ਗਿਣਤੀ
28 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 2 “ਇਜ਼ਰਾਈਲੀਆਂ ਨੂੰ ਹੁਕਮ ਦੇ ਅਤੇ ਉਨ੍ਹਾਂ ਨੂੰ ਕਹਿ, ‘ਤੁਸੀਂ ਧਿਆਨ ਰੱਖੋ ਕਿ ਮਿਥੇ ਹੋਏ ਸਮਿਆਂ ʼਤੇ ਮੇਰੇ ਲਈ ਚੜ੍ਹਾਵਾ ਚੜ੍ਹਾਇਆ ਜਾਵੇ ਜੋ ਮੇਰਾ ਭੋਜਨ ਹੈ।+ ਤੁਸੀਂ ਇਹ ਚੜ੍ਹਾਵੇ ਅੱਗ ਵਿਚ ਸਾੜ ਕੇ ਚੜ੍ਹਾਓ ਜਿਨ੍ਹਾਂ ਦੀ ਖ਼ੁਸ਼ਬੂ ਤੋਂ ਮੈਨੂੰ ਖ਼ੁਸ਼ੀ ਹੋਵੇਗੀ।’
3 “ਉਨ੍ਹਾਂ ਨੂੰ ਕਹਿ, ‘ਤੁਸੀਂ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਇਹ ਚੜ੍ਹਾਵਾ ਚੜ੍ਹਾਓ: ਤੁਸੀਂ ਰੋਜ਼ ਹੋਮ-ਬਲ਼ੀ ਵਜੋਂ ਇਕ-ਇਕ ਸਾਲ ਦੇ ਦੋ ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ 4 ਤੁਸੀਂ ਇਕ ਲੇਲਾ ਸਵੇਰ ਨੂੰ ਅਤੇ ਦੂਸਰਾ ਲੇਲਾ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਚੜ੍ਹਾਓ।+ 5 ਇਸ ਦੇ ਨਾਲ ਅਨਾਜ ਦੇ ਚੜ੍ਹਾਵੇ ਵਜੋਂ ਇਕ ਏਫਾ* ਮੈਦੇ ਦਾ ਦਸਵਾਂ ਹਿੱਸਾ ਚੜ੍ਹਾਓ ਜਿਸ ਵਿਚ ਇਕ-ਚੌਥਾਈ ਹੀਨ* ਜ਼ੈਤੂਨ ਦਾ ਸ਼ੁੱਧ ਤੇਲ ਮਿਲਿਆ ਹੋਵੇ।+ 6 ਇਹ ਹੋਮ-ਬਲ਼ੀ ਰੋਜ਼+ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਈ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। ਇਹ ਬਲ਼ੀ ਚੜ੍ਹਾਉਣ ਦਾ ਨਿਯਮ ਸੀਨਈ ਪਹਾੜ ʼਤੇ ਦਿੱਤਾ ਗਿਆ ਸੀ। 7 ਤੁਸੀਂ ਹਰ ਲੇਲੇ ਦੇ ਨਾਲ ਇਕ-ਚੌਥਾਈ ਹੀਨ ਪੀਣ ਦੀ ਭੇਟ ਚੜ੍ਹਾਓ।+ ਇਹ ਪੀਣ ਦੀ ਭੇਟ* ਯਹੋਵਾਹ ਅੱਗੇ ਪਵਿੱਤਰ ਜਗ੍ਹਾ ʼਤੇ ਡੋਲ੍ਹ ਦਿਓ। 8 ਅਤੇ ਤੁਸੀਂ ਦੂਸਰਾ ਲੇਲਾ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਚੜ੍ਹਾਓ। ਸਵੇਰ ਵਾਂਗ ਸ਼ਾਮ ਨੂੰ ਵੀ ਦੂਸਰੇ ਲੇਲੇ ਨਾਲ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਚੜ੍ਹਾਈ ਜਾਵੇ। ਇਹ ਚੜ੍ਹਾਵਾ ਅੱਗ ਵਿਚ ਸਾੜ ਕੇ ਚੜ੍ਹਾਇਆ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ।+
9 “‘ਪਰ ਸਬਤ ਦੇ ਦਿਨ+ ਤੁਸੀਂ ਇਕ-ਇਕ ਸਾਲ ਦੇ ਦੋ ਹੋਰ ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ। ਇਨ੍ਹਾਂ ਲੇਲਿਆਂ ਦੇ ਨਾਲ ਅਨਾਜ ਦੀ ਭੇਟ ਵਜੋਂ ਦੋ-ਦੋ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ ਅਤੇ ਪੀਣ ਦੀ ਭੇਟ ਵੀ ਚੜ੍ਹਾਓ। 10 ਹਰ ਰੋਜ਼ ਜੋ ਹੋਮ-ਬਲ਼ੀ ਤੇ ਪੀਣ ਦੀ ਭੇਟ ਚੜ੍ਹਾਈ ਜਾਂਦੀ ਹੈ, ਉਸ ਤੋਂ ਇਲਾਵਾ ਸਬਤ ਦੇ ਦਿਨ ਇਹ ਹੋਮ-ਬਲ਼ੀ ਚੜ੍ਹਾਈ ਜਾਵੇ।+
11 “‘ਹਰ ਮਹੀਨੇ* ਦੇ ਪਹਿਲੇ ਦਿਨ ਤੁਸੀਂ ਹੋਮ-ਬਲ਼ੀ ਵਜੋਂ ਯਹੋਵਾਹ ਅੱਗੇ ਦੋ ਬਲਦ, ਇਕ ਭੇਡੂ ਅਤੇ ਇਕ-ਇਕ ਸਾਲ ਦੇ ਸੱਤ ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ 12 ਹਰ ਬਲਦ ਦੇ ਨਾਲ ਅਨਾਜ ਦੇ ਚੜ੍ਹਾਵੇ+ ਵਜੋਂ ਤਿੰਨ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ। ਨਾਲੇ ਭੇਡੂ+ ਨਾਲ ਅਨਾਜ ਦੇ ਚੜ੍ਹਾਵੇ ਵਜੋਂ ਦੋ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ 13 ਅਤੇ ਹਰ ਲੇਲੇ ਨਾਲ ਅਨਾਜ ਦੇ ਚੜ੍ਹਾਵੇ ਵਜੋਂ ਇਕ ਏਫਾ ਮੈਦੇ ਦਾ ਦਸਵਾਂ ਹਿੱਸਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ। ਇਹ ਸਭ ਕੁਝ ਹੋਮ-ਬਲ਼ੀ ਵਜੋਂ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਓ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+ 14 ਨਾਲੇ ਹਰ ਬਲਦ ਦੇ ਨਾਲ ਪੀਣ ਦੀ ਭੇਟ ਵਜੋਂ ਅੱਧਾ ਹੀਨ ਦਾਖਰਸ+ ਅਤੇ ਭੇਡੂ ਨਾਲ ਇਕ-ਤਿਹਾਈ ਦਾਖਰਸ+ ਅਤੇ ਹਰ ਲੇਲੇ ਨਾਲ ਇਕ-ਚੌਥਾਈ ਹੀਨ ਦਾਖਰਸ ਚੜ੍ਹਾਓ।+ ਸਾਲ ਦੇ ਹਰ ਮਹੀਨੇ ਇਹ ਹੋਮ-ਬਲ਼ੀ ਚੜ੍ਹਾਈ ਜਾਵੇ। 15 ਨਾਲੇ ਹਰ ਰੋਜ਼ ਚੜ੍ਹਾਈ ਜਾਂਦੀ ਹੋਮ-ਬਲ਼ੀ ਅਤੇ ਪੀਣ ਦੀ ਭੇਟ ਤੋਂ ਇਲਾਵਾ ਇਕ ਮੇਮਣਾ ਪਾਪ-ਬਲ਼ੀ ਵਜੋਂ ਯਹੋਵਾਹ ਅੱਗੇ ਚੜ੍ਹਾਓ।
16 “‘ਪਹਿਲੇ ਮਹੀਨੇ ਦੀ 14 ਤਾਰੀਖ਼ ਨੂੰ ਯਹੋਵਾਹ ਲਈ ਪਸਾਹ ਮਨਾਇਆ ਜਾਵੇ।+ 17 ਅਤੇ ਇਸ ਮਹੀਨੇ ਦੀ 15 ਤਾਰੀਖ਼ ਨੂੰ ਤਿਉਹਾਰ ਮਨਾਇਆ ਜਾਵੇ। ਸੱਤ ਦਿਨਾਂ ਤਕ ਬੇਖਮੀਰੀ ਰੋਟੀ ਖਾਧੀ ਜਾਵੇ।+ 18 ਤੁਸੀਂ ਤਿਉਹਾਰ ਦੇ ਪਹਿਲੇ ਦਿਨ ਪਵਿੱਤਰ ਸਭਾ ਰੱਖੋ। ਤੁਸੀਂ ਉਸ ਦਿਨ ਕੋਈ ਕੰਮ ਨਾ ਕਰੋ। 19 ਤੁਸੀਂ ਹੋਮ-ਬਲ਼ੀ ਵਜੋਂ ਯਹੋਵਾਹ ਅੱਗੇ ਦੋ ਬਲਦ, ਇਕ ਭੇਡੂ ਅਤੇ ਇਕ-ਇਕ ਸਾਲ ਦੇ ਸੱਤ ਲੇਲੇ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ ਇਹ ਸਭ ਕੁਝ ਅੱਗ ਵਿਚ ਸਾੜ ਕੇ ਚੜ੍ਹਾਇਆ ਜਾਵੇ। 20 ਤੁਸੀਂ ਹਰ ਬਲਦ ਦੇ ਨਾਲ ਅਨਾਜ ਦੇ ਚੜ੍ਹਾਵੇ ਵਜੋਂ ਤਿੰਨ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ।+ ਨਾਲੇ ਭੇਡੂ ਨਾਲ ਅਨਾਜ ਦੇ ਚੜ੍ਹਾਵੇ ਵਜੋਂ ਦੋ ਓਮਰ* ਮੈਦਾ ਚੜ੍ਹਾਓ ਜਿਸ ਵਿਚ ਤੇਲ ਮਿਲਿਆ ਹੋਵੇ। 21 ਤੁਸੀਂ ਸੱਤਾਂ ਲੇਲਿਆਂ ਵਿੱਚੋਂ ਹਰ ਲੇਲੇ ਨਾਲ ਇਕ ਏਫਾ ਮੈਦੇ ਦਾ ਦਸਵਾਂ ਹਿੱਸਾ ਚੜ੍ਹਾਓ 22 ਅਤੇ ਆਪਣੇ ਪਾਪ ਮਿਟਾਉਣ ਲਈ ਇਕ ਬੱਕਰਾ ਪਾਪ-ਬਲ਼ੀ ਵਜੋਂ ਚੜ੍ਹਾਓ। 23 ਹਰ ਰੋਜ਼ ਸਵੇਰੇ ਚੜ੍ਹਾਈ ਜਾਂਦੀ ਹੋਮ-ਬਲ਼ੀ ਤੋਂ ਇਲਾਵਾ ਤੁਸੀਂ ਇਹ ਚੜ੍ਹਾਵੇ ਵੀ ਚੜ੍ਹਾਓ। 24 ਤੁਸੀਂ ਸੱਤਾਂ ਦਿਨਾਂ ਦੌਰਾਨ ਹਰ ਰੋਜ਼ ਇਹ ਚੜ੍ਹਾਵੇ ਭੋਜਨ* ਦੇ ਤੌਰ ਤੇ ਇਸੇ ਤਰ੍ਹਾਂ ਚੜ੍ਹਾਓ। ਇਹ ਚੜ੍ਹਾਵੇ ਹਰ ਰੋਜ਼ ਚੜ੍ਹਾਈ ਜਾਂਦੀ ਹੋਮ-ਬਲ਼ੀ ਅਤੇ ਪੀਣ ਦੀ ਭੇਟ ਦੇ ਨਾਲ ਚੜ੍ਹਾਏ ਜਾਣ। ਇਹ ਸਭ ਕੁਝ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਇਆ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। 25 ਤੁਸੀਂ ਸੱਤਵੇਂ ਦਿਨ ਪਵਿੱਤਰ ਸਭਾ ਰੱਖੋ।+ ਤੁਸੀਂ ਉਸ ਦਿਨ ਕੋਈ ਕੰਮ ਨਾ ਕਰੋ।+
26 “‘ਜਦੋਂ ਤੁਸੀਂ ਪੱਕੇ ਹੋਏ ਪਹਿਲੇ ਫਲਾਂ ਦੇ ਤਿਉਹਾਰ+ ਯਾਨੀ ਵਾਢੀ ਦੇ ਤਿਉਹਾਰ+ ʼਤੇ ਯਹੋਵਾਹ ਅੱਗੇ ਨਵੇਂ ਅਨਾਜ ਦਾ ਚੜ੍ਹਾਵਾ ਚੜ੍ਹਾਉਂਦੇ ਹੋ,+ ਤਾਂ ਤੁਸੀਂ ਉਸ ਦਿਨ ਪਵਿੱਤਰ ਸਭਾ ਰੱਖੋ। ਉਸ ਦਿਨ ਤੁਸੀਂ ਕੋਈ ਕੰਮ ਨਾ ਕਰੋ।+ 27 ਤੁਸੀਂ ਹੋਮ-ਬਲ਼ੀ ਵਜੋਂ ਯਹੋਵਾਹ ਅੱਗੇ ਦੋ ਬਲਦ, ਇਕ ਭੇਡੂ ਅਤੇ ਇਕ-ਇਕ ਸਾਲ ਦੇ ਸੱਤ ਲੇਲੇ ਚੜ੍ਹਾਓ ਜਿਨ੍ਹਾਂ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+ 28 ਅਤੇ ਅਨਾਜ ਦੇ ਚੜ੍ਹਾਵੇ ਵਜੋਂ ਹਰ ਬਲਦ ਨਾਲ ਤਿੰਨ ਓਮਰ* ਮੈਦਾ ਅਤੇ ਭੇਡੂ ਨਾਲ ਦੋ ਓਮਰ* ਮੈਦਾ ਅਤੇ 29 ਸੱਤਾਂ ਲੇਲਿਆਂ ਵਿੱਚੋਂ ਹਰ ਲੇਲੇ ਨਾਲ ਇਕ ਏਫਾ ਮੈਦੇ ਦਾ ਦਸਵਾਂ ਹਿੱਸਾ ਚੜ੍ਹਾਇਆ ਜਾਵੇ। 30 ਨਾਲੇ ਤੁਸੀਂ ਆਪਣੇ ਪਾਪ ਮਿਟਾਉਣ ਲਈ ਇਕ ਮੇਮਣਾ ਚੜ੍ਹਾਓ।+ 31 ਤੁਸੀਂ ਹਰ ਰੋਜ਼ ਚੜ੍ਹਾਈ ਜਾਂਦੀ ਹੋਮ-ਬਲ਼ੀ, ਅਨਾਜ ਦੇ ਚੜ੍ਹਾਵੇ ਅਤੇ ਪੀਣ ਦੀ ਭੇਟ ਤੋਂ ਇਲਾਵਾ ਇਹ ਚੜ੍ਹਾਵੇ ਵੀ ਚੜ੍ਹਾਓ। ਹੋਮ-ਬਲ਼ੀ ਦੇ ਜਾਨਵਰਾਂ ਵਿਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ।+