। (1 ਕੁਰਿੰ. 1:1, 2) ਇਸੇ ਤਰ੍ਹਾਂ, ਸਟੱਡੀ ਐਡੀਸ਼ਨ ਵਿਚ ਲੇਖ ਸਾਡੀਆਂ ਮੀਟਿੰਗਾਂ ਵਿਚ ਆਉਣ ਵਾਲਿਆਂ ਅਤੇ ਗਵਾਹਾਂ ਦੇ ਵਿਸ਼ਵਾਸਾਂ ਨੂੰ ਜਾਣਨ ਵਾਲਿਆਂ ਲਈ ਲਿਖੇ ਜਾਂਦੇ ਹਨ।
4. ਪ੍ਰਚਾਰ ਦੇ ਕੰਮ ਵਿਚ ਵਰਤੇ ਜਾਂਦੇ ਦੋਵੇਂ ਰਸਾਲਿਆਂ ਨੂੰ ਚੰਗੀ ਤਰ੍ਹਾਂ ਪੜ੍ਹਨ ਦੇ ਕੀ ਲਾਭ ਹਨ?
4 ਭਾਵੇਂ ਕਿ ਅਸੀਂ ਦੋ-ਦੋ ਕਰ ਕੇ ਰਸਾਲੇ ਪੇਸ਼ ਕਰਦੇ ਹਾਂ, ਪਰ ਅਸੀਂ ਆਮ ਤੌਰ ਤੇ ਇੱਕੋ ਰਸਾਲੇ ਵਿੱਚੋਂ ਕੋਈ ਗੱਲ ਦਿਖਾਉਂਦੇ ਹਾਂ। ਇਸ ਲਈ ਸਾਨੂੰ ਦੋਵੇਂ ਰਸਾਲਿਆਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ। ਫਿਰ ਅਸੀਂ ਉਨ੍ਹਾਂ ਵਿੱਚੋਂ ਕੋਈ ਵੀ ਢੁਕਵਾਂ ਲੇਖ ਪੇਸ਼ ਕਰਨ ਲਈ ਤਿਆਰ ਰਹਾਂਗੇ।