ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt 1 ਸਮੂਏਲ 1:1 - 31:13
  • 1 ਸਮੂਏਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 1 ਸਮੂਏਲ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
1 ਸਮੂਏਲ

ਪਹਿਲਾ ਸਮੂਏਲ

1 ਅਲਕਾਨਾਹ+ ਨਾਂ ਦਾ ਇਕ ਇਫ਼ਰਾਈਮੀ ਆਦਮੀ ਸੀ ਜੋ ਇਫ਼ਰਾਈਮ+ ਦੇ ਪਹਾੜੀ ਇਲਾਕੇ ਰਾਮਾਤੈਮ-ਸੋਫੀਮ+ ਤੋਂ ਸੀ।* ਉਹ ਯਰੋਹਾਮ ਦਾ ਪੁੱਤਰ ਸੀ, ਯਰੋਹਾਮ ਅਲੀਹੂ ਦਾ ਪੁੱਤਰ ਸੀ, ਅਲੀਹੂ ਤੋਹੁ ਦਾ ਪੁੱਤਰ ਸੀ ਅਤੇ ਤੋਹੁ ਸੂਫ ਦਾ ਪੁੱਤਰ ਸੀ। 2 ਅਲਕਾਨਾਹ ਦੀਆਂ ਦੋ ਪਤਨੀਆਂ ਸਨ; ਇਕ ਦਾ ਨਾਂ ਹੰਨਾਹ ਤੇ ਦੂਸਰੀ ਦਾ ਨਾਂ ਪਨਿੰਨਾਹ ਸੀ। ਪਨਿੰਨਾਹ ਦੇ ਬੱਚੇ ਸਨ, ਪਰ ਹੰਨਾਹ ਦੇ ਕੋਈ ਬੱਚਾ ਨਹੀਂ ਸੀ। 3 ਉਹ ਆਦਮੀ ਹਰ ਸਾਲ ਆਪਣੇ ਸ਼ਹਿਰ ਤੋਂ ਸ਼ੀਲੋਹ ਵਿਚ ਸੈਨਾਵਾਂ ਦੇ ਯਹੋਵਾਹ ਦੀ ਭਗਤੀ ਕਰਨ* ਅਤੇ ਉਸ ਅੱਗੇ ਬਲੀਦਾਨ ਚੜ੍ਹਾਉਣ ਜਾਂਦਾ ਸੀ।+ ਉੱਥੇ ਏਲੀ ਦੇ ਦੋ ਪੁੱਤਰ ਹਾਫਨੀ ਅਤੇ ਫ਼ੀਨਹਾਸ+ ਯਹੋਵਾਹ ਦੇ ਪੁਜਾਰੀਆਂ ਵਜੋਂ ਸੇਵਾ ਕਰਦੇ ਸਨ।+

4 ਇਕ ਦਿਨ ਜਦੋਂ ਅਲਕਾਨਾਹ ਨੇ ਬਲ਼ੀ ਚੜ੍ਹਾਈ, ਤਾਂ ਉਸ ਨੇ ਆਪਣੀ ਪਤਨੀ ਪਨਿੰਨਾਹ ਅਤੇ ਉਸ ਦੇ ਸਾਰੇ ਧੀਆਂ-ਪੁੱਤਰਾਂ ਨੂੰ ਉਸ ਬਲ਼ੀ ਵਿੱਚੋਂ ਹਿੱਸੇ ਦਿੱਤੇ,+ 5 ਪਰ ਹੰਨਾਹ ਨੂੰ ਉਸ ਨੇ ਇਕ ਖ਼ਾਸ ਹਿੱਸਾ ਦਿੱਤਾ ਕਿਉਂਕਿ ਉਹ ਹੰਨਾਹ ਨਾਲ ਬਹੁਤ ਪਿਆਰ ਕਰਦਾ ਸੀ; ਪਰ ਯਹੋਵਾਹ ਨੇ ਉਸ ਨੂੰ ਬੱਚਿਆਂ ਦੀ ਦਾਤ ਨਹੀਂ ਦਿੱਤੀ ਸੀ।* 6 ਇਸ ਤੋਂ ਇਲਾਵਾ, ਉਸ ਦੀ ਸੌਂਕਣ ਉਸ ਨੂੰ ਦੁਖੀ ਕਰਨ ਲਈ ਹਮੇਸ਼ਾ ਤਾਅਨੇ-ਮਿਹਣੇ ਮਾਰਦੀ ਰਹਿੰਦੀ ਸੀ ਕਿਉਂਕਿ ਯਹੋਵਾਹ ਨੇ ਉਸ ਨੂੰ ਬੱਚਿਆਂ ਦੀ ਦਾਤ ਨਹੀਂ ਦਿੱਤੀ ਸੀ। 7 ਉਹ ਹਰ ਸਾਲ ਇਸੇ ਤਰ੍ਹਾਂ ਕਰਦੀ ਸੀ; ਜਦੋਂ ਵੀ ਹੰਨਾਹ ਯਹੋਵਾਹ ਦੇ ਘਰ ਜਾਂਦੀ ਸੀ,+ ਤਾਂ ਉਸ ਦੀ ਸੌਂਕਣ ਉਸ ਨੂੰ ਇੰਨੇ ਤਾਅਨੇ ਮਾਰਦੀ ਸੀ ਕਿ ਉਹ ਰੋਣ ਲੱਗ ਪੈਂਦੀ ਸੀ ਅਤੇ ਕੁਝ ਨਹੀਂ ਖਾਂਦੀ ਸੀ। 8 ਪਰ ਉਸ ਦੇ ਪਤੀ ਅਲਕਾਨਾਹ ਨੇ ਉਸ ਨੂੰ ਕਿਹਾ: “ਹੰਨਾਹ, ਤੂੰ ਕਿਉਂ ਰੋਂਦੀ ਹੈਂ? ਤੂੰ ਕੁਝ ਖਾਂਦੀ ਕਿਉਂ ਨਹੀਂ ਤੇ ਤੂੰ ਇੰਨੀ ਉਦਾਸ ਕਿਉਂ ਹੈਂ?* ਕੀ ਮੈਂ ਤੇਰੇ ਲਈ ਦਸਾਂ ਪੁੱਤਰਾਂ ਨਾਲੋਂ ਚੰਗਾ ਨਹੀਂ?”

9 ਫਿਰ ਜਦ ਉਹ ਸ਼ੀਲੋਹ ਵਿਚ ਖਾ-ਪੀ ਚੁੱਕੇ, ਤਾਂ ਹੰਨਾਹ ਉੱਠ ਖੜ੍ਹੀ ਹੋਈ। ਉਸ ਵੇਲੇ ਪੁਜਾਰੀ ਏਲੀ ਯਹੋਵਾਹ ਦੇ ਮੰਦਰ*+ ਦੀ ਦਹਿਲੀਜ਼ ਕੋਲ ਥੜ੍ਹੇ ਉੱਤੇ ਬੈਠਾ ਸੀ। 10 ਹੰਨਾਹ ਦਾ ਮਨ ਕੁੜੱਤਣ ਨਾਲ ਭਰਿਆ ਹੋਇਆ ਸੀ ਅਤੇ ਉਹ ਯਹੋਵਾਹ ਨੂੰ ਪ੍ਰਾਰਥਨਾ ਕਰਨ ਲੱਗੀ+ ਅਤੇ ਭੁੱਬਾਂ ਮਾਰ-ਮਾਰ ਕੇ ਰੋਣ ਲੱਗੀ। 11 ਅਤੇ ਉਸ ਨੇ ਇਹ ਸੁੱਖਣਾ ਸੁੱਖੀ: “ਹੇ ਸੈਨਾਵਾਂ ਦੇ ਯਹੋਵਾਹ, ਜੇ ਤੂੰ ਆਪਣੀ ਦਾਸੀ ਦੇ ਕਸ਼ਟ ਵੱਲ ਧਿਆਨ ਦੇਵੇਂ ਅਤੇ ਮੈਨੂੰ ਯਾਦ ਰੱਖੇਂ ਅਤੇ ਆਪਣੀ ਦਾਸੀ ਨੂੰ ਨਾ ਭੁੱਲੇਂ ਤੇ ਆਪਣੀ ਦਾਸੀ ਨੂੰ ਇਕ ਪੁੱਤਰ ਬਖ਼ਸ਼ੇਂ,+ ਤਾਂ ਹੇ ਯਹੋਵਾਹ, ਮੈਂ ਉਹ ਪੁੱਤਰ ਤੈਨੂੰ ਸੌਂਪ ਦਿਆਂਗੀ ਤਾਂਕਿ ਉਹ ਸਾਰੀ ਜ਼ਿੰਦਗੀ ਤੇਰੀ ਸੇਵਾ ਕਰੇ। ਉਸ ਦੇ ਸਿਰ ʼਤੇ ਕਦੇ ਉਸਤਰਾ ਨਹੀਂ ਫਿਰੇਗਾ।”+

12 ਉਹ ਬਹੁਤ ਦੇਰ ਤੋਂ ਯਹੋਵਾਹ ਨੂੰ ਪ੍ਰਾਰਥਨਾ ਕਰ ਰਹੀ ਸੀ ਅਤੇ ਏਲੀ ਉਸ ਦੇ ਮੂੰਹ ਵੱਲ ਦੇਖ ਰਿਹਾ ਸੀ। 13 ਹੰਨਾਹ ਮਨ ਵਿਚ ਹੀ ਬੋਲ ਰਹੀ ਸੀ, ਸਿਰਫ਼ ਉਸ ਦੇ ਬੁੱਲ੍ਹ ਹਿਲ ਰਹੇ ਸਨ, ਪਰ ਉਸ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਸੀ। ਇਸ ਲਈ ਏਲੀ ਨੇ ਸੋਚਿਆ ਕਿ ਉਹ ਨਸ਼ੇ ਵਿਚ ਸੀ। 14 ਏਲੀ ਨੇ ਉਸ ਨੂੰ ਕਿਹਾ: “ਤੂੰ ਕਿੰਨੀ ਦੇਰ ਨਸ਼ੇ ਵਿਚ ਰਹੇਂਗੀ? ਜਾਹ, ਨਸ਼ਾ ਉਤਰਨ ਤੋਂ ਬਾਅਦ ਆਈਂ।” 15 ਇਹ ਸੁਣ ਕੇ ਹੰਨਾਹ ਨੇ ਕਿਹਾ: “ਨਹੀਂ ਮੇਰੇ ਮਾਲਕ! ਮੈਂ ਤਾਂ ਦੁੱਖਾਂ ਦੀ ਮਾਰੀ ਹੋਈ ਹਾਂ; ਮੈਂ ਦਾਖਰਸ ਜਾਂ ਸ਼ਰਾਬ ਨਹੀਂ ਪੀਤੀ ਹੋਈ, ਸਗੋਂ ਮੈਂ ਤਾਂ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਰਹੀ ਹਾਂ।+ 16 ਆਪਣੀ ਦਾਸੀ ਨੂੰ ਨਿਕੰਮੀ ਔਰਤ ਨਾ ਸਮਝ, ਮੈਂ ਇੰਨੀ ਦੇਰ ਤੋਂ ਇਸ ਲਈ ਦੁਆ ਕਰ ਰਹੀ ਹਾਂ ਕਿਉਂਕਿ ਮੈਂ ਬਹੁਤ ਦੁਖੀ ਤੇ ਪਰੇਸ਼ਾਨ ਹਾਂ।” 17 ਫਿਰ ਏਲੀ ਨੇ ਕਿਹਾ: “ਸ਼ਾਂਤੀ ਨਾਲ ਜਾਹ, ਇਜ਼ਰਾਈਲ ਦਾ ਪਰਮੇਸ਼ੁਰ ਤੇਰੀ ਮੁਰਾਦ ਪੂਰੀ ਕਰੇ ਜੋ ਤੂੰ ਉਸ ਤੋਂ ਮੰਗੀ ਹੈ।”+ 18 ਇਹ ਸੁਣ ਕੇ ਉਸ ਨੇ ਕਿਹਾ: “ਤੇਰੀ ਦਾਸੀ ʼਤੇ ਤੇਰੀ ਮਿਹਰ ਹੋਵੇ।” ਇਸ ਤੋਂ ਬਾਅਦ ਉਹ ਔਰਤ ਆਪਣੇ ਰਾਹ ਚਲੀ ਗਈ ਤੇ ਉਸ ਨੇ ਖਾਧਾ-ਪੀਤਾ ਅਤੇ ਉਸ ਦਾ ਚਿਹਰਾ ਫਿਰ ਉਦਾਸ ਨਾ ਰਿਹਾ।

19 ਫਿਰ ਉਹ ਸਵੇਰੇ ਜਲਦੀ ਉੱਠੇ ਅਤੇ ਯਹੋਵਾਹ ਨੂੰ ਮੱਥਾ ਟੇਕ ਕੇ ਰਾਮਾਹ+ ਵਿਚ ਆਪਣੇ ਘਰ ਮੁੜ ਗਏ। ਅਲਕਾਨਾਹ ਨੇ ਆਪਣੀ ਪਤਨੀ ਹੰਨਾਹ ਨਾਲ ਸਰੀਰਕ ਸੰਬੰਧ ਬਣਾਏ। ਅਤੇ ਯਹੋਵਾਹ ਨੇ ਹੰਨਾਹ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ।*+ 20 ਸਾਲ ਦੇ ਅੰਦਰ-ਅੰਦਰ* ਹੰਨਾਹ ਗਰਭਵਤੀ ਹੋਈ ਅਤੇ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ+ ਸਮੂਏਲ* ਰੱਖਿਆ ਕਿਉਂਕਿ ਉਸ ਨੇ ਕਿਹਾ ਸੀ, “ਮੈਂ ਇਸ ਨੂੰ ਯਹੋਵਾਹ ਤੋਂ ਮੰਗਿਆ ਹੈ।”

21 ਕੁਝ ਸਮੇਂ ਬਾਅਦ ਅਲਕਾਨਾਹ ਆਪਣੇ ਸਾਰੇ ਪਰਿਵਾਰ ਨਾਲ ਯਹੋਵਾਹ ਅੱਗੇ ਸਾਲਾਨਾ ਬਲ਼ੀ ਅਤੇ ਸੁੱਖਣਾ ਦੀ ਭੇਟ ਚੜ੍ਹਾਉਣ ਗਿਆ।+ 22 ਪਰ ਹੰਨਾਹ ਨਹੀਂ ਗਈ+ ਅਤੇ ਉਸ ਨੇ ਆਪਣੇ ਪਤੀ ਨੂੰ ਕਿਹਾ ਸੀ: “ਜਦੋਂ ਮੁੰਡੇ ਦਾ ਦੁੱਧ ਛੁਡਾਇਆ ਜਾਵੇਗਾ, ਉਦੋਂ ਮੈਂ ਉਸ ਨੂੰ ਲੈ ਕੇ ਜਾਵਾਂਗੀ; ਫਿਰ ਉਹ ਯਹੋਵਾਹ ਅੱਗੇ ਜਾਵੇਗਾ ਅਤੇ ਉਹ ਉੱਥੇ ਹੀ ਰਹੇਗਾ।”+ 23 ਫਿਰ ਉਸ ਦੇ ਪਤੀ ਅਲਕਾਨਾਹ ਨੇ ਉਸ ਨੂੰ ਕਿਹਾ: “ਠੀਕ ਹੈ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗੇ,* ਉਸੇ ਤਰ੍ਹਾਂ ਕਰ। ਜਦ ਤਕ ਤੂੰ ਉਸ ਦਾ ਦੁੱਧ ਨਹੀਂ ਛੁਡਾਉਂਦੀ, ਤੂੰ ਘਰ ਹੀ ਰਹਿ। ਜੋ ਤੂੰ ਕਿਹਾ ਹੈ, ਯਹੋਵਾਹ ਉਸੇ ਤਰ੍ਹਾਂ ਕਰੇ।” ਉਹ ਔਰਤ ਘਰ ਹੀ ਰਹੀ ਅਤੇ ਉਦੋਂ ਤਕ ਆਪਣੇ ਪੁੱਤਰ ਨੂੰ ਦੁੱਧ ਚੁੰਘਾਉਂਦੀ ਰਹੀ ਜਦ ਤਕ ਉਸ ਨੇ ਉਸ ਦਾ ਦੁੱਧ ਨਹੀਂ ਛੁਡਾਇਆ।

24 ਮੁੰਡੇ ਦਾ ਦੁੱਧ ਛੁਡਾਉਂਦਿਆਂ ਹੀ ਉਹ ਉਸ ਨੂੰ ਸ਼ੀਲੋਹ ਲੈ ਗਈ ਅਤੇ ਉਹ ਆਪਣੇ ਨਾਲ ਤਿੰਨ ਸਾਲਾਂ ਦਾ ਇਕ ਬਲਦ, ਇਕ ਏਫਾ* ਆਟਾ ਅਤੇ ਦਾਖਰਸ ਦਾ ਇਕ ਘੜਾ ਲੈ ਕੇ ਗਈ।+ ਉਹ ਸ਼ੀਲੋਹ ਵਿਚ ਯਹੋਵਾਹ ਦੇ ਘਰ ਗਈ+ ਤੇ ਮੁੰਡੇ ਨੂੰ ਵੀ ਨਾਲ ਲੈ ਗਈ। 25 ਫਿਰ ਉਨ੍ਹਾਂ ਨੇ ਬਲਦ ਵੱਢਿਆ ਅਤੇ ਮੁੰਡੇ ਨੂੰ ਏਲੀ ਕੋਲ ਲੈ ਗਏ। 26 ਫਿਰ ਉਸ ਨੇ ਕਿਹਾ: “ਹੇ ਮੇਰੇ ਮਾਲਕ! ਮੈਨੂੰ ਤੁਹਾਡੀ ਸਹੁੰ ਲੱਗੇ, ਮੈਂ ਉਹੀ ਔਰਤ ਹਾਂ ਜਿਸ ਨੇ ਇਸੇ ਜਗ੍ਹਾ ਤੁਹਾਡੇ ਕੋਲ ਖੜ੍ਹੀ ਹੋ ਕੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਸੀ।+ 27 ਇਹ ਉਹੀ ਮੁੰਡਾ ਹੈ ਜਿਸ ਲਈ ਮੈਂ ਪ੍ਰਾਰਥਨਾ ਕੀਤੀ ਸੀ ਅਤੇ ਯਹੋਵਾਹ ਨੇ ਮੇਰੀ ਮੁਰਾਦ ਪੂਰੀ ਕੀਤੀ ਜੋ ਮੈਂ ਉਸ ਤੋਂ ਮੰਗੀ ਸੀ।+ 28 ਮੈਂ ਬਦਲੇ ਵਿਚ ਇਸ ਨੂੰ ਯਹੋਵਾਹ ਨੂੰ ਸੌਂਪ ਰਹੀ* ਹਾਂ। ਉਹ ਆਪਣੀ ਸਾਰੀ ਜ਼ਿੰਦਗੀ ਯਹੋਵਾਹ ਦਾ ਰਹੇਗਾ।”

ਅਤੇ ਉਸ* ਨੇ ਉੱਥੇ ਯਹੋਵਾਹ ਅੱਗੇ ਮੱਥਾ ਟੇਕਿਆ।

2 ਫਿਰ ਹੰਨਾਹ ਨੇ ਪ੍ਰਾਰਥਨਾ ਕੀਤੀ:

“ਮੇਰਾ ਦਿਲ ਯਹੋਵਾਹ ਤੋਂ ਖ਼ੁਸ਼ ਹੈ;+

ਯਹੋਵਾਹ ਨੇ ਮੇਰਾ ਸਿੰਗ* ਉੱਚਾ ਕੀਤਾ ਹੈ।

ਆਪਣੇ ਦੁਸ਼ਮਣਾਂ ਨੂੰ ਜਵਾਬ ਦੇਣ ਲਈ ਮੇਰਾ ਮੂੰਹ ਖੁੱਲ੍ਹਿਆ ਹੈ

ਕਿਉਂਕਿ ਮੈਂ ਤੇਰੇ ਮੁਕਤੀ ਦੇ ਕੰਮਾਂ ਕਰਕੇ ਬਾਗ਼-ਬਾਗ਼ ਹਾਂ।

 2 ਯਹੋਵਾਹ ਜਿੰਨਾ ਪਵਿੱਤਰ ਹੋਰ ਕੋਈ ਨਹੀਂ,

ਤੇਰੇ ਸਿਵਾ ਹੋਰ ਕੋਈ ਨਹੀਂ+

ਅਤੇ ਸਾਡੇ ਪਰਮੇਸ਼ੁਰ ਵਰਗੀ ਚਟਾਨ ਹੋਰ ਕੋਈ ਨਹੀਂ।+

 3 ਘਮੰਡ ਨਾਲ ਬੋਲਣਾ ਬੰਦ ਕਰੋ;

ਤੁਹਾਡੇ ਮੂੰਹੋਂ ਹੰਕਾਰ ਭਰੀਆਂ ਗੱਲਾਂ ਨਾ ਨਿਕਲਣ

ਕਿਉਂਕਿ ਯਹੋਵਾਹ ਜਾਣੀ-ਜਾਣ ਪਰਮੇਸ਼ੁਰ ਹੈ+

ਅਤੇ ਉਹ ਹਰ ਕੰਮ ਨੂੰ ਸਹੀ ਤਰ੍ਹਾਂ ਜਾਂਚਦਾ ਹੈ।

 4 ਤਾਕਤਵਰ ਆਦਮੀਆਂ ਦੀਆਂ ਕਮਾਨਾਂ ਚੂਰ-ਚੂਰ ਹੋ ਜਾਂਦੀਆਂ ਹਨ,

ਪਰ ਠੋਕਰ ਖਾਣ ਵਾਲਿਆਂ ਨੂੰ ਤਾਕਤ ਬਖ਼ਸ਼ੀ ਜਾਂਦੀ ਹੈ।+

 5 ਰੱਜੇ ਹੋਇਆਂ ਨੂੰ ਹੁਣ ਰੋਟੀ ਲਈ ਮਜ਼ਦੂਰੀ ਕਰਨੀ ਪੈਂਦੀ ਹੈ,

ਪਰ ਭੁੱਖੇ ਹੁਣ ਰੱਜੇ ਹੋਏ ਹਨ।+

ਬਾਂਝ ਨੇ ਸੱਤ ਪੁੱਤਰਾਂ ਨੂੰ ਜਨਮ ਦਿੱਤਾ ਹੈ,+

ਪਰ ਜਿਸ ਦੇ ਬਹੁਤ ਪੁੱਤਰ ਸਨ, ਉਸ ਦੇ ਹੋਰ ਨਹੀਂ ਜੰਮਦੇ।*

 6 ਯਹੋਵਾਹ ਜਾਨ ਲੈਂਦਾ ਅਤੇ ਉਹੀ ਜਾਨ ਬਚਾਉਂਦਾ* ਹੈ;

ਉਹੀ ਹੇਠਾਂ ਕਬਰ* ਤਕ ਲੈ ਜਾਂਦਾ ਅਤੇ ਉਹੀ ਉੱਥੋਂ ਬਾਹਰ ਕੱਢਦਾ ਹੈ।+

 7 ਯਹੋਵਾਹ ਕੰਗਾਲ ਕਰਦਾ ਹੈ ਅਤੇ ਉਹੀ ਮਾਲਾਮਾਲ ਕਰਦਾ ਹੈ;+

ਉਹੀ ਨੀਵਾਂ ਕਰਦਾ ਹੈ ਅਤੇ ਉਹੀ ਉੱਚਾ ਕਰਦਾ ਹੈ।+

 8 ਉਹ ਨੀਵੇਂ ਨੂੰ ਮਿੱਟੀ ਵਿੱਚੋਂ ਉਠਾਉਂਦਾ ਹੈ;

ਉਹੀ ਗ਼ਰੀਬ ਨੂੰ ਸੁਆਹ ਦੇ ਢੇਰ* ਵਿੱਚੋਂ ਚੁੱਕਦਾ ਹੈ+

ਤਾਂਕਿ ਉਨ੍ਹਾਂ ਨੂੰ ਹਾਕਮਾਂ ਨਾਲ ਬਿਠਾਵੇ

ਅਤੇ ਉਨ੍ਹਾਂ ਨੂੰ ਆਦਰ ਦੀ ਪਦਵੀ ਦੇਵੇ।

ਧਰਤੀ ਦੀ ਨੀਂਹ ਯਹੋਵਾਹ ਦੇ ਹੱਥ ਵਿਚ ਹੈ+

ਅਤੇ ਉਹ ਇਸ ਉੱਤੇ ਉਪਜਾਊ ਜ਼ਮੀਨ ਨੂੰ ਟਿਕਾਉਂਦਾ ਹੈ।

 9 ਉਹ ਆਪਣੇ ਵਫ਼ਾਦਾਰ ਸੇਵਕਾਂ ਦੇ ਕਦਮਾਂ ਦੀ ਰਾਖੀ ਕਰਦਾ ਹੈ,+

ਪਰ ਦੁਸ਼ਟਾਂ ਨੂੰ ਹਨੇਰੇ ਵਿਚ ਖ਼ਾਮੋਸ਼ ਕੀਤਾ ਜਾਵੇਗਾ+

ਕਿਉਂਕਿ ਇਨਸਾਨ ਆਪਣੀ ਤਾਕਤ ਨਾਲ ਨਹੀਂ ਜਿੱਤਦਾ।+

10 ਯਹੋਵਾਹ ਆਪਣੇ ਖ਼ਿਲਾਫ਼ ਲੜਨ ਵਾਲਿਆਂ ਦੇ ਟੋਟੇ-ਟੋਟੇ ਕਰ ਦੇਵੇਗਾ;*+

ਉਹ ਆਕਾਸ਼ ਤੋਂ ਉਨ੍ਹਾਂ ਉੱਤੇ ਗਰਜੇਗਾ।+

ਯਹੋਵਾਹ ਧਰਤੀ ਦੇ ਕੋਨਿਆਂ ਤਕ ਨਿਆਂ ਕਰੇਗਾ,+

ਉਹ ਆਪਣੇ ਠਹਿਰਾਏ ਹੋਏ ਰਾਜੇ ਨੂੰ ਤਾਕਤ ਬਖ਼ਸ਼ੇਗਾ+

ਅਤੇ ਆਪਣੇ ਚੁਣੇ ਹੋਏ ਦਾ ਸਿੰਗ* ਉੱਚਾ ਕਰੇਗਾ।”+

11 ਫਿਰ ਅਲਕਾਨਾਹ ਰਾਮਾਹ ਵਿਚ ਆਪਣੇ ਘਰ ਚਲਾ ਗਿਆ, ਪਰ ਉਸ ਦਾ ਮੁੰਡਾ ਪੁਜਾਰੀ ਏਲੀ ਦੀ ਨਿਗਰਾਨੀ ਅਧੀਨ ਯਹੋਵਾਹ ਦਾ ਸੇਵਕ ਬਣ ਗਿਆ।*+

12 ਏਲੀ ਦੇ ਪੁੱਤਰ ਦੁਸ਼ਟ ਸਨ;+ ਉਹ ਯਹੋਵਾਹ ਦਾ ਬਿਲਕੁਲ ਵੀ ਆਦਰ ਨਹੀਂ ਕਰਦੇ ਸਨ। 13 ਜਦ ਲੋਕ ਬਲ਼ੀ ਚੜ੍ਹਾਉਣ ਆਉਂਦੇ ਸਨ, ਤਾਂ ਉਸ ਦੇ ਕੁਝ ਹਿੱਸੇ ਉੱਤੇ ਪੁਜਾਰੀਆਂ ਦਾ ਹੱਕ ਬਣਦਾ ਸੀ, ਪਰ ਪੁਜਾਰੀ ਇਸ ਤਰ੍ਹਾਂ ਕਰਦੇ ਸਨ:+ ਜਦੋਂ ਵੀ ਕੋਈ ਆਦਮੀ ਬਲ਼ੀ ਚੜ੍ਹਾ ਰਿਹਾ ਹੁੰਦਾ ਸੀ ਅਤੇ ਮੀਟ ਉਬਲ ਰਿਹਾ ਹੁੰਦਾ ਸੀ, ਉਦੋਂ ਪੁਜਾਰੀ ਦਾ ਕੋਈ ਸੇਵਾਦਾਰ ਆਪਣੇ ਹੱਥ ਵਿਚ ਇਕ ਵੱਡਾ ਕਾਂਟਾ ਲੈ ਕੇ ਆਉਂਦਾ ਸੀ 14 ਅਤੇ ਉਹ ਉਸ ਨੂੰ ਬਾਟੇ, ਵੱਡੇ ਪਤੀਲੇ, ਦੇਗ ਜਾਂ ਸਗਲੇ ਵਿਚ ਖੋਭਦਾ ਸੀ। ਜੋ ਵੀ ਕਾਂਟੇ ਨਾਲ ਬਾਹਰ ਆਉਂਦਾ ਸੀ, ਪੁਜਾਰੀ ਉਸ ਨੂੰ ਆਪਣੇ ਲਈ ਲੈ ਲੈਂਦਾ ਸੀ। ਸ਼ੀਲੋਹ ਵਿਚ ਆਉਣ ਵਾਲੇ ਸਾਰੇ ਇਜ਼ਰਾਈਲੀਆਂ ਨਾਲ ਉਹ ਇਸ ਤਰ੍ਹਾਂ ਕਰਦੇ ਸਨ। 15 ਇੰਨਾ ਹੀ ਨਹੀਂ, ਇਸ ਤੋਂ ਪਹਿਲਾਂ ਕਿ ਬਲ਼ੀ ਚੜ੍ਹਾਉਣ ਵਾਲਾ ਚਰਬੀ ਨੂੰ ਸਾੜਦਾ ਤਾਂਕਿ ਉਸ ਦਾ ਧੂੰਆਂ ਉੱਠੇ,+ ਪੁਜਾਰੀ ਦਾ ਇਕ ਸੇਵਾਦਾਰ ਆ ਕੇ ਉਸ ਨੂੰ ਕਹਿੰਦਾ ਸੀ: “ਪੁਜਾਰੀ ਨੂੰ ਮੀਟ ਭੁੰਨਣ ਲਈ ਦੇ। ਉਹ ਤੇਰੇ ਤੋਂ ਉਬਲਿਆ ਮੀਟ ਨਹੀਂ, ਸਗੋਂ ਕੱਚਾ ਮੀਟ ਚਾਹੁੰਦਾ ਹੈ।” 16 ਜਦ ਉਹ ਆਦਮੀ ਉਸ ਨੂੰ ਕਹਿੰਦਾ: “ਪਹਿਲਾਂ ਉਨ੍ਹਾਂ ਨੂੰ ਚਰਬੀ ਸਾੜਨ ਦੇ ਤਾਂਕਿ ਉਸ ਦਾ ਧੂੰਆਂ ਉੱਠੇ,+ ਫਿਰ ਜੋ ਤੈਨੂੰ ਚੰਗਾ ਲੱਗੇ ਆਪਣੇ ਲਈ ਲੈ ਲਈਂ,” ਤਾਂ ਉਹ ਜਵਾਬ ਦਿੰਦਾ ਸੀ: “ਨਹੀਂ, ਮੈਨੂੰ ਹੁਣੇ ਦੇ; ਜੇ ਤੂੰ ਨਹੀਂ ਦਿੱਤਾ, ਤਾਂ ਮੈਂ ਜ਼ਬਰਦਸਤੀ ਲੈ ਲਵਾਂਗਾ!” 17 ਇਸ ਤਰ੍ਹਾਂ ਸੇਵਾਦਾਰਾਂ ਨੇ ਯਹੋਵਾਹ ਅੱਗੇ ਘੋਰ ਪਾਪ ਕੀਤਾ+ ਕਿਉਂਕਿ ਉਨ੍ਹਾਂ ਆਦਮੀਆਂ ਨੇ ਯਹੋਵਾਹ ਨੂੰ ਚੜ੍ਹਾਈਆਂ ਭੇਟਾਂ ਦਾ ਨਿਰਾਦਰ ਕੀਤਾ।

18 ਸਮੂਏਲ ਭਾਵੇਂ ਛੋਟਾ ਸੀ, ਫਿਰ ਵੀ ਉਹ ਮਲਮਲ ਦਾ ਏਫ਼ੋਦ ਪਾ ਕੇ*+ ਯਹੋਵਾਹ ਦੇ ਸਾਮ੍ਹਣੇ ਸੇਵਾ ਕਰ ਰਿਹਾ ਸੀ।+ 19 ਨਾਲੇ ਉਸ ਦੀ ਮਾਂ ਜਦ ਆਪਣੇ ਪਤੀ ਨਾਲ ਸਾਲਾਨਾ ਬਲ਼ੀ ਚੜ੍ਹਾਉਣ ਆਉਂਦੀ ਸੀ,+ ਤਾਂ ਉਹ ਹਰ ਸਾਲ ਉਸ ਲਈ ਬਿਨਾਂ ਬਾਹਾਂ ਵਾਲਾ ਨਿੱਕਾ ਚੋਗਾ ਬਣਾ ਕੇ ਲਿਆਉਂਦੀ ਸੀ। 20 ਏਲੀ ਨੇ ਅਲਕਾਨਾਹ ਅਤੇ ਉਸ ਦੀ ਪਤਨੀ ਨੂੰ ਬਰਕਤ ਦਿੰਦੇ ਹੋਏ ਕਿਹਾ: “ਯਹੋਵਾਹ ਤੈਨੂੰ ਇਸ ਪਤਨੀ ਤੋਂ ਇਕ ਹੋਰ ਔਲਾਦ ਦੇਵੇ ਜੋ ਉਸ ਪੁੱਤਰ ਦੀ ਜਗ੍ਹਾ ਲਵੇ ਜਿਸ ਨੂੰ ਯਹੋਵਾਹ ਨੂੰ ਸੌਂਪਿਆ* ਗਿਆ ਹੈ।”+ ਫਿਰ ਉਹ ਘਰ ਵਾਪਸ ਚਲੇ ਗਏ। 21 ਯਹੋਵਾਹ ਨੇ ਹੰਨਾਹ ਵੱਲ ਧਿਆਨ ਦਿੱਤਾ ਅਤੇ ਉਹ ਗਰਭਵਤੀ ਹੋਈ;+ ਅਤੇ ਉਸ ਨੇ ਤਿੰਨ ਹੋਰ ਮੁੰਡਿਆਂ ਅਤੇ ਦੋ ਕੁੜੀਆਂ ਨੂੰ ਜਨਮ ਦਿੱਤਾ। ਉਨ੍ਹਾਂ ਦਾ ਮੁੰਡਾ ਸਮੂਏਲ ਯਹੋਵਾਹ ਅੱਗੇ ਵੱਡਾ ਹੁੰਦਾ ਗਿਆ।+

22 ਹੁਣ ਏਲੀ ਬਹੁਤ ਬੁੱਢਾ ਹੋ ਗਿਆ ਸੀ। ਉਸ ਨੇ ਉਹ ਸਭ ਕੁਝ ਸੁਣਿਆ ਸੀ ਜੋ ਉਸ ਦੇ ਪੁੱਤਰ ਸਾਰੇ ਇਜ਼ਰਾਈਲ ਨਾਲ ਕਰ ਰਹੇ ਸਨ,+ ਨਾਲੇ ਇਹ ਵੀ ਕਿ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਸੇਵਾ ਕਰਦੀਆਂ ਔਰਤਾਂ ਨਾਲ ਸੰਬੰਧ ਬਣਾਉਂਦੇ ਸਨ।+ 23 ਉਹ ਉਨ੍ਹਾਂ ਨੂੰ ਕਹਿੰਦਾ ਹੁੰਦਾ ਸੀ: “ਤੁਸੀਂ ਅਜਿਹੇ ਕੰਮ ਕਿਉਂ ਕਰੀ ਜਾਂਦੇ ਹੋ? ਮੈਂ ਸਾਰੇ ਲੋਕਾਂ ਕੋਲੋਂ ਤੁਹਾਡੇ ਬਾਰੇ ਬੁਰੀਆਂ ਗੱਲਾਂ ਹੀ ਸੁਣ ਰਿਹਾ ਹਾਂ। 24 ਨਾ ਮੇਰੇ ਪੁੱਤਰੋ, ਯਹੋਵਾਹ ਦੇ ਲੋਕਾਂ ਤੋਂ ਜੋ ਗੱਲਾਂ ਮੈਂ ਸੁਣੀਆਂ ਹਨ, ਉਹ ਠੀਕ ਨਹੀਂ। 25 ਜੇ ਕੋਈ ਇਨਸਾਨ ਕਿਸੇ ਦੂਸਰੇ ਇਨਸਾਨ ਖ਼ਿਲਾਫ਼ ਪਾਪ ਕਰੇ, ਤਾਂ ਕੋਈ ਉਸ ਲਈ ਯਹੋਵਾਹ ਅੱਗੇ ਬੇਨਤੀ ਕਰ ਸਕਦਾ ਹੈ;* ਪਰ ਜੇ ਕੋਈ ਇਨਸਾਨ ਯਹੋਵਾਹ ਖ਼ਿਲਾਫ਼ ਪਾਪ ਕਰੇ,+ ਤਾਂ ਕੌਣ ਉਸ ਲਈ ਪ੍ਰਾਰਥਨਾ ਕਰ ਸਕਦਾ?” ਪਰ ਉਨ੍ਹਾਂ ਨੇ ਆਪਣੇ ਪਿਤਾ ਦੀ ਗੱਲ ਬਿਲਕੁਲ ਨਹੀਂ ਸੁਣੀ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਠਾਣ ਲਈ ਸੀ।+ 26 ਇਸ ਦੌਰਾਨ, ਉਹ ਮੁੰਡਾ ਸਮੂਏਲ ਕੱਦ-ਕਾਠ ਵਿਚ ਵਧਦਾ ਗਿਆ ਅਤੇ ਯਹੋਵਾਹ ਅਤੇ ਲੋਕਾਂ ਦੀ ਮਿਹਰ ਪਾਉਂਦਾ ਗਿਆ।+

27 ਫਿਰ ਰੱਬ ਦੇ ਇਕ ਬੰਦੇ ਨੇ ਏਲੀ ਕੋਲ ਆ ਕੇ ਕਿਹਾ: “ਯਹੋਵਾਹ ਇਹ ਕਹਿੰਦਾ ਹੈ: ‘ਕੀ ਮੈਂ ਆਪਣੇ ਆਪ ਨੂੰ ਤੇਰੇ ਪਿਤਾ ਦੇ ਘਰਾਣੇ ਉੱਤੇ ਸਾਫ਼-ਸਾਫ਼ ਜ਼ਾਹਰ ਨਹੀਂ ਕੀਤਾ ਸੀ ਜਦ ਉਹ ਮਿਸਰ ਵਿਚ ਫ਼ਿਰਊਨ ਦੇ ਘਰਾਣੇ ਦੀ ਗ਼ੁਲਾਮੀ ਕਰ ਰਹੇ ਸਨ?+ 28 ਅਤੇ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਉਸ ਨੂੰ ਚੁਣਿਆ ਗਿਆ ਸੀ+ ਕਿ ਉਹ ਮੇਰੇ ਪੁਜਾਰੀ ਵਜੋਂ ਸੇਵਾ ਕਰੇ ਅਤੇ ਮੇਰੀ ਵੇਦੀ+ ʼਤੇ ਜਾ ਕੇ ਬਲ਼ੀਆਂ ਚੜ੍ਹਾਵੇ, ਧੂਪ ਧੁਖਾਏ* ਅਤੇ ਏਫ਼ੋਦ ਪਹਿਨ ਕੇ ਮੇਰੀ ਸੇਵਾ ਕਰੇ; ਅਤੇ ਮੈਂ ਤੇਰੇ ਪੂਰਵਜ ਦੇ ਘਰਾਣੇ ਨੂੰ ਸਾਰੀਆਂ ਬਲ਼ੀਆਂ ਦੇ ਹਿੱਸੇ ਦਿੱਤੇ ਜੋ ਇਜ਼ਰਾਈਲੀ* ਅੱਗ ਉੱਤੇ ਚੜ੍ਹਾਉਂਦੇ ਸਨ।+ 29 ਤੁਸੀਂ ਮੇਰੀਆਂ ਬਲ਼ੀਆਂ ਅਤੇ ਭੇਟਾਂ ਦਾ ਨਿਰਾਦਰ ਕਿਉਂ ਕਰਦੇ ਹੋ* ਜਿਨ੍ਹਾਂ ਨੂੰ ਮੈਂ ਆਪਣੇ ਨਿਵਾਸ-ਸਥਾਨ ਵਿਚ ਚੜ੍ਹਾਉਣ ਦਾ ਹੁਕਮ ਦਿੱਤਾ ਹੈ?+ ਤੁਸੀਂ ਮੇਰੀ ਪਰਜਾ ਇਜ਼ਰਾਈਲ ਵੱਲੋਂ ਲਿਆਂਦੀ ਹਰ ਭੇਟ ਦੇ ਵਧੀਆ ਤੋਂ ਵਧੀਆ ਹਿੱਸੇ ਖਾ ਕੇ ਮੋਟੇ ਹੋਈ ਜਾ ਰਹੇ ਹੋ।+ ਤੂੰ ਕਿਉਂ ਮੇਰੇ ਨਾਲੋਂ ਵੱਧ ਆਪਣੇ ਪੁੱਤਰਾਂ ਦਾ ਆਦਰ ਕਰੀ ਜਾ ਰਿਹਾ ਹੈਂ?

30 “‘ਇਸੇ ਕਰਕੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਇਹ ਸੰਦੇਸ਼ ਹੈ: “ਇਹ ਸੱਚ ਹੈ ਕਿ ਮੈਂ ਕਿਹਾ ਸੀ ਕਿ ਤੇਰਾ ਘਰਾਣਾ ਅਤੇ ਤੇਰੇ ਪੂਰਵਜ ਦਾ ਘਰਾਣਾ ਹਮੇਸ਼ਾ ਮੇਰੇ ਅੱਗੇ ਚੱਲੇਗਾ।”+ ਪਰ ਹੁਣ ਯਹੋਵਾਹ ਐਲਾਨ ਕਰਦਾ ਹੈ: “ਹੁਣ ਮੈਂ ਇਸ ਤਰ੍ਹਾਂ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਕਿਉਂਕਿ ਜੋ ਮੇਰਾ ਆਦਰ ਕਰਦੇ ਹਨ, ਮੈਂ ਉਨ੍ਹਾਂ ਦਾ ਆਦਰ ਕਰਾਂਗਾ,+ ਪਰ ਜੋ ਮੈਨੂੰ ਤੁੱਛ ਸਮਝਦੇ ਹਨ, ਉਨ੍ਹਾਂ ਨਾਲ ਨਫ਼ਰਤ ਕੀਤੀ ਜਾਵੇਗੀ।” 31 ਦੇਖ! ਉਹ ਦਿਨ ਆ ਰਹੇ ਹਨ ਜਦ ਮੈਂ ਤੇਰੀ ਅਤੇ ਤੇਰੇ ਪਿਤਾ ਦੇ ਘਰਾਣੇ ਦੀ ਤਾਕਤ ਨੂੰ ਖ਼ਤਮ ਕਰ ਦਿਆਂਗਾ* ਤਾਂਕਿ ਤੇਰੇ ਘਰਾਣੇ ਦਾ ਕੋਈ ਆਦਮੀ ਬੁਢਾਪੇ ਤਕ ਜੀਉਂਦਾ ਨਾ ਰਹੇ।+ 32 ਇਜ਼ਰਾਈਲ ਨਾਲ ਭਾਵੇਂ ਜਿੰਨੀ ਮਰਜ਼ੀ ਭਲਾਈ ਹੋਈ ਜਾਵੇ, ਪਰ ਤੈਨੂੰ ਮੇਰੇ ਨਿਵਾਸ-ਸਥਾਨ ਵਿਚ ਦੁਸ਼ਮਣ ਨਜ਼ਰ ਆਵੇਗਾ+ ਅਤੇ ਤੇਰੇ ਘਰਾਣੇ ਵਿਚ ਫਿਰ ਕਦੇ ਵੀ ਕੋਈ ਆਦਮੀ ਬੁਢਾਪੇ ਤਕ ਨਹੀਂ ਪਹੁੰਚੇਗਾ। 33 ਮੈਂ ਤੇਰੇ ਘਰਾਣੇ ਦੇ ਜਿਸ ਆਦਮੀ ਨੂੰ ਆਪਣੀ ਵੇਦੀ ʼਤੇ ਸੇਵਾ ਕਰਨ ਤੋਂ ਨਾ ਹਟਾਵਾਂਗਾ, ਉਸ ਕਰਕੇ ਤੇਰੀ ਨਿਗਾਹ ਚਲੀ ਜਾਵੇਗੀ ਅਤੇ ਉਹ ਤੈਨੂੰ ਦੁੱਖ ਦੇਵੇਗਾ,* ਪਰ ਤੇਰੇ ਘਰਾਣੇ ਦੇ ਜ਼ਿਆਦਾਤਰ ਲੋਕ ਤਲਵਾਰ ਨਾਲ ਵੱਢੇ ਜਾਣਗੇ।+ 34 ਅਤੇ ਜੋ ਤੇਰੇ ਦੋਹਾਂ ਪੁੱਤਰਾਂ, ਹਾਫਨੀ ਅਤੇ ਫ਼ੀਨਹਾਸ ਨਾਲ ਹੋਵੇਗਾ, ਉਹ ਤੇਰੇ ਲਈ ਇਕ ਨਿਸ਼ਾਨੀ ਹੋਵੇਗੀ: ਉਹ ਦੋਵੇਂ ਇੱਕੋ ਦਿਨ ਮਰ ਜਾਣਗੇ।+ 35 ਫਿਰ ਮੈਂ ਆਪਣੇ ਲਈ ਇਕ ਵਫ਼ਾਦਾਰ ਪੁਜਾਰੀ ਨੂੰ ਖੜ੍ਹਾ ਕਰਾਂਗਾ।+ ਉਹ ਮੇਰੇ ਦਿਲ ਦੀ ਇੱਛਾ ਮੁਤਾਬਕ ਕੰਮ ਕਰੇਗਾ; ਅਤੇ ਮੈਂ ਉਸ ਵਾਸਤੇ ਇਕ ਪੱਕਾ ਘਰ ਬਣਾਵਾਂਗਾ ਅਤੇ ਉਹ ਮੇਰੇ ਚੁਣੇ ਹੋਏ ਲਈ ਪੁਜਾਰੀ ਵਜੋਂ ਹਮੇਸ਼ਾ ਸੇਵਾ ਕਰੇਗਾ। 36 ਅਤੇ ਤੇਰੇ ਘਰਾਣੇ ਵਿੱਚੋਂ ਜੋ ਬਚ ਜਾਵੇਗਾ, ਉਹ ਉਸ ਅੱਗੇ ਆਵੇਗਾ ਅਤੇ ਮਜ਼ਦੂਰੀ ਅਤੇ ਇਕ ਰੋਟੀ ਲਈ ਉਸ ਅੱਗੇ ਝੁਕੇਗਾ ਅਤੇ ਕਹੇਗਾ: “ਕਿਰਪਾ ਕਰ ਕੇ ਮੈਨੂੰ ਪੁਜਾਰੀ ਦਾ ਕੋਈ ਕੰਮ ਦੇ ਤਾਂਕਿ ਮੈਂ ਰੋਟੀ ਦੀ ਬੁਰਕੀ ਖਾਣ ਜੋਗਾ ਹੋ ਸਕਾਂ।”’”+

3 ਇਸ ਦੌਰਾਨ, ਉਹ ਮੁੰਡਾ ਸਮੂਏਲ ਏਲੀ ਦੀ ਨਿਗਰਾਨੀ ਅਧੀਨ ਯਹੋਵਾਹ ਦੀ ਸੇਵਾ ਕਰਦਾ ਸੀ।+ ਉਨ੍ਹਾਂ ਦਿਨਾਂ ਵਿਚ ਯਹੋਵਾਹ ਦਾ ਸੰਦੇਸ਼ ਘੱਟ ਹੀ ਆਉਂਦਾ ਸੀ; ਦਰਸ਼ਣ+ ਵੀ ਕਦੇ-ਕਦਾਈਂ ਹੀ ਮਿਲਦੇ ਸਨ।

2 ਇਕ ਦਿਨ ਏਲੀ ਆਪਣੀ ਜਗ੍ਹਾ ʼਤੇ ਲੰਮਾ ਪਿਆ ਹੋਇਆ ਸੀ। ਉਸ ਦੀ ਨਜ਼ਰ ਧੁੰਦਲੀ ਪੈ ਚੁੱਕੀ ਸੀ; ਉਹ ਦੇਖ ਨਹੀਂ ਸਕਦਾ ਸੀ।+ 3 ਪਰਮੇਸ਼ੁਰ ਦਾ ਦੀਵਾ+ ਅਜੇ ਬੁਝਾਇਆ ਨਹੀਂ ਗਿਆ ਸੀ ਅਤੇ ਸਮੂਏਲ ਯਹੋਵਾਹ ਦੇ ਮੰਦਰ*+ ਵਿਚ ਲੰਮਾ ਪਿਆ ਸੀ ਜਿੱਥੇ ਪਰਮੇਸ਼ੁਰ ਦਾ ਸੰਦੂਕ ਸੀ। 4 ਫਿਰ ਯਹੋਵਾਹ ਨੇ ਸਮੂਏਲ ਨੂੰ ਆਵਾਜ਼ ਮਾਰੀ। ਉਸ ਨੇ ਜਵਾਬ ਦਿੱਤਾ: “ਮੈਂ ਹਾਜ਼ਰ ਹਾਂ।” 5 ਉਹ ਭੱਜ ਕੇ ਏਲੀ ਕੋਲ ਗਿਆ ਅਤੇ ਕਿਹਾ: “ਮੈਂ ਹਾਜ਼ਰ ਹਾਂ। ਤੁਸੀਂ ਮੈਨੂੰ ਬੁਲਾਇਆ?” ਉਸ ਨੇ ਜਵਾਬ ਦਿੱਤਾ: “ਮੈਂ ਨਹੀਂ ਬੁਲਾਇਆ। ਜਾਹ, ਜਾ ਕੇ ਸੌਂ ਜਾ।” ਉਹ ਜਾ ਕੇ ਪੈ ਗਿਆ। 6 ਯਹੋਵਾਹ ਨੇ ਦੁਬਾਰਾ ਪੁਕਾਰਿਆ: “ਸਮੂਏਲ!” ਸਮੂਏਲ ਫਿਰ ਉੱਠ ਕੇ ਏਲੀ ਕੋਲ ਚਲਾ ਗਿਆ ਅਤੇ ਕਿਹਾ: “ਮੈਂ ਹਾਜ਼ਰ ਹਾਂ। ਤੁਸੀਂ ਮੈਨੂੰ ਬੁਲਾਇਆ?” ਉਸ ਨੇ ਜਵਾਬ ਦਿੱਤਾ: “ਨਹੀਂ ਮੇਰੇ ਪੁੱਤਰ, ਮੈਂ ਨਹੀਂ ਬੁਲਾਇਆ। ਜਾਹ, ਜਾ ਕੇ ਪੈ ਜਾ।” 7 (ਸਮੂਏਲ ਅਜੇ ਯਹੋਵਾਹ ਨੂੰ ਚੰਗੀ ਤਰ੍ਹਾਂ ਨਹੀਂ ਜਾਣਦਾ ਸੀ ਅਤੇ ਯਹੋਵਾਹ ਦਾ ਸੰਦੇਸ਼ ਅਜੇ ਤਕ ਉਸ ਉੱਤੇ ਪ੍ਰਗਟ ਨਹੀਂ ਹੋਇਆ ਸੀ।)+ 8 ਫਿਰ ਯਹੋਵਾਹ ਨੇ ਤੀਸਰੀ ਵਾਰ ਪੁਕਾਰਿਆ: “ਸਮੂਏਲ!” ਉਹ ਉੱਠ ਕੇ ਏਲੀ ਕੋਲ ਗਿਆ ਤੇ ਕਿਹਾ: “ਮੈਂ ਹਾਜ਼ਰ ਹਾਂ। ਤੁਸੀਂ ਮੈਨੂੰ ਬੁਲਾਇਆ?”

ਫਿਰ ਏਲੀ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਸਮੂਏਲ ਨੂੰ ਬੁਲਾ ਰਿਹਾ ਸੀ। 9 ਇਸ ਲਈ ਏਲੀ ਨੇ ਸਮੂਏਲ ਨੂੰ ਕਿਹਾ: “ਜਾਹ, ਜਾ ਕੇ ਲੰਮਾ ਪੈ ਜਾ ਅਤੇ ਜੇ ਉਹ ਤੈਨੂੰ ਪੁਕਾਰੇ, ਤਾਂ ਤੂੰ ਕਹੀਂ, ‘ਦੱਸ ਯਹੋਵਾਹ, ਤੇਰਾ ਸੇਵਕ ਸੁਣ ਰਿਹਾ ਹੈ।’” ਸਮੂਏਲ ਜਾ ਕੇ ਆਪਣੀ ਜਗ੍ਹਾ ʼਤੇ ਲੰਮਾ ਪੈ ਗਿਆ।

10 ਯਹੋਵਾਹ ਆਇਆ ਅਤੇ ਉੱਥੇ ਖੜ੍ਹ ਗਿਆ ਅਤੇ ਉਸ ਨੇ ਪਹਿਲਾਂ ਵਾਂਗ ਪੁਕਾਰਿਆ: “ਸਮੂਏਲ, ਸਮੂਏਲ!” ਇਹ ਸੁਣ ਕੇ ਸਮੂਏਲ ਨੇ ਜਵਾਬ ਦਿੱਤਾ: “ਦੱਸ, ਤੇਰਾ ਸੇਵਕ ਸੁਣ ਰਿਹਾ ਹੈ।” 11 ਯਹੋਵਾਹ ਨੇ ਸਮੂਏਲ ਨੂੰ ਕਿਹਾ: “ਦੇਖ! ਮੈਂ ਇਜ਼ਰਾਈਲ ਵਿਚ ਕੁਝ ਅਜਿਹਾ ਕਰਨ ਜਾ ਰਿਹਾ ਹਾਂ ਜਿਸ ਬਾਰੇ ਜਿਹੜਾ ਵੀ ਸੁਣੇਗਾ, ਉਸ ਦੇ ਦੋਵੇਂ ਕੰਨ ਸਾਂ-ਸਾਂ ਕਰਨਗੇ।+ 12 ਉਸ ਦਿਨ ਮੈਂ ਏਲੀ ਨਾਲ ਉਹ ਸਭ ਕੁਝ ਕਰਾਂਗਾ ਜੋ ਮੈਂ ਉਸ ਦੇ ਘਰਾਣੇ ਬਾਰੇ ਕਿਹਾ ਸੀ, ਹਾਂ, ਸ਼ੁਰੂ ਤੋਂ ਲੈ ਕੇ ਅੰਤ ਤਕ ਸਭ ਪੂਰਾ ਕਰਾਂਗਾ।+ 13 ਤੂੰ ਉਸ ਨੂੰ ਦੱਸੀਂ ਕਿ ਮੈਂ ਉਸ ਦੇ ਘਰਾਣੇ ਦੇ ਪਾਪ ਦੀ ਅਜਿਹੀ ਸਜ਼ਾ ਦਿਆਂਗਾ ਜਿਸ ਦਾ ਅੰਜਾਮ ਉਸ ਨੂੰ ਹਮੇਸ਼ਾ ਲਈ ਭੁਗਤਣਾ ਪਵੇਗਾ ਕਿਉਂਕਿ ਉਸ ਨੂੰ ਪਤਾ ਸੀ+ ਕਿ ਉਸ ਦੇ ਪੁੱਤਰ ਪਰਮੇਸ਼ੁਰ ਦੀ ਨਿੰਦਿਆ ਕਰਦੇ ਹਨ,+ ਪਰ ਉਸ ਨੇ ਉਨ੍ਹਾਂ ਨੂੰ ਝਿੜਕਿਆ ਨਹੀਂ।+ 14 ਇਸੇ ਕਰਕੇ ਮੈਂ ਏਲੀ ਦੇ ਘਰਾਣੇ ਬਾਰੇ ਸਹੁੰ ਖਾਧੀ ਹੈ ਕਿ ਏਲੀ ਦੇ ਘਰਾਣੇ ਨੇ ਜੋ ਪਾਪ ਕੀਤਾ ਹੈ, ਉਸ ਦਾ ਪ੍ਰਾਸਚਿਤ ਬਲ਼ੀਆਂ ਜਾਂ ਭੇਟਾਂ ਚੜ੍ਹਾਉਣ ਨਾਲ ਕਦੇ ਨਹੀਂ ਹੋ ਸਕਦਾ।”+

15 ਸਮੂਏਲ ਸਵੇਰ ਹੋਣ ਤਕ ਲੰਮਾ ਪਿਆ ਰਿਹਾ; ਫਿਰ ਉਸ ਨੇ ਯਹੋਵਾਹ ਦੇ ਘਰ ਦੇ ਦਰਵਾਜ਼ੇ ਖੋਲ੍ਹੇ। ਸਮੂਏਲ ਏਲੀ ਨੂੰ ਦਰਸ਼ਣ ਬਾਰੇ ਦੱਸਣ ਤੋਂ ਡਰ ਰਿਹਾ ਸੀ। 16 ਪਰ ਏਲੀ ਨੇ ਸਮੂਏਲ ਨੂੰ ਬੁਲਾਇਆ: “ਸਮੂਏਲ ਮੇਰੇ ਪੁੱਤਰ!” ਇਹ ਸੁਣ ਕੇ ਉਸ ਨੇ ਜਵਾਬ ਦਿੱਤਾ: “ਮੈਂ ਹਾਜ਼ਰ ਹਾਂ।” 17 ਉਸ ਨੇ ਪੁੱਛਿਆ: “ਉਸ ਨੇ ਤੈਨੂੰ ਕੀ ਸੰਦੇਸ਼ ਦਿੱਤਾ? ਕਿਰਪਾ ਕਰ ਕੇ ਮੇਰੇ ਤੋਂ ਨਾ ਲੁਕਾ। ਜੋ ਕੁਝ ਉਸ ਨੇ ਤੈਨੂੰ ਦੱਸਿਆ, ਜੇ ਤੂੰ ਉਸ ਵਿੱਚੋਂ ਇਕ ਵੀ ਗੱਲ ਮੇਰੇ ਤੋਂ ਲੁਕਾਈ, ਤਾਂ ਪਰਮੇਸ਼ੁਰ ਤੇਰੇ ਨਾਲ ਬੁਰੇ ਤੋਂ ਬੁਰਾ ਕਰੇ।” 18 ਇਸ ਲਈ ਸਮੂਏਲ ਨੇ ਉਸ ਨੂੰ ਸਭ ਕੁਝ ਦੱਸ ਦਿੱਤਾ ਅਤੇ ਉਸ ਤੋਂ ਕੁਝ ਵੀ ਨਹੀਂ ਲੁਕਾਇਆ। ਏਲੀ ਨੇ ਕਿਹਾ: “ਇਹ ਯਹੋਵਾਹ ਵੱਲੋਂ ਹੈ। ਉਹ ਉਸੇ ਤਰ੍ਹਾਂ ਕਰੇ ਜੋ ਉਸ ਦੀਆਂ ਨਜ਼ਰਾਂ ਵਿਚ ਠੀਕ ਹੈ।”

19 ਸਮੂਏਲ ਵੱਡਾ ਹੁੰਦਾ ਗਿਆ ਤੇ ਯਹੋਵਾਹ ਆਪ ਉਸ ਦੇ ਨਾਲ ਸੀ+ ਅਤੇ ਸਮੂਏਲ ਦੁਆਰਾ ਕਹੀ ਅਜਿਹੀ ਕੋਈ ਗੱਲ ਨਹੀਂ ਸੀ ਜੋ ਪਰਮੇਸ਼ੁਰ ਨੇ ਪੂਰੀ ਨਹੀਂ ਕੀਤੀ।* 20 ਦਾਨ ਤੋਂ ਲੈ ਕੇ ਬਏਰ-ਸ਼ਬਾ ਤਕ ਸਾਰੇ ਇਜ਼ਰਾਈਲ ਨੂੰ ਪਤਾ ਲੱਗ ਗਿਆ ਕਿ ਸਮੂਏਲ ਨੂੰ ਯਹੋਵਾਹ ਨੇ ਨਬੀ ਵਜੋਂ ਚੁਣਿਆ ਸੀ। 21 ਯਹੋਵਾਹ ਸ਼ੀਲੋਹ ਵਿਚ ਲਗਾਤਾਰ ਸਮੂਏਲ ਅੱਗੇ ਪ੍ਰਗਟ ਹੁੰਦਾ ਰਿਹਾ ਕਿਉਂਕਿ ਯਹੋਵਾਹ ਨੇ ਸ਼ੀਲੋਹ ਵਿਚ ਆਪਣੇ ਸੰਦੇਸ਼ ਰਾਹੀਂ, ਹਾਂ, ਯਹੋਵਾਹ ਦੇ ਸੰਦੇਸ਼ ਰਾਹੀਂ ਖ਼ੁਦ ਨੂੰ ਪ੍ਰਗਟ ਕੀਤਾ ਸੀ।+

4 ਸਮੂਏਲ ਦਾ ਸੰਦੇਸ਼ ਸਾਰੇ ਇਜ਼ਰਾਈਲ ਨੂੰ ਪਹੁੰਚਿਆ।

ਫਿਰ ਇਜ਼ਰਾਈਲੀ ਯੁੱਧ ਵਿਚ ਫਲਿਸਤੀਆਂ ਦਾ ਮੁਕਾਬਲਾ ਕਰਨ ਗਏ; ਉਨ੍ਹਾਂ ਨੇ ਅਬਨ-ਅਜ਼ਰ ਦੇ ਕੋਲ ਡੇਰਾ ਲਾਇਆ ਅਤੇ ਫਲਿਸਤੀਆਂ ਨੇ ਅਫੇਕ ਵਿਚ ਡੇਰਾ ਲਾਇਆ ਹੋਇਆ ਸੀ। 2 ਫਲਿਸਤੀਆਂ ਨੇ ਇਜ਼ਰਾਈਲੀਆਂ ਦਾ ਮੁਕਾਬਲਾ ਕਰਨ ਲਈ ਮੋਰਚਾ ਬੰਨ੍ਹਿਆ, ਪਰ ਯੁੱਧ ਵਿਚ ਇਜ਼ਰਾਈਲੀਆਂ ਦਾ ਬੁਰਾ ਹਾਲ ਹੋਇਆ। ਉਹ ਫਲਿਸਤੀਆਂ ਦੇ ਹੱਥੋਂ ਹਾਰ ਗਏ ਜਿਨ੍ਹਾਂ ਨੇ ਯੁੱਧ ਦੇ ਮੈਦਾਨ ਵਿਚ ਉਨ੍ਹਾਂ ਦੇ ਲਗਭਗ 4,000 ਆਦਮੀ ਮਾਰ ਦਿੱਤੇ। 3 ਜਦ ਲੋਕ ਛਾਉਣੀ ਵਿਚ ਵਾਪਸ ਆਏ, ਤਾਂ ਇਜ਼ਰਾਈਲ ਦੇ ਬਜ਼ੁਰਗਾਂ ਨੇ ਕਿਹਾ: “ਯਹੋਵਾਹ ਨੇ ਕਿਉਂ ਅੱਜ ਸਾਨੂੰ ਫਲਿਸਤੀਆਂ ਦੇ ਹੱਥੋਂ ਹਾਰਨ ਦਿੱਤਾ?*+ ਆਓ ਆਪਾਂ ਸ਼ੀਲੋਹ ਤੋਂ ਯਹੋਵਾਹ ਦੇ ਇਕਰਾਰ ਦਾ ਸੰਦੂਕ ਲੈ ਕੇ ਆਈਏ+ ਤਾਂਕਿ ਉਹ ਸਾਡੇ ਕੋਲ ਰਹੇ ਅਤੇ ਸਾਨੂੰ ਸਾਡੇ ਦੁਸ਼ਮਣਾਂ ਦੇ ਹੱਥੋਂ ਬਚਾਵੇ।” 4 ਇਸ ਲਈ ਲੋਕਾਂ ਨੇ ਸ਼ੀਲੋਹ ਵਿਚ ਆਦਮੀ ਭੇਜੇ ਅਤੇ ਉਹ ਉੱਥੋਂ ਕਰੂਬੀਆਂ ਤੋਂ ਉੱਚੇ*+ ਆਪਣੇ ਸਿੰਘਾਸਣ ਉੱਤੇ ਬਿਰਾਜਮਾਨ ਸੈਨਾਵਾਂ ਦੇ ਯਹੋਵਾਹ ਦਾ ਇਕਰਾਰ ਦਾ ਸੰਦੂਕ ਲੈ ਆਏ। ਏਲੀ ਦੇ ਦੋਵੇਂ ਪੁੱਤਰ, ਹਾਫਨੀ ਅਤੇ ਫ਼ੀਨਹਾਸ+ ਵੀ ਸੱਚੇ ਪਰਮੇਸ਼ੁਰ ਦੇ ਇਕਰਾਰ ਦੇ ਸੰਦੂਕ ਦੇ ਨਾਲ ਸਨ।

5 ਜਿਉਂ ਹੀ ਯਹੋਵਾਹ ਦੇ ਇਕਰਾਰ ਦਾ ਸੰਦੂਕ ਛਾਉਣੀ ਵਿਚ ਆਇਆ, ਤਾਂ ਸਾਰੇ ਇਜ਼ਰਾਈਲੀਆਂ ਨੇ ਇੰਨੀ ਉੱਚੀ ਜੈਕਾਰਾ ਲਾਇਆ ਕਿ ਧਰਤੀ ਕੰਬ ਉੱਠੀ। 6 ਜਦੋਂ ਫਲਿਸਤੀਆਂ ਨੇ ਰੌਲ਼ੇ ਦੀ ਆਵਾਜ਼ ਸੁਣੀ, ਤਾਂ ਉਨ੍ਹਾਂ ਨੇ ਕਿਹਾ: “ਇਬਰਾਨੀਆਂ ਦੀ ਛਾਉਣੀ ਵਿਚ ਇੰਨਾ ਸ਼ੋਰ ਕਿਉਂ ਹੋ ਰਿਹਾ ਹੈ?” ਅਖ਼ੀਰ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਯਹੋਵਾਹ ਦਾ ਸੰਦੂਕ ਛਾਉਣੀ ਵਿਚ ਲਿਆਂਦਾ ਗਿਆ ਸੀ। 7 ਫਲਿਸਤੀ ਡਰ ਗਏ ਸਨ ਕਿਉਂਕਿ ਉਨ੍ਹਾਂ ਨੇ ਕਿਹਾ: “ਪਰਮੇਸ਼ੁਰ ਛਾਉਣੀ ਵਿਚ ਆ ਗਿਆ ਹੈ!”+ ਇਸ ਲਈ ਉਨ੍ਹਾਂ ਨੇ ਕਿਹਾ: “ਹੁਣ ਸਾਡਾ ਕੀ ਬਣੂ? ਕਿਉਂਕਿ ਇਸ ਤਰ੍ਹਾਂ ਪਹਿਲਾਂ ਕਦੇ ਵੀ ਨਹੀਂ ਹੋਇਆ! 8 ਹੁਣ ਤਾਂ ਅਸੀਂ ਫਸ ਗਏ! ਕੌਣ ਸਾਨੂੰ ਇਸ ਮਹਾਨ ਪਰਮੇਸ਼ੁਰ ਦੇ ਹੱਥੋਂ ਬਚਾਵੇਗਾ? ਇਹ ਉਹੀ ਪਰਮੇਸ਼ੁਰ ਹੈ ਜਿਸ ਨੇ ਉਜਾੜ ਵਿਚ ਮਿਸਰ ਨੂੰ ਹਰ ਤਰ੍ਹਾਂ ਦੀ ਬਿਪਤਾ ਨਾਲ ਮਾਰਿਆ ਸੀ।+ 9 ਫਲਿਸਤੀਓ, ਹਿੰਮਤ ਤੋਂ ਕੰਮ ਲਓ ਅਤੇ ਮਰਦ ਬਣੋ ਤਾਂਕਿ ਤੁਸੀਂ ਇਬਰਾਨੀਆਂ ਦੀ ਗ਼ੁਲਾਮੀ ਨਾ ਕਰੋ ਜਿਸ ਤਰ੍ਹਾਂ ਉਨ੍ਹਾਂ ਨੇ ਤੁਹਾਡੀ ਗ਼ੁਲਾਮੀ ਕੀਤੀ ਹੈ।+ ਮਰਦ ਬਣੋ ਅਤੇ ਲੜੋ!” 10 ਇਸ ਲਈ ਫਲਿਸਤੀ ਲੜੇ ਅਤੇ ਇਜ਼ਰਾਈਲ ਹਾਰ ਗਿਆ+ ਤੇ ਹਰ ਕੋਈ ਆਪੋ-ਆਪਣੇ ਤੰਬੂ ਵਿਚ ਭੱਜ ਗਿਆ। ਬਹੁਤ ਖ਼ੂਨ-ਖ਼ਰਾਬਾ ਹੋਇਆ; ਇਜ਼ਰਾਈਲੀਆਂ ਦੇ 30,000 ਪੈਦਲ ਚੱਲਣ ਵਾਲੇ ਫ਼ੌਜੀ ਮਾਰੇ ਗਏ। 11 ਇਸ ਤੋਂ ਇਲਾਵਾ, ਪਰਮੇਸ਼ੁਰ ਦਾ ਸੰਦੂਕ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਏਲੀ ਦੇ ਦੋ ਪੁੱਤਰ ਹਾਫਨੀ ਅਤੇ ਫ਼ੀਨਹਾਸ ਮਰ ਗਏ।+

12 ਇਕ ਬਿਨਯਾਮੀਨੀ ਆਦਮੀ ਯੁੱਧ ਦੇ ਮੈਦਾਨ ਵਿੱਚੋਂ ਭੱਜ ਆਇਆ ਅਤੇ ਆਪਣੇ ਕੱਪੜੇ ਪਾੜੀ ਅਤੇ ਸਿਰ ʼਤੇ ਮਿੱਟੀ ਪਾਈ ਉਸੇ ਦਿਨ ਸ਼ੀਲੋਹ ਪਹੁੰਚਿਆ।+ 13 ਜਦ ਉਹ ਆਦਮੀ ਪਹੁੰਚਿਆ, ਉਸ ਵੇਲੇ ਏਲੀ ਸੜਕ ਕਿਨਾਰੇ ਬੈਠਾ ਉਡੀਕ ਕਰ ਰਿਹਾ ਸੀ ਕਿਉਂਕਿ ਉਸ ਦਾ ਦਿਲ ਸੱਚੇ ਪਰਮੇਸ਼ੁਰ ਦੇ ਸੰਦੂਕ ਕਰਕੇ ਕੰਬ ਰਿਹਾ ਸੀ।+ ਉਹ ਆਦਮੀ ਸ਼ਹਿਰ ਵਿਚ ਖ਼ਬਰ ਦੇਣ ਗਿਆ ਅਤੇ ਸਾਰਾ ਸ਼ਹਿਰ ਰੋਣ-ਪਿੱਟਣ ਲੱਗ ਪਿਆ। 14 ਜਦ ਏਲੀ ਨੇ ਰੋਣ-ਪਿੱਟਣ ਦੀ ਆਵਾਜ਼ ਸੁਣੀ, ਤਾਂ ਉਸ ਨੇ ਪੁੱਛਿਆ: “ਇੰਨਾ ਰੌਲ਼ਾ ਕਿਉਂ ਪੈ ਰਿਹਾ ਹੈ?” ਫਿਰ ਉਹ ਆਦਮੀ ਭੱਜਾ ਆਇਆ ਅਤੇ ਏਲੀ ਨੂੰ ਖ਼ਬਰ ਦਿੱਤੀ। 15 (ਏਲੀ 98 ਸਾਲ ਦਾ ਸੀ ਅਤੇ ਉਸ ਦੀਆਂ ਅੱਖਾਂ ਅੱਗੇ ਵੱਲ ਨੂੰ ਟਿਕੀਆਂ ਹੋਈਆਂ ਸਨ ਅਤੇ ਉਹ ਦੇਖ ਨਹੀਂ ਸਕਦਾ ਸੀ।)+ 16 ਫਿਰ ਉਸ ਆਦਮੀ ਨੇ ਏਲੀ ਨੂੰ ਕਿਹਾ: “ਮੈਂ ਯੁੱਧ ਦੇ ਮੈਦਾਨ ਵਿੱਚੋਂ ਆਇਆ ਹਾਂ! ਮੈਂ ਅੱਜ ਹੀ ਯੁੱਧ ਦੇ ਮੈਦਾਨ ਵਿੱਚੋਂ ਭੱਜ ਆਇਆ ਹਾਂ।” ਇਹ ਸੁਣ ਕੇ ਉਸ ਨੇ ਪੁੱਛਿਆ: “ਮੇਰੇ ਪੁੱਤਰ, ਉੱਥੇ ਕੀ ਹੋਇਆ?” 17 ਖ਼ਬਰ ਲਿਆਉਣ ਵਾਲੇ ਨੇ ਕਿਹਾ: “ਇਜ਼ਰਾਈਲ ਫਲਿਸਤੀਆਂ ਦੇ ਅੱਗੋਂ ਭੱਜ ਗਿਆ ਅਤੇ ਲੋਕ ਬੁਰੀ ਤਰ੍ਹਾਂ ਹਾਰ ਗਏ;+ ਨਾਲੇ ਤੇਰੇ ਦੋਵੇਂ ਪੁੱਤਰਾਂ ਹਾਫਨੀ ਅਤੇ ਫ਼ੀਨਹਾਸ ਦੀ ਮੌਤ ਹੋ ਗਈ+ ਅਤੇ ਸੱਚੇ ਪਰਮੇਸ਼ੁਰ ਦੇ ਸੰਦੂਕ ʼਤੇ ਕਬਜ਼ਾ ਕਰ ਲਿਆ ਗਿਆ ਹੈ।”+

18 ਉਸ ਦੇ ਮੂੰਹੋਂ ਸੱਚੇ ਪਰਮੇਸ਼ੁਰ ਦੇ ਸੰਦੂਕ ਬਾਰੇ ਸੁਣਦੇ ਸਾਰ ਹੀ ਏਲੀ ਦਰਵਾਜ਼ੇ ਦੇ ਕੋਲ ਆਪਣੀ ਜਗ੍ਹਾ ਤੋਂ ਪਿੱਛੇ ਨੂੰ ਡਿਗ ਪਿਆ ਅਤੇ ਉਸ ਦੀ ਧੌਣ ਟੁੱਟ ਗਈ ਤੇ ਉਹ ਮਰ ਗਿਆ ਕਿਉਂਕਿ ਉਹ ਬੁੱਢਾ ਹੋ ਚੁੱਕਾ ਸੀ ਅਤੇ ਉਸ ਦਾ ਸਰੀਰ ਭਾਰਾ ਸੀ। ਉਸ ਨੇ 40 ਸਾਲ ਇਜ਼ਰਾਈਲ ਦਾ ਨਿਆਂ ਕੀਤਾ। 19 ਉਸ ਦੀ ਨੂੰਹ, ਫ਼ੀਨਹਾਸ ਦੀ ਪਤਨੀ ਗਰਭਵਤੀ ਸੀ ਅਤੇ ਉਸ ਦਾ ਜਨਮ ਦੇਣ ਦਾ ਸਮਾਂ ਨੇੜੇ ਸੀ। ਜਦ ਉਸ ਨੇ ਇਹ ਖ਼ਬਰ ਸੁਣੀ ਕਿ ਸੱਚੇ ਪਰਮੇਸ਼ੁਰ ਦੇ ਸੰਦੂਕ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਉਸ ਦੇ ਸਹੁਰੇ ਅਤੇ ਪਤੀ ਦੀ ਮੌਤ ਹੋ ਗਈ ਹੈ, ਤਾਂ ਉਹ ਦਰਦ ਨਾਲ ਦੋਹਰੀ ਹੋ ਗਈ ਅਤੇ ਅਚਾਨਕ ਉਸ ਨੂੰ ਜਣਨ-ਪੀੜਾਂ ਲੱਗ ਗਈਆਂ ਅਤੇ ਉਸ ਨੇ ਬੱਚੇ ਨੂੰ ਜਨਮ ਦਿੱਤਾ। 20 ਜਦ ਉਹ ਆਖ਼ਰੀ ਸਾਹਾਂ ʼਤੇ ਸੀ, ਤਾਂ ਉਸ ਦੇ ਲਾਗੇ ਖੜ੍ਹੀਆਂ ਔਰਤਾਂ ਨੇ ਕਿਹਾ: “ਡਰ ਨਾ, ਤੂੰ ਇਕ ਮੁੰਡੇ ਨੂੰ ਜਨਮ ਦਿੱਤਾ ਹੈ।” ਉਸ ਨੇ ਨਾ ਕੋਈ ਜਵਾਬ ਦਿੱਤਾ ਅਤੇ ਨਾ ਹੀ ਉਨ੍ਹਾਂ ਦੀ ਗੱਲ ਵੱਲ ਕੋਈ ਧਿਆਨ ਦਿੱਤਾ।* 21 ਪਰ ਉਸ ਨੇ ਇਹ ਕਹਿੰਦੇ ਹੋਏ ਮੁੰਡੇ ਦਾ ਨਾਂ ਈਕਾਬੋਦ*+ ਰੱਖਿਆ: “ਇਜ਼ਰਾਈਲ ਦੀ ਸ਼ਾਨ ਗ਼ੁਲਾਮੀ ਵਿਚ ਚਲੀ ਗਈ ਹੈ।”+ ਇਹ ਉਸ ਨੇ ਇਸ ਲਈ ਕਿਹਾ ਕਿਉਂਕਿ ਸੱਚੇ ਪਰਮੇਸ਼ੁਰ ਦੇ ਸੰਦੂਕ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਸੀ ਅਤੇ ਉਸ ਦੇ ਸਹੁਰੇ ਅਤੇ ਪਤੀ ਦੀ ਮੌਤ ਹੋ ਗਈ ਸੀ।+ 22 ਉਸ ਨੇ ਕਿਹਾ: “ਇਜ਼ਰਾਈਲ ਦੀ ਸ਼ਾਨ ਗ਼ੁਲਾਮੀ ਵਿਚ ਚਲੀ ਗਈ ਹੈ ਕਿਉਂਕਿ ਸੱਚੇ ਪਰਮੇਸ਼ੁਰ ਦੇ ਸੰਦੂਕ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।”+

5 ਜਦ ਫਲਿਸਤੀਆਂ ਨੇ ਸੱਚੇ ਪਰਮੇਸ਼ੁਰ ਦੇ ਸੰਦੂਕ ਨੂੰ ਕਬਜ਼ੇ ਵਿਚ ਲੈ ਲਿਆ,+ ਤਾਂ ਉਹ ਇਸ ਨੂੰ ਅਬਨ-ਅਜ਼ਰ ਤੋਂ ਅਸ਼ਦੋਦ ਲੈ ਆਏ। 2 ਫਲਿਸਤੀ ਸੱਚੇ ਪਰਮੇਸ਼ੁਰ ਦਾ ਸੰਦੂਕ ਚੁੱਕ ਕੇ ਆਪਣੇ ਦੇਵਤੇ ਦਾਗੋਨ ਦੇ ਘਰ* ਲੈ ਆਏ ਅਤੇ ਉਸ ਨੂੰ ਦਾਗੋਨ ਦੇ ਬੁੱਤ ਦੇ ਕੋਲ ਰੱਖ ਦਿੱਤਾ।+ 3 ਅਗਲੇ ਦਿਨ ਜਦ ਅਸ਼ਦੋਦੀ ਸਵੇਰੇ ਜਲਦੀ ਉੱਠੇ, ਤਾਂ ਦਾਗੋਨ ਦਾ ਬੁੱਤ ਯਹੋਵਾਹ ਦੇ ਸੰਦੂਕ ਦੇ ਅੱਗੇ ਮੂੰਹ ਪਰਨੇ ਜ਼ਮੀਨ ʼਤੇ ਡਿਗਿਆ ਪਿਆ ਸੀ।+ ਇਸ ਲਈ ਉਨ੍ਹਾਂ ਨੇ ਦਾਗੋਨ ਦਾ ਬੁੱਤ ਚੁੱਕ ਕੇ ਉਸ ਨੂੰ ਉਸ ਦੀ ਜਗ੍ਹਾ ʼਤੇ ਰੱਖ ਦਿੱਤਾ।+ 4 ਜਦ ਉਹ ਅਗਲੇ ਦਿਨ ਸਵੇਰੇ ਜਲਦੀ ਉੱਠੇ, ਤਾਂ ਦਾਗੋਨ ਦਾ ਬੁੱਤ ਫਿਰ ਯਹੋਵਾਹ ਦੇ ਸੰਦੂਕ ਦੇ ਅੱਗੇ ਮੂੰਹ ਪਰਨੇ ਜ਼ਮੀਨ ʼਤੇ ਡਿਗਿਆ ਪਿਆ ਸੀ। ਦਾਗੋਨ ਦਾ ਸਿਰ ਅਤੇ ਉਸ ਦੇ ਦੋਵੇਂ ਹੱਥ ਕੱਟੇ ਹੋਏ ਸਨ ਅਤੇ ਦਹਿਲੀਜ਼ ʼਤੇ ਪਏ ਸਨ। ਸਿਰਫ਼ ਉਸ ਦਾ ਧੜ, ਜੋ ਮੱਛੀ ਵਰਗਾ ਲੱਗਦਾ ਸੀ,* ਖੜ੍ਹਾ ਸੀ। 5 ਇਸੇ ਕਰਕੇ ਅੱਜ ਦੇ ਦਿਨ ਤਕ ਦਾਗੋਨ ਦੇ ਪੁਜਾਰੀ ਅਤੇ ਉਹ ਸਾਰੇ ਜੋ ਅਸ਼ਦੋਦ ਵਿਚ ਦਾਗੋਨ ਦੇ ਘਰ ਜਾਂਦੇ ਹਨ, ਦਾਗੋਨ ਦੀ ਦਹਿਲੀਜ਼ ʼਤੇ ਪੈਰ ਨਹੀਂ ਰੱਖਦੇ।

6 ਅਸ਼ਦੋਦੀਆਂ ਨੂੰ ਯਹੋਵਾਹ ਦੇ ਹੱਥੋਂ ਸਖ਼ਤ ਸਜ਼ਾ ਮਿਲੀ* ਅਤੇ ਉਸ ਨੇ ਅਸ਼ਦੋਦ ਅਤੇ ਉਸ ਦੇ ਇਲਾਕਿਆਂ ਵਿਚ ਬਵਾਸੀਰ ਦੀ ਬੀਮਾਰੀ ਫੈਲਾ ਕੇ ਉਨ੍ਹਾਂ ਉੱਤੇ ਬਿਪਤਾ ਲਿਆਂਦੀ।+ 7 ਜਦੋਂ ਅਸ਼ਦੋਦ ਦੇ ਆਦਮੀਆਂ ਨੇ ਇਹ ਸਭ ਹੁੰਦਾ ਦੇਖਿਆ, ਤਾਂ ਉਨ੍ਹਾਂ ਨੇ ਕਿਹਾ: “ਆਓ ਅਸੀਂ ਇਜ਼ਰਾਈਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਆਪਣੇ ਕੋਲ ਨਾ ਰਹਿਣ ਦੇਈਏ ਕਿਉਂਕਿ ਉਸ ਦੇ ਹੱਥੋਂ ਸਾਡਾ ਅਤੇ ਸਾਡੇ ਦੇਵਤੇ ਦਾਗੋਨ ਦਾ ਬਹੁਤ ਬੁਰਾ ਹਾਲ ਹੋਇਆ ਹੈ।” 8 ਇਸ ਲਈ ਉਨ੍ਹਾਂ ਨੇ ਫਲਿਸਤੀਆਂ ਦੇ ਸਾਰੇ ਹਾਕਮਾਂ ਨੂੰ ਬੁਲਾ ਕੇ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਪੁੱਛਿਆ: “ਅਸੀਂ ਇਜ਼ਰਾਈਲ ਦੇ ਪਰਮੇਸ਼ੁਰ ਦੇ ਸੰਦੂਕ ਦਾ ਕੀ ਕਰੀਏ?” ਉਨ੍ਹਾਂ ਨੇ ਜਵਾਬ ਦਿੱਤਾ: “ਇਜ਼ਰਾਈਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਗਥ ਵਿਚ ਲੈ ਜਾਓ।”+ ਇਸ ਲਈ ਉਹ ਇਜ਼ਰਾਈਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਉੱਥੇ ਲੈ ਗਏ।

9 ਜਦੋਂ ਉਹ ਸੰਦੂਕ ਨੂੰ ਉੱਥੇ ਲੈ ਗਏ, ਤਾਂ ਉਸ ਤੋਂ ਬਾਅਦ ਉਸ ਸ਼ਹਿਰ ਖ਼ਿਲਾਫ਼ ਯਹੋਵਾਹ ਦਾ ਹੱਥ ਉੱਠਿਆ ਜਿਸ ਕਰਕੇ ਸਾਰੇ ਸ਼ਹਿਰ ਵਿਚ ਦਹਿਸ਼ਤ ਫੈਲ ਗਈ। ਉਸ ਨੇ ਸ਼ਹਿਰ ਦੇ ਆਦਮੀਆਂ ਨੂੰ, ਛੋਟੇ ਤੋਂ ਲੈ ਕੇ ਵੱਡੇ ਤਕ, ਬਵਾਸੀਰ ਦੀ ਬੀਮਾਰੀ ਲਾ ਦਿੱਤੀ।+ 10 ਇਸ ਕਰਕੇ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਦੇ ਸੰਦੂਕ ਨੂੰ ਅਕਰੋਨ+ ਵਿਚ ਭੇਜ ਦਿੱਤਾ। ਪਰ ਸੱਚੇ ਪਰਮੇਸ਼ੁਰ ਦਾ ਸੰਦੂਕ ਅਕਰੋਨ ਪਹੁੰਚਦੇ ਸਾਰ ਹੀ ਅਕਰੋਨੀਆਂ ਨੇ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ: “ਉਹ ਇਜ਼ਰਾਈਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਇਸ ਲਈ ਸਾਡੇ ਕੋਲ ਲੈ ਆਏ ਹਨ ਤਾਂਕਿ ਅਸੀਂ ਅਤੇ ਸਾਡੇ ਲੋਕ ਮਾਰੇ ਜਾਈਏ!”+ 11 ਫਿਰ ਉਨ੍ਹਾਂ ਨੇ ਫਲਿਸਤੀਆਂ ਦੇ ਸਾਰੇ ਹਾਕਮਾਂ ਨੂੰ ਬੁਲਾ ਕੇ ਇਕੱਠਾ ਕੀਤਾ ਅਤੇ ਕਿਹਾ: “ਇਜ਼ਰਾਈਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਦੂਰ ਭੇਜ ਦਿਓ; ਉਸ ਨੂੰ ਉਸ ਦੀ ਜਗ੍ਹਾ ʼਤੇ ਵਾਪਸ ਭੇਜ ਦਿਓ ਤਾਂਕਿ ਅਸੀਂ ਅਤੇ ਸਾਡੇ ਲੋਕ ਮਾਰੇ ਨਾ ਜਾਈਏ।” ਸਾਰੇ ਸ਼ਹਿਰ ਵਿਚ ਮੌਤ ਦਾ ਖ਼ੌਫ਼ ਛਾਇਆ ਹੋਇਆ ਸੀ; ਸੱਚੇ ਪਰਮੇਸ਼ੁਰ ਦੇ ਹੱਥੋਂ ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲੀ ਸੀ*+ 12 ਅਤੇ ਜਿਹੜੇ ਆਦਮੀ ਨਹੀਂ ਮਰੇ ਸਨ, ਉਨ੍ਹਾਂ ਨੂੰ ਬਵਾਸੀਰ ਦੀ ਬੀਮਾਰੀ ਦੀ ਮਾਰ ਝੱਲਣੀ ਪਈ। ਅਤੇ ਮਦਦ ਲਈ ਸ਼ਹਿਰ ਦੀ ਦੁਹਾਈ ਆਕਾਸ਼ ਤਕ ਪਹੁੰਚ ਗਈ।

6 ਯਹੋਵਾਹ ਦਾ ਸੰਦੂਕ+ ਸੱਤ ਮਹੀਨਿਆਂ ਤੋਂ ਫਲਿਸਤੀਆਂ ਦੇ ਇਲਾਕੇ ਵਿਚ ਸੀ। 2 ਫਲਿਸਤੀਆਂ ਨੇ ਪੁਜਾਰੀਆਂ ਅਤੇ ਫਾਲ* ਪਾਉਣ ਵਾਲਿਆਂ+ ਨੂੰ ਬੁਲਾ ਕੇ ਪੁੱਛਿਆ: “ਅਸੀਂ ਯਹੋਵਾਹ ਦੇ ਸੰਦੂਕ ਦਾ ਕੀ ਕਰੀਏ? ਸਾਨੂੰ ਦੱਸੋ ਕਿ ਅਸੀਂ ਉਸ ਨੂੰ ਉਸ ਦੀ ਜਗ੍ਹਾ ਵਾਪਸ ਕਿਵੇਂ ਭੇਜੀਏ।” 3 ਉਨ੍ਹਾਂ ਨੇ ਜਵਾਬ ਦਿੱਤਾ: “ਜੇ ਤੁਸੀਂ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਸੰਦੂਕ ਵਾਪਸ ਭੇਜਣਾ ਹੈ, ਤਾਂ ਇਸ ਨੂੰ ਭੇਟ ਤੋਂ ਬਿਨਾਂ ਨਾ ਭੇਜਿਓ। ਤੁਸੀਂ ਇਜ਼ਰਾਈਲ ਦੇ ਪਰਮੇਸ਼ੁਰ ਨੂੰ ਇਸ ਦੇ ਨਾਲ ਦੋਸ਼-ਬਲ਼ੀ ਜ਼ਰੂਰ ਭੇਜਿਓ।+ ਤਾਂ ਹੀ ਤੁਸੀਂ ਠੀਕ ਹੋਵੋਗੇ ਅਤੇ ਤੁਸੀਂ ਜਾਣੋਗੇ ਕਿ ਉਸ ਨੇ ਆਪਣਾ ਹੱਥ ਤੁਹਾਨੂੰ ਸਜ਼ਾ ਦੇਣ ਤੋਂ ਕਿਉਂ ਨਹੀਂ ਰੋਕਿਆ।” 4 ਫਿਰ ਉਨ੍ਹਾਂ ਨੇ ਪੁੱਛਿਆ: “ਅਸੀਂ ਉਸ ਨੂੰ ਕਿਹੜੀ ਦੋਸ਼-ਬਲ਼ੀ ਭੇਜੀਏ?” ਉਨ੍ਹਾਂ ਨੇ ਜਵਾਬ ਦਿੱਤਾ: “ਫਲਿਸਤੀਆਂ ਦੇ ਹਾਕਮਾਂ ਦੀ ਗਿਣਤੀ+ ਅਨੁਸਾਰ ਸੋਨੇ ਦੇ ਪੰਜ ਬਵਾਸੀਰ ਦੇ ਮਹੁਕੇ ਅਤੇ ਸੋਨੇ ਦੇ ਪੰਜ ਚੂਹੇ ਭੇਜੋ ਕਿਉਂਕਿ ਤੁਹਾਡੇ ਸਾਰਿਆਂ ਉੱਤੇ ਅਤੇ ਤੁਹਾਡੇ ਹਾਕਮਾਂ ਉੱਤੇ ਇੱਕੋ ਜਿਹੀ ਆਫ਼ਤ ਆਈ ਹੈ। 5 ਤੁਸੀਂ ਆਪਣੇ ਬਵਾਸੀਰ ਦੇ ਮਹੁਕਿਆਂ ਅਤੇ ਉਨ੍ਹਾਂ ਚੂਹਿਆਂ ਦੀਆਂ ਮੂਰਤੀਆਂ ਬਣਾਇਓ+ ਜੋ ਤੁਹਾਡੇ ਦੇਸ਼ ਨੂੰ ਤਬਾਹ ਕਰ ਰਹੇ ਹਨ ਅਤੇ ਤੁਸੀਂ ਇਜ਼ਰਾਈਲ ਦੇ ਪਰਮੇਸ਼ੁਰ ਦਾ ਆਦਰ ਕਰੋ। ਸ਼ਾਇਦ ਉਹ ਤੁਹਾਨੂੰ, ਤੁਹਾਡੇ ਦੇਵਤੇ ਨੂੰ ਅਤੇ ਤੁਹਾਡੇ ਦੇਸ਼ ਨੂੰ ਸਜ਼ਾ ਦੇਣ ਤੋਂ ਆਪਣਾ ਹੱਥ ਰੋਕ ਲਵੇ।+ 6 ਤੁਸੀਂ ਕਿਉਂ ਆਪਣਾ ਦਿਲ ਕਠੋਰ ਕਰ ਰਹੇ ਹੋ ਜਿਵੇਂ ਮਿਸਰੀਆਂ ਅਤੇ ਫ਼ਿਰਊਨ ਨੇ ਆਪਣੇ ਦਿਲ ਕਠੋਰ ਕੀਤੇ ਸਨ?+ ਜਦ ਪਰਮੇਸ਼ੁਰ ਉਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆਇਆ,+ ਤਾਂ ਉਨ੍ਹਾਂ ਨੂੰ ਇਜ਼ਰਾਈਲੀਆਂ ਨੂੰ ਭੇਜਣਾ ਹੀ ਪਿਆ ਅਤੇ ਉਹ ਉੱਥੋਂ ਚਲੇ ਗਏ।+ 7 ਹੁਣ ਇਕ ਨਵਾਂ ਗੱਡਾ ਬਣਾਓ ਅਤੇ ਦੋ ਗਾਂਵਾਂ ਲਓ ਜਿਨ੍ਹਾਂ ਦੇ ਵੱਛੇ ਹੋਣ ਅਤੇ ਜੋ ਕਦੇ ਵੀ ਜੂਲੇ ਹੇਠ ਨਾ ਜੋਤੀਆਂ ਗਈਆਂ ਹੋਣ। ਫਿਰ ਉਨ੍ਹਾਂ ਗਾਂਵਾਂ ਨੂੰ ਗੱਡੇ ਨਾਲ ਜੋੜੋ, ਪਰ ਉਨ੍ਹਾਂ ਦੇ ਵੱਛਿਆਂ ਨੂੰ ਉਨ੍ਹਾਂ ਤੋਂ ਦੂਰ ਵਾਪਸ ਘਰ ਭੇਜ ਦਿਓ। 8 ਫਿਰ ਯਹੋਵਾਹ ਦਾ ਸੰਦੂਕ ਲੈ ਕੇ ਉਸ ਨੂੰ ਗੱਡੇ ਉੱਤੇ ਰੱਖ ਦਿਓ ਅਤੇ ਸੋਨੇ ਦੀਆਂ ਜਿਹੜੀਆਂ ਚੀਜ਼ਾਂ ਤੁਸੀਂ ਦੋਸ਼-ਬਲ਼ੀ ਵਜੋਂ ਭੇਜਣੀਆਂ ਹਨ, ਉਨ੍ਹਾਂ ਨੂੰ ਇਕ ਬਕਸੇ ਵਿਚ ਪਾ ਕੇ ਸੰਦੂਕ ਦੇ ਕੋਲ ਰੱਖ ਦਿਓ।+ ਫਿਰ ਉਸ ਨੂੰ ਉਸ ਦੇ ਰਾਹ ਤੋਰ ਦਿਓ 9 ਅਤੇ ਦੇਖੋ: ਜੇ ਗੱਡਾ ਬੈਤ-ਸ਼ਮਸ਼+ ਨੂੰ ਜਾਂਦੇ ਰਾਹ ʼਤੇ ਆਪਣੇ ਇਲਾਕੇ ਵੱਲ ਜਾਵੇ, ਤਾਂ ਸਮਝ ਲੈਣਾ ਕਿ ਇਜ਼ਰਾਈਲ ਦੇ ਪਰਮੇਸ਼ੁਰ ਨੇ ਹੀ ਸਾਡਾ ਇੰਨਾ ਬੁਰਾ ਹਾਲ ਕੀਤਾ। ਜੇ ਨਹੀਂ, ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਉਸ ਨੇ ਸਾਡੇ ਖ਼ਿਲਾਫ਼ ਹੱਥ ਨਹੀਂ ਚੁੱਕਿਆ ਸੀ; ਇਹ ਬੱਸ ਇਕ ਇਤਫ਼ਾਕ ਸੀ।”

10 ਉਨ੍ਹਾਂ ਆਦਮੀਆਂ ਨੇ ਉਸੇ ਤਰ੍ਹਾਂ ਕੀਤਾ। ਉਨ੍ਹਾਂ ਨੇ ਦੋ ਗਾਂਵਾਂ ਲਈਆਂ ਜਿਨ੍ਹਾਂ ਦੇ ਵੱਛੇ ਸਨ ਅਤੇ ਉਨ੍ਹਾਂ ਨੂੰ ਗੱਡੇ ਨਾਲ ਜੋੜ ਦਿੱਤਾ ਅਤੇ ਵੱਛਿਆਂ ਨੂੰ ਘਰ ਦੇ ਵਾੜੇ ਵਿਚ ਰੱਖ ਦਿੱਤਾ। 11 ਫਿਰ ਉਨ੍ਹਾਂ ਨੇ ਯਹੋਵਾਹ ਦਾ ਸੰਦੂਕ ਅਤੇ ਉਹ ਬਕਸਾ ਗੱਡੇ ਉੱਤੇ ਰੱਖ ਦਿੱਤਾ ਜਿਸ ਵਿਚ ਸੋਨੇ ਦੇ ਚੂਹੇ ਅਤੇ ਬਵਾਸੀਰ ਦੇ ਮਹੁਕਿਆਂ ਦੀਆਂ ਮੂਰਤੀਆਂ ਸਨ। 12 ਅਤੇ ਉਹ ਗਾਂਵਾਂ ਸਿੱਧਾ ਬੈਤ-ਸ਼ਮਸ਼ ਨੂੰ ਜਾਂਦੇ ਰਾਹ ʼਤੇ ਤੁਰ ਪਈਆਂ।+ ਉਹ ਇੱਕੋ ਰਾਹ ʼਤੇ ਤੁਰੀਆਂ ਗਈਆਂ ਅਤੇ ਤੁਰਦੇ-ਤੁਰਦੇ ਅੜਿੰਗਦੀਆਂ ਸਨ; ਉਹ ਨਾ ਸੱਜੇ ਮੁੜੀਆਂ, ਨਾ ਖੱਬੇ। ਫਲਿਸਤੀਆਂ ਦੇ ਹਾਕਮ ਉਨ੍ਹਾਂ ਦੇ ਪਿੱਛੇ-ਪਿੱਛੇ ਬੈਤ-ਸ਼ਮਸ਼ ਦੀ ਸਰਹੱਦ ਤਕ ਤੁਰਦੇ ਗਏ। 13 ਬੈਤ-ਸ਼ਮਸ਼ ਦੇ ਲੋਕ ਮੈਦਾਨੀ ਇਲਾਕੇ* ਵਿਚ ਕਣਕ ਵੱਢ ਰਹੇ ਸਨ। ਜਦ ਉਨ੍ਹਾਂ ਨੇ ਨਜ਼ਰਾਂ ਚੁੱਕੀਆਂ ਅਤੇ ਸੰਦੂਕ ਨੂੰ ਦੇਖਿਆ, ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। 14 ਗੱਡਾ ਬੈਤ-ਸ਼ਮਸ਼ੀ ਯਹੋਸ਼ੁਆ ਦੇ ਖੇਤ ਵਿਚ ਆ ਗਿਆ ਅਤੇ ਉੱਥੇ ਇਕ ਵੱਡੇ ਸਾਰੇ ਪੱਥਰ ਕੋਲ ਰੁਕ ਗਿਆ। ਉਨ੍ਹਾਂ ਨੇ ਗੱਡੇ ਦੀਆਂ ਲੱਕੜਾਂ ਚੀਰੀਆਂ ਅਤੇ ਗਾਂਵਾਂ+ ਨੂੰ ਹੋਮ-ਬਲ਼ੀ ਵਜੋਂ ਯਹੋਵਾਹ ਅੱਗੇ ਚੜ੍ਹਾ ਦਿੱਤਾ।

15 ਲੇਵੀਆਂ+ ਨੇ ਯਹੋਵਾਹ ਦਾ ਸੰਦੂਕ ਅਤੇ ਉਸ ਦੇ ਨਾਲ ਪਿਆ ਬਕਸਾ ਉਤਾਰਿਆ ਜਿਸ ਵਿਚ ਸੋਨੇ ਦੀਆਂ ਚੀਜ਼ਾਂ ਸਨ ਅਤੇ ਉਨ੍ਹਾਂ ਨੂੰ ਉਸ ਵੱਡੇ ਸਾਰੇ ਪੱਥਰ ਉੱਤੇ ਰੱਖ ਦਿੱਤਾ। ਬੈਤ-ਸ਼ਮਸ਼+ ਦੇ ਆਦਮੀਆਂ ਨੇ ਉਸ ਦਿਨ ਯਹੋਵਾਹ ਅੱਗੇ ਹੋਮ-ਬਲ਼ੀਆਂ ਅਤੇ ਬਲੀਦਾਨ ਚੜ੍ਹਾਏ।

16 ਜਦ ਫਲਿਸਤੀਆਂ ਦੇ ਪੰਜ ਹਾਕਮਾਂ ਨੇ ਇਹ ਦੇਖਿਆ, ਤਾਂ ਉਹ ਉਸੇ ਦਿਨ ਅਕਰੋਨ ਵਾਪਸ ਚਲੇ ਗਏ। 17 ਫਲਿਸਤੀਆਂ ਨੇ ਦੋਸ਼-ਬਲ਼ੀ ਵਜੋਂ ਯਹੋਵਾਹ ਲਈ ਬਵਾਸੀਰ ਦੇ ਮਹੁਕਿਆਂ ਦੀਆਂ ਸੋਨੇ ਦੀਆਂ ਮੂਰਤਾਂ ਭੇਜੀਆਂ:+ ਇਕ ਅਸ਼ਦੋਦ+ ਵੱਲੋਂ, ਇਕ ਗਾਜ਼ਾ ਵੱਲੋਂ, ਇਕ ਅਸ਼ਕਲੋਨ ਵੱਲੋਂ, ਇਕ ਗਥ+ ਵੱਲੋਂ ਅਤੇ ਇਕ ਅਕਰੋਨ+ ਵੱਲੋਂ। 18 ਨਾਲੇ ਸੋਨੇ ਦੇ ਚੂਹਿਆਂ ਦੀ ਗਿਣਤੀ ਉਨ੍ਹਾਂ ਸਾਰੇ ਸ਼ਹਿਰਾਂ ਯਾਨੀ ਕਿਲੇਬੰਦ ਸ਼ਹਿਰਾਂ ਅਤੇ ਬਿਨਾਂ ਕੰਧਾਂ ਵਾਲੇ ਪਿੰਡਾਂ ਜਿੰਨੀ ਸੀ ਜੋ ਫਲਿਸਤੀਆਂ ਦੇ ਪੰਜ ਹਾਕਮਾਂ ਅਧੀਨ ਸਨ।

ਅਤੇ ਉਹ ਵੱਡਾ ਸਾਰਾ ਪੱਥਰ ਜਿਸ ਉੱਤੇ ਉਨ੍ਹਾਂ ਨੇ ਯਹੋਵਾਹ ਦਾ ਸੰਦੂਕ ਰੱਖਿਆ ਸੀ, ਅੱਜ ਦੇ ਦਿਨ ਤਕ ਬੈਤ-ਸ਼ਮਸ਼ੀ ਯਹੋਸ਼ੁਆ ਦੇ ਖੇਤ ਵਿਚ ਗਵਾਹੀ ਵਜੋਂ ਪਿਆ ਹੈ। 19 ਪਰ ਪਰਮੇਸ਼ੁਰ ਨੇ ਬੈਤ-ਸ਼ਮਸ਼ ਦੇ ਆਦਮੀਆਂ ਨੂੰ ਮਾਰ ਸੁੱਟਿਆ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਸੰਦੂਕ ਨੂੰ ਦੇਖਿਆ ਸੀ। ਉਸ ਨੇ 50,070 ਲੋਕਾਂ* ਨੂੰ ਮਾਰ ਸੁੱਟਿਆ ਅਤੇ ਲੋਕ ਸੋਗ ਮਨਾਉਣ ਲੱਗੇ ਕਿਉਂਕਿ ਯਹੋਵਾਹ ਨੇ ਬਹੁਤ ਸਾਰੇ ਲੋਕਾਂ ਨੂੰ ਮਾਰ ਮੁਕਾਇਆ ਸੀ।+ 20 ਇਸ ਲਈ ਬੈਤ-ਸ਼ਮਸ਼ ਦੇ ਆਦਮੀਆਂ ਨੇ ਪੁੱਛਿਆ: “ਇਸ ਪਵਿੱਤਰ ਪਰਮੇਸ਼ੁਰ ਯਹੋਵਾਹ ਅੱਗੇ ਕੌਣ ਖੜ੍ਹਾ ਰਹਿ ਸਕਦਾ ਹੈ+ ਅਤੇ ਇਹ ਸਾਡੇ ਕੋਲੋਂ ਕਿਸੇ ਹੋਰ ਵੱਲ ਕਿਉਂ ਨਹੀਂ ਚਲਾ ਜਾਂਦਾ?”+ 21 ਫਿਰ ਉਨ੍ਹਾਂ ਨੇ ਕਿਰਯਥ-ਯਾਰੀਮ+ ਦੇ ਵਾਸੀਆਂ ਕੋਲ ਸੰਦੇਸ਼ ਦੇਣ ਵਾਲਿਆਂ ਨੂੰ ਇਹ ਕਹਿਣ ਲਈ ਭੇਜਿਆ: “ਫਲਿਸਤੀਆਂ ਨੇ ਯਹੋਵਾਹ ਦਾ ਸੰਦੂਕ ਮੋੜ ਦਿੱਤਾ ਹੈ। ਆ ਕੇ ਲੈ ਜਾਓ।”+

7 ਕਿਰਯਥ-ਯਾਰੀਮ ਦੇ ਆਦਮੀ ਆ ਕੇ ਯਹੋਵਾਹ ਦੇ ਸੰਦੂਕ ਨੂੰ ਪਹਾੜੀ ਉੱਤੇ ਅਬੀਨਾਦਾਬ ਦੇ ਘਰ+ ਲੈ ਗਏ ਅਤੇ ਉਨ੍ਹਾਂ ਨੇ ਉਸ ਦੇ ਪੁੱਤਰ ਅਲਆਜ਼ਾਰ ਨੂੰ ਪਵਿੱਤਰ ਕੀਤਾ ਤਾਂਕਿ ਉਹ ਯਹੋਵਾਹ ਦੇ ਸੰਦੂਕ ਦੀ ਰਾਖੀ ਕਰੇ।

2 ਕਿਰਯਥ-ਯਾਰੀਮ ਵਿਚ ਸੰਦੂਕ ਲਿਆਂਦੇ ਨੂੰ ਬਹੁਤ ਸਮਾਂ ਬੀਤ ਗਿਆ ਸੀ ਯਾਨੀ 20 ਸਾਲ ਹੋ ਗਏ ਸਨ ਅਤੇ ਇਜ਼ਰਾਈਲ ਦੇ ਸਾਰੇ ਘਰਾਣੇ ਨੇ ਯਹੋਵਾਹ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ।*+ 3 ਫਿਰ ਸਮੂਏਲ ਨੇ ਇਜ਼ਰਾਈਲ ਦੇ ਸਾਰੇ ਘਰਾਣੇ ਨੂੰ ਕਿਹਾ: “ਜੇ ਤੁਸੀਂ ਵਾਕਈ ਆਪਣੇ ਪੂਰੇ ਦਿਲ ਨਾਲ ਯਹੋਵਾਹ ਵੱਲ ਮੁੜ ਰਹੇ ਹੋ,+ ਤਾਂ ਆਪਣੇ ਵਿੱਚੋਂ ਝੂਠੇ ਦੇਵਤੇ+ ਅਤੇ ਅਸ਼ਤਾਰੋਥ ਦੀਆਂ ਮੂਰਤੀਆਂ ਨੂੰ ਕੱਢ ਦਿਓ+ ਅਤੇ ਆਪਣਾ ਪੂਰਾ ਦਿਲ ਯਹੋਵਾਹ ਵੱਲ ਲਾਓ ਤੇ ਸਿਰਫ਼ ਉਸ ਦੀ ਹੀ ਭਗਤੀ ਕਰੋ।+ ਫਿਰ ਉਹ ਤੁਹਾਨੂੰ ਫਲਿਸਤੀਆਂ ਦੇ ਹੱਥੋਂ ਬਚਾਵੇਗਾ।”+ 4 ਇਹ ਸੁਣ ਕੇ ਇਜ਼ਰਾਈਲੀਆਂ ਨੇ ਆਪਣੇ ਵਿੱਚੋਂ ਬਆਲ ਦੇਵਤਿਆਂ ਅਤੇ ਅਸ਼ਤਾਰੋਥ ਦੀਆਂ ਮੂਰਤੀਆਂ ਨੂੰ ਕੱਢ ਦਿੱਤਾ ਤੇ ਸਿਰਫ਼ ਯਹੋਵਾਹ ਦੀ ਭਗਤੀ ਕਰਨ ਲੱਗ ਪਏ।+

5 ਫਿਰ ਸਮੂਏਲ ਨੇ ਕਿਹਾ: “ਮਿਸਪਾਹ+ ਵਿਚ ਸਾਰੇ ਇਜ਼ਰਾਈਲ ਨੂੰ ਇਕੱਠਾ ਕਰੋ ਅਤੇ ਮੈਂ ਤੁਹਾਡੇ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਾਂਗਾ।”+ 6 ਇਸ ਲਈ ਉਹ ਮਿਸਪਾਹ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਪਾਣੀ ਭਰ ਲਿਆਂਦਾ ਤੇ ਯਹੋਵਾਹ ਅੱਗੇ ਡੋਲ੍ਹ ਦਿੱਤਾ ਅਤੇ ਉਸ ਦਿਨ ਵਰਤ ਰੱਖਿਆ।+ ਉੱਥੇ ਉਨ੍ਹਾਂ ਨੇ ਕਿਹਾ: “ਅਸੀਂ ਯਹੋਵਾਹ ਖ਼ਿਲਾਫ਼ ਪਾਪ ਕੀਤਾ ਹੈ।”+ ਸਮੂਏਲ ਮਿਸਪਾਹ ਵਿਚ ਇਜ਼ਰਾਈਲੀਆਂ ਦੇ ਨਿਆਂਕਾਰ ਵਜੋਂ ਸੇਵਾ ਕਰਨ ਲੱਗ ਪਿਆ।+

7 ਜਦੋਂ ਫਲਿਸਤੀਆਂ ਨੇ ਸੁਣਿਆ ਕਿ ਇਜ਼ਰਾਈਲੀ ਮਿਸਪਾਹ ਵਿਚ ਇਕੱਠੇ ਹੋਏ ਹਨ, ਤਾਂ ਫਲਿਸਤੀਆਂ ਦੇ ਹਾਕਮ+ ਇਜ਼ਰਾਈਲੀਆਂ ʼਤੇ ਹਮਲਾ ਕਰਨ ਨਿਕਲ ਤੁਰੇ। ਜਦੋਂ ਇਜ਼ਰਾਈਲੀਆਂ ਨੇ ਇਹ ਸੁਣਿਆ, ਤਾਂ ਉਨ੍ਹਾਂ ਉੱਤੇ ਫਲਿਸਤੀਆਂ ਦਾ ਡਰ ਛਾ ਗਿਆ। 8 ਇਸ ਲਈ ਇਜ਼ਰਾਈਲੀਆਂ ਨੇ ਸਮੂਏਲ ਨੂੰ ਕਿਹਾ: “ਤੂੰ ਸਾਡੇ ਪਰਮੇਸ਼ੁਰ ਯਹੋਵਾਹ ਅੱਗੇ ਤਰਲੇ ਕਰਦਾ ਰਹਿ ਕਿ ਉਹ ਸਾਡੀ ਮਦਦ ਕਰੇ+ ਅਤੇ ਸਾਨੂੰ ਫਲਿਸਤੀਆਂ ਦੇ ਹੱਥੋਂ ਬਚਾਵੇ।” 9 ਫਿਰ ਸਮੂਏਲ ਨੇ ਦੁੱਧ ਚੁੰਘਦਾ ਲੇਲਾ ਲਿਆ ਅਤੇ ਇਸ ਨੂੰ ਯਹੋਵਾਹ ਅੱਗੇ ਹੋਮ-ਬਲ਼ੀ ਵਜੋਂ ਚੜ੍ਹਾਇਆ;+ ਸਮੂਏਲ ਨੇ ਇਜ਼ਰਾਈਲੀਆਂ ਦੀ ਖ਼ਾਤਰ ਮਦਦ ਲਈ ਯਹੋਵਾਹ ਅੱਗੇ ਦੁਹਾਈ ਦਿੱਤੀ ਅਤੇ ਯਹੋਵਾਹ ਨੇ ਉਸ ਦੀ ਸੁਣੀ।+ 10 ਜਦ ਸਮੂਏਲ ਹੋਮ-ਬਲ਼ੀ ਚੜ੍ਹਾ ਰਿਹਾ ਸੀ, ਤਾਂ ਫਲਿਸਤੀ ਇਜ਼ਰਾਈਲ ਨਾਲ ਯੁੱਧ ਕਰਨ ਲਈ ਹੋਰ ਅੱਗੇ ਵਧੇ। ਉਸ ਦਿਨ ਯਹੋਵਾਹ ਵੱਲੋਂ ਫਲਿਸਤੀਆਂ ਖ਼ਿਲਾਫ਼ ਆਕਾਸ਼ ਵਿਚ ਜ਼ੋਰਦਾਰ ਗਰਜ ਹੋਈ+ ਅਤੇ ਉਸ ਨੇ ਉਨ੍ਹਾਂ ਨੂੰ ਉਲਝਣ ਵਿਚ ਪਾ ਦਿੱਤਾ+ ਅਤੇ ਉਹ ਇਜ਼ਰਾਈਲੀਆਂ ਹੱਥੋਂ ਹਾਰ ਗਏ।+ 11 ਫਿਰ ਇਜ਼ਰਾਈਲ ਦੇ ਆਦਮੀਆਂ ਨੇ ਮਿਸਪਾਹ ਤੋਂ ਨਿਕਲ ਕੇ ਫਲਿਸਤੀਆਂ ਦਾ ਪਿੱਛਾ ਕੀਤਾ ਅਤੇ ਬੈਤ-ਕਰ ਦੇ ਦੱਖਣ ਤਕ ਉਨ੍ਹਾਂ ਨੂੰ ਵੱਢਦੇ ਗਏ। 12 ਫਿਰ ਸਮੂਏਲ ਨੇ ਇਕ ਪੱਥਰ ਲਿਆ+ ਅਤੇ ਇਸ ਨੂੰ ਮਿਸਪਾਹ ਅਤੇ ਯਸ਼ਾਨਾਹ ਵਿਚਕਾਰ ਰੱਖ ਦਿੱਤਾ ਅਤੇ ਇਸ ਦਾ ਨਾਂ ਅਬਨ-ਅਜ਼ਰ* ਰੱਖਿਆ ਤੇ ਉਸ ਨੇ ਕਿਹਾ: “ਹੁਣ ਤਕ ਯਹੋਵਾਹ ਸਾਡੀ ਮਦਦ ਕਰਦਾ ਆਇਆ ਹੈ।”+ 13 ਇਸ ਤਰ੍ਹਾਂ ਫਲਿਸਤੀਆਂ ਨੇ ਹਾਰ ਮੰਨ ਲਈ ਅਤੇ ਉਹ ਫਿਰ ਕਦੇ ਵੀ ਇਜ਼ਰਾਈਲ ਦੇ ਇਲਾਕੇ ਵਿਚ ਨਹੀਂ ਆਏ;+ ਅਤੇ ਸਮੂਏਲ ਦੀ ਜ਼ਿੰਦਗੀ ਦੇ ਸਾਰੇ ਦਿਨ ਯਹੋਵਾਹ ਦਾ ਹੱਥ ਫਲਿਸਤੀਆਂ ਦੇ ਖ਼ਿਲਾਫ਼ ਉੱਠਿਆ ਰਿਹਾ।+ 14 ਨਾਲੇ ਫਲਿਸਤੀਆਂ ਨੇ ਅਕਰੋਨ ਤੋਂ ਲੈ ਕੇ ਗਥ ਤਕ ਉਹ ਸ਼ਹਿਰ ਇਜ਼ਰਾਈਲ ਨੂੰ ਵਾਪਸ ਕਰ ਦਿੱਤੇ ਜਿਨ੍ਹਾਂ ʼਤੇ ਉਨ੍ਹਾਂ ਨੇ ਕਬਜ਼ਾ ਕੀਤਾ ਸੀ ਅਤੇ ਇਜ਼ਰਾਈਲ ਨੇ ਫਲਿਸਤੀਆਂ ਦੇ ਹੱਥੋਂ ਆਪਣਾ ਇਲਾਕਾ ਵਾਪਸ ਲੈ ਲਿਆ।

ਇਜ਼ਰਾਈਲ ਅਤੇ ਅਮੋਰੀਆਂ ਵਿਚ ਵੀ ਸ਼ਾਂਤੀ ਕਾਇਮ ਹੋ ਗਈ ਸੀ।+

15 ਸਮੂਏਲ ਆਪਣੀ ਸਾਰੀ ਜ਼ਿੰਦਗੀ ਇਜ਼ਰਾਈਲ ਦਾ ਨਿਆਂ ਕਰਦਾ ਰਿਹਾ।+ 16 ਉਹ ਹਰ ਸਾਲ ਬੈਤੇਲ,+ ਗਿਲਗਾਲ+ ਅਤੇ ਮਿਸਪਾਹ+ ਦਾ ਦੌਰਾ ਕਰਦਾ ਹੁੰਦਾ ਸੀ ਅਤੇ ਉਸ ਨੇ ਇਨ੍ਹਾਂ ਸਾਰੇ ਇਲਾਕਿਆਂ ਵਿਚ ਇਜ਼ਰਾਈਲ ਦਾ ਨਿਆਂ ਕੀਤਾ। 17 ਪਰ ਉਹ ਰਾਮਾਹ+ ਮੁੜ ਆਉਂਦਾ ਸੀ ਕਿਉਂਕਿ ਉੱਥੇ ਉਸ ਦਾ ਘਰ ਸੀ ਅਤੇ ਉੱਥੇ ਵੀ ਉਹ ਇਜ਼ਰਾਈਲ ਦਾ ਨਿਆਂ ਕਰਦਾ ਹੁੰਦਾ ਸੀ। ਉਸ ਨੇ ਉੱਥੇ ਯਹੋਵਾਹ ਲਈ ਇਕ ਵੇਦੀ ਬਣਾਈ।+

8 ਜਦ ਸਮੂਏਲ ਬੁੱਢਾ ਹੋ ਗਿਆ, ਤਾਂ ਉਸ ਨੇ ਆਪਣੇ ਪੁੱਤਰਾਂ ਨੂੰ ਇਜ਼ਰਾਈਲ ਦੇ ਨਿਆਂਕਾਰ ਠਹਿਰਾਇਆ। 2 ਉਸ ਦੇ ਜੇਠੇ ਪੁੱਤਰ ਦਾ ਨਾਂ ਯੋਏਲ ਅਤੇ ਦੂਸਰੇ ਦਾ ਨਾਂ ਅਬੀਯਾਹ ਸੀ;+ ਉਹ ਬਏਰ-ਸ਼ਬਾ ਵਿਚ ਨਿਆਂ ਕਰਦੇ ਸਨ। 3 ਪਰ ਉਸ ਦੇ ਪੁੱਤਰ ਉਸ ਦੇ ਰਾਹਾਂ ʼਤੇ ਨਹੀਂ ਚੱਲਦੇ ਸਨ; ਉਹ ਬੇਈਮਾਨੀ ਦੀ ਕਮਾਈ ਪਿੱਛੇ ਭੱਜਦੇ ਸਨ,+ ਰਿਸ਼ਵਤ ਲੈਂਦੇ ਸਨ+ ਅਤੇ ਗ਼ਲਤ ਫ਼ੈਸਲੇ ਸੁਣਾ ਕੇ ਬੇਇਨਸਾਫ਼ੀ ਕਰਦੇ ਸਨ।+

4 ਕੁਝ ਸਮੇਂ ਬਾਅਦ, ਇਜ਼ਰਾਈਲ ਦੇ ਸਾਰੇ ਬਜ਼ੁਰਗ ਇਕੱਠੇ ਹੋ ਕੇ ਰਾਮਾਹ ਵਿਚ ਸਮੂਏਲ ਕੋਲ ਆਏ। 5 ਉਨ੍ਹਾਂ ਨੇ ਉਸ ਨੂੰ ਕਿਹਾ: “ਦੇਖ! ਤੂੰ ਬੁੱਢਾ ਹੋ ਚੁੱਕਾ ਹੈਂ ਅਤੇ ਤੇਰੇ ਪੁੱਤਰ ਤੇਰੇ ਰਾਹਾਂ ʼਤੇ ਨਹੀਂ ਚੱਲਦੇ। ਹੁਣ ਬਾਕੀ ਸਾਰੀਆਂ ਕੌਮਾਂ ਵਾਂਗ ਸਾਡਾ ਨਿਆਂ ਕਰਨ ਲਈ ਇਕ ਰਾਜਾ ਨਿਯੁਕਤ ਕਰ।”+ 6 ਪਰ ਸਮੂਏਲ ਨੂੰ ਚੰਗਾ ਨਹੀਂ ਲੱਗਾ* ਜਦ ਉਨ੍ਹਾਂ ਨੇ ਇਹ ਕਿਹਾ: “ਸਾਡਾ ਨਿਆਂ ਕਰਨ ਲਈ ਇਕ ਰਾਜਾ ਨਿਯੁਕਤ ਕਰ।” ਫਿਰ ਸਮੂਏਲ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ 7 ਅਤੇ ਯਹੋਵਾਹ ਨੇ ਸਮੂਏਲ ਨੂੰ ਕਿਹਾ: “ਲੋਕ ਜੋ ਕੁਝ ਤੈਨੂੰ ਕਹਿ ਰਹੇ ਹਨ, ਉਹ ਸੁਣ; ਕਿਉਂਕਿ ਉਨ੍ਹਾਂ ਨੇ ਤੈਨੂੰ ਨਹੀਂ, ਸਗੋਂ ਮੈਨੂੰ ਆਪਣੇ ਰਾਜੇ ਵਜੋਂ ਠੁਕਰਾਇਆ ਹੈ।+ 8 ਜਿਸ ਦਿਨ ਮੈਂ ਉਨ੍ਹਾਂ ਨੂੰ ਮਿਸਰ ਤੋਂ ਕੱਢ ਲਿਆਇਆ ਸੀ, ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤਕ ਉਹ ਇਸੇ ਤਰ੍ਹਾਂ ਕਰ ਰਹੇ ਹਨ; ਉਹ ਹਮੇਸ਼ਾ ਮੈਨੂੰ ਤਿਆਗ ਦਿੰਦੇ ਹਨ+ ਅਤੇ ਹੋਰ ਦੇਵਤਿਆਂ ਦੀ ਸੇਵਾ ਕਰਨ ਲੱਗ ਪੈਂਦੇ ਹਨ+ ਅਤੇ ਉਹ ਤੇਰੇ ਨਾਲ ਵੀ ਇਸੇ ਤਰ੍ਹਾਂ ਕਰ ਰਹੇ ਹਨ। 9 ਹੁਣ ਤੂੰ ਉਨ੍ਹਾਂ ਦੀ ਸੁਣ। ਪਰ ਤੂੰ ਉਨ੍ਹਾਂ ਨੂੰ ਖ਼ਬਰਦਾਰ ਵੀ ਕਰ ਦੇਈਂ; ਉਨ੍ਹਾਂ ਨੂੰ ਦੱਸੀਂ ਕਿ ਜਿਹੜਾ ਵੀ ਰਾਜਾ ਉਨ੍ਹਾਂ ਉੱਤੇ ਰਾਜ ਕਰੇਗਾ, ਉਹ ਉਨ੍ਹਾਂ ਤੋਂ ਕੁਝ ਵੀ ਮੰਗ ਸਕਦਾ ਹੈ। ਇਹ ਉਸ ਦਾ ਹੱਕ ਹੋਵੇਗਾ।”

10 ਇਸ ਲਈ ਸਮੂਏਲ ਨੇ ਲੋਕਾਂ ਨੂੰ ਯਹੋਵਾਹ ਦੀਆਂ ਸਾਰੀਆਂ ਗੱਲਾਂ ਦੱਸੀਆਂ ਜੋ ਉਸ ਕੋਲੋਂ ਰਾਜੇ ਦੀ ਮੰਗ ਕਰ ਰਹੇ ਸਨ। 11 ਉਸ ਨੇ ਦੱਸਿਆ: “ਜਿਹੜਾ ਵੀ ਰਾਜਾ ਤੁਹਾਡੇ ਉੱਤੇ ਰਾਜ ਕਰੇਗਾ, ਉਸ ਕੋਲ ਤੁਹਾਡੇ ਤੋਂ ਇਹ ਕੁਝ ਮੰਗਣ ਦਾ ਹੱਕ ਹੋਵੇਗਾ:+ ਉਹ ਤੁਹਾਡੇ ਪੁੱਤਰਾਂ ਨੂੰ ਲੈ ਕੇ+ ਰਥਾਂ ਵਾਲੀਆਂ ਫ਼ੌਜਾਂ ਵਿਚ ਭਰਤੀ ਕਰੇਗਾ+ ਅਤੇ ਉਨ੍ਹਾਂ ਨੂੰ ਆਪਣੇ ਘੋੜਸਵਾਰ ਬਣਾਵੇਗਾ+ ਅਤੇ ਕੁਝ ਜਣਿਆਂ ਨੂੰ ਉਸ ਦੇ ਰਥਾਂ ਦੇ ਅੱਗੇ-ਅੱਗੇ ਦੌੜਨਾ ਪਵੇਗਾ। 12 ਉਹ ਆਪਣੇ ਲਈ ਹਜ਼ਾਰਾਂ-ਹਜ਼ਾਰਾਂ ਦੀਆਂ ਟੋਲੀਆਂ ਦੇ ਮੁਖੀ ਅਤੇ ਪੰਜਾਹਾਂ-ਪੰਜਾਹਾਂ ਦੀਆਂ ਟੋਲੀਆਂ ਦੇ ਮੁਖੀ ਨਿਯੁਕਤ ਕਰੇਗਾ+ ਅਤੇ ਕੁਝ ਜਣੇ ਉਸ ਲਈ ਹਲ਼ ਵਾਹੁਣਗੇ,+ ਉਸ ਦੀ ਫ਼ਸਲ ਵੱਢਣਗੇ+ ਅਤੇ ਯੁੱਧ ਲਈ ਉਸ ਵਾਸਤੇ ਹਥਿਆਰ ਅਤੇ ਉਸ ਦੇ ਰਥਾਂ ਦਾ ਸਾਮਾਨ ਬਣਾਉਣਗੇ।+ 13 ਉਹ ਤੁਹਾਡੀਆਂ ਧੀਆਂ ਨੂੰ ਲੈ ਕੇ ਉਨ੍ਹਾਂ ਕੋਲੋਂ ਖ਼ੁਸ਼ਬੂਦਾਰ ਤੇਲ* ਬਣਵਾਏਗਾ, ਰੋਟੀਆਂ ਅਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਵਾਏਗਾ।+ 14 ਉਹ ਤੁਹਾਡੇ ਵਧੀਆ ਤੋਂ ਵਧੀਆ ਖੇਤ, ਤੁਹਾਡੇ ਅੰਗੂਰਾਂ ਦੇ ਬਾਗ਼ ਅਤੇ ਤੁਹਾਡੇ ਜ਼ੈਤੂਨ ਦੇ ਬਾਗ਼ ਲਵੇਗਾ+ ਅਤੇ ਆਪਣੇ ਨੌਕਰਾਂ ਨੂੰ ਦੇ ਦੇਵੇਗਾ। 15 ਉਹ ਤੁਹਾਡੇ ਅਨਾਜ ਦੇ ਖੇਤਾਂ ਅਤੇ ਤੁਹਾਡੇ ਅੰਗੂਰਾਂ ਦੇ ਬਾਗ਼ਾਂ ਦਾ ਦਸਵਾਂ ਹਿੱਸਾ ਲਵੇਗਾ ਅਤੇ ਆਪਣੇ ਦਰਬਾਰੀਆਂ ਤੇ ਆਪਣੇ ਨੌਕਰਾਂ ਨੂੰ ਦੇ ਦੇਵੇਗਾ। 16 ਅਤੇ ਉਹ ਤੁਹਾਡੇ ਨੌਕਰ-ਨੌਕਰਾਣੀਆਂ, ਤੁਹਾਡੇ ਸਭ ਤੋਂ ਵਧੀਆ ਪਸ਼ੂ ਅਤੇ ਤੁਹਾਡੇ ਗਧੇ ਲੈ ਲਵੇਗਾ ਤੇ ਉਨ੍ਹਾਂ ਨੂੰ ਆਪਣੇ ਕੰਮ ਲਈ ਵਰਤੇਗਾ।+ 17 ਉਹ ਤੁਹਾਡੇ ਇੱਜੜ ਦਾ ਦਸਵਾਂ ਹਿੱਸਾ ਲਵੇਗਾ+ ਅਤੇ ਤੁਸੀਂ ਉਸ ਦੇ ਨੌਕਰ ਬਣ ਜਾਓਗੇ। 18 ਉਹ ਦਿਨ ਆਵੇਗਾ ਜਦ ਤੁਸੀਂ ਆਪਣੇ ਚੁਣੇ ਹੋਏ ਰਾਜੇ ਕਰਕੇ ਦੁਹਾਈ ਦਿਓਗੇ,+ ਪਰ ਉਸ ਦਿਨ ਯਹੋਵਾਹ ਤੁਹਾਡੀ ਨਹੀਂ ਸੁਣੇਗਾ।”

19 ਪਰ ਲੋਕ ਸਮੂਏਲ ਦੀ ਗੱਲ ਸੁਣਨ ਲਈ ਤਿਆਰ ਨਹੀਂ ਸਨ, ਸਗੋਂ ਆਪਣੀ ਜ਼ਿੱਦ ʼਤੇ ਅੜੇ ਰਹੇ: “ਨਹੀਂ, ਸਾਨੂੰ ਹਰ ਹਾਲ ਵਿਚ ਰਾਜਾ ਚਾਹੀਦਾ ਹੈ। 20 ਫਿਰ ਅਸੀਂ ਵੀ ਬਾਕੀ ਸਾਰੀਆਂ ਕੌਮਾਂ ਵਾਂਗ ਹੋ ਜਾਵਾਂਗੇ ਅਤੇ ਸਾਡਾ ਰਾਜਾ ਸਾਡਾ ਨਿਆਂ ਕਰੇਗਾ, ਸਾਡੀ ਅਗਵਾਈ ਕਰੇਗਾ ਅਤੇ ਸਾਡੇ ਲਈ ਯੁੱਧ ਲੜੇਗਾ।” 21 ਲੋਕਾਂ ਦੀਆਂ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਸਮੂਏਲ ਨੇ ਇਹ ਗੱਲਾਂ ਯਹੋਵਾਹ ਨੂੰ ਦੱਸੀਆਂ। 22 ਯਹੋਵਾਹ ਨੇ ਸਮੂਏਲ ਨੂੰ ਕਿਹਾ: “ਉਨ੍ਹਾਂ ਦੀ ਗੱਲ ਸੁਣ ਅਤੇ ਉਨ੍ਹਾਂ ʼਤੇ ਰਾਜ ਕਰਨ ਲਈ ਇਕ ਰਾਜਾ ਨਿਯੁਕਤ ਕਰ।”+ ਫਿਰ ਸਮੂਏਲ ਨੇ ਇਜ਼ਰਾਈਲ ਦੇ ਆਦਮੀਆਂ ਨੂੰ ਕਿਹਾ: “ਤੁਸੀਂ ਸਾਰੇ ਆਪੋ-ਆਪਣੇ ਸ਼ਹਿਰ ਨੂੰ ਮੁੜ ਜਾਓ।”

9 ਬਿਨਯਾਮੀਨ ਦੇ ਗੋਤ ਵਿੱਚੋਂ ਕੀਸ਼+ ਨਾਂ ਦਾ ਇਕ ਆਦਮੀ ਸੀ। ਉਹ ਅਬੀਏਲ ਦਾ ਪੁੱਤਰ ਸੀ, ਅਬੀਏਲ ਸਰੂਰ ਦਾ, ਸਰੂਰ ਬਕੋਰਥ ਦਾ ਅਤੇ ਬਕੋਰਥ ਅਫੀਆਹ ਦਾ ਪੁੱਤਰ ਸੀ। ਉਹ ਬਿਨਯਾਮੀਨੀ ਆਦਮੀ+ ਕੀਸ਼ ਬਹੁਤ ਅਮੀਰ ਸੀ। 2 ਉਸ ਦਾ ਇਕ ਪੁੱਤਰ ਸੀ ਜਿਸ ਦਾ ਨਾਂ ਸ਼ਾਊਲ+ ਸੀ। ਉਹ ਜਵਾਨ ਅਤੇ ਸੋਹਣਾ-ਸੁਨੱਖਾ ਸੀ। ਇਜ਼ਰਾਈਲੀਆਂ ਵਿਚ ਉਸ ਵਰਗਾ ਸੋਹਣਾ-ਸੁਨੱਖਾ ਹੋਰ ਕੋਈ ਨਹੀਂ ਸੀ। ਅਤੇ ਉਹ ਇੰਨਾ ਲੰਬਾ ਸੀ ਕਿ ਸਾਰੇ ਲੋਕ ਉਸ ਦੇ ਮੋਢਿਆਂ ਤਕ ਹੀ ਆਉਂਦੇ ਸਨ।*

3 ਇਕ ਵਾਰ ਜਦ ਸ਼ਾਊਲ ਦੇ ਪਿਤਾ ਕੀਸ਼ ਦੀਆਂ ਗਧੀਆਂ ਗੁਆਚ ਗਈਆਂ, ਤਾਂ ਕੀਸ਼ ਨੇ ਆਪਣੇ ਪੁੱਤਰ ਸ਼ਾਊਲ ਨੂੰ ਕਿਹਾ: “ਇੱਦਾਂ ਕਰ ਤੂੰ ਆਪਣੇ ਨਾਲ ਇਕ ਸੇਵਾਦਾਰ ਨੂੰ ਲੈ ਜਾ ਅਤੇ ਗਧੀਆਂ ਨੂੰ ਲੱਭ।” 4 ਉਹ ਇਫ਼ਰਾਈਮ ਦੇ ਪਹਾੜੀ ਇਲਾਕੇ ਅਤੇ ਸ਼ਲੀਸ਼ਾਹ ਦੇ ਇਲਾਕੇ ਵਿੱਚੋਂ ਲੰਘੇ ਅਤੇ ਉਨ੍ਹਾਂ ਨੂੰ ਗਧੀਆਂ ਨਹੀਂ ਲੱਭੀਆਂ। ਉਹ ਸ਼ਾਲੀਮ ਦੇ ਇਲਾਕੇ ਵਿੱਚੋਂ ਲੰਘੇ, ਪਰ ਉਹ ਉੱਥੇ ਵੀ ਨਹੀਂ ਸਨ। ਉਹ ਬਿਨਯਾਮੀਨੀਆਂ ਦੇ ਸਾਰੇ ਇਲਾਕੇ ਵਿੱਚੋਂ ਲੰਘੇ ਅਤੇ ਉਨ੍ਹਾਂ ਨੂੰ ਗਧੀਆਂ ਨਹੀਂ ਲੱਭੀਆਂ।

5 ਉਹ ਸੂਫ ਦੇ ਇਲਾਕੇ ਵਿਚ ਪਹੁੰਚੇ ਅਤੇ ਸ਼ਾਊਲ ਨੇ ਆਪਣੇ ਨਾਲ ਆਏ ਸੇਵਾਦਾਰ ਨੂੰ ਕਿਹਾ: “ਚੱਲ ਆਪਾਂ ਵਾਪਸ ਚੱਲੀਏ। ਨਹੀਂ ਤਾਂ ਮੇਰਾ ਪਿਤਾ ਗਧੀਆਂ ਦੀ ਚਿੰਤਾ ਛੱਡ ਕੇ ਸਾਡਾ ਫ਼ਿਕਰ ਕਰਨ ਲੱਗ ਪਵੇਗਾ।”+ 6 ਪਰ ਸੇਵਾਦਾਰ ਨੇ ਜਵਾਬ ਦਿੱਤਾ: “ਦੇਖ, ਇਸ ਸ਼ਹਿਰ ਵਿਚ ਰੱਬ ਦਾ ਇਕ ਬੰਦਾ ਹੈ ਜਿਸ ਦਾ ਬਹੁਤ ਆਦਰ-ਮਾਣ ਕੀਤਾ ਜਾਂਦਾ ਹੈ। ਉਹ ਜੋ ਕੁਝ ਵੀ ਕਹਿੰਦਾ ਹੈ, ਉਹ ਸੱਚ ਹੁੰਦਾ ਹੈ।+ ਚੱਲ ਆਪਾਂ ਉਸ ਦੇ ਕੋਲ ਚੱਲਦੇ ਹਾਂ। ਸ਼ਾਇਦ ਉਹ ਸਾਨੂੰ ਦੱਸੇ ਕਿ ਸਾਨੂੰ ਕਿੱਧਰ ਜਾਣਾ ਚਾਹੀਦਾ ਹੈ।” 7 ਇਹ ਸੁਣ ਕੇ ਸ਼ਾਊਲ ਨੇ ਆਪਣੇ ਸੇਵਾਦਾਰ ਨੂੰ ਕਿਹਾ: “ਜੇ ਅਸੀਂ ਉਸ ਆਦਮੀ ਕੋਲ ਜਾਣਾ ਹੈ, ਤਾਂ ਉਸ ਲਈ ਕੀ ਲੈ ਕੇ ਜਾਈਏ? ਸਾਡੀਆਂ ਥੈਲੀਆਂ ਵਿਚ ਤਾਂ ਕੋਈ ਰੋਟੀ ਵੀ ਨਹੀਂ; ਸਾਡੇ ਕੋਲ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਤੋਹਫ਼ੇ ਵਜੋਂ ਦੇਣ ਲਈ ਕੁਝ ਵੀ ਨਹੀਂ ਹੈ। ਸਾਡੇ ਕੋਲ ਹੈ ਹੀ ਕੀ?” 8 ਸੇਵਾਦਾਰ ਨੇ ਦੁਬਾਰਾ ਸ਼ਾਊਲ ਨੂੰ ਕਿਹਾ: “ਦੇਖ! ਮੇਰੇ ਹੱਥ ਵਿਚ ਚਾਂਦੀ ਦਾ ਛੋਟਾ ਜਿਹਾ ਸਿੱਕਾ* ਹੈ। ਮੈਂ ਇਹ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਦੇ ਦਿਆਂਗਾ ਅਤੇ ਉਹ ਸਾਨੂੰ ਦੱਸੇਗਾ ਕਿ ਅਸੀਂ ਕਿੱਧਰ ਜਾਈਏ।” 9 (ਪੁਰਾਣੇ ਸਮਿਆਂ ਵਿਚ ਇਜ਼ਰਾਈਲ ਵਿਚ ਜਦ ਕੋਈ ਆਦਮੀ ਪਰਮੇਸ਼ੁਰ ਤੋਂ ਸਲਾਹ ਲੈਣ ਜਾਂਦਾ ਸੀ, ਤਾਂ ਉਹ ਇਹ ਕਹਿੰਦਾ ਸੀ: “ਚੱਲ ਆਪਾਂ ਦਰਸ਼ੀ ਕੋਲ ਚੱਲਦੇ ਹਾਂ।”+ ਪੁਰਾਣੇ ਸਮਿਆਂ ਵਿਚ ਜਿਸ ਨੂੰ ਦਰਸ਼ੀ ਕਿਹਾ ਜਾਂਦਾ ਸੀ, ਅੱਜ ਉਸ ਨੂੰ ਨਬੀ ਕਹਿੰਦੇ ਹਨ।) 10 ਫਿਰ ਸ਼ਾਊਲ ਨੇ ਆਪਣੇ ਸੇਵਾਦਾਰ ਨੂੰ ਕਿਹਾ: “ਤੂੰ ਠੀਕ ਕਹਿੰਦਾ ਹੈਂ। ਚੱਲ ਚੱਲੀਏ।” ਫਿਰ ਉਹ ਉਸ ਸ਼ਹਿਰ ਵੱਲ ਚਲੇ ਗਏ ਜਿੱਥੇ ਸੱਚੇ ਪਰਮੇਸ਼ੁਰ ਦਾ ਬੰਦਾ ਸੀ।

11 ਜਦ ਉਹ ਸ਼ਹਿਰ ਜਾਣ ਲਈ ਚੜ੍ਹਾਈ ਚੜ੍ਹ ਰਹੇ ਸਨ, ਤਾਂ ਉਨ੍ਹਾਂ ਨੂੰ ਕੁੜੀਆਂ ਮਿਲੀਆਂ ਜੋ ਪਾਣੀ ਭਰਨ ਜਾ ਰਹੀਆਂ ਸਨ। ਉਨ੍ਹਾਂ ਨੇ ਉਨ੍ਹਾਂ ਕੁੜੀਆਂ ਨੂੰ ਪੁੱਛਿਆ: “ਕੀ ਦਰਸ਼ੀ+ ਇੱਥੇ ਹੈ?” 12 ਉਨ੍ਹਾਂ ਨੇ ਜਵਾਬ ਦਿੱਤਾ: “ਹਾਂ, ਔਹ ਦੇਖੋ, ਉਹ ਤੁਹਾਡੇ ਅੱਗੇ-ਅੱਗੇ ਹੀ ਗਿਆ। ਜਲਦੀ ਜਾਓ। ਉਹ ਅੱਜ ਹੀ ਸ਼ਹਿਰ ਵਿਚ ਆਇਆ ਹੈ ਕਿਉਂਕਿ ਅੱਜ ਲੋਕ ਉੱਚੀ ਜਗ੍ਹਾ ʼਤੇ+ ਬਲੀਦਾਨ ਚੜ੍ਹਾ ਰਹੇ ਹਨ।+ 13 ਜਿਉਂ ਹੀ ਤੁਸੀਂ ਸ਼ਹਿਰ ਵਿਚ ਪਹੁੰਚੋਗੇ, ਉਹ ਤੁਹਾਨੂੰ ਮਿਲ ਜਾਵੇਗਾ। ਉਸ ਸਮੇਂ ਤਕ ਉਹ ਖਾਣ ਲਈ ਉੱਚੀ ਜਗ੍ਹਾ ʼਤੇ ਨਹੀਂ ਗਿਆ ਹੋਵੇਗਾ। ਲੋਕ ਉਸ ਵੇਲੇ ਤਕ ਨਹੀਂ ਖਾਣਗੇ ਜਦ ਤਕ ਉਹ ਆ ਕੇ ਬਲੀਦਾਨ ʼਤੇ ਬਰਕਤ ਨਹੀਂ ਮੰਗਦਾ। ਉਸ ਤੋਂ ਬਾਅਦ ਹੀ ਉਹ ਲੋਕ ਖਾਣਗੇ ਜਿਨ੍ਹਾਂ ਨੂੰ ਸੱਦਾ ਮਿਲਿਆ ਹੈ। ਇਸ ਲਈ ਜਲਦੀ-ਜਲਦੀ ਜਾਓ ਤਾਂਕਿ ਤੁਸੀਂ ਉਸ ਨੂੰ ਮਿਲ ਪਾਓ।” 14 ਇਸ ਲਈ ਉਹ ਉੱਪਰ ਸ਼ਹਿਰ ਵੱਲ ਗਏ। ਜਦ ਉਹ ਸ਼ਹਿਰ ਦੇ ਅੰਦਰ ਜਾ ਰਹੇ ਸਨ, ਤਾਂ ਸਮੂਏਲ ਉਨ੍ਹਾਂ ਨੂੰ ਮਿਲਣ ਆ ਰਿਹਾ ਸੀ ਤਾਂਕਿ ਉਨ੍ਹਾਂ ਨੂੰ ਆਪਣੇ ਨਾਲ ਉੱਚੀ ਜਗ੍ਹਾ ਲੈ ਜਾਵੇ।

15 ਸ਼ਾਊਲ ਦੇ ਆਉਣ ਤੋਂ ਇਕ ਦਿਨ ਪਹਿਲਾਂ ਯਹੋਵਾਹ ਨੇ ਸਮੂਏਲ ਨੂੰ ਦੱਸਿਆ* ਸੀ: 16 “ਕੱਲ੍ਹ ਲਗਭਗ ਇਸੇ ਸਮੇਂ ਮੈਂ ਤੇਰੇ ਕੋਲ ਬਿਨਯਾਮੀਨ ਦੇ ਇਲਾਕੇ ਦਾ ਇਕ ਆਦਮੀ ਭੇਜਾਂਗਾ।+ ਤੂੰ ਉਸ ਨੂੰ ਮੇਰੀ ਪਰਜਾ ਇਜ਼ਰਾਈਲ ਉੱਤੇ ਆਗੂ ਨਿਯੁਕਤ* ਕਰੀਂ+ ਅਤੇ ਉਹ ਮੇਰੇ ਲੋਕਾਂ ਨੂੰ ਫਲਿਸਤੀਆਂ ਦੇ ਹੱਥੋਂ ਬਚਾਵੇਗਾ। ਕਿਉਂਕਿ ਮੈਂ ਆਪਣੇ ਲੋਕਾਂ ਦਾ ਕਸ਼ਟ ਦੇਖਿਆ ਹੈ ਅਤੇ ਉਨ੍ਹਾਂ ਦੀ ਦੁਹਾਈ ਮੇਰੇ ਤਕ ਪਹੁੰਚੀ ਹੈ।”+ 17 ਜਦ ਸਮੂਏਲ ਨੇ ਸ਼ਾਊਲ ਨੂੰ ਦੇਖਿਆ, ਤਾਂ ਯਹੋਵਾਹ ਨੇ ਉਸ ਨੂੰ ਕਿਹਾ: “ਦੇਖ, ਇਹ ਉਹੀ ਆਦਮੀ ਹੈ ਜਿਸ ਬਾਰੇ ਮੈਂ ਤੈਨੂੰ ਇਹ ਕਿਹਾ ਸੀ: ‘ਇਹੀ ਮੇਰੀ ਪਰਜਾ ਉੱਤੇ ਰਾਜ ਕਰੇਗਾ।’”*+

18 ਫਿਰ ਸ਼ਾਊਲ ਦਰਵਾਜ਼ੇ ʼਤੇ ਸਮੂਏਲ ਕੋਲ ਪਹੁੰਚਿਆ ਅਤੇ ਕਿਹਾ: “ਕਿਰਪਾ ਕਰ ਕੇ ਮੈਨੂੰ ਦੱਸ ਕਿ ਦਰਸ਼ੀ ਦਾ ਘਰ ਕਿੱਥੇ ਹੈ।” 19 ਸਮੂਏਲ ਨੇ ਸ਼ਾਊਲ ਨੂੰ ਜਵਾਬ ਦਿੱਤਾ: “ਮੈਂ ਹੀ ਦਰਸ਼ੀ ਹਾਂ। ਮੇਰੇ ਅੱਗੇ-ਅੱਗੇ ਉੱਚੀ ਜਗ੍ਹਾ ʼਤੇ ਚਲਾ ਜਾਹ ਅਤੇ ਤੂੰ ਅੱਜ ਮੇਰੇ ਨਾਲ ਖਾਵੇਂ-ਪੀਵੇਂਗਾ।+ ਮੈਂ ਸਵੇਰੇ ਤੈਨੂੰ ਭੇਜ ਦਿਆਂਗਾ ਅਤੇ ਤੈਨੂੰ ਉਹ ਸਭ ਕੁਝ ਦੱਸਾਂਗਾ ਜੋ ਤੂੰ ਜਾਣਨਾ ਚਾਹੁੰਦਾ ਹੈਂ।* 20 ਉਨ੍ਹਾਂ ਗਧੀਆਂ ਦੀ ਚਿੰਤਾ ਨਾ ਕਰ ਜੋ ਤਿੰਨ ਦਿਨ ਪਹਿਲਾਂ ਗੁਆਚ ਗਈਆਂ ਸਨ+ ਕਿਉਂਕਿ ਉਹ ਲੱਭ ਗਈਆਂ ਹਨ। ਜ਼ਰਾ ਸੋਚ, ਇਜ਼ਰਾਈਲ ਦੀਆਂ ਸਾਰੀਆਂ ਮਨਭਾਉਂਦੀਆਂ ਚੀਜ਼ਾਂ ਕਿਸ ਦੀਆਂ ਹਨ? ਕੀ ਉਹ ਤੇਰੀਆਂ ਅਤੇ ਤੇਰੇ ਪਿਤਾ ਦੇ ਸਾਰੇ ਘਰਾਣੇ ਦੀਆਂ ਨਹੀਂ ਹਨ?”+ 21 ਇਹ ਸੁਣ ਕੇ ਸ਼ਾਊਲ ਨੇ ਕਿਹਾ: “ਕੀ ਮੈਂ ਇਕ ਬਿਨਯਾਮੀਨੀ ਨਹੀਂ ਹਾਂ ਜੋ ਇਜ਼ਰਾਈਲ ਦੇ ਗੋਤਾਂ ਵਿੱਚੋਂ ਸਭ ਤੋਂ ਛੋਟਾ ਹੈ+ ਅਤੇ ਮੇਰਾ ਪਰਿਵਾਰ ਬਿਨਯਾਮੀਨ ਦੇ ਗੋਤ ਦੇ ਸਾਰੇ ਪਰਿਵਾਰਾਂ ਵਿੱਚੋਂ ਸਭ ਤੋਂ ਮਾਮੂਲੀ ਜਿਹਾ ਨਹੀਂ? ਫਿਰ ਤੁਸੀਂ ਮੈਨੂੰ ਇਹ ਸਭ ਕੁਝ ਕਿਉਂ ਕਿਹਾ?”

22 ਫਿਰ ਸਮੂਏਲ ਸ਼ਾਊਲ ਅਤੇ ਉਸ ਦੇ ਸੇਵਾਦਾਰ ਨੂੰ ਰੋਟੀ ਖਾਣ ਵਾਲੇ ਕਮਰੇ ਵਿਚ ਲੈ ਆਇਆ ਅਤੇ ਉਨ੍ਹਾਂ ਨੂੰ ਸੱਦੇ ਗਏ ਲੋਕਾਂ ਵਿਚ ਸਭ ਤੋਂ ਖ਼ਾਸ ਜਗ੍ਹਾ ਦਿੱਤੀ; ਉੱਥੇ ਲਗਭਗ 30 ਆਦਮੀ ਸਨ। 23 ਸਮੂਏਲ ਨੇ ਰਸੋਈਏ ਨੂੰ ਕਿਹਾ: “ਉਹ ਹਿੱਸਾ ਲੈ ਕੇ ਆ ਜੋ ਮੈਂ ਤੈਨੂੰ ਦਿੱਤਾ ਸੀ ਅਤੇ ਕਿਹਾ ਸੀ, ‘ਇਸ ਨੂੰ ਵੱਖਰਾ ਰੱਖੀਂ।’” 24 ਰਸੋਈਏ ਨੇ ਲੱਤ ਵਾਲਾ ਹਿੱਸਾ ਲਿਆਂਦਾ ਅਤੇ ਸ਼ਾਊਲ ਦੇ ਅੱਗੇ ਪਰੋਸਿਆ। ਅਤੇ ਸਮੂਏਲ ਨੇ ਕਿਹਾ: “ਜੋ ਤੇਰੇ ਅੱਗੇ ਪਰੋਸਿਆ ਗਿਆ ਹੈ, ਉਹ ਤੇਰੇ ਲਈ ਵੱਖਰਾ ਰੱਖਿਆ ਗਿਆ ਸੀ। ਇਸ ਨੂੰ ਖਾਹ ਕਿਉਂਕਿ ਇਸ ਮੌਕੇ ਲਈ ਇਹ ਤੇਰੇ ਵਾਸਤੇ ਵੱਖਰਾ ਰੱਖਿਆ ਸੀ। ਮੈਂ ਉਨ੍ਹਾਂ ਨੂੰ ਦੱਸਿਆ ਸੀ, ‘ਮੈਂ ਮਹਿਮਾਨਾਂ ਨੂੰ ਬੁਲਾਇਆ ਹੈ।’” ਅਤੇ ਉਸ ਦਿਨ ਸ਼ਾਊਲ ਨੇ ਸਮੂਏਲ ਨਾਲ ਖਾਧਾ-ਪੀਤਾ। 25 ਫਿਰ ਉਹ ਭਗਤੀ ਦੀ ਉੱਚੀ ਜਗ੍ਹਾ+ ਤੋਂ ਹੇਠਾਂ ਸ਼ਹਿਰ ਚਲੇ ਗਏ ਅਤੇ ਉਹ ਘਰ ਦੀ ਛੱਤ ʼਤੇ ਸ਼ਾਊਲ ਨਾਲ ਗੱਲਾਂ ਕਰਦਾ ਰਿਹਾ। 26 ਉਹ ਤੜਕੇ ਉੱਠੇ ਅਤੇ ਦਿਨ ਚੜ੍ਹਦਿਆਂ ਹੀ ਸਮੂਏਲ ਨੇ ਘਰ ਦੀ ਛੱਤ ʼਤੇ ਸ਼ਾਊਲ ਨੂੰ ਬੁਲਾ ਕੇ ਕਿਹਾ: “ਤਿਆਰ ਹੋ ਜਾ ਤਾਂਕਿ ਮੈਂ ਤੈਨੂੰ ਵਿਦਾ ਕਰਾਂ।” ਇਸ ਲਈ ਸ਼ਾਊਲ ਤਿਆਰ ਹੋ ਗਿਆ ਅਤੇ ਸਮੂਏਲ ਨਾਲ ਬਾਹਰ ਨੂੰ ਚਲਾ ਗਿਆ। 27 ਜਦ ਉਹ ਸ਼ਹਿਰ ਤੋਂ ਬਾਹਰ ਹੇਠਾਂ ਵੱਲ ਜਾ ਰਹੇ ਸਨ, ਤਾਂ ਸਮੂਏਲ ਨੇ ਸ਼ਾਊਲ ਨੂੰ ਕਿਹਾ: “ਆਪਣੇ ਸੇਵਾਦਾਰ+ ਨੂੰ ਕਹਿ ਕਿ ਉਹ ਸਾਡੇ ਅੱਗੇ-ਅੱਗੇ ਜਾਵੇ, ਪਰ ਤੂੰ ਖੜ੍ਹ ਜਾ ਤਾਂਕਿ ਮੈਂ ਤੈਨੂੰ ਪਰਮੇਸ਼ੁਰ ਦਾ ਸੰਦੇਸ਼ ਸੁਣਾਵਾਂ।” ਇਸ ਲਈ ਸੇਵਾਦਾਰ ਅੱਗੇ ਚਲਾ ਗਿਆ।

10 ਫਿਰ ਸਮੂਏਲ ਨੇ ਤੇਲ ਦੀ ਕੁੱਪੀ ਲਈ ਅਤੇ ਸ਼ਾਊਲ ਦੇ ਸਿਰ ਉੱਤੇ ਤੇਲ ਪਾ ਦਿੱਤਾ।+ ਫਿਰ ਉਸ ਨੂੰ ਚੁੰਮਿਆ ਅਤੇ ਕਿਹਾ: “ਕੀ ਯਹੋਵਾਹ ਨੇ ਤੈਨੂੰ ਇਸ ਕਰਕੇ ਨਿਯੁਕਤ* ਨਹੀਂ ਕੀਤਾ ਕਿ ਤੂੰ ਉਸ ਦੀ ਵਿਰਾਸਤ+ ਦਾ ਆਗੂ ਬਣੇਂ?+ 2 ਅੱਜ ਜਦ ਤੂੰ ਮੇਰੇ ਕੋਲੋਂ ਵਿਦਾ ਹੋਵੇਂਗਾ, ਤਾਂ ਤੈਨੂੰ ਬਿਨਯਾਮੀਨ ਦੇ ਇਲਾਕੇ ਵਿਚ ਸਲਸਾਹ ਵਿਖੇ ਰਾਕੇਲ ਦੀ ਕਬਰ+ ਕੋਲ ਦੋ ਆਦਮੀ ਮਿਲਣਗੇ ਅਤੇ ਉਹ ਤੈਨੂੰ ਕਹਿਣਗੇ, ‘ਜਿਨ੍ਹਾਂ ਗਧੀਆਂ ਨੂੰ ਤੂੰ ਲੱਭਣ ਗਿਆ ਸੀ, ਉਹ ਲੱਭ ਗਈਆਂ ਹਨ, ਪਰ ਹੁਣ ਤੇਰੇ ਪਿਤਾ ਨੂੰ ਗਧੀਆਂ ਦੀ ਚਿੰਤਾ ਨਹੀਂ,+ ਸਗੋਂ ਉਸ ਨੂੰ ਤੇਰਾ ਫ਼ਿਕਰ ਪਿਆ ਹੈ। ਉਹ ਕਹਿ ਰਿਹਾ ਹੈ: “ਮੇਰਾ ਪੁੱਤਰ ਹੁਣ ਤਕ ਵਾਪਸ ਨਹੀਂ ਆਇਆ, ਮੈਂ ਕੀ ਕਰਾਂ?”’ 3 ਫਿਰ ਤੂੰ ਉੱਥੋਂ ਤੁਰਿਆ ਜਾਈਂ ਜਦ ਤਕ ਤੂੰ ਤਾਬੋਰ ਵਿਚ ਵੱਡੇ ਦਰਖ਼ਤ ਕੋਲ ਨਹੀਂ ਪਹੁੰਚ ਜਾਂਦਾ। ਉੱਥੇ ਤੂੰ ਤਿੰਨ ਆਦਮੀਆਂ ਨੂੰ ਮਿਲੇਂਗਾ ਜੋ ਬੈਤੇਲ+ ਵਿਚ ਸੱਚੇ ਪਰਮੇਸ਼ੁਰ ਕੋਲ ਜਾ ਰਹੇ ਹੋਣਗੇ। ਉਨ੍ਹਾਂ ਵਿੱਚੋਂ ਇਕ ਦੇ ਕੋਲ ਤਿੰਨ ਮੇਮਣੇ ਹੋਣਗੇ, ਇਕ ਦੇ ਕੋਲ ਤਿੰਨ ਰੋਟੀਆਂ ਅਤੇ ਇਕ ਦੇ ਕੋਲ ਦਾਖਰਸ ਦਾ ਇਕ ਵੱਡਾ ਘੜਾ ਹੋਵੇਗਾ। 4 ਉਹ ਤੇਰਾ ਹਾਲ-ਚਾਲ ਪੁੱਛਣਗੇ ਅਤੇ ਤੈਨੂੰ ਦੋ ਰੋਟੀਆਂ ਦੇਣਗੇ ਤੇ ਤੂੰ ਉਨ੍ਹਾਂ ਤੋਂ ਰੋਟੀਆਂ ਜ਼ਰੂਰ ਲੈ ਲਈਂ। 5 ਉਸ ਤੋਂ ਬਾਅਦ ਤੂੰ ਸੱਚੇ ਪਰਮੇਸ਼ੁਰ ਦੀ ਪਹਾੜੀ ʼਤੇ ਪਹੁੰਚੇਂਗਾ ਜਿੱਥੇ ਫਲਿਸਤੀਆਂ ਦੀ ਚੌਂਕੀ ਹੈ। ਜਦ ਤੂੰ ਸ਼ਹਿਰ ਪਹੁੰਚੇਂਗਾ, ਤਾਂ ਤੈਨੂੰ ਨਬੀਆਂ ਦੀ ਇਕ ਟੋਲੀ ਮਿਲੇਗੀ ਜੋ ਉੱਚੀ ਜਗ੍ਹਾ ਤੋਂ ਹੇਠਾਂ ਆ ਰਹੀ ਹੋਵੇਗੀ। ਅਤੇ ਜਦ ਉਹ ਭਵਿੱਖਬਾਣੀ ਕਰ ਰਹੇ ਹੋਣਗੇ, ਤਾਂ ਉਨ੍ਹਾਂ ਦੇ ਅੱਗੇ-ਅੱਗੇ ਤਾਰਾਂ ਵਾਲਾ ਸਾਜ਼, ਡਫਲੀ, ਬੰਸਰੀ ਅਤੇ ਰਬਾਬ ਵਜਾਈ ਜਾਵੇਗੀ। 6 ਯਹੋਵਾਹ ਦੀ ਪਵਿੱਤਰ ਸ਼ਕਤੀ ਤੇਰੇ ʼਤੇ ਆ ਕੇ ਤੈਨੂੰ ਤਕੜਾ ਕਰੇਗੀ+ ਅਤੇ ਤੂੰ ਉਨ੍ਹਾਂ ਨਾਲ ਮਿਲ ਕੇ ਭਵਿੱਖਬਾਣੀ ਕਰੇਂਗਾ ਅਤੇ ਤੂੰ ਬਦਲਿਆ-ਬਦਲਿਆ ਇਨਸਾਨ ਲੱਗੇਂਗਾ।+ 7 ਇਹ ਨਿਸ਼ਾਨੀਆਂ ਪੂਰੀਆਂ ਹੋਣ ਤੋਂ ਬਾਅਦ ਜੋ ਵੀ ਤੇਰੇ ਹੱਥ-ਵੱਸ ਹੋਵੇ ਉਹ ਕਰੀਂ ਕਿਉਂਕਿ ਸੱਚਾ ਪਰਮੇਸ਼ੁਰ ਤੇਰੇ ਨਾਲ ਹੈ। 8 ਫਿਰ ਤੂੰ ਮੇਰੇ ਅੱਗੇ-ਅੱਗੇ ਹੇਠਾਂ ਗਿਲਗਾਲ+ ਨੂੰ ਜਾਈਂ ਅਤੇ ਮੈਂ ਵੀ ਤੇਰੇ ਕੋਲ ਉੱਥੇ ਹੋਮ-ਬਲ਼ੀਆਂ ਅਤੇ ਸ਼ਾਂਤੀ-ਬਲ਼ੀਆਂ ਚੜ੍ਹਾਉਣ ਆਵਾਂਗਾ। ਤੂੰ ਉੱਥੇ ਸੱਤਾਂ ਦਿਨਾਂ ਤਕ ਮੇਰੇ ਆਉਣ ਦਾ ਇੰਤਜ਼ਾਰ ਕਰੀਂ। ਫਿਰ ਮੈਂ ਤੈਨੂੰ ਦੱਸਾਂਗਾ ਕਿ ਤੈਨੂੰ ਕੀ ਕਰਨਾ ਚਾਹੀਦਾ ਹੈ।”

9 ਜਿਉਂ ਹੀ ਸ਼ਾਊਲ ਸਮੂਏਲ ਕੋਲੋਂ ਜਾਣ ਲਈ ਮੁੜਿਆ, ਪਰਮੇਸ਼ੁਰ ਨੇ ਉਸ ਦਾ ਦਿਲ ਬਦਲਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਉਹ ਬਿਲਕੁਲ ਅਲੱਗ ਨਜ਼ਰ ਆਉਣ ਲੱਗਾ ਅਤੇ ਇਹ ਸਾਰੀਆਂ ਨਿਸ਼ਾਨੀਆਂ ਉਸੇ ਦਿਨ ਪੂਰੀਆਂ ਹੋਈਆਂ। 10 ਉਹ ਉੱਥੋਂ ਪਹਾੜੀ ʼਤੇ ਗਏ ਅਤੇ ਉਸ ਨੂੰ ਨਬੀਆਂ ਦੀ ਇਕ ਟੋਲੀ ਮਿਲੀ। ਉਸੇ ਵੇਲੇ ਪਰਮੇਸ਼ੁਰ ਦੀ ਸ਼ਕਤੀ ਨੇ ਉਸ ਨੂੰ ਤਕੜਾ ਕੀਤਾ+ ਅਤੇ ਉਹ ਵੀ ਉਨ੍ਹਾਂ ਨਾਲ ਮਿਲ ਕੇ ਭਵਿੱਖਬਾਣੀ ਕਰਨ ਲੱਗ ਪਿਆ।+ 11 ਜਿਹੜੇ ਲੋਕ ਉਸ ਨੂੰ ਜਾਣਦੇ ਸਨ, ਜਦ ਉਨ੍ਹਾਂ ਸਾਰਿਆਂ ਨੇ ਉਸ ਨੂੰ ਨਬੀਆਂ ਨਾਲ ਭਵਿੱਖਬਾਣੀ ਕਰਦਿਆਂ ਦੇਖਿਆ, ਤਾਂ ਉਹ ਇਕ-ਦੂਜੇ ਨੂੰ ਕਹਿਣ ਲੱਗੇ: “ਕੀਸ਼ ਦੇ ਮੁੰਡੇ ਨੂੰ ਕੀ ਹੋਇਆ? ਕੀ ਸ਼ਾਊਲ ਵੀ ਨਬੀ ਬਣ ਗਿਆ ਹੈ?” 12 ਫਿਰ ਉੱਥੋਂ ਦੇ ਇਕ ਆਦਮੀ ਨੇ ਕਿਹਾ: “ਪਰ ਇਨ੍ਹਾਂ ਦਾ ਪਿਤਾ ਕੌਣ ਹੈ?” ਇਸ ਲਈ ਇਹ ਇਕ ਕਹਾਵਤ ਬਣ ਗਈ: “ਕੀ ਸ਼ਾਊਲ ਵੀ ਨਬੀ ਬਣ ਗਿਆ ਹੈ?”+

13 ਜਦ ਉਹ ਭਵਿੱਖਬਾਣੀ ਕਰ ਹਟਿਆ, ਤਾਂ ਉਹ ਉੱਚੀ ਜਗ੍ਹਾ ʼਤੇ ਆਇਆ। 14 ਬਾਅਦ ਵਿਚ ਸ਼ਾਊਲ ਦੇ ਪਿਤਾ ਦੇ ਭਰਾ ਨੇ ਸ਼ਾਊਲ ਅਤੇ ਉਸ ਦੇ ਸੇਵਾਦਾਰ ਨੂੰ ਪੁੱਛਿਆ: “ਤੁਸੀਂ ਕਿੱਥੇ ਗਏ ਸੀ?” ਉਸ ਨੇ ਜਵਾਬ ਦਿੱਤਾ: “ਅਸੀਂ ਗਧੀਆਂ ਲੱਭਣ ਗਏ ਸੀ,+ ਪਰ ਜਦ ਉਹ ਸਾਨੂੰ ਨਹੀਂ ਲੱਭੀਆਂ, ਤਾਂ ਅਸੀਂ ਸਮੂਏਲ ਕੋਲ ਚਲੇ ਗਏ।” 15 ਸ਼ਾਊਲ ਦੇ ਪਿਤਾ ਦੇ ਭਰਾ ਨੇ ਉਸ ਨੂੰ ਪੁੱਛਿਆ: “ਕਿਰਪਾ ਕਰ ਕੇ ਮੈਨੂੰ ਦੱਸ, ਸਮੂਏਲ ਨੇ ਤੈਨੂੰ ਕੀ ਕਿਹਾ?” 16 ਸ਼ਾਊਲ ਨੇ ਆਪਣੇ ਪਿਤਾ ਦੇ ਭਰਾ ਨੂੰ ਜਵਾਬ ਦਿੱਤਾ: “ਉਸ ਨੇ ਸਾਨੂੰ ਦੱਸਿਆ ਕਿ ਗਧੀਆਂ ਲੱਭ ਗਈਆਂ ਹਨ।” ਪਰ ਸ਼ਾਊਲ ਨੇ ਇਹ ਨਹੀਂ ਦੱਸਿਆ ਕਿ ਸਮੂਏਲ ਨੇ ਉਸ ਨੂੰ ਕਿਹਾ ਸੀ ਕਿ ਉਹ ਰਾਜਾ ਬਣੇਗਾ।

17 ਫਿਰ ਸਮੂਏਲ ਨੇ ਮਿਸਪਾਹ ਵਿਚ ਲੋਕਾਂ ਨੂੰ ਯਹੋਵਾਹ ਅੱਗੇ ਇਕੱਠਾ ਕੀਤਾ+ 18 ਅਤੇ ਇਜ਼ਰਾਈਲੀਆਂ ਨੂੰ ਕਿਹਾ: “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: ‘ਮੈਂ ਹੀ ਇਜ਼ਰਾਈਲ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਸੀ+ ਅਤੇ ਤੁਹਾਨੂੰ ਮਿਸਰ ਹੱਥੋਂ ਅਤੇ ਉਨ੍ਹਾਂ ਸਾਰੇ ਰਾਜਾਂ ਹੱਥੋਂ ਛੁਡਾਇਆ ਸੀ ਜੋ ਤੁਹਾਡੇ ਉੱਤੇ ਅਤਿਆਚਾਰ ਕਰ ਰਹੇ ਸਨ। 19 ਪਰ ਅੱਜ ਤੁਸੀਂ ਆਪਣੇ ਪਰਮੇਸ਼ੁਰ ਨੂੰ ਠੁਕਰਾ ਦਿੱਤਾ ਹੈ।+ ਉਹੀ ਤੁਹਾਡਾ ਬਚਾਉਣ ਵਾਲਾ ਹੈ ਜਿਸ ਨੇ ਤੁਹਾਨੂੰ ਸਾਰੀਆਂ ਬਿਪਤਾਵਾਂ ਅਤੇ ਦੁੱਖਾਂ ਤੋਂ ਬਚਾਇਆ, ਪਰ ਤੁਸੀਂ ਕਿਹਾ: “ਨਹੀਂ, ਤੂੰ ਸਾਡੇ ਉੱਤੇ ਇਕ ਰਾਜਾ ਨਿਯੁਕਤ ਕਰ।” ਹੁਣ ਤੁਸੀਂ ਯਹੋਵਾਹ ਅੱਗੇ ਆਪਣੇ-ਆਪਣੇ ਗੋਤਾਂ ਅਨੁਸਾਰ ਅਤੇ ਘਰਾਣਿਆਂ ਅਨੁਸਾਰ* ਇਕੱਠੇ ਹੋਵੋ।’”

20 ਫਿਰ ਸਮੂਏਲ ਨੇ ਇਜ਼ਰਾਈਲ ਦੇ ਸਾਰੇ ਗੋਤਾਂ ਨੂੰ ਅੱਗੇ ਆਉਣ ਲਈ ਕਿਹਾ+ ਅਤੇ ਬਿਨਯਾਮੀਨ ਦਾ ਗੋਤ ਚੁਣਿਆ ਗਿਆ।+ 21 ਫਿਰ ਉਸ ਨੇ ਬਿਨਯਾਮੀਨ ਦੇ ਗੋਤ ਨੂੰ ਆਪਣੇ-ਆਪਣੇ ਪਰਿਵਾਰਾਂ ਅਨੁਸਾਰ ਅੱਗੇ ਆਉਣ ਲਈ ਕਿਹਾ ਅਤੇ ਮਤਰੀ ਦਾ ਪਰਿਵਾਰ ਚੁਣਿਆ ਗਿਆ। ਅਖ਼ੀਰ ਕੀਸ਼ ਦਾ ਪੁੱਤਰ ਸ਼ਾਊਲ ਚੁਣਿਆ ਗਿਆ।+ ਪਰ ਜਦ ਉਹ ਉਸ ਨੂੰ ਲੱਭਣ ਲੱਗੇ, ਤਾਂ ਉਹ ਕਿਤੇ ਨਹੀਂ ਲੱਭਾ। 22 ਇਸ ਲਈ ਉਨ੍ਹਾਂ ਨੇ ਯਹੋਵਾਹ ਤੋਂ ਪੁੱਛਿਆ:+ “ਕੀ ਉਹ ਆਦਮੀ ਹਾਲੇ ਇੱਥੇ ਆਇਆ ਨਹੀਂ?” ਯਹੋਵਾਹ ਨੇ ਜਵਾਬ ਦਿੱਤਾ: “ਉਹ ਉੱਥੇ ਸਾਮਾਨ ਵਿਚਕਾਰ ਲੁਕਿਆ ਹੋਇਆ ਹੈ।” 23 ਇਸ ਲਈ ਉਹ ਭੱਜ ਕੇ ਉਸ ਨੂੰ ਉੱਥੋਂ ਲੈ ਆਏ। ਜਦ ਉਹ ਲੋਕਾਂ ਵਿਚਕਾਰ ਖੜ੍ਹਾ ਹੋਇਆ, ਤਾਂ ਉਸ ਦਾ ਕੱਦ ਇੰਨਾ ਲੰਬਾ ਸੀ ਕਿ ਸਾਰੇ ਲੋਕ ਉਸ ਦੇ ਮੋਢਿਆਂ ਤਕ ਹੀ ਆਉਂਦੇ ਸਨ।*+ 24 ਸਮੂਏਲ ਨੇ ਸਾਰੇ ਲੋਕਾਂ ਨੂੰ ਕਿਹਾ: “ਦੇਖੋ! ਯਹੋਵਾਹ ਨੇ ਇਸ ਨੂੰ ਚੁਣਿਆ ਹੈ।+ ਕੀ ਸਾਰੇ ਲੋਕਾਂ ਵਿਚ ਹੈ ਕੋਈ ਇਸ ਵਰਗਾ?” ਅਤੇ ਸਾਰੇ ਲੋਕ ਉੱਚੀ-ਉੱਚੀ ਕਹਿਣ ਲੱਗੇ: “ਰਾਜਾ ਯੁਗੋ-ਯੁਗ ਜੀਵੇ!”

25 ਫਿਰ ਸਮੂਏਲ ਨੇ ਲੋਕਾਂ ਨੂੰ ਦੱਸਿਆ ਕਿ ਰਾਜਿਆਂ ਕੋਲ ਕੀ ਕੁਝ ਮੰਗ ਕਰਨ ਦਾ ਹੱਕ ਹੈ+ ਅਤੇ ਇਹ ਸਭ ਇਕ ਕਿਤਾਬ ਵਿਚ ਲਿਖ ਕੇ ਇਸ ਨੂੰ ਯਹੋਵਾਹ ਅੱਗੇ ਰੱਖ ਦਿੱਤਾ। ਇਸ ਤੋਂ ਬਾਅਦ ਸਮੂਏਲ ਨੇ ਸਾਰੇ ਲੋਕਾਂ ਨੂੰ ਆਪੋ-ਆਪਣੇ ਘਰ ਭੇਜ ਦਿੱਤਾ। 26 ਸ਼ਾਊਲ ਵੀ ਗਿਬਆਹ ਵਿਚ ਆਪਣੇ ਘਰ ਚਲਾ ਗਿਆ। ਉਸ ਦੇ ਨਾਲ ਉਹ ਯੋਧੇ ਵੀ ਗਏ ਜਿਨ੍ਹਾਂ ਦੇ ਦਿਲਾਂ ਨੂੰ ਯਹੋਵਾਹ ਨੇ ਉਭਾਰਿਆ ਸੀ। 27 ਪਰ ਕੁਝ ਨਿਕੰਮੇ ਆਦਮੀਆਂ ਨੇ ਕਿਹਾ: “ਇਹ ਸਾਨੂੰ ਕਿਵੇਂ ਬਚਾਵੇਗਾ?”+ ਉਨ੍ਹਾਂ ਨੇ ਉਸ ਨੂੰ ਤੁੱਛ ਸਮਝਿਆ ਅਤੇ ਉਹ ਉਸ ਲਈ ਕੋਈ ਤੋਹਫ਼ਾ ਨਹੀਂ ਲਿਆਏ।+ ਪਰ ਉਸ ਨੇ ਇਸ ਬਾਰੇ ਕੁਝ ਨਹੀਂ ਕਿਹਾ।*

11 ਫਿਰ ਅੰਮੋਨੀਆਂ+ ਦਾ ਰਾਜਾ ਨਾਹਾਸ਼ ਆਪਣੇ ਫ਼ੌਜੀਆਂ ਨਾਲ ਯਾਬੇਸ਼+ ਉੱਤੇ ਚੜ੍ਹਾਈ ਕਰਨ ਆਇਆ ਅਤੇ ਉਸ ਨੇ ਗਿਲਆਦ ਵਿਚ ਡੇਰਾ ਲਾਇਆ। ਯਾਬੇਸ਼ ਦੇ ਸਾਰੇ ਆਦਮੀਆਂ ਨੇ ਨਾਹਾਸ਼ ਨੂੰ ਕਿਹਾ: “ਸਾਡੇ ਨਾਲ ਇਕਰਾਰ* ਕਰ ਅਤੇ ਅਸੀਂ ਤੇਰੀ ਸੇਵਾ ਕਰਾਂਗੇ।” 2 ਅੰਮੋਨੀ ਨਾਹਾਸ਼ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਡੇ ਨਾਲ ਇਸ ਸ਼ਰਤ ʼਤੇ ਇਕਰਾਰ ਕਰਾਂਗਾ: ਤੁਹਾਡੇ ਸਾਰਿਆਂ ਦੀ ਸੱਜੀ ਅੱਖ ਕੱਢ ਦਿੱਤੀ ਜਾਵੇਗੀ। ਮੈਂ ਸਾਰੇ ਇਜ਼ਰਾਈਲ ਨੂੰ ਜ਼ਲੀਲ ਕਰਨ ਲਈ ਇਸ ਤਰ੍ਹਾਂ ਕਰਾਂਗਾ।” 3 ਯਾਬੇਸ਼ ਦੇ ਬਜ਼ੁਰਗਾਂ ਨੇ ਉਸ ਨੂੰ ਕਿਹਾ: “ਸਾਨੂੰ ਸੱਤ ਦਿਨਾਂ ਦਾ ਸਮਾਂ ਦਿਓ ਤਾਂਕਿ ਅਸੀਂ ਸਾਰੇ ਇਜ਼ਰਾਈਲ ਵਿਚ ਆਦਮੀਆਂ ਨੂੰ ਭੇਜ ਕੇ ਸੰਦੇਸ਼ ਦੇ ਸਕੀਏ। ਜੇ ਸਾਨੂੰ ਬਚਾਉਣ ਵਾਲਾ ਕੋਈ ਵੀ ਨਹੀਂ ਮਿਲਿਆ, ਤਾਂ ਅਸੀਂ ਤੁਹਾਡੇ ਅੱਗੇ ਗੋਡੇ ਟੇਕ ਦਿਆਂਗੇ।” 4 ਕੁਝ ਸਮੇਂ ਬਾਅਦ ਸੰਦੇਸ਼ ਦੇਣ ਵਾਲੇ ਸ਼ਾਊਲ ਦੇ ਸ਼ਹਿਰ ਗਿਬਆਹ+ ਪਹੁੰਚੇ ਅਤੇ ਉਨ੍ਹਾਂ ਨੇ ਇਹ ਗੱਲਾਂ ਲੋਕਾਂ ਨੂੰ ਦੱਸੀਆਂ ਤੇ ਸਾਰੇ ਲੋਕ ਉੱਚੀ-ਉੱਚੀ ਰੋਣ ਲੱਗ ਪਏ।

5 ਪਰ ਸ਼ਾਊਲ ਖੇਤ ਵਿੱਚੋਂ ਪਸ਼ੂਆਂ ਦੇ ਪਿੱਛੇ-ਪਿੱਛੇ ਆ ਰਿਹਾ ਸੀ ਤੇ ਸ਼ਾਊਲ ਨੇ ਪੁੱਛਿਆ: “ਲੋਕਾਂ ਨੂੰ ਕੀ ਹੋਇਆ? ਉਹ ਰੋ ਕਿਉਂ ਰਹੇ ਹਨ?” ਜਵਾਬ ਵਿਚ ਉਨ੍ਹਾਂ ਨੇ ਯਾਬੇਸ਼ ਦੇ ਆਦਮੀਆਂ ਦੀਆਂ ਗੱਲਾਂ ਉਸ ਨੂੰ ਦੱਸੀਆਂ। 6 ਜਦੋਂ ਸ਼ਾਊਲ ਨੇ ਇਹ ਗੱਲਾਂ ਸੁਣੀਆਂ, ਤਾਂ ਪਰਮੇਸ਼ੁਰ ਦੀ ਸ਼ਕਤੀ ਉਸ ʼਤੇ ਆਈ+ ਅਤੇ ਉਹ ਗੁੱਸੇ ਨਾਲ ਅੱਗ-ਬਬੂਲਾ ਹੋ ਗਿਆ। 7 ਇਸ ਲਈ ਉਸ ਨੇ ਬਲਦਾਂ ਦੀ ਜੋੜੀ ਲਈ ਤੇ ਉਨ੍ਹਾਂ ਦੇ ਟੋਟੇ-ਟੋਟੇ ਕਰ ਦਿੱਤੇ ਅਤੇ ਉਨ੍ਹਾਂ ਨੂੰ ਸੰਦੇਸ਼ ਦੇਣ ਵਾਲਿਆਂ ਦੇ ਹੱਥੀਂ ਸਾਰੇ ਇਜ਼ਰਾਈਲ ਵਿਚ ਭੇਜਿਆ। ਉਨ੍ਹਾਂ ਨੇ ਕਿਹਾ: “ਜਿਹੜਾ ਵੀ ਸ਼ਾਊਲ ਅਤੇ ਸਮੂਏਲ ਦੀ ਗੱਲ ਨਹੀਂ ਮੰਨੇਗਾ, ਉਸ ਦੇ ਪਸ਼ੂਆਂ ਨਾਲ ਇਸੇ ਤਰ੍ਹਾਂ ਕੀਤਾ ਜਾਵੇਗਾ!” ਇਹ ਸੁਣ ਕੇ ਲੋਕਾਂ ਉੱਤੇ ਯਹੋਵਾਹ ਦਾ ਡਰ ਛਾ ਗਿਆ, ਇਸ ਲਈ ਉਹ ਇਕ ਮਨ ਹੋ ਕੇ* ਆਏ। 8 ਫਿਰ ਉਸ ਨੇ ਬਜ਼ਕ ਵਿਚ ਉਨ੍ਹਾਂ ਦੀ ਗਿਣਤੀ ਕੀਤੀ। ਇਜ਼ਰਾਈਲੀਆਂ ਦੀ ਗਿਣਤੀ 3,00,000 ਸੀ ਤੇ ਯਹੂਦਾਹ ਦੇ ਆਦਮੀਆਂ ਦੀ ਗਿਣਤੀ 30,000 ਸੀ। 9 ਉਨ੍ਹਾਂ ਨੇ ਯਾਬੇਸ਼ ਤੋਂ ਆਏ ਸੰਦੇਸ਼ ਦੇਣ ਵਾਲਿਆਂ ਨੂੰ ਕਿਹਾ: “ਤੁਸੀਂ ਗਿਲਆਦ ਵਿਚ ਯਾਬੇਸ਼ ਦੇ ਆਦਮੀਆਂ ਨੂੰ ਇਹ ਕਹਿਓ, ‘ਕੱਲ੍ਹ ਜਦੋਂ ਸਿਖਰ ਦੁਪਹਿਰਾ ਹੋਵੇਗਾ, ਤਾਂ ਤੁਹਾਨੂੰ ਬਚਾਇਆ ਜਾਵੇਗਾ।’” ਫਿਰ ਸੰਦੇਸ਼ ਦੇਣ ਵਾਲਿਆਂ ਨੇ ਆ ਕੇ ਇਹ ਗੱਲ ਯਾਬੇਸ਼ ਦੇ ਆਦਮੀਆਂ ਨੂੰ ਦੱਸੀ ਅਤੇ ਉਹ ਬਹੁਤ ਖ਼ੁਸ਼ ਹੋਏ। 10 ਫਿਰ ਯਾਬੇਸ਼ ਦੇ ਆਦਮੀਆਂ ਨੇ ਅੰਮੋਨੀਆਂ ਨੂੰ ਕਿਹਾ: “ਕੱਲ੍ਹ ਅਸੀਂ ਤੁਹਾਡੇ ਅੱਗੇ ਗੋਡੇ ਟੇਕ ਦਿਆਂਗੇ ਅਤੇ ਤੁਹਾਨੂੰ ਜੋ ਸਹੀ ਲੱਗੇ ਸਾਡੇ ਨਾਲ ਕਰਿਓ।”+

11 ਅਗਲੇ ਦਿਨ ਸ਼ਾਊਲ ਨੇ ਲੋਕਾਂ ਨੂੰ ਤਿੰਨ ਟੁਕੜੀਆਂ ਵਿਚ ਵੰਡ ਦਿੱਤਾ ਅਤੇ ਉਹ ਸਵੇਰ ਦੇ ਪਹਿਰ* ਦੌਰਾਨ ਛਾਉਣੀ ਵਿਚ ਪਹੁੰਚੇ ਅਤੇ ਦੁਪਹਿਰ ਹੋਣ ਤਕ ਅੰਮੋਨੀਆਂ+ ਨੂੰ ਵੱਢ ਸੁੱਟਿਆ। ਉਨ੍ਹਾਂ ਵਿੱਚੋਂ ਜਿਹੜੇ ਬਚ ਗਏ, ਉਹ ਇੱਧਰ-ਉੱਧਰ ਖਿੰਡ ਗਏ ਤੇ ਹਰ ਕਿਸੇ ਨੂੰ ਇਕੱਲੇ ਭੱਜਣਾ ਪਿਆ। 12 ਫਿਰ ਲੋਕਾਂ ਨੇ ਸਮੂਏਲ ਨੂੰ ਕਿਹਾ: “ਕੌਣ ਕਹਿ ਰਿਹਾ ਸੀ, ‘ਕੀ ਸ਼ਾਊਲ ਸਾਡੇ ʼਤੇ ਰਾਜ ਕਰੇਗਾ?’+ ਉਨ੍ਹਾਂ ਆਦਮੀਆਂ ਨੂੰ ਸਾਡੇ ਹਵਾਲੇ ਕਰੋ ਅਤੇ ਅਸੀਂ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿਆਂਗੇ।” 13 ਪਰ ਸ਼ਾਊਲ ਨੇ ਕਿਹਾ: “ਅੱਜ ਕਿਸੇ ਵੀ ਆਦਮੀ ਨੂੰ ਨਹੀਂ ਮਾਰਿਆ ਜਾਵੇਗਾ+ ਕਿਉਂਕਿ ਅੱਜ ਯਹੋਵਾਹ ਨੇ ਇਜ਼ਰਾਈਲ ਨੂੰ ਬਚਾਇਆ ਹੈ।”

14 ਬਾਅਦ ਵਿਚ ਸਮੂਏਲ ਨੇ ਲੋਕਾਂ ਨੂੰ ਕਿਹਾ: “ਆਓ ਆਪਾਂ ਗਿਲਗਾਲ+ ਜਾ ਕੇ ਇਕ ਵਾਰ ਫਿਰ ਐਲਾਨ ਕਰੀਏ ਕਿ ਸ਼ਾਊਲ ਰਾਜਾ ਹੈ।”+ 15 ਇਸ ਲਈ ਸਾਰੇ ਲੋਕ ਗਿਲਗਾਲ ਗਏ ਅਤੇ ਉਨ੍ਹਾਂ ਨੇ ਗਿਲਗਾਲ ਵਿਚ ਸ਼ਾਊਲ ਨੂੰ ਯਹੋਵਾਹ ਅੱਗੇ ਰਾਜਾ ਬਣਾਇਆ। ਫਿਰ ਉਨ੍ਹਾਂ ਨੇ ਯਹੋਵਾਹ ਅੱਗੇ ਸ਼ਾਂਤੀ-ਬਲ਼ੀਆਂ ਚੜ੍ਹਾਈਆਂ+ ਅਤੇ ਸ਼ਾਊਲ ਤੇ ਇਜ਼ਰਾਈਲੀਆਂ ਨੇ ਖ਼ੁਸ਼ੀ ਨਾਲ ਜਸ਼ਨ ਮਨਾਇਆ।+

12 ਅਖ਼ੀਰ ਵਿਚ ਸਮੂਏਲ ਨੇ ਸਾਰੇ ਇਜ਼ਰਾਈਲ ਨੂੰ ਕਿਹਾ: “ਮੈਂ ਤੁਹਾਡੀ ਮੰਗ ਪੂਰੀ ਕਰ ਦਿੱਤੀ ਹੈ* ਅਤੇ ਤੁਹਾਡੇ ਉੱਤੇ ਰਾਜ ਕਰਨ ਲਈ ਰਾਜਾ ਨਿਯੁਕਤ* ਕੀਤਾ ਹੈ।+ 2 ਹੁਣ ਇਹੀ ਰਾਜਾ ਤੁਹਾਡੀ ਅਗਵਾਈ ਕਰ ਰਿਹਾ ਹੈ!*+ ਜਿੱਥੋਂ ਤਕ ਮੇਰਾ ਸਵਾਲ ਹੈ, ਮੈਂ ਬੁੱਢਾ ਹੋ ਚੁੱਕਾ ਹਾਂ ਤੇ ਮੇਰੇ ਸਿਰ ਦੇ ਵਾਲ਼ ਚਿੱਟੇ ਹੋ ਗਏ ਹਨ, ਮੇਰੇ ਪੁੱਤਰ ਵੀ ਤੁਹਾਡੇ ਦਰਮਿਆਨ ਹਨ+ ਤੇ ਮੈਂ ਛੋਟੀ ਉਮਰ ਤੋਂ ਲੈ ਕੇ ਹੁਣ ਤਕ ਤੁਹਾਡੀ ਅਗਵਾਈ ਕੀਤੀ ਹੈ।+ 3 ਹੁਣ ਮੈਂ ਤੁਹਾਡੇ ਸਾਮ੍ਹਣੇ ਖੜ੍ਹਾ ਹਾਂ। ਯਹੋਵਾਹ ਅਤੇ ਉਸ ਦੇ ਚੁਣੇ ਹੋਏ+ ਰਾਜੇ ਅੱਗੇ ਮੇਰੇ ਖ਼ਿਲਾਫ਼ ਇਹ ਸਾਬਤ ਕਰੋ: ਮੈਂ ਕਿਸ ਕੋਲੋਂ ਬਲਦ ਜਾਂ ਗਧਾ ਲਿਆ ਹੈ?+ ਜਾਂ ਮੈਂ ਕਿਸ ਨਾਲ ਧੋਖਾ ਕੀਤਾ ਜਾਂ ਕਿਸ ʼਤੇ ਅਤਿਆਚਾਰ ਕੀਤਾ? ਕੀ ਮੈਂ ਕਿਸੇ ਨਾਲ ਅਨਿਆਂ ਕਰਨ ਲਈ ਰਿਸ਼ਵਤ ਲਈ ਹੈ?+ ਜੇ ਮੈਂ ਇਸ ਤਰ੍ਹਾਂ ਕੀਤਾ ਹੈ, ਤਾਂ ਦੱਸੋ, ਮੈਂ ਤੁਹਾਡਾ ਨੁਕਸਾਨ ਭਰ ਦਿਆਂਗਾ।”+ 4 ਇਹ ਸੁਣ ਕੇ ਉਨ੍ਹਾਂ ਨੇ ਕਿਹਾ: “ਤੂੰ ਨਾ ਸਾਡੇ ਨਾਲ ਧੋਖਾ ਕੀਤਾ, ਨਾ ਸਾਡੇ ʼਤੇ ਅਤਿਆਚਾਰ ਕੀਤਾ ਤੇ ਨਾ ਹੀ ਕਿਸੇ ਦੇ ਹੱਥੋਂ ਕੁਝ ਲਿਆ।” 5 ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਇਸ ਮਾਮਲੇ ਵਿਚ ਅੱਜ ਯਹੋਵਾਹ ਅਤੇ ਉਸ ਦਾ ਚੁਣਿਆ ਹੋਇਆ ਰਾਜਾ ਗਵਾਹ ਹਨ ਕਿ ਤੁਹਾਨੂੰ ਮੇਰੇ ਵਿਚ ਕੋਈ ਦੋਸ਼ ਨਹੀਂ ਲੱਭਿਆ।”* ਇਹ ਸੁਣ ਕੇ ਉਨ੍ਹਾਂ ਨੇ ਕਿਹਾ: “ਹਾਂ, ਉਹ ਗਵਾਹ ਹੈ।”

6 ਫਿਰ ਸਮੂਏਲ ਨੇ ਲੋਕਾਂ ਨੂੰ ਕਿਹਾ: “ਯਹੋਵਾਹ ਹੀ ਉਹ ਗਵਾਹ ਹੈ ਜਿਸ ਨੇ ਮੂਸਾ ਅਤੇ ਹਾਰੂਨ ਨੂੰ ਚੁਣਿਆ ਤੇ ਉਹੀ ਤੁਹਾਡੇ ਪਿਉ-ਦਾਦਿਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ।+ 7 ਹੁਣ ਤੁਸੀਂ ਅੱਗੇ ਆਓ ਅਤੇ ਮੈਂ ਉਨ੍ਹਾਂ ਸਾਰੇ ਚੰਗੇ ਕੰਮਾਂ ਨੂੰ ਮੱਦੇ-ਨਜ਼ਰ ਰੱਖਦਿਆਂ ਯਹੋਵਾਹ ਅੱਗੇ ਤੁਹਾਡਾ ਨਿਆਂ ਕਰਾਂਗਾ ਜੋ ਯਹੋਵਾਹ ਨੇ ਤੁਹਾਡੇ ਲਈ ਅਤੇ ਤੁਹਾਡੇ ਪਿਉ-ਦਾਦਿਆਂ ਲਈ ਕੀਤੇ ਹਨ।

8 “ਜਿਉਂ ਹੀ ਯਾਕੂਬ ਮਿਸਰ ਵਿਚ ਆਇਆ+ ਅਤੇ ਤੁਹਾਡੇ ਪਿਉ-ਦਾਦਿਆਂ ਨੇ ਮਦਦ ਲਈ ਯਹੋਵਾਹ ਅੱਗੇ ਦੁਹਾਈ ਦੇਣੀ ਸ਼ੁਰੂ ਕੀਤੀ,+ ਤਾਂ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਭੇਜਿਆ+ ਤਾਂਕਿ ਉਹ ਮਿਸਰ ਵਿੱਚੋਂ ਤੁਹਾਡੇ ਪਿਉ-ਦਾਦਿਆਂ ਨੂੰ ਬਾਹਰ ਕੱਢ ਲਿਆਉਣ ਅਤੇ ਉਨ੍ਹਾਂ ਨੂੰ ਇਸ ਜਗ੍ਹਾ ਵਸਾਉਣ।+ 9 ਪਰ ਉਹ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭੁੱਲ ਗਏ ਅਤੇ ਉਸ ਨੇ ਉਨ੍ਹਾਂ ਨੂੰ ਹਾਸੋਰ ਦੀ ਫ਼ੌਜ ਦੇ ਮੁਖੀ ਸੀਸਰਾ,+ ਫਲਿਸਤੀਆਂ+ ਅਤੇ ਮੋਆਬ ਦੇ ਰਾਜੇ ਦੇ ਹੱਥ ਵੇਚ ਦਿੱਤਾ+ ਤੇ ਇਹ ਸਾਰੇ ਲਗਾਤਾਰ ਉਨ੍ਹਾਂ ਖ਼ਿਲਾਫ਼ ਲੜਦੇ ਰਹੇ। 10 ਫਿਰ ਉਨ੍ਹਾਂ ਨੇ ਮਦਦ ਲਈ ਯਹੋਵਾਹ ਨੂੰ ਪੁਕਾਰ+ ਕੇ ਕਿਹਾ, ‘ਅਸੀਂ ਪਾਪ ਕੀਤਾ ਹੈ+ ਕਿਉਂਕਿ ਅਸੀਂ ਯਹੋਵਾਹ ਨੂੰ ਛੱਡ ਕੇ ਬਆਲ+ ਦੇਵਤਿਆਂ ਅਤੇ ਅਸ਼ਤਾਰੋਥ+ ਦੀਆਂ ਮੂਰਤੀਆਂ ਦੀ ਭਗਤੀ ਕਰਨ ਲੱਗ ਪਏ; ਹੁਣ ਸਾਨੂੰ ਸਾਡੇ ਦੁਸ਼ਮਣਾਂ ਹੱਥੋਂ ਬਚਾ ਤਾਂਕਿ ਅਸੀਂ ਤੇਰੀ ਸੇਵਾ ਕਰੀਏ।’ 11 ਫਿਰ ਯਹੋਵਾਹ ਨੇ ਯਰੁਬਾਲ,+ ਬਦਾਨ, ਯਿਫਤਾਹ+ ਅਤੇ ਮੈਨੂੰ*+ ਭੇਜਿਆ ਤੇ ਤੁਹਾਡੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਹੱਥੋਂ ਤੁਹਾਨੂੰ ਬਚਾਇਆ ਤਾਂਕਿ ਤੁਸੀਂ ਅਮਨ-ਚੈਨ ਨਾਲ ਜੀ ਸਕੋ।+ 12 ਜਦੋਂ ਤੁਸੀਂ ਦੇਖਿਆ ਕਿ ਅੰਮੋਨੀਆਂ ਦੇ ਰਾਜੇ ਨਾਹਾਸ਼+ ਨੇ ਤੁਹਾਡੇ ਉੱਤੇ ਚੜ੍ਹਾਈ ਕੀਤੀ, ਤਾਂ ਤੁਸੀਂ ਮੈਨੂੰ ਇਹੀ ਕਹਿੰਦੇ ਰਹੇ, ‘ਨਹੀਂ, ਸਾਨੂੰ ਹਰ ਹਾਲ ਵਿਚ ਰਾਜਾ ਚਾਹੀਦਾ ਹੈ!’+ ਭਾਵੇਂ ਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡਾ ਰਾਜਾ ਹੈ।+ 13 ਤੁਸੀਂ ਚਾਹੁੰਦੇ ਸੀ ਕਿ ਤੁਹਾਡਾ ਇਕ ਰਾਜਾ ਹੋਵੇ, ਹੁਣ ਇਹ ਤੁਹਾਡਾ ਰਾਜਾ ਹੈ ਜਿਸ ਦੀ ਤੁਸੀਂ ਮੰਗ ਕੀਤੀ ਸੀ। ਦੇਖੋ! ਯਹੋਵਾਹ ਨੇ ਤੁਹਾਡੇ ਉੱਤੇ ਰਾਜਾ ਠਹਿਰਾ ਦਿੱਤਾ ਹੈ।+ 14 ਜੇ ਤੁਸੀਂ ਯਹੋਵਾਹ ਦਾ ਡਰ ਰੱਖੋਗੇ,+ ਉਸ ਦੀ ਸੇਵਾ ਕਰੋਗੇ+ ਅਤੇ ਉਸ ਦੀ ਆਵਾਜ਼ ਸੁਣੋਗੇ,+ ਨਾਲੇ ਜੇ ਤੁਸੀਂ ਯਹੋਵਾਹ ਦੇ ਹੁਕਮਾਂ ਖ਼ਿਲਾਫ਼ ਨਹੀਂ ਜਾਓਗੇ ਅਤੇ ਜੇ ਤੁਸੀਂ ਤੇ ਤੁਹਾਡਾ ਰਾਜਾ ਆਪਣੇ ਪਰਮੇਸ਼ੁਰ ਯਹੋਵਾਹ ਦੇ ਪਿੱਛੇ-ਪਿੱਛੇ ਚੱਲੋਗੇ, ਤਾਂ ਤੁਹਾਡਾ ਭਲਾ ਹੋਵੇਗਾ। 15 ਪਰ ਜੇ ਤੁਸੀਂ ਯਹੋਵਾਹ ਦੀ ਆਵਾਜ਼ ਨਹੀਂ ਸੁਣੋਗੇ ਅਤੇ ਯਹੋਵਾਹ ਦੇ ਹੁਕਮਾਂ ਖ਼ਿਲਾਫ਼ ਜਾਓਗੇ, ਤਾਂ ਯਹੋਵਾਹ ਦਾ ਹੱਥ ਤੁਹਾਡੇ ਅਤੇ ਤੁਹਾਡੇ ਪਿਤਾਵਾਂ ਖ਼ਿਲਾਫ਼ ਉੱਠੇਗਾ।+ 16 ਹੁਣ ਤੁਸੀਂ ਅੱਗੇ ਆਓ ਅਤੇ ਦੇਖੋ ਕਿ ਯਹੋਵਾਹ ਤੁਹਾਡੀਆਂ ਅੱਖਾਂ ਸਾਮ੍ਹਣੇ ਕਿਹੜਾ ਅਦਭੁਤ ਕੰਮ ਕਰਦਾ ਹੈ। 17 ਕੀ ਅੱਜ ਕਣਕ ਦੀ ਵਾਢੀ ਦਾ ਸਮਾਂ ਨਹੀਂ ਹੈ? ਮੈਂ ਯਹੋਵਾਹ ਅੱਗੇ ਬੇਨਤੀ ਕਰਾਂਗਾ ਕਿ ਉਹ ਬੱਦਲਾਂ ਦੀ ਗਰਜ ਕਰੇ ਅਤੇ ਮੀਂਹ ਪਾਵੇ; ਫਿਰ ਤੁਸੀਂ ਜਾਣ ਜਾਓਗੇ ਅਤੇ ਸਮਝ ਜਾਓਗੇ ਕਿ ਤੁਸੀਂ ਆਪਣੇ ਲਈ ਰਾਜੇ ਦੀ ਮੰਗ ਕਰ ਕੇ ਯਹੋਵਾਹ ਦੀਆਂ ਨਜ਼ਰਾਂ ਵਿਚ ਕਿੰਨਾ ਬੁਰਾ ਕੰਮ ਕੀਤਾ ਹੈ।”+

18 ਇਸ ਤੋਂ ਬਾਅਦ ਸਮੂਏਲ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਅਤੇ ਯਹੋਵਾਹ ਨੇ ਉਸ ਦਿਨ ਬੱਦਲਾਂ ਦੀ ਗਰਜ ਕੀਤੀ ਤੇ ਮੀਂਹ ਵਰ੍ਹਾਇਆ ਜਿਸ ਕਰਕੇ ਸਾਰੇ ਲੋਕਾਂ ਉੱਤੇ ਯਹੋਵਾਹ ਤੇ ਸਮੂਏਲ ਦਾ ਡਰ ਛਾ ਗਿਆ। 19 ਫਿਰ ਸਾਰੇ ਲੋਕਾਂ ਨੇ ਸਮੂਏਲ ਨੂੰ ਕਿਹਾ: “ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਆਪਣੇ ਸੇਵਕਾਂ ਲਈ ਪ੍ਰਾਰਥਨਾ ਕਰ+ ਕਿਉਂਕਿ ਅਸੀਂ ਮਰਨਾ ਨਹੀਂ ਚਾਹੁੰਦੇ। ਅਸੀਂ ਰਾਜੇ ਦੀ ਮੰਗ ਕਰ ਕੇ ਇਕ ਹੋਰ ਬੁਰਾ ਕੰਮ ਕੀਤਾ ਹੈ ਤੇ ਇਸ ਤਰ੍ਹਾਂ ਆਪਣੇ ਪਾਪਾਂ ਵਿਚ ਵਾਧਾ ਕੀਤਾ ਹੈ।”

20 ਸਮੂਏਲ ਨੇ ਲੋਕਾਂ ਨੂੰ ਕਿਹਾ: “ਡਰੋ ਨਾ। ਬੇਸ਼ੱਕ, ਜੋ ਤੁਸੀਂ ਕੀਤਾ, ਬਹੁਤ ਬੁਰਾ ਕੀਤਾ। ਪਰ ਹੁਣ ਤੁਸੀਂ ਯਹੋਵਾਹ ਮਗਰ ਜਾਣਾ ਨਾ ਛੱਡਿਓ+ ਤੇ ਆਪਣੇ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਿਓ।+ 21 ਖੋਖਲੀਆਂ ਚੀਜ਼ਾਂ ਪਿੱਛੇ ਨਾ ਭੱਜੋ*+ ਜਿਨ੍ਹਾਂ ਦਾ ਕੋਈ ਫ਼ਾਇਦਾ ਨਹੀਂ+ ਅਤੇ ਜਿਹੜੀਆਂ ਬਚਾ ਨਹੀਂ ਸਕਦੀਆਂ ਕਿਉਂਕਿ ਇਹ ਖੋਖਲੀਆਂ ਹਨ।* 22 ਯਹੋਵਾਹ ਆਪਣੇ ਮਹਾਨ ਨਾਂ ਦੀ ਖ਼ਾਤਰ+ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ+ ਕਿਉਂਕਿ ਯਹੋਵਾਹ ਨੇ ਆਪ ਤੁਹਾਨੂੰ ਆਪਣੀ ਪਰਜਾ ਚੁਣਿਆ ਹੈ।+ 23 ਜਿੱਥੋਂ ਤਕ ਮੇਰਾ ਸਵਾਲ ਹੈ, ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਛੱਡ ਹੀ ਨਹੀਂ ਸਕਦਾ ਕਿਉਂਕਿ ਇਹ ਯਹੋਵਾਹ ਖ਼ਿਲਾਫ਼ ਪਾਪ ਹੋਵੇਗਾ। ਮੈਂ ਤੁਹਾਨੂੰ ਸਿਖਾਉਂਦਾ ਰਹਾਂਗਾ ਕਿ ਚੰਗਾ ਕੀ ਹੈ ਅਤੇ ਸਹੀ ਰਾਹ ਕਿਹੜਾ ਹੈ। 24 ਤੁਸੀਂ ਬੱਸ ਯਹੋਵਾਹ ਦਾ ਡਰ ਰੱਖੋ+ ਅਤੇ ਆਪਣੇ ਪੂਰੇ ਦਿਲ ਨਾਲ ਤੇ ਵਫ਼ਾਦਾਰੀ ਨਾਲ* ਉਸ ਦੀ ਸੇਵਾ ਕਰੋ ਅਤੇ ਇਹ ਨਾ ਭੁੱਲੋ ਕਿ ਉਸ ਨੇ ਤੁਹਾਡੇ ਲਈ ਕਿੰਨੇ ਵੱਡੇ-ਵੱਡੇ ਕੰਮ ਕੀਤੇ ਹਨ।+ 25 ਪਰ ਜੇ ਤੁਸੀਂ ਢੀਠ ਹੋ ਕੇ ਬੁਰੇ ਕੰਮ ਕਰੋਗੇ, ਤਾਂ ਤੁਹਾਡਾ ਅਤੇ ਤੁਹਾਡੇ ਰਾਜੇ ਦਾ ਸਫ਼ਾਇਆ ਕਰ ਦਿੱਤਾ ਜਾਵੇਗਾ।”+

13 ਜਦ ਸ਼ਾਊਲ ਰਾਜਾ ਬਣਿਆ, ਤਾਂ ਉਹ . . .* ਸਾਲਾਂ ਦਾ ਸੀ;+ ਅਤੇ ਉਸ ਨੂੰ ਇਜ਼ਰਾਈਲ ਉੱਤੇ ਰਾਜ ਕਰਦਿਆਂ ਦੋ ਸਾਲ ਹੋ ਗਏ ਸਨ। 2 ਸ਼ਾਊਲ ਨੇ ਇਜ਼ਰਾਈਲ ਵਿੱਚੋਂ 3,000 ਆਦਮੀਆਂ ਨੂੰ ਚੁਣਿਆ; ਉਨ੍ਹਾਂ ਵਿੱਚੋਂ 2,000 ਆਦਮੀ ਸ਼ਾਊਲ ਨਾਲ ਮਿਕਮਾਸ਼ ਵਿਚ ਅਤੇ ਬੈਤੇਲ ਦੇ ਪਹਾੜੀ ਇਲਾਕੇ ਵਿਚ ਸਨ ਅਤੇ 1,000 ਆਦਮੀ ਯੋਨਾਥਾਨ+ ਨਾਲ ਬਿਨਯਾਮੀਨ ਦੇ ਸ਼ਹਿਰ ਗਿਬਆਹ+ ਵਿਚ ਸਨ। ਉਸ ਨੇ ਬਾਕੀ ਲੋਕਾਂ ਨੂੰ ਆਪੋ-ਆਪਣੇ ਤੰਬੂਆਂ ਵਿਚ ਭੇਜ ਦਿੱਤਾ। 3 ਫਿਰ ਯੋਨਾਥਾਨ ਨੇ ਗਬਾ+ ਵਿਚ ਫਲਿਸਤੀਆਂ+ ਦੀ ਚੌਂਕੀ ਉੱਤੇ ਚੜ੍ਹਾਈ ਕੀਤੀ ਤੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਫਲਿਸਤੀਆਂ ਨੇ ਇਸ ਬਾਰੇ ਸੁਣਿਆ। ਫਿਰ ਸ਼ਾਊਲ ਨੇ ਕਿਹਾ ਕਿ ਪੂਰੇ ਦੇਸ਼ ਵਿਚ ਨਰਸਿੰਗਾ ਵਜਾ ਕੇ+ ਇਹ ਐਲਾਨ ਕੀਤਾ ਜਾਵੇ: “ਇਬਰਾਨੀ ਲੋਕੋ! ਸੁਣੋ!” 4 ਸਾਰੇ ਇਜ਼ਰਾਈਲੀਆਂ ਨੇ ਇਹ ਖ਼ਬਰ ਸੁਣੀ: “ਸ਼ਾਊਲ ਨੇ ਫਲਿਸਤੀਆਂ ਦੀ ਚੌਂਕੀ ਉੱਤੇ ਚੜ੍ਹਾਈ ਕਰ ਕੇ ਉਨ੍ਹਾਂ ਨੂੰ ਹਰਾ ਦਿੱਤਾ ਹੈ ਅਤੇ ਹੁਣ ਫਲਿਸਤੀ ਇਜ਼ਰਾਈਲੀਆਂ ਨਾਲ ਸਖ਼ਤ ਨਫ਼ਰਤ ਕਰਦੇ ਹਨ।” ਇਸ ਲਈ ਲੋਕਾਂ ਨੂੰ ਗਿਲਗਾਲ ਵਿਚ ਸ਼ਾਊਲ ਦੇ ਕੋਲ ਇਕੱਠੇ ਹੋਣ ਦਾ ਹੁਕਮ ਦਿੱਤਾ ਗਿਆ।+

5 ਫਲਿਸਤੀ ਵੀ ਇਜ਼ਰਾਈਲ ਨਾਲ ਲੜਨ ਲਈ ਇਕੱਠੇ ਹੋਏ। ਉਨ੍ਹਾਂ ਕੋਲ 30,000 ਯੁੱਧ ਦੇ ਰਥ ਅਤੇ 6,000 ਘੋੜਸਵਾਰ ਸਨ ਅਤੇ ਉਨ੍ਹਾਂ ਦੇ ਫ਼ੌਜੀਆਂ ਦੀ ਗਿਣਤੀ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨੀ ਸੀ;+ ਉਨ੍ਹਾਂ ਨੇ ਚੜ੍ਹਾਈ ਚੜ੍ਹ ਕੇ ਬੈਤ-ਆਵਨ+ ਦੇ ਪੂਰਬ ਵੱਲ ਮਿਕਮਾਸ਼ ਵਿਚ ਡੇਰਾ ਲਾਇਆ। 6 ਇਜ਼ਰਾਈਲ ਦੇ ਆਦਮੀਆਂ ਨੇ ਦੇਖਿਆ ਕਿ ਉਹ ਮੁਸੀਬਤ ਵਿਚ ਸਨ ਕਿਉਂਕਿ ਉਨ੍ਹਾਂ ʼਤੇ ਦੁਸ਼ਮਣਾਂ ਦਾ ਖ਼ੌਫ਼ ਛਾ ਗਿਆ ਸੀ; ਇਸ ਲਈ ਲੋਕ ਗੁਫ਼ਾਵਾਂ, ਘੁਰਨਿਆਂ, ਚਟਾਨਾਂ, ਭੋਰਿਆਂ ਅਤੇ ਟੋਇਆਂ ਵਿਚ ਲੁਕ ਗਏ।+ 7 ਕੁਝ ਇਬਰਾਨੀ ਤਾਂ ਯਰਦਨ ਪਾਰ ਕਰ ਕੇ ਗਾਦ ਅਤੇ ਗਿਲਆਦ ਇਲਾਕੇ ਤਕ ਚਲੇ ਗਏ।+ ਪਰ ਸ਼ਾਊਲ ਅਜੇ ਵੀ ਗਿਲਗਾਲ ਵਿਚ ਸੀ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਡਰ ਨਾਲ ਕੰਬ ਰਹੇ ਸਨ। 8 ਉਹ ਸਮੂਏਲ ਦੇ ਤੈਅ ਕੀਤੇ ਸਮੇਂ ਤਕ ਯਾਨੀ ਸੱਤ ਦਿਨਾਂ ਤਕ ਇੰਤਜ਼ਾਰ ਕਰਦਾ ਰਿਹਾ, ਪਰ ਸਮੂਏਲ ਗਿਲਗਾਲ ਨਹੀਂ ਆਇਆ ਅਤੇ ਲੋਕ ਸ਼ਾਊਲ ਨੂੰ ਛੱਡ ਕੇ ਇੱਧਰ-ਉੱਧਰ ਜਾਣ ਲੱਗ ਪਏ। 9 ਅਖ਼ੀਰ ਸ਼ਾਊਲ ਨੇ ਕਿਹਾ: “ਮੇਰੇ ਕੋਲ ਹੋਮ-ਬਲ਼ੀ ਅਤੇ ਸ਼ਾਂਤੀ-ਬਲ਼ੀਆਂ ਲੈ ਕੇ ਆਓ।” ਅਤੇ ਉਸ ਨੇ ਹੋਮ-ਬਲ਼ੀ ਚੜ੍ਹਾ ਦਿੱਤੀ।+

10 ਪਰ ਜਿਉਂ ਹੀ ਉਹ ਹੋਮ-ਬਲ਼ੀ ਚੜ੍ਹਾ ਕੇ ਹਟਿਆ, ਸਮੂਏਲ ਆ ਪਹੁੰਚਿਆ। ਸ਼ਾਊਲ ਉਸ ਨੂੰ ਮਿਲਣ ਅਤੇ ਉਸ ਦਾ ਹਾਲ-ਚਾਲ ਪੁੱਛਣ ਗਿਆ। 11 ਫਿਰ ਸਮੂਏਲ ਨੇ ਕਿਹਾ: “ਇਹ ਤੂੰ ਕੀ ਕੀਤਾ?” ਸ਼ਾਊਲ ਨੇ ਜਵਾਬ ਦਿੱਤਾ: “ਮੈਂ ਦੇਖਿਆ ਕਿ ਲੋਕ ਮੈਨੂੰ ਛੱਡ ਕੇ ਜਾ ਰਹੇ ਸਨ+ ਅਤੇ ਤੂੰ ਤੈਅ ਕੀਤੇ ਸਮੇਂ ਤੇ ਨਹੀਂ ਪਹੁੰਚਿਆ ਅਤੇ ਫਲਿਸਤੀ ਵੀ ਮਿਕਮਾਸ਼ ਵਿਚ ਇਕੱਠੇ ਹੋ ਰਹੇ ਸਨ।+ 12 ਇਸ ਕਰਕੇ ਮੈਂ ਸੋਚਿਆ, ‘ਹੁਣ ਫਲਿਸਤੀ ਹੇਠਾਂ ਗਿਲਗਾਲ ਵਿਚ ਮੇਰੇ ਵਿਰੁੱਧ ਆ ਜਾਣਗੇ ਅਤੇ ਮੈਂ ਯਹੋਵਾਹ ਨੂੰ ਮਿਹਰ ਲਈ ਬੇਨਤੀ ਵੀ ਨਹੀਂ ਕੀਤੀ।’ ਇਸ ਲਈ ਮੈਂ ਮਜਬੂਰ ਹੋ ਕੇ ਹੋਮ-ਬਲ਼ੀ ਚੜ੍ਹਾ ਦਿੱਤੀ।”

13 ਇਹ ਸੁਣ ਕੇ ਸਮੂਏਲ ਨੇ ਸ਼ਾਊਲ ਨੂੰ ਕਿਹਾ: “ਤੂੰ ਮੂਰਖਤਾ ਵਾਲਾ ਕੰਮ ਕੀਤਾ ਹੈ। ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦਾ ਹੁਕਮ ਨਹੀਂ ਮੰਨਿਆ ਜੋ ਉਸ ਨੇ ਤੈਨੂੰ ਦਿੱਤਾ ਸੀ।+ ਜੇ ਤੂੰ ਮੰਨਿਆ ਹੁੰਦਾ, ਤਾਂ ਯਹੋਵਾਹ ਨੇ ਤੇਰਾ ਰਾਜ ਇਜ਼ਰਾਈਲ ਉੱਤੇ ਹਮੇਸ਼ਾ ਲਈ ਕਾਇਮ ਰੱਖਣਾ ਸੀ। 14 ਪਰ ਹੁਣ ਤੇਰਾ ਰਾਜ ਹਮੇਸ਼ਾ ਲਈ ਨਹੀਂ ਰਹੇਗਾ।+ ਯਹੋਵਾਹ ਇਕ ਆਦਮੀ ਨੂੰ ਲੱਭੇਗਾ ਜੋ ਉਸ ਦੇ ਦਿਲ ਨੂੰ ਭਾਉਂਦਾ ਹੋਵੇ+ ਅਤੇ ਯਹੋਵਾਹ ਉਸ ਨੂੰ ਆਪਣੇ ਲੋਕਾਂ ਉੱਤੇ ਆਗੂ ਨਿਯੁਕਤ ਕਰੇਗਾ+ ਕਿਉਂਕਿ ਤੂੰ ਯਹੋਵਾਹ ਦਾ ਹੁਕਮ ਨਹੀਂ ਮੰਨਿਆ।”+

15 ਫਿਰ ਸਮੂਏਲ ਉੱਠਿਆ ਅਤੇ ਗਿਲਗਾਲ ਤੋਂ ਬਿਨਯਾਮੀਨ ਦੇ ਗਿਬਆਹ ਨੂੰ ਚਲਾ ਗਿਆ ਅਤੇ ਸ਼ਾਊਲ ਨੇ ਲੋਕਾਂ ਦੀ ਗਿਣਤੀ ਕੀਤੀ; ਉਸ ਦੇ ਨਾਲ ਲਗਭਗ 600 ਆਦਮੀ ਬਾਕੀ ਰਹਿ ਗਏ ਸਨ।+ 16 ਸ਼ਾਊਲ, ਉਸ ਦਾ ਪੁੱਤਰ ਯੋਨਾਥਾਨ ਅਤੇ ਉਨ੍ਹਾਂ ਦੇ ਨਾਲ ਦੇ ਲੋਕ ਬਿਨਯਾਮੀਨ ਦੇ ਸ਼ਹਿਰ ਗਬਾ+ ਵਿਚ ਰਹਿ ਰਹੇ ਸਨ ਅਤੇ ਫਲਿਸਤੀਆਂ ਨੇ ਮਿਕਮਾਸ਼ ਵਿਚ ਡੇਰਾ ਲਾਇਆ ਹੋਇਆ ਸੀ।+ 17 ਅਤੇ ਫਲਿਸਤੀਆਂ ਦੀ ਛਾਉਣੀ ਵਿੱਚੋਂ ਲੁੱਟ-ਮਾਰ ਕਰਨ ਵਾਲੇ ਫ਼ੌਜੀ ਤਿੰਨ ਟੁਕੜੀਆਂ ਵਿਚ ਜਾਂਦੇ ਹੁੰਦੇ ਸਨ। ਇਕ ਟੁਕੜੀ ਆਫਰਾਹ ਨੂੰ ਜਾਂਦੇ ਰਾਹ ਵੱਲ ਸ਼ੂਆਲ ਦੇਸ਼ ਨੂੰ ਜਾਂਦੀ ਸੀ; 18 ਦੂਸਰੀ ਟੁਕੜੀ ਬੈਤ-ਹੋਰੋਨ+ ਦੇ ਰਾਹ ਵੱਲ ਜਾਂਦੀ ਸੀ; ਅਤੇ ਤੀਸਰੀ ਟੁਕੜੀ ਸਰਹੱਦ ਨੂੰ ਜਾਂਦੇ ਰਾਹ ਵੱਲ ਜਾਂਦੀ ਸੀ ਜਿਸ ਦੇ ਸਾਮ੍ਹਣੇ ਸਬੋਈਮ ਘਾਟੀ ਹੈ ਅਤੇ ਜੋ ਉਜਾੜ ਵੱਲ ਹੈ।

19 ਉਸ ਸਮੇਂ ਪੂਰੇ ਇਜ਼ਰਾਈਲ ਦੇਸ਼ ਵਿਚ ਇਕ ਵੀ ਲੁਹਾਰ ਨਹੀਂ ਸੀ ਕਿਉਂਕਿ ਫਲਿਸਤੀਆਂ ਨੇ ਕਿਹਾ ਸੀ: “ਅਸੀਂ ਨਹੀਂ ਚਾਹੁੰਦੇ ਕਿ ਇਬਰਾਨੀ ਲੋਕ ਤਲਵਾਰ ਜਾਂ ਬਰਛਾ ਬਣਾਉਣ।” 20 ਇਸ ਲਈ ਸਾਰੇ ਇਜ਼ਰਾਈਲੀਆਂ ਨੂੰ ਆਪਣੇ ਹਲ਼ ਦੇ ਫਾਲੇ, ਗੈਂਤੀਆਂ, ਕੁਹਾੜੀਆਂ ਅਤੇ ਦਾਤੀਆਂ ਤਿੱਖੀਆਂ ਕਰਵਾਉਣ ਲਈ ਫਲਿਸਤੀਆਂ ਕੋਲ ਜਾਣਾ ਪੈਂਦਾ ਸੀ। 21 ਹਲ਼ ਦੇ ਫਾਲਿਆਂ, ਗੈਂਤੀਆਂ, ਤਿੰਨ ਦੰਦਿਆਂ ਵਾਲੇ ਸੰਦਾਂ ਤੇ ਕੁਹਾੜੀਆਂ ਤਿੱਖੀਆਂ ਕਰਾਉਣ ਅਤੇ ਪਰਾਣੀ* ਦੀ ਆਰ ਦੀ ਮੁਰੰਮਤ ਕਰਾਉਣ ਦੀ ਕੀਮਤ ਇਕ ਪਿਮ* ਸੀ। 22 ਅਤੇ ਯੁੱਧ ਦੇ ਦਿਨ ਸ਼ਾਊਲ ਅਤੇ ਯੋਨਾਥਾਨ ਦੇ ਆਦਮੀਆਂ ਕੋਲ ਇਕ ਵੀ ਤਲਵਾਰ ਜਾਂ ਬਰਛਾ ਨਹੀਂ ਸੀ ਹੁੰਦਾ;+ ਸਿਰਫ਼ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਕੋਲ ਹੀ ਹਥਿਆਰ ਹੁੰਦੇ ਸਨ।

23 ਫਲਿਸਤੀ ਫ਼ੌਜੀਆਂ ਦੀ ਇਕ ਟੁਕੜੀ* ਮਿਕਮਾਸ਼ ਦੀ ਖੱਡ ਕੋਲ ਗਈ।+

14 ਇਕ ਦਿਨ ਸ਼ਾਊਲ ਦੇ ਪੁੱਤਰ ਯੋਨਾਥਾਨ+ ਨੇ ਆਪਣੇ ਹਥਿਆਰ ਚੁੱਕਣ ਵਾਲੇ ਸੇਵਾਦਾਰ ਨੂੰ ਕਿਹਾ: “ਚੱਲ ਆਪਾਂ ਦੂਜੇ ਪਾਸੇ ਫਲਿਸਤੀਆਂ ਦੀ ਚੌਂਕੀ ਵੱਲ ਜਾਂਦੇ ਹਾਂ।” ਪਰ ਉਸ ਨੇ ਇਸ ਬਾਰੇ ਆਪਣੇ ਪਿਤਾ ਨੂੰ ਨਹੀਂ ਦੱਸਿਆ। 2 ਸ਼ਾਊਲ ਗਿਬਆਹ+ ਦੇ ਬਾਹਰਵਾਰ ਮਿਗਰੋਨ ਵਿਚ ਅਨਾਰ ਦੇ ਦਰਖ਼ਤ ਥੱਲੇ ਠਹਿਰਿਆ ਹੋਇਆ ਸੀ ਤੇ ਉਸ ਨਾਲ ਲਗਭਗ 600 ਆਦਮੀ ਸਨ।+ 3 (ਅਹੀਟੂਬ+ ਦੇ ਪੁੱਤਰ ਅਹੀਯਾਹ ਨੇ ਏਫ਼ੋਦ ਪਹਿਨਿਆ ਹੋਇਆ ਸੀ।+ ਅਹੀਟੂਬ ਈਕਾਬੋਦ+ ਦਾ ਭਰਾ ਸੀ, ਈਕਾਬੋਦ ਫ਼ੀਨਹਾਸ+ ਦਾ ਪੁੱਤਰ ਅਤੇ ਫ਼ੀਨਹਾਸ ਏਲੀ+ ਦਾ ਪੁੱਤਰ ਸੀ ਜੋ ਸ਼ੀਲੋਹ+ ਵਿਚ ਯਹੋਵਾਹ ਦਾ ਪੁਜਾਰੀ ਸੀ।) ਲੋਕਾਂ ਨੂੰ ਪਤਾ ਨਹੀਂ ਸੀ ਕਿ ਯੋਨਾਥਾਨ ਚਲਾ ਗਿਆ ਸੀ। 4 ਜਿਸ ਰਾਹ ਥਾਣੀਂ ਯੋਨਾਥਾਨ ਫਲਿਸਤੀਆਂ ਦੀ ਚੌਂਕੀ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਸ ਰਾਹ ਦੇ ਇਕ ਪਾਸੇ ਦੰਦ ਵਰਗੀ ਨੁਕੀਲੀ ਚਟਾਨ ਸੀ ਤੇ ਦੂਜੇ ਪਾਸੇ ਵੀ ਦੰਦ ਵਰਗੀ ਨੁਕੀਲੀ ਚਟਾਨ ਸੀ; ਇਕ ਚਟਾਨ ਦਾ ਨਾਂ ਬੋਸੇਸ ਤੇ ਦੂਜੀ ਦਾ ਨਾਂ ਸਨਹ ਸੀ। 5 ਇਕ ਚਟਾਨ ਉੱਤਰ ਵੱਲ ਥੰਮ੍ਹ ਦੀ ਤਰ੍ਹਾਂ ਖੜ੍ਹੀ ਸੀ ਅਤੇ ਉਸ ਦੇ ਸਾਮ੍ਹਣੇ ਮਿਕਮਾਸ਼ ਸੀ ਅਤੇ ਦੂਜੀ ਦੱਖਣ ਵੱਲ ਸੀ ਜਿਸ ਦੇ ਸਾਮ੍ਹਣੇ ਗਬਾ ਸੀ।+

6 ਫਿਰ ਯੋਨਾਥਾਨ ਨੇ ਆਪਣੇ ਹਥਿਆਰ ਚੁੱਕਣ ਵਾਲੇ ਨੂੰ ਕਿਹਾ: “ਚੱਲ ਆਪਾਂ ਉੱਧਰ ਉਨ੍ਹਾਂ ਬੇਸੁੰਨਤੇ ਆਦਮੀਆਂ ਦੀ ਚੌਂਕੀ ਕੋਲ ਚੱਲਦੇ ਹਾਂ।+ ਸ਼ਾਇਦ ਯਹੋਵਾਹ ਸਾਡੀ ਮਦਦ ਕਰੇ ਕਿਉਂਕਿ ਕੋਈ ਵੀ ਚੀਜ਼ ਯਹੋਵਾਹ ਨੂੰ ਰੋਕ ਨਹੀਂ ਸਕਦੀ, ਫਿਰ ਭਾਵੇਂ ਉਹ ਬਹੁਤਿਆਂ ਦੇ ਰਾਹੀਂ ਬਚਾਵੇ ਜਾਂ ਥੋੜ੍ਹਿਆਂ ਰਾਹੀਂ।”+ 7 ਇਹ ਸੁਣ ਕੇ ਉਸ ਦੇ ਹਥਿਆਰ ਚੁੱਕਣ ਵਾਲੇ ਨੇ ਉਸ ਨੂੰ ਕਿਹਾ: “ਤੇਰਾ ਦਿਲ ਜੋ ਕਹਿੰਦਾ ਹੈ, ਉਹੀ ਕਰ। ਤੂੰ ਜਿੱਧਰ ਚਾਹੇਂ ਮੁੜ। ਤੂੰ ਜਿੱਥੇ ਜਾਵੇਂਗਾ, ਮੈਂ ਤੇਰੇ ਨਾਲ ਆਵਾਂਗਾ।” 8 ਫਿਰ ਯੋਨਾਥਾਨ ਨੇ ਕਿਹਾ: “ਆਪਾਂ ਉੱਧਰ ਉਨ੍ਹਾਂ ਆਦਮੀਆਂ ਕੋਲ ਜਾਵਾਂਗੇ ਤਾਂਕਿ ਉਹ ਸਾਨੂੰ ਦੇਖ ਸਕਣ। 9 ਜੇ ਉਹ ਸਾਨੂੰ ਕਹਿਣ, ‘ਉੱਥੇ ਹੀ ਠਹਿਰੋ ਜਦ ਤਕ ਅਸੀਂ ਤੁਹਾਡੇ ਕੋਲ ਨਹੀਂ ਆ ਜਾਂਦੇ!’ ਆਪਾਂ ਉੱਥੇ ਹੀ ਖੜ੍ਹੇ ਰਹਾਂਗੇ ਜਿੱਥੇ ਅਸੀਂ ਹੋਵਾਂਗੇ ਤੇ ਉਨ੍ਹਾਂ ਕੋਲ ਨਹੀਂ ਜਾਵਾਂਗੇ। 10 ਪਰ ਜੇ ਉਹ ਕਹਿਣ, ‘ਆਓ, ਸਾਡੇ ਕੋਲ ਆ ਜਾਓ!’ ਤਾਂ ਆਪਾਂ ਉਨ੍ਹਾਂ ਕੋਲ ਜਾਵਾਂਗੇ ਕਿਉਂਕਿ ਯਹੋਵਾਹ ਉਨ੍ਹਾਂ ਨੂੰ ਸਾਡੇ ਹੱਥ ਦੇ ਦੇਵੇਗਾ। ਇਹ ਸਾਡੇ ਲਈ ਨਿਸ਼ਾਨੀ ਹੋਵੇਗੀ।”+

11 ਫਿਰ ਉਹ ਦੋਵੇਂ ਅਜਿਹੀ ਜਗ੍ਹਾ ਖੜ੍ਹੇ ਹੋ ਗਏ ਕਿ ਫਲਿਸਤੀ ਆਪਣੀ ਚੌਂਕੀ ਤੋਂ ਉਨ੍ਹਾਂ ਨੂੰ ਦੇਖ ਸਕਣ। ਫਲਿਸਤੀਆਂ ਨੇ ਕਿਹਾ: “ਦੇਖੋ! ਇਬਰਾਨੀ ਆਪਣੀਆਂ ਖੁੱਡਾਂ ਵਿੱਚੋਂ ਬਾਹਰ ਆ ਰਹੇ ਹਨ ਜਿੱਥੇ ਉਹ ਲੁਕੇ ਹੋਏ ਸਨ।”+ 12 ਫਿਰ ਚੌਂਕੀ ʼਤੇ ਤੈਨਾਤ ਆਦਮੀਆਂ ਨੇ ਯੋਨਾਥਾਨ ਅਤੇ ਉਸ ਦੇ ਹਥਿਆਰ ਚੁੱਕਣ ਵਾਲੇ ਨੂੰ ਕਿਹਾ: “ਸਾਡੇ ਕੋਲ ਜ਼ਰਾ ਆਓ ਤਾਂ ਸਹੀ, ਫਿਰ ਤੁਹਾਨੂੰ ਸਬਕ ਸਿਖਾਉਂਦੇ ਹਾਂ!”+ ਇਹ ਸੁਣਦੇ ਸਾਰ ਯੋਨਾਥਾਨ ਨੇ ਹਥਿਆਰ ਚੁੱਕਣ ਵਾਲੇ ਨੂੰ ਕਿਹਾ: “ਮੇਰੇ ਪਿੱਛੇ-ਪਿੱਛੇ ਆਜਾ ਕਿਉਂਕਿ ਯਹੋਵਾਹ ਉਨ੍ਹਾਂ ਨੂੰ ਇਜ਼ਰਾਈਲ ਦੇ ਹੱਥ ਦੇ ਦੇਵੇਗਾ।”+ 13 ਯੋਨਾਥਾਨ ਆਪਣੇ ਹੱਥਾਂ-ਪੈਰਾਂ ਦੇ ਸਹਾਰੇ ਉੱਪਰ ਚੜ੍ਹ ਗਿਆ ਅਤੇ ਉਸ ਦੇ ਹਥਿਆਰ ਚੁੱਕਣ ਵਾਲਾ ਵੀ ਉਸ ਦੇ ਪਿੱਛੇ-ਪਿੱਛੇ ਸੀ; ਯੋਨਾਥਾਨ ਫਲਿਸਤੀਆਂ ਨੂੰ ਵੱਢਦਾ ਗਿਆ ਤੇ ਉਸ ਦੇ ਹਥਿਆਰ ਚੁੱਕਣ ਵਾਲਾ ਉਸ ਦੇ ਪਿੱਛੇ-ਪਿੱਛੇ ਬਚੇ ਹੋਇਆਂ ਨੂੰ ਜਾਨੋਂ ਮਾਰ ਰਿਹਾ ਸੀ। 14 ਯੋਨਾਥਾਨ ਅਤੇ ਉਸ ਦੇ ਹਥਿਆਰ ਚੁੱਕਣ ਵਾਲੇ ਨੇ ਪਹਿਲੇ ਹਮਲੇ ਵਿਚ ਲਗਭਗ 20 ਆਦਮੀਆਂ ਨੂੰ ਮਾਰ ਮੁਕਾਇਆ, ਉਹ ਵੀ ਲਗਭਗ ਅੱਧੀ ਏਕੜ ਜ਼ਮੀਨ ਦੀ ਲੰਬਾਈ* ਦੇ ਅੰਦਰ-ਅੰਦਰ।

15 ਫਿਰ ਛਾਉਣੀ ਵਿਚ ਅਤੇ ਚੌਂਕੀ ਦੇ ਸਾਰੇ ਲੋਕਾਂ ਵਿਚ ਦਹਿਸ਼ਤ ਫੈਲ ਗਈ, ਇੱਥੋਂ ਤਕ ਕਿ ਲੁੱਟ-ਮਾਰ ਕਰਨ ਵਾਲੇ ਫ਼ੌਜੀ+ ਵੀ ਬਹੁਤ ਡਰ ਗਏ। ਧਰਤੀ ਕੰਬਣ ਲੱਗ ਪਈ ਤੇ ਪਰਮੇਸ਼ੁਰ ਨੇ ਉਨ੍ਹਾਂ ਵਿਚ ਖ਼ੌਫ਼ ਫੈਲਾ ਦਿੱਤਾ। 16 ਬਿਨਯਾਮੀਨ ਦੇ ਸ਼ਹਿਰ ਗਿਬਆਹ+ ਵਿਚ ਸ਼ਾਊਲ ਦੇ ਪਹਿਰੇਦਾਰਾਂ ਨੇ ਦੇਖਿਆ ਕਿ ਹਰ ਪਾਸੇ ਹਫੜਾ-ਦਫੜੀ ਮੱਚ ਰਹੀ ਸੀ।+

17 ਸ਼ਾਊਲ ਨੇ ਆਪਣੇ ਨਾਲ ਦੇ ਲੋਕਾਂ ਨੂੰ ਕਿਹਾ: “ਗਿਣਤੀ ਕਰ ਕੇ ਦੇਖੋ ਕਿ ਕੌਣ ਸਾਡੇ ਵਿੱਚੋਂ ਚਲਾ ਗਿਆ ਹੈ।” ਜਦ ਉਨ੍ਹਾਂ ਨੇ ਗਿਣਤੀ ਕੀਤੀ, ਤਾਂ ਉਨ੍ਹਾਂ ਨੇ ਦੇਖਿਆ ਕਿ ਯੋਨਾਥਾਨ ਅਤੇ ਉਸ ਦੇ ਹਥਿਆਰ ਚੁੱਕਣ ਵਾਲਾ ਉਨ੍ਹਾਂ ਨਾਲ ਨਹੀਂ ਸਨ। 18 ਫਿਰ ਸ਼ਾਊਲ ਨੇ ਅਹੀਯਾਹ+ ਨੂੰ ਕਿਹਾ: ਸੱਚੇ ਪਰਮੇਸ਼ੁਰ ਦੇ ਸੰਦੂਕ ਨੂੰ ਨੇੜੇ ਲੈ ਕੇ ਆ!” (ਉਸ ਸਮੇਂ* ਸੱਚੇ ਪਰਮੇਸ਼ੁਰ ਦਾ ਸੰਦੂਕ ਇਜ਼ਰਾਈਲੀਆਂ ਕੋਲ ਸੀ।) 19 ਜਦੋਂ ਸ਼ਾਊਲ ਪੁਜਾਰੀ ਨਾਲ ਗੱਲ ਕਰ ਰਿਹਾ ਸੀ, ਤਾਂ ਫਲਿਸਤੀਆਂ ਦੀ ਛਾਉਣੀ ਵਿਚ ਰੌਲ਼ਾ ਵਧਦਾ ਜਾ ਰਿਹਾ ਸੀ। ਫਿਰ ਸ਼ਾਊਲ ਨੇ ਪੁਜਾਰੀ ਨੂੰ ਕਿਹਾ: “ਤੂੰ ਜੋ ਕਰ ਰਿਹਾ ਹੈਂ, ਉਹ ਨਾ ਕਰ।”* 20 ਫਿਰ ਸ਼ਾਊਲ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਇਕੱਠੇ ਹੋ ਕੇ ਲੜਾਈ ਲੜਨ ਗਏ। ਉੱਥੇ ਉਨ੍ਹਾਂ ਨੇ ਦੇਖਿਆ ਕਿ ਫਲਿਸਤੀ ਇਕ-ਦੂਜੇ ਨੂੰ ਹੀ ਵੱਢੀ ਜਾ ਰਹੇ ਸਨ ਤੇ ਬਹੁਤ ਜ਼ਿਆਦਾ ਗੜਬੜੀ ਫੈਲੀ ਹੋਈ ਸੀ। 21 ਨਾਲੇ ਜਿਹੜੇ ਇਬਰਾਨੀ ਪਹਿਲਾਂ ਫਲਿਸਤੀਆਂ ਨਾਲ ਰਲ਼ ਗਏ ਸਨ ਤੇ ਉਨ੍ਹਾਂ ਨਾਲ ਛਾਉਣੀ ਵਿਚ ਜਾ ਕੇ ਰਹਿਣ ਲੱਗ ਪਏ ਸਨ, ਉਹ ਹੁਣ ਇਜ਼ਰਾਈਲੀਆਂ ਨਾਲ ਆ ਕੇ ਰਲ਼ ਗਏ ਜੋ ਸ਼ਾਊਲ ਅਤੇ ਯੋਨਾਥਾਨ ਅਧੀਨ ਸਨ। 22 ਜਦੋਂ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਲੁਕੇ ਸਾਰੇ ਇਜ਼ਰਾਈਲੀ ਆਦਮੀਆਂ+ ਨੇ ਸੁਣਿਆ ਕਿ ਫਲਿਸਤੀ ਭੱਜ ਗਏ ਸਨ, ਤਾਂ ਉਹ ਵੀ ਯੁੱਧ ਵਿਚ ਸ਼ਾਮਲ ਹੋ ਕੇ ਉਨ੍ਹਾਂ ਦਾ ਪਿੱਛਾ ਕਰਨ ਲੱਗੇ। 23 ਇਸ ਤਰ੍ਹਾਂ ਯਹੋਵਾਹ ਨੇ ਉਸ ਦਿਨ ਇਜ਼ਰਾਈਲ ਨੂੰ ਬਚਾਇਆ+ ਤੇ ਇਹ ਲੜਾਈ ਦੂਰ ਬੈਤ-ਆਵਨ ਤਕ ਚੱਲਦੀ ਰਹੀ।+

24 ਪਰ ਉਸ ਦਿਨ ਇਜ਼ਰਾਈਲੀ ਆਦਮੀ ਹੰਭ ਚੁੱਕੇ ਸਨ ਕਿਉਂਕਿ ਸ਼ਾਊਲ ਨੇ ਲੋਕਾਂ ਨੂੰ ਇਹ ਸਹੁੰ ਚੁਕਾਈ ਸੀ: “ਜਦ ਤਕ ਸ਼ਾਮ ਨਹੀਂ ਪੈ ਜਾਂਦੀ ਅਤੇ ਮੈਂ ਆਪਣੇ ਦੁਸ਼ਮਣਾਂ ਤੋਂ ਬਦਲਾ ਨਹੀਂ ਲੈ ਲੈਂਦਾ, ਉਸ ਤੋਂ ਪਹਿਲਾਂ ਜੇ ਕਿਸੇ ਨੇ ਕੁਝ ਵੀ* ਖਾਧਾ, ਉਹ ਸਰਾਪੀ ਹੋਵੇਗਾ!” ਇਸ ਲਈ ਕਿਸੇ ਨੇ ਵੀ ਕੁਝ ਨਹੀਂ ਖਾਧਾ।+

25 ਫਿਰ ਸਾਰੇ ਲੋਕ* ਜੰਗਲ ਵਿਚ ਆਏ ਅਤੇ ਜ਼ਮੀਨ ʼਤੇ ਸ਼ਹਿਦ ਪਿਆ ਸੀ। 26 ਜਦ ਲੋਕ ਜੰਗਲ ਵਿਚ ਆਏ, ਤਾਂ ਉਨ੍ਹਾਂ ਨੇ ਸ਼ਹਿਦ ਚੋਂਦਾ ਦੇਖਿਆ, ਪਰ ਕਿਸੇ ਨੇ ਵੀ ਸ਼ਹਿਦ ਨਹੀਂ ਖਾਧਾ ਕਿਉਂਕਿ ਉਹ ਸਹੁੰ ਕਰਕੇ ਡਰਦੇ ਸਨ। 27 ਪਰ ਯੋਨਾਥਾਨ ਨੂੰ ਨਹੀਂ ਪਤਾ ਸੀ ਕਿ ਉਸ ਦੇ ਪਿਤਾ ਨੇ ਲੋਕਾਂ ਨੂੰ ਸਹੁੰ ਚੁਕਾਈ ਹੈ,+ ਇਸ ਲਈ ਉਸ ਨੇ ਆਪਣੇ ਹੱਥ ਵਿਚਲੇ ਡੰਡੇ ਨੂੰ ਵਧਾ ਕੇ ਇਸ ਦਾ ਸਿਰਾ ਸ਼ਹਿਦ ਦੇ ਛੱਤੇ ਵਿਚ ਖੋਭਿਆ। ਜਦ ਉਸ ਨੇ ਸ਼ਹਿਦ ਮੂੰਹ ਵਿਚ ਪਾਇਆ, ਤਾਂ ਉਸ ਦੀਆਂ ਅੱਖਾਂ ਵਿਚ ਚਮਕ ਆ ਗਈ। 28 ਇਹ ਦੇਖ ਕੇ ਇਕ ਜਣੇ ਨੇ ਕਿਹਾ: “ਤੇਰੇ ਪਿਤਾ ਨੇ ਲੋਕਾਂ ਨੂੰ ਇਹ ਸਹੁੰ ਚੁਕਾ ਕੇ ਸਖ਼ਤੀ ਨਾਲ ਕਿਹਾ ਹੈ, ‘ਉਹ ਆਦਮੀ ਸਰਾਪੀ ਹੈ ਜੋ ਅੱਜ ਕੁਝ ਖਾਵੇ!’+ ਇਸੇ ਕਰਕੇ ਲੋਕ ਬਹੁਤ ਹੰਭੇ ਹੋਏ ਹਨ।” 29 ਪਰ ਯੋਨਾਥਾਨ ਨੇ ਕਿਹਾ: “ਮੇਰੇ ਪਿਤਾ ਨੇ ਲੋਕਾਂ ਨੂੰ ਕਸ਼ਟ ਦਿੱਤਾ ਹੈ। ਜ਼ਰਾ ਦੇਖੋ, ਥੋੜ੍ਹਾ ਜਿਹਾ ਸ਼ਹਿਦ ਚੱਖਣ ਨਾਲ ਮੇਰੀਆਂ ਅੱਖਾਂ ਵਿਚ ਕਿੰਨੀ ਚਮਕ ਆ ਗਈ ਹੈ। 30 ਜੇ ਅੱਜ ਲੋਕਾਂ ਨੇ ਆਪਣੇ ਦੁਸ਼ਮਣਾਂ ਤੋਂ ਲੁੱਟੇ ਮਾਲ ਵਿੱਚੋਂ ਰੱਜ ਕੇ ਖਾਧਾ ਹੁੰਦਾ,+ ਤਾਂ ਕਿੰਨਾ ਚੰਗਾ ਹੁੰਦਾ! ਫਿਰ ਉਨ੍ਹਾਂ ਨੇ ਹੋਰ ਵੀ ਜ਼ਿਆਦਾ ਫਲਿਸਤੀਆਂ ਨੂੰ ਵੱਢਣਾ ਸੀ।”

31 ਉਸ ਦਿਨ ਉਹ ਮਿਕਮਾਸ਼ ਤੋਂ ਲੈ ਕੇ ਅੱਯਾਲੋਨ+ ਤਕ ਫਲਿਸਤੀਆਂ ਨੂੰ ਵੱਢਦੇ ਗਏ ਅਤੇ ਲੋਕ ਬਹੁਤ ਥੱਕ ਗਏ ਸਨ। 32 ਇਸ ਲਈ ਲੋਕ ਲੁੱਟ ਦੇ ਮਾਲ ਉੱਤੇ ਟੁੱਟ ਕੇ ਪੈ ਗਏ ਅਤੇ ਉਨ੍ਹਾਂ ਨੇ ਭੇਡਾਂ, ਪਸ਼ੂਆਂ ਤੇ ਵੱਛਿਆਂ ਨੂੰ ਲੈ ਕੇ ਜ਼ਮੀਨ ਉੱਤੇ ਵੱਢਿਆ ਅਤੇ ਉਨ੍ਹਾਂ ਨੇ ਖ਼ੂਨ ਸਣੇ ਮੀਟ ਖਾਧਾ।+ 33 ਫਿਰ ਸ਼ਾਊਲ ਨੂੰ ਖ਼ਬਰ ਮਿਲੀ: “ਦੇਖ! ਲੋਕੀ ਖ਼ੂਨ ਸਣੇ ਮੀਟ ਖਾ ਕੇ ਯਹੋਵਾਹ ਖ਼ਿਲਾਫ਼ ਪਾਪ ਕਰ ਰਹੇ ਹਨ।”+ ਇਹ ਸੁਣ ਕੇ ਉਸ ਨੇ ਕਿਹਾ: “ਤੁਸੀਂ ਵਿਸ਼ਵਾਸਘਾਤ ਕੀਤਾ ਹੈ। ਜਲਦੀ ਕਰੋ, ਇਕ ਵੱਡਾ ਪੱਥਰ ਮੇਰੇ ਕੋਲ ਰੋੜ੍ਹ ਲਿਆਓ।” 34 ਸ਼ਾਊਲ ਨੇ ਅੱਗੇ ਕਿਹਾ: “ਸਾਰੇ ਲੋਕਾਂ ਕੋਲ ਜਾਓ ਤੇ ਉਨ੍ਹਾਂ ਨੂੰ ਕਹੋ, ‘ਤੁਹਾਡੇ ਵਿੱਚੋਂ ਹਰੇਕ ਜਣਾ ਆਪਣਾ ਬਲਦ ਤੇ ਆਪਣੀ ਭੇਡ ਇੱਥੇ ਲਿਆ ਕੇ ਉਨ੍ਹਾਂ ਨੂੰ ਵੱਢੇ ਤੇ ਫਿਰ ਉਨ੍ਹਾਂ ਨੂੰ ਖਾਵੇ। ਖ਼ੂਨ ਸਣੇ ਮੀਟ ਖਾ ਕੇ ਯਹੋਵਾਹ ਖ਼ਿਲਾਫ਼ ਪਾਪ ਨਾ ਕਰੋ।’”+ ਇਸ ਲਈ ਉਸ ਰਾਤ ਉਨ੍ਹਾਂ ਵਿੱਚੋਂ ਹਰੇਕ ਜਣਾ ਆਪਣੇ ਨਾਲ ਆਪਣਾ ਬਲਦ ਲਿਆਇਆ ਤੇ ਉਸ ਨੂੰ ਉੱਥੇ ਵੱਢਿਆ। 35 ਫਿਰ ਸ਼ਾਊਲ ਨੇ ਯਹੋਵਾਹ ਲਈ ਇਕ ਵੇਦੀ ਬਣਾਈ।+ ਇਹ ਪਹਿਲੀ ਵੇਦੀ ਸੀ ਜੋ ਉਸ ਨੇ ਯਹੋਵਾਹ ਲਈ ਬਣਾਈ ਸੀ।

36 ਬਾਅਦ ਵਿਚ ਸ਼ਾਊਲ ਨੇ ਕਿਹਾ: “ਆਓ ਆਪਾਂ ਰਾਤ ਨੂੰ ਫਲਿਸਤੀਆਂ ਦਾ ਪਿੱਛਾ ਕਰੀਏ ਅਤੇ ਸਵੇਰ ਦਾ ਚਾਨਣ ਹੋਣ ਤਕ ਉਨ੍ਹਾਂ ਨੂੰ ਲੁੱਟੀਏ। ਅਸੀਂ ਉਨ੍ਹਾਂ ਵਿੱਚੋਂ ਇਕ ਨੂੰ ਵੀ ਜੀਉਂਦਾ ਨਹੀਂ ਛੱਡਾਂਗੇ।” ਇਹ ਸੁਣ ਕੇ ਉਨ੍ਹਾਂ ਨੇ ਕਿਹਾ: “ਜੋ ਤੇਰੀਆਂ ਨਜ਼ਰਾਂ ਵਿਚ ਸਹੀ ਹੈ, ਉਹੀ ਕਰ।” ਫਿਰ ਪੁਜਾਰੀ ਨੇ ਕਿਹਾ: “ਚਲੋ ਆਪਾਂ ਇੱਥੇ ਸੱਚੇ ਪਰਮੇਸ਼ੁਰ ਦੀ ਸਲਾਹ ਲੈਂਦੇ ਹਾਂ।”+ 37 ਸ਼ਾਊਲ ਨੇ ਪਰਮੇਸ਼ੁਰ ਕੋਲੋਂ ਪੁੱਛਿਆ: “ਕੀ ਮੈਨੂੰ ਫਲਿਸਤੀਆਂ ਦਾ ਪਿੱਛਾ ਕਰਨਾ ਚਾਹੀਦਾ?+ ਕੀ ਤੂੰ ਉਨ੍ਹਾਂ ਨੂੰ ਇਜ਼ਰਾਈਲ ਦੇ ਹੱਥ ਵਿਚ ਦੇਵੇਂਗਾ?” ਪਰ ਪਰਮੇਸ਼ੁਰ ਨੇ ਉਸ ਦਿਨ ਉਸ ਨੂੰ ਜਵਾਬ ਨਹੀਂ ਦਿੱਤਾ। 38 ਫਿਰ ਸ਼ਾਊਲ ਨੇ ਕਿਹਾ: “ਹੇ ਲੋਕਾਂ ਦੇ ਸਾਰੇ ਮੁਖੀਓ, ਇੱਥੇ ਆਓ ਅਤੇ ਪਤਾ ਕਰੋ ਕਿ ਅੱਜ ਕਿਹੜਾ ਪਾਪ ਕੀਤਾ ਗਿਆ ਹੈ। 39 ਇਜ਼ਰਾਈਲ ਨੂੰ ਛੁਡਾਉਣ ਵਾਲੇ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਜਿਸ ਕਿਸੇ ਨੇ ਵੀ ਇਹ ਕੀਤਾ ਹੈ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ, ਭਾਵੇਂ ਉਹ ਮੇਰਾ ਪੁੱਤਰ ਯੋਨਾਥਾਨ ਹੀ ਕਿਉਂ ਨਾ ਹੋਵੇ।” ਪਰ ਲੋਕਾਂ ਵਿੱਚੋਂ ਕਿਸੇ ਨੇ ਵੀ ਕੁਝ ਨਹੀਂ ਕਿਹਾ। 40 ਫਿਰ ਉਸ ਨੇ ਸਾਰੇ ਇਜ਼ਰਾਈਲ ਨੂੰ ਕਿਹਾ: “ਤੁਸੀਂ ਇਕ ਪਾਸੇ ਹੋਵੋਗੇ ਅਤੇ ਮੈਂ ਤੇ ਮੇਰਾ ਪੁੱਤਰ ਯੋਨਾਥਾਨ ਦੂਜੇ ਪਾਸੇ ਹੋਵਾਂਗੇ।” ਇਹ ਸੁਣ ਕੇ ਲੋਕਾਂ ਨੇ ਸ਼ਾਊਲ ਨੂੰ ਕਿਹਾ: “ਜੋ ਤੇਰੀਆਂ ਨਜ਼ਰਾਂ ਵਿਚ ਸਹੀ ਹੈ, ਉਹੀ ਕਰ।”

41 ਫਿਰ ਸ਼ਾਊਲ ਨੇ ਯਹੋਵਾਹ ਨੂੰ ਕਿਹਾ: “ਹੇ ਇਜ਼ਰਾਈਲ ਦੇ ਪਰਮੇਸ਼ੁਰ, ਤੁੰਮੀਮ ਦੇ ਜ਼ਰੀਏ ਜਵਾਬ ਦੇ!”+ ਜਵਾਬ ਵਿਚ ਯੋਨਾਥਾਨ ਅਤੇ ਸ਼ਾਊਲ ਦਾ ਨਾਂ ਨਿਕਲਿਆ, ਪਰ ਲੋਕ ਬਚ ਗਏ। 42 ਹੁਣ ਸ਼ਾਊਲ ਨੇ ਕਿਹਾ: “ਗੁਣੇ ਪਾ ਕੇ ਦੇਖੋ+ ਕਿ ਕਿਸ ਨੇ ਪਾਪ ਕੀਤਾ ਹੈ, ਮੈਂ ਜਾਂ ਮੇਰੇ ਪੁੱਤਰ ਯੋਨਾਥਾਨ ਨੇ।” ਗੁਣਾ ਪਾਉਣ ਤੇ ਯੋਨਾਥਾਨ ਦਾ ਨਾਂ ਨਿਕਲਿਆ। 43 ਫਿਰ ਸ਼ਾਊਲ ਨੇ ਯੋਨਾਥਾਨ ਨੂੰ ਕਿਹਾ: “ਦੱਸ ਮੈਨੂੰ, ਤੂੰ ਕੀ ਕੀਤਾ ਹੈ?” ਯੋਨਾਥਾਨ ਨੇ ਉਸ ਨੂੰ ਦੱਸਿਆ: “ਮੈਂ ਬੱਸ ਆਪਣੇ ਹੱਥ ਵਿਚਲੇ ਡੰਡੇ ਦੇ ਸਿਰੇ ਤੋਂ ਮਾੜਾ ਜਿਹਾ ਸ਼ਹਿਦ ਲੈ ਕੇ ਚੱਖਿਆ ਸੀ।+ ਹੁਣ ਮੈਂ ਤੁਹਾਡੇ ਸਾਮ੍ਹਣੇ ਖੜ੍ਹਾ ਹਾਂ! ਮੈਂ ਮਰਨ ਲਈ ਤਿਆਰ ਹਾਂ!”

44 ਇਹ ਸੁਣ ਕੇ ਸ਼ਾਊਲ ਨੇ ਕਿਹਾ: “ਯੋਨਾਥਾਨ, ਜੇ ਤੈਨੂੰ ਮੌਤ ਦੀ ਸਜ਼ਾ ਨਾ ਮਿਲੀ, ਤਾਂ ਰੱਬ ਮੈਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ।”+ 45 ਪਰ ਲੋਕਾਂ ਨੇ ਸ਼ਾਊਲ ਨੂੰ ਕਿਹਾ: “ਕੀ ਯੋਨਾਥਾਨ ਨੂੰ ਮਾਰਿਆ ਜਾਵੇਗਾ ਜਿਸ ਨੇ ਇਜ਼ਰਾਈਲ ਨੂੰ ਇੰਨੀ ਵੱਡੀ ਜਿੱਤ* ਦਿਵਾਈ?+ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ! ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਉਸ ਦੇ ਸਿਰ ਦਾ ਇਕ ਵੀ ਵਾਲ਼ ਧਰਤੀ ਉੱਤੇ ਨਹੀਂ ਡਿਗਣਾ ਚਾਹੀਦਾ ਕਿਉਂਕਿ ਅੱਜ ਦੇ ਦਿਨ ਉਸ ਨੇ ਪਰਮੇਸ਼ੁਰ ਨਾਲ ਮਿਲ ਕੇ ਕੰਮ ਕੀਤਾ ਹੈ।”+ ਇਸ ਤਰ੍ਹਾਂ ਲੋਕਾਂ ਨੇ ਯੋਨਾਥਾਨ ਨੂੰ ਬਚਾ ਲਿਆ* ਤੇ ਉਹ ਨਹੀਂ ਮਰਿਆ।

46 ਇਸ ਤੋਂ ਬਾਅਦ ਸ਼ਾਊਲ ਨੇ ਫਲਿਸਤੀਆਂ ਦਾ ਪਿੱਛਾ ਕਰਨਾ ਛੱਡ ਦਿੱਤਾ ਅਤੇ ਫਲਿਸਤੀ ਆਪਣੇ ਇਲਾਕੇ ਵਿਚ ਚਲੇ ਗਏ।

47 ਇਸ ਤਰ੍ਹਾਂ ਸ਼ਾਊਲ ਨੇ ਇਜ਼ਰਾਈਲ ਉੱਤੇ ਆਪਣਾ ਅਧਿਕਾਰ ਪੱਕਾ ਕੀਤਾ ਅਤੇ ਉਹ ਹਰ ਪਾਸੇ ਦੇ ਆਪਣੇ ਸਾਰੇ ਦੁਸ਼ਮਣਾਂ ਨਾਲ ਲੜਿਆ। ਉਹ ਮੋਆਬੀਆਂ,+ ਅੰਮੋਨੀਆਂ,+ ਅਦੋਮੀਆਂ+ ਅਤੇ ਸੋਬਾਹ+ ਦੇ ਰਾਜਿਆਂ ਤੇ ਫਲਿਸਤੀਆਂ ਖ਼ਿਲਾਫ਼ ਲੜਿਆ;+ ਉਹ ਜਿੱਥੇ ਕਿਤੇ ਵੀ ਗਿਆ, ਉਸ ਨੇ ਉਨ੍ਹਾਂ ਨੂੰ ਹਰਾਇਆ। 48 ਉਹ ਬਹਾਦਰੀ ਨਾਲ ਲੜਿਆ ਅਤੇ ਅਮਾਲੇਕੀਆਂ ʼਤੇ ਜਿੱਤ ਹਾਸਲ ਕੀਤੀ+ ਤੇ ਇਜ਼ਰਾਈਲ ਨੂੰ ਉਸ ਦੇ ਲੁੱਟਣ ਵਾਲਿਆਂ ਦੇ ਹੱਥੋਂ ਬਚਾਇਆ।

49 ਸ਼ਾਊਲ ਦੇ ਪੁੱਤਰ ਇਹ ਸਨ: ਯੋਨਾਥਾਨ, ਯਿਸ਼ਵੀ ਤੇ ਮਲਕੀ-ਸ਼ੂਆ।+ ਉਸ ਦੀਆਂ ਦੋ ਧੀਆਂ ਸਨ; ਵੱਡੀ ਧੀ ਦਾ ਨਾਂ ਮੇਰਬ+ ਤੇ ਛੋਟੀ ਦਾ ਨਾਂ ਮੀਕਲ+ ਸੀ। 50 ਸ਼ਾਊਲ ਦੀ ਪਤਨੀ ਦਾ ਨਾਂ ਅਹੀਨੋਅਮ ਸੀ ਜੋ ਅਹੀਮਆਸ ਦੀ ਧੀ ਸੀ। ਉਸ ਦੀ ਫ਼ੌਜ ਦੇ ਮੁਖੀ ਦਾ ਨਾਂ ਅਬਨੇਰ+ ਸੀ ਜੋ ਸ਼ਾਊਲ ਦੇ ਪਿਤਾ ਦੇ ਭਰਾ ਨੇਰ ਦਾ ਪੁੱਤਰ ਸੀ। 51 ਕੀਸ਼+ ਸ਼ਾਊਲ ਦਾ ਪਿਤਾ ਸੀ ਅਤੇ ਅਬਨੇਰ ਦਾ ਪਿਤਾ ਨੇਰ+ ਅਬੀਏਲ ਦਾ ਪੁੱਤਰ ਸੀ।

52 ਸ਼ਾਊਲ ਦੀ ਜ਼ਿੰਦਗੀ ਦੇ ਸਾਰੇ ਦਿਨਾਂ ਦੌਰਾਨ ਉਸ ਦਾ ਫਲਿਸਤੀਆਂ ਨਾਲ ਘਮਸਾਣ ਯੁੱਧ ਚੱਲਦਾ ਰਿਹਾ।+ ਸ਼ਾਊਲ ਜਦੋਂ ਵੀ ਕਿਸੇ ਤਾਕਤਵਰ ਜਾਂ ਦਲੇਰ ਆਦਮੀ ਨੂੰ ਦੇਖਦਾ ਸੀ, ਤਾਂ ਉਹ ਉਸ ਨੂੰ ਆਪਣੀ ਫ਼ੌਜ ਵਿਚ ਭਰਤੀ ਕਰ ਲੈਂਦਾ ਸੀ।+

15 ਫਿਰ ਸਮੂਏਲ ਨੇ ਸ਼ਾਊਲ ਨੂੰ ਕਿਹਾ: “ਯਹੋਵਾਹ ਨੇ ਮੈਨੂੰ ਭੇਜਿਆ ਸੀ ਕਿ ਮੈਂ ਤੈਨੂੰ ਉਸ ਦੀ ਪਰਜਾ ਇਜ਼ਰਾਈਲ ਉੱਤੇ ਰਾਜਾ ਨਿਯੁਕਤ* ਕਰਾਂ;+ ਹੁਣ ਤੂੰ ਯਹੋਵਾਹ ਦਾ ਸੰਦੇਸ਼ ਸੁਣ।+ 2 ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: ‘ਮੈਂ ਅਮਾਲੇਕੀਆਂ ਤੋਂ ਉਨ੍ਹਾਂ ਦੀ ਕੀਤੀ ਦਾ ਲੇਖਾ ਲਵਾਂਗਾ ਕਿਉਂਕਿ ਜਦ ਇਜ਼ਰਾਈਲੀ ਮਿਸਰ ਤੋਂ ਆ ਰਹੇ ਸਨ, ਤਾਂ ਅਮਾਲੇਕੀਆਂ ਨੇ ਰਾਹ ਵਿਚ ਉਨ੍ਹਾਂ ਦਾ ਵਿਰੋਧ ਕੀਤਾ ਸੀ।+ 3 ਹੁਣ ਜਾਹ ਅਤੇ ਅਮਾਲੇਕੀਆਂ ਨੂੰ ਵੱਢ ਸੁੱਟ+ ਅਤੇ ਉਨ੍ਹਾਂ ਨੂੰ ਅਤੇ ਜੋ ਕੁਝ ਉਨ੍ਹਾਂ ਦਾ ਹੈ ਉਹ ਸਭ ਨਾਸ਼ ਕਰ ਦੇ।+ ਤੂੰ ਉਨ੍ਹਾਂ ਨੂੰ ਜੀਉਂਦਾ ਨਾ ਛੱਡੀਂ;* ਤੂੰ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦੇਈਂ।+ ਚਾਹੇ ਆਦਮੀ ਹੋਵੇ ਜਾਂ ਔਰਤ, ਚਾਹੇ ਬੱਚਾ ਹੋਵੇ, ਇੱਥੋਂ ਤਕ ਕਿ ਦੁੱਧ ਚੁੰਘਦਾ ਬੱਚਾ ਵੀ, ਬਲਦ ਹੋਵੇ ਜਾਂ ਭੇਡ, ਊਠ ਹੋਵੇ ਜਾਂ ਗਧਾ, ਸਾਰਿਆਂ ਨੂੰ ਮਿਟਾ ਦੇਈਂ।’”+ 4 ਸ਼ਾਊਲ ਨੇ ਲੋਕਾਂ ਨੂੰ ਬੁਲਾਇਆ ਅਤੇ ਤਲਾਇਮ ਵਿਚ ਉਨ੍ਹਾਂ ਦੀ ਗਿਣਤੀ ਕੀਤੀ: ਉੱਥੇ 2,00,000 ਪੈਦਲ ਚੱਲਣ ਵਾਲੇ ਫ਼ੌਜੀ ਸਨ ਅਤੇ ਯਹੂਦਾਹ ਦੇ 10,000 ਆਦਮੀ ਸਨ।+

5 ਸ਼ਾਊਲ ਅੱਗੇ ਵਧਦਾ ਹੋਇਆ ਅਮਾਲੇਕ ਸ਼ਹਿਰ ਤਕ ਗਿਆ ਅਤੇ ਵਾਦੀ ਦੇ ਕੋਲ ਘਾਤ ਲਾ ਕੇ ਬੈਠ ਗਿਆ। 6 ਫਿਰ ਸ਼ਾਊਲ ਨੇ ਕੇਨੀਆਂ+ ਨੂੰ ਕਿਹਾ: “ਜਾਓ, ਅਮਾਲੇਕੀਆਂ ਦੇ ਵਿਚਕਾਰੋਂ ਨਿਕਲ ਜਾਓ ਤਾਂਕਿ ਮੈਂ ਉਨ੍ਹਾਂ ਦੇ ਨਾਲ-ਨਾਲ ਤੁਹਾਡਾ ਵੀ ਸਫ਼ਾਇਆ ਨਾ ਕਰ ਦਿਆਂ।+ ਕਿਉਂਕਿ ਤੁਸੀਂ ਇਜ਼ਰਾਈਲ ਦੇ ਸਾਰੇ ਲੋਕਾਂ ਲਈ ਉਸ ਸਮੇਂ ਅਟੱਲ ਪਿਆਰ ਦਿਖਾਇਆ ਸੀ+ ਜਦ ਉਹ ਮਿਸਰ ਤੋਂ ਆਏ ਸਨ।” ਇਸ ਲਈ ਕੇਨੀ ਅਮਾਲੇਕੀਆਂ ਦੇ ਵਿਚਕਾਰੋਂ ਨਿਕਲ ਗਏ। 7 ਉਸ ਤੋਂ ਬਾਅਦ ਸ਼ਾਊਲ ਨੇ ਹਵੀਲਾਹ+ ਤੋਂ ਲੈ ਕੇ ਮਿਸਰ ਦੇ ਨੇੜੇ ਪੈਂਦੇ ਸ਼ੂਰ+ ਤਕ ਅਮਾਲੇਕੀਆਂ+ ਨੂੰ ਮਾਰ ਸੁੱਟਿਆ। 8 ਉਸ ਨੇ ਅਮਾਲੇਕ ਦੇ ਰਾਜੇ ਅਗਾਗ+ ਨੂੰ ਜੀਉਂਦਾ ਫੜ ਲਿਆ, ਪਰ ਬਾਕੀ ਸਾਰੇ ਲੋਕਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ।+ 9 ਸ਼ਾਊਲ ਅਤੇ ਲੋਕਾਂ ਨੇ ਅਗਾਗ ਨੂੰ ਅਤੇ ਵਧੀਆ ਤੋਂ ਵਧੀਆ ਭੇਡਾਂ-ਬੱਕਰੀਆਂ, ਡੰਗਰਾਂ, ਮੋਟੇ ਜਾਨਵਰਾਂ, ਭੇਡੂਆਂ ਅਤੇ ਸਾਰੀਆਂ ਚੰਗੀਆਂ ਚੀਜ਼ਾਂ ਨੂੰ ਬਚਾਈ ਰੱਖਿਆ।*+ ਉਹ ਉਨ੍ਹਾਂ ਨੂੰ ਨਾਸ਼ ਨਹੀਂ ਸੀ ਕਰਨਾ ਚਾਹੁੰਦੇ। ਪਰ ਜਿਹੜੀਆਂ ਚੀਜ਼ਾਂ ਬੇਕਾਰ ਸਨ ਅਤੇ ਉਨ੍ਹਾਂ ਨੂੰ ਨਹੀਂ ਚਾਹੀਦੀਆਂ ਸਨ, ਉਹ ਸਾਰੀਆਂ ਉਨ੍ਹਾਂ ਨੇ ਨਾਸ਼ ਕਰ ਦਿੱਤੀਆਂ।

10 ਫਿਰ ਯਹੋਵਾਹ ਦਾ ਸੰਦੇਸ਼ ਸਮੂਏਲ ਨੂੰ ਆਇਆ: 11 “ਮੈਨੂੰ ਅਫ਼ਸੋਸ ਹੈ* ਕਿ ਮੈਂ ਸ਼ਾਊਲ ਨੂੰ ਰਾਜਾ ਬਣਾਇਆ ਕਿਉਂਕਿ ਉਸ ਨੇ ਮੇਰੇ ਪਿੱਛੇ ਚੱਲਣਾ ਛੱਡ ਦਿੱਤਾ ਹੈ ਅਤੇ ਮੈਂ ਜੋ ਉਸ ਨੂੰ ਕਰਨ ਲਈ ਕਿਹਾ ਸੀ ਉਸ ਨੇ ਨਹੀਂ ਕੀਤਾ।”+ ਸਮੂਏਲ ਬਹੁਤ ਨਿਰਾਸ਼ ਹੋਇਆ ਅਤੇ ਸਾਰੀ ਰਾਤ ਯਹੋਵਾਹ ਅੱਗੇ ਤਰਲੇ ਕਰਦਾ ਰਿਹਾ।+ 12 ਜਦ ਸਮੂਏਲ ਸ਼ਾਊਲ ਨੂੰ ਮਿਲਣ ਲਈ ਤੜਕੇ ਉੱਠਿਆ, ਤਾਂ ਸਮੂਏਲ ਨੂੰ ਦੱਸਿਆ ਗਿਆ: “ਸ਼ਾਊਲ ਕਰਮਲ+ ਨੂੰ ਗਿਆ ਸੀ ਅਤੇ ਉੱਥੇ ਉਸ ਨੇ ਆਪਣੀ ਯਾਦਗਾਰ ਦੇ ਤੌਰ ਤੇ ਇਕ ਥੰਮ੍ਹ ਖੜ੍ਹਾ ਕੀਤਾ।+ ਫਿਰ ਉਹ ਮੁੜ ਕੇ ਗਿਲਗਾਲ ਚਲਾ ਗਿਆ।” 13 ਅਖ਼ੀਰ ਜਦ ਸਮੂਏਲ ਸ਼ਾਊਲ ਕੋਲ ਆਇਆ, ਤਾਂ ਸ਼ਾਊਲ ਨੇ ਉਸ ਨੂੰ ਕਿਹਾ: “ਯਹੋਵਾਹ ਤੈਨੂੰ ਬਰਕਤ ਦੇਵੇ। ਯਹੋਵਾਹ ਨੇ ਮੈਨੂੰ ਜੋ ਕਰਨ ਲਈ ਕਿਹਾ ਸੀ, ਮੈਂ ਉਸੇ ਤਰ੍ਹਾਂ ਕੀਤਾ।” 14 ਪਰ ਸਮੂਏਲ ਨੇ ਉਸ ਨੂੰ ਪੁੱਛਿਆ: “ਤਾਂ ਫਿਰ, ਇਹ ਭੇਡਾਂ-ਬੱਕਰੀਆਂ ਦੀ ਮੈਂ-ਮੈਂ ਅਤੇ ਡੰਗਰਾਂ ਦੇ ਅੜਿੰਗਣ ਦੀ ਆਵਾਜ਼ ਜੋ ਮੈਂ ਸੁਣ ਰਿਹਾ ਹਾਂ, ਉਹ ਕਿੱਥੋਂ ਆ ਰਹੀ ਹੈ?”+ 15 ਇਹ ਸੁਣ ਕੇ ਸ਼ਾਊਲ ਨੇ ਜਵਾਬ ਦਿੱਤਾ: “ਇਹ ਅਮਾਲੇਕੀਆਂ ਤੋਂ ਲਿਆਂਦੇ ਸਨ ਕਿਉਂਕਿ ਲੋਕਾਂ ਨੇ ਵਧੀਆ ਤੋਂ ਵਧੀਆ ਭੇਡਾਂ-ਬੱਕਰੀਆਂ ਅਤੇ ਡੰਗਰਾਂ ਨੂੰ ਬਚਾਈ ਰੱਖਿਆ* ਤਾਂਕਿ ਤੇਰੇ ਪਰਮੇਸ਼ੁਰ ਯਹੋਵਾਹ ਅੱਗੇ ਉਨ੍ਹਾਂ ਦੀ ਬਲ਼ੀ ਚੜ੍ਹਾਈ ਜਾ ਸਕੇ; ਪਰ ਜੋ ਬਾਕੀ ਰਹਿ ਗਿਆ, ਉਸ ਨੂੰ ਅਸੀਂ ਨਾਸ਼ ਕਰ ਦਿੱਤਾ।” 16 ਇਹ ਸੁਣ ਕੇ ਸਮੂਏਲ ਨੇ ਸ਼ਾਊਲ ਨੂੰ ਕਿਹਾ: “ਬੱਸ! ਹੁਣ ਤੂੰ ਸੁਣ ਕਿ ਯਹੋਵਾਹ ਨੇ ਕੱਲ੍ਹ ਰਾਤ ਮੈਨੂੰ ਕੀ ਦੱਸਿਆ।”+ ਸ਼ਾਊਲ ਨੇ ਉਸ ਨੂੰ ਕਿਹਾ: “ਹਾਂ, ਦੱਸ!”

17 ਸਮੂਏਲ ਨੇ ਅੱਗੇ ਕਿਹਾ: “ਜਦ ਤੈਨੂੰ ਇਜ਼ਰਾਈਲ ਦੇ ਗੋਤਾਂ ਦਾ ਮੁਖੀ ਬਣਾਇਆ ਗਿਆ ਸੀ ਅਤੇ ਯਹੋਵਾਹ ਨੇ ਤੈਨੂੰ ਇਜ਼ਰਾਈਲ ਉੱਤੇ ਰਾਜਾ ਨਿਯੁਕਤ ਕੀਤਾ ਸੀ,+ ਉਸ ਵੇਲੇ ਕੀ ਤੂੰ ਆਪਣੇ ਆਪ ਨੂੰ ਮਾਮੂਲੀ ਜਿਹਾ ਨਹੀਂ ਸਮਝਦਾ ਸੀ?+ 18 ਬਾਅਦ ਵਿਚ ਯਹੋਵਾਹ ਨੇ ਤੈਨੂੰ ਇਕ ਖ਼ਾਸ ਕੰਮ ਸੌਂਪਿਆ ਅਤੇ ਕਿਹਾ, ‘ਜਾਹ, ਅਤੇ ਪਾਪੀ ਅਮਾਲੇਕੀਆਂ ਨੂੰ ਮਾਰ ਮੁਕਾ।+ ਤੂੰ ਉਨ੍ਹਾਂ ਨਾਲ ਤਦ ਤਕ ਲੜਦਾ ਰਹੀਂ ਜਦ ਤਕ ਤੂੰ ਉਨ੍ਹਾਂ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਦਿੰਦਾ।’+ 19 ਤਾਂ ਫਿਰ, ਤੂੰ ਯਹੋਵਾਹ ਦੀ ਆਵਾਜ਼ ਕਿਉਂ ਨਹੀਂ ਸੁਣੀ? ਇਸ ਦੀ ਬਜਾਇ, ਤੂੰ ਲੁੱਟ ਦੇ ਮਾਲ ਉੱਤੇ ਟੁੱਟ ਪਿਆ+ ਅਤੇ ਉਹ ਕੰਮ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ!”

20 ਪਰ ਸ਼ਾਊਲ ਨੇ ਸਮੂਏਲ ਨੂੰ ਕਿਹਾ: “ਮੈਂ ਯਹੋਵਾਹ ਦੀ ਆਵਾਜ਼ ਸੁਣੀ ਤਾਂ ਹੈ! ਮੈਂ ਉਹ ਕੰਮ ਕਰਨ ਗਿਆ ਜੋ ਯਹੋਵਾਹ ਨੇ ਮੈਨੂੰ ਕਰਨ ਲਈ ਭੇਜਿਆ ਸੀ ਅਤੇ ਮੈਂ ਅਮਾਲੇਕ ਦੇ ਰਾਜੇ ਅਗਾਗ ਨੂੰ ਫੜ ਕੇ ਲਿਆਇਆ ਹਾਂ ਤੇ ਮੈਂ ਅਮਾਲੇਕੀਆਂ ਨੂੰ ਨਾਸ਼ ਕੀਤਾ।+ 21 ਪਰ ਲੋਕਾਂ ਨੇ ਨਾਸ਼ ਕੀਤੇ ਜਾਣ ਵਾਲੇ ਲੁੱਟ ਦੇ ਮਾਲ ਵਿੱਚੋਂ ਵਧੀਆ ਤੋਂ ਵਧੀਆ ਭੇਡਾਂ ਅਤੇ ਡੰਗਰਾਂ ਨੂੰ ਬਚਾ ਕੇ ਰੱਖ ਲਿਆ ਤਾਂਕਿ ਤੇਰੇ ਪਰਮੇਸ਼ੁਰ ਯਹੋਵਾਹ ਅੱਗੇ ਗਿਲਗਾਲ ਵਿਚ ਉਨ੍ਹਾਂ ਦੀ ਬਲ਼ੀ ਚੜ੍ਹਾਈ ਜਾ ਸਕੇ।”+

22 ਫਿਰ ਸਮੂਏਲ ਨੇ ਕਿਹਾ: “ਕੀ ਯਹੋਵਾਹ ਹੋਮ-ਬਲ਼ੀਆਂ ਅਤੇ ਬਲੀਦਾਨਾਂ ਤੋਂ ਜ਼ਿਆਦਾ ਖ਼ੁਸ਼ ਹੁੰਦਾ ਹੈ+ ਜਾਂ ਇਸ ਗੱਲੋਂ ਕਿ ਯਹੋਵਾਹ ਦੀ ਆਵਾਜ਼ ਸੁਣੀ ਜਾਵੇ? ਦੇਖ! ਕਹਿਣਾ ਮੰਨਣਾ ਬਲ਼ੀ ਚੜ੍ਹਾਉਣ ਨਾਲੋਂ ਅਤੇ ਧਿਆਨ ਨਾਲ ਸੁਣਨਾ ਭੇਡੂਆਂ ਦੀ ਚਰਬੀ+ ਨਾਲੋਂ ਜ਼ਿਆਦਾ ਚੰਗਾ ਹੈ;+ 23 ਕਿਉਂਕਿ ਬਗਾਵਤ ਕਰਨੀ+ ਉੱਨਾ ਹੀ ਵੱਡਾ ਪਾਪ ਹੈ ਜਿੰਨਾ ਫਾਲ* ਪਾਉਣਾ,+ ਨਾਲੇ ਗੁਸਤਾਖ਼ੀ ਕਰਨੀ ਜਾਦੂ-ਟੂਣਾ ਕਰਨ ਅਤੇ ਮੂਰਤੀ-ਪੂਜਾ* ਕਰਨ ਦੇ ਬਰਾਬਰ ਹੈ। ਤੂੰ ਯਹੋਵਾਹ ਦਾ ਬਚਨ ਠੁਕਰਾਇਆ ਹੈ,+ ਇਸੇ ਲਈ ਉਸ ਨੇ ਤੈਨੂੰ ਰਾਜੇ ਦੇ ਤੌਰ ਤੇ ਠੁਕਰਾ ਦਿੱਤਾ ਹੈ।”+

24 ਫਿਰ ਸ਼ਾਊਲ ਨੇ ਸਮੂਏਲ ਨੂੰ ਕਿਹਾ: “ਮੈਂ ਪਾਪ ਕੀਤਾ ਹੈ ਕਿਉਂਕਿ ਮੈਂ ਯਹੋਵਾਹ ਦੇ ਹੁਕਮ ਦੀ ਅਤੇ ਤੇਰੀਆਂ ਗੱਲਾਂ ਦੀ ਉਲੰਘਣਾ ਕੀਤੀ। ਮੈਂ ਲੋਕਾਂ ਤੋਂ ਡਰ ਗਿਆ ਅਤੇ ਉਨ੍ਹਾਂ ਦੀ ਗੱਲ ਮੰਨ ਲਈ। 25 ਹੁਣ ਕਿਰਪਾ ਕਰ ਕੇ ਮੇਰਾ ਪਾਪ ਮਾਫ਼ ਕਰ ਦੇ ਅਤੇ ਮੇਰੇ ਨਾਲ ਮੁੜ ਚੱਲ ਤਾਂਕਿ ਮੈਂ ਯਹੋਵਾਹ ਅੱਗੇ ਮੱਥਾ ਟੇਕਾਂ।”+ 26 ਪਰ ਸਮੂਏਲ ਨੇ ਸ਼ਾਊਲ ਨੂੰ ਕਿਹਾ: “ਮੈਂ ਤੇਰੇ ਨਾਲ ਨਹੀਂ ਮੁੜਾਂਗਾ ਕਿਉਂਕਿ ਤੂੰ ਯਹੋਵਾਹ ਦਾ ਬਚਨ ਠੁਕਰਾਇਆ ਹੈ ਅਤੇ ਯਹੋਵਾਹ ਨੇ ਤੈਨੂੰ ਠੁਕਰਾ ਦਿੱਤਾ ਹੈ। ਤੂੰ ਹੁਣ ਤੋਂ ਇਜ਼ਰਾਈਲ ਦਾ ਰਾਜਾ ਨਹੀਂ ਰਹੇਂਗਾ।”+ 27 ਜਿਉਂ ਹੀ ਸਮੂਏਲ ਉੱਥੋਂ ਜਾਣ ਲਈ ਮੁੜਿਆ, ਤਾਂ ਸ਼ਾਊਲ ਨੇ ਉਸ ਦੇ ਬਿਨਾਂ ਬਾਹਾਂ ਵਾਲੇ ਚੋਗੇ ਦਾ ਸਿਰਾ ਫੜ ਲਿਆ, ਪਰ ਚੋਗਾ ਪਾਟ ਗਿਆ। 28 ਇਹ ਦੇਖ ਕੇ ਸਮੂਏਲ ਨੇ ਉਸ ਨੂੰ ਕਿਹਾ: “ਅੱਜ ਯਹੋਵਾਹ ਨੇ ਤੇਰੇ ਤੋਂ ਇਜ਼ਰਾਈਲ ਦਾ ਸ਼ਾਹੀ ਰਾਜ ਪਾੜ ਕੇ ਅਲੱਗ ਕਰ ਦਿੱਤਾ ਹੈ ਅਤੇ ਉਹ ਇਹ ਰਾਜ ਕਿਸੇ ਹੋਰ ਨੂੰ ਦੇ ਦੇਵੇਗਾ ਜੋ ਤੇਰੇ ਨਾਲੋਂ ਚੰਗਾ ਹੈ।+ 29 ਨਾਲੇ ਇਜ਼ਰਾਈਲ ਦਾ ਅੱਤ ਮਹਾਨ ਪਰਮੇਸ਼ੁਰ+ ਝੂਠਾ ਸਾਬਤ ਨਹੀਂ ਹੋਵੇਗਾ+ ਜਾਂ ਆਪਣਾ ਮਨ ਨਹੀਂ ਬਦਲੇਗਾ* ਕਿਉਂਕਿ ਉਹ ਕੋਈ ਇਨਸਾਨ ਨਹੀਂ ਕਿ ਆਪਣਾ ਮਨ ਬਦਲ ਲਵੇ।”*+

30 ਇਹ ਸੁਣ ਕੇ ਉਸ ਨੇ ਕਿਹਾ: “ਮੈਂ ਪਾਪ ਕੀਤਾ ਹੈ। ਪਰ ਕਿਰਪਾ ਕਰ ਕੇ ਮੇਰੀ ਪਰਜਾ ਦੇ ਬਜ਼ੁਰਗਾਂ ਸਾਮ੍ਹਣੇ ਅਤੇ ਇਜ਼ਰਾਈਲ ਦੇ ਸਾਮ੍ਹਣੇ ਮੇਰਾ ਮਾਣ ਰੱਖ ਲੈ। ਮੇਰੇ ਨਾਲ ਮੁੜ ਚੱਲ ਅਤੇ ਮੈਂ ਤੇਰੇ ਪਰਮੇਸ਼ੁਰ ਯਹੋਵਾਹ ਅੱਗੇ ਮੱਥਾ ਟੇਕਾਂਗਾ।”+ 31 ਇਸ ਲਈ ਸਮੂਏਲ ਸ਼ਾਊਲ ਦੇ ਨਾਲ ਮੁੜ ਗਿਆ ਅਤੇ ਸ਼ਾਊਲ ਨੇ ਯਹੋਵਾਹ ਅੱਗੇ ਮੱਥਾ ਟੇਕਿਆ। 32 ਸਮੂਏਲ ਨੇ ਕਿਹਾ: “ਅਮਾਲੇਕ ਦੇ ਰਾਜੇ ਅਗਾਗ ਨੂੰ ਮੇਰੇ ਕੋਲ ਲੈ ਕੇ ਆਓ।” ਫਿਰ ਅਗਾਗ ਝਿਜਕਦਾ ਹੋਇਆ* ਉਸ ਕੋਲ ਗਿਆ, ਪਰ ਫਿਰ ਅਗਾਗ ਨੇ ਸੋਚਿਆ: ‘ਹੁਣ ਤਕ ਤਾਂ ਮੌਤ ਦਾ ਖ਼ਤਰਾ* ਟਲ ਚੁੱਕਾ ਹੈ।’ 33 ਪਰ ਸਮੂਏਲ ਨੇ ਕਿਹਾ: “ਜਿਵੇਂ ਤੇਰੀ ਤਲਵਾਰ ਨੇ ਬੱਚਿਆਂ ਨੂੰ ਮਾਰ ਕੇ ਔਰਤਾਂ ਨੂੰ ਬੇਔਲਾਦ ਕੀਤਾ ਹੈ, ਉਸੇ ਤਰ੍ਹਾਂ ਤੇਰੀ ਮਾਂ ਵੀ ਬੇਔਲਾਦ ਹੋਵੇਗੀ।” ਇਹ ਕਹਿ ਕੇ ਸਮੂਏਲ ਨੇ ਗਿਲਗਾਲ ਵਿਚ ਯਹੋਵਾਹ ਅੱਗੇ ਅਗਾਗ ਦੇ ਟੁਕੜੇ-ਟੁਕੜੇ ਕਰ ਦਿੱਤੇ।+

34 ਫਿਰ ਸਮੂਏਲ ਰਾਮਾਹ ਚਲਾ ਗਿਆ ਅਤੇ ਸ਼ਾਊਲ ਗਿਬਆਹ ਵਿਚ ਆਪਣੇ ਘਰ ਚਲਾ ਗਿਆ। 35 ਸਮੂਏਲ ਨੇ ਮਰਦੇ ਦਮ ਤਕ ਸ਼ਾਊਲ ਦਾ ਮੂੰਹ ਨਹੀਂ ਦੇਖਿਆ ਕਿਉਂਕਿ ਉਹ ਸ਼ਾਊਲ ਕਰਕੇ ਸੋਗ ਵਿਚ ਡੁੱਬ ਗਿਆ ਸੀ।+ ਅਤੇ ਯਹੋਵਾਹ ਨੂੰ ਅਫ਼ਸੋਸ ਹੋਇਆ ਕਿ ਉਸ ਨੇ ਸ਼ਾਊਲ ਨੂੰ ਇਜ਼ਰਾਈਲ ਦਾ ਰਾਜਾ ਬਣਾਇਆ ਸੀ।+

16 ਅਖ਼ੀਰ ਯਹੋਵਾਹ ਨੇ ਸਮੂਏਲ ਨੂੰ ਕਿਹਾ: “ਤੂੰ ਕਦ ਤਕ ਸ਼ਾਊਲ ਕਰਕੇ ਸੋਗ ਵਿਚ ਡੁੱਬਿਆ ਰਹੇਂਗਾ?+ ਮੈਂ ਉਸ ਨੂੰ ਠੁਕਰਾ ਦਿੱਤਾ ਹੈ, ਉਹ ਅੱਗੇ ਤੋਂ ਇਜ਼ਰਾਈਲ ਦਾ ਰਾਜਾ ਨਹੀਂ ਰਹੇਗਾ।+ ਆਪਣਾ ਸਿੰਗ ਤੇਲ ਨਾਲ ਭਰ ਤੇ ਜਾਹ।+ ਮੈਂ ਤੈਨੂੰ ਬੈਤਲਹਮ ਦੇ ਰਹਿਣ ਵਾਲੇ ਯੱਸੀ ਕੋਲ ਭੇਜਾਂਗਾ+ ਕਿਉਂਕਿ ਮੈਂ ਉਸ ਦੇ ਪੁੱਤਰਾਂ ਵਿੱਚੋਂ ਇਕ ਨੂੰ ਆਪਣੇ ਲਈ ਰਾਜਾ ਚੁਣਿਆ ਹੈ।”+ 2 ਪਰ ਸਮੂਏਲ ਨੇ ਕਿਹਾ: “ਮੈਂ ਕਿਵੇਂ ਜਾ ਸਕਦਾਂ? ਜਦ ਸ਼ਾਊਲ ਨੂੰ ਇਸ ਬਾਰੇ ਪਤਾ ਲੱਗੇਗਾ, ਤਾਂ ਉਹ ਮੈਨੂੰ ਮਾਰ ਦੇਵੇਗਾ।”+ ਯਹੋਵਾਹ ਨੇ ਜਵਾਬ ਦਿੱਤਾ: “ਆਪਣੇ ਨਾਲ ਇਕ ਵੱਛੀ ਲੈ ਕੇ ਜਾਹ ਅਤੇ ਕਹੀਂ, ‘ਮੈਂ ਯਹੋਵਾਹ ਅੱਗੇ ਬਲ਼ੀ ਚੜ੍ਹਾਉਣ ਆਇਆ ਹਾਂ।’ 3 ਯੱਸੀ ਨੂੰ ਉਸ ਜਗ੍ਹਾ ਬੁਲਾਈਂ ਜਿੱਥੇ ਤੂੰ ਬਲ਼ੀ ਚੜ੍ਹਾਏਂਗਾ; ਫਿਰ ਮੈਂ ਤੈਨੂੰ ਦੱਸਾਂਗਾ ਕਿ ਤੂੰ ਕੀ ਕਰਨਾ ਹੈ। ਮੈਂ ਤੈਨੂੰ ਦਿਖਾਵਾਂਗਾ ਕਿ ਮੈਂ ਕਿਸ ਨੂੰ ਚੁਣਿਆ ਹੈ, ਤੂੰ ਮੇਰੇ ਵੱਲੋਂ ਉਸ ਨੂੰ ਨਿਯੁਕਤ* ਕਰੀਂ।”+

4 ਸਮੂਏਲ ਨੇ ਉਹੀ ਕੀਤਾ ਜੋ ਯਹੋਵਾਹ ਨੇ ਕਿਹਾ ਸੀ। ਜਦ ਉਹ ਬੈਤਲਹਮ ਆਇਆ,+ ਤਾਂ ਸ਼ਹਿਰ ਦੇ ਬਜ਼ੁਰਗ ਉਸ ਨੂੰ ਮਿਲਣ ਸਮੇਂ ਥਰ-ਥਰ ਕੰਬ ਰਹੇ ਸਨ ਅਤੇ ਉਨ੍ਹਾਂ ਨੇ ਪੁੱਛਿਆ: “ਕੀ ਤੂੰ ਸ਼ਾਂਤੀ ਦੇ ਇਰਾਦੇ ਨਾਲ ਆਇਆ ਹੈਂ?” 5 ਇਹ ਸੁਣ ਕੇ ਉਸ ਨੇ ਕਿਹਾ: “ਹਾਂ, ਮੈਂ ਸ਼ਾਂਤੀ ਦੇ ਇਰਾਦੇ ਨਾਲ ਆਇਆ ਹਾਂ। ਮੈਂ ਯਹੋਵਾਹ ਅੱਗੇ ਬਲ਼ੀ ਚੜ੍ਹਾਉਣ ਆਇਆ ਹਾਂ। ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਮੇਰੇ ਨਾਲ ਬਲ਼ੀ ਚੜ੍ਹਾਉਣ ਆਓ।” ਫਿਰ ਉਸ ਨੇ ਯੱਸੀ ਅਤੇ ਉਸ ਦੇ ਪੁੱਤਰਾਂ ਨੂੰ ਸ਼ੁੱਧ ਕੀਤਾ। ਉਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਬਲ਼ੀ ਚੜ੍ਹਾਉਣ ਵਾਲੀ ਜਗ੍ਹਾ ਬੁਲਾਇਆ। 6 ਜਿਉਂ ਹੀ ਉਹ ਉੱਥੇ ਆਏ ਅਤੇ ਉਸ ਨੇ ਅਲੀਆਬ+ ਨੂੰ ਦੇਖਿਆ, ਤਾਂ ਉਸ ਨੇ ਕਿਹਾ: “ਪੱਕਾ ਇਹੀ ਹੈ ਜਿਸ ਨੂੰ ਯਹੋਵਾਹ ਨੇ ਚੁਣਿਆ ਹੈ।” 7 ਪਰ ਯਹੋਵਾਹ ਨੇ ਸਮੂਏਲ ਨੂੰ ਕਿਹਾ: “ਉਸ ਦੇ ਰੰਗ-ਰੂਪ ਅਤੇ ਉਸ ਦੇ ਉੱਚੇ ਕੱਦ ਵੱਲ ਧਿਆਨ ਨਾ ਦੇ+ ਕਿਉਂਕਿ ਮੈਂ ਉਸ ਨੂੰ ਨਹੀਂ ਚੁਣਿਆ। ਜਿਸ ਤਰ੍ਹਾਂ ਇਨਸਾਨ ਦੇਖਦਾ ਹੈ, ਪਰਮੇਸ਼ੁਰ ਉਸ ਤਰ੍ਹਾਂ ਨਹੀਂ ਦੇਖਦਾ ਕਿਉਂਕਿ ਇਨਸਾਨ ਸਿਰਫ਼ ਬਾਹਰਲਾ ਰੂਪ ਦੇਖਦਾ ਹੈ, ਪਰ ਯਹੋਵਾਹ ਦਿਲ ਦੇਖਦਾ ਹੈ।”+ 8 ਫਿਰ ਯੱਸੀ ਨੇ ਅਬੀਨਾਦਾਬ+ ਨੂੰ ਬੁਲਾਇਆ ਅਤੇ ਉਸ ਨੂੰ ਸਮੂਏਲ ਸਾਮ੍ਹਣੇ ਲਿਆਂਦਾ, ਪਰ ਉਸ ਨੇ ਕਿਹਾ: “ਯਹੋਵਾਹ ਨੇ ਇਸ ਨੂੰ ਵੀ ਨਹੀਂ ਚੁਣਿਆ।” 9 ਇਸ ਤੋਂ ਬਾਅਦ ਯੱਸੀ ਨੇ ਸ਼ਮਾਹ+ ਨੂੰ ਪੇਸ਼ ਕੀਤਾ, ਪਰ ਉਸ ਨੇ ਕਿਹਾ: “ਯਹੋਵਾਹ ਨੇ ਇਸ ਨੂੰ ਵੀ ਨਹੀਂ ਚੁਣਿਆ।” 10 ਯੱਸੀ ਨੇ ਆਪਣੇ ਸੱਤ ਪੁੱਤਰਾਂ ਨੂੰ ਸਮੂਏਲ ਸਾਮ੍ਹਣੇ ਲਿਆਂਦਾ, ਪਰ ਸਮੂਏਲ ਨੇ ਯੱਸੀ ਨੂੰ ਕਿਹਾ: “ਯਹੋਵਾਹ ਨੇ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਚੁਣਿਆ।”

11 ਅਖ਼ੀਰ ਸਮੂਏਲ ਨੇ ਯੱਸੀ ਨੂੰ ਪੁੱਛਿਆ: “ਕੀ ਤੇਰੇ ਇੰਨੇ ਹੀ ਮੁੰਡੇ ਹਨ?” ਇਹ ਸੁਣ ਕੇ ਉਸ ਨੇ ਜਵਾਬ ਦਿੱਤਾ: “ਨਹੀਂ ਇਕ ਹੋਰ ਹੈ, ਸਭ ਤੋਂ ਛੋਟਾ;+ ਉਹ ਭੇਡਾਂ ਚਾਰਨ ਗਿਆ ਹੈ।”+ ਫਿਰ ਸਮੂਏਲ ਨੇ ਯੱਸੀ ਨੂੰ ਕਿਹਾ: “ਉਸ ਨੂੰ ਸੱਦ ਕਿਉਂਕਿ ਜਦ ਤਕ ਉਹ ਇੱਥੇ ਨਹੀਂ ਆ ਜਾਂਦਾ, ਅਸੀਂ ਖਾਣਾ ਖਾਣ ਨਹੀਂ ਬੈਠਾਂਗੇ।” 12 ਇਸ ਲਈ ਯੱਸੀ ਨੇ ਕਿਸੇ ਨੂੰ ਭੇਜ ਕੇ ਉਸ ਨੂੰ ਬੁਲਾਇਆ ਅਤੇ ਸਮੂਏਲ ਕੋਲ ਲਿਆਂਦਾ। ਉਸ ਦਾ ਰੰਗ ਲਾਲ ਸੀ, ਉਸ ਦੀਆਂ ਅੱਖਾਂ ਸੋਹਣੀਆਂ ਸਨ ਤੇ ਉਹ ਸੋਹਣਾ-ਸੁਨੱਖਾ ਸੀ।+ ਫਿਰ ਯਹੋਵਾਹ ਨੇ ਕਿਹਾ: “ਉੱਠ, ਇਹੀ ਹੈ! ਇਸ ਨੂੰ ਨਿਯੁਕਤ ਕਰ।”+ 13 ਇਸ ਲਈ ਸਮੂਏਲ ਨੇ ਤੇਲ ਨਾਲ ਭਰਿਆ ਸਿੰਗ ਲਿਆ+ ਤੇ ਉਸ ਨੂੰ ਉਸ ਦੇ ਭਰਾਵਾਂ ਦੇ ਸਾਮ੍ਹਣੇ ਨਿਯੁਕਤ ਕੀਤਾ। ਅਤੇ ਉਸ ਦਿਨ ਤੋਂ ਯਹੋਵਾਹ ਦੀ ਪਵਿੱਤਰ ਸ਼ਕਤੀ ਦਾਊਦ ਉੱਤੇ ਕੰਮ ਕਰਨ ਲੱਗ ਪਈ।+ ਬਾਅਦ ਵਿਚ ਸਮੂਏਲ ਉੱਠ ਕੇ ਰਾਮਾਹ ਨੂੰ ਚਲਾ ਗਿਆ।+

14 ਹੁਣ ਯਹੋਵਾਹ ਦੀ ਪਵਿੱਤਰ ਸ਼ਕਤੀ ਨੇ ਸ਼ਾਊਲ ਉੱਤੇ ਕੰਮ ਕਰਨਾ ਬੰਦ ਕਰ ਦਿੱਤਾ+ ਅਤੇ ਯਹੋਵਾਹ ਨੇ ਸ਼ਾਊਲ ਦੀ ਬੁਰੀ ਸੋਚ ਨੂੰ ਉਸ ਉੱਤੇ ਹਾਵੀ ਹੋਣ ਦਿੱਤਾ ਜਿਸ ਕਰਕੇ ਉਹ ਹਮੇਸ਼ਾ ਖ਼ੌਫ਼ ਵਿਚ ਰਹਿੰਦਾ ਸੀ।*+ 15 ਸ਼ਾਊਲ ਦੇ ਸੇਵਕਾਂ ਨੇ ਉਸ ਨੂੰ ਕਿਹਾ: “ਦੇਖ, ਪਰਮੇਸ਼ੁਰ ਨੇ ਤੇਰੀ ਬੁਰੀ ਸੋਚ ਤੇਰੇ ਉੱਤੇ ਹਾਵੀ ਹੋਣ ਦਿੱਤੀ ਹੈ ਜਿਸ ਕਰਕੇ ਤੂੰ ਹਮੇਸ਼ਾ ਖ਼ੌਫ਼ ਵਿਚ ਰਹਿੰਦਾ ਹੈਂ। 16 ਹੇ ਸਾਡੇ ਮਾਲਕ, ਕਿਰਪਾ ਕਰ ਕੇ ਆਪਣੇ ਸੇਵਕਾਂ ਨੂੰ ਇਕ ਅਜਿਹੇ ਆਦਮੀ ਨੂੰ ਲੱਭਣ ਦਾ ਹੁਕਮ ਦੇ ਜੋ ਰਬਾਬ ਵਜਾਉਣ ਵਿਚ ਮਾਹਰ ਹੋਵੇ।+ ਜਦੋਂ ਵੀ ਪਰਮੇਸ਼ੁਰ ਤੇਰੀ ਬੁਰੀ ਸੋਚ ਤੇਰੇ ਉੱਤੇ ਹਾਵੀ ਹੋਣ ਦੇਵੇਗਾ, ਤਦ ਉਹ ਰਬਾਬ ਵਜਾਵੇਗਾ ਅਤੇ ਤੂੰ ਚੰਗਾ ਮਹਿਸੂਸ ਕਰੇਂਗਾ।” 17 ਇਸ ਲਈ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਕਿਹਾ: “ਕਿਰਪਾ ਕਰ ਕੇ ਮੇਰੇ ਲਈ ਇਕ ਆਦਮੀ ਲੱਭੋ ਜੋ ਸਾਜ਼ ਵਜਾਉਣ ਵਿਚ ਮਾਹਰ ਹੋਵੇ ਅਤੇ ਉਸ ਨੂੰ ਮੇਰੇ ਕੋਲ ਲਿਆਓ।”

18 ਇਕ ਸੇਵਾਦਾਰ ਨੇ ਕਿਹਾ: “ਮੈਂ ਦੇਖਿਆ ਹੈ ਕਿ ਬੈਤਲਹਮ ਵਿਚ ਰਹਿਣ ਵਾਲੇ ਯੱਸੀ ਦਾ ਇਕ ਪੁੱਤਰ ਸਾਜ਼ ਵਜਾਉਣ ਵਿਚ ਮਾਹਰ ਹੈ ਅਤੇ ਉਹ ਦਲੇਰ ਤੇ ਤਾਕਤਵਰ ਯੋਧਾ ਹੈ।+ ਉਹ ਚੰਗੀ ਤਰ੍ਹਾਂ ਗੱਲ ਕਰਨੀ ਜਾਣਦਾ ਹੈ ਅਤੇ ਉਹ ਸੋਹਣਾ-ਸੁਨੱਖਾ ਹੈ+ ਤੇ ਯਹੋਵਾਹ ਉਸ ਦੇ ਨਾਲ ਹੈ।”+ 19 ਫਿਰ ਸ਼ਾਊਲ ਨੇ ਸੰਦੇਸ਼ ਦੇਣ ਵਾਲਿਆਂ ਨੂੰ ਯੱਸੀ ਦੇ ਕੋਲ ਇਹ ਕਹਿ ਕੇ ਭੇਜਿਆ: “ਆਪਣੇ ਪੁੱਤਰ ਦਾਊਦ ਨੂੰ ਮੇਰੇ ਕੋਲ ਭੇਜ ਜੋ ਭੇਡਾਂ ਚਾਰਦਾ ਹੈ।”+ 20 ਇਸ ਲਈ ਯੱਸੀ ਨੇ ਰੋਟੀਆਂ ਅਤੇ ਦਾਖਰਸ ਦੀ ਮਸ਼ਕ ਇਕ ਗਧੇ ਉੱਤੇ ਲੱਦੀ ਤੇ ਇਕ ਮੇਮਣਾ ਲਿਆ ਅਤੇ ਇਹ ਸਭ ਆਪਣੇ ਪੁੱਤਰ ਦਾਊਦ ਦੇ ਹੱਥ ਸ਼ਾਊਲ ਕੋਲ ਭੇਜ ਦਿੱਤਾ। 21 ਇਸ ਤਰ੍ਹਾਂ ਦਾਊਦ ਸ਼ਾਊਲ ਕੋਲ ਆਇਆ ਅਤੇ ਉਸ ਦੀ ਸੇਵਾ ਕਰਨ ਲੱਗ ਪਿਆ।+ ਸ਼ਾਊਲ ਉਸ ਨੂੰ ਬਹੁਤ ਪਿਆਰ ਕਰਨ ਲੱਗਾ ਅਤੇ ਦਾਊਦ ਉਸ ਦਾ ਹਥਿਆਰ ਚੁੱਕਣ ਵਾਲਾ ਬਣ ਗਿਆ। 22 ਸ਼ਾਊਲ ਨੇ ਯੱਸੀ ਨੂੰ ਇਹ ਸੰਦੇਸ਼ ਭੇਜਿਆ: “ਦਾਊਦ ਨੂੰ ਮੇਰੀ ਸੇਵਾ ਵਿਚ ਰਹਿਣ ਦੇ ਕਿਉਂਕਿ ਮੇਰੀ ਕਿਰਪਾ ਦੀ ਨਜ਼ਰ ਉਸ ਉੱਤੇ ਹੋਈ ਹੈ।” 23 ਜਦੋਂ ਵੀ ਪਰਮੇਸ਼ੁਰ ਸ਼ਾਊਲ ਦੀ ਬੁਰੀ ਸੋਚ ਉਸ ਉੱਤੇ ਹਾਵੀ ਹੋਣ ਦਿੰਦਾ ਸੀ, ਤਾਂ ਦਾਊਦ ਰਬਾਬ ਲੈ ਕੇ ਵਜਾਉਂਦਾ ਸੀ ਜਿਸ ਨਾਲ ਸ਼ਾਊਲ ਨੂੰ ਸਕੂਨ ਮਿਲਦਾ ਸੀ ਤੇ ਉਹ ਬਿਹਤਰ ਮਹਿਸੂਸ ਕਰਦਾ ਸੀ ਅਤੇ ਉਸ ਦੀ ਸੋਚ ਬੁਰੀ ਨਹੀਂ ਸੀ ਰਹਿੰਦੀ।+

17 ਫਲਿਸਤੀਆਂ+ ਨੇ ਆਪਣੀਆਂ ਫ਼ੌਜਾਂ* ਨੂੰ ਯੁੱਧ ਲਈ ਇਕੱਠਾ ਕੀਤਾ। ਉਹ ਯਹੂਦਾਹ ਦੇ ਸ਼ਹਿਰ ਸੋਕੋਹ+ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਸੋਕੋਹ ਤੇ ਅਜ਼ੇਕਾਹ+ ਦੇ ਵਿਚਕਾਰ ਅਫਸ-ਦੰਮੀਮ+ ਵਿਚ ਡੇਰਾ ਲਾਇਆ। 2 ਸ਼ਾਊਲ ਅਤੇ ਇਜ਼ਰਾਈਲ ਦੇ ਆਦਮੀ ਇਕੱਠੇ ਹੋਏ ਅਤੇ ਉਨ੍ਹਾਂ ਨੇ ਏਲਾਹ ਵਾਦੀ ਵਿਚ ਡੇਰਾ ਲਾਇਆ+ ਤੇ ਫਲਿਸਤੀਆਂ ਦਾ ਸਾਮ੍ਹਣਾ ਕਰਨ ਲਈ ਮੋਰਚਾ ਬੰਨ੍ਹਿਆ। 3 ਇਕ ਪਹਾੜ ʼਤੇ ਫਲਿਸਤੀ ਅਤੇ ਦੂਜੇ ਪਹਾੜ ʼਤੇ ਇਜ਼ਰਾਈਲੀ ਸਨ ਅਤੇ ਉਨ੍ਹਾਂ ਵਿਚਕਾਰ ਵਾਦੀ ਸੀ।

4 ਫਿਰ ਫਲਿਸਤੀਆਂ ਦੇ ਡੇਰਿਆਂ ਵਿੱਚੋਂ ਇਕ ਯੋਧਾ ਨਿਕਲਿਆ; ਉਹ ਗਥ+ ਤੋਂ ਸੀ ਤੇ ਉਸ ਦਾ ਨਾਂ ਗੋਲਿਅਥ+ ਸੀ ਅਤੇ ਉਸ ਦਾ ਕੱਦ ਛੇ ਹੱਥ, ਇਕ ਗਿੱਠ ਸੀ।* 5 ਉਸ ਦੇ ਸਿਰ ʼਤੇ ਤਾਂਬੇ ਦਾ ਟੋਪ ਸੀ ਅਤੇ ਉਸ ਨੇ ਤਾਂਬੇ ਦੀ ਸੰਜੋਅ* ਪਹਿਨੀ ਹੋਈ ਸੀ। ਉਸ ਦੀ ਤਾਂਬੇ ਦੀ ਸੰਜੋਅ+ ਦਾ ਭਾਰ 5,000 ਸ਼ੇਕੇਲ* ਸੀ। 6 ਉਸ ਦੀਆਂ ਲੱਤਾਂ ਤਾਂਬੇ ਦੇ ਕਵਚ ਨਾਲ ਢਕੀਆਂ ਹੋਈਆਂ ਸਨ ਅਤੇ ਉਸ ਨੇ ਪਿੱਠ ʼਤੇ ਤਾਂਬੇ ਦਾ ਨੇਜ਼ਾ+ ਲਟਕਾਇਆ ਹੋਇਆ ਸੀ। 7 ਉਸ ਦੇ ਬਰਛੇ ਦਾ ਡੰਡਾ ਜੁਲਾਹੇ ਦੀ ਖੱਡੀ ਦੇ ਡੰਡੇ ਵਰਗਾ ਸੀ+ ਅਤੇ ਲੋਹੇ ਦੇ ਫਲ ਦਾ ਭਾਰ 600 ਸ਼ੇਕੇਲ* ਸੀ; ਅਤੇ ਉਸ ਦੀ ਢਾਲ ਚੁੱਕਣ ਵਾਲਾ ਉਸ ਦੇ ਅੱਗੇ-ਅੱਗੇ ਤੁਰ ਰਿਹਾ ਸੀ। 8 ਫਿਰ ਉਹ ਖੜ੍ਹ ਗਿਆ ਅਤੇ ਇਜ਼ਰਾਈਲ ਦੀ ਫ਼ੌਜ ਨੂੰ ਲਲਕਾਰ ਕੇ ਕਿਹਾ:+ “ਤੁਸੀਂ ਇੱਥੇ ਆ ਕੇ ਮੋਰਚਾ ਕਿਉਂ ਬੰਨ੍ਹਿਆ ਹੈ? ਮੈਂ ਫਲਿਸਤੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਯੋਧਾ ਹਾਂ ਤੇ ਤੁਸੀਂ ਸ਼ਾਊਲ ਦੇ ਨੌਕਰ ਹੋ। ਹੁਣ ਤੁਸੀਂ ਆਪਣੇ ਵਿੱਚੋਂ ਇਕ ਆਦਮੀ ਚੁਣੋ ਤੇ ਉਸ ਨੂੰ ਮੇਰੇ ਕੋਲ ਭੇਜੋ। 9 ਜੇ ਉਹ ਮੇਰੇ ਨਾਲ ਲੜੇ ਤੇ ਮੈਨੂੰ ਮਾਰ ਸੁੱਟੇ, ਤਾਂ ਅਸੀਂ ਤੁਹਾਡੇ ਨੌਕਰ ਬਣ ਜਾਵਾਂਗੇ। ਪਰ ਜੇ ਮੈਂ ਉਸ ਨੂੰ ਹਰਾ ਦਿੱਤਾ ਤੇ ਉਸ ਨੂੰ ਮਾਰ ਸੁੱਟਿਆ, ਤਾਂ ਤੁਸੀਂ ਸਾਡੇ ਨੌਕਰ ਬਣ ਜਾਓਗੇ ਤੇ ਸਾਡੀ ਸੇਵਾ ਕਰੋਗੇ।” 10 ਉਸ ਫਲਿਸਤੀ ਨੇ ਅੱਗੇ ਕਿਹਾ: “ਮੈਂ ਅੱਜ ਇਜ਼ਰਾਈਲ ਦੀ ਫ਼ੌਜ ਨੂੰ ਲਲਕਾਰਦਾ* ਹਾਂ।+ ਭੇਜੋ ਕਿਸੇ ਆਦਮੀ ਨੂੰ ਚੁਣ ਕੇ ਮੇਰੇ ਕੋਲ, ਹੋ ਜਾਵੇ ਮੁਕਾਬਲਾ!”

11 ਜਦ ਸ਼ਾਊਲ ਅਤੇ ਸਾਰੇ ਇਜ਼ਰਾਈਲ ਨੇ ਉਸ ਫਲਿਸਤੀ ਦੀਆਂ ਇਹ ਗੱਲਾਂ ਸੁਣੀਆਂ, ਤਾਂ ਉਨ੍ਹਾਂ ਦੇ ਸਾਹ ਸੁੱਕ ਗਏ ਅਤੇ ਉਹ ਡਰ ਨਾਲ ਕੰਬਣ ਲੱਗੇ।

12 ਦਾਊਦ ਯਹੂਦਾਹ ਦੇ ਬੈਤਲਹਮ+ ਵਿਚ ਰਹਿਣ ਵਾਲੇ ਯੱਸੀ+ ਅਫਰਾਥੀ+ ਦਾ ਪੁੱਤਰ ਸੀ ਜਿਸ ਦੇ ਅੱਠ ਪੁੱਤਰ ਸਨ+ ਅਤੇ ਜੋ ਸ਼ਾਊਲ ਦੇ ਦਿਨਾਂ ਵਿਚ ਬੁੱਢਾ ਹੋ ਚੁੱਕਾ ਸੀ। 13 ਯੱਸੀ ਦੇ ਤਿੰਨ ਵੱਡੇ ਪੁੱਤਰ ਸ਼ਾਊਲ ਨਾਲ ਯੁੱਧ ਵਿਚ ਗਏ ਸਨ।+ ਯੁੱਧ ਵਿਚ ਗਏ ਉਸ ਦੇ ਤਿੰਨ ਪੁੱਤਰਾਂ ਦੇ ਨਾਂ ਸਨ: ਜੇਠਾ ਅਲੀਆਬ,+ ਦੂਸਰਾ ਅਬੀਨਾਦਾਬ+ ਤੇ ਤੀਸਰਾ ਸ਼ਮਾਹ।+ 14 ਦਾਊਦ ਸਭ ਤੋਂ ਛੋਟਾ ਸੀ+ ਅਤੇ ਤਿੰਨ ਵੱਡੇ ਮੁੰਡੇ ਸ਼ਾਊਲ ਦੇ ਨਾਲ ਸਨ।

15 ਦਾਊਦ ਆਪਣੇ ਪਿਤਾ ਦੀਆਂ ਭੇਡਾਂ ਚਾਰਨ ਲਈ+ ਸ਼ਾਊਲ ਕੋਲੋਂ ਬੈਤਲਹਮ ਵਿਚ ਆਉਂਦਾ-ਜਾਂਦਾ ਰਹਿੰਦਾ ਸੀ। 16 ਅਤੇ ਉਹ ਫਲਿਸਤੀ ਹਰ ਰੋਜ਼ ਸਵੇਰੇ-ਸ਼ਾਮ ਇਜ਼ਰਾਈਲੀਆਂ ਅੱਗੇ ਆ ਕੇ ਖੜ੍ਹ ਜਾਂਦਾ ਸੀ। ਇਸ ਤਰ੍ਹਾਂ ਉਹ 40 ਦਿਨਾਂ ਤਕ ਕਰਦਾ ਰਿਹਾ।

17 ਫਿਰ ਯੱਸੀ ਨੇ ਆਪਣੇ ਪੁੱਤਰ ਦਾਊਦ ਨੂੰ ਕਿਹਾ: “ਕਿਰਪਾ ਕਰ ਕੇ ਇਹ ਏਫਾ* ਕੁ ਭੁੰਨੇ ਹੋਏ ਦਾਣੇ ਅਤੇ ਇਹ ਦਸ ਰੋਟੀਆਂ ਲੈ ਅਤੇ ਫਟਾਫਟ ਇਨ੍ਹਾਂ ਨੂੰ ਆਪਣੇ ਭਰਾਵਾਂ ਕੋਲ ਛਾਉਣੀ ਵਿਚ ਲੈ ਚੱਲ। 18 ਅਤੇ ਇਹ ਪਨੀਰ* ਦੇ ਦਸ ਟੁਕੜੇ ਹਜ਼ਾਰ ਦੇ ਮੁਖੀ ਕੋਲ ਲੈ ਜਾਹ; ਨਾਲੇ ਆਪਣੇ ਭਰਾਵਾਂ ਦਾ ਹਾਲ-ਚਾਲ ਪਤਾ ਕਰੀਂ ਅਤੇ ਉਨ੍ਹਾਂ ਕੋਲੋਂ ਕੋਈ ਨਿਸ਼ਾਨੀ ਲੈ ਕੇ ਆਈਂ ਕਿ ਉਹ ਠੀਕ-ਠਾਕ ਹਨ।” 19 ਉਹ ਸ਼ਾਊਲ ਅਤੇ ਇਜ਼ਰਾਈਲ ਦੇ ਬਾਕੀ ਸਾਰੇ ਆਦਮੀਆਂ ਨਾਲ ਏਲਾਹ ਵਾਦੀ+ ਵਿਚ ਫਲਿਸਤੀਆਂ ਨਾਲ ਲੜਨ ਲਈ ਗਏ ਸਨ।+

20 ਫਿਰ ਦਾਊਦ ਸਵੇਰੇ ਜਲਦੀ ਉੱਠਿਆ ਅਤੇ ਭੇਡਾਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਕਿਸੇ ਨੂੰ ਦੇ ਦਿੱਤੀ; ਉਸ ਤੋਂ ਬਾਅਦ ਉਸ ਨੇ ਆਪਣਾ ਸਾਮਾਨ ਬੰਨ੍ਹਿਆ ਅਤੇ ਤੁਰ ਪਿਆ ਜਿਵੇਂ ਯੱਸੀ ਨੇ ਉਸ ਨੂੰ ਹੁਕਮ ਦਿੱਤਾ ਸੀ। ਜਦ ਉਹ ਛਾਉਣੀ ਦੇ ਨੇੜੇ ਪਹੁੰਚਿਆ, ਤਾਂ ਫ਼ੌਜ ਨਾਅਰੇ ਮਾਰਦੀ ਹੋਈ ਯੁੱਧ ਦੇ ਮੈਦਾਨ ਵਿਚ ਜਾ ਰਹੀ ਸੀ। 21 ਇਜ਼ਰਾਈਲ ਅਤੇ ਫਲਿਸਤੀਆਂ ਦੀਆਂ ਫ਼ੌਜਾਂ ਇਕ-ਦੂਜੇ ਦੇ ਸਾਮ੍ਹਣੇ ਮੋਰਚਾ ਬੰਨ੍ਹ ਕੇ ਖੜ੍ਹ ਗਈਆਂ। 22 ਦਾਊਦ ਨੇ ਸਾਮਾਨ ਸੰਭਾਲਣ ਵਾਲੇ ਕੋਲ ਫਟਾਫਟ ਆਪਣਾ ਸਾਮਾਨ ਛੱਡਿਆ ਤੇ ਯੁੱਧ ਦੇ ਮੈਦਾਨ ਵੱਲ ਭੱਜ ਗਿਆ। ਜਦ ਉਹ ਉੱਥੇ ਪਹੁੰਚਿਆ, ਤਾਂ ਉਹ ਆਪਣੇ ਭਰਾਵਾਂ ਦਾ ਹਾਲ-ਚਾਲ ਪੁੱਛਣ ਲੱਗਾ।+

23 ਜਦ ਉਹ ਉਨ੍ਹਾਂ ਨਾਲ ਗੱਲਾਂ ਕਰ ਰਿਹਾ ਸੀ, ਤਾਂ ਉੱਥੇ ਗਥ ਦਾ ਫਲਿਸਤੀ ਯੋਧਾ ਗੋਲਿਅਥ+ ਆ ਗਿਆ। ਉਹ ਮੋਰਚਾਬੰਦ ਫਲਿਸਤੀਆਂ ਵਿੱਚੋਂ ਆਇਆ ਅਤੇ ਉਸ ਨੇ ਪਹਿਲਾਂ ਵਾਲੀਆਂ ਗੱਲਾਂ ਕਹੀਆਂ+ ਅਤੇ ਦਾਊਦ ਨੇ ਉਸ ਦੀਆਂ ਗੱਲਾਂ ਸੁਣੀਆਂ। 24 ਜਦ ਇਜ਼ਰਾਈਲ ਦੇ ਸਾਰੇ ਆਦਮੀਆਂ ਨੇ ਉਸ ਆਦਮੀ ਨੂੰ ਦੇਖਿਆ, ਤਾਂ ਉਹ ਡਰ ਦੇ ਮਾਰੇ ਭੱਜ ਗਏ।+ 25 ਇਜ਼ਰਾਈਲ ਦੇ ਆਦਮੀ ਕਹਿ ਰਹੇ ਸਨ: “ਇਸ ਆਦਮੀ ਨੂੰ ਦੇਖਿਆ ਜੋ ਆ ਰਿਹਾ ਹੈ? ਇਹ ਇਜ਼ਰਾਈਲ ਨੂੰ ਲਲਕਾਰਨ* ਆਉਂਦਾ ਹੈ।+ ਜਿਹੜਾ ਆਦਮੀ ਇਸ ਨੂੰ ਮਾਰ ਸੁੱਟੇਗਾ, ਰਾਜਾ ਉਸ ਨੂੰ ਬਹੁਤ ਧਨ-ਦੌਲਤ ਦੇਵੇਗਾ, ਉਹ ਉਸ ਨੂੰ ਆਪਣੀ ਧੀ ਦਾ ਹੱਥ ਦੇਵੇਗਾ+ ਅਤੇ ਇਜ਼ਰਾਈਲ ਵਿਚ ਉਸ ਦੇ ਪਿਤਾ ਦੇ ਘਰਾਣੇ ਨੂੰ ਮੁਕਤ ਕਰੇਗਾ।”

26 ਦਾਊਦ ਆਪਣੇ ਕੋਲ ਖੜ੍ਹੇ ਆਦਮੀਆਂ ਨੂੰ ਪੁੱਛਣ ਲੱਗਾ: “ਉਸ ਆਦਮੀ ਲਈ ਕੀ ਕੀਤਾ ਜਾਵੇਗਾ ਜੋ ਉਸ ਫਲਿਸਤੀ ਨੂੰ ਮਾਰ ਸੁੱਟੇ ਅਤੇ ਇਜ਼ਰਾਈਲ ਤੋਂ ਬਦਨਾਮੀ ਦੂਰ ਕਰੇ? ਇਹ ਬੇਸੁੰਨਤਾ ਫਲਿਸਤੀ ਜੀਉਂਦੇ ਪਰਮੇਸ਼ੁਰ ਦੀ ਫ਼ੌਜ ਨੂੰ ਲਲਕਾਰਨ ਵਾਲਾ* ਕੌਣ ਹੁੰਦਾ?”+ 27 ਫਿਰ ਲੋਕਾਂ ਨੇ ਉਸ ਨੂੰ ਪਹਿਲਾਂ ਵਾਲੀ ਗੱਲ ਦੱਸੀ: “ਜੋ ਆਦਮੀ ਉਸ ਨੂੰ ਮਾਰ ਸੁੱਟੇਗਾ, ਉਸ ਲਈ ਇਹ-ਇਹ ਕੀਤਾ ਜਾਵੇਗਾ।” 28 ਜਦ ਉਸ ਦੇ ਸਭ ਤੋਂ ਵੱਡੇ ਭਰਾ ਅਲੀਆਬ+ ਨੇ ਉਸ ਨੂੰ ਆਦਮੀਆਂ ਨਾਲ ਗੱਲ ਕਰਦਿਆਂ ਸੁਣਿਆ, ਤਾਂ ਉਹ ਦਾਊਦ ʼਤੇ ਗੁੱਸੇ ਹੋਇਆ ਅਤੇ ਉਸ ਨੂੰ ਕਿਹਾ: “ਤੂੰ ਇੱਥੇ ਕਿਉਂ ਆਇਆ ਹੈਂ? ਨਾਲੇ ਤੂੰ ਉਨ੍ਹਾਂ ਥੋੜ੍ਹੀਆਂ ਜਿਹੀਆਂ ਭੇਡਾਂ ਨੂੰ ਉਜਾੜ ਵਿਚ ਕਿਸ ਕੋਲ ਛੱਡ ਆਇਆਂ?+ ਤੂੰ ਸਭ ਕੁਝ ਛੱਡ ਕੇ ਇੱਥੇ ਬੱਸ ਯੁੱਧ ਦੇਖਣ ਆਇਆਂ। ਇੰਨੀ ਵੱਡੀ ਗੁਸਤਾਖ਼ੀ! ਮੈਂ ਤੇਰੇ ਦਿਲ ਦੇ ਬੁਰੇ ਇਰਾਦਿਆਂ ਨੂੰ ਚੰਗੀ ਤਰ੍ਹਾਂ ਜਾਣਦਾਂ।” 29 ਇਹ ਸੁਣ ਕੇ ਦਾਊਦ ਨੇ ਕਿਹਾ: “ਮੈਂ ਹੁਣ ਕੀ ਕੀਤਾ? ਮੈਂ ਤਾਂ ਬੱਸ ਇਕ ਸਵਾਲ ਪੁੱਛ ਰਿਹਾ ਸੀ!” 30 ਫਿਰ ਉਹ ਉਸ ਨੂੰ ਛੱਡ ਕੇ ਕਿਸੇ ਹੋਰ ਕੋਲ ਚਲਾ ਗਿਆ ਅਤੇ ਉਸ ਨੂੰ ਪਹਿਲਾਂ ਵਾਲਾ ਸਵਾਲ ਪੁੱਛਿਆ+ ਅਤੇ ਲੋਕਾਂ ਨੇ ਉਸ ਨੂੰ ਪਹਿਲਾਂ ਵਾਲਾ ਜਵਾਬ ਦਿੱਤਾ।+

31 ਲੋਕਾਂ ਨੇ ਦਾਊਦ ਦੀਆਂ ਗੱਲਾਂ ਸੁਣ ਕੇ ਸ਼ਾਊਲ ਨੂੰ ਦੱਸੀਆਂ। ਇਸ ਲਈ ਉਸ ਨੇ ਦਾਊਦ ਨੂੰ ਸੱਦਿਆ। 32 ਦਾਊਦ ਨੇ ਸ਼ਾਊਲ ਨੂੰ ਕਿਹਾ: “ਕੋਈ ਵੀ ਉਸ ਫਲਿਸਤੀ ਕਰਕੇ ਦਿਲ* ਨਾ ਹਾਰੇ। ਤੇਰਾ ਦਾਸ ਜਾਵੇਗਾ ਤੇ ਉਸ ਨਾਲ ਲੜੇਗਾ।”+ 33 ਪਰ ਸ਼ਾਊਲ ਨੇ ਦਾਊਦ ਨੂੰ ਕਿਹਾ: “ਤੂੰ ਇਸ ਫਲਿਸਤੀ ਨਾਲ ਨਹੀਂ ਲੜ ਸਕਦਾ। ਤੂੰ ਤਾਂ ਮੁੰਡਾ ਜਿਹਾ ਹੈਂ,+ ਪਰ ਉਹ ਛੋਟੇ ਹੁੰਦਿਆਂ ਤੋਂ ਹੀ ਇਕ ਫ਼ੌਜੀ* ਹੈ।” 34 ਫਿਰ ਦਾਊਦ ਨੇ ਸ਼ਾਊਲ ਨੂੰ ਕਿਹਾ: “ਤੇਰਾ ਸੇਵਕ ਆਪਣੇ ਪਿਤਾ ਦਾ ਇੱਜੜ ਚਾਰਦਾ ਹੈ। ਇਕ ਵਾਰ ਸ਼ੇਰ+ ਆਇਆ ਤੇ ਇੱਜੜ ਵਿੱਚੋਂ ਭੇਡ ਚੁੱਕ ਕੇ ਲੈ ਗਿਆ। ਇਕ ਹੋਰ ਸਮੇਂ ਤੇ ਰਿੱਛ ਆਇਆ ਤੇ ਉਸ ਨੇ ਵੀ ਇਸੇ ਤਰ੍ਹਾਂ ਕੀਤਾ। 35 ਮੈਂ ਉਨ੍ਹਾਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਨੂੰ ਮਾਰ ਸੁੱਟਿਆ ਤੇ ਭੇਡ ਨੂੰ ਉਨ੍ਹਾਂ ਦੇ ਮੂੰਹੋਂ ਬਚਾ ਲਿਆਂਦਾ। ਜਦ ਉਨ੍ਹਾਂ ਨੇ ਮੇਰੇ ʼਤੇ ਹਮਲਾ ਕੀਤਾ, ਤਾਂ ਮੈਂ ਉਨ੍ਹਾਂ ਨੂੰ ਵਾਲ਼ਾਂ ਤੋਂ* ਫੜ ਕੇ ਢਾਹ ਲਿਆ ਤੇ ਜਾਨੋਂ ਮਾਰ ਦਿੱਤਾ। 36 ਤੇਰੇ ਸੇਵਕ ਨੇ ਸ਼ੇਰ ਅਤੇ ਰਿੱਛ ਦੋਹਾਂ ਨੂੰ ਮਾਰ ਸੁੱਟਿਆ ਅਤੇ ਇਸ ਬੇਸੁੰਨਤੇ ਫਲਿਸਤੀ ਦਾ ਹਾਲ ਵੀ ਉਨ੍ਹਾਂ ਵਰਗਾ ਹੋਵੇਗਾ ਕਿਉਂਕਿ ਇਸ ਨੇ ਜੀਉਂਦੇ ਪਰਮੇਸ਼ੁਰ ਦੀਆਂ ਫ਼ੌਜਾਂ ਨੂੰ ਲਲਕਾਰਿਆ* ਹੈ।”+ 37 ਦਾਊਦ ਨੇ ਅੱਗੇ ਕਿਹਾ: “ਯਹੋਵਾਹ, ਜਿਸ ਨੇ ਮੈਨੂੰ ਸ਼ੇਰ ਅਤੇ ਰਿੱਛ ਦੇ ਪੰਜਿਆਂ ਤੋਂ ਬਚਾਇਆ ਸੀ, ਉਹੀ ਮੈਨੂੰ ਇਸ ਫਲਿਸਤੀ ਦੇ ਹੱਥੋਂ ਬਚਾਵੇਗਾ।”+ ਇਹ ਸੁਣ ਕੇ ਸ਼ਾਊਲ ਨੇ ਦਾਊਦ ਨੂੰ ਕਿਹਾ: “ਜਾਹ, ਯਹੋਵਾਹ ਤੇਰੇ ਨਾਲ ਹੋਵੇ।”

38 ਫਿਰ ਸ਼ਾਊਲ ਨੇ ਦਾਊਦ ਨੂੰ ਆਪਣਾ ਯੁੱਧ ਵਾਲਾ ਲਿਬਾਸ ਪਹਿਨਾਇਆ। ਉਸ ਨੇ ਉਸ ਦੇ ਸਿਰ ʼਤੇ ਤਾਂਬੇ ਦਾ ਟੋਪ ਰੱਖਿਆ ਅਤੇ ਉਸ ਨੂੰ ਸੰਜੋਅ ਪਹਿਨਾਈ। 39 ਫਿਰ ਦਾਊਦ ਨੇ ਆਪਣੇ ਲਿਬਾਸ ਨਾਲ ਤਲਵਾਰ ਬੰਨ੍ਹ ਲਈ ਤੇ ਤੁਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਤੁਰ ਨਾ ਸਕਿਆ ਕਿਉਂਕਿ ਉਹ ਇਨ੍ਹਾਂ ਦਾ ਆਦੀ ਨਹੀਂ ਸੀ। ਦਾਊਦ ਨੇ ਸ਼ਾਊਲ ਨੂੰ ਕਿਹਾ: “ਮੈਂ ਇਨ੍ਹਾਂ ਚੀਜ਼ਾਂ ਨੂੰ ਪਾ ਕੇ ਤੁਰ ਨਹੀਂ ਸਕਦਾ ਕਿਉਂਕਿ ਮੈਂ ਇਨ੍ਹਾਂ ਦਾ ਆਦੀ ਨਹੀਂ ਹਾਂ।” ਇਸ ਲਈ ਦਾਊਦ ਨੇ ਇਨ੍ਹਾਂ ਚੀਜ਼ਾਂ ਨੂੰ ਲਾਹ ਦਿੱਤਾ। 40 ਇਸ ਤੋਂ ਬਾਅਦ ਉਸ ਨੇ ਹੱਥ ਵਿਚ ਆਪਣੀ ਲਾਠੀ ਲਈ ਅਤੇ ਨਦੀ ਦੇ ਤਲ* ਤੋਂ ਪੰਜ ਮੁਲਾਇਮ ਪੱਥਰ ਚੁਣੇ ਤੇ ਉਨ੍ਹਾਂ ਨੂੰ ਚਰਵਾਹੇ ਵਾਲੇ ਥੈਲੇ ਦੀ ਜੇਬ ਵਿਚ ਪਾਇਆ ਤੇ ਆਪਣਾ ਗੋਪੀਆ+ ਹੱਥ ਵਿਚ ਲਿਆ। ਫਿਰ ਉਹ ਫਲਿਸਤੀ ਵੱਲ ਵਧਣ ਲੱਗਾ।

41 ਉਹ ਫਲਿਸਤੀ ਦਾਊਦ ਦੇ ਹੋਰ ਨੇੜੇ ਆਉਂਦਾ ਗਿਆ ਤੇ ਉਸ ਦੀ ਢਾਲ ਚੁੱਕਣ ਵਾਲਾ ਉਸ ਦੇ ਅੱਗੇ-ਅੱਗੇ ਸੀ। 42 ਜਦੋਂ ਫਲਿਸਤੀ ਦੀ ਨਜ਼ਰ ਦਾਊਦ ʼਤੇ ਪਈ, ਤਾਂ ਉਸ ਨੇ ਉਸ ਨੂੰ ਘਿਰਣਾ ਭਰੀਆਂ ਨਜ਼ਰਾਂ ਨਾਲ ਦੇਖਿਆ ਕਿਉਂਕਿ ਉਹ ਸੋਹਣਾ-ਸੁਨੱਖਾ ਛੋਟਾ ਜਿਹਾ ਮੁੰਡਾ ਸੀ ਜਿਸ ਦੇ ਚਿਹਰੇ ʼਤੇ ਲਾਲੀ ਸੀ।+ 43 ਉਸ ਫਲਿਸਤੀ ਨੇ ਦਾਊਦ ਨੂੰ ਕਿਹਾ: “ਮੈਂ ਕੋਈ ਕੁੱਤਾ ਹਾਂ+ ਕਿ ਤੂੰ ਮੇਰਾ ਮੁਕਾਬਲਾ ਕਰਨ ਲਈ ਡੰਡੇ ਲੈ ਕੇ ਆਇਆਂ?” ਇਹ ਕਹਿਣ ਤੋਂ ਬਾਅਦ ਉਸ ਫਲਿਸਤੀ ਨੇ ਆਪਣੇ ਦੇਵਤਿਆਂ ਦੇ ਨਾਂ ਲੈ ਕੇ ਉਸ ਨੂੰ ਸਰਾਪ ਦਿੱਤਾ। 44 ਫਲਿਸਤੀ ਨੇ ਦਾਊਦ ਨੂੰ ਕਿਹਾ: “ਮੇਰੇ ਕੋਲ ਆ ਤਾਂ ਸਹੀ, ਮੈਂ ਤੇਰਾ ਮਾਸ ਆਕਾਸ਼ ਦੇ ਪੰਛੀਆਂ ਤੇ ਮੈਦਾਨ ਦੇ ਜਾਨਵਰਾਂ ਨੂੰ ਖਿਲਾਵਾਂਗਾ।”

45 ਦਾਊਦ ਨੇ ਫਲਿਸਤੀ ਨੂੰ ਜਵਾਬ ਦਿੱਤਾ: “ਤੂੰ ਮੇਰੇ ਖ਼ਿਲਾਫ਼ ਤਲਵਾਰ, ਬਰਛਾ ਤੇ ਨੇਜ਼ਾ ਲੈ ਕੇ ਆ ਰਿਹਾ ਹੈਂ,+ ਪਰ ਮੈਂ ਤੇਰੇ ਖ਼ਿਲਾਫ਼ ਇਜ਼ਰਾਈਲ ਦੀ ਫ਼ੌਜ ਦੇ ਪਰਮੇਸ਼ੁਰ, ਸੈਨਾਵਾਂ ਦੇ ਯਹੋਵਾਹ+ ਦੇ ਨਾਂ ʼਤੇ ਆ ਰਿਹਾ ਹਾਂ ਜਿਸ ਨੂੰ ਤੂੰ ਲਲਕਾਰਿਆ* ਹੈ।+ 46 ਅੱਜ ਹੀ ਯਹੋਵਾਹ ਤੈਨੂੰ ਮੇਰੇ ਹੱਥ ਵਿਚ ਦੇ ਦੇਵੇਗਾ+ ਅਤੇ ਮੈਂ ਤੈਨੂੰ ਮਾਰ ਸੁੱਟਾਂਗਾ ਤੇ ਤੇਰਾ ਸਿਰ ਵੱਢ ਦਿਆਂਗਾ; ਅਤੇ ਇਸੇ ਦਿਨ ਮੈਂ ਫਲਿਸਤੀ ਫ਼ੌਜੀਆਂ ਦੀਆਂ ਲਾਸ਼ਾਂ ਆਕਾਸ਼ ਦੇ ਪੰਛੀਆਂ ਤੇ ਧਰਤੀ ਦੇ ਜੰਗਲੀ ਜਾਨਵਰਾਂ ਨੂੰ ਦੇ ਦਿਆਂਗਾ; ਅਤੇ ਸਾਰੀ ਧਰਤੀ ਦੇ ਲੋਕ ਜਾਣਨਗੇ ਕਿ ਇਜ਼ਰਾਈਲ ਦਾ ਪਰਮੇਸ਼ੁਰ ਹੀ ਸੱਚਾ ਪਰਮੇਸ਼ੁਰ ਹੈ।+ 47 ਨਾਲੇ ਇੱਥੇ ਇਕੱਠੇ ਹੋਏ ਸਾਰੇ ਜਣੇ* ਜਾਣਨਗੇ ਕਿ ਯਹੋਵਾਹ ਤਲਵਾਰ ਜਾਂ ਬਰਛੇ ਨਾਲ ਨਹੀਂ ਬਚਾਉਂਦਾ+ ਕਿਉਂਕਿ ਯੁੱਧ ਯਹੋਵਾਹ ਦਾ ਹੈ+ ਅਤੇ ਉਹ ਤੁਹਾਨੂੰ ਸਾਰਿਆਂ ਨੂੰ ਸਾਡੇ ਹੱਥ ਵਿਚ ਦੇ ਦੇਵੇਗਾ।”+

48 ਫਿਰ ਉਹ ਫਲਿਸਤੀ ਦਾਊਦ ਦਾ ਮੁਕਾਬਲਾ ਕਰਨ ਲਈ ਅੱਗੇ ਵਧਿਆ, ਪਰ ਦਾਊਦ ਉਸ ਫਲਿਸਤੀ ਦਾ ਮੁਕਾਬਲਾ ਕਰਨ ਲਈ ਯੁੱਧ ਦੇ ਮੈਦਾਨ ਵੱਲ ਤੇਜ਼ੀ ਨਾਲ ਭੱਜਿਆ। 49 ਦਾਊਦ ਨੇ ਆਪਣੇ ਥੈਲੇ ਵਿਚ ਹੱਥ ਪਾਇਆ ਤੇ ਉਸ ਵਿੱਚੋਂ ਇਕ ਪੱਥਰ ਕੱਢ ਕੇ ਗੋਪੀਏ ਵਿਚ ਰੱਖਿਆ। ਉਸ ਨੇ ਪੱਥਰ ਵਗਾਹ ਕੇ ਉਸ ਫਲਿਸਤੀ ਦੇ ਮੱਥੇ ʼਤੇ ਮਾਰਿਆ ਅਤੇ ਪੱਥਰ ਫਲਿਸਤੀ ਦੇ ਮੱਥੇ ਵਿਚ ਖੁੱਭ ਗਿਆ ਤੇ ਉਹ ਮੂੰਹ ਭਾਰ ਜ਼ਮੀਨ ʼਤੇ ਡਿਗ ਗਿਆ।+ 50 ਇਸ ਤਰ੍ਹਾਂ ਦਾਊਦ ਨੇ ਇਕ ਗੋਪੀਏ ਤੇ ਇਕ ਪੱਥਰ ਨਾਲ ਉਸ ਫਲਿਸਤੀ ਉੱਤੇ ਜਿੱਤ ਹਾਸਲ ਕੀਤੀ; ਦਾਊਦ ਨੇ ਉਸ ਫਲਿਸਤੀ ਨੂੰ ਮਾਰ ਮੁਕਾਇਆ, ਭਾਵੇਂ ਕਿ ਉਸ ਦੇ ਹੱਥ ਵਿਚ ਕੋਈ ਤਲਵਾਰ ਨਹੀਂ ਸੀ।+ 51 ਦਾਊਦ ਭੱਜਦਾ ਗਿਆ ਤੇ ਉਸ ਕੋਲ ਜਾ ਕੇ ਖੜ੍ਹ ਗਿਆ। ਫਿਰ ਉਸ ਨੇ ਉਸ ਫਲਿਸਤੀ ਦੀ ਤਲਵਾਰ ਫੜ ਕੇ ਮਿਆਨ ਵਿੱਚੋਂ ਖਿੱਚੀ+ ਅਤੇ ਫਲਿਸਤੀ ਦਾ ਸਿਰ ਵੱਢ ਕੇ ਪੱਕਾ ਕੀਤਾ ਕਿ ਉਹ ਪੂਰੀ ਤਰ੍ਹਾਂ ਮਰ ਚੁੱਕਾ ਸੀ। ਜਦ ਫਲਿਸਤੀਆਂ ਨੇ ਦੇਖਿਆ ਕਿ ਉਨ੍ਹਾਂ ਦਾ ਯੋਧਾ ਮਰ ਚੁੱਕਾ ਹੈ, ਤਾਂ ਉਹ ਭੱਜ ਗਏ।+

52 ਇਹ ਦੇਖ ਕੇ ਇਜ਼ਰਾਈਲ ਅਤੇ ਯਹੂਦਾਹ ਦੇ ਆਦਮੀ ਉੱਠੇ ਤੇ ਚਿਲਾਉਣ ਲੱਗੇ। ਉਨ੍ਹਾਂ ਨੇ ਵਾਦੀ+ ਤੋਂ ਲੈ ਕੇ ਅਕਰੋਨ+ ਦੇ ਦਰਵਾਜ਼ਿਆਂ ਤਕ ਫਲਿਸਤੀਆਂ ਦਾ ਪਿੱਛਾ ਕੀਤਾ। ਵੱਢੇ ਗਏ ਫਲਿਸਤੀ ਸ਼ਾਰੈਮ+ ਤੋਂ ਲੈ ਕੇ ਦੂਰ ਗਥ ਅਤੇ ਅਕਰੋਨ ਤਕ ਸਾਰੇ ਰਸਤੇ ਵਿਚ ਪਏ ਹੋਏ ਸਨ। 53 ਜਦ ਇਜ਼ਰਾਈਲੀ ਜੋਸ਼ ਨਾਲ ਫਲਿਸਤੀਆਂ ਦਾ ਪਿੱਛਾ ਕਰਨ ਤੋਂ ਬਾਅਦ ਵਾਪਸ ਮੁੜੇ, ਤਾਂ ਉਨ੍ਹਾਂ ਨੇ ਫਲਿਸਤੀਆਂ ਦੇ ਡੇਰਿਆਂ ਨੂੰ ਲੁੱਟਿਆ।

54 ਫਿਰ ਦਾਊਦ ਉਸ ਫਲਿਸਤੀ ਦਾ ਸਿਰ ਲੈ ਕੇ ਯਰੂਸ਼ਲਮ ਆ ਗਿਆ, ਪਰ ਉਸ ਨੇ ਫਲਿਸਤੀ ਦੇ ਹਥਿਆਰ ਆਪਣੇ ਤੰਬੂ ਵਿਚ ਰੱਖ ਲਏ।+

55 ਜਿਸ ਵੇਲੇ ਸ਼ਾਊਲ ਨੇ ਦਾਊਦ ਨੂੰ ਉਸ ਫਲਿਸਤੀ ਦਾ ਮੁਕਾਬਲਾ ਕਰਨ ਲਈ ਜਾਂਦਿਆਂ ਦੇਖਿਆ ਸੀ, ਤਾਂ ਉਸ ਨੇ ਫ਼ੌਜ ਦੇ ਮੁਖੀ ਅਬਨੇਰ+ ਨੂੰ ਪੁੱਛਿਆ: “ਅਬਨੇਰ, ਇਹ ਮੁੰਡਾ ਕਿਸ ਦਾ ਪੁੱਤਰ ਹੈ?”+ ਅਬਨੇਰ ਨੇ ਜਵਾਬ ਦਿੱਤਾ: “ਹੇ ਮਹਾਰਾਜ, ਤੇਰੀ ਜਾਨ ਦੀ ਸਹੁੰ, ਮੈਨੂੰ ਨਹੀਂ ਪਤਾ!” 56 ਰਾਜੇ ਨੇ ਕਿਹਾ: “ਪਤਾ ਕਰ ਇਹ ਨੌਜਵਾਨ ਕਿਸ ਦਾ ਪੁੱਤਰ ਹੈ।” 57 ਜਿਉਂ ਹੀ ਦਾਊਦ ਫਲਿਸਤੀ ਨੂੰ ਮਾਰ ਕੇ ਵਾਪਸ ਆਇਆ, ਅਬਨੇਰ ਨੇ ਉਸ ਨੂੰ ਸ਼ਾਊਲ ਸਾਮ੍ਹਣੇ ਪੇਸ਼ ਕੀਤਾ ਤੇ ਦਾਊਦ ਦੇ ਹੱਥ ਵਿਚ ਉਸ ਫਲਿਸਤੀ ਦਾ ਸਿਰ ਸੀ।+ 58 ਫਿਰ ਸ਼ਾਊਲ ਨੇ ਉਸ ਨੂੰ ਪੁੱਛਿਆ: “ਮੁੰਡਿਆ, ਤੂੰ ਕਿਸ ਦਾ ਪੁੱਤਰ ਹੈਂ?” ਦਾਊਦ ਨੇ ਜਵਾਬ ਦਿੱਤਾ: “ਮੈਂ ਬੈਤਲਹਮ ਵਿਚ ਰਹਿੰਦੇ ਤੇਰੇ ਸੇਵਕ ਯੱਸੀ+ ਦਾ ਪੁੱਤਰ ਹਾਂ।”+

18 ਦਾਊਦ ਤੇ ਸ਼ਾਊਲ ਦੀ ਇਸ ਗੱਲਬਾਤ ਤੋਂ ਬਾਅਦ ਯੋਨਾਥਾਨ+ ਅਤੇ ਦਾਊਦ ਜਿਗਰੀ ਦੋਸਤ ਬਣ ਗਏ ਅਤੇ ਯੋਨਾਥਾਨ ਉਸ ਨੂੰ ਆਪਣੀ ਜਾਨ ਜਿੰਨਾ ਪਿਆਰ ਕਰਨ ਲੱਗਾ।+ 2 ਉਸ ਦਿਨ ਤੋਂ ਸ਼ਾਊਲ ਦਾਊਦ ਨੂੰ ਆਪਣੇ ਨਾਲ ਰੱਖਦਾ ਸੀ ਅਤੇ ਉਸ ਨੇ ਉਸ ਨੂੰ ਆਪਣੇ ਪਿਤਾ ਦੇ ਘਰ ਮੁੜਨ ਨਹੀਂ ਦਿੱਤਾ।+ 3 ਅਤੇ ਯੋਨਾਥਾਨ ਤੇ ਦਾਊਦ ਨੇ ਆਪਸ ਵਿਚ ਇਕਰਾਰ ਕੀਤਾ+ ਕਿਉਂਕਿ ਯੋਨਾਥਾਨ ਉਸ ਨੂੰ ਆਪਣੀ ਜਾਨ ਜਿੰਨਾ ਪਿਆਰ ਕਰਦਾ ਸੀ।+ 4 ਯੋਨਾਥਾਨ ਨੇ ਆਪਣਾ ਬਿਨਾਂ ਬਾਹਾਂ ਵਾਲਾ ਚੋਗਾ ਲਾਹ ਕੇ ਦਾਊਦ ਨੂੰ ਦੇ ਦਿੱਤਾ ਤੇ ਨਾਲ ਹੀ ਆਪਣਾ ਫ਼ੌਜੀਆਂ ਵਾਲਾ ਲਿਬਾਸ, ਆਪਣੀ ਤਲਵਾਰ, ਕਮਾਨ ਅਤੇ ਕਮਰਬੰਦ ਵੀ ਦੇ ਦਿੱਤਾ। 5 ਦਾਊਦ ਯੁੱਧਾਂ ਵਿਚ ਜਾਣ ਲੱਗਾ ਅਤੇ ਜਿੱਥੇ ਕਿਤੇ ਵੀ ਸ਼ਾਊਲ ਉਸ ਨੂੰ ਭੇਜਦਾ ਸੀ, ਉਹ ਸਫ਼ਲ ਹੁੰਦਾ ਸੀ।*+ ਇਸ ਲਈ ਸ਼ਾਊਲ ਨੇ ਉਸ ਨੂੰ ਯੋਧਿਆਂ ਉੱਤੇ ਅਧਿਕਾਰੀ ਠਹਿਰਾ ਦਿੱਤਾ+ ਤੇ ਇਸ ਗੱਲੋਂ ਸਾਰੇ ਲੋਕ ਅਤੇ ਸ਼ਾਊਲ ਦੇ ਸੇਵਕ ਖ਼ੁਸ਼ ਹੋਏ।

6 ਜਦ ਦਾਊਦ ਅਤੇ ਹੋਰ ਜਣੇ ਫਲਿਸਤੀਆਂ ਨੂੰ ਮਾਰ ਕੇ ਵਾਪਸ ਆਉਂਦੇ ਸਨ, ਤਾਂ ਇਜ਼ਰਾਈਲ ਦੇ ਸਾਰੇ ਸ਼ਹਿਰਾਂ ਤੋਂ ਔਰਤਾਂ ਨੱਚਦੀਆਂ-ਗਾਉਂਦੀਆਂ,+ ਡਫਲੀਆਂ ਤੇ ਤਿੰਨ ਤਾਰਾਂ ਵਾਲੇ ਸਾਜ਼ ਵਜਾਉਂਦੀਆਂ ਖ਼ੁਸ਼ੀ-ਖ਼ੁਸ਼ੀ ਰਾਜਾ ਸ਼ਾਊਲ ਨੂੰ ਮਿਲਣ ਆਉਂਦੀਆਂ ਸਨ।+ 7 ਜਸ਼ਨ ਮਨਾਉਣ ਵਾਲੀਆਂ ਔਰਤਾਂ ਇਹ ਗਾਉਂਦੀਆਂ ਸਨ:

“ਸ਼ਾਊਲ ਨੇ ਮਾਰਿਆ ਹਜ਼ਾਰਾਂ ਨੂੰ,

ਦਾਊਦ ਨੇ ਮਾਰਿਆ ਲੱਖਾਂ ਨੂੰ।”+

8 ਸ਼ਾਊਲ ਨੂੰ ਬਹੁਤ ਗੁੱਸਾ ਚੜ੍ਹਿਆ+ ਤੇ ਉਸ ਨੂੰ ਇਹ ਗੀਤ ਚੰਗਾ ਨਹੀਂ ਲੱਗਾ ਕਿਉਂਕਿ ਉਸ ਨੇ ਕਿਹਾ: “ਉਨ੍ਹਾਂ ਨੇ ਦਾਊਦ ਨੂੰ ਲੱਖਾਂ ਨੂੰ ਮਾਰਨ ਦਾ ਸਿਹਰਾ ਦਿੱਤਾ ਤੇ ਮੈਨੂੰ ਸਿਰਫ਼ ਹਜ਼ਾਰਾਂ ਦਾ। ਹੁਣ ਤਾਂ ਬੱਸ ਉਸ ਨੂੰ ਰਾਜ ਦੇਣਾ ਹੀ ਬਾਕੀ ਰਹਿ ਗਿਆ!”+ 9 ਉਸ ਦਿਨ ਤੋਂ ਸ਼ਾਊਲ ਦਾਊਦ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗਾ।

10 ਅਗਲੇ ਦਿਨ ਪਰਮੇਸ਼ੁਰ ਨੇ ਸ਼ਾਊਲ ਦੀ ਬੁਰੀ ਸੋਚ ਨੂੰ ਉਸ ʼਤੇ ਹਾਵੀ ਹੋਣ ਦਿੱਤਾ+ ਜਿਸ ਕਰਕੇ ਸ਼ਾਊਲ ਆਪਣੇ ਘਰ ਵਿਚ ਅਜੀਬ ਜਿਹਾ ਵਰਤਾਅ ਕਰਨ ਲੱਗ ਪਿਆ। ਦਾਊਦ ਪਹਿਲਾਂ ਵਾਂਗ ਰਬਾਬ ਵਜਾ ਰਿਹਾ ਸੀ।+ ਸ਼ਾਊਲ ਦੇ ਹੱਥ ਵਿਚ ਬਰਛਾ ਸੀ+ 11 ਅਤੇ ਉਸ ਨੇ ਇਹ ਸੋਚਦੇ ਹੋਏ ਬਰਛਾ ਵਗਾਹ ਕੇ ਮਾਰਿਆ:+ ‘ਮੈਂ ਦਾਊਦ ਨੂੰ ਕੰਧ ਨਾਲ ਵਿੰਨ੍ਹ ਦਿਆਂਗਾ!’ ਪਰ ਦਾਊਦ ਦੋ ਵਾਰ ਉਸ ਤੋਂ ਬਚ ਗਿਆ। 12 ਫਿਰ ਸ਼ਾਊਲ ਦਾਊਦ ਤੋਂ ਡਰਨ ਲੱਗਾ ਕਿਉਂਕਿ ਯਹੋਵਾਹ ਦਾਊਦ ਦੇ ਨਾਲ ਸੀ,+ ਪਰ ਸ਼ਾਊਲ ਨੂੰ ਛੱਡ ਚੁੱਕਾ ਸੀ।+ 13 ਇਸ ਲਈ ਸ਼ਾਊਲ ਨੇ ਉਸ ਨੂੰ ਆਪਣੀ ਹਜ਼ੂਰੀ ਵਿੱਚੋਂ ਭੇਜ ਦਿੱਤਾ ਤੇ ਉਸ ਨੂੰ ਇਕ ਹਜ਼ਾਰ ਦਾ ਮੁਖੀ ਨਿਯੁਕਤ ਕਰ ਦਿੱਤਾ ਅਤੇ ਦਾਊਦ ਯੁੱਧ ਵਿਚ ਫ਼ੌਜ ਦੀ ਅਗਵਾਈ ਕਰਦਾ ਸੀ।*+ 14 ਦਾਊਦ ਜੋ ਕੁਝ ਵੀ ਕਰਦਾ ਸੀ, ਉਸ ਵਿਚ ਸਫ਼ਲ ਹੁੰਦਾ ਗਿਆ*+ ਅਤੇ ਯਹੋਵਾਹ ਉਸ ਦੇ ਨਾਲ ਸੀ।+ 15 ਜਦ ਸ਼ਾਊਲ ਨੇ ਦੇਖਿਆ ਕਿ ਉਹ ਬਹੁਤ ਕਾਮਯਾਬ ਹੋ ਗਿਆ, ਤਾਂ ਉਹ ਉਸ ਤੋਂ ਡਰਨ ਲੱਗਾ। 16 ਪਰ ਸਾਰਾ ਇਜ਼ਰਾਈਲ ਅਤੇ ਯਹੂਦਾਹ ਦਾਊਦ ਨੂੰ ਪਿਆਰ ਕਰਦਾ ਸੀ ਕਿਉਂਕਿ ਉਹ ਯੁੱਧਾਂ ਵਿਚ ਉਨ੍ਹਾਂ ਦੀ ਅਗਵਾਈ ਕਰਦਾ ਸੀ।

17 ਬਾਅਦ ਵਿਚ ਸ਼ਾਊਲ ਨੇ ਦਾਊਦ ਨੂੰ ਕਿਹਾ: “ਇਹ ਮੇਰੀ ਵੱਡੀ ਧੀ ਮੇਰਬ ਹੈ।+ ਮੈਂ ਇਸ ਦਾ ਵਿਆਹ ਤੇਰੇ ਨਾਲ ਕਰ ਦਿਆਂਗਾ।+ ਬੱਸ ਤੂੰ ਮੇਰੇ ਲਈ ਆਪਣੀ ਦਲੇਰੀ ਦਿਖਾਉਂਦਾ ਰਹੀਂ ਤੇ ਯਹੋਵਾਹ ਦੇ ਯੁੱਧ ਲੜਦਾ ਰਹੀਂ।+ ਕਿਉਂਕਿ ਸ਼ਾਊਲ ਨੇ ਮਨ ਵਿਚ ਸੋਚਿਆ: ‘ਮੇਰਾ ਹੱਥ ਇਸ ਦੇ ਵਿਰੁੱਧ ਨਾ ਉੱਠੇ, ਸਗੋਂ ਇਹ ਫਲਿਸਤੀਆਂ ਹੱਥੋਂ ਮਾਰਿਆ ਜਾਵੇ।’+ 18 ਇਹ ਸੁਣ ਕੇ ਦਾਊਦ ਨੇ ਸ਼ਾਊਲ ਨੂੰ ਕਿਹਾ: “ਮੇਰੀ ਔਕਾਤ ਕੀ ਹੈ, ਨਾਲੇ ਇਜ਼ਰਾਈਲ ਵਿਚ ਮੇਰੇ ਪਰਿਵਾਰ ਤੇ ਮੇਰੇ ਰਿਸ਼ਤੇਦਾਰਾਂ ਦੀ ਹੈਸੀਅਤ ਹੀ ਕੀ ਹੈ ਜੋ ਮੈਂ ਰਾਜੇ ਦਾ ਜਵਾਈ ਬਣਾਂ?”+ 19 ਪਰ ਜਦ ਸ਼ਾਊਲ ਦੀ ਧੀ ਮੇਰਬ ਦਾ ਦਾਊਦ ਨਾਲ ਵਿਆਹ ਕਰਨ ਦਾ ਸਮਾਂ ਆਇਆ, ਤਾਂ ਉਸ ਦਾ ਵਿਆਹ ਪਹਿਲਾਂ ਹੀ ਮਹੋਲਾਹੀ ਅਦਰੀਏਲ+ ਨਾਲ ਕਰ ਦਿੱਤਾ ਗਿਆ ਸੀ।

20 ਸ਼ਾਊਲ ਦੀ ਧੀ ਮੀਕਲ+ ਦਾਊਦ ਨੂੰ ਪਿਆਰ ਕਰਦੀ ਸੀ ਅਤੇ ਜਦੋਂ ਇਹ ਗੱਲ ਸ਼ਾਊਲ ਨੂੰ ਦੱਸੀ ਗਈ, ਤਾਂ ਉਹ ਬਹੁਤ ਖ਼ੁਸ਼ ਹੋਇਆ। 21 ਇਸ ਲਈ ਸ਼ਾਊਲ ਨੇ ਕਿਹਾ: “ਮੈਂ ਆਪਣੀ ਧੀ ਦਾ ਵਿਆਹ ਉਸ ਨਾਲ ਕਰ ਦਿਆਂਗਾ ਤੇ ਅਜਿਹਾ ਜਾਲ਼ ਵਿਛਾਵਾਂਗਾ ਕਿ ਉਹ ਫਲਿਸਤੀਆਂ ਦੇ ਹੱਥੋਂ ਮਾਰਿਆ ਜਾਵੇ।”+ ਫਿਰ ਸ਼ਾਊਲ ਨੇ ਦੂਸਰੀ ਵਾਰ ਦਾਊਦ ਨੂੰ ਕਿਹਾ: “ਤੂੰ ਅੱਜ ਮੇਰੇ ਨਾਲ ਰਿਸ਼ਤੇਦਾਰੀ ਵਿਚ ਬੱਝੇਂਗਾ।”* 22 ਇਸ ਤੋਂ ਬਾਅਦ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ: “ਦਾਊਦ ਨਾਲ ਇਕੱਲਿਆਂ ਵਿਚ ਗੱਲ ਕਰੋ ਤੇ ਉਸ ਨੂੰ ਕਹੋ, ‘ਦੇਖ! ਰਾਜਾ ਤੇਰੇ ਤੋਂ ਖ਼ੁਸ਼ ਹੈ ਤੇ ਉਸ ਦੇ ਸਾਰੇ ਸੇਵਕ ਤੈਨੂੰ ਬਹੁਤ ਪਸੰਦ ਕਰਦੇ ਹਨ। ਇਸ ਲਈ ਹੁਣ ਤੂੰ ਰਾਜੇ ਨਾਲ ਰਿਸ਼ਤੇਦਾਰੀ ਵਿਚ ਬੱਝ ਜਾ।’” 23 ਜਦ ਸ਼ਾਊਲ ਦੇ ਸੇਵਕਾਂ ਨੇ ਦਾਊਦ ਨੂੰ ਇਹ ਗੱਲਾਂ ਕਹੀਆਂ, ਤਾਂ ਦਾਊਦ ਨੇ ਕਿਹਾ: “ਕੀ ਤੁਹਾਨੂੰ ਇਹ ਮਾਮੂਲੀ ਜਿਹੀ ਗੱਲ ਲੱਗਦੀ ਹੈ ਕਿ ਮੈਂ ਰਾਜੇ ਨਾਲ ਰਿਸ਼ਤੇਦਾਰੀ ਵਿਚ ਬੱਝ ਜਾਵਾਂ? ਮੈਂ ਤਾਂ ਗ਼ਰੀਬ ਜਿਹਾ ਬੰਦਾ ਹਾਂ, ਨਾਲੇ ਮੇਰੀ ਹੈਸੀਅਤ ਹੀ ਕੀ ਹੈ?”+ 24 ਫਿਰ ਸ਼ਾਊਲ ਦੇ ਸੇਵਕਾਂ ਨੇ ਉਸ ਨੂੰ ਖ਼ਬਰ ਦਿੱਤੀ: “ਦਾਊਦ ਨੇ ਇਹ-ਇਹ ਗੱਲਾਂ ਕਹੀਆਂ ਹਨ।”

25 ਇਹ ਸੁਣ ਕੇ ਸ਼ਾਊਲ ਨੇ ਕਿਹਾ: “ਤੁਸੀਂ ਦਾਊਦ ਨੂੰ ਇਹ ਕਹਿਓ, ‘ਰਾਜਾ ਲਾੜੀ ਦੇ ਬਦਲੇ ਕੋਈ ਕੀਮਤ ਨਹੀਂ ਚਾਹੁੰਦਾ,+ ਸਿਰਫ਼ ਫਲਿਸਤੀਆਂ ਦੀਆਂ 100 ਖੱਲੜੀਆਂ ਚਾਹੁੰਦਾ ਹੈ+ ਤਾਂਕਿ ਰਾਜੇ ਦੇ ਦੁਸ਼ਮਣਾਂ ਤੋਂ ਬਦਲਾ ਲਿਆ ਜਾ ਸਕੇ।’” ਦਰਅਸਲ ਸ਼ਾਊਲ ਸਾਜ਼ਸ਼ ਘੜ ਰਿਹਾ ਸੀ ਕਿ ਦਾਊਦ ਫਲਿਸਤੀਆਂ ਦੇ ਹੱਥੋਂ ਮਾਰਿਆ ਜਾਵੇ। 26 ਇਸ ਲਈ ਉਸ ਦੇ ਸੇਵਕਾਂ ਨੇ ਇਹ ਗੱਲਾਂ ਦਾਊਦ ਨੂੰ ਦੱਸੀਆਂ ਅਤੇ ਰਾਜੇ ਨਾਲ ਰਿਸ਼ਤੇਦਾਰੀ ਵਿਚ ਬੱਝਣ ਦੀ ਗੱਲ ਤੋਂ ਦਾਊਦ ਖ਼ੁਸ਼ ਹੋਇਆ।+ ਦਿੱਤੇ ਗਏ ਸਮੇਂ ਤੋਂ ਪਹਿਲਾਂ ਹੀ 27 ਦਾਊਦ ਆਪਣੇ ਆਦਮੀਆਂ ਨਾਲ ਗਿਆ ਤੇ 200 ਫਲਿਸਤੀ ਆਦਮੀਆਂ ਨੂੰ ਮਾਰ ਸੁੱਟਿਆ ਅਤੇ ਦਾਊਦ ਨੇ ਉਨ੍ਹਾਂ ਸਾਰਿਆਂ ਦੀਆਂ ਖੱਲੜੀਆਂ ਲਿਆ ਕੇ ਰਾਜੇ ਨੂੰ ਦਿੱਤੀਆਂ ਤਾਂਕਿ ਉਹ ਰਾਜੇ ਨਾਲ ਰਿਸ਼ਤੇਦਾਰੀ ਵਿਚ ਬੱਝੇ। ਇਸ ਲਈ ਸ਼ਾਊਲ ਨੇ ਆਪਣੀ ਧੀ ਮੀਕਲ ਦਾ ਵਿਆਹ ਉਸ ਨਾਲ ਕਰ ਦਿੱਤਾ।+ 28 ਸ਼ਾਊਲ ਨੂੰ ਅਹਿਸਾਸ ਹੋ ਗਿਆ ਕਿ ਯਹੋਵਾਹ ਦਾਊਦ ਦੇ ਨਾਲ ਸੀ+ ਅਤੇ ਉਸ ਦੀ ਧੀ ਮੀਕਲ ਦਾਊਦ ਨੂੰ ਪਿਆਰ ਕਰਦੀ ਸੀ।+ 29 ਇਸ ਕਰਕੇ ਸ਼ਾਊਲ ਦਾਊਦ ਤੋਂ ਹੋਰ ਵੀ ਜ਼ਿਆਦਾ ਡਰਨ ਲੱਗਾ ਅਤੇ ਸ਼ਾਊਲ ਬਾਕੀ ਸਾਰੀ ਜ਼ਿੰਦਗੀ ਦਾਊਦ ਦਾ ਦੁਸ਼ਮਣ ਬਣਿਆ ਰਿਹਾ।+

30 ਫਲਿਸਤੀਆਂ ਦੇ ਮੁਖੀ ਯੁੱਧ ਕਰਨ ਜਾਂਦੇ ਸਨ, ਪਰ ਉਹ ਜਿੰਨੀ ਵਾਰ ਜਾਂਦੇ ਸਨ, ਦਾਊਦ ਸ਼ਾਊਲ ਦੇ ਸਾਰੇ ਸੇਵਕਾਂ ਨਾਲੋਂ ਵੱਧ ਸਫ਼ਲ ਹੁੰਦਾ ਸੀ;+ ਅਤੇ ਉਸ ਦਾ ਨਾਂ ਵਡਿਆਇਆ ਜਾਂਦਾ ਸੀ।+

19 ਬਾਅਦ ਵਿਚ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਅਤੇ ਆਪਣੇ ਸਾਰੇ ਸੇਵਕਾਂ ਨਾਲ ਦਾਊਦ ਨੂੰ ਜਾਨੋਂ ਮਾਰਨ ਦੀ ਗੱਲ ਕੀਤੀ।+ 2 ਸ਼ਾਊਲ ਦੇ ਪੁੱਤਰ ਯੋਨਾਥਾਨ ਦਾ ਦਾਊਦ ਨਾਲ ਬਹੁਤ ਲਗਾਅ ਸੀ,+ ਇਸ ਲਈ ਯੋਨਾਥਾਨ ਨੇ ਦਾਊਦ ਨੂੰ ਦੱਸਿਆ: “ਮੇਰਾ ਪਿਤਾ ਸ਼ਾਊਲ ਤੈਨੂੰ ਜਾਨੋਂ ਮਾਰਨਾ ਚਾਹੁੰਦਾ ਹੈ। ਕੱਲ੍ਹ ਸਵੇਰੇ ਚੁਕੰਨਾ ਰਹੀਂ ਤੇ ਕਿਤੇ ਜਾ ਕੇ ਲੁਕ ਜਾਈਂ ਤੇ ਉੱਥੇ ਹੀ ਰਹੀਂ। 3 ਮੈਂ ਆਪਣੇ ਪਿਤਾ ਨਾਲ ਉਸ ਮੈਦਾਨ ਵਿਚ ਜਾਵਾਂਗਾ ਜਿੱਥੇ ਤੂੰ ਹੋਵੇਂਗਾ। ਮੈਂ ਉਸ ਨਾਲ ਤੇਰੇ ਬਾਰੇ ਗੱਲ ਕਰਾਂਗਾ ਤੇ ਜੇ ਮੈਨੂੰ ਕੁਝ ਪਤਾ ਲੱਗਾ, ਤਾਂ ਮੈਂ ਤੈਨੂੰ ਜ਼ਰੂਰ ਦੱਸਾਂਗਾ।”+

4 ਇਸ ਲਈ ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਅੱਗੇ ਦਾਊਦ ਦੀ ਤਾਰੀਫ਼ ਕੀਤੀ।+ ਉਸ ਨੇ ਉਸ ਨੂੰ ਕਿਹਾ: “ਰਾਜਾ ਆਪਣੇ ਸੇਵਕ ਦਾਊਦ ਖ਼ਿਲਾਫ਼ ਪਾਪ ਨਾ ਕਰੇ ਕਿਉਂਕਿ ਉਸ ਨੇ ਤੇਰੇ ਖ਼ਿਲਾਫ਼ ਕੋਈ ਪਾਪ ਨਹੀਂ ਕੀਤਾ, ਸਗੋਂ ਉਸ ਨੇ ਹਮੇਸ਼ਾ ਤੇਰੇ ਫ਼ਾਇਦੇ ਲਈ ਹੀ ਕੰਮ ਕੀਤਾ ਹੈ। 5 ਉਸ ਨੇ ਫਲਿਸਤੀ ਨੂੰ ਮਾਰਨ ਲਈ ਆਪਣੀ ਜਾਨ ਖ਼ਤਰੇ ਵਿਚ ਪਾਈ*+ ਜਿਸ ਕਰਕੇ ਯਹੋਵਾਹ ਨੇ ਸਾਰੇ ਇਜ਼ਰਾਈਲ ਨੂੰ ਵੱਡੀ ਜਿੱਤ ਦਿਵਾਈ।* ਤੂੰ ਇਹ ਆਪਣੀ ਅੱਖੀਂ ਦੇਖਿਆ ਸੀ ਤੇ ਬਹੁਤ ਖ਼ੁਸ਼ ਹੋਇਆ ਸੀ। ਤਾਂ ਫਿਰ, ਤੂੰ ਕਿਉਂ ਬਿਨਾਂ ਵਜ੍ਹਾ ਦਾਊਦ ਨੂੰ ਜਾਨੋਂ ਮਾਰਨਾ ਚਾਹੁੰਦਾ ਹੈਂ ਤੇ ਕਿਉਂ ਉਸ ਬੇਕਸੂਰ ਦਾ ਖ਼ੂਨ ਵਹਾ ਕੇ ਪਾਪ ਕਰਨਾ ਚਾਹੁੰਦਾ ਹੈਂ?”+ 6 ਸ਼ਾਊਲ ਨੇ ਯੋਨਾਥਾਨ ਦੀ ਗੱਲ ਸੁਣੀ ਤੇ ਸ਼ਾਊਲ ਨੇ ਸਹੁੰ ਖਾਧੀ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਉਸ ਨੂੰ ਮਾਰਿਆ ਨਹੀਂ ਜਾਵੇਗਾ।” 7 ਇਸ ਤੋਂ ਬਾਅਦ ਯੋਨਾਥਾਨ ਨੇ ਦਾਊਦ ਨੂੰ ਬੁਲਾ ਕੇ ਇਹ ਸਾਰੀਆਂ ਗੱਲਾਂ ਦੱਸੀਆਂ। ਫਿਰ ਯੋਨਾਥਾਨ ਦਾਊਦ ਨੂੰ ਸ਼ਾਊਲ ਕੋਲ ਲਿਆਇਆ ਤੇ ਉਹ ਪਹਿਲਾਂ ਵਾਂਗ ਉਸ ਦੀ ਸੇਵਾ ਕਰਦਾ ਰਿਹਾ।+

8 ਕੁਝ ਸਮੇਂ ਬਾਅਦ ਦੁਬਾਰਾ ਲੜਾਈ ਲੱਗ ਗਈ ਅਤੇ ਦਾਊਦ ਫਲਿਸਤੀਆਂ ਨਾਲ ਲੜਨ ਗਿਆ ਤੇ ਉਸ ਨੇ ਬਹੁਤ ਸਾਰਿਆਂ ਨੂੰ ਵੱਢ ਸੁੱਟਿਆ ਤੇ ਉਹ ਉਸ ਅੱਗੋਂ ਭੱਜ ਗਏ।

9 ਫਿਰ ਇਵੇਂ ਹੋਇਆ ਕਿ ਸ਼ਾਊਲ ਹੱਥ ਵਿਚ ਬਰਛਾ ਫੜੀ ਆਪਣੇ ਘਰ ਬੈਠਾ ਹੋਇਆ ਸੀ+ ਅਤੇ ਯਹੋਵਾਹ ਨੇ ਸ਼ਾਊਲ ਦੀ ਬੁਰੀ ਸੋਚ ਨੂੰ ਉਸ ਉੱਤੇ ਹਾਵੀ ਹੋਣ ਦਿੱਤਾ। ਉਦੋਂ ਦਾਊਦ ਰਬਾਬ ਉੱਤੇ ਸੰਗੀਤ ਵਜਾ ਰਿਹਾ ਸੀ।+ 10 ਸ਼ਾਊਲ ਨੇ ਬਰਛੇ ਨਾਲ ਦਾਊਦ ਨੂੰ ਕੰਧ ਨਾਲ ਵਿੰਨ੍ਹਣ ਦੀ ਕੋਸ਼ਿਸ਼ ਕੀਤੀ, ਪਰ ਉਹ ਇਕ ਪਾਸੇ ਨੂੰ ਹੋ ਗਿਆ ਤੇ ਬਰਛਾ ਕੰਧ ਵਿਚ ਖੁੱਭ ਗਿਆ। ਉਸ ਰਾਤ ਦਾਊਦ ਨੇ ਭੱਜ ਕੇ ਆਪਣੀ ਜਾਨ ਬਚਾਈ। 11 ਬਾਅਦ ਵਿਚ ਸ਼ਾਊਲ ਨੇ ਸੰਦੇਸ਼ ਦੇਣ ਵਾਲਿਆਂ ਨੂੰ ਦਾਊਦ ਦੇ ਘਰ ਘੱਲਿਆ ਤਾਂਕਿ ਉਹ ਉਸ ʼਤੇ ਨਜ਼ਰ ਰੱਖਣ ਅਤੇ ਸਵੇਰੇ ਉਸ ਨੂੰ ਮਾਰ ਦੇਣ,+ ਪਰ ਦਾਊਦ ਦੀ ਪਤਨੀ ਮੀਕਲ ਨੇ ਉਸ ਨੂੰ ਦੱਸਿਆ: “ਜੇ ਤੂੰ ਅੱਜ ਰਾਤ ਨਾ ਭੱਜਿਆ, ਤਾਂ ਕੱਲ੍ਹ ਨੂੰ ਤੂੰ ਜੀਉਂਦਾ ਨਹੀਂ ਬਚਣਾ।” 12 ਮੀਕਲ ਨੇ ਤੁਰੰਤ ਦਾਊਦ ਨੂੰ ਖਿੜਕੀ ਰਾਹੀਂ ਹੇਠਾਂ ਉਤਾਰ ਦਿੱਤਾ ਤਾਂਕਿ ਉਹ ਭੱਜ ਕੇ ਬਚ ਜਾਵੇ। 13 ਫਿਰ ਮੀਕਲ ਨੇ ਬੁੱਤ* ਲਿਆ ਤੇ ਉਸ ਨੂੰ ਪਲੰਘ ʼਤੇ ਲੰਮਾ ਪਾ ਦਿੱਤਾ ਅਤੇ ਉਸ ਨੇ ਬੱਕਰੀ ਦੇ ਵਾਲ਼ਾਂ ਦੀ ਬਣੀ ਜਾਲ਼ੀ ਉਸ ਦੇ ਸਰ੍ਹਾਣੇ ਰੱਖ ਦਿੱਤੀ ਤੇ ਉਸ ਨੂੰ ਕੱਪੜੇ ਨਾਲ ਢਕ ਦਿੱਤਾ।

14 ਫਿਰ ਸ਼ਾਊਲ ਨੇ ਦਾਊਦ ਨੂੰ ਫੜਨ ਲਈ ਬੰਦਿਆਂ ਨੂੰ ਘੱਲਿਆ, ਪਰ ਮੀਕਲ ਨੇ ਕਿਹਾ: “ਉਹ ਬੀਮਾਰ ਹੈ।” 15 ਇਸ ਲਈ ਸ਼ਾਊਲ ਨੇ ਬੰਦਿਆਂ ਨੂੰ ਘੱਲਿਆ ਕਿ ਉਹ ਦਾਊਦ ਨੂੰ ਜਾ ਕੇ ਦੇਖਣ ਤੇ ਉਨ੍ਹਾਂ ਨੂੰ ਇਹ ਵੀ ਕਿਹਾ: “ਉਸ ਨੂੰ ਪਲੰਘ ਸਣੇ ਮੇਰੇ ਕੋਲ ਲੈ ਆਓ ਤਾਂਕਿ ਉਸ ਨੂੰ ਜਾਨੋਂ ਮਾਰਿਆ ਜਾਵੇ।”+ 16 ਜਦ ਬੰਦੇ ਅੰਦਰ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਪਲੰਘ ਉੱਤੇ ਬੁੱਤ ਪਿਆ ਸੀ ਤੇ ਉਸ ਦੇ ਸਰ੍ਹਾਣੇ ਬੱਕਰੀ ਦੇ ਵਾਲ਼ਾਂ ਦੀ ਬਣੀ ਜਾਲ਼ੀ ਪਈ ਸੀ। 17 ਸ਼ਾਊਲ ਨੇ ਮੀਕਲ ਨੂੰ ਕਿਹਾ: “ਤੂੰ ਮੇਰੇ ਨਾਲ ਇਹ ਚਲਾਕੀ ਕਿਉਂ ਖੇਡੀ ਤੇ ਮੇਰੇ ਦੁਸ਼ਮਣ+ ਨੂੰ ਕਿਉਂ ਭੇਜ ਦਿੱਤਾ ਕਿ ਉਹ ਬਚ ਜਾਵੇ?” ਮੀਕਲ ਨੇ ਸ਼ਾਊਲ ਨੂੰ ਜਵਾਬ ਦਿੱਤਾ: “ਉਸ ਨੇ ਮੈਨੂੰ ਕਿਹਾ ਸੀ, ‘ਮੈਨੂੰ ਭੇਜ ਦੇ, ਨਹੀਂ ਤਾਂ ਮੈਂ ਤੈਨੂੰ ਮਾਰ ਦੇਣਾ!’”

18 ਦਾਊਦ ਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਉਹ ਰਾਮਾਹ+ ਵਿਚ ਸਮੂਏਲ ਕੋਲ ਆਇਆ। ਉਸ ਨੇ ਉਸ ਨੂੰ ਉਹ ਸਭ ਕੁਝ ਦੱਸਿਆ ਜੋ ਸ਼ਾਊਲ ਨੇ ਉਸ ਨਾਲ ਕੀਤਾ ਸੀ। ਫਿਰ ਉਹ ਤੇ ਸਮੂਏਲ ਉੱਥੋਂ ਚਲੇ ਗਏ ਤੇ ਨਾਯੋਥ ਵਿਚ ਠਹਿਰੇ।+ 19 ਕੁਝ ਸਮੇਂ ਬਾਅਦ ਸ਼ਾਊਲ ਨੂੰ ਖ਼ਬਰ ਮਿਲੀ: “ਦੇਖ! ਦਾਊਦ ਰਾਮਾਹ ਦੇ ਨਾਯੋਥ ਵਿਚ ਹੈ।” 20 ਸ਼ਾਊਲ ਨੇ ਫਟਾਫਟ ਦਾਊਦ ਨੂੰ ਫੜਨ ਲਈ ਬੰਦੇ ਭੇਜੇ। ਜਦ ਉਨ੍ਹਾਂ ਨੇ ਦੇਖਿਆ ਕਿ ਨਬੀਆਂ ਵਿੱਚੋਂ ਬੁੱਢੇ ਨਬੀ ਭਵਿੱਖਬਾਣੀ ਕਰ ਰਹੇ ਸਨ ਅਤੇ ਕੋਲ ਖੜ੍ਹਾ ਸਮੂਏਲ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ, ਤਾਂ ਪਰਮੇਸ਼ੁਰ ਦੀ ਸ਼ਕਤੀ ਸ਼ਾਊਲ ਦੇ ਬੰਦਿਆਂ ਉੱਤੇ ਆਈ ਤੇ ਉਹ ਵੀ ਨਬੀਆਂ ਵਾਂਗ ਕਰਨ ਲੱਗ ਪਏ।

21 ਜਦ ਉਨ੍ਹਾਂ ਨੇ ਸ਼ਾਊਲ ਨੂੰ ਇਸ ਬਾਰੇ ਦੱਸਿਆ, ਤਾਂ ਉਸ ਨੇ ਤੁਰੰਤ ਹੋਰ ਬੰਦਿਆਂ ਨੂੰ ਭੇਜਿਆ ਤੇ ਉਹ ਵੀ ਨਬੀਆਂ ਵਾਂਗ ਵਰਤਾਅ ਕਰਨ ਲੱਗ ਪਏ। ਇਸ ਲਈ ਸ਼ਾਊਲ ਨੇ ਬੰਦਿਆਂ ਦੀ ਤੀਜੀ ਟੋਲੀ ਭੇਜੀ ਤੇ ਉਹ ਵੀ ਨਬੀਆਂ ਵਾਂਗ ਵਰਤਾਅ ਕਰਨ ਲੱਗ ਪਏ। 22 ਅਖ਼ੀਰ ਉਹ ਆਪ ਵੀ ਰਾਮਾਹ ਚਲਾ ਗਿਆ। ਜਦ ਉਹ ਸੇਕੂ ਵਿਚ ਵੱਡੇ ਖੂਹ ਕੋਲ ਪਹੁੰਚਿਆ, ਤਾਂ ਉਸ ਨੇ ਪੁੱਛਿਆ: “ਸਮੂਏਲ ਅਤੇ ਦਾਊਦ ਕਿੱਥੇ ਹਨ?” ਉਨ੍ਹਾਂ ਨੇ ਜਵਾਬ ਦਿੱਤਾ: “ਰਾਮਾਹ ਦੇ ਨਾਯੋਥ ਵਿਚ।”+ 23 ਜਦ ਸ਼ਾਊਲ ਉੱਥੋਂ ਰਾਮਾਹ ਦੇ ਨਾਯੋਥ ਵੱਲ ਜਾ ਰਿਹਾ ਸੀ, ਤਾਂ ਰਾਹ ਵਿਚ ਪਰਮੇਸ਼ੁਰ ਦੀ ਸ਼ਕਤੀ ਉਸ ਉੱਤੇ ਵੀ ਆਈ ਤੇ ਉਹ ਰਾਮਾਹ ਦੇ ਨਾਯੋਥ ਵਿਚ ਪਹੁੰਚਣ ਤਕ ਤੁਰਦਾ-ਤੁਰਦਾ ਸਾਰੇ ਰਾਹ ਵਿਚ ਨਬੀਆਂ ਵਾਂਗ ਵਰਤਾਅ ਕਰਦਾ ਗਿਆ। 24 ਉਸ ਨੇ ਵੀ ਆਪਣੇ ਕੱਪੜੇ ਲਾਹ ਦਿੱਤੇ ਤੇ ਉਹ ਵੀ ਸਮੂਏਲ ਅੱਗੇ ਨਬੀਆਂ ਵਾਂਗ ਵਰਤਾਅ ਕਰਨ ਲੱਗਾ ਅਤੇ ਉਹ ਉੱਥੇ ਸਾਰਾ ਦਿਨ ਤੇ ਸਾਰੀ ਰਾਤ ਬਿਨਾਂ ਕੱਪੜਿਆਂ ਦੇ* ਪਿਆ ਰਿਹਾ। ਇਸੇ ਲਈ ਉਹ ਕਹਿੰਦੇ ਹਨ: “ਕੀ ਸ਼ਾਊਲ ਵੀ ਨਬੀ ਬਣ ਗਿਆ ਹੈ?”+

20 ਫਿਰ ਦਾਊਦ ਰਾਮਾਹ ਦੇ ਨਾਯੋਥ ਤੋਂ ਭੱਜ ਗਿਆ। ਉਹ ਯੋਨਾਥਾਨ ਕੋਲ ਆਇਆ ਤੇ ਉਸ ਨੂੰ ਕਿਹਾ: “ਮੈਂ ਕੀ ਕੀਤਾ ਹੈ?+ ਮੇਰਾ ਕਸੂਰ ਕੀ ਹੈ ਤੇ ਮੈਂ ਤੇਰੇ ਪਿਤਾ ਖ਼ਿਲਾਫ਼ ਕਿਹੜਾ ਪਾਪ ਕੀਤਾ ਹੈ ਜੋ ਉਹ ਮੇਰੀ ਜਾਨ ਦੇ ਪਿੱਛੇ ਪਿਆ ਹੋਇਆ ਹੈ?” 2 ਇਹ ਸੁਣ ਕੇ ਯੋਨਾਥਾਨ ਨੇ ਕਿਹਾ: “ਇਸ ਤਰ੍ਹਾਂ ਹੋ ਹੀ ਨਹੀਂ ਸਕਦਾ!+ ਤੂੰ ਨਹੀਂ ਮਰੇਂਗਾ। ਦੇਖ! ਮੇਰਾ ਪਿਤਾ ਮੈਨੂੰ ਦੱਸੇ ਬਿਨਾਂ ਕੋਈ ਵੀ ਕੰਮ ਨਹੀਂ ਕਰਦਾ, ਚਾਹੇ ਉਹ ਛੋਟਾ ਕੰਮ ਹੋਵੇ ਜਾਂ ਵੱਡਾ। ਤਾਂ ਫਿਰ, ਮੇਰਾ ਪਿਤਾ ਇਹ ਗੱਲ ਮੈਥੋਂ ਕਿਉਂ ਲੁਕਾਏਗਾ? ਇਸ ਤਰ੍ਹਾਂ ਨਹੀਂ ਹੋਵੇਗਾ।” 3 ਪਰ ਦਾਊਦ ਨੇ ਸਹੁੰ ਖਾ ਕੇ ਕਿਹਾ: “ਤੇਰਾ ਪਿਤਾ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੇਰੇ ʼਤੇ ਤੇਰੀ ਮਿਹਰ ਹੈ+ ਅਤੇ ਉਹ ਕਹੇਗਾ, ‘ਯੋਨਾਥਾਨ ਨੂੰ ਇਸ ਬਾਰੇ ਪਤਾ ਨਹੀਂ ਲੱਗਣਾ ਚਾਹੀਦਾ, ਨਹੀਂ ਤਾਂ ਉਹ ਗੁੱਸੇ ਹੋ ਜਾਵੇਗਾ।’ ਪਰ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਅਤੇ ਤੇਰੀ ਜਾਨ ਦੀ ਸਹੁੰ, ਮੇਰੇ ਤੇ ਮੌਤ ਦੇ ਵਿਚ ਬੱਸ ਇਕ ਕਦਮ ਦਾ ਫ਼ਾਸਲਾ ਹੈ!”+

4 ਫਿਰ ਯੋਨਾਥਾਨ ਨੇ ਦਾਊਦ ਨੂੰ ਕਿਹਾ: “ਤੂੰ ਜੋ ਵੀ ਕਹੇਂਗਾ, ਮੈਂ ਤੇਰੇ ਲਈ ਕਰਾਂਗਾ।” 5 ਦਾਊਦ ਨੇ ਯੋਨਾਥਾਨ ਨੂੰ ਕਿਹਾ: “ਕੱਲ੍ਹ ਮੱਸਿਆ* ਹੈ+ ਅਤੇ ਮੈਨੂੰ ਰਾਜੇ ਨਾਲ ਖਾਣਾ ਖਾਣ ਲਈ ਬੈਠਣਾ ਪੈਣਾ; ਪਰ ਤੂੰ ਮੈਨੂੰ ਭੇਜ ਦੇ ਤੇ ਮੈਂ ਮੈਦਾਨ ਵਿਚ ਤੀਸਰੇ ਦਿਨ ਦੀ ਸ਼ਾਮ ਤਕ ਲੁਕਿਆ ਰਹਾਂਗਾ। 6 ਜੇ ਤੇਰੇ ਪਿਤਾ ਨੇ ਮੇਰੇ ਬਾਰੇ ਪੁੱਛ ਲਿਆ, ਤਾਂ ਕਹਿ ਦੇਈਂ, ‘ਦਾਊਦ ਨੇ ਮੇਰੇ ਅੱਗੇ ਮਿੰਨਤ ਕੀਤੀ ਸੀ ਕਿ ਮੈਂ ਉਸ ਨੂੰ ਤੁਰੰਤ ਉਸ ਦੇ ਸ਼ਹਿਰ ਬੈਤਲਹਮ+ ਜਾਣ ਦੀ ਇਜਾਜ਼ਤ ਦਿਆਂ ਕਿਉਂਕਿ ਉਸ ਦੇ ਸਾਰੇ ਪਰਿਵਾਰ ਨੇ ਉੱਥੇ ਸਾਲਾਨਾ ਬਲ਼ੀ ਚੜ੍ਹਾਉਣੀ ਹੈ।’+ 7 ਜੇ ਉਸ ਨੇ ਜਵਾਬ ਦਿੱਤਾ, ‘ਠੀਕ ਹੈ,’ ਤਾਂ ਇਸ ਦਾ ਮਤਲਬ ਤੇਰਾ ਸੇਵਕ ਸਹੀ-ਸਲਾਮਤ ਰਹੇਗਾ। ਪਰ ਜੇ ਉਸ ਨੂੰ ਗੁੱਸਾ ਚੜ੍ਹ ਗਿਆ, ਤਾਂ ਸਮਝ ਲਈਂ ਕਿ ਉਸ ਨੇ ਮੈਨੂੰ ਨੁਕਸਾਨ ਪਹੁੰਚਾਉਣ ਦੀ ਠਾਣੀ ਹੋਈ ਹੈ। 8 ਆਪਣੇ ਸੇਵਕ ਲਈ ਅਟੱਲ ਪਿਆਰ ਦਿਖਾਈਂ+ ਕਿਉਂਕਿ ਤੂੰ ਆਪਣੇ ਸੇਵਕ ਨਾਲ ਯਹੋਵਾਹ ਦੇ ਸਾਮ੍ਹਣੇ ਇਕਰਾਰ ਕੀਤਾ ਹੈ।+ ਪਰ ਜੇ ਮੈਂ ਦੋਸ਼ੀ ਹਾਂ,+ ਤਾਂ ਤੂੰ ਆਪ ਮੈਨੂੰ ਮਾਰ ਦੇ। ਮੈਨੂੰ ਆਪਣੇ ਪਿਤਾ ਦੇ ਹਵਾਲੇ ਕਰਨ ਦੀ ਕੀ ਲੋੜ ਹੈ?”

9 ਇਹ ਸੁਣ ਕੇ ਯੋਨਾਥਾਨ ਨੇ ਕਿਹਾ: “ਮੈਂ ਤੇਰੇ ਬਾਰੇ ਇਸ ਤਰ੍ਹਾਂ ਸੋਚ ਵੀ ਨਹੀਂ ਸਕਦਾ! ਜੇ ਮੈਨੂੰ ਪਤਾ ਲੱਗ ਗਿਆ ਕਿ ਮੇਰੇ ਪਿਤਾ ਨੇ ਤੈਨੂੰ ਨੁਕਸਾਨ ਪਹੁੰਚਾਉਣ ਦੀ ਠਾਣੀ ਹੋਈ ਹੈ, ਤਾਂ ਕੀ ਮੈਂ ਤੈਨੂੰ ਨਹੀਂ ਦੱਸਾਂਗਾ?”+ 10 ਫਿਰ ਦਾਊਦ ਨੇ ਯੋਨਾਥਾਨ ਨੂੰ ਪੁੱਛਿਆ: “ਮੈਨੂੰ ਇਹ ਕੌਣ ਦੱਸੇਗਾ ਕਿ ਤੇਰੇ ਪਿਤਾ ਨੇ ਤੈਨੂੰ ਗੁੱਸੇ ਨਾਲ ਜਵਾਬ ਦਿੱਤਾ ਹੈ?” 11 ਯੋਨਾਥਾਨ ਨੇ ਦਾਊਦ ਨੂੰ ਕਿਹਾ: “ਚੱਲ ਆਪਾਂ ਬਾਹਰ ਮੈਦਾਨ ਵਿਚ ਚੱਲਦੇ ਹਾਂ।” ਇਸ ਲਈ ਉਹ ਦੋਵੇਂ ਬਾਹਰ ਮੈਦਾਨ ਵਿਚ ਚਲੇ ਗਏ। 12 ਯੋਨਾਥਾਨ ਨੇ ਦਾਊਦ ਨੂੰ ਕਿਹਾ: “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਸ ਗੱਲ ਦਾ ਗਵਾਹ ਹੋਵੇ ਕਿ ਮੈਂ ਕੱਲ੍ਹ ਜਾਂ ਪਰਸੋਂ ਇਸ ਵੇਲੇ ਤਕ ਪਤਾ ਲਗਾ ਲਵਾਂਗਾ ਕਿ ਮੇਰੇ ਪਿਤਾ ਦੇ ਦਿਲ ਵਿਚ ਕੀ ਹੈ। ਜੇ ਉਹ ਦਾਊਦ ਦਾ ਭਲਾ ਚਾਹੁੰਦਾ ਹੋਇਆ, ਤਾਂ ਕੀ ਮੈਂ ਸੰਦੇਸ਼ ਭੇਜ ਕੇ ਤੈਨੂੰ ਇਹ ਖ਼ਬਰ ਨਹੀਂ ਪਹੁੰਚਾਵਾਂਗਾ? 13 ਪਰ ਜੇ ਮੇਰੇ ਪਿਤਾ ਦਾ ਇਰਾਦਾ ਤੈਨੂੰ ਨੁਕਸਾਨ ਪਹੁੰਚਾਉਣ ਦਾ ਹੋਇਆ ਅਤੇ ਮੈਂ ਤੈਨੂੰ ਇਸ ਬਾਰੇ ਨਾ ਦੱਸਿਆ ਤੇ ਤੈਨੂੰ ਸਹੀ-ਸਲਾਮਤ ਨਾ ਭੇਜਿਆ, ਤਾਂ ਯਹੋਵਾਹ ਯੋਨਾਥਾਨ ਦਾ ਵੀ ਉੱਨਾ ਹੀ ਨੁਕਸਾਨ ਕਰੇ, ਸਗੋਂ ਇਸ ਤੋਂ ਵੀ ਜ਼ਿਆਦਾ ਕਰੇ। ਮੇਰੀ ਇਹੀ ਦੁਆ ਹੈ ਕਿ ਯਹੋਵਾਹ ਤੇਰੇ ਨਾਲ ਹੋਵੇ+ ਜਿਵੇਂ ਉਹ ਮੇਰੇ ਪਿਤਾ ਦੇ ਨਾਲ ਹੁੰਦਾ ਸੀ।+ 14 ਜਦ ਤਕ ਮੈਂ ਜੀਉਂਦਾ ਹਾਂ ਤੇ ਭਾਵੇਂ ਮੈਂ ਮਰ ਵੀ ਜਾਵਾਂ, ਫਿਰ ਵੀ ਕੀ ਤੂੰ ਮੈਨੂੰ ਯਹੋਵਾਹ ਦਾ ਅਟੱਲ ਪਿਆਰ ਨਹੀਂ ਦਿਖਾਏਂਗਾ?+ 15 ਮੇਰੇ ਘਰਾਣੇ ਨਾਲ ਅਟੱਲ ਪਿਆਰ ਕਰਨ ਤੋਂ ਕਦੇ ਨਾ ਹਟੀਂ,+ ਉਦੋਂ ਵੀ ਜਦੋਂ ਯਹੋਵਾਹ ਦਾਊਦ ਦੇ ਸਾਰੇ ਦੁਸ਼ਮਣਾਂ ਨੂੰ ਧਰਤੀ ਤੋਂ ਮਿਟਾ ਦੇਵੇਗਾ।” 16 ਇਸ ਲਈ ਯੋਨਾਥਾਨ ਨੇ ਦਾਊਦ ਦੇ ਘਰਾਣੇ ਨਾਲ ਇਹ ਕਹਿੰਦੇ ਹੋਏ ਇਕਰਾਰ ਕੀਤਾ: “ਯਹੋਵਾਹ ਦਾਊਦ ਦੇ ਦੁਸ਼ਮਣਾਂ ਤੋਂ ਲੇਖਾ ਲਵੇਗਾ।” 17 ਫਿਰ ਯੋਨਾਥਾਨ ਨੇ ਆਪਣੇ ਲਈ ਦਾਊਦ ਦੇ ਪਿਆਰ ਦੀ ਦਾਊਦ ਨੂੰ ਦੁਬਾਰਾ ਸਹੁੰ ਖਿਲਾਈ ਕਿਉਂਕਿ ਯੋਨਾਥਾਨ ਦਾਊਦ ਨਾਲ ਆਪਣੀ ਜਾਨ ਜਿੰਨਾ ਪਿਆਰ ਕਰਦਾ ਸੀ।+

18 ਇਸ ਤੋਂ ਬਾਅਦ ਯੋਨਾਥਾਨ ਨੇ ਉਸ ਨੂੰ ਕਿਹਾ: “ਕੱਲ੍ਹ ਮੱਸਿਆ ਹੈ+ ਤੇ ਤੇਰੀ ਜਗ੍ਹਾ ਖਾਲੀ ਦੇਖ ਕੇ ਮੇਰਾ ਪਿਤਾ ਤੈਨੂੰ ਲੱਭਣ ਦੀ ਕੋਸ਼ਿਸ਼ ਕਰੇਗਾ। 19 ਪਰਸੋਂ ਉਹ ਤੇਰੇ ਬਾਰੇ ਜ਼ਰੂਰ ਪੁੱਛੇਗਾ ਅਤੇ ਤੂੰ ਉਸ ਜਗ੍ਹਾ ਜਾਈਂ ਜਿੱਥੇ ਤੂੰ ਉਸ ਦਿਨ* ਲੁਕਿਆ ਸੀ ਤੇ ਇਸ ਪੱਥਰ ਦੇ ਨੇੜੇ ਰਹੀਂ। 20 ਫਿਰ ਮੈਂ ਇਸ ਦੇ ਇਕ ਪਾਸੇ ਤਿੰਨ ਤੀਰ ਮਾਰਾਂਗਾ ਜਿਵੇਂ ਕਿ ਮੈਂ ਨਿਸ਼ਾਨਾ ਲਗਾ ਰਿਹਾ ਹੋਵਾਂ। 21 ਜਦ ਮੈਂ ਸੇਵਾਦਾਰ ਨੂੰ ਘੱਲਾਂਗਾ, ਤਾਂ ਮੈਂ ਕਹਾਂਗਾ, ‘ਜਾਹ, ਤੀਰ ਲੱਭ ਕੇ ਲਿਆ।’ ਜੇ ਮੈਂ ਸੇਵਾਦਾਰ ਨੂੰ ਕਹਾਂ, ‘ਦੇਖ! ਤੀਰ ਤੇਰੇ ਇਸ ਪਾਸੇ ਹਨ, ਉਨ੍ਹਾਂ ਨੂੰ ਲਿਆ,’ ਤਾਂ ਤੂੰ ਵਾਪਸ ਆ ਸਕਦਾ ਹੈਂ ਕਿਉਂਕਿ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਇਸ ਦਾ ਮਤਲਬ ਹੋਵੇਗਾ ਕਿ ਤੇਰੇ ਲਈ ਸਭ ਠੀਕ-ਠਾਕ ਹੈ ਤੇ ਤੈਨੂੰ ਕੋਈ ਖ਼ਤਰਾ ਨਹੀਂ। 22 ਪਰ ਜੇ ਮੈਂ ਮੁੰਡੇ ਨੂੰ ਕਹਾਂ, ‘ਦੇਖ! ਤੀਰ ਤੇਰੇ ਤੋਂ ਦੂਰ ਹਨ,’ ਤਾਂ ਤੂੰ ਚਲਾ ਜਾਈਂ ਕਿਉਂਕਿ ਯਹੋਵਾਹ ਤੈਨੂੰ ਘੱਲ ਰਿਹਾ ਹੋਵੇਗਾ। 23 ਜੋ ਇਕਰਾਰ ਅਸੀਂ ਇਕ-ਦੂਜੇ ਨਾਲ ਕੀਤਾ ਹੈ,+ ਯਹੋਵਾਹ ਸਦਾ ਲਈ ਉਸ ਦਾ ਗਵਾਹ ਹੋਵੇ।”+

24 ਫਿਰ ਦਾਊਦ ਮੈਦਾਨ ਵਿਚ ਲੁਕ ਗਿਆ। ਜਦ ਮੱਸਿਆ ਆਈ, ਤਾਂ ਰਾਜਾ ਖਾਣਾ ਖਾਣ ਲਈ ਆਪਣੀ ਜਗ੍ਹਾ ਬੈਠ ਗਿਆ।+ 25 ਰਾਜਾ ਕੰਧ ਕੋਲ ਉਸ ਜਗ੍ਹਾ ਬੈਠਾ ਸੀ ਜਿੱਥੇ ਉਹ ਹਮੇਸ਼ਾ ਬੈਠਦਾ ਸੀ। ਯੋਨਾਥਾਨ ਉਸ ਦੇ ਸਾਮ੍ਹਣੇ ਸੀ ਅਤੇ ਅਬਨੇਰ+ ਸ਼ਾਊਲ ਦੇ ਨਾਲ ਬੈਠਾ ਸੀ, ਪਰ ਦਾਊਦ ਦੀ ਜਗ੍ਹਾ ਖਾਲੀ ਸੀ। 26 ਸ਼ਾਊਲ ਨੇ ਉਸ ਦਿਨ ਕੁਝ ਨਹੀਂ ਕਿਹਾ ਕਿਉਂਕਿ ਉਸ ਨੇ ਸੋਚਿਆ: ‘ਕੁਝ ਹੋ ਗਿਆ ਹੋਣਾ ਜਿਸ ਕਰਕੇ ਉਹ ਸ਼ੁੱਧ ਨਹੀਂ ਹੋਣਾ।+ ਹਾਂ, ਉਹ ਅਸ਼ੁੱਧ ਹੋ ਗਿਆ ਹੋਣਾ।’ 27 ਮੱਸਿਆ ਤੋਂ ਅਗਲੇ ਦਿਨ ਯਾਨੀ ਦੂਸਰੇ ਦਿਨ ਵੀ ਦਾਊਦ ਦੀ ਜਗ੍ਹਾ ਖਾਲੀ ਸੀ। ਇਸ ਲਈ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਨੂੰ ਪੁੱਛਿਆ: “ਯੱਸੀ ਦਾ ਪੁੱਤਰ+ ਖਾਣਾ ਖਾਣ ਕਿਉਂ ਨਹੀਂ ਆਇਆ, ਉਹ ਨਾ ਕੱਲ੍ਹ ਆਇਆ, ਨਾ ਅੱਜ?” 28 ਯੋਨਾਥਾਨ ਨੇ ਸ਼ਾਊਲ ਨੂੰ ਜਵਾਬ ਦਿੱਤਾ: “ਦਾਊਦ ਨੇ ਮੇਰੇ ਅੱਗੇ ਮਿੰਨਤ ਕੀਤੀ ਸੀ ਕਿ ਮੈਂ ਉਸ ਨੂੰ ਬੈਤਲਹਮ ਜਾਣ ਦੀ ਇਜਾਜ਼ਤ ਦੇ ਦਿਆਂ।+ 29 ਉਸ ਨੇ ਕਿਹਾ, ‘ਕਿਰਪਾ ਕਰ ਕੇ ਮੈਨੂੰ ਜਾਣ ਦੀ ਇਜਾਜ਼ਤ ਦੇ ਕਿਉਂਕਿ ਸਾਡੇ ਪਰਿਵਾਰ ਨੇ ਸ਼ਹਿਰ ਵਿਚ ਬਲ਼ੀ ਚੜ੍ਹਾਉਣੀ ਹੈ ਤੇ ਮੇਰੇ ਸਕੇ ਭਰਾ ਨੇ ਮੈਨੂੰ ਬੁਲਾਇਆ ਹੈ। ਇਸ ਲਈ ਜੇ ਮੇਰੇ ʼਤੇ ਤੇਰੀ ਮਿਹਰ ਹੈ, ਤਾਂ ਕਿਰਪਾ ਕਰ ਕੇ ਮੈਨੂੰ ਚੁੱਪ-ਚਪੀਤੇ ਜਾਣ ਦੇ ਤਾਂਕਿ ਮੈਂ ਆਪਣੇ ਭਰਾਵਾਂ ਨੂੰ ਮਿਲ ਆਵਾਂ।’ ਇਸੇ ਲਈ ਉਹ ਰਾਜੇ ਦੇ ਮੇਜ਼ ʼਤੇ ਨਹੀਂ ਆਇਆ।” 30 ਇਹ ਸੁਣ ਕੇ ਸ਼ਾਊਲ ਯੋਨਾਥਾਨ ʼਤੇ ਗੁੱਸੇ ਨਾਲ ਭੜਕ ਉੱਠਿਆ ਤੇ ਉਸ ਨੂੰ ਕਿਹਾ: “ਓਏ ਬਾਗ਼ੀ ਔਰਤ ਦੇ ਪੁੱਤਰਾ, ਤੈਨੂੰ ਕੀ ਲੱਗਦਾ ਕਿ ਮੈਨੂੰ ਪਤਾ ਨਹੀਂ ਕਿ ਤੂੰ ਯੱਸੀ ਦੇ ਪੁੱਤਰ ਦਾ ਪੱਖ ਲੈ ਰਿਹਾ ਹੈਂ? ਇਸ ਤਰ੍ਹਾਂ ਕਰ ਕੇ ਤੂੰ ਆਪਣੀ ਤੇ ਆਪਣੀ ਮਾਂ ਦੀ ਬੇਇੱਜ਼ਤੀ ਕਰ ਰਿਹਾ ਹੈਂ।* 31 ਯੱਸੀ ਦੇ ਪੁੱਤਰ ਦੇ ਜੀਉਂਦੇ-ਜੀ ਨਾ ਤੂੰ ਜ਼ਿਆਦਾ ਦੇਰ ਰਹਿਣਾ ਤੇ ਨਾ ਹੀ ਤੇਰਾ ਰਾਜ।+ ਇਸ ਲਈ ਹੁਣ ਕਿਸੇ ਨੂੰ ਭੇਜ ਕੇ ਉਸ ਨੂੰ ਮੇਰੇ ਕੋਲ ਲਿਆ ਕਿਉਂਕਿ ਉਸ ਨੂੰ ਮਰਨਾ ਹੀ ਪਵੇਗਾ।”*+

32 ਪਰ ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਨੂੰ ਕਿਹਾ: “ਕਿਉਂ, ਉਸ ਨੂੰ ਕਿਉਂ ਮਰਨਾ ਪੈਣਾ?+ ਉਸ ਨੇ ਕੀਤਾ ਕੀ ਹੈ?” 33 ਇਹ ਸੁਣ ਕੇ ਸ਼ਾਊਲ ਨੇ ਉਸ ਨੂੰ ਮਾਰਨ ਲਈ ਉਸ ਵੱਲ ਬਰਛਾ ਵਗਾਹ ਕੇ ਮਾਰਿਆ+ ਤੇ ਯੋਨਾਥਾਨ ਜਾਣ ਗਿਆ ਕਿ ਉਸ ਦੇ ਪਿਤਾ ਨੇ ਦਾਊਦ ਨੂੰ ਜਾਨੋਂ ਮਾਰਨ ਦੀ ਠਾਣੀ ਹੋਈ ਸੀ।+ 34 ਯੋਨਾਥਾਨ ਉਸੇ ਵੇਲੇ ਗੁੱਸੇ ਵਿਚ ਮੇਜ਼ ਤੋਂ ਉੱਠ ਖੜ੍ਹਾ ਹੋਇਆ ਤੇ ਉਸ ਨੇ ਮੱਸਿਆ ਤੋਂ ਦੂਜੇ ਦਿਨ ਕੁਝ ਨਹੀਂ ਖਾਧਾ ਕਿਉਂਕਿ ਉਹ ਦਾਊਦ ਦੇ ਕਰਕੇ ਦੁਖੀ ਸੀ+ ਕਿ ਉਸ ਦੇ ਪਿਤਾ ਨੇ ਦਾਊਦ ਨੂੰ ਬੇਇੱਜ਼ਤ ਕੀਤਾ।

35 ਸਵੇਰੇ ਯੋਨਾਥਾਨ ਆਪਣੇ ਕਹੇ ਮੁਤਾਬਕ ਦਾਊਦ ਨੂੰ ਮਿਲਣ ਲਈ ਮੈਦਾਨ ਵਿਚ ਗਿਆ ਅਤੇ ਉਸ ਨਾਲ ਇਕ ਜਵਾਨ ਸੇਵਾਦਾਰ ਸੀ।+ 36 ਉਸ ਨੇ ਆਪਣੇ ਸੇਵਾਦਾਰ ਨੂੰ ਕਿਹਾ: “ਮੈਂ ਤੀਰ ਮਾਰਾਂਗਾ। ਤੂੰ ਭੱਜ ਕੇ ਉਨ੍ਹਾਂ ਨੂੰ ਲੱਭ ਲਿਆਈਂ।” ਸੇਵਾਦਾਰ ਭੱਜ ਕੇ ਗਿਆ ਤੇ ਯੋਨਾਥਾਨ ਨੇ ਉਸ ਤੋਂ ਅਗਾਂਹ ਤੀਰ ਮਾਰਿਆ। 37 ਜਦ ਸੇਵਾਦਾਰ ਉਸ ਜਗ੍ਹਾ ਪਹੁੰਚਿਆ ਜਿੱਥੇ ਯੋਨਾਥਾਨ ਨੇ ਤੀਰ ਮਾਰਿਆ ਸੀ, ਤਾਂ ਯੋਨਾਥਾਨ ਨੇ ਸੇਵਾਦਾਰ ਨੂੰ ਪੁਕਾਰ ਕੇ ਕਿਹਾ: “ਕੀ ਤੀਰ ਤੇਰੇ ਤੋਂ ਅਗਾਂਹ ਨਹੀਂ ਚਲਾ ਗਿਆ?” 38 ਯੋਨਾਥਾਨ ਨੇ ਆਪਣੇ ਸੇਵਾਦਾਰ ਨੂੰ ਆਵਾਜ਼ ਮਾਰ ਕੇ ਕਿਹਾ: “ਛੇਤੀ ਕਰ! ਫਟਾਫਟ ਜਾਹ! ਦੇਰ ਨਾ ਕਰ!” ਅਤੇ ਯੋਨਾਥਾਨ ਦੇ ਸੇਵਾਦਾਰ ਨੇ ਤੀਰ ਚੁੱਕੇ ਤੇ ਵਾਪਸ ਆਪਣੇ ਮਾਲਕ ਕੋਲ ਆ ਗਿਆ। 39 ਸੇਵਾਦਾਰ ਨੂੰ ਪਤਾ ਨਹੀਂ ਲੱਗਾ ਕਿ ਇਸ ਸਭ ਦਾ ਕੀ ਮਤਲਬ ਸੀ। ਸਿਰਫ਼ ਯੋਨਾਥਾਨ ਤੇ ਦਾਊਦ ਇਸ ਦਾ ਮਤਲਬ ਜਾਣਦੇ ਸਨ। 40 ਫਿਰ ਯੋਨਾਥਾਨ ਨੇ ਆਪਣੇ ਹਥਿਆਰ ਸੇਵਾਦਾਰ ਨੂੰ ਦੇ ਦਿੱਤੇ ਤੇ ਉਸ ਨੂੰ ਕਿਹਾ: “ਜਾਹ, ਇਨ੍ਹਾਂ ਨੂੰ ਲੈ ਕੇ ਸ਼ਹਿਰ ਚਲਾ ਜਾ।”

41 ਜਦ ਸੇਵਾਦਾਰ ਚਲਾ ਗਿਆ, ਤਾਂ ਦਾਊਦ ਉਸ ਜਗ੍ਹਾ ਤੋਂ ਉੱਠਿਆ ਜੋ ਲਾਗੇ ਹੀ ਦੱਖਣ ਵੱਲ ਸੀ। ਫਿਰ ਉਸ ਨੇ ਗੋਡਿਆਂ ਭਾਰ ਬੈਠ ਕੇ ਤਿੰਨ ਵਾਰ ਜ਼ਮੀਨ ਤਕ ਸਿਰ ਨਿਵਾਇਆ ਤੇ ਉਨ੍ਹਾਂ ਦੋਹਾਂ ਨੇ ਇਕ-ਦੂਜੇ ਨੂੰ ਚੁੰਮਿਆ ਤੇ ਇਕ-ਦੂਜੇ ਲਈ ਰੋਏ, ਪਰ ਦਾਊਦ ਜ਼ਿਆਦਾ ਰੋਇਆ। 42 ਯੋਨਾਥਾਨ ਨੇ ਦਾਊਦ ਨੂੰ ਕਿਹਾ: “ਸ਼ਾਂਤੀ ਨਾਲ ਜਾਹ ਕਿਉਂਕਿ ਅਸੀਂ ਦੋਹਾਂ ਨੇ ਯਹੋਵਾਹ ਦੇ ਨਾਂ ʼਤੇ ਇਹ ਕਹਿੰਦੇ ਹੋਏ ਸਹੁੰ ਖਾਧੀ ਹੈ,+ ‘ਯਹੋਵਾਹ ਹਮੇਸ਼ਾ ਲਈ ਤੇਰੇ ਤੇ ਮੇਰੇ ਵਿਚਕਾਰ ਅਤੇ ਤੇਰੀ ਔਲਾਦ ਤੇ ਮੇਰੀ ਔਲਾਦ ਦੇ ਵਿਚਕਾਰ ਰਹੇ।’”+

ਫਿਰ ਦਾਊਦ ਉੱਠ ਕੇ ਚਲਾ ਗਿਆ ਅਤੇ ਯੋਨਾਥਾਨ ਸ਼ਹਿਰ ਨੂੰ ਮੁੜ ਗਿਆ।

21 ਬਾਅਦ ਵਿਚ ਦਾਊਦ ਨੋਬ+ ਵਿਚ ਅਹੀਮਲਕ ਪੁਜਾਰੀ ਕੋਲ ਆਇਆ। ਦਾਊਦ ਨੂੰ ਮਿਲਦੇ ਸਾਰ ਅਹੀਮਲਕ ਡਰ ਦੇ ਮਾਰੇ ਕੰਬਣ ਲੱਗ ਪਿਆ ਅਤੇ ਉਸ ਨੇ ਉਸ ਨੂੰ ਕਿਹਾ: “ਤੂੰ ਇਕੱਲਾ ਕਿਉਂ ਹੈਂ, ਕੋਈ ਹੋਰ ਕਿਉਂ ਨਹੀਂ ਤੇਰੇ ਨਾਲ?”+ 2 ਦਾਊਦ ਨੇ ਅਹੀਮਲਕ ਪੁਜਾਰੀ ਨੂੰ ਕਿਹਾ: “ਰਾਜੇ ਨੇ ਮੈਨੂੰ ਇਕ ਕੰਮ ਕਰਨ ਦਾ ਹੁਕਮ ਦਿੱਤਾ ਹੈ, ਪਰ ਉਸ ਨੇ ਕਿਹਾ ਹੈ, ‘ਜਿਸ ਕੰਮ ਲਈ ਮੈਂ ਤੈਨੂੰ ਘੱਲ ਰਿਹਾ ਹਾਂ ਅਤੇ ਮੈਂ ਤੈਨੂੰ ਜੋ ਹਿਦਾਇਤਾਂ ਦਿੱਤੀਆਂ ਹਨ, ਉਨ੍ਹਾਂ ਬਾਰੇ ਕਿਸੇ ਨੂੰ ਦੱਸੀਂ ਨਾ।’ ਮੈਂ ਆਪਣੇ ਆਦਮੀਆਂ ਨੂੰ ਫਲਾਣੀ ਜਗ੍ਹਾ ਮਿਲਣ ਲਈ ਕਿਹਾ ਹੈ। 3 ਹੁਣ ਜੇ ਤੇਰੇ ਕੋਲ ਪੰਜ ਰੋਟੀਆਂ ਹਨ ਜਾਂ ਫਿਰ ਕੋਈ ਹੋਰ ਖਾਣ ਵਾਲੀ ਚੀਜ਼ ਹੈ, ਤਾਂ ਮੈਨੂੰ ਦੇ।” 4 ਪਰ ਪੁਜਾਰੀ ਨੇ ਦਾਊਦ ਨੂੰ ਕਿਹਾ: “ਇੱਥੇ ਸਿਰਫ਼ ਪਵਿੱਤਰ ਰੋਟੀਆਂ ਹਨ,+ ਆਮ ਰੋਟੀਆਂ ਨਹੀਂ ਹਨ। ਤੇਰੇ ਆਦਮੀ ਇਨ੍ਹਾਂ ਨੂੰ ਖਾ ਸਕਦੇ ਹਨ, ਬਸ਼ਰਤੇ ਕਿ ਉਹ ਪਿਛਲੇ ਕੁਝ ਸਮੇਂ ਤੋਂ ਔਰਤਾਂ ਤੋਂ ਦੂਰ ਰਹੇ ਹੋਣ।”*+ 5 ਦਾਊਦ ਨੇ ਪੁਜਾਰੀ ਨੂੰ ਜਵਾਬ ਦਿੱਤਾ: “ਜਦੋਂ ਵੀ ਮੈਂ ਯੁੱਧ ਵਿਚ ਗਿਆ, ਅਸੀਂ ਹਮੇਸ਼ਾ ਔਰਤਾਂ ਤੋਂ ਦੂਰ ਹੀ ਰਹੇ ਹਾਂ।+ ਜੇ ਆਦਮੀਆਂ ਨੇ ਉਨ੍ਹਾਂ ਆਮ ਮੌਕਿਆਂ ʼਤੇ ਆਪਣੇ ਸਰੀਰਾਂ ਨੂੰ ਸ਼ੁੱਧ ਰੱਖਿਆ, ਤਾਂ ਅੱਜ ਇਸ ਕੰਮ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਕਿੰਨਾ ਸ਼ੁੱਧ ਰੱਖਿਆ ਹੋਣਾ!” 6 ਇਸ ਲਈ ਪੁਜਾਰੀ ਨੇ ਉਸ ਨੂੰ ਪਵਿੱਤਰ ਰੋਟੀਆਂ ਦੇ ਦਿੱਤੀਆਂ+ ਕਿਉਂਕਿ ਚੜ੍ਹਾਵੇ ਦੀਆਂ ਰੋਟੀਆਂ ਤੋਂ ਸਿਵਾਇ ਉੱਥੇ ਹੋਰ ਰੋਟੀਆਂ ਨਹੀਂ ਸਨ। ਉਸ ਦਿਨ ਯਹੋਵਾਹ ਦੀ ਹਜ਼ੂਰੀ ਵਿੱਚੋਂ ਇਹ ਰੋਟੀਆਂ ਚੁੱਕ ਕੇ ਇਨ੍ਹਾਂ ਦੀ ਜਗ੍ਹਾ ਤਾਜ਼ੀਆਂ ਰੋਟੀਆਂ ਰੱਖੀਆਂ ਗਈਆਂ ਸਨ।

7 ਉਸ ਦਿਨ ਸ਼ਾਊਲ ਦਾ ਇਕ ਨੌਕਰ ਵੀ ਉੱਥੇ ਸੀ ਜਿਸ ਨੂੰ ਯਹੋਵਾਹ ਅੱਗੇ ਰੋਕ ਕੇ ਰੱਖਿਆ ਗਿਆ ਸੀ। ਉਸ ਦਾ ਨਾਂ ਅਦੋਮੀ+ ਦੋਏਗ+ ਸੀ ਜੋ ਸ਼ਾਊਲ ਦੇ ਚਰਵਾਹਿਆਂ ਦਾ ਮੁਖੀ ਸੀ।

8 ਦਾਊਦ ਨੇ ਅਹੀਮਲਕ ਨੂੰ ਕਿਹਾ: “ਕੀ ਤੇਰੇ ਕੋਲ ਕੋਈ ਬਰਛਾ ਜਾਂ ਤਲਵਾਰ ਹੈ? ਮੈਂ ਆਪਣੀ ਤਲਵਾਰ ਜਾਂ ਹਥਿਆਰ ਲੈ ਕੇ ਨਹੀਂ ਆਇਆ ਕਿਉਂਕਿ ਮੈਂ ਰਾਜੇ ਦੇ ਕੰਮ ਲਈ ਜਲਦੀ ਨਿਕਲਣਾ ਸੀ।” 9 ਪੁਜਾਰੀ ਨੇ ਕਿਹਾ: “ਇੱਥੇ ਏਫੋਦ+ ਦੇ ਪਿੱਛੇ ਕੱਪੜੇ ਵਿਚ ਲਪੇਟੀ ਹੋਈ ਗੋਲਿਅਥ ਫਲਿਸਤੀ ਦੀ ਤਲਵਾਰ+ ਹੈ ਜਿਸ ਨੂੰ ਤੂੰ ਏਲਾਹ ਵਾਦੀ ਵਿਚ ਮਾਰ ਸੁੱਟਿਆ ਸੀ।+ ਜੇ ਤੂੰ ਇਸ ਨੂੰ ਆਪਣੇ ਲਈ ਲੈਣਾ ਚਾਹੁੰਦਾ ਹੈਂ, ਤਾਂ ਲੈ ਸਕਦਾਂ ਕਿਉਂਕਿ ਇੱਥੇ ਸਿਰਫ਼ ਇਹੀ ਤਲਵਾਰ ਹੈ।” ਦਾਊਦ ਨੇ ਕਿਹਾ: “ਇਸ ਵਰਗੀ ਕੋਈ ਤਲਵਾਰ ਹੈ ਹੀ ਨਹੀਂ। ਇਹ ਮੈਨੂੰ ਦੇ ਦੇ।”

10 ਉਸ ਦਿਨ ਦਾਊਦ ਉੱਠਿਆ ਅਤੇ ਸ਼ਾਊਲ ਤੋਂ ਭੱਜਦਾ-ਭੱਜਦਾ+ ਅਖ਼ੀਰ ਗਥ ਦੇ ਰਾਜਾ ਆਕੀਸ਼ ਕੋਲ ਆਇਆ।+ 11 ਆਕੀਸ਼ ਦੇ ਨੌਕਰਾਂ ਨੇ ਉਸ ਨੂੰ ਕਿਹਾ: “ਕੀ ਇਹ ਉਸ ਦੇਸ਼ ਦਾ ਰਾਜਾ ਦਾਊਦ ਨਹੀਂ? ਕੀ ਇਹ ਉਹੀ ਨਹੀਂ ਜਿਸ ਬਾਰੇ ਉਹ ਨੱਚਦੇ ਹੋਏ ਗਾ ਰਹੇ ਸਨ,

‘ਸ਼ਾਊਲ ਨੇ ਮਾਰਿਆ ਹਜ਼ਾਰਾਂ ਨੂੰ,

ਦਾਊਦ ਨੇ ਮਾਰਿਆ ਲੱਖਾਂ ਨੂੰ’?”+

12 ਦਾਊਦ ਇਨ੍ਹਾਂ ਗੱਲਾਂ ਕਰਕੇ ਚਿੰਤਾ ਵਿਚ ਪੈ ਗਿਆ ਅਤੇ ਉਹ ਗਥ ਦੇ ਰਾਜੇ ਆਕੀਸ਼ ਤੋਂ ਬਹੁਤ ਡਰ ਗਿਆ।+ 13 ਇਸ ਲਈ ਉਸ ਨੇ ਉਨ੍ਹਾਂ ਸਾਮ੍ਹਣੇ ਪਾਗਲ ਹੋਣ ਦਾ ਢੌਂਗ ਕੀਤਾ+ ਅਤੇ ਉਨ੍ਹਾਂ ਵਿਚਕਾਰ* ਹੁੰਦਿਆਂ ਪਾਗਲਾਂ ਵਰਗੀਆਂ ਹਰਕਤਾਂ ਕਰਨ ਲੱਗਾ। ਉਹ ਫਾਟਕ ਦੇ ਦਰਵਾਜ਼ਿਆਂ ਉੱਤੇ ਝਰੀਟਾਂ ਮਾਰਨ ਲੱਗ ਪਿਆ ਅਤੇ ਆਪਣੀ ਦਾੜ੍ਹੀ ਉੱਤੇ ਲਾਲ਼ਾਂ ਵਗਣ ਦਿੱਤੀਆਂ। 14 ਅਖ਼ੀਰ ਆਕੀਸ਼ ਨੇ ਆਪਣੇ ਨੌਕਰਾਂ ਨੂੰ ਕਿਹਾ: “ਇਹ ਬੰਦਾ ਤਾਂ ਪਾਗਲ ਹੈ! ਤੁਸੀਂ ਇਸ ਨੂੰ ਮੇਰੇ ਕੋਲ ਕਿਉਂ ਲਿਆਏ ਹੋ? 15 ਕੀ ਮੇਰੇ ਕੋਲ ਪਾਗਲਾਂ ਦੀ ਘਾਟ ਹੈ ਜੋ ਤੁਸੀਂ ਇਕ ਹੋਰ ਪਾਗਲ ਨੂੰ ਮੇਰੇ ਕੋਲ ਲੈ ਆਏ? ਮੈਂ ਇਸ ਨੂੰ ਆਪਣੇ ਘਰ ਕਿਉਂ ਵੜਨ ਦਿਆਂ?”

22 ਫਿਰ ਦਾਊਦ ਉੱਥੋਂ ਚਲਾ ਗਿਆ+ ਤੇ ਅਦੁਲਾਮ ਦੀ ਗੁਫਾ ਵਿਚ ਲੁਕ ਗਿਆ।+ ਇਸ ਬਾਰੇ ਜਦ ਉਸ ਦੇ ਭਰਾਵਾਂ ਤੇ ਉਸ ਦੇ ਪਿਤਾ ਦੇ ਸਾਰੇ ਘਰਾਣੇ ਨੂੰ ਪਤਾ ਲੱਗਾ, ਤਾਂ ਉਹ ਉਸ ਕੋਲ ਉੱਥੇ ਚਲੇ ਗਏ। 2 ਅਤੇ ਜਿਹੜੇ ਮੁਸੀਬਤ ਵਿਚ ਸਨ, ਕਰਜ਼ੇ ਹੇਠ ਦੱਬੇ ਹੋਏ ਸਨ ਤੇ ਦੁਖੀ ਸਨ, ਉਹ ਸਾਰੇ ਉਸ ਕੋਲ ਇਕੱਠੇ ਹੋਏ ਅਤੇ ਉਹ ਉਨ੍ਹਾਂ ਦਾ ਮੁਖੀ ਬਣ ਗਿਆ। ਉਸ ਦੇ ਨਾਲ ਲਗਭਗ 400 ਆਦਮੀ ਸਨ।

3 ਫਿਰ ਦਾਊਦ ਉੱਥੋਂ ਮੋਆਬ ਦੇ ਮਿਸਪੇਹ ਨੂੰ ਚਲਾ ਗਿਆ ਤੇ ਉਸ ਨੇ ਮੋਆਬ+ ਦੇ ਰਾਜੇ ਨੂੰ ਕਿਹਾ: “ਕਿਰਪਾ ਕਰ ਕੇ ਮੇਰੇ ਮਾਤਾ-ਪਿਤਾ ਨੂੰ ਉਦੋਂ ਤਕ ਆਪਣੇ ਕੋਲ ਰੱਖ ਲੈ ਜਦ ਤਕ ਮੈਨੂੰ ਪਤਾ ਨਹੀਂ ਲੱਗ ਜਾਂਦਾ ਕਿ ਪਰਮੇਸ਼ੁਰ ਮੇਰੇ ਲਈ ਕੀ ਕਰੇਗਾ।” 4 ਇਸ ਲਈ ਉਹ ਉਨ੍ਹਾਂ ਨੂੰ ਮੋਆਬ ਦੇ ਰਾਜੇ ਕੋਲ ਛੱਡ ਗਿਆ ਅਤੇ ਉਹ ਉਦੋਂ ਤਕ ਉਸ ਦੇ ਨਾਲ ਰਹੇ ਜਦ ਤਕ ਦਾਊਦ ਸੁਰੱਖਿਅਤ ਜਗ੍ਹਾ ਲੁਕਿਆ ਰਿਹਾ।+

5 ਕੁਝ ਸਮੇਂ ਬਾਅਦ ਗਾਦ+ ਨਬੀ ਨੇ ਦਾਊਦ ਨੂੰ ਕਿਹਾ: “ਤੂੰ ਇਸ ਜਗ੍ਹਾ ਲੁਕਿਆ ਨਾ ਰਹਿ। ਇੱਥੋਂ ਯਹੂਦਾਹ ਦੇਸ਼ ਨੂੰ ਚਲਾ ਜਾਹ।”+ ਇਸ ਲਈ ਦਾਊਦ ਉੱਥੋਂ ਹਾਰਥ ਦੇ ਜੰਗਲ ਵਿਚ ਚਲਾ ਗਿਆ।

6 ਸ਼ਾਊਲ ਨੂੰ ਖ਼ਬਰ ਮਿਲੀ ਕਿ ਦਾਊਦ ਤੇ ਉਸ ਦੇ ਨਾਲ ਦੇ ਆਦਮੀਆਂ ਦਾ ਪਤਾ ਲੱਗ ਗਿਆ ਹੈ। ਉਸ ਵੇਲੇ ਸ਼ਾਊਲ ਗਿਬਆਹ+ ਵਿਚ ਉੱਚੀ ਜਗ੍ਹਾ ʼਤੇ ਝਾਊ ਦੇ ਦਰਖ਼ਤ ਹੇਠ ਬਰਛਾ ਫੜੀ ਬੈਠਾ ਸੀ ਤੇ ਉਸ ਦੇ ਸਾਰੇ ਸੇਵਕ ਉਸ ਦੇ ਆਲੇ-ਦੁਆਲੇ ਖੜ੍ਹੇ ਸਨ। 7 ਸ਼ਾਊਲ ਨੇ ਆਪਣੇ ਦੁਆਲੇ ਖੜ੍ਹੇ ਸੇਵਕਾਂ ਨੂੰ ਕਿਹਾ: “ਹੇ ਬਿਨਯਾਮੀਨੀਓ, ਸੁਣੋ! ਕੀ ਯੱਸੀ ਦਾ ਪੁੱਤਰ+ ਵੀ ਤੁਹਾਨੂੰ ਸਾਰਿਆਂ ਨੂੰ ਖੇਤ ਅਤੇ ਅੰਗੂਰਾਂ ਦੇ ਬਾਗ਼ ਦੇਵੇਗਾ? ਕੀ ਉਹ ਤੁਹਾਨੂੰ ਸਾਰਿਆਂ ਨੂੰ ਹਜ਼ਾਰ-ਹਜ਼ਾਰ ਦੇ ਮੁਖੀ ਅਤੇ ਸੌ-ਸੌ ਦੇ ਮੁਖੀ ਨਿਯੁਕਤ ਕਰੇਗਾ?+ 8 ਤੁਸੀਂ ਸਾਰਿਆਂ ਨੇ ਮੇਰੇ ਖ਼ਿਲਾਫ਼ ਸਾਜ਼ਸ਼ ਘੜੀ ਹੈ! ਜਦ ਮੇਰੇ ਆਪਣੇ ਪੁੱਤਰ ਨੇ ਯੱਸੀ ਦੇ ਪੁੱਤਰ ਨਾਲ ਇਕਰਾਰ ਕੀਤਾ,+ ਤਾਂ ਕਿਸੇ ਨੇ ਵੀ ਮੈਨੂੰ ਨਹੀਂ ਦੱਸਿਆ! ਤੁਹਾਡੇ ਵਿੱਚੋਂ ਕਿਸੇ ਨੂੰ ਵੀ ਮੇਰੇ ਨਾਲ ਹਮਦਰਦੀ ਨਹੀਂ। ਮੈਨੂੰ ਕਿਸੇ ਨੇ ਨਹੀਂ ਦੱਸਿਆ ਕਿ ਮੇਰੇ ਆਪਣੇ ਪੁੱਤਰ ਨੇ ਮੇਰੇ ਨੌਕਰ ਨੂੰ ਮੇਰੇ ਖ਼ਿਲਾਫ਼ ਭੜਕਾਇਆ। ਹੁਣ ਉਹ ਮੇਰੇ ʼਤੇ ਹਮਲਾ ਕਰਨ ਲਈ ਘਾਤ ਲਾਈ ਬੈਠਾ ਹੈ।”

9 ਫਿਰ ਸ਼ਾਊਲ ਦੇ ਸੇਵਕਾਂ ਦੇ ਅਧਿਕਾਰੀ ਅਦੋਮੀ ਦੋਏਗ+ ਨੇ ਕਿਹਾ:+ “ਮੈਂ ਯੱਸੀ ਦੇ ਪੁੱਤਰ ਨੂੰ ਨੋਬ ਵਿਚ ਅਹੀਟੂਬ ਦੇ ਪੁੱਤਰ ਅਹੀਮਲਕ ਕੋਲ ਦੇਖਿਆ ਸੀ।+ 10 ਅਤੇ ਉਸ ਨੇ ਦਾਊਦ ਵਾਸਤੇ ਯਹੋਵਾਹ ਕੋਲੋਂ ਸਲਾਹ ਪੁੱਛੀ ਤੇ ਉਸ ਨੂੰ ਖਾਣਾ ਦਿੱਤਾ। ਨਾਲੇ ਉਸ ਨੇ ਉਸ ਨੂੰ ਫਲਿਸਤੀ ਗੋਲਿਅਥ ਦੀ ਤਲਵਾਰ ਵੀ ਦੇ ਦਿੱਤੀ।”+ 11 ਇਹ ਸੁਣਦਿਆਂ ਸਾਰ ਰਾਜੇ ਨੇ ਅਹੀਟੂਬ ਦੇ ਪੁੱਤਰ ਯਾਨੀ ਪੁਜਾਰੀ ਅਹੀਮਲਕ ਅਤੇ ਉਸ ਦੇ ਪਿਤਾ ਦੇ ਘਰਾਣੇ ਦੇ ਸਾਰੇ ਪੁਜਾਰੀਆਂ ਨੂੰ, ਜੋ ਨੋਬ ਵਿਚ ਸਨ, ਬੁਲਾਉਣ ਲਈ ਕਿਸੇ ਨੂੰ ਭੇਜਿਆ। ਇਸ ਲਈ ਉਹ ਸਾਰੇ ਰਾਜੇ ਕੋਲ ਆ ਗਏ।

12 ਫਿਰ ਸ਼ਾਊਲ ਨੇ ਕਿਹਾ: “ਅਹੀਟੂਬ ਦੇ ਪੁੱਤਰ, ਗੱਲ ਸੁਣ!” ਉਸ ਨੇ ਜਵਾਬ ਦਿੱਤਾ: “ਹਾਂ, ਮੇਰੇ ਮਾਲਕ।” 13 ਸ਼ਾਊਲ ਨੇ ਉਸ ਨੂੰ ਕਿਹਾ: “ਤੂੰ ਤੇ ਯੱਸੀ ਦੇ ਪੁੱਤਰ ਨੇ ਮੇਰੇ ਖ਼ਿਲਾਫ਼ ਸਾਜ਼ਸ਼ ਕਿਉਂ ਘੜੀ? ਤੂੰ ਉਸ ਨੂੰ ਰੋਟੀ ਤੇ ਤਲਵਾਰ ਦਿੱਤੀ ਅਤੇ ਉਸ ਵਾਸਤੇ ਪਰਮੇਸ਼ੁਰ ਕੋਲੋਂ ਸਲਾਹ ਪੁੱਛੀ। ਉਹ ਮੇਰੇ ਵਿਰੁੱਧ ਉੱਠਿਆ ਹੈ ਅਤੇ ਹੁਣ ਮੇਰੇ ʼਤੇ ਹਮਲਾ ਕਰਨ ਲਈ ਘਾਤ ਲਾਈ ਬੈਠਾ ਹੈ।” 14 ਇਹ ਸੁਣ ਕੇ ਅਹੀਮਲਕ ਨੇ ਰਾਜੇ ਨੂੰ ਜਵਾਬ ਦਿੱਤਾ: “ਤੇਰੇ ਸਾਰੇ ਸੇਵਕਾਂ ਵਿੱਚੋਂ ਕੌਣ ਹੈ ਜੋ ਦਾਊਦ ਜਿੰਨਾ ਭਰੋਸੇਯੋਗ* ਹੋਵੇ?+ ਹੇ ਮਹਾਰਾਜ, ਉਹ ਤੇਰਾ ਜਵਾਈ ਹੈ+ ਤੇ ਤੇਰੇ ਅੰਗ-ਰੱਖਿਅਕਾਂ ਦਾ ਮੁਖੀ ਹੈ ਅਤੇ ਤੇਰੇ ਸਾਰੇ ਘਰਾਣੇ ਵਿਚ ਉਸ ਦੀ ਬੜੀ ਇੱਜ਼ਤ ਹੈ।+ 15 ਕੀ ਮੈਂ ਅੱਜ ਪਹਿਲੀ ਵਾਰ ਉਸ ਵਾਸਤੇ ਪਰਮੇਸ਼ੁਰ ਕੋਲੋਂ ਸਲਾਹ ਪੁੱਛੀ ਹੈ?+ ਜੋ ਤੂੰ ਕਹਿ ਰਿਹਾ ਹੈਂ, ਮੈਂ ਉਸ ਤਰ੍ਹਾਂ ਕਰਨ ਬਾਰੇ ਸੋਚ ਵੀ ਨਹੀਂ ਸਕਦਾ! ਰਾਜਾ ਆਪਣੇ ਸੇਵਕ ਅਤੇ ਮੇਰੇ ਪਿਤਾ ਦੇ ਸਾਰੇ ਘਰਾਣੇ ਨੂੰ ਦੋਸ਼ੀ ਨਾ ਠਹਿਰਾਏ ਕਿਉਂਕਿ ਤੇਰੇ ਸੇਵਕ ਨੂੰ ਇਸ ਬਾਰੇ ਕੁਝ ਵੀ ਨਹੀਂ ਸੀ ਪਤਾ।”+

16 ਪਰ ਰਾਜੇ ਨੇ ਕਿਹਾ: “ਅਹੀਮਲਕ, ਤੂੰ ਜੀਉਂਦਾ ਨਹੀਂ ਬਚਣਾ।+ ਤੂੰ ਤੇ ਤੇਰੇ ਪਿਤਾ ਦਾ ਸਾਰਾ ਘਰਾਣਾ ਮਾਰਿਆ ਜਾਵੇਗਾ।”+ 17 ਇਹ ਕਹਿ ਕੇ ਰਾਜੇ ਨੇ ਆਪਣੇ ਦੁਆਲੇ ਖੜ੍ਹੇ ਅੰਗ-ਰੱਖਿਅਕਾਂ* ਨੂੰ ਕਿਹਾ: “ਜਾਓ ਅਤੇ ਯਹੋਵਾਹ ਦੇ ਪੁਜਾਰੀਆਂ ਨੂੰ ਮਾਰ ਸੁੱਟੋ ਕਿਉਂਕਿ ਉਨ੍ਹਾਂ ਨੇ ਦਾਊਦ ਦਾ ਸਾਥ ਦਿੱਤਾ ਹੈ! ਉਨ੍ਹਾਂ ਨੂੰ ਪਤਾ ਸੀ ਕਿ ਉਹ ਭਗੌੜਾ ਹੈ, ਫਿਰ ਵੀ ਉਨ੍ਹਾਂ ਨੇ ਮੈਨੂੰ ਖ਼ਬਰ ਨਹੀਂ ਦਿੱਤੀ!” ਪਰ ਰਾਜੇ ਦੇ ਸੇਵਕ ਯਹੋਵਾਹ ਦੇ ਪੁਜਾਰੀਆਂ ʼਤੇ ਹੱਥ ਨਹੀਂ ਚੁੱਕਣਾ ਚਾਹੁੰਦੇ ਸਨ। 18 ਫਿਰ ਰਾਜੇ ਨੇ ਦੋਏਗ+ ਨੂੰ ਕਿਹਾ: “ਤੂੰ ਜਾਹ ਤੇ ਪੁਜਾਰੀਆਂ ਨੂੰ ਮਾਰ ਸੁੱਟ!” ਅਦੋਮੀ+ ਦੋਏਗ ਉਸੇ ਵੇਲੇ ਗਿਆ ਤੇ ਉਸ ਇਕੱਲੇ ਨੇ ਹੀ ਪੁਜਾਰੀਆਂ ਨੂੰ ਮਾਰ ਸੁੱਟਿਆ। ਉਸ ਦਿਨ ਉਸ ਨੇ 85 ਆਦਮੀਆਂ ਨੂੰ ਜਾਨੋਂ ਮਾਰਿਆ ਜਿਨ੍ਹਾਂ ਨੇ ਮਲਮਲ ਦਾ ਏਫ਼ੋਦ ਪਹਿਨਿਆ ਸੀ।+ 19 ਉਸ ਨੇ ਪੁਜਾਰੀਆਂ ਦੇ ਸ਼ਹਿਰ ਨੋਬ+ ʼਤੇ ਹਮਲਾ ਕੀਤਾ; ਉਸ ਨੇ ਆਦਮੀਆਂ, ਔਰਤਾਂ, ਬੱਚਿਆਂ, ਇੱਥੋਂ ਤਕ ਕਿ ਦੁੱਧ ਚੁੰਘਦੇ ਬੱਚਿਆਂ ਨੂੰ ਵੀ ਵੱਢ ਸੁੱਟਿਆ। ਨਾਲੇ ਉਸ ਨੇ ਬਲਦਾਂ, ਗਧਿਆਂ ਅਤੇ ਭੇਡਾਂ ਨੂੰ ਵੀ ਤਲਵਾਰ ਨਾਲ ਵੱਢ ਦਿੱਤਾ।

20 ਪਰ ਅਹੀਟੂਬ ਦੇ ਪੁੱਤਰ ਅਹੀਮਲਕ ਦਾ ਇਕ ਪੁੱਤਰ ਅਬਯਾਥਾਰ+ ਬਚ ਗਿਆ ਤੇ ਉਹ ਭੱਜ ਕੇ ਦਾਊਦ ਕੋਲ ਚਲਾ ਗਿਆ ਤਾਂਕਿ ਉਸ ਦਾ ਸਾਥ ਦੇਵੇ। 21 ਅਬਯਾਥਾਰ ਨੇ ਦਾਊਦ ਨੂੰ ਦੱਸਿਆ: “ਸ਼ਾਊਲ ਨੇ ਯਹੋਵਾਹ ਦੇ ਪੁਜਾਰੀਆਂ ਦਾ ਕਤਲ ਕਰ ਦਿੱਤਾ ਹੈ।” 22 ਇਹ ਸੁਣ ਕੇ ਦਾਊਦ ਨੇ ਅਬਯਾਥਾਰ ਨੂੰ ਕਿਹਾ: “ਜਿਸ ਦਿਨ ਮੈਂ ਅਦੋਮੀ ਦੋਏਗ ਨੂੰ ਉੱਥੇ ਦੇਖਿਆ ਸੀ, ਮੈਨੂੰ ਉਸੇ ਦਿਨ ਪਤਾ ਲੱਗ ਗਿਆ ਸੀ+ ਕਿ ਉਹ ਸ਼ਾਊਲ ਨੂੰ ਜ਼ਰੂਰ ਦੱਸੇਗਾ। ਤੇਰੇ ਪਿਤਾ ਦੇ ਘਰਾਣੇ ਦੇ ਸਾਰੇ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਮੈਂ ਹੀ ਹਾਂ। 23 ਤੂੰ ਮੇਰੇ ਨਾਲ ਰਹਿ। ਡਰ ਨਾ ਕਿਉਂਕਿ ਜਿਹੜਾ ਤੇਰੀ ਜਾਨ ਦੇ ਪਿੱਛੇ ਪਿਆ ਹੈ ਉਹ ਮੇਰੀ ਜਾਨ ਦੇ ਪਿੱਛੇ ਵੀ ਪਿਆ ਹੈ; ਮੈਂ ਤੇਰੀ ਹਿਫਾਜ਼ਤ ਕਰਾਂਗਾ।”+

23 ਕੁਝ ਸਮੇਂ ਬਾਅਦ ਦਾਊਦ ਨੂੰ ਖ਼ਬਰ ਮਿਲੀ: “ਫਲਿਸਤੀ ਕਈਲਾਹ+ ਵਿਰੁੱਧ ਲੜ ਰਹੇ ਹਨ ਅਤੇ ਉਹ ਪਿੜਾਂ* ਨੂੰ ਲੁੱਟੀ ਜਾ ਰਹੇ ਹਨ।” 2 ਇਸ ਲਈ ਦਾਊਦ ਨੇ ਯਹੋਵਾਹ ਤੋਂ ਸਲਾਹ ਮੰਗੀ:+ “ਕੀ ਮੈਂ ਜਾਵਾਂ ਤੇ ਇਨ੍ਹਾਂ ਫਲਿਸਤੀਆਂ ਨੂੰ ਮਾਰਾਂ?” ਯਹੋਵਾਹ ਨੇ ਦਾਊਦ ਨੂੰ ਕਿਹਾ: “ਹਾਂ ਜਾਹ, ਫਲਿਸਤੀਆਂ ਨੂੰ ਮਾਰ ਸੁੱਟ ਅਤੇ ਕਈਲਾਹ ਨੂੰ ਬਚਾ ਲੈ।” 3 ਪਰ ਦਾਊਦ ਦੇ ਆਦਮੀਆਂ ਨੇ ਉਸ ਨੂੰ ਕਿਹਾ: “ਦੇਖ! ਅਸੀਂ ਇੱਥੇ ਯਹੂਦਾਹ ਵਿਚ ਹੀ ਕਿੰਨੇ ਡਰੇ ਹੋਏ ਹਾਂ;+ ਜੇ ਅਸੀਂ ਕਈਲਾਹ ਵਿਚ ਜਾ ਕੇ ਫਲਿਸਤੀਆਂ ਦੀ ਫ਼ੌਜ ਨਾਲ ਲੜਾਂਗੇ,+ ਤਾਂ ਸਾਨੂੰ ਹੋਰ ਵੀ ਕਿੰਨਾ ਜ਼ਿਆਦਾ ਡਰ ਲੱਗੇਗਾ!” 4 ਇਸ ਲਈ ਦਾਊਦ ਨੇ ਦੁਬਾਰਾ ਯਹੋਵਾਹ ਤੋਂ ਸਲਾਹ ਮੰਗੀ।+ ਯਹੋਵਾਹ ਨੇ ਉਸ ਨੂੰ ਜਵਾਬ ਦਿੱਤਾ: “ਉੱਠ; ਕਈਲਾਹ ਨੂੰ ਜਾਹ ਕਿਉਂਕਿ ਮੈਂ ਫਲਿਸਤੀਆਂ ਨੂੰ ਤੇਰੇ ਹੱਥ ਵਿਚ ਦੇ ਦਿਆਂਗਾ।”+ 5 ਫਿਰ ਦਾਊਦ ਆਪਣੇ ਆਦਮੀਆਂ ਨਾਲ ਕਈਲਾਹ ਗਿਆ ਤੇ ਫਲਿਸਤੀਆਂ ਨਾਲ ਲੜਿਆ; ਉਸ ਨੇ ਉਨ੍ਹਾਂ ਦੇ ਪਸ਼ੂ ਖੋਹ ਲਏ ਤੇ ਬਹੁਤ ਸਾਰੇ ਫਲਿਸਤੀਆਂ ਨੂੰ ਵੱਢ ਸੁੱਟਿਆ ਅਤੇ ਦਾਊਦ ਨੇ ਕਈਲਾਹ ਦੇ ਵਾਸੀਆਂ ਨੂੰ ਬਚਾ ਲਿਆ।+

6 ਜਦੋਂ ਅਹੀਮਲਕ ਦਾ ਪੁੱਤਰ ਅਬਯਾਥਾਰ+ ਭੱਜ ਕੇ ਦਾਊਦ ਕੋਲ ਕਈਲਾਹ ਵਿਚ ਗਿਆ, ਤਾਂ ਉਸ ਕੋਲ ਇਕ ਏਫ਼ੋਦ ਸੀ। 7 ਸ਼ਾਊਲ ਨੂੰ ਖ਼ਬਰ ਮਿਲੀ: “ਦਾਊਦ ਕਈਲਾਹ ਆ ਗਿਆ ਹੈ।” ਇਹ ਸੁਣ ਕੇ ਸ਼ਾਊਲ ਨੇ ਕਿਹਾ: “ਪਰਮੇਸ਼ੁਰ ਨੇ ਉਸ ਨੂੰ ਮੇਰੇ ਹੱਥ ਵਿਚ ਦੇ ਦਿੱਤਾ ਹੈ।*+ ਉਹ ਇਸ ਸ਼ਹਿਰ ਅੰਦਰ ਆ ਕੇ ਫਸ ਗਿਆ ਹੈ ਜਿਸ ਦੇ ਦਰਵਾਜ਼ੇ ਹੋੜਿਆਂ ਨਾਲ ਬੰਦ ਕੀਤੇ ਹੋਏ ਹਨ।” 8 ਇਸ ਲਈ ਸ਼ਾਊਲ ਨੇ ਸਾਰੇ ਲੋਕਾਂ ਨੂੰ ਯੁੱਧ ਲਈ ਬੁਲਾਇਆ ਤਾਂਕਿ ਉਹ ਕਈਲਾਹ ਜਾ ਕੇ ਦਾਊਦ ਤੇ ਉਸ ਦੇ ਆਦਮੀਆਂ ਨੂੰ ਘੇਰਨ। 9 ਜਦ ਦਾਊਦ ਨੂੰ ਪਤਾ ਲੱਗਾ ਕਿ ਸ਼ਾਊਲ ਉਸ ਦੇ ਖ਼ਿਲਾਫ਼ ਸਾਜ਼ਸ਼ ਘੜ ਰਿਹਾ ਸੀ, ਤਾਂ ਉਸ ਨੇ ਪੁਜਾਰੀ ਅਬਯਾਥਾਰ ਨੂੰ ਕਿਹਾ: “ਏਫ਼ੋਦ ਇੱਥੇ ਲੈ ਕੇ ਆ।”+ 10 ਫਿਰ ਦਾਊਦ ਨੇ ਕਿਹਾ: “ਹੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਤੇਰੇ ਸੇਵਕ ਨੇ ਸੁਣਿਆ ਹੈ ਕਿ ਸ਼ਾਊਲ ਮੇਰੇ ਕਰਕੇ ਸ਼ਹਿਰ ਨੂੰ ਤਬਾਹ ਕਰਨ ਦੇ ਇਰਾਦੇ ਨਾਲ ਕਈਲਾਹ ਆ ਰਿਹਾ ਹੈ।+ 11 ਕੀ ਕਈਲਾਹ ਦੇ ਆਗੂ* ਮੈਨੂੰ ਉਸ ਦੇ ਹੱਥ ਵਿਚ ਦੇ ਦੇਣਗੇ? ਕੀ ਸ਼ਾਊਲ ਵਾਕਈ ਆਵੇਗਾ ਜਿਵੇਂ ਤੇਰੇ ਸੇਵਕ ਨੇ ਸੁਣਿਆ ਹੈ? ਹੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਕਿਰਪਾ ਕਰ ਕੇ ਆਪਣੇ ਸੇਵਕ ਨੂੰ ਜਵਾਬ ਦੇ।” ਇਹ ਸੁਣ ਕੇ ਯਹੋਵਾਹ ਨੇ ਕਿਹਾ: “ਹਾਂ, ਉਹ ਆਵੇਗਾ।” 12 ਦਾਊਦ ਨੇ ਪੁੱਛਿਆ: “ਕੀ ਕਈਲਾਹ ਦੇ ਆਗੂ ਮੈਨੂੰ ਤੇ ਮੇਰੇ ਆਦਮੀਆਂ ਨੂੰ ਸ਼ਾਊਲ ਦੇ ਹੱਥ ਵਿਚ ਦੇ ਦੇਣਗੇ?” ਯਹੋਵਾਹ ਨੇ ਜਵਾਬ ਦਿੱਤਾ: “ਹਾਂ, ਉਹ ਤੁਹਾਨੂੰ ਉਸ ਦੇ ਹਵਾਲੇ ਕਰ ਦੇਣਗੇ।”

13 ਉਸੇ ਵੇਲੇ ਦਾਊਦ ਆਪਣੇ ਲਗਭਗ 600 ਆਦਮੀਆਂ ਨਾਲ ਉੱਠਿਆ+ ਤੇ ਉਹ ਕਈਲਾਹ ਤੋਂ ਚਲੇ ਗਏ ਅਤੇ ਜਿੱਥੇ ਕਿਤੇ ਵੀ ਉਨ੍ਹਾਂ ਨੂੰ ਰਾਹ ਲੱਭਾ, ਉੱਧਰ ਨੂੰ ਤੁਰ ਪਏ। ਜਦ ਸ਼ਾਊਲ ਨੂੰ ਖ਼ਬਰ ਮਿਲੀ ਕਿ ਦਾਊਦ ਕਈਲਾਹ ਤੋਂ ਭੱਜ ਗਿਆ ਹੈ, ਤਾਂ ਉਹ ਉਸ ਦੇ ਪਿੱਛੇ ਨਹੀਂ ਗਿਆ। 14 ਦਾਊਦ ਜ਼ੀਫ+ ਦੀ ਉਜਾੜ ਦੇ ਪਹਾੜੀ ਇਲਾਕੇ ਵਿਚ ਅਜਿਹੀਆਂ ਥਾਵਾਂ ʼਤੇ ਲੁਕਿਆ ਰਿਹਾ ਜਿਨ੍ਹਾਂ ਤਕ ਪਹੁੰਚਣਾ ਔਖਾ ਸੀ। ਸ਼ਾਊਲ ਲਗਾਤਾਰ ਉਸ ਨੂੰ ਲੱਭਦਾ ਰਿਹਾ,+ ਪਰ ਯਹੋਵਾਹ ਨੇ ਦਾਊਦ ਨੂੰ ਉਸ ਦੇ ਹੱਥ ਵਿਚ ਨਹੀਂ ਦਿੱਤਾ। 15 ਜ਼ੀਫ ਦੀ ਉਜਾੜ ਵਿਚ ਹੋਰੇਸ਼ ਨਾਂ ਦੀ ਥਾਂ ʼਤੇ ਹੁੰਦਿਆਂ ਦਾਊਦ ਨੂੰ ਪਤਾ ਸੀ ਕਿ* ਸ਼ਾਊਲ ਉਸ ਦੀ ਜਾਨ ਲੈਣ ਲਈ ਨਿਕਲ ਤੁਰਿਆ ਸੀ।

16 ਸ਼ਾਊਲ ਦਾ ਪੁੱਤਰ ਯੋਨਾਥਾਨ ਹੋਰੇਸ਼ ਵਿਚ ਦਾਊਦ ਕੋਲ ਗਿਆ ਅਤੇ ਉਸ ਨੇ ਯਹੋਵਾਹ ʼਤੇ ਦਾਊਦ ਦਾ ਭਰੋਸਾ ਪੱਕਾ ਕੀਤਾ।*+ 17 ਉਸ ਨੇ ਉਸ ਨੂੰ ਕਿਹਾ: “ਨਾ ਡਰ ਕਿਉਂਕਿ ਮੇਰਾ ਪਿਤਾ ਸ਼ਾਊਲ ਤੈਨੂੰ ਲੱਭ ਨਹੀਂ ਸਕੇਗਾ; ਤੂੰ ਇਜ਼ਰਾਈਲ ਦਾ ਰਾਜਾ ਬਣੇਂਗਾ+ ਅਤੇ ਮੈਂ ਤੇਰੇ ਤੋਂ ਦੂਸਰੇ ਦਰਜੇ ʼਤੇ ਹੋਵਾਂਗਾ; ਅਤੇ ਮੇਰਾ ਪਿਤਾ ਸ਼ਾਊਲ ਵੀ ਇਹ ਗੱਲ ਜਾਣਦਾ ਹੈ।”+ 18 ਫਿਰ ਉਨ੍ਹਾਂ ਦੋਹਾਂ ਨੇ ਯਹੋਵਾਹ ਅੱਗੇ ਇਕਰਾਰ ਕੀਤਾ+ ਅਤੇ ਦਾਊਦ ਹੋਰੇਸ਼ ਵਿਚ ਰਿਹਾ ਤੇ ਯੋਨਾਥਾਨ ਆਪਣੇ ਘਰ ਚਲਾ ਗਿਆ।

19 ਬਾਅਦ ਵਿਚ ਜ਼ੀਫ ਦੇ ਆਦਮੀ ਗਿਬਆਹ+ ਵਿਚ ਸ਼ਾਊਲ ਕੋਲ ਗਏ ਤੇ ਕਿਹਾ: “ਦਾਊਦ ਸਾਡੇ ਲਾਗੇ ਹੋਰੇਸ਼+ ਦੀਆਂ ਉਨ੍ਹਾਂ ਥਾਵਾਂ ʼਤੇ ਲੁਕਿਆ ਹੈ+ ਜਿਨ੍ਹਾਂ ਤਕ ਪਹੁੰਚਣਾ ਔਖਾ ਹੈ ਜੋ ਯਸ਼ੀਮੋਨ* ਦੇ ਦੱਖਣ ਵੱਲ*+ ਹਕੀਲਾਹ ਦੀ ਪਹਾੜੀ+ ਉੱਤੇ ਹਨ। 20 ਹੇ ਮਹਾਰਾਜ, ਜਦ ਤੇਰਾ ਮਨ ਕਰੇ, ਤੂੰ ਆ ਜਾਈਂ ਅਤੇ ਅਸੀਂ ਉਸ ਨੂੰ ਤੇਰੇ ਹਵਾਲੇ ਕਰ ਦਿਆਂਗੇ।”+ 21 ਇਹ ਸੁਣ ਕੇ ਸ਼ਾਊਲ ਨੇ ਕਿਹਾ: “ਯਹੋਵਾਹ ਤੁਹਾਨੂੰ ਬਰਕਤ ਦੇਵੇ ਕਿਉਂਕਿ ਤੁਸੀਂ ਮੇਰੇ ਨਾਲ ਹਮਦਰਦੀ ਜਤਾਈ ਹੈ। 22 ਹੁਣ ਜਾਓ ਤੇ ਉਸ ਦਾ ਅਸਲੀ ਟਿਕਾਣਾ ਲੱਭਣ ਦੀ ਕੋਸ਼ਿਸ਼ ਕਰੋ ਅਤੇ ਪਤਾ ਕਰੋ ਕਿ ਕਿਸ ਨੇ ਉਸ ਨੂੰ ਉੱਥੇ ਦੇਖਿਆ ਸੀ ਕਿਉਂਕਿ ਮੈਂ ਸੁਣਿਆ ਹੈ ਕਿ ਉਹ ਬਹੁਤ ਚਲਾਕ ਹੈ। 23 ਧਿਆਨ ਨਾਲ ਪਤਾ ਲਗਾਓ ਕਿ ਉਹ ਕਿੱਥੇ-ਕਿੱਥੇ ਜਾ ਕੇ ਲੁਕਦਾ ਹੈ ਅਤੇ ਸਬੂਤ ਲੈ ਕੇ ਮੇਰੇ ਕੋਲ ਵਾਪਸ ਆਇਓ। ਫਿਰ ਮੈਂ ਤੁਹਾਡੇ ਨਾਲ ਜਾਵਾਂਗਾ ਤੇ ਜੇ ਉਹ ਇਸ ਦੇਸ਼ ਵਿਚ ਹੈ, ਤਾਂ ਮੈਂ ਉਸ ਨੂੰ ਯਹੂਦਾਹ ਦੇ ਹਜ਼ਾਰਾਂ* ਵਿੱਚੋਂ ਵੀ ਲੱਭ ਲਵਾਂਗਾ।”

24 ਇਸ ਤੋਂ ਬਾਅਦ ਉਹ ਉੱਥੋਂ ਸ਼ਾਊਲ ਦੇ ਅੱਗੇ-ਅੱਗੇ ਜ਼ੀਫ+ ਨੂੰ ਚਲੇ ਗਏ। ਉਸ ਵੇਲੇ ਦਾਊਦ ਤੇ ਉਸ ਦੇ ਆਦਮੀ ਯਸ਼ੀਮੋਨ ਦੇ ਦੱਖਣ ਵੱਲ ਅਰਾਬਾਹ+ ਵਿਚ ਮਾਓਨ+ ਦੀ ਉਜਾੜ ਵਿਚ ਸਨ। 25 ਫਿਰ ਸ਼ਾਊਲ ਆਪਣੇ ਆਦਮੀਆਂ ਨਾਲ ਉਸ ਨੂੰ ਲੱਭਣ ਆਇਆ।+ ਜਦ ਦਾਊਦ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਉਸੇ ਵੇਲੇ ਚਟਾਨ ਵੱਲ ਚਲਾ ਗਿਆ+ ਤੇ ਮਾਓਨ ਦੀ ਉਜਾੜ ਵਿਚ ਹੀ ਰਿਹਾ। ਜਦ ਸ਼ਾਊਲ ਨੇ ਇਸ ਬਾਰੇ ਸੁਣਿਆ, ਤਾਂ ਉਸ ਨੇ ਮਾਓਨ ਦੀ ਉਜਾੜ ਵਿਚ ਦਾਊਦ ਦਾ ਪਿੱਛਾ ਕੀਤਾ। 26 ਜਦੋਂ ਸ਼ਾਊਲ ਪਹਾੜ ਦੇ ਇਕ ਪਾਸੇ ਪਹੁੰਚਿਆ, ਉਸ ਵੇਲੇ ਦਾਊਦ ਤੇ ਉਸ ਦੇ ਆਦਮੀ ਪਹਾੜ ਦੇ ਦੂਜੇ ਪਾਸੇ ਸਨ। ਦਾਊਦ ਸ਼ਾਊਲ ਤੋਂ ਦੂਰ ਜਾਣ ਲਈ ਭੱਜ ਰਿਹਾ ਸੀ+ ਅਤੇ ਸ਼ਾਊਲ ਤੇ ਉਸ ਦੇ ਆਦਮੀ ਦਾਊਦ ਅਤੇ ਉਸ ਦੇ ਆਦਮੀਆਂ ਨੂੰ ਫੜਨ ਲਈ ਉਨ੍ਹਾਂ ਦੇ ਹੋਰ ਨੇੜੇ ਆਉਂਦੇ ਜਾ ਰਹੇ ਸਨ।+ 27 ਫਿਰ ਇਕ ਸੰਦੇਸ਼ ਦੇਣ ਵਾਲੇ ਨੇ ਸ਼ਾਊਲ ਕੋਲ ਆ ਕੇ ਕਿਹਾ: “ਛੇਤੀ ਚੱਲ ਕਿਉਂਕਿ ਫਲਿਸਤੀਆਂ ਨੇ ਦੇਸ਼ ʼਤੇ ਹਮਲਾ ਕਰ ਦਿੱਤਾ ਹੈ!” 28 ਇਸ ਲਈ ਸ਼ਾਊਲ ਦਾਊਦ ਦਾ ਪਿੱਛਾ ਕਰਨਾ ਛੱਡ ਕੇ+ ਫਲਿਸਤੀਆਂ ਦਾ ਮੁਕਾਬਲਾ ਕਰਨ ਚਲਾ ਗਿਆ। ਇਸੇ ਲਈ ਉਸ ਜਗ੍ਹਾ ਦਾ ਨਾਂ ਅਲਹਿਦਗੀ ਦੀ ਚਟਾਨ ਪੈ ਗਿਆ।

29 ਫਿਰ ਦਾਊਦ ਉੱਥੋਂ ਚਲਾ ਗਿਆ ਤੇ ਏਨ-ਗਦੀ+ ਵਿਚ ਉਨ੍ਹਾਂ ਥਾਵਾਂ ʼਤੇ ਰਿਹਾ ਜਿਨ੍ਹਾਂ ਤਕ ਪਹੁੰਚਣਾ ਔਖਾ ਸੀ।

24 ਜਿਉਂ ਹੀ ਸ਼ਾਊਲ ਫਲਿਸਤੀਆਂ ਦਾ ਪਿੱਛਾ ਕਰ ਕੇ ਵਾਪਸ ਆਇਆ, ਉਨ੍ਹਾਂ ਨੇ ਉਸ ਨੂੰ ਦੱਸਿਆ: “ਦੇਖ! ਦਾਊਦ ਏਨ-ਗਦੀ ਦੀ ਉਜਾੜ ਵਿਚ ਹੈ।”+

2 ਇਸ ਲਈ ਸ਼ਾਊਲ ਨੇ ਸਾਰੇ ਇਜ਼ਰਾਈਲ ਵਿੱਚੋਂ ਚੁਣੇ ਹੋਏ 3,000 ਆਦਮੀਆਂ ਨੂੰ ਆਪਣੇ ਨਾਲ ਲਿਆ ਤੇ ਪਹਾੜੀ ਬੱਕਰੀਆਂ ਦੀਆਂ ਪਥਰੀਲੀਆਂ ਚਟਾਨਾਂ ਉੱਤੇ ਦਾਊਦ ਤੇ ਉਸ ਦੇ ਆਦਮੀਆਂ ਨੂੰ ਲੱਭਣ ਗਿਆ। 3 ਸ਼ਾਊਲ ਰਾਹ ਨਾਲ ਲੱਗਦੇ ਪੱਥਰਾਂ ਦੇ ਬਣੇ ਭੇਡਾਂ ਦੇ ਵਾੜੇ ਵਿਚ ਗਿਆ ਜਿੱਥੇ ਇਕ ਗੁਫਾ ਸੀ ਅਤੇ ਉਹ ਹਲਕਾ ਹੋਣ* ਲਈ ਅੰਦਰ ਗਿਆ। ਉਸ ਵੇਲੇ ਦਾਊਦ ਤੇ ਉਸ ਦੇ ਆਦਮੀ ਗੁਫਾ ਅੰਦਰ ਖੂੰਜਿਆਂ ਵਿਚ ਬੈਠੇ ਹੋਏ ਸਨ।+ 4 ਦਾਊਦ ਦੇ ਆਦਮੀਆਂ ਨੇ ਉਸ ਨੂੰ ਕਿਹਾ: “ਅੱਜ ਹੀ ਉਹ ਦਿਨ ਹੈ ਜਦੋਂ ਯਹੋਵਾਹ ਤੈਨੂੰ ਕਹਿ ਰਿਹਾ ਹੈ, ‘ਦੇਖ! ਮੈਂ ਤੇਰੇ ਦੁਸ਼ਮਣ ਨੂੰ ਤੇਰੇ ਹੱਥ ਵਿਚ ਦੇ ਦਿੱਤਾ ਹੈ।+ ਜੋ ਤੈਨੂੰ ਚੰਗਾ ਲੱਗੇ, ਤੂੰ ਉਸ ਨਾਲ ਕਰ।’” ਇਸ ਲਈ ਦਾਊਦ ਉੱਠਿਆ ਤੇ ਚੁੱਪ-ਚਾਪ ਸ਼ਾਊਲ ਦੇ ਬਿਨਾਂ ਬਾਹਾਂ ਵਾਲੇ ਚੋਗੇ ਦਾ ਸਿਰਾ ਕੱਟ ਲਿਆ। 5 ਪਰ ਬਾਅਦ ਵਿਚ ਦਾਊਦ ਦੀ ਜ਼ਮੀਰ* ਉਸ ਨੂੰ ਲਾਹਨਤਾਂ ਪਾਉਣ ਲੱਗੀ+ ਕਿਉਂਕਿ ਉਸ ਨੇ ਸ਼ਾਊਲ ਦੇ ਚੋਗੇ ਦਾ ਸਿਰਾ ਕੱਟਿਆ ਸੀ। 6 ਉਸ ਨੇ ਆਪਣੇ ਆਦਮੀਆਂ ਨੂੰ ਕਿਹਾ: “ਮੈਂ ਆਪਣੇ ਮਾਲਕ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦਾਂ? ਉਹ ਤਾਂ ਯਹੋਵਾਹ ਦਾ ਚੁਣਿਆ ਹੋਇਆ ਹੈ। ਯਹੋਵਾਹ ਦੀਆਂ ਨਜ਼ਰਾਂ ਵਿਚ ਮੇਰੇ ਲਈ ਇਸ ਤਰ੍ਹਾਂ ਸੋਚਣਾ ਵੀ ਗ਼ਲਤ ਹੈ। ਮੈਂ ਉਸ ਖ਼ਿਲਾਫ਼ ਆਪਣਾ ਹੱਥ ਨਹੀਂ ਚੁੱਕ ਸਕਦਾ ਕਿਉਂਕਿ ਉਹ ਯਹੋਵਾਹ ਦਾ ਚੁਣਿਆ ਹੋਇਆ ਹੈ।”+ 7 ਇਹ ਕਹਿ ਕੇ ਦਾਊਦ ਨੇ ਆਪਣੇ ਆਦਮੀਆਂ ਨੂੰ ਰੋਕਿਆ* ਅਤੇ ਉਨ੍ਹਾਂ ਨੂੰ ਸ਼ਾਊਲ ʼਤੇ ਹਮਲਾ ਨਹੀਂ ਕਰਨ ਦਿੱਤਾ। ਅਤੇ ਸ਼ਾਊਲ ਗੁਫਾ ਵਿੱਚੋਂ ਉੱਠਿਆ ਤੇ ਆਪਣੇ ਰਾਹ ਤੁਰ ਪਿਆ।

8 ਫਿਰ ਦਾਊਦ ਉੱਠਿਆ ਤੇ ਗੁਫਾ ਵਿੱਚੋਂ ਨਿਕਲ ਕੇ ਸ਼ਾਊਲ ਨੂੰ ਪਿੱਛਿਓਂ ਆਵਾਜ਼ ਮਾਰੀ: “ਹੇ ਮਹਾਰਾਜ, ਮੇਰੇ ਮਾਲਕ!”+ ਜਦ ਸ਼ਾਊਲ ਨੇ ਪਿੱਛੇ ਮੁੜ ਕੇ ਦੇਖਿਆ, ਤਾਂ ਦਾਊਦ ਨੇ ਮੂੰਹ ਭਾਰ ਜ਼ਮੀਨ ʼਤੇ ਲੰਮਾ ਪੈ ਕੇ ਉਸ ਨੂੰ ਨਮਸਕਾਰ ਕੀਤਾ। 9 ਦਾਊਦ ਨੇ ਸ਼ਾਊਲ ਨੂੰ ਕਿਹਾ: “ਤੂੰ ਉਨ੍ਹਾਂ ਆਦਮੀਆਂ ਦੀਆਂ ਗੱਲਾਂ ਵੱਲ ਕੰਨ ਕਿਉਂ ਲਾਉਂਦਾ ਹੈਂ ਜੋ ਕਹਿੰਦੇ ਹਨ, ‘ਦੇਖ! ਦਾਊਦ ਤੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ’?+ 10 ਤੂੰ ਅੱਜ ਆਪਣੀ ਅੱਖੀਂ ਦੇਖਿਆ ਹੈ ਕਿ ਯਹੋਵਾਹ ਨੇ ਕਿਵੇਂ ਤੈਨੂੰ ਗੁਫਾ ਵਿਚ ਮੇਰੇ ਹੱਥ ਵਿਚ ਦੇ ਦਿੱਤਾ ਸੀ। ਪਰ ਜਦੋਂ ਕਿਸੇ ਨੇ ਤੇਰਾ ਕਤਲ ਕਰਨ ਦੀ ਗੱਲ ਕੀਤੀ,+ ਤਾਂ ਮੈਂ ਤੇਰੇ ʼਤੇ ਤਰਸ ਖਾਧਾ ਤੇ ਕਿਹਾ, ‘ਮੈਂ ਆਪਣੇ ਮਾਲਕ ਖ਼ਿਲਾਫ਼ ਆਪਣਾ ਹੱਥ ਨਹੀਂ ਚੁੱਕਾਂਗਾ ਕਿਉਂਕਿ ਉਹ ਯਹੋਵਾਹ ਦਾ ਚੁਣਿਆ ਹੋਇਆ ਹੈ।’+ 11 ਨਾਲੇ ਹੇ ਮੇਰੇ ਪਿਤਾ, ਆਹ ਦੇਖ, ਤੇਰੇ ਬਿਨਾਂ ਬਾਹਾਂ ਵਾਲੇ ਚੋਗੇ ਦਾ ਸਿਰਾ ਮੇਰੇ ਹੱਥ ਵਿਚ ਹੈ; ਜਦੋਂ ਮੈਂ ਤੇਰੇ ਚੋਗੇ ਦਾ ਸਿਰਾ ਕੱਟਿਆ, ਤਾਂ ਮੈਂ ਤੈਨੂੰ ਜਾਨੋਂ ਨਹੀਂ ਮਾਰਿਆ। ਤੂੰ ਹੁਣ ਆਪ ਦੇਖ ਤੇ ਸਮਝ ਸਕਦਾ ਹੈਂ ਕਿ ਮੇਰਾ ਇਰਾਦਾ ਤੈਨੂੰ ਨੁਕਸਾਨ ਪਹੁੰਚਾਉਣ ਦਾ ਜਾਂ ਬਗਾਵਤ ਕਰਨ ਦਾ ਨਹੀਂ ਹੈ ਅਤੇ ਮੈਂ ਤੇਰੇ ਖ਼ਿਲਾਫ਼ ਪਾਪ ਨਹੀਂ ਕੀਤਾ,+ ਪਰ ਤੂੰ ਮੇਰੀ ਜਾਨ ਲੈਣ ਲਈ ਮੈਨੂੰ ਲੱਭਦਾ ਫਿਰ ਰਿਹਾ ਹੈਂ।+ 12 ਯਹੋਵਾਹ ਮੇਰਾ ਤੇ ਤੇਰਾ ਫ਼ੈਸਲਾ ਕਰੇ+ ਅਤੇ ਯਹੋਵਾਹ ਹੀ ਤੇਰੇ ਤੋਂ ਮੇਰਾ ਬਦਲਾ ਲਵੇ,+ ਪਰ ਮੇਰਾ ਹੱਥ ਤੇਰੇ ਖ਼ਿਲਾਫ਼ ਨਹੀਂ ਉੱਠੇਗਾ।+ 13 ਇਕ ਪੁਰਾਣੀ ਕਹਾਵਤ ਹੈ, ‘ਦੁਸ਼ਟ ਹੀ ਦੁਸ਼ਟਤਾ ਦੇ ਕੰਮ ਕਰਦਾ ਹੈ,’ ਪਰ ਮੇਰਾ ਹੱਥ ਤੇਰੇ ਵਿਰੁੱਧ ਨਹੀਂ ਉੱਠੇਗਾ। 14 ਇਜ਼ਰਾਈਲ ਦਾ ਰਾਜਾ ਕਿਸ ਦੇ ਮਗਰ ਨਿਕਲ ਤੁਰਿਆ ਹੈ? ਤੂੰ ਕਿਸ ਦਾ ਪਿੱਛਾ ਕਰ ਰਿਹਾ ਹੈਂ? ਇਕ ਮਰੇ ਹੋਏ ਕੁੱਤੇ ਦਾ? ਇਕ ਪਿੱਸੂ ਦਾ?+ 15 ਯਹੋਵਾਹ ਨਿਆਂਕਾਰ ਬਣੇ। ਉਹੀ ਤੇਰਾ ਤੇ ਮੇਰਾ ਨਿਆਂ ਕਰੇਗਾ। ਨਾਲੇ ਉਹੀ ਇਸ ਮਾਮਲੇ ਦੀ ਜਾਂਚ ਕਰੇਗਾ ਤੇ ਮੇਰਾ ਮੁਕੱਦਮਾ ਲੜੇਗਾ+ ਅਤੇ ਮੇਰਾ ਨਿਆਂ ਕਰ ਕੇ ਮੈਨੂੰ ਤੇਰੇ ਹੱਥੋਂ ਬਚਾਵੇਗਾ।”

16 ਜਦ ਦਾਊਦ ਸ਼ਾਊਲ ਨੂੰ ਇਹ ਗੱਲਾਂ ਕਹਿ ਚੁੱਕਿਆ, ਤਾਂ ਸ਼ਾਊਲ ਨੇ ਕਿਹਾ: “ਹੇ ਮੇਰੇ ਪੁੱਤਰ ਦਾਊਦ, ਕੀ ਇਹ ਤੇਰੀ ਆਵਾਜ਼ ਹੈ?”+ ਫਿਰ ਸ਼ਾਊਲ ਫੁੱਟ-ਫੁੱਟ ਕੇ ਰੋਣ ਲੱਗ ਪਿਆ। 17 ਉਸ ਨੇ ਦਾਊਦ ਨੂੰ ਕਿਹਾ: “ਤੂੰ ਮੇਰੇ ਨਾਲੋਂ ਜ਼ਿਆਦਾ ਧਰਮੀ ਹੈਂ ਕਿਉਂਕਿ ਤੂੰ ਮੇਰੇ ਨਾਲ ਚੰਗਾ ਸਲੂਕ ਕੀਤਾ ਹੈ ਅਤੇ ਮੈਂ ਤੇਰੇ ਨਾਲ ਬੁਰਾ ਕੀਤਾ ਹੈ।+ 18 ਹਾਂ, ਅੱਜ ਤੂੰ ਮੇਰੀ ਜਾਨ ਬਖ਼ਸ਼ ਕੇ ਦਿਖਾ ਦਿੱਤਾ ਹੈ ਕਿ ਤੂੰ ਮੇਰੇ ਨਾਲ ਭਲਾਈ ਕੀਤੀ ਹੈ ਜਦ ਕਿ ਯਹੋਵਾਹ ਨੇ ਮੈਨੂੰ ਤੇਰੇ ਹੱਥ ਵਿਚ ਦੇ ਦਿੱਤਾ ਸੀ।+ 19 ਕਿਉਂਕਿ ਕਿਹੜਾ ਆਦਮੀ ਹੈ ਜਿਹੜਾ ਹੱਥ ਆਏ ਦੁਸ਼ਮਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਛੱਡ ਦੇਵੇ? ਤੂੰ ਅੱਜ ਮੇਰੇ ਲਈ ਜੋ ਕੀਤਾ ਹੈ, ਉਸ ਦੇ ਬਦਲੇ ਯਹੋਵਾਹ ਤੇਰੇ ਨਾਲ ਭਲਾਈ ਕਰ ਕੇ ਤੈਨੂੰ ਇਨਾਮ ਦੇਵੇਗਾ।+ 20 ਅਤੇ ਹੁਣ ਦੇਖ! ਮੈਂ ਜਾਣਦਾ ਹਾਂ ਕਿ ਤੂੰ ਜ਼ਰੂਰ ਰਾਜਾ ਬਣੇਂਗਾ+ ਤੇ ਤੇਰੇ ਹੱਥ ਵਿਚ ਇਜ਼ਰਾਈਲ ਦਾ ਰਾਜ ਸਦਾ ਕਾਇਮ ਰਹੇਗਾ। 21 ਹੁਣ ਤੂੰ ਮੇਰੇ ਅੱਗੇ ਯਹੋਵਾਹ ਦੀ ਸਹੁੰ ਖਾ+ ਕਿ ਤੂੰ ਮੇਰੇ ਮਗਰੋਂ ਮੇਰੀ ਔਲਾਦ* ਨੂੰ ਨਾਸ਼ ਨਹੀਂ ਕਰੇਂਗਾ ਤੇ ਤੂੰ ਮੇਰੇ ਪਿਤਾ ਦੇ ਘਰਾਣੇ ਵਿੱਚੋਂ ਮੇਰਾ ਨਾਂ ਨਹੀਂ ਮਿਟਾਏਂਗਾ।”+ 22 ਇਸ ਲਈ ਦਾਊਦ ਨੇ ਸ਼ਾਊਲ ਅੱਗੇ ਸਹੁੰ ਖਾਧੀ ਤੇ ਉਸ ਤੋਂ ਬਾਅਦ ਸ਼ਾਊਲ ਆਪਣੇ ਘਰ ਚਲਾ ਗਿਆ।+ ਪਰ ਦਾਊਦ ਤੇ ਉਸ ਦੇ ਆਦਮੀ ਸੁਰੱਖਿਅਤ ਜਗ੍ਹਾ ਜਾ ਕੇ ਲੁਕ ਗਏ।+

25 ਕੁਝ ਸਮੇਂ ਬਾਅਦ ਸਮੂਏਲ+ ਦੀ ਮੌਤ ਹੋ ਗਈ; ਅਤੇ ਸਾਰਾ ਇਜ਼ਰਾਈਲ ਉਸ ਦਾ ਸੋਗ ਮਨਾਉਣ ਅਤੇ ਰਾਮਾਹ+ ਵਿਚ ਉਸ ਦੇ ਘਰ ਦੇ ਨੇੜੇ ਉਸ ਨੂੰ ਦਫ਼ਨਾਉਣ ਲਈ ਇਕੱਠਾ ਹੋਇਆ। ਫਿਰ ਦਾਊਦ ਉੱਠਿਆ ਅਤੇ ਪਾਰਾਨ ਦੀ ਉਜਾੜ ਵਿਚ ਚਲਾ ਗਿਆ।

2 ਮਾਓਨ+ ਵਿਚ ਇਕ ਆਦਮੀ ਸੀ ਜਿਸ ਦਾ ਕਾਰੋਬਾਰ ਕਰਮਲ*+ ਵਿਚ ਸੀ। ਉਹ ਆਦਮੀ ਬਹੁਤ ਅਮੀਰ ਸੀ; ਉਸ ਕੋਲ 3,000 ਭੇਡਾਂ ਅਤੇ 1,000 ਬੱਕਰੀਆਂ ਸਨ ਤੇ ਉਦੋਂ ਉਹ ਕਰਮਲ ਵਿਚ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਸੀ। 3 ਉਸ ਆਦਮੀ ਦਾ ਨਾਂ ਨਾਬਾਲ+ ਸੀ ਅਤੇ ਉਸ ਦੀ ਪਤਨੀ ਦਾ ਨਾਂ ਅਬੀਗੈਲ+ ਸੀ। ਉਹ ਸਮਝਦਾਰ ਤੇ ਸੋਹਣੀ-ਸੁਨੱਖੀ ਸੀ, ਪਰ ਉਸ ਦੇ ਪਤੀ ਦਾ ਸੁਭਾਅ ਕਠੋਰ ਸੀ ਤੇ ਉਹ ਦੂਜਿਆਂ ਨਾਲ ਬੁਰਾ ਸਲੂਕ ਕਰਦਾ ਸੀ।+ ਉਹ ਕਾਲੇਬ+ ਦੇ ਖ਼ਾਨਦਾਨ ਵਿੱਚੋਂ ਸੀ। 4 ਉਜਾੜ ਵਿਚ ਹੁੰਦਿਆਂ ਦਾਊਦ ਨੇ ਸੁਣਿਆ ਕਿ ਨਾਬਾਲ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਸੀ। 5 ਇਸ ਲਈ ਦਾਊਦ ਨੇ ਆਪਣੇ ਦਸ ਨੌਜਵਾਨਾਂ ਨੂੰ ਉਸ ਕੋਲ ਭੇਜਿਆ ਅਤੇ ਦਾਊਦ ਨੇ ਉਨ੍ਹਾਂ ਨੌਜਵਾਨਾਂ ਨੂੰ ਕਿਹਾ: “ਕਰਮਲ ਨੂੰ ਜਾਓ ਅਤੇ ਜਦੋਂ ਤੁਸੀਂ ਨਾਬਾਲ ਕੋਲ ਪਹੁੰਚੋਗੇ, ਤਾਂ ਮੇਰਾ ਨਾਂ ਲੈ ਕੇ ਉਸ ਦਾ ਹਾਲ-ਚਾਲ ਪੁੱਛਿਓ। 6 ਫਿਰ ਕਹਿਓ, ‘ਤੇਰੀ ਉਮਰ ਲੰਬੀ ਹੋਵੇ ਅਤੇ ਤੂੰ ਸਲਾਮਤ ਰਹੇਂ,* ਨਾਲੇ ਤੇਰਾ ਘਰਾਣਾ ਤੇ ਤੇਰਾ ਸਭ ਕੁਝ ਸਲਾਮਤ ਰਹੇ। 7 ਮੈਂ ਸੁਣਿਆ ਹੈ ਕਿ ਤੂੰ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਹੈਂ। ਜਦੋਂ ਤੇਰੇ ਚਰਵਾਹੇ ਸਾਡੇ ਨਾਲ ਸਨ, ਉਦੋਂ ਅਸੀਂ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ+ ਅਤੇ ਉਹ ਜਿੰਨਾ ਚਿਰ ਕਰਮਲ ਵਿਚ ਸਨ, ਉਨ੍ਹਾਂ ਦਾ ਕੁਝ ਵੀ ਨਹੀਂ ਗੁਆਚਾ। 8 ਜ਼ਰਾ ਆਪਣੇ ਨੌਜਵਾਨਾਂ ਨੂੰ ਪੁੱਛ ਤਾਂ ਸਹੀ, ਉਹ ਤੈਨੂੰ ਦੱਸਣਗੇ। ਹੁਣ ਦੇਖ, ਅਸੀਂ ਖ਼ੁਸ਼ੀ ਦੇ ਮੌਕੇ ʼਤੇ* ਆਏ ਹਾਂ, ਇਸ ਲਈ ਮੇਰੇ ਨੌਜਵਾਨਾਂ ʼਤੇ ਤੇਰੀ ਮਿਹਰ ਹੋਵੇ। ਜੇ ਤੂੰ ਕੁਝ ਦੇ ਸਕਦਾ ਹੈਂ, ਤਾਂ ਕਿਰਪਾ ਕਰ ਕੇ ਆਪਣੇ ਸੇਵਕਾਂ ਨੂੰ ਅਤੇ ਆਪਣੇ ਪੁੱਤਰ ਦਾਊਦ ਨੂੰ ਦੇ ਦੇ।’”+

9 ਦਾਊਦ ਦੇ ਨੌਜਵਾਨ ਗਏ ਅਤੇ ਇਹ ਸਾਰੀਆਂ ਗੱਲਾਂ ਦਾਊਦ ਦਾ ਨਾਂ ਲੈ ਕੇ ਨਾਬਾਲ ਨੂੰ ਦੱਸੀਆਂ। ਜਦੋਂ ਉਹ ਇਹ ਗੱਲਾਂ ਦੱਸ ਚੁੱਕੇ, 10 ਤਾਂ ਨਾਬਾਲ ਨੇ ਦਾਊਦ ਦੇ ਸੇਵਕਾਂ ਨੂੰ ਜਵਾਬ ਦਿੱਤਾ: “ਕੌਣ ਹੈ ਦਾਊਦ ਅਤੇ ਕੌਣ ਹੈ ਯੱਸੀ ਦਾ ਪੁੱਤਰ? ਅੱਜ-ਕੱਲ੍ਹ ਬਥੇਰੇ ਨੌਕਰ ਆਪਣੇ ਮਾਲਕਾਂ ਨੂੰ ਛੱਡ ਕੇ ਭੱਜੇ ਫਿਰਦੇ ਹਨ।+ 11 ਕੀ ਮੈਂ ਆਪਣਾ ਰੋਟੀ-ਪਾਣੀ ਅਤੇ ਆਪਣੇ ਉੱਨ ਕਤਰਨ ਵਾਲਿਆਂ ਲਈ ਹਲਾਲ ਕੀਤਾ ਮੀਟ, ਉਨ੍ਹਾਂ ਆਦਮੀਆਂ ਨੂੰ ਦੇ ਦਿਆਂ ਜੋ ਪਤਾ ਨਹੀਂ ਕਿੱਥੋਂ ਆਏ ਹਨ?”

12 ਇਹ ਸੁਣ ਕੇ ਦਾਊਦ ਦੇ ਨੌਜਵਾਨ ਮੁੜ ਆਏ ਅਤੇ ਉਸ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ। 13 ਦਾਊਦ ਨੇ ਫ਼ੌਰਨ ਆਪਣੇ ਆਦਮੀਆਂ ਨੂੰ ਕਿਹਾ: “ਹਰ ਕੋਈ ਆਪੋ-ਆਪਣੀ ਤਲਵਾਰ ਕੱਸ ਲਵੇ!”+ ਤਦ ਸਾਰਿਆਂ ਨੇ ਆਪਣੀਆਂ ਤਲਵਾਰਾਂ ਕੱਸ ਲਈਆਂ ਤੇ ਦਾਊਦ ਨੇ ਵੀ ਆਪਣੀ ਤਲਵਾਰ ਕੱਸ ਲਈ। ਦਾਊਦ ਨਾਲ ਲਗਭਗ 400 ਆਦਮੀ ਗਏ ਤੇ 200 ਆਦਮੀ ਸਾਮਾਨ ਕੋਲ ਹੀ ਰਹੇ।

14 ਇਸ ਦੌਰਾਨ ਇਕ ਨੌਕਰ ਨੇ ਨਾਬਾਲ ਦੀ ਪਤਨੀ ਅਬੀਗੈਲ ਨੂੰ ਖ਼ਬਰ ਦਿੱਤੀ: “ਦਾਊਦ ਨੇ ਉਜਾੜ ਵਿੱਚੋਂ ਆਪਣੇ ਨੌਜਵਾਨਾਂ ਰਾਹੀਂ ਸਾਡੇ ਮਾਲਕ ਲਈ ਸ਼ੁਭਕਾਮਨਾਵਾਂ ਭੇਜੀਆਂ, ਪਰ ਉਸ ਨੇ ਉਨ੍ਹਾਂ ਨੂੰ ਗਾਲ਼ਾਂ ਕੱਢੀਆਂ।+ 15 ਉਨ੍ਹਾਂ ਆਦਮੀਆਂ ਨੇ ਸਾਡੇ ਨਾਲ ਭਲਾਈ ਕੀਤੀ ਸੀ। ਉਨ੍ਹਾਂ ਨੇ ਕਦੇ ਸਾਨੂੰ ਨੁਕਸਾਨ ਨਹੀਂ ਪਹੁੰਚਾਇਆ ਤੇ ਅਸੀਂ ਜਿੰਨਾ ਚਿਰ ਉਜਾੜ ਵਿਚ ਉਨ੍ਹਾਂ ਨਾਲ ਰਹੇ, ਸਾਡੀ ਇਕ ਵੀ ਚੀਜ਼ ਨਹੀਂ ਗੁਆਚੀ।+ 16 ਅਸੀਂ ਇੱਜੜ ਚਾਰਦੇ ਵੇਲੇ ਜਿੰਨੀ ਦੇਰ ਉਨ੍ਹਾਂ ਦੇ ਨਾਲ ਰਹੇ, ਉਨ੍ਹਾਂ ਨੇ ਸਾਡੇ ਦੁਆਲੇ ਕੰਧ ਬਣ ਕੇ ਦਿਨ-ਰਾਤ ਸਾਡੀ ਰਾਖੀ ਕੀਤੀ। 17 ਹੁਣ ਸਾਡੇ ਮਾਲਕ ਅਤੇ ਉਸ ਦੇ ਸਾਰੇ ਘਰਾਣੇ ਉੱਤੇ ਮੁਸੀਬਤ ਆਉਣ ਵਾਲੀ ਹੈ+ ਤੇ ਸਾਡਾ ਮਾਲਕ ਇੰਨਾ ਨਿਕੰਮਾ ਹੈ+ ਕਿ ਕੋਈ ਵੀ ਉਸ ਨਾਲ ਗੱਲ ਨਹੀਂ ਕਰ ਸਕਦਾ। ਇਸ ਲਈ ਤੂੰ ਹੀ ਫ਼ੈਸਲਾ ਕਰ ਕਿ ਕੀ ਕਰਨਾ ਹੈ।”

18 ਇਹ ਸੁਣ ਕੇ ਅਬੀਗੈਲ+ ਨੇ ਫਟਾਫਟ 200 ਰੋਟੀਆਂ, ਦੋ ਵੱਡੇ ਘੜੇ ਦਾਖਰਸ ਦੇ, ਹਲਾਲ ਕੀਤੀਆਂ ਹੋਈਆਂ ਪੰਜ ਭੇਡਾਂ, ਪੰਜ ਸੇਆਹ* ਭੁੰਨੇ ਹੋਏ ਦਾਣੇ, ਸੌਗੀਆਂ ਦੀਆਂ 100 ਟਿੱਕੀਆਂ ਅਤੇ ਅੰਜੀਰਾਂ ਦੀਆਂ 200 ਟਿੱਕੀਆਂ ਲਈਆਂ ਤੇ ਇਹ ਸਾਰਾ ਕੁਝ ਗਧਿਆਂ ਉੱਤੇ ਲੱਦਿਆ।+ 19 ਫਿਰ ਉਸ ਨੇ ਆਪਣੇ ਨੌਕਰਾਂ ਨੂੰ ਕਿਹਾ: “ਮੇਰੇ ਅੱਗੇ-ਅੱਗੇ ਜਾਓ; ਮੈਂ ਤੁਹਾਡੇ ਪਿੱਛੇ-ਪਿੱਛੇ ਆਉਂਦੀ ਹਾਂ।” ਪਰ ਉਸ ਨੇ ਆਪਣੇ ਪਤੀ ਨਾਬਾਲ ਨੂੰ ਕੁਝ ਨਹੀਂ ਦੱਸਿਆ।

20 ਜਦੋਂ ਉਹ ਗਧੇ ਉੱਤੇ ਜਾ ਰਹੀ ਸੀ, ਤਾਂ ਦਾਊਦ ਅਤੇ ਉਸ ਦੇ ਆਦਮੀ ਵੀ ਉਸ ਸਮੇਂ ਉਸ ਵੱਲ ਹੀ ਆ ਰਹੇ ਸਨ, ਪਰ ਪਹਾੜ ਦਾ ਓਹਲਾ ਹੋਣ ਕਰਕੇ ਉਹ ਉਨ੍ਹਾਂ ਨੂੰ ਨਜ਼ਰ ਨਹੀਂ ਆ ਰਹੀ ਸੀ ਤੇ ਫਿਰ ਉਹ ਉਨ੍ਹਾਂ ਨੂੰ ਮਿਲੀ। 21 ਇਸ ਤੋਂ ਪਹਿਲਾਂ ਦਾਊਦ ਕਹਿ ਰਿਹਾ ਸੀ: “ਮੈਂ ਬੇਕਾਰ ਹੀ ਉਜਾੜ ਵਿਚ ਇਸ ਬੰਦੇ ਦੀ ਹਰ ਚੀਜ਼ ਦੀ ਰਾਖੀ ਕੀਤੀ। ਉਸ ਦੀ ਇਕ ਵੀ ਚੀਜ਼ ਨਹੀਂ ਗੁਆਚੀ,+ ਪਰ ਫਿਰ ਵੀ ਉਹ ਭਲਾਈ ਦੇ ਬਦਲੇ ਮੇਰੇ ਨਾਲ ਬੁਰਾਈ ਕਰ ਰਿਹਾ ਹੈ।+ 22 ਰੱਬ ਦਾਊਦ ਦੇ ਦੁਸ਼ਮਣਾਂ ਨਾਲ* ਇਸੇ ਤਰ੍ਹਾਂ ਕਰੇ, ਸਗੋਂ ਇਸ ਤੋਂ ਵੀ ਬੁਰਾ ਕਰੇ ਜੇ ਸਵੇਰ ਹੋਣ ਤਕ ਉਸ ਦਾ ਇਕ ਵੀ ਆਦਮੀ* ਮੇਰੇ ਹੱਥੋਂ ਜੀਉਂਦਾ ਬਚਿਆ।”

23 ਜਦ ਅਬੀਗੈਲ ਦੀ ਨਜ਼ਰ ਦਾਊਦ ʼਤੇ ਪਈ, ਤਾਂ ਉਹ ਫਟਾਫਟ ਗਧੇ ਤੋਂ ਉੱਤਰੀ ਅਤੇ ਉਸ ਨੇ ਇਕਦਮ ਦਾਊਦ ਅੱਗੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਇਆ। 24 ਫਿਰ ਉਸ ਨੇ ਉਸ ਦੇ ਪੈਰੀਂ ਪੈ ਕੇ ਕਿਹਾ: “ਹੇ ਮੇਰੇ ਪ੍ਰਭੂ, ਜੋ ਕੁਝ ਵੀ ਹੋਇਆ, ਉਸ ਦੀ ਦੋਸ਼ੀ ਮੈਨੂੰ ਠਹਿਰਾ ਦੇ; ਆਪਣੀ ਦਾਸੀ ਨੂੰ ਗੱਲ ਕਰਨ ਦੀ ਇਜਾਜ਼ਤ ਦੇ ਅਤੇ ਆਪਣੀ ਦਾਸੀ ਦੀ ਗੱਲ ਵੱਲ ਕੰਨ ਲਾ। 25 ਹੇ ਮੇਰੇ ਪ੍ਰਭੂ, ਕਿਰਪਾ ਕਰ ਕੇ ਇਸ ਨਿਕੰਮੇ ਨਾਬਾਲ ਵੱਲ ਧਿਆਨ ਨਾ ਦੇ+ ਕਿਉਂਕਿ ਜਿਹੋ ਜਿਹਾ ਉਸ ਦਾ ਨਾਂ ਹੈ, ਉਹੋ ਜਿਹਾ ਉਹ ਆਪ ਹੈ। ਨਾਬਾਲ* ਉਸ ਦਾ ਨਾਂ ਹੈ ਅਤੇ ਮੂਰਖਤਾਈ ਉਸ ਦੇ ਨਾਲ ਹੈ। ਪਰ ਮੈਂ, ਹਾਂ, ਤੇਰੀ ਦਾਸੀ ਨੇ ਉਨ੍ਹਾਂ ਨੌਜਵਾਨਾਂ ਨੂੰ ਨਹੀਂ ਦੇਖਿਆ ਜੋ ਮੇਰੇ ਪ੍ਰਭੂ ਨੇ ਭੇਜੇ ਸਨ। 26 ਹੁਣ ਹੇ ਪ੍ਰਭੂ, ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਅਤੇ ਤੇਰੀ ਜਾਨ ਦੀ ਸਹੁੰ, ਯਹੋਵਾਹ ਨੇ ਹੀ ਤੈਨੂੰ ਖ਼ੂਨ ਦਾ ਦੋਸ਼ੀ+ ਬਣਨ ਅਤੇ ਆਪਣੇ ਹੱਥੀਂ ਬਦਲਾ ਲੈਣ* ਤੋਂ ਰੋਕਿਆ ਹੈ।+ ਮੇਰੀ ਇਹੀ ਦੁਆ ਹੈ ਕਿ ਤੇਰੇ ਦੁਸ਼ਮਣ ਅਤੇ ਜਿਹੜੇ ਮੇਰੇ ਪ੍ਰਭੂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ, ਉਹ ਨਾਬਾਲ ਵਰਗੇ ਹੋ ਜਾਣ। 27 ਹੁਣ ਇਹ ਤੋਹਫ਼ਾ,*+ ਜੋ ਤੇਰੀ ਦਾਸੀ ਆਪਣੇ ਪ੍ਰਭੂ ਕੋਲ ਲਿਆਈ ਹੈ, ਉਨ੍ਹਾਂ ਨੌਜਵਾਨਾਂ ਨੂੰ ਦੇ ਦਿੱਤਾ ਜਾਵੇ ਜੋ ਮੇਰੇ ਪ੍ਰਭੂ ਦੇ ਨਾਲ ਹਨ।+ 28 ਕਿਰਪਾ ਕਰ ਕੇ ਆਪਣੀ ਦਾਸੀ ਦਾ ਅਪਰਾਧ ਮਾਫ਼ ਕਰ ਦੇ। ਯਹੋਵਾਹ ਮੇਰੇ ਪ੍ਰਭੂ ਦੀ ਔਲਾਦ ਨੂੰ ਚਿਰਾਂ ਤਕ ਰਾਜ ਕਰਨ ਦਾ ਅਧਿਕਾਰ ਜ਼ਰੂਰ ਦੇਵੇਗਾ+ ਕਿਉਂਕਿ ਮੇਰਾ ਪ੍ਰਭੂ ਯਹੋਵਾਹ ਦੇ ਯੁੱਧ ਲੜ ਰਿਹਾ ਹੈ+ ਅਤੇ ਤੂੰ ਆਪਣੀ ਸਾਰੀ ਜ਼ਿੰਦਗੀ ਕੋਈ ਬੁਰਾ ਕੰਮ ਨਹੀਂ ਕੀਤਾ।+ 29 ਜਦੋਂ ਕੋਈ ਤੇਰਾ ਪਿੱਛਾ ਕਰਨ ਅਤੇ ਤੇਰੀ ਜਾਨ ਲੈਣ ਲਈ ਉੱਠੇਗਾ, ਤਾਂ ਤੇਰਾ ਪਰਮੇਸ਼ੁਰ ਯਹੋਵਾਹ ਮੇਰੇ ਪ੍ਰਭੂ ਦੀ ਜਾਨ ਨੂੰ ਜ਼ਿੰਦਗੀ ਦੀ ਥੈਲੀ ਵਿਚ ਸਾਂਭ ਕੇ ਰੱਖੇਗਾ। ਪਰ ਤੇਰੇ ਦੁਸ਼ਮਣਾਂ ਦੀਆਂ ਜਾਨਾਂ ਨੂੰ ਇਵੇਂ ਦੂਰ ਸੁੱਟਿਆ ਜਾਵੇਗਾ ਜਿਵੇਂ ਗੋਪੀਏ ਵਿੱਚੋਂ* ਪੱਥਰ ਵਗਾਹ ਕੇ ਸੁੱਟੇ ਜਾਂਦੇ ਹਨ। 30 ਜਦੋਂ ਯਹੋਵਾਹ ਮੇਰੇ ਪ੍ਰਭੂ ਲਈ ਉਹ ਸਾਰੇ ਚੰਗੇ ਕੰਮ ਕਰੇਗਾ ਜਿਨ੍ਹਾਂ ਦਾ ਉਸ ਨੇ ਵਾਅਦਾ ਕੀਤਾ ਹੈ ਅਤੇ ਤੈਨੂੰ ਇਜ਼ਰਾਈਲ ਉੱਤੇ ਆਗੂ ਠਹਿਰਾਵੇਗਾ,+ 31 ਤਾਂ ਹੇ ਪ੍ਰਭੂ, ਤੇਰਾ ਦਿਲ ਤੈਨੂੰ ਫਿਟਕਾਰੇਗਾ ਨਹੀਂ ਤੇ ਨਾ ਹੀ ਤੂੰ ਮਨ ਵਿਚ ਪਛਤਾਵੇਂਗਾ* ਕਿ ਤੂੰ ਬਿਨਾਂ ਵਜ੍ਹਾ ਖ਼ੂਨ ਵਹਾਇਆ ਅਤੇ ਆਪਣੇ ਹੱਥੀਂ ਬਦਲਾ ਲਿਆ।*+ ਜਦੋਂ ਯਹੋਵਾਹ ਮੇਰੇ ਪ੍ਰਭੂ ਉੱਤੇ ਬਰਕਤਾਂ ਵਰ੍ਹਾਵੇਗਾ, ਤਾਂ ਆਪਣੀ ਇਸ ਦਾਸੀ ਨੂੰ ਯਾਦ ਕਰੀਂ।”

32 ਇਹ ਸੁਣ ਕੇ ਦਾਊਦ ਨੇ ਅਬੀਗੈਲ ਨੂੰ ਕਿਹਾ: “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਹੋਵੇ ਜਿਸ ਨੇ ਤੈਨੂੰ ਅੱਜ ਮੇਰੇ ਕੋਲ ਭੇਜਿਆ! 33 ਪਰਮੇਸ਼ੁਰ ਤੈਨੂੰ ਬਰਕਤ ਦੇਵੇ ਕਿਉਂਕਿ ਤੂੰ ਸਮਝ ਤੋਂ ਕੰਮ ਲਿਆ! ਪਰਮੇਸ਼ੁਰ ਤੈਨੂੰ ਅਸੀਸ ਦੇਵੇ ਕਿਉਂਕਿ ਤੂੰ ਅੱਜ ਮੈਨੂੰ ਖ਼ੂਨ ਦਾ ਦੋਸ਼ੀ ਬਣਨ+ ਅਤੇ ਮੈਨੂੰ ਆਪਣੇ ਹੱਥੀਂ ਬਦਲਾ ਲੈਣ* ਤੋਂ ਰੋਕਿਆ। 34 ਨਹੀਂ ਤਾਂ, ਇਜ਼ਰਾਈਲ ਦੇ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਜਿਸ ਨੇ ਮੈਨੂੰ ਤੇਰਾ ਨੁਕਸਾਨ ਕਰਨ ਤੋਂ ਰੋਕਿਆ,+ ਜੇ ਤੂੰ ਮੈਨੂੰ ਫਟਾਫਟ ਮਿਲਣ ਨਾ ਆਉਂਦੀ,+ ਤਾਂ ਸਵੇਰ ਹੋਣ ਤਕ ਨਾਬਾਲ ਦਾ ਇਕ ਵੀ ਆਦਮੀ* ਜੀਉਂਦਾ ਨਹੀਂ ਬਚਣਾ ਸੀ।”+ 35 ਇਸ ਤੋਂ ਬਾਅਦ ਦਾਊਦ ਨੇ ਉਸ ਕੋਲੋਂ ਉਹ ਸਾਰਾ ਕੁਝ ਕਬੂਲ ਕਰ ਲਿਆ ਜੋ ਉਹ ਉਸ ਲਈ ਲਿਆਈ ਸੀ ਤੇ ਉਸ ਨੂੰ ਕਿਹਾ: “ਤੂੰ ਆਪਣੇ ਘਰ ਸ਼ਾਂਤੀ ਨਾਲ ਜਾਹ। ਦੇਖ, ਮੈਂ ਤੇਰੀ ਗੱਲ ਸੁਣ ਲਈ ਹੈ ਤੇ ਮੈਂ ਤੇਰੀ ਬੇਨਤੀ ਅਨੁਸਾਰ ਕਰਾਂਗਾ।”

36 ਫਿਰ ਅਬੀਗੈਲ ਨਾਬਾਲ ਕੋਲ ਵਾਪਸ ਚਲੀ ਗਈ ਜੋ ਆਪਣੇ ਘਰ ਰਾਜੇ ਵਾਂਗ ਦਾਅਵਤ ਉਡਾ ਰਿਹਾ ਸੀ। ਨਾਬਾਲ* ਬਹੁਤ ਖ਼ੁਸ਼ ਸੀ ਤੇ ਸ਼ਰਾਬ ਪੀ ਕੇ ਟੱਲੀ ਹੋਇਆ ਪਿਆ ਸੀ। ਉਸ ਨੇ ਸਵੇਰ ਹੋਣ ਤਕ ਉਸ ਨੂੰ ਇਕ ਵੀ ਗੱਲ ਨਹੀਂ ਦੱਸੀ। 37 ਸਵੇਰ ਨੂੰ ਜਦੋਂ ਨਾਬਾਲ ਦਾ ਨਸ਼ਾ ਉੱਤਰ ਗਿਆ, ਤਾਂ ਉਸ ਦੀ ਪਤਨੀ ਨੇ ਉਸ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ। ਉਸ ਦਾ ਦਿਲ ਮੁਰਦੇ ਵਾਂਗ ਸੁੰਨ ਹੋ ਗਿਆ ਅਤੇ ਉਹ ਪੱਥਰ ਵਾਂਗ ਪਿਆ ਰਿਹਾ। 38 ਦਸਾਂ ਦਿਨਾਂ ਬਾਅਦ ਯਹੋਵਾਹ ਨੇ ਨਾਬਾਲ ਨੂੰ ਅਜਿਹਾ ਮਾਰਿਆ ਕਿ ਉਹ ਮਰ ਗਿਆ।

39 ਜਦੋਂ ਦਾਊਦ ਨੇ ਸੁਣਿਆ ਕਿ ਨਾਬਾਲ ਮਰ ਗਿਆ ਹੈ, ਤਾਂ ਉਸ ਨੇ ਕਿਹਾ: “ਯਹੋਵਾਹ ਦੀ ਵਡਿਆਈ ਹੋਵੇ ਜਿਸ ਨੇ ਨਾਬਾਲ+ ਦੁਆਰਾ ਕੀਤੀ ਮੇਰੀ ਬੇਇੱਜ਼ਤੀ ਦਾ ਮੁਕੱਦਮਾ ਲੜਿਆ+ ਅਤੇ ਆਪਣੇ ਸੇਵਕ ਨੂੰ ਬੁਰਾ ਕੰਮ ਕਰਨ ਤੋਂ ਰੋਕਿਆ।+ ਯਹੋਵਾਹ ਨੇ ਨਾਬਾਲ ਦੀ ਬੁਰਾਈ ਉਸੇ ਦੇ ਸਿਰ ਪਾ ਦਿੱਤੀ!” ਫਿਰ ਦਾਊਦ ਨੇ ਅਬੀਗੈਲ ਨੂੰ ਸੰਦੇਸ਼ ਭੇਜਿਆ ਕਿ ਉਹ ਉਸ ਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਹੈ। 40 ਦਾਊਦ ਦੇ ਸੇਵਕ ਅਬੀਗੈਲ ਕੋਲ ਕਰਮਲ ਵਿਚ ਆਏ ਤੇ ਉਸ ਨੂੰ ਕਿਹਾ: “ਦਾਊਦ ਨੇ ਸਾਨੂੰ ਤੇਰੇ ਕੋਲ ਇਹ ਸੰਦੇਸ਼ ਦੇਣ ਲਈ ਭੇਜਿਆ ਹੈ ਕਿ ਉਹ ਤੈਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਹੈ।” 41 ਉਹ ਉਸੇ ਵੇਲੇ ਉੱਠੀ ਅਤੇ ਉਸ ਨੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਇਆ ਤੇ ਕਿਹਾ: “ਤੇਰੀ ਇਹ ਦਾਸੀ ਆਪਣੇ ਮਾਲਕ ਦੇ ਸੇਵਕਾਂ ਦੇ ਪੈਰ ਧੋਣ ਲਈ ਤਿਆਰ ਹੈ।”+ 42 ਫਿਰ ਅਬੀਗੈਲ+ ਫਟਾਫਟ ਉੱਠੀ ਅਤੇ ਆਪਣੇ ਗਧੇ ʼਤੇ ਸਵਾਰ ਹੋ ਕੇ ਤੁਰ ਪਈ ਅਤੇ ਉਸ ਦੀਆਂ ਪੰਜ ਨੌਕਰਾਣੀਆਂ ਉਸ ਦੇ ਪਿੱਛੇ-ਪਿੱਛੇ ਤੁਰ ਪਈਆਂ; ਉਹ ਦਾਊਦ ਦੇ ਬੰਦਿਆਂ ਨਾਲ ਗਈ ਅਤੇ ਉਸ ਦੀ ਪਤਨੀ ਬਣੀ।

43 ਦਾਊਦ ਨੇ ਯਿਜ਼ਰਾਏਲ+ ਦੀ ਰਹਿਣ ਵਾਲੀ ਅਹੀਨੋਅਮ+ ਨਾਲ ਵੀ ਵਿਆਹ ਕੀਤਾ ਸੀ ਅਤੇ ਦੋਵੇਂ ਔਰਤਾਂ ਉਸ ਦੀਆਂ ਪਤਨੀਆਂ ਬਣ ਗਈਆਂ।+

44 ਪਰ ਸ਼ਾਊਲ ਨੇ ਆਪਣੀ ਧੀ ਯਾਨੀ ਦਾਊਦ ਦੀ ਪਤਨੀ ਮੀਕਲ+ ਦਾ ਵਿਆਹ ਲਾਇਸ਼ ਦੇ ਪੁੱਤਰ ਪਲਟੀ+ ਨਾਲ ਕਰਾ ਦਿੱਤਾ ਸੀ ਜੋ ਗੱਲੀਮ ਦਾ ਰਹਿਣ ਵਾਲਾ ਸੀ।

26 ਕੁਝ ਸਮੇਂ ਬਾਅਦ ਜ਼ੀਫ+ ਦੇ ਆਦਮੀ ਗਿਬਆਹ+ ਵਿਚ ਸ਼ਾਊਲ ਕੋਲ ਆ ਕੇ ਕਹਿਣ ਲੱਗੇ: “ਦਾਊਦ ਯਸ਼ੀਮੋਨ*+ ਦੇ ਸਾਮ੍ਹਣੇ ਹਕੀਲਾਹ ਦੀ ਪਹਾੜੀ ਉੱਤੇ ਲੁਕਿਆ ਹੋਇਆ ਹੈ।” 2 ਇਸ ਲਈ ਸ਼ਾਊਲ ਉੱਠਿਆ ਅਤੇ ਇਜ਼ਰਾਈਲ ਦੇ 3,000 ਚੁਣੇ ਹੋਏ ਆਦਮੀਆਂ ਨਾਲ ਦਾਊਦ ਨੂੰ ਲੱਭਣ ਲਈ ਜ਼ੀਫ ਦੀ ਉਜਾੜ ਵਿਚ ਗਿਆ।+ 3 ਸ਼ਾਊਲ ਨੇ ਯਸ਼ੀਮੋਨ ਦੇ ਸਾਮ੍ਹਣੇ ਹਕੀਲਾਹ ਪਹਾੜੀ ਉੱਤੇ ਪੈਂਦੇ ਰਸਤੇ ʼਤੇ ਡੇਰਾ ਲਾ ਲਿਆ। ਉਸ ਵੇਲੇ ਦਾਊਦ ਉਜਾੜ ਵਿਚ ਰਹਿ ਰਿਹਾ ਸੀ ਤੇ ਉਸ ਨੂੰ ਪਤਾ ਲੱਗਾ ਕਿ ਸ਼ਾਊਲ ਉਸ ਦੇ ਮਗਰ ਉਜਾੜ ਵਿਚ ਆ ਗਿਆ ਸੀ। 4 ਇਸ ਲਈ ਦਾਊਦ ਨੇ ਇਹ ਪੱਕਾ ਕਰਨ ਲਈ ਜਾਸੂਸ ਭੇਜੇ ਕਿ ਸ਼ਾਊਲ ਸੱਚ-ਮੁੱਚ ਉੱਥੇ ਆਇਆ ਹੈ ਕਿ ਨਹੀਂ। 5 ਬਾਅਦ ਵਿਚ ਦਾਊਦ ਉਸ ਜਗ੍ਹਾ ਗਿਆ ਜਿੱਥੇ ਸ਼ਾਊਲ ਨੇ ਡੇਰਾ ਲਾਇਆ ਸੀ ਤੇ ਦਾਊਦ ਨੇ ਉਹ ਜਗ੍ਹਾ ਦੇਖੀ ਜਿੱਥੇ ਸ਼ਾਊਲ ਅਤੇ ਨੇਰ ਦਾ ਪੁੱਤਰ ਯਾਨੀ ਉਸ ਦੀ ਫ਼ੌਜ ਦਾ ਮੁਖੀ ਅਬਨੇਰ+ ਸੁੱਤੇ ਪਏ ਸਨ; ਸ਼ਾਊਲ ਡੇਰੇ ਦੇ ਵਿਚਕਾਰ ਸੁੱਤਾ ਪਿਆ ਸੀ ਤੇ ਉਸ ਦੇ ਚਾਰੇ ਪਾਸੇ ਫ਼ੌਜੀ ਸਨ। 6 ਫਿਰ ਦਾਊਦ ਨੇ ਅਹੀਮਲਕ ਹਿੱਤੀ+ ਅਤੇ ਅਬੀਸ਼ਈ+ ਨੂੰ, ਜੋ ਸਰੂਯਾਹ+ ਦਾ ਪੁੱਤਰ ਤੇ ਯੋਆਬ ਦਾ ਭਰਾ ਸੀ, ਕਿਹਾ: “ਕੌਣ ਮੇਰੇ ਨਾਲ ਸ਼ਾਊਲ ਕੋਲ ਛਾਉਣੀ ਵਿਚ ਜਾਵੇਗਾ?” ਅਬੀਸ਼ਈ ਨੇ ਕਿਹਾ: “ਮੈਂ ਜਾਵਾਂਗਾ ਤੇਰੇ ਨਾਲ।” 7 ਫਿਰ ਦਾਊਦ ਅਤੇ ਅਬੀਸ਼ਈ ਰਾਤ ਨੂੰ ਫ਼ੌਜੀਆਂ ਵੱਲ ਗਏ ਤੇ ਉਨ੍ਹਾਂ ਨੇ ਦੇਖਿਆ ਕਿ ਸ਼ਾਊਲ ਛਾਉਣੀ ਦੇ ਵਿਚਕਾਰ ਸੁੱਤਾ ਪਿਆ ਸੀ ਤੇ ਉਸ ਦੇ ਸਿਰ ਕੋਲ ਉਸ ਦਾ ਬਰਛਾ ਜ਼ਮੀਨ ਵਿਚ ਗੱਡਿਆ ਹੋਇਆ ਸੀ; ਅਬਨੇਰ ਅਤੇ ਫ਼ੌਜੀ ਉਸ ਦੇ ਆਲੇ-ਦੁਆਲੇ ਸੁੱਤੇ ਪਏ ਸਨ।

8 ਅਬੀਸ਼ਈ ਨੇ ਦਾਊਦ ਨੂੰ ਕਿਹਾ: “ਅੱਜ ਪਰਮੇਸ਼ੁਰ ਨੇ ਤੇਰੇ ਦੁਸ਼ਮਣ ਨੂੰ ਤੇਰੇ ਹੱਥ ਵਿਚ ਦੇ ਦਿੱਤਾ ਹੈ।+ ਹੁਣ ਕਿਰਪਾ ਕਰ ਕੇ ਮੈਨੂੰ ਇਜਾਜ਼ਤ ਦੇ ਕਿ ਮੈਂ ਇਸ ਨੂੰ ਬਰਛੇ ਦੇ ਇਕ ਵਾਰ ਨਾਲ ਹੀ ਜ਼ਮੀਨ ਨਾਲ ਵਿੰਨ੍ਹ ਦਿਆਂ, ਮੈਨੂੰ ਦੂਜਾ ਵਾਰ ਕਰਨ ਦੀ ਲੋੜ ਨਹੀਂ ਪੈਣੀ।” 9 ਪਰ ਦਾਊਦ ਨੇ ਅਬੀਸ਼ਈ ਨੂੰ ਕਿਹਾ: “ਉਸ ਨੂੰ ਨੁਕਸਾਨ ਨਾ ਪਹੁੰਚਾਈਂ ਕਿਉਂਕਿ ਕੌਣ ਯਹੋਵਾਹ ਦੇ ਚੁਣੇ ਹੋਏ+ ʼਤੇ ਹੱਥ ਚੁੱਕ ਕੇ ਨਿਰਦੋਸ਼ ਠਹਿਰ ਸਕਦਾ ਹੈ?”+ 10 ਦਾਊਦ ਨੇ ਅੱਗੇ ਕਿਹਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਯਹੋਵਾਹ ਉਸ ਨੂੰ ਆਪ ਹੀ ਮਾਰ ਦੇਵੇਗਾ+ ਜਾਂ ਇਕ ਦਿਨ ਉਸ ਦੀ ਮੌਤ ਤਾਂ ਹੋਣੀ ਹੀ ਹੈ+ ਜਾਂ ਫਿਰ ਉਹ ਯੁੱਧ ਵਿਚ ਜਾ ਕੇ ਮਰ-ਮੁੱਕ ਜਾਵੇਗਾ।+ 11 ਮੈਂ ਸੋਚ ਵੀ ਨਹੀਂ ਸਕਦਾ ਕਿ ਮੈਂ ਯਹੋਵਾਹ ਦੇ ਚੁਣੇ ਹੋਏ ਉੱਤੇ ਆਪਣਾ ਹੱਥ ਚੁੱਕਾਂ+ ਕਿਉਂਕਿ ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਗ਼ਲਤ ਹੈ! ਹੁਣ ਕਿਰਪਾ ਕਰ ਕੇ ਉਸ ਦੇ ਸਿਰ ਕੋਲੋਂ ਬਰਛਾ ਤੇ ਪਾਣੀ ਦੀ ਸੁਰਾਹੀ ਚੁੱਕ ਤੇ ਚੱਲੀਏ।” 12 ਇਸ ਲਈ ਦਾਊਦ ਨੇ ਸ਼ਾਊਲ ਦੇ ਸਿਰ ਕੋਲੋਂ ਬਰਛਾ ਤੇ ਪਾਣੀ ਦੀ ਸੁਰਾਹੀ ਚੁੱਕੀ ਤੇ ਉਹ ਚਲੇ ਗਏ। ਉਨ੍ਹਾਂ ਨੂੰ ਨਾ ਕਿਸੇ ਨੇ ਦੇਖਿਆ,+ ਨਾ ਕਿਸੇ ਦਾ ਉਨ੍ਹਾਂ ਵੱਲ ਧਿਆਨ ਗਿਆ ਤੇ ਨਾ ਹੀ ਕੋਈ ਜਾਗਿਆ। ਉਹ ਸਾਰੇ ਸੁੱਤੇ ਪਏ ਸਨ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਗੂੜ੍ਹੀ ਨੀਂਦ ਸੁਲਾ ਦਿੱਤਾ ਸੀ। 13 ਫਿਰ ਦਾਊਦ ਦੂਜੇ ਪਾਸੇ ਚਲਾ ਗਿਆ ਤੇ ਦੂਰ ਪਹਾੜ ਦੀ ਚੋਟੀ ਉੱਤੇ ਖੜ੍ਹ ਗਿਆ। ਛਾਉਣੀ ਅਤੇ ਦਾਊਦ ਦੇ ਵਿਚਕਾਰ ਕਾਫ਼ੀ ਫ਼ਾਸਲਾ ਸੀ।

14 ਦਾਊਦ ਨੇ ਫ਼ੌਜੀਆਂ ਅਤੇ ਨੇਰ ਦੇ ਪੁੱਤਰ ਅਬਨੇਰ+ ਨੂੰ ਆਵਾਜ਼ ਮਾਰ ਕੇ ਕਿਹਾ: “ਅਬਨੇਰ, ਤੂੰ ਜਵਾਬ ਨਹੀਂ ਦਿੰਦਾ?” ਅਬਨੇਰ ਨੇ ਕਿਹਾ: “ਕੌਣ ਹੈਂ ਤੂੰ ਜੋ ਰਾਜੇ ਨੂੰ ਆਵਾਜ਼ਾਂ ਮਾਰ ਰਿਹਾ ਹੈਂ?” 15 ਦਾਊਦ ਨੇ ਅਬਨੇਰ ਨੂੰ ਕਿਹਾ: “ਕੀ ਤੂੰ ਸੂਰਮਾ ਨਹੀਂ ਹੈਂ? ਇਜ਼ਰਾਈਲ ਵਿਚ ਕੌਣ ਹੈ ਤੇਰੇ ਬਰਾਬਰ? ਤਾਂ ਫਿਰ, ਤੂੰ ਆਪਣੇ ਪ੍ਰਭੂ ਅਤੇ ਮਹਾਰਾਜ ਦੀ ਰਾਖੀ ਕਿਉਂ ਨਹੀਂ ਕੀਤੀ? ਇਕ ਫ਼ੌਜੀ ਤੇਰੇ ਮਹਾਰਾਜ ਦੀ ਜਾਨ ਲੈਣ ਆਇਆ ਸੀ।+ 16 ਤੂੰ ਚੰਗਾ ਨਹੀਂ ਕੀਤਾ। ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਤੂੰ ਮੌਤ ਦੇ ਲਾਇਕ ਹੈਂ ਕਿਉਂਕਿ ਤੂੰ ਆਪਣੇ ਪ੍ਰਭੂ ਦੀ ਰਾਖੀ ਨਹੀਂ ਕੀਤੀ ਜੋ ਯਹੋਵਾਹ ਦਾ ਚੁਣਿਆ ਹੋਇਆ ਹੈ।+ ਹੁਣ ਜ਼ਰਾ ਆਲੇ-ਦੁਆਲੇ ਨਜ਼ਰ ਤਾਂ ਮਾਰ! ਕਿੱਥੇ ਹੈ ਰਾਜੇ ਦਾ ਬਰਛਾ ਤੇ ਪਾਣੀ ਵਾਲੀ ਸੁਰਾਹੀ+ ਜੋ ਉਸ ਦੇ ਸਿਰ ਕੋਲ ਪਏ ਸਨ?”

17 ਫਿਰ ਸ਼ਾਊਲ ਨੇ ਦਾਊਦ ਦੀ ਆਵਾਜ਼ ਪਛਾਣ ਕੇ ਕਿਹਾ: “ਦਾਊਦ, ਮੇਰੇ ਪੁੱਤਰ, ਕੀ ਇਹ ਤੇਰੀ ਆਵਾਜ਼ ਹੈ?”+ ਦਾਊਦ ਨੇ ਕਿਹਾ: “ਹਾਂ, ਮੇਰੇ ਪ੍ਰਭੂ ਅਤੇ ਮਹਾਰਾਜ, ਇਹ ਮੇਰੀ ਹੀ ਆਵਾਜ਼ ਹੈ।” 18 ਉਸ ਨੇ ਅੱਗੇ ਕਿਹਾ: “ਮੇਰਾ ਪ੍ਰਭੂ ਆਪਣੇ ਸੇਵਕ ਦਾ ਪਿੱਛਾ ਕਿਉਂ ਕਰ ਰਿਹਾ ਹੈ,+ ਆਖ਼ਰ ਮੈਂ ਕੀ ਕੀਤਾ ਹੈ ਤੇ ਮੇਰਾ ਕਸੂਰ ਕੀ ਹੈ?+ 19 ਹੇ ਮੇਰੇ ਪ੍ਰਭੂ ਅਤੇ ਮਹਾਰਾਜ, ਆਪਣੇ ਸੇਵਕ ਦੀ ਗੱਲ ਸੁਣ: ਜੇ ਯਹੋਵਾਹ ਨੇ ਤੈਨੂੰ ਮੇਰੇ ਖ਼ਿਲਾਫ਼ ਭੜਕਾਇਆ ਹੈ, ਤਾਂ ਉਹ ਮੇਰਾ ਅਨਾਜ ਦਾ ਚੜ੍ਹਾਵਾ ਕਬੂਲ ਕਰੇ।* ਪਰ ਜੇ ਇਨਸਾਨਾਂ ਨੇ ਤੈਨੂੰ ਭੜਕਾਇਆ ਹੈ,+ ਤਾਂ ਉਹ ਯਹੋਵਾਹ ਅੱਗੇ ਸਰਾਪੇ ਹੋਏ ਹਨ ਕਿਉਂਕਿ ਉਨ੍ਹਾਂ ਨੇ ਮੈਨੂੰ ਅੱਜ ਭਜਾ ਦਿੱਤਾ ਹੈ ਤਾਂਕਿ ਮੈਂ ਯਹੋਵਾਹ ਦੀ ਵਿਰਾਸਤ ਵਿਚ ਨਾ ਵੱਸਾਂ+ ਤੇ ਉਨ੍ਹਾਂ ਨੇ ਕਿਹਾ, ‘ਜਾਹ, ਹੋਰ ਦੇਵਤਿਆਂ ਦੀ ਸੇਵਾ ਕਰ!’ 20 ਹੁਣ ਯਹੋਵਾਹ ਦੀ ਹਜ਼ੂਰੀ ਤੋਂ ਦੂਰ ਜ਼ਮੀਨ ʼਤੇ ਮੇਰਾ ਖ਼ੂਨ ਨਾ ਡੁੱਲ੍ਹਣ ਦੇ ਕਿਉਂਕਿ ਇਜ਼ਰਾਈਲ ਦਾ ਰਾਜਾ ਇਕ ਪਿੱਸੂ ਦੀ ਭਾਲ ਕਰਨ ਨਿਕਲਿਆ ਹੈ+ ਜਿਵੇਂ ਕਿ ਉਹ ਪਹਾੜਾਂ ਉੱਤੇ ਇਕ ਤਿੱਤਰ ਦਾ ਸ਼ਿਕਾਰ ਕਰਨ ਲਈ ਭੱਜ ਰਿਹਾ ਹੋਵੇ।”

21 ਸ਼ਾਊਲ ਨੇ ਜਵਾਬ ਦਿੱਤਾ: “ਮੈਂ ਪਾਪ ਕੀਤਾ ਹੈ।+ ਵਾਪਸ ਆਜਾ ਦਾਊਦ ਮੇਰੇ ਪੁੱਤਰਾ, ਮੈਂ ਤੈਨੂੰ ਹੋਰ ਨੁਕਸਾਨ ਨਹੀਂ ਪਹੁੰਚਾਵਾਂਗਾ ਕਿਉਂਕਿ ਤੂੰ ਅੱਜ ਮੇਰੀ ਜਾਨ ਨੂੰ ਅਨਮੋਲ ਸਮਝਿਆ ਹੈ।+ ਹਾਂ, ਮੈਂ ਮੂਰਖਤਾ ਤੋਂ ਕੰਮ ਲਿਆ ਤੇ ਵੱਡੀ ਗ਼ਲਤੀ ਕੀਤੀ ਹੈ।” 22 ਦਾਊਦ ਨੇ ਜਵਾਬ ਦਿੱਤਾ: “ਆਹ ਰਿਹਾ ਮਹਾਰਾਜ ਦਾ ਬਰਛਾ। ਕਿਸੇ ਨੌਜਵਾਨ ਨੂੰ ਭੇਜ ਕਿ ਉਹ ਆ ਕੇ ਇਸ ਨੂੰ ਲੈ ਜਾਵੇ। 23 ਯਹੋਵਾਹ ਹੀ ਹਰ ਕਿਸੇ ਨੂੰ ਉਸ ਦੀ ਨੇਕੀ ਅਤੇ ਵਫ਼ਾਦਾਰੀ ਦਾ ਫਲ ਦੇਵੇਗਾ।+ ਅੱਜ ਯਹੋਵਾਹ ਨੇ ਤੈਨੂੰ ਮੇਰੇ ਹੱਥ ਵਿਚ ਦੇ ਦਿੱਤਾ ਸੀ, ਪਰ ਮੈਂ ਯਹੋਵਾਹ ਦੇ ਚੁਣੇ ਹੋਏ ਉੱਤੇ ਹੱਥ ਚੁੱਕਣ ਲਈ ਰਾਜ਼ੀ ਨਹੀਂ ਹੋਇਆ।+ 24 ਦੇਖ! ਜਿਸ ਤਰ੍ਹਾਂ ਮੈਂ ਅੱਜ ਤੇਰੀ ਜਾਨ ਨੂੰ ਅਨਮੋਲ ਸਮਝਿਆ, ਉਸੇ ਤਰ੍ਹਾਂ ਯਹੋਵਾਹ ਦੀਆਂ ਨਜ਼ਰਾਂ ਵਿਚ ਮੇਰੀ ਜਾਨ ਵੀ ਅਨਮੋਲ ਹੋਵੇ ਤੇ ਉਹ ਮੈਨੂੰ ਸਾਰੇ ਦੁੱਖਾਂ ਤੋਂ ਛੁਟਕਾਰਾ ਦਿਵਾਏ।”+ 25 ਸ਼ਾਊਲ ਨੇ ਦਾਊਦ ਨੂੰ ਜਵਾਬ ਦਿੱਤਾ: “ਰੱਬ ਤੈਨੂੰ ਬਰਕਤ ਦੇਵੇ, ਮੇਰੇ ਪੁੱਤਰ ਦਾਊਦ। ਤੂੰ ਪੱਕਾ ਵੱਡੇ-ਵੱਡੇ ਕੰਮ ਕਰੇਂਗਾ ਤੇ ਤੂੰ ਜ਼ਰੂਰ ਸਫ਼ਲ ਹੋਵੇਂਗਾ।”+ ਫਿਰ ਦਾਊਦ ਆਪਣੇ ਰਾਹ ਚਲਾ ਗਿਆ ਤੇ ਸ਼ਾਊਲ ਆਪਣੀ ਜਗ੍ਹਾ ਮੁੜ ਗਿਆ।+

27 ਪਰ ਦਾਊਦ ਨੇ ਮਨ ਹੀ ਮਨ ਕਿਹਾ: “ਇਕ-ਨਾ-ਇਕ ਦਿਨ ਮੈਂ ਸ਼ਾਊਲ ਦੇ ਹੱਥੋਂ ਮਾਰਿਆ ਜਾਣਾ। ਇਸ ਲਈ ਵਧੀਆ ਹੋਵੇਗਾ ਕਿ ਮੈਂ ਫਲਿਸਤੀਆਂ ਦੇ ਦੇਸ਼ ਭੱਜ ਜਾਵਾਂ;+ ਫਿਰ ਸ਼ਾਊਲ ਮੈਨੂੰ ਸਾਰੇ ਇਜ਼ਰਾਈਲ ਵਿਚ ਲੱਭਣਾ ਛੱਡ ਦੇਵੇਗਾ+ ਤੇ ਮੈਂ ਉਸ ਦੇ ਹੱਥ ਆਉਣ ਤੋਂ ਬਚ ਜਾਵਾਂਗਾ।” 2 ਇਸ ਲਈ ਦਾਊਦ ਉੱਠਿਆ ਤੇ ਆਪਣੇ ਨਾਲ ਦੇ 600 ਆਦਮੀਆਂ+ ਨੂੰ ਲੈ ਕੇ ਗਥ ਦੇ ਰਾਜੇ ਆਕੀਸ਼+ ਕੋਲ ਚਲਾ ਗਿਆ ਜੋ ਮਾਓਕ ਦਾ ਪੁੱਤਰ ਸੀ। 3 ਦਾਊਦ ਗਥ ਵਿਚ ਆਕੀਸ਼ ਕੋਲ ਰਹਿਣ ਲੱਗਾ, ਉਹ ਅਤੇ ਉਸ ਦੇ ਆਦਮੀ ਆਪੋ-ਆਪਣੇ ਪਰਿਵਾਰਾਂ ਨਾਲ ਉੱਥੇ ਰਹਿਣ ਲੱਗੇ। ਦਾਊਦ ਨਾਲ ਉਸ ਦੀਆਂ ਦੋ ਪਤਨੀਆਂ ਸਨ, ਯਿਜ਼ਰਾਏਲ ਦੀ ਅਹੀਨੋਅਮ+ ਅਤੇ ਕਰਮਲ ਦੀ ਅਬੀਗੈਲ+ ਜੋ ਨਾਬਾਲ ਦੀ ਵਿਧਵਾ ਸੀ। 4 ਜਦੋਂ ਸ਼ਾਊਲ ਨੂੰ ਖ਼ਬਰ ਮਿਲੀ ਕਿ ਦਾਊਦ ਗਥ ਨੂੰ ਭੱਜ ਗਿਆ ਸੀ, ਤਾਂ ਉਸ ਨੇ ਉਸ ਦੀ ਭਾਲ ਕਰਨੀ ਛੱਡ ਦਿੱਤੀ।+

5 ਫਿਰ ਦਾਊਦ ਨੇ ਆਕੀਸ਼ ਨੂੰ ਕਿਹਾ: “ਜੇ ਤੇਰੀ ਕਿਰਪਾ ਦੀ ਨਜ਼ਰ ਮੇਰੇ ʼਤੇ ਹੈ, ਤਾਂ ਮੈਨੂੰ ਸ਼ਹਿਰ ਦੇ ਬਾਹਰ ਕਿਸੇ ਇਕ ਕਸਬੇ ਵਿਚ ਰਹਿਣ ਲਈ ਥਾਂ ਦੇ। ਤੇਰਾ ਸੇਵਕ ਤੇਰੇ ਕੋਲ ਸ਼ਾਹੀ ਸ਼ਹਿਰ ਵਿਚ ਕਿਉਂ ਰਹੇ?” 6 ਇਸ ਲਈ ਆਕੀਸ਼ ਨੇ ਉਸ ਦਿਨ ਸਿਕਲਗ+ ਸ਼ਹਿਰ ਉਸ ਨੂੰ ਦੇ ਦਿੱਤਾ। ਇਸੇ ਕਰਕੇ ਸਿਕਲਗ ਅੱਜ ਤਕ ਯਹੂਦਾਹ ਦੇ ਰਾਜਿਆਂ ਅਧੀਨ ਹੈ।

7 ਦਾਊਦ ਫਲਿਸਤੀਆਂ ਦੇ ਕਸਬੇ ਵਿਚ ਜਿੰਨਾ ਸਮਾਂ* ਰਿਹਾ, ਉਹ ਇਕ ਸਾਲ ਤੇ ਚਾਰ ਮਹੀਨੇ ਸਨ।+ 8 ਦਾਊਦ ਆਪਣੇ ਆਦਮੀਆਂ ਨਾਲ ਗਸ਼ੂਰੀਆਂ,+ ਗਿਰਜ਼ੀਆਂ ਅਤੇ ਅਮਾਲੇਕੀਆਂ+ ʼਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਲੁੱਟਣ ਜਾਂਦਾ ਸੀ। ਉਨ੍ਹਾਂ ਲੋਕਾਂ ਦਾ ਇਲਾਕਾ ਤੇਲਾਮ ਤੋਂ ਲੈ ਕੇ ਸ਼ੂਰ+ ਅਤੇ ਥੱਲੇ ਮਿਸਰ ਤਕ ਫੈਲਿਆ ਹੋਇਆ ਸੀ। 9 ਜਦੋਂ ਦਾਊਦ ਇਸ ਇਲਾਕੇ ਉੱਤੇ ਹਮਲਾ ਕਰਨ ਜਾਂਦਾ ਸੀ, ਤਾਂ ਉਹ ਨਾ ਤਾਂ ਕਿਸੇ ਆਦਮੀ ਨੂੰ ਤੇ ਨਾ ਹੀ ਕਿਸੇ ਔਰਤ ਨੂੰ ਜੀਉਂਦਾ ਛੱਡਦਾ ਸੀ,+ ਪਰ ਉਹ ਭੇਡਾਂ-ਬੱਕਰੀਆਂ, ਡੰਗਰ, ਗਧੇ, ਊਠ ਅਤੇ ਕੱਪੜੇ ਲੁੱਟ ਕੇ ਆਕੀਸ਼ ਕੋਲ ਵਾਪਸ ਆ ਜਾਂਦਾ ਸੀ। 10 ਫਿਰ ਆਕੀਸ਼ ਉਸ ਨੂੰ ਪੁੱਛਦਾ ਸੀ: “ਅੱਜ ਤੂੰ ਕਿੱਥੇ ਲੁੱਟ-ਮਾਰ ਕਰਨ ਗਿਆ ਸੀ?” ਦਾਊਦ ਜਵਾਬ ਦਿੰਦਾ ਸੀ: “ਯਹੂਦਾਹ ਦੇ ਦੱਖਣ* ਵਿਚ”+ ਜਾਂ “ਯਰਹਮਏਲੀਆਂ ਦੇ ਦੱਖਣੀ ਇਲਾਕੇ ਵਿਚ”+ ਜਾਂ “ਕੇਨੀਆਂ ਦੇ ਦੱਖਣੀ ਇਲਾਕੇ ਵਿਚ।”+ 11 ਦਾਊਦ ਕਿਸੇ ਆਦਮੀ ਜਾਂ ਤੀਵੀਂ ਨੂੰ ਜੀਉਂਦਾ ਨਹੀਂ ਛੱਡਦਾ ਸੀ ਤਾਂਕਿ ਉਸ ਨੂੰ ਗਥ ਵਿਚ ਨਾ ਲਿਆਉਣਾ ਪਵੇ ਕਿਉਂਕਿ ਉਹ ਸੋਚਦਾ ਸੀ: “ਕਿਤੇ ਉਹ ਸਾਡੇ ਬਾਰੇ ਉਨ੍ਹਾਂ ਨੂੰ ਦੱਸ ਨਾ ਦੇਣ ਤੇ ਇਹ ਨਾ ਕਹਿਣ, ‘ਦਾਊਦ ਨੇ ਇਹ-ਇਹ ਕੀਤਾ।’” (ਉਹ ਇਸੇ ਤਰ੍ਹਾਂ ਕਰਦਾ ਹੁੰਦਾ ਸੀ ਜਿੰਨਾ ਚਿਰ ਉਹ ਫਲਿਸਤੀਆਂ ਦੇ ਕਸਬੇ ਵਿਚ ਰਿਹਾ।) 12 ਆਕੀਸ਼ ਨੇ ਦਾਊਦ ʼਤੇ ਯਕੀਨ ਕਰ ਲਿਆ ਕਿਉਂਕਿ ਉਸ ਨੇ ਸੋਚਿਆ: ‘ਇਜ਼ਰਾਈਲ ਵਿਚ ਉਸ ਦੇ ਲੋਕ ਹੁਣ ਤਕ ਜ਼ਰੂਰ ਉਸ ਨੂੰ ਨਫ਼ਰਤ ਕਰਨ ਲੱਗ ਪਏ ਹੋਣੇ, ਇਸ ਲਈ ਉਹ ਹਮੇਸ਼ਾ ਲਈ ਮੇਰਾ ਸੇਵਕ ਬਣਿਆ ਰਹੇਗਾ।’

28 ਉਨ੍ਹਾਂ ਦਿਨਾਂ ਵਿਚ ਫਲਿਸਤੀਆਂ ਨੇ ਇਜ਼ਰਾਈਲ ਵਿਰੁੱਧ ਲੜਨ ਲਈ ਆਪਣੀਆਂ ਫ਼ੌਜਾਂ ਇਕੱਠੀਆਂ ਕੀਤੀਆਂ।+ ਤਦ ਆਕੀਸ਼ ਨੇ ਦਾਊਦ ਨੂੰ ਕਿਹਾ: “ਤੂੰ ਜਾਣਦਾ ਹੀ ਹੈਂ ਕਿ ਤੂੰ ਤੇ ਤੇਰੇ ਆਦਮੀ ਮੇਰੇ ਨਾਲ ਯੁੱਧ ਵਿਚ ਜਾਓਗੇ।”+ 2 ਇਹ ਸੁਣ ਕੇ ਦਾਊਦ ਨੇ ਆਕੀਸ਼ ਨੂੰ ਕਿਹਾ: “ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਤੇਰਾ ਸੇਵਕ ਕੀ ਕਰੇਗਾ।” ਆਕੀਸ਼ ਨੇ ਦਾਊਦ ਨੂੰ ਕਿਹਾ: “ਇਸੇ ਕਰਕੇ ਮੈਂ ਤੈਨੂੰ ਹਮੇਸ਼ਾ ਲਈ ਆਪਣਾ ਅੰਗ-ਰੱਖਿਅਕ* ਠਹਿਰਾਵਾਂਗਾ।”+

3 ਸਮੂਏਲ ਮਰ ਚੁੱਕਾ ਸੀ ਅਤੇ ਸਾਰੇ ਇਜ਼ਰਾਈਲ ਨੇ ਉਸ ਦਾ ਸੋਗ ਮਨਾਇਆ ਤੇ ਉਸ ਨੂੰ ਉਸ ਦੇ ਸ਼ਹਿਰ ਰਾਮਾਹ ਵਿਚ ਦਫ਼ਨਾ ਦਿੱਤਾ।+ ਸ਼ਾਊਲ ਨੇ ਚੇਲੇ-ਚਾਂਟਿਆਂ* ਤੇ ਭਵਿੱਖ ਦੱਸਣ ਵਾਲਿਆਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਸੀ।+

4 ਫਲਿਸਤੀ ਇਕੱਠੇ ਹੋ ਕੇ ਗਏ ਤੇ ਉਨ੍ਹਾਂ ਨੇ ਸ਼ੂਨੇਮ+ ਵਿਚ ਡੇਰਾ ਲਾਇਆ। ਇਸ ਲਈ ਸ਼ਾਊਲ ਨੇ ਸਾਰੇ ਇਜ਼ਰਾਈਲ ਨੂੰ ਇਕੱਠਾ ਕੀਤਾ ਤੇ ਉਨ੍ਹਾਂ ਨੇ ਗਿਲਬੋਆ+ ਵਿਚ ਡੇਰਾ ਲਾਇਆ। 5 ਜਦ ਸ਼ਾਊਲ ਨੇ ਫਲਿਸਤੀਆਂ ਦੀ ਛਾਉਣੀ ਦੇਖੀ, ਤਾਂ ਉਹ ਡਰ ਗਿਆ ਤੇ ਉਸ ਦਾ ਦਿਲ ਬਹੁਤ ਕੰਬਣ ਲੱਗਾ।+ 6 ਭਾਵੇਂ ਸ਼ਾਊਲ ਯਹੋਵਾਹ ਤੋਂ ਸਲਾਹ ਮੰਗਦਾ ਸੀ,+ ਪਰ ਯਹੋਵਾਹ ਨੇ ਕਦੇ ਉਸ ਨੂੰ ਜਵਾਬ ਨਹੀਂ ਦਿੱਤਾ, ਨਾ ਸੁਪਨਿਆਂ ਰਾਹੀਂ, ਨਾ ਊਰੀਮ+ ਰਾਹੀਂ ਤੇ ਨਾ ਹੀ ਨਬੀਆਂ ਰਾਹੀਂ। 7 ਅਖ਼ੀਰ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਕਿਹਾ: “ਮੇਰੇ ਲਈ ਕਿਸੇ ਅਜਿਹੀ ਔਰਤ ਨੂੰ ਲੱਭੋ ਜੋ ਮਰੇ ਹੋਇਆਂ ਨਾਲ ਗੱਲ ਕਰਦੀ ਹੋਵੇ।+ ਮੈਂ ਉਸ ਕੋਲ ਜਾ ਕੇ ਉਸ ਦੀ ਸਲਾਹ ਲਵਾਂਗਾ।” ਉਸ ਦੇ ਨੌਕਰਾਂ ਨੇ ਉਸ ਨੂੰ ਕਿਹਾ: “ਏਨ-ਦੋਰ+ ਵਿਚ ਇਕ ਔਰਤ ਹੈ ਜੋ ਮਰੇ ਹੋਇਆਂ ਨਾਲ ਗੱਲ ਕਰਦੀ ਹੈ।”

8 ਇਸ ਲਈ ਸ਼ਾਊਲ ਨੇ ਆਪਣਾ ਭੇਸ ਬਦਲਿਆ ਤੇ ਹੋਰ ਕੱਪੜੇ ਪਾ ਕੇ ਆਪਣੇ ਦੋ ਆਦਮੀਆਂ ਨਾਲ ਰਾਤ ਨੂੰ ਉਸ ਔਰਤ ਕੋਲ ਗਿਆ। ਉਸ ਨੇ ਕਿਹਾ: “ਫਾਲ* ਪਾ ਕੇ+ ਉਸ ਆਦਮੀ ਨੂੰ ਮੇਰੇ ਲਈ ਬੁਲਾ ਜਿਸ ਬਾਰੇ ਮੈਂ ਤੈਨੂੰ ਦੱਸਾਂ।” 9 ਪਰ ਉਸ ਔਰਤ ਨੇ ਉਸ ਨੂੰ ਕਿਹਾ: “ਤੈਨੂੰ ਪਤਾ ਹੀ ਹੋਣਾ ਸ਼ਾਊਲ ਨੇ ਕੀ ਕੀਤਾ ਸੀ। ਉਸ ਨੇ ਚੇਲੇ-ਚਾਂਟਿਆਂ ਅਤੇ ਭਵਿੱਖ ਦੱਸਣ ਵਾਲਿਆਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਸੀ।+ ਤਾਂ ਫਿਰ, ਤੂੰ ਕਿਉਂ ਮੈਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ ਤਾਂਕਿ ਮੈਂ ਮਾਰੀ ਜਾਵਾਂ?”+ 10 ਫਿਰ ਸ਼ਾਊਲ ਨੇ ਇਹ ਕਹਿੰਦੇ ਹੋਏ ਉਸ ਨਾਲ ਯਹੋਵਾਹ ਦੀ ਸਹੁੰ ਖਾਧੀ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਇਸ ਮਾਮਲੇ ਵਿਚ ਤੇਰੇ ʼਤੇ ਕੋਈ ਦੋਸ਼ ਨਹੀਂ ਲੱਗੇਗਾ!” 11 ਇਹ ਸੁਣ ਕੇ ਉਸ ਔਰਤ ਨੇ ਕਿਹਾ: “ਮੈਂ ਤੇਰੇ ਲਈ ਕਿਹਨੂੰ ਬੁਲਾਵਾਂ?” ਉਸ ਨੇ ਜਵਾਬ ਦਿੱਤਾ: “ਮੇਰੇ ਲਈ ਸਮੂਏਲ ਨੂੰ ਬੁਲਾ।” 12 ਜਦ ਔਰਤ ਨੇ “ਸਮੂਏਲ”+ ਨੂੰ ਦੇਖਿਆ,* ਤਾਂ ਉਹ ਜ਼ੋਰ ਦੀ ਚੀਕੀ ਅਤੇ ਸ਼ਾਊਲ ਨੂੰ ਕਿਹਾ: “ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ? ਤੂੰ ਤਾਂ ਸ਼ਾਊਲ ਹੈਂ!” 13 ਰਾਜੇ ਨੇ ਉਸ ਨੂੰ ਕਿਹਾ: “ਡਰ ਨਾ, ਮੈਨੂੰ ਦੱਸ ਤੂੰ ਕੀ ਦੇਖਦੀ ਹੈਂ?” ਔਰਤ ਨੇ ਸ਼ਾਊਲ ਨੂੰ ਜਵਾਬ ਦਿੱਤਾ: “ਮੈਨੂੰ ਕੋਈ ਦੇਵਤੇ ਵਰਗਾ ਧਰਤੀ ਵਿੱਚੋਂ ਉੱਪਰ ਨੂੰ ਆਉਂਦਾ ਦਿਖਾਈ ਦੇ ਰਿਹਾ ਹੈ।” 14 ਸ਼ਾਊਲ ਨੇ ਤੁਰੰਤ ਉਸ ਨੂੰ ਪੁੱਛਿਆ: “ਉਹ ਕਿੱਦਾਂ ਦਾ ਲੱਗਦਾ?” ਉਸ ਨੇ ਜਵਾਬ ਦਿੱਤਾ: “ਇਕ ਬਜ਼ੁਰਗ ਆਦਮੀ ਉੱਪਰ ਨੂੰ ਆ ਰਿਹਾ ਹੈ ਤੇ ਉਸ ਨੇ ਬਿਨਾਂ ਬਾਹਾਂ ਵਾਲਾ ਚੋਗਾ ਪਾਇਆ ਹੋਇਆ ਹੈ।”+ ਇਹ ਸੁਣ ਕੇ ਸ਼ਾਊਲ ਨੂੰ ਪਤਾ ਲੱਗ ਗਿਆ ਕਿ ਉਹ “ਸਮੂਏਲ” ਸੀ ਅਤੇ ਉਸ ਨੇ ਗੋਡਿਆਂ ਭਾਰ ਬੈਠ ਕੇ ਉਸ ਅੱਗੇ ਸਿਰ ਨਿਵਾਇਆ ਤੇ ਫਿਰ ਮੂੰਹ ਭਾਰ ਜ਼ਮੀਨ ʼਤੇ ਲੰਮਾ ਪੈ ਕੇ ਉਸ ਨੂੰ ਨਮਸਕਾਰ ਕੀਤਾ।

15 ਫਿਰ “ਸਮੂਏਲ” ਨੇ ਸ਼ਾਊਲ ਨੂੰ ਕਿਹਾ: “ਤੂੰ ਕਿਉਂ ਮੈਨੂੰ ਬੁਲਾ ਕੇ ਪਰੇਸ਼ਾਨ ਕੀਤਾ?” ਸ਼ਾਊਲ ਨੇ ਜਵਾਬ ਦਿੱਤਾ: “ਮੈਂ ਬਹੁਤ ਵੱਡੀ ਮੁਸੀਬਤ ਵਿਚ ਹਾਂ। ਫਲਿਸਤੀ ਮੇਰੇ ਨਾਲ ਲੜ ਰਹੇ ਹਨ ਅਤੇ ਪਰਮੇਸ਼ੁਰ ਨੇ ਮੈਨੂੰ ਛੱਡ ਦਿੱਤਾ ਹੈ ਤੇ ਉਹ ਮੈਨੂੰ ਕੋਈ ਜਵਾਬ ਨਹੀਂ ਦਿੰਦਾ, ਨਾ ਨਬੀਆਂ ਰਾਹੀਂ ਤੇ ਨਾ ਹੀ ਸੁਪਨਿਆਂ ਰਾਹੀਂ;+ ਇਸੇ ਲਈ ਮੈਂ ਤੈਨੂੰ ਬੁਲਾਇਆ ਤਾਂਕਿ ਤੂੰ ਮੈਨੂੰ ਦੱਸੇਂ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ।”+

16 “ਸਮੂਏਲ” ਨੇ ਕਿਹਾ: “ਜੇ ਯਹੋਵਾਹ ਨੇ ਹੀ ਤੈਨੂੰ ਛੱਡ ਦਿੱਤਾ ਹੈ+ ਤੇ ਤੇਰਾ ਦੁਸ਼ਮਣ ਬਣ ਗਿਆ ਹੈ, ਤਾਂ ਤੂੰ ਹੁਣ ਮੇਰੇ ਤੋਂ ਸਲਾਹ ਕਿਉਂ ਲੈਣ ਆਇਆਂ? 17 ਯਹੋਵਾਹ ਉਹੀ ਕਰੇਗਾ ਜਿਸ ਦੀ ਭਵਿੱਖਬਾਣੀ ਉਸ ਨੇ ਮੇਰੇ ਰਾਹੀਂ ਕੀਤੀ ਸੀ: ਯਹੋਵਾਹ ਤੇਰੇ ਹੱਥੋਂ ਰਾਜ ਖੋਹ ਲਵੇਗਾ ਅਤੇ ਤੇਰੇ ਇਕ ਸਾਥੀ, ਹਾਂ, ਦਾਊਦ ਨੂੰ ਦੇ ਦੇਵੇਗਾ।+ 18 ਕਿਉਂਕਿ ਤੂੰ ਯਹੋਵਾਹ ਦੀ ਗੱਲ ਨਹੀਂ ਸੁਣੀ ਤੇ ਤੂੰ ਅਮਾਲੇਕੀਆਂ ਖ਼ਿਲਾਫ਼ ਭੜਕੇ ਉਸ ਦੇ ਗੁੱਸੇ ਅਨੁਸਾਰ ਕਦਮ ਨਹੀਂ ਚੁੱਕਿਆ,+ ਇਸੇ ਲਈ ਯਹੋਵਾਹ ਅੱਜ ਤੇਰੇ ਨਾਲ ਇਸ ਤਰ੍ਹਾਂ ਕਰ ਰਿਹਾ ਹੈ। 19 ਯਹੋਵਾਹ ਇਜ਼ਰਾਈਲ ਨੂੰ ਤੇ ਤੈਨੂੰ ਫਲਿਸਤੀਆਂ ਦੇ ਹੱਥ ਵਿਚ ਦੇ ਦੇਵੇਗਾ+ ਅਤੇ ਕੱਲ੍ਹ ਤੂੰ+ ਤੇ ਤੇਰੇ ਪੁੱਤਰ+ ਮੇਰੇ ਨਾਲ ਹੋਵੋਗੇ। ਨਾਲੇ ਯਹੋਵਾਹ ਇਜ਼ਰਾਈਲ ਦੀ ਫ਼ੌਜ ਨੂੰ ਵੀ ਫਲਿਸਤੀਆਂ ਦੇ ਹੱਥ ਵਿਚ ਦੇ ਦੇਵੇਗਾ।”+

20 ਇਹ ਸੁਣਦਿਆਂ ਸਾਰ ਸ਼ਾਊਲ ਜ਼ਮੀਨ ʼਤੇ ਡਿਗ ਗਿਆ ਅਤੇ ਉਹ “ਸਮੂਏਲ” ਦੀਆਂ ਗੱਲਾਂ ਸੁਣ ਕੇ ਬਹੁਤ ਡਰ ਗਿਆ। ਅਤੇ ਉਸ ਵਿਚ ਬਿਲਕੁਲ ਵੀ ਤਾਕਤ ਨਾ ਰਹੀ ਕਿਉਂਕਿ ਉਸ ਨੇ ਪੂਰਾ ਦਿਨ ਤੇ ਪੂਰੀ ਰਾਤ ਕੁਝ ਨਹੀਂ ਖਾਧਾ ਸੀ। 21 ਜਦ ਉਹ ਔਰਤ ਸ਼ਾਊਲ ਕੋਲ ਆਈ ਤੇ ਉਸ ਨੇ ਦੇਖਿਆ ਕਿ ਉਹ ਬਹੁਤ ਪਰੇਸ਼ਾਨ ਸੀ, ਤਾਂ ਉਸ ਨੇ ਉਸ ਨੂੰ ਕਿਹਾ: “ਦੇਖ, ਤੇਰੀ ਦਾਸੀ ਨੇ ਤੇਰੀ ਗੱਲ ਮੰਨੀ ਹੈ ਅਤੇ ਮੈਂ ਆਪਣੀ ਜਾਨ ਤਲੀ ʼਤੇ ਧਰ ਕੇ+ ਉਹੀ ਕੀਤਾ ਜੋ ਤੂੰ ਮੈਨੂੰ ਕਰਨ ਲਈ ਕਿਹਾ ਸੀ। 22 ਹੁਣ ਕਿਰਪਾ ਕਰ ਕੇ ਆਪਣੀ ਦਾਸੀ ਦੀ ਗੱਲ ਮੰਨ। ਮੈਂ ਤੇਰੇ ਲਈ ਰੋਟੀ ਲੈ ਕੇ ਆਉਂਦੀ ਹਾਂ; ਤੂੰ ਉਸ ਨੂੰ ਖਾਈਂ ਤਾਂਕਿ ਆਪਣੇ ਰਾਹ ਵਾਪਸ ਜਾਣ ਲਈ ਤੇਰੇ ਵਿਚ ਕੁਝ ਤਾਕਤ ਆਵੇ।” 23 ਪਰ ਉਸ ਨੇ ਇਨਕਾਰ ਕਰ ਦਿੱਤਾ ਤੇ ਕਿਹਾ: “ਨਹੀਂ, ਮੈਂ ਕੁਝ ਨਹੀਂ ਖਾਣਾ।” ਫਿਰ ਵੀ ਉਸ ਦੇ ਨੌਕਰ ਤੇ ਉਹ ਔਰਤ ਉਸ ʼਤੇ ਜ਼ੋਰ ਪਾਉਂਦੇ ਰਹੇ। ਅਖ਼ੀਰ ਉਸ ਨੇ ਉਨ੍ਹਾਂ ਦੀ ਗੱਲ ਮੰਨ ਲਈ ਤੇ ਉਹ ਜ਼ਮੀਨ ਤੋਂ ਉੱਠ ਕੇ ਪਲੰਘ ʼਤੇ ਬੈਠ ਗਿਆ। 24 ਉਸ ਔਰਤ ਦੇ ਘਰ ਇਕ ਮੋਟਾ-ਤਾਜ਼ਾ ਵੱਛਾ ਸੀ ਜਿਸ ਨੂੰ ਉਸ ਨੇ ਫਟਾਫਟ ਵੱਢਿਆ* ਅਤੇ ਉਸ ਨੇ ਆਟਾ ਗੁੰਨ੍ਹ ਕੇ ਬੇਖਮੀਰੀ ਰੋਟੀ ਪਕਾਈ। 25 ਫਿਰ ਉਸ ਨੇ ਇਹ ਸਭ ਕੁਝ ਸ਼ਾਊਲ ਅਤੇ ਉਸ ਦੇ ਨੌਕਰਾਂ ਅੱਗੇ ਪਰੋਸਿਆ ਤੇ ਉਨ੍ਹਾਂ ਨੇ ਖਾਧਾ। ਇਸ ਤੋਂ ਬਾਅਦ ਉਹ ਉੱਠੇ ਤੇ ਰਾਤੋ-ਰਾਤ ਹੀ ਚਲੇ ਗਏ।+

29 ਫਲਿਸਤੀਆਂ+ ਨੇ ਆਪਣੀਆਂ ਸਾਰੀਆਂ ਫ਼ੌਜਾਂ ਅਫੇਕ ਵਿਚ ਇਕੱਠੀਆਂ ਕੀਤੀਆਂ ਅਤੇ ਇਜ਼ਰਾਈਲੀਆਂ ਨੇ ਯਿਜ਼ਰਾਏਲ+ ਵਿਚ ਪਾਣੀ ਦੇ ਚਸ਼ਮੇ ਕੋਲ ਡੇਰਾ ਲਾਇਆ। 2 ਫਲਿਸਤੀਆਂ ਦੇ ਹਾਕਮ ਆਪਣੀਆਂ ਸੌ-ਸੌ ਅਤੇ ਹਜ਼ਾਰ-ਹਜ਼ਾਰ ਦੀਆਂ ਟੁਕੜੀਆਂ ਨਾਲ ਜਾ ਰਹੇ ਸਨ ਅਤੇ ਦਾਊਦ ਤੇ ਉਸ ਦੇ ਆਦਮੀ ਪਿੱਛੇ-ਪਿੱਛੇ ਆਕੀਸ਼ ਨਾਲ ਜਾ ਰਹੇ ਸਨ।+ 3 ਪਰ ਫਲਿਸਤੀਆਂ ਦੇ ਪ੍ਰਧਾਨਾਂ ਨੇ ਪੁੱਛਿਆ: “ਇਹ ਇਬਰਾਨੀ ਇੱਥੇ ਕੀ ਕਰ ਰਹੇ ਹਨ?” ਆਕੀਸ਼ ਨੇ ਫਲਿਸਤੀਆਂ ਦੇ ਪ੍ਰਧਾਨਾਂ ਨੂੰ ਜਵਾਬ ਦਿੱਤਾ: “ਇਹ ਇਜ਼ਰਾਈਲ ਦੇ ਰਾਜੇ ਸ਼ਾਊਲ ਦਾ ਸੇਵਕ ਦਾਊਦ ਹੈ ਜੋ ਇਕ ਸਾਲ ਤੋਂ, ਸਗੋਂ ਇਸ ਤੋਂ ਵੀ ਜ਼ਿਆਦਾ ਸਮੇਂ ਤੋਂ ਮੇਰੇ ਨਾਲ ਹੈ।+ ਜਿਸ ਦਿਨ ਤੋਂ ਇਹ ਉਸ ਨੂੰ ਛੱਡ ਕੇ ਮੇਰੇ ਕੋਲ ਆਇਆ ਹੈ, ਉਸ ਦਿਨ ਤੋਂ ਲੈ ਕੇ ਅੱਜ ਤਕ ਮੈਨੂੰ ਇਸ ਵਿਚ ਕੋਈ ਦੋਸ਼ ਨਹੀਂ ਲੱਭਾ।” 4 ਪਰ ਫਲਿਸਤੀਆਂ ਦੇ ਪ੍ਰਧਾਨ ਉਸ ʼਤੇ ਗੁੱਸੇ ਹੋਏ ਤੇ ਕਹਿਣ ਲੱਗੇ: “ਇਸ ਆਦਮੀ ਨੂੰ ਵਾਪਸ ਭੇਜ ਦੇ।+ ਇਹਨੂੰ ਉਸ ਜਗ੍ਹਾ ਵਾਪਸ ਭੇਜ ਦੇ ਜਿਹੜੀ ਤੂੰ ਇਹਨੂੰ ਦਿੱਤੀ ਸੀ। ਇਹਨੂੰ ਸਾਡੇ ਨਾਲ ਯੁੱਧ ਵਿਚ ਨਾ ਆਉਣ ਦੇਈਂ, ਕਿਤੇ ਇੱਦਾਂ ਨਾ ਹੋਵੇ ਕਿ ਇਹ ਯੁੱਧ ਦੌਰਾਨ ਸਾਡੇ ਹੀ ਖ਼ਿਲਾਫ਼ ਹੋ ਜਾਵੇ।+ ਉਸ ਲਈ ਆਪਣੇ ਮਾਲਕ ਦੀ ਮਿਹਰ ਪਾਉਣ ਲਈ ਇਸ ਤੋਂ ਵਧੀਆ ਕਿਹੜੀ ਗੱਲ ਹੋਵੇਗੀ ਕਿ ਉਹ ਸਾਡੇ ਆਦਮੀਆਂ ਦੇ ਸਿਰ ਵੱਢ ਕੇ ਲੈ ਜਾਵੇ? 5 ਕੀ ਇਹ ਉਹੀ ਦਾਊਦ ਨਹੀਂ ਜਿਸ ਬਾਰੇ ਉਹ ਨੱਚਦੇ ਹੋਏ ਗਾ ਰਹੇ ਸਨ:

‘ਸ਼ਾਊਲ ਨੇ ਮਾਰਿਆ ਹਜ਼ਾਰਾਂ ਨੂੰ,

ਦਾਊਦ ਨੇ ਮਾਰਿਆ ਲੱਖਾਂ ਨੂੰ’?”+

6 ਇਸ ਲਈ ਆਕੀਸ਼+ ਨੇ ਦਾਊਦ ਨੂੰ ਬੁਲਾ ਕੇ ਕਿਹਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਤੂੰ ਖਰਾ ਬੰਦਾ ਹੈਂ ਤੇ ਮੈਨੂੰ ਖ਼ੁਸ਼ੀ ਹੈ ਕਿ ਤੂੰ ਮੇਰੀ ਫ਼ੌਜ ਨਾਲ ਯੁੱਧ ਵਿਚ ਜਾ ਰਿਹਾ ਹੈਂ+ ਕਿਉਂਕਿ ਜਿਸ ਦਿਨ ਤੋਂ ਤੂੰ ਮੇਰੇ ਕੋਲ ਆਇਆ ਹੈਂ, ਉਸ ਦਿਨ ਤੋਂ ਲੈ ਕੇ ਅੱਜ ਤਕ ਮੈਨੂੰ ਤੇਰੇ ਵਿਚ ਕੋਈ ਦੋਸ਼ ਨਹੀਂ ਲੱਭਾ।+ ਪਰ ਬਾਕੀ ਹਾਕਮਾਂ ਨੂੰ ਤੇਰੇ ʼਤੇ ਭਰੋਸਾ ਨਹੀਂ।+ 7 ਇਸ ਲਈ ਸ਼ਾਂਤੀ ਨਾਲ ਮੁੜ ਜਾਹ ਅਤੇ ਅਜਿਹਾ ਕੁਝ ਨਾ ਕਰੀਂ ਜਿਸ ਨਾਲ ਫਲਿਸਤੀਆਂ ਦੇ ਹਾਕਮਾਂ ਨੂੰ ਗੁੱਸਾ ਚੜ੍ਹੇ।” 8 ਦਾਊਦ ਨੇ ਆਕੀਸ਼ ਨੂੰ ਕਿਹਾ: “ਪਰ ਕਿਉਂ, ਮੈਂ ਕੀ ਕੀਤਾ ਹੈ? ਜਿਸ ਦਿਨ ਤੋਂ ਮੈਂ ਤੇਰੇ ਕੋਲ ਆਇਆ ਹਾਂ, ਉਸ ਦਿਨ ਤੋਂ ਲੈ ਕੇ ਅੱਜ ਤਕ ਤੈਨੂੰ ਆਪਣੇ ਸੇਵਕ ਵਿਚ ਕਿਹੜਾ ਦੋਸ਼ ਲੱਭਾ ਹੈ? ਮੈਂ ਤੇਰੇ ਨਾਲ ਕਿਉਂ ਨਾ ਆਵਾਂ ਤੇ ਆਪਣੇ ਪ੍ਰਭੂ ਅਤੇ ਮਹਾਰਾਜ ਦੇ ਦੁਸ਼ਮਣਾਂ ਨਾਲ ਕਿਉਂ ਨਾ ਲੜਾਂ?” 9 ਆਕੀਸ਼ ਨੇ ਦਾਊਦ ਨੂੰ ਜਵਾਬ ਦਿੱਤਾ: “ਮੇਰੀਆਂ ਨਜ਼ਰਾਂ ਵਿਚ ਤਾਂ ਤੂੰ ਪਰਮੇਸ਼ੁਰ ਦੇ ਇਕ ਦੂਤ ਜਿੰਨਾ ਚੰਗਾ ਹੈਂ।+ ਪਰ ਫਲਿਸਤੀਆਂ ਦੇ ਪ੍ਰਧਾਨ ਕਹਿੰਦੇ ਹਨ, ‘ਇਹਨੂੰ ਸਾਡੇ ਨਾਲ ਯੁੱਧ ਵਿਚ ਨਾ ਜਾਣ ਦੇ।’ 10 ਇਸ ਲਈ ਤੂੰ ਅਤੇ ਤੇਰੇ ਨਾਲ ਆਏ ਤੇਰੇ ਮਾਲਕ ਦੇ ਸੇਵਕ ਸਵੇਰੇ ਜਲਦੀ ਉੱਠਿਓ; ਤੜਕੇ ਉੱਠਿਓ ਅਤੇ ਚਾਨਣ ਹੁੰਦਿਆਂ ਹੀ ਚਲੇ ਜਾਇਓ।”

11 ਇਸ ਲਈ ਦਾਊਦ ਤੇ ਉਸ ਦੇ ਆਦਮੀ ਸਵੇਰੇ ਜਲਦੀ ਉੱਠੇ ਤੇ ਫਲਿਸਤੀਆਂ ਦੇ ਦੇਸ਼ ਨੂੰ ਮੁੜ ਗਏ ਅਤੇ ਫਲਿਸਤੀ ਯਿਜ਼ਰਾਏਲ+ ਵੱਲ ਨੂੰ ਚਲੇ ਗਏ।

30 ਤੀਸਰੇ ਦਿਨ ਜਦ ਦਾਊਦ ਤੇ ਉਸ ਦੇ ਆਦਮੀ ਸਿਕਲਗ+ ਆਏ, ਤਾਂ ਅਮਾਲੇਕੀ+ ਦੱਖਣ* ਵਿਚ ਤੇ ਸਿਕਲਗ ਵਿਚ ਲੁੱਟ-ਮਾਰ ਕਰ ਚੁੱਕੇ ਸਨ ਅਤੇ ਉਨ੍ਹਾਂ ਨੇ ਸਿਕਲਗ ʼਤੇ ਹਮਲਾ ਕਰ ਕੇ ਉਸ ਨੂੰ ਅੱਗ ਨਾਲ ਸਾੜ ਦਿੱਤਾ ਸੀ। 2 ਉਨ੍ਹਾਂ ਨੇ ਔਰਤਾਂ+ ਅਤੇ ਸ਼ਹਿਰ ਵਿਚ ਛੋਟੇ ਤੋਂ ਲੈ ਕੇ ਵੱਡੇ ਤਕ ਸਭ ਨੂੰ ਬੰਦੀ ਬਣਾ ਲਿਆ ਸੀ। ਉਨ੍ਹਾਂ ਨੇ ਕਿਸੇ ਨੂੰ ਜਾਨੋਂ ਨਹੀਂ ਮਾਰਿਆ, ਸਗੋਂ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਆਪਣੇ ਰਾਹ ਪੈ ਗਏ ਸਨ। 3 ਜਦ ਦਾਊਦ ਤੇ ਉਸ ਦੇ ਆਦਮੀ ਸ਼ਹਿਰ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਸ਼ਹਿਰ ਸੜ ਚੁੱਕਾ ਸੀ ਅਤੇ ਉਨ੍ਹਾਂ ਦੀਆਂ ਪਤਨੀਆਂ ਤੇ ਉਨ੍ਹਾਂ ਦੇ ਧੀਆਂ-ਪੁੱਤਰਾਂ ਨੂੰ ਬੰਦੀ ਬਣਾ ਕੇ ਲਿਜਾਇਆ ਜਾ ਚੁੱਕਾ ਸੀ। 4 ਇਸ ਲਈ ਦਾਊਦ ਤੇ ਉਸ ਦੇ ਆਦਮੀ ਉੱਚੀ-ਉੱਚੀ ਰੋਣ ਲੱਗੇ। ਉਹ ਤਦ ਤਕ ਰੋਂਦੇ ਰਹੇ ਜਦ ਤਕ ਉਨ੍ਹਾਂ ਵਿਚ ਹੋਰ ਰੋਣ ਦੀ ਤਾਕਤ ਨਾ ਰਹੀ। 5 ਦਾਊਦ ਦੀਆਂ ਦੋਹਾਂ ਪਤਨੀਆਂ, ਯਿਜ਼ਰਾਏਲ ਦੀ ਅਹੀਨੋਅਮ ਅਤੇ ਕਰਮਲ ਦੇ ਨਾਬਾਲ ਦੀ ਵਿਧਵਾ ਅਬੀਗੈਲ+ ਨੂੰ ਵੀ ਬੰਦੀ ਬਣਾ ਕੇ ਲਿਜਾਇਆ ਗਿਆ ਸੀ। 6 ਦਾਊਦ ਦੇ ਨਾਲ ਦੇ ਸਾਰੇ ਆਦਮੀ ਉਸ ਨੂੰ ਪੱਥਰ ਮਾਰਨ ਦੀਆਂ ਗੱਲਾਂ ਕਰ ਰਹੇ ਸਨ ਕਿਉਂਕਿ ਉਹ ਆਪਣੇ ਧੀਆਂ-ਪੁੱਤਰਾਂ ਨੂੰ ਗੁਆ ਦੇਣ ਕਰਕੇ ਕੁੜੱਤਣ ਨਾਲ ਭਰੇ ਹੋਏ ਸਨ। ਇਸ ਕਰਕੇ ਦਾਊਦ ਬਹੁਤ ਦੁਖੀ ਹੋਇਆ। ਪਰ ਦਾਊਦ ਨੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਮਦਦ ਨਾਲ ਆਪਣੇ ਆਪ ਨੂੰ ਤਕੜਾ ਕੀਤਾ।+

7 ਫਿਰ ਦਾਊਦ ਨੇ ਅਹੀਮਲਕ ਦੇ ਪੁੱਤਰ ਯਾਨੀ ਪੁਜਾਰੀ ਅਬਯਾਥਾਰ+ ਨੂੰ ਕਿਹਾ: “ਕਿਰਪਾ ਕਰ ਕੇ ਏਫ਼ੋਦ ਇੱਥੇ ਲੈ ਕੇ ਆ।”+ ਇਸ ਲਈ ਅਬਯਾਥਾਰ ਦਾਊਦ ਕੋਲ ਏਫ਼ੋਦ ਲੈ ਆਇਆ। 8 ਦਾਊਦ ਨੇ ਯਹੋਵਾਹ ਤੋਂ ਸਲਾਹ ਪੁੱਛੀ:+ “ਕੀ ਮੈਂ ਉਨ੍ਹਾਂ ਲੁਟੇਰਿਆਂ ਦਾ ਪਿੱਛਾ ਕਰਾਂ? ਕੀ ਮੈਂ ਉਨ੍ਹਾਂ ਨੂੰ ਫੜ ਲਵਾਂਗਾ?” ਉਸ ਨੇ ਜਵਾਬ ਦਿੱਤਾ: “ਉਨ੍ਹਾਂ ਦਾ ਪਿੱਛਾ ਕਰ ਕਿਉਂਕਿ ਤੂੰ ਜ਼ਰੂਰ ਉਨ੍ਹਾਂ ਨੂੰ ਫੜੇਂਗਾ ਅਤੇ ਤੂੰ ਉਨ੍ਹਾਂ ਕੋਲੋਂ ਹਰੇਕ ਜਣੇ ਅਤੇ ਹਰੇਕ ਚੀਜ਼ ਨੂੰ ਛੁਡਾ ਲਵੇਂਗਾ।”+

9 ਦਾਊਦ ਉਸੇ ਵੇਲੇ ਆਪਣੇ ਨਾਲ ਦੇ 600 ਆਦਮੀਆਂ+ ਨੂੰ ਲੈ ਕੇ ਤੁਰ ਪਿਆ ਅਤੇ ਉਹ ਦੂਰ ਬਸੋਰ ਵਾਦੀ ਤਕ ਗਏ ਤੇ ਕੁਝ ਆਦਮੀ ਉੱਥੇ ਹੀ ਠਹਿਰ ਗਏ। 10 ਦਾਊਦ 400 ਆਦਮੀਆਂ ਨਾਲ ਲੁਟੇਰਿਆਂ ਦਾ ਪਿੱਛਾ ਕਰਦਾ ਰਿਹਾ, ਪਰ 200 ਆਦਮੀ ਇੰਨੇ ਥੱਕ ਗਏ ਸਨ ਕਿ ਬਸੋਰ ਵਾਦੀ ਪਾਰ ਨਹੀਂ ਕਰ ਸਕੇ, ਇਸ ਲਈ ਉਹ ਉੱਥੇ ਹੀ ਰੁਕ ਗਏ।+

11 ਉਨ੍ਹਾਂ ਨੂੰ ਮੈਦਾਨ ਵਿਚ ਇਕ ਮਿਸਰੀ ਆਦਮੀ ਮਿਲਿਆ ਤੇ ਉਹ ਉਸ ਨੂੰ ਦਾਊਦ ਕੋਲ ਲੈ ਗਏ। ਉਨ੍ਹਾਂ ਨੇ ਉਸ ਨੂੰ ਖਾਣ ਲਈ ਖਾਣਾ ਤੇ ਪੀਣ ਲਈ ਪਾਣੀ ਦਿੱਤਾ 12 ਤੇ ਅੰਜੀਰਾਂ ਦੀ ਟਿੱਕੀ ਦਾ ਟੁਕੜਾ ਤੇ ਸੌਗੀਆਂ ਦੀਆਂ ਦੋ ਟਿੱਕੀਆਂ ਵੀ ਦਿੱਤੀਆਂ। ਜਦ ਉਹ ਖਾ ਚੁੱਕਾ, ਤਾਂ ਉਸ ਵਿਚ ਦੁਬਾਰਾ ਤਾਕਤ ਆ ਗਈ* ਕਿਉਂਕਿ ਉਸ ਨੇ ਤਿੰਨ ਦਿਨਾਂ ਤੇ ਤਿੰਨ ਰਾਤਾਂ ਤੋਂ ਨਾ ਕੁਝ ਖਾਧਾ ਸੀ ਤੇ ਨਾ ਪਾਣੀ ਪੀਤਾ ਸੀ। 13 ਫਿਰ ਦਾਊਦ ਨੇ ਉਸ ਨੂੰ ਪੁੱਛਿਆ: “ਤੂੰ ਕਿਸ ਦਾ ਆਦਮੀ ਹੈਂ ਤੇ ਤੂੰ ਕਿੱਥੋਂ ਆਇਆ ਹੈਂ?” ਉਸ ਨੇ ਜਵਾਬ ਦਿੱਤਾ: “ਮੈਂ ਇਕ ਮਿਸਰੀ ਸੇਵਾਦਾਰ ਹਾਂ ਤੇ ਇਕ ਅਮਾਲੇਕੀ ਆਦਮੀ ਦਾ ਗ਼ੁਲਾਮ ਹਾਂ, ਪਰ ਮੇਰਾ ਮਾਲਕ ਮੈਨੂੰ ਛੱਡ ਕੇ ਚਲਾ ਗਿਆ ਕਿਉਂਕਿ ਤਿੰਨ ਦਿਨ ਪਹਿਲਾਂ ਮੈਂ ਬੀਮਾਰ ਹੋ ਗਿਆ ਸੀ। 14 ਅਸੀਂ ਕਰੇਤੀਆਂ+ ਦੇ ਦੱਖਣ* ਵਿਚ, ਯਹੂਦਾਹ ਦੇ ਇਲਾਕੇ ਵਿਚ ਅਤੇ ਕਾਲੇਬ+ ਦੇ ਦੱਖਣ* ਵਿਚ ਲੁੱਟ-ਮਾਰ ਕੀਤੀ ਤੇ ਸਿਕਲਗ ਨੂੰ ਅੱਗ ਨਾਲ ਸਾੜ ਦਿੱਤਾ।” 15 ਇਹ ਸੁਣ ਕੇ ਦਾਊਦ ਨੇ ਉਸ ਨੂੰ ਪੁੱਛਿਆ: “ਕੀ ਤੂੰ ਮੈਨੂੰ ਉਨ੍ਹਾਂ ਲੁਟੇਰਿਆਂ ਕੋਲ ਲੈ ਜਾਏਂਗਾ?” ਉਸ ਨੇ ਜਵਾਬ ਦਿੱਤਾ: “ਜੇ ਤੂੰ ਮੇਰੇ ਅੱਗੇ ਰੱਬ ਦੀ ਸਹੁੰ ਖਾਵੇਂ ਕਿ ਤੂੰ ਮੈਨੂੰ ਜਾਨੋਂ ਨਹੀਂ ਮਾਰੇਂਗਾ ਅਤੇ ਮੈਨੂੰ ਮੇਰੇ ਮਾਲਕ ਦੇ ਹਵਾਲੇ ਨਹੀਂ ਕਰੇਂਗਾ, ਤਾਂ ਮੈਂ ਤੈਨੂੰ ਉਨ੍ਹਾਂ ਲੁਟੇਰਿਆਂ ਕੋਲ ਲੈ ਜਾਵਾਂਗਾ।”

16 ਫਿਰ ਉਹ ਦਾਊਦ ਨੂੰ ਉਸ ਜਗ੍ਹਾ ਲੈ ਗਿਆ ਜਿੱਥੇ ਉਹ ਸਾਰੇ ਮੈਦਾਨ ਵਿਚ ਖਿੰਡੇ ਹੋਏ ਸਨ ਅਤੇ ਖਾ-ਪੀ ਰਹੇ ਤੇ ਜਸ਼ਨ ਮਨਾ ਰਹੇ ਸਨ ਕਿਉਂਕਿ ਉਨ੍ਹਾਂ ਨੇ ਫਲਿਸਤੀਆਂ ਦੇ ਦੇਸ਼ ਅਤੇ ਯਹੂਦਾਹ ਦੇਸ਼ ਤੋਂ ਬਹੁਤ ਸਾਰਾ ਮਾਲ ਲੁੱਟਿਆ ਸੀ। 17 ਫਿਰ ਦਾਊਦ ਮੂੰਹ ਹਨੇਰੇ ਤੋਂ ਲੈ ਕੇ ਅਗਲੀ ਸ਼ਾਮ ਤਕ ਉਨ੍ਹਾਂ ਨੂੰ ਵੱਢਦਾ ਰਿਹਾ; ਇਕ ਵੀ ਆਦਮੀ ਨਾ ਬਚਿਆ,+ ਸਿਵਾਇ ਉਨ੍ਹਾਂ 400 ਆਦਮੀਆਂ ਦੇ ਜੋ ਊਠਾਂ ʼਤੇ ਭੱਜ ਗਏ ਸਨ। 18 ਦਾਊਦ ਨੇ ਉਹ ਸਭ ਕੁਝ ਵਾਪਸ ਲੈ ਲਿਆ ਜੋ ਅਮਾਲੇਕੀ ਲੈ ਗਏ ਸਨ+ ਤੇ ਦਾਊਦ ਨੇ ਆਪਣੀਆਂ ਦੋਹਾਂ ਪਤਨੀਆਂ ਨੂੰ ਵੀ ਛੁਡਾ ਲਿਆ। 19 ਉਨ੍ਹਾਂ ਨੂੰ ਛੋਟੇ ਤੋਂ ਲੈ ਕੇ ਵੱਡੇ ਤਕ ਹਰ ਬੰਦਾ ਤੇ ਹਰ ਚੀਜ਼ ਮਿਲ ਗਈ। ਉਨ੍ਹਾਂ ਨੇ ਆਪਣੇ ਧੀਆਂ-ਪੁੱਤਰ ਅਤੇ ਲੁੱਟ ਦਾ ਮਾਲ ਵਾਪਸ ਲੈ ਲਿਆ;+ ਦਾਊਦ ਨੇ ਉਹ ਸਾਰਾ ਕੁਝ ਵਾਪਸ ਲੈ ਲਿਆ ਜੋ ਉਹ ਲੈ ਗਏ ਸਨ। 20 ਦਾਊਦ ਨੇ ਸਾਰੇ ਇੱਜੜ ਅਤੇ ਡੰਗਰ ਲੈ ਲਏ ਜਿਨ੍ਹਾਂ ਨੂੰ ਉਹ ਆਪਣੇ ਪਸ਼ੂਆਂ ਦੇ ਅੱਗੇ-ਅੱਗੇ ਹੱਕ ਕੇ ਲੈ ਗਏ ਸਨ। ਉਨ੍ਹਾਂ ਨੇ ਕਿਹਾ: “ਇਹ ਦਾਊਦ ਦੀ ਲੁੱਟ ਦਾ ਮਾਲ ਹੈ।”

21 ਫਿਰ ਦਾਊਦ ਉਨ੍ਹਾਂ 200 ਆਦਮੀਆਂ ਕੋਲ ਆਇਆ ਜੋ ਬਹੁਤ ਥੱਕ ਜਾਣ ਕਰਕੇ ਦਾਊਦ ਦੇ ਨਾਲ ਜਾ ਨਹੀਂ ਸਕੇ ਸਨ ਤੇ ਪਿੱਛੇ ਬਸੋਰ ਵਾਦੀ+ ਕੋਲ ਹੀ ਰੁਕ ਗਏ ਸਨ। ਉਹ ਦਾਊਦ ਤੇ ਉਸ ਦੇ ਨਾਲ ਦੇ ਲੋਕਾਂ ਨੂੰ ਮਿਲਣ ਆਏ। ਜਦ ਦਾਊਦ ਉਨ੍ਹਾਂ ਆਦਮੀਆਂ ਦੇ ਨੇੜੇ ਆਇਆ, ਤਾਂ ਉਸ ਨੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। 22 ਪਰ ਦਾਊਦ ਨਾਲ ਗਏ ਆਦਮੀਆਂ ਵਿੱਚੋਂ ਕੁਝ ਬੁਰੇ ਤੇ ਨਿਕੰਮੇ ਆਦਮੀਆਂ ਨੇ ਕਿਹਾ: “ਇਹ ਸਾਡੇ ਨਾਲ ਨਹੀਂ ਗਏ ਸੀ। ਅਸੀਂ ਜੋ ਲੁੱਟ ਦਾ ਮਾਲ ਛੁਡਾ ਲਿਆਏ ਹਾਂ, ਉਸ ਵਿੱਚੋਂ ਅਸੀਂ ਇਨ੍ਹਾਂ ਨੂੰ ਕੁਝ ਨਹੀਂ ਦਿਆਂਗੇ। ਇਹ ਬੱਸ ਆਪਣੀਆਂ ਪਤਨੀਆਂ ਤੇ ਪੁੱਤਰਾਂ ਨੂੰ ਲੈ ਕੇ ਚਲੇ ਜਾਣ।” 23 ਪਰ ਦਾਊਦ ਨੇ ਕਿਹਾ: “ਮੇਰੇ ਭਰਾਵੋ, ਯਹੋਵਾਹ ਨੇ ਸਾਨੂੰ ਜੋ ਦਿੱਤਾ ਹੈ, ਉਸ ਨਾਲ ਇਸ ਤਰ੍ਹਾਂ ਨਾ ਕਰੋ। ਉਸ ਨੇ ਸਾਨੂੰ ਬਚਾਇਆ ਤੇ ਲੁਟੇਰਿਆਂ ਨੂੰ ਸਾਡੇ ਹੱਥ ਵਿਚ ਦੇ ਦਿੱਤਾ ਜੋ ਸਾਡੇ ਵਿਰੁੱਧ ਆਏ ਸਨ।+ 24 ਤੁਹਾਡੇ ਨਾਲ ਕੌਣ ਇਸ ਗੱਲ ʼਤੇ ਸਹਿਮਤ ਹੋਵੇਗਾ? ਯੁੱਧ ਵਿਚ ਜਾਣ ਵਾਲੇ ਨੂੰ ਵੀ ਉੱਨਾ ਹੀ ਹਿੱਸਾ ਮਿਲੇਗਾ ਜਿੰਨਾ ਉਸ ਨੂੰ ਜੋ ਸਾਮਾਨ ਕੋਲ ਬੈਠਾ ਸੀ।+ ਸਾਰਿਆਂ ਨੂੰ ਇੱਕੋ ਜਿਹਾ ਹਿੱਸਾ ਮਿਲੇਗਾ।”+ 25 ਉਸ ਦਿਨ ਤੋਂ ਉਸ ਨੇ ਇਜ਼ਰਾਈਲ ਲਈ ਇਹੀ ਨਿਯਮ ਤੇ ਕਾਨੂੰਨ ਬਣਾ ਦਿੱਤਾ ਜੋ ਅੱਜ ਤਕ ਹੈ।

26 ਜਦ ਦਾਊਦ ਸਿਕਲਗ ਵਾਪਸ ਆਇਆ, ਤਾਂ ਉਸ ਨੇ ਲੁੱਟ ਦਾ ਕੁਝ ਮਾਲ ਯਹੂਦਾਹ ਦੇ ਬਜ਼ੁਰਗਾਂ ਨੂੰ ਘੱਲਿਆ ਜੋ ਉਸ ਦੇ ਦੋਸਤ ਸਨ। ਉਸ ਨੇ ਉਨ੍ਹਾਂ ਨੂੰ ਕਿਹਾ: “ਯਹੋਵਾਹ ਦੇ ਦੁਸ਼ਮਣਾਂ ਕੋਲੋਂ ਲੁੱਟੇ ਮਾਲ ਵਿੱਚੋਂ ਇਹ ਤੁਹਾਡੇ ਲਈ ਤੋਹਫ਼ਾ* ਹੈ।” 27 ਉਸ ਨੇ ਇਹ ਤੋਹਫ਼ਾ ਉਨ੍ਹਾਂ ਨੂੰ ਭੇਜਿਆ ਜੋ ਬੈਤੇਲ+ ਵਿਚ ਸਨ, ਜੋ ਨੇਗੇਬ* ਦੇ ਰਾਮੋਥ ਵਿਚ ਸਨ, ਜੋ ਯਤੀਰ+ ਵਿਚ ਸਨ, 28 ਜੋ ਅਰੋਏਰ ਵਿਚ ਸਨ, ਜੋ ਸਿਫਮੋਥ ਵਿਚ ਸਨ, ਜੋ ਅਸ਼ਤਮੋਆ+ ਵਿਚ ਸਨ, 29 ਜੋ ਰਾਕਾਲ ਵਿਚ ਸਨ, ਜੋ ਯਰਹਮਏਲੀਆਂ+ ਦੇ ਸ਼ਹਿਰਾਂ ਵਿਚ ਸਨ, ਜੋ ਕੇਨੀਆਂ+ ਦੇ ਸ਼ਹਿਰਾਂ ਵਿਚ ਸਨ, 30 ਜੋ ਹਾਰਮਾਹ+ ਵਿਚ ਸਨ, ਜੋ ਬੋਰਾਸ਼ਾਨ ਵਿਚ ਸਨ, ਜੋ ਅਤਾਕ ਵਿਚ ਸਨ, 31 ਜੋ ਹਬਰੋਨ+ ਵਿਚ ਸਨ ਅਤੇ ਉਨ੍ਹਾਂ ਸਾਰੀਆਂ ਥਾਵਾਂ ਵਿਚ ਜਿੱਥੇ ਦਾਊਦ ਤੇ ਉਸ ਦੇ ਆਦਮੀ ਅਕਸਰ ਜਾਂਦੇ ਹੁੰਦੇ ਸਨ।

31 ਫਲਿਸਤੀ ਇਜ਼ਰਾਈਲ ਨਾਲ ਯੁੱਧ ਕਰ ਰਹੇ ਸਨ।+ ਇਜ਼ਰਾਈਲ ਦੇ ਆਦਮੀ ਫਲਿਸਤੀਆਂ ਅੱਗੋਂ ਭੱਜ ਗਏ ਅਤੇ ਕਈ ਗਿਲਬੋਆ ਪਹਾੜ+ ʼਤੇ ਵੱਢੇ ਗਏ। 2 ਫਲਿਸਤੀ ਸ਼ਾਊਲ ਅਤੇ ਉਸ ਦੇ ਪੁੱਤਰਾਂ ਦਾ ਪਿੱਛਾ ਕਰਦੇ-ਕਰਦੇ ਉਨ੍ਹਾਂ ਦੇ ਨੇੜੇ ਆ ਪਹੁੰਚੇ ਅਤੇ ਫਲਿਸਤੀਆਂ ਨੇ ਸ਼ਾਊਲ ਦੇ ਪੁੱਤਰਾਂ ਯੋਨਾਥਾਨ,+ ਅਬੀਨਾਦਾਬ ਅਤੇ ਮਲਕੀ-ਸ਼ੂਆ+ ਨੂੰ ਮਾਰ ਦਿੱਤਾ। 3 ਸ਼ਾਊਲ ਖ਼ਿਲਾਫ਼ ਹੋ ਰਹੇ ਯੁੱਧ ਨੇ ਭਿਆਨਕ ਰੂਪ ਧਾਰ ਲਿਆ। ਤੀਰਅੰਦਾਜ਼ਾਂ ਨੇ ਉਸ ਨੂੰ ਦੇਖ ਲਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।+ 4 ਫਿਰ ਸ਼ਾਊਲ ਨੇ ਆਪਣੇ ਹਥਿਆਰ ਚੁੱਕਣ ਵਾਲੇ ਨੂੰ ਕਿਹਾ: “ਆਪਣੀ ਤਲਵਾਰ ਕੱਢ ਤੇ ਮੈਨੂੰ ਵਿੰਨ੍ਹ ਸੁੱਟ, ਕਿਤੇ ਇੱਦਾਂ ਨਾ ਹੋਵੇ ਕਿ ਇਹ ਬੇਸੁੰਨਤੇ ਆਦਮੀ+ ਆ ਕੇ ਮੈਨੂੰ ਵਿੰਨ੍ਹਣ ਤੇ ਬੇਰਹਿਮੀ ਨਾਲ ਮੈਨੂੰ ਮਾਰ ਦੇਣ।”* ਪਰ ਉਸ ਦੇ ਹਥਿਆਰ ਚੁੱਕਣ ਵਾਲਾ ਰਾਜ਼ੀ ਨਾ ਹੋਇਆ ਕਿਉਂਕਿ ਉਹ ਬਹੁਤ ਡਰਿਆ ਹੋਇਆ ਸੀ। ਇਸ ਲਈ ਸ਼ਾਊਲ ਨੇ ਤਲਵਾਰ ਲਈ ਤੇ ਉਸ ਉੱਤੇ ਡਿਗ ਪਿਆ।+ 5 ਜਦੋਂ ਉਸ ਦੇ ਹਥਿਆਰ ਚੁੱਕਣ ਵਾਲੇ ਨੇ ਦੇਖਿਆ ਕਿ ਸ਼ਾਊਲ ਮਰ ਚੁੱਕਾ ਸੀ,+ ਤਾਂ ਉਹ ਵੀ ਆਪਣੀ ਤਲਵਾਰ ʼਤੇ ਡਿਗ ਗਿਆ ਤੇ ਸ਼ਾਊਲ ਦੇ ਨਾਲ ਹੀ ਮਰ ਗਿਆ। 6 ਇਸ ਤਰ੍ਹਾਂ ਸ਼ਾਊਲ, ਉਸ ਦੇ ਤਿੰਨ ਪੁੱਤਰ, ਉਸ ਦੇ ਹਥਿਆਰ ਚੁੱਕਣ ਵਾਲਾ ਅਤੇ ਉਸ ਦੇ ਸਾਰੇ ਆਦਮੀ ਉਸੇ ਦਿਨ ਮਰ ਗਏ।+ 7 ਜਦੋਂ ਘਾਟੀ ਦੇ ਇਲਾਕੇ ਵਿਚ ਅਤੇ ਯਰਦਨ ਦੇ ਇਲਾਕੇ ਵਿਚ ਰਹਿੰਦੇ ਇਜ਼ਰਾਈਲੀ ਲੋਕਾਂ ਨੇ ਦੇਖਿਆ ਕਿ ਇਜ਼ਰਾਈਲ ਦੇ ਆਦਮੀ ਭੱਜ ਗਏ ਸਨ ਅਤੇ ਸ਼ਾਊਲ ਤੇ ਉਸ ਦੇ ਪੁੱਤਰ ਮਰ ਗਏ ਸਨ, ਤਾਂ ਉਨ੍ਹਾਂ ਨੇ ਸ਼ਹਿਰਾਂ ਨੂੰ ਛੱਡ ਕੇ ਭੱਜਣਾ ਸ਼ੁਰੂ ਕਰ ਦਿੱਤਾ;+ ਫਿਰ ਫਲਿਸਤੀਆਂ ਨੇ ਆ ਕੇ ਉਨ੍ਹਾਂ ʼਤੇ ਕਬਜ਼ਾ ਕਰ ਲਿਆ।

8 ਅਗਲੇ ਦਿਨ ਜਦੋਂ ਫਲਿਸਤੀ ਲਾਸ਼ਾਂ ਤੋਂ ਸ਼ਸਤਰ-ਬਸਤਰ ਲਾਹੁਣ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਸ਼ਾਊਲ ਤੇ ਉਸ ਦੇ ਤਿੰਨ ਪੁੱਤਰ ਗਿਲਬੋਆ ਪਹਾੜ+ ʼਤੇ ਮਰੇ ਪਏ ਸਨ। 9 ਉਨ੍ਹਾਂ ਨੇ ਸ਼ਾਊਲ ਦਾ ਸਿਰ ਵੱਢ ਦਿੱਤਾ ਤੇ ਉਸ ਦੇ ਸ਼ਸਤਰ-ਬਸਤਰ ਲਾਹ ਲਏ। ਉਨ੍ਹਾਂ ਨੇ ਇਹ ਖ਼ਬਰ ਆਪਣੇ ਬੁੱਤਾਂ+ ਦੇ ਘਰਾਂ* ਵਿਚ ਅਤੇ ਲੋਕਾਂ ਤਕ ਪਹੁੰਚਾਉਣ ਲਈ ਫਲਿਸਤੀਆਂ ਦੇ ਸਾਰੇ ਦੇਸ਼ ਵਿਚ ਸੰਦੇਸ਼ ਘੱਲਿਆ।+ 10 ਫਿਰ ਉਨ੍ਹਾਂ ਨੇ ਉਸ ਦੇ ਸ਼ਸਤਰ-ਬਸਤਰ ਅਸ਼ਤਾਰੋਥ ਦੀਆਂ ਮੂਰਤਾਂ ਦੇ ਘਰ ਵਿਚ ਰੱਖ ਦਿੱਤੇ ਅਤੇ ਉਸ ਦੀ ਲਾਸ਼ ਨੂੰ ਬੈਤ-ਸ਼ਾਨ+ ਦੀ ਕੰਧ ʼਤੇ ਲਟਕਾ ਦਿੱਤਾ। 11 ਜਦ ਯਾਬੇਸ਼-ਗਿਲਆਦ+ ਦੇ ਵਾਸੀਆਂ ਨੇ ਸੁਣਿਆ ਕਿ ਫਲਿਸਤੀਆਂ ਨੇ ਸ਼ਾਊਲ ਨਾਲ ਕੀ ਕੀਤਾ ਸੀ, 12 ਤਾਂ ਸਾਰੇ ਯੋਧੇ ਉੱਠੇ ਤੇ ਉਨ੍ਹਾਂ ਨੇ ਸਾਰੀ ਰਾਤ ਸਫ਼ਰ ਕੀਤਾ ਅਤੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀਆਂ ਲਾਸ਼ਾਂ ਬੈਤ-ਸ਼ਾਨ ਦੀ ਕੰਧ ਤੋਂ ਲਾਹ ਲਈਆਂ। ਫਿਰ ਉਹ ਯਾਬੇਸ਼ ਨੂੰ ਮੁੜ ਆਏ ਤੇ ਉਨ੍ਹਾਂ ਲਾਸ਼ਾਂ ਨੂੰ ਉੱਥੇ ਸਾੜ ਦਿੱਤਾ। 13 ਫਿਰ ਉਨ੍ਹਾਂ ਨੇ ਉਨ੍ਹਾਂ ਦੀਆਂ ਹੱਡੀਆਂ+ ਲਈਆਂ ਤੇ ਯਾਬੇਸ਼ ਵਿਚ ਝਾਊ ਦੇ ਦਰਖ਼ਤ ਹੇਠ ਦਫ਼ਨਾ ਦਿੱਤੀਆਂ+ ਤੇ ਉਨ੍ਹਾਂ ਨੇ ਸੱਤ ਦਿਨ ਵਰਤ ਰੱਖਿਆ।

ਜਾਂ, “ਰਾਮਾਹ ਤੋਂ ਇਕ ਸੂਫੀ ਸੀ।”

ਜਾਂ, “ਦੇ ਅੱਗੇ ਮੱਥਾ ਟੇਕਣ।”

ਇਬ, “ਉਸ ਦੀ ਕੁੱਖ ਬੰਦ ਕਰ ਦਿੱਤੀ ਸੀ।”

ਜਾਂ, “ਤੂੰ ਦਿਲ ਵਿਚ ਬੁਰਾ ਕਿਉਂ ਮਨਾਉਂਦੀ ਹੈਂ?”

ਯਾਨੀ, ਡੇਰੇ।

ਇਬ, “ਨੂੰ ਯਾਦ ਕੀਤਾ।”

ਜਾਂ ਸੰਭਵ ਹੈ, “ਸਹੀ ਸਮੇਂ ਤੇ।”

ਮਤਲਬ “ਪਰਮੇਸ਼ੁਰ ਦਾ ਨਾਂ।”

ਇਬ, “ਜੋ ਤੇਰੀਆਂ ਨਜ਼ਰਾਂ ਵਿਚ ਠੀਕ ਹੈ।”

ਲਗਭਗ 22 ਲੀਟਰ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਉਧਾਰ ਦੇ ਰਹੀ।”

ਜ਼ਾਹਰ ਹੈ ਕਿ ਇੱਥੇ ਅਲਕਾਨਾਹ ਦੀ ਗੱਲ ਕੀਤੀ ਗਈ ਹੈ।

ਜਾਂ, “ਤਾਕਤ।” ਸ਼ਬਦਾਵਲੀ, “ਸਿੰਗ” ਦੇਖੋ।

ਇਬ, “ਉਹ ਮੁਰਝਾ ਗਈ ਹੈ।”

ਜਾਂ, “ਜੀਉਂਦਾ ਕਰਦਾ।”

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਜਾਂ ਸੰਭਵ ਹੈ, “ਕੂੜਾ ਸੁੱਟਣ ਦੀ ਜਗ੍ਹਾ।”

ਜਾਂ ਸੰਭਵ ਹੈ, “ਯਹੋਵਾਹ ਨਾਲ ਮੁਕਾਬਲਾ ਕਰਨ ਵਾਲੇ ਖ਼ੌਫ਼ ਖਾਣਗੇ।”

ਜਾਂ, “ਤਾਕਤ।” ਸ਼ਬਦਾਵਲੀ, “ਸਿੰਗ” ਦੇਖੋ।

ਜਾਂ, “ਦੀ ਸੇਵਾ ਕਰ ਰਿਹਾ ਸੀ।”

ਇਬ, “ਲੱਕ ਨਾਲ ਬੰਨ੍ਹ ਕੇ।”

ਇਬ, “ਉਧਾਰ ਦਿੱਤਾ।”

ਜਾਂ ਸੰਭਵ ਹੈ, “ਯਹੋਵਾਹ ਉਸ ਲਈ ਫ਼ੈਸਲਾ ਕਰੇਗਾ।”

ਜਾਂ ਸੰਭਵ ਹੈ, “ਬਲ਼ੀ ਦਾ ਧੂੰਆਂ ਉਠਾਏ।”

ਇਬ, “ਇਜ਼ਰਾਈਲ ਦੇ ਪੁੱਤਰ।”

ਇਬ, “ਨੂੰ ਠੁੱਡ ਮਾਰਦੇ ਹੋ।”

ਇਬ, “ਬਾਂਹ ਵੱਢ ਸੁੱਟਾਂਗਾ।”

ਜਾਂ, “ਤੇਰੇ ਜੀ ਨੂੰ ਉਦਾਸ ਕਰੇਗਾ।”

ਯਾਨੀ, ਡੇਰੇ।

ਇਬ, “ਧਰਤੀ ʼਤੇ ਡਿਗਣ ਦਿੱਤੀ।”

ਇਬ, “ਯਹੋਵਾਹ ਨੇ ਸਾਨੂੰ ਕਿਉਂ ਹਰਾਇਆ?”

ਜਾਂ ਸੰਭਵ ਹੈ, “ਦੇ ਵਿਚਕਾਰ।”

ਜਾਂ, “ਅਤੇ ਨਾ ਹੀ ਇਸ ਉੱਤੇ ਆਪਣਾ ਮਨ ਲਾਇਆ।”

ਮਤਲਬ “ਕਿੱਥੇ ਹੈ ਸ਼ਾਨ?”

ਜਾਂ, “ਮੰਦਰ।”

ਇਬ, “ਸਿਰਫ਼ ਦਾਗੋਨ।”

ਇਬ, “ਦਾ ਹੱਥ ਭਾਰਾ ਸੀ।”

ਇਬ, “ਦਾ ਹੱਥ ਉਨ੍ਹਾਂ ਉੱਤੇ ਬਹੁਤ ਭਾਰਾ ਸੀ।”

ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।

ਜਾਂ, “ਵਾਦੀ।”

ਇਬ, “70 ਆਦਮੀਆਂ, 50,000 ਆਦਮੀਆਂ।”

ਜਾਂ, “ਸੋਗ ਮਨਾਉਂਦੇ ਹੋਏ ਯਹੋਵਾਹ ਦੇ ਪਿੱਛੇ ਜਾਣ ਲੱਗੇ।”

ਮਤਲਬ “ਮਦਦ ਦਾ ਪੱਥਰ।”

ਇਬ, “ਦੀਆਂ ਨਜ਼ਰਾਂ ਵਿਚ ਇਹ ਗੱਲ ਬੁਰੀ ਸੀ।”

ਜਾਂ, “ਅਤਰ।”

ਇਬ, “ਉਹ ਮੋਢਿਆਂ ਤੋਂ ਲੈ ਕੇ ਉੱਪਰ ਤਕ ਲੰਬਾ ਸੀ।”

ਇਬ, “ਇਕ ਸ਼ੇਕੇਲ ਦਾ ਚੌਥਾ ਹਿੱਸਾ।” ਇਕ ਸ਼ੇਕੇਲ 11.4 ਗ੍ਰਾਮ ਦਾ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਦਾ ਕੰਨ ਖੋਲ੍ਹਿਆ।”

ਸ਼ਬਦਾਵਲੀ, “ਨਿਯੁਕਤ ਕਰਨਾ; ਚੁਣਨਾ” ਦੇਖੋ।

ਜਾਂ, “ਮੇਰੀ ਪਰਜਾ ਨੂੰ ਹੱਦਾਂ ਵਿਚ ਰੱਖੇਗਾ।”

ਇਬ, “ਸਭ ਕੁਝ ਜੋ ਤੇਰੇ ਦਿਲ ਵਿਚ ਹੈ।”

ਸ਼ਬਦਾਵਲੀ, “ਨਿਯੁਕਤ ਕਰਨਾ; ਚੁਣਨਾ” ਦੇਖੋ।

ਜਾਂ, “ਹਜ਼ਾਰ-ਹਜ਼ਾਰ ਦਾ ਸਮੂਹ ਬਣਾ ਕੇ।”

ਇਬ, “ਉਹ ਮੋਢਿਆਂ ਤੋਂ ਲੈ ਕੇ ਉੱਪਰ ਤਕ ਲੰਬਾ ਸੀ।”

ਇਬ, “ਅਤੇ ਉਹ ਗੂੰਗਿਆਂ ਵਾਂਗ ਬਣ ਗਿਆ।”

ਇਬ, “ਸਮਝੌਤਾ।”

ਇਬ, “ਇਕ ਮਨੁੱਖ ਵਾਂਗ।”

ਯਾਨੀ, ਸਵੇਰ ਦੇ ਲਗਭਗ 2 ਵਜੇ ਤੋਂ ਲੈ ਕੇ 6 ਵਜੇ ਤਕ।

ਇਬ, “ਤੁਹਾਡੀ ਅਵਾਜ਼ ਨੂੰ ਸੁਣ ਲਿਆ ਹੈ।”

ਸ਼ਬਦਾਵਲੀ, “ਨਿਯੁਕਤ ਕਰਨਾ; ਚੁਣਨਾ” ਦੇਖੋ।

ਇਬ, “ਅੱਗੇ-ਅੱਗੇ ਚੱਲ ਰਿਹਾ ਹੈ।”

ਇਬ, “ਮੇਰੇ ਹੱਥ ਵਿਚ ਕੁਝ ਨਹੀਂ ਲੱਭਾ।”

ਇਬ, “ਸਮੂਏਲ ਨੂੰ।”

ਜਾਂ, “ਜੋ ਹਕੀਕਤ ਨਹੀਂ ਹਨ, ਉਨ੍ਹਾਂ ਪਿੱਛੇ ਨਾ ਭੱਜੋ।”

ਜਾਂ, “ਹਕੀਕਤ ਨਹੀਂ ਹਨ।”

ਜਾਂ, “ਸੱਚਾਈ ਨਾਲ।”

ਇਹ ਸੰਖਿਆ ਇਬਰਾਨੀ ਲਿਖਤ ਵਿਚ ਨਹੀਂ ਦਿੱਤੀ ਗਈ।

ਜਾਂ, “ਪ੍ਰੈਣ।”

ਪੁਰਾਣੇ ਜ਼ਮਾਨੇ ਦਾ ਤੋਲਣ ਵਾਲਾ ਪੱਥਰ ਜੋ ਇਕ ਸ਼ੇਕੇਲ ਦਾ ਲਗਭਗ ਦੋ-ਤਿਹਾਈ ਹਿੱਸਾ ਸੀ।

ਜਾਂ, “ਚੌਂਕੀ।”

ਯਾਨੀ, ਇਹ ਲੰਬਾਈ ਉੱਨੀ ਜ਼ਮੀਨ ਦੇ ਬਰਾਬਰ ਹੈ ਜਿੰਨੀ ਬਲਦਾਂ ਦੀ ਜੋੜੀ ਇਕ ਦਿਨ ਵਿਚ ਵਾਹ ਸਕਦੀ ਹੈ।

ਇਬ, “ਉਸ ਦਿਨ।”

ਇਬ, “ਆਪਣਾ ਹੱਥ ਪਿੱਛੇ ਕਰ ਲੈ।”

ਇਬ, “ਰੋਟੀ।”

ਇਬ, “ਸਾਰਾ ਦੇਸ਼।”

ਜਾਂ, “ਮੁਕਤੀ।”

ਇਬ, “ਛੁਡਾ ਲਿਆ।”

ਸ਼ਬਦਾਵਲੀ, “ਨਿਯੁਕਤ ਕਰਨਾ; ਚੁਣਨਾ” ਦੇਖੋ।

ਜਾਂ, “ਉੱਤੇ ਤਰਸ ਨਾ ਖਾਈਂ।”

ਜਾਂ, “ਉੱਤੇ ਤਰਸ ਖਾਧਾ।”

ਜਾਂ, “ਮੈਨੂੰ ਦੁੱਖ ਹੈ।”

ਜਾਂ, “ਉੱਤੇ ਤਰਸ ਖਾਧਾ।”

ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।

ਇਬ, “ਤਰਾਫੀਮ।” ਸ਼ਬਦਾਵਲੀ ਦੇਖੋ।

ਜਾਂ, “ਨਹੀਂ ਪਛਤਾਵੇਗਾ।”

ਜਾਂ, “ਪਛਤਾਵੇ।”

ਜਾਂ ਸੰਭਵ ਹੈ, “ਪੂਰੇ ਭਰੋਸੇ ਨਾਲ।”

ਇਬ, “ਕੁੜੱਤਣ।”

ਸ਼ਬਦਾਵਲੀ, “ਨਿਯੁਕਤ ਕਰਨਾ; ਚੁਣਨਾ” ਦੇਖੋ।

ਇਬ, “ਯਹੋਵਾਹ ਵੱਲੋਂ ਇਕ ਬੁਰੀ ਸ਼ਕਤੀ ਉਸ ਨੂੰ ਸਤਾਉਣ ਲੱਗੀ।”

ਇਬ, “ਡੇਰਿਆਂ।”

ਉਸ ਦਾ ਕੱਦ ਲਗਭਗ 2.9 ਮੀਟਰ (9 ਫੁੱਟ 5.75 ਇੰਚ) ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਹ ਕਵਚ ਅੰਦਰੋਂ ਕੱਪੜੇ ਜਾਂ ਚਮੜੇ ਦਾ ਬਣਿਆ ਹੁੰਦਾ ਸੀ। ਇਸ ਉੱਤੇ ਧਾਤ ਦੇ ਟੁਕੜੇ ਇਸ ਤਰ੍ਹਾਂ ਲੱਗੇ ਹੁੰਦੇ ਸਨ ਜਿਵੇਂ ਮੱਛੀ ਉੱਤੇ ਛਿਲਕਿਆਂ ਦੀਆਂ ਕਤਾਰਾਂ ਹੁੰਦੀਆਂ ਹਨ।

ਲਗਭਗ 57 ਕਿਲੋਗ੍ਰਾਮ। ਵਧੇਰੇ ਜਾਣਕਾਰੀ 2.14 ਦੇਖੋ।

ਲਗਭਗ 6.84 ਕਿਲੋਗ੍ਰਾਮ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਮਿਹਣਾ ਮਾਰਦਾ।”

ਲਗਭਗ 22 ਲੀਟਰ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਦੁੱਧ।”

ਜਾਂ, “ਮਿਹਣਾ ਮਾਰਨ।”

ਜਾਂ, “ਮਿਹਣਾ ਮਾਰਨ ਵਾਲਾ।”

ਜਾਂ, “ਹਿੰਮਤ।”

ਜਾਂ, “ਇਕ ਯੋਧਾ।”

ਜਾਂ, “ਜਬਾੜ੍ਹੇ ਤੋਂ।” ਇਬ, “ਦਾੜ੍ਹੀ ਤੋਂ।”

ਜਾਂ, “ਮਿਹਣਾ ਮਾਰਿਆ।”

ਜਾਂ, “ਅਤੇ ਵਾਦੀ।”

ਜਾਂ, “ਮਿਹਣਾ ਮਾਰਿਆ।”

ਇਬ, “ਇਹ ਸਾਰੀ ਮੰਡਲੀ।”

ਜਾਂ, “ਬੁੱਧ ਤੋਂ ਕੰਮ ਲੈਂਦਾ ਸੀ।”

ਇਬ, “ਅਤੇ ਉਹ ਲੋਕਾਂ ਅੱਗੇ ਆਉਂਦਾ-ਜਾਂਦਾ ਸੀ।”

ਜਾਂ, “ਬੁੱਧ ਤੋਂ ਕੰਮ ਲੈਂਦਾ ਰਿਹਾ।”

ਜਾਂ, “ਮੇਰਾ ਜਵਾਈ ਬਣੇਂਗਾ।”

ਜਾਂ, “ਆਪਣੀ ਜਾਨ ਤਲੀ ʼਤੇ ਧਰੀ।”

ਜਾਂ, “ਛੁਟਕਾਰਾ ਦਿਵਾਇਆ।”

ਇਬ, “ਤਰਾਫੀਮ।” ਸ਼ਬਦਾਵਲੀ ਦੇਖੋ।

ਜਾਂ, “ਥੋੜ੍ਹੇ ਕੱਪੜਿਆਂ ਵਿਚ।”

ਸ਼ਬਦਾਵਲੀ ਦੇਖੋ।

ਇਬ, “ਕੰਮ ਵਾਲੇ ਦਿਨ।”

ਇਬ, “ਆਪਣੀ ਮਾਂ ਦੇ ਨੰਗੇਜ਼ ਲਈ ਸ਼ਰਮ।”

ਇਬ, “ਕਿਉਂਕਿ ਉਹ ਮੌਤ ਦਾ ਪੁੱਤਰ ਹੈ।”

ਜਾਂ, “ਨਾਲ ਸਰੀਰਕ ਸੰਬੰਧ ਬਣਾਉਣ ਤੋਂ ਦੂਰ ਰਹੇ ਹੋਣ।”

ਇਬ, “ਉਨ੍ਹਾਂ ਦੇ ਹੱਥ ਵਿਚ।”

ਜਾਂ, “ਵਫ਼ਾਦਾਰ।”

ਇਬ, “ਦੌੜਨ ਵਾਲਿਆਂ।”

ਸ਼ਬਦਾਵਲੀ ਦੇਖੋ।

ਇਬ, “ਮੇਰੇ ਹੱਥ ਵੇਚ ਦਿੱਤਾ ਹੈ।”

ਜਾਂ ਸੰਭਵ ਹੈ, “ਜ਼ਮੀਂਦਾਰ।”

ਜਾਂ ਸੰਭਵ ਹੈ, “ਡਰਦਾ ਸੀ ਕਿਉਂਕਿ।”

ਇਬ, “ਉਸ ਨੇ ਉਸ ਦਾ ਹੱਥ ਤਕੜਾ ਕੀਤਾ।”

ਜਾਂ ਸੰਭਵ ਹੈ, “ਰੇਗਿਸਤਾਨ; ਉਜਾੜ।”

ਇਬ, “ਦੇ ਸੱਜੇ ਪਾਸੇ।”

ਜਾਂ, “ਘਰਾਣਿਆਂ।”

ਇਬ, “ਆਪਣੇ ਪੈਰ ਢਕਣ।”

ਇਬ, “ਦਿਲ।”

ਜਾਂ ਸੰਭਵ ਹੈ, “ਖਿੰਡਾ ਦਿੱਤਾ।”

ਇਬ, “ਬੀ।”

ਯਹੂਦਾਹ ਦਾ ਇਕ ਸ਼ਹਿਰ; ਇਹ ਕਰਮਲ ਪਹਾੜ ਨਹੀਂ ਹੈ।

ਜਾਂ, “ਤੈਨੂੰ ਸ਼ਾਂਤੀ ਮਿਲੇ।”

ਇਬ, “ਚੰਗੇ ਦਿਨ।”

ਇਕ ਸੇਆਹ 7.33 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ ਸੰਭਵ ਹੈ, “ਦਾਊਦ ਨਾਲ।”

ਇਬ, “ਕੰਧ ʼਤੇ ਪਿਸ਼ਾਬ ਕਰਨ ਵਾਲਾ ਕੋਈ ਵੀ।” ਆਦਮੀਆਂ ਨੂੰ ਦਰਸਾਉਣ ਲਈ ਘਿਰਣਾ ਭਰੇ ਇਬਰਾਨੀ ਸ਼ਬਦ।

ਮਤਲਬ “ਮੂਰਖ; ਬੇਸਮਝ।”

ਜਾਂ, “ਮੁਕਤੀ ਦਿਵਾਉਣ।”

ਇਬ, “ਬਰਕਤ।”

ਜਾਂ, “ਗੋਪੀਏ ਦੇ ਡੂੰਘ ਵਿੱਚੋਂ।”

ਇਬ, “ਲੜਖੜਾਏਂਗਾ ਜਾਂ ਠੇਡਾ ਖਾਏਂਗਾ।”

ਜਾਂ, “ਮੁਕਤੀ ਦਿਵਾਈ।”

ਜਾਂ, “ਮੁਕਤੀ ਦਿਵਾਉਣ।”

ਇਬ, “ਕੰਧ ʼਤੇ ਪਿਸ਼ਾਬ ਕਰਨ ਵਾਲਾ ਕੋਈ ਵੀ।” ਆਦਮੀਆਂ ਨੂੰ ਦਰਸਾਉਣ ਲਈ ਘਿਰਣਾ ਭਰੇ ਇਬਰਾਨੀ ਸ਼ਬਦ।

ਇਬ, “ਨਾਬਾਲ ਦਾ ਦਿਲ।”

ਜਾਂ ਸੰਭਵ ਹੈ, “ਰੇਗਿਸਤਾਨ; ਉਜਾੜ।”

ਇਬ, “ਸੁੰਘੇ।”

ਇਬ, “ਜਿੰਨੇ ਦਿਨ।”

ਜਾਂ, “ਨੇਗੇਬ।”

ਇਬ, “ਸਦਾ ਲਈ ਆਪਣੇ ਸਿਰ ਦਾ ਰਾਖਾ।”

ਯਾਨੀ, ਮਰੇ ਹੋਇਆਂ ਨਾਲ ਗੱਲ ਕਰਨ ਦਾ ਦਾਅਵਾ ਕਰਨ ਵਾਲਾ ਇਨਸਾਨ।

ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।

ਜਾਂ, “ਉਹ ਦੇਖਿਆ ਜੋ ਸਮੂਏਲ ਵਰਗਾ ਦਿਖਾਈ ਦਿੰਦਾ ਸੀ।”

ਜਾਂ, “ਉਸ ਦੀ ਬਲ਼ੀ ਚੜ੍ਹਾਈ।”

ਜਾਂ, “ਨੇਗੇਬ।”

ਇਬ, “ਉਸ ਵਿਚ ਮੁੜ ਜਾਨ ਪੈ ਗਈ।”

ਜਾਂ, “ਨੇਗੇਬ।”

ਜਾਂ, “ਨੇਗੇਬ।”

ਇਬ, “ਬਰਕਤ।”

ਜਾਂ, “ਦੱਖਣ।”

ਜਾਂ, “ਮੇਰਾ ਮਜ਼ਾਕ ਉਡਾਉਣ।”

ਜਾਂ, “ਮੰਦਰਾਂ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ