ਮੈਮੋਰੀਅਲ ਤੇ ਲੋਕਾਂ ਨੂੰ ਸੱਦਣ ਲਈ ਮੁਹਿੰਮ 17 ਮਾਰਚ ਨੂੰ ਸ਼ੁਰੂ ਹੋਵੇਗੀ
1. 17 ਮਾਰਚ ਨੂੰ ਕਿਹੜੀ ਮੁਹਿੰਮ ਸ਼ੁਰੂ ਹੋਵੇਗੀ?
1 ਅਸੀਂ ਹਰ ਸਾਲ ਮੈਮੋਰੀਅਲ ਮਨਾ ਕੇ ਯਿਸੂ ਦੀ ਕੁਰਬਾਨੀ ਬਾਰੇ ਲੋਕਾਂ ਨੂੰ ਦੱਸਦੇ ਹਾਂ। (1 ਕੁਰਿੰ. 11:26) ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਦੂਸਰੇ ਲੋਕ ਵੀ ਆ ਕੇ ਸਾਡੇ ਨਾਲ ਉਹ ਭਾਸ਼ਣ ਸੁਣਨ ਜਿਸ ਵਿਚ ਸਮਝਾਇਆ ਜਾਵੇਗਾ ਕਿ ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਦੀ ਕੁਰਬਾਨੀ ਦਾ ਸਾਡੇ ਲਈ ਕਿੱਦਾਂ ਪ੍ਰਬੰਧ ਕੀਤਾ। (ਯੂਹੰ. 3:16) ਇਸ ਸਾਲ ਲੋਕਾਂ ਨੂੰ ਮੈਮੋਰੀਅਲ ʼਤੇ ਸੱਦਣ ਦੀ ਮੁਹਿੰਮ ਸ਼ਨੀਵਾਰ 17 ਮਾਰਚ ਨੂੰ ਸ਼ੁਰੂ ਹੋਵੇਗੀ। ਕੀ ਤੁਸੀਂ ਇਸ ਮੁਹਿੰਮ ਵਿਚ ਵਧ-ਚੜ੍ਹ ਕੇ ਹਿੱਸਾ ਲਵੋਗੇ?
2. ਅਸੀਂ ਸੱਦਾ-ਪੱਤਰ ਕਿਵੇਂ ਪੇਸ਼ ਕਰ ਸਕਦੇ ਹਾਂ, ਪਰ ਸਾਨੂੰ ਕਿਹੜੀ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ?
2 ਅਸੀਂ ਕੀ ਕਹਿ ਸਕਦੇ ਹਾਂ: ਥੋੜ੍ਹੇ ਸ਼ਬਦ ਕਹਿ ਕੇ ਸੱਦਾ-ਪੱਤਰ ਪੇਸ਼ ਕੀਤਾ ਜਾ ਸਕਦਾ ਹੈ। ਅਸੀਂ ਕਹਿ ਸਕਦੇ ਹਾਂ: “ਅਸੀਂ ਤੁਹਾਡੇ ਪਰਿਵਾਰ ਨੂੰ ਇਕ ਖ਼ਾਸ ਪ੍ਰੋਗ੍ਰਾਮ ʼਤੇ ਆਉਣ ਦਾ ਸੱਦਾ ਦੇਣਾ ਚਾਹੁੰਦੇ ਹਾਂ ਜੋ ਹਰ ਸਾਲ ਕੀਤਾ ਜਾਂਦਾ ਹੈ। ਇਸ ਸਾਲ ਇਹ ਪ੍ਰੋਗ੍ਰਾਮ ਦੁਨੀਆਂ ਭਰ ਵਿਚ 5 ਅਪ੍ਰੈਲ ਨੂੰ ਕੀਤਾ ਜਾਵੇਗਾ। ਬਾਈਬਲ ਵਿੱਚੋਂ ਸਮਝਾਇਆ ਜਾਵੇਗਾ ਕਿ ਯਿਸੂ ਦੀ ਕੁਰਬਾਨੀ ਤੋਂ ਸਾਨੂੰ ਕੀ ਲਾਭ ਹੋਇਆ ਹੈ ਅਤੇ ਉਹ ਹੁਣ ਕੀ ਕਰ ਰਿਹਾ ਹੈ। ਇਸ ਸੱਦਾ-ਪੱਤਰ ਵਿਚ ਦੱਸਿਆ ਗਿਆ ਹੈ ਕਿ ਸਾਡੇ ਇਲਾਕੇ ਵਿਚ ਇਹ ਪ੍ਰੋਗ੍ਰਾਮ ਕਦੋਂ ਅਤੇ ਕਿੱਥੇ ਹੋਵੇਗਾ।” ਜੇ ਘਰ-ਮਾਲਕ ਬਾਈਬਲ ਬਾਰੇ ਨਹੀਂ ਜਾਣਦਾ, ਤਾਂ ਉਸ ਨੂੰ ਸੱਦਾ-ਪੱਤਰ ਦੇਣ ਤੋਂ ਪਹਿਲਾਂ ਦੇਖਣਾ ਪਵੇਗਾ ਕਿ ਕੀ ਉਹ ਸਾਡੀ ਗੱਲ ਸੁਣਨ ਲਈ ਤਿਆਰ ਹੈ ਜਾਂ ਨਹੀਂ। ਸ਼ਨੀਵਾਰ-ਐਤਵਾਰ ਨੂੰ ਸੱਦਾ-ਪੱਤਰ ਦੇਣ ਦੇ ਨਾਲ-ਨਾਲ ਅਸੀਂ ਰਸਾਲੇ ਵੀ ਪੇਸ਼ ਕਰ ਸਕਦੇ ਹਾਂ।
3. ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕਿੱਦਾਂ ਸੱਦਾ ਦੇ ਸਕਦੇ ਹਾਂ?
3 ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੱਦੋ: ਸਾਡਾ ਟੀਚਾ ਹੈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੱਦਣਾ। ਇਸ ਕਰਕੇ ਆਪਣੀਆਂ ਸਟੱਡੀਆਂ, ਰਿਟਰਨ-ਵਿਜ਼ਿਟਾਂ, ਰਿਸ਼ਤੇਦਾਰਾਂ, ਆਪਣੇ ਨਾਲ ਕੰਮ ਕਰਨ ਵਾਲਿਆਂ, ਆਪਣੇ ਨਾਲ ਪੜ੍ਹਨ ਵਾਲਿਆਂ, ਗੁਆਂਢੀਆਂ ਅਤੇ ਹੋਰਨਾਂ ਨੂੰ ਸੱਦਾ ਦੇਣਾ ਨਾ ਭੁੱਲੋ। ਤੁਹਾਡੇ ਸ਼ਹਿਰ ਵਿਚ ਰਹਿੰਦੇ ਲੋਕਾਂ ਦੇ ਵਿਚਾਰਾਂ ਨੂੰ ਧਿਆਨ ਵਿਚ ਰੱਖਦਿਆਂ, ਬਜ਼ੁਰਗ ਸਲਾਹ ਦੇਣਗੇ ਕਿ ਸੱਦਾ-ਪੱਤਰ ਪੂਰੇ ਇਲਾਕੇ ਵਿਚ ਕਿੱਦਾਂ ਵੰਡਿਆ ਜਾਵੇਗਾ। ਹਰ ਸਾਲ ਲੋਕਾਂ ਨੂੰ ਮੈਮੋਰੀਅਲ ਤੇ ਸੱਦਣ ਦੇ ਵਧੀਆ ਨਤੀਜੇ ਨਿਕਲਦੇ ਹਨ। ਪਿੱਛਲੇ ਸਾਲ ਜਦੋਂ ਇਕ ਔਰਤ ਮੈਮੋਰੀਅਲ ਤੇ ਆਈ, ਤਾਂ ਇਕ ਅਟੈਂਡੈਂਟ ਨੇ ਉਸ ਨੂੰ ਕਿਹਾ ਕਿ ਉਹ ਉਸ ਭੈਣ ਜਾਂ ਭਰਾ ਨੂੰ ਲੱਭਣ ਦੀ ਕੋਸ਼ਿਸ਼ ਕਰੇਗਾ ਜਿਸ ਨੇ ਉਸ ਨੂੰ ਬੁਲਾਇਆ ਸੀ। ਪਰ ਉਸ ਔਰਤ ਨੇ ਕਿਹਾ ਕਿ ਉਹ ਇੱਥੇ ਕਿਸੇ ਨੂੰ ਨਹੀਂ ਜਾਣਦੀ ਅਤੇ ਕਿਸੇ ਨੇ ਘਰ-ਘਰ ਜਾਂਦਿਆਂ ਅੱਜ ਹੀ ਉਸ ਨੂੰ ਸੱਦਾ-ਪੱਤਰ ਦਿੱਤਾ ਸੀ।
4. ਜ਼ੋਰ-ਸ਼ੋਰ ਨਾਲ ਸੱਦਾ-ਪੱਤਰ ਵੰਡਣ ਦੇ ਕੀ ਕਾਰਨ ਹਨ?
4 ਹੋ ਸਕਦਾ ਹੈ ਕਿ ਜਿਸ ਨੂੰ ਤੁਸੀਂ ਸੱਦਾ-ਪੱਤਰ ਦਿੱਤਾ ਹੋਵੇ ਉਹ ਮੈਮੋਰੀਅਲ ਤੇ ਆਇਆ ਹੋਵੇ। ਭਾਵੇਂ ਕੋਈ ਆਵੇ ਜਾਂ ਨਾ ਆਵੇ ਫਿਰ ਵੀ ਤੁਹਾਡੀ ਮਿਹਨਤ ਕਰਕੇ ਲੋਕਾਂ ਨੂੰ ਗਵਾਹੀ ਮਿਲੇਗੀ। ਤੁਹਾਡੇ ਵੱਲੋਂ ਵੰਡੇ ਗਏ ਸੱਦਾ-ਪੱਤਰਾਂ ਦੁਆਰਾ ਲੋਕਾਂ ਨੂੰ ਪਤਾ ਲੱਗੇਗਾ ਕਿ ਯਿਸੂ ਇਸ ਸਮੇਂ ਇਕ ਸ਼ਕਤੀਸ਼ਾਲੀ ਰਾਜਾ ਹੈ। ਜ਼ੋਰ-ਸ਼ੋਰ ਨਾਲ ਸੱਦਾ-ਪੱਤਰ ਵੰਡ ਕੇ ਤੁਸੀਂ ਆਪਣੇ ਆਂਢ-ਗੁਆਂਢ ਨੂੰ, ਆਪਣੇ ਭੈਣਾਂ-ਭਰਾਵਾਂ ਨੂੰ ਅਤੇ ਸਭ ਤੋਂ ਵਧ ਯਹੋਵਾਹ ਨੂੰ ਸਾਬਤ ਕਰੋਗੇ ਕਿ ਤੁਸੀਂ ਯਿਸੂ ਦੀ ਕੁਰਬਾਨੀ ਲਈ ਦਿਲੋਂ ਧੰਨਵਾਦੀ ਹੋ।—ਕੁਲੁ. 3:15.