ਉਤਪਤ
1 ਸ਼ੁਰੂ ਵਿਚ ਪਰਮੇਸ਼ੁਰ ਨੇ ਆਕਾਸ਼* ਅਤੇ ਧਰਤੀ ਨੂੰ ਬਣਾਇਆ।+
2 ਧਰਤੀ ਵੀਰਾਨ ਸੀ ਅਤੇ ਇਸ ʼਤੇ ਕੁਝ ਵੀ ਨਹੀਂ ਸੀ। ਡੂੰਘੇ ਪਾਣੀਆਂ+ ਉੱਤੇ ਹਨੇਰਾ ਛਾਇਆ ਹੋਇਆ ਸੀ। ਅਤੇ ਇਨ੍ਹਾਂ ਪਾਣੀਆਂ ਉੱਤੇ+ ਪਰਮੇਸ਼ੁਰ ਦੀ ਸ਼ਕਤੀ+ ਕੰਮ ਕਰ ਰਹੀ ਸੀ।
3 ਪਰਮੇਸ਼ੁਰ ਨੇ ਕਿਹਾ: “ਚਾਨਣ ਹੋ ਜਾਵੇ।” ਫਿਰ ਚਾਨਣ ਹੋ ਗਿਆ।+ 4 ਫਿਰ ਪਰਮੇਸ਼ੁਰ ਨੇ ਦੇਖਿਆ ਕਿ ਚਾਨਣ ਵਧੀਆ ਸੀ ਅਤੇ ਪਰਮੇਸ਼ੁਰ ਨੇ ਚਾਨਣ ਨੂੰ ਹਨੇਰੇ ਤੋਂ ਵੱਖ ਕਰਨਾ ਸ਼ੁਰੂ ਕੀਤਾ। 5 ਪਰਮੇਸ਼ੁਰ ਨੇ ਚਾਨਣ ਨੂੰ ਦਿਨ ਕਿਹਾ ਅਤੇ ਹਨੇਰੇ ਨੂੰ ਰਾਤ।+ ਸ਼ਾਮ ਪਈ ਅਤੇ ਸਵੇਰਾ ਹੋਇਆ। ਇਹ ਪਹਿਲਾ ਦਿਨ ਸੀ।
6 ਫਿਰ ਪਰਮੇਸ਼ੁਰ ਨੇ ਕਿਹਾ: “ਪਾਣੀ ਦੋ ਹਿੱਸਿਆਂ ਵਿਚ ਵੰਡੇ ਜਾਣ+ ਅਤੇ ਉਨ੍ਹਾਂ ਦੇ ਵਿਚਕਾਰ ਖਾਲੀ ਥਾਂ*+ ਹੋਵੇ।” 7 ਫਿਰ ਪਰਮੇਸ਼ੁਰ ਨੇ ਹੇਠਲੇ ਪਾਣੀਆਂ ਨੂੰ ਉੱਪਰਲੇ ਪਾਣੀਆਂ ਤੋਂ ਅਲੱਗ ਕਰਨ ਲਈ ਉਨ੍ਹਾਂ ਦੇ ਵਿਚਕਾਰ ਖਾਲੀ ਥਾਂ ਬਣਾਈ।+ ਅਤੇ ਇਸੇ ਤਰ੍ਹਾਂ ਹੋ ਗਿਆ। 8 ਪਰਮੇਸ਼ੁਰ ਨੇ ਖਾਲੀ ਥਾਂ ਨੂੰ ਆਕਾਸ਼ ਕਿਹਾ। ਸ਼ਾਮ ਪਈ ਅਤੇ ਸਵੇਰਾ ਹੋਇਆ। ਇਹ ਦੂਜਾ ਦਿਨ ਸੀ।
9 ਫਿਰ ਪਰਮੇਸ਼ੁਰ ਨੇ ਕਿਹਾ: “ਆਕਾਸ਼ ਹੇਠਲੇ ਪਾਣੀ ਇਕ ਜਗ੍ਹਾ ਇਕੱਠੇ ਹੋ ਜਾਣ ਅਤੇ ਸੁੱਕੀ ਜ਼ਮੀਨ ਦਿਖਾਈ ਦੇਵੇ।”+ ਅਤੇ ਇਸੇ ਤਰ੍ਹਾਂ ਹੋ ਗਿਆ। 10 ਪਰਮੇਸ਼ੁਰ ਨੇ ਸੁੱਕੀ ਜ਼ਮੀਨ ਨੂੰ ਧਰਤੀ+ ਅਤੇ ਇਕੱਠੇ ਹੋਏ ਪਾਣੀਆਂ ਨੂੰ ਸਮੁੰਦਰ+ ਕਿਹਾ। ਪਰਮੇਸ਼ੁਰ ਨੇ ਦੇਖਿਆ ਕਿ ਇਹ ਵਧੀਆ ਸੀ।+ 11 ਫਿਰ ਪਰਮੇਸ਼ੁਰ ਨੇ ਕਿਹਾ: “ਧਰਤੀ ਉੱਤੇ ਘਾਹ, ਪੇੜ-ਪੌਦੇ ਅਤੇ ਫਲਦਾਰ ਦਰਖ਼ਤ ਆਪੋ-ਆਪਣੀ ਕਿਸਮ ਦੇ ਅਨੁਸਾਰ ਉੱਗਣ। ਪੇੜ-ਪੌਦੇ ਬੀ ਪੈਦਾ ਕਰਨ ਅਤੇ ਫਲਦਾਰ ਦਰਖ਼ਤਾਂ ਨੂੰ ਬੀ ਵਾਲੇ ਫਲ ਲੱਗਣ।” 12 ਧਰਤੀ ਉੱਤੇ ਘਾਹ, ਪੇੜ-ਪੌਦੇ+ ਅਤੇ ਫਲਦਾਰ ਦਰਖ਼ਤ ਆਪੋ-ਆਪਣੀ ਕਿਸਮ ਦੇ ਅਨੁਸਾਰ ਉੱਗਣੇ ਸ਼ੁਰੂ ਹੋ ਗਏ। ਪੇੜ-ਪੌਦੇ ਬੀ ਪੈਦਾ ਕਰਨ ਲੱਗੇ ਅਤੇ ਫਲਦਾਰ ਦਰਖ਼ਤਾਂ ਨੂੰ ਬੀ ਵਾਲੇ ਫਲ ਲੱਗਣ ਲੱਗ ਪਏ। ਫਿਰ ਪਰਮੇਸ਼ੁਰ ਨੇ ਦੇਖਿਆ ਕਿ ਇਹ ਵਧੀਆ ਸੀ। 13 ਸ਼ਾਮ ਪਈ ਅਤੇ ਸਵੇਰਾ ਹੋਇਆ। ਇਹ ਤੀਜਾ ਦਿਨ ਸੀ।
14 ਫਿਰ ਪਰਮੇਸ਼ੁਰ ਨੇ ਕਿਹਾ: “ਆਕਾਸ਼ ਵਿਚ ਜੋਤਾਂ+ ਹੋਣ ਜੋ ਦਿਨ ਨੂੰ ਰਾਤ ਨਾਲੋਂ ਵੱਖ ਕਰਨ+ ਅਤੇ ਉਹ ਰੁੱਤਾਂ, ਦਿਨਾਂ ਅਤੇ ਸਾਲਾਂ ਦੇ ਬਦਲਣ ਦੀਆਂ ਨਿਸ਼ਾਨੀਆਂ ਹੋਣਗੀਆਂ।+ 15 ਉਹ ਆਕਾਸ਼ ਵਿਚ ਚਮਕਣਗੀਆਂ ਤਾਂ ਜੋ ਧਰਤੀ ਉੱਤੇ ਚਾਨਣ ਹੋਵੇ।” ਅਤੇ ਇਸੇ ਤਰ੍ਹਾਂ ਹੋ ਗਿਆ। 16 ਪਰਮੇਸ਼ੁਰ ਨੇ ਦੋ ਵੱਡੀਆਂ ਜੋਤਾਂ ਠਹਿਰਾਈਆਂ,* ਦਿਨ ਵੇਲੇ ਰੌਸ਼ਨੀ ਲਈ ਵੱਡੀ ਜੋਤ*+ ਅਤੇ ਰਾਤ ਵੇਲੇ ਰੌਸ਼ਨੀ ਲਈ ਛੋਟੀ ਜੋਤ* ਅਤੇ ਤਾਰੇ ਵੀ ਠਹਿਰਾਏ।*+ 17 ਇਸ ਤਰ੍ਹਾਂ ਪਰਮੇਸ਼ੁਰ ਨੇ ਧਰਤੀ ਉੱਤੇ ਰੌਸ਼ਨੀ ਦੇਣ ਲਈ ਇਨ੍ਹਾਂ ਨੂੰ ਆਕਾਸ਼ ਵਿਚ ਠਹਿਰਾਇਆ 18 ਅਤੇ ਇਨ੍ਹਾਂ ਨੂੰ ਦਿਨ ਅਤੇ ਰਾਤ ਉੱਤੇ ਅਧਿਕਾਰ ਦਿੱਤਾ ਅਤੇ ਇਨ੍ਹਾਂ ਰਾਹੀਂ ਚਾਨਣ ਨੂੰ ਹਨੇਰੇ ਤੋਂ ਵੱਖ ਕੀਤਾ।+ ਫਿਰ ਪਰਮੇਸ਼ੁਰ ਨੇ ਦੇਖਿਆ ਕਿ ਇਹ ਵਧੀਆ ਸੀ। 19 ਸ਼ਾਮ ਪਈ ਅਤੇ ਸਵੇਰਾ ਹੋਇਆ। ਇਹ ਚੌਥਾ ਦਿਨ ਸੀ।
20 ਫਿਰ ਪਰਮੇਸ਼ੁਰ ਨੇ ਕਿਹਾ: “ਪਾਣੀ ਜੀਉਂਦੇ ਜੀਵ-ਜੰਤੂਆਂ ਨਾਲ ਭਰ ਜਾਣ ਅਤੇ ਉੱਡਣ ਵਾਲੇ ਜੀਵ ਆਕਾਸ਼ ਵਿਚ ਉੱਡਣ।”+ 21 ਅਤੇ ਪਰਮੇਸ਼ੁਰ ਨੇ ਵੱਡੇ ਸਮੁੰਦਰੀ ਜੀਵ-ਜੰਤੂ ਅਤੇ ਪਾਣੀ ਵਿਚ ਰਹਿਣ ਵਾਲੇ ਸਾਰੇ ਜੀਵ-ਜੰਤੂ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ ਅਤੇ ਖੰਭਾਂ ਵਾਲੇ ਜੀਵ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ ਬਣਾਏ। ਪਰਮੇਸ਼ੁਰ ਨੇ ਦੇਖਿਆ ਕਿ ਇਹ ਵਧੀਆ ਸੀ। 22 ਫਿਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਰਕਤ ਦਿੱਤੀ: “ਵਧੋ-ਫੁੱਲੋ ਅਤੇ ਸਮੁੰਦਰ ਦੇ ਪਾਣੀਆਂ ਨੂੰ ਭਰ ਦਿਓ+ ਅਤੇ ਉੱਡਣ ਵਾਲੇ ਜੀਵ ਧਰਤੀ ਉੱਤੇ ਬਹੁਤ ਗਿਣਤੀ ਵਿਚ ਹੋ ਜਾਣ।” 23 ਸ਼ਾਮ ਪਈ ਅਤੇ ਸਵੇਰਾ ਹੋਇਆ। ਇਹ ਪੰਜਵਾਂ ਦਿਨ ਸੀ।
24 ਫਿਰ ਪਰਮੇਸ਼ੁਰ ਨੇ ਕਿਹਾ: “ਧਰਤੀ ਉੱਤੇ ਪਾਲਤੂ ਪਸ਼ੂ, ਘਿਸਰਨ ਵਾਲੇ ਜਾਨਵਰ, ਜੰਗਲੀ ਜਾਨਵਰ ਅਤੇ ਹੋਰ ਜੀਵ-ਜੰਤੂ ਆਪੋ-ਆਪਣੀਆਂ ਕਿਸਮਾਂ ਅਨੁਸਾਰ ਪੈਦਾ ਹੋਣ।”+ ਅਤੇ ਇਸੇ ਤਰ੍ਹਾਂ ਹੋ ਗਿਆ। 25 ਪਰਮੇਸ਼ੁਰ ਨੇ ਜੰਗਲੀ ਜਾਨਵਰ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ ਅਤੇ ਪਾਲਤੂ ਪਸ਼ੂ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ ਅਤੇ ਜ਼ਮੀਨ ਉੱਤੇ ਘਿਸਰਨ ਵਾਲੇ ਜਾਨਵਰ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ ਬਣਾਏ। ਫਿਰ ਪਰਮੇਸ਼ੁਰ ਨੇ ਦੇਖਿਆ ਕਿ ਇਹ ਵਧੀਆ ਸੀ।
26 ਫਿਰ ਪਰਮੇਸ਼ੁਰ ਨੇ ਕਿਹਾ: “ਆਓ ਆਪਾਂ+ ਇਨਸਾਨ ਨੂੰ ਆਪਣੇ ਸਰੂਪ ਉੱਤੇ+ ਅਤੇ ਆਪਣੇ ਵਰਗਾ+ ਬਣਾਈਏ ਅਤੇ ਉਹ ਸਮੁੰਦਰ ਦੀਆਂ ਮੱਛੀਆਂ, ਆਕਾਸ਼ ਵਿਚ ਉੱਡਣ ਵਾਲੇ ਜੀਵਾਂ, ਪਾਲਤੂ ਪਸ਼ੂਆਂ, ਪੂਰੀ ਧਰਤੀ ਅਤੇ ਜ਼ਮੀਨ ʼਤੇ ਘਿਸਰਨ ਵਾਲੇ ਸਾਰੇ ਜਾਨਵਰਾਂ ਉੱਤੇ ਅਧਿਕਾਰ ਰੱਖੇ।”+ 27 ਪਰਮੇਸ਼ੁਰ ਨੇ ਇਨਸਾਨ ਨੂੰ ਆਪਣੇ ਸਰੂਪ ਉੱਤੇ ਬਣਾਇਆ। ਹਾਂ, ਉਸ ਨੂੰ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਇਆ ਗਿਆ। ਉਸ ਨੇ ਉਨ੍ਹਾਂ ਨੂੰ ਆਦਮੀ ਅਤੇ ਔਰਤ ਬਣਾਇਆ।+ 28 ਇਸ ਤੋਂ ਬਾਅਦ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਰਕਤ ਦਿੱਤੀ ਅਤੇ ਕਿਹਾ: “ਵਧੋ-ਫੁੱਲੋ ਅਤੇ ਧਰਤੀ ਨੂੰ ਭਰ ਦਿਓ+ ਅਤੇ ਇਸ ʼਤੇ ਅਧਿਕਾਰ ਰੱਖੋ+ ਅਤੇ ਸਮੁੰਦਰ ਦੀਆਂ ਮੱਛੀਆਂ, ਆਕਾਸ਼ ਵਿਚ ਉੱਡਣ ਵਾਲੇ ਜੀਵਾਂ ਅਤੇ ਸਾਰੇ ਜੀਉਂਦੇ ਜਾਨਵਰਾਂ ਨੂੰ ਆਪਣੇ ਅਧੀਨ ਕਰੋ।”+
29 ਫਿਰ ਪਰਮੇਸ਼ੁਰ ਨੇ ਕਿਹਾ: “ਮੈਂ ਤੁਹਾਨੂੰ ਪੂਰੀ ਧਰਤੀ ਉੱਤੇ ਹਰ ਬੀ ਵਾਲਾ ਪੌਦਾ ਅਤੇ ਬੀ ਵਾਲਾ ਫਲਦਾਰ ਦਰਖ਼ਤ ਦਿੱਤਾ ਹੈ। ਇਹ ਸਾਰਾ ਕੁਝ ਤੁਹਾਡੇ ਭੋਜਨ ਲਈ ਹੈ।+ 30 ਅਤੇ ਮੈਂ ਧਰਤੀ ਦੇ ਹਰ ਜੰਗਲੀ ਜਾਨਵਰ, ਆਕਾਸ਼ ਵਿਚ ਉੱਡਣ ਵਾਲੇ ਹਰ ਜੀਵ ਅਤੇ ਧਰਤੀ ਉੱਤੇ ਜੀਉਂਦੇ ਹਰ ਜੀਵ-ਜੰਤੂ ਨੂੰ ਹਰੇ ਪੇੜ-ਪੌਦੇ ਖਾਣ ਲਈ ਦਿੱਤੇ ਹਨ।”+ ਅਤੇ ਇਸੇ ਤਰ੍ਹਾਂ ਹੋ ਗਿਆ।
31 ਇਸ ਤੋਂ ਬਾਅਦ ਪਰਮੇਸ਼ੁਰ ਨੇ ਉਹ ਸਭ ਕੁਝ ਦੇਖਿਆ ਜੋ ਉਸ ਨੇ ਬਣਾਇਆ ਸੀ ਅਤੇ ਦੇਖੋ! ਉਹ ਬਹੁਤ ਹੀ ਵਧੀਆ ਸੀ।+ ਸ਼ਾਮ ਪਈ ਅਤੇ ਸਵੇਰਾ ਹੋਇਆ। ਇਹ ਛੇਵਾਂ ਦਿਨ ਸੀ।
2 ਇਸ ਤਰ੍ਹਾਂ ਆਕਾਸ਼ ਅਤੇ ਧਰਤੀ ਅਤੇ ਉਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ ਦੇ ਬਣਾਏ ਜਾਣ ਦਾ ਕੰਮ ਪੂਰਾ ਹੋਇਆ।+ 2 ਪਰਮੇਸ਼ੁਰ ਜੋ ਕੰਮ ਕਰ ਰਿਹਾ ਸੀ, ਉਸ ਨੂੰ ਸੱਤਵੇਂ ਦਿਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੂਰਾ ਕੀਤਾ। ਉਹ ਜੋ ਵੀ ਕੰਮ ਕਰ ਰਿਹਾ ਸੀ, ਉਹ ਖ਼ਤਮ ਕਰ ਕੇ ਉਸ ਨੇ ਸੱਤਵੇਂ ਦਿਨ ਆਰਾਮ ਕਰਨਾ ਸ਼ੁਰੂ ਕੀਤਾ।+ 3 ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਬਰਕਤ ਦਿੱਤੀ ਅਤੇ ਇਸ ਨੂੰ ਪਵਿੱਤਰ ਠਹਿਰਾਇਆ* ਕਿਉਂਕਿ ਉਸ ਨੇ ਜੋ ਵੀ ਬਣਾਉਣ ਦਾ ਇਰਾਦਾ ਕੀਤਾ ਸੀ, ਉਸ ਕੰਮ ਨੂੰ ਪੂਰਾ ਕਰ ਕੇ ਸੱਤਵੇਂ ਦਿਨ ਤੋਂ ਉਹ ਆਰਾਮ ਕਰ ਰਿਹਾ ਹੈ।
4 ਇਹ ਆਕਾਸ਼ ਅਤੇ ਧਰਤੀ ਨੂੰ ਬਣਾਏ ਜਾਣ ਦੇ ਸਮੇਂ ਦਾ ਇਤਿਹਾਸ ਹੈ ਜਿਸ ਦਿਨ ਯਹੋਵਾਹ* ਪਰਮੇਸ਼ੁਰ ਨੇ ਧਰਤੀ ਅਤੇ ਆਕਾਸ਼ ਨੂੰ ਬਣਾਇਆ ਸੀ।+
5 ਧਰਤੀ ਉੱਤੇ ਅਜੇ ਕੋਈ ਝਾੜੀ ਜਾਂ ਪੇੜ-ਪੌਦਾ ਉੱਗਿਆ ਨਹੀਂ ਸੀ ਕਿਉਂਕਿ ਯਹੋਵਾਹ ਪਰਮੇਸ਼ੁਰ ਨੇ ਅਜੇ ਧਰਤੀ ਉੱਤੇ ਮੀਂਹ ਨਹੀਂ ਪਾਇਆ ਸੀ ਅਤੇ ਜ਼ਮੀਨ ਦੀ ਵਾਹੀ ਕਰਨ ਲਈ ਕੋਈ ਇਨਸਾਨ ਨਹੀਂ ਸੀ। 6 ਪਰ ਜ਼ਮੀਨ ʼਤੇ ਧੁੰਦ* ਪੈਂਦੀ ਸੀ ਅਤੇ ਧਰਤੀ ਨੂੰ ਸਿੰਜਦੀ ਸੀ।
7 ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਬਣਾਇਆ+ ਅਤੇ ਉਸ ਦੀਆਂ ਨਾਸਾਂ ਵਿਚ ਜੀਵਨ ਦਾ ਸਾਹ ਫੂਕਿਆ+ ਅਤੇ ਆਦਮੀ ਜੀਉਂਦਾ ਇਨਸਾਨ ਬਣ ਗਿਆ।+ 8 ਇਸ ਤੋਂ ਇਲਾਵਾ, ਯਹੋਵਾਹ ਪਰਮੇਸ਼ੁਰ ਨੇ ਪੂਰਬ ਵੱਲ ਅਦਨ ਵਿਚ ਇਕ ਬਾਗ਼ ਲਾਇਆ;+ ਅਤੇ ਉਸ ਨੇ ਜਿਸ ਆਦਮੀ ਨੂੰ ਬਣਾਇਆ ਸੀ, ਉਸ ਨੂੰ ਉੱਥੇ ਰੱਖਿਆ।+ 9 ਯਹੋਵਾਹ ਪਰਮੇਸ਼ੁਰ ਨੇ ਹਰ ਤਰ੍ਹਾਂ ਦਾ ਦਰਖ਼ਤ ਜੋ ਦੇਖਣ ਨੂੰ ਸੋਹਣਾ ਅਤੇ ਜਿਸ ਦਾ ਫਲ ਖਾਣ ਲਈ ਚੰਗਾ ਸੀ, ਲਾਇਆ ਅਤੇ ਉਸ ਨੇ ਬਾਗ਼ ਦੇ ਵਿਚਕਾਰ ਜੀਵਨ ਦਾ ਦਰਖ਼ਤ+ ਅਤੇ ਚੰਗੇ-ਬੁਰੇ ਦੇ ਗਿਆਨ ਦਾ ਦਰਖ਼ਤ+ ਵੀ ਲਾਇਆ।
10 ਅਦਨ ਵਿੱਚੋਂ ਇਕ ਦਰਿਆ ਨਿਕਲਦਾ ਸੀ ਜੋ ਬਾਗ਼ ਨੂੰ ਸਿੰਜਦਾ ਸੀ। ਇਹ ਅੱਗੇ ਜਾ ਕੇ ਚਾਰ ਦਰਿਆਵਾਂ ਵਿਚ ਵੰਡਿਆ ਗਿਆ। 11 ਪਹਿਲੇ ਦਾ ਨਾਂ ਪੀਸ਼ੋਨ ਹੈ ਜੋ ਪੂਰੇ ਹਵੀਲਾਹ ਦੇਸ਼ ਦੇ ਦੁਆਲਿਓਂ ਲੰਘਦਾ ਹੈ। ਉੱਥੇ ਸੋਨਾ ਹੁੰਦਾ ਹੈ। 12 ਉਸ ਦੇਸ਼ ਦਾ ਸੋਨਾ ਖਾਲਸ ਹੁੰਦਾ ਹੈ। ਉੱਥੇ ਗੁੱਗਲ ਦੇ ਦਰਖ਼ਤ ਦੀ ਗੂੰਦ ਅਤੇ ਸੁਲੇਮਾਨੀ ਪੱਥਰ ਵੀ ਮਿਲਦੇ ਹਨ। 13 ਦੂਸਰੇ ਦਰਿਆ ਦਾ ਨਾਂ ਗੀਹੋਨ ਹੈ। ਇਹ ਪੂਰੇ ਕੂਸ਼ ਦੇਸ਼ ਦੇ ਦੁਆਲਿਓਂ ਲੰਘਦਾ ਹੈ। 14 ਤੀਸਰੇ ਦਰਿਆ ਦਾ ਨਾਂ ਹਿੱਦਕਲ* ਹੈ।+ ਇਹ ਅੱਸ਼ੂਰ+ ਦੇ ਪੂਰਬ ਵੱਲ ਜਾਂਦਾ ਹੈ। ਚੌਥਾ ਦਰਿਆ ਫ਼ਰਾਤ ਹੈ।+
15 ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਅਦਨ ਦੇ ਬਾਗ਼ ਵਿਚ ਰੱਖਿਆ ਤਾਂਕਿ ਉਹ ਇਸ ਦੀ ਵਾਹੀ ਅਤੇ ਦੇਖ-ਭਾਲ ਕਰੇ।+ 16 ਯਹੋਵਾਹ ਪਰਮੇਸ਼ੁਰ ਨੇ ਉਸ ਆਦਮੀ ਨੂੰ ਇਹ ਹੁਕਮ ਵੀ ਦਿੱਤਾ: “ਤੂੰ ਬਾਗ਼ ਦੇ ਹਰ ਦਰਖ਼ਤ ਦਾ ਫਲ ਰੱਜ ਕੇ ਖਾ ਸਕਦਾ ਹੈਂ।+ 17 ਪਰ ਤੂੰ ਚੰਗੇ-ਬੁਰੇ ਦੇ ਗਿਆਨ ਦੇ ਦਰਖ਼ਤ ਦਾ ਫਲ ਹਰਗਿਜ਼ ਨਾ ਖਾਈਂ ਕਿਉਂਕਿ ਜਿਸ ਦਿਨ ਤੂੰ ਉਸ ਦਾ ਫਲ ਖਾਵੇਂਗਾ, ਤੂੰ ਜ਼ਰੂਰ ਮਰ ਜਾਵੇਂਗਾ।”+
18 ਫਿਰ ਯਹੋਵਾਹ ਪਰਮੇਸ਼ੁਰ ਨੇ ਕਿਹਾ: “ਇਹ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ। ਮੈਂ ਉਸ ਲਈ ਇਕ ਮਦਦਗਾਰ ਬਣਾਵਾਂਗਾ ਜੋ ਉਸ ਦਾ ਸਾਥ ਦੇਵੇਗੀ।”+ 19 ਯਹੋਵਾਹ ਪਰਮੇਸ਼ੁਰ ਨੇ ਮਿੱਟੀ ਤੋਂ ਹਰ ਜੰਗਲੀ ਜਾਨਵਰ ਅਤੇ ਆਕਾਸ਼ ਵਿਚ ਉੱਡਣ ਵਾਲਾ ਹਰ ਜੀਵ ਬਣਾਇਆ ਸੀ। ਉਸ ਨੇ ਉਨ੍ਹਾਂ ਨੂੰ ਆਦਮੀ ਕੋਲ ਇਹ ਦੇਖਣ ਲਈ ਲਿਆਉਣਾ ਸ਼ੁਰੂ ਕੀਤਾ ਕਿ ਉਹ ਹਰ ਇਕ ਨੂੰ ਕੀ ਸੱਦੇਗਾ। ਆਦਮੀ ਨੇ ਹਰ ਜੀਵ-ਜੰਤੂ ਨੂੰ ਜੋ ਵੀ ਸੱਦਿਆ, ਉਹ ਉਸ ਦਾ ਨਾਂ ਪੈ ਗਿਆ।+ 20 ਇਸ ਤਰ੍ਹਾਂ ਆਦਮੀ ਨੇ ਸਾਰੇ ਪਾਲਤੂ ਪਸ਼ੂਆਂ ਅਤੇ ਆਕਾਸ਼ ਵਿਚ ਉੱਡਣ ਵਾਲੇ ਜੀਵਾਂ ਅਤੇ ਸਾਰੇ ਜੰਗਲੀ ਜਾਨਵਰਾਂ ਦੇ ਨਾਂ ਰੱਖੇ। ਪਰ ਆਦਮੀ ਦਾ ਸਾਥ ਦੇਣ ਲਈ ਕੋਈ ਮਦਦਗਾਰ ਨਹੀਂ ਸੀ। 21 ਇਸ ਲਈ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਗੂੜ੍ਹੀ ਨੀਂਦ ਸੁਲਾ ਦਿੱਤਾ ਅਤੇ ਜਦੋਂ ਉਹ ਸੌਂ ਰਿਹਾ ਸੀ, ਤਾਂ ਪਰਮੇਸ਼ੁਰ ਨੇ ਉਸ ਦੀ ਇਕ ਪਸਲੀ ਕੱਢੀ ਅਤੇ ਉੱਥੋਂ ਜ਼ਖ਼ਮ ਠੀਕ ਕਰ ਦਿੱਤਾ। 22 ਅਤੇ ਯਹੋਵਾਹ ਪਰਮੇਸ਼ੁਰ ਨੇ ਆਦਮੀ ਵਿੱਚੋਂ ਕੱਢੀ ਪਸਲੀ ਤੋਂ ਇਕ ਔਰਤ ਬਣਾਈ ਅਤੇ ਉਹ ਉਸ ਔਰਤ ਨੂੰ ਆਦਮੀ ਕੋਲ ਲਿਆਇਆ।+
23 ਫਿਰ ਆਦਮੀ ਨੇ ਕਿਹਾ:
“ਇਹ ਮੇਰੀਆਂ ਹੱਡੀਆਂ ਵਿੱਚੋਂ ਹੱਡੀ
ਅਤੇ ਮੇਰੇ ਮਾਸ ਵਿੱਚੋਂ ਮਾਸ ਹੈ।
ਇਹ ਔਰਤ ਕਹਾਏਗੀ
ਕਿਉਂਕਿ ਇਹ ਆਦਮੀ ਤੋਂ ਬਣਾਈ ਗਈ ਹੈ।”+
24 ਇਸ ਕਰਕੇ ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਇਕ ਸਰੀਰ ਹੋਣਗੇ।+ 25 ਆਦਮੀ ਅਤੇ ਉਸ ਦੀ ਪਤਨੀ ਦੋਵੇਂ ਨੰਗੇ ਸਨ,+ ਪਰ ਉਨ੍ਹਾਂ ਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਸੀ।
3 ਯਹੋਵਾਹ ਪਰਮੇਸ਼ੁਰ ਨੇ ਜਿੰਨੇ ਵੀ ਜੰਗਲੀ ਜਾਨਵਰ ਬਣਾਏ ਸਨ, ਸੱਪ+ ਉਨ੍ਹਾਂ ਸਾਰਿਆਂ ਵਿੱਚੋਂ ਸਭ ਤੋਂ ਵੱਧ ਸਾਵਧਾਨ* ਰਹਿਣ ਵਾਲਾ ਜਾਨਵਰ ਸੀ। ਇਸ ਲਈ ਉਸ ਨੇ ਔਰਤ ਨੂੰ ਪੁੱਛਿਆ: “ਕੀ ਪਰਮੇਸ਼ੁਰ ਨੇ ਸੱਚੀਂ ਕਿਹਾ ਹੈ ਕਿ ਤੁਸੀਂ ਬਾਗ਼ ਦੇ ਸਾਰੇ* ਦਰਖ਼ਤਾਂ ਦੇ ਫਲ ਨਹੀਂ ਖਾ ਸਕਦੇ?”+ 2 ਇਹ ਸੁਣ ਕੇ ਔਰਤ ਨੇ ਸੱਪ ਨੂੰ ਕਿਹਾ: “ਅਸੀਂ ਬਾਗ਼ ਦੇ ਦਰਖ਼ਤਾਂ ਦੇ ਫਲ ਖਾ ਸਕਦੇ ਹਾਂ।+ 3 ਪਰ ਜੋ ਦਰਖ਼ਤ ਬਾਗ਼ ਦੇ ਵਿਚਕਾਰ ਹੈ,+ ਉਸ ਦੇ ਫਲ ਬਾਰੇ ਪਰਮੇਸ਼ੁਰ ਨੇ ਕਿਹਾ ਹੈ: ‘ਤੁਸੀਂ ਉਸ ਦਾ ਫਲ ਹਰਗਿਜ਼ ਨਹੀਂ ਖਾਣਾ ਅਤੇ ਨਾ ਹੀ ਉਸ ਨੂੰ ਹੱਥ ਲਾਉਣਾ; ਨਹੀਂ ਤਾਂ, ਤੁਸੀਂ ਮਰ ਜਾਓਗੇ।’” 4 ਇਹ ਸੁਣ ਕੇ ਸੱਪ ਨੇ ਔਰਤ ਨੂੰ ਕਿਹਾ: “ਤੁਸੀਂ ਹਰਗਿਜ਼ ਨਹੀਂ ਮਰੋਗੇ।+ 5 ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਦਾ ਫਲ ਖਾਧਾ, ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਰਗੇ ਬਣ ਜਾਓਗੇ ਅਤੇ ਤੁਹਾਨੂੰ ਚੰਗੇ-ਬੁਰੇ ਦਾ ਗਿਆਨ ਹੋ ਜਾਵੇਗਾ।”+
6 ਫਿਰ ਔਰਤ ਨੇ ਦੇਖਿਆ ਕਿ ਉਸ ਦਰਖ਼ਤ ਦਾ ਫਲ ਖਾਣ ਲਈ ਚੰਗਾ ਸੀ ਅਤੇ ਉਹ ਅੱਖਾਂ ਨੂੰ ਭਾਉਂਦਾ ਸੀ, ਹਾਂ ਉਹ ਦਰਖ਼ਤ ਦੇਖਣ ਨੂੰ ਸੋਹਣਾ ਸੀ। ਇਸ ਲਈ ਉਸ ਨੇ ਉਸ ਦਾ ਫਲ ਤੋੜ ਕੇ ਖਾ ਲਿਆ।+ ਫਿਰ ਜਦੋਂ ਉਸ ਦਾ ਪਤੀ ਉਸ ਦੇ ਨਾਲ ਸੀ, ਤਾਂ ਉਸ ਨੇ ਆਪਣੇ ਪਤੀ ਨੂੰ ਦਿੱਤਾ ਅਤੇ ਉਸ ਨੇ ਵੀ ਖਾ ਲਿਆ।+ 7 ਫਿਰ ਦੋਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਨੰਗੇ ਸਨ। ਇਸ ਕਰਕੇ ਉਨ੍ਹਾਂ ਨੇ ਅੰਜੀਰ ਦੇ ਪੱਤੇ ਜੋੜ ਕੇ ਆਪਣੇ ਲੱਕ ਦੁਆਲੇ ਬੰਨ੍ਹ ਲਏ।+
8 ਬਾਅਦ ਵਿਚ ਯਹੋਵਾਹ ਪਰਮੇਸ਼ੁਰ ਸ਼ਾਮ* ਨੂੰ ਬਾਗ਼ ਵਿਚ ਆਇਆ। ਜਦੋਂ ਆਦਮੀ ਤੇ ਉਸ ਦੀ ਪਤਨੀ ਨੇ ਪਰਮੇਸ਼ੁਰ ਦੀ ਆਵਾਜ਼ ਸੁਣੀ, ਤਾਂ ਉਹ ਦੋਵੇਂ ਬਾਗ਼ ਦੇ ਦਰਖ਼ਤਾਂ ਓਹਲੇ ਯਹੋਵਾਹ ਪਰਮੇਸ਼ੁਰ ਦੀਆਂ ਨਜ਼ਰਾਂ ਤੋਂ ਲੁਕ ਗਏ। 9 ਯਹੋਵਾਹ ਪਰਮੇਸ਼ੁਰ ਉਸ ਨੂੰ ਬੁਲਾਉਂਦਾ ਰਿਹਾ: “ਤੂੰ ਕਿੱਥੇ ਹੈਂ?” 10 ਅਖ਼ੀਰ ਉਸ ਨੇ ਕਿਹਾ: “ਮੈਂ ਬਾਗ਼ ਵਿਚ ਤੇਰੀ ਆਵਾਜ਼ ਸੁਣੀ, ਪਰ ਮੈਂ ਡਰ ਗਿਆ ਕਿਉਂਕਿ ਮੈਂ ਨੰਗਾ ਸੀ। ਇਸ ਕਰਕੇ ਮੈਂ ਲੁਕ ਗਿਆ।” 11 ਇਹ ਸੁਣ ਕੇ ਉਸ ਨੇ ਕਿਹਾ: “ਤੈਨੂੰ ਕਿਸ ਨੇ ਦੱਸਿਆ ਕਿ ਤੂੰ ਨੰਗਾ ਹੈਂ?+ ਕੀ ਤੂੰ ਉਸ ਦਰਖ਼ਤ ਦਾ ਫਲ ਖਾਧਾ ਜਿਸ ਤੋਂ ਮੈਂ ਨਾ ਖਾਣ ਦਾ ਹੁਕਮ ਦਿੱਤਾ ਸੀ?”+ 12 ਆਦਮੀ ਨੇ ਕਿਹਾ: “ਜੋ ਔਰਤ ਤੂੰ ਮੈਨੂੰ ਦਿੱਤੀ, ਉਸ ਨੇ ਮੈਨੂੰ ਉਸ ਦਰਖ਼ਤ ਦਾ ਫਲ ਦਿੱਤਾ, ਇਸ ਕਰਕੇ ਮੈਂ ਖਾਧਾ।” 13 ਫਿਰ ਯਹੋਵਾਹ ਪਰਮੇਸ਼ੁਰ ਨੇ ਔਰਤ ਨੂੰ ਕਿਹਾ: “ਤੂੰ ਇਹ ਕੀ ਕੀਤਾ?” ਔਰਤ ਨੇ ਜਵਾਬ ਦਿੱਤਾ: “ਸੱਪ ਨੇ ਮੈਨੂੰ ਧੋਖਾ ਦਿੱਤਾ, ਇਸ ਕਰਕੇ ਮੈਂ ਖਾਧਾ।”+
14 ਫਿਰ ਯਹੋਵਾਹ ਪਰਮੇਸ਼ੁਰ ਨੇ ਸੱਪ+ ਨੂੰ ਕਿਹਾ: “ਕਿਉਂਕਿ ਤੂੰ ਇਹ ਕੰਮ ਕੀਤਾ ਹੈ, ਇਸ ਕਰਕੇ ਤੂੰ ਸਾਰੇ ਪਾਲਤੂ ਪਸ਼ੂਆਂ ਅਤੇ ਸਾਰੇ ਜੰਗਲੀ ਜਾਨਵਰਾਂ ਵਿੱਚੋਂ ਸਰਾਪੀ ਹੈਂ। ਤੂੰ ਆਪਣੇ ਢਿੱਡ ਦੇ ਭਾਰ ਚੱਲੇਂਗਾ ਅਤੇ ਆਪਣੀ ਪੂਰੀ ਜ਼ਿੰਦਗੀ ਮਿੱਟੀ ਖਾਵੇਂਗਾ। 15 ਮੈਂ ਤੇਰੇ+ ਅਤੇ ਔਰਤ+ ਵਿਚ ਅਤੇ ਤੇਰੀ ਸੰਤਾਨ*+ ਅਤੇ ਔਰਤ ਦੀ ਸੰਤਾਨ*+ ਵਿਚ ਦੁਸ਼ਮਣੀ* ਪੈਦਾ ਕਰਾਂਗਾ।+ ਉਹ* ਤੇਰੇ ਸਿਰ ਨੂੰ ਕੁਚਲੇਗਾ+ ਅਤੇ ਤੂੰ ਉਸ ਦੀ ਅੱਡੀ ਨੂੰ ਜ਼ਖ਼ਮੀ* ਕਰੇਂਗਾ।”+
16 ਉਸ ਨੇ ਔਰਤ ਨੂੰ ਕਿਹਾ: “ਮੈਂ ਤੇਰੀ ਗਰਭ-ਅਵਸਥਾ ਦੀ ਪੀੜ ਨੂੰ ਬਹੁਤ ਵਧਾਵਾਂਗਾ ਜਿਸ ਕਰਕੇ ਬੱਚਿਆਂ ਨੂੰ ਜਨਮ ਦੇਣ ਵੇਲੇ ਤੈਨੂੰ ਬਹੁਤ ਪੀੜ ਹੋਵੇਗੀ। ਅਤੇ ਤੂੰ ਆਪਣੇ ਪਤੀ ਦੇ ਸਾਥ ਲਈ ਤਰਸੇਂਗੀ ਅਤੇ ਉਹ ਤੇਰੇ ਉੱਤੇ ਹੁਕਮ ਚਲਾਵੇਗਾ।”
17 ਉਸ ਨੇ ਆਦਮ* ਨੂੰ ਕਿਹਾ: “ਮੈਂ ਤੈਨੂੰ ਇਹ ਹੁਕਮ ਦਿੱਤਾ ਸੀ: ‘ਤੂੰ ਉਸ ਦਰਖ਼ਤ ਦਾ ਫਲ ਨਾ ਖਾਈਂ,’+ ਪਰ ਤੂੰ ਆਪਣੀ ਪਤਨੀ ਦੀ ਗੱਲ ਸੁਣ ਕੇ ਉਸ ਦਾ ਫਲ ਖਾਧਾ, ਇਸ ਲਈ ਤੇਰੇ ਕਰਕੇ ਜ਼ਮੀਨ ਸਰਾਪੀ ਗਈ ਹੈ।+ ਇਸ ਦੀ ਉਪਜ ਖਾਣ ਲਈ ਤੈਨੂੰ ਜ਼ਿੰਦਗੀ ਭਰ ਹੱਡ-ਤੋੜ ਮਿਹਨਤ ਕਰਨੀ ਪਵੇਗੀ।+ 18 ਇਹ ਤੇਰੇ ਲਈ ਕੰਡੇ ਅਤੇ ਕੰਡਿਆਲ਼ੀਆਂ ਝਾੜੀਆਂ ਉਗਾਵੇਗੀ ਅਤੇ ਤੂੰ ਜ਼ਮੀਨ ਦੀ ਪੈਦਾਵਾਰ ਖਾਵੇਂਗਾ। 19 ਰੋਟੀ* ਖਾਣ ਲਈ ਤੈਨੂੰ ਆਪਣਾ ਪਸੀਨਾ ਵਹਾਉਣਾ ਪਵੇਗਾ। ਫਿਰ ਤੂੰ ਮਿੱਟੀ ਵਿਚ ਮੁੜ ਜਾਵੇਂਗਾ ਜਿਸ ਤੋਂ ਤੈਨੂੰ ਬਣਾਇਆ ਗਿਆ ਸੀ।+ ਤੂੰ ਮਿੱਟੀ ਹੈਂ ਅਤੇ ਮਿੱਟੀ ਵਿਚ ਮੁੜ ਜਾਵੇਂਗਾ।”+
20 ਇਸ ਤੋਂ ਬਾਅਦ ਆਦਮ ਨੇ ਆਪਣੀ ਪਤਨੀ ਦਾ ਨਾਂ ਹੱਵਾਹ ਰੱਖਿਆ ਕਿਉਂਕਿ ਉਸ ਨੇ ਸਾਰੇ ਜੀਉਂਦੇ ਇਨਸਾਨਾਂ ਦੀ ਮਾਂ ਬਣਨਾ ਸੀ।+ 21 ਯਹੋਵਾਹ ਪਰਮੇਸ਼ੁਰ ਨੇ ਆਦਮ ਅਤੇ ਉਸ ਦੀ ਪਤਨੀ ਦਾ ਤਨ ਢਕਣ ਲਈ ਉਨ੍ਹਾਂ ਵਾਸਤੇ ਜਾਨਵਰਾਂ ਦੀ ਖੱਲ ਦੇ ਲੰਬੇ ਬਸਤਰ ਬਣਾਏ।+ 22 ਫਿਰ ਯਹੋਵਾਹ ਪਰਮੇਸ਼ੁਰ ਨੇ ਕਿਹਾ: “ਦੇਖੋ! ਇਨਸਾਨ ਨੂੰ ਸਾਡੇ ਵਾਂਗ ਚੰਗੇ-ਬੁਰੇ ਦਾ ਗਿਆਨ ਹੋ ਗਿਆ ਹੈ।+ ਹੁਣ ਇੱਦਾਂ ਨਾ ਹੋਵੇ ਕਿ ਉਹ ਆਪਣਾ ਹੱਥ ਵਧਾ ਕੇ ਜੀਵਨ ਦੇ ਦਰਖ਼ਤ+ ਦਾ ਵੀ ਫਲ ਤੋੜੇ ਅਤੇ ਇਸ ਨੂੰ ਖਾ ਲਵੇ ਅਤੇ ਹਮੇਸ਼ਾ ਲਈ ਜੀਉਂਦਾ ਰਹੇ।” 23 ਇਸ ਕਰਕੇ ਯਹੋਵਾਹ ਪਰਮੇਸ਼ੁਰ ਨੇ ਇਨਸਾਨ ਨੂੰ ਅਦਨ ਦੇ ਬਾਗ਼ ਵਿੱਚੋਂ ਕੱਢ ਦਿੱਤਾ+ ਤਾਂਕਿ ਉਹ ਜ਼ਮੀਨ ਦੀ ਵਾਹੀ ਕਰੇ ਜਿਸ ਦੀ ਮਿੱਟੀ ਤੋਂ ਉਸ ਨੂੰ ਬਣਾਇਆ ਗਿਆ ਸੀ।+ 24 ਇਸ ਲਈ ਉਸ ਨੇ ਇਨਸਾਨ ਨੂੰ ਬਾਹਰ ਕੱਢ ਦਿੱਤਾ ਅਤੇ ਜੀਵਨ ਦੇ ਦਰਖ਼ਤ ਨੂੰ ਜਾਂਦੇ ਰਾਹ ਉੱਤੇ ਪਹਿਰਾ ਦੇਣ ਲਈ ਅਦਨ ਦੇ ਬਾਗ਼ ਦੇ ਪੂਰਬ ਵਿਚ ਕਰੂਬੀਆਂ+ ਨੂੰ ਅਤੇ ਇਕ ਬਲ਼ਦੀ ਹੋਈ ਤਲਵਾਰ ਨੂੰ ਤੈਨਾਤ ਕਰ ਦਿੱਤਾ ਜੋ ਹਮੇਸ਼ਾ ਘੁੰਮਦੀ ਰਹਿੰਦੀ ਸੀ।
4 ਹੁਣ ਆਦਮ ਨੇ ਆਪਣੀ ਪਤਨੀ ਹੱਵਾਹ ਨਾਲ ਸਰੀਰਕ ਸੰਬੰਧ ਬਣਾਏ ਅਤੇ ਉਹ ਗਰਭਵਤੀ ਹੋਈ।+ ਜਦੋਂ ਉਸ ਨੇ ਕਾਇਨ+ ਨੂੰ ਜਨਮ ਦਿੱਤਾ, ਤਾਂ ਉਸ ਨੇ ਕਿਹਾ: “ਮੈਂ ਯਹੋਵਾਹ ਦੀ ਮਦਦ ਨਾਲ ਇਕ ਮੁੰਡੇ ਨੂੰ ਜਨਮ ਦਿੱਤਾ ਹੈ।” 2 ਬਾਅਦ ਵਿਚ ਉਸ ਨੇ ਕਾਇਨ ਦੇ ਭਰਾ ਹਾਬਲ+ ਨੂੰ ਜਨਮ ਦਿੱਤਾ।
ਹਾਬਲ ਵੱਡਾ ਹੋ ਕੇ ਭੇਡਾਂ-ਬੱਕਰੀਆਂ ਦਾ ਚਰਵਾਹਾ ਬਣਿਆ, ਪਰ ਕਾਇਨ ਕਿਸਾਨ ਬਣਿਆ। 3 ਕੁਝ ਸਮੇਂ ਬਾਅਦ ਕਾਇਨ ਜ਼ਮੀਨ ਦੀ ਪੈਦਾਵਾਰ ਵਿੱਚੋਂ ਯਹੋਵਾਹ ਨੂੰ ਭੇਟ ਚੜ੍ਹਾਉਣ ਲਈ ਕੁਝ ਲੈ ਕੇ ਆਇਆ। 4 ਪਰ ਹਾਬਲ ਆਪਣੇ ਇੱਜੜ ਵਿੱਚੋਂ ਕੁਝ ਪਲੇਠੇ ਲੇਲੇ ਅਤੇ ਉਨ੍ਹਾਂ ਦੀ ਚਰਬੀ ਲੈ ਕੇ ਆਇਆ।+ ਯਹੋਵਾਹ ਹਾਬਲ ਤੋਂ ਖ਼ੁਸ਼ ਸੀ ਅਤੇ ਉਸ ਨੇ ਉਸ ਦੀ ਭੇਟ ਸਵੀਕਾਰ ਕੀਤੀ,+ 5 ਪਰ ਉਹ ਕਾਇਨ ਤੋਂ ਖ਼ੁਸ਼ ਨਹੀਂ ਸੀ ਅਤੇ ਉਸ ਨੇ ਉਸ ਦੀ ਭੇਟ ਸਵੀਕਾਰ ਨਹੀਂ ਕੀਤੀ। ਇਸ ਕਰਕੇ ਕਾਇਨ ਗੁੱਸੇ ਨਾਲ ਲਾਲ-ਪੀਲ਼ਾ ਹੋ ਗਿਆ ਅਤੇ ਉਸ ਦਾ ਮੂੰਹ ਉੱਤਰ ਗਿਆ। 6 ਫਿਰ ਯਹੋਵਾਹ ਨੇ ਕਾਇਨ ਨੂੰ ਕਿਹਾ: “ਤੂੰ ਇੰਨੇ ਗੁੱਸੇ ਵਿਚ ਕਿਉਂ ਹੈਂ ਅਤੇ ਤੇਰਾ ਮੂੰਹ ਕਿਉਂ ਉੱਤਰਿਆ ਹੋਇਆ ਹੈ? 7 ਜੇ ਤੂੰ ਆਪਣੇ ਆਪ ਨੂੰ ਬਦਲ ਕੇ ਚੰਗੇ ਕੰਮ ਕਰੇਂ, ਤਾਂ ਕੀ ਤੇਰੇ ʼਤੇ ਮਿਹਰ ਨਹੀਂ ਕੀਤੀ ਜਾਵੇਗੀ?* ਪਰ ਜੇ ਤੂੰ ਆਪਣੇ ਆਪ ਨੂੰ ਬਦਲ ਕੇ ਚੰਗੇ ਕੰਮ ਨਹੀਂ ਕਰਦਾ, ਤਾਂ ਪਾਪ ਤੇਰਾ ਸ਼ਿਕਾਰ ਕਰਨ ਲਈ ਦਰਵਾਜ਼ੇ ʼਤੇ ਘਾਤ ਲਾ ਕੇ ਬੈਠਾ ਹੋਇਆ ਹੈ। ਇਸ ਲਈ ਤੂੰ ਪਾਪ ਉੱਤੇ ਹਾਵੀ ਹੋ।”
8 ਬਾਅਦ ਵਿਚ ਕਾਇਨ ਨੇ ਆਪਣੇ ਭਰਾ ਹਾਬਲ ਨੂੰ ਕਿਹਾ: “ਚੱਲ ਆਪਾਂ ਖੇਤ ਨੂੰ ਚਲੀਏ।” ਫਿਰ ਜਦੋਂ ਉਹ ਖੇਤ ਵਿਚ ਸਨ, ਤਾਂ ਕਾਇਨ ਨੇ ਆਪਣੇ ਭਰਾ ਹਾਬਲ ʼਤੇ ਹਮਲਾ ਕਰ ਕੇ ਉਸ ਨੂੰ ਜਾਨੋਂ ਮਾਰ ਦਿੱਤਾ।+ 9 ਬਾਅਦ ਵਿਚ ਯਹੋਵਾਹ ਨੇ ਕਾਇਨ ਨੂੰ ਪੁੱਛਿਆ: “ਤੇਰਾ ਭਰਾ ਹਾਬਲ ਕਿੱਥੇ ਹੈ?” ਉਸ ਨੇ ਜਵਾਬ ਦਿੱਤਾ: “ਮੈਨੂੰ ਕੀ ਪਤਾ? ਕੀ ਮੈਂ ਆਪਣੇ ਭਰਾ ਦਾ ਰਖਵਾਲਾ ਹਾਂ?” 10 ਇਹ ਸੁਣ ਕੇ ਪਰਮੇਸ਼ੁਰ ਨੇ ਕਿਹਾ: “ਤੂੰ ਇਹ ਕੀ ਕੀਤਾ? ਸੁਣ! ਜ਼ਮੀਨ ਤੋਂ ਤੇਰੇ ਭਰਾ ਦਾ ਖ਼ੂਨ ਮੇਰੇ ਅੱਗੇ ਇਨਸਾਫ਼ ਲਈ ਦੁਹਾਈ ਦੇ ਰਿਹਾ ਹੈ।+ 11 ਹੁਣ ਤੂੰ ਸਰਾਪੀ ਹੈਂ ਅਤੇ ਤੈਨੂੰ ਉਸ ਜ਼ਮੀਨ ਤੋਂ ਕੱਢਿਆ ਜਾਂਦਾ ਹੈ ਜਿੱਥੇ ਤੇਰੇ ਹੱਥੋਂ ਤੇਰੇ ਭਰਾ ਦਾ ਖ਼ੂਨ ਡੁੱਲ੍ਹਿਆ ਹੈ।+ 12 ਜਦੋਂ ਤੂੰ ਜ਼ਮੀਨ ਵਾਹੇਂਗਾ, ਤਾਂ ਇਹ ਤੈਨੂੰ ਪੈਦਾਵਾਰ ਨਹੀਂ ਦੇਵੇਗੀ। ਤੂੰ ਧਰਤੀ ਉੱਤੇ ਭਗੌੜਾ ਬਣ ਕੇ ਭਟਕਦਾ ਫਿਰੇਂਗਾ।” 13 ਇਹ ਸੁਣ ਕੇ ਕਾਇਨ ਨੇ ਯਹੋਵਾਹ ਨੂੰ ਕਿਹਾ: “ਮੇਰੇ ਲਈ ਆਪਣੀ ਗ਼ਲਤੀ ਦੀ ਸਜ਼ਾ ਸਹਿਣੀ ਬਹੁਤ ਮੁਸ਼ਕਲ ਹੈ। 14 ਅੱਜ ਤੂੰ ਮੈਨੂੰ ਇਸ ਇਲਾਕੇ ਤੋਂ ਕੱਢ ਰਿਹਾ ਹੈਂ ਅਤੇ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਰਿਹਾ ਹੈਂ; ਮੈਂ ਧਰਤੀ ਉੱਤੇ ਭਗੌੜਾ ਬਣ ਕੇ ਭਟਕਦਾ ਫਿਰਾਂਗਾ। ਅਤੇ ਜਿਸ ਨੇ ਵੀ ਮੈਨੂੰ ਦੇਖ ਲਿਆ, ਉਹ ਪੱਕਾ ਮੈਨੂੰ ਜਾਨੋਂ ਮਾਰ ਦੇਵੇਗਾ।” 15 ਇਸ ਲਈ ਯਹੋਵਾਹ ਨੇ ਉਸ ਨੂੰ ਕਿਹਾ: “ਕਾਇਨ ਦਾ ਕਤਲ ਕਰਨ ਵਾਲੇ ਨੂੰ ਸੱਤ ਗੁਣਾ ਜ਼ਿਆਦਾ ਸਜ਼ਾ ਮਿਲੇਗੀ।”
ਯਹੋਵਾਹ ਨੇ ਕਾਇਨ ਲਈ ਇਕ ਨਿਸ਼ਾਨੀ ਠਹਿਰਾਈ ਤਾਂਕਿ ਜਿਹੜਾ ਵੀ ਉਸ ਨੂੰ ਦੇਖੇ, ਉਹ ਕਾਇਨ ਨੂੰ ਜਾਨੋਂ ਨਾ ਮਾਰ ਦੇਵੇ। 16 ਫਿਰ ਕਾਇਨ ਯਹੋਵਾਹ ਦੇ ਸਾਮ੍ਹਣਿਓਂ ਚਲਾ ਗਿਆ ਅਤੇ ਅਦਨ ਦੇ ਪੂਰਬ+ ਵੱਲ ਨੋਦ* ਨਾਂ ਦੇ ਇਲਾਕੇ ਵਿਚ ਰਹਿਣ ਲੱਗ ਪਿਆ।
17 ਇਸ ਤੋਂ ਬਾਅਦ ਕਾਇਨ ਨੇ ਆਪਣੀ ਪਤਨੀ+ ਨਾਲ ਸਰੀਰਕ ਸੰਬੰਧ ਬਣਾਏ ਅਤੇ ਉਹ ਗਰਭਵਤੀ ਹੋਈ ਅਤੇ ਉਸ ਨੇ ਹਨੋਕ ਨੂੰ ਜਨਮ ਦਿੱਤਾ। ਫਿਰ ਉਸ ਨੇ ਇਕ ਸ਼ਹਿਰ ਬਣਾਉਣਾ ਸ਼ੁਰੂ ਕੀਤਾ ਅਤੇ ਉਸ ਦਾ ਨਾਂ ਆਪਣੇ ਪੁੱਤਰ ਦੇ ਨਾਂ ʼਤੇ ਰੱਖਿਆ। 18 ਬਾਅਦ ਵਿਚ ਹਨੋਕ ਤੋਂ ਈਰਾਦ ਪੈਦਾ ਹੋਇਆ। ਈਰਾਦ ਤੋਂ ਮਹੂਯਾਏਲ ਪੈਦਾ ਹੋਇਆ ਅਤੇ ਮਹੂਯਾਏਲ ਤੋਂ ਮਥੂਸ਼ਾਏਲ ਪੈਦਾ ਹੋਇਆ ਅਤੇ ਮਥੂਸ਼ਾਏਲ ਤੋਂ ਲਾਮਕ ਪੈਦਾ ਹੋਇਆ।
19 ਲਾਮਕ ਨੇ ਦੋ ਔਰਤਾਂ ਨਾਲ ਵਿਆਹ ਕਰਾਇਆ। ਪਹਿਲੀ ਦਾ ਨਾਂ ਆਦਾਹ ਸੀ ਅਤੇ ਦੂਸਰੀ ਦਾ ਨਾਂ ਜ਼ਿੱਲਾਹ ਸੀ। 20 ਆਦਾਹ ਤੋਂ ਯਾਬਲ ਪੈਦਾ ਹੋਇਆ। ਉਹ ਪਹਿਲਾ ਇਨਸਾਨ ਸੀ ਜਿਸ ਨੇ ਤੰਬੂਆਂ ਵਿਚ ਰਹਿਣਾ ਅਤੇ ਪਸ਼ੂ ਪਾਲਣੇ ਸ਼ੁਰੂ ਕੀਤੇ। 21 ਉਸ ਦੇ ਭਰਾ ਦਾ ਨਾਂ ਜੂਬਲ ਸੀ ਜੋ ਰਬਾਬ ਅਤੇ ਬੰਸਰੀ ਵਜਾਉਣ ਵਾਲਿਆਂ ਦਾ ਪੂਰਵਜ ਸੀ। 22 ਜ਼ਿੱਲਾਹ ਤੋਂ ਤੂਬਲ-ਕਾਇਨ ਪੈਦਾ ਹੋਇਆ ਜਿਹੜਾ ਤਾਂਬੇ ਅਤੇ ਲੋਹੇ ਤੋਂ ਹਰ ਕਿਸਮ ਦੇ ਔਜ਼ਾਰ ਬਣਾਉਂਦਾ ਸੀ। ਤੂਬਲ-ਕਾਇਨ ਦੀ ਭੈਣ ਦਾ ਨਾਂ ਨਾਮਾਹ ਸੀ। 23 ਫਿਰ ਲਾਮਕ ਨੇ ਆਪਣੀਆਂ ਪਤਨੀਆਂ ਆਦਾਹ ਅਤੇ ਜ਼ਿੱਲਾਹ ਲਈ ਇਹ ਕਵਿਤਾ ਲਿਖੀ:
“ਹੇ ਲਾਮਕ ਦੀਓ ਪਤਨੀਓ, ਮੇਰੀ ਆਵਾਜ਼ ਸੁਣੋ;
ਮੇਰੀ ਗੱਲ ਵੱਲ ਧਿਆਨ ਦਿਓ:
ਮੈਂ ਉਸ ਆਦਮੀ ਨੂੰ ਮਾਰ ਸੁੱਟਿਆ ਜਿਸ ਨੇ ਮੈਨੂੰ ਜ਼ਖ਼ਮੀ ਕੀਤਾ,
ਹਾਂ, ਇਕ ਜਵਾਨ ਆਦਮੀ ਨੂੰ ਜਿਸ ਨੇ ਮੇਰੇ ʼਤੇ ਹਮਲਾ ਕੀਤਾ।
24 ਜੇ ਕਾਇਨ ਦਾ ਕਤਲ ਕਰਨ ਵਾਲੇ ਨੂੰ 7 ਗੁਣਾ ਸਜ਼ਾ ਦਿੱਤੀ ਜਾਵੇਗੀ,+
ਤਾਂ ਫਿਰ ਲਾਮਕ ਦਾ ਕਤਲ ਕਰਨ ਵਾਲੇ ਨੂੰ 77 ਗੁਣਾ ਸਜ਼ਾ ਦਿੱਤੀ ਜਾਵੇਗੀ।”
25 ਆਦਮ ਨੇ ਦੁਬਾਰਾ ਆਪਣੀ ਪਤਨੀ ਨਾਲ ਸਰੀਰਕ ਸੰਬੰਧ ਬਣਾਏ ਅਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸ ਦਾ ਨਾਂ ਸੇਥ*+ ਰੱਖਿਆ ਕਿਉਂਕਿ ਉਸ ਨੇ ਕਿਹਾ: “ਪਰਮੇਸ਼ੁਰ ਨੇ ਮੈਨੂੰ ਹਾਬਲ ਦੇ ਬਦਲੇ ਇਕ ਹੋਰ ਪੁੱਤਰ* ਦਿੱਤਾ ਹੈ ਕਿਉਂਕਿ ਕਾਇਨ ਨੇ ਉਸ ਨੂੰ ਜਾਨੋਂ ਮਾਰ ਦਿੱਤਾ ਸੀ।”+ 26 ਫਿਰ ਸੇਥ ਦੇ ਵੀ ਇਕ ਪੁੱਤਰ ਹੋਇਆ ਅਤੇ ਉਸ ਨੇ ਉਸ ਦਾ ਨਾਂ ਅਨੋਸ਼+ ਰੱਖਿਆ। ਉਸ ਸਮੇਂ ਤੋਂ ਲੋਕਾਂ ਨੇ ਯਹੋਵਾਹ ਦਾ ਨਾਂ ਲੈਣਾ ਸ਼ੁਰੂ ਕੀਤਾ।
5 ਇੱਥੇ ਆਦਮ ਦੀ ਵੰਸ਼ਾਵਲੀ ਦਿੱਤੀ ਗਈ ਹੈ। ਜਿਸ ਦਿਨ ਪਰਮੇਸ਼ੁਰ ਨੇ ਆਦਮ ਨੂੰ ਬਣਾਇਆ ਸੀ, ਉਸ ਨੇ ਉਸ ਨੂੰ ਆਪਣੇ ਵਰਗਾ ਬਣਾਇਆ ਸੀ।+ 2 ਉਸ ਨੇ ਉਨ੍ਹਾਂ ਨੂੰ ਆਦਮੀ ਅਤੇ ਔਰਤ ਬਣਾਇਆ ਸੀ।+ ਜਿਸ ਦਿਨ ਉਨ੍ਹਾਂ ਨੂੰ ਬਣਾਇਆ ਗਿਆ ਸੀ,+ ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਨ੍ਹਾਂ ਨੂੰ ਇਨਸਾਨ* ਕਿਹਾ।
3 ਜਦੋਂ ਆਦਮ 130 ਸਾਲ ਦਾ ਹੋਇਆ, ਤਾਂ ਉਸ ਦੇ ਇਕ ਪੁੱਤਰ ਪੈਦਾ ਹੋਇਆ ਜੋ ਉਸ ਵਰਗਾ ਸੀ ਅਤੇ ਉਸ ਦੇ ਸਰੂਪ ʼਤੇ ਪੈਦਾ ਹੋਇਆ ਸੀ। ਉਸ ਨੇ ਉਸ ਦਾ ਨਾਂ ਸੇਥ+ ਰੱਖਿਆ। 4 ਸੇਥ ਦੇ ਪੈਦਾ ਹੋਣ ਤੋਂ ਬਾਅਦ ਆਦਮ 800 ਸਾਲ ਜੀਉਂਦਾ ਰਿਹਾ। ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ। 5 ਆਦਮ ਦੀ ਪੂਰੀ ਉਮਰ 930 ਸਾਲ ਸੀ ਅਤੇ ਫਿਰ ਉਹ ਮਰ ਗਿਆ।+
6 ਜਦੋਂ ਸੇਥ 105 ਸਾਲਾਂ ਦਾ ਸੀ, ਤਾਂ ਉਸ ਦੇ ਅਨੋਸ਼+ ਪੈਦਾ ਹੋਇਆ। 7 ਅਨੋਸ਼ ਦੇ ਪੈਦਾ ਹੋਣ ਤੋਂ ਬਾਅਦ ਸੇਥ 807 ਸਾਲ ਜੀਉਂਦਾ ਰਿਹਾ। ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ। 8 ਸੇਥ ਦੀ ਪੂਰੀ ਉਮਰ 912 ਸਾਲ ਸੀ ਅਤੇ ਫਿਰ ਉਹ ਮਰ ਗਿਆ।
9 ਜਦੋਂ ਅਨੋਸ਼ 90 ਸਾਲਾਂ ਦਾ ਸੀ, ਤਾਂ ਉਸ ਦੇ ਕੇਨਾਨ ਪੈਦਾ ਹੋਇਆ। 10 ਕੇਨਾਨ ਦੇ ਪੈਦਾ ਹੋਣ ਤੋਂ ਬਾਅਦ ਅਨੋਸ਼ 815 ਸਾਲ ਜੀਉਂਦਾ ਰਿਹਾ। ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ। 11 ਅਨੋਸ਼ ਦੀ ਪੂਰੀ ਉਮਰ 905 ਸਾਲ ਸੀ ਅਤੇ ਫਿਰ ਉਹ ਮਰ ਗਿਆ।
12 ਜਦੋਂ ਕੇਨਾਨ 70 ਸਾਲਾਂ ਦਾ ਸੀ, ਤਾਂ ਉਸ ਦੇ ਮਹਲਲੇਲ+ ਪੈਦਾ ਹੋਇਆ। 13 ਮਹਲਲੇਲ ਦੇ ਪੈਦਾ ਹੋਣ ਤੋਂ ਬਾਅਦ ਕੇਨਾਨ 840 ਸਾਲ ਜੀਉਂਦਾ ਰਿਹਾ। ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ। 14 ਕੇਨਾਨ ਦੀ ਪੂਰੀ ਉਮਰ 910 ਸਾਲ ਸੀ ਅਤੇ ਫਿਰ ਉਹ ਮਰ ਗਿਆ।
15 ਜਦੋਂ ਮਹਲਲੇਲ 65 ਸਾਲਾਂ ਦਾ ਸੀ, ਤਾਂ ਉਸ ਦੇ ਯਰਦ+ ਪੈਦਾ ਹੋਇਆ। 16 ਯਰਦ ਦੇ ਪੈਦਾ ਹੋਣ ਤੋਂ ਬਾਅਦ ਮਹਲਲੇਲ 830 ਸਾਲ ਜੀਉਂਦਾ ਰਿਹਾ। ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ। 17 ਮਹਲਲੇਲ ਦੀ ਪੂਰੀ ਉਮਰ 895 ਸਾਲ ਸੀ ਅਤੇ ਫਿਰ ਉਹ ਮਰ ਗਿਆ।
18 ਜਦੋਂ ਯਰਦ 162 ਸਾਲਾਂ ਦਾ ਸੀ, ਤਾਂ ਉਸ ਦੇ ਹਨੋਕ+ ਪੈਦਾ ਹੋਇਆ। 19 ਹਨੋਕ ਦੇ ਪੈਦਾ ਹੋਣ ਤੋਂ ਬਾਅਦ ਯਰਦ 800 ਸਾਲ ਜੀਉਂਦਾ ਰਿਹਾ। ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ। 20 ਯਰਦ ਦੀ ਪੂਰੀ ਉਮਰ 962 ਸਾਲ ਸੀ ਅਤੇ ਫਿਰ ਉਹ ਮਰ ਗਿਆ।
21 ਜਦੋਂ ਹਨੋਕ 65 ਸਾਲਾਂ ਦਾ ਸੀ, ਤਾਂ ਉਸ ਦੇ ਮਥੂਸਲਹ+ ਪੈਦਾ ਹੋਇਆ। 22 ਮਥੂਸਲਹ ਦੇ ਪੈਦਾ ਹੋਣ ਤੋਂ ਬਾਅਦ ਹਨੋਕ 300 ਸਾਲ ਤਕ ਸੱਚੇ ਪਰਮੇਸ਼ੁਰ ਦੇ ਨਾਲ-ਨਾਲ ਚੱਲਦਾ ਰਿਹਾ। ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ। 23 ਹਨੋਕ ਦੀ ਪੂਰੀ ਉਮਰ 365 ਸਾਲ ਸੀ। 24 ਹਨੋਕ ਸੱਚੇ ਪਰਮੇਸ਼ੁਰ ਦੇ ਨਾਲ-ਨਾਲ ਚੱਲਦਾ ਰਿਹਾ।+ ਫਿਰ ਉਹ ਕਿਸੇ ਨੂੰ ਦਿਖਾਈ ਨਹੀਂ ਦਿੱਤਾ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਚੁੱਕ ਲਿਆ।*+
25 ਜਦੋਂ ਮਥੂਸਲਹ 187 ਸਾਲਾਂ ਦਾ ਸੀ, ਤਾਂ ਉਸ ਦੇ ਲਾਮਕ+ ਪੈਦਾ ਹੋਇਆ। 26 ਲਾਮਕ ਦੇ ਪੈਦਾ ਹੋਣ ਤੋਂ ਬਾਅਦ ਮਥੂਸਲਹ 782 ਸਾਲ ਜੀਉਂਦਾ ਰਿਹਾ। ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ। 27 ਮਥੂਸਲਹ ਦੀ ਪੂਰੀ ਉਮਰ 969 ਸਾਲ ਸੀ ਅਤੇ ਫਿਰ ਉਹ ਮਰ ਗਿਆ।
28 ਜਦੋਂ ਲਾਮਕ 182 ਸਾਲਾਂ ਦਾ ਸੀ, ਤਾਂ ਉਸ ਦੇ ਇਕ ਪੁੱਤਰ ਪੈਦਾ ਹੋਇਆ। 29 ਉਸ ਨੇ ਉਸ ਦਾ ਨਾਂ ਨੂਹ*+ ਰੱਖਿਆ ਅਤੇ ਕਿਹਾ: “ਯਹੋਵਾਹ ਵੱਲੋਂ ਜ਼ਮੀਨ ਸਰਾਪੀ ਹੋਣ ਕਰਕੇ ਸਾਨੂੰ ਆਪਣੇ ਹੱਥਾਂ ਨਾਲ ਸਖ਼ਤ ਅਤੇ ਹੱਡ-ਤੋੜ ਮਿਹਨਤ ਕਰਨੀ ਪੈਂਦੀ ਹੈ,+ ਪਰ ਇਹ ਮੁੰਡਾ ਸਾਨੂੰ ਉਸ ਮਿਹਨਤ ਤੋਂ ਛੁਟਕਾਰਾ* ਦਿਵਾਏਗਾ।” 30 ਨੂਹ ਦੇ ਪੈਦਾ ਹੋਣ ਤੋਂ ਬਾਅਦ ਲਾਮਕ 595 ਸਾਲ ਜੀਉਂਦਾ ਰਿਹਾ। ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ। 31 ਲਾਮਕ ਦੀ ਪੂਰੀ ਉਮਰ 777 ਸਾਲ ਸੀ ਅਤੇ ਫਿਰ ਉਹ ਮਰ ਗਿਆ।
32 ਜਦੋਂ ਨੂਹ ਦੀ ਉਮਰ 500 ਸਾਲ ਹੋ ਗਈ, ਤਾਂ ਇਸ ਤੋਂ ਬਾਅਦ ਸ਼ੇਮ,+ ਹਾਮ+ ਅਤੇ ਯਾਫਥ+ ਪੈਦਾ ਹੋਏ।
6 ਹੁਣ ਜਦੋਂ ਧਰਤੀ ਉੱਤੇ ਇਨਸਾਨਾਂ ਦੀ ਗਿਣਤੀ ਵਧਣੀ ਸ਼ੁਰੂ ਹੋਈ ਅਤੇ ਉਨ੍ਹਾਂ ਦੇ ਧੀਆਂ ਪੈਦਾ ਹੋਈਆਂ, 2 ਤਾਂ ਸੱਚੇ ਪਰਮੇਸ਼ੁਰ ਦੇ ਪੁੱਤਰ*+ ਦੇਖਣ ਲੱਗੇ ਕਿ ਇਨਸਾਨਾਂ ਦੀਆਂ ਧੀਆਂ ਖ਼ੂਬਸੂਰਤ ਸਨ। ਇਸ ਲਈ ਉਨ੍ਹਾਂ ਨੂੰ ਜਿਹੜੀ ਵੀ ਪਸੰਦ ਆਉਂਦੀ ਸੀ, ਉਸ ਨੂੰ ਆਪਣੀ ਪਤਨੀ ਬਣਾ ਲੈਂਦੇ ਸਨ। 3 ਫਿਰ ਯਹੋਵਾਹ ਨੇ ਕਿਹਾ: “ਮੈਂ ਇਨਸਾਨ ਨੂੰ ਹਮੇਸ਼ਾ ਲਈ ਬਰਦਾਸ਼ਤ ਨਹੀਂ ਕਰਾਂਗਾ+ ਕਿਉਂਕਿ ਉਹ ਤਾਂ ਹੱਡ-ਮਾਸ ਦਾ ਬਣਿਆ ਹੈ।* ਇਸ ਕਰਕੇ ਹੁਣ ਇਨਸਾਨ ਦੇ ਦਿਨ 120 ਸਾਲ ਹੋਣਗੇ।”+
4 ਉਨ੍ਹਾਂ ਦਿਨਾਂ ਵਿਚ ਅਤੇ ਬਾਅਦ ਵਿਚ ਧਰਤੀ ਉੱਤੇ ਦੈਂਤ* ਸਨ। ਉਸ ਸਮੇਂ ਦੌਰਾਨ ਸੱਚੇ ਪਰਮੇਸ਼ੁਰ ਦੇ ਪੁੱਤਰ ਇਨਸਾਨਾਂ ਦੀਆਂ ਧੀਆਂ ਨਾਲ ਸਰੀਰਕ ਸੰਬੰਧ ਬਣਾਉਂਦੇ ਰਹੇ ਅਤੇ ਉਨ੍ਹਾਂ ਨੇ ਪੁੱਤਰਾਂ ਨੂੰ ਜਨਮ ਦਿੱਤਾ। ਇਹ ਪੁੱਤਰ ਦੈਂਤ ਸਨ ਅਤੇ ਬਹੁਤ ਹੀ ਤਾਕਤਵਰ ਸਨ ਅਤੇ ਪੁਰਾਣੇ ਜ਼ਮਾਨੇ ਵਿਚ ਮਸ਼ਹੂਰ ਸਨ।
5 ਯਹੋਵਾਹ ਨੇ ਦੇਖਿਆ ਕਿ ਇਸ ਕਾਰਨ ਧਰਤੀ ਉੱਤੇ ਇਨਸਾਨ ਦੀ ਬੁਰਾਈ ਹੱਦੋਂ ਵੱਧ ਹੋ ਗਈ ਸੀ ਅਤੇ ਉਹ ਹਰ ਵੇਲੇ ਆਪਣੇ ਮਨ ਵਿਚ ਸਿਰਫ਼ ਬੁਰਾ ਕਰਨ ਬਾਰੇ ਹੀ ਸੋਚਦਾ ਸੀ।+ 6 ਯਹੋਵਾਹ ਨੂੰ ਅਫ਼ਸੋਸ* ਹੋਇਆ ਕਿ ਉਸ ਨੇ ਧਰਤੀ ʼਤੇ ਇਨਸਾਨ ਨੂੰ ਬਣਾਇਆ ਸੀ ਅਤੇ ਉਸ ਦਾ ਮਨ ਬਹੁਤ ਦੁਖੀ ਹੋਇਆ।*+ 7 ਇਸ ਲਈ ਯਹੋਵਾਹ ਨੇ ਕਿਹਾ: “ਮੈਂ ਇਨਸਾਨਾਂ ਨੂੰ ਧਰਤੀ ਉੱਤੋਂ ਖ਼ਤਮ ਕਰਨ ਜਾ ਰਿਹਾ ਹਾਂ ਜਿਨ੍ਹਾਂ ਨੂੰ ਮੈਂ ਬਣਾਇਆ ਹੈ। ਹਾਂ, ਇਨਸਾਨ ਦੇ ਨਾਲ-ਨਾਲ ਪਾਲਤੂ ਪਸ਼ੂਆਂ, ਘਿਸਰਨ ਵਾਲੇ ਜਾਨਵਰਾਂ ਅਤੇ ਆਕਾਸ਼ ਵਿਚ ਉੱਡਣ ਵਾਲੇ ਜੀਵਾਂ ਨੂੰ ਵੀ ਕਿਉਂਕਿ ਮੈਨੂੰ ਇਨਸਾਨਾਂ ਨੂੰ ਬਣਾਉਣ ʼਤੇ ਅਫ਼ਸੋਸ ਹੈ।” 8 ਪਰ ਯਹੋਵਾਹ ਨੂਹ ਤੋਂ ਖ਼ੁਸ਼ ਸੀ।
9 ਨੂਹ ਦੀ ਜ਼ਿੰਦਗੀ ਵਿਚ ਇਹ ਘਟਨਾਵਾਂ ਵਾਪਰੀਆਂ ਸਨ।
ਨੂਹ ਇਕ ਧਰਮੀ ਇਨਸਾਨ ਸੀ।+ ਉਸ ਨੇ ਆਪਣੇ ਜ਼ਮਾਨੇ ਦੇ ਲੋਕਾਂ* ਵਿਚ ਆਪਣੇ ਆਪ ਨੂੰ ਨਿਰਦੋਸ਼* ਸਾਬਤ ਕੀਤਾ ਸੀ। ਨੂਹ ਸੱਚੇ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ।+ 10 ਸਮੇਂ ਦੇ ਬੀਤਣ ਨਾਲ ਉਸ ਦੇ ਤਿੰਨ ਪੁੱਤਰ ਸ਼ੇਮ, ਹਾਮ ਅਤੇ ਯਾਫਥ ਪੈਦਾ ਹੋਏ।+ 11 ਪਰ ਦੁਨੀਆਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਵਿਗੜੀ ਹੋਈ ਸੀ ਅਤੇ ਧਰਤੀ ਉੱਤੇ ਸਾਰੇ ਪਾਸੇ ਖ਼ੂਨ-ਖ਼ਰਾਬਾ ਹੋ ਰਿਹਾ ਸੀ। 12 ਜੀ ਹਾਂ, ਪਰਮੇਸ਼ੁਰ ਨੇ ਦੇਖਿਆ ਕਿ ਦੁਨੀਆਂ ਵਿਗੜੀ ਹੋਈ ਸੀ;+ ਧਰਤੀ ਉੱਤੇ ਸਾਰੇ ਲੋਕ ਬੁਰਾਈ ਦੇ ਰਾਹ ʼਤੇ ਚੱਲ ਰਹੇ ਸਨ।+
13 ਫਿਰ ਪਰਮੇਸ਼ੁਰ ਨੇ ਨੂਹ ਨੂੰ ਕਿਹਾ: “ਮੈਂ ਸਾਰੇ ਇਨਸਾਨਾਂ ਨੂੰ ਨਾਸ਼ ਕਰਨ ਦਾ ਫ਼ੈਸਲਾ ਕਰ ਲਿਆ ਹੈ ਕਿਉਂਕਿ ਉਨ੍ਹਾਂ ਕਰਕੇ ਧਰਤੀ ਉੱਤੇ ਸਾਰੇ ਪਾਸੇ ਖ਼ੂਨ-ਖ਼ਰਾਬਾ ਹੋ ਰਿਹਾ ਹੈ। ਇਸ ਲਈ ਮੈਂ ਉਨ੍ਹਾਂ ਨੂੰ ਨਾਸ਼ ਕਰ ਦਿਆਂਗਾ ਅਤੇ ਧਰਤੀ ਨੂੰ ਉਜਾੜ ਦਿਆਂਗਾ।+ 14 ਤੂੰ ਆਪਣੇ ਲਈ ਰਾਲ਼ ਵਾਲੀ ਲੱਕੜ* ਦੀ ਕਿਸ਼ਤੀ* ਬਣਾਈਂ।+ ਤੂੰ ਕਿਸ਼ਤੀ ਵਿਚ ਕਮਰੇ ਬਣਾਈਂ ਅਤੇ ਉਸ ਨੂੰ ਅੰਦਰੋਂ-ਬਾਹਰੋਂ ਤਾਰਕੋਲ*+ ਨਾਲ ਲਿੱਪੀਂ। 15 ਤੂੰ ਉਸ ਨੂੰ ਇਸ ਤਰ੍ਹਾਂ ਬਣਾਈਂ: ਕਿਸ਼ਤੀ ਦੀ ਲੰਬਾਈ 300 ਹੱਥ, ਚੁੜਾਈ 50 ਹੱਥ ਅਤੇ ਉਚਾਈ 30 ਹੱਥ* ਹੋਵੇ। 16 ਤੂੰ ਉਸ ਦੀ ਛੱਤ ਤੋਂ ਇਕ ਹੱਥ* ਥੱਲੇ ਕਿਸ਼ਤੀ ਵਿਚ ਰੌਸ਼ਨੀ ਵਾਸਤੇ ਖਿੜਕੀ* ਰੱਖੀਂ। ਤੂੰ ਕਿਸ਼ਤੀ ਦੇ ਇਕ ਪਾਸੇ ਦਰਵਾਜ਼ਾ ਰੱਖੀਂ+ ਅਤੇ ਉਸ ਵਿਚ ਪਹਿਲੀ ਮੰਜ਼ਲ, ਦੂਜੀ ਮੰਜ਼ਲ ਅਤੇ ਤੀਜੀ ਮੰਜ਼ਲ ਹੋਵੇ।
17 “ਮੈਂ ਧਰਤੀ ਉੱਤੇ ਜਲ-ਪਰਲੋ ਲਿਆ ਕੇ+ ਆਕਾਸ਼ ਹੇਠ ਸਾਰੇ ਇਨਸਾਨਾਂ ਤੇ ਜੀਵ-ਜੰਤੂਆਂ* ਨੂੰ ਜਿਨ੍ਹਾਂ ਵਿਚ ਜੀਵਨ ਦਾ ਸਾਹ ਹੈ, ਖ਼ਤਮ ਕਰਨ ਜਾ ਰਿਹਾ ਹਾਂ। ਧਰਤੀ ʼਤੇ ਹਰ ਚੀਜ਼ ਮਿਟ ਜਾਵੇਗੀ।+ 18 ਅਤੇ ਮੈਂ ਤੇਰੇ ਨਾਲ ਇਕਰਾਰ ਕਰਦਾ ਹਾਂ ਕਿ ਮੈਂ ਤੈਨੂੰ ਬਚਾਵਾਂਗਾ। ਤੂੰ ਕਿਸ਼ਤੀ ਵਿਚ ਜਾਈਂ ਅਤੇ ਤੇਰੇ ਨਾਲ ਤੇਰੀ ਪਤਨੀ, ਤੇਰੇ ਪੁੱਤਰ ਅਤੇ ਨੂੰਹਾਂ ਜਾਣ।+ 19 ਅਤੇ ਕਿਸ਼ਤੀ ਵਿਚ ਹਰ ਕਿਸਮ ਦੇ ਜੀਉਂਦੇ ਜੀਵ-ਜੰਤੂਆਂ+ ਦਾ ਜੋੜਾ-ਜੋੜਾ ਯਾਨੀ ਨਰ ਤੇ ਮਾਦਾ+ ਲੈ ਕੇ ਜਾਈਂ ਤਾਂਕਿ ਉਹ ਵੀ ਤੇਰੇ ਨਾਲ ਬਚ ਜਾਣ। 20 ਉੱਡਣ ਵਾਲੇ ਜੀਵ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ, ਪਾਲਤੂ ਪਸ਼ੂ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ ਅਤੇ ਜ਼ਮੀਨ ਉੱਤੇ ਘਿਸਰਨ ਵਾਲੇ ਜਾਨਵਰ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ, ਹਰੇਕ ਦਾ ਜੋੜਾ-ਜੋੜਾ ਕਿਸ਼ਤੀ ਵਿਚ ਤੇਰੇ ਕੋਲ ਆਉਣਗੇ ਤਾਂਕਿ ਉਹ ਬਚ ਜਾਣ।+ 21 ਤੂੰ ਹਰ ਕਿਸਮ ਦਾ ਭੋਜਨ ਇਕੱਠਾ ਕਰ ਕੇ ਕਿਸ਼ਤੀ ਵਿਚ ਰੱਖੀਂ ਤਾਂਕਿ ਤੇਰੇ ਅਤੇ ਜਾਨਵਰਾਂ ਦੇ ਖਾਣ ਲਈ ਭੋਜਨ ਹੋਵੇ।”+
22 ਅਤੇ ਨੂਹ ਨੇ ਸਭ ਕੁਝ ਉਵੇਂ ਕੀਤਾ ਜਿਵੇਂ ਪਰਮੇਸ਼ੁਰ ਨੇ ਉਸ ਨੂੰ ਹੁਕਮ ਦਿੱਤਾ ਸੀ। ਉਸ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ।+
7 ਇਸ ਤੋਂ ਬਾਅਦ ਯਹੋਵਾਹ ਨੇ ਨੂਹ ਨੂੰ ਕਿਹਾ: “ਤੂੰ ਆਪਣੇ ਪੂਰੇ ਪਰਿਵਾਰ ਸਮੇਤ ਕਿਸ਼ਤੀ ਵਿਚ ਜਾਹ ਕਿਉਂਕਿ ਇਸ ਪੀੜ੍ਹੀ ਦੇ ਲੋਕਾਂ ਵਿਚ ਸਿਰਫ਼ ਤੂੰ ਹੀ ਮੇਰੀਆਂ ਨਜ਼ਰਾਂ ਵਿਚ ਧਰਮੀ ਹੈਂ।+ 2 ਤੂੰ ਆਪਣੇ ਨਾਲ ਹਰ ਕਿਸਮ ਦੇ ਸੱਤ* ਸ਼ੁੱਧ+ ਜਾਨਵਰ, ਨਰ ਤੇ ਮਾਦਾ, ਲੈ ਕੇ ਜਾਈਂ ਅਤੇ ਅਸ਼ੁੱਧ ਜਾਨਵਰਾਂ ਵਿੱਚੋਂ ਸਿਰਫ਼ ਦੋ, ਨਰ ਤੇ ਮਾਦਾ ਲੈ ਕੇ ਜਾਈਂ; 3 ਨਾਲੇ ਆਕਾਸ਼ ਵਿਚ ਉੱਡਣ ਵਾਲੇ ਸੱਤ ਜੀਵ,* ਨਰ ਤੇ ਮਾਦਾ, ਲੈ ਕੇ ਜਾਈਂ ਤਾਂਕਿ ਉਹ ਬਚ ਜਾਣ ਅਤੇ ਉਨ੍ਹਾਂ ਦੇ ਬੱਚੇ ਪੂਰੀ ਧਰਤੀ ʼਤੇ ਵਧਣ-ਫੁੱਲਣ।+ 4 ਕਿਉਂਕਿ ਸੱਤ ਦਿਨਾਂ ਬਾਅਦ ਮੈਂ ਧਰਤੀ ਉੱਤੇ 40 ਦਿਨ ਤੇ 40 ਰਾਤਾਂ+ ਮੀਂਹ ਵਰ੍ਹਾਵਾਂਗਾ+ ਅਤੇ ਮੈਂ ਆਪਣੇ ਹੱਥੀਂ ਬਣਾਏ ਹਰ ਜੀਉਂਦੇ ਪ੍ਰਾਣੀ ਨੂੰ ਧਰਤੀ ਉੱਤੋਂ ਮਿਟਾ ਦਿਆਂਗਾ।”+ 5 ਨੂਹ ਨੇ ਸਭ ਕੁਝ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ।
6 ਨੂਹ 600 ਸਾਲ ਦਾ ਸੀ ਜਦੋਂ ਧਰਤੀ ਉੱਤੇ ਜਲ-ਪਰਲੋ ਆਈ।+ 7 ਜਲ-ਪਰਲੋ ਆਉਣ ਤੋਂ ਪਹਿਲਾਂ ਨੂਹ ਆਪਣੀ ਪਤਨੀ, ਆਪਣੇ ਪੁੱਤਰਾਂ ਅਤੇ ਆਪਣੀਆਂ ਨੂੰਹਾਂ ਨਾਲ ਕਿਸ਼ਤੀ ਵਿਚ ਚਲਾ ਗਿਆ।+ 8 ਹਰ ਤਰ੍ਹਾਂ ਦੇ ਸ਼ੁੱਧ ਜਾਨਵਰ, ਹਰ ਤਰ੍ਹਾਂ ਦੇ ਅਸ਼ੁੱਧ ਜਾਨਵਰ, ਹਰ ਤਰ੍ਹਾਂ ਦੇ ਉੱਡਣ ਵਾਲੇ ਜੀਵ ਅਤੇ ਜ਼ਮੀਨ ʼਤੇ ਚੱਲਣ-ਫਿਰਨ ਵਾਲੇ ਹਰ ਤਰ੍ਹਾਂ ਦੇ ਜੀਵ-ਜੰਤੂ,+ 9 ਨਰ ਅਤੇ ਮਾਦਾ, ਦੋ-ਦੋ ਕਰ ਕੇ ਨੂਹ ਕੋਲ ਕਿਸ਼ਤੀ ਵਿਚ ਗਏ, ਠੀਕ ਜਿਵੇਂ ਪਰਮੇਸ਼ੁਰ ਨੇ ਨੂਹ ਨੂੰ ਹੁਕਮ ਦਿੱਤਾ ਸੀ। 10 ਸੱਤ ਦਿਨਾਂ ਬਾਅਦ ਧਰਤੀ ਉੱਤੇ ਜਲ-ਪਰਲੋ ਆਈ।
11 ਨੂਹ ਦੀ ਜ਼ਿੰਦਗੀ ਦੇ 600ਵੇਂ ਸਾਲ ਦੇ ਦੂਜੇ ਮਹੀਨੇ ਦੀ 17 ਤਾਰੀਖ਼ ਨੂੰ, ਹਾਂ, ਉਸੇ ਦਿਨ ਆਕਾਸ਼ ਵਿਚ ਪਾਣੀ ਦੇ ਸੋਮੇ* ਖੋਲ੍ਹ ਕੇ ਪਾਣੀ ਛੱਡ ਦਿੱਤੇ ਗਏ।+ 12 ਧਰਤੀ ਉੱਤੇ 40 ਦਿਨ ਅਤੇ 40 ਰਾਤਾਂ ਮੀਂਹ ਪੈਂਦਾ ਰਿਹਾ। 13 ਉਸ ਦਿਨ ਨੂਹ ਆਪਣੀ ਪਤਨੀ, ਆਪਣੇ ਪੁੱਤਰਾਂ ਸ਼ੇਮ, ਹਾਮ ਤੇ ਯਾਫਥ+ ਅਤੇ ਆਪਣੀਆਂ ਨੂੰਹਾਂ ਨਾਲ ਕਿਸ਼ਤੀ ਵਿਚ ਗਿਆ।+ 14 ਉਨ੍ਹਾਂ ਦੇ ਨਾਲ ਹਰ ਤਰ੍ਹਾਂ ਦੇ ਜੰਗਲੀ ਜਾਨਵਰ ਆਪੋ-ਆਪਣੀ ਕਿਸਮ ਅਨੁਸਾਰ, ਪਾਲਤੂ ਪਸ਼ੂ ਆਪੋ-ਆਪਣੀ ਕਿਸਮ ਅਨੁਸਾਰ, ਜ਼ਮੀਨ ʼਤੇ ਘਿਸਰਨ ਵਾਲੇ ਜਾਨਵਰ ਆਪੋ-ਆਪਣੀ ਕਿਸਮ ਅਨੁਸਾਰ ਅਤੇ ਹਰ ਤਰ੍ਹਾਂ ਦੇ ਉੱਡਣ ਵਾਲੇ ਜੀਵ ਆਪੋ-ਆਪਣੀ ਕਿਸਮ ਅਨੁਸਾਰ, ਹਰ ਤਰ੍ਹਾਂ ਦੇ ਪੰਛੀ ਤੇ ਹਰ ਤਰ੍ਹਾਂ ਦੇ ਖੰਭਾਂ ਵਾਲੇ ਜੀਵ ਗਏ। 15 ਹਰ ਤਰ੍ਹਾਂ ਦੇ ਜਾਨਵਰ ਜਿਨ੍ਹਾਂ ਵਿਚ ਜੀਵਨ ਦਾ ਸਾਹ ਹੈ, ਦੋ-ਦੋ ਕਰ ਕੇ ਕਿਸ਼ਤੀ ਵਿਚ ਨੂਹ ਕੋਲ ਜਾਂਦੇ ਰਹੇ। 16 ਹਰ ਤਰ੍ਹਾਂ ਦੇ ਜੀਵ-ਜੰਤੂ, ਨਰ ਅਤੇ ਮਾਦਾ, ਅੰਦਰ ਗਏ, ਠੀਕ ਜਿਵੇਂ ਪਰਮੇਸ਼ੁਰ ਨੇ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਯਹੋਵਾਹ ਨੇ ਕਿਸ਼ਤੀ ਦਾ ਦਰਵਾਜ਼ਾ ਬੰਦ ਕਰ ਦਿੱਤਾ।
17 ਧਰਤੀ ਉੱਤੇ 40 ਦਿਨ ਲਗਾਤਾਰ ਮੀਂਹ ਪੈਂਦਾ ਰਿਹਾ ਅਤੇ ਪਾਣੀ ਦਾ ਪੱਧਰ ਇੰਨਾ ਵਧ ਗਿਆ ਕਿ ਇਸ ਨੇ ਕਿਸ਼ਤੀ ਨੂੰ ਜ਼ਮੀਨ ਤੋਂ ਕਾਫ਼ੀ ਉੱਪਰ ਚੁੱਕ ਲਿਆ ਅਤੇ ਇਹ ਪਾਣੀ ਉੱਤੇ ਤੈਰਨ ਲੱਗੀ। 18 ਸਾਰੀ ਧਰਤੀ ਉੱਤੇ ਪਾਣੀ ਹੀ ਪਾਣੀ ਹੋ ਗਿਆ ਅਤੇ ਪਾਣੀ ਲਗਾਤਾਰ ਵਧਦਾ ਗਿਆ, ਪਰ ਕਿਸ਼ਤੀ ਪਾਣੀ ਉੱਤੇ ਤੈਰਦੀ ਰਹੀ। 19 ਧਰਤੀ ਉੱਤੇ ਪਾਣੀ ਇੰਨਾ ਜ਼ਿਆਦਾ ਹੋ ਗਿਆ ਕਿ ਪੂਰੇ ਆਕਾਸ਼ ਹੇਠਲੇ ਉੱਚੇ-ਉੱਚੇ ਪਹਾੜ ਵੀ ਪਾਣੀ ਵਿਚ ਡੁੱਬ ਗਏ।+ 20 ਪਾਣੀ ਪਹਾੜਾਂ ਤੋਂ 15 ਹੱਥ* ਉੱਪਰ ਹੋ ਗਿਆ।
21 ਇਸ ਲਈ ਧਰਤੀ ਉੱਤੇ ਤੁਰਨ-ਫਿਰਨ ਵਾਲੇ ਸਾਰੇ ਜੀਉਂਦੇ ਪ੍ਰਾਣੀ—ਉੱਡਣ ਵਾਲੇ ਜੀਵ, ਪਾਲਤੂ ਪਸ਼ੂ, ਜੰਗਲੀ ਜਾਨਵਰ, ਝੁੰਡਾਂ ਵਿਚ ਰਹਿਣ ਵਾਲੇ ਛੋਟੇ-ਛੋਟੇ ਜੀਵ+ ਅਤੇ ਸਾਰੇ ਇਨਸਾਨ ਡੁੱਬ ਗਏ।+ 22 ਸੁੱਕੀ ਜ਼ਮੀਨ ਉੱਤੇ ਹਰ ਪ੍ਰਾਣੀ ਜਿਸ ਵਿਚ ਜੀਵਨ ਦਾ ਸਾਹ ਸੀ, ਮਰ ਗਿਆ।+ 23 ਇਸ ਤਰ੍ਹਾਂ ਪਰਮੇਸ਼ੁਰ ਨੇ ਧਰਤੀ ਉੱਤੋਂ ਹਰ ਜੀਉਂਦੇ ਪ੍ਰਾਣੀ ਯਾਨੀ ਇਨਸਾਨਾਂ, ਜਾਨਵਰਾਂ, ਘਿਸਰਨ ਵਾਲੇ ਜਾਨਵਰਾਂ ਅਤੇ ਆਕਾਸ਼ ਵਿਚ ਉੱਡਣ ਵਾਲੇ ਜੀਵਾਂ ਨੂੰ ਖ਼ਤਮ ਕਰ ਦਿੱਤਾ। ਧਰਤੀ ਤੋਂ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਗਿਆ;+ ਸਿਰਫ਼ ਨੂਹ ਤੇ ਉਸ ਦਾ ਪਰਿਵਾਰ ਅਤੇ ਉਹ ਸਾਰੇ ਬਚ ਗਏ ਜਿਹੜੇ ਉਸ ਨਾਲ ਕਿਸ਼ਤੀ ਵਿਚ ਸਨ।+ 24 ਅਤੇ ਧਰਤੀ ਉੱਤੇ 150 ਦਿਨ ਪਾਣੀ ਹੀ ਪਾਣੀ ਰਿਹਾ।+
8 ਪਰ ਪਰਮੇਸ਼ੁਰ ਨੇ ਨੂਹ ਅਤੇ ਉਸ ਨਾਲ ਕਿਸ਼ਤੀ ਵਿਚ ਸਵਾਰ ਸਾਰੇ ਜੰਗਲੀ ਜਾਨਵਰਾਂ ਅਤੇ ਪਾਲਤੂ ਪਸ਼ੂਆਂ ਵੱਲ ਧਿਆਨ ਦਿੱਤਾ*+ ਅਤੇ ਪਰਮੇਸ਼ੁਰ ਨੇ ਧਰਤੀ ਉੱਤੇ ਹਵਾ ਵਗਾਈ ਅਤੇ ਪਾਣੀ ਘਟਣ ਲੱਗ ਪਿਆ। 2 ਆਕਾਸ਼ ਵਿਚ ਪਾਣੀ ਦੇ ਸੋਮੇ ਬੰਦ ਹੋ ਗਏ ਸਨ ਜਿਸ ਕਰਕੇ ਆਕਾਸ਼ੋਂ ਮੀਂਹ ਪੈਣਾ ਬੰਦ ਹੋ ਗਿਆ।*+ 3 ਫਿਰ ਧਰਤੀ ਤੋਂ ਪਾਣੀ ਲਗਾਤਾਰ ਘਟਦਾ ਗਿਆ। 150 ਦਿਨਾਂ ਬਾਅਦ ਪਾਣੀ ਕਾਫ਼ੀ ਹੱਦ ਤਕ ਘਟ ਗਿਆ। 4 ਸੱਤਵੇਂ ਮਹੀਨੇ ਦੀ 17 ਤਾਰੀਖ਼ ਨੂੰ ਕਿਸ਼ਤੀ ਅਰਾਰਾਤ ਪਹਾੜ ਦੀ ਇਕ ਚੋਟੀ ਉੱਤੇ ਆ ਕੇ ਖੜ੍ਹ ਗਈ। 5 ਦਸਵੇਂ ਮਹੀਨੇ ਤਕ ਪਾਣੀ ਲਗਾਤਾਰ ਘਟਦਾ ਗਿਆ। ਦਸਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਪਹਾੜਾਂ ਦੀਆਂ ਚੋਟੀਆਂ ਨਜ਼ਰ ਆਉਣ ਲੱਗ ਪਈਆਂ।+
6 ਇਸ ਲਈ 40 ਦਿਨਾਂ ਬਾਅਦ ਨੂਹ ਨੇ ਕਿਸ਼ਤੀ ਦੀ ਖਿੜਕੀ+ ਖੋਲ੍ਹੀ 7 ਅਤੇ ਇਕ ਕਾਂ ਨੂੰ ਛੱਡਿਆ; ਜਦ ਤਕ ਧਰਤੀ ਉੱਤੋਂ ਪਾਣੀ ਸੁੱਕ ਨਹੀਂ ਗਿਆ, ਤਦ ਤਕ ਕਾਂ ਬਾਹਰ ਉੱਡਦਾ ਰਹਿੰਦਾ ਸੀ ਅਤੇ ਫਿਰ ਵਾਪਸ ਆ ਜਾਂਦਾ ਸੀ।
8 ਬਾਅਦ ਵਿਚ ਉਸ ਨੇ ਇਕ ਘੁੱਗੀ ਨੂੰ ਛੱਡਿਆ ਤਾਂਕਿ ਉਸ ਨੂੰ ਪਤਾ ਲੱਗ ਜਾਵੇ ਕਿ ਜ਼ਮੀਨ ਤੋਂ ਪਾਣੀ ਸੁੱਕ ਗਿਆ ਸੀ ਜਾਂ ਨਹੀਂ। 9 ਪਰ ਘੁੱਗੀ ਨੂੰ ਕਿਤੇ ਵੀ ਬੈਠਣ* ਲਈ ਜਗ੍ਹਾ ਨਾ ਮਿਲੀ, ਇਸ ਕਰਕੇ ਉਹ ਨੂਹ ਕੋਲ ਕਿਸ਼ਤੀ ਵਿਚ ਵਾਪਸ ਆ ਗਈ ਕਿਉਂਕਿ ਪੂਰੀ ਧਰਤੀ ʼਤੇ ਅਜੇ ਵੀ ਪਾਣੀ ਹੀ ਪਾਣੀ ਸੀ।+ ਇਸ ਲਈ ਉਸ ਨੇ ਹੱਥ ਵਧਾ ਕੇ ਘੁੱਗੀ ਨੂੰ ਫੜ ਲਿਆ ਅਤੇ ਕਿਸ਼ਤੀ ਵਿਚ ਲੈ ਗਿਆ। 10 ਹੋਰ ਸੱਤ ਦਿਨ ਉਡੀਕ ਕਰਨ ਤੋਂ ਬਾਅਦ ਉਸ ਨੇ ਕਿਸ਼ਤੀ ਵਿੱਚੋਂ ਦੁਬਾਰਾ ਘੁੱਗੀ ਨੂੰ ਛੱਡਿਆ। 11 ਜਦੋਂ ਘੁੱਗੀ ਸ਼ਾਮ ਨੂੰ ਉਸ ਕੋਲ ਆਈ, ਤਾਂ ਉਸ ਨੇ ਦੇਖਿਆ ਕਿ ਘੁੱਗੀ ਦੀ ਚੁੰਝ ਵਿਚ ਜ਼ੈਤੂਨ ਦਾ ਇਕ ਹਰਾ ਪੱਤਾ ਸੀ! ਇਸ ਤੋਂ ਨੂਹ ਜਾਣ ਗਿਆ ਕਿ ਧਰਤੀ ਤੋਂ ਪਾਣੀ ਘਟ ਗਿਆ ਸੀ।+ 12 ਉਸ ਨੇ ਹੋਰ ਸੱਤ ਦਿਨ ਉਡੀਕ ਕੀਤੀ। ਉਸ ਨੇ ਫਿਰ ਘੁੱਗੀ ਨੂੰ ਛੱਡਿਆ, ਪਰ ਇਸ ਵਾਰ ਉਹ ਉਸ ਕੋਲ ਵਾਪਸ ਨਹੀਂ ਆਈ।
13 ਨੂਹ ਦੀ ਜ਼ਿੰਦਗੀ ਦੇ 601ਵੇਂ ਸਾਲ+ ਦੇ ਪਹਿਲੇ ਮਹੀਨੇ ਦੇ ਪਹਿਲੀ ਤਾਰੀਖ਼ ਨੂੰ ਧਰਤੀ ਤੋਂ ਪਾਣੀ ਲਗਭਗ ਸੁੱਕ ਗਿਆ ਸੀ; ਅਤੇ ਨੂਹ ਨੇ ਕਿਸ਼ਤੀ ਦੀ ਛੱਤ ਖੋਲ੍ਹ ਕੇ ਦੇਖਿਆ ਕਿ ਜ਼ਮੀਨ ਸੁੱਕਣ ਲੱਗ ਪਈ ਸੀ। 14 ਦੂਸਰੇ ਮਹੀਨੇ ਦੀ 27 ਤਾਰੀਖ਼ ਨੂੰ ਧਰਤੀ ਪੂਰੀ ਤਰ੍ਹਾਂ ਸੁੱਕ ਗਈ ਸੀ।
15 ਫਿਰ ਪਰਮੇਸ਼ੁਰ ਨੇ ਨੂਹ ਨੂੰ ਕਿਹਾ: 16 “ਤੂੰ, ਤੇਰੀ ਪਤਨੀ, ਤੇਰੇ ਪੁੱਤਰ ਅਤੇ ਤੇਰੀਆਂ ਨੂੰਹਾਂ ਕਿਸ਼ਤੀ ਤੋਂ ਬਾਹਰ ਆ ਜਾਓ।+ 17 ਤੁਸੀਂ ਆਪਣੇ ਨਾਲ ਸਾਰੇ ਜੀਉਂਦੇ ਪ੍ਰਾਣੀ ਯਾਨੀ ਉੱਡਣ ਵਾਲੇ ਜੀਵ,+ ਪਾਲਤੂ ਪਸ਼ੂ ਅਤੇ ਜ਼ਮੀਨ ਉੱਤੇ ਘਿਸਰਨ ਵਾਲੇ ਜਾਨਵਰ ਬਾਹਰ ਲੈ ਕੇ ਆਓ ਤਾਂਕਿ ਉਹ ਬੱਚੇ ਪੈਦਾ ਕਰਨ, ਵਧਣ-ਫੁੱਲਣ ਅਤੇ ਧਰਤੀ ਉੱਤੇ ਉਨ੍ਹਾਂ ਦੀ ਗਿਣਤੀ ਵਧ ਜਾਵੇ।”+
18 ਇਸ ਲਈ ਨੂਹ ਆਪਣੇ ਪੁੱਤਰਾਂ,+ ਆਪਣੀ ਪਤਨੀ ਅਤੇ ਆਪਣੀਆਂ ਨੂੰਹਾਂ ਨਾਲ ਬਾਹਰ ਆ ਗਿਆ। 19 ਹਰ ਜੀਉਂਦਾ ਪ੍ਰਾਣੀ, ਘਿਸਰਨ ਵਾਲਾ ਜਾਨਵਰ ਅਤੇ ਧਰਤੀ ਉੱਤੇ ਤੁਰਨ-ਫਿਰਨ ਵਾਲਾ ਹਰ ਜੀਵ ਆਪੋ-ਆਪਣੀ ਕਿਸਮ ਨਾਲ ਕਿਸ਼ਤੀ ਵਿੱਚੋਂ ਬਾਹਰ ਆ ਗਿਆ।+ 20 ਫਿਰ ਨੂਹ ਨੇ ਯਹੋਵਾਹ ਲਈ ਇਕ ਵੇਦੀ ਬਣਾਈ+ ਅਤੇ ਕੁਝ ਸ਼ੁੱਧ ਜਾਨਵਰ ਅਤੇ ਕੁਝ ਸ਼ੁੱਧ ਪੰਛੀ+ ਹੋਮ-ਬਲ਼ੀ ਵਜੋਂ ਚੜ੍ਹਾਏ।+ 21 ਫਿਰ ਯਹੋਵਾਹ ਨੇ ਇਸ ਦੀ ਖ਼ੁਸ਼ਬੂ ਸੁੰਘੀ ਜਿਸ ਤੋਂ ਉਹ ਖ਼ੁਸ਼ ਹੋਇਆ। ਇਸ ਲਈ ਯਹੋਵਾਹ ਨੇ ਆਪਣੇ ਦਿਲ ਵਿਚ ਕਿਹਾ: “ਮੈਂ ਹੁਣ ਕਦੀ ਵੀ ਇਨਸਾਨ ਕਰਕੇ ਜ਼ਮੀਨ ਨੂੰ ਸਰਾਪ ਨਹੀਂ ਦਿਆਂਗਾ+ ਕਿਉਂਕਿ ਬਚਪਨ ਤੋਂ ਹੀ ਉਹ ਮਨ ਵਿਚ ਬੁਰਾਈ ਕਰਨ ਬਾਰੇ ਸੋਚਦਾ ਰਹਿੰਦਾ ਹੈ।+ ਮੈਂ ਕਦੀ ਵੀ ਇਨਸਾਨ ਅਤੇ ਜੀਉਂਦੇ ਪ੍ਰਾਣੀਆਂ ਨੂੰ ਖ਼ਤਮ ਨਹੀਂ ਕਰਾਂਗਾ, ਜਿਵੇਂ ਮੈਂ ਹੁਣ ਕੀਤਾ ਹੈ।+ 22 ਹੁਣ ਤੋਂ ਧਰਤੀ ਉੱਤੇ ਬੀਜਣ-ਵੱਢਣ, ਠੰਢ-ਗਰਮੀ, ਗਰਮੀਆਂ-ਸਰਦੀਆਂ ਅਤੇ ਦਿਨ-ਰਾਤ ਦਾ ਸਿਲਸਿਲਾ ਕਦੇ ਖ਼ਤਮ ਨਹੀਂ ਹੋਵੇਗਾ।”+
9 ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਪੁੱਤਰਾਂ ਨੂੰ ਬਰਕਤ ਦਿੰਦੇ ਹੋਏ ਕਿਹਾ: “ਵਧੋ-ਫੁੱਲੋ ਅਤੇ ਧਰਤੀ ਨੂੰ ਭਰ ਦਿਓ।+ 2 ਧਰਤੀ ਉੱਤੇ ਹਰ ਜੀਉਂਦੇ ਪ੍ਰਾਣੀ ਅਤੇ ਆਕਾਸ਼ ਵਿਚ ਉੱਡਣ ਵਾਲੇ ਹਰ ਜੀਵ ਅਤੇ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਅਤੇ ਜ਼ਮੀਨ ਉੱਤੇ ਘਿਸਰਨ ਵਾਲੇ ਹਰ ਜਾਨਵਰ ਵਿਚ ਤੁਹਾਡਾ ਡਰ ਅਤੇ ਖ਼ੌਫ਼ ਰਹੇਗਾ। ਮੈਂ ਇਨ੍ਹਾਂ ਨੂੰ ਤੁਹਾਡੇ ਅਧੀਨ ਕੀਤਾ ਹੈ।+ 3 ਮੈਂ ਤੁਹਾਨੂੰ ਹਰ ਜੀਉਂਦਾ ਪ੍ਰਾਣੀ ਭੋਜਨ ਦੇ ਤੌਰ ਤੇ ਦਿੰਦਾ ਹਾਂ।+ ਜਿਵੇਂ ਮੈਂ ਤੁਹਾਨੂੰ ਪੇੜ-ਪੌਦੇ ਭੋਜਨ ਲਈ ਦਿੱਤੇ ਸਨ, ਉਸੇ ਤਰ੍ਹਾਂ ਇਹ ਸਾਰੇ ਵੀ ਤੁਹਾਨੂੰ ਭੋਜਨ ਲਈ ਦਿੰਦਾ ਹਾਂ।+ 4 ਪਰ ਤੁਸੀਂ ਮਾਸ ਖ਼ੂਨ ਸਣੇ ਨਹੀਂ ਖਾਣਾ+ ਕਿਉਂਕਿ ਖ਼ੂਨ ਜੀਵਨ ਹੈ।+ 5 ਇਸ ਤੋਂ ਇਲਾਵਾ, ਮੈਂ ਤੁਹਾਡੇ ਖ਼ੂਨ ਦਾ ਲੇਖਾ ਲਵਾਂਗਾ। ਜੇ ਕੋਈ ਜਾਨਵਰ ਤੁਹਾਡਾ ਖ਼ੂਨ ਵਹਾਉਂਦਾ ਹੈ, ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ। ਜੇ ਕੋਈ ਇਨਸਾਨ ਤੁਹਾਡੀ ਜਾਨ ਲੈਂਦਾ ਹੈ, ਤਾਂ ਮੈਂ ਉਸ ਤੋਂ ਇਸ ਦਾ ਹਿਸਾਬ ਲਵਾਂਗਾ।+ 6 ਜੇ ਕੋਈ ਕਿਸੇ ਇਨਸਾਨ ਦਾ ਖ਼ੂਨ ਕਰਦਾ ਹੈ, ਤਾਂ ਉਸ ਦਾ ਖ਼ੂਨ ਵੀ ਇਨਸਾਨ ਦੇ ਹੱਥੋਂ ਵਹਾਇਆ ਜਾਵੇਗਾ+ ਕਿਉਂਕਿ ਮੈਂ ਇਨਸਾਨ ਨੂੰ ਆਪਣੇ ਸਰੂਪ ਉੱਤੇ ਬਣਾਇਆ ਸੀ।”+ 7 ਅਤੇ ਪਰਮੇਸ਼ੁਰ ਨੇ ਅੱਗੇ ਕਿਹਾ: “ਤੁਸੀਂ ਵਧੋ-ਫੁੱਲੋ ਅਤੇ ਧਰਤੀ ਨੂੰ ਭਰ ਦਿਓ।”+
8 ਫਿਰ ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਪੁੱਤਰਾਂ ਨੂੰ ਕਿਹਾ: 9 “ਮੈਂ ਹੁਣ ਤੁਹਾਡੇ ਨਾਲ ਅਤੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਇਕਰਾਰ ਕਰਦਾ ਹਾਂ+ 10 ਅਤੇ ਤੁਹਾਡੇ ਨਾਲ ਕਿਸ਼ਤੀ ਵਿੱਚੋਂ ਬਾਹਰ ਆਏ ਸਾਰੇ ਜੀਉਂਦੇ ਪ੍ਰਾਣੀਆਂ ਯਾਨੀ ਪੰਛੀਆਂ, ਪਾਲਤੂ ਪਸ਼ੂਆਂ ਅਤੇ ਧਰਤੀ ਉੱਤੇ ਹੋਰ ਸਾਰੇ ਜਾਨਵਰਾਂ ਨਾਲ ਵੀ ਯਾਨੀ ਧਰਤੀ ਉੱਤੇ ਹਰ ਜੀਉਂਦੇ ਪ੍ਰਾਣੀ+ ਨਾਲ ਇਕਰਾਰ ਕਰਦਾ ਹਾਂ। 11 ਹਾਂ, ਮੈਂ ਤੁਹਾਡੇ ਨਾਲ ਇਹ ਇਕਰਾਰ ਕਰਦਾ ਹਾਂ: ਮੈਂ ਦੁਬਾਰਾ ਕਦੀ ਵੀ ਸਾਰੇ ਇਨਸਾਨਾਂ ਅਤੇ ਜਾਨਵਰਾਂ ਨੂੰ ਜਲ-ਪਰਲੋ ਨਾਲ ਨਾਸ਼ ਨਹੀਂ ਕਰਾਂਗਾ ਅਤੇ ਮੈਂ ਦੁਬਾਰਾ ਕਦੀ ਜਲ-ਪਰਲੋ ਨਾਲ ਧਰਤੀ ਨੂੰ ਨਹੀਂ ਉਜਾੜਾਂਗਾ।”+
12 ਪਰਮੇਸ਼ੁਰ ਨੇ ਅੱਗੇ ਕਿਹਾ: “ਮੈਂ ਤੁਹਾਡੇ ਨਾਲ ਅਤੇ ਸਾਰੇ ਜੀਉਂਦੇ ਪ੍ਰਾਣੀਆਂ ਨਾਲ ਹਮੇਸ਼ਾ ਲਈ ਜੋ ਇਕਰਾਰ ਕੀਤਾ ਹੈ, ਉਸ ਲਈ ਮੈਂ ਇਕ ਨਿਸ਼ਾਨੀ ਦਿੰਦਾ ਹਾਂ। 13 ਮੈਂ ਬੱਦਲਾਂ ਵਿਚ ਆਪਣੀ ਸਤਰੰਗੀ ਪੀਂਘ ਰੱਖੀ ਹੈ ਅਤੇ ਇਹ ਮੇਰੇ ਅਤੇ ਧਰਤੀ ਉੱਤੇ ਰਹਿੰਦੇ ਸਾਰੇ ਜੀਉਂਦੇ ਪ੍ਰਾਣੀਆਂ ਵਿਚ ਹੋਏ ਇਕਰਾਰ ਦੀ ਨਿਸ਼ਾਨੀ ਹੋਵੇਗੀ। 14 ਜਦੋਂ ਵੀ ਮੈਂ ਧਰਤੀ ਉੱਤੇ ਬੱਦਲ ਲੈ ਕੇ ਆਵਾਂਗਾ, ਤਾਂ ਇਹ ਸਤਰੰਗੀ ਪੀਂਘ ਬੱਦਲਾਂ ਵਿਚ ਜ਼ਰੂਰ ਨਜ਼ਰ ਆਵੇਗੀ। 15 ਮੈਂ ਆਪਣੇ ਇਕਰਾਰ ਨੂੰ ਜ਼ਰੂਰ ਯਾਦ ਕਰਾਂਗਾ ਜੋ ਮੈਂ ਤੁਹਾਡੇ ਨਾਲ ਅਤੇ ਹਰ ਕਿਸਮ ਦੇ ਸਾਰੇ ਜੀਉਂਦੇ ਪ੍ਰਾਣੀਆਂ ਨਾਲ ਕੀਤਾ ਹੈ; ਅਤੇ ਫਿਰ ਕਦੀ ਵੀ ਜਲ-ਪਰਲੋ ਦਾ ਪਾਣੀ ਸਾਰੇ ਜੀਉਂਦੇ ਪ੍ਰਾਣੀਆਂ ਨੂੰ ਨਾਸ਼ ਨਹੀਂ ਕਰੇਗਾ।+ 16 ਬੱਦਲਾਂ ਵਿਚ ਸਤਰੰਗੀ ਪੀਂਘ ਪ੍ਰਗਟ ਹੋਵੇਗੀ ਅਤੇ ਮੈਂ ਇਸ ਨੂੰ ਦੇਖ ਕੇ ਉਸ ਇਕਰਾਰ ਨੂੰ ਯਾਦ ਕਰਾਂਗਾ ਜੋ ਮੈਂ ਧਰਤੀ ਉੱਤੇ ਹਰ ਕਿਸਮ ਦੇ ਸਾਰੇ ਜੀਉਂਦੇ ਪ੍ਰਾਣੀਆਂ ਨਾਲ ਹਮੇਸ਼ਾ ਲਈ ਕੀਤਾ ਹੈ।”
17 ਪਰਮੇਸ਼ੁਰ ਨੇ ਨੂਹ ਨੂੰ ਦੁਬਾਰਾ ਕਿਹਾ: “ਇਹ ਉਸ ਇਕਰਾਰ ਦੀ ਨਿਸ਼ਾਨੀ ਹੈ ਜੋ ਮੈਂ ਧਰਤੀ ਉੱਤੇ ਰਹਿਣ ਵਾਲਿਆਂ ਨਾਲ ਕੀਤਾ ਹੈ।”+
18 ਨੂਹ ਦੇ ਪੁੱਤਰ ਸ਼ੇਮ, ਹਾਮ ਅਤੇ ਯਾਫਥ+ ਸਨ ਜੋ ਕਿਸ਼ਤੀ ਵਿੱਚੋਂ ਬਾਹਰ ਆਏ ਸਨ। ਬਾਅਦ ਵਿਚ ਹਾਮ ਦਾ ਪੁੱਤਰ ਕਨਾਨ+ ਪੈਦਾ ਹੋਇਆ। 19 ਇਹ ਨੂਹ ਦੇ ਤਿੰਨ ਪੁੱਤਰ ਸਨ ਜਿਨ੍ਹਾਂ ਤੋਂ ਸਾਰੀ ਧਰਤੀ ਆਬਾਦ ਹੋਈ।+
20 ਹੁਣ ਨੂਹ ਨੇ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਉਸ ਨੇ ਅੰਗੂਰਾਂ ਦਾ ਇਕ ਬਾਗ਼ ਲਾਇਆ। 21 ਇਕ ਦਿਨ ਉਸ ਨੇ ਦਾਖਰਸ ਪੀਤਾ ਜਿਸ ਕਰਕੇ ਉਸ ਨੂੰ ਨਸ਼ਾ ਹੋ ਗਿਆ ਅਤੇ ਉਹ ਆਪਣੇ ਤੰਬੂ ਵਿਚ ਨੰਗਾ ਪੈ ਗਿਆ। 22 ਕਨਾਨ ਦੇ ਪਿਤਾ ਹਾਮ ਨੇ ਆਪਣੇ ਪਿਤਾ ਦਾ ਨੰਗੇਜ਼ ਦੇਖਿਆ ਅਤੇ ਬਾਹਰ ਜਾ ਕੇ ਆਪਣੇ ਦੋਵੇਂ ਭਰਾਵਾਂ ਨੂੰ ਦੱਸਿਆ। 23 ਇਸ ਲਈ ਸ਼ੇਮ ਅਤੇ ਯਾਫਥ ਦੋਵਾਂ ਨੇ ਆਪਣੇ ਮੋਢਿਆਂ ʼਤੇ ਇਕ ਚਾਦਰ ਰੱਖੀ ਅਤੇ ਆਪਣੇ ਪਿਤਾ ਵੱਲ ਪਿੱਠ ਕਰ ਕੇ ਪਿੱਛੇ ਨੂੰ ਗਏ ਅਤੇ ਉਸ ਦਾ ਨੰਗੇਜ਼ ਢਕ ਦਿੱਤਾ। ਉਨ੍ਹਾਂ ਨੇ ਆਪਣੇ ਮੂੰਹ ਦੂਜੇ ਪਾਸੇ ਕੀਤੇ ਸਨ ਜਿਸ ਕਰਕੇ ਉਨ੍ਹਾਂ ਨੇ ਆਪਣੇ ਪਿਤਾ ਦਾ ਨੰਗੇਜ਼ ਨਹੀਂ ਦੇਖਿਆ।
24 ਜਦੋਂ ਨੂਹ ਦਾਖਰਸ ਦੇ ਨਸ਼ੇ ਤੋਂ ਜਾਗਿਆ, ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਸਭ ਤੋਂ ਛੋਟੇ ਪੁੱਤਰ ਨੇ ਉਸ ਨਾਲ ਕੀ ਕੀਤਾ ਸੀ। 25 ਉਸ ਨੇ ਕਿਹਾ:
“ਕਨਾਨ+ ਨੂੰ ਸਰਾਪ ਲੱਗੇ।
ਉਹ ਆਪਣੇ ਭਰਾਵਾਂ ਦਾ ਸਭ ਤੋਂ ਨੀਵਾਂ ਗ਼ੁਲਾਮ ਬਣੇ।”+
26 ਉਸ ਨੇ ਅੱਗੇ ਕਿਹਾ:
27 ਪਰਮੇਸ਼ੁਰ ਯਾਫਥ ਨੂੰ ਵੱਡਾ ਇਲਾਕਾ ਦੇਵੇ,
ਅਤੇ ਉਹ ਸ਼ੇਮ ਦੇ ਤੰਬੂਆਂ ਵਿਚ ਵੱਸੇ।
ਕਨਾਨ ਉਸ* ਦਾ ਵੀ ਗ਼ੁਲਾਮ ਬਣੇ।”
28 ਨੂਹ ਜਲ-ਪਰਲੋ ਤੋਂ ਬਾਅਦ 350 ਸਾਲ ਜੀਉਂਦਾ ਰਿਹਾ।+ 29 ਇਸ ਲਈ ਨੂਹ ਦੀ ਪੂਰੀ ਉਮਰ 950 ਸਾਲ ਸੀ ਅਤੇ ਫਿਰ ਉਹ ਮਰ ਗਿਆ।
10 ਇਹ ਨੂਹ ਦੇ ਪੁੱਤਰਾਂ ਸ਼ੇਮ,+ ਹਾਮ ਤੇ ਯਾਫਥ ਦੀ ਵੰਸ਼ਾਵਲੀ ਹੈ।
ਜਲ-ਪਰਲੋ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਪੈਦਾ ਹੋਏ।+ 2 ਯਾਫਥ ਦੇ ਪੁੱਤਰ ਸਨ ਗੋਮਰ,+ ਮਾਗੋਗ,+ ਮਾਦਈ, ਯਾਵਾਨ, ਤੂਬਲ,+ ਮਸ਼ੇਕ+ ਅਤੇ ਤੀਰਾਸ।+
3 ਗੋਮਰ ਦੇ ਪੁੱਤਰ ਸਨ ਅਸ਼ਕਨਜ਼,+ ਰੀਫਥ ਅਤੇ ਤੋਗਰਮਾਹ।+
4 ਯਾਵਾਨ ਦੇ ਪੁੱਤਰ ਸਨ ਅਲੀਸ਼ਾਹ,+ ਤਰਸ਼ੀਸ਼,+ ਕਿੱਤੀਮ+ ਅਤੇ ਦੋਦਾਨੀਮ।
5 ਇਨ੍ਹਾਂ ਦੀਆਂ ਪੀੜ੍ਹੀਆਂ ਆਪੋ-ਆਪਣੀਆਂ ਭਾਸ਼ਾਵਾਂ ਅਤੇ ਪਰਿਵਾਰਾਂ ਅਤੇ ਕੌਮਾਂ ਅਨੁਸਾਰ ਟਾਪੂਆਂ* ਵਿਚ ਜਾ ਵੱਸੀਆਂ।
6 ਹਾਮ ਦੇ ਪੁੱਤਰ ਸਨ ਕੂਸ਼, ਮਿਸਰਾਇਮ,+ ਫੂਟ+ ਅਤੇ ਕਨਾਨ।+
7 ਕੂਸ਼ ਦੇ ਪੁੱਤਰ ਸਨ ਸਬਾ,+ ਹਵੀਲਾਹ, ਸਬਤਾਹ, ਰਾਮਾਹ+ ਅਤੇ ਸਬਤਕਾ।
ਰਾਮਾਹ ਦੇ ਪੁੱਤਰ ਸਨ ਸ਼ਬਾ ਅਤੇ ਦਦਾਨ।
8 ਕੂਸ਼ ਦਾ ਇਕ ਹੋਰ ਪੁੱਤਰ ਨਿਮਰੋਦ ਪੈਦਾ ਹੋਇਆ। ਉਹ ਪਹਿਲਾ ਇਨਸਾਨ ਸੀ ਜਿਹੜਾ ਧਰਤੀ ਉੱਤੇ ਤਾਕਤਵਰ ਬਣਿਆ। 9 ਉਹ ਤਾਕਤਵਰ ਸ਼ਿਕਾਰੀ ਬਣਿਆ ਜੋ ਯਹੋਵਾਹ ਦੇ ਵਿਰੁੱਧ ਸੀ। ਇਸ ਕਰਕੇ ਲੋਕ ਦੂਸਰਿਆਂ ਦੀ ਤੁਲਨਾ ਨਿਮਰੋਦ ਨਾਲ ਕਰਦੇ ਹੋਏ ਕਹਿੰਦੇ ਸਨ: “ਇਹ ਬਿਲਕੁਲ ਨਿਮਰੋਦ ਵਰਗਾ ਹੈ ਜੋ ਯਹੋਵਾਹ ਦੇ ਖ਼ਿਲਾਫ਼ ਇਕ ਤਾਕਤਵਰ ਸ਼ਿਕਾਰੀ ਸੀ।” 10 ਉਸ ਦੇ ਰਾਜ ਦੇ ਪਹਿਲੇ ਸ਼ਹਿਰ ਸਨ ਬਾਬਲ,+ ਅਰਕ,+ ਅਕੱਦ ਅਤੇ ਕਲਨੇਹ ਜਿਹੜੇ ਸ਼ਿਨਾਰ* ਦੇ ਇਲਾਕੇ+ ਵਿਚ ਸਨ। 11 ਉਸ ਇਲਾਕੇ ਤੋਂ ਉਹ ਅੱਸ਼ੂਰ+ ਨੂੰ ਚਲਾ ਗਿਆ ਅਤੇ ਉੱਥੇ ਉਸ ਨੇ ਇਹ ਸ਼ਹਿਰ ਬਣਾਏ ਨੀਨਵਾਹ,+ ਰਹੋਬੋਥ-ਈਰ, ਕਾਲਹ 12 ਅਤੇ ਰਸਨ ਜੋ ਨੀਨਵਾਹ ਤੇ ਕਾਲਹ ਦੇ ਵਿਚਕਾਰ ਹੈ: ਇਹ ਵੱਡਾ ਸ਼ਹਿਰ ਹੈ।*
13 ਮਿਸਰਾਇਮ ਦੇ ਪੁੱਤਰ ਸਨ ਲੂਦੀਮ,+ ਅਨਾਮੀ, ਲਹਾਬੀਮ, ਨਫਤੁਹੀਮ,+ 14 ਪਤਰੂਸੀ,+ ਕਸਲੁਹੀਮ (ਜਿਨ੍ਹਾਂ ਤੋਂ ਫਲਿਸਤੀ+ ਆਏ) ਅਤੇ ਕਫਤੋਰੀ।+
15 ਕਨਾਨ ਦੇ ਪੁੱਤਰ ਸਨ ਜੇਠਾ ਸੀਦੋਨ+ ਅਤੇ ਹੇਥ,+ 16 ਨਾਲੇ ਯਬੂਸੀ,+ ਅਮੋਰੀ,+ ਗਿਰਗਾਸ਼ੀ, 17 ਹਿੱਵੀ,+ ਅਰਕੀ, ਸੀਨੀ, 18 ਅਰਵਾਦੀ,+ ਸਮਾਰੀ ਅਤੇ ਹਮਾਥੀ।+ ਬਾਅਦ ਵਿਚ ਕਨਾਨੀਆਂ ਦੇ ਪਰਿਵਾਰ ਹੋਰ ਥਾਵਾਂ ʼਤੇ ਵੱਸ ਗਏ। 19 ਇਸ ਲਈ ਕਨਾਨੀਆਂ ਦੇ ਇਲਾਕੇ ਦੀ ਹੱਦ ਸੀਦੋਨ ਤੋਂ ਲੈ ਕੇ ਗਾਜ਼ਾ+ ਦੇ ਨੇੜੇ ਗਰਾਰ+ ਤਕ ਅਤੇ ਲਾਸ਼ਾ ਨੇੜੇ ਸਦੂਮ, ਗਮੋਰਾ,*+ ਅਦਮਾਹ ਅਤੇ ਸਬੋਈਮ+ ਤਕ ਸੀ। 20 ਇਹ ਸਾਰੇ ਹਾਮ ਦੇ ਪੁੱਤਰ ਸਨ ਜਿਨ੍ਹਾਂ ਦੀ ਉਨ੍ਹਾਂ ਦੇ ਪਰਿਵਾਰਾਂ, ਭਾਸ਼ਾਵਾਂ, ਇਲਾਕਿਆਂ ਅਤੇ ਕੌਮਾਂ ਅਨੁਸਾਰ ਸੂਚੀ ਦਿੱਤੀ ਗਈ ਹੈ।
21 ਜੇਠੇ ਮੁੰਡੇ ਯਾਫਥ ਦੇ ਭਰਾ* ਸ਼ੇਮ ਦੇ ਬੱਚੇ ਪੈਦਾ ਹੋਏ ਜੋ ਏਬਰ+ ਦੀ ਸੰਤਾਨ ਦਾ ਪੂਰਵਜ ਸੀ। 22 ਸ਼ੇਮ ਦੇ ਪੁੱਤਰ ਸਨ ਏਲਾਮ,+ ਅੱਸ਼ੂਰ,+ ਅਰਪਕਸ਼ਦ,+ ਲੂਦ ਅਤੇ ਅਰਾਮ।+
23 ਅਰਾਮ ਦੇ ਪੁੱਤਰ ਸਨ ਊਸ, ਹੂਲ, ਗਥਰ ਅਤੇ ਮਸ਼।
24 ਅਰਪਕਸ਼ਦ ਤੋਂ ਸ਼ੇਲਾਹ+ ਪੈਦਾ ਹੋਇਆ ਅਤੇ ਸ਼ੇਲਾਹ ਤੋਂ ਏਬਰ ਪੈਦਾ ਹੋਇਆ।
25 ਏਬਰ ਤੋਂ ਦੋ ਪੁੱਤਰ ਪੈਦਾ ਹੋਏ। ਇਕ ਦਾ ਨਾਂ ਪਲਗ*+ ਸੀ ਕਿਉਂਕਿ ਉਸ ਦੇ ਜੀਵਨ ਦੌਰਾਨ ਧਰਤੀ* ਵੰਡੀ ਗਈ ਸੀ। ਉਸ ਦੇ ਭਰਾ ਦਾ ਨਾਂ ਯਾਕਟਾਨ ਸੀ।+
26 ਯਾਕਟਾਨ ਦੇ ਪੁੱਤਰ ਸਨ ਅਲਮੋਦਾਦ, ਸ਼ਾਲਫ, ਹਸਰਮਾਵਤ, ਯਾਰਹ,+ 27 ਹਦੋਰਾਮ, ਊਜ਼ਾਲ, ਦਿਕਲਾਹ, 28 ਓਬਾਲ, ਅਬੀਮਾਏਲ, ਸ਼ਬਾ, 29 ਓਫੀਰ,+ ਹਵੀਲਾਹ ਅਤੇ ਯੋਬਾਬ; ਇਹ ਸਾਰੇ ਯਾਕਟਾਨ ਦੇ ਪੁੱਤਰ ਸਨ।
30 ਉਨ੍ਹਾਂ ਦੇ ਰਹਿਣ ਦਾ ਇਲਾਕਾ ਮੇਸ਼ਾ ਤੋਂ ਲੈ ਕੇ ਦੂਰ ਸਫਾਰ ਤਕ ਸੀ ਜੋ ਕਿ ਪੂਰਬ ਵਿਚ ਪਹਾੜੀ ਇਲਾਕਾ ਸੀ।
31 ਇਹ ਸ਼ੇਮ ਦੇ ਪੁੱਤਰ ਸਨ ਜਿਨ੍ਹਾਂ ਦੀ ਉਨ੍ਹਾਂ ਦੇ ਪਰਿਵਾਰਾਂ, ਭਾਸ਼ਾਵਾਂ, ਇਲਾਕਿਆਂ ਅਤੇ ਕੌਮਾਂ ਅਨੁਸਾਰ ਸੂਚੀ ਦਿੱਤੀ ਗਈ ਹੈ।+
32 ਇਹ ਨੂਹ ਦੇ ਪੁੱਤਰਾਂ ਦੇ ਪਰਿਵਾਰ ਸਨ ਜਿਨ੍ਹਾਂ ਦੀ ਸੂਚੀ ਉਨ੍ਹਾਂ ਦੀਆਂ ਪੀੜ੍ਹੀਆਂ ਅਤੇ ਕੌਮਾਂ ਅਨੁਸਾਰ ਦਿੱਤੀ ਗਈ ਹੈ। ਜਲ-ਪਰਲੋ ਤੋਂ ਬਾਅਦ ਇਨ੍ਹਾਂ ਤੋਂ ਜੋ ਕੌਮਾਂ ਬਣੀਆਂ ਉਹ ਧਰਤੀ ਉੱਤੇ ਫੈਲ ਗਈਆਂ।+
11 ਉਸ ਸਮੇਂ ਧਰਤੀ ਉੱਤੇ ਸਾਰੇ ਲੋਕ ਇੱਕੋ ਭਾਸ਼ਾ ਬੋਲਦੇ ਸਨ ਅਤੇ ਇੱਕੋ ਜਿਹੇ ਸ਼ਬਦ ਵਰਤਦੇ ਸਨ। 2 ਜਦੋਂ ਲੋਕਾਂ ਨੇ ਪੂਰਬ ਵੱਲ ਸਫ਼ਰ ਕੀਤਾ, ਤਾਂ ਉਨ੍ਹਾਂ ਨੂੰ ਸ਼ਿਨਾਰ+ ਵਿਚ ਇਕ ਮੈਦਾਨੀ ਇਲਾਕਾ ਮਿਲਿਆ ਅਤੇ ਉਹ ਉੱਥੇ ਵੱਸ ਗਏ। 3 ਫਿਰ ਉਨ੍ਹਾਂ ਨੇ ਇਕ-ਦੂਸਰੇ ਨੂੰ ਕਿਹਾ: “ਆਓ ਆਪਾਂ ਇੱਟਾਂ ਬਣਾ ਕੇ ਉਨ੍ਹਾਂ ਨੂੰ ਅੱਗ ਵਿਚ ਪਕਾਈਏ।” ਇਸ ਲਈ ਉਨ੍ਹਾਂ ਨੇ ਪੱਥਰਾਂ ਦੀ ਜਗ੍ਹਾ ਇੱਟਾਂ ਅਤੇ ਚਿਣਾਈ ਲਈ ਤਾਰਕੋਲ ਇਸਤੇਮਾਲ ਕੀਤਾ। 4 ਹੁਣ ਉਨ੍ਹਾਂ ਨੇ ਕਿਹਾ: “ਆਓ ਆਪਾਂ ਆਪਣੇ ਵਾਸਤੇ ਇਕ ਸ਼ਹਿਰ ਅਤੇ ਇਕ ਬੁਰਜ ਬਣਾਈਏ ਜਿਸ ਦਾ ਸਿਰਾ ਆਕਾਸ਼ ਨੂੰ ਛੂਹੇ ਅਤੇ ਅਸੀਂ ਮਸ਼ਹੂਰ ਹੋ ਜਾਈਏ ਤਾਂਕਿ ਅਸੀਂ ਪੂਰੀ ਧਰਤੀ ਉੱਤੇ ਖਿੰਡ-ਪੁੰਡ ਨਾ ਜਾਈਏ।”+
5 ਫਿਰ ਯਹੋਵਾਹ ਉਸ ਸ਼ਹਿਰ ਅਤੇ ਬੁਰਜ ਨੂੰ ਦੇਖਣ ਲਈ ਥੱਲੇ ਗਿਆ* ਜਿਸ ਨੂੰ ਇਨਸਾਨ ਬਣਾ ਰਹੇ ਸਨ। 6 ਫਿਰ ਯਹੋਵਾਹ ਨੇ ਕਿਹਾ: “ਦੇਖੋ! ਸਾਰੇ ਲੋਕ ਇਕਮੁੱਠ ਹਨ ਕਿਉਂਕਿ ਉਨ੍ਹਾਂ ਦੀ ਭਾਸ਼ਾ ਇੱਕੋ ਹੈ+ ਜਿਸ ਕਰਕੇ ਉਨ੍ਹਾਂ ਨੇ ਇਹ ਕੰਮ ਕਰਨਾ ਸ਼ੁਰੂ ਕੀਤਾ ਹੈ। ਹੁਣ ਉਨ੍ਹਾਂ ਲਈ ਅਜਿਹਾ ਕੋਈ ਵੀ ਕੰਮ ਕਰਨਾ ਨਾਮੁਮਕਿਨ ਨਹੀਂ ਹੋਵੇਗਾ ਜੋ ਉਨ੍ਹਾਂ ਦੇ ਮਨ ਵਿਚ ਹੈ। 7 ਇਸ ਲਈ ਆਓ ਆਪਾਂ+ ਥੱਲੇ ਚਲੀਏ ਅਤੇ ਉਨ੍ਹਾਂ ਦੀ ਭਾਸ਼ਾ ਬਦਲ ਕੇ ਗੜਬੜੀ ਫੈਲਾ ਦੇਈਏ ਤਾਂਕਿ ਉਹ ਇਕ-ਦੂਜੇ ਦੀ ਭਾਸ਼ਾ ਨਾ ਸਮਝ ਸਕਣ।” 8 ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਉੱਥੋਂ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ+ ਅਤੇ ਉਨ੍ਹਾਂ ਨੇ ਹੌਲੀ-ਹੌਲੀ ਉਹ ਸ਼ਹਿਰ ਬਣਾਉਣਾ ਛੱਡ ਦਿੱਤਾ। 9 ਇਸੇ ਕਰਕੇ ਉਸ ਸ਼ਹਿਰ ਦਾ ਨਾਂ ਬਾਬਲ*+ ਰੱਖਿਆ ਗਿਆ ਕਿਉਂਕਿ ਯਹੋਵਾਹ ਨੇ ਪੂਰੀ ਧਰਤੀ ʼਤੇ ਬੋਲੀ ਜਾਂਦੀ ਭਾਸ਼ਾ ਬਦਲ ਦਿੱਤੀ ਸੀ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਉੱਥੋਂ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ।
10 ਇਹ ਸ਼ੇਮ+ ਦੀ ਵੰਸ਼ਾਵਲੀ ਹੈ।
ਸ਼ੇਮ 100 ਸਾਲ ਦਾ ਸੀ ਜਦੋਂ ਜਲ-ਪਰਲੋ ਤੋਂ ਦੋ ਸਾਲ ਬਾਅਦ ਉਸ ਦੇ ਅਰਪਕਸ਼ਦ ਪੈਦਾ ਹੋਇਆ।+ 11 ਅਰਪਕਸ਼ਦ ਦੇ ਪੈਦਾ ਹੋਣ ਤੋਂ ਬਾਅਦ ਸ਼ੇਮ 500 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ।+
12 ਜਦੋਂ ਅਰਪਕਸ਼ਦ 35 ਸਾਲ ਦਾ ਸੀ, ਤਾਂ ਉਸ ਦੇ ਸ਼ੇਲਾਹ+ ਪੈਦਾ ਹੋਇਆ। 13 ਸ਼ੇਲਾਹ ਦੇ ਪੈਦਾ ਹੋਣ ਤੋਂ ਬਾਅਦ ਅਰਪਕਸ਼ਦ 403 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ।
14 ਜਦੋਂ ਸ਼ੇਲਾਹ 30 ਸਾਲ ਦਾ ਸੀ, ਤਾਂ ਉਸ ਦੇ ਏਬਰ+ ਪੈਦਾ ਹੋਇਆ। 15 ਏਬਰ ਦੇ ਪੈਦਾ ਹੋਣ ਤੋਂ ਬਾਅਦ ਸ਼ੇਲਾਹ 403 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ।
16 ਜਦੋਂ ਏਬਰ 34 ਸਾਲ ਦਾ ਸੀ, ਤਾਂ ਉਸ ਦੇ ਪਲਗ ਪੈਦਾ ਹੋਇਆ।+ 17 ਪਲਗ ਦੇ ਪੈਦਾ ਹੋਣ ਤੋਂ ਬਾਅਦ ਏਬਰ 430 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ।
18 ਜਦੋਂ ਪਲਗ 30 ਸਾਲ ਦਾ ਸੀ, ਤਾਂ ਉਸ ਦੇ ਰਊ+ ਪੈਦਾ ਹੋਇਆ। 19 ਰਊ ਦੇ ਪੈਦਾ ਹੋਣ ਤੋਂ ਬਾਅਦ ਪਲਗ 209 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ।
20 ਜਦੋਂ ਰਊ 32 ਸਾਲ ਦਾ ਸੀ, ਤਾਂ ਉਸ ਦੇ ਸਰੂਗ ਪੈਦਾ ਹੋਇਆ। 21 ਸਰੂਗ ਦੇ ਪੈਦਾ ਹੋਣ ਤੋਂ ਬਾਅਦ ਰਊ 207 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ।
22 ਜਦੋਂ ਸਰੂਗ 30 ਸਾਲ ਦਾ ਸੀ, ਤਾਂ ਉਸ ਦੇ ਨਾਹੋਰ ਪੈਦਾ ਹੋਇਆ। 23 ਨਾਹੋਰ ਦੇ ਪੈਦਾ ਹੋਣ ਤੋਂ ਬਾਅਦ ਸਰੂਗ 200 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ।
24 ਜਦੋਂ ਨਾਹੋਰ 29 ਸਾਲ ਦਾ ਸੀ, ਤਾਂ ਉਸ ਦੇ ਤਾਰਹ+ ਪੈਦਾ ਹੋਇਆ। 25 ਤਾਰਹ ਦੇ ਪੈਦਾ ਹੋਣ ਤੋਂ ਬਾਅਦ ਨਾਹੋਰ 119 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਧੀਆਂ-ਪੁੱਤਰ ਪੈਦਾ ਹੋਏ।
26 ਤਾਰਹ 70 ਸਾਲ ਦਾ ਹੋਣ ਤੋਂ ਬਾਅਦ ਅਬਰਾਮ,+ ਨਾਹੋਰ+ ਅਤੇ ਹਾਰਾਨ ਦਾ ਪਿਤਾ ਬਣਿਆ।
27 ਇਹ ਤਾਰਹ ਦੀ ਵੰਸ਼ਾਵਲੀ ਹੈ।
ਤਾਰਹ ਦੇ ਅਬਰਾਮ, ਨਾਹੋਰ ਅਤੇ ਹਾਰਾਨ ਪੈਦਾ ਹੋਏ ਅਤੇ ਹਾਰਾਨ ਦੇ ਲੂਤ+ ਪੈਦਾ ਹੋਇਆ। 28 ਹਾਰਾਨ ਦਾ ਜਨਮ ਕਸਦੀਆਂ+ ਦੇ ਊਰ+ ਵਿਚ ਹੋਇਆ ਸੀ। ਜਦੋਂ ਉੱਥੇ ਉਸ ਦੀ ਮੌਤ ਹੋਈ, ਤਾਂ ਉਸ ਦਾ ਪਿਤਾ ਤਾਰਹ ਅਜੇ ਜੀਉਂਦਾ ਸੀ। 29 ਅਬਰਾਮ ਅਤੇ ਉਸ ਦੇ ਭਰਾ ਨਾਹੋਰ ਨੇ ਵਿਆਹ ਕਰਾਇਆ। ਅਬਰਾਮ ਦੀ ਪਤਨੀ ਦਾ ਨਾਂ ਸਾਰਈ+ ਸੀ ਅਤੇ ਨਾਹੋਰ ਦੀ ਪਤਨੀ ਮਿਲਕਾਹ+ ਸੀ। ਮਿਲਕਾਹ ਅਤੇ ਯਿਸਕਾਹ ਹਾਰਾਨ ਦੀਆਂ ਧੀਆਂ ਸਨ। 30 ਸਾਰਈ ਬਾਂਝ ਸੀ;+ ਉਸ ਦੇ ਕੋਈ ਬੱਚਾ ਨਹੀਂ ਸੀ।
31 ਫਿਰ ਤਾਰਹ ਆਪਣੇ ਪੁੱਤਰ ਅਬਰਾਮ, ਆਪਣੇ ਪੋਤੇ ਲੂਤ+ ਜੋ ਹਾਰਾਨ ਦਾ ਪੁੱਤਰ ਸੀ ਅਤੇ ਆਪਣੀ ਨੂੰਹ ਸਾਰਈ ਨੂੰ ਜੋ ਅਬਰਾਮ ਦੀ ਪਤਨੀ ਸੀ, ਲੈ ਕੇ ਕਸਦੀਆਂ ਦਾ ਸ਼ਹਿਰ ਊਰ ਛੱਡ ਕੇ ਕਨਾਨ ਦੇਸ਼+ ਵੱਲ ਤੁਰ ਪਿਆ। ਕੁਝ ਸਮੇਂ ਬਾਅਦ ਉਹ ਹਾਰਾਨ ਪਹੁੰਚੇ+ ਅਤੇ ਉੱਥੇ ਰਹਿਣ ਲੱਗ ਪਏ। 32 ਤਾਰਹ ਦੀ ਪੂਰੀ ਉਮਰ 205 ਸਾਲ ਸੀ। ਫਿਰ ਉਹ ਹਾਰਾਨ ਵਿਚ ਮਰ ਗਿਆ।
12 ਯਹੋਵਾਹ ਨੇ ਅਬਰਾਮ ਨੂੰ ਕਿਹਾ: “ਤੂੰ ਆਪਣਾ ਦੇਸ਼, ਆਪਣੇ ਰਿਸ਼ਤੇਦਾਰ ਅਤੇ ਆਪਣੇ ਪਿਤਾ ਦਾ ਘਰਾਣਾ ਛੱਡ ਕੇ ਉਸ ਦੇਸ਼ ਨੂੰ ਚਲਾ ਜਾਹ ਜੋ ਮੈਂ ਤੈਨੂੰ ਦਿਖਾਵਾਂਗਾ।+ 2 ਮੈਂ ਤੇਰੇ ਤੋਂ ਇਕ ਵੱਡੀ ਕੌਮ ਬਣਾਵਾਂਗਾ ਅਤੇ ਤੈਨੂੰ ਬਰਕਤ ਦਿਆਂਗਾ ਅਤੇ ਮੈਂ ਤੇਰਾ ਨਾਂ ਉੱਚਾ ਕਰਾਂਗਾ ਅਤੇ ਤੇਰੇ ਰਾਹੀਂ ਦੂਸਰਿਆਂ ਨੂੰ ਬਰਕਤ ਮਿਲੇਗੀ।+ 3 ਮੈਂ ਉਨ੍ਹਾਂ ਲੋਕਾਂ ਨੂੰ ਬਰਕਤ ਦਿਆਂਗਾ ਜੋ ਤੈਨੂੰ ਬਰਕਤ ਦਿੰਦੇ ਹਨ ਅਤੇ ਉਸ ਇਨਸਾਨ ਨੂੰ ਸਰਾਪ ਦਿਆਂਗਾ ਜਿਹੜਾ ਤੈਨੂੰ ਬਦ-ਦੁਆ ਦਿੰਦਾ ਹੈ।+ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਤੇਰੇ ਰਾਹੀਂ ਜ਼ਰੂਰ ਬਰਕਤ ਮਿਲੇਗੀ।”*+
4 ਇਸ ਲਈ ਯਹੋਵਾਹ ਦਾ ਕਹਿਣਾ ਮੰਨ ਕੇ ਅਬਰਾਮ ਚਲਾ ਗਿਆ ਅਤੇ ਲੂਤ ਵੀ ਉਸ ਨਾਲ ਗਿਆ। ਹਾਰਾਨ ਤੋਂ ਜਾਣ ਵੇਲੇ ਅਬਰਾਮ 75 ਸਾਲ ਦਾ ਸੀ।+ 5 ਅਬਰਾਮ ਆਪਣੀ ਪਤਨੀ ਸਾਰਈ+ ਅਤੇ ਆਪਣੇ ਭਤੀਜੇ ਲੂਤ+ ਨਾਲ ਕਨਾਨ ਦੇਸ਼ ਨੂੰ ਜਾਣ ਲਈ ਤੁਰ ਪਿਆ। ਉਹ ਆਪਣੇ ਨਾਲ ਉਹ ਸਭ ਕੁਝ ਜੋ ਉਨ੍ਹਾਂ ਨੇ ਇਕੱਠਾ ਕੀਤਾ ਸੀ+ ਅਤੇ ਸਾਰੇ ਨੌਕਰ-ਨੌਕਰਾਣੀਆਂ ਲੈ ਗਏ ਜੋ ਉਨ੍ਹਾਂ ਕੋਲ ਹਾਰਾਨ ਵਿਚ ਸਨ।+ ਕਨਾਨ ਦੇਸ਼ ਵਿਚ ਪਹੁੰਚਣ ਤੋਂ ਬਾਅਦ 6 ਅਬਰਾਮ ਉਸ ਦੇਸ਼ ਵਿਚ ਸਫ਼ਰ ਕਰਦਾ-ਕਰਦਾ ਮੋਰੇਹ+ ਦੇ ਵੱਡੇ ਦਰਖ਼ਤਾਂ ਕੋਲ ਸ਼ਕਮ ਨਾਂ ਦੀ ਜਗ੍ਹਾ+ ਆਇਆ। ਉਸ ਵੇਲੇ ਕਨਾਨੀ ਲੋਕ ਉਸ ਦੇਸ਼ ਵਿਚ ਰਹਿੰਦੇ ਸਨ। 7 ਫਿਰ ਯਹੋਵਾਹ ਅਬਰਾਮ ਸਾਮ੍ਹਣੇ ਪ੍ਰਗਟ ਹੋਇਆ ਅਤੇ ਕਿਹਾ: “ਮੈਂ ਤੇਰੀ ਸੰਤਾਨ*+ ਨੂੰ ਇਹ ਦੇਸ਼ ਦੇਣ ਜਾ ਰਿਹਾ ਹਾਂ।”+ ਇਸ ਲਈ ਅਬਰਾਮ ਨੇ ਉੱਥੇ ਯਹੋਵਾਹ ਲਈ ਇਕ ਵੇਦੀ ਬਣਾਈ ਜੋ ਉਸ ਦੇ ਸਾਮ੍ਹਣੇ ਪ੍ਰਗਟ ਹੋਇਆ ਸੀ। 8 ਬਾਅਦ ਵਿਚ ਉਹ ਉੱਥੋਂ ਬੈਤੇਲ+ ਦੇ ਪੂਰਬ ਵੱਲ ਇਕ ਪਹਾੜੀ ਇਲਾਕੇ ਵਿਚ ਚਲਾ ਗਿਆ ਅਤੇ ਜਿੱਥੇ ਉਸ ਨੇ ਡੇਰਾ ਲਾਇਆ, ਉੱਥੋਂ ਬੈਤੇਲ ਪੱਛਮ ਵੱਲ ਸੀ ਅਤੇ ਅਈ+ ਪੂਰਬ ਵੱਲ ਸੀ। ਉੱਥੇ ਉਸ ਨੇ ਯਹੋਵਾਹ ਲਈ ਇਕ ਵੇਦੀ ਬਣਾਈ+ ਅਤੇ ਯਹੋਵਾਹ ਦੇ ਨਾਂ ਦੀ ਮਹਿਮਾ ਕਰਨ ਲੱਗਾ।+ 9 ਬਾਅਦ ਵਿਚ ਅਬਰਾਮ ਨੇ ਉੱਥੋਂ ਡੇਰਾ ਚੁੱਕ ਕੇ ਨੇਗੇਬ*+ ਵੱਲ ਨੂੰ ਸਫ਼ਰ ਕਰਨਾ ਸ਼ੁਰੂ ਕੀਤਾ ਅਤੇ ਸਫ਼ਰ ਦੌਰਾਨ ਥਾਂ-ਥਾਂ ਡੇਰਾ ਲਾਇਆ।
10 ਹੁਣ ਕਨਾਨ ਦੇਸ਼ ਵਿਚ ਕਾਲ਼ ਪੈ ਗਿਆ, ਇਸ ਲਈ ਅਬਰਾਮ ਕੁਝ ਸਮਾਂ ਮਿਸਰ ਰਹਿਣ ਲਈ ਚਲਾ ਗਿਆ*+ ਕਿਉਂਕਿ ਕਾਲ਼ ਕਰਕੇ ਦੇਸ਼ ਵਿਚ ਖਾਣ ਲਈ ਕੁਝ ਨਹੀਂ ਸੀ।+ 11 ਜਦੋਂ ਉਹ ਮਿਸਰ ਵਿਚ ਦਾਖ਼ਲ ਹੋਣ ਵਾਲਾ ਸੀ, ਤਾਂ ਉਸ ਨੇ ਆਪਣੀ ਪਤਨੀ ਸਾਰਈ ਨੂੰ ਕਿਹਾ: “ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾਂ। ਕਿਰਪਾ ਕਰ ਕੇ ਮੇਰੀ ਗੱਲ ਸੁਣ। ਮਿਸਰ ਵਿਚ ਲੋਕਾਂ ਦਾ ਧਿਆਨ ਜ਼ਰੂਰ ਤੇਰੇ ਵੱਲ ਜਾਵੇਗਾ ਕਿਉਂਕਿ ਤੂੰ ਬਹੁਤ ਸੋਹਣੀ ਹੈਂ।+ 12 ਤੈਨੂੰ ਦੇਖ ਕੇ ਉਹ ਕਹਿਣਗੇ, ‘ਇਹ ਇਸ ਦੀ ਪਤਨੀ ਹੈ।’ ਫਿਰ ਉਹ ਮੈਨੂੰ ਮਾਰ ਦੇਣਗੇ ਅਤੇ ਤੈਨੂੰ ਆਪਣੇ ਨਾਲ ਲੈ ਜਾਣਗੇ। 13 ਕਿਰਪਾ ਕਰ ਕੇ ਤੂੰ ਕਹਿ ਦੇਈਂ, ‘ਮੈਂ ਇਸ ਦੀ ਭੈਣ ਹਾਂ,’ ਇਸ ਲਈ ਤੇਰੇ ਕਰਕੇ ਮੇਰੇ ਨਾਲ ਕੁਝ ਵੀ ਬੁਰਾ ਨਹੀਂ ਹੋਵੇਗਾ ਅਤੇ ਮੇਰੀ ਜਾਨ ਬਖ਼ਸ਼ ਦਿੱਤੀ ਜਾਵੇਗੀ।”+
14 ਜਿਉਂ ਹੀ ਅਬਰਾਮ ਮਿਸਰ ਵਿਚ ਦਾਖ਼ਲ ਹੋਇਆ, ਤਾਂ ਮਿਸਰੀਆਂ ਨੇ ਦੇਖਿਆ ਕਿ ਉਸ ਦੇ ਨਾਲ ਜੋ ਔਰਤ ਸੀ, ਉਹ ਕਿੰਨੀ ਸੋਹਣੀ ਸੀ। 15 ਫ਼ਿਰਊਨ ਦੇ ਅਧਿਕਾਰੀਆਂ ਨੇ ਵੀ ਉਸ ਨੂੰ ਦੇਖਿਆ ਅਤੇ ਫ਼ਿਰਊਨ ਸਾਮ੍ਹਣੇ ਉਸ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਣੇ ਸ਼ੁਰੂ ਕਰ ਦਿੱਤੇ। ਇਸ ਲਈ ਉਸ ਔਰਤ ਨੂੰ ਫ਼ਿਰਊਨ ਦੇ ਘਰ ਵਿਚ ਲਿਆਂਦਾ ਗਿਆ। 16 ਉਸ ਨੇ ਸਾਰਈ ਕਰਕੇ ਅਬਰਾਮ ਨਾਲ ਚੰਗਾ ਸਲੂਕ ਕੀਤਾ ਅਤੇ ਉਸ ਨੂੰ ਭੇਡਾਂ, ਗਾਂਵਾਂ-ਬਲਦ, ਗਧੇ-ਗਧੀਆਂ, ਨੌਕਰ-ਨੌਕਰਾਣੀਆਂ ਅਤੇ ਊਠ ਦਿੱਤੇ।+ 17 ਫਿਰ ਯਹੋਵਾਹ ਨੇ ਅਬਰਾਮ ਦੀ ਪਤਨੀ ਸਾਰਈ+ ਕਰਕੇ ਫ਼ਿਰਊਨ, ਉਸ ਦੇ ਪਰਿਵਾਰ ਅਤੇ ਨੌਕਰਾਂ-ਚਾਕਰਾਂ ਨੂੰ ਗੰਭੀਰ ਬੀਮਾਰੀਆਂ ਲਾ ਦਿੱਤੀਆਂ। 18 ਇਸ ਲਈ ਫ਼ਿਰਊਨ ਨੇ ਅਬਰਾਮ ਨੂੰ ਬੁਲਾ ਕੇ ਕਿਹਾ: “ਤੂੰ ਮੇਰੇ ਨਾਲ ਇਹ ਕੀ ਕੀਤਾ? ਤੂੰ ਮੈਨੂੰ ਕਿਉਂ ਨਹੀਂ ਦੱਸਿਆ ਕਿ ਇਹ ਤੇਰੀ ਪਤਨੀ ਹੈ? 19 ਤੂੰ ਇਹ ਕਿਉਂ ਕਿਹਾ ਕਿ ਇਹ ਤੇਰੀ ਭੈਣ ਹੈ?+ ਇਸੇ ਕਰਕੇ ਤਾਂ ਮੈਂ ਇਸ ਨੂੰ ਆਪਣੀ ਪਤਨੀ ਬਣਾਉਣ ਲੱਗਾ ਸੀ। ਹੁਣ ਤੂੰ ਆਪਣੀ ਪਤਨੀ ਨੂੰ ਲੈ ਕੇ ਇੱਥੋਂ ਚਲਾ ਜਾਹ!” 20 ਇਸ ਲਈ ਫ਼ਿਰਊਨ ਨੇ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ ਕਿ ਉਹ ਅਬਰਾਮ ਨੂੰ ਮਿਸਰ ਤੋਂ ਬਾਹਰ ਪਹੁੰਚਾ ਦੇਣ। ਉਨ੍ਹਾਂ ਨੇ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਉੱਥੋਂ ਘੱਲ ਦਿੱਤਾ ਅਤੇ ਉਸ ਨੂੰ ਆਪਣਾ ਸਾਰਾ ਕੁਝ ਨਾਲ ਲਿਜਾਣ ਦਿੱਤਾ।+
13 ਫਿਰ ਅਬਰਾਮ ਆਪਣੀ ਪਤਨੀ ਅਤੇ ਲੂਤ ਨਾਲ ਮਿਸਰ ਤੋਂ ਨੇਗੇਬ ਨੂੰ ਗਿਆ+ ਅਤੇ ਆਪਣੇ ਨਾਲ ਆਪਣਾ ਸਭ ਕੁਝ ਲੈ ਗਿਆ। 2 ਅਬਰਾਮ ਕੋਲ ਬਹੁਤ ਸਾਰੇ ਪਸ਼ੂ, ਚਾਂਦੀ ਅਤੇ ਸੋਨਾ ਸੀ।+ 3 ਨੇਗੇਬ ਤੋਂ ਬੈਤੇਲ ਨੂੰ ਜਾਂਦਿਆਂ ਰਾਹ ਵਿਚ ਉਸ ਨੇ ਕਈ ਜਗ੍ਹਾ ਡੇਰਾ ਲਾਇਆ। ਅਖ਼ੀਰ ਉਹ ਉਸ ਜਗ੍ਹਾ ਪਹੁੰਚਿਆ ਜਿੱਥੇ ਉਸ ਨੇ ਪਹਿਲਾਂ ਬੈਤੇਲ ਅਤੇ ਅਈ ਦੇ ਵਿਚਕਾਰ ਡੇਰਾ ਲਾਇਆ ਸੀ+ 4 ਅਤੇ ਇਕ ਵੇਦੀ ਬਣਾਈ ਸੀ। ਉੱਥੇ ਅਬਰਾਮ ਨੇ ਯਹੋਵਾਹ ਦੇ ਨਾਂ ਦੀ ਮਹਿਮਾ ਕੀਤੀ।
5 ਅਬਰਾਮ ਨਾਲ ਸਫ਼ਰ ਕਰ ਰਹੇ ਲੂਤ ਕੋਲ ਵੀ ਭੇਡਾਂ, ਗਾਂਵਾਂ-ਬਲਦ ਅਤੇ ਤੰਬੂ ਸਨ। 6 ਉਨ੍ਹਾਂ ਦੋਹਾਂ ਕੋਲ ਇੰਨੇ ਜ਼ਿਆਦਾ ਪਸ਼ੂ ਸਨ ਕਿ ਦੋਹਾਂ ਲਈ ਇਕ ਜਗ੍ਹਾ ਇਕੱਠੇ ਰਹਿਣਾ ਮੁਮਕਿਨ ਨਹੀਂ ਸੀ। 7 ਇਸ ਕਰਕੇ ਅਬਰਾਮ ਦੇ ਚਰਵਾਹਿਆਂ ਅਤੇ ਲੂਤ ਦੇ ਚਰਵਾਹਿਆਂ ਵਿਚ ਝਗੜਾ ਹੋ ਗਿਆ। (ਉਸ ਵੇਲੇ ਕਨਾਨੀ ਅਤੇ ਪਰਿੱਜੀ ਉਸ ਦੇਸ਼ ਵਿਚ ਰਹਿੰਦੇ ਸਨ।)+ 8 ਇਸ ਲਈ ਅਬਰਾਮ ਨੇ ਲੂਤ+ ਨੂੰ ਕਿਹਾ: “ਦੇਖ ਆਪਾਂ ਦੋਵੇਂ ਭਰਾ ਹਾਂ। ਮੇਰੀ ਤੇਰੇ ਅੱਗੇ ਬੇਨਤੀ ਹੈ ਕਿ ਆਪਣੇ ਦੋਹਾਂ ਵਿਚ ਅਤੇ ਮੇਰੇ ਚਰਵਾਹਿਆਂ ਤੇ ਤੇਰੇ ਚਰਵਾਹਿਆਂ ਵਿਚ ਝਗੜਾ ਨਾ ਹੋਵੇ। 9 ਇਸ ਲਈ ਚੰਗਾ ਹੋਵੇਗਾ ਜੇ ਆਪਾਂ ਦੋਵੇਂ ਵੱਖਰੇ ਹੋ ਜਾਈਏ। ਦੇਖ ਪੂਰਾ ਦੇਸ਼ ਤੇਰੇ ਸਾਮ੍ਹਣੇ ਹੈ। ਜੇ ਤੂੰ ਖੱਬੇ ਜਾਏਂਗਾ, ਤਾਂ ਮੈਂ ਸੱਜੇ ਜਾਵਾਂਗਾ; ਪਰ ਜੇ ਤੂੰ ਸੱਜੇ ਜਾਏਂਗਾ, ਤਾਂ ਮੈਂ ਖੱਬੇ ਜਾਵਾਂਗਾ।” 10 ਇਸ ਲਈ ਲੂਤ ਨੇ ਨਜ਼ਰਾਂ ਚੁੱਕ ਕੇ ਸੋਆਰ+ ਤਕ ਯਰਦਨ ਦਾ ਪੂਰਾ ਇਲਾਕਾ* ਦੇਖਿਆ।+ ਉਸ ਨੇ ਦੇਖਿਆ ਕਿ ਉਸ ਇਲਾਕੇ ਵਿਚ ਕਾਫ਼ੀ ਪਾਣੀ ਸੀ ਅਤੇ (ਯਹੋਵਾਹ ਦੁਆਰਾ ਸਦੂਮ ਅਤੇ ਗਮੋਰਾ* ਦਾ ਨਾਸ਼ ਕਰਨ ਤੋਂ ਪਹਿਲਾਂ) ਇਹ ਯਹੋਵਾਹ ਦੇ ਬਾਗ਼*+ ਵਰਗਾ ਅਤੇ ਮਿਸਰ ਵਰਗਾ ਸੀ। 11 ਫਿਰ ਲੂਤ ਨੇ ਆਪਣੇ ਲਈ ਯਰਦਨ ਦਾ ਪੂਰਾ ਇਲਾਕਾ ਚੁਣ ਲਿਆ ਅਤੇ ਲੂਤ ਆਪਣਾ ਡੇਰਾ ਪੂਰਬ ਵੱਲ ਲੈ ਗਿਆ। ਇਸ ਤਰ੍ਹਾਂ ਉਹ ਦੋਵੇਂ ਇਕ-ਦੂਜੇ ਤੋਂ ਵੱਖ ਹੋ ਗਏ। 12 ਅਬਰਾਮ ਕਨਾਨ ਦੇਸ਼ ਵਿਚ ਰਿਹਾ, ਪਰ ਲੂਤ ਯਰਦਨ ਦੇ ਇਲਾਕੇ ਦੇ ਸ਼ਹਿਰਾਂ ਦੇ ਨੇੜੇ ਰਿਹਾ।+ ਅਖ਼ੀਰ ਉਸ ਨੇ ਸਦੂਮ ਦੇ ਨੇੜੇ ਡੇਰਾ ਲਾਇਆ। 13 ਸਦੂਮ ਦੇ ਲੋਕ ਬਹੁਤ ਬੁਰੇ ਸਨ ਅਤੇ ਯਹੋਵਾਹ ਦੇ ਖ਼ਿਲਾਫ਼ ਘਿਣਾਉਣੇ ਪਾਪ ਕਰਦੇ ਸਨ।+
14 ਫਿਰ ਲੂਤ ਦੇ ਵੱਖਰੇ ਹੋ ਜਾਣ ਤੋਂ ਬਾਅਦ ਯਹੋਵਾਹ ਨੇ ਅਬਰਾਮ ਨੂੰ ਕਿਹਾ: “ਕਿਰਪਾ ਕਰ ਕੇ ਆਪਣੀਆਂ ਨਜ਼ਰਾਂ ਚੁੱਕ ਅਤੇ ਜਿੱਥੇ ਤੂੰ ਖੜ੍ਹਾ ਹੈਂ, ਉੱਥੋਂ ਪੂਰਬ, ਪੱਛਮ, ਉੱਤਰ, ਦੱਖਣ ਵੱਲ ਆਪਣੇ ਚਾਰੇ ਪਾਸੇ ਦੇਖ। 15 ਇਹ ਸਾਰਾ ਇਲਾਕਾ ਜੋ ਤੂੰ ਦੇਖਦਾ ਹੈਂ, ਮੈਂ ਤੈਨੂੰ ਅਤੇ ਤੇਰੀ ਸੰਤਾਨ* ਨੂੰ ਹਮੇਸ਼ਾ ਲਈ ਦਿਆਂਗਾ।+ 16 ਮੈਂ ਤੇਰੀ ਸੰਤਾਨ* ਨੂੰ ਰੇਤ ਦੇ ਕਿਣਕਿਆਂ ਜਿੰਨੀ ਵਧਾਵਾਂਗਾ। ਜਿਵੇਂ ਕੋਈ ਰੇਤ ਦੇ ਕਿਣਕਿਆਂ ਨੂੰ ਗਿਣ ਨਹੀਂ ਸਕਦਾ, ਉਸੇ ਤਰ੍ਹਾਂ ਕੋਈ ਵੀ ਤੇਰੀ ਸੰਤਾਨ* ਨੂੰ ਵੀ ਗਿਣ ਨਹੀਂ ਸਕੇਗਾ।+ 17 ਉੱਠ ਅਤੇ ਪੂਰੇ ਦੇਸ਼ ਵਿਚ ਘੁੰਮ ਕਿਉਂਕਿ ਮੈਂ ਇਹ ਸਾਰਾ ਦੇਸ਼ ਤੈਨੂੰ ਦੇਣ ਜਾ ਰਿਹਾ ਹਾਂ।” 18 ਅਬਰਾਮ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਕੇ ਡੇਰਾ ਲਾਉਂਦਾ ਰਿਹਾ।* ਬਾਅਦ ਵਿਚ ਉਹ ਹਬਰੋਨ+ ਦੇ ਨੇੜੇ ਮਮਰੇ ਵਿਚ ਵੱਡੇ ਦਰਖ਼ਤਾਂ ਦੇ ਲਾਗੇ ਆ ਕੇ ਰਹਿਣ ਲੱਗ ਪਿਆ+ ਅਤੇ ਉੱਥੇ ਉਸ ਨੇ ਯਹੋਵਾਹ ਲਈ ਇਕ ਵੇਦੀ ਬਣਾਈ।+
14 ਉਨ੍ਹਾਂ ਦਿਨਾਂ ਵਿਚ ਸ਼ਿਨਾਰ+ ਦੇ ਰਾਜੇ ਅਮਰਾਫਲ, ਅਲਾਸਾਰ ਦੇ ਰਾਜੇ ਅਰਯੋਕ, ਏਲਾਮ+ ਦੇ ਰਾਜੇ ਕਦਾਰਲਾਓਮਰ+ ਅਤੇ ਗੋਈਮ ਦੇ ਰਾਜੇ ਤਿਦਾਲ ਨੇ 2 ਸਦੂਮ+ ਦੇ ਰਾਜੇ ਬੇਰਾ, ਗਮੋਰਾ*+ ਦੇ ਰਾਜੇ ਬਿਰਸਾ, ਅਦਮਾਹ ਦੇ ਰਾਜੇ ਸ਼ਿਨਾਬ, ਸਬੋਈਮ+ ਦੇ ਰਾਜੇ ਸ਼ਮੇਬਰ ਅਤੇ ਬੇਲਾ (ਜਿਸ ਨੂੰ ਸੋਆਰ ਵੀ ਕਿਹਾ ਜਾਂਦਾ ਹੈ) ਦੇ ਰਾਜੇ ਨਾਲ ਯੁੱਧ ਕੀਤਾ। 3 ਇਹ ਸਾਰੇ ਆਪਣੀਆਂ ਫ਼ੌਜਾਂ ਲੈ ਕੇ ਸਿੱਦੀਮ ਘਾਟੀ (ਜੋ ਕਿ ਖਾਰਾ ਸਮੁੰਦਰ* ਹੈ+) ਵਿਚ ਇਕੱਠੇ ਹੋਏ।+
4 ਉਹ ਪੰਜੇ ਰਾਜੇ 12 ਸਾਲ ਕਦਾਰਲਾਓਮਰ ਦੇ ਅਧੀਨ ਰਹੇ, ਪਰ 13ਵੇਂ ਸਾਲ ਉਨ੍ਹਾਂ ਨੇ ਬਗਾਵਤ ਕਰ ਦਿੱਤੀ। 5 ਇਸ ਲਈ 14ਵੇਂ ਸਾਲ ਵਿਚ ਕਦਾਰਲਾਓਮਰ ਅਤੇ ਉਸ ਦੇ ਨਾਲ ਦੇ ਰਾਜਿਆਂ ਨੇ ਆ ਕੇ ਅਸ਼ਤਾਰੋਥ-ਕਰਨੇਇਮ ਵਿਚ ਰਫ਼ਾਈਮੀਆਂ ਨੂੰ, ਹਾਮ ਵਿਚ ਜ਼ੂਜ਼ੀਆਂ ਨੂੰ ਅਤੇ ਸ਼ਾਵੇਹ-ਕਿਰਯਾਥੈਮ ਵਿਚ ਏਮੀਆਂ+ ਨੂੰ ਹਰਾ ਦਿੱਤਾ 6 ਅਤੇ ਹੋਰੀਆਂ+ ਨੂੰ ਉਨ੍ਹਾਂ ਦੇ ਸੇਈਰ ਪਹਾੜ+ ਤੋਂ ਏਲ-ਪਾਰਾਨ ਤਕ ਲੜਦੇ ਹੋਏ ਹਰਾ ਦਿੱਤਾ ਜੋ ਉਜਾੜ ਦੀ ਹੱਦ ʼਤੇ ਹੈ। 7 ਫਿਰ ਉਹ ਉੱਥੋਂ ਮੁੜ ਕੇ ਏਨ-ਮਿਸਪਾਟ (ਜੋ ਕਿ ਕਾਦੇਸ਼+ ਹੈ) ਆ ਗਏ ਅਤੇ ਉਨ੍ਹਾਂ ਨੇ ਅਮਾਲੇਕੀਆਂ+ ਦੇ ਪੂਰੇ ਇਲਾਕੇ ʼਤੇ ਅਤੇ ਹਸਾਸੋਨ-ਤਾਮਾਰ+ ਵਿਚ ਰਹਿੰਦੇ ਅਮੋਰੀਆਂ+ ʼਤੇ ਵੀ ਜਿੱਤ ਹਾਸਲ ਕੀਤੀ।
8 ਉਸ ਵੇਲੇ ਸਦੂਮ, ਗਮੋਰਾ, ਅਦਮਾਹ, ਸਬੋਈਮ ਅਤੇ ਬੇਲਾ (ਜਿਸ ਨੂੰ ਸੋਆਰ ਵੀ ਕਿਹਾ ਜਾਂਦਾ ਹੈ) ਦੇ ਰਾਜੇ ਸਿੱਦੀਮ ਘਾਟੀ ਵਿਚ ਇਨ੍ਹਾਂ ਰਾਜਿਆਂ ਨਾਲ ਲੜਨ ਲਈ ਇਕੱਠੇ ਹੋਏ 9 ਯਾਨੀ ਏਲਾਮ ਦੇ ਰਾਜੇ ਕਦਾਰਲਾਓਮਰ, ਗੋਈਮ ਦੇ ਰਾਜੇ ਤਿਦਾਲ, ਸ਼ਿਨਾਰ ਦੇ ਰਾਜੇ ਅਮਰਾਫਲ ਅਤੇ ਅਲਾਸਾਰ ਦੇ ਰਾਜੇ ਅਰਯੋਕ+ ਨਾਲ—ਪੰਜ ਰਾਜਿਆਂ ਦੇ ਵਿਰੁੱਧ ਚਾਰ ਰਾਜੇ। 10 ਇਸ ਦਾ ਨਤੀਜਾ ਇਹ ਨਿਕਲਿਆ ਕਿ ਸਦੂਮ ਅਤੇ ਗਮੋਰਾ ਦੇ ਰਾਜੇ ਆਪਣੀਆਂ ਜਾਨਾਂ ਬਚਾਉਣ ਲਈ ਭੱਜੇ, ਪਰ ਉਹ ਤਾਰਕੋਲ ਦੇ ਟੋਇਆਂ ਵਿਚ ਡਿਗ ਗਏ ਕਿਉਂਕਿ ਸਿੱਦੀਮ ਘਾਟੀ ਵਿਚ ਤਾਰਕੋਲ ਦੇ ਟੋਏ ਹੀ ਟੋਏ ਸਨ। ਜਿਹੜੇ ਬਚ ਗਏ, ਉਹ ਪਹਾੜੀ ਇਲਾਕਿਆਂ ਨੂੰ ਭੱਜ ਗਏ। 11 ਉਹ ਚਾਰੇ ਜੇਤੂ ਰਾਜੇ ਸਦੂਮ ਅਤੇ ਗਮੋਰਾ ਦੀਆਂ ਸਾਰੀਆਂ ਚੀਜ਼ਾਂ ਅਤੇ ਸਾਰਾ ਭੋਜਨ ਲੁੱਟ ਕੇ ਆਪਣੇ ਰਾਹ ਪੈ ਗਏ।+ 12 ਉਨ੍ਹਾਂ ਨੇ ਅਬਰਾਮ ਦੇ ਭਤੀਜੇ ਲੂਤ ਨੂੰ ਕੈਦ ਕਰ ਲਿਆ ਜੋ ਉਸ ਵੇਲੇ ਸਦੂਮ ਵਿਚ ਰਹਿੰਦਾ ਸੀ+ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ ਵੀ ਲੈ ਕੇ ਆਪਣੇ ਰਾਹ ਪੈ ਗਏ।
13 ਬਾਅਦ ਵਿਚ ਇਕ ਆਦਮੀ ਨੇ, ਜੋ ਬਚ ਕੇ ਭੱਜ ਗਿਆ ਸੀ, ਇਸ ਬਾਰੇ ਅਬਰਾਮ* ਨੂੰ ਦੱਸਿਆ। ਉਸ ਵੇਲੇ ਉਹ ਮਮਰੇ ਨਾਂ ਦੇ ਇਕ ਅਮੋਰੀ ਆਦਮੀ ਦੇ ਵੱਡੇ ਦਰਖ਼ਤਾਂ ਲਾਗੇ ਰਹਿੰਦਾ ਸੀ*+ ਜੋ ਅਸ਼ਕੋਲ ਅਤੇ ਅਨੇਰ ਦਾ ਭਰਾ ਸੀ।+ ਉਨ੍ਹਾਂ ਆਦਮੀਆਂ ਨੇ ਅਬਰਾਮ ਨਾਲ ਇਕ-ਦੂਜੇ ਦੀ ਮਦਦ ਕਰਨ ਦਾ ਇਕਰਾਰਨਾਮਾ ਕੀਤਾ ਹੋਇਆ ਸੀ। 14 ਇਸ ਤਰ੍ਹਾਂ ਅਬਰਾਮ ਨੇ ਸੁਣਿਆ ਕਿ ਉਸ ਦੇ ਰਿਸ਼ਤੇਦਾਰ*+ ਨੂੰ ਬੰਦੀ ਬਣਾ ਲਿਆ ਗਿਆ ਸੀ। ਉਸ ਨੇ ਆਪਣੇ ਘਰ ਵਿਚ ਪੈਦਾ ਹੋਏ 318 ਨੌਕਰਾਂ ਨੂੰ, ਜਿਨ੍ਹਾਂ ਨੂੰ ਲੜਨ ਦੀ ਸਿਖਲਾਈ ਦਿੱਤੀ ਗਈ ਸੀ, ਲੈ ਕੇ ਦਾਨ+ ਤਕ ਉਨ੍ਹਾਂ ਰਾਜਿਆਂ ਦਾ ਪਿੱਛਾ ਕੀਤਾ। 15 ਰਾਤ ਨੂੰ ਉਸ ਨੇ ਆਪਣੇ ਬੰਦਿਆਂ ਦੀਆਂ ਟੋਲੀਆਂ ਬਣਾਈਆਂ ਜਿਨ੍ਹਾਂ ਨੇ ਹਮਲਾ ਕਰ ਕੇ ਉਨ੍ਹਾਂ ਨੂੰ ਹਰਾ ਦਿੱਤਾ। ਉਸ ਨੇ ਦਮਿਸਕ ਦੇ ਉੱਤਰ ਵੱਲ ਹੋਬਾਹ ਤਕ ਉਨ੍ਹਾਂ ਦਾ ਪਿੱਛਾ ਕੀਤਾ। 16 ਉਸ ਨੇ ਸਾਰੀਆਂ ਚੀਜ਼ਾਂ ਵਾਪਸ ਲੈ ਲਈਆਂ ਅਤੇ ਆਪਣੇ ਰਿਸ਼ਤੇਦਾਰ ਲੂਤ, ਉਸ ਦੀਆਂ ਚੀਜ਼ਾਂ, ਔਰਤਾਂ ਅਤੇ ਹੋਰ ਲੋਕਾਂ ਨੂੰ ਵੀ ਛੁਡਾ ਲਿਆ।
17 ਜਦੋਂ ਅਬਰਾਮ ਕਦਾਰਲਾਓਮਰ ਅਤੇ ਉਸ ਦੇ ਸਾਥੀ ਰਾਜਿਆਂ ਨੂੰ ਹਰਾ ਕੇ ਵਾਪਸ ਆਇਆ, ਤਾਂ ਸਦੂਮ ਦਾ ਰਾਜਾ ਅਬਰਾਮ ਨੂੰ ਮਿਲਣ ਸ਼ਾਵੇਹ ਘਾਟੀ ਗਿਆ ਜਿਸ ਨੂੰ ਰਾਜਿਆਂ ਦੀ ਘਾਟੀ+ ਵੀ ਕਿਹਾ ਜਾਂਦਾ ਹੈ। 18 ਸ਼ਾਲੇਮ ਦਾ ਰਾਜਾ ਮਲਕਿਸਿਦਕ+ ਰੋਟੀ ਅਤੇ ਦਾਖਰਸ ਲੈ ਕੇ ਆਇਆ; ਉਹ ਅੱਤ ਮਹਾਨ ਪਰਮੇਸ਼ੁਰ ਦਾ ਪੁਜਾਰੀ ਸੀ।+
19 ਫਿਰ ਉਸ ਨੇ ਅਬਰਾਮ ਨੂੰ ਬਰਕਤ ਦਿੰਦੇ ਹੋਏ ਕਿਹਾ:
“ਆਕਾਸ਼ ਅਤੇ ਧਰਤੀ ਨੂੰ ਬਣਾਉਣ ਵਾਲਾ
ਅੱਤ ਮਹਾਨ ਪਰਮੇਸ਼ੁਰ ਅਬਰਾਮ ਨੂੰ ਬਰਕਤ ਦੇਵੇ;
20 ਅੱਤ ਮਹਾਨ ਪਰਮੇਸ਼ੁਰ ਦੀ ਮਹਿਮਾ ਹੋਵੇ,
ਜਿਸ ਨੇ ਤੇਰੇ ਅਤਿਆਚਾਰੀਆਂ ਨੂੰ ਤੇਰੇ ਹੱਥ ਵਿਚ ਕਰ ਦਿੱਤਾ ਹੈ!”
ਅਬਰਾਮ ਨੇ ਉਸ ਨੂੰ ਹਰ ਚੀਜ਼ ਦਾ ਦਸਵਾਂ ਹਿੱਸਾ ਦਿੱਤਾ।+
21 ਇਸ ਤੋਂ ਬਾਅਦ ਸਦੂਮ ਦੇ ਰਾਜੇ ਨੇ ਅਬਰਾਮ ਨੂੰ ਕਿਹਾ: “ਸਾਰੀਆਂ ਚੀਜ਼ਾਂ ਤੂੰ ਆਪਣੇ ਕੋਲ ਰੱਖ ਲੈ, ਪਰ ਲੋਕ ਮੈਨੂੰ ਦੇ ਦੇ।” 22 ਪਰ ਅਬਰਾਮ ਨੇ ਸਦੂਮ ਦੇ ਰਾਜੇ ਨੂੰ ਕਿਹਾ: “ਮੈਂ ਆਕਾਸ਼ ਅਤੇ ਧਰਤੀ ਨੂੰ ਬਣਾਉਣ ਵਾਲੇ ਅੱਤ ਮਹਾਨ ਪਰਮੇਸ਼ੁਰ ਯਹੋਵਾਹ ਦੀ ਹੱਥ ਚੁੱਕ ਕੇ ਸਹੁੰ ਖਾਂਦਾ ਹਾਂ 23 ਕਿ ਮੈਂ ਤੇਰੀ ਇਕ ਵੀ ਚੀਜ਼ ਨਹੀਂ ਲਵਾਂਗਾ, ਇੱਥੋਂ ਤਕ ਕਿ ਇਕ ਧਾਗਾ ਤੇ ਜੁੱਤੀ ਦਾ ਤਸਮਾ ਵੀ ਨਹੀਂ ਤਾਂਕਿ ਤੂੰ ਇਹ ਨਾ ਕਹੇਂ, ‘ਮੈਂ ਅਬਰਾਮ ਨੂੰ ਅਮੀਰ ਬਣਾਇਆ ਹੈ।’ 24 ਮੇਰੇ ਜਵਾਨਾਂ ਨੇ ਜੋ ਕੁਝ ਖਾ ਲਿਆ ਹੈ, ਉਸ ਤੋਂ ਸਿਵਾਇ ਮੈਂ ਕੁਝ ਵੀ ਨਹੀਂ ਲਵਾਂਗਾ। ਪਰ ਮੇਰੇ ਨਾਲ ਇਹ ਆਦਮੀ ਅਨੇਰ, ਅਸ਼ਕੋਲ ਤੇ ਮਮਰੇ+ ਗਏ ਸਨ, ਇਨ੍ਹਾਂ ਨੂੰ ਆਪਣਾ ਹਿੱਸਾ ਲੈਣ ਦੇ।”
15 ਇਸ ਤੋਂ ਬਾਅਦ ਅਬਰਾਮ ਨੂੰ ਇਕ ਦਰਸ਼ਣ ਵਿਚ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: “ਅਬਰਾਮ, ਤੂੰ ਡਰ ਨਾ।+ ਮੈਂ ਤੇਰੀ ਢਾਲ ਹਾਂ।+ ਮੈਂ ਤੈਨੂੰ ਵੱਡਾ ਇਨਾਮ ਦਿਆਂਗਾ।”+ 2 ਅਬਰਾਮ ਨੇ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਮੈਂ ਤਾਂ ਬੇਔਲਾਦ ਹਾਂ ਅਤੇ ਦਮਿਸਕ ਦਾ ਆਦਮੀ ਅਲੀਅਜ਼ਰ ਮੇਰੀ ਜਾਇਦਾਦ ਦਾ ਵਾਰਸ ਬਣੇਗਾ। ਤਾਂ ਫਿਰ, ਮੈਨੂੰ ਉਸ ਇਨਾਮ ਦਾ ਕੀ ਫ਼ਾਇਦਾ ਹੋਵੇਗਾ?”+ 3 ਅਬਰਾਮ ਨੇ ਅੱਗੇ ਕਿਹਾ: “ਤੂੰ ਮੈਨੂੰ ਕੋਈ ਸੰਤਾਨ* ਨਹੀਂ ਦਿੱਤੀ+ ਅਤੇ ਮੇਰਾ ਇਹ ਨੌਕਰ ਮੇਰਾ ਵਾਰਸ ਬਣੇਗਾ।” 4 ਪਰ ਦੇਖੋ! ਯਹੋਵਾਹ ਨੇ ਉਸ ਨੂੰ ਕਿਹਾ: “ਨਹੀਂ, ਇਹ ਆਦਮੀ ਤੇਰਾ ਵਾਰਸ ਨਹੀਂ ਬਣੇਗਾ, ਪਰ ਤੇਰਾ ਆਪਣਾ ਪੁੱਤਰ ਤੇਰਾ ਵਾਰਸ ਬਣੇਗਾ।”+
5 ਫਿਰ ਪਰਮੇਸ਼ੁਰ ਨੇ ਉਸ ਨੂੰ ਬਾਹਰ ਲਿਆ ਕੇ ਕਿਹਾ: “ਕਿਰਪਾ ਕਰ ਕੇ ਆਕਾਸ਼ ਵਿਚ ਤਾਰਿਆਂ ਨੂੰ ਦੇਖ ਅਤੇ ਜੇ ਤੂੰ ਉਨ੍ਹਾਂ ਨੂੰ ਗਿਣ ਸਕਦਾ ਹੈਂ, ਤਾਂ ਗਿਣ।” ਫਿਰ ਪਰਮੇਸ਼ੁਰ ਨੇ ਉਸ ਨੂੰ ਕਿਹਾ: “ਤੇਰੀ ਸੰਤਾਨ* ਅਣਗਿਣਤ ਹੋਵੇਗੀ।”+ 6 ਉਸ ਨੇ ਯਹੋਵਾਹ ʼਤੇ ਨਿਹਚਾ ਕੀਤੀ+ ਜਿਸ ਕਰਕੇ ਪਰਮੇਸ਼ੁਰ ਨੇ ਉਸ ਨੂੰ ਧਰਮੀ ਗਿਣਿਆ।+ 7 ਫਿਰ ਉਸ ਨੇ ਕਿਹਾ: “ਮੈਂ ਯਹੋਵਾਹ ਹਾਂ। ਮੈਂ ਤੈਨੂੰ ਕਸਦੀਆਂ ਦੇ ਸ਼ਹਿਰ ਊਰ ਤੋਂ ਲੈ ਕੇ ਆਇਆ ਹਾਂ ਤਾਂਕਿ ਤੈਨੂੰ ਇਸ ਦੇਸ਼ ਦਾ ਮਾਲਕ ਬਣਾਵਾਂ।”+ 8 ਇਹ ਸੁਣ ਕੇ ਅਬਰਾਮ ਨੇ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੈਂ ਇਸ ਦੇਸ਼ ਦਾ ਮਾਲਕ ਬਣਾਂਗਾ?” 9 ਉਸ ਨੇ ਅਬਰਾਮ ਨੂੰ ਜਵਾਬ ਦਿੱਤਾ: “ਇਕ ਤਿੰਨ ਸਾਲ ਦੀ ਗਾਂ, ਇਕ ਤਿੰਨ ਸਾਲ ਦੀ ਬੱਕਰੀ, ਇਕ ਤਿੰਨ ਸਾਲ ਦਾ ਭੇਡੂ, ਇਕ ਘੁੱਗੀ ਅਤੇ ਕਬੂਤਰ ਦਾ ਇਕ ਬੱਚਾ ਲੈ।” 10 ਇਸ ਲਈ ਉਸ ਨੇ ਇਹ ਸਾਰੇ ਲੈ ਕੇ ਉਨ੍ਹਾਂ ਦੇ ਦੋ-ਦੋ ਟੁਕੜੇ ਕੀਤੇ ਅਤੇ ਸਾਰੇ ਟੁਕੜਿਆਂ ਨੂੰ ਆਮ੍ਹੋ-ਸਾਮ੍ਹਣੇ ਰੱਖ ਦਿੱਤਾ, ਪਰ ਉਸ ਨੇ ਪੰਛੀਆਂ ਦੇ ਟੋਟੇ ਨਹੀਂ ਕੀਤੇ। 11 ਫਿਰ ਸ਼ਿਕਾਰੀ ਪੰਛੀ ਉਨ੍ਹਾਂ ਟੁਕੜਿਆਂ ਉੱਤੇ ਉਤਰਨੇ ਸ਼ੁਰੂ ਹੋ ਗਏ, ਪਰ ਅਬਰਾਮ ਉਨ੍ਹਾਂ ਨੂੰ ਉਡਾਉਂਦਾ ਰਿਹਾ।
12 ਜਦੋਂ ਸੂਰਜ ਡੁੱਬਣ ਵਾਲਾ ਸੀ, ਤਾਂ ਅਬਰਾਮ ਗੂੜ੍ਹੀ ਨੀਂਦ ਸੌਂ ਗਿਆ ਅਤੇ ਉਸ ਉੱਪਰ ਘੁੱਪ ਹਨੇਰਾ ਛਾ ਗਿਆ ਜੋ ਬਹੁਤ ਡਰਾਉਣਾ ਸੀ। 13 ਫਿਰ ਪਰਮੇਸ਼ੁਰ ਨੇ ਅਬਰਾਮ ਨੂੰ ਕਿਹਾ: “ਤੂੰ ਇਹ ਗੱਲ ਪੱਕੇ ਤੌਰ ਤੇ ਜਾਣ ਲੈ ਕਿ ਤੇਰੀ ਸੰਤਾਨ* ਇਕ ਬੇਗਾਨੇ ਦੇਸ਼ ਵਿਚ ਜਾ ਕੇ ਪਰਦੇਸੀਆਂ ਵਜੋਂ ਰਹੇਗੀ ਅਤੇ ਉੱਥੇ ਲੋਕ ਉਸ ਨੂੰ ਗ਼ੁਲਾਮ ਬਣਾ ਕੇ ਉਸ ʼਤੇ 400 ਸਾਲ ਅਤਿਆਚਾਰ ਕਰਨਗੇ।+ 14 ਪਰ ਮੈਂ ਉਸ ਕੌਮ ਨੂੰ ਸਜ਼ਾ ਦਿਆਂਗਾ ਜਿਹੜੀ ਉਸ ਨੂੰ ਗ਼ੁਲਾਮ ਬਣਾਵੇਗੀ+ ਅਤੇ ਬਾਅਦ ਵਿਚ ਤੇਰੀ ਸੰਤਾਨ ਉੱਥੋਂ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਜਾਵੇਗੀ।+ 15 ਪਰ ਜਿੱਥੋਂ ਤਕ ਤੇਰੀ ਗੱਲ ਹੈ, ਤੂੰ ਲੰਬੀ ਉਮਰ ਭੋਗ ਕੇ ਸ਼ਾਂਤੀ ਨਾਲ ਮਰੇਂਗਾ ਅਤੇ ਤੈਨੂੰ ਤੇਰੇ ਪਿਉ-ਦਾਦਿਆਂ ਨਾਲ ਦਫ਼ਨਾਇਆ ਜਾਵੇਗਾ।+ 16 ਪਰ ਤੇਰੀ ਸੰਤਾਨ ਦੀ ਚੌਥੀ ਪੀੜ੍ਹੀ ਇੱਥੇ ਵਾਪਸ ਆਵੇਗੀ+ ਕਿਉਂਕਿ ਉਦੋਂ ਤਕ ਅਮੋਰੀਆਂ ਦੇ ਪਾਪ ਦਾ ਘੜਾ ਭਰ ਚੁੱਕਾ ਹੋਵੇਗਾ।”+
17 ਜਦੋਂ ਸੂਰਜ ਡੁੱਬ ਗਿਆ ਅਤੇ ਘੁੱਪ ਹਨੇਰਾ ਹੋ ਗਿਆ, ਤਾਂ ਇਕ ਭੱਠੀ ਪ੍ਰਗਟ ਹੋਈ ਜਿਸ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਅਤੇ ਇਕ ਬਲ਼ਦੀ ਹੋਈ ਮਸ਼ਾਲ ਜਾਨਵਰਾਂ ਦੇ ਟੁਕੜਿਆਂ ਵਿੱਚੋਂ ਦੀ ਲੰਘੀ। 18 ਉਸ ਦਿਨ ਯਹੋਵਾਹ ਨੇ ਅਬਰਾਮ ਨਾਲ ਇਕਰਾਰ ਕਰਦੇ ਹੋਏ+ ਕਿਹਾ: “ਮੈਂ ਤੇਰੀ ਸੰਤਾਨ* ਨੂੰ ਮਿਸਰ ਦੇ ਦਰਿਆ ਤੋਂ ਲੈ ਕੇ ਵੱਡੇ ਦਰਿਆ ਫ਼ਰਾਤ+ ਤਕ ਇਹ ਦੇਸ਼ ਦਿਆਂਗਾ+ 19 ਜਿੱਥੇ ਕੇਨੀ,+ ਕਨਿੱਜ਼ੀ, ਕਦਮੋਨੀ, 20 ਹਿੱਤੀ,+ ਪਰਿੱਜੀ,+ ਰਫ਼ਾਈਮੀ,+ 21 ਅਮੋਰੀ, ਕਨਾਨੀ, ਗਿਰਗਾਸ਼ੀ ਅਤੇ ਯਬੂਸੀ ਲੋਕ ਰਹਿੰਦੇ ਹਨ।”+
16 ਅਬਰਾਮ ਦੀ ਪਤਨੀ ਸਾਰਈ ਬੇਔਲਾਦ ਸੀ,+ ਪਰ ਸਾਰਈ ਦੀ ਇਕ ਮਿਸਰੀ ਨੌਕਰਾਣੀ ਸੀ ਜਿਸ ਦਾ ਨਾਂ ਹਾਜਰਾ+ ਸੀ। 2 ਇਸ ਲਈ ਸਾਰਈ ਨੇ ਅਬਰਾਮ ਨੂੰ ਕਿਹਾ: “ਕਿਰਪਾ ਕਰ ਕੇ ਮੇਰੀ ਗੱਲ ਸੁਣ। ਯਹੋਵਾਹ ਨੇ ਮੇਰੀ ਕੁੱਖ ਬੰਦ ਕਰ ਰੱਖੀ ਹੈ। ਇਸ ਲਈ ਮੇਰੀ ਨੌਕਰਾਣੀ ਕੋਲ ਜਾਹ। ਸ਼ਾਇਦ ਉਸ ਦੀ ਕੁੱਖੋਂ ਮੇਰੇ ਬੱਚੇ ਹੋਣ।+ ਅਬਰਾਮ ਨੇ ਸਾਰਈ ਦੀ ਗੱਲ ਸੁਣੀ। 3 ਕਨਾਨ ਦੇਸ਼ ਵਿਚ ਦਸ ਸਾਲ ਰਹਿਣ ਤੋਂ ਬਾਅਦ ਸਾਰਈ ਨੇ ਆਪਣੀ ਮਿਸਰੀ ਨੌਕਰਾਣੀ ਹਾਜਰਾ ਅਬਰਾਮ ਨੂੰ ਦਿੱਤੀ ਕਿ ਉਹ ਉਸ ਦੀ ਪਤਨੀ ਬਣੇ। 4 ਇਸ ਲਈ ਉਹ ਹਾਜਰਾ ਕੋਲ ਗਿਆ ਅਤੇ ਉਹ ਗਰਭਵਤੀ ਹੋਈ। ਜਦੋਂ ਹਾਜਰਾ ਨੂੰ ਆਪਣੇ ਗਰਭਵਤੀ ਹੋਣ ਦਾ ਪਤਾ ਲੱਗਾ, ਤਾਂ ਉਸ ਨੇ ਆਪਣੀ ਮਾਲਕਣ ਨੂੰ ਨੀਵਾਂ ਦਿਖਾਉਣਾ ਸ਼ੁਰੂ ਕਰ ਦਿੱਤਾ।
5 ਇਹ ਦੇਖ ਕੇ ਸਾਰਈ ਨੇ ਅਬਰਾਮ ਨੂੰ ਕਿਹਾ: “ਮੇਰੇ ਨਾਲ ਹੋ ਰਹੀ ਬਦਸਲੂਕੀ ਦਾ ਤੂੰ ਹੀ ਜ਼ਿੰਮੇਵਾਰ ਹੈਂ। ਦੇਖ! ਮੈਂ ਹੀ ਤੈਨੂੰ ਆਪਣੀ ਨੌਕਰਾਣੀ ਦਿੱਤੀ ਸੀ।* ਪਰ ਜਦੋਂ ਉਸ ਨੂੰ ਆਪਣੇ ਗਰਭਵਤੀ ਹੋਣ ਦਾ ਪਤਾ ਲੱਗਾ, ਤਾਂ ਉਸ ਨੇ ਮੈਨੂੰ ਨੀਵਾਂ ਦਿਖਾਉਣਾ ਸ਼ੁਰੂ ਕਰ ਦਿੱਤਾ। ਹੁਣ ਯਹੋਵਾਹ ਹੀ ਫ਼ੈਸਲਾ ਕਰੇ ਕਿ ਤੂੰ ਸਹੀ ਹੈਂ ਜਾਂ ਮੈਂ।” 6 ਇਸ ਲਈ ਅਬਰਾਮ ਨੇ ਸਾਰਈ ਨੂੰ ਕਿਹਾ: “ਦੇਖ! ਤੂੰ ਉਸ ਦੀ ਮਾਲਕਣ ਹੈਂ। ਜਿਵੇਂ ਤੈਨੂੰ ਚੰਗਾ ਲੱਗਦਾ, ਤੂੰ ਉਸ ਨਾਲ ਕਰ।” ਫਿਰ ਸਾਰਈ ਨੇ ਹਾਜਰਾ ਦਾ ਅਪਮਾਨ ਕੀਤਾ ਅਤੇ ਉਹ ਸਾਰਈ ਕੋਲੋਂ ਭੱਜ ਗਈ।
7 ਬਾਅਦ ਵਿਚ ਯਹੋਵਾਹ ਦਾ ਦੂਤ ਉਜਾੜ ਵਿਚ ਸ਼ੂਰ+ ਨੂੰ ਜਾਂਦੇ ਰਾਹ ਉੱਤੇ ਪਾਣੀ ਦੇ ਚਸ਼ਮੇ ਕੋਲ ਹਾਜਰਾ ਨੂੰ ਮਿਲਿਆ। 8 ਉਸ ਨੇ ਪੁੱਛਿਆ: “ਸਾਰਈ ਦੀ ਨੌਕਰਾਣੀ ਹਾਜਰਾ, ਤੂੰ ਕਿੱਥੋਂ ਆਈ ਹੈਂ ਅਤੇ ਕਿੱਥੇ ਜਾ ਰਹੀ ਹੈਂ?” ਹਾਜਰਾ ਨੇ ਜਵਾਬ ਦਿੱਤਾ: “ਮੈਂ ਆਪਣੀ ਮਾਲਕਣ ਸਾਰਈ ਤੋਂ ਭੱਜ ਆਈ ਹਾਂ।” 9 ਫਿਰ ਯਹੋਵਾਹ ਦੇ ਦੂਤ ਨੇ ਉਸ ਨੂੰ ਕਿਹਾ: “ਤੂੰ ਆਪਣੀ ਮਾਲਕਣ ਕੋਲ ਮੁੜ ਜਾਹ ਅਤੇ ਨਿਮਰ ਬਣ ਕੇ ਉਸ ਦੇ ਅਧੀਨ ਹੋ।” 10 ਫਿਰ ਯਹੋਵਾਹ ਦੇ ਦੂਤ ਨੇ ਕਿਹਾ: “ਮੈਂ ਤੇਰੀ ਸੰਤਾਨ* ਇੰਨੀ ਵਧਾਵਾਂਗਾ ਕਿ ਉਹ ਗਿਣੀ ਨਹੀਂ ਜਾ ਸਕੇਗੀ।”+ 11 ਯਹੋਵਾਹ ਦੇ ਦੂਤ ਨੇ ਅੱਗੇ ਕਿਹਾ: “ਦੇਖ! ਤੂੰ ਗਰਭਵਤੀ ਹੈਂ ਅਤੇ ਤੂੰ ਇਕ ਮੁੰਡੇ ਨੂੰ ਜਨਮ ਦੇਵੇਂਗੀ ਅਤੇ ਤੂੰ ਉਸ ਦਾ ਨਾਂ ਇਸਮਾਏਲ* ਰੱਖੀਂ ਕਿਉਂਕਿ ਯਹੋਵਾਹ ਨੇ ਤੇਰੀ ਦਰਦ ਭਰੀ ਪੁਕਾਰ ਸੁਣ ਲਈ ਹੈ। 12 ਉਸ ਦਾ ਸੁਭਾਅ ਜੰਗਲੀ ਗਧੇ ਵਰਗਾ ਹੋਵੇਗਾ।* ਉਸ ਦਾ ਹੱਥ ਹਰੇਕ ਦੇ ਵਿਰੁੱਧ ਉੱਠੇਗਾ ਅਤੇ ਹਰੇਕ ਦਾ ਹੱਥ ਉਸ ਦੇ ਵਿਰੁੱਧ ਉੱਠੇਗਾ ਅਤੇ ਉਹ ਆਪਣੇ ਸਾਰੇ ਭਰਾਵਾਂ ਦੇ ਸਾਮ੍ਹਣੇ ਵੱਸੇਗਾ।”*
13 ਫਿਰ ਹਾਜਰਾ ਨੇ ਯਹੋਵਾਹ ਦਾ ਨਾਂ ਪੁਕਾਰਿਆ ਜੋ ਉਸ ਨਾਲ ਗੱਲ ਕਰ ਰਿਹਾ ਸੀ: “ਤੂੰ ਸਭ ਕੁਝ ਦੇਖਣ ਵਾਲਾ* ਪਰਮੇਸ਼ੁਰ ਹੈਂ,”+ ਕਿਉਂਕਿ ਉਸ ਨੇ ਕਿਹਾ ਸੀ: “ਮੈਂ ਇੱਥੇ ਸੱਚ-ਮੁੱਚ ਉਸ ਨੂੰ ਦੇਖਿਆ ਹੈ ਜੋ ਮੈਨੂੰ ਦੇਖਦਾ ਹੈ।” 14 ਇਸ ਕਰਕੇ ਉਸ ਖੂਹ ਦਾ ਨਾਂ ਬਏਰ-ਲਹੀ-ਰੋਈ* ਪੈ ਗਿਆ। (ਇਹ ਕਾਦੇਸ਼ ਤੋਂ ਬਰਦ ਨੂੰ ਜਾਂਦੇ ਰਾਹ ਵਿਚ ਹੈ।) 15 ਫਿਰ ਹਾਜਰਾ ਨੇ ਅਬਰਾਮ ਦੇ ਪੁੱਤਰ ਨੂੰ ਜਨਮ ਦਿੱਤਾ ਅਤੇ ਅਬਰਾਮ ਨੇ ਉਸ ਦਾ ਨਾਂ ਇਸਮਾਏਲ ਰੱਖਿਆ ਜੋ ਹਾਜਰਾ ਦੀ ਕੁੱਖੋਂ ਪੈਦਾ ਹੋਇਆ ਸੀ।+ 16 ਅਬਰਾਮ 86 ਸਾਲ ਦਾ ਸੀ ਜਦੋਂ ਹਾਜਰਾ ਨੇ ਇਸਮਾਏਲ ਨੂੰ ਜਨਮ ਦਿੱਤਾ ਸੀ।
17 ਜਦੋਂ ਅਬਰਾਮ 99 ਸਾਲ ਦਾ ਸੀ, ਤਾਂ ਯਹੋਵਾਹ ਨੇ ਪ੍ਰਗਟ ਹੋ ਕੇ ਉਸ ਨੂੰ ਕਿਹਾ: “ਮੈਂ ਸਰਬਸ਼ਕਤੀਮਾਨ ਪਰਮੇਸ਼ੁਰ ਹਾਂ। ਮੇਰੇ ਰਾਹ ʼਤੇ ਚੱਲ ਕੇ ਆਪਣੇ ਆਪ ਨੂੰ ਨਿਰਦੋਸ਼* ਸਾਬਤ ਕਰ। 2 ਮੈਂ ਤੇਰੇ ਨਾਲ ਕੀਤਾ ਆਪਣਾ ਇਕਰਾਰ ਪੂਰਾ ਕਰਾਂਗਾ+ ਅਤੇ ਮੈਂ ਤੇਰੀ ਸੰਤਾਨ ਨੂੰ ਬਹੁਤ-ਬਹੁਤ ਵਧਾਵਾਂਗਾ।”+
3 ਇਹ ਸੁਣ ਕੇ ਅਬਰਾਮ ਨੇ ਗੋਡਿਆਂ ਭਾਰ ਬੈਠ ਕੇ ਆਪਣਾ ਸਿਰ ਨਿਵਾ ਲਿਆ ਅਤੇ ਪਰਮੇਸ਼ੁਰ ਉਸ ਨਾਲ ਗੱਲਾਂ ਕਰਦਾ ਰਿਹਾ: 4 “ਦੇਖ! ਮੈਂ ਤੇਰੇ ਨਾਲ ਇਕਰਾਰ ਕੀਤਾ ਹੈ+ ਅਤੇ ਤੂੰ ਜ਼ਰੂਰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣੇਂਗਾ।+ 5 ਹੁਣ ਤੋਂ ਤੇਰਾ ਨਾਂ ਅਬਰਾਮ* ਨਹੀਂ, ਸਗੋਂ ਅਬਰਾਹਾਮ* ਹੋਵੇਗਾ ਕਿਉਂਕਿ ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾਵਾਂਗਾ। 6 ਮੈਂ ਤੇਰੀ ਸੰਤਾਨ ਨੂੰ ਬਹੁਤ-ਬਹੁਤ ਵਧਾਵਾਂਗਾ ਅਤੇ ਤੇਰੇ ਤੋਂ ਕੌਮਾਂ ਬਣਾਵਾਂਗਾ ਅਤੇ ਤੇਰੀ ਸੰਤਾਨ ਵਿੱਚੋਂ ਰਾਜੇ ਪੈਦਾ ਹੋਣਗੇ।+
7 “ਮੈਂ ਤੇਰੇ ਨਾਲ ਕੀਤੇ ਆਪਣੇ ਇਕਰਾਰ ਨੂੰ ਪੂਰਾ ਕਰਾਂਗਾ+ ਅਤੇ ਤੇਰੀ ਸੰਤਾਨ* ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਵੀ ਮੈਂ ਹਮੇਸ਼ਾ ਲਈ ਇਕਰਾਰ ਕਰਾਂਗਾ ਕਿ ਮੈਂ ਤੇਰਾ ਅਤੇ ਤੇਰੇ ਪਿੱਛੋਂ ਤੇਰੀ ਸੰਤਾਨ* ਦਾ ਪਰਮੇਸ਼ੁਰ ਹੋਵਾਂਗਾ। 8 ਤੂੰ ਅੱਜ ਕਨਾਨ ਦੇਸ਼ ਵਿਚ ਪਰਦੇਸੀ ਦੇ ਤੌਰ ਤੇ ਰਹਿ ਰਿਹਾ ਹੈਂ, ਇਹ ਪੂਰਾ ਦੇਸ਼ ਮੈਂ ਤੈਨੂੰ ਅਤੇ ਤੇਰੇ ਤੋਂ ਬਾਅਦ ਤੇਰੀ ਸੰਤਾਨ* ਨੂੰ ਹਮੇਸ਼ਾ ਲਈ ਦਿਆਂਗਾ+ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।”+
9 ਪਰਮੇਸ਼ੁਰ ਨੇ ਅਬਰਾਹਾਮ ਨੂੰ ਅੱਗੇ ਕਿਹਾ: “ਜਿੱਥੋਂ ਤਕ ਤੇਰੀ ਗੱਲ ਹੈ, ਤੈਨੂੰ ਅਤੇ ਤੇਰੇ ਤੋਂ ਬਾਅਦ ਤੇਰੀ ਸੰਤਾਨ* ਨੂੰ ਪੀੜ੍ਹੀ-ਦਰ-ਪੀੜ੍ਹੀ ਮੇਰੇ ਇਕਰਾਰ ਮੁਤਾਬਕ ਚੱਲਣਾ ਪਵੇਗਾ। 10 ਮੇਰੇ ਅਤੇ ਤੁਹਾਡੇ ਵਿਚ ਇਹ ਇਕਰਾਰ ਹੈ ਜਿਸ ਮੁਤਾਬਕ ਤੈਨੂੰ ਤੇ ਤੇਰੀ ਸੰਤਾਨ* ਨੂੰ ਚੱਲਣਾ ਪਵੇਗਾ: ਤੁਹਾਡੇ ਵਿਚ ਹਰ ਆਦਮੀ* ਸੁੰਨਤ ਕਰਾਵੇ।+ 11 ਤੁਸੀਂ ਆਪਣੀ ਸੁੰਨਤ ਕਰਾਓ ਅਤੇ ਇਹ ਮੇਰੇ ਅਤੇ ਤੁਹਾਡੇ ਵਿਚ ਇਕਰਾਰ ਦੀ ਨਿਸ਼ਾਨੀ ਹੋਵੇਗੀ।+ 12 ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੌਰਾਨ ਤੁਹਾਡੇ ਘਰਾਣੇ ਵਿਚ ਪੈਦਾ ਹੋਣ ਵਾਲੇ ਹਰ ਮੁੰਡੇ ਦੀ ਅੱਠਵੇਂ ਦਿਨ ਸੁੰਨਤ ਕੀਤੀ ਜਾਵੇ।+ ਨਾਲੇ ਉਸ ਆਦਮੀ ਦੀ ਵੀ ਸੁੰਨਤ ਕੀਤੀ ਜਾਵੇ ਜੋ ਤੇਰੀ ਸੰਤਾਨ* ਨਹੀਂ ਹੈ, ਸਗੋਂ ਕਿਸੇ ਪਰਦੇਸੀ ਤੋਂ ਖ਼ਰੀਦਿਆ ਗਿਆ ਹੈ। 13 ਤੁਹਾਡੇ ਘਰਾਣੇ ਵਿਚ ਪੈਦਾ ਹੋਏ ਹਰ ਆਦਮੀ ਦੀ ਅਤੇ ਪੈਸੇ ਨਾਲ ਖ਼ਰੀਦੇ ਹਰ ਆਦਮੀ ਦੀ ਸੁੰਨਤ ਕੀਤੀ ਜਾਵੇ।+ ਤੁਹਾਡੇ ਸਰੀਰ ਉੱਤੇ ਇਹ ਨਿਸ਼ਾਨੀ ਮੇਰੇ ਇਕਰਾਰ ਦਾ ਸਬੂਤ ਹੋਵੇਗੀ ਜੋ ਮੈਂ ਹਮੇਸ਼ਾ ਲਈ ਤੁਹਾਡੇ ਨਾਲ ਕੀਤਾ ਹੈ। 14 ਜੇ ਕੋਈ ਆਦਮੀ ਸੁੰਨਤ ਨਹੀਂ ਕਰਾਉਂਦਾ, ਤਾਂ ਉਸ ਆਦਮੀ ਨੂੰ ਮਾਰ ਦਿੱਤਾ ਜਾਵੇ। ਉਸ ਨੇ ਮੇਰਾ ਇਕਰਾਰ ਤੋੜਿਆ ਹੈ।”
15 ਫਿਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ: “ਹੁਣ ਤੂੰ ਆਪਣੀ ਪਤਨੀ ਨੂੰ ਸਾਰਈ*+ ਨਾ ਸੱਦੀਂ ਕਿਉਂਕਿ ਉਸ ਦਾ ਨਾਂ ਸਾਰਾਹ* ਹੋਵੇਗਾ। 16 ਮੈਂ ਉਸ ਨੂੰ ਬਰਕਤ ਦਿਆਂਗਾ ਅਤੇ ਉਹ ਤੇਰੇ ਪੁੱਤਰ ਨੂੰ ਜਨਮ ਦੇਵੇਗੀ;+ ਮੈਂ ਉਸ ਨੂੰ ਬਰਕਤ ਦਿਆਂਗਾ ਅਤੇ ਉਸ ਤੋਂ ਬਹੁਤ ਸਾਰੀਆਂ ਕੌਮਾਂ ਬਣਨਗੀਆਂ; ਉਸ ਤੋਂ ਦੇਸ਼ਾਂ ਦੇ ਰਾਜੇ ਪੈਦਾ ਹੋਣਗੇ।” 17 ਇਹ ਸੁਣ ਕੇ ਅਬਰਾਹਾਮ ਨੇ ਗੋਡਿਆਂ ਭਾਰ ਬੈਠ ਕੇ ਆਪਣਾ ਸਿਰ ਨਿਵਾਇਆ ਅਤੇ ਹੱਸਦੇ ਹੋਏ ਆਪਣੇ ਦਿਲ ਵਿਚ ਕਿਹਾ:+ “ਭਲਾ, 100 ਸਾਲ ਦੇ ਆਦਮੀ ਦੇ ਵੀ ਬੱਚਾ ਹੋ ਸਕਦਾ ਤੇ 90 ਸਾਲਾਂ ਦੀ ਸਾਰਾਹ ਬੱਚੇ ਨੂੰ ਜਨਮ ਦੇ ਸਕਦੀ?”+
18 ਇਸ ਲਈ ਅਬਰਾਹਾਮ ਨੇ ਸੱਚੇ ਪਰਮੇਸ਼ੁਰ ਨੂੰ ਕਿਹਾ: “ਇਸਮਾਏਲ ਉੱਤੇ ਤੇਰੀ ਮਿਹਰ ਹੋਵੇ!”+ 19 ਇਹ ਸੁਣ ਕੇ ਪਰਮੇਸ਼ੁਰ ਨੇ ਕਿਹਾ: “ਤੇਰੀ ਪਤਨੀ ਸਾਰਾਹ ਜ਼ਰੂਰ ਤੇਰੇ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਂ ਇਸਹਾਕ*+ ਰੱਖੀਂ। ਮੈਂ ਉਸ ਨਾਲ ਅਤੇ ਉਸ ਤੋਂ ਬਾਅਦ ਉਸ ਦੀ ਸੰਤਾਨ* ਨਾਲ ਵੀ ਇਹ ਇਕਰਾਰ ਹਮੇਸ਼ਾ ਲਈ ਕਾਇਮ ਰੱਖਾਂਗਾ।+ 20 ਪਰ ਜਿੱਥੋਂ ਤਕ ਇਸਮਾਏਲ ਦੀ ਗੱਲ ਹੈ, ਮੈਂ ਤੇਰੀ ਬੇਨਤੀ ਸੁਣ ਲਈ ਹੈ। ਦੇਖ! ਮੈਂ ਉਸ ਨੂੰ ਬਰਕਤ ਦਿਆਂਗਾ ਅਤੇ ਉਹ ਵਧੇ-ਫੁੱਲੇਗਾ ਅਤੇ ਮੈਂ ਉਸ ਦੀ ਸੰਤਾਨ ਨੂੰ ਬਹੁਤ-ਬਹੁਤ ਵਧਾਵਾਂਗਾ। ਉਹ 12 ਮੁਖੀਆਂ ਦਾ ਪਿਤਾ ਬਣੇਗਾ ਅਤੇ ਮੈਂ ਉਸ ਤੋਂ ਇਕ ਵੱਡੀ ਕੌਮ ਬਣਾਵਾਂਗਾ।+ 21 ਪਰ ਮੈਂ ਇਸਹਾਕ ਨਾਲ ਆਪਣਾ ਇਕਰਾਰ ਕਾਇਮ ਰੱਖਾਂਗਾ+ ਜਿਸ ਨੂੰ ਸਾਰਾਹ ਅਗਲੇ ਸਾਲ ਇਸੇ ਸਮੇਂ ਜਨਮ ਦੇਵੇਗੀ।”+
22 ਅਬਰਾਹਾਮ ਨਾਲ ਗੱਲ ਕਰਨ ਤੋਂ ਬਾਅਦ ਪਰਮੇਸ਼ੁਰ ਚਲਾ ਗਿਆ। 23 ਫਿਰ ਅਬਰਾਹਾਮ ਨੇ ਉਸੇ ਦਿਨ ਆਪਣੇ ਪੁੱਤਰ ਇਸਮਾਏਲ ਅਤੇ ਆਪਣੇ ਘਰ ਵਿਚ ਪੈਦਾ ਹੋਏ ਸਾਰੇ ਮੁੰਡਿਆਂ ਅਤੇ ਪੈਸੇ ਨਾਲ ਖ਼ਰੀਦੇ ਸਾਰੇ ਆਦਮੀਆਂ ਯਾਨੀ ਆਪਣੇ ਘਰਾਣੇ ਦੇ ਸਾਰੇ ਆਦਮੀਆਂ ਦੀ ਸੁੰਨਤ ਕਰਾਈ, ਠੀਕ ਜਿਵੇਂ ਪਰਮੇਸ਼ੁਰ ਨੇ ਉਸ ਨੂੰ ਕਿਹਾ ਸੀ।+ 24 ਅਬਰਾਹਾਮ ਦੀ 99 ਸਾਲ ਦੀ ਉਮਰ ਵਿਚ ਸੁੰਨਤ ਕੀਤੀ ਗਈ।+ 25 ਉਸ ਦੇ ਪੁੱਤਰ ਇਸਮਾਏਲ ਦੀ 13 ਸਾਲ ਦੀ ਉਮਰ ਵਿਚ ਸੁੰਨਤ ਕੀਤੀ ਗਈ।+ 26 ਇੱਕੋ ਦਿਨ ਅਬਰਾਹਾਮ ਅਤੇ ਉਸ ਦੇ ਪੁੱਤਰ ਇਸਮਾਏਲ ਦੀ ਸੁੰਨਤ ਕੀਤੀ ਗਈ। 27 ਉਸ ਦੇ ਘਰਾਣੇ ਦੇ ਸਾਰੇ ਆਦਮੀਆਂ ਦੀ ਵੀ ਉਸੇ ਦਿਨ ਸੁੰਨਤ ਕੀਤੀ ਗਈ, ਚਾਹੇ ਉਹ ਆਦਮੀ ਉਸ ਦੇ ਘਰ ਜੰਮੇ-ਪਲ਼ੇ ਸਨ ਜਾਂ ਕਿਸੇ ਪਰਦੇਸੀ ਤੋਂ ਖ਼ਰੀਦੇ ਗਏ ਸਨ।
18 ਇਸ ਤੋਂ ਬਾਅਦ ਯਹੋਵਾਹ*+ ਮਮਰੇ ਵਿਚ ਵੱਡੇ ਦਰਖ਼ਤਾਂ ਕੋਲ+ ਅਬਰਾਹਾਮ ਸਾਮ੍ਹਣੇ ਪ੍ਰਗਟ ਹੋਇਆ। ਉਹ ਸਿਖਰ ਦੁਪਹਿਰੇ ਆਪਣੇ ਤੰਬੂ ਦੇ ਬੂਹੇ ਕੋਲ ਬੈਠਾ ਹੋਇਆ ਸੀ। 2 ਉਸ ਨੇ ਨਜ਼ਰਾਂ ਚੁੱਕ ਕੇ ਦੇਖਿਆ ਕਿ ਤਿੰਨ ਆਦਮੀ ਉਸ ਤੋਂ ਕੁਝ ਦੂਰ ਖੜ੍ਹੇ ਸਨ।+ ਉਨ੍ਹਾਂ ਨੂੰ ਦੇਖਦਿਆਂ ਹੀ ਉਹ ਭੱਜ ਕੇ ਉਨ੍ਹਾਂ ਨੂੰ ਮਿਲਿਆ ਅਤੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ। 3 ਫਿਰ ਉਸ ਨੇ ਕਿਹਾ: “ਹੇ ਯਹੋਵਾਹ, ਜੇ ਮੇਰੇ ʼਤੇ ਤੇਰੀ ਮਿਹਰ ਹੋਈ ਹੈ, ਤਾਂ ਆਪਣੇ ਸੇਵਕ ਦੇ ਡੇਰੇ ਵਿਚ ਆ। 4 ਅਸੀਂ ਤੁਹਾਡੇ ਪੈਰ ਧੋਣ ਲਈ ਪਾਣੀ ਲਿਆਉਂਦੇ ਹਾਂ,+ ਫਿਰ ਤੁਸੀਂ ਦਰਖ਼ਤ ਹੇਠਾਂ ਬੈਠ ਕੇ ਆਰਾਮ ਕਰਿਓ। 5 ਨਾਲੇ ਤੁਸੀਂ ਆਪਣੇ ਸੇਵਕ ਦੇ ਘਰ ਆਏ ਹੋ, ਇਸ ਲਈ ਮੈਨੂੰ ਇਜਾਜ਼ਤ ਦਿਓ ਕਿ ਮੈਂ ਤੁਹਾਡੇ ਲਈ ਰੋਟੀ-ਪਾਣੀ ਦਾ ਇੰਤਜ਼ਾਮ ਕਰਾਂ ਤਾਂਕਿ ਤੁਸੀਂ ਖਾ ਕੇ ਤਰੋ-ਤਾਜ਼ਾ ਹੋ ਜਾਓ।* ਫਿਰ ਤੁਸੀਂ ਆਪਣੇ ਰਾਹ ਪੈ ਜਾਇਓ।” ਇਹ ਸੁਣ ਕੇ ਉਨ੍ਹਾਂ ਨੇ ਕਿਹਾ: “ਠੀਕ ਹੈ, ਜਿਵੇਂ ਤੇਰੀ ਮਰਜ਼ੀ।”
6 ਇਸ ਲਈ ਅਬਰਾਹਾਮ ਨੱਠ ਕੇ ਤੰਬੂ ਵਿਚ ਸਾਰਾਹ ਕੋਲ ਗਿਆ ਅਤੇ ਕਿਹਾ: “ਤਿੰਨ ਸੇਆਹ* ਮੈਦਾ ਗੁੰਨ੍ਹ ਕੇ ਫਟਾਫਟ ਰੋਟੀ ਪਕਾ!” 7 ਫਿਰ ਅਬਰਾਹਾਮ ਭੱਜ ਕੇ ਇੱਜੜ ਕੋਲ ਗਿਆ ਅਤੇ ਇਕ ਤੰਦਰੁਸਤ ਤੇ ਨਰਮ ਵੱਛਾ ਲੈ ਕੇ ਇਕ ਸੇਵਾਦਾਰ ਨੂੰ ਦਿੱਤਾ ਅਤੇ ਉਸ ਨੇ ਇਸ ਨੂੰ ਵੱਢ ਕੇ ਫਟਾਫਟ ਪਕਾਇਆ। 8 ਫਿਰ ਉਸ ਨੇ ਮੱਖਣ, ਦੁੱਧ ਅਤੇ ਮੀਟ ਲਿਆ ਕੇ ਉਨ੍ਹਾਂ ਸਾਮ੍ਹਣੇ ਰੱਖਿਆ। ਫਿਰ ਜਦੋਂ ਉਹ ਦਰਖ਼ਤ ਥੱਲੇ ਬੈਠੇ ਖਾ ਰਹੇ ਸਨ, ਤਾਂ ਅਬਰਾਹਾਮ ਉਨ੍ਹਾਂ ਕੋਲ ਖੜ੍ਹਾ ਰਿਹਾ।+
9 ਫਿਰ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤੇਰੀ ਪਤਨੀ ਸਾਰਾਹ+ ਕਿੱਥੇ ਹੈ?” ਉਸ ਨੇ ਜਵਾਬ ਦਿੱਤਾ: “ਉਹ ਤੰਬੂ ਵਿਚ ਹੈ।” 10 ਉਨ੍ਹਾਂ ਵਿੱਚੋਂ ਇਕ ਜਣੇ ਨੇ ਕਿਹਾ: “ਸੁਣ! ਮੈਂ ਅਗਲੇ ਸਾਲ ਇਸੇ ਸਮੇਂ ਜ਼ਰੂਰ ਤੇਰੇ ਕੋਲ ਵਾਪਸ ਆਵਾਂਗਾ ਅਤੇ ਦੇਖ! ਤੇਰੀ ਪਤਨੀ ਸਾਰਾਹ ਦੇ ਇਕ ਮੁੰਡਾ ਹੋਵੇਗਾ।”+ ਉਸ ਵੇਲੇ ਸਾਰਾਹ ਉਸ ਆਦਮੀ ਦੇ ਪਿੱਛੇ ਦਰਵਾਜ਼ੇ ਕੋਲ ਖੜ੍ਹੀ ਇਹ ਸਭ ਕੁਝ ਸੁਣ ਰਹੀ ਸੀ। 11 ਅਬਰਾਹਾਮ ਅਤੇ ਸਾਰਾਹ ਕਾਫ਼ੀ ਬੁੱਢੇ ਹੋ ਚੁੱਕੇ ਸਨ।+ ਸਾਰਾਹ ਦੀ ਬੱਚੇ ਪੈਦਾ ਕਰਨ ਦੀ ਉਮਰ ਲੰਘ ਚੁੱਕੀ ਸੀ।+ 12 ਇਸ ਲਈ ਸਾਰਾਹ ਆਪਣੇ ਮਨ ਵਿਚ ਹੱਸੀ ਅਤੇ ਕਹਿਣ ਲੱਗੀ: “ਹੁਣ ਤਾਂ ਮੈਂ ਬੁੱਢੀ ਹੋ ਚੁੱਕੀ ਹਾਂ ਅਤੇ ਮੇਰਾ ਸੁਆਮੀ ਵੀ ਬੁੱਢਾ ਹੈ, ਤਾਂ ਫਿਰ ਕੀ ਮੈਨੂੰ ਇਹ ਖ਼ੁਸ਼ੀ ਮਿਲੇਗੀ?”+ 13 ਫਿਰ ਯਹੋਵਾਹ ਨੇ ਅਬਰਾਹਾਮ ਨੂੰ ਕਿਹਾ: “ਸਾਰਾਹ ਕਿਉਂ ਹੱਸੀ ਅਤੇ ਉਸ ਨੇ ਇਹ ਕਿਉਂ ਕਿਹਾ, ‘ਕੀ ਬੁਢਾਪੇ ਵਿਚ ਸੱਚੀਂ ਮੇਰੇ ਬੱਚਾ ਹੋਊਗਾ?’ 14 ਕੀ ਯਹੋਵਾਹ ਲਈ ਕੋਈ ਵੀ ਕੰਮ ਕਰਨਾ ਨਾਮੁਮਕਿਨ ਹੈ?+ ਮੈਂ ਅਗਲੇ ਸਾਲ ਇਸੇ ਸਮੇਂ ਤੇਰੇ ਕੋਲ ਵਾਪਸ ਆਵਾਂਗਾ ਅਤੇ ਸਾਰਾਹ ਦੇ ਇਕ ਮੁੰਡਾ ਹੋਵੇਗਾ।” 15 ਸਾਰਾਹ ਉਸ ਵੇਲੇ ਡਰ ਗਈ ਜਿਸ ਕਰਕੇ ਉਸ ਨੇ ਮੁੱਕਰਦਿਆਂ ਕਿਹਾ: “ਨਹੀਂ, ਮੈਂ ਨਹੀਂ ਹੱਸੀ!” ਇਹ ਸੁਣ ਕੇ ਪਰਮੇਸ਼ੁਰ ਨੇ ਕਿਹਾ: “ਹਾਂ! ਤੂੰ ਹੱਸੀ ਸੀ।”
16 ਜਦੋਂ ਉਹ ਆਦਮੀ ਉੱਠ ਕੇ ਜਾਣ ਲੱਗੇ ਅਤੇ ਸਦੂਮ ਵੱਲ ਦੇਖਿਆ,+ ਤਾਂ ਅਬਰਾਹਾਮ ਉਨ੍ਹਾਂ ਨੂੰ ਵਿਦਾ ਕਰਨ ਲਈ ਉਨ੍ਹਾਂ ਦੇ ਨਾਲ ਗਿਆ। 17 ਯਹੋਵਾਹ ਨੇ ਕਿਹਾ: “ਮੈਂ ਜੋ ਕਰਨ ਜਾ ਰਿਹਾ ਹਾਂ, ਉਹ ਅਬਰਾਹਾਮ ਤੋਂ ਕਿਉਂ ਲੁਕਾਵਾਂ?+ 18 ਅਬਰਾਹਾਮ ਤੋਂ ਜ਼ਰੂਰ ਇਕ ਵੱਡੀ ਅਤੇ ਤਾਕਤਵਰ ਕੌਮ ਬਣੇਗੀ ਅਤੇ ਉਸ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਬਰਕਤ ਮਿਲੇਗੀ।*+ 19 ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਉਹ ਆਪਣੇ ਪੁੱਤਰਾਂ ਨੂੰ ਅਤੇ ਆਪਣੇ ਤੋਂ ਬਾਅਦ ਆਪਣੀ ਔਲਾਦ ਨੂੰ ਹੁਕਮ ਦੇਵੇਗਾ ਕਿ ਉਹ ਯਹੋਵਾਹ ਦੇ ਰਾਹ ʼਤੇ ਚੱਲਦੇ ਰਹਿਣ ਯਾਨੀ ਸਹੀ ਕੰਮ ਕਰਨ ਅਤੇ ਨਿਆਂ ਦੇ ਮੁਤਾਬਕ ਚੱਲਣ।+ ਫਿਰ ਮੈਂ ਯਹੋਵਾਹ ਆਪਣੇ ਵਾਅਦੇ ਮੁਤਾਬਕ ਅਬਰਾਹਾਮ ਨੂੰ ਸਭ ਕੁਝ ਦਿਆਂਗਾ।”
20 ਫਿਰ ਯਹੋਵਾਹ ਨੇ ਕਿਹਾ: “ਸਦੂਮ ਅਤੇ ਗਮੋਰਾ* ਦੇ ਖ਼ਿਲਾਫ਼ ਸ਼ਿਕਾਇਤਾਂ ਬਹੁਤ ਵਧ ਗਈਆਂ ਹਨ+ ਅਤੇ ਉਨ੍ਹਾਂ ਦੇ ਪਾਪਾਂ ਦੀ ਪੰਡ ਬਹੁਤ ਭਾਰੀ ਹੋ ਚੁੱਕੀ ਹੈ।+ 21 ਮੈਂ ਆਪ ਜਾ ਕੇ ਦੇਖਾਂਗਾ ਕਿ ਇਹ ਸ਼ਿਕਾਇਤਾਂ ਸਹੀ ਹਨ ਜਾਂ ਨਹੀਂ ਅਤੇ ਉਨ੍ਹਾਂ ਦੇ ਕੰਮ ਵਾਕਈ ਇੰਨੇ ਬੁਰੇ ਹਨ। ਮੈਂ ਇਸ ਬਾਰੇ ਪਤਾ ਕਰਨਾ ਚਾਹੁੰਦਾ ਹਾਂ।”+
22 ਫਿਰ ਉਹ ਆਦਮੀ ਉੱਥੋਂ ਸਦੂਮ ਵੱਲ ਨੂੰ ਚਲੇ ਗਏ, ਪਰ ਯਹੋਵਾਹ+ ਅਬਰਾਹਾਮ ਨਾਲ ਰਿਹਾ। 23 ਫਿਰ ਅਬਰਾਹਾਮ ਨੇ ਪੁੱਛਿਆ: “ਕੀ ਤੂੰ ਸੱਚੀਂ ਦੁਸ਼ਟ ਲੋਕਾਂ ਦੇ ਨਾਲ ਧਰਮੀਆਂ ਨੂੰ ਵੀ ਖ਼ਤਮ ਕਰ ਦੇਵੇਂਗਾ?+ 24 ਜੇ ਉਸ ਸ਼ਹਿਰ ਵਿਚ 50 ਧਰਮੀ ਇਨਸਾਨ ਹੋਣ, ਤਾਂ ਕੀ ਤੂੰ ਉਨ੍ਹਾਂ ਨੂੰ ਨਾਸ਼ ਕਰ ਦੇਵੇਂਗਾ ਅਤੇ ਸ਼ਹਿਰ ਦੇ 50 ਧਰਮੀ ਲੋਕਾਂ ਦੀ ਖ਼ਾਤਰ ਉੱਥੇ ਦੇ ਬਾਕੀ ਲੋਕਾਂ ਨੂੰ ਮਾਫ਼ ਨਹੀਂ ਕਰੇਂਗਾ? 25 ਇਹ ਸੋਚਣਾ ਵੀ ਨਾਮੁਮਕਿਨ ਹੈ ਕਿ ਤੂੰ ਦੁਸ਼ਟ ਇਨਸਾਨ ਦੇ ਨਾਲ ਧਰਮੀ ਇਨਸਾਨ ਨੂੰ ਵੀ ਮਾਰ ਦੇਵੇਂਗਾ ਜਿਸ ਕਰਕੇ ਬੁਰੇ ਅਤੇ ਧਰਮੀ ਦੋਹਾਂ ਦਾ ਇੱਕੋ ਜਿਹਾ ਅੰਜਾਮ ਹੋਵੇਗਾ!+ ਇਹ ਸੋਚਣਾ ਵੀ ਨਾਮੁਮਕਿਨ ਹੈ+ ਕਿ ਤੂੰ ਇਸ ਤਰ੍ਹਾਂ ਕਰੇਂਗਾ। ਕੀ ਸਾਰੀ ਦੁਨੀਆਂ ਦਾ ਨਿਆਂਕਾਰ ਸਹੀ ਨਿਆਂ ਨਹੀਂ ਕਰੇਗਾ?”+ 26 ਫਿਰ ਯਹੋਵਾਹ ਨੇ ਕਿਹਾ: “ਜੇ ਮੈਨੂੰ ਸਦੂਮ ਸ਼ਹਿਰ ਵਿਚ 50 ਧਰਮੀ ਲੋਕ ਮਿਲੇ, ਤਾਂ ਮੈਂ ਉਨ੍ਹਾਂ ਦੀ ਖ਼ਾਤਰ ਪੂਰੇ ਸ਼ਹਿਰ ਨੂੰ ਮਾਫ਼ ਕਰ ਦਿਆਂਗਾ।” 27 ਪਰ ਅਬਰਾਹਾਮ ਨੇ ਦੁਬਾਰਾ ਕਿਹਾ: “ਹੇ ਯਹੋਵਾਹ, ਮੈਂ ਮਿੱਟੀ ਦਾ ਬਣਿਆ ਮਾਮੂਲੀ ਇਨਸਾਨ ਹਾਂ, ਫਿਰ ਵੀ ਮੈਂ ਤੇਰੇ ਨਾਲ ਗੱਲ ਕਰਨ ਦੀ ਹਿੰਮਤ ਕਰ ਰਿਹਾ ਹਾਂ। 28 ਜੇ ਉੱਥੇ 50 ਵਿੱਚੋਂ 5 ਘੱਟ ਹੋਣ, ਕੀ ਤੂੰ ਉਨ੍ਹਾਂ ਪੰਜਾਂ ਕਰਕੇ ਪੂਰੇ ਸ਼ਹਿਰ ਨੂੰ ਤਬਾਹ ਕਰ ਦੇਵੇਂਗਾ?” ਇਹ ਸੁਣ ਕੇ ਪਰਮੇਸ਼ੁਰ ਨੇ ਕਿਹਾ: “ਜੇ ਮੈਨੂੰ ਉੱਥੇ 45 ਧਰਮੀ ਇਨਸਾਨ ਮਿਲੇ, ਤਾਂ ਮੈਂ ਇਸ ਨੂੰ ਤਬਾਹ ਨਹੀਂ ਕਰਾਂਗਾ।”+
29 ਪਰ ਅਬਰਾਹਾਮ ਨੇ ਫਿਰ ਉਸ ਨੂੰ ਕਿਹਾ: “ਜੇ ਉੱਥੇ 40 ਜਣੇ ਧਰਮੀ ਹੋਣ।” ਉਸ ਨੇ ਜਵਾਬ ਦਿੱਤਾ: “ਮੈਂ ਉਨ੍ਹਾਂ 40 ਜਣਿਆਂ ਦੀ ਖ਼ਾਤਰ ਤਬਾਹੀ ਨਹੀਂ ਲਿਆਵਾਂਗਾ।” 30 ਫਿਰ ਉਸ ਨੇ ਅੱਗੇ ਕਿਹਾ: “ਯਹੋਵਾਹ, ਕਿਰਪਾ ਕਰ ਕੇ ਮੇਰੀ ਗੱਲ ਦਾ ਗੁੱਸਾ ਨਾ ਕਰੀਂ:+ ਜੇ ਉੱਥੇ ਸਿਰਫ਼ 30 ਜਣੇ ਧਰਮੀ ਹੋਣ।” ਪਰਮੇਸ਼ੁਰ ਨੇ ਜਵਾਬ ਦਿੱਤਾ: “ਜੇ ਮੈਨੂੰ ਉੱਥੇ ਸਿਰਫ਼ 30 ਜਣੇ ਹੀ ਧਰਮੀ ਮਿਲੇ, ਤਾਂ ਮੈਂ ਤਬਾਹੀ ਨਹੀਂ ਲਿਆਵਾਂਗਾ।” 31 ਪਰ ਅਬਰਾਹਾਮ ਨੇ ਕਿਹਾ: “ਯਹੋਵਾਹ, ਮੈਂ ਤੇਰੇ ਨਾਲ ਗੱਲ ਕਰਨ ਦਾ ਹੀਆ ਕਰ ਰਿਹਾ ਹਾਂ: ਜੇ ਉੱਥੇ ਸਿਰਫ਼ 20 ਜਣੇ ਧਰਮੀ ਮਿਲੇ।” ਪਰਮੇਸ਼ੁਰ ਨੇ ਜਵਾਬ ਦਿੱਤਾ: “ਮੈਂ ਉਨ੍ਹਾਂ 20 ਜਣਿਆਂ ਦੀ ਖ਼ਾਤਰ ਇਸ ਨੂੰ ਤਬਾਹ ਨਹੀਂ ਕਰਾਂਗਾ।” 32 ਅਖ਼ੀਰ ਉਸ ਨੇ ਕਿਹਾ: “ਯਹੋਵਾਹ, ਕਿਰਪਾ ਕਰ ਕੇ ਗੁੱਸਾ ਨਾ ਕਰੀਂ, ਬੱਸ ਮੈਂ ਇਕ ਵਾਰ ਹੋਰ ਪੁੱਛਣਾ ਚਾਹੁੰਦਾ ਹਾਂ: ਜੇ ਉੱਥੇ ਸਿਰਫ਼ ਦਸ ਜਣੇ ਧਰਮੀ ਹੋਣ।” ਉਸ ਨੇ ਜਵਾਬ ਦਿੱਤਾ: “ਮੈਂ ਉਨ੍ਹਾਂ ਦਸ ਜਣਿਆਂ ਦੀ ਖ਼ਾਤਰ ਇਸ ਨੂੰ ਤਬਾਹ ਨਹੀਂ ਕਰਾਂਗਾ।” 33 ਜਦੋਂ ਯਹੋਵਾਹ ਅਬਰਾਹਾਮ ਨਾਲ ਗੱਲ ਕਰ ਹਟਿਆ, ਤਾਂ ਉਹ ਆਪਣੇ ਰਾਹ ਪੈ ਗਿਆ+ ਅਤੇ ਅਬਰਾਹਾਮ ਆਪਣੇ ਤੰਬੂ ਵਿਚ ਆ ਗਿਆ।
19 ਸ਼ਾਮ ਨੂੰ ਦੋ ਦੂਤ ਸਦੂਮ ਪਹੁੰਚੇ। ਉਸ ਵੇਲੇ ਲੂਤ ਸ਼ਹਿਰ ਦੇ ਦਰਵਾਜ਼ੇ ਕੋਲ ਬੈਠਾ ਹੋਇਆ ਸੀ। ਜਦੋਂ ਉਸ ਨੇ ਉਨ੍ਹਾਂ ਨੂੰ ਦੇਖਿਆ, ਤਾਂ ਉਹ ਭੱਜ ਕੇ ਉਨ੍ਹਾਂ ਨੂੰ ਮਿਲਣ ਗਿਆ ਅਤੇ ਗੋਡਿਆਂ ਭਾਰ ਬੈਠ ਕੇ ਆਪਣਾ ਸਿਰ ਨਿਵਾਇਆ।+ 2 ਉਸ ਨੇ ਉਨ੍ਹਾਂ ਨੂੰ ਕਿਹਾ: “ਹਜ਼ੂਰ, ਕਿਰਪਾ ਕਰ ਕੇ ਆਪਣੇ ਦਾਸ ਦੇ ਘਰ ਰਾਤ ਰਹੋ ਅਤੇ ਅਸੀਂ ਤੁਹਾਡੇ ਪੈਰ ਧੋਵਾਂਗੇ। ਫਿਰ ਤੁਸੀਂ ਸਵੇਰੇ ਜਲਦੀ ਉੱਠ ਕੇ ਆਪਣੇ ਰਾਹ ਪੈ ਜਾਇਓ।” ਉਨ੍ਹਾਂ ਨੇ ਕਿਹਾ: “ਨਹੀਂ, ਅਸੀਂ ਚੌਂਕ ਵਿਚ ਹੀ ਰਾਤ ਕੱਟਾਂਗੇ।” 3 ਪਰ ਲੂਤ ਨੇ ਉਨ੍ਹਾਂ ʼਤੇ ਇੰਨਾ ਜ਼ੋਰ ਪਾਇਆ ਕਿ ਉਹ ਉਸ ਦੇ ਨਾਲ ਘਰ ਚਲੇ ਗਏ। ਫਿਰ ਉਸ ਨੇ ਉਨ੍ਹਾਂ ਲਈ ਤਰ੍ਹਾਂ-ਤਰ੍ਹਾਂ ਦਾ ਖਾਣਾ ਅਤੇ ਬੇਖਮੀਰੀ ਰੋਟੀ ਬਣਾਈ ਅਤੇ ਉਨ੍ਹਾਂ ਨੇ ਖਾਧਾ-ਪੀਤਾ।
4 ਉਨ੍ਹਾਂ ਦੇ ਸੌਣ ਤੋਂ ਪਹਿਲਾਂ ਸ਼ਹਿਰ ਦੇ ਆਦਮੀਆਂ ਦੀ ਭੀੜ ਇਕੱਠੀ ਹੋ ਗਈ ਜਿਸ ਵਿਚ ਮੁੰਡਿਆਂ ਤੋਂ ਲੈ ਕੇ ਬੁੱਢੇ ਤਕ ਸਨ। ਉਨ੍ਹਾਂ ਸਾਰਿਆਂ ਨੇ ਰੌਲ਼ਾ ਪਾਉਂਦੇ ਹੋਏ ਉਸ ਦੇ ਘਰ ਨੂੰ ਘੇਰਾ ਪਾ ਲਿਆ। 5 ਉਹ ਲੂਤ ਨੂੰ ਆਵਾਜ਼ਾਂ ਮਾਰ ਕੇ ਕਹਿਣ ਲੱਗੇ: “ਕਿੱਥੇ ਹਨ ਉਹ ਆਦਮੀ ਜਿਹੜੇ ਅੱਜ ਰਾਤ ਤੇਰੇ ਘਰ ਆਏ ਹਨ? ਉਨ੍ਹਾਂ ਨੂੰ ਬਾਹਰ ਲੈ ਕੇ ਆ ਤਾਂਕਿ ਅਸੀਂ ਉਨ੍ਹਾਂ ਨਾਲ ਸਰੀਰਕ ਸੰਬੰਧ ਬਣਾਈਏ।”+
6 ਫਿਰ ਲੂਤ ਉਨ੍ਹਾਂ ਨੂੰ ਮਿਲਣ ਬਾਹਰ ਗਿਆ ਅਤੇ ਦਰਵਾਜ਼ਾ ਬੰਦ ਕਰ ਦਿੱਤਾ। 7 ਉਸ ਨੇ ਕਿਹਾ: “ਭਰਾਵੋ, ਕਿਰਪਾ ਕਰ ਕੇ ਇਹ ਬੁਰਾ ਕੰਮ ਨਾ ਕਰੋ। 8 ਦੇਖੋ! ਮੇਰੀਆਂ ਦੋ ਕੁਆਰੀਆਂ ਧੀਆਂ ਹਨ। ਮੈਂ ਉਨ੍ਹਾਂ ਨੂੰ ਤੁਹਾਡੇ ਹਵਾਲੇ ਕਰ ਦਿੰਦਾ ਹਾਂ। ਤੁਹਾਨੂੰ ਜੋ ਚੰਗਾ ਲੱਗੇ, ਉਨ੍ਹਾਂ ਨਾਲ ਕਰੋ। ਪਰ ਕਿਰਪਾ ਕਰ ਕੇ ਉਨ੍ਹਾਂ ਆਦਮੀਆਂ ਨਾਲ ਕੁਝ ਨਾ ਕਰੋ ਕਿਉਂਕਿ ਉਹ ਮੇਰੀ ਛੱਤ* ਹੇਠ ਆਏ ਹਨ।”+ 9 ਇਹ ਸੁਣ ਕੇ ਉਨ੍ਹਾਂ ਨੇ ਕਿਹਾ: “ਪਰਾਂ ਹਟ!” ਫਿਰ ਉਨ੍ਹਾਂ ਨੇ ਕਿਹਾ: “ਇਸ ਪਰਦੇਸੀ ਦੀ ਹਿੰਮਤ ਤਾਂ ਦੇਖੋ! ਇਹ ਇੱਥੇ ਰਹਿਣ ਆਇਆ ਸੀ ਅਤੇ ਇਸ ਦਾ ਇੱਥੇ ਕੋਈ ਨਹੀਂ ਹੈ। ਹੁਣ ਇਹ ਸਾਡਾ ਨਿਆਂ ਕਰਨ ਲੱਗ ਪਿਆ ਹੈ! ਅਸੀਂ ਤੇਰਾ ਉਨ੍ਹਾਂ ਨਾਲੋਂ ਵੀ ਮਾੜਾ ਹਸ਼ਰ ਕਰਾਂਗੇ।” ਭੀੜ ਨੇ ਲੂਤ ਨੂੰ ਧੱਕੇ ਮਾਰੇ ਅਤੇ ਦਰਵਾਜ਼ਾ ਤੋੜਨ ਲਈ ਅੱਗੇ ਵਧੀ। 10 ਇਸ ਲਈ ਉਨ੍ਹਾਂ ਆਦਮੀਆਂ* ਨੇ ਹੱਥ ਵਧਾ ਕੇ ਲੂਤ ਨੂੰ ਘਰ ਦੇ ਅੰਦਰ ਖਿੱਚ ਲਿਆ ਅਤੇ ਦਰਵਾਜ਼ਾ ਬੰਦ ਕਰ ਦਿੱਤਾ। 11 ਪਰ ਉਨ੍ਹਾਂ ਨੇ ਦਰਵਾਜ਼ੇ ʼਤੇ ਇਕੱਠੇ ਹੋਏ ਛੋਟੇ ਤੋਂ ਲੈ ਕੇ ਵੱਡੇ ਤਕ ਸਾਰੇ ਆਦਮੀਆਂ ਨੂੰ ਅੰਨ੍ਹਾ ਕਰ ਦਿੱਤਾ। ਇਸ ਲਈ ਉਹ ਦਰਵਾਜ਼ਾ ਲੱਭਦੇ-ਲੱਭਦੇ ਥੱਕ ਗਏ।
12 ਫਿਰ ਉਨ੍ਹਾਂ ਆਦਮੀਆਂ ਨੇ ਲੂਤ ਨੂੰ ਕਿਹਾ: “ਕੀ ਇੱਥੇ ਤੇਰੇ ਹੋਰ ਵੀ ਰਿਸ਼ਤੇਦਾਰ ਹਨ? ਤੇਰੇ ਜਵਾਈ, ਤੇਰੇ ਮੁੰਡੇ, ਧੀਆਂ ਅਤੇ ਤੇਰੇ ਹੋਰ ਜਿੰਨੇ ਲੋਕ ਹਨ, ਉਨ੍ਹਾਂ ਸਾਰਿਆਂ ਨੂੰ ਸ਼ਹਿਰੋਂ ਬਾਹਰ ਲੈ ਜਾ। 13 ਅਸੀਂ ਇਸ ਸ਼ਹਿਰ ਨੂੰ ਤਬਾਹ ਕਰਨ ਜਾ ਰਹੇ ਹਾਂ ਕਿਉਂਕਿ ਇੱਥੇ ਦੇ ਲੋਕਾਂ ਖ਼ਿਲਾਫ਼ ਸ਼ਿਕਾਇਤਾਂ ਯਹੋਵਾਹ ਦੇ ਹਜ਼ੂਰ ਪਹੁੰਚੀਆਂ ਹਨ,*+ ਇਸ ਕਰਕੇ ਯਹੋਵਾਹ ਨੇ ਸਾਨੂੰ ਇਸ ਸ਼ਹਿਰ ਨੂੰ ਨਸ਼ਟ ਕਰਨ ਲਈ ਘੱਲਿਆ ਹੈ। 14 ਇਸ ਲਈ ਲੂਤ ਬਾਹਰ ਗਿਆ ਅਤੇ ਆਪਣੇ ਜਵਾਈਆਂ ਨਾਲ ਗੱਲ ਕੀਤੀ ਜਿਨ੍ਹਾਂ ਨਾਲ ਉਸ ਦੀਆਂ ਧੀਆਂ ਦੇ ਵਿਆਹ ਹੋਣੇ ਸਨ। ਉਸ ਨੇ ਉਨ੍ਹਾਂ ਨੂੰ ਕਿਹਾ: “ਜਲਦੀ ਕਰੋ! ਇਸ ਸ਼ਹਿਰ ਨੂੰ ਛੱਡ ਕੇ ਚਲੇ ਜਾਓ ਕਿਉਂਕਿ ਯਹੋਵਾਹ ਇਸ ਸ਼ਹਿਰ ਨੂੰ ਨਸ਼ਟ ਕਰਨ ਵਾਲਾ ਹੈ!” ਪਰ ਉਸ ਦੇ ਜਵਾਈਆਂ ਨੂੰ ਲੱਗਾ ਕਿ ਉਹ ਉਨ੍ਹਾਂ ਨਾਲ ਮਜ਼ਾਕ ਕਰ ਰਿਹਾ ਸੀ।+
15 ਜਦੋਂ ਸਵੇਰਾ ਹੋਇਆ, ਤਾਂ ਦੂਤਾਂ ਨੇ ਲੂਤ ਉੱਤੇ ਛੇਤੀ ਕਰਨ ਲਈ ਜ਼ੋਰ ਪਾਇਆ ਅਤੇ ਕਿਹਾ: “ਆਪਣੀ ਪਤਨੀ ਤੇ ਆਪਣੀਆਂ ਦੋਵੇਂ ਧੀਆਂ ਨੂੰ ਲੈ ਕੇ ਫਟਾਫਟ ਇੱਥੋਂ ਭੱਜ ਜਾਹ! ਕਿਤੇ ਇੱਦਾਂ ਨਾ ਹੋਵੇ ਕਿ ਇਸ ਸ਼ਹਿਰ ਦੀ ਬੁਰਾਈ ਕਰਕੇ ਤੂੰ ਵੀ ਆਪਣੀ ਜਾਨ ਤੋਂ ਹੱਥ ਧੋ ਬੈਠੇਂ!”+ 16 ਪਰ ਉਹ ਢਿੱਲ-ਮੱਠ ਕਰਦਾ ਰਿਹਾ, ਇਸ ਲਈ ਉਹ ਆਦਮੀ ਉਸ ਨੂੰ, ਉਸ ਦੀ ਪਤਨੀ ਅਤੇ ਧੀਆਂ ਨੂੰ ਹੱਥੋਂ ਫੜ ਕੇ ਸ਼ਹਿਰੋਂ ਬਾਹਰ ਲੈ ਆਏ+ ਕਿਉਂਕਿ ਲੂਤ ਉੱਤੇ ਯਹੋਵਾਹ ਦੀ ਦਇਆ ਹੋਈ ਸੀ।+ 17 ਜਿਉਂ ਹੀ ਉਹ ਉਨ੍ਹਾਂ ਨੂੰ ਬਾਹਰ ਲੈ ਕੇ ਆਏ, ਤਾਂ ਉਨ੍ਹਾਂ ਵਿੱਚੋਂ ਇਕ ਨੇ ਕਿਹਾ: “ਆਪਣੀਆਂ ਜਾਨਾਂ ਬਚਾਉਣ ਲਈ ਭੱਜ ਜਾਓ! ਪਿੱਛੇ ਮੁੜ ਕੇ ਨਾ ਦੇਖਿਓ+ ਅਤੇ ਇਸ ਇਲਾਕੇ* ਵਿਚ ਕਿਤੇ ਵੀ ਖੜ੍ਹੇ ਨਾ ਹੋਇਓ!+ ਪਹਾੜੀ ਇਲਾਕੇ ਨੂੰ ਭੱਜ ਜਾਓ ਤਾਂਕਿ ਤੁਸੀਂ ਵੀ ਨਸ਼ਟ ਨਾ ਹੋ ਜਾਓ!”
18 ਫਿਰ ਲੂਤ ਨੇ ਉਨ੍ਹਾਂ ਨੂੰ ਕਿਹਾ: “ਯਹੋਵਾਹ, ਕਿਰਪਾ ਕਰ ਕੇ ਮੈਨੂੰ ਉੱਥੇ ਨਾ ਘੱਲ! 19 ਤੂੰ ਆਪਣੇ ਸੇਵਕ ਉੱਤੇ ਮਿਹਰ ਕੀਤੀ ਹੈ ਅਤੇ ਮੇਰੀ ਜਾਨ ਬਚਾ ਕੇ ਮੇਰੇ ʼਤੇ ਵੱਡੀ ਦਇਆ* ਕੀਤੀ ਹੈ।+ ਪਰ ਮੈਂ ਭੱਜ ਕੇ ਉਸ ਪਹਾੜੀ ਇਲਾਕੇ ਵਿਚ ਨਹੀਂ ਜਾ ਸਕਦਾ ਕਿਉਂਕਿ ਮੈਨੂੰ ਡਰ ਹੈ ਕਿ ਕਿਤੇ ਉੱਥੇ ਮੇਰੇ ਉੱਤੇ ਕੋਈ ਆਫ਼ਤ ਨਾ ਆ ਪਵੇ ਅਤੇ ਮੈਂ ਮਰ ਨਾ ਜਾਵਾਂ।+ 20 ਇਹ ਛੋਟਾ ਜਿਹਾ ਸ਼ਹਿਰ ਨੇੜੇ ਹੈ ਜਿੱਥੇ ਮੈਂ ਭੱਜ ਕੇ ਜਾ ਸਕਦਾ। ਕੀ ਮੈਂ ਆਪਣੀ ਜਾਨ ਬਚਾਉਣ ਲਈ ਉੱਥੇ ਜਾ ਸਕਦਾ ਹਾਂ? ਇਹ ਛੋਟਾ ਜਿਹਾ ਸ਼ਹਿਰ ਹੈ। ਇਸ ਤਰ੍ਹਾਂ ਮੈਂ ਬਚ ਜਾਵਾਂਗਾ।” 21 ਇਸ ਲਈ ਉਸ ਨੇ ਲੂਤ ਨੂੰ ਕਿਹਾ: “ਠੀਕ ਹੈ। ਮੈਂ ਤੇਰਾ ਲਿਹਾਜ਼ ਕਰਦੇ ਹੋਏ+ ਇਸ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।+ 22 ਹੁਣ ਛੇਤੀ-ਛੇਤੀ ਉੱਥੇ ਭੱਜ ਜਾ ਕਿਉਂਕਿ ਜਦੋਂ ਤਕ ਤੂੰ ਉੱਥੇ ਪਹੁੰਚ ਨਹੀਂ ਜਾਂਦਾ, ਉਦੋਂ ਤਕ ਮੈਂ ਕੁਝ ਨਹੀਂ ਕਰ ਸਕਦਾ!”+ ਇਸ ਕਰਕੇ ਉਸ ਸ਼ਹਿਰ ਦਾ ਨਾਂ ਸੋਆਰ*+ ਪੈ ਗਿਆ।
23 ਲੂਤ ਦੇ ਸੋਆਰ ਪਹੁੰਚਣ ਤਕ ਸੂਰਜ ਚੜ੍ਹ ਚੁੱਕਿਆ ਸੀ। 24 ਫਿਰ ਯਹੋਵਾਹ ਨੇ ਸਦੂਮ ਅਤੇ ਗਮੋਰਾ* ਉੱਤੇ ਗੰਧਕ ਅਤੇ ਅੱਗ ਵਰ੍ਹਾਈ—ਹਾਂ, ਯਹੋਵਾਹ ਵੱਲੋਂ ਆਕਾਸ਼ੋਂ ਗੰਧਕ ਤੇ ਅੱਗ ਵਰ੍ਹੀ ਸੀ।+ 25 ਇਸ ਤਰ੍ਹਾਂ ਉਸ ਨੇ ਉਨ੍ਹਾਂ ਸ਼ਹਿਰਾਂ ਨੂੰ, ਹਾਂ ਪੂਰੇ ਇਲਾਕੇ ਨੂੰ ਉਨ੍ਹਾਂ ਸ਼ਹਿਰਾਂ ਦੇ ਵਾਸੀਆਂ ਅਤੇ ਪੇੜ-ਪੌਦਿਆਂ ਸਮੇਤ ਨਸ਼ਟ ਕਰ ਦਿੱਤਾ।+ 26 ਪਰ ਲੂਤ ਦੇ ਮਗਰ-ਮਗਰ ਜਾ ਰਹੀ ਉਸ ਦੀ ਪਤਨੀ ਨੇ ਪਿੱਛੇ ਮੁੜ ਕੇ ਦੇਖਿਆ ਅਤੇ ਉਹ ਲੂਣ ਦਾ ਬੁੱਤ ਬਣ ਗਈ।+
27 ਅਬਰਾਹਾਮ ਸਵੇਰ ਨੂੰ ਜਲਦੀ ਉੱਠਿਆ ਅਤੇ ਉਸ ਜਗ੍ਹਾ ਗਿਆ ਜਿੱਥੇ ਖੜ੍ਹ ਕੇ ਉਸ ਨੇ ਪਹਿਲਾਂ ਯਹੋਵਾਹ ਨਾਲ ਗੱਲਾਂ ਕੀਤੀਆਂ ਸਨ।+ 28 ਜਦੋਂ ਉਸ ਨੇ ਸਦੂਮ ਅਤੇ ਗਮੋਰਾ ਅਤੇ ਪੂਰੇ ਇਲਾਕੇ ʼਤੇ ਨਜ਼ਰ ਮਾਰੀ, ਤਾਂ ਉਸ ਨੂੰ ਬਹੁਤ ਹੀ ਭਿਆਨਕ ਨਜ਼ਾਰਾ ਦਿਖਾਈ ਦਿੱਤਾ। ਉਸ ਇਲਾਕੇ ਤੋਂ ਸੰਘਣਾ ਧੂੰਆਂ ਉੱਠ ਰਿਹਾ ਸੀ ਜਿਵੇਂ ਭੱਠੇ ਵਿੱਚੋਂ ਸੰਘਣਾ ਧੂੰਆਂ ਨਿਕਲਦਾ ਹੈ।+ 29 ਲੂਤ ਜਿਸ ਇਲਾਕੇ ਵਿਚ ਰਹਿੰਦਾ ਸੀ, ਉਸ ਇਲਾਕੇ ਦੇ ਸ਼ਹਿਰਾਂ ਨੂੰ ਤਬਾਹ ਕਰਨ ਤੋਂ ਪਹਿਲਾਂ ਪਰਮੇਸ਼ੁਰ ਨੇ ਉਸ ਨੂੰ ਉੱਥੋਂ ਬਾਹਰ ਲਿਆਂਦਾ ਕਿਉਂਕਿ ਪਰਮੇਸ਼ੁਰ ਨੇ ਅਬਰਾਹਾਮ ਨਾਲ ਹੋਈ ਗੱਲਬਾਤ ਨੂੰ ਯਾਦ ਰੱਖਿਆ ਸੀ।+
30 ਬਾਅਦ ਵਿਚ ਲੂਤ ਆਪਣੀਆਂ ਦੋਵੇਂ ਧੀਆਂ ਨਾਲ ਸੋਆਰ ਨੂੰ ਛੱਡ ਕੇ ਪਹਾੜੀ ਇਲਾਕੇ ਵਿਚ ਰਹਿਣ ਲੱਗ ਪਿਆ+ ਕਿਉਂਕਿ ਉਹ ਸੋਆਰ ਵਿਚ ਰਹਿਣ ਤੋਂ ਡਰਦਾ ਸੀ।+ ਇਸ ਲਈ ਉਸ ਨੇ ਆਪਣੀਆਂ ਦੋਵੇਂ ਧੀਆਂ ਨਾਲ ਇਕ ਗੁਫਾ ਵਿਚ ਰਹਿਣਾ ਸ਼ੁਰੂ ਕਰ ਦਿੱਤਾ। 31 ਵੱਡੀ ਕੁੜੀ ਨੇ ਛੋਟੀ ਨੂੰ ਕਿਹਾ: “ਸਾਡਾ ਪਿਤਾ ਬੁੱਢਾ ਹੋ ਚੁੱਕਾ ਹੈ ਅਤੇ ਇਸ ਦੇਸ਼ ਵਿਚ ਅਜਿਹਾ ਕੋਈ ਆਦਮੀ ਨਹੀਂ ਜਿਸ ਨਾਲ ਸਾਡਾ ਵਿਆਹ ਹੋ ਸਕੇ, ਜਿਵੇਂ ਹੋਰ ਲੋਕਾਂ ਦਾ ਹੁੰਦਾ ਹੈ। 32 ਇਸ ਲਈ ਆਪਾਂ ਆਪਣੇ ਪਿਤਾ ਨੂੰ ਦਾਖਰਸ ਪਿਲਾ ਕੇ ਉਸ ਨਾਲ ਸੌਂਦੀਆਂ ਹਾਂ ਤਾਂਕਿ ਉਸ ਦਾ ਵੰਸ਼ ਅੱਗੇ ਵਧੇ।”
33 ਇਸ ਲਈ ਉਸ ਰਾਤ ਉਨ੍ਹਾਂ ਨੇ ਆਪਣੇ ਪਿਤਾ ਨੂੰ ਬਹੁਤ ਸਾਰਾ ਦਾਖਰਸ ਪਿਲਾਇਆ। ਫਿਰ ਵੱਡੀ ਕੁੜੀ ਅੰਦਰ ਜਾ ਕੇ ਆਪਣੇ ਪਿਤਾ ਨਾਲ ਲੰਮੀ ਪੈ ਗਈ, ਪਰ ਲੂਤ ਨੂੰ ਪਤਾ ਨਹੀਂ ਲੱਗਾ ਕਿ ਉਹ ਕਦੋਂ ਆ ਕੇ ਉਸ ਨਾਲ ਲੰਮੀ ਪਈ ਅਤੇ ਕਦੋਂ ਉੱਠ ਕੇ ਚਲੀ ਗਈ। 34 ਫਿਰ ਅਗਲੇ ਦਿਨ ਵੱਡੀ ਕੁੜੀ ਨੇ ਛੋਟੀ ਨੂੰ ਕਿਹਾ: “ਦੇਖ! ਕੱਲ੍ਹ ਰਾਤ ਮੈਂ ਆਪਣੇ ਪਿਤਾ ਨਾਲ ਲੰਮੀ ਪਈ ਸੀ। ਕਿਉਂ ਨਾ ਆਪਾਂ ਅੱਜ ਰਾਤ ਨੂੰ ਵੀ ਉਸ ਨੂੰ ਦਾਖਰਸ ਪਿਲਾਈਏ। ਫਿਰ ਤੂੰ ਜਾ ਕੇ ਉਸ ਨਾਲ ਲੰਮੀ ਪੈ ਜਾਈਂ ਤਾਂਕਿ ਸਾਡੇ ਪਿਤਾ ਦਾ ਵੰਸ਼ ਅੱਗੇ ਵਧੇ। 35 ਇਸ ਲਈ ਉਸ ਰਾਤ ਵੀ ਉਨ੍ਹਾਂ ਨੇ ਆਪਣੇ ਪਿਤਾ ਨੂੰ ਬਹੁਤ ਸਾਰਾ ਦਾਖਰਸ ਪਿਲਾਇਆ। ਫਿਰ ਛੋਟੀ ਕੁੜੀ ਅੰਦਰ ਜਾ ਕੇ ਆਪਣੇ ਪਿਤਾ ਨਾਲ ਲੰਮੀ ਪੈ ਗਈ, ਪਰ ਲੂਤ ਨੂੰ ਪਤਾ ਨਹੀਂ ਲੱਗਾ ਕਿ ਉਹ ਕਦੋਂ ਆ ਕੇ ਉਸ ਨਾਲ ਲੰਮੀ ਪਈ ਅਤੇ ਕਦੋਂ ਉੱਠ ਕੇ ਚਲੀ ਗਈ। 36 ਇਸ ਲਈ ਲੂਤ ਦੀਆਂ ਦੋਵੇਂ ਧੀਆਂ ਆਪਣੇ ਪਿਤਾ ਤੋਂ ਗਰਭਵਤੀ ਹੋ ਗਈਆਂ। 37 ਵੱਡੀ ਕੁੜੀ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ ਮੋਆਬ+ ਰੱਖਿਆ। ਉਹ ਅੱਜ ਦੀ ਮੋਆਬੀ ਕੌਮ ਦਾ ਪੂਰਵਜ ਹੈ।+ 38 ਛੋਟੀ ਕੁੜੀ ਨੇ ਵੀ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਉਸ ਨੇ ਉਸ ਦਾ ਨਾਂ ਬੇਨ-ਅੰਮੀ ਰੱਖਿਆ। ਉਹ ਅੱਜ ਦੀ ਅੰਮੋਨੀ+ ਕੌਮ ਦਾ ਪੂਰਵਜ ਹੈ।
20 ਫਿਰ ਅਬਰਾਹਾਮ ਉੱਥੋਂ ਆਪਣਾ+ ਡੇਰਾ ਲੈ ਕੇ ਨੇਗੇਬ ਦੇ ਇਲਾਕੇ ਵਿਚ ਚਲਾ ਗਿਆ ਅਤੇ ਕਾਦੇਸ਼+ ਅਤੇ ਸ਼ੂਰ+ ਦੇ ਵਿਚਕਾਰ ਰਹਿਣ ਲੱਗ ਪਿਆ। ਜਦੋਂ ਉਹ ਕੁਝ ਸਮੇਂ ਲਈ ਗਰਾਰ+ ਵਿਚ ਠਹਿਰਿਆ* ਹੋਇਆ ਸੀ, 2 ਤਾਂ ਅਬਰਾਹਾਮ ਆਪਣੀ ਪਤਨੀ ਸਾਰਾਹ ਬਾਰੇ ਕਹਿੰਦਾ ਹੁੰਦਾ ਸੀ: “ਇਹ ਮੇਰੀ ਭੈਣ ਹੈ।”+ ਇਸ ਲਈ ਗਰਾਰ ਦੇ ਰਾਜੇ ਅਬੀਮਲਕ ਨੇ ਸਾਰਾਹ ਨੂੰ ਲਿਆਉਣ ਲਈ ਆਪਣੇ ਸੇਵਾਦਾਰ ਘੱਲੇ ਅਤੇ ਉਹ ਸਾਰਾਹ ਨੂੰ ਉਸ ਕੋਲ ਲੈ ਆਏ।+ 3 ਬਾਅਦ ਵਿਚ ਪਰਮੇਸ਼ੁਰ ਨੇ ਰਾਤ ਨੂੰ ਅਬੀਮਲਕ ਦੇ ਸੁਪਨੇ ਵਿਚ ਆ ਕੇ ਉਸ ਨੂੰ ਕਿਹਾ: “ਤੂੰ ਆਪਣੀ ਜਾਨ ਤੋਂ ਹੱਥ ਧੋ ਬੈਠੇਂਗਾ ਕਿਉਂਕਿ ਜਿਹੜੀ ਔਰਤ ਨੂੰ ਤੂੰ ਆਪਣੇ ਕੋਲ ਲਿਆਇਆ ਹੈਂ,+ ਉਹ ਵਿਆਹੀ ਹੋਈ ਹੈ ਅਤੇ ਕਿਸੇ ਹੋਰ ਆਦਮੀ ਦੀ ਅਮਾਨਤ ਹੈ।”+ 4 ਪਰ ਅਬੀਮਲਕ ਨੇ ਉਸ ਔਰਤ ਨੂੰ ਹੱਥ ਵੀ ਨਹੀਂ ਲਾਇਆ ਸੀ। ਇਸ ਲਈ ਉਸ ਨੇ ਕਿਹਾ: “ਯਹੋਵਾਹ, ਕੀ ਤੂੰ ਸੱਚ-ਮੁੱਚ ਇਕ ਬੇਕਸੂਰ* ਕੌਮ ਨੂੰ ਖ਼ਤਮ ਕਰ ਦੇਵੇਂਗਾ? 5 ਕੀ ਉਸ ਆਦਮੀ ਨੇ ਆਪ ਮੈਨੂੰ ਨਹੀਂ ਕਿਹਾ ਸੀ, ‘ਇਹ ਮੇਰੀ ਭੈਣ ਹੈ,’ ਅਤੇ ਉਸ ਔਰਤ ਨੇ ਨਹੀਂ ਕਿਹਾ ਸੀ, ‘ਇਹ ਮੇਰਾ ਭਰਾ ਹੈ’? ਮੈਂ ਬਿਨਾਂ ਕਿਸੇ ਗ਼ਲਤ ਇਰਾਦੇ ਤੋਂ ਸਾਫ਼ ਮਨ ਨਾਲ* ਇਹ ਸਭ ਕੁਝ ਕੀਤਾ ਸੀ।” 6 ਫਿਰ ਸੱਚੇ ਪਰਮੇਸ਼ੁਰ ਨੇ ਉਸ ਨੂੰ ਸੁਪਨੇ ਵਿਚ ਕਿਹਾ: “ਮੈਂ ਜਾਣਦਾ ਹਾਂ ਕਿ ਤੂੰ ਸਾਫ਼ ਮਨ ਨਾਲ ਇਸ ਤਰ੍ਹਾਂ ਕੀਤਾ ਸੀ, ਇਸ ਲਈ ਮੈਂ ਤੈਨੂੰ ਆਪਣੇ ਵਿਰੁੱਧ ਪਾਪ ਕਰਨ ਤੋਂ ਰੋਕ ਰੱਖਿਆ। ਮੈਂ ਇਸੇ ਕਰਕੇ ਤੈਨੂੰ ਉਸ ਨੂੰ ਹੱਥ ਨਹੀਂ ਲਾਉਣ ਦਿੱਤਾ। 7 ਹੁਣ ਤੂੰ ਉਸ ਆਦਮੀ ਦੀ ਪਤਨੀ ਮੋੜ ਦੇ ਕਿਉਂਕਿ ਉਹ ਆਦਮੀ ਇਕ ਨਬੀ ਹੈ+ ਅਤੇ ਉਹ ਤੇਰੇ ਲਈ ਫ਼ਰਿਆਦ ਕਰੇਗਾ+ ਅਤੇ ਤੂੰ ਜੀਉਂਦਾ ਰਹੇਂਗਾ। ਪਰ ਜੇ ਤੂੰ ਉਸ ਦੀ ਪਤਨੀ ਵਾਪਸ ਨਹੀਂ ਕਰੇਂਗਾ, ਤਾਂ ਜਾਣ ਲੈ ਕਿ ਤੂੰ ਅਤੇ ਤੇਰੇ ਘਰਾਣੇ ਦੇ ਸਾਰੇ ਲੋਕ ਜ਼ਰੂਰ ਮਰਨਗੇ।”
8 ਅਬੀਮਲਕ ਸਵੇਰੇ ਜਲਦੀ ਉੱਠਿਆ ਅਤੇ ਆਪਣੇ ਸੇਵਾਦਾਰਾਂ ਨੂੰ ਬੁਲਾ ਕੇ ਸਾਰੀ ਗੱਲ ਦੱਸੀ ਅਤੇ ਉਹ ਸਾਰੇ ਬਹੁਤ ਡਰ ਗਏ। 9 ਫਿਰ ਅਬੀਮਲਕ ਨੇ ਅਬਰਾਹਾਮ ਨੂੰ ਬੁਲਾ ਕੇ ਕਿਹਾ: “ਤੂੰ ਸਾਡੇ ਨਾਲ ਇਹ ਕੀ ਕੀਤਾ? ਮੈਂ ਤੇਰਾ ਕੀ ਵਿਗਾੜਿਆ ਸੀ ਜੋ ਤੂੰ ਮੈਨੂੰ ਅਤੇ ਮੇਰੇ ਰਾਜ ਨੂੰ ਇੰਨੇ ਗੰਭੀਰ ਪਾਪ ਦਾ ਦੋਸ਼ੀ ਬਣਾਉਣ ਲੱਗਾ ਸੀ? ਤੂੰ ਮੇਰੇ ਨਾਲ ਇਹ ਠੀਕ ਨਹੀਂ ਕੀਤਾ।” 10 ਫਿਰ ਅਬੀਮਲਕ ਨੇ ਅਬਰਾਹਾਮ ਨੂੰ ਪੁੱਛਿਆ: “ਤੂੰ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ?”+ 11 ਅਬਰਾਹਾਮ ਨੇ ਕਿਹਾ: “ਮੈਂ ਇਸ ਲਈ ਕੀਤਾ ਕਿਉਂਕਿ ਮੈਂ ਸੋਚਿਆ: ‘ਇਸ ਜਗ੍ਹਾ ਦੇ ਲੋਕ ਪਰਮੇਸ਼ੁਰ ਤੋਂ ਨਹੀਂ ਡਰਦੇ ਅਤੇ ਉਹ ਮੇਰੀ ਪਤਨੀ ਕਰਕੇ ਮੈਨੂੰ ਜ਼ਰੂਰ ਮਾਰ ਦੇਣਗੇ।’+ 12 ਨਾਲੇ ਉਹ ਸੱਚੀਂ ਮੇਰੀ ਭੈਣ ਹੈ ਕਿਉਂਕਿ ਸਾਡਾ ਦੋਹਾਂ ਦਾ ਪਿਤਾ ਤਾਂ ਇਕ ਹੈ, ਪਰ ਸਾਡੀਆਂ ਮਾਵਾਂ ਵੱਖੋ-ਵੱਖਰੀਆਂ ਹਨ। ਫਿਰ ਉਸ ਨਾਲ ਮੇਰਾ ਵਿਆਹ ਹੋ ਗਿਆ।+ 13 ਜਦੋਂ ਪਰਮੇਸ਼ੁਰ ਨੇ ਮੈਨੂੰ ਕਿਹਾ ਕਿ ਮੈਂ ਆਪਣੇ ਪਿਤਾ ਦਾ ਘਰ ਛੱਡ ਕੇ ਥਾਂ-ਥਾਂ ਸਫ਼ਰ ਕਰਾਂ,+ ਤਾਂ ਮੈਂ ਆਪਣੀ ਪਤਨੀ ਨੂੰ ਕਿਹਾ: ‘ਆਪਾਂ ਜਿੱਥੇ ਵੀ ਜਾਵਾਂਗੇ, ਤੂੰ ਮੇਰੇ ਬਾਰੇ ਕਹੀਂ, “ਇਹ ਮੇਰਾ ਭਰਾ ਹੈ।”+ ਇਸ ਤਰ੍ਹਾਂ ਤੂੰ ਮੇਰੇ ਲਈ ਆਪਣੇ ਪਿਆਰ* ਦਾ ਸਬੂਤ ਦੇਈਂ।’”
14 ਫਿਰ ਅਬੀਮਲਕ ਨੇ ਅਬਰਾਹਾਮ ਨੂੰ ਭੇਡਾਂ, ਗਾਂਵਾਂ-ਬਲਦ ਅਤੇ ਨੌਕਰ-ਨੌਕਰਾਣੀਆਂ ਦਿੱਤੇ ਅਤੇ ਉਸ ਦੀ ਪਤਨੀ ਸਾਰਾਹ ਵੀ ਵਾਪਸ ਕਰ ਦਿੱਤੀ। 15 ਅਬੀਮਲਕ ਨੇ ਇਹ ਵੀ ਕਿਹਾ: “ਦੇਖ! ਮੇਰਾ ਪੂਰਾ ਦੇਸ਼ ਤੇਰੇ ਸਾਮ੍ਹਣੇ ਹੈ। ਤੂੰ ਜਿੱਥੇ ਚਾਹੇਂ, ਰਹਿ ਸਕਦਾ ਹੈਂ।” 16 ਅਤੇ ਉਸ ਨੇ ਸਾਰਾਹ ਨੂੰ ਕਿਹਾ: “ਮੈਂ ਇਹ 1,000 ਸ਼ੇਕੇਲ* ਚਾਂਦੀ ਤੇਰੇ ਭਰਾ ਨੂੰ ਦਿੰਦਾ ਹਾਂ।+ ਇਹ ਤੇਰੇ ਸਾਰੇ ਲੋਕਾਂ ਅਤੇ ਬਾਕੀ ਸਾਰੇ ਲੋਕਾਂ ਅੱਗੇ ਇਸ ਗੱਲ ਦੀ ਨਿਸ਼ਾਨੀ ਹੈ* ਕਿ ਤੂੰ ਬੇਦਾਗ਼ ਹੈਂ ਅਤੇ ਤੇਰਾ ਦਾਮਨ ਪਵਿੱਤਰ ਹੈ।” 17 ਫਿਰ ਅਬਰਾਹਾਮ ਨੇ ਸੱਚੇ ਪਰਮੇਸ਼ੁਰ ਨੂੰ ਫ਼ਰਿਆਦ ਕੀਤੀ ਅਤੇ ਪਰਮੇਸ਼ੁਰ ਨੇ ਅਬੀਮਲਕ ਅਤੇ ਉਸ ਦੀ ਪਤਨੀ ਅਤੇ ਉਸ ਦੀਆਂ ਦਾਸੀਆਂ ਨੂੰ ਠੀਕ ਕਰ ਦਿੱਤਾ ਅਤੇ ਉਨ੍ਹਾਂ ਦੇ ਬੱਚੇ ਹੋਣ ਲੱਗੇ; 18 ਕਿਉਂਕਿ ਯਹੋਵਾਹ ਨੇ ਅਬਰਾਹਾਮ ਦੀ ਪਤਨੀ ਸਾਰਾਹ ਕਰਕੇ ਅਬੀਮਲਕ ਦੇ ਘਰਾਣੇ ਦੀਆਂ ਸਾਰੀਆਂ ਔਰਤਾਂ ਨੂੰ ਬਾਂਝ ਬਣਾ ਦਿੱਤਾ ਸੀ।*+
21 ਯਹੋਵਾਹ ਨੇ ਆਪਣੇ ਕਹੇ ਮੁਤਾਬਕ ਸਾਰਾਹ ਵੱਲ ਧਿਆਨ ਦਿੱਤਾ ਅਤੇ ਯਹੋਵਾਹ ਨੇ ਉਸ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕੀਤਾ।+ 2 ਇਸ ਲਈ ਸਾਰਾਹ ਗਰਭਵਤੀ ਹੋਈ+ ਅਤੇ ਉਸ ਨੇ ਅਬਰਾਹਾਮ ਦੇ ਬੁਢਾਪੇ ਵਿਚ ਉਸ ਦੇ ਮੁੰਡੇ ਨੂੰ ਪਰਮੇਸ਼ੁਰ ਦੇ ਮਿਥੇ ਹੋਏ ਸਮੇਂ ਤੇ ਜਨਮ ਦਿੱਤਾ।+ 3 ਅਬਰਾਹਾਮ ਨੇ ਸਾਰਾਹ ਦੀ ਕੁੱਖੋਂ ਪੈਦਾ ਹੋਏ ਆਪਣੇ ਪੁੱਤਰ ਦਾ ਨਾਂ ਇਸਹਾਕ ਰੱਖਿਆ।+ 4 ਫਿਰ ਜਦੋਂ ਉਸ ਦਾ ਪੁੱਤਰ ਇਸਹਾਕ ਅੱਠਾਂ ਦਿਨਾਂ ਦਾ ਹੋਇਆ, ਤਾਂ ਪਰਮੇਸ਼ੁਰ ਦੇ ਹੁਕਮ ਅਨੁਸਾਰ ਅਬਰਾਹਾਮ ਨੇ ਉਸ ਦੀ ਸੁੰਨਤ ਕੀਤੀ।+ 5 ਅਬਰਾਹਾਮ 100 ਸਾਲ ਦਾ ਸੀ ਜਦੋਂ ਉਸ ਦਾ ਪੁੱਤਰ ਇਸਹਾਕ ਪੈਦਾ ਹੋਇਆ। 6 ਫਿਰ ਸਾਰਾਹ ਨੇ ਕਿਹਾ: “ਪਰਮੇਸ਼ੁਰ ਨੇ ਮੈਨੂੰ ਹੱਸਣ ਦਾ ਕਾਰਨ ਦਿੱਤਾ ਹੈ; ਜਿਹੜਾ ਵੀ ਇਸ ਬਾਰੇ ਸੁਣੇਗਾ, ਉਹ ਮੇਰੇ ਨਾਲ ਹੱਸੇਗਾ।”* 7 ਉਸ ਨੇ ਅੱਗੇ ਕਿਹਾ: “ਕੌਣ ਸੋਚ ਸਕਦਾ ਸੀ ਕਿ ਅਬਰਾਹਾਮ ਦੀ ਪਤਨੀ ਸਾਰਾਹ ਬੱਚਿਆਂ ਨੂੰ ਦੁੱਧ ਚੁੰਘਾਵੇਗੀ? ਪਰ ਦੇਖੋ! ਮੈਂ ਉਸ ਦੇ ਬੁਢਾਪੇ ਵਿਚ ਉਸ ਦੇ ਪੁੱਤਰ ਨੂੰ ਜਨਮ ਦਿੱਤਾ ਹੈ।”
8 ਫਿਰ ਬੱਚੇ ਦੇ ਵੱਡੇ ਹੁੰਦਿਆਂ ਸਾਰ ਉਸ ਦਾ ਦੁੱਧ ਛੁਡਾਇਆ ਗਿਆ ਅਤੇ ਅਬਰਾਹਾਮ ਨੇ ਇਸਹਾਕ ਦੇ ਦੁੱਧ ਛੁਡਾਉਣ ਦੇ ਦਿਨ ਵੱਡੀ ਦਾਅਵਤ ਕੀਤੀ। 9 ਪਰ ਸਾਰਾਹ ਮਿਸਰੀ ਹਾਜਰਾ ਦੇ ਪੁੱਤਰ ਨੂੰ,+ ਜਿਸ ਨੂੰ ਉਸ ਨੇ ਅਬਰਾਹਾਮ ਲਈ ਜਨਮ ਦਿੱਤਾ ਸੀ, ਇਸਹਾਕ ਦਾ ਮਜ਼ਾਕ ਉਡਾਉਂਦਿਆਂ ਦੇਖਦੀ ਹੁੰਦੀ ਸੀ।+ 10 ਇਸ ਲਈ ਉਸ ਨੇ ਅਬਰਾਹਾਮ ਨੂੰ ਕਿਹਾ: “ਇਸ ਗ਼ੁਲਾਮ ਔਰਤ ਤੇ ਇਸ ਦੇ ਪੁੱਤਰ ਨੂੰ ਇੱਥੋਂ ਕੱਢ ਦੇ। ਇਸ ਗ਼ੁਲਾਮ ਔਰਤ ਦਾ ਪੁੱਤਰ ਮੇਰੇ ਪੁੱਤਰ ਇਸਹਾਕ ਨਾਲ ਵਾਰਸ ਨਹੀਂ ਬਣੇਗਾ।”+ 11 ਪਰ ਅਬਰਾਹਾਮ ਆਪਣੇ ਪੁੱਤਰ* ਬਾਰੇ ਸਾਰਾਹ ਦੇ ਮੂੰਹੋਂ ਇਹ ਗੱਲ ਸੁਣ ਕੇ ਬਹੁਤ ਦੁਖੀ ਹੋਇਆ।+ 12 ਫਿਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ: “ਸਾਰਾਹ ਉਸ ਗ਼ੁਲਾਮ ਔਰਤ ਅਤੇ ਉਸ ਦੇ ਮੁੰਡੇ ਬਾਰੇ ਜੋ ਕਹਿ ਰਹੀ ਹੈ, ਉਸ ਕਰਕੇ ਦੁਖੀ ਨਾ ਹੋ। ਉਸ ਦੀ ਗੱਲ* ਸੁਣ ਕਿਉਂਕਿ ਜਿਹੜੇ ਲੋਕ ਤੇਰੀ ਸੰਤਾਨ* ਕਹਾਏ ਜਾਣਗੇ, ਉਹ ਇਸਹਾਕ ਰਾਹੀਂ ਪੈਦਾ ਹੋਣਗੇ।+ 13 ਜਿੱਥੋਂ ਤਕ ਉਸ ਗ਼ੁਲਾਮ ਔਰਤ ਦੇ ਮੁੰਡੇ+ ਦੀ ਗੱਲ ਹੈ, ਮੈਂ ਉਸ ਤੋਂ ਵੀ ਇਕ ਵੱਡੀ ਕੌਮ ਬਣਾਵਾਂਗਾ+ ਕਿਉਂਕਿ ਉਹ ਤੇਰੀ ਔਲਾਦ ਹੈ।”
14 ਇਸ ਲਈ ਅਬਰਾਹਾਮ ਸਵੇਰ ਨੂੰ ਛੇਤੀ ਉੱਠਿਆ ਅਤੇ ਹਾਜਰਾ ਨੂੰ ਰੋਟੀ ਅਤੇ ਪਾਣੀ ਦੀ ਮਸ਼ਕ ਦਿੱਤੀ। ਉਸ ਨੇ ਇਹ ਚੀਜ਼ਾਂ ਹਾਜਰਾ ਦੇ ਮੋਢੇ ʼਤੇ ਰੱਖ ਕੇ ਉਸ ਨੂੰ ਮੁੰਡੇ ਸਮੇਤ ਤੋਰ ਦਿੱਤਾ।+ ਫਿਰ ਹਾਜਰਾ ਚਲੀ ਗਈ ਅਤੇ ਬਏਰ-ਸ਼ਬਾ+ ਨੇੜੇ ਉਜਾੜ ਵਿਚ ਭਟਕਦੀ ਰਹੀ। 15 ਅਖ਼ੀਰ ਪਾਣੀ ਮੁੱਕ ਗਿਆ ਅਤੇ ਉਹ ਮੁੰਡੇ ਨੂੰ ਝਾੜੀਆਂ ਥੱਲੇ ਛੱਡ ਕੇ 16 ਉਸ ਤੋਂ ਥੋੜ੍ਹੀ ਦੂਰ* ਇਕੱਲੀ ਬੈਠ ਗਈ ਕਿਉਂਕਿ ਉਸ ਨੇ ਕਿਹਾ: “ਮੈਂ ਆਪਣੇ ਮੁੰਡੇ ਨੂੰ ਮਰਦਿਆਂ ਨਹੀਂ ਦੇਖ ਸਕਦੀ।” ਇਸ ਲਈ ਉਹ ਕੁਝ ਦੂਰੀ ʼਤੇ ਬੈਠ ਕੇ ਉੱਚੀ-ਉੱਚੀ ਰੋਣ ਲੱਗ ਪਈ।
17 ਫਿਰ ਪਰਮੇਸ਼ੁਰ ਨੇ ਮੁੰਡੇ ਦੀ ਆਵਾਜ਼ ਸੁਣੀ+ ਅਤੇ ਪਰਮੇਸ਼ੁਰ ਦੇ ਦੂਤ ਨੇ ਸਵਰਗੋਂ ਹਾਜਰਾ ਨਾਲ ਗੱਲ ਕਰਦੇ ਹੋਏ ਕਿਹਾ:+ “ਹਾਜਰਾ, ਕੀ ਹੋਇਆ? ਤੂੰ ਡਰ ਨਾ ਕਿਉਂਕਿ ਪਰਮੇਸ਼ੁਰ ਨੇ ਮੁੰਡੇ ਦੀ ਆਵਾਜ਼ ਸੁਣ ਲਈ ਹੈ। 18 ਜਾਹ, ਉੱਠ ਕੇ ਮੁੰਡੇ ਨੂੰ ਖੜ੍ਹਾ ਕਰ ਅਤੇ ਉਸ ਨੂੰ ਆਪਣੀਆਂ ਬਾਹਾਂ ਦਾ ਸਹਾਰਾ ਦੇ ਕਿਉਂਕਿ ਮੈਂ ਉਸ ਤੋਂ ਇਕ ਵੱਡੀ ਕੌਮ ਬਣਾਵਾਂਗਾ।”+ 19 ਫਿਰ ਪਰਮੇਸ਼ੁਰ ਨੇ ਹਾਜਰਾ ਦੀਆਂ ਅੱਖਾਂ ਖੋਲ੍ਹੀਆਂ ਅਤੇ ਉਸ ਨੂੰ ਪਾਣੀ ਦਾ ਇਕ ਖੂਹ ਦਿਖਾਈ ਦਿੱਤਾ। ਉਸ ਨੇ ਜਾ ਕੇ ਮਸ਼ਕ ਵਿਚ ਪਾਣੀ ਭਰ ਲਿਆਂਦਾ ਅਤੇ ਮੁੰਡੇ ਨੂੰ ਪਿਲਾਇਆ। 20 ਜਿਉਂ-ਜਿਉਂ ਮੁੰਡਾ+ ਵੱਡਾ ਹੁੰਦਾ ਗਿਆ, ਪਰਮੇਸ਼ੁਰ ਉਸ ਦੇ ਨਾਲ ਰਿਹਾ। ਉਜਾੜ ਵਿਚ ਰਹਿੰਦਿਆਂ ਉਹ ਇਕ ਤੀਰਅੰਦਾਜ਼ ਬਣ ਗਿਆ। 21 ਉਹ ਪਾਰਾਨ ਦੀ ਉਜਾੜ+ ਵਿਚ ਰਹਿਣ ਲੱਗ ਪਿਆ ਅਤੇ ਉਸ ਦੀ ਮਾਂ ਨੇ ਇਕ ਮਿਸਰੀ ਕੁੜੀ ਨਾਲ ਉਸ ਦਾ ਵਿਆਹ ਕਰ ਦਿੱਤਾ।
22 ਉਸ ਸਮੇਂ ਅਬੀਮਲਕ ਆਪਣੀ ਫ਼ੌਜ ਦੇ ਮੁਖੀ ਫੀਕੋਲ ਨਾਲ ਅਬਰਾਹਾਮ ਕੋਲ ਆਇਆ ਅਤੇ ਕਿਹਾ: “ਤੇਰੇ ਹਰ ਕੰਮ ਵਿਚ ਪਰਮੇਸ਼ੁਰ ਤੇਰਾ ਸਾਥ ਦਿੰਦਾ ਹੈ।+ 23 ਇਸ ਲਈ ਹੁਣ ਪਰਮੇਸ਼ੁਰ ਸਾਮ੍ਹਣੇ ਸਹੁੰ ਖਾ ਕਿ ਤੂੰ ਮੇਰੇ ਨਾਲ ਅਤੇ ਮੇਰੀ ਸੰਤਾਨ ਨਾਲ ਅਤੇ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਧੋਖਾ ਨਹੀਂ ਕਰੇਂਗਾ। ਨਾਲੇ ਜਿਵੇਂ ਮੈਂ ਤੇਰੇ ਨਾਲ ਵਫ਼ਾਦਾਰੀ* ਨਿਭਾਈ ਹੈ, ਉਸੇ ਤਰ੍ਹਾਂ ਤੂੰ ਮੇਰੇ ਨਾਲ ਅਤੇ ਇਸ ਦੇਸ਼ ਦੇ ਲੋਕਾਂ ਨਾਲ ਵਫ਼ਾਦਾਰੀ ਨਿਭਾਵੇਂਗਾ ਜਿਨ੍ਹਾਂ ਵਿਚ ਤੂੰ ਰਹਿ ਰਿਹਾ ਹੈਂ।”+ 24 ਅਬਰਾਹਾਮ ਨੇ ਕਿਹਾ: “ਹਾਂ, ਮੈਂ ਸਹੁੰ ਖਾਂਦਾ ਹਾਂ।”
25 ਪਰ ਅਬਰਾਹਾਮ ਨੇ ਅਬੀਮਲਕ ਨੂੰ ਸ਼ਿਕਾਇਤ ਕੀਤੀ ਕਿ ਅਬੀਮਲਕ ਦੇ ਨੌਕਰਾਂ ਨੇ ਧੱਕੇ ਨਾਲ ਇਕ ਖੂਹ ʼਤੇ ਕਬਜ਼ਾ ਕਰ ਲਿਆ ਸੀ।+ 26 ਅਬੀਮਲਕ ਨੇ ਜਵਾਬ ਦਿੱਤਾ: “ਮੈਨੂੰ ਪਤਾ ਨਹੀਂ ਕਿ ਕਿਸ ਨੇ ਇਹ ਕੀਤਾ; ਤੂੰ ਮੈਨੂੰ ਪਹਿਲਾਂ ਇਸ ਬਾਰੇ ਨਹੀਂ ਦੱਸਿਆ ਅਤੇ ਨਾ ਹੀ ਮੈਂ ਅੱਜ ਤਕ ਕਿਸੇ ਹੋਰ ਤੋਂ ਇਸ ਬਾਰੇ ਸੁਣਿਆ।” 27 ਇਸ ਤੋਂ ਬਾਅਦ ਅਬਰਾਹਾਮ ਨੇ ਅਬੀਮਲਕ ਨੂੰ ਭੇਡਾਂ ਅਤੇ ਗਾਂਵਾਂ-ਬਲਦ ਦਿੱਤੇ ਅਤੇ ਦੋਹਾਂ ਨੇ ਆਪਸ ਵਿਚ ਇਕਰਾਰ ਕੀਤਾ। 28 ਜਦੋਂ ਅਬਰਾਹਾਮ ਨੇ ਇੱਜੜ ਵਿੱਚੋਂ ਸੱਤ ਲੇਲੀਆਂ ਵੱਖਰੀਆਂ ਕੀਤੀਆਂ, 29 ਤਾਂ ਅਬੀਮਲਕ ਨੇ ਅਬਰਾਹਾਮ ਨੂੰ ਪੁੱਛਿਆ: “ਤੂੰ ਇਹ ਸੱਤ ਲੇਲੀਆਂ ਵੱਖਰੀਆਂ ਕਿਉਂ ਕੀਤੀਆਂ?” 30 ਉਸ ਨੇ ਜਵਾਬ ਦਿੱਤਾ: “ਤੂੰ ਮੇਰੇ ਤੋਂ ਇਹ ਸੱਤ ਲੇਲੀਆਂ ਗਵਾਹੀ ਦੇ ਤੌਰ ਤੇ ਕਬੂਲ ਕਰ ਕਿ ਇਹ ਖੂਹ ਮੈਂ ਪੁੱਟਿਆ ਹੈ।” 31 ਇਸੇ ਕਰਕੇ ਉਸ ਨੇ ਉਸ ਜਗ੍ਹਾ ਦਾ ਨਾਂ ਬਏਰ-ਸ਼ਬਾ*+ ਰੱਖਿਆ ਕਿਉਂਕਿ ਉੱਥੇ ਉਨ੍ਹਾਂ ਦੋਹਾਂ ਨੇ ਸਹੁੰ ਖਾਧੀ ਸੀ। 32 ਉਨ੍ਹਾਂ ਨੇ ਬਏਰ-ਸ਼ਬਾ ਵਿਚ ਇਕਰਾਰ ਕੀਤਾ+ ਅਤੇ ਫਿਰ ਅਬੀਮਲਕ ਅਤੇ ਉਸ ਦੀ ਫ਼ੌਜ ਦਾ ਮੁਖੀ ਫੀਕੋਲ ਉੱਠ ਕੇ ਫਲਿਸਤੀਆਂ ਦੇ ਦੇਸ਼+ ਚਲੇ ਗਏ। 33 ਬਾਅਦ ਵਿਚ ਅਬਰਾਹਾਮ ਨੇ ਬਏਰ-ਸ਼ਬਾ ਵਿਚ ਝਾਊ ਦਾ ਦਰਖ਼ਤ ਲਾਇਆ ਅਤੇ ਉੱਥੇ ਉਸ ਨੇ ਯੁਗਾਂ-ਯੁਗਾਂ ਦੇ ਪਰਮੇਸ਼ੁਰ+ ਯਹੋਵਾਹ ਦੇ ਨਾਂ ਦੀ ਮਹਿਮਾ ਕੀਤੀ।+ 34 ਅਤੇ ਅਬਰਾਹਾਮ ਫਲਿਸਤੀਆਂ ਦੇ ਦੇਸ਼ ਵਿਚ ਲੰਬੇ ਸਮੇਂ ਤਕ ਰਿਹਾ।+
22 ਇਸ ਤੋਂ ਬਾਅਦ ਸੱਚੇ ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰਖਿਆ।+ ਪਰਮੇਸ਼ੁਰ ਨੇ ਉਸ ਨੂੰ ਕਿਹਾ: “ਅਬਰਾਹਾਮ!” ਉਸ ਨੇ ਜਵਾਬ ਦਿੱਤਾ: “ਪ੍ਰਭੂ, ਮੈਂ ਹਾਜ਼ਰ ਹਾਂ!” 2 ਫਿਰ ਪਰਮੇਸ਼ੁਰ ਨੇ ਕਿਹਾ: “ਕਿਰਪਾ ਕਰ ਕੇ ਤੂੰ ਆਪਣੇ ਇਕਲੌਤੇ ਪੁੱਤਰ ਇਸਹਾਕ+ ਨੂੰ ਜਿਸ ਨਾਲ ਤੂੰ ਬਹੁਤ ਪਿਆਰ ਕਰਦਾ ਹੈਂ,+ ਲੈ ਕੇ ਮੋਰੀਆਹ+ ਦੇ ਇਲਾਕੇ ਵਿਚ ਜਾਹ। ਉੱਥੇ ਮੈਂ ਤੈਨੂੰ ਇਕ ਪਹਾੜ ਦਿਖਾਵਾਂਗਾ। ਉਸ ਪਹਾੜ ਉੱਤੇ ਤੂੰ ਆਪਣੇ ਪੁੱਤਰ ਨੂੰ ਹੋਮ-ਬਲ਼ੀ ਦੇ ਤੌਰ ਤੇ ਚੜ੍ਹਾ ਦੇਈਂ।”
3 ਇਸ ਲਈ ਅਬਰਾਹਾਮ ਸਵੇਰੇ ਜਲਦੀ ਉੱਠਿਆ ਅਤੇ ਆਪਣੇ ਗਧੇ ʼਤੇ ਕਾਠੀ ਪਾਈ ਅਤੇ ਆਪਣੇ ਦੋ ਨੌਕਰਾਂ ਅਤੇ ਆਪਣੇ ਪੁੱਤਰ ਇਸਹਾਕ ਨੂੰ ਨਾਲ ਲਿਆ। ਉਸ ਨੇ ਹੋਮ-ਬਲ਼ੀ ਵਾਸਤੇ ਲੱਕੜਾਂ ਚੀਰੀਆਂ ਅਤੇ ਫਿਰ ਉਸ ਜਗ੍ਹਾ ਨੂੰ ਤੁਰ ਪਿਆ ਜੋ ਸੱਚੇ ਪਰਮੇਸ਼ੁਰ ਨੇ ਦੱਸੀ ਸੀ। 4 ਤੀਸਰੇ ਦਿਨ ਅਬਰਾਹਾਮ ਨੇ ਨਜ਼ਰਾਂ ਚੁੱਕ ਕੇ ਦੂਰੋਂ ਉਹ ਜਗ੍ਹਾ ਦੇਖੀ। 5 ਅਬਰਾਹਾਮ ਨੇ ਆਪਣੇ ਨੌਕਰਾਂ ਨੂੰ ਕਿਹਾ: “ਤੁਸੀਂ ਇੱਥੇ ਗਧੇ ਕੋਲ ਰੁਕੋ, ਪਰ ਮੈਂ ਤੇ ਮੇਰਾ ਪੁੱਤਰ ਪਹਾੜ ਉੱਤੇ ਭਗਤੀ ਕਰਨ ਜਾ ਰਹੇ ਹਾਂ ਤੇ ਫਿਰ ਤੁਹਾਡੇ ਕੋਲ ਮੁੜ ਆਵਾਂਗੇ।”
6 ਇਸ ਲਈ ਅਬਰਾਹਾਮ ਨੇ ਹੋਮ-ਬਲ਼ੀ ਵਾਸਤੇ ਲਿਆਂਦੀਆਂ ਲੱਕੜਾਂ ਆਪਣੇ ਪੁੱਤਰ ਇਸਹਾਕ ਨੂੰ ਚੁਕਾ ਦਿੱਤੀਆਂ। ਉਸ ਨੇ ਆਪਣੇ ਹੱਥਾਂ ਵਿਚ ਅੱਗ ਅਤੇ ਚਾਕੂ ਲਿਆ ਅਤੇ ਉਹ ਦੋਵੇਂ ਇਕੱਠੇ ਤੁਰ ਪਏ। 7 ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਕਿਹਾ: “ਪਿਤਾ ਜੀ!” ਉਸ ਨੇ ਜਵਾਬ ਦਿੱਤਾ: “ਹਾਂ ਬੇਟਾ!” ਫਿਰ ਮੁੰਡੇ ਨੇ ਪੁੱਛਿਆ: “ਆਪਣੇ ਕੋਲ ਅੱਗ ਤੇ ਲੱਕੜਾਂ ਤਾਂ ਹਨ, ਪਰ ਹੋਮ-ਬਲ਼ੀ ਚੜ੍ਹਾਉਣ ਲਈ ਭੇਡ ਕਿੱਥੇ ਹੈ?” 8 ਅਬਰਾਹਾਮ ਨੇ ਕਿਹਾ: “ਬੇਟਾ, ਪਰਮੇਸ਼ੁਰ ਆਪੇ ਸਾਨੂੰ ਹੋਮ-ਬਲ਼ੀ ਵਾਸਤੇ ਭੇਡ+ ਦੇਵੇਗਾ।” ਤੇ ਉਹ ਦੋਵੇਂ ਇਕੱਠੇ ਤੁਰਦੇ ਗਏ।
9 ਅਖ਼ੀਰ ਉਹ ਉਸ ਜਗ੍ਹਾ ਪਹੁੰਚੇ ਜਿੱਥੇ ਸੱਚੇ ਪਰਮੇਸ਼ੁਰ ਨੇ ਉਸ ਨੂੰ ਜਾਣ ਲਈ ਕਿਹਾ ਸੀ। ਉੱਥੇ ਅਬਰਾਹਾਮ ਨੇ ਇਕ ਵੇਦੀ ਬਣਾ ਕੇ ਉਸ ਉੱਤੇ ਲੱਕੜਾਂ ਚਿਣ ਦਿੱਤੀਆਂ। ਉਸ ਨੇ ਆਪਣੇ ਪੁੱਤਰ ਇਸਹਾਕ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਲੱਕੜਾਂ ਉੱਤੇ ਲੰਮਾ ਪਾ ਦਿੱਤਾ।+ 10 ਫਿਰ ਅਬਰਾਹਾਮ ਨੇ ਆਪਣੇ ਪੁੱਤਰ ਨੂੰ ਕੁਰਬਾਨ ਕਰਨ ਲਈ ਆਪਣੇ ਹੱਥ ਵਿਚ ਚਾਕੂ ਲਿਆ।+ 11 ਪਰ ਸਵਰਗੋਂ ਯਹੋਵਾਹ ਦੇ ਦੂਤ ਨੇ ਉਸ ਨੂੰ ਕਿਹਾ: “ਅਬਰਾਹਾਮ, ਅਬਰਾਹਾਮ!” ਉਸ ਨੇ ਜਵਾਬ ਦਿੱਤਾ: “ਪ੍ਰਭੂ, ਮੈਂ ਹਾਜ਼ਰ ਹਾਂ।” 12 ਫਿਰ ਦੂਤ ਨੇ ਕਿਹਾ: “ਮੁੰਡੇ ਨੂੰ ਨਾ ਮਾਰੀਂ ਤੇ ਉਸ ਨੂੰ ਕੁਝ ਨਾ ਕਰੀਂ। ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਤੂੰ ਪਰਮੇਸ਼ੁਰ ਤੋਂ ਡਰਦਾ ਹੈਂ ਕਿਉਂਕਿ ਤੂੰ ਆਪਣੇ ਇਕਲੌਤੇ ਪੁੱਤਰ ਨੂੰ ਵੀ ਮੇਰੇ ਲਈ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟਿਆ।”+ 13 ਫਿਰ ਅਬਰਾਹਾਮ ਨੇ ਦੇਖਿਆ ਕਿ ਕੁਝ ਫ਼ਾਸਲੇ ʼਤੇ ਇਕ ਭੇਡੂ ਸੀ ਜਿਸ ਦੇ ਸਿੰਗ ਝਾੜੀਆਂ ਵਿਚ ਫਸੇ ਹੋਏ ਸਨ। ਇਸ ਲਈ ਅਬਰਾਹਾਮ ਨੇ ਜਾ ਕੇ ਭੇਡੂ ਨੂੰ ਫੜਿਆ ਅਤੇ ਆਪਣੇ ਪੁੱਤਰ ਦੀ ਜਗ੍ਹਾ ਉਸ ਨੂੰ ਹੋਮ-ਬਲ਼ੀ ਵਜੋਂ ਚੜ੍ਹਾਇਆ। 14 ਅਬਰਾਹਾਮ ਨੇ ਉਸ ਜਗ੍ਹਾ ਦਾ ਨਾਂ ਯਹੋਵਾਹ-ਯਿਰਹ* ਰੱਖਿਆ। ਇਸੇ ਕਰਕੇ ਅੱਜ ਤਕ ਕਿਹਾ ਜਾਂਦਾ ਹੈ: “ਯਹੋਵਾਹ ਦੇ ਪਹਾੜ ʼਤੇ ਇੰਤਜ਼ਾਮ ਕੀਤਾ ਜਾਵੇਗਾ।”+
15 ਯਹੋਵਾਹ ਦੇ ਦੂਤ ਨੇ ਸਵਰਗੋਂ ਅਬਰਾਹਾਮ ਨਾਲ ਦੂਸਰੀ ਵਾਰ ਗੱਲ ਕੀਤੀ। 16 ਉਸ ਨੇ ਕਿਹਾ: “ਯਹੋਵਾਹ ਕਹਿੰਦਾ ਹੈ, ‘ਤੂੰ ਆਪਣੇ ਇਕਲੌਤੇ ਪੁੱਤਰ ਨੂੰ ਮੇਰੇ ਲਈ ਕੁਰਬਾਨ ਕਰਨ ਤੋਂ ਵੀ ਪਿੱਛੇ ਨਹੀਂ ਹਟਿਆ,+ ਇਸ ਲਈ ਤੇਰੇ ਇਸ ਕੰਮ ਕਰਕੇ ਮੈਂ ਆਪਣੀ ਸਹੁੰ ਖਾ ਕੇ ਕਹਿੰਦਾ ਹਾਂ+ 17 ਕਿ ਮੈਂ ਤੈਨੂੰ ਜ਼ਰੂਰ ਬਰਕਤ ਦਿਆਂਗਾ ਅਤੇ ਤੇਰੀ ਸੰਤਾਨ* ਨੂੰ ਆਕਾਸ਼ ਦੇ ਤਾਰਿਆਂ ਜਿੰਨੀ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨੀ ਜ਼ਰੂਰ ਵਧਾਵਾਂਗਾ+ ਅਤੇ ਤੇਰੀ ਸੰਤਾਨ* ਦੁਸ਼ਮਣਾਂ ਦੇ ਸ਼ਹਿਰ* ʼਤੇ ਕਬਜ਼ਾ ਕਰੇਗੀ।+ 18 ਤੇਰੀ ਸੰਤਾਨ*+ ਦੇ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਬਰਕਤ ਮਿਲੇਗੀ* ਕਿਉਂਕਿ ਤੂੰ ਮੇਰੀ ਗੱਲ ਮੰਨੀ ਹੈ।’”+
19 ਇਸ ਤੋਂ ਬਾਅਦ ਅਬਰਾਹਾਮ ਆਪਣੇ ਨੌਕਰਾਂ ਕੋਲ ਵਾਪਸ ਚਲਾ ਗਿਆ ਅਤੇ ਉਹ ਇਕੱਠੇ ਬਏਰ-ਸ਼ਬਾ+ ਮੁੜ ਗਏ। ਅਬਰਾਹਾਮ ਬਏਰ-ਸ਼ਬਾ ਵਿਚ ਰਿਹਾ।
20 ਬਾਅਦ ਵਿਚ ਅਬਰਾਹਾਮ ਨੂੰ ਇਹ ਖ਼ਬਰ ਮਿਲੀ: “ਤੇਰੇ ਭਰਾ ਨਾਹੋਰ ਦੀ ਪਤਨੀ ਮਿਲਕਾਹ ਨੇ ਪੁੱਤਰਾਂ ਨੂੰ ਜਨਮ ਦਿੱਤਾ ਹੈ:+ 21 ਜੇਠਾ ਊਸ, ਫਿਰ ਉਸ ਦਾ ਭਰਾ ਬੂਜ਼, ਕਮੂਏਲ (ਅਰਾਮ ਦਾ ਪਿਤਾ), 22 ਕਸਦ, ਹਜ਼ੋ, ਪਿਲਦਾਸ, ਯਿਦਲਾਫ ਅਤੇ ਬਥੂਏਲ।”+ 23 ਬਥੂਏਲ ਰਿਬਕਾਹ+ ਦਾ ਪਿਤਾ ਹੈ। ਅਬਰਾਹਾਮ ਦੇ ਭਰਾ ਨਾਹੋਰ ਦੀ ਪਤਨੀ ਮਿਲਕਾਹ ਨੇ ਇਨ੍ਹਾਂ ਅੱਠ ਮੁੰਡਿਆਂ ਨੂੰ ਜਨਮ ਦਿੱਤਾ। 24 ਨਾਹੋਰ ਦੀ ਰਖੇਲ ਰੂਮਾਹ ਦੇ ਇਹ ਮੁੰਡੇ ਪੈਦਾ ਹੋਏ: ਤੀਬਾਹ, ਗਹਮ, ਤਹਸ਼ ਅਤੇ ਮਾਕਾਹ।
23 ਸਾਰਾਹ ਦੀ ਪੂਰੀ ਉਮਰ 127 ਸਾਲ ਸੀ;+ 2 ਉਹ ਕਨਾਨ ਦੇਸ਼+ ਦੇ ਕਿਰਯਥ-ਅਰਬਾ+ ਸ਼ਹਿਰ (ਜੋ ਕਿ ਹਬਰੋਨ+ ਹੈ) ਵਿਚ ਮਰ ਗਈ ਅਤੇ ਅਬਰਾਹਾਮ ਸਾਰਾਹ ਦੀ ਮੌਤ ਕਰਕੇ ਰੋਣ ਅਤੇ ਸੋਗ ਮਨਾਉਣ ਲੱਗਾ। 3 ਫਿਰ ਅਬਰਾਹਾਮ ਆਪਣੀ ਪਤਨੀ ਦੀ ਲਾਸ਼ ਦੇ ਸਾਮ੍ਹਣਿਓਂ ਉੱਠਿਆ ਅਤੇ ਉਸ ਨੇ ਹਿੱਤੀ+ ਲੋਕਾਂ* ਨੂੰ ਕਿਹਾ: 4 “ਮੈਂ ਤੁਹਾਡੇ ਦੇਸ਼ ਵਿਚ ਪਰਦੇਸੀ ਹਾਂ।+ ਕਿਰਪਾ ਕਰ ਕੇ ਤੁਸੀਂ ਆਪਣੀ ਜ਼ਮੀਨ ਵਿੱਚੋਂ ਕੁਝ ਮੈਨੂੰ ਵੇਚ ਦਿਓ ਤਾਂਕਿ ਉੱਥੇ ਮੈਂ ਆਪਣੀ ਪਤਨੀ ਨੂੰ ਦਫ਼ਨਾ ਸਕਾਂ।” 5 ਇਹ ਸੁਣ ਕੇ ਹਿੱਤੀ ਲੋਕਾਂ ਨੇ ਅਬਰਾਹਾਮ ਨੂੰ ਕਿਹਾ: 6 “ਪ੍ਰਭੂ, ਸਾਡੀ ਗੱਲ ਸੁਣ। ਸਾਨੂੰ ਪਤਾ ਹੈ ਕਿ ਪਰਮੇਸ਼ੁਰ ਨੇ ਤੈਨੂੰ ਮੁਖੀ* ਬਣਾਇਆ ਹੈ।+ ਤੂੰ ਸਾਡੀ ਕਿਸੇ ਵੀ ਵਧੀਆ ਕਬਰ ਵਿਚ ਆਪਣੀ ਪਤਨੀ ਨੂੰ ਦਫ਼ਨਾ ਸਕਦਾ ਹੈਂ। ਸਾਡੇ ਵਿੱਚੋਂ ਕੋਈ ਵੀ ਆਪਣੇ ਕਬਰਸਤਾਨ ਵਿਚ ਤੈਨੂੰ ਆਪਣੀ ਪਤਨੀ ਨੂੰ ਦਫ਼ਨਾਉਣ ਤੋਂ ਨਹੀਂ ਰੋਕੇਗਾ।”
7 ਫਿਰ ਅਬਰਾਹਾਮ ਖੜ੍ਹਾ ਹੋਇਆ ਅਤੇ ਦੇਸ਼ ਦੇ ਨਿਵਾਸੀਆਂ ਯਾਨੀ ਹਿੱਤੀ+ ਲੋਕਾਂ ਅੱਗੇ ਝੁਕਿਆ 8 ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਸਹਿਮਤ ਹੋ ਕਿ ਮੈਂ ਇੱਥੇ ਆਪਣੀ ਪਤਨੀ ਨੂੰ ਦਫ਼ਨਾਵਾਂ, ਤਾਂ ਮੇਰੇ ਵੱਲੋਂ ਸੋਹਰ ਦੇ ਪੁੱਤਰ ਅਫਰੋਨ ਨੂੰ ਬੇਨਤੀ ਕਰੋ 9 ਕਿ ਉਹ ਮਕਫੇਲਾਹ ਵਿਚਲੀ ਆਪਣੀ ਗੁਫਾ ਮੈਨੂੰ ਵੇਚ ਦੇਵੇ ਜੋ ਉਸ ਦੀ ਜ਼ਮੀਨ ਦੇ ਬੰਨੇ ʼਤੇ ਹੈ। ਉਹ ਕੀਮਤ ਦੇ ਤੌਰ ਤੇ ਜਿੰਨੀ ਵੀ ਚਾਂਦੀ ਲੈਣੀ ਚਾਹੁੰਦਾ ਹੈ, ਮੈਂ ਤੁਹਾਡੇ ਸਾਰਿਆਂ ਦੀ ਮੌਜੂਦਗੀ ਵਿਚ ਪੂਰੀ ਕੀਮਤ ਦੇਣ ਲਈ ਤਿਆਰ ਹਾਂ+ ਤਾਂਕਿ ਕਬਰਸਤਾਨ ਲਈ ਮੇਰੇ ਕੋਲ ਜਗ੍ਹਾ ਹੋਵੇ।”+
10 ਉੱਥੇ ਹਿੱਤੀ ਲੋਕਾਂ ਵਿਚ ਅਫਰੋਨ ਬੈਠਾ ਹੋਇਆ ਸੀ। ਹਿੱਤੀ ਲੋਕਾਂ ਅਤੇ ਸ਼ਹਿਰ ਦੇ ਦਰਵਾਜ਼ੇ+ ʼਤੇ ਬੈਠੇ ਸਾਰੇ ਲੋਕਾਂ ਸਾਮ੍ਹਣੇ ਹਿੱਤੀ ਅਫਰੋਨ ਨੇ ਅਬਰਾਹਾਮ ਨੂੰ ਕਿਹਾ: 11 “ਨਹੀਂ ਪ੍ਰਭੂ, ਮੇਰੀ ਗੱਲ ਸੁਣ। ਮੈਂ ਤੈਨੂੰ ਜ਼ਮੀਨ ਅਤੇ ਇਸ ਵਿਚਲੀ ਕਬਰ ਦੋਵੇਂ ਦਿੰਦਾ ਹਾਂ। ਮੈਂ ਆਪਣੇ ਲੋਕਾਂ ਦੀ ਮੌਜੂਦਗੀ ਵਿਚ ਇਹ ਤੈਨੂੰ ਦਿੰਦਾ ਹਾਂ। ਤੂੰ ਆਪਣੀ ਪਤਨੀ ਨੂੰ ਦਫ਼ਨਾ ਦੇ।” 12 ਇਹ ਸੁਣ ਕੇ ਅਬਰਾਹਾਮ ਦੇਸ਼ ਦੇ ਲੋਕਾਂ ਅੱਗੇ ਝੁਕਿਆ 13 ਅਤੇ ਲੋਕਾਂ ਦੀ ਮੌਜੂਦਗੀ ਵਿਚ ਅਫਰੋਨ ਨੂੰ ਕਿਹਾ: “ਕਿਰਪਾ ਕਰ ਕੇ ਮੇਰੀ ਗੱਲ ਸੁਣ। ਉਸ ਜ਼ਮੀਨ ਦੀ ਜਿੰਨੀ ਕੀਮਤ ਹੈ, ਮੇਰੇ ਤੋਂ ਉੱਨੀ ਚਾਂਦੀ ਕਬੂਲ ਕਰ। ਮੈਂ ਤੈਨੂੰ ਪੂਰੀ ਕੀਮਤ ਦਿਆਂਗਾ ਤਾਂਕਿ ਮੈਂ ਉੱਥੇ ਆਪਣੀ ਪਤਨੀ ਨੂੰ ਦਫ਼ਨਾ ਸਕਾਂ।”
14 ਅਫਰੋਨ ਨੇ ਅਬਰਾਹਾਮ ਨੂੰ ਜਵਾਬ ਦਿੱਤਾ: 15 “ਪ੍ਰਭੂ ਮੇਰੀ ਗੱਲ ਸੁਣ। ਇਸ ਜ਼ਮੀਨ ਦੀ ਕੀਮਤ 400 ਸ਼ੇਕੇਲ* ਚਾਂਦੀ ਹੈ। ਪਰ ਤੂੰ ਪੈਸੇ ਦੀ ਪਰਵਾਹ ਨਾ ਕਰ। ਤੂੰ ਆਪਣੀ ਪਤਨੀ ਨੂੰ ਦਫ਼ਨਾ।” 16 ਅਬਰਾਹਾਮ ਨੇ ਅਫਰੋਨ ਦੀ ਗੱਲ ਮੰਨ ਕੇ ਉਸ ਸਮੇਂ ਵਪਾਰੀਆਂ ਦੁਆਰਾ ਵਰਤੇ ਜਾਂਦੇ ਵੱਟਿਆਂ ਨਾਲ 400 ਸ਼ੇਕੇਲ* ਚਾਂਦੀ ਤੋਲ ਕੇ ਅਫਰੋਨ ਨੂੰ ਦੇ ਦਿੱਤੀ ਜਿੰਨੀ ਉਸ ਨੇ ਹਿੱਤੀ ਲੋਕਾਂ ਸਾਮ੍ਹਣੇ ਦੱਸੀ ਸੀ।+ 17 ਇਸ ਤਰ੍ਹਾਂ ਮਮਰੇ ਲਾਗੇ ਮਕਫੇਲਾਹ ਵਿਚ ਅਫਰੋਨ ਦੀ ਜ਼ਮੀਨ ਅਤੇ ਉਸ ਵਿਚਲੀ ਗੁਫਾ ਅਤੇ ਜ਼ਮੀਨ ਦੀਆਂ ਹੱਦਾਂ ਵਿਚ ਲੱਗੇ ਸਾਰੇ ਦਰਖ਼ਤ 18 ਅਬਰਾਹਾਮ ਦੇ ਹੋ ਗਏ ਕਿਉਂਕਿ ਉਸ ਨੇ ਉੱਥੇ ਮੌਜੂਦ ਹਿੱਤੀ ਲੋਕਾਂ ਅਤੇ ਸ਼ਹਿਰ ਦੇ ਦਰਵਾਜ਼ੇ ਉੱਤੇ ਇਕੱਠੇ ਹੋਏ ਲੋਕਾਂ ਸਾਮ੍ਹਣੇ ਇਹ ਸਭ ਕੁਝ ਖ਼ਰੀਦ ਲਿਆ ਸੀ। 19 ਬਾਅਦ ਵਿਚ ਅਬਰਾਹਾਮ ਨੇ ਮਕਫੇਲਾਹ ਦੀ ਗੁਫਾ ਵਿਚ ਸਾਰਾਹ ਨੂੰ ਦਫ਼ਨਾ ਦਿੱਤਾ ਜੋ ਕਨਾਨ ਦੇਸ਼ ਦੇ ਮਮਰੇ (ਇਸ ਨੂੰ ਹਬਰੋਨ ਵੀ ਕਿਹਾ ਜਾਂਦਾ ਹੈ) ਲਾਗੇ ਹੈ। 20 ਇਸ ਤਰ੍ਹਾਂ ਹਿੱਤੀ ਲੋਕਾਂ ਨੇ ਉਹ ਜ਼ਮੀਨ ਅਤੇ ਇਸ ਵਿਚਲੀ ਗੁਫਾ ਕਬਰਸਤਾਨ ਵਾਸਤੇ ਅਬਰਾਹਾਮ ਦੇ ਨਾਂ ਕਰ ਦਿੱਤੀ।+
24 ਅਬਰਾਹਾਮ ਹੁਣ ਕਾਫ਼ੀ ਬੁੱਢਾ ਹੋ ਚੁੱਕਾ ਸੀ ਅਤੇ ਯਹੋਵਾਹ ਨੇ ਅਬਰਾਹਾਮ ਦੀ ਹਰ ਚੀਜ਼ ʼਤੇ ਬਰਕਤ ਪਾਈ ਸੀ।+ 2 ਇਕ ਦਿਨ ਅਬਰਾਹਾਮ ਨੇ ਆਪਣੇ ਸਭ ਤੋਂ ਪੁਰਾਣੇ* ਨੌਕਰ ਨੂੰ, ਜੋ ਉਸ ਦੇ ਘਰਾਣੇ ਦਾ ਪ੍ਰਬੰਧਕ ਸੀ,+ ਕਿਹਾ: “ਕਿਰਪਾ ਕਰ ਕੇ ਮੇਰੇ ਪੱਟ* ਥੱਲੇ ਆਪਣਾ ਹੱਥ ਰੱਖ 3 ਅਤੇ ਸਵਰਗ ਦੇ ਪਰਮੇਸ਼ੁਰ ਅਤੇ ਧਰਤੀ ਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਖਾਹ ਕਿ ਤੂੰ ਮੇਰੇ ਆਲੇ-ਦੁਆਲੇ ਰਹਿੰਦੇ ਕਨਾਨੀਆਂ ਵਿੱਚੋਂ ਮੇਰੇ ਪੁੱਤਰ ਨੂੰ ਵਿਆਹੁਣ ਲਈ ਕੋਈ ਕੁੜੀ ਨਹੀਂ ਲਿਆਵੇਂਗਾ।+ 4 ਪਰ ਤੂੰ ਮੇਰੇ ਦੇਸ਼ ਵਿਚ ਮੇਰੇ ਰਿਸ਼ਤੇਦਾਰਾਂ+ ਕੋਲ ਜਾ ਕੇ ਉੱਥੋਂ ਮੇਰੇ ਪੁੱਤਰ ਇਸਹਾਕ ਲਈ ਕੁੜੀ ਲਿਆਈਂ।”
5 ਪਰ ਨੌਕਰ ਨੇ ਉਸ ਨੂੰ ਕਿਹਾ: “ਜੇ ਕੁੜੀ ਮੇਰੇ ਨਾਲ ਇਸ ਦੇਸ਼ ਵਿਚ ਨਾ ਆਉਣਾ ਚਾਹੇ, ਤਾਂ ਕੀ ਮੈਂ ਤੇਰੇ ਪੁੱਤਰ ਨੂੰ ਤੇਰੇ ਦੇਸ਼ ਵਾਪਸ ਲੈ ਜਾਵਾਂ ਜਿੱਥੋਂ ਤੂੰ ਆਇਆ ਹੈਂ?”+ 6 ਅਬਰਾਹਾਮ ਨੇ ਉਸ ਨੂੰ ਕਿਹਾ: “ਤੂੰ ਮੇਰੇ ਪੁੱਤਰ ਨੂੰ ਉੱਥੇ ਹਰਗਿਜ਼ ਨਾ ਲੈ ਕੇ ਜਾਈਂ।+ 7 ਸਵਰਗ ਦਾ ਪਰਮੇਸ਼ੁਰ ਯਹੋਵਾਹ ਮੈਨੂੰ ਆਪਣੇ ਪਿਤਾ ਦੇ ਘਰੋਂ ਅਤੇ ਆਪਣੇ ਰਿਸ਼ਤੇਦਾਰਾਂ ਦੇ ਦੇਸ਼ ਤੋਂ ਇੱਥੇ ਲਿਆਇਆ+ ਅਤੇ ਉਸ ਨੇ ਸਹੁੰ ਖਾ ਕੇ ਮੈਨੂੰ ਕਿਹਾ ਸੀ:+ ‘ਮੈਂ ਤੇਰੀ ਸੰਤਾਨ*+ ਨੂੰ ਇਹ ਦੇਸ਼ ਦਿਆਂਗਾ।’+ ਉਹੀ ਤੇਰੀ ਅਗਵਾਈ ਕਰਨ ਲਈ ਤੇਰੇ ਅੱਗੇ-ਅੱਗੇ ਆਪਣਾ ਦੂਤ ਘੱਲੇਗਾ+ ਅਤੇ ਤੂੰ ਉੱਥੋਂ+ ਹੀ ਮੇਰੇ ਪੁੱਤਰ ਲਈ ਕੁੜੀ ਲਿਆਈਂ। 8 ਪਰ ਜੇ ਉਹ ਕੁੜੀ ਤੇਰੇ ਨਾਲ ਨਾ ਆਉਣਾ ਚਾਹੇ, ਤਾਂ ਤੂੰ ਇਸ ਸਹੁੰ ਤੋਂ ਛੁੱਟ ਜਾਵੇਂਗਾ। ਪਰ ਤੂੰ ਮੇਰੇ ਪੁੱਤਰ ਨੂੰ ਉੱਥੇ ਹਰਗਿਜ਼ ਨਾ ਲੈ ਕੇ ਜਾਈਂ।” 9 ਫਿਰ ਨੌਕਰ ਨੇ ਆਪਣਾ ਹੱਥ ਆਪਣੇ ਮਾਲਕ ਅਬਰਾਹਾਮ ਦੇ ਪੱਟ ਥੱਲੇ ਰੱਖ ਕੇ ਇਸ ਬਾਰੇ ਸਹੁੰ ਖਾਧੀ।+
10 ਇਸ ਲਈ ਨੌਕਰ ਆਪਣੇ ਮਾਲਕ ਦੇ ਦਸ ਊਠ ਅਤੇ ਉਸ ਕੋਲੋਂ ਤਰ੍ਹਾਂ-ਤਰ੍ਹਾਂ ਦੇ ਤੋਹਫ਼ੇ ਲੈ ਕੇ ਤੁਰ ਪਿਆ। ਫਿਰ ਉਹ ਸਫ਼ਰ ਕਰਦਾ-ਕਰਦਾ ਮੈਸੋਪੋਟਾਮੀਆ ਵਿਚ ਨਾਹੋਰ ਸ਼ਹਿਰ ਪਹੁੰਚਿਆ। 11 ਉਸ ਨੇ ਸ਼ਹਿਰੋਂ ਬਾਹਰ ਖੂਹ ਲਾਗੇ ਆਪਣੇ ਊਠ ਬਿਠਾ ਦਿੱਤੇ। ਉਹ ਸ਼ਾਮ ਦਾ ਸਮਾਂ ਸੀ ਜਦੋਂ ਔਰਤਾਂ ਖੂਹ ਤੋਂ ਪਾਣੀ ਭਰਨ ਆਉਂਦੀਆਂ ਸਨ। 12 ਉਸ ਨੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਮੇਰੇ ਮਾਲਕ ਅਬਰਾਹਾਮ ਦੇ ਪਰਮੇਸ਼ੁਰ, ਮੈਂ ਜਿਸ ਕੰਮ ਲਈ ਆਇਆ ਹਾਂ, ਉਹ ਅੱਜ ਪੂਰਾ ਹੋਵੇ ਅਤੇ ਤੂੰ ਮੇਰੇ ਮਾਲਕ ਅਬਰਾਹਾਮ ਲਈ ਆਪਣਾ ਅਟੱਲ ਪਿਆਰ ਦਿਖਾ। 13 ਇਸ ਵੇਲੇ ਮੈਂ ਪਾਣੀ ਦੇ ਚਸ਼ਮੇ ਕੋਲ ਖੜ੍ਹਾ ਹਾਂ ਅਤੇ ਸ਼ਹਿਰ ਦੀਆਂ ਕੁੜੀਆਂ ਪਾਣੀ ਭਰਨ ਆ ਰਹੀਆਂ ਹਨ। 14 ਇਸ ਤਰ੍ਹਾਂ ਹੋਵੇ ਕਿ ਜਿਸ ਕੁੜੀ ਨੂੰ ਮੈਂ ਕਹਾਂ, ‘ਧੀਏ, ਮੈਨੂੰ ਥੋੜ੍ਹਾ ਜਿਹਾ ਪਾਣੀ ਤਾਂ ਪਿਲਾਈਂ,’ ਅਤੇ ਉਹ ਕਹੇ, ‘ਹਾਂਜੀ, ਪੀਓ ਅਤੇ ਮੈਂ ਤੁਹਾਡੇ ਊਠਾਂ ਨੂੰ ਵੀ ਪਾਣੀ ਪਿਲਾਉਂਦੀ ਹਾਂ,’ ਤਾਂ ਉਹ ਉਹੀ ਕੁੜੀ ਹੋਵੇ ਜਿਹੜੀ ਤੂੰ ਆਪਣੇ ਸੇਵਕ ਇਸਹਾਕ ਲਈ ਚੁਣੀ ਹੈ; ਅਤੇ ਇਸ ਤੋਂ ਮੈਨੂੰ ਪਤਾ ਲੱਗ ਜਾਵੇਗਾ ਕਿ ਤੂੰ ਮੇਰੇ ਮਾਲਕ ਲਈ ਆਪਣਾ ਅਟੱਲ ਪਿਆਰ ਦਿਖਾਇਆ ਹੈ।”
15 ਉਸ ਦੇ ਪ੍ਰਾਰਥਨਾ ਖ਼ਤਮ ਕਰਨ ਤੋਂ ਪਹਿਲਾਂ ਹੀ ਰਿਬਕਾਹ ਆਪਣੇ ਮੋਢੇ ਉੱਤੇ ਪਾਣੀ ਦਾ ਘੜਾ ਚੁੱਕੀ ਆਈ। ਉਹ ਅਬਰਾਹਾਮ ਦੇ ਭਰਾ ਨਾਹੋਰ+ ਅਤੇ ਉਸ ਦੀ ਪਤਨੀ ਮਿਲਕਾਹ+ ਦੇ ਮੁੰਡੇ ਬਥੂਏਲ ਦੀ ਧੀ ਸੀ।+ 16 ਉਹ ਕੁੜੀ ਬਹੁਤ ਸੋਹਣੀ ਸੀ ਅਤੇ ਕੁਆਰੀ ਸੀ; ਉਸ ਨੇ ਕਿਸੇ ਵੀ ਆਦਮੀ ਨਾਲ ਸਰੀਰਕ ਸੰਬੰਧ ਨਹੀਂ ਰੱਖੇ ਸਨ। ਉਹ ਚਸ਼ਮੇ ਕੋਲ ਗਈ ਅਤੇ ਆਪਣਾ ਘੜਾ ਭਰ ਕੇ ਵਾਪਸ ਆਈ। 17 ਉਸੇ ਵੇਲੇ ਨੌਕਰ ਭੱਜ ਕੇ ਉਸ ਕੋਲ ਗਿਆ ਅਤੇ ਕਿਹਾ: “ਧੀਏ, ਮੈਨੂੰ ਆਪਣੇ ਘੜੇ ਵਿੱਚੋਂ ਥੋੜ੍ਹਾ ਜਿਹਾ ਪਾਣੀ ਤਾਂ ਪਿਲਾਈਂ।” 18 ਉਸ ਨੇ ਕਿਹਾ: “ਹਾਂਜੀ ਪੀਓ।” ਉਸ ਨੇ ਉਸੇ ਵੇਲੇ ਆਪਣਾ ਘੜਾ ਟੇਢਾ ਕਰ ਕੇ ਉਸ ਨੂੰ ਪਾਣੀ ਪਿਲਾਇਆ। 19 ਉਸ ਨੂੰ ਪਾਣੀ ਪਿਲਾਉਣ ਤੋਂ ਬਾਅਦ ਰਿਬਕਾਹ ਨੇ ਕਿਹਾ: “ਮੈਂ ਖੂਹ ਵਿੱਚੋਂ ਪਾਣੀ ਕੱਢ ਕੇ ਤੁਹਾਡੇ ਊਠਾਂ ਨੂੰ ਵੀ ਪਿਲਾਉਂਦੀ ਹਾਂ ਜਦ ਤਕ ਉਹ ਰੱਜ ਨਾ ਜਾਣ।” 20 ਉਸ ਨੇ ਉਸੇ ਵੇਲੇ ਆਪਣੇ ਘੜੇ ਵਿੱਚੋਂ ਪਾਣੀ ਚੁਬੱਚੇ ਵਿਚ ਪਾ ਦਿੱਤਾ ਅਤੇ ਫਿਰ ਉਹ ਭੱਜ-ਭੱਜ ਕੇ ਖੂਹ ਵਿੱਚੋਂ ਪਾਣੀ ਕੱਢ ਕੇ ਸਾਰੇ ਊਠਾਂ ਲਈ ਲਿਆਉਂਦੀ ਰਹੀ। 21 ਇਸ ਦੌਰਾਨ ਉਹ ਆਦਮੀ ਚੁੱਪ-ਚਾਪ ਖੜ੍ਹਾ ਹੈਰਾਨੀ ਨਾਲ ਉਸ ਨੂੰ ਦੇਖਦਾ ਰਿਹਾ ਅਤੇ ਸੋਚਦਾ ਰਿਹਾ ਕਿ ਯਹੋਵਾਹ ਨੇ ਉਸ ਨੂੰ ਕਾਮਯਾਬੀ ਬਖ਼ਸ਼ੀ ਸੀ ਜਾਂ ਨਹੀਂ।
22 ਜਦੋਂ ਸਾਰੇ ਊਠ ਪਾਣੀ ਪੀ ਹਟੇ, ਤਾਂ ਉਸ ਆਦਮੀ ਨੇ ਅੱਧੇ ਸ਼ੇਕੇਲ* ਦੀ ਸੋਨੇ ਦੀ ਇਕ ਨੱਥ ਅਤੇ ਦਸ ਸ਼ੇਕੇਲ* ਦੇ ਸੋਨੇ ਦੇ ਦੋ ਕੰਗਣ ਉਸ ਨੂੰ ਦਿੱਤੇ 23 ਅਤੇ ਪੁੱਛਿਆ: “ਮੈਨੂੰ ਦੱਸ ਤੂੰ ਕਿਸ ਦੀ ਕੁੜੀ ਹੈਂ? ਕੀ ਤੇਰੇ ਪਿਤਾ ਦੇ ਘਰ ਰਾਤ ਰਹਿਣ ਲਈ ਸਾਡੇ ਵਾਸਤੇ ਜਗ੍ਹਾ ਹੈ?” 24 ਰਿਬਕਾਹ ਨੇ ਉਸ ਨੂੰ ਕਿਹਾ: “ਮੈਂ ਬਥੂਏਲ ਦੀ ਧੀ ਹਾਂ+ ਜੋ ਨਾਹੋਰ ਤੇ ਮਿਲਕਾਹ ਦਾ ਪੁੱਤਰ ਹੈ।”+ 25 ਉਸ ਨੇ ਅੱਗੇ ਕਿਹਾ: “ਹਾਂ, ਸਾਡੇ ਘਰ ਵਿਚ ਰਾਤ ਰਹਿਣ ਲਈ ਜਗ੍ਹਾ ਹੈ ਅਤੇ ਊਠਾਂ ਵਾਸਤੇ ਤੂੜੀ ਅਤੇ ਬਹੁਤ ਸਾਰਾ ਘਾਹ ਵੀ ਹੈ।” 26 ਫਿਰ ਉਸ ਆਦਮੀ ਨੇ ਮੂੰਹ ਭਾਰ ਜ਼ਮੀਨ ʼਤੇ ਲੰਮਾ ਪੈ ਕੇ ਯਹੋਵਾਹ ਦਾ ਧੰਨਵਾਦ ਕੀਤਾ 27 ਅਤੇ ਕਿਹਾ: “ਮੇਰੇ ਮਾਲਕ ਅਬਰਾਹਾਮ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ। ਉਸ ਨੇ ਮੇਰੇ ਮਾਲਕ ਲਈ ਆਪਣਾ ਅਟੱਲ ਪਿਆਰ ਜ਼ਾਹਰ ਕਰਨਾ ਨਹੀਂ ਛੱਡਿਆ ਅਤੇ ਉਸ ਨਾਲ ਕੀਤਾ ਆਪਣਾ ਵਾਅਦਾ ਪੂਰਾ ਕੀਤਾ ਹੈ। ਯਹੋਵਾਹ ਮੈਨੂੰ ਮੇਰੇ ਮਾਲਕ ਦੇ ਭਰਾਵਾਂ ਦੇ ਘਰ ਲੈ ਆਇਆ ਹੈ।”
28 ਫਿਰ ਉਹ ਕੁੜੀ ਭੱਜ ਕੇ ਆਪਣੇ ਘਰ ਗਈ ਅਤੇ ਆਪਣੀ ਮਾਂ ਅਤੇ ਦੂਸਰਿਆਂ ਨੂੰ ਸਭ ਕੁਝ ਦੱਸਿਆ। 29 ਰਿਬਕਾਹ ਦਾ ਇਕ ਭਰਾ ਸੀ ਜਿਸ ਦਾ ਨਾਂ ਲਾਬਾਨ+ ਸੀ। ਉਹ ਭੱਜ ਕੇ ਖੂਹ ʼਤੇ ਉਸ ਆਦਮੀ ਨੂੰ ਮਿਲਣ ਗਿਆ। 30 ਉਸ ਨੇ ਆਪਣੀ ਭੈਣ ਰਿਬਕਾਹ ਦੇ ਨੱਕ ਵਿਚ ਨੱਥ ਅਤੇ ਹੱਥਾਂ ਵਿਚ ਕੰਗਣ ਦੇਖੇ ਸਨ ਅਤੇ ਉਸ ਨੂੰ ਇਹ ਕਹਿੰਦਿਆਂ ਸੁਣਿਆ ਸੀ: “ਉਸ ਆਦਮੀ ਨੇ ਮੈਨੂੰ ਇਹ ਕਿਹਾ ਸੀ।” ਇਸ ਲਈ ਲਾਬਾਨ ਉਸ ਆਦਮੀ ਨੂੰ ਮਿਲਣ ਆਇਆ ਜੋ ਅਜੇ ਵੀ ਖੂਹ ʼਤੇ ਆਪਣੇ ਊਠਾਂ ਲਾਗੇ ਖੜ੍ਹਾ ਸੀ। 31 ਉਸ ਨੂੰ ਦੇਖਦਿਆਂ ਹੀ ਲਾਬਾਨ ਨੇ ਕਿਹਾ: “ਯਹੋਵਾਹ ਦੀ ਤੇਰੇ ʼਤੇ ਬਰਕਤ ਹੋਈ ਹੈ। ਤੂੰ ਇੱਥੇ ਕਿਉਂ ਖੜ੍ਹਾ ਹੈਂ? ਮੇਰੇ ਨਾਲ ਆ। ਮੈਂ ਆਪਣੇ ਘਰ ਵਿਚ ਤੇਰੇ ਰਹਿਣ ਦਾ ਪ੍ਰਬੰਧ ਕੀਤਾ ਹੈ ਅਤੇ ਤੇਰੇ ਊਠਾਂ ਲਈ ਜਗ੍ਹਾ ਤਿਆਰ ਕੀਤੀ ਹੈ।” 32 ਉਹ ਆਦਮੀ ਲਾਬਾਨ ਦੇ ਘਰ ਆਇਆ ਅਤੇ ਉਸ* ਨੇ ਊਠਾਂ ਦੀਆਂ ਕਾਠੀਆਂ ਖੋਲ੍ਹੀਆਂ ਅਤੇ ਉਨ੍ਹਾਂ ਅੱਗੇ ਤੂੜੀ ਅਤੇ ਘਾਹ ਪਾਇਆ। ਨਾਲੇ ਉਸ ਆਦਮੀ ਨੂੰ ਅਤੇ ਉਸ ਨਾਲ ਆਏ ਬੰਦਿਆਂ ਨੂੰ ਪੈਰ ਧੋਣ ਲਈ ਪਾਣੀ ਦਿੱਤਾ। 33 ਪਰ ਜਦੋਂ ਉਸ ਦੇ ਸਾਮ੍ਹਣੇ ਖਾਣਾ ਪਰੋਸਿਆ ਗਿਆ, ਤਾਂ ਉਸ ਨੇ ਕਿਹਾ: “ਮੈਂ ਉਦੋਂ ਤਕ ਕੁਝ ਨਹੀਂ ਖਾਵਾਂਗਾ ਜਦ ਤਕ ਮੈਂ ਤੁਹਾਨੂੰ ਆਪਣੇ ਆਉਣ ਦਾ ਕਾਰਨ ਨਹੀਂ ਦੱਸ ਦਿੰਦਾ।” ਲਾਬਾਨ ਨੇ ਕਿਹਾ: “ਹਾਂ ਦੱਸ!”
34 ਫਿਰ ਉਸ ਨੇ ਕਿਹਾ: “ਮੈਂ ਅਬਰਾਹਾਮ ਦਾ ਨੌਕਰ ਹਾਂ।+ 35 ਯਹੋਵਾਹ ਨੇ ਮੇਰੇ ਮਾਲਕ ਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ ਹਨ ਅਤੇ ਉਸ ਨੂੰ ਭੇਡਾਂ, ਗਾਂਵਾਂ-ਬਲਦ, ਨੌਕਰ-ਨੌਕਰਾਣੀਆਂ, ਊਠ, ਗਧੇ ਅਤੇ ਸੋਨਾ-ਚਾਂਦੀ ਦੇ ਕੇ ਬਹੁਤ ਅਮੀਰ ਬਣਾਇਆ ਹੈ।+ 36 ਨਾਲੇ ਮੇਰੇ ਮਾਲਕ ਦੀ ਪਤਨੀ ਸਾਰਾਹ ਨੇ ਬੁਢਾਪੇ ਵਿਚ ਉਸ ਦੇ ਪੁੱਤਰ ਨੂੰ ਜਨਮ ਦਿੱਤਾ ਸੀ।+ ਉਹ ਆਪਣਾ ਸਭ ਕੁਝ ਆਪਣੇ ਪੁੱਤਰ ਨੂੰ ਦੇ ਦੇਵੇਗਾ।+ 37 ਮੇਰੇ ਮਾਲਕ ਨੇ ਮੈਨੂੰ ਇਹ ਸਹੁੰ ਖਿਲਾਈ: ‘ਤੂੰ ਮੇਰੇ ਆਲੇ-ਦੁਆਲੇ ਰਹਿੰਦੇ ਕਨਾਨੀਆਂ ਵਿੱਚੋਂ ਮੇਰੇ ਪੁੱਤਰ ਨੂੰ ਵਿਆਹੁਣ ਲਈ ਕੋਈ ਕੁੜੀ ਨਹੀਂ ਲਿਆਵੇਂਗਾ।+ 38 ਪਰ ਤੂੰ ਮੇਰੇ ਪਿਤਾ ਦੇ ਪਰਿਵਾਰ ਅਤੇ ਮੇਰੇ ਪਰਿਵਾਰ ਕੋਲ ਜਾ ਕੇ+ ਉੱਥੋਂ ਮੇਰੇ ਪੁੱਤਰ ਲਈ ਕੁੜੀ ਲਿਆਈਂ।’+ 39 ਮੈਂ ਆਪਣੇ ਮਾਲਕ ਨੂੰ ਕਿਹਾ: ‘ਪਰ ਜੇ ਉਹ ਕੁੜੀ ਮੇਰੇ ਨਾਲ ਨਾ ਆਉਣਾ ਚਾਹੇ, ਤਾਂ ਫਿਰ ਮੈਂ ਕੀ ਕਰਾਂ?’+ 40 ਉਸ ਨੇ ਮੈਨੂੰ ਕਿਹਾ: ‘ਯਹੋਵਾਹ, ਜਿਸ ਦੇ ਰਾਹ ʼਤੇ ਮੈਂ ਚੱਲਦਾ ਹਾਂ,+ ਆਪਣੇ ਦੂਤ ਨੂੰ ਤੇਰੇ ਨਾਲ ਘੱਲੇਗਾ+ ਅਤੇ ਉਹ ਤੈਨੂੰ ਇਸ ਕੰਮ ਵਿਚ ਜ਼ਰੂਰ ਕਾਮਯਾਬੀ ਬਖ਼ਸ਼ੇਗਾ ਅਤੇ ਤੂੰ ਮੇਰੇ ਪਰਿਵਾਰ ਅਤੇ ਮੇਰੇ ਪਿਤਾ ਦੇ ਪਰਿਵਾਰ ਵਿੱਚੋਂ ਹੀ ਮੇਰੇ ਮੁੰਡੇ ਲਈ ਕੁੜੀ ਲਿਆਈਂ।+ 41 ਤੂੰ ਇਸ ਸਹੁੰ ਤੋਂ ਛੁੱਟ ਜਾਵੇਂਗਾ ਜੇ ਮੇਰਾ ਪਰਿਵਾਰ ਤੇਰੇ ਨਾਲ ਕੁੜੀ ਨੂੰ ਨਹੀਂ ਘੱਲੇਗਾ। ਫਿਰ ਤੂੰ ਇਸ ਸਹੁੰ ਤੋਂ ਮੁਕਤ ਹੋ ਜਾਵੇਂਗਾ।’+
42 “ਅੱਜ ਜਦੋਂ ਮੈਂ ਖੂਹ ʼਤੇ ਪਹੁੰਚਿਆ, ਤਾਂ ਮੈਂ ਪਰਮੇਸ਼ੁਰ ਅੱਗੇ ਬੇਨਤੀ ਕੀਤੀ: ‘ਹੇ ਯਹੋਵਾਹ, ਮੇਰੇ ਮਾਲਕ ਅਬਰਾਹਾਮ ਦੇ ਪਰਮੇਸ਼ੁਰ, ਜੇ ਤੂੰ ਸੱਚ-ਮੁੱਚ ਮੇਰੇ ਸਫ਼ਰ ਨੂੰ ਕਾਮਯਾਬੀ ਬਖ਼ਸ਼ੇਂਗਾ, ਤਾਂ ਇਸ ਤਰ੍ਹਾਂ ਹੋਵੇ। 43 ਮੈਂ ਇਸ ਵੇਲੇ ਖੂਹ ʼਤੇ ਖੜ੍ਹਾ ਹਾਂ। ਜਦੋਂ ਕੋਈ ਕੁੜੀ+ ਪਾਣੀ ਭਰਨ ਆਵੇ, ਤਾਂ ਮੈਂ ਕਹਾਂਗਾ, “ਧੀਏ, ਮੈਨੂੰ ਆਪਣੇ ਘੜੇ ਵਿੱਚੋਂ ਥੋੜ੍ਹਾ ਜਿਹਾ ਪਾਣੀ ਤਾਂ ਪਿਲਾਈਂ।” 44 ਉਹ ਮੈਨੂੰ ਕਹੇ, “ਹਾਂਜੀ ਤੁਸੀਂ ਪੀਓ ਅਤੇ ਮੈਂ ਤੁਹਾਡੇ ਊਠਾਂ ਨੂੰ ਵੀ ਪਿਲਾਉਂਦੀ ਹਾਂ।” ਹੇ ਯਹੋਵਾਹ, ਇਹ ਉਹੀ ਕੁੜੀ ਹੋਵੇ ਜਿਸ ਨੂੰ ਤੂੰ ਮੇਰੇ ਮਾਲਕ ਦੇ ਪੁੱਤਰ ਲਈ ਚੁਣਿਆ ਹੈ।’+
45 “ਅਜੇ ਮੈਂ ਆਪਣੇ ਮਨ ਵਿਚ ਪ੍ਰਾਰਥਨਾ ਖ਼ਤਮ ਵੀ ਨਹੀਂ ਕੀਤੀ ਸੀ ਕਿ ਰਿਬਕਾਹ ਆਪਣੇ ਮੋਢੇ ਉੱਤੇ ਆਪਣਾ ਘੜਾ ਚੁੱਕੀ ਆਈ। ਉਹ ਥੱਲੇ ਜਾ ਕੇ ਚਸ਼ਮੇ ਵਿੱਚੋਂ ਪਾਣੀ ਭਰਨ ਲੱਗੀ। ਫਿਰ ਮੈਂ ਉਸ ਨੂੰ ਕਿਹਾ: ‘ਧੀਏ, ਮੈਨੂੰ ਪਾਣੀ ਤਾਂ ਪਿਲਾਈਂ।’+ 46 ਉਸ ਨੇ ਫਟਾਫਟ ਆਪਣੇ ਮੋਢੇ ਤੋਂ ਘੜਾ ਲਾਹਿਆ ਅਤੇ ਕਿਹਾ: ‘ਲਓ ਪੀਓ+ ਅਤੇ ਮੈਂ ਤੁਹਾਡੇ ਊਠਾਂ ਨੂੰ ਵੀ ਪਿਲਾਉਂਦੀ ਹਾਂ।’ ਮੈਂ ਪਾਣੀ ਪੀਤਾ ਅਤੇ ਫਿਰ ਉਸ ਨੇ ਮੇਰੇ ਊਠਾਂ ਨੂੰ ਵੀ ਪਾਣੀ ਪਿਲਾਇਆ। 47 ਇਸ ਤੋਂ ਬਾਅਦ ਮੈਂ ਉਸ ਨੂੰ ਪੁੱਛਿਆ: ‘ਤੂੰ ਕਿਸ ਦੀ ਕੁੜੀ ਹੈਂ?’ ਉਸ ਨੇ ਕਿਹਾ: ‘ਮੈਂ ਬਥੂਏਲ ਦੀ ਧੀ ਹਾਂ ਜੋ ਨਾਹੋਰ ਅਤੇ ਮਿਲਕਾਹ ਦਾ ਪੁੱਤਰ ਹੈ।’ ਇਸ ਲਈ ਮੈਂ ਉਸ ਦੇ ਨੱਕ ਵਿਚ ਨੱਥ ਅਤੇ ਹੱਥਾਂ ਵਿਚ ਕੰਗਣ ਪਾ ਦਿੱਤੇ।+ 48 ਫਿਰ ਮੈਂ ਯਹੋਵਾਹ ਅੱਗੇ ਮੂੰਹ ਭਾਰ ਲੰਮਾ ਪੈ ਗਿਆ ਅਤੇ ਆਪਣੇ ਮਾਲਕ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਕੀਤੀ+ ਜਿਸ ਨੇ ਮੈਨੂੰ ਸਹੀ ਰਾਹ ਦਿਖਾਇਆ ਤਾਂਕਿ ਮੈਂ ਆਪਣੇ ਮਾਲਕ ਦੇ ਭਰਾ ਦੀ ਪੋਤੀ ਉਸ ਦੇ ਮੁੰਡੇ ਨਾਲ ਵਿਆਹੁਣ ਲਈ ਲੈ ਜਾਵਾਂ। 49 ਹੁਣ ਦੱਸੋ, ਕੀ ਤੁਸੀਂ ਮੇਰੇ ਮਾਲਕ ਲਈ ਅਟੱਲ ਪਿਆਰ ਅਤੇ ਵਫ਼ਾਦਾਰੀ ਦਿਖਾਓਗੇ? ਜੇ ਨਹੀਂ, ਤਾਂ ਮੈਨੂੰ ਦੱਸ ਦਿਓ ਤਾਂਕਿ ਮੈਂ ਵਿਚਾਰ ਕਰਾਂ ਕਿ ਅੱਗੇ ਕੀ ਕਰਨਾ ਹੈ।”*+
50 ਫਿਰ ਲਾਬਾਨ ਅਤੇ ਬਥੂਏਲ ਨੇ ਜਵਾਬ ਦਿੱਤਾ: “ਇਹ ਸਭ ਤਾਂ ਯਹੋਵਾਹ ਵੱਲੋਂ ਹੀ ਹੋਇਆ ਹੈ। ਇਸ ਲਈ ਤੈਨੂੰ ਅਸੀਂ ਹਾਂ ਜਾਂ ਨਾਂਹ ਕਹਿਣ ਵਾਲੇ ਕੌਣ ਹੁੰਦੇ ਹਾਂ?* 51 ਰਿਬਕਾਹ ਤੁਹਾਡੇ ਸਾਮ੍ਹਣੇ ਹੈ। ਤੁਸੀਂ ਉਸ ਨੂੰ ਲੈ ਜਾਓ ਤਾਂਕਿ ਉਹ ਤੁਹਾਡੇ ਮਾਲਕ ਦੇ ਪੁੱਤਰ ਦੀ ਪਤਨੀ ਬਣੇ, ਜਿਵੇਂ ਯਹੋਵਾਹ ਦਾ ਹੁਕਮ ਹੈ।” 52 ਜਦੋਂ ਅਬਰਾਹਾਮ ਦੇ ਨੌਕਰ ਨੇ ਇਹ ਸ਼ਬਦ ਸੁਣੇ, ਤਾਂ ਉਸ ਨੇ ਤੁਰੰਤ ਜ਼ਮੀਨ ਉੱਤੇ ਝੁਕ ਕੇ ਯਹੋਵਾਹ ਦਾ ਧੰਨਵਾਦ ਕੀਤਾ। 53 ਫਿਰ ਉਸ ਨੇ ਸੋਨੇ-ਚਾਂਦੀ ਦੇ ਗਹਿਣੇ ਅਤੇ ਕੱਪੜੇ ਕੱਢ ਕੇ ਰਿਬਕਾਹ ਨੂੰ ਦਿੱਤੇ ਅਤੇ ਉਸ ਦੇ ਭਰਾ ਅਤੇ ਮਾਂ ਨੂੰ ਕੀਮਤੀ ਸੁਗਾਤਾਂ ਦਿੱਤੀਆਂ। 54 ਫਿਰ ਉਸ ਨੇ ਅਤੇ ਉਸ ਦੇ ਨਾਲ ਆਏ ਆਦਮੀਆਂ ਨੇ ਰੋਟੀ ਖਾਧੀ ਅਤੇ ਉੱਥੇ ਰਾਤ ਰਹੇ।
ਫਿਰ ਸਵੇਰੇ ਉੱਠ ਕੇ ਉਸ ਨੇ ਕਿਹਾ: “ਮੈਨੂੰ ਮੇਰੇ ਮਾਲਕ ਕੋਲ ਵਾਪਸ ਜਾਣ ਦੀ ਇਜਾਜ਼ਤ ਦਿਓ।” 55 ਇਹ ਸੁਣ ਕੇ ਰਿਬਕਾਹ ਦੇ ਭਰਾ ਅਤੇ ਮਾਂ ਨੇ ਕਿਹਾ: “ਕੁੜੀ ਨੂੰ ਸਾਡੇ ਕੋਲ ਘੱਟੋ-ਘੱਟ ਦਸ ਦਿਨ ਰਹਿਣ ਦਿਓ। ਫਿਰ ਉਹ ਜਾ ਸਕਦੀ ਹੈ।” 56 ਪਰ ਨੌਕਰ ਨੇ ਉਨ੍ਹਾਂ ਨੂੰ ਕਿਹਾ: “ਮੈਨੂੰ ਨਾ ਰੋਕੋ। ਮੈਂ ਜੋ ਕੰਮ ਕਰਨ ਆਇਆ ਸੀ, ਉਸ ਵਿਚ ਯਹੋਵਾਹ ਨੇ ਮੈਨੂੰ ਕਾਮਯਾਬੀ ਬਖ਼ਸ਼ੀ ਹੈ। ਮੈਨੂੰ ਵਿਦਾ ਕਰੋ ਤਾਂਕਿ ਮੈਂ ਆਪਣੇ ਮਾਲਕ ਕੋਲ ਵਾਪਸ ਮੁੜ ਜਾਵਾਂ।” 57 ਇਸ ਲਈ ਉਨ੍ਹਾਂ ਨੇ ਕਿਹਾ: “ਆਪਾਂ ਕੁੜੀ ਨੂੰ ਬੁਲਾ ਕੇ ਪੁੱਛ ਲੈਂਦੇ ਹਾਂ।” 58 ਉਨ੍ਹਾਂ ਨੇ ਰਿਬਕਾਹ ਨੂੰ ਬੁਲਾ ਕੇ ਪੁੱਛਿਆ: “ਕੀ ਤੂੰ ਇਸ ਆਦਮੀ ਨਾਲ ਜਾਣਾ ਚਾਹੁੰਦੀ ਹੈਂ?” ਉਸ ਨੇ ਜਵਾਬ ਦਿੱਤਾ: “ਹਾਂਜੀ, ਮੈਂ ਜਾਣਾ ਚਾਹੁੰਦੀ ਹਾਂ।”
59 ਇਸ ਲਈ ਉਨ੍ਹਾਂ ਨੇ ਆਪਣੀ ਭੈਣ ਰਿਬਕਾਹ+ ਅਤੇ ਉਸ ਦੀ ਦਾਈ*+ ਨੂੰ, ਅਬਰਾਹਾਮ ਦੇ ਨੌਕਰ ਅਤੇ ਉਸ ਦੇ ਆਦਮੀਆਂ ਨਾਲ ਤੋਰ ਦਿੱਤਾ। 60 ਉਨ੍ਹਾਂ ਨੇ ਰਿਬਕਾਹ ਨੂੰ ਅਸੀਸ ਦਿੰਦੇ ਹੋਏ ਕਿਹਾ: “ਭੈਣੇ, ਤੂੰ ਲੱਖਾਂ ਬੱਚਿਆਂ ਦੀ ਮਾਂ ਬਣੇਂ ਅਤੇ ਤੇਰੇ ਬੱਚੇ* ਉਨ੍ਹਾਂ ਲੋਕਾਂ ਦੇ ਸ਼ਹਿਰ* ʼਤੇ ਕਬਜ਼ਾ ਕਰਨ ਜਿਹੜੇ ਉਨ੍ਹਾਂ ਨਾਲ ਨਫ਼ਰਤ ਕਰਦੇ ਹਨ।”+ 61 ਫਿਰ ਰਿਬਕਾਹ ਅਤੇ ਉਸ ਦੀਆਂ ਨੌਕਰਾਣੀਆਂ ਊਠਾਂ ʼਤੇ ਬੈਠ ਕੇ ਉਸ ਆਦਮੀ ਦੇ ਨਾਲ ਚੱਲੀਆਂ ਗਈਆਂ। ਇਸ ਤਰ੍ਹਾਂ ਉਹ ਨੌਕਰ ਰਿਬਕਾਹ ਨੂੰ ਲੈ ਕੇ ਆਪਣੇ ਰਾਹ ਪੈ ਗਿਆ।
62 ਫਿਰ ਇੱਦਾਂ ਹੋਇਆ ਕਿ ਇਸਹਾਕ ਬਏਰ-ਲਹੀ-ਰੋਈ+ ਵੱਲੋਂ ਆਇਆ ਕਿਉਂਕਿ ਉਸ ਵੇਲੇ ਉਹ ਨੇਗੇਬ ਦੇ ਇਲਾਕੇ ਵਿਚ ਰਹਿ ਰਿਹਾ ਸੀ।+ 63 ਉਹ ਸ਼ਾਮ ਦੇ ਵੇਲੇ ਮਨਨ*+ ਕਰਨ ਲਈ ਮੈਦਾਨ ਵਿਚ ਘੁੰਮ ਰਿਹਾ ਸੀ। ਉਸ ਨੇ ਨਜ਼ਰਾਂ ਚੁੱਕ ਕੇ ਦੇਖਿਆ ਕਿ ਊਠਾਂ ਦਾ ਕਾਫ਼ਲਾ ਆ ਰਿਹਾ ਸੀ। 64 ਜਦੋਂ ਰਿਬਕਾਹ ਨੇ ਇਸਹਾਕ ਨੂੰ ਦੇਖਿਆ, ਤਾਂ ਉਹ ਫਟਾਫਟ ਊਠ ਤੋਂ ਉੱਤਰ ਗਈ। 65 ਉਸ ਨੇ ਨੌਕਰ ਨੂੰ ਪੁੱਛਿਆ: “ਇਹ ਆਦਮੀ ਕੌਣ ਹੈ ਜੋ ਸਾਨੂੰ ਮਿਲਣ ਆ ਰਿਹਾ ਹੈ?” ਨੌਕਰ ਨੇ ਦੱਸਿਆ: “ਇਹ ਮੇਰਾ ਮਾਲਕ ਇਸਹਾਕ ਹੈ।” ਇਸ ਲਈ ਰਿਬਕਾਹ ਨੇ ਆਪਣੇ ਪੱਲੇ ਨਾਲ ਮੂੰਹ-ਸਿਰ ਢਕ ਲਿਆ। 66 ਨੌਕਰ ਨੇ ਜੋ-ਜੋ ਕੀਤਾ, ਉਹ ਸਾਰਾ ਕੁਝ ਇਸਹਾਕ ਨੂੰ ਦੱਸਿਆ। 67 ਫਿਰ ਇਸਹਾਕ ਰਿਬਕਾਹ ਨੂੰ ਆਪਣੀ ਮਾਂ ਸਾਰਾਹ ਦੇ ਤੰਬੂ ਵਿਚ ਲਿਆਇਆ।+ ਇਸਹਾਕ ਨੇ ਰਿਬਕਾਹ ਨੂੰ ਆਪਣੀ ਪਤਨੀ ਬਣਾ ਲਿਆ; ਉਸ ਨੂੰ ਰਿਬਕਾਹ ਨਾਲ ਪਿਆਰ ਹੋ ਗਿਆ+ ਜਿਸ ਕਰਕੇ ਉਸ ਨੂੰ ਆਪਣੀ ਮਾਂ ਦੀ ਮੌਤ ਦੇ ਗਮ ਤੋਂ ਦਿਲਾਸਾ ਮਿਲਿਆ।+
25 ਅਬਰਾਹਾਮ ਨੇ ਦੁਬਾਰਾ ਵਿਆਹ ਕਰਾਇਆ ਅਤੇ ਉਸ ਦੀ ਪਤਨੀ ਦਾ ਨਾਂ ਕਟੂਰਾਹ ਸੀ। 2 ਸਮੇਂ ਦੇ ਬੀਤਣ ਨਾਲ ਅਬਰਾਹਾਮ ਅਤੇ ਕਟੂਰਾਹ ਦੇ ਪੁੱਤਰ ਪੈਦਾ ਹੋਏ ਜਿਨ੍ਹਾਂ ਦੇ ਨਾਂ ਸਨ ਜ਼ਿਮਰਾਨ, ਯਾਕਸਾਨ, ਮਦਾਨ, ਮਿਦਿਆਨ,+ ਯਿਸ਼ਬਾਕ ਅਤੇ ਸ਼ੂਆਹ।+
3 ਯਾਕਸਾਨ ਦੇ ਪੁੱਤਰ ਸਨ ਸ਼ਬਾ ਅਤੇ ਦਦਾਨ।
ਦਦਾਨ ਦੀ ਸੰਤਾਨ ਸੀ ਅੱਸ਼ੂਰਿਮ, ਲਟੂਸਿਮ ਅਤੇ ਲਉਮਿਮ।
4 ਮਿਦਿਆਨ ਦੇ ਪੁੱਤਰ ਸਨ ਏਫਾਹ, ਏਫਰ, ਹਾਨੋਕ, ਅਬੀਦਾ ਅਤੇ ਅਲਦਾਹ।
ਇਹ ਸਾਰੇ ਕਟੂਰਾਹ ਦੀ ਔਲਾਦ ਸਨ।
5 ਬਾਅਦ ਵਿਚ ਅਬਰਾਹਾਮ ਨੇ ਆਪਣਾ ਸਭ ਕੁਝ ਇਸਹਾਕ ਨੂੰ ਦੇ ਦਿੱਤਾ।+ 6 ਪਰ ਅਬਰਾਹਾਮ ਨੇ ਆਪਣੀਆਂ ਰਖੇਲਾਂ ਦੇ ਪੁੱਤਰਾਂ ਨੂੰ ਤੋਹਫ਼ੇ ਦੇ ਕੇ ਆਪਣੇ ਜੀਉਂਦੇ-ਜੀ ਆਪਣੇ ਪੁੱਤਰ ਇਸਹਾਕ ਤੋਂ ਦੂਰ ਪੂਰਬ ਦੇਸ਼ ਨੂੰ ਘੱਲ ਦਿੱਤਾ।+ 7 ਅਬਰਾਹਾਮ ਦੀ ਪੂਰੀ ਉਮਰ 175 ਸਾਲ ਸੀ। 8 ਫਿਰ ਲੰਬੀ ਅਤੇ ਵਧੀਆ ਜ਼ਿੰਦਗੀ ਜੀਉਣ ਤੋਂ ਬਾਅਦ ਅਬਰਾਹਾਮ ਨੇ ਆਖ਼ਰੀ ਸਾਹ ਲਿਆ ਅਤੇ ਆਪਣੇ ਲੋਕਾਂ ਵਿਚ ਜਾ ਰਲ਼ਿਆ।* 9 ਇਸਹਾਕ ਅਤੇ ਇਸਮਾਏਲ ਨੇ ਆਪਣੇ ਪਿਤਾ ਨੂੰ ਹਿੱਤੀ ਸੋਹਰ ਦੇ ਮੁੰਡੇ ਅਫਰੋਨ ਦੀ ਜ਼ਮੀਨ ਵਿਚਲੀ ਮਕਫੇਲਾਹ ਦੀ ਗੁਫਾ ਵਿਚ ਦਫ਼ਨਾ ਦਿੱਤਾ ਜੋ ਮਮਰੇ ਦੇ ਸਾਮ੍ਹਣੇ ਹੈ।+ 10 ਇਹ ਜ਼ਮੀਨ ਅਬਰਾਹਾਮ ਨੇ ਹਿੱਤੀਆਂ ਤੋਂ ਖ਼ਰੀਦੀ ਸੀ। ਉਸ ਨੂੰ ਵੀ ਉੱਥੇ ਉਸ ਦੀ ਪਤਨੀ ਸਾਰਾਹ ਦੇ ਨਾਲ ਦਫ਼ਨਾਇਆ ਗਿਆ।+ 11 ਅਬਰਾਹਾਮ ਦੀ ਮੌਤ ਤੋਂ ਬਾਅਦ ਪਰਮੇਸ਼ੁਰ ਉਸ ਦੇ ਪੁੱਤਰ ਇਸਹਾਕ ਨੂੰ ਬਰਕਤਾਂ ਦਿੰਦਾ ਰਿਹਾ।+ ਇਸਹਾਕ ਬਏਰ-ਲਹੀ-ਰੋਈ+ ਦੇ ਨੇੜੇ ਰਹਿੰਦਾ ਸੀ।
12 ਇਹ ਅਬਰਾਹਾਮ ਦੇ ਮੁੰਡੇ ਇਸਮਾਏਲ+ ਦੀ ਵੰਸ਼ਾਵਲੀ ਹੈ ਜੋ ਸਾਰਾਹ ਦੀ ਮਿਸਰੀ ਨੌਕਰਾਣੀ ਹਾਜਰਾ+ ਦੀ ਕੁੱਖੋਂ ਪੈਦਾ ਹੋਇਆ ਸੀ।
13 ਇਹ ਇਸਮਾਏਲ ਦੇ ਪੁੱਤਰਾਂ ਦੇ ਨਾਵਾਂ ਦੀ ਸੂਚੀ ਹੈ। ਇਹ ਸੂਚੀ ਉਨ੍ਹਾਂ ਦੇ ਨਾਵਾਂ ਅਤੇ ਉਨ੍ਹਾਂ ਤੋਂ ਬਣੇ ਕਬੀਲਿਆਂ ਅਨੁਸਾਰ ਦਿੱਤੀ ਗਈ ਹੈ: ਇਸਮਾਏਲ ਦਾ ਜੇਠਾ ਮੁੰਡਾ ਨਬਾਯੋਥ,+ ਫਿਰ ਕੇਦਾਰ,+ ਅਦਬਏਲ, ਮਿਬਸਾਮ,+ 14 ਮਿਸ਼ਮਾ, ਦੂਮਾਹ, ਮੱਸਾ, 15 ਹਦਦ, ਤੇਮਾ, ਯਟੂਰ, ਨਾਫੀਸ਼ ਅਤੇ ਕਾਦਮਾਹ। 16 ਇਹ ਇਸਮਾਏਲ ਦੇ ਪੁੱਤਰ ਸਨ ਅਤੇ ਇਨ੍ਹਾਂ ਦੇ ਨਾਵਾਂ ਦੀ ਸੂਚੀ ਇਨ੍ਹਾਂ ਦੇ ਪਿੰਡਾਂ ਅਤੇ ਡੇਰਿਆਂ ਅਨੁਸਾਰ ਦਿੱਤੀ ਗਈ ਹੈ। ਇਹ 12 ਜਣੇ ਆਪੋ-ਆਪਣੇ ਕਬੀਲੇ ਦੇ ਮੁਖੀ ਸਨ।+ 17 ਇਸਮਾਏਲ 137 ਸਾਲ ਜੀਉਂਦਾ ਰਿਹਾ। ਫਿਰ ਉਸ ਨੇ ਆਖ਼ਰੀ ਸਾਹ ਲਿਆ ਅਤੇ ਉਹ ਆਪਣੇ ਲੋਕਾਂ ਵਿਚ ਜਾ ਰਲ਼ਿਆ। 18 ਉਸ ਦੀ ਔਲਾਦ ਹਵੀਲਾਹ+ ਤੋਂ ਲੈ ਕੇ ਅੱਸ਼ੂਰ ਤਕ ਵੱਸਦੀ ਸੀ। ਹਵੀਲਾਹ ਸ਼ੂਰ+ ਦੇ ਲਾਗੇ ਹੈ ਜੋ ਮਿਸਰ ਦੇ ਨੇੜੇ ਹੈ। ਉਹ ਆਪਣੇ ਸਾਰੇ ਭਰਾਵਾਂ ਦੇ ਨੇੜੇ ਰਹਿੰਦੇ ਸਨ।*+
19 ਇਹ ਅਬਰਾਹਾਮ ਦੇ ਪੁੱਤਰ ਇਸਹਾਕ ਦੀ ਵੰਸ਼ਾਵਲੀ ਹੈ।+
ਅਬਰਾਹਾਮ ਤੋਂ ਇਸਹਾਕ ਪੈਦਾ ਹੋਇਆ। 20 ਇਸਹਾਕ 40 ਸਾਲ ਦਾ ਸੀ ਜਦੋਂ ਉਸ ਦਾ ਵਿਆਹ ਪਦਨ-ਅਰਾਮ ਦੇ ਰਹਿਣ ਵਾਲੇ ਬਥੂਏਲ ਅਰਾਮੀ ਦੀ ਧੀ+ ਰਿਬਕਾਹ ਨਾਲ ਹੋਇਆ ਸੀ ਜੋ ਲਾਬਾਨ ਅਰਾਮੀ ਦੀ ਭੈਣ ਸੀ। 21 ਇਸਹਾਕ ਦੀ ਪਤਨੀ ਬਾਂਝ ਸੀ, ਇਸ ਲਈ ਉਹ ਉਸ ਵਾਸਤੇ ਯਹੋਵਾਹ ਅੱਗੇ ਮਿੰਨਤਾਂ ਕਰਦਾ ਰਿਹਾ; ਯਹੋਵਾਹ ਨੇ ਉਸ ਦੀ ਫ਼ਰਿਆਦ ਸੁਣੀ ਅਤੇ ਉਸ ਦੀ ਪਤਨੀ ਰਿਬਕਾਹ ਗਰਭਵਤੀ ਹੋਈ। 22 ਉਸ ਦੀ ਕੁੱਖ ਵਿਚ ਮੁੰਡੇ ਇਕ-ਦੂਜੇ ਨਾਲ ਲੜਨ ਲੱਗ ਪਏ,+ ਇਸ ਲਈ ਉਸ ਨੇ ਕਿਹਾ: “ਜੇ ਮੈਨੂੰ ਇਸੇ ਤਰ੍ਹਾਂ ਕਸ਼ਟ ਸਹਿਣਾ ਪਿਆ, ਤਾਂ ਮੇਰੇ ਜੀਉਣ ਦਾ ਕੀ ਫ਼ਾਇਦਾ?” ਉਸ ਨੇ ਯਹੋਵਾਹ ਨੂੰ ਇਸ ਬਾਰੇ ਪੁੱਛਿਆ। 23 ਯਹੋਵਾਹ ਨੇ ਉਸ ਨੂੰ ਕਿਹਾ: “ਤੇਰੀ ਕੁੱਖ ਵਿਚ ਦੋ ਕੌਮਾਂ ਹਨ+ ਅਤੇ ਉਨ੍ਹਾਂ ਦੋਹਾਂ ਕੌਮਾਂ ਦੇ ਰਾਹ ਵੱਖੋ-ਵੱਖਰੇ ਹੋਣਗੇ+ ਅਤੇ ਇਕ ਕੌਮ ਦੂਜੀ ਤੋਂ ਜ਼ਿਆਦਾ ਤਾਕਤਵਰ ਹੋਵੇਗੀ+ ਅਤੇ ਵੱਡਾ ਛੋਟੇ ਦੀ ਸੇਵਾ ਕਰੇਗਾ।”+
24 ਜਦੋਂ ਰਿਬਕਾਹ ਦੇ ਗਰਭ ਦੇ ਦਿਨ ਪੂਰੇ ਹੋਏ, ਤਾਂ ਦੇਖੋ ਉਸ ਦੀ ਕੁੱਖ ਵਿਚ ਜੌੜੇ ਸਨ। 25 ਪਹਿਲਾਂ ਜਿਸ ਬੱਚੇ ਦਾ ਜਨਮ ਹੋਇਆ, ਉਸ ਦਾ ਪੂਰਾ ਸਰੀਰ ਲਾਲ ਵਾਲ਼ਾਂ ਨਾਲ ਭਰਿਆ ਹੋਇਆ ਸੀ, ਜਿਵੇਂ ਕਿ ਉਸ ਨੇ ਵਾਲ਼ਾਂ ਦਾ ਬਣਿਆ ਕੱਪੜਾ ਪਾਇਆ ਹੋਵੇ।+ ਇਸ ਕਰਕੇ ਉਨ੍ਹਾਂ ਨੇ ਉਸ ਦਾ ਨਾਂ ਏਸਾਓ*+ ਰੱਖਿਆ। 26 ਫਿਰ ਉਸ ਦੇ ਭਰਾ ਦਾ ਜਨਮ ਹੋਇਆ ਅਤੇ ਉਸ ਨੇ ਏਸਾਓ ਦੀ ਅੱਡੀ ਫੜੀ ਹੋਈ ਸੀ,+ ਇਸ ਕਰਕੇ ਉਸ ਦਾ ਨਾਂ ਯਾਕੂਬ* ਰੱਖਿਆ ਗਿਆ।+ ਜਦੋਂ ਰਿਬਕਾਹ ਨੇ ਬੱਚਿਆਂ ਨੂੰ ਜਨਮ ਦਿੱਤਾ, ਉਦੋਂ ਇਸਹਾਕ 60 ਸਾਲ ਦਾ ਸੀ।
27 ਜਦੋਂ ਮੁੰਡੇ ਵੱਡੇ ਹੋਏ, ਤਾਂ ਏਸਾਓ ਮਾਹਰ ਸ਼ਿਕਾਰੀ ਬਣਿਆ+ ਅਤੇ ਉਹ ਅਕਸਰ ਸ਼ਿਕਾਰ ਕਰਨ ਜਾਂਦਾ ਹੁੰਦਾ ਸੀ, ਪਰ ਯਾਕੂਬ ਨੇਕ ਇਨਸਾਨ ਸੀ ਅਤੇ ਤੰਬੂਆਂ ਵਿਚ ਰਹਿੰਦਾ ਸੀ।+ 28 ਇਸਹਾਕ ਏਸਾਓ ਨੂੰ ਜ਼ਿਆਦਾ ਪਿਆਰ ਕਰਦਾ ਸੀ ਕਿਉਂਕਿ ਉਹ ਉਸ ਨੂੰ ਸ਼ਿਕਾਰ ਕੀਤੇ ਜਾਨਵਰ ਦਾ ਮੀਟ ਲਿਆ ਕੇ ਦਿੰਦਾ ਸੀ ਜਦ ਕਿ ਰਿਬਕਾਹ ਯਾਕੂਬ ਨੂੰ ਜ਼ਿਆਦਾ ਪਿਆਰ ਕਰਦੀ ਸੀ।+ 29 ਇਕ ਦਿਨ ਜਦੋਂ ਏਸਾਓ ਬਾਹਰੋਂ ਥੱਕਿਆ-ਟੁੱਟਿਆ ਆਇਆ, ਤਾਂ ਯਾਕੂਬ ਦਾਲ ਬਣਾ ਰਿਹਾ ਸੀ। 30 ਇਸ ਲਈ ਏਸਾਓ ਨੇ ਯਾਕੂਬ ਨੂੰ ਕਿਹਾ: “ਫਟਾਫਟ ਮੈਨੂੰ ਆਹ ਥੋੜ੍ਹੀ ਜਿਹੀ ਲਾਲ ਦਾਲ ਖਾਣ ਨੂੰ ਦੇਈਂ! ਮੈਂ ਬਹੁਤ ਥੱਕਿਆ ਹੋਇਆ ਹਾਂ!”* ਇਸੇ ਕਰਕੇ ਉਸ ਦਾ ਨਾਂ ਅਦੋਮ* ਪੈ ਗਿਆ।+ 31 ਯਾਕੂਬ ਨੇ ਉਸ ਨੂੰ ਕਿਹਾ: “ਪਹਿਲਾਂ ਤੂੰ ਮੈਨੂੰ ਆਪਣਾ ਹੱਕ ਵੇਚ ਦੇ ਜੋ ਤੈਨੂੰ ਜੇਠੇ ਹੋਣ ਕਰਕੇ ਮਿਲਿਆ ਹੈ।”+ 32 ਇਹ ਸੁਣ ਕੇ ਏਸਾਓ ਨੇ ਕਿਹਾ: “ਮੈਂ ਭੁੱਖ ਨਾਲ ਮਰਿਆ ਜਾ ਰਿਹਾਂ, ਮੈਨੂੰ ਜੇਠੇ ਹੋਣ ਦੇ ਹੱਕ ਦਾ ਕੀ ਫ਼ਾਇਦਾ?” 33 ਯਾਕੂਬ ਨੇ ਕਿਹਾ: “ਪਹਿਲਾਂ ਤੂੰ ਸਹੁੰ ਖਾਹ।” ਇਸ ਲਈ ਏਸਾਓ ਨੇ ਸਹੁੰ ਖਾਧੀ ਅਤੇ ਆਪਣਾ ਜੇਠੇ ਹੋਣ ਦਾ ਹੱਕ ਯਾਕੂਬ ਨੂੰ ਵੇਚ ਦਿੱਤਾ।+ 34 ਫਿਰ ਯਾਕੂਬ ਨੇ ਏਸਾਓ ਨੂੰ ਰੋਟੀ ਤੇ ਦਾਲ ਦਿੱਤੀ ਅਤੇ ਉਹ ਖਾ-ਪੀ ਕੇ ਚਲਾ ਗਿਆ। ਇਸ ਤਰ੍ਹਾਂ ਏਸਾਓ ਨੇ ਆਪਣੇ ਜੇਠਾ ਹੋਣ ਦੇ ਹੱਕ ਨੂੰ ਤੁੱਛ ਸਮਝਿਆ।
26 ਫਿਰ ਉਸ ਦੇਸ਼ ਵਿਚ ਕਾਲ਼ ਪਿਆ, ਜਿਵੇਂ ਅਬਰਾਹਾਮ ਦੇ ਦਿਨਾਂ ਵਿਚ ਪਿਆ ਸੀ,+ ਇਸ ਲਈ ਇਸਹਾਕ ਫਲਿਸਤੀਆਂ ਦੇ ਰਾਜੇ ਅਬੀਮਲਕ ਦੇ ਸ਼ਹਿਰ ਗਰਾਰ ਵਿਚ ਜਾ ਕੇ ਰਹਿਣ ਲੱਗ ਪਿਆ। 2 ਉੱਥੇ ਯਹੋਵਾਹ ਨੇ ਉਸ ਦੇ ਸਾਮ੍ਹਣੇ ਪ੍ਰਗਟ ਹੋ ਕੇ ਕਿਹਾ: “ਤੂੰ ਮਿਸਰ ਨਾ ਜਾਈਂ। ਜਿਹੜਾ ਦੇਸ਼ ਮੈਂ ਤੈਨੂੰ ਦਿਖਾਵਾਂਗਾ, ਤੂੰ ਉੱਥੇ ਰਹੀਂ। 3 ਇਸ ਦੇਸ਼ ਵਿਚ ਪਰਦੇਸੀ ਵਜੋਂ ਰਹਿ।+ ਮੈਂ ਤੇਰੇ ਨਾਲ ਰਹਾਂਗਾ ਅਤੇ ਤੈਨੂੰ ਬਰਕਤ ਦਿਆਂਗਾ ਕਿਉਂਕਿ ਮੈਂ ਤੈਨੂੰ ਅਤੇ ਤੇਰੀ ਸੰਤਾਨ* ਨੂੰ ਇਹ ਸਾਰੇ ਇਲਾਕੇ ਦਿਆਂਗਾ।+ ਮੈਂ ਤੇਰੇ ਪਿਤਾ ਅਬਰਾਹਾਮ ਨਾਲ ਸਹੁੰ ਖਾ ਕੇ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰਾਂਗਾ:+ 4 ‘ਮੈਂ ਤੇਰੀ ਸੰਤਾਨ ਨੂੰ ਆਕਾਸ਼ ਦੇ ਤਾਰਿਆਂ ਜਿੰਨੀ ਵਧਾਵਾਂਗਾ+ ਅਤੇ ਤੇਰੀ ਸੰਤਾਨ* ਨੂੰ ਇਹ ਸਾਰੇ ਇਲਾਕੇ ਦਿਆਂਗਾ;+ ਅਤੇ ਤੇਰੀ ਸੰਤਾਨ* ਦੇ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਬਰਕਤ ਮਿਲੇਗੀ।’*+ 5 ਮੈਂ ਇਹ ਇਸ ਕਰਕੇ ਕਰਾਂਗਾ ਕਿਉਂਕਿ ਅਬਰਾਹਾਮ ਮੇਰੀ ਗੱਲ ਮੰਨਦਾ ਰਿਹਾ ਅਤੇ ਮੇਰੇ ਹੁਕਮਾਂ, ਨਿਯਮਾਂ ਅਤੇ ਕਾਨੂੰਨਾਂ ਮੁਤਾਬਕ ਚੱਲਦਾ ਰਿਹਾ।”+ 6 ਇਸ ਲਈ ਇਸਹਾਕ ਗਰਾਰ ਵਿਚ ਹੀ ਰਿਹਾ।+
7 ਜਦੋਂ ਉਸ ਸ਼ਹਿਰ ਦੇ ਆਦਮੀ ਰਿਬਕਾਹ ਬਾਰੇ ਪੁੱਛਦੇ ਸਨ, ਤਾਂ ਇਸਹਾਕ ਕਹਿੰਦਾ ਸੀ: “ਇਹ ਮੇਰੀ ਭੈਣ ਹੈ।”+ ਰਿਬਕਾਹ ਬਹੁਤ ਸੋਹਣੀ ਸੀ।+ ਇਸ ਲਈ ਉਹ ਡਰ ਦੇ ਮਾਰੇ ਨਹੀਂ ਦੱਸਦਾ ਸੀ ਕਿ ਉਹ ਉਸ ਦੀ ਪਤਨੀ ਸੀ ਕਿਉਂਕਿ ਉਹ ਸੋਚਦਾ ਸੀ: “ਰਿਬਕਾਹ ਕਰਕੇ ਇਸ ਸ਼ਹਿਰ ਦੇ ਆਦਮੀ ਮੈਨੂੰ ਜਾਨੋਂ ਮਾਰ ਦੇਣਗੇ।” 8 ਫਿਰ ਕੁਝ ਸਮੇਂ ਬਾਅਦ ਇੱਦਾਂ ਹੋਇਆ ਕਿ ਫਲਿਸਤੀਆਂ ਦਾ ਰਾਜਾ ਅਬੀਮਲਕ ਬਾਰੀ ਵਿੱਚੋਂ ਦੇਖ ਰਿਹਾ ਸੀ ਅਤੇ ਉਸ ਨੇ ਇਸਹਾਕ ਨੂੰ ਰਿਬਕਾਹ ਨਾਲ ਪਿਆਰ ਕਰਦਿਆਂ* ਦੇਖਿਆ।+ 9 ਅਬੀਮਲਕ ਨੇ ਉਸੇ ਵੇਲੇ ਇਸਹਾਕ ਨੂੰ ਬੁਲਾ ਕੇ ਕਿਹਾ: “ਉਹ ਤਾਂ ਤੇਰੀ ਪਤਨੀ ਹੈ! ਤੂੰ ਕਿਉਂ ਕਿਹਾ ਕਿ ਉਹ ਤੇਰੀ ਭੈਣ ਹੈ?” ਇਸਹਾਕ ਨੇ ਜਵਾਬ ਦਿੱਤਾ: “ਮੈਨੂੰ ਡਰ ਸੀ ਕਿ ਕਿਤੇ ਉਸ ਕਰਕੇ ਮੇਰੀ ਜਾਨ ਨਾ ਚਲੀ ਜਾਵੇ।”+ 10 ਪਰ ਅਬੀਮਲਕ ਨੇ ਕਿਹਾ: “ਤੂੰ ਇਹ ਸਾਡੇ ਨਾਲ ਕੀ ਕੀਤਾ?+ ਜੇ ਮੇਰੇ ਲੋਕਾਂ ਵਿੱਚੋਂ ਕੋਈ ਤੇਰੀ ਪਤਨੀ ਨਾਲ ਗ਼ਲਤ ਕੰਮ ਕਰ ਲੈਂਦਾ, ਤਾਂ ਅਸੀਂ ਪਾਪ ਦੇ ਦੋਸ਼ੀ ਬਣ ਜਾਣਾ ਸੀ!”+ 11 ਫਿਰ ਅਬੀਮਲਕ ਨੇ ਆਪਣੇ ਸਾਰੇ ਲੋਕਾਂ ਨੂੰ ਹੁਕਮ ਦਿੱਤਾ: “ਜੇ ਕਿਸੇ ਨੇ ਇਸ ਆਦਮੀ ਅਤੇ ਇਸ ਦੀ ਪਤਨੀ ਨੂੰ ਹੱਥ ਲਾਇਆ, ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ!”
12 ਫਿਰ ਇਸਹਾਕ ਨੇ ਉਸ ਇਲਾਕੇ ਦੇ ਖੇਤਾਂ ਵਿਚ ਬੀ ਬੀਜਿਆ ਅਤੇ ਉਸ ਸਾਲ ਉਸ ਨੇ ਜਿੰਨਾ ਬੀ ਬੀਜਿਆ ਸੀ, ਉਸ ਤੋਂ 100 ਗੁਣਾ ਜ਼ਿਆਦਾ ਫ਼ਸਲ ਵੱਢੀ ਕਿਉਂਕਿ ਯਹੋਵਾਹ ਦੀ ਬਰਕਤ ਉਸ ʼਤੇ ਸੀ।+ 13 ਉਹ ਅਮੀਰ ਹੋ ਗਿਆ ਅਤੇ ਵਧਦਾ-ਫੁੱਲਦਾ ਗਿਆ ਜਿਸ ਕਰਕੇ ਉਸ ਕੋਲ ਬਹੁਤ ਧਨ-ਦੌਲਤ ਹੋ ਗਈ। 14 ਉਸ ਕੋਲ ਬਹੁਤ ਸਾਰੀਆਂ ਭੇਡਾਂ, ਗਾਂਵਾਂ-ਬਲਦ ਅਤੇ ਬਹੁਤ ਸਾਰੇ ਨੌਕਰ-ਚਾਕਰ ਸਨ+ ਜਿਸ ਕਰਕੇ ਫਲਿਸਤੀ ਉਸ ਨਾਲ ਈਰਖਾ ਕਰਨ ਲੱਗ ਪਏ।
15 ਇਸ ਲਈ ਫਲਿਸਤੀਆਂ ਨੇ ਉਹ ਸਾਰੇ ਖੂਹ ਮਿੱਟੀ ਨਾਲ ਪੂਰ ਦਿੱਤੇ ਜਿਹੜੇ ਉਸ ਦੇ ਪਿਤਾ ਅਬਰਾਹਾਮ ਦੇ ਦਿਨਾਂ ਵਿਚ ਨੌਕਰਾਂ ਨੇ ਪੁੱਟੇ ਸਨ।+ 16 ਫਿਰ ਅਬੀਮਲਕ ਨੇ ਇਸਹਾਕ ਨੂੰ ਕਿਹਾ: “ਤੂੰ ਸਾਡੇ ਇਲਾਕੇ ਵਿੱਚੋਂ ਚਲਾ ਜਾਹ ਕਿਉਂਕਿ ਤੂੰ ਸਾਡੇ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੋ ਗਿਆ ਹੈਂ।” 17 ਇਸ ਲਈ ਇਸਹਾਕ ਉੱਥੋਂ ਚਲਾ ਗਿਆ ਅਤੇ ਉਸ ਨੇ ਗਰਾਰ+ ਘਾਟੀ ਵਿਚ ਡੇਰਾ ਲਾਇਆ। 18 ਇਸਹਾਕ ਨੇ ਦੁਬਾਰਾ ਉਹ ਖੂਹ ਪੁੱਟੇ ਜਿਹੜੇ ਉਸ ਦੇ ਪਿਤਾ ਅਬਰਾਹਾਮ ਦੇ ਦਿਨਾਂ ਵਿਚ ਪੁੱਟੇ ਗਏ ਸਨ, ਪਰ ਅਬਰਾਹਾਮ ਦੀ ਮੌਤ ਤੋਂ ਬਾਅਦ ਫਲਿਸਤੀਆਂ ਨੇ ਪੂਰ ਦਿੱਤੇ ਸਨ।+ ਉਸ ਨੇ ਉਨ੍ਹਾਂ ਖੂਹਾਂ ਦੇ ਉਹੀ ਨਾਂ ਰੱਖੇ ਜੋ ਉਸ ਦੇ ਪਿਤਾ ਨੇ ਰੱਖੇ ਸਨ।+
19 ਫਿਰ ਇਸਹਾਕ ਦੇ ਨੌਕਰਾਂ ਨੇ ਘਾਟੀ ਵਿਚ ਖੂਹ ਪੁੱਟਿਆ ਜਿਸ ਵਿੱਚੋਂ ਸਾਫ਼ ਪਾਣੀ ਨਿਕਲਿਆ। 20 ਗਰਾਰ ਦੇ ਚਰਵਾਹੇ ਇਸਹਾਕ ਦੇ ਚਰਵਾਹਿਆਂ ਨਾਲ ਲੜਨ ਲੱਗ ਪਏ ਅਤੇ ਕਹਿਣ ਲੱਗੇ: “ਇਹ ਖੂਹ ਤਾਂ ਸਾਡਾ ਹੈ!” ਇਸ ਲਈ ਉਸ ਨੇ ਉਸ ਖੂਹ ਦਾ ਨਾਂ ਏਸਕ* ਰੱਖਿਆ ਕਿਉਂਕਿ ਉਨ੍ਹਾਂ ਨੇ ਉਸ ਨਾਲ ਝਗੜਾ ਕੀਤਾ ਸੀ। 21 ਫਿਰ ਉਸ ਦੇ ਨੌਕਰਾਂ ਨੇ ਇਕ ਹੋਰ ਖੂਹ ਪੁੱਟਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਚਰਵਾਹਿਆਂ ਨੇ ਉਸ ਖੂਹ ਕਰਕੇ ਵੀ ਝਗੜਾ ਕੀਤਾ। ਇਸ ਲਈ ਉਸ ਨੇ ਉਸ ਦਾ ਨਾਂ ਸਿਟਨਾ* ਰੱਖਿਆ। 22 ਬਾਅਦ ਵਿਚ ਉਹ ਉੱਥੋਂ ਹੋਰ ਕਿਤੇ ਚਲਾ ਗਿਆ ਅਤੇ ਇਕ ਹੋਰ ਖੂਹ ਪੁੱਟਿਆ, ਪਰ ਉਨ੍ਹਾਂ ਨੇ ਉਸ ਖੂਹ ਕਰਕੇ ਉਸ ਨਾਲ ਝਗੜਾ ਨਹੀਂ ਕੀਤਾ। ਇਸ ਲਈ ਉਸ ਨੇ ਉਸ ਖੂਹ ਦਾ ਨਾਂ ਰਹੋਬੋਥ* ਰੱਖਿਆ ਅਤੇ ਕਿਹਾ: “ਸ਼ੁਕਰ ਹੈ ਯਹੋਵਾਹ ਦਾ ਜਿਸ ਨੇ ਸਾਨੂੰ ਵੱਡਾ ਇਲਾਕਾ ਦਿੱਤਾ ਹੈ ਤਾਂਕਿ ਇਸ ਦੇਸ਼ ਵਿਚ ਸਾਡੀ ਬਹੁਤ ਸਾਰੀ ਸੰਤਾਨ ਹੋਵੇ।”+
23 ਫਿਰ ਇਸਹਾਕ ਉੱਥੋਂ ਬਏਰ-ਸ਼ਬਾ+ ਨੂੰ ਚਲਾ ਗਿਆ। 24 ਉਸ ਰਾਤ ਯਹੋਵਾਹ ਨੇ ਉਸ ਦੇ ਸਾਮ੍ਹਣੇ ਪ੍ਰਗਟ ਹੋ ਕੇ ਕਿਹਾ: “ਮੈਂ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ੁਰ ਹਾਂ।+ ਤੂੰ ਡਰ ਨਾ+ ਕਿਉਂਕਿ ਮੈਂ ਤੇਰੇ ਨਾਲ ਹਾਂ ਅਤੇ ਆਪਣੇ ਸੇਵਕ ਅਬਰਾਹਾਮ ਕਰਕੇ ਮੈਂ ਤੈਨੂੰ ਬਰਕਤ ਦਿਆਂਗਾ ਅਤੇ ਤੇਰੀ ਸੰਤਾਨ* ਨੂੰ ਵਧਾਵਾਂਗਾ।”+ 25 ਇਸ ਲਈ ਉਸ ਨੇ ਉੱਥੇ ਇਕ ਵੇਦੀ ਬਣਾਈ ਅਤੇ ਯਹੋਵਾਹ ਦੇ ਨਾਂ ਦੀ ਮਹਿਮਾ ਕੀਤੀ।+ ਇਸਹਾਕ ਨੇ ਉੱਥੇ ਆਪਣਾ ਡੇਰਾ ਲਾਇਆ+ ਅਤੇ ਉਸ ਦੇ ਨੌਕਰਾਂ ਨੇ ਉੱਥੇ ਇਕ ਖੂਹ ਪੁੱਟਿਆ।
26 ਬਾਅਦ ਵਿਚ ਗਰਾਰ ਤੋਂ ਅਬੀਮਲਕ ਆਪਣੇ ਸਲਾਹਕਾਰ ਅਹੁੱਜ਼ਥ ਅਤੇ ਆਪਣੀ ਫ਼ੌਜ ਦੇ ਮੁਖੀ ਫੀਕੋਲ ਨਾਲ ਇਸਹਾਕ ਕੋਲ ਆਇਆ।+ 27 ਇਸਹਾਕ ਨੇ ਉਨ੍ਹਾਂ ਨੂੰ ਕਿਹਾ: “ਹੁਣ ਤੁਸੀਂ ਮੇਰੇ ਕੋਲ ਕਿਉਂ ਆਏ ਹੋ? ਕੀ ਮੇਰੇ ਨਾਲ ਨਫ਼ਰਤ ਹੋਣ ਕਰਕੇ ਤੁਸੀਂ ਮੈਨੂੰ ਆਪਣੇ ਇਲਾਕੇ ਵਿੱਚੋਂ ਜਾਣ ਲਈ ਨਹੀਂ ਕਿਹਾ ਸੀ?” 28 ਇਹ ਸੁਣ ਕੇ ਉਨ੍ਹਾਂ ਨੇ ਕਿਹਾ: “ਅਸੀਂ ਆਪਣੀ ਅੱਖੀਂ ਦੇਖਿਆ ਹੈ ਕਿ ਯਹੋਵਾਹ ਤੇਰੇ ਨਾਲ ਹੈ।+ ਇਸ ਲਈ ਅਸੀਂ ਤੇਰੇ ਨਾਲ ਸਹੁੰ ਖਾ ਕੇ ਇਕਰਾਰ ਕਰਨਾ ਚਾਹੁੰਦੇ ਹਾਂ। ਸਾਡੇ ਨਾਲ ਇਕਰਾਰ ਕਰ+ 29 ਕਿ ਤੂੰ ਸਾਡੇ ਨਾਲ ਬੁਰਾ ਨਹੀਂ ਕਰੇਂਗਾ ਜਿਵੇਂ ਅਸੀਂ ਤੇਰੇ ਨਾਲ ਬੁਰਾ ਨਹੀਂ ਕੀਤਾ। ਤੈਨੂੰ ਸ਼ਾਂਤੀ ਨਾਲ ਵਿਦਾ ਕਰ ਕੇ ਅਸੀਂ ਤੇਰੇ ਨਾਲ ਭਲਾਈ ਹੀ ਕੀਤੀ। ਸਾਨੂੰ ਪਤਾ ਹੈ ਕਿ ਯਹੋਵਾਹ ਨੇ ਤੈਨੂੰ ਬਰਕਤਾਂ ਦਿੱਤੀਆਂ ਹਨ।” 30 ਫਿਰ ਉਸ ਨੇ ਉਨ੍ਹਾਂ ਲਈ ਤਰ੍ਹਾਂ-ਤਰ੍ਹਾਂ ਦਾ ਖਾਣਾ ਤਿਆਰ ਕੀਤਾ ਅਤੇ ਉਨ੍ਹਾਂ ਨੇ ਖਾਧਾ-ਪੀਤਾ। 31 ਫਿਰ ਸਵੇਰੇ ਜਲਦੀ ਉੱਠ ਕੇ ਉਨ੍ਹਾਂ ਨੇ ਅਤੇ ਇਸਹਾਕ ਨੇ ਸਹੁੰ ਖਾਧੀ।+ ਇਸ ਤੋਂ ਬਾਅਦ ਇਸਹਾਕ ਨੇ ਉਨ੍ਹਾਂ ਨੂੰ ਸ਼ਾਂਤੀ ਨਾਲ ਤੋਰ ਦਿੱਤਾ।
32 ਉਸ ਦਿਨ ਇਸਹਾਕ ਦੇ ਨੌਕਰਾਂ ਨੇ ਆ ਕੇ ਉਸ ਨੂੰ ਦੱਸਿਆ ਕਿ ਉਨ੍ਹਾਂ ਨੇ ਇਕ ਖੂਹ ਪੁੱਟਿਆ ਸੀ।+ ਉਨ੍ਹਾਂ ਨੇ ਦੱਸਿਆ: “ਉਸ ਵਿੱਚੋਂ ਪਾਣੀ ਨਿਕਲਿਆ ਹੈ!” 33 ਇਸ ਲਈ ਉਸ ਨੇ ਉਸ ਖੂਹ ਦਾ ਨਾਂ ਸ਼ਿਬਾਹ* ਰੱਖਿਆ। ਇਸੇ ਕਰਕੇ ਉਸ ਸ਼ਹਿਰ ਦਾ ਨਾਂ ਅੱਜ ਤਕ ਬਏਰ-ਸ਼ਬਾ*+ ਹੈ।
34 ਜਦੋਂ ਏਸਾਓ 40 ਸਾਲ ਦਾ ਸੀ, ਤਾਂ ਉਸ ਨੇ ਬੇਰੀ ਨਾਂ ਦੇ ਹਿੱਤੀ ਆਦਮੀ ਦੀ ਧੀ ਯਹੂਦਿਥ ਨਾਲ ਅਤੇ ਏਲੋਨ ਨਾਂ ਦੇ ਹਿੱਤੀ ਆਦਮੀ ਦੀ ਧੀ ਬਾਸਮਥ ਨਾਲ ਵਿਆਹ ਕਰਾ ਲਿਆ।+ 35 ਉਨ੍ਹਾਂ ਕਰਕੇ ਇਸਹਾਕ ਅਤੇ ਰਿਬਕਾਹ ਬਹੁਤ ਦੁਖੀ* ਸਨ।+
27 ਇਸਹਾਕ ਬੁੱਢਾ ਹੋ ਚੁੱਕਾ ਸੀ ਅਤੇ ਨਜ਼ਰ ਕਮਜ਼ੋਰ ਹੋਣ ਕਰਕੇ ਉਸ ਨੂੰ ਦਿਸਣੋਂ ਹਟ ਗਿਆ ਸੀ। ਇਸ ਲਈ ਉਸ ਨੇ ਆਪਣੇ ਵੱਡੇ ਮੁੰਡੇ ਏਸਾਓ ਨੂੰ ਬੁਲਾ ਕੇ ਕਿਹਾ:+ “ਪੁੱਤ!” ਉਸ ਨੇ ਜਵਾਬ ਦਿੱਤਾ: “ਹਾਂਜੀ ਪਿਤਾ ਜੀ।” 2 ਇਸਹਾਕ ਨੇ ਉਸ ਨੂੰ ਕਿਹਾ: “ਸੁਣ! ਮੈਂ ਬੁੱਢਾ ਹੋ ਗਿਆ ਹਾਂ ਅਤੇ ਪਤਾ ਨਹੀਂ ਮੈਂ ਹੋਰ ਕਿੰਨੇ ਦਿਨ ਜੀਉਂਦਾ ਰਹਾਂਗਾ। 3 ਇਸ ਲਈ ਤੂੰ ਹੁਣ ਆਪਣਾ ਤੀਰ-ਕਮਾਨ ਲੈ ਕੇ ਜੰਗਲ ਵਿਚ ਜਾਹ ਅਤੇ ਮੇਰੇ ਲਈ ਸ਼ਿਕਾਰ ਮਾਰ ਕੇ ਲਿਆ।+ 4 ਫਿਰ ਉਸ ਦਾ ਸੁਆਦਲਾ ਮੀਟ ਬਣਾ ਜਿਸ ਤਰ੍ਹਾਂ ਦਾ ਮੈਨੂੰ ਪਸੰਦ ਹੈ ਤਾਂ ਜੋ ਮੈਂ ਖਾਵਾਂ ਅਤੇ ਮਰਨ ਤੋਂ ਪਹਿਲਾਂ ਤੈਨੂੰ ਬਰਕਤ ਦੇਵਾਂ।”
5 ਪਰ ਰਿਬਕਾਹ ਨੇ ਇਸਹਾਕ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਜੋ ਉਸ ਨੇ ਏਸਾਓ ਨੂੰ ਕਹੀਆਂ ਸਨ। ਫਿਰ ਏਸਾਓ ਜੰਗਲ ਵਿਚ ਚਲਾ ਗਿਆ ਤਾਂਕਿ ਜਾਨਵਰ ਦਾ ਸ਼ਿਕਾਰ ਕਰ ਕੇ ਘਰ ਲੈ ਆਵੇ।+ 6 ਰਿਬਕਾਹ ਨੇ ਯਾਕੂਬ ਨੂੰ ਕਿਹਾ:+ “ਮੈਂ ਤੇਰੇ ਪਿਤਾ ਨੂੰ ਹੁਣੇ-ਹੁਣੇ ਏਸਾਓ ਨੂੰ ਇਹ ਕਹਿੰਦਿਆਂ ਸੁਣਿਆ ਹੈ, 7 ‘ਮੇਰੇ ਲਈ ਸ਼ਿਕਾਰ ਮਾਰ ਕੇ ਲਿਆ ਅਤੇ ਉਸ ਦਾ ਸੁਆਦਲਾ ਮੀਟ ਬਣਾ ਕੇ ਮੈਨੂੰ ਖਿਲਾ। ਫਿਰ ਮੈਂ ਮਰਨ ਤੋਂ ਪਹਿਲਾਂ ਯਹੋਵਾਹ ਨੂੰ ਹਾਜ਼ਰ-ਨਾਜ਼ਰ ਜਾਣ ਕੇ ਤੈਨੂੰ ਬਰਕਤ ਦਿਆਂਗਾ।’+ 8 ਪੁੱਤ, ਹੁਣ ਤੂੰ ਮੇਰੀ ਗੱਲ ਧਿਆਨ ਨਾਲ ਸੁਣ ਤੇ ਮੈਂ ਜਿਵੇਂ ਕਹਿੰਦੀ ਹਾਂ, ਉਵੇਂ ਕਰ।+ 9 ਜਾਹ ਇੱਜੜ ਵਿੱਚੋਂ ਬੱਕਰੀ ਦੇ ਦੋ ਵਧੀਆ ਮੇਮਣੇ ਲੈ ਕੇ ਆ ਤਾਂਕਿ ਮੈਂ ਤੇਰੇ ਪਿਤਾ ਲਈ ਸੁਆਦਲਾ ਮੀਟ ਬਣਾਵਾਂ ਜਿਸ ਤਰ੍ਹਾਂ ਦਾ ਉਸ ਨੂੰ ਪਸੰਦ ਹੈ। 10 ਫਿਰ ਤੂੰ ਉਸ ਨੂੰ ਲਿਜਾ ਕੇ ਆਪਣੇ ਪਿਤਾ ਨੂੰ ਖਿਲਾ ਦੇਈਂ ਤਾਂਕਿ ਉਹ ਮਰਨ ਤੋਂ ਪਹਿਲਾਂ ਤੈਨੂੰ ਬਰਕਤ ਦੇਵੇ।”
11 ਯਾਕੂਬ ਨੇ ਆਪਣੀ ਮਾਂ ਰਿਬਕਾਹ ਨੂੰ ਕਿਹਾ: “ਪਰ ਏਸਾਓ ਦੇ ਸਰੀਰ ʼਤੇ ਵਾਲ਼ ਹੀ ਵਾਲ਼ ਹਨ+ ਜਦ ਕਿ ਮੇਰੇ ਇੰਨੇ ਵਾਲ਼ ਨਹੀਂ ਹਨ। 12 ਜੇ ਪਿਤਾ ਜੀ ਨੇ ਮੈਨੂੰ ਛੂਹ ਕੇ ਦੇਖ ਲਿਆ, ਤਾਂ ਫਿਰ ਕੀ ਹੋਊ?+ ਉਸ ਨੂੰ ਲੱਗਣਾ ਕਿ ਮੈਂ ਉਸ ਦਾ ਮਜ਼ਾਕ ਉਡਾ ਰਿਹਾ ਹਾਂ ਅਤੇ ਉਹ ਮੈਨੂੰ ਬਰਕਤ ਦੇਣ ਦੀ ਬਜਾਇ ਸਰਾਪ ਦੇ ਦੇਵੇਗਾ।” 13 ਇਹ ਸੁਣ ਕੇ ਉਸ ਦੀ ਮਾਂ ਨੇ ਕਿਹਾ: “ਪੁੱਤ, ਤੇਰਾ ਸਰਾਪ ਮੈਨੂੰ ਲੱਗੇ। ਤੂੰ ਫ਼ਿਕਰ ਨਾ ਕਰ। ਬੱਸ ਮੈਂ ਜਿਵੇਂ ਕਹਿੰਦੀ ਹਾਂ, ਉਵੇਂ ਕਰ। ਮੈਨੂੰ ਮੇਮਣੇ ਲਿਆ ਕੇ ਦੇ।”+ 14 ਇਸ ਲਈ ਉਸ ਨੇ ਮੇਮਣੇ ਲਿਆ ਕੇ ਆਪਣੀ ਮਾਂ ਨੂੰ ਦੇ ਦਿੱਤੇ ਅਤੇ ਉਸ ਦੀ ਮਾਂ ਨੇ ਸੁਆਦਲਾ ਮੀਟ ਬਣਾਇਆ, ਜਿਵੇਂ ਉਸ ਦੇ ਪਿਤਾ ਨੂੰ ਪਸੰਦ ਸੀ। 15 ਫਿਰ ਘਰ ਵਿਚ ਏਸਾਓ ਦੇ ਜਿਹੜੇ ਸਭ ਤੋਂ ਵਧੀਆ ਕੱਪੜੇ ਸਨ, ਉਹ ਰਿਬਕਾਹ ਨੇ ਆਪਣੇ ਛੋਟੇ ਪੁੱਤਰ ਯਾਕੂਬ ਨੂੰ ਪੁਆ ਦਿੱਤੇ।+ 16 ਨਾਲੇ ਉਸ ਨੇ ਉਸ ਦੇ ਹੱਥਾਂ ਅਤੇ ਧੌਣ ਉੱਤੇ, ਜਿੱਥੇ ਵਾਲ਼ ਨਹੀਂ ਸਨ, ਮੇਮਣਿਆਂ ਦੀ ਖੱਲ ਪਾ ਦਿੱਤੀ।+ 17 ਫਿਰ ਉਸ ਨੇ ਯਾਕੂਬ ਨੂੰ ਸੁਆਦਲਾ ਮੀਟ ਅਤੇ ਰੋਟੀ ਫੜਾ ਦਿੱਤੀ ਜੋ ਉਸ ਨੇ ਬਣਾਈ ਸੀ।+
18 ਯਾਕੂਬ ਆਪਣੇ ਪਿਤਾ ਕੋਲ ਅੰਦਰ ਗਿਆ ਅਤੇ ਕਿਹਾ: “ਪਿਤਾ ਜੀ!” ਇਸਹਾਕ ਨੇ ਪੁੱਛਿਆ: “ਤੂੰ ਕੌਣ ਹੈਂ, ਏਸਾਓ ਜਾਂ ਯਾਕੂਬ?” 19 ਯਾਕੂਬ ਨੇ ਆਪਣੇ ਪਿਤਾ ਨੂੰ ਕਿਹਾ: “ਮੈਂ ਏਸਾਓ ਤੇਰਾ ਜੇਠਾ ਮੁੰਡਾ ਹਾਂ।+ ਤੂੰ ਜਿਵੇਂ ਕਿਹਾ ਸੀ, ਮੈਂ ਉਵੇਂ ਹੀ ਕੀਤਾ। ਹੁਣ ਕਿਰਪਾ ਕਰ ਕੇ ਬੈਠ ਅਤੇ ਮੇਰੇ ਹੱਥਾਂ ਦਾ ਬਣਿਆ ਮੀਟ ਖਾ ਤਾਂਕਿ ਤੂੰ ਮੈਨੂੰ ਬਰਕਤ ਦੇਵੇਂ।”+ 20 ਇਹ ਸੁਣ ਕੇ ਇਸਹਾਕ ਨੇ ਆਪਣੇ ਪੁੱਤਰ ਨੂੰ ਕਿਹਾ: “ਪੁੱਤ, ਤੈਨੂੰ ਇੰਨੀ ਛੇਤੀ ਸ਼ਿਕਾਰ ਕਿੱਥੋਂ ਮਿਲ ਗਿਆ?” ਉਸ ਨੇ ਜਵਾਬ ਦਿੱਤਾ: “ਤੇਰਾ ਪਰਮੇਸ਼ੁਰ ਯਹੋਵਾਹ ਸ਼ਿਕਾਰ ਨੂੰ ਮੇਰੇ ਸਾਮ੍ਹਣੇ ਲੈ ਆਇਆ।” 21 ਫਿਰ ਇਸਹਾਕ ਨੇ ਯਾਕੂਬ ਨੂੰ ਕਿਹਾ: “ਪੁੱਤ, ਜ਼ਰਾ ਮੇਰੇ ਕੋਲ ਆ ਤਾਂਕਿ ਮੈਂ ਛੂਹ ਕੇ ਦੇਖਾਂ ਕਿ ਤੂੰ ਸੱਚੀਂ ਮੇਰਾ ਪੁੱਤਰ ਏਸਾਓ ਹੈਂ ਜਾਂ ਨਹੀਂ।”+ 22 ਇਸ ਲਈ ਯਾਕੂਬ ਆਪਣੇ ਪਿਤਾ ਇਸਹਾਕ ਕੋਲ ਗਿਆ ਅਤੇ ਉਸ ਨੇ ਯਾਕੂਬ ਨੂੰ ਛੂਹਿਆ। ਫਿਰ ਇਸਹਾਕ ਨੇ ਕਿਹਾ: “ਤੇਰੀ ਆਵਾਜ਼ ਤਾਂ ਯਾਕੂਬ ਵਰਗੀ ਹੈ, ਪਰ ਹੱਥ ਏਸਾਓ ਵਰਗੇ ਹਨ।”+ 23 ਉਸ ਨੇ ਯਾਕੂਬ ਨੂੰ ਪਛਾਣਿਆ ਨਹੀਂ ਕਿਉਂਕਿ ਏਸਾਓ ਵਾਂਗ ਉਸ ਦੇ ਹੱਥਾਂ ਉੱਤੇ ਵੀ ਵਾਲ਼ ਸਨ। ਇਸ ਲਈ ਉਸ ਨੇ ਯਾਕੂਬ ਨੂੰ ਬਰਕਤ ਦਿੱਤੀ।+
24 ਬਾਅਦ ਵਿਚ ਉਸ ਨੇ ਪੁੱਛਿਆ: “ਕੀ ਤੂੰ ਸੱਚੀਂ ਮੇਰਾ ਪੁੱਤਰ ਏਸਾਓ ਹੈਂ?” ਯਾਕੂਬ ਨੇ ਜਵਾਬ ਦਿੱਤਾ: “ਹਾਂ ਪਿਤਾ ਜੀ।” 25 ਫਿਰ ਉਸ ਨੇ ਕਿਹਾ: “ਪੁੱਤ, ਸ਼ਿਕਾਰ ਦਾ ਮੀਟ ਮੇਰੇ ਲਈ ਲੈ ਕੇ ਆ, ਫਿਰ ਮੈਂ ਤੈਨੂੰ ਬਰਕਤ ਦਿਆਂਗਾ।” ਯਾਕੂਬ ਨੇ ਉਸ ਨੂੰ ਮੀਟ ਦਿੱਤਾ ਅਤੇ ਉਸ ਨੇ ਖਾਧਾ। ਫਿਰ ਯਾਕੂਬ ਨੇ ਉਸ ਨੂੰ ਦਾਖਰਸ ਦਿੱਤਾ ਅਤੇ ਉਸ ਨੇ ਪੀਤਾ। 26 ਫਿਰ ਇਸਹਾਕ ਨੇ ਉਸ ਨੂੰ ਕਿਹਾ: “ਪੁੱਤ, ਮੇਰੇ ਕੋਲ ਆ ਕੇ ਮੈਨੂੰ ਚੁੰਮ।”+ 27 ਯਾਕੂਬ ਨੇ ਕੋਲ ਜਾ ਕੇ ਉਸ ਨੂੰ ਚੁੰਮਿਆ ਅਤੇ ਇਸਹਾਕ ਨੂੰ ਉਸ ਦੇ ਕੱਪੜਿਆਂ ਦੀ ਮਹਿਕ ਆਈ।+ ਫਿਰ ਇਸਹਾਕ ਨੇ ਉਸ ਨੂੰ ਬਰਕਤ ਦਿੰਦੇ ਹੋਏ ਕਿਹਾ:
“ਦੇਖੋ! ਮੇਰੇ ਪੁੱਤਰ ਦੀ ਮਹਿਕ ਉਸ ਖੇਤ ਦੀ ਮਹਿਕ ਵਰਗੀ ਹੈ ਜਿਸ ʼਤੇ ਯਹੋਵਾਹ ਨੇ ਬਰਕਤ ਪਾਈ ਹੈ। 28 ਸੱਚਾ ਪਰਮੇਸ਼ੁਰ ਤੈਨੂੰ ਆਕਾਸ਼ੋਂ ਤ੍ਰੇਲ+ ਅਤੇ ਉਪਜਾਊ ਜ਼ਮੀਨ+ ਅਤੇ ਢੇਰ ਸਾਰਾ ਅਨਾਜ ਤੇ ਨਵਾਂ ਦਾਖਰਸ ਦੇਵੇ।+ 29 ਲੋਕ ਤੇਰੀ ਸੇਵਾ ਕਰਨ ਅਤੇ ਕੌਮਾਂ ਤੇਰੇ ਅੱਗੇ ਝੁਕਣ। ਤੂੰ ਆਪਣੇ ਭਰਾਵਾਂ ਦਾ ਮਾਲਕ ਬਣੇਂ ਅਤੇ ਤੇਰੇ ਭਰਾ ਤੇਰੇ ਅੱਗੇ ਝੁਕਣ।+ ਜਿਹੜਾ ਵੀ ਤੈਨੂੰ ਸਰਾਪ ਦੇਵੇ, ਉਸ ਨੂੰ ਸਰਾਪ ਲੱਗੇ ਅਤੇ ਜਿਹੜਾ ਤੈਨੂੰ ਬਰਕਤ ਦੇਵੇ, ਉਸ ਨੂੰ ਬਰਕਤ ਮਿਲੇ।”+
30 ਜਿਵੇਂ ਹੀ ਇਸਹਾਕ ਯਾਕੂਬ ਨੂੰ ਬਰਕਤ ਦੇ ਕੇ ਹਟਿਆ ਅਤੇ ਉਹ ਆਪਣੇ ਪਿਤਾ ਕੋਲੋਂ ਗਿਆ ਹੀ ਸੀ ਕਿ ਉਸ ਦਾ ਭਰਾ ਏਸਾਓ ਸ਼ਿਕਾਰ ਕਰ ਕੇ ਵਾਪਸ ਆ ਗਿਆ।+ 31 ਉਹ ਵੀ ਸੁਆਦਲਾ ਮੀਟ ਬਣਾ ਕੇ ਆਪਣੇ ਪਿਤਾ ਕੋਲ ਲੈ ਕੇ ਆਇਆ ਅਤੇ ਕਿਹਾ: “ਪਿਤਾ ਜੀ, ਬੈਠ ਕੇ ਆਪਣੇ ਪੁੱਤਰ ਦੇ ਹੱਥਾਂ ਦਾ ਬਣਿਆ ਮੀਟ ਖਾ ਤਾਂਕਿ ਤੂੰ ਮੈਨੂੰ ਬਰਕਤ ਦੇਵੇਂ।” 32 ਇਹ ਸੁਣ ਕੇ ਉਸ ਦੇ ਪਿਤਾ ਇਸਹਾਕ ਨੇ ਉਸ ਨੂੰ ਪੁੱਛਿਆ: “ਤੂੰ ਕੌਣ ਹੈਂ?” ਉਸ ਨੇ ਜਵਾਬ ਦਿੱਤਾ: “ਮੈਂ ਤੇਰਾ ਜੇਠਾ ਮੁੰਡਾ ਏਸਾਓ ਹਾਂ।”+ 33 ਇਸਹਾਕ ਜ਼ੋਰ-ਜ਼ੋਰ ਨਾਲ ਕੰਬਣ ਲੱਗ ਪਿਆ ਅਤੇ ਪੁੱਛਿਆ: “ਤਾਂ ਫਿਰ ਉਹ ਕੌਣ ਸੀ ਜੋ ਮੇਰੇ ਲਈ ਸ਼ਿਕਾਰ ਕੀਤੇ ਜਾਨਵਰ ਦਾ ਮੀਟ ਬਣਾ ਕੇ ਲਿਆਇਆ ਸੀ? ਮੈਂ ਤੇਰੇ ਆਉਣ ਤੋਂ ਪਹਿਲਾਂ ਹੀ ਖਾ ਚੁੱਕਾ ਹਾਂ ਅਤੇ ਮੈਂ ਉਸ ਨੂੰ ਬਰਕਤ ਦੇ ਦਿੱਤੀ ਹੈ। ਹੁਣ ਉਸ ਨੂੰ ਬਰਕਤ ਜ਼ਰੂਰ ਮਿਲੇਗੀ!”
34 ਆਪਣੇ ਪਿਤਾ ਦੀ ਗੱਲ ਸੁਣ ਕੇ ਏਸਾਓ ਦਾ ਮਨ ਕੁੜੱਤਣ ਨਾਲ ਭਰ ਗਿਆ ਅਤੇ ਉਹ ਉੱਚੀ-ਉੱਚੀ ਆਪਣੇ ਪਿਤਾ ਨੂੰ ਕਹਿਣ ਲੱਗਾ: “ਪਿਤਾ ਜੀ, ਮੈਨੂੰ ਵੀ ਬਰਕਤ ਦੇ!”+ 35 ਪਰ ਉਸ ਨੇ ਕਿਹਾ: “ਤੇਰਾ ਭਰਾ ਧੋਖੇ ਨਾਲ ਮੇਰੇ ਤੋਂ ਬਰਕਤ ਲੈ ਗਿਆ ਜੋ ਮੈਂ ਤੈਨੂੰ ਦੇਣੀ ਸੀ।” 36 ਏਸਾਓ ਨੇ ਕਿਹਾ: “ਐਵੇਂ ਤਾਂ ਨਹੀਂ ਉਸ ਦਾ ਨਾਂ ਯਾਕੂਬ* ਰੱਖਿਆ ਗਿਆ! ਉਸ ਨੇ ਦੋ ਵਾਰ ਮੇਰੀ ਜਗ੍ਹਾ ਲਈ ਹੈ।+ ਪਹਿਲਾਂ ਉਸ ਨੇ ਮੇਰੇ ਤੋਂ ਉਹ ਹੱਕ ਲੈ ਲਿਆ ਜੋ ਮੈਨੂੰ ਜੇਠੇ ਹੋਣ ਕਰਕੇ ਮਿਲਿਆ ਸੀ।+ ਹੁਣ ਉਹ ਮੇਰੀ ਬਰਕਤ ਵੀ ਲੈ ਗਿਆ!”+ ਉਸ ਨੇ ਅੱਗੇ ਕਿਹਾ: “ਕੀ ਤੂੰ ਮੇਰੇ ਲਈ ਇਕ ਵੀ ਬਰਕਤ ਨਹੀਂ ਰੱਖੀ?” 37 ਇਸਹਾਕ ਨੇ ਏਸਾਓ ਨੂੰ ਕਿਹਾ: “ਮੈਂ ਉਸ ਨੂੰ ਤੇਰਾ ਮਾਲਕ+ ਅਤੇ ਉਸ ਦੇ ਸਾਰੇ ਭਰਾਵਾਂ ਨੂੰ ਉਸ ਦੇ ਨੌਕਰ ਬਣਾ ਦਿੱਤਾ ਹੈ। ਮੈਂ ਉਸ ਨੂੰ ਭੋਜਨ ਲਈ ਅਨਾਜ ਤੇ ਨਵਾਂ ਦਾਖਰਸ ਦਿੱਤਾ ਹੈ।+ ਪੁੱਤ, ਹੁਣ ਤੈਨੂੰ ਦੇਣ ਲਈ ਮੇਰੇ ਕੋਲ ਕੁਝ ਵੀ ਨਹੀਂ ਰਹਿ ਗਿਆ!”
38 ਏਸਾਓ ਨੇ ਆਪਣੇ ਪਿਤਾ ਨੂੰ ਕਿਹਾ: “ਪਿਤਾ ਜੀ, ਕੀ ਤੇਰੇ ਕੋਲ ਬੱਸ ਇਹੀ ਇਕ ਬਰਕਤ ਸੀ? ਮੈਨੂੰ ਵੀ ਬਰਕਤ ਦੇ!” ਇਹ ਕਹਿ ਕੇ ਏਸਾਓ ਉੱਚੀ-ਉੱਚੀ ਰੋਣ ਲੱਗ ਪਿਆ।+ 39 ਇਸ ਲਈ ਇਸਹਾਕ ਨੇ ਉਸ ਨੂੰ ਕਿਹਾ:
“ਸੁਣ, ਜਿੱਥੇ ਤੂੰ ਰਹੇਂਗਾ, ਉੱਥੇ ਦੀ ਜ਼ਮੀਨ ਉਪਜਾਊ ਨਹੀਂ ਹੋਵੇਗੀ ਅਤੇ ਆਕਾਸ਼ੋਂ ਤ੍ਰੇਲ ਨਹੀਂ ਪਵੇਗੀ।+ 40 ਤੂੰ ਆਪਣੀ ਤਲਵਾਰ ਦੇ ਜ਼ੋਰ ਨਾਲ ਜ਼ਿੰਦਗੀ ਜੀਏਂਗਾ+ ਅਤੇ ਆਪਣੇ ਭਰਾ ਦੀ ਸੇਵਾ ਕਰੇਂਗਾ।+ ਪਰ ਜਦੋਂ ਤੇਰੇ ਲਈ ਉਸ ਦੀ ਗ਼ੁਲਾਮੀ ਕਰਨੀ ਬਰਦਾਸ਼ਤ ਤੋਂ ਬਾਹਰ ਹੋ ਜਾਵੇਗੀ, ਤਾਂ ਤੂੰ ਆਪਣੇ ਆਪ ਨੂੰ ਉਸ ਤੋਂ ਆਜ਼ਾਦ ਕਰ ਲਵੇਂਗਾ।”*+
41 ਪਰ ਏਸਾਓ ਯਾਕੂਬ ਨਾਲ ਵੈਰ ਰੱਖਣ ਲੱਗ ਪਿਆ ਕਿਉਂਕਿ ਉਸ ਦੇ ਪਿਤਾ ਨੇ ਯਾਕੂਬ ਨੂੰ ਬਰਕਤ ਦਿੱਤੀ ਸੀ।+ ਏਸਾਓ ਆਪਣੇ ਮਨ ਵਿਚ ਕਹਿੰਦਾ ਰਿਹਾ: “ਪਿਤਾ ਜੀ ਨੇ ਤਾਂ ਹੁਣ ਜ਼ਿਆਦਾ ਦੇਰ ਜੀਉਂਦੇ ਨਹੀਂ ਰਹਿਣਾ।+ ਉਸ ਤੋਂ ਬਾਅਦ ਮੈਂ ਆਪਣੇ ਭਰਾ ਯਾਕੂਬ ਨੂੰ ਜਾਨੋਂ ਮਾਰ ਦੇਣਾ।” 42 ਜਦੋਂ ਏਸਾਓ ਦੀ ਇਹ ਗੱਲ ਰਿਬਕਾਹ ਨੂੰ ਦੱਸੀ ਗਈ, ਤਾਂ ਉਸ ਨੇ ਉਸੇ ਵੇਲੇ ਆਪਣੇ ਛੋਟੇ ਮੁੰਡੇ ਯਾਕੂਬ ਨੂੰ ਬੁਲਾ ਕੇ ਕਿਹਾ: “ਦੇਖ! ਤੇਰਾ ਭਰਾ ਏਸਾਓ ਆਪਣਾ ਬਦਲਾ ਲੈਣ ਲਈ ਤੈਨੂੰ ਮਾਰਨ ਬਾਰੇ ਸੋਚ ਰਿਹਾ।* 43 ਪੁੱਤ, ਹੁਣ ਜਿਵੇਂ ਮੈਂ ਕਹਿੰਦੀ ਹਾਂ, ਤੂੰ ਉਵੇਂ ਕਰ। ਤੂੰ ਹਾਰਾਨ ਵਿਚ ਆਪਣੇ ਮਾਮੇ ਲਾਬਾਨ ਕੋਲ ਭੱਜ ਜਾਹ।+ 44 ਜਦ ਤਕ ਤੇਰੇ ਭਰਾ ਦਾ ਗੁੱਸਾ ਠੰਢਾ ਨਹੀਂ ਹੋ ਜਾਂਦਾ, ਉਦੋਂ ਤਕ ਤੂੰ ਉੱਥੇ ਰਹੀਂ। 45 ਜਦੋਂ ਉਸ ਦਾ ਗੁੱਸਾ ਸ਼ਾਂਤ ਹੋ ਜਾਵੇਗਾ ਅਤੇ ਉਹ ਭੁੱਲ ਜਾਵੇਗਾ ਕਿ ਤੂੰ ਉਸ ਨਾਲ ਕੀ ਕੀਤਾ, ਤਾਂ ਮੈਂ ਤੈਨੂੰ ਵਾਪਸ ਬੁਲਾ ਲਵਾਂਗੀ। ਮੈਂ ਤੁਹਾਨੂੰ ਦੋਹਾਂ ਨੂੰ ਇੱਕੋ ਦਿਨ ਗੁਆਉਣਾ ਨਹੀਂ ਚਾਹੁੰਦੀ।”
46 ਇਸ ਤੋਂ ਬਾਅਦ ਰਿਬਕਾਹ ਇਸਹਾਕ ਨੂੰ ਵਾਰ-ਵਾਰ ਕਹਿੰਦੀ ਰਹੀ: “ਇਨ੍ਹਾਂ ਹਿੱਤੀ ਔਰਤਾਂ ਕਰਕੇ ਮੈਂ ਬਹੁਤ ਦੁਖੀ ਹਾਂ।+ ਜੇ ਯਾਕੂਬ ਨੇ ਵੀ ਇਨ੍ਹਾਂ ਵਰਗੀ ਇੱਥੇ ਦੀ ਕਿਸੇ ਹਿੱਤੀ ਕੁੜੀ ਨਾਲ ਵਿਆਹ ਕਰਾ ਲਿਆ, ਤਾਂ ਮੈਂ ਜੀਉਂਦੇ-ਜੀ ਮਰ ਜਾਵਾਂਗੀ!”+
28 ਇਸ ਲਈ ਇਸਹਾਕ ਨੇ ਯਾਕੂਬ ਨੂੰ ਆਪਣੇ ਕੋਲ ਬੁਲਾ ਕੇ ਅਸੀਸ ਦਿੱਤੀ ਅਤੇ ਉਸ ਨੂੰ ਹੁਕਮ ਦਿੱਤਾ: “ਤੂੰ ਹਰਗਿਜ਼ ਕਿਸੇ ਕਨਾਨੀ ਕੁੜੀ ਨਾਲ ਵਿਆਹ ਨਾ ਕਰਾਈਂ।+ 2 ਤੂੰ ਪਦਨ-ਅਰਾਮ ਵਿਚ ਆਪਣੇ ਨਾਨੇ* ਬਥੂਏਲ ਦੇ ਘਰ ਜਾਹ ਅਤੇ ਆਪਣੇ ਮਾਮੇ* ਲਾਬਾਨ ਦੀ ਕਿਸੇ ਕੁੜੀ+ ਨਾਲ ਵਿਆਹ ਕਰਾ। 3 ਸਰਬਸ਼ਕਤੀਮਾਨ ਪਰਮੇਸ਼ੁਰ ਦੀ ਬਰਕਤ ਤੇਰੇ ਉੱਤੇ ਹੋਵੇਗੀ ਅਤੇ ਉਹ ਤੈਨੂੰ ਬਹੁਤ ਸਾਰੀ ਸੰਤਾਨ ਦੇਵੇਗਾ ਅਤੇ ਤੇਰੀ ਸੰਤਾਨ ਤੋਂ ਖ਼ਾਨਦਾਨਾਂ ਦਾ ਦਲ ਬਣੇਗਾ।+ 4 ਉਹ ਤੈਨੂੰ ਅਤੇ ਤੇਰੀ ਸੰਤਾਨ* ਨੂੰ ਉਹ ਬਰਕਤ ਦੇਵੇਗਾ ਜੋ ਉਸ ਨੇ ਅਬਰਾਹਾਮ ਨੂੰ ਦੇਣ ਦਾ ਵਾਅਦਾ ਕੀਤਾ ਸੀ+ ਤਾਂਕਿ ਤੂੰ ਇਸ ਦੇਸ਼ ਉੱਤੇ ਕਬਜ਼ਾ ਕਰੇਂ ਜਿੱਥੇ ਤੂੰ ਪਰਦੇਸੀ ਵਜੋਂ ਰਹਿੰਦਾ ਹੈਂ ਅਤੇ ਜੋ ਪਰਮੇਸ਼ੁਰ ਨੇ ਅਬਰਾਹਾਮ ਨੂੰ ਦਿੱਤਾ ਹੈ।”+
5 ਇਸਹਾਕ ਨੇ ਯਾਕੂਬ ਨੂੰ ਘੱਲ ਦਿੱਤਾ ਅਤੇ ਉਹ ਪਦਨ-ਅਰਾਮ ਨੂੰ ਤੁਰ ਪਿਆ ਜਿੱਥੇ ਬਥੂਏਲ ਅਰਾਮੀ ਦਾ ਪੁੱਤਰ+ ਲਾਬਾਨ ਰਹਿੰਦਾ ਸੀ। ਉਹ ਯਾਕੂਬ ਅਤੇ ਏਸਾਓ ਦੀ ਮਾਂ ਰਿਬਕਾਹ ਦਾ ਭਰਾ ਸੀ।+
6 ਏਸਾਓ ਨੇ ਦੇਖਿਆ ਕਿ ਇਸਹਾਕ ਨੇ ਯਾਕੂਬ ਨੂੰ ਬਰਕਤ ਦਿੱਤੀ ਸੀ ਅਤੇ ਉਸ ਨੂੰ ਪਦਨ-ਅਰਾਮ ਨੂੰ ਘੱਲ ਦਿੱਤਾ ਸੀ ਤਾਂਕਿ ਉਹ ਉੱਥੇ ਜਾ ਕੇ ਵਿਆਹ ਕਰਾਵੇ। ਉਸ ਨੂੰ ਇਹ ਵੀ ਪਤਾ ਲੱਗਾ ਕਿ ਉਸ ਨੇ ਯਾਕੂਬ ਨੂੰ ਬਰਕਤ ਦੇਣ ਵੇਲੇ ਇਹ ਹੁਕਮ ਵੀ ਦਿੱਤਾ ਸੀ, “ਤੂੰ ਕਿਸੇ ਕਨਾਨੀ ਕੁੜੀ ਨਾਲ ਵਿਆਹ ਨਾ ਕਰਾਈਂ,”+ 7 ਅਤੇ ਯਾਕੂਬ ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨ ਕੇ ਪਦਨ-ਅਰਾਮ ਨੂੰ ਚਲਾ ਗਿਆ ਸੀ।+ 8 ਉਸ ਵੇਲੇ ਏਸਾਓ ਨੂੰ ਅਹਿਸਾਸ ਹੋਇਆ ਕਿ ਉਸ ਦਾ ਪਿਤਾ ਇਸਹਾਕ ਕਨਾਨੀ ਕੁੜੀਆਂ ਨੂੰ ਪਸੰਦ ਨਹੀਂ ਕਰਦਾ ਸੀ।+ 9 ਇਸ ਲਈ ਏਸਾਓ ਅਬਰਾਹਾਮ ਦੇ ਪੁੱਤਰ ਇਸਮਾਏਲ ਦੇ ਪਰਿਵਾਰ ਕੋਲ ਗਿਆ ਅਤੇ ਉਸ ਨੇ ਇਸਮਾਏਲ ਦੀ ਕੁੜੀ ਮਹਲਥ ਨਾਲ ਵਿਆਹ ਕਰਾ ਲਿਆ ਜੋ ਨਬਾਯੋਥ ਦੀ ਭੈਣ ਸੀ, ਭਾਵੇਂ ਕਿ ਪਹਿਲਾਂ ਹੀ ਉਸ ਦੀਆਂ ਦੋ ਪਤਨੀਆਂ ਸਨ।+
10 ਯਾਕੂਬ ਬਏਰ-ਸ਼ਬਾ ਤੋਂ ਹਾਰਾਨ ਵੱਲ ਨੂੰ ਤੁਰਦਾ ਗਿਆ।+ 11 ਕੁਝ ਸਮੇਂ ਬਾਅਦ ਜਦੋਂ ਸੂਰਜ ਡੁੱਬ ਗਿਆ, ਤਾਂ ਉਹ ਇਕ ਜਗ੍ਹਾ ਪਹੁੰਚਿਆ ਜਿੱਥੇ ਉਸ ਨੇ ਰਾਤ ਕੱਟਣ ਦਾ ਫ਼ੈਸਲਾ ਕੀਤਾ। ਉਹ ਆਪਣੇ ਸਿਰ ਥੱਲੇ ਇਕ ਪੱਥਰ ਰੱਖ ਕੇ ਲੰਮਾ ਪੈ ਗਿਆ।+ 12 ਫਿਰ ਉਸ ਨੂੰ ਇਕ ਸੁਪਨਾ ਆਇਆ ਜਿਸ ਵਿਚ ਉਸ ਨੇ ਇਕ ਪੌੜੀ ਦੇਖੀ ਜਿਸ ਦਾ ਹੇਠਲਾ ਪੌਡਾ ਧਰਤੀ ਉੱਤੇ ਸੀ ਅਤੇ ਸਭ ਤੋਂ ਉੱਪਰਲਾ ਪੌਡਾ ਸਵਰਗ ਵਿਚ ਸੀ। ਪਰਮੇਸ਼ੁਰ ਦੇ ਦੂਤ ਪੌੜੀ ਉੱਤੇ ਚੜ੍ਹ-ਉੱਤਰ ਰਹੇ ਸਨ।+ 13 ਅਤੇ ਦੇਖੋ! ਉਸ ਦੇ ਬਿਲਕੁਲ ਸਿਖਰ ʼਤੇ ਯਹੋਵਾਹ ਸੀ ਅਤੇ ਉਸ ਨੇ ਕਿਹਾ:
“ਮੈਂ ਤੇਰੇ ਦਾਦੇ ਅਬਰਾਹਾਮ ਅਤੇ ਤੇਰੇ ਪਿਤਾ ਇਸਹਾਕ ਦਾ ਪਰਮੇਸ਼ੁਰ ਯਹੋਵਾਹ ਹਾਂ।+ ਤੂੰ ਜਿਸ ਜ਼ਮੀਨ ਉੱਤੇ ਲੰਮਾ ਪਿਆ ਹੈਂ, ਮੈਂ ਉਹ ਤੈਨੂੰ ਅਤੇ ਤੇਰੀ ਸੰਤਾਨ* ਨੂੰ ਦਿਆਂਗਾ।+ 14 ਅਤੇ ਤੇਰੀ ਸੰਤਾਨ* ਰੇਤ ਦੇ ਕਿਣਕਿਆਂ ਜਿੰਨੀ ਹੋਵੇਗੀ+ ਅਤੇ ਤੇਰੀ ਸੰਤਾਨ ਪੂਰਬ, ਪੱਛਮ, ਉੱਤਰ ਅਤੇ ਦੱਖਣ ਵੱਲ ਸਾਰੇ ਪਾਸੇ ਫੈਲ ਜਾਵੇਗੀ ਅਤੇ ਤੇਰੀ ਸੰਤਾਨ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਜ਼ਰੂਰ ਬਰਕਤ ਮਿਲੇਗੀ।*+ 15 ਮੈਂ ਤੇਰੇ ਨਾਲ ਹਾਂ ਅਤੇ ਤੂੰ ਜਿੱਥੇ ਕਿਤੇ ਵੀ ਜਾਵੇਂਗਾ, ਮੈਂ ਤੇਰੀ ਰੱਖਿਆ ਕਰਾਂਗਾ ਅਤੇ ਤੈਨੂੰ ਇਸ ਦੇਸ਼ ਵਿਚ ਵਾਪਸ ਲੈ ਆਵਾਂਗਾ।+ ਮੈਂ ਉਦੋਂ ਤਕ ਤੇਰਾ ਸਾਥ ਨਹੀਂ ਛੱਡਾਂਗਾ ਜਦ ਤਕ ਮੈਂ ਤੇਰੇ ਨਾਲ ਕੀਤਾ ਆਪਣਾ ਵਾਅਦਾ ਪੂਰਾ ਨਹੀਂ ਕਰ ਦਿੰਦਾ।”+
16 ਫਿਰ ਯਾਕੂਬ ਦੀ ਨੀਂਦ ਖੁੱਲ੍ਹ ਗਈ ਅਤੇ ਉਸ ਨੇ ਕਿਹਾ: “ਇਹ ਤਾਂ ਯਹੋਵਾਹ ਦੀ ਜਗ੍ਹਾ ਹੈ ਅਤੇ ਮੈਨੂੰ ਇਸ ਬਾਰੇ ਪਤਾ ਹੀ ਨਹੀਂ ਸੀ।” 17 ਇਸ ਕਰਕੇ ਉਹ ਬਹੁਤ ਡਰ ਗਿਆ ਅਤੇ ਉਸ ਨੇ ਕਿਹਾ: “ਇਹ ਕੋਈ ਮਾਮੂਲੀ ਜਗ੍ਹਾ ਨਹੀਂ, ਸਗੋਂ ਪਵਿੱਤਰ ਜਗ੍ਹਾ ਹੈ। ਇਹ ਤਾਂ ਪਰਮੇਸ਼ੁਰ ਦਾ ਘਰ ਹੈ!+ ਨਾਲੇ ਇੱਥੇ ਸਵਰਗ ਦਾ ਦਰਵਾਜ਼ਾ ਹੈ।”+ 18 ਇਸ ਲਈ ਯਾਕੂਬ ਸਵੇਰੇ ਜਲਦੀ ਉੱਠਿਆ ਅਤੇ ਉਸ ਨੇ ਆਪਣੇ ਸਰ੍ਹਾਣੇ ਰੱਖੇ ਪੱਥਰ ਨੂੰ ਯਾਦਗਾਰ ਦੇ ਤੌਰ ਤੇ ਖੜ੍ਹਾ ਕਰ ਕੇ ਉਸ ਉੱਤੇ ਤੇਲ ਪਾਇਆ।+ 19 ਉਸ ਨੇ ਉਸ ਜਗ੍ਹਾ ਦਾ ਨਾਂ ਬੈਤੇਲ* ਰੱਖਿਆ, ਪਰ ਪਹਿਲਾਂ ਉਸ ਸ਼ਹਿਰ ਦਾ ਨਾਂ ਲੂਜ਼ ਸੀ।+
20 ਫਿਰ ਯਾਕੂਬ ਨੇ ਇਹ ਸੁੱਖਣਾ ਸੁੱਖੀ: “ਜੇ ਪਰਮੇਸ਼ੁਰ ਮੇਰੇ ਨਾਲ ਰਹੇਗਾ ਅਤੇ ਇਸ ਸਫ਼ਰ ਦੌਰਾਨ ਮੇਰੀ ਰੱਖਿਆ ਕਰੇਗਾ ਅਤੇ ਮੈਨੂੰ ਖਾਣ ਲਈ ਰੋਟੀ ਅਤੇ ਪਹਿਨਣ ਲਈ ਕੱਪੜੇ ਦੇਵੇਗਾ 21 ਅਤੇ ਜੇ ਮੈਂ ਆਪਣੇ ਪਿਤਾ ਦੇ ਘਰ ਸਹੀ-ਸਲਾਮਤ ਵਾਪਸ ਮੁੜ ਆਵਾਂ, ਤਾਂ ਇਹ ਯਹੋਵਾਹ ਵੱਲੋਂ ਇਸ ਗੱਲ ਦਾ ਸਬੂਤ ਹੋਵੇਗਾ ਕਿ ਉਹ ਮੇਰਾ ਪਰਮੇਸ਼ੁਰ ਹੈ। 22 ਅਤੇ ਜੋ ਯਾਦਗਾਰ ਮੈਂ ਖੜ੍ਹੀ ਕੀਤੀ ਹੈ, ਉਹ ਪਰਮੇਸ਼ੁਰ ਦਾ ਘਰ ਬਣੇਗੀ।+ ਹੇ ਪਰਮੇਸ਼ੁਰ, ਤੂੰ ਮੈਨੂੰ ਜੋ ਵੀ ਦੇਵੇਂਗਾ, ਮੈਂ ਉਸ ਦਾ ਦਸਵਾਂ ਹਿੱਸਾ ਤੈਨੂੰ ਦਿਆਂਗਾ।”
29 ਇਸ ਤੋਂ ਬਾਅਦ ਯਾਕੂਬ ਨੇ ਆਪਣਾ ਸਫ਼ਰ ਜਾਰੀ ਰੱਖਿਆ ਅਤੇ ਪੂਰਬ ਵਿਚ ਰਹਿੰਦੇ ਲੋਕਾਂ ਦੇ ਦੇਸ਼ ਪਹੁੰਚ ਗਿਆ। 2 ਉਸ ਨੇ ਚਰਾਂਦਾਂ ਵਿਚ ਇਕ ਖੂਹ ਦੇਖਿਆ ਜਿਸ ਦੇ ਨੇੜੇ ਭੇਡਾਂ ਦੇ ਤਿੰਨ ਝੁੰਡ ਬੈਠੇ ਸਨ। ਚਰਵਾਹੇ ਝੁੰਡਾਂ ਨੂੰ ਉੱਥੋਂ ਪਾਣੀ ਪਿਲਾਉਂਦੇ ਸਨ। ਖੂਹ ਦੇ ਮੂੰਹ ਉੱਤੇ ਇਕ ਵੱਡਾ ਪੱਥਰ ਰੱਖਿਆ ਹੋਇਆ ਸੀ। 3 ਜਦੋਂ ਸਾਰੇ ਝੁੰਡ ਇਕੱਠੇ ਹੋ ਜਾਂਦੇ ਸਨ, ਤਾਂ ਚਰਵਾਹੇ ਖੂਹ ਦੇ ਮੂੰਹ ਉੱਤੋਂ ਪੱਥਰ ਹਟਾ ਕੇ ਭੇਡਾਂ ਨੂੰ ਪਾਣੀ ਪਿਲਾਉਂਦੇ ਸਨ। ਫਿਰ ਉਹ ਪੱਥਰ ਦੁਬਾਰਾ ਖੂਹ ਦੇ ਮੂੰਹ ਉੱਤੇ ਰੱਖ ਦਿੰਦੇ ਸਨ।
4 ਯਾਕੂਬ ਨੇ ਉਨ੍ਹਾਂ ਨੂੰ ਪੁੱਛਿਆ: “ਭਰਾਵੋ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ?” ਉਨ੍ਹਾਂ ਨੇ ਜਵਾਬ ਦਿੱਤਾ: “ਅਸੀਂ ਹਾਰਾਨ ਦੇ ਰਹਿਣ ਵਾਲੇ ਹਾਂ।”+ 5 ਉਸ ਨੇ ਉਨ੍ਹਾਂ ਨੂੰ ਪੁੱਛਿਆ: “ਕੀ ਤੁਸੀਂ ਨਾਹੋਰ+ ਦੇ ਪੋਤੇ ਲਾਬਾਨ+ ਨੂੰ ਜਾਣਦੇ ਹੋ?” ਉਨ੍ਹਾਂ ਨੇ ਕਿਹਾ: “ਹਾਂ, ਅਸੀਂ ਉਸ ਨੂੰ ਜਾਣਦੇ ਹਾਂ।” 6 ਫਿਰ ਉਸ ਨੇ ਪੁੱਛਿਆ: “ਕੀ ਉਹ ਠੀਕ-ਠਾਕ ਹੈ?” ਉਨ੍ਹਾਂ ਨੇ ਜਵਾਬ ਦਿੱਤਾ: “ਹਾਂ ਉਹ ਠੀਕ ਹੈ। ਔਹ ਦੇਖ! ਉਸ ਦੀ ਕੁੜੀ ਰਾਕੇਲ+ ਭੇਡਾਂ ਲੈ ਕੇ ਆ ਰਹੀ ਹੈ!” 7 ਫਿਰ ਉਸ ਨੇ ਕਿਹਾ: “ਅਜੇ ਤਾਂ ਦੁਪਹਿਰਾ ਹੈ। ਅਜੇ ਭੇਡਾਂ ਇਕੱਠੀਆਂ ਕਰਨ ਦਾ ਸਮਾਂ ਨਹੀਂ ਹੋਇਆ। ਤੁਸੀਂ ਭੇਡਾਂ ਨੂੰ ਪਾਣੀ ਪਿਲਾ ਕੇ ਚਾਰਨ ਲਿਜਾ ਸਕਦੇ ਹੋ।” 8 ਇਹ ਸੁਣ ਕੇ ਉਨ੍ਹਾਂ ਨੇ ਕਿਹਾ: “ਅਸੀਂ ਉਦੋਂ ਤਕ ਇਸ ਤਰ੍ਹਾਂ ਨਹੀਂ ਕਰ ਸਕਦੇ ਜਦ ਤਕ ਸਾਰੇ ਝੁੰਡ ਇਕੱਠੇ ਨਹੀਂ ਹੋ ਜਾਂਦੇ। ਫਿਰ ਚਰਵਾਹੇ ਖੂਹ ਦੇ ਮੂੰਹ ਉੱਤੋਂ ਪੱਥਰ ਹਟਾਉਂਦੇ ਹਨ ਅਤੇ ਅਸੀਂ ਆਪਣੀਆਂ ਭੇਡਾਂ ਨੂੰ ਪਾਣੀ ਪਿਲਾਉਂਦੇ ਹਾਂ।”
9 ਉਹ ਅਜੇ ਉਨ੍ਹਾਂ ਨਾਲ ਗੱਲਾਂ ਕਰ ਹੀ ਰਿਹਾ ਸੀ ਕਿ ਰਾਕੇਲ ਆਪਣੇ ਪਿਤਾ ਦੀਆਂ ਭੇਡਾਂ ਲੈ ਕੇ ਆ ਗਈ ਕਿਉਂਕਿ ਉਹ ਭੇਡਾਂ ਚਾਰਦੀ ਹੁੰਦੀ ਸੀ। 10 ਜਦੋਂ ਯਾਕੂਬ ਨੇ ਆਪਣੇ ਮਾਮੇ ਲਾਬਾਨ ਦੀ ਧੀ ਰਾਕੇਲ ਨੂੰ ਦੇਖਿਆ, ਤਾਂ ਉਸ ਨੇ ਉਸੇ ਵੇਲੇ ਜਾ ਕੇ ਖੂਹ ਦੇ ਮੂੰਹ ਤੋਂ ਪੱਥਰ ਹਟਾ ਦਿੱਤਾ ਅਤੇ ਆਪਣੇ ਮਾਮੇ ਦੀਆਂ ਭੇਡਾਂ ਨੂੰ ਪਾਣੀ ਪਿਲਾਇਆ। 11 ਫਿਰ ਯਾਕੂਬ ਨੇ ਰਾਕੇਲ ਨੂੰ ਚੁੰਮਿਆ ਅਤੇ ਉੱਚੀ-ਉੱਚੀ ਰੋਇਆ। 12 ਯਾਕੂਬ ਨੇ ਰਾਕੇਲ ਨੂੰ ਦੱਸਿਆ ਕਿ ਉਹ ਉਸ ਦੇ ਪਿਤਾ ਦਾ ਭਾਣਜਾ* ਅਤੇ ਰਿਬਕਾਹ ਦਾ ਪੁੱਤਰ ਹੈ। ਰਾਕੇਲ ਨੇ ਭੱਜ ਕੇ ਆਪਣੇ ਪਿਤਾ ਨੂੰ ਇਹ ਗੱਲ ਦੱਸੀ।
13 ਜਿਉਂ ਹੀ ਲਾਬਾਨ+ ਨੇ ਆਪਣੀ ਭੈਣ ਦੇ ਮੁੰਡੇ ਯਾਕੂਬ ਬਾਰੇ ਸੁਣਿਆ, ਤਾਂ ਉਹ ਭੱਜ ਕੇ ਉਸ ਨੂੰ ਮਿਲਣ ਗਿਆ। ਉਹ ਯਾਕੂਬ ਨੂੰ ਗਲ਼ੇ ਮਿਲਿਆ ਅਤੇ ਉਸ ਨੂੰ ਚੁੰਮਿਆ ਅਤੇ ਉਸ ਨੂੰ ਆਪਣੇ ਘਰ ਲੈ ਆਇਆ। ਯਾਕੂਬ ਨੇ ਉਸ ਨੂੰ ਦੱਸਿਆ ਕਿ ਉਸ ਨਾਲ ਕੀ-ਕੀ ਹੋਇਆ ਸੀ। 14 ਲਾਬਾਨ ਨੇ ਉਸ ਨੂੰ ਕਿਹਾ: “ਤੂੰ ਮੇਰਾ ਆਪਣਾ ਖ਼ੂਨ ਹੈਂ।”* ਇਸ ਲਈ ਯਾਕੂਬ ਉਸ ਕੋਲ ਪੂਰਾ ਇਕ ਮਹੀਨਾ ਰਿਹਾ।
15 ਫਿਰ ਲਾਬਾਨ ਨੇ ਯਾਕੂਬ ਨੂੰ ਕਿਹਾ: “ਤੂੰ ਮੇਰਾ ਰਿਸ਼ਤੇਦਾਰ* ਹੈਂ।+ ਪਰ ਮੈਂ ਤੇਰੇ ਤੋਂ ਮੁਫ਼ਤ ਵਿਚ ਕੰਮ ਨਹੀਂ ਕਰਾਵਾਂਗਾ। ਦੱਸ, ਤੂੰ ਕਿੰਨੀ ਮਜ਼ਦੂਰੀ ਲਵੇਂਗਾ?”+ 16 ਲਾਬਾਨ ਦੀਆਂ ਦੋ ਧੀਆਂ ਸਨ। ਵੱਡੀ ਦਾ ਨਾਂ ਲੇਆਹ ਅਤੇ ਛੋਟੀ ਦਾ ਨਾਂ ਰਾਕੇਲ ਸੀ।+ 17 ਲੇਆਹ ਦੀਆਂ ਅੱਖਾਂ ਖ਼ੂਬਸੂਰਤ ਨਹੀਂ ਸਨ,* ਪਰ ਰਾਕੇਲ ਬਹੁਤ ਸੋਹਣੀ-ਸੁਨੱਖੀ ਸੀ। 18 ਯਾਕੂਬ ਨੂੰ ਰਾਕੇਲ ਨਾਲ ਪਿਆਰ ਹੋ ਗਿਆ ਸੀ, ਇਸ ਲਈ ਉਸ ਨੇ ਕਿਹਾ: “ਮੈਂ ਤੇਰੀ ਛੋਟੀ ਧੀ ਰਾਕੇਲ ਲਈ ਸੱਤ ਸਾਲ ਤੇਰੀ ਮਜ਼ਦੂਰੀ ਕਰਨ ਲਈ ਤਿਆਰ ਹਾਂ।”+ 19 ਲਾਬਾਨ ਨੇ ਕਿਹਾ: “ਕਿਸੇ ਹੋਰ ਆਦਮੀ ਨਾਲ ਆਪਣੀ ਧੀ ਦਾ ਵਿਆਹ ਕਰਨ ਨਾਲੋਂ ਚੰਗਾ ਹੈ ਕਿ ਮੈਂ ਤੇਰੇ ਨਾਲ ਇਸ ਦਾ ਵਿਆਹ ਕਰ ਦੇਵਾਂ। ਤੂੰ ਮੇਰੇ ਕੋਲ ਰਹਿ।” 20 ਯਾਕੂਬ ਨੇ ਰਾਕੇਲ ਲਈ ਸੱਤ ਸਾਲ ਕੰਮ ਕੀਤਾ,+ ਪਰ ਉਸ ਦੀਆਂ ਨਜ਼ਰਾਂ ਵਿਚ ਇਹ ਸਾਲ ਕੁਝ ਹੀ ਦਿਨਾਂ ਦੇ ਬਰਾਬਰ ਸਨ ਕਿਉਂਕਿ ਉਹ ਰਾਕੇਲ ਨਾਲ ਪਿਆਰ ਕਰਦਾ ਸੀ।
21 ਫਿਰ ਯਾਕੂਬ ਨੇ ਲਾਬਾਨ ਨੂੰ ਕਿਹਾ: “ਮੇਰੇ ਕੰਮ ਦੇ ਦਿਨ ਪੂਰੇ ਹੋ ਗਏ ਹਨ, ਇਸ ਲਈ ਹੁਣ ਰਾਕੇਲ ਨਾਲ ਮੇਰਾ ਵਿਆਹ ਕਰ ਦੇ ਤਾਂਕਿ ਮੈਂ ਆਪਣਾ ਘਰ ਵਸਾਵਾਂ।”* 22 ਇਸ ਲਈ ਲਾਬਾਨ ਨੇ ਉਸ ਜਗ੍ਹਾ ਦੇ ਸਾਰੇ ਲੋਕਾਂ ਨੂੰ ਦਾਅਵਤ ʼਤੇ ਸੱਦਿਆ। 23 ਫਿਰ ਸ਼ਾਮ ਨੂੰ ਉਹ ਆਪਣੀ ਧੀ ਲੇਆਹ ਨੂੰ ਯਾਕੂਬ ਕੋਲ ਲੈ ਗਿਆ ਤਾਂਕਿ ਉਹ ਉਸ ਦੀ ਪਤਨੀ ਬਣੇ। 24 ਲਾਬਾਨ ਨੇ ਆਪਣੀ ਨੌਕਰਾਣੀ ਜਿਲਫਾਹ ਵੀ ਆਪਣੀ ਧੀ ਲੇਆਹ ਨੂੰ ਦੇ ਦਿੱਤੀ।+ 25 ਸਵੇਰ ਨੂੰ ਜਦੋਂ ਯਾਕੂਬ ਨੇ ਦੇਖਿਆ ਕਿ ਉਹ ਤਾਂ ਲੇਆਹ ਸੀ, ਤਾਂ ਉਸ ਨੇ ਲਾਬਾਨ ਨੂੰ ਕਿਹਾ: “ਤੂੰ ਮੇਰੇ ਨਾਲ ਇਹ ਕੀ ਕੀਤਾ? ਕੀ ਮੈਂ ਰਾਕੇਲ ਲਈ ਤੇਰੀ ਮਜ਼ਦੂਰੀ ਨਹੀਂ ਕੀਤੀ? ਫਿਰ ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ?”+ 26 ਇਹ ਸੁਣ ਕੇ ਲਾਬਾਨ ਨੇ ਕਿਹਾ: “ਸਾਡੇ ਇੱਥੇ ਇਹ ਰਿਵਾਜ ਨਹੀਂ ਕਿ ਅਸੀਂ ਛੋਟੀ ਧੀ ਦਾ ਵਿਆਹ ਵੱਡੀ ਤੋਂ ਪਹਿਲਾਂ ਕਰ ਦੇਈਏ। 27 ਤੂੰ ਇਕ ਹਫ਼ਤਾ ਇਸ ਨਾਲ ਖ਼ੁਸ਼ੀਆਂ ਮਨਾ। ਇਸ ਤੋਂ ਬਾਅਦ ਮੈਂ ਤੈਨੂੰ ਆਪਣੀ ਦੂਜੀ ਕੁੜੀ ਵੀ ਦੇ ਦਿਆਂਗਾ, ਪਰ ਇਸ ਦੇ ਬਦਲੇ ਤੈਨੂੰ ਮੇਰੇ ਲਈ ਹੋਰ ਸੱਤ ਸਾਲ ਕੰਮ ਕਰਨਾ ਪਵੇਗਾ।”+ 28 ਯਾਕੂਬ ਨੇ ਇਸੇ ਤਰ੍ਹਾਂ ਕੀਤਾ ਅਤੇ ਉਸ ਨੇ ਆਪਣੀ ਪਤਨੀ ਲੇਆਹ ਨਾਲ ਇਕ ਹਫ਼ਤਾ ਖ਼ੁਸ਼ੀਆਂ ਮਨਾਈਆਂ। ਇਸ ਤੋਂ ਬਾਅਦ ਲਾਬਾਨ ਨੇ ਆਪਣੀ ਧੀ ਰਾਕੇਲ ਦਾ ਵਿਆਹ ਵੀ ਉਸ ਨਾਲ ਕਰ ਦਿੱਤਾ। 29 ਨਾਲੇ ਲਾਬਾਨ ਨੇ ਆਪਣੀ ਨੌਕਰਾਣੀ ਬਿਲਹਾਹ+ ਆਪਣੀ ਧੀ ਰਾਕੇਲ ਨੂੰ ਦੇ ਦਿੱਤੀ।
30 ਫਿਰ ਯਾਕੂਬ ਨੇ ਰਾਕੇਲ ਨਾਲ ਵੀ ਸਰੀਰਕ ਸੰਬੰਧ ਕਾਇਮ ਕੀਤੇ। ਉਹ ਰਾਕੇਲ ਨੂੰ ਲੇਆਹ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ ਅਤੇ ਉਸ ਲਈ ਉਸ ਨੇ ਹੋਰ ਸੱਤ ਸਾਲ ਲਾਬਾਨ ਦੀ ਮਜ਼ਦੂਰੀ ਕੀਤੀ।+ 31 ਜਦੋਂ ਯਹੋਵਾਹ ਨੇ ਦੇਖਿਆ ਕਿ ਯਾਕੂਬ ਲੇਆਹ ਨਾਲ ਪਿਆਰ ਨਹੀਂ ਕਰਦਾ ਸੀ,* ਤਾਂ ਉਸ ਨੇ ਉਸ ਦੀ ਕੁੱਖ ਖੋਲ੍ਹ ਦਿੱਤੀ,+ ਪਰ ਰਾਕੇਲ ਬਾਂਝ ਸੀ।+ 32 ਲੇਆਹ ਗਰਭਵਤੀ ਹੋਈ ਅਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਨਾਂ ਉਸ ਨੇ ਰਊਬੇਨ*+ ਰੱਖਿਆ ਕਿਉਂਕਿ ਉਸ ਨੇ ਕਿਹਾ: “ਯਹੋਵਾਹ ਨੇ ਮੇਰੇ ਦੁੱਖ ਵੱਲ ਧਿਆਨ ਦਿੱਤਾ ਹੈ।+ ਹੁਣ ਮੇਰਾ ਪਤੀ ਮੈਨੂੰ ਪਿਆਰ ਕਰਨ ਲੱਗ ਪਵੇਗਾ।” 33 ਉਹ ਫਿਰ ਗਰਭਵਤੀ ਹੋਈ ਅਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਅਤੇ ਕਿਹਾ: “ਕਿਉਂਕਿ ਯਹੋਵਾਹ ਨੇ ਮੇਰੀ ਦੁਹਾਈ ਸੁਣੀ ਹੈ ਕਿ ਮੇਰਾ ਪਤੀ ਮੈਨੂੰ ਪਿਆਰ ਨਹੀਂ ਕਰਦਾ, ਇਸ ਲਈ ਉਸ ਨੇ ਇਹ ਪੁੱਤਰ ਵੀ ਮੇਰੀ ਝੋਲ਼ੀ ਪਾਇਆ ਹੈ।” ਉਸ ਨੇ ਉਸ ਦਾ ਨਾਂ ਸ਼ਿਮਓਨ*+ ਰੱਖਿਆ। 34 ਉਹ ਦੁਬਾਰਾ ਗਰਭਵਤੀ ਹੋਈ ਅਤੇ ਉਸ ਨੇ ਇਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਕਿਹਾ: “ਹੁਣ ਮੇਰੇ ਪਤੀ ਦਾ ਮੇਰੇ ਨਾਲ ਰਿਸ਼ਤਾ ਗੂੜ੍ਹਾ ਹੋਵੇਗਾ ਕਿਉਂਕਿ ਮੈਂ ਉਸ ਦੇ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ ਹੈ।” ਇਸ ਲਈ ਮੁੰਡੇ ਦਾ ਨਾਂ ਲੇਵੀ*+ ਰੱਖਿਆ ਗਿਆ। 35 ਉਹ ਫਿਰ ਗਰਭਵਤੀ ਹੋਈ ਅਤੇ ਇਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਕਿਹਾ: “ਇਸ ਵਾਰ ਮੈਂ ਯਹੋਵਾਹ ਦਾ ਗੁਣਗਾਨ ਕਰਾਂਗੀ।” ਇਸ ਲਈ ਉਸ ਨੇ ਉਸ ਦਾ ਨਾਂ ਯਹੂਦਾਹ*+ ਰੱਖਿਆ। ਇਸ ਤੋਂ ਬਾਅਦ ਕੁਝ ਸਮੇਂ ਲਈ ਉਸ ਦੇ ਬੱਚੇ ਨਹੀਂ ਹੋਏ।
30 ਜਦੋਂ ਰਾਕੇਲ ਨੇ ਦੇਖਿਆ ਕਿ ਉਹ ਯਾਕੂਬ ਦੇ ਇਕ ਵੀ ਬੱਚੇ ਨੂੰ ਜਨਮ ਨਹੀਂ ਦੇ ਸਕੀ, ਤਾਂ ਉਹ ਆਪਣੀ ਭੈਣ ਨਾਲ ਈਰਖਾ ਕਰਨ ਲੱਗ ਪਈ। ਉਹ ਯਾਕੂਬ ਨੂੰ ਵਾਰ-ਵਾਰ ਕਹਿੰਦੀ ਹੁੰਦੀ ਸੀ: “ਮੈਨੂੰ ਵੀ ਬੱਚੇ ਦੇ, ਨਹੀਂ ਤਾਂ ਮੈਂ ਮਰ ਜਾਵਾਂਗੀ।” 2 ਇਹ ਸੁਣ ਕੇ ਯਾਕੂਬ ਨੇ ਗੁੱਸੇ ਵਿਚ ਭੜਕਦੇ ਹੋਏ ਰਾਕੇਲ ਨੂੰ ਕਿਹਾ: “ਰੱਬ ਨੇ ਤੇਰੀ ਕੁੱਖ ਬੰਦ ਕਰ ਰੱਖੀ ਹੈ। ਕੀ ਮੈਂ ਰੱਬ ਹਾਂ? ਮੈਨੂੰ ਜ਼ਿੰਮੇਵਾਰ ਨਾ ਠਹਿਰਾ।” 3 ਇਸ ਲਈ ਰਾਕੇਲ ਨੇ ਉਸ ਨੂੰ ਕਿਹਾ: “ਤੂੰ ਮੇਰੀ ਨੌਕਰਾਣੀ ਬਿਲਹਾਹ+ ਨਾਲ ਸੰਬੰਧ ਬਣਾ ਤਾਂਕਿ ਉਹ ਮੇਰੇ ਲਈ ਬੱਚੇ ਪੈਦਾ ਕਰੇ ਅਤੇ ਉਸ ਦੇ ਰਾਹੀਂ ਮੇਰੇ ਵੀ ਬੱਚੇ ਹੋਣ।” 4 ਫਿਰ ਰਾਕੇਲ ਨੇ ਉਸ ਨੂੰ ਆਪਣੀ ਨੌਕਰਾਣੀ ਬਿਲਹਾਹ ਦਿੱਤੀ ਤਾਂਕਿ ਉਹ ਉਸ ਦੀ ਪਤਨੀ ਬਣੇ ਅਤੇ ਯਾਕੂਬ ਨੇ ਉਸ ਨਾਲ ਸੰਬੰਧ ਬਣਾਏ।+ 5 ਬਿਲਹਾਹ ਗਰਭਵਤੀ ਹੋਈ ਅਤੇ ਉਸ ਨੇ ਯਾਕੂਬ ਦੇ ਮੁੰਡੇ ਨੂੰ ਜਨਮ ਦਿੱਤਾ। 6 ਫਿਰ ਰਾਕੇਲ ਨੇ ਕਿਹਾ: “ਪਰਮੇਸ਼ੁਰ ਨੇ ਮੇਰੇ ਨਾਲ ਨਿਆਂ ਕੀਤਾ ਹੈ ਅਤੇ ਉਸ ਨੇ ਮੇਰੀ ਫ਼ਰਿਆਦ ਸੁਣ ਕੇ ਮੇਰੀ ਝੋਲ਼ੀ ਵਿਚ ਇਕ ਪੁੱਤਰ ਪਾਇਆ ਹੈ।” ਇਸ ਕਰਕੇ ਉਸ ਨੇ ਮੁੰਡੇ ਦਾ ਨਾਂ ਦਾਨ*+ ਰੱਖਿਆ। 7 ਰਾਕੇਲ ਦੀ ਨੌਕਰਾਣੀ ਬਿਲਹਾਹ ਦੁਬਾਰਾ ਗਰਭਵਤੀ ਹੋਈ ਅਤੇ ਉਸ ਨੇ ਯਾਕੂਬ ਦੇ ਦੂਜੇ ਮੁੰਡੇ ਨੂੰ ਜਨਮ ਦਿੱਤਾ। 8 ਰਾਕੇਲ ਨੇ ਕਿਹਾ: “ਮੈਂ ਪੂਰਾ ਜ਼ੋਰ ਲਾ ਕੇ ਆਪਣੀ ਭੈਣ ਨਾਲ ਘੋਲ਼ ਕੀਤਾ ਅਤੇ ਜਿੱਤ ਵੀ ਗਈ!” ਇਸ ਲਈ ਉਸ ਨੇ ਮੁੰਡੇ ਦਾ ਨਾਂ ਨਫ਼ਤਾਲੀ*+ ਰੱਖਿਆ।
9 ਜਦੋਂ ਲੇਆਹ ਨੇ ਦੇਖਿਆ ਕਿ ਹੁਣ ਉਸ ਦੇ ਬੱਚੇ ਨਹੀਂ ਹੋ ਰਹੇ ਸਨ, ਤਾਂ ਉਸ ਨੇ ਯਾਕੂਬ ਨੂੰ ਆਪਣੀ ਨੌਕਰਾਣੀ ਜਿਲਫਾਹ ਦਿੱਤੀ ਤਾਂਕਿ ਉਹ ਉਸ ਦੀ ਪਤਨੀ ਬਣੇ।+ 10 ਲੇਆਹ ਦੀ ਨੌਕਰਾਣੀ ਜਿਲਫਾਹ ਨੇ ਯਾਕੂਬ ਦੇ ਮੁੰਡੇ ਨੂੰ ਜਨਮ ਦਿੱਤਾ। 11 ਲੇਆਹ ਨੇ ਕਿਹਾ: “ਮੈਨੂੰ ਕਿੰਨੀ ਵੱਡੀ ਬਰਕਤ ਮਿਲੀ ਹੈ!” ਇਸ ਲਈ ਉਸ ਨੇ ਮੁੰਡੇ ਦਾ ਨਾਂ ਗਾਦ*+ ਰੱਖਿਆ। 12 ਬਾਅਦ ਵਿਚ ਲੇਆਹ ਦੀ ਨੌਕਰਾਣੀ ਜਿਲਫਾਹ ਨੇ ਯਾਕੂਬ ਦੇ ਦੂਸਰੇ ਮੁੰਡੇ ਨੂੰ ਜਨਮ ਦਿੱਤਾ। 13 ਲੇਆਹ ਨੇ ਉਸ ਵੇਲੇ ਕਿਹਾ: “ਮੇਰੀ ਖ਼ੁਸ਼ੀ ਦੀ ਕੋਈ ਸੀਮਾ ਨਹੀਂ ਹੈ! ਵਾਕਈ, ਔਰਤਾਂ* ਮੈਨੂੰ ਸੁਖੀ ਕਹਿਣਗੀਆਂ!”+ ਇਸ ਲਈ ਉਸ ਨੇ ਮੁੰਡੇ ਦਾ ਨਾਂ ਆਸ਼ੇਰ*+ ਰੱਖਿਆ।
14 ਕਣਕ ਦੀ ਵਾਢੀ ਦੇ ਦਿਨਾਂ ਵਿਚ ਰਊਬੇਨ+ ਨੂੰ ਤੁਰਦੇ-ਤੁਰਦੇ ਮੈਦਾਨ ਵਿਚ ਦੂਦੀਆਂ* ਲੱਭੀਆਂ। ਉਸ ਨੇ ਉਹ ਦੂਦੀਆਂ ਲਿਆ ਕੇ ਆਪਣੀ ਮਾਂ ਲੇਆਹ ਨੂੰ ਦੇ ਦਿੱਤੀਆਂ। ਫਿਰ ਰਾਕੇਲ ਨੇ ਲੇਆਹ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਵੀ ਥੋੜ੍ਹੀਆਂ ਜਿਹੀਆਂ ਦੂਦੀਆਂ ਦੇ ਦੇ ਜੋ ਤੇਰੇ ਪੁੱਤਰ ਨੇ ਲਿਆਂਦੀਆਂ ਹਨ।” 15 ਇਹ ਸੁਣ ਕੇ ਲੇਆਹ ਨੇ ਉਸ ਨੂੰ ਕਿਹਾ: “ਤੂੰ ਪਹਿਲਾਂ ਮੇਰੇ ਨਾਲ ਘੱਟ ਕੀਤੀ! ਇਕ ਤਾਂ ਤੂੰ ਮੇਰਾ ਪਤੀ ਖੋਹ ਲਿਆ।+ ਹੁਣ ਤੂੰ ਮੇਰੇ ਪੁੱਤਰ ਦੀਆਂ ਲਿਆਂਦੀਆਂ ਦੂਦੀਆਂ ਵੀ ਲੈਣਾ ਚਾਹੁੰਦੀ ਹੈਂ?” ਇਸ ਲਈ ਰਾਕੇਲ ਨੇ ਕਿਹਾ: “ਜੇ ਇਹ ਗੱਲ ਹੈ, ਤਾਂ ਤੇਰੇ ਪੁੱਤਰ ਦੁਆਰਾ ਲਿਆਂਦੀਆਂ ਦੂਦੀਆਂ ਬਦਲੇ ਯਾਕੂਬ ਅੱਜ ਰਾਤ ਤੇਰੇ ਨਾਲ ਸੌਵੇਂਗਾ।”
16 ਜਦੋਂ ਸ਼ਾਮ ਨੂੰ ਯਾਕੂਬ ਖੇਤਾਂ ਤੋਂ ਵਾਪਸ ਆ ਰਿਹਾ ਸੀ, ਤਾਂ ਲੇਆਹ ਉਸ ਨੂੰ ਮਿਲਣ ਗਈ ਅਤੇ ਕਿਹਾ: “ਅੱਜ ਰਾਤ ਤੂੰ ਮੇਰੇ ਨਾਲ ਸੌਵੇਂਗਾ ਕਿਉਂਕਿ ਮੈਂ ਤੈਨੂੰ ਉਨ੍ਹਾਂ ਦੂਦੀਆਂ ਦੇ ਬਦਲੇ ਕਿਰਾਏ ਤੇ ਲਿਆ ਹੈ ਜੋ ਮੇਰੇ ਪੁੱਤਰ ਨੇ ਲਿਆਂਦੀਆਂ ਹਨ।” ਇਸ ਲਈ ਯਾਕੂਬ ਉਸ ਰਾਤ ਲੇਆਹ ਨਾਲ ਸੁੱਤਾ। 17 ਪਰਮੇਸ਼ੁਰ ਨੇ ਲੇਆਹ ਦੀ ਫ਼ਰਿਆਦ ਸੁਣੀ ਅਤੇ ਉਹ ਗਰਭਵਤੀ ਹੋਈ ਅਤੇ ਯਾਕੂਬ ਦੇ ਪੰਜਵੇਂ ਮੁੰਡੇ ਨੂੰ ਜਨਮ ਦਿੱਤਾ। 18 ਫਿਰ ਲੇਆਹ ਨੇ ਕਿਹਾ: “ਪਰਮੇਸ਼ੁਰ ਨੇ ਮੈਨੂੰ ਮੇਰੀ ਮਜ਼ਦੂਰੀ ਦਿੱਤੀ ਹੈ ਕਿਉਂਕਿ ਮੈਂ ਆਪਣੀ ਨੌਕਰਾਣੀ ਆਪਣੇ ਪਤੀ ਨੂੰ ਦਿੱਤੀ ਹੈ।” ਇਸ ਲਈ ਉਸ ਨੇ ਮੁੰਡੇ ਦਾ ਨਾਂ ਯਿਸਾਕਾਰ*+ ਰੱਖਿਆ। 19 ਲੇਆਹ ਫਿਰ ਗਰਭਵਤੀ ਹੋਈ ਅਤੇ ਉਸ ਨੇ ਯਾਕੂਬ ਦੇ ਛੇਵੇਂ ਪੁੱਤਰ ਨੂੰ ਜਨਮ ਦਿੱਤਾ।+ 20 ਲੇਆਹ ਨੇ ਕਿਹਾ: “ਪਰਮੇਸ਼ੁਰ ਨੇ ਮੈਨੂੰ ਕਿੰਨਾ ਵਧੀਆ ਤੋਹਫ਼ਾ ਦਿੱਤਾ ਹੈ। ਹੁਣ ਮੇਰਾ ਪਤੀ ਮੈਨੂੰ ਬਰਦਾਸ਼ਤ ਕਰੇਗਾ+ ਕਿਉਂਕਿ ਮੈਂ ਉਸ ਦੇ ਛੇ ਪੁੱਤਰਾਂ ਨੂੰ ਜਨਮ ਦਿੱਤਾ ਹੈ।”+ ਇਸ ਲਈ ਉਸ ਨੇ ਮੁੰਡੇ ਦਾ ਨਾਂ ਜ਼ਬੂਲੁਨ*+ ਰੱਖਿਆ। 21 ਬਾਅਦ ਵਿਚ ਉਸ ਨੇ ਇਕ ਕੁੜੀ ਨੂੰ ਜਨਮ ਦਿੱਤਾ ਜਿਸ ਦਾ ਨਾਂ ਉਸ ਨੇ ਦੀਨਾਹ+ ਰੱਖਿਆ।
22 ਅਖ਼ੀਰ ਪਰਮੇਸ਼ੁਰ ਨੇ ਰਾਕੇਲ ਵੱਲ ਧਿਆਨ ਦਿੱਤਾ ਅਤੇ ਉਸ ਦੀ ਕੁੱਖ ਖੋਲ੍ਹ ਕੇ+ ਉਸ ਦੀ ਫ਼ਰਿਆਦ ਦਾ ਜਵਾਬ ਦਿੱਤਾ। 23 ਉਹ ਗਰਭਵਤੀ ਹੋਈ ਅਤੇ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ। ਉਸ ਨੇ ਕਿਹਾ: “ਪਰਮੇਸ਼ੁਰ ਨੇ ਮੇਰੇ ਮੱਥੇ ਤੋਂ ਕਲੰਕ ਮਿਟਾ ਦਿੱਤਾ ਹੈ!”+ 24 ਇਸ ਲਈ ਉਸ ਨੇ ਮੁੰਡੇ ਦਾ ਨਾਂ ਯੂਸੁਫ਼*+ ਰੱਖਿਆ ਅਤੇ ਕਿਹਾ: “ਯਹੋਵਾਹ ਨੇ ਮੈਨੂੰ ਇਕ ਹੋਰ ਪੁੱਤਰ ਦਿੱਤਾ ਹੈ।”
25 ਰਾਕੇਲ ਦੁਆਰਾ ਯੂਸੁਫ਼ ਨੂੰ ਜਨਮ ਦੇਣ ਤੋਂ ਤੁਰੰਤ ਬਾਅਦ ਯਾਕੂਬ ਨੇ ਲਾਬਾਨ ਨੂੰ ਕਿਹਾ: “ਮੈਨੂੰ ਵਿਦਾ ਕਰ ਤਾਂਕਿ ਮੈਂ ਆਪਣੇ ਘਰ ਅਤੇ ਆਪਣੇ ਦੇਸ਼ ਵਾਪਸ ਚਲਾ ਜਾਵਾਂ।+ 26 ਮੇਰੀਆਂ ਪਤਨੀਆਂ ਅਤੇ ਮੇਰੇ ਬੱਚੇ ਮੈਨੂੰ ਦੇ ਜਿਨ੍ਹਾਂ ਲਈ ਮੈਂ ਤੇਰੀ ਮਜ਼ਦੂਰੀ ਕੀਤੀ ਹੈ ਤਾਂਕਿ ਮੈਂ ਇੱਥੋਂ ਚਲਾ ਜਾਵਾਂ। ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਮੈਂ ਕਿੰਨੀ ਵਫ਼ਾਦਾਰੀ ਨਾਲ ਤੇਰੀ ਸੇਵਾ ਕੀਤੀ।”+ 27 ਫਿਰ ਲਾਬਾਨ ਨੇ ਉਸ ਨੂੰ ਕਿਹਾ: “ਜੇ ਮੇਰੇ ʼਤੇ ਤੇਰੀ ਮਿਹਰ ਹੋਈ ਹੈ, ਤਾਂ ਕਿਰਪਾ ਕਰ ਕੇ ਮੇਰੇ ਨਾਲ ਹੀ ਰਹਿ। ਮੈਂ ਫਾਲ* ਪਾ ਕੇ* ਦੇਖਿਆ ਹੈ ਕਿ ਤੇਰੇ ਕਰਕੇ ਯਹੋਵਾਹ ਮੈਨੂੰ ਬਰਕਤਾਂ ਦੇ ਰਿਹਾ ਹੈ।” 28 ਉਸ ਨੇ ਅੱਗੇ ਕਿਹਾ: “ਤੂੰ ਮੇਰੇ ਨਾਲ ਜੋ ਵੀ ਮਜ਼ਦੂਰੀ ਤੈਅ ਕਰੇਂਗਾ, ਮੈਂ ਤੈਨੂੰ ਉੱਨੀ ਦਿਆਂਗਾ।”+ 29 ਇਸ ਲਈ ਯਾਕੂਬ ਨੇ ਉਸ ਨੂੰ ਕਿਹਾ: “ਤੂੰ ਜਾਣਦਾ ਹੈਂ ਕਿ ਮੈਂ ਕਿੰਨੀ ਵਫ਼ਾਦਾਰੀ ਨਾਲ ਤੇਰੀ ਸੇਵਾ ਕੀਤੀ ਅਤੇ ਮੇਰੀ ਨਿਗਰਾਨੀ ਅਧੀਨ ਤੇਰਾ ਇੱਜੜ ਕਿੰਨਾ ਵਧਿਆ-ਫੁੱਲਿਆ।+ 30 ਮੇਰੇ ਆਉਣ ਤੋਂ ਪਹਿਲਾਂ ਤੇਰੇ ਕੋਲ ਥੋੜ੍ਹੀਆਂ ਭੇਡਾਂ-ਬੱਕਰੀਆਂ ਸਨ, ਪਰ ਫਿਰ ਇਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਗਈ। ਮੇਰੇ ਆਉਣ ਤੋਂ ਬਾਅਦ ਯਹੋਵਾਹ ਨੇ ਤੈਨੂੰ ਬਰਕਤਾਂ ਦਿੱਤੀਆਂ ਹਨ। ਹੁਣ ਮੈਂ ਆਪਣੇ ਪਰਿਵਾਰ ਵਾਸਤੇ ਕੁਝ ਕਰਨਾ ਚਾਹੁੰਦਾ ਹਾਂ।”+
31 ਫਿਰ ਲਾਬਾਨ ਨੇ ਪੁੱਛਿਆ: “ਦੱਸ ਮੈਂ ਤੈਨੂੰ ਕੀ ਦੇਵਾਂ?” ਯਾਕੂਬ ਨੇ ਕਿਹਾ: “ਮੈਂ ਤੇਰੇ ਤੋਂ ਕੁਝ ਵੀ ਨਹੀਂ ਚਾਹੁੰਦਾ! ਪਰ ਜੇ ਤੂੰ ਮੇਰਾ ਇਕ ਕੰਮ ਕਰੇਂ, ਤਾਂ ਮੈਂ ਤੇਰੇ ਇੱਜੜ ਦੀ ਦੇਖ-ਭਾਲ ਅਤੇ ਰਾਖੀ ਕਰਦਾ ਰਹਾਂਗਾ।+ 32 ਅੱਜ ਆਪਾਂ ਦੋਵੇਂ ਤੇਰੇ ਪੂਰੇ ਇੱਜੜ ਦੀ ਜਾਂਚ ਕਰਦੇ ਹਾਂ। ਜਿਹੜੀਆਂ ਵੀ ਭੇਡਾਂ ਅਤੇ ਬੱਕਰੀਆਂ ਡੱਬ-ਖੜੱਬੀਆਂ ਹਨ ਅਤੇ ਜਿਨ੍ਹਾਂ ʼਤੇ ਦਾਗ਼ ਹਨ ਅਤੇ ਜਿਹੜੇ ਭੇਡੂਆਂ ਦਾ ਰੰਗ ਗੂੜ੍ਹਾ ਭੂਰਾ ਹੈ, ਉਹ ਵੱਖ ਕਰ ਦੇ। ਭਵਿੱਖ ਵਿਚ ਪੈਦਾ ਹੋਣ ਵਾਲੇ ਅਜਿਹੇ ਬੱਚੇ ਮੇਰੀ ਮਜ਼ਦੂਰੀ ਹੋਣਗੇ।+ 33 ਜਿਸ ਦਿਨ ਤੂੰ ਮੇਰੇ ਇੱਜੜ* ਦੀ ਜਾਂਚ ਕਰਨ ਆਏਂਗਾ, ਤਾਂ ਤੈਨੂੰ ਮੇਰੀ ਈਮਾਨਦਾਰੀ ਦਾ ਸਬੂਤ ਮਿਲੇਗਾ। ਜੇ ਤੈਨੂੰ ਮੇਰੇ ਇੱਜੜ ਵਿਚ ਅਜਿਹੀ ਭੇਡ ਜਾਂ ਬੱਕਰੀ ਮਿਲੇ ਜਿਸ ʼਤੇ ਕੋਈ ਦਾਗ਼ ਨਾ ਹੋਵੇ ਜਾਂ ਉਹ ਡੱਬ-ਖੜੱਬੀ ਨਾ ਹੋਵੇ ਜਾਂ ਭੇਡੂ ਮਿਲੇ ਜੋ ਗੂੜ੍ਹੇ ਭੂਰੇ ਰੰਗ ਦਾ ਨਾ ਹੋਵੇ, ਤਾਂ ਇਸ ਦਾ ਮਤਲਬ ਹੈ ਕਿ ਮੈਂ ਉਹ ਚੋਰੀ ਕੀਤਾ ਹੈ।”
34 ਇਹ ਸੁਣ ਕੇ ਲਾਬਾਨ ਨੇ ਕਿਹਾ: “ਬਹੁਤ ਵਧੀਆ! ਜਿਵੇਂ ਤੂੰ ਕਿਹਾ, ਆਪਾਂ ਉਵੇਂ ਹੀ ਕਰਾਂਗੇ।”+ 35 ਫਿਰ ਉਸੇ ਦਿਨ ਲਾਬਾਨ ਨੇ ਸਾਰੇ ਧਾਰੀਆਂ ਵਾਲੇ ਅਤੇ ਡੱਬ-ਖੜੱਬੇ ਬੱਕਰੇ ਅਤੇ ਸਾਰੀਆਂ ਦਾਗ਼ਾਂ ਵਾਲੀਆਂ ਅਤੇ ਡੱਬ-ਖੜੱਬੀਆਂ ਬੱਕਰੀਆਂ ਅਤੇ ਮਾੜੇ ਜਿਹੇ ਚਿੱਟੇ ਦਾਗ਼ਾਂ ਵਾਲੇ ਸਾਰੇ ਜਾਨਵਰ ਅਤੇ ਗੂੜ੍ਹੇ ਭੂਰੇ ਰੰਗ ਦੇ ਸਾਰੇ ਭੇਡੂ ਵੱਖ ਕਰ ਕੇ ਆਪਣੇ ਪੁੱਤਰਾਂ ਦੇ ਹਵਾਲੇ ਕਰ ਦਿੱਤੇ। 36 ਫਿਰ ਉਹ ਇਸ ਪੂਰੇ ਇੱਜੜ ਨੂੰ ਯਾਕੂਬ ਤੋਂ ਦੂਰ ਉਸ ਜਗ੍ਹਾ ਲੈ ਗਿਆ ਜਿੱਥੇ ਤੁਰ ਕੇ ਜਾਣ ਨੂੰ ਤਿੰਨ ਦਿਨ ਲੱਗਦੇ ਸਨ। ਯਾਕੂਬ ਲਾਬਾਨ ਦੇ ਬਾਕੀ ਬਚੇ ਇੱਜੜ ਦੀ ਦੇਖ-ਭਾਲ ਕਰਦਾ ਰਿਹਾ।
37 ਫਿਰ ਯਾਕੂਬ ਨੇ ਬਦਾਮ, ਚਨਾਰ ਅਤੇ ਹੋਰ ਦਰਖ਼ਤਾਂ ਦੀਆਂ ਟਾਹਣੀਆਂ ਤੋੜ ਕੇ ਉਨ੍ਹਾਂ ਨੂੰ ਕਈ ਜਗ੍ਹਾ ਤੋਂ ਛਿੱਲਿਆ ਜਿਸ ਕਰਕੇ ਉਨ੍ਹਾਂ ʼਤੇ ਚਿੱਟੇ-ਚਿੱਟੇ ਦਾਗ਼ ਬਣ ਗਏ। 38 ਫਿਰ ਉਸ ਨੇ ਦਾਗ਼ਾਂ ਵਾਲੇ ਡੰਡੇ ਪਾਣੀ ਦੇ ਚੁਬੱਚਿਆਂ ਅਤੇ ਨਾਲੀਆਂ ਵਿਚ ਰੱਖ ਦਿੱਤੇ ਤਾਂਕਿ ਜਦੋਂ ਭੇਡਾਂ-ਬੱਕਰੀਆਂ ਪਾਣੀ ਪੀਣ ਆਉਣ, ਤਾਂ ਉਹ ਉਨ੍ਹਾਂ ਡੰਡਿਆਂ ਨੂੰ ਦੇਖ ਕੇ ਮੇਲ ਕਰਨ ਲਈ ਤਿਆਰ ਹੋਣ।
39 ਇਸ ਤਰ੍ਹਾਂ ਉਨ੍ਹਾਂ ਡੰਡਿਆਂ ਨੂੰ ਦੇਖ ਕੇ ਮੇਲ ਕਰਨ ਵਾਲੀਆਂ ਭੇਡਾਂ-ਬੱਕਰੀਆਂ ਦੇ ਧਾਰੀਆਂ ਤੇ ਦਾਗ਼ ਵਾਲੇ ਅਤੇ ਡੱਬ-ਖੜੱਬੇ ਬੱਚੇ ਪੈਦਾ ਹੁੰਦੇ ਸਨ। 40 ਫਿਰ ਯਾਕੂਬ ਨੇ ਭੇਡੂਆਂ ਨੂੰ ਵੱਖ ਕੀਤਾ ਅਤੇ ਇੱਜੜ ਦਾ ਮੂੰਹ ਉਨ੍ਹਾਂ ਭੇਡਾਂ-ਬੱਕਰੀਆਂ ਵੱਲ ਕੀਤਾ ਜਿਨ੍ਹਾਂ ਦੇ ਸਰੀਰ ʼਤੇ ਧਾਰੀਆਂ ਸਨ ਅਤੇ ਜਿਨ੍ਹਾਂ ਦਾ ਰੰਗ ਗੂੜ੍ਹਾ ਭੂਰਾ ਸੀ। ਫਿਰ ਉਸ ਨੇ ਆਪਣੇ ਇੱਜੜ ਨੂੰ ਵੱਖ ਕੀਤਾ ਤਾਂਕਿ ਉਹ ਲਾਬਾਨ ਦੇ ਇੱਜੜ ਵਿਚ ਨਾ ਰਲ਼ ਜਾਵੇ। 41 ਅਤੇ ਜਦੋਂ ਵੀ ਇੱਜੜ ਵਿੱਚੋਂ ਤਕੜੇ ਜਾਨਵਰ ਮੇਲ ਕਰਨ ਲਈ ਤਿਆਰ ਹੁੰਦੇ ਸਨ, ਤਾਂ ਯਾਕੂਬ ਨਾਲੀਆਂ ਵਿਚ ਜਾਨਵਰਾਂ ਦੇ ਸਾਮ੍ਹਣੇ ਡੰਡੇ ਰੱਖ ਦਿੰਦਾ ਸੀ। 42 ਪਰ ਜਦੋਂ ਕਮਜ਼ੋਰ ਜਾਨਵਰ ਮੇਲ ਕਰਨ ਲਈ ਤਿਆਰ ਹੁੰਦੇ ਸਨ, ਤਾਂ ਉਹ ਉੱਥੇ ਡੰਡੇ ਨਹੀਂ ਰੱਖਦਾ ਸੀ। ਇਸ ਤਰ੍ਹਾਂ ਕਮਜ਼ੋਰ ਬੱਚੇ ਹਮੇਸ਼ਾ ਲਾਬਾਨ ਦੇ ਹਿੱਸੇ ਆਉਂਦੇ ਸਨ, ਪਰ ਤਕੜੇ ਬੱਚੇ ਯਾਕੂਬ ਦੇ ਹਿੱਸੇ ਆਉਂਦੇ ਸਨ।+
43 ਯਾਕੂਬ ਬਹੁਤ ਅਮੀਰ ਹੋ ਗਿਆ ਅਤੇ ਉਸ ਕੋਲ ਬਹੁਤ ਸਾਰੇ ਇੱਜੜ, ਊਠ, ਗਧੇ ਅਤੇ ਨੌਕਰ-ਨੌਕਰਾਣੀਆਂ ਹੋ ਗਏ।+
31 ਕੁਝ ਸਮੇਂ ਬਾਅਦ ਯਾਕੂਬ ਨੇ ਸੁਣਿਆ ਕਿ ਲਾਬਾਨ ਦੇ ਮੁੰਡੇ ਕਹਿ ਰਹੇ ਸਨ: “ਯਾਕੂਬ ਨੇ ਸਾਡੇ ਪਿਤਾ ਦਾ ਸਭ ਕੁਝ ਲੈ ਲਿਆ ਹੈ ਅਤੇ ਸਾਡੇ ਪਿਤਾ ਦੀ ਜਾਇਦਾਦ ਨਾਲ ਉਹ ਇੰਨਾ ਅਮੀਰ ਹੋ ਗਿਆ ਹੈ।”+ 2 ਲਾਬਾਨ ਦਾ ਚਿਹਰਾ ਦੇਖ ਕੇ ਯਾਕੂਬ ਨੂੰ ਅਹਿਸਾਸ ਹੋ ਗਿਆ ਕਿ ਉਸ ਪ੍ਰਤੀ ਲਾਬਾਨ ਦਾ ਰਵੱਈਆ ਪਹਿਲਾਂ ਵਰਗਾ ਨਹੀਂ ਰਿਹਾ।+ 3 ਅਖ਼ੀਰ ਯਹੋਵਾਹ ਨੇ ਯਾਕੂਬ ਨੂੰ ਕਿਹਾ: “ਤੂੰ ਆਪਣੇ ਪਿਉ-ਦਾਦਿਆਂ ਦੇ ਦੇਸ਼ ਵਿਚ ਆਪਣੇ ਰਿਸ਼ਤੇਦਾਰਾਂ ਕੋਲ ਵਾਪਸ ਚਲਾ ਜਾਹ+ ਅਤੇ ਮੈਂ ਹਮੇਸ਼ਾ ਤੇਰੇ ਨਾਲ ਰਹਾਂਗਾ।” 4 ਫਿਰ ਯਾਕੂਬ ਨੇ ਸੁਨੇਹਾ ਘੱਲ ਕੇ ਰਾਕੇਲ ਅਤੇ ਲੇਆਹ ਨੂੰ ਮੈਦਾਨ ਵਿਚ ਸੱਦ ਲਿਆ ਜਿੱਥੇ ਉਹ ਆਪਣਾ ਇੱਜੜ ਚਾਰ ਰਿਹਾ ਸੀ। 5 ਉਸ ਨੇ ਉਨ੍ਹਾਂ ਨੂੰ ਕਿਹਾ:
“ਮੈਂ ਦੇਖਿਆ ਹੈ ਕਿ ਮੇਰੇ ਪ੍ਰਤੀ ਤੁਹਾਡੇ ਪਿਤਾ ਦਾ ਰਵੱਈਆ ਬਦਲ ਗਿਆ ਹੈ,+ ਜਦ ਕਿ ਮੇਰੇ ਪਿਤਾ ਦਾ ਪਰਮੇਸ਼ੁਰ ਹਮੇਸ਼ਾ ਮੇਰੇ ਨਾਲ ਰਿਹਾ ਹੈ।+ 6 ਤੁਸੀਂ ਦੋਵੇਂ ਚੰਗੀ ਤਰ੍ਹਾਂ ਜਾਣਦੀਆਂ ਹੋ ਕਿ ਮੈਂ ਪੂਰੀ ਮਿਹਨਤ ਨਾਲ ਤੁਹਾਡੇ ਪਿਤਾ ਦੀ ਮਜ਼ਦੂਰੀ ਕੀਤੀ।+ 7 ਤੁਹਾਡੇ ਪਿਤਾ ਨੇ ਦਸ ਵਾਰ ਮੇਰੀ ਮਜ਼ਦੂਰੀ ਬਦਲ ਕੇ ਮੇਰੇ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਪਰਮੇਸ਼ੁਰ ਨੇ ਉਸ ਦੇ ਹੱਥੋਂ ਮੇਰਾ ਨੁਕਸਾਨ ਨਹੀਂ ਹੋਣ ਦਿੱਤਾ। 8 ਜਦ ਉਸ ਨੇ ਕਿਹਾ, ‘ਡੱਬ-ਖੜੱਬੀਆਂ ਭੇਡਾਂ-ਬੱਕਰੀਆਂ ਤੇਰੀ ਮਜ਼ਦੂਰੀ ਹੋਣਗੀਆਂ,’ ਤਾਂ ਪੂਰੇ ਇੱਜੜ ਨੇ ਡੱਬ-ਖੜੱਬੇ ਬੱਚੇ ਦਿੱਤੇ; ਪਰ ਜਦ ਉਸ ਨੇ ਕਿਹਾ: ‘ਧਾਰੀਆਂ ਵਾਲੀਆਂ ਭੇਡਾਂ-ਬੱਕਰੀਆਂ ਤੇਰੀ ਮਜ਼ਦੂਰੀ ਹੋਣਗੀਆਂ,’ ਤਾਂ ਪੂਰੇ ਇੱਜੜ ਨੇ ਧਾਰੀਆਂ ਵਾਲੇ ਬੱਚੇ ਦਿੱਤੇ।+ 9 ਪਰਮੇਸ਼ੁਰ ਨੇ ਹੀ ਮੈਨੂੰ ਕਾਮਯਾਬੀ ਬਖ਼ਸ਼ੀ ਅਤੇ ਉਹ ਮੈਨੂੰ ਤੁਹਾਡੇ ਪਿਤਾ ਦੇ ਇੱਜੜ ਵਿੱਚੋਂ ਦਿੰਦਾ ਰਿਹਾ। 10 ਇਕ ਵਾਰ ਜਦੋਂ ਇੱਜੜ ਦੇ ਮੇਲ ਕਰਨ ਦਾ ਸਮਾਂ ਸੀ, ਤਾਂ ਮੈਂ ਆਪਣੀਆਂ ਨਜ਼ਰਾਂ ਚੁੱਕ ਕੇ ਇਕ ਸੁਪਨੇ ਵਿਚ ਦੇਖਿਆ ਕਿ ਬੱਕਰੀਆਂ ਨਾਲ ਮੇਲ ਕਰ ਰਹੇ ਬੱਕਰੇ ਧਾਰੀਆਂ ਵਾਲੇ, ਡੱਬ-ਖੜੱਬੇ ਅਤੇ ਦਾਗ਼ਾਂ ਵਾਲੇ ਹਨ।+ 11 ਫਿਰ ਸੱਚੇ ਪਰਮੇਸ਼ੁਰ ਦੇ ਦੂਤ ਨੇ ਸੁਪਨੇ ਵਿਚ ਮੈਨੂੰ ਆਵਾਜ਼ ਮਾਰੀ: ‘ਯਾਕੂਬ!’ ਅਤੇ ਮੈਂ ਉੱਤਰ ਦਿੱਤਾ, ‘ਪ੍ਰਭੂ, ਮੈਂ ਹਾਜ਼ਰ ਹਾਂ।’ 12 ਫਿਰ ਉਸ ਨੇ ਅੱਗੇ ਕਿਹਾ, ‘ਕਿਰਪਾ ਕਰ ਕੇ ਦੇਖ ਕਿ ਬੱਕਰੀਆਂ ਨਾਲ ਮੇਲ ਕਰ ਰਹੇ ਬੱਕਰੇ ਧਾਰੀਆਂ ਵਾਲੇ, ਡੱਬ-ਖੜੱਬੇ ਅਤੇ ਦਾਗ਼ਾਂ ਵਾਲੇ ਹਨ। ਮੈਂ ਹੀ ਇਹ ਸਭ ਕੁਝ ਕਰਾ ਰਿਹਾ ਹਾਂ ਕਿਉਂਕਿ ਮੈਂ ਦੇਖਿਆ ਹੈ ਕਿ ਲਾਬਾਨ ਤੇਰੇ ਨਾਲ ਕੀ ਸਲੂਕ ਕਰ ਰਿਹਾ ਹੈ।+ 13 ਮੈਂ ਸੱਚਾ ਪਰਮੇਸ਼ੁਰ ਹਾਂ ਜੋ ਬੈਤੇਲ+ ਵਿਚ ਤੇਰੇ ਸਾਮ੍ਹਣੇ ਪ੍ਰਗਟ ਹੋਇਆ ਸੀ ਜਿੱਥੇ ਤੂੰ ਤੇਲ ਪਾ ਕੇ ਇਕ ਥੰਮ੍ਹ ਨੂੰ ਪਵਿੱਤਰ ਕੀਤਾ ਸੀ ਅਤੇ ਜਿੱਥੇ ਤੂੰ ਮੇਰੇ ਸਾਮ੍ਹਣੇ ਸੁੱਖਣਾ ਸੁੱਖੀ ਸੀ।+ ਹੁਣ ਉੱਠ ਅਤੇ ਇਸ ਦੇਸ਼ ਨੂੰ ਛੱਡ ਕੇ ਆਪਣੀ ਜਨਮ-ਭੂਮੀ ਵਿਚ ਵਾਪਸ ਮੁੜ ਜਾਹ।’”+
14 ਇਹ ਸੁਣ ਕੇ ਰਾਕੇਲ ਅਤੇ ਲੇਆਹ ਨੇ ਯਾਕੂਬ ਨੂੰ ਕਿਹਾ: “ਸਾਨੂੰ ਕਿਹੜਾ ਆਪਣੇ ਪਿਤਾ ਦੀ ਜਾਇਦਾਦ ਵਿੱਚੋਂ ਕੋਈ ਹਿੱਸਾ ਮਿਲਣਾ! 15 ਕੀ ਉਹ ਸਾਨੂੰ ਪਰਾਇਆ ਨਹੀਂ ਸਮਝਦਾ? ਇਕ ਤਾਂ ਉਸ ਨੇ ਸਾਨੂੰ ਵੇਚ ਦਿੱਤਾ ਅਤੇ ਫਿਰ ਜੋ ਪੈਸਾ ਸਾਡਾ ਹੋਣਾ ਸੀ, ਉਹ ਆਪ ਬੈਠਾ ਖਾ ਰਿਹਾ ਹੈ।+ 16 ਪਰਮੇਸ਼ੁਰ ਨੇ ਜੋ ਵੀ ਧਨ-ਦੌਲਤ ਸਾਡੇ ਪਿਤਾ ਤੋਂ ਲਈ ਹੈ, ਉਹ ਸਾਡੀ ਅਤੇ ਸਾਡੇ ਬੱਚਿਆਂ ਦੀ ਹੈ।+ ਇਸ ਲਈ ਜਿਵੇਂ ਪਰਮੇਸ਼ੁਰ ਨੇ ਕਿਹਾ ਹੈ, ਉਵੇਂ ਕਰ।”+
17 ਫਿਰ ਯਾਕੂਬ ਨੇ ਆਪਣੇ ਬੱਚਿਆਂ ਅਤੇ ਆਪਣੀਆਂ ਪਤਨੀਆਂ ਨੂੰ ਊਠਾਂ ʼਤੇ ਬਿਠਾਇਆ+ 18 ਅਤੇ ਉਹ ਆਪਣਾ ਪੂਰਾ ਇੱਜੜ ਅਤੇ ਸਾਰੀਆਂ ਚੀਜ਼ਾਂ ਅਤੇ ਪਦਨ-ਅਰਾਮ ਵਿਚ ਇਕੱਠੇ ਕੀਤੇ ਸਾਰੇ ਪਸ਼ੂ+ ਲੈ ਕੇ ਕਨਾਨ ਵਿਚ ਆਪਣੇ ਪਿਤਾ ਇਸਹਾਕ ਕੋਲ ਜਾਣ ਲਈ ਤੁਰ ਪਿਆ।+
19 ਉਸ ਵੇਲੇ ਲਾਬਾਨ ਆਪਣੀਆਂ ਭੇਡਾਂ ਦੀ ਉੱਨ ਕਤਰਨ ਗਿਆ ਹੋਇਆ ਸੀ ਅਤੇ ਰਾਕੇਲ ਨੇ ਉਹ ਬੁੱਤ*+ ਚੋਰੀ ਕਰ ਲਏ ਜੋ ਉਸ ਦੇ ਪਿਤਾ ਦੇ ਸਨ।+ 20 ਯਾਕੂਬ ਨੇ ਹੁਸ਼ਿਆਰੀ ਤੋਂ ਕੰਮ ਲਿਆ ਅਤੇ ਲਾਬਾਨ ਅਰਾਮੀ ਨੂੰ ਦੱਸੇ ਬਿਨਾਂ ਉੱਥੋਂ ਭੱਜ ਗਿਆ। 21 ਉਹ ਆਪਣਾ ਸਭ ਕੁਝ ਲੈ ਕੇ ਦਰਿਆ* ਪਾਰ ਚਲਾ ਗਿਆ।+ ਫਿਰ ਉਹ ਗਿਲਆਦ ਦੇ ਪਹਾੜੀ ਇਲਾਕੇ ਵੱਲ ਨੂੰ ਤੁਰ ਪਿਆ।+ 22 ਤੀਸਰੇ ਦਿਨ ਲਾਬਾਨ ਨੂੰ ਖ਼ਬਰ ਮਿਲੀ ਕਿ ਯਾਕੂਬ ਭੱਜ ਗਿਆ ਸੀ। 23 ਇਸ ਲਈ ਉਹ ਆਪਣੇ ਬੰਦਿਆਂ* ਨੂੰ ਨਾਲ ਲੈ ਕੇ ਸੱਤਾਂ ਦਿਨਾਂ ਤਕ ਉਨ੍ਹਾਂ ਦਾ ਪਿੱਛਾ ਕਰਦਾ-ਕਰਦਾ ਗਿਲਆਦ ਦੇ ਪਹਾੜੀ ਇਲਾਕੇ ਵਿਚ ਪਹੁੰਚ ਗਿਆ। 24 ਫਿਰ ਪਰਮੇਸ਼ੁਰ ਨੇ ਲਾਬਾਨ ਅਰਾਮੀ+ ਨੂੰ ਰਾਤ ਨੂੰ ਸੁਪਨੇ ਵਿਚ+ ਪ੍ਰਗਟ ਹੋ ਕੇ ਕਿਹਾ: “ਖ਼ਬਰਦਾਰ ਜੇ ਤੂੰ ਉਸ ਨੂੰ ਕੁਝ ਵੀ ਬੁਰਾ-ਭਲਾ ਕਿਹਾ!”+
25 ਯਾਕੂਬ ਨੇ ਗਿਲਆਦ ਦੇ ਪਹਾੜੀ ਇਲਾਕੇ ਵਿਚ ਤੰਬੂ ਲਾਏ ਹੋਏ ਸਨ ਅਤੇ ਲਾਬਾਨ ਤੇ ਉਸ ਦੇ ਬੰਦਿਆਂ ਨੇ ਵੀ ਗਿਲਆਦ ਦੇ ਪਹਾੜੀ ਇਲਾਕੇ ਵਿਚ ਤੰਬੂ ਲਾ ਲਏ। ਫਿਰ ਲਾਬਾਨ ਆ ਕੇ ਉਸ ਨੂੰ ਮਿਲਿਆ। 26 ਲਾਬਾਨ ਨੇ ਯਾਕੂਬ ਨੂੰ ਕਿਹਾ: “ਤੂੰ ਇਹ ਕੀ ਕੀਤਾ? ਤੂੰ ਮੇਰੇ ਨਾਲ ਹੁਸ਼ਿਆਰੀ ਕਿਉਂ ਵਰਤੀ ਅਤੇ ਮੇਰੀਆਂ ਧੀਆਂ ਨੂੰ ਇਸ ਤਰ੍ਹਾਂ ਕਿਉਂ ਲੈ ਆਇਆਂ ਜਿਵੇਂ ਕੋਈ ਤਲਵਾਰ ਦੇ ਜ਼ੋਰ ʼਤੇ ਕਿਸੇ ਨੂੰ ਬੰਦੀ ਬਣਾ ਕੇ ਲਿਜਾਂਦਾ ਹੈ? 27 ਤੂੰ ਮੇਰੇ ਨਾਲ ਚਲਾਕੀ ਕਿਉਂ ਵਰਤੀ? ਤੂੰ ਚੋਰੀ-ਚੋਰੀ ਕਿਉਂ ਭੱਜਿਆ, ਮੈਨੂੰ ਦੱਸਿਆ ਕਿਉਂ ਨਹੀਂ? ਜੇ ਤੂੰ ਮੈਨੂੰ ਦੱਸਿਆ ਹੁੰਦਾ, ਤਾਂ ਅਸੀਂ ਗੀਤ ਗਾ ਕੇ, ਡਫਲੀ ਤੇ ਰਬਾਬ ਵਜਾ ਕੇ ਖ਼ੁਸ਼ੀ-ਖ਼ੁਸ਼ੀ ਤੈਨੂੰ ਵਿਦਾ ਕਰਦੇ। 28 ਪਰ ਤੂੰ ਤਾਂ ਮੈਨੂੰ ਆਪਣੀਆਂ ਧੀਆਂ ਅਤੇ ਬੱਚਿਆਂ* ਨੂੰ ਚੁੰਮਣ ਦਾ ਮੌਕਾ ਤਕ ਨਹੀਂ ਦਿੱਤਾ। ਤੂੰ ਬੜੀ ਮੂਰਖਤਾ ਕੀਤੀ। 29 ਮੈਂ ਆਪਣੀ ਤਾਕਤ ਦੇ ਦਮ ʼਤੇ ਤੇਰੇ ਨਾਲ ਕੁਝ ਵੀ ਕਰ ਸਕਦਾਂ, ਪਰ ਕੱਲ੍ਹ ਰਾਤ ਤੇਰੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਮੈਨੂੰ ਕਿਹਾ: ‘ਖ਼ਬਰਦਾਰ ਜੇ ਤੂੰ ਉਸ ਨੂੰ ਕੁਝ ਵੀ ਬੁਰਾ-ਭਲਾ ਕਿਹਾ!’+ 30 ਤੂੰ ਆਪਣੇ ਪਿਤਾ ਦੇ ਘਰ ਜਾਣ ਲਈ ਤਰਸ ਰਿਹਾ ਸੀ। ਹੁਣ ਤੂੰ ਇੱਥੇ ਆ ਗਿਆ ਹੈਂ। ਪਰ ਦੱਸ ਕਿ ਤੂੰ ਮੇਰੇ ਬੁੱਤ ਕਿਉਂ ਚੋਰੀ ਕੀਤੇ।”+
31 ਯਾਕੂਬ ਨੇ ਲਾਬਾਨ ਨੂੰ ਕਿਹਾ: “ਮੈਂ ਡਰਦਾ ਸੀ ਕਿਉਂਕਿ ਮੈਂ ਸੋਚਿਆ ਕਿ ਤੂੰ ਧੱਕੇ ਨਾਲ ਆਪਣੀਆਂ ਕੁੜੀਆਂ ਮੇਰੇ ਤੋਂ ਖੋਹ ਲਵੇਂਗਾ। 32 ਹੁਣ ਤੂੰ ਮੇਰੇ ਅਤੇ ਆਪਣੇ ਬੰਦਿਆਂ ਸਾਮ੍ਹਣੇ ਮੇਰੇ ਸਾਮਾਨ ਦੀ ਤਲਾਸ਼ੀ ਲੈ ਤੇ ਜੋ ਕੁਝ ਤੇਰਾ ਹੈ, ਤੂੰ ਲੈ ਸਕਦਾ ਹੈਂ। ਜਿਸ ਕੋਲੋਂ ਵੀ ਤੇਰੇ ਬੁੱਤ ਲੱਭੇ, ਉਹ ਜੀਉਂਦਾ ਨਹੀਂ ਬਚੇਗਾ।” ਪਰ ਯਾਕੂਬ ਨੂੰ ਪਤਾ ਨਹੀਂ ਸੀ ਕਿ ਰਾਕੇਲ ਨੇ ਉਹ ਬੁੱਤ ਚੋਰੀ ਕੀਤੇ ਸਨ। 33 ਇਸ ਲਈ ਲਾਬਾਨ ਯਾਕੂਬ ਦੇ ਤੰਬੂ ਵਿਚ ਅਤੇ ਲੇਆਹ ਦੇ ਤੰਬੂ ਵਿਚ ਅਤੇ ਦੋਵੇਂ ਨੌਕਰਾਣੀਆਂ+ ਦੇ ਤੰਬੂਆਂ ਵਿਚ ਤਲਾਸ਼ੀ ਲੈਣ ਗਿਆ, ਪਰ ਉਸ ਨੂੰ ਬੁੱਤ ਨਹੀਂ ਲੱਭੇ। ਫਿਰ ਉਹ ਲੇਆਹ ਦੇ ਤੰਬੂ ਵਿੱਚੋਂ ਨਿਕਲ ਕੇ ਰਾਕੇਲ ਦੇ ਤੰਬੂ ਵਿਚ ਆਇਆ। 34 ਰਾਕੇਲ ਉਨ੍ਹਾਂ ਬੁੱਤਾਂ ਨੂੰ ਊਠ ਦੀ ਕਾਠੀ* ਵਿਚ ਲੁਕਾ ਕੇ ਉਨ੍ਹਾਂ ਉੱਤੇ ਬੈਠੀ ਹੋਈ ਸੀ। ਇਸ ਲਈ ਪੂਰੇ ਤੰਬੂ ਦੀ ਤਲਾਸ਼ੀ ਲੈਣ ਤੋਂ ਬਾਅਦ ਵੀ ਲਾਬਾਨ ਨੂੰ ਬੁੱਤ ਨਹੀਂ ਲੱਭੇ। 35 ਫਿਰ ਰਾਕੇਲ ਨੇ ਆਪਣੇ ਪਿਤਾ ਨੂੰ ਕਿਹਾ: “ਮੇਰੇ ਸੁਆਮੀ, ਮੇਰੇ ʼਤੇ ਗੁੱਸਾ ਨਾ ਕਰੀਂ ਕਿਉਂਕਿ ਮੈਂ ਇਸ ਵੇਲੇ ਤੀਵੀਆਂ ਵਾਲੀ ਹਾਲਤ ਵਿਚ ਹੋਣ ਕਰਕੇ ਉੱਠ ਨਹੀਂ ਸਕਦੀ।”+ ਇਸ ਲਈ ਧਿਆਨ ਨਾਲ ਤਲਾਸ਼ੀ ਲੈਣ ਤੋਂ ਬਾਅਦ ਵੀ ਲਾਬਾਨ ਨੂੰ ਬੁੱਤ ਨਹੀਂ ਲੱਭੇ।+
36 ਫਿਰ ਯਾਕੂਬ ਨੂੰ ਗੁੱਸਾ ਆ ਗਿਆ ਅਤੇ ਉਹ ਲਾਬਾਨ ਨਾਲ ਝਗੜਨ ਲੱਗਾ। ਉਸ ਨੇ ਲਾਬਾਨ ਨੂੰ ਕਿਹਾ: “ਮੇਰਾ ਕੀ ਦੋਸ਼ ਹੈ ਅਤੇ ਮੇਰੇ ਤੋਂ ਕੀ ਗੁਨਾਹ ਹੋਇਆ ਕਿ ਤੂੰ ਦਗੜ-ਦਗੜ ਕਰਦਾ ਮੇਰੇ ਪਿੱਛੇ ਆਇਆਂ? 37 ਤੂੰ ਹੁਣ ਮੇਰੇ ਸਾਰੇ ਸਾਮਾਨ ਦੀ ਤਲਾਸ਼ੀ ਲੈ ਲਈ ਹੈ। ਦੱਸ ਤੈਨੂੰ ਆਪਣੀ ਕੋਈ ਚੀਜ਼ ਲੱਭੀ। ਉਹ ਚੀਜ਼ ਮੇਰੇ ਅਤੇ ਆਪਣੇ ਬੰਦਿਆਂ ਦੇ ਸਾਮ੍ਹਣੇ ਰੱਖ ਤਾਂਕਿ ਉਹ ਫ਼ੈਸਲਾ ਕਰਨ ਕਿ ਸਾਡੇ ਦੋਹਾਂ ਵਿੱਚੋਂ ਕੌਣ ਬੇਕਸੂਰ ਹੈ। 38 ਮੈਂ 20 ਸਾਲ ਤੇਰੇ ਨਾਲ ਰਿਹਾ ਅਤੇ ਇਨ੍ਹਾਂ ਸਾਲਾਂ ਦੌਰਾਨ ਨਾ ਤਾਂ ਤੇਰੀਆਂ ਭੇਡਾਂ-ਬੱਕਰੀਆਂ ਦੇ ਗਰਭ ਡਿਗੇ+ ਅਤੇ ਨਾ ਕਦੀ ਮੈਂ ਤੇਰੇ ਇੱਜੜ ਵਿੱਚੋਂ ਭੇਡੂ ਲੈ ਕੇ ਖਾਧੇ। 39 ਜੇ ਕੋਈ ਜੰਗਲੀ ਜਾਨਵਰ ਕਿਸੇ ਭੇਡ ਜਾਂ ਬੱਕਰੀ ਨੂੰ ਮਾਰ ਦਿੰਦਾ ਸੀ,+ ਤਾਂ ਮੈਂ ਉਸ ਨੂੰ ਤੇਰੇ ਕੋਲ ਲਿਆ ਕੇ ਆਪਣੀ ਬੇਗੁਨਾਹੀ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਸੀ, ਸਗੋਂ ਉਸ ਦਾ ਨੁਕਸਾਨ ਮੈਂ ਆਪ ਝੱਲਦਾ ਸੀ। ਜੇ ਦਿਨੇ ਜਾਂ ਰਾਤ ਨੂੰ ਕੋਈ ਜਾਨਵਰ ਚੋਰੀ ਹੋ ਜਾਂਦਾ ਸੀ, ਤਾਂ ਤੂੰ ਮੈਨੂੰ ਘਾਟਾ ਪੂਰਾ ਕਰਨ ਲਈ ਕਹਿੰਦਾ ਸੀ। 40 ਦਿਨੇ ਧੁੱਪ ਨਾਲ ਤੇ ਰਾਤ ਨੂੰ ਠੰਢ ਨਾਲ ਮੈਂ ਹਾਲੋ ਬੇਹਾਲ ਹੁੰਦਾ ਸੀ ਅਤੇ ਮੇਰੀਆਂ ਅੱਖਾਂ ਵਿੱਚੋਂ ਨੀਂਦ ਉੱਡ ਜਾਂਦੀ ਸੀ।+ 41 ਮੈਂ 20 ਸਾਲ ਤੇਰੇ ਘਰ ਰਹਿੰਦਿਆਂ ਮਜ਼ਦੂਰੀ ਕੀਤੀ, 14 ਸਾਲ ਤੇਰੀਆਂ ਧੀਆਂ ਲਈ ਅਤੇ 6 ਸਾਲ ਤੇਰੇ ਇੱਜੜ ਲਈ ਅਤੇ ਤੂੰ ਦਸ ਵਾਰ ਮੇਰੀ ਮਜ਼ਦੂਰੀ ਬਦਲੀ।+ 42 ਜੇ ਅਬਰਾਹਾਮ ਦਾ ਪਰਮੇਸ਼ੁਰ+ ਅਤੇ ਮੇਰੇ ਪਿਤਾ ਇਸਹਾਕ ਦਾ ਪਰਮੇਸ਼ੁਰ ਜਿਸ ਦਾ ਉਹ ਡਰ ਮੰਨਦਾ ਹੈ,+ ਮੇਰੇ ਨਾਲ ਨਾ ਹੁੰਦਾ, ਤਾਂ ਤੂੰ ਮੈਨੂੰ ਖਾਲੀ ਹੱਥ ਤੋਰ ਦੇਣਾ ਸੀ। ਪਰਮੇਸ਼ੁਰ ਨੇ ਮੇਰਾ ਦਰਦ ਅਤੇ ਮੇਰੇ ਹੱਥਾਂ ਦੀ ਮਿਹਨਤ ਦੇਖੀ ਹੈ, ਇਸੇ ਕਰਕੇ ਉਸ ਨੇ ਕੱਲ੍ਹ ਰਾਤ ਤੈਨੂੰ ਝਿੜਕਿਆ ਸੀ।”+
43 ਫਿਰ ਲਾਬਾਨ ਨੇ ਯਾਕੂਬ ਨੂੰ ਜਵਾਬ ਦਿੱਤਾ: “ਇਹ ਮੇਰੀਆਂ ਆਪਣੀਆਂ ਧੀਆਂ ਹਨ ਅਤੇ ਇਹ ਬੱਚੇ ਮੇਰੇ ਬੱਚੇ ਹਨ ਅਤੇ ਇਹ ਇੱਜੜ ਮੇਰਾ ਇੱਜੜ ਹੈ ਅਤੇ ਜੋ ਵੀ ਤੂੰ ਦੇਖ ਰਿਹਾ ਹੈਂ, ਉਹ ਮੇਰਾ ਅਤੇ ਮੇਰੀਆਂ ਧੀਆਂ ਦਾ ਹੈ। ਕੀ ਮੈਂ ਅੱਜ ਇਨ੍ਹਾਂ ਜਾਂ ਇਨ੍ਹਾਂ ਦੇ ਢਿੱਡੋਂ ਜਾਏ ਬੱਚਿਆਂ ਖ਼ਿਲਾਫ਼ ਆਪਣਾ ਹੱਥ ਚੁੱਕ ਸਕਦਾ ਹਾਂ? 44 ਇਸ ਲਈ ਚੱਲ ਆਪਾਂ ਦੋਵੇਂ ਸ਼ਾਂਤੀ ਦਾ ਇਕਰਾਰ ਕਰੀਏ ਅਤੇ ਇਹ ਇਕਰਾਰ ਆਪਣੇ ਦੋਹਾਂ ਵਿਚ ਗਵਾਹ ਹੋਵੇਗਾ।” 45 ਇਸ ਲਈ ਯਾਕੂਬ ਨੇ ਇਕ ਪੱਥਰ ਲੈ ਕੇ ਉਸ ਨੂੰ ਇਕ ਯਾਦਗਾਰ ਦੇ ਤੌਰ ਤੇ ਖੜ੍ਹਾ ਕੀਤਾ।+ 46 ਫਿਰ ਯਾਕੂਬ ਨੇ ਆਪਣੇ ਬੰਦਿਆਂ ਨੂੰ ਕਿਹਾ: “ਹੋਰ ਪੱਥਰ ਲੈ ਕੇ ਆਓ!” ਉਨ੍ਹਾਂ ਨੇ ਪੱਥਰਾਂ ਦਾ ਢੇਰ ਲਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪੱਥਰਾਂ ਦੇ ਢੇਰ ਦੇ ਨੇੜੇ ਖਾਧਾ। 47 ਲਾਬਾਨ ਨੇ ਇਸ ਢੇਰ ਦਾ ਨਾਂ ਯਗਰ-ਸਾਹਦੂਥਾ* ਰੱਖਿਆ, ਪਰ ਯਾਕੂਬ ਨੇ ਇਸ ਦਾ ਨਾਂ ਗਲੇਦ* ਰੱਖਿਆ।
48 ਫਿਰ ਲਾਬਾਨ ਨੇ ਕਿਹਾ: “ਇਹ ਢੇਰ ਅੱਜ ਮੇਰੇ ਤੇ ਤੇਰੇ ਵਿਚ ਗਵਾਹ ਹੈ।” ਇਸੇ ਕਰਕੇ ਯਾਕੂਬ ਨੇ ਇਸ ਦਾ ਨਾਂ ਗਲੇਦ+ 49 ਅਤੇ ਪਹਿਰਾਬੁਰਜ ਰੱਖਿਆ ਕਿਉਂਕਿ ਲਾਬਾਨ ਨੇ ਕਿਹਾ: “ਜਦੋਂ ਅਸੀਂ ਇਕ-ਦੂਸਰੇ ਦੀਆਂ ਨਜ਼ਰਾਂ ਤੋਂ ਦੂਰ ਹੋਈਏ, ਤਾਂ ਯਹੋਵਾਹ ਤੇਰੇ ਅਤੇ ਮੇਰੇ ਉੱਤੇ ਨਜ਼ਰ ਰੱਖੇ। 50 ਜੇ ਤੂੰ ਮੇਰੀਆਂ ਧੀਆਂ ਨਾਲ ਬਦਸਲੂਕੀ ਕਰੇਂ ਜਾਂ ਮੇਰੀਆਂ ਧੀਆਂ ਤੋਂ ਇਲਾਵਾ ਹੋਰ ਔਰਤਾਂ ਨਾਲ ਵਿਆਹ ਕਰੇਂ, ਤਾਂ ਯਾਦ ਰੱਖੀਂ ਕਿ ਭਾਵੇਂ ਇਹ ਕਿਸੇ ਇਨਸਾਨ ਨੂੰ ਨਜ਼ਰ ਨਾ ਆਵੇ, ਪਰ ਪਰਮੇਸ਼ੁਰ ਨੂੰ ਦਿਖਾਈ ਦੇਵੇਗਾ ਜੋ ਮੇਰੇ ਅਤੇ ਤੇਰੇ ਵਿਚ ਗਵਾਹ ਹੈ।” 51 ਲਾਬਾਨ ਨੇ ਯਾਕੂਬ ਨੂੰ ਅੱਗੇ ਕਿਹਾ: “ਮੈਂ ਆਪਣੇ ਤੇ ਤੇਰੇ ਵਿਚ ਜੋ ਪੱਥਰਾਂ ਦਾ ਢੇਰ ਅਤੇ ਯਾਦਗਾਰੀ ਥੰਮ੍ਹ ਖੜ੍ਹਾ ਕੀਤਾ ਹੈ, ਉਹ ਇਸ ਇਕਰਾਰ ਦੀ ਨਿਸ਼ਾਨੀ ਹੋਣਗੇ। 52 ਇਹ ਪੱਥਰਾਂ ਦਾ ਢੇਰ ਅਤੇ ਥੰਮ੍ਹ ਗਵਾਹੀ ਦੇਣਗੇ+ ਕਿ ਨਾ ਤਾਂ ਮੈਂ ਤੈਨੂੰ ਨੁਕਸਾਨ ਪਹੁੰਚਾਉਣ ਲਈ ਇਸ ਢੇਰ ਦੇ ਪਾਰ ਜਾਵਾਂਗਾ ਅਤੇ ਨਾ ਹੀ ਤੂੰ ਮੈਨੂੰ ਨੁਕਸਾਨ ਪਹੁੰਚਾਉਣ ਲਈ ਇਸ ਢੇਰ ਦੇ ਪਾਰ ਆਵੇਂਗਾ। 53 ਅਬਰਾਹਾਮ ਦਾ ਪਰਮੇਸ਼ੁਰ,+ ਨਾਹੋਰ ਦਾ ਪਰਮੇਸ਼ੁਰ ਅਤੇ ਉਨ੍ਹਾਂ ਦੇ ਪਿਤਾ ਦਾ ਪਰਮੇਸ਼ੁਰ ਸਾਡੇ ਦੋਹਾਂ ਦਾ ਨਿਆਂ ਕਰੇ।” ਯਾਕੂਬ ਨੇ ਪਰਮੇਸ਼ੁਰ ਦੀ ਸਹੁੰ ਖਾਧੀ ਜਿਸ ਤੋਂ ਉਸ ਦਾ ਪਿਤਾ ਇਸਹਾਕ ਡਰਦਾ ਸੀ।+
54 ਇਸ ਤੋਂ ਬਾਅਦ ਯਾਕੂਬ ਨੇ ਪਹਾੜ ਉੱਤੇ ਬਲ਼ੀ ਚੜ੍ਹਾਈ ਅਤੇ ਸਾਰਿਆਂ* ਨੂੰ ਰੋਟੀ ਲਈ ਸੱਦਿਆ। ਉਨ੍ਹਾਂ ਨੇ ਰੋਟੀ ਖਾਧੀ ਅਤੇ ਉਹ ਰਾਤ ਪਹਾੜ ʼਤੇ ਰਹੇ। 55 ਫਿਰ ਲਾਬਾਨ ਸਵੇਰੇ ਜਲਦੀ ਉੱਠਿਆ ਅਤੇ ਉਸ ਨੇ ਆਪਣੇ ਬੱਚਿਆਂ* ਅਤੇ ਧੀਆਂ ਨੂੰ ਚੁੰਮਿਆ+ ਤੇ ਉਨ੍ਹਾਂ ਨੂੰ ਅਸੀਸਾਂ ਦਿੱਤੀਆਂ।+ ਫਿਰ ਲਾਬਾਨ ਉੱਥੋਂ ਆਪਣੇ ਘਰ ਮੁੜ ਆਇਆ।+
32 ਫਿਰ ਯਾਕੂਬ ਆਪਣੇ ਰਾਹੇ ਪੈ ਗਿਆ ਅਤੇ ਉਸ ਨੂੰ ਪਰਮੇਸ਼ੁਰ ਦੇ ਦੂਤ ਮਿਲੇ। 2 ਉਨ੍ਹਾਂ ਨੂੰ ਦੇਖਦਿਆਂ ਹੀ ਯਾਕੂਬ ਨੇ ਕਿਹਾ: “ਇਹ ਤਾਂ ਪਰਮੇਸ਼ੁਰ ਦੀ ਫ਼ੌਜ ਦੀ ਛਾਉਣੀ ਹੈ!” ਇਸ ਲਈ ਉਸ ਨੇ ਉਸ ਜਗ੍ਹਾ ਦਾ ਨਾਂ ਮਹਨਾਇਮ* ਰੱਖਿਆ।
3 ਫਿਰ ਯਾਕੂਬ ਨੇ ਆਪਣੇ ਬੰਦਿਆਂ ਦੇ ਹੱਥੀਂ ਸੇਈਰ (ਜੋ ਅਦੋਮ+ ਵੀ ਕਹਾਉਂਦਾ ਹੈ) ਵਿਚ ਏਸਾਓ ਲਈ ਸੁਨੇਹਾ ਘੱਲਿਆ।+ 4 ਉਸ ਨੇ ਆਪਣੇ ਬੰਦਿਆਂ ਨੂੰ ਹੁਕਮ ਦਿੱਤਾ: “ਤੁਸੀਂ ਮੇਰੇ ਸੁਆਮੀ ਏਸਾਓ ਨੂੰ ਕਹਿਣਾ, ‘ਤੇਰਾ ਦਾਸ ਯਾਕੂਬ ਕਹਿੰਦਾ ਹੈ: “ਮੈਂ ਲੰਬੇ ਸਮੇਂ ਤਕ ਲਾਬਾਨ ਨਾਲ ਰਿਹਾ।*+ 5 ਹੁਣ ਮੇਰੇ ਕੋਲ ਬਲਦ, ਗਧੇ, ਭੇਡਾਂ ਅਤੇ ਨੌਕਰ-ਨੌਕਰਾਣੀਆਂ ਹਨ।+ ਮੈਂ ਆਪਣੇ ਸੁਆਮੀ ਨੂੰ ਆਪਣੇ ਆਉਣ ਦੀ ਖ਼ਬਰ ਦੇ ਰਿਹਾ ਹਾਂ। ਕਿਰਪਾ ਕਰ ਕੇ ਮੇਰੇ ʼਤੇ ਮਿਹਰ ਕਰੀਂ।”’”
6 ਕੁਝ ਸਮੇਂ ਬਾਅਦ ਉਹ ਬੰਦੇ ਯਾਕੂਬ ਕੋਲ ਵਾਪਸ ਮੁੜ ਆਏ ਅਤੇ ਉਨ੍ਹਾਂ ਨੇ ਦੱਸਿਆ: “ਅਸੀਂ ਤੇਰੇ ਭਰਾ ਏਸਾਓ ਨੂੰ ਮਿਲੇ ਸੀ ਅਤੇ ਹੁਣ ਉਹ ਆਪਣੇ 400 ਬੰਦਿਆਂ ਨੂੰ ਨਾਲ ਲੈ ਕੇ ਤੈਨੂੰ ਮਿਲਣ ਆ ਰਿਹਾ ਹੈ।”+ 7 ਇਹ ਸੁਣ ਕੇ ਯਾਕੂਬ ਬਹੁਤ ਘਬਰਾ ਗਿਆ ਅਤੇ ਚਿੰਤਾ ਵਿਚ ਪੈ ਗਿਆ।+ ਇਸ ਲਈ ਉਸ ਨੇ ਆਪਣੇ ਲੋਕਾਂ ਅਤੇ ਭੇਡਾਂ-ਬੱਕਰੀਆਂ, ਪਾਲਤੂ ਪਸ਼ੂਆਂ ਤੇ ਊਠਾਂ ਨੂੰ ਦੋ ਟੋਲੀਆਂ ਵਿਚ ਵੰਡ ਦਿੱਤਾ। 8 ਉਸ ਨੇ ਕਿਹਾ: “ਜੇ ਏਸਾਓ ਇਕ ਟੋਲੀ ਉੱਤੇ ਹਮਲਾ ਕਰੇਗਾ, ਤਾਂ ਦੂਸਰੀ ਟੋਲੀ ਭੱਜ ਕੇ ਬਚ ਜਾਵੇਗੀ।”
9 ਇਸ ਤੋਂ ਬਾਅਦ ਯਾਕੂਬ ਨੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਮੇਰੇ ਦਾਦੇ ਅਬਰਾਹਾਮ ਦੇ ਪਰਮੇਸ਼ੁਰ ਅਤੇ ਮੇਰੇ ਪਿਤਾ ਇਸਹਾਕ ਦੇ ਪਰਮੇਸ਼ੁਰ, ਤੂੰ ਮੈਨੂੰ ਕਿਹਾ ਸੀ, ‘ਆਪਣੇ ਦੇਸ਼ ਅਤੇ ਆਪਣੇ ਰਿਸ਼ਤੇਦਾਰਾਂ ਕੋਲ ਮੁੜ ਜਾਹ ਅਤੇ ਮੈਂ ਤੈਨੂੰ ਬਰਕਤਾਂ ਦਿਆਂਗਾ,’+ 10 ਤੂੰ ਮੈਨੂੰ ਅਟੱਲ ਪਿਆਰ ਦਿਖਾਇਆ ਹੈ ਅਤੇ ਮੇਰੇ ਨਾਲ ਵਫ਼ਾਦਾਰੀ ਨਿਭਾਈ ਹੈ। ਮੈਂ ਤੇਰਾ ਸੇਵਕ ਇਸ ਦੇ ਕਾਬਲ ਨਹੀਂ ਹਾਂ।+ ਮੈਂ ਜਦੋਂ ਇਹ ਯਰਦਨ ਦਰਿਆ ਪਾਰ ਕੀਤਾ ਸੀ, ਤਾਂ ਮੇਰੇ ਹੱਥ ਵਿਚ ਸਿਰਫ਼ ਡੰਡਾ ਸੀ, ਪਰ ਹੁਣ ਮੇਰੇ ਕੋਲ ਇੰਨੇ ਸਾਰੇ ਲੋਕ ਅਤੇ ਜਾਨਵਰ ਹਨ ਕਿ ਉਨ੍ਹਾਂ ਦੀਆਂ ਦੋ ਟੋਲੀਆਂ ਬਣ ਗਈਆਂ ਹਨ।+ 11 ਮੇਰੀ ਤੇਰੇ ਅੱਗੇ ਬੇਨਤੀ ਹੈ+ ਕਿ ਮੈਨੂੰ ਮੇਰੇ ਭਰਾ ਏਸਾਓ ਦੇ ਹੱਥੋਂ ਬਚਾ। ਮੈਨੂੰ ਡਰ ਹੈ ਕਿ ਉਹ ਮੇਰੇ ਉੱਤੇ+ ਅਤੇ ਔਰਤਾਂ ਤੇ ਬੱਚਿਆਂ ਉੱਤੇ ਹਮਲਾ ਨਾ ਕਰ ਦੇਵੇ। 12 ਤੂੰ ਮੈਨੂੰ ਕਿਹਾ ਸੀ: ‘ਮੈਂ ਤੈਨੂੰ ਜ਼ਰੂਰ ਬਰਕਤ ਦਿਆਂਗਾ ਅਤੇ ਤੇਰੀ ਸੰਤਾਨ* ਨੂੰ ਸਮੁੰਦਰ ਦੀ ਰੇਤ ਦੇ ਕਿਣਕਿਆਂ ਜਿੰਨੀ ਵਧਾਵਾਂਗਾ ਜਿਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ।’”+
13 ਉਹ ਰਾਤ ਉੱਥੇ ਰਿਹਾ। ਫਿਰ ਉਸ ਨੇ ਆਪਣੇ ਕੁਝ ਜਾਨਵਰ ਏਸਾਓ ਲਈ ਤੋਹਫ਼ੇ ਵਜੋਂ ਘੱਲੇ।+ 14 ਉਸ ਨੇ 200 ਬੱਕਰੀਆਂ, 20 ਬੱਕਰੇ, 200 ਭੇਡਾਂ, 20 ਭੇਡੂ, 15 30 ਦੁੱਧ ਚੁੰਘਾਉਣ ਵਾਲੀਆਂ ਊਠਣੀਆਂ, 40 ਗਾਂਵਾਂ, 10 ਬਲਦ, 20 ਗਧੀਆਂ ਤੇ 10 ਗਧੇ ਘੱਲੇ।+
16 ਉਸ ਨੇ ਇਹ ਸਾਰੇ ਜਾਨਵਰ ਆਪਣੇ ਨੌਕਰਾਂ ਨੂੰ ਦੇ ਕੇ ਕਿਹਾ: “ਮੇਰੇ ਅੱਗੇ-ਅੱਗੇ ਯਬੋਕ ਨਦੀ ਪਾਰ ਕਰੋ ਅਤੇ ਤੁਸੀਂ ਹਰ ਝੁੰਡ ਵਿਚ ਕੁਝ ਫ਼ਾਸਲਾ ਰੱਖੋ।” 17 ਉਸ ਨੇ ਪਹਿਲੇ ਨੌਕਰ ਨੂੰ ਹੁਕਮ ਦਿੱਤਾ: “ਜੇ ਤੈਨੂੰ ਮੇਰਾ ਭਰਾ ਏਸਾਓ ਮਿਲੇ ਤੇ ਪੁੱਛੇ, ‘ਤੇਰਾ ਮਾਲਕ ਕੌਣ ਹੈ ਅਤੇ ਤੂੰ ਕਿੱਥੇ ਜਾ ਰਿਹਾ ਹੈਂ ਅਤੇ ਇਹ ਜਾਨਵਰ ਕਿਸ ਦੇ ਹਨ?’ 18 ਤਾਂ ਤੂੰ ਕਹੀਂ, ‘ਮੈਂ ਤੇਰੇ ਸੇਵਕ ਯਾਕੂਬ ਦਾ ਨੌਕਰ ਹਾਂ। ਇਹ ਤੋਹਫ਼ਾ ਮੇਰੇ ਸੁਆਮੀ ਏਸਾਓ ਲਈ ਹੈ।+ ਨਾਲੇ ਮੇਰਾ ਮਾਲਕ ਆਪ ਵੀ ਸਾਡੇ ਪਿੱਛੇ-ਪਿੱਛੇ ਆ ਰਿਹਾ ਹੈ।’” 19 ਉਸ ਨੇ ਜਾਨਵਰ ਲਿਜਾ ਰਹੇ ਦੂਸਰੇ, ਤੀਸਰੇ ਅਤੇ ਬਾਕੀ ਸਾਰੇ ਨੌਕਰਾਂ ਨੂੰ ਵੀ ਇਹੀ ਹੁਕਮ ਦਿੱਤਾ: “ਜਦੋਂ ਤੁਸੀਂ ਏਸਾਓ ਨੂੰ ਮਿਲੋ, ਤਾਂ ਤੁਸੀਂ ਇਹੀ ਕਹਿਓ। 20 ਨਾਲੇ ਤੁਸੀਂ ਕਹਿਣਾ, ‘ਤੇਰਾ ਸੇਵਕ ਯਾਕੂਬ ਸਾਡੇ ਪਿੱਛੇ-ਪਿੱਛੇ ਆ ਰਿਹਾ ਹੈ।’” ਉਸ ਨੇ ਆਪਣੇ ਮਨ ਵਿਚ ਕਿਹਾ: ‘ਜੇ ਮੈਂ ਆਪਣੇ ਅੱਗੇ-ਅੱਗੇ ਤੋਹਫ਼ੇ ਘੱਲ ਕੇ ਉਸ ਨੂੰ ਖ਼ੁਸ਼ ਕਰ ਦੇਵਾਂ+ ਤੇ ਫਿਰ ਉਸ ਨੂੰ ਮਿਲਾਂ, ਤਾਂ ਉਹ ਸ਼ਾਇਦ ਮੈਨੂੰ ਪਿਆਰ ਨਾਲ ਮਿਲੇ।’ 21 ਇਸ ਲਈ ਨੌਕਰ ਸਾਰੇ ਤੋਹਫ਼ੇ ਲੈ ਕੇ ਉਸ ਦੇ ਅੱਗੇ-ਅੱਗੇ ਯਬੋਕ ਨਦੀ ਪਾਰ ਕਰ ਗਏ, ਪਰ ਉਹ ਆਪ ਰਾਤ ਨੂੰ ਆਪਣੇ ਡੇਰੇ ਵਿਚ ਰਿਹਾ।
22 ਬਾਅਦ ਵਿਚ ਉਹ ਰਾਤ ਨੂੰ ਉੱਠਿਆ ਅਤੇ ਆਪਣੀਆਂ ਦੋਵੇਂ ਪਤਨੀਆਂ+ ਤੇ ਦੋਵੇਂ ਨੌਕਰਾਣੀਆਂ+ ਅਤੇ ਆਪਣੇ 11 ਪੁੱਤਰਾਂ ਨੂੰ ਲੈ ਕੇ ਯਬੋਕ ਨਦੀ ਪਾਰ ਕੀਤੀ।+ 23 ਉਹ ਉਨ੍ਹਾਂ ਨੂੰ ਲੈ ਕੇ ਨਦੀ ਦੇ ਪਾਰ ਚਲਾ ਗਿਆ ਅਤੇ ਆਪਣੇ ਨਾਲ ਆਪਣਾ ਸਭ ਕੁਝ ਲੈ ਗਿਆ।
24 ਅਖ਼ੀਰ ਜਦ ਉਹ ਇਕੱਲਾ ਸੀ, ਤਾਂ ਇਕ ਆਦਮੀ* ਸਵੇਰਾ ਹੋਣ ਤਕ ਉਸ ਨਾਲ ਘੁਲ਼ਦਾ ਰਿਹਾ।+ 25 ਜਦੋਂ ਉਸ ਆਦਮੀ ਨੇ ਦੇਖਿਆ ਕਿ ਉਹ ਯਾਕੂਬ ਤੋਂ ਜਿੱਤ ਨਹੀਂ ਸਕਦਾ ਸੀ, ਤਾਂ ਉਸ ਨੇ ਉਸ ਦੇ ਚੂਲ਼ੇ ਨੂੰ ਹੱਥ ਲਾਇਆ। ਇਸ ਕਰਕੇ ਉਸ ਆਦਮੀ ਨਾਲ ਘੁਲ਼ਦੇ ਵੇਲੇ ਯਾਕੂਬ ਦਾ ਚੂਲ਼ਾ ਆਪਣੀ ਜਗ੍ਹਾ ਤੋਂ ਹਿੱਲ ਗਿਆ।+ 26 ਬਾਅਦ ਵਿਚ ਉਸ ਆਦਮੀ ਨੇ ਕਿਹਾ: “ਮੈਨੂੰ ਜਾਣ ਦੇ ਕਿਉਂਕਿ ਦਿਨ ਚੜ੍ਹਨ ਵਾਲਾ ਹੈ।” ਯਾਕੂਬ ਨੇ ਕਿਹਾ: “ਮੈਂ ਤੈਨੂੰ ਉਦੋਂ ਤਕ ਨਹੀਂ ਜਾਣ ਦਿਆਂਗਾ ਜਦ ਤਕ ਤੂੰ ਮੈਨੂੰ ਬਰਕਤ ਨਹੀਂ ਦਿੰਦਾ।”+ 27 ਇਸ ਲਈ ਉਸ ਆਦਮੀ ਨੇ ਉਸ ਨੂੰ ਪੁੱਛਿਆ: “ਤੇਰਾ ਨਾਂ ਕੀ ਹੈ?” ਉਸ ਨੇ ਜਵਾਬ ਦਿੱਤਾ: “ਯਾਕੂਬ।” 28 ਫਿਰ ਉਸ ਨੇ ਕਿਹਾ: “ਹੁਣ ਤੋਂ ਤੇਰਾ ਨਾਂ ਯਾਕੂਬ ਨਹੀਂ, ਸਗੋਂ ਇਜ਼ਰਾਈਲ* ਹੋਵੇਗਾ+ ਕਿਉਂਕਿ ਤੂੰ ਪਰਮੇਸ਼ੁਰ ਅਤੇ ਇਨਸਾਨਾਂ ਨਾਲ ਘੁਲ਼ਿਆ+ ਹੈਂ ਅਤੇ ਜਿੱਤਿਆ ਹੈਂ।” 29 ਫਿਰ ਯਾਕੂਬ ਨੇ ਉਸ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਆਪਣਾ ਨਾਂ ਦੱਸ।” ਪਰ ਉਸ ਨੇ ਕਿਹਾ: “ਤੂੰ ਮੇਰਾ ਨਾਂ ਕਿਉਂ ਪੁੱਛਦਾ ਹੈਂ?”+ ਫਿਰ ਉਸ ਨੇ ਯਾਕੂਬ ਨੂੰ ਬਰਕਤ ਦਿੱਤੀ। 30 ਇਸ ਲਈ ਯਾਕੂਬ ਨੇ ਉਸ ਜਗ੍ਹਾ ਦਾ ਨਾਂ ਪਨੀਏਲ*+ ਰੱਖਿਆ ਕਿਉਂਕਿ ਉਸ ਨੇ ਕਿਹਾ, “ਮੈਂ ਪਰਮੇਸ਼ੁਰ ਨੂੰ ਆਮ੍ਹੋ-ਸਾਮ੍ਹਣੇ ਦੇਖਿਆ ਹੈ, ਫਿਰ ਵੀ ਮੇਰੀ ਜਾਨ ਬਚ ਗਈ।”+
31 ਜਦੋਂ ਸੂਰਜ ਚੜ੍ਹਿਆ, ਉਹ ਪਨੂਏਲ* ਕੋਲੋਂ ਲੰਘਿਆ ਅਤੇ ਉਹ ਉਸ ਵੇਲੇ ਲੰਗੜਾ ਕੇ ਤੁਰ ਰਿਹਾ ਸੀ ਕਿਉਂਕਿ ਉਸ ਦਾ ਚੂਲ਼ਾ ਹਿੱਲ ਗਿਆ ਸੀ।+ 32 ਇਸੇ ਕਰਕੇ ਅੱਜ ਤਕ ਇਜ਼ਰਾਈਲੀ ਜਾਨਵਰਾਂ ਦੇ ਪੱਟ ਦੀ ਨਾੜ ਨਹੀਂ ਖਾਂਦੇ ਜੋ ਚੂਲ਼ੇ ਦੇ ਜੋੜ ʼਤੇ ਹੁੰਦੀ ਹੈ ਕਿਉਂਕਿ ਉਸ ਆਦਮੀ ਨੇ ਯਾਕੂਬ ਦੇ ਚੂਲ਼ੇ ਕੋਲ ਪੱਟ ਦੀ ਨਾੜ ਨੂੰ ਹੱਥ ਲਾਇਆ ਸੀ।
33 ਫਿਰ ਯਾਕੂਬ ਨੇ ਦੇਖਿਆ ਕਿ ਏਸਾਓ 400 ਬੰਦਿਆਂ ਨਾਲ ਉਸ ਵੱਲ ਆ ਰਿਹਾ ਸੀ।+ ਇਸ ਲਈ ਉਸ ਨੇ ਲੇਆਹ, ਰਾਕੇਲ ਅਤੇ ਆਪਣੀਆਂ ਦੋਵੇਂ ਨੌਕਰਾਣੀਆਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਬੱਚੇ ਆਪਣੇ ਨਾਲ ਰੱਖਣ।+ 2 ਉਸ ਨੇ ਆਪਣੀਆਂ ਨੌਕਰਾਣੀਆਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਸਾਰਿਆਂ ਤੋਂ ਅੱਗੇ ਕਰ ਦਿੱਤਾ,+ ਫਿਰ ਉਨ੍ਹਾਂ ਦੇ ਪਿੱਛੇ ਲੇਆਹ ਤੇ ਉਸ ਦੇ ਬੱਚਿਆਂ ਨੂੰ ਕਰ ਦਿੱਤਾ+ ਅਤੇ ਸਭ ਤੋਂ ਪਿੱਛੇ ਰਾਕੇਲ+ ਤੇ ਯੂਸੁਫ਼ ਨੂੰ ਕਰ ਦਿੱਤਾ। 3 ਫਿਰ ਉਹ ਆਪ ਉਨ੍ਹਾਂ ਤੋਂ ਅੱਗੇ ਚਲਾ ਗਿਆ ਅਤੇ ਆਪਣੇ ਭਰਾ ਵੱਲ ਜਾਂਦੇ ਹੋਏ ਉਸ ਨੇ ਸੱਤ ਵਾਰ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ।
4 ਤਦ ਏਸਾਓ ਭੱਜ ਕੇ ਉਸ ਨੂੰ ਮਿਲਿਆ ਅਤੇ ਉਸ ਨੂੰ ਗਲ਼ੇ ਲਾ ਕੇ ਚੁੰਮਿਆ ਅਤੇ ਉਹ ਦੋਵੇਂ ਜਣੇ ਭੁੱਬਾਂ ਮਾਰ ਕੇ ਰੋਣ ਲੱਗ ਪਏ। 5 ਫਿਰ ਉਸ ਨੇ ਔਰਤਾਂ ਅਤੇ ਬੱਚਿਆਂ ਨੂੰ ਦੇਖ ਕੇ ਯਾਕੂਬ ਨੂੰ ਪੁੱਛਿਆ: “ਇਹ ਤੇਰੇ ਨਾਲ ਕੌਣ ਹਨ?” ਯਾਕੂਬ ਨੇ ਕਿਹਾ: “ਇਹ ਬੱਚੇ ਪਰਮੇਸ਼ੁਰ ਦੀ ਦਾਤ ਹਨ ਜੋ ਉਸ ਨੇ ਤੇਰੇ ਸੇਵਕ ਨੂੰ ਦਿੱਤੀ ਹੈ।”+ 6 ਫਿਰ ਨੌਕਰਾਣੀਆਂ ਨੇ ਆਪਣੇ ਬੱਚਿਆਂ ਨਾਲ ਆ ਕੇ ਏਸਾਓ ਨੂੰ ਝੁਕ ਕੇ ਨਮਸਕਾਰ ਕੀਤਾ 7 ਅਤੇ ਉਨ੍ਹਾਂ ਤੋਂ ਬਾਅਦ ਲੇਆਹ ਨੇ ਆਪਣੇ ਬੱਚਿਆਂ ਨਾਲ ਆ ਕੇ ਉਸ ਨੂੰ ਝੁਕ ਕੇ ਨਮਸਕਾਰ ਕੀਤਾ। ਫਿਰ ਯੂਸੁਫ਼ ਨੇ ਰਾਕੇਲ ਨਾਲ ਆ ਕੇ ਉਸ ਨੂੰ ਝੁਕ ਕੇ ਨਮਸਕਾਰ ਕੀਤਾ।+
8 ਏਸਾਓ ਨੇ ਕਿਹਾ: “ਕੁਝ ਲੋਕ ਮੇਰੇ ਕੋਲ ਜਾਨਵਰਾਂ ਦੇ ਝੁੰਡ ਲੈ ਕੇ ਆਏ ਸਨ। ਤੂੰ ਉਹ ਕਿਸ ਲਈ ਘੱਲੇ ਸਨ?”+ ਯਾਕੂਬ ਨੇ ਜਵਾਬ ਦਿੱਤਾ: “ਤਾਂਕਿ ਮੇਰੇ ਸੁਆਮੀ ਦੀ ਮੇਰੇ ʼਤੇ ਮਿਹਰ ਹੋਵੇ।”+ 9 ਫਿਰ ਏਸਾਓ ਨੇ ਕਿਹਾ: “ਸੁਣ ਮੇਰੇ ਵੀਰ, ਮੇਰੇ ਕੋਲ ਤਾਂ ਪਹਿਲਾਂ ਹੀ ਬਹੁਤ ਕੁਝ ਹੈ।+ ਇਹ ਤੋਹਫ਼ੇ ਜੋ ਤੂੰ ਘੱਲੇ ਹਨ, ਵਾਪਸ ਲੈ ਲਾ।” 10 ਪਰ ਯਾਕੂਬ ਨੇ ਕਿਹਾ: “ਜੇ ਮੇਰੇ ʼਤੇ ਤੇਰੀ ਮਿਹਰ ਹੋਈ ਹੈ, ਤਾਂ ਕਿਰਪਾ ਕਰ ਕੇ ਇਹ ਤੋਹਫ਼ੇ ਕਬੂਲ ਕਰ ਕਿਉਂਕਿ ਮੈਂ ਇਹ ਇਸ ਲਈ ਘੱਲੇ ਸਨ ਤਾਂਕਿ ਮੈਂ ਤੇਰਾ ਚਿਹਰਾ ਦੇਖ ਸਕਾਂ। ਤੇਰਾ ਚਿਹਰਾ ਦੇਖਣਾ ਮੇਰੇ ਲਈ ਪਰਮੇਸ਼ੁਰ ਦਾ ਚਿਹਰਾ ਦੇਖਣ ਦੇ ਬਰਾਬਰ ਹੈ ਕਿਉਂਕਿ ਤੂੰ ਮੈਨੂੰ ਖ਼ੁਸ਼ੀ-ਖ਼ੁਸ਼ੀ ਮਿਲਿਆ ਹੈਂ।+ 11 ਮਿਹਰਬਾਨੀ ਕਰ ਕੇ ਇਹ ਤੋਹਫ਼ੇ ਰੱਖ ਲੈ। ਮੇਰੀ ਦਿਲੀ ਇੱਛਾ ਹੈ ਕਿ ਤੇਰਾ ਹਮੇਸ਼ਾ ਭਲਾ ਹੋਵੇ ਤੇ ਇਹ ਤੋਹਫ਼ੇ ਇਸ ਗੱਲ ਦੀ ਨਿਸ਼ਾਨੀ ਹਨ।+ ਪਰਮੇਸ਼ੁਰ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਤੇ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ।”+ ਯਾਕੂਬ ਉਸ ʼਤੇ ਜ਼ੋਰ ਪਾਉਂਦਾ ਰਿਹਾ ਜਿਸ ਕਰਕੇ ਉਸ ਨੇ ਤੋਹਫ਼ੇ ਰੱਖ ਲਏ।
12 ਬਾਅਦ ਵਿਚ ਏਸਾਓ ਨੇ ਕਿਹਾ: “ਚੱਲ ਆਪਾਂ ਇੱਥੋਂ ਚੱਲਦੇ ਹਾਂ। ਮੈਂ ਤੇਰੇ ਅੱਗੇ-ਅੱਗੇ ਚੱਲਦਾ ਹਾਂ।” 13 ਪਰ ਯਾਕੂਬ ਨੇ ਉਸ ਨੂੰ ਕਿਹਾ: “ਮੇਰੇ ਸੁਆਮੀ ਨੂੰ ਪਤਾ ਹੈ ਕਿ ਮੇਰੇ ਬੱਚੇ ਛੋਟੇ ਹਨ+ ਅਤੇ ਕਈ ਭੇਡਾਂ-ਬੱਕਰੀਆਂ ਤੇ ਗਾਂਵਾਂ ਸੂਈਆਂ ਹਨ। ਜੇ ਮੈਂ ਉਨ੍ਹਾਂ ਨੂੰ ਇੱਕੋ ਦਿਨ ਤੇਜ਼-ਤੇਜ਼ ਹੱਕਾਂਗਾ, ਤਾਂ ਸਾਰੇ ਜਾਨਵਰ ਮਰ-ਮੁੱਕ ਜਾਣਗੇ। 14 ਇਸ ਲਈ ਮੈਂ ਆਪਣੇ ਬੱਚਿਆਂ ਤੇ ਜਾਨਵਰਾਂ ਦੀ ਤੋਰ ਮੁਤਾਬਕ ਹੌਲੀ-ਹੌਲੀ ਤੁਰ ਕੇ ਆਉਂਦਾ ਹਾਂ। ਮੇਰਾ ਸੁਆਮੀ ਆਪਣੇ ਸੇਵਕ ਤੋਂ ਪਹਿਲਾਂ ਸੇਈਰ ਨੂੰ ਚਲਾ ਜਾਵੇ ਤੇ ਮੈਂ ਤੈਨੂੰ ਉੱਥੇ ਮਿਲਾਂਗਾ।”+ 15 ਫਿਰ ਏਸਾਓ ਨੇ ਕਿਹਾ: “ਮੈਂ ਆਪਣੇ ਕੁਝ ਬੰਦੇ ਤੇਰੇ ਕੋਲ ਛੱਡ ਦਿੰਦਾ ਹਾਂ।” ਯਾਕੂਬ ਨੇ ਕਿਹਾ: “ਨਹੀਂ, ਇਸ ਦੀ ਲੋੜ ਨਹੀਂ। ਮੈਂ ਤਾਂ ਬੱਸ ਇਹੀ ਚਾਹੁੰਦਾਂ ਕਿ ਮੇਰੇ ਸੁਆਮੀ ਦੀ ਮੇਰੇ ʼਤੇ ਮਿਹਰ ਬਣੀ ਰਹੇ।” 16 ਇਸ ਲਈ ਉਸ ਦਿਨ ਏਸਾਓ ਸੇਈਰ ਨੂੰ ਵਾਪਸ ਚਲਾ ਗਿਆ।
17 ਯਾਕੂਬ ਸਫ਼ਰ ਕਰਦਾ ਹੋਇਆ ਸੁੱਕੋਥ+ ਪਹੁੰਚਿਆ ਅਤੇ ਉੱਥੇ ਉਸ ਨੇ ਆਪਣੇ ਲਈ ਘਰ ਬਣਾਇਆ ਅਤੇ ਆਪਣੇ ਜਾਨਵਰਾਂ ਲਈ ਛੱਪਰ ਪਾਏ। ਇਸ ਲਈ ਉਸ ਨੇ ਉਸ ਜਗ੍ਹਾ ਦਾ ਨਾਂ ਸੁੱਕੋਥ* ਰੱਖਿਆ।
18 ਪਦਨ-ਅਰਾਮ+ ਛੱਡਣ ਤੋਂ ਬਾਅਦ ਯਾਕੂਬ ਸਹੀ-ਸਲਾਮਤ ਕਨਾਨ ਦੇਸ਼ ਦੇ ਸ਼ਹਿਰ ਸ਼ਕਮ+ ਪਹੁੰਚ ਗਿਆ ਅਤੇ ਉਸ ਨੇ ਉਸ ਸ਼ਹਿਰ ਦੇ ਨੇੜੇ ਡੇਰਾ ਲਾਇਆ। 19 ਜਿਸ ਜ਼ਮੀਨ ʼਤੇ ਉਸ ਨੇ ਡੇਰਾ ਲਾਇਆ ਸੀ, ਉਹ ਜ਼ਮੀਨ ਉਸ ਨੇ ਹਮੋਰ ਦੇ ਪੁੱਤਰਾਂ ਤੋਂ ਚਾਂਦੀ ਦੇ 100 ਟੁਕੜੇ ਦੇ ਕੇ ਖ਼ਰੀਦ ਲਈ। ਹਮੋਰ ਦੇ ਇਕ ਪੁੱਤਰ ਦਾ ਨਾਂ ਸ਼ਕਮ ਸੀ।+ 20 ਉੱਥੇ ਉਸ ਨੇ ਇਕ ਵੇਦੀ ਬਣਾਈ ਜਿਸ ਦਾ ਨਾਂ “ਪਰਮੇਸ਼ੁਰ—ਇਜ਼ਰਾਈਲ ਦਾ ਪਰਮੇਸ਼ੁਰ” ਰੱਖਿਆ।+
34 ਯਾਕੂਬ ਅਤੇ ਲੇਆਹ ਦੀ ਧੀ ਦੀਨਾਹ+ ਉਸ ਦੇਸ਼ ਦੀਆਂ ਕੁੜੀਆਂ+ ਨੂੰ ਮਿਲਣ ਜਾਂਦੀ ਸੀ ਤੇ ਉਨ੍ਹਾਂ ਨਾਲ ਸਮਾਂ ਬਿਤਾਉਂਦੀ ਸੀ। 2 ਉਸ ਦੇਸ਼ ਦੇ ਇਕ ਪ੍ਰਧਾਨ ਹਮੋਰ ਹਿੱਵੀ+ ਦੇ ਪੁੱਤਰ ਸ਼ਕਮ ਨੇ ਦੀਨਾਹ ਨੂੰ ਦੇਖਿਆ ਅਤੇ ਇਕ ਦਿਨ ਉਸ ਨੂੰ ਫੜ ਕੇ ਉਸ ਨਾਲ ਜ਼ਬਰਦਸਤੀ ਕੀਤੀ। 3 ਯਾਕੂਬ ਦੀ ਧੀ ਦੀਨਾਹ ਉਸ ਦੇ ਮਨ ਵਿਚ ਵੱਸ ਗਈ ਅਤੇ ਉਹ ਉਸ ਕੁੜੀ ਨਾਲ ਪਿਆਰ ਕਰਨ ਲੱਗ ਪਿਆ ਅਤੇ ਉਸ ਨੇ ਆਪਣੀਆਂ ਗੱਲਾਂ ਨਾਲ ਕੁੜੀ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ।* 4 ਅਖ਼ੀਰ ਸ਼ਕਮ ਨੇ ਆਪਣੇ ਪਿਤਾ ਹਮੋਰ+ ਨੂੰ ਕਿਹਾ: “ਮੇਰਾ ਇਸ ਕੁੜੀ ਨਾਲ ਵਿਆਹ ਕਰਾ ਦੇ।”
5 ਜਦੋਂ ਯਾਕੂਬ ਨੇ ਸੁਣਿਆ ਕਿ ਸ਼ਕਮ ਨੇ ਉਸ ਦੀ ਬੇਟੀ ਨੂੰ ਭ੍ਰਿਸ਼ਟ ਕੀਤਾ ਸੀ, ਉਦੋਂ ਉਸ ਦੇ ਪੁੱਤਰ ਬਾਹਰ ਪਸ਼ੂ ਚਾਰਨ ਗਏ ਹੋਏ ਸਨ। ਇਸ ਲਈ ਯਾਕੂਬ ਉਨ੍ਹਾਂ ਦੇ ਵਾਪਸ ਆਉਣ ਤਕ ਚੁੱਪ ਰਿਹਾ। 6 ਬਾਅਦ ਵਿਚ ਸ਼ਕਮ ਦਾ ਪਿਤਾ ਹਮੋਰ ਯਾਕੂਬ ਨਾਲ ਗੱਲ ਕਰਨ ਆਇਆ। 7 ਪਰ ਜਦੋਂ ਯਾਕੂਬ ਦੇ ਪੁੱਤਰਾਂ ਨੇ ਇਸ ਬਾਰੇ ਸੁਣਿਆ, ਤਾਂ ਉਹ ਉਸੇ ਵੇਲੇ ਵਾਪਸ ਆ ਗਏ। ਉਨ੍ਹਾਂ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਅਤੇ ਉਹ ਬਹੁਤ ਗੁੱਸੇ ਵਿਚ ਸਨ ਕਿਉਂਕਿ ਸ਼ਕਮ ਨੇ ਯਾਕੂਬ ਦੀ ਧੀ ਨਾਲ ਕੁਕਰਮ ਕਰ ਕੇ+ ਇਜ਼ਰਾਈਲ ਦੀ ਇੱਜ਼ਤ ਮਿੱਟੀ ਵਿਚ ਰੋਲ਼ ਦਿੱਤੀ ਸੀ।+
8 ਹਮੋਰ ਨੇ ਉਨ੍ਹਾਂ ਨੂੰ ਕਿਹਾ: “ਮੇਰਾ ਪੁੱਤਰ ਸ਼ਕਮ ਤੁਹਾਡੀ ਕੁੜੀ ਤੋਂ ਬਿਨਾਂ ਰਹਿ ਨਹੀਂ ਸਕਦਾ। ਕਿਰਪਾ ਕਰ ਕੇ ਤੁਸੀਂ ਦੀਨਾਹ ਦਾ ਵਿਆਹ ਉਸ ਨਾਲ ਕਰ ਦਿਓ। 9 ਤੁਸੀਂ ਆਪਣੀਆਂ ਕੁੜੀਆਂ ਦੇ ਵਿਆਹ ਸਾਡੇ ਮੁੰਡਿਆਂ ਨਾਲ ਅਤੇ ਸਾਡੀਆਂ ਕੁੜੀਆਂ ਦੇ ਵਿਆਹ ਆਪਣੇ ਮੁੰਡਿਆਂ ਨਾਲ ਕਰੋ। ਇਸ ਤਰ੍ਹਾਂ ਤੁਸੀਂ ਸਾਡੇ ਨਾਲ ਰਿਸ਼ਤੇਦਾਰੀ ਜੋੜੋ।+ 10 ਤੁਸੀਂ ਸਾਡੇ ਵਿਚ ਰਹਿ ਸਕਦੇ ਹੋ ਅਤੇ ਪੂਰਾ ਇਲਾਕਾ ਤੁਹਾਡੇ ਸਾਮ੍ਹਣੇ ਹੈ। ਤੁਸੀਂ ਇੱਥੇ ਆਪਣਾ ਘਰ-ਬਾਰ ਵਸਾਓ ਅਤੇ ਕਾਰੋਬਾਰ ਕਰ ਕੇ ਜਾਇਦਾਦ ਬਣਾਓ।” 11 ਫਿਰ ਸ਼ਕਮ ਨੇ ਦੀਨਾਹ ਦੇ ਪਿਤਾ ਅਤੇ ਭਰਾਵਾਂ ਨੂੰ ਕਿਹਾ: “ਤੁਸੀਂ ਇਸ ਰਿਸ਼ਤੇ ਲਈ ਮੰਨ ਜਾਓ। ਤੁਸੀਂ ਜੋ ਵੀ ਮੰਗੋਗੇ, ਮੈਂ ਤੁਹਾਨੂੰ ਦਿਆਂਗਾ। 12 ਤੁਸੀਂ ਇਸ ਰਿਸ਼ਤੇ ਲਈ ਵੱਡੀ ਤੋਂ ਵੱਡੀ ਕੀਮਤ* ਅਤੇ ਤੋਹਫ਼ੇ ਮੰਗ ਸਕਦੇ ਹੋ।+ ਬੱਸ ਤੁਸੀਂ ਦੀਨਾਹ ਨਾਲ ਮੇਰਾ ਵਿਆਹ ਕਰ ਦਿਓ।”
13 ਪਰ ਯਾਕੂਬ ਦੇ ਪੁੱਤਰਾਂ ਨੇ ਸ਼ਕਮ ਅਤੇ ਉਸ ਦੇ ਪਿਤਾ ਹਮੋਰ ਨਾਲ ਚਲਾਕੀ ਖੇਡੀ ਕਿਉਂਕਿ ਸ਼ਕਮ ਨੇ ਦੀਨਾਹ ਨਾਲ ਕੁਕਰਮ ਕੀਤਾ ਸੀ। 14 ਇਸ ਲਈ ਉਨ੍ਹਾਂ ਨੇ ਜਵਾਬ ਦਿੱਤਾ: “ਨਹੀਂ, ਨਹੀਂ, ਅਸੀਂ ਆਪਣੀ ਭੈਣ ਦਾ ਹੱਥ ਉਸ ਆਦਮੀ ਦੇ ਹੱਥ ਵਿਚ ਨਹੀਂ ਦੇ ਸਕਦੇ ਜਿਸ ਦੀ ਸੁੰਨਤ ਨਾ ਹੋਈ ਹੋਵੇ+ ਕਿਉਂਕਿ ਸਾਡੇ ਲਈ ਇਹ ਬੇਇੱਜ਼ਤੀ ਵਾਲੀ ਗੱਲ ਹੈ। 15 ਅਸੀਂ ਇਸ ਰਿਸ਼ਤੇ ਲਈ ਤਾਂ ਹੀ ਤਿਆਰ ਹੋਵਾਂਗੇ ਜੇ ਤੁਸੀਂ ਇਹ ਸ਼ਰਤ ਪੂਰੀ ਕਰੋ: ਤੁਸੀਂ ਸਾਡੇ ਵਰਗੇ ਬਣੋ ਅਤੇ ਆਪਣੇ ਸਾਰੇ ਆਦਮੀਆਂ ਦੀ ਸੁੰਨਤ ਕਰਾਓ।+ 16 ਫਿਰ ਅਸੀਂ ਆਪਣੀਆਂ ਕੁੜੀਆਂ ਦੇ ਵਿਆਹ ਤੁਹਾਡੇ ਮੁੰਡਿਆਂ ਨਾਲ ਕਰਾਂਗੇ ਅਤੇ ਤੁਹਾਡੀਆਂ ਕੁੜੀਆਂ ਦੇ ਵਿਆਹ ਆਪਣੇ ਮੁੰਡਿਆਂ ਨਾਲ ਕਰਾਂਗੇ ਅਤੇ ਅਸੀਂ ਤੁਹਾਡੇ ਵਿਚ ਵੱਸਾਂਗੇ। ਫਿਰ ਸਾਡੇ ਤੇ ਤੁਹਾਡੇ ਲੋਕਾਂ ਵਿਚ ਕੋਈ ਫ਼ਰਕ ਨਹੀਂ ਹੋਵੇਗਾ। 17 ਪਰ ਜੇ ਤੁਸੀਂ ਸਾਡੀ ਗੱਲ ਮੰਨ ਕੇ ਸੁੰਨਤ ਨਹੀਂ ਕਰਾਓਗੇ, ਤਾਂ ਅਸੀਂ ਆਪਣੀ ਭੈਣ ਨੂੰ ਲੈ ਕੇ ਚਲੇ ਜਾਵਾਂਗੇ।”
18 ਹਮੋਰ+ ਅਤੇ ਉਸ ਦੇ ਪੁੱਤਰ ਸ਼ਕਮ+ ਨੂੰ ਇਹ ਗੱਲ ਚੰਗੀ ਲੱਗੀ। 19 ਉਸ ਮੁੰਡੇ ਨੇ ਉਨ੍ਹਾਂ ਦੀ ਸ਼ਰਤ ਪੂਰੀ ਕਰਨ ਵਿਚ ਦੇਰ ਨਹੀਂ ਲਾਈ+ ਕਿਉਂਕਿ ਉਹ ਯਾਕੂਬ ਦੀ ਧੀ ਨਾਲ ਪਿਆਰ ਕਰਦਾ ਸੀ ਅਤੇ ਉਸ ਦੇ ਪਿਤਾ ਦੇ ਘਰ ਵਿਚ ਉਸ ਦੀ ਸਭ ਤੋਂ ਜ਼ਿਆਦਾ ਇੱਜ਼ਤ ਕੀਤੀ ਜਾਂਦੀ ਸੀ।
20 ਇਸ ਲਈ ਹਮੋਰ ਅਤੇ ਉਸ ਦੇ ਪੁੱਤਰ ਸ਼ਕਮ ਨੇ ਸ਼ਹਿਰ ਦੇ ਦਰਵਾਜ਼ੇ ʼਤੇ ਜਾ ਕੇ ਉੱਥੇ ਇਕੱਠੇ ਹੋਏ ਆਦਮੀਆਂ ਨਾਲ ਗੱਲ ਕੀਤੀ।+ ਉਨ੍ਹਾਂ ਨੇ ਕਿਹਾ: 21 “ਇਹ ਲੋਕ ਸਾਡੇ ਨਾਲ ਸ਼ਾਂਤੀ ਨਾਲ ਵੱਸਣਾ ਚਾਹੁੰਦੇ ਹਨ। ਸਾਡਾ ਇਲਾਕਾ ਇੰਨਾ ਵੱਡਾ ਹੈ ਕਿ ਉਹ ਵੀ ਇੱਥੇ ਵੱਸ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਇਸ ਇਲਾਕੇ ਵਿਚ ਰਹਿ ਕੇ ਕਾਰੋਬਾਰ ਕਰਨ ਦਿਓ। ਅਸੀਂ ਆਪਣੇ ਮੁੰਡਿਆਂ ਦੇ ਵਿਆਹ ਉਨ੍ਹਾਂ ਦੀਆਂ ਕੁੜੀਆਂ ਨਾਲ ਕਰਾਂਗੇ ਅਤੇ ਉਨ੍ਹਾਂ ਦੇ ਮੁੰਡਿਆਂ ਦੇ ਵਿਆਹ ਆਪਣੀਆਂ ਕੁੜੀਆਂ ਨਾਲ ਕਰਾਂਗੇ।+ 22 ਪਰ ਉਹ ਇਸ ਸ਼ਰਤ ʼਤੇ ਸਾਡੇ ਨਾਲ ਵੱਸਣ ਅਤੇ ਇਕ ਹੋਣ ਲਈ ਤਿਆਰ ਹਨ: ਉਨ੍ਹਾਂ ਵਾਂਗ ਆਪਣੇ ਸਾਰੇ ਆਦਮੀ ਸੁੰਨਤ ਕਰਾਉਣ।+ 23 ਫਿਰ ਕੀ ਉਨ੍ਹਾਂ ਦੀਆਂ ਚੀਜ਼ਾਂ, ਧਨ-ਦੌਲਤ ਅਤੇ ਪਸ਼ੂ ਸਾਡੇ ਨਹੀਂ ਹੋਣਗੇ? ਇਸ ਲਈ ਆਓ ਆਪਾਂ ਉਨ੍ਹਾਂ ਦੀ ਸ਼ਰਤ ਮੰਨ ਲਈਏ ਤਾਂਕਿ ਉਹ ਸਾਡੇ ਨਾਲ ਵੱਸਣ।” 24 ਸ਼ਹਿਰ ਦੇ ਸਾਰੇ ਆਦਮੀਆਂ ਨੇ ਹਮੋਰ ਅਤੇ ਉਸ ਦੇ ਪੁੱਤਰ ਸ਼ਕਮ ਦੀ ਗੱਲ ਮੰਨ ਕੇ ਸੁੰਨਤ ਕਰਾਈ।
25 ਪਰ ਤੀਸਰੇ ਦਿਨ ਜਦੋਂ ਅਜੇ ਸ਼ਹਿਰ ਦੇ ਆਦਮੀਆਂ ਨੂੰ ਸੁੰਨਤ ਕਰਾਉਣ ਕਰਕੇ ਦਰਦ ਹੋ ਰਿਹਾ ਸੀ, ਤਾਂ ਯਾਕੂਬ ਦੇ ਦੋ ਪੁੱਤਰ ਸ਼ਿਮਓਨ ਤੇ ਲੇਵੀ ਜੋ ਦੀਨਾਹ ਦੇ ਭਰਾ ਸਨ,+ ਆਪਣੀਆਂ ਤਲਵਾਰਾਂ ਲੈ ਕੇ ਸ਼ਹਿਰ ਵਿਚ ਗਏ, ਪਰ ਉੱਥੇ ਕਿਸੇ ਨੂੰ ਉਨ੍ਹਾਂ ʼਤੇ ਸ਼ੱਕ ਨਹੀਂ ਹੋਇਆ। ਉਨ੍ਹਾਂ ਨੇ ਸ਼ਹਿਰ ਦੇ ਸਾਰੇ ਆਦਮੀਆਂ ਦੀ ਹੱਤਿਆ ਕਰ ਦਿੱਤੀ।+ 26 ਉਨ੍ਹਾਂ ਨੇ ਹਮੋਰ ਅਤੇ ਉਸ ਦੇ ਪੁੱਤਰ ਸ਼ਕਮ ਨੂੰ ਤਲਵਾਰ ਨਾਲ ਵੱਢ ਸੁੱਟਿਆ ਅਤੇ ਸ਼ਕਮ ਦੇ ਘਰੋਂ ਦੀਨਾਹ ਨੂੰ ਲੈ ਗਏ। 27 ਯਾਕੂਬ ਦੇ ਹੋਰ ਪੁੱਤਰ ਵੀ ਸ਼ਹਿਰ ਵਿਚ ਆਏ ਜਿੱਥੇ ਆਦਮੀ ਮਰੇ ਪਏ ਸਨ ਅਤੇ ਉਨ੍ਹਾਂ ਨੇ ਸ਼ਹਿਰ ਨੂੰ ਲੁੱਟ ਲਿਆ ਕਿਉਂਕਿ ਉੱਥੇ ਉਨ੍ਹਾਂ ਦੀ ਭੈਣ ਨਾਲ ਕੁਕਰਮ ਹੋਇਆ ਸੀ।+ 28 ਉਹ ਉਨ੍ਹਾਂ ਦੀਆਂ ਭੇਡਾਂ-ਬੱਕਰੀਆਂ, ਉਨ੍ਹਾਂ ਦੇ ਗਾਂਵਾਂ-ਬਲਦ, ਉਨ੍ਹਾਂ ਦੇ ਗਧੇ, ਸ਼ਹਿਰ ਅਤੇ ਖੇਤਾਂ ਵਿਚ ਜੋ ਕੁਝ ਵੀ ਸੀ, ਲੁੱਟ ਕੇ ਲੈ ਗਏ। 29 ਉਨ੍ਹਾਂ ਨੇ ਉਨ੍ਹਾਂ ਦੀ ਧਨ-ਦੌਲਤ ʼਤੇ ਵੀ ਕਬਜ਼ਾ ਕਰ ਲਿਆ ਅਤੇ ਉਨ੍ਹਾਂ ਦੀਆਂ ਪਤਨੀਆਂ ਅਤੇ ਛੋਟੇ ਬੱਚਿਆਂ ਨੂੰ ਬੰਦੀ ਬਣਾ ਲਿਆ ਅਤੇ ਘਰਾਂ ਵਿੱਚੋਂ ਸਭ ਕੁਝ ਲੁੱਟ ਲਿਆ।
30 ਇਸ ਕਰਕੇ ਯਾਕੂਬ ਨੇ ਸ਼ਿਮਓਨ ਅਤੇ ਲੇਵੀ ਨੂੰ ਕਿਹਾ:+ “ਤੁਸੀਂ ਮੈਨੂੰ ਬਹੁਤ ਵੱਡੀ ਮੁਸੀਬਤ ਵਿਚ ਪਾ ਦਿੱਤਾ ਹੈ।* ਤੁਹਾਡੀ ਇਸ ਹਰਕਤ ਕਰਕੇ ਇਸ ਦੇਸ਼ ਵਿਚ ਰਹਿਣ ਵਾਲੇ ਕਨਾਨੀ ਤੇ ਪਰਿੱਜੀ ਲੋਕ ਮੇਰੇ ਨਾਲ ਨਫ਼ਰਤ ਕਰਨਗੇ। ਅਸੀਂ ਗਿਣਤੀ ਵਿਚ ਬਹੁਤ ਥੋੜ੍ਹੇ ਹਾਂ ਅਤੇ ਉਹ ਜ਼ਰੂਰ ਇਕੱਠੇ ਹੋ ਕੇ ਸਾਡੇ ʼਤੇ ਹਮਲਾ ਕਰਨਗੇ। ਮੈਂ ਤੇ ਮੇਰਾ ਘਰ-ਬਾਰ ਸਭ ਕੁਝ ਤਬਾਹ ਹੋ ਜਾਵੇਗਾ।” 31 ਪਰ ਉਨ੍ਹਾਂ ਨੇ ਕਿਹਾ: “ਅਸੀਂ ਕਿਵੇਂ ਬਰਦਾਸ਼ਤ ਕਰ ਲੈਂਦੇ ਕਿ ਕੋਈ ਸਾਡੀ ਭੈਣ ਨਾਲ ਵੇਸਵਾਵਾਂ ਵਰਗਾ ਸਲੂਕ ਕਰੇ!”
35 ਇਸ ਤੋਂ ਬਾਅਦ ਪਰਮੇਸ਼ੁਰ ਨੇ ਯਾਕੂਬ ਨੂੰ ਕਿਹਾ: “ਉੱਠ ਅਤੇ ਬੈਤੇਲ+ ਨੂੰ ਚਲਾ ਜਾਹ ਤੇ ਉੱਥੇ ਰਹਿ। ਉੱਥੇ ਸੱਚੇ ਪਰਮੇਸ਼ੁਰ ਲਈ ਇਕ ਵੇਦੀ ਬਣਾ ਜੋ ਤੇਰੇ ਸਾਮ੍ਹਣੇ ਉਦੋਂ ਪ੍ਰਗਟ ਹੋਇਆ ਸੀ ਜਦੋਂ ਤੂੰ ਆਪਣੇ ਭਰਾ ਏਸਾਓ ਤੋਂ ਭੱਜ ਰਿਹਾ ਸੀ।”+
2 ਫਿਰ ਯਾਕੂਬ ਨੇ ਆਪਣੇ ਪਰਿਵਾਰ, ਨੌਕਰਾਂ-ਚਾਕਰਾਂ ਅਤੇ ਆਪਣੇ ਨਾਲ ਦੇ ਹੋਰ ਲੋਕਾਂ ਨੂੰ ਕਿਹਾ: “ਤੁਹਾਡੇ ਕੋਲ ਝੂਠੇ ਦੇਵੀ-ਦੇਵਤਿਆਂ ਦੇ ਜਿਹੜੇ ਵੀ ਬੁੱਤ ਹਨ, ਉਨ੍ਹਾਂ ਨੂੰ ਸੁੱਟ ਦਿਓ,+ ਨਹਾ ਕੇ ਕੱਪੜੇ ਬਦਲੋ ਅਤੇ ਆਪਣੇ ਆਪ ਨੂੰ ਸ਼ੁੱਧ ਕਰੋ। 3 ਆਓ ਆਪਾਂ ਬੈਤੇਲ ਨੂੰ ਚਲੀਏ। ਉੱਥੇ ਮੈਂ ਸੱਚੇ ਪਰਮੇਸ਼ੁਰ ਲਈ ਇਕ ਵੇਦੀ ਬਣਾਵਾਂਗਾ ਜਿਸ ਨੇ ਦੁੱਖ ਦੀ ਘੜੀ ਵਿਚ ਮੇਰੀਆਂ ਫ਼ਰਿਆਦਾਂ ਸੁਣੀਆਂ ਸਨ ਅਤੇ ਮੈਂ ਜਿੱਥੇ ਕਿਤੇ ਵੀ ਗਿਆ, ਉਹ ਮੇਰੇ ਨਾਲ ਰਿਹਾ।”+ 4 ਇਸ ਲਈ ਉਨ੍ਹਾਂ ਨੇ ਝੂਠੇ ਦੇਵੀ-ਦੇਵਤਿਆਂ ਦੇ ਸਾਰੇ ਬੁੱਤ ਅਤੇ ਆਪਣੇ ਕੰਨਾਂ ਦੀਆਂ ਵਾਲ਼ੀਆਂ ਯਾਕੂਬ ਨੂੰ ਦੇ ਦਿੱਤੀਆਂ ਅਤੇ ਉਸ ਨੇ ਇਹ ਸਭ ਕੁਝ ਸ਼ਕਮ ਦੇ ਲਾਗੇ ਇਕ ਵੱਡੇ ਦਰਖ਼ਤ ਥੱਲੇ ਦੱਬ* ਦਿੱਤਾ।
5 ਜਦੋਂ ਉਹ ਸਫ਼ਰ ਕਰ ਰਹੇ ਸਨ, ਤਾਂ ਪਰਮੇਸ਼ੁਰ ਨੇ ਆਲੇ-ਦੁਆਲੇ ਦੇ ਸ਼ਹਿਰਾਂ ਦੇ ਲੋਕਾਂ ਦੇ ਮਨਾਂ ਵਿਚ ਡਰ ਪਾ ਦਿੱਤਾ ਜਿਸ ਕਰਕੇ ਉਨ੍ਹਾਂ ਨੇ ਯਾਕੂਬ ਦੇ ਪੁੱਤਰਾਂ ਦਾ ਪਿੱਛਾ ਨਹੀਂ ਕੀਤਾ। 6 ਅਖ਼ੀਰ ਯਾਕੂਬ ਆਪਣੇ ਲੋਕਾਂ ਨਾਲ ਕਨਾਨ ਦੇਸ਼ ਦੇ ਸ਼ਹਿਰ ਲੂਜ਼+ (ਜੋ ਕਿ ਬੈਤੇਲ ਹੈ) ਵਿਚ ਪਹੁੰਚ ਗਿਆ। 7 ਉੱਥੇ ਉਸ ਨੇ ਇਕ ਵੇਦੀ ਬਣਾਈ ਅਤੇ ਉਸ ਜਗ੍ਹਾ ਦਾ ਨਾਂ ਏਲ-ਬੈਤੇਲ* ਰੱਖਿਆ ਕਿਉਂਕਿ ਉੱਥੇ ਸੱਚਾ ਪਰਮੇਸ਼ੁਰ ਉਸ ਦੇ ਸਾਮ੍ਹਣੇ ਪ੍ਰਗਟ ਹੋਇਆ ਸੀ ਜਦੋਂ ਉਹ ਆਪਣੇ ਭਰਾ ਤੋਂ ਭੱਜ ਰਿਹਾ ਸੀ।+ 8 ਬਾਅਦ ਵਿਚ ਰਿਬਕਾਹ ਦੀ ਦਾਈ ਦਬੋਰਾਹ+ ਮਰ ਗਈ ਅਤੇ ਉਸ ਨੂੰ ਬੈਤੇਲ ਦੇ ਨੇੜੇ ਇਕ ਬਲੂਤ ਦੇ ਦਰਖ਼ਤ ਥੱਲੇ ਦਫ਼ਨਾ ਦਿੱਤਾ ਗਿਆ। ਇਸ ਲਈ ਉਸ ਨੇ ਉਸ ਜਗ੍ਹਾ ਦਾ ਨਾਂ ਅੱਲੋਨ-ਬਾਕੂਥ* ਰੱਖਿਆ।
9 ਜਦੋਂ ਯਾਕੂਬ ਪਦਨ-ਅਰਾਮ ਤੋਂ ਵਾਪਸ ਆ ਰਿਹਾ ਸੀ, ਤਾਂ ਪਰਮੇਸ਼ੁਰ ਦੁਬਾਰਾ ਉਸ ਦੇ ਸਾਮ੍ਹਣੇ ਪ੍ਰਗਟ ਹੋਇਆ ਅਤੇ ਉਸ ਨੂੰ ਬਰਕਤ ਦਿੱਤੀ। 10 ਪਰਮੇਸ਼ੁਰ ਨੇ ਉਸ ਨੂੰ ਕਿਹਾ: “ਤੇਰਾ ਨਾਂ ਯਾਕੂਬ ਹੈ।+ ਪਰ ਹੁਣ ਤੋਂ ਤੇਰਾ ਨਾਂ ਯਾਕੂਬ ਨਹੀਂ, ਸਗੋਂ ਇਜ਼ਰਾਈਲ ਹੋਵੇਗਾ।” ਇਸ ਲਈ ਉਸ ਨੇ ਯਾਕੂਬ ਨੂੰ ਇਜ਼ਰਾਈਲ ਸੱਦਣਾ ਸ਼ੁਰੂ ਕਰ ਦਿੱਤਾ।+ 11 ਪਰਮੇਸ਼ੁਰ ਨੇ ਅੱਗੇ ਕਿਹਾ: “ਮੈਂ ਸਰਬਸ਼ਕਤੀਮਾਨ ਪਰਮੇਸ਼ੁਰ ਹਾਂ।+ ਮੈਂ ਤੇਰੀ ਸੰਤਾਨ ਨੂੰ ਬਹੁਤ ਵਧਾਵਾਂਗਾ। ਤੂੰ ਕੌਮਾਂ ਦਾ ਪਿਤਾ ਬਣੇਂਗਾ+ ਅਤੇ ਤੇਰੀ ਸੰਤਾਨ ਵਿੱਚੋਂ ਰਾਜੇ ਪੈਦਾ ਹੋਣਗੇ।+ 12 ਅਤੇ ਜਿਹੜਾ ਦੇਸ਼ ਮੈਂ ਅਬਰਾਹਾਮ ਅਤੇ ਇਸਹਾਕ ਨੂੰ ਦਿੱਤਾ ਹੈ, ਉਹ ਦੇਸ਼ ਮੈਂ ਤੈਨੂੰ ਅਤੇ ਤੇਰੇ ਤੋਂ ਬਾਅਦ ਤੇਰੀ ਸੰਤਾਨ* ਨੂੰ ਦਿਆਂਗਾ।”+ 13 ਫਿਰ ਪਰਮੇਸ਼ੁਰ ਉੱਥੋਂ ਚਲਾ ਗਿਆ ਜਿੱਥੇ ਉਸ ਨੇ ਯਾਕੂਬ ਨਾਲ ਗੱਲ ਕੀਤੀ ਸੀ।
14 ਜਿਸ ਜਗ੍ਹਾ ਪਰਮੇਸ਼ੁਰ ਨੇ ਯਾਕੂਬ ਨਾਲ ਗੱਲ ਕੀਤੀ ਸੀ, ਉੱਥੇ ਉਸ ਨੇ ਇਕ ਪੱਥਰ ਨੂੰ ਯਾਦਗਾਰ ਦੇ ਤੌਰ ਤੇ ਖੜ੍ਹਾ ਕੀਤਾ ਅਤੇ ਉਸ ਉੱਤੇ ਪੀਣ ਦੀ ਭੇਟ ਡੋਲ੍ਹੀ ਅਤੇ ਤੇਲ ਪਾਇਆ।+ 15 ਯਾਕੂਬ ਨੇ ਦੁਬਾਰਾ ਉਸ ਜਗ੍ਹਾ ਦਾ ਨਾਂ ਬੈਤੇਲ+ ਰੱਖਿਆ ਜਿੱਥੇ ਪਰਮੇਸ਼ੁਰ ਨੇ ਉਸ ਨਾਲ ਗੱਲ ਕੀਤੀ ਸੀ।
16 ਫਿਰ ਉਹ ਬੈਤੇਲ ਤੋਂ ਚਲੇ ਗਏ। ਉਹ ਜਦੋਂ ਅਜੇ ਅਫਰਾਥ ਤੋਂ ਕੁਝ ਦੂਰ ਸਨ, ਤਾਂ ਰਾਕੇਲ ਨੂੰ ਜਣਨ-ਪੀੜਾਂ ਲੱਗ ਗਈਆਂ ਅਤੇ ਉਸ ਨੂੰ ਬਹੁਤ ਦਰਦ ਹੋ ਰਿਹਾ ਸੀ। 17 ਜਦੋਂ ਉਸ ਨੂੰ ਬੱਚੇ ਨੂੰ ਜਨਮ ਦੇਣ ਵਿਚ ਬਹੁਤ ਔਖਿਆਈ ਹੋ ਰਹੀ ਸੀ, ਤਾਂ ਦਾਈ ਨੇ ਉਸ ਨੂੰ ਕਿਹਾ: “ਹੌਸਲਾ ਰੱਖ, ਇਸ ਵਾਰ ਵੀ ਤੇਰੇ ਪੁੱਤਰ ਹੀ ਹੋਵੇਗਾ।”+ 18 ਆਖ਼ਰੀ ਸਾਹ ਲੈਂਦਿਆਂ (ਉਹ ਮਰਨ ਵਾਲੀ ਸੀ) ਉਸ ਨੇ ਮੁੰਡੇ ਦਾ ਨਾਂ ਬੇਨ-ਓਨੀ* ਰੱਖਿਆ, ਪਰ ਮੁੰਡੇ ਦੇ ਪਿਤਾ ਨੇ ਉਸ ਦਾ ਨਾਂ ਬਿਨਯਾਮੀਨ*+ ਰੱਖਿਆ। 19 ਉਸ ਵੇਲੇ ਰਾਕੇਲ ਦੀ ਮੌਤ ਹੋ ਗਈ ਅਤੇ ਉਸ ਨੂੰ ਅਫਰਾਥ (ਜੋ ਕਿ ਬੈਤਲਹਮ ਹੈ) ਨੂੰ ਜਾਂਦੇ ਰਾਹ ਵਿਚ ਦਫ਼ਨਾ ਦਿੱਤਾ ਗਿਆ।+ 20 ਯਾਕੂਬ ਨੇ ਉਸ ਦੀ ਕਬਰ ʼਤੇ ਇਕ ਥੰਮ੍ਹ ਖੜ੍ਹਾ ਕੀਤਾ। ਇਹ ਥੰਮ੍ਹ ਰਾਕੇਲ ਦੀ ਕਬਰ ਉੱਤੇ ਅੱਜ ਦੇ ਦਿਨ ਤਕ ਹੈ।
21 ਇਸ ਤੋਂ ਬਾਅਦ ਇਜ਼ਰਾਈਲ ਉੱਥੋਂ ਚਲਾ ਗਿਆ ਅਤੇ ਏਦਰ ਦੇ ਬੁਰਜ ਤੋਂ ਕੁਝ ਦੂਰ ਅੱਗੇ ਜਾ ਕੇ ਡੇਰਾ ਲਾਇਆ। 22 ਜਦੋਂ ਇਜ਼ਰਾਈਲ ਉਸ ਇਲਾਕੇ ਵਿਚ ਰਹਿ ਰਿਹਾ ਸੀ, ਤਾਂ ਇਕ ਵਾਰ ਰਊਬੇਨ ਨੇ ਆਪਣੇ ਪਿਤਾ ਦੀ ਰਖੇਲ ਬਿਲਹਾਹ ਨਾਲ ਸਰੀਰਕ ਸੰਬੰਧ ਕਾਇਮ ਕੀਤੇ ਅਤੇ ਇਜ਼ਰਾਈਲ ਨੂੰ ਇਸ ਦੀ ਖ਼ਬਰ ਮਿਲੀ।+
ਯਾਕੂਬ ਦੇ 12 ਪੁੱਤਰ ਸਨ। 23 ਲੇਆਹ ਦੀ ਕੁੱਖੋਂ ਯਾਕੂਬ ਦਾ ਜੇਠਾ ਮੁੰਡਾ ਰਊਬੇਨ,+ ਫਿਰ ਸ਼ਿਮਓਨ, ਲੇਵੀ, ਯਹੂਦਾਹ, ਯਿਸਾਕਾਰ ਅਤੇ ਜ਼ਬੂਲੁਨ ਪੈਦਾ ਹੋਏ। 24 ਰਾਕੇਲ ਦੀ ਕੁੱਖੋਂ ਯੂਸੁਫ਼ ਅਤੇ ਬਿਨਯਾਮੀਨ ਪੈਦਾ ਹੋਏ। 25 ਰਾਕੇਲ ਦੀ ਨੌਕਰਾਣੀ ਬਿਲਹਾਹ ਦੀ ਕੁੱਖੋਂ ਦਾਨ ਅਤੇ ਨਫ਼ਤਾਲੀ ਪੈਦਾ ਹੋਏ। 26 ਲੇਆਹ ਦੀ ਨੌਕਰਾਣੀ ਜਿਲਫਾਹ ਦੀ ਕੁੱਖੋਂ ਗਾਦ ਅਤੇ ਆਸ਼ੇਰ ਪੈਦਾ ਹੋਏ। ਇਹ ਯਾਕੂਬ ਦੇ ਪੁੱਤਰ ਸਨ ਜੋ ਪਦਨ-ਅਰਾਮ ਵਿਚ ਪੈਦਾ ਹੋਏ ਸਨ।
27 ਅਖ਼ੀਰ ਯਾਕੂਬ ਕਿਰਯਥ-ਅਰਬਾ (ਜੋ ਕਿ ਹਬਰੋਨ ਹੈ) ਦੇ ਲਾਗੇ ਮਮਰੇ ਵਿਚ ਆਪਣੇ ਪਿਤਾ ਇਸਹਾਕ ਕੋਲ ਪਹੁੰਚ ਗਿਆ+ ਜਿੱਥੇ ਅਬਰਾਹਾਮ ਤੇ ਇਸਹਾਕ ਪਰਦੇਸੀਆਂ ਵਜੋਂ ਰਹੇ ਸਨ।+ 28 ਉਸ ਵੇਲੇ ਇਸਹਾਕ ਦੀ ਉਮਰ 180 ਸਾਲ ਸੀ।+ 29 ਫਿਰ ਉਸ ਨੇ ਆਖ਼ਰੀ ਸਾਹ ਲਿਆ ਅਤੇ ਉਹ ਲੰਬੀ ਤੇ ਵਧੀਆ ਜ਼ਿੰਦਗੀ ਜੀਉਣ ਤੋਂ ਬਾਅਦ ਮਰ ਗਿਆ ਅਤੇ ਆਪਣੇ ਲੋਕਾਂ ਵਿਚ ਜਾ ਰਲ਼ਿਆ।* ਉਸ ਦੇ ਪੁੱਤਰਾਂ ਏਸਾਓ ਅਤੇ ਯਾਕੂਬ ਨੇ ਉਸ ਨੂੰ ਦਫ਼ਨਾ ਦਿੱਤਾ।+
36 ਇਹ ਏਸਾਓ ਦੀ ਵੰਸ਼ਾਵਲੀ ਹੈ ਜਿਸ ਦਾ ਦੂਸਰਾ ਨਾਂ ਅਦੋਮ ਹੈ।+
2 ਏਸਾਓ ਨੇ ਕਨਾਨੀ ਔਰਤਾਂ ਨਾਲ ਵਿਆਹ ਕਰਾਏ ਸਨ। ਉਸ ਦੀਆਂ ਪਤਨੀਆਂ ਦੇ ਨਾਂ ਸਨ: ਆਦਾਹ+ ਜੋ ਏਲੋਨ ਹਿੱਤੀ ਦੀ ਧੀ ਸੀ;+ ਆਹਾਲੀਬਾਮਾਹ+ ਜੋ ਅਨਾਹ ਦੀ ਧੀ ਅਤੇ ਸਿਬੋਨ ਹਿੱਵੀ ਦੀ ਪੋਤੀ ਸੀ; 3 ਅਤੇ ਬਾਸਮਥ+ ਜੋ ਇਸਮਾਏਲ ਦੀ ਧੀ ਅਤੇ ਨਬਾਯੋਥ ਦੀ ਭੈਣ+ ਸੀ।
4 ਆਦਾਹ ਨੇ ਏਸਾਓ ਦੇ ਮੁੰਡੇ ਅਲੀਫਾਜ਼ ਨੂੰ ਅਤੇ ਬਾਸਮਥ ਨੇ ਰਊਏਲ ਨੂੰ ਜਨਮ ਦਿੱਤਾ।
5 ਆਹਾਲੀਬਾਮਾਹ ਨੇ ਯੂਸ਼, ਯਾਲਾਮ ਅਤੇ ਕੋਰਹ ਨੂੰ ਜਨਮ ਦਿੱਤਾ।+
ਇਹ ਏਸਾਓ ਦੇ ਪੁੱਤਰ ਸਨ ਜਿਹੜੇ ਕਨਾਨ ਦੇਸ਼ ਵਿਚ ਪੈਦਾ ਹੋਏ ਸਨ। 6 ਇਸ ਤੋਂ ਬਾਅਦ ਏਸਾਓ ਆਪਣੀਆਂ ਪਤਨੀਆਂ, ਪੁੱਤਰਾਂ, ਧੀਆਂ, ਆਪਣੇ ਸਾਰੇ ਨੌਕਰਾਂ-ਚਾਕਰਾਂ, ਭੇਡਾਂ-ਬੱਕਰੀਆਂ ਤੇ ਹੋਰ ਪਸ਼ੂਆਂ ਨੂੰ ਅਤੇ ਕਨਾਨ ਦੇਸ਼ ਵਿਚ ਇਕੱਠੀ ਕੀਤੀ ਸਾਰੀ ਧਨ-ਦੌਲਤ+ ਲੈ ਕੇ ਆਪਣੇ ਭਰਾ ਯਾਕੂਬ ਤੋਂ ਦੂਰ ਹੋਰ ਦੇਸ਼ ਚਲਾ ਗਿਆ।+ 7 ਉਨ੍ਹਾਂ ਕੋਲ ਇੰਨੀ ਜ਼ਿਆਦਾ ਜਾਇਦਾਦ ਹੋ ਗਈ ਸੀ ਕਿ ਉਨ੍ਹਾਂ ਲਈ ਇਕੱਠੇ ਰਹਿਣਾ ਮੁਸ਼ਕਲ ਹੋ ਗਿਆ ਸੀ। ਨਾਲੇ ਉਨ੍ਹਾਂ ਦੋਹਾਂ ਦੇ ਇੱਜੜਾਂ ਲਈ ਉਹ ਇਲਾਕਾ ਛੋਟਾ ਪੈ ਗਿਆ ਸੀ। 8 ਇਸ ਲਈ ਏਸਾਓ ਸੇਈਰ ਦੇ ਪਹਾੜੀ ਇਲਾਕੇ ਵਿਚ ਜਾ ਕੇ ਵੱਸ ਗਿਆ।+ ਏਸਾਓ ਨੂੰ ਅਦੋਮ ਵੀ ਕਿਹਾ ਜਾਂਦਾ ਹੈ।+
9 ਇਹ ਸੇਈਰ ਦੇ ਪਹਾੜੀ ਇਲਾਕੇ ਵਿਚ ਰਹਿੰਦੇ ਅਦੋਮੀਆਂ ਦੇ ਪੂਰਵਜ ਏਸਾਓ ਦੀ ਵੰਸ਼ਾਵਲੀ ਹੈ।+
10 ਏਸਾਓ ਦੇ ਪੁੱਤਰਾਂ ਦੇ ਨਾਂ ਸਨ: ਅਲੀਫਾਜ਼ ਜੋ ਉਸ ਦੀ ਪਤਨੀ ਆਦਾਹ ਤੋਂ ਪੈਦਾ ਹੋਇਆ; ਰਊਏਲ ਜੋ ਉਸ ਦੀ ਦੂਸਰੀ ਪਤਨੀ ਬਾਸਮਥ ਤੋਂ ਪੈਦਾ ਹੋਇਆ।+
11 ਅਲੀਫਾਜ਼ ਦੇ ਪੁੱਤਰ ਸਨ: ਤੇਮਾਨ,+ ਓਮਾਰ, ਸਫੋ, ਗਾਤਾਮ ਅਤੇ ਕਨਜ਼।+ 12 ਤਿਮਨਾ ਏਸਾਓ ਦੇ ਪੁੱਤਰ ਅਲੀਫਾਜ਼ ਦੀ ਰਖੇਲ ਬਣ ਗਈ। ਕੁਝ ਸਮੇਂ ਬਾਅਦ ਉਸ ਨੇ ਅਲੀਫਾਜ਼ ਦੇ ਪੁੱਤਰ ਅਮਾਲੇਕ+ ਨੂੰ ਜਨਮ ਦਿੱਤਾ। ਇਹ ਏਸਾਓ ਦੀ ਪਤਨੀ ਆਦਾਹ ਦੇ ਪੁੱਤਰ* ਸਨ।
13 ਰਊਏਲ ਦੇ ਪੁੱਤਰ ਸਨ: ਨਹਥ, ਜ਼ਰਾਹ, ਸ਼ਮਾਹ ਅਤੇ ਮਿਜ਼ਾਹ। ਇਹ ਏਸਾਓ ਦੀ ਪਤਨੀ ਬਾਸਮਥ+ ਦੇ ਪੁੱਤਰ* ਸਨ।
14 ਏਸਾਓ ਦੀ ਪਤਨੀ ਆਹਾਲੀਬਾਮਾਹ ਦੇ ਪੁੱਤਰ ਸਨ: ਯੂਸ਼, ਯਾਲਾਮ ਅਤੇ ਕੋਰਹ। ਆਹਾਲੀਬਾਮਾਹ ਅਨਾਹ ਦੀ ਧੀ ਅਤੇ ਸਿਬੋਨ ਦੀ ਪੋਤੀ ਸੀ।
15 ਏਸਾਓ ਦੀ ਪੀੜ੍ਹੀ ਵਿਚ ਪੈਦਾ ਹੋਏ ਸ਼ੇਖ਼* ਇਹ ਸਨ:+ ਏਸਾਓ ਦੇ ਜੇਠੇ ਪੁੱਤਰ ਅਲੀਫਾਜ਼ ਦੀ ਪੀੜ੍ਹੀ ਵਿੱਚੋਂ: ਸ਼ੇਖ਼ ਤੇਮਾਨ, ਸ਼ੇਖ਼ ਓਮਾਰ, ਸ਼ੇਖ਼ ਸਫੋ, ਸ਼ੇਖ਼ ਕਨਜ਼,+ 16 ਸ਼ੇਖ਼ ਕੋਰਹ, ਸ਼ੇਖ਼ ਗਾਤਾਮ ਅਤੇ ਸ਼ੇਖ਼ ਅਮਾਲੇਕ। ਅਦੋਮ ਦੇਸ਼ ਦੇ ਇਹ ਸ਼ੇਖ਼ ਅਲੀਫਾਜ਼ ਦੀ ਪੀੜ੍ਹੀ ਵਿੱਚੋਂ ਸਨ।+ ਇਹ ਆਦਾਹ ਦੇ ਪੁੱਤਰ* ਸਨ।
17 ਏਸਾਓ ਦੇ ਪੁੱਤਰ ਰਊਏਲ ਦੇ ਮੁੰਡੇ ਸਨ: ਸ਼ੇਖ਼ ਨਹਥ, ਸ਼ੇਖ਼ ਜ਼ਰਾਹ, ਸ਼ੇਖ਼ ਸ਼ਮਾਹ ਅਤੇ ਸ਼ੇਖ਼ ਮਿਜ਼ਾਹ। ਅਦੋਮ ਦੇਸ਼+ ਦੇ ਇਹ ਸ਼ੇਖ਼ ਰਊਏਲ ਦੀ ਪੀੜ੍ਹੀ ਵਿੱਚੋਂ ਸਨ। ਇਹ ਏਸਾਓ ਦੀ ਪਤਨੀ ਬਾਸਮਥ ਦੇ ਪੁੱਤਰ* ਸਨ।
18 ਅਖ਼ੀਰ ਵਿਚ, ਏਸਾਓ ਦੀ ਪਤਨੀ ਆਹਾਲੀਬਾਮਾਹ ਦੇ ਪੁੱਤਰ ਸਨ: ਸ਼ੇਖ਼ ਯੂਸ਼, ਸ਼ੇਖ਼ ਯਾਲਾਮ ਅਤੇ ਸ਼ੇਖ਼ ਕੋਰਹ। ਇਹ ਸ਼ੇਖ਼ ਏਸਾਓ ਦੀ ਪਤਨੀ ਆਹਾਲੀਬਾਮਾਹ ਦੇ ਪੁੱਤਰ ਸਨ ਜੋ ਅਨਾਹ ਦੀ ਧੀ ਸੀ।
19 ਇਹ ਏਸਾਓ ਦੇ ਮੁੰਡੇ ਅਤੇ ਉਸ ਦੀ ਪੀੜ੍ਹੀ ਵਿੱਚੋਂ ਸ਼ੇਖ਼ ਸਨ। ਏਸਾਓ ਹੀ ਅਦੋਮ ਹੈ।+
20 ਇਹ ਸੇਈਰ ਹੋਰੀ ਦੇ ਮੁੰਡੇ ਸਨ ਜੋ ਉਸ ਦੇਸ਼ ਦੇ ਨਿਵਾਸੀ ਸਨ:+ ਲੋਟਾਨ, ਸ਼ੋਬਾਲ, ਸਿਬੋਨ, ਅਨਾਹ,+ 21 ਦਿਸ਼ੋਨ, ਏਜ਼ਰ ਅਤੇ ਦੀਸ਼ਾਨ।+ ਇਹ ਅਦੋਮ ਦੇਸ਼ ਵਿਚ ਹੋਰੀ ਖ਼ਾਨਦਾਨ ਦੇ ਸ਼ੇਖ਼ ਸਨ ਜੋ ਸੇਈਰ ਦੀ ਪੀੜ੍ਹੀ ਵਿੱਚੋਂ ਸਨ।
22 ਲੋਟਾਨ ਦੇ ਪੁੱਤਰ ਸਨ: ਹੋਰੀ ਅਤੇ ਹੇਮਾਮ। ਅਤੇ ਲੋਟਾਨ ਦੀ ਭੈਣ ਦਾ ਨਾਂ ਤਿਮਨਾ ਸੀ।+
23 ਸ਼ੋਬਾਲ ਦੇ ਪੁੱਤਰ ਸਨ: ਅਲਵਾਨ, ਮਾਨਹਥ, ਏਬਾਲ, ਸ਼ਫੋ ਅਤੇ ਓਨਾਮ।
24 ਸਿਬੋਨ ਦੇ ਪੁੱਤਰ ਸਨ:+ ਅੱਯਾਹ ਅਤੇ ਅਨਾਹ। ਇਹ ਉਹੀ ਅਨਾਹ ਹੈ ਜਿਸ ਨੂੰ ਆਪਣੇ ਪਿਤਾ ਸਿਬੋਨ ਦੇ ਗਧੇ ਚਾਰਦੇ ਸਮੇਂ ਗਰਮ ਪਾਣੀ ਦੇ ਚਸ਼ਮੇ ਲੱਭੇ ਸਨ।
25 ਅਨਾਹ ਦੇ ਬੱਚੇ ਸਨ: ਦਿਸ਼ੋਨ ਅਤੇ ਆਹਾਲੀਬਾਮਾਹ ਜੋ ਅਨਾਹ ਦੀ ਧੀ ਸੀ।
26 ਦਿਸ਼ੋਨ ਦੇ ਪੁੱਤਰ ਸਨ: ਹਮਦਾਨ, ਅਸ਼ਬਾਨ, ਯਿਥਰਾਨ ਅਤੇ ਕਰਾਨ।+
27 ਏਜ਼ਰ ਦੇ ਪੁੱਤਰ ਸਨ: ਬਿਲਹਾਨ, ਜ਼ਾਵਾਨ ਅਤੇ ਅਕਾਨ।
28 ਦੀਸ਼ਾਨ ਦੇ ਪੁੱਤਰ ਸਨ: ਊਸ ਅਤੇ ਅਰਾਨ।+
29 ਇਹ ਹੋਰੀ ਖ਼ਾਨਦਾਨ ਵਿੱਚੋਂ ਸ਼ੇਖ਼ ਸਨ: ਸ਼ੇਖ਼ ਲੋਟਾਨ, ਸ਼ੇਖ਼ ਸ਼ੋਬਾਲ, ਸ਼ੇਖ਼ ਸਿਬੋਨ, ਸ਼ੇਖ਼ ਅਨਾਹ, 30 ਸ਼ੇਖ਼ ਦਿਸ਼ੋਨ, ਸ਼ੇਖ਼ ਏਜ਼ਰ ਅਤੇ ਸ਼ੇਖ਼ ਦੀਸ਼ਾਨ।+ ਇਹ ਸੇਈਰ ਵਿਚ ਹੋਰੀ ਖ਼ਾਨਦਾਨ ਵਿੱਚੋਂ ਸ਼ੇਖ਼ ਸਨ।
31 ਇਜ਼ਰਾਈਲੀਆਂ* ਉੱਤੇ ਰਾਜ ਕਰਨ ਵਾਲੇ ਰਾਜਿਆਂ ਤੋਂ ਬਹੁਤ ਸਮਾਂ ਪਹਿਲਾਂ+ ਅਦੋਮ ʼਤੇ ਰਾਜ ਕਰਨ ਵਾਲੇ ਰਾਜਿਆਂ ਦੀ ਸੂਚੀ ਇਹ ਹੈ:+ 32 ਬਿਓਰ ਦੇ ਪੁੱਤਰ ਬੇਲਾ ਨੇ ਅਦੋਮ ਉੱਤੇ ਰਾਜ ਕਰਨਾ ਸ਼ੁਰੂ ਕੀਤਾ ਅਤੇ ਉਸ ਦੇ ਸ਼ਹਿਰ ਦਾ ਨਾਂ ਦਿਨਹਾਬਾਹ ਸੀ। 33 ਬੇਲਾ ਦੇ ਮਰਨ ਤੋਂ ਬਾਅਦ ਯੋਬਾਬ ਨੇ ਉਸ ਦੀ ਜਗ੍ਹਾ ਰਾਜ ਕਰਨਾ ਸ਼ੁਰੂ ਕੀਤਾ ਜੋ ਬਾਸਰਾਹ ਦੇ ਰਹਿਣ ਵਾਲੇ ਜ਼ਰਾਹ ਦਾ ਪੁੱਤਰ ਸੀ। 34 ਯੋਬਾਬ ਦੇ ਮਰਨ ਤੋਂ ਬਾਅਦ ਹੂਸ਼ਾਮ ਨੇ ਉਸ ਦੀ ਜਗ੍ਹਾ ਰਾਜ ਕਰਨਾ ਸ਼ੁਰੂ ਕੀਤਾ। ਹੂਸ਼ਾਮ ਤੇਮਾਨੀਆਂ ਦੇ ਇਲਾਕੇ ਤੋਂ ਸੀ। 35 ਹੂਸ਼ਾਮ ਦੇ ਮਰਨ ਤੋਂ ਬਾਅਦ ਬਦਦ ਦੇ ਪੁੱਤਰ ਹਦਦ ਨੇ ਉਸ ਦੀ ਜਗ੍ਹਾ ਰਾਜ ਕਰਨਾ ਸ਼ੁਰੂ ਕੀਤਾ ਅਤੇ ਉਸ ਦੇ ਸ਼ਹਿਰ ਦਾ ਨਾਂ ਅਵੀਤ ਸੀ। ਉਸ ਨੇ ਮੋਆਬ ਦੇ ਇਲਾਕੇ ਵਿਚ ਮਿਦਿਆਨੀਆਂ+ ਨੂੰ ਹਰਾਇਆ ਸੀ। 36 ਹਦਦ ਦੇ ਮਰਨ ਤੋਂ ਬਾਅਦ ਮਸਰੇਕਾਹ ਦੇ ਰਹਿਣ ਵਾਲੇ ਸਮਲਾਹ ਨੇ ਉਸ ਦੀ ਜਗ੍ਹਾ ਰਾਜ ਕਰਨਾ ਸ਼ੁਰੂ ਕੀਤਾ। 37 ਸਮਲਾਹ ਦੇ ਮਰਨ ਤੋਂ ਬਾਅਦ ਸ਼ਾਊਲ ਨੇ ਉਸ ਦੀ ਜਗ੍ਹਾ ਰਾਜ ਕਰਨਾ ਸ਼ੁਰੂ ਕੀਤਾ ਜੋ ਦਰਿਆ ਕੰਢੇ ਵੱਸੇ ਰਹੋਬੋਥ ਤੋਂ ਸੀ। 38 ਸ਼ਾਊਲ ਦੇ ਮਰਨ ਤੋਂ ਬਾਅਦ ਅਕਬੋਰ ਦੇ ਪੁੱਤਰ ਬਾਲ-ਹਾਨਾਨ ਨੇ ਉਸ ਦੀ ਜਗ੍ਹਾ ਰਾਜ ਕਰਨਾ ਸ਼ੁਰੂ ਕੀਤਾ। 39 ਅਕਬੋਰ ਦੇ ਪੁੱਤਰ ਬਾਲ-ਹਾਨਾਨ ਦੇ ਮਰਨ ਤੋਂ ਬਾਅਦ ਹਦਰ ਨੇ ਉਸ ਦੀ ਜਗ੍ਹਾ ਰਾਜ ਕਰਨਾ ਸ਼ੁਰੂ ਕੀਤਾ। ਉਸ ਦੇ ਸ਼ਹਿਰ ਦਾ ਨਾਂ ਪਾਊ ਅਤੇ ਉਸ ਦੀ ਪਤਨੀ ਦਾ ਨਾਂ ਮਹੇਟਬੇਲ ਸੀ ਜੋ ਮਟਰੇਦ ਦੀ ਧੀ ਅਤੇ ਮੇਜ਼ਾਹਾਬ ਦੀ ਦੋਹਤੀ ਸੀ।
40 ਇਹ ਏਸਾਓ ਦੀ ਪੀੜ੍ਹੀ ਵਿਚ ਪੈਦਾ ਹੋਏ ਸ਼ੇਖ਼ਾਂ ਦੇ ਨਾਵਾਂ ਦੀ ਸੂਚੀ ਹੈ ਜੋ ਉਨ੍ਹਾਂ ਦੇ ਪਰਿਵਾਰਾਂ ਅਤੇ ਇਲਾਕਿਆਂ ਮੁਤਾਬਕ ਦਿੱਤੀ ਗਈ ਹੈ: ਸ਼ੇਖ਼ ਤਿਮਨਾ, ਸ਼ੇਖ਼ ਅਲਵਾਹ, ਸ਼ੇਖ਼ ਯਥੇਥ,+ 41 ਸ਼ੇਖ਼ ਆਹਾਲੀਬਾਮਾਹ, ਸ਼ੇਖ਼ ਏਲਾਹ, ਸ਼ੇਖ਼ ਪੀਨੋਨ, 42 ਸ਼ੇਖ਼ ਕਨਜ਼, ਸ਼ੇਖ਼ ਤੇਮਾਨ, ਸ਼ੇਖ਼ ਮਿਬਸਾਰ, 43 ਸ਼ੇਖ਼ ਮਗਦੀਏਲ ਅਤੇ ਸ਼ੇਖ਼ ਈਰਾਮ। ਇਹ ਅਦੋਮ ਦੇ ਸ਼ੇਖ਼ਾਂ ਦੇ ਨਾਵਾਂ ਦੀ ਸੂਚੀ ਹੈ ਜੋ ਉਨ੍ਹਾਂ ਦੇ ਦੇਸ਼ ਵਿਚ ਉਨ੍ਹਾਂ ਦੇ ਇਲਾਕਿਆਂ ਮੁਤਾਬਕ ਦਿੱਤੀ ਗਈ ਹੈ।+ ਏਸਾਓ ਅਦੋਮੀਆਂ ਦਾ ਪੂਰਵਜ ਹੈ।+
37 ਯਾਕੂਬ ਕਨਾਨ ਦੇਸ਼ ਵਿਚ ਵੱਸ ਗਿਆ ਜਿੱਥੇ ਉਸ ਦੇ ਪਿਤਾ ਨੇ ਪਰਦੇਸੀਆਂ ਵਜੋਂ ਜ਼ਿੰਦਗੀ ਬਿਤਾਈ ਸੀ।+
2 ਯਾਕੂਬ ਦੀ ਜ਼ਿੰਦਗੀ ਵਿਚ ਇਹ ਘਟਨਾਵਾਂ ਵਾਪਰੀਆਂ ਸਨ।
ਜਦੋਂ ਉਸ ਦਾ ਪੁੱਤਰ ਯੂਸੁਫ਼+ 17 ਸਾਲਾਂ ਦਾ ਨੌਜਵਾਨ ਸੀ, ਤਾਂ ਉਹ ਆਪਣੇ ਪਿਤਾ ਦੀਆਂ ਪਤਨੀਆਂ ਬਿਲਹਾਹ+ ਅਤੇ ਜਿਲਫਾਹ+ ਦੇ ਪੁੱਤਰਾਂ ਨਾਲ ਭੇਡਾਂ-ਬੱਕਰੀਆਂ ਚਾਰਨ ਗਿਆ।+ ਫਿਰ ਉਸ ਨੇ ਆ ਕੇ ਆਪਣੇ ਪਿਤਾ ਨੂੰ ਉਨ੍ਹਾਂ ਦੇ ਬੁਰੇ ਕੰਮਾਂ ਬਾਰੇ ਦੱਸਿਆ। 3 ਇਜ਼ਰਾਈਲ ਯੂਸੁਫ਼ ਨੂੰ ਆਪਣੇ ਬਾਕੀ ਸਾਰੇ ਪੁੱਤਰਾਂ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ+ ਕਿਉਂਕਿ ਉਹ ਉਸ ਦੇ ਬੁਢਾਪੇ ਵਿਚ ਪੈਦਾ ਹੋਇਆ ਸੀ। ਉਸ ਨੇ ਯੂਸੁਫ਼ ਨੂੰ ਇਕ ਸੋਹਣਾ ਚੋਗਾ ਬਣਵਾ ਕੇ ਦਿੱਤਾ। 4 ਜਦੋਂ ਉਸ ਦੇ ਭਰਾਵਾਂ ਨੇ ਦੇਖਿਆ ਕਿ ਉਨ੍ਹਾਂ ਦਾ ਪਿਤਾ ਉਨ੍ਹਾਂ ਨਾਲੋਂ ਯੂਸੁਫ਼ ਨੂੰ ਜ਼ਿਆਦਾ ਪਿਆਰ ਕਰਦਾ ਸੀ, ਤਾਂ ਉਹ ਉਸ ਨਾਲ ਨਫ਼ਰਤ ਕਰਨ ਲੱਗ ਪਏ। ਉਹ ਉਸ ਨਾਲ ਸਿੱਧੇ ਮੂੰਹ* ਗੱਲ ਨਹੀਂ ਕਰਦੇ ਸਨ।
5 ਬਾਅਦ ਵਿਚ ਯੂਸੁਫ਼ ਨੇ ਇਕ ਸੁਪਨਾ ਦੇਖਿਆ ਜੋ ਉਸ ਨੇ ਆਪਣੇ ਭਰਾਵਾਂ ਨੂੰ ਸੁਣਾਇਆ+ ਜਿਸ ਕਰਕੇ ਉਹ ਉਸ ਨਾਲ ਹੋਰ ਵੀ ਨਫ਼ਰਤ ਕਰਨ ਲੱਗ ਪਏ। 6 ਉਸ ਨੇ ਉਨ੍ਹਾਂ ਨੂੰ ਕਿਹਾ: “ਕਿਰਪਾ ਕਰ ਕੇ ਮੇਰਾ ਸੁਪਨਾ ਸੁਣੋ। 7 ਆਪਾਂ ਸਾਰੇ ਖੇਤਾਂ ਵਿਚ ਭਰੀਆਂ ਬੰਨ੍ਹ ਰਹੇ ਸੀ। ਫਿਰ ਮੇਰੀ ਭਰੀ ਖੜ੍ਹੀ ਹੋ ਗਈ ਅਤੇ ਤੁਹਾਡੀਆਂ ਭਰੀਆਂ ਮੇਰੀ ਭਰੀ ਦੇ ਆਲੇ-ਦੁਆਲੇ ਖੜ੍ਹ ਗਈਆਂ ਅਤੇ ਉਨ੍ਹਾਂ ਨੇ ਮੇਰੀ ਭਰੀ ਨੂੰ ਝੁਕ ਕੇ ਨਮਸਕਾਰ ਕੀਤਾ।”+ 8 ਉਸ ਦੇ ਭਰਾਵਾਂ ਨੇ ਕਿਹਾ: “ਕੀ ਤੂੰ ਇਹ ਕਹਿਣਾ ਚਾਹੁੰਦਾਂ ਕਿ ਤੂੰ ਰਾਜਾ ਬਣ ਕੇ ਸਾਡੇ ʼਤੇ ਰਾਜ ਕਰੇਂਗਾ?”+ ਯੂਸੁਫ਼ ਦੇ ਸੁਪਨੇ ਅਤੇ ਉਸ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਦੇ ਦਿਲਾਂ ਵਿਚ ਉਸ ਲਈ ਨਫ਼ਰਤ ਹੋਰ ਵੀ ਵਧ ਗਈ।
9 ਬਾਅਦ ਵਿਚ ਉਸ ਨੇ ਇਕ ਹੋਰ ਸੁਪਨਾ ਦੇਖਿਆ ਜੋ ਉਸ ਨੇ ਆਪਣੇ ਭਰਾਵਾਂ ਨੂੰ ਸੁਣਾਇਆ: “ਮੈਂ ਇਕ ਹੋਰ ਸੁਪਨਾ ਦੇਖਿਆ ਜਿਸ ਵਿਚ ਸੂਰਜ, ਚੰਦ ਤੇ 11 ਤਾਰੇ ਮੇਰੇ ਸਾਮ੍ਹਣੇ ਝੁਕ ਕੇ ਮੈਨੂੰ ਨਮਸਕਾਰ ਕਰ ਰਹੇ ਸਨ।”+ 10 ਫਿਰ ਉਸ ਨੇ ਇਹ ਸੁਪਨਾ ਆਪਣੇ ਪਿਤਾ ਅਤੇ ਭਰਾਵਾਂ ਨੂੰ ਸੁਣਾਇਆ ਅਤੇ ਉਸ ਦੇ ਪਿਤਾ ਨੇ ਉਸ ਨੂੰ ਝਿੜਕਦੇ ਹੋਏ ਕਿਹਾ: “ਤੇਰੇ ਕਹਿਣ ਦਾ ਕੀ ਮਤਲਬ? ਕੀ ਹੁਣ ਮੈਂ, ਤੇਰੀ ਮਾਂ ਤੇ ਤੇਰੇ ਭਰਾ ਗੋਡਿਆਂ ਭਾਰ ਬੈਠ ਕੇ ਤੇਰੇ ਅੱਗੇ ਸਿਰ ਨਿਵਾਵਾਂਗੇ?” 11 ਉਸ ਦੇ ਭਰਾ ਉਸ ਨਾਲ ਈਰਖਾ ਕਰਨ ਲੱਗ ਪਏ,+ ਪਰ ਉਸ ਦੇ ਪਿਤਾ ਨੇ ਇਹ ਗੱਲਾਂ ਯਾਦ ਰੱਖੀਆਂ।
12 ਇਕ ਵਾਰ ਉਸ ਦੇ ਭਰਾ ਸ਼ਕਮ+ ਲਾਗੇ ਆਪਣੇ ਪਿਤਾ ਦੀਆਂ ਭੇਡਾਂ-ਬੱਕਰੀਆਂ ਚਾਰਨ ਗਏ ਹੋਏ ਸਨ। 13 ਇਜ਼ਰਾਈਲ ਨੇ ਯੂਸੁਫ਼ ਨੂੰ ਕਿਹਾ: “ਸੁਣ, ਤੇਰੇ ਭਰਾ ਸ਼ਕਮ ਨੇੜੇ ਭੇਡਾਂ-ਬੱਕਰੀਆਂ ਚਾਰ ਰਹੇ ਹਨ। ਤੂੰ ਉਨ੍ਹਾਂ ਨੂੰ ਮਿਲ ਕੇ ਆ।” ਇਹ ਸੁਣ ਕੇ ਉਸ ਨੇ ਕਿਹਾ: “ਹਾਂਜੀ, ਮੈਂ ਚਲਾ ਜਾਂਦਾ ਹਾਂ।” 14 ਉਸ ਨੇ ਯੂਸੁਫ਼ ਨੂੰ ਕਿਹਾ: “ਜਾਹ ਤੇ ਆਪਣੇ ਭਰਾਵਾਂ ਦੀ ਖ਼ਬਰਸਾਰ ਲੈ ਕੇ ਆ। ਨਾਲੇ ਦੇਖ ਕਿ ਭੇਡਾਂ-ਬੱਕਰੀਆਂ ਠੀਕ-ਠਾਕ ਹਨ ਜਾਂ ਨਹੀਂ।” ਇਹ ਕਹਿ ਕੇ ਉਸ ਨੇ ਯੂਸੁਫ਼ ਨੂੰ ਹਬਰੋਨ+ ਘਾਟੀ ਤੋਂ ਘੱਲ ਦਿੱਤਾ। ਯੂਸੁਫ਼ ਸ਼ਕਮ ਵੱਲ ਨੂੰ ਤੁਰ ਪਿਆ। 15 ਜਦੋਂ ਉਹ ਆਪਣੇ ਭਰਾਵਾਂ ਦੀ ਤਲਾਸ਼ ਵਿਚ ਇੱਧਰ-ਉੱਧਰ ਭਟਕ ਰਿਹਾ ਸੀ, ਤਾਂ ਉਸ ਨੂੰ ਇਕ ਆਦਮੀ ਮਿਲਿਆ। ਉਸ ਆਦਮੀ ਨੇ ਪੁੱਛਿਆ: “ਤੂੰ ਕਿਸ ਨੂੰ ਲੱਭ ਰਿਹਾ ਹੈਂ?” 16 ਯੂਸੁਫ਼ ਨੇ ਕਿਹਾ: “ਮੈਂ ਆਪਣੇ ਭਰਾਵਾਂ ਨੂੰ ਲੱਭ ਰਿਹਾ ਹਾਂ। ਕੀ ਤੈਨੂੰ ਪਤਾ ਉਹ ਕਿੱਥੇ ਭੇਡਾਂ-ਬੱਕਰੀਆਂ ਚਾਰ ਰਹੇ ਹਨ?” 17 ਉਸ ਆਦਮੀ ਨੇ ਦੱਸਿਆ: “ਉਹ ਇੱਥੋਂ ਚਲੇ ਗਏ ਹਨ। ਮੈਂ ਉਨ੍ਹਾਂ ਨੂੰ ਇਹ ਕਹਿੰਦਿਆਂ ਸੁਣਿਆ ਸੀ, ‘ਆਓ ਆਪਾਂ ਦੋਥਾਨ ਨੂੰ ਚਲੀਏ।’” ਇਸ ਲਈ ਯੂਸੁਫ਼ ਆਪਣੇ ਭਰਾਵਾਂ ਨੂੰ ਲੱਭਣ ਦੋਥਾਨ ਚਲਾ ਗਿਆ ਜਿੱਥੇ ਉਸ ਨੂੰ ਆਪਣੇ ਭਰਾ ਮਿਲ ਗਏ।
18 ਉਨ੍ਹਾਂ ਨੇ ਉਸ ਨੂੰ ਦੂਰੋਂ ਆਉਂਦਿਆਂ ਦੇਖ ਲਿਆ ਅਤੇ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਉਸ ਨੂੰ ਮਾਰਨ ਦੀਆਂ ਜੁਗਤਾਂ ਘੜਨ ਲੱਗੇ। 19 ਉਨ੍ਹਾਂ ਨੇ ਇਕ-ਦੂਜੇ ਨੂੰ ਕਿਹਾ: “ਦੇਖੋ, ਉਹ ਆ ਰਿਹਾ ਸੁਪਨੇ ਦੇਖਣ ਵਾਲਾ!+ 20 ਆਓ ਆਪਾਂ ਉਸ ਨੂੰ ਜਾਨੋਂ ਮਾਰ ਕੇ ਕਿਸੇ ਟੋਏ ਵਿਚ ਸੁੱਟ ਦੇਈਏ। ਆਪਾਂ ਕਹਿ ਦਿਆਂਗੇ ਕਿ ਉਸ ਨੂੰ ਕੋਈ ਜੰਗਲੀ ਜਾਨਵਰ ਮਾਰ ਕੇ ਖਾ ਗਿਆ। ਫਿਰ ਦੇਖਾਂਗੇ ਕਿ ਉਸ ਦੇ ਸੁਪਨੇ ਕਿਵੇਂ ਪੂਰੇ ਹੁੰਦੇ।” 21 ਜਦੋਂ ਰਊਬੇਨ+ ਨੇ ਇਹ ਸੁਣਿਆ, ਤਾਂ ਉਸ ਨੇ ਯੂਸੁਫ਼ ਨੂੰ ਉਨ੍ਹਾਂ ਦੇ ਹੱਥੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ: “ਆਪਾਂ ਉਸ ਦੀ ਜਾਨ ਕਿਉਂ ਲਈਏ?”+ 22 ਰਊਬੇਨ ਨੇ ਉਨ੍ਹਾਂ ਨੂੰ ਕਿਹਾ: “ਉਸ ਦਾ ਖ਼ੂਨ ਕਰਨ ਦੀ ਬਜਾਇ ਆਪਾਂ ਇੱਥੇ ਉਜਾੜ ਵਿਚ ਉਸ ਨੂੰ ਇਸ ਟੋਏ ਵਿਚ ਸੁੱਟ ਦਿੰਦੇ ਹਾਂ।+ ਉਸ ਨੂੰ ਜਾਨੋਂ ਨਾ ਮਾਰੋ।”+ ਉਸ ਦਾ ਇਰਾਦਾ ਸੀ ਕਿ ਉਹ ਯੂਸੁਫ਼ ਨੂੰ ਉਨ੍ਹਾਂ ਦੇ ਹੱਥੋਂ ਬਚਾ ਕੇ ਆਪਣੇ ਪਿਤਾ ਕੋਲ ਲੈ ਜਾਵੇਗਾ।
23 ਜਿਉਂ ਹੀ ਯੂਸੁਫ਼ ਆਪਣੇ ਭਰਾਵਾਂ ਕੋਲ ਆਇਆ, ਤਾਂ ਉਨ੍ਹਾਂ ਨੇ ਉਸ ਦਾ ਸੋਹਣਾ ਚੋਗਾ ਲਾਹ ਲਿਆ ਜੋ ਉਸ ਨੇ ਪਾਇਆ ਹੋਇਆ ਸੀ।+ 24 ਫਿਰ ਉਨ੍ਹਾਂ ਨੇ ਉਸ ਨੂੰ ਫੜ ਕੇ ਟੋਏ ਵਿਚ ਸੁੱਟ ਦਿੱਤਾ। ਉਸ ਵੇਲੇ ਟੋਏ ਵਿਚ ਪਾਣੀ ਨਹੀਂ ਸੀ।
25 ਫਿਰ ਉਹ ਰੋਟੀ ਖਾਣ ਬੈਠ ਗਏ। ਉਨ੍ਹਾਂ ਨੇ ਦੇਖਿਆ ਕਿ ਗਿਲਆਦ ਤੋਂ ਇਸਮਾਏਲੀਆਂ+ ਦਾ ਕਾਫ਼ਲਾ ਆ ਰਿਹਾ ਸੀ। ਉਨ੍ਹਾਂ ਦੇ ਊਠਾਂ ਉੱਤੇ ਖ਼ੁਸ਼ਬੂਦਾਰ ਗੂੰਦ, ਗੁੱਗਲ ਅਤੇ ਰਾਲ਼ ਵਾਲਾ ਸੱਕ+ ਲੱਦਿਆ ਹੋਇਆ ਸੀ ਅਤੇ ਉਹ ਮਿਸਰ ਨੂੰ ਜਾ ਰਹੇ ਸਨ। 26 ਉਨ੍ਹਾਂ ਨੂੰ ਦੇਖ ਕੇ ਯਹੂਦਾਹ ਨੇ ਆਪਣੇ ਭਰਾਵਾਂ ਨੂੰ ਕਿਹਾ: “ਜੇ ਅਸੀਂ ਆਪਣੇ ਭਰਾ ਨੂੰ ਮਾਰ ਕੇ ਉਸ ਦੇ ਕਤਲ ਦੀ ਗੱਲ ਲੁਕਾ ਲਈਏ, ਤਾਂ ਆਪਾਂ ਨੂੰ ਕੀ ਫ਼ਾਇਦਾ ਹੋਊ?+ 27 ਸੁਣੋ, ਆਪਾਂ ਉਸ ਨੂੰ ਇਸਮਾਏਲੀਆਂ ਨੂੰ ਵੇਚ ਦਿੰਦੇ ਹਾਂ।+ ਆਪਾਂ ਉਸ ਦੇ ਵਿਰੁੱਧ ਆਪਣਾ ਹੱਥ ਕਿਉਂ ਚੁੱਕੀਏ? ਆਖ਼ਰ ਉਹ ਵੀ ਸਾਡਾ ਭਰਾ ਤੇ ਸਾਡਾ ਆਪਣਾ ਖ਼ੂਨ* ਹੈ।” ਉਨ੍ਹਾਂ ਨੇ ਆਪਣੇ ਭਰਾ ਯਹੂਦਾਹ ਦੀ ਗੱਲ ਮੰਨ ਲਈ। 28 ਜਦੋਂ ਇਸਮਾਏਲੀ*+ ਵਪਾਰੀ ਉੱਧਰੋਂ ਦੀ ਲੰਘ ਰਹੇ ਸਨ, ਤਾਂ ਯੂਸੁਫ਼ ਦੇ ਭਰਾਵਾਂ ਨੇ ਉਸ ਨੂੰ ਟੋਏ ਵਿੱਚੋਂ ਕੱਢਿਆ ਅਤੇ ਉਸ ਨੂੰ ਚਾਂਦੀ ਦੇ 20 ਟੁਕੜਿਆਂ ਬਦਲੇ ਇਸਮਾਏਲੀਆਂ ਨੂੰ ਵੇਚ ਦਿੱਤਾ।+ ਉਹ ਵਪਾਰੀ ਯੂਸੁਫ਼ ਨੂੰ ਮਿਸਰ ਲੈ ਗਏ।
29 ਬਾਅਦ ਵਿਚ ਜਦੋਂ ਰਊਬੇਨ ਨੇ ਆ ਕੇ ਦੇਖਿਆ ਕਿ ਯੂਸੁਫ਼ ਉਸ ਟੋਏ ਵਿਚ ਨਹੀਂ ਸੀ, ਤਾਂ ਉਸ ਨੇ ਦੁੱਖ ਦੇ ਮਾਰੇ ਆਪਣੇ ਕੱਪੜੇ ਪਾੜੇ। 30 ਜਦੋਂ ਉਹ ਆਪਣੇ ਭਰਾਵਾਂ ਕੋਲ ਵਾਪਸ ਗਿਆ, ਤਾਂ ਉਸ ਨੇ ਉੱਚੀ-ਉੱਚੀ ਕਿਹਾ: “ਮੁੰਡਾ ਉੱਥੇ ਨਹੀਂ ਹੈ! ਹੁਣ ਮੈਂ ਕੀ ਕਰਾਂ?”
31 ਇਸ ਲਈ ਉਨ੍ਹਾਂ ਨੇ ਇਕ ਬੱਕਰਾ ਵੱਢ ਕੇ ਯੂਸੁਫ਼ ਦਾ ਚੋਗਾ ਉਸ ਦੇ ਖ਼ੂਨ ਵਿਚ ਡੋਬਿਆ। 32 ਬਾਅਦ ਵਿਚ ਉਨ੍ਹਾਂ ਨੇ ਉਹ ਚੋਗਾ ਆਪਣੇ ਪਿਤਾ ਕੋਲ ਘੱਲਿਆ ਅਤੇ ਪੁੱਛਿਆ: “ਇਹ ਚੋਗਾ ਸਾਨੂੰ ਲੱਭਾ ਹੈ। ਜ਼ਰਾ ਦੇਖੀਂ ਕਿਤੇ ਇਹ ਚੋਗਾ ਤੇਰੇ ਪੁੱਤਰ ਦਾ ਤਾਂ ਨਹੀਂ!”+ 33 ਯਾਕੂਬ ਨੇ ਉਹ ਚੋਗਾ ਧਿਆਨ ਨਾਲ ਦੇਖਿਆ ਅਤੇ ਉੱਚੀ-ਉੱਚੀ ਕਿਹਾ: “ਹਾਂ, ਇਹ ਮੇਰੇ ਪੁੱਤਰ ਦਾ ਹੀ ਚੋਗਾ ਹੈ! ਜ਼ਰੂਰ ਕਿਸੇ ਜੰਗਲੀ ਜਾਨਵਰ ਨੇ ਉਸ ਦੇ ਟੁਕੜੇ-ਟੁਕੜੇ ਕਰ ਦਿੱਤੇ ਹੋਣੇ ਅਤੇ ਉਸ ਨੂੰ ਖਾ ਗਿਆ ਹੋਣਾ!” 34 ਯਾਕੂਬ ਨੇ ਆਪਣੇ ਕੱਪੜੇ ਪਾੜ ਕੇ ਆਪਣੇ ਲੱਕ ਦੁਆਲੇ ਤੱਪੜ ਬੰਨ੍ਹਿਆ ਅਤੇ ਕਈ ਦਿਨ ਆਪਣੇ ਮੁੰਡੇ ਦੀ ਮੌਤ ਦਾ ਸੋਗ ਮਨਾਉਂਦਾ ਰਿਹਾ। 35 ਉਸ ਦੇ ਸਾਰੇ ਪੁੱਤਰ ਅਤੇ ਸਾਰੀਆਂ ਧੀਆਂ ਉਸ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਉਹ ਨਹੀਂ ਚਾਹੁੰਦਾ ਸੀ ਕਿ ਕੋਈ ਉਸ ਨੂੰ ਦਿਲਾਸਾ ਦੇਵੇ। ਉਹ ਕਹਿੰਦਾ ਸੀ: “ਮੈਂ ਆਪਣੇ ਮਰਨ ਤਕ*+ ਆਪਣੇ ਪੁੱਤਰ ਲਈ ਸੋਗ ਮਨਾਉਂਦਾ ਰਹਾਂਗਾ!” ਉਸ ਦਾ ਪਿਤਾ ਉਸ ਕਰਕੇ ਕਈ ਦਿਨ ਰੋਂਦਾ ਰਿਹਾ।
36 ਉੱਧਰ ਇਸਮਾਏਲੀਆਂ* ਨੇ ਯੂਸੁਫ਼ ਨੂੰ ਮਿਸਰ ਵਿਚ ਪੋਟੀਫਰ ਨੂੰ ਵੇਚ ਦਿੱਤਾ ਸੀ। ਪੋਟੀਫਰ ਫ਼ਿਰਊਨ ਦੇ ਦਰਬਾਰ ਵਿਚ ਇਕ ਮੰਤਰੀ+ ਸੀ ਅਤੇ ਰਾਜੇ ਦੇ ਅੰਗ-ਰੱਖਿਅਕਾਂ ਦਾ ਪ੍ਰਧਾਨ+ ਸੀ।
38 ਲਗਭਗ ਉਸ ਸਮੇਂ ਦੌਰਾਨ ਯਹੂਦਾਹ ਨੇ ਆਪਣੇ ਭਰਾਵਾਂ ਤੋਂ ਵੱਖ ਹੋ ਕੇ ਉਸ ਜਗ੍ਹਾ ਆਪਣਾ ਤੰਬੂ ਲਾਇਆ ਜਿੱਥੇ ਹੀਰਾਹ ਨਾਂ ਦਾ ਅਦੁਲਾਮੀ ਆਦਮੀ ਰਹਿੰਦਾ ਸੀ। 2 ਉੱਥੇ ਯਹੂਦਾਹ ਦੀ ਨਜ਼ਰ ਸ਼ੂਆ ਨਾਂ ਦੇ ਇਕ ਕਨਾਨੀ ਆਦਮੀ ਦੀ ਧੀ ਉੱਤੇ ਪਈ।+ ਉਸ ਨੇ ਉਸ ਕੁੜੀ ਨਾਲ ਵਿਆਹ ਕਰਾਇਆ ਅਤੇ ਉਸ ਨਾਲ ਸੰਬੰਧ ਕਾਇਮ ਕੀਤੇ 3 ਅਤੇ ਉਹ ਗਰਭਵਤੀ ਹੋਈ। ਬਾਅਦ ਵਿਚ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਜਿਸ ਦਾ ਨਾਂ ਯਹੂਦਾਹ ਨੇ ਏਰ+ ਰੱਖਿਆ। 4 ਉਹ ਦੁਬਾਰਾ ਗਰਭਵਤੀ ਹੋਈ ਅਤੇ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ ਓਨਾਨ ਰੱਖਿਆ। 5 ਬਾਅਦ ਵਿਚ ਉਸ ਨੇ ਇਕ ਹੋਰ ਮੁੰਡੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ ਸ਼ੇਲਾਹ ਰੱਖਿਆ। ਉਸ ਦੇ ਜਨਮ ਵੇਲੇ ਉਹ* ਅਕਜ਼ੀਬ+ ਵਿਚ ਸੀ।
6 ਸਮੇਂ ਦੇ ਬੀਤਣ ਨਾਲ ਯਹੂਦਾਹ ਨੇ ਆਪਣੇ ਜੇਠੇ ਮੁੰਡੇ ਏਰ ਦਾ ਵਿਆਹ ਕਰ ਦਿੱਤਾ ਅਤੇ ਉਸ ਦੀ ਪਤਨੀ ਦਾ ਨਾਂ ਤਾਮਾਰ+ ਸੀ। 7 ਪਰ ਯਹੋਵਾਹ ਦੀਆਂ ਨਜ਼ਰਾਂ ਵਿਚ ਏਰ ਦੇ ਕੰਮ ਬੁਰੇ ਸਨ, ਇਸ ਕਰਕੇ ਯਹੋਵਾਹ ਨੇ ਉਸ ਨੂੰ ਜਾਨੋਂ ਮਾਰ ਦਿੱਤਾ। 8 ਇਸ ਲਈ ਯਹੂਦਾਹ ਨੇ ਓਨਾਨ ਨੂੰ ਕਿਹਾ: “ਤੂੰ ਦਿਓਰ ਹੋਣ ਦਾ ਆਪਣਾ ਫ਼ਰਜ਼ ਨਿਭਾ ਕੇ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਕਰਾ ਅਤੇ ਉਸ ਨਾਲ ਸਰੀਰਕ ਸੰਬੰਧ ਕਾਇਮ ਕਰ ਅਤੇ ਆਪਣੇ ਭਰਾ ਲਈ ਔਲਾਦ ਪੈਦਾ ਕਰ।”*+ 9 ਪਰ ਓਨਾਨ ਜਾਣਦਾ ਸੀ ਕਿ ਪੈਦਾ ਹੋਣ ਵਾਲਾ ਬੱਚਾ ਉਸ ਦਾ ਨਹੀਂ ਕਹਾਵੇਗਾ।+ ਇਸ ਲਈ ਜਦੋਂ ਉਸ ਨੇ ਆਪਣੇ ਭਰਾ ਦੀ ਪਤਨੀ ਨਾਲ ਸੰਬੰਧ ਕਾਇਮ ਕੀਤੇ, ਤਾਂ ਉਸ ਨੇ ਆਪਣਾ ਵੀਰਜ ਧਰਤੀ ਉੱਤੇ ਸੁੱਟ ਦਿੱਤਾ ਤਾਂਕਿ ਉਸ ਦੇ ਭਰਾ ਲਈ ਬੱਚੇ ਨਾ ਹੋਣ।+ 10 ਉਸ ਦੀ ਇਹ ਹਰਕਤ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਬੁਰੀ ਸੀ, ਇਸ ਲਈ ਉਸ ਨੇ ਓਨਾਨ ਨੂੰ ਜਾਨੋਂ ਮਾਰ ਦਿੱਤਾ।+ 11 ਯਹੂਦਾਹ ਨੇ ਆਪਣੀ ਨੂੰਹ ਤਾਮਾਰ ਨੂੰ ਕਿਹਾ: “ਜਦ ਤਕ ਮੇਰਾ ਮੁੰਡਾ ਸ਼ੇਲਾਹ ਵੱਡਾ ਨਹੀਂ ਹੋ ਜਾਂਦਾ, ਤੂੰ ਆਪਣੇ ਪਿਤਾ ਦੇ ਘਰ ਵਿਧਵਾ ਵਜੋਂ ਰਹਿ,” ਕਿਉਂਕਿ ਉਸ ਨੇ ਆਪਣੇ ਮਨ ਵਿਚ ਕਿਹਾ: ‘ਕਿਤੇ ਇਹ ਵੀ ਆਪਣੇ ਭਰਾਵਾਂ ਵਾਂਗ ਆਪਣੀ ਜਾਨ ਤੋਂ ਹੱਥ ਨਾ ਧੋ ਬੈਠੇ।’+ ਇਸ ਲਈ ਤਾਮਾਰ ਆਪਣੇ ਪਿਤਾ ਦੇ ਘਰ ਜਾ ਕੇ ਰਹਿਣ ਲੱਗ ਪਈ।
12 ਕੁਝ ਸਮੇਂ ਬਾਅਦ ਯਹੂਦਾਹ ਦੀ ਪਤਨੀ ਮਰ ਗਈ ਜੋ ਸ਼ੂਆ ਦੀ ਧੀ+ ਸੀ। ਯਹੂਦਾਹ ਨੇ ਉਸ ਲਈ ਸੋਗ ਮਨਾਇਆ। ਜਦੋਂ ਸੋਗ ਮਨਾਉਣ ਦੇ ਦਿਨ ਪੂਰੇ ਹੋ ਗਏ, ਤਾਂ ਉਹ ਆਪਣੀਆਂ ਭੇਡਾਂ ਦੀ ਉੱਨ ਕਤਰਨ ਵਾਲਿਆਂ ਕੋਲ ਤਿਮਨਾਹ+ ਨੂੰ ਗਿਆ। ਉਹ ਆਪਣੇ ਸਾਥੀ ਹੀਰਾਹ ਅਦੁਲਾਮੀ+ ਨੂੰ ਆਪਣੇ ਨਾਲ ਲੈ ਗਿਆ। 13 ਤਾਮਾਰ ਨੂੰ ਦੱਸਿਆ ਗਿਆ: “ਦੇਖ, ਤੇਰਾ ਸਹੁਰਾ ਆਪਣੀਆਂ ਭੇਡਾਂ ਦੀ ਉੱਨ ਕਤਰਨ ਲਈ ਤਿਮਨਾਹ ਨੂੰ ਜਾ ਰਿਹਾ ਹੈ।” 14 ਇਹ ਸੁਣ ਕੇ ਉਸ ਨੇ ਆਪਣਾ ਵਿਧਵਾਵਾਂ ਵਾਲਾ ਲਿਬਾਸ ਲਾਹਿਆ ਅਤੇ ਉਹ ਆਪਣਾ ਚਿਹਰਾ ਨਕਾਬ ਨਾਲ ਲੁਕਾ ਕੇ ਅਤੇ ਸ਼ਾਲ ਲੈ ਕੇ ਤਿਮਨਾਹ ਦੇ ਰਾਹ ਵਿਚ ਪੈਂਦੇ ਸ਼ਹਿਰ ਏਨਯਿਮ ਦੇ ਦਰਵਾਜ਼ੇ ਕੋਲ ਬੈਠ ਗਈ। ਉਸ ਨੇ ਇਸ ਕਰਕੇ ਇਹ ਕਦਮ ਚੁੱਕਿਆ ਸੀ ਕਿਉਂਕਿ ਸ਼ੇਲਾਹ ਵੱਡਾ ਹੋ ਚੁੱਕਾ ਸੀ, ਪਰ ਸ਼ੇਲਾਹ ਨਾਲ ਉਸ ਦਾ ਵਿਆਹ ਨਹੀਂ ਕੀਤਾ ਗਿਆ ਸੀ।+
15 ਜਦੋਂ ਯਹੂਦਾਹ ਨੇ ਤਾਮਾਰ ਨੂੰ ਦੇਖਿਆ, ਤਾਂ ਉਸ ਨੇ ਤਾਮਾਰ ਨੂੰ ਵੇਸਵਾ ਸਮਝਿਆ ਕਿਉਂਕਿ ਉਸ ਨੇ ਆਪਣਾ ਚਿਹਰਾ ਢਕਿਆ ਹੋਇਆ ਸੀ। 16 ਯਹੂਦਾਹ ਨੇ ਸੜਕ ਕਿਨਾਰੇ ਬੈਠੀ ਤਾਮਾਰ ਨੂੰ ਜਾ ਕੇ ਕਿਹਾ: “ਕੀ ਤੂੰ ਮੇਰੇ ਨਾਲ ਸੰਬੰਧ ਕਾਇਮ ਕਰੇਂਗੀ?” ਉਸ ਨੂੰ ਪਤਾ ਨਹੀਂ ਸੀ ਕਿ ਉਹ ਉਸ ਦੀ ਨੂੰਹ ਸੀ।+ ਪਰ ਤਾਮਾਰ ਨੇ ਕਿਹਾ: “ਤੂੰ ਮੇਰੇ ਨਾਲ ਸੰਬੰਧ ਕਾਇਮ ਕਰਨ ਦੇ ਬਦਲੇ ਮੈਨੂੰ ਕੀ ਦੇਵੇਂਗਾ?” 17 ਉਸ ਨੇ ਕਿਹਾ: “ਮੈਂ ਆਪਣੇ ਇੱਜੜ ਵਿੱਚੋਂ ਬੱਕਰੀ ਦਾ ਇਕ ਬੱਚਾ ਘੱਲ ਦਿਆਂਗਾ।” ਪਰ ਉਸ ਨੇ ਕਿਹਾ: “ਕੀ ਬੱਕਰੀ ਦਾ ਬੱਚਾ ਘੱਲਣ ਤਕ ਤੂੰ ਜ਼ਮਾਨਤ ਦੇ ਤੌਰ ਤੇ ਮੈਨੂੰ ਕੁਝ ਦੇਵੇਂਗਾ?” 18 ਯਹੂਦਾਹ ਨੇ ਪੁੱਛਿਆ: “ਮੈਂ ਤੈਨੂੰ ਜ਼ਮਾਨਤ ਦੇ ਤੌਰ ਤੇ ਕੀ ਦਿਆਂ?” ਉਸ ਨੇ ਕਿਹਾ: “ਆਪਣੀ ਮੁਹਰ ਵਾਲੀ ਅੰਗੂਠੀ+ ਅਤੇ ਇਸ ਦੀ ਡੋਰੀ ਅਤੇ ਇਹ ਡੰਡਾ ਜੋ ਤੇਰੇ ਹੱਥ ਵਿਚ ਹੈ।” ਉਸ ਨੇ ਇਹ ਚੀਜ਼ਾਂ ਤਾਮਾਰ ਨੂੰ ਦੇ ਦਿੱਤੀਆਂ ਅਤੇ ਉਸ ਨਾਲ ਸੰਬੰਧ ਕਾਇਮ ਕੀਤੇ ਜਿਸ ਕਰਕੇ ਉਹ ਗਰਭਵਤੀ ਹੋ ਗਈ। 19 ਬਾਅਦ ਵਿਚ ਉਹ ਉੱਠ ਕੇ ਚਲੀ ਗਈ ਅਤੇ ਉਸ ਨੇ ਆਪਣਾ ਸ਼ਾਲ ਲਾਹ ਕੇ ਆਪਣਾ ਵਿਧਵਾਵਾਂ ਵਾਲਾ ਲਿਬਾਸ ਪਾ ਲਿਆ।
20 ਫਿਰ ਯਹੂਦਾਹ ਨੇ ਆਪਣੇ ਸਾਥੀ ਹੀਰਾਹ ਅਦੁਲਾਮੀ+ ਦੇ ਹੱਥ ਬੱਕਰੀ ਦਾ ਇਕ ਬੱਚਾ ਘੱਲਿਆ ਤਾਂਕਿ ਉਹ ਉਸ ਔਰਤ ਕੋਲੋਂ ਜ਼ਮਾਨਤ ਦੇ ਤੌਰ ਤੇ ਰੱਖੀਆਂ ਚੀਜ਼ਾਂ ਵਾਪਸ ਲੈ ਸਕੇ, ਪਰ ਉਸ ਨੂੰ ਉਹ ਔਰਤ ਕਿਤੇ ਨਹੀਂ ਲੱਭੀ। 21 ਉਸ ਨੇ ਉਸ ਸ਼ਹਿਰ ਦੇ ਆਦਮੀਆਂ ਨੂੰ ਪੁੱਛਿਆ: “ਏਨਯਿਮ ਵਿਚ ਉਹ ਵੇਸਵਾ* ਕਿੱਥੇ ਹੈ ਜੋ ਰਾਹ ਵਿਚ ਬੈਠਦੀ ਹੁੰਦੀ ਸੀ?” ਪਰ ਉਨ੍ਹਾਂ ਨੇ ਕਿਹਾ: “ਅਸੀਂ ਤਾਂ ਇਸ ਜਗ੍ਹਾ ਕਦੀ ਕੋਈ ਵੇਸਵਾ ਨਹੀਂ ਦੇਖੀ।” 22 ਅਖ਼ੀਰ ਉਹ ਯਹੂਦਾਹ ਕੋਲ ਵਾਪਸ ਚਲਾ ਗਿਆ ਅਤੇ ਉਸ ਨੂੰ ਦੱਸਿਆ: “ਮੈਨੂੰ ਉਹ ਔਰਤ ਨਹੀਂ ਲੱਭੀ ਅਤੇ ਉਸ ਸ਼ਹਿਰ ਦੇ ਆਦਮੀਆਂ ਨੇ ਵੀ ਕਿਹਾ, ‘ਅਸੀਂ ਤਾਂ ਇਸ ਜਗ੍ਹਾ ਕਦੀ ਕੋਈ ਵੇਸਵਾ ਨਹੀਂ ਦੇਖੀ।’” 23 ਇਸ ਲਈ ਯਹੂਦਾਹ ਨੇ ਕਿਹਾ: “ਉਹ ਰੱਖ ਲਵੇ ਆਪਣੇ ਕੋਲ ਸਾਰੀਆਂ ਚੀਜ਼ਾਂ, ਨਹੀਂ ਤਾਂ ਜੇ ਆਪਾਂ ਉਸ ਨੂੰ ਲੱਭਣ ਤੁਰ ਪਏ, ਤਾਂ ਸਾਡੀ ਆਪਣੀ ਬਦਨਾਮੀ ਹੋਵੇਗੀ। ਆਪਾਂ ਨੂੰ ਕੀ? ਮੈਂ ਤਾਂ ਬੱਕਰੀ ਦਾ ਬੱਚਾ ਘੱਲਿਆ ਸੀ, ਪਰ ਤੈਨੂੰ ਉਹ ਲੱਭੀ ਹੀ ਨਹੀਂ।”
24 ਪਰ ਲਗਭਗ ਤਿੰਨਾਂ ਮਹੀਨਿਆਂ ਬਾਅਦ ਯਹੂਦਾਹ ਨੂੰ ਖ਼ਬਰ ਮਿਲੀ: “ਤੇਰੀ ਨੂੰਹ ਤਾਮਾਰ ਵੇਸਵਾ ਬਣ ਗਈ ਹੈ ਅਤੇ ਆਪਣੀ ਬਦਚਲਣੀ ਕਰਕੇ ਗਰਭਵਤੀ ਹੋਈ ਹੈ।” ਇਹ ਸੁਣ ਕੇ ਯਹੂਦਾਹ ਨੇ ਕਿਹਾ: “ਉਸ ਨੂੰ ਬਾਹਰ ਕੱਢੋ ਅਤੇ ਜਾਨੋਂ ਮਾਰ ਕੇ ਅੱਗ ਲਾ ਦਿਓ।”+ 25 ਜਦੋਂ ਉਸ ਨੂੰ ਬਾਹਰ ਲਿਜਾਇਆ ਜਾ ਰਿਹਾ ਸੀ, ਤਾਂ ਉਸ ਨੇ ਜ਼ਮਾਨਤ ਦੇ ਤੌਰ ਤੇ ਰੱਖੀਆਂ ਚੀਜ਼ਾਂ ਆਪਣੇ ਸਹੁਰੇ ਨੂੰ ਘੱਲ ਕੇ ਸੁਨੇਹਾ ਭੇਜਿਆ: “ਜਿਸ ਆਦਮੀ ਦੀਆਂ ਇਹ ਚੀਜ਼ਾਂ ਹਨ, ਉਸੇ ਤੋਂ ਮੈਂ ਗਰਭਵਤੀ ਹੋਈ ਹਾਂ।” ਉਸ ਨੇ ਅੱਗੇ ਕਿਹਾ: “ਕਿਰਪਾ ਕਰ ਕੇ ਧਿਆਨ ਨਾਲ ਦੇਖ ਕਿ ਇਹ ਮੁਹਰ ਵਾਲੀ ਅੰਗੂਠੀ ਅਤੇ ਇਸ ਦੀ ਡੋਰੀ ਅਤੇ ਇਹ ਡੰਡਾ ਕਿਸ ਦਾ ਹੈ।”+ 26 ਯਹੂਦਾਹ ਨੇ ਉਹ ਚੀਜ਼ਾਂ ਧਿਆਨ ਨਾਲ ਦੇਖ ਕੇ ਕਿਹਾ: “ਉਹ ਔਰਤ ਮੇਰੇ ਨਾਲੋਂ ਜ਼ਿਆਦਾ ਨੇਕ ਹੈ ਕਿਉਂਕਿ ਮੈਂ ਆਪਣੇ ਪੁੱਤਰ ਸ਼ੇਲਾਹ ਦਾ ਵਿਆਹ ਉਸ ਨਾਲ ਨਹੀਂ ਕੀਤਾ।”+ ਉਸ ਨੇ ਦੁਬਾਰਾ ਕਦੀ ਉਸ ਨਾਲ ਸੰਬੰਧ ਕਾਇਮ ਨਹੀਂ ਕੀਤੇ।
27 ਤਾਮਾਰ ਦੇ ਗਰਭ ਦੇ ਦਿਨ ਪੂਰੇ ਹੋਏ ਅਤੇ ਉਸ ਦੀ ਕੁੱਖ ਵਿਚ ਜੌੜੇ ਬੱਚੇ ਸਨ। 28 ਉਸ ਦੇ ਜਣੇਪੇ ਦੇ ਸਮੇਂ ਇਕ ਮੁੰਡੇ ਨੇ ਆਪਣਾ ਹੱਥ ਬਾਹਰ ਕੱਢਿਆ ਅਤੇ ਦਾਈ ਨੇ ਉਸੇ ਵੇਲੇ ਮੁੰਡੇ ਦੇ ਗੁੱਟ ʼਤੇ ਨਿਸ਼ਾਨੀ ਦੇ ਤੌਰ ਤੇ ਗੂੜ੍ਹੇ ਲਾਲ ਰੰਗ ਦਾ ਧਾਗਾ ਬੰਨ੍ਹ ਦਿੱਤਾ ਅਤੇ ਕਿਹਾ: “ਇਹ ਪਹਿਲਾਂ ਬਾਹਰ ਆਇਆ।” 29 ਪਰ ਜਿਉਂ ਹੀ ਉਸ ਮੁੰਡੇ ਨੇ ਆਪਣਾ ਹੱਥ ਅੰਦਰ ਖਿੱਚਿਆ, ਤਾਂ ਉਸ ਦਾ ਭਰਾ ਬਾਹਰ ਆ ਗਿਆ। ਦਾਈ ਨੇ ਉੱਚੀ ਦੇਣੀ ਕਿਹਾ: “ਤੂੰ ਕਿਉਂ ਇਸ ਤਰ੍ਹਾਂ ਆਪਣੀ ਮਾਂ ਦੀ ਕੁੱਖ ਪਾੜ ਕੇ ਬਾਹਰ ਆਇਆ ਹੈਂ?” ਇਸ ਲਈ ਉਸ ਦਾ ਨਾਂ ਪਰਸ*+ ਰੱਖਿਆ ਗਿਆ। 30 ਫਿਰ ਉਸ ਦਾ ਭਰਾ ਬਾਹਰ ਆਇਆ ਜਿਸ ਦੇ ਹੱਥ ʼਤੇ ਗੂੜ੍ਹੇ ਲਾਲ ਰੰਗ ਦਾ ਧਾਗਾ ਬੰਨ੍ਹਿਆ ਹੋਇਆ ਸੀ। ਉਸ ਦਾ ਨਾਂ ਜ਼ਰਾਹ+ ਰੱਖਿਆ ਗਿਆ।
39 ਇਸਮਾਏਲੀ+ ਯੂਸੁਫ਼ ਨੂੰ ਮਿਸਰ ਲੈ ਗਏ+ ਅਤੇ ਉੱਥੇ ਪੋਟੀਫਰ ਨਾਂ ਦੇ ਮਿਸਰੀ+ ਆਦਮੀ ਨੇ ਉਨ੍ਹਾਂ ਤੋਂ ਉਸ ਨੂੰ ਖ਼ਰੀਦ ਲਿਆ। ਪੋਟੀਫਰ ਫ਼ਿਰਊਨ ਦੇ ਦਰਬਾਰ ਵਿਚ ਇਕ ਮੰਤਰੀ ਸੀ ਅਤੇ ਉਸ ਦੇ ਅੰਗ-ਰੱਖਿਅਕਾਂ ਦਾ ਪ੍ਰਧਾਨ ਸੀ। 2 ਯਹੋਵਾਹ ਯੂਸੁਫ਼ ਦੇ ਨਾਲ ਸੀ।+ ਇਸ ਕਰਕੇ ਉਹ ਹਰ ਕੰਮ ਵਿਚ ਕਾਮਯਾਬ ਹੋਇਆ ਅਤੇ ਉਸ ਨੂੰ ਆਪਣੇ ਮਿਸਰੀ ਮਾਲਕ ਦੇ ਘਰ ਦਾ ਮੁਖਤਿਆਰ ਬਣਾਇਆ ਗਿਆ। 3 ਉਸ ਦੇ ਮਾਲਕ ਨੇ ਦੇਖਿਆ ਕਿ ਯਹੋਵਾਹ ਉਸ ਦੇ ਨਾਲ ਸੀ ਅਤੇ ਯਹੋਵਾਹ ਉਸ ਨੂੰ ਹਰ ਕੰਮ ਵਿਚ ਕਾਮਯਾਬੀ ਬਖ਼ਸ਼ਦਾ ਸੀ।
4 ਯੂਸੁਫ਼ ਉੱਤੇ ਉਸ ਦੇ ਮਾਲਕ ਪੋਟੀਫਰ ਦੀ ਮਿਹਰ ਸੀ ਅਤੇ ਉਹ ਉਸ ਦਾ ਖ਼ਾਸ ਨੌਕਰ ਬਣ ਗਿਆ। ਉਸ ਨੇ ਯੂਸੁਫ਼ ਨੂੰ ਆਪਣੇ ਘਰ ਦਾ ਪ੍ਰਬੰਧਕ ਬਣਾ ਦਿੱਤਾ ਅਤੇ ਆਪਣਾ ਸਭ ਕੁਝ ਉਸ ਨੂੰ ਸੌਂਪ ਦਿੱਤਾ। 5 ਜਦੋਂ ਤੋਂ ਯੂਸੁਫ਼ ਨੂੰ ਘਰ ਦਾ ਅਤੇ ਹੋਰ ਸਭ ਕਾਸੇ ਦਾ ਪ੍ਰਬੰਧਕ ਬਣਾਇਆ ਗਿਆ, ਉਦੋਂ ਤੋਂ ਯਹੋਵਾਹ ਯੂਸੁਫ਼ ਕਰਕੇ ਉਸ ਮਿਸਰੀ ਦੇ ਘਰ ਉੱਤੇ ਬਰਕਤਾਂ ਪਾਉਂਦਾ ਰਿਹਾ। ਉਸ ਮਿਸਰੀ ਕੋਲ ਆਪਣੇ ਘਰ ਵਿਚ ਅਤੇ ਬਾਹਰ ਜੋ ਕੁਝ ਵੀ ਸੀ, ਉਸ ਸਾਰੇ ਉੱਤੇ ਯਹੋਵਾਹ ਨੇ ਬਰਕਤ ਪਾਈ।+ 6 ਅਖ਼ੀਰ ਪੋਟੀਫਰ ਨੇ ਸਾਰਾ ਕੁਝ ਯੂਸੁਫ਼ ਦੇ ਹਵਾਲੇ ਕਰ ਦਿੱਤਾ ਜਿਸ ਕਰਕੇ ਹੁਣ ਉਸ ਨੂੰ ਆਪਣੀ ਰੋਟੀ ਤੋਂ ਸਿਵਾਇ ਹੋਰ ਕਿਸੇ ਚੀਜ਼ ਦੀ ਚਿੰਤਾ ਨਹੀਂ ਸੀ। ਨਾਲੇ, ਯੂਸੁਫ਼ ਸੋਹਣਾ-ਸੁਨੱਖਾ ਅਤੇ ਤਕੜਾ ਨੌਜਵਾਨ ਸੀ।
7 ਕੁਝ ਸਮੇਂ ਬਾਅਦ ਯੂਸੁਫ਼ ਦੇ ਮਾਲਕ ਦੀ ਪਤਨੀ ਉਸ ਨੂੰ ਗੰਦੀ ਨਜ਼ਰ ਨਾਲ ਦੇਖਣ ਲੱਗ ਪਈ। ਉਸ ਨੇ ਕਿਹਾ: “ਮੇਰੇ ਨਾਲ ਹਮਬਿਸਤਰ ਹੋ।” 8 ਪਰ ਉਸ ਨੇ ਆਪਣੇ ਮਾਲਕ ਦੀ ਪਤਨੀ ਨੂੰ ਇਨਕਾਰ ਕਰਦਿਆਂ ਕਿਹਾ: “ਮੇਰੇ ਮਾਲਕ ਨੇ ਇਸ ਘਰ ਵਿਚ ਸਾਰਾ ਕੁਝ ਮੇਰੇ ਹਵਾਲੇ ਕੀਤਾ ਹੋਇਆ ਹੈ ਅਤੇ ਮੇਰੇ ਇੱਥੇ ਹੋਣ ਕਰਕੇ ਉਸ ਨੂੰ ਕਿਸੇ ਚੀਜ਼ ਦੀ ਚਿੰਤਾ ਕਰਨ ਦੀ ਲੋੜ ਨਹੀਂ। 9 ਇਸ ਘਰ ਵਿਚ ਮੇਰੇ ਤੋਂ ਵੱਡਾ ਹੋਰ ਕੋਈ ਨਹੀਂ ਹੈ ਅਤੇ ਉਸ ਨੇ ਤੇਰੇ ਤੋਂ ਸਿਵਾਇ ਹਰ ਚੀਜ਼ ਉੱਤੇ ਮੈਨੂੰ ਅਧਿਕਾਰ ਦਿੱਤਾ ਹੈ ਕਿਉਂਕਿ ਤੂੰ ਉਸ ਦੀ ਪਤਨੀ ਹੈਂ। ਇਸ ਲਈ ਮੈਂ ਇੰਨਾ ਵੱਡਾ ਕੁਕਰਮ ਕਰ ਕੇ ਪਰਮੇਸ਼ੁਰ ਦੇ ਖ਼ਿਲਾਫ਼ ਪਾਪ ਕਿਵੇਂ ਕਰ ਸਕਦਾ ਹਾਂ?”+
10 ਫਿਰ ਵੀ ਉਹ ਰੋਜ਼ ਯੂਸੁਫ਼ ਦੇ ਪਿੱਛੇ ਪਈ ਰਹੀ, ਪਰ ਉਹ ਕਦੀ ਵੀ ਉਸ ਨਾਲ ਹਮਬਿਸਤਰ ਹੋਣ ਜਾਂ ਉਸ ਨਾਲ ਇਕੱਲੇ ਸਮਾਂ ਬਿਤਾਉਣ ਲਈ ਰਾਜ਼ੀ ਨਾ ਹੋਇਆ। 11 ਇਕ ਦਿਨ ਜਦੋਂ ਉਹ ਘਰ ਵਿਚ ਆਪਣਾ ਕੰਮ ਕਰਨ ਗਿਆ, ਤਾਂ ਉੱਥੇ ਕੋਈ ਵੀ ਨੌਕਰ ਨਹੀਂ ਸੀ। 12 ਉਸ ਨੇ ਯੂਸੁਫ਼ ਨੂੰ ਉਸ ਦੇ ਕੱਪੜੇ ਤੋਂ ਫੜ ਲਿਆ ਅਤੇ ਕਿਹਾ: “ਮੇਰੇ ਨਾਲ ਹਮਬਿਸਤਰ ਹੋ!” ਪਰ ਉਹ ਆਪਣਾ ਕੱਪੜਾ ਉਸ ਦੇ ਹੱਥ ਵਿਚ ਛੱਡ ਕੇ ਬਾਹਰ ਭੱਜ ਗਿਆ। 13 ਜਿਉਂ ਹੀ ਉਸ ਨੇ ਦੇਖਿਆ ਕਿ ਯੂਸੁਫ਼ ਆਪਣਾ ਕੱਪੜਾ ਉਸ ਦੇ ਹੱਥ ਵਿਚ ਛੱਡ ਕੇ ਬਾਹਰ ਭੱਜ ਗਿਆ ਸੀ, 14 ਉਸ ਨੇ ਰੌਲ਼ਾ ਪਾ ਕੇ ਆਪਣੇ ਘਰ ਦੇ ਸਾਰੇ ਆਦਮੀ ਇਕੱਠੇ ਕਰ ਲਏ ਅਤੇ ਉਨ੍ਹਾਂ ਨੂੰ ਕਿਹਾ: “ਦੇਖੋ! ਉਸ ਇਬਰਾਨੀ ਆਦਮੀ ਨੇ ਕੀ ਕੀਤਾ ਜਿਸ ਨੂੰ ਮੇਰਾ ਪਤੀ ਲੈ ਕੇ ਆਇਆ ਸੀ। ਉਸ ਨੇ ਸਾਡਾ ਮਜ਼ਾਕ ਬਣਾਇਆ ਹੈ। ਉਸ ਨੇ ਅੰਦਰ ਆ ਕੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਉੱਚੀ-ਉੱਚੀ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ। 15 ਜਦੋਂ ਉਸ ਨੇ ਮੈਨੂੰ ਰੌਲ਼ਾ ਪਾਉਂਦਿਆਂ ਤੇ ਚੀਕਾਂ ਮਾਰਦਿਆਂ ਸੁਣਿਆ, ਤਾਂ ਉਹ ਮੇਰੇ ਕੋਲ ਆਪਣਾ ਕੱਪੜਾ ਛੱਡ ਕੇ ਬਾਹਰ ਭੱਜ ਗਿਆ।” 16 ਇਸ ਤੋਂ ਬਾਅਦ ਜਦ ਤਕ ਯੂਸੁਫ਼ ਦਾ ਮਾਲਕ ਘਰ ਨਹੀਂ ਆ ਗਿਆ, ਉਸ ਨੇ ਉਹ ਕੱਪੜਾ ਆਪਣੇ ਕੋਲ ਹੀ ਰੱਖਿਆ।
17 ਫਿਰ ਉਸ ਨੇ ਆਪਣੇ ਪਤੀ ਨੂੰ ਵੀ ਉਹੀ ਗੱਲ ਦੱਸੀ: “ਤੂੰ ਜਿਸ ਇਬਰਾਨੀ ਨੌਕਰ ਨੂੰ ਲਿਆਇਆ ਸੀ, ਉਸ ਨੇ ਅੰਦਰ ਆ ਕੇ ਮੈਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ। 18 ਪਰ ਜਿਉਂ ਹੀ ਮੈਂ ਉੱਚੀ-ਉੱਚੀ ਰੌਲ਼ਾ ਪਾਉਣਾ ਤੇ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ, ਉਹ ਮੇਰੇ ਕੋਲ ਆਪਣਾ ਕੱਪੜਾ ਛੱਡ ਕੇ ਬਾਹਰ ਭੱਜ ਗਿਆ।” 19 ਜਿਉਂ ਹੀ ਉਸ ਦੇ ਮਾਲਕ ਨੇ ਆਪਣੀ ਪਤਨੀ ਦੀ ਇਹ ਗੱਲ ਸੁਣੀ: “ਤੇਰੇ ਨੌਕਰ ਨੇ ਮੇਰੇ ਨਾਲ ਇਸ ਤਰ੍ਹਾਂ ਕੀਤਾ,” ਤਾਂ ਉਸ ਦਾ ਗੁੱਸਾ ਭੜਕ ਉੱਠਿਆ। 20 ਇਸ ਲਈ ਯੂਸੁਫ਼ ਦੇ ਮਾਲਕ ਨੇ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਜਿੱਥੇ ਰਾਜਾ ਕੈਦੀਆਂ ਨੂੰ ਰੱਖਦਾ ਸੀ। ਅਤੇ ਯੂਸੁਫ਼ ਉੱਥੇ ਕੈਦ ਵਿਚ ਹੀ ਰਿਹਾ।+
21 ਪਰ ਯਹੋਵਾਹ ਯੂਸੁਫ਼ ਦੇ ਨਾਲ ਰਿਹਾ ਅਤੇ ਉਸ ਨੂੰ ਅਟੱਲ ਪਿਆਰ ਦਿਖਾਉਂਦਾ ਰਿਹਾ। ਉਸ ਦੀ ਬਰਕਤ ਨਾਲ ਜੇਲ੍ਹ ਦਾ ਮੁੱਖ ਅਧਿਕਾਰੀ ਯੂਸੁਫ਼ ਉੱਤੇ ਮਿਹਰਬਾਨ ਹੋਇਆ।+ 22 ਇਸ ਲਈ ਮੁੱਖ ਅਧਿਕਾਰੀ ਨੇ ਉਸ ਨੂੰ ਜੇਲ੍ਹ ਦੇ ਸਾਰੇ ਕੈਦੀਆਂ ਦਾ ਨਿਗਰਾਨ ਬਣਾ ਦਿੱਤਾ। ਕੈਦੀ ਸਾਰੇ ਕੰਮ ਯੂਸੁਫ਼ ਦੀ ਨਿਗਰਾਨੀ ਅਧੀਨ ਕਰਦੇ ਸਨ।+ 23 ਮੁੱਖ ਅਧਿਕਾਰੀ ਨੂੰ ਯੂਸੁਫ਼ ਦੇ ਕੰਮ ਸੰਬੰਧੀ ਕੋਈ ਚਿੰਤਾ ਨਹੀਂ ਸੀ ਕਿਉਂਕਿ ਯਹੋਵਾਹ ਯੂਸੁਫ਼ ਦੇ ਨਾਲ ਸੀ ਅਤੇ ਯਹੋਵਾਹ ਨੇ ਹਰ ਕੰਮ ਵਿਚ ਉਸ ਨੂੰ ਕਾਮਯਾਬੀ ਬਖ਼ਸ਼ੀ ਸੀ।+
40 ਇਨ੍ਹਾਂ ਘਟਨਾਵਾਂ ਤੋਂ ਬਾਅਦ ਮਿਸਰ ਦੇ ਰਾਜੇ ਦੇ ਮੁੱਖ ਸਾਕੀ*+ ਅਤੇ ਮੁੱਖ ਰਸੋਈਏ ਨੇ ਰਾਜੇ ਦੇ ਖ਼ਿਲਾਫ਼ ਜੁਰਮ ਕੀਤਾ। 2 ਇਸ ਕਰਕੇ ਫ਼ਿਰਊਨ ਦਾ ਆਪਣੇ ਉਨ੍ਹਾਂ ਦੋਵੇਂ ਅਧਿਕਾਰੀਆਂ ਯਾਨੀ ਮੁੱਖ ਸਾਕੀ ਅਤੇ ਮੁੱਖ ਰਸੋਈਏ ʼਤੇ ਗੁੱਸਾ ਭੜਕ ਉੱਠਿਆ+ 3 ਅਤੇ ਉਸ ਨੇ ਉਨ੍ਹਾਂ ਦੋਹਾਂ ਨੂੰ ਆਪਣੇ ਅੰਗ-ਰੱਖਿਅਕਾਂ ਦੇ ਪ੍ਰਧਾਨ ਦੀ ਨਿਗਰਾਨੀ ਅਧੀਨ ਜੇਲ੍ਹ ਵਿਚ ਸੁੱਟ ਦਿੱਤਾ+ ਜਿੱਥੇ ਯੂਸੁਫ਼ ਵੀ ਕੈਦ ਸੀ।+ 4 ਫਿਰ ਅੰਗ-ਰੱਖਿਅਕਾਂ ਦੇ ਪ੍ਰਧਾਨ ਨੇ ਯੂਸੁਫ਼ ਨੂੰ ਉਨ੍ਹਾਂ ਦੀ ਸੇਵਾ ਕਰਨ ਦਾ ਕੰਮ ਸੌਂਪ ਦਿੱਤਾ+ ਅਤੇ ਉਹ ਦੋਵੇਂ ਕੁਝ ਸਮਾਂ* ਜੇਲ੍ਹ ਵਿਚ ਰਹੇ।
5 ਮਿਸਰ ਦੇ ਰਾਜੇ ਦੇ ਸਾਕੀ ਅਤੇ ਰਸੋਈਏ ਦੋਹਾਂ ਨੇ ਜੇਲ੍ਹ ਵਿਚ ਇਕ ਰਾਤ ਸੁਪਨਾ ਦੇਖਿਆ ਅਤੇ ਦੋਹਾਂ ਦੇ ਸੁਪਨਿਆਂ ਦਾ ਅਲੱਗ-ਅਲੱਗ ਮਤਲਬ ਸੀ। 6 ਅਗਲੇ ਦਿਨ ਸਵੇਰੇ ਜਦੋਂ ਯੂਸੁਫ਼ ਆਇਆ, ਤਾਂ ਉਸ ਨੇ ਦੇਖਿਆ ਕਿ ਉਹ ਪਰੇਸ਼ਾਨ ਲੱਗ ਰਹੇ ਸਨ। 7 ਇਸ ਲਈ ਉਸ ਨੇ ਫ਼ਿਰਊਨ ਦੇ ਅਧਿਕਾਰੀਆਂ ਨੂੰ ਪੁੱਛਿਆ: “ਤੁਹਾਡੇ ਚਿਹਰੇ ਕਿਉਂ ਉੱਤਰੇ ਹੋਏ ਹਨ?” 8 ਉਨ੍ਹਾਂ ਨੇ ਉਸ ਨੂੰ ਕਿਹਾ: “ਸਾਨੂੰ ਦੋਹਾਂ ਨੂੰ ਸੁਪਨਾ ਆਇਆ, ਪਰ ਸਾਨੂੰ ਇਸ ਦਾ ਮਤਲਬ ਦੱਸਣ ਵਾਲਾ ਕੋਈ ਨਹੀਂ ਹੈ।” ਯੂਸੁਫ਼ ਨੇ ਉਨ੍ਹਾਂ ਨੂੰ ਕਿਹਾ: “ਸਿਰਫ਼ ਪਰਮੇਸ਼ੁਰ ਹੀ ਸੁਪਨਿਆਂ ਦਾ ਮਤਲਬ ਦੱਸ ਸਕਦਾ ਹੈ।+ ਕਿਰਪਾ ਕਰ ਕੇ ਤੁਸੀਂ ਮੈਨੂੰ ਆਪਣਾ-ਆਪਣਾ ਸੁਪਨਾ ਦੱਸੋ।”
9 ਮੁੱਖ ਸਾਕੀ ਨੇ ਯੂਸੁਫ਼ ਨੂੰ ਆਪਣਾ ਸੁਪਨਾ ਦੱਸਿਆ। ਉਸ ਨੇ ਕਿਹਾ: “ਮੈਂ ਸੁਪਨੇ ਵਿਚ ਇਕ ਅੰਗੂਰੀ ਵੇਲ ਦੇਖੀ। 10 ਉਸ ਵੇਲ ਦੀਆਂ ਤਿੰਨ ਟਾਹਣੀਆਂ ਸਨ। ਉਨ੍ਹਾਂ ʼਤੇ ਕਰੂੰਬਲਾਂ ਫੁੱਟੀਆਂ, ਫਿਰ ਉਨ੍ਹਾਂ ਨੂੰ ਫੁੱਲ ਲੱਗੇ ਅਤੇ ਇਸ ਤੋਂ ਬਾਅਦ ਅੰਗੂਰਾਂ ਦੇ ਗੁੱਛੇ ਲੱਗੇ ਜੋ ਪੱਕ ਗਏ। 11 ਫ਼ਿਰਊਨ ਦਾ ਪਿਆਲਾ ਮੇਰੇ ਹੱਥ ਵਿਚ ਸੀ। ਮੈਂ ਅੰਗੂਰ ਲੈ ਕੇ ਉਨ੍ਹਾਂ ਦਾ ਰਸ ਕੱਢਿਆ ਅਤੇ ਫ਼ਿਰਊਨ ਦੇ ਪਿਆਲੇ ਵਿਚ ਪਾ ਦਿੱਤਾ। ਫਿਰ ਮੈਂ ਪਿਆਲਾ ਫ਼ਿਰਊਨ ਨੂੰ ਫੜਾ ਦਿੱਤਾ।” 12 ਸੁਪਨਾ ਸੁਣਨ ਤੋਂ ਬਾਅਦ ਯੂਸੁਫ਼ ਨੇ ਉਸ ਨੂੰ ਕਿਹਾ: “ਇਸ ਦਾ ਮਤਲਬ ਇਹ ਹੈ: ਤਿੰਨ ਟਾਹਣੀਆਂ ਤਿੰਨ ਦਿਨ ਹਨ। 13 ਅੱਜ ਤੋਂ ਤਿੰਨਾਂ ਦਿਨਾਂ ਬਾਅਦ ਫ਼ਿਰਊਨ ਤੈਨੂੰ ਰਿਹਾ* ਕਰ ਕੇ ਤੈਨੂੰ ਤੇਰਾ ਅਹੁਦਾ ਵਾਪਸ ਦੇ ਦੇਵੇਗਾ+ ਅਤੇ ਤੂੰ ਫ਼ਿਰਊਨ ਨੂੰ ਉਸ ਦਾ ਪਿਆਲਾ ਫੜਾਵੇਂਗਾ, ਜਿਵੇਂ ਤੂੰ ਸਾਕੀ ਹੁੰਦਿਆਂ ਪਹਿਲਾਂ ਕਰਦਾ ਹੁੰਦਾ ਸੀ।+ 14 ਜਦੋਂ ਤੇਰੇ ਚੰਗੇ ਦਿਨ ਆਉਣ, ਤਾਂ ਤੂੰ ਮੈਨੂੰ ਯਾਦ ਰੱਖੀਂ। ਮੈਨੂੰ ਅਟੱਲ ਪਿਆਰ ਦਿਖਾਵੀਂ ਅਤੇ ਫ਼ਿਰਊਨ ਨੂੰ ਮੇਰੇ ਬਾਰੇ ਦੱਸੀਂ ਤਾਂਕਿ ਮੈਂ ਵੀ ਕੈਦ ਵਿੱਚੋਂ ਰਿਹਾ ਹੋ ਸਕਾਂ। 15 ਅਸਲ ਵਿਚ, ਮੈਨੂੰ ਇਬਰਾਨੀਆਂ ਦੇ ਦੇਸ਼ ਵਿੱਚੋਂ ਜ਼ਬਰਦਸਤੀ ਇੱਥੇ ਲਿਆਂਦਾ ਗਿਆ।+ ਨਾਲੇ ਮੈਂ ਇੱਥੇ ਕੋਈ ਜੁਰਮ ਨਹੀਂ ਕੀਤਾ, ਫਿਰ ਵੀ ਮੈਨੂੰ ਕੈਦ* ਵਿਚ ਸੁੱਟ ਦਿੱਤਾ ਗਿਆ।”+
16 ਜਦੋਂ ਮੁੱਖ ਰਸੋਈਏ ਨੇ ਦੇਖਿਆ ਕਿ ਯੂਸੁਫ਼ ਨੇ ਸੁਪਨੇ ਦਾ ਚੰਗਾ ਮਤਲਬ ਦੱਸਿਆ ਸੀ, ਤਾਂ ਉਸ ਨੇ ਯੂਸੁਫ਼ ਨੂੰ ਕਿਹਾ: “ਮੈਂ ਵੀ ਇਕ ਸੁਪਨਾ ਦੇਖਿਆ। ਮੈਂ ਆਪਣੇ ਸਿਰ ਉੱਤੇ ਚਿੱਟੀਆਂ ਰੋਟੀਆਂ ਦੀਆਂ ਤਿੰਨ ਟੋਕਰੀਆਂ ਦੇਖੀਆਂ 17 ਅਤੇ ਸਭ ਤੋਂ ਉੱਪਰਲੀ ਟੋਕਰੀ ਵਿਚ ਫ਼ਿਰਊਨ ਵਾਸਤੇ ਤਰ੍ਹਾਂ-ਤਰ੍ਹਾਂ ਦੀਆਂ ਰੋਟੀਆਂ ਸਨ ਅਤੇ ਪੰਛੀ ਉਸ ਟੋਕਰੀ ਵਿੱਚੋਂ ਰੋਟੀਆਂ ਖਾ ਰਹੇ ਸਨ।” 18 ਫਿਰ ਯੂਸੁਫ਼ ਨੇ ਉਸ ਨੂੰ ਦੱਸਿਆ: “ਸੁਪਨੇ ਦਾ ਮਤਲਬ ਇਹ ਹੈ: ਤਿੰਨ ਟੋਕਰੀਆਂ ਤਿੰਨ ਦਿਨ ਹਨ। 19 ਅੱਜ ਤੋਂ ਤਿੰਨਾਂ ਦਿਨਾਂ ਬਾਅਦ ਫ਼ਿਰਊਨ ਤੇਰਾ ਸਿਰ ਵੱਢ* ਕੇ ਤੈਨੂੰ ਸੂਲ਼ੀ ʼਤੇ ਟੰਗ ਦੇਵੇਗਾ ਅਤੇ ਪੰਛੀ ਤੇਰਾ ਮਾਸ ਖਾਣਗੇ।”+
20 ਤੀਸਰੇ ਦਿਨ ਫ਼ਿਰਊਨ ਦਾ ਜਨਮ-ਦਿਨ ਸੀ+ ਅਤੇ ਉਸ ਨੇ ਆਪਣੇ ਸਾਰੇ ਅਧਿਕਾਰੀਆਂ ਨੂੰ ਦਾਅਵਤ ਦਿੱਤੀ। ਉਸ ਨੇ ਮੁੱਖ ਸਾਕੀ ਅਤੇ ਮੁੱਖ ਰਸੋਈਏ ਨੂੰ ਕੈਦ ਵਿੱਚੋਂ ਰਿਹਾ ਕੀਤਾ* ਅਤੇ ਆਪਣੇ ਅਧਿਕਾਰੀਆਂ ਸਾਮ੍ਹਣੇ ਲਿਆਂਦਾ। 21 ਉਸ ਨੇ ਮੁੱਖ ਸਾਕੀ ਨੂੰ ਉਸ ਦਾ ਅਹੁਦਾ ਵਾਪਸ ਦੇ ਦਿੱਤਾ ਅਤੇ ਸਾਕੀ ਪਹਿਲਾਂ ਵਾਂਗ ਫ਼ਿਰਊਨ ਨੂੰ ਪਿਆਲਾ ਫੜਾਉਣ ਦਾ ਕੰਮ ਕਰਨ ਲੱਗ ਪਿਆ। 22 ਪਰ ਫਿਰਊਨ ਨੇ ਮੁੱਖ ਰਸੋਈਏ ਨੂੰ ਸੂਲ਼ੀ ʼਤੇ ਟੰਗ ਦਿੱਤਾ,* ਜਿਵੇਂ ਯੂਸੁਫ਼ ਨੇ ਉਨ੍ਹਾਂ ਨੂੰ ਸੁਪਨਿਆਂ ਦਾ ਮਤਲਬ ਦੱਸਿਆ ਸੀ।+ 23 ਪਰ ਮੁੱਖ ਸਾਕੀ ਨੇ ਯੂਸੁਫ਼ ਨੂੰ ਯਾਦ ਨਹੀਂ ਰੱਖਿਆ; ਉਹ ਉਸ ਨੂੰ ਭੁੱਲ ਗਿਆ।+
41 ਦੋ ਸਾਲ ਪੂਰੇ ਹੋਣ ਤੋਂ ਬਾਅਦ ਫ਼ਿਰਊਨ ਨੇ ਸੁਪਨੇ ਵਿਚ ਦੇਖਿਆ+ ਕਿ ਉਹ ਨੀਲ ਦਰਿਆ ਦੇ ਕੰਢੇ ʼਤੇ ਖੜ੍ਹਾ ਸੀ। 2 ਫਿਰ ਦਰਿਆ ਵਿੱਚੋਂ ਸੱਤ ਸੋਹਣੀਆਂ ਤੇ ਮੋਟੀਆਂ ਗਾਂਵਾਂ ਨਿਕਲੀਆਂ ਅਤੇ ਉਹ ਦਰਿਆ ਕੰਢੇ ਘਾਹ ਚਰਨ ਲੱਗ ਪਈਆਂ।+ 3 ਉਨ੍ਹਾਂ ਤੋਂ ਬਾਅਦ ਨੀਲ ਦਰਿਆ ਵਿੱਚੋਂ ਸੱਤ ਕਮਜ਼ੋਰ ਤੇ ਮਰੀਅਲ ਗਾਂਵਾਂ ਨਿਕਲੀਆਂ ਅਤੇ ਉਹ ਦਰਿਆ ਦੇ ਕੰਢੇ ʼਤੇ ਮੋਟੀਆਂ ਗਾਂਵਾਂ ਦੇ ਨਾਲ ਖੜ੍ਹ ਗਈਆਂ। 4 ਫਿਰ ਕਮਜ਼ੋਰ ਤੇ ਮਰੀਅਲ ਗਾਂਵਾਂ ਨੇ ਸੱਤ ਸੋਹਣੀਆਂ ਤੇ ਮੋਟੀਆਂ ਗਾਂਵਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ। ਉਦੋਂ ਫ਼ਿਰਊਨ ਦੀ ਨੀਂਦ ਖੁੱਲ੍ਹ ਗਈ।
5 ਫਿਰ ਉਹ ਦੁਬਾਰਾ ਸੌਂ ਗਿਆ ਅਤੇ ਉਸ ਨੂੰ ਇਕ ਹੋਰ ਸੁਪਨਾ ਆਇਆ। ਉਸ ਨੇ ਦੇਖਿਆ ਕਿ ਇਕ ਨਾੜ ਨੂੰ ਕਣਕ ਦੇ ਸੱਤ ਸਿੱਟੇ ਲੱਗੇ ਜੋ ਵਧੀਆ ਦਾਣਿਆਂ ਨਾਲ ਭਰੇ ਹੋਏ ਸਨ।+ 6 ਉਨ੍ਹਾਂ ਤੋਂ ਬਾਅਦ ਸੱਤ ਪਤਲੇ ਸਿੱਟੇ ਨਿਕਲੇ ਜੋ ਪੂਰਬ ਵੱਲੋਂ ਵਗਦੀ ਗਰਮ ਹਵਾ ਨਾਲ ਝੁਲ਼ਸੇ ਹੋਏ ਸਨ। 7 ਕਣਕ ਦੇ ਪਤਲੇ ਸਿੱਟਿਆਂ ਨੇ ਵਧੀਆ ਦਾਣਿਆਂ ਨਾਲ ਭਰੇ ਹੋਏ ਸਿੱਟਿਆਂ ਨੂੰ ਖਾਣਾ ਸ਼ੁਰੂ ਕਰ ਦਿੱਤਾ। ਉਦੋਂ ਫ਼ਿਰਊਨ ਦੀ ਨੀਂਦ ਖੁੱਲ੍ਹ ਗਈ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਇਹ ਤਾਂ ਸੁਪਨਾ ਹੀ ਸੀ।
8 ਪਰ ਸਵੇਰ ਨੂੰ ਉਸ ਦਾ ਮਨ ਪਰੇਸ਼ਾਨ ਹੋਣ ਲੱਗਾ। ਇਸ ਲਈ ਉਸ ਨੇ ਮਿਸਰ ਦੇ ਸਾਰੇ ਜਾਦੂਗਰੀ ਕਰਨ ਵਾਲੇ ਪੁਜਾਰੀਆਂ ਅਤੇ ਬੁੱਧੀਮਾਨ ਆਦਮੀਆਂ ਨੂੰ ਸੱਦ ਲਿਆ। ਫ਼ਿਰਊਨ ਨੇ ਉਨ੍ਹਾਂ ਨੂੰ ਆਪਣੇ ਸੁਪਨੇ ਦੱਸੇ, ਪਰ ਕੋਈ ਵੀ ਫ਼ਿਰਊਨ ਨੂੰ ਸੁਪਨਿਆਂ ਦਾ ਮਤਲਬ ਨਹੀਂ ਦੱਸ ਸਕਿਆ।
9 ਉਸ ਵੇਲੇ ਮੁੱਖ ਸਾਕੀ ਨੇ ਫ਼ਿਰਊਨ ਨੂੰ ਕਿਹਾ: “ਹੇ ਮਹਾਰਾਜ, ਅੱਜ ਮੈਂ ਆਪਣੇ ਪਾਪਾਂ ਨੂੰ ਕਬੂਲ ਕਰਦਾ ਹਾਂ। 10 ਫ਼ਿਰਊਨ ਦਾ ਮੇਰੇ ਅਤੇ ਮੁੱਖ ਰਸੋਈਏ ਉੱਤੇ ਗੁੱਸਾ ਭੜਕਿਆ ਸੀ, ਇਸ ਲਈ ਤੂੰ ਸਾਨੂੰ ਆਪਣੇ ਸੇਵਕਾਂ ਨੂੰ ਆਪਣੇ ਅੰਗ-ਰੱਖਿਅਕਾਂ ਦੇ ਪ੍ਰਧਾਨ ਦੀ ਨਿਗਰਾਨੀ ਅਧੀਨ ਜੇਲ੍ਹ ਵਿਚ ਸੁੱਟ ਦਿੱਤਾ ਸੀ।+ 11 ਉੱਥੇ ਇਕ ਰਾਤ ਸਾਨੂੰ ਦੋਹਾਂ ਨੂੰ ਸੁਪਨਾ ਆਇਆ। ਮੇਰੇ ਅਤੇ ਉਸ ਦੇ ਸੁਪਨੇ ਦਾ ਅਲੱਗ-ਅਲੱਗ ਮਤਲਬ ਸੀ।+ 12 ਜੇਲ੍ਹ ਵਿਚ ਸਾਡੇ ਨਾਲ ਇਕ ਇਬਰਾਨੀ ਮੁੰਡਾ ਸੀ ਜੋ ਅੰਗ-ਰੱਖਿਅਕਾਂ ਦੇ ਪ੍ਰਧਾਨ ਦਾ ਨੌਕਰ ਸੀ।+ ਜਦੋਂ ਅਸੀਂ ਉਸ ਨੂੰ ਆਪਣਾ-ਆਪਣਾ ਸੁਪਨਾ ਦੱਸਿਆ,+ ਤਾਂ ਉਸ ਨੇ ਸਾਨੂੰ ਦੋਹਾਂ ਨੂੰ ਇਨ੍ਹਾਂ ਦਾ ਮਤਲਬ ਦੱਸ ਦਿੱਤਾ। 13 ਉਸ ਦੀ ਇਕ-ਇਕ ਗੱਲ ਪੂਰੀ ਹੋਈ। ਮੈਨੂੰ ਆਪਣਾ ਅਹੁਦਾ ਦੁਬਾਰਾ ਮਿਲ ਗਿਆ, ਪਰ ਮੁੱਖ ਰਸੋਈਏ ਨੂੰ ਸੂਲ਼ੀ ʼਤੇ ਟੰਗ ਦਿੱਤਾ ਗਿਆ।”+
14 ਇਸ ਲਈ ਫ਼ਿਰਊਨ ਨੇ ਯੂਸੁਫ਼ ਨੂੰ ਲਿਆਉਣ ਦਾ ਹੁਕਮ ਦਿੱਤਾ+ ਅਤੇ ਉਸ ਨੂੰ ਫਟਾਫਟ ਜੇਲ੍ਹ* ਵਿੱਚੋਂ ਕੱਢਿਆ ਗਿਆ।+ ਉਸ ਨੇ ਆਪਣੀ ਹਜਾਮਤ ਕੀਤੀ ਅਤੇ ਆਪਣੇ ਕੱਪੜੇ ਬਦਲੇ ਅਤੇ ਫ਼ਿਰਊਨ ਦੇ ਸਾਮ੍ਹਣੇ ਪੇਸ਼ ਹੋਇਆ। 15 ਫਿਰ ਫ਼ਿਰਊਨ ਨੇ ਯੂਸੁਫ਼ ਨੂੰ ਕਿਹਾ: “ਮੈਂ ਇਕ ਸੁਪਨਾ ਦੇਖਿਆ ਹੈ, ਪਰ ਕੋਈ ਵੀ ਉਸ ਦਾ ਮਤਲਬ ਨਹੀਂ ਦੱਸ ਸਕਿਆ। ਮੈਂ ਤੇਰੇ ਬਾਰੇ ਸੁਣਿਆ ਹੈ ਕਿ ਤੂੰ ਸੁਪਨਾ ਸੁਣ ਕੇ ਉਸ ਦਾ ਮਤਲਬ ਦੱਸ ਸਕਦਾ ਹੈਂ।”+ 16 ਯੂਸੁਫ਼ ਨੇ ਫ਼ਿਰਊਨ ਨੂੰ ਕਿਹਾ: “ਮੈਂ ਤਾਂ ਮਾਮੂਲੀ ਜਿਹਾ ਇਨਸਾਨ ਹਾਂ! ਇਸ ਲਈ ਮੈਂ ਨਹੀਂ, ਸਗੋਂ ਪਰਮੇਸ਼ੁਰ ਹੀ ਫ਼ਿਰਊਨ ਦੇ ਭਲੇ ਦੀ ਗੱਲ ਦੱਸੇਗਾ।”+
17 ਫ਼ਿਰਊਨ ਨੇ ਯੂਸੁਫ਼ ਨੂੰ ਦੱਸਿਆ: “ਮੈਂ ਸੁਪਨੇ ਵਿਚ ਨੀਲ ਦਰਿਆ ਦੇ ਕੰਢੇ ʼਤੇ ਖੜ੍ਹਾ ਸੀ। 18 ਨੀਲ ਦਰਿਆ ਵਿੱਚੋਂ ਸੱਤ ਸੋਹਣੀਆਂ ਤੇ ਮੋਟੀਆਂ ਗਾਂਵਾਂ ਨਿਕਲੀਆਂ ਅਤੇ ਉਹ ਦਰਿਆ ਕੰਢੇ ਘਾਹ ਚਰਨ ਲੱਗ ਪਈਆਂ।+ 19 ਉਨ੍ਹਾਂ ਤੋਂ ਬਾਅਦ ਨੀਲ ਦਰਿਆ ਵਿੱਚੋਂ ਸੱਤ ਕਮਜ਼ੋਰ ਤੇ ਮਰੀਅਲ ਗਾਂਵਾਂ ਨਿਕਲੀਆਂ। ਮੈਂ ਪੂਰੇ ਮਿਸਰ ਵਿਚ ਕਦੀ ਵੀ ਇੰਨੀਆਂ ਮਰੀਅਲ ਗਾਂਵਾਂ ਨਹੀਂ ਦੇਖੀਆਂ। 20 ਕਮਜ਼ੋਰ ਤੇ ਮਰੀਅਲ ਗਾਂਵਾਂ ਨੇ ਸੱਤ ਮੋਟੀਆਂ ਗਾਂਵਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ। 21 ਪਰ ਜਦੋਂ ਉਹ ਉਨ੍ਹਾਂ ਨੂੰ ਖਾ ਚੁੱਕੀਆਂ, ਤਾਂ ਉਨ੍ਹਾਂ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਸੀ ਕਿ ਉਨ੍ਹਾਂ ਨੇ ਮੋਟੀਆਂ ਗਾਂਵਾਂ ਨੂੰ ਖਾਧਾ ਸੀ ਕਿਉਂਕਿ ਉਹ ਪਹਿਲਾਂ ਵਾਂਗ ਹੀ ਮਰੀਅਲ ਦਿਸਦੀਆਂ ਸਨ। ਉਦੋਂ ਮੇਰੀ ਨੀਂਦ ਖੁੱਲ੍ਹ ਗਈ।
22 “ਇਸ ਤੋਂ ਬਾਅਦ ਮੈਂ ਸੁਪਨੇ ਵਿਚ ਦੇਖਿਆ ਕਿ ਇਕ ਨਾੜ ਨੂੰ ਕਣਕ ਦੇ ਸੱਤ ਸਿੱਟੇ ਲੱਗੇ ਜੋ ਵਧੀਆ ਦਾਣਿਆਂ ਨਾਲ ਭਰੇ ਹੋਏ ਸਨ।+ 23 ਉਨ੍ਹਾਂ ਤੋਂ ਬਾਅਦ ਸੱਤ ਪਤਲੇ ਤੇ ਮੁਰਝਾਏ ਹੋਏ ਸਿੱਟੇ ਲੱਗੇ ਜੋ ਪੂਰਬ ਵੱਲੋਂ ਵਗਦੀ ਗਰਮ ਹਵਾ ਨਾਲ ਝੁਲ਼ਸੇ ਹੋਏ ਸਨ। 24 ਫਿਰ ਕਣਕ ਦੇ ਪਤਲੇ ਸਿੱਟਿਆਂ ਨੇ ਵਧੀਆ ਦਾਣਿਆਂ ਨਾਲ ਭਰੇ ਹੋਏ ਸਿੱਟਿਆਂ ਨੂੰ ਖਾਣਾ ਸ਼ੁਰੂ ਕਰ ਦਿੱਤਾ। ਮੈਂ ਆਪਣੇ ਸੁਪਨੇ ਜਾਦੂਗਰੀ ਕਰਨ ਵਾਲੇ ਪੁਜਾਰੀਆਂ ਨੂੰ ਦੱਸੇ,+ ਪਰ ਕੋਈ ਵੀ ਉਨ੍ਹਾਂ ਦਾ ਮਤਲਬ ਨਾ ਦੱਸ ਸਕਿਆ।”+
25 ਫਿਰ ਯੂਸੁਫ਼ ਨੇ ਫ਼ਿਰਊਨ ਨੂੰ ਕਿਹਾ: “ਫ਼ਿਰਊਨ ਦੇ ਦੋਵੇਂ ਸੁਪਨਿਆਂ ਦਾ ਇੱਕੋ ਮਤਲਬ ਹੈ। ਸੱਚੇ ਪਰਮੇਸ਼ੁਰ ਨੇ ਫ਼ਿਰਊਨ ਨੂੰ ਦੱਸ ਦਿੱਤਾ ਹੈ ਕਿ ਉਹ ਕੀ ਕਰਨ ਜਾ ਰਿਹਾ ਹੈ।+ 26 ਸੱਤ ਮੋਟੀਆਂ ਗਾਂਵਾਂ ਦਾ ਮਤਲਬ ਸੱਤ ਸਾਲ ਹੈ। ਇਸੇ ਤਰ੍ਹਾਂ ਕਣਕ ਦੇ ਸੱਤ ਵਧੀਆ ਸਿੱਟੇ ਸੱਤ ਸਾਲ ਹਨ। ਦੋਹਾਂ ਸੁਪਨਿਆਂ ਦਾ ਇੱਕੋ ਮਤਲਬ ਹੈ। 27 ਬਾਅਦ ਵਿਚ ਨਿਕਲੀਆਂ ਸੱਤ ਕਮਜ਼ੋਰ ਤੇ ਮਰੀਅਲ ਗਾਂਵਾਂ ਸੱਤ ਸਾਲ ਹਨ ਅਤੇ ਸੱਤ ਪਤਲੇ ਸਿੱਟੇ ਜੋ ਪੂਰਬ ਵੱਲੋਂ ਵਗਣ ਵਾਲੀ ਗਰਮ ਹਵਾ ਨਾਲ ਝੁਲ਼ਸੇ ਹੋਏ ਸਨ, ਸੱਤ ਸਾਲ ਹਨ ਜਿਨ੍ਹਾਂ ਦੌਰਾਨ ਕਾਲ਼ ਪਵੇਗਾ। 28 ਜਿਵੇਂ ਮੈਂ ਫ਼ਿਰਊਨ ਨੂੰ ਪਹਿਲਾਂ ਕਿਹਾ ਸੀ, ਸੱਚੇ ਪਰਮੇਸ਼ੁਰ ਨੇ ਫ਼ਿਰਊਨ ਨੂੰ ਦੱਸ ਦਿੱਤਾ ਹੈ ਕਿ ਉਹ ਕੀ ਕਰਨ ਜਾ ਰਿਹਾ ਹੈ।
29 “ਪੂਰੇ ਮਿਸਰ ਵਿਚ ਸੱਤ ਸਾਲ ਭਰਪੂਰ ਫ਼ਸਲ ਹੋਵੇਗੀ। 30 ਉਸ ਤੋਂ ਬਾਅਦ ਸੱਤ ਸਾਲ ਕਾਲ਼ ਪਵੇਗਾ ਅਤੇ ਕਿਸੇ ਨੂੰ ਯਾਦ ਨਹੀਂ ਰਹੇਗਾ ਕਿ ਮਿਸਰ ਵਿਚ ਕਦੇ ਭਰਪੂਰ ਫ਼ਸਲ ਹੋਈ ਸੀ ਅਤੇ ਕਾਲ਼ ਪੂਰੇ ਦੇਸ਼ ਨੂੰ ਤਬਾਹ ਕਰ ਦੇਵੇਗਾ।+ 31 ਇਹ ਕਾਲ਼ ਇੰਨਾ ਭਿਆਨਕ ਹੋਵੇਗਾ ਕਿ ਦੇਸ਼ ਵਿਚ ਹੋਈ ਭਰਪੂਰ ਫ਼ਸਲ ਕਿਸੇ ਨੂੰ ਯਾਦ ਹੀ ਨਹੀਂ ਰਹੇਗੀ। 32 ਫ਼ਿਰਊਨ ਨੂੰ ਸੁਪਨਾ ਦੋ ਵਾਰ ਦਿਖਾਇਆ ਗਿਆ ਸੀ ਕਿਉਂਕਿ ਸੱਚੇ ਪਰਮੇਸ਼ੁਰ ਨੇ ਠਾਣ ਲਿਆ ਹੈ ਕਿ ਉਹ ਜਲਦੀ ਹੀ ਇਹ ਕਦਮ ਚੁੱਕੇਗਾ।
33 “ਇਸ ਲਈ ਫ਼ਿਰਊਨ ਹੁਣ ਇਕ ਸਮਝਦਾਰ ਅਤੇ ਬੁੱਧੀਮਾਨ ਆਦਮੀ ਨੂੰ ਚੁਣੇ ਅਤੇ ਉਸ ਨੂੰ ਪੂਰੇ ਮਿਸਰ ʼਤੇ ਅਧਿਕਾਰ ਦੇਵੇ। 34 ਫ਼ਿਰਊਨ ਸੱਤਾਂ ਸਾਲਾਂ ਦੌਰਾਨ ਮਿਸਰ ਵਿਚ ਹੋਣ ਵਾਲੀ ਭਰਪੂਰ ਫ਼ਸਲ ਦਾ ਪੰਜਵਾਂ ਹਿੱਸਾ ਲਵੇ। ਨਾਲੇ ਉਹ ਮਿਸਰ ਉੱਤੇ ਨਿਗਰਾਨਾਂ ਨੂੰ ਵੀ ਨਿਯੁਕਤ ਕਰੇ।+ 35 ਉਨ੍ਹਾਂ ਚੰਗੇ ਸਾਲਾਂ ਦੌਰਾਨ ਨਿਗਰਾਨ ਅਨਾਜ ਇਕੱਠਾ ਕਰਨ ਅਤੇ ਸਾਰਾ ਅਨਾਜ ਸ਼ਹਿਰਾਂ ਵਿਚ ਫ਼ਿਰਊਨ ਦੇ ਗੋਦਾਮਾਂ ਵਿਚ ਸਾਂਭ ਕੇ ਰੱਖਿਆ ਜਾਵੇ।+ 36 ਫਿਰ ਜਦੋਂ ਮਿਸਰ ਵਿਚ ਸੱਤ ਸਾਲ ਕਾਲ਼ ਪਵੇਗਾ, ਤਾਂ ਇਹ ਅਨਾਜ ਲੋਕਾਂ ਨੂੰ ਦਿੱਤਾ ਜਾਵੇ ਤਾਂਕਿ ਕਾਲ਼ ਕਰਕੇ ਕੋਈ ਵੀ ਨਾ ਮਰੇ।”+
37 ਇਹ ਸਲਾਹ ਫ਼ਿਰਊਨ ਅਤੇ ਉਸ ਦੇ ਸਾਰੇ ਅਧਿਕਾਰੀਆਂ ਨੂੰ ਚੰਗੀ ਲੱਗੀ। 38 ਇਸ ਲਈ ਫ਼ਿਰਊਨ ਨੇ ਆਪਣੇ ਅਧਿਕਾਰੀਆਂ ਨੂੰ ਕਿਹਾ: “ਕੀ ਇਸ ਆਦਮੀ ਵਰਗਾ ਕੋਈ ਹੋਰ ਲੱਭੇਗਾ ਜਿਸ ਉੱਤੇ ਪਰਮੇਸ਼ੁਰ ਦੀ ਸ਼ਕਤੀ ਹੋਵੇ?” 39 ਫਿਰ ਫ਼ਿਰਊਨ ਨੇ ਯੂਸੁਫ਼ ਨੂੰ ਕਿਹਾ: “ਪਰਮੇਸ਼ੁਰ ਨੇ ਤੈਨੂੰ ਇਨ੍ਹਾਂ ਸਾਰੀਆਂ ਗੱਲਾਂ ਤੋਂ ਜਾਣੂ ਕਰਾਇਆ ਹੈ, ਇਸ ਲਈ ਤੇਰੇ ਜਿੰਨਾ ਸਮਝਦਾਰ ਤੇ ਬੁੱਧੀਮਾਨ ਹੋਰ ਕੋਈ ਨਹੀਂ। 40 ਮੈਂ ਤੈਨੂੰ ਆਪਣੇ ਘਰਾਣੇ ʼਤੇ ਇਖ਼ਤਿਆਰ ਦਿੰਦਾ ਹਾਂ ਅਤੇ ਮੇਰੇ ਸਾਰੇ ਲੋਕ ਤੇਰੀ ਹਰ ਗੱਲ ਮੰਨਣਗੇ।+ ਪਰ ਰਾਜਾ ਹੋਣ ਕਰਕੇ ਮੈਂ ਹੀ ਤੇਰੇ ਤੋਂ ਵੱਡਾ ਹੋਵਾਂਗਾ।” 41 ਫ਼ਿਰਊਨ ਨੇ ਯੂਸੁਫ਼ ਨੂੰ ਇਹ ਵੀ ਕਿਹਾ: “ਮੈਂ ਤੈਨੂੰ ਪੂਰੇ ਮਿਸਰ ਉੱਤੇ ਅਧਿਕਾਰ ਦਿੰਦਾ ਹਾਂ।”+ 42 ਫਿਰ ਫ਼ਿਰਊਨ ਨੇ ਆਪਣੀ ਉਂਗਲ* ਤੋਂ ਮੁਹਰ ਵਾਲੀ ਅੰਗੂਠੀ ਲਾਹ ਕੇ ਯੂਸੁਫ਼ ਦੀ ਉਂਗਲ* ਵਿਚ ਪਾ ਦਿੱਤੀ ਅਤੇ ਉਸ ਨੂੰ ਵਧੀਆ ਮਲਮਲ ਦੇ ਕੱਪੜੇ ਪੁਆਏ ਅਤੇ ਉਸ ਦੇ ਗਲ਼ੇ ਵਿਚ ਸੋਨੇ ਦਾ ਹਾਰ ਪਾਇਆ। 43 ਇਸ ਤੋਂ ਇਲਾਵਾ, ਰਾਜੇ ਨੇ ਉਸ ਨੂੰ ਦੂਸਰੇ ਸ਼ਾਹੀ ਰਥ ਵਿਚ ਬੈਠਣ ਦਾ ਮਾਣ ਬਖ਼ਸ਼ਿਆ ਅਤੇ ਉਸ ਦੇ ਅੱਗੇ-ਅੱਗੇ ਹੋਕਾ ਦਿੱਤਾ ਜਾਂਦਾ ਸੀ, “ਅਵਰੇਖ਼!”* ਇਸ ਤਰ੍ਹਾਂ ਉਸ ਨੇ ਯੂਸੁਫ਼ ਨੂੰ ਪੂਰੇ ਮਿਸਰ ਉੱਤੇ ਅਧਿਕਾਰ ਦਿੱਤਾ।
44 ਫ਼ਿਰਊਨ ਨੇ ਯੂਸੁਫ਼ ਨੂੰ ਅੱਗੇ ਕਿਹਾ: “ਮੈਂ ਫ਼ਿਰਊਨ ਹਾਂ, ਪਰ ਤੇਰੀ ਇਜਾਜ਼ਤ ਤੋਂ ਬਿਨਾਂ ਪੂਰੇ ਮਿਸਰ ਵਿਚ ਕੋਈ ਵੀ ਆਦਮੀ ਕੁਝ ਨਹੀਂ ਕਰੇਗਾ।”*+ 45 ਇਸ ਤੋਂ ਬਾਅਦ ਫ਼ਿਰਊਨ ਨੇ ਯੂਸੁਫ਼ ਦਾ ਨਾਂ ਸਾਫਨਥ-ਪਾਨੇਆਹ ਰੱਖ ਦਿੱਤਾ ਅਤੇ ਉਸ ਦਾ ਵਿਆਹ ਆਸਨਥ+ ਨਾਲ ਕਰ ਦਿੱਤਾ ਜੋ ਓਨ* ਸ਼ਹਿਰ ਦੇ ਪੁਜਾਰੀ ਪੋਟੀਫਰਾ ਦੀ ਧੀ ਸੀ। ਯੂਸੁਫ਼ ਮਿਸਰ ਉੱਤੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਨ ਲੱਗਾ।*+ 46 ਯੂਸੁਫ਼ 30 ਸਾਲ ਦਾ ਸੀ+ ਜਦੋਂ ਉਹ ਮਿਸਰ ਦੇ ਰਾਜੇ ਫ਼ਿਰਊਨ ਸਾਮ੍ਹਣੇ* ਪੇਸ਼ ਹੋਇਆ ਸੀ।
ਫਿਰ ਯੂਸੁਫ਼ ਫ਼ਿਰਊਨ ਦੇ ਸਾਮ੍ਹਣਿਓਂ ਚਲਾ ਗਿਆ ਅਤੇ ਉਸ ਨੇ ਪੂਰੇ ਮਿਸਰ ਦਾ ਦੌਰਾ ਕੀਤਾ। 47 ਪਹਿਲੇ ਸੱਤਾਂ ਸਾਲਾਂ ਦੌਰਾਨ ਦੇਸ਼ ਵਿਚ ਭਰਪੂਰ ਫ਼ਸਲ ਹੁੰਦੀ ਰਹੀ। 48 ਉਨ੍ਹਾਂ ਸੱਤਾਂ ਸਾਲਾਂ ਦੌਰਾਨ ਉਹ ਮਿਸਰ ਦੇ ਲੋਕਾਂ ਤੋਂ ਅਨਾਜ ਇਕੱਠਾ ਕਰ ਕੇ ਸ਼ਹਿਰਾਂ ਵਿਚ ਸਾਂਭ ਕੇ ਰੱਖਦਾ ਰਿਹਾ। ਉਹ ਹਰ ਸ਼ਹਿਰ ਵਿਚ ਆਲੇ-ਦੁਆਲੇ ਦੇ ਖੇਤਾਂ ਤੋਂ ਅਨਾਜ ਇਕੱਠਾ ਕਰਦਾ ਸੀ। 49 ਯੂਸੁਫ਼ ਵੱਡੀ ਮਾਤਰਾ ਵਿਚ ਅਨਾਜ ਇਕੱਠਾ ਕਰਦਾ ਰਿਹਾ। ਅਨਾਜ ਸਮੁੰਦਰ ਦੇ ਕੰਢੇ ਦੀ ਰੇਤ ਵਾਂਗ ਇੰਨਾ ਜ਼ਿਆਦਾ ਹੋ ਗਿਆ ਕਿ ਉਨ੍ਹਾਂ ਨੇ ਇਸ ਦਾ ਹਿਸਾਬ-ਕਿਤਾਬ ਰੱਖਣਾ ਹੀ ਛੱਡ ਦਿੱਤਾ।
50 ਕਾਲ਼ ਸ਼ੁਰੂ ਹੋਣ ਤੋਂ ਪਹਿਲਾਂ ਯੂਸੁਫ਼ ਦੀ ਪਤਨੀ ਆਸਨਥ ਦੇ ਦੋ ਮੁੰਡੇ ਹੋਏ। ਉਹ ਓਨ* ਸ਼ਹਿਰ ਦੇ ਪੁਜਾਰੀ ਪੋਟੀਫਰਾ ਦੀ ਧੀ ਸੀ।+ 51 ਯੂਸੁਫ਼ ਨੇ ਜੇਠੇ ਮੁੰਡੇ ਦਾ ਨਾਂ ਮਨੱਸ਼ਹ*+ ਰੱਖਿਆ ਕਿਉਂਕਿ ਉਸ ਨੇ ਕਿਹਾ, “ਪਰਮੇਸ਼ੁਰ ਦੀ ਮਿਹਰ ਨਾਲ ਮੈਂ ਆਪਣੇ ਸਾਰੇ ਦੁੱਖ ਭੁੱਲ ਗਿਆ ਹਾਂ ਅਤੇ ਮੈਨੂੰ ਆਪਣੇ ਪਿਤਾ ਦਾ ਪਰਿਵਾਰ ਯਾਦ ਨਹੀਂ ਆਉਂਦਾ।” 52 ਉਸ ਨੇ ਦੂਸਰੇ ਮੁੰਡੇ ਦਾ ਨਾਂ ਇਫ਼ਰਾਈਮ*+ ਰੱਖਿਆ ਕਿਉਂਕਿ ਉਸ ਨੇ ਕਿਹਾ, “ਜਿਸ ਦੇਸ਼ ਵਿਚ ਮੈਂ ਇੰਨੇ ਦੁੱਖ ਝੱਲੇ, ਉੱਥੇ ਪਰਮੇਸ਼ੁਰ ਨੇ ਮੈਨੂੰ ਔਲਾਦ* ਦਿੱਤੀ ਹੈ।”+
53 ਫਿਰ ਮਿਸਰ ਵਿਚ ਭਰਪੂਰ ਫ਼ਸਲ ਦੇ ਸੱਤ ਸਾਲ ਖ਼ਤਮ ਹੋ ਗਏ+ 54 ਅਤੇ ਕਾਲ਼ ਦੇ ਸੱਤ ਸਾਲ ਸ਼ੁਰੂ ਹੋ ਗਏ, ਜਿਵੇਂ ਯੂਸੁਫ਼ ਨੇ ਦੱਸਿਆ ਸੀ।+ ਸਾਰੇ ਦੇਸ਼ਾਂ ਵਿਚ ਕਾਲ਼ ਪੈ ਗਿਆ, ਪਰ ਪੂਰੇ ਮਿਸਰ ਵਿਚ ਲੋਕਾਂ ਕੋਲ ਖਾਣ ਲਈ ਰੋਟੀ* ਸੀ।+ 55 ਅਖ਼ੀਰ ਵਿਚ ਪੂਰੇ ਮਿਸਰ ਵਿਚ ਵੀ ਕਾਲ਼ ਪੈ ਗਿਆ ਅਤੇ ਲੋਕ ਰੋਟੀ ਲਈ ਫ਼ਿਰਊਨ ਅੱਗੇ ਦੁਹਾਈ ਦੇਣ ਲੱਗੇ।+ ਫ਼ਿਰਊਨ ਨੇ ਸਾਰੇ ਮਿਸਰੀਆਂ ਨੂੰ ਕਿਹਾ: “ਯੂਸੁਫ਼ ਕੋਲ ਜਾਓ ਅਤੇ ਜੋ ਉਹ ਕਹਿੰਦਾ, ਉਸੇ ਤਰ੍ਹਾਂ ਕਰੋ।”+ 56 ਪੂਰੀ ਧਰਤੀ ਉੱਤੇ ਕਾਲ਼ ਪਿਆ ਹੋਇਆ ਸੀ।+ ਫਿਰ ਯੂਸੁਫ਼ ਨੇ ਅਨਾਜ ਦੇ ਸਾਰੇ ਗੋਦਾਮ ਖੋਲ੍ਹ ਕੇ ਮਿਸਰੀਆਂ ਨੂੰ ਅਨਾਜ ਵੇਚਣਾ ਸ਼ੁਰੂ ਕਰ ਦਿੱਤਾ+ ਕਿਉਂਕਿ ਪੂਰਾ ਮਿਸਰ ਕਾਲ਼ ਦੀ ਮਾਰ ਝੱਲ ਰਿਹਾ ਸੀ। 57 ਇਸ ਤੋਂ ਇਲਾਵਾ, ਸਾਰੀ ਦੁਨੀਆਂ ਦੇ ਲੋਕ ਯੂਸੁਫ਼ ਤੋਂ ਅਨਾਜ ਖ਼ਰੀਦਣ ਲਈ ਮਿਸਰ ਆਏ ਕਿਉਂਕਿ ਪੂਰੀ ਧਰਤੀ ਕਾਲ਼ ਦੀ ਮਾਰ ਝੱਲ ਰਹੀ ਸੀ।+
42 ਜਦੋਂ ਯਾਕੂਬ ਨੂੰ ਪਤਾ ਲੱਗਾ ਕਿ ਮਿਸਰ ਵਿਚ ਅਨਾਜ ਸੀ,+ ਤਾਂ ਉਸ ਨੇ ਆਪਣੇ ਪੁੱਤਰਾਂ ਨੂੰ ਕਿਹਾ: “ਤੁਸੀਂ ਕੁਝ ਕਰਦੇ ਕਿਉਂ ਨਹੀਂ?” 2 ਉਸ ਨੇ ਅੱਗੇ ਕਿਹਾ: “ਮੈਂ ਸੁਣਿਆ ਹੈ ਕਿ ਮਿਸਰ ਵਿਚ ਅਨਾਜ ਹੈ। ਤੁਸੀਂ ਉੱਥੇ ਜਾ ਕੇ ਸਾਡੇ ਵਾਸਤੇ ਥੋੜ੍ਹਾ ਅਨਾਜ ਖ਼ਰੀਦ ਲਿਆਓ ਤਾਂਕਿ ਅਸੀਂ ਭੁੱਖੇ ਨਾ ਮਰ ਜਾਈਏ।”+ 3 ਇਸ ਲਈ ਯੂਸੁਫ਼ ਦੇ ਦਸ ਭਰਾ+ ਅਨਾਜ ਖ਼ਰੀਦਣ ਮਿਸਰ ਗਏ। 4 ਪਰ ਯਾਕੂਬ ਨੇ ਬਿਨਯਾਮੀਨ ਨੂੰ ਉਨ੍ਹਾਂ ਨਾਲ ਨਹੀਂ ਘੱਲਿਆ+ ਜੋ ਯੂਸੁਫ਼ ਦਾ ਸਕਾ ਭਰਾ ਸੀ। ਉਸ ਨੇ ਕਿਹਾ: “ਕਿਤੇ ਰਾਹ ਵਿਚ ਕਿਸੇ ਦੁਰਘਟਨਾ ਕਰਕੇ ਇਸ ਦੀ ਜਾਨ ਨਾ ਚਲੀ ਜਾਵੇ।”+
5 ਇਸ ਲਈ ਇਜ਼ਰਾਈਲ ਦੇ ਪੁੱਤਰ ਦੂਸਰੇ ਲੋਕਾਂ ਨਾਲ ਅਨਾਜ ਖ਼ਰੀਦਣ ਮਿਸਰ ਆਏ ਕਿਉਂਕਿ ਕਨਾਨ ਦੇਸ਼ ਵਿਚ ਵੀ ਕਾਲ਼ ਪੈ ਗਿਆ ਸੀ।+ 6 ਯੂਸੁਫ਼ ਮਿਸਰ ਦਾ ਹਾਕਮ ਸੀ+ ਅਤੇ ਉਹ ਧਰਤੀ ਦੇ ਸਾਰੇ ਲੋਕਾਂ ਨੂੰ ਅਨਾਜ ਵੇਚਦਾ ਸੀ।+ ਇਸ ਲਈ ਯੂਸੁਫ਼ ਦੇ ਭਰਾ ਉਸ ਕੋਲ ਆਏ ਅਤੇ ਉਨ੍ਹਾਂ ਨੇ ਜ਼ਮੀਨ ਉੱਤੇ ਗੋਡੇ ਟੇਕ ਕੇ ਉਸ ਨੂੰ ਨਮਸਕਾਰ ਕੀਤਾ।+ 7 ਜਦੋਂ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਦੇਖਿਆ, ਤਾਂ ਉਸ ਨੇ ਉਨ੍ਹਾਂ ਨੂੰ ਝੱਟ ਪਛਾਣ ਲਿਆ, ਪਰ ਉਸ ਨੇ ਉਨ੍ਹਾਂ ਤੋਂ ਆਪਣੀ ਪਛਾਣ ਲੁਕਾਈ ਰੱਖੀ।+ ਉਸ ਨੇ ਉਨ੍ਹਾਂ ਨਾਲ ਸਖ਼ਤੀ ਨਾਲ ਗੱਲ ਕਰਦੇ ਹੋਏ ਕਿਹਾ: “ਤੁਸੀਂ ਕਿੱਥੋਂ ਆਏ ਹੋ?” ਉਨ੍ਹਾਂ ਨੇ ਜਵਾਬ ਦਿੱਤਾ: “ਅਸੀਂ ਕਨਾਨ ਦੇਸ਼ ਤੋਂ ਅਨਾਜ ਖ਼ਰੀਦਣ ਆਏ ਹਾਂ।”+
8 ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਪਛਾਣ ਲਿਆ, ਪਰ ਉਨ੍ਹਾਂ ਨੇ ਉਸ ਨੂੰ ਨਹੀਂ ਪਛਾਣਿਆ। 9 ਯੂਸੁਫ਼ ਨੂੰ ਉਸੇ ਵੇਲੇ ਉਹ ਸੁਪਨੇ ਯਾਦ ਆਏ ਜੋ ਉਸ ਨੇ ਉਨ੍ਹਾਂ ਬਾਰੇ ਦੇਖੇ ਸਨ।+ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਜਾਸੂਸ ਹੋ! ਤੁਸੀਂ ਇਸ ਦੇਸ਼ ਦੀਆਂ ਕਮਜ਼ੋਰੀਆਂ* ਪਤਾ ਕਰਨ ਆਏ ਹੋ!” 10 ਇਹ ਸੁਣ ਕੇ ਉਨ੍ਹਾਂ ਨੇ ਕਿਹਾ: “ਨਹੀਂ ਹਜ਼ੂਰ, ਤੇਰੇ ਸੇਵਕ ਤਾਂ ਅਨਾਜ ਖ਼ਰੀਦਣ ਆਏ ਹਨ। 11 ਅਸੀਂ ਸਾਰੇ ਇੱਕੋ ਆਦਮੀ ਦੇ ਪੁੱਤਰ ਹਾਂ। ਅਸੀਂ ਈਮਾਨਦਾਰ ਇਨਸਾਨ ਹਾਂ। ਤੇਰੇ ਸੇਵਕ ਜਾਸੂਸ ਨਹੀਂ ਹਨ।” 12 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਨਹੀਂ-ਨਹੀਂ, ਸਗੋਂ ਤੁਸੀਂ ਇਸ ਦੇਸ਼ ਦੀਆਂ ਕਮਜ਼ੋਰੀਆਂ ਜਾਣਨ ਆਏ ਹੋ!” 13 ਇਹ ਸੁਣ ਕੇ ਉਨ੍ਹਾਂ ਨੇ ਕਿਹਾ: “ਅਸੀਂ 12 ਭਰਾ ਹਾਂ।+ ਅਸੀਂ ਸਾਰੇ ਇੱਕੋ ਆਦਮੀ ਦੇ ਪੁੱਤਰ ਹਾਂ।+ ਸਾਡਾ ਪਿਤਾ ਕਨਾਨ ਵਿਚ ਰਹਿੰਦਾ ਹੈ ਅਤੇ ਸਾਡਾ ਸਭ ਤੋਂ ਛੋਟਾ ਭਰਾ ਉਸ ਕੋਲ ਹੈ+ ਅਤੇ ਸਾਡੇ ਇਕ ਭਰਾ ਦੀ ਮੌਤ ਹੋ ਚੁੱਕੀ ਹੈ।”+
14 ਪਰ ਯੂਸੁਫ਼ ਨੇ ਉਨ੍ਹਾਂ ਨੂੰ ਕਿਹਾ: “ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਹਾਂ, ‘ਤੁਸੀਂ ਜਾਸੂਸ ਹੋ!’ 15 ਮੈਂ ਤੁਹਾਨੂੰ ਪਰਖ ਕੇ ਦੇਖਾਂਗਾ ਕਿ ਤੁਸੀਂ ਸੱਚ ਬੋਲ ਰਹੇ ਹੋ ਜਾਂ ਨਹੀਂ। ਫ਼ਿਰਊਨ ਦੀ ਸਹੁੰ, ਜਦ ਤਕ ਤੁਹਾਡਾ ਛੋਟਾ ਭਰਾ ਇੱਥੇ ਨਹੀਂ ਆਉਂਦਾ, ਤਦ ਤਕ ਤੁਸੀਂ ਇੱਥੋਂ ਜਾ ਨਹੀਂ ਸਕਦੇ।+ 16 ਉੱਨਾ ਚਿਰ ਤੁਸੀਂ ਕੈਦ ਵਿਚ ਰਹੋਗੇ। ਆਪਣੇ ਵਿੱਚੋਂ ਇਕ ਜਣੇ ਨੂੰ ਘੱਲੋ ਕਿ ਉਹ ਤੁਹਾਡੇ ਛੋਟੇ ਭਰਾ ਨੂੰ ਲੈ ਕੇ ਆਵੇ। ਇਸ ਤਰ੍ਹਾਂ ਪਤਾ ਲੱਗ ਜਾਵੇਗਾ ਕਿ ਤੁਸੀਂ ਸੱਚ ਬੋਲ ਰਹੇ ਹੋ ਜਾਂ ਨਹੀਂ। ਜੇ ਤੁਸੀਂ ਝੂਠੇ ਨਿਕਲੇ, ਤਾਂ ਫ਼ਿਰਊਨ ਦੀ ਸਹੁੰ, ਇਹ ਸਾਬਤ ਹੋ ਜਾਵੇਗਾ ਕਿ ਤੁਸੀਂ ਜਾਸੂਸ ਹੋ!” 17 ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਤਿੰਨ ਦਿਨ ਕੈਦ ਵਿਚ ਰੱਖਿਆ।
18 ਤੀਸਰੇ ਦਿਨ ਯੂਸੁਫ਼ ਨੇ ਉਨ੍ਹਾਂ ਨੂੰ ਕਿਹਾ: “ਮੈਂ ਰੱਬ ਦਾ ਡਰ ਮੰਨਦਾ ਹਾਂ। ਇਸ ਲਈ ਜੇ ਤੁਸੀਂ ਮੇਰੇ ਕਹੇ ਅਨੁਸਾਰ ਕਰੋਗੇ, ਤਾਂ ਤੁਸੀਂ ਜੀਉਂਦੇ ਰਹੋਗੇ। 19 ਜੇ ਤੁਸੀਂ ਈਮਾਨਦਾਰ ਹੋ, ਤਾਂ ਤੁਹਾਡੇ ਵਿੱਚੋਂ ਇਕ ਜਣਾ ਇੱਥੇ ਕੈਦ ਵਿਚ ਰਹੇ। ਪਰ ਬਾਕੀ ਜਣੇ ਜਾ ਸਕਦੇ ਹਨ ਅਤੇ ਆਪਣੇ ਨਾਲ ਅਨਾਜ ਲਿਜਾ ਸਕਦੇ ਹਨ ਤਾਂਕਿ ਤੁਹਾਡੇ ਪਰਿਵਾਰਾਂ ਕੋਲ ਕਾਲ਼ ਦੌਰਾਨ ਖਾਣ ਲਈ ਕੁਝ ਹੋਵੇ।+ 20 ਫਿਰ ਤੁਸੀਂ ਆਪਣੇ ਸਭ ਤੋਂ ਛੋਟੇ ਭਰਾ ਨੂੰ ਮੇਰੇ ਕੋਲ ਲੈ ਕੇ ਆਓ ਤਾਂਕਿ ਮੈਨੂੰ ਤੁਹਾਡੀ ਗੱਲ ʼਤੇ ਯਕੀਨ ਹੋਵੇ ਅਤੇ ਤੁਹਾਨੂੰ ਆਪਣੀ ਜਾਨ ਤੋਂ ਹੱਥ ਨਾ ਧੋਣੇ ਪੈਣ।” ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ।
21 ਉਨ੍ਹਾਂ ਨੇ ਇਕ-ਦੂਜੇ ਨੂੰ ਕਿਹਾ: “ਅਸੀਂ ਆਪਣੇ ਭਰਾ ਨਾਲ ਜੋ ਕੀਤਾ, ਸਾਨੂੰ ਉਸੇ ਦੀ ਸਜ਼ਾ ਮਿਲ ਰਹੀ ਹੈ।+ ਉਸ ਨੇ ਸਾਡੇ ਅੱਗੇ ਰਹਿਮ ਲਈ ਬਹੁਤ ਤਰਲੇ-ਮਿੰਨਤਾਂ ਕੀਤੀਆਂ, ਪਰ ਅਸੀਂ ਉਸ ਦੀ ਇਕ ਨਾ ਸੁਣੀ। ਅਸੀਂ ਦੇਖਿਆ ਸੀ ਕਿ ਉਹ ਉਦੋਂ ਕਿੰਨਾ ਦੁਖੀ ਸੀ। ਇਸੇ ਕਰਕੇ ਸਾਡੇ ਉੱਤੇ ਇਹ ਮੁਸੀਬਤ ਆਈ ਹੈ।” 22 ਫਿਰ ਰਊਬੇਨ ਨੇ ਉਨ੍ਹਾਂ ਨੂੰ ਕਿਹਾ: “ਕੀ ਮੈਂ ਤੁਹਾਨੂੰ ਨਹੀਂ ਕਿਹਾ ਸੀ ਕਿ ਮੁੰਡੇ ਨੂੰ ਜਾਨੋਂ ਨਾ ਮਾਰੋ?* ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ।+ ਹੁਣ ਸਾਡੇ ਤੋਂ ਉਸ ਦੇ ਖ਼ੂਨ ਦਾ ਬਦਲਾ ਲਿਆ ਜਾ ਰਿਹਾ ਹੈ।”+ 23 ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਯੂਸੁਫ਼ ਨੂੰ ਉਨ੍ਹਾਂ ਦੀਆਂ ਗੱਲਾਂ ਸਮਝ ਆ ਰਹੀਆਂ ਸਨ। ਉਹ ਉਨ੍ਹਾਂ ਨਾਲ ਇਕ ਅਨੁਵਾਦਕ ਦੇ ਜ਼ਰੀਏ ਗੱਲ ਕਰ ਰਿਹਾ ਸੀ। 24 ਇਸ ਲਈ ਉਹ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਕਿਤੇ ਹੋਰ ਜਾ ਕੇ ਰੋਣ ਲੱਗ ਪਿਆ।+ ਫਿਰ ਉਸ ਨੇ ਵਾਪਸ ਆ ਕੇ ਦੁਬਾਰਾ ਉਨ੍ਹਾਂ ਨਾਲ ਗੱਲ ਕੀਤੀ ਅਤੇ ਸ਼ਿਮਓਨ ਨੂੰ ਫੜ ਕੇ+ ਉਨ੍ਹਾਂ ਦੇ ਸਾਮ੍ਹਣੇ ਬੰਨ੍ਹ ਦਿੱਤਾ।+ 25 ਇਸ ਤੋਂ ਬਾਅਦ ਯੂਸੁਫ਼ ਨੇ ਹੁਕਮ ਦਿੱਤਾ ਕਿ ਉਨ੍ਹਾਂ ਦੇ ਬੋਰੇ ਅਨਾਜ ਨਾਲ ਭਰ ਦਿੱਤੇ ਜਾਣ ਅਤੇ ਹਰ ਆਦਮੀ ਦੇ ਪੈਸੇ ਉਸ ਦੇ ਬੋਰੇ ਵਿਚ ਰੱਖ ਦਿੱਤੇ ਜਾਣ। ਨਾਲੇ ਉਨ੍ਹਾਂ ਨੂੰ ਸਫ਼ਰ ਵਾਸਤੇ ਭੋਜਨ ਦਿੱਤਾ ਜਾਵੇ। ਉਸ ਦੇ ਹੁਕਮ ਅਨੁਸਾਰ ਇਸੇ ਤਰ੍ਹਾਂ ਕੀਤਾ ਗਿਆ।
26 ਉਨ੍ਹਾਂ ਨੇ ਆਪਣਾ ਅਨਾਜ ਗਧਿਆਂ ʼਤੇ ਲੱਦ ਲਿਆ ਅਤੇ ਉੱਥੋਂ ਤੁਰ ਪਏ। 27 ਮੁਸਾਫ਼ਰਖ਼ਾਨੇ ਵਿਚ ਜਦੋਂ ਇਕ ਜਣੇ ਨੇ ਆਪਣੇ ਗਧੇ ਨੂੰ ਚਾਰਾ ਪਾਉਣ ਲਈ ਆਪਣਾ ਬੋਰਾ ਖੋਲ੍ਹਿਆ, ਤਾਂ ਉਸ ਨੇ ਆਪਣੇ ਬੋਰੇ ਵਿਚ ਆਪਣੇ ਪੈਸੇ ਪਏ ਦੇਖੇ। 28 ਉਸ ਨੇ ਆਪਣੇ ਭਰਾਵਾਂ ਨੂੰ ਕਿਹਾ: “ਮੇਰੇ ਪੈਸੇ ਵਾਪਸ ਕਰ ਦਿੱਤੇ ਗਏ ਹਨ ਅਤੇ ਮੇਰੇ ਬੋਰੇ ਵਿਚ ਹਨ।” ਇਹ ਸੁਣ ਕੇ ਉਨ੍ਹਾਂ ਦੇ ਦਿਲ ਡੁੱਬ ਗਏ ਅਤੇ ਉਹ ਡਰ ਨਾਲ ਥਰ-ਥਰ ਕੰਬਣ ਲੱਗੇ। ਉਹ ਇਕ-ਦੂਜੇ ਨੂੰ ਕਹਿਣ ਲੱਗੇ: “ਪਰਮੇਸ਼ੁਰ ਸਾਡੇ ਨਾਲ ਇਹ ਕੀ ਕਰ ਰਿਹਾ ਹੈ?”
29 ਜਦੋਂ ਉਹ ਕਨਾਨ ਵਿਚ ਆਪਣੇ ਪਿਤਾ ਯਾਕੂਬ ਕੋਲ ਵਾਪਸ ਆ ਗਏ, ਤਾਂ ਉਨ੍ਹਾਂ ਨੇ ਉਸ ਨੂੰ ਸਭ ਕੁਝ ਦੱਸਿਆ ਜੋ ਉਨ੍ਹਾਂ ਨਾਲ ਹੋਇਆ ਸੀ। ਉਨ੍ਹਾਂ ਨੇ ਕਿਹਾ: 30 “ਉਸ ਦੇਸ਼ ਦੇ ਹਾਕਮ ਨੇ ਸਾਡੇ ਨਾਲ ਬੜੀ ਸਖ਼ਤੀ ਨਾਲ ਗੱਲ ਕੀਤੀ+ ਅਤੇ ਸਾਡੇ ਉੱਤੇ ਦੇਸ਼ ਦੀ ਜਾਸੂਸੀ ਕਰਨ ਦਾ ਇਲਜ਼ਾਮ ਲਾਇਆ। 31 ਪਰ ਅਸੀਂ ਉਸ ਨੂੰ ਕਿਹਾ, ‘ਅਸੀਂ ਤਾਂ ਈਮਾਨਦਾਰ ਇਨਸਾਨ ਹਾਂ। ਅਸੀਂ ਜਾਸੂਸ ਨਹੀਂ ਹਾਂ।+ 32 ਅਸੀਂ 12 ਭਰਾ ਹਾਂ+ ਅਤੇ ਇੱਕੋ ਆਦਮੀ ਦੇ ਪੁੱਤਰ ਹਾਂ। ਸਾਡੇ ਇਕ ਭਰਾ ਦੀ ਮੌਤ ਹੋ ਚੁੱਕੀ ਹੈ+ ਅਤੇ ਸਭ ਤੋਂ ਛੋਟਾ ਕਨਾਨ ਵਿਚ ਸਾਡੇ ਪਿਤਾ ਕੋਲ ਹੈ।’+ 33 ਪਰ ਉਸ ਦੇਸ਼ ਦੇ ਹਾਕਮ ਨੇ ਕਿਹਾ, ‘ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੀ ਗੱਲ ʼਤੇ ਯਕੀਨ ਕਰਾਂ ਕਿ ਤੁਸੀਂ ਈਮਾਨਦਾਰ ਹੋ, ਤਾਂ ਇਸ ਤਰ੍ਹਾਂ ਕਰੋ: ਤੁਸੀਂ ਆਪਣੇ ਇਕ ਭਰਾ ਨੂੰ ਮੇਰੇ ਕੋਲ ਛੱਡ ਜਾਓ+ ਅਤੇ ਅਨਾਜ ਲੈ ਜਾਓ ਤਾਂਕਿ ਕਾਲ਼ ਦੌਰਾਨ ਤੁਹਾਡੇ ਪਰਿਵਾਰਾਂ ਕੋਲ ਖਾਣ ਲਈ ਕੁਝ ਹੋਵੇ।+ 34 ਫਿਰ ਆਪਣੇ ਸਭ ਤੋਂ ਛੋਟੇ ਭਰਾ ਨੂੰ ਮੇਰੇ ਕੋਲ ਲੈ ਆਓ ਤਾਂਕਿ ਮੈਨੂੰ ਯਕੀਨ ਹੋ ਜਾਵੇ ਕਿ ਤੁਸੀਂ ਜਾਸੂਸ ਨਹੀਂ ਹੋ, ਸਗੋਂ ਈਮਾਨਦਾਰ ਇਨਸਾਨ ਹੋ। ਫਿਰ ਮੈਂ ਤੁਹਾਡੇ ਭਰਾ ਨੂੰ ਵਾਪਸ ਮੋੜ ਦਿਆਂਗਾ। ਤੁਹਾਨੂੰ ਜੋ ਚਾਹੀਦਾ, ਤੁਸੀਂ ਇਸ ਦੇਸ਼ ਵਿੱਚੋਂ ਖ਼ਰੀਦ ਸਕਦੇ ਹੋ।’”
35 ਜਦੋਂ ਉਹ ਆਪਣੇ ਬੋਰੇ ਖਾਲੀ ਕਰਨ ਲੱਗੇ, ਤਾਂ ਸਾਰਿਆਂ ਦੇ ਪੈਸਿਆਂ ਦੀਆਂ ਥੈਲੀਆਂ ਉਨ੍ਹਾਂ ਦੇ ਬੋਰਿਆਂ ਵਿਚ ਸਨ। ਜਦੋਂ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਿਤਾ ਨੇ ਪੈਸਿਆਂ ਦੀਆਂ ਥੈਲੀਆਂ ਦੇਖੀਆਂ, ਤਾਂ ਉਹ ਡਰ ਗਏ। 36 ਯਾਕੂਬ ਨੇ ਕਿਹਾ: “ਕੀ ਤੁਹਾਡੇ ਕਰਕੇ ਮੈਂ ਆਪਣੇ ਬੱਚੇ ਗੁਆਉਂਦਾ ਰਹਾਂ?+ ਯੂਸੁਫ਼ ਮਰ ਗਿਆ+ ਤੇ ਸ਼ਿਮਓਨ ਵੀ ਮੇਰੇ ਤੋਂ ਵਿਛੜ ਚੁੱਕਾ ਹੈ+ ਅਤੇ ਹੁਣ ਤੁਸੀਂ ਬਿਨਯਾਮੀਨ ਨੂੰ ਲਿਜਾ ਰਹੇ ਹੋ! ਇਹ ਸਾਰੀਆਂ ਮੁਸੀਬਤਾਂ ਮੇਰੇ ਉੱਤੇ ਹੀ ਕਿਉਂ ਆਈਆਂ ਹਨ?” 37 ਪਰ ਰਊਬੇਨ ਨੇ ਆਪਣੇ ਪਿਤਾ ਨੂੰ ਕਿਹਾ: “ਜੇ ਮੈਂ ਬਿਨਯਾਮੀਨ ਨੂੰ ਤੇਰੇ ਕੋਲ ਵਾਪਸ ਨਹੀਂ ਲਿਆਇਆ, ਤਾਂ ਤੂੰ ਮੇਰੇ ਦੋ ਪੁੱਤਰਾਂ ਨੂੰ ਜਾਨੋਂ ਮਾਰ ਦੇਈਂ।+ ਉਸ ਨੂੰ ਮੇਰੇ ਹਵਾਲੇ ਕਰ ਦੇ ਅਤੇ ਮੈਂ ਉਸ ਨੂੰ ਤੇਰੇ ਕੋਲ ਵਾਪਸ ਲਿਆਵਾਂਗਾ।”+ 38 ਪਰ ਯਾਕੂਬ ਨੇ ਕਿਹਾ: “ਮੇਰਾ ਪੁੱਤਰ ਬਿਨਯਾਮੀਨ ਤੁਹਾਡੇ ਨਾਲ ਨਹੀਂ ਜਾਵੇਗਾ ਕਿਉਂਕਿ ਇਸ ਦਾ ਭਰਾ ਮਰ ਚੁੱਕਾ ਹੈ ਅਤੇ ਹੁਣ ਇਹੀ ਬਚਿਆ ਹੈ।+ ਜੇ ਰਾਹ ਵਿਚ ਕਿਸੇ ਦੁਰਘਟਨਾ ਕਰਕੇ ਇਸ ਦੀ ਜਾਨ ਚਲੀ ਗਈ, ਤਾਂ ਤੁਹਾਡੇ ਕਰਕੇ ਮੈਂ ਇੰਨੇ ਬੁਢਾਪੇ ਵਿਚ ਦੁੱਖ ਦਾ ਮਾਰਿਆ ਕਬਰ*+ ਵਿਚ ਜਾਵਾਂਗਾ।”+
43 ਕਾਲ਼ ਕਰਕੇ ਕਨਾਨ ਦੇਸ਼ ਦੀ ਹਾਲਤ ਬਹੁਤ ਖ਼ਰਾਬ ਸੀ।+ 2 ਇਸ ਲਈ ਜਦੋਂ ਮਿਸਰ ਤੋਂ ਲਿਆਂਦਾ ਸਾਰਾ ਅਨਾਜ ਖ਼ਤਮ ਹੋ ਗਿਆ,+ ਤਾਂ ਉਨ੍ਹਾਂ ਦੇ ਪਿਤਾ ਨੇ ਕਿਹਾ: “ਵਾਪਸ ਜਾ ਕੇ ਸਾਡੇ ਲਈ ਅਨਾਜ ਖ਼ਰੀਦ ਲਿਆਓ।” 3 ਯਹੂਦਾਹ ਨੇ ਉਸ ਨੂੰ ਕਿਹਾ: “ਉਸ ਆਦਮੀ ਨੇ ਸਾਨੂੰ ਚੇਤਾਵਨੀ ਦਿੱਤੀ ਸੀ, ‘ਆਪਣੇ ਭਰਾ ਤੋਂ ਬਿਨਾਂ ਮੇਰੇ ਸਾਮ੍ਹਣੇ ਪੇਸ਼ ਨਾ ਹੋਇਓ।’+ 4 ਜੇ ਤੂੰ ਸਾਡੇ ਨਾਲ ਸਾਡੇ ਭਰਾ ਨੂੰ ਘੱਲ ਦੇਵੇਂਗਾ, ਤਾਂ ਅਸੀਂ ਜਾ ਕੇ ਤੇਰੇ ਲਈ ਅਨਾਜ ਖ਼ਰੀਦ ਲਿਆਵਾਂਗੇ। 5 ਪਰ ਜੇ ਤੂੰ ਉਸ ਨੂੰ ਸਾਡੇ ਨਾਲ ਨਹੀਂ ਘੱਲੇਂਗਾ, ਤਾਂ ਅਸੀਂ ਨਹੀਂ ਜਾਵਾਂਗੇ ਕਿਉਂਕਿ ਉਸ ਆਦਮੀ ਨੇ ਸਾਨੂੰ ਕਿਹਾ ਸੀ, ‘ਆਪਣੇ ਭਰਾ ਤੋਂ ਬਿਨਾਂ ਮੇਰੇ ਸਾਮ੍ਹਣੇ ਪੇਸ਼ ਨਾ ਹੋਇਓ।’”+ 6 ਇਜ਼ਰਾਈਲ+ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਮੈਨੂੰ ਇਸ ਮੁਸੀਬਤ ਵਿਚ ਪਾਇਆ। ਤੁਸੀਂ ਉਸ ਆਦਮੀ ਨੂੰ ਕਿਉਂ ਦੱਸਿਆ ਕਿ ਤੁਹਾਡਾ ਇਕ ਹੋਰ ਭਰਾ ਹੈ?” 7 ਉਨ੍ਹਾਂ ਨੇ ਜਵਾਬ ਦਿੱਤਾ: “ਉਸ ਆਦਮੀ ਨੇ ਸਿੱਧਾ ਸਾਡੇ ਬਾਰੇ ਤੇ ਸਾਡੇ ਪਰਿਵਾਰ ਬਾਰੇ ਪੁੱਛਿਆ। ਉਸ ਨੇ ਪੁੱਛਿਆ, ‘ਕੀ ਤੁਹਾਡਾ ਪਿਤਾ ਜੀਉਂਦਾ ਹੈ? ਕੀ ਤੁਹਾਡਾ ਹੋਰ ਵੀ ਕੋਈ ਭਰਾ ਹੈ?’ ਅਸੀਂ ਉਸ ਨੂੰ ਸਭ ਕੁਝ ਦੱਸ ਦਿੱਤਾ।+ ਸਾਨੂੰ ਕੀ ਪਤਾ ਸੀ ਕਿ ਉਹ ਕਹੇਗਾ, ‘ਆਪਣੇ ਭਰਾ ਨੂੰ ਨਾਲ ਲੈ ਕੇ ਆਓ’?”+
8 ਯਹੂਦਾਹ ਨੇ ਆਪਣੇ ਪਿਤਾ ਇਜ਼ਰਾਈਲ ਨੂੰ ਤਾਕੀਦ ਕੀਤੀ: “ਮੁੰਡੇ ਨੂੰ ਮੇਰੇ ਨਾਲ ਘੱਲ ਦੇ+ ਅਤੇ ਸਾਨੂੰ ਜਾਣ ਦੇ ਤਾਂਕਿ ਆਪਾਂ ਸਾਰੇ, ਤੂੰ, ਅਸੀਂ ਤੇ ਸਾਡੀ ਔਲਾਦ+ ਕਾਲ਼ ਕਰਕੇ ਭੁੱਖੀ ਨਾ ਮਰ ਜਾਵੇ।+ 9 ਮੈਂ ਮੁੰਡੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਂਦਾ ਹਾਂ।+ ਜੇ ਇਸ ਨੂੰ ਕੁਝ ਹੋ ਗਿਆ, ਤਾਂ ਤੂੰ ਮੈਨੂੰ ਜ਼ਿੰਮੇਵਾਰ ਠਹਿਰਾਈਂ। ਜੇ ਮੈਂ ਉਸ ਨੂੰ ਤੇਰੇ ਕੋਲ ਸਹੀ-ਸਲਾਮਤ ਵਾਪਸ ਨਹੀਂ ਲੈ ਕੇ ਆਇਆ, ਤਾਂ ਮੈਂ ਜ਼ਿੰਦਗੀ ਭਰ ਤੇਰਾ ਗੁਨਾਹਗਾਰ ਹੋਵਾਂਗਾ। 10 ਜੇ ਅਸੀਂ ਦੇਰ ਨਾ ਕੀਤੀ ਹੁੰਦੀ, ਤਾਂ ਅਸੀਂ ਹੁਣ ਤਕ ਦੋ ਵਾਰੀ ਜਾ ਆਉਣਾ ਸੀ।”
11 ਇਸ ਲਈ ਉਨ੍ਹਾਂ ਦੇ ਪਿਤਾ ਇਜ਼ਰਾਈਲ ਨੇ ਕਿਹਾ: “ਜੇ ਹੋਰ ਕੋਈ ਰਾਹ ਨਹੀਂ ਹੈ, ਤਾਂ ਇਸ ਤਰ੍ਹਾਂ ਕਰੋ: ਆਪਣੇ ਬੋਰਿਆਂ ਵਿਚ ਇਸ ਦੇਸ਼ ਦੀਆਂ ਵਧੀਆ ਤੋਂ ਵਧੀਆ ਚੀਜ਼ਾਂ ਉਸ ਆਦਮੀ ਲਈ ਤੋਹਫ਼ੇ ਵਜੋਂ ਲੈ ਜਾਓ।+ ਤੁਸੀਂ ਥੋੜ੍ਹਾ ਜਿਹਾ ਗੁੱਗਲ,*+ ਥੋੜ੍ਹਾ ਜਿਹਾ ਸ਼ਹਿਦ, ਖ਼ੁਸ਼ਬੂਦਾਰ ਗੂੰਦ, ਰਾਲ਼ ਵਾਲਾ ਸੱਕ,+ ਪਿਸਤਾ ਅਤੇ ਬਦਾਮ ਲੈ ਜਾਓ। 12 ਨਾਲੇ ਆਪਣੇ ਨਾਲ ਦੁਗਣੇ ਪੈਸੇ ਲੈ ਜਾਓ, ਉਹ ਪੈਸੇ ਵੀ ਜੋ ਤੁਹਾਡੇ ਬੋਰਿਆਂ ਵਿਚ ਵਾਪਸ ਰੱਖ ਦਿੱਤੇ ਗਏ ਸਨ।+ ਸ਼ਾਇਦ ਕਿਸੇ ਨੇ ਗ਼ਲਤੀ ਨਾਲ ਰੱਖ ਦਿੱਤੇ ਹੋਣ। 13 ਆਪਣੇ ਭਰਾ ਨੂੰ ਨਾਲ ਲੈ ਜਾਓ ਅਤੇ ਉਸ ਆਦਮੀ ਨੂੰ ਮਿਲੋ। 14 ਸਰਬਸ਼ਕਤੀਮਾਨ ਪਰਮੇਸ਼ੁਰ ਤੁਹਾਡੇ ਨਾਲ ਹੋਵੇ ਅਤੇ ਤੁਹਾਨੂੰ ਉਸ ਆਦਮੀ ਦੀਆਂ ਨਜ਼ਰਾਂ ਵਿਚ ਰਹਿਮ ਬਖ਼ਸ਼ੇ ਤਾਂਕਿ ਉਹ ਸ਼ਿਮਓਨ ਅਤੇ ਬਿਨਯਾਮੀਨ ਨੂੰ ਛੱਡ ਦੇਵੇ। ਪਰ ਜੇ ਮੈਨੂੰ ਉਨ੍ਹਾਂ ਦੇ ਵਿਛੋੜੇ ਦਾ ਦੁੱਖ ਝੱਲਣਾ ਪਿਆ, ਤਾਂ ਮੈਂ ਇਹ ਵੀ ਝੱਲਣ ਲਈ ਤਿਆਰ ਹਾਂ।”+
15 ਇਸ ਲਈ ਉਹ ਆਪਣੇ ਨਾਲ ਇਹ ਤੋਹਫ਼ਾ, ਦੁਗਣੇ ਪੈਸੇ ਅਤੇ ਬਿਨਯਾਮੀਨ ਨੂੰ ਲੈ ਕੇ ਮਿਸਰ ਨੂੰ ਚਲੇ ਗਏ ਅਤੇ ਯੂਸੁਫ਼ ਦੇ ਸਾਮ੍ਹਣੇ ਦੁਬਾਰਾ ਪੇਸ਼ ਹੋਏ।+ 16 ਜਦੋਂ ਯੂਸੁਫ਼ ਨੇ ਉਨ੍ਹਾਂ ਨਾਲ ਬਿਨਯਾਮੀਨ ਨੂੰ ਦੇਖਿਆ, ਤਾਂ ਉਸ ਨੇ ਉਸੇ ਵੇਲੇ ਆਪਣੇ ਘਰ ਦੇ ਮੁਖਤਿਆਰ ਨੂੰ ਕਿਹਾ: “ਇਨ੍ਹਾਂ ਆਦਮੀਆਂ ਨੂੰ ਮੇਰੇ ਘਰ ਲੈ ਜਾ। ਮੀਟ ਅਤੇ ਹੋਰ ਚੀਜ਼ਾਂ ਤਿਆਰ ਕਰ। ਇਹ ਆਦਮੀ ਅੱਜ ਦੁਪਹਿਰ ਨੂੰ ਮੇਰੇ ਨਾਲ ਰੋਟੀ ਖਾਣਗੇ।” 17 ਉਸ ਮੁਖਤਿਆਰ ਨੇ ਫ਼ੌਰਨ ਉਸੇ ਤਰ੍ਹਾਂ ਕੀਤਾ ਜਿਵੇਂ ਯੂਸੁਫ਼ ਨੇ ਕਿਹਾ ਸੀ+ ਅਤੇ ਉਹ ਉਨ੍ਹਾਂ ਨੂੰ ਯੂਸੁਫ਼ ਦੇ ਘਰ ਲੈ ਗਿਆ। 18 ਪਰ ਜਦੋਂ ਉਨ੍ਹਾਂ ਨੂੰ ਯੂਸੁਫ਼ ਦੇ ਘਰ ਲਿਜਾਇਆ ਗਿਆ, ਤਾਂ ਉਹ ਡਰ ਗਏ ਅਤੇ ਕਹਿਣ ਲੱਗੇ: “ਪਿਛਲੀ ਵਾਰ ਸਾਡੇ ਬੋਰਿਆਂ ਵਿਚ ਜਿਹੜੇ ਪੈਸੇ ਵਾਪਸ ਰੱਖੇ ਗਏ ਸਨ, ਉਸ ਕਰਕੇ ਸਾਨੂੰ ਇੱਥੇ ਲਿਆਂਦਾ ਗਿਆ ਹੈ। ਹੁਣ ਉਹ ਸਾਡੇ ʼਤੇ ਹਮਲਾ ਕਰ ਕੇ ਸਾਨੂੰ ਆਪਣੇ ਗ਼ੁਲਾਮ ਬਣਾ ਲੈਣਗੇ ਅਤੇ ਸਾਡੇ ਗਧੇ ਰੱਖ ਲੈਣਗੇ!”+
19 ਇਸ ਲਈ ਉਹ ਯੂਸੁਫ਼ ਦੇ ਘਰ ਅੰਦਰ ਵੜਨ ਤੋਂ ਪਹਿਲਾਂ ਮੁਖਤਿਆਰ ਕੋਲ ਆਏ ਅਤੇ ਉਸ ਨਾਲ ਗੱਲ ਕੀਤੀ। 20 ਉਨ੍ਹਾਂ ਨੇ ਕਿਹਾ: “ਹਜ਼ੂਰ, ਸਾਨੂੰ ਮਾਫ਼ ਕਰ ਦਿਓ! ਅਸੀਂ ਪਹਿਲਾਂ ਵੀ ਅਨਾਜ ਖ਼ਰੀਦਣ ਆਏ ਸੀ।+ 21 ਪਰ ਜਦੋਂ ਅਸੀਂ ਮੁਸਾਫ਼ਰਖ਼ਾਨੇ ਪਹੁੰਚ ਕੇ ਆਪਣੇ ਬੋਰੇ ਖੋਲ੍ਹੇ, ਤਾਂ ਸਾਡੇ ਸਾਰਿਆਂ ਦੇ ਪੂਰੇ ਪੈਸੇ ਸਾਡੇ ਬੋਰਿਆਂ ਵਿਚ ਸਨ।+ ਇਸ ਲਈ ਅਸੀਂ ਆਪ ਤੁਹਾਨੂੰ ਇਹ ਪੈਸੇ ਵਾਪਸ ਕਰਨਾ ਚਾਹੁੰਦੇ ਹਾਂ। 22 ਅਸੀਂ ਨਹੀਂ ਜਾਣਦੇ ਕਿ ਸਾਡੇ ਬੋਰਿਆਂ ਵਿਚ ਪੈਸੇ ਕਿਸ ਨੇ ਰੱਖੇ ਸਨ। ਅਸੀਂ ਅਨਾਜ ਖ਼ਰੀਦਣ ਲਈ ਹੋਰ ਪੈਸੇ ਵੀ ਲੈ ਕੇ ਆਏ ਹਾਂ।”+ 23 ਮੁਖਤਿਆਰ ਨੇ ਕਿਹਾ: “ਕੋਈ ਗੱਲ ਨਹੀਂ। ਡਰੋ ਨਾ। ਤੁਹਾਡੇ ਪਰਮੇਸ਼ੁਰ ਅਤੇ ਤੁਹਾਡੇ ਪਿਤਾ ਦੇ ਪਰਮੇਸ਼ੁਰ ਨੇ ਤੁਹਾਡੇ ਬੋਰਿਆਂ ਵਿਚ ਪੈਸੇ ਰੱਖੇ ਸਨ। ਮੈਨੂੰ ਤੁਹਾਡੇ ਪੈਸੇ ਮਿਲ ਗਏ ਸਨ।” ਇਸ ਤੋਂ ਬਾਅਦ ਉਹ ਸ਼ਿਮਓਨ ਨੂੰ ਉਨ੍ਹਾਂ ਕੋਲ ਲੈ ਆਇਆ।+
24 ਫਿਰ ਉਹ ਮੁਖਤਿਆਰ ਉਨ੍ਹਾਂ ਨੂੰ ਯੂਸੁਫ਼ ਦੇ ਘਰ ਦੇ ਅੰਦਰ ਲੈ ਆਇਆ ਅਤੇ ਉਨ੍ਹਾਂ ਨੂੰ ਪੈਰ ਧੋਣ ਲਈ ਪਾਣੀ ਦਿੱਤਾ। ਉਸ ਨੇ ਉਨ੍ਹਾਂ ਦੇ ਗਧਿਆਂ ਲਈ ਚਾਰਾ ਵੀ ਦਿੱਤਾ। 25 ਉਨ੍ਹਾਂ ਨੇ ਸੁਣਿਆ ਕਿ ਯੂਸੁਫ਼ ਦੁਪਹਿਰ ਨੂੰ ਘਰ ਆਵੇਗਾ ਅਤੇ ਉਨ੍ਹਾਂ ਨਾਲ ਰੋਟੀ ਖਾਵੇਗਾ,+ ਇਸ ਲਈ ਉਨ੍ਹਾਂ ਨੇ ਉਸ ਨੂੰ ਦੇਣ ਲਈ ਤੋਹਫ਼ਾ ਤਿਆਰ ਕੀਤਾ।+ 26 ਜਦੋਂ ਯੂਸੁਫ਼ ਘਰ ਆਇਆ, ਤਾਂ ਉਨ੍ਹਾਂ ਨੇ ਉਹ ਤੋਹਫ਼ਾ ਲਿਆ ਕੇ ਉਸ ਨੂੰ ਦਿੱਤਾ ਅਤੇ ਗੋਡਿਆਂ ਭਾਰ ਬੈਠ ਕੇ ਉਸ ਦੇ ਅੱਗੇ ਸਿਰ ਨਿਵਾਇਆ।+ 27 ਇਸ ਤੋਂ ਬਾਅਦ ਉਸ ਨੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਕਿਹਾ: “ਤੁਹਾਡੇ ਬਿਰਧ ਪਿਤਾ ਦਾ ਕੀ ਹਾਲ ਹੈ ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ? ਕੀ ਉਹ ਜੀਉਂਦਾ ਹੈ?”+ 28 ਉਨ੍ਹਾਂ ਨੇ ਕਿਹਾ: “ਤੁਹਾਡਾ ਸੇਵਕ ਅਜੇ ਜੀਉਂਦਾ ਅਤੇ ਠੀਕ-ਠਾਕ ਹੈ।” ਫਿਰ ਉਨ੍ਹਾਂ ਨੇ ਗੋਡਿਆਂ ਭਾਰ ਬੈਠ ਕੇ ਉਸ ਦੇ ਅੱਗੇ ਸਿਰ ਨਿਵਾਇਆ।+
29 ਜਦੋਂ ਯੂਸੁਫ਼ ਨੇ ਆਪਣੇ ਸਕੇ ਭਰਾ ਬਿਨਯਾਮੀਨ+ ਨੂੰ ਦੇਖਿਆ, ਤਾਂ ਉਸ ਨੇ ਪੁੱਛਿਆ: “ਕੀ ਇਹੀ ਤੁਹਾਡਾ ਸਭ ਤੋਂ ਛੋਟਾ ਭਰਾ ਹੈ ਜਿਸ ਬਾਰੇ ਤੁਸੀਂ ਮੈਨੂੰ ਪਿਛਲੀ ਵਾਰ ਦੱਸਿਆ ਸੀ?”+ ਫਿਰ ਉਸ ਨੇ ਬਿਨਯਾਮੀਨ ਨੂੰ ਕਿਹਾ: “ਮੇਰੇ ਪੁੱਤਰ, ਪਰਮੇਸ਼ੁਰ ਤੇਰੇ ʼਤੇ ਮਿਹਰ ਕਰੇ!” 30 ਆਪਣੇ ਭਰਾ ਨੂੰ ਦੇਖ ਕੇ ਯੂਸੁਫ਼ ਦਾ ਮਨ ਭਰ ਆਇਆ ਅਤੇ ਉਹ ਫਟਾਫਟ ਉੱਥੋਂ ਚਲਾ ਗਿਆ। ਉਹ ਇਕ ਕਮਰੇ ਵਿਚ ਜਾ ਕੇ ਇਕੱਲਾ ਰੋਣ ਲੱਗ ਪਿਆ।+ 31 ਬਾਅਦ ਵਿਚ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਮੂੰਹ ਧੋ ਕੇ ਬਾਹਰ ਆ ਗਿਆ। ਉਸ ਨੇ ਨੌਕਰਾਂ ਨੂੰ ਕਿਹਾ: “ਰੋਟੀ ਲਿਆਓ।” 32 ਉਨ੍ਹਾਂ ਨੇ ਉਸ ਨੂੰ ਵੱਖਰਾ ਖਾਣਾ ਪਰੋਸਿਆ ਅਤੇ ਉਸ ਦੇ ਭਰਾਵਾਂ ਨੂੰ ਵੱਖਰਾ। ਉਸ ਦੇ ਨਾਲ ਆਏ ਮਿਸਰੀਆਂ ਨੇ ਵੱਖ ਹੋ ਕੇ ਖਾਧਾ ਕਿਉਂਕਿ ਇਬਰਾਨੀਆਂ ਨਾਲ ਨਫ਼ਰਤ ਹੋਣ ਕਰਕੇ ਉਹ ਉਨ੍ਹਾਂ ਨਾਲ ਬੈਠ ਕੇ ਰੋਟੀ ਨਹੀਂ ਖਾਂਦੇ ਸਨ।+
33 ਸਾਰੇ ਭਰਾਵਾਂ ਨੂੰ ਉਨ੍ਹਾਂ ਦੀ ਉਮਰ ਅਨੁਸਾਰ ਜੇਠੇ+ ਤੋਂ ਲੈ ਕੇ ਛੋਟੇ ਤਕ ਉਸ ਦੇ ਸਾਮ੍ਹਣੇ ਬਿਠਾਇਆ ਗਿਆ। ਉਹ ਇਕ-ਦੂਜੇ ਵੱਲ ਹੈਰਾਨੀ ਨਾਲ ਦੇਖਦੇ ਰਹੇ। 34 ਯੂਸੁਫ਼ ਆਪਣੇ ਮੇਜ਼ ਤੋਂ ਉਨ੍ਹਾਂ ਲਈ ਖਾਣ ਵਾਲੀਆਂ ਚੀਜ਼ਾਂ ਘੱਲਦਾ ਰਿਹਾ। ਉਹ ਬਿਨਯਾਮੀਨ ਲਈ ਬਾਕੀ ਭਰਾਵਾਂ ਨਾਲੋਂ ਪੰਜ ਗੁਣਾ ਜ਼ਿਆਦਾ ਖਾਣਾ ਦਿੰਦਾ ਸੀ।+ ਇਸ ਲਈ ਉਨ੍ਹਾਂ ਨੇ ਰੱਜ ਕੇ ਖਾਧਾ-ਪੀਤਾ।
44 ਬਾਅਦ ਵਿਚ ਉਸ ਨੇ ਆਪਣੇ ਘਰ ਦੇ ਮੁਖਤਿਆਰ ਨੂੰ ਹੁਕਮ ਦਿੱਤਾ: “ਉਹ ਜਿੰਨਾ ਵੀ ਅਨਾਜ ਲੈ ਜਾ ਸਕਦੇ ਹਨ, ਉਨ੍ਹਾਂ ਦੇ ਬੋਰਿਆਂ ਵਿਚ ਪਾ ਦੇ ਅਤੇ ਹਰੇਕ ਦੇ ਪੈਸੇ ਉਸ ਦੇ ਬੋਰੇ ਵਿਚ ਰੱਖ ਦੇ।+ 2 ਪਰ ਉਨ੍ਹਾਂ ਦੇ ਸਭ ਤੋਂ ਛੋਟੇ ਭਰਾ ਦੇ ਪੈਸਿਆਂ ਦੇ ਨਾਲ ਮੇਰਾ ਚਾਂਦੀ ਦਾ ਪਿਆਲਾ ਵੀ ਉਸ ਦੇ ਬੋਰੇ ਵਿਚ ਰੱਖ ਦੇ।” ਮੁਖਤਿਆਰ ਨੇ ਯੂਸੁਫ਼ ਦੇ ਹੁਕਮ ਅਨੁਸਾਰ ਉਸੇ ਤਰ੍ਹਾਂ ਕੀਤਾ।
3 ਅਗਲੇ ਦਿਨ ਸਵੇਰੇ-ਸਵੇਰੇ ਉਨ੍ਹਾਂ ਆਦਮੀਆਂ ਨੂੰ ਉਨ੍ਹਾਂ ਦੇ ਗਧਿਆਂ ਸਮੇਤ ਤੋਰ ਦਿੱਤਾ ਗਿਆ। 4 ਉਹ ਅਜੇ ਸ਼ਹਿਰੋਂ ਦੂਰ ਨਹੀਂ ਗਏ ਸਨ ਕਿ ਯੂਸੁਫ਼ ਨੇ ਆਪਣੇ ਘਰ ਦੇ ਮੁਖਤਿਆਰ ਨੂੰ ਕਿਹਾ: “ਉੱਠ ਅਤੇ ਉਨ੍ਹਾਂ ਆਦਮੀਆਂ ਦਾ ਪਿੱਛਾ ਕਰ! ਤੂੰ ਉਨ੍ਹਾਂ ਨੂੰ ਰੋਕ ਕੇ ਕਹੀਂ, ‘ਅਸੀਂ ਤੁਹਾਡਾ ਭਲਾ ਕੀਤਾ, ਪਰ ਤੁਸੀਂ ਸਾਡਾ ਬੁਰਾ ਕਿਉਂ ਕੀਤਾ? 5 ਮੇਰਾ ਮਾਲਕ ਜਿਸ ਪਿਆਲੇ ਵਿਚ ਪੀਂਦਾ ਹੈ ਅਤੇ ਜਿਸ ਨੂੰ ਵਰਤ ਕੇ ਸਹੀ-ਸਹੀ ਫਾਲ* ਪਾਉਂਦਾ ਹੈ, ਉਹ ਤੁਸੀਂ ਚੋਰੀ ਕਿਉਂ ਕੀਤਾ? ਤੁਸੀਂ ਇਹ ਬਹੁਤ ਬੁਰਾ ਕੰਮ ਕੀਤਾ।’”
6 ਇਸ ਲਈ ਮੁਖਤਿਆਰ ਨੇ ਉਨ੍ਹਾਂ ਨੂੰ ਰੋਕ ਕੇ ਇਹ ਗੱਲਾਂ ਕਹੀਆਂ। 7 ਪਰ ਉਨ੍ਹਾਂ ਨੇ ਉਸ ਨੂੰ ਕਿਹਾ: “ਸਾਡਾ ਮਾਲਕ ਇਸ ਤਰ੍ਹਾਂ ਕਿਉਂ ਕਹਿੰਦਾ ਹੈ? ਤੇਰੇ ਸੇਵਕ ਇਸ ਤਰ੍ਹਾਂ ਦਾ ਗ਼ਲਤ ਕੰਮ ਕਰਨ ਬਾਰੇ ਸੋਚ ਵੀ ਨਹੀਂ ਸਕਦੇ। 8 ਸਾਨੂੰ ਪਿਛਲੀ ਵਾਰ ਆਪਣੇ ਬੋਰਿਆਂ ਵਿਚ ਜੋ ਪੈਸੇ ਮਿਲੇ ਸਨ, ਅਸੀਂ ਤਾਂ ਉਹ ਵੀ ਤੈਨੂੰ ਵਾਪਸ ਮੋੜਨ ਲਈ ਕਨਾਨ ਤੋਂ ਲੈ ਕੇ ਆਏ ਸੀ।+ ਤਾਂ ਫਿਰ ਅਸੀਂ ਤੇਰੇ ਮਾਲਕ ਦੇ ਘਰੋਂ ਚਾਂਦੀ ਜਾਂ ਸੋਨਾ ਕਿਵੇਂ ਚੋਰੀ ਕਰ ਸਕਦੇ ਹਾਂ? 9 ਜੇ ਤੇਰੇ ਕਿਸੇ ਸੇਵਕ ਕੋਲੋਂ ਉਹ ਪਿਆਲਾ ਮਿਲਿਆ, ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ ਅਤੇ ਬਾਕੀ ਸਾਰਿਆਂ ਨੂੰ ਗ਼ੁਲਾਮ ਬਣਾ ਲਿਆ ਜਾਵੇ।” 10 ਇਸ ਲਈ ਮੁਖਤਿਆਰ ਨੇ ਕਿਹਾ: “ਠੀਕ ਹੈ, ਜਿਵੇਂ ਤੁਸੀਂ ਕਿਹਾ, ਉਵੇਂ ਹੀ ਹੋਵੇ। ਜਿਸ ਕੋਲੋਂ ਪਿਆਲਾ ਮਿਲਿਆ, ਉਹ ਮੇਰਾ ਗ਼ੁਲਾਮ ਬਣੇਗਾ, ਪਰ ਬਾਕੀ ਜਣੇ ਬੇਕਸੂਰ ਹੋਣਗੇ।” 11 ਫਿਰ ਸਾਰਿਆਂ ਨੇ ਤੁਰੰਤ ਆਪਣੇ ਬੋਰੇ ਲਾਹ ਕੇ ਜ਼ਮੀਨ ʼਤੇ ਰੱਖੇ ਅਤੇ ਉਨ੍ਹਾਂ ਨੂੰ ਖੋਲ੍ਹਿਆ। 12 ਉਸ ਨੇ ਜੇਠੇ ਭਰਾ ਤੋਂ ਲੈ ਕੇ ਛੋਟੇ ਭਰਾ ਤਕ ਸਾਰਿਆਂ ਦੇ ਬੋਰਿਆਂ ਦੀ ਧਿਆਨ ਨਾਲ ਤਲਾਸ਼ੀ ਲਈ। ਅਖ਼ੀਰ ਪਿਆਲਾ ਬਿਨਯਾਮੀਨ ਦੇ ਬੋਰੇ ਵਿੱਚੋਂ ਮਿਲਿਆ।+
13 ਇਹ ਦੇਖ ਕੇ ਉਨ੍ਹਾਂ ਨੇ ਦੁੱਖ ਦੇ ਮਾਰੇ ਆਪਣੇ ਕੱਪੜੇ ਪਾੜੇ ਅਤੇ ਸਾਰੇ ਜਣੇ ਆਪਣੇ ਗਧਿਆਂ ʼਤੇ ਬੋਰੇ ਲੱਦ ਕੇ ਵਾਪਸ ਸ਼ਹਿਰ ਆ ਗਏ। 14 ਜਦੋਂ ਯਹੂਦਾਹ+ ਅਤੇ ਉਸ ਦੇ ਭਰਾ ਯੂਸੁਫ਼ ਦੇ ਘਰ ਆਏ, ਤਾਂ ਉਹ ਅਜੇ ਉੱਥੇ ਹੀ ਸੀ। ਉਹ ਉਸ ਦੇ ਪੈਰੀਂ ਪੈ ਗਏ।+ 15 ਯੂਸੁਫ਼ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਇਹ ਕੀ ਕੀਤਾ? ਕੀ ਤੁਹਾਨੂੰ ਪਤਾ ਨਹੀਂ ਕਿ ਮੇਰੇ ਵਰਗਾ ਆਦਮੀ ਸਹੀ-ਸਹੀ ਫਾਲ ਪਾ ਸਕਦਾ ਹੈ?”+ 16 ਇਹ ਸੁਣ ਕੇ ਯਹੂਦਾਹ ਨੇ ਕਿਹਾ: “ਅਸੀਂ ਆਪਣੇ ਮਾਲਕ ਨੂੰ ਕੀ ਕਹੀਏ? ਅਸੀਂ ਆਪਣੇ ਆਪ ਨੂੰ ਬੇਕਸੂਰ ਕਿਵੇਂ ਸਾਬਤ ਕਰੀਏ? ਤੇਰੇ ਸੇਵਕਾਂ ਨੇ ਪਹਿਲਾਂ ਜੋ ਗ਼ਲਤੀ ਕੀਤੀ ਸੀ, ਸੱਚਾ ਪਰਮੇਸ਼ੁਰ ਉਨ੍ਹਾਂ ਨੂੰ ਉਸ ਗ਼ਲਤੀ ਦੀ ਸਜ਼ਾ ਦੇ ਰਿਹਾ ਹੈ।+ ਜਿਸ ਕੋਲੋਂ ਤੇਰਾ ਪਿਆਲਾ ਮਿਲਿਆ ਹੈ, ਉਹ ਅਤੇ ਅਸੀਂ ਸਾਰੇ ਆਪਣੇ ਮਾਲਕ ਦੇ ਗ਼ੁਲਾਮ ਹਾਂ!” 17 ਪਰ ਯੂਸੁਫ਼ ਨੇ ਕਿਹਾ: “ਮੈਂ ਇਸ ਤਰ੍ਹਾਂ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਜਿਸ ਆਦਮੀ ਕੋਲੋਂ ਮੇਰਾ ਪਿਆਲਾ ਮਿਲਿਆ ਹੈ, ਉਹੀ ਮੇਰਾ ਗ਼ੁਲਾਮ ਬਣੇਗਾ।+ ਬਾਕੀ ਜਣੇ ਆਪਣੇ ਪਿਤਾ ਕੋਲ ਵਾਪਸ ਜਾ ਸਕਦੇ ਹਨ।”
18 ਯਹੂਦਾਹ ਨੇ ਉਸ ਕੋਲ ਆ ਕੇ ਕਿਹਾ: “ਮੇਰੇ ਮਾਲਕ, ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਗੱਲ ਕਰਨ ਦੀ ਇਜਾਜ਼ਤ ਦੇ ਅਤੇ ਆਪਣੇ ਦਾਸ ʼਤੇ ਗੁੱਸਾ ਨਾ ਕਰੀਂ ਕਿਉਂਕਿ ਤੂੰ ਫ਼ਿਰਊਨ ਦੇ ਬਰਾਬਰ ਹੈਂ।+ 19 ਮੇਰੇ ਮਾਲਕ ਨੇ ਆਪਣੇ ਦਾਸਾਂ ਤੋਂ ਪੁੱਛਿਆ ਸੀ, ‘ਕੀ ਤੁਹਾਡਾ ਪਿਤਾ ਹੈ? ਕੀ ਤੁਹਾਡਾ ਕੋਈ ਹੋਰ ਭਰਾ ਹੈ?’ 20 ਅਸੀਂ ਆਪਣੇ ਮਾਲਕ ਨੂੰ ਕਿਹਾ, ‘ਸਾਡਾ ਪਿਤਾ ਬਿਰਧ ਹੈ ਅਤੇ ਸਾਡਾ ਇਕ ਹੋਰ ਭਰਾ ਵੀ ਹੈ ਜੋ ਸਾਰਿਆਂ ਤੋਂ ਛੋਟਾ ਹੈ।+ ਉਹ ਸਾਡੇ ਪਿਤਾ ਦੇ ਬੁਢਾਪੇ ਵਿਚ ਪੈਦਾ ਹੋਇਆ ਸੀ। ਉਸ ਮੁੰਡੇ ਦਾ ਸਕਾ ਭਰਾ ਮਰ ਚੁੱਕਾ ਹੈ+ ਜਿਸ ਕਰਕੇ ਇਹ ਆਪਣੀ ਮਾਂ ਦਾ ਇਕੱਲਾ ਪੁੱਤਰ ਬਚਿਆ ਹੈ+ ਅਤੇ ਉਸ ਦਾ ਪਿਤਾ ਉਸ ਨੂੰ ਬਹੁਤ ਪਿਆਰ ਕਰਦਾ ਹੈ।’ 21 ਬਾਅਦ ਵਿਚ ਤੂੰ ਆਪਣੇ ਦਾਸਾਂ ਨੂੰ ਕਿਹਾ, ‘ਮੈਂ ਉਸ ਨੂੰ ਦੇਖਣਾ ਚਾਹੁੰਦਾ ਹਾਂ, ਇਸ ਲਈ ਉਸ ਨੂੰ ਮੇਰੇ ਕੋਲ ਲੈ ਕੇ ਆਓ।’+ 22 ਪਰ ਅਸੀਂ ਆਪਣੇ ਮਾਲਕ ਨੂੰ ਕਿਹਾ, ‘ਮੁੰਡਾ ਆਪਣੇ ਪਿਤਾ ਨੂੰ ਛੱਡ ਕੇ ਨਹੀਂ ਆ ਸਕਦਾ। ਜੇ ਉਹ ਆਪਣੇ ਪਿਤਾ ਨੂੰ ਛੱਡ ਕੇ ਆਇਆ, ਤਾਂ ਉਸ ਦਾ ਪਿਤਾ ਜ਼ਰੂਰ ਮਰ ਜਾਵੇਗਾ।’+ 23 ਫਿਰ ਤੂੰ ਆਪਣੇ ਦਾਸਾਂ ਨੂੰ ਕਿਹਾ, ‘ਜਦ ਤਕ ਤੁਹਾਡਾ ਸਭ ਤੋਂ ਛੋਟਾ ਭਰਾ ਤੁਹਾਡੇ ਨਾਲ ਨਹੀਂ ਆਉਂਦਾ, ਤਦ ਤਕ ਤੁਸੀਂ ਮੇਰੇ ਸਾਮ੍ਹਣੇ ਨਾ ਆਇਓ।’+
24 “ਇਸ ਲਈ ਅਸੀਂ ਤੇਰੇ ਦਾਸ ਆਪਣੇ ਪਿਤਾ ਕੋਲ ਗਏ ਅਤੇ ਉਸ ਨੂੰ ਆਪਣੇ ਮਾਲਕ ਦੀ ਇਹ ਗੱਲ ਦੱਸੀ। 25 ਬਾਅਦ ਵਿਚ ਸਾਡੇ ਪਿਤਾ ਨੇ ਕਿਹਾ, ‘ਵਾਪਸ ਜਾ ਕੇ ਸਾਡੇ ਲਈ ਹੋਰ ਅਨਾਜ ਖ਼ਰੀਦ ਲਿਆਓ।’+ 26 ਪਰ ਅਸੀਂ ਕਿਹਾ, ‘ਅਸੀਂ ਨਹੀਂ ਜਾਣਾ। ਅਸੀਂ ਤਾਂ ਹੀ ਜਾਵਾਂਗੇ ਜੇ ਸਾਡਾ ਸਭ ਤੋਂ ਛੋਟਾ ਭਰਾ ਸਾਡੇ ਨਾਲ ਜਾਵੇਗਾ ਕਿਉਂਕਿ ਅਸੀਂ ਇਸ ਤੋਂ ਬਗੈਰ ਉਸ ਆਦਮੀ ਦੇ ਸਾਮ੍ਹਣੇ ਨਹੀਂ ਜਾ ਸਕਦੇ।’+ 27 ਫਿਰ ਤੇਰੇ ਦਾਸ ਸਾਡੇ ਪਿਤਾ ਨੇ ਸਾਨੂੰ ਕਿਹਾ, ‘ਤੁਸੀਂ ਜਾਣਦੇ ਹੋ ਕਿ ਮੇਰੀ ਪਤਨੀ ਨੇ ਮੇਰੇ ਦੋ ਪੁੱਤਰਾਂ ਨੂੰ ਜਨਮ ਦਿੱਤਾ।+ 28 ਪਰ ਇਕ ਪੁੱਤਰ ਮੇਰੇ ਤੋਂ ਪਹਿਲਾਂ ਹੀ ਵਿਛੜ ਚੁੱਕਾ ਹੈ ਅਤੇ ਮੈਂ ਕਿਹਾ: “ਜ਼ਰੂਰ ਕੋਈ ਜੰਗਲੀ ਜਾਨਵਰ ਉਸ ਨੂੰ ਪਾੜ ਕੇ ਖਾ ਗਿਆ ਹੋਣਾ!”+ ਅਤੇ ਮੈਂ ਉਸ ਨੂੰ ਅੱਜ ਤਕ ਨਹੀਂ ਦੇਖਿਆ। 29 ਜੇ ਤੁਸੀਂ ਇਸ ਨੂੰ ਵੀ ਮੇਰੇ ਤੋਂ ਦੂਰ ਲੈ ਗਏ ਅਤੇ ਰਾਹ ਵਿਚ ਕਿਸੇ ਦੁਰਘਟਨਾ ਕਰਕੇ ਇਸ ਦੀ ਜਾਨ ਚਲੀ ਗਈ, ਤਾਂ ਤੁਹਾਡੇ ਕਰਕੇ ਮੈਂ ਇੰਨੇ ਬੁਢਾਪੇ ਵਿਚ ਦੁੱਖ ਦਾ ਮਾਰਿਆ ਕਬਰ*+ ਵਿਚ ਜਾਵਾਂਗਾ।’+
30 “ਸਾਡਾ ਪਿਤਾ ਇਸ ਮੁੰਡੇ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦਾ ਹੈ। ਹੁਣ ਜੇ ਅਸੀਂ ਮੁੰਡੇ ਤੋਂ ਬਗੈਰ ਤੁਹਾਡੇ ਦਾਸ ਆਪਣੇ ਪਿਤਾ ਕੋਲ ਵਾਪਸ ਗਏ 31 ਅਤੇ ਜਦ ਉਹ ਦੇਖੇਗਾ ਕਿ ਮੁੰਡਾ ਸਾਡੇ ਨਾਲ ਨਹੀਂ ਹੈ, ਤਾਂ ਉਹ ਜ਼ਰੂਰ ਮਰ ਜਾਵੇਗਾ। ਤੇਰੇ ਦਾਸਾਂ ਦੇ ਕਰਕੇ ਸਾਡਾ ਪਿਤਾ ਇੰਨੇ ਬੁਢਾਪੇ ਵਿਚ ਦੁੱਖ ਦਾ ਮਾਰਿਆ ਕਬਰ* ਵਿਚ ਜਾਵੇਗਾ। 32 ਤੇਰੇ ਦਾਸ ਨੇ ਆਪਣੇ ਪਿਤਾ ਨੂੰ ਮੁੰਡੇ ਦੀ ਸੁਰੱਖਿਆ ਦੀ ਗਾਰੰਟੀ ਦਿੰਦੇ ਹੋਏ ਕਿਹਾ ਸੀ, ‘ਜੇ ਮੈਂ ਉਸ ਨੂੰ ਤੇਰੇ ਕੋਲ ਸਹੀ-ਸਲਾਮਤ ਨਹੀਂ ਲੈ ਕੇ ਆਇਆ, ਤਾਂ ਮੈਂ ਜ਼ਿੰਦਗੀ ਭਰ ਤੇਰਾ ਗੁਨਾਹਗਾਰ ਹੋਵਾਂਗਾ।’+ 33 ਹੁਣ ਕਿਰਪਾ ਕਰ ਕੇ ਇਸ ਮੁੰਡੇ ਦੀ ਜਗ੍ਹਾ ਮੈਨੂੰ ਆਪਣਾ ਗ਼ੁਲਾਮ ਬਣਾ ਲੈ ਤਾਂਕਿ ਮੁੰਡਾ ਆਪਣੇ ਭਰਾਵਾਂ ਨਾਲ ਮੁੜ ਜਾਵੇ। 34 ਮੈਂ ਇਸ ਮੁੰਡੇ ਤੋਂ ਬਿਨਾਂ ਆਪਣੇ ਪਿਤਾ ਕੋਲ ਕਿਵੇਂ ਵਾਪਸ ਜਾ ਸਕਦਾਂ? ਮੈਂ ਆਪਣੇ ਪਿਤਾ ਨੂੰ ਦੁੱਖ ਨਾਲ ਤੜਫਦਿਆਂ ਨਹੀਂ ਦੇਖ ਸਕਾਂਗਾ!”
45 ਇਹ ਗੱਲਾਂ ਸੁਣਨ ਤੋਂ ਬਾਅਦ ਯੂਸੁਫ਼ ਆਪਣੇ ਨੌਕਰਾਂ ਸਾਮ੍ਹਣੇ ਆਪਣੇ ʼਤੇ ਕਾਬੂ ਨਾ ਰੱਖ ਸਕਿਆ।+ ਇਸ ਕਰਕੇ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ: “ਸਾਰੇ ਬਾਹਰ ਚਲੇ ਜਾਓ!” ਜਦੋਂ ਉਸ ਨੇ ਆਪਣੇ ਭਰਾਵਾਂ ਸਾਮ੍ਹਣੇ ਆਪਣੀ ਪਛਾਣ ਜ਼ਾਹਰ ਕੀਤੀ, ਤਾਂ ਉਸ ਵੇਲੇ ਉਸ ਦੇ ਨਾਲ ਉਨ੍ਹਾਂ ਤੋਂ ਸਿਵਾਇ ਹੋਰ ਕੋਈ ਨਹੀਂ ਸੀ।+
2 ਫਿਰ ਉਹ ਇੰਨੀ ਉੱਚੀ-ਉੱਚੀ ਰੋਣ ਲੱਗ ਪਿਆ ਕਿ ਮਿਸਰੀਆਂ ਨੇ ਉਸ ਦਾ ਰੋਣਾ ਸੁਣਿਆ ਅਤੇ ਬਾਅਦ ਵਿਚ ਫ਼ਿਰਊਨ ਦੇ ਘਰਾਣੇ ਨੂੰ ਵੀ ਇਸ ਬਾਰੇ ਦੱਸਿਆ ਗਿਆ। 3 ਅਖ਼ੀਰ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਕਿਹਾ: “ਮੈਂ ਯੂਸੁਫ਼ ਹਾਂ। ਕੀ ਮੇਰਾ ਪਿਤਾ ਅਜੇ ਜੀਉਂਦਾ ਹੈ?” ਪਰ ਉਸ ਦੇ ਭਰਾ ਹੱਕੇ-ਬੱਕੇ ਰਹਿ ਗਏ ਜਿਸ ਕਰਕੇ ਉਹ ਉਸ ਨੂੰ ਕੋਈ ਜਵਾਬ ਨਾ ਦੇ ਸਕੇ। 4 ਇਸ ਲਈ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਕਿਹਾ: “ਕਿਰਪਾ ਕਰ ਕੇ ਮੇਰੇ ਕੋਲ ਆਓ।” ਉਹ ਉਸ ਦੇ ਕੋਲ ਆਏ।
ਫਿਰ ਉਸ ਨੇ ਕਿਹਾ: “ਮੈਂ ਤੁਹਾਡਾ ਭਰਾ ਯੂਸੁਫ਼ ਹਾਂ ਜਿਸ ਨੂੰ ਤੁਸੀਂ ਮਿਸਰ ਵਿਚ ਵੇਚ ਦਿੱਤਾ ਸੀ।+ 5 ਪਰ ਤੁਸੀਂ ਇਸ ਕਰਕੇ ਨਾ ਤਾਂ ਦੁਖੀ ਹੋਵੋ ਤੇ ਨਾ ਹੀ ਇਕ-ਦੂਜੇ ਨੂੰ ਦੋਸ਼ੀ ਠਹਿਰਾਓ ਕਿ ਤੁਸੀਂ ਮੈਨੂੰ ਵੇਚਿਆ ਸੀ ਕਿਉਂਕਿ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਅੱਗੇ-ਅੱਗੇ ਘੱਲਿਆ ਤਾਂਕਿ ਅਸੀਂ ਸਾਰੇ ਜੀਉਂਦੇ ਰਹੀਏ।+ 6 ਇਹ ਕਾਲ਼ ਦਾ ਦੂਸਰਾ ਸਾਲ ਹੈ+ ਅਤੇ ਅਗਲੇ ਪੰਜਾਂ ਸਾਲਾਂ ਦੌਰਾਨ ਕਾਲ਼ ਪਿਆ ਰਹੇਗਾ ਅਤੇ ਇਨ੍ਹਾਂ ਸਾਲਾਂ ਦੌਰਾਨ ਵਾਹੀ ਅਤੇ ਵਾਢੀ ਨਹੀਂ ਹੋਵੇਗੀ। 7 ਪਰ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਅੱਗੇ-ਅੱਗੇ ਘੱਲਿਆ ਤਾਂਕਿ ਤੁਹਾਡੀ ਔਲਾਦ ਧਰਤੀ* ਉੱਤੇ ਜੀਉਂਦੀ ਰਹੇ+ ਅਤੇ ਉਹ ਤੁਹਾਨੂੰ ਸ਼ਾਨਦਾਰ ਤਰੀਕੇ ਨਾਲ ਬਚਾ ਕੇ ਜੀਉਂਦਾ ਰੱਖੇ। 8 ਇਸ ਲਈ ਮੈਨੂੰ ਤੁਸੀਂ ਨਹੀਂ, ਸਗੋਂ ਸੱਚੇ ਪਰਮੇਸ਼ੁਰ ਨੇ ਇੱਥੇ ਘੱਲਿਆ ਸੀ ਤਾਂਕਿ ਮੈਨੂੰ ਫ਼ਿਰਊਨ ਦਾ ਮੁੱਖ ਸਲਾਹਕਾਰ* ਅਤੇ ਉਸ ਦੇ ਪੂਰੇ ਘਰਾਣੇ ਦਾ ਸੁਆਮੀ ਅਤੇ ਮਿਸਰ ਦਾ ਹਾਕਮ ਨਿਯੁਕਤ ਕੀਤਾ ਜਾਵੇ।+
9 “ਹੁਣ ਛੇਤੀ ਤੋਂ ਛੇਤੀ ਮੇਰੇ ਪਿਤਾ ਕੋਲ ਮੁੜ ਜਾਓ ਅਤੇ ਉਸ ਨੂੰ ਕਹੋ, ‘ਤੇਰੇ ਪੁੱਤਰ ਯੂਸੁਫ਼ ਨੇ ਇਸ ਤਰ੍ਹਾਂ ਕਿਹਾ ਹੈ: “ਪਰਮੇਸ਼ੁਰ ਨੇ ਮੈਨੂੰ ਪੂਰੇ ਮਿਸਰ ਦਾ ਹਾਕਮ ਬਣਾਇਆ ਹੈ।+ ਤੂੰ ਬਿਨਾਂ ਦੇਰ ਕੀਤਿਆਂ ਮੇਰੇ ਕੋਲ ਆਜਾ।+ 10 ਤੂੰ ਗੋਸ਼ਨ ਦੇ ਇਲਾਕੇ ਵਿਚ ਰਹੇਂਗਾ+ ਅਤੇ ਮੇਰੇ ਨੇੜੇ ਹੋਵੇਂਗਾ। ਨਾਲੇ ਤੇਰੇ ਪੁੱਤਰ, ਤੇਰੇ ਪੋਤੇ, ਤੇਰੀਆਂ ਭੇਡਾਂ-ਬੱਕਰੀਆਂ, ਗਾਂਵਾਂ-ਬਲਦ ਅਤੇ ਤੇਰਾ ਸਭ ਕੁਝ ਉੱਥੇ ਹੀ ਹੋਵੇਗਾ। 11 ਮੈਂ ਤੈਨੂੰ ਖਾਣ ਲਈ ਭੋਜਨ ਦਿਆਂਗਾ ਕਿਉਂਕਿ ਕਾਲ਼ ਅਜੇ ਪੰਜ ਸਾਲ ਹੋਰ ਰਹੇਗਾ।+ ਜੇ ਤੂੰ ਇੱਥੇ ਨਾ ਆਇਆ, ਤਾਂ ਤੇਰਾ ਸਭ ਕੁਝ ਖ਼ਤਮ ਹੋ ਜਾਵੇਗਾ ਅਤੇ ਤੂੰ ਤੇ ਤੇਰਾ ਪਰਿਵਾਰ ਗ਼ਰੀਬ ਹੋ ਜਾਵੇਗਾ।”’ 12 ਤੁਸੀਂ ਅਤੇ ਬਿਨਯਾਮੀਨ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹੋ ਕਿ ਮੈਂ ਯੂਸੁਫ਼ ਹੀ ਹਾਂ ਜੋ ਤੁਹਾਡੇ ਨਾਲ ਗੱਲਾਂ ਕਰ ਰਿਹਾ ਹੈ।+ 13 ਇਸ ਲਈ ਤੁਸੀਂ ਮੇਰੇ ਪਿਤਾ ਨੂੰ ਮਿਸਰ ਵਿਚ ਮੇਰੀ ਸ਼ਾਨੋ-ਸ਼ੌਕਤ ਅਤੇ ਹੋਰ ਚੀਜ਼ਾਂ ਬਾਰੇ ਦੱਸਿਓ ਜੋ ਤੁਸੀਂ ਦੇਖੀਆਂ ਹਨ। ਹੁਣ ਤੁਸੀਂ ਫਟਾਫਟ ਮੇਰੇ ਪਿਤਾ ਨੂੰ ਇੱਥੇ ਲੈ ਆਓ।”
14 ਫਿਰ ਉਹ ਆਪਣੇ ਭਰਾ ਬਿਨਯਾਮੀਨ ਦੇ ਗਲ਼ੇ ਲੱਗ ਕੇ ਰੋਣ ਲੱਗ ਪਿਆ ਅਤੇ ਬਿਨਯਾਮੀਨ ਵੀ ਉਸ ਦੇ ਗਲ਼ੇ ਲੱਗ ਕੇ ਰੋਣ ਲੱਗ ਪਿਆ।+ 15 ਉਸ ਨੇ ਆਪਣੇ ਸਾਰੇ ਭਰਾਵਾਂ ਨੂੰ ਚੁੰਮਿਆ ਅਤੇ ਉਨ੍ਹਾਂ ਦੇ ਗਲ਼ੇ ਲੱਗ ਕੇ ਰੋਇਆ। ਇਸ ਤੋਂ ਬਾਅਦ ਉਸ ਦੇ ਭਰਾਵਾਂ ਨੇ ਉਸ ਨਾਲ ਗੱਲਾਂ ਕੀਤੀਆਂ।
16 ਇਹ ਖ਼ਬਰ ਫ਼ਿਰਊਨ ਦੇ ਮਹਿਲ ਵੀ ਪਹੁੰਚ ਗਈ: “ਯੂਸੁਫ਼ ਦੇ ਭਰਾ ਆਏ ਹਨ!” ਇਹ ਸੁਣ ਕੇ ਫ਼ਿਰਊਨ ਅਤੇ ਉਸ ਦੇ ਅਧਿਕਾਰੀ ਖ਼ੁਸ਼ ਹੋਏ। 17 ਇਸ ਲਈ ਫ਼ਿਰਊਨ ਨੇ ਯੂਸੁਫ਼ ਨੂੰ ਕਿਹਾ: “ਆਪਣੇ ਭਰਾਵਾਂ ਨੂੰ ਕਹਿ, ‘ਇਸ ਤਰ੍ਹਾਂ ਕਰੋ: ਆਪਣੇ ਜਾਨਵਰਾਂ ʼਤੇ ਖਾਣ-ਪੀਣ ਦੀਆਂ ਚੀਜ਼ਾਂ ਲੱਦੋ ਅਤੇ ਕਨਾਨ ਦੇਸ਼ ਨੂੰ ਚਲੇ ਜਾਓ 18 ਅਤੇ ਆਪਣੇ ਪਿਤਾ ਅਤੇ ਆਪਣੇ ਘਰਾਣੇ ਲੈ ਕੇ ਇੱਥੇ ਮੇਰੇ ਕੋਲ ਆ ਜਾਓ। ਮੈਂ ਤੁਹਾਨੂੰ ਮਿਸਰ ਦੀਆਂ ਚੰਗੀਆਂ ਚੀਜ਼ਾਂ ਦਿਆਂਗਾ ਅਤੇ ਤੁਸੀਂ ਇਸ ਦੇਸ਼ ਦੀ ਜ਼ਮੀਨ ਦੀਆਂ ਵਧੀਆ-ਵਧੀਆ ਚੀਜ਼ਾਂ ਖਾਓਗੇ।’+ 19 ਤੂੰ ਉਨ੍ਹਾਂ ਨੂੰ ਹੁਕਮ ਦੇ:+ ‘ਇਸ ਤਰ੍ਹਾਂ ਕਰੋ: ਮਿਸਰ ਤੋਂ ਆਪਣੇ ਨਾਲ ਗੱਡੇ ਲੈ ਜਾਓ+ ਅਤੇ ਉਨ੍ਹਾਂ ਉੱਤੇ ਆਪਣੇ ਬੱਚਿਆਂ, ਆਪਣੀਆਂ ਪਤਨੀਆਂ ਤੇ ਆਪਣੇ ਪਿਤਾ ਨੂੰ ਬਿਠਾ ਕੇ ਇੱਥੇ ਲੈ ਆਓ।+ 20 ਆਪਣੀਆਂ ਚੀਜ਼ਾਂ ਦੀ ਚਿੰਤਾ ਨਾ ਕਰਿਓ+ ਕਿਉਂਕਿ ਮਿਸਰ ਦਾ ਸਭ ਤੋਂ ਵਧੀਆ ਇਲਾਕਾ ਤੁਹਾਨੂੰ ਦਿੱਤਾ ਜਾਵੇਗਾ।’”
21 ਇਜ਼ਰਾਈਲ ਦੇ ਪੁੱਤਰਾਂ ਨੇ ਇਸੇ ਤਰ੍ਹਾਂ ਕੀਤਾ ਅਤੇ ਫ਼ਿਰਊਨ ਦਾ ਹੁਕਮ ਮੰਨਦੇ ਹੋਏ ਯੂਸੁਫ਼ ਨੇ ਉਨ੍ਹਾਂ ਨੂੰ ਗੱਡੇ ਦਿੱਤੇ ਅਤੇ ਸਫ਼ਰ ਵਾਸਤੇ ਰੋਟੀ-ਪਾਣੀ ਦਿੱਤਾ। 22 ਉਸ ਨੇ ਆਪਣੇ ਸਾਰੇ ਭਰਾਵਾਂ ਨੂੰ ਇਕ-ਇਕ ਪੁਸ਼ਾਕ ਦਿੱਤੀ, ਪਰ ਬਿਨਯਾਮੀਨ ਨੂੰ 300 ਸ਼ੇਕੇਲ* ਚਾਂਦੀ ਅਤੇ ਪੰਜ ਪੁਸ਼ਾਕਾਂ ਦਿੱਤੀਆਂ।+ 23 ਉਸ ਨੇ ਆਪਣੇ ਪਿਤਾ ਲਈ ਇਹ ਸਭ ਕੁਝ ਘੱਲਿਆ: ਦਸ ਗਧਿਆਂ ਉੱਤੇ ਮਿਸਰ ਦੀਆਂ ਵਧੀਆ ਤੋਂ ਵਧੀਆ ਚੀਜ਼ਾਂ ਅਤੇ ਆਪਣੇ ਪਿਤਾ ਲਈ ਸਫ਼ਰ ਵਾਸਤੇ ਦਸ ਗਧੀਆਂ ਉੱਤੇ ਅਨਾਜ, ਰੋਟੀ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ। 24 ਫਿਰ ਉਸ ਨੇ ਆਪਣੇ ਭਰਾਵਾਂ ਨੂੰ ਤੋਰ ਦਿੱਤਾ। ਜਦੋਂ ਉਹ ਜਾਣ ਲੱਗੇ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਰਾਹ ਵਿਚ ਤੁਸੀਂ ਇਕ-ਦੂਜੇ ਉੱਤੇ ਗੁੱਸੇ ਨਾ ਹੋਇਓ।”+
25 ਉਹ ਮਿਸਰ ਤੋਂ ਸਫ਼ਰ ਕਰ ਕੇ ਕਨਾਨ ਦੇਸ਼ ਵਿਚ ਆਪਣੇ ਪਿਤਾ ਯਾਕੂਬ ਕੋਲ ਆ ਗਏ। 26 ਫਿਰ ਉਨ੍ਹਾਂ ਨੇ ਉਸ ਨੂੰ ਦੱਸਿਆ: “ਯੂਸੁਫ਼ ਜੀਉਂਦਾ ਹੈ ਅਤੇ ਮਿਸਰ ਦਾ ਹਾਕਮ ਹੈ!”+ ਪਰ ਇਹ ਸੁਣ ਕੇ ਉਹ ਸੁੰਨ ਹੋ ਗਿਆ ਕਿਉਂਕਿ ਉਸ ਨੂੰ ਉਨ੍ਹਾਂ ਦੀਆਂ ਗੱਲਾਂ ʼਤੇ ਯਕੀਨ ਨਹੀਂ ਹੋਇਆ।+ 27 ਜਦੋਂ ਉਨ੍ਹਾਂ ਨੇ ਉਸ ਨੂੰ ਯੂਸੁਫ਼ ਦੀਆਂ ਕਹੀਆਂ ਸਾਰੀਆਂ ਗੱਲਾਂ ਦੱਸੀਆਂ ਅਤੇ ਜਦੋਂ ਉਸ ਨੇ ਗੱਡੇ ਦੇਖੇ ਜੋ ਯੂਸੁਫ਼ ਨੇ ਉਸ ਨੂੰ ਲਿਆਉਣ ਲਈ ਘੱਲੇ ਸਨ, ਤਾਂ ਉਸ ਵਿਚ ਦੁਬਾਰਾ ਜਾਨ ਆ ਗਈ। 28 ਇਜ਼ਰਾਈਲ ਨੇ ਖ਼ੁਸ਼ ਹੋ ਕੇ ਕਿਹਾ: “ਬੱਸ ਹੁਣ ਮੈਨੂੰ ਯਕੀਨ ਹੋ ਗਿਆ! ਮੇਰਾ ਪੁੱਤਰ ਯੂਸੁਫ਼ ਜੀਉਂਦਾ ਹੈ! ਮੈਂ ਮਰਨ ਤੋਂ ਪਹਿਲਾਂ ਜਾ ਕੇ ਜ਼ਰੂਰ ਉਸ ਨੂੰ ਮਿਲਾਂਗਾ!”+
46 ਇਸ ਲਈ ਇਜ਼ਰਾਈਲ ਆਪਣਾ ਪੂਰਾ ਪਰਿਵਾਰ ਅਤੇ ਆਪਣਾ ਸਾਰਾ ਕੁਝ ਲੈ ਕੇ ਤੁਰ ਪਿਆ। ਜਦੋਂ ਉਹ ਬਏਰ-ਸ਼ਬਾ+ ਪਹੁੰਚਿਆ, ਤਾਂ ਉੱਥੇ ਉਸ ਨੇ ਆਪਣੇ ਪਿਤਾ ਇਸਹਾਕ ਦੇ ਪਰਮੇਸ਼ੁਰ+ ਨੂੰ ਬਲ਼ੀਆਂ ਚੜ੍ਹਾਈਆਂ। 2 ਫਿਰ ਪਰਮੇਸ਼ੁਰ ਨੇ ਰਾਤ ਨੂੰ ਇਕ ਦਰਸ਼ਣ ਵਿਚ ਇਜ਼ਰਾਈਲ ਨਾਲ ਗੱਲ ਕੀਤੀ ਅਤੇ ਕਿਹਾ: “ਯਾਕੂਬ, ਯਾਕੂਬ!” ਉਸ ਨੇ ਕਿਹਾ: “ਪ੍ਰਭੂ, ਮੈਂ ਹਾਜ਼ਰ ਹਾਂ!” 3 ਪਰਮੇਸ਼ੁਰ ਨੇ ਕਿਹਾ: “ਮੈਂ ਸੱਚਾ ਪਰਮੇਸ਼ੁਰ, ਹਾਂ, ਤੇਰੇ ਪਿਤਾ ਦਾ ਪਰਮੇਸ਼ੁਰ ਹਾਂ।+ ਤੂੰ ਮਿਸਰ ਜਾਣ ਤੋਂ ਨਾ ਡਰ ਕਿਉਂਕਿ ਉੱਥੇ ਮੈਂ ਤੇਰੇ ਤੋਂ ਇਕ ਵੱਡੀ ਕੌਮ ਬਣਾਵਾਂਗਾ।+ 4 ਮੈਂ ਵੀ ਤੇਰੇ ਨਾਲ ਮਿਸਰ ਨੂੰ ਜਾਵਾਂਗਾ ਅਤੇ ਮੈਂ ਹੀ ਤੈਨੂੰ ਉੱਥੋਂ ਵਾਪਸ ਲੈ ਕੇ ਆਵਾਂਗਾ।+ ਯੂਸੁਫ਼ ਤੇਰੀਆਂ ਅੱਖਾਂ ʼਤੇ ਆਪਣਾ ਹੱਥ ਰੱਖੇਗਾ।”*+
5 ਇਸ ਤੋਂ ਬਾਅਦ ਯਾਕੂਬ ਬਏਰ-ਸ਼ਬਾ ਤੋਂ ਤੁਰ ਪਿਆ। ਫ਼ਿਰਊਨ ਨੇ ਉਸ ਨੂੰ ਲਿਆਉਣ ਲਈ ਜੋ ਗੱਡੇ ਘੱਲੇ ਸਨ, ਉਸ ਦੇ ਪੁੱਤਰ ਉਨ੍ਹਾਂ ਗੱਡਿਆਂ ʼਤੇ ਉਸ* ਨੂੰ, ਆਪਣੇ ਬੱਚਿਆਂ ਅਤੇ ਆਪਣੀਆਂ ਪਤਨੀਆਂ ਨੂੰ ਬਿਠਾ ਕੇ ਲੈ ਗਏ। 6 ਉਹ ਕਨਾਨ ਦੇਸ਼ ਵਿਚ ਇਕੱਠੇ ਕੀਤੇ ਸਾਰੇ ਪਾਲਤੂ ਜਾਨਵਰ ਅਤੇ ਸਾਮਾਨ ਆਪਣੇ ਨਾਲ ਲੈ ਗਏ। ਉਹ ਯਾਕੂਬ ਅਤੇ ਆਪਣੇ ਸਾਰੇ ਬੱਚਿਆਂ ਨੂੰ ਲੈ ਕੇ ਮਿਸਰ ਪਹੁੰਚ ਗਏ। 7 ਯਾਕੂਬ ਆਪਣੇ ਸਾਰੇ ਧੀਆਂ-ਪੁੱਤਰਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਨਾਲ ਮਿਸਰ ਲੈ ਆਇਆ।
8 ਇਹ ਇਜ਼ਰਾਈਲ ਯਾਨੀ ਯਾਕੂਬ ਦੇ ਪੁੱਤਰਾਂ ਦੇ ਨਾਂ ਹਨ ਜੋ ਮਿਸਰ ਆਏ ਸਨ:+ ਰਊਬੇਨ ਯਾਕੂਬ ਦਾ ਜੇਠਾ ਪੁੱਤਰ ਸੀ।+
9 ਰਊਬੇਨ ਦੇ ਪੁੱਤਰ ਸਨ ਹਾਨੋਕ, ਪੱਲੂ, ਹਸਰੋਨ ਅਤੇ ਕਰਮੀ।+
10 ਸ਼ਿਮਓਨ+ ਦੇ ਪੁੱਤਰ ਸਨ ਯਮੂਏਲ, ਯਾਮੀਨ, ਓਹਦ, ਯਾਕੀਨ, ਸੋਹਰ ਅਤੇ ਸ਼ਾਊਲ+ ਜੋ ਇਕ ਕਨਾਨੀ ਤੀਵੀਂ ਦਾ ਪੁੱਤਰ ਸੀ।
11 ਲੇਵੀ+ ਦੇ ਪੁੱਤਰ ਸਨ ਗੇਰਸ਼ੋਨ, ਕਹਾਥ ਅਤੇ ਮਰਾਰੀ।+
12 ਯਹੂਦਾਹ+ ਦੇ ਪੁੱਤਰ ਸਨ ਏਰ, ਓਨਾਨ, ਸ਼ੇਲਾਹ,+ ਪਰਸ+ ਅਤੇ ਜ਼ਰਾਹ।+ ਪਰ ਏਰ ਅਤੇ ਓਨਾਨ ਕਨਾਨ ਦੇਸ਼ ਵਿਚ ਮਰ ਗਏ ਸਨ।+
ਪਰਸ ਦੇ ਪੁੱਤਰ ਸਨ ਹਸਰੋਨ ਅਤੇ ਹਾਮੂਲ।+
13 ਯਿਸਾਕਾਰ ਦੇ ਪੁੱਤਰ ਸਨ ਤੋਲਾ, ਪੁੱਵਾਹ, ਯੋਬ ਅਤੇ ਸ਼ਿਮਰੋਨ।+
14 ਜ਼ਬੂਲੁਨ+ ਦੇ ਪੁੱਤਰ ਸਨ ਸਿਰੇਦ, ਏਲੋਨ ਅਤੇ ਯਹਲਏਲ।+
15 ਪਦਨ-ਅਰਾਮ ਵਿਚ ਲੇਆਹ ਨੇ ਯਾਕੂਬ ਦੇ ਇਨ੍ਹਾਂ ਸਾਰੇ ਪੁੱਤਰਾਂ ਅਤੇ ਉਸ ਦੀ ਧੀ ਦੀਨਾਹ+ ਨੂੰ ਜਨਮ ਦਿੱਤਾ ਸੀ। ਯਾਕੂਬ ਦੇ ਧੀਆਂ-ਪੁੱਤਰਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਕੁੱਲ ਗਿਣਤੀ 33 ਸੀ।
16 ਗਾਦ+ ਦੇ ਪੁੱਤਰ ਸਨ ਸਿਫਯੋਨ, ਹੱਗੀ, ਸ਼ੂਨੀ, ਅਸਬੋਨ, ਏਰੀ, ਅਰੋਦੀ ਅਤੇ ਅਰਏਲੀ।+
17 ਆਸ਼ੇਰ+ ਦੇ ਪੁੱਤਰ ਸਨ ਯਿਮਨਾਹ, ਯਿਸ਼ਵਾਹ, ਯਿਸ਼ਵੀ ਅਤੇ ਬਰੀਆਹ ਤੇ ਉਨ੍ਹਾਂ ਦੀ ਭੈਣ ਦਾ ਨਾਂ ਸਰਹ ਸੀ।
ਬਰੀਆਹ ਦੇ ਪੁੱਤਰ ਸਨ ਹੇਬਰ ਅਤੇ ਮਲਕੀਏਲ।+
18 ਇਹ ਸਾਰੇ ਜਿਲਫਾਹ+ ਦੇ ਪੁੱਤਰ ਸਨ। ਜਿਲਫਾਹ ਲੇਆਹ ਦੀ ਨੌਕਰਾਣੀ ਸੀ ਜੋ ਉਸ ਦੇ ਪਿਤਾ ਲਾਬਾਨ ਨੇ ਉਸ ਨੂੰ ਦਿੱਤੀ ਸੀ। ਉਸ ਨੇ ਯਾਕੂਬ ਲਈ ਜੋ ਬੱਚੇ ਪੈਦਾ ਕੀਤੇ, ਉਨ੍ਹਾਂ ਦੀ ਕੁੱਲ ਗਿਣਤੀ 16 ਸੀ।
19 ਯਾਕੂਬ ਦੀ ਪਤਨੀ ਰਾਕੇਲ ਦੇ ਪੁੱਤਰ ਸਨ ਯੂਸੁਫ਼+ ਅਤੇ ਬਿਨਯਾਮੀਨ।+
20 ਮਿਸਰ ਵਿਚ ਯੂਸੁਫ਼ ਦੇ ਘਰ ਦੋ ਪੁੱਤਰ ਮਨੱਸ਼ਹ+ ਅਤੇ ਇਫ਼ਰਾਈਮ+ ਪੈਦਾ ਹੋਏ ਜਿਨ੍ਹਾਂ ਨੂੰ ਓਨ* ਸ਼ਹਿਰ ਦੇ ਪੁਜਾਰੀ ਪੋਟੀਫਰਾ ਦੀ ਧੀ ਆਸਨਥ+ ਨੇ ਜਨਮ ਦਿੱਤਾ ਸੀ।
21 ਬਿਨਯਾਮੀਨ ਦੇ ਪੁੱਤਰ+ ਸਨ ਬੇਲਾ, ਬਕਰ, ਅਸ਼ਬੇਲ, ਗੇਰਾ,+ ਨਾਮਾਨ, ਏਹੀ, ਰੋਸ਼, ਮੁਫੀਮ, ਹੁੱਪੀਮ+ ਅਤੇ ਅਰਦ।+
22 ਯਾਕੂਬ ਦੇ ਇਹ ਪੁੱਤਰ ਰਾਕੇਲ ਦੀ ਕੁੱਖੋਂ ਪੈਦਾ ਹੋਏ ਸਨ। ਇਨ੍ਹਾਂ ਦੀ ਕੁੱਲ ਗਿਣਤੀ 14 ਸੀ।
24 ਨਫ਼ਤਾਲੀ+ ਦੇ ਪੁੱਤਰ ਸਨ ਯਹਸਏਲ, ਗੂਨੀ, ਯੇਸਰ ਅਤੇ ਸ਼ਿਲੇਮ।+
25 ਇਹ ਸਾਰੇ ਬਿਲਹਾਹ ਦੇ ਪੁੱਤਰ ਸਨ। ਬਿਲਹਾਹ ਰਾਕੇਲ ਦੀ ਨੌਕਰਾਣੀ ਸੀ ਜੋ ਉਸ ਦੇ ਪਿਤਾ ਨੇ ਉਸ ਨੂੰ ਦਿੱਤੀ ਸੀ। ਉਸ ਨੇ ਯਾਕੂਬ ਲਈ ਜੋ ਬੱਚੇ ਪੈਦਾ ਕੀਤੇ, ਉਨ੍ਹਾਂ ਦੀ ਕੁੱਲ ਗਿਣਤੀ ਸੱਤ ਸੀ।
26 ਯਾਕੂਬ ਦੇ ਪੁੱਤਰਾਂ ਦੀਆਂ ਪਤਨੀਆਂ ਤੋਂ ਇਲਾਵਾ ਯਾਕੂਬ ਦੀ ਪੂਰੀ ਔਲਾਦ ਦੀ ਗਿਣਤੀ 66 ਸੀ ਜੋ ਉਸ ਨਾਲ ਮਿਸਰ ਗਏ ਸਨ।+ 27 ਮਿਸਰ ਵਿਚ ਯੂਸੁਫ਼ ਦੇ ਦੋ ਪੁੱਤਰ ਹੋਏ ਸਨ। ਯਾਕੂਬ ਦੇ ਪਰਿਵਾਰ ਦੇ 70 ਜੀਅ ਮਿਸਰ ਆਏ ਸਨ।+
28 ਯਾਕੂਬ ਨੇ ਯਹੂਦਾਹ+ ਨੂੰ ਅੱਗੇ-ਅੱਗੇ ਘੱਲਿਆ ਕਿ ਉਹ ਯੂਸੁਫ਼ ਨੂੰ ਜਾ ਕੇ ਦੱਸੇ ਕਿ ਯਾਕੂਬ ਗੋਸ਼ਨ ਨੂੰ ਆ ਰਿਹਾ ਸੀ। ਜਦੋਂ ਉਹ ਸਾਰੇ ਗੋਸ਼ਨ ਦੇ ਇਲਾਕੇ+ ਵਿਚ ਪਹੁੰਚ ਗਏ, 29 ਤਾਂ ਯੂਸੁਫ਼ ਆਪਣੇ ਰਥ ਵਿਚ ਬੈਠ ਕੇ ਆਪਣੇ ਪਿਤਾ ਇਜ਼ਰਾਈਲ ਨੂੰ ਮਿਲਣ ਗੋਸ਼ਨ ਗਿਆ। ਜਦੋਂ ਉਹ ਆਪਣੇ ਪਿਤਾ ਕੋਲ ਆਇਆ, ਤਾਂ ਉਹ ਝੱਟ ਉਸ ਦੇ ਗਲ਼ ਲੱਗਾ ਅਤੇ ਕੁਝ ਸਮਾਂ ਰੋਂਦਾ ਰਿਹਾ। 30 ਫਿਰ ਇਜ਼ਰਾਈਲ ਨੇ ਯੂਸੁਫ਼ ਨੂੰ ਕਿਹਾ: “ਮੈਂ ਹੁਣ ਤੈਨੂੰ ਦੇਖ ਲਿਆ ਹੈ ਅਤੇ ਜਾਣ ਗਿਆ ਹਾਂ ਕਿ ਤੂੰ ਜੀਉਂਦਾ ਹੈਂ, ਇਸ ਲਈ ਹੁਣ ਮੈਂ ਸ਼ਾਂਤੀ ਨਾਲ ਮਰ ਸਕਦਾ ਹਾਂ।”
31 ਫਿਰ ਯੂਸੁਫ਼ ਨੇ ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਘਰਾਣੇ ਨੂੰ ਕਿਹਾ: “ਮੈਨੂੰ ਇਜਾਜ਼ਤ ਦਿਓ ਕਿ ਮੈਂ ਜਾ ਕੇ ਫ਼ਿਰਊਨ ਨੂੰ ਦੱਸਾਂ+ ਕਿ ‘ਕਨਾਨ ਦੇਸ਼ ਤੋਂ ਮੇਰੇ ਭਰਾ ਅਤੇ ਮੇਰੇ ਪਿਤਾ ਦੇ ਘਰਾਣੇ ਦੇ ਸਾਰੇ ਲੋਕ ਮੇਰੇ ਕੋਲ ਆਏ ਹਨ।+ 32 ਉਹ ਚਰਵਾਹੇ ਹਨ+ ਅਤੇ ਪਸ਼ੂ ਪਾਲਦੇ ਹਨ।+ ਉਹ ਆਪਣੇ ਨਾਲ ਭੇਡਾਂ-ਬੱਕਰੀਆਂ, ਹੋਰ ਪਾਲਤੂ ਪਸ਼ੂ ਅਤੇ ਆਪਣਾ ਸਾਰਾ ਸਾਮਾਨ ਲੈ ਕੇ ਆਏ ਹਨ।’+ 33 ਜਦੋਂ ਫ਼ਿਰਊਨ ਤੁਹਾਨੂੰ ਬੁਲਾ ਕੇ ਪੁੱਛੇਗਾ, ‘ਤੁਸੀਂ ਕੀ ਕੰਮ ਕਰਦੇ ਹੋ?’ 34 ਤਾਂ ਤੁਸੀਂ ਕਹਿਣਾ, ‘ਤੁਹਾਡੇ ਸੇਵਕ ਆਪਣੇ ਪਿਉ-ਦਾਦਿਆਂ ਵਾਂਗ ਜਵਾਨੀ ਤੋਂ ਹੀ ਪਸ਼ੂ ਪਾਲਣ ਦਾ ਕੰਮ ਕਰਦੇ ਆਏ ਹਨ।’+ ਇਸ ਕਰਕੇ ਫ਼ਿਰਊਨ ਸ਼ਾਇਦ ਤੁਹਾਨੂੰ ਗੋਸ਼ਨ ਦੇ ਇਲਾਕੇ ਵਿਚ ਰਹਿਣ ਦੀ ਇਜਾਜ਼ਤ ਦੇ ਦੇਵੇ+ ਕਿਉਂਕਿ ਮਿਸਰ ਦੇ ਲੋਕ ਭੇਡਾਂ ਚਾਰਨ ਵਾਲਿਆਂ ਨਾਲ ਨਫ਼ਰਤ ਕਰਦੇ ਹਨ।”+
47 ਇਸ ਲਈ ਯੂਸੁਫ਼ ਨੇ ਜਾ ਕੇ ਫ਼ਿਰਊਨ ਨੂੰ ਦੱਸਿਆ:+ “ਮੇਰਾ ਪਿਤਾ ਅਤੇ ਮੇਰੇ ਭਰਾ ਗੋਸ਼ਨ ਦੇ ਇਲਾਕੇ ਵਿਚ ਆ ਗਏ ਹਨ ਅਤੇ ਉਹ ਕਨਾਨ ਤੋਂ ਆਪਣੇ ਨਾਲ ਭੇਡਾਂ-ਬੱਕਰੀਆਂ, ਹੋਰ ਪਾਲਤੂ ਪਸ਼ੂ ਅਤੇ ਆਪਣਾ ਸਾਰਾ ਸਾਮਾਨ ਲਿਆਏ ਹਨ।”+ 2 ਫਿਰ ਉਹ ਆਪਣੇ ਨਾਲ ਆਪਣੇ ਪੰਜ ਭਰਾਵਾਂ ਨੂੰ ਲੈ ਗਿਆ ਅਤੇ ਉਨ੍ਹਾਂ ਨੂੰ ਫ਼ਿਰਊਨ ਦੇ ਸਾਮ੍ਹਣੇ ਪੇਸ਼ ਕੀਤਾ।+
3 ਫ਼ਿਰਊਨ ਨੇ ਉਸ ਦੇ ਭਰਾਵਾਂ ਨੂੰ ਕਿਹਾ: “ਤੁਸੀਂ ਕੀ ਕੰਮ ਕਰਦੇ ਹੋ?” ਉਨ੍ਹਾਂ ਨੇ ਫ਼ਿਰਊਨ ਨੂੰ ਜਵਾਬ ਦਿੱਤਾ: “ਤੁਹਾਡੇ ਸੇਵਕ ਆਪਣੇ ਪਿਉ-ਦਾਦਿਆਂ ਵਾਂਗ ਭੇਡਾਂ ਚਾਰਦੇ ਹਨ।”+ 4 ਫਿਰ ਉਨ੍ਹਾਂ ਨੇ ਫ਼ਿਰਊਨ ਨੂੰ ਕਿਹਾ: “ਕਾਲ਼ ਕਰਕੇ ਕਨਾਨ ਦੇਸ਼ ਦਾ ਬੁਰਾ ਹਾਲ ਹੈ+ ਅਤੇ ਪਸ਼ੂਆਂ ਦੇ ਖਾਣ ਲਈ ਕੁਝ ਨਹੀਂ ਹੈ। ਇਸ ਲਈ ਅਸੀਂ ਇੱਥੇ ਪਰਦੇਸੀਆਂ ਵਜੋਂ ਰਹਿਣ ਆਏ ਹਾਂ।+ ਕਿਰਪਾ ਕਰ ਕੇ ਆਪਣੇ ਸੇਵਕਾਂ ਨੂੰ ਗੋਸ਼ਨ ਦੇ ਇਲਾਕੇ ਵਿਚ ਵੱਸਣ ਦੀ ਇਜਾਜ਼ਤ ਦੇ।”+ 5 ਇਹ ਸੁਣ ਕੇ ਫ਼ਿਰਊਨ ਨੇ ਯੂਸੁਫ਼ ਨੂੰ ਕਿਹਾ: “ਤੇਰਾ ਪਿਤਾ ਅਤੇ ਤੇਰੇ ਭਰਾ ਇੱਥੇ ਤੇਰੇ ਕੋਲ ਆਏ ਹਨ। 6 ਮਿਸਰ ਦੀ ਸਾਰੀ ਜ਼ਮੀਨ ਤੇਰੇ ਹੱਥ ਵਿਚ ਹੈ। ਆਪਣੇ ਪਿਤਾ ਅਤੇ ਭਰਾਵਾਂ ਨੂੰ ਦੇਸ਼ ਦੀ ਸਭ ਤੋਂ ਵਧੀਆ ਜ਼ਮੀਨ ਵੱਸਣ ਲਈ ਦੇ।+ ਉਹ ਗੋਸ਼ਨ ਦੇ ਇਲਾਕੇ ਵਿਚ ਵੱਸਣ ਅਤੇ ਜੇ ਤੂੰ ਉਨ੍ਹਾਂ ਵਿੱਚੋਂ ਕਾਬਲ ਬੰਦਿਆਂ ਨੂੰ ਜਾਣਦਾ ਹੈਂ, ਤਾਂ ਉਨ੍ਹਾਂ ਨੂੰ ਮੇਰੇ ਪਸ਼ੂਆਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪ ਦੇ।”
7 ਫਿਰ ਯੂਸੁਫ਼ ਨੇ ਆਪਣੇ ਪਿਤਾ ਯਾਕੂਬ ਨੂੰ ਫ਼ਿਰਊਨ ਸਾਮ੍ਹਣੇ ਪੇਸ਼ ਕੀਤਾ ਅਤੇ ਯਾਕੂਬ ਨੇ ਫ਼ਿਰਊਨ ਨੂੰ ਅਸੀਸ ਦਿੱਤੀ। 8 ਫ਼ਿਰਊਨ ਨੇ ਯਾਕੂਬ ਨੂੰ ਪੁੱਛਿਆ: “ਤੇਰੀ ਉਮਰ ਕਿੰਨੀ ਹੈ?” 9 ਯਾਕੂਬ ਨੇ ਫ਼ਿਰਊਨ ਨੂੰ ਕਿਹਾ: “ਮੈਂ 130 ਸਾਲ ਦਾ ਹਾਂ ਅਤੇ ਮੈਂ ਆਪਣੀ ਸਾਰੀ ਉਮਰ ਪਰਦੇਸੀਆਂ* ਵਜੋਂ ਕੱਟੀ ਹੈ। ਇਹ ਸਾਲ ਬੜੇ ਦੁੱਖਾਂ ਨਾਲ ਭਰੇ ਸਨ,+ ਪਰ ਮੈਂ ਆਪਣੇ ਪਿਉ-ਦਾਦਿਆਂ ਨਾਲੋਂ ਘੱਟ ਸਾਲ ਪਰਦੇਸੀਆਂ ਵਜੋਂ ਕੱਟੇ ਹਨ।”+ 10 ਫਿਰ ਯਾਕੂਬ ਨੇ ਫ਼ਿਰਊਨ ਨੂੰ ਅਸੀਸ ਦਿੱਤੀ ਅਤੇ ਉਸ ਦੇ ਸਾਮ੍ਹਣਿਓਂ ਚਲਾ ਗਿਆ।
11 ਇਸ ਲਈ ਫ਼ਿਰਊਨ ਦਾ ਹੁਕਮ ਮੰਨਦੇ ਹੋਏ ਯੂਸੁਫ਼ ਨੇ ਆਪਣੇ ਪਿਤਾ ਅਤੇ ਭਰਾਵਾਂ ਨੂੰ ਮਿਸਰ ਵਿਚ ਰਾਮਸੇਸ ਵਿਚ ਸਭ ਤੋਂ ਵਧੀਆ ਜ਼ਮੀਨ ਦਿੱਤੀ ਅਤੇ ਉਹ ਉੱਥੇ ਵੱਸ ਗਏ।+ 12 ਯੂਸੁਫ਼ ਆਪਣੇ ਪਿਤਾ ਤੇ ਭਰਾਵਾਂ ਅਤੇ ਆਪਣੇ ਪਿਤਾ ਦੇ ਪੂਰੇ ਘਰਾਣੇ ਨੂੰ ਬੱਚਿਆਂ ਦੀ ਗਿਣਤੀ ਅਨੁਸਾਰ ਰੋਟੀ ਦਿੰਦਾ ਰਿਹਾ।
13 ਮਿਸਰ ਅਤੇ ਕਨਾਨ ਦੇਸ਼ ਵਿਚ ਖਾਣ ਲਈ ਕੁਝ ਵੀ ਨਹੀਂ ਸੀ ਕਿਉਂਕਿ ਕਾਲ਼ ਕਰਕੇ ਦੋਵੇਂ ਦੇਸ਼ਾਂ ਦਾ ਬੁਰਾ ਹਾਲ ਸੀ ਅਤੇ ਲੋਕ ਬਹੁਤ ਕਮਜ਼ੋਰ ਹੋ ਗਏ ਸਨ।+ 14 ਯੂਸੁਫ਼ ਮਿਸਰ ਅਤੇ ਕਨਾਨ ਦੇ ਲੋਕਾਂ ਨੂੰ ਅਨਾਜ ਵੇਚਦਾ ਰਿਹਾ+ ਅਤੇ ਉਹ ਸਾਰਾ ਪੈਸਾ ਇਕੱਠਾ ਕਰ ਕੇ ਫ਼ਿਰਊਨ ਦੇ ਖ਼ਜ਼ਾਨੇ ਵਿਚ ਪਾਉਂਦਾ ਰਿਹਾ। 15 ਸਮੇਂ ਦੇ ਬੀਤਣ ਨਾਲ ਮਿਸਰ ਅਤੇ ਕਨਾਨ ਦੇ ਲੋਕਾਂ ਕੋਲ ਸਾਰਾ ਪੈਸਾ ਖ਼ਤਮ ਹੋ ਗਿਆ ਅਤੇ ਮਿਸਰੀ ਯੂਸੁਫ਼ ਨੂੰ ਆ ਕੇ ਕਹਿਣ ਲੱਗੇ: “ਸਾਨੂੰ ਖਾਣ ਲਈ ਰੋਟੀ ਦੇ। ਸਾਡੇ ਕੋਲ ਹੁਣ ਕੋਈ ਪੈਸਾ ਨਹੀਂ ਹੈ, ਇਸ ਲਈ ਕੀ ਤੂੰ ਸਾਨੂੰ ਆਪਣੀਆਂ ਨਜ਼ਰਾਂ ਸਾਮ੍ਹਣੇ ਮਰਨ ਦੇਵੇਂਗਾ?” 16 ਯੂਸੁਫ਼ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਹਾਡੇ ਪੈਸੇ ਖ਼ਤਮ ਹੋ ਗਏ ਹਨ, ਤਾਂ ਆਪਣੇ ਪਸ਼ੂ ਲੈ ਆਓ ਅਤੇ ਮੈਂ ਉਨ੍ਹਾਂ ਦੇ ਬਦਲੇ ਤੁਹਾਨੂੰ ਰੋਟੀ ਦਿਆਂਗਾ।” 17 ਇਸ ਲਈ ਉਹ ਯੂਸੁਫ਼ ਕੋਲ ਆਪਣੇ ਪਸ਼ੂ ਲਿਆਉਣ ਲੱਗੇ ਅਤੇ ਯੂਸੁਫ਼ ਉਨ੍ਹਾਂ ਨੂੰ ਘੋੜਿਆਂ, ਭੇਡਾਂ-ਬੱਕਰੀਆਂ, ਗਾਂਵਾਂ-ਬਲਦਾਂ ਅਤੇ ਗਧਿਆਂ ਦੇ ਬਦਲੇ ਰੋਟੀ ਦਿੰਦਾ ਰਿਹਾ। ਉਹ ਉਸ ਸਾਲ ਲੋਕਾਂ ਨੂੰ ਉਨ੍ਹਾਂ ਦੇ ਪਸ਼ੂਆਂ ਬਦਲੇ ਰੋਟੀ ਦਿੰਦਾ ਰਿਹਾ।
18 ਫਿਰ ਉਹ ਸਾਲ ਖ਼ਤਮ ਹੋ ਗਿਆ ਅਤੇ ਅਗਲੇ ਸਾਲ ਲੋਕ ਆ ਕੇ ਉਸ ਨੂੰ ਕਹਿਣ ਲੱਗੇ: “ਅਸੀਂ ਆਪਣੇ ਮਾਲਕ ਤੋਂ ਇਹ ਗੱਲ ਲੁਕਾਉਣੀ ਨਹੀਂ ਚਾਹੁੰਦੇ ਕਿ ਅਸੀਂ ਆਪਣਾ ਸਾਰਾ ਪੈਸਾ ਅਤੇ ਪਾਲਤੂ ਜਾਨਵਰ ਆਪਣੇ ਮਾਲਕ ਨੂੰ ਦੇ ਚੁੱਕੇ ਹਾਂ। ਹੁਣ ਸਾਡੇ ਕੋਲ ਆਪਣੇ ਆਪ ਨੂੰ ਅਤੇ ਆਪਣੀਆਂ ਜ਼ਮੀਨਾਂ ਨੂੰ ਤੇਰੇ ਹਵਾਲੇ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਬਚਿਆ। 19 ਕੀ ਤੂੰ ਸਾਨੂੰ ਆਪਣੀਆਂ ਨਜ਼ਰਾਂ ਸਾਮ੍ਹਣੇ ਮਰਨ ਦੇਵੇਂਗਾ ਅਤੇ ਸਾਡੀਆਂ ਜ਼ਮੀਨਾਂ ਵੀਰਾਨ ਪਈਆਂ ਰਹਿਣ ਦੇਵੇਂਗਾ? ਸਾਨੂੰ ਅਤੇ ਸਾਡੀਆਂ ਜ਼ਮੀਨਾਂ ਨੂੰ ਰੋਟੀ ਦੇ ਬਦਲੇ ਖ਼ਰੀਦ ਲੈ। ਅਸੀਂ ਸਾਰੇ ਫ਼ਿਰਊਨ ਦੇ ਗ਼ੁਲਾਮ ਬਣ ਜਾਵਾਂਗੇ ਅਤੇ ਸਾਡੀਆਂ ਜ਼ਮੀਨਾਂ ਉਸ ਦੀਆਂ ਹੋ ਜਾਣਗੀਆਂ। ਸਾਨੂੰ ਬੀਜਣ ਲਈ ਬੀ ਦੇ ਤਾਂਕਿ ਅਸੀਂ ਜੀਉਂਦੇ ਰਹੀਏ ਅਤੇ ਸਾਡੀਆਂ ਜ਼ਮੀਨਾਂ ਵੀਰਾਨ ਨਾ ਪਈਆਂ ਰਹਿਣ।” 20 ਯੂਸੁਫ਼ ਨੇ ਫ਼ਿਰਊਨ ਲਈ ਸਾਰੇ ਮਿਸਰੀਆਂ ਦੀਆਂ ਜ਼ਮੀਨਾਂ ਖ਼ਰੀਦ ਲਈਆਂ ਕਿਉਂਕਿ ਕਾਲ਼ ਦੇ ਬੁਰੇ ਅਸਰ ਕਰਕੇ ਹਰ ਮਿਸਰੀ ਨੇ ਆਪਣੀ ਜ਼ਮੀਨ ਵੇਚ ਦਿੱਤੀ ਸੀ ਅਤੇ ਇਸ ਤਰ੍ਹਾਂ ਫ਼ਿਰਊਨ ਸਾਰੀਆਂ ਜ਼ਮੀਨਾਂ ਦਾ ਮਾਲਕ ਬਣ ਗਿਆ।
21 ਫਿਰ ਉਸ ਨੇ ਮਿਸਰ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਕ ਸਾਰੇ ਲੋਕਾਂ ਨੂੰ ਸ਼ਹਿਰਾਂ ਵਿਚ ਜਾ ਕੇ ਰਹਿਣ ਦਾ ਹੁਕਮ ਦਿੱਤਾ।+ 22 ਉਸ ਨੇ ਪੁਜਾਰੀਆਂ ਦੀਆਂ ਜ਼ਮੀਨਾਂ ਨਹੀਂ ਖ਼ਰੀਦੀਆਂ+ ਕਿਉਂਕਿ ਫ਼ਿਰਊਨ ਪੁਜਾਰੀਆਂ ਨੂੰ ਭੋਜਨ ਦਿੰਦਾ ਸੀ ਅਤੇ ਉਹ ਉਸ ਵੱਲੋਂ ਦਿੱਤੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਗੁਜ਼ਾਰਾ ਕਰਦੇ ਸਨ। ਇਸ ਕਰਕੇ ਉਨ੍ਹਾਂ ਨੇ ਆਪਣੀਆਂ ਜ਼ਮੀਨਾਂ ਨਹੀਂ ਵੇਚੀਆਂ। 23 ਫਿਰ ਯੂਸੁਫ਼ ਨੇ ਲੋਕਾਂ ਨੂੰ ਕਿਹਾ: “ਸੁਣੋ, ਮੈਂ ਅੱਜ ਤੁਹਾਨੂੰ ਅਤੇ ਤੁਹਾਡੀਆਂ ਜ਼ਮੀਨਾਂ ਨੂੰ ਫ਼ਿਰਊਨ ਲਈ ਖ਼ਰੀਦ ਲਿਆ ਹੈ। ਮੈਂ ਤੁਹਾਨੂੰ ਬੀ ਦਿੰਦਾ ਹਾਂ ਅਤੇ ਤੁਸੀਂ ਇਹ ਬੀ ਖੇਤਾਂ ਵਿਚ ਬੀਜੋ। 24 ਜਦੋਂ ਫ਼ਸਲ ਹੋਵੇਗੀ, ਤਾਂ ਤੁਸੀਂ ਫ਼ਿਰਊਨ ਨੂੰ ਇਸ ਦਾ ਪੰਜਵਾਂ ਹਿੱਸਾ ਦਿਓ,+ ਪਰ ਬਾਕੀ ਚਾਰ ਹਿੱਸੇ ਖੇਤਾਂ ਵਿਚ ਬੀਜਣ ਲਈ ਅਤੇ ਤੁਹਾਡੇ ਲਈ ਤੇ ਤੁਹਾਡੇ ਪਰਿਵਾਰ ਦੇ ਜੀਆਂ ਅਤੇ ਤੁਹਾਡੇ ਬੱਚਿਆਂ ਲਈ ਭੋਜਨ ਵਾਸਤੇ ਹੋਣਗੇ।” 25 ਇਸ ਲਈ ਉਨ੍ਹਾਂ ਨੇ ਕਿਹਾ: “ਸਾਡੇ ਮਾਲਕ, ਤੂੰ ਸਾਡੀਆਂ ਜ਼ਿੰਦਗੀਆਂ ਬਚਾਈਆਂ ਹਨ।+ ਹੁਣ ਸਾਡੇ ʼਤੇ ਮਿਹਰ ਕਰ ਕੇ ਸਾਨੂੰ ਫ਼ਿਰਊਨ ਦੇ ਗ਼ੁਲਾਮ ਬਣਾ ਲੈ।”+ 26 ਫਿਰ ਯੂਸੁਫ਼ ਨੇ ਇਹ ਕਾਨੂੰਨ ਬਣਾਇਆ ਜੋ ਪੂਰੇ ਮਿਸਰ ਵਿਚ ਅੱਜ ਤਕ ਲਾਗੂ ਹੈ ਕਿ ਫ਼ਸਲ ਦਾ ਪੰਜਵਾਂ ਹਿੱਸਾ ਫ਼ਿਰਊਨ ਦਾ ਹੋਵੇਗਾ। ਸਿਰਫ਼ ਪੁਜਾਰੀਆਂ ਦੀ ਜ਼ਮੀਨ ਫ਼ਿਰਊਨ ਦੀ ਨਹੀਂ ਹੋਈ।+
27 ਇਜ਼ਰਾਈਲ ਦਾ ਘਰਾਣਾ ਮਿਸਰ ਵਿਚ ਗੋਸ਼ਨ ਦੇ ਇਲਾਕੇ ਵਿਚ ਵੱਸ ਗਿਆ+ ਅਤੇ ਉਹ ਵਧੇ-ਫੁੱਲੇ ਅਤੇ ਉਨ੍ਹਾਂ ਦੀ ਗਿਣਤੀ ਬਹੁਤ ਹੋ ਗਈ।+ 28 ਯਾਕੂਬ ਮਿਸਰ ਵਿਚ 17 ਸਾਲ ਰਿਹਾ ਅਤੇ ਯਾਕੂਬ ਦੀ ਪੂਰੀ ਉਮਰ 147 ਸਾਲ ਸੀ।+
29 ਜਦੋਂ ਇਜ਼ਰਾਈਲ ਨੂੰ ਅਹਿਸਾਸ ਹੋਇਆ ਕਿ ਉਹ ਹੁਣ ਜ਼ਿਆਦਾ ਸਮਾਂ ਜੀਉਂਦਾ ਨਹੀਂ ਰਹੇਗਾ,+ ਤਾਂ ਉਸ ਨੇ ਆਪਣੇ ਪੁੱਤਰ ਯੂਸੁਫ਼ ਨੂੰ ਬੁਲਾ ਕੇ ਕਿਹਾ: “ਜੇ ਤੂੰ ਮੇਰੇ ਬਾਰੇ ਚੰਗਾ ਸੋਚਦਾ ਹੈਂ, ਤਾਂ ਕਿਰਪਾ ਕਰ ਕੇ ਮੇਰੇ ਪੱਟ* ਥੱਲੇ ਆਪਣਾ ਹੱਥ ਰੱਖ ਕੇ ਸਹੁੰ ਖਾ ਕਿ ਤੂੰ ਮੈਨੂੰ ਅਟੱਲ ਪਿਆਰ ਦਿਖਾਵੇਂਗਾ ਅਤੇ ਮੇਰੇ ਨਾਲ ਵਫ਼ਾਦਾਰੀ ਨਿਭਾਵੇਂਗਾ। ਕਿਰਪਾ ਕਰ ਕੇ ਮੈਨੂੰ ਮਿਸਰ ਵਿਚ ਨਾ ਦਫ਼ਨਾਈਂ।+ 30 ਜਦੋਂ ਮੈਂ ਮਰ ਜਾਵਾਂ,* ਤਾਂ ਤੂੰ ਮੈਨੂੰ ਮਿਸਰ ਤੋਂ ਲੈ ਜਾ ਕੇ ਮੇਰੇ ਪਿਉ-ਦਾਦਿਆਂ ਦੀ ਕਬਰ ਵਿਚ ਦਫ਼ਨਾਈਂ।”+ ਯੂਸੁਫ਼ ਨੇ ਕਿਹਾ: “ਜਿਵੇਂ ਤੂੰ ਕਿਹਾ, ਮੈਂ ਉਸੇ ਤਰ੍ਹਾਂ ਕਰਾਂਗਾ।” 31 ਫਿਰ ਉਸ ਨੇ ਕਿਹਾ: “ਸਹੁੰ ਖਾਹ।” ਇਸ ਲਈ ਯੂਸੁਫ਼ ਨੇ ਸਹੁੰ ਖਾਧੀ।+ ਫਿਰ ਇਜ਼ਰਾਈਲ ਨੇ ਆਪਣੇ ਪਲੰਘ ਦੇ ਸਰ੍ਹਾਣੇ ʼਤੇ ਸ਼ਰਧਾ ਨਾਲ ਪਰਮੇਸ਼ੁਰ ਅੱਗੇ ਸਿਰ ਝੁਕਾਇਆ।+
48 ਇਨ੍ਹਾਂ ਗੱਲਾਂ ਤੋਂ ਬਾਅਦ ਯੂਸੁਫ਼ ਨੂੰ ਦੱਸਿਆ ਗਿਆ: “ਦੇਖ, ਤੇਰਾ ਪਿਤਾ ਬੀਮਾਰ ਹੈ।” ਇਸ ਲਈ ਉਹ ਆਪਣੇ ਦੋਹਾਂ ਪੁੱਤਰਾਂ ਮਨੱਸ਼ਹ ਅਤੇ ਇਫ਼ਰਾਈਮ ਨੂੰ ਆਪਣੇ ਨਾਲ ਲੈ ਗਿਆ।+ 2 ਫਿਰ ਯਾਕੂਬ ਨੂੰ ਦੱਸਿਆ ਗਿਆ: “ਤੇਰਾ ਪੁੱਤਰ ਯੂਸੁਫ਼ ਤੈਨੂੰ ਮਿਲਣ ਆਇਆ ਹੈ।” ਇਸ ਲਈ ਇਜ਼ਰਾਈਲ ਨੇ ਪੂਰਾ ਜ਼ੋਰ ਲਾਇਆ ਅਤੇ ਆਪਣੇ ਪਲੰਘ ਉੱਤੇ ਉੱਠ ਕੇ ਬੈਠ ਗਿਆ। 3 ਯਾਕੂਬ ਨੇ ਯੂਸੁਫ਼ ਨੂੰ ਕਿਹਾ:
“ਕਨਾਨ ਦੇ ਲੂਜ਼ ਸ਼ਹਿਰ ਵਿਚ ਸਰਬਸ਼ਕਤੀਮਾਨ ਪਰਮੇਸ਼ੁਰ ਨੇ ਪ੍ਰਗਟ ਹੋ ਕੇ ਮੈਨੂੰ ਬਰਕਤ ਦਿੱਤੀ ਸੀ।+ 4 ਉਸ ਨੇ ਮੈਨੂੰ ਕਿਹਾ, ‘ਮੈਂ ਤੇਰੀ ਸੰਤਾਨ ਨੂੰ ਵਧਾਵਾਂਗਾ ਅਤੇ ਤੇਰੀ ਸੰਤਾਨ ਦੀ ਗਿਣਤੀ ਬਹੁਤ ਹੋਵੇਗੀ। ਤੇਰੀ ਸੰਤਾਨ ਤੋਂ ਖ਼ਾਨਦਾਨਾਂ ਦੇ ਦਲ ਬਣਨਗੇ+ ਅਤੇ ਮੈਂ ਤੇਰੇ ਤੋਂ ਬਾਅਦ ਇਹ ਦੇਸ਼ ਤੇਰੀ ਸੰਤਾਨ* ਨੂੰ ਹਮੇਸ਼ਾ ਲਈ ਦਿਆਂਗਾ।’+ 5 ਮਿਸਰ ਵਿਚ ਪੈਦਾ ਹੋਏ ਤੇਰੇ ਦੋਵੇਂ ਪੁੱਤਰ ਮੇਰੇ ਹਨ ਜਿਨ੍ਹਾਂ ਦਾ ਜਨਮ ਮੇਰੇ ਮਿਸਰ ਆਉਣ ਤੋਂ ਪਹਿਲਾਂ ਹੋਇਆ ਸੀ।+ ਰਊਬੇਨ ਅਤੇ ਸ਼ਿਮਓਨ ਵਾਂਗ ਇਫ਼ਰਾਈਮ ਅਤੇ ਮਨੱਸ਼ਹ ਵੀ ਮੇਰੇ ਪੁੱਤਰ ਹਨ।+ 6 ਪਰ ਇਨ੍ਹਾਂ ਤੋਂ ਬਾਅਦ ਪੈਦਾ ਹੋਣ ਵਾਲੇ ਬੱਚੇ ਤੇਰੇ ਹੋਣਗੇ। ਇਨ੍ਹਾਂ ਦੋ ਭਰਾਵਾਂ ਨੂੰ ਵਿਰਾਸਤ ਵਿਚ ਜੋ ਜ਼ਮੀਨ ਮਿਲੇਗੀ, ਉਸ ਵਿੱਚੋਂ ਉਨ੍ਹਾਂ ਬੱਚਿਆਂ ਨੂੰ ਹਿੱਸਾ ਮਿਲੇਗਾ।+ 7 ਜਦੋਂ ਮੈਂ ਪਦਨ ਤੋਂ ਆ ਰਿਹਾ ਸੀ, ਤਾਂ ਕਨਾਨ ਵਿਚ ਮੇਰੀਆਂ ਨਜ਼ਰਾਂ ਸਾਮ੍ਹਣੇ ਤੇਰੀ ਮਾਂ ਰਾਕੇਲ ਨੇ ਦਮ ਤੋੜ ਦਿੱਤਾ।+ ਮੈਂ ਉਸ ਨੂੰ ਅਫਰਾਥ+ (ਜੋ ਕਿ ਬੈਤਲਹਮ+ ਹੈ) ਨੂੰ ਜਾਂਦੇ ਰਾਹ ਵਿਚ ਦਫ਼ਨਾ ਦਿੱਤਾ ਕਿਉਂਕਿ ਉੱਥੋਂ ਅਫਰਾਥ ਅਜੇ ਕਾਫ਼ੀ ਦੂਰ ਸੀ।”
8 ਫਿਰ ਇਜ਼ਰਾਈਲ ਨੇ ਯੂਸੁਫ਼ ਦੇ ਪੁੱਤਰਾਂ ਨੂੰ ਦੇਖ ਕੇ ਪੁੱਛਿਆ: “ਇਹ ਕੌਣ ਹਨ?” 9 ਯੂਸੁਫ਼ ਨੇ ਆਪਣੇ ਪਿਤਾ ਨੂੰ ਕਿਹਾ: “ਇਹ ਮੇਰੇ ਪੁੱਤਰ ਹਨ ਜੋ ਪਰਮੇਸ਼ੁਰ ਨੇ ਮੈਨੂੰ ਇੱਥੇ ਦਿੱਤੇ ਹਨ।”+ ਇਹ ਸੁਣ ਕੇ ਉਸ ਨੇ ਕਿਹਾ: “ਉਨ੍ਹਾਂ ਨੂੰ ਮੇਰੇ ਕੋਲ ਲੈ ਕੇ ਆ ਤਾਂਕਿ ਮੈਂ ਉਨ੍ਹਾਂ ਨੂੰ ਬਰਕਤ ਦਿਆਂ।”+ 10 ਉਸ ਵੇਲੇ ਬੁਢਾਪੇ ਵਿਚ ਨਜ਼ਰ ਕਮਜ਼ੋਰ ਹੋ ਜਾਣ ਕਰਕੇ ਇਜ਼ਰਾਈਲ ਨੂੰ ਦਿਖਾਈ ਨਹੀਂ ਦਿੰਦਾ ਸੀ। ਇਸ ਲਈ ਯੂਸੁਫ਼ ਉਨ੍ਹਾਂ ਨੂੰ ਇਜ਼ਰਾਈਲ ਕੋਲ ਲੈ ਕੇ ਆਇਆ ਅਤੇ ਉਸ ਨੇ ਉਨ੍ਹਾਂ ਨੂੰ ਚੁੰਮਿਆ ਤੇ ਗਲ਼ੇ ਲਾਇਆ। 11 ਇਜ਼ਰਾਈਲ ਨੇ ਯੂਸੁਫ਼ ਨੂੰ ਕਿਹਾ: “ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਮੈਂ ਤੈਨੂੰ ਦੁਬਾਰਾ ਦੇਖਾਂਗਾ,+ ਪਰ ਪਰਮੇਸ਼ੁਰ ਨੇ ਤਾਂ ਮੈਨੂੰ ਤੇਰੀ ਸੰਤਾਨ* ਵੀ ਦਿਖਾ ਦਿੱਤੀ।” 12 ਫਿਰ ਯੂਸੁਫ਼ ਨੇ ਉਨ੍ਹਾਂ ਨੂੰ ਇਜ਼ਰਾਈਲ ਦੇ ਗੋਡਿਆਂ ਤੋਂ ਪਰੇ ਕੀਤਾ ਅਤੇ ਆਪ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ।
13 ਫਿਰ ਯੂਸੁਫ਼ ਨੇ ਆਪਣੇ ਸੱਜੇ ਹੱਥ ਨਾਲ ਇਫ਼ਰਾਈਮ+ ਨੂੰ ਫੜ ਕੇ ਇਜ਼ਰਾਈਲ ਦੇ ਖੱਬੇ ਪਾਸੇ ਕੀਤਾ ਅਤੇ ਆਪਣੇ ਖੱਬੇ ਹੱਥ ਨਾਲ ਮਨੱਸ਼ਹ+ ਨੂੰ ਫੜ ਕੇ ਇਜ਼ਰਾਈਲ ਦੇ ਸੱਜੇ ਪਾਸੇ ਕੀਤਾ ਅਤੇ ਉਨ੍ਹਾਂ ਦੋਹਾਂ ਨੂੰ ਉਸ ਦੇ ਕੋਲ ਲਿਆਇਆ। 14 ਪਰ ਇਜ਼ਰਾਈਲ ਨੇ ਆਪਣਾ ਸੱਜਾ ਹੱਥ ਇਫ਼ਰਾਈਮ ਦੇ ਸਿਰ ʼਤੇ ਰੱਖਿਆ, ਭਾਵੇਂ ਉਹ ਛੋਟਾ ਸੀ, ਅਤੇ ਆਪਣਾ ਖੱਬਾ ਹੱਥ ਮਨੱਸ਼ਹ ਦੇ ਸਿਰ ʼਤੇ ਰੱਖਿਆ। ਉਸ ਨੇ ਜਾਣ-ਬੁੱਝ ਕੇ ਆਪਣੇ ਹੱਥ ਇਸ ਤਰ੍ਹਾਂ ਰੱਖੇ, ਭਾਵੇਂ ਉਹ ਜਾਣਦਾ ਸੀ ਕਿ ਮਨੱਸ਼ਹ ਜੇਠਾ ਸੀ।+ 15 ਫਿਰ ਉਸ ਨੇ ਯੂਸੁਫ਼ ਨੂੰ ਬਰਕਤ ਦਿੰਦਿਆਂ ਕਿਹਾ:+
“ਸੱਚਾ ਪਰਮੇਸ਼ੁਰ ਜਿਸ ਦੇ ਰਾਹ ʼਤੇ ਮੇਰਾ ਦਾਦਾ ਅਬਰਾਹਾਮ ਅਤੇ ਮੇਰਾ ਪਿਤਾ ਇਸਹਾਕ ਚੱਲੇ ਸਨ,+
ਸੱਚਾ ਪਰਮੇਸ਼ੁਰ ਜਿਸ ਨੇ ਅੱਜ ਦੇ ਦਿਨ ਤਕ ਪੂਰੀ ਜ਼ਿੰਦਗੀ ਮੇਰੀ ਦੇਖ-ਭਾਲ ਕੀਤੀ,+
16 ਜਿਸ ਨੇ ਆਪਣੇ ਦੂਤ ਦੇ ਰਾਹੀਂ ਮੈਨੂੰ ਮੁਸੀਬਤਾਂ ਵਿੱਚੋਂ ਕੱਢਿਆ,+ ਉਹ ਮੁੰਡਿਆਂ ਨੂੰ ਬਰਕਤ ਦੇਵੇ।+
ਉਹ ਮੇਰੇ ਅਤੇ ਮੇਰੇ ਪਿਤਾ ਅਤੇ ਮੇਰੇ ਦਾਦੇ ਅਬਰਾਹਾਮ ਦੇ ਨਾਂ ਤੋਂ ਜਾਣੇ ਜਾਣ,
ਅਤੇ ਧਰਤੀ ਉੱਤੇ ਉਨ੍ਹਾਂ ਦੀ ਗਿਣਤੀ ਵਧੇ।”+
17 ਜਦੋਂ ਯੂਸੁਫ਼ ਨੇ ਦੇਖਿਆ ਕਿ ਉਸ ਦੇ ਪਿਤਾ ਨੇ ਆਪਣਾ ਸੱਜਾ ਹੱਥ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ ਸੀ, ਤਾਂ ਉਸ ਨੂੰ ਇਹ ਚੰਗਾ ਨਹੀਂ ਲੱਗਾ। ਇਸ ਲਈ ਉਸ ਨੇ ਆਪਣੇ ਪਿਤਾ ਦਾ ਸੱਜਾ ਹੱਥ ਇਫ਼ਰਾਈਮ ਦੇ ਸਿਰ ਤੋਂ ਚੁੱਕ ਕੇ ਮਨੱਸ਼ਹ ਦੇ ਸਿਰ ʼਤੇ ਰੱਖਣ ਦੀ ਕੋਸ਼ਿਸ਼ ਕੀਤੀ। 18 ਯੂਸੁਫ਼ ਨੇ ਆਪਣੇ ਪਿਤਾ ਨੂੰ ਕਿਹਾ: “ਪਿਤਾ ਜੀ, ਇਸ ʼਤੇ ਨਹੀਂ, ਉਸ ਦੇ ਸਿਰ ਉੱਤੇ ਆਪਣਾ ਸੱਜਾ ਹੱਥ ਰੱਖ ਕਿਉਂਕਿ ਉਹ ਜੇਠਾ ਹੈ।”+ 19 ਪਰ ਉਸ ਦੇ ਪਿਤਾ ਨੇ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰਦਿਆਂ ਕਿਹਾ: “ਪੁੱਤਰ, ਮੈਂ ਜਾਣਦਾ ਹਾਂ। ਉਸ ਤੋਂ ਵੀ ਇਕ ਵੱਡੀ ਤੇ ਮਹਾਨ ਕੌਮ ਬਣੇਗੀ। ਪਰ ਉਸ ਦਾ ਛੋਟਾ ਭਰਾ ਉਸ ਤੋਂ ਵੀ ਮਹਾਨ ਹੋਵੇਗਾ+ ਅਤੇ ਉਸ ਦੀ ਸੰਤਾਨ* ਦੀ ਗਿਣਤੀ ਇੰਨੀ ਜ਼ਿਆਦਾ ਹੋਵੇਗੀ ਕਿ ਉਸ ਤੋਂ ਕਈ ਕੌਮਾਂ ਬਣ ਜਾਣ।”+ 20 ਇਸ ਲਈ ਉਸ ਦਿਨ ਯਾਕੂਬ ਨੇ ਉਨ੍ਹਾਂ ਨੂੰ ਬਰਕਤ ਦਿੰਦਿਆਂ ਕਿਹਾ:+
“ਜਦੋਂ ਵੀ ਇਜ਼ਰਾਈਲ ਦੇ ਲੋਕ ਬਰਕਤ ਦੇਣ, ਤਾਂ ਉਹ ਇਹ ਕਹਿ ਕੇ ਤੁਹਾਡਾ ਜ਼ਿਕਰ ਕਰਨ,
‘ਪਰਮੇਸ਼ੁਰ ਤੁਹਾਨੂੰ ਇਫ਼ਰਾਈਮ ਅਤੇ ਮਨੱਸ਼ਹ ਵਰਗਾ ਬਣਾਵੇ।’”
ਇਸ ਤਰ੍ਹਾਂ ਉਸ ਨੇ ਬਰਕਤ ਦੇਣ ਵੇਲੇ ਇਫ਼ਰਾਈਮ ਨੂੰ ਮਨੱਸ਼ਹ ਨਾਲੋਂ ਪਹਿਲਾਂ ਰੱਖਿਆ।
21 ਫਿਰ ਇਜ਼ਰਾਈਲ ਨੇ ਯੂਸੁਫ਼ ਨੂੰ ਕਿਹਾ: “ਸੁਣ, ਮੈਂ ਮਰਨ ਵਾਲਾ ਹਾਂ,+ ਪਰ ਪਰਮੇਸ਼ੁਰ ਹਮੇਸ਼ਾ ਤੇਰੇ ਨਾਲ ਰਹੇਗਾ ਅਤੇ ਤੈਨੂੰ ਤੇਰੇ ਪਿਉ-ਦਾਦਿਆਂ ਦੇ ਦੇਸ਼ ਵਾਪਸ ਲੈ ਜਾਵੇਗਾ।+ 22 ਮੈਂ ਆਪਣੀ ਤਲਵਾਰ ਅਤੇ ਕਮਾਨ ਦੇ ਜ਼ੋਰ ਨਾਲ ਅਮੋਰੀਆਂ ਤੋਂ ਜੋ ਦੇਸ਼ ਜਿੱਤਿਆ ਹੈ, ਉਸ ਵਿੱਚੋਂ ਮੈਂ ਤੈਨੂੰ ਤੇਰੇ ਭਰਾਵਾਂ ਨਾਲੋਂ ਇਕ ਹਿੱਸਾ ਵੱਧ ਦਿੰਦਾ ਹਾਂ।”
49 ਫਿਰ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਬੁਲਾ ਕੇ ਕਿਹਾ: “ਸਾਰੇ ਜਣੇ ਇਕੱਠੇ ਹੋ ਜਾਓ ਤਾਂਕਿ ਮੈਂ ਤੁਹਾਨੂੰ ਦੱਸਾਂ ਕਿ ਆਉਣ ਵਾਲੇ ਦਿਨਾਂ ਵਿਚ ਤੁਹਾਡੇ ਨਾਲ ਕੀ ਹੋਵੇਗਾ। 2 ਹੇ ਯਾਕੂਬ ਦੇ ਪੁੱਤਰੋ, ਇਕੱਠੇ ਹੋਵੋ ਅਤੇ ਮੇਰੀ ਗੱਲ ਸੁਣੋ, ਹਾਂ ਆਪਣੇ ਪਿਤਾ ਇਜ਼ਰਾਈਲ ਦੀ ਗੱਲ ਸੁਣੋ।
3 “ਰਊਬੇਨ,+ ਤੂੰ ਮੇਰਾ ਜੇਠਾ ਪੁੱਤਰ ਹੈਂ,+ ਮੇਰਾ ਬਲ ਅਤੇ ਮੇਰੀ ਬੱਚੇ ਪੈਦਾ ਕਰਨ ਦੀ ਤਾਕਤ ਦੀ ਸ਼ੁਰੂਆਤ। ਤੈਨੂੰ ਜ਼ਿਆਦਾ ਆਦਰ ਅਤੇ ਤਾਕਤ ਮਿਲੀ ਸੀ। 4 ਪਰ ਤੂੰ ਆਪਣੇ ਭਰਾਵਾਂ ਤੋਂ ਉੱਚਾ ਨਹੀਂ ਹੋਵੇਂਗਾ ਕਿਉਂਕਿ ਹੜ੍ਹ ਦੇ ਪਾਣੀ ਵਾਂਗ ਤੂੰ ਆਪਣੇ ਆਪ ʼਤੇ ਕਾਬੂ ਨਹੀਂ ਰੱਖਿਆ ਅਤੇ ਆਪਣੇ ਪਿਤਾ ਦੀ ਪਤਨੀ ਨਾਲ ਕੁਕਰਮ ਕੀਤਾ।*+ ਉਸ ਸਮੇਂ ਤੂੰ ਮੇਰੇ ਬਿਸਤਰੇ ਨੂੰ ਅਪਵਿੱਤਰ* ਕੀਤਾ। ਉਸ ਨੇ ਬਹੁਤ ਬੁਰਾ ਕੰਮ ਕੀਤਾ!
5 “ਸ਼ਿਮਓਨ ਅਤੇ ਲੇਵੀ ਦੋਵੇਂ ਭਰਾ ਹਨ।+ ਉਨ੍ਹਾਂ ਨੇ ਆਪਣੀਆਂ ਤਲਵਾਰਾਂ ਨਾਲ ਖ਼ੂਨ-ਖ਼ਰਾਬਾ ਕੀਤਾ।+ 6 ਹੇ ਮੇਰੀ ਜਾਨ, ਉਨ੍ਹਾਂ ਦੀ ਸੰਗਤ ਨਾ ਕਰੀਂ, ਹੇ ਮੇਰੇ ਮਨ,* ਉਨ੍ਹਾਂ ਦੀ ਟੋਲੀ ਵਿਚ ਸ਼ਾਮਲ ਨਾ ਹੋਵੀਂ ਕਿਉਂਕਿ ਉਨ੍ਹਾਂ ਨੇ ਗੁੱਸੇ ਵਿਚ ਆ ਕੇ ਇਨਸਾਨਾਂ ਦਾ ਕਤਲ ਕੀਤਾ+ ਅਤੇ ਮਜ਼ੇ ਲਈ ਬਲਦਾਂ ਨੂੰ ਲੰਗੜੇ* ਕੀਤਾ। 7 ਉਨ੍ਹਾਂ ਦਾ ਗੁੱਸਾ ਅਤੇ ਕ੍ਰੋਧ ਉਨ੍ਹਾਂ ਲਈ ਸਰਾਪ ਹੈ। ਗੁੱਸੇ ਨੇ ਉਨ੍ਹਾਂ ਨੂੰ ਬੇਰਹਿਮ ਅਤੇ ਕ੍ਰੋਧ ਨੇ ਉਨ੍ਹਾਂ ਨੂੰ ਜ਼ਾਲਮ ਬਣਾ ਦਿੱਤਾ।+ ਮੈਂ ਉਨ੍ਹਾਂ ਨੂੰ ਯਾਕੂਬ ਦੇ ਦੇਸ਼ ਵਿਚ ਖਿੰਡਾ ਦਿਆਂਗਾ ਅਤੇ ਇਜ਼ਰਾਈਲ ਵਿਚ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰ ਦਿਆਂਗਾ।+
8 “ਪਰ ਯਹੂਦਾਹ,+ ਤੇਰੇ ਭਰਾ ਤੇਰਾ ਗੁਣਗਾਨ ਕਰਨਗੇ।+ ਤੂੰ ਆਪਣੇ ਦੁਸ਼ਮਣਾਂ ਨੂੰ ਧੌਣ ਤੋਂ ਫੜੇਂਗਾ।+ ਤੇਰੇ ਪਿਤਾ ਦੇ ਪੁੱਤਰ ਤੇਰੇ ਅੱਗੇ ਝੁਕਣਗੇ।+ 9 ਯਹੂਦਾਹ ਸ਼ੇਰ ਦਾ ਬੱਚਾ ਹੈ।+ ਮੇਰੇ ਪੁੱਤਰ, ਤੂੰ ਆਪਣਾ ਸ਼ਿਕਾਰ ਖਾ ਕੇ ਖੜ੍ਹਾ ਹੋਵੇਂਗਾ। ਤੂੰ ਸ਼ੇਰ ਵਾਂਗ ਲੰਮਾ ਪੈ ਕੇ ਆਰਾਮ ਕਰੇਂਗਾ। ਕਿਹਦੀ ਇੰਨੀ ਹਿੰਮਤ ਕਿ ਉਹ ਸ਼ੇਰ ਨੂੰ ਛੇੜੇ? 10 ਜਦ ਤਕ ਸ਼ੀਲੋਹ* ਨਾ ਆ ਜਾਵੇ,+ ਤਦ ਤਕ ਰਾਜ-ਡੰਡਾ* ਯਹੂਦਾਹ ਦੇ ਹੱਥੋਂ ਨਹੀਂ ਜਾਵੇਗਾ+ ਅਤੇ ਹਾਕਮ ਦਾ ਡੰਡਾ* ਉਸ ਦੇ ਪੈਰਾਂ ਦੇ ਵਿਚਕਾਰੋਂ ਨਹੀਂ ਹਟੇਗਾ ਅਤੇ ਸਾਰੇ ਲੋਕਾਂ ਨੂੰ ਉਸ* ਦੀ ਆਗਿਆਕਾਰੀ ਕਰਨੀ ਪਵੇਗੀ।+ 11 ਉਹ ਆਪਣਾ ਗਧਾ ਅੰਗੂਰ ਦੀ ਵੇਲ ਨਾਲ ਅਤੇ ਆਪਣੇ ਗਧੇ ਦਾ ਬੱਚਾ ਵਧੀਆ ਅੰਗੂਰ ਦੀ ਵੇਲ ਨਾਲ ਬੰਨ੍ਹੇਗਾ। ਉਹ ਆਪਣੇ ਕੱਪੜੇ ਦਾਖਰਸ ਨਾਲ ਅਤੇ ਆਪਣਾ ਲਿਬਾਸ ਅੰਗੂਰਾਂ ਦੇ ਖ਼ੂਨ ਨਾਲ ਧੋਵੇਗਾ। 12 ਦਾਖਰਸ ਪੀਣ ਕਰਕੇ ਉਸ ਦੀਆਂ ਅੱਖਾਂ ਲਾਲ ਹਨ ਅਤੇ ਦੁੱਧ ਪੀਣ ਕਰਕੇ ਉਸ ਦੇ ਦੰਦ ਚਿੱਟੇ ਹਨ।
13 “ਜ਼ਬੂਲੁਨ+ ਸਮੁੰਦਰੀ ਕੰਢੇ ʼਤੇ ਵੱਸੇਗਾ, ਹਾਂ, ਉਸ ਕੰਢੇ ʼਤੇ ਜਿੱਥੇ ਜਹਾਜ਼ ਲੰਗਰ ਪਾਉਂਦੇ ਹਨ+ ਅਤੇ ਉਸ ਦੀ ਸਰਹੱਦ ਸੀਦੋਨ ਵੱਲ ਹੋਵੇਗੀ।+
14 “ਯਿਸਾਕਾਰ+ ਮਜ਼ਬੂਤ ਹੱਡਾਂ ਵਾਲਾ ਗਧਾ ਹੈ ਅਤੇ ਦੋਵੇਂ ਪਾਸੇ ਬੋਰਿਆਂ ਵਿਚ ਭਾਰ ਲੱਦਿਆ ਹੋਣ ਦੇ ਬਾਵਜੂਦ ਉਹ ਆਰਾਮ ਕਰਦਾ ਹੈ। 15 ਉਹ ਦੇਖੇਗਾ ਕਿ ਉਸ ਦੇ ਆਰਾਮ ਕਰਨ ਦੀ ਜਗ੍ਹਾ ਵਧੀਆ ਹੈ ਅਤੇ ਉਸ ਦਾ ਇਲਾਕਾ ਸੋਹਣਾ ਹੈ। ਉਹ ਭਾਰ ਚੁੱਕਣ ਲਈ ਆਪਣਾ ਮੋਢਾ ਨੀਵਾਂ ਕਰੇਗਾ ਅਤੇ ਉਸ ਤੋਂ ਗ਼ੁਲਾਮਾਂ ਵਾਂਗ ਕੰਮ ਕਰਾਇਆ ਜਾਵੇਗਾ।
16 “ਦਾਨ,+ ਜੋ ਕਿ ਇਜ਼ਰਾਈਲ ਦਾ ਇਕ ਗੋਤ ਹੈ, ਆਪਣੇ ਲੋਕਾਂ ਦਾ ਨਿਆਂ ਕਰੇਗਾ।+ 17 ਦਾਨ ਸੜਕ ਕਿਨਾਰੇ ਬੈਠੇ ਇਕ ਸੱਪ ਵਰਗਾ ਹੋਵੇਗਾ ਅਤੇ ਰਾਹ ਵਿਚ ਬੈਠੇ ਸਿੰਗਾਂ ਵਾਲੇ ਸੱਪ ਵਰਗਾ ਹੋਵੇਗਾ ਜਿਹੜਾ ਘੋੜੇ ਦੀ ਅੱਡੀ ʼਤੇ ਡੰਗ ਮਾਰਦਾ ਹੈ ਜਿਸ ਕਰਕੇ ਉਸ ਦਾ ਸਵਾਰ ਪਿੱਛੇ ਨੂੰ ਡਿਗਦਾ ਹੈ।+ 18 ਹੇ ਯਹੋਵਾਹ, ਮੈਂ ਉਸ ਸਮੇਂ ਦੀ ਉਡੀਕ ਕਰਾਂਗਾ ਜਦੋਂ ਤੂੰ ਸਾਨੂੰ ਛੁਟਕਾਰਾ ਦਿਵਾਏਂਗਾ।
19 “ਗਾਦ+ ਉੱਤੇ ਲੁਟੇਰੇ ਹਮਲਾ ਕਰਨਗੇ, ਪਰ ਉਹ ਉਨ੍ਹਾਂ ਨੂੰ ਭਜਾ ਦੇਵੇਗਾ ਅਤੇ ਉਨ੍ਹਾਂ ਦਾ ਪਿੱਛਾ ਕਰੇਗਾ।+
20 “ਆਸ਼ੇਰ+ ਕੋਲ ਖਾਣ ਲਈ ਭਰਪੂਰ* ਭੋਜਨ* ਹੋਵੇਗਾ ਅਤੇ ਉਹ ਰਾਜਿਆਂ ਦੇ ਖਾਣ ਦੇ ਯੋਗ ਭੋਜਨ ਮੁਹੱਈਆ ਕਰਾਏਗਾ।+
21 “ਨਫ਼ਤਾਲੀ+ ਇਕ ਫੁਰਤੀਲੀ ਹਿਰਨੀ ਹੈ। ਉਸ ਦੀਆਂ ਗੱਲਾਂ ਦਿਲ ਨੂੰ ਖ਼ੁਸ਼ ਕਰਦੀਆਂ ਹਨ।+
22 “ਯੂਸੁਫ਼+ ਇਕ ਫਲਦਾਰ ਦਰਖ਼ਤ ਦੀ ਟਾਹਣੀ ਹੈ ਜੋ ਪਾਣੀ ਦੇ ਚਸ਼ਮੇ ਦੇ ਕਿਨਾਰੇ ਲੱਗਾ ਹੋਇਆ ਹੈ ਅਤੇ ਜਿਸ ਦੀਆਂ ਟਾਹਣੀਆਂ ਕੰਧ ਦੇ ਉੱਪਰੋਂ ਦੀ ਫੈਲ ਗਈਆਂ ਹਨ। 23 ਪਰ ਤੀਰਅੰਦਾਜ਼ ਉਸ ਉੱਤੇ ਜ਼ਬਰਦਸਤ ਹਮਲੇ ਕਰਦੇ ਰਹੇ ਅਤੇ ਉਸ ਉੱਤੇ ਤੀਰ ਚਲਾਉਂਦੇ ਰਹੇ ਅਤੇ ਉਨ੍ਹਾਂ ਨੇ ਉਸ ਨਾਲ ਦੁਸ਼ਮਣੀ ਰੱਖੀ।+ 24 ਫਿਰ ਵੀ ਉਸ ਦੀ ਕਮਾਨ ਆਪਣੀ ਜਗ੍ਹਾ ਤੋਂ ਨਹੀਂ ਹਿੱਲੀ+ ਅਤੇ ਉਸ ਦੇ ਹੱਥ ਮਜ਼ਬੂਤ ਅਤੇ ਫੁਰਤੀਲੇ ਰਹੇ।+ ਇਹ ਯਾਕੂਬ ਦਾ ਸ਼ਕਤੀਸ਼ਾਲੀ ਪਰਮੇਸ਼ੁਰ ਹੀ ਹੈ ਜਿਸ ਨੇ ਇਜ਼ਰਾਈਲ ਨੂੰ ਚਰਵਾਹਾ ਅਤੇ ਕੋਨੇ ਦਾ ਪੱਥਰ ਦਿੱਤਾ ਹੈ। 25 ਉਹ* ਤੇਰੇ ਪਿਤਾ ਦੇ ਪਰਮੇਸ਼ੁਰ ਤੋਂ ਹੈ ਅਤੇ ਪਰਮੇਸ਼ੁਰ ਤੇਰੀ ਮਦਦ ਕਰੇਗਾ ਅਤੇ ਉਹ ਸਰਬਸ਼ਕਤੀਮਾਨ ਦੇ ਨਾਲ ਹੈ ਅਤੇ ਪਰਮੇਸ਼ੁਰ ਤੈਨੂੰ ਆਕਾਸ਼ੋਂ ਬਰਕਤਾਂ ਦੇਵੇਗਾ ਅਤੇ ਜ਼ਮੀਨ ਦੇ ਥੱਲਿਓਂ ਬਰਕਤਾਂ ਦੇਵੇਗਾ।+ ਉਸ ਦੀ ਬਰਕਤ ਨਾਲ ਤੇਰੀ ਸੰਤਾਨ ਵਧੇਗੀ ਅਤੇ ਤੇਰੇ ਕੋਲ ਬਹੁਤ ਸਾਰੇ ਜਾਨਵਰ ਹੋਣਗੇ। 26 ਤੇਰੇ ਪਿਤਾ ਨੇ ਜੋ ਬਰਕਤਾਂ ਦਿੱਤੀਆਂ ਹਨ, ਉਹ ਸਦਾ ਖੜ੍ਹੇ ਰਹਿਣ ਵਾਲੇ ਪਹਾੜਾਂ ਦੀਆਂ ਬਰਕਤਾਂ ਨਾਲੋਂ ਅਤੇ ਹਮੇਸ਼ਾ ਕਾਇਮ ਰਹਿਣ ਵਾਲੀਆਂ ਪਹਾੜੀਆਂ ਦੀਆਂ ਚੰਗੀਆਂ ਚੀਜ਼ਾਂ ਨਾਲੋਂ ਵਧੀਆ ਹਨ।+ ਉਹ ਯੂਸੁਫ਼ ਦੇ ਸਿਰ ʼਤੇ ਰਹਿਣਗੀਆਂ, ਹਾਂ ਉਸ ਦੇ ਸਿਰ ʼਤੇ ਜਿਸ ਨੂੰ ਆਪਣੇ ਭਰਾਵਾਂ ਵਿੱਚੋਂ ਚੁਣਿਆ ਗਿਆ ਹੈ।+
27 “ਬਿਨਯਾਮੀਨ+ ਬਘਿਆੜ ਵਾਂਗ ਆਪਣਾ ਸ਼ਿਕਾਰ ਪਾੜੇਗਾ।+ ਉਹ ਸਵੇਰ ਨੂੰ ਆਪਣਾ ਸ਼ਿਕਾਰ ਖਾਵੇਗਾ ਅਤੇ ਸ਼ਾਮ ਨੂੰ ਲੁੱਟ ਦਾ ਮਾਲ ਵੰਡੇਗਾ।”+
28 ਇਨ੍ਹਾਂ ਸਾਰਿਆਂ ਤੋਂ ਇਜ਼ਰਾਈਲ ਦੇ 12 ਗੋਤ ਬਣੇ ਅਤੇ ਇਹ ਸਭ ਗੱਲਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਬਰਕਤ ਦੇਣ ਵੇਲੇ ਕਹੀਆਂ ਸਨ। ਉਸ ਨੇ ਹਰੇਕ ਨੂੰ ਬਰਕਤ ਦਿੱਤੀ ਜਿਸ ਦੇ ਉਹ ਯੋਗ ਸੀ।+
29 ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਇਹ ਹੁਕਮ ਦਿੱਤਾ: “ਮੈਂ ਜਲਦੀ ਹੀ ਆਪਣੇ ਲੋਕਾਂ ਨਾਲ ਰਲ਼ ਜਾਵਾਂਗਾ।*+ ਮੈਨੂੰ ਮੇਰੇ ਪਿਉ-ਦਾਦਿਆਂ ਨਾਲ ਉਸ ਗੁਫਾ ਵਿਚ ਦਫ਼ਨਾ ਦੇਣਾ ਜੋ ਹਿੱਤੀ ਅਫਰੋਨ ਦੀ ਜ਼ਮੀਨ ਵਿਚ ਹੈ,+ 30 ਉਹ ਗੁਫਾ ਜੋ ਕਨਾਨ ਦੇਸ਼ ਵਿਚ ਮਮਰੇ ਦੇ ਸਾਮ੍ਹਣੇ ਮਕਫੇਲਾਹ ਵਿਚ ਹੈ। ਉਹ ਜ਼ਮੀਨ ਅਬਰਾਹਾਮ ਨੇ ਕਬਰਸਤਾਨ ਬਣਾਉਣ ਲਈ ਹਿੱਤੀ ਅਫਰੋਨ ਤੋਂ ਖ਼ਰੀਦੀ ਸੀ। 31 ਉੱਥੇ ਉਨ੍ਹਾਂ ਨੇ ਅਬਰਾਹਾਮ ਅਤੇ ਉਸ ਦੀ ਪਤਨੀ ਸਾਰਾਹ ਨੂੰ ਦਫ਼ਨਾਇਆ ਸੀ।+ ਉੱਥੇ ਹੀ ਉਨ੍ਹਾਂ ਨੇ ਇਸਹਾਕ+ ਅਤੇ ਉਸ ਦੀ ਪਤਨੀ ਰਿਬਕਾਹ ਨੂੰ ਦਫ਼ਨਾਇਆ ਸੀ। ਉੱਥੇ ਹੀ ਮੈਂ ਲੇਆਹ ਨੂੰ ਦਫ਼ਨਾਇਆ ਸੀ। 32 ਉਹ ਜ਼ਮੀਨ ਅਤੇ ਉਸ ਵਿਚਲੀ ਗੁਫਾ ਹਿੱਤੀ ਲੋਕਾਂ ਤੋਂ ਖ਼ਰੀਦੀ ਗਈ ਸੀ।”+
33 ਆਪਣੇ ਪੁੱਤਰਾਂ ਨੂੰ ਇਹ ਸਾਰੀਆਂ ਹਿਦਾਇਤਾਂ ਦੇਣ ਤੋਂ ਬਾਅਦ ਯਾਕੂਬ ਪਲੰਘ ʼਤੇ ਲੰਮਾ ਪੈ ਗਿਆ। ਫਿਰ ਉਸ ਨੇ ਆਖ਼ਰੀ ਸਾਹ ਲਿਆ ਅਤੇ ਆਪਣੇ ਲੋਕਾਂ ਵਿਚ ਜਾ ਰਲ਼ਿਆ।+
50 ਯੂਸੁਫ਼ ਆਪਣੇ ਪਿਤਾ ਦੀ ਲਾਸ਼ ਦੇ ਗਲ਼ ਲੱਗ ਕੇ+ ਰੋਇਆ ਅਤੇ ਉਸ ਨੂੰ ਚੁੰਮਿਆ। 2 ਇਸ ਤੋਂ ਬਾਅਦ ਉਸ ਨੇ ਆਪਣੇ ਸੇਵਕਾਂ ਯਾਨੀ ਹਕੀਮਾਂ ਨੂੰ ਹੁਕਮ ਦਿੱਤਾ ਕਿ ਉਹ ਉਸ ਦੇ ਪਿਤਾ ਦੀ ਲਾਸ਼ ਨੂੰ ਮਸਾਲਿਆਂ ਦਾ ਲੇਪ ਲਾਉਣ।+ ਇਸ ਲਈ ਹਕੀਮਾਂ ਨੇ ਇਜ਼ਰਾਈਲ ਦੀ ਲਾਸ਼ ਨੂੰ ਮਸਾਲਿਆਂ ਦਾ ਲੇਪ ਲਾਇਆ। 3 ਲਾਸ਼ ਨੂੰ ਲੇਪ ਲਾਉਣ ਵਿਚ ਉਨ੍ਹਾਂ ਨੂੰ 40 ਦਿਨ ਲੱਗੇ ਕਿਉਂਕਿ ਇਹ ਕੰਮ ਪੂਰਾ ਕਰਨ ਵਿਚ ਇੰਨੇ ਹੀ ਦਿਨ ਲੱਗਦੇ ਹਨ। ਮਿਸਰੀ ਉਸ ਲਈ 70 ਦਿਨ ਰੋਂਦੇ ਰਹੇ।
4 ਸੋਗ ਦੇ ਦਿਨ ਪੂਰੇ ਹੋਣ ਤੋਂ ਬਾਅਦ ਯੂਸੁਫ਼ ਨੇ ਫ਼ਿਰਊਨ ਦੇ ਅਧਿਕਾਰੀਆਂ* ਨੂੰ ਕਿਹਾ: “ਮਿਹਰਬਾਨੀ ਕਰ ਕੇ ਤੁਸੀਂ ਫ਼ਿਰਊਨ ਨੂੰ ਮੇਰਾ ਇਹ ਸੁਨੇਹਾ ਦੇ ਦਿਓ: 5 ‘ਮੇਰੇ ਪਿਤਾ ਨੇ ਮੈਨੂੰ ਸਹੁੰ ਖਿਲਾਈ ਸੀ:+ “ਦੇਖ! ਮੈਂ ਮਰਨ ਵਾਲਾ ਹਾਂ।+ ਤੂੰ ਮੈਨੂੰ ਮੇਰੀ ਕਬਰ ਵਿਚ ਦਫ਼ਨਾਈਂ+ ਜੋ ਮੈਂ ਕਨਾਨ ਦੇਸ਼ ਵਿਚ ਖੁਦਵਾਈ ਹੈ।”+ ਮਿਹਰਬਾਨੀ ਕਰ ਕੇ ਮੈਨੂੰ ਜਾਣ ਦੀ ਇਜਾਜ਼ਤ ਦੇ ਤਾਂਕਿ ਮੈਂ ਆਪਣੇ ਪਿਤਾ ਨੂੰ ਦਫ਼ਨਾਵਾਂ। ਫਿਰ ਮੈਂ ਵਾਪਸ ਆ ਜਾਵਾਂਗਾ।’” 6 ਫ਼ਿਰਊਨ ਨੇ ਜਵਾਬ ਦਿੱਤਾ: “ਜਾਹ ਅਤੇ ਆਪਣੇ ਪਿਤਾ ਨੂੰ ਦਫ਼ਨਾ, ਜਿਵੇਂ ਉਸ ਨੇ ਤੈਨੂੰ ਸਹੁੰ ਖਿਲਾਈ ਸੀ।”+
7 ਇਸ ਲਈ ਯੂਸੁਫ਼ ਆਪਣੇ ਪਿਤਾ ਨੂੰ ਦਫ਼ਨਾਉਣ ਚਲਾ ਗਿਆ। ਫ਼ਿਰਊਨ ਦੇ ਸੇਵਕ ਯਾਨੀ ਉਸ ਦੇ ਦਰਬਾਰ ਦੇ ਸਿਆਣੇ ਬੰਦੇ*+ ਅਤੇ ਮਿਸਰ ਦੇ ਸਾਰੇ ਸਿਆਣੇ ਬੰਦੇ ਉਸ ਨਾਲ ਗਏ। 8 ਯੂਸੁਫ਼ ਦਾ ਪੂਰਾ ਘਰਾਣਾ ਅਤੇ ਉਸ ਦੇ ਭਰਾ ਅਤੇ ਉਸ ਦੇ ਪਿਤਾ ਦਾ ਪੂਰਾ ਘਰਾਣਾ+ ਵੀ ਗਿਆ। ਪਰ ਉਹ ਆਪਣੇ ਛੋਟੇ ਬੱਚੇ, ਭੇਡਾਂ-ਬੱਕਰੀਆਂ ਅਤੇ ਹੋਰ ਪਾਲਤੂ ਜਾਨਵਰ ਗੋਸ਼ਨ ਦੇ ਇਲਾਕੇ ਵਿਚ ਛੱਡ ਗਏ। 9 ਉਸ ਦੇ ਨਾਲ ਰਥਾਂ+ ਅਤੇ ਘੋੜਿਆਂ ਉੱਤੇ ਸਵਾਰ ਆਦਮੀ ਵੀ ਗਏ ਅਤੇ ਉਨ੍ਹਾਂ ਦਾ ਇਕੱਠ ਬਹੁਤ ਵੱਡਾ ਸੀ। 10 ਫਿਰ ਉਹ ਆਤਾਦ ਦੇ ਪਿੜ ਵਿਚ ਪਹੁੰਚੇ ਜੋ ਯਰਦਨ ਦੇ ਇਲਾਕੇ ਵਿਚ ਹੈ ਅਤੇ ਉੱਥੇ ਉਹ ਧਾਹਾਂ ਮਾਰ-ਮਾਰ ਰੋਏ ਅਤੇ ਉਨ੍ਹਾਂ ਨੇ ਬਹੁਤ ਸੋਗ ਮਨਾਇਆ ਅਤੇ ਯੂਸੁਫ਼ ਨੇ ਆਪਣੇ ਪਿਤਾ ਲਈ ਸੱਤ ਦਿਨ ਸੋਗ ਮਨਾਇਆ। 11 ਜਦੋਂ ਉਸ ਦੇਸ਼ ਦੇ ਵਾਸੀਆਂ ਯਾਨੀ ਕਨਾਨੀਆਂ ਨੇ ਉਨ੍ਹਾਂ ਨੂੰ ਸੋਗ ਮਨਾਉਂਦੇ ਦੇਖਿਆ, ਤਾਂ ਉਨ੍ਹਾਂ ਨੇ ਕਿਹਾ: “ਦੇਖੋ! ਮਿਸਰੀ ਕਿੰਨਾ ਸੋਗ ਮਨਾ ਰਹੇ ਹਨ!” ਇਸੇ ਕਰਕੇ ਉਸ ਜਗ੍ਹਾ ਦਾ ਨਾਂ ਆਬੇਲ-ਮਿਸਰਾਇਮ* ਪੈ ਗਿਆ ਜੋ ਯਰਦਨ ਦੇ ਇਲਾਕੇ ਵਿਚ ਹੈ।
12 ਇਸ ਤਰ੍ਹਾਂ ਯਾਕੂਬ ਦੇ ਪੁੱਤਰਾਂ ਨੇ ਉਸ ਦੇ ਕਹੇ ਅਨੁਸਾਰ ਕੀਤਾ।+ 13 ਉਸ ਦੇ ਪੁੱਤਰ ਉਸ ਨੂੰ ਕਨਾਨ ਲੈ ਗਏ ਅਤੇ ਉੱਥੇ ਮਕਫੇਲਾਹ ਦੀ ਜ਼ਮੀਨ ਵਿਚਲੀ ਗੁਫਾ ਵਿਚ ਦਫ਼ਨਾ ਦਿੱਤਾ। ਇਹ ਜ਼ਮੀਨ ਮਮਰੇ ਦੇ ਸਾਮ੍ਹਣੇ ਸੀ ਅਤੇ ਅਬਰਾਹਾਮ ਨੇ ਅਫਰੋਨ ਹਿੱਤੀ ਤੋਂ ਕਬਰਸਤਾਨ ਵਾਸਤੇ ਖ਼ਰੀਦੀ ਸੀ।+ 14 ਆਪਣੇ ਪਿਤਾ ਨੂੰ ਦਫ਼ਨਾਉਣ ਤੋਂ ਬਾਅਦ ਯੂਸੁਫ਼ ਆਪਣੇ ਭਰਾਵਾਂ ਨਾਲ ਅਤੇ ਉਨ੍ਹਾਂ ਸਾਰੇ ਲੋਕਾਂ ਨਾਲ ਵਾਪਸ ਮਿਸਰ ਆ ਗਿਆ ਜੋ ਉਸ ਦੇ ਪਿਤਾ ਨੂੰ ਦਫ਼ਨਾਉਣ ਉਸ ਦੇ ਨਾਲ ਗਏ ਸਨ।
15 ਆਪਣੇ ਪਿਤਾ ਦੀ ਮੌਤ ਤੋਂ ਬਾਅਦ ਯੂਸੁਫ਼ ਦੇ ਭਰਾ ਇਕ-ਦੂਜੇ ਨੂੰ ਕਹਿਣ ਲੱਗੇ: “ਸ਼ਾਇਦ ਯੂਸੁਫ਼ ਆਪਣੇ ਦਿਲ ਵਿਚ ਸਾਡੇ ਨਾਲ ਵੈਰ ਰੱਖਦਾ ਹੋਵੇ ਅਤੇ ਅਸੀਂ ਉਸ ਨਾਲ ਜੋ ਵੀ ਬੁਰਾ ਕੀਤਾ, ਉਸ ਦਾ ਬਦਲਾ ਲਵੇ।”+ 16 ਇਸ ਲਈ ਉਨ੍ਹਾਂ ਨੇ ਯੂਸੁਫ਼ ਨੂੰ ਇਹ ਸੁਨੇਹਾ ਘੱਲਿਆ: “ਤੇਰੇ ਪਿਤਾ ਨੇ ਮਰਨ ਤੋਂ ਪਹਿਲਾਂ ਇਹ ਹੁਕਮ ਦਿੱਤਾ ਸੀ: 17 ‘ਤੁਸੀਂ ਯੂਸੁਫ਼ ਨੂੰ ਇਹ ਕਹਿਣਾ: “ਤੇਰੇ ਭਰਾਵਾਂ ਨੇ ਤੇਰੇ ਨਾਲ ਬਹੁਤ ਬੁਰਾ ਕੀਤਾ। ਪਰ ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਤੂੰ ਆਪਣੇ ਭਰਾਵਾਂ ਦੀ ਗ਼ਲਤੀ ਅਤੇ ਪਾਪ ਮਾਫ਼ ਕਰ ਦੇ।”’ ਇਸ ਲਈ ਆਪਣੇ ਪਿਤਾ ਦੇ ਪਰਮੇਸ਼ੁਰ ਦੇ ਸੇਵਕਾਂ ਦੀ ਗ਼ਲਤੀ ਮਾਫ਼ ਕਰ ਦੇ।” ਜਦੋਂ ਯੂਸੁਫ਼ ਨੇ ਇਹ ਗੱਲਾਂ ਸੁਣੀਆਂ, ਤਾਂ ਉਹ ਰੋਣ ਲੱਗ ਪਿਆ। 18 ਫਿਰ ਉਸ ਦੇ ਭਰਾ ਉੱਥੇ ਆਏ ਅਤੇ ਗੋਡਿਆਂ ਭਾਰ ਬੈਠ ਕੇ ਉਸ ਅੱਗੇ ਸਿਰ ਨਿਵਾਇਆ ਅਤੇ ਉਸ ਨੂੰ ਕਿਹਾ: “ਅਸੀਂ ਤੇਰੇ ਗ਼ੁਲਾਮ ਹਾਂ!”+ 19 ਯੂਸੁਫ਼ ਨੇ ਉਨ੍ਹਾਂ ਨੂੰ ਕਿਹਾ: “ਡਰੋ ਨਾ। ਕੀ ਮੈਂ ਪਰਮੇਸ਼ੁਰ ਹਾਂ? 20 ਭਾਵੇਂ ਤੁਸੀਂ ਮੇਰੇ ਨਾਲ ਬੁਰਾ ਕਰਨ ਬਾਰੇ ਸੋਚਿਆ ਸੀ,+ ਪਰ ਤੁਸੀਂ ਜੋ ਵੀ ਮੇਰੇ ਨਾਲ ਕੀਤਾ, ਉਸ ਨੂੰ ਪਰਮੇਸ਼ੁਰ ਨੇ ਬਹੁਤ ਸਾਰੀਆਂ ਜਾਨਾਂ ਬਚਾਉਣ ਲਈ ਭਲਾਈ ਵਿਚ ਬਦਲ ਦਿੱਤਾ। ਅੱਜ ਪਰਮੇਸ਼ੁਰ ਇਸੇ ਤਰ੍ਹਾਂ ਕਰ ਰਿਹਾ ਹੈ।+ 21 ਇਸ ਲਈ ਤੁਸੀਂ ਡਰੋ ਨਾ। ਮੈਂ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਭੋਜਨ ਦਿੰਦਾ ਰਹਾਂਗਾ।”+ ਇਸ ਤਰ੍ਹਾਂ ਯੂਸੁਫ਼ ਨੇ ਉਨ੍ਹਾਂ ਨੂੰ ਤਸੱਲੀ ਦਿੱਤੀ ਅਤੇ ਆਪਣੀਆਂ ਗੱਲਾਂ ਨਾਲ ਉਨ੍ਹਾਂ ਨੂੰ ਭਰੋਸਾ ਦਿਵਾਇਆ।
22 ਯੂਸੁਫ਼ ਅਤੇ ਉਸ ਦੇ ਪਿਤਾ ਦਾ ਘਰਾਣਾ ਮਿਸਰ ਵਿਚ ਰਿਹਾ ਅਤੇ ਯੂਸੁਫ਼ 110 ਸਾਲ ਜੀਉਂਦਾ ਰਿਹਾ। 23 ਯੂਸੁਫ਼ ਨੇ ਇਫ਼ਰਾਈਮ ਦੇ ਪੋਤਿਆਂ ਦਾ ਮੂੰਹ ਵੀ ਦੇਖਿਆ+ ਅਤੇ ਉਸ ਨੇ ਮਨੱਸ਼ਹ ਦੇ ਪੁੱਤਰ ਮਾਕੀਰ+ ਦੇ ਬੱਚਿਆਂ ਦੇ ਮੂੰਹ ਵੀ ਦੇਖੇ। ਉਹ ਯੂਸੁਫ਼ ਲਈ ਆਪਣੇ ਪੁੱਤਰਾਂ ਵਰਗੇ ਸਨ।* 24 ਸਮੇਂ ਦੇ ਬੀਤਣ ਨਾਲ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਕਿਹਾ: “ਮੈਂ ਜ਼ਿਆਦਾ ਦਿਨ ਜੀਉਂਦਾ ਨਹੀਂ ਰਹਾਂਗਾ, ਪਰ ਪਰਮੇਸ਼ੁਰ ਜ਼ਰੂਰ ਤੁਹਾਡੀ ਮਦਦ ਕਰੇਗਾ+ ਅਤੇ ਉਹ ਤੁਹਾਨੂੰ ਜ਼ਰੂਰ ਇਸ ਦੇਸ਼ ਵਿੱਚੋਂ ਕੱਢ ਕੇ ਉਸ ਦੇਸ਼ ਵਿਚ ਲੈ ਜਾਵੇਗਾ ਜੋ ਉਸ ਨੇ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਦੇਣ ਦੀ ਸਹੁੰ ਖਾਧੀ ਸੀ।”+ 25 ਇਸ ਲਈ ਯੂਸੁਫ਼ ਨੇ ਇਜ਼ਰਾਈਲ ਦੇ ਪੁੱਤਰਾਂ ਨੂੰ ਸਹੁੰ ਖਿਲਾਈ: “ਪਰਮੇਸ਼ੁਰ ਜ਼ਰੂਰ ਤੁਹਾਡੀ ਮਦਦ ਕਰੇਗਾ। ਤੁਸੀਂ ਮੇਰੀਆਂ ਹੱਡੀਆਂ ਇੱਥੋਂ ਲੈ ਜਾਇਓ।”+ 26 ਯੂਸੁਫ਼ 110 ਸਾਲ ਦਾ ਹੋ ਕੇ ਮਰ ਗਿਆ ਅਤੇ ਉਨ੍ਹਾਂ ਨੇ ਉਸ ਦੀ ਲਾਸ਼ ਨੂੰ ਮਸਾਲਿਆਂ ਦਾ ਲੇਪ ਲਾਇਆ+ ਅਤੇ ਉਸ ਦੀ ਲਾਸ਼ ਨੂੰ ਮਿਸਰ ਵਿਚ ਇਕ ਤਾਬੂਤ ਵਿਚ ਰੱਖਿਆ।
ਯਾਨੀ, ਬ੍ਰਹਿਮੰਡ।
ਯਾਨੀ, ਵਾਯੂਮੰਡਲ।
ਇਬ, “ਬਣਾਈਆਂ।”
ਯਾਨੀ, ਸੂਰਜ।
ਯਾਨੀ, ਚੰਦ।
ਇਬ, “ਬਣਾਏ।”
ਜਾਂ, “ਆਪਣੇ ਖ਼ਾਸ ਮਕਸਦ ਲਈ ਰੱਖਿਆ।”
ਪਰਮੇਸ਼ੁਰ ਦਾ ਇਹ ਅਨੋਖਾ ਨਾਂ יהוה (ਯ ਹ ਵ ਹ) ਪਹਿਲੀ ਵਾਰ ਇਸ ਆਇਤ ਵਿਚ ਆਉਂਦਾ ਹੈ। ਵਧੇਰੇ ਜਾਣਕਾਰੀ 1.4 ਦੇਖੋ।
ਜ਼ਾਹਰ ਹੈ ਕਿ ਪਾਣੀ ਭਾਫ਼ ਬਣ ਕੇ ਉੱਡਦਾ ਸੀ ਅਤੇ ਫਿਰ ਭਾਫ਼ ਠੰਢੀ ਹੋ ਕੇ ਨਮੀ ਦੇ ਰੂਪ ਵਿਚ ਪੇੜ-ਪੌਦਿਆਂ ਨੂੰ ਸਿੰਜਦੀ ਸੀ।
ਜਾਂ, “ਟਾਈਗ੍ਰਿਸ।”
ਜਾਂ, “ਚਲਾਕ; ਚਾਤਰ।”
ਸ਼ੈਤਾਨ ਦੇ ਕਹਿਣ ਦਾ ਮਤਲਬ ਸੀ ਕਿ ਇਕ ਜਾਂ ਜ਼ਿਆਦਾ ਦਰਖ਼ਤਾਂ ਦੇ ਫਲ ਖਾਣ ਤੋਂ ਰੋਕਣਾ ਅਨਿਆਂ ਸੀ।
ਜਾਂ, “ਦਿਨ ਦੇ ਉਸ ਸਮੇਂ ਜਦੋਂ ਠੰਢੀ ਹਵਾ ਚੱਲਦੀ ਹੈ।”
ਇਬ, “ਬੀ।”
ਇਬ, “ਬੀ।”
ਜਾਂ, “ਵੈਰ।”
ਯਾਨੀ, ਔਰਤ ਦੀ “ਸੰਤਾਨ।”
ਜਾਂ, “ਸੱਟ ਮਾਰਨੀ; ਕੁਚਲਣਾ।”
ਮਤਲਬ “ਇਨਸਾਨ; ਮਨੁੱਖਜਾਤੀ।”
ਜਾਂ, “ਭੋਜਨ।”
ਜਾਂ, “ਤੈਨੂੰ ਉੱਚਾ ਨਹੀਂ ਕੀਤਾ ਜਾਵੇਗਾ?”
ਮਤਲਬ “ਭਗੌੜਾ ਬਣਨਾ।”
ਮਤਲਬ “ਨਿਯੁਕਤ ਕਰਨਾ; ਥਾਪਣਾ; ਠਹਿਰਾਉਣਾ।”
ਇਬ, “ਬੀ।”
ਜਾਂ, “ਆਦਮ; ਮਨੁੱਖਜਾਤੀ।”
ਯਾਨੀ, ਪਰਮੇਸ਼ੁਰ ਨੇ ਉਸ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ।
ਸ਼ਾਇਦ ਇਸ ਦਾ ਮਤਲਬ ਹੈ “ਆਰਾਮ; ਦਿਲਾਸਾ।”
ਜਾਂ, “ਰਾਹਤ।”
ਜਾਂ, “ਦੂਤ।”
ਜਾਂ, “ਕਿਉਂਕਿ ਉਹ ਆਪਣੇ ਸਰੀਰ ਦੀਆਂ ਇੱਛਾਵਾਂ ਮੁਤਾਬਕ ਚੱਲਦਾ ਹੈ।”
ਇਬ, “ਨੈਫ਼ਲਿਮ।” ਸ਼ਾਇਦ ਇਸ ਦਾ ਮਤਲਬ ਹੈ “ਡੇਗਣ ਵਾਲੇ,” ਯਾਨੀ ਉਹ ਦੂਸਰਿਆਂ ਨੂੰ ਡੇਗਦੇ ਸਨ। ਸ਼ਬਦਾਵਲੀ ਦੇਖੋ।
ਜਾਂ, “ਦੁਖੀ।”
ਜਾਂ, “ਉਸ ਦੇ ਦਿਲ ਨੂੰ ਠੇਸ ਲੱਗੀ।”
ਇਬ, “ਆਪਣੀਆਂ ਪੀੜ੍ਹੀਆਂ।”
ਜਾਂ, “ਬੇਕਸੂਰ।”
ਇਬ, “ਗੋਫਰ ਦੇ ਦਰਖ਼ਤਾਂ ਦੀ ਲੱਕੜ,” ਰਾਲ ਵਾਲੀ ਲੱਕੜ, ਸੰਭਵ ਤੌਰ ਤੇ ਸਰੂ ਦਾ ਦਰਖ਼ਤ।
ਇਬ, “ਬਕਸਾ।” ਮੰਨਿਆ ਜਾਂਦਾ ਹੈ ਕਿ ਇਹ ਕਿਸ਼ਤੀ ਇਕ ਬਕਸੇ ਵਰਗੀ ਸੀ ਅਤੇ ਇਸ ਦਾ ਹੇਠਲਾ ਪਾਸਾ ਚਪਟਾ ਸੀ।
ਜਾਂ, “ਲੁੱਕ।”
ਯਾਨੀ, ਲੰਬਾਈ ਲਗਭਗ 438 ਫੁੱਟ, ਚੁੜਾਈ ਲਗਭਗ 73 ਫੁੱਟ ਅਤੇ ਉਚਾਈ ਲਗਭਗ 44 ਫੁੱਟ।
ਲਗਭਗ 44 ਸੈਂਟੀਮੀਟਰ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਸੋਹਾਰ।” ਇਸ ਸੰਬੰਧੀ ਇਕ ਵਿਚਾਰ ਇਹ ਹੈ ਕਿ “ਸੋਹਾਰ” ਸ਼ਬਦ ਰੌਸ਼ਨੀ ਵਾਸਤੇ ਖਿੜਕੀ ਨੂੰ ਨਹੀਂ, ਸਗੋਂ ਛੱਤ ਨੂੰ ਸੰਕੇਤ ਕਰਦਾ ਹੈ ਜਿਸ ʼਤੇ ਇਕ ਹੱਥ ਢਲਾਣ ਰੱਖੀ ਗਈ ਸੀ।
ਇਬ, “ਸਾਰੇ ਸਰੀਰਾਂ।”
ਜਾਂ ਸੰਭਵ ਹੈ, “ਹਰ ਸ਼ੁੱਧ ਜਾਨਵਰ ਦੇ ਸੱਤ ਜੋੜੇ।”
ਜਾਂ ਸੰਭਵ ਹੈ, “ਆਕਾਸ਼ ਵਿਚ ਉੱਡਣ ਵਾਲੇ ਜੀਵਾਂ ਦੇ ਸੱਤ ਜੋੜੇ।”
ਇਬ, “ਡੂੰਘੇ ਪਾਣੀਆਂ ਦੇ ਵੱਡੇ ਸੋਮੇ।”
ਲਗਭਗ 22 ਫੁੱਟ।
ਇਬ, “ਯਾਦ ਕੀਤਾ।”
ਜਾਂ, “ਰੋਕ ਦਿੱਤਾ ਗਿਆ।”
ਜਾਂ, “ਪੈਰ ਰੱਖਣ ਲਈ।”
ਯਾਨੀ, ਸ਼ੇਮ।
ਯਾਨੀ, ਯਾਫਥ।
ਜਾਂ, “ਸਮੁੰਦਰੀ ਕੰਢਿਆਂ ਦੇ ਇਲਾਕਿਆਂ।”
ਯਾਨੀ, ਬੈਬੀਲੋਨੀਆ।
ਜਾਂ ਸੰਭਵ ਹੈ, “ਇਨ੍ਹਾਂ ਚਾਰਾਂ ਨਾਲ ਮਿਲ ਕੇ ਵੱਡਾ ਸ਼ਹਿਰ ਬਣਦਾ ਹੈ।”
ਜਾਂ, “ਅਮੂਰਾਹ।”
ਜਾਂ ਸੰਭਵ ਹੈ, “ਯਾਫਥ ਦੇ ਵੱਡੇ ਭਰਾ।”
ਮਤਲਬ “ਬਟਵਾਰਾ।”
ਜਾਂ, “ਧਰਤੀ ਦੀ ਜਨਸੰਖਿਆ।”
ਜਾਂ, “ਵੱਲ ਧਿਆਨ ਦਿੱਤਾ।”
ਮਤਲਬ “ਗੜਬੜੀ।”
ਜਾਂ, “ਪਰਿਵਾਰ ਤੇਰੇ ਰਾਹੀਂ ਆਪਣੇ ਲਈ ਬਰਕਤ ਹਾਸਲ ਕਰਨਗੇ।” ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਬਰਕਤਾਂ ਹਾਸਲ ਕਰਨ ਲਈ ਕੁਝ ਕਰਨ ਦੀ ਲੋੜ ਹੋਵੇਗੀ।
ਇਬ, “ਬੀ।”
ਜਾਂ, “ਦੱਖਣ।”
ਜਾਂ, “ਉੱਥੇ ਪਰਦੇਸੀ ਵਜੋਂ ਰਹਿਣ ਲਈ।”
ਯਰਦਨ ਵਾਦੀ ਦਾ ਹੇਠਲਾ ਪਾਸਾ।
ਜਾਂ, “ਅਮੂਰਾਹ।”
ਯਾਨੀ, ਅਦਨ ਦਾ ਬਾਗ਼।
ਇਬ, “ਬੀ।”
ਇਬ, “ਬੀ।”
ਇਬ, “ਬੀ।”
ਇਬ, “ਤੰਬੂਆਂ ਵਿਚ ਰਿਹਾ।”
ਜਾਂ, “ਅਮੂਰਾਹ।”
ਯਾਨੀ, ਮ੍ਰਿਤ ਸਾਗਰ।
ਇਬ, “ਅਬਰਾਮ ਜੋ ਇਕ ਇਬਰਾਨੀ ਸੀ।”
ਜਾਂ, “ਤੰਬੂਆਂ ਵਿਚ ਰਹਿੰਦਾ ਸੀ।”
ਇਬ, “ਭਰਾ।”
ਇਬ, “ਬੀ।”
ਇਬ, “ਬੀ।”
ਇਬ, “ਬੀ।”
ਇਬ, “ਬੀ।”
ਇਬ, “ਤੇਰੇ ਸੀਨੇ ਨਾਲ ਲਾਇਆ।”
ਇਬ, “ਬੀ।”
ਮਤਲਬ “ਪਰਮੇਸ਼ੁਰ ਸੁਣਦਾ ਹੈ।”
ਸ਼ਾਇਦ ਇੱਥੇ ਉਸ ਦੇ ਆਪਣੀ ਮਨ-ਮਰਜ਼ੀ ਕਰਨ ਦੇ ਸੁਭਾਅ ਵੱਲ ਇਸ਼ਾਰਾ ਕੀਤਾ ਗਿਆ ਹੈ।
ਜਾਂ ਸੰਭਵ ਹੈ, “ਉਹ ਆਪਣੇ ਸਾਰੇ ਭਰਾਵਾਂ ਨਾਲ ਦੁਸ਼ਮਣੀ ਰੱਖੇਗਾ।”
ਜਾਂ, “ਮੈਨੂੰ ਦੇਖਣ ਵਾਲਾ” ਜਾਂ “ਆਪਣੇ ਆਪ ਨੂੰ ਪ੍ਰਗਟ ਕਰਨ ਵਾਲਾ।”
ਮਤਲਬ “ਮੈਨੂੰ ਦੇਖਣ ਵਾਲੇ ਜੀਉਂਦੇ ਪਰਮੇਸ਼ੁਰ ਦਾ ਖੂਹ।”
ਜਾਂ, “ਬੇਕਸੂਰ।”
ਮਤਲਬ “ਪਿਤਾ ਮਹਾਨ ਹੈ (ਦਾ ਰੁਤਬਾ ਉੱਚਾ ਹੈ)।”
ਮਤਲਬ “ਭੀੜ ਦਾ ਪਿਤਾ; ਬਹੁਤ ਸਾਰਿਆਂ ਦਾ ਪਿਤਾ।”
ਇਬ, “ਬੀ।”
ਇਬ, “ਬੀ।”
ਇਬ, “ਬੀ।”
ਇਬ, “ਬੀ।”
ਇਬ, “ਬੀ।”
ਇਬ, “ਨਰ,” ਯਾਨੀ ਆਦਮੀ ਅਤੇ ਮੁੰਡੇ।
ਇਬ, “ਬੀ।”
ਸ਼ਾਇਦ ਇਸ ਦਾ ਮਤਲਬ ਹੈ “ਝਗੜਾਲੂ।”
ਮਤਲਬ “ਰਾਜਕੁਮਾਰੀ।”
ਮਤਲਬ “ਹਾਸਾ।”
ਇਬ, “ਬੀ।”
ਯਾਨੀ, ਯਹੋਵਾਹ ਵੱਲੋਂ ਆਇਆ ਦੂਤ।
ਇਬ, “ਆਪਣੇ ਦਿਲ ਨੂੰ ਤਕੜਾ ਕਰੋ।”
ਇਕ ਸੇਆਹ 7.33 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਉਤ 12:3, ਫੁਟਨੋਟ ਦੇਖੋ।
ਜਾਂ, “ਅਮੂਰਾਹ।”
ਜਾਂ, “ਪਨਾਹ।” ਇਬ, “ਸਾਏ।”
ਇਨਸਾਨੀ ਸਰੀਰ ਵਿਚ ਦੂਤ।
ਜਾਂ, “ਸ਼ਿਕਾਇਤਾਂ ਦਾ ਰੌਲ਼ਾ ਉੱਚਾ ਹੋ ਗਿਆ ਹੈ।”
ਯਰਦਨ ਵਾਦੀ ਦਾ ਹੇਠਲਾ ਪਾਸਾ।
ਜਾਂ, “ਅਟੱਲ ਪਿਆਰ।”
ਮਤਲਬ “ਛੋਟਾ।”
ਜਾਂ, “ਅਮੂਰਾਹ।”
ਜਾਂ, “ਪਰਦੇਸੀ ਦੇ ਤੌਰ ਤੇ ਰਹਿ ਰਿਹਾ ਸੀ।”
ਜਾਂ, “ਨੇਕ।”
ਜਾਂ, “ਸਾਫ਼ ਮਨ ਅਤੇ ਸ਼ੁੱਧ ਹੱਥਾਂ ਨਾਲ।”
ਜਾਂ, “ਅਟੱਲ ਪਿਆਰ।”
ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਤੇਰੇ ਲਈ ਅੱਖਾਂ ਦਾ ਪਰਦਾ ਹੈ।”
ਜਾਂ, “ਅਬੀਮਲਕ ਦੇ ਘਰਾਣੇ ਦੀ ਹਰ ਔਰਤ ਦੀ ਕੁੱਖ ਬੰਦ ਕਰ ਦਿੱਤੀ ਸੀ।”
ਜਾਂ ਸੰਭਵ ਹੈ, “ਮੇਰੇ ʼਤੇ ਹੱਸੇਗਾ।”
ਯਾਨੀ, ਇਸਮਾਏਲ।
ਇਬ, “ਉਸ ਦੀ ਆਵਾਜ਼।”
ਇਬ, “ਬੀ।”
ਜਾਂ, “ਜਿੰਨੀ ਕੁ ਦੂਰ ਤੀਰ ਮਾਰਿਆ ਜਾ ਸਕਦਾ ਹੈ।”
ਜਾਂ, “ਅਟੱਲ ਪਿਆਰ।”
ਸ਼ਾਇਦ ਇਸ ਦਾ ਮਤਲਬ ਹੈ “ਸਹੁੰ ਦਾ ਖੂਹ” ਜਾਂ “ਸੱਤਾਂ ਦਾ ਖੂਹ।”
ਮਤਲਬ “ਯਹੋਵਾਹ ਦੇਵੇਗਾ; ਯਹੋਵਾਹ ਇੰਤਜ਼ਾਮ ਕਰੇਗਾ।”
ਇਬ, “ਬੀ।”
ਇਬ, “ਬੀ।”
ਇਬ, “ਦਰਵਾਜ਼ੇ।”
ਇਬ, “ਬੀ।”
ਉਤ 12:3, ਫੁਟਨੋਟ ਦੇਖੋ।
ਇਬ, “ਹੇਥ ਦੇ ਪੁੱਤਰਾਂ।”
ਜਾਂ ਸੰਭਵ ਹੈ, “ਵੱਡਾ ਮੁਖੀ।”
ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਬਿਰਧ।”
ਕਈ ਵਾਰ ਸਹੁੰ ਖਿਲਾਉਣ ਵੇਲੇ ਇਸ ਤਰ੍ਹਾਂ ਕੀਤਾ ਜਾਂਦਾ ਸੀ।
ਇਬ, “ਬੀ।”
ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਸ਼ਾਇਦ ਲਾਬਾਨ।
ਇਬ, “ਸੱਜੇ ਮੁੜਾਂ ਜਾਂ ਖੱਬੇ ਮੁੜਾਂ।”
ਜਾਂ, “ਅਸੀਂ ਤੈਨੂੰ ਮਾੜਾ ਜਾਂ ਚੰਗਾ ਨਹੀਂ ਕਹਿ ਸਕਦੇ।”
ਯਾਨੀ, ਜਿਸ ਨੇ ਉਸ ਨੂੰ ਦੁੱਧ ਚੁੰਘਾਇਆ ਸੀ ਅਤੇ ਹੁਣ ਉਸ ਦੀ ਸੇਵਾ ਕਰਦੀ ਸੀ।
ਇਬ, “ਬੀ।”
ਇਬ, “ਦਰਵਾਜ਼ੇ।”
ਜਾਂ, “ਸੋਚ-ਵਿਚਾਰ।”
ਮੌਤ ਲਈ ਵਰਤਿਆ ਜਾਂਦਾ ਇਕ ਮੁਹਾਵਰਾ।
ਜਾਂ ਸੰਭਵ ਹੈ, “ਉਸ ਨੇ ਆਪਣੇ ਸਾਰੇ ਭਰਾਵਾਂ ਨਾਲ ਦੁਸ਼ਮਣੀ ਰੱਖੀ।”
ਮਤਲਬ “ਜੱਤਲ।”
ਮਤਲਬ “ਅੱਡੀ ਨੂੰ ਫੜਨ ਵਾਲਾ; ਦੂਸਰੇ ਦੀ ਜਗ੍ਹਾ ਲੈਣ ਵਾਲਾ।”
ਜਾਂ, “ਭੁੱਖ ਨਾਲ ਮੇਰੀ ਜਾਨ ਨਿਕਲ ਰਹੀ ਹੈ!”
ਮਤਲਬ “ਲਾਲ।”
ਇਬ, “ਬੀ।”
ਇਬ, “ਬੀ।”
ਇਬ, “ਬੀ।”
ਉਤ 12:3, ਫੁਟਨੋਟ ਦੇਖੋ।
ਜਾਂ, “ਗਲ਼ੇ ਲਾਉਂਦਿਆਂ।”
ਮਤਲਬ “ਝਗੜਾ।”
ਮਤਲਬ “ਦੋਸ਼।”
ਮਤਲਬ “ਖੁੱਲ੍ਹੀ ਜਗ੍ਹਾ।”
ਇਬ, “ਬੀ।”
ਮਤਲਬ “ਸਹੁੰ ਜਾਂ ਸੱਤ।”
ਮਤਲਬ “ਸਹੁੰ ਦਾ ਖੂਹ ਜਾਂ ਸੱਤਾਂ ਦਾ ਖੂਹ।”
ਇਬ, “ਮਨ ਵਿਚ ਕੁੜੱਤਣ।”
ਮਤਲਬ “ਅੱਡੀ ਨੂੰ ਫੜਨ ਵਾਲਾ; ਦੂਸਰੇ ਦੀ ਜਗ੍ਹਾ ਲੈਣ ਵਾਲਾ।”
ਇਬ, “ਤੂੰ ਆਪਣੀ ਧੌਣ ਤੋਂ ਉਸ ਦਾ ਜੂਲਾ ਭੰਨ ਸੁੱਟੇਂਗਾ।”
ਜਾਂ, “ਤੈਨੂੰ ਮਾਰਨ ਬਾਰੇ ਸੋਚ-ਸੋਚ ਕੇ ਆਪਣੇ ਆਪ ਨੂੰ ਤਸੱਲੀ ਦੇ ਰਿਹਾ।”
ਇਬ, “ਆਪਣੀ ਮਾਂ ਦੇ ਪਿਤਾ।”
ਇਬ, “ਆਪਣੀ ਮਾਂ ਦੇ ਭਰਾ।”
ਇਬ, “ਬੀ।”
ਇਬ, “ਬੀ।”
ਇਬ, “ਬੀ।”
ਉਤ 12:3, ਫੁਟਨੋਟ ਦੇਖੋ।
ਮਤਲਬ “ਪਰਮੇਸ਼ੁਰ ਦਾ ਘਰ।”
ਇਬ, “ਭਰਾ।”
ਇਬ, “ਮੇਰੀ ਹੱਡੀ ਅਤੇ ਮੇਰਾ ਮਾਸ ਹੈਂ।”
ਇਬ, “ਭਰਾ।”
ਇਬ, “ਲੇਆਹ ਦੀਆਂ ਅੱਖਾਂ ਵਿਚ ਚਮਕ ਨਹੀਂ ਸੀ।”
ਜਾਂ, “ਮੈਂ ਉਸ ਨਾਲ ਸਰੀਰਕ ਸੰਬੰਧ ਬਣਾਵਾਂ।”
ਇਬ, “ਨਫ਼ਰਤ ਕਰਦਾ ਸੀ।”
ਮਤਲਬ “ਦੇਖੋ, ਇਕ ਪੁੱਤਰ!”
ਮਤਲਬ “ਸੁਣਨਾ।”
ਮਤਲਬ “ਮੋਹ; ਜੁੜਿਆ।”
ਮਤਲਬ “ਵਡਿਆਈ ਕੀਤੀ ਗਈ; ਵਡਿਆਈ ਦੇ ਲਾਇਕ।”
ਮਤਲਬ “ਨਿਆਂਕਾਰ।”
ਮਤਲਬ “ਮੇਰੇ ਘੋਲ਼।”
ਮਤਲਬ “ਵੱਡੀ ਬਰਕਤ।”
ਇਬ, “ਧੀਆਂ।”
ਮਤਲਬ “ਖ਼ੁਸ਼; ਖ਼ੁਸ਼ੀ।”
ਆਲੂ ਪ੍ਰਜਾਤੀ ਦਾ ਇਕ ਪੌਦਾ। ਕਿਹਾ ਜਾਂਦਾ ਸੀ ਕਿ ਇਸ ਦਾ ਫਲ ਔਰਤਾਂ ਦੀ ਜਣਨ-ਸ਼ਕਤੀ ਵਧਾਉਂਦਾ ਸੀ।
ਮਤਲਬ “ਉਹ ਮਜ਼ਦੂਰੀ ਹੈ।”
ਮਤਲਬ “ਬਰਦਾਸ਼ਤ ਕਰਨਾ।”
ਯੋਸੀਫਯਾਹ ਨਾਂ ਦਾ ਛੋਟਾ ਰੂਪ ਜਿਸ ਦਾ ਮਤਲਬ ਹੈ “ਯਾਹ ਜੋੜੇ (ਜਾਂ ਵਧਾਵੇ)।”
ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।
ਜਾਂ, “ਸਬੂਤਾਂ ਤੋਂ।”
ਇਬ, “ਮੇਰੀ ਮਜ਼ਦੂਰੀ।”
ਇਬ, “ਤਰਾਫੀਮ।” ਸ਼ਬਦਾਵਲੀ ਦੇਖੋ।
ਯਾਨੀ, ਫ਼ਰਾਤ ਦਰਿਆ।
ਇਬ, “ਭਰਾਵਾਂ।”
ਇਬ, “ਪੁੱਤਰਾਂ,” ਯਾਨੀ ਦੋਹਤੇ-ਦੋਹਤੀਆਂ।
ਔਰਤਾਂ ਦੇ ਬੈਠਣ ਲਈ ਕਾਠੀ ਜਿਸ ਵਿਚ ਚੀਜ਼ਾਂ ਰੱਖਣ ਦੀ ਜਗ੍ਹਾ ਹੁੰਦੀ ਸੀ।
ਇਕ ਅਰਾਮੀ ਸ਼ਬਦ ਜਿਸ ਦਾ ਮਤਲਬ ਹੈ “ਗਵਾਹੀ ਦਾ ਢੇਰ।”
ਇਕ ਇਬਰਾਨੀ ਸ਼ਬਦ ਜਿਸ ਦਾ ਮਤਲਬ ਹੈ “ਗਵਾਹੀ ਦਾ ਢੇਰ।”
ਜਾਂ, “ਆਪਣੇ ਭਰਾਵਾਂ।”
ਇਬ, “ਪੁੱਤਰਾਂ,” ਯਾਨੀ ਦੋਹਤੇ-ਦੋਹਤੀਆਂ।
ਮਤਲਬ “ਦੋ ਛਾਉਣੀਆਂ।”
ਜਾਂ, “ਪਰਦੇਸੀ ਵਜੋਂ ਰਿਹਾ।”
ਇਬ, “ਬੀ।”
ਇਨਸਾਨੀ ਸਰੀਰ ਵਿਚ ਇਕ ਦੂਤ।
ਮਤਲਬ “ਪਰਮੇਸ਼ੁਰ ਨਾਲ ਘੁਲ਼ਣ ਵਾਲਾ (ਹਾਰ ਨਾ ਮੰਨਣ ਵਾਲਾ)” ਜਾਂ “ਪਰਮੇਸ਼ੁਰ ਘੁਲ਼ਦਾ ਹੈ।”
ਮਤਲਬ “ਪਰਮੇਸ਼ੁਰ ਦਾ ਚਿਹਰਾ।”
ਜਾਂ, “ਪਨੀਏਲ।”
ਮਤਲਬ “ਛੱਪਰ; ਢਾਰਾ।”
ਇਬ, “ਕੁੜੀ ਦੇ ਦਿਲ ਨਾਲ ਗੱਲਾਂ ਕੀਤੀਆਂ।”
ਵਿਆਹ ਵੇਲੇ ਮੁੰਡੇ ਨੂੰ ਕੁੜੀ ਦੀ ਕੀਮਤ ਅਦਾ ਕਰਨੀ ਪੈਂਦੀ ਸੀ।
ਜਾਂ, “ਤੁਹਾਡੇ ਕਰਕੇ ਕੋਈ ਮੇਰੇ ਨਾਲ ਵਾਸਤਾ ਨਹੀਂ ਰੱਖੇਗਾ।”
ਜਾਂ, “ਲੁਕਾ।”
ਮਤਲਬ “ਬੈਤੇਲ ਦਾ ਪਰਮੇਸ਼ੁਰ।”
ਮਤਲਬ “ਰੋਣ ਲਈ ਵੱਡਾ ਦਰਖ਼ਤ।”
ਇਬ, “ਬੀ।”
ਮਤਲਬ “ਮੇਰੇ ਸੋਗ ਦਾ ਪੁੱਤਰ।”
ਮਤਲਬ “ਸੱਜੇ ਹੱਥ ਦਾ ਪੁੱਤਰ।”
ਮੌਤ ਲਈ ਵਰਤਿਆ ਜਾਂਦਾ ਇਕ ਮੁਹਾਵਰਾ।
ਜਾਂ, “ਪੋਤੇ।”
ਜਾਂ, “ਪੋਤੇ।”
ਕਿਸੇ ਕਬੀਲੇ ਜਾਂ ਖ਼ਾਨਦਾਨ ਦਾ ਮੁਖੀ।
ਜਾਂ, “ਪੋਤੇ।”
ਜਾਂ, “ਪੋਤੇ।”
ਇਬ, “ਇਜ਼ਰਾਈਲ ਦੇ ਪੁੱਤਰਾਂ।”
ਇਬ, “ਸ਼ਾਂਤੀ ਨਾਲ।”
ਇਬ, “ਮਾਸ।”
ਜਾਂ, “ਮਿਦਿਆਨੀ।”
ਜਾਂ, “ਕਬਰ ਵਿਚ ਜਾਣ ਦੇ ਦਿਨ ਤਕ,” ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਮਿਦਿਆਨੀਆਂ।”
ਯਾਨੀ, ਯਹੂਦਾਹ।
ਸ਼ਬਦਾਵਲੀ, “ਦਿਓਰ-ਭਾਬੀ ਵਿਆਹ” ਦੇਖੋ।
ਜਾਂ, “ਮੰਦਰ ਦੀ ਵੇਸਵਾ।” ਸ਼ਾਇਦ ਇਨ੍ਹਾਂ ਵੇਸਵਾਵਾਂ ਲਈ ਇਹ ਕੰਮ ਕਨਾਨੀ ਦੇਵੀ-ਦੇਵਤਿਆਂ ਦੀ ਭਗਤੀ ਦਾ ਹਿੱਸਾ ਸੀ।
ਮਤਲਬ “ਪਾੜਨਾ।”
ਇਕ ਅਧਿਕਾਰੀ ਜੋ ਰਾਜੇ ਨੂੰ ਦਾਖਰਸ ਅਤੇ ਹੋਰ ਪੀਣ ਵਾਲੀਆਂ ਚੀਜ਼ਾਂ ਵਰਤਾਉਂਦਾ ਹੁੰਦਾ ਸੀ।
ਇਬ, “ਦਿਨ।”
ਇਬ, “ਤੇਰਾ ਸਿਰ ਉੱਚਾ ਕਰੇਗਾ।”
ਇਬ, “ਭੋਰਾ; ਟੋਆ।”
ਇਬ, “ਤੇਰੇ ਉੱਤੋਂ ਤੇਰਾ ਸਿਰ ਚੁੱਕ ਕੇ।”
ਇਬ, “ਦਾ ਸਿਰ ਉੱਚਾ ਚੁੱਕਿਆ।”
ਉਸ ਦਾ ਸਿਰ ਵੱਢਣ ਤੋਂ ਬਾਅਦ।
ਇਬ, “ਭੋਰਾ; ਟੋਆ।”
ਇਬ, “ਹੱਥੋਂ।”
ਇਬ, “ਹੱਥ।”
ਲੱਗਦਾ ਹੈ ਕਿ ਇਹ ਸ਼ਬਦ ਵਰਤ ਕੇ ਆਦਰ-ਮਾਣ ਦਿਖਾਉਣ ਦਾ ਹੋਕਾ ਦਿੱਤਾ ਜਾਂਦਾ ਸੀ।
ਇਬ, “ਆਪਣਾ ਹੱਥ ਜਾਂ ਪੈਰ ਵੀ ਨਹੀਂ ਚੁੱਕੇਗਾ।”
ਯਾਨੀ, ਹੀਲੀਓਪੁਲਿਸ।
ਜਾਂ, “ਮਿਸਰ ਦਾ ਦੌਰਾ ਕਰਨ ਲੱਗਾ।”
ਜਾਂ, “ਦੀ ਸੇਵਾ ਕਰਨ ਲਈ।”
ਯਾਨੀ, ਹੀਲੀਓਪੁਲਿਸ।
ਮਤਲਬ “ਜਿਹੜਾ ਭੁੱਲਣ ਵਿਚ ਮਦਦ ਕਰਦਾ ਹੈ।”
ਮਤਲਬ “ਦੁਗਣਾ ਵਧਣਾ-ਫੁੱਲਣਾ।”
ਜਾਂ, “ਕਾਮਯਾਬੀ।”
ਜਾਂ, “ਭੋਜਨ।”
ਜਾਂ, “ਕਮਜ਼ੋਰ ਹਾਲਤ।”
ਇਬ, “ਮੁੰਡੇ ਦੇ ਖ਼ਿਲਾਫ਼ ਪਾਪ ਨਾ ਕਰੋ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਬਲਸਾਨ।”
ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਦੇਸ਼ ਵਿਚ।”
ਇਬ, “ਪਿਤਾ।”
ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਯਾਨੀ, ਯਾਕੂਬ ਦੀ ਮੌਤ ਹੋਣ ਤੇ ਉਸ ਦੀਆਂ ਅੱਖਾਂ ਬੰਦ ਕਰਨੀਆਂ।
ਇਬ, “ਇਜ਼ਰਾਈਲ।”
ਯਾਨੀ, ਹੀਲੀਓਪੁਲਿਸ।
ਜਾਂ, “ਇੱਧਰ-ਉੱਧਰ ਘੁੰਮਦੇ ਹੋਏ।”
ਉਤ 24:2, ਫੁਟਨੋਟ ਦੇਖੋ।
ਇਬ, “ਪਿਉ-ਦਾਦਿਆਂ ਨਾਲ ਸੌਂ ਜਾਵਾਂ।”
ਇਬ, “ਬੀ।”
ਇਬ, “ਬੀ।”
ਇਬ, “ਬੀ।”
ਇਬ, “ਤੂੰ ਆਪਣੇ ਪਿਤਾ ਦੇ ਵਿਛਾਉਣੇ ʼਤੇ ਲੰਮਾ ਪਿਆ।”
ਜਾਂ, “ਭ੍ਰਿਸ਼ਟ।”
ਜਾਂ, “ਮੇਰੇ ਆਦਰ।”
ਜਾਂ, “ਬਲਦਾਂ ਦੀਆਂ ਲੱਤਾਂ ਦੀਆਂ ਨਸਾਂ ਵੱਢ ਦਿੱਤੀਆਂ।”
ਮਤਲਬ “ਉਹ ਜਿਸ ਦਾ ਇਹ ਹੈ; ਉਹ ਜੋ ਇਸ ਦਾ ਹੱਕਦਾਰ ਹੈ।”
ਇਹ ਰਾਜ ਕਰਨ ਦੇ ਅਧਿਕਾਰ ਨੂੰ ਦਰਸਾਉਂਦਾ ਹੈ।
ਇਹ ਹੁਕਮ ਦੇਣ ਦੇ ਅਧਿਕਾਰ ਨੂੰ ਦਰਸਾਉਂਦਾ ਹੈ।
ਯਾਨੀ, ਸ਼ੀਲੋਹ।
ਇਬ, “ਚਰਬੀ।”
ਜਾਂ, “ਰੋਟੀ।”
ਯਾਨੀ, ਯੂਸੁਫ਼।
ਮੌਤ ਲਈ ਵਰਤਿਆ ਜਾਂਦਾ ਇਕ ਮੁਹਾਵਰਾ।
ਜਾਂ, “ਘਰਾਣੇ।”
ਜਾਂ, “ਉਸ ਦੇ ਘਰਾਣੇ ਦੇ ਬਜ਼ੁਰਗ।”
ਮਤਲਬ “ਮਿਸਰੀਆਂ ਦਾ ਸੋਗ।”
ਇਬ, “ਯੂਸੁਫ਼ ਦੇ ਗੋਡਿਆਂ ʼਤੇ ਪੈਦਾ ਹੋਏ ਸਨ।”