ਸੜਕਾਂ ʼਤੇ ਅਸਰਦਾਰ ਤਰੀਕੇ ਨਾਲ ਗਵਾਹੀ ਦਿਓ
1. ਅਸੀਂ ਯਿਸੂ ਦੀ ਕਿੱਦਾਂ ਰੀਸ ਕਰ ਸਕਦੇ ਹਾਂ?
1 ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਉਹ ਪ੍ਰਚਾਰ ਕਰਦਿਆਂ ਸੜਕਾਂ ʼਤੇ ਅਤੇ ਹੋਰ ਪਬਲਿਕ ਥਾਵਾਂ ਤੇ ਮਿਲੇ ਲੋਕਾਂ ਨਾਲ ਗੱਲ ਕਰਨ ਤੋਂ ਕਦੇ ਨਹੀਂ ਝਿਜਕਿਆ। (ਲੂਕਾ 9:57-61; ਯੂਹੰ. 4:7) ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਜ਼ਰੂਰੀ ਸੰਦੇਸ਼ ਸੁਣਾਉਣਾ ਚਾਹੁੰਦਾ ਸੀ। ਅੱਜ ਵੀ ਸੜਕਾਂ ʼਤੇ ਮਿਲਦੇ ਲੋਕਾਂ ਨੂੰ ਗਵਾਹੀ ਦੇਣੀ ਪਰਮੇਸ਼ੁਰ ਦੀ ਬੁੱਧ ਸਿਖਾਉਣ ਦਾ ਵਧੀਆ ਜ਼ਰੀਆ ਹੈ। (ਕਹਾ. 1:20) ਜੇ ਅਸੀਂ ਸਮਝਦਾਰੀ ਵਰਤ ਕੇ ਲੋਕਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜ਼ਿਆਦਾ ਸਫ਼ਲ ਹੋਵਾਂਗੇ।
2. ਸੜਕਾਂ ʼਤੇ ਗਵਾਹੀ ਦੇਣ ਲਈ ਪਹਿਲ ਕਰਨ ਦੀ ਕਿਉਂ ਲੋੜ ਹੈ?
2 ਪਹਿਲ ਕਰੋ: ਇਕ ਥਾਂ ਤੇ ਖੜ੍ਹੇ ਰਹਿ ਕੇ ਜਾਂ ਬੈਠ ਕੇ ਇਹ ਨਾ ਸੋਚੋ ਕਿ ਲੋਕ ਤੁਹਾਡੇ ਕੋਲ ਆਉਣ, ਸਗੋਂ ਚੰਗਾ ਹੋਵੇਗਾ ਜੇ ਤੁਸੀਂ ਜਾ ਕੇ ਉਨ੍ਹਾਂ ਨਾਲ ਗੱਲ ਕਰੋ। ਸ਼ਾਂਤ ਅਤੇ ਦੋਸਤਾਨਾ ਸੁਭਾਅ ਨਾਲ ਪੇਸ਼ ਆਓ ਅਤੇ ਦੂਸਰਿਆਂ ਨਾਲ ਨਜ਼ਰ ਮਿਲਾ ਕੇ ਤੇ ਮੁਸਕਰਾ ਕੇ ਗੱਲ ਕਰੋ। ਜੇ ਤੁਸੀਂ ਹੋਰਨਾਂ ਪਬਲੀਸ਼ਰਾਂ ਨਾਲ ਪ੍ਰਚਾਰ ਕਰ ਰਹੇ ਹੋ, ਤਾਂ ਬਿਹਤਰ ਹੋਵੇਗਾ ਕਿ ਤੁਸੀਂ ਇਕੱਲੇ ਜਾ ਕੇ ਲੋਕਾਂ ਨਾਲ ਗੱਲ ਕਰੋ। ਤੁਹਾਨੂੰ ਇਸ ਬਾਰੇ ਵੀ ਸੋਚਣ ਦੀ ਲੋੜ ਹੈ ਕਿ ਤੁਸੀਂ ਉਸ ਵਿਅਕਤੀ ਨੂੰ ਦੁਬਾਰਾ ਕਿੱਦਾਂ ਮਿਲੋਗੇ। ਜੇ ਹੋ ਸਕੇ, ਤਾਂ ਗੱਲ ਖ਼ਤਮ ਕਰਨ ਤੋਂ ਬਾਅਦ ਪਿਆਰ ਨਾਲ ਪੁੱਛੋ ਕਿ ਤੁਸੀਂ ਉਸ ਨੂੰ ਫਿਰ ਤੋਂ ਕਿਵੇਂ ਮਿਲ ਸਕਦੇ ਹੋ। ਕੁਝ ਪਬਲੀਸ਼ਰ ਸੜਕ ʼਤੇ ਬਾਕਾਇਦਾ ਇੱਕੋ ਜਗ੍ਹਾ ਤੇ ਜਾ ਕੇ ਗਵਾਹੀ ਦਿੰਦੇ ਹਨ ਜਿਸ ਕਰਕੇ ਉਹ ਪਹਿਲਾਂ ਮਿਲੇ ਲੋਕਾਂ ਨੂੰ ਦੁਬਾਰਾ ਮਿਲ ਸਕਦੇ ਹਨ ਅਤੇ ਉਨ੍ਹਾਂ ਦੀ ਦਿਲਚਸਪੀ ਵਧਾ ਸਕਦੇ ਹਨ।
3. ਸੜਕਾਂ ʼਤੇ ਗਵਾਹੀ ਦਿੰਦਿਆਂ ਅਸੀਂ ਸਮਝਦਾਰੀ ਕਿੱਦਾਂ ਵਰਤ ਸਕਦੇ ਹਾਂ?
3 ਸਮਝਦਾਰੀ ਵਰਤੋ: ਸੜਕਾਂ ʼਤੇ ਗਵਾਹੀ ਦਿੰਦਿਆਂ ਸਮਝਦਾਰੀ ਵਰਤੋ ਕਿ ਕਿੱਥੇ ਖੜ੍ਹਨਾ ਹੈ ਤੇ ਕਿਸ ਵਿਅਕਤੀ ਨਾਲ ਗੱਲ ਕਰਨੀ ਹੈ। ਹਰੇਕ ਆਉਂਦੇ-ਜਾਂਦੇ ਬੰਦੇ ਨੂੰ ਗਵਾਹੀ ਦੇਣੀ ਜ਼ਰੂਰੀ ਨਹੀਂ। ਧਿਆਨ ਰੱਖੋ ਕਿ ਜੇ ਕੋਈ ਕਾਹਲੀ ਵਿਚ ਹੈ, ਤਾਂ ਸ਼ਾਇਦ ਚੰਗਾ ਹੋਵੇਗਾ ਜੇ ਤੁਸੀਂ ਉਸ ਨੂੰ ਨਾ ਰੋਕੋ। ਜੇ ਤੁਸੀਂ ਕਿਸੇ ਦੁਕਾਨ ਦੇ ਸਾਮ੍ਹਣੇ ਗਵਾਹੀ ਦੇ ਰਹੇ ਹੋ, ਤਾਂ ਧਿਆਨ ਰੱਖੋ ਕਿ ਮੈਨੇਜਰ ਤੁਹਾਡੇ ਨਾਲ ਕਿਸੇ ਗੱਲੋਂ ਨਾਰਾਜ਼ ਨਾ ਹੋਵੇ। ਦੁਕਾਨ ਅੰਦਰ ਜਾਂਦੇ ਲੋਕਾਂ ਨਾਲ ਗੱਲ ਕਰਨ ਦੀ ਬਜਾਇ ਬਿਹਤਰ ਹੋਵੇਗਾ ਜੇ ਤੁਸੀਂ ਦੁਕਾਨ ਤੋਂ ਬਾਹਰ ਆਉਂਦੇ ਲੋਕਾਂ ਨਾਲ ਗੱਲ ਕਰੋ। ਲੋਕਾਂ ਨਾਲ ਇਸ ਢੰਗ ਨਾਲ ਜਾ ਕੇ ਗੱਲ ਕਰੋ ਕਿ ਉਹ ਚੌਂਕ ਨਾ ਜਾਣ। ਨਾਲੇ ਸਾਹਿੱਤ ਪੇਸ਼ ਕਰਦਿਆਂ ਵੀ ਸਮਝਦਾਰੀ ਵਰਤੋ। ਜੇ ਵਿਅਕਤੀ ਘੱਟ ਹੀ ਦਿਲਚਸਪੀ ਲੈਂਦਾ ਹੋਵੇ, ਤਾਂ ਰਸਾਲਿਆਂ ਦੀ ਥਾਂ ਟ੍ਰੈਕਟ ਪੇਸ਼ ਕਰੋ।
4. ਸੜਕਾਂ ʼਤੇ ਗਵਾਹੀ ਦੇਣੀ ਫ਼ਾਇਦੇਮੰਦ ਅਤੇ ਮਜ਼ੇਦਾਰ ਕਿਉਂ ਹੈ?
4 ਸੜਕਾਂ ʼਤੇ ਗਵਾਹੀ ਦੇਣ ਨਾਲ ਅਸੀਂ ਥੋੜ੍ਹੇ ਸਮੇਂ ਵਿਚ ਸੱਚਾਈ ਦੇ ਕਾਫ਼ੀ ਬੀ ਬੀਜ ਸਕਦੇ ਹਾਂ। (ਉਪ. 11:6) ਸ਼ਾਇਦ ਸਾਨੂੰ ਉਹ ਲੋਕ ਮਿਲਣ ਜਿਨ੍ਹਾਂ ਨੂੰ ਅਸੀਂ ਘਰ-ਘਰ ਪ੍ਰਚਾਰ ਕਰਦਿਆਂ ਨਹੀਂ ਮਿਲਦੇ। ਕਿਉਂ ਨਾ ਸੜਕਾਂ ʼਤੇ ਗਵਾਹੀ ਦੇਣ ਵਿਚ ਹਿੱਸਾ ਲਈਏ ਜੋ ਅਸਰਦਾਰ ਤਰੀਕਾ ਹੈ ਜਿਸ ਤੋਂ ਸਾਨੂੰ ਖ਼ੁਸ਼ੀ ਮਿਲਦੀ ਹੈ?