ਪੁਨਰ-ਮੁਲਾਕਾਤ ਕਰਨ ਲਈ ਦਲੇਰ ਹੋਵੋ
1 ਕੀ ਤੁਸੀਂ ਪੁਨਰ-ਮੁਲਾਕਾਤ ਕਰਨੀ ਪਸੰਦ ਕਰਦੇ ਹੋ? ਅਨੇਕ ਪ੍ਰਕਾਸ਼ਕ ਪਸੰਦ ਕਰਦੇ ਹਨ। ਤੁਸੀਂ ਸ਼ਾਇਦ ਪਹਿਲਾਂ-ਪਹਿਲ ਘਬਰਾਏ ਹੋਵੋਗੇ, ਖ਼ਾਸ ਕਰਕੇ ਉਨ੍ਹਾਂ ਘਰ-ਸੁਆਮੀਆਂ ਕੋਲ ਵਾਪਸ ਜਾਂਦੇ ਸਮੇਂ ਜਿਨ੍ਹਾਂ ਨੇ ਪਹਿਲੀ ਵਾਰ ਮਿਲਣ ਤੇ ਕੇਵਲ ਥੋੜ੍ਹੀ ਹੀ ਦਿਲਚਸਪੀ ਦਿਖਾਈ ਸੀ। ਪਰੰਤੂ ਜਿਉਂ ਹੀ ਤੁਸੀਂ ‘ਖੁਸ਼ ਖਬਰੀ ਸੁਣਾਉਣ ਲਈ ਆਪਣੇ ਪਰਮੇਸ਼ੁਰ ਦੇ ਆਸਰੇ ਦਿਲੇਰ ਹੁੰਦੇ ਹੋਏ,’ ਪੁਨਰ-ਮੁਲਾਕਾਤਾਂ ਕਰਦੇ ਹੋ, ਤੁਸੀਂ ਸ਼ਾਇਦ ਇਹ ਦੇਖ ਕੇ ਹੈਰਾਨ ਹੋਵੋਗੇ ਕਿ ਇਹ ਕੰਮ ਕਿੰਨਾ ਹੀ ਆਸਾਨ ਅਤੇ ਫਲਦਾਇਕ ਹੋ ਸਕਦਾ ਹੈ। (1 ਥੱਸ. 2:2) ਇਹ ਕਿਵੇਂ?
2 ਦਰਅਸਲ, ਪੁਨਰ-ਮੁਲਾਕਾਤ ਅਤੇ ਪਹਿਲੀ ਮੁਲਾਕਾਤ ਵਿਚ ਇਕ ਮਹੱਤਵਪੂਰਣ ਭਿੰਨਤਾ ਹੈ। ਪੁਨਰ-ਮੁਲਾਕਾਤ ਵਾਕਫ਼ ਨਾਲ ਕੀਤੀ ਜਾਂਦੀ ਹੈ, ਨਾ ਕਿ ਅਜਨਬੀ ਨਾਲ, ਅਤੇ ਆਮ ਤੌਰ ਤੇ ਇਕ ਅਜਨਬੀ ਨਾਲੋਂ ਇਕ ਵਾਕਫ਼ ਨਾਲ ਗੱਲ ਕਰਨੀ ਜ਼ਿਆਦਾ ਆਸਾਨ ਹੁੰਦੀ ਹੈ। ਜਿੱਥੋਂ ਤਕ ਕਿ ਇਸ ਕੰਮ ਵਿਚ ਹਿੱਸਾ ਲੈਣ ਤੋਂ ਹਾਸਲ ਹੋਣ ਵਾਲੇ ਸੰਤੋਖਜਨਕ ਪ੍ਰਤਿਫਲ ਦੀ ਗੱਲ ਹੈ, ਪੁਨਰ-ਮੁਲਾਕਾਤਾਂ ਫਲਦਾਇਕ ਗ੍ਰਹਿ ਬਾਈਬਲ ਅਧਿਐਨ ਵੱਲ ਲੈ ਜਾ ਸਕਦੀਆਂ ਹਨ।
3 ਘਰ-ਘਰ ਦੀ ਸੇਵਕਾਈ ਵਿਚ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕਰਨੀ ਵੀ ਸ਼ਾਮਲ ਹੈ ਜਿਨ੍ਹਾਂ ਨੇ ਦਿਲਚਸਪੀ ਨਹੀਂ ਦਿਖਾਈ ਸੀ ਜਦੋਂ ਅਸੀਂ ਉਨ੍ਹਾਂ ਨੂੰ ਪਿਛਲੀ ਵਾਰ ਮਿਲੇ ਸੀ। ਤਾਂ ਫਿਰ, ਅਸੀਂ ਕਿਉਂ ਉਨ੍ਹਾਂ ਦੇ ਕੋਲ ਵਾਰ-ਵਾਰ ਜਾਂਦੇ ਹਾਂ? ਸਾਨੂੰ ਅਹਿਸਾਸ ਹੈ ਕਿ ਲੋਕਾਂ ਦੇ ਹਾਲਾਤ ਬਦਲ ਜਾਂਦੇ ਹਨ ਅਤੇ ਕਿ ਜਿਹੜੇ ਵਿਅਕਤੀ ਪਿਛਲੀ ਮੁਲਾਕਾਤ ਤੇ ਉਦਾਸੀਨ ਜਾਂ ਵਿਰੋਧੀ ਜਾਪਦੇ ਸਨ, ਉਹ ਸਾਡੀ ਅਗਲੀ ਮੁਲਾਕਾਤ ਤੇ ਸ਼ਾਇਦ ਦਿਲਚਸਪੀ ਦਿਖਾਉਣ। ਇਸ ਨੂੰ ਯਾਦ ਰੱਖਦੇ ਹੋਏ, ਅਸੀਂ ਚੰਗੀ ਤਿਆਰੀ ਕਰਦੇ ਹਾਂ ਅਤੇ ਯਹੋਵਾਹ ਦੀ ਬਰਕਤ ਲਈ ਪ੍ਰਾਰਥਨਾ ਕਰਦੇ ਹਾਂ ਤਾਂਕਿ ਇਸ ਵਾਰੀ ਸਾਡੇ ਵੱਲੋਂ ਕਹੀ ਗਈ ਗੱਲ ਨੂੰ ਚੰਗੀ ਪ੍ਰਤਿਕ੍ਰਿਆ ਹਾਸਲ ਹੋਵੇ।
4 ਜੇਕਰ, ਆਪਣੇ ਘਰ-ਘਰ ਦੇ ਗਵਾਹੀ ਕਾਰਜ ਵਿਚ, ਅਸੀਂ ਉਨ੍ਹਾਂ ਲੋਕਾਂ ਨੂੰ ਖ਼ੁਸ਼ੀ ਨਾਲ ਪ੍ਰਚਾਰ ਕਰਦੇ ਹਾਂ ਜਿਨ੍ਹਾਂ ਨੇ ਪਹਿਲਾਂ ਬਿਲਕੁਲ ਹੀ ਦਿਲਚਸਪੀ ਨਹੀਂ ਦਿਖਾਈ ਸੀ, ਤਾਂ ਕੀ ਸਾਨੂੰ ਉਨ੍ਹਾਂ ਕੋਲ ਖ਼ੁਸ਼ੀ ਨਾਲ ਵਾਪਸ ਨਹੀਂ ਜਾਣਾ ਚਾਹੀਦਾ ਹੈ ਜੋ ਰਾਜ ਸੰਦੇਸ਼ ਵਿਚ ਥੋੜ੍ਹੀ-ਬਹੁਤ ਦਿਲਚਸਪੀ ਦਿਖਾਉਂਦੇ ਹਨ?—ਰਸੂ. 10:34, 35.
5 ਸਾਡੇ ਵਿੱਚੋਂ ਅੱਜ ਬਹੁਤ ਸਾਰੇ ਇਸ ਲਈ ਸੱਚਾਈ ਵਿਚ ਹਨ ਕਿਉਂਕਿ ਕਿਸੇ ਪ੍ਰਕਾਸ਼ਕ ਨੇ ਧੀਰਜ ਸਹਿਤ ਸਾਡੇ ਨਾਲ ਪੁਨਰ-ਮੁਲਾਕਾਤਾਂ ਕੀਤੀਆਂ ਸਨ। ਜੇਕਰ ਤੁਸੀਂ ਇਨ੍ਹਾਂ ਵਿੱਚੋਂ ਇਕ ਹੋ, ਤਾਂ ਤੁਸੀਂ ਖ਼ੁਦ ਨੂੰ ਪੁੱਛ ਸਕਦੇ ਹੋ: ‘ਮੇਰੇ ਬਾਰੇ ਉਸ ਪ੍ਰਕਾਸ਼ਕ ਦੀ ਪਹਿਲੀ ਰਾਇ ਕੀ ਸੀ? ਕੀ ਮੈਂ ਰਾਜ ਸੰਦੇਸ਼ ਨੂੰ ਸੁਣਦਿਆਂ ਹੀ ਇਕਦਮ ਅਪਣਾ ਲਿਆ ਸੀ? ਕੀ ਮੈਂ ਉਦਾਸੀਨ ਜਾਪਦਾ ਸੀ?’ ਸਾਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਉਸ ਪ੍ਰਕਾਸ਼ਕ ਨੇ ਸਾਨੂੰ ਪੁਨਰ-ਮੁਲਾਕਾਤ ਦੇ ਯੋਗ ਸਮਝਿਆ, ‘ਪਰਮੇਸ਼ੁਰ ਦੇ ਆਸਰੇ ਦਿਲੇਰ ਹੋ ਕੇ,’ ਸਾਡੇ ਨਾਲ ਮੁਲਾਕਾਤ ਕੀਤੀ, ਅਤੇ ਸਾਨੂੰ ਸੱਚਾਈ ਸਿਖਾਉਣੀ ਸ਼ੁਰੂ ਕੀਤੀ। ਪਰੰਤੂ ਉਨ੍ਹਾਂ ਵਿਅਕਤੀਆਂ ਬਾਰੇ ਕੀ, ਜੋ ਪਹਿਲਾਂ-ਪਹਿਲ ਕੁਝ ਦਿਲਚਸਪੀ ਦਿਖਾਉਂਦੇ ਹਨ ਪਰ ਬਾਅਦ ਵਿਚ ਸਾਨੂੰ ਲੱਗਦਾ ਹੈ ਕਿ ਉਹ ਸਾਨੂੰ ਟਾਲ ਰਹੇ ਹਨ? ਸਕਾਰਾਤਮਕ ਮਨੋਬਿਰਤੀ ਅਤਿ ਜ਼ਰੂਰੀ ਹੈ, ਜਿਵੇਂ ਕਿ ਹੇਠ ਦਿੱਤਾ ਗਿਆ ਅਨੁਭਵ ਦਰਸਾਉਂਦਾ ਹੈ।
6 ਇਕ ਦਿਨ ਸਵੇਰੇ-ਸਵੇਰ ਸੜਕ ਗਵਾਹੀ ਕਰਦੇ ਸਮੇਂ, ਦੋ ਪ੍ਰਕਾਸ਼ਕਾਂ ਨੂੰ ਇਕ ਤੀਵੀਂ ਮਿਲੀ ਜਿਸ ਦੇ ਨਾਲ ਬੱਚਾ-ਗੱਡੀ ਵਿਚ ਇਕ ਬੱਚਾ ਸੀ। ਉਸ ਤੀਵੀਂ ਨੇ ਇਕ ਰਸਾਲਾ ਸਵੀਕਾਰ ਕੀਤਾ ਅਤੇ ਭੈਣਾਂ ਨੂੰ ਅਗਲੇ ਐਤਵਾਰ ਆਪਣੇ ਘਰ ਸੱਦਿਆ। ਉਹ ਨਿਯੁਕਤ ਸਮੇਂ ਤੇ ਉੱਥੇ ਪਹੁੰਚੀਆਂ, ਪਰੰਤੂ ਤੀਵੀਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੇ ਕੋਲ ਗੱਲ ਕਰਨ ਦਾ ਸਮਾਂ ਨਹੀਂ ਸੀ। ਪਰੰਤੂ, ਉਸ ਨੇ ਵਾਅਦਾ ਕੀਤਾ ਕਿ ਉਹ ਅਗਲੇ ਹਫ਼ਤੇ ਉਨ੍ਹਾਂ ਨੂੰ ਸਮਾਂ ਦੇਵੇਗੀ। ਭੈਣਾਂ ਨੂੰ ਸੰਦੇਹ ਸੀ ਕਿ ਉਹ ਆਪਣੇ ਮਿਲਣ ਦੇ ਇਕਰਾਰ ਨੂੰ ਪੂਰਾ ਨਹੀਂ ਕਰੇਗੀ, ਪਰ ਜਦੋਂ ਉਹ ਵਾਪਸ ਗਈਆਂ, ਤਾਂ ਉਹ ਤੀਵੀਂ ਉਨ੍ਹਾਂ ਦੀ ਉਡੀਕ ਕਰ ਰਹੀ ਸੀ। ਅਧਿਐਨ ਸ਼ੁਰੂ ਕੀਤਾ ਗਿਆ, ਅਤੇ ਤੀਵੀਂ ਦੀ ਤਰੱਕੀ ਹੈਰਾਨ ਕਰਨ ਵਾਲੀ ਸੀ। ਥੋੜ੍ਹੇ ਹੀ ਸਮੇਂ ਵਿਚ, ਉਹ ਨਿਯਮਿਤ ਤੌਰ ਤੇ ਸਭਾਵਾਂ ਵਿਚ ਹਾਜ਼ਰ ਹੋਣ ਲੱਗੀ ਅਤੇ ਖੇਤਰ ਸੇਵਾ ਵਿਚ ਹਿੱਸਾ ਲੈਣ ਲੱਗੀ। ਉਹ ਹੁਣ ਬਪਤਿਸਮਾ-ਪ੍ਰਾਪਤ ਹੈ।
7 ਪਹਿਲੀ ਮੁਲਾਕਾਤ ਤੇ ਬੁਨਿਆਦ ਰੱਖੋ: ਸਫ਼ਲ ਪੁਨਰ-ਮੁਲਾਕਾਤ ਦੀ ਬੁਨਿਆਦ ਅਕਸਰ ਪਹਿਲੀ ਮੁਲਾਕਾਤ ਤੇ ਰੱਖੀ ਜਾਂਦੀ ਹੈ। ਘਰ-ਸੁਆਮੀ ਦੀਆਂ ਟਿੱਪਣੀਆਂ ਨੂੰ ਧਿਆਨ ਨਾਲ ਸੁਣੋ। ਉਹ ਤੁਹਾਨੂੰ ਕੀ ਦੱਸਦੇ ਹਨ? ਕੀ ਉਹ ਧਾਰਮਿਕ ਸੁਭਾਉ ਦਾ ਹੈ? ਕੀ ਉਹ ਸਮਾਜਕ ਵਿਸ਼ਿਆਂ ਬਾਰੇ ਚਿੰਤਿਤ ਹੈ? ਕੀ ਉਹ ਵਿਗਿਆਨ, ਇਤਿਹਾਸ ਜਾਂ ਵਾਤਾਵਰਣ ਵਿਚ ਦਿਲਚਸਪੀ ਰੱਖਦਾ ਹੈ? ਮੁਲਾਕਾਤ ਦੇ ਅੰਤ ਵਿਚ, ਤੁਸੀਂ ਇਕ ਵਿਚਾਰ-ਉਕਸਾਊ ਸਵਾਲ ਪੁੱਛ ਕੇ ਵਾਅਦਾ ਕਰ ਸਕਦੇ ਹੋ ਕਿ ਤੁਸੀਂ ਵਾਪਸ ਆ ਕੇ ਬਾਈਬਲ ਦੇ ਜਵਾਬ ਦੀ ਚਰਚਾ ਕਰੋਗੇ।
8 ਮਿਸਾਲ ਲਈ, ਜੇਕਰ ਘਰ-ਸੁਆਮੀ ਪਰਾਦੀਸ ਧਰਤੀ ਬਾਰੇ ਬਾਈਬਲ ਦੇ ਵਾਅਦੇ ਵਿਚ ਦਿਲਚਸਪੀ ਦਿਖਾਉਂਦਾ ਹੈ, ਤਾਂ ਇਸ ਵਿਸ਼ੇ ਉੱਤੇ ਹੋਰ ਚਰਚਾ ਕਰਨੀ ਉਚਿਤ ਹੋਵੇਗੀ। ਜਾਣ ਤੋਂ ਠੀਕ ਪਹਿਲਾਂ, ਤੁਸੀਂ ਪੁੱਛ ਸਕਦੇ ਹੋ: “ਅਸੀਂ ਕਿਵੇਂ ਨਿਸ਼ਚਿਤ ਹੋ ਸਕਦੇ ਹਾਂ ਕਿ ਪਰਮੇਸ਼ੁਰ ਇਹ ਵਾਅਦਾ ਪੂਰਾ ਕਰੇਗਾ?” ਫਿਰ ਅੱਗੇ ਕਹੋ: “ਸ਼ਾਇਦ ਮੈਂ ਅਗਲੀ ਵਾਰ ਆਵਾਂ ਜਦੋਂ ਪੂਰਾ ਪਰਿਵਾਰ ਘਰ ਹੋਵੇਗਾ, ਅਤੇ ਤਦ ਮੈਂ ਤੁਹਾਨੂੰ ਇਸ ਸਵਾਲ ਦਾ ਜਵਾਬ ਬਾਈਬਲ ਵਿੱਚੋਂ ਦਿਖਾ ਸਕਦਾ ਹਾਂ।”
9 ਜੇਕਰ ਘਰ-ਸੁਆਮੀ ਨੇ ਕਿਸੇ ਖ਼ਾਸ ਵਿਸ਼ੇ ਵਿਚ ਦਿਲਚਸਪੀ ਨਹੀਂ ਦਿਖਾਈ, ਤਾਂ ਤੁਸੀਂ ਸਾਡੀ ਰਾਜ ਸੇਵਕਾਈ ਦੇ ਆਖ਼ਰੀ ਸਫ਼ੇ ਉੱਤੇ ਦਿੱਤੀਆਂ ਪੇਸ਼ਕਾਰੀਆਂ ਵਿਚ ਪੇਸ਼ ਕੀਤੇ ਗਏ ਸਵਾਲਾਂ ਵਿੱਚੋਂ ਇਕ ਸਵਾਲ ਪੁੱਛ ਸਕਦੇ ਹੋ, ਅਤੇ ਇਸ ਨੂੰ ਆਪਣੀ ਅਗਲੀ ਚਰਚਾ ਦੀ ਬੁਨਿਆਦ ਵਜੋਂ ਇਸਤੇਮਾਲ ਕਰ ਸਕਦੇ ਹੋ।
10 ਸਹੀ ਲਿਖਤੀ ਰਿਕਾਰਡ ਰੱਖੋ: ਤੁਹਾਡਾ ਘਰ-ਘਰ ਦਾ ਰਿਕਾਰਡ ਸਹੀ ਅਤੇ ਮੁਕੰਮਲ ਹੋਣਾ ਚਾਹੀਦਾ ਹੈ। ਮੁਲਾਕਾਤ ਪੂਰੀ ਕਰ ਕੇ ਨਿਕਲਦੇ ਹੀ ਘਰ-ਸੁਆਮੀ ਦਾ ਨਾਂ ਅਤੇ ਪਤਾ ਲਿਖੋ। ਮਕਾਨ ਨੰਬਰ ਜਾਂ ਸੜਕ ਦੇ ਨਾਂ ਦਾ ਅਨੁਮਾਨ ਨਾ ਲਗਾਓ—ਨਿਸ਼ਚਿਤ ਕਰੋ ਕਿ ਜਾਣਕਾਰੀ ਸਹੀ ਹੈ। ਵਿਅਕਤੀ ਦਾ ਹੁਲੀਆ ਲਿਖੋ। ਜਿਸ ਵਿਸ਼ੇ ਦੀ ਚਰਚਾ ਤੁਸੀਂ ਕੀਤੀ, ਜੋ ਸ਼ਾਸਤਰਵਚਨ ਤੁਸੀਂ ਪੜ੍ਹੇ, ਜੋ ਸਾਹਿੱਤ ਤੁਸੀਂ ਦਿੱਤਾ, ਅਤੇ ਵਾਪਸ ਜਾਣ ਤੇ ਤੁਸੀਂ ਜਿਸ ਸਵਾਲ ਦਾ ਜਵਾਬ ਦਿਓਗੇ, ਬਾਰੇ ਲਿਖੋ। ਨਾਲ ਹੀ ਪਹਿਲੀ ਮੁਲਾਕਾਤ ਦੇ ਦਿਨ ਅਤੇ ਸਮੇਂ ਅਤੇ ਕਦੋਂ ਤੁਸੀਂ ਵਾਪਸ ਜਾਣ ਦਾ ਵਾਅਦਾ ਕੀਤਾ ਹੈ, ਨੂੰ ਲਿਖੋ। ਹੁਣ ਜਦ ਕਿ ਤੁਹਾਡਾ ਰਿਕਾਰਡ ਮੁਕੰਮਲ ਹੈ, ਇਸ ਨੂੰ ਗੁਆਈਓ ਨਾ! ਇਸ ਨੂੰ ਇਕ ਸੁਰੱਖਿਅਤ ਜਗ੍ਹਾ ਵਿਚ ਰੱਖੋ ਤਾਂਕਿ ਤੁਸੀਂ ਇਸ ਨੂੰ ਬਾਅਦ ਵਿਚ ਦੇਖ ਸਕੋ। ਉਸ ਵਿਅਕਤੀ ਬਾਰੇ ਅਤੇ ਤੁਸੀਂ ਅਗਲੀ ਵਾਰੀ ਪੁਨਰ-ਮੁਲਾਕਾਤ ਤੇ ਕੀ ਕਹੋਗੇ ਬਾਰੇ ਸੋਚਦੇ ਰਹੋ।
11 ਜਾਣੋ ਕਿ ਤੁਹਾਡੇ ਉਦੇਸ਼ ਕੀ ਹਨ: ਪਹਿਲਾਂ, ਨਿੱਘੇ ਅਤੇ ਦੋਸਤਾਨਾ ਹੋਵੋ, ਅਤੇ ਘਰ-ਸੁਆਮੀ ਨੂੰ ਨਿਸ਼ਚਿੰਤ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਬੇਲੋੜੀ ਨਜ਼ਦੀਕੀ ਦਿਖਾਏ ਬਿਨਾਂ, ਦਿਖਾਓ ਕਿ ਤੁਸੀਂ ਉਸ ਵਿਚ ਇਕ ਵਿਅਕਤੀ ਦੇ ਤੌਰ ਤੇ ਦਿਲਚਸਪੀ ਰੱਖਦੇ ਹੋ। ਫਿਰ, ਉਸ ਨੂੰ ਪਿਛਲੀ ਮੁਲਾਕਾਤ ਤੇ ਪੁੱਛੇ ਗਏ ਕਿਸੇ ਸਵਾਲ ਬਾਰੇ ਚੇਤੇ ਕਰਾਓ। ਉਸ ਦੀ ਰਾਇ ਨੂੰ ਧਿਆਨ ਨਾਲ ਸੁਣੋ, ਅਤੇ ਉਸ ਦੀਆਂ ਟਿੱਪਣੀਆਂ ਲਈ ਸੁਹਿਰਦ ਕਦਰ ਪ੍ਰਗਟ ਕਰੋ। ਫਿਰ, ਦਿਖਾਓ ਕਿ ਬਾਈਬਲ ਦਾ ਦ੍ਰਿਸ਼ਟੀਕੋਣ ਕਿਉਂ ਵਿਵਹਾਰਕ ਹੈ। ਜੇ ਮੁਮਕਿਨ ਹੋਵੇ, ਤਾਂ ਉਸ ਨੂੰ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਵਿਚ ਪਾਏ ਜਾਣ ਵਾਲੇ ਸੰਬੰਧਿਤ ਵਿਚਾਰ ਵੱਲ ਨਿਰਦੇਸ਼ਿਤ ਕਰੋ। ਯਾਦ ਰੱਖੋ ਕਿ ਤੁਹਾਡਾ ਪੁਨਰ-ਮੁਲਾਕਾਤ ਕਰਨ ਦਾ ਮੁੱਖ ਉਦੇਸ਼ ਬਾਈਬਲ ਅਧਿਐਨ ਸ਼ੁਰੂ ਕਰਨਾ ਹੈ।
12 ਗਿਆਨ ਪੁਸਤਕ ਦੀ ਸਪੱਸ਼ਟਤਾ ਨੇ ਸਾਡੇ ਵਿੱਚੋਂ ਅਨੇਕਾਂ ਨੂੰ ਬਾਈਬਲ ਅਧਿਐਨ ਕਰਵਾਉਂਦੇ ਵੇਲੇ ‘ਦਿਲੇਰ ਹੋਣ’ ਲਈ ਪ੍ਰੇਰਿਤ ਕੀਤਾ ਹੈ ਕਿ ਅਸੀਂ ਸਿੱਖਿਆਰਥੀਆਂ ਨੂੰ ਸਭਾਵਾਂ ਵਿਚ ਹਾਜ਼ਰ ਹੋਣ ਲਈ ਅਤੇ ਯਹੋਵਾਹ ਦੇ ਸੰਗਠਨ ਨਾਲ ਸੰਗਤ ਕਰਨ ਲਈ ਉਤਸ਼ਾਹਿਤ ਕਰੀਏ। ਬੀਤਿਆਂ ਸਮਿਆਂ ਵਿਚ ਅਸੀਂ ਉਦੋਂ ਤਕ ਵਿਅਕਤੀਆਂ ਨੂੰ ਸਾਡੇ ਨਾਲ ਸੰਗਤ ਕਰਨ ਲਈ ਨਹੀਂ ਸੱਦਦੇ ਸੀ ਜਦੋਂ ਤਕ ਕਿ ਉਹ ਕਾਫ਼ੀ ਸਮੇਂ ਤਕ ਅਧਿਐਨ ਨਹੀਂ ਕਰ ਲੈਂਦੇ ਸਨ। ਹੁਣ, ਅਨੇਕ ਸਿੱਖਿਆਰਥੀ ਅਧਿਐਨ ਸ਼ੁਰੂ ਕਰਦਿਆਂ ਹੀ ਸਭਾਵਾਂ ਵਿਚ ਹਾਜ਼ਰ ਹੋ ਰਹੇ ਹਨ, ਅਤੇ ਸਿੱਟੇ ਵਜੋਂ ਉਹ ਜ਼ਿਆਦਾ ਤੇਜ਼ੀ ਨਾਲ ਤਰੱਕੀ ਕਰ ਰਹੇ ਹਨ।
13 ਇਕ ਜੋੜੇ ਨੇ ਇਕ ਸਹਿਕਰਮੀ ਨੂੰ ਗ਼ੈਰ-ਰਸਮੀ ਤੌਰ ਤੇ ਗਵਾਹੀ ਦਿੱਤੀ। ਜਦੋਂ ਉਸ ਨੇ ਸੱਚਾਈ ਵਿਚ ਦਿਲਚਸਪੀ ਪ੍ਰਗਟ ਕੀਤੀ, ਤਾਂ ਉਨ੍ਹਾਂ ਨੇ ਉਸ ਨੂੰ ਗਿਆਨ ਪੁਸਤਕ ਵਿੱਚੋਂ ਬਾਈਬਲ ਅਧਿਐਨ ਕਰਨ ਦੀ ਪੇਸ਼ਕਸ਼ ਕੀਤੀ। ਨਾਲ ਹੀ, ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਸ ਨੂੰ ਸਭਾਵਾਂ ਵਿਚ ਹਾਜ਼ਰ ਹੋਣਾ ਚਾਹੀਦਾ ਹੈ, ਜਿੱਥੇ ਉਸ ਦੇ ਅਨੇਕ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਉਸ ਆਦਮੀ ਨੇ ਅਧਿਐਨ ਕਰਨ ਦਾ ਸੱਦਾ ਹੀ ਸਵੀਕਾਰ ਨਹੀਂ ਕੀਤਾ, ਬਲਕਿ ਉਹ ਹਫ਼ਤੇ ਵਿਚ ਦੋ ਵਾਰ ਅਧਿਐਨ ਕਰਦਾ ਸੀ ਅਤੇ ਉਹ ਰਾਜ ਗ੍ਰਹਿ ਵਿਖੇ ਨਿਯਮਿਤ ਤੌਰ ਤੇ ਸਭਾਵਾਂ ਵਿਚ ਹਾਜ਼ਰ ਹੋਣ ਲੱਗਾ।
14 ਵੱਡੀ ਪੁਸਤਿਕਾ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਦੀ ਵਰਤੋਂ ਕਰੋ: “ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕ” ਜ਼ਿਲ੍ਹਾ ਮਹਾਂ-ਸੰਮੇਲਨਾਂ ਵਿਖੇ, ਸਾਨੂੰ ਵੱਡੀ ਪੁਸਤਿਕਾ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?, ਹਾਸਲ ਹੋਈ ਸੀ। ਇਹ ਵੱਡੀ ਪੁਸਤਿਕਾ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਲੋਕਾਂ ਨਾਲ ਬਾਈਬਲ ਅਧਿਐਨ ਸ਼ੁਰੂ ਕਰਨ ਲਈ ਫ਼ਾਇਦੇਮੰਦ ਹੈ, ਭਾਵੇਂ ਉਹ ਘੱਟ-ਵੱਧ ਪੜ੍ਹੇ-ਲਿਖੇ ਹੋਣ। ਇਸ ਵਿਚ ਸਰਬਪੱਖੀ ਅਧਿਐਨ ਕੋਰਸ ਸ਼ਾਮਲ ਹੈ, ਜੋ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਬਾਰੇ ਦੱਸਦਾ ਹੈ। ਇਹ ਪ੍ਰਕਾਸ਼ਨ ਪਰਮੇਸ਼ੁਰ ਦਾ ਗਿਆਨ ਦੇਣ ਲਈ ਬਹੁਤ ਹੀ ਪ੍ਰਭਾਵਕਾਰੀ ਹੋਵੇਗਾ। ਇਹ ਸੱਚਾਈ ਨੂੰ ਇੰਨੇ ਸਪੱਸ਼ਟ ਅਤੇ ਸਰਲ ਤਰੀਕੇ ਨਾਲ ਸਮਝਾਉਂਦਾ ਹੈ ਕਿ ਸਾਡੇ ਵਿੱਚੋਂ ਲਗਭਗ ਹਰੇਕ ਵਿਅਕਤੀ ਦੂਜਿਆਂ ਨੂੰ ਪਰਮੇਸ਼ੁਰ ਦੀਆਂ ਮੰਗਾਂ ਬਾਰੇ ਸਿਖਾਉਣ ਲਈ ਇਸ ਦੀ ਵਰਤੋਂ ਕਰ ਸਕੇਗਾ। ਸੰਭਵ ਹੈ ਕਿ ਅਨੇਕ ਪ੍ਰਕਾਸ਼ਕਾਂ ਨੂੰ ਇਸ ਵੱਡੀ ਪੁਸਤਿਕਾ ਵਿੱਚੋਂ ਬਾਈਬਲ ਅਧਿਐਨ ਕਰਵਾਉਣ ਦਾ ਵਿਸ਼ੇਸ਼-ਸਨਮਾਨ ਪ੍ਰਾਪਤ ਹੋਵੇਗਾ।
15 ਕੁਝ ਵਿਅਕਤੀ ਜੋ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਕੋਲ ਗਿਆਨ ਪੁਸਤਕ ਦਾ ਅਧਿਐਨ ਕਰਨ ਲਈ ਸਮਾਂ ਨਹੀਂ ਹੈ, ਸ਼ਾਇਦ ਵੱਡੀ ਪੁਸਤਿਕਾ ਮੰਗ ਵਿੱਚੋਂ ਥੋੜ੍ਹੇ-ਥੋੜ੍ਹੇ ਸਮੇਂ ਲਈ ਅਧਿਐਨ ਕਰਨ ਲਈ ਤਿਆਰ ਹੋ ਜਾਣ। ਉਹ ਜੋ ਗੱਲਾਂ ਸਿੱਖਣਗੇ, ਉਨ੍ਹਾਂ ਤੋਂ ਉਹ ਰੁਮਾਂਚਿਤ ਹੋਣਗੇ! ਕੇਵਲ ਦੋ ਜਾਂ ਤਿੰਨ ਸਫ਼ਿਆਂ ਵਿਚ, ਉਹ ਉਨ੍ਹਾਂ ਸਵਾਲਾਂ ਦੇ ਜਵਾਬ ਪਾਉਣਗੇ ਜਿਨ੍ਹਾਂ ਨੂੰ ਸਦੀਆਂ ਤੋਂ ਲੋਕੀ ਵਿਚਾਰਦੇ ਆਏ ਹਨ: ਪਰਮੇਸ਼ੁਰ ਕੌਣ ਹੈ? ਇਬਲੀਸ ਕੌਣ ਹੈ? ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ? ਪਰਮੇਸ਼ੁਰ ਦਾ ਰਾਜ ਕੀ ਹੈ? ਤੁਸੀਂ ਸੱਚੇ ਧਰਮ ਨੂੰ ਕਿਵੇਂ ਲੱਭ ਸਕਦੇ ਹੋ? ਭਾਵੇਂ ਕਿ ਇਹ ਵੱਡੀ ਪੁਸਤਿਕਾ ਸੱਚਾਈ ਨੂੰ ਸਰਲ ਸ਼ਬਦਾਂ ਵਿਚ ਪੇਸ਼ ਕਰਦੀ ਹੈ, ਇਸ ਦਾ ਸੰਦੇਸ਼ ਬਹੁਤ ਹੀ ਪ੍ਰਭਾਵਸ਼ਾਲੀ ਹੈ। ਇਸ ਵਿਚ ਉਹ ਮੁੱਖ ਗੱਲਾਂ ਸ਼ਾਮਲ ਹਨ ਜਿਨ੍ਹਾਂ ਦਾ ਪੁਨਰ-ਵਿਚਾਰ ਬਜ਼ੁਰਗ ਲੋਕ ਬਪਤਿਸਮਕ ਉਮੀਦਵਾਰਾਂ ਨਾਲ ਕਰਨਗੇ ਅਤੇ ਇਹ ਗਿਆਨ ਪੁਸਤਕ ਵਿੱਚੋਂ ਹੋਰ ਮੁਕੰਮਲ ਅਧਿਐਨ ਕਰਨ ਲਈ ਇਕ ਪ੍ਰੇਰਣਾ-ਸ੍ਰੋਤ ਸਾਬਤ ਹੋ ਸਕਦੀ ਹੈ।
16 ਪੁਨਰ-ਮੁਲਾਕਾਤ ਦੌਰਾਨ ਅਧਿਐਨ ਦੀ ਪੇਸ਼ਕਸ਼ ਕਰਨ ਲਈ, ਤੁਸ ਕੇਵਲ ਇਹ ਕਹਿ ਸਕਦੇ ਹੋ: “ਕੀ ਤੁਸੀਂ ਜਾਣਦੇ ਸੀ ਕਿ ਕੇਵਲ ਕੁਝ ਹੀ ਮਿੰਟ ਲੈ ਕੇ, ਤੁਸੀਂ ਇਕ ਜ਼ਰੂਰੀ ਸਵਾਲ ਦਾ ਜਵਾਬ ਪਾ ਸਕਦੇ ਹੋ?” ਫਿਰ, ਵੱਡੀ ਪੁਸਤਿਕਾ ਦੇ ਇਕ ਪਾਠ ਦੇ ਸ਼ੁਰੂ ਵਿਚ ਦਿੱਤਾ ਗਿਆ ਇਕ ਸਵਾਲ ਪੁੱਛੋ। ਮਿਸਾਲ ਲਈ, ਜੇਕਰ ਤੁਸੀਂ ਅਜਿਹੇ ਵਿਅਕਤੀ ਨਾਲ ਮੁਲਾਕਾਤ ਕਰ ਰਹੇ ਹੋ ਜੋ ਈਸਾਈ ਹੈ, ਤਾਂ ਤੁਸੀਂ ਕਹਿ ਸਕਦੇ ਹੋ: “ਅਸੀਂ ਜਾਣਦੇ ਹਾਂ ਕਿ ਬੀਤੇ ਸਮਿਆਂ ਵਿਚ ਯਿਸੂ ਨੇ ਲੋਕਾਂ ਨੂੰ ਚੰਗਾ ਕੀਤਾ ਸੀ। ਪਰੰਤੂ ਭਵਿੱਖ ਵਿਚ, ਯਿਸੂ ਬੀਮਾਰਾਂ, ਬਿਰਧਾਂ, ਅਤੇ ਮਿਰਤਕਾਂ ਲਈ ਕੀ ਕਰੇਗਾ?” ਇਸ ਦਾ ਜਵਾਬ ਪਾਠ 5 ਵਿਚ ਪਾਇਆ ਜਾਂਦਾ ਹੈ। ਧਾਰਮਿਕ ਗੱਲਾਂ ਵਿਚ ਰੁਚੀ ਰੱਖਣ ਵਾਲਾ ਕੋਈ ਵੀ ਵਿਅਕਤੀ ਸ਼ਾਇਦ ਇਸ ਸਵਾਲ ਵਿਚ ਦਿਲਚਸਪੀ ਰੱਖੇ: “ਕੀ ਪਰਮੇਸ਼ੁਰ ਸਾਰੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ?” ਇਸ ਦਾ ਜਵਾਬ ਪਾਠ 7 ਵਿਚ ਦਿੱਤਾ ਗਿਆ ਹੈ। ਪਰਿਵਾਰ ਦੇ ਜੀਅ ਜਾਣਨਾ ਚਾਹੁਣਗੇ: “ਪਰਮੇਸ਼ੁਰ ਮਾਪਿਆਂ ਤੋਂ ਅਤੇ ਬੱਚਿਆਂ ਤੋਂ ਕੀ ਮੰਗ ਕਰਦਾ ਹੈ?” ਉਹ ਇਸ ਬਾਰੇ ਜਾਣਨਗੇ ਜਿਉਂ-ਜਿਉਂ ਉਹ ਪਾਠ 8 ਦਾ ਅਧਿਐਨ ਕਰਦੇ ਹਨ। ਦੂਜੇ ਸਵਾਲ ਹਨ: “ਕੀ ਮਿਰਤਕ ਜੀਉਂਦੇ ਲੋਕਾਂ ਨੂੰ ਹਾਨੀ ਪਹੁੰਚਾ ਸਕਦੇ ਹਨ?” ਜੋ ਪਾਠ 11 ਵਿਚ ਸਮਝਾਇਆ ਗਿਆ ਹੈ; “ਇੰਨੇ ਸਾਰੇ ਧਰਮ ਕਿਉਂ ਹਨ ਜੋ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ?” ਜਿਸ ਦੀ ਚਰਚਾ ਪਾਠ 13 ਵਿਚ ਕੀਤੀ ਗਈ ਹੈ; ਅਤੇ “ਪਰਮੇਸ਼ੁਰ ਦਾ ਮਿੱਤਰ ਬਣਨ ਦੇ ਲਈ ਤੁਹਾਨੂੰ ਕੀ ਕਰਨਾ ਜ਼ਰੂਰੀ ਹੈ?” ਜੋ ਪਾਠ 16 ਵਿਚ ਹੈ।
17 ਦੂਜੀ ਭਾਸ਼ਾ ਬੋਲਣ ਵਾਲਿਆਂ ਦੀ ਮਦਦ ਕਰੋ: ਉਨ੍ਹਾਂ ਘਰ-ਸੁਆਮੀਆਂ ਬਾਰੇ ਕੀ ਜੋ ਦੂਜੀ ਭਾਸ਼ਾ ਬੋਲਦੇ ਹਨ? ਜੇਕਰ ਮੁਮਕਿਨ ਹੋਵੇ, ਤਾਂ ਉਨ੍ਹਾਂ ਨੂੰ ਉਸੇ ਭਾਸ਼ਾ ਵਿਚ ਸਿੱਖਾਇਆ ਜਾਣਾ ਚਾਹੀਦਾ ਹੈ ਜਿਸ ਨੂੰ ਉਹ ਸਭ ਤੋਂ ਚੰਗੀ ਤਰ੍ਹਾਂ ਨਾਲ ਜਾਣਦੇ ਹਨ। (1 ਕੁਰਿੰ. 14:9) ਤੁਹਾਡੀ ਕਲੀਸਿਯਾ ਵਿਚ ਸ਼ਾਇਦ ਇਕ ਜਾਂ ਇਕ ਤੋਂ ਵੱਧ ਪ੍ਰਕਾਸ਼ਕ ਹੋਣਗੇ ਜੋ ਘਰ-ਸੁਆਮੀ ਦੀ ਭਾਸ਼ਾ ਬੋਲ ਸਕਦੇ ਹਨ, ਇਸ ਲਈ ਤੁਸੀਂ ਉਨ੍ਹਾਂ ਵਿੱਚੋਂ ਇਕ ਦੀ ਘਰ-ਸੁਆਮੀ ਨਾਲ ਜਾਣ-ਪਛਾਣ ਕਰਾਉਣ ਤੋਂ ਬਾਅਦ ਉਸ ਨੂੰ ਮੁਲਾਕਾਤ ਕਰਨ ਲਈ ਕਹਿ ਸਕਦੇ ਹੋ। ਉਸ ਭਾਸ਼ਾ ਦੀ ਸ਼ਾਇਦ ਨੇੜੇ ਹੀ ਇਕ ਕਲੀਸਿਯਾ ਜਾਂ ਪੁਸਤਕ ਅਧਿਐਨ ਸਮੂਹ ਹੋਵੇ। ਜੇਕਰ ਨੇੜੇ ਅਜਿਹੀ ਕੋਈ ਵੀ ਕਲੀਸਿਯਾ ਜਾਂ ਸਮੂਹ ਨਹੀਂ ਹੈ ਅਤੇ ਘਰ-ਸੁਆਮੀ ਦੀ ਭਾਸ਼ਾ ਬੋਲ ਸਕਣ ਵਾਲਾ ਕੋਈ ਵੀ ਸਥਾਨਕ ਪ੍ਰਕਾਸ਼ਕ ਨਹੀਂ ਹੈ, ਤਾਂ ਪ੍ਰਕਾਸ਼ਕ ਵੱਡੀ ਪੁਸਤਿਕਾ ਮੰਗ ਨੂੰ ਦੋ ਭਾਸ਼ਾਵਾਂ ਵਿਚ ਇਸਤੇਮਾਲ ਕਰਦੇ ਹੋਏ, ਘਰ-ਸੁਆਮੀ ਨਾਲ ਅਧਿਐਨ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ।
18 ਅੰਗ੍ਰੇਜ਼ੀ ਬੋਲਣ ਵਾਲੇ ਇਕ ਪ੍ਰਕਾਸ਼ਕ ਨੇ ਵੀਅਤਨਾਮੀ ਬੋਲਣ ਵਾਲੇ ਇਕ ਆਦਮੀ ਨਾਲ ਅਤੇ ਉਸ ਦੀ ਪਤਨੀ ਜੋ ਥਾਈ ਬੋਲਦੀ ਸੀ, ਨਾਲ ਅਧਿਐਨ ਸ਼ੁਰੂ ਕੀਤਾ। ਅਧਿਐਨ ਦੌਰਾਨ ਅੰਗ੍ਰੇਜ਼ੀ, ਵੀਅਤਨਾਮੀ, ਅਤੇ ਥਾਈ ਭਾਸ਼ਾਵਾਂ ਵਿਚ ਪ੍ਰਕਾਸ਼ਨ ਅਤੇ ਬਾਈਬਲਾਂ ਇਸਤੇਮਾਲ ਕੀਤੀਆਂ ਗਈਆਂ। ਹਾਲਾਂਕਿ ਪਹਿਲਾਂ-ਪਹਿਲ ਭਾਸ਼ਾ ਦੀ ਦੀਵਾਰ ਨੇ ਮੁਸ਼ਕਲਾਂ ਪੇਸ਼ ਕੀਤੀਆਂ, ਪ੍ਰਕਾਸ਼ਕ ਲਿਖਦਾ ਹੈ: “ਉਸ ਜੋੜੇ ਨੇ ਤੁਰੰਤ ਅਧਿਆਤਮਿਕ ਤਰੱਕੀ ਕੀਤੀ। ਉਨ੍ਹਾਂ ਨੇ ਆਪਣੇ ਦੋ ਬੱਚਿਆਂ ਨਾਲ ਸਭਾਵਾਂ ਵਿਚ ਹਾਜ਼ਰ ਹੋਣ ਦੀ ਜ਼ਰੂਰਤ ਨੂੰ ਪਛਾਣਿਆ ਹੈ, ਅਤੇ ਪੂਰਾ ਪਰਿਵਾਰ ਇਕੱਠਾ ਮਿਲ ਕੇ ਹਰ ਰਾਤ ਬਾਈਬਲ ਪੜ੍ਹ ਰਿਹਾ ਹੈ। ਉਨ੍ਹਾਂ ਦੀ ਛੇ-ਸਾਲਾ ਧੀ ਖ਼ੁਦ ਬਾਈਬਲ ਅਧਿਐਨ ਕਰਾਉਂਦੀ ਹੈ।”
19 ਦੂਜੀ ਭਾਸ਼ਾ ਬੋਲਣ ਵਾਲੇ ਲੋਕਾਂ ਨਾਲ ਅਧਿਐਨ ਕਰਦੇ ਸਮੇਂ, ਹੌਲੀ-ਹੌਲੀ ਬੋਲੋ, ਸਪੱਸ਼ਟ ਬੋਲੋ, ਅਤੇ ਸਰਲ ਸ਼ਬਦ ਤੇ ਵਾਕਾਂਸ਼ ਇਸਤੇਮਾਲ ਕਰੋ। ਪਰੰਤੂ, ਯਾਦ ਰੱਖੋ ਕਿ ਦੂਜੀ ਭਾਸ਼ਾ ਬੋਲਣ ਵਾਲੇ ਲੋਕਾਂ ਨਾਲ ਆਦਰ ਸਹਿਤ ਪੇਸ਼ ਆਉਣਾ ਚਾਹੀਦਾ ਹੈ। ਉਨ੍ਹਾਂ ਨਾਲ ਅਜਿਹਾ ਸਲੂਕ ਨਹੀਂ ਕਰਨਾ ਚਾਹੀਦਾ ਹੈ, ਮਾਨੋ ਉਹ ਨਿਆਣੇ ਹੋਣ।
20 ਵੱਡੀ ਪੁਸਤਿਕਾ ਮੰਗ ਦੀਆਂ ਸੁੰਦਰ ਤਸਵੀਰਾਂ ਦੀ ਚੰਗੀ ਤਰ੍ਹਾਂ ਵਰਤੋਂ ਕਰੋ। ਜੇਕਰ “ਇਕ ਤਸਵੀਰ ਹਜ਼ਾਰਾਂ ਸ਼ਬਦਾਂ ਦੇ ਬਰਾਬਰ ਹੈ,” ਤਾਂ ਇਸ ਵੱਡੀ ਪੁਸਤਿਕਾ ਦੀਆਂ ਅਨੇਕ ਤਸਵੀਰਾਂ ਘਰ-ਸੁਆਮੀ ਨੂੰ ਢੇਰ ਸਾਰੀਆਂ ਗੱਲਾਂ ਦੱਸਣਗੀਆਂ। ਉਸ ਨੂੰ ਆਪਣੀ ਬਾਈਬਲ ਵਿੱਚੋਂ ਸ਼ਾਸਤਰਵਚਨ ਪੜ੍ਹਨ ਲਈ ਕਹੋ। ਜੇਕਰ ਅਧਿਐਨ ਅਜਿਹੇ ਸਮੇਂ ਤੇ ਕੀਤਾ ਜਾ ਸਕਦਾ ਹੈ ਜਦੋਂ ਪਰਿਵਾਰ ਦਾ ਇਕ ਮੈਂਬਰ ਜੋ ਤੁਹਾਡੀ ਭਾਸ਼ਾ ਜਾਣਦਾ ਹੈ, ਅਨੁਵਾਦ ਕਰਨ ਲਈ ਉਪਲਬਧ ਹੋਵੇ, ਤਾਂ ਨਿਸ਼ਚੇ ਹੀ ਇਹ ਲਾਭਦਾਇਕ ਹੋਵੇਗਾ।—ਦੇਖੋ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ), ਨਵੰਬਰ 1990, ਸਫ਼ਾ 3-4; ਅਪ੍ਰੈਲ 1984, ਸਫ਼ਾ 8.
21 ਬਿਨਾਂ ਦੇਰ ਕੀਤੇ ਪੁਨਰ-ਮੁਲਾਕਾਤ ਕਰੋ: ਕਿੰਨੀ ਦੇਰ ਬਾਅਦ ਪੁਨਰ-ਮੁਲਾਕਾਤ ਕਰਨੀ ਚਾਹੀਦੀ ਹੈ? ਕੁਝ ਪ੍ਰਕਾਸ਼ਕ ਪਹਿਲੀ ਮੁਲਾਕਾਤ ਤੋਂ ਇਕ ਜਾਂ ਦੋ ਦਿਨਾਂ ਬਾਅਦ ਵਾਪਸ ਜਾਂਦੇ ਹਨ। ਦੂਜੇ ਉਸੇ ਹੀ ਦਿਨ ਵਾਪਸ ਜਾਂਦੇ ਹਨ! ਕੀ ਇਹ ਬਹੁਤ ਛੇਤੀ ਹੈ? ਆਮ ਤੌਰ ਤੇ, ਘਰ-ਸੁਆਮੀ ਇਸ ਦਾ ਇਤਰਾਜ਼ ਨਹੀਂ ਕਰਦੇ। ਅਕਸਰ ਪੁਨਰ-ਮੁਲਾਕਾਤ ਕਰਨ ਵਾਲੇ ਪ੍ਰਕਾਸ਼ਕ ਨੂੰ ਥੋੜ੍ਹੀ ਦਲੇਰੀ ਦੇ ਨਾਲ-ਨਾਲ ਹੋਰ ਜ਼ਿਆਦਾ ਸਕਾਰਾਤਮਕ ਮਨੋਬਿਰਤੀ ਵਿਕਸਿਤ ਕਰਨ ਦੀ ਜ਼ਰੂਰਤ ਪੈਂਦੀ ਹੈ। ਹੇਠਾਂ ਦਿੱਤੇ ਗਏ ਅਨੁਭਵਾਂ ਉੱਤੇ ਵਿਚਾਰ ਕਰੋ।
22 ਇਕ ਦਿਨ ਇਕ 13-ਸਾਲਾ ਪ੍ਰਕਾਸ਼ਕ ਘਰ-ਘਰ ਦੀ ਸੇਵਕਾਈ ਕਰ ਰਿਹਾ ਸੀ ਜਦੋਂ ਉਸ ਨੇ ਦੋ ਔਰਤਾਂ ਨੂੰ ਇਕੱਠੇ ਜਾਂਦੇ ਦੇਖਿਆ। ਉਸ ਉਤਸ਼ਾਹ ਨੂੰ ਯਾਦ ਰੱਖਦੇ ਹੋਏ ਕਿ ਜਿੱਥੇ ਕਿਤੇ ਵੀ ਲੋਕ ਮਿਲਣ ਉਨ੍ਹਾਂ ਨੂੰ ਪ੍ਰਚਾਰ ਕਰੋ, ਉਸ ਨੇ ਸੜਕ ਤੇ ਜਾਂਦੀਆਂ ਉਨ੍ਹਾਂ ਔਰਤਾਂ ਨਾਲ ਗੱਲ ਸ਼ੁਰੂ ਕੀਤੀ। ਉਨ੍ਹਾਂ ਨੇ ਰਾਜ ਸੰਦੇਸ਼ ਵਿਚ ਦਿਲਚਸਪੀ ਦਿਖਾਈ, ਅਤੇ ਦੋਹਾਂ ਨੇ ਇਕ-ਇਕ ਗਿਆਨ ਪੁਸਤਕ ਸਵੀਕਾਰ ਕੀਤੀ। ਇਸ ਨੌਜਵਾਨ ਭਰਾ ਨੇ ਉਨ੍ਹਾਂ ਦੇ ਪਤੇ ਲਏ, ਦੋ ਦਿਨਾਂ ਬਾਅਦ ਵਾਪਸ ਗਿਆ, ਅਤੇ ਦੋਹਾਂ ਨਾਲ ਅਲੱਗ-ਅਲੱਗ ਬਾਈਬਲ ਅਧਿਐਨ ਸ਼ੁਰੂ ਕੀਤੇ।
23 ਇਕ ਭੈਣ ਅਗਲੇ ਹਫ਼ਤੇ ਵਾਪਸ ਜਾਣ ਦਾ ਪ੍ਰਬੰਧ ਕਰਦੀ ਹੈ। ਪਰੰਤੂ ਪਹਿਲੀ ਮੁਲਾਕਾਤ ਦੇ ਇਕ-ਦੋ ਦਿਨ ਬਾਅਦ, ਉਹ ਘਰ-ਸੁਆਮੀ ਨੂੰ ਉਸ ਵਿਸ਼ੇ ਉੱਤੇ ਇਕ ਰਸਾਲਾ ਦੇਣ ਲਈ ਵਾਪਸ ਜਾਂਦੀ ਹੈ ਜਿਸ ਦੀ ਉਨ੍ਹਾਂ ਨੇ ਪਹਿਲਾਂ ਚਰਚਾ ਕੀਤੀ ਸੀ। ਉਹ ਘਰ-ਸੁਆਮੀ ਨੂੰ ਕਹਿੰਦੀ ਹੈ: “ਮੈਂ ਇਹ ਲੇਖ ਦੇਖਿਆ ਅਤੇ ਸੋਚਿਆ ਕਿ ਤੁਸੀਂ ਇਹ ਜ਼ਰੂਰ ਪੜ੍ਹਨਾ ਚਾਹੋਗੇ। ਮੈਂ ਹੁਣ ਗੱਲ ਕਰਨ ਲਈ ਰੁੱਕ ਨਹੀਂ ਸਕਦੀ, ਪਰ ਮੈਂ ਬੁੱਧਵਾਰ ਦੁਪਹਿਰ ਨੂੰ ਵਾਪਸ ਆਵਾਂਗੀ ਜਿਵੇਂ ਕਿ ਅਸੀਂ ਤੈ ਕੀਤਾ ਸੀ। ਕੀ ਉਹ ਸਮਾਂ ਹਾਲੇ ਵੀ ਤੁਹਾਡੇ ਲਈ ਠੀਕ ਹੈ?”
24 ਜਦੋਂ ਇਕ ਵਿਅਕਤੀ ਸੱਚਾਈ ਵਿਚ ਦਿਲਚਸਪੀ ਦਿਖਾਉਂਦਾ ਹੈ, ਤਾਂ ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਵਿਰੋਧਤਾ ਆਵੇਗੀ। ਪਹਿਲੀ ਮੁਲਾਕਾਤ ਦੇ ਬਾਅਦ ਸਾਡਾ ਛੇਤੀ ਤੋਂ ਛੇਤੀ ਵਾਪਸ ਜਾਣਾ ਉਸ ਨੂੰ ਮਜ਼ਬੂਤ ਬਣਾਏਗਾ ਤਾਂਕਿ ਉਹ ਰਿਸ਼ਤੇਦਾਰਾਂ, ਨਜ਼ਦੀਕੀ ਮਿੱਤਰਾਂ, ਅਤੇ ਦੂਜਿਆਂ ਤੋਂ ਆਉਣ ਵਾਲੇ ਕਿਸੇ ਵੀ ਦਬਾਊ ਦਾ ਮੁਕਾਬਲਾ ਕਰ ਸਕੇ।
25 ਪਬਲਿਕ ਥਾਵਾਂ ਵਿਚ ਪਾਏ ਗਏ ਲੋਕਾਂ ਦੀ ਦਿਲਚਸਪੀ ਵਧਾਓ: ਸਾਡੇ ਵਿੱਚੋਂ ਬਹੁਤੇਰੇ ਸੜਕਾਂ ਤੇ, ਪਾਰਕਿੰਗ ਥਾਵਾਂ ਵਿਖੇ, ਪਬਲਿਕ ਵਾਹਣਾਂ ਵਿਚ, ਸ਼ਾਪਿੰਗ ਸੈਂਟਰਾਂ ਵਿਖੇ, ਪਾਰਕਾਂ ਵਿਚ, ਅਤੇ ਅਜਿਹੀਆਂ ਹੋਰ ਥਾਵਾਂ ਵਿਚ ਪ੍ਰਚਾਰ ਕਰਨ ਦਾ ਆਨੰਦ ਮਾਣਦੇ ਹਨ। ਸਾਹਿੱਤ ਦੇਣ ਤੋਂ ਇਲਾਵਾ ਸਾਨੂੰ ਦਿਲਚਸਪੀ ਵਧਾਉਣ ਦੀ ਵੀ ਜ਼ਰੂਰਤ ਹੈ। ਇਸ ਮਕਸਦ ਨਾਲ, ਸਾਨੂੰ ਦਿਲਚਸਪੀ ਦਿਖਾਉਣ ਵਾਲੇ ਹਰੇਕ ਵਿਅਕਤੀ ਦਾ ਨਾਂ, ਪਤਾ ਅਤੇ ਜੇ ਮੁਮਕਿਨ ਹੋਵੇ, ਤਾਂ ਉਸ ਦਾ ਟੈਲੀਫ਼ੋਨ ਨੰਬਰ ਵੀ ਹਾਸਲ ਕਰਨ ਦਾ ਜਤਨ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਹਾਸਲ ਕਰਨੀ ਉੱਨੀ ਮੁਸ਼ਕਲ ਨਹੀਂ ਜਿੰਨੀ ਕਿ ਤੁਸੀਂ ਸ਼ਾਇਦ ਸੋਚੋ। ਜਿਉਂ ਹੀ ਗੱਲ-ਬਾਤ ਸਮਾਪਤ ਹੋਣ ਵਾਲੀ ਹੁੰਦੀ ਹੈ, ਆਪਣੀ ਨੋਟ-ਬੁੱਕ ਕੱਢ ਕੇ ਪੁੱਛੋ: “ਕੀ ਅਸੀਂ ਇਸ ਗੱਲ-ਬਾਤ ਨੂੰ ਹੋਰ ਕਿਸੇ ਸਮੇਂ ਜਾਰੀ ਰੱਖ ਸਕਦੇ ਹਾਂ?” ਜਾਂ ਕਹੋ: “ਮੈਂ ਤੁਹਾਨੂੰ ਪੜ੍ਹਨ ਲਈ ਇਕ ਲੇਖ ਦੇਣਾ ਚਾਹੁੰਦਾ ਹਾਂ ਜੋ ਤੁਹਾਨੂੰ ਜ਼ਰੂਰ ਪਸੰਦ ਆਵੇਗਾ। ਕੀ ਮੈਂ ਇਹ ਤੁਹਾਡੇ ਘਰ ਜਾਂ ਦਫ਼ਤਰ ਲਿਆ ਸਕਦਾ ਹਾਂ?” ਇਕ ਭਰਾ ਕੇਵਲ ਪੁੱਛਦਾ ਹੈ: “ਮੈਂ ਤੁਹਾਡੇ ਨਾਲ ਕਿਹੜੇ ਟੈਲੀਫ਼ੋਨ ਨੰਬਰ ਤੇ ਗੱਲ ਕਰ ਸਕਦਾ ਹਾਂ?” ਉਹ ਦੱਸਦਾ ਹੈ ਕਿ ਤਿੰਨ ਮਹੀਨਿਆਂ ਵਿਚ ਕੇਵਲ ਤਿੰਨ ਵਿਅਕਤੀਆਂ ਨੂੰ ਛੱਡ ਬਾਕੀ ਸਾਰਿਆਂ ਨੇ ਖ਼ੁਸ਼ੀ-ਖ਼ੁਸ਼ੀ ਉਸ ਨੂੰ ਆਪਣੇ ਫ਼ੋਨ ਨੰਬਰ ਦਿੱਤੇ।
26 ਦਿਲਚਸਪੀ ਭਾਲਣ ਅਤੇ ਵਧਾਉਣ ਲਈ ਟੈਲੀਫ਼ੋਨ ਦਾ ਇਸਤੇਮਾਲ ਕਰੋ: ਇਕ ਪਾਇਨੀਅਰ ਭੈਣ ਭਾਰੀ ਸੁਰੱਖਿਆ ਵਾਲੀਆਂ ਇਮਾਰਤਾਂ ਵਿਚ ਰਹਿਣ ਵਾਲੇ ਲੋਕਾਂ ਤਕ ਪਹੁੰਚਣ ਲਈ ਟੈਲੀਫ਼ੋਨ ਦੀ ਵਰਤੋਂ ਕਰਦੀ ਹੈ। ਉਹ ਇਸੇ ਤਰੀਕੇ ਨਾਲ ਪੁਨਰ-ਮੁਲਾਕਾਤਾਂ ਵੀ ਕਰਦੀ ਹੈ। ਪਹਿਲੀ ਗੱਲ-ਬਾਤ ਤੇ ਉਹ ਕਹਿੰਦੀ ਹੈ: “ਤੁਸੀਂ ਮੈਨੂੰ ਨਹੀਂ ਜਾਣਦੇ ਹੋ ਪਰ ਮੈਂ ਬਾਈਬਲ ਵਿੱਚੋਂ ਇਕ ਵਿਚਾਰ ਸਾਂਝਾ ਕਰਨ ਲਈ ਤੁਹਾਡੇ ਇਲਾਕੇ ਵਿਚ ਲੋਕਾਂ ਨਾਲ ਸੰਪਰਕ ਕਰਨ ਦੀ ਖ਼ਾਸ ਕੋਸ਼ਿਸ਼ ਕਰ ਰਹੀ ਹਾਂ। ਜੇ ਤੁਹਾਡੇ ਕੋਲ ਥੋੜ੍ਹਾ ਸਮਾਂ ਹੈ, ਤਾਂ ਮੈਂ . . . ਵਿਚ ਦਿੱਤਾ ਗਿਆ ਵਾਅਦਾ ਪੜ੍ਹ ਕੇ ਸੁਣਾਉਣਾ ਚਾਹੁੰਦੀ ਹਾਂ।” ਸ਼ਾਸਤਰਵਚਨ ਪੜ੍ਹਨ ਮਗਰੋਂ, ਉਹ ਕਹਿੰਦੀ ਹੈ: “ਕੀ ਇਹ ਵਧੀਆ ਗੱਲ ਨਹੀਂ ਹੋਵੇਗੀ ਜੇਕਰ ਅਸੀਂ ਅਜਿਹਾ ਸਮਾਂ ਆਉਂਦਿਆਂ ਦੇਖ ਸਕੀਏ? ਤੁਹਾਨੂੰ ਇਹ ਪੜ੍ਹ ਕੇ ਸੁਣਾਉਣ ਵਿਚ ਮੈਨੂੰ ਬਹੁਤ ਖ਼ੁਸ਼ੀ ਹੋਈ। ਜੇਕਰ ਤੁਹਾਨੂੰ ਵੀ ਖ਼ੁਸ਼ੀ ਹੋਈ ਹੈ, ਤਾਂ ਮੈਂ ਇਕ ਹੋਰ ਸ਼ਾਸਤਰਵਚਨ ਦੀ ਚਰਚਾ ਕਰਨ ਲਈ ਦੁਬਾਰਾ ਫ਼ੋਨ ਕਰਨਾ ਚਾਹਾਂਗੀ।”
27 ਫ਼ੋਨ ਤੇ ਦੁਬਾਰਾ ਗੱਲ ਕਰਦੇ ਸਮੇਂ, ਉਹ ਘਰ-ਸੁਆਮੀ ਨੂੰ ਉਨ੍ਹਾਂ ਦੀ ਪਿਛਲੀ ਗੱਲ-ਬਾਤ ਚੇਤੇ ਕਰਾਉਂਦੀ ਹੈ ਅਤੇ ਕਹਿੰਦੀ ਹੈ ਕਿ ਉਹ ਬਾਈਬਲ ਵਿੱਚੋਂ ਪੜ੍ਹ ਕੇ ਸੁਣਾਉਣਾ ਚਾਹੁੰਦੀ ਹੈ ਕਿ ਹਾਲਤਾਂ ਕਿਹੋ ਜਿਹੀਆਂ ਹੋਣਗੀਆਂ ਜਦੋਂ ਦੁਸ਼ਟਤਾ ਖ਼ਤਮ ਕੀਤੀ ਜਾਵੇਗੀ। ਫਿਰ ਉਹ ਘਰ-ਸੁਆਮੀ ਨਾਲ ਇਕ ਸੰਖੇਪ ਬਾਈਬਲ ਚਰਚਾ ਕਰਦੀ ਹੈ। ਅਨੇਕ ਟੈਲੀਫ਼ੋਨ ਵਾਰਤਾਲਾਪਾਂ ਦੌਰਾਨ, 35 ਲੋਕਾਂ ਨੇ ਉਸ ਨੂੰ ਆਪਣੇ ਘਰ ਬੁਲਾਇਆ ਹੈ ਅਤੇ ਸੱਤ ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕੀਤੇ ਗਏ ਹਨ। ਕੀ ਤੁਹਾਨੂੰ ਬਰਸਾਤੀ ਮੌਸਮ ਦੇ ਮਹੀਨਿਆਂ ਦੌਰਾਨ ਚਿੱਕੜ ਭਰੀਆਂ ਜਾਂ ਪਾਣੀ ਹੇਠਾਂ ਡੁੱਬੀਆਂ ਸੜਕਾਂ ਜਾਂ ਬੀਮਾਰੀ ਦੇ ਕਾਰਨ ਦਿਲਚਸਪੀ ਦਿਖਾਉਣ ਵਾਲੇ ਲੋਕਾਂ ਨਾਲ ਪੁਨਰ-ਮੁਲਾਕਾਤਾਂ ਕਰਨੀਆਂ ਕਦੇ-ਕਦਾਈਂ ਮੁਸ਼ਕਲ ਲੱਗਦੀਆਂ ਹਨ? ਜੇਕਰ ਹਾਂ, ਤਾਂ ਕਿਉਂ ਨਾ ਉਨ੍ਹਾਂ ਨਾਲ ਟੈਲੀਫ਼ੋਨ ਰਾਹੀਂ ਸੰਪਰਕ ਰੱਖੋ, ਜੇਕਰ ਇਹ ਮੁਮਕਿਨ ਹੋਵੇ?
28 ਕਾਰੋਬਾਰੀ ਸਥਾਨਾਂ ਵਿਚ ਪਾਏ ਗਏ ਰੁਚੀ ਰੱਖਣ ਵਾਲਿਆਂ ਨਾਲ ਪੁਨਰ-ਮੁਲਾਕਾਤ ਕਰੋ: ਦੁਕਾਨ-ਦੁਕਾਨ ਦੇ ਗਵਾਹੀ ਕਾਰਜ ਵਿਚ ਕੇਵਲ ਰਸਾਲੇ ਪੇਸ਼ ਕਰਨ ਨਾਲੋਂ ਕਿਤੇ ਵੱਧ ਸ਼ਾਮਲ ਹੈ। ਅਨੇਕ ਦੁਕਾਨਦਾਰ ਸੱਚਾਈ ਵਿਚ ਸੱਚੀ ਦਿਲਚਸਪੀ ਰੱਖਦੇ ਹਨ, ਅਤੇ ਇਹ ਦਿਲਚਸਪੀ ਵਧਾਈ ਜਾਣੀ ਚਾਹੀਦੀ ਹੈ। ਕੁਝ ਹਾਲਤਾਂ ਵਿਚ, ਕਾਰੋਬਾਰੀ ਸਥਾਨ ਵਿਖੇ ਇਕ ਬਾਈਬਲ ਚਰਚਾ ਜਾਂ ਅਧਿਐਨ ਵੀ ਸ਼ੁਰੂ ਕਰਨਾ ਮੁਮਕਿਨ ਹੋ ਸਕਦਾ ਹੈ। ਦੂਜੀਆਂ ਹਾਲਤਾਂ ਵਿਚ, ਤੁਸੀਂ ਅਤੇ ਰੁਚੀ ਰੱਖਣ ਵਾਲਾ ਵਿਅਕਤੀ ਸ਼ਾਇਦ ਦੁਪਹਿਰ ਦੇ ਵਕਫ਼ੇ ਦੌਰਾਨ ਜਾਂ ਕਿਸੇ ਹੋਰ ਉਪਯੁਕਤ ਸਮੇਂ ਤੇ ਮਿਲ ਸਕਦੇ ਹੋ।
29 ਇਕ ਸਫ਼ਰੀ ਨਿਗਾਹਬਾਨ ਨੇ ਕਰਿਆਨੇ ਦੀ ਹੱਟੀ ਦੇ ਮਾਲਕ ਨਾਲ ਗੱਲ ਕੀਤੀ ਅਤੇ ਬਾਈਬਲ ਅਧਿਐਨ ਪ੍ਰਦਰਸ਼ਿਤ ਕਰਨ ਦੀ ਪੇਸ਼ਕਸ਼ ਕੀਤੀ। ਜਦੋਂ ਪੁੱਛਿਆ ਗਿਆ ਕਿ ਇਹ ਪ੍ਰਦਰਸ਼ਨ ਕਿੰਨਾ ਸਮਾਂ ਲਵੇਗਾ, ਤਾਂ ਸਫ਼ਰੀ ਨਿਗਾਹਬਾਨ ਨੇ ਕਿਹਾ ਕਿ ਇਹ ਕੇਵਲ 15 ਮਿੰਟ ਲਵੇਗਾ। ਇਸ ਦੇ ਨਾਲ ਹੀ, ਦੁਕਾਨਦਾਰ ਨੇ ਦਰਵਾਜ਼ੇ ਤੇ ਇਕ ਫੱਟਾ ਲਟਕਾ ਦਿੱਤਾ: “20 ਮਿੰਟ ਵਿਚ ਵਾਪਸ ਆਉਂਦਾ ਹਾਂ,” ਕੁਝ ਕੁਰਸੀਆਂ ਖਿੱਚੀਆਂ, ਅਤੇ ਦੋਹਾਂ ਨੇ ਗਿਆਨ ਪੁਸਤਕ ਦੇ ਪਹਿਲੇ ਪੰਜ ਪੈਰਿਆਂ ਦੀ ਚਰਚਾ ਕੀਤੀ। ਇਹ ਸੁਹਿਰਦ ਆਦਮੀ ਸਿੱਖੀਆਂ ਗੱਲਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਉਸੇ ਐਤਵਾਰ ਨੂੰ ਪਬਲਿਕ ਸਭਾ ਅਤੇ ਪਹਿਰਾਬੁਰਜ ਅਧਿਐਨ ਲਈ ਹਾਜ਼ਰ ਹੋਇਆ ਅਤੇ ਅਗਲੇ ਹਫ਼ਤੇ ਅਧਿਐਨ ਜਾਰੀ ਰੱਖਣ ਲਈ ਸਹਿਮਤ ਹੋਇਆ।
30 ਕਾਰੋਬਾਰੀ ਸਥਾਨ ਵਿਖੇ ਅਧਿਐਨ ਪੇਸ਼ ਕਰਨ ਲਈ, ਤੁਸ ਇਹ ਕਹਿ ਸਕਦੇ ਹੋ: “ਸਾਡੇ ਅਧਿਐਨ ਕਾਰਜਕ੍ਰਮ ਨੂੰ ਪ੍ਰਦਰਸ਼ਿਤ ਕਰਨ ਲਈ ਕੇਵਲ 15 ਮਿੰਟ ਲੱਗਦੇ ਹਨ। ਜੇਕਰ ਤੁਹਾਨੂੰ ਇਤਰਾਜ਼ ਨਾ ਹੋਵੇ, ਤਾਂ ਪ੍ਰਦਰਸ਼ਿਤ ਕਰ ਕੇ ਦਿਖਾਉਣ ਵਿਚ ਮੈਨੂੰ ਖ਼ੁਸ਼ੀ ਹੋਵੇਗੀ।” ਫਿਰ, ਉੱਨਾ ਹੀ ਸਮਾਂ ਲਵੋ। ਜੇਕਰ ਕਾਰੋਬਾਰੀ ਸਥਾਨ ਤੇ ਇਕ ਲੰਬੀ ਚਰਚਾ ਮੁਮਕਿਨ ਨਹੀਂ ਹੈ, ਤਾਂ ਦੁਕਾਨਦਾਰ ਨੂੰ ਉਸ ਦੇ ਘਰ ਵਿਖੇ ਮਿਲਣਾ ਸ਼ਾਇਦ ਜ਼ਿਆਦਾ ਉਪਯੁਕਤ ਹੋਵੇਗਾ।
31 ਜਦੋਂ ਕੋਈ ਸਾਹਿੱਤ ਨਹ ਦਿੱਤਾ ਜਾਂਦਾ ਹੈ, ਉਦੋਂ ਵੀ ਵਾਪਸ ਜਾਓ: ਥੋੜ੍ਹੀ-ਬਹੁਤ ਦਿਲਚਸਪੀ ਦਿਖਾਉਣ ਵਾਲਾ ਹਰੇਕ ਵਿਅਕਤੀ ਪੁਨਰ-ਮੁਲਾਕਾਤ ਦੇ ਯੋਗ ਹੈ, ਭਾਵੇਂ ਉਸ ਨੇ ਸਾਹਿੱਤ ਲਿਆ ਹੈ ਜਾਂ ਨਹੀਂ। ਪਰੰਤੂ, ਜੇਕਰ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਘਰ-ਸੁਆਮੀ ਨੂੰ ਸੱਚ-ਮੁੱਚ ਰਾਜ ਸੰਦੇਸ਼ ਵਿਚ ਦਿਲਚਸਪੀ ਨਹੀਂ ਹੈ, ਤਾਂ ਕਿਸੇ ਹੋਰ ਨੂੰ ਮਿਲਣ ਲਈ ਜਤਨ ਕਰਨਾ ਸਭ ਤੋਂ ਚੰਗਾ ਹੋਵੇਗਾ।
32 ਘਰ-ਘਰ ਦੇ ਗਵਾਹੀ ਕਾਰਜ ਵਿਚ, ਇਕ ਭੈਣ ਇਕ ਔਰਤ ਨੂੰ ਮਿਲੀ ਜੋ ਬਹੁਤ ਹੀ ਦੋਸਤਾਨਾ ਸੀ ਪਰੰਤੂ ਜਿਸ ਨੇ ਦ੍ਰਿੜ੍ਹਤਾ ਨਾਲ ਰਸਾਲੇ ਲੈਣ ਤੋਂ ਇਨਕਾਰ ਕਰ ਦਿੱਤਾ। ਪ੍ਰਕਾਸ਼ਕ ਲਿਖਦੀ ਹੈ: “ਕਈ ਦਿਨਾਂ ਲਈ ਮੈਂ ਉਸ ਦੇ ਬਾਰੇ ਸੋਚਦੀ ਰਹੀ ਅਤੇ ਫ਼ੈਸਲਾ ਕੀਤਾ ਕਿ ਮੈਂ ਉਸ ਨਾਲ ਦੁਬਾਰਾ ਗੱਲ ਕਰਨੀ ਚਾਹੁੰਦੀ ਹਾਂ।” ਆਖ਼ਰਕਾਰ, ਭੈਣ ਨੇ ਪ੍ਰਾਰਥਨਾ ਕੀਤੀ, ਦਲੇਰ ਹੋਈ, ਅਤੇ ਉਸ ਔਰਤ ਦੇ ਦਰਵਾਜ਼ੇ ਤੇ ਦਸਤਕ ਦਿੱਤੀ। ਉਸ ਨੂੰ ਬਹੁਤ ਖ਼ੁਸ਼ੀ ਹੋਈ ਜਦੋਂ ਔਰਤ ਨੇ ਉਸ ਨੂੰ ਅੰਦਰ ਬੁਲਾਇਆ। ਬਾਈਬਲ ਅਧਿਐਨ ਸ਼ੁਰੂ ਕੀਤਾ ਗਿਆ, ਅਤੇ ਅਗਲੇ ਦਿਨ ਦੁਬਾਰਾ ਅਧਿਐਨ ਹੋਇਆ। ਸਮਾਂ ਬੀਤਣ ਨਾਲ, ਉਹ ਔਰਤ ਸੱਚਾਈ ਵਿਚ ਆ ਗਈ।
33 ਵੱਧ ਤੋਂ ਵੱਧ ਸੰਪੰਨ ਕਰਨ ਲਈ ਪਹਿਲਾਂ ਤੋਂ ਯੋਜਨਾ ਬਣਾਓ: ਇਹ ਸਲਾਹ ਦਿੱਤੀ ਜਾਂਦੀ ਹੈ ਕਿ ਹਰ ਹਫ਼ਤੇ ਪੁਨਰ-ਮੁਲਾਕਾਤਾਂ ਕਰਨ ਲਈ ਕੁਝ ਸਮਾਂ ਅਲੱਗ ਰੱਖਿਆ ਜਾਵੇ। ਚੰਗੀ ਯੋਜਨਾ ਨਾਲ ਬਹੁਤ ਕੁਝ ਸੰਪੰਨ ਹੋ ਸਕਦਾ ਹੈ। ਉਸੇ ਖੇਤਰ ਵਿਚ ਕੁਝ ਪੁਨਰ-ਮੁਲਾਕਾਤਾਂ ਦਾ ਪ੍ਰਬੰਧ ਕਰੋ, ਜਿੱਥੇ ਤੁਸੀਂ ਘਰ-ਘਰ ਦੀ ਸੇਵਕਾਈ ਕਰੋਗੇ। ਹਰ ਵਾਰੀ ਘਰ-ਘਰ ਦੀ ਸੇਵਕਾਈ ਮਗਰੋਂ ਪੁਨਰ-ਮੁਲਾਕਾਤ ਕਰਨ ਲਈ ਕੁਝ ਸਮਾਂ ਕੱਢੋ। ਸਮੂਹ ਵਿਚ ਕੰਮ ਕਰਦੇ ਸਮੇਂ, ਦੂਜਿਆਂ ਨੂੰ ਆਪਣੀਆਂ ਪੁਨਰ-ਮੁਲਾਕਾਤਾਂ ਤੇ ਲੈ ਜਾਣ ਜਾਂ ਉਨ੍ਹਾਂ ਦੇ ਨਾਲ ਉਨ੍ਹਾਂ ਦੀਆਂ ਪੁਨਰ-ਮੁਲਾਕਾਤਾਂ ਤੇ ਜਾਣ ਦਾ ਪ੍ਰਬੰਧ ਕਰੋ ਤਾਂਕਿ ਦੋਵੇਂ ਇਕ ਦੂਜੇ ਦੇ ਹੁਨਰ ਅਤੇ ਅਨੁਭਵ ਤੋਂ ਕੁਝ ਸਿੱਖ ਸਕੋ।
34 ਪੁਨਰ-ਮੁਲਾਕਾਤਾਂ ਕਰਨ ਵਿਚ ਅਤੇ ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਵਿਚ ਸਫ਼ਲਤਾ ਹਾਸਲ ਕਰਨ ਵਾਲੇ ਕਹਿੰਦੇ ਹਨ ਕਿ ਲੋਕਾਂ ਵਿਚ ਸੱਚੇ ਦਿਲੋਂ ਨਿੱਜੀ ਦਿਲਚਸਪੀ ਦਿਖਾਉਣੀ ਅਤੇ ਮੁਲਾਕਾਤ ਮਗਰੋਂ ਵੀ ਉਨ੍ਹਾਂ ਬਾਰੇ ਸੋਚਦੇ ਰਹਿਣਾ ਅਤਿ ਜ਼ਰੂਰੀ ਹੈ। ਚਰਚਾ ਕਰਨ ਲਈ ਇਕ ਆਕਰਸ਼ਕ ਬਾਈਬਲ ਵਿਸ਼ਾ ਹੋਣਾ ਅਤੇ ਪਹਿਲੀ ਮੁਲਾਕਾਤ ਖ਼ਤਮ ਕਰਨ ਤੋਂ ਪਹਿਲਾਂ ਪੁਨਰ-ਮੁਲਾਕਾਤ ਲਈ ਬੁਨਿਆਦ ਰੱਖਣੀ ਵੀ ਜ਼ਰੂਰੀ ਹੈ। ਇਸ ਤੋਂ ਇਲਾਵਾ, ਰੁਚੀ ਰੱਖਣ ਵਾਲੇ ਕੋਲ ਤੁਰੰਤ ਵਾਪਸ ਜਾਣਾ ਮਹੱਤਵਪੂਰਣ ਹੈ। ਬਾਈਬਲ ਅਧਿਐਨ ਸ਼ੁਰੂ ਕਰਨ ਦੇ ਉਦੇਸ਼ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।
35 ਪੁਨਰ-ਮੁਲਾਕਾਤ ਦੇ ਕੰਮ ਵਿਚ ਸਫ਼ਲਤਾ ਦਾ ਇਕ ਅਤਿ ਜ਼ਰੂਰੀ ਗੁਣ ਹੈ ਦਲੇਰੀ। ਇਹ ਕਿਵੇਂ ਹਾਸਲ ਕੀਤੀ ਜਾਂਦੀ ਹੈ? ਰਸੂਲ ਪੌਲੁਸ ਇਹ ਕਹਿੰਦੇ ਹੋਏ ਜਵਾਬ ਦਿੰਦਾ ਹੈ ਕਿ ਅਸੀਂ “ਆਪਣੇ ਪਰਮੇਸ਼ੁਰ ਦੇ ਆਸਰੇ” ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ‘ਦਿਲੇਰ ਹੁੰਦੇ’ ਹਾਂ। ਜੇਕਰ ਤੁਹਾਨੂੰ ਇਸ ਖੇਤਰ ਵਿਚ ਤਰੱਕੀ ਕਰਨ ਦੀ ਲੋੜ ਹੈ, ਤਾਂ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰੋ। ਫਿਰ, ਆਪਣੀਆਂ ਪ੍ਰਾਰਥਨਾਵਾਂ ਦੇ ਅਨੁਸਾਰ, ਰੁਚੀ ਰੱਖਣ ਵਾਲੇ ਸਾਰਿਆਂ ਕੋਲ ਵਾਪਸ ਜਾਓ। ਯਹੋਵਾਹ ਯਕੀਨਨ ਤੁਹਾਡੇ ਜਤਨਾਂ ਉੱਤੇ ਬਰਕਤ ਦੇਵੇਗਾ!
[ਸਫ਼ੇ 3 ਉੱਤੇ ਡੱਬੀ]
ਪੁਨਰ-ਮੁਲਾਕਾਤਾਂ ਕਰਨ ਵਿਚ ਕਿਵੇਂ ਸਫ਼ਲ ਹੋਈਏ
◼ ਲੋਕਾਂ ਵਿਚ ਸੱਚੇ ਦਿਲੋਂ ਨਿੱਜੀ ਦਿਲਚਸਪੀ ਦਿਖਾਓ।
◼ ਚਰਚਾ ਕਰਨ ਲਈ ਇਕ ਆਕਰਸ਼ਕ ਬਾਈਬਲ ਵਿਸ਼ਾ ਚੁਣੋ।
◼ ਅਗਲੀ ਹਰੇਕ ਮੁਲਾਕਾਤ ਲਈ ਬੁਨਿਆਦ ਰੱਖੋ।
◼ ਮੁਲਾਕਾਤ ਮਗਰੋਂ ਉਸ ਵਿਅਕਤੀ ਬਾਰੇ ਸੋਚਦੇ ਰਹੋ।
◼ ਰੁਚੀ ਰੱਖਣ ਵਾਲਿਆਂ ਕੋਲ ਇਕ ਜਾਂ ਦੋ ਦਿਨਾਂ ਬਾਅਦ ਵਾਪਸ ਜਾਓ।
◼ ਯਾਦ ਰੱਖੋ ਕਿ ਤੁਹਾਡਾ ਉਦੇਸ਼ ਬਾਈਬਲ ਅਧਿਐਨ ਸ਼ੁਰੂ ਕਰਨਾ ਹੈ।
◼ ਇਸ ਕੰਮ ਲਈ ਦਲੇਰ ਹੋਣ ਵਾਸਤੇ ਮਦਦ ਲਈ ਪ੍ਰਾਰਥਨਾ ਕਰੋ।