ਯੂਹੰਨਾ ਨੂੰ ਗਿਆਨ ਦਾ ਪ੍ਰਕਾਸ਼
1 ਇਹ ਉਹ ਗੱਲਾਂ ਹਨ ਜਿਹੜੀਆਂ ਯਿਸੂ ਮਸੀਹ ਰਾਹੀਂ ਪ੍ਰਗਟ ਕੀਤੀਆਂ ਗਈਆਂ ਹਨ। ਪਰਮੇਸ਼ੁਰ ਨੇ ਉਸ ਨੂੰ ਇਹ ਗੱਲਾਂ ਦੱਸੀਆਂ ਸਨ ਤਾਂਕਿ ਉਹ ਪਰਮੇਸ਼ੁਰ ਦੇ ਸੇਵਕਾਂ ਨੂੰ ਦਿਖਾ ਸਕੇ ਕਿ ਬਹੁਤ ਜਲਦੀ ਕੀ-ਕੀ ਹੋਣ ਵਾਲਾ ਹੈ। ਫਿਰ ਮਸੀਹ ਨੇ ਆਪਣਾ ਦੂਤ ਘੱਲ ਕੇ ਨਿਸ਼ਾਨੀਆਂ ਰਾਹੀਂ ਇਹ ਗੱਲਾਂ ਆਪਣੇ ਸੇਵਕ ਯੂਹੰਨਾ ਨੂੰ ਪ੍ਰਗਟ ਕੀਤੀਆਂ। 2 ਯੂਹੰਨਾ ਨੇ ਪਰਮੇਸ਼ੁਰ ਦਾ ਸੰਦੇਸ਼ ਸੁਣਾਇਆ ਸੀ ਅਤੇ ਯਿਸੂ ਮਸੀਹ ਦੁਆਰਾ ਦਿੱਤੀ ਗਵਾਹੀ ਬਾਰੇ ਦੱਸਿਆ ਸੀ ਯਾਨੀ ਉਹ ਸਾਰੀਆਂ ਗੱਲਾਂ ਦੱਸੀਆਂ ਜੋ ਉਸ ਨੇ ਦੇਖੀਆਂ ਸਨ। 3 ਖ਼ੁਸ਼ ਹੈ ਉਹ ਇਨਸਾਨ ਜਿਹੜਾ ਇਸ ਭਵਿੱਖਬਾਣੀ* ਨੂੰ ਉੱਚੀ ਆਵਾਜ਼ ਵਿਚ ਪੜ੍ਹਦਾ ਹੈ ਅਤੇ ਉਹ ਵੀ ਖ਼ੁਸ਼ ਹਨ ਜਿਹੜੇ ਇਸ ਨੂੰ ਸੁਣਦੇ ਹਨ ਅਤੇ ਇਸ ਵਿਚ ਲਿਖੀਆਂ ਗੱਲਾਂ ਦੀ ਪਾਲਣਾ ਕਰਦੇ ਹਨ; ਕਿਉਂਕਿ ਮਿਥਿਆ ਸਮਾਂ ਨੇੜੇ ਆ ਗਿਆ ਹੈ।
4 ਮੈਂ ਯੂਹੰਨਾ, ਏਸ਼ੀਆ* ਜ਼ਿਲ੍ਹੇ ਦੀਆਂ ਸੱਤ ਮੰਡਲੀਆਂ ਨੂੰ ਲਿਖ ਰਿਹਾ ਹਾਂ:
ਮੇਰੀ ਦੁਆ ਹੈ ਕਿ “ਪਰਮੇਸ਼ੁਰ, ਜੋ ਸੀ ਅਤੇ ਜੋ ਹੈ ਅਤੇ ਜੋ ਆ ਰਿਹਾ ਹੈ,” ਅਤੇ ਸੱਤ ਪਵਿੱਤਰ ਸ਼ਕਤੀਆਂ* ਜਿਹੜੀਆਂ ਉਸ ਦੇ ਸਿੰਘਾਸਣ ਦੇ ਸਾਮ੍ਹਣੇ ਹਨ, ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਣ 5 ਅਤੇ ਯਿਸੂ ਮਸੀਹ ਵੀ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ੇ ਜਿਹੜਾ “ਵਫ਼ਾਦਾਰ ਗਵਾਹ,” “ਮਰੇ ਹੋਇਆਂ ਵਿੱਚੋਂ ਜੀਉਂਦਾ ਹੋਇਆ ਜੇਠਾ” ਅਤੇ “ਧਰਤੀ ਦੇ ਰਾਜਿਆਂ ਦਾ ਰਾਜਾ” ਹੈ।
ਯਿਸੂ ਸਾਡੇ ਨਾਲ ਪਿਆਰ ਕਰਦਾ ਹੈ ਅਤੇ ਉਸ ਨੇ ਆਪਣੇ ਲਹੂ ਦੇ ਰਾਹੀਂ ਸਾਨੂੰ ਸਾਡੇ ਪਾਪਾਂ ਤੋਂ ਮੁਕਤ ਕਰਾਇਆ ਹੈ 6 ਅਤੇ ਉਸ ਨੇ ਸਾਨੂੰ ਰਾਜੇ ਅਤੇ ਪੁਜਾਰੀ ਬਣਾਇਆ ਹੈ ਤਾਂਕਿ ਅਸੀਂ ਉਸ ਦੇ ਪਰਮੇਸ਼ੁਰ ਅਤੇ ਪਿਤਾ ਦੀ ਸੇਵਾ ਕਰੀਏ। ਯਿਸੂ ਦੀ ਮਹਿਮਾ ਯੁਗੋ-ਯੁਗ ਹੋਵੇ ਅਤੇ ਤਾਕਤ ਹਮੇਸ਼ਾ ਉਸੇ ਦੀ ਰਹੇ। ਆਮੀਨ।
7 ਦੇਖੋ! ਉਹ ਬੱਦਲਾਂ ਵਿਚ ਆ ਰਿਹਾ ਹੈ, ਅਤੇ ਹਰ ਕੋਈ ਉਸ ਨੂੰ ਦੇਖੇਗਾ। ਜਿਨ੍ਹਾਂ ਨੇ ਉਸ ਨੂੰ ਵਿੰਨ੍ਹਿਆ ਸੀ, ਉਹ ਵੀ ਉਸ ਨੂੰ ਦੇਖਣਗੇ; ਉਸ ਕਰਕੇ ਧਰਤੀ ਦੀਆਂ ਸਾਰੀਆਂ ਕੌਮਾਂ ਦੁੱਖ ਦੇ ਮਾਰੇ ਛਾਤੀ ਪਿੱਟਣਗੀਆਂ। ਹਾਂ, ਇਹ ਜ਼ਰੂਰ ਹੋਵੇਗਾ। ਆਮੀਨ।
8 “ਮੈਂ ਹੀ ‘ਸ਼ੁਰੂਆਤ ਅਤੇ ਅੰਤ’* ਹਾਂ,” ਯਹੋਵਾਹ ਪਰਮੇਸ਼ੁਰ ਕਹਿੰਦਾ ਹੈ, “ਜੋ ਸੀ ਅਤੇ ਜੋ ਹੈ ਅਤੇ ਜੋ ਆ ਰਿਹਾ ਹੈ ਅਤੇ ਜੋ ਸਰਬਸ਼ਕਤੀਮਾਨ ਹੈ।”
9 ਮੈਂ ਯੂਹੰਨਾ, ਯਿਸੂ ਦਾ ਚੇਲਾ ਹੋਣ ਕਰਕੇ ਤੁਹਾਡਾ ਭਰਾ ਹਾਂ ਅਤੇ ਮੈਂ ਤੁਹਾਡੇ ਵਾਂਗ ਦੁੱਖ ਝੱਲੇ ਹਨ, ਤੁਹਾਡੇ ਵਾਂਗ ਧੀਰਜ ਰੱਖਿਆ ਹੈ ਅਤੇ ਤੁਹਾਡੇ ਨਾਲ ਰਾਜ ਵਿਚ ਹਿੱਸੇਦਾਰ ਹਾਂ। ਪਰਮੇਸ਼ੁਰ ਬਾਰੇ ਦੱਸਣ ਅਤੇ ਯਿਸੂ ਬਾਰੇ ਗਵਾਹੀ ਦੇਣ ਕਰਕੇ ਮੈਂ ਪਾਤਮੁਸ ਟਾਪੂ ਉੱਤੇ ਹਾਂ। 10 ਪਵਿੱਤਰ ਸ਼ਕਤੀ ਰਾਹੀਂ ਮੈਂ ਪ੍ਰਭੂ ਦੇ ਦਿਨ ਵਿਚ ਆਇਆ ਅਤੇ ਮੈਂ ਆਪਣੇ ਪਿੱਛਿਓਂ ਇਕ ਜ਼ੋਰਦਾਰ ਆਵਾਜ਼ ਸੁਣੀ ਜਿਵੇਂ ਤੁਰ੍ਹੀ ਦੀ ਹੁੰਦੀ ਹੈ। 11 ਉਸ ਆਵਾਜ਼ ਨੇ ਕਿਹਾ: “ਤੂੰ ਜੋ ਵੀ ਦੇਖਦਾ ਹੈਂ, ਉਹ ਸਾਰਾ ਕੁਝ ਇਕ ਕਿਤਾਬ* ਵਿਚ ਲਿਖ ਕੇ ਉਨ੍ਹਾਂ ਸੱਤਾਂ ਮੰਡਲੀਆਂ ਨੂੰ ਘੱਲ ਦੇ ਜਿਹੜੀਆਂ ਅਫ਼ਸੁਸ, ਸਮੁਰਨੇ, ਪਰਗਮੁਮ, ਥੂਆਤੀਰਾ, ਸਾਰਦੀਸ, ਫ਼ਿਲਦਲਫ਼ੀਆ ਅਤੇ ਲਾਉਦਿਕੀਆ ਵਿਚ ਹਨ।”
12 ਅਤੇ ਮੈਂ ਇਹ ਦੇਖਣ ਲਈ ਪਿੱਛੇ ਮੁੜਿਆ ਕਿ ਕੌਣ ਮੇਰੇ ਨਾਲ ਗੱਲ ਕਰ ਰਿਹਾ ਸੀ ਅਤੇ ਜਦੋਂ ਮੈਂ ਮੁੜਿਆ, ਤਾਂ ਮੈਂ ਸੋਨੇ ਦੇ ਸੱਤ ਸ਼ਮਾਦਾਨ ਦੇਖੇ 13 ਅਤੇ ਉਨ੍ਹਾਂ ਸ਼ਮਾਦਾਨਾਂ ਦੇ ਵਿਚਕਾਰ ਕੋਈ ਜਣਾ ਖੜ੍ਹਾ ਸੀ ਜਿਹੜਾ ਮਨੁੱਖ ਦੇ ਪੁੱਤਰ ਵਰਗਾ ਸੀ ਅਤੇ ਉਸ ਨੇ ਪੈਰਾਂ ਤਕ ਇਕ ਲੰਬਾ ਚੋਗਾ ਪਾਇਆ ਹੋਇਆ ਸੀ ਅਤੇ ਸੁਨਹਿਰੇ ਰੰਗ ਦਾ ਸੀਨਾਬੰਦ ਬੰਨ੍ਹਿਆ ਹੋਇਆ ਸੀ। 14 ਇਸ ਤੋਂ ਇਲਾਵਾ, ਉਸ ਦੇ ਸਿਰ ਦੇ ਵਾਲ਼ ਚਿੱਟੀ ਉੱਨ ਤੇ ਬਰਫ਼ ਵਾਂਗ ਚਿੱਟੇ ਸਨ ਅਤੇ ਉਸ ਦੀਆਂ ਅੱਖਾਂ ਅੱਗ ਦੀਆਂ ਲਾਟਾਂ ਵਰਗੀਆਂ ਸਨ; 15 ਅਤੇ ਉਸ ਦੇ ਪੈਰ ਖ਼ਾਲਸ ਤਾਂਬੇ ਵਰਗੇ ਸਨ ਜੋ ਭੱਠੀ ਵਿਚ ਲਿਸ਼ਕਦਾ ਹੈ ਅਤੇ ਉਸ ਦੀ ਆਵਾਜ਼ ਤੇਜ਼ ਵਹਿੰਦੇ ਪਾਣੀ ਵਰਗੀ ਸੀ। 16 ਉਸ ਦੇ ਸੱਜੇ ਹੱਥ ਵਿਚ ਸੱਤ ਤਾਰੇ ਸਨ ਅਤੇ ਉਸ ਦੇ ਮੂੰਹ ਵਿੱਚੋਂ ਇਕ ਤਿੱਖੀ, ਲੰਬੀ ਤੇ ਦੋ-ਧਾਰੀ ਤਲਵਾਰ ਨਿਕਲ ਰਹੀ ਸੀ ਅਤੇ ਉਸ ਦਾ ਚਿਹਰਾ ਇੰਨਾ ਚਮਕ ਰਿਹਾ ਸੀ ਜਿਵੇਂ ਸੂਰਜ ਤੇਜ਼ ਚਮਕਦਾ ਹੈ। 17 ਜਦੋਂ ਮੈਂ ਉਸ ਨੂੰ ਦੇਖਿਆ, ਤਾਂ ਮੈਂ ਉਸ ਦੇ ਪੈਰਾਂ ਵਿਚ ਮਰਿਆਂ ਵਾਂਗ ਡਿਗ ਪਿਆ।
ਉਸ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖ ਕੇ ਕਿਹਾ: “ਨਾ ਡਰ। ਮੈਂ ਹੀ ‘ਪਹਿਲਾ ਅਤੇ ਆਖ਼ਰੀ’ ਹਾਂ, 18 ਅਤੇ ਮੈਂ ਜੀਉਂਦਾ ਹਾਂ। ਮੈਂ ਮਰ ਗਿਆ ਸਾਂ, ਪਰ ਦੇਖ! ਹੁਣ ਮੈਂ ਜੀਉਂਦਾ ਹਾਂ ਅਤੇ ਮੈਂ ਹਮੇਸ਼ਾ-ਹਮੇਸ਼ਾ ਜੀਉਂਦਾ ਰਹਾਂਗਾ ਅਤੇ ਮੇਰੇ ਕੋਲ ਮੌਤ ਅਤੇ ਕਬਰ* ਦੀਆਂ ਚਾਬੀਆਂ ਹਨ। 19 ਇਸ ਲਈ ਉਹ ਸਭ ਕੁਝ ਲਿਖ ਜੋ ਤੂੰ ਦੇਖਿਆ ਹੈ ਅਤੇ ਜੋ ਹੋ ਰਿਹਾ ਹੈ ਅਤੇ ਜੋ ਇਸ ਤੋਂ ਬਾਅਦ ਹੋਵੇਗਾ। 20 ਅਤੇ ਜਿਹੜੇ ਸੱਤ ਤਾਰੇ ਤੂੰ ਮੇਰੇ ਸੱਜੇ ਹੱਥ ਵਿਚ ਦੇਖੇ ਸਨ ਅਤੇ ਜਿਹੜੇ ਸੋਨੇ ਦੇ ਸੱਤ ਸ਼ਮਾਦਾਨ ਤੂੰ ਦੇਖੇ ਸਨ, ਉਨ੍ਹਾਂ ਦਾ ਭੇਤ ਇਹ ਹੈ: ਇਹ ਸੱਤ ਤਾਰੇ ਸੱਤ ਮੰਡਲੀਆਂ ਦੇ ਦੂਤ* ਹਨ ਅਤੇ ਸੱਤ ਸ਼ਮਾਦਾਨ ਸੱਤ ਮੰਡਲੀਆਂ ਹਨ।
2 “ਅਫ਼ਸੁਸ ਦੀ ਮੰਡਲੀ ਦੇ ਦੂਤ ਨੂੰ ਲਿਖ: ਜਿਸ ਨੇ ਆਪਣੇ ਸੱਜੇ ਹੱਥ ਵਿਚ ਸੱਤ ਤਾਰੇ ਫੜੇ ਹੋਏ ਹਨ ਅਤੇ ਜਿਹੜਾ ਸੋਨੇ ਦੇ ਸੱਤ ਸ਼ਮਾਦਾਨਾਂ ਵਿਚਕਾਰ ਤੁਰਦਾ ਹੈ, ਉਹ ਇਹ ਗੱਲਾਂ ਕਹਿੰਦਾ ਹੈ, 2 ‘ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ, ਨਾਲੇ ਇਹ ਵੀ ਜਾਣਦਾ ਹਾਂ ਕਿ ਤੂੰ ਕਿੰਨੀ ਮਿਹਨਤ ਕਰਦਾ ਹੈਂ ਅਤੇ ਕਿੰਨਾ ਧੀਰਜ ਰੱਖਦਾ ਹੈਂ ਅਤੇ ਤੂੰ ਬੁਰੇ ਆਦਮੀਆਂ ਨੂੰ ਬਰਦਾਸ਼ਤ ਨਹੀਂ ਕਰਦਾ। ਮੈਨੂੰ ਇਹ ਵੀ ਪਤਾ ਹੈ ਕਿ ਤੂੰ ਉਨ੍ਹਾਂ ਆਦਮੀਆਂ ਨੂੰ ਪਰਖ ਕੇ ਝੂਠਾ ਸਾਬਤ ਕੀਤਾ ਹੈ ਜਿਹੜੇ ਆਪਣੇ ਆਪ ਨੂੰ ਰਸੂਲ ਕਹਿੰਦੇ ਹਨ, ਪਰ ਅਸਲ ਵਿਚ ਨਹੀਂ ਹਨ। 3 ਤੂੰ ਧੀਰਜ ਵੀ ਰੱਖਦਾ ਹੈਂ ਅਤੇ ਤੂੰ ਮੇਰੇ ਨਾਂ ਦੀ ਖ਼ਾਤਰ ਮੁਸੀਬਤਾਂ ਵੀ ਝੱਲੀਆਂ ਹਨ, ਪਰ ਤੂੰ ਹਾਰ ਨਹੀਂ ਮੰਨੀ। 4 ਫਿਰ ਵੀ, ਮੈਨੂੰ ਤੇਰੇ ਨਾਲ ਇਕ ਗਿਲਾ ਹੈ ਕਿ ਤੂੰ ਹੁਣ ਪਹਿਲਾਂ ਵਾਂਗ ਪਿਆਰ ਨਹੀਂ ਕਰਦਾ।
5 “‘ਇਸ ਲਈ ਯਾਦ ਰੱਖ ਕਿ ਤੂੰ ਕਿੱਥੋਂ ਡਿਗਿਆ ਹੈਂ ਅਤੇ ਤੋਬਾ ਕਰ ਕੇ ਪਹਿਲਾਂ ਵਰਗੇ ਕੰਮ ਕਰ। ਜੇ ਤੂੰ ਤੋਬਾ ਨਹੀਂ ਕਰੇਂਗਾ, ਤਾਂ ਮੈਂ ਤੇਰੇ ਕੋਲ ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਇਸ ਦੀ ਜਗ੍ਹਾ ਤੋਂ ਹਟਾ ਦਿਆਂਗਾ। 6 ਫਿਰ ਵੀ, ਤੇਰੇ ਵਿਚ ਇਹ ਇਕ ਚੰਗੀ ਗੱਲ ਹੈ ਕਿ ਤੂੰ ਨਿਕਲਾਉਸ ਦੇ ਪੰਥ ਦੇ ਕੰਮਾਂ ਨਾਲ ਨਫ਼ਰਤ ਕਰਦਾ ਹੈਂ ਜਿਵੇਂ ਮੈਂ ਵੀ ਨਫ਼ਰਤ ਕਰਦਾ ਹਾਂ। 7 ਜਿਸ ਦੇ ਕੰਨ ਹਨ, ਉਹ ਧਿਆਨ ਨਾਲ ਸੁਣੇ ਕਿ ਪਵਿੱਤਰ ਸ਼ਕਤੀ ਮੰਡਲੀਆਂ ਨੂੰ ਕੀ ਕਹਿੰਦੀ ਹੈ: ਜਿਹੜਾ ਜਿੱਤੇਗਾ, ਮੈਂ ਉਸ ਨੂੰ ਜੀਵਨ ਦੇ ਦਰਖ਼ਤ ਦਾ ਫਲ ਖਾਣ ਦਿਆਂਗਾ ਜੋ ਪਰਮੇਸ਼ੁਰ ਦੇ ਬਾਗ਼* ਵਿਚ ਲੱਗਾ ਹੋਇਆ ਹੈ।’
8 “ਸਮੁਰਨੇ ਦੀ ਮੰਡਲੀ ਦੇ ਦੂਤ ਨੂੰ ਲਿਖ: ਜਿਹੜਾ ‘ਪਹਿਲਾ ਅਤੇ ਆਖ਼ਰੀ’ ਹੈ, ਅਤੇ ਜਿਹੜਾ ਮਰ ਗਿਆ ਸੀ ਅਤੇ ਦੁਬਾਰਾ ਜੀਉਂਦਾ ਹੋ ਗਿਆ ਹੈ, ਉਹ ਇਹ ਗੱਲਾਂ ਕਹਿੰਦਾ ਹੈ, 9 ‘ਮੈਂ ਤੇਰੇ ਕਸ਼ਟਾਂ ਨੂੰ ਅਤੇ ਤੇਰੀ ਗ਼ਰੀਬੀ ਨੂੰ ਜਾਣਦਾ ਹਾਂ, ਪਰ ਤੂੰ ਅਮੀਰ ਹੈਂ। ਮੈਂ ਇਹ ਵੀ ਜਾਣਦਾ ਹਾਂ ਕਿ ਆਪਣੇ ਆਪ ਨੂੰ ਯਹੂਦੀ ਕਹਿਣ ਵਾਲੇ ਲੋਕ ਤੇਰੀ ਨਿੰਦਿਆ ਕਰਦੇ ਹਨ। ਉਹ ਅਸਲ ਵਿਚ ਯਹੂਦੀ ਨਹੀਂ ਹਨ, ਸਗੋਂ ਸ਼ੈਤਾਨ ਦੀ ਟੋਲੀ* ਵਿੱਚੋਂ ਹਨ। 10 ਜਿਹੜੇ ਕਸ਼ਟ ਤੂੰ ਸਹਿਣ ਵਾਲਾ ਹੈ, ਉਨ੍ਹਾਂ ਕਰਕੇ ਤੂੰ ਘਬਰਾਈਂ ਨਾ। ਦੇਖ! ਸ਼ੈਤਾਨ ਤੁਹਾਡੇ ਵਿੱਚੋਂ ਕੁਝ ਜਣਿਆਂ ਨੂੰ ਵਾਰ-ਵਾਰ ਜੇਲ੍ਹਾਂ ਵਿਚ ਸੁੱਟੇਗਾ ਜਿਸ ਕਰਕੇ ਤੁਹਾਡੀ ਪੂਰੀ ਤਰ੍ਹਾਂ ਪਰੀਖਿਆ ਲਈ ਜਾਵੇਗੀ ਅਤੇ ਤੁਹਾਨੂੰ ਦਸ ਦਿਨਾਂ ਤਕ ਕਸ਼ਟ ਸਹਿਣਾ ਪਵੇਗਾ। ਤੂੰ ਮੌਤ ਤਕ ਵਫ਼ਾਦਾਰ ਰਹੀਂ ਅਤੇ ਮੈਂ ਤੈਨੂੰ ਜ਼ਿੰਦਗੀ ਦਾ ਇਨਾਮ* ਦਿਆਂਗਾ। 11 ਜਿਸ ਦੇ ਕੰਨ ਹਨ, ਉਹ ਧਿਆਨ ਨਾਲ ਸੁਣੇ ਕਿ ਪਵਿੱਤਰ ਸ਼ਕਤੀ ਮੰਡਲੀਆਂ ਨੂੰ ਕੀ ਕਹਿੰਦੀ ਹੈ: ਜਿਹੜਾ ਜਿੱਤੇਗਾ, ਉਹ ਦੂਸਰੀ ਮੌਤ* ਨਹੀਂ ਮਰੇਗਾ।’
12 “ਪਰਗਮੁਮ ਦੀ ਮੰਡਲੀ ਦੇ ਦੂਤ ਨੂੰ ਲਿਖ: ਜਿਸ ਕੋਲ ਤਿੱਖੀ, ਲੰਬੀ ਤੇ ਦੋ-ਧਾਰੀ ਤਲਵਾਰ ਹੈ, ਉਹ ਇਹ ਗੱਲਾਂ ਕਹਿੰਦਾ ਹੈ, 13 ‘ਮੈਂ ਜਾਣਦਾ ਹਾਂ ਕਿ ਜਿੱਥੇ ਤੂੰ ਰਹਿੰਦਾ ਹੈਂ, ਉੱਥੇ ਸ਼ੈਤਾਨ ਦਾ ਸਿੰਘਾਸਣ ਹੈ, ਫਿਰ ਵੀ ਤੂੰ ਮੇਰੇ ਪ੍ਰਤੀ ਵਫ਼ਾਦਾਰ ਰਹਿੰਦਾ ਹੈਂ।* ਮੇਰੇ ਵਫ਼ਾਦਾਰ ਗਵਾਹ ਅੰਤਿਪਾਸ ਦੇ ਦਿਨਾਂ ਵਿਚ ਵੀ ਤੂੰ ਮੇਰੇ ਉੱਤੇ ਨਿਹਚਾ ਕਰਨੀ ਨਹੀਂ ਛੱਡੀ। ਅੰਤਿਪਾਸ ਨੂੰ ਤੁਹਾਡੇ ਸ਼ਹਿਰ ਵਿਚ ਜਾਨੋਂ ਮਾਰਿਆ ਗਿਆ ਸੀ ਜਿੱਥੇ ਸ਼ੈਤਾਨ ਨੇ ਡੇਰਾ ਲਾਇਆ ਹੋਇਆ ਹੈ।
14 “‘ਫਿਰ ਵੀ, ਮੈਨੂੰ ਤੇਰੇ ਨਾਲ ਇਨ੍ਹਾਂ ਗੱਲਾਂ ਕਰਕੇ ਗਿਲਾ ਹੈ ਕਿ ਤੇਰੇ ਵਿਚ ਅਜਿਹੇ ਲੋਕ ਹਨ ਜਿਹੜੇ ਬਿਲਆਮ ਦੀ ਸਿੱਖਿਆ ਉੱਤੇ ਚੱਲਦੇ ਹਨ। ਬਿਲਆਮ ਨੇ ਬਾਲਾਕ ਨੂੰ ਸਲਾਹ ਦਿੱਤੀ ਸੀ ਕਿ ਉਹ ਇਜ਼ਰਾਈਲੀ ਆਦਮੀਆਂ ਨੂੰ ਭਰਮਾ ਕੇ ਉਨ੍ਹਾਂ ਤੋਂ ਪਾਪ ਕਰਾਵੇ ਕਿ ਉਹ ਮੂਰਤੀਆਂ ਨੂੰ ਚੜ੍ਹਾਈਆਂ ਚੀਜ਼ਾਂ ਖਾਣ ਅਤੇ ਹਰਾਮਕਾਰੀ* ਕਰਨ। 15 ਨਾਲੇ ਤੇਰੇ ਵਿਚ ਉਹ ਲੋਕ ਵੀ ਹਨ ਜਿਹੜੇ ਨਿਕਲਾਉਸ ਦੇ ਪੰਥ ਦੀਆਂ ਸਿੱਖਿਆਵਾਂ ਉੱਤੇ ਚੱਲਦੇ ਹਨ। 16 ਇਸ ਲਈ, ਤੋਬਾ ਕਰ। ਜੇ ਤੂੰ ਤੋਬਾ ਨਹੀਂ ਕਰੇਂਗਾ, ਤਾਂ ਮੈਂ ਜਲਦੀ ਤੇਰੇ ਕੋਲ ਆ ਰਿਹਾ ਹਾਂ ਅਤੇ ਮੈਂ ਆਪਣੇ ਮੂੰਹ ਦੀ ਲੰਬੀ ਤਲਵਾਰ ਨਾਲ ਉਨ੍ਹਾਂ ਨਾਲ ਲੜਾਂਗਾ।
17 “‘ਜਿਸ ਦੇ ਕੰਨ ਹਨ, ਉਹ ਧਿਆਨ ਨਾਲ ਸੁਣੇ ਕਿ ਪਵਿੱਤਰ ਸ਼ਕਤੀ ਮੰਡਲੀਆਂ ਨੂੰ ਕੀ ਕਹਿੰਦੀ ਹੈ: ਜਿਹੜਾ ਜਿੱਤੇਗਾ, ਉਸ ਨੂੰ ਮੈਂ ਲੁਕਾ ਕੇ ਰੱਖੇ ਮੰਨ ਵਿੱਚੋਂ ਥੋੜ੍ਹਾ ਜਿਹਾ ਖਾਣ ਲਈ ਦਿਆਂਗਾ ਅਤੇ ਮੈਂ ਉਸ ਨੂੰ ਇਕ ਚਿੱਟਾ, ਮੁਲਾਇਮ ਪੱਥਰ ਦਿਆਂਗਾ। ਉਸ ਪੱਥਰ ਉੱਤੇ ਨਵਾਂ ਨਾਂ ਲਿਖਿਆ ਹੈ ਅਤੇ ਜਿਸ ਨੂੰ ਇਹ ਪੱਥਰ ਮਿਲੇਗਾ, ਉਸ ਤੋਂ ਸਿਵਾਇ ਹੋਰ ਕਿਸੇ ਨੂੰ ਇਹ ਨਾਂ ਪਤਾ ਨਹੀਂ ਹੋਵੇਗਾ।’
18 “ਥੂਆਤੀਰਾ ਦੀ ਮੰਡਲੀ ਦੇ ਦੂਤ ਨੂੰ ਲਿਖ: ਪਰਮੇਸ਼ੁਰ ਦਾ ਪੁੱਤਰ ਜਿਸ ਦੀਆਂ ਅੱਖਾਂ ਅੱਗ ਦੀਆਂ ਲਾਟਾਂ ਵਰਗੀਆਂ ਹਨ ਅਤੇ ਜਿਸ ਦੇ ਪੈਰ ਖ਼ਾਲਸ ਤਾਂਬੇ ਵਰਗੇ ਹਨ, ਇਹ ਗੱਲਾਂ ਕਹਿੰਦਾ ਹੈ, 19 ‘ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਅਤੇ ਇਹ ਵੀ ਜਾਣਦਾ ਹਾਂ ਕਿ ਤੂੰ ਕਿੰਨਾ ਪਿਆਰ ਕਰਦਾ ਹੈਂ ਅਤੇ ਕਿੰਨੀ ਨਿਹਚਾ ਤੇ ਸੇਵਾ ਕਰਦਾ ਹੈਂ ਅਤੇ ਕਿੰਨਾ ਧੀਰਜ ਰੱਖਦਾ ਹੈਂ। ਮੈਨੂੰ ਇਹ ਵੀ ਪਤਾ ਹੈ ਕਿ ਤੇਰੇ ਕੰਮ ਪਹਿਲਾਂ ਨਾਲੋਂ ਹੁਣ ਜ਼ਿਆਦਾ ਵਧੀਆ ਹਨ।
20 “‘ਫਿਰ ਵੀ, ਮੈਨੂੰ ਤੇਰੇ ਨਾਲ ਇਹ ਗਿਲਾ ਹੈ ਕਿ ਤੂੰ ਈਜ਼ਬਲ ਨਾਂ ਦੀ ਤੀਵੀਂ ਨੂੰ ਬਰਦਾਸ਼ਤ ਕਰਦਾ ਹੈਂ ਜਿਹੜੀ ਨਬੀਆਂ ਵਾਂਗ ਭਵਿੱਖਬਾਣੀਆਂ ਕਰਨ ਦਾ ਦਾਅਵਾ ਕਰਦੀ ਹੈ, ਅਤੇ ਜਿਹੜੀ ਮੇਰੇ ਦਾਸਾਂ ਨੂੰ ਸਿੱਖਿਆ ਦਿੰਦੀ ਹੈ ਅਤੇ ਹਰਾਮਕਾਰੀ ਕਰਨ ਅਤੇ ਮੂਰਤੀਆਂ ਨੂੰ ਚੜ੍ਹਾਈਆਂ ਚੀਜ਼ਾਂ ਖਾਣ ਲਈ ਭਰਮਾਉਂਦੀ ਹੈ। 21 ਮੈਂ ਉਸ ਨੂੰ ਤੋਬਾ ਕਰਨ ਦਾ ਸਮਾਂ ਦਿੱਤਾ ਸੀ, ਪਰ ਉਹ ਆਪਣੀ ਹਰਾਮਕਾਰੀ ਤੋਂ ਤੋਬਾ ਨਹੀਂ ਕਰਨੀ ਚਾਹੁੰਦੀ। 22 ਦੇਖ! ਮੈਂ ਉਸ ਨੂੰ ਇੰਨਾ ਬੀਮਾਰ ਕਰ ਦਿਆਂਗਾ ਕਿ ਉਹ ਮੰਜੇ ਤੋਂ ਉੱਠ ਨਾ ਸਕੇਗੀ। ਨਾਲੇ ਜੇ ਉਸ ਨਾਲ ਹਰਾਮਕਾਰੀ ਕਰਨ ਵਾਲਿਆਂ ਨੇ ਤੋਬਾ ਕਰ ਕੇ ਉਹ ਕੰਮ ਕਰਨੇ ਨਾ ਛੱਡੇ ਜਿਹੜੇ ਉਹ ਕਰਦੀ ਹੈ, ਤਾਂ ਮੈਂ ਉਨ੍ਹਾਂ ਉੱਤੇ ਵੱਡੀਆਂ-ਵੱਡੀਆਂ ਮੁਸੀਬਤਾਂ ਲਿਆਵਾਂਗਾ। 23 ਅਤੇ ਮੈਂ ਉਸ ਦੇ ਬੱਚਿਆਂ ਨੂੰ ਜਾਨਲੇਵਾ ਬੀਮਾਰੀ ਨਾਲ ਮਾਰ ਦਿਆਂਗਾ, ਤਾਂਕਿ ਸਾਰੀਆਂ ਮੰਡਲੀਆਂ ਨੂੰ ਪਤਾ ਲੱਗ ਜਾਵੇ ਕਿ ਮੈਂ ਡੂੰਘੀਆਂ ਭਾਵਨਾਵਾਂ ਅਤੇ ਸੋਚਾਂ* ਨੂੰ ਜਾਂਚਦਾ ਹਾਂ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਤੁਹਾਡੀਆਂ ਕਰਨੀਆਂ ਦਾ ਫਲ ਦਿਆਂਗਾ।
24 “‘ਪਰ ਥੂਆਤੀਰਾ ਵਿਚ ਤੁਸੀਂ ਬਾਕੀ ਸਾਰੇ ਜਣੇ ਈਜ਼ਬਲ ਦੀ ਸਿੱਖਿਆ ਨੂੰ ਨਹੀਂ ਮੰਨਦੇ ਹੋ ਅਤੇ ਨਾ ਹੀ ਤੁਸੀਂ ਸ਼ੈਤਾਨ ਦੀਆਂ ਝੂਠੀਆਂ ਸਿੱਖਿਆਵਾਂ* ਲਈਆਂ। ਮੈਂ ਤੁਹਾਨੂੰ ਕਹਿੰਦਾ ਹਾਂ: ਮੈਂ ਤੁਹਾਡੇ ਉੱਤੇ ਹੋਰ ਬੋਝ ਨਹੀਂ ਪਾ ਰਿਹਾ ਹਾਂ। 25 ਫਿਰ ਵੀ ਤੁਸੀਂ ਮੇਰੇ ਆਉਣ ਤਕ ਉਹ ਸਭ ਕੁਝ ਘੁੱਟ ਕੇ ਫੜੀ ਰੱਖੋ ਜੋ ਤੁਹਾਡੇ ਕੋਲ ਹੈ। 26 ਜਿਹੜਾ ਜਿੱਤੇਗਾ ਅਤੇ ਜਿਹੜਾ ਅੰਤ ਤਕ ਉਹ ਕੰਮ ਕਰਦਾ ਰਹੇਗਾ ਜਿਨ੍ਹਾਂ ਦਾ ਮੈਂ ਹੁਕਮ ਦਿੱਤਾ ਹੈ, ਉਸ ਇਨਸਾਨ ਨੂੰ ਮੈਂ ਦੁਨੀਆਂ ਦੇ ਲੋਕਾਂ ਉੱਤੇ ਅਧਿਕਾਰ ਦਿਆਂਗਾ, 27 ਜਿਵੇਂ ਪਿਤਾ ਨੇ ਮੈਨੂੰ ਅਧਿਕਾਰ ਦਿੱਤਾ ਹੈ। ਉਹ ਇਨਸਾਨ ਲੋਹੇ ਦੇ ਡੰਡੇ ਨਾਲ ਲੋਕਾਂ ਉੱਤੇ ਅਧਿਕਾਰ ਚਲਾ ਕੇ ਉਨ੍ਹਾਂ ਨੂੰ ਮਿੱਟੀ ਦੇ ਭਾਂਡਿਆਂ ਵਾਂਗ ਟੋਟੇ-ਟੋਟੇ ਕਰ ਦੇਵੇਗਾ। 28 ਅਤੇ ਮੈਂ ਉਸ ਇਨਸਾਨ ਨੂੰ ਸਵੇਰ ਦਾ ਤਾਰਾ ਦਿਆਂਗਾ। 29 ਜਿਸ ਦੇ ਕੰਨ ਹਨ, ਉਹ ਧਿਆਨ ਨਾਲ ਸੁਣੇ ਕਿ ਪਵਿੱਤਰ ਸ਼ਕਤੀ ਮੰਡਲੀਆਂ ਨੂੰ ਕੀ ਕਹਿੰਦੀ ਹੈ।’
3 “ਸਾਰਦੀਸ ਦੀ ਮੰਡਲੀ ਦੇ ਦੂਤ ਨੂੰ ਲਿਖ: ਜਿਸ ਕੋਲ ਪਰਮੇਸ਼ੁਰ ਦੀਆਂ ਸੱਤ ਪਵਿੱਤਰ ਸ਼ਕਤੀਆਂ* ਅਤੇ ਸੱਤ ਤਾਰੇ ਹਨ, ਉਹ ਇਹ ਗੱਲਾਂ ਕਹਿੰਦਾ ਹੈ, ‘ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਕਿ ਤੂੰ ਦੇਖਣ ਨੂੰ ਜੀਉਂਦਾ ਲੱਗਦਾ ਹੈਂ, ਪਰ ਅਸਲ ਵਿਚ ਤੂੰ ਮਰਿਆ ਹੋਇਆ ਹੈਂ। 2 ਸਾਵਧਾਨ ਹੋ ਜਾ ਅਤੇ ਜੋ ਕੁਝ ਮਰਨ ਕਿਨਾਰੇ ਹੈ, ਉਸ ਨੂੰ ਤਕੜਾ ਕਰ ਕਿਉਂਕਿ ਮੈਂ ਦੇਖਿਆ ਹੈ ਕਿ ਮੇਰੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਤੇਰੇ ਕੰਮ ਹਾਲੇ ਅਧੂਰੇ ਹਨ। 3 ਇਸ ਲਈ ਜੋ ਕੁਝ ਤੈਨੂੰ ਮਿਲਿਆ ਹੈ ਅਤੇ ਜੋ ਕੁਝ ਤੂੰ ਸੁਣਿਆ ਹੈ, ਉਸ ਨੂੰ ਤੂੰ ਚੇਤੇ ਰੱਖ ਅਤੇ ਉਸ ਮੁਤਾਬਕ ਚੱਲਦਾ ਰਹਿ ਅਤੇ ਤੋਬਾ ਕਰ। ਜੇ ਤੂੰ ਨੀਂਦ ਤੋਂ ਨਾ ਜਾਗਿਆ, ਤਾਂ ਮੈਂ ਚੋਰ ਵਾਂਗ ਆਵਾਂਗਾ ਅਤੇ ਤੈਨੂੰ ਬਿਲਕੁਲ ਵੀ ਪਤਾ ਨਹੀਂ ਹੋਵੇਗਾ ਕਿ ਮੈਂ ਕਿਹੜੇ ਵੇਲੇ ਆਵਾਂਗਾ।
4 “‘ਫਿਰ ਵੀ, ਤੇਰੇ ਕੋਲ ਸਾਰਦੀਸ ਵਿਚ ਕੁਝ ਲੋਕ ਹਨ ਜਿਨ੍ਹਾਂ ਨੇ ਆਪਣੇ ਕੱਪੜੇ ਗੰਦੇ ਨਹੀਂ ਹੋਣ ਦਿੱਤੇ। ਉਹ ਚਿੱਟੇ ਕੱਪੜੇ ਪਾ ਕੇ ਮੇਰੇ ਨਾਲ-ਨਾਲ ਤੁਰਨਗੇ ਕਿਉਂਕਿ ਉਹ ਇਸ ਸਨਮਾਨ ਦੇ ਲਾਇਕ ਹਨ। 5 ਇਸ ਲਈ ਜਿਹੜਾ ਜਿੱਤੇਗਾ, ਉਸ ਨੂੰ ਚਿੱਟੇ ਕੱਪੜੇ ਪਹਿਨਾਏ ਜਾਣਗੇ ਅਤੇ ਮੈਂ ਉਸ ਦਾ ਨਾਂ ਜੀਵਨ ਦੀ ਕਿਤਾਬ ਵਿੱਚੋਂ ਕਦੀ ਨਹੀਂ ਮਿਟਾਵਾਂਗਾ, ਪਰ ਮੈਂ ਆਪਣੇ ਪਿਤਾ ਅਤੇ ਉਸ ਦੇ ਦੂਤਾਂ ਦੇ ਸਾਮ੍ਹਣੇ ਉਸ ਨੂੰ ਕਬੂਲ ਕਰਾਂਗਾ। 6 ਜਿਸ ਦੇ ਕੰਨ ਹਨ, ਉਹ ਧਿਆਨ ਨਾਲ ਸੁਣੇ ਕਿ ਪਵਿੱਤਰ ਸ਼ਕਤੀ ਮੰਡਲੀਆਂ ਨੂੰ ਕੀ ਕਹਿੰਦੀ ਹੈ।’
7 “ਫ਼ਿਲਦਲਫ਼ੀਆ ਦੀ ਮੰਡਲੀ ਦੇ ਦੂਤ ਨੂੰ ਲਿਖ: ਜਿਹੜਾ ਪਵਿੱਤਰ ਅਤੇ ਸੱਚਾ ਹੈ, ਜਿਸ ਕੋਲ ਦਾਊਦ ਦੀ ਚਾਬੀ ਹੈ, ਜਿਸ ਦੁਆਰਾ ਖੋਲ੍ਹੇ ਦਰਵਾਜ਼ੇ ਨੂੰ ਕੋਈ ਬੰਦ ਨਹੀਂ ਕਰ ਸਕਦਾ ਅਤੇ ਬੰਦ ਕੀਤੇ ਦਰਵਾਜ਼ੇ ਨੂੰ ਕੋਈ ਖੋਲ੍ਹ ਨਹੀਂ ਸਕਦਾ, ਉਹ ਇਹ ਗੱਲਾਂ ਕਹਿੰਦਾ ਹੈ, 8 ‘ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ, ਦੇਖ! ਮੈਂ ਤੇਰੇ ਲਈ ਦਰਵਾਜ਼ਾ ਖੋਲ੍ਹਿਆ ਹੋਇਆ ਹੈ ਜਿਸ ਨੂੰ ਕੋਈ ਵੀ ਬੰਦ ਨਹੀਂ ਕਰ ਸਕਦਾ। ਮੈਂ ਇਹ ਵੀ ਜਾਣਦਾ ਹਾਂ ਕਿ ਤੇਰੇ ਵਿਚ ਥੋੜ੍ਹੀ ਜਿਹੀ ਤਾਕਤ ਤਾਂ ਹੈ ਅਤੇ ਤੂੰ ਮੇਰੇ ਬਚਨ ਦੀ ਪਾਲਣਾ ਕੀਤੀ ਹੈ ਅਤੇ ਤੂੰ ਮੇਰੇ* ਨਾਲ ਦਗ਼ਾ ਨਹੀਂ ਕੀਤਾ। 9 ਸ਼ੈਤਾਨ ਦੀ ਟੋਲੀ* ਦੇ ਲੋਕ ਆਪਣੇ ਆਪ ਨੂੰ ਯਹੂਦੀ ਕਹਿੰਦੇ ਹਨ, ਪਰ ਨਹੀਂ ਹਨ ਸਗੋਂ ਉਹ ਝੂਠ ਬੋਲਦੇ ਹਨ। ਦੇਖ! ਉਨ੍ਹਾਂ ਨੂੰ ਮੈਂ ਤੇਰੇ ਕੋਲ ਲੈ ਕੇ ਆਵਾਂਗਾ ਅਤੇ ਉਹ ਤੇਰੇ ਪੈਰੀਂ ਪੈਣਗੇ ਅਤੇ ਮੈਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਵਾਂਗਾ ਕਿ ਮੈਂ ਤੈਨੂੰ ਪਿਆਰ ਕੀਤਾ ਹੈ। 10 ਕਿਉਂਕਿ ਤੂੰ ਮੇਰੇ ਧੀਰਜ ਦੀ ਮਿਸਾਲ ਉੱਤੇ ਚੱਲਿਆ ਹੈਂ, ਇਸ ਲਈ ਮੈਂ ਅਜ਼ਮਾਇਸ਼ ਦੀ ਘੜੀ ਵਿਚ ਤੇਰੀ ਹਿਫਾਜ਼ਤ ਕਰਾਂਗਾ। ਇਹ ਅਜ਼ਮਾਇਸ਼ ਸਾਰੀ ਦੁਨੀਆਂ ਉੱਤੇ ਆਉਣ ਵਾਲੀ ਹੈ ਤਾਂਕਿ ਧਰਤੀ ਉੱਤੇ ਰਹਿਣ ਵਾਲਿਆਂ ਨੂੰ ਪਰਖਿਆ ਜਾਵੇ। 11 ਮੈਂ ਜਲਦੀ ਆ ਰਿਹਾ ਹਾਂ। ਜੋ ਕੁਝ ਤੇਰੇ ਕੋਲ ਹੈ, ਉਸ ਨੂੰ ਘੁੱਟ ਕੇ ਫੜੀ ਰੱਖ ਤਾਂਕਿ ਕੋਈ ਵੀ ਤੇਰਾ ਇਨਾਮ* ਨਾ ਲੈ ਲਵੇ।
12 “‘ਜਿਹੜਾ ਜਿੱਤੇਗਾ, ਉਸ ਨੂੰ ਮੈਂ ਆਪਣੇ ਪਰਮੇਸ਼ੁਰ ਦੇ ਮੰਦਰ ਵਿਚ ਥੰਮ੍ਹ ਬਣਾਵਾਂਗਾ ਅਤੇ ਉਸ ਨੂੰ ਕਿਸੇ ਵੀ ਤਰ੍ਹਾਂ ਉੱਥੋਂ ਹਟਾਇਆ ਨਹੀਂ ਜਾ ਸਕੇਗਾ ਅਤੇ ਮੈਂ ਉਸ ਉੱਤੇ ਆਪਣੇ ਪਰਮੇਸ਼ੁਰ ਦਾ ਨਾਂ ਅਤੇ ਆਪਣੇ ਪਰਮੇਸ਼ੁਰ ਦੇ ਸ਼ਹਿਰ ਨਵੇਂ ਯਰੂਸ਼ਲਮ ਦਾ ਨਾਂ, ਜੋ ਸ਼ਹਿਰ ਸਵਰਗੋਂ ਮੇਰੇ ਪਰਮੇਸ਼ੁਰ ਕੋਲੋਂ ਉੱਤਰਿਆ ਹੈ, ਅਤੇ ਆਪਣਾ ਨਵਾਂ ਨਾਂ ਲਿਖਾਂਗਾ। 13 ਜਿਸ ਦੇ ਕੰਨ ਹਨ, ਉਹ ਧਿਆਨ ਨਾਲ ਸੁਣੇ ਕਿ ਪਵਿੱਤਰ ਸ਼ਕਤੀ ਮੰਡਲੀਆਂ ਨੂੰ ਕੀ ਕਹਿੰਦੀ ਹੈ।’
14 “ਲਾਉਦਿਕੀਆ ਦੀ ਮੰਡਲੀ ਦੇ ਦੂਤ ਨੂੰ ਲਿਖ: ਜਿਸ ਦਾ ਨਾਂ ਆਮੀਨ ਹੈ ਅਤੇ ਜਿਹੜਾ ਵਫ਼ਾਦਾਰ ਤੇ ਸੱਚਾ ਗਵਾਹ ਹੈ ਅਤੇ ਜਿਸ ਨੂੰ ਪਰਮੇਸ਼ੁਰ ਨੇ ਸ੍ਰਿਸ਼ਟੀ ਵਿਚ ਸਭ ਤੋਂ ਪਹਿਲਾਂ ਬਣਾਇਆ ਸੀ, ਉਹ ਇਹ ਗੱਲਾਂ ਕਹਿੰਦਾ ਹੈ, 15 ‘ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਕਿ ਤੂੰ ਨਾ ਤਾਂ ਠੰਢਾ ਹੈਂ ਅਤੇ ਨਾ ਹੀ ਗਰਮ। ਕਾਸ਼ ਤੂੰ ਠੰਢਾ ਹੁੰਦਾ ਜਾਂ ਫਿਰ ਗਰਮ ਹੁੰਦਾ! 16 ਤੂੰ ਗਰਮ ਜਾਂ ਠੰਢਾ ਹੋਣ ਦੀ ਬਜਾਇ ਕੋਸਾ ਹੈਂ, ਇਸ ਕਰਕੇ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਦਿਆਂਗਾ। 17 ਤੂੰ ਕਹਿੰਦਾ ਹੈਂ: “ਮੈਂ ਅਮੀਰ ਹਾਂ ਅਤੇ ਮੈਂ ਧਨ-ਦੌਲਤ ਇਕੱਠੀ ਕੀਤੀ ਹੈ ਅਤੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ,” ਪਰ ਤੂੰ ਨਹੀਂ ਜਾਣਦਾ ਕਿ ਤੇਰੀ ਹਾਲਤ ਕਿੰਨੀ ਬੁਰੀ ਤੇ ਤਰਸਯੋਗ ਹੈ ਅਤੇ ਤੂੰ ਗ਼ਰੀਬ, ਅੰਨ੍ਹਾ ਅਤੇ ਨੰਗਾ ਹੈਂ, 18 ਇਸ ਲਈ ਮੈਂ ਤੈਨੂੰ ਸਲਾਹ ਦਿੰਦਾ ਹਾਂ ਕਿ ਤੂੰ ਮੇਰੇ ਤੋਂ ਸੋਨਾ ਖ਼ਰੀਦ ਜੋ ਅੱਗ ਵਿਚ ਸ਼ੁੱਧ ਕੀਤਾ ਗਿਆ ਹੈ, ਤਾਂਕਿ ਤੂੰ ਅਮੀਰ ਹੋ ਜਾਵੇਂ, ਅਤੇ ਚਿੱਟੇ ਕੱਪੜੇ ਖ਼ਰੀਦ ਤਾਂਕਿ ਤੇਰਾ ਸਰੀਰ ਢਕਿਆ ਜਾਵੇ ਅਤੇ ਦੂਸਰੇ ਤੇਰਾ ਨੰਗੇਜ਼ ਨਾ ਦੇਖਣ ਅਤੇ ਤੈਨੂੰ ਸ਼ਰਮਿੰਦਾ ਨਾ ਹੋਣਾ ਪਵੇ, ਅਤੇ ਅੱਖਾਂ ਵਿਚ ਪਾਉਣ ਲਈ ਦਵਾਈ ਖ਼ਰੀਦ ਤਾਂਕਿ ਤੂੰ ਦੇਖ ਸਕੇਂ।
19 “‘ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ, ਉਨ੍ਹਾਂ ਸਾਰਿਆਂ ਨੂੰ ਮੈਂ ਝਿੜਕਦਾ ਅਤੇ ਤਾੜਨਾ ਦਿੰਦਾ ਹਾਂ। ਇਸ ਲਈ ਜੋਸ਼ੀਲਾ ਬਣ ਅਤੇ ਤੋਬਾ ਕਰ। 20 ਦੇਖ! ਮੈਂ ਬਾਹਰ ਖੜ੍ਹਾ ਦਰਵਾਜ਼ਾ ਖੜਕਾ ਰਿਹਾ ਹਾਂ। ਜੇ ਕੋਈ ਮੇਰੀ ਆਵਾਜ਼ ਸੁਣ ਕੇ ਦਰਵਾਜ਼ਾ ਖੋਲ੍ਹਦਾ ਹੈ, ਤਾਂ ਮੈਂ ਉਸ ਦੇ ਘਰ ਅੰਦਰ ਆ ਕੇ ਉਸ ਨਾਲ ਰਾਤ ਨੂੰ ਰੋਟੀ ਖਾਵਾਂਗਾ ਤੇ ਉਹ ਮੇਰੇ ਨਾਲ ਖਾਵੇਗਾ। 21 ਜਿਹੜਾ ਜਿੱਤੇਗਾ, ਉਸ ਨੂੰ ਮੈਂ ਆਪਣੇ ਸਿੰਘਾਸਣ ਉੱਤੇ ਆਪਣੇ ਨਾਲ ਬਿਠਾਵਾਂਗਾ, ਜਿਵੇਂ ਮੈਂ ਜਿੱਤ ਹਾਸਲ ਕਰ ਕੇ ਆਪਣੇ ਪਿਤਾ ਨਾਲ ਉਸ ਦੇ ਸਿੰਘਾਸਣ ਉੱਤੇ ਬੈਠ ਗਿਆ ਸੀ। 22 ਜਿਸ ਦੇ ਕੰਨ ਹਨ, ਉਹ ਧਿਆਨ ਨਾਲ ਸੁਣੇ ਕਿ ਪਵਿੱਤਰ ਸ਼ਕਤੀ ਮੰਡਲੀਆਂ ਨੂੰ ਕੀ ਕਹਿੰਦੀ ਹੈ।’”
4 ਇਨ੍ਹਾਂ ਗੱਲਾਂ ਤੋਂ ਬਾਅਦ ਮੈਂ ਦੇਖਿਆ ਕਿ ਸਵਰਗ ਵਿਚ ਇਕ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਅਤੇ ਪਹਿਲੀ ਆਵਾਜ਼ ਜੋ ਮੈਂ ਸੁਣੀ ਉਹ ਤੁਰ੍ਹੀ ਵਰਗੀ ਸੀ ਅਤੇ ਉਸ ਆਵਾਜ਼ ਨੇ ਮੇਰੇ ਨਾਲ ਗੱਲ ਕਰਦਿਆਂ ਕਿਹਾ: “ਇੱਥੇ ਉੱਪਰ ਆ ਅਤੇ ਮੈਂ ਤੈਨੂੰ ਉਹ ਸਭ ਕੁਝ ਦਿਖਾਵਾਂਗਾ ਜੋ ਜ਼ਰੂਰ ਵਾਪਰੇਗਾ।” 2 ਇਨ੍ਹਾਂ ਗੱਲਾਂ ਤੋਂ ਤੁਰੰਤ ਬਾਅਦ ਪਵਿੱਤਰ ਸ਼ਕਤੀ ਮੇਰੇ ਉੱਤੇ ਆਈ ਅਤੇ ਦੇਖੋ! ਸਵਰਗ ਵਿਚ ਇਕ ਸਿੰਘਾਸਣ ਹੈ ਅਤੇ ਉਸ ਸਿੰਘਾਸਣ ਉੱਤੇ ਕੋਈ ਬੈਠਾ ਹੋਇਆ ਹੈ। 3 ਜਿਹੜਾ ਸਿੰਘਾਸਣ ਉੱਤੇ ਬੈਠਾ ਹੋਇਆ ਹੈ, ਉਹ ਯਸ਼ਬ ਅਤੇ ਲਾਲ ਅਕੀਕ ਵਾਂਗ ਚਮਕ ਰਿਹਾ ਹੈ ਅਤੇ ਸਿੰਘਾਸਣ ਦੇ ਆਲੇ-ਦੁਆਲੇ ਇਕ ਆਕਾਸ਼ੀ ਪੀਂਘ ਹੈ ਜੋ ਦੇਖਣ ਨੂੰ ਪੰਨੇ ਵਰਗੀ ਲੱਗਦੀ ਹੈ।*
4 ਅਤੇ ਸਿੰਘਾਸਣ ਦੇ ਆਲੇ-ਦੁਆਲੇ ਚੌਵੀ ਸਿੰਘਾਸਣ ਹਨ ਅਤੇ ਇਨ੍ਹਾਂ ਸਿੰਘਾਸਣਾਂ ਉੱਤੇ ਚਿੱਟੇ ਕੱਪੜੇ ਪਾਈ ਚੌਵੀ ਬਜ਼ੁਰਗ ਬੈਠੇ ਹੋਏ ਹਨ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਸੋਨੇ ਦੇ ਮੁਕਟ ਹਨ। 5 ਅਤੇ ਸਿੰਘਾਸਣ ਤੋਂ ਬਿਜਲੀ ਲਿਸ਼ਕ ਰਹੀ ਹੈ ਅਤੇ ਆਵਾਜ਼ਾਂ ਆ ਰਹੀਆਂ ਹਨ ਅਤੇ ਗਰਜਾਂ ਸੁਣਾਈ ਦੇ ਰਹੀਆਂ ਹਨ ਅਤੇ ਸਿੰਘਾਸਣ ਦੇ ਸਾਮ੍ਹਣੇ ਸੱਤ ਵੱਡੇ ਦੀਵੇ ਬਲ਼ ਰਹੇ ਹਨ ਅਤੇ ਇਨ੍ਹਾਂ ਦੀਵਿਆਂ ਦਾ ਮਤਲਬ ਹੈ ਪਰਮੇਸ਼ੁਰ ਦੀਆਂ ਸੱਤ ਪਵਿੱਤਰ ਸ਼ਕਤੀਆਂ।* 6 ਅਤੇ ਸਿੰਘਾਸਣ ਦੇ ਮੋਹਰੇ ਕੱਚ ਵਰਗਾ ਇਕ ਸਮੁੰਦਰ ਹੈ ਜੋ ਬਲੌਰ ਵਰਗਾ ਲੱਗਦਾ ਹੈ।
ਅਤੇ ਸਿੰਘਾਸਣ ਦੇ ਵਿਚਕਾਰ ਅਤੇ ਸਿੰਘਾਸਣ ਦੇ ਆਲੇ-ਦੁਆਲੇ ਚਾਰ ਕਰੂਬੀ ਹਨ ਜਿਨ੍ਹਾਂ ਦੇ ਸਰੀਰ ਅੱਗਿਓਂ ਤੇ ਪਿੱਛਿਓਂ ਅੱਖਾਂ ਨਾਲ ਭਰੇ ਹੋਏ ਹਨ। 7 ਪਹਿਲੇ ਕਰੂਬੀ ਦਾ ਚਿਹਰਾ ਸ਼ੇਰ ਵਰਗਾ ਹੈ ਅਤੇ ਦੂਸਰੇ ਕਰੂਬੀ ਦਾ ਚਿਹਰਾ ਬਲਦ ਵਰਗਾ ਅਤੇ ਤੀਸਰੇ ਕਰੂਬੀ ਦਾ ਚਿਹਰਾ ਇਨਸਾਨ ਵਰਗਾ ਅਤੇ ਚੌਥੇ ਕਰੂਬੀ ਦਾ ਚਿਹਰਾ ਉੱਡਦੇ ਹੋਏ ਉਕਾਬ ਵਰਗਾ ਹੈ। 8 ਉਨ੍ਹਾਂ ਚਾਰਾਂ ਕਰੂਬੀਆਂ ਦੇ ਛੇ-ਛੇ ਖੰਭ ਹਨ; ਖੰਭ ਬਾਹਰੋਂ ਤੇ ਅੰਦਰੋਂ ਅੱਖਾਂ ਨਾਲ ਭਰੇ ਹੋਏ ਹਨ। ਉਹ ਦਿਨ-ਰਾਤ ਲਗਾਤਾਰ ਕਹਿੰਦੇ ਹਨ: “ਪਵਿੱਤਰ, ਪਵਿੱਤਰ, ਪਵਿੱਤਰ ਹੈ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ, ਜੋ ਸੀ ਅਤੇ ਜੋ ਹੈ ਅਤੇ ਜੋ ਆ ਰਿਹਾ ਹੈ।”
9 ਜਦੋਂ ਵੀ ਕਰੂਬੀ ਪਰਮੇਸ਼ੁਰ ਦੀ ਮਹਿਮਾ, ਆਦਰ ਅਤੇ ਧੰਨਵਾਦ ਕਰਦੇ ਹਨ ਜਿਹੜਾ ਸਿੰਘਾਸਣ ਉੱਤੇ ਬੈਠਾ ਹੈ ਅਤੇ ਜਿਹੜਾ ਯੁਗੋ-ਯੁਗ ਜੀਉਂਦਾ ਹੈ, 10 ਤਾਂ ਚੌਵੀ ਬਜ਼ੁਰਗ ਉਸ ਅੱਗੇ ਜਿਹੜਾ ਸਿੰਘਾਸਣ ਉੱਤੇ ਬੈਠਾ ਹੈ ਅਤੇ ਜਿਹੜਾ ਯੁਗੋ-ਯੁਗ ਜੀਉਂਦਾ ਹੈ, ਗੋਡਿਆਂ ਭਾਰ ਬੈਠ ਕੇ ਮੱਥਾ ਟੇਕਦੇ ਹਨ ਅਤੇ ਆਪਣੇ ਮੁਕਟ ਲਾਹ ਕੇ ਸਿੰਘਾਸਣ ਦੇ ਸਾਮ੍ਹਣੇ ਰੱਖ ਦਿੰਦੇ ਹਨ ਅਤੇ ਕਹਿੰਦੇ ਹਨ: 11 “ਹੇ ਸਾਡੇ ਸ਼ਕਤੀਸ਼ਾਲੀ ਪਰਮੇਸ਼ੁਰ ਯਹੋਵਾਹ, ਤੂੰ ਹੀ ਮਹਿਮਾ ਤੇ ਆਦਰ ਪਾਉਣ ਦਾ ਹੱਕਦਾਰ ਹੈਂ ਕਿਉਂਕਿ ਤੂੰ ਹੀ ਸਾਰੀਆਂ ਚੀਜ਼ਾਂ ਬਣਾਈਆਂ ਹਨ ਅਤੇ ਸਾਰੀਆਂ ਚੀਜ਼ਾਂ ਤੇਰੀ ਹੀ ਇੱਛਾ ਨਾਲ ਹੋਂਦ ਵਿਚ ਆਈਆਂ ਅਤੇ ਬਣਾਈਆਂ ਗਈਆਂ ਹਨ।”
5 ਅਤੇ ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਦੇ ਸੱਜੇ ਹੱਥ ਵਿਚ ਮੈਂ ਇਕ ਕਾਗਜ਼ ਦੇਖਿਆ ਜਿਸ ਦੇ ਦੋਵੇਂ ਪਾਸੇ ਲਿਖਿਆ ਹੋਇਆ ਸੀ ਅਤੇ ਉਸ ਕਾਗਜ਼ ਨੂੰ ਗੋਲ ਲਪੇਟ ਕੇ ਸੱਤ ਮੁਹਰਾਂ* ਨਾਲ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਸੀ। 2 ਅਤੇ ਮੈਂ ਇਕ ਤਾਕਤਵਰ ਦੂਤ ਨੂੰ ਦੇਖਿਆ ਜਿਸ ਨੇ ਉੱਚੀ ਆਵਾਜ਼ ਵਿਚ ਕਿਹਾ: “ਕੌਣ ਇਸ ਕਾਗਜ਼ ਨੂੰ ਖੋਲ੍ਹਣ ਅਤੇ ਇਸ ਦੀਆਂ ਮੁਹਰਾਂ ਨੂੰ ਤੋੜਨ ਦੇ ਕਾਬਲ ਹੈ?” 3 ਪਰ ਨਾ ਤਾਂ ਸਵਰਗ ਵਿਚ ਤੇ ਨਾ ਹੀ ਧਰਤੀ ਉੱਤੇ ਅਤੇ ਨਾ ਹੀ ਧਰਤੀ ਦੇ ਅੰਦਰ ਕੋਈ ਇਸ ਕਾਗਜ਼ ਨੂੰ ਖੋਲ੍ਹ ਕੇ ਪੜ੍ਹਨ ਦੇ ਕਾਬਲ ਸੀ। 4 ਇਸ ਕਰਕੇ ਮੈਂ ਬਹੁਤ ਰੋਇਆ ਕਿਉਂਕਿ ਕੋਈ ਵੀ ਇਸ ਕਾਗਜ਼ ਨੂੰ ਖੋਲ੍ਹ ਕੇ ਪੜ੍ਹਨ ਦੇ ਕਾਬਲ ਸਾਬਤ ਨਹੀਂ ਹੋਇਆ। 5 ਪਰ ਇਕ ਬਜ਼ੁਰਗ ਨੇ ਮੈਨੂੰ ਕਿਹਾ: “ਨਾ ਰੋ। ਦੇਖ! ਉਹ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ ਅਤੇ ਦਾਊਦ ਦੀ ਜੜ੍ਹ ਹੈ, ਉਸ ਨੇ ਜਿੱਤ ਹਾਸਲ ਕੀਤੀ ਹੈ, ਇਸ ਲਈ ਉਹ ਕਾਗਜ਼ ਅਤੇ ਇਸ ਦੀਆਂ ਸੱਤ ਮੁਹਰਾਂ ਤੋੜਨ ਦੇ ਕਾਬਲ ਹੈ।”
6 ਅਤੇ ਮੈਂ ਸਿੰਘਾਸਣ ਦੇ ਲਾਗੇ ਅਤੇ ਚਾਰਾਂ ਕਰੂਬੀਆਂ ਅਤੇ ਬਜ਼ੁਰਗਾਂ ਦੇ ਵਿਚਕਾਰ ਇਕ ਲੇਲਾ ਖੜ੍ਹਾ ਦੇਖਿਆ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਲੇਲੇ ਦੀ ਕੁਰਬਾਨੀ ਦਿੱਤੀ ਗਈ ਸੀ ਅਤੇ ਉਸ ਲੇਲੇ ਦੇ ਸੱਤ ਸਿੰਗ ਅਤੇ ਸੱਤ ਅੱਖਾਂ ਸਨ। ਇਹ ਸੱਤ ਅੱਖਾਂ ਪਰਮੇਸ਼ੁਰ ਦੀਆਂ ਸੱਤ ਪਵਿੱਤਰ ਸ਼ਕਤੀਆਂ* ਹਨ ਜਿਹੜੀਆਂ ਪਰਮੇਸ਼ੁਰ ਨੇ ਪੂਰੀ ਧਰਤੀ ਉੱਤੇ ਘੱਲੀਆਂ ਹਨ। 7 ਅਤੇ ਲੇਲੇ ਨੇ ਤੁਰੰਤ ਜਾ ਕੇ ਉਸ ਦੇ ਸੱਜੇ ਹੱਥ ਵਿੱਚੋਂ, ਜਿਹੜਾ ਸਿੰਘਾਸਣ ਉੱਤੇ ਬੈਠਾ ਹੋਇਆ ਸੀ, ਕਾਗਜ਼ ਲੈ ਲਿਆ। 8 ਅਤੇ ਜਦੋਂ ਉਸ ਨੇ ਕਾਗਜ਼ ਲਿਆ, ਤਾਂ ਚਾਰੇ ਕਰੂਬੀ ਅਤੇ ਚੌਵੀ ਬਜ਼ੁਰਗ ਗੋਡੇ ਟੇਕ ਕੇ ਲੇਲੇ ਦੇ ਸਾਮ੍ਹਣੇ ਬੈਠ ਗਏ। ਹਰ ਬਜ਼ੁਰਗ ਕੋਲ ਇਕ ਰਬਾਬ ਅਤੇ ਧੂਪ ਨਾਲ ਭਰਿਆ ਹੋਇਆ ਸੋਨੇ ਦਾ ਕਟੋਰਾ ਸੀ। (ਧੂਪ ਪਵਿੱਤਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਨੂੰ ਦਰਸਾਉਂਦੀ ਹੈ।) 9 ਅਤੇ ਉਹ ਇਕ ਨਵਾਂ ਗੀਤ ਗਾਉਂਦੇ ਹਨ: “ਤੂੰ ਹੀ ਕਾਗਜ਼ ਲੈਣ ਅਤੇ ਇਸ ਦੀਆਂ ਮੁਹਰਾਂ ਤੋੜਨ ਦੇ ਕਾਬਲ ਹੈਂ ਕਿਉਂਕਿ ਤੇਰੀ ਕੁਰਬਾਨੀ ਦਿੱਤੀ ਗਈ ਸੀ ਅਤੇ ਤੂੰ ਆਪਣੇ ਲਹੂ ਨਾਲ ਹਰ ਕਬੀਲੇ, ਭਾਸ਼ਾ, ਨਸਲ ਤੇ ਕੌਮ ਵਿੱਚੋਂ ਲੋਕਾਂ ਨੂੰ ਪਰਮੇਸ਼ੁਰ ਲਈ ਮੁੱਲ ਲਿਆ, 10 ਅਤੇ ਤੂੰ ਉਨ੍ਹਾਂ ਨੂੰ ਰਾਜੇ ਅਤੇ ਪੁਜਾਰੀ ਬਣਾਇਆ ਤਾਂਕਿ ਉਹ ਸਾਡੇ ਪਰਮੇਸ਼ੁਰ ਦੀ ਸੇਵਾ ਕਰਨ ਅਤੇ ਉਹ ਧਰਤੀ ਉੱਤੇ ਰਾਜਿਆਂ ਵਜੋਂ ਰਾਜ ਕਰਨ।”
11 ਅਤੇ ਮੈਂ ਸਿੰਘਾਸਣ, ਕਰੂਬੀਆਂ ਅਤੇ ਬਜ਼ੁਰਗਾਂ ਦੇ ਆਲੇ-ਦੁਆਲੇ ਦੂਤ ਦੇਖੇ ਜਿਨ੍ਹਾਂ ਦੀ ਗਿਣਤੀ ਲੱਖਾਂ-ਕਰੋੜਾਂ ਤੇ ਹਜ਼ਾਰਾਂ-ਹਜ਼ਾਰ ਸੀ ਅਤੇ ਮੈਂ ਉਨ੍ਹਾਂ ਦੀ ਆਵਾਜ਼ ਸੁਣੀ, 12 ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਕਿਹਾ: “ਲੇਲਾ ਜਿਸ ਦੀ ਕੁਰਬਾਨੀ ਦਿੱਤੀ ਗਈ ਸੀ, ਤਾਕਤ, ਧਨ, ਬੁੱਧ, ਬਲ, ਮਹਿਮਾ ਅਤੇ ਵਡਿਆਈ ਪਾਉਣ ਦਾ ਹੱਕਦਾਰ ਹੈ।”
13 ਅਤੇ ਹਰ ਪ੍ਰਾਣੀ ਜੋ ਸਵਰਗ ਵਿਚ ਤੇ ਧਰਤੀ ਉੱਤੇ ਅਤੇ ਧਰਤੀ ਦੇ ਅੰਦਰ ਅਤੇ ਸਮੁੰਦਰ ਵਿਚ ਸੀ, ਯਾਨੀ ਸਾਰਿਆਂ ਨੂੰ ਮੈਂ ਇਹ ਕਹਿੰਦੇ ਸੁਣਿਆ: “ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਦੀ ਅਤੇ ਲੇਲੇ ਦੀ ਯੁਗੋ-ਯੁਗ ਵਡਿਆਈ, ਆਦਰ ਤੇ ਮਹਿਮਾ ਹੋਵੇ ਅਤੇ ਤਾਕਤ ਹਮੇਸ਼ਾ ਉਨ੍ਹਾਂ ਦੀ ਰਹੇ।” 14 ਅਤੇ ਚਾਰ ਕਰੂਬੀਆਂ ਨੇ ਅੱਗੇ ਕਿਹਾ: “ਆਮੀਨ!” ਅਤੇ ਬਜ਼ੁਰਗਾਂ ਨੇ ਗੋਡੇ ਟੇਕ ਕੇ ਪਰਮੇਸ਼ੁਰ ਨੂੰ ਮੱਥਾ ਟੇਕਿਆ।
6 ਅਤੇ ਮੈਂ ਦੇਖਿਆ ਕਿ ਜਦੋਂ ਲੇਲੇ ਨੇ ਸੱਤਾਂ ਮੁਹਰਾਂ ਵਿੱਚੋਂ ਇਕ ਮੁਹਰ ਤੋੜੀ, ਤਾਂ ਚਾਰ ਕਰੂਬੀਆਂ ਵਿੱਚੋਂ ਇਕ ਨੇ ਗਰਜਵੀਂ ਆਵਾਜ਼ ਵਿਚ ਕਿਹਾ: “ਆ ਜਾ!” 2 ਅਤੇ ਮੈਂ ਇਕ ਚਿੱਟਾ ਘੋੜਾ ਦੇਖਿਆ ਅਤੇ ਉਸ ਦੇ ਸਵਾਰ ਕੋਲ ਇਕ ਤੀਰ-ਕਮਾਨ ਸੀ ਅਤੇ ਉਸ ਨੂੰ ਇਕ ਮੁਕਟ ਦਿੱਤਾ ਗਿਆ ਅਤੇ ਉਹ ਆਪਣੇ ਦੁਸ਼ਮਣਾਂ ਨਾਲ ਲੜਨ ਅਤੇ ਉਨ੍ਹਾਂ ਉੱਤੇ ਪੂਰੀ ਤਰ੍ਹਾਂ ਜਿੱਤ ਹਾਸਲ ਕਰਨ ਲਈ ਨਿਕਲ ਤੁਰਿਆ।
3 ਜਦੋਂ ਲੇਲੇ ਨੇ ਦੂਸਰੀ ਮੁਹਰ ਤੋੜੀ, ਤਾਂ ਮੈਂ ਦੂਸਰੇ ਕਰੂਬੀ ਨੂੰ ਇਹ ਕਹਿੰਦੇ ਸੁਣਿਆ: “ਆ ਜਾ!” 4 ਅਤੇ ਇਕ ਹੋਰ ਘੋੜਾ ਆਇਆ ਜੋ ਲਾਲ ਰੰਗ ਦਾ ਸੀ; ਉਸ ਦੇ ਸਵਾਰ ਨੂੰ ਧਰਤੀ ਉੱਤੋਂ ਸ਼ਾਂਤੀ ਖ਼ਤਮ ਕਰਨ ਦਾ ਅਧਿਕਾਰ ਦਿੱਤਾ ਗਿਆ ਤਾਂਕਿ ਲੋਕ ਬੇਰਹਿਮੀ ਨਾਲ ਇਕ ਦੂਸਰੇ ਦਾ ਕਤਲ ਕਰਨ ਅਤੇ ਉਸ ਨੂੰ ਇਕ ਵੱਡੀ ਸਾਰੀ ਤਲਵਾਰ ਦਿੱਤੀ ਗਈ।
5 ਅਤੇ ਜਦੋਂ ਲੇਲੇ ਨੇ ਤੀਸਰੀ ਮੁਹਰ ਤੋੜੀ, ਤਾਂ ਮੈਂ ਤੀਸਰੇ ਕਰੂਬੀ ਨੂੰ ਇਹ ਕਹਿੰਦੇ ਸੁਣਿਆ: “ਆ ਜਾ!” ਅਤੇ ਮੈਂ ਇਕ ਕਾਲਾ ਘੋੜਾ ਦੇਖਿਆ ਅਤੇ ਉਸ ਦੇ ਸਵਾਰ ਦੇ ਹੱਥ ਵਿਚ ਇਕ ਤੱਕੜੀ ਸੀ। 6 ਅਤੇ ਮੈਂ ਚਾਰਾਂ ਕਰੂਬੀਆਂ ਦੇ ਵਿਚਕਾਰੋਂ ਇਕ ਆਵਾਜ਼ ਜਿਹੀ ਇਹ ਕਹਿੰਦਿਆਂ ਸੁਣੀ: “ਇਕ ਕਿਲੋ ਕਣਕ ਇਕ ਦੀਨਾਰ* ਦੀ ਅਤੇ ਤਿੰਨ ਕਿਲੋ ਜੌਂ ਇਕ ਦੀਨਾਰ ਦੇ; ਜ਼ੈਤੂਨ ਦਾ ਤੇਲ ਅਤੇ ਦਾਖਰਸ ਸਰਫ਼ੇ ਨਾਲ ਵਰਤੀਂ।”
7 ਅਤੇ ਜਦੋਂ ਲੇਲੇ ਨੇ ਚੌਥੀ ਮੁਹਰ ਤੋੜੀ, ਤਾਂ ਮੈਂ ਚੌਥੇ ਕਰੂਬੀ ਨੂੰ ਇਹ ਕਹਿੰਦੇ ਸੁਣਿਆ: “ਆ ਜਾ!” 8 ਅਤੇ ਮੈਂ ਇਕ ਪੀਲ਼ਾ ਘੋੜਾ ਦੇਖਿਆ ਅਤੇ ਉਸ ਦੇ ਸਵਾਰ ਦਾ ਨਾਂ “ਮੌਤ” ਸੀ ਅਤੇ ਉਸ ਦੇ ਬਿਲਕੁਲ ਪਿੱਛੇ-ਪਿੱਛੇ “ਕਬਰ”* ਆ ਰਹੀ ਸੀ। ਉਨ੍ਹਾਂ ਨੂੰ ਧਰਤੀ ਦੇ ਇਕ ਚੌਥਾਈ ਹਿੱਸੇ ਨੂੰ ਲੰਬੀ ਤਲਵਾਰ ਨਾਲ, ਕਾਲ਼ ਨਾਲ, ਜਾਨਲੇਵਾ ਬੀਮਾਰੀ ਨਾਲ ਅਤੇ ਜੰਗਲੀ ਜਾਨਵਰਾਂ ਦੇ ਜ਼ਰੀਏ ਜਾਨੋਂ ਮਾਰਨ ਦਾ ਅਧਿਕਾਰ ਦਿੱਤਾ ਗਿਆ।
9 ਅਤੇ ਜਦੋਂ ਲੇਲੇ ਨੇ ਪੰਜਵੀਂ ਮੁਹਰ ਤੋੜੀ, ਤਾਂ ਮੈਂ ਵੇਦੀ ਦੇ ਆਲੇ-ਦੁਆਲੇ ਉਨ੍ਹਾਂ ਲੋਕਾਂ ਦਾ ਖ਼ੂਨ ਡੁੱਲ੍ਹਾ ਦੇਖਿਆ ਜਿਹੜੇ ਪਰਮੇਸ਼ੁਰ ਦੇ ਬਚਨ ਉੱਤੇ ਚੱਲਣ ਕਰਕੇ ਅਤੇ ਪ੍ਰਚਾਰ ਦਾ ਕੰਮ ਕਰਨ ਕਰਕੇ ਬੇਰਹਿਮੀ ਨਾਲ ਵੱਢੇ ਗਏ ਸਨ। 10 ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਦੁਹਾਈ ਦਿੰਦਿਆਂ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਅਤੇ ਪਵਿੱਤਰ ਤੇ ਸੱਚੇ ਪ੍ਰਭੂ, ਤੂੰ ਕਦੋਂ ਨਿਆਂ ਕਰ ਕੇ ਧਰਤੀ ਦੇ ਵਾਸੀਆਂ ਤੋਂ ਸਾਡੇ ਖ਼ੂਨ ਦਾ ਬਦਲਾ ਲਵੇਂਗਾ?” 11 ਉਨ੍ਹਾਂ ਵਿੱਚੋਂ ਹਰੇਕ ਨੂੰ ਇਕ ਚਿੱਟਾ ਚੋਗਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਥੋੜ੍ਹਾ ਚਿਰ ਹੋਰ ਉਡੀਕ ਕਰਨ ਲਈ ਕਿਹਾ ਗਿਆ ਜਦ ਤਕ ਉਨ੍ਹਾਂ ਦੇ ਨਾਲ ਦੇ ਦਾਸਾਂ ਅਤੇ ਉਨ੍ਹਾਂ ਦੇ ਭਰਾਵਾਂ ਦੀ ਗਿਣਤੀ ਪੂਰੀ ਨਹੀਂ ਹੋ ਜਾਂਦੀ ਜਿਹੜੇ ਉਨ੍ਹਾਂ ਵਾਂਗ ਹੀ ਜਾਨੋਂ ਮਾਰੇ ਜਾਣ ਵਾਲੇ ਸਨ।
12 ਅਤੇ ਮੈਂ ਦੇਖਿਆ ਕਿ ਜਦੋਂ ਲੇਲੇ ਨੇ ਛੇਵੀਂ ਮੁਹਰ ਤੋੜੀ, ਤਾਂ ਇਕ ਜ਼ਬਰਦਸਤ ਭੁਚਾਲ਼ ਆਇਆ ਅਤੇ ਸੂਰਜ ਕਾਲਾ ਹੋ ਗਿਆ ਜਿਵੇਂ ਵਾਲ਼ਾਂ ਦਾ ਬਣਿਆ ਤੱਪੜ ਹੁੰਦਾ ਹੈ ਅਤੇ ਪੂਰੇ ਚੰਦ ਦਾ ਰੰਗ ਲਹੂ ਵਾਂਗ ਲਾਲ ਹੋ ਗਿਆ 13 ਅਤੇ ਆਕਾਸ਼ ਤੋਂ ਤਾਰੇ ਟੁੱਟ ਕੇ ਧਰਤੀ ਉੱਤੇ ਡਿਗ ਪਏ ਜਿਵੇਂ ਤੇਜ਼ ਹਨੇਰੀ ਨਾਲ ਕੱਚੀਆਂ ਅੰਜੀਰਾਂ ਦਰਖ਼ਤ ਤੋਂ ਟੁੱਟ ਕੇ ਝੜ ਜਾਂਦੀਆਂ ਹਨ। 14 ਅਤੇ ਜਿਵੇਂ ਕਾਗਜ਼ ਨੂੰ ਲਪੇਟ ਕੇ ਇਕ ਪਾਸੇ ਰੱਖ ਦਿੱਤਾ ਜਾਂਦਾ ਹੈ, ਉਵੇਂ ਆਕਾਸ਼ ਨੂੰ ਹਟਾ ਦਿੱਤਾ ਗਿਆ ਅਤੇ ਹਰ ਪਹਾੜ ਤੇ ਟਾਪੂ ਨੂੰ ਉਸ ਦੀ ਜਗ੍ਹਾ ਤੋਂ ਹਟਾ ਦਿੱਤਾ ਗਿਆ। 15 ਧਰਤੀ ਦੇ ਰਾਜੇ, ਵੱਡੇ-ਵੱਡੇ ਅਫ਼ਸਰ, ਫ਼ੌਜ ਦੇ ਕਮਾਂਡਰ, ਅਮੀਰ, ਤਾਕਤਵਰ ਲੋਕ ਅਤੇ ਸਾਰੇ ਗ਼ੁਲਾਮ ਤੇ ਸਾਰੇ ਆਜ਼ਾਦ ਇਨਸਾਨ ਪਹਾੜਾਂ ਦੀਆਂ ਗੁਫਾਵਾਂ ਅਤੇ ਚਟਾਨਾਂ ਵਿਚ ਲੁਕ ਗਏ। 16 ਅਤੇ ਉਹ ਪਹਾੜਾਂ ਅਤੇ ਚਟਾਨਾਂ ਨੂੰ ਲਗਾਤਾਰ ਕਹਿ ਰਹੇ ਹਨ: “ਸਾਨੂੰ ਢਕ ਲਓ ਅਤੇ ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਦੀਆਂ ਨਜ਼ਰਾਂ ਤੋਂ ਸਾਨੂੰ ਲੁਕਾ ਲਓ ਅਤੇ ਲੇਲੇ ਦੇ ਕ੍ਰੋਧ ਤੋਂ ਬਚਾ ਲਓ 17 ਕਿਉਂਕਿ ਉਨ੍ਹਾਂ ਦੇ ਕ੍ਰੋਧ ਦਾ ਮਹਾਨ ਦਿਨ ਆ ਗਿਆ ਹੈ ਅਤੇ ਕੌਣ ਬਚ ਸਕੇਗਾ?”
7 ਇਸ ਤੋਂ ਬਾਅਦ ਮੈਂ ਧਰਤੀ ਦੇ ਚਾਰਾਂ ਖੂੰਜਿਆਂ ʼਤੇ ਚਾਰ ਦੂਤ ਖੜ੍ਹੇ ਦੇਖੇ ਜਿਨ੍ਹਾਂ ਨੇ ਧਰਤੀ ਦੀਆਂ ਚਾਰੇ ਹਵਾਵਾਂ ਨੂੰ ਮਜ਼ਬੂਤੀ ਨਾਲ ਫੜ ਕੇ ਰੋਕ ਰੱਖਿਆ ਸੀ, ਤਾਂਕਿ ਹਵਾ ਨਾ ਧਰਤੀ ਉੱਤੇ, ਨਾ ਸਮੁੰਦਰ ਉੱਤੇ ਅਤੇ ਨਾ ਹੀ ਕਿਸੇ ਦਰਖ਼ਤ ਉੱਤੇ ਵਗੇ। 2 ਅਤੇ ਮੈਂ ਇਕ ਹੋਰ ਦੂਤ ਨੂੰ ਸੂਰਜ ਦੇ ਚੜ੍ਹਦੇ ਪਾਸਿਓਂ* ਉੱਪਰ ਆਉਂਦੇ ਦੇਖਿਆ। ਉਸ ਦੇ ਹੱਥ ਵਿਚ ਜੀਉਂਦੇ ਪਰਮੇਸ਼ੁਰ ਦੀ ਮੁਹਰ ਸੀ ਅਤੇ ਉਸ ਨੇ ਚਾਰਾਂ ਦੂਤਾਂ ਨੂੰ, ਜਿਨ੍ਹਾਂ ਨੂੰ ਧਰਤੀ ਅਤੇ ਸਮੁੰਦਰ ਨੂੰ ਨੁਕਸਾਨ ਪਹੁੰਚਾਉਣ ਦਾ ਅਧਿਕਾਰ ਦਿੱਤਾ ਗਿਆ ਸੀ, ਉੱਚੀ ਆਵਾਜ਼ ਵਿਚ 3 ਕਿਹਾ: “ਜਦੋਂ ਤਕ ਅਸੀਂ ਆਪਣੇ ਪਰਮੇਸ਼ੁਰ ਦੇ ਦਾਸਾਂ ਦੇ ਮੱਥਿਆਂ ਉੱਤੇ ਮੁਹਰ ਨਹੀਂ ਲਾ ਦਿੰਦੇ, ਉਦੋਂ ਤਕ ਧਰਤੀ ਜਾਂ ਸਮੁੰਦਰ ਜਾਂ ਦਰਖ਼ਤਾਂ ਨੂੰ ਨੁਕਸਾਨ ਨਾ ਪਹੁੰਚਾਇਓ।”
4 ਅਤੇ ਇਜ਼ਰਾਈਲੀਆਂ ਦੇ ਹਰ ਗੋਤ ਵਿੱਚੋਂ ਜਿਨ੍ਹਾਂ ਉੱਤੇ ਮੁਹਰ ਲਾਈ ਗਈ ਸੀ, ਮੈਂ ਉਨ੍ਹਾਂ ਦੀ ਗਿਣਤੀ ਸੁਣੀ। ਉਨ੍ਹਾਂ ਦੀ ਗਿਣਤੀ 1,44,000 ਸੀ:
5 ਯਹੂਦਾਹ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
ਰਊਬੇਨ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
ਗਾਦ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
6 ਆਸ਼ੇਰ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
ਨਫ਼ਤਾਲੀ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
ਮਨੱਸ਼ਹ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
7 ਸ਼ਿਮਓਨ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
ਲੇਵੀ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
ਯਿੱਸਾਕਾਰ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
8 ਜ਼ਬੂਲੁਨ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
ਯੂਸੁਫ਼ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ;
ਬਿਨਯਾਮੀਨ ਦੇ ਗੋਤ ਵਿੱਚੋਂ 12,000 ਉੱਤੇ ਮੁਹਰ ਲੱਗੀ।
9 ਇਨ੍ਹਾਂ ਗੱਲਾਂ ਤੋਂ ਬਾਅਦ ਮੈਂ ਸਾਰੀਆਂ ਕੌਮਾਂ, ਕਬੀਲਿਆਂ, ਨਸਲਾਂ ਅਤੇ ਬੋਲੀਆਂ ਦੇ ਲੋਕਾਂ ਦੀ ਇਕ ਵੱਡੀ ਭੀੜ ਦੇਖੀ ਜਿਸ ਨੂੰ ਕੋਈ ਵੀ ਗਿਣ ਨਾ ਸਕਿਆ। ਉਹ ਲੋਕ ਸਿੰਘਾਸਣ ਦੇ ਸਾਮ੍ਹਣੇ ਅਤੇ ਲੇਲੇ ਦੇ ਸਾਮ੍ਹਣੇ ਖੜ੍ਹੇ ਸਨ ਅਤੇ ਉਨ੍ਹਾਂ ਨੇ ਚਿੱਟੇ ਚੋਗੇ ਪਾਏ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿਚ ਖਜੂਰ ਦੀਆਂ ਟਾਹਣੀਆਂ ਸਨ। 10 ਅਤੇ ਉਹ ਉੱਚੀ-ਉੱਚੀ ਕਹਿ ਰਹੇ ਸਨ: “ਅਸੀਂ ਆਪਣੇ ਪਰਮੇਸ਼ੁਰ ਦੇ, ਜਿਹੜਾ ਸਿੰਘਾਸਣ ਉੱਤੇ ਬੈਠਾ ਹੈ, ਅਤੇ ਲੇਲੇ ਦੇ ਅਹਿਸਾਨਮੰਦ ਹਾਂ ਕਿ ਉਨ੍ਹਾਂ ਨੇ ਸਾਨੂੰ ਮੁਕਤੀ ਦਿੱਤੀ ਹੈ।”
11 ਅਤੇ ਸਾਰੇ ਦੂਤ ਅਤੇ ਬਜ਼ੁਰਗ ਅਤੇ ਚਾਰੇ ਕਰੂਬੀ ਸਿੰਘਾਸਣ ਦੇ ਆਲੇ-ਦੁਆਲੇ ਖੜ੍ਹੇ ਸਨ ਅਤੇ ਉਨ੍ਹਾਂ ਨੇ ਸਿੰਘਾਸਣ ਦੇ ਸਾਮ੍ਹਣੇ ਗੋਡਿਆਂ ਭਾਰ ਬੈਠ ਕੇ ਪਰਮੇਸ਼ੁਰ ਨੂੰ ਮੱਥਾ ਟੇਕਿਆ 12 ਅਤੇ ਉਨ੍ਹਾਂ ਨੇ ਕਿਹਾ: “ਆਮੀਨ! ਸਾਡੇ ਪਰਮੇਸ਼ੁਰ ਦੀ ਵਡਿਆਈ, ਮਹਿਮਾ, ਆਦਰ ਅਤੇ ਧੰਨਵਾਦ ਯੁਗੋ-ਯੁਗ ਹੁੰਦਾ ਰਹੇ ਅਤੇ ਬੁੱਧ, ਤਾਕਤ ਅਤੇ ਬਲ ਹਮੇਸ਼ਾ ਉਸੇ ਦਾ ਰਹੇ। ਆਮੀਨ।”
13 ਇਹ ਸੁਣ ਕੇ ਇਕ ਬਜ਼ੁਰਗ ਨੇ ਮੈਨੂੰ ਪੁੱਛਿਆ: “ਜਿਨ੍ਹਾਂ ਲੋਕਾਂ ਨੇ ਚਿੱਟੇ ਚੋਗੇ ਪਾਏ ਹੋਏ ਹਨ, ਉਹ ਕੌਣ ਹਨ ਅਤੇ ਕਿੱਥੋਂ ਆਏ ਹਨ?” 14 ਮੈਂ ਉਸੇ ਵੇਲੇ ਉਸ ਨੂੰ ਕਿਹਾ: “ਮੇਰੇ ਪ੍ਰਭੂ, ਤੂੰ ਹੀ ਇਹ ਗੱਲ ਜਾਣਦਾ ਹੈਂ।” ਉਸ ਨੇ ਮੈਨੂੰ ਕਿਹਾ: “ਇਹ ਉਹ ਲੋਕ ਹਨ ਜਿਹੜੇ ਮਹਾਂਕਸ਼ਟ ਵਿੱਚੋਂ ਬਚ ਕੇ ਨਿਕਲੇ ਹਨ ਅਤੇ ਇਨ੍ਹਾਂ ਨੇ ਆਪਣੇ ਚੋਗੇ ਲੇਲੇ ਦੇ ਲਹੂ ਨਾਲ ਧੋ ਕੇ ਚਿੱਟੇ ਕੀਤੇ ਹਨ। 15 ਇਸੇ ਕਰਕੇ ਇਹ ਪਰਮੇਸ਼ੁਰ ਦੇ ਸਿੰਘਾਸਣ ਦੇ ਸਾਮ੍ਹਣੇ ਖੜ੍ਹੇ ਹਨ ਅਤੇ ਉਸ ਦੇ ਮੰਦਰ ਵਿਚ ਦਿਨ-ਰਾਤ ਉਸ ਦੀ ਭਗਤੀ ਕਰਦੇ ਹਨ; ਅਤੇ ਪਰਮੇਸ਼ੁਰ ਜਿਹੜਾ ਸਿੰਘਾਸਣ ਉੱਤੇ ਬੈਠਾ ਹੋਇਆ ਹੈ, ਉਨ੍ਹਾਂ ਦੀ ਰੱਖਿਆ ਕਰੇਗਾ।* 16 ਉਨ੍ਹਾਂ ਨੂੰ ਅੱਗੇ ਤੋਂ ਨਾ ਭੁੱਖ ਲੱਗੇਗੀ ਅਤੇ ਨਾ ਹੀ ਪਿਆਸ ਲੱਗੇਗੀ ਅਤੇ ਨਾ ਹੀ ਉਨ੍ਹਾਂ ਉੱਤੇ ਸੂਰਜ ਦੀ ਤਪਦੀ ਧੁੱਪ ਪਵੇਗੀ ਅਤੇ ਨਾ ਹੀ ਉਨ੍ਹਾਂ ਉੱਤੇ ਲੂ ਵਗੇਗੀ, 17 ਕਿਉਂਕਿ ਸਿੰਘਾਸਣ ਦੇ ਕੋਲ ਖੜ੍ਹਾ ਲੇਲਾ ਚਰਵਾਹੇ ਵਾਂਗ ਉਨ੍ਹਾਂ ਦੀ ਦੇਖ-ਭਾਲ ਕਰੇਗਾ ਅਤੇ ਉਨ੍ਹਾਂ ਨੂੰ ਅੰਮ੍ਰਿਤ ਜਲ* ਦੇ ਚਸ਼ਮਿਆਂ ਕੋਲ ਲੈ ਜਾਵੇਗਾ। ਅਤੇ ਪਰਮੇਸ਼ੁਰ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ।”
8 ਅਤੇ ਜਦੋਂ ਲੇਲੇ ਨੇ ਸੱਤਵੀਂ ਮੁਹਰ ਤੋੜੀ, ਤਾਂ ਸਵਰਗ ਵਿਚ ਲਗਭਗ ਅੱਧਾ ਘੰਟਾ ਚੁੱਪ ਛਾਈ ਰਹੀ। 2 ਅਤੇ ਮੈਂ ਸੱਤ ਦੂਤ ਦੇਖੇ ਜਿਹੜੇ ਪਰਮੇਸ਼ੁਰ ਸਾਮ੍ਹਣੇ ਖੜ੍ਹੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਸੱਤ ਤੁਰ੍ਹੀਆਂ ਦਿੱਤੀਆਂ ਗਈਆਂ।
3 ਅਤੇ ਇਕ ਹੋਰ ਦੂਤ ਆ ਕੇ ਵੇਦੀ ਦੇ ਲਾਗੇ ਖੜ੍ਹਾ ਹੋ ਗਿਆ ਅਤੇ ਉਸ ਕੋਲ ਸੋਨੇ ਦਾ ਧੂਪਦਾਨ ਸੀ; ਅਤੇ ਉਸ ਨੂੰ ਬਹੁਤ ਸਾਰੀ ਧੂਪ ਦਿੱਤੀ ਗਈ ਤਾਂਕਿ ਜਦੋਂ ਪਵਿੱਤਰ ਸੇਵਕ ਪ੍ਰਾਰਥਨਾਵਾਂ ਕਰਨ, ਤਾਂ ਉਹ ਸਿੰਘਾਸਣ ਦੇ ਸਾਮ੍ਹਣੇ ਪਈ ਸੋਨੇ ਦੀ ਵੇਦੀ ਉੱਤੇ ਧੂਪ ਧੁਖਾਵੇ। 4 ਅਤੇ ਪਵਿੱਤਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ-ਨਾਲ ਦੂਤ ਦੇ ਹੱਥ ਤੋਂ ਧੂਪ ਦਾ ਧੂੰਆਂ ਉੱਪਰ ਪਰਮੇਸ਼ੁਰ ਕੋਲ ਪਹੁੰਚਿਆ। 5 ਪਰ ਉਸੇ ਵੇਲੇ ਉਸ ਦੂਤ ਨੇ ਵੇਦੀ ਤੋਂ ਥੋੜ੍ਹੀ ਜਿਹੀ ਅੱਗ ਧੂਪਦਾਨ ਵਿਚ ਪਾ ਕੇ ਧਰਤੀ ਉੱਤੇ ਸੁੱਟ ਦਿੱਤੀ। ਅਤੇ ਗਰਜਾਂ ਸੁਣਾਈ ਦਿੱਤੀਆਂ ਤੇ ਆਵਾਜ਼ਾਂ ਆਈਆਂ ਤੇ ਬਿਜਲੀ ਲਿਸ਼ਕੀ ਤੇ ਭੁਚਾਲ਼ ਆਇਆ। 6 ਫਿਰ ਸੱਤੇ ਦੂਤ ਤੁਰ੍ਹੀਆਂ ਵਜਾਉਣ ਲਈ ਤਿਆਰ ਹੋ ਗਏ।
7 ਅਤੇ ਪਹਿਲੇ ਦੂਤ ਨੇ ਆਪਣੀ ਤੁਰ੍ਹੀ ਵਜਾਈ। ਅਤੇ ਲਹੂ ਨਾਲ ਰਲ਼ੇ ਹੋਏ ਗੜਿਆਂ ਨੂੰ ਅਤੇ ਅੱਗ ਨੂੰ ਧਰਤੀ ਉੱਤੇ ਸੁੱਟਿਆ ਗਿਆ; ਅਤੇ ਧਰਤੀ ਦਾ ਇਕ ਤਿਹਾਈ ਹਿੱਸਾ ਸੜ ਗਿਆ ਅਤੇ ਇਕ ਤਿਹਾਈ ਦਰਖ਼ਤ ਸੜ ਗਏ ਅਤੇ ਸਾਰੇ ਘਾਹ-ਬੂਟੇ ਸੜ ਗਏ।
8 ਅਤੇ ਦੂਸਰੇ ਦੂਤ ਨੇ ਆਪਣੀ ਤੁਰ੍ਹੀ ਵਜਾਈ। ਬਲ਼ਦੇ ਹੋਏ ਵੱਡੇ ਸਾਰੇ ਪਹਾੜ ਵਰਗੀ ਕੋਈ ਚੀਜ਼ ਸਮੁੰਦਰ ਵਿਚ ਸੁੱਟੀ ਗਈ। ਅਤੇ ਸਮੁੰਦਰ ਦਾ ਇਕ ਤਿਹਾਈ ਹਿੱਸਾ ਲਹੂ ਬਣ ਗਿਆ; 9 ਅਤੇ ਸਮੁੰਦਰ ਵਿਚਲੇ ਇਕ ਤਿਹਾਈ ਜੀਵ-ਜੰਤੂ ਮਰ ਗਏ ਅਤੇ ਇਕ ਤਿਹਾਈ ਸਮੁੰਦਰੀ ਜਹਾਜ਼ ਤਬਾਹ ਹੋ ਗਏ।
10 ਅਤੇ ਤੀਸਰੇ ਦੂਤ ਨੇ ਆਪਣੀ ਤੁਰ੍ਹੀ ਵਜਾਈ। ਅਤੇ ਮਸ਼ਾਲ ਵਾਂਗ ਬਲ਼ਦਾ ਹੋਇਆ ਇਕ ਵੱਡਾ ਤਾਰਾ ਆਕਾਸ਼ੋਂ ਡਿਗਿਆ ਅਤੇ ਇਹ ਇਕ ਤਿਹਾਈ ਦਰਿਆਵਾਂ ਅਤੇ ਪਾਣੀ ਦੇ ਚਸ਼ਮਿਆਂ ਉੱਤੇ ਡਿਗਿਆ। 11 ਇਸ ਤਾਰੇ ਦਾ ਨਾਂ ਨਾਗਦੋਨਾ* ਸੀ। ਅਤੇ ਪਾਣੀ ਦਾ ਇਕ ਤਿਹਾਈ ਹਿੱਸਾ ਕੌੜਾ ਹੋ ਗਿਆ ਅਤੇ ਬਹੁਤ ਸਾਰੇ ਲੋਕ ਇਹ ਕੌੜਾ ਪਾਣੀ ਪੀ ਕੇ ਮਰ ਗਏ।
12 ਅਤੇ ਚੌਥੇ ਦੂਤ ਨੇ ਆਪਣੀ ਤੁਰ੍ਹੀ ਵਜਾਈ। ਅਤੇ ਸੂਰਜ ਦੇ ਇਕ ਤਿਹਾਈ ਹਿੱਸੇ ਨੂੰ ਅਤੇ ਚੰਦ ਦੇ ਇਕ ਤਿਹਾਈ ਹਿੱਸੇ ਨੂੰ ਅਤੇ ਤਾਰਿਆਂ ਦੇ ਇਕ ਤਿਹਾਈ ਹਿੱਸੇ ਨੂੰ ਨੁਕਸਾਨ ਪਹੁੰਚਾਇਆ ਗਿਆ, ਤਾਂਕਿ ਇਨ੍ਹਾਂ ਸਾਰਿਆਂ ਦਾ ਇਕ ਤਿਹਾਈ ਹਿੱਸਾ ਹਨੇਰਾ ਹੋ ਜਾਵੇ ਅਤੇ ਦਿਨ ਦੇ ਇਕ ਤਿਹਾਈ ਹਿੱਸੇ ਦੌਰਾਨ ਰੌਸ਼ਨੀ ਨਾ ਹੋਵੇ ਅਤੇ ਰਾਤ ਨੂੰ ਵੀ ਇਸੇ ਤਰ੍ਹਾਂ ਹੋਵੇ।
13 ਅਤੇ ਮੈਂ ਆਕਾਸ਼ ਵਿਚ ਇਕ ਉਕਾਬ ਨੂੰ ਉੱਡਦੇ ਹੋਏ ਦੇਖਿਆ ਅਤੇ ਉਸ ਨੂੰ ਉੱਚੀ ਆਵਾਜ਼ ਵਿਚ ਇਹ ਕਹਿੰਦੇ ਸੁਣਿਆ: “ਧਰਤੀ ਉੱਤੇ ਰਹਿਣ ਵਾਲਿਆਂ ਲਈ ਅਫ਼ਸੋਸ, ਅਫ਼ਸੋਸ, ਅਫ਼ਸੋਸ, ਕਿਉਂਕਿ ਬਾਕੀ ਦੇ ਤਿੰਨ ਦੂਤਾਂ ਨੇ ਅਜੇ ਆਪਣੀਆਂ ਤੁਰ੍ਹੀਆਂ ਵਜਾਉਣੀਆਂ ਹਨ ਅਤੇ ਉਹ ਆਪਣੀਆਂ ਤੁਰ੍ਹੀਆਂ ਵਜਾਉਣ ਹੀ ਵਾਲੇ ਹਨ!”
9 ਅਤੇ ਪੰਜਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ। ਅਤੇ ਮੈਂ ਇਕ ਤਾਰਾ ਦੇਖਿਆ ਜੋ ਆਕਾਸ਼ੋਂ ਧਰਤੀ ਉੱਤੇ ਡਿਗਿਆ ਸੀ। ਉਸ ਨੂੰ ਅਥਾਹ ਕੁੰਡ ਦੀ ਚਾਬੀ ਦਿੱਤੀ ਗਈ। 2 ਅਤੇ ਉਸ ਨੇ ਅਥਾਹ ਕੁੰਡ ਨੂੰ ਖੋਲ੍ਹਿਆ ਅਤੇ ਅਥਾਹ ਕੁੰਡ ਵਿੱਚੋਂ ਧੂੰਆਂ ਨਿਕਲਿਆ ਜਿਵੇਂ ਵੱਡੀ ਸਾਰੀ ਭੱਠੀ ਵਿੱਚੋਂ ਨਿਕਲਦਾ ਹੈ ਅਤੇ ਅਥਾਹ ਕੁੰਡ ਦੇ ਧੂੰਏਂ ਕਰਕੇ ਸੂਰਜ ਅਤੇ ਹਵਾ ਕਾਲੇ ਹੋ ਗਏ। 3 ਅਤੇ ਧੂੰਏਂ ਵਿੱਚੋਂ ਟਿੱਡੀਆਂ ਨਿਕਲ ਕੇ ਧਰਤੀ ਉੱਤੇ ਆ ਗਈਆਂ ਅਤੇ ਉਨ੍ਹਾਂ ਨੂੰ ਉਹੀ ਅਧਿਕਾਰ ਦਿੱਤਾ ਗਿਆ ਜੋ ਧਰਤੀ ਉੱਤੇ ਬਿੱਛੂਆਂ ਦਾ ਹੁੰਦਾ ਹੈ। 4 ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਨਾ ਤਾਂ ਪੇੜ-ਪੌਦਿਆਂ ਨੂੰ, ਨਾ ਘਾਹ ਨੂੰ ਤੇ ਨਾ ਹੀ ਕਿਸੇ ਦਰਖ਼ਤ ਨੂੰ ਨੁਕਸਾਨ ਪਹੁੰਚਾਉਣ, ਪਰ ਸਿਰਫ਼ ਉਨ੍ਹਾਂ ਇਨਸਾਨਾਂ ਨੂੰ ਹੀ ਨੁਕਸਾਨ ਪਹੁੰਚਾਉਣ ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ੁਰ ਦੀ ਮੁਹਰ ਨਹੀਂ ਲੱਗੀ।
5 ਅਤੇ ਟਿੱਡੀਆਂ ਨੂੰ ਇਨਸਾਨਾਂ ਨੂੰ ਮਾਰਨ ਦਾ ਨਹੀਂ, ਸਗੋਂ ਪੰਜ ਮਹੀਨਿਆਂ ਤਕ ਤੜਫਾਉਣ ਦਾ ਅਧਿਕਾਰ ਦਿੱਤਾ ਗਿਆ ਸੀ ਅਤੇ ਉਹ ਇਸ ਤਰ੍ਹਾਂ ਤੜਫਣ ਲੱਗੇ ਜਿਵੇਂ ਬਿੱਛੂ ਦੇ ਡੰਗਣ ʼਤੇ ਕੋਈ ਤੜਫਦਾ ਹੈ। 6 ਉਨ੍ਹਾਂ ਦਿਨਾਂ ਵਿਚ ਲੋਕ ਮੌਤ ਨੂੰ ਆਵਾਜ਼ਾਂ ਮਾਰਨਗੇ, ਪਰ ਉਨ੍ਹਾਂ ਨੂੰ ਮੌਤ ਨਹੀਂ ਆਵੇਗੀ ਅਤੇ ਉਹ ਮੌਤ ਨੂੰ ਗਲੇ ਲਗਾਉਣਾ ਚਾਹੁਣਗੇ, ਪਰ ਮੌਤ ਉਨ੍ਹਾਂ ਤੋਂ ਦੂਰ ਭੱਜੇਗੀ।
7 ਅਤੇ ਟਿੱਡੀਆਂ ਦੇਖਣ ਨੂੰ ਲੜਾਈ ਲਈ ਤਿਆਰ ਘੋੜਿਆਂ ਵਰਗੀਆਂ ਲੱਗਦੀਆਂ ਸਨ; ਅਤੇ ਉਨ੍ਹਾਂ ਦੇ ਸਿਰਾਂ ʼਤੇ ਸੋਨੇ ਦੇ ਮੁਕਟ ਜਿਹੇ ਸਨ ਅਤੇ ਉਨ੍ਹਾਂ ਦੇ ਚਿਹਰੇ ਆਦਮੀਆਂ ਦੇ ਚਿਹਰਿਆਂ ਵਰਗੇ ਸਨ, 8 ਪਰ ਉਨ੍ਹਾਂ ਦੇ ਵਾਲ਼ ਤੀਵੀਆਂ ਦੇ ਵਾਲ਼ਾਂ ਵਰਗੇ ਸਨ ਅਤੇ ਉਨ੍ਹਾਂ ਦੇ ਦੰਦ ਸ਼ੇਰ ਦੇ ਦੰਦਾਂ ਵਰਗੇ ਸਨ; 9 ਅਤੇ ਉਨ੍ਹਾਂ ਦੇ ਸੀਨੇਬੰਦ ਲੋਹੇ ਦੇ ਸੀਨੇਬੰਦਾਂ ਵਰਗੇ ਸਨ। ਉਨ੍ਹਾਂ ਦੇ ਖੰਭਾਂ ਦੀ ਆਵਾਜ਼ ਇੱਦਾਂ ਸੀ ਜਿੱਦਾਂ ਲੜਾਈ ਦੇ ਮੈਦਾਨ ਵੱਲ ਦੌੜੇ ਜਾਂਦੇ ਬਹੁਤ ਸਾਰੇ ਘੋੜਿਆਂ ਵਾਲੇ ਰਥਾਂ ਦੀ ਹੁੰਦੀ ਹੈ। 10 ਉਨ੍ਹਾਂ ਦੀਆਂ ਪੂਛਾਂ ਅਤੇ ਡੰਗ ਬਿੱਛੂਆਂ ਵਰਗੇ ਸਨ; ਅਤੇ ਉਨ੍ਹਾਂ ਦੀਆਂ ਪੂਛਾਂ ਵਿਚ ਇਨਸਾਨਾਂ ਨੂੰ ਪੰਜ ਮਹੀਨੇ ਤੜਫਾਉਣ ਦੀ ਤਾਕਤ ਸੀ। 11 ਅਥਾਹ ਕੁੰਡ ਦਾ ਦੂਤ ਉਨ੍ਹਾਂ ਦਾ ਰਾਜਾ ਹੈ। ਇਬਰਾਨੀ ਭਾਸ਼ਾ ਵਿਚ ਉਸ ਰਾਜੇ ਦਾ ਨਾਂ “ਅਬਦੋਨ”* ਅਤੇ ਯੂਨਾਨੀ ਭਾਸ਼ਾ ਵਿਚ ਉਸ ਦਾ ਨਾਂ “ਅਪੋਲੀਅਨ”* ਹੈ।
12 ਇਕ ਆਫ਼ਤ ਲੰਘ ਚੁੱਕੀ ਹੈ। ਦੇਖ! ਇਨ੍ਹਾਂ ਗੱਲਾਂ ਤੋਂ ਬਾਅਦ ਦੋ ਹੋਰ ਆਫ਼ਤਾਂ ਆ ਰਹੀਆਂ ਹਨ।
13 ਅਤੇ ਛੇਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ। ਅਤੇ ਮੈਂ ਪਰਮੇਸ਼ੁਰ ਦੇ ਸਾਮ੍ਹਣੇ ਪਈ ਸੋਨੇ ਦੀ ਵੇਦੀ ਦੇ ਕੋਨਿਆਂ* ਵਿੱਚੋਂ ਇਕ ਆਵਾਜ਼ ਸੁਣੀ ਜਿਸ ਨੇ 14 ਛੇਵੇਂ ਦੂਤ ਨੂੰ, ਜਿਸ ਕੋਲ ਤੁਰ੍ਹੀ ਸੀ, ਕਿਹਾ: “ਉਨ੍ਹਾਂ ਚਾਰ ਦੂਤਾਂ ਨੂੰ ਖੋਲ੍ਹ ਦੇ ਜਿਹੜੇ ਵੱਡੇ ਦਰਿਆ ਫ਼ਰਾਤ ਲਾਗੇ ਬੱਝੇ ਹੋਏ ਹਨ।” 15 ਅਤੇ ਉਨ੍ਹਾਂ ਚਾਰਾਂ ਦੂਤਾਂ ਨੂੰ, ਜਿਹੜੇ ਇਸ ਘੜੀ, ਦਿਨ, ਮਹੀਨੇ ਅਤੇ ਸਾਲ ਲਈ ਤਿਆਰ ਕੀਤੇ ਗਏ ਹਨ, ਖੋਲ੍ਹ ਦਿੱਤਾ ਗਿਆ ਤਾਂਕਿ ਉਹ ਇਕ ਤਿਹਾਈ ਇਨਸਾਨਾਂ ਨੂੰ ਜਾਨੋਂ ਮਾਰ ਦੇਣ।
16 ਅਤੇ ਮੈਂ ਸੁਣਿਆ ਕਿ ਘੋੜਸਵਾਰ ਫ਼ੌਜ ਦੀ ਗਿਣਤੀ ਵੀਹ ਕਰੋੜ ਸੀ। 17 ਦਰਸ਼ਣ ਵਿਚ ਮੈਨੂੰ ਘੋੜੇ ਅਤੇ ਉਨ੍ਹਾਂ ਦੇ ਸਵਾਰ ਇਸ ਤਰ੍ਹਾਂ ਦੇ ਦਿਖਾਈ ਦਿੱਤੇ ਸਨ: ਘੋੜਸਵਾਰਾਂ ਦੇ ਸੀਨੇਬੰਦ ਲਾਲ, ਨੀਲੇ ਅਤੇ ਪੀਲ਼ੇ ਰੰਗਾਂ ਦੇ ਸਨ ਅਤੇ ਉਨ੍ਹਾਂ ਘੋੜਿਆਂ ਦੇ ਸਿਰ ਸ਼ੇਰ ਦੇ ਸਿਰਾਂ ਵਰਗੇ ਸਨ ਅਤੇ ਉਨ੍ਹਾਂ ਦੇ ਮੂੰਹਾਂ ਵਿੱਚੋਂ ਅੱਗ, ਧੂੰਆਂ ਅਤੇ ਗੰਧਕ* ਨਿਕਲ ਰਹੀ ਸੀ। 18 ਇਨ੍ਹਾਂ ਤਿੰਨ ਬਿਪਤਾਵਾਂ ਕਰਕੇ ਯਾਨੀ ਉਨ੍ਹਾਂ ਦੇ ਮੂੰਹਾਂ ਵਿੱਚੋਂ ਨਿਕਲ ਰਹੀ ਅੱਗ, ਧੂੰਏਂ ਅਤੇ ਗੰਧਕ ਕਰਕੇ ਇਕ ਤਿਹਾਈ ਇਨਸਾਨ ਮਰ ਗਏ। 19 ਉਨ੍ਹਾਂ ਘੋੜਿਆਂ ਦੀ ਤਾਕਤ ਉਨ੍ਹਾਂ ਦੇ ਮੂੰਹਾਂ ਅਤੇ ਉਨ੍ਹਾਂ ਦੀਆਂ ਪੂਛਾਂ ਵਿਚ ਹੈ; ਕਿਉਂਕਿ ਉਨ੍ਹਾਂ ਦੀਆਂ ਪੂਛਾਂ ਸੱਪਾਂ ਵਰਗੀਆਂ ਹਨ ਅਤੇ ਉਨ੍ਹਾਂ ਪੂਛਾਂ ਦੇ ਸਿਰ ਵੀ ਹਨ ਅਤੇ ਇਨ੍ਹਾਂ ਨਾਲ ਉਹ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
20 ਪਰ ਜਿਹੜੇ ਇਨਸਾਨ ਇਨ੍ਹਾਂ ਤਿੰਨਾਂ ਬਿਪਤਾਵਾਂ ਕਰਕੇ ਨਹੀਂ ਮਰੇ, ਉਨ੍ਹਾਂ ਨੇ ਆਪਣੇ ਹੱਥਾਂ ਦੇ ਕੰਮਾਂ ਤੋਂ ਤੋਬਾ ਨਹੀਂ ਕੀਤੀ। ਉਨ੍ਹਾਂ ਨੇ ਦੁਸ਼ਟ ਦੂਤਾਂ ਅਤੇ ਸੋਨੇ, ਚਾਂਦੀ, ਤਾਂਬੇ, ਪੱਥਰ ਅਤੇ ਲੱਕੜ ਦੀਆਂ ਮੂਰਤੀਆਂ ਦੀ ਪੂਜਾ ਕਰਨੀ ਨਹੀਂ ਛੱਡੀ ਜਿਹੜੀਆਂ ਨਾ ਦੇਖ ਸਕਦੀਆਂ ਹਨ, ਨਾ ਸੁਣ ਸਕਦੀਆਂ ਹਨ ਅਤੇ ਨਾ ਹੀ ਤੁਰ ਸਕਦੀਆਂ ਹਨ। 21 ਅਤੇ ਉਨ੍ਹਾਂ ਇਨਸਾਨਾਂ ਨੇ ਨਾ ਕਤਲ ਕਰਨ ਤੋਂ, ਨਾ ਆਪਣੀਆਂ ਜਾਦੂਗਰੀਆਂ ਤੋਂ, ਨਾ ਆਪਣੀ ਹਰਾਮਕਾਰੀ ਤੋਂ ਅਤੇ ਨਾ ਹੀ ਚੋਰੀਆਂ ਕਰਨ ਤੋਂ ਤੋਬਾ ਕੀਤੀ।
10 ਅਤੇ ਮੈਂ ਇਕ ਹੋਰ ਤਾਕਤਵਰ ਦੂਤ ਨੂੰ ਆਕਾਸ਼ੋਂ ਉੱਤਰਦੇ ਦੇਖਿਆ। ਉਸ ਨੇ ਬੱਦਲ ਨੂੰ ਪਹਿਨਿਆ ਹੋਇਆ ਸੀ ਅਤੇ ਉਸ ਦੇ ਸਿਰ ਉੱਤੇ ਸਤਰੰਗੀ ਪੀਂਘ ਸੀ ਅਤੇ ਉਸ ਦਾ ਚਿਹਰਾ ਸੂਰਜ ਵਾਂਗ ਚਮਕ ਰਿਹਾ ਸੀ ਅਤੇ ਉਸ ਦੇ ਪੈਰ ਅੱਗ ਦੇ ਥੰਮ੍ਹਾਂ ਵਰਗੇ ਸਨ। 2 ਉਸ ਦੇ ਹੱਥ ਵਿਚ ਖੁੱਲ੍ਹਾ ਹੋਇਆ ਇਕ ਛੋਟਾ ਕਾਗਜ਼ ਸੀ। ਅਤੇ ਉਸ ਨੇ ਆਪਣਾ ਸੱਜਾ ਪੈਰ ਸਮੁੰਦਰ ਉੱਤੇ ਅਤੇ ਖੱਬਾ ਪੈਰ ਧਰਤੀ ਉੱਤੇ ਰੱਖਿਆ ਹੋਇਆ ਸੀ। 3 ਅਤੇ ਉਸ ਨੇ ਉੱਚੀ ਆਵਾਜ਼ ਨਾਲ ਪੁਕਾਰਿਆ ਜਿਵੇਂ ਸ਼ੇਰ ਗਰਜਦਾ ਹੈ। ਅਤੇ ਜਦੋਂ ਉਸ ਨੇ ਪੁਕਾਰਿਆ, ਤਾਂ ਸੱਤ ਗਰਜਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ।
4 ਜਦੋਂ ਸੱਤ ਗਰਜਾਂ ਨੇ ਗੱਲ ਕੀਤੀ, ਤਾਂ ਮੈਂ ਲਿਖਣ ਹੀ ਲੱਗਾ ਸਾਂ; ਪਰ ਮੈਂ ਆਕਾਸ਼ੋਂ ਇਹ ਆਵਾਜ਼ ਸੁਣੀ: “ਸੱਤ ਗਰਜਾਂ ਨੇ ਜੋ ਕਿਹਾ ਹੈ, ਉਸ ਨੂੰ ਗੁਪਤ ਰੱਖ ਅਤੇ ਉਸ ਨੂੰ ਨਾ ਲਿਖ।” 5 ਅਤੇ ਜਿਸ ਦੂਤ ਨੂੰ ਮੈਂ ਸਮੁੰਦਰ ਅਤੇ ਧਰਤੀ ਉੱਤੇ ਖੜ੍ਹਾ ਦੇਖਿਆ ਸੀ, ਉਸ ਨੇ ਆਪਣਾ ਸੱਜਾ ਹੱਥ ਆਕਾਸ਼ ਵੱਲ ਚੁੱਕਿਆ 6 ਅਤੇ ਹਮੇਸ਼ਾ-ਹਮੇਸ਼ਾ ਜੀਉਣ ਵਾਲੇ ਸਿਰਜਣਹਾਰ ਦੀ, ਜਿਸ ਨੇ ਆਕਾਸ਼, ਧਰਤੀ ਅਤੇ ਸਮੁੰਦਰ ਅਤੇ ਇਨ੍ਹਾਂ ਵਿਚਲੀਆਂ ਚੀਜ਼ਾਂ ਨੂੰ ਬਣਾਇਆ ਹੈ, ਸਹੁੰ ਖਾ ਕੇ ਕਿਹਾ: “ਹੋਰ ਉਡੀਕ ਨਹੀਂ ਕਰਨੀ ਪਵੇਗੀ; 7 ਪਰ ਉਨ੍ਹਾਂ ਦਿਨਾਂ ਦੌਰਾਨ ਜਦੋਂ ਸੱਤਵਾਂ ਦੂਤ ਤੁਰ੍ਹੀ ਵਜਾਉਣ ਲਈ ਤਿਆਰ ਹੋਵੇਗਾ, ਪਰਮੇਸ਼ੁਰ ਦੇ ਭੇਤ ਦੀਆਂ ਸਾਰੀਆਂ ਗੱਲਾਂ ਪੂਰੀਆਂ ਕੀਤੀਆਂ ਜਾਣਗੀਆਂ। ਇਹ ਭੇਤ ਉਹੀ ਖ਼ੁਸ਼ ਖ਼ਬਰੀ ਹੈ ਜੋ ਪਰਮੇਸ਼ੁਰ ਨੇ ਆਪਣੇ ਦਾਸਾਂ ਯਾਨੀ ਆਪਣੇ ਨਬੀਆਂ ਨੂੰ ਸੁਣਾਈ ਸੀ।”
8 ਅਤੇ ਜਿਹੜੀ ਆਵਾਜ਼ ਮੈਂ ਆਕਾਸ਼ੋਂ ਸੁਣੀ ਸੀ, ਉਸੇ ਨੇ ਦੁਬਾਰਾ ਮੇਰੇ ਨਾਲ ਗੱਲ ਕਰਦੇ ਹੋਏ ਕਿਹਾ: “ਜਾਹ, ਉਹ ਖੁੱਲ੍ਹਾ ਹੋਇਆ ਕਾਗਜ਼ ਲੈ ਜਿਹੜਾ ਸਮੁੰਦਰ ਅਤੇ ਧਰਤੀ ਉੱਤੇ ਖੜ੍ਹੇ ਦੂਤ ਦੇ ਹੱਥ ਵਿਚ ਹੈ।” 9 ਮੈਂ ਦੂਤ ਕੋਲ ਜਾ ਕੇ ਉਸ ਤੋਂ ਛੋਟਾ ਕਾਗਜ਼ ਮੰਗਿਆ। ਅਤੇ ਉਸ ਨੇ ਮੈਨੂੰ ਕਿਹਾ: “ਇਸ ਨੂੰ ਲੈ ਅਤੇ ਖਾਹ। ਇਹ ਤੇਰੇ ਢਿੱਡ ਨੂੰ ਕੌੜਾ ਲੱਗੇਗਾ, ਪਰ ਤੇਰੇ ਮੂੰਹ ਨੂੰ ਸ਼ਹਿਦ ਵਾਂਗ ਮਿੱਠਾ ਲੱਗੇਗਾ।” 10 ਅਤੇ ਮੈਂ ਦੂਤ ਦੇ ਹੱਥੋਂ ਛੋਟਾ ਕਾਗਜ਼ ਲੈ ਕੇ ਖਾ ਲਿਆ। ਕਾਗਜ਼ ਮੇਰੇ ਮੂੰਹ ਨੂੰ ਸ਼ਹਿਦ ਵਾਂਗ ਮਿੱਠਾ ਲੱਗਾ, ਪਰ ਜਦੋਂ ਮੈਂ ਇਸ ਨੂੰ ਆਪਣੇ ਅੰਦਰ ਲੰਘਾ ਲਿਆ, ਤਾਂ ਇਹ ਮੇਰੇ ਢਿੱਡ ਨੂੰ ਕੌੜਾ ਲੱਗਾ। 11 ਅਤੇ ਉਨ੍ਹਾਂ ਨੇ ਮੈਨੂੰ ਕਿਹਾ: “ਤੂੰ ਵੱਖੋ-ਵੱਖਰੀਆਂ ਨਸਲਾਂ, ਕੌਮਾਂ ਤੇ ਬੋਲੀਆਂ ਦੇ ਲੋਕਾਂ ਅਤੇ ਬਹੁਤ ਸਾਰੇ ਰਾਜਿਆਂ ਬਾਰੇ ਹੋਰ ਭਵਿੱਖਬਾਣੀਆਂ ਕਰ।”
11 ਅਤੇ ਮੈਨੂੰ ਮਿਣਤੀ ਕਰਨ ਲਈ ਇਕ ਲੰਬਾ ਕਾਨਾ ਦੇ ਕੇ ਉਸ ਨੇ ਕਿਹਾ: “ਉੱਠ ਅਤੇ ਪਰਮੇਸ਼ੁਰ ਦੇ ਮੰਦਰ* ਨੂੰ ਅਤੇ ਧੂਪ ਧੁਖਾਉਣ ਵਾਲੀ ਵੇਦੀ ਅਤੇ ਇਸ ਵਿਚ ਭਗਤੀ ਕਰਨ ਵਾਲਿਆਂ ਨੂੰ ਮਿਣ। 2 ਪਰ ਮੰਦਰ ਤੋਂ ਬਾਹਰ ਵਿਹੜੇ ਨੂੰ ਛੱਡ ਦੇਈਂ ਅਤੇ ਇਸ ਨੂੰ ਨਾ ਮਿਣੀਂ ਕਿਉਂਕਿ ਵਿਹੜਾ ਕੌਮਾਂ ਨੂੰ ਦੇ ਦਿੱਤਾ ਗਿਆ ਹੈ ਅਤੇ ਉਹ ਬਤਾਲੀ ਮਹੀਨੇ ਪਵਿੱਤਰ ਸ਼ਹਿਰ ਨੂੰ ਆਪਣੇ ਪੈਰਾਂ ਹੇਠ ਮਿੱਧਣਗੀਆਂ। 3 ਅਤੇ ਮੈਂ ਆਪਣੇ ਦੋ ਗਵਾਹਾਂ ਨੂੰ ਤੱਪੜ ਪਾ ਕੇ 1,260 ਦਿਨ ਭਵਿੱਖਬਾਣੀ* ਕਰਨ ਲਈ ਘੱਲਾਂਗਾ।” 4 ਇਹ ਗਵਾਹ ਦੋ ਜ਼ੈਤੂਨ ਦੇ ਦਰਖ਼ਤ ਅਤੇ ਦੋ ਸ਼ਮਾਦਾਨ ਹਨ ਜਿਹੜੇ ਦੁਨੀਆਂ ਦੇ ਮਾਲਕ ਦੇ ਸਾਮ੍ਹਣੇ ਖੜ੍ਹੇ ਹਨ।
5 ਅਤੇ ਜੇ ਕੋਈ ਗਵਾਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ, ਤਾਂ ਗਵਾਹਾਂ ਦੇ ਮੂੰਹੋਂ ਅੱਗ ਨਿਕਲ ਕੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਭਸਮ ਕਰ ਦਿੰਦੀ ਹੈ। ਜੇ ਕੋਈ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੇਗਾ, ਤਾਂ ਉਸ ਨੂੰ ਇਸੇ ਤਰ੍ਹਾਂ ਮਾਰ ਦਿੱਤਾ ਜਾਵੇਗਾ। 6 ਉਨ੍ਹਾਂ ਕੋਲ ਆਕਾਸ਼ ਨੂੰ ਬੰਦ ਕਰਨ ਦਾ ਅਧਿਕਾਰ ਹੈ ਤਾਂਕਿ ਉਨ੍ਹਾਂ ਦੇ ਭਵਿੱਖਬਾਣੀ ਕਰਨ ਦੇ ਦਿਨਾਂ ਦੌਰਾਨ ਮੀਂਹ ਨਾ ਪਵੇ ਅਤੇ ਉਨ੍ਹਾਂ ਕੋਲ ਇਹ ਵੀ ਅਧਿਕਾਰ ਹੈ ਕਿ ਉਹ ਪਾਣੀ ਨੂੰ ਲਹੂ ਵਿਚ ਬਦਲ ਦੇਣ ਅਤੇ ਉਹ ਜਿੰਨੀ ਵਾਰ ਚਾਹੁਣ, ਧਰਤੀ ਉੱਤੇ ਹਰ ਤਰ੍ਹਾਂ ਦੀ ਬਿਪਤਾ ਲਿਆਉਣ।
7 ਅਤੇ ਜਦੋਂ ਉਹ ਗਵਾਹੀ ਦੇ ਹਟਣਗੇ, ਤਾਂ ਵਹਿਸ਼ੀ ਦਰਿੰਦਾ ਜਿਹੜਾ ਅਥਾਹ ਕੁੰਡ ਵਿੱਚੋਂ ਨਿਕਲਦਾ ਹੈ, ਉਨ੍ਹਾਂ ਨਾਲ ਲੜੇਗਾ ਅਤੇ ਉਨ੍ਹਾਂ ਨੂੰ ਹਰਾ ਕੇ ਜਾਨੋਂ ਮਾਰ ਸੁੱਟੇਗਾ। 8 ਉਨ੍ਹਾਂ ਦੀਆਂ ਲਾਸ਼ਾਂ ਉਸ ਵੱਡੇ ਸ਼ਹਿਰ ਦੇ ਚੌਂਕ ਵਿਚ ਪਈਆਂ ਰਹਿਣਗੀਆਂ ਜਿਹੜਾ ਸ਼ਹਿਰ ਸਦੂਮ ਅਤੇ ਮਿਸਰ ਦੁਆਰਾ ਦਰਸਾਇਆ ਗਿਆ ਹੈ, ਜਿੱਥੇ ਉਨ੍ਹਾਂ ਦੇ ਪ੍ਰਭੂ ਨੂੰ ਵੀ ਸੂਲ਼ੀ ʼਤੇ ਟੰਗਿਆ ਗਿਆ ਸੀ। 9 ਅਤੇ ਵੱਖੋ-ਵੱਖਰੀਆਂ ਨਸਲਾਂ, ਕਬੀਲਿਆਂ, ਬੋਲੀਆਂ ਅਤੇ ਕੌਮਾਂ ਦੇ ਲੋਕ ਸਾਢੇ ਤਿੰਨ ਦਿਨ ਉਨ੍ਹਾਂ ਦੀਆਂ ਲਾਸ਼ਾਂ ਨੂੰ ਦੇਖਣਗੇ ਅਤੇ ਉਹ ਕਿਸੇ ਨੂੰ ਵੀ ਇਹ ਲਾਸ਼ਾਂ ਕਬਰ ਵਿਚ ਦਫ਼ਨਾਉਣ ਨਹੀਂ ਦੇਣਗੇ। 10 ਅਤੇ ਧਰਤੀ ਉੱਤੇ ਰਹਿਣ ਵਾਲੇ ਲੋਕ ਉਨ੍ਹਾਂ ਦੀ ਮੌਤ ʼਤੇ ਖ਼ੁਸ਼ੀਆਂ ਅਤੇ ਜਸ਼ਨ ਮਨਾਉਣਗੇ ਅਤੇ ਇਕ-ਦੂਜੇ ਨੂੰ ਤੋਹਫ਼ੇ ਘੱਲਣਗੇ ਕਿਉਂਕਿ ਉਨ੍ਹਾਂ ਦੋਵਾਂ ਨਬੀਆਂ ਦੇ ਸੰਦੇਸ਼ ਨੇ ਧਰਤੀ ਉੱਤੇ ਰਹਿਣ ਵਾਲੇ ਲੋਕਾਂ ਨੂੰ ਦੁਖੀ ਕੀਤਾ ਹੋਇਆ ਸੀ।
11 ਅਤੇ ਸਾਢੇ ਤਿੰਨ ਦਿਨਾਂ ਬਾਅਦ ਪਰਮੇਸ਼ੁਰ ਨੇ ਉਨ੍ਹਾਂ ਗਵਾਹਾਂ ਵਿਚ ਜਾਨ ਪਾ ਦਿੱਤੀ ਅਤੇ ਉਹ ਆਪਣੇ ਪੈਰਾਂ ʼਤੇ ਖੜ੍ਹੇ ਹੋ ਗਏ ਅਤੇ ਜਿਨ੍ਹਾਂ ਨੇ ਉਨ੍ਹਾਂ ਨੂੰ ਦੇਖਿਆ, ਉਹ ਬਹੁਤ ਹੀ ਡਰ ਗਏ। 12 ਅਤੇ ਗਵਾਹਾਂ ਨੇ ਆਕਾਸ਼ੋਂ ਇਕ ਉੱਚੀ ਆਵਾਜ਼ ਸੁਣੀ ਜਿਸ ਨੇ ਉਨ੍ਹਾਂ ਨੂੰ ਕਿਹਾ: “ਇੱਥੇ ਉੱਪਰ ਆ ਜਾਓ।” ਅਤੇ ਉਹ ਉੱਪਰ ਆਕਾਸ਼ ਦੇ ਬੱਦਲਾਂ ਵਿਚ ਚਲੇ ਗਏ ਅਤੇ ਉਨ੍ਹਾਂ ਦੇ ਦੁਸ਼ਮਣਾਂ ਨੇ ਉਨ੍ਹਾਂ ਨੂੰ ਦੇਖਿਆ। 13 ਉਸ ਵੇਲੇ ਜ਼ਬਰਦਸਤ ਭੁਚਾਲ਼ ਆਇਆ ਅਤੇ ਉਸ ਸ਼ਹਿਰ ਦਾ ਦਸਵਾਂ ਹਿੱਸਾ ਢਹਿ-ਢੇਰੀ ਹੋ ਗਿਆ; ਅਤੇ 7,000 ਲੋਕ ਉਸ ਭੁਚਾਲ਼ ਕਾਰਨ ਮਾਰੇ ਗਏ ਅਤੇ ਬਾਕੀ ਦੇ ਲੋਕ ਡਰ ਗਏ ਅਤੇ ਉਨ੍ਹਾਂ ਨੇ ਸਵਰਗ ਦੇ ਪਰਮੇਸ਼ੁਰ ਦੀ ਮਹਿਮਾ ਕੀਤੀ।
14 ਅਤੇ ਦੂਸਰੀ ਆਫ਼ਤ ਲੰਘ ਚੁੱਕੀ ਹੈ। ਦੇਖ! ਤੀਸਰੀ ਆਫ਼ਤ ਜਲਦੀ ਆ ਰਹੀ ਹੈ।
15 ਅਤੇ ਸੱਤਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ। ਅਤੇ ਸਵਰਗ ਵਿਚ ਉੱਚੀਆਂ ਆਵਾਜ਼ਾਂ ਨੇ ਕਿਹਾ: “ਦੁਨੀਆਂ ਦਾ ਰਾਜ ਸਾਡੇ ਪਰਮੇਸ਼ੁਰ ਅਤੇ ਮਸੀਹ ਦਾ ਹੋ ਗਿਆ ਹੈ ਅਤੇ ਪਰਮੇਸ਼ੁਰ ਹਮੇਸ਼ਾ-ਹਮੇਸ਼ਾ ਰਾਜ ਕਰੇਗਾ।”
16 ਅਤੇ ਚੌਵੀ ਬਜ਼ੁਰਗ ਜਿਹੜੇ ਪਰਮੇਸ਼ੁਰ ਦੇ ਸਾਮ੍ਹਣੇ ਆਪਣੇ ਸਿੰਘਾਸਣਾਂ ਉੱਤੇ ਬੈਠੇ ਹੋਏ ਸਨ, ਉਨ੍ਹਾਂ ਨੇ ਗੋਡਿਆਂ ਭਾਰ ਬੈਠ ਕੇ ਪਰਮੇਸ਼ੁਰ ਨੂੰ ਮੱਥਾ ਟੇਕਿਆ 17 ਅਤੇ ਕਿਹਾ: “ਹੇ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ, ਜੋ ਸੀ ਅਤੇ ਜੋ ਹੈ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਆਪਣੀ ਵੱਡੀ ਤਾਕਤ ਵਰਤ ਕੇ ਰਾਜ ਕਰਨਾ ਸ਼ੁਰੂ ਕੀਤਾ ਹੈ। 18 ਪਰ ਕੌਮਾਂ ਕ੍ਰੋਧਵਾਨ ਹੋ ਗਈਆਂ ਅਤੇ ਤੇਰਾ ਕ੍ਰੋਧ ਭੜਕ ਉੱਠਿਆ ਅਤੇ ਉਹ ਮਿਥਿਆ ਸਮਾਂ ਆ ਗਿਆ ਜਦੋਂ ਤੂੰ ਮਰੇ ਹੋਏ ਲੋਕਾਂ ਦਾ ਨਿਆਂ ਕਰੇਂਗਾ ਅਤੇ ਆਪਣੇ ਦਾਸਾਂ ਯਾਨੀ ਨਬੀਆਂ ਨੂੰ, ਪਵਿੱਤਰ ਸੇਵਕਾਂ ਨੂੰ ਅਤੇ ਤੇਰੇ ਨਾਂ ਤੋਂ ਡਰਨ ਵਾਲੇ ਲੋਕਾਂ ਨੂੰ, ਸਾਰੇ ਛੋਟਿਆਂ ਤੇ ਵੱਡਿਆਂ ਨੂੰ ਇਨਾਮ ਦੇਵੇਂਗਾ ਅਤੇ ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਖ਼ਤਮ ਕਰੇਂਗਾ।”
19 ਅਤੇ ਸਵਰਗ ਵਿਚ ਪਰਮੇਸ਼ੁਰ ਦਾ ਮੰਦਰ* ਖੁੱਲ੍ਹਾ ਹੋਇਆ ਸੀ ਅਤੇ ਇਸ ਵਿਚ ਉਸ ਦੇ ਇਕਰਾਰ ਦਾ ਸੰਦੂਕ ਪਿਆ ਦਿਸਿਆ। ਅਤੇ ਬਿਜਲੀ ਚਮਕੀ ਅਤੇ ਆਵਾਜ਼ਾਂ ਆਈਆਂ ਅਤੇ ਗਰਜਾਂ ਸੁਣਾਈ ਦਿੱਤੀਆਂ ਅਤੇ ਭੁਚਾਲ਼ ਆਇਆ ਅਤੇ ਵੱਡੇ-ਵੱਡੇ ਗੜੇ ਪਏ।
12 ਅਤੇ ਮੈਂ ਸਵਰਗ ਵਿਚ ਇਕ ਵੱਡਾ ਨਿਸ਼ਾਨ ਦੇਖਿਆ। ਇਕ ਤੀਵੀਂ ਨੇ ਸੂਰਜ ਪਹਿਨਿਆ ਹੋਇਆ ਸੀ ਅਤੇ ਚੰਦ ਉਸ ਦੇ ਪੈਰਾਂ ਹੇਠ ਸੀ ਅਤੇ ਉਸ ਦੇ ਸਿਰ ਉੱਤੇ ਬਾਰਾਂ ਤਾਰਿਆਂ ਵਾਲਾ ਇਕ ਮੁਕਟ ਸੀ। 2 ਉਹ ਤੀਵੀਂ ਗਰਭਵਤੀ ਸੀ ਅਤੇ ਜਣਨ-ਪੀੜਾਂ ਲੱਗੀਆਂ ਹੋਣ ਕਰਕੇ ਉਹ ਚੀਕਾਂ ਮਾਰ ਰਹੀ ਸੀ ਅਤੇ ਦਰਦ ਨਾਲ ਤੜਫ ਰਹੀ ਸੀ।
3 ਅਤੇ ਮੈਂ ਸਵਰਗ ਵਿਚ ਇਕ ਹੋਰ ਨਿਸ਼ਾਨੀ ਦੇਖੀ। ਇਕ ਗੂੜ੍ਹੇ ਲਾਲ ਰੰਗ ਦੇ ਅਜਗਰ ਨੇ, ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ ਅਤੇ ਉਸ ਦੇ ਸਿਰਾਂ ਉੱਤੇ ਸੱਤ ਮੁਕਟ ਸਨ, 4 ਆਪਣੀ ਪੂਛ ਨਾਲ ਆਕਾਸ਼ ਦੇ ਇਕ ਤਿਹਾਈ ਤਾਰੇ ਖਿੱਚ ਕੇ ਧਰਤੀ ਉੱਤੇ ਸੁੱਟ ਦਿੱਤੇ। ਅਤੇ ਉਹ ਅਜਗਰ ਤੀਵੀਂ ਦੇ ਸਾਮ੍ਹਣੇ ਖੜ੍ਹਾ ਰਿਹਾ, ਤਾਂਕਿ ਜਦੋਂ ਤੀਵੀਂ ਬੱਚੇ ਨੂੰ ਜਨਮ ਦੇਵੇ, ਉਦੋਂ ਹੀ ਉਹ ਉਸ ਦੇ ਬੱਚੇ ਨੂੰ ਨਿਗਲ ਜਾਵੇ।
5 ਅਤੇ ਉਸ ਤੀਵੀਂ ਨੇ ਇਕ ਮੁੰਡੇ ਨੂੰ, ਹਾਂ ਇਕ ਪੁੱਤਰ ਨੂੰ ਜਨਮ ਦਿੱਤਾ ਜਿਹੜਾ ਸਾਰੀਆਂ ਕੌਮਾਂ ਉੱਤੇ ਲੋਹੇ ਦੇ ਡੰਡੇ ਨਾਲ ਅਧਿਕਾਰ ਚਲਾਵੇਗਾ। ਅਤੇ ਤੀਵੀਂ ਦੇ ਬੱਚੇ ਨੂੰ ਪਰਮੇਸ਼ੁਰ ਕੋਲ ਅਤੇ ਉਸ ਦੇ ਸਿੰਘਾਸਣ ਕੋਲ ਲਿਆਂਦਾ ਗਿਆ। 6 ਅਤੇ ਤੀਵੀਂ ਉਜਾੜ ਵਿਚ ਭੱਜ ਗਈ ਜਿੱਥੇ ਪਰਮੇਸ਼ੁਰ ਨੇ ਉਸ ਲਈ ਇਕ ਜਗ੍ਹਾ ਤਿਆਰ ਕੀਤੀ ਸੀ, ਤਾਂਕਿ ਉੱਥੇ 1,260 ਦਿਨ ਉਸ ਨੂੰ ਖਿਲਾਇਆ-ਪਿਲਾਇਆ ਜਾਵੇ।
7 ਅਤੇ ਸਵਰਗ ਵਿਚ ਲੜਾਈ ਹੋਈ: ਮੀਕਾਏਲ ਅਤੇ ਉਸ ਦੇ ਦੂਤ ਅਜਗਰ ਨਾਲ ਲੜੇ ਅਤੇ ਅਜਗਰ ਨੇ ਵੀ ਆਪਣੇ ਦੂਤਾਂ ਸਣੇ ਉਨ੍ਹਾਂ ਨਾਲ ਲੜਾਈ ਕੀਤੀ, 8 ਪਰ ਅਜਗਰ ਹਾਰ ਗਿਆ ਅਤੇ ਸਵਰਗ ਦੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਵਾਸਤੇ ਬੰਦ ਕਰ ਦਿੱਤੇ ਗਏ। 9 ਸੋ ਉਸ ਵੱਡੇ ਅਜਗਰ ਨੂੰ, ਹਾਂ ਉਸ ਪੁਰਾਣੇ ਸੱਪ ਨੂੰ ਯਾਨੀ ਤੁਹਮਤਾਂ ਲਾਉਣ ਵਾਲੇ ਸ਼ੈਤਾਨ ਨੂੰ ਜਿਹੜਾ ਸਾਰੀ ਦੁਨੀਆਂ ਨੂੰ ਗੁਮਰਾਹ ਕਰਦਾ ਹੈ, ਧਰਤੀ ਉੱਤੇ ਸੁੱਟ ਦਿੱਤਾ ਗਿਆ ਅਤੇ ਉਸ ਦੇ ਦੂਤ ਵੀ ਉਸ ਦੇ ਨਾਲ ਥੱਲੇ ਸੁੱਟ ਦਿੱਤੇ ਗਏ। 10 ਅਤੇ ਮੈਂ ਸਵਰਗ ਵਿਚ ਇਕ ਉੱਚੀ ਆਵਾਜ਼ ਸੁਣੀ ਜਿਸ ਨੇ ਕਿਹਾ:
“ਦੇਖੋ! ਸਾਡੇ ਪਰਮੇਸ਼ੁਰ ਨੇ ਲੋਕਾਂ ਨੂੰ ਮੁਕਤੀ ਦਿੱਤੀ ਹੈ, ਉਸ ਦੀ ਤਾਕਤ ਦੀ ਜਿੱਤ ਹੋਈ ਹੈ ਅਤੇ ਉਸ ਦਾ ਰਾਜ ਸ਼ੁਰੂ ਹੋ ਗਿਆ ਹੈ ਅਤੇ ਮਸੀਹ ਨੇ ਆਪਣਾ ਅਧਿਕਾਰ ਵਰਤਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਪਰਮੇਸ਼ੁਰ ਸਾਮ੍ਹਣੇ ਸਾਡੇ ਭਰਾਵਾਂ ਉੱਤੇ ਦਿਨ-ਰਾਤ ਦੋਸ਼ ਲਾਉਣ ਵਾਲੇ ਨੂੰ ਥੱਲੇ ਸੁੱਟ ਦਿੱਤਾ ਗਿਆ ਹੈ! 11 ਅਤੇ ਉਨ੍ਹਾਂ ਨੇ ਲੇਲੇ ਦੇ ਲਹੂ ਦੀ ਤਾਕਤ ਨਾਲ ਅਤੇ ਆਪਣੇ ਸੰਦੇਸ਼ ਰਾਹੀਂ, ਜਿਸ ਦਾ ਉਨ੍ਹਾਂ ਨੇ ਪ੍ਰਚਾਰ ਕੀਤਾ ਸੀ, ਉਸ ਉੱਤੇ ਜਿੱਤ ਹਾਸਲ ਕੀਤੀ ਅਤੇ ਮੌਤ ਦਾ ਸਾਮ੍ਹਣਾ ਕਰਦੇ ਹੋਏ ਵੀ ਉਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕੀਤੀ। 12 ਇਸ ਕਰਕੇ, ਸਵਰਗ ਵਿਚ ਰਹਿਣ ਵਾਲਿਓ, ਖ਼ੁਸ਼ੀਆਂ ਮਨਾਓ! ਧਰਤੀ ਅਤੇ ਸਮੁੰਦਰ ਉੱਤੇ ਹਾਇ! ਹਾਇ! ਕਿਉਂਕਿ ਸ਼ੈਤਾਨ ਥੱਲੇ ਤੁਹਾਡੇ ਕੋਲ ਆ ਗਿਆ ਹੈ ਅਤੇ ਉਹ ਬਹੁਤ ਗੁੱਸੇ ਵਿਚ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਕੋਲ ਥੋੜ੍ਹਾ ਹੀ ਸਮਾਂ ਹੈ।”
13 ਜਦੋਂ ਅਜਗਰ ਨੇ ਦੇਖਿਆ ਕਿ ਉਸ ਨੂੰ ਧਰਤੀ ਉੱਤੇ ਸੁੱਟ ਦਿੱਤਾ ਗਿਆ ਸੀ, ਤਾਂ ਉਸ ਨੇ ਤੀਵੀਂ ਉੱਤੇ ਜ਼ੁਲਮ ਕੀਤੇ ਜਿਸ ਨੇ ਮੁੰਡੇ ਨੂੰ ਜਨਮ ਦਿੱਤਾ ਸੀ। 14 ਪਰ ਉਸ ਤੀਵੀਂ ਨੂੰ ਵੱਡੇ ਉਕਾਬ ਦੇ ਦੋ ਖੰਭ ਦਿੱਤੇ ਗਏ, ਤਾਂਕਿ ਉਹ ਉੱਡ ਕੇ ਉਜਾੜ ਵਿਚ ਉਸ ਜਗ੍ਹਾ ਚਲੀ ਜਾਵੇ ਜਿਹੜੀ ਉਸ ਲਈ ਤਿਆਰ ਕੀਤੀ ਗਈ ਹੈ; ਉੱਥੇ ਸੱਪ ਤੋਂ ਦੂਰ ਇਕ ਸਮਾਂ, ਦੋ ਸਮੇਂ ਅਤੇ ਅੱਧਾ ਸਮਾਂ* ਉਸ ਨੂੰ ਖਿਲਾਇਆ-ਪਿਲਾਇਆ ਜਾਂਦਾ ਹੈ।
15 ਅਤੇ ਸੱਪ ਨੇ ਤੀਵੀਂ ਦੇ ਪਿੱਛੇ ਪੈ ਕੇ ਆਪਣੇ ਮੂੰਹੋਂ ਪਾਣੀ ਦਾ ਦਰਿਆ ਵਗਾਇਆ ਤਾਂਕਿ ਤੀਵੀਂ ਦਰਿਆ ਵਿਚ ਡੁੱਬ ਕੇ ਮਰ ਜਾਵੇ। 16 ਪਰ ਧਰਤੀ ਨੇ ਤੀਵੀਂ ਦੀ ਮਦਦ ਕੀਤੀ ਅਤੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਦਰਿਆ ਦਾ ਸਾਰਾ ਪਾਣੀ ਪੀ ਲਿਆ ਜਿਹੜਾ ਅਜਗਰ ਨੇ ਆਪਣੇ ਮੂੰਹੋਂ ਵਗਾਇਆ ਸੀ। 17 ਅਤੇ ਅਜਗਰ ਨੂੰ ਤੀਵੀਂ ਉੱਤੇ ਬੜਾ ਗੁੱਸਾ ਆਇਆ ਅਤੇ ਉਹ ਉਸ ਦੀ ਸੰਤਾਨ ਵਿੱਚੋਂ ਬਾਕੀਆਂ ਨਾਲ ਲੜਨ ਲਈ ਨਿਕਲਿਆ ਜਿਹੜੇ ਪਰਮੇਸ਼ੁਰ ਦੇ ਹੁਕਮ ਮੰਨਦੇ ਹਨ ਅਤੇ ਜਿਨ੍ਹਾਂ ਨੂੰ ਯਿਸੂ ਬਾਰੇ ਗਵਾਹੀ ਦੇਣ ਦਾ ਕੰਮ ਸੌਂਪਿਆ ਗਿਆ ਹੈ।
13 ਅਤੇ ਅਜਗਰ ਸਮੁੰਦਰ ਦੇ ਰੇਤਲੇ ਕੰਢੇ ਉੱਤੇ ਜਾ ਖੜ੍ਹਾ ਹੋਇਆ।
ਅਤੇ ਮੈਂ ਸਮੁੰਦਰ ਵਿੱਚੋਂ ਇਕ ਵਹਿਸ਼ੀ ਦਰਿੰਦਾ ਨਿਕਲਦਾ ਦੇਖਿਆ। ਉਸ ਦੇ ਦਸ ਸਿੰਗ ਅਤੇ ਸੱਤ ਸਿਰ ਸਨ ਅਤੇ ਉਸ ਦੇ ਸਿੰਗਾਂ ਉੱਤੇ ਦਸ ਮੁਕਟ ਸਨ, ਪਰ ਉਸ ਦੇ ਸਿਰਾਂ ਉੱਤੇ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲੇ ਨਾਂ ਲਿਖੇ ਹੋਏ ਸਨ। 2 ਜਿਹੜਾ ਵਹਿਸ਼ੀ ਦਰਿੰਦਾ ਮੈਂ ਦੇਖਿਆ ਸੀ, ਉਹ ਦੇਖਣ ਨੂੰ ਚੀਤੇ ਵਰਗਾ ਸੀ ਅਤੇ ਉਸ ਦੇ ਪੈਰ ਰਿੱਛ ਦੇ ਪੈਰਾਂ ਵਰਗੇ ਸਨ ਅਤੇ ਉਸ ਦਾ ਮੂੰਹ ਸ਼ੇਰ ਦੇ ਮੂੰਹ ਵਰਗਾ ਸੀ। ਅਤੇ ਅਜਗਰ ਨੇ ਉਸ ਦਰਿੰਦੇ ਨੂੰ ਤਾਕਤ ਅਤੇ ਸਿੰਘਾਸਣ ਅਤੇ ਬਹੁਤ ਸਾਰਾ ਅਧਿਕਾਰ ਦਿੱਤਾ।
3 ਅਤੇ ਮੈਂ ਦੇਖਿਆ ਕਿ ਦਰਿੰਦੇ ਦੇ ਇਕ ਸਿਰ ਉੱਤੇ ਬਹੁਤ ਹੀ ਡੂੰਘਾ ਜ਼ਖ਼ਮ ਕੀਤਾ ਹੋਇਆ ਸੀ ਜਿਸ ਕਰਕੇ ਲੱਗਦਾ ਸੀ ਕਿ ਉਹ ਮਰ ਗਿਆ ਸੀ। ਪਰ ਉਸ ਦਾ ਇਹ ਜਾਨਲੇਵਾ ਜ਼ਖ਼ਮ ਠੀਕ ਹੋ ਗਿਆ ਅਤੇ ਸਾਰੀ ਦੁਨੀਆਂ ਦੇ ਲੋਕ ਵਹਿਸ਼ੀ ਦਰਿੰਦੇ ਦੀ ਵਾਹ-ਵਾਹ ਕਰਦੇ ਹੋਏ ਉਸ ਦੇ ਪਿੱਛੇ-ਪਿੱਛੇ ਤੁਰ ਪਏ। 4 ਅਤੇ ਉਨ੍ਹਾਂ ਨੇ ਅਜਗਰ ਦੀ ਭਗਤੀ ਕੀਤੀ ਕਿਉਂਕਿ ਉਸ ਨੇ ਵਹਿਸ਼ੀ ਦਰਿੰਦੇ ਨੂੰ ਅਧਿਕਾਰ ਦਿੱਤਾ ਸੀ ਅਤੇ ਉਨ੍ਹਾਂ ਨੇ ਵਹਿਸ਼ੀ ਦਰਿੰਦੇ ਦੀ ਵੀ ਭਗਤੀ ਕਰਦੇ ਹੋਏ ਕਿਹਾ: “ਇਸ ਵਹਿਸ਼ੀ ਦਰਿੰਦੇ ਵਰਗਾ ਕੌਣ ਹੈ ਅਤੇ ਕੌਣ ਇਸ ਨਾਲ ਲੜ ਸਕਦਾ ਹੈ?” 5 ਅਤੇ ਅਜਗਰ ਨੇ ਉਸ ਨੂੰ ਹੰਕਾਰ ਭਰੀਆਂ ਗੱਲਾਂ ਕਰਨ ਅਤੇ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲੀ ਜ਼ਬਾਨ ਦਿੱਤੀ ਅਤੇ ਉਸ ਨੂੰ ਬਤਾਲੀ ਮਹੀਨਿਆਂ ਤਕ ਆਪਣਾ ਕੰਮ ਕਰਨ ਦਾ ਅਧਿਕਾਰ ਦਿੱਤਾ। 6 ਅਤੇ ਉਸ ਨੇ ਆਪਣੀ ਜ਼ਬਾਨ ਚਲਾਉਂਦੇ ਹੋਏ ਪਰਮੇਸ਼ੁਰ ਦੀ ਯਾਨੀ ਉਸ ਦੇ ਨਾਂ ਦੀ, ਉਸ ਦੇ ਨਿਵਾਸ-ਸਥਾਨ ਦੀ ਅਤੇ ਸਵਰਗ ਵਿਚ ਰਹਿਣ ਵਾਲਿਆਂ ਦੀ ਨਿੰਦਿਆ ਕੀਤੀ। 7 ਅਤੇ ਉਸ ਨੂੰ ਪਵਿੱਤਰ ਸੇਵਕਾਂ ਨਾਲ ਲੜਾਈ ਕਰਨ ਅਤੇ ਉਨ੍ਹਾਂ ਨੂੰ ਜਿੱਤਣ ਦੀ ਇਜਾਜ਼ਤ ਦਿੱਤੀ ਗਈ ਅਤੇ ਉਸ ਨੂੰ ਹਰ ਕਬੀਲੇ, ਹਰ ਨਸਲ, ਹਰ ਬੋਲੀ ਬੋਲਣ ਵਾਲੇ ਲੋਕਾਂ ਅਤੇ ਹਰ ਕੌਮ ਉੱਤੇ ਅਧਿਕਾਰ ਦਿੱਤਾ ਗਿਆ। 8 ਅਤੇ ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕ ਉਸ ਦੀ ਭਗਤੀ ਕਰਨਗੇ। ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਇਨ੍ਹਾਂ ਲੋਕਾਂ ਵਿੱਚੋਂ ਕਿਸੇ ਦਾ ਵੀ ਨਾਂ ਕੁਰਬਾਨ ਕੀਤੇ ਗਏ ਲੇਲੇ ਦੀ ਜੀਵਨ ਦੀ ਕਿਤਾਬ ਵਿਚ ਲਿਖਿਆ ਹੋਇਆ ਨਹੀਂ ਹੈ।
9 ਤੁਹਾਡੇ ਵਿੱਚੋਂ ਜਿਸ ਦੇ ਕੰਨ ਹਨ, ਉਹ ਧਿਆਨ ਨਾਲ ਸੁਣੇ। 10 ਜੇ ਕਿਸੇ ਨੂੰ ਗ਼ੁਲਾਮ ਬਣਾਇਆ ਜਾਣਾ ਹੈ, ਉਸ ਨੂੰ ਗ਼ੁਲਾਮ ਬਣਾਇਆ ਜਾਵੇਗਾ। ਜਿਹੜਾ ਕਿਸੇ ਨੂੰ ਤਲਵਾਰ ਨਾਲ ਜਾਨੋਂ ਮਾਰਦਾ ਹੈ, ਤਾਂ ਉਸ ਨੂੰ ਤਲਵਾਰ ਨਾਲ ਜਾਨੋਂ ਮਾਰਿਆ ਜਾਵੇਗਾ। ਇਸ ਕਰਕੇ ਪਵਿੱਤਰ ਸੇਵਕਾਂ ਵਾਸਤੇ ਧੀਰਜ ਅਤੇ ਨਿਹਚਾ ਰੱਖਣੀ ਜ਼ਰੂਰੀ ਹੈ।
11 ਮੈਂ ਇਕ ਹੋਰ ਵਹਿਸ਼ੀ ਦਰਿੰਦੇ ਨੂੰ ਧਰਤੀ ਵਿੱਚੋਂ ਨਿਕਲਦਾ ਦੇਖਿਆ। ਲੇਲੇ ਦੇ ਸਿੰਗਾਂ ਵਰਗੇ ਇਸ ਦੇ ਦੋ ਸਿੰਗ ਸਨ, ਪਰ ਇਹ ਇਕ ਅਜਗਰ ਵਾਂਗ ਬੋਲਣ ਲੱਗ ਪਿਆ। 12 ਇਹ ਦਰਿੰਦਾ ਪਹਿਲੇ ਦਰਿੰਦੇ ਸਾਮ੍ਹਣੇ ਉਸੇ ਦਾ ਸਾਰਾ ਅਧਿਕਾਰ ਵਰਤਦਾ ਹੈ। ਇਹ ਧਰਤੀ ਅਤੇ ਉਸ ਉੱਤੇ ਰਹਿੰਦੇ ਸਾਰੇ ਲੋਕਾਂ ਤੋਂ ਪਹਿਲੇ ਵਹਿਸ਼ੀ ਦਰਿੰਦੇ ਦੀ ਭਗਤੀ ਕਰਾਉਂਦਾ ਹੈ, ਜਿਸ ਦਾ ਜਾਨਲੇਵਾ ਜ਼ਖ਼ਮ ਠੀਕ ਹੋ ਗਿਆ ਸੀ। 13 ਅਤੇ ਇਹ ਵੱਡੀਆਂ-ਵੱਡੀਆਂ ਨਿਸ਼ਾਨੀਆਂ ਦਿਖਾਉਂਦਾ ਹੈ, ਇੱਥੋਂ ਤਕ ਕਿ ਇਹ ਲੋਕਾਂ ਸਾਮ੍ਹਣੇ ਆਕਾਸ਼ੋਂ ਧਰਤੀ ਉੱਤੇ ਅੱਗ ਵਰ੍ਹਾਉਂਦਾ ਹੈ।
14 ਅਤੇ ਇਸ ਨੂੰ ਵਹਿਸ਼ੀ ਦਰਿੰਦੇ ਦੀਆਂ ਨਜ਼ਰਾਂ ਦੇ ਸਾਮ੍ਹਣੇ ਨਿਸ਼ਾਨੀਆਂ ਦਿਖਾਉਣ ਦਾ ਅਧਿਕਾਰ ਦਿੱਤਾ ਗਿਆ ਸੀ। ਨਿਸ਼ਾਨੀਆਂ ਦਿਖਾ ਕੇ ਇਹ ਧਰਤੀ ਉੱਤੇ ਰਹਿੰਦੇ ਸਾਰੇ ਲੋਕਾਂ ਨੂੰ ਗੁਮਰਾਹ ਕਰਦਾ ਹੈ ਅਤੇ ਉਨ੍ਹਾਂ ਨੂੰ ਉਸ ਵਹਿਸ਼ੀ ਦਰਿੰਦੇ ਦੀ ਮੂਰਤੀ ਬਣਾਉਣ ਲਈ ਕਹਿੰਦਾ ਹੈ ਜਿਸ ਦੇ ਤਲਵਾਰ ਨਾਲ ਜਾਨਲੇਵਾ ਜ਼ਖ਼ਮ ਕੀਤਾ ਗਿਆ ਸੀ, ਪਰ ਉਹ ਠੀਕ ਹੋ ਗਿਆ ਸੀ। 15 ਅਤੇ ਇਸ ਨੂੰ ਵਹਿਸ਼ੀ ਦਰਿੰਦੇ ਦੀ ਮੂਰਤੀ ਵਿਚ ਜਾਨ ਪਾਉਣ ਦੀ ਇਜਾਜ਼ਤ ਦਿੱਤੀ ਗਈ, ਤਾਂਕਿ ਵਹਿਸ਼ੀ ਦਰਿੰਦੇ ਦੀ ਮੂਰਤੀ ਬੋਲੇ ਅਤੇ ਉਨ੍ਹਾਂ ਲੋਕਾਂ ਨੂੰ ਮਰਵਾ ਦੇਵੇ ਜਿਹੜੇ ਵਹਿਸ਼ੀ ਦਰਿੰਦੇ ਦੀ ਮੂਰਤੀ ਦੀ ਪੂਜਾ ਕਰਨ ਤੋਂ ਇਨਕਾਰ ਕਰਦੇ ਹਨ।
16 ਅਤੇ ਇਸ ਨੇ ਸਾਰੇ ਵੱਡੇ ਤੇ ਛੋਟੇ, ਅਮੀਰ ਤੇ ਗ਼ਰੀਬ, ਆਜ਼ਾਦ ਤੇ ਗ਼ੁਲਾਮ ਲੋਕਾਂ ਨੂੰ ਮਜਬੂਰ ਕੀਤਾ ਕਿ ਉਹ ਆਪਣੇ ਸੱਜੇ ਹੱਥ ਉੱਤੇ ਜਾਂ ਆਪਣੇ ਮੱਥੇ ਉੱਤੇ ਨਿਸ਼ਾਨ ਲਗਵਾਉਣ। 17 ਜਿਨ੍ਹਾਂ ਉੱਤੇ ਉਹ ਨਿਸ਼ਾਨ ਯਾਨੀ ਵਹਿਸ਼ੀ ਦਰਿੰਦੇ ਦਾ ਨਾਂ ਅਤੇ ਉਸ ਦੇ ਨਾਂ ਦਾ ਨੰਬਰ ਨਹੀਂ ਹੈ, ਉਹ ਨਾ ਤਾਂ ਕੁਝ ਖ਼ਰੀਦ ਸਕਣਗੇ ਅਤੇ ਨਾ ਹੀ ਕੁਝ ਵੇਚ ਸਕਣਗੇ। 18 ਇਸ ਗੱਲ ਨੂੰ ਸਮਝਣ ਲਈ ਬੁੱਧ ਦੀ ਲੋੜ ਹੈ: ਜਿਸ ਕੋਲ ਸਮਝ ਹੈ, ਉਹ ਵਹਿਸ਼ੀ ਦਰਿੰਦੇ ਦੇ ਨੰਬਰ ਦਾ ਹਿਸਾਬ ਲਗਾਵੇ ਕਿਉਂਕਿ ਇਹ ਇਨਸਾਨੀ ਨੰਬਰ ਹੈ ਅਤੇ ਉਸ ਦਾ ਨੰਬਰ 666 ਹੈ।
14 ਅਤੇ ਮੈਂ ਸੀਓਨ ਪਹਾੜ ਉੱਤੇ ਲੇਲੇ ਨੂੰ ਖੜ੍ਹਾ ਦੇਖਿਆ ਅਤੇ ਉਸ ਦੇ ਨਾਲ 1,44,000 ਲੋਕ ਖੜ੍ਹੇ ਸਨ ਅਤੇ ਉਨ੍ਹਾਂ ਦੇ ਮੱਥਿਆਂ ਉੱਤੇ ਲੇਲੇ ਦਾ ਨਾਂ ਅਤੇ ਉਸ ਦੇ ਪਿਤਾ ਦਾ ਨਾਂ ਲਿਖਿਆ ਹੋਇਆ ਸੀ। 2 ਅਤੇ ਮੈਂ ਸਵਰਗੋਂ ਇਕ ਆਵਾਜ਼ ਸੁਣੀ ਜੋ ਤੇਜ਼ ਪਾਣੀ ਵਗਣ ਅਤੇ ਉੱਚੀ ਗਰਜ ਦੀ ਆਵਾਜ਼ ਵਰਗੀ ਸੀ; ਇਹ ਆਵਾਜ਼ ਇਵੇਂ ਲੱਗਦੀ ਸੀ ਜਿਵੇਂ ਗਾਇਕ ਆਪਣੇ ਰਬਾਬ ਵਜਾ ਕੇ ਨਾਲ-ਨਾਲ ਗਾਉਂਦੇ ਹੋਣ। 3 ਉਹ ਸਿੰਘਾਸਣ ਦੇ ਸਾਮ੍ਹਣੇ, ਚਾਰ ਕਰੂਬੀਆਂ ਦੇ ਸਾਮ੍ਹਣੇ ਅਤੇ ਬਜ਼ੁਰਗਾਂ ਦੇ ਸਾਮ੍ਹਣੇ ਇਕ ਗੀਤ ਗਾ ਰਹੇ ਸਨ ਜਿਹੜਾ ਨਵਾਂ ਲੱਗਦਾ ਸੀ; ਅਤੇ ਇਸ ਗੀਤ ਨੂੰ ਧਰਤੀ ਉੱਤੋਂ ਮੁੱਲ ਲਏ ਗਏ ਇਨ੍ਹਾਂ 1,44,000 ਲੋਕਾਂ ਤੋਂ ਸਿਵਾਇ ਹੋਰ ਕੋਈ ਵੀ ਗਾਉਣਾ ਨਹੀਂ ਸਿੱਖ ਸਕਿਆ। 4 ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਤੀਵੀਆਂ ਨਾਲ ਭ੍ਰਿਸ਼ਟ ਨਹੀਂ ਕੀਤਾ; ਅਸਲ ਵਿਚ ਇਹ ਸ਼ੁੱਧ* ਹਨ। ਲੇਲਾ ਭਾਵੇਂ ਜਿੱਥੇ ਵੀ ਜਾਵੇ, ਇਹ ਲੇਲੇ ਦੇ ਪਿੱਛੇ-ਪਿੱਛੇ ਜਾਂਦੇ ਹਨ। ਅਤੇ ਇਹ ਪਰਮੇਸ਼ੁਰ ਅਤੇ ਲੇਲੇ ਵਾਸਤੇ ਪਹਿਲੇ ਫਲਾਂ ਦੇ ਤੌਰ ਤੇ ਮਨੁੱਖਜਾਤੀ ਵਿੱਚੋਂ ਮੁੱਲ ਲਏ ਗਏ ਹਨ, 5 ਅਤੇ ਇਨ੍ਹਾਂ ਦੀ ਜ਼ਬਾਨ ਉੱਤੇ ਕੋਈ ਝੂਠ ਨਹੀਂ ਹੈ; ਇਹ ਬੇਦਾਗ਼ ਹਨ।
6 ਅਤੇ ਮੈਂ ਇਕ ਹੋਰ ਦੂਤ ਨੂੰ ਆਕਾਸ਼ ਵਿਚ ਉਡਦਿਆਂ ਦੇਖਿਆ ਜਿਸ ਕੋਲ ਹਮੇਸ਼ਾ ਕਾਇਮ ਰਹਿਣ ਵਾਲੀ ਖ਼ੁਸ਼ ਖ਼ਬਰੀ ਸੀ। ਉਹ ਧਰਤੀ ਉੱਤੇ ਰਹਿੰਦੇ ਲੋਕਾਂ ਨੂੰ ਯਾਨੀ ਹਰ ਕੌਮ, ਹਰ ਕਬੀਲੇ, ਹਰ ਬੋਲੀ ਬੋਲਣ ਵਾਲੇ ਅਤੇ ਹਰ ਨਸਲ ਦੇ ਲੋਕਾਂ ਨੂੰ ਇਹ ਖ਼ੁਸ਼ੀ ਖ਼ਬਰੀ ਸੁਣਾ ਰਿਹਾ ਸੀ 7 ਅਤੇ ਉੱਚੀ ਆਵਾਜ਼ ਵਿਚ ਕਹਿ ਰਿਹਾ ਸੀ: “ਪਰਮੇਸ਼ੁਰ ਤੋਂ ਡਰੋ ਅਤੇ ਉਸ ਦੀ ਮਹਿਮਾ ਕਰੋ ਕਿਉਂਕਿ ਉਸ ਦੁਆਰਾ ਨਿਆਂ ਕਰਨ ਦਾ ਸਮਾਂ ਆ ਗਿਆ ਹੈ, ਇਸ ਲਈ ਉਸ ਦੀ ਭਗਤੀ ਕਰੋ ਜਿਸ ਨੇ ਆਕਾਸ਼, ਧਰਤੀ, ਸਮੁੰਦਰ ਅਤੇ ਪਾਣੀ ਦੇ ਸੋਮਿਆਂ ਨੂੰ ਬਣਾਇਆ ਹੈ।”
8 ਅਤੇ ਉਸ ਤੋਂ ਬਾਅਦ ਦੂਸਰਾ ਦੂਤ ਆਇਆ ਅਤੇ ਉਸ ਨੇ ਕਿਹਾ: “ਉਹ ਸ਼ਹਿਰ ਢਹਿ ਗਿਆ ਹੈ! ਹਾਂ, ਮਹਾਂ ਬਾਬਲ* ਢਹਿ ਗਿਆ ਹੈ! ਇਸ ਨੇ ਇਕ ਬਦਚਲਣ ਤੀਵੀਂ ਵਾਂਗ ਆਪਣੀ ਹਰਾਮਕਾਰੀ* ਦੀ ਹਵਸ ਦਾ ਦਾਖਰਸ ਸਾਰੀਆਂ ਕੌਮਾਂ ਨੂੰ ਪਿਲਾਇਆ ਸੀ।”
9 ਅਤੇ ਉਨ੍ਹਾਂ ਤੋਂ ਬਾਅਦ ਤੀਸਰਾ ਦੂਤ ਆਇਆ ਅਤੇ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਜੇ ਕੋਈ ਉਸ ਵਹਿਸ਼ੀ ਦਰਿੰਦੇ ਜਾਂ ਉਸ ਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਉਸ ਦਾ ਨਿਸ਼ਾਨ ਆਪਣੇ ਮੱਥੇ ਜਾਂ ਹੱਥ ਉੱਤੇ ਲਗਵਾਉਂਦਾ ਹੈ, 10 ਤਾਂ ਉਹ ਪਰਮੇਸ਼ੁਰ ਦੇ ਕ੍ਰੋਧ ਦਾ ਖਾਲਸ ਦਾਖਰਸ ਪੀਵੇਗਾ ਜੋ ਉਸ ਦੇ ਕ੍ਰੋਧ ਦੇ ਪਿਆਲੇ ਵਿਚ ਪਾਇਆ ਗਿਆ ਹੈ ਅਤੇ ਉਸ ਨੂੰ ਪਵਿੱਤਰ ਦੂਤਾਂ ਅਤੇ ਲੇਲੇ ਦੀਆਂ ਨਜ਼ਰਾਂ ਸਾਮ੍ਹਣੇ ਅੱਗ ਅਤੇ ਗੰਧਕ* ਨਾਲ ਤੜਫਾਇਆ ਜਾਵੇਗਾ। 11 ਅਤੇ ਜਿਹੜੇ ਉਸ ਵਹਿਸ਼ੀ ਦਰਿੰਦੇ ਅਤੇ ਉਸ ਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਜਿਹੜੇ ਉਸ ਦੇ ਨਾਂ ਦਾ ਨਿਸ਼ਾਨ ਲਗਵਾਉਂਦੇ ਹਨ, ਉਨ੍ਹਾਂ ਨੂੰ ਤੜਫਾਉਣ ਵਾਲੀ ਅੱਗ ਦਾ ਧੂੰਆਂ ਹਮੇਸ਼ਾ ਉੱਪਰ ਉੱਠਦਾ ਰਹੇਗਾ ਅਤੇ ਉਨ੍ਹਾਂ ਨੂੰ ਬਿਨਾਂ ਰੁਕੇ ਦਿਨ-ਰਾਤ ਤੜਫਾਇਆ ਜਾਵੇਗਾ। 12 ਇਸ ਕਰਕੇ ਪਰਮੇਸ਼ੁਰ ਦੇ ਹੁਕਮ ਮੰਨਣ ਵਾਲੇ ਅਤੇ ਯਿਸੂ ਉੱਤੇ ਨਿਹਚਾ ਕਰਨ ਵਾਲੇ ਪਵਿੱਤਰ ਸੇਵਕਾਂ ਵਾਸਤੇ ਧੀਰਜ ਰੱਖਣਾ ਜ਼ਰੂਰੀ ਹੈ।”
13 ਅਤੇ ਮੈਂ ਸਵਰਗੋਂ ਇਕ ਆਵਾਜ਼ ਸੁਣੀ ਜਿਸ ਨੇ ਕਿਹਾ: “ਲਿਖ, ਖ਼ੁਸ਼ ਹਨ ਉਹ ਜਿਹੜੇ ਇਸ ਸਮੇਂ ਤੋਂ ਪ੍ਰਭੂ ਨਾਲ ਏਕਤਾ ਵਿਚ ਬੱਝੇ ਹੋਏ ਮਰਦੇ ਹਨ। ਜੀ ਹਾਂ, ਪਵਿੱਤਰ ਸ਼ਕਤੀ ਕਹਿੰਦੀ ਹੈ, ਉਨ੍ਹਾਂ ਨੂੰ ਆਪਣੇ ਕੰਮਾਂ ਤੋਂ ਆਰਾਮ ਕਰਨ ਦਿਓ ਕਿਉਂਕਿ ਉਨ੍ਹਾਂ ਦੇ ਕੰਮ ਉਨ੍ਹਾਂ ਦੇ ਨਾਲ ਜਾਣਗੇ।”
14 ਅਤੇ ਮੈਂ ਇਕ ਚਿੱਟਾ ਬੱਦਲ ਦੇਖਿਆ ਅਤੇ ਉਸ ਬੱਦਲ ਉੱਤੇ ਕੋਈ ਬੈਠਾ ਹੋਇਆ ਸੀ ਜਿਹੜਾ ਮਨੁੱਖ ਦੇ ਪੁੱਤਰ ਵਰਗਾ ਲੱਗਦਾ ਸੀ। ਉਸ ਦੇ ਸਿਰ ਉੱਤੇ ਸੋਨੇ ਦਾ ਮੁਕਟ ਸੀ ਅਤੇ ਉਸ ਦੇ ਹੱਥ ਵਿਚ ਇਕ ਤਿੱਖੀ ਦਾਤੀ ਸੀ।
15 ਅਤੇ ਇਕ ਹੋਰ ਦੂਤ ਮੰਦਰ* ਵਿੱਚੋਂ ਨਿਕਲਿਆ ਅਤੇ ਜਿਹੜਾ ਬੱਦਲ ਉੱਤੇ ਬੈਠਾ ਹੋਇਆ ਸੀ, ਉਸ ਨੂੰ ਉਸ ਦੂਤ ਨੇ ਉੱਚੀ ਆਵਾਜ਼ ਵਿਚ ਕਿਹਾ: “ਆਪਣੀ ਦਾਤੀ ਚਲਾ ਅਤੇ ਵੱਢ ਕਿਉਂਕਿ ਧਰਤੀ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਗਈ ਹੈ ਅਤੇ ਵੱਢਣ ਦਾ ਸਮਾਂ ਆ ਗਿਆ ਹੈ।” 16 ਅਤੇ ਜਿਹੜਾ ਬੱਦਲ ਉੱਤੇ ਬੈਠਾ ਹੋਇਆ ਸੀ, ਉਸ ਨੇ ਧਰਤੀ ਉੱਤੇ ਆਪਣੀ ਦਾਤੀ ਚਲਾਈ ਅਤੇ ਧਰਤੀ ਦੀ ਫ਼ਸਲ ਵੱਢ ਲਈ।
17 ਅਤੇ ਇਕ ਹੋਰ ਦੂਤ ਸਵਰਗ ਵਿਚ ਮੰਦਰ* ਵਿੱਚੋਂ ਨਿਕਲਿਆ, ਉਸ ਦੇ ਹੱਥ ਵਿਚ ਵੀ ਇਕ ਤਿੱਖੀ ਦਾਤੀ ਸੀ।
18 ਅਤੇ ਇਕ ਹੋਰ ਦੂਤ ਵੇਦੀ ਵੱਲੋਂ ਆਇਆ ਅਤੇ ਉਸ ਕੋਲ ਅੱਗ ਉੱਤੇ ਅਧਿਕਾਰ ਸੀ। ਉਸ ਨੇ ਉਸ ਦੂਤ ਨੂੰ ਉੱਚੀ ਆਵਾਜ਼ ਵਿਚ ਕਿਹਾ ਜਿਸ ਕੋਲ ਤਿੱਖੀ ਦਾਤੀ ਸੀ: “ਆਪਣੀ ਦਾਤੀ ਚਲਾ ਅਤੇ ਧਰਤੀ ਉੱਤੇ ਅੰਗੂਰਾਂ ਦੀ ਵੇਲ ਤੋਂ ਗੁੱਛੇ ਵੱਢ ਕੇ ਇਕੱਠੇ ਕਰ ਕਿਉਂਕਿ ਅੰਗੂਰ ਪੱਕ ਗਏ ਹਨ।” 19 ਅਤੇ ਉਸ ਦੂਤ ਨੇ ਆਪਣੀ ਦਾਤੀ ਧਰਤੀ ਉੱਤੇ ਚਲਾਈ ਅਤੇ ਧਰਤੀ ਉੱਤੋਂ ਅੰਗੂਰਾਂ ਦੇ ਗੁੱਛੇ ਵੱਢ ਕੇ ਪਰਮੇਸ਼ੁਰ ਦੇ ਕ੍ਰੋਧ ਦੇ ਵੱਡੇ ਸਾਰੇ ਚੁਬੱਚੇ ਵਿਚ ਸੁੱਟ ਦਿੱਤੇ। 20 ਸ਼ਹਿਰੋਂ ਬਾਹਰ ਚੁਬੱਚੇ ਵਿਚ ਅੰਗੂਰਾਂ ਨੂੰ ਮਿੱਧਿਆ ਗਿਆ ਅਤੇ ਚੁਬੱਚੇ ਵਿੱਚੋਂ ਇੰਨਾ ਖ਼ੂਨ ਨਿਕਲਿਆ ਕਿ ਇਹ ਘੋੜਿਆਂ ਦੀਆਂ ਲਗਾਮਾਂ ਤਕ ਪਹੁੰਚ ਗਿਆ ਅਤੇ ਇਹ ਲਗਭਗ 300 ਕਿਲੋਮੀਟਰ* ਇਲਾਕੇ ਵਿਚ ਫੈਲ ਗਿਆ।
15 ਅਤੇ ਮੈਂ ਸਵਰਗ ਵਿਚ ਇਕ ਹੋਰ ਵੱਡਾ ਅਤੇ ਅਨੋਖਾ ਨਿਸ਼ਾਨ ਦੇਖਿਆ: ਸੱਤ ਦੂਤ ਜਿਨ੍ਹਾਂ ਕੋਲ ਸੱਤ ਬਿਪਤਾਵਾਂ ਸਨ। ਇਹ ਆਖ਼ਰੀ ਬਿਪਤਾਵਾਂ ਹਨ ਕਿਉਂਕਿ ਇਨ੍ਹਾਂ ਤੋਂ ਬਾਅਦ ਪਰਮੇਸ਼ੁਰ ਦੇ ਗੁੱਸੇ ਦੀ ਅੱਗ ਬੁੱਝ ਜਾਵੇਗੀ।
2 ਅਤੇ ਮੈਂ ਕੱਚ ਵਰਗਾ ਇਕ ਸਮੁੰਦਰ ਜਿਹਾ ਦੇਖਿਆ ਜਿਸ ਵਿਚ ਅੱਗ ਮਿਲੀ ਹੋਈ ਸੀ ਅਤੇ ਉਸ ਕੱਚ ਵਰਗੇ ਸਮੁੰਦਰ ਲਾਗੇ ਉਨ੍ਹਾਂ ਲੋਕਾਂ ਨੂੰ ਖੜ੍ਹੇ ਦੇਖਿਆ ਜਿਹੜੇ ਉਸ ਵਹਿਸ਼ੀ ਦਰਿੰਦੇ ਉੱਤੇ ਅਤੇ ਉਸ ਦੀ ਮੂਰਤੀ ਉੱਤੇ ਤੇ ਉਸ ਦੇ ਨਾਂ ਦੇ ਨੰਬਰ ਉੱਤੇ ਜਿੱਤ ਹਾਸਲ ਕਰਦੇ ਹਨ ਅਤੇ ਉਨ੍ਹਾਂ ਕੋਲ ਪਰਮੇਸ਼ੁਰ ਦੇ ਰਬਾਬ ਸਨ। 3 ਅਤੇ ਉਹ ਪਰਮੇਸ਼ੁਰ ਦੇ ਦਾਸ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾ ਰਹੇ ਹਨ:
“ਹੇ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ, ਤੇਰੇ ਕੰਮ ਵੱਡੇ ਅਤੇ ਸ਼ਾਨਦਾਰ ਹਨ। ਹੇ ਯੁਗਾਂ-ਯੁਗਾਂ ਦੇ ਮਹਾਰਾਜ, ਤੇਰੇ ਰਾਹ ਸਹੀ ਅਤੇ ਸੱਚੇ ਹਨ। 4 ਯਹੋਵਾਹ, ਕੌਣ ਤੇਰੇ ਤੋਂ ਨਾ ਡਰੇਗਾ ਅਤੇ ਤੇਰੇ ਨਾਂ ਦੀ ਮਹਿਮਾ ਨਾ ਕਰੇਗਾ? ਕਿਉਂਕਿ ਸਿਰਫ਼ ਤੂੰ ਹੀ ਵਫ਼ਾਦਾਰ ਹੈਂ। ਸਾਰੀਆਂ ਕੌਮਾਂ ਆ ਕੇ ਤੇਰੇ ਅੱਗੇ ਮੱਥਾ ਟੇਕਣਗੀਆਂ ਕਿਉਂਕਿ ਇਹ ਜ਼ਾਹਰ ਹੋ ਗਿਆ ਹੈ ਕਿ ਤੇਰੇ ਫ਼ਰਮਾਨ ਸਹੀ ਹਨ।”
5 ਅਤੇ ਇਨ੍ਹਾਂ ਗੱਲਾਂ ਤੋਂ ਬਾਅਦ ਮੈਂ ਦੇਖਿਆ ਕਿ ਸਵਰਗ ਵਿਚ ਗਵਾਹੀ ਦਾ ਤੰਬੂ* ਖੁੱਲ੍ਹਾ ਹੋਇਆ ਸੀ 6 ਅਤੇ ਉਸ ਵਿੱਚੋਂ ਸੱਤ ਦੂਤ ਸੱਤ ਬਿਪਤਾਵਾਂ ਲੈ ਕੇ ਨਿਕਲੇ। ਉਨ੍ਹਾਂ ਨੇ ਸਾਫ਼ ਤੇ ਲਿਸ਼ਕਦੇ ਕੱਪੜੇ ਪਾਏ ਹੋਏ ਸਨ ਅਤੇ ਸੋਨੇ ਦੇ ਸੀਨੇਬੰਦ ਬੰਨ੍ਹੇ ਹੋਏ ਸਨ। 7 ਚਾਰ ਕਰੂਬੀਆਂ ਵਿੱਚੋਂ ਇਕ ਨੇ ਸੱਤਾਂ ਦੂਤਾਂ ਨੂੰ ਸੱਤ ਸੋਨੇ ਦੇ ਕਟੋਰੇ ਦਿੱਤੇ ਜਿਹੜੇ ਹਮੇਸ਼ਾ-ਹਮੇਸ਼ਾ ਜੀਉਣ ਵਾਲੇ ਪਰਮੇਸ਼ੁਰ ਦੇ ਕ੍ਰੋਧ ਨਾਲ ਭਰੇ ਹੋਏ ਸਨ। 8 ਅਤੇ ਪਰਮੇਸ਼ੁਰ ਦੀ ਮਹਿਮਾ ਅਤੇ ਉਸ ਦੀ ਤਾਕਤ ਕਰਕੇ ਤੰਬੂ ਧੂੰਏਂ ਨਾਲ ਭਰ ਗਿਆ ਅਤੇ ਕੋਈ ਵੀ ਉਦੋਂ ਤਕ ਉਸ ਵਿਚ ਜਾ ਨਾ ਸਕਿਆ ਜਦ ਤਕ ਉਹ ਸੱਤ ਬਿਪਤਾਵਾਂ ਖ਼ਤਮ ਨਾ ਹੋ ਗਈਆਂ ਜਿਹੜੀਆਂ ਸੱਤ ਦੂਤਾਂ ਕੋਲ ਸਨ।
16 ਅਤੇ ਮੈਂ ਮੰਦਰ* ਵਿੱਚੋਂ ਇਕ ਉੱਚੀ ਆਵਾਜ਼ ਸੁਣੀ ਜਿਸ ਨੇ ਸੱਤਾਂ ਦੂਤਾਂ ਨੂੰ ਕਿਹਾ: “ਜਾਓ, ਜਾ ਕੇ ਪਰਮੇਸ਼ੁਰ ਦੇ ਕ੍ਰੋਧ ਨਾਲ ਭਰੇ ਸੱਤ ਕਟੋਰੇ ਧਰਤੀ ਉੱਤੇ ਡੋਲ੍ਹ ਦਿਓ।”
2 ਅਤੇ ਪਹਿਲੇ ਦੂਤ ਨੇ ਜਾ ਕੇ ਆਪਣਾ ਕਟੋਰਾ ਧਰਤੀ ਉੱਤੇ ਡੋਲ੍ਹ ਦਿੱਤਾ। ਅਤੇ ਜਿਨ੍ਹਾਂ ਲੋਕਾਂ ਉੱਤੇ ਵਹਿਸ਼ੀ ਦਰਿੰਦੇ ਦਾ ਨਿਸ਼ਾਨ ਲੱਗਾ ਹੋਇਆ ਸੀ ਅਤੇ ਜਿਹੜੇ ਉਸ ਦੀ ਮੂਰਤੀ ਦੀ ਪੂਜਾ ਕਰਦੇ ਸਨ, ਉਨ੍ਹਾਂ ਦੇ ਪੀਕ ਨਾਲ ਭਰੇ ਜਾਨਲੇਵਾ ਫੋੜੇ ਨਿਕਲ ਆਏ।
3 ਅਤੇ ਦੂਸਰੇ ਦੂਤ ਨੇ ਆਪਣਾ ਕਟੋਰਾ ਸਮੁੰਦਰ ਵਿਚ ਡੋਲ੍ਹ ਦਿੱਤਾ। ਅਤੇ ਸਮੁੰਦਰ ਇਵੇਂ ਹੋ ਗਿਆ ਜਿਵੇਂ ਮਰੇ ਬੰਦੇ ਦਾ ਲਹੂ ਹੁੰਦਾ ਹੈ ਅਤੇ ਸਮੁੰਦਰ ਦੇ ਸਾਰੇ ਜੀਵ-ਜੰਤੂ ਮਰ ਗਏ।
4 ਅਤੇ ਤੀਸਰੇ ਦੂਤ ਨੇ ਆਪਣਾ ਕਟੋਰਾ ਦਰਿਆਵਾਂ ਅਤੇ ਪਾਣੀ ਦੇ ਸੋਮਿਆਂ ਵਿਚ ਡੋਲ੍ਹ ਦਿੱਤਾ। ਅਤੇ ਉਨ੍ਹਾਂ ਦਾ ਪਾਣੀ ਲਹੂ ਬਣ ਗਿਆ। 5 ਅਤੇ ਜਿਸ ਦੂਤ ਕੋਲ ਪਾਣੀ ਉੱਤੇ ਅਧਿਕਾਰ ਸੀ, ਉਸ ਨੂੰ ਮੈਂ ਇਹ ਕਹਿੰਦੇ ਸੁਣਿਆ: “ਤੂੰ ਵਫ਼ਾਦਾਰ ਪਰਮੇਸ਼ੁਰ ਹੈਂ, ਤੂੰ ਜੋ ਸੀ ਅਤੇ ਜੋ ਹੈਂ। ਤੂੰ ਧਰਮੀ ਹੈਂ ਕਿਉਂਕਿ ਤੂੰ ਨਿਆਂ ਕਰ ਕੇ ਇਹ ਫ਼ੈਸਲੇ ਸੁਣਾਏ ਹਨ। 6 ਉਨ੍ਹਾਂ ਨੇ ਤੇਰੇ ਪਵਿੱਤਰ ਸੇਵਕਾਂ ਅਤੇ ਨਬੀਆਂ ਦਾ ਲਹੂ ਵਹਾਇਆ, ਇਸ ਕਰਕੇ ਤੂੰ ਉਨ੍ਹਾਂ ਨੂੰ ਪੀਣ ਲਈ ਲਹੂ ਦਿੱਤਾ। ਉਹ ਇਸੇ ਸਜ਼ਾ ਦੇ ਲਾਇਕ ਹਨ।” 7 ਮੈਂ ਵੇਦੀ ਨੂੰ ਇਹ ਕਹਿੰਦੇ ਸੁਣਿਆ: “ਹਾਂ, ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ, ਤੇਰੇ ਫ਼ੈਸਲੇ ਸਹੀ ਅਤੇ ਧਰਮੀ ਹਨ।”
8 ਅਤੇ ਚੌਥੇ ਦੂਤ ਨੇ ਆਪਣਾ ਕਟੋਰਾ ਸੂਰਜ ਉੱਤੇ ਡੋਲ੍ਹ ਦਿੱਤਾ; ਸੂਰਜ ਨੂੰ ਆਪਣੀ ਤੇਜ਼ ਧੁੱਪ ਨਾਲ ਲੋਕਾਂ ਨੂੰ ਸਾੜਨ ਦਾ ਅਧਿਕਾਰ ਦਿੱਤਾ ਗਿਆ। 9 ਅਤੇ ਲੋਕ ਇਸ ਦੀ ਤੇਜ਼ ਧੁੱਪ ਨਾਲ ਝੁਲਸ ਗਏ, ਪਰ ਉਨ੍ਹਾਂ ਨੇ ਪਰਮੇਸ਼ੁਰ ਦੇ ਨਾਂ ਦੀ ਨਿੰਦਿਆ ਕੀਤੀ ਜਿਸ ਕੋਲ ਇਨ੍ਹਾਂ ਬਿਪਤਾਵਾਂ ਉੱਤੇ ਅਧਿਕਾਰ ਹੈ ਅਤੇ ਉਨ੍ਹਾਂ ਨੇ ਤੋਬਾ ਨਾ ਕੀਤੀ ਅਤੇ ਨਾ ਹੀ ਉਸ ਦੀ ਮਹਿਮਾ ਕੀਤੀ।
10 ਅਤੇ ਪੰਜਵੇਂ ਦੂਤ ਨੇ ਆਪਣਾ ਕਟੋਰਾ ਵਹਿਸ਼ੀ ਦਰਿੰਦੇ ਦੇ ਸਿੰਘਾਸਣ ਉੱਤੇ ਡੋਲ੍ਹ ਦਿੱਤਾ। ਅਤੇ ਉਸ ਦੇ ਰਾਜ ਵਿਚ ਹਨੇਰਾ ਛਾ ਗਿਆ ਅਤੇ ਲੋਕ ਦਰਦ ਨਾਲ ਤੜਫਦੇ ਹੋਏ ਆਪਣੀਆਂ ਜੀਭਾਂ ਟੁੱਕਣ ਲੱਗੇ, 11 ਪਰ ਉਨ੍ਹਾਂ ਨੇ ਆਪਣੀ ਪੀੜ ਅਤੇ ਆਪਣੇ ਫੋੜਿਆਂ ਕਰਕੇ ਸਵਰਗ ਦੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਅਤੇ ਉਨ੍ਹਾਂ ਨੇ ਆਪਣੇ ਕੰਮਾਂ ਤੋਂ ਤੋਬਾ ਨਾ ਕੀਤੀ।
12 ਅਤੇ ਛੇਵੇਂ ਦੂਤ ਨੇ ਆਪਣਾ ਕਟੋਰਾ ਵੱਡੇ ਦਰਿਆ ਫ਼ਰਾਤ ਵਿਚ ਡੋਲ੍ਹ ਦਿੱਤਾ ਅਤੇ ਦਰਿਆ ਦਾ ਪਾਣੀ ਸੁੱਕ ਗਿਆ ਤਾਂਕਿ ਸੂਰਜ ਦੇ ਚੜ੍ਹਦੇ ਪਾਸਿਓਂ* ਰਾਜਿਆਂ ਦੇ ਆਉਣ ਲਈ ਰਾਹ ਖੁੱਲ੍ਹ ਜਾਵੇ।
13 ਅਤੇ ਮੈਂ ਦੇਖਿਆ ਕਿ ਅਜਗਰ ਨੂੰ ਤੇ ਵਹਿਸ਼ੀ ਦਰਿੰਦੇ ਨੂੰ ਅਤੇ ਝੂਠੇ ਨਬੀ ਨੂੰ ਤਿੰਨ ਅਸ਼ੁੱਧ ਸੰਦੇਸ਼ ਦੇਣ ਲਈ ਪ੍ਰੇਰਿਆ ਗਿਆ। ਇਹ ਸੰਦੇਸ਼ ਉਨ੍ਹਾਂ ਦੇ ਮੂੰਹਾਂ ਵਿੱਚੋਂ ਨਿਕਲੇ ਸਨ ਅਤੇ ਇਹ ਦੇਖਣ ਨੂੰ ਡੱਡੂਆਂ ਵਰਗੇ ਲੱਗਦੇ ਸਨ। 14 ਅਸਲ ਵਿਚ, ਇਹ ਸੰਦੇਸ਼ ਦੁਸ਼ਟ ਦੂਤਾਂ ਦੀ ਪ੍ਰੇਰਣਾ ਨਾਲ ਦਿੱਤੇ ਗਏ ਹਨ ਅਤੇ ਇਹ ਸੰਦੇਸ਼ ਜਾ ਕੇ ਸਾਰੀ ਧਰਤੀ ਦੇ ਰਾਜਿਆਂ ਸਾਮ੍ਹਣੇ ਨਿਸ਼ਾਨੀਆਂ ਦਿਖਾਉਂਦੇ ਹਨ ਤਾਂਕਿ ਉਨ੍ਹਾਂ ਨੂੰ ਉਸ ਲੜਾਈ ਲਈ ਇਕੱਠਾ ਕਰਨ ਜੋ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ ਲੜੀ ਜਾਵੇਗੀ।
15 “ਦੇਖੋ! ਮੈਂ ਚੋਰ ਵਾਂਗ ਆਵਾਂਗਾ। ਖ਼ੁਸ਼ ਹੈ ਉਹ ਇਨਸਾਨ ਜਿਹੜਾ ਜਾਗਦਾ ਰਹਿੰਦਾ ਹੈ ਅਤੇ ਜਿਸ ਦੇ ਕੱਪੜੇ ਉਤਾਰੇ ਨਹੀਂ ਜਾਂਦੇ, ਤਾਂਕਿ ਉਸ ਨੂੰ ਨੰਗਾ ਨਾ ਜਾਣਾ ਪਵੇ ਅਤੇ ਲੋਕ ਉਸ ਨੂੰ ਸ਼ਰਮਨਾਕ ਹਾਲਤ ਵਿਚ ਨਾ ਦੇਖਣ।”
16 ਅਤੇ ਉਹ ਰਾਜਿਆਂ ਨੂੰ ਉਸ ਜਗ੍ਹਾ ਇਕੱਠੇ ਕਰਦੇ ਹਨ ਜਿਸ ਨੂੰ ਇਬਰਾਨੀ ਭਾਸ਼ਾ ਵਿਚ ਆਰਮਾਗੇਡਨ* ਕਿਹਾ ਜਾਂਦਾ ਹੈ।
17 ਅਤੇ ਸੱਤਵੇਂ ਦੂਤ ਨੇ ਆਪਣਾ ਕਟੋਰਾ ਹਵਾ ਉੱਤੇ ਡੋਲ੍ਹ ਦਿੱਤਾ। ਅਤੇ ਮੰਦਰ* ਵਿਚ ਸਿੰਘਾਸਣ ਤੋਂ ਇਹ ਉੱਚੀ ਆਵਾਜ਼ ਸੁਣਾਈ ਦਿੱਤੀ: “ਪੂਰਾ ਹੋ ਗਿਆ ਹੈ!” 18 ਅਤੇ ਬਿਜਲੀ ਲਿਸ਼ਕੀ, ਆਵਾਜ਼ਾਂ ਆਈਆਂ ਅਤੇ ਗਰਜਾਂ ਸੁਣਾਈ ਦਿੱਤੀਆਂ ਅਤੇ ਇਕ ਜ਼ਬਰਦਸਤ ਭੁਚਾਲ਼ ਆਇਆ। ਧਰਤੀ ਉੱਤੇ ਇਨਸਾਨ ਦੇ ਬਣਾਏ ਜਾਣ ਤੋਂ ਲੈ ਕੇ ਹੁਣ ਤਕ ਇੰਨਾ ਜ਼ਬਰਦਸਤ ਅਤੇ ਤਬਾਹੀ ਮਚਾਉਣ ਵਾਲਾ ਭੁਚਾਲ਼ ਕਦੇ ਨਹੀਂ ਆਇਆ ਸੀ। 19 ਅਤੇ ਵੱਡੇ ਸ਼ਹਿਰ ਦੇ ਤਿੰਨ ਹਿੱਸੇ ਹੋ ਗਏ ਅਤੇ ਕੌਮਾਂ ਦੇ ਸ਼ਹਿਰ ਢਹਿ-ਢੇਰੀ ਹੋ ਗਏ; ਅਤੇ ਮਹਾਂ ਬਾਬਲ ਵੱਲ ਪਰਮੇਸ਼ੁਰ ਨੇ ਧਿਆਨ ਦਿੱਤਾ ਕਿ ਉਹ ਉਸ ਨੂੰ ਆਪਣੇ ਕ੍ਰੋਧ ਦੇ ਦਾਖਰਸ ਨਾਲ ਭਰਿਆ ਹੋਇਆ ਪਿਆਲਾ ਪਿਲਾਵੇ। 20 ਨਾਲੇ ਹਰ ਟਾਪੂ ਭੱਜ ਗਿਆ ਅਤੇ ਪਹਾੜ ਕਿਤੇ ਨਾ ਲੱਭੇ। 21 ਅਤੇ ਆਕਾਸ਼ੋਂ ਵੀਹ-ਵੀਹ ਕਿਲੋ ਭਾਰੇ ਗੜੇ ਲੋਕਾਂ ਉੱਤੇ ਪਏ ਅਤੇ ਗੜਿਆਂ ਦੀ ਮਾਰ ਕਰਕੇ ਲੋਕਾਂ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਕਿਉਂਕਿ ਗੜਿਆਂ ਨੇ ਬਹੁਤ ਤਬਾਹੀ ਮਚਾਈ।
17 ਅਤੇ ਜਿਨ੍ਹਾਂ ਸੱਤਾਂ ਦੂਤਾਂ ਕੋਲ ਸੱਤ ਕਟੋਰੇ ਸਨ, ਉਨ੍ਹਾਂ ਵਿੱਚੋਂ ਇਕ ਦੂਤ ਨੇ ਆ ਕੇ ਮੈਨੂੰ ਕਿਹਾ: “ਆਜਾ ਮੈਂ ਤੈਨੂੰ ਦਿਖਾਵਾਂ ਕਿ ਉਸ ਵੱਡੀ ਕੰਜਰੀ ਦਾ ਨਿਆਂ ਕਰ ਕੇ ਉਸ ਨੂੰ ਸਜ਼ਾ ਕਿਵੇਂ ਦਿੱਤੀ ਜਾਵੇਗੀ ਜਿਹੜੀ ਬਹੁਤ ਸਾਰੇ ਪਾਣੀਆਂ ਉੱਤੇ ਬੈਠੀ ਹੋਈ ਹੈ 2 ਅਤੇ ਜਿਸ ਨਾਲ ਧਰਤੀ ਦੇ ਰਾਜਿਆਂ ਨੇ ਹਰਾਮਕਾਰੀ* ਕੀਤੀ ਹੈ ਅਤੇ ਧਰਤੀ ਦੇ ਵਾਸੀ ਉਸ ਦੀ ਹਰਾਮਕਾਰੀ ਦਾ ਦਾਖਰਸ ਪੀ ਕੇ ਸ਼ਰਾਬੀ ਹੋਏ ਪਏ ਹਨ।”
3 ਅਤੇ ਉਹ ਦੂਤ ਮੈਨੂੰ ਪਵਿੱਤਰ ਸ਼ਕਤੀ ਰਾਹੀਂ ਇਕ ਉਜਾੜ ਥਾਂ ਵਿਚ ਲੈ ਗਿਆ। ਉੱਥੇ ਮੈਂ ਇਕ ਤੀਵੀਂ ਦੇਖੀ ਜਿਹੜੀ ਗੂੜ੍ਹੇ ਲਾਲ ਰੰਗ ਦੇ ਵਹਿਸ਼ੀ ਦਰਿੰਦੇ ਉੱਤੇ ਬੈਠੀ ਹੋਈ ਸੀ। ਉਸ ਦਰਿੰਦੇ ਦਾ ਸਾਰਾ ਸਰੀਰ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲੇ ਨਾਵਾਂ ਨਾਲ ਭਰਿਆ ਹੋਇਆ ਸੀ ਅਤੇ ਉਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ। 4 ਉਸ ਤੀਵੀਂ ਨੇ ਬੈਂਗਣੀ ਅਤੇ ਗੂੜ੍ਹੇ ਲਾਲ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਉਸ ਨੇ ਆਪਣੇ ਆਪ ਨੂੰ ਸੋਨੇ, ਜਵਾਹਰਾਂ ਅਤੇ ਮੋਤੀਆਂ ਨਾਲ ਸ਼ਿੰਗਾਰਿਆ ਹੋਇਆ ਸੀ। ਅਤੇ ਉਸ ਦੇ ਹੱਥ ਵਿਚ ਇਕ ਸੋਨੇ ਦਾ ਪਿਆਲਾ ਸੀ ਜਿਹੜਾ ਘਿਣਾਉਣੀਆਂ ਚੀਜ਼ਾਂ ਅਤੇ ਉਸ ਦੀ ਹਰਾਮਕਾਰੀ ਦੀਆਂ ਅਸ਼ੁੱਧ ਚੀਜ਼ਾਂ ਨਾਲ ਭਰਿਆ ਹੋਇਆ ਸੀ। 5 ਅਤੇ ਉਸ ਦੇ ਮੱਥੇ ਉੱਤੇ ਇਕ ਭੇਤ-ਭਰਿਆ ਨਾਂ ਲਿਖਿਆ ਹੋਇਆ ਸੀ: “ਮਹਾਂ ਬਾਬਲ, ਕੰਜਰੀਆਂ ਦੀ ਅਤੇ ਧਰਤੀ ਉਤਲੀਆਂ ਘਿਣਾਉਣੀਆਂ ਚੀਜ਼ਾਂ ਦੀ ਮਾਂ।” 6 ਅਤੇ ਮੈਂ ਦੇਖਿਆ ਕਿ ਉਹ ਤੀਵੀਂ ਪਵਿੱਤਰ ਸੇਵਕਾਂ ਦਾ ਲਹੂ ਪੀ ਕੇ ਅਤੇ ਯਿਸੂ ਦੇ ਗਵਾਹਾਂ ਦਾ ਲਹੂ ਪੀ ਕੇ ਸ਼ਰਾਬੀ ਹੋਈ ਪਈ ਸੀ।
ਉਸ ਤੀਵੀਂ ਨੂੰ ਦੇਖ ਕੇ ਮੈਂ ਬਹੁਤ ਹੈਰਾਨ ਹੋਇਆ। 7 ਇਸ ਲਈ, ਦੂਤ ਨੇ ਮੈਨੂੰ ਪੁੱਛਿਆ: “ਤੂੰ ਹੈਰਾਨ ਕਿਉਂ ਹੋਇਆ? ਮੈਂ ਤੈਨੂੰ ਉਸ ਤੀਵੀਂ ਦਾ ਅਤੇ ਉਸ ਵਹਿਸ਼ੀ ਦਰਿੰਦੇ ਦਾ ਭੇਤ ਦੱਸਾਂਗਾ ਜਿਸ ਦੇ ਸੱਤ ਸਿਰ ਤੇ ਦਸ ਸਿੰਗ ਹਨ ਅਤੇ ਜਿਸ ਉੱਤੇ ਉਹ ਤੀਵੀਂ ਸਵਾਰ ਹੈ: 8 ਜੋ ਵਹਿਸ਼ੀ ਦਰਿੰਦਾ ਤੂੰ ਦੇਖਿਆ, ਉਹ ਪਹਿਲਾਂ ਸੀ, ਹੁਣ ਨਹੀਂ ਹੈ, ਪਰ ਅਥਾਹ ਕੁੰਡ ਵਿੱਚੋਂ ਨਿਕਲਣ ਵਾਲਾ ਹੈ ਅਤੇ ਫਿਰ ਇਸ ਨੂੰ ਨਾਸ਼ ਕਰ ਦਿੱਤਾ ਜਾਵੇਗਾ। ਧਰਤੀ ਦੇ ਵਾਸੀ, ਜਿਨ੍ਹਾਂ ਦੇ ਨਾਂ ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਜੀਵਨ ਦੀ ਕਿਤਾਬ* ਵਿਚ ਨਹੀਂ ਲਿਖੇ ਹੋਏ ਹਨ, ਇਹ ਜਾਣ ਕੇ ਹੈਰਾਨ ਹੋਣਗੇ ਕਿ ਉਹ ਵਹਿਸ਼ੀ ਦਰਿੰਦਾ ਪਹਿਲਾਂ ਸੀ, ਹੁਣ ਨਹੀਂ ਹੈ, ਪਰ ਵਾਪਸ ਆਵੇਗਾ।
9 “ਇਸ ਗੱਲ ਨੂੰ ਸਮਝਣ ਲਈ ਬੁੱਧ ਦੀ ਲੋੜ ਹੈ: ਸੱਤ ਸਿਰ ਸੱਤ ਪਹਾੜ ਹਨ ਜਿਨ੍ਹਾਂ ਉੱਪਰ ਉਹ ਤੀਵੀਂ ਬੈਠੀ ਹੋਈ ਹੈ। 10 ਅਤੇ ਇਨ੍ਹਾਂ ਦਾ ਮਤਲਬ ਹੈ ਸੱਤ ਰਾਜੇ: ਪੰਜ ਖ਼ਤਮ ਹੋ ਚੁੱਕੇ ਹਨ, ਇਕ ਹੈ, ਅਤੇ ਇਕ ਅਜੇ ਨਹੀਂ ਆਇਆ, ਪਰ ਜਦੋਂ ਉਹ ਆਵੇਗਾ, ਤਾਂ ਉਹ ਥੋੜ੍ਹਾ ਸਮਾਂ ਰਹੇਗਾ। 11 ਅਤੇ ਉਹ ਵਹਿਸ਼ੀ ਦਰਿੰਦਾ, ਜਿਹੜਾ ਸੀ, ਪਰ ਹੁਣ ਨਹੀਂ ਹੈ, ਉਹ ਅੱਠਵਾਂ ਰਾਜਾ ਹੈ, ਪਰ ਉਨ੍ਹਾਂ ਸੱਤਾਂ ਰਾਜਿਆਂ ਵਿੱਚੋਂ ਨਿਕਲਿਆ ਹੈ ਅਤੇ ਉਸ ਨੂੰ ਨਾਸ਼ ਕਰ ਦਿੱਤਾ ਜਾਵੇਗਾ।
12 “ਅਤੇ ਤੂੰ ਜਿਹੜੇ ਦਸ ਸਿੰਗ ਦੇਖੇ ਸਨ, ਉਹ ਦਸ ਰਾਜੇ ਹਨ ਜਿਨ੍ਹਾਂ ਨੂੰ ਅਜੇ ਰਾਜ ਨਹੀਂ ਮਿਲਿਆ ਹੈ, ਪਰ ਉਨ੍ਹਾਂ ਨੂੰ ਵਹਿਸ਼ੀ ਦਰਿੰਦੇ ਦੇ ਨਾਲ ਕੁਝ ਸਮੇਂ* ਲਈ ਰਾਜਿਆਂ ਵਜੋਂ ਰਾਜ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਹੈ। 13 ਉਨ੍ਹਾਂ ਦੀ ਸੋਚ ਇੱਕੋ ਹੈ, ਇਸ ਲਈ ਉਹ ਆਪਣੀ ਤਾਕਤ ਅਤੇ ਅਧਿਕਾਰ ਵਹਿਸ਼ੀ ਦਰਿੰਦੇ ਨੂੰ ਦਿੰਦੇ ਹਨ। 14 ਉਹ ਲੇਲੇ ਨਾਲ ਯੁੱਧ ਕਰਨਗੇ, ਪਰ ਲੇਲਾ ਉਨ੍ਹਾਂ ਉੱਤੇ ਜਿੱਤ ਹਾਸਲ ਕਰੇਗਾ ਕਿਉਂਕਿ ਉਹ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ। ਅਤੇ ਜਿਹੜੇ ਵਫ਼ਾਦਾਰ ਸੇਵਕ ਲੇਲੇ ਦੇ ਨਾਲ ਹਨ ਤੇ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸੱਦ ਕੇ ਚੁਣਿਆ ਹੈ, ਉਹ ਵੀ ਉਨ੍ਹਾਂ ਉੱਤੇ ਜਿੱਤ ਹਾਸਲ ਕਰਨਗੇ।”
15 ਅਤੇ ਉਸ ਦੂਤ ਨੇ ਮੈਨੂੰ ਕਿਹਾ: “ਜਿਹੜੇ ਪਾਣੀ ਤੂੰ ਦੇਖੇ ਸਨ ਅਤੇ ਜਿਨ੍ਹਾਂ ਉੱਤੇ ਉਹ ਕੰਜਰੀ ਬੈਠੀ ਹੋਈ ਹੈ, ਉਨ੍ਹਾਂ ਦਾ ਮਤਲਬ ਹੈ ਨਸਲਾਂ, ਭੀੜਾਂ, ਕੌਮਾਂ ਅਤੇ ਬੋਲੀਆਂ ਦੇ ਲੋਕ। 16 ਅਤੇ ਤੂੰ ਜਿਹੜੇ ਦਸ ਸਿੰਗ ਅਤੇ ਵਹਿਸ਼ੀ ਦਰਿੰਦਾ ਦੇਖਿਆ ਸੀ, ਉਹ ਉਸ ਕੰਜਰੀ ਨਾਲ ਨਫ਼ਰਤ ਕਰਨਗੇ ਅਤੇ ਉਸ ਨੂੰ ਬਰਬਾਦ ਤੇ ਨੰਗਾ ਕਰ ਦੇਣਗੇ ਅਤੇ ਉਸ ਦਾ ਮਾਸ ਖਾ ਜਾਣਗੇ ਅਤੇ ਉਸ ਨੂੰ ਪੂਰੀ ਤਰ੍ਹਾਂ ਅੱਗ ਵਿਚ ਸਾੜ ਸੁੱਟਣਗੇ। 17 ਕਿਉਂਕਿ ਪਰਮੇਸ਼ੁਰ ਆਪਣੇ ਇਸ ਇਰਾਦੇ ਨੂੰ ਪੂਰਾ ਕਰਨ ਦਾ ਵਿਚਾਰ ਉਨ੍ਹਾਂ ਦੇ ਦਿਲਾਂ ਵਿਚ ਪਾਵੇਗਾ ਯਾਨੀ ਕਿ ਉਹ ਸਾਰੇ ਆਪਣੇ ਸਾਂਝੇ ਇਰਾਦੇ ਨੂੰ ਪੂਰਾ ਕਰਨ ਲਈ ਉਸ ਵਹਿਸ਼ੀ ਦਰਿੰਦੇ ਨੂੰ ਉਦੋਂ ਤਕ ਆਪਣਾ ਅਧਿਕਾਰ ਦੇਣਗੇ ਜਦੋਂ ਤਕ ਪਰਮੇਸ਼ੁਰ ਦੀਆਂ ਕਹੀਆਂ ਗੱਲਾਂ ਪੂਰੀਆਂ ਨਹੀਂ ਹੋ ਜਾਂਦੀਆਂ। 18 ਅਤੇ ਉਹ ਤੀਵੀਂ ਜਿਹੜੀ ਤੂੰ ਦੇਖੀ, ਉਹ ਵੱਡਾ ਸ਼ਹਿਰ ਹੈ ਜਿਸ ਦਾ ਧਰਤੀ ਦੇ ਰਾਜਿਆਂ ਉੱਤੇ ਰਾਜ ਹੈ।”
18 ਇਨ੍ਹਾਂ ਗੱਲਾਂ ਤੋਂ ਬਾਅਦ ਮੈਂ ਸਵਰਗੋਂ ਇਕ ਹੋਰ ਦੂਤ ਨੂੰ ਥੱਲੇ ਉੱਤਰਦੇ ਦੇਖਿਆ ਜਿਸ ਕੋਲ ਵੱਡਾ ਅਧਿਕਾਰ ਸੀ; ਅਤੇ ਧਰਤੀ ਉਸ ਦੀ ਮਹਿਮਾ ਦੇ ਚਾਨਣ ਨਾਲ ਭਰ ਗਈ। 2 ਉਸ ਨੇ ਉੱਚੀ ਤੇ ਦਮਦਾਰ ਆਵਾਜ਼ ਵਿਚ ਕਿਹਾ: “ਮਹਾਂ ਬਾਬਲ ਢਹਿ-ਢੇਰੀ ਹੋ ਗਿਆ ਹੈ! ਇਹ ਸ਼ਹਿਰ ਦੁਸ਼ਟ ਦੂਤਾਂ ਦਾ ਠਿਕਾਣਾ ਬਣ ਗਿਆ ਹੈ ਅਤੇ ਇਹ ਜ਼ਹਿਰੀਲੀ ਹਵਾ ਨਾਲ ਭਰ ਗਿਆ ਹੈ ਅਤੇ ਇੱਥੇ ਹਰ ਪ੍ਰਕਾਰ ਦੇ ਅਸ਼ੁੱਧ ਅਤੇ ਘਿਣਾਉਣੇ ਪੰਛੀਆਂ ਦਾ ਬਸੇਰਾ ਹੈ! 3 ਕਿਉਂਕਿ ਇਹ ਸ਼ਹਿਰ ਇਕ ਬਦਚਲਣ ਤੀਵੀਂ ਵਰਗਾ ਹੈ ਜਿਸ ਦੀ ਹਰਾਮਕਾਰੀ* ਦਾ ਦਾਖਰਸ ਪੀ ਕੇ ਸਾਰੀਆਂ ਕੌਮਾਂ ਸ਼ਰਾਬੀ ਹੋ ਚੁੱਕੀਆਂ ਹਨ ਅਤੇ ਧਰਤੀ ਦੇ ਰਾਜਿਆਂ ਨੇ ਉਸ ਨਾਲ ਹਰਾਮਕਾਰੀ ਕੀਤੀ ਹੈ ਅਤੇ ਧਰਤੀ ਦੇ ਵਪਾਰੀ ਉਸ ਦੀ ਧਨ-ਦੌਲਤ ਦੀ ਤਾਕਤ ਨਾਲ ਅਮੀਰ ਹੋ ਗਏ ਹਨ ਜਿਸ ਨੂੰ ਇਕੱਠਾ ਕਰਨ ਵਿਚ ਉਸ ਨੂੰ ਕੋਈ ਸ਼ਰਮਿੰਦਗੀ ਨਹੀਂ ਹੈ।”
4 ਅਤੇ ਮੈਂ ਸਵਰਗੋਂ ਇਕ ਹੋਰ ਆਵਾਜ਼ ਸੁਣੀ ਜਿਸ ਨੇ ਕਿਹਾ: “ਹੇ ਮੇਰੇ ਲੋਕੋ, ਜੇ ਤੁਸੀਂ ਉਸ ਦੇ ਪਾਪਾਂ ਦੇ ਭਾਗੀ ਨਹੀਂ ਬਣਨਾ ਚਾਹੁੰਦੇ ਅਤੇ ਨਹੀਂ ਚਾਹੁੰਦੇ ਕਿ ਉਸ ਉੱਤੇ ਆਈਆਂ ਆਫ਼ਤਾਂ ਤੁਹਾਡੇ ਉੱਤੇ ਆਉਣ, ਤਾਂ ਉਸ ਤੋਂ ਦੂਰ ਹੋ ਜਾਵੋ। 5 ਕਿਉਂਕਿ ਉਸ ਦੇ ਪਾਪਾਂ ਦਾ ਢੇਰ ਆਕਾਸ਼ ਤਕ ਲੱਗ ਗਿਆ ਹੈ ਅਤੇ ਪਰਮੇਸ਼ੁਰ ਨੇ ਉਸ ਦੇ ਬੁਰੇ ਕੰਮਾਂ ਨੂੰ ਚੇਤੇ ਕੀਤਾ ਹੈ। 6 ਜਿਹੋ ਜਿਹਾ ਸਲੂਕ ਉਸ ਨੇ ਦੂਸਰਿਆਂ ਨਾਲ ਕੀਤਾ ਹੈ, ਉਸ ਨਾਲ ਵੀ ਉਹੋ ਜਿਹਾ ਸਲੂਕ ਕਰੋ, ਹਾਂ ਉਸ ਨੇ ਜੋ ਵੀ ਦੂਸਰਿਆਂ ਨਾਲ ਕੀਤਾ ਉਸ ਤੋਂ ਦੁਗਣਾ ਉਸ ਨਾਲ ਕੀਤਾ ਜਾਵੇ; ਉਸ ਨੇ ਪਿਆਲੇ ਵਿਚ ਜਿੰਨਾ ਦਾਖਰਸ ਪਾਇਆ ਹੈ, ਉਸ ਤੋਂ ਦੁਗਣਾ ਉਸ ਲਈ ਪਾਓ। 7 ਉਸ ਨੇ ਆਪਣੀ ਜਿੰਨੀ ਮਹਿਮਾ ਕੀਤੀ ਅਤੇ ਆਪਣੀ ਜ਼ਿੰਦਗੀ ਵਿਚ ਜਿੰਨੀ ਅਯਾਸ਼ੀ ਕੀਤੀ, ਉਸ ਨੂੰ ਉੱਨਾ ਹੀ ਕਸ਼ਟ ਅਤੇ ਦੁੱਖ ਦਿਓ। ਉਹ ਆਪਣੇ ਦਿਲ ਵਿਚ ਕਹਿੰਦੀ ਹੈ, ‘ਮੈਂ ਤਾਂ ਰਾਣੀ ਬਣ ਕੇ ਰਾਜ ਕਰਦੀ ਹਾਂ ਅਤੇ ਮੈਂ ਵਿਧਵਾ ਨਹੀਂ ਹਾਂ ਅਤੇ ਮੈਨੂੰ ਕਦੇ ਸੋਗ ਨਹੀਂ ਮਨਾਉਣਾ ਪਵੇਗਾ।’ 8 ਇਸੇ ਕਰਕੇ ਇੱਕੋ ਦਿਨ ਉਸ ਉੱਤੇ ਆਫ਼ਤਾਂ ਆ ਜਾਣਗੀਆਂ, ਮੌਤ, ਸੋਗ ਅਤੇ ਕਾਲ਼। ਉਸ ਨੂੰ ਅੱਗ ਨਾਲ ਸਾੜ ਕੇ ਸੁਆਹ ਕਰ ਦਿੱਤਾ ਜਾਵੇਗਾ ਕਿਉਂਕਿ ਉਸ ਦਾ ਨਿਆਂ ਕਰਨ ਵਾਲਾ ਪਰਮੇਸ਼ੁਰ ਯਹੋਵਾਹ ਤਾਕਤਵਰ ਹੈ।
9 “ਅਤੇ ਉਸ ਨਾਲ ਹਰਾਮਕਾਰੀ ਅਤੇ ਅਯਾਸ਼ੀ ਕਰਨ ਵਾਲੇ ਧਰਤੀ ਦੇ ਰਾਜੇ ਉਸ ਦੇ ਸੜਨ ਦਾ ਧੂੰਆਂ ਉੱਠਦਾ ਦੇਖ ਕੇ ਰੋਣਗੇ ਅਤੇ ਗਮ ਦੇ ਮਾਰੇ ਆਪਣੀ ਛਾਤੀ ਪਿੱਟਣਗੇ, 10 ਅਤੇ ਉਹ ਉਸ ਦੇ ਕਸ਼ਟ ਤੋਂ ਡਰ ਕੇ ਦੂਰ ਖੜ੍ਹੇ ਹੋਣਗੇ ਅਤੇ ਕਹਿਣਗੇ, ‘ਹਾਇ! ਹਾਇ! ਬਾਬਲ, ਤੂੰ ਵੱਡਾ ਤੇ ਮਜ਼ਬੂਤ ਸ਼ਹਿਰ ਸੀ, ਪਰ ਇੱਕੋ ਘੰਟੇ ਵਿਚ ਤੂੰ ਤਬਾਹ ਹੋ ਗਿਆ!’
11 “ਨਾਲੇ ਧਰਤੀ ਦੇ ਵਪਾਰੀ ਉਸ ਉੱਤੇ ਰੋਣਗੇ ਅਤੇ ਸੋਗ ਮਨਾਉਣਗੇ ਕਿਉਂਕਿ ਹੁਣ ਉਨ੍ਹਾਂ ਦੇ ਸਾਮਾਨ ਦੇ ਭੰਡਾਰਾਂ ਨੂੰ ਖ਼ਰੀਦਣ ਵਾਲਾ ਕੋਈ ਨਹੀਂ ਹੈ। 12 ਉਨ੍ਹਾਂ ਕੋਲ ਸੋਨੇ, ਚਾਂਦੀ, ਹੀਰੇ-ਜਵਾਹਰਾਂ ਤੇ ਮੋਤੀਆਂ ਦੇ ਭੰਡਾਰ, ਅਤੇ ਵਧੀਆ ਮਲਮਲ, ਬੈਂਗਣੀ,* ਰੇਸ਼ਮੀ ਤੇ ਗੂੜ੍ਹੇ ਲਾਲ ਰੰਗ ਦੇ ਕੱਪੜਿਆਂ ਦੇ ਭੰਡਾਰ, ਅਤੇ ਸੁਗੰਧਿਤ ਲੱਕੜ ਦੀਆਂ ਤੇ ਹਾਥੀ-ਦੰਦ ਦੀਆਂ ਬਣੀਆਂ ਹਰ ਤਰ੍ਹਾਂ ਦੀਆਂ ਚੀਜ਼ਾਂ ਦੇ, ਅਤੇ ਬੇਸ਼ਕੀਮਤੀ ਲੱਕੜ, ਤਾਂਬੇ, ਲੋਹੇ ਅਤੇ ਸੰਗਮਰਮਰ ਦੀਆਂ ਬਣੀਆਂ ਹਰ ਤਰ੍ਹਾਂ ਦੀਆਂ ਚੀਜ਼ਾਂ ਦੇ ਭੰਡਾਰ; 13 ਨਾਲੇ ਦਾਲਚੀਨੀ, ਇਲਾਇਚੀ, ਲੋਬਾਨ, ਅਤਰ, ਖ਼ੁਸ਼ਬੂਦਾਰ ਧੂਪ, ਦਾਖਰਸ, ਜ਼ੈਤੂਨ ਦੇ ਤੇਲ, ਮੈਦੇ ਅਤੇ ਕਣਕ ਦੇ ਭੰਡਾਰ ਲੱਗੇ ਹੋਏ ਹਨ ਅਤੇ ਉਨ੍ਹਾਂ ਕੋਲ ਪਸ਼ੂ, ਭੇਡਾਂ, ਘੋੜੇ, ਰਥ, ਗ਼ੁਲਾਮ ਤੇ ਹੋਰ ਲੋਕ ਹਨ। 14 ਹਾਂ, ਜਿਹੜੀਆਂ ਵੀ ਮਨਪਸੰਦ ਚੀਜ਼ਾਂ ਤੇਰੇ ਕੋਲ ਸਨ, ਉਹ ਸਭ ਤੇਰੇ ਤੋਂ ਦੂਰ ਹੋ ਚੁੱਕੀਆਂ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਅਤੇ ਸ਼ਾਨਦਾਰ ਚੀਜ਼ਾਂ ਗਾਇਬ ਹੋ ਗਈਆਂ ਹਨ ਅਤੇ ਇਹ ਚੀਜ਼ਾਂ ਦੁਬਾਰਾ ਕਦੇ ਤੇਰੇ ਵਿਚ ਨਹੀਂ ਪਾਈਆਂ ਜਾਣਗੀਆਂ।
15 “ਇਨ੍ਹਾਂ ਚੀਜ਼ਾਂ ਦੇ ਵਪਾਰੀ, ਜਿਹੜੇ ਉਸ ਤੀਵੀਂ ਕਰਕੇ ਅਮੀਰ ਹੋਏ ਸਨ, ਉਸ ਦੇ ਕਸ਼ਟ ਤੋਂ ਡਰ ਕੇ ਦੂਰ ਖੜ੍ਹੇ ਹੋਣਗੇ ਅਤੇ ਰੋਣ-ਪਿੱਟਣਗੇ 16 ਅਤੇ ਕਹਿਣਗੇ, ‘ਤੂੰ ਵਧੀਆ ਮਲਮਲ, ਬੈਂਗਣੀ ਤੇ ਗੂੜ੍ਹੇ ਲਾਲ ਰੰਗ ਦੇ ਕੱਪੜਿਆਂ ਨਾਲ ਅਤੇ ਸੋਨੇ ਦੇ ਗਹਿਣਿਆਂ ਤੇ ਹੀਰੇ-ਜਵਾਹਰਾਂ ਤੇ ਮੋਤੀਆਂ ਨਾਲ ਸ਼ਿੰਗਾਰੀ ਹੋਈ ਸੀ। ਹਾਇ! ਹਾਇ! ਵੱਡੇ ਸ਼ਹਿਰ, 17 ਕਿਉਂਕਿ ਇੱਕੋ ਘੰਟੇ ਵਿਚ ਤੇਰੀ ਸਾਰੀ ਧਨ-ਦੌਲਤ ਤਬਾਹ ਹੋ ਗਈ!’
“ਅਤੇ ਸਾਰੇ ਸਮੁੰਦਰੀ ਜਹਾਜ਼ਾਂ ਦੇ ਕਪਤਾਨ, ਸਮੁੰਦਰੀ ਜਹਾਜ਼ਾਂ ਵਿਚ ਸਫ਼ਰ ਕਰਨ ਵਾਲੇ, ਮਲਾਹ ਅਤੇ ਸਮੁੰਦਰੀ ਵਪਾਰ ਰਾਹੀਂ ਰੋਜ਼ੀ-ਰੋਟੀ ਕਮਾਉਣ ਵਾਲੇ ਦੂਰ ਖੜ੍ਹੇ ਹੋ ਗਏ 18 ਅਤੇ ਉਨ੍ਹਾਂ ਨੇ ਉਸ ਦੇ ਸੜਨ ਦਾ ਧੂੰਆਂ ਉੱਠਦਾ ਦੇਖ ਕੇ ਉੱਚੀ ਆਵਾਜ਼ ਵਿਚ ਕਿਹਾ, ‘ਇਸ ਵੱਡੇ ਸ਼ਹਿਰ ਵਰਗਾ ਹੋਰ ਕਿਹੜਾ ਸ਼ਹਿਰ ਹੈ?’ 19 ਅਤੇ ਉਨ੍ਹਾਂ ਨੇ ਆਪਣੇ ਸਿਰਾਂ ʼਤੇ ਮਿੱਟੀ ਪਾਈ ਅਤੇ ਰੋਏ-ਪਿੱਟੇ ਅਤੇ ਉੱਚੀ ਆਵਾਜ਼ ਵਿਚ ਕਿਹਾ, ‘ਹਾਇ! ਹਾਇ! ਇਸ ਵੱਡੇ ਸ਼ਹਿਰ ʼਤੇ, ਇਸ ਦੀ ਧਨ-ਦੌਲਤ ਕਰਕੇ ਸਾਰੇ ਸਮੁੰਦਰੀ ਜਹਾਜ਼ਾਂ ਦੇ ਮਾਲਕ ਅਮੀਰ ਹੋਏ ਸਨ, ਪਰ ਇੱਕੋ ਘੰਟੇ ਵਿਚ ਇਸ ਨੂੰ ਤਬਾਹ ਕਰ ਦਿੱਤਾ ਗਿਆ!’
20 “ਸਵਰਗ ਵਿਚ ਰਹਿਣ ਵਾਲਿਓ, ਨਾਲੇ ਪਵਿੱਤਰ ਸੇਵਕੋ, ਰਸੂਲੋ ਤੇ ਨਬੀਓ, ਇਸ ਦੀ ਤਬਾਹੀ ʼਤੇ ਖ਼ੁਸ਼ੀਆਂ ਮਨਾਓ ਕਿਉਂਕਿ ਪਰਮੇਸ਼ੁਰ ਨੇ ਇਸ ਨੂੰ ਸਜ਼ਾ ਦੇ ਕੇ ਤੁਹਾਡਾ ਬਦਲਾ ਲਿਆ ਹੈ!”
21 ਅਤੇ ਇਕ ਤਾਕਤਵਰ ਦੂਤ ਨੇ ਚੱਕੀ ਦੇ ਵੱਡੇ ਪੁੜ ਵਰਗਾ ਇਕ ਪੱਥਰ ਲੈ ਕੇ ਸਮੁੰਦਰ ਵਿਚ ਸੁੱਟਿਆ ਅਤੇ ਕਿਹਾ: “ਮਹਾਂ ਬਾਬਲ ਨੂੰ ਇੰਨੀ ਹੀ ਤੇਜ਼ੀ ਨਾਲ ਢਾਹਿਆ ਜਾਵੇਗਾ ਅਤੇ ਇਸ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। 22 ਅਤੇ ਰਬਾਬ ਵਜਾ ਕੇ ਨਾਲ-ਨਾਲ ਗਾਉਣ ਵਾਲੇ ਗਾਇਕਾਂ ਦੀ ਆਵਾਜ਼, ਸੰਗੀਤਕਾਰਾਂ ਦੀ ਆਵਾਜ਼, ਬੰਸਰੀਆਂ ਵਜਾਉਣ ਵਾਲਿਆਂ ਦੀ ਆਵਾਜ਼ ਅਤੇ ਤੁਰ੍ਹੀਆਂ ਵਜਾਉਣ ਵਾਲਿਆਂ ਦੀ ਆਵਾਜ਼ ਦੁਬਾਰਾ ਕਦੇ ਤੇਰੇ ਵਿਚ ਸੁਣਾਈ ਨਹੀਂ ਦੇਵੇਗੀ। ਅਤੇ ਕਿਸੇ ਵੀ ਕੰਮ ਦਾ ਕਾਰੀਗਰ ਤੇਰੇ ਵਿਚ ਦੁਬਾਰਾ ਨਹੀਂ ਹੋਵੇਗਾ ਅਤੇ ਚੱਕੀ ਦੀ ਆਵਾਜ਼ ਤੇਰੇ ਵਿਚ ਦੁਬਾਰਾ ਕਦੇ ਨਹੀਂ ਸੁਣਾਈ ਦੇਵੇਗੀ। 23 ਅਤੇ ਤੇਰੇ ਵਿਚ ਦੁਬਾਰਾ ਕਦੇ ਵੀ ਦੀਵਾ ਨਹੀਂ ਬਲ਼ੇਗਾ ਅਤੇ ਤੇਰੇ ਵਿਚ ਲਾੜੇ ਤੇ ਲਾੜੀ ਦੀ ਆਵਾਜ਼ ਦੁਬਾਰਾ ਕਦੇ ਸੁਣਾਈ ਨਹੀਂ ਦੇਵੇਗੀ। ਤੇਰੇ ਵਪਾਰੀ ਧਰਤੀ ਦੇ ਮੰਨੇ-ਪ੍ਰਮੰਨੇ ਲੋਕ ਸਨ ਅਤੇ ਤੂੰ ਆਪਣੀਆਂ ਜਾਦੂਗਰੀਆਂ ਨਾਲ ਸਾਰੀਆਂ ਕੌਮਾਂ ਨੂੰ ਗੁਮਰਾਹ ਕੀਤਾ ਸੀ। 24 ਇਸ ਸ਼ਹਿਰ ਵਿਚ ਨਬੀਆਂ ਤੇ ਪਵਿੱਤਰ ਸੇਵਕਾਂ ਅਤੇ ਉਨ੍ਹਾਂ ਸਾਰਿਆਂ ਦਾ ਲਹੂ ਪਾਇਆ ਗਿਆ ਜਿਨ੍ਹਾਂ ਨੂੰ ਧਰਤੀ ਉੱਤੇ ਬੇਰਹਿਮੀ ਨਾਲ ਜਾਨੋਂ ਮਾਰਿਆ ਗਿਆ ਸੀ।”
19 ਇਨ੍ਹਾਂ ਗੱਲਾਂ ਤੋਂ ਬਾਅਦ ਮੈਂ ਸਵਰਗ ਵਿਚ ਇਕ ਉੱਚੀ ਆਵਾਜ਼ ਸੁਣੀ ਜਿਵੇਂ ਵੱਡੀ ਸਾਰੀ ਭੀੜ ਦੀ ਹੁੰਦੀ ਹੈ, ਜਿਸ ਨੇ ਕਿਹਾ: “ਯਾਹ ਦੀ ਜੈ-ਜੈਕਾਰ ਕਰੋ!* ਸਾਡੇ ਮੁਕਤੀਦਾਤੇ ਪਰਮੇਸ਼ੁਰ ਦੀ ਮਹਿਮਾ ਹੋਵੇ ਅਤੇ ਤਾਕਤ ਉਸੇ ਦੀ ਰਹੇ, 2 ਕਿਉਂਕਿ ਉਸ ਦੇ ਨਿਆਂ ਸਹੀ ਅਤੇ ਧਰਮੀ ਹਨ। ਕਿਉਂਕਿ ਉਸ ਨੇ ਉਸ ਵੱਡੀ ਕੰਜਰੀ ਨੂੰ ਸਜ਼ਾ ਦਿੱਤੀ ਹੈ ਜਿਸ ਨੇ ਆਪਣੀ ਹਰਾਮਕਾਰੀ* ਨਾਲ ਦੁਨੀਆਂ ਵਿਚ ਗੰਦ ਪਾਇਆ ਹੋਇਆ ਸੀ ਅਤੇ ਪਰਮੇਸ਼ੁਰ ਨੇ ਕੰਜਰੀ ਤੋਂ ਆਪਣੇ ਦਾਸਾਂ ਦੇ ਖ਼ੂਨ ਦਾ ਬਦਲਾ ਲਿਆ ਹੈ।” 3 ਅਤੇ ਉਸੇ ਵੇਲੇ ਦੂਸਰੀ ਵਾਰ ਉਨ੍ਹਾਂ ਨੇ ਕਿਹਾ: “ਯਾਹ ਦੀ ਜੈ-ਜੈਕਾਰ ਕਰੋ! ਅਤੇ ਯੁਗਾਂ-ਯੁਗਾਂ ਤਕ ਉਸ ਸ਼ਹਿਰ ਤੋਂ ਧੂੰਆਂ ਉੱਠਦਾ ਰਹੇਗਾ।”
4 ਅਤੇ ਚੌਵੀ ਬਜ਼ੁਰਗ ਅਤੇ ਚਾਰੇ ਕਰੂਬੀ ਗੋਡਿਆਂ ਭਾਰ ਬੈਠ ਗਏ ਅਤੇ ਉਨ੍ਹਾਂ ਨੇ ਸਿੰਘਾਸਣ ʼਤੇ ਬੈਠੇ ਪਰਮੇਸ਼ੁਰ ਨੂੰ ਮੱਥਾ ਟੇਕ ਕੇ ਕਿਹਾ: “ਆਮੀਨ! ਯਾਹ ਦੀ ਜੈ-ਜੈਕਾਰ ਕਰੋ!”
5 ਨਾਲੇ ਸਿੰਘਾਸਣ ਤੋਂ ਇਹ ਆਵਾਜ਼ ਆਈ: “ਤੁਸੀਂ ਸਾਰੇ, ਛੋਟੇ ਤੇ ਵੱਡੇ, ਜਿਹੜੇ ਸਾਡੇ ਪਰਮੇਸ਼ੁਰ ਦੇ ਦਾਸ ਹੋ ਅਤੇ ਉਸ ਤੋਂ ਡਰਦੇ ਹੋ, ਉਸ ਦੀ ਮਹਿਮਾ ਕਰੋ।”
6 ਅਤੇ ਮੈਂ ਇਕ ਆਵਾਜ਼ ਸੁਣੀ ਜਿਵੇਂ ਵੱਡੀ ਭੀੜ ਦੀ ਤੇ ਤੇਜ਼ ਵਗਦੇ ਪਾਣੀ ਦੀ ਹੁੰਦੀ ਹੈ ਅਤੇ ਜ਼ੋਰਦਾਰ ਗਰਜਾਂ ਦੀ ਹੁੰਦੀ ਹੈ। ਉਨ੍ਹਾਂ ਨੇ ਕਿਹਾ: “ਯਾਹ ਦੀ ਜੈ-ਜੈਕਾਰ ਕਰੋ ਕਿਉਂਕਿ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਨੇ ਰਾਜੇ ਵਜੋਂ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ। 7 ਆਓ ਆਪਾਂ ਖ਼ੁਸ਼ੀਆਂ ਮਨਾਈਏ ਅਤੇ ਖੀਵੇ ਹੋਈਏ ਅਤੇ ਉਸ ਦੀ ਮਹਿਮਾ ਕਰੀਏ ਕਿਉਂਕਿ ਲੇਲੇ ਦਾ ਵਿਆਹ ਆ ਗਿਆ ਹੈ ਅਤੇ ਉਸ ਦੀ ਲਾੜੀ ਨੇ ਸ਼ਿੰਗਾਰ ਕਰ ਲਿਆ ਹੈ। 8 ਲਾੜੀ ਨੂੰ ਚਮਕਦੇ ਤੇ ਸਾਫ਼ ਮਲਮਲ ਦੇ ਕੱਪੜੇ ਪਾਉਣ ਦਾ ਮਾਣ ਬਖ਼ਸ਼ਿਆ ਗਿਆ ਹੈ। ਵਧੀਆ ਮਲਮਲ ਪਵਿੱਤਰ ਸੇਵਕਾਂ ਦੇ ਸਹੀ ਕੰਮਾਂ ਨੂੰ ਦਰਸਾਉਂਦੀ ਹੈ।”
9 ਅਤੇ ਦੂਤ ਨੇ ਮੈਨੂੰ ਕਿਹਾ: “ਲਿਖ, ਖ਼ੁਸ਼ ਹਨ ਉਹ ਜਿਨ੍ਹਾਂ ਨੂੰ ਲੇਲੇ ਦੇ ਵਿਆਹ ਦੀ ਦਾਅਵਤ ਦਾ ਸੱਦਾ ਮਿਲਿਆ ਹੈ।” ਫਿਰ ਉਸ ਨੇ ਮੈਨੂੰ ਕਿਹਾ: “ਇਹ ਪਰਮੇਸ਼ੁਰ ਦੀਆਂ ਸੱਚੀਆਂ ਗੱਲਾਂ ਹਨ।” 10 ਇਹ ਸੁਣ ਕੇ ਮੈਂ ਉਸ ਦੀ ਭਗਤੀ ਕਰਨ ਲਈ ਉਸ ਦੇ ਪੈਰਾਂ ਵਿਚ ਡਿਗ ਪਿਆ। ਪਰ ਉਸ ਨੇ ਮੈਨੂੰ ਕਿਹਾ: “ਇੱਦਾਂ ਨਾ ਕਰ! ਪਰਮੇਸ਼ੁਰ ਦੀ ਭਗਤੀ ਕਰ। ਮੈਂ ਵੀ ਤੇਰੇ ਵਾਂਗ ਅਤੇ ਤੇਰੇ ਭਰਾਵਾਂ ਵਾਂਗ ਇਕ ਦਾਸ ਹੀ ਹਾਂ ਜਿਨ੍ਹਾਂ ਕੋਲ ਯਿਸੂ ਦੀ ਗਵਾਹੀ ਦੇਣ ਦਾ ਕੰਮ ਹੈ। ਕਿਉਂਕਿ ਭਵਿੱਖਬਾਣੀਆਂ ਦਾ ਮਕਸਦ ਯਿਸੂ ਬਾਰੇ ਗਵਾਹੀ ਦੇਣੀ ਹੈ।”
11 ਅਤੇ ਮੈਂ ਆਕਾਸ਼ ਨੂੰ ਖੁੱਲ੍ਹਾ ਹੋਇਆ ਦੇਖਿਆ ਅਤੇ ਇਕ ਚਿੱਟਾ ਘੋੜਾ ਵੀ ਦੇਖਿਆ। ਉਸ ਦੇ ਸਵਾਰ ਦਾ ਨਾਂ ਹੈ “ਵਫ਼ਾਦਾਰ ਤੇ ਸੱਚਾ” ਅਤੇ ਉਹ ਧਾਰਮਿਕਤਾ ਨਾਲ ਨਿਆਂ ਅਤੇ ਯੁੱਧ ਕਰਦਾ ਹੈ। 12 ਉਸ ਦੀਆਂ ਅੱਖਾਂ ਅੱਗ ਦੀਆਂ ਲਾਟਾਂ ਸਨ ਅਤੇ ਉਸ ਦੇ ਸਿਰ ਉੱਤੇ ਬਹੁਤ ਸਾਰੇ ਤਾਜ ਸਨ। ਉਸ ਉੱਤੇ ਇਕ ਨਾਂ ਲਿਖਿਆ ਹੋਇਆ ਸੀ ਜਿਸ ਨੂੰ ਉਸ ਤੋਂ ਸਿਵਾਇ ਹੋਰ ਕੋਈ ਨਹੀਂ ਜਾਣਦਾ, 13 ਅਤੇ ਉਸ ਦੇ ਕੱਪੜਿਆਂ ਉੱਤੇ ਖ਼ੂਨ ਦੇ ਛਿੱਟੇ ਪਏ ਸਨ ਅਤੇ ਉਸ ਦਾ ਨਾਂ ਹੈ “ਪਰਮੇਸ਼ੁਰ ਦਾ ਸ਼ਬਦ।”* 14 ਨਾਲੇ ਸਵਰਗ ਦੀਆਂ ਫ਼ੌਜਾਂ ਚਿੱਟੇ ਘੋੜਿਆਂ ਉੱਤੇ ਉਸ ਦੇ ਪਿੱਛੇ-ਪਿੱਛੇ ਆ ਰਹੀਆਂ ਸਨ ਅਤੇ ਸਾਰੇ ਫ਼ੌਜੀਆਂ ਨੇ ਮਲਮਲ ਦੇ ਚਿੱਟੇ ਤੇ ਸਾਫ਼ ਕੱਪੜੇ ਪਾਏ ਹੋਏ ਸਨ। 15 ਅਤੇ ਉਸ ਦੇ ਮੂੰਹ ਵਿੱਚੋਂ ਇਕ ਤਿੱਖੀ ਤੇ ਲੰਬੀ ਤਲਵਾਰ ਨਿਕਲੀ ਜਿਸ ਨਾਲ ਉਹ ਕੌਮਾਂ ਨੂੰ ਮਾਰੇਗਾ ਅਤੇ ਉਹ ਲੋਹੇ ਦੇ ਡੰਡੇ ਨਾਲ ਉਨ੍ਹਾਂ ਉੱਤੇ ਅਧਿਕਾਰ ਚਲਾਵੇਗਾ। ਇਸ ਤੋਂ ਇਲਾਵਾ, ਉਹ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਕ੍ਰੋਧ ਦੇ ਚੁਬੱਚੇ ਵਿਚ ਅੰਗੂਰਾਂ ਨੂੰ ਮਿੱਧੇਗਾ। 16 ਉਸ ਦੇ ਕੱਪੜਿਆਂ ਉੱਤੇ, ਹਾਂ ਉਸ ਦੇ ਪੱਟ ਉੱਤੇ ਇਹ ਨਾਂ ਲਿਖਿਆ ਹੋਇਆ ਹੈ “ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ।”
17 ਨਾਲੇ ਮੈਂ ਇਕ ਦੂਤ ਨੂੰ ਸੂਰਜ ਦੇ ਮੋਹਰੇ ਖੜ੍ਹਾ ਦੇਖਿਆ ਅਤੇ ਉਸ ਨੇ ਆਕਾਸ਼ ਵਿਚ ਉੱਡਦੇ ਸਾਰੇ ਪੰਛੀਆਂ ਨੂੰ ਉੱਚੀ ਆਵਾਜ਼ ਵਿਚ ਕਿਹਾ: “ਆਓ, ਪਰਮੇਸ਼ੁਰ ਵੱਲੋਂ ਦਿੱਤੀ ਜਾ ਰਹੀ ਵੱਡੀ ਦਾਅਵਤ ਵਿਚ ਆਓ, 18 ਤੁਸੀਂ ਰਾਜਿਆਂ ਦਾ, ਫ਼ੌਜ ਦੇ ਕਮਾਂਡਰਾਂ ਦਾ, ਤਾਕਤਵਰ ਲੋਕਾਂ ਦਾ, ਘੋੜਿਆਂ ਦਾ, ਉਨ੍ਹਾਂ ਦੇ ਸਵਾਰਾਂ ਦਾ, ਆਜ਼ਾਦ ਲੋਕਾਂ ਦਾ, ਗ਼ੁਲਾਮਾਂ ਦਾ, ਛੋਟੇ ਲੋਕਾਂ ਦਾ, ਵੱਡੇ ਲੋਕਾਂ ਦਾ, ਹਾਂ ਸਾਰੇ ਲੋਕਾਂ ਦਾ ਮਾਸ ਖਾਓ।”
19 ਅਤੇ ਮੈਂ ਦੇਖਿਆ ਕਿ ਵਹਿਸ਼ੀ ਦਰਿੰਦਾ ਅਤੇ ਧਰਤੀ ਦੇ ਰਾਜੇ ਆਪਣੀਆਂ ਫ਼ੌਜਾਂ ਨਾਲ ਇਕੱਠੇ ਹੋ ਕੇ ਉਸ ਘੋੜਸਵਾਰ ਨਾਲ ਅਤੇ ਉਸ ਦੀ ਫ਼ੌਜ ਨਾਲ ਯੁੱਧ ਕਰਨ ਲਈ ਆਏ। 20 ਵਹਿਸ਼ੀ ਦਰਿੰਦੇ ਨੂੰ ਅਤੇ ਉਸ ਝੂਠੇ ਨਬੀ ਨੂੰ ਫੜ ਲਿਆ ਗਿਆ ਜਿਸ ਨੇ ਵਹਿਸ਼ੀ ਦਰਿੰਦੇ ਸਾਮ੍ਹਣੇ ਨਿਸ਼ਾਨੀਆਂ ਦਿਖਾ ਕੇ ਉਨ੍ਹਾਂ ਲੋਕਾਂ ਨੂੰ ਗੁਮਰਾਹ ਕੀਤਾ ਸੀ ਜਿਨ੍ਹਾਂ ਨੇ ਵਹਿਸ਼ੀ ਦਰਿੰਦੇ ਦਾ ਨਿਸ਼ਾਨ ਲਗਵਾਇਆ ਸੀ ਅਤੇ ਉਸ ਦੀ ਮੂਰਤੀ ਦੀ ਪੂਜਾ ਕੀਤੀ ਸੀ। ਉਨ੍ਹਾਂ ਦੋਵਾਂ ਨੂੰ ਜੀਉਂਦੇ-ਜੀ ਗੰਧਕ* ਨਾਲ ਬਲ਼ਦੀ ਅੱਗ ਦੀ ਝੀਲ ਵਿਚ ਸੁੱਟ ਦਿੱਤਾ ਗਿਆ। 21 ਪਰ ਬਾਕੀ ਸਾਰੇ ਉਸ ਲੰਬੀ ਤਲਵਾਰ ਨਾਲ ਮਾਰੇ ਗਏ ਜਿਹੜੀ ਘੋੜਸਵਾਰ ਦੇ ਮੂੰਹੋਂ ਨਿਕਲੀ ਸੀ। ਅਤੇ ਸਾਰੇ ਪੰਛੀ ਉਨ੍ਹਾਂ ਦਾ ਮਾਸ ਖਾ ਕੇ ਰੱਜ ਗਏ।
20 ਅਤੇ ਮੈਂ ਇਕ ਦੂਤ ਨੂੰ ਸਵਰਗੋਂ ਉੱਤਰਦੇ ਦੇਖਿਆ ਅਤੇ ਉਸ ਦੇ ਹੱਥ ਵਿਚ ਅਥਾਹ ਕੁੰਡ ਦੀ ਚਾਬੀ ਅਤੇ ਇਕ ਵੱਡਾ ਸਾਰਾ ਸੰਗਲ ਸੀ। 2 ਉਸ ਨੇ ਉਸ ਅਜਗਰ ਨੂੰ, ਹਾਂ ਉਸ ਪੁਰਾਣੇ ਸੱਪ ਨੂੰ ਯਾਨੀ ਤੁਹਮਤਾਂ ਲਾਉਣ ਵਾਲੇ ਸ਼ੈਤਾਨ ਨੂੰ ਫੜ ਕੇ 1,000 ਸਾਲ ਲਈ ਬੰਨ੍ਹ ਦਿੱਤਾ। 3 ਅਤੇ ਉਸ ਨੇ ਅਜਗਰ ਨੂੰ ਅਥਾਹ ਕੁੰਡ ਵਿਚ ਸੁੱਟ ਦਿੱਤਾ ਅਤੇ ਇਸ ਦੇ ਦਰਵਾਜ਼ੇ ਨੂੰ ਬੰਦ ਕਰ ਕੇ ਮੁਹਰ ਲਾ ਦਿੱਤੀ ਤਾਂਕਿ ਉਹ 1,000 ਸਾਲ ਪੂਰੇ ਹੋਣ ਤਕ ਕੌਮਾਂ ਨੂੰ ਗੁਮਰਾਹ ਨਾ ਕਰੇ। ਇਸ ਤੋਂ ਬਾਅਦ ਉਸ ਨੂੰ ਥੋੜ੍ਹੇ ਸਮੇਂ ਲਈ ਛੱਡਿਆ ਜਾਵੇਗਾ।
4 ਅਤੇ ਮੈਂ ਸਿੰਘਾਸਣ ਦੇਖੇ ਅਤੇ ਜਿਹੜੇ ਉਨ੍ਹਾਂ ਉੱਤੇ ਬੈਠੇ ਹੋਏ ਸਨ, ਉਨ੍ਹਾਂ ਨੂੰ ਨਿਆਂ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਜੀ ਹਾਂ, ਮੈਂ ਉਨ੍ਹਾਂ ਨੂੰ ਦੇਖਿਆ ਜਿਹੜੇ ਯਿਸੂ ਮਸੀਹ ਬਾਰੇ ਗਵਾਹੀ ਦੇਣ ਕਰਕੇ ਅਤੇ ਪਰਮੇਸ਼ੁਰ ਦਾ ਪ੍ਰਚਾਰ ਕਰਨ ਕਰਕੇ ਵੱਢੇ ਗਏ ਸਨ। ਉਨ੍ਹਾਂ ਨੇ ਵਹਿਸ਼ੀ ਦਰਿੰਦੇ ਜਾਂ ਉਸ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਅਤੇ ਨਾ ਹੀ ਆਪਣੇ ਮੱਥੇ ਉੱਤੇ ਅਤੇ ਆਪਣੇ ਹੱਥ ਉੱਤੇ ਉਸ ਦਾ ਨਿਸ਼ਾਨ ਲਗਵਾਇਆ ਸੀ। ਉਹ ਜੀਉਂਦੇ ਹੋ ਗਏ ਅਤੇ ਉਨ੍ਹਾਂ ਨੇ ਮਸੀਹ ਦੇ ਨਾਲ ਰਾਜਿਆਂ ਵਜੋਂ 1,000 ਸਾਲ ਰਾਜ ਕੀਤਾ। 5 (ਬਾਕੀ ਮਰੇ ਹੋਏ ਲੋਕ 1,000 ਸਾਲ ਪੂਰਾ ਹੋਣ ਤਕ ਜੀਉਂਦੇ ਨਹੀਂ ਹੋਏ।) ਇਹ ਉਹ ਲੋਕ ਹਨ ਜਿਨ੍ਹਾਂ ਨੂੰ ਪਹਿਲਾਂ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਜਾਂਦਾ ਹੈ। 6 ਖ਼ੁਸ਼ ਅਤੇ ਪਵਿੱਤਰ ਹਨ ਉਹ ਜਿਨ੍ਹਾਂ ਨੂੰ ਪਹਿਲਾਂ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਜਾਂਦਾ ਹੈ; ਉਨ੍ਹਾਂ ਉੱਤੇ ਦੂਸਰੀ ਮੌਤ* ਦਾ ਕੋਈ ਅਧਿਕਾਰ ਨਹੀਂ ਹੈ, ਪਰ ਉਹ ਪੁਜਾਰੀ ਬਣ ਕੇ ਪਰਮੇਸ਼ੁਰ ਅਤੇ ਮਸੀਹ ਦੀ ਸੇਵਾ ਕਰਨਗੇ ਅਤੇ ਮਸੀਹ ਦੇ ਨਾਲ ਰਾਜਿਆਂ ਵਜੋਂ 1,000 ਸਾਲ ਰਾਜ ਕਰਨਗੇ।
7 ਜਿਉਂ ਹੀ 1,000 ਸਾਲ ਪੂਰੇ ਹੋਣਗੇ, ਸ਼ੈਤਾਨ ਨੂੰ ਕੈਦ ਵਿੱਚੋਂ ਰਿਹਾ ਕੀਤਾ ਜਾਵੇਗਾ 8 ਅਤੇ ਉਹ ਧਰਤੀ ਦੇ ਚਾਰੇ ਕੋਨਿਆਂ ਵਿਚ ਜਾ ਕੇ ਗੋਗ ਅਤੇ ਮਾਗੋਗ ਯਾਨੀ ਕੌਮਾਂ ਨੂੰ ਗੁਮਰਾਹ ਕਰੇਗਾ ਅਤੇ ਉਨ੍ਹਾਂ ਨੂੰ ਯੁੱਧ ਲਈ ਇਕੱਠਾ ਕਰੇਗਾ। ਗੁਮਰਾਹ ਹੋਣ ਵਾਲਿਆਂ ਦੀ ਗਿਣਤੀ ਸਮੁੰਦਰ ਦੇ ਕੰਢੇ ਦੀ ਰੇਤ ਜਿੰਨੀ ਹੋਵੇਗੀ। 9 ਉਹ ਪੂਰੀ ਧਰਤੀ ਉੱਤੇ ਫੈਲ ਜਾਣਗੇ ਅਤੇ ਪਵਿੱਤਰ ਸੇਵਕਾਂ ਦੇ ਡੇਰੇ ਨੂੰ ਅਤੇ ਪਰਮੇਸ਼ੁਰ ਦੇ ਪਿਆਰੇ ਸ਼ਹਿਰ ਨੂੰ ਘੇਰ ਲੈਣਗੇ। ਪਰ ਆਕਾਸ਼ੋਂ ਅੱਗ ਵਰ ਕੇ ਉਨ੍ਹਾਂ ਨੂੰ ਭਸਮ ਕਰ ਦੇਵੇਗੀ। 10 ਅਤੇ ਸ਼ੈਤਾਨ ਨੂੰ ਜਿਸ ਨੇ ਉਨ੍ਹਾਂ ਨੂੰ ਗੁਮਰਾਹ ਕੀਤਾ ਸੀ, ਗੰਧਕ* ਨਾਲ ਬਲ਼ਦੀ ਅੱਗ ਦੀ ਝੀਲ ਵਿਚ ਸੁੱਟ ਦਿੱਤਾ ਜਾਵੇਗਾ, ਜਿੱਥੇ ਪਹਿਲਾਂ ਹੀ ਵਹਿਸ਼ੀ ਦਰਿੰਦਾ ਅਤੇ ਝੂਠਾ ਨਬੀ ਹਨ; ਉੱਥੇ ਉਨ੍ਹਾਂ ਨੂੰ ਹਮੇਸ਼ਾ-ਹਮੇਸ਼ਾ ਲਈ ਦਿਨ-ਰਾਤ ਤੜਫਾਇਆ ਜਾਵੇਗਾ।
11 ਅਤੇ ਮੈਂ ਇਕ ਵੱਡਾ ਅਤੇ ਚਿੱਟਾ ਸਿੰਘਾਸਣ ਦੇਖਿਆ ਅਤੇ ਪਰਮੇਸ਼ੁਰ ਨੂੰ ਵੀ ਦੇਖਿਆ ਜਿਹੜਾ ਸਿੰਘਾਸਣ ਉੱਤੇ ਬੈਠਾ ਹੋਇਆ ਸੀ। ਧਰਤੀ ਅਤੇ ਆਕਾਸ਼ ਉਸ ਦੇ ਸਾਮ੍ਹਣਿਓਂ ਨੱਠ ਗਏ ਅਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਗਿਆ। 12 ਅਤੇ ਮੈਂ ਉਨ੍ਹਾਂ ਸਾਰੇ ਛੋਟੇ ਤੇ ਵੱਡੇ ਲੋਕਾਂ ਨੂੰ ਸਿੰਘਾਸਣ ਦੇ ਸਾਮ੍ਹਣੇ ਖੜ੍ਹੇ ਦੇਖਿਆ ਜਿਹੜੇ ਮਰ ਚੁੱਕੇ ਸਨ। ਅਤੇ ਕਿਤਾਬਾਂ* ਖੋਲ੍ਹੀਆਂ ਗਈਆਂ ਅਤੇ ਇਕ ਹੋਰ ਕਿਤਾਬ ਖੋਲ੍ਹੀ ਗਈ; ਇਹ ਜੀਵਨ ਦੀ ਕਿਤਾਬ ਸੀ। ਅਤੇ ਇਨ੍ਹਾਂ ਕਿਤਾਬਾਂ ਵਿਚ ਜੋ ਵੀ ਲਿਖਿਆ ਗਿਆ ਹੈ, ਉਸ ਦੇ ਆਧਾਰ ʼਤੇ ਉਨ੍ਹਾਂ ਮਰੇ ਹੋਏ ਲੋਕਾਂ ਦੇ ਕੰਮਾਂ ਦਾ ਨਿਆਂ ਕੀਤਾ ਗਿਆ। 13 ਅਤੇ ਸਮੁੰਦਰ ਨੇ ਉਹ ਸਾਰੇ ਮਰੇ ਹੋਏ ਲੋਕ ਮੋੜ ਦਿੱਤੇ ਜਿਹੜੇ ਉਸ ਵਿਚ ਸਨ, ਅਤੇ “ਮੌਤ” ਤੇ “ਕਬਰ”* ਨੇ ਵੀ ਉਹ ਸਾਰੇ ਮਰੇ ਹੋਏ ਲੋਕ ਮੋੜ ਦਿੱਤੇ ਜਿਹੜੇ ਉਨ੍ਹਾਂ ਵਿਚ ਸਨ ਅਤੇ ਹਰੇਕ ਦਾ ਨਿਆਂ ਉਸ ਦੇ ਕੰਮਾਂ ਅਨੁਸਾਰ ਕੀਤਾ ਗਿਆ। 14 ਅਤੇ “ਮੌਤ” ਤੇ “ਕਬਰ” ਨੂੰ ਅੱਗ ਦੀ ਝੀਲ ਵਿਚ ਸੁੱਟ ਦਿੱਤਾ ਗਿਆ। ਅੱਗ ਦੀ ਝੀਲ ਦਾ ਮਤਲਬ ਹੈ ਦੂਸਰੀ ਮੌਤ। 15 ਇਸ ਤੋਂ ਇਲਾਵਾ, ਜਿਸ ਕਿਸੇ ਦਾ ਨਾਂ ਜੀਵਨ ਦੀ ਕਿਤਾਬ ਵਿਚ ਨਹੀਂ ਮਿਲਿਆ, ਉਸ ਨੂੰ ਅੱਗ ਦੀ ਝੀਲ ਵਿਚ ਸੁੱਟ ਦਿੱਤਾ ਗਿਆ।
21 ਅਤੇ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਦੇਖੀ; ਕਿਉਂਕਿ ਪੁਰਾਣਾ ਆਕਾਸ਼ ਅਤੇ ਪੁਰਾਣੀ ਧਰਤੀ ਖ਼ਤਮ ਹੋ ਚੁੱਕੇ ਸਨ ਅਤੇ ਸਮੁੰਦਰ ਵੀ ਨਾ ਰਿਹਾ। 2 ਮੈਂ ਪਵਿੱਤਰ ਸ਼ਹਿਰ ਨਵੇਂ ਯਰੂਸ਼ਲਮ ਨੂੰ ਆਕਾਸ਼ੋਂ ਪਰਮੇਸ਼ੁਰ ਕੋਲੋਂ ਉੱਤਰਦੇ ਦੇਖਿਆ ਅਤੇ ਇਸ ਨੂੰ ਲਾੜੀ ਵਾਂਗ ਸਜਾਇਆ ਗਿਆ ਸੀ ਜਿਹੜੀ ਲਾੜੇ ਲਈ ਸ਼ਿੰਗਾਰੀ ਹੁੰਦੀ ਹੈ। 3 ਅਤੇ ਮੈਂ ਸਿੰਘਾਸਣ ਤੋਂ ਇਕ ਉੱਚੀ ਆਵਾਜ਼ ਨੂੰ ਇਹ ਕਹਿੰਦੇ ਹੋਏ ਸੁਣਿਆ: “ਦੇਖ! ਪਰਮੇਸ਼ੁਰ ਦਾ ਬਸੇਰਾ ਇਨਸਾਨਾਂ ਦੇ ਵਿਚ ਹੋਵੇਗਾ ਅਤੇ ਉਹ ਉਨ੍ਹਾਂ ਦੇ ਨਾਲ ਰਹੇਗਾ ਅਤੇ ਉਹ ਉਸ ਦੇ ਲੋਕ ਹੋਣਗੇ। ਅਤੇ ਪਰਮੇਸ਼ੁਰ ਆਪ ਉਨ੍ਹਾਂ ਦੇ ਨਾਲ ਹੋਵੇਗਾ। 4 ਅਤੇ ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”
5 ਅਤੇ ਪਰਮੇਸ਼ੁਰ ਨੇ, ਜਿਹੜਾ ਸਿੰਘਾਸਣ ਉੱਤੇ ਬੈਠਾ ਹੋਇਆ ਸੀ, ਕਿਹਾ: “ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।” ਉਸ ਨੇ ਇਹ ਵੀ ਕਿਹਾ: “ਲਿਖ, ਕਿਉਂਕਿ ਇਹ ਗੱਲਾਂ ਭਰੋਸੇ ਦੇ ਲਾਇਕ ਅਤੇ ਸੱਚੀਆਂ ਹਨ।” 6 ਅਤੇ ਉਸ ਨੇ ਮੈਨੂੰ ਕਿਹਾ: “ਇਹ ਗੱਲਾਂ ਪੂਰੀਆਂ ਹੋ ਗਈਆਂ ਹਨ! ਮੈਂ ‘ਐਲਫਾ ਅਤੇ ਓਮੇਗਾ’* ਹਾਂ, ਮੈਂ ਹੀ ਸ਼ੁਰੂਆਤ ਅਤੇ ਅੰਤ ਹਾਂ। ਜਿਹੜਾ ਵੀ ਪਿਆਸਾ ਹੈ, ਮੈਂ ਉਸ ਨੂੰ ਅੰਮ੍ਰਿਤ ਜਲ* ਦੇ ਚਸ਼ਮੇ ਦਾ ਪਾਣੀ ਮੁਫ਼ਤ ਪਿਲਾਵਾਂਗਾ। 7 ਜੋ ਵੀ ਜਿੱਤਦਾ ਹੈ, ਉਸ ਨੂੰ ਇਹ ਸਾਰੀਆਂ ਚੀਜ਼ਾਂ ਮਿਲਣਗੀਆਂ ਅਤੇ ਮੈਂ ਉਸ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। 8 ਪਰ ਡਰਪੋਕਾਂ ਦਾ, ਅਵਿਸ਼ਵਾਸੀਆਂ ਦਾ, ਗੰਦੇ ਤੇ ਨੀਚ ਕੰਮ ਕਰਨ ਵਾਲਿਆਂ ਦਾ, ਖ਼ੂਨੀਆਂ ਦਾ, ਹਰਾਮਕਾਰਾਂ ਦਾ, ਜਾਦੂ-ਟੂਣਾ ਕਰਨ ਵਾਲਿਆਂ ਦਾ, ਮੂਰਤੀ-ਪੂਜਕਾਂ ਦਾ ਅਤੇ ਸਾਰੇ ਝੂਠਿਆਂ ਦਾ ਹਿੱਸਾ ਗੰਧਕ* ਨਾਲ ਬਲ਼ਦੀ ਅੱਗ ਦੀ ਝੀਲ ਵਿਚ ਹੋਵੇਗਾ। ਇਸ ਦਾ ਮਤਲਬ ਹੈ ਦੂਸਰੀ ਮੌਤ।”*
9 ਅਤੇ ਜਿਨ੍ਹਾਂ ਦੂਤਾਂ ਕੋਲ ਆਖ਼ਰੀ ਸੱਤ ਬਿਪਤਾਵਾਂ ਨਾਲ ਭਰੇ ਹੋਏ ਸੱਤ ਕਟੋਰੇ ਸਨ, ਉਨ੍ਹਾਂ ਵਿੱਚੋਂ ਇਕ ਦੂਤ ਨੇ ਆ ਕੇ ਮੈਨੂੰ ਕਿਹਾ: “ਆ, ਮੈਂ ਤੈਨੂੰ ਲੇਲੇ ਦੀ ਲਾੜੀ ਦਿਖਾਵਾਂ।” 10 ਸੋ ਉਹ ਮੈਨੂੰ ਪਵਿੱਤਰ ਸ਼ਕਤੀ ਰਾਹੀਂ ਇਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸ ਨੇ ਮੈਨੂੰ ਪਵਿੱਤਰ ਸ਼ਹਿਰ ਯਰੂਸ਼ਲਮ ਦਿਖਾਇਆ ਜਿਹੜਾ ਆਕਾਸ਼ੋਂ ਪਰਮੇਸ਼ੁਰ ਕੋਲੋਂ ਉੱਤਰ ਰਿਹਾ ਸੀ 11 ਅਤੇ ਇਹ ਸ਼ਹਿਰ ਪਰਮੇਸ਼ੁਰ ਦੀ ਮਹਿਮਾ ਨਾਲ ਭਰਿਆ ਹੋਇਆ ਸੀ। ਇਹ ਸ਼ਹਿਰ ਬਲੌਰ ਵਾਂਗ ਲਿਸ਼ਕਦੇ ਬੇਸ਼ਕੀਮਤੀ ਪੱਥਰ ਯਸ਼ਬ ਵਾਂਗ ਚਮਕ ਰਿਹਾ ਸੀ। 12 ਇਸ ਦੀ ਵੱਡੀ ਅਤੇ ਉੱਚੀ ਕੰਧ ਸੀ ਅਤੇ ਇਸ ਦੇ ਬਾਰਾਂ ਦਰਵਾਜ਼ੇ ਸਨ ਅਤੇ ਇਨ੍ਹਾਂ ਦਰਵਾਜ਼ਿਆਂ ਕੋਲ ਬਾਰਾਂ ਦੂਤ ਖੜ੍ਹੇ ਸਨ ਅਤੇ ਦਰਵਾਜ਼ਿਆਂ ਦੇ ਉੱਪਰ ਇਜ਼ਰਾਈਲੀਆਂ ਦੇ ਬਾਰਾਂ ਗੋਤਾਂ ਦੇ ਨਾਂ ਲਿਖੇ ਹੋਏ ਸਨ। 13 ਪੂਰਬ ਵੱਲ ਤਿੰਨ ਦਰਵਾਜ਼ੇ ਤੇ ਉੱਤਰ ਵੱਲ ਤਿੰਨ ਦਰਵਾਜ਼ੇ ਤੇ ਦੱਖਣ ਵੱਲ ਤਿੰਨ ਦਰਵਾਜ਼ੇ ਅਤੇ ਪੱਛਮ ਵੱਲ ਤਿੰਨ ਦਰਵਾਜ਼ੇ ਸਨ। 14 ਇਸ ਸ਼ਹਿਰ ਦੀ ਕੰਧ ਦੀ ਨੀਂਹ ਵਿਚ ਬਾਰਾਂ ਪੱਥਰ ਲੱਗੇ ਹੋਏ ਸਨ ਅਤੇ ਉਨ੍ਹਾਂ ਉੱਤੇ ਲੇਲੇ ਦੇ ਬਾਰਾਂ ਰਸੂਲਾਂ ਦੇ ਨਾਂ ਲਿਖੇ ਹੋਏ ਸਨ।
15 ਅਤੇ ਜਿਹੜਾ ਦੂਤ ਮੇਰੇ ਨਾਲ ਗੱਲ ਕਰ ਰਿਹਾ ਸੀ, ਉਸ ਨੇ ਸ਼ਹਿਰ ਅਤੇ ਇਸ ਦੇ ਦਰਵਾਜ਼ਿਆਂ ਨੂੰ ਅਤੇ ਇਸ ਦੀ ਕੰਧ ਨੂੰ ਮਿਣਨ ਵਾਸਤੇ ਸੋਨੇ ਦਾ ਇਕ ਕਾਨਾ ਫੜਿਆ ਹੋਇਆ ਸੀ। 16 ਇਸ ਸ਼ਹਿਰ ਦਾ ਆਕਾਰ ਚੌਰਸ ਸੀ ਅਤੇ ਇਸ ਦੀ ਲੰਬਾਈ ਅਤੇ ਚੌੜਾਈ ਬਰਾਬਰ ਸੀ। ਉਸ ਨੇ ਕਾਨੇ ਨਾਲ ਸ਼ਹਿਰ ਨੂੰ ਮਿਣਿਆ, ਮਿਣਤੀ ਲਗਭਗ 2,200 ਕਿਲੋਮੀਟਰ* ਸੀ; ਇਸ ਦੀ ਲੰਬਾਈ, ਚੌੜਾਈ ਤੇ ਉਚਾਈ ਬਰਾਬਰ ਸੀ। 17 ਉਸ ਨੇ ਇਨਸਾਨਾਂ ਤੇ ਦੂਤਾਂ ਦੀ ਮਿਣਤੀ ਅਨੁਸਾਰ ਇਸ ਦੀ ਕੰਧ ਨੂੰ ਵੀ ਮਿਣਿਆ ਅਤੇ ਕੰਧ ਦੀ ਮਿਣਤੀ 144 ਹੱਥ* ਸੀ। 18 ਇਸ ਦੀ ਕੰਧ ਯਸ਼ਬ ਦੀ ਬਣੀ ਹੋਈ ਸੀ ਅਤੇ ਸ਼ਹਿਰ ਸਾਫ਼ ਸ਼ੀਸ਼ੇ ਵਰਗੇ ਖਾਲਸ ਸੋਨੇ ਦਾ ਸੀ। 19 ਸ਼ਹਿਰ ਦੀ ਕੰਧ ਦੀਆਂ ਨੀਂਹਾਂ ਹਰ ਤਰ੍ਹਾਂ ਦੇ ਕੀਮਤੀ ਪੱਥਰਾਂ* ਦੀਆਂ ਸਨ: ਨੀਂਹ ਦਾ ਪਹਿਲਾ ਪੱਥਰ ਯਸ਼ਬ ਸੀ, ਦੂਸਰਾ ਨੀਲਮ, ਤੀਸਰਾ ਦੂਧੀਆ ਅਕੀਕ, ਚੌਥਾ ਪੰਨਾ, 20 ਪੰਜਵਾਂ ਸੁਲੇਮਾਨੀ, ਛੇਵਾਂ ਲਾਲ ਅਕੀਕ, ਸੱਤਵਾਂ ਸਬਜ਼ਾ, ਅੱਠਵਾਂ ਫ਼ਿਰੋਜ਼ਾ, ਨੌਵਾਂ ਪੁਖਰਾਜ, ਦਸਵਾਂ ਹਰਾ ਅਕੀਕ, ਗਿਆਰਵਾਂ ਜ਼ਰਕੂਨ, ਬਾਹਰਵਾਂ ਲਾਜਵਰਦ। 21 ਅਤੇ ਇਸ ਦੇ ਬਾਰਾਂ ਦਰਵਾਜ਼ੇ ਬਾਰਾਂ ਮੋਤੀ ਸਨ; ਹਰ ਦਰਵਾਜ਼ਾ ਇਕ ਮੋਤੀ ਦਾ ਬਣਿਆ ਹੋਇਆ ਸੀ। ਅਤੇ ਸ਼ਹਿਰ ਦੀ ਵੱਡੀ ਸੜਕ ਸਾਫ਼ ਸ਼ੀਸ਼ੇ ਵਰਗੇ ਖਾਲਸ ਸੋਨੇ ਦੀ ਬਣੀ ਹੋਈ ਸੀ।
22 ਅਤੇ ਮੈਂ ਸ਼ਹਿਰ ਵਿਚ ਕੋਈ ਮੰਦਰ ਨਹੀਂ ਦੇਖਿਆ ਕਿਉਂਕਿ ਸਰਬਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਅਤੇ ਲੇਲਾ ਇਸ ਦਾ ਮੰਦਰ ਹਨ। 23 ਸ਼ਹਿਰ ਨੂੰ ਨਾ ਸੂਰਜ ਦੀ ਤੇ ਨਾ ਹੀ ਚੰਦ ਦੀ ਰੌਸ਼ਨੀ ਦੀ ਲੋੜ ਹੈ ਕਿਉਂਕਿ ਇਹ ਸ਼ਹਿਰ ਪਰਮੇਸ਼ੁਰ ਦੀ ਮਹਿਮਾ ਦੇ ਚਾਨਣ ਨਾਲ ਭਰਿਆ ਹੋਇਆ ਹੈ ਅਤੇ ਲੇਲਾ ਇਸ ਦਾ ਚਿਰਾਗ ਹੈ। 24 ਅਤੇ ਕੌਮਾਂ ਇਸ ਸ਼ਹਿਰ ਦੇ ਚਾਨਣ ਵਿਚ ਚੱਲਣਗੀਆਂ ਅਤੇ ਧਰਤੀ ਦੇ ਰਾਜੇ ਆਪਣੀ ਮਹਿਮਾ ਇਸ ਵਿਚ ਲੈ ਕੇ ਆਉਣਗੇ। 25 ਅਤੇ ਇਸ ਦੇ ਦਰਵਾਜ਼ੇ ਸਾਰਾ ਦਿਨ ਬੰਦ ਨਹੀਂ ਕੀਤੇ ਜਾਣਗੇ ਕਿਉਂਕਿ ਇੱਥੇ ਕਦੇ ਰਾਤ ਨਹੀਂ ਹੋਵੇਗੀ। 26 ਅਤੇ ਉਹ ਰਾਜੇ ਸ਼ਹਿਰ ਵਿਚ ਕੌਮਾਂ ਦੀ ਮਹਿਮਾ ਅਤੇ ਆਦਰ ਲੈ ਕੇ ਆਉਣਗੇ। 27 ਪਰ ਜਿਹੜੀ ਵੀ ਚੀਜ਼ ਭ੍ਰਿਸ਼ਟ ਹੈ ਅਤੇ ਜਿਹੜਾ ਵੀ ਇਨਸਾਨ ਘਿਣਾਉਣੇ ਕੰਮ ਕਰਦਾ ਹੈ ਅਤੇ ਧੋਖੇਬਾਜ਼ ਹੈ, ਉਸ ਨੂੰ ਇਸ ਸ਼ਹਿਰ ਵਿਚ ਪੈਰ ਵੀ ਨਹੀਂ ਰੱਖਣ ਦਿੱਤਾ ਜਾਵੇਗਾ; ਸਿਰਫ਼ ਉਨ੍ਹਾਂ ਨੂੰ ਹੀ ਵੜਨ ਦਿੱਤਾ ਜਾਵੇਗਾ ਜਿਨ੍ਹਾਂ ਦੇ ਨਾਂ ਲੇਲੇ ਦੀ ਜੀਵਨ ਦੀ ਕਿਤਾਬ ਵਿਚ ਲਿਖੇ ਹੋਏ ਹਨ।
22 ਅਤੇ ਦੂਤ ਨੇ ਮੈਨੂੰ ਅੰਮ੍ਰਿਤ ਜਲ* ਦੀ ਸਾਫ਼ ਨਦੀ ਦਿਖਾਈ ਜਿਹੜੀ ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਣ ਤੋਂ ਵਗ ਰਹੀ ਸੀ 2 ਅਤੇ ਇਹ ਨਦੀ ਉਸ ਸ਼ਹਿਰ ਦੀ ਵੱਡੀ ਸੜਕ ਦੇ ਵਿਚਕਾਰ ਵਗ ਰਹੀ ਸੀ। ਇਸ ਨਦੀ ਦੇ ਦੋਹਾਂ ਪਾਸਿਆਂ ʼਤੇ ਜੀਵਨ ਦੇ ਦਰਖ਼ਤ ਲੱਗੇ ਹੋਏ ਸਨ। ਇਨ੍ਹਾਂ ਦਰਖ਼ਤਾਂ ਨੂੰ ਸਾਲ ਵਿਚ ਬਾਰਾਂ ਵਾਰ ਯਾਨੀ ਹਰ ਮਹੀਨੇ ਫਲ ਲੱਗਦਾ ਸੀ। ਅਤੇ ਇਨ੍ਹਾਂ ਦਰਖ਼ਤਾਂ ਦੇ ਪੱਤਿਆਂ ਨਾਲ ਕੌਮਾਂ ਦਾ ਇਲਾਜ ਹੁੰਦਾ ਸੀ।
3 ਅਤੇ ਪਰਮੇਸ਼ੁਰ ਫਿਰ ਕਦੇ ਵੀ ਸ਼ਹਿਰ ਨੂੰ ਸਰਾਪ ਨਹੀਂ ਦੇਵੇਗਾ, ਸਗੋਂ ਉਸ ਦਾ ਸਿੰਘਾਸਣ ਅਤੇ ਲੇਲੇ ਦਾ ਸਿੰਘਾਸਣ ਇਸ ਸ਼ਹਿਰ ਵਿਚ ਹੋਵੇਗਾ ਅਤੇ ਪਰਮੇਸ਼ੁਰ ਦੇ ਸੇਵਕ ਉਸ ਦੀ ਭਗਤੀ ਕਰਨਗੇ; 4 ਅਤੇ ਉਹ ਉਸ ਦਾ ਚਿਹਰਾ ਦੇਖਣਗੇ ਅਤੇ ਉਸ ਦਾ ਨਾਂ ਉਨ੍ਹਾਂ ਦੇ ਮੱਥਿਆਂ ਉੱਤੇ ਲਿਖਿਆ ਹੋਵੇਗਾ। 5 ਅਤੇ ਫਿਰ ਕਦੇ ਰਾਤ ਨਹੀਂ ਹੋਵੇਗੀ ਅਤੇ ਉਨ੍ਹਾਂ ਨੂੰ ਨਾ ਹੀ ਦੀਵੇ ਦੀ ਤੇ ਨਾ ਹੀ ਸੂਰਜ ਦੀ ਲੋੜ ਪਵੇਗੀ ਕਿਉਂਕਿ ਯਹੋਵਾਹ ਪਰਮੇਸ਼ੁਰ ਉਨ੍ਹਾਂ ਉੱਤੇ ਚਾਨਣ ਕਰੇਗਾ ਅਤੇ ਉਹ ਰਾਜਿਆਂ ਵਜੋਂ ਹਮੇਸ਼ਾ-ਹਮੇਸ਼ਾ ਰਾਜ ਕਰਨਗੇ।
6 ਅਤੇ ਦੂਤ ਨੇ ਮੈਨੂੰ ਕਿਹਾ: “ਇਹ ਗੱਲਾਂ ਭਰੋਸੇ ਦੇ ਲਾਇਕ ਅਤੇ ਸੱਚੀਆਂ ਹਨ; ਜੀ ਹਾਂ, ਯਹੋਵਾਹ ਪਰਮੇਸ਼ੁਰ ਨੇ, ਜਿਸ ਨੇ ਨਬੀਆਂ ਨੂੰ ਭਵਿੱਖਬਾਣੀਆਂ ਕਰਨ ਲਈ ਪ੍ਰੇਰਿਤ ਕੀਤਾ ਸੀ, ਆਪਣਾ ਦੂਤ ਘੱਲ ਕੇ ਆਪਣੇ ਸੇਵਕਾਂ ਨੂੰ ਉਹ ਸਭ ਕੁਝ ਦਿਖਾਇਆ ਹੈ ਜੋ ਬਹੁਤ ਛੇਤੀ ਹੋਣ ਵਾਲਾ ਹੈ। 7 ਅਤੇ ਦੇਖ! ਮੈਂ ਜਲਦੀ ਆ ਰਿਹਾ ਹਾਂ। ਖ਼ੁਸ਼ ਹੈ ਉਹ ਇਨਸਾਨ ਜਿਹੜਾ ਇਸ ਕਿਤਾਬ ਵਿਚ ਲਿਖੀ ਭਵਿੱਖਬਾਣੀ* ਦੀਆਂ ਗੱਲਾਂ ਦੀ ਪਾਲਣਾ ਕਰਦਾ ਹੈ।”
8 ਮੈਂ ਯੂਹੰਨਾ, ਇਹ ਸਾਰੀਆਂ ਗੱਲਾਂ ਸੁਣ ਅਤੇ ਦੇਖ ਰਿਹਾ ਸਾਂ। ਜਦੋਂ ਮੈਂ ਇਹ ਸਭ ਕੁਝ ਸੁਣ ਅਤੇ ਦੇਖ ਹਟਿਆ, ਤਾਂ ਜਿਸ ਦੂਤ ਨੇ ਮੈਨੂੰ ਇਹ ਸਾਰੀਆਂ ਗੱਲਾਂ ਦਿਖਾਈਆਂ ਸਨ, ਮੈਂ ਉਸ ਦੂਤ ਦੀ ਭਗਤੀ ਕਰਨ ਲਈ ਉਸ ਦੇ ਪੈਰਾਂ ਵਿਚ ਡਿਗ ਪਿਆ। 9 ਪਰ ਉਸ ਨੇ ਮੈਨੂੰ ਕਿਹਾ: “ਇੱਦਾਂ ਨਾ ਕਰ! ਮੈਂ ਵੀ ਤੇਰੇ ਵਾਂਗ ਅਤੇ ਤੇਰੇ ਭਰਾਵਾਂ ਵਾਂਗ, ਜਿਹੜੇ ਨਬੀ ਹਨ, ਅਤੇ ਉਨ੍ਹਾਂ ਲੋਕਾਂ ਵਾਂਗ ਇਕ ਦਾਸ ਹੀ ਹਾਂ ਜਿਹੜੇ ਇਸ ਕਿਤਾਬ ਵਿਚ ਲਿਖੀਆਂ ਗੱਲਾਂ ਦੀ ਪਾਲਣਾ ਕਰਦੇ ਹਨ। ਪਰਮੇਸ਼ੁਰ ਦੀ ਭਗਤੀ ਕਰ।”
10 ਦੂਤ ਨੇ ਮੈਨੂੰ ਇਹ ਵੀ ਦੱਸਿਆ: “ਇਸ ਕਿਤਾਬ ਵਿਚ ਲਿਖੀ ਭਵਿੱਖਬਾਣੀ ਦੀਆਂ ਗੱਲਾਂ ਨੂੰ ਗੁਪਤ ਨਾ ਰੱਖ ਕਿਉਂਕਿ ਮਿਥਿਆ ਹੋਇਆ ਸਮਾਂ ਨੇੜੇ ਆ ਗਿਆ ਹੈ। 11 ਜਿਹੜਾ ਇਨਸਾਨ ਬੁਰੇ ਕੰਮ ਕਰਦਾ ਹੈ, ਉਹ ਬੁਰੇ ਕੰਮ ਕਰਦਾ ਰਹੇ; ਅਤੇ ਜਿਸ ਇਨਸਾਨ ਦਾ ਚਾਲ-ਚਲਣ ਗੰਦਾ ਹੈ, ਉਹ ਗੰਦੇ ਕੰਮ ਕਰਦਾ ਰਹੇ; ਪਰ ਜਿਹੜਾ ਇਨਸਾਨ ਧਰਮੀ ਹੈ, ਉਹ ਧਰਮੀ ਕੰਮ ਕਰਦਾ ਰਹੇ ਅਤੇ ਜਿਹੜਾ ਇਨਸਾਨ ਪਵਿੱਤਰ ਹੈ, ਉਹ ਪਵਿੱਤਰ ਰਹੇ।
12 “‘ਦੇਖ! ਮੈਂ ਜਲਦੀ ਆ ਰਿਹਾ ਹਾਂ ਅਤੇ ਮੈਂ ਹਰੇਕ ਨੂੰ ਉਸ ਦੇ ਕੰਮਾਂ ਦਾ ਫਲ ਦਿਆਂਗਾ ਅਤੇ ਇਹ ਫਲ ਮੇਰੇ ਕੋਲ ਹੈ। 13 ਮੈਂ “ਐਲਫਾ ਅਤੇ ਓਮੇਗਾ”* ਹਾਂ, ਮੈਂ ਹੀ ਪਹਿਲਾ ਅਤੇ ਆਖ਼ਰੀ ਹਾਂ, ਮੈਂ ਹੀ ਸ਼ੁਰੂਆਤ ਅਤੇ ਅੰਤ ਹਾਂ। 14 ਖ਼ੁਸ਼ ਹਨ ਉਹ ਇਨਸਾਨ ਜਿਹੜੇ ਆਪਣੇ ਕੱਪੜੇ ਧੋਂਦੇ ਹਨ ਤਾਂਕਿ ਉਨ੍ਹਾਂ ਨੂੰ ਜੀਵਨ ਦੇ ਦਰਖ਼ਤਾਂ ਦਾ ਫਲ ਖਾਣ ਦਾ ਅਤੇ ਸ਼ਹਿਰ ਵਿਚ ਇਸ ਦੇ ਦਰਵਾਜ਼ਿਆਂ ਰਾਹੀਂ ਦਾਖ਼ਲ ਹੋਣ ਦਾ ਹੱਕ ਮਿਲੇ। 15 ਸ਼ਹਿਰੋਂ ਬਾਹਰ ਕੁੱਤੇ* ਅਤੇ ਜਾਦੂਗਰ, ਹਰਾਮਕਾਰ, ਖ਼ੂਨੀ, ਮੂਰਤੀ-ਪੂਜਕ ਤੇ ਉਹ ਲੋਕ ਹਨ ਜਿਨ੍ਹਾਂ ਨੂੰ ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਦੂਜਿਆਂ ਨੂੰ ਧੋਖਾ ਦੇਣਾ ਚੰਗਾ ਲੱਗਦਾ ਹੈ।’
16 “‘ਮੈਂ ਯਿਸੂ ਨੇ ਆਪਣਾ ਦੂਤ ਘੱਲ ਕੇ ਤੁਹਾਨੂੰ ਇਨ੍ਹਾਂ ਗੱਲਾਂ ਦੀ ਗਵਾਹੀ ਦਿੱਤੀ ਜਿਹੜੀਆਂ ਮੰਡਲੀਆਂ ਦੇ ਫ਼ਾਇਦੇ ਲਈ ਹਨ। ਮੈਂ ਦਾਊਦ ਦੀ ਜੜ੍ਹ ਅਤੇ ਉਸ ਦੀ ਸੰਤਾਨ ਹਾਂ ਅਤੇ ਮੈਂ ਚਮਕਦਾ ਹੋਇਆ ਸਵੇਰ ਦਾ ਤਾਰਾ ਹਾਂ।’”
17 ਅਤੇ ਪਵਿੱਤਰ ਸ਼ਕਤੀ ਅਤੇ ਲਾੜੀ ਲਗਾਤਾਰ ਕਹਿ ਰਹੀਆਂ ਹਨ: “ਆਓ!” ਜਿਹੜਾ ਸੁਣਦਾ ਹੈ, ਉਹ ਕਹੇ: “ਆਓ!” ਅਤੇ ਜਿਹੜਾ ਵੀ ਪਿਆਸਾ ਹੈ, ਉਹ ਆਵੇ; ਅਤੇ ਜਿਹੜਾ ਚਾਹੁੰਦਾ ਹੈ, ਉਹ ਆ ਕੇ ਅੰਮ੍ਰਿਤ ਜਲ ਮੁਫ਼ਤ ਪੀਵੇ।
18 “ਜਿਹੜਾ ਵੀ ਇਸ ਕਿਤਾਬ ਵਿਚ ਲਿਖੀ ਭਵਿੱਖਬਾਣੀ ਦੀਆਂ ਗੱਲਾਂ ਸੁਣਦਾ ਹੈ, ਮੈਂ ਉਸ ਨੂੰ ਗਵਾਹੀ ਦੇ ਰਿਹਾ ਹਾਂ: ਜੇ ਕੋਈ ਇਨਸਾਨ ਇਨ੍ਹਾਂ ਗੱਲਾਂ ਵਿਚ ਕੋਈ ਗੱਲ ਜੋੜਦਾ ਹੈ, ਤਾਂ ਪਰਮੇਸ਼ੁਰ ਇਸ ਕਿਤਾਬ ਵਿਚ ਲਿਖੀਆਂ ਸਾਰੀਆਂ ਬਿਪਤਾਵਾਂ ਉਸ ਉੱਤੇ ਲਿਆਵੇਗਾ; 19 ਅਤੇ ਜੇ ਕੋਈ ਇਨਸਾਨ ਇਸ ਭਵਿੱਖਬਾਣੀ ਦੀ ਕਿਤਾਬ ਵਿੱਚੋਂ ਕੋਈ ਗੱਲ ਕੱਢਦਾ ਹੈ, ਤਾਂ ਇਸ ਕਿਤਾਬ ਵਿਚ ਜੋ ਵੀ ਲਿਖਿਆ ਹੈ, ਉਸ ਵਿੱਚੋਂ ਪਰਮੇਸ਼ੁਰ ਉਸ ਦਾ ਹਿੱਸਾ ਲੈ ਲਵੇਗਾ ਯਾਨੀ ਉਸ ਨੂੰ ਜੀਵਨ ਦੇ ਦਰਖ਼ਤਾਂ ਦਾ ਫਲ ਖਾਣ ਨਹੀਂ ਦਿੱਤਾ ਜਾਵੇਗਾ ਅਤੇ ਉਸ ਨੂੰ ਪਵਿੱਤਰ ਸ਼ਹਿਰ ਵਿਚ ਨਹੀਂ ਵੜਨ ਦਿੱਤਾ ਜਾਵੇਗਾ।
20 “ਜਿਹੜਾ ਇਨ੍ਹਾਂ ਗੱਲਾਂ ਦੀ ਗਵਾਹੀ ਦਿੰਦਾ ਹੈ, ਉਹ ਕਹਿੰਦਾ ਹੈ, ‘ਹਾਂ; ਮੈਂ ਜਲਦੀ ਆ ਰਿਹਾ ਹਾਂ।’”
“ਆਮੀਨ! ਪ੍ਰਭੂ ਯਿਸੂ ਆ।”
21 ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਪਵਿੱਤਰ ਸੇਵਕਾਂ ਉੱਤੇ ਹੋਵੇ।
[ਫੁਟਨੋਟ]
ਭਵਿੱਖਬਾਣੀ ਕਰਨ ਦਾ ਮਤਲਬ ਹੈ ਭਵਿੱਖ ਬਾਰੇ ਦੱਸਣਾ, ਪਰਮੇਸ਼ੁਰ ਦਾ ਸੰਦੇਸ਼ ਸੁਣਾਉਣਾ ਜਾਂ ਪਰਮੇਸ਼ੁਰ ਦੀ ਇੱਛਾ ਬਾਰੇ ਦੱਸਣਾ।
ਰਸੂ 2:9, ਫੁਟਨੋਟ ਦੇਖੋ।
ਜਾਂ, “ਪਵਿੱਤਰ ਸ਼ਕਤੀ ਜੋ ਸੱਤ ਗੁਣਾ ਕੰਮ ਕਰਦੀ ਹੈ।”
ਯੂਨਾਨੀ ਵਿਚ, “ਐਲਫਾ ਅਤੇ ਓਮੇਗਾ।” “ਐਲਫਾ” ਯੂਨਾਨੀ ਵਰਣਮਾਲਾ ਦਾ ਪਹਿਲਾ ਅਤੇ “ਓਮੇਗਾ” ਆਖ਼ਰੀ ਅੱਖਰ ਹੈ। ਪ੍ਰਕਾ 21:6; 22:13 ਦੇਖੋ।
ਪੁਰਾਣੇ ਜ਼ਮਾਨੇ ਵਿਚ ਕਿਤਾਬਾਂ ਲੰਬੇ ਸਾਰੇ ਕਾਗਜ਼ ਦੇ ਰੂਪ ਵਿਚ ਹੁੰਦੀਆਂ ਸਨ ਅਤੇ ਇਹ ਕਾਗਜ਼ ਦੋਵੇਂ ਸਿਰਿਆਂ ਤੋਂ ਡੰਡਿਆਂ ਉੱਤੇ ਲਪੇਟਿਆ ਹੁੰਦਾ ਸੀ।
ਯੂਨਾਨੀ ਵਿਚ, “ਹੇਡੀਜ਼।” ਅਪੈਂਡਿਕਸ 8 ਦੇਖੋ।
ਜਾਂ, “ਸੰਦੇਸ਼ ਦੇਣ ਵਾਲੇ।”
ਯੂਨਾਨੀ ਵਿਚ, “ਪਾਰਾਡੀਸੋਸ।”
ਯੂਨਾਨੀ ਵਿਚ, “ਸਭਾ ਘਰ।”
ਯੂਨਾਨੀ ਵਿਚ, “ਮੁਕਟ।”
ਯਾਨੀ, ਹਮੇਸ਼ਾ ਦੀ ਮੌਤ।
ਯੂਨਾਨੀ ਵਿਚ, “ਫਿਰ ਵੀ ਤੂੰ ਮੇਰੇ ਨਾਂ ਨੂੰ ਘੁੱਟ ਕੇ ਫੜੀ ਰੱਖਦਾ ਹੈਂ।”
ਅਪੈਂਡਿਕਸ 4 ਦੇਖੋ।
ਯੂਨਾਨੀ ਵਿਚ, “ਗੁਰਦਿਆਂ ਅਤੇ ਦਿਲਾਂ।”
ਯੂਨਾਨੀ ਵਿਚ, “ਡੂੰਘੀਆਂ ਗੱਲਾਂ।”
ਪ੍ਰਕਾ 1:4, ਫੁਟਨੋਟ ਦੇਖੋ।
ਯੂਨਾਨੀ ਵਿਚ, “ਮੇਰੇ ਨਾਂ ਨਾਲ।”
ਯੂਨਾਨੀ ਵਿਚ, “ਸਭਾ ਘਰ।”
ਯੂਨਾਨੀ ਵਿਚ, “ਮੁਕਟ।”
ਅਪੈਂਡਿਕਸ 14, “ਕੀਮਤੀ ਪੱਥਰ” ਦੇਖੋ।
ਪ੍ਰਕਾ 1:4, ਫੁਟਨੋਟ ਦੇਖੋ।
ਕਿਸੇ ਕਾਗਜ਼ ਨੂੰ ਗੋਲ ਲਪੇਟ ਕੇ ਬੰਦ ਕਰਨ ਲਈ ਮੋਮ ਇਸਤੇਮਾਲ ਕੀਤਾ ਜਾਂਦਾ ਹੈ।
ਪ੍ਰਕਾ 1:4, ਫੁਟਨੋਟ ਦੇਖੋ।
ਮੱਤੀ 20:2, ਫੁਟਨੋਟ ਦੇਖੋ।
ਯੂਨਾਨੀ ਵਿਚ, “ਹੇਡੀਜ਼।” ਅਪੈਂਡਿਕਸ 8 ਦੇਖੋ।
ਜਾਂ, “ਪੂਰਬ ਵੱਲੋਂ।”
ਜਾਂ, “ਆਪਣਾ ਤੰਬੂ ਉਨ੍ਹਾਂ ਉੱਤੇ ਤਾਣੇਗਾ।”
ਜਾਂ, “ਜੀਵਨ ਦੇਣ ਵਾਲੇ ਪਾਣੀ।”
ਨਾਗਦੋਨਾ ਇਕ ਪੌਦੇ ਦਾ ਨਾਂ ਹੈ ਜਿਸ ਦਾ ਰਸ ਕੌੜਾ ਅਤੇ ਜ਼ਹਿਰੀਲਾ ਹੁੰਦਾ ਹੈ।
ਇਸ ਨਾਂ ਦਾ ਮਤਲਬ ਹੈ ਵਿਨਾਸ਼।
ਇਸ ਨਾਂ ਦਾ ਮਤਲਬ ਹੈ ਵਿਨਾਸ਼ ਕਰਨ ਵਾਲਾ।
ਵੇਦੀ ਦੇ ਕੋਨੇ ਜਾਨਵਰ ਦੇ ਸਿੰਗਾਂ ਵਰਗੇ ਸਨ।
ਇਹ ਬਹੁਤ ਹੀ ਬਲਣਸ਼ੀਲ ਪਾਊਡਰ ਹੁੰਦਾ ਹੈ ਜੋ ਬਲਣ ਵੇਲੇ ਤਿੱਖੀ ਬਦਬੂ ਪੈਦਾ ਕਰਦਾ ਹੈ।
ਯਾਨੀ, ਮੰਦਰ ਦਾ ਪਵਿੱਤਰ ਅਤੇ ਅੱਤ ਪਵਿੱਤਰ ਕਮਰਾ।
ਪ੍ਰਕਾ 1:3, ਫੁਟਨੋਟ ਦੇਖੋ।
ਯਾਨੀ, ਮੰਦਰ ਦਾ ਅੱਤ ਪਵਿੱਤਰ ਕਮਰਾ।
ਯਾਨੀ, 3 1/2 ਸਮੇਂ।
ਮੱਤੀ 13:35, ਫੁਟਨੋਟ ਦੇਖੋ।
ਯੂਨਾਨੀ ਵਿਚ, “ਕੁਆਰੇ।”
ਅਪੈਂਡਿਕਸ 14, “ਮਹਾਂ ਬਾਬਲ” ਦੇਖੋ।
ਅਪੈਂਡਿਕਸ 4 ਦੇਖੋ।
ਪ੍ਰਕਾ 9:17, ਫੁਟਨੋਟ ਦੇਖੋ।
ਯਾਨੀ, ਮੰਦਰ ਦਾ ਅੱਤ ਪਵਿੱਤਰ ਕਮਰਾ।
ਯਾਨੀ, ਮੰਦਰ ਦਾ ਅੱਤ ਪਵਿੱਤਰ ਕਮਰਾ।
ਯੂਨਾਨੀ ਵਿਚ, “1,600 ਸਟੇਡੀਅਮ।” ਇਕ ਸਟੇਡੀਅਮ ਲਗਭਗ 190 ਮੀਟਰ ਦਾ ਹੁੰਦਾ ਸੀ।
ਯਾਨੀ, ਤੰਬੂ ਦਾ ਅੱਤ ਪਵਿੱਤਰ ਕਮਰਾ।
ਯਾਨੀ, ਮੰਦਰ ਦਾ ਅੱਤ ਪਵਿੱਤਰ ਕਮਰਾ।
ਜਾਂ, “ਪੂਰਬ ਵੱਲੋਂ।”
ਇਬਰਾਨੀ ਵਿਚ ਇਸ ਦਾ ਮਤਲਬ ਹੈ ਮਗਿੱਦੋ ਪਹਾੜ।
ਯਾਨੀ, ਮੰਦਰ ਦਾ ਅੱਤ ਪਵਿੱਤਰ ਕਮਰਾ।
ਅਪੈਂਡਿਕਸ 4 ਦੇਖੋ।
ਮੱਤੀ 13:35, ਫੁਟਨੋਟ ਦੇਖੋ।
ਪ੍ਰਕਾ 1:11, ਫੁਟਨੋਟ ਦੇਖੋ।
ਯੂਨਾਨੀ ਵਿਚ, “ਇਕ ਘੰਟੇ।”
ਅਪੈਂਡਿਕਸ 4 ਦੇਖੋ।
ਇਸ ਰੰਗ ਦੇ ਕੱਪੜੇ ਅਮੀਰ, ਇੱਜ਼ਤਦਾਰ ਅਤੇ ਸ਼ਾਹੀ ਘਰਾਣੇ ਦੇ ਲੋਕ ਪਾਉਂਦੇ ਸਨ।
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਦਾ ਛੋਟਾ ਰੂਪ ਹੈ।
ਅਪੈਂਡਿਕਸ 4 ਦੇਖੋ।
ਯਹੋਵਾਹ ਦੇ ਬੁਲਾਰੇ ਦੇ ਤੌਰ ਤੇ ਯਿਸੂ ਦੇ ਅਹੁਦੇ ਨੂੰ ਦਰਸਾਉਣ ਲਈ ਉਸ ਨੂੰ “ਸ਼ਬਦ” ਦਾ ਖ਼ਿਤਾਬ ਦਿੱਤਾ ਗਿਆ ਹੈ।
ਪ੍ਰਕਾ 9:17, ਫੁਟਨੋਟ ਦੇਖੋ।
ਯਾਨੀ, ਹਮੇਸ਼ਾ ਦੀ ਮੌਤ।
ਪ੍ਰਕਾ 9:17, ਫੁਟਨੋਟ ਦੇਖੋ।
ਪ੍ਰਕਾ 1:11, ਫੁਟਨੋਟ ਦੇਖੋ।
ਯੂਨਾਨੀ ਵਿਚ, “ਹੇਡੀਜ਼।” ਅਪੈਂਡਿਕਸ 8 ਦੇਖੋ।
“ਐਲਫਾ” ਯੂਨਾਨੀ ਵਰਣਮਾਲਾ ਦਾ ਪਹਿਲਾ ਅਤੇ “ਓਮੇਗਾ” ਆਖ਼ਰੀ ਅੱਖਰ ਹੈ।
ਜਾਂ, “ਜੀਵਨ ਦੇਣ ਵਾਲੇ ਪਾਣੀ।”
ਪ੍ਰਕਾ 9:17, ਫੁਟਨੋਟ ਦੇਖੋ।
ਯਾਨੀ, ਹਮੇਸ਼ਾ ਦੀ ਮੌਤ।
ਯੂਨਾਨੀ ਵਿਚ, “12,000 ਸਟੇਡੀਅਮ।” ਇਕ ਸਟੇਡੀਅਮ ਲਗਭਗ 190 ਮੀਟਰ ਦਾ ਹੁੰਦਾ ਸੀ।
ਲਗਭਗ 64 ਮੀਟਰ (210 ਫੁੱਟ)।
ਅਪੈਂਡਿਕਸ 14, “ਕੀਮਤੀ ਪੱਥਰ” ਦੇਖੋ।
ਜਾਂ, “ਜੀਵਨ ਦੇਣ ਵਾਲੇ ਪਾਣੀ।”
ਪ੍ਰਕਾ 1:3, ਫੁਟਨੋਟ ਦੇਖੋ।
“ਐਲਫਾ” ਯੂਨਾਨੀ ਵਰਣਮਾਲਾ ਦਾ ਪਹਿਲਾ ਅਤੇ “ਓਮੇਗਾ” ਆਖ਼ਰੀ ਅੱਖਰ ਹੈ।
ਯਾਨੀ, ਉਹ ਲੋਕ ਜਿਨ੍ਹਾਂ ਦੇ ਕੰਮ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਘਿਣਾਉਣੇ ਹਨ।