ਉਪਦੇਸ਼ਕ ਦੀ ਕਿਤਾਬ
1 ਉਪਦੇਸ਼ਕ* ਦੇ ਬੋਲ।+ ਉਹ ਯਰੂਸ਼ਲਮ ਵਿਚ ਰਾਜਾ ਅਤੇ ਦਾਊਦ ਦਾ ਪੁੱਤਰ ਹੈ।+
2 ਉਪਦੇਸ਼ਕ ਕਹਿੰਦਾ ਹੈ: “ਵਿਅਰਥ! ਵਿਅਰਥ!”
“ਹਾਂ, ਸਭ ਕੁਝ ਵਿਅਰਥ ਹੈ!”+
5 ਸੂਰਜ ਚੜ੍ਹਦਾ ਹੈ ਅਤੇ ਸੂਰਜ ਡੁੱਬਦਾ ਹੈ;
ਫਿਰ ਉਹ ਭੱਜ ਕੇ ਆਪਣੀ ਜਗ੍ਹਾ ਵਾਪਸ ਚਲਾ ਜਾਂਦਾ ਹੈ ਤੇ ਦੁਬਾਰਾ ਚੜ੍ਹਦਾ ਹੈ।+
6 ਹਵਾ ਦੱਖਣ ਵੱਲ ਵਗਦੀ ਹੈ ਅਤੇ ਫਿਰ ਵਾਪਸ ਉੱਤਰ ਵੱਲ ਆ ਜਾਂਦੀ ਹੈ;
ਇਹ ਚੱਕਰ ਤੇ ਚੱਕਰ ਕੱਟਦੀ ਰਹਿੰਦੀ ਹੈ।
7 ਸਾਰੇ ਦਰਿਆ* ਸਮੁੰਦਰ ਵਿਚ ਜਾ ਮਿਲਦੇ ਹਨ, ਫਿਰ ਵੀ ਸਮੁੰਦਰ ਨਹੀਂ ਭਰਦਾ।+
ਸਾਰੇ ਦਰਿਆ ਆਪਣੀ ਜਗ੍ਹਾ ਵਾਪਸ ਚਲੇ ਜਾਂਦੇ ਹਨ ਅਤੇ ਦੁਬਾਰਾ ਵਗਣ ਲੱਗ ਪੈਂਦੇ ਹਨ।+
8 ਸਾਰੀਆਂ ਗੱਲਾਂ ਥਕਾਉਂਦੀਆਂ ਹਨ;
ਕੋਈ ਇਨ੍ਹਾਂ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ।
ਇਹ ਸਭ ਕੁਝ ਦੇਖ ਕੇ ਅੱਖਾਂ ਨੂੰ ਤਸੱਲੀ ਨਹੀਂ ਹੁੰਦੀ
ਅਤੇ ਨਾ ਹੀ ਇਨ੍ਹਾਂ ਬਾਰੇ ਸੁਣ ਕੇ ਕੰਨਾਂ ਨੂੰ ਤਸੱਲੀ ਹੁੰਦੀ।
9 ਜੋ ਹੋ ਚੁੱਕਾ ਹੈ, ਉਹ ਦੁਬਾਰਾ ਹੋਵੇਗਾ
ਅਤੇ ਜੋ ਕੀਤਾ ਜਾ ਚੁੱਕਾ ਹੈ, ਉਹ ਦੁਬਾਰਾ ਕੀਤਾ ਜਾਵੇਗਾ;
ਧਰਤੀ ਉੱਤੇ ਕੁਝ ਵੀ ਨਵਾਂ ਨਹੀਂ ਹੁੰਦਾ।+
10 ਕੀ ਕੋਈ ਅਜਿਹੀ ਚੀਜ਼ ਹੈ ਜਿਸ ਬਾਰੇ ਕਿਹਾ ਜਾ ਸਕੇ, “ਦੇਖੋ, ਇਹ ਨਵੀਂ ਹੈ”?
ਇਹ ਤਾਂ ਪਹਿਲਾਂ ਹੀ ਲੰਬੇ ਸਮੇਂ ਤੋਂ ਮੌਜੂਦ ਹੈ;
ਇਹ ਤਾਂ ਸਾਡੇ ਜ਼ਮਾਨੇ ਤੋਂ ਵੀ ਪਹਿਲਾਂ ਦੀ ਹੈ।
11 ਕੋਈ ਵੀ ਪੁਰਾਣੇ ਸਮੇਂ ਦੇ ਲੋਕਾਂ ਨੂੰ ਯਾਦ ਨਹੀਂ ਕਰਦਾ,
ਨਾ ਹੀ ਕੋਈ ਉਨ੍ਹਾਂ ਤੋਂ ਬਾਅਦ ਆਉਣ ਵਾਲਿਆਂ ਨੂੰ ਯਾਦ ਕਰਦਾ ਹੈ
ਅਤੇ ਨਾ ਹੀ ਉਨ੍ਹਾਂ ਤੋਂ ਵੀ ਬਾਅਦ ਆਉਣ ਵਾਲਿਆਂ ਨੂੰ ਯਾਦ ਰੱਖਿਆ ਜਾਂਦਾ ਹੈ।+
12 ਮੈਂ ਉਪਦੇਸ਼ਕ, ਯਰੂਸ਼ਲਮ ਵਿਚ ਇਜ਼ਰਾਈਲ ਦਾ ਰਾਜਾ ਹਾਂ।+ 13 ਧਰਤੀ ਉੱਤੇ ਜੋ ਕੁਝ ਹੁੰਦਾ ਹੈ, ਮੈਂ ਪੂਰਾ ਮਨ ਲਾ ਕੇ ਉਸ ਦਾ ਅਧਿਐਨ ਕੀਤਾ ਅਤੇ ਬੁੱਧ+ ਨਾਲ ਉਸ ਦੀ ਖੋਜਬੀਨ ਕੀਤੀ।+ ਪਰਮੇਸ਼ੁਰ ਨੇ ਮਨੁੱਖ ਦੇ ਪੁੱਤਰਾਂ ਨੂੰ ਜੋ ਵੀ ਕਰਨ ਲਈ ਦਿੱਤਾ ਹੈ, ਉਹ ਬਹੁਤ ਦੁਖਦਾਈ ਹੈ ਜਿਸ ਵਿਚ ਉਹ ਲੱਗੇ ਰਹਿੰਦੇ ਹਨ।
14 ਮੈਂ ਧਰਤੀ ਉੱਤੇ ਕੀਤੇ ਜਾਂਦੇ ਸਾਰੇ ਕੰਮਾਂ ਨੂੰ ਦੇਖਿਆ,
ਦੇਖੋ! ਸਭ ਕੁਝ ਵਿਅਰਥ ਹੈ, ਇਹ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ।+
15 ਜੋ ਟੇਢਾ ਹੈ, ਉਸ ਨੂੰ ਸਿੱਧਾ ਨਹੀਂ ਕੀਤਾ ਜਾ ਸਕਦਾ
ਅਤੇ ਜੋ ਹੈ ਹੀ ਨਹੀਂ, ਉਸ ਨੂੰ ਗਿਣਿਆ ਨਹੀਂ ਜਾ ਸਕਦਾ।
16 ਫਿਰ ਮੈਂ ਆਪਣੇ ਮਨ ਵਿਚ ਕਿਹਾ: “ਦੇਖ! ਮੈਂ ਬਹੁਤ ਬੁੱਧ ਹਾਸਲ ਕੀਤੀ ਹੈ, ਯਰੂਸ਼ਲਮ ਵਿਚ ਮੇਰੇ ਤੋਂ ਪਹਿਲਾਂ ਕਿਸੇ ਕੋਲ ਇੰਨੀ ਬੁੱਧ ਨਹੀਂ ਸੀ।+ ਮੈਂ ਬਹੁਤ ਹੀ ਬੁੱਧ ਅਤੇ ਗਿਆਨ ਹਾਸਲ ਕਰ ਲਿਆ ਹੈ।”+ 17 ਮੈਂ ਪੂਰਾ ਮਨ ਲਾ ਕੇ ਬੁੱਧ, ਪਾਗਲਪੁਣੇ* ਅਤੇ ਮੂਰਖਤਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ,+ ਪਰ ਮੈਨੂੰ ਅਹਿਸਾਸ ਹੋਇਆ ਕਿ ਇਹ ਵੀ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ।
18 ਜਿੰਨੀ ਜ਼ਿਆਦਾ ਬੁੱਧ, ਉੱਨੀ ਜ਼ਿਆਦਾ ਨਿਰਾਸ਼ਾ,
ਇਸ ਲਈ ਜਿਹੜਾ ਵੀ ਆਪਣਾ ਗਿਆਨ ਵਧਾਉਂਦਾ ਹੈ, ਉਹ ਆਪਣਾ ਦੁੱਖ ਵਧਾਉਂਦਾ ਹੈ।+
2 ਫਿਰ ਮੈਂ ਆਪਣੇ ਮਨ ਵਿਚ ਕਿਹਾ: “ਚੱਲ ਮਨਾਂ ਮੌਜ-ਮਸਤੀ ਕਰ ਕੇ ਦੇਖੀਏ ਕਿ ਇਸ ਦਾ ਕੀ ਫ਼ਾਇਦਾ ਹੁੰਦਾ।” ਪਰ ਦੇਖ! ਇਹ ਵੀ ਵਿਅਰਥ ਹੈ।
2 ਮੈਂ ਹਾਸੇ ਬਾਰੇ ਕਿਹਾ: “ਇਹ ਪਾਗਲਪੁਣਾ ਹੈ!”
ਅਤੇ ਮੌਜ-ਮਸਤੀ ਬਾਰੇ ਕਿਹਾ: “ਇਹ ਕਰਨ ਦਾ ਕੀ ਫ਼ਾਇਦਾ?”
3 ਮੈਂ ਮਨ ਬਣਾਇਆ ਕਿ ਮੈਂ ਦਾਖਰਸ ਪੀ ਕੇ ਦੇਖਾਂਗਾ ਕਿ ਇਸ ਦਾ ਕੋਈ ਫ਼ਾਇਦਾ ਹੈ।+ ਪਰ ਮੈਂ ਆਪਣੇ ਹੋਸ਼-ਹਵਾਸ ਬਣਾਈ ਰੱਖੇ;* ਮੈਂ ਤਾਂ ਮੂਰਖਤਾ ਨੂੰ ਗਲ਼ੇ ਲਾ ਕੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਕਿ ਧਰਤੀ ਉੱਤੇ ਚਾਰ ਦਿਨਾਂ ਦੀ ਜ਼ਿੰਦਗੀ ਵਿਚ ਇਨਸਾਨ ਲਈ ਕੀ ਕਰਨਾ ਸਭ ਤੋਂ ਚੰਗਾ ਹੋਵੇਗਾ। 4 ਮੈਂ ਬਹੁਤ ਵੱਡੇ-ਵੱਡੇ ਕੰਮ ਕੀਤੇ।+ ਮੈਂ ਆਪਣੇ ਲਈ ਘਰ ਬਣਾਏ+ ਅਤੇ ਆਪਣੇ ਲਈ ਅੰਗੂਰਾਂ ਦੇ ਬਾਗ਼ ਲਾਏ।+ 5 ਮੈਂ ਬਾਗ਼-ਬਗ਼ੀਚੇ ਲਾਏ ਅਤੇ ਇਨ੍ਹਾਂ ਵਿਚ ਹਰ ਤਰ੍ਹਾਂ ਦੇ ਫਲਦਾਰ ਦਰਖ਼ਤ ਲਾਏ। 6 ਮੈਂ ਪੌਦਿਆਂ ਨੂੰ ਪਾਣੀ ਦੇਣ ਲਈ ਤਲਾਬ ਬਣਾਏ। 7 ਮੈਂ ਨੌਕਰ-ਨੌਕਰਾਣੀਆਂ ਰੱਖੀਆਂ।+ ਕਈ ਨੌਕਰ ਮੇਰੇ ਘਰ ਪੈਦਾ ਹੋਏ ਸਨ। ਮੈਂ ਬਹੁਤ ਸਾਰੀਆਂ ਗਾਂਵਾਂ-ਬਲਦ ਅਤੇ ਭੇਡਾਂ-ਬੱਕਰੀਆਂ ਰੱਖੀਆਂ।+ ਮੇਰੇ ਕੋਲ ਇੰਨੇ ਸਾਰੇ ਪਸ਼ੂ ਸਨ ਜੋ ਯਰੂਸ਼ਲਮ ਵਿਚ ਮੇਰੇ ਤੋਂ ਪਹਿਲਾਂ ਕਿਸੇ ਕੋਲ ਨਹੀਂ ਸਨ। 8 ਮੈਂ ਆਪਣੇ ਲਈ ਸੋਨਾ-ਚਾਂਦੀ,+ ਰਾਜਿਆਂ ਅਤੇ ਸੂਬਿਆਂ ਦੇ ਖ਼ਜ਼ਾਨੇ ਇਕੱਠੇ ਕੀਤੇ।+ ਮੈਂ ਆਪਣੇ ਮਨ-ਪਰਚਾਵੇ ਲਈ ਗਾਉਣ ਵਾਲੇ ਅਤੇ ਗਾਉਣ ਵਾਲੀਆਂ ਰੱਖੀਆਂ। ਨਾਲੇ ਮੈਂ ਬਹੁਤ ਸਾਰੀਆਂ ਔਰਤਾਂ ਦਾ ਸਾਥ ਮਾਣਿਆ ਜਿਨ੍ਹਾਂ ਤੋਂ ਆਦਮੀਆਂ ਦਾ ਜੀਅ ਖ਼ੁਸ਼ ਹੁੰਦਾ ਹੈ। 9 ਇਸ ਤਰ੍ਹਾਂ ਮੈਂ ਵੱਡਾ ਬਣ ਗਿਆ ਅਤੇ ਮੇਰੇ ਕੋਲ ਉਹ ਸਭ ਕੁਝ ਸੀ ਜੋ ਯਰੂਸ਼ਲਮ ਵਿਚ ਮੇਰੇ ਤੋਂ ਪਹਿਲਾਂ ਕਿਸੇ ਕੋਲ ਨਹੀਂ ਸੀ।+ ਫਿਰ ਵੀ ਮੈਂ ਬੁੱਧ ਤੋਂ ਕੰਮ ਲੈਂਦਾ ਰਿਹਾ।
10 ਮੈਂ* ਜੋ ਕੁਝ ਚਾਹਿਆ, ਮੈਂ ਹਾਸਲ ਕੀਤਾ।+ ਮੈਂ ਆਪਣੇ ਦਿਲ ਨੂੰ ਕਿਸੇ ਵੀ ਤਰ੍ਹਾਂ ਦੀ ਖ਼ੁਸ਼ੀ ਪਾਉਣ ਤੋਂ ਨਹੀਂ ਰੋਕਿਆ ਕਿਉਂਕਿ ਮੇਰਾ ਦਿਲ ਆਪਣੀ ਮਿਹਨਤ ਤੋਂ ਖ਼ੁਸ਼ ਸੀ। ਇਹ ਸਭ ਕੁਝ ਮੇਰੀ ਸਾਰੀ ਮਿਹਨਤ ਦਾ ਫਲ* ਸੀ।+ 11 ਪਰ ਜਦ ਮੈਂ ਆਪਣੇ ਹੱਥਾਂ ਦੇ ਕੰਮਾਂ ਅਤੇ ਉਨ੍ਹਾਂ ਨੂੰ ਸਿਰੇ ਚਾੜ੍ਹਨ ਲਈ ਕੀਤੀ ਆਪਣੀ ਸਖ਼ਤ ਮਿਹਨਤ ਬਾਰੇ ਸੋਚ-ਵਿਚਾਰ ਕੀਤਾ,+ ਤਾਂ ਮੈਂ ਦੇਖਿਆ ਕਿ ਸਭ ਕੁਝ ਵਿਅਰਥ ਹੈ ਅਤੇ ਇਹ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ।+ ਧਰਤੀ ਉੱਤੇ ਕੋਈ ਵੀ ਕੰਮ ਕਰਨ ਦਾ ਫ਼ਾਇਦਾ ਨਹੀਂ।+
12 ਫਿਰ ਮੈਂ ਆਪਣਾ ਧਿਆਨ ਬੁੱਧ, ਪਾਗਲਪੁਣੇ ਅਤੇ ਮੂਰਖਤਾ ਵੱਲ ਲਾਇਆ।+ (ਰਾਜੇ ਤੋਂ ਬਾਅਦ ਆਉਣ ਵਾਲਾ ਆਦਮੀ ਕੀ ਕਰ ਸਕਦਾ ਹੈ? ਸਿਰਫ਼ ਉਹੀ ਜੋ ਪਹਿਲਾਂ ਕੀਤਾ ਜਾ ਚੁੱਕਾ ਹੈ।) 13 ਅਤੇ ਮੈਂ ਦੇਖਿਆ ਕਿ ਮੂਰਖਤਾ ਨਾਲੋਂ ਬੁੱਧ ਫ਼ਾਇਦੇਮੰਦ ਹੈ+ ਜਿਵੇਂ ਹਨੇਰੇ ਨਾਲੋਂ ਚਾਨਣ।
14 ਬੁੱਧੀਮਾਨ ਇਨਸਾਨ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖਦਾ ਹੈ,*+ ਪਰ ਮੂਰਖ ਹਨੇਰੇ ਵਿਚ ਭਟਕਦਾ ਫਿਰਦਾ ਹੈ।+ ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਸਾਰਿਆਂ ਦਾ ਇੱਕੋ ਜਿਹਾ ਅੰਜਾਮ ਹੁੰਦਾ ਹੈ।+ 15 ਫਿਰ ਮੈਂ ਆਪਣੇ ਮਨ ਵਿਚ ਕਿਹਾ: “ਜੋ ਹਾਲ ਮੂਰਖ ਦਾ ਹੁੰਦਾ, ਉਹੀ ਮੇਰਾ ਵੀ ਹੋਵੇਗਾ।”+ ਤਾਂ ਫਿਰ, ਇੰਨੀ ਬੁੱਧ ਹਾਸਲ ਕਰਨ ਦਾ ਕੀ ਫ਼ਾਇਦਾ? ਇਸ ਲਈ ਮੈਂ ਆਪਣੇ ਮਨ ਵਿਚ ਕਿਹਾ: “ਇਹ ਵੀ ਵਿਅਰਥ ਹੈ।” 16 ਕਿਉਂਕਿ ਨਾ ਤਾਂ ਬੁੱਧੀਮਾਨ ਨੂੰ ਹਮੇਸ਼ਾ ਤਕ ਯਾਦ ਰੱਖਿਆ ਜਾਂਦਾ ਹੈ ਅਤੇ ਨਾ ਹੀ ਮੂਰਖ ਨੂੰ।+ ਆਉਣ ਵਾਲੇ ਸਮੇਂ ਵਿਚ ਸਾਰਿਆਂ ਨੂੰ ਭੁਲਾ ਦਿੱਤਾ ਜਾਵੇਗਾ। ਜਿਵੇਂ ਮੂਰਖ ਮਰਦਾ ਹੈ, ਉਵੇਂ ਹੀ ਬੁੱਧੀਮਾਨ ਮਰਦਾ ਹੈ।+
17 ਇਸ ਲਈ ਮੈਨੂੰ ਜ਼ਿੰਦਗੀ ਨਾਲ ਨਫ਼ਰਤ ਹੋ ਗਈ+ ਕਿਉਂਕਿ ਧਰਤੀ ਉੱਤੇ ਕੀਤੇ ਜਾਂਦੇ ਹਰ ਕੰਮ ਨੂੰ ਦੇਖ ਕੇ ਮੈਨੂੰ ਦੁੱਖ ਹੋਇਆ। ਸਭ ਕੁਝ ਵਿਅਰਥ ਹੈ+ ਅਤੇ ਇਹ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ।+ 18 ਮੈਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਨਾਲ ਨਫ਼ਰਤ ਹੋਣ ਲੱਗ ਪਈ ਜਿਨ੍ਹਾਂ ਲਈ ਮੈਂ ਧਰਤੀ ਉੱਤੇ ਹੱਡ-ਤੋੜ ਮਿਹਨਤ ਕੀਤੀ+ ਕਿਉਂਕਿ ਮੈਨੂੰ ਇਹ ਸਭ ਉਸ ਆਦਮੀ ਲਈ ਛੱਡਣਾ ਪਵੇਗਾ ਜੋ ਮੇਰੇ ਤੋਂ ਬਾਅਦ ਆਵੇਗਾ।+ 19 ਕੌਣ ਜਾਣਦਾ ਕਿ ਉਹ ਇਨਸਾਨ ਬੁੱਧੀਮਾਨ ਹੋਵੇਗਾ ਜਾਂ ਮੂਰਖ?+ ਉਹ ਉਨ੍ਹਾਂ ਸਾਰੀਆਂ ਚੀਜ਼ਾਂ ʼਤੇ ਕਬਜ਼ਾ ਕਰ ਲਵੇਗਾ ਜੋ ਮੈਂ ਧਰਤੀ ਉੱਤੇ ਇੰਨੀ ਮਿਹਨਤ ਅਤੇ ਬੁੱਧ ਨਾਲ ਹਾਸਲ ਕੀਤੀਆਂ ਹਨ। ਇਹ ਵੀ ਵਿਅਰਥ ਹੈ। 20 ਇਸ ਲਈ ਮੈਂ ਮਨ ਹੀ ਮਨ ਦੁਖੀ ਹੋਣ ਲੱਗਾ ਕਿ ਮੈਂ ਧਰਤੀ ਉੱਤੇ ਹਰ ਚੀਜ਼ ਲਈ ਇੰਨੀ ਸਖ਼ਤ ਮਿਹਨਤ ਕੀਤੀ ਹੈ। 21 ਇਕ ਆਦਮੀ ਆਪਣੀ ਬੁੱਧ, ਗਿਆਨ ਅਤੇ ਕਾਬਲੀਅਤ ਵਰਤ ਕੇ ਇੰਨੀ ਸਖ਼ਤ ਮਿਹਨਤ ਕਰਦਾ ਹੈ, ਪਰ ਉਸ ਨੂੰ ਆਪਣਾ ਸਭ ਕੁਝ ਉਸ ਇਨਸਾਨ ਨੂੰ ਦੇਣਾ ਪੈਂਦਾ ਹੈ ਜਿਸ ਨੇ ਇਸ ਲਈ ਜ਼ਰਾ ਵੀ ਮਿਹਨਤ ਨਹੀਂ ਕੀਤੀ।+ ਇਹ ਵੀ ਵਿਅਰਥ ਅਤੇ ਡਾਢੇ ਅਫ਼ਸੋਸ ਦੀ ਗੱਲ ਹੈ।
22 ਉਸ ਇਨਸਾਨ ਦੇ ਹੱਥ-ਪੱਲੇ ਕੀ ਪੈਂਦਾ ਜਿਸ ਦੇ ਸਿਰ ʼਤੇ ਸਭ ਕੁਝ ਹਾਸਲ ਕਰਨ ਦਾ ਜਨੂਨ ਸਵਾਰ ਹੁੰਦਾ ਹੈ ਅਤੇ ਧਰਤੀ ਉੱਤੇ ਉਸ ਲਈ ਜੱਦੋ-ਜਹਿਦ ਕਰਦਾ ਹੈ?+ 23 ਸਾਰੀ ਜ਼ਿੰਦਗੀ ਕੰਮ ਕਰ ਕੇ ਉਸ ਦੇ ਹੱਥ ਦੁੱਖ-ਦਰਦ ਅਤੇ ਨਿਰਾਸ਼ਾ ਤੋਂ ਸਿਵਾਇ ਕੁਝ ਨਹੀਂ ਲੱਗਦਾ,+ ਇੱਥੋਂ ਤਕ ਕਿ ਰਾਤ ਨੂੰ ਵੀ ਉਸ ਦੇ ਮਨ ਨੂੰ ਸਕੂਨ ਨਹੀਂ ਮਿਲਦਾ।+ ਇਹ ਵੀ ਵਿਅਰਥ ਹੈ।
24 ਇਨਸਾਨ ਲਈ ਇਸ ਨਾਲੋਂ ਚੰਗਾ ਹੋਰ ਕੁਝ ਨਹੀਂ ਕਿ ਉਹ ਖਾਵੇ-ਪੀਵੇ ਅਤੇ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰੇ।*+ ਮੈਨੂੰ ਅਹਿਸਾਸ ਹੋਇਆ ਕਿ ਇਹ ਵੀ ਸੱਚੇ ਪਰਮੇਸ਼ੁਰ ਦੀ ਦੇਣ ਹੈ+ 25 ਕਿਉਂਕਿ ਮੇਰੇ ਤੋਂ ਵਧੀਆ ਹੋਰ ਕੌਣ ਖਾਂਦਾ-ਪੀਂਦਾ ਹੈ?+
26 ਜਿਹੜਾ ਇਨਸਾਨ ਪਰਮੇਸ਼ੁਰ ਨੂੰ ਖ਼ੁਸ਼ ਕਰਦਾ ਹੈ, ਉਹ ਉਸ ਨੂੰ ਬੁੱਧ, ਗਿਆਨ ਅਤੇ ਖ਼ੁਸ਼ੀ ਬਖ਼ਸ਼ਦਾ ਹੈ।+ ਪਰ ਉਹ ਪਾਪੀ ਇਨਸਾਨ ਨੂੰ ਚੀਜ਼ਾਂ ਇਕੱਠੀਆਂ ਕਰਨ ਵਿਚ ਲਾਈ ਰੱਖਦਾ ਹੈ ਤਾਂਕਿ ਉਹ ਜੋੜ-ਜੋੜ ਕੇ ਰੱਖੀਆਂ ਚੀਜ਼ਾਂ ਉਸ ਇਨਸਾਨ ਨੂੰ ਦੇਵੇ ਜੋ ਸੱਚੇ ਪਰਮੇਸ਼ੁਰ ਨੂੰ ਖ਼ੁਸ਼ ਕਰਦਾ ਹੈ।+ ਇਹ ਵੀ ਵਿਅਰਥ ਹੈ ਅਤੇ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ।
3 ਹਰ ਚੀਜ਼ ਦਾ ਇਕ ਸਮਾਂ ਹੈ,
ਧਰਤੀ ਉੱਤੇ ਹਰ ਕੰਮ ਦਾ ਇਕ ਸਮਾਂ ਹੈ:
2 ਇਕ ਜਨਮ ਲੈਣ* ਦਾ ਸਮਾਂ ਹੈ ਅਤੇ ਇਕ ਮਰਨ ਦਾ ਸਮਾਂ ਹੈ;
ਇਕ ਬੀਜਣ ਦਾ ਸਮਾਂ ਹੈ ਅਤੇ ਇਕ ਬੀਜੇ ਹੋਏ ਨੂੰ ਪੁੱਟਣ ਦਾ ਸਮਾਂ ਹੈ;
3 ਇਕ ਜਾਨੋਂ ਮਾਰਨ ਦਾ ਸਮਾਂ ਹੈ ਅਤੇ ਇਕ ਚੰਗਾ ਕਰਨ ਦਾ ਸਮਾਂ ਹੈ;
ਇਕ ਢਾਹੁਣ ਦਾ ਸਮਾਂ ਹੈ ਅਤੇ ਇਕ ਬਣਾਉਣ ਦਾ ਸਮਾਂ ਹੈ;
4 ਇਕ ਰੋਣ ਦਾ ਸਮਾਂ ਹੈ ਅਤੇ ਇਕ ਹੱਸਣ ਦਾ ਸਮਾਂ ਹੈ;
ਇਕ ਸੋਗ ਮਨਾਉਣ ਦਾ ਸਮਾਂ ਹੈ ਅਤੇ ਇਕ ਨੱਚਣ ਦਾ ਸਮਾਂ ਹੈ;
5 ਇਕ ਪੱਥਰ ਸੁੱਟਣ ਦਾ ਸਮਾਂ ਹੈ ਅਤੇ ਇਕ ਪੱਥਰ ਇਕੱਠੇ ਕਰਨ ਦਾ ਸਮਾਂ ਹੈ;
ਇਕ ਗਲ਼ੇ ਲਾਉਣ ਦਾ ਸਮਾਂ ਹੈ ਅਤੇ ਇਕ ਗਲ਼ੇ ਨਾ ਲਾਉਣ ਦਾ ਸਮਾਂ ਹੈ;
6 ਇਕ ਲੱਭਣ ਦਾ ਸਮਾਂ ਹੈ ਅਤੇ ਇਕ ਗੁਆਚਾ ਹੋਇਆ ਮੰਨ ਕੇ ਛੱਡ ਦੇਣ ਦਾ ਸਮਾਂ ਹੈ;
ਇਕ ਰੱਖਣ ਦਾ ਸਮਾਂ ਹੈ ਅਤੇ ਇਕ ਸੁੱਟਣ ਦਾ ਸਮਾਂ ਹੈ;
7 ਇਕ ਪਾੜਨ ਦਾ ਸਮਾਂ ਹੈ+ ਅਤੇ ਇਕ ਸੀਉਣ ਦਾ ਸਮਾਂ ਹੈ;
ਇਕ ਚੁੱਪ ਰਹਿਣ ਦਾ ਸਮਾਂ ਹੈ+ ਅਤੇ ਇਕ ਬੋਲਣ ਦਾ ਸਮਾਂ ਹੈ;+
8 ਇਕ ਪਿਆਰ ਕਰਨ ਦਾ ਸਮਾਂ ਹੈ ਅਤੇ ਇਕ ਨਫ਼ਰਤ ਕਰਨ ਦਾ ਸਮਾਂ ਹੈ;+
ਇਕ ਲੜਾਈ ਦਾ ਸਮਾਂ ਹੈ ਅਤੇ ਇਕ ਸ਼ਾਂਤੀ ਕਾਇਮ ਕਰਨ ਦਾ ਸਮਾਂ ਹੈ;
9 ਇਕ ਇਨਸਾਨ ਨੂੰ ਆਪਣੀ ਸਾਰੀ ਮਿਹਨਤ ਤੋਂ ਕੀ ਕੋਈ ਫ਼ਾਇਦਾ ਹੁੰਦਾ ਹੈ?+ 10 ਮੈਂ ਉਹ ਸਾਰੇ ਕੰਮ ਦੇਖੇ ਜੋ ਪਰਮੇਸ਼ੁਰ ਨੇ ਮਨੁੱਖ ਦੇ ਪੁੱਤਰਾਂ ਨੂੰ ਕਰਨ ਲਈ ਦਿੱਤੇ ਹਨ ਤਾਂਕਿ ਉਹ ਉਨ੍ਹਾਂ ਵਿਚ ਲੱਗੇ ਰਹਿਣ। 11 ਉਸ ਨੇ ਹਰੇਕ ਚੀਜ਼ ਸਹੀ ਸਮੇਂ ਤੇ ਸੋਹਣੀ* ਬਣਾਈ ਹੈ।+ ਉਸ ਨੇ ਉਨ੍ਹਾਂ ਦੇ ਮਨਾਂ ਵਿਚ ਹਮੇਸ਼ਾ ਤਕ ਜੀਉਂਦੇ ਰਹਿਣ ਦਾ ਵਿਚਾਰ ਵੀ ਪਾਇਆ ਹੈ। ਫਿਰ ਵੀ ਇਨਸਾਨ ਸੱਚੇ ਪਰਮੇਸ਼ੁਰ ਦੇ ਸਾਰੇ ਕੰਮਾਂ ਨੂੰ ਪੂਰੀ ਤਰ੍ਹਾਂ ਜਾਣ ਨਹੀਂ ਸਕਦਾ ਜੋ ਉਸ ਨੇ ਸ਼ੁਰੂ ਤੋਂ ਲੈ ਕੇ ਅੰਤ ਤਕ ਕੀਤੇ ਹਨ।
12 ਮੈਂ ਇਹ ਨਤੀਜਾ ਕੱਢਿਆ ਹੈ ਕਿ ਇਨਸਾਨ ਲਈ ਇਸ ਤੋਂ ਚੰਗਾ ਹੋਰ ਕੁਝ ਨਹੀਂ ਕਿ ਉਹ ਜ਼ਿੰਦਗੀ ਦਾ ਆਨੰਦ ਮਾਣੇ ਅਤੇ ਚੰਗੇ ਕੰਮ ਕਰੇ,+ 13 ਨਾਲੇ ਇਹ ਕਿ ਹਰ ਇਨਸਾਨ ਖਾਵੇ-ਪੀਵੇ ਅਤੇ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰੇ।* ਇਹ ਪਰਮੇਸ਼ੁਰ ਦੀ ਦੇਣ ਹੈ।+
14 ਮੈਂ ਜਾਣ ਗਿਆ ਹਾਂ ਕਿ ਸੱਚਾ ਪਰਮੇਸ਼ੁਰ ਜੋ ਵੀ ਕਰਦਾ ਹੈ, ਉਹ ਹਮੇਸ਼ਾ ਰਹਿੰਦਾ ਹੈ। ਇਸ ਵਿਚ ਨਾ ਤਾਂ ਕੁਝ ਜੋੜਨ ਦੀ ਲੋੜ ਹੈ ਅਤੇ ਨਾ ਹੀ ਇਸ ਵਿੱਚੋਂ ਕੁਝ ਘਟਾਉਣ ਦੀ ਲੋੜ ਹੈ। ਸੱਚੇ ਪਰਮੇਸ਼ੁਰ ਨੇ ਸਭ ਕੁਝ ਇਸੇ ਤਰ੍ਹਾਂ ਕੀਤਾ ਹੈ ਤਾਂਕਿ ਲੋਕ ਉਸ ਦਾ ਡਰ ਮੰਨਣ।+
15 ਜੋ ਕੁਝ ਹੁੰਦਾ ਹੈ, ਉਹ ਪਹਿਲਾਂ ਵੀ ਹੋ ਚੁੱਕਾ ਹੈ ਅਤੇ ਜੋ ਵਾਪਰਨ ਵਾਲਾ ਹੈ, ਉਹ ਪਹਿਲਾਂ ਵੀ ਵਾਪਰ ਚੁੱਕਾ ਹੈ।+ ਪਰ ਸੱਚਾ ਪਰਮੇਸ਼ੁਰ ਉਸ ਸਭ ਦੀ ਤਲਾਸ਼ ਕਰਦਾ ਹੈ ਜਿਸ ਦਾ ਪਿੱਛਾ ਇਨਸਾਨ ਨੇ ਕੀਤਾ ਹੈ।*
16 ਮੈਂ ਧਰਤੀ ਉੱਤੇ ਇਹ ਵੀ ਦੇਖਿਆ ਹੈ: ਇਨਸਾਫ਼ ਕਰਨ ਦੀ ਬਜਾਇ ਦੁਸ਼ਟਤਾ ਕੀਤੀ ਜਾਂਦੀ ਹੈ ਅਤੇ ਸਹੀ ਕਰਨ ਦੀ ਬਜਾਇ ਗ਼ਲਤ ਕੀਤਾ ਜਾਂਦਾ ਹੈ।+ 17 ਮੈਂ ਆਪਣੇ ਮਨ ਵਿਚ ਕਿਹਾ: “ਸੱਚਾ ਪਰਮੇਸ਼ੁਰ ਚੰਗੇ ਅਤੇ ਬੁਰੇ ਇਨਸਾਨ ਦਾ ਨਿਆਂ ਕਰੇਗਾ+ ਕਿਉਂਕਿ ਹਰ ਗੱਲ ਅਤੇ ਹਰ ਕੰਮ ਦਾ ਇਕ ਸਮਾਂ ਹੈ।”
18 ਮੈਂ ਆਪਣੇ ਦਿਲ ਵਿਚ ਮਨੁੱਖ ਦੇ ਪੁੱਤਰਾਂ ਬਾਰੇ ਇਹ ਵੀ ਕਿਹਾ ਕਿ ਸੱਚਾ ਪਰਮੇਸ਼ੁਰ ਉਨ੍ਹਾਂ ਨੂੰ ਪਰਖੇਗਾ ਅਤੇ ਉਨ੍ਹਾਂ ਨੂੰ ਦਿਖਾਵੇਗਾ ਕਿ ਉਹ ਜਾਨਵਰਾਂ ਵਰਗੇ ਹਨ 19 ਕਿਉਂਕਿ ਜੋ ਅੰਜਾਮ ਇਨਸਾਨਾਂ ਦਾ ਹੁੰਦਾ ਹੈ, ਉਹੀ ਅੰਜਾਮ ਜਾਨਵਰਾਂ ਦਾ ਹੁੰਦਾ ਹੈ। ਇਨਸਾਨਾਂ ਅਤੇ ਜਾਨਵਰਾਂ ਦਾ ਇੱਕੋ ਜਿਹਾ ਅੰਜਾਮ ਹੁੰਦਾ ਹੈ,+ ਉਹ ਦੋਵੇਂ ਮਰਦੇ ਹਨ। ਸਾਰਿਆਂ ਵਿਚ ਜੀਵਨ ਦਾ ਸਾਹ ਹੁੰਦਾ ਹੈ।+ ਇਸ ਲਈ ਇਨਸਾਨ ਜਾਨਵਰਾਂ ਤੋਂ ਬਿਹਤਰ ਨਹੀਂ ਹੈ। ਸਭ ਕੁਝ ਵਿਅਰਥ ਹੈ! 20 ਸਾਰੇ ਇੱਕੋ ਜਗ੍ਹਾ ਜਾਂਦੇ ਹਨ।+ ਸਾਰਿਆਂ ਨੂੰ ਮਿੱਟੀ ਤੋਂ ਬਣਾਇਆ ਗਿਆ ਹੈ+ ਅਤੇ ਸਾਰੇ ਮਿੱਟੀ ਵਿਚ ਮੁੜ ਜਾਂਦੇ ਹਨ।+ 21 ਕੌਣ ਯਕੀਨ ਨਾਲ ਕਹਿ ਸਕਦਾ ਹੈ ਕਿ ਇਨਸਾਨਾਂ ਦੀ ਜੀਵਨ-ਸ਼ਕਤੀ ਉੱਪਰ ਜਾਂਦੀ ਹੈ ਅਤੇ ਜਾਨਵਰਾਂ ਦੀ ਜੀਵਨ-ਸ਼ਕਤੀ ਥੱਲੇ?+ 22 ਮੈਂ ਦੇਖਿਆ ਕਿ ਇਨਸਾਨ ਲਈ ਇਸ ਤੋਂ ਚੰਗਾ ਹੋਰ ਕੁਝ ਨਹੀਂ ਕਿ ਉਹ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰੇ+ ਕਿਉਂਕਿ ਇਹ ਉਸ ਦੀ ਮਿਹਨਤ ਦਾ ਫਲ* ਹੈ। ਕੌਣ ਉਸ ਨੂੰ ਦਿਖਾ ਸਕਦਾ ਹੈ ਕਿ ਉਸ ਦੇ ਮਰਨ ਤੋਂ ਬਾਅਦ ਕੀ ਹੋਵੇਗਾ?+
4 ਫਿਰ ਮੈਂ ਧਿਆਨ ਦਿੱਤਾ ਕਿ ਧਰਤੀ ਉੱਤੇ ਕਿੰਨੇ ਜ਼ੁਲਮ ਹੁੰਦੇ ਹਨ। ਮੈਂ ਜ਼ੁਲਮ ਦੇ ਸ਼ਿਕਾਰ ਲੋਕਾਂ ਦੇ ਹੰਝੂ ਦੇਖੇ ਅਤੇ ਉਨ੍ਹਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ।+ ਉਨ੍ਹਾਂ ʼਤੇ ਜ਼ੁਲਮ ਕਰਨ ਵਾਲੇ ਤਾਕਤਵਰ ਸਨ, ਇਸ ਕਰਕੇ ਉਨ੍ਹਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ। 2 ਇਸ ਲਈ ਮੈਂ ਸੋਚਿਆ ਕਿ ਜੀਉਂਦਿਆਂ ਨਾਲੋਂ ਤਾਂ ਮਰੇ ਚੰਗੇ ਹਨ।+ 3 ਪਰ ਜਿਹੜੇ ਅਜੇ ਪੈਦਾ ਨਹੀਂ ਹੋਏ, ਉਹ ਇਨ੍ਹਾਂ ਦੋਵਾਂ ਨਾਲੋਂ ਵੀ ਚੰਗੇ ਹਨ+ ਕਿਉਂਕਿ ਉਨ੍ਹਾਂ ਨੇ ਧਰਤੀ ਉੱਤੇ ਹੁੰਦੇ ਬੁਰੇ ਕੰਮ ਨਹੀਂ ਦੇਖੇ।+
4 ਮੈਂ ਦੇਖਿਆ ਹੈ ਕਿ ਜਦੋਂ ਦੋ ਜਣਿਆਂ ਵਿਚ ਮੁਕਾਬਲੇਬਾਜ਼ੀ ਹੁੰਦੀ ਹੈ, ਤਾਂ ਉਹ ਦੋਵੇਂ ਪੂਰੇ ਜਤਨ* ਅਤੇ ਮਹਾਰਤ ਨਾਲ ਕੰਮ ਕਰਦੇ ਹਨ।+ ਇਹ ਵੀ ਵਿਅਰਥ ਅਤੇ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ।
5 ਮੂਰਖ ਹੱਥ ʼਤੇ ਹੱਥ ਧਰ ਕੇ ਬੈਠਾ ਰਹਿੰਦਾ ਹੈ ਅਤੇ ਆਪਣੀ ਹੀ ਬਰਬਾਦੀ ਦਾ ਕਾਰਨ ਬਣਦਾ ਹੈ।*+
6 ਥੋੜ੍ਹਾ ਜਿਹਾ* ਆਰਾਮ ਕਰਨਾ ਬਹੁਤ ਜ਼ਿਆਦਾ* ਮਿਹਨਤ ਕਰਨ ਅਤੇ ਹਵਾ ਪਿੱਛੇ ਭੱਜਣ ਨਾਲੋਂ ਚੰਗਾ ਹੈ।+
7 ਮੈਂ ਧਰਤੀ ਉੱਤੇ ਇਕ ਹੋਰ ਵਿਅਰਥ ਗੱਲ ਵੱਲ ਧਿਆਨ ਦਿੱਤਾ: 8 ਇਕ ਆਦਮੀ ਹੈ ਜੋ ਬਿਲਕੁਲ ਇਕੱਲਾ ਹੈ ਅਤੇ ਉਸ ਦਾ ਕੋਈ ਸਾਥੀ ਨਹੀਂ ਹੈ; ਉਸ ਦਾ ਨਾ ਤਾਂ ਕੋਈ ਪੁੱਤਰ ਤੇ ਨਾ ਹੀ ਕੋਈ ਭਰਾ ਹੈ, ਪਰ ਉਹ ਹੱਡ-ਤੋੜ ਮਿਹਨਤ ਕਰਨ ਵਿਚ ਲੱਗਾ ਰਹਿੰਦਾ ਹੈ। ਉਸ ਦੀਆਂ ਅੱਖਾਂ ਧਨ-ਦੌਲਤ ਨਾਲ ਕਦੇ ਨਹੀਂ ਰੱਜਦੀਆਂ।+ ਪਰ ਕੀ ਉਹ ਕਦੇ ਆਪਣੇ ਆਪ ਨੂੰ ਪੁੱਛਦਾ ਹੈ, ‘ਮੈਂ ਕਿਸ ਲਈ ਇੰਨੀ ਜਾਨ ਮਾਰ ਕੇ ਕੰਮ ਕਰ ਰਿਹਾਂ ਹਾਂ? ਮੈਂ ਚੰਗੀਆਂ ਚੀਜ਼ਾਂ ਦਾ ਮਜ਼ਾ ਲੈਣ ਤੋਂ ਆਪਣੇ ਆਪ ਨੂੰ ਕਿਉਂ ਰੋਕ ਰਿਹਾਂ’?+ ਇਹ ਵੀ ਵਿਅਰਥ ਅਤੇ ਦੁਖਦਾਈ ਗੱਲ ਹੈ।+
9 ਇਕ ਨਾਲੋਂ ਦੋ ਚੰਗੇ ਹੁੰਦੇ ਹਨ+ ਕਿਉਂਕਿ ਉਨ੍ਹਾਂ ਨੂੰ ਆਪਣੀ ਸਖ਼ਤ ਮਿਹਨਤ ਦਾ ਵਧੀਆ ਇਨਾਮ ਮਿਲਦਾ ਹੈ।* 10 ਜੇ ਇਕ ਡਿਗ ਪੈਂਦਾ ਹੈ, ਤਾਂ ਦੂਜਾ ਆਪਣੇ ਸਾਥੀ ਦੀ ਉੱਠਣ ਵਿਚ ਮਦਦ ਕਰ ਸਕਦਾ ਹੈ। ਪਰ ਜਿਸ ਦਾ ਕੋਈ ਸਾਥੀ ਨਹੀਂ ਹੁੰਦਾ, ਤਾਂ ਕੌਣ ਉਸ ਦੀ ਉੱਠਣ ਵਿਚ ਮਦਦ ਕਰੇਗਾ?
11 ਇਸ ਤੋਂ ਇਲਾਵਾ, ਜਦੋਂ ਦੋ ਜਣੇ ਇਕੱਠੇ ਲੰਮੇ ਪੈਂਦੇ ਹਨ, ਤਾਂ ਉਹ ਨਿੱਘੇ ਰਹਿੰਦੇ ਹਨ, ਪਰ ਇਕੱਲਾ ਕਿਵੇਂ ਨਿੱਘਾ ਰਹਿ ਸਕਦਾ ਹੈ? 12 ਇਕੱਲੇ ʼਤੇ ਕੋਈ ਵੀ ਹਾਵੀ ਹੋ ਸਕਦਾ ਹੈ, ਪਰ ਦੋ ਜਣੇ ਰਲ਼ ਕੇ ਉਸ ਦਾ ਮੁਕਾਬਲਾ ਕਰ ਸਕਦੇ ਹਨ। ਤਿੰਨ ਧਾਗਿਆਂ ਦੀ ਡੋਰੀ ਛੇਤੀ* ਨਹੀਂ ਟੁੱਟਦੀ।
13 ਇਕ ਗ਼ਰੀਬ ਪਰ ਬੁੱਧੀਮਾਨ ਮੁੰਡਾ ਉਸ ਬੁੱਢੇ ਤੇ ਮੂਰਖ ਰਾਜੇ ਨਾਲੋਂ ਚੰਗਾ ਹੈ+ ਜਿਸ ਨੂੰ ਇੰਨੀ ਸਮਝ ਨਹੀਂ ਕਿ ਉਹ ਸਲਾਹ ਵੱਲ ਧਿਆਨ ਦੇਵੇ।+ 14 ਉਹ* ਜੇਲ੍ਹ ਤੋਂ ਛੁੱਟ ਕੇ ਰਾਜਾ ਬਣਿਆ,+ ਭਾਵੇਂ ਉਹ ਉਸ ਦੇ ਰਾਜ ਵਿਚ ਗ਼ਰੀਬ ਪੈਦਾ ਹੋਇਆ ਸੀ।+ 15 ਮੈਂ ਧਰਤੀ ਉੱਤੇ ਤੁਰਦੇ-ਫਿਰਦੇ ਸਾਰੇ ਜੀਉਂਦੇ ਲੋਕਾਂ ਵੱਲ ਧਿਆਨ ਦਿੱਤਾ ਅਤੇ ਇਸ ਗੱਲ ਵੱਲ ਵੀ ਗੌਰ ਕੀਤਾ ਕਿ ਉਸ ਨੌਜਵਾਨ ਦਾ ਕੀ ਬਣੇਗਾ ਜਿਸ ਨੇ ਉਸ ਰਾਜੇ ਦੀ ਜਗ੍ਹਾ ਲਈ ਹੈ। 16 ਭਾਵੇਂ ਉਸ ਦਾ ਸਾਥ ਦੇਣ ਵਾਲੇ ਬਥੇਰੇ ਹਨ, ਪਰ ਜਿਹੜੇ ਲੋਕ ਬਾਅਦ ਵਿਚ ਆਉਣਗੇ, ਉਹ ਉਸ ਤੋਂ ਖ਼ੁਸ਼ ਨਹੀਂ ਹੋਣਗੇ।+ ਇਹ ਵੀ ਵਿਅਰਥ ਅਤੇ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ।
5 ਤੂੰ ਜਦੋਂ ਵੀ ਸੱਚੇ ਪਰਮੇਸ਼ੁਰ ਦੇ ਘਰ ਜਾਵੇਂ, ਤਾਂ ਧਿਆਨ ਨਾਲ ਕਦਮ ਰੱਖ।+ ਤੂੰ ਉੱਥੇ ਮੂਰਖਾਂ ਵਾਂਗ ਬਲ਼ੀ ਚੜ੍ਹਾਉਣ ਲਈ ਨਹੀਂ,+ ਸਗੋਂ ਸੁਣਨ ਲਈ ਜਾਹ+ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਕਿ ਉਹ ਜੋ ਕਰ ਰਹੇ ਹਨ, ਬੁਰਾ ਕਰ ਰਹੇ ਹਨ।
2 ਤੂੰ ਬੋਲਣ ਵਿਚ ਕਾਹਲੀ ਨਾ ਕਰ ਅਤੇ ਨਾ ਹੀ ਸੱਚੇ ਪਰਮੇਸ਼ੁਰ ਸਾਮ੍ਹਣੇ ਜੋ ਵੀ ਮਨ ਵਿਚ ਆਇਆ ਬੋਲ+ ਕਿਉਂਕਿ ਸੱਚਾ ਪਰਮੇਸ਼ੁਰ ਸਵਰਗ ਵਿਚ ਹੈ, ਪਰ ਤੂੰ ਧਰਤੀ ʼਤੇ ਹੈਂ। ਇਸ ਲਈ ਤੂੰ ਜ਼ਰੂਰਤ ਤੋਂ ਜ਼ਿਆਦਾ ਨਾ ਬੋਲ।+ 3 ਮਨ ਵਿਚ ਬਹੁਤੀਆਂ ਗੱਲਾਂ* ਹੋਣ ਕਰਕੇ ਸੁਪਨੇ ਆਉਂਦੇ ਹਨ,+ ਮੂਰਖ ਦੀਆਂ ਬਹੁਤੀਆਂ ਗੱਲਾਂ ਤੋਂ ਉਸ ਦੀ ਮੂਰਖਤਾ ਜ਼ਾਹਰ ਹੁੰਦੀ ਹੈ।+ 4 ਜਦੋਂ ਤੂੰ ਪਰਮੇਸ਼ੁਰ ਅੱਗੇ ਕੋਈ ਸੁੱਖਣਾ ਸੁੱਖੇਂ, ਤਾਂ ਉਸ ਨੂੰ ਪੂਰਾ ਕਰਨ ਵਿਚ ਦੇਰ ਨਾ ਲਾਈਂ+ ਕਿਉਂਕਿ ਉਹ ਮੂਰਖਾਂ ਤੋਂ ਖ਼ੁਸ਼ ਨਹੀਂ ਹੁੰਦਾ।+ ਤੂੰ ਜੋ ਵੀ ਸੁੱਖਣਾ ਸੁੱਖਦਾ ਹੈਂ, ਉਸ ਨੂੰ ਪੂਰਾ ਕਰ।+ 5 ਸੁੱਖਣਾ ਸੁੱਖ ਕੇ ਪੂਰੀ ਨਾ ਕਰਨ ਨਾਲੋਂ ਚੰਗਾ ਹੈ ਕਿ ਤੂੰ ਸੁੱਖਣਾ ਸੁੱਖੇਂ ਹੀ ਨਾ।+ 6 ਤੂੰ ਆਪਣੀ ਜ਼ਬਾਨ ਨਾਲ ਪਾਪ ਨਾ ਕਰ+ ਅਤੇ ਦੂਤ* ਸਾਮ੍ਹਣੇ ਇਹ ਨਾ ਕਹਿ ਕਿ ਮੇਰੇ ਤੋਂ ਗ਼ਲਤੀ ਹੋ ਗਈ।+ ਨਹੀਂ ਤਾਂ ਤੇਰੀਆਂ ਗੱਲਾਂ ਕਰਕੇ ਸੱਚੇ ਪਰਮੇਸ਼ੁਰ ਦਾ ਗੁੱਸਾ ਭੜਕੇਗਾ ਅਤੇ ਉਹ ਤੇਰੇ ਹੱਥਾਂ ਦੇ ਕੰਮਾਂ ਨੂੰ ਤਬਾਹ ਕਰ ਦੇਵੇਗਾ।+ 7 ਠੀਕ ਜਿਵੇਂ ਮਨ ਵਿਚ ਬਹੁਤੀਆਂ ਗੱਲਾਂ ਹੋਣ ਕਰਕੇ ਸੁਪਨੇ ਆਉਂਦੇ ਹਨ,+ ਉਸੇ ਤਰ੍ਹਾਂ ਬਹੁਤੀਆਂ ਗੱਲਾਂ ਵੀ ਵਿਅਰਥ ਸਾਬਤ ਹੁੰਦੀਆਂ ਹਨ। ਪਰ ਤੂੰ ਸੱਚੇ ਪਰਮੇਸ਼ੁਰ ਦਾ ਡਰ ਮੰਨ।+
8 ਜੇ ਤੂੰ ਆਪਣੇ ਜ਼ਿਲ੍ਹੇ ਵਿਚ ਕਿਸੇ ਉੱਚ ਅਧਿਕਾਰੀ ਨੂੰ ਗ਼ਰੀਬਾਂ ਉੱਤੇ ਅਤਿਆਚਾਰ ਕਰਦਾ ਅਤੇ ਨਿਆਂ ਤੇ ਸੱਚਾਈ ਨੂੰ ਆਪਣੇ ਪੈਰਾਂ ਹੇਠ ਮਿੱਧਦਾ ਦੇਖਦਾ ਹੈਂ, ਤਾਂ ਇਸ ਗੱਲ ਕਰਕੇ ਹੈਰਾਨ ਨਾ ਹੋ।+ ਉਸ ਉੱਚ ਅਧਿਕਾਰੀ ਦੇ ਉੱਪਰ ਵੀ ਕੋਈ ਹੈ ਜੋ ਉਸ ਉੱਤੇ ਨਜ਼ਰ ਰੱਖਦਾ ਹੈ। ਉਨ੍ਹਾਂ ਅਧਿਕਾਰੀਆਂ ਉੱਪਰ ਵੀ ਹੋਰ ਉੱਚ ਅਧਿਕਾਰੀ ਹਨ।
9 ਨਾਲੇ ਜ਼ਮੀਨ ਦੀ ਪੈਦਾਵਾਰ ਉਨ੍ਹਾਂ ਸਾਰਿਆਂ ਵਿਚ ਵੰਡੀ ਜਾਂਦੀ ਹੈ; ਇੱਥੋਂ ਤਕ ਕਿ ਰਾਜਾ ਵੀ ਖੇਤ ਦੀ ਪੈਦਾਵਾਰ ਤੋਂ ਹੀ ਖਾਂਦਾ ਹੈ।+
10 ਚਾਂਦੀ ਨੂੰ ਪਿਆਰ ਕਰਨ ਵਾਲਾ ਚਾਂਦੀ ਨਾਲ ਕਦੀ ਵੀ ਨਹੀਂ ਰੱਜੇਗਾ ਤੇ ਨਾ ਹੀ ਧਨ-ਦੌਲਤ ਨੂੰ ਪਿਆਰ ਕਰਨ ਵਾਲਾ ਆਪਣੀ ਕਮਾਈ ਨਾਲ ਕਦੀ ਰੱਜੇਗਾ।+ ਇਹ ਵੀ ਵਿਅਰਥ ਹੈ।+
11 ਜਦੋਂ ਚੰਗੀਆਂ ਚੀਜ਼ਾਂ ਵਿਚ ਵਾਧਾ ਹੁੰਦਾ ਹੈ, ਤਾਂ ਖਾਣ ਵਾਲੇ ਵੀ ਵਧ ਜਾਂਦੇ ਹਨ।+ ਮਾਲਕ ਨੂੰ ਇਨ੍ਹਾਂ ਚੀਜ਼ਾਂ ਦਾ ਕੀ ਫ਼ਾਇਦਾ ਹੁੰਦਾ? ਉਹ ਤਾਂ ਬੱਸ ਆਪਣੀਆਂ ਚੀਜ਼ਾਂ ਨੂੰ ਦੇਖ ਹੀ ਸਕਦਾ।+
12 ਨੌਕਰ ਨੂੰ ਮਿੱਠੀ ਨੀਂਦ ਆਉਂਦੀ ਹੈ, ਭਾਵੇਂ ਉਹ ਥੋੜ੍ਹਾ ਖਾਵੇ ਜਾਂ ਬਹੁਤਾ। ਪਰ ਅਮੀਰ ਆਦਮੀ ਦੀ ਦੌਲਤ ਉਸ ਨੂੰ ਸੌਣ ਨਹੀਂ ਦਿੰਦੀ।
13 ਮੈਂ ਧਰਤੀ ਉੱਤੇ ਇਕ ਹੋਰ ਡਾਢੇ ਅਫ਼ਸੋਸ ਦੀ ਗੱਲ ਦੇਖੀ ਹੈ: ਇਕੱਠੀ ਕੀਤੀ ਧਨ-ਦੌਲਤ ਆਪਣੇ ਹੀ ਮਾਲਕ ਦੀ ਬਰਬਾਦੀ ਦਾ ਕਾਰਨ ਬਣਦੀ ਹੈ। 14 ਵਪਾਰ* ਵਿਚ ਲਾਇਆ ਉਸ ਦਾ ਸਾਰਾ ਪੈਸਾ ਡੁੱਬ ਜਾਂਦਾ ਹੈ ਅਤੇ ਜਦੋਂ ਉਸ ਦੇ ਪੁੱਤਰ ਪੈਦਾ ਹੁੰਦਾ ਹੈ, ਤਾਂ ਆਪਣੇ ਪੁੱਤਰ ਨੂੰ ਦੇਣ ਲਈ ਉਸ ਦੇ ਪੱਲੇ ਕੁਝ ਵੀ ਨਹੀਂ ਹੁੰਦਾ।+
15 ਇਕ ਇਨਸਾਨ ਆਪਣੀ ਮਾਂ ਦੀ ਕੁੱਖੋਂ ਨੰਗਾ ਪੈਦਾ ਹੁੰਦਾ ਹੈ ਅਤੇ ਦੁਨੀਆਂ ਤੋਂ ਨੰਗਾ ਹੀ ਚਲਾ ਜਾਂਦਾ ਹੈ।+ ਉਹ ਮਿਹਨਤ ਕਰ ਕੇ ਜੋ ਵੀ ਇਕੱਠਾ ਕਰਦਾ ਹੈ, ਆਪਣੇ ਨਾਲ ਨਹੀਂ ਲਿਜਾ ਸਕਦਾ।+
16 ਇਹ ਵੀ ਡਾਢੇ ਅਫ਼ਸੋਸ ਦੀ ਗੱਲ ਹੈ: ਜਿਵੇਂ ਉਹ ਆਇਆ ਸੀ, ਉਵੇਂ ਉਹ ਚਲਾ ਜਾਵੇਗਾ। ਤਾਂ ਫਿਰ, ਉਸ ਨੂੰ ਇੰਨੀ ਮਿਹਨਤ ਕਰਨ ਅਤੇ ਹਵਾ ਪਿੱਛੇ ਭੱਜਣ ਦਾ ਕੀ ਫ਼ਾਇਦਾ?+ 17 ਨਾਲੇ ਉਹ ਹਰ ਰੋਜ਼ ਹਨੇਰੇ ਵਿਚ ਰੋਟੀ ਖਾਂਦਾ ਹੈ ਅਤੇ ਉਸ ਦੀ ਜ਼ਿੰਦਗੀ ਵਿਚ ਪਰੇਸ਼ਾਨੀ, ਬੀਮਾਰੀ ਤੇ ਗੁੱਸੇ ਤੋਂ ਇਲਾਵਾ ਕੁਝ ਨਹੀਂ ਹੁੰਦਾ।+
18 ਮੈਂ ਦੇਖਿਆ ਹੈ ਕਿ ਇਨਸਾਨ ਲਈ ਇਹੀ ਚੰਗਾ ਤੇ ਸਹੀ ਹੈ ਕਿ ਉਹ ਧਰਤੀ ਉੱਤੇ ਸੱਚੇ ਪਰਮੇਸ਼ੁਰ ਵੱਲੋਂ ਮਿਲੀ ਛੋਟੀ ਜਿਹੀ ਜ਼ਿੰਦਗੀ ਵਿਚ ਖਾਵੇ-ਪੀਵੇ ਅਤੇ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰੇ।*+ ਇਹ ਉਸ ਦੀ ਮਿਹਨਤ ਦਾ ਫਲ* ਹੈ।+ 19 ਨਾਲੇ ਸੱਚਾ ਪਰਮੇਸ਼ੁਰ ਇਨਸਾਨ ਨੂੰ ਧਨ-ਦੌਲਤ+ ਦੇਣ ਦੇ ਨਾਲ-ਨਾਲ ਇਨ੍ਹਾਂ ਦਾ ਮਜ਼ਾ ਲੈਣ ਦੀ ਕਾਬਲੀਅਤ ਵੀ ਦਿੰਦਾ ਹੈ, ਇਸ ਲਈ ਉਸ ਨੂੰ ਇਨ੍ਹਾਂ ਦਾ ਮਜ਼ਾ ਲੈਣਾ ਚਾਹੀਦਾ ਹੈ ਅਤੇ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰਨੀ ਚਾਹੀਦੀ ਹੈ। ਇਹ ਪਰਮੇਸ਼ੁਰ ਦੀ ਦੇਣ ਹੈ।+ 20 ਉਸ ਨੂੰ ਪਤਾ ਹੀ ਨਹੀਂ ਲੱਗੇਗਾ* ਕਿ ਉਸ ਦੀ ਜ਼ਿੰਦਗੀ ਕਦੋਂ ਬੀਤ ਗਈ ਕਿਉਂਕਿ ਸੱਚਾ ਪਰਮੇਸ਼ੁਰ ਉਸ ਦਾ ਦਿਲ ਖ਼ੁਸ਼ੀ ਨਾਲ ਭਰੀ ਰੱਖੇਗਾ।+
6 ਮੈਂ ਧਰਤੀ ਉੱਤੇ ਇਕ ਹੋਰ ਅਫ਼ਸੋਸ ਦੀ ਗੱਲ ਦੇਖੀ ਜੋ ਇਨਸਾਨਾਂ ਵਿਚ ਆਮ ਹੈ: 2 ਸੱਚਾ ਪਰਮੇਸ਼ੁਰ ਇਨਸਾਨ ਨੂੰ ਧਨ-ਦੌਲਤ ਤੇ ਮਹਿਮਾ ਦਿੰਦਾ ਹੈ ਤਾਂਕਿ ਉਸ ਕੋਲ ਕਿਸੇ ਚੀਜ਼ ਦੀ ਘਾਟ ਨਾ ਹੋਵੇ ਜੋ ਉਹ ਚਾਹੁੰਦਾ ਹੈ; ਪਰ ਸੱਚਾ ਪਰਮੇਸ਼ੁਰ ਉਸ ਨੂੰ ਇਨ੍ਹਾਂ ਚੀਜ਼ਾਂ ਦਾ ਮਜ਼ਾ ਨਹੀਂ ਲੈਣ ਦਿੰਦਾ, ਸਗੋਂ ਅਜਨਬੀ ਇਨ੍ਹਾਂ ਦਾ ਮਜ਼ਾ ਲੈਂਦਾ ਹੈ। ਇਹ ਵਿਅਰਥ ਹੈ ਅਤੇ ਬਹੁਤ ਦੁੱਖ ਦੀ ਗੱਲ ਹੈ। 3 ਜੇ ਕੋਈ ਆਦਮੀ 100 ਬੱਚਿਆਂ ਦਾ ਪਿਤਾ ਬਣਦਾ ਹੈ ਅਤੇ ਬੁਢਾਪੇ ਤਕ ਲੰਬੀ ਜ਼ਿੰਦਗੀ ਜੀਉਂਦਾ ਹੈ, ਪਰ ਕਬਰ ਵਿਚ ਜਾਣ ਤੋਂ ਪਹਿਲਾਂ ਆਪਣੀਆਂ ਚੰਗੀਆਂ ਚੀਜ਼ਾਂ ਦਾ ਮਜ਼ਾ ਨਹੀਂ ਲੈਂਦਾ, ਤਾਂ ਮੈਂ ਕਹਿੰਦਾ ਹਾਂ ਕਿ ਉਸ ਆਦਮੀ ਨਾਲੋਂ ਮਰਿਆ ਪੈਦਾ ਹੋਇਆ ਬੱਚਾ ਕਿਤੇ ਚੰਗਾ ਹੈ।+ 4 ਉਸ ਬੱਚੇ ਦਾ ਦੁਨੀਆਂ ਵਿਚ ਆਉਣਾ ਵਿਅਰਥ ਸੀ ਅਤੇ ਉਹ ਬੇਨਾਮ ਹੀ ਹਨੇਰੇ ਵਿਚ ਗੁੰਮ ਹੋ ਗਿਆ। 5 ਭਾਵੇਂ ਉਸ ਨੇ ਸੂਰਜ ਦੀ ਰੌਸ਼ਨੀ ਤਕ ਨਹੀਂ ਦੇਖੀ ਜਾਂ ਉਸ ਨੇ ਕੁਝ ਨਹੀਂ ਜਾਣਿਆ, ਫਿਰ ਵੀ ਉਹ ਉਸ ਆਦਮੀ ਨਾਲੋਂ ਕਿਤੇ ਚੰਗਾ ਹੈ।+ 6 ਜੇ 2,000 ਸਾਲ ਜੀ ਕੇ ਵੀ ਜ਼ਿੰਦਗੀ ਦਾ ਮਜ਼ਾ ਨਹੀਂ ਲਿਆ, ਤਾਂ ਕੀ ਫ਼ਾਇਦਾ? ਕੀ ਸਾਰੇ ਜਣੇ ਇੱਕੋ ਹੀ ਜਗ੍ਹਾ ਨਹੀਂ ਜਾਂਦੇ?+
7 ਇਕ ਆਦਮੀ ਜਿੰਨੀ ਵੀ ਮਿਹਨਤ ਕਰਦਾ ਹੈ, ਆਪਣਾ ਢਿੱਡ ਭਰਨ ਲਈ ਕਰਦਾ ਹੈ,+ ਪਰ ਉਸ ਦੀ ਭੁੱਖ ਨਹੀਂ ਮਿਟਦੀ। 8 ਤਾਂ ਫਿਰ, ਬੁੱਧੀਮਾਨ ਇਨਸਾਨ ਮੂਰਖ ਨਾਲੋਂ ਕਿਵੇਂ ਚੰਗਾ ਹੋਇਆ?+ ਜਾਂ ਫਿਰ, ਜੇ ਗ਼ਰੀਬ ਆਪਣਾ ਗੁਜ਼ਾਰਾ ਕਰਨਾ* ਜਾਣਦਾ ਹੈ, ਤਾਂ ਇਸ ਦਾ ਉਸ ਨੂੰ ਕੀ ਫ਼ਾਇਦਾ? 9 ਉਨ੍ਹਾਂ ਚੀਜ਼ਾਂ ਦਾ ਮਜ਼ਾ ਲੈਣਾ ਚੰਗਾ ਹੈ ਜੋ ਅੱਖਾਂ ਸਾਮ੍ਹਣੇ ਹਨ, ਨਾ ਕਿ ਆਪਣੀਆਂ ਇੱਛਾਵਾਂ ਪਿੱਛੇ ਭੱਜਣਾ। ਇਹ ਵੀ ਵਿਅਰਥ ਹੈ ਅਤੇ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ।
10 ਜੋ ਕੁਝ ਵੀ ਹੋਂਦ ਵਿਚ ਹੈ, ਉਸ ਦਾ ਪਹਿਲਾਂ ਹੀ ਨਾਂ ਰੱਖਿਆ ਜਾ ਚੁੱਕਾ ਹੈ ਅਤੇ ਇਹ ਪਤਾ ਲੱਗ ਗਿਆ ਹੈ ਕਿ ਇਨਸਾਨ ਹੈ ਹੀ ਕੀ; ਉਹ ਆਪਣੇ ਨਾਲੋਂ ਤਾਕਤਵਰ ਨਾਲ ਬਹਿਸ* ਨਹੀਂ ਕਰ ਸਕਦਾ। 11 ਬਹੁਤੀਆਂ ਗੱਲਾਂ* ਵਿਅਰਥ ਸਾਬਤ ਹੁੰਦੀਆਂ ਹਨ; ਇਨਸਾਨ ਨੂੰ ਉਨ੍ਹਾਂ ਦਾ ਕੀ ਫ਼ਾਇਦਾ? 12 ਕੌਣ ਜਾਣਦਾ ਹੈ ਕਿ ਛੋਟੀ ਜਿਹੀ ਵਿਅਰਥ ਜ਼ਿੰਦਗੀ ਵਿਚ ਇਨਸਾਨ ਲਈ ਕੀ ਕਰਨਾ ਸਭ ਤੋਂ ਵਧੀਆ ਹੈ ਜੋ ਪਰਛਾਵੇਂ ਵਾਂਗ ਬੀਤ ਜਾਂਦੀ ਹੈ?+ ਕੌਣ ਉਸ ਨੂੰ ਦੱਸ ਸਕਦਾ ਹੈ ਕਿ ਉਸ ਦੇ ਮਰਨ ਤੋਂ ਬਾਅਦ ਧਰਤੀ ਉੱਤੇ ਕੀ ਹੋਵੇਗਾ?
7 ਨੇਕਨਾਮੀ* ਵਧੀਆ ਤੇਲ ਨਾਲੋਂ ਚੰਗੀ ਹੈ+ ਅਤੇ ਮਰਨ ਦਾ ਦਿਨ ਜਨਮ ਲੈਣ ਦੇ ਦਿਨ ਨਾਲੋਂ ਚੰਗਾ ਹੈ। 2 ਦਾਅਵਤ ਵਾਲੇ ਘਰ ਜਾਣ ਨਾਲੋਂ ਸੋਗ ਵਾਲੇ ਘਰ ਜਾਣਾ ਚੰਗਾ ਹੈ+ ਕਿਉਂਕਿ ਮੌਤ ਹੀ ਹਰ ਇਨਸਾਨ ਦਾ ਅੰਤ ਹੈ ਅਤੇ ਜੀਉਂਦਿਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ। 3 ਹੱਸਣ ਨਾਲੋਂ ਸੋਗ ਮਨਾਉਣਾ ਚੰਗਾ ਹੈ+ ਕਿਉਂਕਿ ਚਿਹਰੇ ਦੀ ਉਦਾਸੀ ਦਾ ਦਿਲ ʼਤੇ ਚੰਗਾ ਅਸਰ ਪੈਂਦਾ ਹੈ।+ 4 ਬੁੱਧੀਮਾਨ ਦਾ ਦਿਲ ਸੋਗ ਵਾਲੇ ਘਰ ਵਿਚ ਹੁੰਦਾ ਹੈ, ਪਰ ਮੂਰਖ ਦਾ ਦਿਲ ਦਾਅਵਤ ਵਾਲੇ ਘਰ ਵਿਚ ਹੁੰਦਾ ਹੈ।+
5 ਮੂਰਖਾਂ ਦੀ ਚਾਪਲੂਸੀ* ਨਾਲੋਂ ਬੁੱਧੀਮਾਨ ਦੀ ਝਿੜਕ ਸੁਣਨੀ ਚੰਗੀ ਹੈ।+ 6 ਜਿਵੇਂ ਪਤੀਲੇ ਹੇਠ ਬਲ਼ਦੀਆਂ ਝਾੜੀਆਂ ਤਿੜਤਿੜ ਕਰਦੀਆਂ ਹਨ, ਉਸੇ ਤਰ੍ਹਾਂ ਮੂਰਖ ਦਾ ਹਾਸਾ ਹੁੰਦਾ ਹੈ।+ ਇਹ ਵੀ ਵਿਅਰਥ ਹੈ। 7 ਪਰ ਅਤਿਆਚਾਰ ਬੁੱਧੀਮਾਨ ਨੂੰ ਪਾਗਲ ਕਰ ਸਕਦਾ ਹੈ ਅਤੇ ਰਿਸ਼ਵਤ ਦਿਲ ਨੂੰ ਭ੍ਰਿਸ਼ਟ ਕਰਦੀ ਹੈ।+
8 ਕਿਸੇ ਮਾਮਲੇ ਦਾ ਅੰਤ ਉਸ ਦੀ ਸ਼ੁਰੂਆਤ ਨਾਲੋਂ ਚੰਗਾ ਹੁੰਦਾ ਹੈ। ਘਮੰਡ ਕਰਨ ਨਾਲੋਂ ਧੀਰਜ ਰੱਖਣਾ ਚੰਗਾ ਹੈ।+ 9 ਕਿਸੇ ਦੀ ਗੱਲ ਦਾ ਛੇਤੀ ਬੁਰਾ ਨਾ ਮਨਾ+ ਕਿਉਂਕਿ ਬੁਰਾ ਮਨਾਉਣਾ ਮੂਰਖਾਂ ਦਾ ਕੰਮ* ਹੈ।+
10 ਇਹ ਨਾ ਕਹਿ, “ਬੀਤ ਚੁੱਕਾ ਸਮਾਂ ਅੱਜ ਨਾਲੋਂ ਚੰਗਾ ਸੀ।” ਤੇਰੇ ਲਈ ਇਹ ਕਹਿਣਾ ਬੁੱਧੀਮਾਨੀ ਦੀ ਗੱਲ ਨਹੀਂ।+
11 ਕਿਸੇ ਬੁੱਧੀਮਾਨ ਨੂੰ ਵਿਰਾਸਤ ਮਿਲਣੀ ਚੰਗੀ ਗੱਲ ਹੈ। ਬੁੱਧ ਤੋਂ ਉਨ੍ਹਾਂ ਸਾਰਿਆਂ ਨੂੰ ਫ਼ਾਇਦਾ ਹੁੰਦਾ ਹੈ ਜੋ ਦਿਨ ਦੀ ਰੌਸ਼ਨੀ ਦੇਖਦੇ ਹਨ।* 12 ਜਿਵੇਂ ਪੈਸਾ ਸੁਰੱਖਿਆ ਦਿੰਦਾ ਹੈ,+ ਤਿਵੇਂ ਬੁੱਧ ਸੁਰੱਖਿਆ ਦਿੰਦੀ ਹੈ।+ ਪਰ ਗਿਆਨ ਦੇ ਨਾਲ-ਨਾਲ ਬੁੱਧ ਹੋਣ ਦਾ ਫ਼ਾਇਦਾ ਇਹ ਹੈ ਕਿ ਇਹ ਆਪਣੇ ਮਾਲਕ ਦੀ ਜਾਨ ਦੀ ਰਾਖੀ ਕਰਦੀ ਹੈ।+
13 ਸੱਚੇ ਪਰਮੇਸ਼ੁਰ ਦੇ ਕੰਮਾਂ ਵੱਲ ਧਿਆਨ ਦੇ। ਉਸ ਨੇ ਜੋ ਵੀ ਟੇਢਾ ਬਣਾਇਆ ਹੈ, ਉਸ ਨੂੰ ਕੌਣ ਸਿੱਧਾ ਕਰ ਸਕਦਾ ਹੈ?+ 14 ਜਦੋਂ ਦਿਨ ਚੰਗਾ ਬੀਤੇ, ਤਾਂ ਤੂੰ ਭਲਾਈ ਕਰ,+ ਪਰ ਬਿਪਤਾ ਦੇ ਦਿਨ ਸੋਚ-ਵਿਚਾਰ ਕਰ ਕਿ ਪਰਮੇਸ਼ੁਰ ਚੰਗੇ ਅਤੇ ਮਾੜੇ ਦਿਨ ਆਉਣ ਦਿੰਦਾ ਹੈ+ ਤਾਂਕਿ ਇਨਸਾਨ ਇਹ ਨਾ ਜਾਣ ਸਕੇ ਕਿ ਭਵਿੱਖ ਵਿਚ ਉਸ ਨਾਲ ਕੀ ਹੋਵੇਗਾ।+
15 ਮੈਂ ਆਪਣੀ ਵਿਅਰਥ ਜ਼ਿੰਦਗੀ+ ਵਿਚ ਸਾਰਾ ਕੁਝ ਦੇਖਿਆ ਹੈ। ਨੇਕ ਇਨਸਾਨ ਨੇਕੀ ਕਰਨ ਦੇ ਬਾਵਜੂਦ ਵੀ ਖ਼ਤਮ ਹੋ ਜਾਂਦਾ ਹੈ,+ ਜਦ ਕਿ ਦੁਸ਼ਟ ਬੁਰਾਈ ਕਰਨ ਦੇ ਬਾਵਜੂਦ ਵੀ ਲੰਬੀ ਜ਼ਿੰਦਗੀ ਭੋਗਦਾ ਹੈ।+
16 ਤੂੰ ਬਹੁਤਾ ਧਰਮੀ ਨਾ ਬਣ+ ਅਤੇ ਨਾ ਹੀ ਬਹੁਤਾ ਬੁੱਧੀਮਾਨ ਹੋਣ ਦਾ ਦਿਖਾਵਾ ਕਰ।+ ਇਸ ਤਰ੍ਹਾਂ ਕਰ ਕੇ ਤੂੰ ਆਪਣੀ ਹੀ ਬਰਬਾਦੀ ਦਾ ਕਾਰਨ ਕਿਉਂ ਬਣਦਾ ਹੈਂ?+ 17 ਤੂੰ ਬਹੁਤਾ ਦੁਸ਼ਟ ਨਾ ਬਣ ਤੇ ਨਾ ਹੀ ਮੂਰਖ ਬਣ।+ ਤੂੰ ਸਮੇਂ ਤੋਂ ਪਹਿਲਾਂ ਕਿਉਂ ਮਰਨਾ ਚਾਹੁੰਦਾਂ?+ 18 ਤੇਰੇ ਲਈ ਪਹਿਲੀ ਚੇਤਾਵਨੀ* ਵੱਲ ਧਿਆਨ ਦੇਣਾ ਚੰਗਾ ਹੈ, ਪਰ ਤੈਨੂੰ ਦੂਸਰੀ ਚੇਤਾਵਨੀ* ਨੂੰ ਵੀ ਅਣਸੁਣਿਆ ਨਹੀਂ ਕਰਨਾ ਚਾਹੀਦਾ+ ਕਿਉਂਕਿ ਪਰਮੇਸ਼ੁਰ ਤੋਂ ਡਰਨ ਵਾਲਾ ਇਨਸਾਨ ਦੋਵੇਂ ਚੇਤਾਵਨੀਆਂ ਵੱਲ ਧਿਆਨ ਦਿੰਦਾ ਹੈ।
19 ਬੁੱਧ ਇਕ ਬੁੱਧੀਮਾਨ ਆਦਮੀ ਨੂੰ ਸ਼ਹਿਰ ਵਿਚ ਦਸ ਤਕੜੇ ਆਦਮੀਆਂ ਨਾਲੋਂ ਜ਼ਿਆਦਾ ਤਾਕਤਵਰ ਬਣਾਉਂਦੀ ਹੈ।+ 20 ਧਰਤੀ ਉੱਤੇ ਅਜਿਹਾ ਕੋਈ ਨੇਕ ਇਨਸਾਨ ਨਹੀਂ ਹੈ ਜੋ ਹਮੇਸ਼ਾ ਚੰਗੇ ਕੰਮ ਕਰੇ ਅਤੇ ਕਦੀ ਪਾਪ ਨਾ ਕਰੇ।+
21 ਨਾਲੇ ਦੂਸਰਿਆਂ ਦੀ ਹਰ ਗੱਲ ਦਿਲ ʼਤੇ ਨਾ ਲਾ;+ ਨਹੀਂ ਤਾਂ ਤੂੰ ਆਪਣੇ ਨੌਕਰ ਦੇ ਮੂੰਹੋਂ ਆਪਣੀ ਬੁਰਾਈ* ਸੁਣੇਂਗਾ; 22 ਤੇਰਾ ਦਿਲ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਤੂੰ ਆਪ ਵੀ ਬਹੁਤ ਵਾਰ ਦੂਸਰਿਆਂ ਦੀ ਬੁਰਾਈ ਕੀਤੀ ਹੈ।+
23 ਮੈਂ ਇਹ ਸਭ ਗੱਲਾਂ ਆਪਣੀ ਬੁੱਧ ਨਾਲ ਪਰਖੀਆਂ ਅਤੇ ਕਿਹਾ: “ਮੈਂ ਬੁੱਧੀਮਾਨ ਬਣ ਜਾਵਾਂਗਾ।” ਪਰ ਇਹ ਮੇਰੇ ਵੱਸੋਂ ਬਾਹਰ ਸੀ। 24 ਜੋ ਵੀ ਵਾਪਰ ਚੁੱਕਾ ਹੈ, ਉਸ ਨੂੰ ਸਮਝਣਾ ਮੇਰੇ ਵੱਸੋਂ ਬਾਹਰ ਹੈ। ਇਹ ਬਹੁਤ ਹੀ ਡੂੰਘੀ ਗੱਲ ਹੈ। ਕੌਣ ਇਸ ਨੂੰ ਸਮਝ ਸਕਦਾ ਹੈ?+ 25 ਮੈਂ ਆਪਣਾ ਪੂਰਾ ਮਨ ਲਾ ਕੇ ਬੁੱਧ ਨੂੰ ਜਾਣਨ ਅਤੇ ਇਸ ਦੀ ਖੋਜਬੀਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਜੋ ਵੀ ਹੁੰਦਾ, ਉਹ ਕਿਉਂ ਹੁੰਦਾ ਹੈ। ਮੈਂ ਮੂਰਖਾਂ ਦੇ ਦੁਸ਼ਟ ਰਵੱਈਏ ਅਤੇ ਪਾਗਲਪੁਣਾ ਕਰਨ ਵਾਲਿਆਂ ਦੀ ਮੂਰਖਤਾ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ।+ 26 ਫਿਰ ਮੈਨੂੰ ਇਹ ਪਤਾ ਲੱਗਾ: ਉਹ ਤੀਵੀਂ ਮੌਤ ਨਾਲੋਂ ਵੀ ਬੁਰੀ ਹੈ ਜੋ ਸ਼ਿਕਾਰੀ ਦੇ ਜਾਲ਼ ਵਰਗੀ ਹੁੰਦੀ ਹੈ ਅਤੇ ਉਸ ਦਾ ਦਿਲ ਵੱਡੇ ਮੱਛੀ-ਜਾਲ਼ ਵਰਗਾ ਅਤੇ ਹੱਥ ਬੇੜੀਆਂ ਵਰਗੇ ਹੁੰਦੇ ਹਨ। ਸੱਚੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲਾ ਇਨਸਾਨ ਉਸ ਤੋਂ ਬਚਿਆ ਰਹੇਗਾ,+ ਪਰ ਪਾਪੀ ਉਸ ਦੇ ਜਾਲ਼ ਵਿਚ ਫਸ ਜਾਵੇਗਾ।+
27 ਉਪਦੇਸ਼ਕ+ ਕਹਿੰਦਾ ਹੈ: “ਦੇਖੋ! ਮੈਨੂੰ ਇਹ ਪਤਾ ਲੱਗਾ ਹੈ। ਮੈਂ ਕਿਸੇ ਨਤੀਜੇ ʼਤੇ ਪਹੁੰਚਣ ਲਈ ਇਕ ਤੋਂ ਬਾਅਦ ਇਕ ਚੀਜ਼ ਦੀ ਜਾਂਚ ਕੀਤੀ, 28 ਪਰ ਜਿਸ ਚੀਜ਼ ਦੀ ਮੈਂ ਲਗਾਤਾਰ ਤਲਾਸ਼ ਕਰਦਾ ਰਿਹਾ, ਉਹ ਮੈਨੂੰ ਨਹੀਂ ਮਿਲੀ। ਮੈਨੂੰ ਇਕ ਹਜ਼ਾਰ ਲੋਕਾਂ ਵਿੱਚੋਂ ਇੱਕੋ ਨੇਕ ਆਦਮੀ ਲੱਭਾ, ਪਰ ਇਨ੍ਹਾਂ ਵਿੱਚੋਂ ਇਕ ਵੀ ਨੇਕ ਔਰਤ ਨਹੀਂ ਲੱਭੀ। 29 ਮੈਨੂੰ ਸਿਰਫ਼ ਇਹੀ ਪਤਾ ਲੱਗਾ ਹੈ: ਸੱਚੇ ਪਰਮੇਸ਼ੁਰ ਨੇ ਇਨਸਾਨ ਨੂੰ ਨੇਕ ਬਣਾਇਆ ਸੀ,+ ਪਰ ਉਹ ਆਪਣੀਆਂ ਹੀ ਯੋਜਨਾਵਾਂ ਮੁਤਾਬਕ ਚੱਲਣ ਲੱਗਾ।”+
8 ਬੁੱਧੀਮਾਨ ਇਨਸਾਨ ਵਰਗਾ ਕੌਣ ਹੈ? ਸਮੱਸਿਆ ਦਾ ਹੱਲ* ਕੌਣ ਜਾਣਦਾ ਹੈ? ਇਨਸਾਨ ਦੀ ਬੁੱਧ ਉਸ ਦੇ ਚਿਹਰੇ ਨੂੰ ਚਮਕਾ ਦਿੰਦੀ ਹੈ ਅਤੇ ਉਸ ਦੇ ਚਿਹਰੇ ਦੀ ਕਠੋਰਤਾ ਖ਼ੁਸ਼ੀ ਵਿਚ ਬਦਲ ਜਾਂਦੀ ਹੈ।
2 ਮੈਂ ਕਹਿੰਦਾ ਹਾਂ: “ਰਾਜੇ ਦੇ ਫ਼ਰਮਾਨਾਂ ਨੂੰ ਮੰਨ+ ਕਿਉਂਕਿ ਤੂੰ ਪਰਮੇਸ਼ੁਰ ਸਾਮ੍ਹਣੇ ਸਹੁੰ ਖਾਧੀ ਸੀ।+ 3 ਤੂੰ ਰਾਜੇ ਦੇ ਸਾਮ੍ਹਣਿਓਂ ਜਾਣ ਦੀ ਕਾਹਲੀ ਨਾ ਕਰ।+ ਤੂੰ ਕਿਸੇ ਬੁਰੇ ਕੰਮ ਵਿਚ ਸ਼ਾਮਲ ਨਾ ਹੋ।+ ਰਾਜਾ ਉਹੀ ਕਰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ 4 ਕਿਉਂਕਿ ਰਾਜੇ ਦੀ ਗੱਲ ਨੂੰ ਮੋੜਿਆ ਨਹੀਂ ਜਾ ਸਕਦਾ।+ ਕੌਣ ਉਸ ਨੂੰ ਪੁੱਛ ਸਕਦਾ ਹੈ, ‘ਤੂੰ ਇਹ ਕੀ ਕਰ ਰਿਹਾ ਹੈਂ?’”
5 ਜਿਹੜਾ ਹੁਕਮਾਂ ਨੂੰ ਮੰਨਦਾ ਹੈ, ਉਸ ਨੂੰ ਨੁਕਸਾਨ ਨਹੀਂ ਹੋਵੇਗਾ+ ਅਤੇ ਬੁੱਧੀਮਾਨ ਦਾ ਦਿਲ ਜਾਣਦਾ ਹੈ ਕਿ ਹਰ ਕੰਮ ਕਰਨ ਦਾ ਸਹੀ ਸਮਾਂ ਅਤੇ ਸਹੀ ਤਰੀਕਾ ਹੁੰਦਾ ਹੈ।+ 6 ਇਨਸਾਨ ਦੀ ਜ਼ਿੰਦਗੀ ਵਿਚ ਤਾਂ ਪਹਿਲਾਂ ਹੀ ਇੰਨੀਆਂ ਸਮੱਸਿਆਵਾਂ ਹਨ, ਇਸ ਲਈ ਹਰ ਕੰਮ ਸਹੀ ਤਰੀਕੇ ਨਾਲ ਅਤੇ ਸਹੀ ਸਮੇਂ ਤੇ ਕੀਤਾ ਜਾਣਾ ਚਾਹੀਦਾ ਹੈ।+ 7 ਜੇ ਕੋਈ ਨਹੀਂ ਜਾਣਦਾ ਕਿ ਆਉਣ ਵਾਲੇ ਸਮੇਂ ਵਿਚ ਕੀ ਵਾਪਰੇਗਾ, ਤਾਂ ਫਿਰ ਕੌਣ ਦੱਸ ਸਕਦਾ ਹੈ ਕਿ ਇਹ ਕਿਵੇਂ ਵਾਪਰੇਗਾ?
8 ਕਿਸੇ ਵੀ ਇਨਸਾਨ ਦਾ ਨਾ ਤਾਂ ਆਪਣੇ ਸਾਹਾਂ* ਉੱਤੇ ਅਤੇ ਨਾ ਹੀ ਆਪਣੀ ਮੌਤ ਉੱਤੇ ਕੋਈ ਵੱਸ ਹੁੰਦਾ ਹੈ।+ ਜਿਵੇਂ ਕਿਸੇ ਫ਼ੌਜੀ ਨੂੰ ਲੜਾਈ ਦੌਰਾਨ ਛੁੱਟੀ ʼਤੇ ਜਾਣ ਦੀ ਇਜਾਜ਼ਤ ਨਹੀਂ ਮਿਲਦੀ, ਉਵੇਂ ਦੁਸ਼ਟ ਆਪਣੀ ਬੁਰਾਈ ਦੇ ਅੰਜਾਮਾਂ ਤੋਂ ਬਚ ਨਹੀਂ ਸਕਦਾ।*
9 ਮੈਂ ਇਹ ਸਾਰਾ ਕੁਝ ਦੇਖਿਆ। ਧਰਤੀ ʼਤੇ ਕੀਤੇ ਜਾਂਦੇ ਸਾਰੇ ਕੰਮਾਂ ʼਤੇ ਆਪਣਾ ਧਿਆਨ ਲਾਇਆ ਅਤੇ ਦੇਖਿਆ ਕਿ ਇਸ ਦੌਰਾਨ ਇਨਸਾਨ ਨੇ ਇਨਸਾਨ ʼਤੇ ਹੁਕਮ ਚਲਾ ਕੇ ਦੁੱਖ-ਤਕਲੀਫ਼ਾਂ ਹੀ ਲਿਆਂਦੀਆਂ ਹਨ।+ 10 ਮੈਂ ਦੁਸ਼ਟਾਂ ਨੂੰ ਦਫ਼ਨ ਹੁੰਦਿਆਂ ਦੇਖਿਆ ਹੈ ਜਿਹੜੇ ਪਵਿੱਤਰ ਸਥਾਨ ਵਿਚ ਆਉਂਦੇ-ਜਾਂਦੇ ਸਨ। ਜਿਸ ਸ਼ਹਿਰ ਵਿਚ ਉਨ੍ਹਾਂ ਨੇ ਬੁਰੇ ਕੰਮ ਕੀਤੇ ਸਨ, ਉੱਥੋਂ ਦੇ ਲੋਕਾਂ ਦੇ ਮਨਾਂ ਵਿੱਚੋਂ ਉਨ੍ਹਾਂ ਦੀ ਯਾਦ ਛੇਤੀ ਹੀ ਮਿਟ ਗਈ।+ ਇਹ ਵੀ ਵਿਅਰਥ ਹੈ।
11 ਜਦ ਬੁਰੇ ਕੰਮਾਂ ਦੀ ਸਜ਼ਾ ਜਲਦੀ ਨਹੀਂ ਦਿੱਤੀ ਜਾਂਦੀ,+ ਤਾਂ ਇਨਸਾਨ ਦਾ ਮਨ ਹੋਰ ਵੀ ਬੁਰੇ ਕੰਮ ਕਰਨ ਦੀ ਜੁਰਅਤ ਕਰਦਾ ਹੈ।+ 12 ਭਾਵੇਂ ਪਾਪੀ 100 ਵਾਰ ਪਾਪ ਕਰਨ ਦੇ ਬਾਵਜੂਦ ਲੰਬੀ ਜ਼ਿੰਦਗੀ ਜੀਉਂਦਾ ਹੈ, ਪਰ ਮੈਂ ਜਾਣਦਾ ਹਾਂ ਕਿ ਭਲਾ ਸਿਰਫ਼ ਸੱਚੇ ਪਰਮੇਸ਼ੁਰ ਦਾ ਡਰ ਮੰਨਣ ਵਾਲਿਆਂ ਦਾ ਹੀ ਹੁੰਦਾ ਹੈ ਕਿਉਂਕਿ ਉਹ ਦਿਲੋਂ ਉਸ ਦਾ ਡਰ ਮੰਨਦੇ ਹਨ।+ 13 ਪਰ ਦੁਸ਼ਟ ਦਾ ਭਲਾ ਨਹੀਂ ਹੋਵੇਗਾ+ ਅਤੇ ਨਾ ਹੀ ਉਹ ਆਪਣੀ ਜ਼ਿੰਦਗੀ ਦੇ ਦਿਨ ਵਧਾ ਸਕੇਗਾ ਜੋ ਪਰਛਾਵੇਂ ਵਾਂਗ ਬੀਤ ਜਾਂਦੀ ਹੈ+ ਕਿਉਂਕਿ ਉਹ ਪਰਮੇਸ਼ੁਰ ਦਾ ਡਰ ਨਹੀਂ ਮੰਨਦਾ।
14 ਧਰਤੀ ਉੱਤੇ ਇਹ ਵਿਅਰਥ* ਕੰਮ ਹੁੰਦਾ ਹੈ: ਨੇਕ ਲੋਕਾਂ ਨਾਲ ਇੱਦਾਂ ਸਲੂਕ ਕੀਤਾ ਜਾਂਦਾ ਹੈ ਜਿੱਦਾਂ ਉਨ੍ਹਾਂ ਨੇ ਬੁਰੇ ਕੰਮ ਕੀਤੇ ਹੋਣ+ ਅਤੇ ਦੁਸ਼ਟ ਲੋਕਾਂ ਨਾਲ ਇੱਦਾਂ ਸਲੂਕ ਕੀਤਾ ਜਾਂਦਾ ਹੈ ਜਿੱਦਾਂ ਉਨ੍ਹਾਂ ਨੇ ਚੰਗੇ ਕੰਮ ਕੀਤੇ ਹੋਣ।+ ਮੈਂ ਕਹਿੰਦਾ ਹਾਂ ਕਿ ਇਹ ਵੀ ਵਿਅਰਥ ਹੈ।
15 ਇਸ ਲਈ ਮੈਂ ਸਲਾਹ ਦਿੰਦਾ ਹਾਂ ਕਿ ਜ਼ਿੰਦਗੀ ਦਾ ਆਨੰਦ ਮਾਣੋ+ ਕਿਉਂਕਿ ਇਨਸਾਨ ਲਈ ਧਰਤੀ ʼਤੇ ਇਸ ਨਾਲੋਂ ਹੋਰ ਕੁਝ ਵੀ ਚੰਗਾ ਨਹੀਂ ਕਿ ਉਹ ਖਾਵੇ-ਪੀਵੇ ਅਤੇ ਖ਼ੁਸ਼ੀ ਮਨਾਵੇ। ਸੱਚੇ ਪਰਮੇਸ਼ੁਰ ਵੱਲੋਂ ਧਰਤੀ ʼਤੇ ਦਿੱਤੀ ਜ਼ਿੰਦਗੀ ਵਿਚ ਉਹ ਸਖ਼ਤ ਮਿਹਨਤ ਕਰਨ ਦੇ ਨਾਲ-ਨਾਲ ਇਸ ਦਾ ਆਨੰਦ ਵੀ ਮਾਣੇ।+
16 ਮੈਂ ਆਪਣਾ ਪੂਰਾ ਮਨ ਲਾ ਕੇ ਬੁੱਧ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਧਰਤੀ ਉੱਤੇ ਹੁੰਦੇ ਸਾਰੇ ਕੰਮਾਂ ʼਤੇ ਧਿਆਨ ਲਾਇਆ,+ ਇੱਥੋਂ ਤਕ ਕਿ ਮੈਂ ਦਿਨ-ਰਾਤ ਜਾਗਦਾ ਰਿਹਾ।* 17 ਫਿਰ ਮੈਂ ਸੱਚੇ ਪਰਮੇਸ਼ੁਰ ਦੇ ਸਾਰੇ ਕੰਮਾਂ ʼਤੇ ਗੌਰ ਕੀਤਾ ਅਤੇ ਮੈਨੂੰ ਅਹਿਸਾਸ ਹੋਇਆ ਕਿ ਧਰਤੀ ʼਤੇ ਹੁੰਦੇ ਕੰਮਾਂ ਨੂੰ ਸਮਝਣਾ ਇਨਸਾਨ ਦੇ ਵੱਸੋਂ ਬਾਹਰ ਹੈ।+ ਚਾਹੇ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰੇ, ਉਹ ਇਨ੍ਹਾਂ ਨੂੰ ਸਮਝ ਨਹੀਂ ਸਕਦਾ। ਭਾਵੇਂ ਉਹ ਇਹ ਦਾਅਵਾ ਵੀ ਕਰੇ ਕਿ ਉਹ ਬੁੱਧੀਮਾਨ ਹੋਣ ਕਰਕੇ ਇਨ੍ਹਾਂ ਨੂੰ ਸਮਝ ਸਕਦਾ ਹੈ, ਪਰ ਅਸਲ ਵਿਚ ਉਹ ਇਨ੍ਹਾਂ ਨੂੰ ਨਹੀਂ ਸਮਝ ਸਕਦਾ।+
9 ਇਸ ਲਈ ਮੈਂ ਧਿਆਨ ਨਾਲ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸੋਚ-ਵਿਚਾਰ ਕਰ ਕੇ ਇਸ ਨਤੀਜੇ ʼਤੇ ਪਹੁੰਚਿਆ ਹਾਂ ਕਿ ਧਰਮੀ ਅਤੇ ਬੁੱਧੀਮਾਨ ਅਤੇ ਉਨ੍ਹਾਂ ਦੇ ਕੰਮ ਸੱਚੇ ਪਰਮੇਸ਼ੁਰ ਦੇ ਹੱਥ ਵਿਚ ਹਨ।+ ਇਨਸਾਨ ਉਸ ਪਿਆਰ ਅਤੇ ਨਫ਼ਰਤ ਨੂੰ ਨਹੀਂ ਜਾਣਦਾ ਜੋ ਉਸ ਤੋਂ ਪਹਿਲਾਂ ਲੋਕ ਇਕ-ਦੂਜੇ ਨਾਲ ਕਰਦੇ ਸਨ। 2 ਸਾਰਿਆਂ ਦਾ ਅੰਜਾਮ ਇੱਕੋ ਜਿਹਾ ਹੁੰਦਾ ਹੈ,+ ਭਾਵੇਂ ਉਹ ਧਰਮੀ ਹੋਵੇ ਜਾਂ ਦੁਸ਼ਟ,+ ਚੰਗਾ ਤੇ ਸ਼ੁੱਧ ਹੋਵੇ ਜਾਂ ਅਸ਼ੁੱਧ, ਬਲ਼ੀਆਂ ਚੜ੍ਹਾਉਂਦਾ ਹੋਵੇ ਜਾਂ ਬਲ਼ੀਆਂ ਨਾ ਚੜ੍ਹਾਉਂਦਾ ਹੋਵੇ। ਚੰਗੇ ਅਤੇ ਪਾਪੀ ਇਨਸਾਨ ਦਾ ਇੱਕੋ ਜਿਹਾ ਹਸ਼ਰ ਹੁੰਦਾ ਹੈ; ਬਿਨਾਂ ਸੋਚੇ-ਸਮਝੇ ਸਹੁੰ ਖਾਣ ਵਾਲੇ ਦਾ ਅਤੇ ਸੋਚ-ਸਮਝ ਕੇ ਸਹੁੰ ਖਾਣ ਵਾਲੇ ਦਾ ਇੱਕੋ ਜਿਹਾ ਹਾਲ ਹੁੰਦਾ ਹੈ। 3 ਮੈਂ ਧਰਤੀ ਉੱਤੇ ਇਹ ਦੁੱਖ ਦੀ ਗੱਲ ਦੇਖੀ ਹੈ: ਸਾਰਿਆਂ ਦਾ ਅੰਜਾਮ ਇੱਕੋ ਜਿਹਾ ਹੁੰਦਾ ਹੈ,+ ਇਸ ਕਰਕੇ ਇਨਸਾਨ ਦਾ ਦਿਲ ਬੁਰਾਈ ਨਾਲ ਭਰਿਆ ਰਹਿੰਦਾ ਹੈ; ਸਾਰੀ ਜ਼ਿੰਦਗੀ ਉਸ ਦੇ ਦਿਲ ਵਿਚ ਪਾਗਲਪੁਣਾ ਰਹਿੰਦਾ ਹੈ ਤੇ ਅਖ਼ੀਰ ਉਹ ਮਰ ਜਾਂਦਾ ਹੈ!*
4 ਜਿਹੜਾ ਇਨਸਾਨ ਜੀਉਂਦਾ ਹੈ, ਉਸ ਲਈ ਉਮੀਦ ਹੈ ਕਿਉਂਕਿ ਜੀਉਂਦਾ ਕੁੱਤਾ ਮਰੇ ਹੋਏ ਸ਼ੇਰ ਨਾਲੋਂ ਚੰਗਾ ਹੈ।+ 5 ਜੀਉਂਦੇ ਤਾਂ ਜਾਣਦੇ ਹਨ ਕਿ ਉਹ ਮਰਨਗੇ,+ ਪਰ ਮਰੇ ਹੋਏ ਕੁਝ ਵੀ ਨਹੀਂ ਜਾਣਦੇ+ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਹੋਰ ਇਨਾਮ* ਮਿਲੇਗਾ ਕਿਉਂਕਿ ਉਨ੍ਹਾਂ ਨੂੰ ਯਾਦ ਨਹੀਂ ਕੀਤਾ ਜਾਂਦਾ।+ 6 ਨਾਲੇ ਉਨ੍ਹਾਂ ਦਾ ਪਿਆਰ, ਨਫ਼ਰਤ ਤੇ ਈਰਖਾ ਖ਼ਤਮ ਹੋ ਜਾਂਦੀ ਹੈ ਅਤੇ ਧਰਤੀ ਉੱਤੇ ਜੋ ਕੁਝ ਵੀ ਕੀਤਾ ਜਾਂਦਾ ਹੈ, ਉਸ ਵਿਚ ਉਨ੍ਹਾਂ ਦਾ ਕੋਈ ਹਿੱਸਾ ਨਹੀਂ ਹੁੰਦਾ।+
7 ਇਸ ਲਈ ਜਾਹ, ਭੋਜਨ ਦਾ ਮਜ਼ਾ ਲੈ ਅਤੇ ਦਾਖਰਸ ਪੀ ਕੇ ਆਪਣਾ ਦਿਲ ਖ਼ੁਸ਼ ਕਰ+ ਕਿਉਂਕਿ ਸੱਚਾ ਪਰਮੇਸ਼ੁਰ ਤੇਰੇ ਕੰਮਾਂ ਤੋਂ ਖ਼ੁਸ਼ ਹੈ।+ 8 ਤੇਰੇ ਕੱਪੜੇ ਹਮੇਸ਼ਾ ਚਿੱਟੇ ਰਹਿਣ* ਅਤੇ ਆਪਣੇ ਸਿਰ ʼਤੇ ਤੇਲ ਲਾਉਣਾ ਨਾ ਭੁੱਲੀਂ।+ 9 ਆਪਣੀ ਪਿਆਰੀ ਪਤਨੀ ਨਾਲ ਛੋਟੀ ਜਿਹੀ* ਜ਼ਿੰਦਗੀ ਦੇ ਹਰ ਦਿਨ ਦਾ ਮਜ਼ਾ ਲੈ।+ ਪਰਮੇਸ਼ੁਰ ਵੱਲੋਂ ਧਰਤੀ ਉੱਤੇ ਦਿੱਤੀ ਜ਼ਿੰਦਗੀ ਵਿਚ ਇਸੇ ਤਰ੍ਹਾਂ ਕਰ ਕਿਉਂਕਿ ਜ਼ਿੰਦਗੀ ਵਿਚ ਇਹੀ ਤੇਰਾ ਹਿੱਸਾ ਹੈ ਅਤੇ ਧਰਤੀ ਉੱਤੇ ਕੀਤੀ ਤੇਰੀ ਮਿਹਨਤ ਦਾ ਇਹੀ ਫਲ ਹੈ।+ 10 ਜੋ ਵੀ ਕੰਮ ਤੇਰੇ ਹੱਥ ਲੱਗਦਾ ਹੈ, ਉਸ ਨੂੰ ਪੂਰਾ ਜ਼ੋਰ ਲਾ ਕੇ ਕਰ ਕਿਉਂਕਿ ਕਬਰ* ਵਿਚ, ਜਿੱਥੇ ਤੂੰ ਜਾਣਾ ਹੈਂ, ਤੂੰ ਨਾ ਤਾਂ ਕੋਈ ਕੰਮ ਕਰ ਸਕਦਾਂ, ਨਾ ਕੋਈ ਯੋਜਨਾ ਬਣਾ ਸਕਦਾਂ ਅਤੇ ਨਾ ਹੀ ਗਿਆਨ ਤੇ ਬੁੱਧ ਹਾਸਲ ਕਰ ਸਕਦਾਂ।+
11 ਮੈਂ ਧਰਤੀ ਉੱਤੇ ਇਹ ਵੀ ਦੇਖਿਆ ਹੈ ਕਿ ਤੇਜ਼ ਦੌੜਨ ਵਾਲਾ ਹਮੇਸ਼ਾ ਦੌੜ ਨਹੀਂ ਜਿੱਤਦਾ ਅਤੇ ਨਾ ਹੀ ਬਲਵਾਨ ਹਮੇਸ਼ਾ ਲੜਾਈ ਜਿੱਤਦਾ ਹੈ,+ ਨਾ ਬੁੱਧੀਮਾਨ ਕੋਲ ਹਮੇਸ਼ਾ ਖਾਣ ਲਈ ਰੋਟੀ ਹੁੰਦੀ ਹੈ, ਨਾ ਅਕਲਮੰਦ ਕੋਲ ਹਮੇਸ਼ਾ ਧਨ-ਦੌਲਤ ਹੁੰਦੀ ਹੈ+ ਅਤੇ ਨਾ ਹੀ ਗਿਆਨਵਾਨ ਨੂੰ ਹਮੇਸ਼ਾ ਕਾਮਯਾਬੀ ਹਾਸਲ ਹੁੰਦੀ ਹੈ+ ਕਿਉਂਕਿ ਹਰ ਕਿਸੇ ʼਤੇ ਬੁਰਾ ਸਮਾਂ ਆਉਂਦਾ ਹੈ ਅਤੇ ਕਿਸੇ ਨਾਲ ਅਚਾਨਕ ਕੁਝ ਵੀ ਵਾਪਰ ਸਕਦਾ ਹੈ। 12 ਕੋਈ ਇਨਸਾਨ ਨਹੀਂ ਜਾਣਦਾ ਕਿ ਉਸ ਦਾ ਸਮਾਂ ਕਦੋਂ ਆਵੇਗਾ।+ ਜਿਵੇਂ ਮੱਛੀਆਂ ਜਾਲ਼ ਵਿਚ ਅਤੇ ਪੰਛੀ ਫੰਦੇ ਵਿਚ ਫਸ ਜਾਂਦੇ ਹਨ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਵੀ ਬਿਪਤਾ ਦੇ ਜਾਲ਼ ਵਿਚ ਫਸ ਜਾਂਦੇ ਹਨ ਜਦੋਂ ਇਹ ਅਚਾਨਕ ਉਨ੍ਹਾਂ ʼਤੇ ਆ ਪੈਂਦੀ ਹੈ।
13 ਮੈਂ ਧਰਤੀ ਉੱਤੇ ਬੁੱਧੀਮਾਨੀ ਦੀ ਇਹ ਮਿਸਾਲ ਵੀ ਦੇਖੀ ਜਿਸ ਦਾ ਮੇਰੇ ʼਤੇ ਗਹਿਰਾ ਅਸਰ ਪਿਆ: 14 ਇਕ ਛੋਟਾ ਜਿਹਾ ਸ਼ਹਿਰ ਸੀ ਜਿਸ ਵਿਚ ਕੁਝ ਕੁ ਆਦਮੀ ਸਨ; ਇਕ ਤਾਕਤਵਰ ਰਾਜੇ ਨੇ ਹਮਲਾ ਕਰ ਕੇ ਇਸ ਦੇ ਆਲੇ-ਦੁਆਲੇ ਮਜ਼ਬੂਤ ਘੇਰਾਬੰਦੀ ਕੀਤੀ। 15 ਉਸ ਸ਼ਹਿਰ ਵਿਚ ਇਕ ਗ਼ਰੀਬ ਪਰ ਬੁੱਧੀਮਾਨ ਆਦਮੀ ਰਹਿੰਦਾ ਸੀ ਅਤੇ ਉਸ ਨੇ ਆਪਣੀ ਬੁੱਧ ਨਾਲ ਉਸ ਸ਼ਹਿਰ ਨੂੰ ਬਚਾ ਲਿਆ। ਪਰ ਕਿਸੇ ਨੇ ਵੀ ਉਸ ਗ਼ਰੀਬ ਨੂੰ ਯਾਦ ਨਹੀਂ ਰੱਖਿਆ।+ 16 ਮੈਂ ਆਪਣੇ ਮਨ ਵਿਚ ਕਿਹਾ: ‘ਬੁੱਧ ਤਾਕਤ ਨਾਲੋਂ ਚੰਗੀ ਹੈ,+ ਫਿਰ ਵੀ ਗ਼ਰੀਬ ਦੀ ਬੁੱਧ ਨੂੰ ਤੁੱਛ ਸਮਝਿਆ ਜਾਂਦਾ ਹੈ ਅਤੇ ਕੋਈ ਵੀ ਉਸ ਦੀ ਗੱਲ ਵੱਲ ਧਿਆਨ ਨਹੀਂ ਦਿੰਦਾ।’+
17 ਮੂਰਖਾਂ ਉੱਤੇ ਰਾਜ ਕਰਨ ਵਾਲੇ ਰਾਜੇ ਦਾ ਰੌਲ਼ਾ ਸੁਣਨ ਨਾਲੋਂ ਸ਼ਾਂਤੀ ਨਾਲ ਬੋਲਣ ਵਾਲੇ ਬੁੱਧੀਮਾਨ ਦੀ ਗੱਲ ਸੁਣਨੀ ਚੰਗੀ ਹੈ।
18 ਯੁੱਧ ਦੇ ਹਥਿਆਰਾਂ ਨਾਲੋਂ ਬੁੱਧ ਚੰਗੀ ਹੈ, ਪਰ ਚੰਗੇ ਕੰਮ ਵਿਗਾੜਨ ਲਈ ਸਿਰਫ਼ ਇਕ ਪਾਪੀ ਹੀ ਕਾਫ਼ੀ ਹੁੰਦਾ।+
10 ਜਿਵੇਂ ਮਰੀਆਂ ਮੱਖੀਆਂ ਕਰਕੇ ਖ਼ੁਸ਼ਬੂਦਾਰ ਤੇਲ ਖ਼ਰਾਬ ਹੋ ਜਾਂਦਾ ਹੈ ਅਤੇ ਬੋ ਮਾਰਨ ਲੱਗ ਪੈਂਦਾ ਹੈ, ਉਵੇਂ ਥੋੜ੍ਹੀ ਜਿਹੀ ਮੂਰਖਤਾ ਇਕ ਬੁੱਧੀਮਾਨ ਅਤੇ ਇੱਜ਼ਤਦਾਰ ਇਨਸਾਨ ਦਾ ਨਾਂ ਖ਼ਰਾਬ ਕਰ ਦਿੰਦੀ ਹੈ।+
2 ਬੁੱਧੀਮਾਨ ਦਾ ਦਿਲ ਉਸ ਨੂੰ ਸਹੀ ਰਾਹ ਪਾਉਂਦਾ ਹੈ,* ਪਰ ਮੂਰਖ ਦਾ ਦਿਲ ਉਸ ਨੂੰ ਗ਼ਲਤ ਰਾਹ ਪਾਉਂਦਾ ਹੈ।*+ 3 ਮੂਰਖ ਭਾਵੇਂ ਜਿਹੜੇ ਮਰਜ਼ੀ ਰਾਹ ਜਾਵੇ, ਉਹ ਦਿਖਾਉਂਦਾ ਹੈ ਕਿ ਉਸ ਵਿਚ ਸਮਝ ਦੀ ਘਾਟ ਹੈ+ ਅਤੇ ਸਾਰਿਆਂ ਸਾਮ੍ਹਣੇ ਜ਼ਾਹਰ ਕਰਦਾ ਹੈ ਕਿ ਉਹ ਮੂਰਖ ਹੈ।+
4 ਜੇ ਤੇਰੇ ʼਤੇ ਹਾਕਮ ਦਾ ਗੁੱਸਾ* ਭੜਕਦਾ ਹੈ, ਤਾਂ ਆਪਣੀ ਜਗ੍ਹਾ ਛੱਡ ਕੇ ਉੱਥੋਂ ਨਾ ਜਾਹ+ ਕਿਉਂਕਿ ਸ਼ਾਂਤ ਰਹਿਣ ਨਾਲ ਵੱਡੇ-ਵੱਡੇ ਪਾਪ ਰੋਕੇ ਜਾ ਸਕਦੇ ਹਨ।+
5 ਮੈਂ ਧਰਤੀ ਉੱਤੇ ਅਧਿਕਾਰ ਰੱਖਣ ਵਾਲਿਆਂ ਨੂੰ ਅਜਿਹੀ ਗ਼ਲਤੀ ਕਰਦੇ ਦੇਖਿਆ ਹੈ ਜੋ ਦੁੱਖ ਦੀ ਗੱਲ ਹੈ:+ 6 ਮੂਰਖਾਂ ਨੂੰ ਉੱਚੀਆਂ ਪਦਵੀਆਂ ਦਿੱਤੀਆਂ ਜਾਂਦੀਆਂ ਹਨ, ਪਰ ਕਾਬਲ* ਇਨਸਾਨ ਛੋਟੀਆਂ ਪਦਵੀਆਂ ʼਤੇ ਹੀ ਰਹਿੰਦੇ ਹਨ।
7 ਮੈਂ ਨੌਕਰਾਂ ਨੂੰ ਘੋੜਿਆਂ ਦੀ ਸਵਾਰੀ ਕਰਦੇ ਅਤੇ ਹਾਕਮਾਂ ਨੂੰ ਨੌਕਰਾਂ ਵਾਂਗ ਪੈਦਲ ਤੁਰਦੇ ਦੇਖਿਆ ਹੈ।+
8 ਟੋਆ ਪੁੱਟਣ ਵਾਲਾ ਆਪ ਹੀ ਉਸ ਵਿਚ ਡਿਗ ਸਕਦਾ ਹੈ+ ਅਤੇ ਪੱਥਰਾਂ ਦੀ ਕੰਧ ਢਾਹੁਣ ਵਾਲੇ ਨੂੰ ਸੱਪ ਡੰਗ ਮਾਰ ਸਕਦਾ ਹੈ।
9 ਖਾਣ ਵਿੱਚੋਂ ਪੱਥਰ ਤੋੜਨ ਵਾਲੇ ਨੂੰ ਪੱਥਰ ਨਾਲ ਸੱਟ ਲੱਗ ਸਕਦੀ ਹੈ ਅਤੇ ਲੱਕੜਾਂ ਚੀਰਨ ਵਾਲਾ ਆਪਣੇ ਆਪ ਨੂੰ ਖ਼ਤਰੇ ਵਿਚ ਪਾਉਂਦਾ ਹੈ।*
10 ਜਦ ਕੁਹਾੜਾ ਖੁੰਢਾ ਹੋ ਜਾਂਦਾ ਹੈ ਅਤੇ ਉਸ ਨੂੰ ਤਿੱਖਾ ਨਹੀਂ ਕੀਤਾ ਜਾਂਦਾ, ਤਾਂ ਜ਼ਿਆਦਾ ਜ਼ੋਰ ਲਾਉਣਾ ਪੈਂਦਾ ਹੈ। ਪਰ ਬੁੱਧ ਕਾਮਯਾਬੀ ਹਾਸਲ ਕਰਨ ਵਿਚ ਮਦਦ ਕਰਦੀ ਹੈ।
11 ਜੇ ਜਾਦੂ-ਮੰਤਰ ਨਾਲ ਵੱਸ ਵਿਚ ਕੀਤੇ ਜਾਣ ਤੋਂ ਪਹਿਲਾਂ ਹੀ ਸੱਪ ਸਪੇਰੇ ਨੂੰ ਡੰਗ ਮਾਰ ਦੇਵੇ, ਤਾਂ ਉਸ ਨੂੰ ਆਪਣੇ ਹੁਨਰ ਦਾ ਕੀ ਫ਼ਾਇਦਾ?
12 ਬੁੱਧੀਮਾਨ ਦੀਆਂ ਗੱਲਾਂ ਕਾਰਨ ਉਸ ਨੂੰ ਆਦਰ ਮਿਲਦਾ ਹੈ,+ ਪਰ ਮੂਰਖ ਦੀ ਜ਼ਬਾਨ ਉਸ ਦੀ ਆਪਣੀ ਹੀ ਬਰਬਾਦੀ ਦਾ ਕਾਰਨ ਬਣਦੀ ਹੈ।+ 13 ਮੂਰਖ ਆਪਣੀ ਗੱਲ ਮੂਰਖਤਾ ਨਾਲ ਸ਼ੁਰੂ ਕਰਦਾ ਹੈ+ ਅਤੇ ਪਾਗਲਪੁਣੇ ਨਾਲ ਖ਼ਤਮ ਕਰਦਾ ਹੈ ਜਿਸ ਕਰਕੇ ਮੁਸੀਬਤ ਖੜ੍ਹੀ ਹੁੰਦੀ ਹੈ। 14 ਫਿਰ ਵੀ ਮੂਰਖ ਆਪਣਾ ਮੂੰਹ ਬੰਦ ਨਹੀਂ ਕਰਦਾ।+
ਕੋਈ ਇਨਸਾਨ ਨਹੀਂ ਜਾਣਦਾ ਕਿ ਅੱਗੇ ਕੀ ਹੋਵੇਗਾ; ਇਸ ਲਈ ਕੌਣ ਉਸ ਨੂੰ ਦੱਸ ਸਕਦਾ ਹੈ ਕਿ ਉਸ ਦੇ ਮਰਨ ਤੋਂ ਬਾਅਦ ਧਰਤੀ ਉੱਤੇ ਕੀ ਹੋਵੇਗਾ?+
15 ਮੂਰਖ ਦੀ ਮਿਹਨਤ ਉਸ ਨੂੰ ਥਕਾ ਦਿੰਦੀ ਹੈ, ਉਸ ਨੂੰ ਤਾਂ ਇਹ ਵੀ ਪਤਾ ਨਹੀਂ ਲੱਗਦਾ ਕਿ ਸ਼ਹਿਰ ਨੂੰ ਜਾਣ ਵਾਲਾ ਰਾਹ ਕਿਹੜਾ ਹੈ।
16 ਹਾਇ ਉਸ ਦੇਸ਼ ਉੱਤੇ ਜਿਸ ਦਾ ਰਾਜਾ ਇਕ ਮੁੰਡਾ ਹੈ+ ਅਤੇ ਜਿਸ ਦੇ ਹਾਕਮ ਸਵੇਰੇ ਹੀ ਦਾਅਵਤਾਂ ਉਡਾਉਣੀਆਂ ਸ਼ੁਰੂ ਕਰ ਦਿੰਦੇ ਹਨ! 17 ਖ਼ੁਸ਼ ਹੈ ਉਹ ਦੇਸ਼ ਜਿਸ ਦਾ ਰਾਜਾ ਉੱਚੇ ਖ਼ਾਨਦਾਨ ਵਿੱਚੋਂ ਹੁੰਦਾ ਹੈ ਅਤੇ ਜਿਸ ਦੇ ਹਾਕਮ ਸਹੀ ਸਮੇਂ ਤੇ ਖਾਂਦੇ-ਪੀਂਦੇ ਹਨ, ਸ਼ਰਾਬੀ ਹੋਣ ਲਈ ਨਹੀਂ, ਸਗੋਂ ਤਾਕਤ ਪਾਉਣ ਲਈ!+
18 ਜਦੋਂ ਇਨਸਾਨ ਹੱਦੋਂ ਵੱਧ ਆਲਸੀ ਹੁੰਦਾ ਹੈ, ਤਾਂ ਛੱਤ ਦੇ ਸ਼ਤੀਰ ਲਿਫ ਜਾਂਦੇ ਹਨ ਅਤੇ ਉਸ ਦੇ ਹੱਥ ʼਤੇ ਹੱਥ ਧਰ ਕੇ ਬੈਠੇ ਰਹਿਣ ਨਾਲ ਛੱਤ ਚੋਣ ਲੱਗ ਪੈਂਦੀ ਹੈ।+
19 ਰੋਟੀ* ਨਾਲ ਦਿਲ ਖ਼ੁਸ਼ ਹੁੰਦਾ ਹੈ ਅਤੇ ਦਾਖਰਸ ਜ਼ਿੰਦਗੀ ਨੂੰ ਮਜ਼ੇਦਾਰ ਬਣਾਉਂਦਾ ਹੈ,+ ਪਰ ਪੈਸਾ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ।+
20 ਆਪਣੇ ਮਨ ਵਿਚ* ਵੀ ਰਾਜੇ ਨੂੰ ਸਰਾਪ ਨਾ ਦੇ+ ਅਤੇ ਨਾ ਹੀ ਆਪਣੇ ਸੌਣ ਵਾਲੇ ਕਮਰੇ ਵਿਚ ਅਮੀਰ ਨੂੰ ਸਰਾਪ ਦੇ ਕਿਉਂਕਿ ਸ਼ਾਇਦ ਕੋਈ ਪੰਛੀ ਤੇਰੇ ਬੋਲ ਉਸ ਤਕ ਪਹੁੰਚਾ ਦੇਵੇ ਜਾਂ ਸ਼ਾਇਦ ਕੋਈ ਉੱਡਣ ਵਾਲਾ ਜੀਵ ਤੇਰੀ ਗੱਲ* ਉਸ ਨੂੰ ਦੱਸ ਦੇਵੇ।
11 ਆਪਣੀ ਰੋਟੀ ਪਾਣੀਆਂ ਉੱਤੇ ਸੁੱਟ+ ਅਤੇ ਬਹੁਤ ਦਿਨਾਂ ਬਾਅਦ ਇਹ ਤੈਨੂੰ ਦੁਬਾਰਾ ਮਿਲੇਗੀ।+ 2 ਤੇਰੇ ਕੋਲ ਜੋ ਵੀ ਹੈ, ਉਸ ਦਾ ਕੁਝ ਹਿੱਸਾ ਸੱਤ-ਅੱਠ ਜਣਿਆਂ ਵਿਚ ਵੰਡ ਦੇ+ ਕਿਉਂਕਿ ਤੂੰ ਨਹੀਂ ਜਾਣਦਾ ਕਿ ਧਰਤੀ ਉੱਤੇ ਕਿਹੜੀ ਬਿਪਤਾ ਆਵੇਗੀ।
3 ਜੇ ਬੱਦਲ ਪਾਣੀ ਨਾਲ ਭਰੇ ਹਨ, ਤਾਂ ਇਹ ਮੀਂਹ ਬਣ ਕੇ ਧਰਤੀ ਉੱਤੇ ਵਰ੍ਹਨਗੇ। ਜੇ ਕੋਈ ਦਰਖ਼ਤ ਉੱਤਰ ਜਾਂ ਦੱਖਣ ਵੱਲ ਡਿਗਦਾ ਹੈ, ਤਾਂ ਇਹ ਜਿੱਥੇ ਡਿਗਦਾ ਹੈ, ਉੱਥੇ ਹੀ ਪਿਆ ਰਹੇਗਾ।
4 ਜਿਹੜਾ ਹਵਾ ਦਾ ਰੁਖ ਦੇਖਦਾ ਹੈ, ਉਹ ਬੀ ਨਹੀਂ ਬੀਜੇਗਾ ਅਤੇ ਜਿਹੜਾ ਬੱਦਲਾਂ ʼਤੇ ਨਜ਼ਰ ਰੱਖਦਾ ਹੈ, ਉਹ ਵਾਢੀ ਨਹੀਂ ਕਰੇਗਾ।+
5 ਠੀਕ ਜਿਵੇਂ ਤੂੰ ਨਹੀਂ ਜਾਣਦਾ ਕਿ ਇਕ ਗਰਭਵਤੀ ਔਰਤ ਦੇ ਬੱਚੇ ਦੀਆਂ ਹੱਡੀਆਂ ਵਿਚ ਜੀਵਨ-ਸ਼ਕਤੀ ਕਿਵੇਂ ਕੰਮ ਕਰਦੀ ਹੈ,+ ਉਵੇਂ ਤੂੰ ਸੱਚੇ ਪਰਮੇਸ਼ੁਰ ਦੇ ਕੰਮਾਂ ਨੂੰ ਨਹੀਂ ਜਾਣ ਸਕਦਾ ਜੋ ਸਭ ਕੁਝ ਕਰਦਾ ਹੈ।+
6 ਸਵੇਰ ਨੂੰ ਆਪਣਾ ਬੀ ਬੀਜ ਅਤੇ ਸ਼ਾਮ ਤਕ ਆਪਣਾ ਹੱਥ ਢਿੱਲਾ ਨਾ ਪੈਣ ਦੇ+ ਕਿਉਂਕਿ ਤੂੰ ਨਹੀਂ ਜਾਣਦਾ ਕਿ ਕਿਹੜਾ ਬੀ ਉੱਗੇਗਾ, ਸਵੇਰ ਵਾਲਾ ਜਾਂ ਸ਼ਾਮ ਵਾਲਾ ਜਾਂ ਫਿਰ ਦੋਵੇਂ ਉੱਗਣਗੇ।
7 ਰੌਸ਼ਨੀ ਚੰਗੀ ਲੱਗਦੀ ਹੈ ਅਤੇ ਇਹ ਕਿੰਨਾ ਵਧੀਆ ਹੈ ਕਿ ਅੱਖਾਂ ਸੂਰਜ ਦੀ ਰੌਸ਼ਨੀ ਦੇਖਦੀਆਂ ਹਨ! 8 ਜੇ ਕੋਈ ਇਨਸਾਨ ਲੰਬੀ ਜ਼ਿੰਦਗੀ ਜੀਉਂਦਾ ਹੈ, ਤਾਂ ਉਸ ਨੂੰ ਜ਼ਿੰਦਗੀ ਦੇ ਹਰ ਦਿਨ ਦਾ ਮਜ਼ਾ ਲੈਣਾ ਚਾਹੀਦਾ ਹੈ।+ ਪਰ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਨੇਰੇ ਦੇ ਦਿਨ ਬਹੁਤ ਹੋਣਗੇ; ਆਉਣ ਵਾਲੇ ਦਿਨ ਵਿਅਰਥ ਹੋਣਗੇ।+
9 ਹੇ ਜਵਾਨ, ਆਪਣੀ ਜਵਾਨੀ ਦਾ ਆਨੰਦ ਮਾਣ ਅਤੇ ਜਵਾਨੀ ਦੇ ਦਿਨਾਂ ਵਿਚ ਤੇਰਾ ਦਿਲ ਖ਼ੁਸ਼ ਰਹੇ। ਤੇਰਾ ਦਿਲ ਜਿੱਧਰ ਜਾਣਾ ਚਾਹੁੰਦਾ ਹੈ, ਤੂੰ ਉੱਧਰ ਜਾਹ ਅਤੇ ਤੇਰੀਆਂ ਅੱਖਾਂ ਜਿਸ ਰਾਹ ਜਾਣਾ ਚਾਹੁੰਦੀਆਂ ਹਨ, ਤੂੰ ਉਸੇ ਰਾਹ ਜਾਹ; ਪਰ ਯਾਦ ਰੱਖ ਕਿ ਸੱਚਾ ਪਰਮੇਸ਼ੁਰ ਤੇਰੇ ਸਾਰੇ ਕੰਮਾਂ ਦਾ ਨਿਆਂ ਕਰੇਗਾ।*+ 10 ਇਸ ਲਈ ਆਪਣੇ ਦਿਲ ਵਿੱਚੋਂ ਦੁੱਖ ਦੇਣ ਵਾਲੀਆਂ ਗੱਲਾਂ ਕੱਢ ਦੇ ਅਤੇ ਆਪਣੇ ਸਰੀਰ ਨੂੰ ਨੁਕਸਾਨਦੇਹ ਕੰਮਾਂ ਤੋਂ ਬਚਾ ਕਿਉਂਕਿ ਅੱਲੜ੍ਹ ਉਮਰ ਅਤੇ ਜਵਾਨੀ ਦੋਵੇਂ ਵਿਅਰਥ ਹਨ।+
12 ਇਸ ਲਈ ਆਪਣੀ ਜਵਾਨੀ ਦੇ ਦਿਨਾਂ ਵਿਚ ਆਪਣੇ ਮਹਾਨ ਸਿਰਜਣਹਾਰ ਨੂੰ ਯਾਦ ਰੱਖ,+ ਇਸ ਤੋਂ ਪਹਿਲਾਂ ਕਿ ਕਸ਼ਟ ਭਰੇ ਦਿਨ+ ਅਤੇ ਸਾਲ ਆਉਣ ਜਦੋਂ ਤੂੰ ਕਹੇਂਗਾ: “ਮੇਰੀ ਜ਼ਿੰਦਗੀ ਵਿਚ ਕੋਈ ਖ਼ੁਸ਼ੀ ਨਹੀਂ”; 2 ਇਸ ਤੋਂ ਪਹਿਲਾਂ ਕਿ ਸੂਰਜ, ਚੰਦ ਤੇ ਤਾਰਿਆਂ ਦੀ ਰੌਸ਼ਨੀ ਚਲੀ ਜਾਵੇ+ ਅਤੇ ਮੋਹਲੇਧਾਰ ਮੀਂਹ ਪੈਣ ਤੋਂ ਬਾਅਦ ਬੱਦਲ ਦੁਬਾਰਾ ਛਾ ਜਾਣ; 3 ਇਸ ਤੋਂ ਪਹਿਲਾਂ ਕਿ ਘਰ ਦੇ ਰਖਵਾਲੇ ਕੰਬਣ ਲੱਗ ਪੈਣ ਅਤੇ ਤਾਕਤਵਰ ਆਦਮੀ ਕੁੱਬੇ ਹੋ ਜਾਣ ਅਤੇ ਚੱਕੀ ਪੀਹਣ ਵਾਲੀਆਂ ਔਰਤਾਂ ਥੋੜ੍ਹੀਆਂ ਰਹਿ ਜਾਣ ਅਤੇ ਪੀਹਣਾ ਬੰਦ ਕਰ ਦੇਣ ਅਤੇ ਬਾਰੀਆਂ ਵਿੱਚੋਂ ਦੇਖਣ ਵਾਲੀਆਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਵੇ;+ 4 ਜਦੋਂ ਗਲੀ ਵੱਲ ਨੂੰ ਖੁੱਲ੍ਹਦੇ ਦਰਵਾਜ਼ੇ ਬੰਦ ਹੋ ਜਾਣ ਅਤੇ ਚੱਕੀ ਦੀ ਆਵਾਜ਼ ਹੌਲੀ ਹੋ ਜਾਵੇ ਅਤੇ ਪੰਛੀ ਦੀ ਆਵਾਜ਼ ਸੁਣ ਕੇ ਨੀਂਦ ਖੁੱਲ੍ਹ ਜਾਵੇ ਅਤੇ ਧੀਆਂ ਦੇ ਗਾਉਣ ਦੀ ਆਵਾਜ਼ ਧੀਮੀ ਹੋ ਜਾਵੇ,+ 5 ਉਚਾਈ ਤੋਂ ਡਰ ਲੱਗੇ ਤੇ ਗਲੀ ਵਿਚ ਤੁਰਨਾ ਵੀ ਖ਼ਤਰਨਾਕ ਲੱਗੇ। ਬਦਾਮ ਦੇ ਦਰਖ਼ਤ ਨੂੰ ਫੁੱਲ ਲੱਗਣ+ ਅਤੇ ਟਿੱਡਾ ਘਿਸਰ-ਘਿਸਰ ਕੇ ਚੱਲੇ ਅਤੇ ਕਰੀਰ ਦਾ ਫਲ ਫਟ ਜਾਵੇ ਅਤੇ ਇਨਸਾਨ ਉਸ ਘਰ ਵੱਲ ਕਦਮ ਵਧਾਵੇ ਜਿੱਥੇ ਉਹ ਲੰਬੇ ਸਮੇਂ ਤਕ ਰਹੇਗਾ+ ਅਤੇ ਸੋਗ ਮਨਾਉਣ ਵਾਲੇ ਗਲੀ-ਗਲੀ ਘੁੰਮਦੇ ਹੋਣ;+ 6 ਇਸ ਤੋਂ ਪਹਿਲਾਂ ਕਿ ਚਾਂਦੀ ਦੀ ਡੋਰੀ ਟੁੱਟ ਜਾਵੇ ਅਤੇ ਸੋਨੇ ਦਾ ਕਟੋਰਾ ਚਕਨਾਚੂਰ ਹੋ ਜਾਵੇ ਅਤੇ ਚਸ਼ਮੇ ਦੇ ਕੰਢੇ ʼਤੇ ਪਿਆ ਘੜਾ ਟੁੱਟ ਜਾਵੇ ਅਤੇ ਖੂਹ ʼਤੇ ਲੱਗੀ ਚਰਖੀ ਟੁੱਟ ਜਾਵੇ। 7 ਫਿਰ ਮਿੱਟੀ ਦੁਬਾਰਾ ਮਿੱਟੀ ਵਿਚ ਮਿਲ ਜਾਵੇਗੀ+ ਜਿੱਥੇ ਇਹ ਪਹਿਲਾਂ ਸੀ ਅਤੇ ਜੀਵਨ-ਸ਼ਕਤੀ ਸੱਚੇ ਪਰਮੇਸ਼ੁਰ ਕੋਲ ਮੁੜ ਜਾਵੇਗੀ ਜਿਸ ਨੇ ਇਹ ਜੀਵਨ-ਸ਼ਕਤੀ ਦਿੱਤੀ ਸੀ।+
8 ਉਪਦੇਸ਼ਕ+ ਕਹਿੰਦਾ ਹੈ: “ਵਿਅਰਥ! ਵਿਅਰਥ!” “ਹਾਂ, ਸਭ ਕੁਝ ਵਿਅਰਥ ਹੈ!”+
9 ਉਪਦੇਸ਼ਕ ਨਾ ਸਿਰਫ਼ ਬੁੱਧੀਮਾਨ ਬਣਿਆ, ਸਗੋਂ ਉਹ ਜਿਹੜੀਆਂ ਗੱਲਾਂ ਜਾਣਦਾ ਸੀ, ਲੋਕਾਂ ਨੂੰ ਸਿਖਾਉਂਦਾ ਰਿਹਾ+ ਅਤੇ ਉਸ ਨੇ ਬਹੁਤ ਸਾਰੀਆਂ ਕਹਾਵਤਾਂ ਰਚਣ* ਲਈ ਸੋਚ-ਵਿਚਾਰ ਕੀਤਾ ਅਤੇ ਬਹੁਤ ਖੋਜਬੀਨ ਕੀਤੀ।+ 10 ਉਪਦੇਸ਼ਕ ਨੇ ਮਨਭਾਉਂਦੇ ਸ਼ਬਦ+ ਲੱਭਣ ਅਤੇ ਸੱਚਾਈ ਦੀਆਂ ਗੱਲਾਂ ਨੂੰ ਸਹੀ-ਸਹੀ ਲਿਖਣ ਵਿਚ ਮਿਹਨਤ ਕੀਤੀ।
11 ਬੁੱਧੀਮਾਨ ਇਨਸਾਨਾਂ ਦੀਆਂ ਗੱਲਾਂ ਪਰਾਣੀ* ਦੀ ਆਰ ਵਰਗੀਆਂ ਹੁੰਦੀਆਂ ਹਨ+ ਅਤੇ ਉਨ੍ਹਾਂ ਦੀਆਂ ਇਕੱਠੀਆਂ ਕੀਤੀਆਂ ਕਹਾਵਤਾਂ ਪੱਕੀ ਤਰ੍ਹਾਂ ਠੋਕੇ ਗਏ ਕਿੱਲਾਂ ਵਰਗੀਆਂ ਹੁੰਦੀਆਂ ਹਨ; ਇਹ ਬੁੱਧ ਦੀਆਂ ਗੱਲਾਂ ਇਕ ਚਰਵਾਹੇ ਵੱਲੋਂ ਹਨ। 12 ਪਰ ਹੇ ਮੇਰੇ ਪੁੱਤਰ, ਇਨ੍ਹਾਂ ਤੋਂ ਇਲਾਵਾ ਹੋਰ ਗੱਲਾਂ ਤੋਂ ਖ਼ਬਰਦਾਰ ਰਹਿ: ਬਹੁਤੀਆਂ ਕਿਤਾਬਾਂ ਲਿਖਣ ਦਾ ਕੋਈ ਅੰਤ ਨਹੀਂ ਅਤੇ ਬਹੁਤਾ ਪੜ੍ਹਨਾ ਸਰੀਰ ਨੂੰ ਥਕਾਉਂਦਾ ਹੈ।+
13 ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਇਨ੍ਹਾਂ ਦਾ ਨਿਚੋੜ ਇਹੀ ਹੈ: ਸੱਚੇ ਪਰਮੇਸ਼ੁਰ ਦਾ ਡਰ ਰੱਖ+ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰ+ ਕਿਉਂਕਿ ਇਨਸਾਨ ਦਾ ਇਹੀ ਫ਼ਰਜ਼ ਹੈ।+ 14 ਸੱਚਾ ਪਰਮੇਸ਼ੁਰ ਹਰ ਕੰਮ ਦਾ ਨਿਆਂ ਕਰੇਗਾ ਕਿ ਉਹ ਚੰਗਾ ਹੈ ਜਾਂ ਬੁਰਾ, ਚਾਹੇ ਉਹ ਕੰਮ ਗੁਪਤ ਵਿਚ ਹੀ ਕਿਉਂ ਨਾ ਕੀਤਾ ਗਿਆ ਹੋਵੇ।+
ਜਾਂ, “ਸਭਾ ਬੁਲਾਉਣ ਵਾਲਾ; ਲੋਕਾਂ ਨੂੰ ਇਕੱਠਾ ਕਰਨ ਵਾਲਾ।”
ਇਬ, “ਸੂਰਜ ਹੇਠ।” ਇਹ ਸ਼ਬਦ ਉਪਦੇਸ਼ਕ ਦੀ ਕਿਤਾਬ ਵਿਚ 29 ਵਾਰ ਆਉਂਦੇ ਹਨ।
ਇਬ, “ਖੜ੍ਹੀ।”
ਜਾਂ, “ਸਰਦੀਆਂ ਵਿਚ ਜਾਂ ਕਿਸੇ ਹੋਰ ਮੌਸਮ ਵਿਚ ਵਗਣ ਵਾਲੇ ਦਰਿਆ।”
ਜਾਂ, “ਅੱਤ ਦੀ ਮੂਰਖਤਾ।”
ਜਾਂ, “ਮੈਂ ਬੁੱਧ ਤੋਂ ਕੰਮ ਲੈਂਦਾ ਰਿਹਾ।”
ਇਬ, “ਮੇਰੀਆਂ ਅੱਖਾਂ ਨੇ।”
ਜਾਂ, “ਹਿੱਸਾ।”
ਇਬ, “ਦੀਆਂ ਅੱਖਾਂ ਸਿਰ ਵਿਚ ਹੁੰਦੀਆਂ ਹਨ।”
ਜਾਂ, “ਆਪਣੀ ਮਿਹਨਤ ਦੇ ਫਲ ਤੋਂ ਖ਼ੁਸ਼ੀ ਪਾਵੇ।”
ਜਾਂ, “ਦੇਣ।”
ਜਾਂ, “ਸਲੀਕੇ ਨਾਲ; ਸਹੀ ਢੰਗ ਨਾਲ; ਢੁਕਵੀਂ।”
ਜਾਂ, “ਆਪਣੀ ਮਿਹਨਤ ਦੇ ਫਲ ਤੋਂ ਖ਼ੁਸ਼ੀ ਪਾਵੇ।”
ਜਾਂ ਸੰਭਵ ਹੈ, “ਜੋ ਬੀਤੇ ਸਮੇਂ ਵਿਚ ਹੋਇਆ ਹੈ।”
ਜਾਂ, “ਹਿੱਸਾ।”
ਜਾਂ, “ਸਖ਼ਤ ਮਿਹਨਤ।”
ਇਬ, “ਅਤੇ ਆਪਣਾ ਹੀ ਮਾਸ ਖਾਂਦਾ ਹੈ।”
ਇਬ, “ਇਕ ਮੁੱਠੀ।”
ਇਬ, “ਦੋ ਮੁੱਠੀ।”
ਜਾਂ, “ਦਾ ਜ਼ਿਆਦਾ ਫ਼ਾਇਦਾ ਹੁੰਦਾ ਹੈ।”
ਜਾਂ, “ਆਸਾਨੀ ਨਾਲ।”
ਸ਼ਾਇਦ ਇੱਥੇ ਬੁੱਧੀਮਾਨ ਮੁੰਡੇ ਦੀ ਗੱਲ ਕੀਤੀ ਗਈ ਹੈ।
ਜਾਂ, “ਚਿੰਤਾਵਾਂ।”
ਜਾਂ, “ਸੰਦੇਸ਼ ਦੇਣ ਵਾਲੇ।”
ਜਾਂ, “ਕੰਮ।”
ਜਾਂ, “ਆਪਣੀ ਮਿਹਨਤ ਦੇ ਫਲ ਤੋਂ ਖ਼ੁਸ਼ੀ ਪਾਵੇ।”
ਜਾਂ, “ਹਿੱਸਾ।”
ਜਾਂ, “ਯਾਦ ਹੀ ਨਹੀਂ ਆਵੇਗਾ।”
ਇਬ, “ਜੀਉਂਦਿਆਂ ਦੇ ਅੱਗੇ ਤੁਰਨਾ।”
ਜਾਂ, “ਅੱਗੇ ਆਪਣੇ ਮੁਕੱਦਮੇ ਦੀ ਪੈਰਵੀ।”
ਜਾਂ ਸੰਭਵ ਹੈ, “ਚੀਜ਼ਾਂ।”
ਇਬ, “ਨਾਂ।”
ਇਬ, “ਦੇ ਗੀਤ।”
ਜਾਂ ਸੰਭਵ ਹੈ, “ਮੂਰਖਾਂ ਦੀ ਨਿਸ਼ਾਨੀ।”
ਯਾਨੀ, ਜੀਉਂਦੇ ਲੋਕ।
ਯਾਨੀ, ਆਇਤ 16 ਵਿਚ ਦਿੱਤੀ ਚੇਤਾਵਨੀ।
ਯਾਨੀ, ਆਇਤ 17 ਵਿਚ ਦਿੱਤੀ ਚੇਤਾਵਨੀ।
ਇਬ, “ਤੈਨੂੰ ਸਰਾਪ ਦਿੰਦਿਆਂ।”
ਜਾਂ, “ਗੱਲ ਦਾ ਮਤਲਬ।”
ਜਾਂ, “ਜੀਵਨ-ਸ਼ਕਤੀ; ਹਵਾ।”
ਜਾਂ ਸੰਭਵ ਹੈ, “ਦੁਸ਼ਟ ਦੀ ਬੁਰਾਈ ਉਸ ਨੂੰ ਨਹੀਂ ਬਚਾਵੇਗੀ।”
ਜਾਂ, “ਨਿਰਾਸ਼ ਕਰਨ ਵਾਲਾ।”
ਜਾਂ ਸੰਭਵ ਹੈ, “ਇੱਥੋਂ ਤਕ ਕਿ ਲੋਕ ਨਾ ਦਿਨੇਂ ਸੋਂਦੇ ਹਨ ਤੇ ਨਾ ਹੀ ਰਾਤ ਨੂੰ।”
ਇਬ, “ਬਾਅਦ ਵਿਚ ਮਰੇ ਹੋਇਆਂ ਨਾਲ ਜਾ ਰਲ਼ਦਾ ਹੈ।”
ਜਾਂ, “ਮਜ਼ਦੂਰੀ।”
ਯਾਨੀ, ਸਾਫ਼-ਸੁਥਰੇ ਕੱਪੜੇ ਜੋ ਕਿ ਸੋਗ ਦੀ ਨਹੀਂ, ਸਗੋਂ ਖ਼ੁਸ਼ੀ ਦੀ ਨਿਸ਼ਾਨੀ ਹੁੰਦੇ ਹਨ।
ਜਾਂ, “ਵਿਅਰਥ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਇਬ, “ਉਸ ਦੇ ਸੱਜੇ ਪਾਸੇ ਹੁੰਦਾ ਹੈ।”
ਇਬ, “ਉਸ ਦੇ ਖੱਬੇ ਪਾਸੇ ਹੁੰਦਾ ਹੈ।”
ਇਬ, “ਸਾਹ।”
ਇਬ, “ਅਮੀਰ।”
ਜਾਂ ਸੰਭਵ ਹੈ, “ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ।”
ਜਾਂ, “ਭੋਜਨ।”
ਜਾਂ ਸੰਭਵ ਹੈ, “ਆਪਣੇ ਬਿਸਤਰੇ ʼਤੇ।”
ਜਾਂ, “ਤੇਰਾ ਸੰਦੇਸ਼।”
ਜਾਂ, “ਲੇਖਾ ਲਵੇਗਾ।”
ਜਾਂ, “ਨੂੰ ਤਰਤੀਬਵਾਰ ਕਰਨ।”
ਜਾਂ, “ਪ੍ਰੈਣ।”