ਮੌਕਾ ਮਿਲਣ ਤੇ ਤੁਸੀਂ ਗਵਾਹੀ ਦੇ ਸਕਦੇ ਹੋ!
1. (ੳ) ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਦਾ ਕੀ ਮਤਲਬ ਹੈ? (ਅ) ਇਸ ਸਭਾ ਵਿਚ ਕਿੰਨੇ ਜਣਿਆਂ ਨੂੰ ਇਸ ਤਰ੍ਹਾਂ ਸੱਚਾਈ ਬਾਰੇ ਪਤਾ ਲੱਗਾ ਸੀ?
1 ਤੁਹਾਡੀ ਕਲੀਸਿਯਾ ਵਿਚ ਕਿੰਨੇ ਜਣੇ ਹਨ ਜਿਹੜੇ ਪਹਿਲਾਂ ਘਰ-ਘਰ ਪ੍ਰਚਾਰ ਦੌਰਾਨ ਨਹੀਂ, ਸਗੋਂ ਹੋਰ ਕਿਤੇ ਖ਼ੁਸ਼ ਖ਼ਬਰੀ ਸੁਣ ਕੇ ਸੱਚਾਈ ਵਿਚ ਆਏ ਹਨ? ਤੁਸੀਂ ਸ਼ਾਇਦ ਜਵਾਬ ਸੁਣ ਕੇ ਹੈਰਾਨ ਹੋਵੋਗੇ। ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਦਾ ਮਤਲਬ ਹੈ ਆਪਣੇ ਰੋਜ਼ਾਨਾ ਕੰਮ-ਧੰਦੇ ਕਰਦੇ ਹੋਏ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣੀ ਚਾਹੇ ਸਫ਼ਰ ਕਰਦੇ ਸਮੇਂ, ਰਿਸ਼ਤੇਦਾਰਾਂ ਜਾਂ ਗੁਆਂਢੀਆਂ ਨੂੰ ਮਿਲਦੇ ਸਮੇਂ, ਖ਼ਰੀਦਦਾਰੀ ਕਰਦੇ ਸਮੇਂ, ਸਕੂਲ ਜਾਂ ਕੰਮ ਤੇ ਲੋਕਾਂ ਨੂੰ ਮਿਲਦੇ ਸਮੇਂ, ਵਗੈਰਾ-ਵਗੈਰਾ। ਤਕਰੀਬਨ 200 ਗਵਾਹਾਂ ਦੇ ਇਕ ਗਰੁੱਪ ਵਿਚ 40 ਫੀ ਸਦੀ ਨੂੰ ਇਸ ਤਰ੍ਹਾਂ ਗਵਾਹੀ ਮਿਲੀ ਸੀ! ਇਸ ਤੋਂ ਦੇਖਿਆ ਜਾ ਸਕਦਾ ਹੈ ਕਿ ਪ੍ਰਚਾਰ ਕਰਨ ਦਾ ਇਹ ਤਰੀਕਾ ਕਿੰਨਾ ਅਸਰਕਾਰੀ ਹੈ।
2. ਬਾਈਬਲ ਵਿਚ ਮੌਕਾ ਮਿਲਣ ਤੇ ਗਵਾਹੀ ਦੇਣ ਦੀਆਂ ਕਿਹੜੀਆਂ ਮਿਸਾਲਾਂ ਹਨ?
2 ਪਹਿਲੀ ਸਦੀ ਵਿਚ ਪ੍ਰਚਾਰਕ ਅਕਸਰ ਹਰ ਜਗ੍ਹਾ ਤੇ ਗਵਾਹੀ ਦਿੰਦੇ ਸਨ। ਮਿਸਾਲ ਲਈ, ਯਿਸੂ ਨੇ ਸਾਮਰਿਯਾ ਵਿਚ ਸਫ਼ਰ ਕਰਦਿਆਂ ਇਕ ਔਰਤ ਨੂੰ ਗਵਾਹੀ ਦਿੱਤੀ ਜੋ ਯਾਕੂਬ ਦੇ ਖੂਹ ਤੇ ਪਾਣੀ ਭਰਨ ਆਈ ਸੀ। (ਯੂਹੰ. 4:6-26) ਜਦੋਂ ਫ਼ਿਲਿੱਪੁਸ ਨੇ ਇਥੋਪੀਆ ਦੇ ਇਕ ਸਰਕਾਰੀ ਅਫ਼ਸਰ ਨੂੰ ਯਸਾਯਾਹ ਦੀ ਪੋਥੀ ਪੜ੍ਹ ਰਹੇ ਦੇਖਿਆ, ਤਾਂ ਉਸ ਨੇ ਇਹ ਸਵਾਲ ਪੁੱਛ ਕੇ ਉਸ ਨਾਲ ਗੱਲ ਸ਼ੁਰੂ ਕੀਤੀ: “ਜੋ ਕੁਝ ਤੁਸੀਂ ਵਾਚਦੇ ਹੋ ਸਮਝਦੇ ਭੀ ਹੋ?” (ਰਸੂ. 8:26-38) ਫ਼ਿਲਿੱਪੈ ਵਿਚ ਕੈਦ ਕੀਤੇ ਜਾਣ ਦੇ ਸਮੇਂ, ਪੌਲੁਸ ਰਸੂਲ ਨੇ ਇਕ ਦਰੋਗੇ ਨੂੰ ਗਵਾਹੀ ਦਿੱਤੀ ਸੀ। (ਰਸੂ. 16:23-34) ਬਾਅਦ ਵਿਚ ਜਦੋਂ ਉਹ ਘਰ ਵਿਚ ਕੈਦੀ ਠਹਿਰਾਇਆ ਗਿਆ ਸੀ, ਤਾਂ ਪੌਲੁਸ ‘ਉਨ੍ਹਾਂ ਸਭਨਾਂ ਦਾ ਜੋ ਉਹ ਦੇ ਕੋਲ ਆਉਂਦੇ ਸਨ ਆਦਰ ਭਾਉ ਕਰਦਾ ਸੀ ਤੇ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਦਾ ਅਤੇ ਪ੍ਰਭੁ ਯਿਸੂ ਮਸੀਹ ਦੇ ਵਿਖੇ ਉਪਦੇਸ਼ ਦਿੰਦਾ ਰਿਹਾ।’ (ਰਸੂ. 28:30, 31) ਭਾਵੇਂ ਕਿ ਤੁਸੀਂ ਸੰਗਦੇ ਹੋਵੋ, ਫਿਰ ਵੀ ਤੁਸੀਂ ਮੌਕਾ ਮਿਲਣ ਤੇ ਗਵਾਹੀ ਦੇ ਸਕਦੇ ਹੋ। ਉਹ ਕਿੱਦਾਂ?
3. ਅਸੀਂ ਕੀ ਕਰ ਸਕਦੇ ਹਾਂ ਜੇ ਸਾਨੂੰ ਸੰਗ ਲੱਗਦੀ ਹੋਵੇ?
3 ਕਿੱਦਾਂ ਸ਼ੁਰੂ ਕਰੀਏ: ਸਾਡੇ ਵਿੱਚੋਂ ਕਈਆਂ ਨੂੰ ਅਜਨਬੀਆਂ ਨਾਲ ਗੱਲਬਾਤ ਸ਼ੁਰੂ ਕਰਨੀ ਔਖੀ ਲੱਗਦੀ ਹੈ। ਕਈ ਵਾਰ ਅਸੀਂ ਜਾਣੇ-ਪਛਾਣੇ ਲੋਕਾਂ ਨੂੰ ਵੀ ਗਵਾਹੀ ਦੇਣ ਤੋਂ ਝਿਜਕਦੇ ਹਾਂ। ਪਰ ਜੇ ਅਸੀਂ ਯਹੋਵਾਹ ਦੀ ਭਲਿਆਈ, ਉਸ ਦੀਆਂ ਅਨਮੋਲ ਸੱਚਾਈਆਂ ਅਤੇ ਇਸ ਦੁਨੀਆਂ ਦੇ ਲੋਕਾਂ ਦੀ ਤਰਸਯੋਗ ਹਾਲਤ ਉੱਤੇ ਗੌਰ ਕਰਾਂਗੇ, ਤਾਂ ਅਸੀਂ ਆਪਣੀ ਜ਼ਬਾਨ ਖੋਲ੍ਹਣ ਲਈ ਪ੍ਰੇਰੇ ਜਾਵਾਂਗੇ। (ਯੂਨਾ. 4:11; ਜ਼ਬੂ. 40:5; ਮੱਤੀ 13:52) ਇਸ ਤੋਂ ਇਲਾਵਾ, ਅਸੀਂ ‘ਦਲੇਰ ਹੋਣ’ ਲਈ ਯਹੋਵਾਹ ਤੋਂ ਵੀ ਮਦਦ ਮੰਗ ਸਕਦੇ ਹਾਂ। (1 ਥੱਸ. 2:2) ਗਿਲਿਅਡ ਦੇ ਇਕ ਸਟੂਡੈਂਟ ਨੇ ਕਿਹਾ: “ਜਦੋਂ ਮੈਨੂੰ ਕਿਸੇ ਨਾਲ ਗੱਲਬਾਤ ਸ਼ੁਰੂ ਕਰਨੀ ਔਖੀ ਲੱਗਦੀ ਹੈ, ਤਾਂ ਮੈਂ ਪਰਮੇਸ਼ੁਰ ਮੋਹਰੇ ਅਕਸਰ ਬੇਨਤੀ ਕਰਦਾ ਹਾਂ।” ਜੇ ਤੁਸੀਂ ਗੱਲ ਕਰਨ ਤੋਂ ਝਿਜਕਦੇ ਹੋ, ਕਿਉਂ ਨਾ ਚੁੱਪ-ਚਾਪ ਛੋਟੀ ਜਿਹੀ ਇਕ ਬੇਨਤੀ ਕਰੋ?—ਨਹ. 2:4.
4. ਅਸੀਂ ਪਹਿਲਾਂ-ਪਹਿਲ ਕਿਹੜਾ ਟੀਚਾ ਰੱਖ ਸਕਦੇ ਹਾਂ ਅਤੇ ਕਿਉਂ?
4 ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਦਾ ਇਹੀ ਮਤਲਬ ਹੈ ਕਿ ਸਾਨੂੰ ਕੋਈ ਰਸਮੀ ਤੌਰ-ਤਰੀਕਾ ਜਾਂ ਕੋਈ ਹਵਾਲਾ ਵਰਤ ਕੇ ਗੱਲਬਾਤ ਸ਼ੁਰੂ ਕਰਨ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਨਾ ਸੋਚੋ ਕਿ ਸਾਨੂੰ ਇਕਦਮ ਹੀ ਗਵਾਹੀ ਦੇਣੀ ਚਾਹੀਦੀ ਹੈ, ਸਿਰਫ਼ ਗੱਲਬਾਤ ਸ਼ੁਰੂ ਕਰਨ ਦਾ ਟੀਚਾ ਰੱਖੋ। ਕਈ ਪਬਲੀਸ਼ਰ ਕਹਿੰਦੇ ਹਨ ਕਿ ਗੱਲਬਾਤ ਸ਼ੁਰੂ ਕਰਨ ਨਾਲ ਹੀ ਉਨ੍ਹਾਂ ਦਾ ਗੱਲਾਂ-ਗੱਲਾਂ ਵਿਚ ਖ਼ੁਸ਼ ਖ਼ਬਰੀ ਦਾ ਜ਼ਿਕਰ ਕਰਨ ਦਾ ਹਿਆ ਪੈਂਦਾ ਹੈ। ਜੇ ਕੋਈ ਗੱਲ ਅੱਗੇ ਨਹੀਂ ਤੋਰਨਾ ਚਾਹੁੰਦਾ, ਤਾਂ ਕਿਸੇ ਨੂੰ ਮਜਬੂਰ ਕਰਨ ਦੀ ਲੋੜ ਨਹੀਂ। ਨਿਮਰਤਾ ਨਾਲ ਗੱਲ ਬੰਦ ਕਰ ਕੇ ਉੱਥੋਂ ਚਲੇ ਜਾਓ।
5. ਮੌਕਾ ਮਿਲਣ ਤੇ ਗਵਾਹੀ ਦੇਣ ਵਿਚ ਕਿਹੜੀ ਗੱਲ ਇਕ ਸ਼ਰਮਾਕਲ ਭੈਣ ਦੀ ਮਦਦ ਕਰਦੀ ਹੈ?
5 ਇਕ ਸ਼ਰਮਾਕਲ ਭੈਣ ਬਾਜ਼ਾਰ ਵਿਚ ਸ਼ਾਪਿੰਗ ਕਰਦਿਆਂ ਪਹਿਲਾਂ ਕਿਸੇ ਨਾਲ ਨਜ਼ਰ ਮਿਲਾਉਂਦੀ ਹੈ ਤੇ ਫਿਰ ਉਹ ਮੁਸਕਰਾਉਂਦੀ ਹੈ। ਜੇ ਕੋਈ ਮੁੜ ਕੇ ਮੁਸਕਰਾਉਂਦਾ ਹੈ, ਤਾਂ ਉਹ ਉਸ ਦਾ ਹਾਲ-ਚਾਲ ਪੁੱਛਦੀ ਹੈ। ਜੇ ਅਗਲਾ ਵਧੀਆ ਜਵਾਬ ਦਿੰਦਾ ਹੈ, ਤਾਂ ਉਸ ਦਾ ਅਗਾਹਾਂ ਗੱਲ ਤੋਰਨ ਦਾ ਹਿਆ ਪੈਂਦਾ ਹੈ। ਉਹ ਧਿਆਨ ਨਾਲ ਸੁਣ ਕੇ ਪਤਾ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਉਸ ਵਿਅਕਤੀ ਨੂੰ ਖ਼ੁਸ਼ ਖ਼ਬਰੀ ਦੀ ਕਿਹੜੀ ਗੱਲ ਪਸੰਦ ਆਵੇਗੀ। ਇਹ ਤਰੀਕਾ ਵਰਤਦਿਆਂ ਉਹ ਲੋਕਾਂ ਨੂੰ ਕਾਫ਼ੀ ਪ੍ਰਕਾਸ਼ਨ ਦੇ ਸਕੀ ਹੈ ਤੇ ਉਸ ਨੇ ਇਕ ਬਾਈਬਲ ਸਟੱਡੀ ਵੀ ਸ਼ੁਰੂ ਕੀਤੀ ਹੈ।
6. ਅਸੀਂ ਵੱਖੋ-ਵੱਖਰੇ ਮੌਕਿਆਂ ਤੇ ਕਿੱਦਾਂ ਗੱਲਬਾਤ ਸ਼ੁਰੂ ਕਰ ਸਕਦੇ ਹਾਂ?
6 ਗੱਲਬਾਤ ਕਿੱਦਾਂ ਸ਼ੁਰੂ ਕਰੀਏ: ਗੱਲਬਾਤ ਸ਼ੁਰੂ ਕਰਨ ਲਈ ਕੀ ਕਿਹਾ ਜਾ ਸਕਦਾ ਹੈ? ਜਦੋਂ ਯਿਸੂ ਨੇ ਖੂਹ ਤੇ ਆਈ ਇਕ ਔਰਤ ਨਾਲ ਗੱਲਾਂ ਕੀਤੀਆਂ ਸੀ, ਤਾਂ ਉਸ ਨੇ ਸ਼ੁਰੂ-ਸ਼ੁਰੂ ਵਿਚ ਉਸ ਤੋਂ ਪਾਣੀ ਹੀ ਮੰਗਿਆ ਸੀ। (ਯੂਹੰ. 4:7) ਸੋ ਅਸੀਂ ਸ਼ਾਇਦ ਪਹਿਲਾਂ ਨਮਸਤੇ ਕਹਿ ਕੇ ਗੱਲ ਸ਼ੁਰੂ ਕਰ ਸਕਦੇ ਹਾਂ ਜਾਂ ਇਕ ਸਵਾਲ ਪੁੱਛ ਸਕਦੇ ਹਾਂ। ਇਹ ਜ਼ਰੂਰੀ ਨਹੀਂ ਕਿ ਅਸੀਂ ਸ਼ੁਰੂ ਵਿਚ ਹੀ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕਰੀਏ, ਜਾਂ ਬਾਈਬਲ ਵਿੱਚੋਂ ਹਵਾਲੇ ਦੇਈਏ। ਜਦੋਂ ਲੋਕਾਂ ਨੂੰ ਸਾਡੇ ਬਾਰੇ ਕੋਈ ਗ਼ਲਤਫ਼ਹਿਮੀ ਹੁੰਦੀ ਹੈ, ਤਾਂ ਉਦੋਂ ਸਾਡਾ ਮਕਸਦ ਹੈ ਉਨ੍ਹਾਂ ਦੇ ਨਾਲ ਦੋਸਤਾਨਾ ਤਰੀਕੇ ਨਾਲ ਗੱਲ ਕਰਨੀ। ਇਸ ਤਰ੍ਹਾਂ ਗੱਲਾਂ ਕਰਦੇ ਹੋਏ ਸ਼ਾਇਦ ਸਾਨੂੰ ਬਾਈਬਲ ਤੋਂ ਕੋਈ ਖ਼ਿਆਲ ਪੇਸ਼ ਕਰਨ ਦਾ ਮੌਕਾ ਮਿਲ ਸਕਦਾ ਹੈ ਤੇ ਅਸੀਂ ਸੱਚਾਈ ਦਾ ਬੀ ਬੀਜ ਸਕਦੇ ਹਾਂ। (ਉਪ. 11:6) ਕੁਝ ਭੈਣ-ਭਰਾ ਜਿਗਿਆਸਾ ਪੈਦਾ ਕਰਨ ਵਾਲੀ ਗੱਲ ਕਹਿ ਕੇ ਦੂਸਰਿਆਂ ਨੂੰ ਜਵਾਬ ਪਤਾ ਕਰਨ ਲਈ ਉਕਸਾਉਂਦੇ ਹਨ। ਮਿਸਾਲ ਲਈ, ਡਾਕਟਰ ਨੂੰ ਮਿਲਣ ਦੀ ਉਡੀਕ ਕਰਦੇ ਸਮੇਂ ਅਸੀਂ ਇਵੇਂ ਕਹਿ ਕੇ ਗੱਲ ਸ਼ੁਰੂ ਕਰ ਸਕਦੇ ਹਾਂ ਕਿ “ਕਿੰਨਾ ਚੰਗਾ ਹੋਵੇਗਾ ਜਦੋਂ ਕੋਈ ਵੀ ਕਦੇ ਬੀਮਾਰ ਨਹੀਂ ਹੋਵੇਗਾ।”
7. ਧਿਆਨ ਦੇਣ ਨਾਲ ਅਸੀਂ ਗਵਾਹੀ ਦੇਣ ਦੇ ਮੌਕੇ ਕਿੱਦਾਂ ਭਾਲ ਸਕਦੇ ਹਾਂ?
7 ਦੂਸਰਿਆਂ ਵੱਲ ਧਿਆਨ ਦੇਣ ਨਾਲ ਵੀ ਅਸੀਂ ਗੱਲਬਾਤ ਸ਼ੁਰੂ ਕਰ ਸਕਦੇ ਹਾਂ। ਜੇ ਅਸੀਂ ਦੇਖਦੇ ਹਾਂ ਕਿ ਕਿਸੇ ਦੇ ਬੱਚੇ ਬਹੁਤ ਬੀਬੇ ਹਨ, ਤਾਂ ਅਸੀਂ ਮਾਪਿਆਂ ਦੀ ਤਾਰੀਫ਼ ਕਰ ਕੇ ਉਨ੍ਹਾਂ ਨੂੰ ਪੁੱਛ ਸਕਦੇ ਹਾਂ ਕਿ “ਇਸ ਦਾ ਕੀ ਰਾਜ਼ ਹੈ?” ਇਕ ਭੈਣ ਆਪਣੀ ਨੌਕਰੀ ਤੇ ਚਰਚਾ ਕੀਤੀਆਂ ਜਾਂਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦੀ ਹੈ ਤੇ ਫਿਰ ਉਹ ਆਪਣੀਆਂ ਸਾਥਣਾਂ ਲਈ ਢੁਕਵੀਂ ਤੇ ਦਿਲਚਸਪ ਜਾਣਕਾਰੀ ਲਿਆਉਂਦੀ ਹੈ। ਜਦੋਂ ਉਸ ਨੂੰ ਪਤਾ ਚੱਲਿਆ ਕਿ ਕੰਮ ਤੇ ਇਕ ਮੁਟਿਆਰ ਦਾ ਵਿਆਹ ਹੋਣ ਵਾਲਾ ਸੀ, ਤਾਂ ਉਸ ਨੇ ਵਿਆਹ ਦੀਆਂ ਤਿਆਰੀਆਂ ਕਰਨ ਬਾਰੇ ਜਾਗਰੂਕ ਬਣੋ! ਰਸਾਲਾ ਉਸ ਨੂੰ ਲਿਆ ਕੇ ਦਿੱਤਾ। ਇਸ ਤੋਂ ਬਾਅਦ ਉਹ ਉਸ ਨਾਲ ਬਾਈਬਲ ਬਾਰੇ ਹੋਰ ਚਰਚਾ ਕਰ ਸਕੀ।
8. ਅਸੀਂ ਗੱਲਾਂ-ਬਾਤਾਂ ਸ਼ੁਰੂ ਕਰਨ ਲਈ ਆਪਣੇ ਪ੍ਰਕਾਸ਼ਨ ਕਿੱਦਾਂ ਵਰਤ ਸਕਦੇ ਹੋ?
8 ਗੱਲਾਂ-ਬਾਤਾਂ ਸ਼ੁਰੂ ਕਰਨ ਦਾ ਇਕ ਹੋਰ ਤਰੀਕਾ ਹੈ ਆਪਣਾ ਸਾਹਿੱਤ ਦੂਸਰਿਆਂ ਦੇ ਸਾਮ੍ਹਣੇ ਪੜ੍ਹਨਾ। ਇਕ ਭਰਾ ਚੁੱਪ-ਚਾਪ ਬੈਠ ਕੇ ਪਹਿਰਾਬੁਰਜ ਜਾਂ ਜਾਗਰੂਕ ਬਣੋ! ਰਸਾਲੇ ਵਿੱਚੋਂ ਕੋਈ ਲੇਖ ਖੋਲ੍ਹ ਕੇ ਪੜ੍ਹਨਾ ਸ਼ੁਰੂ ਕਰਦਾ ਹੈ। ਜੇ ਉਹ ਦੇਖਦਾ ਹੈ ਕਿ ਲਾਗੇ ਬੈਠਾ ਕੋਈ ਉਸ ਦੇ ਰਸਾਲੇ ਵੱਲ ਦੇਖ ਰਿਹਾ ਹੋਵੋ, ਤਾਂ ਉਹ ਉਸ ਨੂੰ ਸਵਾਲ ਪੁੱਛਦਾ ਹੈ ਜਾਂ ਲੇਖ ਬਾਰੇ ਛੋਟੀ ਜਿਹੀ ਟਿੱਪਣੀ ਕਰਦਾ ਹੈ। ਇਸ ਤਰ੍ਹਾਂ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਤੇ ਉਹ ਗਵਾਹੀ ਦੇ ਸਕਦਾ ਹੈ। ਤੁਸੀਂ ਕੋਈ ਪ੍ਰਕਾਸ਼ਨ ਉੱਥੇ ਛੱਡ ਕੇ ਵੀ ਹੋਰਨਾਂ ਕਾਮਿਆਂ ਜਾਂ ਸਹਿਪਾਠੀਆਂ ਵਾਸਤੇ ਸਵਾਲ ਪੁੱਛਣ ਦੇ ਮੌਕੇ ਪੈਦਾ ਕਰ ਸਕਦੇ ਹੋ ਜਿੱਥੇ ਉਹ ਦੇਖਿਆ ਜਾ ਸਕੇ।
9, 10. (ੳ) ਅਸੀਂ ਗਵਾਹੀ ਦੇਣ ਦੇ ਮੌਕੇ ਕਿੱਦਾਂ ਪੈਦਾ ਕਰ ਸਕਦੇ ਹਾਂ? (ਅ) ਕੀ ਤੁਸੀਂ ਇਹ ਕਰ ਸਕੇ ਹੋ?
9 ਮੌਕੇ ਪੈਦਾ ਕਰੋ: ਇਹ ਗੱਲ ਧਿਆਨ ਵਿਚ ਰੱਖਦਿਆਂ ਕਿ ਸਮਾਂ ਥੋੜ੍ਹਾ ਰਹਿ ਗਿਆ ਹੈ ਸਾਨੂੰ ਗਵਾਹੀ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ। ਸਾਨੂੰ ਰੋਜ਼ਾਨਾ ਆਪਣੇ ਕੰਮ-ਧੰਦੇ ਕਰਦਿਆਂ ਗਵਾਹੀ ਦੇਣ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ। ਉਨ੍ਹਾਂ ਲੋਕਾਂ ਬਾਰੇ ਪਹਿਲਾਂ ਹੀ ਸੋਚੋ ਜੋ ਤੁਹਾਨੂੰ ਟਕਰਨਗੇ ਤੇ ਗੌਰ ਕਰੋ ਕਿ ਤੁਸੀਂ ਉਨ੍ਹਾਂ ਨਾਲ ਗੱਲਬਾਤ ਕਿੱਦਾਂ ਸ਼ੁਰੂ ਕਰ ਸਕਦੇ ਹੋ। ਆਪਣੇ ਕੋਲ ਬਾਈਬਲ ਤੇ ਸਾਹਿੱਤ ਰੱਖੋ ਜੋ ਤੁਸੀਂ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਦਿਖਾ ਸਕਦੇ ਹੋ। (1 ਪਤ. 3:15) ਕਈ ਆਪਣੇ ਕੋਲ ਟ੍ਰੈਕਟ ਰੱਖਦੇ ਹਨ।—km-PJ 6/07 p. 3.
10 ਕਈ ਪਬਲੀਸ਼ਰ ਪਹਿਲਾਂ ਹੀ ਧਿਆਨ ਨਾਲ ਸੋਚ-ਸਮਝ ਕੇ ਗਵਾਹੀ ਦੇਣ ਦੇ ਮੌਕੇ ਪੈਦਾ ਕਰ ਸਕੇ ਹਨ। ਇਕ ਭੈਣ ਅਪਾਰਟਮੈਂਟ ਬਿਲਡਿੰਗ ਵਿਚ ਰਹਿੰਦੀ ਹੈ ਤੇ ਉਹ ਉੱਥੇ ਦੀ ਬੈਠਕ ਵਿਚ ਬੈਠ ਕੇ ਕੁਦਰਤੀ ਨਜ਼ਾਰਿਆਂ ਦੀਆਂ ਤਸਵੀਰਾਂ ਦੇਖਦੀ ਹੈ। ਜਦੋਂ ਦੂਸਰੇ ਟਿੱਪਣੀ ਕਰਦੇ ਹਨ ਕਿ ਤਸਵੀਰ ਕਿੰਨੀ ਸੋਹਣੀ ਲੱਗਦੀ ਹੈ, ਤਾਂ ਉਹ ਉਨ੍ਹਾਂ ਨੂੰ ਬਾਈਬਲ ਦੇ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਦੇ ਵਾਅਦੇ ਬਾਰੇ ਗਵਾਹੀ ਦਿੰਦੀ ਹੈ। (ਪਰ. 21:1-4) ਕੀ ਤੁਸੀਂ ਇਸ ਤਰ੍ਹਾਂ ਗਵਾਹੀ ਦੇਣ ਦੇ ਮੌਕੇ ਪੈਦਾ ਕਰਨ ਬਾਰੇ ਸੋਚ ਸਕਦੇ ਹੋ?
11. ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਤੋਂ ਬਾਅਦ ਅਸੀਂ ਮੁੜ ਕੇ ਕਿਸੇ ਨੂੰ ਕਿੱਦਾਂ ਮਿਲ ਸਕਦੇ ਹਾਂ?
11 ਮੁੜ ਕੇ ਮਿਲੋ: ਜੇ ਕੋਈ ਤੁਹਾਡੀ ਗੱਲ ਸੁਣਦਾ ਹੈ, ਤਾਂ ਉਸ ਵਿਅਕਤੀ ਨੂੰ ਮੁੜ ਕੇ ਮਿਲਣ ਦੀ ਕੋਸ਼ਿਸ਼ ਕਰੋ। ਜੇ ਠੀਕ ਲੱਗੇ, ਤਾਂ ਤੁਸੀਂ ਕਹਿ ਸਕਦੇ ਹੋ: “ਤੁਹਾਡੇ ਨਾਲ ਗੱਲ ਕਰ ਕੇ ਬੜਾ ਮਜ਼ਾ ਆਇਆ। ਅਗਲੀ ਵਾਰ ਅਸੀਂ ਕਿੱਥੇ ਮਿਲ ਸਕਦੇ ਹਾਂ?” ਕਈ ਇਲਾਕਿਆਂ ਵਿਚ ਸਾਵਧਾਨੀ ਵਰਤਣ ਦੀ ਲੋੜ ਹੈ ਤਾਂਕਿ ਤੁਸੀਂ ਪਤਾ ਕਰ ਸਕੋ ਕਿ ਲੋਕਾਂ ਨੂੰ ਸੱਚ-ਮੁੱਚ ਦਿਲਚਸਪੀ ਹੈ ਜਾਂ ਨਹੀਂ। ਕੁਝ ਪਬਲੀਸ਼ਰਾਂ ਨੂੰ ਕਾਫ਼ੀ ਮੁਸ਼ਕਲ ਆਈ ਹੈ ਜਦ ਵਿਰੋਧੀਆਂ ਨੇ ਦਿਲਚਸਪੀ ਰੱਖਣ ਦਾ ਢੌਂਗ ਕਰ ਕੇ ਉਨ੍ਹਾਂ ʼਤੇ ਹਮਲਾ ਕੀਤਾ ਹੈ। ਜੇ ਤੁਸੀਂ ਖ਼ੁਦ ਉਸ ਨੂੰ ਮੁੜ ਕੇ ਨਹੀਂ ਮਿਲ ਸਕਦੇ ਹੋ, ਤਾਂ ਜਲਦੀ ਹੀ ਆਪਣੀ ਕਲੀਸਿਯਾ ਦੇ ਸੈਕਟਰੀ ਨੂੰ “ਇਨ੍ਹਾਂ ਨੂੰ ਮਿਲੋ” (Please Follow Up [S-43]) ਫਾਰਮ ਭਰ ਕੇ ਦਿਓ ਤਾਂਕਿ ਉਹ ਸਹੀ ਕਲੀਸਿਯਾ ਦੁਆਰਾ ਉਸ ਨੂੰ ਮਿਲਣ ਦਾ ਇੰਤਜ਼ਾਮ ਕਰ ਸਕੇ।
12. (ੳ) ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਵਿਚ ਬਿਤਾਏ ਗਏ ਸਮੇਂ ਬਾਰੇ ਰਿਕਾਰਡ ਕਿਉਂ ਰੱਖਣਾ ਤੇ ਰਿਪੋਰਟ ਕਰਨਾ ਚਾਹੀਦੀ ਹੈ? (ਅ) ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਦੇ ਕੀ ਨਤੀਜੇ ਨਿਕਲੇ ਹਨ? (“ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਦੇ ਵਧੀਆ ਨਤੀਜੇ!” ਨਾਂ ਦੀ ਡੱਬੀ ਦੇਖੋ।)
12 ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਵਿਚ ਬਿਤਾਇਆ ਗਿਆ ਸਮਾਂ ਰਿਪੋਰਟ ਕੀਤਾ ਜਾਣਾ ਚਾਹੀਦਾ ਹੈ। ਇਸ ਕਰਕੇ ਧਿਆਨ ਨਾਲ ਰਿਕਾਰਡ ਰੱਖੋ ਭਾਵੇਂ ਕਿ ਦਿਨ ਵਿਚ ਥੋੜ੍ਹੇ ਮਿੰਟਾਂ ਲਈ ਹੀ ਗਵਾਹੀ ਦਿੱਤੀ ਗਈ ਹੋਵੇ। ਜ਼ਰਾ ਸੋਚੋ: ਜੇ ਹਰੇਕ ਪਬਲੀਸ਼ਰ ਰੋਜ਼ ਪੰਜ ਮਿੰਟਾਂ ਲਈ ਹੀ ਇਸ ਤਰ੍ਹਾਂ ਗਵਾਹੀ ਦੇਵੇ, ਤਾਂ ਕੁੱਲ ਮਿਲਾ ਕੇ ਹਰ ਮਹੀਨੇ 1 ਕਰੋੜ, 70 ਲੱਖ ਘੰਟੇ ਬਿਤਾਏ ਗਏ ਹੋਣਗੇ!
13. ਅਸੀਂ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਲਈ ਕਿਉਂ ਪ੍ਰੇਰੇ ਜਾਂਦੇ ਹਾਂ?
13 ਸਾਡੇ ਕੋਲ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਦੇ ਸਭ ਤੋਂ ਉੱਤਮ ਕਾਰਨ ਹਨ—ਪਰਮੇਸ਼ੁਰ ਅਤੇ ਗੁਆਂਢੀ ਲਈ ਪਿਆਰ। (ਮੱਤੀ 22:37-39) ਸਾਡੇ ਦਿਲ ਯਹੋਵਾਹ ਦੇ ਗੁਣਾਂ ਅਤੇ ਮਕਸਦਾਂ ਲਈ ਕਦਰ ਨਾਲ ਭਰੇ ਹੋਏ ਹਨ ਜਿਸ ਕਰਕੇ ਅਸੀਂ ਉਸ ਦੀ “ਪਾਤਸ਼ਾਹੀ ਦੇ ਤੇਜਵਾਨ ਪਰਤਾਪ” ਬਾਰੇ ਬੋਲਣ ਤੋਂ ਰਹਿ ਨਹੀਂ ਸਕਦੇ। (ਜ਼ਬੂ. 145:7, 10-12) ਅਸੀਂ ਆਪਣੇ ਗੁਆਂਢੀਆਂ ਦੀ ਦਿਲੋਂ ਪਰਵਾਹ ਕਰਦੇ ਹਾਂ ਤੇ ਜਦ ਤਕ ਸਮਾਂ ਹੈ, ਅਸੀਂ ਹਰ ਮੌਕੇ ਦਾ ਲਾਭ ਉਠਾ ਕੇ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣੀ ਚਾਹੁੰਦੇ ਹਾਂ। (ਰੋਮੀ. 10:13, 14) ਅਸੀਂ ਸਾਰੇ ਜਣੇ ਥੋੜ੍ਹੀ-ਬਹੁਤੀ ਸਮਝਦਾਰੀ ਅਤੇ ਹੁਸ਼ਿਆਰੀ ਵਰਤ ਕੇ ਅਤੇ ਤਿਆਰੀ ਕਰ ਕੇ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇ ਸਕਦੇ ਹਾਂ ਅਤੇ ਹੋ ਸਕਦਾ ਹੈ ਕਿ ਸਾਨੂੰ ਕਿਸੇ ਸੱਚੇ ਦਿਲ ਵਾਲੇ ਬੰਦੇ ਨੂੰ ਸੱਚਾਈ ਸਿਖਾਉਣ ਦਾ ਸਨਮਾਨ ਮਿਲੇ।
[ਸਫ਼ਾ 4 ਉੱਤੇ ਸੁਰਖੀ]
ਲੋਕਾਂ ਨੂੰ ਮਿਲ ਕੇ ਸਿਰਫ਼ ਗੱਲਬਾਤ ਸ਼ੁਰੂ ਕਰਨ ਦਾ ਟੀਚਾ ਰੱਖਣਾ ਸ਼ਾਇਦ ਤੁਹਾਨੂੰ ਸੌਖਾ ਲੱਗੇ
[ਸਫ਼ਾ 5 ਉੱਤੇ ਸੁਰਖੀ]
ਕਈ ਪਬਲੀਸ਼ਰ ਪਹਿਲਾਂ ਹੀ ਧਿਆਨ ਨਾਲ ਸੋਚ-ਸਮਝ ਕੇ ਗਵਾਹੀ ਦੇਣ ਦੇ ਮੌਕੇ ਪੈਦਾ ਕਰ ਸਕੇ ਹਨ
[ਸਫ਼ਾ 5 ਉੱਤੇ ਡੱਬੀ]
ਗੱਲਬਾਤ ਸ਼ੁਰੂ ਕਰਨ ਦੇ ਕੁਝ ਸੁਝਾਅ
◼ ਗੱਲਾਂ ਸ਼ੁਰੂ ਕਰਨ ਲਈ ਪ੍ਰਾਰਥਨਾ ਕਰੋ
◼ ਦੋਸਤਾਨਾ ਰਵੱਈਏ ਵਾਲੇ ਲੋਕਾਂ ਨੂੰ ਚੁਣੋ ਜੋ ਕਾਹਲੀ ਵਿਚ ਨਾ ਹੋਣ
◼ ਨਜ਼ਰ ਮਿਲਾਓ, ਮੁਸਕਰਾਓ ਤੇ ਕੋਈ ਦਿਲਚਸਪ ਗੱਲ ਕਹੋ
◼ ਧਿਆਨ ਨਾਲ ਗੱਲ ਸੁਣੋ
[ਸਫ਼ਾ 6 ਉੱਤੇ ਡੱਬੀ]
ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਦੇ ਵਧੀਆ ਨਤੀਜੇ!
• ਜਦ ਇਕ ਭਰਾ ਗਰਾਜ ਵਿਚ ਆਪਣੀ ਗੱਡੀ ਦੀ ਮੁਰੰਮਤ ਕਰਵਾ ਰਿਹਾ ਸੀ, ਤਾਂ ਉਸ ਨੇ ਆਪਣੇ ਆਸ-ਪਾਸ ਬੈਠੇ ਬੰਦਿਆਂ ਨੂੰ ਪਬਲਿਕ ਭਾਸ਼ਣ ਦੇ ਸੱਦਾ-ਪੱਤਰ ਦਿੱਤੇ। ਇਕ ਸਾਲ ਬਾਅਦ ਇਕ ਸੰਮੇਲਨ ਵਿਚ ਇਕ ਭਰਾ ਨੇ ਉਸ ਨੂੰ ਬੜੇ ਪਿਆਰ ਨਾਲ ਨਮਸਕਾਰ ਕਿਹਾ, ਪਰ ਉਸ ਨੇ ਉਸ ਨੂੰ ਨਹੀਂ ਪਛਾਣਿਆ। ਉਹ ਉਨ੍ਹਾਂ ਬੰਦਿਆਂ ਵਿੱਚੋਂ ਇਕ ਸੀ ਜਿਸ ਨੂੰ ਇਕ ਸਾਲ ਪਹਿਲਾਂ ਗਰਾਜ ਵਿਚ ਸੱਦਾ-ਪੱਤਰ ਦਿੱਤਾ ਗਿਆ ਸੀ! ਉਹ ਬੰਦਾ ਪਬਲਿਕ ਭਾਸ਼ਣ ਸੁਣਨ ਲਈ ਗਿਆ ਸੀ। ਬਾਅਦ ਵਿਚ ਉਸ ਨੇ ਇਕ ਬਾਈਬਲ ਸਟੱਡੀ ਕੀਤੀ ਤੇ ਹੁਣ ਉਹ ਅਤੇ ਉਸ ਦੀ ਪਤਨੀ ਦੋਵੇਂ ਬਪਤਿਸਮਾ ਲੈ ਚੁੱਕੇ ਸਨ।
• ਇਕ ਭੈਣ ਗ਼ੈਰ-ਰਸਮੀ ਤੌਰ ਤੇ ਗਵਾਹੀ ਮਿਲਣ ਤੋਂ ਬਾਅਦ ਸੱਚਾਈ ਵਿਚ ਆਈ ਸੀ। ਉਹ ਉਨ੍ਹਾਂ ਲੋਕਾਂ ਨੂੰ ਗਵਾਹੀ ਦੇਣਾ ਆਪਣਾ ਫ਼ਰਜ਼ ਮੰਨਦੀ ਹੈ ਜੋ ਉਸ ਨੂੰ ਆਪਣੇ ਤਿੰਨ ਬੱਚਿਆਂ ਰਾਹੀਂ ਮਿਲਦੇ ਹਨ। ਇਸ ਗਰੁੱਪ ਵਿਚ ਸ਼ਾਮਲ ਹਨ ਉਸ ਦੇ ਗੁਆਂਢੀ, ਸਕੂਲ ਵਿਚ ਅਤੇ ਮਾਪਿਆਂ ਲਈ ਸਭਾਵਾਂ ਵਿਚ ਮਿਲਦੇ ਦੂਸਰੇ ਬੱਚਿਆਂ ਦੇ ਮਾਪੇ। ਜਦੋਂ ਵੀ ਉਹ ਆਪਣੀ ਪਛਾਣ ਕਰਾਉਂਦੀ ਹੈ, ਉਹ ਸੱਚੇ ਦਿਲ ਨਾਲ ਇਹ ਗੱਲ ਕਹਿੰਦੀ ਹੈ ਕਿ ਉਸ ਦੇ ਤਜਰਬੇ ਅਨੁਸਾਰ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਬਾਈਬਲ ਅਣਮੋਲ ਹੈ ਤੇ ਉਹ ਫਿਰ ਹੋਰ ਗੱਲਾਂ ਕਰਦੀ ਹੈ। ਸ਼ੁਰੂ ਵਿਚ ਹੀ ਬਾਈਬਲ ਦਾ ਜ਼ਿਕਰ ਕਰ ਕੇ ਉਸ ਨੂੰ ਬਾਅਦ ਵਿਚ ਗੱਲਾਂ-ਗੱਲਾਂ ਵਿਚ ਉਸ ਤੋਂ ਹਵਾਲਾ ਦੇਣਾ ਸੌਖਾ ਲੱਗਦਾ ਹੈ। ਇਹ ਤਰੀਕੇ ਵਰਤ ਕੇ ਉਸ ਨੇ ਬਪਤਿਸਮਾ ਲੈਣ ਵਿਚ 12 ਜਣਿਆਂ ਦੀ ਮਦਦ ਕੀਤੀ ਹੈ।
• ਇਕ ਵਾਰ ਇਕ ਬੀਮਾ ਕੰਪਨੀ ਦਾ ਸੇਲਜ਼ਮੈਨ ਇਕ ਭੈਣ ਨੂੰ ਮਿਲਣ ਗਿਆ ਤੇ ਭੈਣ ਨੇ ਉਸ ਨੂੰ ਗਵਾਹੀ ਦੇਣ ਦਾ ਮੌਕਾ ਭਾਲਿਆ। ਭੈਣ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਚੰਗੀ ਸਿਹਤ, ਖ਼ੁਸ਼ੀ ਤੇ ਹਮੇਸ਼ਾ ਦੀ ਜ਼ਿੰਦਗੀ ਦੀ ਗਾਰੰਟੀ ਚਾਹੁੰਦਾ ਹੈ। ਉਸ ਨੇ ਕਿਹਾ ਹਾਂ ਤੇ ਪੁੱਛਿਆ ਕਿ ਉਹ ਕਿਹੜੀ ਬੀਮਾ ਪਾਲਸੀ ਬਾਰੇ ਗੱਲ ਕਰ ਰਹੀ ਸੀ। ਉਸ ਨੇ ਉਸ ਨੂੰ ਬਾਈਬਲ ਵਿੱਚੋਂ ਪਰਮੇਸ਼ੁਰ ਦੇ ਵਾਅਦੇ ਦਿਖਾਏ ਤੇ ਇਕ ਪ੍ਰਕਾਸ਼ਨ ਦਿੱਤਾ ਜੋ ਸੇਲਜ਼ਮੈਨ ਨੇ ਇੱਕੋ ਸ਼ਾਮ ਨੂੰ ਬੈਠ ਕੇ ਪੜ੍ਹ ਲਿਆ। ਉਸ ਨਾਲ ਬਾਈਬਲ ਸਟੱਡੀ ਕਰਨ ਦਾ ਇੰਤਜ਼ਾਮ ਕੀਤਾ ਗਿਆ ਤੇ ਉਹ ਸਭਾਵਾਂ ਵਿਚ ਜਾਣ ਲੱਗ ਪਿਆ ਅਤੇ ਬਾਅਦ ਵਿਚ ਉਸ ਨੇ ਬਪਤਿਸਮਾ ਲੈ ਲਿਆ।
• ਸਫ਼ਰ ਕਰਦਿਆਂ ਇਕ ਭੈਣ ਨੇ ਆਪਣੇ ਨਾਲ ਬੈਠੀ ਔਰਤ ਨਾਲ ਗੱਲਾਂ ਸ਼ੁਰੂ ਕਰ ਕੇ ਉਸ ਨੂੰ ਗਵਾਹੀ ਦਿੱਤੀ। ਸਫ਼ਰ ਖ਼ਤਮ ਹੋਣ ਤੇ ਭੈਣ ਨੇ ਉਸ ਔਰਤ ਨੂੰ ਆਪਣਾ ਅਤਾ-ਪਤਾ ਤੇ ਟੈਲੀਫ਼ੋਨ ਨੰਬਰ ਦੇ ਕੇ ਹੱਲਾਸ਼ੇਰੀ ਦਿੱਤੀ ਕਿ ਅਗਲੀ ਵਾਰ ਯਹੋਵਾਹ ਦੇ ਗਵਾਹਾਂ ਨੂੰ ਮਿਲਣ ਤੇ ਉਸ ਨੂੰ ਬਾਈਬਲ ਸਟੱਡੀ ਸ਼ੁਰੂ ਕਰ ਲੈਣੀ ਚਾਹੀਦੀ ਹੈ। ਅਗਲੇ ਦਿਨ ਹੀ ਯਹੋਵਾਹ ਦੇ ਦੋ ਗਵਾਹ ਉਸ ਦੇ ਦਰ ʼਤੇ ਆਏ। ਉਸ ਔਰਤ ਨੇ ਬਾਈਬਲ ਸਟੱਡੀ ਸ਼ੁਰੂ ਕਰ ਲਈ ਤੇ ਜਲਦੀ ਹੀ ਤਰੱਕੀ ਕੀਤੀ। ਬਪਤਿਸਮਾ ਲੈਣ ਤੋਂ ਬਾਅਦ ਉਸ ਨੇ ਹੋਰਨਾਂ ਨਾਲ ਖ਼ੁਦ ਤਿੰਨ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ।
• ਇਕ 100-ਸਾਲਾ ਅੰਨ੍ਹਾ ਭਰਾ ਜੋ ਨਰਸਿੰਗ ਹੋਮ ਵਿਚ ਰਹਿੰਦਾ ਹੈ ਅਕਸਰ ਕਹਿੰਦਾ ਹੈ, “ਸਾਨੂੰ ਪਰਮੇਸ਼ੁਰ ਦੇ ਰਾਜ ਦੀ ਲੋੜ ਹੈ।” ਇਹ ਸੁਣ ਕੇ ਕਈ ਨਰਸਾਂ ਤੇ ਮਰੀਜ਼ ਉਸ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਵਾਲ ਪੁੱਛਦੇ ਹਨ ਤੇ ਉਹ ਉਨ੍ਹਾਂ ਨੂੰ ਸਮਝਾਉਂਦਾ ਹੈ ਕਿ ਉਹ ਰਾਜ ਕੀ ਹੈ। ਉੱਥੇ ਕੰਮ ਕਰਦੀ ਇਕ ਔਰਤ ਨੇ ਉਸ ਨੂੰ ਪੁੱਛਿਆ ਕਿ ਉਹ ਉਸ ਨਵੀਂ ਧਰਤੀ ਵਿਚ ਕੀ ਕਰੇਗਾ। ਉਸ ਨੇ ਜਵਾਬ ਦਿੱਤਾ: “ਮੈਂ ਦੇਖ ਤੇ ਤੁਰ ਸਕਾਂਗਾ। ਮੈਂ ਆਪਣੀ ਵੀਲ੍ਹਚੇਅਰ ਨੂੰ ਸਾੜ ਦੇਵਾਂਗਾ।” ਨਾ ਦੇਖ ਸਕਣ ਕਰਕੇ ਉਹ ਉਸ ਔਰਤ ਤੋਂ ਰਸਾਲੇ ਪੜ੍ਹਾਉਂਦਾ ਹੈ। ਜਦੋਂ ਉਸ ਭਰਾ ਦੀ ਧੀ ਉਸ ਨੂੰ ਮਿਲਣ ਆਈ, ਤਾਂ ਇਸ ਔਰਤ ਨੇ ਉਸ ਤੋਂ ਰਸਾਲੇ ਘਰ ਲੈ ਜਾਣ ਦੀ ਇਜਾਜ਼ਤ ਮੰਗੀ। ਇਸ ਤੋਂ ਇਲਾਵਾ, ਇਕ ਨਰਸ ਨੇ ਉਸ ਦੀ ਧੀ ਨੂੰ ਕਿਹਾ: “ਹੁਣ ਸਾਰੇ ਇਸ ਨਰਸਿੰਗ ਹੋਮ ਵਿਚ ਕਹਿੰਦੇ ਹਨ: ‘ਸਾਨੂੰ ਪਰਮੇਸ਼ੁਰ ਦੇ ਰਾਜ ਦੀ ਲੋੜ ਹੈ।’”
• ਇਕ ਭੈਣ ਇਕ ਰੇਸਟੋਰੈਂਟ ਵਿਚ ਲਾਈਨ ਵਿਚ ਖੜ੍ਹੀ ਸੀ ਜਦੋਂ ਉਸ ਨੇ ਕੁਝ ਬਜ਼ੁਰਗ ਬੰਦਿਆਂ ਨੂੰ ਰਾਜਨੀਤਿਕ ਮਾਮਲਿਆਂ ਬਾਰੇ ਗੱਲਾਂ ਕਰਦੇ ਸੁਣਿਆ। ਇਕ ਬੰਦੇ ਨੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨਹੀਂ ਸੁਲਝਾ ਸਕਦੀ। ਉਸ ਭੈਣ ਨੇ ਮਨ ਹੀ ਮਨ ਵਿਚ ਸੋਚਿਆ, ‘ਗਵਾਹੀ ਦੇਣ ਦਾ ਕਿੰਨਾ ਵਧੀਆ ਮੌਕਾ ਹੈ।’ ਉਹ ਛੋਟੀ ਜਿਹੀ ਪ੍ਰਾਰਥਨਾ ਕਰ ਕੇ ਉਨ੍ਹਾਂ ਕੋਲ ਗਈ। ਆਪਣੀ ਜਾਣ-ਪਛਾਣ ਕਰਾਉਣ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਇਕ ਸਰਕਾਰ, ਯਾਨੀ ਪਰਮੇਸ਼ੁਰ ਦੇ ਰਾਜ ਬਾਰੇ ਦੱਸਿਆ, ਜੋ ਮਨੁੱਖਜਾਤੀ ਦੀਆਂ ਸਮੱਸਿਆਵਾਂ ਸੁਲਝਾਵੇਗਾ ਤੇ ਉਨ੍ਹਾਂ ਨੂੰ ਇਕ ਬਰੋਸ਼ਰ ਪੇਸ਼ ਕੀਤਾ ਜੋ ਉਸ ਦੇ ਕੋਲ ਸੀ। ਉਸੇ ਸਮੇਂ ਮੈਨੇਜਰ ਆ ਗਿਆ। ਭੈਣ ਨੇ ਸੋਚਿਆ ਕਿ ਉਹ ਉਸ ਨੂੰ ਚਲੇ ਜਾਣ ਲਈ ਕਹੇਗਾ। ਇਸ ਦੀ ਬਜਾਇ, ਉਸ ਨੇ ਉਸ ਨੂੰ ਕਿਹਾ ਕਿ ਉਹ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ ਤੇ ਉਹ ਵੀ ਬਰੋਸ਼ਰ ਲੈਣਾ ਚਾਹੁੰਦਾ ਸੀ। ਰੇਸਟੋਰੈਂਟ ਵਿਚ ਕੰਮ ਕਰਨ ਵਾਲੀ ਇਕ ਤੀਵੀਂ ਵੀ ਉਨ੍ਹਾਂ ਦੀਆਂ ਗੱਲਾਂ ਸੁਣ ਰਹੀ ਸੀ ਤੇ ਉਸ ਦੀਆਂ ਅੱਖਾਂ ਭਰ ਆਈਆਂ। ਉਹ ਪਹਿਲਾਂ ਬਾਈਬਲ ਸਟੱਡੀ ਕਰਦੀ ਹੁੰਦੀ ਸੀ ਤੇ ਮੁੜ ਕੇ ਸਟੱਡੀ ਕਰਨਾ ਚਾਹੁੰਦੀ ਸੀ।