ਯਿਰਮਿਯਾਹ
26 ਯੋਸੀਯਾਹ ਦੇ ਪੁੱਤਰ, ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਰਾਜ+ ਦੇ ਸ਼ੁਰੂ ਵਿਚ ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 2 “ਯਹੋਵਾਹ ਇਹ ਕਹਿੰਦਾ ਹੈ, ‘ਯਹੋਵਾਹ ਦੇ ਘਰ ਦੇ ਵਿਹੜੇ ਵਿਚ ਖੜ੍ਹਾ ਹੋ ਅਤੇ ਯਹੂਦਾਹ ਦੇ ਸ਼ਹਿਰਾਂ ਦੇ ਲੋਕਾਂ ਨਾਲ* ਗੱਲ ਕਰ ਜਿਹੜੇ ਯਹੋਵਾਹ ਦੇ ਘਰ ਵਿਚ ਭਗਤੀ ਕਰਨ* ਆ ਰਹੇ ਹਨ। ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ; ਉਨ੍ਹਾਂ ਵਿੱਚੋਂ ਇਕ ਵੀ ਗੱਲ ਨਾ ਛੱਡੀਂ। 3 ਸ਼ਾਇਦ ਉਹ ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਅਤੇ ਆਪਣੇ ਬੁਰੇ ਰਾਹ ਤੋਂ ਮੁੜ ਆਉਣ। ਫਿਰ ਮੈਂ ਆਪਣਾ ਮਨ ਬਦਲ ਕੇ* ਉਨ੍ਹਾਂ ਉੱਤੇ ਬਿਪਤਾ ਨਹੀਂ ਲਿਆਵਾਂਗਾ ਜੋ ਮੈਂ ਉਨ੍ਹਾਂ ਦੇ ਬੁਰੇ ਕੰਮਾਂ ਕਰਕੇ ਲਿਆਉਣ ਦਾ ਇਰਾਦਾ ਕੀਤਾ ਹੈ।+ 4 ਉਨ੍ਹਾਂ ਨੂੰ ਕਹੀਂ: “ਯਹੋਵਾਹ ਕਹਿੰਦਾ ਹੈ, ‘ਮੈਂ ਤੁਹਾਨੂੰ ਜੋ ਕਾਨੂੰਨ* ਦਿੱਤਾ ਹੈ, ਜੇ ਤੁਸੀਂ ਉਸ ਉੱਤੇ ਚੱਲ ਕੇ ਮੇਰੀ ਗੱਲ ਨਹੀਂ ਸੁਣੋਗੇ 5 ਅਤੇ ਜੇ ਮੇਰੇ ਸੇਵਕਾਂ ਯਾਨੀ ਨਬੀਆਂ ਦੀ ਗੱਲ ਨਹੀਂ ਸੁਣੋਗੇ ਜਿਨ੍ਹਾਂ ਨੂੰ ਮੈਂ ਵਾਰ-ਵਾਰ* ਤੁਹਾਡੇ ਕੋਲ ਘੱਲ ਰਿਹਾ ਹਾਂ ਅਤੇ ਜਿਨ੍ਹਾਂ ਦੀ ਗੱਲ ਤੁਸੀਂ ਹੁਣ ਤਕ ਨਹੀਂ ਸੁਣੀ ਹੈ,+ 6 ਤਾਂ ਮੈਂ ਇਸ ਘਰ ਦਾ ਹਾਲ ਸ਼ੀਲੋਹ+ ਵਰਗਾ ਕਰ ਦਿਆਂਗਾ ਅਤੇ ਮੈਂ ਇਸ ਸ਼ਹਿਰ ਨੂੰ ਤਬਾਹ ਕਰ ਦਿਆਂਗਾ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਸਰਾਪ ਦੇਣ ਵੇਲੇ ਇਸ ਦੀ ਮਿਸਾਲ ਦੇਣਗੀਆਂ।’”’”+
7 ਯਹੋਵਾਹ ਦੇ ਘਰ ਵਿਚ ਪੁਜਾਰੀਆਂ, ਨਬੀਆਂ ਅਤੇ ਸਾਰੇ ਲੋਕਾਂ ਨੇ ਯਿਰਮਿਯਾਹ ਦੀਆਂ ਇਹ ਗੱਲਾਂ ਸੁਣੀਆਂ।+ 8 ਇਸ ਲਈ ਜਦੋਂ ਯਿਰਮਿਯਾਹ ਉਹ ਸਾਰੀਆਂ ਗੱਲਾਂ ਦੱਸ ਹਟਿਆ ਜਿਹੜੀਆਂ ਯਹੋਵਾਹ ਨੇ ਸਾਰੇ ਲੋਕਾਂ ਨੂੰ ਦੱਸਣ ਦਾ ਹੁਕਮ ਦਿੱਤਾ ਸੀ, ਤਾਂ ਪੁਜਾਰੀਆਂ, ਨਬੀਆਂ ਅਤੇ ਸਾਰੇ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਕਿਹਾ: “ਤੂੰ ਨਹੀਂ ਹੁਣ ਬਚਦਾ। 9 ਤੂੰ ਕਿਉਂ ਯਹੋਵਾਹ ਦੇ ਨਾਂ ʼਤੇ ਭਵਿੱਖਬਾਣੀ ਕਰ ਕੇ ਕਹਿੰਦਾ ਹੈਂ, ‘ਇਸ ਘਰ ਦਾ ਹਾਲ ਸ਼ੀਲੋਹ ਵਰਗਾ ਹੋ ਜਾਵੇਗਾ ਅਤੇ ਇਹ ਸ਼ਹਿਰ ਤਬਾਹ ਹੋ ਜਾਵੇਗਾ ਅਤੇ ਇੱਥੇ ਕੋਈ ਨਹੀਂ ਵੱਸੇਗਾ’?” ਯਹੋਵਾਹ ਦੇ ਘਰ ਵਿਚ ਸਾਰੇ ਲੋਕ ਯਿਰਮਿਯਾਹ ਦੇ ਆਲੇ-ਦੁਆਲੇ ਇਕੱਠੇ ਹੋ ਗਏ।
10 ਜਦੋਂ ਯਹੂਦਾਹ ਦੇ ਹਾਕਮਾਂ ਨੇ ਇਹ ਗੱਲਾਂ ਸੁਣੀਆਂ, ਤਾਂ ਉਹ ਰਾਜੇ ਦੇ ਮਹਿਲ ਤੋਂ ਯਹੋਵਾਹ ਦੇ ਘਰ ਆ ਗਏ ਅਤੇ ਯਹੋਵਾਹ ਦੇ ਘਰ ਦੇ ਨਵੇਂ ਦਰਵਾਜ਼ੇ ਕੋਲ ਬੈਠ ਗਏ।+ 11 ਫਿਰ ਪੁਜਾਰੀਆਂ ਅਤੇ ਨਬੀਆਂ ਨੇ ਹਾਕਮਾਂ ਤੇ ਸਾਰੇ ਲੋਕਾਂ ਨੂੰ ਕਿਹਾ: “ਇਹ ਆਦਮੀ ਮੌਤ ਦੀ ਸਜ਼ਾ ਦੇ ਲਾਇਕ ਹੈ+ ਕਿਉਂਕਿ ਇਸ ਨੇ ਇਸ ਸ਼ਹਿਰ ਦੇ ਖ਼ਿਲਾਫ਼ ਭਵਿੱਖਬਾਣੀ ਕੀਤੀ ਹੈ ਜੋ ਤੁਸੀਂ ਆਪ ਆਪਣੇ ਕੰਨੀਂ ਸੁਣੀ ਹੈ।”+
12 ਫਿਰ ਯਿਰਮਿਯਾਹ ਨੇ ਹਾਕਮਾਂ ਅਤੇ ਸਾਰੇ ਲੋਕਾਂ ਨੂੰ ਕਿਹਾ: “ਯਹੋਵਾਹ ਨੇ ਹੀ ਮੈਨੂੰ ਇਸ ਘਰ ਅਤੇ ਸ਼ਹਿਰ ਦੇ ਖ਼ਿਲਾਫ਼ ਇਨ੍ਹਾਂ ਸਾਰੀਆਂ ਗੱਲਾਂ ਦੀ ਭਵਿੱਖਬਾਣੀ ਕਰਨ ਲਈ ਘੱਲਿਆ ਹੈ ਜੋ ਤੁਸੀਂ ਸੁਣੀਆਂ ਹਨ।+ 13 ਇਸ ਲਈ ਹੁਣ ਤੁਸੀਂ ਆਪਣੇ ਰਵੱਈਏ ਅਤੇ ਕੰਮਾਂ ਨੂੰ ਸੁਧਾਰੋ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦਾ ਕਹਿਣਾ ਮੰਨੋ। ਫਿਰ ਯਹੋਵਾਹ ਆਪਣਾ ਮਨ ਬਦਲ ਕੇ* ਤੁਹਾਡੇ ਉੱਤੇ ਬਿਪਤਾ ਨਹੀਂ ਲਿਆਵੇਗਾ ਜੋ ਉਸ ਨੇ ਤੁਹਾਡੇ ਉੱਤੇ ਲਿਆਉਣ ਬਾਰੇ ਕਿਹਾ ਸੀ।+ 14 ਪਰ ਜਿੱਥੋਂ ਤਕ ਮੇਰੀ ਗੱਲ ਹੈ, ਮੈਂ ਤੁਹਾਡੇ ਹੱਥਾਂ ਵਿਚ ਹਾਂ। ਤੁਹਾਨੂੰ ਜੋ ਚੰਗਾ ਤੇ ਸਹੀ ਲੱਗੇ, ਤੁਸੀਂ ਮੇਰੇ ਨਾਲ ਕਰੋ। 15 ਪਰ ਇਕ ਗੱਲ ਜਾਣ ਲਓ ਕਿ ਜੇ ਤੁਸੀਂ ਮੈਨੂੰ ਮਾਰ ਦਿੱਤਾ, ਤਾਂ ਤੁਸੀਂ, ਇਹ ਸ਼ਹਿਰ ਅਤੇ ਇਸ ਦੇ ਵਾਸੀ ਬੇਕਸੂਰ ਇਨਸਾਨ ਦੇ ਖ਼ੂਨ ਦੇ ਦੋਸ਼ੀ ਠਹਿਰੋਗੇ ਕਿਉਂਕਿ ਇਹ ਸੱਚ ਹੈ ਕਿ ਯਹੋਵਾਹ ਨੇ ਹੀ ਮੈਨੂੰ ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸਣ ਲਈ ਘੱਲਿਆ ਹੈ।”
16 ਫਿਰ ਹਾਕਮਾਂ ਅਤੇ ਸਾਰੇ ਲੋਕਾਂ ਨੇ ਪੁਜਾਰੀਆਂ ਅਤੇ ਨਬੀਆਂ ਨੂੰ ਕਿਹਾ: “ਇਹ ਆਦਮੀ ਮੌਤ ਦੀ ਸਜ਼ਾ ਦੇ ਲਾਇਕ ਨਹੀਂ ਹੈ ਕਿਉਂਕਿ ਇਸ ਨੇ ਸਾਡੇ ਪਰਮੇਸ਼ੁਰ ਯਹੋਵਾਹ ਦੇ ਨਾਂ ʼਤੇ ਹੀ ਸਾਡੇ ਨਾਲ ਗੱਲ ਕੀਤੀ ਹੈ।”
17 ਇਸ ਤੋਂ ਇਲਾਵਾ, ਦੇਸ਼ ਦੇ ਬਜ਼ੁਰਗਾਂ ਵਿੱਚੋਂ ਕੁਝ ਜਣੇ ਖੜ੍ਹੇ ਹੋਏ ਅਤੇ ਉਹ ਲੋਕਾਂ ਦੀ ਸਾਰੀ ਮੰਡਲੀ ਨੂੰ ਕਹਿਣ ਲੱਗੇ: 18 ਯਹੂਦਾਹ ਦੇ ਰਾਜੇ ਹਿਜ਼ਕੀਯਾਹ+ ਦੇ ਦਿਨਾਂ ਵਿਚ ਮੋਰਸ਼ਥ ਦਾ ਰਹਿਣ ਵਾਲਾ ਮੀਕਾਹ+ ਭਵਿੱਖਬਾਣੀ ਕਰਦਾ ਹੁੰਦਾ ਸੀ। ਉਸ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਕਿਹਾ, ‘ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ:
“ਸੀਓਨ ਨੂੰ ਖੇਤ ਵਾਂਗ ਵਾਹਿਆ ਜਾਵੇਗਾ,
ਯਰੂਸ਼ਲਮ ਮਲਬੇ ਦਾ ਢੇਰ ਬਣ ਜਾਵੇਗਾ+
ਅਤੇ ਉਹ ਪਹਾੜ* ਸੰਘਣਾ ਜੰਗਲ ਬਣ ਜਾਵੇਗਾ ਜਿੱਥੇ ਪਰਮੇਸ਼ੁਰ ਦਾ ਘਰ ਹੈ।”’+
19 “ਕੀ ਉਸ ਵੇਲੇ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਅਤੇ ਯਹੂਦਾਹ ਦੇ ਲੋਕਾਂ ਨੇ ਉਸ ਨੂੰ ਜਾਨੋਂ ਮਾਰਿਆ ਸੀ? ਕੀ ਉਹ ਯਹੋਵਾਹ ਤੋਂ ਨਹੀਂ ਡਰਿਆ ਸੀ ਅਤੇ ਯਹੋਵਾਹ ਅੱਗੇ ਮਿਹਰ ਲਈ ਤਰਲੇ ਨਹੀਂ ਕੀਤੇ ਸਨ? ਇਸ ਕਰਕੇ ਯਹੋਵਾਹ ਨੇ ਆਪਣਾ ਮਨ ਬਦਲ ਕੇ* ਉਨ੍ਹਾਂ ਉੱਤੇ ਬਿਪਤਾ ਨਹੀਂ ਲਿਆਂਦੀ ਜੋ ਉਸ ਨੇ ਉਨ੍ਹਾਂ ਉੱਤੇ ਲਿਆਉਣ ਬਾਰੇ ਕਿਹਾ ਸੀ।+ ਇਸ ਤਰ੍ਹਾਂ ਕਰ ਕੇ* ਅਸੀਂ ਆਪਣੇ ਉੱਤੇ ਵੱਡੀ ਬਿਪਤਾ ਲਿਆਵਾਂਗੇ।
20 “ਇਕ ਹੋਰ ਆਦਮੀ ਸੀ ਜਿਹੜਾ ਯਹੋਵਾਹ ਦੇ ਨਾਂ ʼਤੇ ਭਵਿੱਖਬਾਣੀ ਕਰਦਾ ਹੁੰਦਾ ਸੀ। ਉਹ ਸ਼ਮਾਯਾਹ ਦਾ ਪੁੱਤਰ ਊਰੀਯਾਹ ਸੀ ਜੋ ਕਿਰਯਥ-ਯਾਰੀਮ+ ਦਾ ਰਹਿਣ ਵਾਲਾ ਸੀ। ਉਸ ਨੇ ਇਸ ਸ਼ਹਿਰ ਅਤੇ ਇਸ ਦੇਸ਼ ਦੇ ਖ਼ਿਲਾਫ਼ ਭਵਿੱਖਬਾਣੀ ਕੀਤੀ ਸੀ, ਜਿਵੇਂ ਯਿਰਮਿਯਾਹ ਨੇ ਕੀਤੀ ਹੈ। 21 ਰਾਜਾ ਯਹੋਯਾਕੀਮ+ ਅਤੇ ਉਸ ਦੇ ਤਾਕਤਵਰ ਯੋਧਿਆਂ ਅਤੇ ਸਾਰੇ ਹਾਕਮਾਂ ਨੇ ਉਸ ਦੀ ਗੱਲ ਸੁਣੀ ਅਤੇ ਰਾਜੇ ਨੇ ਉਸ ਨੂੰ ਜਾਨੋਂ ਮਾਰਨ ਦਾ ਇਰਾਦਾ ਕੀਤਾ।+ ਜਦੋਂ ਊਰੀਯਾਹ ਨੇ ਇਸ ਬਾਰੇ ਸੁਣਿਆ, ਤਾਂ ਉਹ ਉਸ ਵੇਲੇ ਡਰ ਕੇ ਮਿਸਰ ਭੱਜ ਗਿਆ। 22 ਫਿਰ ਰਾਜਾ ਯਹੋਯਾਕੀਮ ਨੇ ਅਕਬੋਰ ਦੇ ਪੁੱਤਰ ਅਲਨਾਥਾਨ+ ਅਤੇ ਹੋਰ ਆਦਮੀਆਂ ਨੂੰ ਮਿਸਰ ਭੇਜਿਆ। 23 ਉਹ ਊਰੀਯਾਹ ਨੂੰ ਮਿਸਰ ਤੋਂ ਲੈ ਆਏ ਅਤੇ ਉਸ ਨੂੰ ਰਾਜਾ ਯਹੋਯਾਕੀਮ ਦੇ ਸਾਮ੍ਹਣੇ ਪੇਸ਼ ਕੀਤਾ। ਰਾਜੇ ਨੇ ਉਸ ਨੂੰ ਤਲਵਾਰ ਨਾਲ ਮਾਰ ਦਿੱਤਾ+ ਅਤੇ ਉਸ ਦੀ ਲਾਸ਼ ਆਮ ਲੋਕਾਂ ਦੇ ਕਬਰਸਤਾਨ ਵਿਚ ਸੁੱਟਵਾ ਦਿੱਤੀ।”
24 ਪਰ ਸ਼ਾਫਾਨ+ ਦੇ ਪੁੱਤਰ ਅਹੀਕਾਮ+ ਨੇ ਯਿਰਮਿਯਾਹ ਦਾ ਸਾਥ ਦਿੱਤਾ ਜਿਸ ਕਰਕੇ ਯਿਰਮਿਯਾਹ ਨੂੰ ਜਾਨੋਂ ਮਾਰਨ ਲਈ ਲੋਕਾਂ ਦੇ ਹਵਾਲੇ ਨਹੀਂ ਕੀਤਾ ਗਿਆ।+