1997 “ਪਰਮੇਸ਼ੁਰ ਦੇ ਬਚਨ ਵਿਚ ਨਿਹਚਾ” ਜ਼ਿਲ੍ਹਾ ਮਹਾਂ-ਸੰਮੇਲਨ
1 “ਤੇਰੀ ਦਰਗਾਹ ਵਿੱਚ ਤਾਂ ਇੱਕ ਦਿਨ ਹਜ਼ਾਰ ਦਿਨਾਂ ਨਾਲੋਂ ਚੰਗਾ ਹੈ।” (ਜ਼ਬੂ. 84:10) ਜਦੋਂ ਜ਼ਬੂਰਾਂ ਦਾ ਲਿਖਾਰੀ ਯਹੋਵਾਹ ਦੀ ਹੈਕਲ ਵਿਚ ਉਪਾਸਨਾ ਕਰਦਾ ਸੀ, ਉਹ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਮੌਜੂਦਗੀ ਨੂੰ ਮਹਿਸੂਸ ਕਰ ਸਕਦਾ ਸੀ। ਜਦੋਂ ਸਾਲਾਨਾ ਪਰਬਾਂ ਲਈ ਪੂਰੀ ਕੌਮ ਇਕੱਠੀ ਹੁੰਦੀ ਸੀ ਅਤੇ ਯਰੂਸ਼ਲਮ ਉਪਾਸਕਾਂ ਨਾਲ ਭਰਿਆ ਹੋਇਆ ਹੁੰਦਾ ਸੀ, ਤਾਂ ਇਸਰਾਏਲੀ ਸੁਖਾਵੇਂ ਭਾਈਚਾਰੇ ਦਾ ਆਨੰਦ ਮਾਣਦੇ ਸਨ ਜਿਉਂ-ਜਿਉਂ ਉਹ ਹੈਕਲ ਦੇ ਹਾਤੇ ਵਿਚ ਇਕੱਠੇ ਹੁੰਦੇ ਸਨ। ਉਨ੍ਹਾਂ ਨੂੰ ਆਪਣੀ ਕੌਮੀ ਏਕਤਾ ਯਾਦ ਆਉਂਦੀ ਸੀ ਕਿ ਸਿਰਫ਼ ਉਹੀ ਧਰਤੀ ਉੱਤੇ ਅਜਿਹੇ ਲੋਕ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਆਪਣੀ ਬਰਕਤ ਅਤੇ ਮਿਹਰ ਬਖ਼ਸ਼ੀ ਸੀ। ਹਰ ਸਾਲ, ਸਾਨੂੰ ਆਪਣੇ ਹਜ਼ਾਰਾਂ ਭੈਣ-ਭਰਾਵਾਂ ਨਾਲ ਏਕਤਾ ਅਤੇ ਖ਼ੁਸ਼ੀ ਦੀਆਂ ਅਜਿਹੀਆਂ ਭਾਵਨਾਵਾਂ ਵਿਚ ਸਾਂਝੇ ਹੋਣ ਦਾ ਮੌਕਾ ਮਿਲਦਾ ਹੈ। ਸਾਡੇ ਸਮਿਆਂ ਵਿਚ ਯਹੋਵਾਹ ਦਾ ਆਪਣੇ ਲੋਕਾਂ ਨੂੰ ਹਿਦਾਇਤ ਦੇਣ ਅਤੇ ਭਾਈਚਾਰੇ ਲਈ ਇਕੱਠੇ ਕਰਨ ਦਾ ਇਕ ਤਰੀਕਾ ਹੈ ਸਾਲਾਨਾ ਜ਼ਿਲ੍ਹਾ ਮਹਾਂ-ਸੰਮੇਲਨ।
2 ਪਰਬਾਂ ਦੌਰਾਨ ਯਰੂਸ਼ਲਮ ਵਿਚ ਅਤੇ ਇਸ ਦੇ ਇਰਦ-ਗਿਰਦ ਰਹਿਣ ਵਾਲੇ ਯਹੋਵਾਹ ਦੇ ਲੋਕਾਂ ਦੀ ਵੱਡੀ ਗਿਣਤੀ ਦੀ ਦੇਖ-ਭਾਲ ਕਰਨ ਲਈ ਵਿਵਸਥਾ ਦੀ ਲੋੜ ਸੀ। ਵਿਵਸਥਾ ਅਤੇ ਸ਼ਾਂਤੀ ਕਾਇਮ ਰੱਖਣ ਲਈ ਸ਼ਾਇਦ ਨਿਵਾਸ, ਸਭਾਵਾਂ ਦੇ ਸਮੇਂ, ਅਤੇ ਦੂਜੇ ਪ੍ਰਬੰਧਾਂ ਬਾਰੇ ਹਿਦਾਇਤ ਦੇਣ ਦੀ ਲੋੜ ਸੀ। ਕਿਉਂ ਜੋ ਅਜਿਹੇ ਮਾਮਲੇ ਉਨ੍ਹਾਂ ਦੀ ਸੱਚੀ ਉਪਾਸਨਾ ਨਾਲ ਸੰਬੰਧਿਤ ਸਨ, ਇਸਰਾਏਲੀ ਅਜਿਹੀਆਂ ਹਿਦਾਇਤਾਂ ਦੀ ਖ਼ੁਸ਼ੀ-ਖ਼ੁਸ਼ੀ ਪੈਰਵੀ ਕਰਦੇ ਸਨ।—ਜ਼ਬੂ. 42:4; 122:1.
3 ਰਸੂਲ ਪੌਲੁਸ ਨੇ ਤਿਮੋਥਿਉਸ ਨੂੰ ਚੇਤੇ ਕਰਾਇਆ ਕਿ “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ।” (2 ਤਿਮੋ. 3:16) ਕਿਉਂ ਜੋ ਪਰਮੇਸ਼ੁਰ ਦਾ ਬਚਨ ਪ੍ਰੇਰਿਤ ਹੈ, ਸਾਡੇ ਕੋਲ ਇਸ ਵਿਚ ਨਿਹਚਾ ਕਰਨ ਦਾ ਹਰ ਕਾਰਨ ਹੈ। ਇਸ ਸਾਲ ਦੇ ਜ਼ਿਲ੍ਹਾ ਮਹਾਂ-ਸੰਮੇਲਨ ਦਾ ਵਿਸ਼ਾ ਹੈ “ਪਰਮੇਸ਼ੁਰ ਦੇ ਬਚਨ ਵਿਚ ਨਿਹਚਾ।” ਇਹ ਕਾਰਜਕ੍ਰਮ ਬਾਈਬਲ ਵਿਚ ਸਾਡੀ ਨਿਹਚਾ ਮਜ਼ਬੂਤ ਕਰੇਗਾ, ਭਾਵੇਂ ਅਸੀਂ ਕਾਫ਼ੀ ਸਾਲਾਂ ਤੋਂ ਸੱਚਾਈ ਨੂੰ ਜਾਣਦੇ ਹਾਂ ਜਾਂ ਕੇਵਲ ਹਾਲ ਹੀ ਵਿਚ ਯਹੋਵਾਹ ਦੇ ਸੰਗਠਨ ਦੇ ਸੰਪਰਕ ਵਿਚ ਆਏ ਹਾਂ। ਸਾਨੂੰ ਸਾਰਿਆਂ ਨੂੰ ਪੂਰੇ ਕਾਰਜਕ੍ਰਮ ਵਿਚ ਹਾਜ਼ਰ ਹੋਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਹ ਕਿੰਨਾ ਹੀ ਉਤਸ਼ਾਹਜਨਕ ਹੋਵੇਗਾ ਜੇਕਰ ਦਿਲਚਸਪੀ ਰੱਖਣ ਵਾਲੇ ਨਵੇਂ ਵਿਅਕਤੀ, ਖ਼ਾਸ ਕਰਕੇ ਜਿਨ੍ਹਾਂ ਨਾਲ ਅਸੀਂ ਬਾਈਬਲ ਅਧਿਐਨ ਕਰਦੇ ਹਾਂ, ਸਾਡੇ ਨਾਲ ਹਾਜ਼ਰ ਹੋਣ!
4 ਬਹੁਤ ਸਾਰੇ ਭਰਾ ਪਹਿਲਾਂ ਤੋਂ ਹੀ ਮਹਾਂ-ਸੰਮੇਲਨ ਦੇ ਵਿਭਾਗਾਂ ਨੂੰ ਵਿਵਸਥਿਤ ਕਰਨ ਲਈ ਅਨੇਕ ਘੰਟੇ ਬਿਤਾ ਚੁੱਕੇ ਹਨ। ਇਹ ਭਰਾ ਸੰਸਥਾ ਦੇ ਮਹਾਂ-ਸੰਮੇਲਨ ਦਫ਼ਤਰ ਨਾਲ ਧਿਆਨਪੂਰਵਕ ਕੰਮ ਕਰਦੇ ਹਨ ਤਾਂਕਿ ਮਹਾਂ-ਸੰਮੇਲਨ ਦੇ ਸੰਚਾਲਨ ਨਾਲ ਸੰਬੰਧਿਤ ਅਨੇਕ ਵੇਰਵਿਆਂ ਵਿਚ ਤਾਲਮੇਲ ਕਾਇਮ ਕੀਤਾ ਜਾ ਸਕੇ। ਸਾਡੇ ਸਾਲਾਨਾ ਜ਼ਿਲ੍ਹਾ ਮਹਾਂ-ਸੰਮੇਲਨ ਵਿਚ ਲਗਾਏ ਗਏ ਬਹੁਤ ਜ਼ਿਆਦਾ ਸਮੇਂ, ਜਤਨ, ਅਤੇ ਖ਼ਰਚ ਨੂੰ ਅਸੀਂ ਵਿਅਕਤੀਗਤ ਤੌਰ ਤੇ ਸ਼ਾਇਦ ਨਾ ਦੇਖ ਸਕੀਏ, ਪਰੰਤੂ ਅਸੀਂ ਸਾਰੇ ਨਿਸ਼ਚੇ ਹੀ ਇਨ੍ਹਾਂ ਵਫ਼ਾਦਾਰ ਭਰਾਵਾਂ ਦੀ ਆਤਮ-ਬਲੀਦਾਨੀ ਆਤਮਾ ਦੀ ਕਦਰ ਕਰਦੇ ਹਾਂ, ਹੈ ਕਿ ਨਹੀਂ?
5 ਜਿਉਂ-ਜਿਉਂ ਸਾਡੇ 1997 “ਪਰਮੇਸ਼ੁਰ ਦੇ ਬਚਨ ਵਿਚ ਨਿਹਚਾ” ਜ਼ਿਲ੍ਹਾ ਮਹਾਂ-ਸੰਮੇਲਨ ਦੀ ਤਿਆਰੀ ਜਾਰੀ ਰਹਿੰਦੀ ਹੈ, ਕੁਝ ਮੁੱਦੇ ਹਨ ਜਿਨ੍ਹਾਂ ਉੱਤੇ ਤੁਹਾਨੂੰ ਧਿਆਨ ਦੇਣ ਅਤੇ ਗੰਭੀਰ ਵਿਚਾਰ ਕਰਨ ਦੀ ਲੋੜ ਹੈ। ਤੁਹਾਡਾ ਸਹਿਯੋਗ ਦਿਖਾਵੇਗਾ ਕਿ ਤੁਹਾਡੇ ਲਈ ਕੀਤੇ ਗਏ ਸਾਰੇ ਪ੍ਰਬੰਧਾਂ ਲਈ ਤੁਸੀਂ ਨਿੱਜੀ ਤੌਰ ਤੇ ਕਦਰ ਦਿਖਾਉਂਦੇ ਹੋ। ਹਾਲਾਂਕਿ ਇਨ੍ਹਾਂ ਵਿੱਚੋਂ ਕੁਝ ਮਾਮਲਿਆਂ ਬਾਰੇ ਪਹਿਲਾਂ ਵੀ ਚਰਚਾ ਕੀਤੀ ਜਾ ਚੁੱਕੀ ਹੈ, ਇਹ ਮਹੱਤਵਪੂਰਣ ਹੈ ਕਿ ਅਸੀਂ ਸਾਰੇ ਆਪਣੇ ਮਹਾਂ-ਸੰਮੇਲਨ ਪ੍ਰਬੰਧਾਂ ਦਾ ਸਮਰਥਨ ਕਰਨ ਵਿਚ ਯਹੋਵਾਹ ਦੇ ਸਾਮ੍ਹਣੇ ਆਪਣੀ ਜ਼ਿੰਮੇਵਾਰੀ ਨੂੰ ਸਪੱਸ਼ਟ ਤੌਰ ਤੇ ਸਮਝੀਏ।
6 ਤਿੰਨ ਦਿਨ ਦਾ ਮਹਾਂ-ਸੰਮੇਲਨ: ਇਸ ਸਾਲ ਸਾਡੇ ਲਾਭ ਲਈ ਤਿੰਨ ਦਿਨ ਦੇ ਜ਼ਿਲ੍ਹਾ ਮਹਾਂ-ਸੰਮੇਲਨ ਕਾਰਜਕ੍ਰਮ ਦਾ ਪ੍ਰਬੰਧ ਕੀਤਾ ਗਿਆ ਹੈ; ਕਾਰਜਕ੍ਰਮ ਹਰ ਦਿਨ ਸਵੇਰ ਨੂੰ 9:30 ਵਜੇ ਸ਼ੁਰੂ ਹੋਵੇਗਾ। ਜੂਨ 8, 1997, ਜਾਗਰੂਕ ਬਣੋ! (ਅੰਗ੍ਰੇਜ਼ੀ), ਭਾਰਤ ਵਿਚ ਹੋਣ ਵਾਲੇ 18 ਮਹਾਂ-ਸੰਮੇਲਨਾਂ ਅਤੇ ਜਿਹੜੀਆਂ ਭਾਸ਼ਾਵਾਂ ਵਿਚ ਹਰੇਕ ਮਹਾਂ-ਸੰਮੇਲਨ ਹੋਵੇਗਾ, ਦੀ ਸੂਚੀ ਦਿੰਦਾ ਹੈ। ਹੁਣ ਤਕ ਤੁਹਾਨੂੰ ਪਤਾ ਹੋਵੇਗਾ ਕਿ ਤੁਸੀਂ ਕਿਹੜੇ ਮਹਾਂ-ਸੰਮੇਲਨ ਵਿਚ ਹਾਜ਼ਰ ਹੋਵੋਗੇ ਅਤੇ ਤੁਸੀਂ ਕਾਰਜਕ੍ਰਮ ਦੇ ਪੂਰੇ ਤਿੰਨ ਦਿਨਾਂ ਲਈ ਹਾਜ਼ਰ ਹੋਣ ਦੀਆਂ ਨਿਸ਼ਚਿਤ ਯੋਜਨਾਵਾਂ ਬਣਾ ਚੁੱਕੇ ਹੋਵੋਗੇ। ਕੀ ਤੁਸੀਂ ਲੋੜੀਂਦੀ ਛੁੱਟੀ ਲੈਣ ਲਈ ਆਪਣੇ ਮਾਲਕ ਨਾਲ ਗੱਲ ਕੀਤੀ ਹੈ? ਜੇਕਰ ਤੁਹਾਡੇ ਸਕੂਲ ਜਾਂਦੇ ਬੱਚੇ ਹਨ ਅਤੇ ਤੁਹਾਡਾ ਮਹਾਂ-ਸੰਮੇਲਨ ਸਕੂਲ ਦੇ ਸਿੱਖਿਆ-ਕਾਲ ਦੌਰਾਨ ਪੈਂਦਾ ਹੈ, ਤਾਂ ਕੀ ਤੁਸੀਂ ਉਨ੍ਹਾਂ ਦੇ ਅਧਿਆਪਕਾਂ ਨੂੰ ਆਦਰਪੂਰਵਕ ਸੂਚਿਤ ਕੀਤਾ ਹੈ ਕਿ ਤੁਹਾਡੇ ਬੱਚੇ ਆਪਣੀ ਧਾਰਮਿਕ ਸਿਖਲਾਈ ਦੇ ਇਸ ਮਹੱਤਵਪੂਰਣ ਹਿੱਸੇ ਕਾਰਨ ਕੁਝ ਦਿਨਾਂ ਲਈ ਗ਼ੈਰਹਾਜ਼ਰ ਹੋਣਗੇ?—ਬਿਵ. 31:12.
7 ਧਿਆਨ ਲਾ ਕੇ ਚੰਗਾ ਕਰੋ: ਰਸੂਲ ਪਤਰਸ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਚੇਤੇ ਕਰਾਇਆ ਕਿ ਉਹ ਚੰਗਾ ਕਰਨਗੇ ਜੇਕਰ ਉਹ ਭਵਿੱਖ-ਸੂਚਕ ਬਚਨ ਵੱਲ ਧਿਆਨ ਲਾਉਣਗੇ ਜਿਵੇਂ ਕਿ ਉਹ ਅਨ੍ਹੇਰੀ ਥਾਂ ਵਿਚ ਚਮਕਦੇ ਹੋਏ ਇਕ ਦੀਵੇ ਵੱਲ ਧਿਆਨ ਲਾਉਂਦੇ। (2 ਪਤ. 1:19) ਇਹੋ ਗੱਲ ਸਾਡੇ ਬਾਰੇ ਵੀ ਸੱਚ ਹੈ। ਇਸ ਪੁਰਾਣੇ ਸੰਸਾਰ ਵਿਚ ਜੀਉਣਾ ਜੋ ਕਿ ਸ਼ਤਾਨ ਦੇ ਨਿਯੰਤ੍ਰਣ ਹੇਠ ਹੈ, ਇਕ ਅਨ੍ਹੇਰੀ ਥਾਂ ਵਿਚ ਹੋਣ ਦੇ ਸਮਾਨ ਹੈ। ਅਸੀਂ ਅਧਿਆਤਮਿਕ ਅਨ੍ਹੇਰੇ ਵਿੱਚੋਂ ਸੱਦੇ ਜਾਣ ਲਈ ਸ਼ੁਕਰਗੁਜ਼ਾਰ ਹਾਂ। (ਕੁਲੁ. 1:13; 1 ਪਤ. 2:9; 1 ਯੂਹੰ. 5:19) ਚਾਨਣ ਵਿਚ ਰਹਿਣ ਲਈ, ਸਾਨੂੰ ਯਹੋਵਾਹ ਦੇ ਪ੍ਰੇਰਿਤ ਬਚਨ ਵੱਲ ਧਿਆਨ ਲਾਉਣ ਦੁਆਰਾ ਆਪਣੀ ਨਿਹਚਾ ਨੂੰ ਮਜ਼ਬੂਤ ਬਣਾਈ ਰੱਖਣ ਦੀ ਲੋੜ ਹੈ। ਇਹੋ ਕਰਨ ਲਈ ਸਾਡਾ ਇਸ ਸਾਲ ਦਾ ਜ਼ਿਲ੍ਹਾ ਮਹਾਂ-ਸੰਮੇਲਨ ਸਾਨੂੰ ਉਤਸ਼ਾਹਿਤ ਕਰੇਗਾ।
8 ਕਾਰਜਕ੍ਰਮ ਉੱਤੇ ਧਿਆਨ ਕੇਂਦ੍ਰਿਤ ਕਰਨ ਲਈ ਸਾਨੂੰ ਸ਼ਾਇਦ ਜਤਨ ਕਰਨ ਦੀ ਲੋੜ ਪਵੇ, ਪਰੰਤੂ ਇੰਜ ਕਰਨ ਨਾਲ ਸਾਨੂੰ ਨਿਸ਼ਚੇ ਹੀ ਬਰਕਤ ਹਾਸਲ ਹੋਵੇਗੀ। ਸਾਨੂੰ ਚੰਗੀ ਤਰ੍ਹਾਂ ਆਰਾਮ ਕਰ ਕੇ ਮਹਾਂ-ਸੰਮੇਲਨ ਵਿਚ ਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਸੈਸ਼ਨ ਦੌਰਾਨ ਸਚੇਤ ਰਹੀਏ। ਹਰ ਦਿਨ ਮਹਾਂ-ਸੰਮੇਲਨ ਸਥਾਨ ਤੇ ਪਹੁੰਚਣ ਲਈ ਕਾਫ਼ੀ ਸਮਾਂ ਰੱਖੋ, ਤਾਂਕਿ ਕਾਰਜਕ੍ਰਮ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਆਪਣੀ ਸੀਟ ਤੇ ਬੈਠੇ ਹੋਵੋਗੇ। ਫਿਰ ਹਰ ਦਿਨ ਦੇ ਕਾਰਜਕ੍ਰਮ ਦੇ ਸ਼ੁਰੂ ਵਿਚ ਆਰੰਭਕ ਗੀਤ ਅਤੇ ਪ੍ਰਾਰਥਨਾ ਵਿਚ ਸ਼ਾਮਲ ਹੋਵੋ। ਬਾਲਗਾਂ ਨੂੰ ਮਿਸਾਲ ਕਾਇਮ ਕਰਨੀ ਚਾਹੀਦੀ ਹੈ, ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਈ ਦੇਣੀ ਚਾਹੀਦੀ ਹੈ।—ਅਫ਼. 6:4.
9 ਜੇਕਰ ਅਸੀਂ ਦਿਨ ਦਾ ਕਾਰਜਕ੍ਰਮ ਸ਼ੁਰੂ ਹੋਣ ਤੋਂ ਪਹਿਲਾਂ ਹਰ ਭਾਗ ਦੇ ਸਿਰਲੇਖ ਉੱਤੇ ਸਰਸਰੀ ਨਜ਼ਰ ਮਾਰੀਏ, ਤਾਂ ਅਸੀਂ ਪੂਰਵ-ਅਨੁਮਾਨ ਲਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿ ਸੈਸ਼ਨ ਦੌਰਾਨ ਕਿਹੜੇ ਮੁੱਦੇ ਪੇਸ਼ ਕੀਤੇ ਜਾਣਗੇ। ਇੰਜ ਕਰਨ ਨਾਲ ਸਾਮੱਗਰੀ ਵਿਚ ਸਾਡੀ ਦਿਲਚਸਪੀ ਵਧੇਗੀ ਜਦੋਂ ਇਹ ਪੇਸ਼ ਕੀਤੀ ਜਾਵੇਗੀ। ਅਸੀਂ ਅਜਿਹੇ ਮੁੱਦਿਆਂ ਵੱਲ ਧਿਆਨ ਦੇ ਸਕਦੇ ਹਾਂ ਜੋ ਸਾਨੂੰ ਦੂਜਿਆਂ ਨੂੰ ਇਹ ਦੱਸਣ ਵਿਚ ਮਦਦ ਦੇਣਗੇ ਕਿ ਅਸੀਂ ਕਿਉਂ ਪਰਮੇਸ਼ੁਰ ਵਿਚ ਅਤੇ ਉਸ ਦੇ ਨਿਸ਼ਚਿਤ ਵਾਅਦੇ ਵਿਚ ਵਿਸ਼ਵਾਸ ਰੱਖਦੇ ਹਾਂ ਕਿ ਉਹ ਆਪਣੇ ਤਾਲਿਬਾਂ ਨੂੰ ਪ੍ਰਤਿਫਲ ਦੇਵੇਗਾ। (ਇਬ. 11:1, 6) ਇਹ ਸਲਾਹ ਦਿੱਤੀ ਗਈ ਹੈ ਕਿ ਕਾਰਜਕ੍ਰਮ ਦੇ ਮੁੱਖ ਮੁੱਦਿਆਂ ਨੂੰ ਯਾਦ ਰੱਖਣ ਵਿਚ ਸਾਡੀ ਮਦਦ ਕਰਨ ਲਈ ਅਸੀਂ ਸੰਖਿਪਤ ਨੋਟ ਲਈਏ। ਜੇਕਰ ਅਸੀਂ ਬਹੁਤ ਸਾਰੇ ਨੋਟ ਲੈਂਦੇ ਹਾਂ, ਤਾਂ ਅਸੀਂ ਲਿਖਣ ਵਿਚ ਬਹੁਤ ਹੀ ਰੁੱਝੇ ਹੋਏ ਹੋਣ ਕਰਕੇ ਕੁਝ ਮੁੱਖ ਮੁੱਦਿਆਂ ਨੂੰ ਖੁੰਝ ਸਕਦੇ ਹਾਂ।
10 ਪਿਛਲੇ ਸਾਲ ਇਕ ਵਾਰ ਫਿਰ ਕਾਰਜਕ੍ਰਮ ਦੌਰਾਨ ਬਹੁਤ ਸਾਰੇ ਬਾਲਗਾਂ ਅਤੇ ਨੌਜਵਾਨਾਂ ਨੂੰ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਸਾਡੇ ਲਾਭ ਲਈ ਦੱਸੀਆਂ ਗਈਆਂ ਗੱਲਾਂ ਨੂੰ ਸੁਣਨ ਦੀ ਬਜਾਇ ਲਾਂਘਿਆਂ ਵਿਚ ਬਿਨਾਂ ਮਕਸਦ ਦੇ ਘੁੰਮਦਿਆਂ ਹੋਏ, ਬਾਹਰ ਗੇੜੇ ਕੱਢਦੇ ਹੋਏ, ਅਤੇ ਦੂਜਿਆਂ ਨਾਲ ਗੱਲਾਂ ਕਰਦੇ ਹੋਏ ਦੇਖਿਆ ਗਿਆ। ਯਿਸੂ ਨੇ ਸਾਨੂੰ ਵੇਲੇ ਸਿਰ ਅਧਿਆਤਮਿਕ ਰਸਤ ਦੇਣ ਦਾ ਵਾਅਦਾ ਕੀਤਾ ਸੀ। (ਮੱਤੀ 24:45-47) ਇਸ ਲਈ, ਸਾਨੂੰ ਉਸ ਰਸਤ ਤੋਂ ਲਾਭ ਉਠਾਉਣ ਲਈ ਹਾਜ਼ਰ ਹੋਣਾ ਚਾਹੀਦਾ ਹੈ ਅਤੇ ਇਸ ਪ੍ਰਤੀ ਨਿਰਾਦਰ ਨਹੀਂ ਦਿਖਾਉਣਾ ਚਾਹੀਦਾ ਹੈ। (2 ਕੁਰਿੰ. 6:1) ਇਹ ਵੀ ਜਾਪਦਾ ਹੈ ਕਿ ਜਦੋਂ ਕੁਝ ਬੱਚੇ ਬੇਚੈਨ ਹੁੰਦੇ ਹਨ, ਤਾਂ ਉਹ ਅਕਸਰ ਪਖਾਨੇ ਜਾਣ ਦੇ ਬਹਾਨੇ ਉੱਠ ਕੇ ਇਧਰ-ਉਧਰ ਘੁੰਮਦੇ ਹਨ। ਘਰ ਵਿਚ ਉਚਿਤ ਸਿਖਲਾਈ ਦੇਣ ਨਾਲ ਆਮ ਤੌਰ ਤੇ ਵਾਰ-ਵਾਰ ਪਖਾਨੇ ਜਾਣ ਦਾ ਮਸਲਾ ਨਹੀਂ ਰਹੇਗਾ। ਕਦੇ-ਕਦਾਈਂ, ਵੱਡੇ ਬੱਚੇ ਨਿਵੇਕਲੀਆਂ ਥਾਵਾਂ ਵਿਚ ਇਕੱਠੇ ਬੈਠ ਕੇ ਗੱਲਾਂ ਕਰਦੇ ਹਨ, ਫੁਸਰ-ਫੁਸਰ ਕਰਦੇ ਹਨ, ਅਤੇ ਇਕ ਦੂਜੇ ਨੂੰ ਨੋਟ ਪਾਸ ਕਰਦੇ ਹਨ। ਸਾਡੇ ਜਵਾਨ ਲੋਕਾਂ ਨੂੰ, ਜਿਨ੍ਹਾਂ ਨੂੰ ਅੱਜ ਅਨੇਕ ਦਬਾਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਕਾਰਜਕ੍ਰਮ ਦੌਰਾਨ ਕੋਈ ਹੋਰ ਕੰਮ ਕਰਨ ਦੀ ਬਜਾਇ ਪੇਸ਼ ਕੀਤੀ ਜਾ ਰਹੀ ਸਾਮੱਗਰੀ ਉੱਤੇ ਧਿਆਨ ਲਾਉਣਾ ਚਾਹੀਦਾ ਹੈ। ਜਵਾਨੀ ਦੀਆਂ ਕਾਮਨਾਵਾਂ ਜੋ ਬਾਈਬਲ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀਆਂ ਹਨ, ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ। (ਤੁਲਨਾ ਕਰੋ 2 ਤਿਮੋਥਿਉਸ 2:22.) ਬਾਲਗ ਅਤੇ ਨੌਜਵਾਨ, ਸਾਰਿਆਂ ਦੀ ਇਕਾਗਰਤਾ ਯਹੋਵਾਹ ਦਾ ਆਦਰ ਕਰੇਗੀ ਅਤੇ ਉਸ ਨੂੰ ਆਨੰਦਿਤ ਕਰੇਗੀ।
11 ਜੇਕਰ ਕਿਸੇ ਸੇਵਾਦਾਰ ਨੂੰ ਕਿਸੇ ਨੂੰ ਇਨ੍ਹਾਂ ਮਾਮਲਿਆਂ ਵਿਚ ਸਲਾਹ ਦੇਣ ਦੀ ਲੋੜ ਪੈ ਜਾਂਦੀ ਹੈ, ਤਾਂ ਇਸ ਨੂੰ ਯਹੋਵਾਹ ਵੱਲੋਂ ਇਕ ਪ੍ਰੇਮਮਈ ਪ੍ਰਬੰਧ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ। (ਗਲਾ. 6:1) ਸਾਰਿਆਂ ਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਮਹਾਂ-ਸੰਮੇਲਨ ਵਿਚ ਇਸ ਲਈ ਹਾਜ਼ਰ ਹੋਣ ਦਾ ਜਤਨ ਕਰਦੇ ਹਾਂ ਤਾਂਕਿ ਅਸੀਂ ‘ਸੁਣੀਏ ਅਤੇ ਸਿੱਖੀਏ।’ (ਬਿਵ. 31:12) ਨਾਲੇ, “ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ।” (ਕਹਾ. 1:5) ਮਹਾਂ-ਸੰਮੇਲਨ ਨੂੰ ਜਾਣ ਲਈ ਅਜੇ ਜਿੰਨਾ ਸਮਾਂ ਬਾਕੀ ਹੈ, ਉਸ ਵਿਚ ਇਕ ਪਰਿਵਾਰ ਦੇ ਤੌਰ ਤੇ ਚਰਚਾ ਕਰੋ ਕਿ ਕਾਰਜਕ੍ਰਮ ਤੋਂ ਪੂਰਾ ਲਾਭ ਉਠਾਉਣ ਲਈ ਹਾਜ਼ਰੀਨ ਵਿਚ ਇਕੱਠੇ ਬੈਠਣ, ਕਾਰਜਕ੍ਰਮ ਦੌਰਾਨ ਬੈਠੇ ਰਹਿਣ, ਅਤੇ ਪੂਰੇ ਧਿਆਨ ਨਾਲ ਸੁਣਨ ਦੀ ਕਿਉਂ ਲੋੜ ਹੈ।
12 ਸ਼ਿੰਗਾਰ ਜੋ ਯਹੋਵਾਹ ਨੂੰ ਖ਼ੁਸ਼ ਕਰਦਾ ਹੈ: ਯਹੋਵਾਹ ਦੇ ਲੋਕ ਪੂਰੀ ਦੁਨੀਆਂ ਦੇ ਸਾਮ੍ਹਣੇ ਪ੍ਰਦਰਸ਼ਿਤ ਹਨ। (1 ਕੁਰਿੰ. 4:9) ਅਸੀਂ ਆਮ ਤੌਰ ਤੇ ਆਪਣੇ ਪਹਿਰਾਵੇ ਅਤੇ ਸ਼ਿੰਗਾਰ ਦੇ ਚੰਗੇ ਮਿਆਰ ਲਈ ਜਾਣੇ ਜਾਂਦੇ ਹਾਂ। 1 ਤਿਮੋਥਿਉਸ 2:9, 10 ਅਤੇ 1 ਪਤਰਸ 3:3, 4 ਵਿਚ ਪਾਏ ਜਾਂਦੇ ਸ਼ਾਸਤਰ ਸੰਬੰਧੀ ਸਿਧਾਂਤਾਂ ਨੂੰ ਲਾਗੂ ਕਰਨ ਨਾਲ ਬਹੁਤ ਸਾਰੇ ਲੋਕਾਂ ਦੀ ਦਿੱਖ ਵਿਚ ਕਾਫ਼ੀ ਤਬਦੀਲੀ ਆਈ ਹੈ, ਉਸ ਸਮੇਂ ਦੀ ਤੁਲਨਾ ਵਿਚ ਜਦੋਂ ਉਨ੍ਹਾਂ ਨੇ ਮਸੀਹੀ ਕਲੀਸਿਯਾ ਨਾਲ ਸੰਗਤ ਕਰਨੀ ਸ਼ੁਰੂ ਕੀਤੀ ਸੀ। ਇਹ ਪਹਿਰਾਵੇ ਅਤੇ ਸ਼ਿੰਗਾਰ ਦੇ ਲਗਾਤਾਰ ਡਿੱਗਦੇ ਮਿਆਰਾਂ ਤੋਂ ਬਿਲਕੁਲ ਭਿੰਨ ਹੈ ਜੋ ਅਸੀਂ ਸੰਸਾਰ ਵਿਚ ਦੇਖਦੇ ਹਾਂ। ਅਸੀਂ ਸਾਵਧਾਨ ਰਹਿਣਾ ਚਾਹੁੰਦੇ ਹਾਂ ਕਿ ਅਜੀਬੋ-ਗਰੀਬ ਕੱਪੜੇ ਪਾਉਣ, ਵਾਲਾਂ ਦੇ ਸਟਾਈਲਾਂ ਵਿਚ ਸੰਸਾਰੀ ਫ਼ੈਸ਼ਨਾਂ ਨੂੰ ਅੱਗੇ ਵਧਾਉਣ, ਜਾਂ ਅਸ਼ਲੀਲ ਕੱਪੜੇ ਪਾਉਣ ਦੁਆਰਾ ਸਾਡੀ ਦਿੱਖ ਸੰਸਾਰ ਵਾਂਗ ਨਾ ਬਣ ਜਾਵੇ। ਸਾਡੇ ਮਿਸਾਲੀ ਪਹਿਰਾਵੇ ਅਤੇ ਸ਼ਿੰਗਾਰ ਤੋਂ ਮਹਾਂ-ਸੰਮੇਲਨ ਵਿਚ ਹਾਜ਼ਰ ਨਵੇਂ ਵਿਅਕਤੀਆਂ ਨੂੰ ਇਹ ਦੇਖਣ ਵਿਚ ਮਦਦ ਮਿਲਣੀ ਚਾਹੀਦੀ ਹੈ ਕਿ ਮਸੀਹੀਆਂ ਨੂੰ ਆਪਣਾ ਸ਼ਿੰਗਾਰ ਕਿਵੇਂ ਕਰਨਾ ਚਾਹੀਦਾ ਹੈ।
13 ਜਦ ਕਿ ਪਿਛਲੇ ਸਾਲ ਦੇ ਮਹਾਂ-ਸੰਮੇਲਨਾਂ ਦਾ ਆਮ ਪ੍ਰਭਾਵ ਬਹੁਤ ਹੀ ਅਨੁਕੂਲ ਸੀ, ਸੰਸਾਰੀ ਪਹਿਰਾਵਾ ਅਤੇ ਸ਼ਿੰਗਾਰ ਅਜੇ ਵੀ ਕੁਝ ਭਰਾਵਾਂ ਅਤੇ ਭੈਣਾਂ ਨਾਲ ਇਕ ਸਮੱਸਿਆ ਹੈ, ਖ਼ਾਸ ਤੌਰ ਤੇ ਵਿਹਲੇ ਸਮੇਂ ਦੌਰਾਨ। ਮਹਾਂ-ਸੰਮੇਲਨ ਵਿਚ ਹਾਜ਼ਰ ਹੋਣ ਦੀ ਯੋਜਨਾ ਬਣਾਉਂਦੇ ਸਮੇਂ, ਸਾਨੂੰ ਆਪਣੇ ਪਹਿਰਾਵੇ ਅਤੇ ਸ਼ਿੰਗਾਰ ਦੇ ਸੰਬੰਧ ਵਿਚ ਵੀ ਆਪਣੀ ਜਾਂਚ ਕਰਨੀ ਚਾਹੀਦੀ ਹੈ। ਮਾਪਿਓ, ਬੁੱਧੀਮਤਾ ਨਾਲ ਆਪਣੇ ਛੋਟੇ ਬੱਚਿਆਂ ਅਤੇ ਕਿਸ਼ੋਰਾਂ ਉੱਤੇ ਨਜ਼ਰ ਰੱਖੋ ਕਿ ਉਹ ਕੀ ਪਾਉਣਗੇ। ਨਿਸ਼ਚਿਤ ਕਰੋ ਕਿ ਅਸੀਂ ਸੰਸਾਰੀ ਸਟਾਈਲਾਂ ਅਤੇ ਫ਼ੈਸ਼ਨਾਂ ਨੂੰ ਆਪਣੀ ਮਸੀਹੀ ਦਿੱਖ ਉੱਤੇ ਭੈੜਾ ਅਸਰ ਨਹੀਂ ਪਾਉਣ ਦੇ ਰਹੇ ਹਾਂ।
14 ਚੰਗਾ ਆਚਰਣ ਰੱਖੋ: ਚੰਗਾ ਆਚਰਣ ਸੱਚੇ ਮਸੀਹੀਆਂ ਦੀ ਵਿਸ਼ੇਸ਼ਤਾ ਹੈ। (1 ਪਤ. 2:12) ਭਾਵੇਂ ਅਸੀਂ ਜਿੱਥੇ ਕਿਤੇ ਵੀ ਹੋਈਏ—ਮਹਾਂ-ਸੰਮੇਲਨ ਵਿਖੇ, ਰੈਸਤੋਰਾਂ ਵਿਚ, ਹੋਟਲਾਂ ਵਿਚ, ਅਤੇ ਸਫ਼ਰ ਕਰਦੇ ਸਮੇਂ—ਸਾਡਾ ਵਤੀਰਾ ਇਕ ਚੰਗੀ ਗਵਾਹੀ ਦੇ ਸਕਦਾ ਹੈ ਅਤੇ ਦੂਜਿਆਂ ਨੂੰ ਇਹ ਦੇਖਣ ਵਿਚ ਮਦਦ ਦੇ ਸਕਦਾ ਹੈ ਕਿ ਪਰਮੇਸ਼ੁਰ ਵਿਚ ਅਤੇ ਉਸ ਦੇ ਬਚਨ ਵਿਚ ਨਿਹਚਾ ਲੋਕਾਂ ਉੱਤੇ ਕੀ ਪ੍ਰਭਾਵ ਪਾ ਸਕਦਾ ਹੈ। ਇਹ ਸ਼ਾਇਦ ਕੁਝ ਲੋਕਾਂ ਨੂੰ ਯਹੋਵਾਹ ਨੂੰ ਜਾਣਨ ਲਈ ਪ੍ਰੇਰਿਤ ਕਰੇ। (ਤੁਲਨਾ ਕਰੋ 1 ਪਤਰਸ 3:1, 2.) ਸਾਨੂੰ ਆਪਣੇ ਆਚਰਣ ਦੁਆਰਾ ਪਰਮੇਸ਼ੁਰ ਦੀ ਮਹਿਮਾ ਕਰਨ ਦਾ ਵਿਸ਼ੇਸ਼-ਸਨਮਾਨ ਹਾਸਲ ਹੈ। ਇਕ ਹੋਟਲ ਦੀ ਮੈਨੇਜਮੈਂਟ ਨੇ ਕਿਹਾ ਕਿ ਸਾਡੇ ਪ੍ਰਤਿਨਿਧ “ਉੱਥੇ ਠਹਿਰਨ ਵਾਲੇ ਲੋਕਾਂ ਵਿੱਚੋਂ ਸਭ ਤੋਂ ਚੰਗਾ ਅਤੇ ਸੁਸ਼ੀਲ ਸਮੂਹ ਹੈ।” ਉਨ੍ਹਾਂ ਨੇ ਅੱਗੇ ਕਿਹਾ: “ਭਵਿੱਖ ਵਿਚ ਤੁਹਾਡਾ ਦੁਬਾਰਾ ਆਉਣਾ ਸਾਡੇ ਲਈ ਇਕ ਵਿਸ਼ੇਸ਼-ਸਨਮਾਨ ਹੋਵੇਗਾ।” ਇਕ ਹੋਰ ਜਗ੍ਹਾ ਦੇ ਇਕ ਟੂਰਿਜ਼ਮ ਅਧਿਕਾਰੀ ਨੇ ਲਿਖਿਆ: “ਹਰ ਸਾਲ, ਸਾਡਾ ਪੂਰਾ ਸਮਾਜ ਉਤਸੁਕਤਾ ਨਾਲ ਵਾਚਟਾਵਰ ਸੰਸਥਾ ਦੇ ਸੰਮੇਲਨ ਦੀ ਉਡੀਕ ਕਰਦਾ ਹੈ। ਤੁਹਾਡੇ ਮੈਂਬਰ ਸੱਚ-ਮੁੱਚ ਆਨੰਦਦਾਇਕ ਹਨ; ਇੰਤਹਾਈ ਅਦਬ ਅਤੇ ਆਦਰ ਨਾਲ ਵਰਤਾਉ ਕਰਦੇ ਹਨ। ਸਾਡੇ ਕਾਰੋਬਾਰੀ ਲੋਕ ਇਸ ਗੱਲ ਨੂੰ ਪਛਾਣਦੇ ਹਨ ਅਤੇ ਹਰ ਸਾਲ ਆਪਣੇ ਪਰਾਹੁਣਿਆਂ ਦੇ ‘ਭਾਈਚਾਰੇ’ ਦੀ ਵਾਪਸੀ ਦੀ ਉਡੀਕ ਕਰਦੇ ਹਨ।” ਅਜਿਹੀਆਂ ਰਿਪੋਰਟਾਂ ਪੜ੍ਹ ਕੇ ਖ਼ੁਸ਼ੀ ਹੁੰਦੀ ਹੈ, ਹੈ ਕਿ ਨਹੀਂ? ਪਰੰਤੂ, ਚੌਕਸ ਰਹਿਣ ਦੀ ਲੋੜ ਹੈ, ਤਾਂਕਿ ਅਸੀਂ ਯਹੋਵਾਹ ਦੇ ਲੋਕਾਂ ਦੀ ਨੇਕਨਾਮੀ ਨੂੰ ਬਣਾਈ ਰੱਖ ਸਕੀਏ।
15 ਅਨੇਕ ਯਾਦ-ਦਹਾਨੀਆਂ ਦਿੱਤੀਆਂ ਗਈਆਂ ਹਨ ਕਿ ਆਪਣੇ ਬੱਚਿਆਂ ਨੂੰ ਕਾਬੂ ਵਿਚ ਰੱਖੋ, ਅਤੇ ਉਨ੍ਹਾਂ ਨੂੰ ਹੋਟਲਾਂ ਵਿਚ ਬਿਨਾਂ ਨਿਗਰਾਨੀ ਦੇ ਭੱਜ-ਦੌੜ ਕਰਨ ਅਤੇ ਦੂਜੇ ਮਹਿਮਾਨਾਂ ਨੂੰ ਪਰੇਸ਼ਾਨ ਕਰਨ ਨਾ ਦਿਓ। ਹਰ ਸਾਲ, ਸੰਸਥਾ ਨੂੰ ਰਿਪੋਰਟਾਂ ਮਿਲਦੀਆਂ ਹਨ ਕਿ ਸਾਡੇ ਕੁਝ ਬੱਚੇ ਨਿਗਰਾਨੀ ਰਹਿਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਹੋਟਲਾਂ ਦੇ ਲਾਂਘੇ ਅਤੇ ਜਨਤਕ ਥਾਵਾਂ ਵਿਚ ਦੌੜਦੇ ਹੋਏ ਦੇਖਿਆ ਗਿਆ ਹੈ। ਇਕ ਮੈਨੇਜਰ ਜੋ ਆਪਣੇ ਹੋਟਲ ਵਿਚ ਇਕ ਰਾਤ ਲਈ ਰੁਕਿਆ ਸੀ, ਦੀ ਨੀਂਦ ਰਾਤ ਦੇ 11 ਵਜੇ ਮਗਰੋਂ ਦੋ ਵਾਰ ਟੁੱਟੀ ਜਦੋਂ ਸਾਡੇ ਬੱਚਿਆਂ ਦੇ ਸਮੂਹ ਦੂਜੇ ਗਵਾਹਾਂ ਦੀ ਭਾਲ ਵਿਚ ਹਰ ਇਕ ਕਮਰੇ ਦੇ ਦਰਵਾਜ਼ੇ ਤੇ ਦਸਤਕ ਦੇ ਰਹੇ ਸਨ। ਹਾਲਾਂਕਿ ਮਹਾਂ-ਸੰਮੇਲਨ ਸਾਨੂੰ ਮੌਕਾ ਦਿੰਦੇ ਹਨ ਕਿ ਅਸੀਂ ਆਪਣੇ ਭੈਣ-ਭਰਾਵਾਂ ਨਾਲ ਮੁਲਾਕਾਤ ਅਤੇ ਸੰਗਤ ਕਰੀਏ, ਮਾਪਿਆਂ ਨੂੰ ਫਿਰ ਵੀ ਆਪਣੇ ਬੱਚਿਆਂ ਉੱਤੇ ਹਰ ਸਮੇਂ ਨਿਗਰਾਨੀ ਰੱਖਣ ਦੀ ਆਪਣੀ ਜ਼ਿੰਮੇਵਾਰੀ ਯਾਦ ਰੱਖਣੀ ਚਾਹੀਦੀ ਹੈ। ਇਹ ਜ਼ਿੰਮੇਵਾਰੀ ਯਹੋਵਾਹ ਹਰੇਕ ਮਾਤਾ ਜਾਂ ਪਿਤਾ ਨੂੰ ਦਿੰਦਾ ਹੈ। (ਕਹਾ. 1:8; ਅਫ਼. 6:4) ਨਿਗਰਾਨੀ ਰਹਿਤ ਬੱਚਿਆਂ ਦੀਆਂ ਹਰਕਤਾਂ ਉਸ ਨੇਕਨਾਮੀ ਉੱਤੇ ਪਾਣੀ ਫੇਰ ਸਕਦੀਆਂ ਹਨ ਜੋ ਦੂਜੇ ਯਹੋਵਾਹ ਦੇ ਗਵਾਹਾਂ ਨੇ ਬਹੁਤ ਮਿਹਨਤ ਨਾਲ ਬਣਾਈ ਹੈ।—ਕਹਾ. 29:15.
16 ਜੇਕਰ ਤੁਸੀਂ ਹੋਟਲ ਵਿਚ ਰਹਿ ਰਹੇ ਹੋ, ਤਾਂ ਯਾਦ ਰੱਖੋ ਕਿ ਹੋਟਲ ਦੇ ਕਮਰਿਆਂ ਵਿਚ ਖਾਣਾ ਨਹੀਂ ਪਕਾਉਣਾ ਚਾਹੀਦਾ ਹੈ ਜਦ ਤਕ ਕਿ ਇਸ ਮਕਸਦ ਲਈ ਉੱਥੇ ਇਕ ਰਸੋਈ ਨਾ ਹੋਵੇ। ਯਾਦ ਰੱਖੋ ਕਿ ਜਦੋਂ ਤੁਸੀਂ ਨਿੱਜੀ ਸੇਵਾ ਹਾਸਲ ਕਰਦੇ ਹੋ ਤਾਂ ਟਿੱਪ ਦੇਣੀ ਉਚਿਤ ਹੈ, ਖ਼ਾਸ ਤੌਰ ਤੇ ਜਦ ਕਿ ਅਨੇਕ ਲੋਕ ਜੋ ਜਨਤਾ ਦੀ ਸੇਵਾ ਕਰਦੇ ਹਨ, ਜਿਵੇਂ ਕਿ ਵੇਟਰ, ਸਫ਼ਾਈ ਕਰਨ ਵਾਲੇ, ਅਤੇ ਨੌਕਰਾਣੀਆਂ ਆਪਣੇ ਰੁਜ਼ਗਾਰ ਲਈ ਬਹੁਤ ਹੱਦ ਤਕ ਟਿੱਪਾਂ ਉੱਤੇ ਨਿਰਭਰ ਕਰਦੇ ਹਨ। ਯਹੋਵਾਹ ਦੇ ਗਵਾਹ ਹੋਣ ਦੇ ਨਾਤੇ, ਅਸੀਂ ਇਸ ਸੰਬੰਧ ਵਿਚ ਵੀ ਸ਼ਿਸ਼ਟਾਚਾਰ ਦਿਖਾਉਣਾ ਚਾਹੁੰਦੇ ਹਾਂ।—ਦੇਖੋ ਜੂਨ 22, 1986, ਦਾ ਜਾਗਰੂਕ ਬਣੋ! (ਅੰਗ੍ਰੇਜ਼ੀ), ਸਫ਼ੇ 24-7.
17 ਮਹਾਂ-ਸੰਮੇਲਨ ਦਾ ਖ਼ਰਚਾ ਪੂਰਾ ਕਰਨਾ: ਮਹਾਂ-ਸੰਮੇਲਨਾਂ ਵਿਚ ਹਾਜ਼ਰ ਹੋਣ ਲਈ ਸਾਡੇ ਸਾਰਿਆਂ ਦਾ ਕਾਫ਼ੀ ਖ਼ਰਚਾ ਹੋਵੇਗਾ। ਸਾਨੂੰ ਇਕ ਹੋਰ ਖ਼ਰਚੇ ਬਾਰੇ ਵੀ ਸੋਚਣਾ ਚਾਹੀਦਾ ਹੈ। ਮਹਾਂ-ਸੰਮੇਲਨਾਂ ਲਈ ਵਰਤੀਆਂ ਜਾਣ ਵਾਲੀਆਂ ਸਹੂਲਤਾਂ ਮਹਿੰਗੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਦੂਜੇ ਖ਼ਰਚੇ ਵੀ ਹਨ ਜਿਨ੍ਹਾਂ ਨੂੰ ਪੂਰਾ ਕਰਨ ਦੀ ਲੋੜ ਪੈਂਦੀ ਹੈ। ਮਹਾਂ-ਸੰਮੇਲਨਾਂ ਤੇ ਸਾਡੇ ਉਦਾਰ ਚੰਦੇ ਦੀ ਬਹੁਤ ਕਦਰ ਕੀਤੀ ਜਾਂਦੀ ਹੈ।—ਰਸੂ. 20:35; 2 ਕੁਰਿੰ. 9:7, 11, 13.
18 ਸੀਟਾਂ ਦਾ ਪ੍ਰਬੰਧ: ਕਈ ਸਾਲਾਂ ਤੋਂ ਦਿੱਤੇ ਜਾ ਰਹੇ ਨਿਰਦੇਸ਼ਨ ਅਜੇ ਵੀ ਲਾਗੂ ਹੋਣਗੇ, ਅਰਥਾਤ, ਸੀਟਾਂ ਕੇਵਲ ਤੁਹਾਡੇ ਨਜ਼ਦੀਕੀ ਪਰਿਵਾਰਕ ਸਦੱਸਾਂ ਲਈ ਅਤੇ ਉਨ੍ਹਾਂ ਵਿਅਕਤੀਆਂ ਲਈ ਮੱਲੀਆਂ ਜਾ ਸਕਦੀਆਂ ਹਨ ਜੋ ਤੁਹਾਡੇ ਨਜ਼ਦੀਕੀ ਸਮੂਹ ਵਿਚ ਤੁਹਾਡੇ ਨਾਲ ਸ਼ਾਇਦ ਸਫ਼ਰ ਕਰ ਰਹੇ ਹੋਣ। ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਹਾਲ ਹੀ ਦੇ ਸਾਲਾਂ ਵਿਚ ਜ਼ਿਆਦਾ ਲੋਕ ਇਨ੍ਹਾਂ ਨਿਰਦੇਸ਼ਨਾਂ ਦੀ ਪੈਰਵੀ ਕਰ ਰਹੇ ਹਨ, ਅਤੇ ਇਸ ਕਾਰਨ ਮਹਾਂ-ਸੰਮੇਲਨਾਂ ਵਿਖੇ ਜ਼ਿਆਦਾ ਪ੍ਰੇਮਮਈ ਮਾਹੌਲ ਪੈਦਾ ਹੋਇਆ ਹੈ। ਜ਼ਿਆਦਾਤਰ ਥਾਵਾਂ ਤੇ ਕੁਝ ਸੀਟਾਂ ਦੂਜੀਆਂ ਨਾਲੋਂ ਜ਼ਿਆਦਾ ਪਹੁੰਚਣਯੋਗ ਹੁੰਦੀਆਂ ਹਨ। ਕਿਰਪਾ ਕਰ ਕੇ ਲਿਹਾਜ਼ ਦਿਖਾਓ, ਅਤੇ ਜ਼ਿਆਦਾ ਅਨੁਕੂਲ ਸੀਟਾਂ ਉਨ੍ਹਾਂ ਲਈ ਖਾਲੀ ਛੱਡੋ ਜਿਨ੍ਹਾਂ ਦੇ ਹਾਲਾਤ ਇਨ੍ਹਾਂ ਨੂੰ ਲਾਜ਼ਮੀ ਬਣਾਉਂਦੇ ਹਨ।
19 ਕੈਮਰੇ, ਵਿਡਿਓ ਕੈਮਰੇ, ਅਤੇ ਟੇਪ ਰਿਕਾਰਡਰ: ਕੈਮਰਿਆਂ ਅਤੇ ਰਿਕਾਰਡਿੰਗ ਸਾਜ਼-ਸਾਮਾਨ ਨੂੰ ਮਹਾਂ-ਸੰਮੇਲਨਾਂ ਵਿਖੇ ਵਰਤਿਆ ਜਾ ਸਕਦਾ ਹੈ। ਪਰੰਤੂ, ਸਾਨੂੰ ਇਨ੍ਹਾਂ ਦੀ ਵਰਤੋਂ ਦੁਆਰਾ ਦੂਜੇ ਹਾਜ਼ਰ ਲੋਕਾਂ ਦਾ ਧਿਆਨ ਭੰਗ ਨਹੀਂ ਕਰਨਾ ਚਾਹੀਦਾ ਹੈ। ਸਾਨੂੰ ਸੈਸ਼ਨਾਂ ਦੇ ਦੌਰਾਨ ਤਸਵੀਰਾਂ ਲੈਂਦੇ ਹੋਏ ਇਧਰ-ਉਧਰ ਘੁੰਮਣਾ ਨਹੀਂ ਚਾਹੀਦਾ ਹੈ, ਕਿਉਂਕਿ ਇਹ ਦੂਜਿਆਂ ਦਾ ਧਿਆਨ ਭੰਗ ਕਰੇਗਾ ਜੋ ਕਾਰਜਕ੍ਰਮ ਉੱਤੇ ਧਿਆਨ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸੇ ਵੀ ਪ੍ਰਕਾਰ ਦੇ ਰਿਕਾਰਡਿੰਗ ਸਾਜ਼-ਸਾਮਾਨ ਨੂੰ ਬਿਜਲਈ ਪ੍ਰਣਾਲੀ ਜਾਂ ਸਾਉਂਡ ਸਿਸਟਮ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ, ਨਾ ਹੀ ਇਨ੍ਹਾਂ ਨੂੰ ਲਾਂਘਿਆਂ, ਰਸਤਿਆਂ, ਜਾਂ ਦੂਜਿਆਂ ਦੀ ਦ੍ਰਿਸ਼ਟੀ ਵਿਚ ਰੁਕਾਵਟ ਪਾਉਣਾ ਚਾਹੀਦਾ ਹੈ।
20 ਪ੍ਰਥਮ ਡਾਕਟਰੀ ਸਹਾਇਤਾ: ਪ੍ਰਥਮ ਡਾਕਟਰੀ ਸਹਾਇਤਾ ਵਿਭਾਗ ਕੇਵਲ ਸੰਕਟਕਾਲੀਨ ਇਲਾਜ ਲਈ ਹੈ। ਇਹ ਚਿਰਕਾਲੀ ਬੀਮਾਰਾਂ ਦੀ ਦੇਖ-ਭਾਲ ਕਰਨ ਵਿਚ ਅਸਮਰਥ ਹੈ। ਇਸ ਲਈ ਤੁਹਾਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਸੰਬੰਧੀ ਲੋੜਾਂ ਬਾਰੇ ਪਹਿਲਾਂ ਤੋਂ ਹੀ ਸੋਚਣਾ ਚਾਹੀਦਾ ਹੈ। ਕਿਰਪਾ ਕਰ ਕੇ ਆਪਣੇ ਨਾਲ ਐਸਪਰੀਨ ਗੋਲੀਆਂ, ਪਾਚਕ ਦਵਾਈਆਂ, ਮਲ੍ਹਮ-ਪੱਟੀਆਂ, ਸੇਫ਼ਟੀ ਪਿੰਨ, ਆਦਿ ਲਿਆਓ, ਕਿਉਂਕਿ ਅਜਿਹੀਆਂ ਚੀਜ਼ਾਂ ਮਹਾਂ-ਸੰਮੇਲਨ ਵਿਖੇ ਉਪਲਬਧ ਨਹੀਂ ਹੋਣਗੀਆਂ। ਜਿਨ੍ਹਾਂ ਨੂੰ ਦੌਰੇ, ਇਨਸੁਲੀਨ ਸਦਮੇ, ਦਿਲ ਦੀਆਂ ਸਮੱਸਿਆਵਾਂ, ਆਦਿ ਦਾ ਖ਼ਤਰਾ ਰਹਿੰਦਾ ਹੈ, ਉਨ੍ਹਾਂ ਨੂੰ ਜਿੰਨਾ ਮੁਮਕਿਨ ਹੋਵੇ ਉੱਨੇ ਹੱਦ ਤਕ ਆਪਣੀਆਂ ਲੋੜਾਂ ਦਾ ਪੂਰਵ-ਅਨੁਮਾਨ ਲਾਉਣਾ ਚਾਹੀਦਾ ਹੈ। ਉਨ੍ਹਾਂ ਕੋਲ ਲੋੜੀਂਦੀ ਦਵਾਈ ਹੋਣੀ ਚਾਹੀਦੀ ਹੈ, ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਪਰਿਵਾਰ ਜਾਂ ਕਲੀਸਿਯਾ ਦਾ ਕੋਈ ਮੈਂਬਰ ਹਮੇਸ਼ਾ ਉਨ੍ਹਾਂ ਦੇ ਨਾਲ ਰਹਿਣਾ ਚਾਹੀਦਾ ਹੈ ਜੋ ਉਨ੍ਹਾਂ ਦੀ ਸਥਿਤੀ ਨੂੰ ਸਮਝਦਾ ਹੈ। ਮਹਾਂ-ਸੰਮੇਲਨਾਂ ਵਿਖੇ ਸਮੱਸਿਆਵਾਂ ਉੱਠੀਆਂ ਹਨ ਜਦੋਂ ਚਿਰਕਾਲੀ ਸਿਹਤ ਸਮੱਸਿਆਵਾਂ ਵਾਲੇ ਵਿਅਕਤੀਆਂ ਨੂੰ ਇਕੱਲੇ ਛੱਡਿਆ ਗਿਆ ਸੀ ਅਤੇ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਜੇਕਰ ਖ਼ਾਸ ਸਿਹਤ ਸੰਬੰਧੀ ਜ਼ਰੂਰਤਾਂ ਵਾਲੇ ਕੁਝ ਵਿਅਕਤੀਆਂ ਦੇ ਪਰਿਵਾਰ ਵਿਚ ਅਜਿਹੇ ਜੀਅ ਨਹੀਂ ਹਨ ਜੋ ਉਨ੍ਹਾਂ ਦੀ ਸਹਾਇਤਾ ਕਰ ਸਕਣ, ਤਾਂ ਉਨ੍ਹਾਂ ਦੀ ਕਲੀਸਿਯਾ ਦੇ ਬਜ਼ੁਰਗਾਂ ਨੂੰ ਇਸ ਸਥਿਤੀ ਬਾਰੇ ਜਾਣਨ ਅਤੇ ਮਦਦ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਲੋੜ ਪਵੇਗੀ।
21 ਮਹਾਂ-ਸੰਮੇਲਨ ਵਿਖੇ ਭੋਜਨ: ਮਹਾਂ-ਸੰਮੇਲਨਾਂ ਵਿਖੇ ਕੇਵਲ ਹਲਕਾ ਜਲਪਾਨ ਹੋਣ ਅਤੇ ਭੋਜਨ ਸੇਵਾ ਨਾ ਹੋਣ ਕਰਕੇ ਹੋਰ ਜ਼ਿਆਦਾ ਲੋਕ ਸਾਰੇ ਸੈਸ਼ਨਾਂ ਦੌਰਾਨ ਅਧਿਆਤਮਿਕ ਭੋਜਨ ਉੱਤੇ ਧਿਆਨ ਕੇਂਦ੍ਰਿਤ ਕਰਨ ਲਈ ਵਿਹਲੇ ਹੋਏ ਹਨ। ਜਦੋਂ ਤੋਂ ਇਹ ਪ੍ਰਬੰਧ ਸ਼ੁਰੂ ਕੀਤਾ ਗਿਆ ਹੈ, ਉਦੋਂ ਤੋਂ ਇਸ ਸਰਲੀਕਰਨ ਲਈ ਕਾਫ਼ੀ ਕਦਰਦਾਨੀ ਦੇ ਪ੍ਰਗਟਾਵੇ ਹਾਸਲ ਹੋਏ ਹਨ। ਜਿਨ੍ਹਾਂ ਨੂੰ ਲੋੜ ਮਹਿਸੂਸ ਹੁੰਦੀ ਹੈ, ਉਨ੍ਹਾਂ ਨੂੰ ਦੁਪਹਿਰ ਦੇ ਵਕਫ਼ੇ ਲਈ ਆਪਣੇ ਵਾਸਤੇ ਅਜਿਹੇ ਵਿਵਹਾਰਕ, ਪੌਸ਼ਟਿਕ ਭੋਜਨ ਲਿਆਉਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ, ਜੋ ਕਿ ਜੁਲਾਈ 1995 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਦੇ ਅੰਤਰ-ਪੱਤਰ ਵਿਚ ਸੁਝਾਏ ਗਏ ਸਨ। ਕੱਚ ਦੇ ਬਰਤਨ ਜਾਂ ਸ਼ਰਾਬ ਪਦਾਰਥ ਮਹਾਂ-ਸੰਮੇਲਨ ਸਥਾਨ ਵਿਖੇ ਨਹੀਂ ਲਿਆਏ ਜਾਣੇ ਚਾਹੀਦੇ ਹਨ। ਖਾਣੇ ਦੇ ਡੱਬੇ ਅਤੇ ਪਾਣੀ ਦੇ ਜੱਗ ਇੰਨੇ ਛੋਟੇ ਹੋਣੇ ਚਾਹੀਦੇ ਹਨ ਕਿ ਉਨ੍ਹਾਂ ਨੂੰ ਆਪਣੀ ਸੀਟ ਹੇਠਾਂ ਰੱਖਿਆ ਜਾ ਸਕੇ। ਹਾਜ਼ਰੀਨ ਵਿੱਚੋਂ ਕਈਆਂ ਨੂੰ ਕਾਰਜਕ੍ਰਮ ਦੌਰਾਨ ਖਾਂਦੇ-ਪੀਂਦੇ ਦੇਖਿਆ ਗਿਆ ਹੈ। ਇੰਜ ਕਰਨਾ ਨਿਰਾਦਰ ਦੀ ਗੱਲ ਹੈ। ਜਿੱਥੇ ਮਹਾਂ-ਸੰਮੇਲਨ ਸਥਾਨ ਦੇ ਅੰਦਰ ਜਾਂ ਬਾਹਰ ਆਹਾਰ ਵੇਚਣ ਵਾਲੇ ਹੁੰਦੇ ਹਨ, ਕੁਝ ਭਰਾਵਾਂ ਨੂੰ ਕਾਰਜਕ੍ਰਮ ਦੌਰਾਨ ਇਨ੍ਹਾਂ ਤੋਂ ਖ਼ਰੀਦਾਰੀ ਕਰਦੇ ਹੋਏ ਦੇਖਿਆ ਗਿਆ ਹੈ। ਅਜਿਹਾ ਕਰਨਾ ਉਚਿਤ ਨਹੀਂ ਹੈ। ਅਸੀਂ ਆਪਣੀ ਅਧਿਆਤਮਿਕ ਦਾਅਵਤ ਦੀ ਅਤੇ ਆਪਣੇ ਦੁਪਹਿਰ ਦੇ ਥੋੜ੍ਹੇ ਸਮੇਂ ਦੇ ਵਕਫ਼ੇ ਦੌਰਾਨ ਭਾਈਬੰਦੀ ਦੇ ਤਣਾਉ-ਮੁਕਤ, ਸ਼ਾਂਤਮਈ ਮਾਹੌਲ ਦੀ ਸੱਚ-ਮੁੱਚ ਕਦਰ ਪਾਉਂਦੇ ਹਾਂ। ਇਸ ਪ੍ਰਬੰਧ ਦੇ ਮਕਸਦ ਅਨੁਸਾਰ, ਆਪਣੇ ਭਰਾਵਾਂ ਅਤੇ ਭੈਣਾਂ ਨਾਲ ਸੰਗਤ ਦਾ ਆਨੰਦ ਮਾਣਨ ਲਈ ਇਸ ਸਮੇਂ ਦੀ ਵਰਤੋਂ ਕਰੋ।
22 ਅਸੀਂ ਕਿੰਨੇ ਖ਼ੁਸ਼ ਹਾਂ ਕਿ “ਪਰਮੇਸ਼ੁਰ ਦੇ ਬਚਨ ਵਿਚ ਨਿਹਚਾ” ਜ਼ਿਲ੍ਹਾ ਮਹਾਂ-ਸੰਮੇਲਨ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ! ਅਸੀਂ ਸਾਰੇ ਨਿਸ਼ਚਿਤ ਹੋਣਾ ਚਾਹੁੰਦੇ ਹਾਂ ਕਿ ਪੂਰੇ ਕਾਰਜਕ੍ਰਮ ਲਈ ਹਾਜ਼ਰ ਹੋਣ ਵਾਸਤੇ ਸਾਡੀ ਪੂਰੀ ਤਿਆਰੀ ਹੋ ਚੁੱਕੀ ਹੈ, ਤਾਂਕਿ ਅਸੀਂ ਉਸ ਵਧੀਆ ਅਧਿਆਤਮਿਕ ਦਾਅਵਤ ਦਾ ਪੂਰਾ ਆਨੰਦ ਲੈ ਸਕੀਏ ਜੋ ਯਹੋਵਾਹ ਨੇ ਆਪਣੇ ਸੰਗਠਨ ਦੁਆਰਾ ਸਾਡੇ ਲਈ ਤਿਆਰ ਕੀਤੀ ਹੈ। ਇਸ ਤਰੀਕੇ ਨਾਲ ਅਸੀਂ ਆਉਣ ਵਾਲੇ ਦਿਨਾਂ ਵਿਚ “ਹਰੇਕ ਭਲੇ ਕੰਮ ਲਈ ਤਿਆਰ” ਹੋਵਾਂਗੇ।—2 ਤਿਮੋ. 3:17.
[ਸਫ਼ੇ 6 ਉੱਤੇ ਡੱਬੀ]
ਜ਼ਿਲ੍ਹਾ ਮਹਾਂ-ਸੰਮੇਲਨ ਯਾਦ-ਦਹਾਨੀਆਂ
ਬਪਤਿਸਮਾ: ਸਿਨੱਚਰਵਾਰ ਸਵੇਰ ਨੂੰ ਕਾਰਜਕ੍ਰਮ ਆਰੰਭ ਹੋਣ ਤੋਂ ਪਹਿਲਾਂ, ਬਪਤਿਸਮਕ ਉਮੀਦਵਾਰਾਂ ਨੂੰ ਨਿਯਤ ਸੀਟਾਂ ਤੇ ਬੈਠੇ ਹੋਣਾ ਚਾਹੀਦਾ ਹੈ। ਬਪਤਿਸਮਾ ਲੈਣ ਦੀ ਯੋਜਨਾ ਬਣਾਉਣ ਵਾਲੇ ਹਰੇਕ ਵਿਅਕਤੀ ਨੂੰ ਇਕ ਉਚਿਤ ਤਰਨ-ਬਸਤਰ ਅਤੇ ਤੌਲੀਆ ਲਿਆਉਣਾ ਚਾਹੀਦਾ ਹੈ। ਬਪਤਿਸਮਕ ਉਮੀਦਵਾਰਾਂ ਨਾਲ ਆਪਣੀ ਸੇਵਕਾਈ (ਅੰਗ੍ਰੇਜ਼ੀ) ਪੁਸਤਕ ਵਿੱਚੋਂ ਸਵਾਲਾਂ ਦਾ ਪੁਨਰ-ਵਿਚਾਰ ਕਰ ਰਹੇ ਬਜ਼ੁਰਗਾਂ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਹਰੇਕ ਵਿਅਕਤੀ ਇਨ੍ਹਾਂ ਨੁਕਤਿਆਂ ਨੂੰ ਸਮਝਦਾ ਹੈ। ਭਾਸ਼ਣਕਾਰ ਦੁਆਰਾ ਬਪਤਿਸਮਾ ਭਾਸ਼ਣ ਅਤੇ ਪ੍ਰਾਰਥਨਾ ਤੋਂ ਬਾਅਦ, ਸੈਸ਼ਨ ਸਭਾਪਤੀ ਇਕ ਗੀਤ ਗਾਉਣ ਲਈ ਸੱਦਾ ਦੇਵੇਗਾ। ਅਖ਼ੀਰਲੇ ਬੰਦ ਤੋਂ ਬਾਅਦ, ਸੇਵਾਦਾਰ ਉਮੀਦਵਾਰਾਂ ਨੂੰ ਬਪਤਿਸਮੇ ਦੀ ਥਾਂ ਨੂੰ ਲੈ ਜਾਣਗੇ। ਇਕ ਵਿਅਕਤੀ ਦੇ ਸਮਰਪਣ ਦੇ ਪ੍ਰਤੀਕ ਵਜੋਂ ਬਪਤਿਸਮਾ ਉਸ ਦੇ ਅਤੇ ਯਹੋਵਾਹ ਦੇ ਦਰਮਿਆਨ ਇਕ ਨੇੜਲਾ ਅਤੇ ਨਿੱਜੀ ਮਾਮਲਾ ਹੈ। ਇਸ ਲਈ, ਉਮੀਦਵਾਰਾਂ ਲਈ ਇਕ ਦੂਜੇ ਨਾਲ ਗਲਵੱਕੜੀ ਪਾ ਕੇ ਜਾਂ ਹੱਥ ਫੜ ਕੇ ਬਪਤਿਸਮਾ ਲੈਣਾ ਉਚਿਤ ਨਹੀਂ ਹੈ।
ਬੈਜ ਕਾਰਡ: ਕਿਰਪਾ ਕਰ ਕੇ ਮਹਾਂ-ਸੰਮੇਲਨ ਦੇ ਸ਼ਹਿਰ ਵਿਚ ਅਤੇ ਇਸ ਨੂੰ ਆਉਂਦਿਆਂ ਜਾਂਦਿਆਂ 1997 ਬੈਜ ਕਾਰਡ ਨੂੰ ਹਰ ਸਮੇਂ ਲਗਾਈ ਰੱਖੋ। ਇਹ ਅਕਸਰ ਸਾਨੂੰ ਇਕ ਚੰਗੀ ਗਵਾਹੀ ਦੇਣ ਲਈ ਮੌਕੇ ਦਿੰਦਾ ਹੈ। ਬੈਜ ਕਾਰਡ ਅਤੇ ਹੋਲਡਰ ਆਪਣੀ ਕਲੀਸਿਯਾ ਦੁਆਰਾ ਹਾਸਲ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਇਹ ਮਹਾਂ-ਸੰਮੇਲਨ ਵਿਖੇ ਉਪਲਬਧ ਨਹੀਂ ਹੋਣਗੇ। ਆਪਣੇ ਅਤੇ ਆਪਣੇ ਪਰਿਵਾਰ ਲਈ ਕਾਰਡ ਦੀ ਦਰਖ਼ਾਸਤ ਕਰਨ ਲਈ ਮਹਾਂ-ਸੰਮੇਲਨ ਤੋਂ ਕੁਝ ਹੀ ਦਿਨ ਪਹਿਲਾਂ ਤਕ ਉਡੀਕ ਨਾ ਕਰੋ। ਆਪਣਾ ਚਾਲੂ ਅਗਾਊਂ ਚਿਕਿਤਸਾ ਨਿਰਦੇਸ਼/ਰਿਹਾਈ ਕਾਰਡ ਆਪਣੇ ਨਾਲ ਲੈ ਜਾਣਾ ਯਾਦ ਰੱਖੋ।
ਨਿਵਾਸ ਦਾ ਪ੍ਰਬੰਧ: ਜੇਕਰ ਤੁਹਾਨੂੰ ਇਸ ਸੰਬੰਧ ਵਿਚ ਕੋਈ ਸਮੱਸਿਆ ਪੇਸ਼ ਆਵੇ, ਤਾਂ ਕਿਰਪਾ ਕਰ ਕੇ ਨਿਵਾਸ ਵਿਭਾਗ ਨੂੰ ਉਦੋਂ ਹੀ ਸੂਚਿਤ ਕਰਨ ਤੋਂ ਨਾ ਝਿਜਕੋ ਜਦੋਂ ਤੁਸੀਂ ਅਜੇ ਮਹਾਂ-ਸੰਮੇਲਨ ਵਿਖੇ ਮੌਜੂਦ ਹੁੰਦੇ ਹੋ, ਤਾਂਕਿ ਉਹ ਮਾਮਲੇ ਨੂੰ ਫੌਰਨ ਸੁਲਝਾਉਣ ਵਿਚ ਤੁਹਾਡੀ ਮਦਦ ਕਰ ਸਕਣ। ਕਲੀਸਿਯਾ ਸਕੱਤਰਾਂ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਨਿਵਾਸ ਦਰਖ਼ਾਸਤ ਫਾਰਮਾਂ ਨੂੰ ਤਤਪਰਤਾ ਸਹਿਤ ਉਪਯੁਕਤ ਮਹਾਂ-ਸੰਮੇਲਨ ਪਤਿਆਂ ਤੇ ਭੇਜਿਆ ਜਾਂਦਾ ਹੈ। ਜੇਕਰ ਤੁਹਾਨੂੰ ਕਿਸੇ ਨਿਵਾਸ-ਸਥਾਨ ਨੂੰ ਕੈਂਸਲ ਕਰਨਾ ਪਵੇ, ਤਾਂ ਤੁਹਾਨੂੰ ਮਹਾਂ-ਸੰਮੇਲਨ ਦੇ ਨਿਵਾਸ ਵਿਭਾਗ ਨੂੰ ਤੁਰੰਤ ਸੂਚਿਤ ਕਰਨਾ ਚਾਹੀਦਾ ਹੈ ਤਾਂਕਿ ਉਹ ਕਮਰਾ ਕਿਸੇ ਹੋਰ ਵਿਅਕਤੀ ਨੂੰ ਦਿੱਤਾ ਜਾ ਸਕੇ।
ਸਵੈ-ਇੱਛੁਕ ਸੇਵਾ: ਕੀ ਤੁਸੀਂ ਮਹਾਂ-ਸੰਮੇਲਨ ਵਿਖੇ ਕਿਸੇ ਇਕ ਵਿਭਾਗ ਵਿਚ ਸਹਾਇਤਾ ਕਰਨ ਲਈ ਕੁਝ ਸਮਾਂ ਕੱਢ ਸਕਦੇ ਹੋ? ਆਪਣੇ ਭਰਾਵਾਂ ਦੀ ਸੇਵਾ ਕਰਨੀ, ਚਾਹੇ ਸਿਰਫ਼ ਕੁਝ ਹੀ ਘੰਟਿਆਂ ਲਈ, ਬਹੁਤ ਸਹਾਇਕ ਹੋਵੇਗੀ ਅਤੇ ਨਿੱਜੀ ਤੌਰ ਤੇ ਅਤਿ ਸੰਤੁਸ਼ਟਤਾ ਲਿਆਉਂਦੀ ਹੈ। ਜੇਕਰ ਤੁਸੀਂ ਸਹਾਇਤਾ ਕਰ ਸਕਦੇ ਹੋ, ਤਾਂ ਮਹਾਂ-ਸੰਮੇਲਨ ਵਿਖੇ ਸਵੈ-ਇੱਛੁਕ ਸੇਵਾ ਵਿਭਾਗ ਨੂੰ ਰਿਪੋਰਟ ਕਰੋ। 16 ਸਾਲ ਦੀ ਉਮਰ ਤੋਂ ਛੋਟੇ ਬੱਚੇ ਵੀ ਆਪਣੀ ਮਾਤਾ ਜਾਂ ਪਿਤਾ ਜਾਂ ਕਿਸੇ ਦੂਜੇ ਜ਼ਿੰਮੇਵਾਰ ਬਾਲਗ ਦੀ ਨਿਗਰਾਨੀ ਹੇਠ ਕੰਮ ਕਰ ਕੇ ਚੰਗਾ ਯੋਗਦਾਨ ਦੇ ਸਕਦੇ ਹਨ।
ਚੌਕਸੀ ਦੇ ਸ਼ਬਦ: ਸੰਭਾਵੀ ਸਮੱਸਿਆਵਾਂ ਦੇ ਪ੍ਰਤੀ ਸਾਵਧਾਨ ਰਹੋ ਤਾਂਕਿ ਬੇਲੋੜੀਆਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕੇ। ਅਕਸਰ ਚੋਰ ਅਤੇ ਦੂਜੇ ਬੇਅਸੂਲੇ ਵਿਅਕਤੀ ਉਨ੍ਹਾਂ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਹਨ ਜੋ ਦੂਜੀ ਜਗ੍ਹਾ ਤੋਂ ਆਏ ਹੁੰਦੇ ਹਨ। ਚੋਰ ਅਤੇ ਜੇਬ-ਕਤਰੇ ਵੱਡੇ ਇਕੱਠਾਂ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਦੇ ਹਨ। ਆਪਣੀ ਸੀਟ ਉੱਤੇ ਕੋਈ ਵੀ ਕੀਮਤੀ ਚੀਜ਼ ਛੱਡਣੀ ਬੁੱਧੀਮਤਾ ਨਹੀਂ ਹੋਵੇਗੀ। ਤੁਸੀਂ ਨਿਸ਼ਚਿਤ ਨਹੀਂ ਹੋ ਸਕਦੇ ਹੋ ਕਿ ਤੁਹਾਡੇ ਆਲੇ-ਦੁਆਲੇ ਹਰੇਕ ਵਿਅਕਤੀ ਇਕ ਮਸੀਹੀ ਹੈ। ਅਸੀਂ ਕਿਉਂ ਕਿਸੇ ਨੂੰ ਲਲਚਾਈਏ? ਬਾਹਰਲਿਆਂ ਵਿਅਕਤੀਆਂ ਦੁਆਰਾ ਬੱਚਿਆਂ ਨੂੰ ਲੁਭਾ ਕੇ ਲੈ ਜਾਣ ਦੇ ਜਤਨਾਂ ਦੀਆਂ ਰਿਪੋਰਟਾਂ ਮਿਲੀਆਂ ਹਨ। ਆਪਣੇ ਬੱਚਿਆਂ ਨੂੰ ਹਮੇਸ਼ਾ ਆਪਣੀਆਂ ਨਜ਼ਰਾਂ ਦੇ ਸਾਮ੍ਹਣੇ ਰੱਖੋ।
ਕੁਝ ਹੋਟਲਾਂ ਵਿਚ ਉਪਲਬਧ ਟੈਲੀਵਿਯਨ ਅਤੇ ਵਿਡਿਓ ਸੇਵਾਵਾਂ ਕਾਮੀ ਅਤੇ ਅਸ਼ਲੀਲ ਕਾਰਜਕ੍ਰਮ ਪੇਸ਼ ਕਰਦੀਆਂ ਹਨ। ਇਸ ਫੰਦੇ ਤੋਂ ਸਾਵਧਾਨ ਰਹੋ, ਅਤੇ ਬੱਚਿਆਂ ਨੂੰ ਕਮਰੇ ਵਿਚ ਬਿਨਾਂ ਨਿਗਰਾਨੀ ਦੇ ਟੈਲੀਵਿਯਨ ਦੇਖਣ ਦੀ ਇਜਾਜ਼ਤ ਨਾ ਦਿਓ।
ਕਿਰਪਾ ਕਰ ਕੇ ਮਹਾਂ-ਸੰਮੇਲਨ ਸੰਬੰਧੀ ਕਿਸੇ ਵੀ ਮਾਮਲੇ ਬਾਰੇ ਜਾਣਕਾਰੀ ਹਾਸਲ ਕਰਨ ਲਈ, ਮਹਾਂ-ਸੰਮੇਲਨ ਆਡੀਟੋਰੀਅਮ ਦੀ ਮੈਨੇਜਮੈਂਟ ਨੂੰ ਫ਼ੋਨ ਨਾ ਕਰੋ ਅਤੇ ਨਾ ਹੀ ਚਿੱਠੀ ਲਿਖੋ। ਜੇਕਰ ਜਾਣਕਾਰੀ ਬਜ਼ੁਰਗਾਂ ਤੋਂ ਉਪਲਬਧ ਨਹੀਂ ਹੈ, ਤਾਂ ਤੁਸੀਂ ਕਿਸੇ ਖ਼ਾਸ ਮਹਾਂ-ਸੰਮੇਲਨ ਦੇ ਪਤੇ ਨੂੰ ਲਿਖ ਸਕਦੇ ਹੋ, ਜੋ ਕਿ ਜੁਲਾਈ 1997 ਦੀ ਸਾਡੀ ਰਾਜ ਸੇਵਕਾਈ ਵਿਚ ਪਾਏ ਜਾਂਦੇ ਹਨ।