ਪ੍ਰਸ਼ਨ ਡੱਬੀ
◼ ਸਾਨੂੰ ਤਰੱਕੀ ਕਰ ਰਹੀ ਬਾਈਬਲ ਸਟੱਡੀ ਨਾਲ ਕਿੰਨਾ ਚਿਰ ਸਟੱਡੀ ਕਰਨੀ ਚਾਹੀਦੀ ਹੈ?
ਤਰੱਕੀ ਕਰ ਰਹੀ ਬਾਈਬਲ ਸਟੱਡੀ ਨਾਲ ਸਾਨੂੰ ਦੋ ਕਿਤਾਬਾਂ ਦੀ ਸਟੱਡੀ ਕਰਨੀ ਚਾਹੀਦੀ ਹੈ ਯਾਨੀ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਅਤੇ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ। ਭਾਵੇਂ ਕਿ ਸਟੱਡੀ ਨੇ ਦੋਵੇਂ ਕਿਤਾਬਾਂ ਖ਼ਤਮ ਕਰਨ ਤੋਂ ਪਹਿਲਾਂ ਹੀ ਬਪਤਿਸਮਾ ਲੈ ਲਿਆ ਹੋਵੇ, ਫਿਰ ਵੀ ਸਟੱਡੀ ਜਾਰੀ ਰੱਖਣੀ ਚਾਹੀਦੀ ਹੈ। ਉਸ ਦੇ ਬਪਤਿਸਮੇ ਤੋਂ ਬਾਅਦ ਅਸੀਂ ਸਟੱਡੀ ਵਿਚ ਬਿਤਾਇਆ ਸਮਾਂ, ਰਿਟਰਨ ਵਿਜ਼ਿਟ ਤੇ ਬਾਈਬਲ ਸਟੱਡੀ ਆਪਣੀ ਰਿਪੋਰਟ ਵਿਚ ਭਰ ਸਕਦੇ ਹਾਂ। ਸਾਡੇ ਨਾਲ ਸਟੱਡੀ ਤੇ ਜਾਣ ਵਾਲਾ ਹੋਰ ਪਬਲੀਸ਼ਰ ਵੀ ਸਮੇਂ ਦੀ ਰਿਪੋਰਟ ਭਰ ਸਕਦਾ ਹੈ।—ਮਾਰਚ 2009 ਸਾਡੀ ਰਾਜ ਸੇਵਕਾਈ, ਸਫ਼ਾ 2 ਦੇਖੋ।
ਨਵੇਂ ਭੈਣਾਂ-ਭਰਾਵਾਂ ਨਾਲ ਸਟੱਡੀ ਖ਼ਤਮ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਉਹ ਸੱਚਾਈ ਵਿਚ ਪੱਕੀ ਨੀਂਹ ਧਰਨ। ਉਨ੍ਹਾਂ ਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਮਸੀਹ ਵਿਚ “ਜੜ੍ਹ ਫੜ ਕੇ” “ਆਪਣੀ ਨਿਹਚਾ ਵਿੱਚ ਦ੍ਰਿੜ੍ਹ” ਹੋਣ ਦੀ ਲੋੜ ਹੈ। (ਕੁਲੁ. 2:6, 7; 2 ਤਿਮੋ. 3:12; 1 ਪਤ. 5:8, 9) ਇਸ ਤੋਂ ਇਲਾਵਾ ਦੂਸਰੇ ਲੋਕਾਂ ਨੂੰ ਚੰਗੀ ਤਰ੍ਹਾਂ ਸਿੱਖਿਆ ਦੇਣ ਲਈ ਉਨ੍ਹਾਂ ਨੂੰ ਆਪ ‘ਸਤ ਦਾ ਗਿਆਨ’ ਹੋਣਾ ਚਾਹੀਦਾ ਹੈ। (1 ਤਿਮੋ. 2:4) ਆਪਣੀ ਸਟੱਡੀ ਨਾਲ ਦੋ ਕਿਤਾਬਾਂ ਪੂਰੀਆਂ ਕਰ ਕੇ ਅਸੀਂ ਉਨ੍ਹਾਂ ਨੂੰ ਉਸ ਰਾਹ ਪਾਵਾਂਗੇ ਜੋ “ਜੀਉਣ ਨੂੰ ਜਾਂਦਾ ਹੈ।”—ਮੱਤੀ 7:14.
ਕਿਸੇ ਨੂੰ ਬਪਤਿਸਮੇ ਲਈ ਹਾਂ ਕਹਿਣ ਤੋਂ ਪਹਿਲਾਂ ਬਜ਼ੁਰਗਾਂ ਨੂੰ ਪਤਾ ਕਰਨਾ ਚਾਹੀਦਾ ਹੈ ਕਿ ਉਹ ਵਿਅਕਤੀ ਬਾਈਬਲ ਦੀਆਂ ਮੂਲ ਸਿੱਖਿਆਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਨਹੀਂ ਅਤੇ ਉਨ੍ਹਾਂ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਕਿ ਨਹੀਂ। ਬਜ਼ੁਰਗਾਂ ਨੂੰ ਖ਼ਾਸ ਤੌਰ ਤੇ ਉਨ੍ਹਾਂ ਸਟੱਡੀਆਂ ਬਾਰੇ ਸੋਚਣਾ ਚਾਹੀਦਾ ਹੈ ਜਿਨ੍ਹਾਂ ਨੇ ਅਜੇ ਪਹਿਲੀ ਕਿਤਾਬ ਦੀ ਵੀ ਸਟੱਡੀ ਪੂਰੀ ਨਾ ਕੀਤੀ ਹੋਵੇ। ਉਦੋਂ ਕੀ ਜੇ ਜ਼ਾਹਰ ਹੋਵੇ ਕਿ ਕੋਈ ਵਿਅਕਤੀ ਅਜੇ ਬਪਤਿਸਮੇ ਲਈ ਤਿਆਰ ਨਹੀਂ ਹੈ? ਬਜ਼ੁਰਗ ਇਸ ਗੱਲ ਦਾ ਪੂਰਾ ਧਿਆਨ ਰੱਖਣਗੇ ਕਿ ਉਸ ਨੂੰ ਨਿੱਜੀ ਤੌਰ ਤੇ ਲੋੜੀਂਦੀ ਮਦਦ ਮਿਲ ਸਕੇ ਤਾਂਕਿ ਉਹ ਅਗਾਹਾਂ ਨੂੰ ਬਪਤਿਸਮਾ ਲੈਣ ਦੇ ਯੋਗ ਬਣ ਸਕੇ।—ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ੇ 217-218 ਦੇਖੋ।
[ਸਫ਼ਾ 2 ਉੱਤੇ ਸੁਰਖੀ]
ਨਵੇਂ ਭੈਣਾਂ-ਭਰਾਵਾਂ ਨੂੰ ਸੱਚਾਈ ਵਿਚ ਪੱਕੀ ਨੀਂਹ ਧਰਨ ਦੀ ਲੋੜ ਹੈ