ਕੀ ਤੁਸੀਂ ਦਿਖਾਇਆ ਹੈ ਕਿ ਬਾਈਬਲ ਸਟੱਡੀ ਕਿੱਦਾਂ ਕਰੀਦੀ ਹੈ?
ਬਾਈਬਲ ਸਟੱਡੀ ਪੇਸ਼ ਕੀਤੇ ਜਾਣ ਤੇ ਕਈ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਦਿਲਚਸਪੀ ਨਹੀਂ ਹੈ ਜਾਂ ਉਹ ਆਪਣੇ ਚਰਚ ਵਿਚ ਬਾਈਬਲ ਸਟੱਡੀ ਕਰਦੇ ਹਨ। ਬਾਈਬਲ ਸਟੱਡੀ ਬਾਰੇ ਸੁਣ ਕੇ ਉਹ ਸ਼ਾਇਦ ਕਿਸੇ ਹੋਰ ਹੀ ਤਜਰਬੇ ਬਾਰੇ ਸੋਚਣ ਕਿਉਂਕਿ ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਕਿ ਅਸੀਂ ਦੂਸਰਿਆਂ ਧਰਮਾਂ ਨਾਲੋਂ ਕਿੱਦਾਂ ਵੱਖਰੀ ਤਰ੍ਹਾਂ ਬਾਈਬਲ ਸਟੱਡੀ ਕਰਦੇ ਹਾਂ ਤੇ ਇਹ ਕਿੰਨਾ ਮਜ਼ੇਦਾਰ ਹੋ ਸਕਦਾ ਹੈ। ਇਸ ਕਰਕੇ ਸਟੱਡੀ ਦੀ ਪੇਸ਼ਕਸ਼ ਕਰਨ ਦੀ ਬਜਾਇ, ਕਿਉਂ ਨਾ ਦੋ ਕੁ ਮਿੰਟਾਂ ਲਈ ਉਨ੍ਹਾਂ ਨੂੰ ਦਿਖਾਓ ਕਿ ਬਾਈਬਲ ਸਟੱਡੀ ਕਿੱਦਾਂ ਕਰੀਦੀ ਹੈ? ਮਿਸਾਲ ਲਈ, ਉਨ੍ਹਾਂ ਨੂੰ ਸਿਰਫ਼ ਇਹ ਨਾ ਕਹੋ ਕਿ ਤੁਸੀਂ ਵਧੀਆ ਖਾਣਾ ਬਣਾਉਂਦੇ ਹੋ ਅਤੇ ਅਗਲੀ ਵਾਰ ਉਨ੍ਹਾਂ ਲਈ ਭੋਜਨ ਪਕਾ ਕੇ ਲਿਆਓਗੇ, ਪਰ ਉਨ੍ਹਾਂ ਨੂੰ ਉਸੇ ਸਮੇਂ ਭੋਜਨ ਦਾ ਸੁਆਦ ਚੱਖਣ ਦਿਓ! ਤੁਸੀਂ ਜਨਵਰੀ 2006 ਦੀ ਸਾਡੀ ਰਾਜ ਸੇਵਕਾਈ ਦੇ ਸਫ਼ੇ 6 ਤੋਂ ਇਹ ਸੁਝਾਅ ਲੈ ਕੇ ਦੋ ਕੁ ਮਿੰਟਾਂ ਵਿਚ ਇਹ ਕਰ ਸਕਦੇ ਹੋ:
ਘਰ-ਸੁਆਮੀ ਦੀ ਦਿਲਚਸਪੀ ਦੇਖ ਕੇ ਤੁਸੀਂ ਇਹ ਕਹਿ ਸਕਦੇ ਹੋ: “ਤੁਹਾਡੇ ਖ਼ਿਆਲ ਵਿਚ ਉਹ ਦਿਨ ਕਦੋਂ ਆਵੇਗਾ ਜਦੋਂ ਅਸੀਂ ਅਜਿਹੇ ਹਾਲਾਤ ਦੇਖਾਂਗੇ? [ਯਸਾਯਾਹ 33:24 ਪੜ੍ਹੋ ਤੇ ਜਵਾਬ ਦੇਣ ਦਿਓ।] ਇਸ ਵਿਸ਼ੇ ਤੇ ਮੈਂ ਤੁਹਾਨੂੰ ਇਕ ਵਧੀਆ ਪੁਸਤਕ ਦਿਖਾਉਣੀ ਚਾਹੁੰਦਾ ਹਾਂ।” ਘਰ-ਸੁਆਮੀ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਕੇ ਸਫ਼ਾ 36 ʼਤੇ ਪੈਰਾ 22 ਦਿਖਾਓ। ਹੇਠਲਾ ਸਵਾਲ ਪੜ੍ਹੋ ਅਤੇ ਘਰ-ਸੁਆਮੀ ਦਾ ਜਵਾਬ ਧਿਆਨ ਨਾਲ ਸੁਣੋ। ਇਕ ਹੋਰ ਹਵਾਲਾ ਇਕੱਠੇ ਪੜ੍ਹੋ। ਇਕ ਸਵਾਲ ਛੱਡ ਕੇ ਜਾਓ ਜਿਸ ਦਾ ਅਗਲੀ ਮੁਲਾਕਾਤ ਤੇ ਜਵਾਬ ਦਿੱਤਾ ਜਾਵੇਗਾ। ਤੁਸੀਂ ਇਕ ਬਾਈਬਲ ਸਟੱਡੀ ਸ਼ੁਰੂ ਕਰ ਲਈ ਹੈ!