ਬਾਈਬਲ ਅਧਿਐਨ ਜੋ ਚੇਲੇ ਬਣਾਉਂਦੇ ਹਨ
1 “ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ?” ਹਬਸ਼ੀ ਖੋਜੇ ਨੇ ਇਹ ਪੁੱਛਿਆ ਜਦੋਂ ਫ਼ਿਲਿੱਪੁਸ ਨੇ “ਯਿਸੂ ਦੀ ਖੁਸ਼ ਖਬਰੀ ਉਸ ਨੂੰ ਸੁਣਾਈ।” (ਰਸੂ. 8:27-39) ਇਸ ਮਾਮਲੇ ਵਿਚ, ਖੋਜੇ ਨੂੰ ਪਹਿਲਾਂ ਤੋਂ ਹੀ ਪਰਮੇਸ਼ੁਰ ਦੇ ਪ੍ਰੇਰਿਤ ਲਿਖਤਾਂ ਨਾਲ ਲਗਨ ਸੀ, ਅਤੇ ਫ਼ਿਲਿੱਪੁਸ ਤੋਂ ਅਧਿਆਤਮਿਕ ਮਦਦ ਹਾਸਲ ਕਰਨ ਮਗਰੋਂ, ਉਹ ਚੇਲਾ ਬਣਨ ਲਈ ਤਿਆਰ ਸੀ। ਪਰੰਤੂ ਸਾਰੇ ਲੋਕ ਇਹ ਨਹੀਂ ਮੰਨਦੇ ਹਨ ਕਿ ਉਨ੍ਹਾਂ ਨੂੰ ਸ਼ਾਸਤਰ ਦੀ ਖ਼ੁਦ ਜਾਂਚ ਕਰਨ ਦੀ ਲੋੜ ਹੈ।
2 ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਦੇ ਸੰਗਠਨ ਨੇ ਵੱਡੀ ਪੁਸਤਿਕਾ, ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਮੁਹੱਈਆ ਕੀਤੀ ਹੈ, ਤਾਂਕਿ ਲੋਕ ਸਾਡੇ ਦਿਨਾਂ ਲਈ ਦਿੱਤੇ ਗਏ ਬਾਈਬਲ ਦੇ ਸੰਦੇਸ਼ ਨੂੰ ਥੋੜ੍ਹੇ ਸਮੇਂ ਵਿਚ ਜਾਂਚ ਸਕਣ। ਇਸ ਵੱਡੀ ਪੁਸਤਿਕਾ ਵਿਚਲੀ ਜਾਣਕਾਰੀ ਉਨ੍ਹਾਂ ਸੱਚੇ ਦਿਲ ਵਾਲਿਆਂ ਨੂੰ ਪਸੰਦ ਆਵੇਗੀ ਜੋ ਸ਼ਾਇਦ ਪੜ੍ਹੇ-ਲਿਖੇ ਹੋਣ ਪਰ ਜਿਨ੍ਹਾਂ ਨੂੰ ਬਾਈਬਲ ਬਾਰੇ ਘੱਟ ਗਿਆਨ ਹੈ। ਇਹ ਵਧੀਆ ਔਜ਼ਾਰ ਇਸ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ ਕਿ ਇਹ ਲੋਕਾਂ ਵਿਚ ਬਾਈਬਲ ਦੀ ਜਾਂਚ ਕਰਨ ਦੀ ਇੱਛਾ ਪੈਦਾ ਕਰੇ।
3 ਬਾਈਬਲ ਅਧਿਐਨ ਆਰੰਭ ਕਰਦੇ ਸਮੇਂ, ਜੂਨ 1996 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਪ੍ਰਕਾਸ਼ਿਤ ਕੀਤੇ ਗਏ ਉੱਤਮ ਸੁਝਾਵਾਂ ਦਾ ਪੁਨਰ-ਵਿਚਾਰ ਕਰਨਾ ਸਹਾਈ ਹੋਵੇਗਾ ਜੋ ਦੱਸਦੇ ਹਨ ਕਿ ਗਿਆਨ ਪੁਸਤਕ ਨਾਲ ਫਲਦਾਇਕ ਅਧਿਐਨ ਕਿਵੇਂ ਕਰਾਇਆ ਜਾ ਸਕਦਾ ਹੈ। ਅਧਿਐਨ ਦੇ ਦੌਰ ਵਿਚ, ਸਿੱਖਿਆਰਥੀ ਦੀ ਤਰੱਕੀ ਉੱਤੇ ਵਿਚਾਰ ਕਰੋ ਤਾਂਕਿ ਤੁਸੀਂ ਨਿਸ਼ਚਿਤ ਕਰ ਸਕੋ ਕਿ ਕਿਹੜੇ ਪਹਿਲੂਆਂ ਵੱਲ ਹੋਰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਸਿੱਖਿਆਰਥੀ ਨੂੰ ਆਪਣੇ ਪਾਠ ਪਹਿਲਾਂ ਤੋਂ ਹੀ ਤਿਆਰ ਕਰਨ, ਅਤੇ ਸ਼ਾਸਤਰਵਚਨ ਪੜ੍ਹ ਕੇ ਰੱਖਣ ਲਈ ਉਤਸ਼ਾਹਿਤ ਕਰੋ। ਉਸ ਦੇ ਆਪਣੇ ਸ਼ਬਦਾਂ ਵਿਚ ਦਿੱਤੀਆਂ ਗਈਆਂ ਟਿੱਪਣੀਆਂ ਸੱਚਾਈ ਪ੍ਰਤੀ ਉਸ ਦੀ ਦਿਲੀ ਕਦਰ ਦਿਖਾ ਸਕਦੀਆਂ ਹਨ। ਉਹ ਸਿੱਖਿਆਰਥੀ ਆਮ ਤੌਰ ਤੇ ਜ਼ਿਆਦਾ ਜਲਦੀ ਤਰੱਕੀ ਕਰਦੇ ਹਨ ਜੋ ਸੰਸਥਾ ਦੇ ਹੋਰ ਦੂਸਰੇ ਪ੍ਰਕਾਸ਼ਨ ਵੀ ਪੜ੍ਹਦੇ ਹਨ ਅਤੇ ਬਾਕਾਇਦਾ ਕਲੀਸਿਯਾ ਸਭਾਵਾਂ ਵਿਚ ਹਾਜ਼ਰ ਹੁੰਦੇ ਹਨ। ਉਸ ਨੂੰ ਉਤਸ਼ਾਹ ਦਿਓ ਕਿ ਉਹ ਜੋ ਗੱਲਾਂ ਸਿੱਖ ਰਿਹਾ ਹੈ, ਉਨ੍ਹਾਂ ਬਾਰੇ ਦੂਸਰਿਆਂ ਨੂੰ ਗ਼ੈਰ-ਰਸਮੀ ਤੌਰ ਤੇ ਦੱਸੇ। ਉਸ ਨੂੰ ਦਿਆਲੂ ਢੰਗ ਨਾਲ ਦਿਖਾਓ ਕਿ ਉਸ ਨੂੰ ਅਧਿਆਤਮਿਕ ਤਰੱਕੀ ਲਈ ਕੀ ਕਰਨ ਦੀ ਲੋੜ ਹੈ। ਸਾਨੂੰ ਡਾਵਾਂ-ਡੋਲ ਵਿਅਕਤੀਆਂ ਨੂੰ ਹਮੇਸ਼ਾ ਲਈ ਅਧਿਐਨ ਨਹੀਂ ਕਰਾਉਣਾ ਚਾਹੀਦਾ ਹੈ। ਸਿੱਖਿਆਰਥੀਆਂ ਨੂੰ ਸਿੱਖਣ ਵਿਚ ਪਹਿਲ ਕਰਨੀ, ਦ੍ਰਿੜ੍ਹਤਾ ਨਾਲ ਸੱਚਾਈ ਦਾ ਪੱਖ ਲੈਣਾ, ਅਤੇ ਸਮਰਪਣ ਤੇ ਬਪਤਿਸਮੇ ਵੱਲ ਵਧਣਾ ਚਾਹੀਦਾ ਹੈ।
4 ਕੁਝ ਘਰਾਂ ਵਿਚ, ਇਕ ਤੋਂ ਵੱਧ ਅਧਿਐਨ ਕਰਾਏ ਜਾਂਦੇ ਹਨ, ਕਿਉਂਕਿ ਪਰਿਵਾਰ ਦੇ ਅਲੱਗ-ਅਲੱਗ ਜੀਅ ਵੱਖਰੇ-ਵੱਖਰੇ ਅਧਿਐਨ ਕਰਦੇ ਹਨ। ਪਰੰਤੂ, ਆਮ ਤੌਰ ਤੇ ਇਕ ਸੰਯੁਕਤ ਪਰਿਵਾਰਕ ਅਧਿਐਨ ਸ਼ਾਇਦ ਜ਼ਿਆਦਾ ਚੰਗਾ ਹੋਵੇਗਾ, ਕਿਉਂਕਿ ਇਹ ਪਰਿਵਾਰ ਨੂੰ ਅਧਿਆਤਮਿਕ ਤੌਰ ਤੇ ਇਕਮੁੱਠ ਕਰਨ ਵਿਚ ਮਦਦ ਕਰੇਗਾ।
5 ਯਿਸੂ ਦਾ ਆਦੇਸ਼ ਹੈ ਕਿ ਅਸੀਂ ਜਾ ਕੇ ਚੇਲੇ ਬਣਾਈਏ। (ਮੱਤੀ 28:19) ਇਹ ਕਰਨ ਲਈ, ਸਾਨੂੰ ਅਜਿਹੇ ਬਾਈਬਲ ਅਧਿਐਨ ਕਰਾਉਣੇ ਚਾਹੀਦੇ ਹਨ ਜੋ ਦੂਸਰਿਆਂ ਦੀ ਇਸ ਹੱਦ ਤਕ ਤਰੱਕੀ ਕਰਨ ਵਿਚ ਮਦਦ ਕਰਨ ਕਿ ਉਹ ਪੁੱਛਣ, “ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ?”