ਆਓ ਆਪਾਂ ਦਿਲੋਂ ਸ਼ੁਕਰਗੁਜ਼ਾਰੀ ਦਿਖਾਈਏ
ਮੈਮੋਰੀਅਲ 17 ਅਪ੍ਰੈਲ ਨੂੰ ਮਨਾਇਆ ਜਾਵੇਗਾ
1. ਮੈਮੋਰੀਅਲ ਦੇ ਸਮੇਂ ਅਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਕਿੱਦਾਂ ਮਹਿਸੂਸ ਕਰ ਸਕਦੇ ਹਾਂ?
1 ਜ਼ਬੂਰਾਂ ਦਾ ਲਿਖਾਰੀ ਯਹੋਵਾਹ ਦੀ ਮਿਹਰਬਾਨੀ ਅਤੇ ਮੁਕਤੀ ਲਈ ਦਿਲੋਂ ਸ਼ੁਕਰਗੁਜ਼ਾਰ ਸੀ। ਇਸ ਕਰਕੇ ਉਸ ਨੇ ਕਿਹਾ: “ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ ਮੈਂ ਉਹ ਨੂੰ ਕੀ ਮੋੜ ਕੇ ਦਿਆਂ?” (ਜ਼ਬੂ. 116:12) ਅੱਜ ਯਹੋਵਾਹ ਦੇ ਸੇਵਕਾਂ ਕੋਲ ਸ਼ੁਕਰਗੁਜ਼ਾਰ ਹੋਣ ਦੇ ਹੋਰ ਵੀ ਕਾਰਨ ਹਨ। ਇਨ੍ਹਾਂ ਸ਼ਬਦਾਂ ਦੇ ਲਿਖੇ ਜਾਣ ਤੋਂ ਸਦੀਆਂ ਬਾਅਦ ਯਹੋਵਾਹ ਨੇ ਇਨਸਾਨਾਂ ਨੂੰ ਸਭ ਤੋਂ ਅਣਮੋਲ ਦਾਤ ਦਿੱਤੀ। ਉਸ ਨੇ ਸਾਡੇ ਲਈ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ। ਅਸੀਂ 17 ਅਪ੍ਰੈਲ ਨੂੰ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਦੀ ਤਿਆਰੀ ਕਰ ਰਹੇ ਹਾਂ ਅਤੇ ਸਾਡੇ ਕੋਲ ਧੰਨਵਾਦੀ ਹੋਣ ਦੇ ਚੰਗੇ ਕਾਰਨ ਹਨ।—ਕੁਲੁ. 3:15.
2. ਅਸੀਂ ਯਿਸੂ ਦੀ ਕੁਰਬਾਨੀ ਦੀ ਕਿਉਂ ਕਦਰ ਕਰਦੇ ਹਾਂ?
2 ਸਾਡੇ ਲਈ ਬਰਕਤਾਂ: ਯਿਸੂ ਦੀ ਕੁਰਬਾਨੀ ਸਦਕਾ ਸਾਨੂੰ ਆਪਣੇ “ਪਾਪਾਂ ਦੀ ਮਾਫ਼ੀ ਮਿਲਦੀ ਹੈ।” (ਕੁਲੁ. 1:13, 14) ਇਸ ਕਰਕੇ ਅਸੀਂ ਸਾਫ਼ ਜ਼ਮੀਰ ਨਾਲ ਯਹੋਵਾਹ ਦੀ ਭਗਤੀ ਕਰ ਸਕਦੇ ਹਾਂ। (ਇਬ. 9:13, 14) ਅਸੀਂ ਦਿਲ ਖੋਲ੍ਹ ਕੇ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ। (ਇਬ. 4:14-16) ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰਨ ਵਾਲੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਰੱਖ ਸਕਦੇ ਹਾਂ!—ਯੂਹੰ. 3:16.
3. ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਯਿਸੂ ਦੀ ਕੁਰਬਾਨੀ ਲਈ ਯਹੋਵਾਹ ਦੇ ਸ਼ੁਕਰਗੁਜ਼ਾਰ ਹਾਂ?
3 ਸ਼ੁਕਰਗੁਜ਼ਾਰੀ ਦਿਖਾਓ: ਦਿਲੋਂ ਸ਼ੁਕਰਗੁਜ਼ਾਰੀ ਦਿਖਾਉਣ ਦਾ ਇਕ ਤਰੀਕਾ ਹੈ ਰੋਜ਼ ਮੈਮੋਰੀਅਲ ਬਾਈਬਲ ਰੀਡਿੰਗ ਕਰ ਕੇ ਉਸ ਉੱਤੇ ਮਨਨ ਕਰਨਾ। ਅਸੀਂ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰ ਕੇ ਦੱਸ ਸਕਦੇ ਹਾਂ ਕਿ ਸਾਡੇ ਲਈ ਉਸ ਦੇ ਪੁੱਤਰ ਦੀ ਕੁਰਬਾਨੀ ਕਿੰਨੀ ਅਣਮੋਲ ਹੈ। (1 ਥੱਸ. 5:17, 18) ਯਿਸੂ ਦੇ ਹੁਕਮ ਅਨੁਸਾਰ ਮੈਮੋਰੀਅਲ ʼਤੇ ਹਾਜ਼ਰ ਹੋ ਕੇ ਅਸੀਂ ਆਪਣੀ ਸ਼ੁਕਰਗੁਜ਼ਾਰੀ ਦਿਖਾਉਂਦੇ ਹਾਂ। (1 ਕੁਰਿੰ. 11:24, 25) ਇਸ ਤੋਂ ਇਲਾਵਾ, ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮੈਮੋਰੀਅਲ ʼਤੇ ਆਉਣ ਦਾ ਸੱਦਾ ਦੇ ਕੇ ਯਹੋਵਾਹ ਵਾਂਗ ਦਰਿਆ-ਦਿਲੀ ਦਿਖਾ ਸਕਦੇ ਹਾਂ।—ਯਸਾ. 55:1-3.
4. ਸਾਡਾ ਪੱਕਾ ਇਰਾਦਾ ਕੀ ਹੋਣਾ ਚਾਹੀਦਾ ਹੈ?
4 ਯਹੋਵਾਹ ਦੇ ਸੇਵਕ ਮੈਮੋਰੀਅਲ ਦੀ ਬਹੁਤ ਕਦਰ ਕਰਦੇ ਹਨ। ਉਨ੍ਹਾਂ ਲਈ ਇਹ ਸਾਲ ਦਾ ਸਭ ਤੋਂ ਅਹਿਮ ਸਮਾਰੋਹ ਹੈ! ਜਿਉਂ-ਜਿਉਂ ਮੈਮੋਰੀਅਲ ਦਾ ਦਿਨ ਨੇੜੇ ਆਉਂਦਾ ਜਾਂਦਾ ਹੈ, ਆਓ ਆਪਾਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਪੱਕਾ ਇਰਾਦਾ ਕਰੀਏ ਜਿਸ ਨੇ ਲਿਖਿਆ: “ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਅਤੇ ਉਹ ਦੇ ਸਾਰੇ ਉਪਕਾਰ ਨਾ ਵਿਸਾਰ!”—ਜ਼ਬੂ. 103:2.