ਪਿੱਛੇ ਨਾ ਹਟੋ—ਰੁੱਝੇ ਹੋਣ ਦੇ ਬਾਵਜੂਦ ਸਮਾਂ ਕੱਢੋ
1. ਕੁਝ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰਨ ਤੋਂ ਕਿਉਂ ਹਿਚਕਿਚਾਉਂਦੇ ਹਨ?
1 ਕੁਝ ਭੈਣ-ਭਰਾ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰਨ ਤੋਂ ਹਿਚਕਿਚਾਉਂਦੇ ਹਨ ਕਿਉਂਕਿ ਉਹ ਬਹੁਤ ਬਿਜ਼ੀ ਹਨ। ਆਪਣੇ ਬਾਈਬਲ ਵਿਦਿਆਰਥੀ ਦੀ ਦੇਖ-ਭਾਲ ਕਰਨ ਲਈ ਸਮਾਂ ਕੱਢਣ ਦੀ ਲੋੜ ਹੈ। ਸਟੱਡੀ ਦੀ ਤਿਆਰੀ ਕਰਨ, ਸਟੱਡੀ ਕਰਾਉਣ ਅਤੇ ਸੱਚਾਈ ਵਿਚ ਤਰੱਕੀ ਕਰਨ ਵਿਚ ਆਉਂਦੀਆਂ ਰੁਕਾਵਟਾਂ ਨੂੰ ਪਾਰ ਕਰਨ ਵਿਚ ਵਿਦਿਆਰਥੀ ਦੀ ਮਦਦ ਕਰਨ ਲਈ ਸਮਾਂ ਕੱਢਣਾ ਪੈਂਦਾ ਹੈ। ਪੌਲੁਸ ਰਸੂਲ ਨੇ ਕਿਹਾ ਸੀ ਕਿ ਉਹ ਯਹੋਵਾਹ ਬਾਰੇ ਜਾਣਨ ਵਿਚ ਥੱਸਲੁਨੀਕਾ ਦੇ ਲੋਕਾਂ ਦੀ ਮਦਦ ਕਰਨ ਵਾਸਤੇ ਜਾਨ ਦੇਣ ਲਈ ਤਿਆਰ ਸੀ। (1 ਥੱਸ. 2:7, 8) ਬਿਜ਼ੀ ਹੋਣ ਦੇ ਬਾਵਜੂਦ ਅਸੀਂ ਬਾਈਬਲ ਸਟੱਡੀ ਕਿਵੇਂ ਕਰਾ ਸਕਦੇ ਹਾਂ?
2. ਯਹੋਵਾਹ ਨਾਲ ਪਿਆਰ ਹੋਣ ਕਰਕੇ ਅਸੀਂ ਆਪਣੇ ਸਮੇਂ ਦੀ ਕਿਵੇਂ ਵਰਤੋਂ ਕਰਾਂਗੇ?
2 ਭਗਤੀ ਲਈ ਸਮਾਂ ਕੱਢਣਾ ਪੈਂਦਾ: ਸੱਚ ਤਾਂ ਇਹ ਹੈ ਕਿ ਭਗਤੀ ਲਈ ਸਮਾਂ ਕੱਢਣਾ ਪੈਂਦਾ ਹੈ। ਮਿਸਾਲ ਲਈ, ਅਸੀਂ ਮੀਟਿੰਗਾਂ ਤੇ ਜਾਣ, ਪ੍ਰਚਾਰ ਵਿਚ ਹਿੱਸਾ ਲੈਣ, ਬਾਈਬਲ ਪੜ੍ਹਨ ਅਤੇ ਪ੍ਰਾਰਥਨਾ ਕਰਨ ਲਈ ਬਾਕਾਇਦਾ ਸਮਾਂ ਕੱਢਦੇ ਹਾਂ। ਇਕ ਵਿਆਹਿਆ ਹੋਇਆ ਬਿਜ਼ੀ ਵਿਅਕਤੀ ਆਪਣੇ ਜੀਵਨ ਸਾਥੀ ਲਈ ਖ਼ੁਸ਼ੀ-ਖ਼ੁਸ਼ੀ ਸਮਾਂ ਕੱਢੇਗਾ। ਤਾਂ ਫਿਰ ਸਾਨੂੰ ਯਹੋਵਾਹ ਦੀ ਭਗਤੀ ਕਰਨ ਲਈ ਹੋਰ ਵੀ ਖ਼ੁਸ਼ੀ ਨਾਲ ਆਪਣੇ ਸਮੇਂ ਦੀ “ਚੰਗੀ ਤਰ੍ਹਾਂ ਵਰਤੋ” ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ। (ਅਫ਼. 5:15-17; 1 ਯੂਹੰ. 5:3) ਯਿਸੂ ਮੁਤਾਬਕ ਚੇਲੇ ਬਣਾਉਣ ਦਾ ਕੰਮ ਸਾਡੀ ਭਗਤੀ ਦਾ ਅਹਿਮ ਹਿੱਸਾ ਹੈ। (ਮੱਤੀ 28:19, 20) ਇਹ ਗੱਲ ਧਿਆਨ ਵਿਚ ਰੱਖਣ ਨਾਲ ਬਾਈਬਲ ਸਟੱਡੀ ਕਰਾਉਣ ਦੀ ਜ਼ਿੰਮੇਵਾਰੀ ਸਵੀਕਾਰ ਕਰਨ ਤੋਂ ਪਿੱਛੇ ਨਾ ਹਟਣ ਵਿਚ ਸਾਡੀ ਮਦਦ ਕਰੇਗੀ।
3. ਜੇ ਕੁਝ ਹਾਲਾਤਾਂ ਕਰਕੇ ਸਾਨੂੰ ਪ੍ਰਚਾਰ ਤੇ ਜਾਣ ਵਿਚ ਰੁਕਾਵਟ ਆ ਰਹੀ ਹੈ, ਫਿਰ ਵੀ ਅਸੀਂ ਬਾਈਬਲ ਸਟੱਡੀ ਕਿਵੇਂ ਕਰਾ ਸਕਦੇ ਹਾਂ?
3 ਪਰ ਉਦੋਂ ਕੀ ਜੇ ਸਾਨੂੰ ਕੰਮ ਲਈ ਕਿਤੇ ਜਾਣਾ ਪੈਂਦਾ ਹੈ, ਸਿਹਤ ਸਮੱਸਿਆਵਾਂ ਹਨ ਜਾਂ ਪਰਮੇਸ਼ੁਰ ਦੀ ਸੇਵਾ ਨਾਲ ਸੰਬੰਧਿਤ ਸਾਡੇ ਕੋਲ ਜ਼ਿੰਮੇਵਾਰੀਆਂ ਹਨ? ਕੁਝ ਪਬਲੀਸ਼ਰ ਜਦੋਂ ਕਦੇ-ਕਦੇ ਆਪਣੇ ਇਲਾਕੇ ਤੋਂ ਕਿਤੇ ਦੂਰ ਜਾਂਦੇ ਹਨ, ਤਾਂ ਉਹ ਫ਼ੋਨ ਤੇ ਜਾਂ ਕੰਪਿਊਟਰ ਜ਼ਰੀਏ ਆਪਣੀਆਂ ਸਟੱਡੀਆਂ ਕਰਾਉਂਦੇ ਹਨ। ਜਿਹੜੇ ਪਬਲੀਸ਼ਰ ਸਿਹਤ ਸਮੱਸਿਆਵਾਂ ਕਰਕੇ ਸਟੱਡੀ ਕਰਾਉਣ ਨਹੀਂ ਜਾ ਸਕਦੇ, ਉਹ ਵਿਦਿਆਰਥੀ ਨੂੰ ਸਟੱਡੀ ਲਈ ਆਪਣੇ ਘਰ ਸੱਦ ਲੈਂਦੇ ਹਨ। ਜਿਹੜੇ ਪਬਲੀਸ਼ਰ ਕਿਸੇ ਕਾਰਨ ਸਟੱਡੀ ਨਹੀਂ ਕਰਾ ਪਾਉਂਦੇ, ਉਹ ਕਿਸੇ ਹੋਰ ਭਰੋਸੇਯੋਗ ਭੈਣ-ਭਰਾ ਨੂੰ ਆਪਣੇ ਵਿਦਿਆਰਥੀ ਨੂੰ ਸਟੱਡੀ ਕਰਾਉਣ ਲਈ ਕਹਿ ਦਿੰਦੇ ਹਨ।
4. ਬਾਈਬਲ ਸਟੱਡੀ ਕਰਾਉਣ ਨਾਲ ਕਿਹੜੀਆਂ ਅਸੀਸਾਂ ਮਿਲਦੀਆਂ ਹਨ?
4 ਦੂਜਿਆਂ ਨੂੰ ਸੱਚਾਈ ਸਿਖਾਉਣ ਵਿਚ ਆਪਣਾ ਸਮਾਂ ਅਤੇ ਤਾਕਤ ਲਾ ਕੇ ਪੌਲੁਸ ਨੂੰ ਬਹੁਤ ਖ਼ੁਸ਼ੀ ਮਿਲੀ। (ਰਸੂ. 20:35) ਜਦੋਂ ਉਸ ਨੇ ਥੱਸਲੁਨੀਕਾ ਵਿਚ ਆਪਣੀ ਮਿਹਨਤ ਦੇ ਫਲ ਬਾਰੇ ਸੋਚਿਆ, ਤਾਂ ਉਸ ਨੇ ਯਹੋਵਾਹ ਦਾ ਧੰਨਵਾਦ ਕੀਤਾ। (1 ਥੱਸ. 1:2) ਪ੍ਰਚਾਰ ਵਿਚ ਸਾਨੂੰ ਹੋਰ ਵੀ ਖ਼ੁਸ਼ੀ ਅਤੇ ਸੰਤੁਸ਼ਟੀ ਮਿਲ ਸਕਦੀ ਹੈ ਜੇ ਅਸੀਂ ਆਪਣੇ ਰੁਝੇਵਿਆਂ ਕਾਰਨ ਬਾਈਬਲ ਸਟੱਡੀ ਕਰਾਉਣ ਤੋਂ ਪਿੱਛੇ ਨਾ ਹਟੀਏ।