ਗਿਣਤੀ
32 ਰਊਬੇਨ ਦੇ ਪੁੱਤਰਾਂ+ ਅਤੇ ਗਾਦ ਦੇ ਪੁੱਤਰਾਂ+ ਕੋਲ ਵੱਡੀ ਤਾਦਾਦ ਵਿਚ ਪਾਲਤੂ ਪਸ਼ੂ ਸਨ ਅਤੇ ਉਨ੍ਹਾਂ ਨੇ ਦੇਖਿਆ ਕਿ ਯਾਜ਼ੇਰ+ ਅਤੇ ਗਿਲਆਦ ਦਾ ਇਲਾਕਾ ਪਸ਼ੂ ਪਾਲਣ ਲਈ ਬਹੁਤ ਵਧੀਆ ਸੀ। 2 ਇਸ ਲਈ ਗਾਦ ਦੇ ਪੁੱਤਰਾਂ ਅਤੇ ਰਊਬੇਨ ਦੇ ਪੁੱਤਰਾਂ ਨੇ ਮੂਸਾ, ਪੁਜਾਰੀ ਅਲਆਜ਼ਾਰ ਅਤੇ ਮੰਡਲੀ ਦੇ ਮੁਖੀਆਂ ਕੋਲ ਆ ਕੇ ਕਿਹਾ: 3 “ਅਟਾਰੋਥ, ਦੀਬੋਨ, ਯਾਜ਼ੇਰ, ਨਿਮਰਾਹ, ਹਸ਼ਬੋਨ,+ ਅਲਾਲੇਹ, ਸਬਾਮ, ਨਬੋ+ ਅਤੇ ਬਓਨ,+ 4 ਦੇ ਇਲਾਕੇ ਉੱਤੇ ਯਹੋਵਾਹ ਨੇ ਇਜ਼ਰਾਈਲ ਦੀ ਮੰਡਲੀ ਸਾਮ੍ਹਣੇ ਜਿੱਤ ਪ੍ਰਾਪਤ ਕੀਤੀ ਹੈ।+ ਇਹ ਇਲਾਕਾ ਪਸ਼ੂ ਪਾਲਣ ਲਈ ਬਹੁਤ ਵਧੀਆ ਹੈ ਅਤੇ ਤੁਹਾਡੇ ਸੇਵਕਾਂ ਕੋਲ ਬਹੁਤ ਸਾਰੇ ਪਾਲਤੂ ਪਸ਼ੂ ਹਨ।”+ 5 ਉਨ੍ਹਾਂ ਨੇ ਅੱਗੇ ਕਿਹਾ: “ਜੇ ਸਾਡੇ ʼਤੇ ਤੁਹਾਡੀ ਮਿਹਰ ਹੋਈ ਹੈ, ਤਾਂ ਤੁਸੀਂ ਇਹ ਇਲਾਕਾ ਆਪਣੇ ਸੇਵਕਾਂ ਨੂੰ ਦੇ ਦਿਓ। ਸਾਨੂੰ ਯਰਦਨ ਦਰਿਆ ਤੋਂ ਪਾਰ ਨਾ ਲੈ ਕੇ ਜਾਓ।”
6 ਫਿਰ ਮੂਸਾ ਨੇ ਗਾਦ ਦੇ ਪੁੱਤਰਾਂ ਅਤੇ ਰਊਬੇਨ ਦੇ ਪੁੱਤਰਾਂ ਨੂੰ ਕਿਹਾ: “ਕੀ ਤੁਹਾਡੇ ਕਹਿਣ ਦਾ ਇਹ ਮਤਲਬ ਹੈ ਕਿ ਤੁਹਾਡੇ ਭਰਾ ਯੁੱਧ ਵਿਚ ਜਾਣ ਤੇ ਤੁਸੀਂ ਇੱਥੇ ਬੈਠੇ ਰਹੋ? 7 ਤੁਸੀਂ ਇਜ਼ਰਾਈਲ ਦੇ ਲੋਕਾਂ ਦਾ ਹੌਸਲਾ ਕਿਉਂ ਢਾਹੁਣਾ ਚਾਹੁੰਦੇ ਹੋ? ਉਹ ਤੁਹਾਡੇ ਕਰਕੇ ਦਰਿਆ ਪਾਰ ਉਸ ਦੇਸ਼ ਵਿਚ ਜਾਣ ਤੋਂ ਮਨ੍ਹਾ ਕਰ ਦੇਣਗੇ ਜੋ ਯਹੋਵਾਹ ਨੇ ਉਨ੍ਹਾਂ ਨੂੰ ਜ਼ਰੂਰ ਦੇਣਾ ਹੈ। 8 ਤੁਹਾਡੇ ਪਿਉ-ਦਾਦਿਆਂ ਨੇ ਵੀ ਇਸੇ ਤਰ੍ਹਾਂ ਕੀਤਾ ਸੀ ਜਦੋਂ ਮੈਂ ਕਾਦੇਸ਼-ਬਰਨੇਆ ਤੋਂ ਉਨ੍ਹਾਂ ਨੂੰ ਇਹ ਦੇਸ਼ ਦੇਖਣ ਲਈ ਘੱਲਿਆ ਸੀ।+ 9 ਜਦੋਂ ਉਨ੍ਹਾਂ ਨੇ ਅਸ਼ਕੋਲ ਘਾਟੀ ਵਿਚ ਜਾ ਕੇ+ ਉਹ ਦੇਸ਼ ਦੇਖਿਆ, ਤਾਂ ਉਨ੍ਹਾਂ ਨੇ ਇਜ਼ਰਾਈਲ ਦੇ ਲੋਕਾਂ ਦਾ ਹੌਸਲਾ ਢਾਹ ਦਿੱਤਾ ਜਿਸ ਕਰਕੇ ਲੋਕਾਂ ਨੇ ਉਸ ਦੇਸ਼ ਵਿਚ ਜਾਣ ਤੋਂ ਮਨ੍ਹਾ ਕਰ ਦਿੱਤਾ ਜੋ ਯਹੋਵਾਹ ਨੇ ਉਨ੍ਹਾਂ ਨੂੰ ਦੇਣਾ ਸੀ।+ 10 ਉਸ ਦਿਨ ਯਹੋਵਾਹ ਦਾ ਗੁੱਸਾ ਭੜਕਿਆ ਅਤੇ ਉਸ ਨੇ ਸਹੁੰ ਖਾਧੀ:+ 11 ‘ਜਿਹੜੇ ਆਦਮੀ ਮਿਸਰ ਤੋਂ ਆਏ ਹਨ ਅਤੇ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਹੈ, ਉਹ ਪੂਰੇ ਦਿਲ ਨਾਲ ਮੇਰੇ ਪਿੱਛੇ-ਪਿੱਛੇ ਨਹੀਂ ਚੱਲੇ, ਇਸ ਲਈ ਉਹ ਉਸ ਦੇਸ਼ ਵਿਚ ਨਹੀਂ ਜਾਣਗੇ+ ਜਿਸ ਨੂੰ ਦੇਣ ਦੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ।+ 12 ਸਿਰਫ਼ ਕਨਿੱਜ਼ੀ ਯਫੁੰਨਾਹ ਦਾ ਪੁੱਤਰ ਕਾਲੇਬ+ ਅਤੇ ਨੂਨ ਦਾ ਪੁੱਤਰ ਯਹੋਸ਼ੁਆ+ ਹੀ ਉਸ ਦੇਸ਼ ਵਿਚ ਜਾਣਗੇ ਕਿਉਂਕਿ ਉਹ ਪੂਰੇ ਦਿਲ ਨਾਲ ਯਹੋਵਾਹ ਦੇ ਪਿੱਛੇ-ਪਿੱਛੇ ਚੱਲੇ ਹਨ।’+ 13 ਇਸ ਲਈ ਇਜ਼ਰਾਈਲ ਉੱਤੇ ਯਹੋਵਾਹ ਦਾ ਗੁੱਸਾ ਭੜਕਿਆ। ਉਸ ਨੇ ਉਨ੍ਹਾਂ ਨੂੰ 40 ਸਾਲ ਉਜਾੜ ਵਿਚ ਭਟਕਣ ਦਿੱਤਾ+ ਜਦ ਤਕ ਉਹ ਸਾਰੀ ਪੀੜ੍ਹੀ ਖ਼ਤਮ ਨਹੀਂ ਹੋ ਗਈ ਜਿਸ ਨੇ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਕੰਮ ਕੀਤਾ ਸੀ।+ 14 ਹੁਣ ਤੁਸੀਂ ਆਪਣੇ ਪਿਉ-ਦਾਦਿਆਂ ਦੀ ਗ਼ਲਤੀ ਦੁਹਰਾ ਰਹੇ ਹੋ। ਤੁਸੀਂ ਪਾਪ ਕਰ ਕੇ ਇਜ਼ਰਾਈਲ ਦੇ ਖ਼ਿਲਾਫ਼ ਯਹੋਵਾਹ ਦਾ ਗੁੱਸਾ ਭੜਕਾ ਰਹੇ ਹੋ। 15 ਜੇ ਤੁਸੀਂ ਉਸ ਦੇ ਪਿੱਛੇ-ਪਿੱਛੇ ਚੱਲਣਾ ਛੱਡ ਦਿਓਗੇ, ਤਾਂ ਉਹ ਲੋਕਾਂ ਨੂੰ ਦੁਬਾਰਾ ਉਜਾੜ ਵਿਚ ਛੱਡ ਦੇਵੇਗਾ ਅਤੇ ਤੁਹਾਡੇ ਕਰਕੇ ਇਹ ਸਾਰੇ ਲੋਕ ਤਬਾਹ ਹੋ ਜਾਣਗੇ।”
16 ਉਨ੍ਹਾਂ ਨੇ ਬਾਅਦ ਵਿਚ ਮੂਸਾ ਕੋਲ ਆ ਕੇ ਕਿਹਾ: “ਸਾਨੂੰ ਇੱਥੇ ਆਪਣੇ ਪਸ਼ੂਆਂ ਲਈ ਪੱਥਰਾਂ ਦੇ ਵਾੜੇ ਅਤੇ ਆਪਣੇ ਬੱਚਿਆਂ ਲਈ ਸ਼ਹਿਰ ਬਣਾਉਣ ਦੀ ਇਜਾਜ਼ਤ ਦੇ। 17 ਸਾਡੇ ਬੱਚੇ ਕਿਲੇਬੰਦ ਸ਼ਹਿਰਾਂ ਵਿਚ ਸੁਰੱਖਿਅਤ ਵੱਸਣਗੇ ਅਤੇ ਉਨ੍ਹਾਂ ਨੂੰ ਇਸ ਦੇਸ਼ ਦੇ ਲੋਕਾਂ ਤੋਂ ਕੋਈ ਖ਼ਤਰਾ ਨਹੀਂ ਹੋਵੇਗਾ। ਪਰ ਅਸੀਂ ਹਮੇਸ਼ਾ ਯੁੱਧ ਲਈ ਤਿਆਰ ਰਹਾਂਗੇ+ ਅਤੇ ਇਜ਼ਰਾਈਲੀਆਂ ਦੇ ਅੱਗੇ-ਅੱਗੇ ਲੜਾਈ ਵਿਚ ਜਾਵਾਂਗੇ ਜਦ ਤਕ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਨਹੀਂ ਪਹੁੰਚਾ ਦਿੰਦੇ। 18 ਅਸੀਂ ਉਦੋਂ ਤਕ ਆਪਣੇ ਘਰ ਨਹੀਂ ਮੁੜਾਂਗੇ ਜਦ ਤਕ ਹਰ ਇਜ਼ਰਾਈਲੀ ਨੂੰ ਵਿਰਾਸਤ ਵਿਚ ਜ਼ਮੀਨ ਨਹੀਂ ਮਿਲ ਜਾਂਦੀ।+ 19 ਸਾਨੂੰ ਯਰਦਨ ਦਰਿਆ ਦੇ ਪੂਰਬ ਵਾਲੇ ਪਾਸੇ ਵਿਰਾਸਤ ਵਿਚ ਜ਼ਮੀਨ ਮਿਲ ਗਈ ਹੈ,+ ਇਸ ਕਰਕੇ ਅਸੀਂ ਉਨ੍ਹਾਂ ਨਾਲ ਦਰਿਆ ਤੋਂ ਪਾਰ ਵਿਰਾਸਤ ਦੇ ਤੌਰ ਤੇ ਕੋਈ ਹਿੱਸਾ ਨਹੀਂ ਲਵਾਂਗੇ।”
20 ਮੂਸਾ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਤੁਸੀਂ ਇਸ ਤਰ੍ਹਾਂ ਕਰੋ: ਤੁਸੀਂ ਯਹੋਵਾਹ ਸਾਮ੍ਹਣੇ ਲੜਾਈ ਲਈ ਹਥਿਆਰ ਚੁੱਕੋ।+ 21 ਤੁਹਾਡੇ ਵਿੱਚੋਂ ਹਰੇਕ ਜਣਾ ਯਹੋਵਾਹ ਅੱਗੇ ਹਥਿਆਰ ਚੁੱਕ ਕੇ ਯਰਦਨ ਦਰਿਆ ਪਾਰ ਜਾਵੇ। ਫਿਰ ਜਦੋਂ ਉਹ ਉਸ ਦੇ ਦੁਸ਼ਮਣਾਂ ਨੂੰ ਆਪਣੇ ਅੱਗਿਓਂ ਭਜਾਵੇਗਾ+ 22 ਅਤੇ ਯਹੋਵਾਹ ਸਾਮ੍ਹਣੇ ਦੇਸ਼ ਉੱਤੇ ਕਬਜ਼ਾ ਕਰ ਲਿਆ ਜਾਵੇਗਾ,+ ਤਾਂ ਤੁਸੀਂ ਵਾਪਸ ਆਪਣੇ ਘਰਾਂ ਨੂੰ ਮੁੜ ਸਕਦੇ ਹੋ।+ ਤੁਸੀਂ ਯਹੋਵਾਹ ਅਤੇ ਇਜ਼ਰਾਈਲ ਸਾਮ੍ਹਣੇ ਦੋਸ਼ੀ ਨਹੀਂ ਠਹਿਰੋਗੇ। ਫਿਰ ਯਹੋਵਾਹ ਸਾਮ੍ਹਣੇ ਤੁਸੀਂ ਇਸ ਦੇਸ਼ ਦੇ ਮਾਲਕ ਬਣ ਜਾਓਗੇ।+ 23 ਪਰ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰੋਗੇ, ਤਾਂ ਤੁਸੀਂ ਯਹੋਵਾਹ ਦੇ ਖ਼ਿਲਾਫ਼ ਪਾਪ ਕਰੋਗੇ। ਯਾਦ ਰੱਖੋ ਕਿ ਤੁਹਾਨੂੰ ਆਪਣੇ ਪਾਪ ਦਾ ਅੰਜਾਮ ਭੁਗਤਣਾ ਪਵੇਗਾ। 24 ਇਸ ਲਈ ਤੁਸੀਂ ਆਪਣੇ ਬੱਚਿਆਂ ਲਈ ਸ਼ਹਿਰ ਅਤੇ ਪਸ਼ੂਆਂ ਲਈ ਵਾੜੇ ਬਣਾ ਸਕਦੇ ਹੋ,+ ਪਰ ਤੁਸੀਂ ਆਪਣਾ ਵਾਅਦਾ ਜ਼ਰੂਰ ਪੂਰਾ ਕਰਿਓ।”
25 ਗਾਦ ਦੇ ਪੁੱਤਰਾਂ ਅਤੇ ਰਊਬੇਨ ਦੇ ਪੁੱਤਰਾਂ ਨੇ ਮੂਸਾ ਨੂੰ ਕਿਹਾ: “ਸਾਡੇ ਮਾਲਕ, ਤੇਰੇ ਸੇਵਕ ਉਸੇ ਤਰ੍ਹਾਂ ਕਰਨਗੇ ਜਿਵੇਂ ਤੂੰ ਹੁਕਮ ਦਿੱਤਾ ਹੈ। 26 ਸਾਡੇ ਬੱਚੇ, ਸਾਡੀਆਂ ਪਤਨੀਆਂ, ਸਾਡੀਆਂ ਭੇਡਾਂ-ਬੱਕਰੀਆਂ ਅਤੇ ਹੋਰ ਸਾਰੇ ਪਾਲਤੂ ਪਸ਼ੂ ਇੱਥੇ ਗਿਲਆਦ ਦੇ ਸ਼ਹਿਰਾਂ ਵਿਚ ਰਹਿਣਗੇ,+ 27 ਪਰ ਤੇਰਾ ਹਰ ਸੇਵਕ ਹਥਿਆਰ ਚੁੱਕ ਕੇ ਦਰਿਆ ਪਾਰ ਜਾਵੇਗਾ ਅਤੇ ਯਹੋਵਾਹ ਸਾਮ੍ਹਣੇ ਯੁੱਧ ਵਿਚ ਲੜੇਗਾ,+ ਜਿਵੇਂ ਸਾਡੇ ਮਾਲਕ ਨੇ ਹੁਕਮ ਦਿੱਤਾ ਹੈ।”
28 ਇਸ ਲਈ ਮੂਸਾ ਨੇ ਪੁਜਾਰੀ ਅਲਆਜ਼ਾਰ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਜ਼ਰਾਈਲ ਦੇ ਗੋਤਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਦੇ ਮੁਖੀਆਂ ਨੂੰ ਉਨ੍ਹਾਂ ਦੇ ਸੰਬੰਧ ਵਿਚ ਇਕ ਹੁਕਮ ਦਿੱਤਾ। 29 ਮੂਸਾ ਨੇ ਉਨ੍ਹਾਂ ਨੂੰ ਕਿਹਾ: “ਜੇ ਗਾਦ ਦੇ ਪੁੱਤਰਾਂ ਅਤੇ ਰਊਬੇਨ ਦੇ ਪੁੱਤਰਾਂ ਵਿੱਚੋਂ ਹਰ ਆਦਮੀ ਯਹੋਵਾਹ ਸਾਮ੍ਹਣੇ ਯੁੱਧ ਲਈ ਹਥਿਆਰ ਚੁੱਕ ਕੇ ਤੁਹਾਡੇ ਨਾਲ ਯਰਦਨ ਦਰਿਆ ਪਾਰ ਜਾਂਦਾ ਹੈ ਅਤੇ ਤੁਸੀਂ ਉਸ ਦੇਸ਼ ʼਤੇ ਕਬਜ਼ਾ ਕਰ ਲੈਂਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਗਿਲਆਦ ਦਾ ਇਲਾਕਾ ਦੇ ਦੇਣਾ।+ 30 ਪਰ ਜੇ ਉਹ ਹਥਿਆਰ ਚੁੱਕ ਕੇ ਤੁਹਾਡੇ ਨਾਲ ਦਰਿਆ ਪਾਰ ਨਹੀਂ ਜਾਂਦੇ, ਤਾਂ ਉਹ ਕਨਾਨ ਦੇਸ਼ ਵਿਚ ਤੁਹਾਡੇ ਨਾਲ ਹੀ ਵੱਸਣਗੇ।”
31 ਇਹ ਸੁਣ ਕੇ ਗਾਦ ਦੇ ਪੁੱਤਰਾਂ ਅਤੇ ਰਊਬੇਨ ਦੇ ਪੁੱਤਰਾਂ ਨੇ ਕਿਹਾ: “ਯਹੋਵਾਹ ਨੇ ਤੇਰੇ ਸੇਵਕਾਂ ਨੂੰ ਜੋ ਕਿਹਾ ਹੈ, ਅਸੀਂ ਉੱਦਾਂ ਹੀ ਕਰਾਂਗੇ। 32 ਅਸੀਂ ਯਹੋਵਾਹ ਸਾਮ੍ਹਣੇ ਹਥਿਆਰ ਚੁੱਕ ਕੇ ਦਰਿਆ ਪਾਰ ਕਨਾਨ ਦੇਸ਼ ਵਿਚ ਜਾਵਾਂਗੇ,+ ਪਰ ਸਾਨੂੰ ਵਿਰਾਸਤ ਵਿਚ ਯਰਦਨ ਦਰਿਆ ਦੇ ਇਸ ਪਾਸੇ ਦੀ ਜ਼ਮੀਨ ਹੀ ਦਿੱਤੀ ਜਾਵੇ।” 33 ਇਸ ਲਈ ਮੂਸਾ ਨੇ ਗਾਦ ਦੇ ਪੁੱਤਰਾਂ ਅਤੇ ਰਊਬੇਨ ਦੇ ਪੁੱਤਰਾਂ+ ਅਤੇ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਅੱਧੇ ਗੋਤ+ ਨੂੰ ਅਮੋਰੀਆਂ ਦੇ ਰਾਜੇ ਸੀਹੋਨ ਅਤੇ ਬਾਸ਼ਾਨ ਦੇ ਰਾਜੇ ਓਗ ਦੇ ਇਲਾਕੇ ਦੇ ਦਿੱਤੇ।+ ਨਾਲੇ ਉਨ੍ਹਾਂ ਇਲਾਕਿਆਂ ਵਿਚਲੇ ਸ਼ਹਿਰਾਂ ਦੀ ਜ਼ਮੀਨ ਅਤੇ ਆਲੇ-ਦੁਆਲੇ ਦੇ ਇਲਾਕੇ ਦੇ ਸ਼ਹਿਰ ਵੀ ਦੇ ਦਿੱਤੇ।
34 ਗਾਦ ਦੇ ਪੁੱਤਰਾਂ ਨੇ ਦੀਬੋਨ,+ ਅਟਾਰੋਥ,+ ਅਰੋਏਰ,+ 35 ਅਟਰੋਥ-ਸ਼ੋਫਾਨ, ਯਾਜ਼ੇਰ,+ ਯਾਗਬਹਾ,+ 36 ਬੈਤ-ਨਿਮਰਾਹ+ ਅਤੇ ਬੈਤ-ਹਾਰਾਨ+ ਨਾਂ ਦੇ ਕਿਲੇਬੰਦ ਸ਼ਹਿਰ ਬਣਾਏ* ਅਤੇ ਆਪਣੀਆਂ ਭੇਡਾਂ-ਬੱਕਰੀਆਂ ਲਈ ਪੱਥਰਾਂ ਦੇ ਵਾੜੇ ਬਣਾਏ। 37 ਅਤੇ ਰਊਬੇਨ ਦੇ ਪੁੱਤਰਾਂ ਨੇ ਹਸ਼ਬੋਨ,+ ਅਲਾਲੇਹ,+ ਕਿਰਯਾਥੈਮ,+ 38 ਨਬੋ+ ਅਤੇ ਬਆਲ-ਮੀਓਨ+ (ਇਨ੍ਹਾਂ ਦੇ ਨਾਂ ਬਦਲੇ ਗਏ ਹਨ) ਅਤੇ ਸਿਬਮਾਹ ਸ਼ਹਿਰ ਬਣਾਏ। ਉਹ ਦੁਬਾਰਾ ਬਣਾਏ ਸ਼ਹਿਰਾਂ ਦੇ ਹੋਰ ਨਾਂ ਰੱਖਣ ਲੱਗੇ।
39 ਮਨੱਸ਼ਹ ਦੇ ਪੁੱਤਰ ਮਾਕੀਰ ਦੇ ਪੁੱਤਰਾਂ+ ਨੇ ਗਿਲਆਦ ਉੱਤੇ ਹਮਲਾ ਕਰ ਕੇ ਇਸ ʼਤੇ ਕਬਜ਼ਾ ਕਰ ਲਿਆ ਅਤੇ ਉੱਥੇ ਰਹਿੰਦੇ ਅਮੋਰੀਆਂ ਨੂੰ ਭਜਾ ਦਿੱਤਾ। 40 ਇਸ ਲਈ ਮੂਸਾ ਨੇ ਮਨੱਸ਼ਹ ਦੇ ਪੁੱਤਰ ਮਾਕੀਰ ਦੇ ਪੁੱਤਰਾਂ ਨੂੰ ਗਿਲਆਦ ਦੇ ਦਿੱਤਾ ਅਤੇ ਉਹ ਉੱਥੇ ਰਹਿਣ ਲੱਗ ਪਏ।+ 41 ਅਤੇ ਮਨੱਸ਼ਹ ਦੇ ਪੁੱਤਰ ਯਾਈਰ ਨੇ ਛੋਟੇ ਕਸਬਿਆਂ ʼਤੇ ਹਮਲਾ ਕਰ ਕੇ ਉਨ੍ਹਾਂ ʼਤੇ ਕਬਜ਼ਾ ਕਰ ਲਿਆ ਅਤੇ ਉਨ੍ਹਾਂ ਕਸਬਿਆਂ ਦਾ ਨਾਂ ਹੱਵੋਥ-ਯਾਈਰ* ਰੱਖਿਆ।+ 42 ਨੋਬਹ ਨੇ ਕਨਾਥ ʼਤੇ ਹਮਲਾ ਕਰ ਕੇ ਇਸ ਉੱਤੇ ਅਤੇ ਇਸ ਦੇ ਆਲੇ-ਦੁਆਲੇ ਦੇ* ਕਸਬਿਆਂ ʼਤੇ ਕਬਜ਼ਾ ਕਰ ਲਿਆ ਅਤੇ ਉਸ ਨੇ ਆਪਣੇ ਨਾਂ ʼਤੇ ਇਸ ਜਗ੍ਹਾ ਦਾ ਨਾਂ ਨੋਬਹ ਰੱਖਿਆ।