ਸੇਵਾ ਸਭਾ ਵਿਚ ਭਾਸ਼ਣ ਦੇਣ ਵਾਲਿਆਂ ਲਈ ਹਿਦਾਇਤਾਂ
ਸਾਡੀ ਰਾਜ ਸੇਵਕਾਈ ਦੇ ਇਸ ਅੰਕ ਤੋਂ ਲੈ ਕੇ ਸੇਵਾ ਸਭਾ ਦੇ ਸ਼ਡਿਉਲ ਦੇ ਸ਼ਬਦ ਸਮਝਣ ਲਈ ਸੌਖੇ ਕੀਤੇ ਜਾ ਰਹੇ ਹਨ। ਮਈ 2009 ਦੀ ਸਾਡੀ ਰਾਜ ਸੇਵਕਾਈ ਵਿਚ “ਸੇਵਾ ਸਭਾ ਦੀ ਤਿਆਰੀ ਕਿਵੇਂ ਕਰੀਏ” ਨਾਂ ਦਾ ਲੇਖ ਆਇਆ ਸੀ। ਹੇਠਲੀਆਂ ਹਿਦਾਇਤਾਂ ਉਸ ਲੇਖ ਵਿਚ ਦੱਸੀਆਂ ਕੁਝ ਗੱਲਾਂ ਨੂੰ ਹੋਰ ਸਾਫ਼ ਤਰੀਕੇ ਨਾਲ ਸਮਝਾਉਂਦੀਆਂ ਹਨ।
◼ ਭਾਸ਼ਣ: ਇਹ ਅਜਿਹਾ ਭਾਸ਼ਣ ਹੈ ਜੋ ਭਰਾ ਸ਼ਡਿਉਲ ਵਿਚ ਦੱਸੇ ਪ੍ਰਕਾਸ਼ਨ ਤੋਂ ਤਿਆਰ ਕਰਦਾ ਹੈ, ਪਰ ਜਿਸ ਵਿਚ ਹਾਜ਼ਰੀਨ ਹਿੱਸਾ ਨਹੀਂ ਲੈਂਦੇ। ਭਰਾ ਨੂੰ ਕਲੀਸਿਯਾ ਨੂੰ ਧਿਆਨ ਵਿਚ ਰੱਖ ਕੇ ਇਹ ਭਾਸ਼ਣ ਦੇਣਾ ਚਾਹੀਦਾ ਹੈ।
◼ ਸਵਾਲ-ਜਵਾਬ: ਪਹਿਰਾਬੁਰਜ ਸਟੱਡੀ ਦੀ ਤਰ੍ਹਾਂ, ਇਸ ਭਾਗ ਦੇ ਸ਼ੁਰੂ ਤੇ ਅੰਤ ਵਿਚ ਕੁਝ ਸ਼ਬਦ ਕਹੇ ਜਾਂਦੇ ਹਨ ਤੇ ਹਰ ਪੈਰੇ ਤੋਂ ਸਵਾਲ ਪੁੱਛਿਆ ਜਾਂਦਾ ਹੈ। ਭਰਾ ਨੂੰ ਲੋੜੋਂ ਵਧ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ। ਜੇ ਸਮਾਂ ਹੋਵੇ, ਤਾਂ ਮੁੱਖ ਹਵਾਲੇ ਪੜ੍ਹੇ ਜਾ ਸਕਦੇ ਹਨ। ਪੈਰੇ ਉਦੋਂ ਹੀ ਪੜ੍ਹੋ ਜੇ ਹਿਦਾਇਤਾਂ ਵਿਚ ਕਿਹਾ ਗਿਆ ਹੋਵੇ।
◼ ਹਾਜ਼ਰੀਨ ਨਾਲ ਚਰਚਾ: ਇਸ ਵਿਚ ਭਰਾ ਥੋੜ੍ਹਾ ਜਿਹਾ ਭਾਸ਼ਣ ਦੇਵੇਗਾ ਅਤੇ ਥੋੜ੍ਹੇ ਜਿਹੇ ਸਵਾਲ-ਜਵਾਬ ਹਾਜ਼ਰੀਨ ਕੋਲੋਂ ਪੁੱਛੇਗਾ।
◼ ਪ੍ਰਦਰਸ਼ਨ ਅਤੇ ਇੰਟਰਵਿਊ: “ਪ੍ਰਦਰਸ਼ਨ ਕਰ ਕੇ ਦਿਖਾਓ” ਹਿਦਾਇਤਾਂ ਦਾ ਮਤਲਬ ਹੈ ਕਿ ਭਾਸ਼ਣ ਦੇਣ ਵਾਲਾ ਭਰਾ ਪ੍ਰਦਰਸ਼ਨ ਸ਼ਾਮਲ ਕਰਨ ਲਈ ਜ਼ਿੰਮੇਵਾਰ ਹੈ, ਪਰ ਇਹ ਜ਼ਰੂਰੀ ਨਹੀਂ ਕਿ ਉਹ ਖ਼ੁਦ ਪ੍ਰਦਰਸ਼ਨ ਕਰ ਕੇ ਦਿਖਾਵੇ। ਉਸ ਨੂੰ ਇਹ ਕਰਾਉਣ ਲਈ ਯੋਗ ਤੇ ਮਿਸਾਲੀ ਭੈਣਾਂ-ਭਰਾਵਾਂ ਨੂੰ ਚੁਣਨਾ ਚਾਹੀਦਾ ਹੈ ਅਤੇ ਜੇ ਹੋ ਸਕੇ, ਤਾਂ ਪਹਿਲਾਂ ਤੋਂ ਹੀ ਪ੍ਰਦਰਸ਼ਨ ਦੀ ਤਿਆਰੀ ਕੀਤੀ ਜਾਣੀ ਚਾਹੀਦੀ ਹੈ। ਚੰਗਾ ਹੋਵੇਗਾ ਜੇ ਨਵੇਂ ਤੇ ਨਾਤਜਰਬੇਕਾਰ ਪਬਲੀਸ਼ਰਾਂ ਨੂੰ ਪ੍ਰਦਰਸ਼ਨ ਲਈ ਨਾ ਵਰਤਿਆ ਜਾਵੇ। ਪਰ ਉਨ੍ਹਾਂ ਨੂੰ ਘਰ-ਮਾਲਕਾਂ ਵਜੋਂ ਵਰਤਿਆ ਜਾ ਸਕਦਾ ਹੈ। ਪੇਸ਼ਕਾਰੀ ਕਰ ਰਹੇ ਭੈਣਾਂ-ਭਰਾਵਾਂ ਦੇ ਚਿਹਰੇ ਨਾ ਕਿ ਉਨ੍ਹਾਂ ਦੀ ਪਿੱਠ ਹਾਜ਼ਰੀਨ ਵੱਲ ਹੋਣੇ ਚਾਹੀਦੇ ਹਨ। “ਇੰਟਰਵਿਊ” ਦੇ ਰਹੇ ਭੈਣਾਂ-ਭਰਾਵਾਂ ਨੂੰ ਆਪਣੀਆਂ ਟਿੱਪਣੀਆਂ ਸਟੇਜ ਤੋਂ ਦੇਣੀਆਂ ਚਾਹੀਦੀਆਂ ਹਨ ਨਾ ਕਿ ਆਪਣੀਆਂ ਸੀਟਾਂ ਤੋਂ। ਪ੍ਰਦਰਸ਼ਨਾਂ ਤੇ ਇੰਟਰਵਿਊਆਂ ਦੀ ਤਿਆਰੀ ਪਹਿਲਾਂ ਤੋਂ ਹੀ ਕੀਤੀ ਜਾਣੀ ਚਾਹੀਦੀ ਹੈ। ਜੇ ਮੀਟਿੰਗ ਲੇਟ ਚੱਲ ਰਹੀ ਹੋਵੇ, ਤਾਂ ਪ੍ਰਦਰਸ਼ਨ ਤੇ ਇੰਟਰਵਿਊ ਨੂੰ ਕੈਂਸਲ ਕਰਨ ਦੀ ਬਜਾਇ ਭਰਾ ਨੂੰ ਆਪ ਘੱਟ ਬੋਲਣਾ ਚਾਹੀਦਾ ਹੈ। ਇੰਟਰਵਿਊ ਜਾਂ ਪ੍ਰਦਰਸ਼ਨ ਵਾਸਤੇ ਭੈਣਾਂ-ਭਰਾਵਾਂ ਨੂੰ ਚੁਣਨ ਤੋਂ ਪਹਿਲਾਂ ਸਹਾਇਕ ਸੇਵਕ ਨੂੰ ਕੋਆਰਡੀਨੇਟਰ ਜਾਂ ਕਿਸੇ ਹੋਰ ਬਜ਼ੁਰਗ ਤੋਂ ਸਲਾਹ ਲੈਣੀ ਚਾਹੀਦੀ ਹੈ।
ਜੇ ਸ਼ਡਿਉਲ ਵਿਚ ਇਨ੍ਹਾਂ ਹਿਦਾਇਤਾਂ ਤੋਂ ਇਲਾਵਾ ਕੋਈ ਹੋਰ ਖ਼ਾਸ ਹਿਦਾਇਤਾਂ ਦਿੱਤੀਆਂ ਜਾਣ, ਤਾਂ ਇਨ੍ਹਾਂ ʼਤੇ ਚੰਗੀ ਤਰ੍ਹਾਂ ਚੱਲੋ। ਜਦ ਭਰਾ ਉੱਪਰ ਦਿੱਤੀਆਂ ਹਿਦਾਇਤਾਂ ਮੁਤਾਬਕ ਸੇਵਾ ਸਭਾ ਵਿਚ ਆਪਣੇ ਭਾਸ਼ਣ ਦਿੰਦੇ ਹਨ, ਤਾਂ ਉਹ ਦਿਖਾਉਂਦੇ ਹਨ ਕਿ ਮੀਟਿੰਗਾਂ “ਢਬ ਸਿਰ ਅਤੇ ਜੁਗਤੀ ਨਾਲ” ਚਲਾਈਆਂ ਜਾਂਦੀਆਂ ਹਨ।—1 ਕੁਰਿੰ. 14:40.