ਪ੍ਰਸ਼ਨ ਡੱਬੀ
◼ ਸਾਨੂੰ ਕਿਉਂ ਹਰ ਮਹੀਨੇ ਆਪਣੀ ਖੇਤਰ ਸੇਵਾ ਤੁਰੰਤ ਰਿਪੋਰਟ ਕਰਨੀ ਚਾਹੀਦੀ ਹੈ?
ਅਸੀਂ ਸਾਰੇ ਖ਼ੁਸ਼ੀ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਰਾਜ ਸੰਦੇਸ਼ ਦੇ ਪ੍ਰਚਾਰ ਕਾਰਜ ਵਿਚ ਨੇਪਰੇ ਚਾੜ੍ਹੀਆਂ ਗਈਆਂ ਗੱਲਾਂ ਬਾਰੇ ਸੁਣਦੇ ਹਾਂ। (ਦੇਖੋ ਕਹਾਉਤਾਂ 25:25.) ਰਸੂਲਾਂ ਦੇ ਕਰਤੱਬ 2:41 ਰਿਪੋਰਟ ਕਰਦਾ ਹੈ ਕਿ ਪੰਤੇਕੁਸਤ ਦੇ ਦਿਨ ਤੇ ਪਤਰਸ ਦੇ ਉਤੇਜਕ ਭਾਸ਼ਣ ਮਗਰੋਂ, “ਤਿੰਨਕੁ ਹਜ਼ਾਰ ਜਣੇ ਉਨ੍ਹਾਂ ਵਿੱਚ ਰਲ ਗਏ।” ਥੋੜ੍ਹੇ ਸਮੇਂ ਮਗਰੋਂ, ਇਹ ਗਿਣਤੀ ਵੱਧ ਕੇ “ਪੰਜਕੁ ਹਜ਼ਾਰ” ਹੋ ਗਈ। (ਰਸੂ. 4:4) ਇਹ ਰਿਪੋਰਟਾਂ ਉਨ੍ਹਾਂ ਪਹਿਲੀ-ਸਦੀ ਮਸੀਹੀਆਂ ਦੇ ਲਈ ਕਿੰਨੀਆਂ ਹੀ ਆਨੰਦਦਾਇਕ ਸਾਬਤ ਹੋਈਆਂ ਹੋਣਗੀਆਂ! ਅੱਜ ਵੀ ਉਤਸ਼ਾਹਜਨਕ ਰਿਪੋਰਟਾਂ ਪ੍ਰਤੀ ਸਾਡੀ ਇਹੋ ਪ੍ਰਤਿਕ੍ਰਿਆ ਹੁੰਦੀ ਹੈ। ਅਸੀਂ ਉਸ ਸਫ਼ਲਤਾ ਬਾਰੇ ਸੁਣ ਕੇ ਉਤੇਜਿਤ ਹੁੰਦੇ ਹਾਂ ਜੋ ਸਾਡੇ ਭਰਾ ਸੰਸਾਰ ਭਰ ਵਿਚ ਖ਼ੁਸ਼ ਖ਼ਬਰੀ ਦੇ ਪ੍ਰਚਾਰ ਕਾਰਜ ਵਿਚ ਹਾਸਲ ਕਰ ਰਹੇ ਹਨ।
ਕਿਉਂ ਜੋ ਅਜਿਹੀਆਂ ਰਿਪੋਰਟਾਂ ਨੂੰ ਜੋੜਨ ਵਿਚ ਕਾਫ਼ੀ ਸਮਾਂ ਅਤੇ ਮਿਹਨਤ ਲੱਗਦੀ ਹੈ, ਹਰੇਕ ਰਾਜ ਪ੍ਰਕਾਸ਼ਕ ਦਾ ਸਹਿਯੋਗ ਅਤਿ ਜ਼ਰੂਰੀ ਹੈ। ਕੀ ਤੁਸੀਂ ਹਰ ਮਹੀਨੇ ਆਪਣੀ ਰਿਪੋਰਟ ਤੁਰੰਤ ਦੇਣ ਬਾਰੇ ਸਚੇਤ ਰਹਿੰਦੇ ਹੋ?
ਵਾਧੇ ਦੀਆਂ ਰਿਪੋਰਟਾਂ ਤੋਂ ਸਾਨੂੰ ਬਹੁਤ ਆਨੰਦ ਮਿਲਦਾ ਹੈ। ਇਸ ਤੋਂ ਇਲਾਵਾ, ਰਿਪੋਰਟਾਂ ਸੰਸਥਾ ਦੀ ਮਦਦ ਕਰਦੀਆਂ ਹਨ ਤਾਂਕਿ ਉਹ ਵਿਸ਼ਵ-ਵਿਆਪੀ ਕਾਰਜ ਦੀ ਤਰੱਕੀ ਉੱਤੇ ਧਿਆਨ ਰੱਖ ਸਕਣ। ਇਸ ਬਾਰੇ ਨਿਰਣੇ ਕਰਨੇ ਪੈਂਦੇ ਹਨ ਕਿ ਕਿੱਥੇ ਹੋਰ ਜ਼ਿਆਦਾ ਮਦਦ ਦੀ ਲੋੜ ਹੈ ਜਾਂ ਕਿਸ ਪ੍ਰਕਾਰ ਦੇ ਸਾਹਿੱਤ ਨੂੰ ਕਿੰਨੀ ਮਾਤਰਾ ਵਿਚ ਛਾਪਣ ਦੀ ਲੋੜ ਹੈ। ਹਰੇਕ ਕਲੀਸਿਯਾ ਦੇ ਬਜ਼ੁਰਗ, ਖੇਤਰ ਸੇਵਾ ਰਿਪੋਰਟਾਂ ਤੋਂ ਨਿਸ਼ਚਿਤ ਕਰਦੇ ਹਨ ਕਿ ਕਿੱਥੇ ਸੁਧਾਰ ਕੀਤਾ ਜਾ ਸਕਦਾ ਹੈ। ਚੰਗੀਆਂ ਰਿਪੋਰਟਾਂ ਉਤਸ਼ਾਹਜਨਕ ਹੁੰਦੀਆਂ ਹਨ, ਅਤੇ ਸਾਨੂੰ ਸਾਰਿਆਂ ਨੂੰ ਸੰਭਾਵੀ ਸੁਧਾਰ ਲਈ ਆਪਣੀ ਸੇਵਕਾਈ ਨੂੰ ਜਾਂਚਣ ਲਈ ਪ੍ਰੇਰਦੀਆਂ ਹਨ।
ਸਾਰੇ ਪ੍ਰਕਾਸ਼ਕਾਂ ਨੂੰ ਹਰ ਮਹੀਨੇ ਤੁਰੰਤ ਖੇਤਰ ਸੇਵਾ ਰਿਪੋਰਟ ਦੇਣ ਦੀ ਆਪਣੀ ਵਿਅਕਤੀਗਤ ਜ਼ਿੰਮੇਵਾਰੀ ਨੂੰ ਪਛਾਣਨ ਦੀ ਲੋੜ ਹੈ। ਕਲੀਸਿਯਾ ਪੁਸਤਕ ਅਧਿਐਨ ਸੰਚਾਲਕ ਇਸ ਜ਼ਿੰਮੇਵਾਰੀ ਬਾਰੇ ਪ੍ਰਕਾਸ਼ਕਾਂ ਨੂੰ ਯਾਦ ਦਿਲਾਉਣ ਲਈ ਯੋਗ ਹਨ, ਕਿਉਂਕਿ ਉਹ ਉਨ੍ਹਾਂ ਵਿਅਕਤੀਆਂ ਨੂੰ ਨਿੱਜੀ ਮਦਦ ਦੇਣ ਲਈ ਵੀ ਚੌਕਸ ਰਹਿੰਦੇ ਹਨ ਜਿਨ੍ਹਾਂ ਨੂੰ ਸ਼ਾਇਦ ਹਰ ਮਹੀਨੇ ਨਿਯਮਿਤ ਤੌਰ ਤੇ ਖੇਤਰ ਸੇਵਾ ਵਿਚ ਭਾਗ ਲੈਣਾ ਮੁਸ਼ਕਲ ਲੱਗਦਾ ਹੋਵੇ। ਇਹ ਯਾਦ-ਦਹਾਨੀ ਮਹੀਨੇ ਦੇ ਆਖ਼ਰੀ ਪੁਸਤਕ ਅਧਿਐਨ ਤੇ ਜਾਂ ਕਿਸੇ ਹੋਰ ਉਚਿਤ ਸਮੇਂ ਤੇ ਦਿੱਤੀ ਜਾ ਸਕਦੀ ਹੈ। ਜੇਕਰ ਰਾਜ ਗ੍ਰਹਿ ਵਿਖੇ ਖੇਤਰ ਸੇਵਾ ਰਿਪੋਰਟ ਦੇਣ ਦਾ ਮੌਕਾ ਨਾ ਹੋਵੇ, ਤਾਂ ਕਲੀਸਿਯਾ ਪੁਸਤਕ ਅਧਿਐਨ ਸੰਚਾਲਕ ਇਨ੍ਹਾਂ ਨੂੰ ਇਕੱਠਾ ਕਰ ਸਕਦਾ ਹੈ ਅਤੇ ਨਿਸ਼ਚਿਤ ਕਰ ਸਕਦਾ ਹੈ ਕਿ ਇਹ ਸਮੇਂ ਸਿਰ ਸੈਕਟਰੀ ਨੂੰ ਦਿੱਤੀਆਂ ਜਾਣ ਤਾਂ ਜੋ ਇਹ ਸੰਸਥਾ ਨੂੰ ਭੇਜੀ ਜਾਣ ਵਾਲੀ ਕਲੀਸਿਯਾ ਦੀ ਨਿਯਮਿਤ ਮਾਸਿਕ ਰਿਪੋਰਟ ਵਿਚ ਸ਼ਾਮਲ ਕੀਤੀਆਂ ਜਾ ਸਕਣ।
ਜੇਕਰ ਅਸੀਂ ਵਫ਼ਾਦਾਰੀ ਨਾਲ ਆਪਣੀ ਖੇਤਰ ਸੇਵਾ ਨੂੰ ਤੁਰੰਤ ਰਿਪੋਰਟ ਕਰਨ ਵਿਚ ਚੌਕਸ ਰਹੀਏ, ਤਾਂ ਇਹ ਉਨ੍ਹਾਂ ਭਰਾਵਾਂ ਦੇ ਬੋਝ ਨੂੰ ਹਲਕਾ ਕਰੇਗਾ ਜੋ ਸਾਡੇ ਅਧਿਆਤਮਿਕ ਕਲਿਆਣ ਲਈ ਜ਼ਿੰਮੇਵਾਰ ਹਨ।