ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਅਸਤਰ 1:1 - 10:3
  • ਅਸਤਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅਸਤਰ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਅਸਤਰ

ਅਸਤਰ

1 ਇਹ ਰਾਜਾ ਅਹਸ਼ਵੇਰੋਸ਼* ਦੇ ਦਿਨਾਂ ਦੀ ਗੱਲ ਹੈ ਜੋ ਭਾਰਤ ਤੋਂ ਲੈ ਕੇ ਇਥੋਪੀਆ* ਤਕ 127 ਜ਼ਿਲ੍ਹਿਆਂ ʼਤੇ ਰਾਜ ਕਰਦਾ ਸੀ।+ 2 ਉਨ੍ਹਾਂ ਦਿਨਾਂ ਵਿਚ ਰਾਜਾ ਅਹਸ਼ਵੇਰੋਸ਼ ਸ਼ੂਸ਼ਨ*+ ਦੇ ਕਿਲੇ* ਤੋਂ ਰਾਜ ਕਰਦਾ ਸੀ। 3 ਉਸ ਨੇ ਆਪਣੇ ਰਾਜ ਦੇ ਤੀਸਰੇ ਸਾਲ ਵਿਚ ਆਪਣੇ ਸਾਰੇ ਮੰਤਰੀਆਂ ਅਤੇ ਅਧਿਕਾਰੀਆਂ ਲਈ ਦਾਅਵਤ ਰੱਖੀ। ਉਸ ਦੀ ਦਾਅਵਤ ਵਿਚ ਫਾਰਸੀ+ ਅਤੇ ਮਾਦੀ+ ਫ਼ੌਜ ਦੇ ਸੈਨਾਪਤੀ, ਉੱਚ ਅਧਿਕਾਰੀ ਅਤੇ ਜ਼ਿਲ੍ਹਿਆਂ ਦੇ ਰਾਜਪਾਲ ਆਏ। 4 ਉਸ ਨੇ ਉਨ੍ਹਾਂ ਨੂੰ ਬਹੁਤ ਦਿਨਾਂ ਤਕ, ਹਾਂ, 180 ਦਿਨਾਂ ਤਕ ਆਪਣੇ ਸ਼ਾਨਦਾਰ ਰਾਜ ਦੀ ਸਾਰੀ ਧਨ-ਦੌਲਤ ਦਿਖਾਈ ਜੋ ਖ਼ਜ਼ਾਨੇ ਵਿਚ ਇਕੱਠੀ ਹੁੰਦੀ ਸੀ। ਨਾਲੇ ਉਸ ਨੇ ਉਨ੍ਹਾਂ ਨੂੰ ਆਪਣੇ ਰਾਜ ਦੀ ਸ਼ਾਨੋ-ਸ਼ੌਕਤ ਅਤੇ ਠਾਠ-ਬਾਠ ਦਿਖਾਈ। 5 ਇਹ ਦਿਨ ਪੂਰੇ ਹੋਣ ਤੋਂ ਬਾਅਦ ਰਾਜੇ ਨੇ ਸ਼ੂਸ਼ਨ* ਦੇ ਕਿਲੇ* ਵਿਚ ਹਾਜ਼ਰ, ਛੋਟੇ ਤੋਂ ਲੈ ਕੇ ਵੱਡੇ ਤਕ, ਸਾਰੇ ਲੋਕਾਂ ਲਈ ਸੱਤ ਦਿਨ ਦਾਅਵਤ ਰੱਖੀ। ਇਹ ਦਾਅਵਤ ਰਾਜੇ ਦੇ ਮਹਿਲ ਦੇ ਬਾਗ਼ ਦੇ ਵਿਹੜੇ ਵਿਚ ਰੱਖੀ ਗਈ ਸੀ। 6 ਵਿਹੜੇ ਨੂੰ ਮਲਮਲ ਤੇ ਵਧੀਆ ਸੂਤੀ ਕੱਪੜੇ ਦੇ ਚਿੱਟੇ ਅਤੇ ਨੀਲੇ ਪਰਦਿਆਂ ਨਾਲ ਸਜਾਇਆ ਗਿਆ ਸੀ। ਇਹ ਪਰਦੇ ਵਧੀਆ ਕੱਪੜੇ ਅਤੇ ਬੈਂਗਣੀ ਉੱਨ ਦੀਆਂ ਡੋਰੀਆਂ ਨਾਲ ਸੰਗਮਰਮਰ ਦੇ ਥੰਮ੍ਹਾਂ ʼਤੇ ਲੱਗੇ ਚਾਂਦੀ ਦੇ ਛੱਲਿਆਂ ਨਾਲ ਬੰਨ੍ਹੇ ਹੋਏ ਸਨ। ਵਿਹੜੇ ਦਾ ਫ਼ਰਸ਼ ਲਾਲ, ਚਿੱਟੇ ਅਤੇ ਕਾਲ਼ੇ ਰੰਗ ਦੇ ਸੰਗਮਰਮਰ ਦਾ ਸੀ ਅਤੇ ਇਹ ਮੋਤੀਆਂ ਨਾਲ ਜੜਿਆ ਹੋਇਆ ਸੀ ਅਤੇ ਇਸ ʼਤੇ ਸੋਨੇ ਅਤੇ ਚਾਂਦੀ ਦੇ ਦੀਵਾਨ ਰੱਖੇ ਗਏ ਸਨ।

7 ਸੋਨੇ ਦੇ ਪਿਆਲਿਆਂ* ਵਿਚ ਦਾਖਰਸ ਵਰਤਾਇਆ ਜਾ ਰਿਹਾ ਸੀ; ਹਰ ਪਿਆਲਾ ਦੂਜੇ ਨਾਲੋਂ ਵੱਖਰਾ ਸੀ। ਰਾਜੇ ਨੇ ਇੰਨੇ ਦਾਖਰਸ ਦਾ ਪ੍ਰਬੰਧ ਕੀਤਾ ਸੀ ਕਿ ਇਹ ਪਾਣੀ ਵਾਂਗ ਵਹਾਇਆ ਜਾ ਰਿਹਾ ਸੀ। 8 ਉਸ ਮੌਕੇ ʼਤੇ ਹੁਕਮ ਅਨੁਸਾਰ ਕਿਸੇ ਨੂੰ ਵੀ ਪੀਣ ਲਈ ਮਜਬੂਰ ਨਹੀਂ ਕੀਤਾ ਗਿਆ।* ਰਾਜੇ ਨੇ ਆਪਣੇ ਮਹਿਲ ਦੇ ਅਧਿਕਾਰੀਆਂ ਰਾਹੀਂ ਇਹ ਇੰਤਜ਼ਾਮ ਕੀਤਾ ਸੀ ਕਿ ਹਰ ਕੋਈ ਜਿੰਨੀ ਚਾਹੇ ਪੀ ਸਕਦਾ ਸੀ।

9 ਰਾਜਾ ਅਹਸ਼ਵੇਰੋਸ਼ ਦੇ ਮਹਿਲ ਵਿਚ ਰਾਣੀ ਵਸ਼ਤੀ+ ਨੇ ਵੀ ਔਰਤਾਂ ਲਈ ਇਕ ਦਾਅਵਤ ਰੱਖੀ।

10 ਸੱਤਵੇਂ ਦਿਨ ਜਦ ਦਾਖਰਸ ਪੀਣ ਕਰਕੇ ਰਾਜਾ ਅਹਸ਼ਵੇਰੋਸ਼ ਦਾ ਦਿਲ ਬਹੁਤ ਖ਼ੁਸ਼ ਸੀ, ਤਾਂ ਉਸ ਨੇ ਆਪਣੇ ਸੱਤ ਦਰਬਾਰੀਆਂ ਅਤੇ ਖ਼ਾਸ ਸੇਵਾਦਾਰਾਂ ਮਹੂਮਾਨ, ਬਿਜ਼ਥਾ, ਹਰਬੋਨਾ,+ ਬਿਗਥਾ, ਅਬਗਥਾ, ਜ਼ੇਥਰ ਅਤੇ ਕਰਕਸ ਨੂੰ ਕਿਹਾ 11 ਕਿ ਰਾਣੀ ਵਸ਼ਤੀ ਨੂੰ ਸ਼ਾਹੀ ਤਾਜ* ਪਹਿਨਾ ਕੇ ਰਾਜੇ ਸਾਮ੍ਹਣੇ ਪੇਸ਼ ਕੀਤਾ ਜਾਵੇ ਤਾਂਕਿ ਉਹ ਲੋਕਾਂ ਅਤੇ ਮੰਤਰੀਆਂ ਨੂੰ ਉਸ ਦੀ ਖ਼ੂਬਸੂਰਤੀ ਦਿਖਾ ਸਕੇ ਕਿਉਂਕਿ ਉਹ ਬਹੁਤ ਸੋਹਣੀ ਸੀ। 12 ਦਰਬਾਰੀਆਂ ਰਾਹੀਂ ਰਾਣੀ ਵਸ਼ਤੀ ਨੂੰ ਰਾਜੇ ਦਾ ਇਹ ਹੁਕਮ ਦੱਸਿਆ ਗਿਆ, ਪਰ ਉਸ ਨੇ ਇਹ ਹੁਕਮ ਨਹੀਂ ਮੰਨਿਆ ਅਤੇ ਉਹ ਆਉਣ ਤੋਂ ਇਨਕਾਰ ਕਰਦੀ ਰਹੀ। ਇਸ ਕਰਕੇ ਰਾਜੇ ਨੂੰ ਬਹੁਤ ਗੁੱਸਾ ਚੜ੍ਹਿਆ ਅਤੇ ਉਸ ਦਾ ਕ੍ਰੋਧ ਭੜਕ ਉੱਠਿਆ।

13 ਫਿਰ ਰਾਜੇ ਨੇ ਬੁੱਧੀਮਾਨ ਆਦਮੀਆਂ ਨਾਲ ਗੱਲ ਕੀਤੀ ਜਿਨ੍ਹਾਂ ਨੂੰ ਬੀਤੇ ਸਮੇਂ ਵਿਚ ਹੋਈਆਂ ਘਟਨਾਵਾਂ* ਦੀ ਸਮਝ ਸੀ। (ਉਹ ਹਮੇਸ਼ਾ ਉਨ੍ਹਾਂ ਨਾਲ ਸਲਾਹ ਕਰਦਾ ਸੀ ਕਿਉਂਕਿ ਉਹ ਕਾਨੂੰਨ ਅਤੇ ਕਾਨੂੰਨੀ ਮਾਮਲਿਆਂ ਦੇ ਮਾਹਰ ਸਨ। 14 ਫਾਰਸ ਅਤੇ ਮਾਦਾ ਦੇ ਇਹ ਸੱਤ ਮੰਤਰੀ+ ਰਾਜੇ ਦੇ ਸਭ ਤੋਂ ਕਰੀਬੀ ਸਨ: ਕਰਸ਼ਨਾ, ਸ਼ੇਥਾਰ, ਅਧਮਾਥਾ, ਤਰਸ਼ੀਸ਼, ਮਰਸ, ਮਰਸਨਾ ਅਤੇ ਮਮੂਕਾਨ। ਉਹ ਰਾਜੇ ਦੇ ਸਾਮ੍ਹਣੇ ਹਾਜ਼ਰ ਹੁੰਦੇ ਸਨ ਅਤੇ ਰਾਜ ਵਿਚ ਸਭ ਤੋਂ ਉੱਚੇ ਅਹੁਦਿਆਂ ʼਤੇ ਸਨ।) 15 ਰਾਜੇ ਨੇ ਪੁੱਛਿਆ: “ਰਾਣੀ ਵਸ਼ਤੀ ਨਾਲ ਕਾਨੂੰਨ ਅਨੁਸਾਰ ਕੀ ਕੀਤਾ ਜਾਵੇ ਕਿਉਂਕਿ ਉਸ ਨੇ ਮੇਰਾ, ਰਾਜਾ ਅਹਸ਼ਵੇਰੋਸ਼ ਦਾ ਹੁਕਮ ਨਹੀਂ ਮੰਨਿਆ ਜੋ ਉਸ ਨੂੰ ਦਰਬਾਰੀਆਂ ਰਾਹੀਂ ਦਿੱਤਾ ਗਿਆ ਸੀ?”

16 ਇਹ ਸੁਣ ਕੇ ਮਮੂਕਾਨ ਨੇ ਰਾਜੇ ਅਤੇ ਮੰਤਰੀਆਂ ਦੀ ਹਾਜ਼ਰੀ ਵਿਚ ਕਿਹਾ: “ਰਾਣੀ ਵਸ਼ਤੀ ਨੇ ਸਿਰਫ਼ ਰਾਜੇ ਦੇ ਖ਼ਿਲਾਫ਼ ਨਹੀਂ,+ ਸਗੋਂ ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ ਸਾਰੇ ਜ਼ਿਲ੍ਹਿਆਂ ਦੇ ਮੰਤਰੀਆਂ ਅਤੇ ਸਾਰੇ ਲੋਕਾਂ ਦੇ ਖ਼ਿਲਾਫ਼ ਗ਼ਲਤੀ ਕੀਤੀ ਹੈ। 17 ਰਾਣੀ ਦੀ ਇਹ ਹਰਕਤ ਸਾਰੀਆਂ ਔਰਤਾਂ ਨੂੰ ਪਤਾ ਲੱਗ ਜਾਵੇਗੀ ਅਤੇ ਉਹ ਆਪਣੇ ਪਤੀਆਂ ਦਾ ਅਪਮਾਨ ਕਰਨਗੀਆਂ ਅਤੇ ਕਹਿਣਗੀਆਂ, ‘ਰਾਜਾ ਅਹਸ਼ਵੇਰੋਸ਼ ਨੇ ਰਾਣੀ ਵਸ਼ਤੀ ਨੂੰ ਹਾਜ਼ਰ ਹੋਣ ਲਈ ਕਿਹਾ ਸੀ, ਪਰ ਉਸ ਨੇ ਇਨਕਾਰ ਕਰ ਦਿੱਤਾ।’ 18 ਨਾਲੇ ਅੱਜ ਜਦੋਂ ਫਾਰਸ ਅਤੇ ਮਾਦਾ ਦੇ ਮੰਤਰੀਆਂ ਦੀਆਂ ਪਤਨੀਆਂ ਨੂੰ ਪਤਾ ਲੱਗੇਗਾ ਕਿ ਰਾਣੀ ਨੇ ਕੀ ਕੀਤਾ, ਤਾਂ ਉਹ ਵੀ ਆਪਣੇ ਪਤੀਆਂ ਨਾਲ ਉਸੇ ਤਰ੍ਹਾਂ ਗੱਲ ਕਰਨਗੀਆਂ ਅਤੇ ਉਨ੍ਹਾਂ ਦਾ ਅਪਮਾਨ ਕਰਨਗੀਆਂ ਜਿਸ ਕਰਕੇ ਘਰ-ਘਰ ਕਲੇਸ਼ ਹੋਵੇਗਾ। 19 ਜੇ ਰਾਜੇ ਨੂੰ ਚੰਗਾ ਲੱਗੇ, ਤਾਂ ਇਹ ਸ਼ਾਹੀ ਫ਼ਰਮਾਨ ਜਾਰੀ ਕੀਤਾ ਜਾਵੇ ਕਿ ਵਸ਼ਤੀ ਹੁਣ ਕਦੇ ਵੀ ਰਾਜਾ ਅਹਸ਼ਵੇਰੋਸ਼ ਦੇ ਸਾਮ੍ਹਣੇ ਪੇਸ਼ ਨਹੀਂ ਹੋ ਸਕਦੀ ਅਤੇ ਰਾਜਾ ਉਸ ਦੀ ਥਾਂ ਕਿਸੇ ਹੋਰ ਨੂੰ ਰਾਣੀ ਬਣਾਵੇ ਜੋ ਉਸ ਨਾਲੋਂ ਚੰਗੀ ਹੋਵੇ। ਇਹ ਫ਼ਰਮਾਨ ਫਾਰਸੀ ਅਤੇ ਮਾਦੀ ਕਾਨੂੰਨ ਵਿਚ ਲਿਖਿਆ ਜਾਵੇ ਜਿਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ।+ 20 ਜਦੋਂ ਇਹ ਫ਼ਰਮਾਨ ਸਾਰੇ ਰਾਜ ਵਿਚ ਸੁਣਾਇਆ ਜਾਵੇਗਾ, ਤਾਂ ਛੋਟੇ ਤੋਂ ਲੈ ਕੇ ਵੱਡੇ ਤਕ ਸਾਰੇ ਆਦਮੀਆਂ ਦੀਆਂ ਪਤਨੀਆਂ ਉਨ੍ਹਾਂ ਦਾ ਆਦਰ ਕਰਨਗੀਆਂ।”

21 ਰਾਜੇ ਅਤੇ ਮੰਤਰੀਆਂ ਨੂੰ ਇਹ ਸਲਾਹ ਚੰਗੀ ਲੱਗੀ ਅਤੇ ਰਾਜੇ ਨੇ ਮਮੂਕਾਨ ਦੇ ਕਹੇ ਅਨੁਸਾਰ ਕੀਤਾ। 22 ਇਸ ਲਈ ਉਸ ਨੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਉੱਥੇ ਦੇ ਲੋਕਾਂ ਦੀ ਭਾਸ਼ਾ ਅਤੇ ਲਿਖਤ* ਵਿਚ ਚਿੱਠੀਆਂ ਭੇਜੀਆਂ।+ ਚਿੱਠੀ ਵਿਚ ਕਿਹਾ ਗਿਆ ਕਿ ਹਰ ਘਰ ਵਿਚ ਪਤੀ ਮੁਖੀ* ਹੋਵੇਗਾ ਅਤੇ ਘਰ ਵਿਚ ਉਸ ਦੇ ਲੋਕਾਂ ਦੀ ਭਾਸ਼ਾ ਬੋਲੀ ਜਾਵੇਗੀ।

2 ਇਨ੍ਹਾਂ ਗੱਲਾਂ ਤੋਂ ਬਾਅਦ ਜਦ ਰਾਜਾ ਅਹਸ਼ਵੇਰੋਸ਼+ ਦਾ ਗੁੱਸਾ ਠੰਢਾ ਹੋ ਗਿਆ, ਤਾਂ ਉਸ ਨੇ ਇਸ ਗੱਲ ʼਤੇ ਵਿਚਾਰ ਕੀਤਾ ਕਿ ਵਸ਼ਤੀ ਨੇ ਕੀ ਕੀਤਾ ਸੀ+ ਅਤੇ ਉਸ ਨੂੰ ਕੀ ਸਜ਼ਾ ਦਿੱਤੀ ਗਈ ਸੀ।+ 2 ਫਿਰ ਰਾਜੇ ਦੇ ਸੇਵਾਦਾਰਾਂ ਨੇ ਕਿਹਾ: “ਰਾਜੇ ਲਈ ਖ਼ੂਬਸੂਰਤ ਕੁਆਰੀਆਂ ਕੁੜੀਆਂ ਲੱਭੀਆਂ ਜਾਣ। 3 ਰਾਜਾ ਆਪਣੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਅਧਿਕਾਰੀਆਂ ਨੂੰ ਨਿਯੁਕਤ ਕਰੇ+ ਤਾਂਕਿ ਉਹ ਸਾਰੀਆਂ ਖ਼ੂਬਸੂਰਤ ਕੁਆਰੀਆਂ ਕੁੜੀਆਂ ਨੂੰ ਸ਼ੂਸ਼ਨ* ਦੇ ਕਿਲੇ* ਵਿਚ ਔਰਤਾਂ ਦੇ ਘਰ* ਵਿਚ ਲੈ ਕੇ ਆਉਣ। ਉੱਥੇ ਉਨ੍ਹਾਂ ਨੂੰ ਰਾਜੇ ਦੇ ਅਧਿਕਾਰੀ* ਅਤੇ ਔਰਤਾਂ ਦੇ ਨਿਗਰਾਨ ਹੇਗਈ+ ਦੀ ਦੇਖ-ਰੇਖ ਅਧੀਨ ਰੱਖਿਆ ਜਾਵੇ ਅਤੇ ਉਨ੍ਹਾਂ ਦੀ ਖ਼ੂਬਸੂਰਤੀ ਨੂੰ ਨਿਖਾਰਨ ਲਈ ਪ੍ਰਬੰਧ ਕੀਤੇ ਜਾਣ।* 4 ਜਿਹੜੀ ਕੁੜੀ ਰਾਜੇ ਨੂੰ ਸਭ ਤੋਂ ਜ਼ਿਆਦਾ ਪਸੰਦ ਆਵੇ, ਉਸ ਨੂੰ ਵਸ਼ਤੀ ਦੀ ਜਗ੍ਹਾ ਰਾਣੀ ਬਣਾਇਆ ਜਾਵੇ।”+ ਰਾਜੇ ਨੂੰ ਇਹ ਸਲਾਹ ਚੰਗੀ ਲੱਗੀ ਅਤੇ ਉਸ ਨੇ ਉਸੇ ਤਰ੍ਹਾਂ ਕੀਤਾ।

5 ਸ਼ੂਸ਼ਨ*+ ਦੇ ਕਿਲੇ* ਵਿਚ ਮਾਰਦਕਈ+ ਨਾਂ ਦਾ ਇਕ ਯਹੂਦੀ ਆਦਮੀ ਸੀ। ਉਹ ਯਾਈਰ ਦਾ ਪੁੱਤਰ, ਸ਼ਿਮਈ ਦਾ ਪੋਤਾ ਅਤੇ ਬਿਨਯਾਮੀਨੀ+ ਕੀਸ਼ ਦਾ ਪੜਪੋਤਾ ਸੀ 6 ਜੋ ਉਨ੍ਹਾਂ ਲੋਕਾਂ ਵਿੱਚੋਂ ਸੀ ਜਿਨ੍ਹਾਂ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ ਯਹੂਦਾਹ ਦੇ ਰਾਜਾ ਯਕਾਨਯਾਹ+ ਦੇ ਨਾਲ ਯਰੂਸ਼ਲਮ ਤੋਂ ਗ਼ੁਲਾਮ ਬਣਾ ਕੇ ਲੈ ਗਿਆ ਸੀ। 7 ਮਾਰਦਕਈ ਨੇ ਆਪਣੇ ਪਿਤਾ ਦੇ ਰਿਸ਼ਤੇਦਾਰ* ਦੀ ਧੀ ਹਦੱਸਾਹ ਦੀ ਪਰਵਰਿਸ਼ ਕੀਤੀ ਸੀ+ ਕਿਉਂਕਿ ਉਹ ਯਤੀਮ ਸੀ। ਉਸ ਦਾ ਨਾਂ ਅਸਤਰ ਵੀ ਸੀ। ਉਹ ਕੁੜੀ ਦੇਖਣ ਵਿਚ ਬਹੁਤ ਸੋਹਣੀ-ਸੁਨੱਖੀ ਸੀ। ਉਸ ਦੇ ਮਾਤਾ-ਪਿਤਾ ਦੀ ਮੌਤ ਹੋਣ ਤੋਂ ਬਾਅਦ ਮਾਰਦਕਈ ਨੇ ਉਸ ਨੂੰ ਗੋਦ ਲੈ ਲਿਆ। 8 ਰਾਜੇ ਦੇ ਫ਼ਰਮਾਨ ਦਾ ਐਲਾਨ ਹੋਣ ਤੋਂ ਬਾਅਦ ਜਦ ਬਹੁਤ ਸਾਰੀਆਂ ਕੁਆਰੀਆਂ ਕੁੜੀਆਂ ਨੂੰ ਇਕੱਠਾ ਕਰ ਕੇ ਸ਼ੂਸ਼ਨ* ਦੇ ਕਿਲੇ* ਵਿਚ ਔਰਤਾਂ ਦੇ ਨਿਗਰਾਨ ਹੇਗਈ ਦੀ ਨਿਗਰਾਨੀ ਅਧੀਨ ਰੱਖਿਆ ਗਿਆ,+ ਤਾਂ ਉਦੋਂ ਅਸਤਰ ਨੂੰ ਵੀ ਰਾਜੇ ਦੇ ਮਹਿਲ ਵਿਚ ਲਿਆਂਦਾ ਗਿਆ।

9 ਹੇਗਈ ਅਸਤਰ ਤੋਂ ਖ਼ੁਸ਼ ਸੀ ਅਤੇ ਉਹ ਉਸ ਉੱਤੇ ਮਿਹਰਬਾਨ ਹੋਇਆ।* ਇਸ ਲਈ ਉਸ ਨੇ ਅਸਤਰ ਦੀ ਖ਼ੂਬਸੂਰਤੀ ਨੂੰ ਨਿਖਾਰਨ* ਦਾ ਕੰਮ ਤੁਰੰਤ ਸ਼ੁਰੂ ਕੀਤਾ+ ਅਤੇ ਉਸ ਦੇ ਖਾਣ-ਪੀਣ ਦਾ ਖ਼ਾਸ ਇੰਤਜ਼ਾਮ ਕੀਤਾ। ਉਸ ਨੇ ਰਾਜੇ ਦੇ ਮਹਿਲ ਵਿੱਚੋਂ ਸੱਤ ਖ਼ਾਸ ਨੌਕਰਾਣੀਆਂ ਅਸਤਰ ਨੂੰ ਦਿੱਤੀਆਂ। ਨਾਲੇ ਬਾਅਦ ਵਿਚ ਉਸ ਨੇ ਅਸਤਰ ਅਤੇ ਉਸ ਦੀਆਂ ਨੌਕਰਾਣੀਆਂ ਨੂੰ ਔਰਤਾਂ ਦੇ ਘਰ* ਵਿਚ ਰਹਿਣ ਲਈ ਸਭ ਤੋਂ ਵਧੀਆ ਜਗ੍ਹਾ ਦਿੱਤੀ। 10 ਅਸਤਰ ਨੇ ਆਪਣੇ ਲੋਕਾਂ ਜਾਂ ਰਿਸ਼ਤੇਦਾਰਾਂ ਬਾਰੇ ਕੁਝ ਨਹੀਂ ਦੱਸਿਆ+ ਕਿਉਂਕਿ ਮਾਰਦਕਈ+ ਨੇ ਉਸ ਨੂੰ ਹਿਦਾਇਤ ਦਿੱਤੀ ਸੀ ਕਿ ਉਹ ਇਸ ਬਾਰੇ ਕਿਸੇ ਨੂੰ ਕੁਝ ਨਾ ਦੱਸੇ।+ 11 ਮਾਰਦਕਈ ਹਰ ਰੋਜ਼ ਔਰਤਾਂ ਦੇ ਘਰ* ਦੇ ਵਿਹੜੇ ਦੇ ਸਾਮ੍ਹਣੇ ਆਉਂਦਾ-ਜਾਂਦਾ ਸੀ ਤਾਂਕਿ ਉਹ ਅਸਤਰ ਦਾ ਹਾਲ-ਚਾਲ ਪਤਾ ਕਰ ਸਕੇ ਅਤੇ ਜਾਣ ਸਕੇ ਕਿ ਉਹ ਕਿਸ ਹਾਲ ਵਿਚ ਸੀ।

12 ਹਰ ਕੁੜੀ ਆਪਣੀ ਵਾਰੀ ਮੁਤਾਬਕ ਰਾਜਾ ਅਹਸ਼ਵੇਰੋਸ਼ ਕੋਲ ਜਾਂਦੀ ਸੀ। ਪਰ ਇਸ ਤੋਂ ਪਹਿਲਾਂ 12 ਮਹੀਨੇ ਕੁੜੀਆਂ ਦੀ ਖ਼ੂਬਸੂਰਤੀ ਨੂੰ ਨਿਖਾਰਨ* ਦਾ ਕੰਮ ਕੀਤਾ ਜਾਂਦਾ ਸੀ। ਉਨ੍ਹਾਂ ਦੇ ਛੇ ਮਹੀਨੇ ਗੰਧਰਸ ਦਾ ਤੇਲ+ ਅਤੇ ਛੇ ਮਹੀਨੇ ਬਲਸਾਨ ਦਾ ਤੇਲ+ ਮਲ਼ਿਆ ਜਾਂਦਾ ਸੀ ਅਤੇ ਹੋਰ ਕਈ ਤਰ੍ਹਾਂ ਦੇ ਲੇਪ ਲਾਏ ਜਾਂਦੇ ਸਨ।* 13 ਇਸ ਤੋਂ ਬਾਅਦ ਕੁੜੀ ਨੂੰ ਰਾਜੇ ਕੋਲ ਲਿਜਾਇਆ ਜਾਂਦਾ ਸੀ। ਔਰਤਾਂ ਦੇ ਘਰ ਤੋਂ ਰਾਜੇ ਦੇ ਮਹਿਲ ਵਿਚ ਜਾਣ ਵੇਲੇ ਉਸ ਦੀ ਹਰ ਫ਼ਰਮਾਇਸ਼ ਪੂਰੀ ਕੀਤੀ ਜਾਂਦੀ ਸੀ। 14 ਸ਼ਾਮ ਨੂੰ ਉਹ ਰਾਜੇ ਕੋਲ ਜਾਂਦੀ ਸੀ ਅਤੇ ਸਵੇਰ ਨੂੰ ਉਹ ਔਰਤਾਂ ਦੇ ਦੂਜੇ ਘਰ* ਵਿਚ ਚਲੀ ਜਾਂਦੀ ਸੀ। ਉੱਥੇ ਉਹ ਰਾਜੇ ਦੇ ਅਧਿਕਾਰੀ* ਅਤੇ ਰਖੇਲਾਂ ਦੇ ਨਿਗਰਾਨ ਸ਼ਾਸ਼ਗਜ਼ ਦੀ ਦੇਖ-ਰੇਖ ਵਿਚ ਰਹਿੰਦੀ ਸੀ।+ ਕੋਈ ਵੀ ਕੁੜੀ ਰਾਜੇ ਕੋਲ ਦੁਬਾਰਾ ਨਹੀਂ ਜਾ ਸਕਦੀ ਸੀ। ਪਰ ਜੇ ਰਾਜਾ ਕਿਸੇ ਕੁੜੀ ਤੋਂ ਬਹੁਤ ਖ਼ੁਸ਼ ਹੁੰਦਾ ਸੀ ਅਤੇ ਉਸ ਦਾ ਨਾਂ ਲੈ ਕੇ ਬੁਲਾਉਂਦਾ ਸੀ, ਤਾਂ ਹੀ ਉਹ ਰਾਜੇ ਕੋਲ ਦੁਬਾਰਾ ਜਾ ਸਕਦੀ ਸੀ।+

15 ਹੁਣ ਮਾਰਦਕਈ ਦੇ ਰਿਸ਼ਤੇਦਾਰ ਅਬੀਹੈਲ ਦੀ ਧੀ ਅਸਤਰ, ਜਿਸ ਨੂੰ ਉਸ ਨੇ ਗੋਦ ਲਿਆ ਸੀ,+ ਦੀ ਰਾਜੇ ਕੋਲ ਜਾਣ ਦੀ ਵਾਰੀ ਆਈ। ਰਾਜੇ ਦੇ ਅਧਿਕਾਰੀ* ਅਤੇ ਔਰਤਾਂ ਦੇ ਨਿਗਰਾਨ ਹੇਗਈ ਨੇ ਅਸਤਰ ਨੂੰ ਜੋ ਕੁਝ ਦਿੱਤਾ, ਉਸ ਤੋਂ ਇਲਾਵਾ ਉਸ ਨੇ ਹੋਰ ਕਿਸੇ ਚੀਜ਼ ਦੀ ਮੰਗ ਨਹੀਂ ਕੀਤੀ। (ਜਿਹੜਾ ਵੀ ਅਸਤਰ ਨੂੰ ਮਿਲਦਾ ਸੀ, ਉਹ ਉਸ ਦਾ ਦਿਲ ਜਿੱਤ ਲੈਂਦੀ ਸੀ।) 16 ਅਸਤਰ ਨੂੰ ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ ਸੱਤਵੇਂ ਸਾਲ+ ਦੇ ਦਸਵੇਂ ਮਹੀਨੇ ਯਾਨੀ ਟੇਬੇਥ* ਦੇ ਮਹੀਨੇ ਰਾਜੇ ਦੇ ਮਹਿਲ ਵਿਚ ਲਿਜਾਇਆ ਗਿਆ। 17 ਰਾਜਾ ਅਸਤਰ ਤੋਂ ਬਹੁਤ ਖ਼ੁਸ਼ ਹੋਇਆ। ਉਸ ਨੇ ਰਾਜੇ ਦਾ ਦਿਲ ਜਿੱਤ ਲਿਆ ਅਤੇ ਰਾਜੇ ਨੇ ਅਸਤਰ ਨੂੰ ਬਾਕੀ ਸਾਰੀਆਂ ਕੁੜੀਆਂ ਨਾਲੋਂ ਜ਼ਿਆਦਾ ਪਸੰਦ* ਕੀਤਾ। ਇਸ ਲਈ ਉਸ ਨੇ ਅਸਤਰ ਦੇ ਸਿਰ ʼਤੇ ਸ਼ਾਹੀ ਤਾਜ* ਪਹਿਨਾਇਆ ਅਤੇ ਉਸ ਨੂੰ ਵਸ਼ਤੀ ਦੀ ਜਗ੍ਹਾ ਰਾਣੀ ਬਣਾ ਦਿੱਤਾ।+ 18 ਰਾਜੇ ਨੇ ਅਸਤਰ ਲਈ ਇਕ ਵੱਡੀ ਦਾਅਵਤ ਰੱਖੀ ਅਤੇ ਉਸ ਨੇ ਆਪਣੇ ਸਾਰੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਬੁਲਾਇਆ। ਫਿਰ ਉਸ ਨੇ ਜ਼ਿਲ੍ਹਿਆਂ ਵਿਚ ਐਲਾਨ ਕਰਵਾਇਆ ਕਿ ਕੈਦੀਆਂ ਨੂੰ ਰਿਹਾ ਕੀਤਾ ਜਾਵੇ* ਅਤੇ ਉਸ ਨੇ ਦਿਲ ਖੋਲ੍ਹ ਕੇ ਤੋਹਫ਼ੇ ਦਿੱਤੇ।

19 ਜਦੋਂ ਦੂਜੀ ਵਾਰੀ ਕੁਆਰੀਆਂ ਕੁੜੀਆਂ+ ਨੂੰ ਇਕੱਠਾ ਕੀਤਾ ਗਿਆ, ਉਸ ਸਮੇਂ ਮਾਰਦਕਈ ਰਾਜੇ ਦੇ ਮਹਿਲ ਦੇ ਦਰਵਾਜ਼ੇ ʼਤੇ ਬੈਠਦਾ ਹੁੰਦਾ ਸੀ। 20 ਅਸਤਰ ਨੇ ਆਪਣੇ ਰਿਸ਼ਤੇਦਾਰਾਂ ਅਤੇ ਆਪਣੇ ਲੋਕਾਂ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ,+ ਠੀਕ ਜਿਵੇਂ ਮਾਰਦਕਈ ਨੇ ਉਸ ਨੂੰ ਹਿਦਾਇਤ ਦਿੱਤੀ ਸੀ। ਅਸਤਰ ਮਾਰਦਕਈ ਦਾ ਕਹਿਣਾ ਮੰਨਦੀ ਰਹੀ, ਜਿਵੇਂ ਉਹ ਉਸ ਦੇ ਕੋਲ ਰਹਿੰਦਿਆਂ ਮੰਨਦੀ ਹੁੰਦੀ ਸੀ।+

21 ਉਨ੍ਹਾਂ ਦਿਨਾਂ ਵਿਚ ਜਦ ਮਾਰਦਕਈ ਰਾਜੇ ਦੇ ਮਹਿਲ ਦੇ ਦਰਵਾਜ਼ੇ ʼਤੇ ਬੈਠਦਾ ਸੀ,* ਤਦ ਰਾਜੇ ਦੇ ਦੋ ਦਰਬਾਰੀ, ਬਿਗਥਾਨ ਅਤੇ ਤਰਸ਼, ਰਾਜ-ਮਹਿਲ ਦੇ ਦਰਬਾਨ ਸਨ। ਉਨ੍ਹਾਂ ਦੋਹਾਂ ਨੇ ਗੁੱਸੇ ਵਿਚ ਆ ਕੇ ਰਾਜਾ ਅਹਸ਼ਵੇਰੋਸ਼ ਨੂੰ ਮਾਰਨ* ਦੀ ਸਾਜ਼ਸ਼ ਘੜੀ। 22 ਪਰ ਜਦ ਮਾਰਦਕਈ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਸ ਨੇ ਤੁਰੰਤ ਇਹ ਗੱਲ ਰਾਣੀ ਅਸਤਰ ਨੂੰ ਦੱਸੀ। ਫਿਰ ਅਸਤਰ ਨੇ ਮਾਰਦਕਈ ਦਾ ਨਾਂ ਲੈ ਕੇ* ਇਹ ਗੱਲ ਰਾਜੇ ਨੂੰ ਦੱਸੀ। 23 ਇਸ ਮਾਮਲੇ ਦੀ ਜਾਂਚ-ਪੜਤਾਲ ਕਰਨ ਤੋਂ ਬਾਅਦ ਇਹ ਗੱਲ ਸੱਚ ਸਾਬਤ ਹੋਈ। ਉਨ੍ਹਾਂ ਦੋਵੇਂ ਆਦਮੀਆਂ ਨੂੰ ਸੂਲ਼ੀ ʼਤੇ ਲਟਕਾ ਦਿੱਤਾ ਗਿਆ ਅਤੇ ਰਾਜੇ ਦੀ ਹਜ਼ੂਰੀ ਵਿਚ ਇਹ ਪੂਰਾ ਮਾਮਲਾ ਇਤਿਹਾਸ ਦੀ ਕਿਤਾਬ ਵਿਚ ਦਰਜ ਕੀਤਾ ਗਿਆ।+

3 ਇਸ ਤੋਂ ਬਾਅਦ ਰਾਜਾ ਅਹਸ਼ਵੇਰੋਸ਼ ਨੇ ਅਗਾਗੀ+ ਹਮਦਾਥਾ ਦੇ ਪੁੱਤਰ ਹਾਮਾਨ ਨੂੰ ਹੋਰ ਵੀ ਉੱਚਾ ਰੁਤਬਾ ਦਿੱਤਾ+ ਅਤੇ ਉਸ ਦਾ ਸਿੰਘਾਸਣ ਉਸ ਦੇ ਨਾਲ ਦੇ ਬਾਕੀ ਸਾਰੇ ਮੰਤਰੀਆਂ ਨਾਲੋਂ ਉੱਚਾ ਕੀਤਾ।+ 2 ਰਾਜੇ ਦੇ ਮਹਿਲ ਦੇ ਦਰਵਾਜ਼ੇ ʼਤੇ ਬੈਠਣ ਵਾਲੇ ਸਾਰੇ ਅਧਿਕਾਰੀ ਉਸ ਅੱਗੇ ਝੁਕਦੇ ਸਨ ਅਤੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਉਂਦੇ ਸਨ ਕਿਉਂਕਿ ਰਾਜੇ ਨੇ ਇਸ ਤਰ੍ਹਾਂ ਕਰਨ ਦਾ ਹੁਕਮ ਦਿੱਤਾ ਸੀ। ਪਰ ਮਾਰਦਕਈ ਨੇ ਉਸ ਅੱਗੇ ਝੁਕਣ ਜਾਂ ਸਿਰ ਨਿਵਾਉਣ ਤੋਂ ਇਨਕਾਰ ਕਰ ਦਿੱਤਾ। 3 ਫਿਰ ਜਿਹੜੇ ਰਾਜੇ ਦੇ ਅਧਿਕਾਰੀ ਮਹਿਲ ਦੇ ਦਰਵਾਜ਼ੇ ਕੋਲ ਹੁੰਦੇ ਸਨ, ਉਨ੍ਹਾਂ ਨੇ ਮਾਰਦਕਈ ਨੂੰ ਪੁੱਛਿਆ: “ਤੂੰ ਰਾਜੇ ਦਾ ਹੁਕਮ ਕਿਉਂ ਨਹੀਂ ਮੰਨਦਾ?” 4 ਉਹ ਹਰ ਰੋਜ਼ ਉਸ ਨੂੰ ਇਸ ਬਾਰੇ ਪੁੱਛਦੇ ਸਨ, ਪਰ ਉਹ ਉਨ੍ਹਾਂ ਦੀ ਗੱਲ ਨਹੀਂ ਸੁਣਦਾ ਸੀ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਇਕ ਯਹੂਦੀ ਸੀ।+ ਫਿਰ ਉਨ੍ਹਾਂ ਨੇ ਹਾਮਾਨ ਨੂੰ ਇਹ ਗੱਲ ਦੱਸੀ ਕਿਉਂਕਿ ਉਹ ਦੇਖਣਾ ਚਾਹੁੰਦੇ ਸਨ ਕਿ ਮਾਰਦਕਈ ਦਾ ਰਵੱਈਆ ਬਰਦਾਸ਼ਤ ਕੀਤਾ ਜਾਵੇਗਾ ਜਾਂ ਨਹੀਂ।+

5 ਫਿਰ ਜਦ ਹਾਮਾਨ ਨੇ ਦੇਖਿਆ ਕਿ ਮਾਰਦਕਈ ਉਸ ਅੱਗੇ ਝੁਕਣ ਅਤੇ ਸਿਰ ਨਿਵਾਉਣ ਤੋਂ ਇਨਕਾਰ ਕਰਦਾ ਸੀ, ਤਾਂ ਹਾਮਾਨ ਦਾ ਗੁੱਸਾ ਭੜਕ ਉੱਠਿਆ।+ 6 ਪਰ ਇਕੱਲੇ ਮਾਰਦਕਈ ਨੂੰ ਮਾਰ ਕੇ* ਉਸ ਨੂੰ ਚੈਨ ਨਹੀਂ ਮਿਲਣਾ ਸੀ ਕਿਉਂਕਿ ਉਨ੍ਹਾਂ ਨੇ ਉਸ ਨੂੰ ਦੱਸਿਆ ਸੀ ਕਿ ਮਾਰਦਕਈ ਇਕ ਯਹੂਦੀ ਸੀ। ਇਸ ਲਈ ਉਹ ਅਹਸ਼ਵੇਰੋਸ਼ ਦੇ ਰਾਜ ਦੇ ਸਾਰੇ ਯਹੂਦੀਆਂ, ਹਾਂ, ਮਾਰਦਕਈ ਦੀ ਕੌਮ ਦੇ ਸਾਰੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਸਾਜ਼ਸ਼ ਘੜਨ ਲੱਗਾ।

7 ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ 12ਵੇਂ ਸਾਲ ਦੇ ਪਹਿਲੇ ਮਹੀਨੇ ਯਾਨੀ ਨੀਸਾਨ* ਮਹੀਨੇ+ ਹਾਮਾਨ ਦੇ ਸਾਮ੍ਹਣੇ ਪੁਰ (ਯਾਨੀ ਗੁਣੇ) ਪਾਏ ਗਏ+ ਤਾਂਕਿ ਇਸ ਸਾਜ਼ਸ਼ ਨੂੰ ਅੰਜਾਮ ਦੇਣ ਦਾ ਦਿਨ ਅਤੇ ਮਹੀਨਾ ਤੈਅ ਕੀਤਾ ਜਾ ਸਕੇ। ਇਹ ਗੁਣਾ 12ਵੇਂ ਮਹੀਨੇ ਯਾਨੀ ਅਦਾਰ* ਮਹੀਨੇ ʼਤੇ ਨਿਕਲਿਆ।+ 8 ਫਿਰ ਹਾਮਾਨ ਨੇ ਰਾਜਾ ਅਹਸ਼ਵੇਰੋਸ਼ ਨੂੰ ਕਿਹਾ: “ਤੇਰੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਇਕ ਕੌਮ ਫੈਲੀ ਹੋਈ ਹੈ+ ਜਿਸ ਦੇ ਕਾਨੂੰਨ ਬਾਕੀ ਸਾਰੀਆਂ ਕੌਮਾਂ ਨਾਲੋਂ ਵੱਖਰੇ ਹਨ ਅਤੇ ਇਸ ਦੇ ਲੋਕ ਰਾਜੇ ਦੇ ਕਾਨੂੰਨਾਂ ਨੂੰ ਨਹੀਂ ਮੰਨਦੇ। ਇਸ ਲਈ ਉਨ੍ਹਾਂ ਨੂੰ ਇਸ ਰਾਜ ਵਿਚ ਰਹਿਣ ਦੇਣਾ ਰਾਜੇ ਦੇ ਭਲੇ ਲਈ ਨਹੀਂ ਹੋਵੇਗਾ। 9 ਜੇ ਰਾਜੇ ਨੂੰ ਠੀਕ ਲੱਗੇ, ਤਾਂ ਉਨ੍ਹਾਂ ਨੂੰ ਨਾਸ਼ ਕਰਨ ਦਾ ਫ਼ਰਮਾਨ ਜਾਰੀ ਕੀਤਾ ਜਾਵੇ। ਮੈਂ ਤੁਹਾਡੇ ਅਧਿਕਾਰੀਆਂ ਨੂੰ ਸ਼ਾਹੀ ਖ਼ਜ਼ਾਨੇ ਲਈ 10,000 ਕਿੱਕਾਰ* ਚਾਂਦੀ ਦਿਆਂਗਾ।”*

10 ਫਿਰ ਰਾਜੇ ਨੇ ਆਪਣੀ ਉਂਗਲ ਤੋਂ ਮੁਹਰ ਵਾਲੀ ਅੰਗੂਠੀ ਲਾਹ ਕੇ+ ਯਹੂਦੀਆਂ ਦੇ ਦੁਸ਼ਮਣ ਹਾਮਾਨ ਨੂੰ ਦੇ ਦਿੱਤੀ+ ਜੋ ਅਗਾਗੀ+ ਹਮਦਾਥਾ ਦਾ ਪੁੱਤਰ ਸੀ। 11 ਰਾਜੇ ਨੇ ਹਾਮਾਨ ਨੂੰ ਕਿਹਾ: “ਮੈਂ ਉਹ ਲੋਕ ਅਤੇ ਚਾਂਦੀ ਤੇਰੇ ਹਵਾਲੇ ਕਰਦਾ ਹਾਂ। ਤੈਨੂੰ ਜੋ ਠੀਕ ਲੱਗੇ ਉਨ੍ਹਾਂ ਨਾਲ ਕਰ।” 12 ਪਹਿਲੇ ਮਹੀਨੇ ਦੀ 13 ਤਾਰੀਖ਼ ਨੂੰ ਰਾਜੇ ਦੇ ਲਿਖਾਰੀਆਂ+ ਨੂੰ ਬੁਲਾਇਆ ਗਿਆ। ਉਨ੍ਹਾਂ ਨੇ ਰਾਜੇ ਦੇ ਸੂਬੇਦਾਰਾਂ, ਜ਼ਿਲ੍ਹਿਆਂ ਦੇ ਰਾਜਪਾਲਾਂ ਅਤੇ ਵੱਖੋ-ਵੱਖਰੇ ਲੋਕਾਂ ਦੇ ਮੰਤਰੀਆਂ ਲਈ ਹਾਮਾਨ ਦੇ ਸਾਰੇ ਹੁਕਮ ਲਿਖੇ।+ ਇਹ ਹੁਕਮ ਹਰ ਜ਼ਿਲ੍ਹੇ ਦੇ ਲੋਕਾਂ ਦੀ ਭਾਸ਼ਾ ਅਤੇ ਲਿਪੀ* ਵਿਚ ਲਿਖੇ ਗਏ। ਇਹ ਰਾਜੇ ਦੇ ਨਾਂ ʼਤੇ ਲਿਖੇ ਗਏ ਅਤੇ ਉਨ੍ਹਾਂ ʼਤੇ ਰਾਜੇ ਦੀ ਮੁਹਰ ਵਾਲੀ ਅੰਗੂਠੀ ਨਾਲ ਮੁਹਰ ਲਾਈ ਗਈ।+

13 ਡਾਕੀਏ ਇਹ ਚਿੱਠੀਆਂ ਲੈ ਕੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਚਲੇ ਗਏ। ਇਨ੍ਹਾਂ ਵਿਚ ਇਹ ਹੁਕਮ ਦਿੱਤਾ ਗਿਆ ਸੀ ਕਿ 12ਵੇਂ ਮਹੀਨੇ ਯਾਨੀ ਅਦਾਰ ਮਹੀਨੇ ਦੀ 13 ਤਾਰੀਖ਼ ਨੂੰ+ ਇੱਕੋ ਦਿਨ ਸਾਰੇ ਯਹੂਦੀਆਂ, ਜਵਾਨ ਅਤੇ ਬੁੱਢਿਆਂ, ਬੱਚਿਆਂ ਅਤੇ ਔਰਤਾਂ ਨੂੰ ਮਾਰ ਦਿੱਤਾ ਜਾਵੇ ਅਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇ ਅਤੇ ਉਨ੍ਹਾਂ ਦਾ ਸਭ ਕੁਝ ਲੁੱਟ ਲਿਆ ਜਾਵੇ।+ 14 ਇਸ ਚਿੱਠੀ ਵਿਚ ਲਿਖੀਆਂ ਗੱਲਾਂ ਨੂੰ ਹਰ ਜ਼ਿਲ੍ਹੇ ਵਿਚ ਕਾਨੂੰਨ ਦੇ ਤੌਰ ਤੇ ਲਾਗੂ ਕੀਤਾ ਜਾਣਾ ਸੀ ਅਤੇ ਸਾਰੇ ਲੋਕਾਂ ਵਿਚ ਇਸ ਦਾ ਐਲਾਨ ਕੀਤਾ ਜਾਣਾ ਸੀ ਤਾਂਕਿ ਉਹ ਉਸ ਦਿਨ ਤਿਆਰ ਰਹਿਣ। 15 ਰਾਜੇ ਦੇ ਹੁਕਮ ʼਤੇ ਡਾਕੀਏ ਫਟਾਫਟ ਤੁਰ ਪਏ।+ ਇਹ ਕਾਨੂੰਨ ਸ਼ੂਸ਼ਨ* ਦੇ ਕਿਲੇ* ਤੋਂ ਜਾਰੀ ਕੀਤਾ ਗਿਆ ਸੀ।+ ਫਿਰ ਰਾਜਾ ਅਤੇ ਹਾਮਾਨ ਬੈਠ ਕੇ ਦਾਖਰਸ ਪੀਣ ਲੱਗੇ, ਜਦ ਕਿ ਸ਼ੂਸ਼ਨ* ਸ਼ਹਿਰ ਵਿਚ ਹਾਹਾਕਾਰ ਮਚੀ ਹੋਈ ਸੀ।

4 ਜਦੋਂ ਮਾਰਦਕਈ+ ਨੂੰ ਸਾਰੀ ਗੱਲ ਪਤਾ ਲੱਗੀ,+ ਤਾਂ ਉਸ ਨੇ ਆਪਣੇ ਕੱਪੜੇ ਪਾੜੇ, ਤੱਪੜ ਪਾਇਆ ਅਤੇ ਆਪਣੇ ਉੱਪਰ ਸੁਆਹ ਪਾਈ। ਫਿਰ ਉਹ ਉੱਚੀ-ਉੱਚੀ ਭੁੱਬਾਂ ਮਾਰ ਕੇ ਰੋਂਦਾ ਹੋਇਆ ਸ਼ਹਿਰ ਦੇ ਵਿਚਕਾਰ ਚਲਾ ਗਿਆ। 2 ਉਹ ਰਾਜੇ ਦੇ ਮਹਿਲ ਦੇ ਦਰਵਾਜ਼ੇ ਤਕ ਹੀ ਗਿਆ ਕਿਉਂਕਿ ਕੋਈ ਵੀ ਤੱਪੜ ਪਾ ਕੇ ਰਾਜੇ ਦੇ ਮਹਿਲ ਦੇ ਦਰਵਾਜ਼ੇ ਦੇ ਅੰਦਰ ਦਾਖ਼ਲ ਨਹੀਂ ਹੋ ਸਕਦਾ ਸੀ। 3 ਜਿਸ ਵੀ ਜ਼ਿਲ੍ਹੇ+ ਵਿਚ ਰਾਜੇ ਦਾ ਫ਼ਰਮਾਨ ਸੁਣਾਇਆ ਗਿਆ, ਉੱਥੇ ਯਹੂਦੀ ਸੋਗ ਕਰਨ ਲੱਗੇ। ਉਨ੍ਹਾਂ ਨੇ ਵਰਤ ਰੱਖੇ+ ਅਤੇ ਉਹ ਰੋਣ-ਪਿੱਟਣ ਲੱਗੇ। ਬਹੁਤ ਸਾਰੇ ਲੋਕ ਤੱਪੜ ਵਿਛਾ ਕੇ ਸੁਆਹ ਵਿਚ ਬੈਠ ਗਏ।+ 4 ਜਦੋਂ ਅਸਤਰ ਦੀਆਂ ਨੌਕਰਾਣੀਆਂ ਅਤੇ ਗ਼ੁਲਾਮਾਂ ਨੇ ਉਸ ਨੂੰ ਸਭ ਕੁਝ ਦੱਸਿਆ, ਤਾਂ ਉਹ ਬਹੁਤ ਦੁਖੀ ਹੋਈ। ਫਿਰ ਉਸ ਨੇ ਮਾਰਦਕਈ ਲਈ ਕੱਪੜੇ ਭੇਜੇ ਤਾਂਕਿ ਉਹ ਤੱਪੜ ਲਾਹ ਕੇ ਕੱਪੜੇ ਪਾਵੇ, ਪਰ ਉਸ ਨੇ ਪਾਉਣ ਤੋਂ ਇਨਕਾਰ ਕਰ ਦਿੱਤਾ। 5 ਫਿਰ ਅਸਤਰ ਨੇ ਰਾਜੇ ਦੇ ਇਕ ਅਧਿਕਾਰੀ* ਹਥਾਕ ਨੂੰ ਬੁਲਾਇਆ ਜਿਸ ਨੂੰ ਰਾਜੇ ਨੇ ਉਸ ਦੀ ਸੇਵਾ ਕਰਨ ਲਈ ਨਿਯੁਕਤ ਕੀਤਾ ਸੀ। ਅਸਤਰ ਨੇ ਉਸ ਨੂੰ ਮਾਰਦਕਈ ਤੋਂ ਪਤਾ ਕਰਨ ਦਾ ਹੁਕਮ ਦਿੱਤਾ ਕਿ ਇਹ ਸਭ ਕੀ ਹੋ ਰਿਹਾ ਸੀ।

6 ਇਸ ਲਈ ਹਥਾਕ ਰਾਜੇ ਦੇ ਮਹਿਲ ਦੇ ਦਰਵਾਜ਼ੇ ਦੇ ਸਾਮ੍ਹਣੇ ਸ਼ਹਿਰ ਦੇ ਚੌਂਕ ਵਿਚ ਮਾਰਦਕਈ ਕੋਲ ਗਿਆ। 7 ਮਾਰਦਕਈ ਨੇ ਉਸ ਨੂੰ ਸਭ ਕੁਝ ਦੱਸਿਆ ਅਤੇ ਇਹ ਵੀ ਦੱਸਿਆ ਕਿ ਹਾਮਾਨ ਨੇ ਯਹੂਦੀਆਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਸ਼ਾਹੀ ਖ਼ਜ਼ਾਨੇ ਵਿਚ ਕਿੰਨੇ ਪੈਸੇ ਦੇਣ ਦਾ ਵਾਅਦਾ ਕੀਤਾ ਸੀ।+ 8 ਉਸ ਨੇ ਹਥਾਕ ਨੂੰ ਸ਼ੂਸ਼ਨ* ਵਿਚ ਐਲਾਨ ਕੀਤੇ ਉਸ ਫ਼ਰਮਾਨ ਦੀ ਇਕ ਲਿਖਤ ਵੀ ਦਿੱਤੀ+ ਜਿਸ ਵਿਚ ਯਹੂਦੀਆਂ ਦਾ ਨਾਮੋ-ਨਿਸ਼ਾਨ ਮਿਟਾਉਣ ਦਾ ਹੁਕਮ ਦਿੱਤਾ ਗਿਆ ਸੀ। ਮਾਰਦਕਈ ਨੇ ਹਥਾਕ ਨੂੰ ਕਿਹਾ ਕਿ ਉਹ ਅਸਤਰ ਨੂੰ ਇਹ ਲਿਖਤ ਦਿਖਾ ਕੇ ਸਾਰੀ ਗੱਲ ਸਮਝਾਵੇ ਅਤੇ ਉਸ ਨੂੰ ਹਿਦਾਇਤ ਦੇਵੇ+ ਕਿ ਉਹ ਰਾਜੇ ਕੋਲ ਜਾ ਕੇ ਆਪਣੇ ਲੋਕਾਂ ਦੀ ਖ਼ਾਤਰ ਰਹਿਮ ਦੀ ਫ਼ਰਿਆਦ ਕਰੇ।

9 ਹਥਾਕ ਨੇ ਵਾਪਸ ਆ ਕੇ ਅਸਤਰ ਨੂੰ ਉਹ ਸਭ ਕੁਝ ਦੱਸਿਆ ਜੋ ਮਾਰਦਕਈ ਨੇ ਕਿਹਾ ਸੀ। 10 ਅਸਤਰ ਨੇ ਹਥਾਕ ਨੂੰ ਹਿਦਾਇਤ ਦਿੱਤੀ ਕਿ ਉਹ ਜਾ ਕੇ ਮਾਰਦਕਈ+ ਨੂੰ ਕਹੇ: 11 “ਰਾਜੇ ਦੇ ਸਾਰੇ ਅਧਿਕਾਰੀ ਅਤੇ ਰਾਜ ਦੇ ਜ਼ਿਲ੍ਹਿਆਂ ਦੇ ਲੋਕ ਜਾਣਦੇ ਹਨ ਕਿ ਜੇ ਕੋਈ ਆਦਮੀ ਜਾਂ ਔਰਤ ਰਾਜੇ ਦੇ ਮਹਿਲ ਦੇ ਅੰਦਰਲੇ ਵਿਹੜੇ ਵਿਚ ਬਿਨ-ਬੁਲਾਏ ਜਾਂਦਾ ਹੈ,+ ਤਾਂ ਉਸ ਲਈ ਇਕ ਹੀ ਕਾਨੂੰਨ ਹੈ: ਉਸ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਹੈ। ਉਸ ਦੀ ਜਾਨ ਤਾਂ ਹੀ ਬਖ਼ਸ਼ੀ ਜਾਂਦੀ ਹੈ ਜੇ ਰਾਜਾ ਆਪਣਾ ਸੋਨੇ ਦਾ ਰਾਜ-ਡੰਡਾ ਉਸ ਵੱਲ ਵਧਾਉਂਦਾ ਹੈ।+ ਪਰ ਰਾਜੇ ਨੇ 30 ਦਿਨਾਂ ਤੋਂ ਮੈਨੂੰ ਆਪਣੇ ਕੋਲ ਨਹੀਂ ਬੁਲਾਇਆ ਹੈ।”

12 ਜਦ ਮਾਰਦਕਈ ਨੂੰ ਉਹ ਸਭ ਦੱਸਿਆ ਗਿਆ ਜੋ ਅਸਤਰ ਨੇ ਕਿਹਾ ਸੀ, 13 ਤਾਂ ਉਸ ਨੇ ਅਸਤਰ ਨੂੰ ਜਵਾਬ ਦਿੱਤਾ: “ਇਹ ਨਾ ਸੋਚ ਕਿ ਸ਼ਾਹੀ ਘਰਾਣੇ ਵਿਚ ਹੋਣ ਕਰਕੇ ਤੂੰ ਯਹੂਦੀਆਂ ਦੇ ਨਾਸ਼ ਵੇਲੇ ਬਚ ਜਾਵੇਂਗੀ। 14 ਜੇ ਤੂੰ ਇਸ ਸਮੇਂ ਚੁੱਪ ਰਹੀ, ਤਾਂ ਯਹੂਦੀਆਂ ਨੂੰ ਕਿਸੇ ਹੋਰ ਦੇ ਜ਼ਰੀਏ ਮਦਦ ਅਤੇ ਛੁਟਕਾਰਾ ਮਿਲ ਜਾਵੇਗਾ,+ ਪਰ ਤੂੰ ਅਤੇ ਤੇਰੇ ਪਿਤਾ ਦੇ ਰਿਸ਼ਤੇਦਾਰ ਨਾਸ਼ ਹੋ ਜਾਣਗੇ। ਨਾਲੇ ਕੀ ਪਤਾ ਕਿ ਤੈਨੂੰ ਇਹ ਸ਼ਾਹੀ ਰੁਤਬਾ ਅਜਿਹੇ ਮੁਸ਼ਕਲ ਸਮੇਂ ਲਈ ਹੀ ਮਿਲਿਆ ਹੈ?”+

15 ਅਸਤਰ ਨੇ ਮਾਰਦਕਈ ਨੂੰ ਜਵਾਬ ਦਿੱਤਾ: 16 “ਜਾਹ ਅਤੇ ਸ਼ੂਸ਼ਨ* ਦੇ ਸਾਰੇ ਯਹੂਦੀਆਂ ਨੂੰ ਇਕੱਠਾ ਕਰ ਅਤੇ ਸਾਰੇ ਮੇਰੇ ਲਈ ਵਰਤ ਰੱਖਣ।+ ਉਹ ਤਿੰਨ ਦਿਨ ਅਤੇ ਤਿੰਨ ਰਾਤਾਂ+ ਨਾ ਕੁਝ ਖਾਣ ਅਤੇ ਨਾ ਹੀ ਕੁਝ ਪੀਣ। ਮੈਂ ਵੀ ਆਪਣੀਆਂ ਨੌਕਰਾਣੀਆਂ ਦੇ ਨਾਲ ਵਰਤ ਰੱਖਾਂਗੀ। ਫਿਰ ਮੈਂ ਰਾਜੇ ਕੋਲ ਜਾਵਾਂਗੀ, ਭਾਵੇਂ ਇੱਦਾਂ ਕਰਨਾ ਕਾਨੂੰਨ ਦੇ ਖ਼ਿਲਾਫ਼ ਹੈ। ਜੇ ਮੈਨੂੰ ਆਪਣੀ ਜਾਨ ਵੀ ਦੇਣੀ ਪਈ, ਤਾਂ ਮੈਂ ਪਿੱਛੇ ਨਹੀਂ ਹਟਾਂਗੀ।” 17 ਫਿਰ ਮਾਰਦਕਈ ਚਲਾ ਗਿਆ ਅਤੇ ਉਸ ਨੇ ਸਭ ਕੁਝ ਉਸੇ ਤਰ੍ਹਾਂ ਕੀਤਾ ਜਿਵੇਂ ਅਸਤਰ ਨੇ ਉਸ ਨੂੰ ਕਰਨ ਲਈ ਕਿਹਾ ਸੀ।

5 ਤੀਸਰੇ ਦਿਨ+ ਅਸਤਰ ਨੇ ਸ਼ਾਹੀ ਲਿਬਾਸ ਪਾਇਆ ਅਤੇ ਉਹ ਰਾਜੇ ਦੇ ਮਹਿਲ ਦੇ ਅੰਦਰਲੇ ਵਿਹੜੇ ਵਿਚ ਖੜ੍ਹੀ ਹੋ ਗਈ ਜੋ ਮਹਿਲ ਦੇ ਸਾਮ੍ਹਣੇ ਸੀ। ਉਸ ਵੇਲੇ ਰਾਜਾ ਆਪਣੇ ਮਹਿਲ ਵਿਚ ਸਿੰਘਾਸਣ ʼਤੇ ਦਰਵਾਜ਼ੇ ਵੱਲ ਮੂੰਹ ਕਰ ਕੇ ਬੈਠਾ ਹੋਇਆ ਸੀ। 2 ਜਦ ਰਾਜੇ ਨੇ ਰਾਣੀ ਅਸਤਰ ਨੂੰ ਵਿਹੜੇ ਵਿਚ ਖੜ੍ਹੀ ਦੇਖਿਆ, ਤਾਂ ਉਹ ਬਹੁਤ ਖ਼ੁਸ਼ ਹੋਇਆ ਅਤੇ ਉਸ ਨੇ ਹੱਥ ਵਿਚ ਫੜਿਆ ਸੋਨੇ ਦਾ ਰਾਜ-ਡੰਡਾ ਅਸਤਰ ਵੱਲ ਵਧਾਇਆ।+ ਅਸਤਰ ਨੇ ਕੋਲ ਆ ਕੇ ਰਾਜ-ਡੰਡੇ ਦੇ ਸਿਰੇ ਨੂੰ ਛੋਹਿਆ।

3 ਰਾਜੇ ਨੇ ਉਸ ਨੂੰ ਪੁੱਛਿਆ: “ਰਾਣੀ ਅਸਤਰ, ਕੀ ਗੱਲ ਹੈ? ਤੂੰ ਕੀ ਚਾਹੁੰਦੀ ਹੈਂ? ਜੇ ਤੂੰ ਮੇਰਾ ਅੱਧਾ ਰਾਜ ਵੀ ਮੰਗੇ, ਤਾਂ ਮੈਂ ਤੈਨੂੰ ਦੇ ਦਿਆਂਗਾ!” 4 ਅਸਤਰ ਨੇ ਜਵਾਬ ਦਿੱਤਾ: “ਜੇ ਮਹਾਰਾਜ ਨੂੰ ਚੰਗਾ ਲੱਗੇ, ਤਾਂ ਉਹ ਹਾਮਾਨ ਨਾਲ+ ਅੱਜ ਦਾਅਵਤ ਵਿਚ ਆਵੇ ਜੋ ਮੈਂ ਮਹਾਰਾਜ ਲਈ ਤਿਆਰ ਕੀਤੀ ਹੈ।” 5 ਰਾਜੇ ਨੇ ਆਪਣੇ ਆਦਮੀਆਂ ਨੂੰ ਕਿਹਾ: “ਹਾਮਾਨ ਨੂੰ ਕਹੋ ਕਿ ਉਹ ਛੇਤੀ ਆਵੇ, ਜਿਵੇਂ ਅਸਤਰ ਨੇ ਬੇਨਤੀ ਕੀਤੀ ਹੈ।” ਫਿਰ ਰਾਜਾ ਅਤੇ ਹਾਮਾਨ ਉਸ ਦਾਅਵਤ ਵਿਚ ਗਏ ਜੋ ਅਸਤਰ ਨੇ ਤਿਆਰ ਕੀਤੀ ਸੀ।

6 ਦਾਅਵਤ ਵਿਚ ਖਾਣੇ ਤੋਂ ਬਾਅਦ ਜਦ ਉਹ ਦਾਖਰਸ ਪੀ ਰਹੇ ਸਨ, ਤਾਂ ਰਾਜੇ ਨੇ ਅਸਤਰ ਨੂੰ ਕਿਹਾ: “ਦੱਸ, ਤੇਰੀ ਕੀ ਫ਼ਰਿਆਦ ਹੈ? ਉਹ ਪੂਰੀ ਕੀਤੀ ਜਾਵੇਗੀ! ਤੂੰ ਕੀ ਚਾਹੁੰਦੀ ਹੈਂ? ਜੇ ਤੂੰ ਮੇਰਾ ਅੱਧਾ ਰਾਜ ਵੀ ਮੰਗੇ, ਤਾਂ ਮੈਂ ਤੈਨੂੰ ਦੇ ਦਿਆਂਗਾ!”+ 7 ਅਸਤਰ ਨੇ ਜਵਾਬ ਦਿੱਤਾ: “ਮੇਰੀ ਫ਼ਰਿਆਦ ਇਹ ਹੈ ਕਿ 8 ਜੇ ਮੇਰੇ ʼਤੇ ਰਾਜੇ ਦੀ ਮਿਹਰ ਹੈ ਅਤੇ ਜੇ ਰਾਜੇ ਨੂੰ ਮੇਰੀ ਫ਼ਰਿਆਦ ਚੰਗੀ ਲੱਗੇ ਤੇ ਇਸ ਨੂੰ ਪੂਰਾ ਕਰਨਾ ਚਾਹੇ, ਤਾਂ ਰਾਜਾ ਅਤੇ ਹਾਮਾਨ ਕੱਲ੍ਹ ਨੂੰ ਦਾਅਵਤ ਵਿਚ ਆਉਣ ਜੋ ਮੈਂ ਉਨ੍ਹਾਂ ਲਈ ਤਿਆਰ ਕਰਾਂਗੀ ਅਤੇ ਮੈਂ ਕੱਲ੍ਹ ਦੱਸਾਂਗੀ ਕਿ ਮੈਂ ਕੀ ਚਾਹੁੰਦੀ ਹਾਂ।”

9 ਉਸ ਦਿਨ ਜਦ ਹਾਮਾਨ ਉੱਥੋਂ ਗਿਆ, ਤਾਂ ਉਸ ਦਾ ਦਿਲ ਬਹੁਤ ਖ਼ੁਸ਼ ਸੀ। ਪਰ ਜਦ ਉਸ ਨੇ ਰਾਜੇ ਦੇ ਮਹਿਲ ਦੇ ਦਰਵਾਜ਼ੇ ʼਤੇ ਮਾਰਦਕਈ ਨੂੰ ਦੇਖਿਆ ਅਤੇ ਧਿਆਨ ਦਿੱਤਾ ਕਿ ਉਹ ਉਸ ਅੱਗੇ ਨਾ ਤਾਂ ਖੜ੍ਹਾ ਹੋਇਆ ਅਤੇ ਨਾ ਹੀ ਡਰਿਆ, ਤਾਂ ਹਾਮਾਨ ਮਾਰਦਕਈ ਦੇ ਖ਼ਿਲਾਫ਼ ਗੁੱਸੇ ਨਾਲ ਭਰ ਗਿਆ।+ 10 ਪਰ ਉਸ ਨੇ ਆਪਣੇ ਆਪ ʼਤੇ ਕਾਬੂ ਰੱਖਿਆ ਅਤੇ ਆਪਣੇ ਘਰ ਚਲਾ ਗਿਆ। ਫਿਰ ਉਸ ਨੇ ਆਪਣੇ ਦੋਸਤਾਂ ਤੇ ਆਪਣੀ ਪਤਨੀ ਜ਼ਰਸ਼+ ਨੂੰ ਬੁਲਾਇਆ। 11 ਹਾਮਾਨ ਉਨ੍ਹਾਂ ਸਾਮ੍ਹਣੇ ਸ਼ੇਖ਼ੀਆਂ ਮਾਰਨ ਲੱਗਾ ਕਿ ਉਹ ਧਨ-ਦੌਲਤ ਨਾਲ ਮਾਲਾਮਾਲ ਸੀ, ਉਸ ਦੇ ਬਹੁਤ ਪੁੱਤਰ ਸਨ+ ਅਤੇ ਰਾਜੇ ਨੇ ਉਸ ਨੂੰ ਤਰੱਕੀ ਦੇ ਕੇ ਆਪਣੇ ਮੰਤਰੀਆਂ ਅਤੇ ਅਧਿਕਾਰੀਆਂ ਨਾਲੋਂ ਉੱਚਾ ਰੁਤਬਾ ਦਿੱਤਾ ਸੀ।+

12 ਹਾਮਾਨ ਨੇ ਇਹ ਵੀ ਕਿਹਾ: “ਇੰਨਾ ਹੀ ਨਹੀਂ, ਰਾਣੀ ਅਸਤਰ ਨੇ ਹੋਰ ਕਿਸੇ ਨੂੰ ਨਹੀਂ, ਸਿਰਫ਼ ਮੈਨੂੰ ਹੀ ਰਾਜੇ ਨਾਲ ਦਾਅਵਤ ʼਤੇ ਬੁਲਾਇਆ ਜੋ ਉਸ ਨੇ ਤਿਆਰ ਕੀਤੀ ਸੀ।+ ਮੈਨੂੰ ਕੱਲ੍ਹ ਵੀ ਰਾਜੇ ਤੇ ਰਾਣੀ ਨਾਲ ਖਾਣਾ ਖਾਣ ਦਾ ਸੱਦਾ ਮਿਲਿਆ ਹੈ।+ 13 ਪਰ ਇੰਨਾ ਸਭ ਕੁਝ ਹੁੰਦੇ ਹੋਏ ਵੀ ਮੈਨੂੰ ਉੱਨਾ ਚਿਰ ਚੈਨ ਨਹੀਂ ਆਉਣਾ ਜਿੰਨਾ ਚਿਰ ਉਹ ਯਹੂਦੀ ਮਾਰਦਕਈ ਰਾਜੇ ਦੇ ਮਹਿਲ ਦੇ ਦਰਵਾਜ਼ੇ ʼਤੇ ਬੈਠਾ ਰਹੇਗਾ।” 14 ਫਿਰ ਉਸ ਦੀ ਪਤਨੀ ਜ਼ਰਸ਼ ਅਤੇ ਉਸ ਦੇ ਸਾਰੇ ਦੋਸਤਾਂ ਨੇ ਉਸ ਨੂੰ ਕਿਹਾ: “ਤੂੰ 50 ਹੱਥ* ਉੱਚੀ ਇਕ ਸੂਲ਼ੀ ਤਿਆਰ ਕਰਵਾ। ਫਿਰ ਸਵੇਰੇ ਰਾਜੇ ਨੂੰ ਕਹੀਂ ਕਿ ਮਾਰਦਕਈ ਨੂੰ ਉਸ ʼਤੇ ਟੰਗ ਦਿੱਤਾ ਜਾਵੇ।+ ਉਸ ਤੋਂ ਬਾਅਦ ਤੂੰ ਰਾਜੇ ਨਾਲ ਦਾਅਵਤ ਦਾ ਆਨੰਦ ਮਾਣੀਂ।” ਇਹ ਸਲਾਹ ਹਾਮਾਨ ਨੂੰ ਚੰਗੀ ਲੱਗੀ ਅਤੇ ਉਸ ਨੇ ਸੂਲ਼ੀ ਖੜ੍ਹੀ ਕਰਵਾਈ।

6 ਉਸ ਰਾਤ ਰਾਜੇ ਨੂੰ ਨੀਂਦ ਨਹੀਂ ਆਈ।* ਇਸ ਲਈ ਉਸ ਨੇ ਇਤਿਹਾਸ ਦੀ ਕਿਤਾਬ+ ਲਿਆਉਣ ਲਈ ਕਿਹਾ ਅਤੇ ਉਹ ਰਾਜੇ ਨੂੰ ਪੜ੍ਹ ਕੇ ਸੁਣਾਈ ਗਈ। 2 ਉਸ ਵਿਚ ਲਿਖਿਆ ਗਿਆ ਸੀ ਕਿ ਮਾਰਦਕਈ ਨੇ ਖ਼ਬਰ ਦਿੱਤੀ ਸੀ ਕਿ ਰਾਜੇ ਦੇ ਦੋ ਦਰਬਾਰੀਆਂ, ਬਿਗਥਾਨਾ ਅਤੇ ਤਰਸ਼ ਨੇ ਰਾਜੇ ਨੂੰ ਜਾਨੋਂ ਮਾਰਨ* ਦੀ ਸਾਜ਼ਸ਼ ਘੜੀ ਸੀ।+ ਉਹ ਦੋਵੇਂ ਰਾਜ-ਮਹਿਲ ਦੇ ਦਰਬਾਨ ਸਨ। 3 ਰਾਜੇ ਨੇ ਪੁੱਛਿਆ: “ਕੀ ਇਸ ਦੇ ਬਦਲੇ ਵਿਚ ਮਾਰਦਕਈ ਨੂੰ ਕੋਈ ਇਨਾਮ ਦਿੱਤਾ ਗਿਆ ਅਤੇ ਕੀ ਉਸ ਨੂੰ ਇੱਜ਼ਤ ਬਖ਼ਸ਼ੀ ਗਈ ਸੀ?” ਰਾਜੇ ਦੇ ਸੇਵਾਦਾਰਾਂ ਨੇ ਦੱਸਿਆ: “ਨਹੀਂ ਹਜ਼ੂਰ, ਉਸ ਲਈ ਕੁਝ ਵੀ ਨਹੀਂ ਕੀਤਾ ਗਿਆ।”

4 ਫਿਰ ਰਾਜੇ ਨੇ ਕਿਹਾ: “ਵਿਹੜੇ ਵਿਚ ਕੌਣ ਹੈ?” ਹਾਮਾਨ ਰਾਜੇ ਦੇ ਮਹਿਲ ਦੇ ਬਾਹਰਲੇ ਵਿਹੜੇ+ ਵਿਚ ਆਇਆ ਹੋਇਆ ਸੀ ਤਾਂਕਿ ਉਹ ਮਾਰਦਕਈ ਨੂੰ ਸੂਲ਼ੀ ʼਤੇ ਟੰਗਣ ਬਾਰੇ ਰਾਜੇ ਨਾਲ ਗੱਲ ਕਰ ਸਕੇ ਜੋ ਉਸ ਨੇ ਮਾਰਦਕਈ ਲਈ ਤਿਆਰ ਕਰਵਾਈ ਸੀ।+ 5 ਰਾਜੇ ਦੇ ਸੇਵਾਦਾਰਾਂ ਨੇ ਉਸ ਨੂੰ ਦੱਸਿਆ: “ਵਿਹੜੇ ਵਿਚ ਹਾਮਾਨ+ ਖੜ੍ਹਾ ਹੈ।” ਰਾਜੇ ਨੇ ਕਿਹਾ: “ਉਸ ਨੂੰ ਅੰਦਰ ਬੁਲਾਓ।”

6 ਜਦ ਹਾਮਾਨ ਅੰਦਰ ਆਇਆ, ਤਾਂ ਰਾਜੇ ਨੇ ਉਸ ਨੂੰ ਪੁੱਛਿਆ: “ਉਸ ਆਦਮੀ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਜਿਸ ਨੂੰ ਰਾਜਾ ਇੱਜ਼ਤ ਬਖ਼ਸ਼ਣੀ ਚਾਹੁੰਦਾ ਹੈ?” ਹਾਮਾਨ ਨੇ ਦਿਲ ਵਿਚ ਸੋਚਿਆ: “ਮੇਰੇ ਤੋਂ ਇਲਾਵਾ ਰਾਜਾ ਹੋਰ ਕਿਸ ਨੂੰ ਇੱਜ਼ਤ ਬਖ਼ਸ਼ੇਗਾ?”+ 7 ਇਸ ਲਈ ਹਾਮਾਨ ਨੇ ਰਾਜੇ ਨੂੰ ਕਿਹਾ: “ਜਿਸ ਆਦਮੀ ਨੂੰ ਰਾਜਾ ਇੱਜ਼ਤ ਬਖ਼ਸ਼ਣੀ ਚਾਹੁੰਦਾ ਹੈ, 8 ਉਸ ਲਈ ਰਾਜੇ ਦਾ ਸ਼ਾਹੀ ਲਿਬਾਸ+ ਅਤੇ ਉਹ ਘੋੜਾ ਲਿਆਂਦਾ ਜਾਵੇ ਜਿਸ ʼਤੇ ਰਾਜਾ ਸਵਾਰੀ ਕਰਦਾ ਹੈ ਅਤੇ ਜਿਸ ਦੇ ਸਿਰ ʼਤੇ ਸ਼ਾਹੀ ਕਲਗੀ ਹੈ। 9 ਇਹ ਲਿਬਾਸ ਅਤੇ ਘੋੜਾ ਰਾਜੇ ਦੇ ਸਭ ਤੋਂ ਇੱਜ਼ਤਦਾਰ ਮੰਤਰੀ ਨੂੰ ਸੌਂਪਿਆ ਜਾਵੇ। ਫਿਰ ਰਾਜੇ ਦੇ ਸੇਵਕ ਉਸ ਆਦਮੀ ਨੂੰ ਸ਼ਾਹੀ ਲਿਬਾਸ ਪਹਿਨਾਉਣ ਅਤੇ ਘੋੜੇ ʼਤੇ ਬਿਠਾ ਕੇ ਸ਼ਹਿਰ ਦੇ ਚੌਂਕ ਵਿਚ ਘੁਮਾਉਣ ਜਿਸ ਨੂੰ ਰਾਜਾ ਇੱਜ਼ਤ ਬਖ਼ਸ਼ਣੀ ਚਾਹੁੰਦਾ ਹੈ। ਉਹ ਉਸ ਅੱਗੇ ਐਲਾਨ ਕਰਨ: ‘ਜਿਸ ਨੂੰ ਰਾਜਾ ਇੱਜ਼ਤ ਬਖ਼ਸ਼ਣੀ ਚਾਹੁੰਦਾ ਹੈ, ਉਸ ਦਾ ਸਨਮਾਨ ਇਸ ਤਰ੍ਹਾਂ ਕੀਤਾ ਜਾਂਦਾ ਹੈ!’+ 10 ਰਾਜੇ ਨੇ ਇਕਦਮ ਹਾਮਾਨ ਨੂੰ ਕਿਹਾ: “ਜਲਦੀ ਕਰ! ਲਿਬਾਸ ਅਤੇ ਘੋੜਾ ਲੈ ਅਤੇ ਜੋ ਕੁਝ ਤੂੰ ਹੁਣੇ ਕਿਹਾ ਹੈ, ਉਸ ਯਹੂਦੀ ਮਾਰਦਕਈ ਲਈ ਇਸੇ ਤਰ੍ਹਾਂ ਕਰ ਜੋ ਮਹਿਲ ਦੇ ਦਰਵਾਜ਼ੇ ʼਤੇ ਬੈਠਦਾ ਹੈ। ਤੂੰ ਜੋ ਵੀ ਕਿਹਾ ਹੈ, ਉਸ ਵਿੱਚੋਂ ਇਕ ਗੱਲ ਵੀ ਨਾ ਛੱਡੀਂ।”

11 ਹਾਮਾਨ ਨੇ ਸ਼ਾਹੀ ਲਿਬਾਸ ਅਤੇ ਘੋੜਾ ਲਿਆ ਅਤੇ ਉਸ ਨੇ ਮਾਰਦਕਈ+ ਨੂੰ ਉਹ ਲਿਬਾਸ ਪਹਿਨਾ ਕੇ ਸ਼ਹਿਰ ਦੇ ਚੌਂਕ ਵਿਚ ਘੁਮਾਇਆ ਅਤੇ ਉਸ ਅੱਗੇ ਐਲਾਨ ਕੀਤਾ: “ਜਿਸ ਨੂੰ ਰਾਜਾ ਇੱਜ਼ਤ ਬਖ਼ਸ਼ਣੀ ਚਾਹੁੰਦਾ ਹੈ, ਉਸ ਦਾ ਸਨਮਾਨ ਇਸ ਤਰ੍ਹਾਂ ਕੀਤਾ ਜਾਂਦਾ ਹੈ!” 12 ਇਸ ਤੋਂ ਬਾਅਦ ਮਾਰਦਕਈ ਰਾਜੇ ਦੇ ਮਹਿਲ ਦੇ ਦਰਵਾਜ਼ੇ ʼਤੇ ਵਾਪਸ ਚਲਾ ਗਿਆ, ਪਰ ਹਾਮਾਨ ਸ਼ਰਮ ਦੇ ਮਾਰੇ ਆਪਣਾ ਮੂੰਹ ਢਕ ਕੇ ਫਟਾਫਟ ਆਪਣੇ ਘਰ ਚਲਾ ਗਿਆ। 13 ਜਦ ਹਾਮਾਨ ਨੇ ਆਪਣੀ ਪਤਨੀ ਜ਼ਰਸ਼+ ਅਤੇ ਆਪਣੇ ਸਾਰੇ ਦੋਸਤਾਂ ਨੂੰ ਦੱਸਿਆ ਕਿ ਉਸ ਨਾਲ ਕੀ ਹੋਇਆ ਸੀ, ਤਾਂ ਉਸ ਦੇ ਸਲਾਹਕਾਰਾਂ ਅਤੇ ਪਤਨੀ ਜ਼ਰਸ਼ ਨੇ ਉਸ ਨੂੰ ਕਿਹਾ: “ਜੇ ਮਾਰਦਕਈ ਇਕ ਯਹੂਦੀ ਹੈ* ਜਿਸ ਦੇ ਸਾਮ੍ਹਣੇ ਤੂੰ ਇਕ ਵਾਰੀ ਹਾਰ ਚੁੱਕਾ ਹੈਂ, ਤਾਂ ਤੂੰ ਉਸ ਉੱਤੇ ਜਿੱਤ ਹਾਸਲ ਨਹੀਂ ਕਰ ਪਾਏਂਗਾ। ਤੇਰੀ ਹਾਰ ਪੱਕੀ ਹੈ।”

14 ਜਦ ਉਹ ਉਸ ਨਾਲ ਗੱਲ ਕਰ ਹੀ ਰਹੇ ਸਨ, ਤਾਂ ਰਾਜੇ ਦੇ ਦਰਬਾਰੀ ਆ ਗਏ ਅਤੇ ਉਹ ਫਟਾਫਟ ਹਾਮਾਨ ਨੂੰ ਅਸਤਰ ਦੀ ਦਾਅਵਤ ਵਿਚ ਲੈ ਗਏ।+

7 ਰਾਜਾ ਅਤੇ ਹਾਮਾਨ+ ਰਾਣੀ ਅਸਤਰ ਦੀ ਦਾਅਵਤ ਵਿਚ ਆਏ। 2 ਦੂਸਰੇ ਦਿਨ ਦਾਅਵਤ ਵਿਚ ਖਾਣੇ ਤੋਂ ਬਾਅਦ ਜਦ ਉਹ ਦਾਖਰਸ ਪੀ ਰਹੇ ਸਨ, ਤਾਂ ਰਾਜੇ ਨੇ ਦੁਬਾਰਾ ਅਸਤਰ ਨੂੰ ਪੁੱਛਿਆ: “ਰਾਣੀ ਅਸਤਰ, ਤੇਰੀ ਕੀ ਫ਼ਰਿਆਦ ਹੈ? ਉਹ ਪੂਰੀ ਕੀਤੀ ਜਾਵੇਗੀ! ਤੂੰ ਕੀ ਚਾਹੁੰਦੀ ਹੈਂ? ਜੇ ਤੂੰ ਮੇਰਾ ਅੱਧਾ ਰਾਜ ਵੀ ਮੰਗੇਂ, ਤਾਂ ਮੈਂ ਤੈਨੂੰ ਦੇ ਦਿਆਂਗਾ!”+ 3 ਰਾਣੀ ਅਸਤਰ ਨੇ ਜਵਾਬ ਦਿੱਤਾ: “ਹੇ ਮਹਾਰਾਜ, ਜੇ ਮੇਰੇ ʼਤੇ ਤੇਰੀ ਮਿਹਰ ਹੈ ਅਤੇ ਜੇ ਰਾਜੇ ਨੂੰ ਇਹ ਚੰਗਾ ਲੱਗੇ, ਤਾਂ ਮੇਰੀ ਇਹ ਫ਼ਰਿਆਦ ਹੈ ਕਿ ਮੇਰੀ ਅਤੇ ਮੇਰੇ ਲੋਕਾਂ+ ਦੀ ਜਾਨ ਬਖ਼ਸ਼ੀ ਜਾਵੇ। 4 ਸਾਨੂੰ ਯਾਨੀ ਮੈਨੂੰ ਤੇ ਮੇਰੇ ਲੋਕਾਂ ਨੂੰ ਜਾਨੋਂ ਮਾਰਨ ਲਈ ਵੇਚ ਦਿੱਤਾ ਗਿਆ ਹੈ+ ਤਾਂਕਿ ਸਾਡਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇ।+ ਜੇ ਸਾਨੂੰ ਸਿਰਫ਼ ਗ਼ੁਲਾਮਾਂ ਵਜੋਂ ਵੇਚਿਆ ਗਿਆ ਹੁੰਦਾ, ਤਾਂ ਮੈਂ ਚੁੱਪ ਰਹਿੰਦੀ। ਪਰ ਇਸ ਤਬਾਹੀ ਨਾਲ ਰਾਜੇ ਨੂੰ ਨੁਕਸਾਨ ਹੋਵੇਗਾ, ਇਸ ਲਈ ਇਸ ਨੂੰ ਰੋਕ ਦਿੱਤਾ ਜਾਵੇ।”

5 ਫਿਰ ਰਾਜਾ ਅਹਸ਼ਵੇਰੋਸ਼ ਨੇ ਰਾਣੀ ਅਸਤਰ ਨੂੰ ਕਿਹਾ: “ਕੌਣ ਹੈ ਉਹ? ਕਿੱਥੇ ਹੈ ਉਹ ਜਿਸ ਦੀ ਇੰਨੀ ਜੁਰਅਤ?” 6 ਅਸਤਰ ਨੇ ਜਵਾਬ ਦਿੱਤਾ: “ਉਹ ਵਿਰੋਧੀ ਅਤੇ ਦੁਸ਼ਮਣ ਇਹ ਦੁਸ਼ਟ ਹਾਮਾਨ ਹੈ।”

ਹਾਮਾਨ ਇਹ ਸੁਣ ਕੇ ਰਾਜੇ ਅਤੇ ਰਾਣੀ ਤੋਂ ਬਹੁਤ ਡਰ ਗਿਆ। 7 ਫਿਰ ਰਾਜਾ ਗੁੱਸੇ ਵਿਚ ਦਾਅਵਤ ਤੋਂ ਉੱਠ ਕੇ ਮਹਿਲ ਦੇ ਬਗ਼ੀਚੇ ਵਿਚ ਚਲਾ ਗਿਆ। ਹਾਮਾਨ ਨੂੰ ਪਤਾ ਲੱਗ ਗਿਆ ਕਿ ਰਾਜੇ ਨੇ ਉਸ ਨੂੰ ਸਜ਼ਾ ਦੇਣ ਦੀ ਠਾਣ ਲਈ ਸੀ, ਇਸ ਲਈ ਉਹ ਉੱਠਿਆ ਅਤੇ ਰਾਣੀ ਅਸਤਰ ਅੱਗੇ ਆਪਣੀ ਜਾਨ ਲਈ ਤਰਲੇ-ਮਿੰਨਤਾਂ ਕਰਨ ਲੱਗਾ। 8 ਫਿਰ ਰਾਜਾ ਮਹਿਲ ਦੇ ਬਗ਼ੀਚੇ ਤੋਂ ਉਸ ਜਗ੍ਹਾ ਮੁੜਿਆ ਜਿੱਥੇ ਉਹ ਦਾਖਰਸ ਪੀ ਰਹੇ ਸਨ। ਉਸ ਨੇ ਦੇਖਿਆ ਕਿ ਹਾਮਾਨ ਉਸ ਦੀਵਾਨ ਉੱਤੇ ਝੁਕਿਆ ਹੋਇਆ ਸੀ ਜਿਸ ʼਤੇ ਅਸਤਰ ਬੈਠੀ ਸੀ। ਉਸ ਨੇ ਉੱਚੀ ਆਵਾਜ਼ ਵਿਚ ਚੀਕ ਕੇ ਕਿਹਾ: “ਤੂੰ ਮੇਰੇ ਹੀ ਘਰ ਵਿਚ ਮੇਰੀ ਰਾਣੀ ਨਾਲ ਜ਼ਬਰਦਸਤੀ ਵੀ ਕਰਨੀ ਚਾਹੁੰਦਾਂ?” ਜਿਉਂ ਹੀ ਰਾਜੇ ਦੇ ਮੂੰਹੋਂ ਇਹ ਸ਼ਬਦ ਨਿਕਲੇ, ਹਾਮਾਨ ਦਾ ਮੂੰਹ ਢਕ ਦਿੱਤਾ ਗਿਆ। 9 ਫਿਰ ਰਾਜੇ ਦੇ ਇਕ ਦਰਬਾਰੀ ਹਰਬੋਨਾ+ ਨੇ ਦੱਸਿਆ: “ਹਾਮਾਨ ਨੇ ਮਾਰਦਕਈ ਨੂੰ ਟੰਗਣ ਲਈ ਆਪਣੇ ਘਰ ਦੇ ਨੇੜੇ 50 ਹੱਥ* ਉੱਚੀ ਇਕ ਸੂਲ਼ੀ ਤਿਆਰ ਕਰਵਾਈ ਹੈ।+ ਮਾਰਦਕਈ ਨੇ ਤਾਂ ਰਾਜੇ ਦੀ ਜਾਨ ਬਚਾਈ ਸੀ।”+ ਇਹ ਸੁਣ ਕੇ ਰਾਜੇ ਨੇ ਕਿਹਾ: “ਇਹ ਨੂੰ ਹੀ ਉਸ ਸੂਲ਼ੀ ʼਤੇ ਟੰਗ ਦਿਓ।” 10 ਇਸ ਲਈ ਉਨ੍ਹਾਂ ਨੇ ਹਾਮਾਨ ਨੂੰ ਉਸੇ ਸੂਲ਼ੀ ʼਤੇ ਟੰਗ ਦਿੱਤਾ ਜੋ ਉਸ ਨੇ ਮਾਰਦਕਈ ਲਈ ਤਿਆਰ ਕਰਵਾਈ ਸੀ। ਇਸ ਨਾਲ ਰਾਜੇ ਦਾ ਗੁੱਸਾ ਸ਼ਾਂਤ ਹੋ ਗਿਆ।

8 ਉਸ ਦਿਨ ਰਾਜਾ ਅਹਸ਼ਵੇਰੋਸ਼ ਨੇ ਯਹੂਦੀਆਂ ਦੇ ਦੁਸ਼ਮਣ+ ਹਾਮਾਨ+ ਦਾ ਸਭ ਕੁਝ ਰਾਣੀ ਅਸਤਰ ਨੂੰ ਦੇ ਦਿੱਤਾ। ਫਿਰ ਮਾਰਦਕਈ ਰਾਜੇ ਸਾਮ੍ਹਣੇ ਹਾਜ਼ਰ ਹੋਇਆ ਕਿਉਂਕਿ ਅਸਤਰ ਨੇ ਰਾਜੇ ਨੂੰ ਦੱਸ ਦਿੱਤਾ ਸੀ ਕਿ ਮਾਰਦਕਈ ਨਾਲ ਉਸ ਦਾ ਕੀ ਰਿਸ਼ਤਾ ਸੀ।+ 2 ਫਿਰ ਰਾਜੇ ਨੇ ਆਪਣੀ ਮੁਹਰ ਵਾਲੀ ਅੰਗੂਠੀ+ ਲਾਹੀ ਜੋ ਉਸ ਨੇ ਹਾਮਾਨ ਤੋਂ ਲੈ ਲਈ ਸੀ ਅਤੇ ਮਾਰਦਕਈ ਨੂੰ ਦੇ ਦਿੱਤੀ। ਅਸਤਰ ਨੇ ਮਾਰਦਕਈ ਨੂੰ ਹਾਮਾਨ ਦੀਆਂ ਸਾਰੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ।+

3 ਫਿਰ ਅਸਤਰ ਨੇ ਰਾਜੇ ਨਾਲ ਦੁਬਾਰਾ ਗੱਲ ਕੀਤੀ। ਉਹ ਉਸ ਦੇ ਪੈਰਾਂ ਵਿਚ ਡਿਗ ਕੇ ਰੋਣ ਲੱਗੀ ਅਤੇ ਉਸ ਅੱਗੇ ਤਰਲੇ-ਮਿੰਨਤਾਂ ਕਰਨ ਲੱਗੀ ਕਿ ਅਗਾਗੀ ਹਾਮਾਨ ਨੇ ਯਹੂਦੀਆਂ ਨੂੰ ਤਬਾਹ ਕਰਨ ਦੀ ਜੋ ਸਾਜ਼ਸ਼ ਘੜੀ ਸੀ, ਰਾਜਾ ਉਸ ਨੂੰ ਨਾਕਾਮ ਕਰ ਦੇਵੇ।+ 4 ਰਾਜੇ ਨੇ ਸੋਨੇ ਦਾ ਰਾਜ-ਡੰਡਾ ਅਸਤਰ ਵੱਲ ਵਧਾਇਆ।+ ਫਿਰ ਅਸਤਰ ਉੱਠ ਕੇ ਰਾਜੇ ਅੱਗੇ ਖੜ੍ਹੀ ਹੋਈ। 5 ਉਸ ਨੇ ਕਿਹਾ: “ਜੇ ਮਹਾਰਾਜ ਨੂੰ ਇਹ ਚੰਗਾ ਲੱਗੇ ਅਤੇ ਜੇ ਮੇਰੇ ʼਤੇ ਉਸ ਦੀ ਮਿਹਰ ਹੈ, ਜੇ ਮਹਾਰਾਜ ਨੂੰ ਇਹ ਸਹੀ ਲੱਗੇ ਅਤੇ ਜੇ ਉਹ ਮੇਰੇ ਤੋਂ ਖ਼ੁਸ਼ ਹੈ, ਤਾਂ ਇਕ ਲਿਖਤੀ ਫ਼ਰਮਾਨ ਜਾਰੀ ਕੀਤਾ ਜਾਵੇ ਕਿ ਉਨ੍ਹਾਂ ਦਸਤਾਵੇਜ਼ਾਂ ਨੂੰ ਰੱਦ ਕਰ ਦਿੱਤਾ ਜਾਵੇ ਜੋ ਅਗਾਗੀ+ ਹਮਦਾਥਾ ਦੇ ਚਾਲਬਾਜ਼ ਪੁੱਤਰ ਹਾਮਾਨ ਨੇ ਲਿਖੇ ਸਨ।+ ਉਨ੍ਹਾਂ ਵਿਚ ਉਸ ਨੇ ਲਿਖਿਆ ਸੀ ਕਿ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਰਹਿੰਦੇ ਯਹੂਦੀਆਂ ਨੂੰ ਨਾਸ਼ ਕੀਤਾ ਜਾਵੇ। 6 ਮੈਂ ਆਪਣੇ ਲੋਕਾਂ ਉੱਤੇ ਇਹ ਬਿਪਤਾ ਆਉਂਦਿਆਂ ਕਿਵੇਂ ਦੇਖ ਸਕਦੀ ਹਾਂ? ਅਤੇ ਮੈਂ ਆਪਣੇ ਰਿਸ਼ਤੇਦਾਰਾਂ ਦਾ ਨਾਸ਼ ਕਿਵੇਂ ਸਹਿ ਸਕਦੀ ਹਾਂ?”

7 ਰਾਜਾ ਅਹਸ਼ਵੇਰੋਸ਼ ਨੇ ਰਾਣੀ ਅਸਤਰ ਅਤੇ ਯਹੂਦੀ ਮਾਰਦਕਈ ਨੂੰ ਕਿਹਾ: “ਮੈਂ ਹਾਮਾਨ ਦਾ ਸਭ ਕੁਝ ਅਸਤਰ ਨੂੰ ਦੇ ਦਿੱਤਾ ਹੈ+ ਅਤੇ ਹਾਮਾਨ ਨੂੰ ਸੂਲ਼ੀ ʼਤੇ ਟੰਗਵਾ ਦਿੱਤਾ ਹੈ+ ਕਿਉਂਕਿ ਉਸ ਨੇ ਯਹੂਦੀਆਂ ʼਤੇ ਹਮਲਾ ਕਰਨ ਦੀ ਸਾਜ਼ਸ਼ ਘੜੀ ਸੀ।* 8 ਤੁਸੀਂ ਰਾਜੇ ਦੇ ਨਾਂ ʼਤੇ ਇਕ ਫ਼ਰਮਾਨ ਲਿਖੋ। ਤੁਹਾਨੂੰ ਯਹੂਦੀਆਂ ਲਈ ਜੋ ਵੀ ਸਹੀ ਲੱਗੇ, ਉਸ ਵਿਚ ਲਿਖੋ ਅਤੇ ਉਸ ਉੱਤੇ ਰਾਜੇ ਦੀ ਮੁਹਰ ਵਾਲੀ ਅੰਗੂਠੀ ਨਾਲ ਮੁਹਰ ਲਾ ਦਿਓ ਕਿਉਂਕਿ ਜੋ ਫ਼ਰਮਾਨ ਰਾਜੇ ਦੇ ਨਾਂ ʼਤੇ ਲਿਖਿਆ ਗਿਆ ਹੋਵੇ ਅਤੇ ਉਸ ਉੱਤੇ ਰਾਜੇ ਦੀ ਅੰਗੂਠੀ ਨਾਲ ਮੁਹਰ ਲੱਗੀ ਹੋਵੇ, ਉਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ।”+

9 ਫਿਰ ਤੀਸਰੇ ਮਹੀਨੇ, ਯਾਨੀ ਸੀਵਾਨ* ਮਹੀਨੇ ਦੀ 23 ਤਾਰੀਖ਼ ਨੂੰ ਰਾਜੇ ਦੇ ਲਿਖਾਰੀਆਂ ਨੂੰ ਬੁਲਾਇਆ ਗਿਆ। ਉਨ੍ਹਾਂ ਨੇ ਮਾਰਦਕਈ ਦੇ ਸਾਰੇ ਹੁਕਮ ਲਿਖੇ ਜੋ ਉਸ ਨੇ ਯਹੂਦੀਆਂ, ਸੂਬੇਦਾਰਾਂ,+ ਰਾਜਪਾਲਾਂ ਅਤੇ ਭਾਰਤ ਤੋਂ ਲੈ ਕੇ ਇਥੋਪੀਆ ਤਕ, 127 ਜ਼ਿਲ੍ਹਿਆਂ ਦੇ ਮੰਤਰੀਆਂ+ ਨੂੰ ਦਿੱਤੇ ਸਨ। ਉਹ ਹੁਕਮ ਹਰ ਜ਼ਿਲ੍ਹੇ ਦੇ ਲੋਕਾਂ ਦੀ ਭਾਸ਼ਾ ਅਤੇ ਲਿਪੀ* ਵਿਚ ਅਤੇ ਯਹੂਦੀਆਂ ਦੀ ਭਾਸ਼ਾ ਅਤੇ ਲਿਪੀ* ਵਿਚ ਲਿਖੇ ਗਏ ਸਨ।

10 ਉਸ ਨੇ ਇਹ ਹੁਕਮ ਰਾਜਾ ਅਹਸ਼ਵੇਰੋਸ਼ ਦੇ ਨਾਂ ʼਤੇ ਲਿਖੇ ਅਤੇ ਉਨ੍ਹਾਂ ਉੱਤੇ ਰਾਜੇ ਦੀ ਅੰਗੂਠੀ ਨਾਲ ਮੁਹਰ ਲਾ ਦਿੱਤੀ।+ ਫਿਰ ਡਾਕੀਏ ਇਹ ਦਸਤਾਵੇਜ਼ ਲੈ ਕੇ ਤੇਜ਼ ਦੌੜਨ ਵਾਲੇ ਘੋੜਿਆਂ ʼਤੇ ਰਵਾਨਾ ਹੋ ਗਏ ਜੋ ਰਾਜ ਦੇ ਕੰਮਾਂ ਲਈ ਵਰਤੇ ਜਾਂਦੇ ਸਨ। 11 ਇਨ੍ਹਾਂ ਦਸਤਾਵੇਜ਼ਾਂ ਵਿਚ ਰਾਜੇ ਨੇ ਸਾਰੇ ਸ਼ਹਿਰਾਂ ਦੇ ਯਹੂਦੀਆਂ ਨੂੰ ਇਜਾਜ਼ਤ ਦਿੱਤੀ ਸੀ ਕਿ ਉਹ ਇਕੱਠੇ ਹੋ ਕੇ ਆਪਣੀਆਂ ਜਾਨਾਂ ਬਚਾਉਣ ਲਈ ਮੁਕਾਬਲਾ ਕਰਨ। ਜ਼ਿਲ੍ਹਿਆਂ ਵਿਚ ਜਿਹੜੇ ਵੀ ਲੋਕ ਉਨ੍ਹਾਂ ʼਤੇ ਹਮਲਾ ਕਰਨ, ਉਹ ਉਨ੍ਹਾਂ ਨੂੰ ਉਨ੍ਹਾਂ ਦੀਆਂ ਔਰਤਾਂ ਅਤੇ ਬੱਚਿਆਂ ਸਮੇਤ ਮਾਰ ਦੇਣ ਅਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦੇਣ ਅਤੇ ਉਨ੍ਹਾਂ ਦਾ ਸਭ ਕੁਝ ਲੁੱਟ ਲੈਣ।+ 12 ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਇਸ ਕੰਮ ਲਈ 12ਵੇਂ ਮਹੀਨੇ ਯਾਨੀ ਅਦਾਰ* ਮਹੀਨੇ ਦੀ 13 ਤਾਰੀਖ਼ ਰੱਖੀ ਗਈ ਸੀ।+ 13 ਇਸ ਦਸਤਾਵੇਜ਼ ਵਿਚ ਲਿਖੀਆਂ ਗੱਲਾਂ* ਨੂੰ ਸਾਰੇ ਜ਼ਿਲ੍ਹਿਆਂ ਵਿਚ ਕਾਨੂੰਨ ਦੇ ਤੌਰ ਤੇ ਲਾਗੂ ਕੀਤਾ ਜਾਣਾ ਸੀ। ਸਾਰੇ ਲੋਕਾਂ ਵਿਚ ਇਸ ਦਾ ਐਲਾਨ ਕੀਤਾ ਜਾਣਾ ਸੀ ਤਾਂਕਿ ਉਸ ਦਿਨ ਯਹੂਦੀ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਣ ਲਈ ਤਿਆਰ ਹੋ ਸਕਣ।+ 14 ਰਾਜੇ ਦੇ ਹੁਕਮ ʼਤੇ ਡਾਕੀਏ ਬਿਨਾਂ ਦੇਰ ਕੀਤਿਆਂ ਫਟਾਫਟ ਘੋੜਿਆਂ ʼਤੇ ਰਵਾਨਾ ਹੋ ਗਏ ਜੋ ਰਾਜ ਦੇ ਕੰਮਾਂ ਲਈ ਵਰਤੇ ਜਾਂਦੇ ਸਨ। ਇਹ ਕਾਨੂੰਨ ਸ਼ੂਸ਼ਨ*+ ਦੇ ਕਿਲੇ* ਵਿਚ ਵੀ ਲਾਗੂ ਕੀਤਾ ਗਿਆ।

15 ਫਿਰ ਮਾਰਦਕਈ ਰਾਜੇ ਦੇ ਸਾਮ੍ਹਣਿਓਂ ਚਲਾ ਗਿਆ। ਉਸ ਨੇ ਨੀਲੇ ਅਤੇ ਚਿੱਟੇ ਰੰਗ ਦਾ ਸ਼ਾਹੀ ਲਿਬਾਸ, ਸੋਨੇ ਦਾ ਸ਼ਾਨਦਾਰ ਤਾਜ ਅਤੇ ਵਧੀਆ ਉੱਨ ਦਾ ਬੈਂਗਣੀ ਚੋਗਾ ਪਾਇਆ ਹੋਇਆ ਸੀ।+ ਸ਼ੂਸ਼ਨ* ਸ਼ਹਿਰ ਦੇ ਲੋਕਾਂ ਨੇ ਬਹੁਤ ਖ਼ੁਸ਼ੀਆਂ ਮਨਾਈਆਂ। 16 ਯਹੂਦੀਆਂ ਨੂੰ ਰਾਹਤ* ਮਿਲੀ, ਉਹ ਖ਼ੁਸ਼ੀ ਨਾਲ ਨੱਚ-ਟੱਪ ਰਹੇ ਸਨ ਅਤੇ ਲੋਕਾਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਇੱਜ਼ਤ ਵਧ ਗਈ। 17 ਸਾਰੇ ਜ਼ਿਲ੍ਹਿਆਂ ਅਤੇ ਸਾਰੇ ਸ਼ਹਿਰਾਂ ਵਿਚ, ਜਿੱਥੇ ਕਿਤੇ ਵੀ ਰਾਜੇ ਦੇ ਫ਼ਰਮਾਨ ਅਤੇ ਕਾਨੂੰਨ ਦਾ ਐਲਾਨ ਕੀਤਾ ਗਿਆ, ਉੱਥੇ ਯਹੂਦੀ ਖ਼ੁਸ਼ੀ ਨਾਲ ਨੱਚ-ਟੱਪ ਰਹੇ ਸਨ, ਦਾਅਵਤਾਂ ਕਰ ਰਹੇ ਸਨ ਅਤੇ ਜਸ਼ਨ ਮਨਾ ਰਹੇ ਸਨ। ਬਹੁਤ ਸਾਰੇ ਲੋਕ ਯਹੂਦੀ ਬਣ ਗਏ+ ਕਿਉਂਕਿ ਉਨ੍ਹਾਂ ਉੱਤੇ ਯਹੂਦੀਆਂ ਦਾ ਡਰ ਛਾ ਗਿਆ।

9 12ਵੇਂ ਮਹੀਨੇ, ਯਾਨੀ ਅਦਾਰ* ਮਹੀਨੇ+ ਦੀ 13 ਤਾਰੀਖ਼ ਨੂੰ ਰਾਜੇ ਦੇ ਹੁਕਮ ਅਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਣੀ ਸੀ।+ ਯਹੂਦੀਆਂ ਦੇ ਦੁਸ਼ਮਣਾਂ ਨੇ ਸੋਚਿਆ ਸੀ ਕਿ ਉਸ ਦਿਨ ਉਹ ਉਨ੍ਹਾਂ ਨੂੰ ਹਰਾ ਦੇਣਗੇ, ਪਰ ਇਸ ਦੇ ਉਲਟ ਯਹੂਦੀਆਂ ਨੇ ਉਨ੍ਹਾਂ ਲੋਕਾਂ ਨੂੰ ਹਰਾ ਦਿੱਤਾ ਜੋ ਉਨ੍ਹਾਂ ਨਾਲ ਨਫ਼ਰਤ ਕਰਦੇ ਸਨ।+ 2 ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ+ ਯਹੂਦੀ ਉਨ੍ਹਾਂ ਲੋਕਾਂ ʼਤੇ ਹਮਲਾ ਕਰਨ ਲਈ ਆਪੋ-ਆਪਣੇ ਸ਼ਹਿਰਾਂ ਵਿਚ ਇਕੱਠੇ ਹੋਏ ਜੋ ਉਨ੍ਹਾਂ ਨੂੰ ਤਬਾਹ ਕਰਨਾ ਚਾਹੁੰਦੇ ਸਨ। ਯਹੂਦੀਆਂ ਸਾਮ੍ਹਣੇ ਕੋਈ ਵੀ ਟਿਕ ਨਾ ਸਕਿਆ ਕਿਉਂਕਿ ਸਾਰੇ ਲੋਕਾਂ ਉੱਤੇ ਉਨ੍ਹਾਂ ਦਾ ਖ਼ੌਫ਼ ਛਾ ਗਿਆ ਸੀ।+ 3 ਜ਼ਿਲ੍ਹਿਆਂ ਦੇ ਸਾਰੇ ਮੰਤਰੀ, ਸੂਬੇਦਾਰ,+ ਰਾਜਪਾਲ ਅਤੇ ਰਾਜੇ ਦਾ ਕੰਮ-ਕਾਰ ਸੰਭਾਲਣ ਵਾਲੇ ਲੋਕ ਯਹੂਦੀਆਂ ਦਾ ਸਾਥ ਦੇ ਰਹੇ ਸਨ ਕਿਉਂਕਿ ਉਹ ਮਾਰਦਕਈ ਤੋਂ ਡਰਦੇ ਸਨ। 4 ਮਾਰਦਕਈ ਰਾਜੇ ਦੇ ਮਹਿਲ ਵਿਚ ਤਾਕਤਵਰ ਬਣ ਗਿਆ।+ ਸਾਰੇ ਜ਼ਿਲ੍ਹਿਆਂ ਵਿਚ ਉਸ ਦਾ ਨਾਂ ਮਸ਼ਹੂਰ ਹੋ ਗਿਆ ਅਤੇ ਦਿਨ-ਬਦਿਨ ਉਸ ਦੀ ਤਾਕਤ ਵਧਦੀ ਗਈ।

5 ਯਹੂਦੀਆਂ ਨੇ ਆਪਣੇ ਸਾਰੇ ਦੁਸ਼ਮਣਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ ਅਤੇ ਉਨ੍ਹਾਂ ਦਾ ਨਾਸ਼ ਕਰ ਦਿੱਤਾ। ਯਹੂਦੀਆਂ ਨੇ ਨਫ਼ਰਤ ਕਰਨ ਵਾਲੇ ਲੋਕਾਂ ਨਾਲ ਆਪਣੀ ਮਨ-ਮਰਜ਼ੀ ਮੁਤਾਬਕ ਸਲੂਕ ਕੀਤਾ।+ 6 ਸ਼ੂਸ਼ਨ*+ ਦੇ ਕਿਲੇ* ਵਿਚ ਯਹੂਦੀਆਂ ਨੇ 500 ਆਦਮੀਆਂ ਨੂੰ ਮਾਰ ਮੁਕਾਇਆ। 7 ਨਾਲੇ ਇਨ੍ਹਾਂ ਨੂੰ ਵੀ ਮਾਰ ਦਿੱਤਾ ਗਿਆ: ਪਰਸ਼ਨਦਾਥਾ, ਦਿਲਫੋਨ, ਅਸਪਾਥਾ, 8 ਪੋਰਾਥਾ, ਅਦਲਯਾ, ਅਰੀਦਾਥਾ, 9 ਪਰਮਸ਼ਤਾ, ਅਰੀਸਈ, ਅਰੀਦਈ ਅਤੇ ਵੀਜ਼ਾਥਾ। 10 ਇਹ ਦਸ ਜਣੇ ਯਹੂਦੀਆਂ ਦੇ ਦੁਸ਼ਮਣ ਹਾਮਾਨ+ ਦੇ ਪੁੱਤਰ ਸਨ ਜੋ ਹਮਦਾਥਾ ਦਾ ਪੁੱਤਰ ਸੀ। ਪਰ ਉਨ੍ਹਾਂ ਨੂੰ ਮਾਰਨ ਤੋਂ ਬਾਅਦ ਯਹੂਦੀਆਂ ਨੇ ਉਨ੍ਹਾਂ ਦੇ ਘਰ-ਬਾਰ ਨਹੀਂ ਲੁੱਟੇ।+

11 ਉਸ ਦਿਨ ਸ਼ੂਸ਼ਨ* ਦੇ ਕਿਲੇ* ਵਿਚ ਮਾਰੇ ਗਏ ਲੋਕਾਂ ਦੀ ਗਿਣਤੀ ਰਾਜੇ ਨੂੰ ਦੱਸੀ ਗਈ।

12 ਰਾਜੇ ਨੇ ਰਾਣੀ ਅਸਤਰ ਨੂੰ ਕਿਹਾ: “ਸ਼ੂਸ਼ਨ* ਦੇ ਕਿਲੇ* ਵਿਚ ਯਹੂਦੀਆਂ ਨੇ 500 ਆਦਮੀਆਂ ਅਤੇ ਹਾਮਾਨ ਦੇ ਦਸ ਪੁੱਤਰਾਂ ਨੂੰ ਮਾਰ ਮੁਕਾਇਆ ਹੈ। ਤਾਂ ਫਿਰ, ਰਾਜੇ ਦੇ ਬਾਕੀ ਜ਼ਿਲ੍ਹਿਆਂ ਵਿਚ ਉਨ੍ਹਾਂ ਨੇ ਕਿੰਨੇ ਮਾਰੇ ਹੋਣੇ?+ ਹੁਣ ਤੇਰੀ ਕੀ ਫ਼ਰਿਆਦ ਹੈ? ਉਹ ਪੂਰੀ ਕੀਤੀ ਜਾਵੇਗੀ। ਅਤੇ ਤੂੰ ਹੋਰ ਕੀ ਚਾਹੁੰਦੀ ਹੈਂ? ਉਹ ਤੈਨੂੰ ਦਿੱਤਾ ਜਾਵੇਗਾ।” 13 ਅਸਤਰ ਨੇ ਜਵਾਬ ਦਿੱਤਾ: “ਜੇ ਮਹਾਰਾਜ ਨੂੰ ਚੰਗਾ ਲੱਗੇ,+ ਤਾਂ ਸ਼ੂਸ਼ਨ* ਵਿਚ ਯਹੂਦੀਆਂ ਨੂੰ ਅੱਜ ਦੇ ਕਾਨੂੰਨ ਮੁਤਾਬਕ ਕੱਲ੍ਹ ਵੀ ਕਾਰਵਾਈ ਕਰਨ ਦੀ ਇਜਾਜ਼ਤ ਦਿੱਤੀ ਜਾਵੇ।+ ਅਤੇ ਹਾਮਾਨ ਦੇ ਦਸ ਪੁੱਤਰਾਂ ਨੂੰ ਸੂਲ਼ੀ ʼਤੇ ਟੰਗਿਆ ਜਾਵੇ।”+ 14 ਰਾਜੇ ਨੇ ਇਸੇ ਤਰ੍ਹਾਂ ਕਰਨ ਦਾ ਹੁਕਮ ਦਿੱਤਾ। ਫਿਰ ਸ਼ੂਸ਼ਨ* ਵਿਚ ਇਕ ਕਾਨੂੰਨ ਜਾਰੀ ਕੀਤਾ ਗਿਆ ਅਤੇ ਹਾਮਾਨ ਦੇ ਦਸ ਪੁੱਤਰਾਂ ਨੂੰ ਸੂਲ਼ੀ ʼਤੇ ਟੰਗ ਦਿੱਤਾ ਗਿਆ।

15 ਅਦਾਰ ਮਹੀਨੇ ਦੀ 14 ਤਾਰੀਖ਼ ਨੂੰ ਸ਼ੂਸ਼ਨ* ਵਿਚ ਯਹੂਦੀ ਦੁਬਾਰਾ ਇਕੱਠੇ ਹੋਏ+ ਅਤੇ ਉਨ੍ਹਾਂ ਨੇ ਸ਼ੂਸ਼ਨ* ਵਿਚ 300 ਆਦਮੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਪਰ ਉਨ੍ਹਾਂ ਦੇ ਘਰ-ਬਾਰ ਨਹੀਂ ਲੁੱਟੇ।

16 ਰਾਜੇ ਦੇ ਜ਼ਿਲ੍ਹਿਆਂ ਵਿਚ ਬਾਕੀ ਯਹੂਦੀਆਂ ਨੇ ਵੀ ਇਕੱਠੇ ਹੋ ਕੇ ਆਪਣੀਆਂ ਜਾਨਾਂ ਦੀ ਰਾਖੀ ਕੀਤੀ।+ ਉਨ੍ਹਾਂ ਨੇ ਆਪਣੇ ਦੁਸ਼ਮਣਾਂ ਤੋਂ ਛੁਟਕਾਰਾ ਪਾਇਆ+ ਅਤੇ ਨਫ਼ਰਤ ਕਰਨ ਵਾਲੇ 75,000 ਲੋਕਾਂ ਨੂੰ ਜਾਨੋਂ ਮਾਰ ਦਿੱਤਾ, ਪਰ ਉਨ੍ਹਾਂ ਦੇ ਘਰ-ਬਾਰ ਨਹੀਂ ਲੁੱਟੇ। 17 ਇਹ ਸਭ ਕੁਝ ਅਦਾਰ ਮਹੀਨੇ ਦੀ 13 ਤਾਰੀਖ਼ ਨੂੰ ਹੋਇਆ ਅਤੇ 14 ਤਾਰੀਖ਼ ਨੂੰ ਉਨ੍ਹਾਂ ਨੇ ਆਰਾਮ ਕੀਤਾ ਅਤੇ ਉਸ ਦਿਨ ਦਾਅਵਤਾਂ ਕੀਤੀਆਂ ਅਤੇ ਖ਼ੁਸ਼ੀਆਂ ਮਨਾਈਆਂ।

18 ਸ਼ੂਸ਼ਨ* ਵਿਚ ਯਹੂਦੀ 13 ਅਤੇ 14 ਤਾਰੀਖ਼ ਨੂੰ ਇਕੱਠੇ ਹੋਏ*+ ਅਤੇ 15 ਤਾਰੀਖ਼ ਨੂੰ ਉਨ੍ਹਾਂ ਨੇ ਆਰਾਮ ਕੀਤਾ ਅਤੇ ਉਸ ਦਿਨ ਦਾਅਵਤਾਂ ਕੀਤੀਆਂ ਅਤੇ ਖ਼ੁਸ਼ੀਆਂ ਮਨਾਈਆਂ। 19 ਪਰ ਰਾਜਧਾਨੀ ਤੋਂ ਬਾਹਰਲੇ ਜ਼ਿਲ੍ਹਿਆਂ ਦੇ ਸ਼ਹਿਰਾਂ ਵਿਚ ਰਹਿਣ ਵਾਲੇ ਯਹੂਦੀਆਂ ਨੇ ਅਦਾਰ ਮਹੀਨੇ ਦੀ 14 ਤਾਰੀਖ਼ ਨੂੰ ਖ਼ੁਸ਼ੀਆਂ ਮਨਾਈਆਂ ਅਤੇ ਉਸ ਦਿਨ ਦਾਅਵਤਾਂ ਕੀਤੀਆਂ, ਜਸ਼ਨ ਮਨਾਏ+ ਅਤੇ ਇਕ-ਦੂਜੇ ਨੂੰ ਖਾਣ-ਪੀਣ ਦੀਆਂ ਚੀਜ਼ਾਂ ਘੱਲੀਆਂ।+

20 ਮਾਰਦਕਈ+ ਨੇ ਇਨ੍ਹਾਂ ਘਟਨਾਵਾਂ ਨੂੰ ਲਿਖ ਲਿਆ ਅਤੇ ਰਾਜਾ ਅਹਸ਼ਵੇਰੋਸ਼ ਦੇ ਦੂਰ-ਨੇੜੇ ਦੇ ਸਾਰੇ ਜ਼ਿਲ੍ਹਿਆਂ ਵਿਚ ਰਹਿੰਦੇ ਸਾਰੇ ਯਹੂਦੀਆਂ ਨੂੰ ਚਿੱਠੀਆਂ ਘੱਲੀਆਂ। 21 ਉਸ ਨੇ ਉਨ੍ਹਾਂ ਨੂੰ ਹਿਦਾਇਤ ਦਿੱਤੀ ਕਿ ਉਹ ਹਰ ਸਾਲ ਅਦਾਰ ਮਹੀਨੇ ਦੀ 14 ਅਤੇ 15 ਤਾਰੀਖ਼ ਨੂੰ ਤਿਉਹਾਰ ਮਨਾਉਣ 22 ਕਿਉਂਕਿ ਉਨ੍ਹੀਂ ਦਿਨੀਂ ਯਹੂਦੀਆਂ ਨੇ ਆਪਣੇ ਦੁਸ਼ਮਣਾਂ ਤੋਂ ਆਰਾਮ ਪਾਇਆ ਅਤੇ ਉਸ ਮਹੀਨੇ ਉਨ੍ਹਾਂ ਦਾ ਗਮ ਖ਼ੁਸ਼ੀ ਵਿਚ ਅਤੇ ਸੋਗ+ ਜਸ਼ਨ ਵਿਚ ਬਦਲ ਗਿਆ। ਉਨ੍ਹਾਂ ਨੇ ਇਨ੍ਹਾਂ ਦਿਨਾਂ ʼਤੇ ਦਾਅਵਤਾਂ ਕਰਨੀਆਂ ਸਨ, ਖ਼ੁਸ਼ੀਆਂ ਮਨਾਉਣੀਆਂ ਸਨ, ਇਕ-ਦੂਜੇ ਨੂੰ ਖਾਣ-ਪੀਣ ਦੀਆਂ ਚੀਜ਼ਾਂ ਘੱਲਣੀਆਂ ਸਨ ਅਤੇ ਗ਼ਰੀਬਾਂ ਨੂੰ ਤੋਹਫ਼ੇ ਦੇਣੇ ਸਨ।

23 ਅਤੇ ਯਹੂਦੀਆਂ ਨੇ ਜੋ ਜਸ਼ਨ ਮਨਾਉਣਾ ਸ਼ੁਰੂ ਕੀਤਾ ਸੀ, ਉਸ ਨੂੰ ਜਾਰੀ ਰੱਖਣ ਲਈ ਅਤੇ ਉਹ ਸਭ ਕੁਝ ਕਰਨ ਲਈ ਸਹਿਮਤ ਹੋ ਗਏ ਜੋ ਮਾਰਦਕਈ ਨੇ ਉਨ੍ਹਾਂ ਨੂੰ ਲਿਖਿਆ ਸੀ। 24 ਕਿਉਂਕਿ ਅਗਾਗੀ+ ਹਮਦਾਥਾ ਦੇ ਪੁੱਤਰ, ਸਾਰੇ ਯਹੂਦੀਆਂ ਦੇ ਦੁਸ਼ਮਣ ਹਾਮਾਨ+ ਨੇ ਯਹੂਦੀਆਂ ਨੂੰ ਨਾਸ਼ ਕਰਨ ਦੀ ਸਾਜ਼ਸ਼ ਘੜੀ ਸੀ+ ਤੇ ਉਨ੍ਹਾਂ ਵਿਚ ਦਹਿਸ਼ਤ ਫੈਲਾਉਣ ਅਤੇ ਉਨ੍ਹਾਂ ਦਾ ਨਾਸ਼ ਕਰਨ ਲਈ ਪੁਰ ਯਾਨੀ ਗੁਣੇ ਪਾਏ ਸਨ।+ 25 ਪਰ ਜਦ ਅਸਤਰ ਰਾਜੇ ਸਾਮ੍ਹਣੇ ਆਈ, ਤਾਂ ਰਾਜੇ ਨੇ ਇਹ ਲਿਖਤੀ ਹੁਕਮ ਦਿੱਤੇ:+ “ਹਾਮਾਨ ਦਾ ਵੀ ਉਹੀ ਹਸ਼ਰ ਕੀਤਾ ਜਾਵੇ ਜੋ ਉਸ ਨੇ ਯਹੂਦੀਆਂ ਦਾ ਕਰਨ ਬਾਰੇ ਸੋਚਿਆ ਸੀ।”+ ਅਤੇ ਉਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਸੂਲ਼ੀ ʼਤੇ ਟੰਗ ਦਿੱਤਾ।+ 26 ਇਸੇ ਕਰਕੇ ਉਨ੍ਹਾਂ ਨੇ ਇਸ ਤਿਉਹਾਰ ਦਾ ਨਾਂ ਪੁਰ* ਦੇ ਨਾਂ ʼਤੇ ਪੁਰੀਮ ਰੱਖਿਆ।+ ਉਸ ਚਿੱਠੀ ਵਿਚ ਜੋ ਲਿਖਿਆ ਗਿਆ ਸੀ ਅਤੇ ਜੋ ਉਨ੍ਹਾਂ ਨੇ ਦੇਖਿਆ ਸੀ ਅਤੇ ਜੋ ਉਨ੍ਹਾਂ ਨਾਲ ਹੋਇਆ ਸੀ, ਉਸ ਕਰਕੇ 27 ਯਹੂਦੀਆਂ ਨੇ ਧਾਰ ਲਿਆ ਕਿ ਉਹ, ਉਨ੍ਹਾਂ ਦੀ ਔਲਾਦ ਅਤੇ ਉਨ੍ਹਾਂ ਦੇ ਨਾਲ ਰਲ਼ੇ ਸਾਰੇ ਲੋਕ+ ਹਰ ਸਾਲ ਮਿਥੇ ਸਮੇਂ ਤੇ ਇਹ ਦੋ ਦਿਨ ਮਨਾਉਣਗੇ ਅਤੇ ਇਨ੍ਹਾਂ ਦਿਨਾਂ ਬਾਰੇ ਲਿਖੀਆਂ ਗੱਲਾਂ ਮੁਤਾਬਕ ਚੱਲਣਗੇ। 28 ਹਰ ਪੀੜ੍ਹੀ, ਹਰ ਪਰਿਵਾਰ, ਹਰ ਜ਼ਿਲ੍ਹੇ ਅਤੇ ਸ਼ਹਿਰ ਦੇ ਲੋਕ ਇਹ ਦਿਨ ਯਾਦ ਰੱਖਣ ਤੇ ਮਨਾਉਣ। ਯਹੂਦੀ ਪੁਰੀਮ ਦੇ ਇਨ੍ਹਾਂ ਦਿਨਾਂ ਨੂੰ ਮਨਾਉਣ ਦੀ ਰੀਤ ਕਦੀ ਨਾ ਤੋੜਨ ਅਤੇ ਉਨ੍ਹਾਂ ਦੀ ਔਲਾਦ ਇਨ੍ਹਾਂ ਦਿਨਾਂ ਨੂੰ ਨਾ ਭੁਲਾਵੇ।

29 ਫਿਰ ਅਬੀਹੈਲ ਦੀ ਕੁੜੀ ਰਾਣੀ ਅਸਤਰ ਅਤੇ ਯਹੂਦੀ ਮਾਰਦਕਈ ਨੇ ਪੁਰੀਮ ਦਾ ਤਿਉਹਾਰ ਮਨਾਉਣ ਦੀ ਰੀਤ ਨੂੰ ਪੱਕਾ ਕਰਨ ਲਈ ਪੂਰੇ ਅਧਿਕਾਰ ਨਾਲ ਦੂਸਰੀ ਚਿੱਠੀ ਲਿਖੀ। 30 ਮਾਰਦਕਈ ਨੇ ਅਹਸ਼ਵੇਰੋਸ਼ ਦੇ ਰਾਜ+ ਦੇ 127 ਜ਼ਿਲ੍ਹਿਆਂ+ ਵਿਚ ਸਾਰੇ ਯਹੂਦੀਆਂ ਨੂੰ ਚਿੱਠੀਆਂ ਭੇਜੀਆਂ ਜਿਨ੍ਹਾਂ ਵਿਚ ਸ਼ਾਂਤੀ ਅਤੇ ਸੱਚਾਈ ਦੀਆਂ ਗੱਲਾਂ ਲਿਖੀਆਂ ਹੋਈਆਂ ਸਨ। 31 ਇਹ ਚਿੱਠੀਆਂ ਯਹੂਦੀ ਮਾਰਦਕਈ ਅਤੇ ਰਾਣੀ ਅਸਤਰ ਦੀ ਹਿਦਾਇਤ ਅਨੁਸਾਰ ਮਿਥੇ ਹੋਏ ਸਮੇਂ ਤੇ ਪੁਰੀਮ ਦਾ ਤਿਉਹਾਰ ਮਨਾਉਣ ਦੀ ਰੀਤ ਨੂੰ ਪੱਕਾ ਕਰਨ ਲਈ ਲਿਖੀਆਂ ਗਈਆਂ ਸਨ+ ਅਤੇ ਯਹੂਦੀਆਂ ਨੇ ਤੇ ਉਨ੍ਹਾਂ ਦੀ ਔਲਾਦ ਨੇ ਫ਼ੈਸਲਾ ਕੀਤਾ ਸੀ+ ਕਿ ਉਹ ਵਰਤ ਰੱਖਣਗੇ,+ ਫ਼ਰਿਆਦਾਂ ਕਰਨਗੇ+ ਅਤੇ ਹੋਰ ਸਾਰੀਆਂ ਗੱਲਾਂ ਦੀ ਪਾਲਣਾ ਕਰਨਗੇ। 32 ਅਸਤਰ ਦੇ ਹੁਕਮ ਨਾਲ ਪੁਰੀਮ+ ਬਾਰੇ ਇਹ ਗੱਲਾਂ ਪੱਕੀਆਂ ਕੀਤੀਆਂ ਗਈਆਂ ਅਤੇ ਇਕ ਕਿਤਾਬ ਵਿਚ ਲਿਖੀਆਂ ਗਈਆਂ।

10 ਰਾਜਾ ਅਹਸ਼ਵੇਰੋਸ਼ ਆਪਣੇ ਰਾਜ ਵਿਚ ਜ਼ਮੀਨ ਅਤੇ ਸਮੁੰਦਰੀ ਟਾਪੂਆਂ ʼਤੇ ਰਹਿੰਦੇ ਲੋਕਾਂ ਤੋਂ ਜ਼ਬਰਦਸਤੀ ਮਜ਼ਦੂਰੀ ਕਰਵਾਉਂਦਾ ਸੀ।

2 ਉਸ ਦੇ ਵੱਡੇ-ਵੱਡੇ ਅਤੇ ਸ਼ਕਤੀਸ਼ਾਲੀ ਕੰਮਾਂ ਬਾਰੇ ਅਤੇ ਰਾਜੇ ਦੁਆਰਾ ਉੱਚਾ ਕੀਤੇ ਜਾਣ ਕਰਕੇ ਮਾਰਦਕਈ ਕਿੰਨਾ ਮਹਾਨ ਬਣਿਆ,+ ਉਸ ਦਾ ਪੂਰਾ ਵੇਰਵਾ ਮਾਦੀ-ਫਾਰਸੀ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਗਿਆ ਹੈ।+ 3 ਯਹੂਦੀ ਮਾਰਦਕਈ ਰਾਜਾ ਅਹਸ਼ਵੇਰੋਸ਼ ਤੋਂ ਦੂਜੇ ਦਰਜੇ ʼਤੇ ਸੀ। ਉਹ ਯਹੂਦੀਆਂ ਵਿਚ ਮੰਨਿਆ-ਪ੍ਰਮੰਨਿਆ* ਸੀ ਅਤੇ ਉਸ ਦੇ ਸਾਰੇ ਭਰਾ ਉਸ ਦਾ ਆਦਰ ਕਰਦੇ ਸਨ। ਉਹ ਆਪਣੇ ਲੋਕਾਂ ਦੀ ਭਲਾਈ ਲਈ ਅਤੇ ਉਨ੍ਹਾਂ ਦੀ ਸੰਤਾਨ ਦੀ ਖ਼ੁਸ਼ਹਾਲੀ ਲਈ ਕੰਮ ਕਰਦਾ ਸੀ।*

ਮੰਨਿਆ ਜਾਂਦਾ ਹੈ ਕਿ ਇਹ ਜ਼ਰਕਸੀਜ਼ ਪਹਿਲਾ ਸੀ ਜੋ ਦਾਰਾ ਮਹਾਨ (ਡਰਾਇਸ ਹਿੱਸਟੈਸਪਸ) ਦਾ ਪੁੱਤਰ ਸੀ।

ਜਾਂ, “ਕੂਸ਼।”

ਜਾਂ, “ਸੂਸਾ।”

ਜਾਂ, “ਮਹਿਲ।”

ਜਾਂ, “ਸੂਸਾ।”

ਜਾਂ, “ਮਹਿਲ।”

ਜਾਂ, “ਭਾਂਡਿਆਂ; ਕਟੋਰਿਆਂ।”

ਯਾਨੀ, ਆਪਣੀ ਇੱਛਾ ਅਨੁਸਾਰ ਥੋੜ੍ਹੀ ਜਾਂ ਜ਼ਿਆਦਾ।

ਜਾਂ, “ਪਗੜੀ।”

ਇਬ, “ਸਮਿਆਂ।”

ਜਾਂ, “ਲਿਖਣ ਦੇ ਤਰੀਕੇ।”

ਜਾਂ, “ਪ੍ਰਧਾਨ।”

ਜਾਂ, “ਸੂਸਾ।”

ਜਾਂ, “ਮਹਿਲ।”

ਜਾਂ, “ਜ਼ਨਾਨਖ਼ਾਨੇ।”

ਇਬ, “ਖੁਸਰੇ।”

ਜਾਂ, “ਮਾਲਸ਼ਾਂ ਕੀਤੀਆਂ ਜਾਣ।”

ਜਾਂ, “ਸੂਸਾ।”

ਜਾਂ, “ਮਹਿਲ।”

ਜਾਂ, “ਭਰਾ।”

ਜਾਂ, “ਸੂਸਾ।”

ਜਾਂ, “ਮਹਿਲ।”

ਜਾਂ, “ਉਸ ਨੂੰ ਅਟੱਲ ਪਿਆਰ ਦਿਖਾਇਆ।”

ਜਾਂ, “ਦੀਆਂ ਮਾਲਸ਼ਾਂ ਕਰਾਉਣ।”

ਜਾਂ, “ਜ਼ਨਾਨਖ਼ਾਨੇ।”

ਜਾਂ, “ਜ਼ਨਾਨਖ਼ਾਨੇ।”

ਜਾਂ, “ਦੀਆਂ ਮਾਲਸ਼ਾਂ ਕਰਨ ਦਾ।”

ਜਾਂ, “ਦੀਆਂ ਮਾਲਸ਼ਾਂ ਕੀਤੀਆਂ ਜਾਂਦੀਆਂ ਸਨ।”

ਜਾਂ, “ਜ਼ਨਾਨਖ਼ਾਨੇ।”

ਇਬ, “ਖੁਸਰੇ।”

ਇਬ, “ਖੁਸਰੇ।”

ਵਧੇਰੇ ਜਾਣਕਾਰੀ 2.15 ਦੇਖੋ।

ਜਾਂ, “ਅਟੱਲ ਪਿਆਰ।”

ਜਾਂ, “ਪਗੜੀ।”

ਜਾਂ, “ਟੈਕਸ ਤੋਂ ਛੋਟ ਦਿੱਤੀ ਜਾਵੇ।”

ਜਾਂ, “ਦਰਬਾਰ ਵਿਚ ਇਕ ਮੰਤਰੀ ਸੀ।”

ਇਬ, “ਹੱਥ ਪਾਉਣ।”

ਜਾਂ, “ਮਾਰਦਕਈ ਵੱਲੋਂ।”

ਇਬ, “ਹੱਥ ਪਾ ਕੇ।”

ਵਧੇਰੇ ਜਾਣਕਾਰੀ 2.15 ਦੇਖੋ।

ਵਧੇਰੇ ਜਾਣਕਾਰੀ 2.15 ਦੇਖੋ।

ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ ਸੰਭਵ ਹੈ, “ਜਿਹੜੇ ਲੋਕ ਇਹ ਕੰਮ ਕਰਨਗੇ, ਮੈਂ ਉਨ੍ਹਾਂ ਲਈ ਸ਼ਾਹੀ ਖ਼ਜ਼ਾਨੇ ਵਾਸਤੇ 10,000 ਕਿੱਕਾਰ ਚਾਂਦੀ ਦਿਆਂਗਾ।”

ਜਾਂ, “ਲਿਖਣ ਦੇ ਤਰੀਕੇ।”

ਜਾਂ, “ਸੂਸਾ।”

ਜਾਂ, “ਮਹਿਲ।”

ਜਾਂ, “ਸੂਸਾ।”

ਇਬ, “ਖੁਸਰੇ।”

ਜਾਂ, “ਸੂਸਾ।”

ਜਾਂ, “ਸੂਸਾ।”

ਲਗਭਗ 22.3 ਮੀਟਰ (73 ਫੁੱਟ)। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਰਾਜੇ ਦੀ ਨੀਂਦ ਉੱਡ ਗਈ।”

ਇਬ, “ਹੱਥ ਪਾਉਣ।”

ਜਾਂ, “ਯਹੂਦੀਆਂ ਦੀ ਸੰਤਾਨ ਵਿੱਚੋਂ ਹੈ।”

ਲਗਭਗ 22.3 ਮੀਟਰ (73 ਫੁੱਟ)। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਵਿਰੁੱਧ ਹੱਥ ਚੁੱਕਿਆ ਸੀ।”

ਵਧੇਰੇ ਜਾਣਕਾਰੀ 2.15 ਦੇਖੋ।

ਜਾਂ, “ਲਿਖਣ ਦੇ ਤਰੀਕੇ।”

ਜਾਂ, “ਲਿਖਣ ਦੇ ਤਰੀਕੇ।”

ਵਧੇਰੇ ਜਾਣਕਾਰੀ 2.15 ਦੇਖੋ।

ਜਾਂ, “ਦੀ ਨਕਲ।”

ਜਾਂ, “ਸੂਸਾ।”

ਜਾਂ, “ਮਹਿਲ।”

ਜਾਂ, “ਸੂਸਾ।”

ਇਬ, “ਰੌਸ਼ਨੀ।”

ਵਧੇਰੇ ਜਾਣਕਾਰੀ 2.15 ਦੇਖੋ।

ਜਾਂ, “ਸੂਸਾ।”

ਜਾਂ, “ਮਹਿਲ।”

ਜਾਂ, “ਸੂਸਾ।”

ਜਾਂ, “ਮਹਿਲ।”

ਜਾਂ, “ਸੂਸਾ।”

ਜਾਂ, “ਮਹਿਲ।”

ਜਾਂ, “ਸੂਸਾ।”

ਜਾਂ, “ਸੂਸਾ।”

ਜਾਂ, “ਸੂਸਾ।”

ਜਾਂ, “ਸੂਸਾ।”

ਜਾਂ, “ਸੂਸਾ।”

ਯਾਨੀ, ਆਪਣੀਆਂ ਜਾਨਾਂ ਦੀ ਰਾਖੀ ਕਰਨ ਲਈ ਇਕੱਠੇ ਹੋਏ।

“ਪੁਰ” ਦਾ ਮਤਲਬ ਹੈ “ਗੁਣਾ।” ਇਸ ਦੇ ਬਹੁਵਚਨ “ਪੁਰੀਮ” ਮੁਤਾਬਕ ਉਸ ਯਹੂਦੀ ਤਿਉਹਾਰ ਦਾ ਨਾਂ ਰੱਖਿਆ ਗਿਆ ਜੋ ਧਾਰਮਿਕ ਕਲੰਡਰ ਦੇ 12ਵੇਂ ਮਹੀਨੇ ਵਿਚ ਮਨਾਇਆ ਜਾਂਦਾ ਸੀ। ਵਧੇਰੇ ਜਾਣਕਾਰੀ 2.15 ਦੇਖੋ।

ਜਾਂ, “ਇੱਜ਼ਤਦਾਰ।”

ਇਬ, “ਸ਼ਾਂਤੀ ਦੀਆਂ ਗੱਲਾਂ ਕਰਦਾ ਸੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ