ਖ਼ੁਸ਼ੀ ਨਾਲ ਮੈਮੋਰੀਅਲ ਦੀਆਂ ਤਿਆਰੀਆਂ ਕਰੋ
1. ਮੈਮੋਰੀਅਲ ਦੇ ਸਮੇਂ ਅਸੀਂ ਕੀ ਕਰ ਸਕਦੇ ਹਾਂ?
1 ਇਸ ਸਾਲ ਮੈਮੋਰੀਅਲ ਮੰਗਲਵਾਰ 26 ਮਾਰਚ ਨੂੰ ਮਨਾਇਆ ਜਾਵੇਗਾ। ਇਸ ਮੌਕੇ ʼਤੇ ਅਸੀਂ ਖ਼ੁਸ਼ੀ ਮਨਾ ਸਕਾਂਗੇ ਕਿ ਯਹੋਵਾਹ ਨੇ ਸਾਡੇ ਲਈ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਇੰਤਜ਼ਾਮ ਕੀਤਾ ਹੈ। (ਯਸਾ. 61:10) ਮੈਮੋਰੀਅਲ ਆਉਣ ਤੋਂ ਪਹਿਲਾਂ ਅਸੀਂ ਖ਼ੁਸ਼ੀ ਨਾਲ ਇਸ ਦੀਆਂ ਤਿਆਰੀਆਂ ਕਰ ਸਕਦੇ ਹਾਂ। ਕਿਵੇਂ?
2. ਰਿਹਾਈ-ਕੀਮਤ ਪ੍ਰਤੀ ਕਦਰ ਦਿਖਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
2 ਮੈਮੋਰੀਅਲ ਮਨਾਉਣ ਲਈ ਤਿਆਰੀ: ਭਾਵੇਂ ਮੈਮੋਰੀਅਲ ਨੂੰ ਸਾਦੇ ਢੰਗ ਨਾਲ ਮਨਾਇਆ ਜਾਂਦਾ ਹੈ, ਫਿਰ ਵੀ ਇਹ ਬਹੁਤ ਮਹੱਤਵਪੂਰਣ ਹੈ। ਇਸ ਦੀ ਪਹਿਲਾਂ ਤੋਂ ਹੀ ਤਿਆਰੀ ਕੀਤੀ ਜਾਣੀ ਜ਼ਰੂਰੀ ਹੈ ਤਾਂਕਿ ਕੋਈ ਅਹਿਮ ਗੱਲ ਰਹਿ ਨਾ ਜਾਵੇ। (ਕਹਾ. 21:5) ਸਮਾਂ ਤੇ ਪਤਾ ਤੈਅ ਕੀਤਾ ਜਾਣਾ ਚਾਹੀਦਾ ਹੈ। ਦਾਖਰਸ ਤੇ ਰੋਟੀ ਦਾ ਪ੍ਰਬੰਧ ਕਰਨ ਦੀ ਲੋੜ ਹੈ। ਕਿੰਗਡਮ ਹਾਲ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਣੀ ਚਾਹੀਦੀ ਹੈ। ਭਾਸ਼ਣ ਦੇਣ ਵਾਲੇ ਭਰਾ ਨੂੰ ਚੰਗੀ ਤਰ੍ਹਾਂ ਤਿਆਰੀ ਕਰਨ ਦੀ ਲੋੜ ਹੈ। ਰੋਟੀ ਤੇ ਦਾਖਰਸ ਵਰਤਾਉਣ ਵਾਲਿਆਂ ਤੇ ਅਟੈਂਡੰਟਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੀ-ਕੀ ਕਰਨਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਵਿੱਚੋਂ ਕੁਝ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਰਿਹਾਈ-ਕੀਮਤ ਪ੍ਰਤੀ ਕਦਰ ਦਿਖਾਉਣ ਲਈ ਸਾਨੂੰ ਇਹ ਤਿਆਰੀਆਂ ਦਿਲੋਂ ਕਰਨੀਆਂ ਚਾਹੀਦੀਆਂ ਹਨ।—1 ਪਤ. 1:8, 9.
3. ਮੈਮੋਰੀਅਲ ਲਈ ਅਸੀਂ ਆਪਣੇ ਦਿਲ ਕਿਵੇਂ ਤਿਆਰ ਕਰ ਸਕਦੇ ਹਾਂ?
3 ਦਿਲਾਂ ਨੂੰ ਤਿਆਰ ਕਰੋ: ਮੈਮੋਰੀਅਲ ਲਈ ਸਾਨੂੰ ਆਪਣੇ ਦਿਲ ਵੀ ਤਿਆਰ ਕਰਨ ਦੀ ਲੋੜ ਹੈ, ਤਾਂਕਿ ਅਸੀਂ ਇਸ ਇੰਤਜ਼ਾਮ ਦੀ ਪੂਰੀ ਅਹਿਮੀਅਤ ਸਮਝ ਸਕੀਏ। (ਅਜ਼. 7:10) ਇਸ ਲਈ ਸਾਨੂੰ ਰੋਜ਼ ਮੈਮੋਰੀਅਲ ਬਾਈਬਲ ਰੀਡਿੰਗ ਕਰਨ ਲਈ ਸਮਾਂ ਕੱਢਣਾ ਚਾਹੀਦਾ ਹੈ ਅਤੇ ਧਰਤੀ ʼਤੇ ਯਿਸੂ ਦੇ ਆਖ਼ਰੀ ਦਿਨਾਂ ਬਾਰੇ ਸੋਚਣਾ ਚਾਹੀਦਾ ਹੈ। ਯਿਸੂ ਨੇ ਖ਼ੁਸ਼ੀ-ਖ਼ੁਸ਼ੀ ਜੋ ਸਾਡੇ ਲਈ ਕੁਰਬਾਨੀ ਦਿੱਤੀ ਹੈ, ਉਸ ਤੋਂ ਪ੍ਰੇਰਿਤ ਹੋ ਕੇ ਸਾਨੂੰ ਉਸ ਦੀ ਰੀਸ ਕਰਨੀ ਚਾਹੀਦੀ ਹੈ।—ਗਲਾ. 2:20.
4. ਯਿਸੂ ਦੇ ਕੁਰਬਾਨੀ ਦੇ ਕਿਹੜੇ ਫ਼ਾਇਦੇ ਕਰਕੇ ਤੁਹਾਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਹੁੰਦੀ ਹੈ?
4 ਮਸੀਹ ਦੀ ਮੌਤ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਸਿੱਧ ਕਰਦੀ ਹੈ। ਇਹ ਸਾਨੂੰ ਪਾਪ ਤੇ ਮੌਤ ਤੋਂ ਆਜ਼ਾਦ ਕਰਦੀ ਹੈ। (1 ਯੂਹੰ. 2:2) ਯਿਸੂ ਦੀ ਕੁਰਬਾਨੀ ਸਦਕਾ ਅਸੀਂ ਪਰਮੇਸ਼ੁਰ ਨਾਲ ਸੁਲ੍ਹਾ ਕਰ ਸਕਦੇ ਹਾਂ ਤੇ ਹਮੇਸ਼ਾ ਦੀ ਜ਼ਿੰਦਗੀ ਪਾ ਸਕਦੇ ਹਾਂ। (ਕੁਲੁ. 1:21, 22) ਨਾਲੇ ਅਸੀਂ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਦੇ ਵਾਅਦੇ ਮੁਤਾਬਕ ਜ਼ਿੰਦਗੀ ਬਿਤਾਉਣ ਤੇ ਯਿਸੂ ਦੇ ਚੇਲੇ ਬਣੇ ਰਹਿਣ ਦੇ ਆਪਣੇ ਇਰਾਦੇ ʼਤੇ ਪੱਕੇ ਰਹਿ ਸਕਦੇ ਹਾਂ। (ਮੱਤੀ 16:24) ਅਸੀਂ ਚਾਹੁੰਦੇ ਹਾਂ ਕਿ ਮੈਮੋਰੀਅਲ ਦੀਆਂ ਤਿਆਰੀਆਂ ਕਰ ਕੇ ਤੇ ਇਸ ਵਿਚ ਸ਼ਾਮਲ ਹੋ ਕੇ ਤੁਹਾਡੀ ਖ਼ੁਸ਼ੀ ਹੋਰ ਵਧੇ!