ਬੱਚਿਓ—ਤੁਸੀਂ ਸਾਡੀ ਖ਼ੁਸ਼ੀ ਹੋ!
1 ਬੱਚਿਓ ਅਤੇ ਬੱਚੀਓ, ਕੀ ਤੁਸੀਂ ਜਾਣਦੇ ਹੋ ਕਿ ਯਹੋਵਾਹ ਨੇ ਤੁਹਾਨੂੰ ਵੀ ਕਲੀਸਿਯਾ ਦੀਆਂ ਸਰਗਰਮੀਆਂ ਵਿਚ ਸ਼ਾਮਲ ਕਰਨ ਦਾ ਹੁਕਮ ਦਿੱਤਾ ਹੈ? (ਬਿਵ. 31:12; ਜ਼ਬੂ. 127:3) ਜਿਉਂ-ਜਿਉਂ ਅਸੀਂ ਇਕੱਠੇ ਮਿਲ ਕੇ ਯਹੋਵਾਹ ਦੀ ਉਪਾਸਨਾ ਕਰਦੇ ਹਾਂ, ਤੁਹਾਡਾ ਸਾਡੇ ਨਾਲ ਹੋਣਾ ਇਕ ਖ਼ੁਸ਼ੀ ਦੀ ਗੱਲ ਹੈ! ਜਦੋਂ ਤੁਸੀਂ ਸਭਾਵਾਂ ਵਿਚ ਚੁੱਪ-ਚਾਪ ਬੈਠ ਕੇ ਧਿਆਨ ਨਾਲ ਸੁਣਦੇ ਹੋ, ਤਾਂ ਤੁਸੀਂ ਸਾਡੇ ਦਿਲਾਂ ਨੂੰ ਖ਼ੁਸ਼ੀਆਂ ਨਾਲ ਭਰ ਦਿੰਦੇ ਹੋ। ਸਾਨੂੰ ਖ਼ਾਸ ਤੌਰ ਤੇ ਉਦੋਂ ਖ਼ੁਸ਼ੀ ਹੁੰਦੀ ਹੈ ਜਦੋਂ ਤੁਸੀਂ ਆਪਣੇ ਸ਼ਬਦਾਂ ਵਿਚ ਟਿੱਪਣੀ ਕਰਨ ਦੀ ਕੋਸ਼ਿਸ਼ ਕਰਦੇ ਹੋ। ਪੂਰੀ ਕਲੀਸਿਯਾ ਆਨੰਦਿਤ ਹੁੰਦੀ ਹੈ ਜਦੋਂ ਤੁਸੀਂ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਨਿਯੁਕਤ ਭਾਗ ਪੇਸ਼ ਕਰਦੇ ਹੋ, ਜਦੋਂ ਤੁਸੀਂ ਉਤਸੁਕਤਾ ਨਾਲ ਖੇਤਰ ਸੇਵਾ ਵਿਚ ਸਾਡੇ ਨਾਲ ਭਾਗ ਲੈਂਦੇ ਹੋ, ਅਤੇ ਜਦੋਂ ਅਸੀਂ ਸੁਣਦੇ ਹਾਂ ਕਿ ਤੁਸੀਂ ਆਪਣੇ ਸਹਿਪਾਠੀਆਂ ਅਤੇ ਅਧਿਆਪਕਾਂ ਨੂੰ ਨਿਧੜਕ ਹੋ ਕੇ ਗਵਾਹੀ ਦਿੰਦੇ ਹੋ।—ਜ਼ਬੂ. 148:12, 13.
2 ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਉੱਤੇ ਫ਼ਖ਼ਰ ਕਰਦੇ ਹਾਂ ਜਦੋਂ ਅਸੀਂ ਤੁਹਾਡੇ ਚੰਗੇ ਸ਼ਿਸ਼ਟਾਚਾਰ, ਤੁਹਾਡੀ ਸਾਫ਼-ਸੁਥਰੀ ਦਿੱਖ, ਤੁਹਾਡੇ ਚੰਗੇ ਚਾਲ-ਚਲਨ, ਅਤੇ ਵੱਡਿਆਂ ਲਈ ਤੁਹਾਡੇ ਆਦਰ ਨੂੰ ਦੇਖਦੇ ਹਾਂ। ਖ਼ਾਸ ਤੌਰ ਤੇ ਅਸੀਂ ਉਦੋਂ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ ਹਾਂ ਜਦੋਂ ਤੁਸੀਂ ਆਪਣੇ ਲਈ ਦੈਵ-ਸ਼ਾਸਕੀ ਟੀਚੇ ਰੱਖਣ ਦੁਆਰਾ ਦਿਖਾਉਂਦੇ ਹੋ ਕਿ ਤੁਸੀਂ “ਆਪਣੇ ਕਰਤਾਰ ਨੂੰ ਚੇਤੇ ਰੱਖ” ਰਹੇ ਹੋ।—ਉਪ. 12:1; ਜ਼ਬੂ. 110:3.
3 ਸਾਨੂੰ ਆਪਣੇ ਟੀਚੇ ਦੱਸੋ: ਇਕ ਅੱਠ ਸਾਲ ਦੇ ਮੁੰਡੇ ਨੇ ਜ਼ਿਲ੍ਹਾ ਨਿਗਾਹਬਾਨ ਨੂੰ ਦੱਸਿਆ: ‘ਪਹਿਲਾਂ ਮੈਂ ਬਪਤਿਸਮਾ ਲੈਣਾ ਚਾਹੁੰਦਾ ਹਾਂ, ਫਿਰ ਮੈਂ ਸਾਉਂਡ ਸਿਸਟਮ ਵਿਚ ਮਦਦ ਕਰਨ ਅਤੇ ਮਾਈਕ੍ਰੋਫ਼ੋਨ ਸੰਭਾਲਣ ਦੁਆਰਾ, ਇਕ ਸੇਵਾਦਾਰ ਬਣਨ ਦੁਆਰਾ, ਸਾਹਿੱਤ ਵਿਭਾਗ ਵਿਚ ਮਦਦ ਕਰਨ ਦੁਆਰਾ, ਪੁਸਤਕ ਅਧਿਐਨ ਅਤੇ ਪਹਿਰਾਬੁਰਜ ਅਧਿਐਨ ਵਿਚ ਪਠਨ ਕਰਨ ਦੁਆਰਾ ਕਲੀਸਿਯਾ ਵਿਚ ਮਦਦ ਦੇਣਾ ਚਾਹੁੰਦਾ ਹਾਂ। ਫਿਰ ਮੈਂ ਇਕ ਸਹਾਇਕ ਸੇਵਕ ਬਣਨਾ ਚਾਹੁੰਦਾ ਹਾਂ, ਅਤੇ ਇਸ ਤੋਂ ਬਾਅਦ ਇਕ ਬਜ਼ੁਰਗ। ਮੈਂ ਇਕ ਪਾਇਨੀਅਰ ਬਣ ਕੇ ਪਾਇਨੀਅਰ ਸਕੂਲ ਵਿਚ ਵੀ ਜਾਣਾ ਚਾਹੁੰਦਾ ਹਾਂ। ਫਿਰ ਮੈਂ ਬੈਥਲ ਜਾਣਾ ਚਾਹੁੰਦਾ ਹਾਂ, ਇਕ ਸਰਕਟ ਨਿਗਾਹਬਾਨ ਜਾਂ ਇਕ ਜ਼ਿਲ੍ਹਾ ਨਿਗਾਹਬਾਨ ਬਣਨਾ ਚਾਹੁੰਦਾ ਹਾਂ।’ ਪਰਮੇਸ਼ੁਰ ਦੀ ਸੇਵਾ ਕਰਨ ਦੇ ਵਿਸ਼ੇਸ਼-ਸਨਮਾਨ ਲਈ ਉਸ ਨੇ ਕਿੰਨੀ ਕਦਰ ਦਿਖਾਈ!
4 ਜਿਉਂ-ਜਿਉਂ ਤੁਸੀਂ ਸਰੀਰਕ ਤੌਰ ਤੇ ਅਤੇ ਅਧਿਆਤਮਿਕ ਤੌਰ ਤੇ ਵਧਦੇ ਜਾਂਦੇ ਹੋ, ਤੁਹਾਨੂੰ ਆਪਣੇ ਟੀਚਿਆਂ ਤਕ ਪਹੁੰਚਦੇ ਹੋਏ ਦੇਖ ਕੇ ਸਾਨੂੰ ਖ਼ੁਸ਼ੀ ਹੁੰਦੀ ਹੈ। (ਤੁਲਨਾ ਕਰੋ ਲੂਕਾ 2:52.) ਸੰਸਾਰ ਭਰ ਵਿਚ, ਹਰ ਸਾਲ ਹਜ਼ਾਰਾਂ ਨੌਜਵਾਨ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਦੇ ਹਨ ਅਤੇ ਫਿਰ ਯਹੋਵਾਹ ਦੇ ਸਮਰਪਿਤ ਸੇਵਕਾਂ ਵਜੋਂ ਬਪਤਿਸਮੇ ਦੇ ਯੋਗ ਬਣਦੇ ਹਨ। ਸਾਡੀ ਖ਼ੁਸ਼ੀ ਵਧਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਤੁਸੀਂ ਅੱਗੇ ਜਾ ਕੇ ਸਹਿਯੋਗੀ ਪਾਇਨੀਅਰ ਬਣਨ ਲਈ ਕਦਮ ਚੁੱਕਦੇ ਹੋ ਅਤੇ ਪੂਰਣ-ਕਾਲੀ ਸੇਵਾ ਵੀ ਸ਼ੁਰੂ ਕਰਦੇ ਹੋ। ਸੱਚ-ਮੁੱਚ, ਬੱਚਿਓ, ਤੁਸੀਂ ਸਾਡੀ ਖ਼ੁਸ਼ੀ ਹੋ ਅਤੇ ਸਾਡੇ ਸਵਰਗੀ ਪਿਤਾ ਦੀ ਉਸਤਤ ਦਾ ਸ਼ਾਨਦਾਰ ਸ੍ਰੋਤ ਹੋ। ਯਹੋਵਾਹ ਤੁਹਾਨੂੰ ਭਰਪੂਰ ਬਰਕਤਾਂ ਦੇਵੇ!—ਕਹਾ. 23:24, 25.