ਜ਼ਕਰਯਾਹ
1 ਦਾਰਾ ਦੇ ਰਾਜ ਦੇ ਦੂਸਰੇ ਸਾਲ+ ਦੇ ਅੱਠਵੇਂ ਮਹੀਨੇ ਵਿਚ ਬਰਕਯਾਹ ਦੇ ਪੁੱਤਰ ਅਤੇ ਇੱਦੋ ਦੇ ਪੋਤੇ ਜ਼ਕਰਯਾਹ* ਨਬੀ ਨੂੰ ਯਹੋਵਾਹ ਦਾ ਇਹ ਸੰਦੇਸ਼ ਆਇਆ:+ 2 “ਯਹੋਵਾਹ ਦਾ ਗੁੱਸਾ ਤੁਹਾਡੇ ਪਿਉ-ਦਾਦਿਆਂ ਉੱਤੇ ਭੜਕਿਆ ਸੀ।+
3 “ਲੋਕਾਂ ਨੂੰ ਕਹਿ, ‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “‘ਮੇਰੇ ਕੋਲ ਮੁੜ ਆਓ,’ ਸੈਨਾਵਾਂ ਦਾ ਯਹੋਵਾਹ ਐਲਾਨ ਕਰਦਾ ਹੈ, ‘ਅਤੇ ਮੈਂ ਵੀ ਤੁਹਾਡੇ ਕੋਲ ਮੁੜ ਆਵਾਂਗਾ,’+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।”’
4 “‘ਆਪਣੇ ਪਿਉ-ਦਾਦਿਆਂ ਵਰਗੇ ਨਾ ਬਣੋ ਜਿਨ੍ਹਾਂ ਨੂੰ ਪਹਿਲੇ ਨਬੀਆਂ ਨੇ ਕਿਹਾ ਸੀ: “ਸੈਨਾਵਾਂ ਦਾ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ, ‘ਕਿਰਪਾ ਕਰ ਕੇ ਆਪਣੇ ਬੁਰੇ ਰਾਹਾਂ ਤੋਂ ਮੁੜੋ ਅਤੇ ਆਪਣੇ ਭੈੜੇ ਕੰਮ ਛੱਡੋ।’”’+
“‘ਪਰ ਉਨ੍ਹਾਂ ਨੇ ਨਹੀਂ ਸੁਣਿਆ ਅਤੇ ਮੇਰੇ ਵੱਲ ਕੋਈ ਧਿਆਨ ਨਾ ਦਿੱਤਾ,’+ ਯਹੋਵਾਹ ਕਹਿੰਦਾ ਹੈ।
5 “‘ਹੁਣ ਤੁਹਾਡੇ ਪਿਉ-ਦਾਦੇ ਕਿੱਥੇ ਹਨ? ਅਤੇ ਕੀ ਉਹ ਨਬੀ ਹਮੇਸ਼ਾ ਲਈ ਜੀਉਂਦੇ ਰਹੇ? 6 ਪਰ ਕੀ ਮੇਰੀਆਂ ਗੱਲਾਂ ਅਤੇ ਮੇਰੇ ਫ਼ਰਮਾਨ ਤੁਹਾਡੇ ਪਿਉ-ਦਾਦਿਆਂ ਨੇ ਪੂਰੇ ਹੁੰਦੇ ਨਹੀਂ ਦੇਖੇ ਜੋ ਮੈਂ ਆਪਣੇ ਸੇਵਕਾਂ, ਹਾਂ, ਆਪਣੇ ਨਬੀਆਂ ਨੂੰ ਸੁਣਾਉਣ ਦਾ ਹੁਕਮ ਦਿੱਤਾ ਸੀ?’+ ਫਿਰ ਉਹ ਮੇਰੇ ਕੋਲ ਮੁੜ ਆਏ ਅਤੇ ਉਨ੍ਹਾਂ ਨੇ ਕਿਹਾ: ‘ਸੈਨਾਵਾਂ ਦਾ ਯਹੋਵਾਹ ਨੇ ਸਾਡੇ ਰਾਹਾਂ ਅਤੇ ਸਾਡੇ ਕੰਮਾਂ ਅਨੁਸਾਰ ਸਾਡੇ ਨਾਲ ਉਹੀ ਕੀਤਾ ਜਿਸ ਤਰ੍ਹਾਂ ਉਸ ਨੇ ਕਰਨ ਦੀ ਠਾਣੀ ਸੀ।’”+
7 ਦਾਰਾ ਦੇ ਰਾਜ ਦੇ ਦੂਸਰੇ ਸਾਲ+ ਦੇ 11ਵੇਂ ਮਹੀਨੇ ਯਾਨੀ ਸ਼ਬਾਟ* ਮਹੀਨੇ ਦੀ 24 ਤਾਰੀਖ਼ ਨੂੰ ਬਰਕਯਾਹ ਦੇ ਪੁੱਤਰ ਅਤੇ ਇੱਦੋ ਦੇ ਪੋਤੇ ਜ਼ਕਰਯਾਹ ਨਬੀ ਨੂੰ ਯਹੋਵਾਹ ਦਾ ਇਹ ਸੰਦੇਸ਼ ਆਇਆ: 8 “ਮੈਂ ਰਾਤ ਨੂੰ ਇਕ ਦਰਸ਼ਣ ਦੇਖਿਆ। ਇਕ ਆਦਮੀ ਲਾਲ ਘੋੜੇ ʼਤੇ ਸਵਾਰ ਸੀ ਅਤੇ ਉਹ ਤੰਗ ਘਾਟੀ ਵਿਚ ਮਹਿੰਦੀ ਦੇ ਦਰਖ਼ਤਾਂ ਵਿਚਕਾਰ ਆ ਕੇ ਖੜ੍ਹਾ ਹੋ ਗਿਆ; ਉਸ ਦੇ ਪਿੱਛੇ ਲਾਲ, ਭੂਰੇ ਅਤੇ ਚਿੱਟੇ ਘੋੜੇ ਸਨ।”
9 ਫਿਰ ਮੈਂ ਪੁੱਛਿਆ: “ਹੇ ਮੇਰੇ ਪ੍ਰਭੂ, ਇਹ ਕੌਣ ਹਨ?”
ਮੇਰੇ ਨਾਲ ਗੱਲ ਕਰ ਰਹੇ ਦੂਤ ਨੇ ਜਵਾਬ ਦਿੱਤਾ: “ਮੈਂ ਤੈਨੂੰ ਦਿਖਾਵਾਂਗਾ ਕਿ ਇਹ ਕੌਣ ਹਨ।”
10 ਤਦ ਮਹਿੰਦੀ ਦੇ ਦਰਖ਼ਤਾਂ ਵਿਚਕਾਰ ਖੜ੍ਹੇ ਆਦਮੀ ਨੇ ਕਿਹਾ: “ਇਹ ਉਹ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਧਰਤੀ ਦਾ ਚੱਕਰ ਲਾਉਣ ਲਈ ਘੱਲਿਆ ਹੈ।” 11 ਉਨ੍ਹਾਂ ਨੇ ਮਹਿੰਦੀ ਦੇ ਦਰਖ਼ਤਾਂ ਵਿਚਕਾਰ ਖੜ੍ਹੇ ਯਹੋਵਾਹ ਦੇ ਦੂਤ ਨੂੰ ਕਿਹਾ: “ਅਸੀਂ ਧਰਤੀ ਦਾ ਚੱਕਰ ਲਾ ਕੇ ਆਏ ਹਾਂ ਅਤੇ ਦੇਖੋ! ਪੂਰੀ ਧਰਤੀ ʼਤੇ ਸ਼ਾਂਤੀ ਹੈ ਅਤੇ ਕੋਈ ਗੜਬੜ ਨਹੀਂ ਹੈ।”+
12 ਫਿਰ ਯਹੋਵਾਹ ਦੇ ਦੂਤ ਨੇ ਕਿਹਾ: “ਹੇ ਸੈਨਾਵਾਂ ਦੇ ਯਹੋਵਾਹ, ਯਰੂਸ਼ਲਮ ਅਤੇ ਯਹੂਦਾਹ ਦੇ ਸ਼ਹਿਰਾਂ ਉੱਤੇ ਇਨ੍ਹਾਂ 70 ਸਾਲਾਂ ਦੌਰਾਨ ਤੇਰਾ ਗੁੱਸਾ ਭੜਕਿਆ ਰਿਹਾ।+ ਤੂੰ ਹੋਰ ਕਦ ਤਕ ਇਨ੍ਹਾਂ ਉੱਤੇ ਰਹਿਮ ਨਹੀਂ ਕਰੇਂਗਾ?”+
13 ਯਹੋਵਾਹ ਨੇ ਮੇਰੇ ਨਾਲ ਗੱਲ ਕਰ ਰਹੇ ਦੂਤ ਨੂੰ ਪਿਆਰ ਅਤੇ ਦਿਲਾਸੇ ਭਰੇ ਸ਼ਬਦਾਂ ਵਿਚ ਜਵਾਬ ਦਿੱਤਾ। 14 ਤਦ ਮੇਰੇ ਨਾਲ ਗੱਲ ਕਰ ਰਹੇ ਦੂਤ ਨੇ ਮੈਨੂੰ ਕਿਹਾ: “ਐਲਾਨ ਕਰ, ‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਮੈਂ ਯਰੂਸ਼ਲਮ ਅਤੇ ਸੀਓਨ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਮੈਨੂੰ ਉਨ੍ਹਾਂ ਦੀ ਪਰਵਾਹ ਹੈ।+ 15 ਮੇਰਾ ਗੁੱਸਾ ਉਨ੍ਹਾਂ ਕੌਮਾਂ ʼਤੇ ਭੜਕਿਆ ਹੈ ਜੋ ਅਮਨ-ਚੈਨ ਨਾਲ ਵੱਸਦੀਆਂ ਹਨ+ ਕਿਉਂਕਿ ਮੈਂ ਆਪਣੇ ਲੋਕਾਂ ਨੂੰ ਥੋੜ੍ਹੀ ਜਿਹੀ ਸਜ਼ਾ ਦੇਣੀ ਚਾਹੁੰਦਾ ਸੀ,+ ਪਰ ਉਨ੍ਹਾਂ ਨੇ ਮੇਰੇ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।”’+
16 “ਇਸ ਲਈ ਯਹੋਵਾਹ ਇਹ ਕਹਿੰਦਾ ਹੈ: ‘“ਮੈਂ ਯਰੂਸ਼ਲਮ ʼਤੇ ਰਹਿਮ ਕਰਨ ਲਈ ਮੁੜਾਂਗਾ+ ਅਤੇ ਉੱਥੇ ਮੇਰਾ ਘਰ ਦੁਬਾਰਾ ਉਸਾਰਿਆ ਜਾਵੇਗਾ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਯਰੂਸ਼ਲਮ ਨੂੰ ਰੱਸੀ* ਨਾਲ ਨਾਪਿਆ ਜਾਵੇਗਾ।”’+
17 “ਇਕ ਵਾਰ ਹੋਰ ਐਲਾਨ ਕਰ ਅਤੇ ਕਹਿ, ‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਮੇਰੇ ਸ਼ਹਿਰਾਂ ਵਿਚ ਫਿਰ ਤੋਂ ਖ਼ੁਸ਼ਹਾਲੀ ਹੀ ਖ਼ੁਸ਼ਹਾਲੀ* ਹੋਵੇਗੀ; ਅਤੇ ਯਹੋਵਾਹ ਦੁਬਾਰਾ ਸੀਓਨ ਨੂੰ ਦਿਲਾਸਾ ਦੇਵੇਗਾ+ ਅਤੇ ਯਰੂਸ਼ਲਮ ਨੂੰ ਦੁਬਾਰਾ ਚੁਣੇਗਾ।”’”+
18 ਫਿਰ ਮੈਂ ਨਜ਼ਰਾਂ ਉਤਾਂਹ ਚੁੱਕੀਆਂ ਅਤੇ ਚਾਰ ਸਿੰਗ ਦੇਖੇ।+ 19 ਤਦ ਮੈਂ ਉਸ ਦੂਤ ਨੂੰ ਪੁੱਛਿਆ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ: “ਇਨ੍ਹਾਂ ਸਿੰਗਾਂ ਦਾ ਕੀ ਮਤਲਬ ਹੈ?” ਉਸ ਨੇ ਜਵਾਬ ਦਿੱਤਾ: “ਇਹ ਉਹ ਸਿੰਗ ਹਨ ਜਿਨ੍ਹਾਂ ਨੇ ਯਹੂਦਾਹ,+ ਇਜ਼ਰਾਈਲ+ ਅਤੇ ਯਰੂਸ਼ਲਮ ਨੂੰ ਖਿੰਡਾ ਦਿੱਤਾ।”+
20 ਫਿਰ ਯਹੋਵਾਹ ਨੇ ਮੈਨੂੰ ਚਾਰ ਕਾਰੀਗਰ ਦਿਖਾਏ। 21 ਮੈਂ ਪੁੱਛਿਆ: “ਇਹ ਕੀ ਕਰਨ ਆ ਰਹੇ ਹਨ?”
ਉਸ ਨੇ ਕਿਹਾ: “ਇਨ੍ਹਾਂ ਸਿੰਗਾਂ ਨੇ ਯਹੂਦਾਹ ਨੂੰ ਇਸ ਹੱਦ ਤਕ ਖਿੰਡਾ ਦਿੱਤਾ ਕਿ ਕੋਈ ਵੀ ਆਪਣਾ ਸਿਰ ਨਹੀਂ ਚੁੱਕ ਸਕਦਾ ਸੀ। ਇਹ ਕਾਰੀਗਰ ਉਨ੍ਹਾਂ ਵਿਚ ਦਹਿਸ਼ਤ ਫੈਲਾਉਣ ਲਈ ਆਉਣਗੇ ਅਤੇ ਕੌਮਾਂ ਦੇ ਇਨ੍ਹਾਂ ਸਿੰਗਾਂ ਨੂੰ ਤੋੜ ਦੇਣਗੇ ਜੋ ਕੌਮਾਂ ਨੇ ਯਹੂਦਾਹ ਦੇਸ਼ ਨੂੰ ਖਿੰਡਾਉਣ ਲਈ ਚੁੱਕੇ ਸਨ।”
2 ਮੈਂ ਨਜ਼ਰਾਂ ਉੱਪਰ ਚੁੱਕੀਆਂ ਅਤੇ ਇਕ ਆਦਮੀ ਦੇਖਿਆ ਜਿਸ ਦੇ ਹੱਥ ਵਿਚ ਮਿਣਤੀ ਕਰਨ ਲਈ ਰੱਸੀ* ਸੀ।+ 2 ਮੈਂ ਪੁੱਛਿਆ: “ਤੂੰ ਕਿੱਥੇ ਜਾ ਰਿਹਾ ਹੈਂ?”
ਉਸ ਨੇ ਜਵਾਬ ਦਿੱਤਾ: “ਯਰੂਸ਼ਲਮ ਦੀ ਮਿਣਤੀ ਕਰਨ ਲਈ ਕਿ ਉਸ ਦੀ ਚੁੜਾਈ ਤੇ ਲੰਬਾਈ ਕਿੰਨੀ ਹੈ।”+
3 ਅਤੇ ਦੇਖੋ! ਉਹ ਦੂਤ ਜਿਹੜਾ ਮੇਰੇ ਨਾਲ ਗੱਲ ਕਰ ਰਿਹਾ ਸੀ ਚਲਾ ਗਿਆ ਅਤੇ ਇਕ ਹੋਰ ਦੂਤ ਉਸ ਨੂੰ ਮਿਲਣ ਆਇਆ। 4 ਫਿਰ ਉਸ ਨੇ ਉਸ ਨੂੰ ਕਿਹਾ: “ਭੱਜ ਕੇ ਉਸ ਨੌਜਵਾਨ ਕੋਲ ਜਾਹ ਅਤੇ ਉਸ ਨੂੰ ਕਹਿ, ‘“ਯਰੂਸ਼ਲਮ ਬਿਨਾਂ ਕੰਧਾਂ ਵਾਲੇ ਸ਼ਹਿਰ ਵਾਂਗ ਵੱਸੇਗਾ+ ਕਿਉਂਕਿ ਇਸ ਵਿਚ ਲੋਕਾਂ ਅਤੇ ਪਸ਼ੂਆਂ ਦੀ ਗਿਣਤੀ ਵਧਦੀ ਜਾਵੇਗੀ।+ 5 ਮੈਂ ਉਸ ਦੇ ਆਲੇ-ਦੁਆਲੇ ਅੱਗ ਦੀ ਕੰਧ ਬਣਾਂਗਾ+ ਅਤੇ ਮੈਂ ਉਸ ਨੂੰ ਆਪਣੀ ਮਹਿਮਾ ਨਾਲ ਭਰ ਦੇਵਾਂਗਾ,” ਯਹੋਵਾਹ ਕਹਿੰਦਾ ਹੈ।’”+
6 “ਜਲਦੀ ਕਰੋ! ਜਲਦੀ ਕਰੋ! ਉੱਤਰ ਦੇਸ਼ ਤੋਂ ਭੱਜ ਜਾਓ,”+ ਯਹੋਵਾਹ ਕਹਿੰਦਾ ਹੈ।
“ਕਿਉਂਕਿ ਮੈਂ ਤੁਹਾਨੂੰ ਆਕਾਸ਼ ਦੀਆਂ ਚਾਰੇ ਦਿਸ਼ਾਵਾਂ ਵਿਚ* ਖਿੰਡਾ ਦਿੱਤਾ ਹੈ,”+ ਯਹੋਵਾਹ ਕਹਿੰਦਾ ਹੈ।
7 “ਹੇ ਸੀਓਨ ਨਿਕਲ ਆ! ਤੂੰ ਜੋ ਬਾਬਲ ਦੀ ਧੀ ਨਾਲ ਵੱਸਦੀ ਹੈਂ, ਆਪਣੇ ਬਚਾਅ ਲਈ ਭੱਜ।+ 8 ਮਹਿਮਾ ਪਾਉਣ ਤੋਂ ਬਾਅਦ ਪਰਮੇਸ਼ੁਰ ਨੇ ਮੈਨੂੰ ਉਨ੍ਹਾਂ ਕੌਮਾਂ ਕੋਲ ਘੱਲਿਆ ਹੈ ਜੋ ਤੁਹਾਨੂੰ ਲੁੱਟ ਰਹੀਆਂ ਸਨ।+ ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: ‘ਜੋ ਤੁਹਾਨੂੰ ਛੂੰਹਦਾ ਹੈ, ਉਹ ਮੇਰੀ ਅੱਖ ਦੀ ਪੁਤਲੀ ਨੂੰ ਛੂੰਹਦਾ ਹੈ।+ 9 ਹੁਣ ਮੈਂ ਆਪਣਾ ਹੱਥ ਉਨ੍ਹਾਂ ਖ਼ਿਲਾਫ਼ ਚੁੱਕਾਂਗਾ ਅਤੇ ਉਹ ਆਪਣੇ ਹੀ ਗ਼ੁਲਾਮਾਂ ਲਈ ਲੁੱਟ ਦਾ ਮਾਲ ਬਣ ਜਾਣਗੇ।’+ ਅਤੇ ਤੁਸੀਂ ਜ਼ਰੂਰ ਜਾਣ ਜਾਓਗੇ ਕਿ ਸੈਨਾਵਾਂ ਦੇ ਯਹੋਵਾਹ ਨੇ ਮੈਨੂੰ ਘੱਲਿਆ ਹੈ।
10 “ਹੇ ਸੀਓਨ ਦੀਏ ਧੀਏ, ਖ਼ੁਸ਼ੀ ਨਾਲ ਜੈ-ਜੈ ਕਾਰ ਕਰ+ ਕਿਉਂਕਿ ਮੈਂ ਆ ਰਿਹਾ ਹਾਂ+ ਅਤੇ ਮੈਂ ਤੇਰੇ ਵਿਚਕਾਰ ਵੱਸਾਂਗਾ,”+ ਯਹੋਵਾਹ ਕਹਿੰਦਾ ਹੈ। 11 “ਉਸ ਦਿਨ ਬਹੁਤ ਸਾਰੀਆਂ ਕੌਮਾਂ ਯਹੋਵਾਹ ਨਾਲ ਰਲ਼ ਜਾਣਗੀਆਂ+ ਅਤੇ ਉਹ ਮੇਰੇ ਲੋਕ ਬਣਨਗੇ ਤੇ ਮੈਂ ਤੇਰੇ ਵਿਚਕਾਰ ਵੱਸਾਂਗਾ।” ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਸੈਨਾਵਾਂ ਦੇ ਯਹੋਵਾਹ ਨੇ ਮੈਨੂੰ ਤੇਰੇ ਕੋਲ ਘੱਲਿਆ ਹੈ। 12 ਯਹੋਵਾਹ ਪਵਿੱਤਰ ਜ਼ਮੀਨ ਉੱਤੇ ਯਹੂਦਾਹ ਨੂੰ ਆਪਣਾ ਹਿੱਸਾ ਮੰਨ ਕੇ ਇਸ ਨੂੰ ਆਪਣੇ ਅਧੀਨ ਕਰ ਲਵੇਗਾ ਅਤੇ ਉਹ ਦੁਬਾਰਾ ਯਰੂਸ਼ਲਮ ਨੂੰ ਚੁਣ ਲਵੇਗਾ।+ 13 ਹੇ ਸਾਰੇ ਲੋਕੋ, ਯਹੋਵਾਹ ਅੱਗੇ ਚੁੱਪ ਰਹੋ ਕਿਉਂਕਿ ਉਹ ਆਪਣੇ ਪਵਿੱਤਰ ਨਿਵਾਸ-ਸਥਾਨ ਤੋਂ ਕਦਮ ਚੁੱਕ ਰਿਹਾ ਹੈ।
3 ਉਸ ਨੇ ਮੈਨੂੰ ਦਿਖਾਇਆ ਕਿ ਮਹਾਂ ਪੁਜਾਰੀ ਯਹੋਸ਼ੁਆ+ ਯਹੋਵਾਹ ਦੇ ਦੂਤ ਦੇ ਅੱਗੇ ਖੜ੍ਹਾ ਸੀ ਅਤੇ ਸ਼ੈਤਾਨ+ ਉਸ ਦਾ ਵਿਰੋਧ ਕਰਨ ਲਈ ਉਸ ਦੇ ਸੱਜੇ ਪਾਸੇ ਖੜ੍ਹਾ ਸੀ। 2 ਫਿਰ ਯਹੋਵਾਹ ਦੇ ਦੂਤ ਨੇ ਸ਼ੈਤਾਨ ਨੂੰ ਕਿਹਾ: “ਹੇ ਸ਼ੈਤਾਨ, ਯਹੋਵਾਹ ਤੈਨੂੰ ਝਿੜਕੇ,+ ਹਾਂ, ਯਹੋਵਾਹ ਜਿਸ ਨੇ ਯਰੂਸ਼ਲਮ ਨੂੰ ਚੁਣਿਆ ਹੈ,+ ਤੈਨੂੰ ਝਿੜਕੇ! ਕੀ ਇਹ ਆਦਮੀ ਉਹ ਬਲ਼ਦੀ ਲੱਕੜ ਨਹੀਂ ਜਿਸ ਨੂੰ ਅੱਗ ਵਿੱਚੋਂ ਕੱਢਿਆ ਗਿਆ ਹੈ?”
3 ਯਹੋਸ਼ੁਆ ਮੈਲ਼ੇ ਕੱਪੜੇ ਪਾਈ ਦੂਤ ਦੇ ਸਾਮ੍ਹਣੇ ਖੜ੍ਹਾ ਸੀ। 4 ਦੂਤ ਨੇ ਉਨ੍ਹਾਂ ਨੂੰ, ਜੋ ਉਸ ਦੇ ਸਾਮ੍ਹਣੇ ਖੜ੍ਹੇ ਸਨ, ਕਿਹਾ, “ਇਸ ਦੇ ਮੈਲ਼ੇ ਕੱਪੜੇ ਉਤਾਰੋ।” ਫਿਰ ਉਸ ਨੇ ਉਸ ਨੂੰ ਕਿਹਾ, “ਦੇਖ, ਮੈਂ ਤੇਰੇ ਗੁਨਾਹ* ਨੂੰ ਤੇਰੇ ਤੋਂ ਦੂਰ ਕਰ ਦਿੱਤਾ ਹੈ ਅਤੇ ਤੈਨੂੰ ਵਧੀਆ ਕੱਪੜੇ* ਪਹਿਨਾਏ ਜਾਣਗੇ।”+
5 ਮੈਂ ਕਿਹਾ: “ਇਸ ਦੇ ਸਿਰ ʼਤੇ ਸਾਫ਼ ਪਗੜੀ ਰੱਖੀ ਜਾਵੇ।”+ ਉਨ੍ਹਾਂ ਨੇ ਉਸ ਦੇ ਸਿਰ ਉੱਤੇ ਸਾਫ਼ ਪਗੜੀ ਰੱਖ ਦਿੱਤੀ ਤੇ ਉਸ ਨੂੰ ਵਧੀਆ ਕੱਪੜੇ ਪਹਿਨਾਏ; ਅਤੇ ਯਹੋਵਾਹ ਦਾ ਦੂਤ ਨੇੜੇ ਖੜ੍ਹਾ ਸੀ। 6 ਫਿਰ ਯਹੋਵਾਹ ਦੇ ਦੂਤ ਨੇ ਯਹੋਸ਼ੁਆ ਨੂੰ ਕਿਹਾ: 7 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਜੇ ਤੂੰ ਮੇਰੇ ਰਾਹਾਂ ʼਤੇ ਚੱਲੇਂਗਾ ਅਤੇ ਮੇਰੇ ਅੱਗੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਵੇਂਗਾ, ਤਾਂ ਤੂੰ ਮੇਰੇ ਘਰ ਦੇ ਨਿਆਂਕਾਰ ਵਜੋਂ ਸੇਵਾ ਕਰੇਂਗਾ+ ਅਤੇ ਮੇਰੇ ਵਿਹੜਿਆਂ ਦੀ ਦੇਖ-ਭਾਲ* ਕਰੇਂਗਾ; ਅਤੇ ਤੂੰ ਇਨ੍ਹਾਂ ਵਾਂਗ, ਜੋ ਮੇਰੀ ਹਜ਼ੂਰੀ ਵਿਚ ਖੜ੍ਹੇ ਹਨ, ਮੇਰੇ ਅੱਗੇ ਬੇਝਿਜਕ ਆ-ਜਾ ਸਕੇਂਗਾ।’
8 “‘ਹੇ ਮਹਾਂ ਪੁਜਾਰੀ ਯਹੋਸ਼ੁਆ, ਤੂੰ ਅਤੇ ਤੇਰੇ ਸਾਥੀ ਜੋ ਤੇਰੇ ਸਾਮ੍ਹਣੇ ਬੈਠਦੇ ਹਨ, ਕਿਰਪਾ ਕਰ ਕੇ ਸੁਣੋ। ਤੁਸੀਂ ਇਕ ਨਿਸ਼ਾਨੀ ਹੋ; ਦੇਖੋ! ਮੈਂ ਆਪਣੇ ਸੇਵਕ ਨੂੰ ਲਿਆ ਰਿਹਾ ਹਾਂ+ ਜੋ “ਟਾਹਣੀ” ਕਹਾਵੇਗਾ!+ 9 ਉਸ ਪੱਥਰ ਨੂੰ ਦੇਖੋ ਜੋ ਮੈਂ ਯਹੋਸ਼ੁਆ ਅੱਗੇ ਰੱਖਿਆ ਹੈ! ਉਸ ਪੱਥਰ ਉੱਤੇ ਸੱਤ ਅੱਖਾਂ ਹਨ; ਮੈਂ ਉਸ ਉੱਤੇ ਇਕ ਲਿਖਤ ਉੱਕਰ ਰਿਹਾ ਹਾਂ,’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, ‘ਅਤੇ ਮੈਂ ਇੱਕੋ ਦਿਨ ਵਿਚ ਉਸ ਦੇਸ਼ ਦਾ ਦੋਸ਼ ਦੂਰ ਲੈ ਜਾਵਾਂਗਾ।’+
10 ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “‘ਉਸ ਦਿਨ ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਗੁਆਂਢੀ ਨੂੰ ਆਪਣੀ ਅੰਗੂਰੀ ਵੇਲ ਅਤੇ ਆਪਣੇ ਅੰਜੀਰ ਦੇ ਦਰਖ਼ਤ ਥੱਲੇ ਆਉਣ ਦਾ ਸੱਦਾ ਦੇਵੇਗਾ।’”+
4 ਜਿਹੜਾ ਦੂਤ ਮੇਰੇ ਨਾਲ ਗੱਲ ਕਰ ਰਿਹਾ ਸੀ, ਉਹ ਵਾਪਸ ਆਇਆ ਤੇ ਉਸ ਨੇ ਮੈਨੂੰ ਜਗਾਇਆ ਜਿਵੇਂ ਕਿਸੇ ਸੁੱਤੇ ਪਏ ਨੂੰ ਜਗਾਈਦਾ ਹੈ। 2 ਫਿਰ ਉਸ ਨੇ ਮੈਨੂੰ ਕਿਹਾ: “ਤੂੰ ਕੀ ਦੇਖਦਾ ਹੈਂ?”
ਮੈਂ ਕਿਹਾ: “ਮੈਨੂੰ ਇਕ ਸ਼ਮਾਦਾਨ ਦਿਖਾਈ ਦੇ ਰਿਹਾ ਹੈ ਜੋ ਸਿਰਫ਼ ਸੋਨੇ ਦਾ ਬਣਿਆ ਹੈ+ ਤੇ ਇਸ ਦੇ ਸਿਰੇ ʼਤੇ ਇਕ ਕਟੋਰਾ ਹੈ। ਇਸ ਉੱਤੇ ਸੱਤ ਦੀਵੇ ਹਨ,+ ਹਾਂ, ਸੱਤ ਦੀਵੇ ਜਿਹੜੇ ਇਸ ਦੇ ਸਿਰੇ ਉੱਤੇ ਹਨ ਅਤੇ ਸੱਤ ਨਲੀਆਂ ਨਾਲ ਜੁੜੇ ਹੋਏ ਹਨ। 3 ਇਸ ਦੇ ਕੋਲ ਜ਼ੈਤੂਨ ਦੇ ਦੋ ਦਰਖ਼ਤ ਹਨ,+ ਇਕ ਕਟੋਰੇ ਦੇ ਸੱਜੇ ਪਾਸੇ ਅਤੇ ਇਕ ਖੱਬੇ ਪਾਸੇ ਹੈ।”
4 ਫਿਰ ਜਿਹੜਾ ਦੂਤ ਮੇਰੇ ਨਾਲ ਗੱਲ ਕਰ ਰਿਹਾ ਸੀ, ਉਸ ਤੋਂ ਮੈਂ ਪੁੱਛਿਆ: “ਮੇਰੇ ਪ੍ਰਭੂ, ਇਨ੍ਹਾਂ ਚੀਜ਼ਾਂ ਦਾ ਕੀ ਮਤਲਬ ਹੈ?” 5 ਮੇਰੇ ਨਾਲ ਗੱਲ ਕਰ ਰਹੇ ਦੂਤ ਨੇ ਮੈਨੂੰ ਪੁੱਛਿਆ: “ਕੀ ਤੈਨੂੰ ਇਨ੍ਹਾਂ ਚੀਜ਼ਾਂ ਦਾ ਮਤਲਬ ਨਹੀਂ ਪਤਾ?”
ਮੈਂ ਜਵਾਬ ਦਿੱਤਾ: “ਨਹੀਂ ਮੇਰੇ ਪ੍ਰਭੂ।”
6 ਫਿਰ ਉਸ ਨੇ ਮੈਨੂੰ ਕਿਹਾ: “ਜ਼ਰੁਬਾਬਲ ਲਈ ਯਹੋਵਾਹ ਦਾ ਇਹ ਬਚਨ ਹੈ: ‘“ਇਹ ਸਭ ਨਾ ਤਾਂ ਫ਼ੌਜੀ ਤਾਕਤ ਨਾਲ ਤੇ ਨਾ ਹੀ ਇਨਸਾਨੀ ਤਾਕਤ ਨਾਲ,+ ਸਗੋਂ ਮੇਰੀ ਸ਼ਕਤੀ ਨਾਲ ਹੋਵੇਗਾ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ। 7 ਹੇ ਵੱਡੇ ਪਹਾੜ, ਤੂੰ ਕੌਣ ਹੈਂ? ਜ਼ਰੁਬਾਬਲ+ ਅੱਗੇ ਤੂੰ ਪੱਧਰਾ ਮੈਦਾਨ ਬਣ ਜਾਵੇਂਗਾ।+ ਅਤੇ ਜਦੋਂ ਉਹ ਚੋਟੀ ਦਾ ਪੱਥਰ ਲਿਆਵੇਗਾ, ਤਾਂ ਇਹ ਆਵਾਜ਼ ਗੂੰਜ ਉੱਠੇਗੀ: “ਕਿੰਨਾ ਵਧੀਆ! ਕਿੰਨਾ ਵਧੀਆ!”’”
8 ਯਹੋਵਾਹ ਦਾ ਇਹ ਸੰਦੇਸ਼ ਦੁਬਾਰਾ ਮੈਨੂੰ ਆਇਆ: 9 “ਜ਼ਰੁਬਾਬਲ ਦੇ ਹੱਥੀਂ ਇਸ ਘਰ ਦੀ ਨੀਂਹ ਰੱਖੀ ਗਈ ਸੀ+ ਅਤੇ ਉਸੇ ਦੇ ਹੱਥੀਂ ਇਹ ਪੂਰਾ ਵੀ ਹੋਵੇਗਾ।+ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਸੈਨਾਵਾਂ ਦੇ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ। 10 ਛੋਟੀ ਸ਼ੁਰੂਆਤ* ਦੇ ਦਿਨ ਨੂੰ ਕੋਈ ਵੀ ਤੁੱਛ ਨਾ ਜਾਣੇ।+ ਉਹ ਖ਼ੁਸ਼ ਹੋਣਗੇ ਅਤੇ ਜ਼ਰੁਬਾਬਲ ਦੇ ਹੱਥ ਵਿਚ ਸਾਹਲ* ਦੇਖਣਗੇ। ਇਹ ਸੱਤ ਅੱਖਾਂ ਯਹੋਵਾਹ ਦੀਆਂ ਅੱਖਾਂ ਹਨ ਜੋ ਸਾਰੀ ਧਰਤੀ ਉੱਤੇ ਦੇਖਦੀਆਂ ਫਿਰਦੀਆਂ ਹਨ।”+
11 ਫਿਰ ਮੈਂ ਉਸ ਨੂੰ ਪੁੱਛਿਆ: “ਜ਼ੈਤੂਨ ਦੇ ਇਨ੍ਹਾਂ ਦੋ ਦਰਖ਼ਤਾਂ ਦਾ ਕੀ ਮਤਲਬ ਹੈ ਜੋ ਸ਼ਮਾਦਾਨ ਦੇ ਸੱਜੇ ਅਤੇ ਖੱਬੇ ਪਾਸੇ ਹਨ?”+ 12 ਮੈਂ ਉਸ ਨੂੰ ਦੂਜੀ ਵਾਰ ਪੁੱਛਿਆ: “ਜ਼ੈਤੂਨ ਦੇ ਦਰਖ਼ਤਾਂ ਦੀਆਂ ਦੋ ਟਾਹਣੀਆਂ* ਦਾ ਕੀ ਮਤਲਬ ਹੈ ਜਿਨ੍ਹਾਂ ਵਿੱਚੋਂ ਸੁਨਹਿਰੀ ਤੇਲ ਦੋ ਸੁਨਹਿਰੀ ਨਲੀਆਂ ਰਾਹੀਂ ਵਹਿ ਰਿਹਾ ਹੈ?”
13 ਉਸ ਨੇ ਮੈਨੂੰ ਪੁੱਛਿਆ: “ਕੀ ਤੈਨੂੰ ਇਨ੍ਹਾਂ ਚੀਜ਼ਾਂ ਦਾ ਮਤਲਬ ਨਹੀਂ ਪਤਾ?”
ਮੈਂ ਜਵਾਬ ਦਿੱਤਾ: “ਨਹੀਂ ਮੇਰੇ ਪ੍ਰਭੂ।”
14 ਉਸ ਨੇ ਕਿਹਾ: “ਇਹ ਦੋ ਚੁਣੇ ਹੋਏ ਸੇਵਕ* ਹਨ ਜੋ ਸਾਰੀ ਧਰਤੀ ਦੇ ਮਾਲਕ ਦੇ ਨਾਲ ਖੜ੍ਹੇ ਹਨ।”+
5 ਮੈਂ ਦੁਬਾਰਾ ਨਜ਼ਰਾਂ ਉਤਾਂਹ ਚੁੱਕੀਆਂ ਅਤੇ ਇਕ ਪੱਤਰੀ* ਉੱਡਦੀ ਦੇਖੀ। 2 ਉਸ ਨੇ ਮੈਨੂੰ ਪੁੱਛਿਆ: “ਤੂੰ ਕੀ ਦੇਖਦਾ ਹੈਂ?”
ਮੈਂ ਜਵਾਬ ਦਿੱਤਾ: “ਮੈਨੂੰ ਇਕ ਉੱਡਦੀ ਹੋਈ ਪੱਤਰੀ ਦਿਖਾਈ ਦੇ ਰਹੀ ਹੈ ਜਿਸ ਦੀ ਲੰਬਾਈ 20 ਹੱਥ* ਅਤੇ ਚੁੜਾਈ 10 ਹੱਥ ਹੈ।”
3 ਫਿਰ ਉਸ ਨੇ ਮੈਨੂੰ ਕਿਹਾ: “ਇਹ ਉਹ ਸਰਾਪ ਹੈ ਜੋ ਸਾਰੀ ਧਰਤੀ ਨੂੰ ਮਿਲੇਗਾ ਕਿਉਂਕਿ ਪੱਤਰੀ ਦੇ ਇਕ ਪਾਸੇ ਲਿਖਿਆ ਹੈ ਕਿ ਜਿਹੜਾ ਚੋਰੀ ਕਰਦਾ ਹੈ,+ ਉਹ ਸਰਾਪਿਆ ਹੋਇਆ ਹੈ; ਪਰ ਉਸ ਨੂੰ ਸਜ਼ਾ ਨਹੀਂ ਮਿਲੀ। ਇਸ ਦੇ ਦੂਸਰੇ ਪਾਸੇ ਲਿਖਿਆ ਹੈ ਕਿ ਜਿਹੜਾ ਵੀ ਸਹੁੰ ਖਾਂਦਾ ਹੈ,+ ਉਹ ਸਰਾਪਿਆ ਹੋਇਆ ਹੈ; ਪਰ ਉਸ ਨੂੰ ਸਜ਼ਾ ਨਹੀਂ ਮਿਲੀ। 4 ‘ਇਹ ਸਰਾਪ ਮੈਂ ਘੱਲਿਆ ਹੈ,’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, ‘ਅਤੇ ਇਹ ਚੋਰ ਦੇ ਘਰ ਅਤੇ ਮੇਰੇ ਨਾਂ ʼਤੇ ਝੂਠੀ ਸਹੁੰ ਖਾਣ ਵਾਲੇ ਦੇ ਘਰ ਅੰਦਰ ਦਾਖ਼ਲ ਹੋਵੇਗਾ; ਇਹ ਉਸ ਘਰ ਵਿਚ ਹੀ ਰਹੇਗਾ ਤੇ ਉਸ ਘਰ ਨੂੰ ਉਸ ਦੀਆਂ ਲੱਕੜਾਂ ਅਤੇ ਪੱਥਰਾਂ ਸਮੇਤ ਨਸ਼ਟ ਕਰ ਦੇਵੇਗਾ।’”
5 ਫਿਰ ਮੇਰੇ ਨਾਲ ਗੱਲ ਕਰ ਰਿਹਾ ਦੂਤ ਅੱਗੇ ਆਇਆ ਤੇ ਮੈਨੂੰ ਕਿਹਾ: “ਕਿਰਪਾ ਕਰ ਕੇ ਆਪਣੀਆਂ ਨਜ਼ਰਾਂ ਉਤਾਂਹ ਚੁੱਕ ਕੇ ਦੇਖ ਕਿ ਬਾਹਰ ਕੀ ਜਾ ਰਿਹਾ ਹੈ।”
6 ਮੈਂ ਪੁੱਛਿਆ: “ਇਹ ਕੀ ਹੈ?”
ਉਸ ਨੇ ਜਵਾਬ ਦਿੱਤਾ: “ਇਹ ਏਫਾ ਦਾ ਭਾਂਡਾ* ਹੈ ਜੋ ਬਾਹਰ ਜਾ ਰਿਹਾ ਹੈ।” ਉਸ ਨੇ ਅੱਗੇ ਕਿਹਾ: “ਸਾਰੀ ਧਰਤੀ ਉੱਤੇ ਉਹ ਦੇਖਣ ਵਿਚ ਇਸ ਵਰਗੇ ਲੱਗਦੇ ਹਨ।” 7 ਮੈਂ ਦੇਖਿਆ ਕਿ ਸਿੱਕੇ* ਦਾ ਬਣਿਆ ਗੋਲ ਢੱਕਣ ਭਾਂਡੇ ਤੋਂ ਚੁੱਕਿਆ ਗਿਆ ਅਤੇ ਉਸ ਵਿਚ ਇਕ ਔਰਤ ਬੈਠੀ ਹੋਈ ਸੀ। 8 ਉਸ ਨੇ ਕਿਹਾ: “ਇਸ ਦਾ ਨਾਂ ਬੁਰਾਈ ਹੈ।” ਫਿਰ ਉਸ ਨੇ ਔਰਤ ਨੂੰ ਵਾਪਸ ਏਫਾ ਦੇ ਭਾਂਡੇ ਵਿਚ ਸੁੱਟ ਦਿੱਤਾ ਜਿਸ ਤੋਂ ਬਾਅਦ ਉਸ ਨੇ ਭਾਂਡੇ ਨੂੰ ਸਿੱਕੇ ਦੇ ਬਣੇ ਢੱਕਣ ਨਾਲ ਢਕ ਦਿੱਤਾ।
9 ਫਿਰ ਮੈਂ ਨਜ਼ਰਾਂ ਉੱਪਰ ਚੁੱਕੀਆਂ ਅਤੇ ਦੇਖਿਆ ਕਿ ਦੋ ਔਰਤਾਂ ਅੱਗੇ ਨੂੰ ਆ ਰਹੀਆਂ ਸਨ ਤੇ ਉਹ ਹਵਾ ਵਿਚ ਤੇਜ਼ੀ ਨਾਲ ਉੱਡ ਰਹੀਆਂ ਸਨ। ਉਨ੍ਹਾਂ ਦੇ ਖੰਭ ਸਾਰਸ ਦੇ ਖੰਭਾਂ ਵਰਗੇ ਸਨ। ਉਨ੍ਹਾਂ ਨੇ ਧਰਤੀ ਤੇ ਆਕਾਸ਼ ਵਿਚਕਾਰ ਭਾਂਡੇ ਨੂੰ ਚੁੱਕ ਲਿਆ। 10 ਮੈਂ ਉਸ ਦੂਤ ਨੂੰ, ਜਿਹੜਾ ਮੇਰੇ ਨਾਲ ਗੱਲ ਕਰ ਰਿਹਾ ਸੀ, ਪੁੱਛਿਆ: “ਇਹ ਏਫਾ ਦੇ ਭਾਂਡੇ ਨੂੰ ਕਿੱਥੇ ਲਿਜਾ ਰਹੀਆਂ ਹਨ?”
11 ਉਸ ਨੇ ਜਵਾਬ ਦਿੱਤਾ: “ਸ਼ਿਨਾਰ*+ ਦੇਸ਼ ਨੂੰ ਜਿੱਥੇ ਉਹ ਉਸ ਲਈ ਘਰ ਬਣਾਉਣਗੀਆਂ; ਜਦੋਂ ਘਰ ਬਣ ਜਾਵੇਗਾ, ਤਾਂ ਉੱਥੇ ਉਸ ਨੂੰ ਛੱਡਿਆ ਜਾਵੇਗਾ ਜੋ ਉਸ ਲਈ ਢੁਕਵੀਂ ਜਗ੍ਹਾ ਹੈ।”
6 ਫਿਰ ਮੈਂ ਦੁਬਾਰਾ ਆਪਣੀਆਂ ਨਜ਼ਰਾਂ ਉੱਪਰ ਚੁੱਕੀਆਂ ਅਤੇ ਦੇਖਿਆ ਕਿ ਚਾਰ ਰਥ ਦੋ ਪਹਾੜਾਂ ਵਿੱਚੋਂ ਦੀ ਆ ਰਹੇ ਸਨ ਅਤੇ ਪਹਾੜ ਤਾਂਬੇ ਦੇ ਬਣੇ ਹੋਏ ਸਨ। 2 ਪਹਿਲੇ ਰਥ ਦੇ ਘੋੜੇ ਲਾਲ ਅਤੇ ਦੂਜੇ ਰਥ ਦੇ ਘੋੜੇ ਕਾਲ਼ੇ ਸਨ।+ 3 ਤੀਜੇ ਰਥ ਦੇ ਘੋੜੇ ਚਿੱਟੇ ਅਤੇ ਚੌਥੇ ਰਥ ਦੇ ਘੋੜੇ ਡੱਬ-ਖੜੱਬੇ ਤੇ ਧੱਬਿਆਂ ਵਾਲੇ ਸਨ।+
4 ਮੈਂ ਉਸ ਦੂਤ ਨੂੰ, ਜਿਹੜਾ ਮੇਰੇ ਨਾਲ ਗੱਲ ਕਰ ਰਿਹਾ ਸੀ, ਪੁੱਛਿਆ: “ਮੇਰੇ ਪ੍ਰਭੂ, ਇਹ ਕੀ ਹਨ?”
5 ਦੂਤ ਨੇ ਮੈਨੂੰ ਜਵਾਬ ਦਿੱਤਾ: “ਇਹ ਚਾਰ ਸਵਰਗੀ ਫ਼ੌਜਾਂ+ ਹਨ ਜੋ ਸਾਰੀ ਧਰਤੀ ਦੇ ਪ੍ਰਭੂ ਦੀ ਹਜ਼ੂਰੀ ਵਿਚ ਖੜ੍ਹੀਆਂ+ ਹੋਣ ਤੋਂ ਬਾਅਦ ਬਾਹਰ ਆ ਰਹੀਆਂ ਹਨ। 6 ਕਾਲ਼ੇ ਘੋੜਿਆਂ ਵਾਲਾ ਰਥ ਉੱਤਰ ਦੇਸ਼ ਨੂੰ ਜਾ ਰਿਹਾ ਹੈ;+ ਚਿੱਟੇ ਘੋੜੇ ਸਮੁੰਦਰੋਂ ਪਾਰ ਜਾ ਰਹੇ ਹਨ; ਅਤੇ ਡੱਬ-ਖੜੱਬੇ ਘੋੜੇ ਦੱਖਣ ਦੇਸ਼ ਨੂੰ ਜਾ ਰਹੇ ਹਨ। 7 ਧੱਬਿਆਂ ਵਾਲੇ ਘੋੜੇ ਧਰਤੀ ਦਾ ਚੱਕਰ ਲਾਉਣ ਵਾਸਤੇ ਜਾਣ ਲਈ ਉਤਾਵਲੇ ਸਨ।” ਫਿਰ ਉਸ ਨੇ ਕਿਹਾ: “ਜਾਓ, ਧਰਤੀ ਦਾ ਚੱਕਰ ਲਾਓ।” ਅਤੇ ਉਨ੍ਹਾਂ ਨੇ ਧਰਤੀ ਦਾ ਚੱਕਰ ਲਾਉਣਾ ਸ਼ੁਰੂ ਕਰ ਦਿੱਤਾ।
8 ਫਿਰ ਉਸ ਨੇ ਮੈਨੂੰ ਬੁਲਾ ਕੇ ਕਿਹਾ: “ਦੇਖ, ਉੱਤਰ ਦੇਸ਼ ਨੂੰ ਜਾਣ ਵਾਲਿਆਂ ਨੇ ਯਹੋਵਾਹ ਦੇ ਗੁੱਸੇ* ਨੂੰ ਉੱਤਰ ਦੇਸ਼ ਉੱਤੇ ਭੜਕਣ ਤੋਂ ਰੋਕਿਆ।”
9 ਯਹੋਵਾਹ ਦਾ ਇਹ ਸੰਦੇਸ਼ ਦੁਬਾਰਾ ਮੈਨੂੰ ਆਇਆ: 10 “ਹਲਦਈ, ਟੋਬੀਯਾਹ ਅਤੇ ਯਦਾਯਾਹ ਕੋਲੋਂ ਉਹ ਚੀਜ਼ਾਂ ਲੈ ਜੋ ਉਹ ਗ਼ੁਲਾਮੀ ਵਿਚ ਰਹਿ ਰਹੇ ਲੋਕਾਂ ਕੋਲੋਂ ਲੈ ਕੇ ਆਏ ਹਨ; ਉਸੇ ਦਿਨ ਤੂੰ ਬਾਬਲ ਤੋਂ ਆਏ ਇਨ੍ਹਾਂ ਆਦਮੀਆਂ ਨਾਲ ਸਫ਼ਨਯਾਹ ਦੇ ਪੁੱਤਰ ਯੋਸੀਯਾਹ ਦੇ ਘਰ ਜਾਈਂ। 11 ਤੂੰ ਚਾਂਦੀ ਅਤੇ ਸੋਨਾ ਲਈਂ ਤੇ ਇਕ ਤਾਜ* ਬਣਾਈਂ ਅਤੇ ਇਸ ਨੂੰ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਦੇ ਸਿਰ ਉੱਤੇ ਰੱਖ ਦੇਈਂ ਜੋ ਮਹਾਂ ਪੁਜਾਰੀ ਹੈ।+ 12 ਅਤੇ ਉਸ ਨੂੰ ਕਹੀਂ,
“‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਇਹ ਉਹ ਆਦਮੀ ਹੈ ਜੋ ‘ਟਾਹਣੀ’ ਕਹਾਉਂਦਾ ਹੈ।+ ਉਹ ਆਪਣੀ ਥਾਂ ਤੋਂ ਪੁੰਗਰੇਗਾ ਅਤੇ ਯਹੋਵਾਹ ਦਾ ਮੰਦਰ ਬਣਾਵੇਗਾ।+ 13 ਇਹ ਉਹੀ ਹੈ ਜੋ ਯਹੋਵਾਹ ਦਾ ਮੰਦਰ ਬਣਾਵੇਗਾ ਅਤੇ ਮਹਿਮਾ ਪਾਵੇਗਾ। ਉਹ ਆਪਣੇ ਸਿੰਘਾਸਣ ਉੱਤੇ ਬੈਠੇਗਾ ਤੇ ਹਕੂਮਤ ਕਰੇਗਾ ਅਤੇ ਉਹ ਆਪਣੇ ਸਿੰਘਾਸਣ ਤੋਂ ਪੁਜਾਰੀ ਵਜੋਂ ਸੇਵਾ ਵੀ ਕਰੇਗਾ+ ਤੇ ਉਹ ਇਨ੍ਹਾਂ ਦੋਹਾਂ ਜ਼ਿੰਮੇਵਾਰੀਆਂ ਵਿਚ* ਤਾਲਮੇਲ ਰੱਖ ਕੇ ਕੰਮ ਕਰੇਗਾ। 14 ਇਹ ਤਾਜ* ਹੇਲਮ, ਟੋਬੀਯਾਹ, ਯਦਾਯਾਹ+ ਅਤੇ ਸਫ਼ਨਯਾਹ ਦੇ ਪੁੱਤਰ ਹੇਨ ਦੀ ਯਾਦਗਾਰ ਵਜੋਂ ਯਹੋਵਾਹ ਦੇ ਮੰਦਰ ਵਿਚ ਰਹੇਗਾ। 15 ਅਤੇ ਜਿਹੜੇ ਦੂਰ-ਦੂਰ ਰਹਿੰਦੇ ਹਨ, ਉਹ ਆਉਣਗੇ ਅਤੇ ਯਹੋਵਾਹ ਦਾ ਮੰਦਰ ਬਣਾਉਣ ਵਿਚ ਹੱਥ ਵਟਾਉਣਗੇ।” ਤੁਹਾਨੂੰ ਜਾਣਨਾ ਹੀ ਪਵੇਗਾ ਕਿ ਸੈਨਾਵਾਂ ਦੇ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ। ਇਸ ਤਰ੍ਹਾਂ ਤਾਂ ਹੀ ਹੋਵੇਗਾ ਜੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਆਵਾਜ਼ ਅਣਸੁਣੀ ਨਹੀਂ ਕਰੋਗੇ।’”
7 ਰਾਜਾ ਦਾਰਾ ਦੇ ਰਾਜ ਦੇ ਚੌਥੇ ਸਾਲ ਦੇ ਨੌਵੇਂ ਮਹੀਨੇ ਯਾਨੀ ਕਿਸਲੇਵ* ਮਹੀਨੇ ਦੇ ਚੌਥੇ ਦਿਨ ਯਹੋਵਾਹ ਦਾ ਸੰਦੇਸ਼ ਜ਼ਕਰਯਾਹ ਨੂੰ ਆਇਆ।+ 2 ਬੈਤੇਲ ਦੇ ਲੋਕਾਂ ਨੇ ਸ਼ਰਾਸਰ ਅਤੇ ਰਗਮ-ਮਲਕ ਤੇ ਉਸ ਦੇ ਆਦਮੀਆਂ ਨੂੰ ਯਹੋਵਾਹ ਤੋਂ ਰਹਿਮ ਦੀ ਭੀਖ ਮੰਗਣ ਲਈ ਘੱਲਿਆ 3 ਅਤੇ ਸੈਨਾਵਾਂ ਦੇ ਯਹੋਵਾਹ ਦੇ ਘਰ* ਦੇ ਪੁਜਾਰੀਆਂ ਅਤੇ ਨਬੀਆਂ ਨੂੰ ਇਹ ਕਹਿਣ ਲਈ ਕਿਹਾ: “ਕੀ ਮੈਂ ਪੰਜਵੇਂ ਮਹੀਨੇ ਵਿਚ ਰੋਵਾਂ+ ਅਤੇ ਵਰਤ ਰੱਖੀ ਜਾਵਾਂ ਜਿਵੇਂ ਮੈਂ ਇੰਨੇ ਸਾਰੇ ਸਾਲਾਂ ਤੋਂ ਕਰਦਾ ਆਇਆ ਹਾਂ?”
4 ਸੈਨਾਵਾਂ ਦੇ ਯਹੋਵਾਹ ਦਾ ਇਹ ਸੰਦੇਸ਼ ਦੁਬਾਰਾ ਮੈਨੂੰ ਆਇਆ: 5 “ਦੇਸ਼ ਦੇ ਸਾਰੇ ਲੋਕਾਂ ਅਤੇ ਪੁਜਾਰੀਆਂ ਨੂੰ ਕਹਿ, ‘70 ਸਾਲਾਂ ਦੌਰਾਨ+ ਜਦੋਂ ਤੁਸੀਂ ਪੰਜਵੇਂ ਮਹੀਨੇ ਅਤੇ ਸੱਤਵੇਂ ਮਹੀਨੇ ਵਿਚ ਵਰਤ ਰੱਖਿਆ ਸੀ+ ਅਤੇ ਵੈਣ ਪਾਏ ਸਨ, ਤਾਂ ਕੀ ਤੁਸੀਂ ਸੱਚੀਂ ਮੇਰੇ ਲਈ ਵਰਤ ਰੱਖਿਆ ਸੀ? 6 ਅਤੇ ਜਦੋਂ ਤੁਸੀਂ ਖਾਂਦੇ-ਪੀਂਦੇ ਸੀ, ਤਾਂ ਕੀ ਤੁਸੀਂ ਆਪਣੇ ਲਈ ਨਹੀਂ ਖਾਂਦੇ-ਪੀਂਦੇ ਸੀ? 7 ਕੀ ਤੁਹਾਨੂੰ ਉਹ ਗੱਲਾਂ ਨਹੀਂ ਮੰਨਣੀਆਂ ਚਾਹੀਦੀਆਂ ਜੋ ਯਹੋਵਾਹ ਨੇ ਪਹਿਲੇ ਨਬੀਆਂ ਰਾਹੀਂ ਕਹੀਆਂ ਸਨ+ ਜਦੋਂ ਯਰੂਸ਼ਲਮ ਅਤੇ ਇਸ ਦੇ ਆਲੇ-ਦੁਆਲੇ ਦੇ ਸ਼ਹਿਰ ਆਬਾਦ ਸਨ ਤੇ ਇਨ੍ਹਾਂ ਵਿਚ ਸ਼ਾਂਤੀ ਸੀ ਅਤੇ ਜਦੋਂ ਨੇਗੇਬ ਤੇ ਸ਼ੇਫਲਾਹ ਆਬਾਦ ਸਨ?’”
8 ਯਹੋਵਾਹ ਦਾ ਇਹ ਸੰਦੇਸ਼ ਦੁਬਾਰਾ ਜ਼ਕਰਯਾਹ ਨੂੰ ਆਇਆ: 9 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਸੱਚਾਈ ਅਨੁਸਾਰ ਨਿਆਂ ਕਰੋ+ ਅਤੇ ਇਕ-ਦੂਜੇ ਨਾਲ ਅਟੱਲ ਪਿਆਰ ਕਰੋ+ ਤੇ ਦਇਆ ਨਾਲ ਪੇਸ਼ ਆਓ। 10 ਵਿਧਵਾ ਜਾਂ ਯਤੀਮ*+ ਅਤੇ ਪਰਦੇਸੀ+ ਜਾਂ ਗ਼ਰੀਬ+ ਨਾਲ ਠੱਗੀ ਨਾ ਕਰੋ; ਅਤੇ ਆਪਣੇ ਦਿਲਾਂ ਵਿਚ ਇਕ-ਦੂਜੇ ਖ਼ਿਲਾਫ਼ ਸਾਜ਼ਸ਼ਾਂ ਨਾ ਘੜੋ।’+ 11 ਪਰ ਉਹ ਗੱਲ ਸੁਣਨ ਤੋਂ ਇਨਕਾਰ ਕਰਦੇ ਰਹੇ+ ਅਤੇ ਉਨ੍ਹਾਂ ਨੇ ਢੀਠ ਹੋ ਕੇ ਉਸ ਵੱਲ ਪਿੱਠ ਕਰ ਲਈ+ ਅਤੇ ਆਪਣੇ ਕੰਨ ਬੰਦ ਕਰ ਲਏ ਤਾਂਕਿ ਉਹ ਉਸ ਦੀ ਗੱਲ ਨਾ ਸੁਣਨ।+ 12 ਉਨ੍ਹਾਂ ਨੇ ਆਪਣੇ ਦਿਲ ਹੀਰੇ* ਵਾਂਗ ਕਰ ਲਏ+ ਅਤੇ ਉਹ ਕਾਨੂੰਨ* ਅਤੇ ਗੱਲਾਂ ਨਹੀਂ ਮੰਨੀਆਂ ਜੋ ਸੈਨਾਵਾਂ ਦੇ ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਪਹਿਲੇ ਨਬੀਆਂ ਜ਼ਰੀਏ ਦੱਸੀਆਂ ਸਨ।+ ਇਸ ਲਈ ਸੈਨਾਵਾਂ ਦੇ ਯਹੋਵਾਹ ਦਾ ਗੁੱਸਾ ਭੜਕ ਉੱਠਿਆ।”+
13 “‘ਜਿਸ ਤਰ੍ਹਾਂ ਉਨ੍ਹਾਂ ਨੇ ਮੇਰੀ ਨਹੀਂ ਸੁਣੀ ਜਦੋਂ ਮੈਂ* ਉਨ੍ਹਾਂ ਨੂੰ ਪੁਕਾਰਿਆ ਸੀ,+ ਉਸੇ ਤਰ੍ਹਾਂ ਮੈਂ ਵੀ ਨਹੀਂ ਸੁਣਿਆ ਜਦੋਂ ਉਨ੍ਹਾਂ ਨੇ ਮੈਨੂੰ ਪੁਕਾਰਿਆ,’+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।” 14 ‘ਅਤੇ ਮੈਂ ਉਨ੍ਹਾਂ ਨੂੰ ਹਨੇਰੀ ਨਾਲ ਸਾਰੀਆਂ ਕੌਮਾਂ ਵਿਚ ਖਿੰਡਾ ਦਿੱਤਾ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਸਨ+ ਅਤੇ ਪਿੱਛੋਂ ਦੇਸ਼ ਵੀਰਾਨ ਹੋ ਗਿਆ ਅਤੇ ਉਸ ਵਿੱਚੋਂ ਦੀ ਕੋਈ ਨਹੀਂ ਲੰਘਦਾ ਸੀ ਤੇ ਨਾ ਹੀ ਉਸ ਵਿਚ ਕੋਈ ਵਾਪਸ ਆਉਂਦਾ ਸੀ;+ ਕਿਉਂਕਿ ਉਨ੍ਹਾਂ ਨੇ ਸੋਹਣੇ ਦੇਸ਼ ਦਾ ਉਹ ਹਸ਼ਰ ਕੀਤਾ ਕਿ ਲੋਕ ਦੇਖ ਕੇ ਕੰਬ ਉੱਠਦੇ ਸਨ।’”
8 ਸੈਨਾਵਾਂ ਦੇ ਯਹੋਵਾਹ ਵੱਲੋਂ ਮੈਨੂੰ ਇਕ ਹੋਰ ਸੰਦੇਸ਼ ਆਇਆ: 2 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਮੈਂ ਸੀਓਨ ਨੂੰ ਬਹੁਤ ਪਿਆਰ ਕਰਦਾ ਹਾਂ+ ਅਤੇ ਮੈਂ ਵੱਡੇ ਕ੍ਰੋਧ ਨਾਲ ਉਸ ਨੂੰ ਬਚਾਵਾਂਗਾ ਤੇ ਉਸ ਦੀ ਰਾਖੀ ਕਰਾਂਗਾ।’”
3 “ਯਹੋਵਾਹ ਇਹ ਕਹਿੰਦਾ ਹੈ, ‘ਮੈਂ ਸੀਓਨ ਨੂੰ ਮੁੜਾਂਗਾ+ ਅਤੇ ਯਰੂਸ਼ਲਮ ਵਿਚ ਵੱਸਾਂਗਾ;+ ਯਰੂਸ਼ਲਮ ਸੱਚਾਈ* ਦਾ ਸ਼ਹਿਰ ਕਹਾਵੇਗਾ+ ਅਤੇ ਸੈਨਾਵਾਂ ਦੇ ਯਹੋਵਾਹ ਦਾ ਪਹਾੜ, ਹਾਂ, ਪਵਿੱਤਰ ਪਹਾੜ ਕਹਾਵੇਗਾ।’”+
4 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਬੁੱਢੇ ਆਦਮੀ ਅਤੇ ਔਰਤਾਂ ਯਰੂਸ਼ਲਮ ਦੇ ਚੌਂਕਾਂ ਵਿਚ ਦੁਬਾਰਾ ਬੈਠਿਆ ਕਰਨਗੇ ਅਤੇ ਲੰਬੀ ਉਮਰ ਹੋਣ ਕਰਕੇ* ਹਰੇਕ ਦੇ ਹੱਥ ਵਿਚ ਖੂੰਡੀ ਹੋਵੇਗੀ।+ 5 ਅਤੇ ਖੇਡਦੇ-ਟੱਪਦੇ ਮੁੰਡੇ-ਕੁੜੀਆਂ ਨਾਲ ਸ਼ਹਿਰ ਦੇ ਚੌਂਕ ਭਰ ਜਾਣਗੇ।’”+
6 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਉਨ੍ਹਾਂ ਦਿਨਾਂ ਵਿਚ ਇਸ ਪਰਜਾ ਵਿੱਚੋਂ ਬਚੇ ਹੋਇਆਂ ਨੂੰ ਇਹ ਗੱਲ ਮੰਨਣੀ ਸ਼ਾਇਦ ਔਖੀ ਲੱਗੇ, ਪਰ ਕੀ ਮੇਰੇ ਲਈ ਇਸ ਤਰ੍ਹਾਂ ਕਰਨਾ ਔਖਾ ਹੈ?’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।”
7 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਮੈਂ ਆਪਣੇ ਲੋਕਾਂ ਨੂੰ ਪੂਰਬ ਦੇਸ਼ ਅਤੇ ਪੱਛਮ ਦੇਸ਼ ਤੋਂ* ਛੁਡਾਵਾਂਗਾ।+ 8 ਮੈਂ ਉਨ੍ਹਾਂ ਨੂੰ ਲਿਆਵਾਂਗਾ ਅਤੇ ਉਹ ਯਰੂਸ਼ਲਮ ਵਿਚ ਵੱਸਣਗੇ;+ ਉਹ ਮੇਰੇ ਲੋਕ ਹੋਣਗੇ ਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ+ ਜੋ ਸੱਚਾ* ਹੈ ਅਤੇ ਉਹੀ ਕਰਦਾ ਹੈ ਜੋ ਸਹੀ ਹੈ।’”
9 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਨਬੀਆਂ ਦੇ ਮੂੰਹੋਂ ਹੁਣ ਇਹ ਗੱਲਾਂ ਸੁਣਨ ਵਾਲਿਓ,+ ਤੁਹਾਡੇ ਹੱਥ ਮਜ਼ਬੂਤ ਹੋਣ।*+ ਇਹ ਉਹੀ ਗੱਲਾਂ ਹਨ ਜੋ ਸੈਨਾਵਾਂ ਦੇ ਯਹੋਵਾਹ ਦੇ ਘਰ ਦੀ ਨੀਂਹ ਧਰਨ ਦੇ ਦਿਨ ਕਹੀਆਂ ਗਈਆਂ ਸਨ। 10 ਉਸ ਸਮੇਂ ਤੋਂ ਪਹਿਲਾਂ ਆਦਮੀ ਜਾਂ ਜਾਨਵਰ ਲਈ ਕੋਈ ਮਜ਼ਦੂਰੀ ਨਹੀਂ ਦਿੱਤੀ ਜਾਂਦੀ ਸੀ;+ ਦੁਸ਼ਮਣ ਕਰਕੇ ਕਿਸੇ ਲਈ ਵੀ ਆਉਣਾ-ਜਾਣਾ ਸੁਰੱਖਿਅਤ ਨਹੀਂ ਸੀ ਕਿਉਂਕਿ ਮੈਂ ਸਾਰੇ ਆਦਮੀਆਂ ਨੂੰ ਇਕ-ਦੂਜੇ ਦੇ ਖ਼ਿਲਾਫ਼ ਕਰ ਦਿੱਤਾ ਸੀ।’
11 “‘ਪਰ ਹੁਣ ਮੈਂ ਇਸ ਪਰਜਾ ਵਿੱਚੋਂ ਬਚੇ ਹੋਇਆਂ ਨਾਲ ਪਹਿਲੇ ਦਿਨਾਂ ਵਾਂਗ ਪੇਸ਼ ਨਹੀਂ ਆਵਾਂਗਾ,’+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ। 12 ‘ਕਿਉਂਕਿ ਸ਼ਾਂਤੀ ਦਾ ਬੀ ਬੀਜਿਆ ਜਾਵੇਗਾ; ਅੰਗੂਰੀ ਵੇਲ ਆਪਣਾ ਫਲ ਦੇਵੇਗੀ ਅਤੇ ਧਰਤੀ ਆਪਣੀ ਫ਼ਸਲ,+ ਅਤੇ ਆਕਾਸ਼ ਆਪਣੀ ਤ੍ਰੇਲ ਦੇਵੇਗਾ; ਮੈਂ ਇਹ ਸਾਰੀਆਂ ਚੀਜ਼ਾਂ ਇਸ ਪਰਜਾ ਵਿੱਚੋਂ ਬਚੇ ਹੋਇਆਂ ਨੂੰ ਵਿਰਾਸਤ ਵਿਚ ਦੇਵਾਂਗਾ।+ 13 ਹੇ ਯਹੂਦਾਹ ਦੇ ਘਰਾਣੇ ਅਤੇ ਇਜ਼ਰਾਈਲ ਦੇ ਘਰਾਣੇ, ਪਹਿਲਾਂ ਕੌਮਾਂ ਤੁਹਾਡੀ ਮਿਸਾਲ ਦੇ ਕੇ ਸਰਾਪ ਦਿੰਦੀਆਂ ਸਨ,+ ਪਰ ਹੁਣ ਮੈਂ ਤੁਹਾਨੂੰ ਬਚਾਵਾਂਗਾ ਅਤੇ ਤੁਸੀਂ ਬਰਕਤ ਸਾਬਤ ਹੋਵੋਗੇ।+ ਇਸ ਲਈ ਡਰੋ ਨਾ!+ ਤੁਹਾਡੇ ਹੱਥ ਮਜ਼ਬੂਤ ਹੋਣ।’*+
14 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘“ਤੁਹਾਡੇ ਪਿਉ-ਦਾਦਿਆਂ ਨੇ ਮੈਨੂੰ ਗੁੱਸਾ ਚੜ੍ਹਾਇਆ ਸੀ, ਇਸ ਲਈ ਮੈਂ ਤੁਹਾਡੇ ਉੱਤੇ ਬਿਪਤਾ ਲਿਆਉਣ ਦੀ ਠਾਣ ਲਈ ਸੀ ਅਤੇ ਮੈਨੂੰ ਕੋਈ ਅਫ਼ਸੋਸ ਨਹੀਂ ਹੋਇਆ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ,+ 15 “ਪਰ ਇਸ ਵਾਰ ਮੈਂ ਯਰੂਸ਼ਲਮ ਅਤੇ ਯਹੂਦਾਹ ਦੇ ਘਰਾਣੇ ਨਾਲ ਭਲਾਈ ਕਰਨ ਦੀ ਠਾਣੀ ਹੋਈ ਹੈ।+ ਡਰੋ ਨਾ!”’+
16 “‘ਤੁਹਾਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਹਨ: ਇਕ-ਦੂਜੇ ਨਾਲ ਸੱਚ ਬੋਲੋ+ ਅਤੇ ਸ਼ਹਿਰ ਦੇ ਦਰਵਾਜ਼ੇ ʼਤੇ ਅਜਿਹੇ ਫ਼ੈਸਲੇ ਕਰੋ ਜਿਨ੍ਹਾਂ ਨਾਲ ਸੱਚਾਈ ਤੇ ਸ਼ਾਂਤੀ ਦਾ ਬੋਲਬਾਲਾ ਹੋਵੇ।+ 17 ਆਪਣੇ ਦਿਲਾਂ ਵਿਚ ਇਕ-ਦੂਜੇ ʼਤੇ ਬਿਪਤਾ ਲਿਆਉਣ ਦੀ ਸਾਜ਼ਸ਼ ਨਾ ਘੜੋ+ ਅਤੇ ਕਿਸੇ ਵੀ ਝੂਠੀ ਸਹੁੰ ਨਾਲ ਪਿਆਰ ਨਾ ਕਰੋ;+ ਕਿਉਂਕਿ ਮੈਨੂੰ ਇਨ੍ਹਾਂ ਸਾਰੀਆਂ ਗੱਲਾਂ ਤੋਂ ਨਫ਼ਰਤ ਹੈ,’+ ਯਹੋਵਾਹ ਕਹਿੰਦਾ ਹੈ।”
18 ਸੈਨਾਵਾਂ ਦੇ ਯਹੋਵਾਹ ਵੱਲੋਂ ਮੈਨੂੰ ਇਕ ਹੋਰ ਸੰਦੇਸ਼ ਆਇਆ: 19 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਚੌਥੇ ਮਹੀਨੇ ਦਾ ਵਰਤ,+ ਪੰਜਵੇਂ ਮਹੀਨੇ ਦਾ ਵਰਤ,+ ਸੱਤਵੇਂ ਮਹੀਨੇ ਦਾ ਵਰਤ+ ਅਤੇ ਦਸਵੇਂ ਮਹੀਨੇ ਦਾ ਵਰਤ+ ਯਹੂਦਾਹ ਦੇ ਘਰਾਣੇ ਲਈ ਖ਼ੁਸ਼ੀ ਤੇ ਆਨੰਦ ਦੇ ਮੌਕੇ, ਹਾਂ, ਖ਼ੁਸ਼ੀਆਂ ਭਰੇ ਤਿਉਹਾਰ ਹੋਣਗੇ।+ ਇਸ ਲਈ ਸੱਚਾਈ ਤੇ ਸ਼ਾਂਤੀ ਨਾਲ ਪਿਆਰ ਕਰੋ।’
20 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਉਹ ਸਮਾਂ ਆਵੇਗਾ ਜਦੋਂ ਕੌਮਾਂ ਅਤੇ ਬਹੁਤ ਸਾਰੇ ਸ਼ਹਿਰਾਂ ਦੇ ਵਾਸੀ ਆਉਣਗੇ; 21 ਅਤੇ ਇਕ ਸ਼ਹਿਰ ਦੇ ਵਾਸੀ ਦੂਸਰੇ ਸ਼ਹਿਰ ਦੇ ਵਾਸੀਆਂ ਕੋਲ ਜਾ ਕੇ ਕਹਿਣਗੇ: “ਛੇਤੀ-ਛੇਤੀ ਆਓ, ਆਪਾਂ ਯਹੋਵਾਹ ਦੇ ਰਹਿਮ ਦੀ ਭੀਖ ਮੰਗਣ ਚਲੀਏ ਅਤੇ ਸੈਨਾਵਾਂ ਦੇ ਯਹੋਵਾਹ ਨੂੰ ਭਾਲੀਏ। ਅਸੀਂ ਵੀ ਜਾ ਰਹੇ ਹਾਂ।”+ 22 ਨਾਲੇ ਬਹੁਤ ਸਾਰੇ ਲੋਕ ਅਤੇ ਤਾਕਤਵਰ ਕੌਮਾਂ ਯਰੂਸ਼ਲਮ ਵਿਚ ਸੈਨਾਵਾਂ ਦੇ ਯਹੋਵਾਹ ਨੂੰ ਭਾਲਣ+ ਅਤੇ ਯਹੋਵਾਹ ਦੇ ਰਹਿਮ ਦੀ ਭੀਖ ਮੰਗਣ ਆਉਣਗੀਆਂ।’
23 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਉਨ੍ਹਾਂ ਦਿਨਾਂ ਵਿਚ ਕੌਮਾਂ ਦੀਆਂ ਸਾਰੀਆਂ ਭਾਸ਼ਾਵਾਂ ਦੇ ਦਸ ਆਦਮੀ+ ਇਕ ਯਹੂਦੀ* ਦੇ ਕੱਪੜੇ ਦਾ ਸਿਰਾ ਫੜਨਗੇ, ਹਾਂ, ਘੁੱਟ ਕੇ ਫੜਨਗੇ ਤੇ ਕਹਿਣਗੇ: “ਅਸੀਂ ਤੁਹਾਡੇ ਨਾਲ ਜਾਣਾ ਚਾਹੁੰਦੇ ਹਾਂ+ ਕਿਉਂਕਿ ਅਸੀਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਨਾਲ ਹੈ।”’”+
9 ਇਕ ਗੰਭੀਰ ਸੰਦੇਸ਼:
“ਯਹੋਵਾਹ ਦਾ ਸੰਦੇਸ਼ ਇਦਰਾਕ ਦੇਸ਼ ਦੇ ਖ਼ਿਲਾਫ਼ ਹੈ
—ਕਿਉਂਕਿ ਯਹੋਵਾਹ ਦੀ ਨਜ਼ਰ ਇਨਸਾਨਾਂ ਉੱਤੇ+
ਅਤੇ ਇਜ਼ਰਾਈਲ ਦੇ ਸਾਰੇ ਗੋਤਾਂ ਉੱਤੇ ਹੈ—
2 ਨਾਲੇ ਹਮਾਥ+ ਦੇ ਖ਼ਿਲਾਫ਼ ਜੋ ਉਸ ਦੀ ਸਰਹੱਦ ਉੱਤੇ ਹੈ
3 ਸੋਰ ਨੇ ਆਪਣੇ ਲਈ ਮਜ਼ਬੂਤ ਕੰਧਾਂ ਬਣਾਈਆਂ ਹਨ।*
ਉਸ ਨੇ ਧੂੜ ਵਾਂਗ ਚਾਂਦੀ ਦੇ ਢੇਰ ਲਾਏ ਹਨ
ਅਤੇ ਗਲੀਆਂ ਦੀ ਮਿੱਟੀ ਵਾਂਗ ਸੋਨੇ ਦੇ ਢੇਰ।+
4 ਦੇਖੋ! ਯਹੋਵਾਹ ਉਸ ਦੀ ਧਨ-ਦੌਲਤ ਲੈ ਲਵੇਗਾ
ਅਤੇ ਉਸ ਦੀ ਫ਼ੌਜ ਨੂੰ ਸਮੁੰਦਰ ਵਿਚ* ਮਾਰ ਮੁਕਾਵੇਗਾ;+
ਉਸ ਨੂੰ ਅੱਗ ਨਾਲ ਭਸਮ ਕਰ ਦਿੱਤਾ ਜਾਵੇਗਾ।+
5 ਅਸ਼ਕਲੋਨ ਇਹ ਦੇਖੇਗਾ ਅਤੇ ਡਰ ਜਾਵੇਗਾ;
ਗਾਜ਼ਾ ਦੁੱਖ ਨਾਲ ਤੜਫੇਗਾ
ਅਤੇ ਅਕਰੋਨ ਵੀ ਕਿਉਂਕਿ ਉਸ ਦੀ ਆਸ ਨੂੰ ਸ਼ਰਮਿੰਦਾ ਕੀਤਾ ਗਿਆ ਹੈ।
ਗਾਜ਼ਾ ਵਿੱਚੋਂ ਰਾਜਾ ਮਿਟ ਜਾਵੇਗਾ
ਅਤੇ ਅਸ਼ਕਲੋਨ ਫਿਰ ਕਦੀ ਆਬਾਦ ਨਹੀਂ ਹੋਵੇਗਾ।+
7 ਮੈਂ ਉਸ ਦੇ ਮੂੰਹ ਤੋਂ ਖ਼ੂਨ ਨਾਲ ਲੱਥ-ਪੱਥ ਚੀਜ਼ਾਂ ਹਟਾ ਦੇਵਾਂਗਾ
ਅਤੇ ਉਸ ਦੇ ਦੰਦਾਂ ਵਿੱਚੋਂ ਘਿਣਾਉਣੀਆਂ ਚੀਜ਼ਾਂ ਕੱਢ ਦੇਵਾਂਗਾ
ਅਤੇ ਉਸ ਵਿੱਚੋਂ ਜਿਹੜਾ ਵੀ ਬਚੇਗਾ, ਉਹ ਸਾਡੇ ਪਰਮੇਸ਼ੁਰ ਦਾ ਹੋਵੇਗਾ;
ਉਹ ਯਹੂਦਾਹ ਵਿਚ ਸ਼ੇਖ਼* ਵਾਂਗ ਹੋਵੇਗਾ+
ਅਤੇ ਅਕਰੋਨ ਯਬੂਸੀ ਵਾਂਗ।+
8 ਮੈਂ ਆਪਣੇ ਘਰ ਦੇ ਬਾਹਰ ਪਹਿਰਾ ਦੇ ਕੇ ਉਸ ਦੀ ਰਾਖੀ ਕਰਾਂਗਾ+
ਤਾਂਕਿ ਉਸ ਵਿੱਚੋਂ ਦੀ ਨਾ ਕੋਈ ਲੰਘੇ ਅਤੇ ਨਾ ਹੀ ਕੋਈ ਵਾਪਸ ਆਵੇ;
ਕੋਈ ਵੀ ਸਖ਼ਤੀ ਨਾਲ ਮਜ਼ਦੂਰੀ ਕਰਾਉਣ ਵਾਲਾ* ਫਿਰ ਉਸ ਵਿੱਚੋਂ ਨਹੀਂ ਲੰਘੇਗਾ+
ਕਿਉਂਕਿ ਮੈਂ ਆਪਣੀ ਅੱਖੀਂ ਇਹ* ਦੇਖਿਆ ਹੈ।
9 ਹੇ ਸੀਓਨ ਦੀਏ ਧੀਏ, ਖ਼ੁਸ਼ੀਆਂ ਮਨਾ।
ਹੇ ਯਰੂਸ਼ਲਮ ਦੀਏ ਧੀਏ, ਜਿੱਤ ਦੇ ਨਾਅਰੇ ਲਾ।
ਦੇਖ! ਤੇਰਾ ਰਾਜਾ ਤੇਰੇ ਕੋਲ ਆ ਰਿਹਾ ਹੈ।+
10 ਮੈਂ ਇਫ਼ਰਾਈਮ ਤੋਂ ਯੁੱਧ ਦੇ ਰਥ
ਅਤੇ ਯਰੂਸ਼ਲਮ ਤੋਂ ਘੋੜੇ ਲੈ ਲਵਾਂਗਾ।
ਯੁੱਧ ਦੀਆਂ ਕਮਾਨਾਂ ਲੈ ਲਈਆਂ ਜਾਣਗੀਆਂ।
ਉਹ ਕੌਮਾਂ ਵਿਚ ਸ਼ਾਂਤੀ ਦਾ ਐਲਾਨ ਕਰੇਗਾ;+
ਉਸ ਦੀ ਹਕੂਮਤ ਸਮੁੰਦਰ ਤੋਂ ਸਮੁੰਦਰ ਤਕ
11 ਜਿੱਥੋਂ ਤਕ ਤੇਰਾ ਸਵਾਲ ਹੈ, ਹੇ ਔਰਤ,* ਤੇਰੇ ਇਕਰਾਰ ਦੇ ਲਹੂ ਕਰਕੇ,
ਮੈਂ ਤੇਰੇ ਕੈਦੀਆਂ ਨੂੰ ਸੁੱਕੇ ਟੋਏ ਵਿੱਚੋਂ ਕੱਢਾਂਗਾ।+
12 ਹੇ ਆਸ ਰੱਖਣ ਵਾਲੇ ਕੈਦੀਓ, ਮਜ਼ਬੂਤ ਗੜ੍ਹ ਨੂੰ ਮੁੜੋ।+
ਅੱਜ ਮੈਂ ਤੈਨੂੰ ਕਹਿੰਦਾ ਹਾਂ,
‘ਹੇ ਔਰਤ, ਮੈਂ ਤੈਨੂੰ ਦੁਗਣਾ ਹਿੱਸਾ ਵਾਪਸ ਕਰਾਂਗਾ।’+
13 ਮੈਂ ਯਹੂਦਾਹ ਨੂੰ ਆਪਣੀ ਕਮਾਨ ਵਾਂਗ ਮੋੜਾਂਗਾ।
ਇਫ਼ਰਾਈਮ ਨੂੰ ਮੈਂ ਕਮਾਨ ਵਿਚ ਤੀਰ ਵਾਂਗ ਰੱਖਾਂਗਾ
ਅਤੇ ਹੇ ਸੀਓਨ, ਮੈਂ ਤੇਰੇ ਪੁੱਤਰਾਂ ਨੂੰ ਭੜਕਾਵਾਂਗਾ,
ਹਾਂ ਯੂਨਾਨ, ਤੇਰੇ ਪੁੱਤਰਾਂ ਦੇ ਖ਼ਿਲਾਫ਼,
ਹੇ ਸੀਓਨ, ਮੈਂ ਤੈਨੂੰ ਯੋਧੇ ਦੀ ਤਲਵਾਰ ਵਾਂਗ ਬਣਾਵਾਂਗਾ।’
14 ਯਹੋਵਾਹ ਦਿਖਾਵੇਗਾ ਕਿ ਉਹ ਉਨ੍ਹਾਂ ਦੇ ਨਾਲ ਹੈ
ਅਤੇ ਉਸ ਦਾ ਤੀਰ ਬਿਜਲੀ ਵਾਂਗ ਨਿਕਲੇਗਾ।
ਸਾਰੇ ਜਹਾਨ ਦਾ ਮਾਲਕ ਯਹੋਵਾਹ ਨਰਸਿੰਗਾ ਵਜਾਵੇਗਾ+
ਅਤੇ ਉਹ ਦੱਖਣ ਦੀ ਹਨੇਰੀ ਵਾਂਗ ਅੱਗੇ ਵਧੇਗਾ।
15 ਸੈਨਾਵਾਂ ਦਾ ਯਹੋਵਾਹ ਉਨ੍ਹਾਂ ਦੀ ਰਾਖੀ ਕਰੇਗਾ
ਅਤੇ ਉਹ ਗੋਪੀਏ ਦੇ ਪੱਥਰਾਂ ਨੂੰ ਨਿਗਲ਼ ਜਾਣਗੇ ਤੇ ਮਿੱਧਣਗੇ।+
ਉਹ ਪੀਣਗੇ ਅਤੇ ਰੌਲ਼ਾ ਪਾਉਣਗੇ ਜਿਵੇਂ ਉਨ੍ਹਾਂ ਨੇ ਬਹੁਤ ਸ਼ਰਾਬ ਪੀਤੀ ਹੋਵੇ;
ਉਹ ਕਟੋਰੇ ਵਾਂਗ,
ਅਤੇ ਵੇਦੀ ਦੇ ਕੋਨਿਆਂ ਵਾਂਗ ਭਰ ਜਾਣਗੇ।+
16 ਉਸ ਦਿਨ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਨੂੰ ਬਚਾਏਗਾ
ਕਿਉਂਕਿ ਉਹ ਉਸ ਦੇ ਲੋਕ ਤੇ ਉਸ ਦਾ ਝੁੰਡ ਹਨ;+
ਉਹ ਉਸ ਦੀ ਜ਼ਮੀਨ ਉੱਤੇ ਤਾਜ ਦੇ ਹੀਰਿਆਂ ਵਾਂਗ ਚਮਕਣਗੇ।+
17 ਉਸ ਦੀ ਭਲਾਈ ਦੀ ਕੋਈ ਹੱਦ ਨਹੀਂ,+
ਉਸ ਦੀ ਸ਼ਾਨ ਬੇਮਿਸਾਲ ਹੈ!
ਜਵਾਨ ਕੁੜੀਆਂ-ਮੁੰਡੇ ਅਨਾਜ ਖਾ ਕੇ
ਅਤੇ ਨਵਾਂ ਦਾਖਰਸ ਪੀ ਕੇ ਵਧਣ-ਫੁੱਲਣਗੇ।”+
10 “ਯਹੋਵਾਹ ਤੋਂ ਮੀਂਹ ਮੰਗੋ, ਬਸੰਤ ਰੁੱਤ ਦਾ ਮੀਂਹ ਮੰਗੋ।
ਯਹੋਵਾਹ ਹੀ ਹੈ ਜੋ ਸੰਘਣੇ ਬੱਦਲ ਬਣਾਉਂਦਾ ਹੈ,
ਉਹ ਉਨ੍ਹਾਂ ਲਈ ਮੀਂਹ ਵਰਸਾਉਂਦਾ ਹੈ+
ਅਤੇ ਹਰੇਕ ਲਈ ਖੇਤ ਵਿਚ ਪੇੜ-ਪੌਦੇ ਉਗਾਉਂਦਾ ਹੈ।
ਉਹ ਬੇਕਾਰ ਦੇ ਸੁਪਨਿਆਂ ਬਾਰੇ ਗੱਲਾਂ ਕਰਦੇ ਹਨ
ਅਤੇ ਉਹ ਝੂਠੀ ਤਸੱਲੀ ਦਿੰਦੇ ਹਨ।
ਇਸ ਕਰਕੇ ਲੋਕ ਭੇਡਾਂ ਵਾਂਗ ਭਟਕਦੇ ਫਿਰਨਗੇ।
ਉਹ ਕਸ਼ਟ ਸਹਿਣਗੇ ਕਿਉਂਕਿ ਉਨ੍ਹਾਂ ਦਾ ਕੋਈ ਚਰਵਾਹਾ ਨਹੀਂ ਹੈ।
3 ਚਰਵਾਹਿਆਂ ਉੱਤੇ ਮੇਰਾ ਗੁੱਸਾ ਭੜਕਿਆ ਹੈ
ਅਤੇ ਅਤਿਆਚਾਰੀ ਆਗੂਆਂ* ਤੋਂ ਮੈਂ ਲੇਖਾ ਲਵਾਂਗਾ;
ਸੈਨਾਵਾਂ ਦੇ ਯਹੋਵਾਹ ਨੇ ਆਪਣੇ ਝੁੰਡ, ਹਾਂ, ਯਹੂਦਾਹ ਦੇ ਘਰਾਣੇ ਵੱਲ ਧਿਆਨ ਦਿੱਤਾ ਹੈ+
ਅਤੇ ਉਨ੍ਹਾਂ ਨੂੰ ਅਜਿਹੀ ਸ਼ਾਨ ਦਿੱਤੀ ਹੈ ਜਿਸ ਤਰ੍ਹਾਂ ਦੀ ਉਸ ਦੇ ਯੁੱਧ ਦੇ ਘੋੜੇ ਦੀ ਹੈ।
4 ਉਸ ਤੋਂ ਇਕ ਆਗੂ* ਆਵੇਗਾ,
ਉਸ ਤੋਂ ਮਦਦ ਕਰਨ ਵਾਲਾ ਹਾਕਮ* ਆਵੇਗਾ,
ਉਸ ਤੋਂ ਯੁੱਧ ਦੀ ਕਮਾਨ ਆਵੇਗੀ;
ਉਸ ਤੋਂ ਹਰ ਨਿਗਾਹਬਾਨ* ਆਵੇਗਾ,
ਉਹ ਸਾਰੇ ਦੇ ਸਾਰੇ ਇਕੱਠੇ ਆਉਣਗੇ।
5 ਉਹ ਯੋਧਿਆਂ ਵਰਗੇ ਬਣ ਜਾਣਗੇ
ਜੋ ਯੁੱਧ ਵਿਚ ਗਲੀਆਂ ਦੇ ਚਿੱਕੜ ਨੂੰ ਮਿੱਧਣਗੇ;
ਉਹ ਯੁੱਧ ਲੜਨਗੇ ਕਿਉਂਕਿ ਯਹੋਵਾਹ ਉਨ੍ਹਾਂ ਦੇ ਨਾਲ ਹੈ;+
ਅਤੇ ਘੋੜਸਵਾਰਾਂ ਨੂੰ ਸ਼ਰਮਿੰਦਾ ਕੀਤਾ ਜਾਵੇਗਾ।+
6 ਮੈਂ ਯਹੂਦਾਹ ਦੇ ਘਰਾਣੇ ਨੂੰ ਸ਼ਕਤੀਸ਼ਾਲੀ ਬਣਾਵਾਂਗਾ
ਅਤੇ ਮੈਂ ਯੂਸੁਫ਼ ਦੇ ਘਰਾਣੇ ਨੂੰ ਬਚਾਵਾਂਗਾ।+
ਮੈਂ ਉਨ੍ਹਾਂ ਨੂੰ ਮੋੜ ਲਿਆਵਾਂਗਾ,
ਮੈਂ ਉਨ੍ਹਾਂ ʼਤੇ ਰਹਿਮ ਕਰਾਂਗਾ;+
ਉਹ ਇਸ ਤਰ੍ਹਾਂ ਹੋਣਗੇ ਜਿਵੇਂ ਮੈਂ ਉਨ੍ਹਾਂ ਨੂੰ ਕਦੇ ਤਿਆਗਿਆ ਹੀ ਨਹੀਂ ਸੀ;+
ਮੈਂ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹਾਂ ਅਤੇ ਮੈਂ ਉਨ੍ਹਾਂ ਨੂੰ ਉੱਤਰ ਦੇਵਾਂਗਾ।
7 ਇਫ਼ਰਾਈਮ ਦੇ ਲੋਕ ਤਾਕਤਵਰ ਯੋਧੇ ਵਾਂਗ ਹੋਣਗੇ
ਅਤੇ ਉਨ੍ਹਾਂ ਦਾ ਦਿਲ ਖ਼ੁਸ਼ ਹੋਵੇਗਾ ਜਿਵੇਂ ਦਾਖਰਸ ਪੀਣ ਨਾਲ ਹੁੰਦਾ ਹੈ।+
ਉਨ੍ਹਾਂ ਦੇ ਪੁੱਤਰ ਇਹ ਦੇਖਣਗੇ ਤੇ ਖ਼ੁਸ਼ ਹੋਣਗੇ;
ਉਨ੍ਹਾਂ ਦੇ ਦਿਲ ਯਹੋਵਾਹ ਵਿਚ ਬਾਗ਼-ਬਾਗ਼ ਹੋਣਗੇ।+
8 ‘ਮੈਂ ਸੀਟੀ ਵਜਾ ਕੇ ਉਨ੍ਹਾਂ ਨੂੰ ਇਕੱਠੇ ਕਰਾਂਗਾ;
ਮੈਂ ਉਨ੍ਹਾਂ ਨੂੰ ਛੁਡਾਵਾਂਗਾ+ ਅਤੇ ਉਨ੍ਹਾਂ ਦੀ ਗਿਣਤੀ ਬਹੁਤ ਵਧੇਗੀ
ਅਤੇ ਬਹੁਤਾਤ ਵਿਚ ਰਹੇਗੀ।
9 ਭਾਵੇਂ ਉਨ੍ਹਾਂ ਨੂੰ ਮੈਂ ਲੋਕਾਂ ਵਿਚ ਬੀ ਵਾਂਗ ਖਿਲਾਰਦਾ ਹਾਂ,
ਫਿਰ ਵੀ ਉਹ ਦੂਰ-ਦੂਰ ਦੀਆਂ ਥਾਵਾਂ ʼਤੇ ਮੈਨੂੰ ਯਾਦ ਕਰਨਗੇ;
ਉਨ੍ਹਾਂ ਵਿਚ ਤੇ ਉਨ੍ਹਾਂ ਦੇ ਪੁੱਤਰਾਂ ਵਿਚ ਨਵੀਂ ਜਾਨ ਪੈ ਜਾਵੇਗੀ ਤੇ ਉਹ ਵਾਪਸ ਮੁੜਨਗੇ।
10 ਮੈਂ ਉਨ੍ਹਾਂ ਨੂੰ ਮਿਸਰ ਤੋਂ ਮੋੜ ਲਿਆਵਾਂਗਾ
ਅਤੇ ਉਨ੍ਹਾਂ ਨੂੰ ਅੱਸ਼ੂਰ ਦੇਸ਼ ਤੋਂ ਇਕੱਠਾ ਕਰਾਂਗਾ;+
ਮੈਂ ਉਨ੍ਹਾਂ ਨੂੰ ਗਿਲਆਦ+ ਅਤੇ ਲਬਾਨੋਨ ਲੈ ਆਵਾਂਗਾ
ਅਤੇ ਉਨ੍ਹਾਂ ਸਾਰੇ ਲੋਕਾਂ ਦੇ ਰਹਿਣ ਲਈ ਜਗ੍ਹਾ ਕਾਫ਼ੀ ਨਹੀਂ ਹੋਵੇਗੀ।+
11 ਉਹ ਸਮੁੰਦਰ ਵਿੱਚੋਂ ਲੰਘ ਕੇ ਉਸ ਵਿਚ ਹਲਚਲ ਮਚਾ ਦੇਵੇਗਾ;
ਅਤੇ ਸਮੁੰਦਰ ਦੀਆਂ ਲਹਿਰਾਂ ਨੂੰ ਮਾਰੇਗਾ;+
ਸਾਰਾ ਨੀਲ ਦਰਿਆ ਸੁੱਕ ਜਾਵੇਗਾ।
ਅੱਸ਼ੂਰ ਦਾ ਘਮੰਡ ਤੋੜਿਆ ਜਾਵੇਗਾ
ਅਤੇ ਮਿਸਰ ਦਾ ਰਾਜ-ਡੰਡਾ ਉਸ ਤੋਂ ਲੈ ਲਿਆ ਜਾਵੇਗਾ।+
11 “ਹੇ ਲਬਾਨੋਨ, ਆਪਣੇ ਦਰਵਾਜ਼ੇ ਖੋਲ੍ਹ
ਤਾਂਕਿ ਅੱਗ ਤੇਰੇ ਦਿਆਰਾਂ ਨੂੰ ਭਸਮ ਕਰ ਦੇਵੇ।
2 ਹੇ ਸਨੋਬਰ ਦੇ ਦਰਖ਼ਤ, ਕੀਰਨੇ ਪਾ ਕਿਉਂਕਿ ਦਿਆਰ ਡਿਗ ਗਿਆ ਹੈ;
ਵੱਡੇ-ਵੱਡੇ ਦਰਖ਼ਤ ਨਸ਼ਟ ਹੋ ਗਏ ਹਨ!
ਹੇ ਬਾਸ਼ਾਨ ਦੇ ਬਲੂਤੋ, ਵੈਣ ਪਾਓ
ਕਿਉਂਕਿ ਸੰਘਣਾ ਜੰਗਲ ਤਬਾਹ ਹੋ ਗਿਆ ਹੈ!
3 ਚਰਵਾਹਿਆਂ ਦੇ ਕੀਰਨੇ ਸੁਣੋ
ਕਿਉਂਕਿ ਉਨ੍ਹਾਂ ਦੀ ਸ਼ਾਨ ਮਿਟ ਗਈ ਹੈ।
ਜਵਾਨ ਸ਼ੇਰਾਂ ਦੇ ਗਰਜਣ ਦੀ ਆਵਾਜ਼ ਸੁਣੋ
ਕਿਉਂਕਿ ਯਰਦਨ ਕਿਨਾਰੇ ਦੀਆਂ ਸੰਘਣੀਆਂ ਝਾੜੀਆਂ ਨਸ਼ਟ ਹੋ ਗਈਆਂ ਹਨ।
4 “ਮੇਰਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਵੱਢੇ ਜਾਣ ਵਾਲੇ ਝੁੰਡ ਦੀ ਚਰਵਾਹੀ ਕਰ+ 5 ਜਿਸ ਨੂੰ ਖ਼ਰੀਦਣ ਵਾਲੇ ਵੱਢ ਦਿੰਦੇ ਹਨ,+ ਪਰ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਂਦਾ। ਅਤੇ ਵੇਚਣ ਵਾਲੇ+ ਕਹਿੰਦੇ ਹਨ, “ਯਹੋਵਾਹ ਦੀ ਮਹਿਮਾ ਹੋਵੇ ਕਿਉਂਕਿ ਮੈਂ ਮਾਲਾਮਾਲ ਹੋ ਜਾਵਾਂਗਾ।” ਭੇਡਾਂ ਦੇ ਚਰਵਾਹਿਆਂ ਨੂੰ ਉਨ੍ਹਾਂ ʼਤੇ ਜ਼ਰਾ ਵੀ ਤਰਸ ਨਹੀਂ ਆਉਂਦਾ।’+
6 “‘ਮੈਂ ਹੁਣ ਤੋਂ ਦੇਸ਼ ਦੇ ਵਾਸੀਆਂ ʼਤੇ ਤਰਸ ਨਹੀਂ ਕਰਾਂਗਾ,’ ਯਹੋਵਾਹ ਕਹਿੰਦਾ ਹੈ। ‘ਇਸ ਲਈ ਮੈਂ ਹਰੇਕ ਆਦਮੀ ਨੂੰ ਉਸ ਦੇ ਗੁਆਂਢੀ ਅਤੇ ਉਸ ਦੇ ਰਾਜੇ ਦੇ ਹਵਾਲੇ ਕਰ ਦੇਵਾਂਗਾ; ਅਤੇ ਉਹ ਦੇਸ਼ ਨੂੰ ਤਬਾਹ ਕਰ ਦੇਣਗੇ ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਹੱਥੋਂ ਨਹੀਂ ਛੁਡਾਵਾਂਗਾ।’”
7 ਹੇ ਸਤਾਈ ਹੋਈਓ ਭੇਡੋ, ਤੁਹਾਡੀ ਖ਼ਾਤਰ ਮੈਂ ਵੱਢੇ ਜਾਣ ਵਾਲੇ ਝੁੰਡ ਦੀ ਚਰਵਾਹੀ ਕਰਨ ਲੱਗ ਪਿਆ।+ ਮੈਂ ਦੋ ਲਾਠੀਆਂ ਲਈਆਂ ਅਤੇ ਮੈਂ ਇਕ ਦਾ ਨਾਂ “ਮਿਹਰ” ਰੱਖਿਆ ਤੇ ਦੂਜੀ ਦਾ ਨਾਂ “ਏਕਤਾ” ਰੱਖਿਆ+ ਅਤੇ ਮੈਂ ਝੁੰਡ ਦੀ ਚਰਵਾਹੀ ਕਰਨ ਲੱਗ ਪਿਆ। 8 ਮੈਂ ਇੱਕੋ ਮਹੀਨੇ ਵਿਚ ਤਿੰਨ ਚਰਵਾਹੇ ਕੱਢ ਦਿੱਤੇ ਕਿਉਂਕਿ ਮੈਂ ਉਨ੍ਹਾਂ ਤੋਂ ਖਿਝ ਗਿਆ ਸੀ ਅਤੇ ਉਹ ਵੀ ਮੇਰੇ ਨਾਲ ਨਫ਼ਰਤ ਕਰਦੇ ਸਨ। 9 ਮੈਂ ਕਿਹਾ: “ਮੈਂ ਅੱਗੇ ਤੋਂ ਤੁਹਾਡੀ ਚਰਵਾਹੀ ਨਹੀਂ ਕਰਾਂਗਾ। ਜਿਹੜਾ ਮਰਦਾ ਹੈ, ਮਰੀ ਜਾਵੇ ਅਤੇ ਜਿਹੜਾ ਨਾਸ਼ ਹੁੰਦਾ ਹੈ, ਨਾਸ਼ ਹੋਈ ਜਾਵੇ। ਜਿਹੜੇ ਬਚ ਜਾਣ, ਉਹ ਇਕ-ਦੂਜੇ ਦਾ ਮਾਸ ਖਾਣ।” 10 ਫਿਰ ਮੈਂ “ਮਿਹਰ” ਨਾਂ ਦੀ ਆਪਣੀ ਲਾਠੀ ਲਈ+ ਤੇ ਉਸ ਨੂੰ ਤੋੜ ਦਿੱਤਾ। ਇਸ ਤਰ੍ਹਾਂ ਮੈਂ ਸਾਰੇ ਲੋਕਾਂ ਨਾਲ ਕੀਤਾ ਆਪਣਾ ਇਕਰਾਰ ਤੋੜ ਦਿੱਤਾ। 11 ਇਹ ਉਸੇ ਦਿਨ ਤੋੜ ਦਿੱਤਾ ਗਿਆ ਅਤੇ ਝੁੰਡ ਦੀਆਂ ਸਤਾਈਆਂ ਹੋਈਆਂ ਭੇਡਾਂ ਨੇ ਮੈਨੂੰ ਇਹ ਕਰਦਿਆਂ ਦੇਖਿਆ ਤੇ ਉਹ ਜਾਣ ਗਈਆਂ ਕਿ ਇਹ ਯਹੋਵਾਹ ਵੱਲੋਂ ਸੰਦੇਸ਼ ਸੀ।
12 ਫਿਰ ਮੈਂ ਉਨ੍ਹਾਂ ਨੂੰ ਕਿਹਾ: “ਜੇ ਤੁਹਾਨੂੰ ਚੰਗਾ ਲੱਗੇ, ਤਾਂ ਮੇਰੀ ਮਜ਼ਦੂਰੀ ਦੇ ਦਿਓ; ਪਰ ਜੇ ਨਹੀਂ, ਤਾਂ ਨਾ ਸਹੀ।” ਤਦ ਉਨ੍ਹਾਂ ਨੇ ਮਜ਼ਦੂਰੀ ਵਜੋਂ ਮੈਨੂੰ ਚਾਂਦੀ ਦੇ 30 ਟੁਕੜੇ ਦੇ ਦਿੱਤੇ।*+
13 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਬਹੁਤ ਵੱਡਾ ਮੁੱਲ ਪਾਇਆ ਉਨ੍ਹਾਂ ਨੇ ਮੇਰਾ!+ ਜਾਹ ਇਸ ਨੂੰ ਖ਼ਜ਼ਾਨੇ ਵਿਚ ਸੁੱਟ ਆ।” ਇਸ ਲਈ ਮੈਂ ਚਾਂਦੀ ਦੇ 30 ਟੁਕੜੇ ਲਏ ਅਤੇ ਇਨ੍ਹਾਂ ਨੂੰ ਯਹੋਵਾਹ ਦੇ ਘਰ ਦੇ ਖ਼ਜ਼ਾਨੇ ਵਿਚ ਸੁੱਟ ਦਿੱਤਾ।+
14 ਫਿਰ ਮੈਂ ਆਪਣੀ ਦੂਜੀ ਲਾਠੀ “ਏਕਤਾ”+ ਨੂੰ ਤੋੜ ਦਿੱਤਾ। ਇਸ ਤਰ੍ਹਾਂ ਮੈਂ ਯਹੂਦਾਹ ਅਤੇ ਇਜ਼ਰਾਈਲ ਵਿਚਲੇ ਭਾਈਚਾਰੇ ਨੂੰ ਤੋੜ ਦਿੱਤਾ।+
15 ਯਹੋਵਾਹ ਨੇ ਮੈਨੂੰ ਕਿਹਾ: “ਹੁਣ ਤੂੰ ਨਿਕੰਮੇ ਚਰਵਾਹੇ ਕੋਲੋਂ ਉਸ ਦਾ ਸਾਮਾਨ ਲੈ।+ 16 ਕਿਉਂਕਿ ਮੈਂ ਦੇਸ਼ ਵਿਚ ਇਕ ਚਰਵਾਹਾ ਖੜ੍ਹਾ ਹੋਣ ਦੇਵਾਂਗਾ। ਉਹ ਨਾਸ਼ ਹੋ ਰਹੀਆਂ ਭੇਡਾਂ ਦੀ ਦੇਖ-ਭਾਲ ਨਹੀਂ ਕਰੇਗਾ;+ ਉਹ ਨਿੱਕੀਆਂ ਭੇਡਾਂ ਨੂੰ ਨਹੀਂ ਭਾਲੇਗਾ, ਨਾ ਜ਼ਖ਼ਮੀਆਂ ਦੀ ਮਲ੍ਹਮ-ਪੱਟੀ ਕਰੇਗਾ+ ਤੇ ਨਾ ਹੀ ਤੰਦਰੁਸਤ ਭੇਡਾਂ ਨੂੰ ਚਾਰੇਗਾ। ਇਸ ਦੀ ਬਜਾਇ, ਉਹ ਮੋਟੀਆਂ ਭੇਡਾਂ ਦਾ ਮਾਸ ਨਿਗਲ਼ ਜਾਵੇਗਾ+ ਅਤੇ ਭੇਡਾਂ ਦੇ ਖੁਰਾਂ ਨੂੰ ਉਖਾੜ ਸੁੱਟੇਗਾ।+
17 ਹਾਇ ਮੇਰੇ ਨਿਕੰਮੇ ਚਰਵਾਹੇ ʼਤੇ,+ ਜੋ ਝੁੰਡ ਨੂੰ ਬੇਸਹਾਰਾ ਛੱਡ ਦਿੰਦਾ ਹੈ!+
ਉਸ ਦੀ ਬਾਂਹ ਅਤੇ ਉਸ ਦੀ ਸੱਜੀ ਅੱਖ ਉੱਤੇ ਤਲਵਾਰ ਦਾ ਵਾਰ ਹੋਵੇਗਾ।
ਉਸ ਦੀ ਬਾਂਹ ਪੂਰੀ ਤਰ੍ਹਾਂ ਸੁੱਕ ਜਾਵੇਗੀ
ਅਤੇ ਉਸ ਦੀ ਸੱਜੀ ਅੱਖ ਪੂਰੀ ਤਰ੍ਹਾਂ ਅੰਨ੍ਹੀ* ਹੋ ਜਾਵੇਗੀ।”
12 ਇਕ ਗੰਭੀਰ ਸੰਦੇਸ਼:
“ਇਜ਼ਰਾਈਲ ਬਾਰੇ ਯਹੋਵਾਹ ਦਾ ਸੰਦੇਸ਼।”
ਯਹੋਵਾਹ ਨੇ ਆਕਾਸ਼ ਨੂੰ ਤਾਣਿਆ ਹੈ,+
ਉਸ ਨੇ ਧਰਤੀ ਦੀ ਨੀਂਹ ਰੱਖੀ ਹੈ+
ਅਤੇ ਇਨਸਾਨ ਵਿਚ ਸਾਹ ਪਾਇਆ ਹੈ, ਉਹ ਐਲਾਨ ਕਰਦਾ ਹੈ:
2 “ਮੈਂ ਯਰੂਸ਼ਲਮ ਨੂੰ ਪਿਆਲਾ* ਬਣਾਵਾਂਗਾ ਜਿਸ ਵਿੱਚੋਂ ਪੀ ਕੇ ਆਲੇ-ਦੁਆਲੇ ਦੇ ਸਾਰੇ ਲੋਕ ਲੜਖੜਾਉਣਗੇ; ਅਤੇ ਯਹੂਦਾਹ ਤੇ ਯਰੂਸ਼ਲਮ ਨੂੰ ਘੇਰਾ ਪਾਇਆ ਜਾਵੇਗਾ।+ 3 ਉਸ ਦਿਨ ਮੈਂ ਯਰੂਸ਼ਲਮ ਨੂੰ ਸਾਰੇ ਲੋਕਾਂ ਲਈ ਇਕ ਭਾਰਾ ਪੱਥਰ ਬਣਾਵਾਂਗਾ। ਜਿਹੜੇ ਵੀ ਲੋਕ ਉਸ ਨੂੰ ਚੁੱਕਣਗੇ, ਉਹ ਸਾਰੇ ਬੁਰੀ ਤਰ੍ਹਾਂ ਜ਼ਖ਼ਮੀ ਹੋਣਗੇ;+ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਖ਼ਿਲਾਫ਼ ਇਕੱਠੀਆਂ ਹੋਣਗੀਆਂ।+ 4 ਉਸ ਦਿਨ,” ਯਹੋਵਾਹ ਕਹਿੰਦਾ ਹੈ, “ਮੈਂ ਘੋੜਿਆਂ ਵਿਚ ਹਫੜਾ-ਦਫੜੀ ਮਚਾ ਦੇਵਾਂਗਾ ਅਤੇ ਇਨ੍ਹਾਂ ਦੇ ਸਵਾਰਾਂ ਨੂੰ ਪਾਗਲ ਕਰ ਦੇਵਾਂਗਾ। ਮੈਂ ਆਪਣੀਆਂ ਨਜ਼ਰਾਂ ਯਹੂਦਾਹ ਦੇ ਘਰਾਣੇ ਉੱਤੇ ਰੱਖਾਂਗਾ, ਪਰ ਮੈਂ ਕੌਮਾਂ ਦੇ ਹਰ ਘੋੜੇ ਨੂੰ ਅੰਨ੍ਹਾ ਕਰ ਦੇਵਾਂਗਾ। 5 ਯਹੂਦਾਹ ਦੇ ਸ਼ੇਖ਼* ਆਪਣੇ ਦਿਲ ਵਿਚ ਕਹਿਣਗੇ, ‘ਯਰੂਸ਼ਲਮ ਦੇ ਵਾਸੀ ਆਪਣੇ ਪਰਮੇਸ਼ੁਰ, ਸੈਨਾਵਾਂ ਦੇ ਯਹੋਵਾਹ ਕਰਕੇ ਮੇਰੀ ਤਾਕਤ ਹਨ।’+ 6 ਉਸ ਦਿਨ ਮੈਂ ਯਹੂਦਾਹ ਦੇ ਸ਼ੇਖ਼ਾਂ ਨੂੰ ਲੱਕੜਾਂ ਵਿਚਕਾਰ ਬਲ਼ਦੀ ਅੰਗੀਠੀ ਵਾਂਗ ਅਤੇ ਫ਼ਸਲ ਦੀਆਂ ਭਰੀਆਂ ਵਿਚਕਾਰ ਬਲ਼ਦੀ ਮਸ਼ਾਲ ਵਾਂਗ ਬਣਾਵਾਂਗਾ।+ ਉਹ ਸੱਜੇ ਅਤੇ ਖੱਬੇ ਪਾਸੇ ਦੇ ਸਾਰੇ ਲੋਕਾਂ ਨੂੰ ਭਸਮ ਕਰ ਦੇਣਗੇ;+ ਅਤੇ ਯਰੂਸ਼ਲਮ ਦੇ ਵਾਸੀ ਦੁਬਾਰਾ ਆਪਣੀ ਜਗ੍ਹਾ,* ਹਾਂ, ਯਰੂਸ਼ਲਮ ਵਿਚ ਵੱਸਣਗੇ।+
7 “ਯਹੋਵਾਹ ਪਹਿਲਾਂ ਯਹੂਦਾਹ ਦੇ ਤੰਬੂਆਂ ਨੂੰ ਬਚਾਏਗਾ ਤਾਂਕਿ ਦਾਊਦ ਦੇ ਘਰਾਣੇ ਦੀ ਸ਼ਾਨ ਅਤੇ ਯਰੂਸ਼ਲਮ ਦੇ ਵਾਸੀਆਂ ਦੀ ਸ਼ਾਨ ਯਹੂਦਾਹ ਨਾਲੋਂ ਜ਼ਿਆਦਾ ਨਾ ਹੋਵੇ। 8 ਉਸ ਦਿਨ ਯਹੋਵਾਹ ਢਾਲ ਵਾਂਗ ਯਰੂਸ਼ਲਮ ਦੇ ਵਾਸੀਆਂ ਦੀ ਰਾਖੀ ਕਰੇਗਾ;+ ਉਸ ਦਿਨ ਉਨ੍ਹਾਂ ਵਿੱਚੋਂ ਠੋਕਰ ਖਾਣ ਵਾਲਾ* ਦਾਊਦ ਵਰਗਾ ਅਤੇ ਦਾਊਦ ਦਾ ਘਰਾਣਾ ਪਰਮੇਸ਼ੁਰ ਵਰਗਾ, ਹਾਂ, ਯਹੋਵਾਹ ਦੇ ਦੂਤ ਵਰਗਾ ਹੋਵੇਗਾ ਜੋ ਉਨ੍ਹਾਂ ਦੇ ਅੱਗੇ-ਅੱਗੇ ਜਾਂਦਾ ਹੈ।+ 9 ਉਸ ਦਿਨ ਮੈਂ ਯਰੂਸ਼ਲਮ ਖ਼ਿਲਾਫ਼ ਆਉਣ ਵਾਲੀਆਂ ਸਾਰੀਆਂ ਕੌਮਾਂ ਨੂੰ ਨਾਸ਼ ਕਰ ਕੇ ਹੀ ਰਹਾਂਗਾ।+
10 “ਮੈਂ ਦਾਊਦ ਦੇ ਘਰਾਣੇ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ ਮਿਹਰ ਕਰ ਕੇ ਆਪਣੀ ਪਵਿੱਤਰ ਸ਼ਕਤੀ ਪਾਵਾਂਗਾ ਅਤੇ ਲੋਕ ਮੇਰੇ ਅੱਗੇ ਬੇਨਤੀਆਂ ਕਰਨਗੇ। ਉਹ ਉਸ ਨੂੰ ਦੇਖਣਗੇ ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ ਹੈ+ ਅਤੇ ਉਹ ਉਸ ʼਤੇ ਕੀਰਨੇ ਪਾਉਣਗੇ ਜਿਵੇਂ ਕਿ ਉਹ ਇਕਲੌਤੇ ਪੁੱਤਰ ਦੀ ਮੌਤ ʼਤੇ ਕੀਰਨੇ ਪਾ ਰਹੇ ਹੋਣ; ਅਤੇ ਉਹ ਉਸ ਲਈ ਰੋਣ-ਕੁਰਲਾਉਣਗੇ ਜਿਵੇਂ ਕਿ ਉਹ ਜੇਠੇ ਪੁੱਤਰ ਦੀ ਮੌਤ ʼਤੇ ਰੋਂਦੇ-ਕੁਰਲਾਉਂਦੇ ਹੋਣ। 11 ਉਸ ਦਿਨ ਯਰੂਸ਼ਲਮ ਵਿਚ ਇੰਨੇ ਵੈਣ ਪਾਏ ਜਾਣਗੇ ਜਿੰਨੇ ਮਗਿੱਦੋ ਦੇ ਮੈਦਾਨੀ ਇਲਾਕੇ ਹਦਦਰਿੰਮੋਨ ਵਿਚ ਪਾਏ ਗਏ ਸਨ।+ 12 ਸਾਰਾ ਦੇਸ਼ ਵੈਣ ਪਾਵੇਗਾ, ਹਰ ਪਰਿਵਾਰ ਅਲੱਗ-ਅਲੱਗ ਰੋਵੇਗਾ; ਦਾਊਦ ਦਾ ਘਰਾਣਾ ਅਲੱਗ ਅਤੇ ਉਨ੍ਹਾਂ ਦੀਆਂ ਤੀਵੀਆਂ ਅਲੱਗ; ਨਾਥਾਨ ਦਾ ਘਰਾਣਾ+ ਅਲੱਗ ਅਤੇ ਉਨ੍ਹਾਂ ਦੀਆਂ ਤੀਵੀਆਂ ਅਲੱਗ; 13 ਲੇਵੀ ਦਾ ਘਰਾਣਾ+ ਅਲੱਗ ਅਤੇ ਉਨ੍ਹਾਂ ਦੀਆਂ ਤੀਵੀਆਂ ਅਲੱਗ; ਸ਼ਿਮਈ ਦਾ ਪਰਿਵਾਰ+ ਅਲੱਗ ਤੇ ਉਨ੍ਹਾਂ ਦੀਆਂ ਤੀਵੀਆਂ ਅਲੱਗ; 14 ਅਤੇ ਬਾਕੀ ਸਾਰੇ ਪਰਿਵਾਰ ਅਲੱਗ ਤੇ ਉਨ੍ਹਾਂ ਦੀਆਂ ਤੀਵੀਆਂ ਅਲੱਗ ਰੋਣ-ਕੁਰਲਾਉਣਗੀਆਂ।
13 “ਉਸ ਦਿਨ ਦਾਊਦ ਦੇ ਘਰਾਣੇ ਅਤੇ ਯਰੂਸ਼ਲਮ ਦੇ ਵਾਸੀਆਂ ਲਈ ਇਕ ਖੂਹ ਪੁੱਟਿਆ ਜਾਵੇਗਾ ਤਾਂਕਿ ਉਹ ਆਪਣੇ ਪਾਪ ਤੇ ਅਸ਼ੁੱਧਤਾ ਨੂੰ ਧੋ ਸਕਣ।+
2 “ਉਸ ਦਿਨ” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਮੈਂ ਦੇਸ਼ ਵਿੱਚੋਂ ਬੁੱਤਾਂ ਦੇ ਨਾਂ ਮਿਟਾ ਦੇਵਾਂਗਾ+ ਅਤੇ ਉਨ੍ਹਾਂ ਨੂੰ ਫਿਰ ਕਦੇ ਚੇਤੇ ਨਹੀਂ ਕੀਤਾ ਜਾਵੇਗਾ; ਮੈਂ ਦੇਸ਼ ਵਿੱਚੋਂ ਨਬੀਆਂ ਅਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵਾਂਗਾ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਸ਼ੁੱਧ ਕੰਮ ਕਰਨ ਦੀ ਹੱਲਾਸ਼ੇਰੀ ਦਿੰਦੇ ਹਨ।+ 3 ਜੇ ਕੋਈ ਆਦਮੀ ਦੁਬਾਰਾ ਭਵਿੱਖਬਾਣੀ ਕਰੇਗਾ, ਤਾਂ ਉਸ ਦੇ ਮਾਤਾ-ਪਿਤਾ, ਜਿਨ੍ਹਾਂ ਨੇ ਉਸ ਨੂੰ ਜਨਮ ਦਿੱਤਾ, ਉਸ ਨੂੰ ਕਹਿਣਗੇ, ‘ਤੂੰ ਜੀਉਂਦਾ ਨਹੀਂ ਰਹੇਂਗਾ ਕਿਉਂਕਿ ਤੂੰ ਯਹੋਵਾਹ ਦਾ ਨਾਂ ਲੈ ਕੇ ਝੂਠੀਆਂ ਗੱਲਾਂ ਕਹੀਆਂ ਹਨ।’ ਅਤੇ ਉਸ ਦੇ ਮਾਤਾ-ਪਿਤਾ, ਜਿਨ੍ਹਾਂ ਨੇ ਉਸ ਨੂੰ ਜਨਮ ਦਿੱਤਾ, ਉਸ ਦੇ ਭਵਿੱਖਬਾਣੀ ਕਰਨ ਕਰਕੇ ਉਸ ਨੂੰ ਵਿੰਨ੍ਹ ਦੇਣਗੇ।+
4 “ਉਸ ਦਿਨ ਹਰ ਨਬੀ ਜਦੋਂ ਵੀ ਭਵਿੱਖਬਾਣੀ ਕਰੇਗਾ, ਉਹ ਦਰਸ਼ਣ ਦੱਸਦੇ ਸਮੇਂ ਸ਼ਰਮਿੰਦਾ ਹੋਵੇਗਾ; ਉਹ ਧੋਖਾ ਦੇਣ ਲਈ ਵਾਲ਼ਾਂ ਦਾ ਬਣਿਆ ਚੋਗਾ* ਨਹੀਂ ਪਾਉਣਗੇ।+ 5 ਅਤੇ ਉਹ ਕਹੇਗਾ, ‘ਮੈਂ ਨਬੀ ਨਹੀਂ ਹਾਂ। ਮੈਂ ਤਾਂ ਜ਼ਮੀਨ ਵਾਹੁਣ ਵਾਲਾ ਆਦਮੀ ਹਾਂ ਕਿਉਂਕਿ ਮੈਨੂੰ ਛੋਟੇ ਹੁੰਦੇ ਨੂੰ ਇਕ ਆਦਮੀ ਨੇ ਖ਼ਰੀਦ ਲਿਆ ਸੀ।’ 6 ਅਤੇ ਜੇ ਕੋਈ ਉਸ ਨੂੰ ਪੁੱਛੇ, ‘ਤੇਰੇ ਮੋਢਿਆਂ ਵਿਚਕਾਰ* ਇਹ ਜ਼ਖ਼ਮ ਕੀ ਹਨ?’ ਤਾਂ ਉਹ ਜਵਾਬ ਦੇਵੇਗਾ, ‘ਇਹ ਉਹ ਜ਼ਖ਼ਮ ਹਨ ਜੋ ਮੈਨੂੰ ਆਪਣੇ ਦੋਸਤਾਂ* ਦੇ ਘਰ ਵਿਚ ਮਿਲੇ।’”
7 “ਹੇ ਤਲਵਾਰ, ਮੇਰੇ ਚਰਵਾਹੇ ਖ਼ਿਲਾਫ਼ ਉੱਠ,+
ਉਸ ਆਦਮੀ ਖ਼ਿਲਾਫ਼ ਜੋ ਮੇਰਾ ਸਾਥੀ ਹੈ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
8 “ਸਾਰੇ ਦੇਸ਼ ਵਿਚ,” ਯਹੋਵਾਹ ਕਹਿੰਦਾ ਹੈ,
“ਦੋ-ਤਿਹਾਈ ਲੋਕ ਵੱਢੇ ਜਾਣਗੇ ਤੇ ਨਾਸ਼ ਹੋ ਜਾਣਗੇ;
ਅਤੇ ਇਕ-ਤਿਹਾਈ ਲੋਕਾਂ ਨੂੰ ਇਸ ਵਿਚ ਛੱਡ ਦਿੱਤਾ ਜਾਵੇਗਾ।
9 ਫਿਰ ਮੈਂ ਇਕ-ਤਿਹਾਈ ਲੋਕਾਂ ਨੂੰ ਅੱਗ ਵਿਚ ਤਾਵਾਂਗਾ;
ਮੈਂ ਉਨ੍ਹਾਂ ਨੂੰ ਚਾਂਦੀ ਵਾਂਗ ਸ਼ੁੱਧ ਕਰਾਂਗਾ
ਅਤੇ ਸੋਨੇ ਵਾਂਗ ਪਰਖਾਂਗਾ।+
ਉਹ ਮੇਰਾ ਨਾਂ ਲੈ ਕੇ ਮੈਨੂੰ ਪੁਕਾਰਨਗੇ
ਅਤੇ ਮੈਂ ਉਨ੍ਹਾਂ ਨੂੰ ਜਵਾਬ ਦੇਵਾਂਗਾ।
ਮੈਂ ਕਹਾਂਗਾ, ‘ਇਹ ਮੇਰੇ ਲੋਕ ਹਨ’+
ਅਤੇ ਉਹ ਕਹਿਣਗੇ, ‘ਯਹੋਵਾਹ ਸਾਡਾ ਪਰਮੇਸ਼ੁਰ ਹੈ।’”
14 “ਦੇਖ! ਉਹ ਦਿਨ ਆ ਰਿਹਾ ਹੈ, ਹਾਂ ਯਹੋਵਾਹ ਦਾ ਦਿਨ, ਜਦੋਂ ਤੇਰੇ ਤੋਂ ਲੁੱਟੇ ਮਾਲ ਨੂੰ ਤੇਰੇ* ਵਿਚਕਾਰ ਹੀ ਉਹ ਆਪਸ ਵਿਚ ਵੰਡ ਲੈਣਗੇ। 2 ਮੈਂ ਸਾਰੀਆਂ ਕੌਮਾਂ ਨੂੰ ਯਰੂਸ਼ਲਮ ਖ਼ਿਲਾਫ਼ ਯੁੱਧ ਲਈ ਇਕੱਠਾ ਕਰਾਂਗਾ; ਸ਼ਹਿਰ ਉੱਤੇ ਕਬਜ਼ਾ ਕਰ ਲਿਆ ਜਾਵੇਗਾ ਅਤੇ ਘਰ ਲੁੱਟ ਲਏ ਜਾਣਗੇ ਤੇ ਔਰਤਾਂ ਨਾਲ ਬਲਾਤਕਾਰ ਕੀਤਾ ਜਾਵੇਗਾ। ਅੱਧੇ ਸ਼ਹਿਰ ਨੂੰ ਗ਼ੁਲਾਮ ਬਣਾ ਕੇ ਲਿਜਾਇਆ ਜਾਵੇਗਾ, ਪਰ ਬਾਕੀ ਬਚੇ ਲੋਕ ਸ਼ਹਿਰ ਵਿੱਚੋਂ ਨਹੀਂ ਲਿਜਾਏ ਜਾਣਗੇ।
3 “ਯਹੋਵਾਹ ਉਨ੍ਹਾਂ ਕੌਮਾਂ ਨਾਲ ਉਸੇ ਤਰ੍ਹਾਂ ਲੜਨ ਲਈ ਜਾਵੇਗਾ+ ਜਿਵੇਂ ਉਹ ਯੁੱਧ ਦੇ ਦਿਨ ਲੜਦਾ ਹੈ।+ 4 ਉਸ ਦਿਨ ਉਹ ਜ਼ੈਤੂਨ ਦੇ ਪਹਾੜ+ ਉੱਤੇ ਪੈਰ ਰੱਖੇਗਾ ਜੋ ਯਰੂਸ਼ਲਮ ਦੇ ਪੂਰਬ ਵੱਲ ਹੈ; ਅਤੇ ਜ਼ੈਤੂਨ ਦਾ ਪਹਾੜ ਪੂਰਬ* ਤੋਂ ਲੈ ਕੇ ਪੱਛਮ* ਤਕ ਪਾਟ ਕੇ ਦੋ ਹਿੱਸੇ ਹੋ ਜਾਵੇਗਾ ਅਤੇ ਵਿਚਕਾਰ ਵੱਡੀ ਸਾਰੀ ਵਾਦੀ ਬਣ ਜਾਵੇਗੀ; ਅੱਧਾ ਪਹਾੜ ਉੱਤਰ ਵੱਲ ਨੂੰ ਅਤੇ ਅੱਧਾ ਦੱਖਣ ਵੱਲ ਨੂੰ ਖਿਸਕ ਜਾਵੇਗਾ। 5 ਤੂੰ ਮੇਰੇ ਪਹਾੜਾਂ ਦੀ ਵਾਦੀ ਵਿਚ ਭੱਜ ਜਾਵੇਂਗਾ ਕਿਉਂਕਿ ਪਹਾੜਾਂ ਦੀ ਵਾਦੀ ਆਸੇਲ ਤਕ ਫੈਲੀ ਹੋਵੇਗੀ। ਤੈਨੂੰ ਭੱਜਣਾ ਪਵੇਗਾ ਜਿਵੇਂ ਤੂੰ ਯਹੂਦਾਹ ਦੇ ਰਾਜੇ ਉਜ਼ੀਯਾਹ ਦੇ ਦਿਨਾਂ ਦੌਰਾਨ ਭੁਚਾਲ਼ ਆਉਣ ਕਰਕੇ ਭੱਜਿਆ ਸੀ।+ ਮੇਰਾ ਪਰਮੇਸ਼ੁਰ ਯਹੋਵਾਹ ਆਵੇਗਾ ਅਤੇ ਸਾਰੇ ਪਵਿੱਤਰ ਸੇਵਕ ਉਸ ਦੇ ਨਾਲ ਹੋਣਗੇ।+
6 “ਉਸ ਦਿਨ ਤੇਜ਼ ਰੌਸ਼ਨੀ ਨਹੀਂ ਹੋਵੇਗੀ+—ਚੀਜ਼ਾਂ ਜੰਮ ਜਾਣਗੀਆਂ।* 7 ਉਹ ਖ਼ਾਸ ਦਿਨ ਹੋਵੇਗਾ ਜੋ ਯਹੋਵਾਹ ਦਾ ਦਿਨ ਕਹਾਵੇਗਾ।+ ਉਹ ਨਾ ਦਿਨ ਹੋਵੇਗਾ ਤੇ ਨਾ ਹੀ ਰਾਤ; ਅਤੇ ਸ਼ਾਮ ਦੇ ਵੇਲੇ ਚਾਨਣ ਹੋਵੇਗਾ। 8 ਉਸ ਦਿਨ ਯਰੂਸ਼ਲਮ ਤੋਂ ਜ਼ਿੰਦਗੀ ਦੇਣ ਵਾਲਾ ਪਾਣੀ+ ਵਹੇਗਾ।+ ਅੱਧਾ ਪਾਣੀ ਪੂਰਬੀ ਸਮੁੰਦਰ* ਵੱਲ+ ਅਤੇ ਅੱਧਾ ਪੱਛਮੀ ਸਮੁੰਦਰ* ਵੱਲ ਵਹੇਗਾ।+ ਇਸ ਤਰ੍ਹਾਂ ਗਰਮੀਆਂ ਅਤੇ ਸਰਦੀਆਂ ਵਿਚ ਹੋਵੇਗਾ। 9 ਅਤੇ ਯਹੋਵਾਹ ਸਾਰੀ ਧਰਤੀ ਦਾ ਰਾਜਾ ਹੋਵੇਗਾ।+ ਉਸ ਦਿਨ ਸਿਰਫ਼ ਯਹੋਵਾਹ ਦੀ ਹੀ ਭਗਤੀ ਕੀਤੀ ਜਾਵੇਗੀ+ ਅਤੇ ਉਸ ਦਾ ਇੱਕੋ ਨਾਂ ਹੋਵੇਗਾ।+
10 “ਗਬਾ+ ਤੋਂ ਲੈ ਕੇ ਯਰੂਸ਼ਲਮ ਦੇ ਦੱਖਣ ਵਿਚ ਰਿੰਮੋਨ+ ਤਕ ਸਾਰਾ ਦੇਸ਼ ਅਰਾਬਾਹ+ ਵਰਗਾ ਬਣ ਜਾਵੇਗਾ; ਯਰੂਸ਼ਲਮ ਉੱਠੇਗਾ ਅਤੇ ਆਪਣੀ ਜਗ੍ਹਾ ਵੱਸੇਗਾ+—ਬਿਨਯਾਮੀਨ ਦੇ ਫਾਟਕ+ ਤੋਂ ਲੈ ਕੇ ਪਹਿਲੇ ਫਾਟਕ ਦੀ ਥਾਂ ਤਕ, ਉੱਥੋਂ ਲੈ ਕੇ ਕੋਨੇ ਵਾਲੇ ਫਾਟਕ ਤਕ ਅਤੇ ਹਨਨੇਲ ਦੇ ਬੁਰਜ+ ਤੋਂ ਲੈ ਕੇ ਰਾਜੇ ਦੇ ਅੰਗੂਰਾਂ ਦੇ ਚੁਬੱਚਿਆਂ* ਤਕ। 11 ਲੋਕ ਉਸ ਵਿਚ ਵੱਸਣਗੇ; ਅਤੇ ਉਸ ਨੂੰ ਫਿਰ ਕਦੀ ਵੀ ਨਾਸ਼ ਹੋਣ ਲਈ ਨਹੀਂ ਠਹਿਰਾਇਆ ਜਾਵੇਗਾ+ ਅਤੇ ਯਰੂਸ਼ਲਮ ਅਮਨ-ਚੈਨ ਨਾਲ ਵੱਸੇਗਾ।+
12 “ਇਹ ਉਹ ਮਹਾਂਮਾਰੀ ਹੈ ਜੋ ਯਹੋਵਾਹ ਉਨ੍ਹਾਂ ਸਾਰੇ ਲੋਕਾਂ ʼਤੇ ਲਿਆਵੇਗਾ ਜਿਹੜੇ ਯਰੂਸ਼ਲਮ ਖ਼ਿਲਾਫ਼ ਯੁੱਧ ਕਰਦੇ ਹਨ:+ ਉਨ੍ਹਾਂ ਦੇ ਸਰੀਰ ਖੜ੍ਹੇ-ਖੜ੍ਹੇ ਹੀ ਗਲ਼ ਜਾਣਗੇ, ਉਨ੍ਹਾਂ ਦੀਆਂ ਅੱਖਾਂ ਆਪਣੇ ਖੱਡਿਆਂ ਵਿਚ ਹੀ ਗਲ਼ ਜਾਣਗੀਆਂ ਤੇ ਉਨ੍ਹਾਂ ਦੀਆਂ ਜੀਭਾਂ ਉਨ੍ਹਾਂ ਦੇ ਮੂੰਹਾਂ ਵਿਚ ਹੀ ਗਲ਼ ਜਾਣਗੀਆਂ।
13 “ਉਸ ਦਿਨ ਯਹੋਵਾਹ ਉਨ੍ਹਾਂ ਵਿਚ ਗੜਬੜੀ ਫੈਲਾ ਦੇਵੇਗਾ; ਹਰ ਕੋਈ ਆਪਣੇ ਸਾਥੀ ਨੂੰ ਦਬੋਚੇਗਾ ਅਤੇ ਉਸ ਦਾ ਹੱਥ ਆਪਣੇ ਸਾਥੀ ਖ਼ਿਲਾਫ਼ ਉੱਠੇਗਾ।*+ 14 ਯਹੂਦਾਹ ਵੀ ਯਰੂਸ਼ਲਮ ਵਿਚ ਲੜੇਗਾ; ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦੀ ਧਨ-ਦੌਲਤ, ਸੋਨਾ, ਚਾਂਦੀ ਅਤੇ ਕੱਪੜੇ ਬਹੁਤਾਤ ਵਿਚ ਇਕੱਠੇ ਕੀਤੇ ਜਾਣਗੇ।+
15 “ਉਸ ਤਰ੍ਹਾਂ ਦੀ ਇਕ ਹੋਰ ਮਹਾਂਮਾਰੀ ਘੋੜਿਆਂ, ਖੱਚਰਾਂ, ਊਠਾਂ, ਗਧਿਆਂ ਅਤੇ ਉਨ੍ਹਾਂ ਡੇਰਿਆਂ ਵਿਚ ਸਾਰੇ ਜਾਨਵਰਾਂ ʼਤੇ ਆਵੇਗੀ।
16 “ਯਰੂਸ਼ਲਮ ਖ਼ਿਲਾਫ਼ ਆਉਣ ਵਾਲੀਆਂ ਸਾਰੀਆਂ ਕੌਮਾਂ ਵਿੱਚੋਂ ਜਿਹੜਾ ਬਚੇਗਾ, ਉਹ ਹਰ ਸਾਲ+ ਰਾਜੇ, ਹਾਂ, ਸੈਨਾਵਾਂ ਦੇ ਯਹੋਵਾਹ ਨੂੰ ਮੱਥਾ ਟੇਕਣ*+ ਅਤੇ ਛੱਪਰਾਂ ਦਾ ਤਿਉਹਾਰ ਮਨਾਉਣ ਜਾਵੇਗਾ।+ 17 ਪਰ ਜੇ ਧਰਤੀ ਦੇ ਪਰਿਵਾਰਾਂ ਵਿੱਚੋਂ ਕੋਈ ਜਣਾ ਰਾਜੇ, ਹਾਂ, ਸੈਨਾਵਾਂ ਦੇ ਯਹੋਵਾਹ ਨੂੰ ਮੱਥਾ ਟੇਕਣ ਲਈ ਯਰੂਸ਼ਲਮ ਨਹੀਂ ਜਾਵੇਗਾ, ਤਾਂ ਉਨ੍ਹਾਂ ਲਈ ਮੀਂਹ ਨਹੀਂ ਵਰ੍ਹੇਗਾ।+ 18 ਅਤੇ ਜੇ ਮਿਸਰ ਦਾ ਪਰਿਵਾਰ ਨਹੀਂ ਆਵੇਗਾ ਤੇ ਸ਼ਹਿਰ ਅੰਦਰ ਦਾਖ਼ਲ ਨਹੀਂ ਹੋਵੇਗਾ, ਤਾਂ ਉਨ੍ਹਾਂ ਲਈ ਵੀ ਮੀਂਹ ਨਹੀਂ ਪਵੇਗਾ। ਇਸ ਦੀ ਬਜਾਇ, ਉਨ੍ਹਾਂ ਉੱਤੇ ਵੀ ਉਹੀ ਮਹਾਂਮਾਰੀ ਆਵੇਗੀ ਜਿਹੜੀ ਮਹਾਂਮਾਰੀ ਯਹੋਵਾਹ ਉਨ੍ਹਾਂ ਕੌਮਾਂ ʼਤੇ ਲਿਆਉਂਦਾ ਹੈ ਜੋ ਛੱਪਰਾਂ ਦਾ ਤਿਉਹਾਰ ਮਨਾਉਣ ਨਹੀਂ ਆਉਂਦੀਆਂ। 19 ਇਹ ਮਿਸਰ ਦੇ ਪਾਪ ਦੀ ਸਜ਼ਾ ਅਤੇ ਉਨ੍ਹਾਂ ਸਾਰੀਆਂ ਕੌਮਾਂ ਦੇ ਪਾਪ ਦੀ ਸਜ਼ਾ ਹੋਵੇਗੀ ਜੋ ਛੱਪਰਾਂ ਦਾ ਤਿਉਹਾਰ ਮਨਾਉਣ ਨਹੀਂ ਆਉਂਦੀਆਂ।
20 “ਉਸ ਦਿਨ ਘੋੜਿਆਂ ਦੀਆਂ ਘੰਟੀਆਂ ਉੱਤੇ ਇਹ ਸ਼ਬਦ ਲਿਖੇ ਹੋਣਗੇ, ‘ਪਵਿੱਤਰਤਾ ਯਹੋਵਾਹ ਦੀ ਹੈ।’+ ਯਹੋਵਾਹ ਦੇ ਘਰ ਵਿਚ ਵੱਡੇ ਪਤੀਲੇ*+ ਵੇਦੀ ਅੱਗੇ ਰੱਖੇ ਕਟੋਰਿਆਂ+ ਵਰਗੇ ਹੋਣਗੇ। 21 ਅਤੇ ਯਰੂਸ਼ਲਮ ਤੇ ਯਹੂਦਾਹ ਵਿਚ ਹਰ ਪਤੀਲਾ* ਪਵਿੱਤਰ ਹੋਵੇਗਾ ਤੇ ਉਹ ਸੈਨਾਵਾਂ ਦੇ ਯਹੋਵਾਹ ਦਾ ਹੋਵੇਗਾ ਅਤੇ ਜਿਹੜੇ ਵੀ ਬਲ਼ੀਆਂ ਚੜ੍ਹਾਉਣ ਲਈ ਆਉਣਗੇ, ਉਹ ਸਾਰੇ ਲੋਕ ਕੁਝ ਪਤੀਲਿਆਂ ਵਿਚ ਮੀਟ ਉਬਾਲਣਗੇ। ਉਸ ਦਿਨ ਸੈਨਾਵਾਂ ਦੇ ਯਹੋਵਾਹ ਦੇ ਘਰ ਫਿਰ ਕੋਈ ਕਨਾਨੀ* ਨਹੀਂ ਹੋਵੇਗਾ।”+
ਮਤਲਬ “ਯਹੋਵਾਹ ਨੇ ਯਾਦ ਕੀਤਾ।”
ਵਧੇਰੇ ਜਾਣਕਾਰੀ 2.15 ਦੇਖੋ।
ਜਾਂ, “ਫੀਤੇ।”
ਇਬ, “ਭਲਾਈ” ਜੋ ਯਹੋਵਾਹ ਵੱਲੋਂ ਹੈ।
ਜਾਂ, “ਫੀਤਾ।”
ਇਬ, “ਆਕਾਸ਼ ਦੀਆਂ ਚਾਰੇ ਹਵਾਵਾਂ ਵਾਂਗ।”
ਜਾਂ, “ਦੋਸ਼।”
ਜਾਂ, “ਖ਼ਾਸ ਮੌਕੇ ʼਤੇ ਪਾਉਣ ਵਾਲੇ ਕੱਪੜੇ।”
ਜਾਂ, “ਨਿਗਰਾਨੀ; ਰਖਵਾਲੀ।”
ਜਾਂ, “ਛੋਟੀਆਂ ਗੱਲਾਂ।”
ਇਬ, “ਪੱਥਰ ਜਾਂ ਭਾਰ।”
ਯਾਨੀ, ਫਲਾਂ ਨਾਲ ਲੱਦੀਆਂ ਦਰਖ਼ਤ ਦੀਆਂ ਟਹਿਣੀਆਂ।
ਇਬ, “ਤੇਲ ਦੇ ਪੁੱਤਰ।”
ਜਾਂ, “ਲਪੇਟਵੀਂ ਪੱਤਰੀ।” ਸ਼ਬਦਾਵਲੀ ਦੇਖੋ।
ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਏਫਾ,” ਇੱਥੇ ਉਸ ਭਾਂਡੇ ਜਾਂ ਟੋਕਰੀ ਨੂੰ ਕਿਹਾ ਗਿਆ ਹੈ ਜਿਸ ਨਾਲ ਏਫਾ ਮਿਣਿਆ ਜਾਂਦਾ ਸੀ। ਇਕ ਏਫਾ 22 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਯਾਨੀ, ਧਾਤ।
ਯਾਨੀ, ਬੈਬੀਲੋਨੀਆ।
ਇਬ, “ਰੂਆਖ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।
ਜਾਂ, “ਇਕ ਸ਼ਾਨਦਾਰ ਤਾਜ।”
ਯਾਨੀ, ਹਾਕਮ ਅਤੇ ਪੁਜਾਰੀ ਵਜੋਂ ਉਸ ਦੀਆਂ ਭੂਮਿਕਾਵਾਂ ਵਿਚ।
ਜਾਂ, “ਇਕ ਸ਼ਾਨਦਾਰ ਤਾਜ।”
ਵਧੇਰੇ ਜਾਣਕਾਰੀ 2.15 ਦੇਖੋ।
ਜਾਂ, “ਮੰਦਰ।”
ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
ਜਾਂ ਸੰਭਵ ਹੈ, “ਇਕ ਸਖ਼ਤ ਪੱਥਰ” ਜਿਵੇਂ ਲੋਹੇ ਦੀ ਧਾਰ ਨੂੰ ਤਿੱਖਾ ਕਰਨ ਵਾਲਾ ਪੱਥਰ।
ਜਾਂ, “ਸਿੱਖਿਆ।”
ਇਬ, “ਉਸ ਨੇ।”
ਜਾਂ, “ਵਫ਼ਾਦਾਰੀ।”
ਇਬ, “ਅਣਗਿਣਤ ਦਿਨਾਂ ਕਰਕੇ।”
ਜਾਂ, “ਚੜ੍ਹਦੇ ਦੇਸ਼ ਅਤੇ ਲਹਿੰਦੇ ਦੇਸ਼ ਤੋਂ।”
ਜਾਂ, “ਵਫ਼ਾਦਾਰ।”
ਜਾਂ, “ਹਿੰਮਤ ਤੋਂ ਕੰਮ ਲਓ।”
ਜਾਂ, “ਹਿੰਮਤ ਤੋਂ ਕੰਮ ਲਓ।”
ਇਬ, “ਇਕ ਯਹੂਦੀ ਆਦਮੀ।”
ਇਬ, “ਆਰਾਮ ਕਰਨ ਦੀ ਜਗ੍ਹਾ।”
ਜਾਂ, “ਕਿਲਾ ਬਣਾਇਆ ਹੈ।”
ਜਾਂ ਸੰਭਵ ਹੈ, “ਸਮੁੰਦਰ ਉੱਤੇ।”
ਕਿਸੇ ਕਬੀਲੇ ਜਾਂ ਖ਼ਾਨਦਾਨ ਦਾ ਮੁਖੀ।
ਜਾਂ, “ਅਤਿਆਚਾਰ ਕਰਨ ਵਾਲਾ।”
ਜ਼ਾਹਰ ਹੈ ਕਿ ਇਹ ਉਸ ਦੇ ਲੋਕਾਂ ਦਾ ਦੁੱਖ ਹੈ।
ਜਾਂ, “ਅਤੇ ਜੇਤੂ ਹੈ; ਅਤੇ ਬਚਾਇਆ ਗਿਆ ਹੈ।”
ਯਾਨੀ, ਫ਼ਰਾਤ ਦਰਿਆ।
ਯਾਨੀ, ਸੀਓਨ ਜਾਂ ਯਰੂਸ਼ਲਮ।
ਇਬ, “ਤਰਾਫੀਮ।” ਸ਼ਬਦਾਵਲੀ ਦੇਖੋ।
ਜਾਂ, “ਤੰਤਰ-ਮੰਤਰ; ਜਾਦੂ-ਟੂਣਾ ਕੀਤਾ ਹੈ।”
ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।
ਇਬ, “ਬੱਕਰਿਆਂ।”
ਇਬ, “ਖੂੰਜੇ ਦਾ ਬੁਰਜ,” ਇਹ ਇਕ ਖ਼ਾਸ ਆਦਮੀ ਨੂੰ ਦਰਸਾਉਂਦਾ ਹੈ; ਇਕ ਮੁਖੀ।
ਇਬ, “ਕਿੱਲ,” ਇਹ ਉਸ ਨੂੰ ਦਰਸਾਉਂਦਾ ਹੈ ਜੋ ਸਹਾਰਾ ਦਿੰਦਾ ਹੈ; ਇਕ ਹਾਕਮ।
ਜਾਂ, “ਮਜ਼ਦੂਰੀ ਕਰਾਉਣ ਵਾਲਾ।”
ਇਬ, “ਤੋਲ ਕੇ ਦੇ ਦਿੱਤੇ।”
ਇਬ, “ਧੁੰਦਲੀ।”
ਜਾਂ, “ਕਟੋਰਾ।”
ਕਿਸੇ ਕਬੀਲੇ ਜਾਂ ਖ਼ਾਨਦਾਨ ਦਾ ਮੁਖੀ।
ਜਾਂ, “ਆਪਣੀ ਜਾਇਜ਼ ਜਗ੍ਹਾ।”
ਜਾਂ, “ਸਭ ਤੋਂ ਕਮਜ਼ੋਰ।”
ਜਾਂ, “ਨਬੀ ਦਾ ਚੋਗਾ।”
ਇਬ, “ਤੇਰੇ ਹੱਥਾਂ ਵਿਚਕਾਰ।” ਯਾਨੀ, ਛਾਤੀ ਜਾਂ ਪਿੱਠ ਉੱਤੇ।
ਜਾਂ, “ਮੈਨੂੰ ਪਿਆਰ ਕਰਨ ਵਾਲਿਆਂ।”
ਜਾਂ, “ਭੇਡਾਂ।”
ਯਾਨੀ, ਆਇਤ 2 ਵਿਚ ਦੱਸਿਆ ਸ਼ਹਿਰ।
ਜਾਂ, “ਚੜ੍ਹਦੇ।”
ਇਬ, “ਸਮੁੰਦਰ।”
ਜਾਂ, “ਸਥਿਰ ਹੋ ਜਾਣਗੀਆਂ” ਜਿਵੇਂ ਠੰਢ ਨਾਲ ਆਕੜ ਗਈਆਂ ਹੋਣ।
ਯਾਨੀ, ਮ੍ਰਿਤ ਸਾਗਰ।
ਯਾਨੀ, ਭੂਮੱਧ ਸਾਗਰ।
ਜਾਂ, “ਹੌਦਾਂ।”
ਜਾਂ, “ਅਤੇ ਇਕ ਆਦਮੀ ਦੂਜੇ ʼਤੇ ਹਮਲਾ ਕਰੇਗਾ।”
ਜਾਂ, “ਦੀ ਭਗਤੀ ਕਰਨ।”
ਜਾਂ, “ਚੌੜੇ ਮੂੰਹ ਵਾਲੇ ਪਤੀਲੇ।”
ਜਾਂ, “ਚੌੜੇ ਮੂੰਹ ਵਾਲਾ ਪਤੀਲਾ।”
ਜਾਂ ਸੰਭਵ ਹੈ, “ਵਪਾਰੀ।”