ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਕੂਚ 1:1 - 40:38
  • ਕੂਚ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੂਚ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਕੂਚ

ਕੂਚ

1 ਜਦੋਂ ਯਾਕੂਬ ਯਾਨੀ ਇਜ਼ਰਾਈਲ ਮਿਸਰ ਗਿਆ, ਤਾਂ ਉਸ ਦੇ ਸਾਰੇ ਪੁੱਤਰ ਵੀ ਆਪੋ-ਆਪਣੇ ਪਰਿਵਾਰਾਂ ਨਾਲ ਉੱਥੇ ਗਏ। ਇਹ ਯਾਕੂਬ ਦੇ ਪੁੱਤਰਾਂ ਦੇ ਨਾਂ ਹਨ:+ 2 ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ;+ 3 ਯਿਸਾਕਾਰ, ਜ਼ਬੂਲੁਨ, ਬਿਨਯਾਮੀਨ; 4 ਦਾਨ, ਨਫ਼ਤਾਲੀ, ਗਾਦ ਅਤੇ ਆਸ਼ੇਰ।+ 5 ਯਾਕੂਬ ਤੋਂ ਪੈਦਾ ਹੋਏ ਸਾਰੇ ਜੀਆਂ ਦੀ ਗਿਣਤੀ 70 ਸੀ। ਯੂਸੁਫ਼ ਪਹਿਲਾਂ ਹੀ ਮਿਸਰ ਵਿਚ ਰਹਿੰਦਾ ਸੀ।+ 6 ਅਖ਼ੀਰ ਯੂਸੁਫ਼ ਦੀ ਮੌਤ ਹੋ ਗਈ,+ ਨਾਲੇ ਉਸ ਦੇ ਸਾਰੇ ਭਰਾ ਤੇ ਉਸ ਪੀੜ੍ਹੀ ਦੇ ਸਾਰੇ ਲੋਕ ਵੀ ਮਰ ਗਏ। 7 ਉਸ ਵੇਲੇ ਇਜ਼ਰਾਈਲੀਆਂ* ਦੇ ਬਹੁਤ ਸਾਰੇ ਬੱਚੇ ਹੋਏ ਜਿਸ ਕਰਕੇ ਉਨ੍ਹਾਂ ਦੀ ਗਿਣਤੀ ਬੇਹੱਦ ਵਧਣ ਲੱਗ ਪਈ ਅਤੇ ਉਹ ਤਾਕਤਵਰ ਬਣ ਗਏ। ਉਨ੍ਹਾਂ ਦੀ ਆਬਾਦੀ ਤੇਜ਼ੀ ਨਾਲ ਵਧਣ ਕਰਕੇ ਸਾਰਾ ਦੇਸ਼ ਉਨ੍ਹਾਂ ਨਾਲ ਭਰ ਗਿਆ।+

8 ਸਮੇਂ ਦੇ ਬੀਤਣ ਨਾਲ ਮਿਸਰ ਉੱਤੇ ਇਕ ਨਵਾਂ ਰਾਜਾ ਰਾਜ ਕਰਨ ਲੱਗਾ ਜੋ ਯੂਸੁਫ਼ ਨੂੰ ਨਹੀਂ ਜਾਣਦਾ ਸੀ। 9 ਇਸ ਲਈ ਉਸ ਨੇ ਆਪਣੇ ਲੋਕਾਂ ਨੂੰ ਕਿਹਾ: “ਦੇਖੋ! ਇਜ਼ਰਾਈਲੀਆਂ ਦੀ ਗਿਣਤੀ ਸਾਡੇ ਨਾਲੋਂ ਕਿਤੇ ਜ਼ਿਆਦਾ ਹੈ ਅਤੇ ਉਹ ਸਾਡੇ ਤੋਂ ਤਾਕਤਵਰ ਵੀ ਹਨ।+ 10 ਇਸ ਲਈ ਆਓ ਆਪਾਂ ਉਨ੍ਹਾਂ ਨਾਲ ਚਲਾਕੀ ਨਾਲ ਪੇਸ਼ ਆਈਏ। ਨਹੀਂ ਤਾਂ ਉਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਜਾਵੇਗੀ। ਜੇ ਸਾਡੇ ਦੁਸ਼ਮਣਾਂ ਨੇ ਸਾਡੇ ʼਤੇ ਹਮਲਾ ਕਰ ਦਿੱਤਾ, ਤਾਂ ਉਹ ਉਨ੍ਹਾਂ ਨਾਲ ਹੱਥ ਮਿਲਾ ਕੇ ਸਾਡੇ ਖ਼ਿਲਾਫ਼ ਲੜਨਗੇ ਅਤੇ ਦੇਸ਼ ਛੱਡ ਕੇ ਚਲੇ ਜਾਣਗੇ।”

11 ਇਸ ਲਈ ਉਨ੍ਹਾਂ ਨੇ ਗ਼ੁਲਾਮਾਂ ਦੇ ਮੁਖੀਆਂ ਨੂੰ ਨਿਯੁਕਤ ਕੀਤਾ ਤਾਂਕਿ ਉਹ ਜ਼ੁਲਮ ਢਾਹ ਕੇ ਇਜ਼ਰਾਈਲੀਆਂ ਤੋਂ ਜਬਰਨ ਮਜ਼ਦੂਰੀ ਕਰਾਉਣ।+ ਉਨ੍ਹਾਂ ਨੇ ਇਜ਼ਰਾਈਲੀਆਂ ਤੋਂ ਫ਼ਿਰਊਨ ਲਈ ਗੋਦਾਮਾਂ ਵਾਲੇ ਸ਼ਹਿਰ ਫਿਤੋਮ ਤੇ ਰਾਮਸੇਸ+ ਬਣਵਾਏ। 12 ਪਰ ਮਿਸਰੀਆਂ ਨੇ ਉਨ੍ਹਾਂ ਉੱਤੇ ਜਿੰਨਾ ਜ਼ਿਆਦਾ ਜ਼ੁਲਮ ਢਾਹਿਆ, ਉਨ੍ਹਾਂ ਦੀ ਗਿਣਤੀ ਉੱਨੀ ਜ਼ਿਆਦਾ ਵਧਦੀ ਗਈ ਅਤੇ ਉਹ ਦੇਸ਼ ਦੇ ਹੋਰ ਇਲਾਕਿਆਂ ਵਿਚ ਫੈਲਦੇ ਗਏ। ਇਸ ਕਰਕੇ ਉਹ ਇਜ਼ਰਾਈਲੀਆਂ ਤੋਂ ਖ਼ੌਫ਼ ਖਾਣ ਲੱਗ ਪਏ ਅਤੇ ਉਨ੍ਹਾਂ ਨਾਲ ਨਫ਼ਰਤ ਕਰਨ ਲੱਗੇ।+ 13 ਨਤੀਜੇ ਵਜੋਂ ਮਿਸਰੀਆਂ ਨੇ ਇਜ਼ਰਾਈਲੀਆਂ ਤੋਂ ਬੇਰਹਿਮੀ ਨਾਲ ਗ਼ੁਲਾਮੀ ਕਰਾਈ।+ 14 ਉਨ੍ਹਾਂ ਨੇ ਇਜ਼ਰਾਈਲੀਆਂ ਤੋਂ ਸਖ਼ਤ ਮਜ਼ਦੂਰੀ ਕਰਾ ਕੇ ਉਨ੍ਹਾਂ ਦਾ ਜੀਉਣਾ ਮੁਸ਼ਕਲ ਕਰ ਦਿੱਤਾ ਅਤੇ ਉਨ੍ਹਾਂ ਤੋਂ ਗਾਰਾ ਤੇ ਇੱਟਾਂ ਬਣਵਾਈਆਂ ਅਤੇ ਖੇਤਾਂ ਵਿਚ ਹਰ ਤਰ੍ਹਾਂ ਦੀ ਮਜ਼ਦੂਰੀ ਕਰਵਾਈ। ਹਾਂ, ਉਨ੍ਹਾਂ ਨੂੰ ਔਖੇ ਹਾਲਾਤਾਂ ਵਿਚ ਹਰ ਤਰ੍ਹਾਂ ਦੀ ਮਜ਼ਦੂਰੀ ਕਰਨ ਲਈ ਮਜਬੂਰ ਕੀਤਾ।+

15 ਬਾਅਦ ਵਿਚ ਮਿਸਰ ਦੇ ਰਾਜੇ ਨੇ ਸਿਫਰਾਹ ਤੇ ਪੁਆਹ ਨਾਂ ਦੀਆਂ ਇਬਰਾਨੀ ਦਾਈਆਂ ਨੂੰ ਕਿਹਾ: 16 “ਜਦੋਂ ਤੁਸੀਂ ਬੱਚਾ ਜਣਨ ਵਿਚ ਇਬਰਾਨੀ ਔਰਤਾਂ ਦੀ ਮਦਦ ਕਰੋਗੀਆਂ,+ ਤਾਂ ਜੇ ਮੁੰਡਾ ਪੈਦਾ ਹੋਵੇ, ਤਾਂ ਉਸ ਨੂੰ ਮਾਰ ਸੁੱਟਿਓ, ਪਰ ਜੇ ਕੁੜੀ ਹੋਵੇ, ਤਾਂ ਉਸ ਨੂੰ ਜੀਉਂਦੀ ਰੱਖਿਓ।” 17 ਪਰ ਦਾਈਆਂ ਸੱਚੇ ਪਰਮੇਸ਼ੁਰ ਦਾ ਡਰ ਮੰਨਦੀਆਂ ਸਨ, ਇਸ ਲਈ ਮਿਸਰ ਦੇ ਰਾਜੇ ਦਾ ਹੁਕਮ ਨਾ ਮੰਨਦੇ ਹੋਏ ਉਹ ਮੁੰਡਿਆਂ ਨੂੰ ਜੀਉਂਦਾ ਰੱਖਦੀਆਂ ਸਨ।+ 18 ਕੁਝ ਸਮੇਂ ਬਾਅਦ ਮਿਸਰ ਦੇ ਰਾਜੇ ਨੇ ਦਾਈਆਂ ਨੂੰ ਬੁਲਾ ਕੇ ਪੁੱਛਿਆ: “ਤੁਸੀਂ ਮੁੰਡਿਆਂ ਨੂੰ ਜੀਉਂਦਾ ਕਿਉਂ ਰਹਿਣ ਦਿੱਤਾ?” 19 ਦਾਈਆਂ ਨੇ ਫ਼ਿਰਊਨ ਨੂੰ ਕਿਹਾ: “ਇਬਰਾਨੀ ਔਰਤਾਂ ਮਿਸਰੀ ਔਰਤਾਂ ਵਰਗੀਆਂ ਨਹੀਂ ਹਨ। ਉਹ ਜਿਗਰੇ ਵਾਲੀਆਂ ਹਨ ਅਤੇ ਦਾਈ ਦੇ ਪਹੁੰਚਣ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦੇ ਦਿੰਦੀਆਂ ਹਨ।”

20 ਇਸ ਲਈ ਪਰਮੇਸ਼ੁਰ ਨੇ ਦਾਈਆਂ ʼਤੇ ਮਿਹਰ ਕੀਤੀ ਅਤੇ ਇਜ਼ਰਾਈਲੀਆਂ ਦੀ ਗਿਣਤੀ ਵਧਦੀ ਗਈ ਅਤੇ ਉਹ ਬਹੁਤ ਤਾਕਤਵਰ ਹੁੰਦੇ ਗਏ। 21 ਦਾਈਆਂ ਸੱਚੇ ਪਰਮੇਸ਼ੁਰ ਦਾ ਡਰ ਮੰਨਦੀਆਂ ਸਨ, ਇਸ ਲਈ ਬਾਅਦ ਵਿਚ ਉਸ ਨੇ ਉਨ੍ਹਾਂ ਨੂੰ ਔਲਾਦ ਦਾ ਸੁੱਖ ਦਿੱਤਾ। 22 ਆਖ਼ਰਕਾਰ, ਫ਼ਿਰਊਨ ਨੇ ਆਪਣੇ ਸਾਰੇ ਲੋਕਾਂ ਨੂੰ ਹੁਕਮ ਦਿੱਤਾ: “ਜੇ ਇਬਰਾਨੀਆਂ ਦੇ ਘਰ ਮੁੰਡਾ ਪੈਦਾ ਹੋਵੇ, ਤਾਂ ਤੁਸੀਂ ਉਸ ਨੂੰ ਨੀਲ ਦਰਿਆ ਵਿਚ ਸੁੱਟ ਦਿਓ, ਪਰ ਜੇ ਕੁੜੀ ਹੋਵੇ, ਤਾਂ ਉਸ ਨੂੰ ਜੀਉਂਦੀ ਰੱਖਿਓ।”+

2 ਤਕਰੀਬਨ ਉਸ ਸਮੇਂ ਲੇਵੀ ਦੇ ਘਰਾਣੇ ਦੇ ਇਕ ਆਦਮੀ ਨੇ ਉਸੇ ਘਰਾਣੇ ਦੀ ਇਕ ਕੁੜੀ ਨਾਲ ਵਿਆਹ ਕਰਾਇਆ।+ 2 ਉਹ ਕੁੜੀ ਗਰਭਵਤੀ ਹੋਈ ਅਤੇ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ। ਜਦੋਂ ਉਸ ਨੇ ਦੇਖਿਆ ਕਿ ਮੁੰਡਾ ਕਿੰਨਾ ਸੋਹਣਾ ਸੀ, ਤਾਂ ਉਸ ਨੇ ਮੁੰਡੇ ਨੂੰ ਤਿੰਨ ਮਹੀਨੇ ਲੁਕਾਈ ਰੱਖਿਆ।+ 3 ਫਿਰ ਜਦੋਂ ਉਸ ਲਈ ਮੁੰਡੇ ਨੂੰ ਲੁਕਾਈ ਰੱਖਣਾ ਮੁਸ਼ਕਲ ਹੋ ਗਿਆ,+ ਤਾਂ ਉਸ ਨੇ ਸਰਕੰਡਿਆਂ ਦੀ ਇਕ ਟੋਕਰੀ* ਲੈ ਕੇ ਉਸ ਨੂੰ ਤਾਰਕੋਲ ਅਤੇ ਰਾਲ਼ ਨਾਲ ਲਿੱਪਿਆ ਅਤੇ ਬੱਚੇ ਨੂੰ ਟੋਕਰੀ ਵਿਚ ਪਾ ਕੇ ਨੀਲ ਦਰਿਆ ਦੇ ਕੰਢੇ ਪਾਣੀ ਵਿਚ ਉੱਗੇ ਸਰਕੰਡਿਆਂ ਵਿਚ ਰੱਖ ਦਿੱਤਾ। 4 ਪਰ ਉਸ ਦੀ ਭੈਣ+ ਥੋੜ੍ਹੀ ਦੂਰ ਖੜ੍ਹੀ ਦੇਖਦੀ ਰਹੀ ਕਿ ਮੁੰਡੇ ਨਾਲ ਕੀ ਹੋਵੇਗਾ।

5 ਕੁਝ ਸਮੇਂ ਬਾਅਦ ਫ਼ਿਰਊਨ ਦੀ ਧੀ ਨੀਲ ਦਰਿਆ ਵਿਚ ਨਹਾਉਣ ਆਈ ਅਤੇ ਉਸ ਦੀਆਂ ਨੌਕਰਾਣੀਆਂ ਨੀਲ ਦਰਿਆ ਦੇ ਕੰਢੇ ʼਤੇ ਟਹਿਲ ਰਹੀਆਂ ਸਨ। ਫਿਰ ਉਸ ਨੇ ਸਰਕੰਡਿਆਂ ਵਿਚ ਪਈ ਟੋਕਰੀ ਦੇਖੀ। ਉਸ ਨੇ ਤੁਰੰਤ ਆਪਣੀ ਦਾਸੀ ਨੂੰ ਟੋਕਰੀ ਲਿਆਉਣ ਲਈ ਘੱਲਿਆ।+ 6 ਜਦੋਂ ਉਸ ਨੇ ਟੋਕਰੀ ਖੋਲ੍ਹੀ, ਤਾਂ ਉਸ ਨੇ ਦੇਖਿਆ ਕਿ ਉਸ ਵਿਚ ਇਕ ਮੁੰਡਾ ਸੀ ਅਤੇ ਉਹ ਰੋ ਰਿਹਾ ਸੀ। ਉਸ ਨੂੰ ਮੁੰਡੇ ʼਤੇ ਤਰਸ ਆਇਆ, ਪਰ ਉਸ ਨੇ ਕਿਹਾ: “ਇਹ ਤਾਂ ਕਿਸੇ ਇਬਰਾਨੀ ਦਾ ਬੱਚਾ ਹੈ।” 7 ਫਿਰ ਮੁੰਡੇ ਦੀ ਭੈਣ ਨੇ ਫ਼ਿਰਊਨ ਦੀ ਧੀ ਨੂੰ ਪੁੱਛਿਆ: “ਕੀ ਮੈਂ ਕਿਸੇ ਇਬਰਾਨੀ ਤੀਵੀਂ ਨੂੰ ਬੁਲਾ ਕੇ ਲਿਆਵਾਂ ਜੋ ਬੱਚੇ ਨੂੰ ਦੁੱਧ ਚੁੰਘਾਵੇ ਤੇ ਇਸ ਦੀ ਦੇਖ-ਭਾਲ ਕਰੇ?” 8 ਫ਼ਿਰਊਨ ਦੀ ਧੀ ਨੇ ਉਸ ਨੂੰ ਕਿਹਾ: “ਜਾਹ ਲੈ ਆ!” ਉਹ ਕੁੜੀ ਉਸੇ ਵੇਲੇ ਜਾ ਕੇ ਮੁੰਡੇ ਦੀ ਮਾਂ ਨੂੰ ਬੁਲਾ ਲਿਆਈ।+ 9 ਫ਼ਿਰਊਨ ਦੀ ਧੀ ਨੇ ਉਸ ਤੀਵੀਂ ਨੂੰ ਕਿਹਾ: “ਬੱਚੇ ਨੂੰ ਆਪਣੇ ਨਾਲ ਲੈ ਜਾ ਅਤੇ ਇਸ ਨੂੰ ਦੁੱਧ ਚੁੰਘਾ ਤੇ ਇਸ ਦੀ ਦੇਖ-ਭਾਲ ਕਰ। ਮੈਂ ਤੈਨੂੰ ਇਸ ਕੰਮ ਦੇ ਪੈਸੇ ਦਿਆਂਗੀ।” ਉਹ ਤੀਵੀਂ ਬੱਚੇ ਨੂੰ ਲੈ ਗਈ ਅਤੇ ਉਸ ਦਾ ਪਾਲਣ-ਪੋਸ਼ਣ ਕੀਤਾ। 10 ਜਦੋਂ ਬੱਚਾ ਵੱਡਾ ਹੋਇਆ, ਤਾਂ ਉਹ ਬੱਚੇ ਨੂੰ ਫ਼ਿਰਊਨ ਦੀ ਧੀ ਕੋਲ ਲੈ ਗਈ ਅਤੇ ਉਸ ਨੇ ਮੁੰਡੇ ਨੂੰ ਆਪਣਾ ਪੁੱਤਰ ਬਣਾ ਲਿਆ।+ ਉਸ ਨੇ ਉਸ ਦਾ ਨਾਂ ਮੂਸਾ* ਰੱਖਿਆ ਅਤੇ ਕਿਹਾ: “ਮੈਂ ਇਸ ਕਰਕੇ ਇਸ ਦਾ ਇਹ ਨਾਂ ਰੱਖਿਆ ਕਿਉਂਕਿ ਮੈਂ ਇਸ ਨੂੰ ਪਾਣੀ ਵਿੱਚੋਂ ਕੱਢਿਆ ਸੀ।”+

11 ਜਦੋਂ ਮੂਸਾ ਜਵਾਨ* ਹੋਇਆ, ਤਾਂ ਇਕ ਦਿਨ ਉਹ ਦੇਖਣ ਗਿਆ ਕਿ ਉਸ ਦੇ ਭਰਾਵਾਂ ਤੋਂ ਕਿਵੇਂ ਸਖ਼ਤ ਮਜ਼ਦੂਰੀ ਕਰਵਾਈ ਜਾ ਰਹੀ ਸੀ।+ ਉੱਥੇ ਉਸ ਨੇ ਦੇਖਿਆ ਕਿ ਇਕ ਮਿਸਰੀ ਉਸ ਦੇ ਇਕ ਇਬਰਾਨੀ ਭਰਾ ਨੂੰ ਕੁੱਟ ਰਿਹਾ ਸੀ। 12 ਪਹਿਲਾਂ ਮੂਸਾ ਨੇ ਇੱਧਰ-ਉੱਧਰ ਨਜ਼ਰ ਮਾਰੀ ਕਿ ਕੋਈ ਦੇਖ ਤਾਂ ਨਹੀਂ ਰਿਹਾ। ਫਿਰ ਉਸ ਨੇ ਮਿਸਰੀ ਨੂੰ ਮਾਰ ਕੇ ਉਸ ਦੀ ਲਾਸ਼ ਰੇਤ ਵਿਚ ਦੱਬ ਦਿੱਤੀ।+

13 ਅਗਲੇ ਦਿਨ ਜਦੋਂ ਉਹ ਬਾਹਰ ਗਿਆ, ਤਾਂ ਉਸ ਨੇ ਦੇਖਿਆ ਕਿ ਦੋ ਇਬਰਾਨੀ ਆਦਮੀ ਆਪਸ ਵਿਚ ਲੜ ਰਹੇ ਸਨ। ਇਸ ਲਈ ਉਸ ਨੇ ਕਸੂਰਵਾਰ ਆਦਮੀ ਨੂੰ ਕਿਹਾ: “ਤੂੰ ਕਿਉਂ ਆਪਣੇ ਭਰਾ ਨੂੰ ਕੁੱਟ ਰਿਹਾ ਹੈਂ?”+ 14 ਇਹ ਸੁਣ ਕੇ ਉਸ ਆਦਮੀ ਨੇ ਕਿਹਾ: “ਕਿਸ ਨੇ ਤੈਨੂੰ ਸਾਡਾ ਹਾਕਮ ਤੇ ਨਿਆਂਕਾਰ ਬਣਾਇਆ ਹੈ? ਕੀ ਤੂੰ ਮੈਨੂੰ ਵੀ ਉਸ ਮਿਸਰੀ ਵਾਂਗ ਜਾਨੋਂ ਮਾਰਨ ਦੀ ਸੋਚ ਰਿਹਾ ਹੈਂ?”+ ਉਸ ਦੀ ਗੱਲ ਸੁਣ ਕੇ ਮੂਸਾ ਡਰ ਗਿਆ ਅਤੇ ਮਨ ਵਿਚ ਕਿਹਾ: “ਹੁਣ ਤਾਂ ਪੱਕਾ ਸਾਰਿਆਂ ਨੂੰ ਇਹ ਗੱਲ ਪਤਾ ਲੱਗ ਗਈ ਹੋਣੀ!”

15 ਜਦੋਂ ਫ਼ਿਰਊਨ ਨੇ ਇਸ ਬਾਰੇ ਸੁਣਿਆ, ਤਾਂ ਉਸ ਨੇ ਮੂਸਾ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਮੂਸਾ ਫ਼ਿਰਊਨ ਤੋਂ ਜਾਨ ਬਚਾ ਕੇ ਭੱਜ ਗਿਆ ਅਤੇ ਮਿਦਿਆਨ+ ਦੇਸ਼ ਵਿਚ ਰਹਿਣ ਚਲਾ ਗਿਆ। ਉੱਥੇ ਉਹ ਇਕ ਖੂਹ ਦੇ ਲਾਗੇ ਬੈਠ ਗਿਆ। 16 ਮਿਦਿਆਨ ਦੇ ਪੁਜਾਰੀ+ ਦੀਆਂ ਸੱਤ ਕੁੜੀਆਂ ਸਨ। ਉਹ ਖੂਹ ʼਤੇ ਆਈਆਂ ਤਾਂਕਿ ਉਹ ਪਾਣੀ ਕੱਢ ਕੇ ਚੁਬੱਚੇ ਭਰਨ ਅਤੇ ਆਪਣੇ ਪਿਤਾ ਦੀਆਂ ਭੇਡਾਂ-ਬੱਕਰੀਆਂ ਨੂੰ ਪਿਲਾਉਣ। 17 ਪਰ ਚਰਵਾਹਿਆਂ ਨੇ ਆ ਕੇ ਹਮੇਸ਼ਾ ਵਾਂਗ ਉਨ੍ਹਾਂ ਨੂੰ ਉੱਥੋਂ ਧੱਕੇ ਨਾਲ ਹਟਾ ਦਿੱਤਾ। ਇਹ ਦੇਖ ਕੇ ਮੂਸਾ ਉੱਠਿਆ ਅਤੇ ਉਨ੍ਹਾਂ ਕੁੜੀਆਂ ਦੀ ਮਦਦ ਕੀਤੀ* ਅਤੇ ਉਨ੍ਹਾਂ ਦੀਆਂ ਭੇਡਾਂ-ਬੱਕਰੀਆਂ ਨੂੰ ਪਾਣੀ ਪਿਲਾਇਆ। 18 ਜਦੋਂ ਉਹ ਘਰ ਵਾਪਸ ਆਈਆਂ, ਤਾਂ ਉਨ੍ਹਾਂ ਦੇ ਪਿਤਾ ਰਊਏਲ*+ ਨੇ ਹੈਰਾਨੀ ਨਾਲ ਪੁੱਛਿਆ: “ਅੱਜ ਤੁਸੀਂ ਇੰਨੀ ਛੇਤੀ ਘਰ ਕਿੱਦਾਂ ਆ ਗਈਆਂ?” 19 ਉਨ੍ਹਾਂ ਨੇ ਦੱਸਿਆ: “ਇਕ ਮਿਸਰੀ ਆਦਮੀ+ ਨੇ ਸਾਨੂੰ ਚਰਵਾਹਿਆਂ ਦੇ ਹੱਥੋਂ ਬਚਾਇਆ ਅਤੇ ਖੂਹ ਵਿੱਚੋਂ ਪਾਣੀ ਕੱਢ ਕੇ ਭੇਡਾਂ-ਬੱਕਰੀਆਂ ਨੂੰ ਪਿਲਾਇਆ।” 20 ਉਸ ਨੇ ਆਪਣੀਆਂ ਕੁੜੀਆਂ ਨੂੰ ਕਿਹਾ: “ਉਹ ਆਦਮੀ ਕਿੱਥੇ ਹੈ? ਤੁਸੀਂ ਉਸ ਨੂੰ ਉੱਥੇ ਕਿਉਂ ਛੱਡ ਆਈਆਂ? ਤੁਸੀਂ ਜਾ ਕੇ ਉਸ ਨੂੰ ਬੁਲਾ ਲਿਆਓ ਤਾਂਕਿ ਉਹ ਸਾਡੇ ਨਾਲ ਰੋਟੀ ਖਾਵੇ।” 21 ਫਿਰ ਮੂਸਾ ਉਸ ਆਦਮੀ ਦੇ ਘਰ ਰਹਿਣ ਲਈ ਮੰਨ ਗਿਆ ਅਤੇ ਉਸ ਨੇ ਆਪਣੀ ਧੀ ਸਿੱਪੋਰਾਹ+ ਦਾ ਵਿਆਹ ਮੂਸਾ ਨਾਲ ਕਰ ਦਿੱਤਾ। 22 ਬਾਅਦ ਵਿਚ ਸਿੱਪੋਰਾਹ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਮੂਸਾ ਨੇ ਉਸ ਦਾ ਨਾਂ ਗੇਰਸ਼ੋਮ*+ ਰੱਖਿਆ ਕਿਉਂਕਿ ਉਸ ਨੇ ਕਿਹਾ, “ਮੈਂ ਇਕ ਪਰਾਏ ਦੇਸ਼ ਵਿਚ ਪਰਦੇਸੀ ਬਣ ਗਿਆ ਹਾਂ।”+

23 ਕਾਫ਼ੀ ਲੰਬੇ ਸਮੇਂ ਬਾਅਦ* ਮਿਸਰ ਦਾ ਰਾਜਾ ਮਰ ਗਿਆ।+ ਪਰ ਲਗਾਤਾਰ ਗ਼ੁਲਾਮੀ ਦੀ ਚੱਕੀ ਪੀਹਣ ਕਰਕੇ ਇਜ਼ਰਾਈਲੀ ਆਹਾਂ ਭਰ ਰਹੇ ਸਨ ਅਤੇ ਦੁੱਖਾਂ ਦੇ ਮਾਰੇ ਸੱਚੇ ਪਰਮੇਸ਼ੁਰ ਅੱਗੇ ਮਦਦ ਲਈ ਦੁਹਾਈ ਦੇ ਰਹੇ ਸਨ।+ 24 ਸਮੇਂ ਦੇ ਬੀਤਣ ਨਾਲ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਆਹਾਂ ਸੁਣੀਆਂ+ ਅਤੇ ਪਰਮੇਸ਼ੁਰ ਨੇ ਉਸ ਇਕਰਾਰ ਨੂੰ ਯਾਦ ਕੀਤਾ ਜੋ ਉਸ ਨੇ ਅਬਰਾਹਾਮ, ਇਸਹਾਕ ਤੇ ਯਾਕੂਬ ਨਾਲ ਕੀਤਾ ਸੀ।+ 25 ਇਸ ਲਈ ਪਰਮੇਸ਼ੁਰ ਨੇ ਇਜ਼ਰਾਈਲੀਆਂ ਵੱਲ ਧਿਆਨ ਦਿੱਤਾ ਅਤੇ ਉਨ੍ਹਾਂ ਦੇ ਦੁੱਖ ਦੇਖੇ।

3 ਮੂਸਾ ਆਪਣੇ ਸਹੁਰੇ ਯਿਥਰੋ,+ ਜੋ ਮਿਦਿਆਨ ਦਾ ਪੁਜਾਰੀ ਸੀ, ਦੀਆਂ ਭੇਡਾਂ-ਬੱਕਰੀਆਂ ਦਾ ਚਰਵਾਹਾ ਬਣ ਗਿਆ। ਇਕ ਦਿਨ ਜਦ ਉਹ ਇੱਜੜ ਨੂੰ ਉਜਾੜ ਦੇ ਪੱਛਮ ਵਾਲੇ ਪਾਸੇ ਲਿਜਾ ਰਿਹਾ ਸੀ, ਤਾਂ ਉਹ ਤੁਰਦਾ-ਤੁਰਦਾ ਸੱਚੇ ਪਰਮੇਸ਼ੁਰ ਦੇ ਪਹਾੜ ਹੋਰੇਬ+ ਕੋਲ ਪਹੁੰਚ ਗਿਆ। 2 ਉੱਥੇ ਉਸ ਵੇਲੇ ਇਕ ਕੰਡਿਆਲ਼ੀ ਝਾੜੀ ਬਲ਼ ਰਹੀ ਸੀ ਅਤੇ ਯਹੋਵਾਹ ਦਾ ਦੂਤ ਅੱਗ ਦੀਆਂ ਲਪਟਾਂ ਵਿਚ ਉਸ ਸਾਮ੍ਹਣੇ ਪ੍ਰਗਟ ਹੋਇਆ।+ ਉਸ ਨੇ ਗੌਰ ਨਾਲ ਦੇਖਿਆ ਕਿ ਝਾੜੀ ਬਲ਼ ਤਾਂ ਰਹੀ ਸੀ, ਪਰ ਭਸਮ ਨਹੀਂ ਹੋ ਰਹੀ ਸੀ। 3 ਇਸ ਲਈ ਮੂਸਾ ਨੇ ਮਨ ਵਿਚ ਕਿਹਾ: “ਇਹ ਬਹੁਤ ਅਨੋਖਾ ਨਜ਼ਾਰਾ ਹੈ। ਮੈਂ ਜਾ ਕੇ ਦੇਖਦਾ ਹਾਂ ਕਿ ਕੰਡਿਆਲ਼ੀ ਝਾੜੀ ਭਸਮ ਕਿਉਂ ਨਹੀਂ ਹੋ ਰਹੀ।” 4 ਜਦੋਂ ਯਹੋਵਾਹ ਨੇ ਦੇਖਿਆ ਕਿ ਮੂਸਾ ਝਾੜੀ ਵੱਲ ਆ ਰਿਹਾ ਸੀ, ਤਾਂ ਪਰਮੇਸ਼ੁਰ ਨੇ ਝਾੜੀ ਵਿੱਚੋਂ ਉੱਚੀ ਆਵਾਜ਼ ਵਿਚ ਕਿਹਾ: “ਮੂਸਾ! ਮੂਸਾ!” ਉਸ ਨੇ ਜਵਾਬ ਦਿੱਤਾ: “ਮੈਂ ਹਾਜ਼ਰ ਹਾਂ।” 5 ਫਿਰ ਉਸ ਨੇ ਕਿਹਾ: “ਹੋਰ ਨੇੜੇ ਨਾ ਆਈਂ। ਆਪਣੀ ਜੁੱਤੀ ਲਾਹ ਦੇ ਕਿਉਂਕਿ ਤੂੰ ਪਵਿੱਤਰ ਜ਼ਮੀਨ ʼਤੇ ਖੜ੍ਹਾ ਹੈਂ।”

6 ਉਸ ਨੇ ਅੱਗੇ ਕਿਹਾ: “ਮੈਂ ਤੇਰੇ ਪਿਉ-ਦਾਦਿਆਂ* ਦਾ ਪਰਮੇਸ਼ੁਰ ਹਾਂ, ਅਬਰਾਹਾਮ ਦਾ ਪਰਮੇਸ਼ੁਰ,+ ਇਸਹਾਕ ਦਾ ਪਰਮੇਸ਼ੁਰ+ ਅਤੇ ਯਾਕੂਬ ਦਾ ਪਰਮੇਸ਼ੁਰ+ ਹਾਂ।” ਫਿਰ ਮੂਸਾ ਨੇ ਆਪਣਾ ਮੂੰਹ ਢਕ ਲਿਆ ਕਿਉਂਕਿ ਉਹ ਸੱਚੇ ਪਰਮੇਸ਼ੁਰ ਵੱਲ ਦੇਖਣ ਤੋਂ ਡਰਦਾ ਸੀ। 7 ਯਹੋਵਾਹ ਨੇ ਅੱਗੇ ਕਿਹਾ: “ਮੈਂ ਦੇਖਿਆ ਹੈ ਕਿ ਮਿਸਰ ਵਿਚ ਮੇਰੇ ਲੋਕ ਕਿੰਨੇ ਕਸ਼ਟ ਸਹਿ ਰਹੇ ਹਨ ਕਿਉਂਕਿ ਮਿਸਰੀ ਉਨ੍ਹਾਂ ਤੋਂ ਜਬਰਨ ਮਜ਼ਦੂਰੀ ਕਰਵਾ ਰਹੇ ਹਨ। ਮੈਂ ਉਨ੍ਹਾਂ ਦੀ ਦੁਹਾਈ ਸੁਣੀ ਹੈ ਅਤੇ ਉਨ੍ਹਾਂ ਦਾ ਦਰਦ ਚੰਗੀ ਤਰ੍ਹਾਂ ਜਾਣਦਾ ਹਾਂ।+ 8 ਮੈਂ ਥੱਲੇ ਜਾ* ਕੇ ਉਨ੍ਹਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਵਾਂਗਾ+ ਅਤੇ ਉਨ੍ਹਾਂ ਨੂੰ ਉਸ ਦੇਸ਼ ਵਿੱਚੋਂ ਕੱਢ ਕੇ ਇਕ ਵਧੀਆ ਅਤੇ ਖੁੱਲ੍ਹੇ ਦੇਸ਼ ਵਿਚ ਲੈ ਜਾਵਾਂਗਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ,+ ਹਾਂ, ਮੈਂ ਉਨ੍ਹਾਂ ਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਪਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ ਦਾ ਇਲਾਕਾ ਦਿਆਂਗਾ।+ 9 ਦੇਖ! ਇਜ਼ਰਾਈਲ ਦੇ ਲੋਕਾਂ ਦੀ ਦੁਹਾਈ ਮੇਰੇ ਤਕ ਪਹੁੰਚ ਗਈ ਹੈ ਅਤੇ ਮੈਂ ਦੇਖਿਆ ਹੈ ਕਿ ਮਿਸਰੀ ਉਨ੍ਹਾਂ ਉੱਤੇ ਕਿੰਨੀ ਬੇਰਹਿਮੀ ਨਾਲ ਜ਼ੁਲਮ ਢਾਹ ਰਹੇ ਹਨ।+ 10 ਇਸ ਲਈ ਮੈਂ ਤੈਨੂੰ ਫ਼ਿਰਊਨ ਕੋਲ ਘੱਲਾਂਗਾ ਅਤੇ ਤੂੰ ਮੇਰੀ ਪਰਜਾ ਇਜ਼ਰਾਈਲ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਵੇਂਗਾ।”+

11 ਪਰ ਮੂਸਾ ਨੇ ਸੱਚੇ ਪਰਮੇਸ਼ੁਰ ਨੂੰ ਕਿਹਾ: “ਮੈਂ ਕੌਣ ਹਾਂ ਕਿ ਮੈਂ ਫ਼ਿਰਊਨ ਦੇ ਸਾਮ੍ਹਣੇ ਜਾਵਾਂ ਅਤੇ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਵਾਂ?” 12 ਉਸ ਨੇ ਮੂਸਾ ਨੂੰ ਕਿਹਾ: “ਮੈਂ ਤੇਰੇ ਨਾਲ ਹੋਵਾਂਗਾ+ ਅਤੇ ਤੈਨੂੰ ਇਸ ਗੱਲ ਦਾ ਭਰੋਸਾ ਦਿਵਾਉਣ ਲਈ ਕਿ ਮੈਂ ਹੀ ਤੈਨੂੰ ਘੱਲਿਆ ਹੈ, ਮੈਂ ਤੇਰੇ ਨਾਲ ਇਹ ਵਾਅਦਾ ਕਰਦਾ ਹਾਂ: ਜਦੋਂ ਤੂੰ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਵੇਂਗਾ, ਉਸ ਤੋਂ ਬਾਅਦ ਤੁਸੀਂ ਸਾਰੇ ਇਸ ਪਹਾੜ ਉੱਤੇ ਸੱਚੇ ਪਰਮੇਸ਼ੁਰ ਦੀ ਭਗਤੀ* ਕਰੋਗੇ।”+

13 ਪਰ ਮੂਸਾ ਨੇ ਸੱਚੇ ਪਰਮੇਸ਼ੁਰ ਨੂੰ ਕਿਹਾ: “ਜੇ ਮੈਂ ਜਾ ਕੇ ਇਜ਼ਰਾਈਲੀਆਂ ਨੂੰ ਕਹਾਂ, ‘ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ,’ ਅਤੇ ਉਹ ਮੈਨੂੰ ਪੁੱਛਣ, ‘ਉਸ ਦਾ ਨਾਂ ਕੀ ਹੈ?’+ ਤਾਂ ਮੈਂ ਉਨ੍ਹਾਂ ਨੂੰ ਕੀ ਜਵਾਬ ਦਿਆਂ?” 14 ਇਸ ਲਈ ਪਰਮੇਸ਼ੁਰ ਨੇ ਮੂਸਾ ਨੂੰ ਕਿਹਾ: “ਮੈਂ ਉਹ ਬਣਾਂਗਾ ਜੋ ਮੈਂ ਬਣਨਾ ਚਾਹੁੰਦਾ* ਹਾਂ।”*+ ਫਿਰ ਉਸ ਨੇ ਅੱਗੇ ਕਿਹਾ: “ਤੂੰ ਇਜ਼ਰਾਈਲੀਆਂ ਨੂੰ ਇਹ ਕਹੀਂ, ‘ਮੈਨੂੰ ਉਸ ਨੇ ਘੱਲਿਆ ਹੈ ਜਿਸ ਦੇ ਨਾਂ ਦਾ ਮਤਲਬ ਹੈ “ਮੈਂ ਉਹ ਬਣਾਂਗਾ ਜੋ ਮੈਂ ਬਣਨਾ ਚਾਹੁੰਦਾ ਹਾਂ।”’”+ 15 ਪਰਮੇਸ਼ੁਰ ਨੇ ਮੂਸਾ ਨੂੰ ਦੁਬਾਰਾ ਇਹ ਗੱਲ ਕਹੀ:

“ਤੂੰ ਇਜ਼ਰਾਈਲੀਆਂ ਨੂੰ ਕਹੀਂ: ‘ਯਹੋਵਾਹ ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ,+ ਇਸਹਾਕ ਦੇ ਪਰਮੇਸ਼ੁਰ+ ਅਤੇ ਯਾਕੂਬ ਦੇ ਪਰਮੇਸ਼ੁਰ+ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ।’ ਹਮੇਸ਼ਾ ਲਈ ਮੇਰਾ ਇਹੀ ਨਾਂ ਹੈ+ ਅਤੇ ਪੀੜ੍ਹੀਓ-ਪੀੜ੍ਹੀ ਮੈਨੂੰ ਇਸੇ ਨਾਂ ਤੋਂ ਯਾਦ ਰੱਖਿਆ ਜਾਵੇਗਾ। 16 ਹੁਣ ਤੂੰ ਜਾਹ ਅਤੇ ਇਜ਼ਰਾਈਲ ਦੇ ਬਜ਼ੁਰਗਾਂ ਨੂੰ ਇਕੱਠਾ ਕਰ ਕੇ ਕਹਿ, ‘ਯਹੋਵਾਹ ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ, ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਮੇਰੇ ਸਾਮ੍ਹਣੇ ਪ੍ਰਗਟ ਹੋਇਆ ਸੀ ਅਤੇ ਉਸ ਨੇ ਕਿਹਾ: “ਮੈਂ ਤੁਹਾਡੀ ਹਾਲਤ ਵੱਲ ਧਿਆਨ ਦਿੱਤਾ ਹੈ+ ਅਤੇ ਦੇਖਿਆ ਹੈ ਕਿ ਮਿਸਰ ਵਿਚ ਤੁਹਾਡੇ ਨਾਲ ਕੀ-ਕੀ ਹੋ ਰਿਹਾ ਹੈ। 17 ਇਸ ਲਈ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਨੂੰ ਮਿਸਰੀਆਂ ਦੇ ਜ਼ੁਲਮਾਂ ਤੋਂ ਬਚਾ ਕੇ+ ਕਨਾਨੀਆਂ, ਹਿੱਤੀਆਂ, ਅਮੋਰੀਆਂ,+ ਪਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ+ ਦੇ ਦੇਸ਼ ਵਿਚ ਲੈ ਜਾਵਾਂਗਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।”’+

18 “ਉਹ ਜ਼ਰੂਰ ਤੇਰੀ ਗੱਲ ਸੁਣਨਗੇ।+ ਤੂੰ ਅਤੇ ਇਜ਼ਰਾਈਲ ਦੇ ਬਜ਼ੁਰਗ ਸਾਰੇ ਜਣੇ ਮਿਸਰ ਦੇ ਰਾਜੇ ਕੋਲ ਜਾਇਓ। ਤੁਸੀਂ ਉਸ ਨੂੰ ਕਹਿਓ: ‘ਇਬਰਾਨੀ ਲੋਕਾਂ+ ਦੇ ਪਰਮੇਸ਼ੁਰ ਯਹੋਵਾਹ ਨੇ ਸਾਡੇ ਨਾਲ ਗੱਲ ਕੀਤੀ ਹੈ। ਇਸ ਲਈ ਕਿਰਪਾ ਕਰ ਕੇ ਸਾਨੂੰ ਜਾਣ ਦੇ ਤਾਂਕਿ ਅਸੀਂ ਤਿੰਨ ਦਿਨ ਦਾ ਸਫ਼ਰ ਕਰ ਕੇ ਉਜਾੜ ਵਿਚ ਜਾਈਏ ਅਤੇ ਉੱਥੇ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਬਲ਼ੀ ਚੜ੍ਹਾਈਏ।’+ 19 ਪਰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਇਸ ਕਰਕੇ ਉਸ ਨੂੰ ਬਲਵੰਤ ਹੱਥ ਨਾਲ ਮਜਬੂਰ ਕਰਨਾ ਪਵੇਗਾ ਕਿ ਉਹ ਤੁਹਾਨੂੰ ਜਾਣ ਦੇਵੇ।+ 20 ਇਸ ਲਈ ਮੈਂ ਮਿਸਰ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਉੱਥੇ ਅਨੋਖੇ ਕੰਮ ਕਰ ਕੇ ਉਨ੍ਹਾਂ ʼਤੇ ਕਹਿਰ ਢਾਹਾਂਗਾ ਜਿਸ ਤੋਂ ਬਾਅਦ ਉਹ ਤੁਹਾਨੂੰ ਜਾਣ ਦੇਵੇਗਾ।+ 21 ਅਤੇ ਮੈਂ ਮਿਸਰੀਆਂ ਨੂੰ ਆਪਣੇ ਲੋਕਾਂ ਉੱਤੇ ਮਿਹਰਬਾਨ ਕਰਾਂਗਾ ਅਤੇ ਤੁਸੀਂ ਉੱਥੋਂ ਖਾਲੀ ਹੱਥ ਨਹੀਂ ਜਾਓਗੇ।+ 22 ਹਰ ਔਰਤ ਆਪਣੇ ਗੁਆਂਢੀ ਅਤੇ ਆਪਣੇ ਘਰ ਰਹਿ ਰਹੀ ਔਰਤ ਤੋਂ ਸੋਨੇ-ਚਾਂਦੀ ਦੀਆਂ ਚੀਜ਼ਾਂ ਅਤੇ ਕੱਪੜੇ ਮੰਗੇ ਅਤੇ ਤੁਸੀਂ ਉਹ ਆਪਣੇ ਧੀਆਂ-ਪੁੱਤਰਾਂ ਦੇ ਪਾਓਗੇ; ਤੁਸੀਂ ਮਿਸਰੀਆਂ ਨੂੰ ਲੁੱਟ ਲਓਗੇ।”+

4 ਫਿਰ ਮੂਸਾ ਨੇ ਕਿਹਾ: “ਪਰ ਮੰਨ ਲਓ ਕਿ ਉਹ ਮੇਰੇ ʼਤੇ ਵਿਸ਼ਵਾਸ ਨਾ ਕਰਨ ਅਤੇ ਮੇਰੀ ਗੱਲ ਨਾ ਸੁਣਨ,+ ਸਗੋਂ ਕਹਿਣ, ‘ਇਹ ਹੋ ਹੀ ਨਹੀਂ ਸਕਦਾ ਕਿ ਯਹੋਵਾਹ ਤੇਰੇ ਸਾਮ੍ਹਣੇ ਪ੍ਰਗਟ ਹੋਇਆ ਹੋਵੇ।’” 2 ਫਿਰ ਯਹੋਵਾਹ ਨੇ ਉਸ ਨੂੰ ਪੁੱਛਿਆ: “ਆਹ ਤੇਰੇ ਹੱਥ ਵਿਚ ਕੀ ਹੈ?” ਉਸ ਨੇ ਜਵਾਬ ਦਿੱਤਾ: “ਡੰਡਾ।” 3 ਪਰਮੇਸ਼ੁਰ ਨੇ ਕਿਹਾ: “ਇਸ ਨੂੰ ਜ਼ਮੀਨ ʼਤੇ ਸੁੱਟ ਦੇ।” ਉਸ ਨੇ ਡੰਡਾ ਜ਼ਮੀਨ ʼਤੇ ਸੁੱਟ ਦਿੱਤਾ ਅਤੇ ਡੰਡਾ ਸੱਪ ਬਣ ਗਿਆ;+ ਮੂਸਾ ਫਟਾਫਟ ਉਸ ਤੋਂ ਦੂਰ ਭੱਜ ਗਿਆ। 4 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਆਪਣਾ ਹੱਥ ਵਧਾ ਕੇ ਉਸ ਨੂੰ ਪੂਛ ਤੋਂ ਫੜ ਲੈ।” ਇਸ ਲਈ ਉਸ ਨੇ ਆਪਣਾ ਹੱਥ ਵਧਾ ਕੇ ਸੱਪ ਨੂੰ ਫੜ ਲਿਆ ਅਤੇ ਸੱਪ ਉਸ ਦੇ ਹੱਥ ਵਿਚ ਡੰਡਾ ਬਣ ਗਿਆ। 5 ਪਰਮੇਸ਼ੁਰ ਨੇ ਅੱਗੇ ਕਿਹਾ: “ਇਹ ਦੇਖ ਕੇ ਉਹ ਵਿਸ਼ਵਾਸ ਕਰਨਗੇ ਕਿ ਉਨ੍ਹਾਂ ਦੇ ਪਿਉ-ਦਾਦਿਆਂ ਦਾ ਪਰਮੇਸ਼ੁਰ, ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ+ ਯਹੋਵਾਹ ਤੇਰੇ ਸਾਮ੍ਹਣੇ ਪ੍ਰਗਟ ਹੋਇਆ ਸੀ।”+

6 ਫਿਰ ਯਹੋਵਾਹ ਨੇ ਉਸ ਨੂੰ ਕਿਹਾ: “ਕਿਰਪਾ ਕਰ ਕੇ ਆਪਣਾ ਹੱਥ ਚੋਗੇ ਦੇ ਅੰਦਰ ਪਾ।” ਇਸ ਲਈ ਉਸ ਨੇ ਆਪਣਾ ਹੱਥ ਆਪਣੇ ਚੋਗੇ ਦੇ ਅੰਦਰ ਪਾਇਆ। ਫਿਰ ਜਦੋਂ ਉਸ ਨੇ ਬਾਹਰ ਕੱਢਿਆ, ਤਾਂ ਦੇਖੋ! ਉਸ ਦਾ ਹੱਥ ਕੋੜ੍ਹ ਨਾਲ ਭਰਿਆ ਹੋਇਆ ਸੀ ਅਤੇ ਬਰਫ਼ ਵਰਗਾ ਲੱਗ ਰਿਹਾ ਸੀ।+ 7 ਫਿਰ ਉਸ ਨੇ ਕਿਹਾ: “ਆਪਣਾ ਹੱਥ ਦੁਬਾਰਾ ਚੋਗੇ ਦੇ ਅੰਦਰ ਪਾ।” ਇਸ ਲਈ ਉਸ ਨੇ ਆਪਣਾ ਹੱਥ ਦੁਬਾਰਾ ਆਪਣੇ ਚੋਗੇ ਦੇ ਅੰਦਰ ਪਾਇਆ। ਫਿਰ ਜਦੋਂ ਉਸ ਨੇ ਬਾਹਰ ਕੱਢਿਆ, ਤਾਂ ਉਹ ਠੀਕ ਹੋ ਗਿਆ ਸੀ। 8 ਉਸ ਨੇ ਕਿਹਾ: “ਜੇ ਉਹ ਤੇਰੇ ʼਤੇ ਯਕੀਨ ਨਾ ਕਰਨ ਜਾਂ ਪਹਿਲੀ ਕਰਾਮਾਤ ਵੱਲ ਧਿਆਨ ਨਾ ਦੇਣ, ਤਾਂ ਉਹ ਦੂਜੀ ਕਰਾਮਾਤ ਵੱਲ ਜ਼ਰੂਰ ਧਿਆਨ ਦੇਣਗੇ।+ 9 ਜੇ ਉਹ ਇਨ੍ਹਾਂ ਦੋਵਾਂ ਕਰਾਮਾਤਾਂ ʼਤੇ ਵੀ ਯਕੀਨ ਨਾ ਕਰਨ ਅਤੇ ਤੇਰੀ ਗੱਲ ਸੁਣਨ ਤੋਂ ਇਨਕਾਰ ਕਰਨ, ਤਾਂ ਤੂੰ ਨੀਲ ਦਰਿਆ ਦਾ ਥੋੜ੍ਹਾ ਜਿਹਾ ਪਾਣੀ ਲੈ ਕੇ ਸੁੱਕੀ ਜ਼ਮੀਨ ʼਤੇ ਡੋਲ੍ਹੀਂ ਅਤੇ ਇਹ ਪਾਣੀ ਸੁੱਕੀ ਜ਼ਮੀਨ ʼਤੇ ਖ਼ੂਨ ਬਣ ਜਾਵੇਗਾ।”+

10 ਫਿਰ ਮੂਸਾ ਨੇ ਯਹੋਵਾਹ ਨੂੰ ਕਿਹਾ: “ਯਹੋਵਾਹ, ਮੈਨੂੰ ਮਾਫ਼ ਕਰੀਂ, ਮੈਨੂੰ ਤਾਂ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰਨੀ ਆਉਂਦੀ। ਨਾ ਤਾਂ ਮੈਂ ਪਹਿਲਾਂ ਬੋਲਣ ਵਿਚ ਮਾਹਰ ਸੀ ਤੇ ਨਾ ਹੀ ਜਦੋਂ ਤੋਂ ਤੂੰ ਆਪਣੇ ਸੇਵਕ ਨਾਲ ਗੱਲ ਕੀਤੀ ਹੈ। ਮੈਂ ਤਾਂ ਠੀਕ ਤਰੀਕੇ ਨਾਲ ਆਪਣੀ ਗੱਲ ਵੀ ਨਹੀਂ ਕਹਿ ਸਕਦਾ ਤੇ ਨਾ ਹੀ ਮੈਂ ਸਾਫ਼-ਸਾਫ਼ ਬੋਲ ਸਕਦਾ।”+ 11 ਯਹੋਵਾਹ ਨੇ ਉਸ ਨੂੰ ਕਿਹਾ: “ਕਿਸ ਨੇ ਆਦਮੀ ਦਾ ਮੂੰਹ ਬਣਾਇਆ ਹੈ ਜਾਂ ਕੌਣ ਉਸ ਨੂੰ ਗੁੰਗਾ, ਬੋਲ਼ਾ, ਸੁਜਾਖਾ ਜਾਂ ਅੰਨ੍ਹਾ ਬਣਾਉਂਦਾ ਹੈ? ਕੀ ਮੈਂ ਯਹੋਵਾਹ ਇਹ ਸਭ ਕੁਝ ਨਹੀਂ ਕਰ ਸਕਦਾ? 12 ਇਸ ਲਈ ਹੁਣ ਤੂੰ ਜਾਹ ਅਤੇ ਜਦੋਂ ਤੂੰ ਗੱਲ ਕਰੇਂਗਾ, ਤਾਂ ਮੈਂ ਤੇਰੇ* ਨਾਲ ਹੋਵਾਂਗਾ ਅਤੇ ਤੈਨੂੰ ਸਿਖਾਵਾਂਗਾ ਕਿ ਤੂੰ ਕੀ ਕਹਿਣਾ ਹੈ।”+ 13 ਪਰ ਉਸ ਨੇ ਕਿਹਾ: “ਯਹੋਵਾਹ, ਮੈਨੂੰ ਮਾਫ਼ ਕਰੀਂ, ਕਿਰਪਾ ਕਰ ਕੇ ਕਿਸੇ ਹੋਰ ਨੂੰ ਘੱਲ ਦੇ ਜਿਸ ਨੂੰ ਵੀ ਤੂੰ ਘੱਲਣਾ ਚਾਹੁੰਦਾ ਹੈਂ।” 14 ਇਹ ਸੁਣ ਕੇ ਯਹੋਵਾਹ ਦਾ ਗੁੱਸਾ ਮੂਸਾ ਉੱਤੇ ਭੜਕਿਆ ਅਤੇ ਉਸ ਨੇ ਕਿਹਾ: “ਆਪਣੇ ਭਰਾ ਹਾਰੂਨ+ ਲੇਵੀ ਨੂੰ ਲੈ ਜਾ। ਮੈਨੂੰ ਪਤਾ ਕਿ ਉਹ ਵਧੀਆ ਤਰੀਕੇ ਨਾਲ ਗੱਲ ਕਰਨੀ ਜਾਣਦਾ। ਉਹ ਤੈਨੂੰ ਮਿਲਣ ਆ ਰਿਹਾ ਹੈ। ਤੈਨੂੰ ਦੇਖ ਕੇ ਉਸ ਦਾ ਦਿਲ ਖ਼ੁਸ਼ ਹੋ ਜਾਵੇਗਾ।+ 15 ਤੂੰ ਉਸ ਨਾਲ ਗੱਲ ਕਰੀਂ ਅਤੇ ਮੈਂ ਜੋ ਗੱਲਾਂ ਕਹੀਆਂ ਹਨ, ਉਸ ਨੂੰ ਦੱਸੀਂ।+ ਜਦੋਂ ਤੁਸੀਂ ਗੱਲ ਕਰੋਗੇ, ਤਾਂ ਮੈਂ ਤੇਰੇ ਨਾਲ ਤੇ ਉਸ ਨਾਲ ਹੋਵਾਂਗਾ+ ਅਤੇ ਤੁਹਾਨੂੰ ਸਿਖਾਵਾਂਗਾ ਕਿ ਤੁਸੀਂ ਕੀ ਕਰਨਾ ਹੈ। 16 ਉਹ ਤੇਰੇ ਵੱਲੋਂ ਲੋਕਾਂ ਨਾਲ ਗੱਲ ਕਰੇਗਾ ਅਤੇ ਉਹ ਤੇਰਾ ਬੁਲਾਰਾ ਹੋਵੇਗਾ ਅਤੇ ਤੂੰ ਉਸ ਲਈ ਪਰਮੇਸ਼ੁਰ ਵਾਂਗ ਹੋਵੇਂਗਾ।*+ 17 ਨਾਲੇ ਆਪਣੇ ਹੱਥ ਵਿਚ ਇਹ ਡੰਡਾ ਰੱਖੀਂ ਅਤੇ ਇਸ ਨਾਲ ਕਰਾਮਾਤਾਂ ਕਰੀਂ।”+

18 ਇਸ ਲਈ ਮੂਸਾ ਨੇ ਜਾ ਕੇ ਆਪਣੇ ਸਹੁਰੇ ਯਿਥਰੋ+ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਆਗਿਆ ਦੇ ਕਿ ਮੈਂ ਮਿਸਰ ਜਾ ਕੇ ਦੇਖਾਂ ਕਿ ਮੇਰੇ ਭਰਾ ਠੀਕ-ਠਾਕ ਹਨ ਜਾਂ ਨਹੀਂ।” ਯਿਥਰੋ ਨੇ ਮੂਸਾ ਨੂੰ ਕਿਹਾ: “ਚੰਗਾ, ਸਹੀ-ਸਲਾਮਤ ਜਾਹ।” 19 ਇਸ ਤੋਂ ਬਾਅਦ ਯਹੋਵਾਹ ਨੇ ਮਿਦਿਆਨ ਵਿਚ ਮੂਸਾ ਨੂੰ ਕਿਹਾ: “ਮਿਸਰ ਨੂੰ ਮੁੜ ਜਾਹ ਕਿਉਂਕਿ ਤੇਰੀ ਜਾਨ ਦੇ ਦੁਸ਼ਮਣ ਮਰ ਚੁੱਕੇ ਹਨ।”+

20 ਫਿਰ ਮੂਸਾ ਆਪਣੀ ਪਤਨੀ ਅਤੇ ਪੁੱਤਰਾਂ ਨੂੰ ਗਧੇ ʼਤੇ ਬਿਠਾ ਕੇ ਮਿਸਰ ਨੂੰ ਵਾਪਸ ਤੁਰ ਪਿਆ। ਉਹ ਆਪਣੇ ਹੱਥ ਵਿਚ ਸੱਚੇ ਪਰਮੇਸ਼ੁਰ ਦਾ ਡੰਡਾ ਵੀ ਲੈ ਗਿਆ। 21 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਜਦੋਂ ਤੂੰ ਮਿਸਰ ਪਹੁੰਚ ਜਾਵੇਂਗਾ, ਤਾਂ ਤੂੰ ਫ਼ਿਰਊਨ ਦੇ ਸਾਮ੍ਹਣੇ ਉਹ ਸਾਰੇ ਚਮਤਕਾਰ ਜ਼ਰੂਰ ਕਰੀਂ ਜਿਨ੍ਹਾਂ ਨੂੰ ਕਰਨ ਦੀ ਮੈਂ ਤੈਨੂੰ ਸ਼ਕਤੀ ਦਿੱਤੀ ਹੈ।+ ਪਰ ਮੈਂ ਉਸ ਦਾ ਦਿਲ ਕਠੋਰ ਹੋਣ ਦਿਆਂਗਾ+ ਅਤੇ ਉਹ ਲੋਕਾਂ ਨੂੰ ਜਾਣ ਨਹੀਂ ਦੇਵੇਗਾ।+ 22 ਤੂੰ ਫ਼ਿਰਊਨ ਨੂੰ ਕਹੀਂ, ‘ਯਹੋਵਾਹ ਕਹਿੰਦਾ ਹੈ: “ਇਜ਼ਰਾਈਲ ਮੇਰਾ ਪੁੱਤਰ, ਹਾਂ, ਮੇਰਾ ਜੇਠਾ ਮੁੰਡਾ ਹੈ।+ 23 ਮੈਂ ਤੈਨੂੰ ਕਹਿੰਦਾ ਹਾਂ ਕਿ ਤੂੰ ਮੇਰੇ ਪੁੱਤਰ ਨੂੰ ਜਾਣ ਦੇ ਤਾਂਕਿ ਉਹ ਮੇਰੀ ਸੇਵਾ ਕਰੇ। ਪਰ ਜੇ ਤੂੰ ਉਸ ਨੂੰ ਜਾਣ ਦੀ ਇਜਾਜ਼ਤ ਨਾ ਦਿੱਤੀ, ਤਾਂ ਮੈਂ ਤੇਰੇ ਪੁੱਤਰ ਨੂੰ, ਹਾਂ, ਤੇਰੇ ਜੇਠੇ ਮੁੰਡੇ ਨੂੰ ਮਾਰ ਸੁੱਟਾਂਗਾ।”’”+

24 ਫਿਰ ਰਾਹ ਵਿਚ ਜਿੱਥੇ ਉਹ ਠਹਿਰੇ ਹੋਏ ਸਨ, ਯਹੋਵਾਹ*+ ਉਸ* ਨੂੰ ਮਿਲਿਆ ਅਤੇ ਉਸ ਨੂੰ ਜਾਨੋਂ ਮਾਰਨਾ ਚਾਹੁੰਦਾ ਸੀ।+ 25 ਅਖ਼ੀਰ ਸਿੱਪੋਰਾਹ+ ਨੇ ਇਕ ਤਿੱਖਾ ਪੱਥਰ* ਲੈ ਕੇ ਆਪਣੇ ਪੁੱਤਰ ਦੀ ਸੁੰਨਤ ਕੀਤੀ ਅਤੇ ਉਸ ਦੀ ਖੱਲੜੀ ਉਸ* ਦੇ ਪੈਰਾਂ ਨੂੰ ਲਾ ਕੇ ਕਿਹਾ: “ਇਹ ਇਸ ਲਈ ਹੈ ਕਿਉਂਕਿ ਤੂੰ ਮੇਰੇ ਲਈ ਖ਼ੂਨ ਦਾ ਲਾੜਾ ਹੈਂ।” 26 ਇਸ ਕਰਕੇ ਪਰਮੇਸ਼ੁਰ ਨੇ ਉਸ ਨੂੰ ਛੱਡ ਦਿੱਤਾ। ਉਸ ਸਮੇਂ ਸਿੱਪੋਰਾਹ ਨੇ ਸੁੰਨਤ ਦੇ ਕਾਰਨ “ਖ਼ੂਨ ਦਾ ਲਾੜਾ” ਕਿਹਾ।

27 ਫਿਰ ਯਹੋਵਾਹ ਨੇ ਹਾਰੂਨ ਨੂੰ ਕਿਹਾ: “ਤੂੰ ਮੂਸਾ ਨੂੰ ਮਿਲਣ ਉਜਾੜ ਵਿਚ ਜਾਹ।”+ ਇਸ ਲਈ ਉਹ ਜਾ ਕੇ ਮੂਸਾ ਨੂੰ ਸੱਚੇ ਪਰਮੇਸ਼ੁਰ ਦੇ ਪਹਾੜ+ ʼਤੇ ਮਿਲਿਆ ਅਤੇ ਉਸ ਨੂੰ ਚੁੰਮਿਆ। 28 ਅਤੇ ਮੂਸਾ ਨੇ ਹਾਰੂਨ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜੋ ਯਹੋਵਾਹ ਨੇ ਉਸ ਨੂੰ ਕਹੀਆਂ ਸਨ।+ ਨਾਲੇ ਉਨ੍ਹਾਂ ਕਰਾਮਾਤਾਂ ਬਾਰੇ ਵੀ ਦੱਸਿਆ ਜਿਨ੍ਹਾਂ ਨੂੰ ਦਿਖਾਉਣ ਦਾ ਉਸ ਨੂੰ ਹੁਕਮ ਦਿੱਤਾ ਗਿਆ ਸੀ।+ 29 ਫਿਰ ਮੂਸਾ ਤੇ ਹਾਰੂਨ ਨੇ ਜਾ ਕੇ ਇਜ਼ਰਾਈਲੀਆਂ ਦੇ ਸਾਰੇ ਬਜ਼ੁਰਗਾਂ ਨੂੰ ਇਕੱਠਾ ਕੀਤਾ।+ 30 ਹਾਰੂਨ ਨੇ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜੋ ਯਹੋਵਾਹ ਨੇ ਮੂਸਾ ਨੂੰ ਕਹੀਆਂ ਸਨ ਅਤੇ ਉਸ ਨੇ ਲੋਕਾਂ ਸਾਮ੍ਹਣੇ ਕਰਾਮਾਤਾਂ ਕੀਤੀਆਂ।+ 31 ਇਹ ਦੇਖ ਕੇ ਲੋਕਾਂ ਨੇ ਮੂਸਾ ʼਤੇ ਵਿਸ਼ਵਾਸ ਕੀਤਾ।+ ਜਦੋਂ ਉਨ੍ਹਾਂ ਨੇ ਸੁਣਿਆ ਕਿ ਯਹੋਵਾਹ ਨੇ ਇਜ਼ਰਾਈਲੀਆਂ ਵੱਲ ਧਿਆਨ ਦਿੱਤਾ ਹੈ+ ਅਤੇ ਉਨ੍ਹਾਂ ਦਾ ਕਸ਼ਟ ਦੇਖਿਆ ਹੈ,+ ਤਾਂ ਉਨ੍ਹਾਂ ਨੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਏ।

5 ਬਾਅਦ ਵਿਚ ਮੂਸਾ ਤੇ ਹਾਰੂਨ ਨੇ ਅੰਦਰ ਜਾ ਕੇ ਫ਼ਿਰਊਨ ਨੂੰ ਕਿਹਾ: “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਕਿਹਾ ਹੈ, ‘ਮੇਰੇ ਲੋਕਾਂ ਨੂੰ ਜਾਣ ਦੇ ਤਾਂਕਿ ਉਹ ਉਜਾੜ ਵਿਚ ਮੇਰੀ ਮਹਿਮਾ ਕਰਨ ਲਈ ਤਿਉਹਾਰ ਮਨਾਉਣ।’” 2 ਪਰ ਫ਼ਿਰਊਨ ਨੇ ਕਿਹਾ: “ਯਹੋਵਾਹ ਕੌਣ ਹੈ+ ਜੋ ਮੈਂ ਉਸ ਦੀ ਗੱਲ ਮੰਨ ਕੇ ਇਜ਼ਰਾਈਲੀਆਂ ਨੂੰ ਜਾਣ ਦੇਵਾਂ?+ ਨਾ ਤਾਂ ਮੈਂ ਕਿਸੇ ਯਹੋਵਾਹ ਨੂੰ ਜਾਣਦਾ ਤੇ ਨਾ ਹੀ ਮੈਂ ਇਜ਼ਰਾਈਲੀਆਂ ਨੂੰ ਜਾਣ ਦਿਆਂਗਾ।”+ 3 ਪਰ ਉਨ੍ਹਾਂ ਨੇ ਕਿਹਾ: “ਇਬਰਾਨੀ ਲੋਕਾਂ ਦੇ ਪਰਮੇਸ਼ੁਰ ਨੇ ਸਾਡੇ ਨਾਲ ਗੱਲ ਕੀਤੀ ਹੈ। ਇਸ ਲਈ ਕਿਰਪਾ ਕਰ ਕੇ ਸਾਨੂੰ ਜਾਣ ਦੇ ਤਾਂਕਿ ਅਸੀਂ ਤਿੰਨ ਦਿਨ ਦਾ ਸਫ਼ਰ ਕਰ ਕੇ ਉਜਾੜ ਵਿਚ ਜਾਈਏ ਅਤੇ ਉੱਥੇ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਬਲ਼ੀ ਚੜ੍ਹਾਈਏ।+ ਨਹੀਂ ਤਾਂ ਉਹ ਸਾਨੂੰ ਬੀਮਾਰੀ ਜਾਂ ਤਲਵਾਰ ਨਾਲ ਮਾਰ ਮੁਕਾਵੇਗਾ।” 4 ਮਿਸਰ ਦੇ ਰਾਜੇ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਮੂਸਾ ਤੇ ਹਾਰੂਨ, ਤੁਸੀਂ ਲੋਕਾਂ ਨੂੰ ਕੰਮ ਤੋਂ ਕਿਉਂ ਹਟਾਉਂਦੇ ਹੋ? ਜਾਓ, ਜਾ ਕੇ ਮਜ਼ਦੂਰੀ ਕਰੋ!”+ 5 ਫ਼ਿਰਊਨ ਨੇ ਅੱਗੇ ਕਿਹਾ: “ਦੇਖੋ, ਦੇਸ਼ ਵਿਚ ਤੁਹਾਡੇ ਕਿੰਨੇ ਸਾਰੇ ਲੋਕ ਹਨ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਉਨ੍ਹਾਂ ਸਾਰਿਆਂ ਨੂੰ ਕੰਮ ਤੋਂ ਛੁੱਟੀ ਦੇ ਦਿਆਂ।”

6 ਉਸੇ ਦਿਨ ਫ਼ਿਰਊਨ ਨੇ ਗ਼ੁਲਾਮਾਂ ਦੇ ਮੁਖੀਆਂ ਅਤੇ ਉਨ੍ਹਾਂ ਹੇਠ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਹੁਕਮ ਦਿੱਤਾ: 7 “ਤੁਸੀਂ ਲੋਕਾਂ ਨੂੰ ਅੱਗੇ ਤੋਂ ਇੱਟਾਂ ਬਣਾਉਣ ਲਈ ਤੂੜੀ ਨਾ ਦਿਓ।+ ਉਹ ਆਪ ਜਾ ਕੇ ਤੂੜੀ ਇਕੱਠੀ ਕਰਨ। 8 ਪਰ ਉਨ੍ਹਾਂ ਤੋਂ ਪਹਿਲਾਂ ਜਿੰਨੀਆਂ ਇੱਟਾਂ ਬਣਵਾਓ। ਇੱਟਾਂ ਦੀ ਗਿਣਤੀ ਘੱਟ ਨਾ ਕਰਿਓ। ਉਹ ਸਾਰੇ ਕੰਮਚੋਰ* ਹਨ, ਇਸੇ ਕਰਕੇ ਉਹ ਰੌਲ਼ਾ ਪਾ ਰਹੇ ਹਨ, ‘ਸਾਨੂੰ ਜਾਣ ਦੇ ਕਿਉਂਕਿ ਅਸੀਂ ਪਰਮੇਸ਼ੁਰ ਅੱਗੇ ਬਲ਼ੀ ਚੜ੍ਹਾਉਣੀ ਚਾਹੁੰਦੇ ਹਾਂ!’ 9 ਉਨ੍ਹਾਂ ਤੋਂ ਹੋਰ ਜ਼ਿਆਦਾ ਕੰਮ ਕਰਾਓ ਤੇ ਉਨ੍ਹਾਂ ਨੂੰ ਵਿਹਲੇ ਨਾ ਰਹਿਣ ਦਿਓ ਤਾਂਕਿ ਉਹ ਝੂਠੀਆਂ ਗੱਲਾਂ ਵੱਲ ਧਿਆਨ ਨਾ ਦੇਣ।”

10 ਇਸ ਲਈ ਗ਼ੁਲਾਮਾਂ ਦੇ ਮੁਖੀਆਂ+ ਤੇ ਉਨ੍ਹਾਂ ਹੇਠ ਕੰਮ ਕਰਨ ਵਾਲੇ ਅਧਿਕਾਰੀਆਂ ਨੇ ਜਾ ਕੇ ਲੋਕਾਂ ਨੂੰ ਕਿਹਾ: “ਸੁਣੋ, ਫ਼ਿਰਊਨ ਨੇ ਕਿਹਾ ਹੈ, ‘ਮੈਂ ਤੁਹਾਨੂੰ ਅੱਗੇ ਤੋਂ ਤੂੜੀ ਨਹੀਂ ਦਿਆਂਗਾ। 11 ਜਾਓ, ਜਿੱਥੋਂ ਮਰਜ਼ੀ ਤੂੜੀ ਇਕੱਠੀ ਕਰ ਕੇ ਲਿਆਓ, ਪਰ ਕੰਮ ਤੁਹਾਨੂੰ ਪਹਿਲਾਂ ਜਿੰਨਾ ਹੀ ਕਰਨਾ ਪੈਣਾ।’” 12 ਫਿਰ ਲੋਕ ਪੂਰੇ ਮਿਸਰ ਵਿਚ ਖਿੰਡ ਗਏ ਤਾਂਕਿ ਉਹ ਤੂੜੀ ਵਾਸਤੇ ਨਾੜ ਇਕੱਠਾ ਕਰਨ। 13 ਗ਼ੁਲਾਮਾਂ ਦੇ ਮੁਖੀ ਉਨ੍ਹਾਂ ʼਤੇ ਦਬਾਅ ਪਾਉਂਦੇ ਰਹੇ: “ਤੁਹਾਨੂੰ ਹਰੇਕ ਨੂੰ ਰੋਜ਼ ਉੱਨਾ ਹੀ ਕੰਮ ਕਰਨਾ ਪੈਣਾ ਜਿੰਨਾ ਤੁਸੀਂ ਉਸ ਵੇਲੇ ਕਰਦੇ ਸੀ ਜਦੋਂ ਤੁਹਾਨੂੰ ਤੂੜੀ ਦਿੱਤੀ ਜਾਂਦੀ ਸੀ।” 14 ਫ਼ਿਰਊਨ ਦੇ ਗ਼ੁਲਾਮਾਂ ਦੇ ਮੁਖੀਆਂ ਨੇ ਉਨ੍ਹਾਂ ਇਜ਼ਰਾਈਲੀਆਂ ਨੂੰ ਕੁੱਟਿਆ-ਮਾਰਿਆ ਜਿਨ੍ਹਾਂ ਨੂੰ ਅਧਿਕਾਰੀਆਂ ਵਜੋਂ ਨਿਯੁਕਤ ਕੀਤਾ ਸੀ+ ਅਤੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਪਹਿਲਾਂ ਜਿੰਨੀਆਂ ਇੱਟਾਂ ਕਿਉਂ ਨਹੀਂ ਬਣਾਈਆਂ? ਤੁਸੀਂ ਕੱਲ੍ਹ ਵੀ ਇੱਦਾਂ ਹੀ ਕੀਤਾ ਤੇ ਅੱਜ ਵੀ।”

15 ਇਸ ਲਈ ਇਜ਼ਰਾਈਲੀਆਂ ਦੇ ਅਧਿਕਾਰੀਆਂ ਨੇ ਅੰਦਰ ਜਾ ਕੇ ਫ਼ਿਰਊਨ ਅੱਗੇ ਦੁਹਾਈ ਦਿੱਤੀ: “ਤੂੰ ਆਪਣੇ ਦਾਸਾਂ ਨਾਲ ਅਜਿਹਾ ਸਲੂਕ ਕਿਉਂ ਕਰ ਰਿਹਾ ਹੈਂ? 16 ਤੇਰੇ ਦਾਸਾਂ ਨੂੰ ਤੂੜੀ ਨਹੀਂ ਦਿੱਤੀ ਜਾਂਦੀ, ਫਿਰ ਵੀ ਉਹ ਸਾਨੂੰ ਕਹਿੰਦੇ ਹਨ, ‘ਇੱਟਾਂ ਬਣਾਓ!’ ਗ਼ਲਤੀ ਤੇਰੇ ਆਪਣੇ ਲੋਕਾਂ ਦੀ ਹੈ, ਪਰ ਕੁੱਟਿਆ ਸਾਨੂੰ ਜਾਂਦਾ ਹੈ।” 17 ਪਰ ਉਸ ਨੇ ਕਿਹਾ: “ਤੁਸੀਂ ਕੰਮਚੋਰ* ਹੋ, ਕੰਮਚੋਰ!*+ ਇਸੇ ਲਈ ਤੁਸੀਂ ਕਹਿੰਦੇ ਹੋ, ‘ਸਾਨੂੰ ਜਾਣ ਦੇ ਕਿਉਂਕਿ ਅਸੀਂ ਯਹੋਵਾਹ ਅੱਗੇ ਬਲ਼ੀ ਚੜ੍ਹਾਉਣੀ ਚਾਹੁੰਦੇ ਹਾਂ।’+ 18 ਜਾਓ, ਜਾ ਕੇ ਕੰਮ ਕਰੋ! ਤੁਹਾਨੂੰ ਤੂੜੀ ਨਹੀਂ ਦਿੱਤੀ ਜਾਵੇਗੀ, ਪਰ ਤੁਹਾਨੂੰ ਪਹਿਲਾਂ ਜਿੰਨੀਆਂ ਹੀ ਇੱਟਾਂ ਬਣਾਉਣੀਆਂ ਪੈਣੀਆਂ।”

19 ਫਿਰ ਇਜ਼ਰਾਈਲੀਆਂ ਦੇ ਅਧਿਕਾਰੀਆਂ ਨੇ ਦੇਖਿਆ ਕਿ ਉਹ ਕਿੰਨੀ ਵੱਡੀ ਮੁਸੀਬਤ ਵਿਚ ਫਸ ਗਏ ਸਨ ਕਿਉਂਕਿ ਰਾਜੇ ਨੇ ਇਹ ਹੁਕਮ ਦਿੱਤਾ ਸੀ: “ਤੁਹਾਨੂੰ ਰੋਜ਼ ਪਹਿਲਾਂ ਜਿੰਨੀਆਂ ਇੱਟਾਂ ਹੀ ਬਣਾਉਣੀਆਂ ਪੈਣਗੀਆਂ।” 20 ਬਾਅਦ ਵਿਚ ਜਦੋਂ ਉਹ ਫ਼ਿਰਊਨ ਨਾਲ ਗੱਲ ਕਰ ਕੇ ਬਾਹਰ ਆਏ, ਤਾਂ ਉੱਥੇ ਮੂਸਾ ਤੇ ਹਾਰੂਨ ਉਨ੍ਹਾਂ ਨੂੰ ਮਿਲਣ ਲਈ ਖੜ੍ਹੇ ਸਨ। 21 ਉਨ੍ਹਾਂ ਨੇ ਉਸੇ ਵੇਲੇ ਮੂਸਾ ਤੇ ਹਾਰੂਨ ਨੂੰ ਕਿਹਾ: “ਯਹੋਵਾਹ ਹੀ ਤੁਹਾਡੇ ਨਾਲ ਨਜਿੱਠੇ ਤੇ ਤੁਹਾਡਾ ਨਿਆਂ ਕਰੇ ਕਿਉਂਕਿ ਤੁਹਾਡੇ ਕਰਕੇ ਫ਼ਿਰਊਨ ਤੇ ਉਸ ਦੇ ਨੌਕਰ ਸਾਡੇ ਨਾਲ ਨਫ਼ਰਤ ਕਰਦੇ ਹਨ। ਤੁਸੀਂ ਉਨ੍ਹਾਂ ਦੇ ਹੱਥ ਤਲਵਾਰ ਦੇ ਦਿੱਤੀ ਹੈ ਤਾਂਕਿ ਉਹ ਸਾਨੂੰ ਮਾਰ ਦੇਣ।”+ 22 ਇਹ ਸੁਣ ਕੇ ਮੂਸਾ ਨੇ ਯਹੋਵਾਹ ਨੂੰ ਕਿਹਾ: “ਯਹੋਵਾਹ, ਤੂੰ ਇਨ੍ਹਾਂ ਲੋਕਾਂ ਨੂੰ ਕਿਉਂ ਕਸ਼ਟ ਦਿੱਤਾ? ਤੂੰ ਮੈਨੂੰ ਕਿਉਂ ਘੱਲਿਆ? 23 ਜਦੋਂ ਤੋਂ ਮੈਂ ਫ਼ਿਰਊਨ ਦੇ ਸਾਮ੍ਹਣੇ ਗਿਆ ਤੇ ਉਸ ਨਾਲ ਤੇਰੇ ਨਾਂ ਤੇ ਗੱਲ ਕੀਤੀ,+ ਉਦੋਂ ਤੋਂ ਉਹ ਤੇਰੇ ਲੋਕਾਂ ਦਾ ਹੋਰ ਵੀ ਬੁਰਾ ਹਾਲ ਕਰ ਰਿਹਾ ਹੈ+ ਤੇ ਤੂੰ ਇਨ੍ਹਾਂ ਨੂੰ ਬਚਾਉਣ ਲਈ ਅਜੇ ਤਕ ਕੁਝ ਨਹੀਂ ਕੀਤਾ ਹੈ।”+

6 ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: “ਹੁਣ ਤੂੰ ਦੇਖੀਂ ਮੈਂ ਫ਼ਿਰਊਨ ਦਾ ਕੀ ਹਾਲ ਕਰਦਾਂ।+ ਮੈਂ ਆਪਣੇ ਬਲਵੰਤ ਹੱਥ ਨਾਲ ਉਸ ਨੂੰ ਇੰਨਾ ਮਜਬੂਰ ਕਰ ਦਿਆਂਗਾ ਕਿ ਉਹ ਮੇਰੇ ਲੋਕਾਂ ਨੂੰ ਜਾਣ ਦੇਵੇਗਾ, ਸਗੋਂ ਮੇਰੀ ਤਾਕਤ ਦੇਖ ਕੇ ਉਹ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢਣ ਲਈ ਮਜਬੂਰ ਹੋ ਜਾਵੇਗਾ।”+

2 ਫਿਰ ਪਰਮੇਸ਼ੁਰ ਨੇ ਮੂਸਾ ਨੂੰ ਕਿਹਾ: “ਮੈਂ ਯਹੋਵਾਹ ਹਾਂ। 3 ਮੈਂ ਅਬਰਾਹਾਮ, ਇਸਹਾਕ ਤੇ ਯਾਕੂਬ ਸਾਮ੍ਹਣੇ ਸਰਬਸ਼ਕਤੀਮਾਨ ਪਰਮੇਸ਼ੁਰ ਵਜੋਂ ਪ੍ਰਗਟ ਹੁੰਦਾ ਸੀ,+ ਪਰ ਮੈਂ ਆਪਣੇ ਨਾਂ ਯਹੋਵਾਹ+ ਦੇ ਸੰਬੰਧ ਵਿਚ ਉਨ੍ਹਾਂ ਸਾਮ੍ਹਣੇ ਆਪਣੇ ਆਪ ਨੂੰ ਕਦੀ ਪੂਰੀ ਤਰ੍ਹਾਂ ਜ਼ਾਹਰ ਨਹੀਂ ਕੀਤਾ।+ 4 ਮੈਂ ਉਨ੍ਹਾਂ ਨਾਲ ਇਕਰਾਰ ਵੀ ਕੀਤਾ ਸੀ ਕਿ ਮੈਂ ਉਨ੍ਹਾਂ ਨੂੰ ਕਨਾਨ ਦੇਸ਼ ਦਿਆਂਗਾ ਜਿੱਥੇ ਉਹ ਪਰਦੇਸੀਆਂ ਵਜੋਂ ਰਹੇ ਸਨ।+ 5 ਮੈਂ ਇਜ਼ਰਾਈਲੀਆਂ ਦੀਆਂ ਆਹਾਂ ਸੁਣੀਆਂ ਹਨ ਜਿਨ੍ਹਾਂ ਤੋਂ ਮਿਸਰੀ ਗ਼ੁਲਾਮੀ ਕਰਾ ਰਹੇ ਹਨ ਅਤੇ ਮੈਨੂੰ ਆਪਣਾ ਇਕਰਾਰ ਯਾਦ ਹੈ।+

6 “ਇਸ ਲਈ ਇਜ਼ਰਾਈਲੀਆਂ ਨੂੰ ਕਹਿ: ‘ਮੈਂ ਯਹੋਵਾਹ ਹਾਂ। ਮੈਂ ਤੁਹਾਨੂੰ ਮਿਸਰੀਆਂ ਦੀ ਗ਼ੁਲਾਮੀ ਅਤੇ ਮਜ਼ਦੂਰੀ ਦੇ ਜੂਲੇ ਹੇਠੋਂ ਕੱਢਾਂਗਾ+ ਅਤੇ ਮੈਂ ਆਪਣੀ ਤਾਕਤਵਰ ਬਾਂਹ* ਨਾਲ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਤੁਹਾਨੂੰ ਬਚਾਵਾਂਗਾ।+ 7 ਮੈਂ ਤੁਹਾਨੂੰ ਆਪਣੇ ਲੋਕਾਂ ਵਜੋਂ ਕਬੂਲ ਕਰਾਂਗਾ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ+ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜੋ ਤੁਹਾਨੂੰ ਮਿਸਰ ਦੇ ਜੂਲੇ ਹੇਠੋਂ ਕੱਢ ਰਿਹਾ ਹੈ। 8 ਮੈਂ ਤੁਹਾਨੂੰ ਉਸ ਦੇਸ਼ ਵਿਚ ਲੈ ਜਾਵਾਂਗਾ ਜੋ ਮੈਂ ਅਬਰਾਹਾਮ, ਇਸਹਾਕ ਤੇ ਯਾਕੂਬ ਨੂੰ ਦੇਣ ਦੀ ਸਹੁੰ* ਖਾਧੀ ਸੀ; ਮੈਂ ਤੁਹਾਨੂੰ ਉਸ ਦੇਸ਼ ਦਾ ਮਾਲਕ ਬਣਾਵਾਂਗਾ।+ ਮੈਂ ਯਹੋਵਾਹ ਹਾਂ।’”+

9 ਬਾਅਦ ਵਿਚ ਮੂਸਾ ਨੇ ਇਹ ਸੰਦੇਸ਼ ਇਜ਼ਰਾਈਲੀਆਂ ਨੂੰ ਦਿੱਤਾ, ਪਰ ਉਨ੍ਹਾਂ ਨੇ ਮੂਸਾ ਦੀ ਗੱਲ ਨਹੀਂ ਸੁਣੀ ਕਿਉਂਕਿ ਉਹ ਨਿਰਾਸ਼ ਹੋ ਚੁੱਕੇ ਸਨ ਅਤੇ ਗ਼ੁਲਾਮੀ ਦਾ ਕਸ਼ਟ ਸਹਿ ਰਹੇ ਸਨ।+

10 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 11 “ਤੂੰ ਅੰਦਰ ਜਾ ਕੇ ਮਿਸਰ ਦੇ ਰਾਜੇ ਫ਼ਿਰਊਨ ਨੂੰ ਕਹਿ ਕਿ ਉਹ ਆਪਣੇ ਦੇਸ਼ ਤੋਂ ਇਜ਼ਰਾਈਲੀਆਂ ਨੂੰ ਜਾਣ ਦੇਵੇ।” 12 ਪਰ ਮੂਸਾ ਨੇ ਯਹੋਵਾਹ ਨੂੰ ਕਿਹਾ: “ਦੇਖ! ਇਜ਼ਰਾਈਲੀਆਂ ਨੇ ਤਾਂ ਮੇਰੀ ਗੱਲ ਸੁਣੀ ਨਹੀਂ,+ ਫਿਰ ਫ਼ਿਰਊਨ ਕਿਉਂ ਸੁਣੇਗਾ? ਨਾਲੇ ਮੈਂ ਸਾਫ਼-ਸਾਫ਼ ਬੋਲ ਵੀ ਨਹੀਂ ਸਕਦਾ।”*+ 13 ਪਰ ਯਹੋਵਾਹ ਨੇ ਦੁਬਾਰਾ ਮੂਸਾ ਤੇ ਹਾਰੂਨ ਨੂੰ ਉਹ ਹੁਕਮ ਦੱਸੇ ਜੋ ਉਨ੍ਹਾਂ ਨੇ ਇਜ਼ਰਾਈਲੀਆਂ ਅਤੇ ਮਿਸਰ ਦੇ ਰਾਜੇ ਫ਼ਿਰਊਨ ਨੂੰ ਦੇਣੇ ਸਨ ਤਾਂਕਿ ਉਹ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਉਣ।

14 ਇਹ ਗੋਤਾਂ ਦੇ ਮੁਖੀ ਹਨ: “ਇਜ਼ਰਾਈਲ ਦੇ ਜੇਠੇ ਮੁੰਡੇ+ ਰਊਬੇਨ ਦੇ ਪੁੱਤਰ ਸਨ ਹਾਨੋਕ, ਪੱਲੂ, ਹਸਰੋਨ ਅਤੇ ਕਰਮੀ।+ ਇਹ ਰਊਬੇਨ ਦੇ ਪਰਿਵਾਰ ਹਨ।

15 ਸ਼ਿਮਓਨ ਦੇ ਪੁੱਤਰ ਸਨ: ਯਮੂਏਲ, ਯਾਮੀਨ, ਓਹਦ, ਯਾਕੀਨ, ਸੋਹਰ ਅਤੇ ਸ਼ਾਊਲ ਜੋ ਇਕ ਕਨਾਨੀ ਔਰਤ ਦਾ ਪੁੱਤਰ ਸੀ।+ ਇਹ ਸ਼ਿਮਓਨ ਦੇ ਪਰਿਵਾਰ ਹਨ।

16 ਲੇਵੀ+ ਦੇ ਪੁੱਤਰਾਂ ਦੇ ਨਾਂ ਹਨ: ਗੇਰਸ਼ੋਨ, ਕਹਾਥ ਅਤੇ ਮਰਾਰੀ।+ ਇਨ੍ਹਾਂ ਤੋਂ ਹੀ ਉਨ੍ਹਾਂ ਦੇ ਆਪੋ-ਆਪਣੇ ਪਰਿਵਾਰ ਬਣੇ। ਲੇਵੀ 137 ਸਾਲ ਜੀਉਂਦਾ ਰਿਹਾ।

17 ਗੇਰਸ਼ੋਨ ਦੇ ਪੁੱਤਰ ਸਨ: ਲਿਬਨੀ ਅਤੇ ਸ਼ਿਮਈ ਜਿਨ੍ਹਾਂ ਤੋਂ ਉਨ੍ਹਾਂ ਦੇ ਆਪੋ-ਆਪਣੇ ਪਰਿਵਾਰ ਬਣੇ।+

18 ਕਹਾਥ ਦੇ ਪੁੱਤਰ ਸਨ: ਅਮਰਾਮ, ਯਿਸਹਾਰ, ਹਬਰੋਨ ਅਤੇ ਉਜ਼ੀਏਲ।+ ਕਹਾਥ 133 ਸਾਲ ਜੀਉਂਦਾ ਰਿਹਾ।

19 ਮਰਾਰੀ ਦੇ ਪੁੱਤਰ ਸਨ: ਮਹਲੀ ਅਤੇ ਮੂਸ਼ੀ।

ਇਹ ਲੇਵੀਆਂ ਦੇ ਪਰਿਵਾਰ ਸਨ ਜਿਨ੍ਹਾਂ ਤੋਂ ਉਨ੍ਹਾਂ ਦੇ ਆਪੋ-ਆਪਣੇ ਪਰਿਵਾਰ ਬਣੇ।+

20 ਅਮਰਾਮ ਨੇ ਆਪਣੇ ਪਿਤਾ ਦੀ ਭੈਣ ਯੋਕਬਦ ਨਾਲ ਵਿਆਹ ਕਰਾਇਆ।+ ਯੋਕਬਦ ਨੇ ਹਾਰੂਨ ਤੇ ਮੂਸਾ ਨੂੰ ਜਨਮ ਦਿੱਤਾ।+ ਅਮਰਾਮ 137 ਸਾਲ ਜੀਉਂਦਾ ਰਿਹਾ।

21 ਯਿਸਹਾਰ ਦੇ ਪੁੱਤਰ ਸਨ: ਕੋਰਹ,+ ਨਫਗ ਤੇ ਜ਼ਿਕਰੀ।

22 ਉਜ਼ੀਏਲ ਦੇ ਪੁੱਤਰ ਸਨ: ਮੀਸ਼ਾਏਲ, ਅਲਸਾਫਾਨ+ ਅਤੇ ਸਿਥਰੀ।

23 ਹਾਰੂਨ ਨੇ ਅਮੀਨਾਦਾਬ ਦੀ ਧੀ ਅਲੀਸਬਾ ਨਾਲ ਵਿਆਹ ਕਰਾਇਆ ਜੋ ਨਹਸ਼ੋਨ+ ਦੀ ਭੈਣ ਸੀ। ਅਲੀਸਬਾ ਨੇ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ+ ਨੂੰ ਜਨਮ ਦਿੱਤਾ।

24 ਕੋਰਹ ਦੇ ਪੁੱਤਰ ਸਨ: ਅਸੀਰ, ਅਲਕਾਨਾਹ ਅਤੇ ਅਬੀਆਸਾਫ਼।+ ਇਹ ਕੋਰਹ ਦੇ ਪਰਿਵਾਰ ਸਨ।+

25 ਹਾਰੂਨ ਦੇ ਪੁੱਤਰ ਅਲਆਜ਼ਾਰ+ ਨੇ ਫੂਟੀਏਲ ਦੀ ਇਕ ਧੀ ਨਾਲ ਵਿਆਹ ਕਰਾਇਆ। ਉਸ ਨੇ ਫ਼ੀਨਹਾਸ+ ਨੂੰ ਜਨਮ ਦਿੱਤਾ।

ਇਹ ਲੇਵੀਆਂ ਦੇ ਘਰਾਣਿਆਂ ਦੇ ਮੁਖੀ ਹਨ ਜਿਨ੍ਹਾਂ ਤੋਂ ਉਨ੍ਹਾਂ ਦੇ ਆਪੋ-ਆਪਣੇ ਪਰਿਵਾਰ ਬਣੇ।+

26 ਇਹ ਹਾਰੂਨ ਤੇ ਮੂਸਾ ਦੀ ਵੰਸ਼ਾਵਲੀ ਹੈ। ਯਹੋਵਾਹ ਨੇ ਇਨ੍ਹਾਂ ਦੋਵਾਂ ਨੂੰ ਕਿਹਾ: “ਇਜ਼ਰਾਈਲੀਆਂ ਦੇ ਦਲ* ਬਣਾ ਕੇ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਓ।”+ 27 ਮੂਸਾ ਤੇ ਹਾਰੂਨ ਨੇ ਹੀ ਮਿਸਰ ਦੇ ਰਾਜੇ ਫ਼ਿਰਊਨ ਨੂੰ ਕਿਹਾ ਸੀ ਕਿ ਉਹ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢ ਕੇ ਲੈ ਜਾਣਗੇ।+

28 ਜਿਸ ਦਿਨ ਯਹੋਵਾਹ ਨੇ ਮੂਸਾ ਨਾਲ ਮਿਸਰ ਵਿਚ ਗੱਲ ਕੀਤੀ ਸੀ, 29 ਯਹੋਵਾਹ ਨੇ ਮੂਸਾ ਨੂੰ ਦੱਸਿਆ: “ਮੈਂ ਯਹੋਵਾਹ ਹਾਂ। ਮੈਂ ਤੈਨੂੰ ਜੋ ਕਹਿ ਰਿਹਾ ਹਾਂ, ਉਹ ਸਭ ਕੁਝ ਮਿਸਰ ਦੇ ਰਾਜੇ ਫ਼ਿਰਊਨ ਨੂੰ ਦੱਸ।” 30 ਫਿਰ ਮੂਸਾ ਨੇ ਯਹੋਵਾਹ ਨੂੰ ਕਿਹਾ: “ਫ਼ਿਰਊਨ ਮੇਰੀ ਗੱਲ ਕਿਉਂ ਸੁਣੇਗਾ, ਮੈਂ ਤਾਂ ਸਾਫ਼-ਸਾਫ਼ ਬੋਲ ਵੀ ਨਹੀਂ ਸਕਦਾ?”*+

7 ਯਹੋਵਾਹ ਨੇ ਮੂਸਾ ਨੂੰ ਕਿਹਾ: “ਦੇਖ, ਮੈਂ ਤੈਨੂੰ ਫ਼ਿਰਊਨ ਲਈ ਪਰਮੇਸ਼ੁਰ ਵਰਗਾ ਬਣਾਇਆ ਹੈ* ਅਤੇ ਤੇਰਾ ਭਰਾ ਹਾਰੂਨ ਤੇਰਾ ਨਬੀ ਹੋਵੇਗਾ।+ 2 ਮੈਂ ਤੈਨੂੰ ਜੋ ਵੀ ਹੁਕਮ ਦਿਆਂਗਾ, ਤੂੰ ਉਹ ਸਾਰਾ ਕੁਝ ਆਪਣੇ ਭਰਾ ਹਾਰੂਨ ਨੂੰ ਦੱਸੀਂ ਅਤੇ ਉਹ ਫ਼ਿਰਊਨ ਨਾਲ ਗੱਲ ਕਰੇਗਾ ਤੇ ਫ਼ਿਰਊਨ ਇਜ਼ਰਾਈਲੀਆਂ ਨੂੰ ਆਪਣੇ ਦੇਸ਼ ਤੋਂ ਜਾਣ ਦੇਵੇਗਾ। 3 ਮੈਂ ਫ਼ਿਰਊਨ ਦਾ ਦਿਲ ਕਠੋਰ ਹੋਣ ਦਿਆਂਗਾ+ ਅਤੇ ਮੈਂ ਮਿਸਰ ਵਿਚ ਬਹੁਤ ਸਾਰੀਆਂ ਕਰਾਮਾਤਾਂ ਤੇ ਚਮਤਕਾਰ ਕਰਾਂਗਾ।+ 4 ਪਰ ਫ਼ਿਰਊਨ ਤੁਹਾਡੀ ਗੱਲ ਨਹੀਂ ਸੁਣੇਗਾ ਅਤੇ ਮੈਂ ਮਿਸਰ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਮਿਸਰੀਆਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਆਪਣੀ ਪਰਜਾ ਇਜ਼ਰਾਈਲ ਦੀ ਵੱਡੀ ਭੀੜ* ਨੂੰ ਇਸ ਦੇਸ਼ ਵਿੱਚੋਂ ਕੱਢ ਲੈ ਜਾਵਾਂਗਾ।+ 5 ਜਦੋਂ ਮੈਂ ਮਿਸਰੀਆਂ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਉਨ੍ਹਾਂ ਵਿੱਚੋਂ ਇਜ਼ਰਾਈਲੀਆਂ ਨੂੰ ਕੱਢ ਲੈ ਜਾਵਾਂਗਾ, ਤਾਂ ਮਿਸਰੀ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ।”+ 6 ਮੂਸਾ ਤੇ ਹਾਰੂਨ ਨੇ ਉਹੀ ਕੀਤਾ ਜੋ ਯਹੋਵਾਹ ਨੇ ਹੁਕਮ ਦਿੱਤਾ ਸੀ; ਉਨ੍ਹਾਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ। 7 ਜਦੋਂ ਉਨ੍ਹਾਂ ਨੇ ਫ਼ਿਰਊਨ ਨਾਲ ਗੱਲ ਕੀਤੀ, ਤਾਂ ਮੂਸਾ 80 ਸਾਲ ਦਾ ਅਤੇ ਹਾਰੂਨ 83 ਸਾਲ ਦਾ ਸੀ।+

8 ਫਿਰ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਕਿਹਾ: 9 “ਜੇ ਫ਼ਿਰਊਨ ਤੁਹਾਨੂੰ ਕਹੇ, ‘ਕੋਈ ਚਮਤਕਾਰ ਕਰ ਕੇ ਦਿਖਾਓ,’ ਤਾਂ ਤੂੰ ਹਾਰੂਨ ਨੂੰ ਕਹੀਂ, ‘ਆਪਣਾ ਡੰਡਾ ਲੈ ਅਤੇ ਫ਼ਿਰਊਨ ਦੇ ਸਾਮ੍ਹਣੇ ਸੁੱਟ।’ ਇਹ ਵੱਡਾ ਸੱਪ ਬਣ ਜਾਵੇਗਾ।”+ 10 ਇਸ ਲਈ ਮੂਸਾ ਤੇ ਹਾਰੂਨ ਫ਼ਿਰਊਨ ਕੋਲ ਗਏ ਅਤੇ ਉਨ੍ਹਾਂ ਨੇ ਉਹੀ ਕੀਤਾ ਜੋ ਯਹੋਵਾਹ ਨੇ ਹੁਕਮ ਦਿੱਤਾ ਸੀ। ਹਾਰੂਨ ਨੇ ਆਪਣਾ ਡੰਡਾ ਫ਼ਿਰਊਨ ਤੇ ਉਸ ਦੇ ਨੌਕਰਾਂ ਸਾਮ੍ਹਣੇ ਸੁੱਟਿਆ ਅਤੇ ਇਹ ਵੱਡਾ ਸੱਪ ਬਣ ਗਿਆ। 11 ਪਰ ਫ਼ਿਰਊਨ ਨੇ ਮਿਸਰ ਦੇ ਬੁੱਧੀਮਾਨ ਆਦਮੀਆਂ ਅਤੇ ਜਾਦੂ-ਟੂਣਾ ਕਰਨ ਵਾਲਿਆਂ ਨੂੰ ਬੁਲਾਇਆ ਅਤੇ ਜਾਦੂਗਰੀ ਕਰਨ ਵਾਲੇ ਪੁਜਾਰੀਆਂ+ ਨੇ ਵੀ ਆਪਣੇ ਜਾਦੂ ਨਾਲ ਇਸੇ ਤਰ੍ਹਾਂ ਕੀਤਾ।+ 12 ਹਰੇਕ ਨੇ ਜ਼ਮੀਨ ʼਤੇ ਆਪੋ-ਆਪਣਾ ਡੰਡਾ ਸੁੱਟਿਆ ਤੇ ਉਹ ਸਾਰੇ ਡੰਡੇ ਵੱਡੇ-ਵੱਡੇ ਸੱਪ ਬਣ ਗਏ, ਪਰ ਹਾਰੂਨ ਦਾ ਡੰਡਾ ਉਨ੍ਹਾਂ ਦੇ ਡੰਡਿਆਂ ਨੂੰ ਨਿਗਲ਼ ਗਿਆ। 13 ਇਸ ਦੇ ਬਾਵਜੂਦ ਫ਼ਿਰਊਨ ਦਾ ਦਿਲ ਕਠੋਰ ਹੋ ਗਿਆ+ ਅਤੇ ਉਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਠੀਕ ਜਿਵੇਂ ਯਹੋਵਾਹ ਨੇ ਕਿਹਾ ਸੀ।

14 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਫ਼ਿਰਊਨ ਦੇ ਦਿਲ ʼਤੇ ਕੋਈ ਅਸਰ ਨਹੀਂ ਪਿਆ।+ ਉਸ ਨੇ ਮੇਰੇ ਲੋਕਾਂ ਨੂੰ ਘੱਲਣ ਤੋਂ ਇਨਕਾਰ ਕੀਤਾ ਹੈ। 15 ਤੂੰ ਸਵੇਰੇ ਫ਼ਿਰਊਨ ਕੋਲ ਜਾਈਂ। ਉਹ ਨੀਲ ਦਰਿਆ ʼਤੇ ਆਵੇਗਾ। ਤੂੰ ਦਰਿਆ ਦੇ ਕੰਢੇ ਖੜ੍ਹ ਕੇ ਉਸ ਦੀ ਉਡੀਕ ਕਰੀਂ; ਤੂੰ ਆਪਣੇ ਹੱਥ ਵਿਚ ਉਹੀ ਡੰਡਾ ਲੈ ਜਾਈਂ ਜੋ ਸੱਪ ਬਣ ਗਿਆ ਸੀ।+ 16 ਤੂੰ ਉਸ ਨੂੰ ਕਹੀਂ, ‘ਇਬਰਾਨੀ ਲੋਕਾਂ ਦੇ ਪਰਮੇਸ਼ੁਰ ਯਹੋਵਾਹ ਨੇ ਮੈਨੂੰ ਤੇਰੇ ਕੋਲ ਘੱਲਿਆ ਹੈ+ ਅਤੇ ਉਹ ਕਹਿੰਦਾ ਹੈ: “ਮੇਰੇ ਲੋਕਾਂ ਨੂੰ ਜਾਣ ਦੇ ਤਾਂਕਿ ਉਹ ਉਜਾੜ ਵਿਚ ਮੇਰੀ ਭਗਤੀ ਕਰਨ,” ਪਰ ਤੂੰ ਅਜੇ ਤਕ ਉਸ ਦੀ ਗੱਲ ਨਹੀਂ ਮੰਨੀ। 17 ਇਸ ਲਈ ਯਹੋਵਾਹ ਕਹਿੰਦਾ ਹੈ: “ਮੈਂ ਹੁਣ ਜੋ ਕਰਾਂਗਾ, ਉਸ ਤੋਂ ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।+ ਮੈਂ ਆਪਣਾ ਡੰਡਾ ਨੀਲ ਦਰਿਆ ਦੇ ਪਾਣੀ ʼਤੇ ਮਾਰਾਂਗਾ ਅਤੇ ਪਾਣੀ ਖ਼ੂਨ ਬਣ ਜਾਵੇਗਾ। 18 ਨੀਲ ਦਰਿਆ ਦੀਆਂ ਸਾਰੀਆਂ ਮੱਛੀਆਂ ਮਰ ਜਾਣਗੀਆਂ ਅਤੇ ਦਰਿਆ ਦਾ ਪਾਣੀ ਬਦਬੂ ਮਾਰੇਗਾ ਅਤੇ ਮਿਸਰੀ ਦਰਿਆ ਦਾ ਪਾਣੀ ਨਹੀਂ ਪੀ ਸਕਣਗੇ।”’”

19 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਹਾਰੂਨ ਨੂੰ ਕਹਿ, ‘ਆਪਣਾ ਡੰਡਾ ਲੈ ਅਤੇ ਮਿਸਰ ਦੇ ਸਾਰੇ ਪਾਣੀਆਂ, ਇਸ ਦੇ ਦਰਿਆਵਾਂ, ਨਹਿਰਾਂ,* ਛੱਪੜਾਂ+ ਅਤੇ ਸਾਰੇ ਤਲਾਬਾਂ ਵੱਲ ਆਪਣਾ ਹੱਥ ਕਰ+ ਤਾਂਕਿ ਸਾਰਾ ਪਾਣੀ ਖ਼ੂਨ ਬਣ ਜਾਵੇ।’ ਪੂਰੇ ਮਿਸਰ ਵਿਚ ਖ਼ੂਨ ਹੀ ਖ਼ੂਨ ਹੋਵੇਗਾ, ਇੱਥੋਂ ਤਕ ਕਿ ਲੱਕੜ ਤੇ ਪੱਥਰ ਦੇ ਭਾਂਡਿਆਂ ਵਿਚ ਵੀ।” 20 ਮੂਸਾ ਤੇ ਹਾਰੂਨ ਨੇ ਤੁਰੰਤ ਉਹੀ ਕੀਤਾ ਜੋ ਯਹੋਵਾਹ ਨੇ ਹੁਕਮ ਦਿੱਤਾ ਸੀ। ਉਸ ਨੇ ਫ਼ਿਰਊਨ ਅਤੇ ਉਸ ਦੇ ਨੌਕਰਾਂ ਦੀਆਂ ਨਜ਼ਰਾਂ ਸਾਮ੍ਹਣੇ ਆਪਣਾ ਡੰਡਾ ਉੱਪਰ ਚੁੱਕਿਆ ਅਤੇ ਨੀਲ ਦਰਿਆ ਦੇ ਪਾਣੀ ʼਤੇ ਮਾਰਿਆ ਅਤੇ ਦਰਿਆ ਦਾ ਸਾਰਾ ਪਾਣੀ ਖ਼ੂਨ ਬਣ ਗਿਆ।+ 21 ਦਰਿਆ ਦੀਆਂ ਸਾਰੀਆਂ ਮੱਛੀਆਂ ਮਰ ਗਈਆਂ+ ਅਤੇ ਦਰਿਆ ਵਿੱਚੋਂ ਬਦਬੂ ਆਉਣ ਲੱਗੀ। ਇਸ ਕਰਕੇ ਮਿਸਰੀ ਦਰਿਆ ਦਾ ਪਾਣੀ ਨਹੀਂ ਪੀ ਸਕੇ+ ਅਤੇ ਪੂਰੇ ਮਿਸਰ ਵਿਚ ਖ਼ੂਨ ਹੀ ਖ਼ੂਨ ਹੋ ਗਿਆ।

22 ਪਰ ਮਿਸਰ ਦੇ ਜਾਦੂਗਰੀ ਕਰਨ ਵਾਲੇ ਪੁਜਾਰੀਆਂ ਨੇ ਵੀ ਆਪਣੀਆਂ ਗੁਪਤ ਸ਼ਕਤੀਆਂ ਨਾਲ ਇਸੇ ਤਰ੍ਹਾਂ ਕੀਤਾ।+ ਇਸ ਕਰਕੇ ਫ਼ਿਰਊਨ ਦਾ ਦਿਲ ਕਠੋਰ ਹੀ ਰਿਹਾ ਅਤੇ ਉਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਠੀਕ ਜਿਵੇਂ ਯਹੋਵਾਹ ਨੇ ਕਿਹਾ ਸੀ।+ 23 ਇਸ ਤੋਂ ਬਾਅਦ ਫ਼ਿਰਊਨ ਆਪਣੇ ਘਰ ਚਲਾ ਗਿਆ ਅਤੇ ਉਸ ਨੇ ਇਸ ਗੱਲ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ। 24 ਸਾਰੇ ਮਿਸਰੀ ਪੀਣ ਵਾਲੇ ਪਾਣੀ ਦੀ ਭਾਲ ਵਿਚ ਨੀਲ ਦਰਿਆ ਦੇ ਆਸ-ਪਾਸ ਜ਼ਮੀਨ ਦੀ ਖੁਦਾਈ ਕਰਨ ਲੱਗੇ ਕਿਉਂਕਿ ਉਹ ਦਰਿਆ ਦਾ ਪਾਣੀ ਨਹੀਂ ਪੀ ਸਕਦੇ ਸਨ। 25 ਯਹੋਵਾਹ ਨੇ ਸੱਤ ਦਿਨ ਨੀਲ ਦਰਿਆ ਦੇ ਪਾਣੀ ਨੂੰ ਖ਼ੂਨ ਬਣਾਈ ਰੱਖਿਆ।

8 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਫ਼ਿਰਊਨ ਨੂੰ ਜਾ ਕੇ ਕਹਿ, ‘ਯਹੋਵਾਹ ਕਹਿੰਦਾ ਹੈ: “ਮੇਰੇ ਲੋਕਾਂ ਨੂੰ ਜਾਣ ਦੇ ਤਾਂਕਿ ਉਹ ਮੇਰੀ ਭਗਤੀ* ਕਰਨ।+ 2 ਜੇ ਤੂੰ ਮੇਰੇ ਲੋਕਾਂ ਨੂੰ ਭੇਜਣ ਤੋਂ ਇਨਕਾਰ ਕਰਦਾ ਰਹੇਂਗਾ, ਤਾਂ ਮੈਂ ਤੇਰੇ ਪੂਰੇ ਇਲਾਕੇ ਵਿਚ ਡੱਡੂਆਂ ਦੀ ਆਫ਼ਤ ਲਿਆਵਾਂਗਾ।+ 3 ਨੀਲ ਦਰਿਆ ਡੱਡੂਆਂ ਨਾਲ ਭਰ ਜਾਵੇਗਾ ਅਤੇ ਉਹ ਬਾਹਰ ਨਿਕਲ ਆਉਣਗੇ। ਉਹ ਤੇਰੇ ਘਰ, ਸੌਣ ਵਾਲੇ ਕਮਰੇ, ਤੇਰੇ ਬਿਸਤਰੇ, ਤੇਰੇ ਨੌਕਰਾਂ ਤੇ ਤੇਰੇ ਲੋਕਾਂ ਦੇ ਘਰਾਂ ਵਿਚ, ਤੇਰੇ ਤੰਦੂਰਾਂ ਅਤੇ ਤੇਰੀਆਂ ਪਰਾਤਾਂ ਵਿਚ ਵੜ ਜਾਣਗੇ।+ 4 ਡੱਡੂ ਤੇਰੇ ਉੱਤੇ, ਤੇਰੇ ਲੋਕਾਂ ਉੱਤੇ ਅਤੇ ਤੇਰੇ ਸਾਰੇ ਨੌਕਰਾਂ ਉੱਤੇ ਚੜ੍ਹ ਜਾਣਗੇ।”’”

5 ਬਾਅਦ ਵਿਚ ਯਹੋਵਾਹ ਨੇ ਮੂਸਾ ਨੂੰ ਕਿਹਾ: “ਹਾਰੂਨ ਨੂੰ ਕਹਿ, ‘ਹੱਥ ਵਿਚ ਆਪਣਾ ਡੰਡਾ ਲੈ ਅਤੇ ਇਸ ਨੂੰ ਦਰਿਆਵਾਂ, ਨੀਲ ਦਰਿਆ ਦੀਆਂ ਨਹਿਰਾਂ ਤੇ ਛੱਪੜਾਂ ਵੱਲ ਕਰ ਤਾਂਕਿ ਪੂਰੇ ਮਿਸਰ ਵਿਚ ਡੱਡੂ ਹੀ ਡੱਡੂ ਹੋ ਜਾਣ।’” 6 ਇਸ ਲਈ ਹਾਰੂਨ ਨੇ ਮਿਸਰ ਦੇ ਪਾਣੀਆਂ ਵੱਲ ਆਪਣਾ ਹੱਥ ਵਧਾਇਆ ਅਤੇ ਡੱਡੂ ਨਿਕਲਣੇ ਸ਼ੁਰੂ ਹੋ ਗਏ ਅਤੇ ਪੂਰਾ ਮਿਸਰ ਇਨ੍ਹਾਂ ਨਾਲ ਭਰ ਗਿਆ। 7 ਪਰ ਜਾਦੂਗਰੀ ਕਰਨ ਵਾਲੇ ਪੁਜਾਰੀਆਂ ਨੇ ਵੀ ਆਪਣੀਆਂ ਗੁਪਤ ਸ਼ਕਤੀਆਂ ਨਾਲ ਇਸੇ ਤਰ੍ਹਾਂ ਕੀਤਾ ਅਤੇ ਮਿਸਰ ਵਿਚ ਡੱਡੂਆਂ ਦੀ ਆਫ਼ਤ ਲਿਆਂਦੀ।+ 8 ਫਿਰ ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਬੁਲਾ ਕੇ ਕਿਹਾ: “ਯਹੋਵਾਹ ਅੱਗੇ ਫ਼ਰਿਆਦ ਕਰੋ ਕਿ ਉਹ ਮੇਰੇ ਤੇ ਮੇਰੇ ਲੋਕਾਂ ਤੋਂ ਡੱਡੂਆਂ ਦੀ ਆਫ਼ਤ ਹਟਾ ਦੇਵੇ+ ਕਿਉਂਕਿ ਮੈਂ ਤੁਹਾਡੇ ਲੋਕਾਂ ਨੂੰ ਘੱਲਣਾ ਚਾਹੁੰਦਾ ਹਾਂ ਤਾਂਕਿ ਉਹ ਯਹੋਵਾਹ ਅੱਗੇ ਬਲ਼ੀ ਚੜ੍ਹਾ ਸਕਣ।” 9 ਮੂਸਾ ਨੇ ਫ਼ਿਰਊਨ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਦੱਸ ਕਿ ਮੈਂ ਕਦੋਂ ਫ਼ਰਿਆਦ ਕਰਾਂ ਤਾਂ ਜੋ ਤੇਰੇ ਤੋਂ, ਤੇਰੇ ਨੌਕਰਾਂ, ਤੇਰੇ ਲੋਕਾਂ ਅਤੇ ਤੇਰੇ ਘਰਾਂ ਤੋਂ ਡੱਡੂਆਂ ਦੀ ਆਫ਼ਤ ਟਲ ਜਾਵੇ। ਸਿਰਫ਼ ਨੀਲ ਦਰਿਆ ਵਿਚ ਹੀ ਡੱਡੂ ਰਹਿ ਜਾਣਗੇ।” 10 ਫ਼ਿਰਊਨ ਨੇ ਕਿਹਾ: “ਕੱਲ੍ਹ ਨੂੰ।” ਇਸ ਲਈ ਮੂਸਾ ਨੇ ਕਿਹਾ: “ਠੀਕ ਹੈ, ਜਿਵੇਂ ਤੂੰ ਕਿਹਾ, ਉਵੇਂ ਹੋਵੇਗਾ। ਇਸ ਤੋਂ ਤੈਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਪਰਮੇਸ਼ੁਰ ਯਹੋਵਾਹ ਵਰਗਾ ਹੋਰ ਕੋਈ ਨਹੀਂ ਹੈ।+ 11 ਤੇਰੇ ਤੋਂ, ਤੇਰੇ ਘਰਾਂ ਤੋਂ, ਤੇਰੇ ਨੌਕਰਾਂ ਅਤੇ ਤੇਰੇ ਲੋਕਾਂ ਤੋਂ ਡੱਡੂਆਂ ਦੀ ਆਫ਼ਤ ਹਟ ਜਾਵੇਗੀ। ਸਿਰਫ਼ ਨੀਲ ਦਰਿਆ ਵਿਚ ਹੀ ਡੱਡੂ ਰਹਿ ਜਾਣਗੇ।”+

12 ਇਸ ਲਈ ਮੂਸਾ ਤੇ ਹਾਰੂਨ ਫ਼ਿਰਊਨ ਦੇ ਸਾਮ੍ਹਣਿਓਂ ਚਲੇ ਗਏ ਅਤੇ ਮੂਸਾ ਨੇ ਯਹੋਵਾਹ ਅੱਗੇ ਫ਼ਰਿਆਦ ਕੀਤੀ ਕਿ ਉਹ ਫ਼ਿਰਊਨ ਉੱਤੇ ਲਿਆਂਦੀ ਡੱਡੂਆਂ ਦੀ ਆਫ਼ਤ ਹਟਾ ਦੇਵੇ।+ 13 ਫਿਰ ਯਹੋਵਾਹ ਨੇ ਮੂਸਾ ਦੀ ਫ਼ਰਿਆਦ ਸੁਣੀ ਅਤੇ ਘਰਾਂ, ਵਿਹੜਿਆਂ ਤੇ ਖੇਤਾਂ ਵਿਚ ਡੱਡੂ ਮਰਨੇ ਸ਼ੁਰੂ ਹੋ ਗਏ। 14 ਲੋਕਾਂ ਨੇ ਡੱਡੂਆਂ ਨੂੰ ਇਕੱਠਾ ਕਰ ਕੇ ਢੇਰਾਂ ਦੇ ਢੇਰ ਲਾ ਦਿੱਤੇ ਅਤੇ ਪੂਰੇ ਦੇਸ਼ ਵਿਚ ਬਦਬੂ ਫੈਲ ਗਈ। 15 ਜਦੋਂ ਫ਼ਿਰਊਨ ਨੇ ਦੇਖਿਆ ਕਿ ਡੱਡੂਆਂ ਦੀ ਆਫ਼ਤ ਹਟ ਗਈ ਸੀ, ਤਾਂ ਉਸ ਨੇ ਆਪਣਾ ਦਿਲ ਕਠੋਰ ਕਰ ਲਿਆ+ ਅਤੇ ਉਨ੍ਹਾਂ ਦੀ ਗੱਲ ਸੁਣਨ ਤੋਂ ਇਨਕਾਰ ਕੀਤਾ, ਠੀਕ ਜਿਵੇਂ ਯਹੋਵਾਹ ਨੇ ਕਿਹਾ ਸੀ।

16 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਹਾਰੂਨ ਨੂੰ ਕਹਿ, ‘ਆਪਣਾ ਡੰਡਾ ਉੱਪਰ ਚੁੱਕ ਅਤੇ ਜ਼ਮੀਨ ਦੀ ਮਿੱਟੀ ʼਤੇ ਮਾਰ। ਫਿਰ ਮਿੱਟੀ ਮੱਛਰ ਬਣ ਜਾਵੇਗੀ ਅਤੇ ਪੂਰਾ ਮਿਸਰ ਮੱਛਰਾਂ ਨਾਲ ਭਰ ਜਾਵੇਗਾ।’” 17 ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ। ਹਾਰੂਨ ਨੇ ਆਪਣਾ ਡੰਡਾ ਉੱਪਰ ਚੁੱਕ ਕੇ ਜ਼ਮੀਨ ਦੀ ਮਿੱਟੀ ʼਤੇ ਮਾਰਿਆ। ਪੂਰੇ ਮਿਸਰ ਵਿਚ ਜ਼ਮੀਨ ਦੀ ਸਾਰੀ ਮਿੱਟੀ ਤੋਂ ਮੱਛਰ ਬਣ ਗਏ।+ ਅਤੇ ਮੱਛਰਾਂ ਨੇ ਇਨਸਾਨਾਂ ਤੇ ਜਾਨਵਰਾਂ ਦੇ ਨੱਕ ਵਿਚ ਦਮ ਕਰ ਦਿੱਤਾ। 18 ਜਾਦੂਗਰੀ ਕਰਨ ਵਾਲੇ ਪੁਜਾਰੀਆਂ ਨੇ ਵੀ ਆਪਣੀਆਂ ਗੁਪਤ ਸ਼ਕਤੀਆਂ ਨਾਲ ਮਿੱਟੀ ਤੋਂ ਮੱਛਰ ਬਣਾਉਣ ਦੀ ਕੋਸ਼ਿਸ਼ ਕੀਤੀ,+ ਪਰ ਉਹ ਬਣਾ ਨਹੀਂ ਸਕੇ। ਅਤੇ ਮੱਛਰਾਂ ਨੇ ਇਨਸਾਨਾਂ ਤੇ ਜਾਨਵਰਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਸੀ। 19 ਇਸ ਲਈ ਜਾਦੂਗਰੀ ਕਰਨ ਵਾਲੇ ਪੁਜਾਰੀਆਂ ਨੇ ਫ਼ਿਰਊਨ ਨੂੰ ਕਿਹਾ: “ਇਹ ਪਰਮੇਸ਼ੁਰ ਦੀ ਉਂਗਲ*+ ਹੈ!” ਪਰ ਫ਼ਿਰਊਨ ਦਾ ਦਿਲ ਕਠੋਰ ਹੀ ਰਿਹਾ ਅਤੇ ਉਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਠੀਕ ਜਿਵੇਂ ਯਹੋਵਾਹ ਨੇ ਕਿਹਾ ਸੀ।

20 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਸਵੇਰੇ ਤੜਕੇ ਉੱਠ ਕੇ ਫ਼ਿਰਊਨ ਨੂੰ ਮਿਲਣ ਜਾਈਂ। ਦੇਖ, ਉਹ ਨੀਲ ਦਰਿਆ ʼਤੇ ਆਵੇਗਾ। ਤੂੰ ਉਸ ਨੂੰ ਕਹੀਂ, ‘ਯਹੋਵਾਹ ਨੇ ਕਿਹਾ ਹੈ: “ਮੇਰੇ ਲੋਕਾਂ ਨੂੰ ਜਾਣ ਦੇ ਤਾਂਕਿ ਉਹ ਮੇਰੀ ਭਗਤੀ* ਕਰਨ। 21 ਪਰ ਜੇ ਤੂੰ ਮੇਰੇ ਲੋਕਾਂ ਨੂੰ ਨਾ ਘੱਲਿਆ, ਤਾਂ ਮੈਂ ਤੇਰੇ ਉੱਤੇ, ਤੇਰੇ ਨੌਕਰਾਂ, ਤੇਰੇ ਲੋਕਾਂ ਅਤੇ ਤੇਰੇ ਘਰਾਂ ਉੱਤੇ ਮੱਖਾਂ* ਦੀ ਆਫ਼ਤ ਲਿਆਵਾਂਗਾ; ਮਿਸਰੀਆਂ ਦੇ ਘਰ ਮੱਖਾਂ ਨਾਲ ਭਰ ਜਾਣਗੇ ਅਤੇ ਉਹ ਜਿੱਥੇ ਵੀ ਪੈਰ ਰੱਖਣਗੇ, ਉੱਥੇ ਮੱਖ ਹੀ ਮੱਖ ਹੋਣਗੇ। 22 ਪਰ ਉਸ ਦਿਨ ਮੈਂ ਗੋਸ਼ਨ ਦੇ ਇਲਾਕੇ ਵਿਚ ਇਸ ਤਰ੍ਹਾਂ ਨਹੀਂ ਹੋਣ ਦਿਆਂਗਾ ਜਿੱਥੇ ਮੇਰੇ ਲੋਕ ਰਹਿੰਦੇ ਹਨ। ਉੱਥੇ ਇਕ ਵੀ ਮੱਖ ਨਹੀਂ ਹੋਵੇਗਾ।+ ਇਸ ਤੋਂ ਤੈਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਇਸ ਦੇਸ਼ ਵਿਚ ਹਾਂ।+ 23 ਮੈਂ ਆਪਣੇ ਲੋਕਾਂ ਅਤੇ ਤੇਰੇ ਲੋਕਾਂ ਵਿਚ ਫ਼ਰਕ ਦਿਖਾਵਾਂਗਾ। ਇਹ ਕਰਾਮਾਤ ਕੱਲ੍ਹ ਹੋਵੇਗੀ।”’”

24 ਯਹੋਵਾਹ ਨੇ ਇਸੇ ਤਰ੍ਹਾਂ ਕੀਤਾ। ਮੱਖਾਂ ਦੇ ਵੱਡੇ-ਵੱਡੇ ਝੁੰਡਾਂ ਨੇ ਫ਼ਿਰਊਨ ਦੇ ਘਰ ʼਤੇ ਅਤੇ ਉਸ ਦੇ ਨੌਕਰਾਂ ਦੇ ਘਰਾਂ ʼਤੇ ਅਤੇ ਪੂਰੇ ਮਿਸਰ ʼਤੇ ਹਮਲਾ ਕਰ ਦਿੱਤਾ।+ ਮੱਖਾਂ ਨੇ ਦੇਸ਼ ਬਰਬਾਦ ਕਰ ਦਿੱਤਾ।+ 25 ਅਖ਼ੀਰ ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਬੁਲਾ ਕੇ ਕਿਹਾ: “ਜਾਓ, ਜਾ ਕੇ ਇਸੇ ਦੇਸ਼ ਵਿਚ ਆਪਣੇ ਪਰਮੇਸ਼ੁਰ ਅੱਗੇ ਬਲ਼ੀ ਚੜ੍ਹਾਓ।” 26 ਪਰ ਮੂਸਾ ਨੇ ਕਿਹਾ: “ਇਸ ਤਰ੍ਹਾਂ ਕਰਨਾ ਠੀਕ ਨਹੀਂ ਹੋਵੇਗਾ ਕਿਉਂਕਿ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਜੋ ਬਲ਼ੀ ਚੜ੍ਹਾਵਾਂਗੇ, ਉਹ ਮਿਸਰੀਆਂ ਦੀਆਂ ਨਜ਼ਰਾਂ ਵਿਚ ਘਿਣਾਉਣੀ ਹੋਵੇਗੀ।+ ਜੇ ਅਸੀਂ ਮਿਸਰੀਆਂ ਸਾਮ੍ਹਣੇ ਅਜਿਹੀ ਬਲ਼ੀ ਚੜ੍ਹਾਵਾਂਗੇ ਜੋ ਉਨ੍ਹਾਂ ਲਈ ਘਿਣਾਉਣੀ ਹੈ, ਤਾਂ ਕੀ ਉਹ ਸਾਨੂੰ ਪੱਥਰ ਮਾਰ-ਮਾਰ ਕੇ ਜਾਨੋਂ ਨਹੀਂ ਮਾਰ ਦੇਣਗੇ? 27 ਇਸ ਲਈ ਅਸੀਂ ਤਿੰਨ ਦਿਨ ਦਾ ਸਫ਼ਰ ਕਰ ਕੇ ਉਜਾੜ ਵਿਚ ਜਾਵਾਂਗੇ ਅਤੇ ਉੱਥੇ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਬਲ਼ੀ ਚੜ੍ਹਾਵਾਂਗੇ, ਠੀਕ ਜਿਵੇਂ ਉਸ ਨੇ ਸਾਨੂੰ ਕਿਹਾ ਹੈ।”+

28 ਫ਼ਿਰਊਨ ਨੇ ਕਿਹਾ: “ਠੀਕ ਹੈ, ਮੈਂ ਤੁਹਾਨੂੰ ਉਜਾੜ ਵਿਚ ਤੁਹਾਡੇ ਪਰਮੇਸ਼ੁਰ ਯਹੋਵਾਹ ਅੱਗੇ ਬਲ਼ੀ ਚੜ੍ਹਾਉਣ ਲਈ ਜਾਣ ਦਿਆਂਗਾ। ਪਰ ਤੁਸੀਂ ਜ਼ਿਆਦਾ ਦੂਰ ਨਾ ਜਾਇਓ। ਮੇਰੇ ਲਈ ਆਪਣੇ ਪਰਮੇਸ਼ੁਰ ਅੱਗੇ ਫ਼ਰਿਆਦ ਕਰੋ।”+ 29 ਫਿਰ ਮੂਸਾ ਨੇ ਕਿਹਾ: “ਮੈਂ ਹੁਣ ਜਾ ਰਿਹਾ ਹਾਂ ਅਤੇ ਮੈਂ ਯਹੋਵਾਹ ਅੱਗੇ ਫ਼ਰਿਆਦ ਕਰਾਂਗਾ। ਹੇ ਫ਼ਿਰਊਨ, ਕੱਲ੍ਹ ਨੂੰ ਤੇਰਾ, ਤੇਰੇ ਨੌਕਰਾਂ ਅਤੇ ਤੇਰੇ ਲੋਕਾਂ ਦਾ ਮੱਖਾਂ ਤੋਂ ਖਹਿੜਾ ਛੁੱਟ ਜਾਵੇਗਾ। ਪਰ ਤੂੰ ਸਾਡੇ ਨਾਲ ਚਾਲਾਂ ਨਾ ਖੇਡ। ਸਾਡੇ ਲੋਕਾਂ ਨੂੰ ਯਹੋਵਾਹ ਅੱਗੇ ਬਲ਼ੀ ਚੜ੍ਹਾਉਣ ਲਈ ਘੱਲਣ ਤੋਂ ਇਨਕਾਰ ਨਾ ਕਰੀਂ।”+ 30 ਫਿਰ ਮੂਸਾ ਫ਼ਿਰਊਨ ਕੋਲੋਂ ਚਲਾ ਗਿਆ ਅਤੇ ਉਸ ਨੇ ਯਹੋਵਾਹ ਅੱਗੇ ਫ਼ਰਿਆਦ ਕੀਤੀ।+ 31 ਇਸ ਲਈ ਯਹੋਵਾਹ ਨੇ ਮੂਸਾ ਦੀ ਫ਼ਰਿਆਦ ਸੁਣੀ ਅਤੇ ਮੱਖਾਂ ਨੇ ਫ਼ਿਰਊਨ, ਉਸ ਦੇ ਨੌਕਰਾਂ ਅਤੇ ਉਸ ਦੇ ਲੋਕਾਂ ਦਾ ਪਿੱਛਾ ਛੱਡ ਦਿੱਤਾ। ਇਕ ਵੀ ਮੱਖ ਨਾ ਰਿਹਾ। 32 ਪਰ ਫ਼ਿਰਊਨ ਨੇ ਦੁਬਾਰਾ ਆਪਣਾ ਦਿਲ ਕਠੋਰ ਕਰ ਲਿਆ ਅਤੇ ਲੋਕਾਂ ਨੂੰ ਜਾਣ ਨਹੀਂ ਦਿੱਤਾ।

9 ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: “ਫ਼ਿਰਊਨ ਨੂੰ ਜਾ ਕੇ ਕਹਿ, ‘ਇਬਰਾਨੀ ਲੋਕਾਂ ਦੇ ਪਰਮੇਸ਼ੁਰ ਯਹੋਵਾਹ ਨੇ ਕਿਹਾ ਹੈ: “ਮੇਰੇ ਲੋਕਾਂ ਨੂੰ ਜਾਣ ਦੇ ਤਾਂਕਿ ਉਹ ਮੇਰੀ ਭਗਤੀ* ਕਰਨ।+ 2 ਪਰ ਜੇ ਤੂੰ ਉਨ੍ਹਾਂ ਨੂੰ ਭੇਜਣ ਤੋਂ ਇਨਕਾਰ ਕਰੇਂਗਾ ਅਤੇ ਉਨ੍ਹਾਂ ਨੂੰ ਰੋਕੀ ਰੱਖੇਂਗਾ, 3 ਤਾਂ ਦੇਖ! ਯਹੋਵਾਹ ਦਾ ਹੱਥ+ ਤੇਰੇ ਪਾਲਤੂ ਪਸ਼ੂਆਂ ਦੇ ਵਿਰੁੱਧ ਉੱਠੇਗਾ। ਤੇਰੇ ਘੋੜਿਆਂ, ਗਧਿਆਂ, ਊਠਾਂ, ਗਾਂਵਾਂ-ਬਲਦਾਂ ਅਤੇ ਭੇਡਾਂ-ਬੱਕਰੀਆਂ ਉੱਤੇ ਜਾਨਲੇਵਾ ਮਹਾਂਮਾਰੀ ਆਵੇਗੀ।+ 4 ਯਹੋਵਾਹ ਇਜ਼ਰਾਈਲ ਦੇ ਪਸ਼ੂਆਂ ਅਤੇ ਮਿਸਰ ਦੇ ਪਸ਼ੂਆਂ ਵਿਚਕਾਰ ਜ਼ਰੂਰ ਫ਼ਰਕ ਦਿਖਾਵੇਗਾ ਅਤੇ ਇਜ਼ਰਾਈਲੀਆਂ ਦਾ ਕੋਈ ਵੀ ਪਸ਼ੂ ਨਹੀਂ ਮਰੇਗਾ।”’”+ 5 ਇਸ ਤੋਂ ਇਲਾਵਾ, ਯਹੋਵਾਹ ਨੇ ਸਮਾਂ ਠਹਿਰਾਉਂਦੇ ਹੋਏ ਕਿਹਾ: “ਕੱਲ੍ਹ ਨੂੰ ਮੈਂ ਯਹੋਵਾਹ ਦੇਸ਼ ਵਿਚ ਇਹ ਆਫ਼ਤ ਲਿਆਵਾਂਗਾ।”

6 ਅਗਲੇ ਦਿਨ ਯਹੋਵਾਹ ਨੇ ਇਸੇ ਤਰ੍ਹਾਂ ਕੀਤਾ ਅਤੇ ਮਿਸਰੀਆਂ ਦੇ ਹਰ ਤਰ੍ਹਾਂ ਦੇ ਪਸ਼ੂ ਮਰਨ ਲੱਗੇ,+ ਪਰ ਇਜ਼ਰਾਈਲੀਆਂ ਦਾ ਇਕ ਵੀ ਪਸ਼ੂ ਨਹੀਂ ਮਰਿਆ। 7 ਜਦੋਂ ਫ਼ਿਰਊਨ ਨੇ ਇਸ ਬਾਰੇ ਪੁੱਛ-ਪੜਤਾਲ ਕੀਤੀ, ਤਾਂ ਉਸ ਨੂੰ ਪਤਾ ਲੱਗਾ ਕਿ ਇਜ਼ਰਾਈਲੀਆਂ ਦਾ ਇਕ ਵੀ ਪਸ਼ੂ ਨਹੀਂ ਮਰਿਆ ਸੀ। ਫਿਰ ਵੀ ਫ਼ਿਰਊਨ ਦੇ ਦਿਲ ʼਤੇ ਕੋਈ ਅਸਰ ਨਹੀਂ ਪਿਆ ਅਤੇ ਉਸ ਨੇ ਲੋਕਾਂ ਨੂੰ ਜਾਣ ਨਹੀਂ ਦਿੱਤਾ।+

8 ਫਿਰ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਕਿਹਾ: “ਤੁਸੀਂ ਆਪਣੇ ਦੋਵੇਂ ਹੱਥਾਂ ਵਿਚ ਭੱਠੀ ਵਿੱਚੋਂ ਸੁਆਹ ਲਵੋ ਅਤੇ ਫਿਰ ਮੂਸਾ ਉਸ ਨੂੰ ਫ਼ਿਰਊਨ ਦੇ ਸਾਮ੍ਹਣੇ ਹਵਾ ਵਿਚ ਉਡਾ ਦੇਵੇ। 9 ਇਹ ਸੁਆਹ ਪੂਰੇ ਮਿਸਰ ਵਿਚ ਧੂੜ ਬਣ ਕੇ ਖਿੱਲਰ ਜਾਵੇਗੀ। ਇਸ ਨਾਲ ਪੂਰੇ ਮਿਸਰ ਵਿਚ ਇਨਸਾਨਾਂ ਤੇ ਜਾਨਵਰਾਂ ਦੇ ਫੋੜੇ ਨਿਕਲ ਆਉਣਗੇ ਜਿਨ੍ਹਾਂ ਵਿੱਚੋਂ ਪੀਕ ਵਗੇਗੀ।”

10 ਇਸ ਲਈ ਉਹ ਭੱਠੀ ਵਿੱਚੋਂ ਸੁਆਹ ਲੈ ਕੇ ਫ਼ਿਰਊਨ ਦੇ ਸਾਮ੍ਹਣੇ ਖੜ੍ਹੇ ਹੋ ਗਏ ਅਤੇ ਮੂਸਾ ਨੇ ਹਵਾ ਵਿਚ ਸੁਆਹ ਉਡਾ ਦਿੱਤੀ ਅਤੇ ਇਸ ਨਾਲ ਇਨਸਾਨਾਂ ਅਤੇ ਜਾਨਵਰਾਂ ਦੇ ਫੋੜੇ ਨਿਕਲ ਆਏ ਜਿਨ੍ਹਾਂ ਵਿੱਚੋਂ ਪੀਕ ਵਗਦੀ ਸੀ। 11 ਜਾਦੂਗਰੀ ਕਰਨ ਵਾਲੇ ਪੁਜਾਰੀ ਮੂਸਾ ਦੇ ਸਾਮ੍ਹਣੇ ਖੜ੍ਹੇ ਨਾ ਹੋ ਸਕੇ ਕਿਉਂਕਿ ਬਾਕੀ ਮਿਸਰੀਆਂ ਵਾਂਗ ਉਨ੍ਹਾਂ ਦੇ ਵੀ ਫੋੜੇ ਹੋ ਗਏ ਸਨ।+ 12 ਪਰ ਯਹੋਵਾਹ ਨੇ ਫ਼ਿਰਊਨ ਦਾ ਦਿਲ ਕਠੋਰ ਹੋਣ ਦਿੱਤਾ ਅਤੇ ਉਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਕਿਹਾ ਸੀ।+

13 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਸਵੇਰੇ ਤੜਕੇ ਉੱਠ ਕੇ ਫ਼ਿਰਊਨ ਦੇ ਸਾਮ੍ਹਣੇ ਖੜ੍ਹਾ ਹੋਈਂ ਅਤੇ ਉਸ ਨੂੰ ਕਹੀਂ, ‘ਇਬਰਾਨੀ ਲੋਕਾਂ ਦੇ ਪਰਮੇਸ਼ੁਰ ਯਹੋਵਾਹ ਨੇ ਕਿਹਾ ਹੈ: “ਮੇਰੇ ਲੋਕਾਂ ਨੂੰ ਜਾਣ ਦੇ ਤਾਂਕਿ ਉਹ ਮੇਰੀ ਭਗਤੀ* ਕਰਨ। 14 ਹੁਣ ਮੈਂ ਤੇਰੇ ਦਿਲ ʼਤੇ ਇਕ ਤੋਂ ਬਾਅਦ ਇਕ ਵਾਰ ਕਰਾਂਗਾ, ਨਾਲੇ ਤੇਰੇ ਨੌਕਰਾਂ ਅਤੇ ਤੇਰੇ ਲੋਕਾਂ ʼਤੇ ਵੀ ਆਫ਼ਤਾਂ ਲਿਆਵਾਂਗਾ ਤਾਂਕਿ ਤੈਨੂੰ ਪਤਾ ਲੱਗ ਜਾਵੇ ਕਿ ਪੂਰੀ ਧਰਤੀ ਉੱਤੇ ਮੇਰੇ ਵਰਗਾ ਹੋਰ ਕੋਈ ਨਹੀਂ ਹੈ।+ 15 ਮੈਂ ਚਾਹੁੰਦਾ ਤਾਂ ਮੈਂ ਤੇਰੇ ਉੱਤੇ ਅਤੇ ਤੇਰੇ ਲੋਕਾਂ ਉੱਤੇ ਜਾਨਲੇਵਾ ਮਹਾਂਮਾਰੀ ਲਿਆ ਕੇ ਹੁਣ ਤਕ ਤੈਨੂੰ ਧਰਤੀ ਤੋਂ ਮਿਟਾ ਦਿੱਤਾ ਹੁੰਦਾ। 16 ਪਰ ਮੈਂ ਤੈਨੂੰ ਇਸੇ ਕਰਕੇ ਅਜੇ ਤਕ ਜੀਉਂਦਾ ਰੱਖਿਆ ਹੈ ਤਾਂਕਿ ਮੈਂ ਤੈਨੂੰ ਆਪਣੀ ਤਾਕਤ ਦਿਖਾਵਾਂ ਅਤੇ ਪੂਰੀ ਧਰਤੀ ਉੱਤੇ ਮੇਰੇ ਨਾਂ ਬਾਰੇ ਲੋਕਾਂ ਨੂੰ ਪਤਾ ਲੱਗੇ।+ 17 ਕੀ ਤੇਰਾ ਦਿਲ ਅਜੇ ਵੀ ਇੰਨਾ ਹੰਕਾਰਿਆ ਹੋਇਆ ਹੈ ਕਿ ਤੂੰ ਮੇਰੇ ਲੋਕਾਂ ਨੂੰ ਘੱਲਣ ਤੋਂ ਇਨਕਾਰ ਕਰ ਰਿਹਾ ਹੈਂ? 18 ਮੈਂ ਕੱਲ੍ਹ ਨੂੰ ਲਗਭਗ ਇਸੇ ਸਮੇਂ ਇੰਨੇ ਜ਼ਿਆਦਾ ਗੜੇ ਪਾਵਾਂਗਾ ਜਿੰਨੇ ਮਿਸਰ ਵਿਚ ਹੁਣ ਤਕ ਨਹੀਂ ਪਏ। 19 ਇਸ ਲਈ ਆਪਣੇ ਨੌਕਰਾਂ ਨੂੰ ਹੁਕਮ ਦੇ ਕਿ ਉਹ ਖੇਤਾਂ ਵਿੱਚੋਂ ਤੇਰੇ ਸਾਰੇ ਪਾਲਤੂ ਪਸ਼ੂਆਂ ਨੂੰ ਅੰਦਰ ਲਿਆਉਣ। ਨਾਲੇ ਤੇਰਾ ਜੋ ਕੁਝ ਵੀ ਬਾਹਰ ਹੈ, ਉਸ ਨੂੰ ਵੀ ਅੰਦਰ ਲਿਆਂਦਾ ਜਾਵੇ। ਜਿਹੜਾ ਵੀ ਇਨਸਾਨ ਤੇ ਜਾਨਵਰ ਅੰਦਰ ਨਹੀਂ ਲਿਆਂਦਾ ਜਾਵੇਗਾ ਅਤੇ ਬਾਹਰ ਰਹਿ ਜਾਵੇਗਾ, ਉਹ ਗੜਿਆਂ ਦੀ ਮਾਰ ਨਾਲ ਮਰ ਜਾਵੇਗਾ।”’”

20 ਫ਼ਿਰਊਨ ਦੇ ਜਿਹੜੇ ਵੀ ਨੌਕਰ ਯਹੋਵਾਹ ਦਾ ਹੁਕਮ ਸੁਣ ਕੇ ਡਰ ਗਏ, ਉਹ ਫਟਾਫਟ ਜਾ ਕੇ ਆਪਣੇ ਨੌਕਰਾਂ ਅਤੇ ਪਸ਼ੂਆਂ ਨੂੰ ਘਰਾਂ ਦੇ ਅੰਦਰ ਲੈ ਆਏ। 21 ਪਰ ਜਿਨ੍ਹਾਂ ਨੇ ਯਹੋਵਾਹ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ, ਉਨ੍ਹਾਂ ਨੇ ਆਪਣੇ ਨੌਕਰ ਤੇ ਪਸ਼ੂ ਬਾਹਰ ਹੀ ਰਹਿਣ ਦਿੱਤੇ।

22 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਆਕਾਸ਼ ਵੱਲ ਆਪਣਾ ਹੱਥ ਉਠਾ ਤਾਂਕਿ ਪੂਰੇ ਮਿਸਰ ਵਿਚ ਇਨਸਾਨਾਂ, ਜਾਨਵਰਾਂ ਤੇ ਸਾਰੇ ਪੇੜ-ਪੌਦਿਆਂ ਉੱਤੇ+ ਗੜੇ ਪੈਣ।”+ 23 ਇਸ ਲਈ ਮੂਸਾ ਨੇ ਆਕਾਸ਼ ਵੱਲ ਆਪਣਾ ਡੰਡਾ ਚੁੱਕਿਆ ਅਤੇ ਯਹੋਵਾਹ ਨੇ ਬੱਦਲਾਂ ਦੀ ਗਰਜ ਨਾਲ ਧਰਤੀ ਉੱਤੇ ਗੜੇ ਅਤੇ ਅੱਗ* ਵਰ੍ਹਾਈ ਅਤੇ ਯਹੋਵਾਹ ਪੂਰੇ ਮਿਸਰ ਉੱਤੇ ਲਗਾਤਾਰ ਗੜੇ ਪਾਉਂਦਾ ਰਿਹਾ। 24 ਗੜੇ ਪੈਂਦੇ ਰਹੇ ਅਤੇ ਗੜਿਆਂ ਨਾਲ ਅੱਗ ਵੀ ਵਰ੍ਹੀ। ਉਸ ਵੇਲੇ ਭਾਰੀ ਗੜੇਮਾਰ ਹੋਈ; ਜਦੋਂ ਤੋਂ ਮਿਸਰ ਇਕ ਕੌਮ ਬਣਿਆ ਹੈ, ਉਦੋਂ ਤੋਂ ਲੈ ਕੇ ਹੁਣ ਤਕ ਇੰਨੇ ਜ਼ਿਆਦਾ ਗੜੇ ਕਦੇ ਨਹੀਂ ਪਏ।+ 25 ਪੂਰੇ ਮਿਸਰ ਵਿਚ ਇਨਸਾਨਾਂ ਤੋਂ ਲੈ ਕੇ ਜਾਨਵਰਾਂ ਤਕ ਜੋ ਵੀ ਬਾਹਰ ਸੀ, ਉਸ ਉੱਤੇ ਗੜਿਆਂ ਦੀ ਮਾਰ ਪਈ ਜਿਸ ਕਰਕੇ ਸਾਰੇ ਪੇੜ-ਪੌਦੇ ਤਬਾਹ ਹੋ ਗਏ ਅਤੇ ਸਾਰੇ ਦਰਖ਼ਤ ਤਹਿਸ-ਨਹਿਸ ਹੋ ਗਏ।+ 26 ਸਿਰਫ਼ ਗੋਸ਼ਨ ਦੇ ਇਲਾਕੇ ਵਿਚ ਗੜੇ ਨਹੀਂ ਪਏ ਜਿੱਥੇ ਇਜ਼ਰਾਈਲੀ ਰਹਿੰਦੇ ਸਨ।+

27 ਇਸ ਲਈ ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਬੁਲਾ ਕੇ ਕਿਹਾ: “ਹੁਣ ਮੈਨੂੰ ਅਹਿਸਾਸ ਹੋ ਗਿਆ ਹੈ ਕਿ ਮੈਂ ਪਾਪ ਕੀਤਾ ਹੈ। ਯਹੋਵਾਹ ਜੋ ਵੀ ਕਰਦਾ, ਸਹੀ ਕਰਦਾ, ਪਰ ਮੈਂ ਤੇ ਮੇਰੇ ਲੋਕ ਗ਼ਲਤ ਹਾਂ। 28 ਯਹੋਵਾਹ ਨੂੰ ਫ਼ਰਿਆਦ ਕਰੋ ਕਿ ਉਹ ਬੱਦਲਾਂ ਦੀ ਗਰਜ ਅਤੇ ਗੜੇ ਪਾਉਣੇ ਬੰਦ ਕਰ ਦੇਵੇ। ਫਿਰ ਮੈਂ ਤੁਹਾਨੂੰ ਆਪ ਘੱਲਾਂਗਾ ਅਤੇ ਤੁਹਾਨੂੰ ਇੱਥੇ ਹੋਰ ਨਹੀਂ ਰਹਿਣਾ ਪਵੇਗਾ।” 29 ਮੂਸਾ ਨੇ ਉਸ ਨੂੰ ਕਿਹਾ: “ਜਦੋਂ ਮੈਂ ਸ਼ਹਿਰੋਂ ਬਾਹਰ ਜਾਵਾਂਗਾ, ਤਾਂ ਮੈਂ ਯਹੋਵਾਹ ਅੱਗੇ ਆਪਣੇ ਹੱਥ ਅੱਡਾਂਗਾ। ਬੱਦਲ ਗਰਜਣੇ ਬੰਦ ਹੋ ਜਾਣਗੇ ਅਤੇ ਹੋਰ ਗੜੇ ਨਹੀਂ ਪੈਣਗੇ ਤਾਂਕਿ ਤੈਨੂੰ ਪਤਾ ਲੱਗ ਜਾਵੇ ਕਿ ਧਰਤੀ ਦਾ ਮਾਲਕ ਯਹੋਵਾਹ ਹੈ।+ 30 ਪਰ ਮੈਂ ਜਾਣਦਾ ਹਾਂ ਕਿ ਤੂੰ ਤੇ ਤੇਰੇ ਨੌਕਰ ਫਿਰ ਵੀ ਯਹੋਵਾਹ ਪਰਮੇਸ਼ੁਰ ਤੋਂ ਨਹੀਂ ਡਰੋਗੇ।”

31 ਉਸ ਵੇਲੇ ਅਲਸੀ ਅਤੇ ਜੌਆਂ ਦੀ ਫ਼ਸਲ ਤਬਾਹ ਹੋ ਗਈ ਕਿਉਂਕਿ ਜੌਆਂ ਦੇ ਸਿੱਟੇ ਨਿਕਲ ਆਏ ਸਨ ਅਤੇ ਸਣ ਦੀਆਂ ਡੋਡੀਆਂ ਨਿਕਲ ਆਈਆਂ ਸਨ। 32 ਪਰ ਕਣਕ* ਦੀ ਫ਼ਸਲ ਤਬਾਹ ਨਹੀਂ ਹੋਈ ਕਿਉਂਕਿ ਇਸ ਦੇ ਸਿੱਟੇ ਅਜੇ ਨਹੀਂ ਨਿਕਲੇ ਸਨ। 33 ਮੂਸਾ ਫ਼ਿਰਊਨ ਕੋਲੋਂ ਚਲਾ ਗਿਆ ਅਤੇ ਉਸ ਨੇ ਸ਼ਹਿਰੋਂ ਬਾਹਰ ਜਾ ਕੇ ਯਹੋਵਾਹ ਅੱਗੇ ਹੱਥ ਅੱਡੇ ਜਿਸ ਕਰਕੇ ਬੱਦਲ ਗਰਜਣੋਂ ਹਟ ਗਏ ਅਤੇ ਧਰਤੀ ਉੱਤੇ ਗੜੇ ਤੇ ਮੀਂਹ ਪੈਣਾ ਬੰਦ ਹੋ ਗਿਆ।+ 34 ਜਦੋਂ ਫ਼ਿਰਊਨ ਨੇ ਦੇਖਿਆ ਕਿ ਮੀਂਹ, ਗੜੇ ਅਤੇ ਬੱਦਲਾਂ ਦੀ ਗਰਜ ਬੰਦ ਹੋ ਗਈ, ਤਾਂ ਉਸ ਨੇ ਦੁਬਾਰਾ ਪਾਪ ਕੀਤਾ ਅਤੇ ਆਪਣਾ ਦਿਲ ਕਠੋਰ ਕਰ ਲਿਆ।+ ਉਸ ਦੇ ਨੌਕਰਾਂ ਨੇ ਵੀ ਉਹੀ ਕੀਤਾ ਜੋ ਉਸ ਨੇ ਕੀਤਾ ਸੀ। 35 ਫ਼ਿਰਊਨ ਦਾ ਦਿਲ ਕਠੋਰ ਹੀ ਰਿਹਾ ਅਤੇ ਉਸ ਨੇ ਇਜ਼ਰਾਈਲੀਆਂ ਨੂੰ ਜਾਣ ਨਹੀਂ ਦਿੱਤਾ, ਠੀਕ ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਕਿਹਾ ਸੀ।+

10 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਫ਼ਿਰਊਨ ਕੋਲ ਜਾਹ ਕਿਉਂਕਿ ਮੈਂ ਉਸ ਦਾ ਅਤੇ ਉਸ ਦੇ ਨੌਕਰਾਂ ਦਾ ਦਿਲ ਕਠੋਰ ਹੋਣ ਦਿੱਤਾ ਹੈ+ ਤਾਂਕਿ ਮੈਂ ਉਸ ਦੀਆਂ ਨਜ਼ਰਾਂ ਸਾਮ੍ਹਣੇ ਆਪਣੀਆਂ ਕਰਾਮਾਤਾਂ ਦਿਖਾਵਾਂ+ 2 ਅਤੇ ਤੂੰ ਆਪਣੇ ਪੁੱਤ-ਪੋਤਿਆਂ ਨੂੰ ਦੱਸੇਂ ਕਿ ਮੈਂ ਮਿਸਰੀਆਂ ਨੂੰ ਕਿੰਨੀ ਸਖ਼ਤ ਸਜ਼ਾ ਦਿੱਤੀ ਅਤੇ ਮੈਂ ਉਨ੍ਹਾਂ ਵਿਚਕਾਰ ਕਿਹੜੀਆਂ-ਕਿਹੜੀਆਂ ਕਰਾਮਾਤਾਂ ਕੀਤੀਆਂ।+ ਇਸ ਤੋਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ।”

3 ਇਸ ਲਈ ਮੂਸਾ ਤੇ ਹਾਰੂਨ ਨੇ ਫ਼ਿਰਊਨ ਕੋਲ ਜਾ ਕੇ ਕਿਹਾ: “ਇਬਰਾਨੀ ਲੋਕਾਂ ਦੇ ਪਰਮੇਸ਼ੁਰ ਯਹੋਵਾਹ ਨੇ ਕਿਹਾ ਹੈ, ‘ਤੂੰ ਕਦੋਂ ਤਕ ਮੇਰੇ ਸਾਮ੍ਹਣੇ ਝੁਕਣ ਤੋਂ ਇਨਕਾਰ ਕਰਦਾ ਰਹੇਂਗਾ?+ ਮੇਰੇ ਲੋਕਾਂ ਨੂੰ ਜਾਣ ਦੇ ਤਾਂਕਿ ਉਹ ਮੇਰੀ ਭਗਤੀ* ਕਰਨ। 4 ਜੇ ਤੂੰ ਮੇਰੇ ਲੋਕਾਂ ਨੂੰ ਘੱਲਣ ਤੋਂ ਇਨਕਾਰ ਕਰਦਾ ਰਹੇਂਗਾ, ਤਾਂ ਮੈਂ ਕੱਲ੍ਹ ਨੂੰ ਤੇਰੇ ਦੇਸ਼ ਵਿਚ ਟਿੱਡੀਆਂ ਲਿਆਵਾਂਗਾ। 5 ਟਿੱਡੀਆਂ ਜ਼ਮੀਨ ਨੂੰ ਪੂਰੀ ਤਰ੍ਹਾਂ ਢਕ ਲੈਣਗੀਆਂ ਜਿਸ ਕਰਕੇ ਜ਼ਮੀਨ ਤਕ ਦਿਖਾਈ ਨਹੀਂ ਦੇਵੇਗੀ। ਟਿੱਡੀਆਂ ਤੇਰਾ ਸਭ ਕੁਝ ਚੱਟ ਕਰ ਜਾਣਗੀਆਂ ਜੋ ਗੜਿਆਂ ਦੀ ਮਾਰ ਤੋਂ ਬਚ ਗਿਆ ਹੈ ਅਤੇ ਖੇਤਾਂ ਵਿਚ ਉੱਗੇ ਤੇਰੇ ਸਾਰੇ ਦਰਖ਼ਤ ਖਾ ਜਾਣਗੀਆਂ।+ 6 ਤੇਰੇ ਘਰ, ਤੇਰੇ ਸਾਰੇ ਨੌਕਰਾਂ ਦੇ ਘਰ ਅਤੇ ਮਿਸਰ ਦੇ ਸਾਰੇ ਘਰ ਟਿੱਡੀਆਂ ਨਾਲ ਭਰ ਜਾਣਗੇ। ਤੇਰੇ ਦਾਦਿਆਂ-ਪੜਦਾਦਿਆਂ ਨੇ ਇਸ ਦੇਸ਼ ਵਿਚ ਵੱਸਣ ਦੇ ਸਮੇਂ ਤੋਂ ਲੈ ਕੇ ਅੱਜ ਤਕ ਇੰਨੀਆਂ ਟਿੱਡੀਆਂ ਨਹੀਂ ਦੇਖੀਆਂ ਹੋਣਗੀਆਂ।’”+ ਇਹ ਕਹਿ ਕੇ ਉਹ ਫ਼ਿਰਊਨ ਕੋਲੋਂ ਚਲਾ ਗਿਆ।

7 ਫਿਰ ਫ਼ਿਰਊਨ ਦੇ ਨੌਕਰਾਂ ਨੇ ਉਸ ਨੂੰ ਕਿਹਾ: “ਇਹ ਬੰਦਾ ਕਦੋਂ ਤਕ ਸਾਡੇ ਲਈ ਮੁਸੀਬਤ* ਬਣਿਆ ਰਹੇਗਾ? ਕੀ ਤੈਨੂੰ ਅਜੇ ਵੀ ਅਹਿਸਾਸ ਨਹੀਂ ਹੋਇਆ ਕਿ ਮਿਸਰ ਬਰਬਾਦ ਹੋ ਗਿਆ ਹੈ? ਇਨ੍ਹਾਂ ਦੇ ਆਦਮੀਆਂ ਨੂੰ ਘੱਲ ਦੇ ਤਾਂਕਿ ਉਹ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ* ਕਰਨ।” 8 ਇਸ ਲਈ ਮੂਸਾ ਤੇ ਹਾਰੂਨ ਨੂੰ ਦੁਬਾਰਾ ਫ਼ਿਰਊਨ ਸਾਮ੍ਹਣੇ ਲਿਆਂਦਾ ਗਿਆ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਜਾਓ, ਜਾ ਕੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ* ਕਰੋ। ਪਰ ਇਹ ਦੱਸੋ ਕਿ ਤੁਹਾਡੇ ਵਿੱਚੋਂ ਕੌਣ-ਕੌਣ ਜਾਵੇਗਾ?” 9 ਮੂਸਾ ਨੇ ਜਵਾਬ ਦਿੱਤਾ: “ਅਸੀਂ ਸਾਰੇ ਜਾਵਾਂਗੇ, ਸਾਡੇ ਬੁੱਢੇ ਤੇ ਜਵਾਨ, ਸਾਡੇ ਧੀਆਂ-ਪੁੱਤਰ, ਸਾਡੀਆਂ ਭੇਡਾਂ-ਬੱਕਰੀਆਂ ਤੇ ਸਾਡੇ ਗਾਂਵਾਂ-ਬਲਦ+ ਕਿਉਂਕਿ ਅਸੀਂ ਯਹੋਵਾਹ ਦੀ ਮਹਿਮਾ ਕਰਨ ਲਈ ਤਿਉਹਾਰ ਮਨਾਵਾਂਗੇ।”+ 10 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਹਾਨੂੰ ਕੀ ਲੱਗਦਾ ਕਿ ਮੈਂ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਜਾਣ ਦਿਆਂਗਾ? ਜੇ ਇੱਦਾਂ ਹੋ ਗਿਆ, ਤਾਂ ਇਸ ਤੋਂ ਸਾਬਤ ਹੋਵੇਗਾ ਕਿ ਯਹੋਵਾਹ ਵਾਕਈ ਤੁਹਾਡੇ ਨਾਲ ਹੈ!+ ਇਹ ਗੱਲ ਤਾਂ ਸਾਫ਼ ਹੈ ਕਿ ਤੁਸੀਂ ਕੁਝ ਬੁਰਾ ਕਰਨ ਦਾ ਇਰਾਦਾ ਕੀਤਾ ਹੈ। 11 ਇਸ ਲਈ ਮੈਂ ਸਾਰਿਆਂ ਨੂੰ ਨਹੀਂ ਜਾਣ ਦਿਆਂਗਾ। ਸਿਰਫ਼ ਤੁਹਾਡੇ ਆਦਮੀ ਹੀ ਜਾ ਕੇ ਯਹੋਵਾਹ ਦੀ ਭਗਤੀ* ਕਰ ਸਕਦੇ ਹਨ ਕਿਉਂਕਿ ਪਹਿਲਾਂ ਤੁਸੀਂ ਇਹੀ ਬੇਨਤੀ ਕੀਤੀ ਸੀ।” ਇਸ ਤੋਂ ਬਾਅਦ ਉਨ੍ਹਾਂ ਨੂੰ ਫ਼ਿਰਊਨ ਦੇ ਸਾਮ੍ਹਣਿਓਂ ਧੱਕੇ ਮਾਰ ਕੇ ਕੱਢ ਦਿੱਤਾ ਗਿਆ।

12 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਮਿਸਰ ਉੱਤੇ ਆਪਣਾ ਹੱਥ ਪਸਾਰ ਤਾਂਕਿ ਪੂਰੇ ਦੇਸ਼ ਵਿਚ ਟਿੱਡੀਆਂ ਆ ਜਾਣ ਅਤੇ ਗੜਿਆਂ ਦੀ ਮਾਰ ਤੋਂ ਬਚੇ ਸਾਰੇ ਪੇੜ-ਪੌਦੇ ਚੱਟ ਕਰ ਜਾਣ।” 13 ਉਸੇ ਵੇਲੇ ਮੂਸਾ ਨੇ ਮਿਸਰ ਵੱਲ ਆਪਣਾ ਡੰਡਾ ਕੀਤਾ ਅਤੇ ਯਹੋਵਾਹ ਨੇ ਸਾਰਾ ਦਿਨ ਤੇ ਸਾਰੀ ਰਾਤ ਪੂਰਬ ਵੱਲੋਂ ਹਵਾ ਵਗਾਈ। ਸਵੇਰ ਨੂੰ ਪੂਰਬ ਵੱਲੋਂ ਹਵਾ ਆਪਣੇ ਨਾਲ ਟਿੱਡੀਆਂ ਲੈ ਆਈ। 14 ਪੂਰੇ ਮਿਸਰ ਵਿਚ ਟਿੱਡੀਆਂ ਹੀ ਟਿੱਡੀਆਂ ਹੋ ਗਈਆਂ ਅਤੇ ਸਾਰੇ ਇਲਾਕੇ ਵਿਚ ਜ਼ਮੀਨ ʼਤੇ ਬੈਠ ਗਈਆਂ।+ ਇਨ੍ਹਾਂ ਨੇ ਬਹੁਤ ਤਬਾਹੀ ਮਚਾਈ।+ ਪਹਿਲਾਂ ਕਦੀ ਇੰਨੀਆਂ ਟਿੱਡੀਆਂ ਨਹੀਂ ਆਈਆਂ ਤੇ ਨਾ ਹੀ ਦੁਬਾਰਾ ਕਦੇ ਆਉਣਗੀਆਂ। 15 ਉਨ੍ਹਾਂ ਨੇ ਮਿਸਰ ਦੀ ਪੂਰੀ ਜ਼ਮੀਨ ਨੂੰ ਢਕ ਲਿਆ ਅਤੇ ਉਨ੍ਹਾਂ ਕਰਕੇ ਦੇਸ਼ ਵਿਚ ਹਨੇਰਾ ਛਾ ਗਿਆ।* ਉਹ ਗੜਿਆਂ ਦੀ ਮਾਰ ਤੋਂ ਬਚੇ ਸਾਰੇ ਪੇੜ-ਪੌਦੇ ਅਤੇ ਦਰਖ਼ਤਾਂ ਦੇ ਫਲ ਖਾ ਗਈਆਂ; ਉਨ੍ਹਾਂ ਨੇ ਪੂਰੇ ਮਿਸਰ ਵਿਚ ਦਰਖ਼ਤਾਂ ਅਤੇ ਪੇੜ-ਪੌਦਿਆਂ ʼਤੇ ਇਕ ਵੀ ਹਰਾ ਪੱਤਾ ਨਾ ਛੱਡਿਆ।

16 ਇਸ ਲਈ ਫ਼ਿਰਊਨ ਨੇ ਫਟਾਫਟ ਮੂਸਾ ਤੇ ਹਾਰੂਨ ਨੂੰ ਬੁਲਾ ਕੇ ਕਿਹਾ: “ਮੈਂ ਤੁਹਾਡੇ ਪਰਮੇਸ਼ੁਰ ਯਹੋਵਾਹ ਅਤੇ ਤੁਹਾਡੇ ਖ਼ਿਲਾਫ਼ ਪਾਪ ਕੀਤਾ ਹੈ। 17 ਕਿਰਪਾ ਕਰ ਕੇ ਤੁਸੀਂ ਇਸ ਵਾਰ ਮੇਰਾ ਪਾਪ ਮਾਫ਼ ਕਰ ਦਿਓ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਫ਼ਰਿਆਦ ਕਰੋ ਕਿ ਉਹ ਮੇਰੇ ʼਤੇ ਆਈ ਇਹ ਭਿਆਨਕ ਆਫ਼ਤ ਹਟਾ ਦੇਵੇ।” 18 ਇਸ ਲਈ ਉਹ* ਫ਼ਿਰਊਨ ਦੇ ਕੋਲੋਂ ਚਲਾ ਗਿਆ ਤੇ ਯਹੋਵਾਹ ਅੱਗੇ ਫ਼ਰਿਆਦ ਕੀਤੀ।+ 19 ਫਿਰ ਯਹੋਵਾਹ ਨੇ ਹਵਾ ਦਾ ਰੁਖ ਬਦਲ ਦਿੱਤਾ ਅਤੇ ਇਹ ਹਨੇਰੀ ਦਾ ਰੂਪ ਧਾਰ ਕੇ ਪੱਛਮ ਵੱਲੋਂ ਵਗਣ ਲੱਗੀ ਅਤੇ ਟਿੱਡੀਆਂ ਨੂੰ ਉਡਾ ਕੇ ਲੈ ਗਈ ਅਤੇ ਉਨ੍ਹਾਂ ਨੂੰ ਲਾਲ ਸਮੁੰਦਰ ਵਿਚ ਸੁੱਟ ਦਿੱਤਾ। ਪੂਰੇ ਮਿਸਰ ਵਿਚ ਇਕ ਵੀ ਟਿੱਡੀ ਨਾ ਬਚੀ। 20 ਪਰ ਯਹੋਵਾਹ ਨੇ ਫ਼ਿਰਊਨ ਦਾ ਦਿਲ ਕਠੋਰ ਹੋਣ ਦਿੱਤਾ+ ਅਤੇ ਉਸ ਨੇ ਇਜ਼ਰਾਈਲੀਆਂ ਨੂੰ ਜਾਣ ਨਹੀਂ ਦਿੱਤਾ।

21 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਆਪਣਾ ਹੱਥ ਆਕਾਸ਼ ਵੱਲ ਚੁੱਕ ਤਾਂਕਿ ਮਿਸਰ ਵਿਚ ਹਨੇਰਾ ਛਾ ਜਾਵੇ, ਇੰਨਾ ਘੁੱਪ ਹਨੇਰਾ ਜਿਸ ਨੂੰ ਮਹਿਸੂਸ ਕੀਤਾ ਜਾ ਸਕੇ।” 22 ਮੂਸਾ ਨੇ ਉਸੇ ਵੇਲੇ ਆਕਾਸ਼ ਵੱਲ ਆਪਣਾ ਹੱਥ ਚੁੱਕਿਆ ਅਤੇ ਪੂਰੇ ਮਿਸਰ ਵਿਚ ਤਿੰਨ ਦਿਨ ਘੁੱਪ ਹਨੇਰਾ ਛਾਇਆ ਰਿਹਾ।+ 23 ਮਿਸਰੀ ਇਕ-ਦੂਜੇ ਨੂੰ ਦੇਖ ਨਾ ਸਕੇ ਅਤੇ ਉਹ ਜਿੱਥੇ ਵੀ ਸਨ, ਉਹ ਤਿੰਨ ਦਿਨ ਉੱਥੇ ਹੀ ਰਹੇ; ਪਰ ਜਿੱਥੇ ਇਜ਼ਰਾਈਲੀ ਰਹਿੰਦੇ ਸਨ, ਉੱਥੇ ਚਾਨਣ ਸੀ।+ 24 ਫਿਰ ਫ਼ਿਰਊਨ ਨੇ ਮੂਸਾ ਨੂੰ ਸੱਦ ਕੇ ਕਿਹਾ: “ਜਾਓ, ਜਾ ਕੇ ਯਹੋਵਾਹ ਦੀ ਭਗਤੀ ਕਰੋ।+ ਤੁਸੀਂ ਆਪਣੇ ਬੱਚੇ ਵੀ ਨਾਲ ਲਿਜਾ ਸਕਦੇ ਹੋ, ਪਰ ਆਪਣੀਆਂ ਭੇਡਾਂ-ਬੱਕਰੀਆਂ ਤੇ ਗਾਂਵਾਂ-ਬਲਦ ਨਹੀਂ ਲਿਜਾ ਸਕਦੇ।” 25 ਪਰ ਮੂਸਾ ਨੇ ਕਿਹਾ: “ਤੂੰ ਆਪ ਸਾਨੂੰ ਬਲ਼ੀਆਂ ਤੇ ਹੋਮ-ਬਲ਼ੀਆਂ ਲਈ ਜਾਨਵਰ ਵੀ ਦੇਵੇਂਗਾ* ਅਤੇ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਅੱਗੇ ਉਨ੍ਹਾਂ ਦੀਆਂ ਬਲ਼ੀਆਂ ਚੜ੍ਹਾਵਾਂਗੇ।+ 26 ਅਸੀਂ ਆਪਣੇ ਪਸ਼ੂ ਵੀ ਨਾਲ ਲੈ ਕੇ ਜਾਵਾਂਗੇ। ਅਸੀਂ ਕੋਈ ਵੀ ਪਸ਼ੂ* ਛੱਡ ਕੇ ਨਹੀਂ ਜਾਵਾਂਗੇ ਕਿਉਂਕਿ ਅਸੀਂ ਉਨ੍ਹਾਂ ਵਿੱਚੋਂ ਕੁਝ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਵੇਲੇ ਚੜ੍ਹਾਵਾਂਗੇ। ਸਾਨੂੰ ਨਹੀਂ ਪਤਾ ਕਿ ਅਸੀਂ ਯਹੋਵਾਹ ਦੀ ਭਗਤੀ ਕਰਨ ਵੇਲੇ ਕਿਹੜੇ ਜਾਨਵਰ ਚੜ੍ਹਾਵਾਂਗੇ, ਉੱਥੇ ਪਹੁੰਚ ਕੇ ਹੀ ਸਾਨੂੰ ਪਤਾ ਲੱਗੇਗਾ।” 27 ਇਸ ਲਈ ਯਹੋਵਾਹ ਨੇ ਫ਼ਿਰਊਨ ਦਾ ਦਿਲ ਕਠੋਰ ਹੋਣ ਦਿੱਤਾ ਅਤੇ ਉਹ ਉਨ੍ਹਾਂ ਨੂੰ ਘੱਲਣ ਲਈ ਨਹੀਂ ਮੰਨਿਆ।+ 28 ਫ਼ਿਰਊਨ ਨੇ ਉਸ ਨੂੰ ਕਿਹਾ: “ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਹ! ਤੂੰ ਦੁਬਾਰਾ ਮੇਰੇ ਸਾਮ੍ਹਣੇ ਆਉਣ ਦੀ ਜੁਰਅਤ ਨਾ ਕਰੀਂ ਕਿਉਂਕਿ ਜਿਸ ਦਿਨ ਤੂੰ ਮੇਰੇ ਸਾਮ੍ਹਣੇ ਆ ਗਿਆ, ਉਸ ਦਿਨ ਤੂੰ ਆਪਣੀ ਜਾਨ ਤੋਂ ਹੱਥ ਧੋ ਬੈਠੇਂਗਾ।” 29 ਇਹ ਸੁਣ ਕੇ ਮੂਸਾ ਨੇ ਕਿਹਾ: “ਠੀਕ ਹੈ, ਜਿਵੇਂ ਤੂੰ ਕਿਹਾ, ਮੈਂ ਕਦੇ ਤੇਰੇ ਸਾਮ੍ਹਣੇ ਨਹੀਂ ਆਵਾਂਗਾ।”

11 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਮੈਂ ਫ਼ਿਰਊਨ ਅਤੇ ਮਿਸਰ ਉੱਤੇ ਇਕ ਹੋਰ ਆਫ਼ਤ ਲਿਆਉਣ ਵਾਲਾ ਹਾਂ। ਇਸ ਤੋਂ ਬਾਅਦ ਉਹ ਤੁਹਾਨੂੰ ਇੱਥੋਂ ਜਾਣ ਦੇਵੇਗਾ।+ ਉਹ ਤੁਹਾਨੂੰ ਨਾ ਸਿਰਫ਼ ਜਾਣ ਦੇਵੇਗਾ, ਸਗੋਂ ਧੱਕੇ ਮਾਰ ਕੇ ਕੱਢ ਦੇਵੇਗਾ।+ 2 ਹੁਣ ਜਾ ਕੇ ਆਪਣੇ ਲੋਕਾਂ ਨੂੰ ਕਹਿ ਕਿ ਸਾਰੇ ਆਦਮੀ ਅਤੇ ਔਰਤਾਂ ਆਪਣੇ ਗੁਆਂਢੀਆਂ ਤੋਂ ਸੋਨੇ-ਚਾਂਦੀ ਦੀਆਂ ਚੀਜ਼ਾਂ ਮੰਗਣ।”+ 3 ਅਤੇ ਯਹੋਵਾਹ ਨੇ ਮਿਸਰੀਆਂ ਨੂੰ ਆਪਣੇ ਲੋਕਾਂ ʼਤੇ ਮਿਹਰਬਾਨ ਕੀਤਾ। ਇਸ ਤੋਂ ਇਲਾਵਾ, ਫ਼ਿਰਊਨ ਦੇ ਨੌਕਰ ਅਤੇ ਮਿਸਰੀ ਲੋਕ ਮੂਸਾ ਦਾ ਬਹੁਤ ਆਦਰ-ਮਾਣ ਕਰਨ ਲੱਗੇ।

4 ਫਿਰ ਮੂਸਾ ਨੇ ਫ਼ਿਰਊਨ ਨੂੰ ਕਿਹਾ: “ਯਹੋਵਾਹ ਨੇ ਕਿਹਾ ਹੈ, ‘ਮੈਂ ਅੱਧੀ ਕੁ ਰਾਤ ਨੂੰ ਮਿਸਰ ਵਿੱਚੋਂ ਦੀ ਲੰਘਣ ਵਾਲਾ ਹਾਂ।+ 5 ਮਿਸਰ ਦੇ ਸਾਰੇ ਜੇਠੇ ਮਰ ਜਾਣਗੇ,+ ਰਾਜ-ਗੱਦੀ ʼਤੇ ਬੈਠੇ ਫ਼ਿਰਊਨ ਦੇ ਜੇਠੇ ਤੋਂ ਲੈ ਕੇ ਚੱਕੀ ਪੀਹਣ ਵਾਲੀ ਦਾਸੀ ਦੇ ਜੇਠੇ ਤਕ। ਨਾਲੇ ਪਾਲਤੂ ਪਸ਼ੂਆਂ ਦੇ ਜੇਠੇ ਵੀ ਮਰ ਜਾਣਗੇ।+ 6 ਪੂਰੇ ਮਿਸਰ ਵਿਚ ਇੰਨਾ ਰੋਣਾ-ਕੁਰਲਾਉਣਾ ਹੋਵੇਗਾ ਜਿੰਨਾ ਪਹਿਲਾਂ ਨਾ ਕਦੇ ਹੋਇਆ ਅਤੇ ਨਾ ਹੀ ਕਦੇ ਦੁਬਾਰਾ ਹੋਵੇਗਾ।+ 7 ਪਰ ਇਜ਼ਰਾਈਲੀਆਂ ਅਤੇ ਉਨ੍ਹਾਂ ਦੇ ਪਸ਼ੂਆਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਇੱਥੋਂ ਤਕ ਕਿ ਉਨ੍ਹਾਂ ਨੂੰ ਡਰਾਉਣ ਲਈ ਕੋਈ ਕੁੱਤਾ ਵੀ ਨਹੀਂ ਭੌਂਕੇਗਾ। ਇਸ ਤੋਂ ਤੂੰ ਜਾਣੇਂਗਾ ਕਿ ਯਹੋਵਾਹ ਮਿਸਰੀਆਂ ਅਤੇ ਇਜ਼ਰਾਈਲੀਆਂ ਵਿਚ ਫ਼ਰਕ ਦਿਖਾ ਸਕਦਾ ਹੈ।’+ 8 ਫਿਰ ਤੇਰੇ ਸਾਰੇ ਨੌਕਰ ਮੇਰੇ ਕੋਲ ਆਉਣਗੇ ਅਤੇ ਮੇਰੇ ਸਾਮ੍ਹਣੇ ਗੋਡੇ ਟੇਕ ਕੇ ਕਹਿਣਗੇ, ‘ਤੂੰ ਅਤੇ ਤੇਰੇ ਲੋਕ ਦੇਸ਼ ਛੱਡ ਕੇ ਚਲੇ ਜਾਓ।’+ ਇਸ ਤੋਂ ਬਾਅਦ ਮੈਂ ਚਲਾ ਜਾਵਾਂਗਾ।” ਇਹ ਕਹਿ ਕੇ ਮੂਸਾ ਗੁੱਸੇ ਵਿਚ ਫ਼ਿਰਊਨ ਦੇ ਸਾਮ੍ਹਣਿਓਂ ਚਲਾ ਗਿਆ।

9 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਫ਼ਿਰਊਨ ਤੇਰੀ ਗੱਲ ਨਹੀਂ ਸੁਣੇਗਾ+ ਕਿਉਂਕਿ ਮੈਂ ਮਿਸਰ ਵਿਚ ਅਜੇ ਹੋਰ ਚਮਤਕਾਰ ਕਰਨੇ ਹਨ।”+ 10 ਮੂਸਾ ਤੇ ਹਾਰੂਨ ਨੇ ਇਹ ਸਾਰੇ ਚਮਤਕਾਰ ਫ਼ਿਰਊਨ ਦੀਆਂ ਨਜ਼ਰਾਂ ਸਾਮ੍ਹਣੇ ਕੀਤੇ,+ ਪਰ ਯਹੋਵਾਹ ਨੇ ਫ਼ਿਰਊਨ ਦਾ ਦਿਲ ਕਠੋਰ ਹੋਣ ਦਿੱਤਾ ਜਿਸ ਕਰਕੇ ਉਸ ਨੇ ਇਜ਼ਰਾਈਲੀਆਂ ਨੂੰ ਮਿਸਰ ਤੋਂ ਨਹੀਂ ਜਾਣ ਦਿੱਤਾ।+

12 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਮਿਸਰ ਵਿਚ ਕਿਹਾ: 2 “ਇਹ ਮਹੀਨਾ ਤੁਹਾਡੇ ਲਈ ਪਹਿਲਾ ਮਹੀਨਾ ਹੋਵੇਗਾ, ਹਾਂ, ਸਾਲ ਦਾ ਪਹਿਲਾ ਮਹੀਨਾ।+ 3 ਇਜ਼ਰਾਈਲ ਦੀ ਸਾਰੀ ਸਭਾ ਨੂੰ ਕਹੋ, ‘ਇਸ ਮਹੀਨੇ ਦੀ 10 ਤਾਰੀਖ਼ ਨੂੰ ਤੁਸੀਂ ਸਾਰੇ ਆਪੋ-ਆਪਣੇ ਪਰਿਵਾਰਾਂ* ਲਈ ਇਕ-ਇਕ ਲੇਲਾ+ ਲਵੋ, ਹਰ ਪਰਿਵਾਰ ਇਕ ਲੇਲਾ ਲਵੇ। 4 ਜੇ ਪਰਿਵਾਰ ਛੋਟਾ ਹੋਣ ਕਰਕੇ ਪੂਰਾ ਲੇਲਾ ਨਹੀਂ ਖਾ ਸਕਦਾ, ਤਾਂ ਉਹ ਆਪਣੇ ਗੁਆਂਢੀ ਨੂੰ ਆਪਣੇ ਘਰ ਬੁਲਾਵੇ ਅਤੇ ਉਸ ਨਾਲ ਰਲ਼ ਕੇ ਖਾਵੇ। ਅਤੇ ਉਹ ਘਰ ਵਿਚ ਜੀਆਂ ਦੀ ਗਿਣਤੀ ਮੁਤਾਬਕ ਲੇਲੇ ਦਾ ਮੀਟ ਆਪਸ ਵਿਚ ਵੰਡ ਲੈਣ। ਨਾਲੇ ਇਹ ਵੀ ਹਿਸਾਬ ਲਾਇਆ ਜਾਵੇ ਕਿ ਹਰ ਜੀਅ ਕਿੰਨਾ ਮੀਟ ਖਾਵੇਗਾ। 5 ਲੇਲੇ ਵਿਚ ਕੋਈ ਨੁਕਸ ਨਾ ਹੋਵੇ+ ਅਤੇ ਇਹ ਇਕ ਸਾਲ ਦਾ ਹੋਵੇ। ਤੁਸੀਂ ਭੇਡ ਜਾਂ ਬੱਕਰੀ ਦਾ ਬੱਚਾ ਲੈ ਸਕਦੇ ਹੋ। 6 ਤੁਸੀਂ ਇਸ ਮਹੀਨੇ ਦੀ 14 ਤਾਰੀਖ਼ ਤਕ ਇਸ ਦੀ ਦੇਖ-ਭਾਲ ਕਰਨੀ।+ ਇਜ਼ਰਾਈਲ ਦੀ ਸਾਰੀ ਮੰਡਲੀ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ*+ ਇਸ ਨੂੰ ਵੱਢੇ। 7 ਜਿਨ੍ਹਾਂ ਘਰਾਂ ਵਿਚ ਲੇਲੇ ਖਾਧੇ ਜਾਣ, ਉਨ੍ਹਾਂ ਘਰਾਂ ਦੇ ਦਰਵਾਜ਼ਿਆਂ ਦੀਆਂ ਚੁਗਾਠਾਂ ਦੇ ਦੋਵੇਂ ਪਾਸਿਆਂ ʼਤੇ ਅਤੇ ਉੱਪਰਲੇ ਹਿੱਸੇ ʼਤੇ ਉਨ੍ਹਾਂ ਦਾ ਥੋੜ੍ਹਾ ਜਿਹਾ ਖ਼ੂਨ ਛਿੜਕਿਆ ਜਾਵੇ।+

8 “‘ਉਹ ਇਸੇ ਰਾਤ ਮੀਟ ਖਾਣ।+ ਉਹ ਇਸ ਨੂੰ ਅੱਗ ʼਤੇ ਭੁੰਨਣ ਅਤੇ ਇਸ ਨੂੰ ਬੇਖਮੀਰੀ ਰੋਟੀ+ ਅਤੇ ਕੌੜੇ ਪੱਤਿਆਂ ਨਾਲ ਖਾਣ।+ 9 ਤੁਸੀਂ ਇਸ ਨੂੰ ਕੱਚਾ ਜਾਂ ਪਾਣੀ ਵਿਚ ਉਬਾਲ ਕੇ ਜਾਂ ਰਿੰਨ੍ਹ ਕੇ ਨਹੀਂ, ਸਗੋਂ ਇਸ ਦੇ ਸਿਰ, ਲੱਤਾਂ ਅਤੇ ਇਸ ਦੇ ਅੰਦਰੂਨੀ ਅੰਗਾਂ ਨੂੰ ਅੱਗ ʼਤੇ ਭੁੰਨ ਕੇ ਖਾਇਓ। 10 ਤੁਸੀਂ ਇਸ ਨੂੰ ਸਵੇਰ ਤਕ ਬਚਾ ਕੇ ਨਾ ਰੱਖਿਓ, ਪਰ ਜੇ ਕੁਝ ਬਚ ਜਾਵੇ, ਤਾਂ ਤੁਸੀਂ ਇਸ ਨੂੰ ਅੱਗ ਵਿਚ ਸਾੜ ਦਿਓ।+ 11 ਤੁਸੀਂ ਇਸ ਨੂੰ ਖਾਣ ਤੋਂ ਪਹਿਲਾਂ ਆਪਣਾ ਕਮਰਬੰਦ* ਬੰਨ੍ਹਿਓ, ਪੈਰੀਂ ਜੁੱਤੀ ਪਾਇਓ ਅਤੇ ਹੱਥ ਵਿਚ ਡੰਡਾ ਲਿਓ। ਇਸ ਨੂੰ ਛੇਤੀ-ਛੇਤੀ ਖਾਇਓ। ਇਹ ਯਹੋਵਾਹ ਦਾ ਪਸਾਹ ਹੈ। 12 ਕਿਉਂਕਿ ਮੈਂ ਅੱਜ ਰਾਤ ਮਿਸਰ ਵਿੱਚੋਂ ਦੀ ਲੰਘਾਂਗਾ ਅਤੇ ਮਿਸਰ ਦੇ ਸਾਰੇ ਜੇਠਿਆਂ ਨੂੰ ਮਾਰ ਸੁੱਟਾਂਗਾ, ਹਾਂ, ਆਦਮੀ ਤੇ ਜਾਨਵਰ ਦੇ ਜੇਠਿਆਂ ਨੂੰ।+ ਨਾਲੇ ਮੈਂ ਮਿਸਰ ਦੇ ਸਾਰੇ ਦੇਵੀ-ਦੇਵਤਿਆਂ ਨੂੰ ਸਜ਼ਾ ਦਿਆਂਗਾ।+ ਮੈਂ ਯਹੋਵਾਹ ਹਾਂ। 13 ਤੁਹਾਡੇ ਘਰਾਂ ਦੇ ਦਰਵਾਜ਼ਿਆਂ ʼਤੇ ਲੱਗਾ ਖ਼ੂਨ ਇਕ ਨਿਸ਼ਾਨੀ ਹੋਵੇਗਾ ਅਤੇ ਇਹ ਖ਼ੂਨ ਦੇਖ ਕੇ ਮੈਂ ਤੁਹਾਡੇ ਉੱਪਰੋਂ ਦੀ ਲੰਘ ਜਾਵਾਂਗਾ। ਜਿਹੜੀ ਆਫ਼ਤ ਮੈਂ ਮਿਸਰੀਆਂ ਦਾ ਨਾਸ਼ ਕਰਨ ਲਈ ਲਿਆਵਾਂਗਾ, ਉਹ ਤੁਹਾਡੇ ʼਤੇ ਨਹੀਂ ਆਵੇਗੀ।+

14 “‘ਇਹ ਦਿਨ ਤੁਹਾਡੇ ਲਈ ਇਕ ਯਾਦਗਾਰ ਹੋਵੇਗਾ। ਤੁਸੀਂ ਪੀੜ੍ਹੀਓ-ਪੀੜ੍ਹੀ ਇਹ ਤਿਉਹਾਰ ਯਹੋਵਾਹ ਦੀ ਭਗਤੀ ਕਰਨ ਲਈ ਮਨਾਇਓ। ਤੁਸੀਂ ਇਸ ਨਿਯਮ ਦੀ ਸਦਾ ਪਾਲਣਾ ਕਰਦੇ ਰਹਿਓ। 15 ਸੱਤ ਦਿਨ ਤੁਸੀਂ ਬੇਖਮੀਰੀ ਰੋਟੀ ਖਾਇਓ।+ ਤੁਸੀਂ ਪਹਿਲੇ ਹੀ ਦਿਨ ਆਪਣੇ ਘਰੋਂ ਖਮੀਰਾ ਆਟਾ* ਸੁੱਟ ਦੇਣਾ। ਜਿਹੜਾ ਇਨ੍ਹਾਂ ਸੱਤ ਦਿਨਾਂ ਵਿੱਚੋਂ ਇਕ ਦਿਨ ਵੀ ਖਮੀਰ ਖਾਵੇਗਾ, ਉਸ ਦਾ ਇਜ਼ਰਾਈਲ ਵਿੱਚੋਂ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। 16 ਪਹਿਲੇ ਦਿਨ ਤੁਸੀਂ ਪਵਿੱਤਰ ਸਭਾ ਰੱਖਣੀ ਅਤੇ ਸੱਤਵੇਂ ਦਿਨ ਇਕ ਹੋਰ ਪਵਿੱਤਰ ਸਭਾ ਰੱਖਣੀ। ਇਨ੍ਹਾਂ ਦਿਨਾਂ ਦੌਰਾਨ ਕੋਈ ਕੰਮ ਨਾ ਕੀਤਾ ਜਾਵੇ।+ ਉੱਨਾ ਹੀ ਭੋਜਨ ਤਿਆਰ ਕੀਤਾ ਜਾਵੇ ਜਿੰਨਾ ਹਰੇਕ ਨੇ ਖਾਣਾ ਹੈ।

17 “‘ਤੁਸੀਂ ਬੇਖਮੀਰੀ ਰੋਟੀ ਦਾ ਤਿਉਹਾਰ ਮਨਾਇਆ ਕਰਿਓ+ ਕਿਉਂਕਿ ਇਸ ਦਿਨ ਮੈਂ ਤੁਹਾਡੀ ਵੱਡੀ ਭੀੜ* ਨੂੰ ਮਿਸਰ ਵਿੱਚੋਂ ਕੱਢ ਲਿਆਵਾਂਗਾ। ਤੁਸੀਂ ਪੀੜ੍ਹੀਓ-ਪੀੜ੍ਹੀ ਇਹ ਤਿਉਹਾਰ ਮਨਾਇਆ ਕਰਿਓ। ਤੁਸੀਂ ਇਸ ਨਿਯਮ ਦੀ ਸਦਾ ਪਾਲਣਾ ਕਰਦੇ ਰਹਿਓ। 18 ਤੁਸੀਂ ਪਹਿਲੇ ਮਹੀਨੇ ਦੀ 14 ਤਾਰੀਖ਼ ਦੀ ਸ਼ਾਮ ਤੋਂ ਲੈ ਕੇ 21 ਤਾਰੀਖ਼ ਦੀ ਸ਼ਾਮ ਤਕ ਬੇਖਮੀਰੀ ਰੋਟੀ ਖਾਇਓ।+ 19 ਇਨ੍ਹਾਂ ਸੱਤਾਂ ਦਿਨਾਂ ਦੌਰਾਨ ਤੁਹਾਡੇ ਘਰਾਂ ਵਿਚ ਬਿਲਕੁਲ ਵੀ ਖਮੀਰਾ ਆਟਾ* ਨਾ ਹੋਵੇ। ਜੇ ਕੋਈ ਪਰਦੇਸੀ ਜਾਂ ਪੈਦਾਇਸ਼ੀ ਇਜ਼ਰਾਈਲੀ+ ਕੋਈ ਖਮੀਰੀ ਚੀਜ਼ ਖਾਵੇ, ਤਾਂ ਇਜ਼ਰਾਈਲ ਦੀ ਸਭਾ ਵਿੱਚੋਂ ਉਸ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇ।+ 20 ਤੁਸੀਂ ਕੋਈ ਵੀ ਖਮੀਰੀ ਚੀਜ਼ ਨਾ ਖਾਇਓ। ਤੁਸੀਂ ਸਾਰੇ ਆਪਣੇ ਘਰਾਂ ਵਿਚ ਬੇਖਮੀਰੀ ਰੋਟੀ ਖਾਇਓ।’”

21 ਮੂਸਾ ਨੇ ਤੁਰੰਤ ਇਜ਼ਰਾਈਲ ਦੇ ਸਾਰੇ ਬਜ਼ੁਰਗਾਂ ਨੂੰ ਬੁਲਾਇਆ+ ਅਤੇ ਕਿਹਾ: “ਤੁਸੀਂ ਸਾਰੇ ਜਾਓ ਅਤੇ ਆਪੋ-ਆਪਣੇ ਪਰਿਵਾਰਾਂ ਲਈ ਇਕ-ਇਕ ਲੇਲਾ* ਲੈ ਆਓ ਅਤੇ ਪਸਾਹ ਲਈ ਉਸ ਦੀ ਬਲ਼ੀ ਦਿਓ। 22 ਫਿਰ ਤੁਸੀਂ ਬਾਟੇ ਵਿਚ ਲੇਲੇ ਦਾ ਖ਼ੂਨ ਲਓ ਅਤੇ ਜ਼ੂਫੇ ਦੀ ਗੁੱਛੀ ਉਸ ਵਿਚ ਡੋਬੋ ਅਤੇ ਦਰਵਾਜ਼ੇ ਦੀ ਚੁਗਾਠ ਦੇ ਉੱਪਰਲੇ ਹਿੱਸੇ ਅਤੇ ਦੋਵੇਂ ਪਾਸਿਆਂ ʼਤੇ ਉਸ ਖ਼ੂਨ ਨੂੰ ਛਿੜਕੋ; ਤੁਹਾਡੇ ਵਿੱਚੋਂ ਕੋਈ ਵੀ ਸਵੇਰ ਹੋਣ ਤਕ ਆਪਣੇ ਘਰ ਦੇ ਦਰਵਾਜ਼ਿਓਂ ਬਾਹਰ ਕਦਮ ਨਾ ਰੱਖੇ। 23 ਫਿਰ ਜਦ ਯਹੋਵਾਹ ਆਫ਼ਤ ਲਿਆਉਣ ਲਈ ਮਿਸਰੀਆਂ ਵਿੱਚੋਂ ਦੀ ਲੰਘੇਗਾ ਅਤੇ ਉਹ ਚੁਗਾਠ ਦੇ ਉੱਪਰਲੇ ਹਿੱਸੇ ਅਤੇ ਦੋਵੇਂ ਪਾਸਿਆਂ ʼਤੇ ਲੱਗੇ ਖ਼ੂਨ ਨੂੰ ਦੇਖੇਗਾ, ਤਾਂ ਯਹੋਵਾਹ ਉਸ ਘਰ ਦੇ ਉੱਤੋਂ ਦੀ ਲੰਘ ਜਾਵੇਗਾ ਅਤੇ ਮੌਤ* ਦਾ ਕਹਿਰ ਤੁਹਾਡੇ ਘਰਾਂ ਵਿਚ ਨਹੀਂ ਆਉਣ ਦੇਵੇਗਾ।+

24 “ਤੁਸੀਂ ਅਤੇ ਤੁਹਾਡੇ ਪੁੱਤਰ ਇਸ ਤਿਉਹਾਰ ਨੂੰ ਮਨਾ ਕੇ ਇਸ ਨਿਯਮ ਦੀ ਸਦਾ ਪਾਲਣਾ ਕਰਦੇ ਰਹਿਓ।+ 25 ਜਦੋਂ ਤੁਸੀਂ ਉਸ ਦੇਸ਼ ਵਿਚ ਜਾਓਗੇ ਜੋ ਯਹੋਵਾਹ ਨੇ ਤੁਹਾਨੂੰ ਦੇਣ ਦਾ ਵਾਅਦਾ ਕੀਤਾ ਹੈ, ਤਾਂ ਤੁਸੀਂ ਇਹ ਤਿਉਹਾਰ ਮਨਾਇਆ ਕਰਿਓ।+ 26 ਅਤੇ ਜਦੋਂ ਤੁਹਾਡੇ ਪੁੱਤਰ ਤੁਹਾਨੂੰ ਪੁੱਛਣ, ‘ਇਹ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ?’+ 27 ਤਾਂ ਤੁਸੀਂ ਉਨ੍ਹਾਂ ਨੂੰ ਕਹਿਓ, ‘ਅਸੀਂ ਇਸ ਕਰਕੇ ਇਹ ਪਸਾਹ ਦੀ ਬਲ਼ੀ ਯਹੋਵਾਹ ਨੂੰ ਚੜ੍ਹਾਉਂਦੇ ਹਾਂ ਕਿਉਂਕਿ ਜਦੋਂ ਉਹ ਮਿਸਰ ਵਿਚ ਇਜ਼ਰਾਈਲੀਆਂ ਦੇ ਘਰਾਂ ਦੇ ਉੱਤੋਂ ਦੀ ਲੰਘਿਆ ਸੀ, ਤਾਂ ਉਸ ਨੇ ਮਿਸਰੀਆਂ ʼਤੇ ਆਫ਼ਤ ਲਿਆਂਦੀ ਸੀ, ਪਰ ਸਾਡੇ ਘਰਾਂ ʼਤੇ ਨਹੀਂ।’”

ਫਿਰ ਲੋਕਾਂ ਨੇ ਗੋਡੇ ਟੇਕ ਕੇ ਸਿਰ ਨਿਵਾਇਆ। 28 ਇਸ ਲਈ ਇਜ਼ਰਾਈਲੀ ਗਏ ਅਤੇ ਉਨ੍ਹਾਂ ਨੇ ਉਵੇਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਹੁਕਮ ਦਿੱਤਾ ਸੀ।+ ਉਨ੍ਹਾਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ।

29 ਫਿਰ ਯਹੋਵਾਹ ਨੇ ਅੱਧੀ ਰਾਤ ਨੂੰ ਮਿਸਰ ਦੇ ਸਾਰੇ ਜੇਠੇ ਮਾਰ ਦਿੱਤੇ,+ ਰਾਜ-ਗੱਦੀ ʼਤੇ ਬੈਠੇ ਫ਼ਿਰਊਨ ਦੇ ਜੇਠੇ ਤੋਂ ਲੈ ਕੇ ਜੇਲ੍ਹ* ਵਿਚਲੇ ਹਰ ਕੈਦੀ ਦੇ ਜੇਠੇ ਤਕ। ਅਤੇ ਜਾਨਵਰਾਂ ਦੇ ਸਾਰੇ ਜੇਠੇ ਵੀ ਮਾਰ ਸੁੱਟੇ।+ 30 ਰਾਤ ਨੂੰ ਫ਼ਿਰਊਨ, ਉਸ ਦੇ ਨੌਕਰ ਅਤੇ ਸਾਰੇ ਮਿਸਰੀ ਜਾਗ ਉੱਠੇ ਅਤੇ ਮਿਸਰ ਵਿਚ ਬੇਹੱਦ ਚੀਕ-ਚਿਹਾੜਾ ਪੈ ਗਿਆ ਕਿਉਂਕਿ ਉੱਥੇ ਇਕ ਵੀ ਅਜਿਹਾ ਘਰ ਨਹੀਂ ਸੀ ਜਿੱਥੇ ਕੋਈ ਮਰਿਆ ਨਹੀਂ ਸੀ।+ 31 ਫਿਰ ਉਸੇ ਰਾਤ ਫ਼ਿਰਊਨ ਨੇ ਤੁਰੰਤ ਮੂਸਾ ਤੇ ਹਾਰੂਨ ਨੂੰ ਬੁਲਾਇਆ+ ਅਤੇ ਕਿਹਾ: “ਉੱਠੋ ਅਤੇ ਤੁਸੀਂ ਦੋਵੇਂ ਫਟਾਫਟ ਮੇਰੇ ਲੋਕਾਂ ਵਿੱਚੋਂ ਨਿਕਲ ਜਾਓ ਅਤੇ ਆਪਣੇ ਨਾਲ ਸਾਰੇ ਇਜ਼ਰਾਈਲੀਆਂ ਨੂੰ ਵੀ ਲੈ ਜਾਓ। ਜਿਵੇਂ ਤੁਸੀਂ ਕਿਹਾ ਸੀ, ਜਾ ਕੇ ਯਹੋਵਾਹ ਦੀ ਭਗਤੀ ਕਰੋ।+ 32 ਨਾਲੇ ਤੁਸੀਂ ਆਪਣੀਆਂ ਭੇਡਾਂ-ਬੱਕਰੀਆਂ ਅਤੇ ਗਾਂਵਾਂ-ਬਲਦ ਵੀ ਇੱਥੋਂ ਲੈ ਜਾਓ, ਜਿਵੇਂ ਤੁਸੀਂ ਕਿਹਾ ਸੀ।+ ਪਰ ਜਾਂਦੇ-ਜਾਂਦੇ ਮੈਨੂੰ ਅਸੀਸ ਜ਼ਰੂਰ ਦੇ ਕੇ ਜਾਇਓ।”

33 ਮਿਸਰੀ ਇਜ਼ਰਾਈਲੀਆਂ ʼਤੇ ਜ਼ੋਰ ਪਾਉਣ ਲੱਗ ਪਏ ਕਿ ਉਹ ਛੇਤੀ-ਛੇਤੀ+ ਉਨ੍ਹਾਂ ਦੇ ਦੇਸ਼ ਵਿੱਚੋਂ ਨਿਕਲ ਜਾਣ ਕਿਉਂਕਿ ਮਿਸਰੀਆਂ ਨੇ ਕਿਹਾ, “ਜੇ ਤੁਸੀਂ ਇੱਥੋਂ ਨਾ ਗਏ, ਤਾਂ ਅਸੀਂ ਸਾਰੇ ਮਰ ਜਾਵਾਂਗੇ!”+ 34 ਇਸ ਲਈ ਇਜ਼ਰਾਈਲੀਆਂ ਨੇ ਗੁੰਨ੍ਹਿਆ ਹੋਇਆ ਆਟਾ ਖਮੀਰਾ ਹੋਣ ਤੋਂ ਪਹਿਲਾਂ ਛੇਤੀ-ਛੇਤੀ ਪਰਾਤਾਂ ਸਣੇ ਚੁੱਕਿਆ ਅਤੇ ਕੱਪੜਿਆਂ ਵਿਚ ਲਪੇਟ ਕੇ ਆਪਣੇ ਮੋਢਿਆਂ ʼਤੇ ਰੱਖ ਕੇ ਲੈ ਗਏ। 35 ਇਜ਼ਰਾਈਲੀਆਂ ਨੇ ਮੂਸਾ ਦੇ ਕਹੇ ਅਨੁਸਾਰ ਮਿਸਰੀਆਂ ਤੋਂ ਸੋਨੇ-ਚਾਂਦੀ ਦੀਆਂ ਚੀਜ਼ਾਂ ਤੇ ਕੱਪੜੇ ਮੰਗੇ।+ 36 ਯਹੋਵਾਹ ਨੇ ਮਿਸਰੀਆਂ ਨੂੰ ਆਪਣੇ ਲੋਕਾਂ ਉੱਤੇ ਮਿਹਰਬਾਨ ਕੀਤਾ, ਇਸ ਲਈ ਉਨ੍ਹਾਂ ਨੇ ਜੋ ਮੰਗਿਆ, ਮਿਸਰੀਆਂ ਨੇ ਉਨ੍ਹਾਂ ਨੂੰ ਦੇ ਦਿੱਤਾ ਅਤੇ ਇਜ਼ਰਾਈਲੀਆਂ ਨੇ ਮਿਸਰੀਆਂ ਨੂੰ ਲੁੱਟ ਲਿਆ।+

37 ਫਿਰ ਇਜ਼ਰਾਈਲੀ ਰਾਮਸੇਸ+ ਤੋਂ ਸੁੱਕੋਥ+ ਵੱਲ ਨੂੰ ਤੁਰ ਪਏ। ਉਨ੍ਹਾਂ ਵਿਚ ਬੱਚਿਆਂ ਤੋਂ ਇਲਾਵਾ ਪੈਦਲ ਤੁਰਨ ਵਾਲੇ ਆਦਮੀਆਂ ਦੀ ਗਿਣਤੀ ਲਗਭਗ 6,00,000 ਸੀ।+ 38 ਉਨ੍ਹਾਂ ਦੇ ਨਾਲ ਲੋਕਾਂ ਦੀ ਇਕ ਮਿਲੀ-ਜੁਲੀ ਭੀੜ*+ ਵੀ ਗਈ। ਨਾਲੇ ਉਹ ਅਣਗਿਣਤ ਭੇਡਾਂ-ਬੱਕਰੀਆਂ ਤੇ ਗਾਂਵਾਂ-ਬਲਦ ਵੀ ਲੈ ਗਏ। 39 ਉਨ੍ਹਾਂ ਨੇ ਮਿਸਰ ਤੋਂ ਲਿਆਂਦੇ ਬੇਖਮੀਰੇ ਆਟੇ ਦੀਆਂ ਰੋਟੀਆਂ ਬਣਾਈਆਂ। ਇਹ ਆਟਾ ਖਮੀਰਾ ਨਹੀਂ ਸੀ ਕਿਉਂਕਿ ਛੇਤੀ-ਛੇਤੀ ਮਿਸਰ ਛੱਡਣ ਕਰਕੇ ਉਹ ਆਪਣੇ ਖਾਣ ਲਈ ਕੁਝ ਵੀ ਬਣਾ ਨਹੀਂ ਸਕੇ।+

40 ਇਜ਼ਰਾਈਲੀ 430 ਸਾਲ+ ਤਕ ਪਰਦੇਸੀਆਂ ਵਜੋਂ ਰਹੇ ਜਿਸ ਦੌਰਾਨ ਉਹ ਮਿਸਰ ਵਿਚ ਵੀ ਰਹੇ।+ 41 ਜਿਸ ਦਿਨ 430 ਸਾਲ ਖ਼ਤਮ ਹੋਏ, ਉਸ ਦਿਨ ਯਹੋਵਾਹ ਦੇ ਲੋਕਾਂ ਦੀ ਭੀੜ* ਮਿਸਰ ਤੋਂ ਨਿਕਲ ਤੁਰੀ। 42 ਉਹ ਹਰ ਸਾਲ ਇਸ ਰਾਤ ਖ਼ੁਸ਼ੀਆਂ ਮਨਾਉਣਗੇ ਕਿਉਂਕਿ ਯਹੋਵਾਹ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ। ਇਜ਼ਰਾਈਲੀ ਪੀੜ੍ਹੀਓ-ਪੀੜ੍ਹੀ ਯਹੋਵਾਹ ਦੀ ਮਹਿਮਾ ਕਰਨ ਲਈ ਇਸ ਰਾਤ ਨੂੰ ਯਾਦਗਾਰ ਵਜੋਂ ਮਨਾਉਣਗੇ।+

43 ਫਿਰ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਕਿਹਾ, “ਪਸਾਹ ਦਾ ਤਿਉਹਾਰ ਮਨਾਉਣ ਲਈ ਇਹ ਨਿਯਮ ਹੈ: ਕੋਈ ਵੀ ਪਰਦੇਸੀ ਪਸਾਹ ਦੀ ਬਲ਼ੀ ਨਾ ਖਾਵੇ।+ 44 ਪਰ ਜੇ ਕਿਸੇ ਇਜ਼ਰਾਈਲੀ ਨੇ ਪੈਸੇ ਦੇ ਕੇ ਗ਼ੁਲਾਮ ਮੁੱਲ ਲਿਆ ਹੈ, ਤਾਂ ਉਸ ਦੀ ਸੁੰਨਤ ਕੀਤੀ ਜਾਵੇ।+ ਫਿਰ ਹੀ ਉਹ ਗ਼ੁਲਾਮ ਪਸਾਹ ਦੀ ਬਲ਼ੀ ਖਾ ਸਕਦਾ ਹੈ। 45 ਪਰਦੇਸੀ ਤੇ ਮਜ਼ਦੂਰ ਬਲ਼ੀ ਨਹੀਂ ਖਾ ਸਕਦੇ। 46 ਪਸਾਹ ਦੀ ਬਲ਼ੀ ਇਕ ਹੀ ਘਰ ਅੰਦਰ ਖਾਧੀ ਜਾਵੇ। ਤੁਸੀਂ ਉਸ ਦਾ ਮੀਟ ਘਰੋਂ ਬਾਹਰ ਨਹੀਂ ਲੈ ਕੇ ਜਾਣਾ ਅਤੇ ਨਾ ਹੀ ਉਸ ਦੀ ਕੋਈ ਹੱਡੀ ਤੋੜਨੀ।+ 47 ਇਜ਼ਰਾਈਲੀਆਂ ਦੀ ਸਾਰੀ ਸਭਾ ਇਹ ਤਿਉਹਾਰ ਮਨਾਵੇ। 48 ਜੇ ਤੁਹਾਡੇ ਵਿਚ ਕੋਈ ਪਰਦੇਸੀ ਰਹਿੰਦਾ ਹੈ ਅਤੇ ਯਹੋਵਾਹ ਦੀ ਭਗਤੀ ਕਰਨ ਲਈ ਪਸਾਹ ਦਾ ਤਿਉਹਾਰ ਮਨਾਉਣਾ ਚਾਹੁੰਦਾ ਹੈ, ਤਾਂ ਉਸ ਦੇ ਘਰਾਣੇ ਦੇ ਸਾਰੇ ਆਦਮੀਆਂ ਦੀ ਸੁੰਨਤ ਕੀਤੀ ਜਾਵੇ। ਫਿਰ ਉਹ ਤਿਉਹਾਰ ਮਨਾ ਸਕਦਾ ਹੈ ਅਤੇ ਉਸ ਨੂੰ ਪੈਦਾਇਸ਼ੀ ਇਜ਼ਰਾਈਲੀ ਸਮਝਿਆ ਜਾਵੇਗਾ। ਪਰ ਬੇਸੁੰਨਤਾ ਆਦਮੀ ਪਸਾਹ ਦੀ ਬਲ਼ੀ ਨਹੀਂ ਖਾ ਸਕਦਾ।+ 49 ਪੈਦਾਇਸ਼ੀ ਇਜ਼ਰਾਈਲੀ ਅਤੇ ਤੁਹਾਡੇ ਵਿਚ ਰਹਿੰਦੇ ਪਰਦੇਸੀ ਦੋਵਾਂ ਉੱਤੇ ਇੱਕੋ ਜਿਹਾ ਕਾਨੂੰਨ ਲਾਗੂ ਹੋਵੇਗਾ।”+

50 ਇਸ ਲਈ ਸਾਰੇ ਇਜ਼ਰਾਈਲੀਆਂ ਨੇ ਠੀਕ ਉਵੇਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਹੁਕਮ ਦਿੱਤਾ ਸੀ। ਉਨ੍ਹਾਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ। 51 ਇਸ ਦਿਨ ਯਹੋਵਾਹ ਇਜ਼ਰਾਈਲੀਆਂ ਦੀ ਪੂਰੀ ਭੀੜ* ਨੂੰ ਮਿਸਰ ਤੋਂ ਬਾਹਰ ਲੈ ਆਇਆ।

13 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 2 “ਇਜ਼ਰਾਈਲੀਆਂ ਦਾ ਹਰ ਜੇਠਾ ਮੁੰਡਾ ਮੈਨੂੰ ਅਰਪਿਤ* ਕਰੋ। ਇਨਸਾਨਾਂ ਤੇ ਜਾਨਵਰਾਂ ਦੇ ਜੇਠੇ ਮੇਰੇ ਹਨ।”+

3 ਫਿਰ ਮੂਸਾ ਨੇ ਲੋਕਾਂ ਨੂੰ ਕਿਹਾ: “ਇਸ ਦਿਨ ਨੂੰ ਯਾਦ ਰੱਖੋ ਕਿਉਂਕਿ ਇਸ ਦਿਨ ਯਹੋਵਾਹ ਤੁਹਾਨੂੰ ਆਪਣੇ ਤਾਕਤਵਰ ਹੱਥ ਨਾਲ+ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ ਇਸ ਲਈ ਤੁਸੀਂ ਕੋਈ ਵੀ ਖਮੀਰੀ ਚੀਜ਼ ਨਾ ਖਾਇਓ। 4 ਤੁਸੀਂ ਅਬੀਬ*+ ਮਹੀਨੇ ਦੇ ਇਸ ਦਿਨ ਮਿਸਰ ਤੋਂ ਜਾ ਰਹੇ ਹੋ। 5 ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ+ ਕਿ ਉਹ ਤੁਹਾਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਹਿੱਵੀਆਂ ਅਤੇ ਯਬੂਸੀਆਂ+ ਦਾ ਦੇਸ਼ ਦੇਵੇਗਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।+ ਜਦੋਂ ਉਹ ਤੁਹਾਨੂੰ ਉਸ ਦੇਸ਼ ਲੈ ਜਾਵੇਗਾ, ਤਾਂ ਤੁਸੀਂ ਇਸ ਮਹੀਨੇ ਇਹ ਤਿਉਹਾਰ ਮਨਾਇਆ ਕਰਿਓ। 6 ਸੱਤ ਦਿਨ ਤੁਸੀਂ ਬੇਖਮੀਰੀ ਰੋਟੀ ਖਾਇਓ+ ਅਤੇ ਸੱਤਵੇਂ ਦਿਨ ਯਹੋਵਾਹ ਦੀ ਮਹਿਮਾ ਕਰਨ ਲਈ ਤਿਉਹਾਰ ਮਨਾਇਓ। 7 ਸੱਤ ਦਿਨ ਤੁਸੀਂ ਬੇਖਮੀਰੀ ਰੋਟੀ ਖਾਇਓ;+ ਇਨ੍ਹਾਂ ਸੱਤ ਦਿਨਾਂ ਦੌਰਾਨ ਨਾ ਤਾਂ ਤੁਹਾਡੇ ਕੋਲ ਕੋਈ ਖਮੀਰੀ ਚੀਜ਼ ਹੋਵੇ+ ਤੇ ਨਾ ਹੀ ਤੁਹਾਡੇ ਪੂਰੇ ਇਲਾਕੇ ਵਿਚ ਖਮੀਰਾ ਆਟਾ ਹੋਵੇ। 8 ਤੁਸੀਂ ਇਸ ਦਿਨ ਆਪਣੇ ਪੁੱਤਰਾਂ ਨੂੰ ਦੱਸਿਓ, ‘ਯਹੋਵਾਹ ਨੇ ਮਿਸਰ ਵਿੱਚੋਂ ਕੱਢਣ ਵੇਲੇ ਸਾਡੇ ਲਈ ਜੋ ਕੀਤਾ ਸੀ, ਉਸ ਨੂੰ ਯਾਦ ਕਰਨ ਲਈ ਅਸੀਂ ਇਸ ਤਰ੍ਹਾਂ ਕਰਦੇ ਹਾਂ।’+ 9 ਇਹ ਤਿਉਹਾਰ ਤੁਹਾਡੇ ਹੱਥ ਅਤੇ ਮੱਥੇ ʼਤੇ*+ ਬੰਨ੍ਹੀ ਨਿਸ਼ਾਨੀ ਵਾਂਗ ਹੋਵੇਗਾ। ਇਹ ਤੁਹਾਨੂੰ ਯਾਦ ਕਰਾਵੇਗਾ ਕਿ ਤੁਸੀਂ ਯਹੋਵਾਹ ਦੇ ਕਾਨੂੰਨ ਬਾਰੇ ਗੱਲ ਕਰੋ ਅਤੇ ਇਹ ਵੀ ਯਾਦ ਕਰਾਵੇਗਾ ਕਿ ਯਹੋਵਾਹ ਆਪਣੇ ਬਲਵੰਤ ਹੱਥ ਨਾਲ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ। 10 ਤੁਸੀਂ ਹਰ ਸਾਲ ਮਿਥੇ ਸਮੇਂ ਤੇ ਇਹ ਤਿਉਹਾਰ ਮਨਾਉਣ ਦੇ ਨਿਯਮ ਦੀ ਪਾਲਣਾ ਕਰਿਓ।+

11 “ਜਦੋਂ ਯਹੋਵਾਹ ਤੁਹਾਨੂੰ ਕਨਾਨੀਆਂ ਦੇ ਦੇਸ਼ ਲੈ ਜਾਵੇਗਾ ਜਿਸ ਬਾਰੇ ਉਸ ਨੇ ਤੁਹਾਡੇ ਨਾਲ ਅਤੇ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ ਕਿ ਉਹ ਤੁਹਾਨੂੰ ਇਹ ਦੇਸ਼ ਦੇਵੇਗਾ,+ 12 ਤਾਂ ਤੁਸੀਂ ਆਪਣਾ ਤੇ ਹਰ ਪਾਲਤੂ ਪਸ਼ੂ ਦਾ ਜੇਠਾ* ਯਹੋਵਾਹ ਨੂੰ ਅਰਪਿਤ ਕਰਿਓ। ਸਾਰੇ ਜੇਠੇ ਯਹੋਵਾਹ ਦੇ ਹਨ।+ 13 ਤੁਸੀਂ ਗਧੇ ਦੇ ਪਹਿਲੇ ਵਛੇਰੇ ਨੂੰ ਭੇਡ ਦੀ ਕੁਰਬਾਨੀ ਦੇ ਕੇ ਛੁਡਾਉਣਾ। ਪਰ ਜੇ ਤੁਸੀਂ ਵਛੇਰਾ ਨਹੀਂ ਛੁਡਾਉਂਦੇ, ਤਾਂ ਤੁਸੀਂ ਉਸ ਦੀ ਧੌਣ ਤੋੜ ਦਿਓ। ਅਤੇ ਤੁਸੀਂ ਆਪਣੇ ਸਾਰੇ ਜੇਠੇ ਮੁੰਡਿਆਂ ਨੂੰ ਛੁਡਾਉਣਾ।+

14 “ਜੇ ਬਾਅਦ ਵਿਚ ਤੁਹਾਡੇ ਪੁੱਤਰ ਤੁਹਾਨੂੰ ਪੁੱਛਣ, ‘ਅਸੀਂ ਇਹ ਸਭ ਕੁਝ ਕਿਉਂ ਕਰਦੇ ਹਾਂ?’ ਤਾਂ ਤੁਸੀਂ ਉਨ੍ਹਾਂ ਨੂੰ ਦੱਸਿਓ, ‘ਯਹੋਵਾਹ ਆਪਣੇ ਬਲਵੰਤ ਹੱਥ ਨਾਲ ਸਾਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ 15 ਜਦੋਂ ਫ਼ਿਰਊਨ ਆਪਣੀ ਜ਼ਿੱਦ ʼਤੇ ਅੜਿਆ ਹੋਇਆ ਸੀ ਕਿ ਉਹ ਸਾਨੂੰ ਮਿਸਰ ਤੋਂ ਨਹੀਂ ਜਾਣ ਦੇਵੇਗਾ,+ ਤਾਂ ਯਹੋਵਾਹ ਨੇ ਮਿਸਰ ਦੇ ਸਾਰੇ ਜੇਠੇ ਮਾਰ ਦਿੱਤੇ, ਆਦਮੀਆਂ ਦੇ ਜੇਠਿਆਂ ਤੋਂ ਲੈ ਕੇ ਜਾਨਵਰਾਂ ਦੇ ਜੇਠਿਆਂ ਤਕ।+ ਇਸ ਲਈ ਅਸੀਂ ਆਪਣੇ ਪਸ਼ੂਆਂ ਦੇ ਸਾਰੇ ਜੇਠੇ* ਯਹੋਵਾਹ ਅੱਗੇ ਚੜ੍ਹਾਉਂਦੇ ਹਾਂ ਅਤੇ ਆਪਣੇ ਪੁੱਤਰਾਂ ਦੇ ਸਾਰੇ ਜੇਠਿਆਂ ਨੂੰ ਛੁਡਾਉਂਦੇ ਹਾਂ।’ 16 ਇਸ ਲਈ ਇਹ ਤਿਉਹਾਰ ਤੁਹਾਡੇ ਹੱਥ ਅਤੇ ਮੱਥੇ ʼਤੇ*+ ਬੰਨ੍ਹੀ ਨਿਸ਼ਾਨੀ ਵਾਂਗ ਹੋਵੇਗਾ ਕਿਉਂਕਿ ਯਹੋਵਾਹ ਆਪਣੇ ਬਲਵੰਤ ਹੱਥ ਨਾਲ ਸਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।”

17 ਜਦੋਂ ਫ਼ਿਰਊਨ ਨੇ ਲੋਕਾਂ ਨੂੰ ਜਾਣ ਦਿੱਤਾ, ਤਾਂ ਪਰਮੇਸ਼ੁਰ ਉਨ੍ਹਾਂ ਨੂੰ ਫਲਿਸਤੀਆਂ ਦੇ ਦੇਸ਼ ਨੂੰ ਜਾਂਦੇ ਰਾਹ ਥਾਣੀਂ ਨਹੀਂ ਲੈ ਕੇ ਗਿਆ, ਭਾਵੇਂ ਕਿ ਇਹ ਰਾਹ ਛੋਟਾ ਸੀ। ਕਿਉਂਕਿ ਪਰਮੇਸ਼ੁਰ ਨੇ ਕਿਹਾ: “ਜਦੋਂ ਉਸ ਦੇਸ਼ ਦੇ ਲੋਕ ਉਨ੍ਹਾਂ ਨਾਲ ਲੜਾਈ ਕਰਨਗੇ, ਤਾਂ ਸ਼ਾਇਦ ਉਨ੍ਹਾਂ ਦੇ ਮਨ ਬਦਲ ਜਾਣ ਅਤੇ ਉਹ ਮਿਸਰ ਨੂੰ ਵਾਪਸ ਮੁੜ ਜਾਣ।” 18 ਇਸ ਲਈ ਪਰਮੇਸ਼ੁਰ ਉਨ੍ਹਾਂ ਨੂੰ ਘੁਮਾ ਕੇ ਲਾਲ ਸਮੁੰਦਰ ਦੇ ਲਾਗੇ ਪੈਂਦੀ ਉਜਾੜ ਵਿੱਚੋਂ ਦੀ ਲੈ ਕੇ ਗਿਆ।+ ਪਰ ਜਦੋਂ ਇਜ਼ਰਾਈਲੀ ਮਿਸਰ ਵਿੱਚੋਂ ਨਿਕਲੇ, ਤਾਂ ਉਹ ਫ਼ੌਜੀਆਂ ਦੇ ਦਲਾਂ ਵਾਂਗ ਵਿਵਸਥਿਤ ਢੰਗ ਨਾਲ ਨਿਕਲੇ। 19 ਮੂਸਾ ਆਪਣੇ ਨਾਲ ਯੂਸੁਫ਼ ਦੀਆਂ ਹੱਡੀਆਂ ਵੀ ਲੈ ਗਿਆ ਕਿਉਂਕਿ ਯੂਸੁਫ਼ ਨੇ ਇਜ਼ਰਾਈਲ ਦੇ ਪੁੱਤਰਾਂ ਨੂੰ ਸਹੁੰ ਖਿਲਾਈ ਸੀ: “ਪਰਮੇਸ਼ੁਰ ਜ਼ਰੂਰ ਤੁਹਾਡੀ ਮਦਦ ਕਰੇਗਾ। ਇਸ ਲਈ ਜਾਂਦੇ ਸਮੇਂ ਤੁਸੀਂ ਮੇਰੀਆਂ ਹੱਡੀਆਂ ਇੱਥੋਂ ਲੈ ਜਾਇਓ।”+ 20 ਉਹ ਸੁੱਕੋਥ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਏਥਾਮ ਆ ਕੇ ਡੇਰਾ ਲਾਇਆ ਜੋ ਉਜਾੜ ਦੇ ਨੇੜੇ ਸੀ।

21 ਯਹੋਵਾਹ ਦਿਨੇ ਬੱਦਲ ਦੇ ਥੰਮ੍ਹ ਵਿਚ+ ਅਤੇ ਰਾਤ ਨੂੰ ਉਨ੍ਹਾਂ ਨੂੰ ਰੌਸ਼ਨੀ ਦੇਣ ਲਈ ਅੱਗ ਦੇ ਥੰਮ੍ਹ ਵਿਚ ਉਨ੍ਹਾਂ ਦੇ ਅੱਗੇ-ਅੱਗੇ ਜਾਂਦਾ ਸੀ ਤਾਂਕਿ ਉਹ ਦਿਨ ਨੂੰ ਤੇ ਰਾਤ ਨੂੰ ਵੀ ਸਫ਼ਰ ਕਰ ਸਕਣ।+ 22 ਦਿਨੇ ਬੱਦਲ ਦਾ ਥੰਮ੍ਹ ਅਤੇ ਰਾਤ ਨੂੰ ਅੱਗ ਦਾ ਥੰਮ੍ਹ ਲੋਕਾਂ ਤੋਂ ਦੂਰ ਨਹੀਂ ਜਾਂਦਾ ਸੀ।+

14 ਯਹੋਵਾਹ ਨੇ ਹੁਣ ਮੂਸਾ ਨੂੰ ਕਿਹਾ: 2 “ਇਜ਼ਰਾਈਲੀਆਂ ਨੂੰ ਕਹਿ ਕਿ ਉਹ ਪਿੱਛੇ ਮੁੜ ਜਾਣ ਅਤੇ ਪੀਹਹੀਰੋਥ ਦੇ ਸਾਮ੍ਹਣੇ ਮਿਗਦੋਲ ਤੇ ਸਮੁੰਦਰ ਦੇ ਵਿਚਕਾਰ ਬਆਲ-ਸਫ਼ੋਨ ਦੇ ਨੇੜੇ ਡੇਰਾ ਲਾਉਣ।+ ਤੁਸੀਂ ਸਮੁੰਦਰ ਕੋਲ ਬਆਲ-ਸਫ਼ੋਨ ਦੇ ਸਾਮ੍ਹਣੇ ਡੇਰਾ ਲਾਓ। 3 ਫਿਰ ਫ਼ਿਰਊਨ ਇਜ਼ਰਾਈਲੀਆਂ ਬਾਰੇ ਕਹੇਗਾ, ‘ਉਹ ਦੇਸ਼ ਵਿਚ ਇੱਧਰ-ਉੱਧਰ ਭਟਕ ਰਹੇ ਹਨ। ਉਨ੍ਹਾਂ ਨੂੰ ਉਜਾੜ ਵਿੱਚੋਂ ਨਿਕਲਣ ਦਾ ਰਾਹ ਨਹੀਂ ਲੱਭ ਰਿਹਾ।’ 4 ਮੈਂ ਫ਼ਿਰਊਨ ਦਾ ਦਿਲ ਕਠੋਰ ਹੋਣ ਦਿਆਂਗਾ+ ਅਤੇ ਉਹ ਉਨ੍ਹਾਂ ਦਾ ਪਿੱਛਾ ਕਰੇਗਾ। ਮੈਂ ਫ਼ਿਰਊਨ ਅਤੇ ਉਸ ਦੀ ਸਾਰੀ ਫ਼ੌਜ ਨੂੰ ਹਰਾ ਕੇ ਆਪਣੀ ਮਹਿਮਾ ਕਰਾਵਾਂਗਾ;+ ਮਿਸਰੀਆਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।”+ ਇਸ ਲਈ ਇਜ਼ਰਾਈਲੀਆਂ ਨੇ ਇਸੇ ਤਰ੍ਹਾਂ ਕੀਤਾ।

5 ਬਾਅਦ ਵਿਚ ਮਿਸਰ ਦੇ ਰਾਜੇ ਨੂੰ ਦੱਸਿਆ ਗਿਆ ਕਿ ਲੋਕ ਭੱਜ ਗਏ ਸਨ। ਉਸੇ ਵੇਲੇ ਫ਼ਿਰਊਨ ਤੇ ਉਸ ਦੇ ਨੌਕਰਾਂ ਨੇ ਆਪਣਾ ਮਨ ਬਦਲ ਲਿਆ+ ਅਤੇ ਕਹਿਣ ਲੱਗੇ: “ਆਪਾਂ ਇਹ ਕੀ ਕੀਤਾ ਅਤੇ ਇਜ਼ਰਾਈਲੀਆਂ ਨੂੰ ਗ਼ੁਲਾਮੀ ਤੋਂ ਆਜ਼ਾਦ ਕਿਉਂ ਕੀਤਾ?” 6 ਇਸ ਲਈ ਉਸ ਨੇ ਆਪਣੇ ਯੁੱਧ ਦੇ ਰਥ ਤਿਆਰ ਕਰਵਾਏ ਅਤੇ ਆਪਣੀ ਫ਼ੌਜ ਨੂੰ ਲੈ ਕੇ ਤੁਰ ਪਿਆ।+ 7 ਉਸ ਨੇ ਆਪਣੇ ਸਭ ਤੋਂ ਵਧੀਆ 600 ਰਥ ਅਤੇ ਮਿਸਰ ਦੇ ਸਾਰੇ ਰਥ ਲਏ ਅਤੇ ਉਨ੍ਹਾਂ ਸਾਰਿਆਂ ਵਿਚ ਉਸ ਨੇ ਯੋਧੇ ਬਿਠਾਏ। 8 ਇਸ ਤਰ੍ਹਾਂ ਯਹੋਵਾਹ ਨੇ ਮਿਸਰ ਦੇ ਰਾਜੇ ਫ਼ਿਰਊਨ ਦਾ ਦਿਲ ਕਠੋਰ ਹੋਣ ਦਿੱਤਾ ਅਤੇ ਉਸ ਨੇ ਇਜ਼ਰਾਈਲੀਆਂ ਦਾ ਪਿੱਛਾ ਕੀਤਾ, ਜਦ ਕਿ ਇਜ਼ਰਾਈਲੀ ਦਲੇਰੀ ਨਾਲ ਦੇਸ਼ ਵਿੱਚੋਂ ਜਾ ਰਹੇ ਸਨ।+ 9 ਮਿਸਰੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ।+ ਫ਼ਿਰਊਨ ਦੇ ਸਾਰੇ ਰਥ, ਘੋੜਸਵਾਰ ਤੇ ਫ਼ੌਜੀ ਇਜ਼ਰਾਈਲੀਆਂ ਵੱਲ ਵਧਦੇ ਗਏ ਜਿਨ੍ਹਾਂ ਨੇ ਬਆਲ-ਸਫ਼ੋਨ ਸਾਮ੍ਹਣੇ, ਪੀਹਹੀਰੋਥ ਕੋਲ ਸਮੁੰਦਰ ਕੰਢੇ ਡੇਰਾ ਲਾਇਆ ਹੋਇਆ ਸੀ।

10 ਜਦੋਂ ਫ਼ਿਰਊਨ ਨੇੜੇ ਪਹੁੰਚਿਆ, ਤਾਂ ਇਜ਼ਰਾਈਲੀਆਂ ਨੇ ਨਜ਼ਰਾਂ ਚੁੱਕ ਕੇ ਦੇਖਿਆ ਕਿ ਮਿਸਰੀ ਉਨ੍ਹਾਂ ਦੇ ਪਿੱਛੇ ਆ ਰਹੇ ਸਨ। ਇਜ਼ਰਾਈਲੀਆਂ ਨੂੰ ਡਰ ਨੇ ਆ ਘੇਰਿਆ ਅਤੇ ਉਹ ਯਹੋਵਾਹ ਅੱਗੇ ਦੁਹਾਈ ਦੇਣ ਲੱਗੇ।+ 11 ਉਹ ਮੂਸਾ ਨੂੰ ਕਹਿਣ ਲੱਗੇ: “ਤੂੰ ਕਿਉਂ ਸਾਨੂੰ ਮਿਸਰ ਵਿੱਚੋਂ ਕੱਢ ਕੇ ਇੱਥੇ ਉਜਾੜ ਵਿਚ ਮਰਨ ਲਈ ਲੈ ਆਇਆ ਹੈਂ?+ ਕੀ ਮਿਸਰ ਵਿਚ ਕਬਰਸਤਾਨਾਂ ਦੀ ਘਾਟ ਸੀ? ਤੂੰ ਸਾਡੇ ਨਾਲ ਇੱਦਾਂ ਕਿਉਂ ਕੀਤਾ? 12 ਕੀ ਅਸੀਂ ਤੈਨੂੰ ਮਿਸਰ ਵਿਚ ਨਹੀਂ ਕਿਹਾ ਸੀ, ‘ਸਾਨੂੰ ਇੱਥੇ ਹੀ ਰਹਿਣ ਦੇ ਤਾਂਕਿ ਅਸੀਂ ਮਿਸਰੀਆਂ ਦੀ ਗ਼ੁਲਾਮੀ ਕਰੀਏ’? ਇੱਥੇ ਉਜਾੜ ਵਿਚ ਮਰਨ ਨਾਲੋਂ ਚੰਗਾ ਕਿ ਅਸੀਂ ਮਿਸਰੀਆਂ ਦੀ ਗ਼ੁਲਾਮੀ ਕਰੀਏ।”+ 13 ਫਿਰ ਮੂਸਾ ਨੇ ਲੋਕਾਂ ਨੂੰ ਕਿਹਾ: “ਡਰੋ ਨਾ।+ ਡਟ ਕੇ ਖੜ੍ਹੇ ਰਹੋ ਅਤੇ ਦੇਖੋ ਕਿ ਯਹੋਵਾਹ ਅੱਜ ਤੁਹਾਨੂੰ ਕਿਵੇਂ ਮੁਕਤੀ ਦਿਵਾਏਗਾ।+ ਤੁਸੀਂ ਇਨ੍ਹਾਂ ਮਿਸਰੀਆਂ ਨੂੰ, ਜੋ ਅੱਜ ਤੁਹਾਡੇ ਸਾਮ੍ਹਣੇ ਹਨ, ਦੁਬਾਰਾ ਕਦੇ ਨਾ ਦੇਖੋਗੇ।+ 14 ਯਹੋਵਾਹ ਆਪ ਤੁਹਾਡੇ ਲਈ ਲੜੇਗਾ।+ ਤੁਸੀਂ ਬੱਸ ਚੁੱਪ-ਚਾਪ ਖੜ੍ਹੇ ਰਹੋ।”

15 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਮੇਰੇ ਅੱਗੇ ਕਿਉਂ ਗਿੜਗਿੜਾ ਰਿਹਾ ਹੈਂ? ਇਜ਼ਰਾਈਲੀਆਂ ਨੂੰ ਕਹਿ ਕਿ ਡੇਰਾ ਚੁੱਕ ਕੇ ਅੱਗੇ ਵਧਣ। 16 ਤੂੰ ਆਪਣਾ ਡੰਡਾ ਚੁੱਕ ਅਤੇ ਆਪਣਾ ਹੱਥ ਸਮੁੰਦਰ ਵੱਲ ਕਰ ਕੇ ਇਸ ਨੂੰ ਦੋ ਹਿੱਸਿਆਂ ਵਿਚ ਵੰਡ ਦੇ ਤਾਂਕਿ ਇਜ਼ਰਾਈਲੀ ਸਮੁੰਦਰ ਦੀ ਸੁੱਕੀ ਜ਼ਮੀਨ ਉੱਤੋਂ ਦੀ ਲੰਘ ਜਾਣ। 17 ਅਤੇ ਮੈਂ ਮਿਸਰੀਆਂ ਦੇ ਦਿਲ ਕਠੋਰ ਹੋਣ ਦਿੱਤੇ ਹਨ ਤਾਂਕਿ ਉਹ ਤੁਹਾਡਾ ਪਿੱਛਾ ਕਰਨ; ਮੈਂ ਫ਼ਿਰਊਨ ਅਤੇ ਉਸ ਦੀ ਸਾਰੀ ਫ਼ੌਜ, ਉਸ ਦੇ ਯੁੱਧ ਦੇ ਰਥਾਂ ਅਤੇ ਘੋੜਸਵਾਰਾਂ ਨੂੰ ਹਰਾ ਕੇ ਆਪਣੀ ਮਹਿਮਾ ਕਰਾਵਾਂਗਾ।+ 18 ਅਤੇ ਜਦੋਂ ਮੈਂ ਫ਼ਿਰਊਨ, ਉਸ ਦੇ ਯੁੱਧ ਦੇ ਰਥਾਂ ਅਤੇ ਘੋੜਸਵਾਰਾਂ ਨੂੰ ਹਰਾ ਕੇ ਆਪਣੀ ਮਹਿਮਾ ਕਰਾਵਾਂਗਾ, ਤਾਂ ਮਿਸਰੀ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ।”+

19 ਫਿਰ ਇਜ਼ਰਾਈਲੀਆਂ ਦੇ ਅੱਗੇ-ਅੱਗੇ ਜਾ ਰਿਹਾ ਪਰਮੇਸ਼ੁਰ ਦਾ ਦੂਤ+ ਮੁੜਿਆ ਅਤੇ ਉਨ੍ਹਾਂ ਦੇ ਪਿੱਛੇ ਚਲਾ ਗਿਆ ਅਤੇ ਉਨ੍ਹਾਂ ਦੇ ਅੱਗੇ ਜੋ ਬੱਦਲ ਦਾ ਥੰਮ੍ਹ ਸੀ, ਉਹ ਉਨ੍ਹਾਂ ਦੇ ਪਿੱਛੇ ਜਾ ਕੇ ਖੜ੍ਹ ਗਿਆ।+ 20 ਇਸ ਲਈ ਇਹ ਮਿਸਰੀਆਂ ਦੀ ਛਾਉਣੀ ਅਤੇ ਇਜ਼ਰਾਈਲੀਆਂ ਦੀ ਛਾਉਣੀ ਵਿਚਕਾਰ ਆ ਕੇ ਖੜ੍ਹ ਗਿਆ।+ ਇਸ ਨੇ ਇਕ ਪਾਸੇ ਹਨੇਰਾ ਕੀਤਾ, ਪਰ ਦੂਜੇ ਪਾਸੇ ਸਾਰੀ ਰਾਤ ਚਾਨਣ ਕੀਤਾ।+ ਇਸ ਲਈ ਇਸ ਨੇ ਮਿਸਰੀਆਂ ਨੂੰ ਇਜ਼ਰਾਈਲੀਆਂ ਦੇ ਨੇੜੇ ਨਹੀਂ ਆਉਣ ਦਿੱਤਾ।

21 ਮੂਸਾ ਨੇ ਸਮੁੰਦਰ ਵੱਲ ਆਪਣਾ ਹੱਥ ਕੀਤਾ;+ ਯਹੋਵਾਹ ਨੇ ਸਾਰੀ ਰਾਤ ਪੂਰਬ ਵੱਲੋਂ ਤੇਜ਼ ਹਨੇਰੀ ਵਗਾ ਕੇ ਸਮੁੰਦਰ ਦੇ ਪਾਣੀ ਨੂੰ ਪਿੱਛੇ ਵੱਲ ਧੱਕ ਦਿੱਤਾ ਜਿਸ ਕਰਕੇ ਪਾਣੀ ਦੋ ਹਿੱਸਿਆਂ ਵਿਚ ਵੰਡਿਆ+ ਗਿਆ ਅਤੇ ਸਮੁੰਦਰੀ ਤਲ ਸੁੱਕ ਗਿਆ।+ 22 ਇਸ ਲਈ ਇਜ਼ਰਾਈਲੀ ਸਮੁੰਦਰ ਦੀ ਸੁੱਕੀ ਜ਼ਮੀਨ ਉੱਤੋਂ ਦੀ ਲੰਘ ਗਏ+ ਅਤੇ ਪਾਣੀ ਉਨ੍ਹਾਂ ਦੇ ਸੱਜੇ ਅਤੇ ਖੱਬੇ ਪਾਸੇ ਕੰਧ ਵਾਂਗ ਖੜ੍ਹਾ ਸੀ।+ 23 ਮਿਸਰੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਫ਼ਿਰਊਨ ਦੇ ਘੋੜੇ, ਉਸ ਦੇ ਯੁੱਧ ਦੇ ਰਥ ਅਤੇ ਘੋੜਸਵਾਰ ਉਨ੍ਹਾਂ ਦੇ ਪਿੱਛੇ-ਪਿੱਛੇ ਸਮੁੰਦਰ ਵਿਚ ਚਲੇ ਗਏ।+ 24 ਸਵੇਰ ਦੇ ਪਹਿਰ* ਦੌਰਾਨ ਯਹੋਵਾਹ ਨੇ ਅੱਗ ਅਤੇ ਬੱਦਲ ਦੇ ਥੰਮ੍ਹ+ ਵਿੱਚੋਂ ਮਿਸਰੀਆਂ ਦੀ ਫ਼ੌਜ ਨੂੰ ਦੇਖਿਆ ਅਤੇ ਉਸ ਨੇ ਉਨ੍ਹਾਂ ਦੀ ਫ਼ੌਜ ਵਿਚ ਹਫੜਾ-ਦਫੜੀ ਮਚਾ ਦਿੱਤੀ। 25 ਉਸ ਨੇ ਉਨ੍ਹਾਂ ਦੇ ਰਥਾਂ ਦੇ ਪਹੀਏ ਲਾਹ ਦਿੱਤੇ ਜਿਸ ਕਰਕੇ ਉਨ੍ਹਾਂ ਲਈ ਰਥ ਚਲਾਉਣੇ ਮੁਸ਼ਕਲ ਹੋ ਗਏ। ਅਤੇ ਮਿਸਰੀ ਇਕ-ਦੂਜੇ ਨੂੰ ਕਹਿਣ ਲੱਗੇ: “ਆਓ ਆਪਾਂ ਇਜ਼ਰਾਈਲੀਆਂ ਤੋਂ ਭੱਜ ਜਾਈਏ ਕਿਉਂਕਿ ਯਹੋਵਾਹ ਉਨ੍ਹਾਂ ਦੀ ਖ਼ਾਤਰ ਮਿਸਰੀਆਂ ਦੇ ਖ਼ਿਲਾਫ਼ ਲੜ ਰਿਹਾ ਹੈ।”+

26 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਆਪਣਾ ਹੱਥ ਸਮੁੰਦਰ ਵੱਲ ਕਰ ਤਾਂਕਿ ਪਾਣੀ ਮਿਸਰੀਆਂ, ਉਨ੍ਹਾਂ ਦੇ ਯੁੱਧ ਦੇ ਰਥਾਂ ਅਤੇ ਉਨ੍ਹਾਂ ਦੇ ਘੋੜਸਵਾਰਾਂ ਉੱਤੇ ਆ ਪਵੇ।” 27 ਮੂਸਾ ਨੇ ਤੁਰੰਤ ਆਪਣਾ ਹੱਥ ਸਮੁੰਦਰ ਵੱਲ ਕੀਤਾ ਅਤੇ ਸਵੇਰਾ ਹੋਣ ਵੇਲੇ ਸਮੁੰਦਰ ਦਾ ਪਾਣੀ ਵਾਪਸ ਆਪਣੀ ਜਗ੍ਹਾ ʼਤੇ ਆ ਗਿਆ। ਜਦੋਂ ਮਿਸਰੀ ਪਾਣੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਸਮੁੰਦਰ ਵਿਚ ਸੁੱਟ ਦਿੱਤਾ।+ 28 ਪਾਣੀ ਨੇ ਯੁੱਧ ਦੇ ਰਥਾਂ, ਘੋੜਸਵਾਰਾਂ ਅਤੇ ਫ਼ਿਰਊਨ ਦੀ ਸਾਰੀ ਫ਼ੌਜ ਨੂੰ ਢਕ ਲਿਆ ਜੋ ਇਜ਼ਰਾਈਲੀਆਂ ਪਿੱਛੇ ਸਮੁੰਦਰ ਵਿਚ ਗਈ ਸੀ।+ ਇਨ੍ਹਾਂ ਵਿੱਚੋਂ ਇਕ ਵੀ ਨਾ ਬਚਿਆ।+

29 ਇਜ਼ਰਾਈਲੀ ਸਮੁੰਦਰ ਦੀ ਸੁੱਕੀ ਜ਼ਮੀਨ ਉੱਤੋਂ ਦੀ ਤੁਰ ਕੇ ਲੰਘ ਗਏ ਸਨ+ ਅਤੇ ਪਾਣੀ ਉਨ੍ਹਾਂ ਦੇ ਸੱਜੇ ਅਤੇ ਖੱਬੇ ਪਾਸੇ ਕੰਧ ਵਾਂਗ ਖੜ੍ਹਾ ਸੀ।+ 30 ਇਸ ਤਰ੍ਹਾਂ ਉਸ ਦਿਨ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮਿਸਰੀਆਂ ਦੇ ਹੱਥੋਂ ਬਚਾਇਆ+ ਅਤੇ ਇਜ਼ਰਾਈਲੀਆਂ ਨੇ ਸਮੁੰਦਰ ਕੰਢੇ ਮਿਸਰੀਆਂ ਦੀਆਂ ਲਾਸ਼ਾਂ ਪਈਆਂ ਦੇਖੀਆਂ। 31 ਇਜ਼ਰਾਈਲੀਆਂ ਨੇ ਯਹੋਵਾਹ ਦੀ ਵੱਡੀ ਤਾਕਤ* ਵੀ ਦੇਖੀ ਜੋ ਉਸ ਨੇ ਮਿਸਰੀਆਂ ਦੇ ਖ਼ਿਲਾਫ਼ ਵਰਤੀ ਸੀ। ਇਸ ਕਰਕੇ ਲੋਕ ਯਹੋਵਾਹ ਤੋਂ ਡਰਨ ਲੱਗੇ ਅਤੇ ਉਨ੍ਹਾਂ ਨੇ ਯਹੋਵਾਹ ਅਤੇ ਉਸ ਦੇ ਦਾਸ ਮੂਸਾ ਉੱਤੇ ਨਿਹਚਾ ਕੀਤੀ।+

15 ਉਸ ਵੇਲੇ ਮੂਸਾ ਅਤੇ ਇਜ਼ਰਾਈਲੀਆਂ ਨੇ ਯਹੋਵਾਹ ਲਈ ਇਹ ਗੀਤ ਗਾਇਆ:+

“ਮੈਂ ਯਹੋਵਾਹ ਲਈ ਗੀਤ ਗਾਵਾਂਗਾ ਕਿਉਂਕਿ ਉਸ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।+

ਉਸ ਨੇ ਘੋੜੇ ਅਤੇ ਉਸ ਦੇ ਸਵਾਰ ਨੂੰ ਸਮੁੰਦਰ ਵਿਚ ਸੁੱਟ ਦਿੱਤਾ ਹੈ।+

 2 ਯਾਹ* ਮੇਰੀ ਤਾਕਤ ਅਤੇ ਮੇਰਾ ਬਲ ਹੈ ਕਿਉਂਕਿ ਉਹ ਮੇਰਾ ਮੁਕਤੀਦਾਤਾ ਬਣਿਆ ਹੈ।+

ਉਹ ਮੇਰਾ ਪਰਮੇਸ਼ੁਰ ਹੈ ਅਤੇ ਮੈਂ ਉਸ ਦੀ ਮਹਿਮਾ ਕਰਾਂਗਾ;+ ਉਹ ਮੇਰੇ ਪਿਤਾ ਦਾ ਪਰਮੇਸ਼ੁਰ ਹੈ+ ਅਤੇ ਮੈਂ ਉਸ ਦੀ ਵਡਿਆਈ ਕਰਾਂਗਾ।+

 3 ਯਹੋਵਾਹ ਤਾਕਤਵਰ ਯੋਧਾ ਹੈ।+ ਯਹੋਵਾਹ ਉਸ ਦਾ ਨਾਂ ਹੈ।+

 4 ਉਸ ਨੇ ਫ਼ਿਰਊਨ ਦੇ ਰਥਾਂ ਅਤੇ ਉਸ ਦੀ ਫ਼ੌਜ ਨੂੰ ਸਮੁੰਦਰ ਵਿਚ ਸੁੱਟ ਦਿੱਤਾ ਹੈ,+

ਫ਼ਿਰਊਨ ਦੇ ਵੱਡੇ-ਵੱਡੇ ਸੂਰਮੇ ਲਾਲ ਸਮੁੰਦਰ ਵਿਚ ਡੁੱਬ ਗਏ ਹਨ।+

 5 ਠਾਠਾਂ ਮਾਰਦੇ ਪਾਣੀਆਂ ਨੇ ਉਨ੍ਹਾਂ ਨੂੰ ਢਕ ਲਿਆ; ਉਹ ਪਾਣੀ ਦੀਆਂ ਗਹਿਰਾਈਆਂ ਵਿਚ ਪੱਥਰ ਵਾਂਗ ਡੁੱਬ ਗਏ।+

 6 ਹੇ ਯਹੋਵਾਹ, ਤੇਰਾ ਸੱਜਾ ਹੱਥ ਸ਼ਕਤੀਸ਼ਾਲੀ ਹੈ;+

ਹੇ ਯਹੋਵਾਹ, ਤੇਰਾ ਸੱਜਾ ਹੱਥ ਦੁਸ਼ਮਣ ਨੂੰ ਚਕਨਾਚੂਰ ਕਰ ਸਕਦਾ ਹੈ।

 7 ਤੂੰ ਇੰਨਾ ਮਹਾਨ ਹੈਂ ਕਿ ਤੂੰ ਉਨ੍ਹਾਂ ਨੂੰ ਥੱਲੇ ਸੁੱਟ ਸਕਦਾ ਹੈਂ ਜੋ ਤੇਰੇ ਵਿਰੁੱਧ ਖੜ੍ਹੇ ਹੁੰਦੇ ਹਨ;+

ਤੂੰ ਆਪਣੇ ਕ੍ਰੋਧ ਦੀ ਅੱਗ ਨਾਲ ਉਨ੍ਹਾਂ ਨੂੰ ਘਾਹ-ਫੂਸ ਵਾਂਗ ਭਸਮ ਕਰ ਦਿੰਦਾ ਹੈਂ।

 8 ਤੇਰੀਆਂ ਨਾਸਾਂ ਦੇ ਇਕ ਸਾਹ ਨਾਲ ਪਾਣੀ ਜਮ੍ਹਾ ਹੋ ਗਏ;

ਉਹ ਸ਼ਾਂਤ ਖੜ੍ਹੇ ਰਹੇ ਅਤੇ ਹੜ੍ਹ ਨੂੰ ਰੋਕੀ ਰੱਖਿਆ;

ਠਾਠਾਂ ਮਾਰਦੇ ਪਾਣੀ ਸਮੁੰਦਰ ਦੇ ਵਿਚਕਾਰ ਜੰਮ ਗਏ।

 9 ਦੁਸ਼ਮਣ ਨੇ ਕਿਹਾ: ‘ਮੈਂ ਉਨ੍ਹਾਂ ਦਾ ਪਿੱਛਾ ਕਰਾਂਗਾ! ਮੈਂ ਉਨ੍ਹਾਂ ਨੂੰ ਫੜ ਲਵਾਂਗਾ!

ਮੈਂ ਲੁੱਟ ਦਾ ਮਾਲ ਵੰਡਾਂਗਾ ਜਦ ਤਕ ਮੈਂ ਸੰਤੁਸ਼ਟ ਨਹੀਂ ਹੋ ਜਾਂਦਾ!

ਮੈਂ ਆਪਣੀ ਤਲਵਾਰ ਕੱਢਾਂਗਾ! ਮੇਰਾ ਹੱਥ ਉਨ੍ਹਾਂ ਨੂੰ ਹਰਾਵੇਗਾ!’+

10 ਤੂੰ ਫੂਕ ਮਾਰੀ ਅਤੇ ਸਮੁੰਦਰ ਨੇ ਉਨ੍ਹਾਂ ਨੂੰ ਢਕ ਲਿਆ;+

ਉਹ ਵਿਸ਼ਾਲ ਸਮੁੰਦਰ ਵਿਚ ਸਿੱਕੇ ਵਾਂਗ ਡੁੱਬ ਗਏ।

11 ਹੇ ਯਹੋਵਾਹ, ਦੇਵਤਿਆਂ ਵਿੱਚੋਂ ਕੌਣ ਤੇਰੀ ਬਰਾਬਰੀ ਕਰ ਸਕਦਾ?+

ਕੌਣ ਤੇਰੇ ਵਾਂਗ ਅੱਤ ਪਵਿੱਤਰ ਹੈ?+

ਸਿਰਫ਼ ਤੂੰ ਹੀ ਹੈਰਾਨੀਜਨਕ ਕੰਮ ਕਰਦਾ ਹੈਂ

ਤੇਰਾ ਹੀ ਡਰ ਮੰਨਿਆ ਜਾਣਾ ਚਾਹੀਦਾ ਹੈ ਅਤੇ ਤੇਰੀ ਹੀ ਮਹਿਮਾ ਦੇ ਗੀਤ ਗਾਏ ਜਾਣੇ ਚਾਹੀਦੇ ਹਨ।+

12 ਤੂੰ ਆਪਣਾ ਸੱਜਾ ਹੱਥ ਪਸਾਰਿਆ ਅਤੇ ਧਰਤੀ ਨੇ ਉਨ੍ਹਾਂ ਨੂੰ ਨਿਗਲ਼ ਲਿਆ।+

13 ਤੂੰ ਅਟੱਲ ਪਿਆਰ ਨਾਲ ਆਪਣੀ ਪਰਜਾ ਦੀ ਅਗਵਾਈ ਕੀਤੀ ਜਿਸ ਨੂੰ ਤੂੰ ਛੁਡਾਇਆ ਸੀ;+

ਤੂੰ ਆਪਣੀ ਤਾਕਤ ਨਾਲ ਉਨ੍ਹਾਂ ਨੂੰ ਆਪਣੇ ਪਵਿੱਤਰ ਨਿਵਾਸ-ਸਥਾਨ ਲੈ ਜਾਵੇਂਗਾ।

14 ਦੇਸ਼-ਦੇਸ਼ ਦੇ ਲੋਕ ਸੁਣ+ ਕੇ ਕੰਬ ਜਾਣਗੇ;

ਫਲਿਸਤ ਦੇ ਵਾਸੀਆਂ ʼਤੇ ਦਹਿਸ਼ਤ ਛਾ ਜਾਵੇਗੀ।*

15 ਉਸ ਵੇਲੇ ਅਦੋਮ ਦੇ ਸ਼ੇਖ਼* ਘਬਰਾ ਜਾਣਗੇ,

ਮੋਆਬ ਦੇ ਤਾਕਤਵਰ ਹਾਕਮ* ਥਰ-ਥਰ ਕੰਬਣਗੇ।+

ਕਨਾਨ ਦੇ ਸਾਰੇ ਵਾਸੀਆਂ ਦੇ ਦਿਲ ਬੈਠ ਜਾਣਗੇ।+

16 ਉਹ ਡਰ ਅਤੇ ਖ਼ੌਫ਼ ਨਾਲ ਘਿਰ ਜਾਣਗੇ।+

ਤੇਰੀ ਤਾਕਤਵਰ ਬਾਂਹ ਕਰਕੇ ਉਹ ਪੱਥਰ ਬਣ ਜਾਣਗੇ

ਜਦ ਤਕ, ਹੇ ਯਹੋਵਾਹ, ਤੇਰੀ ਪਰਜਾ ਲੰਘ ਨਹੀਂ ਜਾਂਦੀ,

ਹਾਂ, ਉਹ ਪਰਜਾ ਲੰਘ ਨਹੀਂ ਜਾਂਦੀ+ ਜਿਸ ਨੂੰ ਤੂੰ ਜਨਮ ਦਿੱਤਾ ਹੈ।+

17 ਤੂੰ ਉਨ੍ਹਾਂ ਨੂੰ ਲਿਆ ਕੇ ਵਿਰਾਸਤ ਦੇ ਪਹਾੜ ਉੱਤੇ ਵਸਾਵੇਂਗਾ,*+

ਹੇ ਯਹੋਵਾਹ, ਉਹ ਥਾਂ ਜੋ ਤੂੰ ਆਪਣੇ ਵੱਸਣ ਲਈ ਤਿਆਰ ਕੀਤੀ ਹੈ,

ਹੇ ਯਹੋਵਾਹ, ਇਹ ਉਹ ਪਵਿੱਤਰ ਸਥਾਨ ਹੈ ਜਿਸ ਨੂੰ ਤੂੰ ਆਪਣੇ ਹੱਥੀਂ ਬਣਾਇਆ ਹੈ।

18 ਯਹੋਵਾਹ ਹਮੇਸ਼ਾ-ਹਮੇਸ਼ਾ ਲਈ ਰਾਜ ਕਰੇਗਾ।+

19 ਜਦੋਂ ਫ਼ਿਰਊਨ ਦੇ ਘੋੜੇ, ਲੜਾਈ ਦੇ ਰਥ ਅਤੇ ਘੋੜਸਵਾਰ ਸਮੁੰਦਰ ਵਿਚ ਗਏ,+

ਤਾਂ ਯਹੋਵਾਹ ਨੇ ਸਮੁੰਦਰ ਦੇ ਪਾਣੀਆਂ ਨਾਲ ਉਨ੍ਹਾਂ ਨੂੰ ਢਕ ਦਿੱਤਾ,+

ਪਰ ਇਜ਼ਰਾਈਲੀ ਸਮੁੰਦਰ ਦੀ ਸੁੱਕੀ ਜ਼ਮੀਨ ਥਾਣੀਂ ਲੰਘ ਗਏ।”+

20 ਫਿਰ ਹਾਰੂਨ ਦੀ ਭੈਣ ਮਿਰੀਅਮ ਜੋ ਨਬੀਆ ਸੀ, ਨੇ ਹੱਥ ਵਿਚ ਡਫਲੀ ਲਈ ਅਤੇ ਸਾਰੀਆਂ ਔਰਤਾਂ ਵੀ ਡਫਲੀਆਂ ਲੈ ਕੇ ਉਸ ਦੇ ਪਿੱਛੇ-ਪਿੱਛੇ ਨੱਚਦੀਆਂ ਆਈਆਂ। 21 ਮਿਰੀਅਮ ਨੇ ਆਦਮੀਆਂ ਦੇ ਗੀਤ ਦਾ ਜਵਾਬ ਦਿੰਦੇ ਹੋਏ ਗਾਇਆ:

“ਯਹੋਵਾਹ ਲਈ ਗੀਤ ਗਾਓ ਕਿਉਂਕਿ ਉਸ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ।+

ਉਸ ਨੇ ਘੋੜੇ ਅਤੇ ਉਸ ਦੇ ਸਵਾਰ ਨੂੰ ਸਮੁੰਦਰ ਵਿਚ ਸੁੱਟ ਦਿੱਤਾ ਹੈ।”+

22 ਬਾਅਦ ਵਿਚ ਮੂਸਾ ਇਜ਼ਰਾਈਲੀਆਂ ਨੂੰ ਨਾਲ ਲੈ ਕੇ ਲਾਲ ਸਮੁੰਦਰ ਤੋਂ ਤੁਰ ਪਿਆ ਅਤੇ ਉਹ ਸ਼ੂਰ ਦੀ ਉਜਾੜ ਵਿਚ ਆਏ ਅਤੇ ਉਹ ਉਜਾੜ ਵਿਚ ਤਿੰਨ ਦਿਨ ਸਫ਼ਰ ਕਰਦੇ ਰਹੇ, ਪਰ ਉਨ੍ਹਾਂ ਨੂੰ ਕਿਤੇ ਪਾਣੀ ਨਾ ਮਿਲਿਆ। 23 ਉਹ ਮਾਰਾਹ*+ ਆਏ, ਪਰ ਮਾਰਾਹ ਦਾ ਪਾਣੀ ਕੌੜਾ ਹੋਣ ਕਰਕੇ ਉਹ ਪੀ ਨਾ ਸਕੇ। ਇਸ ਲਈ ਉਸ ਨੇ ਇਸ ਜਗ੍ਹਾ ਦਾ ਨਾਂ ਮਾਰਾਹ ਰੱਖਿਆ। 24 ਇਸ ਕਰਕੇ ਲੋਕ ਮੂਸਾ ਦੇ ਖ਼ਿਲਾਫ਼ ਬੁੜ-ਬੁੜ ਕਰਦੇ ਹੋਏ ਕਹਿਣ ਲੱਗੇ:+ “ਹੁਣ ਅਸੀਂ ਕੀ ਪੀਵਾਂਗੇ?” 25 ਉਹ ਯਹੋਵਾਹ ਅੱਗੇ ਗਿੜਗਿੜਾਇਆ+ ਅਤੇ ਯਹੋਵਾਹ ਨੇ ਉਸ ਨੂੰ ਇਕ ਦਰਖ਼ਤ ਦਿਖਾਇਆ। ਉਸ ਨੇ ਉਹ ਦਰਖ਼ਤ ਪਾਣੀ ਵਿਚ ਸੁੱਟਿਆ ਅਤੇ ਪਾਣੀ ਮਿੱਠਾ ਹੋ ਗਿਆ।

ਉੱਥੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਇਕ ਨਿਯਮ ਦਿੱਤਾ ਅਤੇ ਇਸ ਘਟਨਾ ਨੂੰ ਇਕ ਮਿਸਾਲ ਦੇ ਤੌਰ ਤੇ ਠਹਿਰਾਇਆ ਤਾਂਕਿ ਲੋਕਾਂ ਨੂੰ ਪਤਾ ਲੱਗੇ ਕਿ ਪਰਮੇਸ਼ੁਰ ਨੇ ਕਿਵੇਂ ਨਿਆਂ ਕਰਨਾ ਹੈ। ਉੱਥੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਪਰਖਿਆ ਸੀ ਕਿ ਉਹ ਉਸ ਦਾ ਕਹਿਣਾ ਮੰਨਣਗੇ ਜਾਂ ਨਹੀਂ।+ 26 ਉਸ ਨੇ ਕਿਹਾ: “ਜੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਧਿਆਨ ਨਾਲ ਸੁਣੋਗੇ ਅਤੇ ਉਹੀ ਕਰੋਗੇ ਜੋ ਉਸ ਦੀਆਂ ਨਜ਼ਰਾਂ ਵਿਚ ਸਹੀ ਹੈ ਅਤੇ ਉਸ ਦੇ ਹੁਕਮਾਂ ਵੱਲ ਧਿਆਨ ਦਿਓਗੇ ਅਤੇ ਉਸ ਦੇ ਸਾਰੇ ਨਿਯਮ ਮੰਨੋਗੇ,+ ਤਾਂ ਮੈਂ ਮਿਸਰੀਆਂ ਨੂੰ ਜਿਹੜੀਆਂ ਬੀਮਾਰੀਆਂ ਲਾਈਆਂ ਸਨ, ਉਹ ਬੀਮਾਰੀਆਂ ਤੁਹਾਨੂੰ ਨਹੀਂ ਲਾਵਾਂਗਾ+ ਕਿਉਂਕਿ ਮੈਂ ਯਹੋਵਾਹ ਤੁਹਾਨੂੰ ਠੀਕ ਕਰ ਰਿਹਾ ਹਾਂ।”+

27 ਬਾਅਦ ਵਿਚ ਉਹ ਏਲੀਮ ਆਏ ਜਿੱਥੇ ਪਾਣੀ ਦੇ 12 ਚਸ਼ਮੇ ਅਤੇ ਖਜੂਰ ਦੇ 70 ਦਰਖ਼ਤ ਸਨ। ਇਸ ਲਈ ਉਨ੍ਹਾਂ ਨੇ ਪਾਣੀ ਕੋਲ ਡੇਰੇ ਲਾਏ।

16 ਫਿਰ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਏਲੀਮ ਤੋਂ ਤੁਰ ਪਈ ਅਤੇ ਸੀਨ ਦੀ ਉਜਾੜ ਵਿਚ ਆਈ+ ਜੋ ਏਲੀਮ ਅਤੇ ਸੀਨਈ ਦੇ ਵਿਚਕਾਰ ਸੀ। ਇੱਥੇ ਉਹ ਮਿਸਰ ਛੱਡਣ ਤੋਂ ਬਾਅਦ ਦੂਜੇ ਮਹੀਨੇ ਦੀ 15 ਤਾਰੀਖ਼ ਨੂੰ ਆਏ।

2 ਫਿਰ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਉਜਾੜ ਵਿਚ ਮੂਸਾ ਤੇ ਹਾਰੂਨ ਦੇ ਖ਼ਿਲਾਫ਼ ਬੁੜ-ਬੁੜ ਕਰਨ ਲੱਗੀ।+ 3 ਇਜ਼ਰਾਈਲੀ ਉਨ੍ਹਾਂ ਨੂੰ ਕਹਿੰਦੇ ਰਹੇ: “ਤੁਸੀਂ ਸਾਨੂੰ ਉਜਾੜ ਵਿਚ ਇਸ ਲਈ ਲਿਆਂਦਾ ਹੈ ਤਾਂਕਿ ਸਾਰੀ ਮੰਡਲੀ ਭੁੱਖੀ ਮਰ ਜਾਵੇ।+ ਇਸ ਤੋਂ ਤਾਂ ਚੰਗਾ ਹੁੰਦਾ ਕਿ ਤੁਸੀਂ ਸਾਨੂੰ ਯਹੋਵਾਹ ਦੇ ਹੱਥੋਂ ਹੀ ਮਿਸਰ ਵਿਚ ਮਰਨ ਦਿੰਦੇ ਜਿੱਥੇ ਅਸੀਂ ਮੀਟ ਦਿਆਂ ਪਤੀਲਿਆਂ ਕੋਲ ਬੈਠਦੇ ਸੀ ਅਤੇ ਰੱਜ ਕੇ ਰੋਟੀ ਖਾਂਦੇ ਸੀ।”+

4 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਦੇਖ, ਮੈਂ ਤੁਹਾਡੇ ਲਈ ਆਕਾਸ਼ੋਂ ਰੋਟੀ ਵਰ੍ਹਾਵਾਂਗਾ+ ਅਤੇ ਤੁਹਾਡੇ ਵਿੱਚੋਂ ਹਰੇਕ ਰੋਜ਼ ਬਾਹਰ ਜਾ ਕੇ ਆਪਣੀ ਲੋੜ ਮੁਤਾਬਕ ਰੋਟੀ ਇਕੱਠੀ ਕਰੇ।+ ਇਸ ਤਰ੍ਹਾਂ ਮੈਂ ਲੋਕਾਂ ਨੂੰ ਪਰਖਾਂਗਾ ਕਿ ਉਹ ਮੇਰੇ ਕਾਨੂੰਨ ਮੁਤਾਬਕ ਚੱਲਦੇ ਹਨ ਜਾਂ ਨਹੀਂ।+ 5 ਪਰ ਉਹ ਛੇਵੇਂ ਦਿਨ+ ਆਪਣੇ ਲਈ ਬਾਕੀ ਦਿਨਾਂ ਨਾਲੋਂ ਦੁਗਣਾ ਖਾਣਾ ਇਕੱਠਾ ਕਰਨ ਅਤੇ ਉਸ ਨੂੰ ਤਿਆਰ ਕਰਨ।”+

6 ਇਸ ਲਈ ਮੂਸਾ ਤੇ ਹਾਰੂਨ ਨੇ ਸਾਰੇ ਇਜ਼ਰਾਈਲੀਆਂ ਨੂੰ ਕਿਹਾ: “ਸ਼ਾਮੀਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਯਹੋਵਾਹ ਹੀ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਹੈ।+ 7 ਸਵੇਰੇ ਤੁਸੀਂ ਯਹੋਵਾਹ ਦੀ ਮਹਿਮਾ ਦੇਖੋਗੇ ਕਿਉਂਕਿ ਤੁਸੀਂ ਯਹੋਵਾਹ ਦੇ ਖ਼ਿਲਾਫ਼ ਜੋ ਬੁੜ-ਬੁੜ ਕੀਤੀ ਹੈ, ਉਸ ਨੇ ਸੁਣ ਲਈ ਹੈ। ਅਸੀਂ ਕੌਣ ਹਾਂ ਜੋ ਤੁਸੀਂ ਸਾਡੇ ਖ਼ਿਲਾਫ਼ ਬੁੜ-ਬੁੜ ਕਰੋ?” 8 ਮੂਸਾ ਨੇ ਅੱਗੇ ਕਿਹਾ: “ਜਦ ਯਹੋਵਾਹ ਸ਼ਾਮੀਂ ਤੁਹਾਨੂੰ ਰੱਜ ਕੇ ਖਾਣ ਲਈ ਮੀਟ ਅਤੇ ਸਵੇਰ ਨੂੰ ਰੋਟੀ ਦੇਵੇਗਾ, ਤਦ ਤੁਸੀਂ ਜਾਣ ਲਵੋਗੇ ਕਿ ਤੁਸੀਂ ਯਹੋਵਾਹ ਦੇ ਖ਼ਿਲਾਫ਼ ਜੋ ਬੁੜ-ਬੁੜ ਕੀਤੀ ਹੈ, ਉਸ ਨੇ ਸੁਣ ਲਈ ਹੈ। ਪਰ ਅਸੀਂ ਕੌਣ ਹਾਂ ਜੋ ਤੁਸੀਂ ਸਾਡੇ ਖ਼ਿਲਾਫ਼ ਬੁੜਬੁੜਾ ਰਹੇ ਹੋ? ਤੁਸੀਂ ਸਾਡੇ ਖ਼ਿਲਾਫ਼ ਨਹੀਂ, ਸਗੋਂ ਯਹੋਵਾਹ ਦੇ ਖ਼ਿਲਾਫ਼ ਬੁੜਬੁੜਾ ਰਹੇ ਹੋ।”+

9 ਤਦ ਮੂਸਾ ਨੇ ਹਾਰੂਨ ਨੂੰ ਕਿਹਾ: “ਇਜ਼ਰਾਈਲੀਆਂ ਦੀ ਸਾਰੀ ਮੰਡਲੀ ਨੂੰ ਕਹਿ, ‘ਤੁਸੀਂ ਸਾਰੇ ਯਹੋਵਾਹ ਕੋਲ ਆਓ ਕਿਉਂਕਿ ਉਸ ਨੇ ਤੁਹਾਡੀ ਬੁੜ-ਬੁੜ ਸੁਣ ਲਈ ਹੈ।’”+ 10 ਜਿਉਂ ਹੀ ਹਾਰੂਨ ਨੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਨਾਲ ਆਪਣੀ ਗੱਲ ਖ਼ਤਮ ਕੀਤੀ ਅਤੇ ਉਨ੍ਹਾਂ ਸਾਰਿਆਂ ਨੇ ਮੁੜ ਕੇ ਉਜਾੜ ਵੱਲ ਮੂੰਹ ਕੀਤਾ, ਤਾਂ ਦੇਖੋ! ਯਹੋਵਾਹ ਦੀ ਮਹਿਮਾ ਬੱਦਲ ਵਿਚ ਦਿਖਾਈ ਦਿੱਤੀ।+

11 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 12 “ਮੈਂ ਇਜ਼ਰਾਈਲੀਆਂ ਦੀ ਬੁੜ-ਬੁੜ ਸੁਣ ਲਈ ਹੈ।+ ਉਨ੍ਹਾਂ ਨੂੰ ਕਹਿ, ‘ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਤੁਸੀਂ ਰੱਜ ਕੇ ਮੀਟ ਖਾਓਗੇ ਅਤੇ ਸਵੇਰੇ ਤੁਸੀਂ ਰੋਟੀ ਖਾਓਗੇ+ ਅਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਹੀ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’”+

13 ਫਿਰ ਉਸ ਸ਼ਾਮ ਨੂੰ ਬਟੇਰੇ ਆਏ ਅਤੇ ਉਨ੍ਹਾਂ ਨੇ ਪੂਰੀ ਛਾਉਣੀ ਨੂੰ ਢਕ ਲਿਆ+ ਅਤੇ ਸਵੇਰੇ ਛਾਉਣੀ ਦੇ ਚਾਰੇ ਪਾਸੇ ਤ੍ਰੇਲ ਪਈ ਹੋਈ ਸੀ। 14 ਜਦ ਤ੍ਰੇਲ ਉੱਡ ਗਈ, ਤਾਂ ਉਜਾੜ ਵਿਚ ਜ਼ਮੀਨ ਉੱਤੇ ਸਾਰੇ ਪਾਸੇ ਬਾਰੀਕ ਤੇ ਪੇਪੜੀਦਾਰ ਚੀਜ਼ ਪਈ ਸੀ,+ ਜਿਵੇਂ ਜ਼ਮੀਨ ʼਤੇ ਕੋਰਾ ਪਿਆ ਹੋਵੇ। 15 ਜਦ ਇਜ਼ਰਾਈਲੀਆਂ ਨੇ ਦੇਖਿਆ, ਤਾਂ ਉਹ ਇਕ-ਦੂਜੇ ਨੂੰ ਕਹਿਣ ਲੱਗੇ, “ਆਹ ਕੀ ਹੈ?” ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਇਹ ਕੀ ਸੀ। ਮੂਸਾ ਨੇ ਉਨ੍ਹਾਂ ਨੂੰ ਕਿਹਾ: “ਇਹ ਰੋਟੀ ਹੈ ਜਿਹੜੀ ਯਹੋਵਾਹ ਨੇ ਤੁਹਾਨੂੰ ਖਾਣ ਲਈ ਦਿੱਤੀ ਹੈ।+ 16 ਯਹੋਵਾਹ ਨੇ ਹੁਕਮ ਦਿੱਤਾ ਹੈ, ‘ਹਰ ਕੋਈ ਆਪਣੀ ਲੋੜ ਅਨੁਸਾਰ ਉੱਨਾ ਇਕੱਠਾ ਕਰੇ ਜਿੰਨਾ ਉਹ ਖਾ ਸਕਦਾ ਹੈ। ਤੁਹਾਡੇ ਤੰਬੂ ਵਿਚ ਜਿੰਨੇ ਲੋਕ ਹਨ ਉਨ੍ਹਾਂ ਦੀ ਗਿਣਤੀ ਮੁਤਾਬਕ ਹਰ ਕਿਸੇ ਲਈ ਇਕ-ਇਕ ਓਮਰ*+ ਮਿਣ ਕੇ ਲਓ।’” 17 ਇਜ਼ਰਾਈਲੀਆਂ ਨੇ ਇਸੇ ਤਰ੍ਹਾਂ ਕੀਤਾ। ਉਹ ਜਾ ਕੇ ਖਾਣਾ ਇਕੱਠਾ ਕਰਨ ਲੱਗੇ ਅਤੇ ਕਈਆਂ ਨੇ ਜ਼ਿਆਦਾ ਇਕੱਠਾ ਕੀਤਾ ਅਤੇ ਕਈਆਂ ਨੇ ਘੱਟ। 18 ਜਦੋਂ ਉਨ੍ਹਾਂ ਨੇ ਇਸ ਨੂੰ ਓਮਰ ਨਾਲ ਮਿਣਿਆ, ਤਾਂ ਜਿਸ ਨੇ ਜ਼ਿਆਦਾ ਇਕੱਠਾ ਕੀਤਾ ਉਸ ਕੋਲ ਜ਼ਿਆਦਾ ਨਾ ਨਿਕਲਿਆ ਅਤੇ ਜਿਸ ਨੇ ਘੱਟ ਇਕੱਠਾ ਕੀਤਾ, ਤਾਂ ਉਸ ਕੋਲ ਘੱਟ ਨਾ ਨਿਕਲਿਆ।+ ਹਰੇਕ ਨੇ ਆਪੋ-ਆਪਣੇ ਖਾਣ ਜੋਗਾ ਇਕੱਠਾ ਕੀਤਾ ਸੀ।

19 ਫਿਰ ਮੂਸਾ ਨੇ ਉਨ੍ਹਾਂ ਨੂੰ ਕਿਹਾ: “ਕੋਈ ਵੀ ਸਵੇਰ ਹੋਣ ਤਕ ਆਪਣੇ ਕੋਲ ਇਸ ਨੂੰ ਬਚਾ ਕੇ ਨਾ ਰੱਖੇ।”+ 20 ਪਰ ਲੋਕਾਂ ਨੇ ਮੂਸਾ ਦੀ ਗੱਲ ਨਹੀਂ ਸੁਣੀ। ਕੁਝ ਲੋਕਾਂ ਨੇ ਇਸ ਨੂੰ ਸਵੇਰ ਤਕ ਬਚਾ ਕੇ ਰੱਖਿਆ, ਪਰ ਉਸ ਵਿਚ ਕੀੜੇ ਪੈ ਗਏ ਅਤੇ ਬਦਬੂ ਆਉਣ ਲੱਗ ਪਈ। ਇਹ ਦੇਖ ਮੂਸਾ ਦਾ ਗੁੱਸਾ ਲੋਕਾਂ ʼਤੇ ਭੜਕ ਉੱਠਿਆ। 21 ਉਹ ਰੋਜ਼ ਸਵੇਰੇ ਆਪੋ-ਆਪਣੇ ਖਾਣ ਜੋਗਾ ਇਕੱਠਾ ਕਰਦੇ ਸਨ। ਜਦ ਧੁੱਪ ਤਿੱਖੀ ਹੁੰਦੀ ਸੀ, ਤਾਂ ਇਹ ਪਿਘਲ ਜਾਂਦਾ ਸੀ।

22 ਛੇਵੇਂ ਦਿਨ ਉਹ ਦੁਗਣਾ ਖਾਣਾ ਇਕੱਠਾ ਕਰਦੇ ਸਨ।+ ਉਹ ਹਰੇਕ ਲਈ ਦੋ ਓਮਰ ਮਿਣ ਕੇ ਲੈਂਦੇ ਸੀ। ਇਸ ਲਈ ਮੰਡਲੀ ਦੇ ਸਾਰੇ ਮੁਖੀਆਂ ਨੇ ਮੂਸਾ ਨੂੰ ਆ ਕੇ ਇਸ ਬਾਰੇ ਦੱਸਿਆ। 23 ਮੂਸਾ ਨੇ ਉਨ੍ਹਾਂ ਨੂੰ ਕਿਹਾ: “ਯਹੋਵਾਹ ਨੇ ਇਹ ਕਿਹਾ ਹੈ: ਕੱਲ੍ਹ ਪੂਰੀ ਤਰ੍ਹਾਂ ਆਰਾਮ ਕਰਨ* ਦਾ ਦਿਨ ਹੈ। ਇਹ ਯਹੋਵਾਹ ਦਾ ਪਵਿੱਤਰ ਸਬਤ*+ ਹੈ। ਇਸ ਲਈ ਤੁਸੀਂ ਜੋ ਪਕਾਉਣਾ ਹੈ, ਪਕਾ ਲਵੋ ਅਤੇ ਜੋ ਉਬਾਲਣਾ ਹੈ, ਉਬਾਲ ਲਵੋ।+ ਅਤੇ ਬਚਿਆ ਹੋਇਆ ਖਾਣਾ ਤੁਸੀਂ ਕੱਲ੍ਹ ਸਵੇਰ ਲਈ ਰੱਖ ਲਓ।” 24 ਇਸ ਲਈ ਉਨ੍ਹਾਂ ਨੇ ਮੂਸਾ ਦੇ ਕਹੇ ਮੁਤਾਬਕ ਇਸ ਨੂੰ ਸਵੇਰ ਤਕ ਬਚਾ ਕੇ ਰੱਖਿਆ ਅਤੇ ਨਾ ਤਾਂ ਇਸ ਵਿੱਚੋਂ ਬਦਬੂ ਆਈ ਅਤੇ ਨਾ ਹੀ ਇਸ ਵਿਚ ਕੀੜੇ ਪਏ। 25 ਫਿਰ ਮੂਸਾ ਨੇ ਕਿਹਾ: “ਤੁਸੀਂ ਇਸ ਨੂੰ ਅੱਜ ਖਾਓ ਕਿਉਂਕਿ ਅੱਜ ਯਹੋਵਾਹ ਦਾ ਸਬਤ ਹੈ। ਅੱਜ ਇਹ ਤੁਹਾਨੂੰ ਜ਼ਮੀਨ ਉੱਤੇ ਨਹੀਂ ਮਿਲੇਗਾ। 26 ਤੁਸੀਂ ਛੇ ਦਿਨ ਇਸ ਨੂੰ ਇਕੱਠਾ ਕਰੋ, ਪਰ ਸੱਤਵਾਂ ਦਿਨ ਸਬਤ ਦਾ ਦਿਨ+ ਹੋਣ ਕਰਕੇ ਤੁਹਾਨੂੰ ਇਹ ਨਹੀਂ ਮਿਲੇਗਾ।” 27 ਫਿਰ ਵੀ ਕੁਝ ਲੋਕ ਸੱਤਵੇਂ ਦਿਨ ਬਾਹਰ ਖਾਣਾ ਇਕੱਠਾ ਕਰਨ ਗਏ, ਪਰ ਉਨ੍ਹਾਂ ਨੂੰ ਕੁਝ ਨਾ ਮਿਲਿਆ।

28 ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੁਸੀਂ ਕਦ ਤਕ ਮੇਰੇ ਹੁਕਮਾਂ ਅਤੇ ਕਾਨੂੰਨਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਰਹੋਗੇ?+ 29 ਯਾਦ ਰੱਖੋ ਕਿ ਯਹੋਵਾਹ ਨੇ ਤੁਹਾਡੇ ਲਈ ਸਬਤ ਦਾ ਦਿਨ ਠਹਿਰਾਇਆ ਹੈ।+ ਇਸੇ ਕਰਕੇ ਉਹ ਤੁਹਾਨੂੰ ਛੇਵੇਂ ਦਿਨ ਦੋ ਦਿਨਾਂ ਦੀ ਰੋਟੀ ਦੇ ਰਿਹਾ ਹੈ। ਸੱਤਵੇਂ ਦਿਨ ਹਰ ਕੋਈ ਆਪੋ-ਆਪਣੀ ਜਗ੍ਹਾ ʼਤੇ ਰਹੇ ਅਤੇ ਬਾਹਰ ਨਾ ਜਾਵੇ।” 30 ਇਸ ਲਈ ਲੋਕਾਂ ਨੇ ਸੱਤਵੇਂ ਦਿਨ ਸਬਤ ਮਨਾਇਆ।*+

31 ਇਜ਼ਰਾਈਲ ਦੇ ਘਰਾਣੇ ਨੇ ਉਸ ਰੋਟੀ ਦਾ ਨਾਂ “ਮੰਨ”* ਰੱਖਿਆ। ਇਹ ਧਨੀਏ ਦੇ ਬੀਆਂ ਵਾਂਗ ਚਿੱਟਾ ਸੀ ਅਤੇ ਇਸ ਦਾ ਸੁਆਦ ਸ਼ਹਿਦ ਵਿਚ ਪਕਾਏ ਹੋਏ ਪੂੜਿਆਂ ਵਰਗਾ ਸੀ।+ 32 ਫਿਰ ਮੂਸਾ ਨੇ ਕਿਹਾ: “ਯਹੋਵਾਹ ਨੇ ਹੁਕਮ ਦਿੱਤਾ ਹੈ, ‘ਇਸ ਦਾ ਇਕ ਓਮਰ ਮਿਣ ਕੇ ਰੱਖੋ ਤਾਂਕਿ ਇਹ ਪੀੜ੍ਹੀਓ-ਪੀੜ੍ਹੀ ਰਹੇ+ ਅਤੇ ਤੁਹਾਡੀਆਂ ਪੀੜ੍ਹੀਆਂ ਦੇਖ ਸਕਣ ਕਿ ਜਦੋਂ ਮੈਂ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ, ਤਾਂ ਮੈਂ ਤੁਹਾਨੂੰ ਉਜਾੜ ਵਿਚ ਕੀ ਖਾਣ ਲਈ ਦਿੱਤਾ ਸੀ।’” 33 ਇਸ ਲਈ ਮੂਸਾ ਨੇ ਹਾਰੂਨ ਨੂੰ ਕਿਹਾ: “ਇਕ ਮਰਤਬਾਨ ਲੈ ਅਤੇ ਇਕ ਓਮਰ ਮਿਣ ਕੇ ਮੰਨ ਇਸ ਵਿਚ ਪਾ ਅਤੇ ਇਸ ਨੂੰ ਯਹੋਵਾਹ ਦੇ ਸਾਮ੍ਹਣੇ ਰੱਖ ਦੇ ਤਾਂ ਜੋ ਇਹ ਪੀੜ੍ਹੀਓ-ਪੀੜ੍ਹੀ ਸਾਂਭਿਆ ਰਹੇ।”+ 34 ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ, ਉਸੇ ਮੁਤਾਬਕ ਹਾਰੂਨ ਨੇ ਇਸ ਨੂੰ ਗਵਾਹੀ ਦੇ ਸੰਦੂਕ*+ ਦੇ ਅੱਗੇ ਰੱਖ ਦਿੱਤਾ ਤਾਂਕਿ ਇਹ ਸਾਂਭਿਆ ਰਹੇ। 35 ਇਜ਼ਰਾਈਲੀਆਂ ਨੇ ਕਨਾਨ ਦੇਸ਼ ਦੀ ਸਰਹੱਦ ʼਤੇ+ ਪਹੁੰਚਣ ਤਕ 40 ਸਾਲ ਮੰਨ ਖਾਧਾ।+ ਉਨ੍ਹਾਂ ਨੇ ਤਦ ਤਕ ਮੰਨ ਖਾਧਾ ਜਦ ਤਕ ਉਹ ਵੱਸੇ-ਵਸਾਏ ਦੇਸ਼ ਵਿਚ ਨਹੀਂ ਆ ਗਏ।+ 36 ਇਕ ਓਮਰ ਏਫਾ* ਦਾ ਦਸਵਾਂ ਹਿੱਸਾ ਹੁੰਦਾ ਹੈ।

17 ਇਜ਼ਰਾਈਲੀਆਂ ਦੀ ਸਾਰੀ ਮੰਡਲੀ ਯਹੋਵਾਹ ਦੇ ਹੁਕਮ ਮੁਤਾਬਕ ਸੀਨ ਦੀ ਉਜਾੜ+ ਤੋਂ ਤੁਰ ਪਈ। ਉਹ ਥਾਂ-ਥਾਂ ਰੁਕੇ ਅਤੇ ਆਖ਼ਰਕਾਰ ਉਨ੍ਹਾਂ ਨੇ ਰਫੀਦੀਮ+ ਵਿਚ ਡੇਰਾ ਲਾਇਆ।+ ਪਰ ਉੱਥੇ ਲੋਕਾਂ ਦੇ ਪੀਣ ਲਈ ਪਾਣੀ ਨਹੀਂ ਸੀ।

2 ਇਸ ਲਈ ਲੋਕ ਮੂਸਾ ਨਾਲ ਲੜਦੇ+ ਹੋਏ ਕਹਿਣ ਲੱਗੇ: “ਸਾਨੂੰ ਪੀਣ ਲਈ ਪਾਣੀ ਦੇ।” ਪਰ ਮੂਸਾ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਮੇਰੇ ਨਾਲ ਕਿਉਂ ਲੜ ਰਹੇ ਹੋ? ਤੁਸੀਂ ਕਿਉਂ ਵਾਰ-ਵਾਰ ਯਹੋਵਾਹ ਨੂੰ ਪਰਖਦੇ ਹੋ?”+ 3 ਪਰ ਲੋਕ ਬਹੁਤ ਪਿਆਸੇ ਸਨ ਜਿਸ ਕਰਕੇ ਉਹ ਮੂਸਾ ਦੇ ਖ਼ਿਲਾਫ਼ ਬੁੜ-ਬੁੜ ਕਰਦੇ+ ਹੋਏ ਕਹਿਣ ਲੱਗੇ: “ਤੂੰ ਸਾਨੂੰ, ਸਾਡੇ ਪੁੱਤਰਾਂ ਅਤੇ ਸਾਡੇ ਪਸ਼ੂਆਂ ਨੂੰ ਮਿਸਰ ਵਿੱਚੋਂ ਕੱਢ ਕੇ ਇੱਥੇ ਪਿਆਸੇ ਮਰਨ ਲਈ ਕਿਉਂ ਲੈ ਆਇਆ ਹੈਂ?” 4 ਆਖ਼ਰਕਾਰ ਮੂਸਾ ਯਹੋਵਾਹ ਅੱਗੇ ਗਿੜਗਿੜਾਇਆ: “ਮੈਂ ਇਨ੍ਹਾਂ ਲੋਕਾਂ ਦਾ ਕੀ ਕਰਾਂ? ਥੋੜ੍ਹੇ ਸਮੇਂ ਬਾਅਦ ਤਾਂ ਇਹ ਮੈਨੂੰ ਹੀ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦੇਣਗੇ!”

5 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਇਜ਼ਰਾਈਲ ਦੇ ਕੁਝ ਬਜ਼ੁਰਗਾਂ ਨੂੰ ਲੈ ਕੇ ਲੋਕਾਂ ਦੇ ਅੱਗੇ-ਅੱਗੇ ਜਾਹ। ਤੂੰ ਆਪਣੇ ਹੱਥ ਵਿਚ ਉਹ ਡੰਡਾ ਵੀ ਲੈ ਜਾਹ ਜਿਸ ਨੂੰ ਤੂੰ ਨੀਲ ਦਰਿਆ ʼਤੇ ਮਾਰਿਆ ਸੀ।+ 6 ਦੇਖ, ਮੈਂ ਹੋਰੇਬ ਵਿਚ ਚਟਾਨ ʼਤੇ ਤੇਰੇ ਸਾਮ੍ਹਣੇ ਖੜ੍ਹਾ ਹੋਵਾਂਗਾ। ਤੂੰ ਚਟਾਨ ʼਤੇ ਡੰਡਾ ਮਾਰੀਂ ਅਤੇ ਉਸ ਵਿੱਚੋਂ ਪਾਣੀ ਨਿਕਲ ਆਵੇਗਾ ਅਤੇ ਲੋਕ ਪੀਣਗੇ।”+ ਮੂਸਾ ਨੇ ਇਜ਼ਰਾਈਲ ਦੇ ਬਜ਼ੁਰਗਾਂ ਸਾਮ੍ਹਣੇ ਇਸੇ ਤਰ੍ਹਾਂ ਕੀਤਾ। 7 ਇਸ ਲਈ ਮੂਸਾ ਨੇ ਉਸ ਜਗ੍ਹਾ ਦਾ ਨਾਂ ਮੱਸਾਹ*+ ਅਤੇ ਮਰੀਬਾਹ*+ ਰੱਖਿਆ ਕਿਉਂਕਿ ਇੱਥੇ ਇਜ਼ਰਾਈਲੀ ਮੂਸਾ ਨਾਲ ਲੜੇ ਸਨ ਅਤੇ ਉਨ੍ਹਾਂ ਨੇ ਇਹ ਕਹਿ ਕੇ ਯਹੋਵਾਹ ਨੂੰ ਪਰਖਿਆ ਸੀ:+ “ਕੀ ਯਹੋਵਾਹ ਸਾਡੇ ਵਿਚ ਹੈ ਵੀ ਜਾਂ ਨਹੀਂ?”

8 ਫਿਰ ਅਮਾਲੇਕੀਆਂ+ ਨੇ ਆ ਕੇ ਰਫੀਦੀਮ ਵਿਚ ਇਜ਼ਰਾਈਲੀਆਂ ਨਾਲ ਲੜਾਈ ਕੀਤੀ।+ 9 ਇਸ ਲਈ ਮੂਸਾ ਨੇ ਯਹੋਸ਼ੁਆ+ ਨੂੰ ਕਿਹਾ: “ਤੂੰ ਕੁਝ ਆਦਮੀ ਚੁਣ ਅਤੇ ਉਨ੍ਹਾਂ ਨੂੰ ਲੈ ਕੇ ਅਮਾਲੇਕੀਆਂ ਨਾਲ ਸਾਡੇ ਲਈ ਲੜ। ਕੱਲ੍ਹ ਮੈਂ ਆਪਣੇ ਹੱਥ ਵਿਚ ਸੱਚੇ ਪਰਮੇਸ਼ੁਰ ਦਾ ਡੰਡਾ ਲੈ ਕੇ ਪਹਾੜ ਦੀ ਚੋਟੀ ʼਤੇ ਖੜ੍ਹਾ ਹੋਵਾਂਗਾ।” 10 ਯਹੋਸ਼ੁਆ ਨੇ ਮੂਸਾ ਦੇ ਕਹੇ ਮੁਤਾਬਕ ਅਮਾਲੇਕੀਆਂ ਨਾਲ ਲੜਾਈ ਕੀਤੀ+ ਅਤੇ ਮੂਸਾ, ਹਾਰੂਨ ਅਤੇ ਹੂਰ+ ਪਹਾੜ ਦੀ ਚੋਟੀ ʼਤੇ ਚਲੇ ਗਏ।

11 ਜਦ ਤਕ ਮੂਸਾ ਆਪਣੇ ਹੱਥ ਉੱਪਰ ਚੁੱਕੀ ਰੱਖਦਾ ਸੀ, ਤਦ ਤਕ ਇਜ਼ਰਾਈਲੀ ਜਿੱਤਦੇ ਸਨ। ਪਰ ਜਦੋਂ ਹੀ ਉਹ ਆਪਣੇ ਹੱਥ ਥੱਲੇ ਕਰਦਾ ਸੀ, ਤਾਂ ਅਮਾਲੇਕੀ ਜਿੱਤਦੇ ਸਨ। 12 ਜਦ ਮੂਸਾ ਦੇ ਹੱਥ ਥੱਕ ਗਏ, ਤਾਂ ਉਨ੍ਹਾਂ ਨੇ ਇਕ ਪੱਥਰ ਲਿਆਂਦਾ ਅਤੇ ਮੂਸਾ ਉਸ ਉੱਤੇ ਬੈਠ ਗਿਆ। ਫਿਰ ਹਾਰੂਨ ਅਤੇ ਹੂਰ ਨੇ ਦੋਵੇਂ ਪਾਸਿਓਂ ਮੂਸਾ ਦੇ ਹੱਥਾਂ ਨੂੰ ਸਹਾਰਾ ਦਿੱਤਾ ਤਾਂਕਿ ਉਸ ਦੇ ਹੱਥ ਸੂਰਜ ਡੁੱਬਣ ਤਕ ਉੱਪਰ ਰਹਿਣ। 13 ਇਸ ਤਰ੍ਹਾਂ ਯਹੋਸ਼ੁਆ ਨੇ ਅਮਾਲੇਕੀਆਂ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ।+

14 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਇਸ ਗੱਲ ਨੂੰ ਯਾਦ ਰੱਖਣ ਲਈ* ਇਕ ਕਿਤਾਬ ਵਿਚ ਲਿਖ ਲੈ ਅਤੇ ਯਹੋਸ਼ੁਆ ਨੂੰ ਇਸ ਬਾਰੇ ਦੱਸ, ‘ਮੈਂ ਅਮਾਲੇਕੀਆਂ ਦਾ ਨਾਂ ਇਸ ਧਰਤੀ ਤੋਂ ਪੂਰੀ ਤਰ੍ਹਾਂ ਮਿਟਾ ਦਿਆਂਗਾ ਅਤੇ ਉਨ੍ਹਾਂ ਨੂੰ ਕਦੀ ਯਾਦ ਨਹੀਂ ਕੀਤਾ ਜਾਵੇਗਾ।’”+ 15 ਇਸ ਤੋਂ ਬਾਅਦ ਮੂਸਾ ਨੇ ਇਕ ਵੇਦੀ ਬਣਾਈ ਅਤੇ ਉਸ ਦਾ ਨਾਂ ਯਹੋਵਾਹ-ਨਿੱਸੀ* ਰੱਖਿਆ। 16 ਉਸ ਨੇ ਕਿਹਾ: “ਅਮਾਲੇਕੀਆਂ ਨੇ ਯਾਹ ਦੇ ਸਿੰਘਾਸਣ ਦੇ ਖ਼ਿਲਾਫ਼ ਹੱਥ ਚੁੱਕਿਆ ਹੈ।+ ਇਸ ਲਈ ਯਹੋਵਾਹ ਪੀੜ੍ਹੀਓ-ਪੀੜ੍ਹੀ ਅਮਾਲੇਕੀਆਂ ਨਾਲ ਯੁੱਧ ਕਰਦਾ ਰਹੇਗਾ।”+

18 ਮੂਸਾ ਦਾ ਸਹੁਰਾ ਯਿਥਰੋ ਮਿਦਿਆਨ ਦਾ ਪੁਜਾਰੀ ਸੀ।+ ਉਸ ਨੇ ਸੁਣਿਆ ਕਿ ਪਰਮੇਸ਼ੁਰ ਨੇ ਮੂਸਾ ਅਤੇ ਇਜ਼ਰਾਈਲੀ ਲੋਕਾਂ ਲਈ ਕੀ-ਕੀ ਕੀਤਾ ਸੀ ਅਤੇ ਯਹੋਵਾਹ ਕਿਵੇਂ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ 2 ਮੂਸਾ ਦੇ ਸਹੁਰੇ ਯਿਥਰੋ ਨੇ ਮੂਸਾ ਦੀ ਪਤਨੀ ਸਿੱਪੋਰਾਹ ਨੂੰ ਆਪਣੇ ਘਰ ਰੱਖਿਆ ਸੀ ਜਿਸ ਨੂੰ ਮੂਸਾ ਨੇ ਉਸ ਕੋਲ ਵਾਪਸ ਘੱਲ ਦਿੱਤਾ ਸੀ। 3 ਨਾਲੇ ਉਸ ਦੇ ਦੋਵੇਂ ਪੁੱਤਰਾਂ+ ਨੂੰ ਵੀ ਭੇਜ ਦਿੱਤਾ ਸੀ। ਇਕ ਦਾ ਨਾਂ ਗੇਰਸ਼ੋਮ*+ ਸੀ ਕਿਉਂਕਿ ਮੂਸਾ ਨੇ ਕਿਹਾ, “ਮੈਂ ਇਕ ਪਰਾਏ ਦੇਸ਼ ਵਿਚ ਪਰਦੇਸੀ ਬਣ ਗਿਆ ਹਾਂ,” 4 ਅਤੇ ਦੂਜੇ ਦਾ ਨਾਂ ਅਲੀਅਜ਼ਰ* ਸੀ ਕਿਉਂਕਿ ਉਸ ਨੇ ਕਿਹਾ: “ਮੇਰੇ ਪਿਤਾ ਦਾ ਪਰਮੇਸ਼ੁਰ ਮੇਰਾ ਮਦਦਗਾਰ ਹੈ ਜਿਸ ਨੇ ਮੈਨੂੰ ਫ਼ਿਰਊਨ ਦੀ ਤਲਵਾਰ ਤੋਂ ਬਚਾਇਆ ਹੈ।”+

5 ਮੂਸਾ ਦਾ ਸਹੁਰਾ ਯਿਥਰੋ ਮੂਸਾ ਦੀ ਪਤਨੀ ਅਤੇ ਉਸ ਦੇ ਦੋਵੇਂ ਪੁੱਤਰਾਂ ਨੂੰ ਲੈ ਕੇ ਉਜਾੜ ਵਿਚ ਮੂਸਾ ਕੋਲ ਆਇਆ। ਉਸ ਨੇ ਸੱਚੇ ਪਰਮੇਸ਼ੁਰ ਦੇ ਪਹਾੜ ਲਾਗੇ ਡੇਰਾ ਲਾਇਆ ਹੋਇਆ ਸੀ।+ 6 ਯਿਥਰੋ ਨੇ ਮੂਸਾ ਨੂੰ ਸੁਨੇਹਾ ਭੇਜਿਆ: “ਮੈਂ ਤੇਰਾ ਸਹੁਰਾ ਯਿਥਰੋ,+ ਤੇਰੀ ਪਤਨੀ ਅਤੇ ਤੇਰੇ ਦੋਵੇਂ ਪੁੱਤਰ ਤੈਨੂੰ ਮਿਲਣ ਆ ਰਹੇ ਹਾਂ।” 7 ਮੂਸਾ ਫ਼ੌਰਨ ਆਪਣੇ ਸਹੁਰੇ ਨੂੰ ਮਿਲਣ ਲਈ ਗਿਆ ਅਤੇ ਉਸ ਨੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ ਅਤੇ ਉਸ ਨੂੰ ਚੁੰਮਿਆ। ਉਨ੍ਹਾਂ ਨੇ ਇਕ-ਦੂਜੇ ਦਾ ਹਾਲ-ਚਾਲ ਪੁੱਛਿਆ ਅਤੇ ਫਿਰ ਉਹ ਤੰਬੂ ਵਿਚ ਚਲੇ ਗਏ।

8 ਮੂਸਾ ਨੇ ਆਪਣੇ ਸਹੁਰੇ ਨੂੰ ਦੱਸਿਆ ਕਿ ਯਹੋਵਾਹ ਨੇ ਇਜ਼ਰਾਈਲੀਆਂ ਦੀ ਖ਼ਾਤਰ ਫ਼ਿਰਊਨ ਅਤੇ ਮਿਸਰ ਨਾਲ ਕੀ-ਕੀ ਕੀਤਾ+ ਅਤੇ ਰਾਹ ਵਿਚ ਉਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਮੁਸੀਬਤਾਂ ਸਹਿਣੀਆਂ ਪਈਆਂ+ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਮੁਸੀਬਤਾਂ ਵਿੱਚੋਂ ਕਿਵੇਂ ਕੱਢਿਆ। 9 ਜਦ ਯਿਥਰੋ ਨੇ ਉਨ੍ਹਾਂ ਸਾਰੇ ਚੰਗੇ ਕੰਮਾਂ ਬਾਰੇ ਸੁਣਿਆ ਜੋ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ* ਛੁਡਾਉਣ ਲਈ ਕੀਤੇ ਸਨ, ਤਾਂ ਉਹ ਬਹੁਤ ਖ਼ੁਸ਼ ਹੋਇਆ। 10 ਫਿਰ ਯਿਥਰੋ ਨੇ ਕਿਹਾ: “ਯਹੋਵਾਹ ਦੀ ਮਹਿਮਾ ਹੋਵੇ ਜਿਸ ਨੇ ਤੁਹਾਨੂੰ ਮਿਸਰ ਅਤੇ ਫ਼ਿਰਊਨ ਦੇ ਹੱਥੋਂ ਛੁਡਾਇਆ ਅਤੇ ਜਿਸ ਨੇ ਲੋਕਾਂ ਨੂੰ ਮਿਸਰੀਆਂ ਦੇ ਕਬਜ਼ੇ ਤੋਂ ਛੁਡਾਇਆ। 11 ਹੁਣ ਮੈਂ ਜਾਣ ਗਿਆ ਹਾਂ ਕਿ ਯਹੋਵਾਹ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ+ ਕਿਉਂਕਿ ਉਸ ਨੇ ਆਪਣੀ ਪਰਜਾ ਨੂੰ ਘਮੰਡੀ ਅਤੇ ਜ਼ਾਲਮ ਮਿਸਰੀਆਂ ਤੋਂ ਬਚਾਇਆ।” 12 ਫਿਰ ਮੂਸਾ ਦਾ ਸਹੁਰਾ ਯਿਥਰੋ ਪਰਮੇਸ਼ੁਰ ਅੱਗੇ ਹੋਮ-ਬਲ਼ੀ ਅਤੇ ਹੋਰ ਬਲ਼ੀਆਂ ਚੜ੍ਹਾਉਣ ਲਈ ਜਾਨਵਰ ਲੈ ਕੇ ਆਇਆ ਅਤੇ ਹਾਰੂਨ ਤੇ ਇਜ਼ਰਾਈਲ ਦੇ ਸਾਰੇ ਬਜ਼ੁਰਗ ਸੱਚੇ ਪਰਮੇਸ਼ੁਰ ਦੇ ਸਾਮ੍ਹਣੇ ਮੂਸਾ ਦੇ ਸਹੁਰੇ ਨਾਲ ਖਾਣਾ ਖਾਣ ਆਏ।

13 ਅਗਲੇ ਦਿਨ ਮੂਸਾ ਹਰ ਰੋਜ਼ ਦੀ ਤਰ੍ਹਾਂ ਲੋਕਾਂ ਦੇ ਮਸਲਿਆਂ ਦਾ ਨਿਆਂ ਕਰਨ ਬੈਠਾ ਅਤੇ ਲੋਕ ਸਵੇਰ ਤੋਂ ਲੈ ਕੇ ਸ਼ਾਮ ਤਕ ਮੂਸਾ ਦੇ ਸਾਮ੍ਹਣੇ ਖੜ੍ਹੇ ਰਹੇ। 14 ਜਦ ਮੂਸਾ ਦੇ ਸਹੁਰੇ ਨੇ ਦੇਖਿਆ ਕਿ ਉਹ ਲੋਕਾਂ ਲਈ ਕਿੰਨਾ ਕੁਝ ਕਰ ਰਿਹਾ ਸੀ, ਤਾਂ ਉਸ ਨੇ ਕਿਹਾ: “ਤੂੰ ਇਸ ਤਰ੍ਹਾਂ ਕਿਉਂ ਕਰ ਰਿਹਾ ਹੈਂ? ਲੋਕ ਸਵੇਰ ਤੋਂ ਲੈ ਕੇ ਸ਼ਾਮ ਤਕ ਤੇਰੇ ਸਾਮ੍ਹਣੇ ਖੜ੍ਹੇ ਰਹਿੰਦੇ ਹਨ। ਤੂੰ ਇਕੱਲਾ ਇਹ ਕੰਮ ਕਿਉਂ ਕਰਦਾ ਹੈਂ?” 15 ਮੂਸਾ ਨੇ ਆਪਣੇ ਸਹੁਰੇ ਨੂੰ ਕਿਹਾ: “ਲੋਕੀਂ ਮੇਰੇ ਕੋਲੋਂ ਪਰਮੇਸ਼ੁਰ ਦੀ ਮਰਜ਼ੀ ਪੁੱਛਣ ਆਉਂਦੇ ਹਨ। 16 ਜਦ ਕੋਈ ਮਸਲਾ ਖੜ੍ਹਾ ਹੁੰਦਾ ਹੈ, ਤਾਂ ਉਹ ਇਸ ਨੂੰ ਮੇਰੇ ਕੋਲ ਲਿਆਉਂਦੇ ਹਨ ਅਤੇ ਮੈਨੂੰ ਦੋਵਾਂ ਧਿਰਾਂ ਦਾ ਨਿਆਂ ਕਰਨਾ ਪੈਂਦਾ ਹੈ। ਫਿਰ ਮੈਂ ਉਨ੍ਹਾਂ ਨੂੰ ਸੱਚੇ ਪਰਮੇਸ਼ੁਰ ਦੇ ਫ਼ੈਸਲੇ ਸੁਣਾਉਂਦਾ ਹਾਂ ਅਤੇ ਕਾਨੂੰਨ ਦੱਸਦਾ ਹਾਂ।”+

17 ਮੂਸਾ ਦੇ ਸਹੁਰੇ ਨੇ ਉਸ ਨੂੰ ਕਿਹਾ: “ਤੇਰੇ ਕੰਮ ਕਰਨ ਦਾ ਤਰੀਕਾ ਸਹੀ ਨਹੀਂ ਹੈ। 18 ਇਸ ਤਰ੍ਹਾਂ ਤੂੰ ਅਤੇ ਇਹ ਲੋਕ ਜ਼ਰੂਰ ਥੱਕ ਜਾਣਗੇ ਕਿਉਂਕਿ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਤੂੰ ਇਕੱਲਾ ਇਸ ਨੂੰ ਸਾਂਭ ਨਹੀਂ ਸਕਦਾ। 19 ਹੁਣ ਮੇਰੀ ਗੱਲ ਸੁਣ। ਮੈਂ ਤੈਨੂੰ ਸਲਾਹ ਦਿਆਂਗਾ ਅਤੇ ਪਰਮੇਸ਼ੁਰ ਤੇਰੇ ਨਾਲ ਹੋਵੇਗਾ।+ ਤੂੰ ਲੋਕਾਂ ਦੀ ਖ਼ਾਤਰ ਸੱਚੇ ਪਰਮੇਸ਼ੁਰ ਨਾਲ ਗੱਲ ਕਰੀਂ+ ਅਤੇ ਤੂੰ ਮਸਲਿਆਂ ਨੂੰ ਸੱਚੇ ਪਰਮੇਸ਼ੁਰ ਕੋਲ ਲਿਆਈਂ।+ 20 ਤੂੰ ਉਨ੍ਹਾਂ ਨੂੰ ਨਿਯਮਾਂ ਅਤੇ ਕਾਨੂੰਨਾਂ ਬਾਰੇ ਸਿਖਾਈਂ+ ਅਤੇ ਉਨ੍ਹਾਂ ਨੂੰ ਦੱਸੀਂ ਕਿ ਉਨ੍ਹਾਂ ਨੇ ਕਿਹੜੇ ਰਾਹ ਜਾਣਾ ਹੈ ਅਤੇ ਕਿਹੜੇ ਕੰਮ ਕਰਨੇ ਹਨ। 21 ਪਰ ਤੂੰ ਲੋਕਾਂ ਵਿੱਚੋਂ ਕਾਬਲ ਆਦਮੀਆਂ ਨੂੰ ਚੁਣ+ ਜੋ ਪਰਮੇਸ਼ੁਰ ਦਾ ਡਰ ਮੰਨਣ ਵਾਲੇ, ਭਰੋਸੇਮੰਦ ਅਤੇ ਬੇਈਮਾਨੀ ਦੀ ਕਮਾਈ ਤੋਂ ਨਫ਼ਰਤ ਕਰਨ ਵਾਲੇ ਹੋਣ।+ ਤੂੰ ਉਨ੍ਹਾਂ ਨੂੰ ਹਜ਼ਾਰ-ਹਜ਼ਾਰ ਉੱਤੇ, ਸੌ-ਸੌ ਉੱਤੇ, ਪੰਜਾਹ-ਪੰਜਾਹ ਉੱਤੇ ਅਤੇ ਦਸ-ਦਸ ਉੱਤੇ ਮੁਖੀਆਂ ਵਜੋਂ ਠਹਿਰਾ।+ 22 ਜਦੋਂ ਮਸਲੇ ਖੜ੍ਹੇ ਹੋਣਗੇ, ਤਾਂ ਇਹ ਮੁਖੀ ਲੋਕਾਂ ਦਾ ਨਿਆਂ ਕਰਨ ਅਤੇ ਉਹ ਹਰ ਔਖੇ ਮਸਲੇ ਨੂੰ ਤੇਰੇ ਕੋਲ ਲਿਆਉਣ।+ ਪਰ ਛੋਟੇ-ਮੋਟੇ ਮਸਲੇ ਆਪ ਹੀ ਨਬੇੜ ਲੈਣ। ਇਸ ਤਰ੍ਹਾਂ ਕੰਮ ਵੰਡਣ ਨਾਲ ਤੇਰਾ ਬੋਝ ਹਲਕਾ ਹੋ ਜਾਵੇਗਾ।+ 23 ਜੇ ਤੂੰ ਇੱਦਾਂ ਕਰੇਂ ਅਤੇ ਪਰਮੇਸ਼ੁਰ ਵੀ ਤੈਨੂੰ ਇਸ ਤਰ੍ਹਾਂ ਕਰਨ ਦਾ ਹੁਕਮ ਦੇਵੇ, ਤਾਂ ਤੂੰ ਇਸ ਕੰਮ ਦਾ ਬੋਝ ਚੁੱਕ ਸਕੇਂਗਾ ਅਤੇ ਹਰ ਕੋਈ ਖ਼ੁਸ਼ੀ-ਖ਼ੁਸ਼ੀ ਆਪਣੇ ਘਰ ਜਾਵੇਗਾ।”

24 ਮੂਸਾ ਨੇ ਤੁਰੰਤ ਆਪਣੇ ਸਹੁਰੇ ਦੀ ਗੱਲ ਸੁਣੀ ਅਤੇ ਉਸ ਦੇ ਕਹੇ ਅਨੁਸਾਰ ਕੀਤਾ। 25 ਮੂਸਾ ਨੇ ਸਾਰੇ ਇਜ਼ਰਾਈਲ ਵਿੱਚੋਂ ਕਾਬਲ ਆਦਮੀ ਚੁਣੇ ਅਤੇ ਉਨ੍ਹਾਂ ਨੂੰ ਲੋਕਾਂ ਉੱਤੇ ਪ੍ਰਧਾਨ ਨਿਯੁਕਤ ਕੀਤਾ। ਉਸ ਨੇ ਉਨ੍ਹਾਂ ਨੂੰ ਹਜ਼ਾਰ-ਹਜ਼ਾਰ ਉੱਤੇ, ਸੌ-ਸੌ ਉੱਤੇ, ਪੰਜਾਹ-ਪੰਜਾਹ ਉੱਤੇ ਅਤੇ ਦਸ-ਦਸ ਉੱਤੇ ਮੁਖੀਆਂ ਵਜੋਂ ਠਹਿਰਾ ਦਿੱਤਾ। 26 ਇਹ ਮੁਖੀ ਲੋਕਾਂ ਦੇ ਮਸਲਿਆਂ ਨੂੰ ਸੁਲਝਾਉਂਦੇ ਸਨ। ਉਹ ਔਖੇ ਮਸਲੇ ਮੂਸਾ ਕੋਲ ਲਿਆਉਂਦੇ ਸਨ,+ ਪਰ ਛੋਟੇ-ਮੋਟੇ ਮਸਲਿਆਂ ਨੂੰ ਆਪ ਹੀ ਨਬੇੜ ਲੈਂਦੇ ਸਨ। 27 ਇਸ ਤੋਂ ਬਾਅਦ ਮੂਸਾ ਨੇ ਆਪਣੇ ਸਹੁਰੇ ਨੂੰ ਵਿਦਾ ਕੀਤਾ+ ਅਤੇ ਉਹ ਆਪਣੇ ਦੇਸ਼ ਵਾਪਸ ਚਲਾ ਗਿਆ।

19 ਮਿਸਰ ਵਿੱਚੋਂ ਨਿਕਲਣ ਤੋਂ ਬਾਅਦ ਤੀਜੇ ਮਹੀਨੇ ਇਜ਼ਰਾਈਲੀ ਸੀਨਈ ਦੀ ਉਜਾੜ ਵਿਚ ਪਹੁੰਚੇ। 2 ਉਹ ਰਫੀਦੀਮ+ ਤੋਂ ਰਵਾਨਾ ਹੋਏ ਅਤੇ ਉਸੇ ਦਿਨ ਸੀਨਈ ਦੀ ਉਜਾੜ ਵਿਚ ਪਹੁੰਚ ਗਏ ਅਤੇ ਉੱਥੇ ਇਜ਼ਰਾਈਲੀਆਂ ਨੇ ਸੀਨਈ ਪਹਾੜ ਦੇ ਸਾਮ੍ਹਣੇ ਡੇਰਾ ਲਾਇਆ।+

3 ਫਿਰ ਮੂਸਾ ਸੱਚੇ ਪਰਮੇਸ਼ੁਰ ਸਾਮ੍ਹਣੇ ਹਾਜ਼ਰ ਹੋਣ ਲਈ ਪਹਾੜ ʼਤੇ ਗਿਆ+ ਅਤੇ ਯਹੋਵਾਹ ਨੇ ਉਸ ਨੂੰ ਕਿਹਾ: “ਤੂੰ ਯਾਕੂਬ ਦੇ ਘਰਾਣੇ ਅਤੇ ਇਜ਼ਰਾਈਲੀਆਂ ਨੂੰ ਕਹੀਂ, 4 ‘ਤੁਸੀਂ ਆਪਣੀ ਅੱਖੀਂ ਦੇਖਿਆ ਸੀ ਕਿ ਮੈਂ ਮਿਸਰੀਆਂ ਦਾ ਕੀ ਹਾਲ ਕੀਤਾ+ ਤਾਂਕਿ ਮੈਂ ਤੁਹਾਨੂੰ ਆਪਣੇ ਕੋਲ ਲੈ ਆਵਾਂ, ਜਿਵੇਂ ਉਕਾਬ ਆਪਣੇ ਬੱਚਿਆਂ ਨੂੰ ਖੰਭਾਂ ʼਤੇ ਬਿਠਾ ਕੇ ਲੈ ਜਾਂਦਾ ਹੈ।+ 5 ਜੇ ਤੁਸੀਂ ਧਿਆਨ ਨਾਲ ਮੇਰਾ ਕਹਿਣਾ ਮੰਨੋਗੇ ਅਤੇ ਮੇਰੇ ਇਕਰਾਰ ਦੀ ਪਾਲਣਾ ਕਰੋਗੇ, ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੇ ਖ਼ਾਸ ਲੋਕ* ਬਣੋਗੇ+ ਕਿਉਂਕਿ ਸਾਰੀ ਧਰਤੀ ਮੇਰੀ ਹੈ।+ 6 ਤੁਸੀਂ ਮੇਰੇ ਲਈ ਰਾਜ ਕਰਨ ਵਾਲੇ ਪੁਜਾਰੀ ਅਤੇ ਇਕ ਪਵਿੱਤਰ ਕੌਮ ਬਣੋਗੇ।’+ ਤੂੰ ਇਹ ਸਾਰੀਆਂ ਗੱਲਾਂ ਇਜ਼ਰਾਈਲੀਆਂ ਨੂੰ ਦੱਸੀਂ।”

7 ਇਸ ਲਈ ਮੂਸਾ ਨੇ ਜਾ ਕੇ ਲੋਕਾਂ ਦੇ ਬਜ਼ੁਰਗਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਨ੍ਹਾਂ ਬਾਰੇ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ।+ 8 ਇਸ ਤੋਂ ਬਾਅਦ ਸਾਰੇ ਲੋਕਾਂ ਨੇ ਰਲ਼ ਕੇ ਜਵਾਬ ਦਿੱਤਾ: “ਅਸੀਂ ਉਹ ਸਭ ਕੁਝ ਖ਼ੁਸ਼ੀ-ਖ਼ੁਸ਼ੀ ਕਰਾਂਗੇ ਜੋ ਯਹੋਵਾਹ ਨੇ ਕਿਹਾ ਹੈ।”+ ਮੂਸਾ ਨੇ ਉਸੇ ਵੇਲੇ ਯਹੋਵਾਹ ਨੂੰ ਲੋਕਾਂ ਦਾ ਜਵਾਬ ਦੱਸਿਆ। 9 ਅਤੇ ਯਹੋਵਾਹ ਨੇ ਮੂਸਾ ਨੂੰ ਕਿਹਾ: “ਦੇਖ, ਮੈਂ ਇਕ ਕਾਲ਼ੇ ਬੱਦਲ ਵਿਚ ਤੇਰੇ ਕੋਲ ਆਵਾਂਗਾ ਤਾਂਕਿ ਜਦ ਮੈਂ ਤੇਰੇ ਨਾਲ ਗੱਲ ਕਰਾਂ, ਤਾਂ ਲੋਕ ਸੁਣਨ ਅਤੇ ਹਮੇਸ਼ਾ ਤੇਰੇ ਉੱਤੇ ਵੀ ਭਰੋਸਾ ਕਰਨ।” ਫਿਰ ਮੂਸਾ ਨੇ ਯਹੋਵਾਹ ਨੂੰ ਉਹ ਸਭ ਕੁਝ ਦੱਸਿਆ ਜੋ ਲੋਕਾਂ ਨੇ ਕਿਹਾ ਸੀ।

10 ਇਸ ਤੋਂ ਬਾਅਦ ਯਹੋਵਾਹ ਨੇ ਮੂਸਾ ਨੂੰ ਕਿਹਾ: “ਲੋਕਾਂ ਕੋਲ ਜਾਹ ਅਤੇ ਉਹ ਅੱਜ ਅਤੇ ਕੱਲ੍ਹ ਆਪਣੇ ਆਪ ਨੂੰ ਸ਼ੁੱਧ ਕਰਨ ਅਤੇ ਆਪਣੇ ਕੱਪੜੇ ਜ਼ਰੂਰ ਧੋਣ। 11 ਅਤੇ ਉਹ ਤੀਜੇ ਦਿਨ ਤਿਆਰ ਰਹਿਣ ਕਿਉਂਕਿ ਯਹੋਵਾਹ ਤੀਜੇ ਦਿਨ ਸਾਰੇ ਲੋਕਾਂ ਦੀਆਂ ਅੱਖਾਂ ਸਾਮ੍ਹਣੇ ਸੀਨਈ ਪਹਾੜ ʼਤੇ ਉਤਰੇਗਾ। 12 ਤੂੰ ਇਸ ਪਹਾੜ ਦੇ ਆਲੇ-ਦੁਆਲੇ ਹੱਦਾਂ ਠਹਿਰਾ ਅਤੇ ਉਨ੍ਹਾਂ ਨੂੰ ਕਹਿ, ‘ਖ਼ਬਰਦਾਰ, ਕੋਈ ਵੀ ਇਸ ਪਹਾੜ ʼਤੇ ਨਾ ਚੜ੍ਹੇ ਅਤੇ ਨਾ ਹੀ ਇਸ ਦੀ ਹੱਦ ਨੂੰ ਛੋਹੇ। ਜਿਹੜਾ ਵੀ ਇਸ ਪਹਾੜ ਨੂੰ ਛੋਹੇਗਾ, ਉਸ ਨੂੰ ਜ਼ਰੂਰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। 13 ਭਾਵੇਂ ਉਹ ਜਾਨਵਰ ਹੋਵੇ ਜਾਂ ਇਨਸਾਨ, ਉਸ ਨੂੰ ਜੀਉਂਦਾ ਨਾ ਛੱਡਿਆ ਜਾਵੇ। ਕੋਈ ਵੀ ਉਸ ਨੂੰ ਹੱਥ ਨਾ ਲਾਵੇ, ਸਗੋਂ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਜਾਵੇ ਜਾਂ ਤੀਰਾਂ ਨਾਲ ਵਿੰਨ੍ਹਿਆ ਜਾਵੇ।’+ ਪਰ ਨਰਸਿੰਗੇ* ਦੀ ਆਵਾਜ਼+ ਸੁਣਦਿਆਂ ਹੀ ਸਾਰੇ ਪਹਾੜ ਦੇ ਨੇੜੇ ਆ ਜਾਣ।”

14 ਫਿਰ ਮੂਸਾ ਪਹਾੜ ਤੋਂ ਥੱਲੇ ਉੱਤਰ ਕੇ ਲੋਕਾਂ ਕੋਲ ਆਇਆ ਅਤੇ ਉਹ ਲੋਕਾਂ ਨੂੰ ਪਵਿੱਤਰ ਕਰਨ ਲੱਗਾ ਅਤੇ ਉਨ੍ਹਾਂ ਨੇ ਆਪਣੇ ਕੱਪੜੇ ਧੋਤੇ।+ 15 ਉਸ ਨੇ ਲੋਕਾਂ ਨੂੰ ਕਿਹਾ: “ਤੀਜੇ ਦਿਨ ਲਈ ਤਿਆਰ ਹੋ ਜਾਓ। ਕੋਈ ਵੀ ਆਪਣੀ ਪਤਨੀ ਨਾਲ ਸਰੀਰਕ ਸੰਬੰਧ ਕਾਇਮ ਨਾ ਕਰੇ।*

16 ਤੀਜੇ ਦਿਨ ਸਵੇਰੇ ਬੱਦਲ ਗਰਜੇ ਅਤੇ ਬਿਜਲੀ ਲਿਸ਼ਕੀ ਅਤੇ ਇਕ ਕਾਲਾ ਬੱਦਲ+ ਪਹਾੜ ਉੱਤੇ ਸੀ ਅਤੇ ਨਰਸਿੰਗੇ ਦੀ ਬਹੁਤ ਉੱਚੀ ਆਵਾਜ਼ ਆਈ ਅਤੇ ਡੇਰੇ ਵਿਚ ਸਾਰੇ ਲੋਕ ਡਰ ਨਾਲ ਥਰ-ਥਰ ਕੰਬਣ ਲੱਗੇ।+ 17 ਫਿਰ ਮੂਸਾ ਲੋਕਾਂ ਨੂੰ ਸੱਚੇ ਪਰਮੇਸ਼ੁਰ ਨਾਲ ਮਿਲਾਉਣ ਲਈ ਡੇਰੇ ਤੋਂ ਬਾਹਰ ਲਿਆਇਆ ਅਤੇ ਉਹ ਪਹਾੜ ਦੇ ਕੋਲ ਖੜ੍ਹੇ ਹੋ ਗਏ। 18 ਸੀਨਈ ਪਹਾੜ ʼਤੇ ਸਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ ਕਿਉਂਕਿ ਯਹੋਵਾਹ ਅੱਗ ਵਿਚ ਪਹਾੜ ਉੱਤੇ ਉਤਰਿਆ ਸੀ+ ਅਤੇ ਧੂੰਆਂ ਭੱਠੀ ਦੇ ਧੂੰਏਂ ਵਾਂਗ ਉੱਪਰ ਉੱਠ ਰਿਹਾ ਸੀ ਅਤੇ ਸਾਰਾ ਪਹਾੜ ਬੜੇ ਜ਼ੋਰ ਨਾਲ ਕੰਬ ਰਿਹਾ ਸੀ।+ 19 ਨਰਸਿੰਗੇ ਦੀ ਆਵਾਜ਼ ਉੱਚੀ ਹੁੰਦੀ ਗਈ ਅਤੇ ਮੂਸਾ ਨੇ ਪਰਮੇਸ਼ੁਰ ਨਾਲ ਗੱਲ ਕੀਤੀ ਅਤੇ ਸੱਚੇ ਪਰਮੇਸ਼ੁਰ ਨੇ ਉਸ ਨੂੰ ਜਵਾਬ ਦਿੱਤਾ।

20 ਇਸ ਲਈ ਯਹੋਵਾਹ ਸੀਨਈ ਪਹਾੜ ਦੀ ਚੋਟੀ ʼਤੇ ਉੱਤਰਿਆ। ਫਿਰ ਯਹੋਵਾਹ ਨੇ ਮੂਸਾ ਨੂੰ ਪਹਾੜ ਦੀ ਚੋਟੀ ʼਤੇ ਬੁਲਾਇਆ ਅਤੇ ਮੂਸਾ ਉੱਥੇ ਚਲਾ ਗਿਆ।+ 21 ਹੁਣ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਹੇਠਾਂ ਜਾਹ ਅਤੇ ਲੋਕਾਂ ਨੂੰ ਚੇਤਾਵਨੀ ਦੇ ਕਿ ਉਹ ਯਹੋਵਾਹ ਨੂੰ ਦੇਖਣ ਲਈ ਨੇੜੇ ਨਾ ਆਉਣ। ਨਹੀਂ ਤਾਂ ਬਹੁਤ ਸਾਰੇ ਆਪਣੀ ਜਾਨ ਤੋਂ ਹੱਥ ਧੋ ਬੈਠਣਗੇ। 22 ਅਤੇ ਜਿਹੜੇ ਪੁਜਾਰੀ ਰੋਜ਼ ਯਹੋਵਾਹ ਦੇ ਨੇੜੇ ਆਉਂਦੇ ਹਨ, ਉਹ ਖ਼ੁਦ ਨੂੰ ਪਵਿੱਤਰ ਕਰਨ ਤਾਂਕਿ ਯਹੋਵਾਹ ਉਨ੍ਹਾਂ ਨੂੰ ਨਾਸ਼ ਨਾ ਕਰ ਦੇਵੇ।”+ 23 ਮੂਸਾ ਨੇ ਯਹੋਵਾਹ ਨੂੰ ਕਿਹਾ: “ਲੋਕ ਸੀਨਈ ਪਹਾੜ ʼਤੇ ਨਹੀਂ ਆਉਣਗੇ ਕਿਉਂਕਿ ਤੂੰ ਸਾਨੂੰ ਪਹਿਲਾਂ ਹੀ ਇਸ ਬਾਰੇ ਚੇਤਾਵਨੀ ਦਿੰਦੇ ਹੋਏ ਕਿਹਾ ਸੀ, ‘ਪਹਾੜ ਦੇ ਆਲੇ-ਦੁਆਲੇ ਹੱਦਾਂ ਠਹਿਰਾਓ ਅਤੇ ਇਸ ਨੂੰ ਪਵਿੱਤਰ ਕਰੋ।’”+ 24 ਪਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਥੱਲੇ ਜਾਹ ਅਤੇ ਫਿਰ ਆਪਣੇ ਨਾਲ ਹਾਰੂਨ ਨੂੰ ਉੱਪਰ ਲੈ ਆਈਂ। ਪਰ ਪੁਜਾਰੀਆਂ ਅਤੇ ਬਾਕੀ ਲੋਕਾਂ ਨੂੰ ਕਹੀਂ ਕਿ ਉਹ ਯਹੋਵਾਹ ਨੂੰ ਦੇਖਣ ਲਈ ਹੱਦਾਂ ਪਾਰ ਨਾ ਕਰਨ, ਨਹੀਂ ਤਾਂ ਮੈਂ ਉਨ੍ਹਾਂ ਦਾ ਨਾਸ਼ ਕਰ ਦਿਆਂਗਾ।”+ 25 ਮੂਸਾ ਨੇ ਥੱਲੇ ਜਾ ਕੇ ਲੋਕਾਂ ਨੂੰ ਇਹ ਸਭ ਕੁਝ ਦੱਸਿਆ।

20 ਫਿਰ ਪਰਮੇਸ਼ੁਰ ਨੇ ਇਹ ਸਾਰੇ ਹੁਕਮ ਦਿੰਦੇ ਹੋਏ ਕਿਹਾ:+

2 “ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ ਜੋ ਤੈਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ 3 ਮੇਰੇ ਤੋਂ ਇਲਾਵਾ ਤੇਰਾ ਕੋਈ ਹੋਰ ਈਸ਼ਵਰ ਨਾ ਹੋਵੇ।*+

4 “ਤੂੰ ਆਪਣੇ ਲਈ ਕੋਈ ਮੂਰਤ ਜਾਂ ਕਿਸੇ ਚੀਜ਼ ਦੀ ਸੂਰਤ ਨਾ ਬਣਾ ਭਾਵੇਂ ਉਹ ਆਕਾਸ਼ ਵਿਚ ਹੋਵੇ ਜਾਂ ਧਰਤੀ ਉੱਤੇ ਹੋਵੇ ਜਾਂ ਪਾਣੀਆਂ ਦੇ ਵਿਚ।+ 5 ਤੂੰ ਉਨ੍ਹਾਂ ਸਾਮ੍ਹਣੇ ਮੱਥਾ ਨਾ ਟੇਕ ਤੇ ਨਾ ਹੀ ਉਨ੍ਹਾਂ ਦੀ ਭਗਤੀ ਕਰਨ ਲਈ ਭਰਮਾਇਆ ਜਾਈਂ+ ਕਿਉਂਕਿ ਮੈਂ ਤੇਰਾ ਪਰਮੇਸ਼ੁਰ ਯਹੋਵਾਹ ਮੰਗ ਕਰਦਾ ਹਾਂ ਕਿ ਸਿਰਫ਼ ਮੇਰੀ ਹੀ ਭਗਤੀ ਕੀਤੀ ਜਾਵੇ।+ ਜਿਹੜੇ ਮੇਰੇ ਨਾਲ ਨਫ਼ਰਤ ਕਰਦੇ ਹਨ, ਮੈਂ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਉਨ੍ਹਾਂ ਦੇ ਪੁੱਤਰਾਂ ਨੂੰ ਅਤੇ ਤੀਜੀ ਅਤੇ ਚੌਥੀ ਪੀੜ੍ਹੀ ਨੂੰ ਦਿੰਦਾ ਹਾਂ। 6 ਪਰ ਜਿਹੜੇ ਮੈਨੂੰ ਪਿਆਰ ਕਰਦੇ ਹਨ ਅਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ, ਉਨ੍ਹਾਂ ਦੀਆਂ ਹਜ਼ਾਰਾਂ ਪੀੜ੍ਹੀਆਂ ਨਾਲ ਮੈਂ ਅਟੱਲ ਪਿਆਰ ਕਰਦਾ ਹਾਂ।+

7 “ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ਦਾ ਗ਼ਲਤ ਇਸਤੇਮਾਲ ਨਾ ਕਰ*+ ਕਿਉਂਕਿ ਜਿਹੜਾ ਯਹੋਵਾਹ ਦੇ ਨਾਂ ਦਾ ਗ਼ਲਤ ਇਸਤੇਮਾਲ ਕਰਦਾ ਹੈ, ਉਹ ਉਸ ਨੂੰ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟਦਾ।+

8 “ਤੂੰ ਸਬਤ ਦਾ ਦਿਨ ਮਨਾਉਣਾ ਨਾ ਭੁੱਲ ਤਾਂਕਿ ਇਹ ਪਵਿੱਤਰ ਰਹੇ।+ 9 ਤੂੰ ਛੇ ਦਿਨ ਮਿਹਨਤ ਕਰ ਅਤੇ ਆਪਣੇ ਸਾਰੇ ਕੰਮ-ਧੰਦੇ ਕਰ।+ 10 ਪਰ ਸੱਤਵੇਂ ਦਿਨ ਤੇਰੇ ਪਰਮੇਸ਼ੁਰ ਯਹੋਵਾਹ ਦਾ ਸਬਤ ਹੈ। ਤੂੰ ਉਸ ਦਿਨ ਕੋਈ ਕੰਮ-ਕਾਰ ਨਾ ਕਰ, ਨਾ ਤੂੰ, ਨਾ ਤੇਰਾ ਪੁੱਤਰ, ਨਾ ਤੇਰੀ ਧੀ, ਨਾ ਤੇਰਾ ਦਾਸ, ਨਾ ਤੇਰੀ ਦਾਸੀ, ਨਾ ਤੇਰਾ ਪਾਲਤੂ ਪਸ਼ੂ ਅਤੇ ਨਾ ਹੀ ਤੇਰੇ ਸ਼ਹਿਰਾਂ* ਵਿਚ ਰਹਿੰਦਾ ਕੋਈ ਵੀ ਪਰਦੇਸੀ ਕੰਮ ਕਰੇ।+ 11 ਯਹੋਵਾਹ ਨੇ ਛੇ ਦਿਨਾਂ ਵਿਚ ਆਕਾਸ਼, ਧਰਤੀ, ਸਮੁੰਦਰ ਅਤੇ ਇਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ ਨੂੰ ਬਣਾਇਆ ਅਤੇ ਸੱਤਵੇਂ ਦਿਨ ਉਹ ਆਰਾਮ ਕਰਨ ਲੱਗਾ।+ ਇਸੇ ਕਰਕੇ ਯਹੋਵਾਹ ਨੇ ਸਬਤ ਦੇ ਦਿਨ ਨੂੰ ਬਰਕਤ ਦਿੱਤੀ ਅਤੇ ਉਸ ਨੂੰ ਪਵਿੱਤਰ ਠਹਿਰਾਇਆ।

12 “ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ+ ਤਾਂਕਿ ਉਸ ਦੇਸ਼ ਵਿਚ ਤੇਰੀ ਉਮਰ ਲੰਬੀ ਹੋਵੇ ਜੋ ਤੇਰਾ ਪਰਮੇਸ਼ੁਰ ਯਹੋਵਾਹ ਤੈਨੂੰ ਦੇਵੇਗਾ।+

13 “ਤੂੰ ਖ਼ੂਨ ਨਾ ਕਰ।+

14 “ਤੂੰ ਹਰਾਮਕਾਰੀ ਨਾ ਕਰ।+

15 “ਤੂੰ ਚੋਰੀ ਨਾ ਕਰ।+

16 “ਤੂੰ ਆਪਣੇ ਗੁਆਂਢੀ ਦੇ ਖ਼ਿਲਾਫ਼ ਝੂਠੀ ਗਵਾਹੀ ਨਾ ਦੇ।+

17 “ਤੂੰ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਨਾ ਕਰ ਅਤੇ ਨਾ ਹੀ ਆਪਣੇ ਗੁਆਂਢੀ ਦੀ ਪਤਨੀ, ਨਾ ਹੀ ਉਸ ਦੇ ਦਾਸ, ਨਾ ਹੀ ਉਸ ਦੀ ਦਾਸੀ, ਨਾ ਹੀ ਉਸ ਦੇ ਬਲਦ, ਨਾ ਹੀ ਉਸ ਦੇ ਗਧੇ ਤੇ ਨਾ ਹੀ ਉਸ ਦੀ ਕਿਸੇ ਵੀ ਚੀਜ਼ ਦਾ ਲਾਲਚ ਕਰ।”+

18 ਸਾਰੇ ਲੋਕਾਂ ਨੇ ਬੱਦਲਾਂ ਦੀ ਗਰਜ ਤੇ ਨਰਸਿੰਗੇ ਦੀ ਆਵਾਜ਼ ਸੁਣੀ ਅਤੇ ਬਿਜਲੀ ਲਿਸ਼ਕਦੀ ਦੇਖੀ ਅਤੇ ਪਹਾੜ ਤੋਂ ਧੂੰਆਂ ਉੱਠਦਾ ਦੇਖਿਆ। ਇਹ ਸਭ ਕੁਝ ਦੇਖ ਕੇ ਉਹ ਡਰ ਨਾਲ ਥਰ-ਥਰ ਕੰਬਣ ਲੱਗੇ ਅਤੇ ਦੂਰ ਹੀ ਖੜ੍ਹੇ ਰਹੇ।+ 19 ਇਸ ਲਈ ਉਨ੍ਹਾਂ ਨੇ ਮੂਸਾ ਨੂੰ ਕਿਹਾ: “ਤੂੰ ਹੀ ਸਾਡੇ ਨਾਲ ਗੱਲ ਕਰ ਅਤੇ ਅਸੀਂ ਸੁਣਾਂਗੇ। ਪਰ ਜੇ ਪਰਮੇਸ਼ੁਰ ਨੇ ਸਾਡੇ ਨਾਲ ਗੱਲ ਕੀਤੀ, ਤਾਂ ਸਾਨੂੰ ਡਰ ਹੈ ਕਿ ਕਿਤੇ ਅਸੀਂ ਮਰ ਨਾ ਜਾਈਏ।”+ 20 ਮੂਸਾ ਨੇ ਲੋਕਾਂ ਨੂੰ ਕਿਹਾ: “ਡਰੋ ਨਾ ਕਿਉਂਕਿ ਸੱਚਾ ਪਰਮੇਸ਼ੁਰ ਤੁਹਾਨੂੰ ਪਰਖਣ ਆਇਆ ਹੈ+ ਤਾਂਕਿ ਤੁਸੀਂ ਹਮੇਸ਼ਾ ਉਸ ਤੋਂ ਡਰੋ ਅਤੇ ਪਾਪ ਨਾ ਕਰੋ।”+ 21 ਅਤੇ ਲੋਕ ਦੂਰ ਹੀ ਖੜ੍ਹੇ ਰਹੇ, ਪਰ ਮੂਸਾ ਕਾਲੇ ਬੱਦਲ ਕੋਲ ਗਿਆ ਜਿੱਥੇ ਸੱਚਾ ਪਰਮੇਸ਼ੁਰ ਸੀ।+

22 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਇਜ਼ਰਾਈਲੀਆਂ ਨੂੰ ਇਹ ਕਹਿ, ‘ਤੁਸੀਂ ਆਪਣੀ ਅੱਖੀਂ ਦੇਖਿਆ ਹੈ ਕਿ ਮੈਂ ਸਵਰਗੋਂ ਤੁਹਾਡੇ ਨਾਲ ਗੱਲ ਕੀਤੀ।+ 23 ਤੁਸੀਂ ਮੇਰੇ ਤੋਂ ਸਿਵਾਇ ਕਿਸੇ ਹੋਰ ਦੀ ਭਗਤੀ ਨਾ ਕਰਿਓ ਤੇ ਨਾ ਹੀ ਆਪਣੇ ਲਈ ਦੇਵੀ-ਦੇਵਤਿਆਂ ਦੀਆਂ ਸੋਨੇ-ਚਾਂਦੀ ਦੀਆਂ ਮੂਰਤੀਆਂ ਬਣਾਇਓ।+ 24 ਤੁਸੀਂ ਮੇਰੇ ਲਈ ਮਿੱਟੀ ਦੀ ਇਕ ਵੇਦੀ ਬਣਾਇਓ ਅਤੇ ਉਸ ਉੱਤੇ ਹੋਮ-ਬਲ਼ੀਆਂ ਅਤੇ ਸ਼ਾਂਤੀ-ਬਲ਼ੀਆਂ ਦੇ ਤੌਰ ਤੇ ਭੇਡਾਂ-ਬੱਕਰੀਆਂ ਅਤੇ ਗਾਂਵਾਂ-ਬਲਦ ਚੜ੍ਹਾਇਓ। ਮੈਂ ਜਿਹੜੀ ਵੀ ਜਗ੍ਹਾ ਚੁਣਾਂਗਾ ਜਿੱਥੇ ਮੇਰਾ ਨਾਂ ਲਿਆ ਜਾਵੇਗਾ,+ ਮੈਂ ਉੱਥੇ ਆਵਾਂਗਾ ਅਤੇ ਤੁਹਾਨੂੰ ਬਰਕਤ ਦਿਆਂਗਾ। 25 ਜੇ ਤੁਸੀਂ ਮੇਰੇ ਲਈ ਪੱਥਰਾਂ ਦੀ ਵੇਦੀ ਬਣਾਈ, ਤਾਂ ਤੁਸੀਂ ਔਜ਼ਾਰਾਂ ਨਾਲ ਘੜੇ ਪੱਥਰ ਨਾ ਵਰਤਿਓ।+ ਜੇ ਤੁਸੀਂ ਪੱਥਰਾਂ ਉੱਤੇ ਛੈਣੀ ਚਲਾਈ, ਤਾਂ ਵੇਦੀ ਭ੍ਰਿਸ਼ਟ ਹੋ ਜਾਵੇਗੀ। 26 ਤੁਸੀਂ ਵੇਦੀ ʼਤੇ ਚੜ੍ਹਨ ਲਈ ਪੌੜੀਆਂ ਨਾ ਬਣਾਇਓ ਤਾਂਕਿ ਉੱਪਰ ਚੜ੍ਹਨ ਵੇਲੇ ਤੁਹਾਡਾ ਨੰਗੇਜ਼* ਨਾ ਦਿਖਾਈ ਦੇਵੇ।’

21 “ਤੂੰ ਇਹ ਕਾਨੂੰਨ ਲੋਕਾਂ ਨੂੰ ਦੱਸੀਂ:+

2 “ਜੇ ਤੂੰ ਕਿਸੇ ਇਬਰਾਨੀ ਗ਼ੁਲਾਮ ਨੂੰ ਖ਼ਰੀਦਦਾ ਹੈਂ,+ ਤਾਂ ਉਹ ਛੇ ਸਾਲਾਂ ਤਕ ਤੇਰੀ ਗ਼ੁਲਾਮੀ ਕਰੇ। ਪਰ ਸੱਤਵੇਂ ਸਾਲ ਬਿਨਾਂ ਕੋਈ ਕੀਮਤ ਲਏ ਉਸ ਨੂੰ ਆਜ਼ਾਦ ਕਰ ਦਿੱਤਾ ਜਾਵੇ।+ 3 ਜੇ ਉਹ ਇਕੱਲਾ ਹੈ, ਤਾਂ ਉਸ ਇਕੱਲੇ ਨੂੰ ਹੀ ਆਜ਼ਾਦ ਕੀਤਾ ਜਾਵੇ। ਪਰ ਜੇ ਉਹ ਵਿਆਹਿਆ ਹੈ, ਤਾਂ ਫਿਰ ਉਸ ਦੀ ਪਤਨੀ ਵੀ ਉਸ ਦੇ ਨਾਲ ਚਲੀ ਜਾਵੇ। 4 ਜੇ ਮਾਲਕ ਗ਼ੁਲਾਮ ਦਾ ਵਿਆਹ ਕਰਾ ਦਿੰਦਾ ਹੈ ਅਤੇ ਉਸ ਦੀ ਪਤਨੀ ਧੀਆਂ-ਪੁੱਤਰਾਂ ਨੂੰ ਜਨਮ ਦਿੰਦੀ ਹੈ, ਤਾਂ ਉਸ ਦੀ ਪਤਨੀ ਅਤੇ ਉਸ ਦੇ ਬੱਚੇ ਮਾਲਕ ਦੇ ਹੋ ਜਾਣਗੇ ਅਤੇ ਉਸ ਗ਼ੁਲਾਮ ਨੂੰ ਇਕੱਲੇ ਨੂੰ ਹੀ ਆਜ਼ਾਦ ਕੀਤਾ ਜਾਵੇਗਾ।+ 5 ਪਰ ਜੇ ਗ਼ੁਲਾਮ ਜ਼ਿੱਦ ਕਰੇ ਅਤੇ ਕਹੇ, ‘ਮੈਂ ਆਜ਼ਾਦ ਨਹੀਂ ਹੋਣਾ ਚਾਹੁੰਦਾ ਕਿਉਂਕਿ ਮੈਂ ਆਪਣੇ ਮਾਲਕ, ਆਪਣੀ ਪਤਨੀ ਅਤੇ ਆਪਣੇ ਪੁੱਤਰਾਂ ਨੂੰ ਪਿਆਰ ਕਰਦਾ ਹਾਂ,’+ 6 ਤਾਂ ਉਸ ਦਾ ਮਾਲਕ ਉਸ ਨੂੰ ਸੱਚੇ ਪਰਮੇਸ਼ੁਰ ਸਾਮ੍ਹਣੇ ਲਿਆਵੇ। ਫਿਰ ਉਸ ਗ਼ੁਲਾਮ ਦਾ ਕੰਨ ਦਰਵਾਜ਼ੇ ਜਾਂ ਚੁਗਾਠ ਨਾਲ ਲਾ ਕੇ ਸੂਏ ਨਾਲ ਵਿੰਨ੍ਹ ਦੇਵੇ ਅਤੇ ਉਹ ਸਾਰੀ ਜ਼ਿੰਦਗੀ ਆਪਣੇ ਮਾਲਕ ਦਾ ਗ਼ੁਲਾਮ ਬਣ ਕੇ ਰਹੇਗਾ।

7 “ਜੇ ਇਕ ਆਦਮੀ ਆਪਣੀ ਧੀ ਨੂੰ ਗ਼ੁਲਾਮ ਵਜੋਂ ਵੇਚ ਦਿੰਦਾ ਹੈ, ਤਾਂ ਉਸ ਨੂੰ ਉਸ ਤਰ੍ਹਾਂ ਆਜ਼ਾਦ ਨਹੀਂ ਕੀਤਾ ਜਾਵੇਗਾ ਜਿਵੇਂ ਗ਼ੁਲਾਮ ਆਦਮੀਆਂ ਨੂੰ ਆਜ਼ਾਦ ਕੀਤਾ ਜਾਂਦਾ ਹੈ। 8 ਜੇ ਉਸ ਦਾ ਮਾਲਕ ਉਸ ਤੋਂ ਖ਼ੁਸ਼ ਨਹੀਂ ਹੈ ਅਤੇ ਉਸ ਨੂੰ ਪਤਨੀ* ਦਾ ਦਰਜਾ ਨਹੀਂ ਦਿੰਦਾ ਅਤੇ ਉਸ ਨੂੰ ਕਿਸੇ ਕੋਲ ਵੇਚਦਾ ਹੈ, ਤਾਂ ਦਾਸੀ ਨਾਲ ਧੋਖਾ ਕਰਨ ਕਰਕੇ ਮਾਲਕ ਨੂੰ ਇਹ ਹੱਕ ਨਹੀਂ ਕਿ ਉਹ ਉਸ ਨੂੰ ਕਿਸੇ ਪਰਦੇਸੀ ਕੋਲ ਵੇਚੇ। 9 ਜੇਕਰ ਉਸ ਦਾ ਮਾਲਕ ਉਸ ਨੂੰ ਆਪਣੇ ਪੁੱਤਰ ਦੀ ਪਤਨੀ ਬਣਾਉਂਦਾ ਹੈ, ਤਾਂ ਮਾਲਕ ਉਸ ਦਾਸੀ ਨੂੰ ਉਹ ਸਾਰੇ ਹੱਕ ਦੇਵੇ ਜੋ ਇਕ ਧੀ ਦੇ ਬਣਦੇ ਹਨ। 10 ਜੇ ਉਹ ਦੂਜਾ ਵਿਆਹ ਕਰਾਉਂਦਾ ਹੈ, ਤਾਂ ਉਹ ਆਪਣੀ ਪਹਿਲੀ ਪਤਨੀ ਦੀਆਂ ਰੋਟੀ ਅਤੇ ਕੱਪੜੇ ਦੀਆਂ ਲੋੜਾਂ ਪੂਰੀਆਂ ਕਰੇ ਅਤੇ ਪਤਨੀ ਹੋਣ ਦਾ ਉਸ ਦਾ ਹੱਕ+ ਨਾ ਮਾਰੇ।* 11 ਜੇ ਉਹ ਉਸ ਦੀਆਂ ਇਹ ਤਿੰਨੇ ਲੋੜਾਂ ਪੂਰੀਆਂ ਨਹੀਂ ਕਰਦਾ, ਤਾਂ ਫਿਰ ਉਹ ਬਿਨਾਂ ਕੋਈ ਪੈਸਾ ਦਿੱਤੇ ਆਜ਼ਾਦ ਹੋ ਸਕਦੀ ਹੈ।

12 “ਜੇ ਕੋਈ ਆਦਮੀ ਕਿਸੇ ਨੂੰ ਮਾਰੇ ਜਿਸ ਕਰਕੇ ਉਸ ਦੀ ਜਾਨ ਚਲੀ ਜਾਵੇ, ਤਾਂ ਉਸ ਆਦਮੀ ਨੂੰ ਵੀ ਜਾਨੋਂ ਮਾਰ ਦਿੱਤਾ ਜਾਵੇ।+ 13 ਪਰ ਜੇ ਉਸ ਕੋਲੋਂ ਅਣਜਾਣੇ ਵਿਚ ਇਸ ਤਰ੍ਹਾਂ ਹੋ ਜਾਂਦਾ ਹੈ ਅਤੇ ਸੱਚਾ ਪਰਮੇਸ਼ੁਰ ਇਸ ਨੂੰ ਹੋਣ ਦਿੰਦਾ ਹੈ, ਤਾਂ ਮੈਂ ਤੁਹਾਡੇ ਲਈ ਅਜਿਹੀ ਜਗ੍ਹਾ ਠਹਿਰਾਵਾਂਗਾ ਜਿੱਥੇ ਉਹ ਭੱਜ ਕੇ ਜਾ ਸਕਦਾ ਹੈ।+ 14 ਜੇ ਇਕ ਆਦਮੀ ਆਪਣੇ ਗੁਆਂਢੀ ʼਤੇ ਗੁੱਸੇ ਵਿਚ ਭੜਕਦਾ ਹੈ ਅਤੇ ਜਾਣ-ਬੁੱਝ ਕੇ ਉਸ ਦੀ ਹੱਤਿਆ ਕਰ ਦਿੰਦਾ ਹੈ,+ ਤਾਂ ਉਸ ਆਦਮੀ ਨੂੰ ਵੀ ਜਾਨੋਂ ਮਾਰ ਦਿੱਤਾ ਜਾਵੇ, ਭਾਵੇਂ ਉਹ ਆਦਮੀ ਆ ਕੇ ਮੇਰੀ ਵੇਦੀ ਕੋਲ ਪਨਾਹ ਲੈਂਦਾ ਹੈ।+ 15 ਜੇ ਕੋਈ ਆਪਣੇ ਮਾਤਾ-ਪਿਤਾ ʼਤੇ ਹੱਥ ਚੁੱਕਦਾ ਹੈ, ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।+

16 “ਜੇ ਕੋਈ ਆਦਮੀ ਕਿਸੇ ਨੂੰ ਅਗਵਾ ਕਰ ਕੇ+ ਵੇਚ ਦਿੰਦਾ ਹੈ ਜਾਂ ਫੜੇ ਜਾਣ ਵੇਲੇ ਉਹ ਉਸ ਦੇ ਕਬਜ਼ੇ ਵਿਚ ਹੁੰਦਾ ਹੈ,+ ਤਾਂ ਉਸ ਆਦਮੀ ਨੂੰ ਜਾਨੋਂ ਮਾਰ ਦਿੱਤਾ ਜਾਵੇ।+

17 “ਜਿਹੜਾ ਕੋਈ ਆਪਣੇ ਮਾਤਾ-ਪਿਤਾ ਨੂੰ ਬੁਰਾ-ਭਲਾ ਕਹਿੰਦਾ* ਹੈ, ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।+

18 “ਜੇ ਦੋ ਆਦਮੀ ਆਪਸ ਵਿਚ ਹੱਥੋਪਾਈ ਹੁੰਦੇ ਹਨ ਅਤੇ ਇਕ ਜਣਾ ਆਪਣੇ ਗੁਆਂਢੀ ਨੂੰ ਪੱਥਰ ਜਾਂ ਮੁੱਕਾ* ਮਾਰਦਾ ਹੈ ਅਤੇ ਉਸ ਦਾ ਗੁਆਂਢੀ ਜ਼ਖ਼ਮੀ ਹੋਣ ਕਰਕੇ ਮੰਜੇ ʼਤੇ ਪੈ ਜਾਂਦਾ ਹੈ, ਪਰ ਉਸ ਦੀ ਜਾਨ ਨਹੀਂ ਜਾਂਦੀ, ਤਾਂ ਅਜਿਹੇ ਮਾਮਲੇ ਨੂੰ ਇਸ ਤਰ੍ਹਾਂ ਸੁਲਝਾਇਆ ਜਾਵੇ: 19 ਜੇ ਜ਼ਖ਼ਮੀ ਆਦਮੀ ਮੰਜੇ ਤੋਂ ਉੱਠ ਕੇ ਡੰਡੇ ਦੇ ਸਹਾਰੇ ਘਰੋਂ ਬਾਹਰ ਤੁਰਨ-ਫਿਰਨ ਲੱਗ ਪੈਂਦਾ ਹੈ, ਤਾਂ ਜਿਸ ਨੇ ਉਸ ਨੂੰ ਮਾਰਿਆ ਸੀ, ਉਸ ਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਜਿੰਨਾ ਚਿਰ ਜ਼ਖ਼ਮੀ ਆਦਮੀ ਪੂਰੀ ਤਰ੍ਹਾਂ ਠੀਕ ਹੋ ਕੇ ਕੰਮ ʼਤੇ ਨਹੀਂ ਜਾਂਦਾ, ਉੱਨਾ ਚਿਰ ਉਹ ਜ਼ਖ਼ਮੀ ਆਦਮੀ ਦੇ ਨੁਕਸਾਨ ਦਾ ਹਰਜਾਨਾ ਭਰੇ।

20 “ਜੇ ਕੋਈ ਆਪਣੇ ਗ਼ੁਲਾਮ ਆਦਮੀ ਜਾਂ ਔਰਤ ਨੂੰ ਡੰਡੇ ਨਾਲ ਮਾਰਦਾ ਹੈ ਅਤੇ ਉਹ ਉਸ ਦੇ ਹੱਥੋਂ ਮਰ ਜਾਂਦਾ ਹੈ, ਤਾਂ ਮਾਲਕ ਤੋਂ ਉਸ ਦੀ ਜਾਨ ਦਾ ਬਦਲਾ ਲਿਆ ਜਾਵੇ।+ 21 ਪਰ ਜੇ ਉਹ ਇਕ ਜਾਂ ਦੋ ਦਿਨ ਜੀਉਂਦਾ ਰਹਿੰਦਾ ਹੈ, ਤਾਂ ਮਾਲਕ ਤੋਂ ਬਦਲਾ ਨਾ ਲਿਆ ਜਾਵੇ ਕਿਉਂਕਿ ਉਹ ਉਸ ਦੀ ਜਾਇਦਾਦ ਹੈ।

22 “ਜੇ ਆਦਮੀ ਆਪਸ ਵਿਚ ਹੱਥੋਪਾਈ ਹੁੰਦੇ ਹਨ ਅਤੇ ਉਨ੍ਹਾਂ ਕਰਕੇ ਕੋਈ ਗਰਭਵਤੀ ਔਰਤ ਜ਼ਖ਼ਮੀ ਹੋ ਜਾਂਦੀ ਹੈ ਅਤੇ ਸਮੇਂ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦੇ ਦਿੰਦੀ ਹੈ,*+ ਪਰ ਮਾਂ ਅਤੇ ਬੱਚੇ ਵਿੱਚੋਂ ਕਿਸੇ ਦੀ ਜਾਨ ਨਹੀਂ ਜਾਂਦੀ,* ਤਾਂ ਗੁਨਾਹਗਾਰ ਨੂੰ ਉੱਨਾ ਹਰਜਾਨਾ ਭਰਨਾ ਪਵੇਗਾ ਜਿੰਨਾ ਔਰਤ ਦਾ ਪਤੀ ਮੰਗ ਕਰਦਾ ਹੈ। ਉਸ ਨੂੰ ਇਹ ਹਰਜਾਨਾ ਨਿਆਂਕਾਰਾਂ ਦੇ ਫ਼ੈਸਲੇ ਮੁਤਾਬਕ ਭਰਨਾ ਪਵੇਗਾ।+ 23 ਪਰ ਜੇ ਮਾਂ ਜਾਂ ਬੱਚੇ ਦੀ ਮੌਤ ਹੋ ਜਾਂਦੀ ਹੈ, ਤਾਂ ਜਾਨ ਦੇ ਬਦਲੇ ਜਾਨ ਲਈ ਜਾਵੇ+ 24 ਅਤੇ ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ, ਪੈਰ ਦੇ ਬਦਲੇ ਪੈਰ,+ 25 ਸਾੜਨ ਦੇ ਬਦਲੇ ਸਾੜਨ, ਜ਼ਖ਼ਮ ਦੇ ਬਦਲੇ ਜ਼ਖ਼ਮ, ਵਾਰ ਦੇ ਬਦਲੇ ਵਾਰ।

26 “ਜੇ ਕੋਈ ਆਦਮੀ ਆਪਣੇ ਗ਼ੁਲਾਮ ਆਦਮੀ ਜਾਂ ਔਰਤ ਦੀ ਅੱਖ ʼਤੇ ਮਾਰਦਾ ਹੈ ਅਤੇ ਉਹ ਕਾਣਾ ਹੋ ਜਾਂਦਾ ਹੈ, ਤਾਂ ਉਸ ਨੂੰ ਆਜ਼ਾਦ ਕੀਤਾ ਜਾਵੇ। ਇਹ ਉਸ ਦੀ ਅੱਖ ਦੇ ਹੋਏ ਨੁਕਸਾਨ ਦਾ ਹਰਜਾਨਾ ਹੋਵੇਗਾ।+ 27 ਜੇ ਉਹ ਆਪਣੇ ਗ਼ੁਲਾਮ ਆਦਮੀ ਜਾਂ ਔਰਤ ਦਾ ਦੰਦ ਭੰਨ ਸੁੱਟਦਾ ਹੈ, ਤਾਂ ਉਸ ਨੂੰ ਆਜ਼ਾਦ ਕੀਤਾ ਜਾਵੇ। ਇਹ ਉਸ ਦੇ ਦੰਦ ਦੇ ਹੋਏ ਨੁਕਸਾਨ ਦਾ ਹਰਜਾਨਾ ਹੋਵੇਗਾ।

28 “ਜੇ ਬਲਦ ਕਿਸੇ ਆਦਮੀ ਜਾਂ ਔਰਤ ਨੂੰ ਸਿੰਗ ਮਾਰੇ ਅਤੇ ਉਹ ਮਰ ਜਾਵੇ, ਤਾਂ ਉਸ ਬਲਦ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਜਾਵੇ+ ਅਤੇ ਉਸ ਦਾ ਮੀਟ ਨਾ ਖਾਧਾ ਜਾਵੇ। ਪਰ ਉਸ ਦੇ ਮਾਲਕ ਨੂੰ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ। 29 ਪਰ ਜੇ ਬਲਦ ਨੂੰ ਸਿੰਗ ਮਾਰਨ ਦੀ ਆਦਤ ਹੈ ਅਤੇ ਉਸ ਦੇ ਮਾਲਕ ਨੂੰ ਇਸ ਬਾਰੇ ਪਹਿਲਾਂ ਤੋਂ ਖ਼ਬਰਦਾਰ ਕੀਤਾ ਗਿਆ ਸੀ, ਫਿਰ ਵੀ ਉਸ ਨੇ ਬਲਦ ਨੂੰ ਬੰਨ੍ਹ ਕੇ ਨਹੀਂ ਰੱਖਿਆ ਅਤੇ ਉਸ ਨੇ ਕਿਸੇ ਆਦਮੀ ਜਾਂ ਤੀਵੀਂ ਨੂੰ ਜਾਨੋਂ ਮਾਰ ਦਿੱਤਾ ਹੈ, ਤਾਂ ਉਸ ਬਲਦ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਜਾਵੇ ਅਤੇ ਉਸ ਦੇ ਮਾਲਕ ਨੂੰ ਵੀ ਜਾਨੋਂ ਮਾਰ ਦਿੱਤਾ ਜਾਵੇ। 30 ਜੇ ਮਾਲਕ ਤੋਂ ਜਾਨ ਦੀ ਰਿਹਾਈ ਦੀ ਕੀਮਤ ਮੰਗੀ ਜਾਂਦੀ ਹੈ, ਤਾਂ ਉਸ ਨੂੰ ਆਪਣੀ ਜਾਨ ਬਚਾਉਣ ਲਈ ਤੈਅ ਕੀਤੀ ਕੀਮਤ ਅਦਾ ਕਰਨੀ ਪਵੇਗੀ। 31 ਜੇ ਬਲਦ ਕਿਸੇ ਦੀ ਧੀ ਜਾਂ ਪੁੱਤਰ ਨੂੰ ਸਿੰਗ ਮਾਰ ਕੇ ਜ਼ਖ਼ਮੀ ਕਰ ਦੇਵੇ, ਤਾਂ ਇਸੇ ਕਾਨੂੰਨ ਮੁਤਾਬਕ ਬਲਦ ਦੇ ਮਾਲਕ ਦਾ ਫ਼ੈਸਲਾ ਕੀਤਾ ਜਾਵੇ। 32 ਜੇ ਬਲਦ ਕਿਸੇ ਦੇ ਗ਼ੁਲਾਮ ਆਦਮੀ ਜਾਂ ਔਰਤ ਨੂੰ ਸਿੰਗ ਮਾਰ ਕੇ ਜ਼ਖ਼ਮੀ ਕਰ ਦੇਵੇ, ਤਾਂ ਬਲਦ ਦਾ ਮਾਲਕ ਉਸ ਗ਼ੁਲਾਮ ਦੇ ਮਾਲਕ ਨੂੰ 30 ਸ਼ੇਕੇਲ* ਦੇਵੇ ਅਤੇ ਬਲਦ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਜਾਵੇ।

33 “ਜੇ ਕੋਈ ਆਦਮੀ ਟੋਏ ਦਾ ਮੂੰਹ ਖੁੱਲ੍ਹਾ ਛੱਡ ਦਿੰਦਾ ਹੈ ਜਾਂ ਫਿਰ ਟੋਆ ਪੁੱਟ ਕੇ ਉਸ ਦਾ ਮੂੰਹ ਢਕਦਾ ਨਹੀਂ ਅਤੇ ਉਸ ਟੋਏ ਵਿਚ ਬਲਦ ਜਾਂ ਗਧਾ ਡਿਗ ਪਵੇ, 34 ਤਾਂ ਜਿਸ ਨੇ ਟੋਆ ਪੁੱਟਿਆ ਸੀ, ਉਹ ਨੁਕਸਾਨ ਦਾ ਹਰਜਾਨਾ ਭਰੇ।+ ਉਹ ਬਲਦ ਜਾਂ ਗਧੇ ਦੇ ਮਾਲਕ ਨੂੰ ਕੀਮਤ ਅਦਾ ਕਰੇ ਅਤੇ ਫਿਰ ਮਰਿਆ ਹੋਇਆ ਜਾਨਵਰ ਉਸ ਦਾ ਹੋ ਜਾਵੇਗਾ। 35 ਜੇ ਇਕ ਆਦਮੀ ਦਾ ਬਲਦ ਕਿਸੇ ਦੂਜੇ ਦੇ ਬਲਦ ਨੂੰ ਸਿੰਗ ਮਾਰ ਕੇ ਜਾਨੋਂ ਮਾਰ ਦਿੰਦਾ ਹੈ, ਤਾਂ ਫਿਰ ਉਹ ਜੀਉਂਦੇ ਬਲਦ ਨੂੰ ਵੇਚ ਦੇਣ ਅਤੇ ਉਸ ਦੀ ਕੀਮਤ ਆਪਸ ਵਿਚ ਵੰਡ ਲੈਣ; ਨਾਲੇ ਉਹ ਮਰਿਆ ਜਾਨਵਰ ਵੀ ਆਪਸ ਵਿਚ ਵੰਡ ਲੈਣ। 36 ਜੇ ਸਾਰਿਆਂ ਨੂੰ ਪਤਾ ਸੀ ਕਿ ਬਲਦ ਨੂੰ ਸਿੰਗ ਮਾਰਨ ਦੀ ਆਦਤ ਸੀ, ਪਰ ਬਲਦ ਦੇ ਮਾਲਕ ਨੇ ਉਸ ਨੂੰ ਬੰਨ੍ਹ ਕੇ ਨਹੀਂ ਰੱਖਿਆ, ਤਾਂ ਉਹ ਬਲਦ ਦੇ ਵੱਟੇ ਬਲਦ ਦੇ ਕੇ ਨੁਕਸਾਨ ਦਾ ਹਰਜਾਨਾ ਭਰੇ ਅਤੇ ਮਰਿਆ ਹੋਇਆ ਬਲਦ ਉਸ ਦਾ ਹੋ ਜਾਵੇਗਾ।

22 “ਜੇ ਕੋਈ ਆਦਮੀ ਕਿਸੇ ਦਾ ਬਲਦ ਜਾਂ ਭੇਡ ਚੋਰੀ ਕਰਦਾ ਹੈ ਅਤੇ ਉਸ ਨੂੰ ਵੱਢਦਾ ਹੈ ਜਾਂ ਵੇਚ ਦਿੰਦਾ ਹੈ, ਤਾਂ ਉਹ ਉਸ ਬਲਦ ਦੇ ਵੱਟੇ ਪੰਜ ਬਲਦ ਹਰਜਾਨੇ ਦੇ ਤੌਰ ਤੇ ਦੇਵੇ ਅਤੇ ਭੇਡ ਦੇ ਬਦਲੇ ਚਾਰ ਭੇਡਾਂ ਦੇਵੇ।+

2 (“ਜੇ ਚੋਰ+ ਸੰਨ੍ਹ ਲਾਉਂਦਾ ਫੜਿਆ ਜਾਵੇ ਅਤੇ ਕੋਈ ਉਸ ਉੱਤੇ ਅਜਿਹਾ ਵਾਰ ਕਰੇ ਕਿ ਉਹ ਮਰ ਜਾਵੇ, ਤਾਂ ਵਾਰ ਕਰਨ ਵਾਲੇ ਨੂੰ ਉਸ ਦੇ ਖ਼ੂਨ ਦਾ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ। 3 ਪਰ ਜੇ ਇਹ ਸੂਰਜ ਚੜ੍ਹਨ ਤੋਂ ਬਾਅਦ ਹੁੰਦਾ ਹੈ, ਤਾਂ ਵਾਰ ਕਰਨ ਵਾਲੇ ਨੂੰ ਉਸ ਦੇ ਖ਼ੂਨ ਦਾ ਦੋਸ਼ੀ ਠਹਿਰਾਇਆ ਜਾਵੇਗਾ।)

“ਉਸ ਚੋਰ ਨੂੰ ਹਰਜਾਨਾ ਭਰਨਾ ਪਵੇਗਾ। ਜੇ ਉਸ ਕੋਲ ਕੁਝ ਵੀ ਨਹੀਂ ਹੈ, ਤਾਂ ਉਸ ਨੂੰ ਵੇਚ ਕੇ ਚੋਰੀ ਕੀਤੀਆਂ ਚੀਜ਼ਾਂ ਦਾ ਹਰਜਾਨਾ ਭਰਿਆ ਜਾਵੇ। 4 ਜੇ ਉਸ ਕੋਲ ਚੋਰੀ ਕੀਤੇ ਜਾਨਵਰ ਜੀਉਂਦੇ ਪਾਏ ਜਾਂਦੇ ਹਨ, ਭਾਵੇਂ ਉਹ ਬਲਦ ਹੋਵੇ ਜਾਂ ਭੇਡ, ਤਾਂ ਉਹ ਦੁਗਣਾ ਹਰਜਾਨਾ ਭਰੇ।

5 “ਜੇ ਕੋਈ ਆਦਮੀ ਆਪਣੇ ਜਾਨਵਰ ਕਿਸੇ ਖੇਤ ਜਾਂ ਅੰਗੂਰਾਂ ਦੇ ਬਾਗ਼ ਵਿਚ ਚਰਨ ਲਈ ਛੱਡਦਾ ਹੈ ਅਤੇ ਉਨ੍ਹਾਂ ਨੂੰ ਕਿਸੇ ਹੋਰ ਦੇ ਖੇਤ ਵਿਚ ਚਰਨ ਦਿੰਦਾ ਹੈ, ਤਾਂ ਉਹ ਆਦਮੀ ਆਪਣੇ ਖੇਤ ਦੀ ਉੱਤਮ ਫ਼ਸਲ ਜਾਂ ਅੰਗੂਰਾਂ ਦੇ ਬਾਗ਼ ਦਾ ਉੱਤਮ ਫਲ ਦੇ ਕੇ ਹਰਜਾਨਾ ਭਰੇ।

6 “ਜੇ ਕੋਈ ਅੱਗ ਬਾਲ਼ਦਾ ਹੈ ਅਤੇ ਅੱਗ ਝਾੜੀਆਂ ਨੂੰ ਲੱਗ ਜਾਂਦੀ ਹੈ ਤੇ ਫਿਰ ਫ਼ਸਲ ਦੀਆਂ ਭਰੀਆਂ ਜਾਂ ਅਨਾਜ ਦੀ ਖੜ੍ਹੀ ਫ਼ਸਲ ਜਾਂ ਖੇਤ ਸੜ ਕੇ ਸੁਆਹ ਹੋ ਜਾਂਦਾ ਹੈ, ਤਾਂ ਅੱਗ ਬਾਲ਼ਣ ਵਾਲਾ ਨੁਕਸਾਨ ਦਾ ਹਰਜਾਨਾ ਭਰੇ।

7 “ਜੇ ਕੋਈ ਆਦਮੀ ਕਿਸੇ ਨੂੰ ਆਪਣਾ ਪੈਸਾ ਜਾਂ ਚੀਜ਼ਾਂ ਸੰਭਾਲਣ ਲਈ ਦਿੰਦਾ ਹੈ ਅਤੇ ਜੇ ਉਹ ਪੈਸਾ ਜਾਂ ਚੀਜ਼ਾਂ ਉਸ ਦੇ ਘਰੋਂ ਚੋਰੀ ਹੋ ਜਾਂਦੀਆਂ ਹਨ ਅਤੇ ਚੋਰ ਫੜਿਆ ਜਾਂਦਾ ਹੈ, ਤਾਂ ਉਹ ਦੁਗਣਾ ਹਰਜਾਨਾ ਭਰੇ।+ 8 ਜੇ ਚੋਰ ਫੜਿਆ ਨਹੀਂ ਜਾਂਦਾ, ਤਾਂ ਘਰ ਦੇ ਮਾਲਕ ਨੂੰ ਸੱਚੇ ਪਰਮੇਸ਼ੁਰ ਸਾਮ੍ਹਣੇ ਪੇਸ਼ ਕੀਤਾ ਜਾਵੇ+ ਤਾਂਕਿ ਪਤਾ ਲਗਾਇਆ ਜਾ ਸਕੇ ਕਿ ਕਿਤੇ ਚੋਰ ਉਹੀ ਤਾਂ ਨਹੀਂ। 9 ਜਦੋਂ ਕੋਈ ਆਦਮੀ ਕਿਸੇ ʼਤੇ ਦੋਸ਼ ਲਾਉਂਦਾ ਹੈ ਕਿ ਉਸ ਨੇ ਉਸ ਦੀ ਕਿਸੇ ਚੀਜ਼ ʼਤੇ ਕਬਜ਼ਾ ਕੀਤਾ ਹੈ, ਚਾਹੇ ਉਹ ਬਲਦ ਹੋਵੇ ਜਾਂ ਗਧਾ ਜਾਂ ਭੇਡ ਜਾਂ ਕੋਈ ਕੱਪੜਾ ਜਾਂ ਕੋਈ ਗੁਆਚੀ ਹੋਈ ਚੀਜ਼ ਅਤੇ ਦਾਅਵਾ ਕਰਦਾ ਹੈ ਕਿ ‘ਇਹ ਮੇਰੀ ਹੈ,’ ਤਾਂ ਅਜਿਹੇ ਸਾਰੇ ਮਾਮਲਿਆਂ ਵਿਚ ਇਸ ਤਰ੍ਹਾਂ ਕੀਤਾ ਜਾਵੇ: ਉਹ ਦੋਵੇਂ ਪਰਮੇਸ਼ੁਰ ਸਾਮ੍ਹਣੇ ਪੇਸ਼ ਹੋਣ+ ਤਾਂਕਿ ਪਤਾ ਲੱਗ ਸਕੇ ਕਿ ਉਨ੍ਹਾਂ ਵਿੱਚੋਂ ਅਸਲੀ ਮਾਲਕ ਕੌਣ ਹੈ। ਪਰਮੇਸ਼ੁਰ ਫ਼ੈਸਲਾ ਕਰੇਗਾ ਕਿ ਕੌਣ ਦੋਸ਼ੀ ਹੈ ਅਤੇ ਦੋਸ਼ੀ ਅਸਲੀ ਮਾਲਕ ਨੂੰ ਦੁਗਣਾ ਹਰਜਾਨਾ ਦੇਵੇ।+

10 “ਜੇ ਕੋਈ ਆਦਮੀ ਕਿਸੇ ਨੂੰ ਆਪਣਾ ਗਧਾ ਜਾਂ ਬਲਦ ਜਾਂ ਭੇਡ ਜਾਂ ਕੋਈ ਹੋਰ ਪਾਲਤੂ ਪਸ਼ੂ ਦੇਖ-ਭਾਲ ਕਰਨ ਲਈ ਦਿੰਦਾ ਹੈ ਅਤੇ ਉਹ ਪਸ਼ੂ ਮਰ ਜਾਂਦਾ ਹੈ ਜਾਂ ਉਸ ਦਾ ਕੋਈ ਅੰਗ ਵੱਢਿਆ ਜਾਂਦਾ ਹੈ ਜਾਂ ਉਹ ਚੋਰੀ ਹੋ ਜਾਂਦਾ ਹੈ ਅਤੇ ਇਸ ਦਾ ਕੋਈ ਗਵਾਹ ਨਹੀਂ ਹੁੰਦਾ, 11 ਤਾਂ ਯਹੋਵਾਹ ਸਾਮ੍ਹਣੇ ਉਸ ਨੂੰ ਸਹੁੰ ਖਿਲਾਈ ਜਾਵੇ ਕਿ ਉਸ ਨੇ ਪਸ਼ੂ ਨੂੰ ਨੁਕਸਾਨ ਨਹੀਂ ਪਹੁੰਚਾਇਆ ਹੈ। ਉਸ ਪਸ਼ੂ ਦਾ ਮਾਲਕ ਇਸ ਗੱਲ ਨੂੰ ਸਵੀਕਾਰ ਕਰੇ। ਦੂਸਰੇ ਆਦਮੀ ਨੂੰ ਕੋਈ ਹਰਜਾਨਾ ਨਹੀਂ ਭਰਨਾ ਪਵੇਗਾ।+ 12 ਪਰ ਜੇ ਉਸ ਦੀ ਦੇਖ-ਭਾਲ ਵਿਚ ਹੁੰਦਿਆਂ ਉਹ ਪਸ਼ੂ ਚੋਰੀ ਹੋ ਜਾਂਦਾ ਹੈ, ਤਾਂ ਉਹ ਮਾਲਕ ਨੂੰ ਇਸ ਦਾ ਹਰਜਾਨਾ ਭਰੇ। 13 ਪਰ ਜੇ ਕੋਈ ਜੰਗਲੀ ਜਾਨਵਰ ਉਸ ਪਸ਼ੂ ਨੂੰ ਮਾਰ ਦਿੰਦਾ ਹੈ, ਤਾਂ ਉਹ ਇਸ ਦਾ ਸਬੂਤ ਪੇਸ਼ ਕਰੇ। ਜੰਗਲੀ ਜਾਨਵਰ ਦੁਆਰਾ ਮਾਰੇ ਗਏ ਪਸ਼ੂ ਲਈ ਉਸ ਨੂੰ ਕੋਈ ਹਰਜਾਨਾ ਨਹੀਂ ਭਰਨਾ ਪਵੇਗਾ।

14 “ਪਰ ਜੇ ਕੋਈ ਆਦਮੀ ਕਿਸੇ ਤੋਂ ਕੋਈ ਜਾਨਵਰ ਉਧਾਰਾ ਲੈਂਦਾ ਹੈ ਅਤੇ ਮਾਲਕ ਦੀ ਗ਼ੈਰ-ਹਾਜ਼ਰੀ ਵਿਚ ਉਸ ਦਾ ਕੋਈ ਅੰਗ ਵੱਢਿਆ ਜਾਂਦਾ ਹੈ ਜਾਂ ਉਹ ਮਰ ਜਾਂਦਾ ਹੈ, ਤਾਂ ਜਿਸ ਨੇ ਉਹ ਜਾਨਵਰ ਉਧਾਰਾ ਲਿਆ ਸੀ, ਉਹ ਉਸ ਦਾ ਹਰਜਾਨਾ ਭਰੇ। 15 ਪਰ ਜੇ ਮਾਲਕ ਉਸ ਵੇਲੇ ਮੌਜੂਦ ਸੀ, ਤਾਂ ਉਸ ਆਦਮੀ ਨੂੰ ਕੋਈ ਹਰਜਾਨਾ ਨਹੀਂ ਭਰਨਾ ਪਵੇਗਾ। ਜੇ ਜਾਨਵਰ ਨੂੰ ਕਿਰਾਏ ʼਤੇ ਲਿਆ ਗਿਆ ਸੀ, ਤਾਂ ਉਸ ਦਾ ਕਿਰਾਇਆ ਹੀ ਹਰਜਾਨਾ ਹੋਵੇਗਾ।

16 “ਜੇ ਕੋਈ ਆਦਮੀ ਕਿਸੇ ਕੁਆਰੀ ਕੁੜੀ ਨੂੰ ਬਹਿਕਾਉਂਦਾ ਹੈ ਜੋ ਅਜੇ ਮੰਗੀ ਹੋਈ ਨਹੀਂ ਹੈ ਅਤੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਤਾਂ ਉਹ ਉਸ ਦੇ ਪਿਤਾ ਨੂੰ ਉਸ ਦੀ ਕੀਮਤ* ਦੇ ਕੇ ਉਸ ਨੂੰ ਆਪਣੀ ਪਤਨੀ ਬਣਾਵੇ।+ 17 ਜੇ ਪਿਤਾ ਆਪਣੀ ਕੁੜੀ ਉਸ ਆਦਮੀ ਨੂੰ ਦੇਣ ਤੋਂ ਇਨਕਾਰ ਕਰ ਦਿੰਦਾ ਹੈ, ਤਾਂ ਵੀ ਉਸ ਆਦਮੀ ਨੂੰ ਕੁੜੀ ਦੀ ਕੀਮਤ ਦੇਣੀ ਪਵੇਗੀ।

18 “ਤੂੰ ਜਾਦੂ-ਟੂਣਾ ਕਰਨ ਵਾਲੀ ਔਰਤ ਨੂੰ ਜੀਉਂਦਾ ਨਾ ਛੱਡੀਂ।+

19 “ਜਿਹੜਾ ਇਨਸਾਨ ਕਿਸੇ ਜਾਨਵਰ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।+

20 “ਜਿਹੜਾ ਯਹੋਵਾਹ ਤੋਂ ਇਲਾਵਾ ਕਿਸੇ ਹੋਰ ਦੇਵੀ-ਦੇਵਤੇ ਅੱਗੇ ਬਲ਼ੀਆਂ ਚੜ੍ਹਾਉਂਦਾ ਹੈ, ਉਸ ਨੂੰ ਨਾਸ਼ ਕਰ ਦਿੱਤਾ ਜਾਵੇ।+

21 “ਤੂੰ ਕਿਸੇ ਪਰਦੇਸੀ ਨਾਲ ਬਦਸਲੂਕੀ ਨਾ ਕਰੀਂ ਜਾਂ ਉਸ ʼਤੇ ਜ਼ੁਲਮ ਨਾ ਕਰੀਂ+ ਕਿਉਂਕਿ ਤੂੰ ਵੀ ਮਿਸਰ ਵਿਚ ਪਰਦੇਸੀ ਸੀ।+

22 “ਤੁਸੀਂ ਕਿਸੇ ਵਿਧਵਾ ਜਾਂ ਯਤੀਮ* ʼਤੇ ਅਤਿਆਚਾਰ ਨਾ ਕਰਿਓ।+ 23 ਜੇ ਤੁਸੀਂ ਉਸ ʼਤੇ ਅਤਿਆਚਾਰ ਕਰਦੇ ਹੋ ਜਿਸ ਕਰਕੇ ਉਹ ਮੇਰੇ ਅੱਗੇ ਦੁਹਾਈ ਦਿੰਦਾ ਹੈ, ਤਾਂ ਮੈਂ ਜ਼ਰੂਰ ਉਸ ਦੀ ਦੁਹਾਈ ਸੁਣਾਂਗਾ;+ 24 ਅਤੇ ਮੇਰਾ ਗੁੱਸਾ ਭੜਕੇਗਾ ਅਤੇ ਮੈਂ ਤੁਹਾਨੂੰ ਤਲਵਾਰ ਨਾਲ ਵੱਢ ਸੁੱਟਾਂਗਾ ਅਤੇ ਤੁਹਾਡੀਆਂ ਪਤਨੀਆਂ ਵਿਧਵਾ ਹੋ ਜਾਣਗੀਆਂ ਅਤੇ ਤੁਹਾਡੇ ਬੱਚੇ ਯਤੀਮ।

25 “ਜੇ ਤੂੰ ਮੇਰੇ ਲੋਕਾਂ ਵਿੱਚੋਂ ਕਿਸੇ ਗ਼ਰੀਬ* ਨੂੰ ਪੈਸੇ ਉਧਾਰ ਦਿੰਦਾ ਹੈਂ, ਤਾਂ ਤੂੰ ਉਸ ਨਾਲ ਕਿਸੇ ਸ਼ਾਹੂਕਾਰ ਵਾਂਗ ਪੇਸ਼ ਨਾ ਆਈਂ। ਤੂੰ ਉਸ ਤੋਂ ਵਿਆਜ ਨਾ ਲਵੀਂ।+

26 “ਜੇ ਤੂੰ ਕਿਸੇ ਨੂੰ ਕਰਜ਼ਾ ਦੇਣ ਵੇਲੇ ਉਸ ਦਾ ਕੱਪੜਾ ਗਹਿਣੇ ਰੱਖ ਲੈਂਦਾ ਹੈਂ,+ ਤਾਂ ਤੂੰ ਉਸ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਉਹ ਕੱਪੜਾ ਵਾਪਸ ਕਰ ਦੇ। 27 ਕਿਉਂਕਿ ਉਸ ਕੋਲ ਆਪਣਾ ਸਰੀਰ* ਢਕਣ ਲਈ ਇਹੋ ਇਕ ਕੱਪੜਾ ਹੈ; ਤਾਂ ਫਿਰ ਉਹ ਸੌਣ ਵੇਲੇ ਆਪਣੇ ਸਰੀਰ ਨੂੰ ਕਿਸ ਨਾਲ ਢਕੇਗਾ?+ ਜਦੋਂ ਉਹ ਮੇਰੇ ਅੱਗੇ ਦੁਹਾਈ ਦੇਵੇਗਾ, ਤਾਂ ਮੈਂ ਜ਼ਰੂਰ ਉਸ ਦੀ ਦੁਹਾਈ ਸੁਣਾਂਗਾ ਕਿਉਂਕਿ ਮੈਂ ਰਹਿਮਦਿਲ* ਹਾਂ।+

28 “ਤੂੰ ਪਰਮੇਸ਼ੁਰ ਜਾਂ ਆਪਣੇ ਲੋਕਾਂ ਦੇ ਕਿਸੇ ਮੁਖੀ* ਨੂੰ ਬੁਰਾ-ਭਲਾ ਨਾ ਕਹੀਂ।*+

29 “ਤੂੰ ਆਪਣੀ ਭਰਪੂਰ ਫ਼ਸਲ ਅਤੇ ਭਰੇ ਹੋਏ ਚੁਬੱਚਿਆਂ* ਵਿੱਚੋਂ ਭੇਟ ਚੜ੍ਹਾਉਣ ਤੋਂ ਹਿਚਕਿਚਾਈਂ ਨਾ।+ ਤੂੰ ਆਪਣੇ ਜੇਠੇ ਮੈਨੂੰ ਦੇ।+ 30 ਤੂੰ ਆਪਣੇ ਬਲਦ ਜਾਂ ਭੇਡ ਨਾਲ ਇਸ ਤਰ੍ਹਾਂ ਕਰੀਂ:+ ਉਹ ਸੱਤ ਦਿਨ ਆਪਣੀ ਮਾਂ ਨਾਲ ਰਹੇ ਅਤੇ ਅੱਠਵੇਂ ਦਿਨ ਮੈਨੂੰ ਦੇ ਦੇਈਂ।+

31 “ਤੁਸੀਂ ਮੇਰੇ ਸਾਮ੍ਹਣੇ ਆਪਣੇ ਆਪ ਨੂੰ ਪਵਿੱਤਰ ਲੋਕ ਸਾਬਤ ਕਰੋ+ ਅਤੇ ਤੁਸੀਂ ਮੈਦਾਨ ਦੇ ਕਿਸੇ ਵੀ ਜਾਨਵਰ ਦਾ ਮਾਸ ਨਾ ਖਾਇਓ ਜਿਸ ਨੂੰ ਕਿਸੇ ਜੰਗਲੀ ਜਾਨਵਰ ਨੇ ਮਾਰਿਆ ਹੋਵੇ।+ ਤੁਸੀਂ ਇਸ ਨੂੰ ਕੁੱਤਿਆਂ ਨੂੰ ਪਾ ਦਿਓ।

23 “ਤੂੰ ਝੂਠੀ ਖ਼ਬਰ ਨਾ ਫੈਲਾਈਂ।+ ਤੂੰ ਦੁਸ਼ਟ ਨਾਲ ਮਿਲ ਕੇ ਕਿਸੇ ਦਾ ਬੁਰਾ ਕਰਨ ਲਈ ਗਵਾਹੀ ਨਾ ਦੇਈਂ।+ 2 ਤੂੰ ਭੀੜ ਦੇ ਪਿੱਛੇ ਲੱਗ ਕੇ ਬੁਰਾ ਕੰਮ ਨਾ ਕਰੀਂ ਅਤੇ ਨਾ ਹੀ ਕਿਸੇ ਨਾਲ ਅਨਿਆਂ ਕਰਨ ਲਈ ਭੀੜ ਦੇ ਪਿੱਛੇ ਲੱਗ ਕੇ ਗਵਾਹੀ ਦੇਈਂ। 3 ਤੂੰ ਕਿਸੇ ਗ਼ਰੀਬ ਦੇ ਝਗੜੇ ਵਿਚ ਪੱਖਪਾਤ ਨਾ ਕਰੀਂ।+

4 “ਜੇ ਤੂੰ ਆਪਣੇ ਦੁਸ਼ਮਣ ਦਾ ਬਲਦ ਜਾਂ ਗਧਾ ਖੁੱਲ੍ਹਾ ਫਿਰਦਾ ਦੇਖੇਂ, ਤਾਂ ਤੂੰ ਉਸ ਨੂੰ ਫੜ ਕੇ ਆਪਣੇ ਦੁਸ਼ਮਣ ਨੂੰ ਮੋੜ ਦੇਈਂ।+ 5 ਜੇ ਤੂੰ ਦੇਖਦਾ ਹੈਂ ਕਿ ਤੇਰੇ ਨਾਲ ਨਫ਼ਰਤ ਕਰਨ ਵਾਲੇ ਆਦਮੀ ਦਾ ਗਧਾ ਭਾਰ ਹੇਠ ਦੱਬ ਗਿਆ ਹੈ, ਤਾਂ ਤੂੰ ਇਸ ਨੂੰ ਨਜ਼ਰਅੰਦਾਜ਼ ਕਰ ਕੇ ਉੱਥੋਂ ਚਲਿਆ ਨਾ ਜਾਈਂ। ਤੂੰ ਉਸ ਦੀ ਮਦਦ ਕਰ ਕੇ ਜਾਨਵਰ ਨੂੰ ਭਾਰ ਹੇਠੋਂ ਕੱਢੀਂ।+

6 “ਤੂੰ ਮੁਕੱਦਮੇ ਵਿਚ ਕਿਸੇ ਗ਼ਰੀਬ ਨਾਲ ਅਨਿਆਂ ਨਾ ਕਰੀਂ।+

7 “ਤੂੰ ਝੂਠੇ ਦੋਸ਼ ਵਿਚ ਕਿਸੇ ਦਾ ਸਾਥ ਨਾ ਦੇਈਂ ਅਤੇ ਬੇਕਸੂਰ ਅਤੇ ਧਰਮੀ ਨੂੰ ਜਾਨੋਂ ਨਾ ਮਾਰੀਂ ਕਿਉਂਕਿ ਮੈਂ ਦੁਸ਼ਟ ਨੂੰ ਧਰਮੀ ਨਹੀਂ ਠਹਿਰਾਵਾਂਗਾ।+

8 “ਤੂੰ ਰਿਸ਼ਵਤ ਨਾ ਲਈਂ ਕਿਉਂਕਿ ਰਿਸ਼ਵਤ ਬੁੱਧੀਮਾਨ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੇ ਮੂੰਹੋਂ ਗ਼ਲਤ ਗੱਲਾਂ ਕਹਾਉਂਦੀ ਹੈ।+

9 “ਤੂੰ ਕਿਸੇ ਪਰਦੇਸੀ ਉੱਤੇ ਜ਼ੁਲਮ ਨਾ ਕਰੀਂ। ਤੂੰ ਪਰਦੇਸੀਆਂ ਦੀ ਦਸ਼ਾ ਜਾਣਦਾ ਹੈਂ ਕਿਉਂਕਿ ਤੂੰ ਵੀ ਮਿਸਰ ਵਿਚ ਪਰਦੇਸੀ ਸੀ।+

10 “ਤੂੰ ਛੇ ਸਾਲ ਆਪਣੀ ਜ਼ਮੀਨ ਵਿਚ ਬੀ ਬੀਜੀਂ ਅਤੇ ਫ਼ਸਲ ਵੱਢੀਂ।+ 11 ਪਰ ਤੂੰ ਸੱਤਵੇਂ ਸਾਲ ਇਸ ਉੱਤੇ ਕੋਈ ਖੇਤੀ ਨਾ ਕਰੀਂ ਅਤੇ ਉੱਥੇ ਜੋ ਵੀ ਉੱਗੇਗਾ, ਉਸ ਨੂੰ ਗ਼ਰੀਬ ਲੋਕ ਖਾਣਗੇ ਅਤੇ ਉਸ ਤੋਂ ਬਾਅਦ ਜੋ ਵੀ ਬਚ ਜਾਵੇਗਾ, ਉਸ ਨੂੰ ਮੈਦਾਨ ਦੇ ਜੰਗਲੀ ਜਾਨਵਰ ਖਾਣਗੇ। ਤੂੰ ਆਪਣੇ ਅੰਗੂਰਾਂ ਦੇ ਬਾਗ਼ ਅਤੇ ਜ਼ੈਤੂਨ ਦੇ ਬਾਗ਼ ਨਾਲ ਵੀ ਇਸ ਤਰ੍ਹਾਂ ਕਰੀਂ।

12 “ਤੂੰ ਛੇ ਦਿਨ ਕੰਮ ਕਰੀਂ; ਪਰ ਸੱਤਵੇਂ ਦਿਨ ਕੋਈ ਕੰਮ ਨਾ ਕਰੀਂ ਤਾਂਕਿ ਤੇਰਾ ਬਲਦ ਅਤੇ ਗਧਾ ਆਰਾਮ ਕਰਨ ਅਤੇ ਤੇਰੀ ਦਾਸੀ ਦਾ ਪੁੱਤਰ ਅਤੇ ਪਰਦੇਸੀ ਤਰੋ-ਤਾਜ਼ਾ ਹੋਣ।+

13 “ਤੁਸੀਂ ਧਿਆਨ ਨਾਲ ਉਹ ਸਭ ਕੁਝ ਕਰਿਓ ਜੋ ਮੈਂ ਤੁਹਾਨੂੰ ਕਿਹਾ ਹੈ+ ਅਤੇ ਤੁਸੀਂ ਹੋਰ ਦੇਵੀ-ਦੇਵਤਿਆਂ ਦੇ ਨਾਂ ਨਹੀਂ ਲੈਣੇ; ਉਨ੍ਹਾਂ ਦਾ ਨਾਂ ਤਕ ਤੁਹਾਡੇ ਬੁੱਲ੍ਹਾਂ ʼਤੇ ਨਾ ਆਵੇ।+

14 “ਤੂੰ ਮੇਰੀ ਮਹਿਮਾ ਕਰਨ ਲਈ ਸਾਲ ਵਿਚ ਤਿੰਨ ਵਾਰ ਤਿਉਹਾਰ ਮਨਾਈਂ।+ 15 ਤੂੰ ਬੇਖਮੀਰੀ ਰੋਟੀ ਦਾ ਤਿਉਹਾਰ ਮਨਾਈਂ।+ ਤੂੰ ਬੇਖਮੀਰੀ ਰੋਟੀ ਖਾਈਂ, ਠੀਕ ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਸੀ; ਤੂੰ ਅਬੀਬ+ ਮਹੀਨੇ ਦੌਰਾਨ ਮਿਥੇ ਹੋਏ ਸਮੇਂ ਤੇ ਸੱਤ ਦਿਨ ਇਸ ਤਰ੍ਹਾਂ ਕਰੀਂ ਕਿਉਂਕਿ ਤੂੰ ਉਸ ਸਮੇਂ ਮਿਸਰ ਵਿੱਚੋਂ ਨਿਕਲਿਆ ਸੀ। ਕੋਈ ਵੀ ਮੇਰੇ ਸਾਮ੍ਹਣੇ ਖਾਲੀ ਹੱਥ ਹਾਜ਼ਰ ਨਾ ਹੋਵੇ।+ 16 ਤੂੰ ਵਾਢੀ ਦਾ ਤਿਉਹਾਰ* ਵੀ ਮਨਾਈਂ ਜਦ ਤੂੰ ਆਪਣੇ ਖੇਤ ਦਾ ਪਹਿਲਾ ਫਲ ਇਕੱਠਾ ਕਰੇਂਗਾ;+ ਨਾਲੇ ਸਾਲ ਦੇ ਅਖ਼ੀਰ ਵਿਚ ਫ਼ਸਲ ਇਕੱਠੀ ਕਰਨ ਦਾ ਤਿਉਹਾਰ ਵੀ ਮਨਾਈਂ ਜਦੋਂ ਤੂੰ ਆਪਣੀ ਮਿਹਨਤ ਦਾ ਫਲ ਇਕੱਠਾ ਕਰੇਂਗਾ।+ 17 ਸਾਲ ਵਿਚ ਤਿੰਨ ਵਾਰ ਤੁਹਾਡੇ ਸਾਰੇ ਆਦਮੀ ਸੱਚੇ ਪ੍ਰਭੂ ਯਹੋਵਾਹ ਅੱਗੇ ਹਾਜ਼ਰ ਹੋਣ।+

18 “ਤੂੰ ਮੇਰੀ ਬਲ਼ੀ ਦੇ ਲਹੂ ਨਾਲ ਕੋਈ ਵੀ ਖਮੀਰੀ ਚੀਜ਼ ਨਾ ਚੜ੍ਹਾਈਂ। ਮੇਰੇ ਤਿਉਹਾਰਾਂ ʼਤੇ ਚੜ੍ਹਾਈਆਂ ਚਰਬੀ ਦੀਆਂ ਭੇਟਾਂ ਸਵੇਰ ਤਕ ਨਾ ਪਈਆਂ ਰਹਿਣ।

19 “ਤੂੰ ਆਪਣੀ ਜ਼ਮੀਨ ਦੀ ਪਹਿਲੀ ਪੈਦਾਵਾਰ ਦਾ ਸਭ ਤੋਂ ਉੱਤਮ ਫਲ ਆਪਣੇ ਪਰਮੇਸ਼ੁਰ ਯਹੋਵਾਹ ਦੇ ਘਰ ਲਿਆਈਂ।+

“ਤੂੰ ਮੇਮਣੇ ਨੂੰ ਉਸ ਦੀ ਮਾਂ ਦੇ ਦੁੱਧ ਵਿਚ ਨਾ ਉਬਾਲੀਂ।+

20 “ਮੈਂ ਤੁਹਾਡੇ ਅੱਗੇ-ਅੱਗੇ ਆਪਣਾ ਦੂਤ ਘੱਲ ਰਿਹਾ ਹਾਂ+ ਜੋ ਰਾਹ ਵਿਚ ਤੁਹਾਡੀ ਰੱਖਿਆ ਕਰੇਗਾ ਅਤੇ ਤੁਹਾਨੂੰ ਉਸ ਜਗ੍ਹਾ ਲੈ ਜਾਵੇਗਾ ਜੋ ਮੈਂ ਤੁਹਾਡੇ ਲਈ ਤਿਆਰ ਕੀਤੀ ਹੈ।+ 21 ਤੁਸੀਂ ਉਸ ਦੀ ਗੱਲ ਵੱਲ ਧਿਆਨ ਦਿਓ ਅਤੇ ਉਸ ਦਾ ਕਹਿਣਾ ਮੰਨਿਓ। ਉਸ ਦੇ ਖ਼ਿਲਾਫ਼ ਬਗਾਵਤ ਨਾ ਕਰਿਓ। ਜੇ ਤੁਸੀਂ ਬਗਾਵਤ ਕੀਤੀ, ਤਾਂ ਉਹ ਤੁਹਾਡੇ ਅਪਰਾਧਾਂ ਨੂੰ ਮਾਫ਼ ਨਹੀਂ ਕਰੇਗਾ+ ਕਿਉਂਕਿ ਉਹ ਮੇਰੇ ਨਾਂ ʼਤੇ ਆਉਂਦਾ ਹੈ। 22 ਪਰ ਜੇ ਤੁਸੀਂ ਧਿਆਨ ਨਾਲ ਉਸ ਦਾ ਕਹਿਣਾ ਮੰਨੋਗੇ ਅਤੇ ਉਹ ਸਭ ਕੁਝ ਕਰੋਗੇ ਜੋ ਮੈਂ ਕਹਿੰਦਾ ਹਾਂ, ਤਾਂ ਮੈਂ ਤੁਹਾਡੇ ਦੁਸ਼ਮਣਾਂ ਦੇ ਖ਼ਿਲਾਫ਼ ਕਦਮ ਚੁੱਕਾਂਗਾ ਅਤੇ ਤੁਹਾਡੇ ਵਿਰੋਧੀਆਂ ਦਾ ਵਿਰੋਧ ਕਰਾਂਗਾ। 23 ਮੇਰਾ ਦੂਤ ਤੁਹਾਡੇ ਅੱਗੇ-ਅੱਗੇ ਜਾਵੇਗਾ ਅਤੇ ਉਹ ਤੁਹਾਨੂੰ ਅਮੋਰੀਆਂ, ਹਿੱਤੀਆਂ, ਪਰਿੱਜੀਆਂ, ਕਨਾਨੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਦੇਸ਼ ਲੈ ਜਾਵੇਗਾ ਅਤੇ ਮੈਂ ਉਨ੍ਹਾਂ ਨੂੰ ਨਾਸ਼ ਕਰ ਦਿਆਂਗਾ।+ 24 ਤੁਸੀਂ ਉਨ੍ਹਾਂ ਦੇ ਦੇਵੀ-ਦੇਵਤਿਆਂ ਨੂੰ ਮੱਥਾ ਨਾ ਟੇਕਿਓ ਜਾਂ ਉਨ੍ਹਾਂ ਦੇ ਪਿੱਛੇ ਲੱਗ ਕੇ ਉਨ੍ਹਾਂ ਦੀ ਭਗਤੀ ਨਾ ਕਰਿਓ। ਤੁਸੀਂ ਉਨ੍ਹਾਂ ਵਰਗੇ ਕੰਮ ਨਾ ਕਰਿਓ,+ ਸਗੋਂ ਉਨ੍ਹਾਂ ਦੇ ਬੁੱਤ ਤੋੜ ਦਿਓ ਅਤੇ ਉਨ੍ਹਾਂ ਦੇ ਪੂਜਾ-ਥੰਮ੍ਹ ਚਕਨਾਚੂਰ ਕਰ ਦਿਓ।+ 25 ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਿਓ+ ਅਤੇ ਉਸ ਦੀ ਬਰਕਤ ਨਾਲ ਤੁਹਾਨੂੰ ਰੋਟੀ ਅਤੇ ਪਾਣੀ ਮਿਲਦਾ ਰਹੇਗਾ।+ ਮੈਂ ਤੁਹਾਡੇ ਵਿੱਚੋਂ ਬੀਮਾਰੀਆਂ ਖ਼ਤਮ ਕਰ ਦਿਆਂਗਾ।+ 26 ਤੁਹਾਡੇ ਦੇਸ਼ ਦੀਆਂ ਔਰਤਾਂ ਦਾ ਗਰਭ ਨਹੀਂ ਡਿਗੇਗਾ ਅਤੇ ਨਾ ਹੀ ਉਹ ਬਾਂਝ ਹੋਣਗੀਆਂ।+ ਮੈਂ ਤੁਹਾਨੂੰ ਲੰਬੀ ਉਮਰ ਬਖ਼ਸ਼ਾਂਗਾ।

27 “ਤੁਹਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਮੈਂ ਉਨ੍ਹਾਂ ਵਿਚ ਆਪਣਾ ਡਰ ਫੈਲਾ ਦਿਆਂਗਾ+ ਅਤੇ ਜਿਨ੍ਹਾਂ ਲੋਕਾਂ ਦਾ ਤੁਸੀਂ ਸਾਮ੍ਹਣਾ ਕਰੋਗੇ, ਉਨ੍ਹਾਂ ਵਿਚ ਹਲਚਲ ਮਚਾ ਦਿਆਂਗਾ ਅਤੇ ਮੈਂ ਤੁਹਾਡੇ ਸਾਰੇ ਦੁਸ਼ਮਣਾਂ ਨੂੰ ਹਰਾ ਦਿਆਂਗਾ ਅਤੇ ਉਹ ਭੱਜ ਜਾਣਗੇ।+ 28 ਤੁਹਾਡੇ ਪਹੁੰਚਣ ਤੋਂ ਪਹਿਲਾਂ ਮੇਰੇ ਕਰਕੇ ਹਿੱਵੀ, ਕਨਾਨੀ ਅਤੇ ਹਿੱਤੀ ਦਿਲ ਹਾਰ ਜਾਣਗੇ*+ ਅਤੇ ਮੈਂ ਉਨ੍ਹਾਂ ਨੂੰ ਤੁਹਾਡੇ ਅੱਗਿਓਂ ਕੱਢ ਦਿਆਂਗਾ।+ 29 ਮੈਂ ਇੱਕੋ ਸਾਲ ਵਿਚ ਉਨ੍ਹਾਂ ਨੂੰ ਤੁਹਾਡੇ ਸਾਮ੍ਹਣਿਓਂ ਨਹੀਂ ਕੱਢਾਂਗਾ। ਨਹੀਂ ਤਾਂ ਦੇਸ਼ ਵੀਰਾਨ ਹੋ ਜਾਵੇਗਾ ਅਤੇ ਉੱਥੇ ਜੰਗਲੀ ਜਾਨਵਰਾਂ ਦੀ ਗਿਣਤੀ ਇੰਨੀ ਵਧ ਜਾਵੇਗੀ ਕਿ ਉਹ ਤੁਹਾਡੇ ਲਈ ਖ਼ਤਰਾ ਬਣ ਜਾਣਗੇ।+ 30 ਮੈਂ ਥੋੜ੍ਹੇ-ਥੋੜ੍ਹੇ ਕਰ ਕੇ ਉਨ੍ਹਾਂ ਨੂੰ ਤੁਹਾਡੇ ਅੱਗਿਓਂ ਕੱਢਾਂਗਾ ਜਦ ਤਕ ਤੁਹਾਡੀ ਆਬਾਦੀ ਵਧ ਨਹੀਂ ਜਾਂਦੀ ਤੇ ਤੁਸੀਂ ਇਸ ਦੇਸ਼ ਉੱਤੇ ਕਬਜ਼ਾ ਨਹੀਂ ਕਰ ਲੈਂਦੇ।+

31 “ਮੈਂ ਤੁਹਾਡੀ ਹੱਦ ਲਾਲ ਸਮੁੰਦਰ ਤੋਂ ਲੈ ਕੇ ਫਲਿਸਤੀਆਂ ਦੇ ਸਮੁੰਦਰ ਤਕ ਅਤੇ ਉਜਾੜ ਤੋਂ ਲੈ ਕੇ ਦਰਿਆ ਤਕ ਠਹਿਰਾਵਾਂਗਾ।+ ਮੈਂ ਉਸ ਦੇਸ਼ ਦੇ ਸਾਰੇ ਵਾਸੀਆਂ ਨੂੰ ਤੁਹਾਡੇ ਹੱਥ ਵਿਚ ਕਰ ਦਿਆਂਗਾ ਅਤੇ ਤੁਸੀਂ ਉਨ੍ਹਾਂ ਨੂੰ ਆਪਣੇ ਅੱਗਿਓਂ ਕੱਢ ਦਿਓਗੇ।+ 32 ਤੁਸੀਂ ਉਨ੍ਹਾਂ ਨਾਲ ਜਾਂ ਉਨ੍ਹਾਂ ਦੇ ਦੇਵੀ-ਦੇਵਤਿਆਂ ਨਾਲ ਇਕਰਾਰ ਨਾ ਕਰਿਓ।+ 33 ਤੁਸੀਂ ਉਨ੍ਹਾਂ ਨੂੰ ਆਪਣੇ ਦੇਸ਼ ਵਿਚ ਵੱਸਣ ਨਾ ਦਿਓ। ਨਹੀਂ ਤਾਂ ਉਹ ਤੁਹਾਨੂੰ ਆਪਣੇ ਪਿੱਛੇ ਲਾ ਕੇ ਤੁਹਾਡੇ ਤੋਂ ਮੇਰੇ ਖ਼ਿਲਾਫ਼ ਪਾਪ ਕਰਾਉਣਗੇ। ਜੇ ਤੁਸੀਂ ਉਨ੍ਹਾਂ ਦੇ ਦੇਵੀ-ਦੇਵਤਿਆਂ ਦੀ ਭਗਤੀ ਕਰੋਗੇ, ਤਾਂ ਇਹ ਜ਼ਰੂਰ ਤੁਹਾਡੇ ਲਈ ਫੰਦਾ ਬਣ ਜਾਵੇਗੀ।”+

24 ਫਿਰ ਉਸ ਨੇ ਮੂਸਾ ਨੂੰ ਕਿਹਾ: “ਤੂੰ, ਹਾਰੂਨ, ਨਾਦਾਬ, ਅਬੀਹੂ+ ਅਤੇ ਇਜ਼ਰਾਈਲ ਦੇ 70 ਬਜ਼ੁਰਗ ਯਹੋਵਾਹ ਕੋਲ ਉੱਪਰ ਜਾਓ। ਪਰ ਤੁਸੀਂ ਦੂਰੋਂ ਹੀ ਸਿਰ ਨਿਵਾਉਣਾ। 2 ਮੂਸਾ ਇਕੱਲਾ ਹੀ ਯਹੋਵਾਹ ਕੋਲ ਜਾਵੇ, ਪਰ ਦੂਸਰੇ ਉਸ ਕੋਲ ਨਾ ਜਾਣ। ਲੋਕਾਂ ਵਿੱਚੋਂ ਕੋਈ ਵੀ ਮੂਸਾ ਨਾਲ ਨਾ ਜਾਵੇ।”+

3 ਫਿਰ ਮੂਸਾ ਆਇਆ ਅਤੇ ਉਸ ਨੇ ਲੋਕਾਂ ਨੂੰ ਯਹੋਵਾਹ ਦੀਆਂ ਸਾਰੀਆਂ ਗੱਲਾਂ ਅਤੇ ਉਸ ਦੇ ਕਾਨੂੰਨਾਂ ਬਾਰੇ ਦੱਸਿਆ+ ਅਤੇ ਲੋਕਾਂ ਨੇ ਮਿਲ ਕੇ ਇਕ ਆਵਾਜ਼ ਵਿਚ ਕਿਹਾ: “ਅਸੀਂ ਉਹ ਸਭ ਕੁਝ ਖ਼ੁਸ਼ੀ-ਖ਼ੁਸ਼ੀ ਕਰਾਂਗੇ ਜੋ ਯਹੋਵਾਹ ਨੇ ਕਿਹਾ ਹੈ।”+ 4 ਮੂਸਾ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਲਿਖੀਆਂ।+ ਫਿਰ ਉਹ ਸਵੇਰੇ-ਸਵੇਰੇ ਉੱਠਿਆ ਅਤੇ ਪਹਾੜ ਦੇ ਥੱਲੇ ਇਕ ਵੇਦੀ ਬਣਾਈ ਅਤੇ ਇਜ਼ਰਾਈਲ ਦੇ 12 ਗੋਤਾਂ ਮੁਤਾਬਕ ਯਾਦਗਾਰ ਦੇ ਤੌਰ ਤੇ ਪੱਥਰਾਂ ਦੇ 12 ਥੰਮ੍ਹ ਬਣਾਏ। 5 ਉਸ ਤੋਂ ਬਾਅਦ ਉਸ ਨੇ ਇਜ਼ਰਾਈਲ ਦੇ ਕੁਝ ਨੌਜਵਾਨ ਆਦਮੀਆਂ ਨੂੰ ਘੱਲਿਆ ਅਤੇ ਉਨ੍ਹਾਂ ਨੇ ਯਹੋਵਾਹ ਸਾਮ੍ਹਣੇ ਹੋਮ-ਬਲ਼ੀਆਂ ਚੜ੍ਹਾਈਆਂ ਅਤੇ ਸ਼ਾਂਤੀ-ਬਲ਼ੀਆਂ+ ਲਈ ਬਲਦ ਚੜ੍ਹਾਏ। 6 ਫਿਰ ਮੂਸਾ ਨੇ ਅੱਧਾ ਖ਼ੂਨ ਕਟੋਰਿਆਂ ਵਿਚ ਪਾਇਆ ਅਤੇ ਅੱਧਾ ਖ਼ੂਨ ਵੇਦੀ ਉੱਤੇ ਛਿੜਕ ਦਿੱਤਾ। 7 ਫਿਰ ਉਸ ਨੇ ਇਕਰਾਰ ਦੀ ਕਿਤਾਬ ਲਈ ਅਤੇ ਉਸ ਨੂੰ ਲੋਕਾਂ ਸਾਮ੍ਹਣੇ ਉੱਚੀ ਆਵਾਜ਼ ਵਿਚ ਪੜ੍ਹਿਆ।+ ਉਨ੍ਹਾਂ ਨੇ ਕਿਹਾ: “ਅਸੀਂ ਉਹ ਸਭ ਕੁਝ ਖ਼ੁਸ਼ੀ-ਖ਼ੁਸ਼ੀ ਕਰਾਂਗੇ ਜੋ ਯਹੋਵਾਹ ਨੇ ਕਿਹਾ ਹੈ ਅਤੇ ਉਸ ਦਾ ਕਹਿਣਾ ਮੰਨਾਂਗੇ।”+ 8 ਫਿਰ ਮੂਸਾ ਨੇ ਉਹ ਖ਼ੂਨ ਲੈ ਕੇ ਲੋਕਾਂ ਉੱਤੇ ਛਿੜਕ ਦਿੱਤਾ+ ਅਤੇ ਕਿਹਾ: “ਇਹ ਉਸ ਇਕਰਾਰ ਦਾ ਲਹੂ ਹੈ ਜੋ ਯਹੋਵਾਹ ਨੇ ਤੁਹਾਡੇ ਨਾਲ ਇਨ੍ਹਾਂ ਸਾਰੀਆਂ ਗੱਲਾਂ ਅਨੁਸਾਰ ਕੀਤਾ ਹੈ।”+

9 ਫਿਰ ਮੂਸਾ, ਹਾਰੂਨ, ਨਾਦਾਬ, ਅਬੀਹੂ ਅਤੇ ਇਜ਼ਰਾਈਲ ਦੇ 70 ਬਜ਼ੁਰਗ ਉੱਪਰ ਗਏ, 10 ਅਤੇ ਉਨ੍ਹਾਂ ਨੇ ਇਜ਼ਰਾਈਲ ਦੇ ਪਰਮੇਸ਼ੁਰ ਨੂੰ ਦੇਖਿਆ।+ ਉਸ ਦੇ ਪੈਰਾਂ ਥੱਲੇ ਨੀਲਮ ਪੱਥਰ ਵਰਗਾ ਫ਼ਰਸ਼ ਸੀ ਜੋ ਆਕਾਸ਼ ਵਾਂਗ ਬਿਲਕੁਲ ਸਾਫ਼ ਸੀ।+ 11 ਪਰਮੇਸ਼ੁਰ ਨੇ ਇਜ਼ਰਾਈਲ ਦੇ ਉਨ੍ਹਾਂ ਮੰਨੇ-ਪ੍ਰਮੰਨੇ ਆਦਮੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ+ ਅਤੇ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਦਾ ਦਰਸ਼ਣ ਦੇਖਿਆ ਅਤੇ ਖਾਧਾ-ਪੀਤਾ।

12 ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਮੇਰੇ ਕੋਲ ਉੱਪਰ ਪਹਾੜ ʼਤੇ ਆ ਅਤੇ ਉੱਥੇ ਰਹਿ। ਮੈਂ ਤੈਨੂੰ ਪੱਥਰ ਦੀਆਂ ਫੱਟੀਆਂ ਦਿਆਂਗਾ ਜਿਨ੍ਹਾਂ ʼਤੇ ਮੈਂ ਕਾਨੂੰਨ ਅਤੇ ਹੁਕਮ ਲਿਖਾਂਗਾ ਤਾਂਕਿ ਲੋਕ ਇਨ੍ਹਾਂ ਨੂੰ ਸਿੱਖਣ।”+ 13 ਇਸ ਲਈ ਮੂਸਾ ਅਤੇ ਉਸ ਦਾ ਸੇਵਾਦਾਰ ਯਹੋਸ਼ੁਆ ਉੱਠੇ+ ਅਤੇ ਮੂਸਾ ਸੱਚੇ ਪਰਮੇਸ਼ੁਰ ਦੇ ਪਹਾੜ ਉੱਤੇ ਗਿਆ।+ 14 ਪਰ ਉਸ ਨੇ ਬਜ਼ੁਰਗਾਂ ਨੂੰ ਕਿਹਾ: “ਤੁਸੀਂ ਇੱਥੇ ਹੀ ਸਾਡਾ ਇੰਤਜ਼ਾਰ ਕਰੋ ਜਦੋਂ ਤਕ ਅਸੀਂ ਤੁਹਾਡੇ ਕੋਲ ਵਾਪਸ ਨਹੀਂ ਮੁੜ ਆਉਂਦੇ।+ ਹਾਰੂਨ ਅਤੇ ਹੂਰ+ ਤੁਹਾਡੇ ਨਾਲ ਰਹਿਣਗੇ। ਜੇ ਕਿਸੇ ਦਾ ਕੋਈ ਕਾਨੂੰਨੀ ਮਸਲਾ ਹੋਵੇ, ਤਾਂ ਉਹ ਇਨ੍ਹਾਂ ਕੋਲ ਆਵੇ।”+ 15 ਫਿਰ ਮੂਸਾ ਬੱਦਲ ਨਾਲ ਢਕੇ ਹੋਏ ਪਹਾੜ ʼਤੇ ਗਿਆ।+

16 ਯਹੋਵਾਹ ਦੀ ਮਹਿਮਾ+ ਸੀਨਈ ਪਹਾੜ+ ਉੱਤੇ ਛਾਈ ਰਹੀ ਅਤੇ ਬੱਦਲ ਨੇ ਪਹਾੜ ਨੂੰ ਛੇ ਦਿਨ ਢਕੀ ਰੱਖਿਆ। ਸੱਤਵੇਂ ਦਿਨ ਪਰਮੇਸ਼ੁਰ ਨੇ ਬੱਦਲ ਵਿੱਚੋਂ ਦੀ ਮੂਸਾ ਨਾਲ ਗੱਲ ਕੀਤੀ। 17 ਜੋ ਇਜ਼ਰਾਈਲੀ ਪਹਾੜ ਵੱਲ ਦੇਖ ਰਹੇ ਸਨ, ਉਨ੍ਹਾਂ ਨੇ ਪਹਾੜ ਦੀ ਚੋਟੀ ʼਤੇ ਯਹੋਵਾਹ ਦੀ ਮਹਿਮਾ ਦੇਖੀ ਜੋ ਭਸਮ ਕਰ ਦੇਣ ਵਾਲੀ ਅੱਗ ਵਰਗੀ ਲੱਗਦੀ ਸੀ। 18 ਮੂਸਾ ਬੱਦਲ ਵਿਚ ਚਲਾ ਗਿਆ ਅਤੇ ਪਹਾੜ ʼਤੇ ਚੜ੍ਹ ਗਿਆ।+ ਮੂਸਾ 40 ਦਿਨ ਅਤੇ 40 ਰਾਤਾਂ ਪਹਾੜ ʼਤੇ ਹੀ ਰਿਹਾ।+

25 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 2 “ਇਜ਼ਰਾਈਲੀਆਂ ਨੂੰ ਕਹਿ ਕਿ ਉਹ ਮੇਰੇ ਲਈ ਦਾਨ ਲੈ ਕੇ ਆਉਣ; ਜਿਸ ਦਾ ਵੀ ਦਿਲ ਉਸ ਨੂੰ ਦਾਨ ਦੇਣ ਲਈ ਪ੍ਰੇਰਦਾ ਹੈ, ਤੂੰ ਉਸ ਕੋਲੋਂ ਦਾਨ ਲਈਂ।+ 3 ਤੂੰ ਉਨ੍ਹਾਂ ਤੋਂ ਇਹ ਚੀਜ਼ਾਂ ਦਾਨ ਵਜੋਂ ਲਈਂ: ਸੋਨਾ,+ ਚਾਂਦੀ,+ ਤਾਂਬਾ,+ 4 ਨੀਲਾ ਧਾਗਾ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦਾ ਧਾਗਾ, ਵਧੀਆ ਮਲਮਲ, ਬੱਕਰੀ ਦੇ ਵਾਲ਼, 5 ਲਾਲ ਰੰਗ ਨਾਲ ਰੰਗੀਆਂ ਭੇਡੂਆਂ ਦੀਆਂ ਖੱਲਾਂ, ਸੀਲ ਮੱਛੀ ਦੀਆਂ ਖੱਲਾਂ, ਕਿੱਕਰ ਦੀ ਲੱਕੜ,+ 6 ਦੀਵਿਆਂ ਲਈ ਤੇਲ,+ ਪਵਿੱਤਰ ਤੇਲ+ ਤੇ ਖ਼ੁਸ਼ਬੂਦਾਰ ਧੂਪ+ ਬਣਾਉਣ ਲਈ ਬਲਸਾਨ ਅਤੇ 7 ਏਫ਼ੋਦ+ ਤੇ ਸੀਨੇਬੰਦ+ ਵਿਚ ਜੜਨ ਲਈ ਸੁਲੇਮਾਨੀ ਪੱਥਰ ਅਤੇ ਹੋਰ ਪੱਥਰ। 8 ਉਹ ਮੇਰੇ ਲਈ ਪਵਿੱਤਰ ਸਥਾਨ ਬਣਾਉਣ ਅਤੇ ਮੈਂ ਉਨ੍ਹਾਂ ਵਿਚ ਵੱਸਾਂਗਾ।+ 9 ਤੂੰ ਇਹ ਡੇਰਾ ਅਤੇ ਇਸ ਦਾ ਸਾਰਾ ਸਾਮਾਨ ਉਸੇ ਨਮੂਨੇ ਅਨੁਸਾਰ ਬਣਾਈਂ ਜਿਹੜਾ ਮੈਂ ਤੈਨੂੰ ਦਿਖਾਵਾਂਗਾ।+

10 “ਉਹ ਕਿੱਕਰ ਦੀ ਲੱਕੜ ਦਾ ਸੰਦੂਕ* ਬਣਾਉਣ ਜੋ ਢਾਈ ਹੱਥ* ਲੰਬਾ ਅਤੇ ਡੇਢ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਹੋਵੇ।+ 11 ਫਿਰ ਤੂੰ ਇਸ ਨੂੰ ਖਾਲਸ ਸੋਨੇ ਨਾਲ ਮੜ੍ਹੀਂ।+ ਤੂੰ ਇਸ ਨੂੰ ਅੰਦਰੋਂ-ਬਾਹਰੋਂ ਮੜ੍ਹੀਂ ਅਤੇ ਤੂੰ ਇਸ ਦੇ ਚਾਰੇ ਪਾਸੇ ਸੋਨੇ ਦੀ ਬਨੇਰੀ ਬਣਾਈਂ।+ 12 ਅਤੇ ਤੂੰ ਸੋਨਾ ਢਾਲ ਕੇ ਬਣਾਏ ਚਾਰ ਛੱਲੇ ਇਸ ਦੇ ਚਾਰੇ ਪਾਵਿਆਂ ਤੋਂ ਉੱਪਰ ਲਾਈਂ, ਦੋ ਛੱਲੇ ਇਕ ਪਾਸੇ ਅਤੇ ਦੋ ਛੱਲੇ ਦੂਜੇ ਪਾਸੇ। 13 ਤੂੰ ਕਿੱਕਰ ਦੀ ਲੱਕੜ ਦੇ ਡੰਡੇ ਬਣਾਈਂ ਅਤੇ ਇਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ।+ 14 ਫਿਰ ਤੂੰ ਸੰਦੂਕ ਦੇ ਦੋਵੇਂ ਪਾਸਿਆਂ ʼਤੇ ਲੱਗੇ ਛੱਲਿਆਂ ਵਿਚ ਇਹ ਡੰਡੇ ਪਾਈਂ ਤਾਂਕਿ ਇਨ੍ਹਾਂ ਡੰਡਿਆਂ ਨਾਲ ਸੰਦੂਕ ਨੂੰ ਚੁੱਕਿਆ ਜਾ ਸਕੇ। 15 ਇਹ ਡੰਡੇ ਸੰਦੂਕ ʼਤੇ ਲੱਗੇ ਛੱਲਿਆਂ ਵਿਚ ਹੀ ਰਹਿਣ; ਇਨ੍ਹਾਂ ਨੂੰ ਛੱਲਿਆਂ ਵਿੱਚੋਂ ਕੱਢਿਆ ਨਾ ਜਾਵੇ।+ 16 ਤੂੰ ਸੰਦੂਕ ਵਿਚ ਗਵਾਹੀ ਦੀਆਂ ਫੱਟੀਆਂ ਰੱਖੀਂ ਜੋ ਮੈਂ ਤੈਨੂੰ ਦਿਆਂਗਾ।+

17 “ਤੂੰ ਇਸ ਦਾ ਢੱਕਣ ਖਾਲਸ ਸੋਨੇ ਦਾ ਬਣਾਈਂ। ਇਹ ਢਾਈ ਹੱਥ ਲੰਬਾ ਅਤੇ ਡੇਢ ਹੱਥ ਚੌੜਾ ਹੋਵੇ।+ 18 ਤੂੰ ਸੋਨੇ ਦੇ ਦੋ ਕਰੂਬੀ ਬਣਾਈਂ; ਤੂੰ ਸੋਨੇ ਨੂੰ ਹਥੌੜੇ ਨਾਲ ਕੁੱਟ ਕੇ ਇਨ੍ਹਾਂ ਨੂੰ ਬਣਾਈਂ ਅਤੇ ਸੰਦੂਕ ਦੇ ਢੱਕਣ ਦੇ ਦੋਵੇਂ ਸਿਰਿਆਂ ʼਤੇ ਰੱਖੀਂ।+ 19 ਤੂੰ ਇਹ ਕਰੂਬੀ ਢੱਕਣ ਦੇ ਦੋਵੇਂ ਸਿਰਿਆਂ ʼਤੇ ਰੱਖੀਂ, ਇਕ ਕਰੂਬੀ ਇਕ ਸਿਰੇ ʼਤੇ ਅਤੇ ਦੂਜਾ ਕਰੂਬੀ ਦੂਜੇ ਸਿਰੇ ʼਤੇ। 20 ਕਰੂਬੀਆਂ ਨੇ ਆਪਣੇ ਦੋਵੇਂ ਖੰਭ ਉੱਪਰ ਵੱਲ ਫੈਲਾਏ ਹੋਣ ਅਤੇ ਆਪਣੇ ਖੰਭਾਂ ਨਾਲ ਸੰਦੂਕ ਦੇ ਢੱਕਣ ਨੂੰ ਢਕਿਆ ਹੋਵੇ+ ਅਤੇ ਉਹ ਦੋਵੇਂ ਇਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਹੋਣ। ਉਨ੍ਹਾਂ ਨੇ ਆਪਣੇ ਮੂੰਹ ਥੱਲੇ ਨੂੰ ਸੰਦੂਕ ਦੇ ਢੱਕਣ ਵੱਲ ਕੀਤੇ ਹੋਣ। 21 ਤੂੰ ਸੰਦੂਕ ਉੱਤੇ ਢੱਕਣ ਰੱਖੀਂ+ ਅਤੇ ਸੰਦੂਕ ਵਿਚ ਗਵਾਹੀ ਦੀਆਂ ਫੱਟੀਆਂ ਰੱਖੀਂ ਜਿਹੜੀਆਂ ਮੈਂ ਤੈਨੂੰ ਦਿਆਂਗਾ। 22 ਮੈਂ ਉੱਥੇ ਤੇਰੇ ਸਾਮ੍ਹਣੇ ਪ੍ਰਗਟ ਹੋਵਾਂਗਾ ਅਤੇ ਤੇਰੇ ਨਾਲ ਗੱਲ ਕਰਾਂਗਾ।+ ਮੈਂ ਗਵਾਹੀ ਦੇ ਸੰਦੂਕ ਉੱਤੇ ਰੱਖੇ ਦੋਵੇਂ ਕਰੂਬੀਆਂ ਦੇ ਵਿੱਚੋਂ ਦੀ ਤੈਨੂੰ ਹੁਕਮ ਦਿਆਂਗਾ ਅਤੇ ਤੂੰ ਉਹ ਹੁਕਮ ਇਜ਼ਰਾਈਲੀਆਂ ਨੂੰ ਦੇਈਂ।

23 “ਤੂੰ ਕਿੱਕਰ ਦੀ ਲੱਕੜ ਦਾ ਮੇਜ਼ ਵੀ ਬਣਾਈਂ।+ ਇਹ ਦੋ ਹੱਥ ਲੰਬਾ ਅਤੇ ਇਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਹੋਵੇ।+ 24 ਤੂੰ ਇਸ ਨੂੰ ਖਾਲਸ ਸੋਨੇ ਨਾਲ ਮੜ੍ਹੀਂ ਅਤੇ ਇਸ ਦੇ ਆਲੇ-ਦੁਆਲੇ ਸੋਨੇ ਦੀ ਬਨੇਰੀ ਬਣਾਈਂ। 25 ਤੂੰ ਇਸ ਦੇ ਆਲੇ-ਦੁਆਲੇ ਚੱਪਾ* ਕੁ ਚੌੜੀ ਫੱਟੀ ਲਾਈਂ ਅਤੇ ਇਸ ਦੇ ਆਲੇ-ਦੁਆਲੇ ਸੋਨੇ ਦੀ ਬਨੇਰੀ ਬਣਾਈਂ। 26 ਤੂੰ ਇਸ ਦੇ ਲਈ ਸੋਨੇ ਦੇ ਚਾਰ ਛੱਲੇ ਬਣਾਈਂ ਅਤੇ ਇਨ੍ਹਾਂ ਛੱਲਿਆਂ ਨੂੰ ਮੇਜ਼ ਦੇ ਚਾਰੇ ਕੋਨਿਆਂ ʼਤੇ ਉੱਥੇ ਲਾਈਂ ਜਿੱਥੇ ਇਸ ਦੀਆਂ ਲੱਤਾਂ ਜੋੜੀਆਂ ਜਾਣਗੀਆਂ। 27 ਇਹ ਛੱਲੇ ਫੱਟੀ ਦੇ ਲਾਗੇ ਲਾਏ ਜਾਣ ਤਾਂਕਿ ਇਨ੍ਹਾਂ ਵਿਚ ਡੰਡੇ ਪਾ ਕੇ ਮੇਜ਼ ਨੂੰ ਚੁੱਕਿਆ ਜਾ ਸਕੇ। 28 ਤੂੰ ਕਿੱਕਰ ਦੀ ਲੱਕੜ ਦੇ ਡੰਡੇ ਬਣਾਈਂ ਅਤੇ ਇਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ ਅਤੇ ਇਨ੍ਹਾਂ ਡੰਡਿਆਂ ਨਾਲ ਮੇਜ਼ ਨੂੰ ਚੁੱਕਿਆ ਜਾਵੇ।

29 “ਤੂੰ ਮੇਜ਼ ਲਈ ਥਾਲੀਆਂ, ਪਿਆਲੇ ਅਤੇ ਪੀਣ ਦੀ ਭੇਟ ਚੜ੍ਹਾਉਣ ਲਈ ਗੜਵੇ ਤੇ ਕਟੋਰੇ ਬਣਾਈਂ। ਤੂੰ ਇਹ ਸਾਰਾ ਕੁਝ ਖਾਲਸ ਸੋਨੇ ਦਾ ਬਣਾਈਂ।+ 30 ਤੂੰ ਮੇਰੇ ਅੱਗੇ ਮੇਜ਼ ʼਤੇ ਹਮੇਸ਼ਾ ਚੜ੍ਹਾਵੇ ਦੀਆਂ ਰੋਟੀਆਂ ਰੱਖੀਂ।+

31 “ਤੂੰ ਖਾਲਸ ਸੋਨੇ ਦਾ ਸ਼ਮਾਦਾਨ ਬਣਾਈਂ।+ ਤੂੰ ਹਥੌੜੇ ਨਾਲ ਸੋਨੇ ਦੇ ਇੱਕੋ ਟੁਕੜੇ ਨੂੰ ਕੁੱਟ ਕੇ ਪੂਰਾ ਸ਼ਮਾਦਾਨ ਯਾਨੀ ਇਸ ਦਾ ਥੱਲਾ, ਇਸ ਦੀ ਡੰਡੀ, ਟਾਹਣੀਆਂ, ਫੁੱਲ, ਡੋਡੀਆਂ ਅਤੇ ਪੱਤੀਆਂ ਬਣਾਈਂ।+ 32 ਸ਼ਮਾਦਾਨ ਦੀ ਡੰਡੀ ʼਤੇ ਛੇ ਟਾਹਣੀਆਂ ਹੋਣ, ਤਿੰਨ ਟਾਹਣੀਆਂ ਇਕ ਪਾਸੇ ਤੇ ਤਿੰਨ ਟਾਹਣੀਆਂ ਦੂਸਰੇ ਪਾਸੇ। 33 ਇਕ ਪਾਸੇ ਦੀ ਹਰ ਟਾਹਣੀ ʼਤੇ ਬਦਾਮ ਦੇ ਫੁੱਲਾਂ ਵਰਗੇ ਤਿੰਨ ਫੁੱਲ ਹੋਣ ਅਤੇ ਉਨ੍ਹਾਂ ਫੁੱਲਾਂ ਵਿਚਕਾਰ ਵਾਰੀ-ਵਾਰੀ ਸਿਰ ਡੋਡੀਆਂ ਅਤੇ ਪੱਤੀਆਂ ਹੋਣ। ਅਤੇ ਦੂਸਰੇ ਪਾਸੇ ਦੀ ਹਰ ਟਾਹਣੀ ਉੱਤੇ ਵੀ ਬਦਾਮ ਦੇ ਫੁੱਲਾਂ ਵਰਗੇ ਤਿੰਨ ਫੁੱਲ ਹੋਣ ਅਤੇ ਉਨ੍ਹਾਂ ਫੁੱਲਾਂ ਵਿਚਕਾਰ ਵਾਰੀ-ਵਾਰੀ ਸਿਰ ਡੋਡੀਆਂ ਅਤੇ ਪੱਤੀਆਂ ਹੋਣ। ਸ਼ਮਾਦਾਨ ਦੀ ਡੰਡੀ ਦੀਆਂ ਛੇ ਟਾਹਣੀਆਂ ਇਸੇ ਤਰ੍ਹਾਂ ਬਣਾਈਆਂ ਜਾਣ। 34 ਸ਼ਮਾਦਾਨ ਦੀ ਡੰਡੀ ਉੱਤੇ ਬਦਾਮ ਦੇ ਫੁੱਲਾਂ ਵਰਗੇ ਚਾਰ ਫੁੱਲ ਹੋਣ ਅਤੇ ਉਨ੍ਹਾਂ ਵਿਚਕਾਰ ਵਾਰੀ-ਵਾਰੀ ਸਿਰ ਡੋਡੀਆਂ ਅਤੇ ਪੱਤੀਆਂ ਹੋਣ। 35 ਡੰਡੀ ਦੀਆਂ ਪਹਿਲੀਆਂ ਦੋ ਟਾਹਣੀਆਂ ਥੱਲੇ ਇਕ ਡੋਡੀ ਹੋਵੇ ਅਤੇ ਉਸ ਤੋਂ ਉੱਪਰਲੀਆਂ ਦੋ ਟਾਹਣੀਆਂ ਥੱਲੇ ਵੀ ਇਕ ਡੋਡੀ ਹੋਵੇ ਅਤੇ ਫਿਰ ਉਸ ਤੋਂ ਉੱਪਰਲੀਆਂ ਦੋ ਟਾਹਣੀਆਂ ਥੱਲੇ ਇਕ ਡੋਡੀ ਹੋਵੇ। ਸ਼ਮਾਦਾਨ ਦੀ ਡੰਡੀ ਦੀਆਂ ਸਾਰੀਆਂ ਛੇ ਟਾਹਣੀਆਂ ਥੱਲੇ ਇਸੇ ਤਰ੍ਹਾਂ ਕੀਤਾ ਜਾਵੇ। 36 ਖਾਲਸ ਸੋਨੇ ਦੇ ਇੱਕੋ ਟੁਕੜੇ ਨੂੰ ਹਥੌੜੇ ਨਾਲ ਕੁੱਟ ਕੇ ਡੋਡੀਆਂ, ਟਾਹਣੀਆਂ ਅਤੇ ਪੂਰਾ ਸ਼ਮਾਦਾਨ ਬਣਾਇਆ ਜਾਵੇ।+ 37 ਤੂੰ ਇਸ ਲਈ ਸੱਤ ਦੀਵੇ ਬਣਾਈਂ। ਜਦੋਂ ਇਹ ਦੀਵੇ ਬਾਲ਼ੇ ਜਾਣ, ਤਾਂ ਉਹ ਸ਼ਮਾਦਾਨ ਦੇ ਸਾਮ੍ਹਣੇ ਵਾਲੀ ਥਾਂ ਵਿਚ ਰੌਸ਼ਨੀ ਕਰਨਗੇ।+ 38 ਇਸ ਦੀਆਂ ਚਿਮਟੀਆਂ ਅਤੇ ਅੱਗ ਚੁੱਕਣ ਵਾਲੇ ਕੜਛੇ ਖਾਲਸ ਸੋਨੇ ਦੇ ਬਣਾਏ ਜਾਣ।+ 39 ਸ਼ਮਾਦਾਨ ਅਤੇ ਇਸ ਦਾ ਸਾਰਾ ਸਾਮਾਨ ਇਕ ਕਿੱਕਾਰ* ਖਾਲਸ ਸੋਨੇ ਦਾ ਬਣਾਇਆ। 40 ਤੂੰ ਧਿਆਨ ਨਾਲ ਸਾਰੀਆਂ ਚੀਜ਼ਾਂ ਉਸ ਨਮੂਨੇ ਮੁਤਾਬਕ ਬਣਾਈਂ ਜੋ ਤੈਨੂੰ ਪਹਾੜ ਉੱਤੇ ਦਿਖਾਇਆ ਗਿਆ ਹੈ।+

26 “ਤੂੰ ਡੇਰੇ+ ਲਈ ਦਸ ਪਰਦੇ ਬਣਾਈਂ। ਇਹ ਪਰਦੇ ਕੱਤੇ ਹੋਏ ਵਧੀਆ ਮਲਮਲ ਦੇ ਕੱਪੜੇ, ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਦੇ ਬਣਾਏ ਜਾਣ। ਤੂੰ ਉਨ੍ਹਾਂ ਉੱਤੇ ਕਢਾਈ ਕੱਢ ਕੇ ਕਰੂਬੀ+ ਬਣਾਈਂ।+ 2 ਹਰ ਪਰਦਾ 28 ਹੱਥ* ਲੰਬਾ ਅਤੇ 4 ਹੱਥ ਚੌੜਾ ਹੋਵੇ। ਸਾਰੇ ਪਰਦੇ ਇੱਕੋ ਨਾਪ ਦੇ ਹੋਣ।+ 3 ਪੰਜ ਪਰਦੇ ਇਕ-ਦੂਜੇ ਨਾਲ ਜੋੜੇ ਜਾਣ ਅਤੇ ਦੂਜੇ ਪੰਜ ਪਰਦੇ ਵੀ ਇਕ-ਦੂਜੇ ਨਾਲ ਜੋੜੇ ਜਾਣ। 4 ਤੂੰ ਅਖ਼ੀਰਲੇ ਪਰਦੇ ਦੇ ਬਾਹਰਲੇ ਪਾਸੇ ਨੀਲੇ ਧਾਗੇ ਦੀਆਂ ਲੁੱਪੀਆਂ ਬਣਾ ਕੇ ਲਾਈਂ ਅਤੇ ਦੂਸਰੇ ਅਖ਼ੀਰਲੇ ਪਰਦੇ ਦੇ ਬਾਹਰਲੇ ਪਾਸੇ ਵੀ ਲੁੱਪੀਆਂ ਲਾਈਂ ਜਿੱਥੇ ਇਹ ਦੋਵੇਂ ਮਿਲਣਗੇ। 5 ਤੂੰ ਪਰਦੇ ਦੇ ਇਕ ਪਾਸੇ 50 ਲੁੱਪੀਆਂ ਲਾਈਂ ਅਤੇ ਦੂਸਰੇ ਪਰਦੇ ਦੇ ਇਕ ਪਾਸੇ ਵੀ 50 ਲੁੱਪੀਆਂ ਲਾਈਂ ਤਾਂਕਿ ਜਿੱਥੇ ਇਹ ਪਰਦੇ ਜੋੜੇ ਜਾਣ, ਉੱਥੇ ਲੁੱਪੀਆਂ ਇਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਹੋਣ। 6 ਤੂੰ ਸੋਨੇ ਦੀਆਂ 50 ਚੂੰਢੀਆਂ ਬਣਾਈਂ ਅਤੇ ਉਨ੍ਹਾਂ ਨਾਲ ਪਰਦਿਆਂ ਨੂੰ ਜੋੜੀਂ ਤਾਂਕਿ ਸਾਰੇ ਪਰਦੇ ਜੁੜ ਕੇ ਡੇਰੇ ਵਾਸਤੇ ਇਕ ਵੱਡਾ ਪਰਦਾ ਬਣ ਜਾਵੇ।+

7 “ਤੂੰ ਡੇਰੇ ਦੇ ਤੰਬੂ ਉੱਤੇ ਪਾਉਣ ਲਈ ਬੱਕਰੀ ਦੇ ਵਾਲ਼ਾਂ+ ਦੇ ਵੀ ਪਰਦੇ ਬਣਾਈਂ। ਤੂੰ ਇਸ ਤਰ੍ਹਾਂ ਦੇ 11 ਪਰਦੇ ਬਣਾਈਂ।+ 8 ਹਰ ਪਰਦਾ 30 ਹੱਥ ਲੰਬਾ ਅਤੇ 4 ਹੱਥ ਚੌੜਾ ਹੋਵੇ। ਸਾਰੇ 11 ਪਰਦੇ ਇੱਕੋ ਨਾਪ ਦੇ ਹੋਣ। 9 ਤੂੰ ਪੰਜ ਪਰਦੇ ਇਕ-ਦੂਜੇ ਨਾਲ ਜੋੜੀਂ ਅਤੇ ਬਾਕੀ ਛੇ ਪਰਦੇ ਵੀ ਇਕ-ਦੂਜੇ ਨਾਲ ਜੋੜੀਂ। ਛੇਵੇਂ ਪਰਦੇ ਨੂੰ ਤੰਬੂ ਦੇ ਅਗਲੇ ਪਾਸੇ ਮੋੜ ਕੇ ਦੋਹਰਾ ਕਰ ਦੇਈਂ। 10 ਤੂੰ ਇਕ ਪਾਸੇ ਦੇ ਅਖ਼ੀਰਲੇ ਪਰਦੇ ਦੇ ਬਾਹਰਲੇ ਸਿਰੇ ʼਤੇ 50 ਲੁੱਪੀਆਂ ਲਾਈਂ ਅਤੇ ਦੂਸਰੇ ਪਾਸੇ ਦੇ ਅਖ਼ੀਰਲੇ ਪਰਦੇ ਦੇ ਬਾਹਰਲੇ ਸਿਰੇ ʼਤੇ ਵੀ 50 ਲੁੱਪੀਆਂ ਲਾਈਂ ਜਿੱਥੇ ਇਹ ਦੋਵੇਂ ਜੋੜੇ ਜਾਣਗੇ। 11 ਤੂੰ ਤਾਂਬੇ ਦੀਆਂ 50 ਚੂੰਢੀਆਂ ਬਣਾਈਂ ਅਤੇ ਲੁੱਪੀਆਂ ਨੂੰ ਚੂੰਢੀਆਂ ਲਾਈਂ ਤਾਂਕਿ ਸਾਰੇ ਪਰਦੇ ਜੁੜ ਕੇ ਇਕ ਵੱਡਾ ਪਰਦਾ ਬਣ ਜਾਵੇ। 12 ਤੰਬੂ ਦੇ ਪਿਛਲੇ ਪਾਸੇ ਪਰਦੇ ਦਾ ਕੁਝ ਹਿੱਸਾ ਵਾਧੂ ਹੋਵੇਗਾ। ਉਸ ਨੂੰ ਪਿੱਛੇ ਵੱਲ ਲਟਕਦਾ ਰਹਿਣ ਦੇਈਂ। 13 ਤੰਬੂ ਦੇ ਦੋਵੇਂ ਪਾਸਿਆਂ ʼਤੇ ਪਰਦੇ ਇਕ-ਇਕ ਹੱਥ ਲੰਬੇ ਹੋਣਗੇ। ਤੂੰ ਤੰਬੂ ਨੂੰ ਢਕਣ ਲਈ ਇਨ੍ਹਾਂ ਨੂੰ ਲਟਕਦਾ ਰਹਿਣ ਦੇਈਂ।

14 “ਤੂੰ ਤੰਬੂ ਨੂੰ ਢਕਣ ਲਈ ਲਾਲ ਰੰਗ ਨਾਲ ਰੰਗੀਆਂ ਭੇਡੂਆਂ ਦੀਆਂ ਖੱਲਾਂ ਦਾ ਇਕ ਪਰਦਾ ਬਣਾਈਂ ਅਤੇ ਫਿਰ ਉਸ ਉੱਪਰ ਪਾਉਣ ਲਈ ਸੀਲ ਮੱਛੀ ਦੀਆਂ ਖੱਲਾਂ ਦਾ ਇਕ ਪਰਦਾ ਬਣਾਈਂ।+

15 “ਤੂੰ ਤੰਬੂ ਵਾਸਤੇ ਕਿੱਕਰ ਦੀ ਲੱਕੜ ਦੇ ਚੌਖਟੇ*+ ਬਣਾਈਂ ਜੋ ਸਿੱਧੇ ਖੜ੍ਹੇ ਹੋਣ।+ 16 ਹਰ ਚੌਖਟਾ ਦਸ ਹੱਥ ਉੱਚਾ ਅਤੇ ਡੇਢ ਹੱਥ ਚੌੜਾ ਹੋਵੇ। 17 ਹਰ ਚੌਖਟੇ ਦੀਆਂ ਦੋ ਚੂਲਾਂ* ਹੋਣ ਜੋ ਇਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਹੋਣ। ਤੂੰ ਤੰਬੂ ਦੇ ਸਾਰੇ ਚੌਖਟੇ ਇਸੇ ਤਰ੍ਹਾਂ ਬਣਾਈਂ। 18 ਤੂੰ ਤੰਬੂ ਦੇ ਦੱਖਣ ਵਾਲੇ ਪਾਸੇ ਲਈ 20 ਚੌਖਟੇ ਬਣਾਈਂ।

19 “ਤੂੰ 20 ਚੌਖਟਿਆਂ ਲਈ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ 40 ਚੌਂਕੀਆਂ+ ਬਣਾਈਂ। ਇਕ ਚੌਖਟੇ ਦੀਆਂ ਦੋ ਚੂਲਾਂ ਲਈ ਦੋ ਚੌਂਕੀਆਂ ਵਰਤੀਆਂ ਜਾਣ। ਹਰ ਚੌਖਟੇ ਥੱਲੇ ਇਸੇ ਤਰ੍ਹਾਂ ਹੋਵੇ।+ 20 ਤੰਬੂ ਦੇ ਦੂਸਰੇ ਪਾਸੇ ਯਾਨੀ ਉੱਤਰ ਵਾਲੇ ਪਾਸੇ ਲਈ ਵੀ 20 ਚੌਖਟੇ ਬਣਾਈਂ। 21 ਅਤੇ ਉਨ੍ਹਾਂ ਲਈ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ 40 ਚੌਂਕੀਆਂ ਬਣਾਈਂ। ਇਕ ਚੌਖਟੇ ਦੀਆਂ ਦੋ ਚੂਲਾਂ ਲਈ ਦੋ ਚੌਂਕੀਆਂ ਵਰਤੀਆਂ ਜਾਣ। ਹਰ ਚੌਖਟੇ ਥੱਲੇ ਇਸੇ ਤਰ੍ਹਾਂ ਹੋਵੇ। 22 ਤੰਬੂ ਦੇ ਪਿਛਲੇ ਪਾਸੇ ਯਾਨੀ ਪੱਛਮ ਵਾਲੇ ਪਾਸੇ ਲਈ ਛੇ ਚੌਖਟੇ ਬਣਾਈਂ।+ 23 ਤੂੰ ਤੰਬੂ ਨੂੰ ਸਹਾਰਾ ਦੇਣ ਲਈ ਪਿਛਲੇ ਪਾਸੇ ਦੇ ਦੋਵੇਂ ਖੂੰਜਿਆਂ ਲਈ ਦੋ ਚੌਖਟੇ ਬਣਾਈਂ। 24 ਇਸ ਚੌਖਟੇ ਦੇ ਥੱਲੇ ਤੋਂ ਲੈ ਕੇ ਉੱਪਰ ਤਕ ਦੋ ਹਿੱਸੇ ਹੋਣ ਜੋ ਪਹਿਲੇ ਛੱਲੇ ʼਤੇ ਜੋੜੇ ਜਾਣ। ਦੂਸਰਾ ਚੌਖਟਾ ਵੀ ਇਸੇ ਤਰ੍ਹਾਂ ਬਣਾਇਆ ਜਾਵੇ। 25 ਤੂੰ ਅੱਠ ਚੌਖਟੇ ਬਣਾਈਂ ਅਤੇ ਉਨ੍ਹਾਂ ਲਈ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ 16 ਚੌਂਕੀਆਂ ਬਣਾਈਂ। ਇਕ ਚੌਖਟੇ ਦੀਆਂ ਦੋ ਚੂਲਾਂ ਲਈ ਦੋ ਚੌਂਕੀਆਂ ਵਰਤੀਆਂ ਜਾਣ। ਹਰ ਚੌਖਟੇ ਥੱਲੇ ਇਸੇ ਤਰ੍ਹਾਂ ਹੋਵੇ।

26 “ਤੂੰ ਤੰਬੂ ਦੇ ਇਕ ਪਾਸੇ ਦੇ ਚੌਖਟਿਆਂ ਲਈ ਕਿੱਕਰ ਦੀ ਲੱਕੜ ਦੇ ਪੰਜ ਡੰਡੇ ਬਣਾਈਂ।+ 27 ਤੰਬੂ ਦੇ ਦੂਸਰੇ ਪਾਸੇ ਦੇ ਚੌਖਟਿਆਂ ਲਈ ਪੰਜ ਡੰਡੇ ਅਤੇ ਤੰਬੂ ਦੇ ਪਿਛਲੇ ਪਾਸੇ ਦੇ ਯਾਨੀ ਪੱਛਮ ਵਾਲੇ ਪਾਸੇ ਦੇ ਚੌਖਟਿਆਂ ਲਈ ਵੀ ਪੰਜ ਡੰਡੇ ਬਣਾਈਂ। 28 ਵਿਚਕਾਰਲਾ ਡੰਡਾ ਚੌਖਟਿਆਂ ਦੇ ਅੱਧ ਵਿਚ ਲਾਇਆ ਜਾਵੇ ਅਤੇ ਚੌਖਟਿਆਂ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਕ ਜਾਵੇ।

29 “ਤੂੰ ਇਨ੍ਹਾਂ ਚੌਖਟਿਆਂ ਨੂੰ ਸੋਨੇ ਨਾਲ ਮੜ੍ਹੀਂ+ ਅਤੇ ਤੂੰ ਡੰਡਿਆਂ ਲਈ ਸੋਨੇ ਦੇ ਛੱਲੇ ਬਣਾਈਂ ਅਤੇ ਡੰਡਿਆਂ ਨੂੰ ਸੋਨੇ ਨਾਲ ਮੜ੍ਹੀਂ। 30 ਤੂੰ ਉਸ ਨਮੂਨੇ ਦੇ ਮੁਤਾਬਕ ਤੰਬੂ ਖੜ੍ਹਾ ਕਰੀਂ ਜੋ ਤੈਨੂੰ ਪਹਾੜ ਉੱਤੇ ਦਿਖਾਇਆ ਗਿਆ ਹੈ।+

31 “ਤੂੰ ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤੇ ਹੋਏ ਵਧੀਆ ਮਲਮਲ ਦੇ ਕੱਪੜੇ ਦਾ ਇਕ ਪਰਦਾ+ ਬਣਾਈਂ। ਤੂੰ ਇਸ ਉੱਤੇ ਕਢਾਈ ਕੱਢ ਕੇ ਕਰੂਬੀ ਬਣਾਈਂ। 32 ਤੂੰ ਇਹ ਪਰਦਾ ਕਿੱਕਰ ਦੀ ਲੱਕੜ ਦੇ ਬਣੇ ਚਾਰ ਥੰਮ੍ਹਾਂ ਉੱਤੇ ਲਾਈਂ। ਇਹ ਥੰਮ੍ਹ ਸੋਨੇ ਨਾਲ ਮੜ੍ਹੇ ਹੋਣ ਅਤੇ ਇਨ੍ਹਾਂ ਦੀਆਂ ਕੁੰਡੀਆਂ ਸੋਨੇ ਦੀਆਂ ਹੋਣ। ਇਨ੍ਹਾਂ ਥੰਮ੍ਹਾਂ ਨੂੰ ਖੜ੍ਹਾ ਕਰਨ ਲਈ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ ਚਾਰ ਚੌਂਕੀਆਂ ਬਣਾਈਆਂ ਜਾਣ। 33 ਤੂੰ ਚੂੰਢੀਆਂ* ਥੱਲੇ ਇਹ ਪਰਦਾ ਲਾਈਂ ਅਤੇ ਪਰਦੇ ਦੇ ਅੰਦਰਲੇ ਪਾਸੇ ਗਵਾਹੀ ਦਾ ਸੰਦੂਕ+ ਰੱਖੀਂ। ਇਹ ਪਰਦਾ ਪਵਿੱਤਰ+ ਅਤੇ ਅੱਤ ਪਵਿੱਤਰ ਕਮਰੇ+ ਦੇ ਵਿਚ ਲੱਗਾ ਹੋਵੇ। 34 ਤੂੰ ਅੱਤ ਪਵਿੱਤਰ ਕਮਰੇ ਵਿਚ ਗਵਾਹੀ ਦੇ ਸੰਦੂਕ ਉੱਤੇ ਢੱਕਣ ਰੱਖੀਂ।

35 “ਤੂੰ ਪਰਦੇ ਦੇ ਬਾਹਰਲੇ ਪਾਸੇ ਮੇਜ਼ ਰੱਖੀਂ। ਇਹ ਮੇਜ਼ ਤੰਬੂ ਦੇ ਉੱਤਰ ਵਾਲੇ ਪਾਸੇ ਹੋਵੇ ਅਤੇ ਉਸ ਦੇ ਬਿਲਕੁਲ ਸਾਮ੍ਹਣੇ ਯਾਨੀ ਦੱਖਣ ਵਾਲੇ ਪਾਸੇ ਸ਼ਮਾਦਾਨ ਰੱਖੀਂ।+ 36 ਤੂੰ ਤੰਬੂ ਦੇ ਦਰਵਾਜ਼ੇ ਲਈ ਇਕ ਪਰਦਾ ਬਣਾਈਂ। ਇਹ ਪਰਦਾ ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤੇ ਹੋਏ ਵਧੀਆ ਮਲਮਲ ਦਾ ਬੁਣਿਆ ਹੋਵੇ।+ 37 ਤੂੰ ਇਸ ਪਰਦੇ ਲਈ ਕਿੱਕਰ ਦੀ ਲੱਕੜ ਦੇ ਪੰਜ ਥੰਮ੍ਹ ਬਣਾਈਂ ਅਤੇ ਇਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ। ਇਨ੍ਹਾਂ ਦੀਆਂ ਕੁੰਡੀਆਂ ਸੋਨੇ ਦੀਆਂ ਹੋਣ। ਇਨ੍ਹਾਂ ਥੰਮ੍ਹਾਂ ਨੂੰ ਖੜ੍ਹਾ ਕਰਨ ਲਈ ਤਾਂਬੇ ਦੀਆਂ ਸੁਰਾਖ਼ਾਂ ਵਾਲੀਆਂ ਪੰਜ ਚੌਂਕੀਆਂ ਬਣਾਈਆਂ ਜਾਣ।

27 “ਤੂੰ ਕਿੱਕਰ ਦੀ ਲੱਕੜ ਦੀ ਵੇਦੀ ਬਣਾਈਂ;+ ਇਹ ਪੰਜ ਹੱਥ* ਲੰਬੀ ਅਤੇ ਪੰਜ ਹੱਥ ਚੌੜੀ ਹੋਵੇ। ਇਹ ਚੌਰਸ ਹੋਵੇ ਅਤੇ ਇਹ ਤਿੰਨ ਹੱਥ ਉੱਚੀ ਹੋਵੇ।+ 2 ਤੂੰ ਇਸ ਦੇ ਚਾਰਾਂ ਕੋਨਿਆਂ ʼਤੇ ਸਿੰਗ+ ਬਣਾਈਂ। ਇਹ ਸਿੰਗ ਵੇਦੀ ਦੇ ਕੋਨਿਆਂ ਨੂੰ ਘੜ ਕੇ ਬਣਾਏ ਜਾਣ। ਤੂੰ ਵੇਦੀ ਨੂੰ ਤਾਂਬੇ ਨਾਲ ਮੜ੍ਹੀਂ।+ 3 ਤੂੰ ਵੇਦੀ ਤੋਂ ਸੁਆਹ* ਚੁੱਕਣ ਲਈ ਬਾਲਟੀਆਂ ਬਣਾਈਂ। ਨਾਲੇ ਬੇਲਚੇ, ਕਟੋਰੇ, ਕਾਂਟੇ ਅਤੇ ਅੱਗ ਚੁੱਕਣ ਵਾਲੇ ਕੜਛੇ ਵੀ ਬਣਾਈਂ। ਤੂੰ ਇਹ ਸਾਰੇ ਭਾਂਡੇ ਤਾਂਬੇ ਦੇ ਬਣਾਈਂ।+ 4 ਤੂੰ ਵੇਦੀ ਲਈ ਤਾਂਬੇ ਦੀ ਜਾਲ਼ੀ ਵੀ ਬਣਾਈਂ ਅਤੇ ਜਾਲ਼ੀ ਦੇ ਚਾਰੇ ਕੋਨਿਆਂ ਉੱਤੇ ਤਾਂਬੇ ਦੇ ਚਾਰ ਛੱਲੇ ਲਾਈਂ। 5 ਤੂੰ ਵੇਦੀ ਦੇ ਉੱਪਰਲੇ ਸਿਰੇ ਤੋਂ ਥੱਲੇ ਨੂੰ ਤਕਰੀਬਨ ਅੱਧ ਵਿਚ ਇਹ ਜਾਲ਼ੀ ਲਾਈਂ। 6 ਤੂੰ ਵੇਦੀ ਲਈ ਕਿੱਕਰ ਦੀ ਲੱਕੜ ਦੇ ਡੰਡੇ ਬਣਾ ਕੇ ਇਨ੍ਹਾਂ ਨੂੰ ਤਾਂਬੇ ਨਾਲ ਮੜ੍ਹੀਂ। 7 ਇਹ ਡੰਡੇ ਛੱਲਿਆਂ ਵਿਚ ਪਾਈਂ ਤਾਂਕਿ ਇਨ੍ਹਾਂ ਨਾਲ ਵੇਦੀ ਨੂੰ ਦੋਵੇਂ ਪਾਸਿਆਂ ਤੋਂ ਚੁੱਕਿਆ ਜਾ ਸਕੇ।+ 8 ਤੂੰ ਫੱਟਿਆਂ ਦੀ ਵੇਦੀ ਬਣਾਈਂ ਜੋ ਇਕ ਬਕਸੇ ਵਰਗੀ ਹੋਵੇ ਅਤੇ ਇਸ ਦਾ ਨਾ ਢੱਕਣ ਤੇ ਨਾ ਹੀ ਥੱਲਾ ਹੋਵੇ। ਤੂੰ ਵੇਦੀ ਉਸੇ ਤਰ੍ਹਾਂ ਦੀ ਬਣਾਈਂ ਜਿਸ ਤਰ੍ਹਾਂ ਦੀ ਤੈਨੂੰ ਪਹਾੜ ʼਤੇ ਦਿਖਾਈ ਗਈ ਸੀ।+

9 “ਤੂੰ ਡੇਰੇ ਲਈ ਵਿਹੜਾ ਵੀ ਬਣਾਈਂ।+ ਵਿਹੜੇ ਦੇ ਦੱਖਣ ਵਾਲੇ ਪਾਸੇ ਦੀ ਵਾੜ 100 ਹੱਥ ਲੰਬੀ ਹੋਵੇ ਅਤੇ ਇਸ ਲਈ ਕੱਤੇ ਹੋਏ ਵਧੀਆ ਮਲਮਲ ਦੇ ਪਰਦੇ ਬਣਾਈਂ।+ 10 ਵਾੜ ਲਈ ਤਾਂਬੇ ਦੇ 20 ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ 20 ਚੌਂਕੀਆਂ ਬਣਾਈਂ। ਥੰਮ੍ਹਾਂ ਲਈ ਚਾਂਦੀ ਦੀਆਂ ਕੁੰਡੀਆਂ ਅਤੇ ਛੱਲੇ ਬਣਾਈਂ। 11 ਵਿਹੜੇ ਦੇ ਉੱਤਰ ਵਾਲੇ ਪਾਸੇ ਦੀ ਵਾੜ ਵੀ 100 ਹੱਥ ਲੰਬੀ ਹੋਵੇ ਅਤੇ ਇਸ ਲਈ ਵੀ ਪਰਦੇ, 20 ਥੰਮ੍ਹ ਅਤੇ ਤਾਂਬੇ ਦੀਆਂ ਸੁਰਾਖ਼ਾਂ ਵਾਲੀਆਂ 20 ਚੌਂਕੀਆਂ ਅਤੇ ਥੰਮ੍ਹਾਂ ਲਈ ਚਾਂਦੀ ਦੀਆਂ ਕੁੰਡੀਆਂ ਅਤੇ ਛੱਲੇ ਬਣਾਈਂ। 12 ਵਿਹੜੇ ਦੇ ਪੱਛਮ ਵਾਲੇ ਪਾਸੇ ਦੀ ਵਾੜ 50 ਹੱਥ ਲੰਬੀ ਹੋਵੇ ਅਤੇ ਇਸ ਦੇ ਲਈ ਪਰਦੇ, ਦਸ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਦਸ ਚੌਂਕੀਆਂ ਬਣਾਈਂ। 13 ਵਿਹੜੇ ਦੇ ਪੂਰਬ ਵਾਲੇ ਪਾਸੇ ਯਾਨੀ ਸੂਰਜ ਦੇ ਚੜ੍ਹਦੇ ਪਾਸੇ ਵੱਲ ਵਾੜ 50 ਹੱਥ ਲੰਬੀ ਹੋਵੇ। 14 ਵਿਹੜੇ ਦੇ ਦਰਵਾਜ਼ੇ ਦੇ ਸੱਜੇ ਪਾਸੇ ਦੀ ਵਾੜ 15 ਹੱਥ ਲੰਬੀ ਹੋਵੇ ਅਤੇ ਇਸ ਲਈ ਤਿੰਨ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਤਿੰਨ ਚੌਂਕੀਆਂ ਹੋਣ।+ 15 ਅਤੇ ਖੱਬੇ ਪਾਸੇ ਦੀ ਵਾੜ ਵੀ 15 ਹੱਥ ਲੰਬੀ ਹੋਵੇ ਅਤੇ ਇਸ ਲਈ ਤਿੰਨ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਤਿੰਨ ਚੌਂਕੀਆਂ ਹੋਣ।

16 “ਵਿਹੜੇ ਦੇ ਦਰਵਾਜ਼ੇ ਲਈ ਨੀਲੇ ਧਾਗੇ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤੇ ਹੋਏ ਵਧੀਆ ਮਲਮਲ ਦਾ 20 ਹੱਥ ਲੰਬਾ ਪਰਦਾ ਬੁਣਿਆ ਜਾਵੇ+ ਅਤੇ ਇਸ ਲਈ ਚਾਰ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਚਾਰ ਚੌਂਕੀਆਂ ਵੀ ਬਣਾਈਆਂ ਜਾਣ।+ 17 ਵਿਹੜੇ ਦੇ ਸਾਰੇ ਥੰਮ੍ਹਾਂ ʼਤੇ ਚਾਂਦੀ ਦੇ ਛੱਲੇ ਅਤੇ ਕੁੰਡੀਆਂ ਲਾਈਆਂ ਜਾਣ, ਪਰ ਸੁਰਾਖ਼ਾਂ ਵਾਲੀਆਂ ਚੌਂਕੀਆਂ ਤਾਂਬੇ ਦੀਆਂ ਹੋਣ।+ 18 ਵਿਹੜੇ ਦੀ ਲੰਬਾਈ 100 ਹੱਥ,+ ਚੁੜਾਈ 50 ਹੱਥ ਅਤੇ ਇਸ ਦੀ ਵਾੜ ਦੀ ਉਚਾਈ 5 ਹੱਥ ਹੋਵੇ। ਇਹ ਕੱਤੇ ਹੋਏ ਵਧੀਆ ਮਲਮਲ ਦੀ ਬਣਾਈ ਜਾਵੇ ਅਤੇ ਇਸ ਲਈ ਤਾਂਬੇ ਦੀਆਂ ਸੁਰਾਖ਼ਾਂ ਵਾਲੀਆਂ ਚੌਂਕੀਆਂ ਬਣਾਈਆਂ ਜਾਣ। 19 ਡੇਰੇ ਵਿਚ ਸੇਵਾ ਲਈ ਵਰਤੇ ਜਾਣ ਵਾਲੇ ਸਾਰੇ ਭਾਂਡੇ ਅਤੇ ਹੋਰ ਚੀਜ਼ਾਂ, ਨਾਲੇ ਤੰਬੂ ਅਤੇ ਵਿਹੜੇ ਦੀਆਂ ਸਾਰੀਆਂ ਕਿੱਲੀਆਂ ਤਾਂਬੇ ਦੀਆਂ ਬਣਾਈਆਂ ਜਾਣ।+

20 “ਤੂੰ ਇਜ਼ਰਾਈਲੀਆਂ ਨੂੰ ਹੁਕਮ ਦੇ ਕਿ ਉਹ ਤੈਨੂੰ ਦੀਵਿਆਂ ਵਾਸਤੇ ਜ਼ੈਤੂਨ ਦਾ ਸ਼ੁੱਧ ਤੇਲ ਦੇਣ ਤਾਂਕਿ ਦੀਵੇ ਲਗਾਤਾਰ ਬਲ਼ਦੇ ਰਹਿਣ।+ 21 ਹਾਰੂਨ ਅਤੇ ਉਸ ਦੇ ਪੁੱਤਰ ਪ੍ਰਬੰਧ ਕਰਨ ਕਿ ਮੰਡਲੀ ਦੇ ਤੰਬੂ ਵਿਚ ਗਵਾਹੀ ਦੇ ਸੰਦੂਕ ਦੇ ਲਾਗੇ ਟੰਗੇ ਪਰਦੇ ਦੇ ਬਾਹਰ+ ਯਹੋਵਾਹ ਸਾਮ੍ਹਣੇ ਸ਼ਾਮ ਤੋਂ ਲੈ ਕੇ ਸਵੇਰ ਤਕ ਦੀਵੇ ਜਗਦੇ ਰਹਿਣ।+ ਇਜ਼ਰਾਈਲੀਆਂ ਨੇ ਪੀੜ੍ਹੀਓ-ਪੀੜ੍ਹੀ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨੀ ਹੈ।+

28 “ਤੂੰ ਇਜ਼ਰਾਈਲੀਆਂ ਵਿੱਚੋਂ ਆਪਣੇ ਭਰਾ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ, ਹਾਂ, ਹਾਰੂਨ+ ਅਤੇ ਉਸ ਦੇ ਪੁੱਤਰਾਂ+ ਨਾਦਾਬ, ਅਬੀਹੂ,+ ਅਲਆਜ਼ਾਰ ਅਤੇ ਈਥਾਮਾਰ+ ਨੂੰ ਬੁਲਾ ਤਾਂਕਿ ਉਹ ਮੇਰੇ ਪੁਜਾਰੀਆਂ ਵਜੋਂ ਸੇਵਾ ਕਰਨ।+ 2 ਤੂੰ ਆਪਣੇ ਭਰਾ ਹਾਰੂਨ ਦੀ ਮਹਿਮਾ ਅਤੇ ਸ਼ਾਨ ਲਈ ਪਵਿੱਤਰ ਲਿਬਾਸ ਬਣਾਈਂ।+ 3 ਤੂੰ ਉਨ੍ਹਾਂ ਸਾਰੇ ਕਾਰੀਗਰਾਂ* ਨਾਲ ਗੱਲ ਕਰੀਂ ਜਿਨ੍ਹਾਂ ਨੂੰ ਮੈਂ ਬੁੱਧ ਬਖ਼ਸ਼ੀ ਹੈ+ ਅਤੇ ਉਹ ਹਾਰੂਨ ਲਈ ਲਿਬਾਸ ਬਣਾਉਣਗੇ। ਇਹ ਲਿਬਾਸ ਇਸ ਗੱਲ ਦਾ ਸਬੂਤ ਹੋਵੇਗਾ ਕਿ ਉਸ ਨੂੰ ਪਵਿੱਤਰ ਕੀਤਾ ਗਿਆ ਹੈ ਅਤੇ ਉਹ ਮੇਰੇ ਪੁਜਾਰੀ ਵਜੋਂ ਸੇਵਾ ਕਰੇਗਾ।

4 “ਕਾਰੀਗਰ ਇਹ ਸਾਰੇ ਕੱਪੜੇ ਬਣਾਉਣ: ਇਕ ਸੀਨਾਬੰਦ,+ ਇਕ ਏਫ਼ੋਦ,+ ਇਕ ਬਿਨਾਂ ਬਾਹਾਂ ਵਾਲਾ ਕੁੜਤਾ,+ ਇਕ ਡੱਬੀਆਂ ਵਾਲਾ ਚੋਗਾ, ਇਕ ਪਗੜੀ+ ਅਤੇ ਲੱਕ ਲਈ ਪਟਕਾ;+ ਉਹ ਤੇਰੇ ਭਰਾ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਪਵਿੱਤਰ ਲਿਬਾਸ ਬਣਾਉਣਗੇ ਤਾਂਕਿ ਉਹ ਮੇਰੇ ਪੁਜਾਰੀਆਂ ਵਜੋਂ ਸੇਵਾ ਕਰਨ। 5 ਕਾਰੀਗਰ ਇਹ ਸਾਰੀਆਂ ਚੀਜ਼ਾਂ ਬਣਾਉਣ ਲਈ ਸੋਨੇ ਦੀਆਂ ਤਾਰਾਂ, ਨੀਲਾ ਧਾਗਾ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤਿਆ ਹੋਇਆ ਵਧੀਆ ਮਲਮਲ ਇਸਤੇਮਾਲ ਕਰਨ।

6 “ਉਹ ਏਫ਼ੋਦ ਬਣਾਉਣ ਲਈ ਸੋਨੇ ਦੀਆਂ ਤਾਰਾਂ, ਨੀਲਾ ਧਾਗਾ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦਾ ਧਾਗਾ ਅਤੇ ਕੱਤਿਆ ਹੋਇਆ ਵਧੀਆ ਮਲਮਲ ਇਸਤੇਮਾਲ ਕਰਨ ਅਤੇ ਇਸ ਉੱਤੇ ਕਢਾਈ ਕੀਤੀ ਜਾਵੇ।+ 7 ਇਸ ਦੇ ਅਗਲੇ ਅਤੇ ਪਿਛਲੇ ਹਿੱਸੇ ਨੂੰ ਮੋਢਿਆਂ ਦੀਆਂ ਕਾਤਰਾਂ ਨਾਲ ਜੋੜਿਆ ਜਾਵੇ। 8 ਏਫ਼ੋਦ ਨੂੰ ਬੰਨ੍ਹਣ ਲਈ ਇਸ ਉੱਤੇ ਵੱਧਰੀਆਂ+ ਲਾਈਆਂ ਜਾਣ। ਇਹ ਵੀ ਸੋਨੇ ਦੀਆਂ ਤਾਰਾਂ, ਨੀਲੇ ਧਾਗੇ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤੇ ਹੋਏ ਵਧੀਆ ਮਲਮਲ ਦੀਆਂ ਬੁਣੀਆਂ ਜਾਣ।

9 “ਤੂੰ ਦੋ ਸੁਲੇਮਾਨੀ ਪੱਥਰ+ ਲੈ ਕੇ ਉਨ੍ਹਾਂ ਉੱਤੇ ਇਜ਼ਰਾਈਲ ਦੇ ਪੁੱਤਰਾਂ ਦੇ ਨਾਂ ਉੱਕਰੀਂ।+ 10 ਉਨ੍ਹਾਂ ਦੀ ਉਮਰ ਅਨੁਸਾਰ ਛੇ ਨਾਂ ਇਕ ਪੱਥਰ ਉੱਤੇ ਅਤੇ ਬਾਕੀ ਛੇ ਨਾਂ ਦੂਸਰੇ ਪੱਥਰ ਉੱਤੇ ਉੱਕਰੇ ਜਾਣ। 11 ਪੱਥਰ ਉੱਤੇ ਨਕਾਸ਼ੀ ਕਰਨ ਵਾਲਾ ਕਾਰੀਗਰ ਦੋ ਸੁਲੇਮਾਨੀ ਪੱਥਰਾਂ ਉੱਤੇ ਇਜ਼ਰਾਈਲ ਦੇ ਪੁੱਤਰਾਂ ਦੇ ਨਾਂ ਉੱਕਰੇ, ਜਿਵੇਂ ਉਹ ਇਕ ਮੁਹਰ ਉੱਤੇ ਉਕਰਾਈ ਕਰਦਾ ਹੈ।+ ਫਿਰ ਤੂੰ ਉਨ੍ਹਾਂ ਨੂੰ ਸੋਨੇ ਦੇ ਖ਼ਾਨਿਆਂ ਵਿਚ ਜੜੀਂ। 12 ਤੂੰ ਇਹ ਦੋਵੇਂ ਪੱਥਰ ਏਫ਼ੋਦ ਦੇ ਮੋਢਿਆਂ ਉੱਤੇ ਲਾ ਦੇਈਂ ਅਤੇ ਇਹ ਪੱਥਰ ਇਜ਼ਰਾਈਲ ਦੇ ਪੁੱਤਰਾਂ ਲਈ ਯਾਦਗਾਰ ਵਜੋਂ ਹੋਣਗੇ।+ ਹਾਰੂਨ ਆਪਣੇ ਦੋਵੇਂ ਮੋਢਿਆਂ ਉੱਤੇ ਉਨ੍ਹਾਂ ਦੇ ਨਾਂ ਯਹੋਵਾਹ ਸਾਮ੍ਹਣੇ ਇਕ ਯਾਦਗਾਰ ਵਜੋਂ ਲੈ ਕੇ ਜਾਵੇ। 13 ਤੂੰ ਸੋਨੇ ਦੇ ਖ਼ਾਨੇ ਬਣਾਈਂ। 14 ਅਤੇ ਖਾਲਸ ਸੋਨੇ ਦੀਆਂ ਤਾਰਾਂ ਵੱਟ ਕੇ ਦੋ ਡੋਰੀਆਂ ਬਣਾਈਂ+ ਅਤੇ ਉਨ੍ਹਾਂ ਨੂੰ ਖ਼ਾਨਿਆਂ ਨਾਲ ਜੋੜ ਦੇਈਂ।+

15 “ਤੂੰ ਕਢਾਈ ਕੱਢਣ ਵਾਲੇ ਕਾਰੀਗਰ ਤੋਂ ਨਿਆਂ ਦਾ ਸੀਨਾਬੰਦ+ ਬਣਵਾਈਂ। ਇਸ ਨੂੰ ਏਫ਼ੋਦ ਵਾਂਗ ਸੋਨੇ ਦੀਆਂ ਤਾਰਾਂ, ਨੀਲੇ ਧਾਗੇ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤੇ ਹੋਏ ਵਧੀਆ ਮਲਮਲ ਦਾ ਬਣਾਇਆ ਜਾਵੇ।+ 16 ਜਦੋਂ ਇਸ ਨੂੰ ਦੋਹਰਾ ਕੀਤਾ ਜਾਵੇ, ਤਾਂ ਇਹ ਚੌਰਸ ਹੋਵੇ ਅਤੇ ਇਹ ਇਕ ਗਿੱਠ* ਲੰਬਾ ਅਤੇ ਇਕ ਗਿੱਠ ਚੌੜਾ ਹੋਵੇ। 17 ਤੂੰ ਇਸ ਉੱਤੇ ਚਾਰ ਕਤਾਰਾਂ ਵਿਚ ਪੱਥਰ ਜੜੀਂ। ਪਹਿਲੀ ਕਤਾਰ ਵਿਚ ਲਾਲ ਪੱਥਰ, ਪੁਖਰਾਜ ਅਤੇ ਪੰਨਾ, 18 ਦੂਸਰੀ ਕਤਾਰ ਵਿਚ ਫਿਰੋਜ਼ਾ, ਨੀਲਮ ਅਤੇ ਯਸ਼ਬ, 19 ਤੀਸਰੀ ਕਤਾਰ ਵਿਚ ‘ਲੀਸ਼ਮ’ ਪੱਥਰ,* ਅਕੀਕ, ਲਾਜਵਰਦ ਅਤੇ 20 ਚੌਥੀ ਕਤਾਰ ਵਿਚ ਸਬਜ਼ਾ, ਸੁਲੇਮਾਨੀ ਅਤੇ ਹਰਾ ਪੱਥਰ* ਜੜੇ ਜਾਣ। ਉਨ੍ਹਾਂ ਨੂੰ ਸੋਨੇ ਦੇ ਖ਼ਾਨਿਆਂ ਵਿਚ ਜੜਿਆ ਜਾਵੇ। 21 ਇਹ 12 ਪੱਥਰ ਇਜ਼ਰਾਈਲ ਦੇ 12 ਪੁੱਤਰਾਂ ਦੇ ਨਾਵਾਂ ਮੁਤਾਬਕ ਲਾਏ ਜਾਣ ਅਤੇ 12 ਗੋਤਾਂ ਮੁਤਾਬਕ ਹਰ ਪੱਥਰ ਉੱਤੇ ਇਕ ਗੋਤ ਦਾ ਨਾਂ ਉੱਕਰਿਆ ਜਾਵੇ, ਜਿਵੇਂ ਇਕ ਮੁਹਰ ਉੱਤੇ ਉਕਰਾਈ ਕੀਤੀ ਜਾਂਦੀ ਹੈ।

22 “ਤੂੰ ਖਾਲਸ ਸੋਨੇ ਦੀਆਂ ਤਾਰਾਂ ਵੱਟ ਕੇ ਡੋਰੀਆਂ ਬਣਾਈਂ ਅਤੇ ਉਨ੍ਹਾਂ ਨੂੰ ਸੀਨੇਬੰਦ ਉੱਤੇ ਲਾ ਦੇਈਂ।+ 23 ਤੂੰ ਸੀਨੇਬੰਦ ਲਈ ਸੋਨੇ ਦੇ ਦੋ ਛੱਲੇ ਬਣਾਈਂ ਅਤੇ ਉਨ੍ਹਾਂ ਛੱਲਿਆਂ ਨੂੰ ਸੀਨੇਬੰਦ ਦੇ ਦੋਵੇਂ ਸਿਰਿਆਂ ʼਤੇ ਲਾ ਦੇਈਂ। 24 ਤੂੰ ਸੀਨੇਬੰਦ ਦੇ ਸਿਰਿਆਂ ʼਤੇ ਲੱਗੇ ਛੱਲਿਆਂ ਵਿਚ ਸੋਨੇ ਦੀਆਂ ਦੋਵੇਂ ਡੋਰੀਆਂ ਪਾਈਂ। 25 ਤੂੰ ਦੋਵੇਂ ਡੋਰੀਆਂ ਦੇ ਦੂਸਰੇ ਸਿਰੇ ਦੋ ਖ਼ਾਨਿਆਂ ਵਿੱਚੋਂ ਦੀ ਲੰਘਾਈਂ ਅਤੇ ਉਨ੍ਹਾਂ ਖ਼ਾਨਿਆਂ ਨੂੰ ਏਫ਼ੋਦ ਦੇ ਮੋਢਿਆਂ ਉੱਤੇ ਸਾਮ੍ਹਣੇ ਪਾਸੇ ਲਾਈਂ। 26 ਤੂੰ ਸੋਨੇ ਦੇ ਦੋ ਛੱਲੇ ਬਣਾਈਂ ਅਤੇ ਉਨ੍ਹਾਂ ਨੂੰ ਸੀਨੇਬੰਦ ਦੇ ਹੇਠਲੇ ਦੋਵੇਂ ਸਿਰਿਆਂ ʼਤੇ ਅੰਦਰਲੇ ਪਾਸੇ ਲਾਈਂ ਜੋ ਏਫ਼ੋਦ ਵੱਲ ਹੈ।+ 27 ਤੂੰ ਸੋਨੇ ਦੇ ਦੋ ਹੋਰ ਛੱਲੇ ਬਣਾਈਂ ਅਤੇ ਉਨ੍ਹਾਂ ਨੂੰ ਉੱਥੇ ਲਾਈਂ ਜਿੱਥੇ ਏਫ਼ੋਦ ʼਤੇ ਬੁਣੀਆਂ ਹੋਈਆਂ ਵੱਧਰੀਆਂ ਲੱਗੀਆਂ ਹਨ ਯਾਨੀ ਏਫ਼ੋਦ ਦੇ ਸਾਮ੍ਹਣੇ ਵਾਲੇ ਪਾਸੇ, ਮੋਢਿਆਂ ਤੋਂ ਹੇਠਾਂ ਅਤੇ ਵੱਧਰੀਆਂ ਤੋਂ ਉੱਪਰ।+ 28 ਸੀਨੇਬੰਦ ਦੇ ਹੇਠਲੇ ਸਿਰੇ ʼਤੇ ਲੱਗੇ ਛੱਲਿਆਂ ਵਿਚ ਨੀਲੀ ਡੋਰੀ ਪਾ ਕੇ ਇਨ੍ਹਾਂ ਨੂੰ ਏਫ਼ੋਦ ʼਤੇ ਲੱਗੇ ਛੱਲਿਆਂ ਨਾਲ ਬੰਨ੍ਹਿਆ ਜਾਵੇ। ਇਸ ਨਾਲ ਸੀਨਾਬੰਦ ਵੱਧਰੀਆਂ ਤੋਂ ਉੱਪਰ ਏਫ਼ੋਦ ਉੱਤੇ ਟਿਕਿਆ ਰਹੇਗਾ।

29 “ਹਾਰੂਨ ਜਦੋਂ ਵੀ ਪਵਿੱਤਰ ਸਥਾਨ ਵਿਚ ਆਵੇ, ਤਾਂ ਉਹ ਹਮੇਸ਼ਾ ਯਹੋਵਾਹ ਸਾਮ੍ਹਣੇ ਇਕ ਯਾਦਗਾਰ ਵਜੋਂ ਆਪਣੇ ਦਿਲ ਉੱਤੇ ਨਿਆਂ ਦਾ ਸੀਨਾਬੰਦ ਪਾ ਕੇ ਆਵੇ ਜਿਸ ਉੱਤੇ ਇਜ਼ਰਾਈਲ ਦੇ ਪੁੱਤਰਾਂ ਦੇ ਨਾਂ ਉੱਕਰੇ ਗਏ ਹਨ। 30 ਤੂੰ ਨਿਆਂ ਦੇ ਸੀਨੇਬੰਦ ਵਿਚ ਊਰੀਮ ਅਤੇ ਤੁੰਮੀਮ*+ ਪਾਈਂ। ਜਦੋਂ ਵੀ ਹਾਰੂਨ ਯਹੋਵਾਹ ਸਾਮ੍ਹਣੇ ਆਵੇ, ਤਾਂ ਊਰੀਮ ਅਤੇ ਤੁੰਮੀਮ ਉਸ ਦੇ ਦਿਲ ਉੱਤੇ ਹੋਣ ਕਿਉਂਕਿ ਇਨ੍ਹਾਂ ਰਾਹੀਂ ਇਜ਼ਰਾਈਲੀਆਂ ਦਾ ਨਿਆਂ ਕੀਤਾ ਜਾਵੇਗਾ। ਉਹ ਹਮੇਸ਼ਾ ਯਹੋਵਾਹ ਸਾਮ੍ਹਣੇ ਇਨ੍ਹਾਂ ਨੂੰ ਆਪਣੇ ਦਿਲ ਉੱਤੇ ਰੱਖੇ।

31 “ਤੂੰ ਏਫ਼ੋਦ ਦੇ ਹੇਠਾਂ ਪਾਉਣ ਲਈ ਇਕ ਬਿਨਾਂ ਬਾਹਾਂ ਵਾਲਾ ਕੁੜਤਾ ਬਣਾਈਂ। ਇਹ ਕੁੜਤਾ ਸਿਰਫ਼ ਨੀਲੇ ਧਾਗੇ ਦਾ ਬਣਾਇਆ ਜਾਵੇ।+ 32 ਕੁੜਤੇ ਦਾ ਗਲ਼ਾ ਰੱਖਿਆ ਜਾਵੇ ਅਤੇ ਜੁਲਾਹਾ ਕੁੜਤੇ ਦੇ ਗਲ਼ੇ ਦੇ ਆਲੇ-ਦੁਆਲੇ ਕਿਨਾਰੀ ਬੁਣੇ। ਇਹ ਕਿਨਾਰੀ ਫ਼ੌਜੀ ਦੀ ਸੰਜੋਅ ਦੇ ਗਲ਼ੇ ਵਰਗੀ ਹੋਵੇ ਤਾਂਕਿ ਇਹ ਫਟੇ ਨਾ। 33 ਤੂੰ ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਦੇ ਅਨਾਰ ਬਣਾਈਂ ਅਤੇ ਉਨ੍ਹਾਂ ਨੂੰ ਕੁੜਤੇ ਦੇ ਘੇਰੇ ਉੱਤੇ ਲਾਈਂ। ਸੋਨੇ ਦੀਆਂ ਘੰਟੀਆਂ ਬਣਾ ਕੇ ਉਨ੍ਹਾਂ ਨੂੰ ਅਨਾਰਾਂ ਦੇ ਵਿਚਕਾਰ ਲਾਈਂ। 34 ਤੂੰ ਕੁੜਤੇ ਦੇ ਘੇਰੇ ਉੱਤੇ ਸੋਨੇ ਦੀ ਇਕ ਘੰਟੀ ਤੇ ਫਿਰ ਇਕ ਅਨਾਰ ਲਾਈਂ ਅਤੇ ਫਿਰ ਸੋਨੇ ਦੀ ਇਕ ਘੰਟੀ ਤੇ ਅਨਾਰ ਲਾਈਂ। ਤੂੰ ਪੂਰੇ ਘੇਰੇ ਉੱਤੇ ਇਨ੍ਹਾਂ ਨੂੰ ਇਸੇ ਤਰ੍ਹਾਂ ਲਾਈਂ। 35 ਜਦੋਂ ਹਾਰੂਨ ਪਵਿੱਤਰ ਸਥਾਨ ਵਿਚ ਯਹੋਵਾਹ ਸਾਮ੍ਹਣੇ ਅੰਦਰ ਆਵੇਗਾ ਅਤੇ ਬਾਹਰ ਜਾਵੇਗਾ, ਤਾਂ ਘੰਟੀਆਂ ਦੀ ਆਵਾਜ਼ ਸੁਣਾਈ ਦੇਵੇਗੀ। ਉਹ ਸੇਵਾ ਕਰਨ ਵੇਲੇ ਇਹ ਕੁੜਤਾ ਪਾਵੇ ਤਾਂਕਿ ਉਹ ਮਰ ਨਾ ਜਾਵੇ।+

36 “ਤੂੰ ਖਾਲਸ ਸੋਨੇ ਦੀ ਇਕ ਚਮਕਦੀ ਪੱਤਰੀ ਬਣਾਈਂ ਅਤੇ ਉਸ ਉੱਤੇ ਇਹ ਸ਼ਬਦ ਉੱਕਰੀਂ: ‘ਪਵਿੱਤਰਤਾ ਯਹੋਵਾਹ ਦੀ ਹੈ।’ ਇਹ ਸ਼ਬਦ ਇਸ ਤਰ੍ਹਾਂ ਉੱਕਰੇ ਜਾਣ ਜਿਵੇਂ ਇਕ ਮੁਹਰ ਉੱਤੇ ਉੱਕਰੇ ਜਾਂਦੇ ਹਨ।+ 37 ਤੂੰ ਇਸ ਨੂੰ ਪਗੜੀ ਉੱਤੇ ਨੀਲੀ ਡੋਰੀ ਨਾਲ ਬੰਨ੍ਹੀਂ;+ ਇਹ ਹਮੇਸ਼ਾ ਪਗੜੀ ਦੇ ਅਗਲੇ ਪਾਸੇ ਬੰਨ੍ਹੀ ਜਾਵੇ। 38 ਇਹ ਹਮੇਸ਼ਾ ਹਾਰੂਨ ਦੇ ਮੱਥੇ ਉੱਤੇ ਹੋਵੇ। ਜਦੋਂ ਕੋਈ ਉਨ੍ਹਾਂ ਪਵਿੱਤਰ ਚੀਜ਼ਾਂ ਦੇ ਖ਼ਿਲਾਫ਼ ਪਾਪ ਕਰੇ ਜਿਨ੍ਹਾਂ ਨੂੰ ਇਜ਼ਰਾਈਲੀ ਪਵਿੱਤਰ ਭੇਟ ਦੇ ਤੌਰ ਤੇ ਚੜ੍ਹਾਉਂਦੇ ਹਨ, ਤਾਂ ਹਾਰੂਨ ਇਸ ਲਈ ਜ਼ਿੰਮੇਵਾਰ ਹੋਵੇਗਾ।+ ਇਹ ਪੱਤਰੀ ਹਮੇਸ਼ਾ ਹਾਰੂਨ ਦੇ ਮੱਥੇ ਉੱਤੇ ਹੋਣੀ ਚਾਹੀਦੀ ਤਾਂਕਿ ਉਨ੍ਹਾਂ ਨੂੰ ਯਹੋਵਾਹ ਦੀ ਮਨਜ਼ੂਰੀ ਮਿਲੇ।

39 “ਤੂੰ ਵਧੀਆ ਮਲਮਲ ਤੋਂ ਡੱਬੀਆਂ ਵਾਲਾ ਚੋਗਾ ਬੁਣੀਂ, ਵਧੀਆ ਮਲਮਲ ਦੀ ਪਗੜੀ ਬਣਾਈਂ ਅਤੇ ਲੱਕ ਲਈ ਪਟਕਾ ਬੁਣੀਂ।+

40 “ਤੂੰ ਹਾਰੂਨ ਦੇ ਪੁੱਤਰਾਂ ਦੀ ਮਹਿਮਾ ਅਤੇ ਸ਼ਾਨ ਲਈ+ ਚੋਗੇ, ਲੱਕ ਲਈ ਪਟਕੇ ਅਤੇ ਪਗੜੀਆਂ ਬਣਾਈਂ।+ 41 ਤੂੰ ਆਪਣੇ ਭਰਾ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਇਹ ਕੱਪੜੇ ਪਾਈਂ ਅਤੇ ਉਨ੍ਹਾਂ ਦੇ ਸਿਰਾਂ ʼਤੇ ਤੇਲ ਪਾ ਕੇ+ ਉਨ੍ਹਾਂ ਨੂੰ ਪਵਿੱਤਰ ਕਰੀਂ ਅਤੇ ਮੇਰੇ ਪੁਜਾਰੀਆਂ ਵਜੋਂ ਸੇਵਾ ਕਰਨ ਲਈ ਨਿਯੁਕਤ ਕਰੀਂ।*+ 42 ਤੂੰ ਉਨ੍ਹਾਂ ਲਈ ਮਲਮਲ ਦੇ ਕਛਹਿਰੇ ਵੀ ਬਣਾਈਂ ਜਿਨ੍ਹਾਂ ਨਾਲ ਉਹ ਆਪਣਾ ਨੰਗੇਜ਼ ਢਕਣ।+ ਇਹ ਲੱਕ ਤੋਂ ਲੈ ਕੇ ਪੱਟਾਂ ਤਕ ਹੋਣ। 43 ਜਦੋਂ ਹਾਰੂਨ ਅਤੇ ਉਸ ਦੇ ਪੁੱਤਰ ਮੰਡਲੀ ਦੇ ਤੰਬੂ ਵਿਚ ਆਉਣ ਜਾਂ ਜਦੋਂ ਉਹ ਪਵਿੱਤਰ ਸਥਾਨ ਵਿਚ ਵੇਦੀ ਕੋਲ ਸੇਵਾ ਕਰਨ, ਤਾਂ ਉਨ੍ਹਾਂ ਨੇ ਕਛਹਿਰੇ ਪਾਏ ਹੋਣ ਤਾਂਕਿ ਉਹ ਦੋਸ਼ੀ ਨਾ ਠਹਿਰਨ ਅਤੇ ਮਰ ਨਾ ਜਾਣ। ਉਸ ਨੇ ਅਤੇ ਉਸ ਤੋਂ ਬਾਅਦ ਉਸ ਦੀ ਸੰਤਾਨ* ਨੇ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨੀ ਹੈ।

29 “ਤੂੰ ਉਨ੍ਹਾਂ ਨੂੰ ਪੁਜਾਰੀਆਂ ਵਜੋਂ ਮੇਰੀ ਸੇਵਾ ਕਰਨ ਲਈ ਇਸ ਤਰ੍ਹਾਂ ਪਵਿੱਤਰ ਕਰੀਂ: ਇਕ ਜਵਾਨ ਬਲਦ ਅਤੇ ਦੋ ਭੇਡੂ ਲਈਂ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ 2 ਨਾਲੇ ਬੇਖਮੀਰੀਆਂ ਰੋਟੀਆਂ, ਛੱਲੇ ਵਰਗੀਆਂ ਬੇਖਮੀਰੀਆਂ ਰੋਟੀਆਂ ਲਈਂ ਜੋ ਤੇਲ ਵਿਚ ਗੁੰਨ੍ਹ ਕੇ ਬਣਾਈਆਂ ਗਈਆਂ ਹੋਣ ਅਤੇ ਕੜਕ ਪਤਲੀਆਂ ਰੋਟੀਆਂ ਵੀ ਲਈਂ ਜੋ ਬੇਖਮੀਰੀਆਂ ਅਤੇ ਤੇਲ ਨਾਲ ਚੋਪੜੀਆਂ ਹੋਣ।+ ਤੂੰ ਇਹ ਰੋਟੀਆਂ ਮੈਦੇ ਦੀਆਂ ਬਣਾਈਂ 3 ਅਤੇ ਇਹ ਸਾਰੀਆਂ ਰੋਟੀਆਂ ਟੋਕਰੀ ਵਿਚ ਪਾ ਕੇ ਮੇਰੇ ਸਾਮ੍ਹਣੇ ਲਿਆਈਂ।+ ਨਾਲੇ ਬਲਦ ਤੇ ਦੋਵੇਂ ਭੇਡੂ ਵੀ ਲਿਆਈਂ।

4 “ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ+ ਕੋਲ ਲਿਆਈਂ ਅਤੇ ਉਨ੍ਹਾਂ ਨੂੰ ਨਹਾਉਣ ਦਾ ਹੁਕਮ ਦੇਈਂ।+ 5 ਫਿਰ ਤੂੰ ਹਾਰੂਨ ਦੇ ਚੋਗਾ, ਬਿਨਾਂ ਬਾਹਾਂ ਵਾਲਾ ਕੁੜਤਾ, ਏਫ਼ੋਦ ਤੇ ਸੀਨਾਬੰਦ ਪਾਈਂ ਅਤੇ ਏਫ਼ੋਦ ਲਈ ਬੁਣੀਆਂ ਹੋਈਆਂ ਵੱਧਰੀਆਂ ਉਸ ਦੇ ਲੱਕ ਦੁਆਲੇ ਕੱਸ ਕੇ ਬੰਨ੍ਹੀਂ।+ 6 ਤੂੰ ਉਸ ਦੇ ਸਿਰ ਉੱਤੇ ਪਗੜੀ ਰੱਖੀਂ ਅਤੇ ਪਗੜੀ ਉੱਤੇ ਸਮਰਪਣ ਦੀ ਪਵਿੱਤਰ ਨਿਸ਼ਾਨੀ* ਬੰਨ੍ਹੀਂ;+ 7 ਅਤੇ ਤੂੰ ਪਵਿੱਤਰ ਤੇਲ+ ਲਈਂ ਅਤੇ ਉਸ ਦੇ ਸਿਰ ਉੱਤੇ ਪਾ ਕੇ ਉਸ ਨੂੰ ਨਿਯੁਕਤ ਕਰੀਂ।+

8 “ਫਿਰ ਹਾਰੂਨ ਦੇ ਪੁੱਤਰਾਂ ਨੂੰ ਅੱਗੇ ਲਿਆਈਂ ਅਤੇ ਉਨ੍ਹਾਂ ਦੇ ਵੀ ਚੋਗੇ ਪਾਈਂ+ 9 ਅਤੇ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਲੱਕ ਦੁਆਲੇ ਪਟਕੇ ਅਤੇ ਸਿਰ ਉੱਤੇ ਪਗੜੀਆਂ ਬੰਨ੍ਹੀਂ। ਸਿਰਫ਼ ਹਾਰੂਨ ਦੇ ਪੁੱਤਰ ਹੀ ਪੁਜਾਰੀਆਂ ਵਜੋਂ ਮੇਰੀ ਸੇਵਾ ਕਰਨਗੇ। ਇਸ ਨਿਯਮ ਦੀ ਸਦਾ ਪਾਲਣਾ ਕੀਤੀ ਜਾਵੇ।+ ਇਸ ਤਰ੍ਹਾਂ ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਪੁਜਾਰੀਆਂ ਵਜੋਂ ਸੇਵਾ ਕਰਨ ਲਈ ਨਿਯੁਕਤ ਕਰੀਂ।*+

10 “ਫਿਰ ਤੂੰ ਬਲਦ ਨੂੰ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਲਿਆਈਂ ਅਤੇ ਹਾਰੂਨ ਅਤੇ ਉਸ ਦੇ ਪੁੱਤਰ ਬਲਦ ਦੇ ਸਿਰ ਉੱਤੇ ਆਪਣੇ ਹੱਥ ਰੱਖਣ।+ 11 ਤੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾਹ ਦੇ ਸਾਮ੍ਹਣੇ ਬਲਦ ਨੂੰ ਵੱਢੀਂ।+ 12 ਬਲਦ ਦਾ ਥੋੜ੍ਹਾ ਜਿਹਾ ਖ਼ੂਨ ਆਪਣੀ ਉਂਗਲ ਉੱਤੇ ਲਾ ਕੇ ਵੇਦੀ ਦੇ ਚਾਰੇ ਸਿੰਗਾਂ ʼਤੇ ਲਾਈਂ+ ਅਤੇ ਬਾਕੀ ਖ਼ੂਨ ਵੇਦੀ ਕੋਲ ਡੋਲ੍ਹ ਦੇਈਂ।+ 13 ਫਿਰ ਸਾਰੀ ਚਰਬੀ+ ਜਿਹੜੀ ਬਲਦ ਦੀਆਂ ਆਂਦਰਾਂ ਨੂੰ ਢਕਦੀ ਹੈ ਅਤੇ ਕਲੇਜੀ ਉੱਪਰਲੀ ਚਰਬੀ ਅਤੇ ਦੋਵੇਂ ਗੁਰਦਿਆਂ ਉੱਪਰਲੀ ਚਰਬੀ ਤੇ ਦੋਵੇਂ ਗੁਰਦੇ ਵੇਦੀ ʼਤੇ ਸਾੜ ਦੇਈਂ ਤਾਂਕਿ ਇਨ੍ਹਾਂ ਦਾ ਧੂੰਆਂ ਉੱਠੇ।+ 14 ਪਰ ਬਲਦ ਦਾ ਮਾਸ, ਚਮੜੀ ਅਤੇ ਗੋਹੇ ਨੂੰ ਡੇਰੇ ਤੋਂ ਬਾਹਰ ਲਿਜਾ ਕੇ ਅੱਗ ਵਿਚ ਸਾੜ ਦੇਈਂ। ਇਹ ਪਾਪ-ਬਲ਼ੀ ਹੈ।

15 “ਇਸ ਤੋਂ ਬਾਅਦ ਤੂੰ ਇਕ ਭੇਡੂ ਲਈਂ ਅਤੇ ਉਸ ਭੇਡੂ ਦੇ ਸਿਰ ਉੱਤੇ ਹਾਰੂਨ ਤੇ ਉਸ ਦੇ ਪੁੱਤਰ ਆਪਣੇ ਹੱਥ ਰੱਖਣ।+ 16 ਫਿਰ ਭੇਡੂ ਨੂੰ ਵੱਢ ਕੇ ਉਸ ਦਾ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕੀਂ।+ 17 ਉਸ ਭੇਡੂ ਦੇ ਟੋਟੇ ਕਰੀਂ, ਉਸ ਦੀਆਂ ਆਂਦਰਾਂ+ ਤੇ ਲੱਤਾਂ ਨੂੰ ਧੋ ਕੇ ਸਾਫ਼ ਕਰੀਂ ਅਤੇ ਫਿਰ ਸਿਰ ਅਤੇ ਸਾਰੇ ਟੋਟਿਆਂ ਨੂੰ ਤਰਤੀਬਵਾਰ ਆਮ੍ਹੋ-ਸਾਮ੍ਹਣੇ ਵੇਦੀ ਉੱਤੇ ਰੱਖੀਂ। 18 ਤੂੰ ਪੂਰੇ ਭੇਡੂ ਨੂੰ ਵੇਦੀ ʼਤੇ ਸਾੜ ਦੇਈਂ ਤਾਂਕਿ ਇਸ ਦਾ ਧੂੰਆਂ ਉੱਠੇ। ਇਹ ਯਹੋਵਾਹ ਲਈ ਹੋਮ-ਬਲ਼ੀ ਹੈ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+ ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ।

19 “ਇਸ ਤੋਂ ਬਾਅਦ ਤੂੰ ਦੂਸਰਾ ਭੇਡੂ ਲਈਂ ਅਤੇ ਉਸ ਭੇਡੂ ਦੇ ਸਿਰ ਉੱਤੇ ਹਾਰੂਨ ਤੇ ਉਸ ਦੇ ਪੁੱਤਰ ਆਪਣੇ ਹੱਥ ਰੱਖਣ।+ 20 ਫਿਰ ਭੇਡੂ ਨੂੰ ਵੱਢ ਕੇ ਉਸ ਦਾ ਥੋੜ੍ਹਾ ਜਿਹਾ ਖ਼ੂਨ ਹਾਰੂਨ ਦੇ ਸੱਜੇ ਕੰਨ ਦੇ ਹੇਠਲੇ ਸਿਰੇ ਅਤੇ ਉਸ ਦੇ ਪੁੱਤਰਾਂ ਦੇ ਸੱਜੇ ਕੰਨਾਂ ਦੇ ਹੇਠਲੇ ਸਿਰੇ ਅਤੇ ਉਨ੍ਹਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਅਤੇ ਉਨ੍ਹਾਂ ਦੇ ਸੱਜੇ ਪੈਰਾਂ ਦੇ ਅੰਗੂਠਿਆਂ ʼਤੇ ਲਾਈਂ ਅਤੇ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕੀਂ। 21 ਫਿਰ ਤੂੰ ਵੇਦੀ ਤੋਂ ਥੋੜ੍ਹਾ ਜਿਹਾ ਖ਼ੂਨ ਅਤੇ ਥੋੜ੍ਹਾ ਜਿਹਾ ਪਵਿੱਤਰ ਤੇਲ+ ਲੈ ਕੇ ਹਾਰੂਨ ਅਤੇ ਉਸ ਦੇ ਕੱਪੜਿਆਂ ʼਤੇ ਅਤੇ ਉਸ ਦੇ ਪੁੱਤਰਾਂ ਅਤੇ ਉਨ੍ਹਾਂ ਦੇ ਕੱਪੜਿਆਂ ਉੱਤੇ ਛਿੜਕੀਂ ਤਾਂਕਿ ਹਾਰੂਨ ਤੇ ਉਸ ਦੇ ਕੱਪੜੇ ਅਤੇ ਉਸ ਦੇ ਪੁੱਤਰ ਤੇ ਉਨ੍ਹਾਂ ਦੇ ਕੱਪੜੇ ਪਵਿੱਤਰ ਹੋ ਜਾਣ।+

22 “ਫਿਰ ਪੁਜਾਰੀਆਂ ਦੀ ਨਿਯੁਕਤੀ ਵੇਲੇ ਕੁਰਬਾਨ ਕੀਤੇ ਗਏ ਇਸ ਭੇਡੂ+ ਦੀ ਚਰਬੀ ਵਾਲੀ ਮੋਟੀ ਪੂਛ, ਉਹ ਸਾਰੀ ਚਰਬੀ ਜਿਹੜੀ ਆਂਦਰਾਂ ਨੂੰ ਢਕਦੀ ਹੈ, ਕਲੇਜੀ ਉੱਪਰਲੀ ਚਰਬੀ ਅਤੇ ਦੋਵੇਂ ਗੁਰਦੇ ਤੇ ਉਨ੍ਹਾਂ ਉੱਪਰਲੀ ਚਰਬੀ+ ਅਤੇ ਸੱਜੀ ਲੱਤ ਲਈਂ। 23 ਨਾਲੇ ਤੂੰ ਯਹੋਵਾਹ ਦੇ ਸਾਮ੍ਹਣੇ ਰੱਖੀ ਬੇਖਮੀਰੀ ਰੋਟੀਆਂ ਦੀ ਟੋਕਰੀ ਵਿੱਚੋਂ ਇਕ ਗੋਲ ਰੋਟੀ, ਇਕ ਛੱਲੇ ਵਰਗੀ ਰੋਟੀ ਜੋ ਤੇਲ ਵਿਚ ਗੁੰਨ੍ਹ ਕੇ ਬਣਾਈ ਗਈ ਹੋਵੇ ਅਤੇ ਇਕ ਪਤਲੀ ਤੇ ਕੜਕ ਰੋਟੀ ਲਈਂ। 24 ਤੂੰ ਸਾਰੀਆਂ ਚੀਜ਼ਾਂ ਹਾਰੂਨ ਤੇ ਉਸ ਦੇ ਪੁੱਤਰਾਂ ਦੇ ਹੱਥਾਂ ʼਤੇ ਰੱਖੀਂ ਅਤੇ ਤੂੰ ਉਨ੍ਹਾਂ ਚੀਜ਼ਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਹੋਵਾਹ ਸਾਮ੍ਹਣੇ ਅੱਗੇ-ਪਿੱਛੇ ਹਿਲਾਈਂ। 25 ਫਿਰ ਤੂੰ ਉਨ੍ਹਾਂ ਦੇ ਹੱਥਾਂ ਤੋਂ ਉਹ ਚੀਜ਼ਾਂ ਲਈਂ ਅਤੇ ਹੋਮ-ਬਲ਼ੀ ਵਜੋਂ ਕੁਰਬਾਨ ਕੀਤੇ ਪਹਿਲੇ ਭੇਡੂ ਦੇ ਉੱਪਰ ਰੱਖ ਕੇ ਵੇਦੀ ਉੱਤੇ ਸਾੜ ਦੇਈਂ ਜਿਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ।

26 “ਫਿਰ ਤੂੰ ਹਾਰੂਨ ਦੀ ਨਿਯੁਕਤੀ ਵੇਲੇ ਕੁਰਬਾਨ ਕੀਤੇ ਭੇਡੂ ਦਾ ਸੀਨਾ+ ਲੈ ਕੇ ਹਿਲਾਉਣ ਦੀ ਭੇਟ ਵਜੋਂ ਯਹੋਵਾਹ ਦੇ ਸਾਮ੍ਹਣੇ ਅੱਗੇ-ਪਿੱਛੇ ਹਿਲਾਈਂ ਅਤੇ ਇਹ ਹਿੱਸਾ ਤੇਰਾ ਹੋਵੇਗਾ। 27 ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਨਿਯੁਕਤੀ ਵੇਲੇ ਕੁਰਬਾਨ ਕੀਤੇ ਗਏ ਭੇਡੂ ਦੇ ਇਹ ਹਿੱਸੇ ਪਵਿੱਤਰ ਕਰੀਂ: ਹਿਲਾਉਣ ਦੀ ਭੇਟ ਵਜੋਂ ਚੜ੍ਹਾਇਆ ਗਿਆ ਸੀਨਾ ਅਤੇ ਭੇਟ ਕੀਤੇ ਗਏ ਪਵਿੱਤਰ ਹਿੱਸੇ ਵਿੱਚੋਂ ਲਈ ਗਈ ਲੱਤ।+ 28 ਇਹ ਚੜ੍ਹਾਵੇ ਦਾ ਪਵਿੱਤਰ ਹਿੱਸਾ ਹੈ, ਇਸ ਲਈ ਇਹ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇਗਾ। ਇਜ਼ਰਾਈਲੀ ਉਨ੍ਹਾਂ ਨੂੰ ਇਹ ਹਿੱਸਾ ਦੇਣਗੇ। ਇਜ਼ਰਾਈਲੀਆਂ ਦੁਆਰਾ ਚੜ੍ਹਾਈਆਂ ਸ਼ਾਂਤੀ-ਬਲ਼ੀਆਂ ਵਿੱਚੋਂ ਇਹ ਪਵਿੱਤਰ ਹਿੱਸਾ ਯਹੋਵਾਹ ਨੂੰ ਦਿੱਤਾ ਜਾਵੇਗਾ। ਇਜ਼ਰਾਈਲੀ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨ।+

29 “ਹਾਰੂਨ ਦਾ ਪਵਿੱਤਰ ਲਿਬਾਸ+ ਉਸ ਤੋਂ ਬਾਅਦ ਉਸ ਦੇ ਪੁੱਤਰਾਂ ਨੂੰ ਦਿੱਤਾ ਜਾਵੇਗਾ+ ਜਦੋਂ ਉਨ੍ਹਾਂ ਦੇ ਸਿਰਾਂ ʼਤੇ ਤੇਲ ਪਾ ਕੇ ਉਨ੍ਹਾਂ ਨੂੰ ਪੁਜਾਰੀਆਂ ਵਜੋਂ ਨਿਯੁਕਤ ਕੀਤਾ ਜਾਵੇਗਾ। 30 ਉਸ ਦੇ ਪੁੱਤਰਾਂ ਵਿੱਚੋਂ ਜਿਹੜਾ ਵੀ ਉਸ ਤੋਂ ਬਾਅਦ ਪੁਜਾਰੀ ਬਣੇਗਾ ਅਤੇ ਪਵਿੱਤਰ ਸਥਾਨ ਵਿਚ ਆ ਕੇ ਮੰਡਲੀ ਦੇ ਤੰਬੂ ਵਿਚ ਸੇਵਾ ਕਰੇਗਾ, ਉਹ ਸੱਤ ਦਿਨਾਂ ਤਕ ਇਹ ਲਿਬਾਸ ਪਾਵੇਗਾ।+

31 “ਤੂੰ ਪੁਜਾਰੀਆਂ ਦੀ ਨਿਯੁਕਤੀ ਵੇਲੇ ਕੁਰਬਾਨ ਕੀਤਾ ਭੇਡੂ ਲਈਂ ਅਤੇ ਇਕ ਪਵਿੱਤਰ ਜਗ੍ਹਾ* ʼਤੇ ਉਸ ਦਾ ਮਾਸ ਉਬਾਲੀਂ।+ 32 ਹਾਰੂਨ ਅਤੇ ਉਸ ਦੇ ਪੁੱਤਰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਬੈਠ ਕੇ ਭੇਡੂ ਦਾ ਮਾਸ ਅਤੇ ਟੋਕਰੀ ਵਿੱਚੋਂ ਰੋਟੀਆਂ ਲੈ ਕੇ ਖਾਣਗੇ।+ 33 ਉਹ ਇਹ ਚੀਜ਼ਾਂ ਖਾਣ ਜੋ ਉਨ੍ਹਾਂ ਦੇ ਪਾਪਾਂ ਦੀ ਮਾਫ਼ੀ ਵਾਸਤੇ ਚੜ੍ਹਾਈਆਂ ਗਈਆਂ ਸਨ ਤਾਂਕਿ ਉਨ੍ਹਾਂ ਨੂੰ ਪੁਜਾਰੀਆਂ ਵਜੋਂ ਨਿਯੁਕਤ* ਕੀਤਾ ਜਾਵੇ ਅਤੇ ਪਵਿੱਤਰ ਕੀਤਾ ਜਾਵੇ। ਉਨ੍ਹਾਂ ਤੋਂ ਸਿਵਾਇ ਹੋਰ ਕਿਸੇ* ਨੂੰ ਇਹ ਚੀਜ਼ਾਂ ਖਾਣ ਦਾ ਅਧਿਕਾਰ ਨਹੀਂ ਹੈ ਕਿਉਂਕਿ ਇਹ ਪਵਿੱਤਰ ਹਨ।+ 34 ਜੇ ਪੁਜਾਰੀਆਂ ਦੀ ਨਿਯੁਕਤੀ ਵੇਲੇ ਕੁਰਬਾਨ ਕੀਤੇ ਗਏ ਭੇਡੂ ਦੇ ਮਾਸ ਅਤੇ ਰੋਟੀਆਂ ਵਿੱਚੋਂ ਸਵੇਰ ਤਕ ਕੁਝ ਬਚ ਜਾਵੇ, ਤਾਂ ਉਸ ਨੂੰ ਅੱਗ ਵਿਚ ਸਾੜ ਦੇਈਂ।+ ਉਹ ਖਾਧਾ ਨਾ ਜਾਵੇ ਕਿਉਂਕਿ ਉਹ ਪਵਿੱਤਰ ਹੈ।

35 “ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਪੁਜਾਰੀਆਂ ਵਜੋਂ ਨਿਯੁਕਤੀ ਉਸੇ ਤਰ੍ਹਾਂ ਕਰੀਂ* ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਹੈ। ਨਿਯੁਕਤੀ ਦੀ ਰਸਮ ਸੱਤ ਦਿਨ ਚੱਲੇ।+ 36 ਤੂੰ ਹਰ ਦਿਨ ਪਾਪਾਂ ਦੀ ਮਾਫ਼ੀ ਲਈ ਇਕ ਬਲਦ ਚੜ੍ਹਾਈਂ ਅਤੇ ਤੂੰ ਪਾਪਾਂ ਦੀ ਮਾਫ਼ੀ ਲਈ ਇਹ ਬਲ਼ੀ ਚੜ੍ਹਾ ਕੇ ਵੇਦੀ ਨੂੰ ਪਾਪ ਤੋਂ ਸ਼ੁੱਧ ਕਰੀਂ। ਨਾਲੇ ਤੂੰ ਵੇਦੀ ʼਤੇ ਤੇਲ ਪਾ ਕੇ ਇਸ ਨੂੰ ਪਵਿੱਤਰ ਕਰੀਂ।+ 37 ਤੂੰ ਸੱਤ ਦਿਨ ਵੇਦੀ ਨੂੰ ਪਾਪ ਤੋਂ ਸ਼ੁੱਧ ਕਰੀਂ ਅਤੇ ਇਸ ਨੂੰ ਪਵਿੱਤਰ ਕਰੀਂ ਤਾਂਕਿ ਇਹ ਅੱਤ ਪਵਿੱਤਰ ਹੋ ਜਾਵੇ।+ ਜਿਹੜਾ ਇਸ ਨੂੰ ਛੂੰਹਦਾ ਵੀ ਹੈ, ਉਹ ਪਵਿੱਤਰ ਹੋਣਾ ਚਾਹੀਦਾ ਹੈ।

38 “ਤੂੰ ਵੇਦੀ ʼਤੇ ਇਹ ਭੇਟਾਂ ਚੜ੍ਹਾਈਂ: ਰੋਜ਼ ਇਕ-ਇਕ ਸਾਲ ਦੇ ਦੋ ਭੇਡੂ।+ 39 ਤੂੰ ਸਵੇਰੇ ਇਕ ਭੇਡੂ ਅਤੇ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਇਕ ਹੋਰ ਭੇਡੂ ਚੜ੍ਹਾਈਂ।+ 40 ਪਹਿਲੇ ਭੇਡੂ ਨਾਲ ਇਕ ਏਫਾ* ਮੈਦੇ ਦਾ ਦਸਵਾਂ ਹਿੱਸਾ ਜਿਸ ਵਿਚ ਇਕ-ਚੌਥਾਈ ਹੀਨ* ਜ਼ੈਤੂਨ ਦਾ ਸ਼ੁੱਧ ਤੇਲ ਮਿਲਿਆ ਹੋਵੇ ਅਤੇ ਪੀਣ ਦੀ ਭੇਟ ਵਜੋਂ ਇਕ-ਚੌਥਾਈ ਹੀਨ ਦਾਖਰਸ ਚੜ੍ਹਾਈਂ। 41 ਤੂੰ ਸਵੇਰ ਵਾਂਗ ਸ਼ਾਮ* ਨੂੰ ਵੀ ਦੂਜੇ ਭੇਡੂ ਨਾਲ ਇਹੀ ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਚੜ੍ਹਾਈਂ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। 42 ਤੁਹਾਡੀਆਂ ਪੀੜ੍ਹੀਆਂ ਸਦਾ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਇਹ ਹੋਮ-ਬਲ਼ੀ ਯਹੋਵਾਹ ਸਾਮ੍ਹਣੇ ਚੜ੍ਹਾਉਣ ਜਿੱਥੇ ਮੈਂ ਤੇਰੇ ਸਾਮ੍ਹਣੇ ਪ੍ਰਗਟ ਹੋ ਕੇ ਤੇਰੇ ਨਾਲ ਗੱਲ ਕਰਾਂਗਾ।+

43 “ਉੱਥੇ ਮੈਂ ਇਜ਼ਰਾਈਲੀਆਂ ਸਾਮ੍ਹਣੇ ਪ੍ਰਗਟ ਹੋਵਾਂਗਾ ਅਤੇ ਉਹ ਜਗ੍ਹਾ ਮੇਰੀ ਮਹਿਮਾ ਨਾਲ ਪਵਿੱਤਰ ਹੋ ਜਾਵੇਗੀ।+ 44 ਮੈਂ ਮੰਡਲੀ ਦੇ ਤੰਬੂ ਅਤੇ ਵੇਦੀ ਨੂੰ ਪਵਿੱਤਰ ਕਰਾਂਗਾ। ਮੈਂ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਵੀ ਪਵਿੱਤਰ ਕਰਾਂਗਾ+ ਤਾਂਕਿ ਉਹ ਪੁਜਾਰੀਆਂ ਵਜੋਂ ਮੇਰੀ ਸੇਵਾ ਕਰਨ। 45 ਮੈਂ ਇਜ਼ਰਾਈਲ ਦੇ ਲੋਕਾਂ ਵਿਚਕਾਰ ਵੱਸਾਂਗਾ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।+ 46 ਅਤੇ ਉਹ ਜਾਣਨਗੇ ਕਿ ਮੈਂ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹਾਂ ਜੋ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ ਤਾਂਕਿ ਮੈਂ ਉਨ੍ਹਾਂ ਵਿਚ ਵੱਸਾਂ।+ ਹਾਂ, ਮੈਂ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹਾਂ।

30 “ਤੂੰ ਧੂਪ ਧੁਖਾਉਣ ਲਈ ਇਕ ਵੇਦੀ ਬਣਾਈਂ;+ ਤੂੰ ਇਹ ਕਿੱਕਰ ਦੀ ਲੱਕੜ ਦੀ ਬਣਾਈਂ।+ 2 ਇਹ ਚੌਰਸ ਹੋਵੇ, ਇਹ ਇਕ ਹੱਥ* ਲੰਬੀ, ਇਕ ਹੱਥ ਚੌੜੀ ਅਤੇ ਦੋ ਹੱਥ ਉੱਚੀ ਹੋਵੇ। ਵੇਦੀ ਦੇ ਕੋਨਿਆਂ ਨੂੰ ਘੜ ਕੇ ਸਿੰਗਾਂ ਦਾ ਆਕਾਰ ਦਿੱਤਾ ਜਾਵੇ।+ 3 ਤੂੰ ਇਸ ਦਾ ਉੱਪਰਲਾ ਪਾਸਾ, ਇਸ ਦੇ ਚਾਰੇ ਪਾਸੇ ਅਤੇ ਇਸ ਦੇ ਸਿੰਗ ਖਾਲਸ ਸੋਨੇ ਨਾਲ ਮੜ੍ਹੀਂ; ਤੂੰ ਇਸ ਦੇ ਆਲੇ-ਦੁਆਲੇ ਸੋਨੇ ਦੀ ਬਨੇਰੀ ਬਣਾਈਂ। 4 ਤੂੰ ਇਸ ਲਈ ਸੋਨੇ ਦੇ ਚਾਰ ਛੱਲੇ ਬਣਾਈਂ ਅਤੇ ਦੋਵੇਂ ਪਾਸਿਆਂ ʼਤੇ ਬਨੇਰੀ ਥੱਲੇ ਦੋ-ਦੋ ਛੱਲੇ ਲਾਈਂ ਜਿਨ੍ਹਾਂ ਵਿਚ ਵੇਦੀ ਨੂੰ ਚੁੱਕਣ ਲਈ ਡੰਡੇ ਪਾਏ ਜਾਣਗੇ। 5 ਇਹ ਡੰਡੇ ਕਿੱਕਰ ਦੀ ਲੱਕੜ ਦੇ ਬਣਾਈਂ ਅਤੇ ਇਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ। 6 ਤੂੰ ਇਸ ਨੂੰ ਗਵਾਹੀ ਦੇ ਸੰਦੂਕ ਕੋਲ ਲੱਗੇ ਪਰਦੇ ਦੇ ਅੱਗੇ ਰੱਖੀਂ,+ ਹਾਂ, ਗਵਾਹੀ ਦੇ ਸੰਦੂਕ ਦੇ ਢੱਕਣ ਦੇ ਅੱਗੇ ਜਿੱਥੇ ਮੈਂ ਤੇਰੇ ਸਾਮ੍ਹਣੇ ਪ੍ਰਗਟ ਹੋਵਾਂਗਾ।+

7 “ਹਾਰੂਨ+ ਰੋਜ਼ ਸਵੇਰੇ ਦੀਵੇ ਤਿਆਰ ਕਰਨ ਵੇਲੇ+ ਇਸ ਵੇਦੀ ਉੱਤੇ+ ਖ਼ੁਸ਼ਬੂਦਾਰ ਧੂਪ ਧੁਖਾਏਗਾ।+ 8 ਨਾਲੇ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਜਦੋਂ ਹਾਰੂਨ ਦੀਵੇ ਬਾਲ਼ੇਗਾ, ਤਾਂ ਉਦੋਂ ਵੀ ਉਹ ਧੂਪ ਧੁਖਾਏਗਾ। ਤੁਹਾਡੀਆਂ ਸਾਰੀਆਂ ਪੀੜ੍ਹੀਆਂ ਦੌਰਾਨ ਯਹੋਵਾਹ ਅੱਗੇ ਹਮੇਸ਼ਾ ਧੂਪ ਧੁਖਾਇਆ ਜਾਵੇ। 9 ਤੂੰ ਕਾਨੂੰਨ ਵਿਚ ਦਿੱਤੀਆਂ ਹਿਦਾਇਤਾਂ ਤੋਂ ਉਲਟ ਇਸ ਉੱਤੇ ਧੂਪ ਨਾ ਧੁਖਾਈਂ+ ਅਤੇ ਨਾ ਹੀ ਇਸ ਉੱਤੇ ਹੋਮ-ਬਲ਼ੀ ਜਾਂ ਅਨਾਜ ਦਾ ਚੜ੍ਹਾਵਾ ਚੜ੍ਹਾਈਂ ਤੇ ਨਾ ਹੀ ਪੀਣ ਦੀ ਭੇਟ ਡੋਲ੍ਹੀਂ। 10 ਹਾਰੂਨ ਸਾਲ ਵਿਚ ਇਕ ਵਾਰ ਵੇਦੀ ਨੂੰ ਸ਼ੁੱਧ ਕਰਨ ਲਈ+ ਪਾਪ-ਬਲ਼ੀ ਦਾ ਥੋੜ੍ਹਾ ਜਿਹਾ ਖ਼ੂਨ ਲੈ ਕੇ ਵੇਦੀ ਦੇ ਸਿੰਗਾਂ ਉੱਤੇ ਲਾਵੇ।+ ਉਹ ਤੁਹਾਡੀਆਂ ਪੀੜ੍ਹੀਆਂ ਦੌਰਾਨ ਸਾਲ ਵਿਚ ਇਕ ਵਾਰੀ ਇਸ ਤਰ੍ਹਾਂ ਕਰੇ। ਇਹ ਵੇਦੀ ਯਹੋਵਾਹ ਲਈ ਅੱਤ ਪਵਿੱਤਰ ਹੈ।”

11 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 12 “ਤੂੰ ਜਦੋਂ ਵੀ ਮਰਦਮਸ਼ੁਮਾਰੀ ਦੌਰਾਨ ਇਜ਼ਰਾਈਲ ਦੇ ਪੁੱਤਰਾਂ ਦੀ ਗਿਣਤੀ ਕਰੇਂ,+ ਤਾਂ ਉਦੋਂ ਹਰੇਕ ਨੂੰ ਆਪਣੀ ਜਾਨ ਦੀ ਰਿਹਾਈ ਦੀ ਕੀਮਤ ਯਹੋਵਾਹ ਨੂੰ ਦੇਣੀ ਪਵੇਗੀ ਤਾਂਕਿ ਉਨ੍ਹਾਂ ਦੀ ਗਿਣਤੀ ਵੇਲੇ ਉਨ੍ਹਾਂ ʼਤੇ ਕੋਈ ਆਫ਼ਤ ਨਾ ਲਿਆਂਦੀ ਜਾਵੇ। 13 ਜਿਨ੍ਹਾਂ ਦੀ ਵੀ ਗਿਣਤੀ ਕੀਤੀ ਜਾਵੇਗੀ, ਉਨ੍ਹਾਂ ਸਾਰਿਆਂ ਨੂੰ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਅੱਧਾ ਸ਼ੇਕੇਲ* ਦੇਣਾ ਪਵੇਗਾ।+ ਇਕ ਸ਼ੇਕੇਲ 20 ਗੀਰਾਹ* ਦੇ ਬਰਾਬਰ ਹੁੰਦਾ ਹੈ। ਅੱਧਾ ਸ਼ੇਕੇਲ ਯਹੋਵਾਹ ਲਈ ਦਾਨ ਹੈ।+ 14 ਜਿਨ੍ਹਾਂ ਆਦਮੀਆਂ ਦੀ ਉਮਰ 20 ਸਾਲ ਜਾਂ ਇਸ ਤੋਂ ਉੱਪਰ ਹੈ, ਉਹ ਯਹੋਵਾਹ ਲਈ ਦਾਨ ਦੇਣਗੇ।+ 15 ਆਪਣੀ ਜਾਨ ਦੀ ਰਿਹਾਈ ਦੀ ਕੀਮਤ ਦੇ ਤੌਰ ਤੇ* ਅਮੀਰ ਲੋਕ ਯਹੋਵਾਹ ਨੂੰ ਅੱਧੇ ਸ਼ੇਕੇਲ* ਤੋਂ ਜ਼ਿਆਦਾ ਦਾਨ ਨਾ ਦੇਣ ਅਤੇ ਗ਼ਰੀਬ ਇਸ ਤੋਂ ਘੱਟ ਨਾ ਦੇਣ। 16 ਤੂੰ ਇਜ਼ਰਾਈਲੀਆਂ ਤੋਂ ਰਿਹਾਈ ਦੀ ਕੀਮਤ ਦੇ ਤੌਰ ਤੇ* ਚਾਂਦੀ ਲਈਂ ਅਤੇ ਇਸ ਨੂੰ ਮੰਡਲੀ ਦੇ ਤੰਬੂ ਦੇ ਕੰਮਾਂ ਲਈ ਦੇ ਦੇਈਂ। ਇਹ ਦਾਨ ਇਜ਼ਰਾਈਲੀਆਂ ਲਈ ਯਹੋਵਾਹ ਸਾਮ੍ਹਣੇ ਇਕ ਯਾਦਗਾਰ ਹੋਵੇਗਾ ਅਤੇ ਇਹ ਉਨ੍ਹਾਂ ਦੀਆਂ ਜਾਨਾਂ ਦੀ ਰਿਹਾਈ ਦੀ ਕੀਮਤ ਹੋਵੇਗੀ।”

17 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 18 “ਤੂੰ ਤਾਂਬੇ ਦਾ ਇਕ ਹੌਦ ਅਤੇ ਉਸ ਲਈ ਇਕ ਚੌਂਕੀ ਬਣਾਈਂ+ ਤੇ ਉਸ ਨੂੰ ਮੰਡਲੀ ਦੇ ਤੰਬੂ ਅਤੇ ਵੇਦੀ ਦੇ ਵਿਚਕਾਰ ਰੱਖ ਦੇਈਂ ਅਤੇ ਉਸ ਵਿਚ ਪਾਣੀ ਭਰੀਂ।+ 19 ਹਾਰੂਨ ਅਤੇ ਉਸ ਦੇ ਪੁੱਤਰ ਉੱਥੇ ਆਪਣੇ ਹੱਥ-ਪੈਰ ਧੋਣਗੇ।+ 20 ਜਦੋਂ ਉਹ ਮੰਡਲੀ ਦੇ ਤੰਬੂ ਅੰਦਰ ਜਾਣ ਜਾਂ ਵੇਦੀ ਕੋਲ ਸੇਵਾ ਕਰਨ ਅਤੇ ਯਹੋਵਾਹ ਸਾਮ੍ਹਣੇ ਅੱਗ ਵਿਚ ਭੇਟ ਚੜ੍ਹਾਉਣ ਲਈ ਆਉਣ, ਤਾਂ ਉਹ ਉਸ ਪਾਣੀ ਨਾਲ ਆਪਣੇ ਹੱਥ-ਪੈਰ ਧੋਣ ਤਾਂਕਿ ਉਹ ਮਰ ਨਾ ਜਾਣ। 21 ਉਹ ਜ਼ਰੂਰ ਆਪਣੇ ਹੱਥ-ਪੈਰ ਧੋਣ ਤਾਂਕਿ ਉਹ ਮਰ ਨਾ ਜਾਣ। ਉਹ ਅਤੇ ਉਸ ਦੀ ਔਲਾਦ ਪੀੜ੍ਹੀਓ-ਪੀੜ੍ਹੀ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰੇ।”+

22 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 23 “ਫਿਰ ਤੂੰ ਵਧੀਆ ਤੋਂ ਵਧੀਆ ਖ਼ੁਸ਼ਬੂਦਾਰ ਮਸਾਲੇ ਲਈਂ: 500 ਸ਼ੇਕੇਲ ਸਖ਼ਤ ਹੋ ਚੁੱਕਾ ਗੰਧਰਸ, ਉਸ ਤੋਂ ਅੱਧੀ ਮਾਤਰਾ ਯਾਨੀ 250 ਸ਼ੇਕੇਲ ਸੁਗੰਧਿਤ ਦਾਲਚੀਨੀ, 250 ਸ਼ੇਕੇਲ ਸੁਗੰਧਿਤ ਕੁਸਾ 24 ਅਤੇ 500 ਸ਼ੇਕੇਲ ਦਾਲਚੀਨੀ ਲਈਂ ਜੋ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਹੋਵੇ।+ ਨਾਲੇ ਇਕ ਹੀਨ* ਜ਼ੈਤੂਨ ਦਾ ਤੇਲ ਲਈਂ। 25 ਤੂੰ ਇਨ੍ਹਾਂ ਤੋਂ ਪਵਿੱਤਰ ਤੇਲ ਬਣਾਈਂ; ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਰਲ਼ਾ ਕੇ* ਇਹ ਤੇਲ ਬਣਾਇਆ ਜਾਵੇ।+ ਇਹ ਪਵਿੱਤਰ ਤੇਲ ਹੈ।

26 “ਤੂੰ ਇਹ ਪਵਿੱਤਰ ਤੇਲ ਮੰਡਲੀ ਦੇ ਤੰਬੂ ਅਤੇ ਗਵਾਹੀ ਦੇ ਸੰਦੂਕ ʼਤੇ ਪਾਈਂ।+ 27 ਨਾਲੇ ਮੇਜ਼ ਅਤੇ ਇਸ ਉੱਤੇ ਰੱਖੇ ਜਾਣ ਵਾਲੇ ਸਾਰੇ ਸਾਮਾਨ ਉੱਤੇ, ਸ਼ਮਾਦਾਨ ਅਤੇ ਇਸ ਦੇ ਲਈ ਵਰਤੇ ਜਾਣ ਵਾਲੇ ਸਾਰੇ ਸਾਮਾਨ ਉੱਤੇ, ਧੂਪ ਧੁਖਾਉਣ ਦੀ ਵੇਦੀ ਉੱਤੇ, 28 ਹੋਮ-ਬਲ਼ੀ ਦੀ ਵੇਦੀ ਅਤੇ ਇਸ ਦੇ ਲਈ ਵਰਤੇ ਜਾਣ ਵਾਲੇ ਸਾਰੇ ਸਾਮਾਨ ਉੱਤੇ ਅਤੇ ਹੌਦ ਅਤੇ ਇਸ ਦੀ ਚੌਂਕੀ ਉੱਤੇ ਵੀ ਇਹ ਤੇਲ ਪਾਈਂ। 29 ਤੂੰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਵਿੱਤਰ ਕਰੀਂ ਤਾਂਕਿ ਇਹ ਅੱਤ ਪਵਿੱਤਰ ਹੋ ਜਾਣ।+ ਜਿਹੜਾ ਇਨ੍ਹਾਂ ਨੂੰ ਛੂੰਹਦਾ ਵੀ ਹੈ, ਉਹ ਪਵਿੱਤਰ ਹੋਣਾ ਚਾਹੀਦਾ ਹੈ।+ 30 ਅਤੇ ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਸਿਰਾਂ ʼਤੇ ਤੇਲ ਪਾ ਕੇ ਉਨ੍ਹਾਂ ਨੂੰ ਪਵਿੱਤਰ ਕਰੀਂ+ ਅਤੇ ਮੇਰੇ ਪੁਜਾਰੀਆਂ ਵਜੋਂ ਸੇਵਾ ਕਰਨ ਲਈ ਨਿਯੁਕਤ ਕਰੀਂ।+

31 “ਤੂੰ ਇਜ਼ਰਾਈਲੀਆਂ ਨੂੰ ਕਹੀਂ, ‘ਤੁਹਾਡੀਆਂ ਸਾਰੀਆਂ ਪੀੜ੍ਹੀਆਂ ਦੌਰਾਨ ਇਹ ਤੇਲ ਮੇਰੀਆਂ ਨਜ਼ਰਾਂ ਵਿਚ ਪਵਿੱਤਰ ਹੋਵੇਗਾ।+ 32 ਕੋਈ ਵੀ ਇਨਸਾਨ ਇਸ ਨੂੰ ਆਪਣੇ ਸਰੀਰ ਉੱਤੇ ਨਾ ਮਲ਼ੇ ਅਤੇ ਨਾ ਹੀ ਤੂੰ ਇਸ ਸਾਮੱਗਰੀ ਤੋਂ ਇਸ ਤਰ੍ਹਾਂ ਦੀ ਕੋਈ ਹੋਰ ਚੀਜ਼ ਬਣਾਈਂ ਕਿਉਂਕਿ ਇਹ ਪਵਿੱਤਰ ਹੈ। ਇਹ ਤੁਹਾਡੀਆਂ ਨਜ਼ਰਾਂ ਵਿਚ ਵੀ ਪਵਿੱਤਰ ਰਹੇ। 33 ਜੇ ਕੋਈ ਇਸ ਤਰ੍ਹਾਂ ਦਾ ਤੇਲ ਬਣਾਏ ਅਤੇ ਉਸ ਇਨਸਾਨ ਉੱਤੇ ਲਾਵੇ ਜਿਸ ਨੂੰ ਇਹ ਲਾਉਣ ਦਾ ਅਧਿਕਾਰ ਨਹੀਂ ਹੈ,* ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।’”+

34 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਇੱਕੋ ਜਿਹੀ ਮਾਤਰਾ ਵਿਚ ਇਹ ਖ਼ੁਸ਼ਬੂਦਾਰ ਮਸਾਲੇ ਲੈ:+ ਗੰਧਰਸ ਦੇ ਤੇਲ ਦੀਆਂ ਬੂੰਦਾਂ, ਲੌਨ,* ਸੁਗੰਧਿਤ ਬਰੋਜ਼ਾ ਅਤੇ ਖਾਲਸ ਲੋਬਾਨ। 35 ਤੂੰ ਇਨ੍ਹਾਂ ਮਸਾਲਿਆਂ ਦਾ ਧੂਪ ਬਣਾਈਂ;+ ਇਨ੍ਹਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ* ਮਿਲਾਇਆ ਜਾਵੇ ਅਤੇ ਇਸ ਵਿਚ ਲੂਣ ਰਲ਼ਾਇਆ ਜਾਵੇ+ ਅਤੇ ਇਹ ਸ਼ੁੱਧ ਤੇ ਪਵਿੱਤਰ ਹੋਵੇ। 36 ਤੂੰ ਇਸ ਵਿੱਚੋਂ ਥੋੜ੍ਹਾ ਜਿਹਾ ਧੂਪ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਪੀਹ ਲਈਂ ਅਤੇ ਇਸ ਵਿੱਚੋਂ ਥੋੜ੍ਹਾ ਜਿਹਾ ਧੂਪ ਮੰਡਲੀ ਦੇ ਤੰਬੂ ਵਿਚ ਗਵਾਹੀ ਦੇ ਸੰਦੂਕ ਸਾਮ੍ਹਣੇ ਰੱਖ ਦੇਈਂ ਜਿੱਥੇ ਮੈਂ ਤੇਰੇ ਸਾਮ੍ਹਣੇ ਪ੍ਰਗਟ ਹੋਵਾਂਗਾ। ਇਹ ਤੁਹਾਡੇ ਲਈ ਅੱਤ ਪਵਿੱਤਰ ਹੋਵੇ। 37 ਤੂੰ ਇਸ ਸਾਮੱਗਰੀ ਤੋਂ ਆਪਣੇ ਇਸਤੇਮਾਲ ਵਾਸਤੇ ਧੂਪ ਨਾ ਬਣਾਈਂ।+ ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਹੈ, ਇਸ ਲਈ ਤੂੰ ਵੀ ਇਸ ਨੂੰ ਪਵਿੱਤਰ ਮੰਨੀਂ। 38 ਜੇ ਕੋਈ ਇਸ ਦੀ ਖ਼ੁਸ਼ਬੂ ਦਾ ਆਨੰਦ ਮਾਣਨ ਲਈ ਇਸ ਤਰ੍ਹਾਂ ਦਾ ਧੂਪ ਬਣਾਉਂਦਾ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।”

31 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਦੇਖ, ਮੈਂ ਯਹੂਦਾਹ ਦੇ ਗੋਤ ਵਿੱਚੋਂ ਬਸਲੇਲ+ ਨੂੰ ਚੁਣਿਆ* ਹੈ ਜੋ ਊਰੀ ਦਾ ਪੁੱਤਰ ਤੇ ਹੂਰ ਦਾ ਪੋਤਾ ਹੈ।+ 3 ਮੈਂ ਉਸ ਨੂੰ ਆਪਣੀ* ਸ਼ਕਤੀ ਦਿਆਂਗਾ ਅਤੇ ਹਰ ਤਰ੍ਹਾਂ ਦੀ ਕਾਰੀਗਰੀ ਦਾ ਕੰਮ ਕਰਨ ਲਈ ਉਸ ਨੂੰ ਬੁੱਧ, ਸਮਝ ਅਤੇ ਗਿਆਨ ਦਿਆਂਗਾ 4 ਤਾਂਕਿ ਉਹ ਸੋਹਣੇ-ਸੋਹਣੇ ਨਮੂਨੇ ਬਣਾ ਸਕੇ, ਸੋਨੇ, ਚਾਂਦੀ ਤੇ ਤਾਂਬੇ ਦੀਆਂ ਚੀਜ਼ਾਂ ਬਣਾ ਸਕੇ, 5 ਕੀਮਤੀ ਪੱਥਰ ਘੜ ਕੇ ਉਨ੍ਹਾਂ ਨੂੰ ਖ਼ਾਨਿਆਂ ਵਿਚ ਜੜ ਸਕੇ+ ਅਤੇ ਹਰ ਤਰ੍ਹਾਂ ਦਾ ਲੱਕੜ ਦਾ ਕੰਮ ਕਰ ਸਕੇ।+ 6 ਨਾਲੇ ਮੈਂ ਉਸ ਦੀ ਮਦਦ ਕਰਨ ਲਈ ਦਾਨ ਦੇ ਗੋਤ ਵਿੱਚੋਂ ਆਹਾਲੀਆਬ+ ਨੂੰ ਚੁਣਿਆ ਹੈ ਜੋ ਅਹੀਸਮਕ ਦਾ ਪੁੱਤਰ ਹੈ। ਮੈਂ ਸਾਰੇ ਕਾਰੀਗਰਾਂ* ਦੇ ਦਿਲ ਬੁੱਧ ਨਾਲ ਭਰ ਦਿਆਂਗਾ ਤਾਂਕਿ ਉਹ ਇਹ ਸਾਰੀਆਂ ਚੀਜ਼ਾਂ ਬਣਾਉਣ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ:+ 7 ਮੰਡਲੀ ਦਾ ਤੰਬੂ,+ ਗਵਾਹੀ ਦਾ ਸੰਦੂਕ+ ਅਤੇ ਇਸ ਦਾ ਢੱਕਣ,+ ਤੰਬੂ ਦਾ ਸਾਰਾ ਸਾਜ਼-ਸਾਮਾਨ, 8 ਮੇਜ਼+ ਅਤੇ ਇਸ ʼਤੇ ਰੱਖਿਆ ਜਾਣ ਵਾਲਾ ਸਾਮਾਨ, ਖਾਲਸ ਸੋਨੇ ਦਾ ਸ਼ਮਾਦਾਨ ਅਤੇ ਇਸ ਲਈ ਵਰਤਿਆ ਜਾਣ ਵਾਲਾ ਸਾਰਾ ਸਾਮਾਨ,+ ਧੂਪ ਦੀ ਵੇਦੀ,+ 9 ਹੋਮ-ਬਲ਼ੀ ਦੀ ਵੇਦੀ+ ਅਤੇ ਇਸ ਲਈ ਵਰਤਿਆ ਜਾਣ ਵਾਲਾ ਸਾਰਾ ਸਾਮਾਨ, ਹੌਦ ਅਤੇ ਇਸ ਦੀ ਚੌਂਕੀ,+ 10 ਵਧੀਆ ਤਰੀਕੇ ਨਾਲ ਬੁਣੇ ਹੋਏ ਕੱਪੜੇ, ਪੁਜਾਰੀ ਹਾਰੂਨ ਦਾ ਪਵਿੱਤਰ ਲਿਬਾਸ, ਉਸ ਦੇ ਪੁੱਤਰਾਂ ਦੇ ਲਿਬਾਸ ਜੋ ਪੁਜਾਰੀਆਂ ਵਜੋਂ ਸੇਵਾ ਕਰਨਗੇ,+ 11 ਨਿਯੁਕਤੀ ਵੇਲੇ ਵਰਤਿਆ ਜਾਣ ਵਾਲਾ ਤੇਲ ਅਤੇ ਪਵਿੱਤਰ ਸਥਾਨ ਲਈ ਖ਼ੁਸ਼ਬੂਦਾਰ ਧੂਪ।+ ਉਹ ਇਹ ਸਾਰੇ ਕੰਮ ਕਰਨਗੇ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ।”

12 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 13 “ਤੂੰ ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਤੁਸੀਂ ਜ਼ਰੂਰ ਮੇਰੇ ਸਬਤਾਂ ਨੂੰ ਮਨਾਉਣਾ+ ਕਿਉਂਕਿ ਇਹ ਤੁਹਾਡੀਆਂ ਪੀੜ੍ਹੀਆਂ ਦੌਰਾਨ ਮੇਰੇ ਅਤੇ ਤੁਹਾਡੇ ਵਿਚਕਾਰ ਇਕ ਨਿਸ਼ਾਨੀ ਹੈ ਤਾਂਕਿ ਤੁਹਾਨੂੰ ਯਾਦ ਰਹੇ ਕਿ ਮੈਂ ਯਹੋਵਾਹ ਨੇ ਤੁਹਾਨੂੰ ਪਵਿੱਤਰ ਕੀਤਾ ਹੈ। 14 ਤੁਸੀਂ ਜ਼ਰੂਰ ਸਬਤ ਮਨਾਉਣਾ ਕਿਉਂਕਿ ਇਹ ਤੁਹਾਡੇ ਲਈ ਪਵਿੱਤਰ ਹੈ।+ ਜਿਹੜਾ ਵੀ ਇਨਸਾਨ ਇਸ ਦੀ ਉਲੰਘਣਾ ਕਰੇ, ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ। ਜੇ ਕੋਈ ਸਬਤ ਦੇ ਦਿਨ ਕੰਮ ਕਰੇ, ਤਾਂ ਉਸ ਨੂੰ ਉਸ ਦੇ ਲੋਕਾਂ ਵਿੱਚੋਂ ਖ਼ਤਮ ਕਰ ਦਿੱਤਾ ਜਾਵੇ।+ 15 ਛੇ ਦਿਨ ਕੰਮ ਕੀਤਾ ਜਾ ਸਕਦਾ ਹੈ, ਪਰ ਸੱਤਵੇਂ ਦਿਨ ਸਬਤ ਹੋਣ ਕਰਕੇ ਇਸ ਦਿਨ ਪੂਰਾ ਆਰਾਮ ਕੀਤਾ ਜਾਵੇ।+ ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਹੈ। ਜਿਹੜਾ ਵੀ ਇਨਸਾਨ ਸਬਤ ਦੇ ਦਿਨ ਕੰਮ ਕਰੇ, ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ। 16 ਇਜ਼ਰਾਈਲੀ ਜ਼ਰੂਰ ਸਬਤ ਮਨਾਉਣ; ਉਨ੍ਹਾਂ ਦੀਆਂ ਸਾਰੀਆਂ ਪੀੜ੍ਹੀਆਂ ਸਬਤ ਮਨਾਉਣ। ਉਹ ਹਮੇਸ਼ਾ ਇਸ ਇਕਰਾਰ ਦੀ ਪਾਲਣਾ ਕਰਨ। 17 ਮੇਰੇ ਅਤੇ ਇਜ਼ਰਾਈਲੀਆਂ ਵਿਚ ਸਬਤ ਸਦਾ ਲਈ ਨਿਸ਼ਾਨੀ ਰਹੇਗਾ+ ਕਿਉਂਕਿ ਯਹੋਵਾਹ ਨੇ ਛੇ ਦਿਨਾਂ ਵਿਚ ਆਕਾਸ਼ ਅਤੇ ਧਰਤੀ ਬਣਾਈ ਸੀ ਅਤੇ ਉਸ ਨੇ ਸੱਤਵੇਂ ਦਿਨ ਆਰਾਮ ਕੀਤਾ ਅਤੇ ਉਸ ਦਾ ਦਿਲ ਖ਼ੁਸ਼ ਹੋਇਆ।’”+

18 ਫਿਰ ਜਿਉਂ ਹੀ ਸੀਨਈ ਪਹਾੜ ਉੱਤੇ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਖ਼ਤਮ ਕੀਤੀ, ਤਾਂ ਉਸ ਨੇ ਮੂਸਾ ਨੂੰ ਗਵਾਹੀ ਦੀਆਂ ਦੋ ਫੱਟੀਆਂ ਦਿੱਤੀਆਂ।+ ਇਨ੍ਹਾਂ ਪੱਥਰ ਦੀਆਂ ਫੱਟੀਆਂ ਉੱਤੇ ਪਰਮੇਸ਼ੁਰ ਨੇ ਆਪਣੀ ਉਂਗਲ ਨਾਲ ਲਿਖਿਆ ਸੀ।+

32 ਇਸ ਦੌਰਾਨ ਲੋਕਾਂ ਨੇ ਦੇਖਿਆ ਕਿ ਮੂਸਾ ਨੂੰ ਪਹਾੜ ʼਤੇ ਗਏ ਲੰਬਾ ਸਮਾਂ ਹੋ ਗਿਆ ਸੀ ਅਤੇ ਉਹ ਅਜੇ ਤਕ ਥੱਲੇ ਨਹੀਂ ਆਇਆ ਸੀ।+ ਇਸ ਲਈ ਉਨ੍ਹਾਂ ਨੇ ਹਾਰੂਨ ਦੇ ਆਲੇ-ਦੁਆਲੇ ਇਕੱਠੇ ਹੋ ਕੇ ਕਿਹਾ: “ਉੱਠ ਅਤੇ ਸਾਡੇ ਲਈ ਇਕ ਦੇਵਤਾ ਬਣਾ ਜੋ ਸਾਡੀ ਅਗਵਾਈ ਕਰੇਗਾ+ ਕਿਉਂਕਿ ਸਾਨੂੰ ਨਹੀਂ ਪਤਾ ਮੂਸਾ ਨੂੰ ਕੀ ਹੋ ਗਿਆ ਹੈ ਜੋ ਸਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।” 2 ਇਹ ਸੁਣ ਕੇ ਹਾਰੂਨ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੀਆਂ ਪਤਨੀਆਂ, ਪੁੱਤਰਾਂ ਅਤੇ ਧੀਆਂ ਦੇ ਕੰਨਾਂ ਤੋਂ ਸੋਨੇ ਦੀਆਂ ਵਾਲ਼ੀਆਂ+ ਲਾਹ ਕੇ ਮੈਨੂੰ ਦਿਓ।” 3 ਇਸ ਲਈ ਸਾਰੇ ਲੋਕਾਂ ਨੇ ਆਪਣੇ ਕੰਨਾਂ ਤੋਂ ਸੋਨੇ ਦੀਆਂ ਵਾਲ਼ੀਆਂ ਲਾਹ ਕੇ ਹਾਰੂਨ ਨੂੰ ਦਿੱਤੀਆਂ। 4 ਫਿਰ ਉਸ ਨੇ ਉਨ੍ਹਾਂ ਤੋਂ ਸਾਰਾ ਸੋਨਾ ਲਿਆ ਅਤੇ ਉਕਰਾਈ ਕਰਨ ਵਾਲੇ ਔਜ਼ਾਰ ਨਾਲ ਵੱਛੇ ਦੀ ਮੂਰਤ* ਬਣਾਈ।+ ਉਹ ਕਹਿਣ ਲੱਗੇ: “ਹੇ ਇਜ਼ਰਾਈਲ, ਇਹ ਤੇਰਾ ਪਰਮੇਸ਼ੁਰ ਹੈ ਜੋ ਤੈਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।”+

5 ਜਦੋਂ ਹਾਰੂਨ ਨੇ ਇਹ ਦੇਖਿਆ, ਤਾਂ ਉਸ ਨੇ ਵੱਛੇ ਅੱਗੇ ਇਕ ਵੇਦੀ ਬਣਾਈ। ਫਿਰ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਕੱਲ੍ਹ ਨੂੰ ਯਹੋਵਾਹ ਦੀ ਮਹਿਮਾ ਕਰਨ ਲਈ ਤਿਉਹਾਰ ਮਨਾਇਆ ਜਾਵੇਗਾ।” 6 ਇਸ ਲਈ ਉਹ ਅਗਲੇ ਦਿਨ ਸਵੇਰੇ ਜਲਦੀ ਉੱਠੇ ਅਤੇ ਉਨ੍ਹਾਂ ਨੇ ਹੋਮ-ਬਲ਼ੀਆਂ ਅਤੇ ਸ਼ਾਂਤੀ-ਬਲ਼ੀਆਂ ਚੜ੍ਹਾਉਣੀਆਂ ਸ਼ੁਰੂ ਕੀਤੀਆਂ। ਇਸ ਤੋਂ ਬਾਅਦ ਲੋਕਾਂ ਨੇ ਬੈਠ ਕੇ ਖਾਧਾ-ਪੀਤਾ ਅਤੇ ਫਿਰ ਉੱਠ ਕੇ ਮੌਜ-ਮਸਤੀ ਕਰਨ ਲੱਗੇ।+

7 ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: “ਥੱਲੇ ਜਾਹ ਕਿਉਂਕਿ ਤੇਰੇ ਲੋਕਾਂ ਨੇ ਆਪਣੇ ਆਪ ਨੂੰ ਭ੍ਰਿਸ਼ਟ ਕਰ ਲਿਆ ਹੈ ਜਿਨ੍ਹਾਂ ਨੂੰ ਤੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ 8 ਉਹ ਉਸ ਰਾਹ ਤੋਂ ਕਿੰਨੀ ਛੇਤੀ ਭਟਕ ਗਏ ਹਨ ਜਿਸ ਰਾਹ ʼਤੇ ਮੈਂ ਉਨ੍ਹਾਂ ਨੂੰ ਚੱਲਣ ਦਾ ਹੁਕਮ ਦਿੱਤਾ ਸੀ।+ ਉਨ੍ਹਾਂ ਨੇ ਆਪਣੇ ਲਈ ਵੱਛੇ ਦੀ ਮੂਰਤ* ਬਣਾਈ ਹੈ ਅਤੇ ਉਹ ਉਸ ਅੱਗੇ ਮੱਥਾ ਟੇਕ ਰਹੇ ਹਨ ਅਤੇ ਬਲ਼ੀਆਂ ਚੜ੍ਹਾ ਰਹੇ ਹਨ ਅਤੇ ਕਹਿ ਰਹੇ ਹਨ, ‘ਹੇ ਇਜ਼ਰਾਈਲ, ਇਹ ਤੇਰਾ ਪਰਮੇਸ਼ੁਰ ਹੈ ਜੋ ਤੈਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।’” 9 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: “ਮੈਂ ਦੇਖਿਆ ਹੈ ਕਿ ਇਹ ਲੋਕ ਕਿੰਨੇ ਢੀਠ ਹਨ।+ 10 ਇਸ ਕਰਕੇ ਮੈਨੂੰ ਨਾ ਰੋਕ। ਮੈਂ ਆਪਣੇ ਗੁੱਸੇ ਦੀ ਅੱਗ ਨਾਲ ਉਨ੍ਹਾਂ ਨੂੰ ਭਸਮ ਕਰ ਦਿਆਂਗਾ ਅਤੇ ਮੈਂ ਤੇਰੇ ਤੋਂ ਇਕ ਵੱਡੀ ਕੌਮ ਬਣਾਵਾਂਗਾ।”+

11 ਫਿਰ ਮੂਸਾ ਨੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਮਿੰਨਤਾਂ ਕਰਦੇ ਹੋਏ ਕਿਹਾ:+ “ਹੇ ਯਹੋਵਾਹ, ਤੂੰ ਆਪਣੇ ਲੋਕਾਂ ਨੂੰ ਵੱਡੀ ਤਾਕਤ ਅਤੇ ਬਲਵੰਤ ਹੱਥ ਨਾਲ ਮਿਸਰ ਵਿੱਚੋਂ ਕੱਢ ਲਿਆਇਆ ਸੀ। ਹੁਣ ਤੂੰ ਕਿਉਂ ਉਨ੍ਹਾਂ ਨੂੰ ਆਪਣੇ ਗੁੱਸੇ ਦੀ ਅੱਗ ਨਾਲ ਭਸਮ ਕਰਨਾ ਚਾਹੁੰਦਾ ਹੈਂ?+ 12 ਮਿਸਰੀ ਕਿਉਂ ਕਹਿਣ, ‘ਜਦੋਂ ਉਨ੍ਹਾਂ ਦਾ ਪਰਮੇਸ਼ੁਰ ਉਨ੍ਹਾਂ ਨੂੰ ਕੱਢ ਕੇ ਲੈ ਗਿਆ ਸੀ, ਤਾਂ ਉਸ ਵੇਲੇ ਉਸ ਦਾ ਇਰਾਦਾ ਬੁਰਾ ਸੀ। ਉਹ ਉਨ੍ਹਾਂ ਨੂੰ ਪਹਾੜਾਂ ਵਿਚ ਲਿਜਾ ਕੇ ਮਾਰਨਾ ਚਾਹੁੰਦਾ ਸੀ ਅਤੇ ਧਰਤੀ ਉੱਤੋਂ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾਉਣਾ ਚਾਹੁੰਦਾ ਸੀ’?+ ਤੂੰ ਆਪਣੇ ਗੁੱਸੇ ਨੂੰ ਸ਼ਾਂਤ ਕਰ ਅਤੇ ਆਪਣੇ ਲੋਕਾਂ ਉੱਤੇ ਇਹ ਆਫ਼ਤ ਲਿਆਉਣ ਦੇ ਫ਼ੈਸਲੇ ʼਤੇ ਦੁਬਾਰਾ ਸੋਚ-ਵਿਚਾਰ* ਕਰ। 13 ਆਪਣੇ ਸੇਵਕਾਂ ਅਬਰਾਹਾਮ, ਇਸਹਾਕ ਅਤੇ ਇਜ਼ਰਾਈਲ ਨੂੰ ਯਾਦ ਕਰ ਜਿਨ੍ਹਾਂ ਨਾਲ ਤੂੰ ਆਪਣੀ ਸਹੁੰ ਖਾ ਕੇ ਕਿਹਾ ਸੀ: ‘ਮੈਂ ਤੇਰੀ ਸੰਤਾਨ* ਨੂੰ ਆਕਾਸ਼ ਦੇ ਤਾਰਿਆਂ ਜਿੰਨੀ ਵਧਾਵਾਂਗਾ+ ਅਤੇ ਤੇਰੀ ਸੰਤਾਨ* ਨੂੰ ਇਹ ਸਾਰਾ ਦੇਸ਼ ਦਿਆਂਗਾ ਜੋ ਮੈਂ ਉਸ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ ਤਾਂਕਿ ਉਹ ਹਮੇਸ਼ਾ ਲਈ ਇਸ ਦੇਸ਼ ਦੀ ਮਾਲਕ ਬਣੇ।’”+

14 ਇਸ ਲਈ ਯਹੋਵਾਹ ਆਪਣੇ ਲੋਕਾਂ ʼਤੇ ਆਫ਼ਤ ਲਿਆਉਣ ਦੇ ਫ਼ੈਸਲੇ ʼਤੇ ਦੁਬਾਰਾ ਸੋਚ-ਵਿਚਾਰ* ਕਰਨ ਲੱਗਾ।+

15 ਫਿਰ ਮੂਸਾ ਮੁੜਿਆ ਅਤੇ ਪਹਾੜ ਤੋਂ ਥੱਲੇ ਉੱਤਰ ਆਇਆ। ਉਸ ਦੇ ਹੱਥਾਂ ਵਿਚ+ ਗਵਾਹੀ ਦੀਆਂ ਦੋ ਫੱਟੀਆਂ+ ਸਨ। ਫੱਟੀਆਂ ਦੇ ਦੋਵੇਂ ਪਾਸਿਆਂ ʼਤੇ ਸ਼ਬਦ ਉੱਕਰੇ ਹੋਏ ਸਨ; ਉਨ੍ਹਾਂ ਦੇ ਅਗਲੇ ਤੇ ਪਿਛਲੇ ਪਾਸੇ ਲਿਖਿਆ ਹੋਇਆ ਸੀ। 16 ਉਹ ਫੱਟੀਆਂ ਪਰਮੇਸ਼ੁਰ ਨੇ ਬਣਾਈਆਂ ਸਨ ਅਤੇ ਉਸ ਨੇ ਹੀ ਉਨ੍ਹਾਂ ਉੱਤੇ ਉਕਰਾਈ ਕਰ ਕੇ ਲਿਖਿਆ ਸੀ।+ 17 ਜਦੋਂ ਯਹੋਸ਼ੁਆ ਨੇ ਲੋਕਾਂ ਦੇ ਰੌਲ਼ੇ ਦੀ ਆਵਾਜ਼ ਸੁਣੀ, ਤਾਂ ਉਸ ਨੇ ਮੂਸਾ ਨੂੰ ਕਿਹਾ: “ਛਾਉਣੀ ਤੋਂ ਲੜਾਈ ਦੀ ਆਵਾਜ਼ ਆ ਰਹੀ ਹੈ।” 18 ਪਰ ਮੂਸਾ ਨੇ ਕਿਹਾ:

“ਇਹ ਜਿੱਤ ਦੇ* ਗੀਤ ਦੀ ਆਵਾਜ਼ ਨਹੀਂ ਹੈ

ਅਤੇ ਨਾ ਹੀ ਇਹ ਹਾਰਨ ਵਾਲਿਆਂ ਦੇ ਰੋਣ-ਕੁਰਲਾਉਣ ਦੀ ਆਵਾਜ਼ ਹੈ;

ਮੈਨੂੰ ਇਹ ਵੱਖਰੀ ਕਿਸਮ ਦੇ ਗੀਤ ਦੀ ਆਵਾਜ਼ ਲੱਗਦੀ ਹੈ।”

19 ਜਿਉਂ ਹੀ ਮੂਸਾ ਨੇ ਛਾਉਣੀ ਦੇ ਨੇੜੇ ਆ ਕੇ ਵੱਛੇ ਦੀ ਮੂਰਤ ਦੇਖੀ+ ਅਤੇ ਲੋਕਾਂ ਨੂੰ ਨੱਚਦੇ ਦੇਖਿਆ, ਤਾਂ ਉਸ ਦਾ ਗੁੱਸਾ ਭੜਕ ਉੱਠਿਆ। ਉਸ ਨੇ ਹੱਥਾਂ ਵਿਚ ਫੜੀਆਂ ਫੱਟੀਆਂ ਪਹਾੜ ਕੋਲ ਜ਼ੋਰ ਨਾਲ ਸੁੱਟ ਦਿੱਤੀਆਂ ਜੋ ਟੋਟੇ-ਟੋਟੇ ਹੋ ਗਈਆਂ।+ 20 ਉਸ ਨੇ ਉਹ ਵੱਛਾ ਅੱਗ ਵਿਚ ਸਾੜ ਦਿੱਤਾ ਜੋ ਉਨ੍ਹਾਂ ਨੇ ਬਣਾਇਆ ਸੀ ਅਤੇ ਫਿਰ ਕੁੱਟ-ਕੁੱਟ ਕੇ ਉਸ ਦਾ ਚੂਰਾ ਬਣਾ ਦਿੱਤਾ+ ਅਤੇ ਉਸ ਨੂੰ ਪਾਣੀ ਉੱਤੇ ਖਿਲਾਰ ਕੇ ਇਜ਼ਰਾਈਲੀਆਂ ਨੂੰ ਉਹ ਪਾਣੀ ਪਿਲਾਇਆ।+ 21 ਅਤੇ ਮੂਸਾ ਨੇ ਹਾਰੂਨ ਨੂੰ ਕਿਹਾ: “ਇਨ੍ਹਾਂ ਲੋਕਾਂ ਨੇ ਤੇਰੇ ਨਾਲ ਕੀ ਕੀਤਾ ਕਿ ਤੂੰ ਇਨ੍ਹਾਂ ਤੋਂ ਇਹ ਘੋਰ ਪਾਪ ਕਰਾਇਆ?” 22 ਹਾਰੂਨ ਨੇ ਜਵਾਬ ਦਿੱਤਾ: “ਮੇਰੇ ਪ੍ਰਭੂ, ਤੂੰ ਗੁੱਸੇ ਵਿਚ ਨਾ ਭੜਕ। ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਇਨ੍ਹਾਂ ਲੋਕਾਂ ਦਾ ਧਿਆਨ ਬੁਰਾਈ ਕਰਨ ਵੱਲ ਹੀ ਲੱਗਾ ਰਹਿੰਦਾ ਹੈ।+ 23 ਇਸ ਲਈ ਉਨ੍ਹਾਂ ਨੇ ਮੈਨੂੰ ਕਿਹਾ, ‘ਸਾਡੇ ਲਈ ਇਕ ਦੇਵਤਾ ਬਣਾ ਜੋ ਸਾਡੀ ਅਗਵਾਈ ਕਰੇਗਾ ਕਿਉਂਕਿ ਸਾਨੂੰ ਨਹੀਂ ਪਤਾ ਮੂਸਾ ਨੂੰ ਕੀ ਹੋ ਗਿਆ ਹੈ ਜੋ ਸਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।’+ 24 ਇਸ ਲਈ ਮੈਂ ਉਨ੍ਹਾਂ ਨੂੰ ਕਿਹਾ, ‘ਜਿਸ ਕੋਲ ਵੀ ਸੋਨਾ ਹੈ, ਉਹ ਲਾਹ ਕੇ ਮੈਨੂੰ ਦੇਵੇ।’ ਫਿਰ ਮੈਂ ਸੋਨਾ ਅੱਗ ਵਿਚ ਸੁੱਟਿਆ ਅਤੇ ਇਹ ਵੱਛਾ ਨਿਕਲ ਆਇਆ।”

25 ਮੂਸਾ ਨੇ ਦੇਖਿਆ ਕਿ ਹਾਰੂਨ ਨੇ ਲੋਕਾਂ ਨੂੰ ਢਿੱਲ ਦਿੱਤੀ ਸੀ, ਇਸ ਕਰਕੇ ਉਹ ਬੇਕਾਬੂ ਹੋ ਗਏ ਅਤੇ ਉਨ੍ਹਾਂ ਨੇ ਆਪਣੇ ਵਿਰੋਧੀਆਂ ਸਾਮ੍ਹਣੇ ਆਪਣੇ ਆਪ ਨੂੰ ਬੇਇੱਜ਼ਤ ਕੀਤਾ। 26 ਫਿਰ ਮੂਸਾ ਛਾਉਣੀ ਦੇ ਦਰਵਾਜ਼ੇ ਕੋਲ ਜਾ ਕੇ ਖੜ੍ਹਾ ਹੋ ਗਿਆ ਅਤੇ ਕਿਹਾ: “ਤੁਹਾਡੇ ਵਿੱਚੋਂ ਕੌਣ ਯਹੋਵਾਹ ਵੱਲ ਹੈ? ਉਹ ਮੇਰੇ ਕੋਲ ਆਵੇ!”+ ਸਾਰੇ ਲੇਵੀ ਉਸ ਦੇ ਆਲੇ-ਦੁਆਲੇ ਇਕੱਠੇ ਹੋ ਗਏ। 27 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਇਹ ਕਿਹਾ ਹੈ, ‘ਤੁਹਾਡੇ ਵਿੱਚੋਂ ਹਰੇਕ ਜਣਾ ਆਪੋ-ਆਪਣੀ ਤਲਵਾਰ ਲੱਕ ਨਾਲ ਬੰਨ੍ਹੇ ਅਤੇ ਇਕ ਦਰਵਾਜ਼ੇ ਤੋਂ ਲੈ ਕੇ ਦੂਜੇ ਦਰਵਾਜ਼ੇ ਤਕ ਸਾਰੀ ਛਾਉਣੀ ਵਿੱਚੋਂ ਦੀ ਲੰਘ ਕੇ ਆਪਣੇ ਭਰਾ, ਗੁਆਂਢੀ ਤੇ ਆਪਣੇ ਸਾਥੀ ਨੂੰ ਵੱਢ ਸੁੱਟੇ।’”+ 28 ਲੇਵੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਮੂਸਾ ਨੇ ਕਿਹਾ ਸੀ। ਇਸ ਲਈ ਉਸ ਦਿਨ ਲਗਭਗ 3,000 ਆਦਮੀ ਮਾਰੇ ਗਏ। 29 ਫਿਰ ਮੂਸਾ ਨੇ ਕਿਹਾ: “ਤੁਸੀਂ ਅੱਜ ਆਪਣੇ ਆਪ ਨੂੰ ਯਹੋਵਾਹ ਦੀ ਸੇਵਾ ਲਈ ਵੱਖ ਕਰੋ* ਕਿਉਂਕਿ ਤੁਸੀਂ ਆਪਣੇ ਹੀ ਪੁੱਤਰਾਂ ਅਤੇ ਆਪਣੇ ਹੀ ਭਰਾਵਾਂ ਦੇ ਵਿਰੁੱਧ ਹੱਥ ਚੁੱਕਿਆ।+ ਇਸ ਲਈ ਅੱਜ ਉਹ ਤੁਹਾਨੂੰ ਬਰਕਤ ਦੇਵੇਗਾ।”+

30 ਫਿਰ ਅਗਲੇ ਦਿਨ ਮੂਸਾ ਨੇ ਲੋਕਾਂ ਨੂੰ ਕਿਹਾ: “ਤੁਸੀਂ ਘੋਰ ਪਾਪ ਕੀਤਾ ਹੈ ਅਤੇ ਹੁਣ ਮੈਂ ਪਹਾੜ ʼਤੇ ਯਹੋਵਾਹ ਕੋਲ ਜਾਵਾਂਗਾ ਅਤੇ ਉਸ ਦੀਆਂ ਮਿੰਨਤਾਂ ਕਰਾਂਗਾ ਅਤੇ ਸ਼ਾਇਦ ਉਹ ਤੁਹਾਡਾ ਪਾਪ ਮਾਫ਼ ਕਰ ਦੇਵੇ।”+ 31 ਇਸ ਲਈ ਮੂਸਾ ਯਹੋਵਾਹ ਕੋਲ ਵਾਪਸ ਗਿਆ ਅਤੇ ਉਸ ਨੂੰ ਕਿਹਾ: “ਲੋਕਾਂ ਨੇ ਆਪਣੇ ਲਈ ਸੋਨੇ ਦਾ ਦੇਵਤਾ ਬਣਾ ਕੇ ਕਿੰਨਾ ਵੱਡਾ ਪਾਪ ਕੀਤਾ ਹੈ!+ 32 ਪਰ ਹੁਣ ਜੇ ਤੂੰ ਚਾਹੁੰਦਾ ਹੈਂ, ਤਾਂ ਉਨ੍ਹਾਂ ਦਾ ਪਾਪ ਮਾਫ਼ ਕਰ ਦੇ;+ ਜੇ ਨਹੀਂ, ਤਾਂ ਕਿਰਪਾ ਕਰ ਕੇ ਮੇਰਾ ਨਾਂ ਆਪਣੀ ਕਿਤਾਬ ਵਿੱਚੋਂ ਮਿਟਾ ਦੇ ਜੋ ਤੂੰ ਲਿਖੀ ਹੈ।”+ 33 ਪਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਜਿਸ ਨੇ ਮੇਰੇ ਖ਼ਿਲਾਫ਼ ਪਾਪ ਕੀਤਾ ਹੈ, ਮੈਂ ਉਸੇ ਦਾ ਨਾਂ ਆਪਣੀ ਕਿਤਾਬ ਵਿੱਚੋਂ ਮਿਟਾਵਾਂਗਾ। 34 ਹੁਣ ਤੂੰ ਜਾਹ ਅਤੇ ਲੋਕਾਂ ਨੂੰ ਉਸ ਜਗ੍ਹਾ ਲੈ ਜਾਹ ਜਿਸ ਬਾਰੇ ਮੈਂ ਤੇਰੇ ਨਾਲ ਗੱਲ ਕੀਤੀ ਸੀ। ਦੇਖ, ਮੇਰਾ ਦੂਤ ਤੇਰੇ ਅੱਗੇ-ਅੱਗੇ ਜਾਵੇਗਾ+ ਅਤੇ ਜਿਸ ਦਿਨ ਮੈਂ ਉਨ੍ਹਾਂ ਤੋਂ ਲੇਖਾ ਲਵਾਂਗਾ, ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਪਾਪ ਦੀ ਸਜ਼ਾ ਦਿਆਂਗਾ।” 35 ਫਿਰ ਯਹੋਵਾਹ ਲੋਕਾਂ ਉੱਤੇ ਆਫ਼ਤਾਂ ਲਿਆਉਣ ਲੱਗਾ ਕਿਉਂਕਿ ਉਨ੍ਹਾਂ ਨੇ ਵੱਛਾ ਬਣਾਇਆ ਸੀ, ਹਾਂ, ਉਹੀ ਵੱਛਾ ਜੋ ਹਾਰੂਨ ਨੇ ਉਨ੍ਹਾਂ ਲਈ ਬਣਾਇਆ ਸੀ।

33 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: “ਤੂੰ ਜਿਨ੍ਹਾਂ ਲੋਕਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ, ਉਨ੍ਹਾਂ ਨੂੰ ਲੈ ਕੇ ਉਸ ਦੇਸ਼ ਚਲਾ ਜਾਹ ਜਿਸ ਨੂੰ ਦੇਣ ਦੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ ਅਤੇ ਉਨ੍ਹਾਂ ਨੂੰ ਕਿਹਾ ਸੀ, ‘ਮੈਂ ਇਹ ਦੇਸ਼ ਤੇਰੀ ਸੰਤਾਨ* ਨੂੰ ਦਿਆਂਗਾ।’+ 2 ਮੈਂ ਤੁਹਾਡੇ ਅੱਗੇ-ਅੱਗੇ ਆਪਣਾ ਦੂਤ ਘੱਲਾਂਗਾ+ ਅਤੇ ਮੈਂ ਕਨਾਨੀਆਂ, ਅਮੋਰੀਆਂ, ਹਿੱਤੀਆਂ, ਪਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਕੱਢ ਦਿਆਂਗਾ।+ 3 ਤੁਸੀਂ ਉਸ ਦੇਸ਼ ਨੂੰ ਜਾਓ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।+ ਪਰ ਮੈਂ ਤੁਹਾਡੇ ਨਾਲ ਨਹੀਂ ਜਾਵਾਂਗਾ ਕਿਉਂਕਿ ਤੁਸੀਂ ਸਾਰੇ ਢੀਠ ਲੋਕ ਹੋ+ ਅਤੇ ਕਿਤੇ ਇੱਦਾਂ ਨਾ ਹੋਵੇ ਕਿ ਮੈਂ ਰਾਹ ਵਿਚ ਤੁਹਾਡਾ ਨਾਮੋ-ਨਿਸ਼ਾਨ ਮਿਟਾ ਦਿਆਂ।”+

4 ਜਦੋਂ ਲੋਕਾਂ ਨੇ ਇਹ ਕੌੜੇ ਸ਼ਬਦ ਸੁਣੇ, ਤਾਂ ਉਹ ਗਮ ਵਿਚ ਡੁੱਬ ਗਏ ਅਤੇ ਕਿਸੇ ਨੇ ਵੀ ਗਹਿਣੇ ਨਹੀਂ ਪਾਏ। 5 ਯਹੋਵਾਹ ਨੇ ਮੂਸਾ ਨੂੰ ਕਿਹਾ: “ਇਜ਼ਰਾਈਲੀਆਂ ਨੂੰ ਕਹਿ, ‘ਤੁਸੀਂ ਸਾਰੇ ਢੀਠ ਲੋਕ ਹੋ।+ ਮੈਂ ਤੁਹਾਡੇ ਕੋਲ ਆ ਕੇ ਇਕ ਪਲ ਵਿਚ ਤੁਹਾਡਾ ਨਾਮੋ-ਨਿਸ਼ਾਨ ਮਿਟਾ ਸਕਦਾ ਹਾਂ।+ ਇਸ ਲਈ ਹੁਣ ਜਦ ਤਕ ਮੈਂ ਸੋਚ-ਵਿਚਾਰ ਕਰਾਂ ਕਿ ਤੁਹਾਡੇ ਨਾਲ ਕੀ ਕਰਨਾ ਹੈ, ਉਦੋਂ ਤਕ ਤੁਸੀਂ ਆਪਣੇ ਗਹਿਣੇ ਨਹੀਂ ਪਾਉਣੇ।’” 6 ਇਸ ਲਈ ਹੋਰੇਬ ਪਹਾੜ ਤੋਂ ਅੱਗੇ ਸਫ਼ਰ ਕਰਦੇ ਹੋਏ ਇਜ਼ਰਾਈਲੀਆਂ ਨੇ ਗਹਿਣੇ ਨਹੀਂ ਪਾਏ।*

7 ਫਿਰ ਮੂਸਾ ਨੇ ਆਪਣਾ ਤੰਬੂ ਪੁੱਟ ਕੇ ਛਾਉਣੀ ਤੋਂ ਬਾਹਰ ਕੁਝ ਦੂਰੀ ʼਤੇ ਲਾਇਆ ਅਤੇ ਇਸ ਨੂੰ ਮੰਡਲੀ ਦਾ ਤੰਬੂ ਕਿਹਾ। ਜਿਹੜਾ ਵੀ ਯਹੋਵਾਹ ਦੀ ਮਰਜ਼ੀ ਪੁੱਛਣੀ ਚਾਹੁੰਦਾ ਸੀ,+ ਉਹ ਛਾਉਣੀ ਦੇ ਬਾਹਰ ਮੰਡਲੀ ਦੇ ਤੰਬੂ ਨੂੰ ਜਾਂਦਾ ਸੀ। 8 ਜਦੋਂ ਵੀ ਮੂਸਾ ਮੰਡਲੀ ਦੇ ਤੰਬੂ ਵੱਲ ਜਾਂਦਾ ਸੀ, ਤਾਂ ਸਾਰੇ ਲੋਕ ਉੱਠ ਕੇ ਆਪੋ-ਆਪਣੇ ਤੰਬੂਆਂ ਦੇ ਦਰਵਾਜ਼ੇ ʼਤੇ ਖੜ੍ਹ ਜਾਂਦੇ ਸਨ ਅਤੇ ਉਹ ਮੂਸਾ ਨੂੰ ਉਦੋਂ ਤਕ ਦੇਖਦੇ ਰਹਿੰਦੇ ਸਨ ਜਦ ਤਕ ਉਹ ਤੰਬੂ ਦੇ ਅੰਦਰ ਨਹੀਂ ਚਲਾ ਜਾਂਦਾ ਸੀ। 9 ਜਿਉਂ ਹੀ ਮੂਸਾ ਤੰਬੂ ਦੇ ਅੰਦਰ ਜਾਂਦਾ ਸੀ, ਤਾਂ ਬੱਦਲ ਦਾ ਥੰਮ੍ਹ+ ਥੱਲੇ ਆ ਕੇ ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹ ਜਾਂਦਾ ਸੀ ਅਤੇ ਇਹ ਉਦੋਂ ਤਕ ਉੱਥੇ ਰਹਿੰਦਾ ਸੀ ਜਦੋਂ ਤਕ ਪਰਮੇਸ਼ੁਰ ਮੂਸਾ ਨਾਲ ਗੱਲ ਕਰਦਾ ਸੀ।+ 10 ਜਦੋਂ ਸਾਰੇ ਲੋਕ ਤੰਬੂ ਦੇ ਦਰਵਾਜ਼ੇ ʼਤੇ ਬੱਦਲ ਦਾ ਥੰਮ੍ਹ ਦੇਖਦੇ ਸਨ, ਤਾਂ ਹਰ ਕੋਈ ਉੱਠ ਕੇ ਆਪੋ-ਆਪਣੇ ਤੰਬੂ ਦੇ ਦਰਵਾਜ਼ੇ ਕੋਲ ਸਿਰ ਨਿਵਾਉਂਦਾ ਸੀ। 11 ਯਹੋਵਾਹ ਮੂਸਾ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਦਾ ਸੀ,+ ਜਿਵੇਂ ਕੋਈ ਆਦਮੀ ਦੂਸਰੇ ਆਦਮੀ ਨਾਲ ਗੱਲ ਕਰਦਾ ਹੈ। ਜਦੋਂ ਉਹ ਛਾਉਣੀ ਵਿਚ ਵਾਪਸ ਆਉਂਦਾ ਸੀ, ਤਾਂ ਉਸ ਦਾ ਸੇਵਾਦਾਰ ਤੇ ਮਦਦਗਾਰ+ ਯਹੋਸ਼ੁਆ,+ ਜੋ ਨੂਨ ਦਾ ਪੁੱਤਰ ਸੀ, ਤੰਬੂ ਕੋਲ ਹੀ ਰਹਿੰਦਾ ਸੀ।

12 ਮੂਸਾ ਨੇ ਯਹੋਵਾਹ ਨੂੰ ਕਿਹਾ: “ਦੇਖ, ਤੂੰ ਮੈਨੂੰ ਕਹਿ ਰਿਹਾ ਹੈਂ, ‘ਇਨ੍ਹਾਂ ਲੋਕਾਂ ਦੀ ਅਗਵਾਈ ਕਰ,’ ਪਰ ਤੂੰ ਮੈਨੂੰ ਇਹ ਨਹੀਂ ਦੱਸਿਆ ਕਿ ਤੂੰ ਕਿਸ ਨੂੰ ਮੇਰੇ ਨਾਲ ਘੱਲੇਂਗਾ। ਨਾਲੇ ਤੂੰ ਮੇਰੇ ਬਾਰੇ ਕਿਹਾ ਹੈ, ‘ਮੈਂ ਤੈਨੂੰ ਤੇਰੇ ਨਾਂ ਤੋਂ ਜਾਣਦਾ ਹਾਂ* ਅਤੇ ਮੈਂ ਤੇਰੇ ਤੋਂ ਖ਼ੁਸ਼ ਹੈਂ।’ 13 ਜੇ ਤੂੰ ਮੇਰੇ ਤੋਂ ਖ਼ੁਸ਼ ਹੈਂ, ਤਾਂ ਕਿਰਪਾ ਕਰ ਕੇ ਮੈਨੂੰ ਆਪਣੇ ਰਾਹਾਂ ਬਾਰੇ ਦੱਸ+ ਤਾਂਕਿ ਮੈਂ ਤੈਨੂੰ ਜਾਣਾਂ ਅਤੇ ਤੂੰ ਮੇਰੇ ਤੋਂ ਖ਼ੁਸ਼ ਰਹੇ। ਨਾਲੇ ਇਸ ਗੱਲ ਵੱਲ ਵੀ ਧਿਆਨ ਦੇ ਕਿ ਇਹ ਕੌਮ ਤੇਰੇ ਹੀ ਲੋਕ ਹਨ।”+ 14 ਇਸ ਲਈ ਪਰਮੇਸ਼ੁਰ ਨੇ ਕਿਹਾ: “ਮੈਂ* ਖ਼ੁਦ ਤੇਰੇ ਨਾਲ ਜਾਵਾਂਗਾ+ ਅਤੇ ਮੈਂ ਤੈਨੂੰ ਆਰਾਮ ਦਿਆਂਗਾ।”+ 15 ਫਿਰ ਮੂਸਾ ਨੇ ਉਸ ਨੂੰ ਕਿਹਾ: “ਜੇ ਤੂੰ* ਸਾਡੇ ਨਾਲ ਨਹੀਂ ਜਾਣਾ, ਤਾਂ ਸਾਨੂੰ ਵੀ ਇੱਥੋਂ ਨਾ ਘੱਲ। 16 ਇਹ ਕਿਵੇਂ ਪਤਾ ਲੱਗੇਗਾ ਕਿ ਤੂੰ ਮੇਰੇ ਤੋਂ, ਹਾਂ, ਮੇਰੇ ਅਤੇ ਆਪਣੇ ਲੋਕਾਂ ਤੋਂ ਖ਼ੁਸ਼ ਹੈਂ?+ ਜੇ ਤੂੰ ਸਾਡੇ ਨਾਲ ਨਹੀਂ ਜਾਵੇਂਗਾ, ਤਾਂ ਇਹ ਕਿਵੇਂ ਪਤਾ ਲੱਗੇਗਾ ਕਿ ਤੂੰ ਸਾਰੀ ਧਰਤੀ ਦੇ ਲੋਕਾਂ ਵਿੱਚੋਂ ਮੈਨੂੰ ਅਤੇ ਆਪਣੇ ਲੋਕਾਂ ਨੂੰ ਚੁਣਿਆ ਹੈ?”+

17 ਯਹੋਵਾਹ ਨੇ ਮੂਸਾ ਨੂੰ ਕਿਹਾ: “ਮੈਂ ਤੇਰੀ ਬੇਨਤੀ ਸੁਣ ਲਈ ਹੈ, ਮੈਂ ਉਸੇ ਮੁਤਾਬਕ ਕਰਾਂਗਾ ਕਿਉਂਕਿ ਮੈਂ ਤੇਰੇ ʼਤੇ ਮਿਹਰ ਕੀਤੀ ਹੈ ਅਤੇ ਮੈਂ ਤੈਨੂੰ ਤੇਰੇ ਨਾਂ ਤੋਂ ਜਾਣਦਾ ਹਾਂ।” 18 ਫਿਰ ਮੂਸਾ ਨੇ ਕਿਹਾ: “ਕਿਰਪਾ ਕਰ ਕੇ ਮੈਨੂੰ ਆਪਣੀ ਮਹਿਮਾ ਦਿਖਾ।” 19 ਪਰ ਪਰਮੇਸ਼ੁਰ ਨੇ ਕਿਹਾ: “ਮੈਂ ਤੇਰੇ ਅੱਗੋਂ ਦੀ ਲੰਘਾਂਗਾ ਅਤੇ ਤੈਨੂੰ ਆਪਣੀ ਸਾਰੀ ਭਲਾਈ ਦਿਖਾਵਾਂਗਾ ਅਤੇ ਮੈਂ ਤੇਰੇ ਸਾਮ੍ਹਣੇ ਯਹੋਵਾਹ ਦੇ ਨਾਂ ਦਾ ਐਲਾਨ ਕਰਾਂਗਾ;+ ਮੈਂ ਜਿਸ ਉੱਤੇ ਮਿਹਰ ਕਰਨੀ ਚਾਹਾਂ, ਉਸ ਉੱਤੇ ਮਿਹਰ ਕਰਾਂਗਾ ਅਤੇ ਮੈਂ ਜਿਸ ਉੱਤੇ ਦਇਆ ਕਰਨੀ ਚਾਹਾਂ, ਉਸ ਉੱਤੇ ਦਇਆ ਕਰਾਂਗਾ।”+ 20 ਪਰ ਉਸ ਨੇ ਇਹ ਵੀ ਕਿਹਾ: “ਤੂੰ ਮੇਰਾ ਚਿਹਰਾ ਨਹੀਂ ਦੇਖ ਸਕਦਾ ਕਿਉਂਕਿ ਕੋਈ ਵੀ ਇਨਸਾਨ ਮੈਨੂੰ ਦੇਖ ਕੇ ਜੀਉਂਦਾ ਨਹੀਂ ਰਹਿ ਸਕਦਾ।”

21 ਯਹੋਵਾਹ ਨੇ ਅੱਗੇ ਕਿਹਾ: “ਦੇਖ, ਇੱਥੇ ਮੇਰੇ ਲਾਗੇ ਥਾਂ ਹੈ। ਇਸ ਚਟਾਨ ʼਤੇ ਖੜ੍ਹਾ ਹੋ ਜਾ। 22 ਜਦੋਂ ਮੇਰੀ ਮਹਿਮਾ ਦਾ ਪ੍ਰਕਾਸ਼ ਤੇਰੇ ਕੋਲੋਂ ਗੁਜ਼ਰੇਗਾ, ਤਾਂ ਮੈਂ ਤੈਨੂੰ ਇਸ ਚਟਾਨ ਦੀ ਖੁੰਦਰ ਵਿਚ ਖੜ੍ਹਾ ਕਰਾਂਗਾ ਅਤੇ ਜਦ ਤਕ ਮੈਂ ਲੰਘ ਨਹੀਂ ਜਾਂਦਾ, ਮੈਂ ਆਪਣੇ ਹੱਥ ਨਾਲ ਤੈਨੂੰ ਲੁਕਾਵਾਂਗਾ। 23 ਇਸ ਤੋਂ ਬਾਅਦ ਮੈਂ ਆਪਣਾ ਹੱਥ ਹਟਾ ਲਵਾਂਗਾ ਅਤੇ ਤੂੰ ਮੇਰੀ ਪਿੱਠ ਦੇਖੇਂਗਾ। ਪਰ ਤੂੰ ਮੇਰਾ ਮੂੰਹ ਨਹੀਂ ਦੇਖ ਸਕੇਂਗਾ।”+

34 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਆਪਣੇ ਲਈ ਪਹਿਲਾਂ ਵਰਗੀਆਂ ਪੱਥਰ ਦੀਆਂ ਦੋ ਫੱਟੀਆਂ ਘੜ।+ ਮੈਂ ਉਨ੍ਹਾਂ ਫੱਟੀਆਂ ਉੱਤੇ ਉਹੀ ਗੱਲਾਂ ਲਿਖਾਂਗਾ ਜਿਹੜੀਆਂ ਮੈਂ ਪਹਿਲੀਆਂ ਫੱਟੀਆਂ ʼਤੇ ਲਿਖੀਆਂ ਸਨ+ ਜਿਨ੍ਹਾਂ ਨੂੰ ਤੂੰ ਚਕਨਾਚੂਰ ਕਰ ਦਿੱਤਾ ਸੀ।+ 2 ਸਵੇਰ ਲਈ ਤਿਆਰੀ ਕਰ ਕਿਉਂਕਿ ਸਵੇਰੇ ਤੂੰ ਸੀਨਈ ਪਹਾੜ ਦੀ ਚੋਟੀ ʼਤੇ ਮੇਰੇ ਸਾਮ੍ਹਣੇ ਹਾਜ਼ਰ ਹੋਵੇਂਗਾ।+ 3 ਹੋਰ ਕੋਈ ਵੀ ਤੇਰੇ ਨਾਲ ਪਹਾੜ ਉੱਤੇ ਨਾ ਜਾਵੇ ਅਤੇ ਨਾ ਹੀ ਪਹਾੜ ਉੱਤੇ ਨਜ਼ਰ ਆਵੇ, ਇੱਥੋਂ ਤਕ ਕਿ ਭੇਡਾਂ-ਬੱਕਰੀਆਂ ਜਾਂ ਗਾਂਵਾਂ-ਬਲਦ ਵੀ ਪਹਾੜ ਦੇ ਸਾਮ੍ਹਣੇ ਨਾ ਚਰਨ।”+

4 ਇਸ ਲਈ ਮੂਸਾ ਨੇ ਪਹਿਲਾਂ ਵਰਗੀਆਂ ਪੱਥਰ ਦੀਆਂ ਦੋ ਫੱਟੀਆਂ ਘੜੀਆਂ ਅਤੇ ਸਵੇਰੇ ਜਲਦੀ ਉੱਠ ਕੇ ਸੀਨਈ ਪਹਾੜ ʼਤੇ ਗਿਆ, ਠੀਕ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ। ਉਹ ਆਪਣੇ ਨਾਲ ਪੱਥਰ ਦੀਆਂ ਦੋ ਫੱਟੀਆਂ ਲੈ ਗਿਆ। 5 ਫਿਰ ਯਹੋਵਾਹ ਬੱਦਲ ਵਿਚ ਥੱਲੇ ਆਇਆ+ ਅਤੇ ਉੱਥੇ ਉਸ ਦੇ ਨਾਲ ਖੜ੍ਹਾ ਹੋ ਗਿਆ ਅਤੇ ਯਹੋਵਾਹ ਦੇ ਨਾਂ ਦਾ ਐਲਾਨ ਕੀਤਾ।+ 6 ਯਹੋਵਾਹ ਨੇ ਉਸ ਦੇ ਅੱਗਿਓਂ ਦੀ ਲੰਘਦੇ ਹੋਏ ਐਲਾਨ ਕੀਤਾ: “ਯਹੋਵਾਹ, ਯਹੋਵਾਹ, ਦਇਆਵਾਨ+ ਅਤੇ ਰਹਿਮਦਿਲ*+ ਪਰਮੇਸ਼ੁਰ ਜੋ ਛੇਤੀ ਗੁੱਸਾ ਨਹੀਂ ਕਰਦਾ+ ਅਤੇ ਉਹ ਅਟੱਲ ਪਿਆਰ+ ਅਤੇ ਸੱਚਾਈ*+ ਨਾਲ ਭਰਪੂਰ ਹੈ, 7 ਉਹ ਹਜ਼ਾਰਾਂ ਨਾਲ ਅਟੱਲ ਪਿਆਰ ਕਰਦਾ ਹੈ+ ਅਤੇ ਗ਼ਲਤੀਆਂ, ਅਪਰਾਧ ਤੇ ਪਾਪ ਮਾਫ਼ ਕਰਦਾ ਹੈ,+ ਪਰ ਉਹ ਦੋਸ਼ੀ ਨੂੰ ਸਜ਼ਾ ਦਿੱਤੇ ਬਿਨਾਂ ਨਹੀਂ ਛੱਡੇਗਾ+ ਅਤੇ ਪਿਤਾ ਦੀਆਂ ਗ਼ਲਤੀਆਂ ਦੀ ਸਜ਼ਾ ਉਸ ਦੇ ਪੁੱਤਰਾਂ ਨੂੰ ਅਤੇ ਤੀਜੀ ਅਤੇ ਚੌਥੀ ਪੀੜ੍ਹੀ ਨੂੰ ਦੇਵੇਗਾ।”+

8 ਮੂਸਾ ਨੇ ਝੱਟ ਜ਼ਮੀਨ ਉੱਤੇ ਗੋਡਿਆਂ ਭਾਰ ਬੈਠ ਕੇ ਆਪਣਾ ਸਿਰ ਨਿਵਾਇਆ। 9 ਫਿਰ ਉਸ ਨੇ ਕਿਹਾ: “ਹੇ ਯਹੋਵਾਹ, ਜੇ ਮੇਰੇ ਉੱਤੇ ਤੇਰੀ ਮਿਹਰ ਹੋਈ ਹੈ, ਤਾਂ ਹੇ ਯਹੋਵਾਹ, ਕਿਰਪਾ ਕਰ ਕੇ ਸਾਡੇ ਨਾਲ ਚੱਲ ਅਤੇ ਸਾਡੇ ਵਿਚ ਰਹਿ,+ ਭਾਵੇਂ ਅਸੀਂ ਢੀਠ ਲੋਕ ਹਾਂ।+ ਸਾਡੀਆਂ ਗ਼ਲਤੀਆਂ ਅਤੇ ਪਾਪ ਮਾਫ਼ ਕਰ+ ਅਤੇ ਸਾਨੂੰ ਆਪਣੇ ਲੋਕਾਂ ਵਜੋਂ ਕਬੂਲ ਕਰ।” 10 ਇਹ ਸੁਣ ਕੇ ਪਰਮੇਸ਼ੁਰ ਨੇ ਕਿਹਾ: “ਮੈਂ ਹੁਣ ਇਕ ਇਕਰਾਰ ਕਰਦਾ ਹਾਂ: ਮੈਂ ਤੇਰੇ ਸਾਰੇ ਲੋਕਾਂ ਸਾਮ੍ਹਣੇ ਅਜਿਹੇ ਹੈਰਾਨੀਜਨਕ ਕੰਮ ਕਰਾਂਗਾ ਜੋ ਸਾਰੀ ਧਰਤੀ ਉੱਤੇ ਅਤੇ ਕਿਸੇ ਵੀ ਕੌਮ ਵਿਚ ਕਦੇ ਨਹੀਂ ਕੀਤੇ ਗਏ+ ਅਤੇ ਜਿਨ੍ਹਾਂ ਲੋਕਾਂ ਵਿਚ ਤੂੰ ਵੱਸਦਾ ਹੈਂ, ਉਹ ਸਾਰੇ ਯਹੋਵਾਹ ਦੇ ਕੰਮ ਦੇਖਣਗੇ ਕਿਉਂਕਿ ਮੈਂ ਤੇਰੇ ਲਈ ਅਨੋਖੇ ਕੰਮ ਕਰਾਂਗਾ।+

11 “ਮੈਂ ਤੈਨੂੰ ਅੱਜ ਜੋ ਹੁਕਮ ਦੇ ਰਿਹਾ ਹਾਂ, ਉਸ ਵੱਲ ਧਿਆਨ ਦੇ।+ ਮੈਂ ਤੇਰੇ ਅੱਗਿਓਂ ਅਮੋਰੀਆਂ, ਕਨਾਨੀਆਂ, ਹਿੱਤੀਆਂ, ਪਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਕੱਢ ਦਿਆਂਗਾ।+ 12 ਖ਼ਬਰਦਾਰ ਰਹੀਂ ਕਿ ਤੂੰ ਜਿਸ ਦੇਸ਼ ਵਿਚ ਜਾ ਰਿਹਾ ਹੈਂ, ਉੱਥੇ ਦੇ ਵਾਸੀਆਂ ਨਾਲ ਕੋਈ ਇਕਰਾਰ ਨਾ ਕਰੀਂ,+ ਨਹੀਂ ਤਾਂ ਇਹ ਤੇਰੇ ਲਈ ਫੰਦਾ ਸਾਬਤ ਹੋਵੇਗਾ।+ 13 ਪਰ ਤੂੰ ਉਨ੍ਹਾਂ ਦੀਆਂ ਵੇਦੀਆਂ ਢਾਹ ਦੇਈਂ, ਉਨ੍ਹਾਂ ਦੇ ਪੂਜਾ-ਥੰਮ੍ਹ ਚਕਨਾਚੂਰ ਕਰ ਦੇਈਂ ਅਤੇ ਪੂਜਾ-ਖੰਭੇ* ਵੱਢ ਦੇਈਂ।+ 14 ਤੂੰ ਕਿਸੇ ਹੋਰ ਦੇਵਤੇ ਅੱਗੇ ਮੱਥਾ ਨਾ ਟੇਕੀਂ+ ਕਿਉਂਕਿ ਯਹੋਵਾਹ* ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਹੀ ਭਗਤੀ ਕੀਤੀ ਜਾਵੇ।* ਹਾਂ, ਉਹ ਅਜਿਹਾ ਪਰਮੇਸ਼ੁਰ ਹੈ ਜੋ ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਹੀ ਭਗਤੀ ਕੀਤੀ ਜਾਵੇ।+ 15 ਤੁਸੀਂ ਖ਼ਬਰਦਾਰ ਰਹਿਓ ਕਿ ਉਸ ਦੇਸ਼ ਦੇ ਵਾਸੀਆਂ ਨਾਲ ਕੋਈ ਇਕਰਾਰ ਨਾ ਕਰਿਓ ਕਿਉਂਕਿ ਜਦੋਂ ਉਹ ਆਪਣੇ ਦੇਵੀ-ਦੇਵਤਿਆਂ ਨਾਲ ਹਰਾਮਕਾਰੀ* ਕਰਨਗੇ ਅਤੇ ਉਨ੍ਹਾਂ ਅੱਗੇ ਬਲ਼ੀਆਂ ਚੜ੍ਹਾਉਣਗੇ,+ ਤਾਂ ਕੋਈ-ਨਾ-ਕੋਈ ਤੁਹਾਨੂੰ ਸੱਦਾ ਦੇਵੇਗਾ ਅਤੇ ਤੁਸੀਂ ਉਸ ਦੁਆਰਾ ਚੜ੍ਹਾਈਆਂ ਬਲ਼ੀਆਂ ਖਾਓਗੇ।+ 16 ਫਿਰ ਤੁਸੀਂ ਜ਼ਰੂਰ ਆਪਣੇ ਪੁੱਤਰਾਂ ਦੇ ਵਿਆਹ ਉਨ੍ਹਾਂ ਦੀਆਂ ਧੀਆਂ ਨਾਲ ਕਰ ਦਿਓਗੇ+ ਅਤੇ ਉਨ੍ਹਾਂ ਦੀਆਂ ਧੀਆਂ ਆਪਣੇ ਦੇਵਤਿਆਂ ਨਾਲ ਹਰਾਮਕਾਰੀ ਕਰਨਗੀਆਂ ਅਤੇ ਤੁਹਾਡੇ ਪੁੱਤਰਾਂ ਤੋਂ ਵੀ ਆਪਣੇ ਦੇਵਤਿਆਂ ਨਾਲ ਹਰਾਮਕਾਰੀ ਕਰਾਉਣਗੀਆਂ।+

17 “ਤੂੰ ਕਿਸੇ ਵੀ ਦੇਵੀ-ਦੇਵਤੇ ਦੀ ਧਾਤ ਦੀ ਮੂਰਤ ਨਾ ਬਣਾਈਂ।+

18 “ਤੂੰ ਬੇਖਮੀਰੀ ਰੋਟੀ ਦਾ ਤਿਉਹਾਰ ਮਨਾਈਂ।+ ਤੂੰ ਬੇਖਮੀਰੀ ਰੋਟੀ ਖਾਈਂ, ਠੀਕ ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਸੀ; ਤੂੰ ਅਬੀਬ*+ ਮਹੀਨੇ ਦੌਰਾਨ ਮਿਥੇ ਹੋਏ ਸਮੇਂ ਤੇ ਸੱਤ ਦਿਨ ਇਸ ਤਰ੍ਹਾਂ ਕਰੀਂ ਕਿਉਂਕਿ ਤੂੰ ਅਬੀਬ ਮਹੀਨੇ ਮਿਸਰ ਵਿੱਚੋਂ ਨਿਕਲਿਆ ਸੀ।

19 “ਇਨਸਾਨ ਦਾ ਹਰ ਜੇਠਾ* ਮੇਰਾ ਹੈ+ ਅਤੇ ਪਾਲਤੂ ਪਸ਼ੂਆਂ ਦਾ ਵੀ, ਚਾਹੇ ਉਹ ਬਲਦ ਦਾ ਹੋਵੇ ਜਾਂ ਭੇਡ ਦਾ।+ 20 ਤੂੰ ਗਧੇ ਦੇ ਪਹਿਲੇ ਵਛੇਰੇ ਨੂੰ ਭੇਡ ਦੀ ਕੁਰਬਾਨੀ ਦੇ ਕੇ ਛੁਡਾਈਂ। ਪਰ ਜੇ ਤੂੰ ਵਛੇਰਾ ਨਹੀਂ ਛੁਡਾਉਂਦਾ, ਤਾਂ ਉਸ ਦੀ ਧੌਣ ਤੋੜ ਦੇਈਂ। ਅਤੇ ਤੂੰ ਆਪਣੇ ਸਾਰੇ ਜੇਠੇ ਮੁੰਡਿਆਂ ਨੂੰ ਛੁਡਾਈਂ।+ ਕੋਈ ਵੀ ਮੇਰੇ ਸਾਮ੍ਹਣੇ ਖਾਲੀ ਹੱਥ ਹਾਜ਼ਰ ਨਾ ਹੋਵੇ।

21 “ਤੂੰ ਛੇ ਦਿਨ ਕੰਮ ਕਰੀਂ, ਪਰ ਸੱਤਵੇਂ ਦਿਨ ਆਰਾਮ ਕਰੀਂ।*+ ਇੱਥੋਂ ਤਕ ਕਿ ਜਦੋਂ ਵਾਹੀ ਕਰਨ ਜਾਂ ਵਾਢੀ ਦਾ ਸਮਾਂ ਹੋਵੇ, ਉਦੋਂ ਵੀ ਤੂੰ ਆਰਾਮ ਕਰੀਂ।

22 “ਤੂੰ ਕਣਕ ਦੀ ਵਾਢੀ ਕਰ ਕੇ ਇਸ ਦੇ ਪਹਿਲੇ ਫਲ ਨਾਲ ਹਫ਼ਤਿਆਂ ਦਾ ਤਿਉਹਾਰ ਮਨਾਈਂ ਅਤੇ ਸਾਲ ਦੇ ਅਖ਼ੀਰ ਵਿਚ ਫ਼ਸਲ ਇਕੱਠੀ ਕਰਨ ਦਾ ਤਿਉਹਾਰ।*+

23 “ਸਾਲ ਵਿਚ ਤਿੰਨ ਵਾਰ ਤੁਹਾਡੇ ਸਾਰੇ ਆਦਮੀ ਸੱਚੇ ਪ੍ਰਭੂ ਯਹੋਵਾਹ, ਇਜ਼ਰਾਈਲ ਦੇ ਪਰਮੇਸ਼ੁਰ ਸਾਮ੍ਹਣੇ ਹਾਜ਼ਰ ਹੋਣ।+ 24 ਕਿਉਂਕਿ ਮੈਂ ਤੇਰੇ ਅੱਗਿਓਂ ਕੌਮਾਂ ਨੂੰ ਕੱਢ ਦਿਆਂਗਾ+ ਅਤੇ ਮੈਂ ਤੁਹਾਡਾ ਇਲਾਕਾ ਵਧਾਵਾਂਗਾ ਅਤੇ ਜਦੋਂ ਤੁਸੀਂ ਸਾਲ ਵਿਚ ਤਿੰਨ ਵਾਰ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਹਾਜ਼ਰ ਹੋਵੋਗੇ, ਤਾਂ ਕੋਈ ਵੀ ਤੁਹਾਡੇ ਦੇਸ਼ ʼਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ।

25 “ਤੂੰ ਮੇਰੀ ਬਲ਼ੀ ਦੇ ਲਹੂ ਨਾਲ ਕੋਈ ਵੀ ਖਮੀਰੀ ਚੀਜ਼ ਨਾ ਚੜ੍ਹਾਈਂ।+ ਪਸਾਹ ਦੇ ਤਿਉਹਾਰ ʼਤੇ ਚੜ੍ਹਾਈ ਬਲ਼ੀ ਦਾ ਮਾਸ ਸਵੇਰ ਤਕ ਨਾ ਰੱਖਿਆ ਜਾਵੇ।+

26 “ਤੂੰ ਆਪਣੀ ਜ਼ਮੀਨ ਦੀ ਪਹਿਲੀ ਪੈਦਾਵਾਰ ਦਾ ਸਭ ਤੋਂ ਉੱਤਮ ਫਲ ਆਪਣੇ ਪਰਮੇਸ਼ੁਰ ਯਹੋਵਾਹ ਦੇ ਘਰ ਲਿਆਈਂ।+

“ਤੂੰ ਮੇਮਣੇ ਨੂੰ ਉਸ ਦੀ ਮਾਂ ਦੇ ਦੁੱਧ ਵਿਚ ਨਾ ਉਬਾਲੀਂ।”+

27 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: “ਤੂੰ ਇਹ ਸਾਰੀਆਂ ਗੱਲਾਂ ਲਿਖੀਂ+ ਕਿਉਂਕਿ ਮੈਂ ਇਨ੍ਹਾਂ ਗੱਲਾਂ ਮੁਤਾਬਕ ਤੇਰੇ ਅਤੇ ਇਜ਼ਰਾਈਲ ਨਾਲ ਇਕਰਾਰ ਕੀਤਾ ਹੈ।”+ 28 ਅਤੇ ਉਹ ਯਹੋਵਾਹ ਨਾਲ 40 ਦਿਨ ਅਤੇ 40 ਰਾਤਾਂ ਰਿਹਾ ਅਤੇ ਇਸ ਦੌਰਾਨ ਉਸ ਨੇ ਨਾ ਰੋਟੀ ਖਾਧੀ ਤੇ ਨਾ ਪਾਣੀ ਪੀਤਾ।+ ਅਤੇ ਉਸ* ਨੇ ਇਕਰਾਰ ਦੀਆਂ ਸਾਰੀਆਂ ਗੱਲਾਂ ਯਾਨੀ ਦਸ ਹੁਕਮ* ਪੱਥਰ ਦੀਆਂ ਫੱਟੀਆਂ ਉੱਤੇ ਲਿਖੇ।+

29 ਫਿਰ ਮੂਸਾ ਸੀਨਈ ਪਹਾੜ ਤੋਂ ਥੱਲੇ ਆ ਗਿਆ ਅਤੇ ਉਸ ਦੇ ਹੱਥਾਂ ਵਿਚ ਗਵਾਹੀ ਦੀਆਂ ਦੋ ਫੱਟੀਆਂ ਸਨ।+ ਜਦੋਂ ਉਹ ਪਹਾੜੋਂ ਥੱਲੇ ਆਇਆ, ਤਾਂ ਮੂਸਾ ਨੂੰ ਪਤਾ ਨਹੀਂ ਸੀ ਕਿ ਉਸ ਦੇ ਚਿਹਰੇ ਤੋਂ ਕਿਰਨਾਂ ਨਿਕਲ ਰਹੀਆਂ ਸਨ ਕਿਉਂਕਿ ਉਸ ਨੇ ਪਰਮੇਸ਼ੁਰ ਨਾਲ ਗੱਲ ਕੀਤੀ ਸੀ। 30 ਜਦੋਂ ਹਾਰੂਨ ਅਤੇ ਸਾਰੇ ਇਜ਼ਰਾਈਲੀਆਂ ਨੇ ਦੇਖਿਆ ਕਿ ਉਸ ਦੇ ਚਿਹਰੇ ਤੋਂ ਕਿਰਨਾਂ ਨਿਕਲ ਰਹੀਆਂ ਸਨ, ਤਾਂ ਉਹ ਉਸ ਦੇ ਨੇੜੇ ਜਾਣ ਤੋਂ ਡਰੇ।+

31 ਪਰ ਮੂਸਾ ਨੇ ਉਨ੍ਹਾਂ ਨੂੰ ਬੁਲਾਇਆ, ਇਸ ਲਈ ਹਾਰੂਨ ਅਤੇ ਮੰਡਲੀ ਦੇ ਸਾਰੇ ਆਗੂ ਉਸ ਕੋਲ ਆਏ ਅਤੇ ਉਸ ਨੇ ਉਨ੍ਹਾਂ ਨਾਲ ਗੱਲ ਕੀਤੀ। 32 ਇਸ ਤੋਂ ਬਾਅਦ ਸਾਰੇ ਇਜ਼ਰਾਈਲੀ ਉਸ ਕੋਲ ਗਏ ਅਤੇ ਉਸ ਨੇ ਉਹ ਸਾਰੇ ਹੁਕਮ ਉਨ੍ਹਾਂ ਨੂੰ ਦੱਸੇ ਜੋ ਯਹੋਵਾਹ ਨੇ ਸੀਨਈ ਪਹਾੜ ਉੱਤੇ ਉਸ ਨੂੰ ਦਿੱਤੇ ਸਨ।+ 33 ਜਦੋਂ ਮੂਸਾ ਉਨ੍ਹਾਂ ਨਾਲ ਗੱਲ ਕਰ ਹਟਦਾ ਸੀ, ਤਾਂ ਕੱਪੜੇ ਨਾਲ ਆਪਣਾ ਚਿਹਰਾ ਢਕ ਲੈਂਦਾ ਸੀ।+ 34 ਪਰ ਜਦੋਂ ਮੂਸਾ ਯਹੋਵਾਹ ਨਾਲ ਗੱਲ ਕਰਨ ਲਈ ਉਸ ਦੇ ਸਾਮ੍ਹਣੇ ਹਾਜ਼ਰ ਹੁੰਦਾ ਸੀ, ਤਾਂ ਉਹ ਆਪਣੇ ਚਿਹਰੇ ਤੋਂ ਕੱਪੜਾ ਹਟਾ ਲੈਂਦਾ ਸੀ।+ ਫਿਰ ਜਦੋਂ ਉਹ ਬਾਹਰ ਜਾਂਦਾ ਸੀ, ਤਾਂ ਇਜ਼ਰਾਈਲੀਆਂ ਨੂੰ ਉਹ ਸਾਰੇ ਹੁਕਮ ਦੱਸਦਾ ਸੀ ਜੋ ਉਸ ਨੂੰ ਪਰਮੇਸ਼ੁਰ ਦਿੰਦਾ ਸੀ।+ 35 ਅਤੇ ਇਜ਼ਰਾਈਲੀਆਂ ਨੇ ਦੇਖਿਆ ਕਿ ਉਸ ਦੇ ਚਿਹਰੇ ਤੋਂ ਕਿਰਨਾਂ ਨਿਕਲ ਰਹੀਆਂ ਸਨ; ਫਿਰ ਮੂਸਾ ਦੁਬਾਰਾ ਕੱਪੜੇ ਨਾਲ ਆਪਣਾ ਚਿਹਰਾ ਢਕ ਲੈਂਦਾ ਸੀ ਜਦ ਤਕ ਉਹ ਪਰਮੇਸ਼ੁਰ* ਨਾਲ ਗੱਲ ਕਰਨ ਨਹੀਂ ਜਾਂਦਾ ਸੀ।+

35 ਬਾਅਦ ਵਿਚ ਮੂਸਾ ਨੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਕਿਹਾ: “ਯਹੋਵਾਹ ਨੇ ਇਹ ਸਭ ਕੁਝ ਕਰਨ ਦਾ ਹੁਕਮ ਦਿੱਤਾ ਹੈ:+ 2 ਛੇ ਦਿਨ ਕੰਮ ਕੀਤਾ ਜਾ ਸਕਦਾ ਹੈ, ਪਰ ਸੱਤਵਾਂ ਦਿਨ ਤੁਹਾਡੇ ਲਈ ਪਵਿੱਤਰ ਹੋਵੇਗਾ। ਇਹ ਸਬਤ ਦਾ ਦਿਨ ਹੋਣ ਕਰਕੇ ਯਹੋਵਾਹ ਨੂੰ ਸਮਰਪਿਤ ਹੋਵੇਗਾ। ਇਸ ਲਈ ਇਸ ਦਿਨ ਪੂਰੀ ਤਰ੍ਹਾਂ ਆਰਾਮ ਕੀਤਾ ਜਾਵੇ।+ ਜਿਹੜਾ ਵੀ ਇਨਸਾਨ ਸਬਤ ਦੇ ਦਿਨ ਕੰਮ ਕਰੇਗਾ, ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।+ 3 ਤੂੰ ਸਬਤ ਦੇ ਦਿਨ ਆਪਣੇ ਘਰ ਅੱਗ ਨਾ ਬਾਲ਼ੀਂ।”

4 ਫਿਰ ਮੂਸਾ ਨੇ ਇਜ਼ਰਾਈਲ ਦੀ ਸਾਰੀ ਮੰਡਲੀ ਨੂੰ ਕਿਹਾ: “ਯਹੋਵਾਹ ਨੇ ਇਹ ਹੁਕਮ ਦਿੱਤਾ ਹੈ, 5 ‘ਯਹੋਵਾਹ ਲਈ ਦਾਨ ਇਕੱਠਾ ਕਰ।+ ਹਰ ਕੋਈ ਜੋ ਦਿਲੋਂ ਦਾਨ ਦੇਣਾ ਚਾਹੁੰਦਾ ਹੈ,+ ਉਹ ਯਹੋਵਾਹ ਨੂੰ ਇਹ ਚੀਜ਼ਾਂ ਦਾਨ ਵਜੋਂ ਦੇਵੇ: ਸੋਨਾ, ਚਾਂਦੀ, ਤਾਂਬਾ, 6 ਨੀਲਾ ਧਾਗਾ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦਾ ਧਾਗਾ, ਵਧੀਆ ਮਲਮਲ, ਬੱਕਰੀ ਦੇ ਵਾਲ਼,+ 7 ਲਾਲ ਰੰਗ ਨਾਲ ਰੰਗੀਆਂ ਭੇਡੂਆਂ ਦੀਆਂ ਖੱਲਾਂ, ਸੀਲ ਮੱਛੀ ਦੀਆਂ ਖੱਲਾਂ, ਕਿੱਕਰ ਦੀ ਲੱਕੜ, 8 ਦੀਵਿਆਂ ਲਈ ਤੇਲ, ਪਵਿੱਤਰ ਤੇਲ ਤੇ ਖ਼ੁਸ਼ਬੂਦਾਰ ਧੂਪ ਬਣਾਉਣ ਲਈ ਬਲਸਾਨ,+ 9 ਅਤੇ ਏਫ਼ੋਦ ਤੇ ਸੀਨੇਬੰਦ+ ਵਿਚ ਜੜਨ ਲਈ ਸੁਲੇਮਾਨੀ ਪੱਥਰ ਅਤੇ ਹੋਰ ਪੱਥਰ।+

10 “‘ਤੁਹਾਡੇ ਵਿਚ ਜਿਹੜਾ ਵੀ ਕਾਰੀਗਰ ਹੈ,*+ ਉਹ ਆਵੇ ਅਤੇ ਸਾਰੀਆਂ ਚੀਜ਼ਾਂ ਬਣਾਵੇ ਜਿਨ੍ਹਾਂ ਨੂੰ ਬਣਾਉਣ ਦਾ ਯਹੋਵਾਹ ਨੇ ਹੁਕਮ ਦਿੱਤਾ ਹੈ 11 ਯਾਨੀ ਡੇਰਾ, ਇਸ ਦਾ ਤੰਬੂ, ਪਰਦੇ, ਚੂੰਢੀਆਂ, ਚੌਖਟੇ,* ਡੰਡੇ, ਥੰਮ੍ਹ, ਸੁਰਾਖ਼ਾਂ ਵਾਲੀਆਂ ਚੌਂਕੀਆਂ; 12 ਸੰਦੂਕ+ ਅਤੇ ਇਸ ਦੇ ਡੰਡੇ,+ ਢੱਕਣ+ ਅਤੇ ਇਸ ਦੇ ਸਾਮ੍ਹਣੇ ਲਾਉਣ ਲਈ ਪਰਦਾ;+ 13 ਮੇਜ਼+ ਅਤੇ ਇਸ ਲਈ ਡੰਡੇ, ਇਸ ʼਤੇ ਰੱਖਿਆ ਜਾਣ ਵਾਲਾ ਸਾਮਾਨ ਅਤੇ ਚੜ੍ਹਾਵੇ ਦੀਆਂ ਰੋਟੀਆਂ;+ 14 ਰੌਸ਼ਨੀ ਲਈ ਸ਼ਮਾਦਾਨ+ ਅਤੇ ਇਸ ਲਈ ਵਰਤਿਆ ਜਾਣ ਵਾਲਾ ਸਾਰਾ ਸਾਮਾਨ ਅਤੇ ਇਸ ਦੇ ਦੀਵੇ ਅਤੇ ਇਨ੍ਹਾਂ ਨੂੰ ਜਗਾਉਣ ਲਈ ਤੇਲ;+ 15 ਧੂਪ ਦੀ ਵੇਦੀ+ ਅਤੇ ਇਸ ਦੇ ਡੰਡੇ; ਪਵਿੱਤਰ ਤੇਲ, ਖ਼ੁਸ਼ਬੂਦਾਰ ਧੂਪ+ ਅਤੇ ਤੰਬੂ ਦੇ ਦਰਵਾਜ਼ੇ ਲਈ ਇਕ ਪਰਦਾ; 16 ਹੋਮ-ਬਲ਼ੀ ਦੀ ਵੇਦੀ+ ਅਤੇ ਇਸ ਦੀ ਤਾਂਬੇ ਦੀ ਜਾਲ਼ੀ, ਇਸ ਦੇ ਡੰਡੇ ਅਤੇ ਇਸ ਲਈ ਵਰਤਿਆ ਜਾਣ ਵਾਲਾ ਸਾਰਾ ਸਾਮਾਨ; ਹੌਦ ਅਤੇ ਇਸ ਦੀ ਚੌਂਕੀ;+ 17 ਡੇਰੇ ਦੇ ਵਿਹੜੇ ਦੀ ਵਾੜ ਲਈ ਪਰਦੇ,+ ਇਸ ਦੇ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਚੌਂਕੀਆਂ; ਵਿਹੜੇ ਦੇ ਦਰਵਾਜ਼ੇ ਲਈ ਇਕ ਪਰਦਾ; 18 ਤੰਬੂ ਅਤੇ ਵਿਹੜੇ ਦੀਆਂ ਸਾਰੀਆਂ ਕਿੱਲੀਆਂ ਤੇ ਰੱਸੀਆਂ;+ 19 ਪਵਿੱਤਰ ਸਥਾਨ ਵਿਚ ਸੇਵਾ ਕਰਨ ਵਾਲਿਆਂ ਲਈ ਵਧੀਆ ਤਰੀਕੇ ਨਾਲ ਬੁਣੇ ਹੋਏ ਕੱਪੜੇ,+ ਪੁਜਾਰੀ ਹਾਰੂਨ ਦਾ ਪਵਿੱਤਰ ਲਿਬਾਸ,+ ਉਸ ਦੇ ਪੁੱਤਰਾਂ ਦੇ ਲਿਬਾਸ ਜੋ ਪੁਜਾਰੀਆਂ ਵਜੋਂ ਸੇਵਾ ਕਰਨਗੇ।’”

20 ਫਿਰ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਮੂਸਾ ਦੇ ਸਾਮ੍ਹਣਿਓਂ ਚਲੀ ਗਈ। 21 ਫਿਰ ਜਿਸ ਦੇ ਵੀ ਦਿਲ ਅਤੇ ਮਨ ਨੇ ਉਸ ਨੂੰ ਦਾਨ ਦੇਣ ਲਈ ਪ੍ਰੇਰਿਆ,+ ਉਹ ਯਹੋਵਾਹ ਲਈ ਦਾਨ ਲਿਆਇਆ ਤਾਂਕਿ ਇਸ ਨੂੰ ਮੰਡਲੀ ਦੇ ਤੰਬੂ, ਇਸ ਵਿਚ ਕੀਤੇ ਜਾਣ ਵਾਲੇ ਸੇਵਾ ਦੇ ਕੰਮਾਂ ਅਤੇ ਪਵਿੱਤਰ ਲਿਬਾਸ ਲਈ ਵਰਤਿਆ ਜਾਵੇ। 22 ਆਦਮੀ ਅਤੇ ਔਰਤਾਂ ਖ਼ੁਸ਼ੀ-ਖ਼ੁਸ਼ੀ ਸਜਾਵਟੀ ਬੱਕਲ, ਵਾਲ਼ੀਆਂ, ਅੰਗੂਠੀਆਂ ਤੇ ਹੋਰ ਗਹਿਣੇ ਅਤੇ ਸੋਨੇ ਦੀਆਂ ਹੋਰ ਕਈ ਚੀਜ਼ਾਂ ਲਿਆਉਂਦੇ ਰਹੇ। ਉਨ੍ਹਾਂ ਸਾਰਿਆਂ ਨੇ ਯਹੋਵਾਹ ਨੂੰ ਸੋਨੇ ਦੀਆਂ ਭੇਟਾਂ ਚੜ੍ਹਾਈਆਂ।*+ 23 ਜਿਨ੍ਹਾਂ ਕੋਲ ਨੀਲਾ ਧਾਗਾ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦਾ ਧਾਗਾ, ਵਧੀਆ ਮਲਮਲ, ਬੱਕਰੀ ਦੇ ਵਾਲ਼, ਲਾਲ ਰੰਗ ਨਾਲ ਰੰਗੀਆਂ ਭੇਡੂਆਂ ਦੀਆਂ ਖੱਲਾਂ, ਸੀਲ ਮੱਛੀ ਦੀਆਂ ਖੱਲਾਂ ਸਨ, ਉਹ ਇਹ ਚੀਜ਼ਾਂ ਲਿਆਏ। 24 ਜਿਨ੍ਹਾਂ ਕੋਲ ਚਾਂਦੀ ਅਤੇ ਤਾਂਬਾ ਸੀ, ਉਹ ਉਨ੍ਹਾਂ ਨੇ ਯਹੋਵਾਹ ਨੂੰ ਦਾਨ ਵਜੋਂ ਚੜ੍ਹਾ ਦਿੱਤਾ। ਜਿਨ੍ਹਾਂ ਕੋਲ ਕਿੱਕਰ ਦੀ ਲੱਕੜ ਸੀ, ਉਹ ਉਨ੍ਹਾਂ ਨੇ ਡੇਰੇ ਦੇ ਕੰਮਾਂ ਲਈ ਦੇ ਦਿੱਤੀ।

25 ਸਾਰੀਆਂ ਹੁਨਰਮੰਦ ਔਰਤਾਂ+ ਨੇ ਆਪਣੇ ਹੱਥੀਂ ਇਹ ਚੀਜ਼ਾਂ ਕੱਤ ਕੇ ਲਿਆਂਦੀਆਂ: ਨੀਲਾ ਧਾਗਾ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦਾ ਧਾਗਾ ਅਤੇ ਵਧੀਆ ਮਲਮਲ। 26 ਅਤੇ ਜਿਨ੍ਹਾਂ ਔਰਤਾਂ ਦੇ ਦਿਲਾਂ ਨੇ ਉਨ੍ਹਾਂ ਨੂੰ ਪ੍ਰੇਰਿਆ, ਉਨ੍ਹਾਂ ਨੇ ਬੱਕਰੀ ਦੇ ਵਾਲ਼ ਕੱਤ ਕੇ ਧਾਗੇ ਬਣਾਏ।

27 ਲੋਕਾਂ ਦੇ ਮੁਖੀ ਏਫ਼ੋਦ ਤੇ ਸੀਨੇਬੰਦ ਵਿਚ ਜੜਨ ਲਈ ਸੁਲੇਮਾਨੀ ਪੱਥਰ ਅਤੇ ਹੋਰ ਪੱਥਰ ਲਿਆਏ।+ 28 ਨਾਲੇ ਉਨ੍ਹਾਂ ਨੇ ਦੀਵੇ ਬਾਲ਼ਣ, ਪਵਿੱਤਰ ਤੇਲ+ ਤੇ ਖ਼ੁਸ਼ਬੂਦਾਰ ਧੂਪ+ ਬਣਾਉਣ ਲਈ ਬਲਸਾਨ ਅਤੇ ਤੇਲ ਦਿੱਤਾ। 29 ਜਿਨ੍ਹਾਂ ਆਦਮੀਆਂ ਅਤੇ ਔਰਤਾਂ ਦੇ ਦਿਲਾਂ ਨੇ ਉਨ੍ਹਾਂ ਨੂੰ ਪ੍ਰੇਰਿਆ, ਉਹ ਸਾਰੇ ਕੁਝ-ਨਾ-ਕੁਝ ਲਿਆਏ ਤਾਂਕਿ ਯਹੋਵਾਹ ਨੇ ਮੂਸਾ ਰਾਹੀਂ ਜਿਹੜਾ ਕੰਮ ਕਰਨ ਦਾ ਹੁਕਮ ਦਿੱਤਾ ਸੀ, ਉਹ ਕੰਮ ਕੀਤਾ ਜਾ ਸਕੇ; ਇਜ਼ਰਾਈਲੀ ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਭੇਟਾਂ ਲਿਆਏ।+

30 ਫਿਰ ਮੂਸਾ ਨੇ ਇਜ਼ਰਾਈਲੀਆਂ ਨੂੰ ਕਿਹਾ: “ਦੇਖੋ, ਯਹੋਵਾਹ ਨੇ ਯਹੂਦਾਹ ਦੇ ਗੋਤ ਵਿੱਚੋਂ ਬਸਲੇਲ ਨੂੰ ਚੁਣਿਆ ਹੈ ਜੋ ਊਰੀ ਦਾ ਪੁੱਤਰ ਤੇ ਹੂਰ ਦਾ ਪੋਤਾ ਹੈ।+ 31 ਪਰਮੇਸ਼ੁਰ ਨੇ ਬਸਲੇਲ ਨੂੰ ਆਪਣੀ ਸ਼ਕਤੀ ਦਿੱਤੀ ਅਤੇ ਹਰ ਤਰ੍ਹਾਂ ਦੀ ਕਾਰੀਗਰੀ ਦਾ ਕੰਮ ਕਰਨ ਲਈ ਬੁੱਧ, ਸਮਝ ਅਤੇ ਗਿਆਨ ਦਿੱਤਾ 32 ਤਾਂਕਿ ਉਹ ਸੋਹਣੇ-ਸੋਹਣੇ ਨਮੂਨੇ ਬਣਾ ਸਕੇ, ਸੋਨੇ, ਚਾਂਦੀ ਤੇ ਤਾਂਬੇ ਦੀਆਂ ਚੀਜ਼ਾਂ ਬਣਾ ਸਕੇ, 33 ਕੀਮਤੀ ਪੱਥਰ ਘੜ ਕੇ ਉਨ੍ਹਾਂ ਨੂੰ ਖ਼ਾਨਿਆਂ ਵਿਚ ਜੜ ਸਕੇ ਅਤੇ ਲੱਕੜ ਦੀਆਂ ਹਰ ਤਰ੍ਹਾਂ ਦੀਆਂ ਸੋਹਣੀਆਂ-ਸੋਹਣੀਆਂ ਚੀਜ਼ਾਂ ਬਣਾ ਸਕੇ। 34 ਅਤੇ ਪਰਮੇਸ਼ੁਰ ਨੇ ਉਸ ਨੂੰ ਅਤੇ ਆਹਾਲੀਆਬ+ ਨੂੰ, ਜੋ ਦਾਨ ਦੇ ਗੋਤ ਵਿੱਚੋਂ ਅਹੀਸਮਕ ਦਾ ਪੁੱਤਰ ਹੈ, ਦੂਜਿਆਂ ਨੂੰ ਸਿਖਾਉਣ ਦੀ ਸਮਝ ਬਖ਼ਸ਼ੀ। 35 ਪਰਮੇਸ਼ੁਰ ਨੇ ਉਨ੍ਹਾਂ ਨੂੰ ਹੁਨਰ ਬਖ਼ਸ਼ਿਆ*+ ਤਾਂਕਿ ਉਹ ਹਰ ਤਰ੍ਹਾਂ ਦੀ ਕਾਰੀਗਰੀ ਤੇ ਕਢਾਈ ਕਰ ਸਕਣ ਅਤੇ ਨੀਲੇ ਧਾਗੇ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਵਧੀਆ ਮਲਮਲ ਨਾਲ ਕਸੀਦਾਕਾਰੀ ਤੇ ਜੁਲਾਹੇ ਦਾ ਕੰਮ ਕਰ ਸਕਣ। ਇਹ ਆਦਮੀ ਹਰ ਤਰ੍ਹਾਂ ਦਾ ਕੰਮ ਕਰਨਗੇ ਅਤੇ ਹਰ ਤਰ੍ਹਾਂ ਦੇ ਨਮੂਨੇ ਤਿਆਰ ਕਰਨਗੇ।

36 “ਬਸਲੇਲ ਆਹਾਲੀਆਬ ਨਾਲ ਅਤੇ ਉਨ੍ਹਾਂ ਸਾਰੇ ਕਾਰੀਗਰਾਂ* ਨਾਲ ਮਿਲ ਕੇ ਕੰਮ ਕਰੇਗਾ ਜਿਨ੍ਹਾਂ ਨੂੰ ਯਹੋਵਾਹ ਨੇ ਬੁੱਧ ਅਤੇ ਸਮਝ ਬਖ਼ਸ਼ੀ ਹੈ ਤਾਂਕਿ ਉਹ ਜਾਣਨ ਕਿ ਯਹੋਵਾਹ ਦੇ ਹੁਕਮ ਅਨੁਸਾਰ ਪਵਿੱਤਰ ਸੇਵਾ ਨਾਲ ਸੰਬੰਧਿਤ ਸਾਰਾ ਕੰਮ ਕਿਵੇਂ ਕਰਨਾ ਹੈ।”+

2 ਫਿਰ ਮੂਸਾ ਨੇ ਬਸਲੇਲ, ਆਹਾਲੀਆਬ ਅਤੇ ਸਾਰੇ ਕਾਰੀਗਰਾਂ ਨੂੰ ਬੁਲਾਇਆ ਜਿਨ੍ਹਾਂ ਦੇ ਦਿਲ ਯਹੋਵਾਹ ਨੇ ਬੁੱਧ ਨਾਲ ਭਰੇ ਸਨ+ ਅਤੇ ਉਨ੍ਹਾਂ ਦੇ ਦਿਲਾਂ ਨੇ ਉਨ੍ਹਾਂ ਨੂੰ ਪ੍ਰੇਰਿਆ ਸੀ ਕਿ ਉਹ ਇਸ ਕੰਮ ਲਈ ਆਪਣੇ ਆਪ ਨੂੰ ਪੇਸ਼ ਕਰਨ।+ 3 ਫਿਰ ਉਨ੍ਹਾਂ ਨੇ ਮੂਸਾ ਤੋਂ ਉਹ ਸਾਰਾ ਦਾਨ ਲਿਆ+ ਜੋ ਇਜ਼ਰਾਈਲੀਆਂ ਨੇ ਪਵਿੱਤਰ ਸੇਵਾ ਦੇ ਕੰਮ ਲਈ ਦਿੱਤਾ ਸੀ। ਇਸ ਤੋਂ ਬਾਅਦ ਵੀ ਲੋਕ ਰੋਜ਼ ਸਵੇਰੇ ਉਸ ਨੂੰ ਖ਼ੁਸ਼ੀ-ਖ਼ੁਸ਼ੀ ਦਾਨ ਦਿੰਦੇ ਰਹੇ।

4 ਫਿਰ ਜਦੋਂ ਕਾਰੀਗਰਾਂ ਨੇ ਪਵਿੱਤਰ ਕੰਮ ਸ਼ੁਰੂ ਕੀਤਾ, ਤਾਂ ਇਕ ਤੋਂ ਬਾਅਦ ਇਕ ਸਾਰੇ ਕਾਰੀਗਰ ਆਏ 5 ਅਤੇ ਮੂਸਾ ਨੂੰ ਕਹਿਣ ਲੱਗੇ: “ਯਹੋਵਾਹ ਦੁਆਰਾ ਦਿੱਤਾ ਕੰਮ ਪੂਰਾ ਕਰਨ ਲਈ ਜਿੰਨੀਆਂ ਚੀਜ਼ਾਂ ਦੀ ਲੋੜ ਹੈ, ਲੋਕ ਉਸ ਤੋਂ ਕਿਤੇ ਜ਼ਿਆਦਾ ਦਾਨ ਦੇ ਰਹੇ ਹਨ।” 6 ਇਸ ਲਈ ਮੂਸਾ ਨੇ ਪੂਰੀ ਛਾਉਣੀ ਵਿਚ ਇਹ ਐਲਾਨ ਕਰਨ ਦਾ ਹੁਕਮ ਦਿੱਤਾ: “ਕੋਈ ਵੀ ਆਦਮੀ ਜਾਂ ਔਰਤ ਪਵਿੱਤਰ ਡੇਰੇ ਵਾਸਤੇ ਹੋਰ ਚੀਜ਼ਾਂ ਨਾ ਲਿਆਵੇ।” ਇਸ ਤਰ੍ਹਾਂ ਲੋਕਾਂ ਨੂੰ ਹੋਰ ਚੀਜ਼ਾਂ ਲਿਆਉਣ ਤੋਂ ਰੋਕ ਦਿੱਤਾ ਗਿਆ। 7 ਡੇਰੇ ਦਾ ਕੰਮ ਪੂਰਾ ਕਰਨ ਲਈ ਬਹੁਤ ਸਾਮਾਨ ਇਕੱਠਾ ਹੋ ਗਿਆ ਸੀ, ਸਗੋਂ ਲੋੜੋਂ ਵੱਧ ਇਕੱਠਾ ਹੋ ਗਿਆ ਸੀ।

8 ਇਸ ਲਈ ਸਾਰੇ ਕਾਰੀਗਰਾਂ+ ਨੇ ਡੇਰੇ ਦੇ ਤੰਬੂ+ ਲਈ ਕੱਤੇ ਹੋਏ ਵਧੀਆ ਮਲਮਲ ਦੇ ਕੱਪੜੇ, ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਦੇ ਦਸ ਪਰਦੇ ਬਣਾਏ; ਉਸ* ਨੇ ਇਨ੍ਹਾਂ ਉੱਤੇ ਕਢਾਈ ਕੱਢ ਕੇ ਕਰੂਬੀ ਬਣਾਏ।+ 9 ਹਰ ਪਰਦਾ 28 ਹੱਥ* ਲੰਬਾ ਅਤੇ 4 ਹੱਥ ਚੌੜਾ ਸੀ। ਸਾਰੇ ਪਰਦੇ ਇੱਕੋ ਨਾਪ ਦੇ ਸਨ। 10 ਫਿਰ ਉਸ ਨੇ ਪੰਜ ਪਰਦੇ ਇਕ-ਦੂਜੇ ਨਾਲ ਜੋੜ ਦਿੱਤੇ ਅਤੇ ਬਾਕੀ ਪੰਜ ਪਰਦੇ ਵੀ ਇਕ-ਦੂਜੇ ਨਾਲ ਜੋੜ ਦਿੱਤੇ। 11 ਇਸ ਤੋਂ ਬਾਅਦ ਉਸ ਨੇ ਅਖ਼ੀਰਲੇ ਪਰਦੇ ਦੇ ਬਾਹਰਲੇ ਪਾਸੇ ਨੀਲੇ ਧਾਗੇ ਦੀਆਂ ਲੁੱਪੀਆਂ ਬਣਾ ਕੇ ਲਾਈਆਂ ਅਤੇ ਉਸ ਨੇ ਦੂਸਰੇ ਅਖ਼ੀਰਲੇ ਪਰਦੇ ਦੇ ਬਾਹਰਲੇ ਪਾਸੇ ਵੀ ਲੁੱਪੀਆਂ ਲਾਈਆਂ ਜਿੱਥੇ ਇਹ ਦੋਵੇਂ ਜੋੜੇ ਜਾਣਗੇ। 12 ਉਸ ਨੇ ਪਰਦੇ ਦੇ ਇਕ ਪਾਸੇ 50 ਲੁੱਪੀਆਂ ਲਾਈਆਂ ਅਤੇ ਦੂਸਰੇ ਪਰਦੇ ਦੇ ਇਕ ਪਾਸੇ ਵੀ 50 ਲੁੱਪੀਆਂ ਲਾਈਆਂ ਤਾਂਕਿ ਜਿੱਥੇ ਇਹ ਪਰਦੇ ਜੋੜੇ ਜਾਣ, ਉੱਥੇ ਲੁੱਪੀਆਂ ਇਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਹੋਣ। 13 ਅਖ਼ੀਰ ਵਿਚ ਉਸ ਨੇ ਸੋਨੇ ਦੀਆਂ 50 ਚੂੰਢੀਆਂ ਬਣਾਈਆਂ ਅਤੇ ਉਨ੍ਹਾਂ ਨਾਲ ਪਰਦਿਆਂ ਨੂੰ ਜੋੜ ਦਿੱਤਾ। ਇਸ ਤਰ੍ਹਾਂ ਸਾਰੇ ਪਰਦੇ ਜੁੜ ਕੇ ਡੇਰੇ ਵਾਸਤੇ ਇਕ ਵੱਡਾ ਪਰਦਾ ਬਣ ਗਿਆ।

14 ਫਿਰ ਉਸ ਨੇ ਡੇਰੇ ਦੇ ਤੰਬੂ ਉੱਤੇ ਪਾਉਣ ਲਈ ਬੱਕਰੀ ਦੇ ਵਾਲ਼ਾਂ ਦੇ ਵੀ ਪਰਦੇ ਬਣਾਏ। ਉਸ ਨੇ ਇਸ ਤਰ੍ਹਾਂ ਦੇ 11 ਪਰਦੇ ਬਣਾਏ।+ 15 ਹਰ ਪਰਦਾ 30 ਹੱਥ ਲੰਬਾ ਅਤੇ 4 ਹੱਥ ਚੌੜਾ ਸੀ। ਸਾਰੇ 11 ਪਰਦੇ ਇੱਕੋ ਨਾਪ ਦੇ ਸਨ। 16 ਉਸ ਨੇ ਪੰਜ ਪਰਦੇ ਇਕ-ਦੂਜੇ ਨਾਲ ਜੋੜ ਦਿੱਤੇ ਅਤੇ ਬਾਕੀ ਛੇ ਪਰਦੇ ਵੀ ਇਕ-ਦੂਜੇ ਨਾਲ ਜੋੜ ਦਿੱਤੇ। 17 ਫਿਰ ਉਸ ਨੇ ਇਕ ਪਾਸੇ ਦੇ ਅਖ਼ੀਰਲੇ ਪਰਦੇ ਦੇ ਬਾਹਰਲੇ ਸਿਰੇ ʼਤੇ 50 ਲੁੱਪੀਆਂ ਲਾਈਆਂ ਅਤੇ ਦੂਸਰੇ ਪਾਸੇ ਦੇ ਅਖ਼ੀਰਲੇ ਪਰਦੇ ਦੇ ਬਾਹਰਲੇ ਸਿਰੇ ʼਤੇ ਵੀ 50 ਲੁੱਪੀਆਂ ਲਾਈਆਂ ਜਿੱਥੇ ਇਹ ਦੋਵੇਂ ਜੋੜੇ ਜਾਣਗੇ। 18 ਅਤੇ ਉਸ ਨੇ ਸਾਰੇ ਪਰਦਿਆਂ ਨੂੰ ਜੋੜ ਕੇ ਇਕ ਵੱਡਾ ਪਰਦਾ ਬਣਾਉਣ ਲਈ ਤਾਂਬੇ ਦੀਆਂ 50 ਚੂੰਢੀਆਂ ਬਣਾਈਆਂ।

19 ਉਸ ਨੇ ਤੰਬੂ ਨੂੰ ਢਕਣ ਲਈ ਲਾਲ ਰੰਗ ਨਾਲ ਰੰਗੀਆਂ ਭੇਡੂਆਂ ਦੀਆਂ ਖੱਲਾਂ ਦਾ ਇਕ ਪਰਦਾ ਬਣਾਇਆ ਅਤੇ ਫਿਰ ਉਸ ਉੱਪਰ ਪਾਉਣ ਲਈ ਸੀਲ ਮੱਛੀ ਦੀਆਂ ਖੱਲਾਂ ਦਾ ਇਕ ਪਰਦਾ ਬਣਾਇਆ।+

20 ਫਿਰ ਉਸ ਨੇ ਤੰਬੂ ਵਾਸਤੇ ਕਿੱਕਰ ਦੀ ਲੱਕੜ+ ਦੇ ਚੌਖਟੇ* ਬਣਾਏ ਜੋ ਸਿੱਧੇ ਖੜ੍ਹੇ ਕੀਤੇ ਜਾ ਸਕਦੇ ਸਨ।+ 21 ਹਰ ਚੌਖਟਾ ਦਸ ਹੱਥ ਉੱਚਾ ਅਤੇ ਡੇਢ ਹੱਥ ਚੌੜਾ ਸੀ। 22 ਹਰ ਚੌਖਟੇ ਦੀਆਂ ਦੋ ਚੂਲਾਂ* ਸਨ ਜੋ ਇਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਸਨ। ਉਸ ਨੇ ਤੰਬੂ ਦੇ ਸਾਰੇ ਚੌਖਟੇ ਇਸੇ ਤਰ੍ਹਾਂ ਬਣਾਏ। 23 ਉਸ ਨੇ ਤੰਬੂ ਦੇ ਦੱਖਣ ਵਾਲੇ ਪਾਸੇ ਲਈ 20 ਚੌਖਟੇ ਬਣਾਏ। 24 ਫਿਰ ਉਸ ਨੇ 20 ਚੌਖਟਿਆਂ ਲਈ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ 40 ਚੌਂਕੀਆਂ ਬਣਾਈਆਂ, ਯਾਨੀ ਹਰ ਚੌਖਟੇ ਦੀਆਂ ਦੋ ਚੂਲਾਂ ਥੱਲੇ ਦੋ ਚੌਂਕੀਆਂ।+ 25 ਉਸ ਨੇ ਤੰਬੂ ਦੇ ਦੂਸਰੇ ਪਾਸੇ ਯਾਨੀ ਉੱਤਰ ਵਾਲੇ ਪਾਸੇ ਲਈ ਵੀ 20 ਚੌਖਟੇ ਬਣਾਏ 26 ਅਤੇ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ 40 ਚੌਂਕੀਆਂ ਬਣਾਈਆਂ, ਯਾਨੀ ਹਰ ਚੌਖਟੇ ਦੀਆਂ ਦੋ ਚੂਲਾਂ ਥੱਲੇ ਦੋ ਚੌਂਕੀਆਂ।

27 ਉਸ ਨੇ ਤੰਬੂ ਦੇ ਪਿਛਲੇ ਪਾਸੇ ਯਾਨੀ ਪੱਛਮ ਵਾਲੇ ਪਾਸੇ ਲਈ ਛੇ ਚੌਖਟੇ ਬਣਾਏ।+ 28 ਉਸ ਨੇ ਤੰਬੂ ਨੂੰ ਸਹਾਰਾ ਦੇਣ ਲਈ ਪਿਛਲੇ ਪਾਸੇ ਦੇ ਦੋਵੇਂ ਖੂੰਜਿਆਂ ਲਈ ਦੋ ਚੌਖਟੇ ਬਣਾਏ। 29 ਇਨ੍ਹਾਂ ਚੌਖਟਿਆਂ ਦੇ ਥੱਲੇ ਤੋਂ ਲੈ ਕੇ ਉੱਪਰ ਤਕ ਦੋ ਹਿੱਸੇ ਸਨ ਜੋ ਪਹਿਲੇ ਛੱਲੇ ʼਤੇ ਜੋੜੇ ਗਏ ਸਨ। ਉਸ ਨੇ ਦੋਵੇਂ ਚੌਖਟੇ ਇਸੇ ਤਰ੍ਹਾਂ ਬਣਾਏ। 30 ਪਿਛਲੇ ਪਾਸੇ ਲਈ ਕੁੱਲ ਅੱਠ ਚੌਖਟੇ ਅਤੇ ਉਨ੍ਹਾਂ ਲਈ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ 16 ਚੌਂਕੀਆਂ ਬਣਾਈਆਂ ਗਈਆਂ, ਯਾਨੀ ਹਰ ਚੌਖਟੇ ਥੱਲੇ ਦੋ ਚੌਂਕੀਆਂ।

31 ਫਿਰ ਉਸ ਨੇ ਤੰਬੂ ਦੇ ਇਕ ਪਾਸੇ ਦੇ ਚੌਖਟਿਆਂ ਲਈ ਕਿੱਕਰ ਦੀ ਲੱਕੜ ਦੇ ਪੰਜ ਡੰਡੇ ਬਣਾਏ+ 32 ਅਤੇ ਤੰਬੂ ਦੇ ਦੂਸਰੇ ਪਾਸੇ ਦੇ ਚੌਖਟਿਆਂ ਲਈ ਵੀ ਪੰਜ ਡੰਡੇ ਅਤੇ ਪਿਛਲੇ ਪਾਸੇ ਦੇ ਯਾਨੀ ਪੱਛਮ ਵਾਲੇ ਪਾਸੇ ਦੇ ਚੌਖਟਿਆਂ ਲਈ ਵੀ ਪੰਜ ਡੰਡੇ ਬਣਾਏ। 33 ਉਸ ਨੇ ਚੌਖਟਿਆਂ ਦੇ ਅੱਧ ਵਿਚ ਲੱਗਣ ਵਾਲਾ ਵਿਚਕਾਰਲਾ ਡੰਡਾ ਇੰਨਾ ਲੰਬਾ ਬਣਾਇਆ ਕਿ ਉਹ ਚੌਖਟਿਆਂ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਕ ਜਾਵੇ। 34 ਉਸ ਨੇ ਇਨ੍ਹਾਂ ਚੌਖਟਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਡੰਡਿਆਂ ਲਈ ਸੋਨੇ ਦੇ ਛੱਲੇ ਬਣਾਏ ਅਤੇ ਡੰਡਿਆਂ ਨੂੰ ਸੋਨੇ ਨਾਲ ਮੜ੍ਹਿਆ।+

35 ਫਿਰ ਉਸ ਨੇ ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤੇ ਹੋਏ ਵਧੀਆ ਮਲਮਲ ਦੇ ਕੱਪੜੇ ਦਾ ਇਕ ਪਰਦਾ+ ਬਣਾਇਆ ਅਤੇ ਇਸ ਉੱਤੇ ਕਢਾਈ ਕੱਢ ਕੇ+ ਕਰੂਬੀ+ ਬਣਾਏ। 36 ਫਿਰ ਉਸ ਨੇ ਕਿੱਕਰ ਦੀ ਲੱਕੜ ਦੇ ਚਾਰ ਥੰਮ੍ਹ ਬਣਾਏ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਉਨ੍ਹਾਂ ਲਈ ਸੋਨੇ ਦੀਆਂ ਕੁੰਡੀਆਂ ਅਤੇ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ ਚਾਰ ਚੌਂਕੀਆਂ ਬਣਾਈਆਂ। 37 ਫਿਰ ਉਸ ਨੇ ਤੰਬੂ ਦੇ ਦਰਵਾਜ਼ੇ ਲਈ ਇਕ ਪਰਦਾ ਬਣਾਇਆ। ਇਹ ਪਰਦਾ ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤੇ ਹੋਏ ਵਧੀਆ ਮਲਮਲ ਦਾ ਬੁਣਿਆ ਸੀ।+ 38 ਅਤੇ ਪਰਦੇ ਵਾਸਤੇ ਪੰਜ ਥੰਮ੍ਹ ਅਤੇ ਕੁੰਡੀਆਂ ਵੀ ਬਣਾਈਆਂ। ਉਸ ਨੇ ਥੰਮ੍ਹਾਂ ਦੇ ਉੱਪਰਲੇ ਹਿੱਸੇ ਅਤੇ ਇਨ੍ਹਾਂ ਦੇ ਛੱਲਿਆਂ ਨੂੰ ਸੋਨੇ ਨਾਲ ਮੜ੍ਹਿਆ, ਪਰ ਇਨ੍ਹਾਂ ਦੀਆਂ ਸੁਰਾਖ਼ਾਂ ਵਾਲੀਆਂ ਪੰਜ ਚੌਂਕੀਆਂ ਤਾਂਬੇ ਦੀਆਂ ਸਨ।

37 ਫਿਰ ਬਸਲੇਲ+ ਨੇ ਕਿੱਕਰ ਦੀ ਲੱਕੜ ਦਾ ਸੰਦੂਕ+ ਬਣਾਇਆ ਜੋ ਢਾਈ ਹੱਥ* ਲੰਬਾ ਅਤੇ ਡੇਢ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਸੀ।+ 2 ਉਸ ਨੇ ਇਸ ਨੂੰ ਅੰਦਰੋਂ-ਬਾਹਰੋਂ ਖਾਲਸ ਸੋਨੇ ਨਾਲ ਮੜ੍ਹਿਆ ਅਤੇ ਇਸ ਦੇ ਚਾਰੇ ਪਾਸੇ ਸੋਨੇ ਦੀ ਬਨੇਰੀ ਬਣਾਈ।+ 3 ਇਸ ਤੋਂ ਬਾਅਦ ਉਸ ਨੇ ਸੋਨਾ ਢਾਲ ਕੇ ਬਣਾਏ ਚਾਰ ਛੱਲੇ ਸੰਦੂਕ ਦੇ ਚਾਰੇ ਪਾਵਿਆਂ ਤੋਂ ਉੱਪਰ ਲਾਏ, ਦੋ ਛੱਲੇ ਇਕ ਪਾਸੇ ਅਤੇ ਦੋ ਛੱਲੇ ਦੂਜੇ ਪਾਸੇ। 4 ਫਿਰ ਉਸ ਨੇ ਕਿੱਕਰ ਦੀ ਲੱਕੜ ਦੇ ਡੰਡੇ ਬਣਾ ਕੇ ਇਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ।+ 5 ਉਸ ਨੇ ਸੰਦੂਕ ਦੇ ਦੋਵੇਂ ਪਾਸਿਆਂ ʼਤੇ ਲੱਗੇ ਛੱਲਿਆਂ ਵਿਚ ਇਹ ਡੰਡੇ ਪਾਏ ਤਾਂਕਿ ਇਨ੍ਹਾਂ ਨਾਲ ਸੰਦੂਕ ਨੂੰ ਚੁੱਕਿਆ ਜਾ ਸਕੇ।+

6 ਉਸ ਨੇ ਸੰਦੂਕ ਲਈ ਖਾਲਸ ਸੋਨੇ ਦਾ ਢੱਕਣ ਬਣਾਇਆ+ ਜੋ ਢਾਈ ਹੱਥ ਲੰਬਾ ਅਤੇ ਡੇਢ ਹੱਥ ਚੌੜਾ ਸੀ।+ 7 ਫਿਰ ਉਸ ਨੇ ਸੋਨੇ ਨੂੰ ਹਥੌੜੇ ਨਾਲ ਕੁੱਟ ਕੇ ਦੋ ਕਰੂਬੀ+ ਬਣਾਏ ਅਤੇ ਉਨ੍ਹਾਂ ਨੂੰ ਸੰਦੂਕ ਦੇ ਢੱਕਣ ਦੇ ਦੋਵੇਂ ਸਿਰਿਆਂ ʼਤੇ ਰੱਖਿਆ।+ 8 ਇਕ ਕਰੂਬੀ ਇਕ ਸਿਰੇ ʼਤੇ ਅਤੇ ਦੂਜਾ ਕਰੂਬੀ ਦੂਜੇ ਸਿਰੇ ʼਤੇ। ਉਸ ਨੇ ਢੱਕਣ ਦੇ ਦੋਵੇਂ ਸਿਰਿਆਂ ʼਤੇ ਰੱਖਣ ਲਈ ਕਰੂਬੀ ਬਣਾਏ। 9 ਦੋਵੇਂ ਕਰੂਬੀਆਂ ਨੇ ਆਪਣੇ ਖੰਭ ਉੱਪਰ ਵੱਲ ਫੈਲਾਏ ਹੋਏ ਸਨ ਅਤੇ ਆਪਣੇ ਖੰਭਾਂ ਨਾਲ ਸੰਦੂਕ ਦੇ ਢੱਕਣ ਨੂੰ ਢਕਿਆ ਹੋਇਆ ਸੀ।+ ਉਹ ਦੋਵੇਂ ਇਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਸਨ ਅਤੇ ਉਨ੍ਹਾਂ ਨੇ ਆਪਣੇ ਮੂੰਹ ਥੱਲੇ ਨੂੰ ਸੰਦੂਕ ਦੇ ਢੱਕਣ ਵੱਲ ਕੀਤੇ ਹੋਏ ਸਨ।+

10 ਫਿਰ ਉਸ ਨੇ ਕਿੱਕਰ ਦੀ ਲੱਕੜ ਦਾ ਮੇਜ਼ ਵੀ ਬਣਾਇਆ+ ਜੋ ਦੋ ਹੱਥ ਲੰਬਾ ਅਤੇ ਇਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਸੀ।+ 11 ਉਸ ਨੇ ਇਸ ਨੂੰ ਖਾਲਸ ਸੋਨੇ ਨਾਲ ਮੜ੍ਹਿਆ ਅਤੇ ਇਸ ਦੇ ਆਲੇ-ਦੁਆਲੇ ਸੋਨੇ ਦੀ ਬਨੇਰੀ ਬਣਾਈ। 12 ਇਸ ਤੋਂ ਬਾਅਦ ਉਸ ਨੇ ਇਸ ਦੇ ਆਲੇ-ਦੁਆਲੇ ਚੱਪਾ* ਕੁ ਚੌੜੀ ਫੱਟੀ ਲਾਈ ਅਤੇ ਫੱਟੀ ਦੇ ਆਲੇ-ਦੁਆਲੇ ਸੋਨੇ ਦੀ ਬਨੇਰੀ ਬਣਾਈ। 13 ਫਿਰ ਉਸ ਨੇ ਮੇਜ਼ ਲਈ ਸੋਨਾ ਢਾਲ ਕੇ ਬਣਾਏ ਚਾਰ ਛੱਲੇ ਇਸ ਦੇ ਚਾਰੇ ਕੋਨਿਆਂ ʼਤੇ ਉੱਥੇ ਲਾਏ ਜਿੱਥੇ ਇਸ ਦੀਆਂ ਲੱਤਾਂ ਜੋੜੀਆਂ ਗਈਆਂ ਸਨ। 14 ਇਹ ਛੱਲੇ ਫੱਟੀ ਦੇ ਲਾਗੇ ਲਾਏ ਗਏ ਸਨ ਤਾਂਕਿ ਇਨ੍ਹਾਂ ਵਿਚ ਡੰਡੇ ਪਾ ਕੇ ਮੇਜ਼ ਨੂੰ ਚੁੱਕਿਆ ਜਾ ਸਕੇ। 15 ਫਿਰ ਉਸ ਨੇ ਮੇਜ਼ ਨੂੰ ਚੁੱਕਣ ਲਈ ਕਿੱਕਰ ਦੀ ਲੱਕੜ ਦੇ ਡੰਡੇ ਬਣਾਏ ਅਤੇ ਇਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ। 16 ਇਸ ਤੋਂ ਬਾਅਦ ਉਸ ਨੇ ਮੇਜ਼ ਲਈ ਥਾਲ਼ੀਆਂ, ਪਿਆਲੇ, ਪੀਣ ਦੀ ਭੇਟ ਚੜ੍ਹਾਉਣ ਲਈ ਗੜਵੇ ਅਤੇ ਕਟੋਰੇ ਬਣਾਏ। ਉਸ ਨੇ ਇਹ ਸਾਰਾ ਸਾਮਾਨ ਖਾਲਸ ਸੋਨੇ ਦਾ ਬਣਾਇਆ।+

17 ਫਿਰ ਉਸ ਨੇ ਖਾਲਸ ਸੋਨੇ ਦਾ ਸ਼ਮਾਦਾਨ ਬਣਾਇਆ।+ ਉਸ ਨੇ ਹਥੌੜੇ ਨਾਲ ਸੋਨੇ ਦੇ ਇੱਕੋ ਟੁਕੜੇ ਨੂੰ ਕੁੱਟ ਕੇ ਪੂਰਾ ਸ਼ਮਾਦਾਨ ਯਾਨੀ ਇਸ ਦਾ ਥੱਲਾ, ਇਸ ਦੀ ਡੰਡੀ, ਫੁੱਲ, ਡੋਡੀਆਂ ਅਤੇ ਪੱਤੀਆਂ ਬਣਾਈਆਂ।+ 18 ਉਸ ਨੇ ਸ਼ਮਾਦਾਨ ਦੀ ਡੰਡੀ ʼਤੇ ਛੇ ਟਾਹਣੀਆਂ ਬਣਾਈਆਂ, ਤਿੰਨ ਟਾਹਣੀਆਂ ਇਕ ਪਾਸੇ ਤੇ ਤਿੰਨ ਟਾਹਣੀਆਂ ਦੂਸਰੇ ਪਾਸੇ। 19 ਇਕ ਪਾਸੇ ਦੀ ਹਰ ਟਾਹਣੀ ʼਤੇ ਬਦਾਮ ਦੇ ਫੁੱਲਾਂ ਵਰਗੇ ਤਿੰਨ ਫੁੱਲ ਬਣਾਏ ਅਤੇ ਉਨ੍ਹਾਂ ਫੁੱਲਾਂ ਵਿਚਕਾਰ ਵਾਰੀ-ਵਾਰੀ ਸਿਰ ਡੋਡੀਆਂ ਅਤੇ ਪੱਤੀਆਂ ਬਣਾਈਆਂ। ਅਤੇ ਦੂਸਰੇ ਪਾਸੇ ਦੀ ਹਰ ਟਾਹਣੀ ਉੱਤੇ ਵੀ ਬਦਾਮ ਦੇ ਫੁੱਲਾਂ ਵਰਗੇ ਤਿੰਨ ਫੁੱਲ ਬਣਾਏ ਅਤੇ ਉਨ੍ਹਾਂ ਫੁੱਲਾਂ ਵਿਚਕਾਰ ਵਾਰੀ-ਵਾਰੀ ਸਿਰ ਡੋਡੀਆਂ ਅਤੇ ਪੱਤੀਆਂ ਬਣਾਈਆਂ। ਉਸ ਨੇ ਸ਼ਮਾਦਾਨ ਦੀ ਡੰਡੀ ਦੀਆਂ ਛੇ ਟਾਹਣੀਆਂ ਇਸੇ ਤਰ੍ਹਾਂ ਬਣਾਈਆਂ। 20 ਸ਼ਮਾਦਾਨ ਦੀ ਡੰਡੀ ਉੱਤੇ ਬਦਾਮ ਦੇ ਫੁੱਲਾਂ ਵਰਗੇ ਚਾਰ ਫੁੱਲ ਬਣਾਏ ਅਤੇ ਉਨ੍ਹਾਂ ਵਿਚਕਾਰ ਵਾਰੀ-ਵਾਰੀ ਸਿਰ ਡੋਡੀਆਂ ਅਤੇ ਪੱਤੀਆਂ ਬਣਾਈਆਂ। 21 ਡੰਡੀ ਦੀਆਂ ਪਹਿਲੀਆਂ ਦੋ ਟਾਹਣੀਆਂ ਥੱਲੇ ਇਕ ਡੋਡੀ ਬਣਾਈ ਅਤੇ ਉਸ ਤੋਂ ਉੱਪਰਲੀਆਂ ਦੋ ਟਾਹਣੀਆਂ ਥੱਲੇ ਇਕ ਡੋਡੀ ਬਣਾਈ ਅਤੇ ਫਿਰ ਉਸ ਤੋਂ ਉੱਪਰਲੀਆਂ ਦੋ ਟਾਹਣੀਆਂ ਥੱਲੇ ਇਕ ਡੋਡੀ ਬਣਾਈ। ਸ਼ਮਾਦਾਨ ਦੀ ਡੰਡੀ ਦੀਆਂ ਸਾਰੀਆਂ ਛੇ ਟਾਹਣੀਆਂ ਥੱਲੇ ਇਸੇ ਤਰ੍ਹਾਂ ਕੀਤਾ ਗਿਆ। 22 ਖਾਲਸ ਸੋਨੇ ਦੇ ਇੱਕੋ ਟੁਕੜੇ ਨੂੰ ਹਥੌੜੇ ਨਾਲ ਕੁੱਟ ਕੇ ਡੋਡੀਆਂ, ਟਾਹਣੀਆਂ ਅਤੇ ਪੂਰਾ ਸ਼ਮਾਦਾਨ ਬਣਾਇਆ ਗਿਆ। 23 ਫਿਰ ਉਸ ਨੇ ਇਸ ਲਈ ਖਾਲਸ ਸੋਨੇ ਦੇ ਸੱਤ ਦੀਵੇ,+ ਇਸ ਦੀਆਂ ਚਿਮਟੀਆਂ ਅਤੇ ਅੱਗ ਚੁੱਕਣ ਵਾਲੇ ਕੜਛੇ ਬਣਾਏ। 24 ਉਸ ਨੇ ਸ਼ਮਾਦਾਨ ਅਤੇ ਇਸ ਦਾ ਸਾਰਾ ਸਾਮਾਨ ਇਕ ਕਿੱਕਾਰ* ਖਾਲਸ ਸੋਨੇ ਦਾ ਬਣਾਇਆ।

25 ਫਿਰ ਉਸ ਨੇ ਧੂਪ ਧੁਖਾਉਣ ਲਈ ਕਿੱਕਰ ਦੀ ਲੱਕੜ ਦੀ ਇਕ ਵੇਦੀ+ ਬਣਾਈ ਜੋ ਚੌਰਸ ਸੀ ਅਤੇ ਇਹ ਇਕ ਹੱਥ ਲੰਬੀ, ਇਕ ਹੱਥ ਚੌੜੀ ਅਤੇ ਦੋ ਹੱਥ ਉੱਚੀ ਸੀ। ਵੇਦੀ ਦੇ ਕੋਨਿਆਂ ਨੂੰ ਘੜ ਕੇ ਸਿੰਗਾਂ ਦਾ ਆਕਾਰ ਦਿੱਤਾ ਗਿਆ।+ 26 ਉਸ ਨੇ ਇਸ ਦਾ ਉੱਪਰਲਾ ਪਾਸਾ, ਇਸ ਦੇ ਚਾਰੇ ਪਾਸੇ ਅਤੇ ਇਸ ਦੇ ਸਿੰਗ ਖਾਲਸ ਸੋਨੇ ਨਾਲ ਮੜ੍ਹੇ ਅਤੇ ਇਸ ਦੇ ਆਲੇ-ਦੁਆਲੇ ਸੋਨੇ ਦੀ ਬਨੇਰੀ ਬਣਾਈ। 27 ਉਸ ਨੇ ਵੇਦੀ ਨੂੰ ਚੁੱਕਣ ਲਈ ਡੰਡਿਆਂ ਵਾਸਤੇ ਸੋਨੇ ਦੇ ਚਾਰ ਛੱਲੇ ਬਣਾਏ ਅਤੇ ਦੋਵੇਂ ਪਾਸਿਆਂ ʼਤੇ ਬਨੇਰੀ ਥੱਲੇ ਦੋ-ਦੋ ਛੱਲੇ ਲਾਏ। 28 ਫਿਰ ਉਸ ਨੇ ਕਿੱਕਰ ਦੀ ਲੱਕੜ ਦੇ ਡੰਡੇ ਬਣਾਏ ਅਤੇ ਇਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ। 29 ਉਸ ਨੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਰਲ਼ਾ ਕੇ* ਪਵਿੱਤਰ ਤੇਲ+ ਅਤੇ ਸ਼ੁੱਧ ਸੁਗੰਧਿਤ ਧੂਪ+ ਵੀ ਬਣਾਇਆ।

38 ਉਸ ਨੇ ਹੋਮ-ਬਲ਼ੀ ਲਈ ਕਿੱਕਰ ਦੀ ਲੱਕੜ ਦੀ ਵੇਦੀ ਬਣਾਈ; ਇਹ ਚੌਰਸ ਸੀ ਅਤੇ ਇਹ ਪੰਜ ਹੱਥ* ਲੰਬੀ, ਪੰਜ ਹੱਥ ਚੌੜੀ ਅਤੇ ਤਿੰਨ ਹੱਥ ਉੱਚੀ ਸੀ।+ 2 ਫਿਰ ਉਸ ਨੇ ਇਸ ਦੇ ਚਾਰਾਂ ਕੋਨਿਆਂ ʼਤੇ ਸਿੰਗ ਬਣਾਏ। ਵੇਦੀ ਦੇ ਕੋਨਿਆਂ ਨੂੰ ਘੜ ਕੇ ਸਿੰਗਾਂ ਦਾ ਆਕਾਰ ਦਿੱਤਾ ਗਿਆ ਸੀ। ਫਿਰ ਉਸ ਨੇ ਵੇਦੀ ਨੂੰ ਤਾਂਬੇ ਨਾਲ ਮੜ੍ਹਿਆ।+ 3 ਇਸ ਤੋਂ ਬਾਅਦ ਉਸ ਨੇ ਵੇਦੀ ਲਈ ਸਾਰਾ ਸਾਮਾਨ ਯਾਨੀ ਬਾਲਟੀਆਂ, ਬੇਲਚੇ, ਕਟੋਰੇ, ਕਾਂਟੇ ਅਤੇ ਅੱਗ ਚੁੱਕਣ ਵਾਲੇ ਕੜਛੇ ਵੀ ਬਣਾਏ। ਉਸ ਨੇ ਇਹ ਸਾਰਾ ਸਾਮਾਨ ਤਾਂਬੇ ਦਾ ਬਣਾਇਆ। 4 ਉਸ ਨੇ ਵੇਦੀ ਲਈ ਤਾਂਬੇ ਦੀ ਜਾਲ਼ੀ ਵੀ ਬਣਾਈ ਅਤੇ ਇਹ ਜਾਲ਼ੀ ਵੇਦੀ ਦੇ ਉੱਪਰਲੇ ਸਿਰੇ ਤੋਂ ਥੱਲੇ ਨੂੰ ਤਕਰੀਬਨ ਅੱਧ ਵਿਚ ਲਾਈ। 5 ਉਸ ਨੇ ਚਾਰ ਛੱਲੇ ਬਣਾਏ ਅਤੇ ਇਨ੍ਹਾਂ ਨੂੰ ਤਾਂਬੇ ਦੀ ਜਾਲ਼ੀ ਦੇ ਲਾਗੇ ਚਾਰੇ ਕੋਨਿਆਂ ਉੱਤੇ ਲਾਇਆ ਤਾਂਕਿ ਇਨ੍ਹਾਂ ਵਿਚ ਡੰਡੇ ਪਾਏ ਜਾ ਸਕਣ। 6 ਫਿਰ ਉਸ ਨੇ ਕਿੱਕਰ ਦੀ ਲੱਕੜ ਦੇ ਡੰਡੇ ਬਣਾਏ ਅਤੇ ਉਨ੍ਹਾਂ ਨੂੰ ਤਾਂਬੇ ਨਾਲ ਮੜ੍ਹਿਆ। 7 ਉਸ ਨੇ ਇਹ ਡੰਡੇ ਵੇਦੀ ਦੇ ਪਾਸਿਆਂ ʼਤੇ ਲਾਏ ਛੱਲਿਆਂ ਵਿਚ ਪਾ ਦਿੱਤੇ ਤਾਂਕਿ ਇਨ੍ਹਾਂ ਨਾਲ ਵੇਦੀ ਨੂੰ ਚੁੱਕਿਆ ਜਾ ਸਕੇ। ਉਸ ਨੇ ਫੱਟਿਆਂ ਦੀ ਵੇਦੀ ਬਣਾਈ ਜੋ ਇਕ ਬਕਸੇ ਵਰਗੀ ਸੀ ਅਤੇ ਇਸ ਦਾ ਨਾ ਢੱਕਣ ਤੇ ਨਾ ਹੀ ਥੱਲਾ ਸੀ।

8 ਫਿਰ ਉਸ ਨੇ ਤਾਂਬੇ ਦਾ ਇਕ ਹੌਦ+ ਅਤੇ ਉਸ ਲਈ ਤਾਂਬੇ ਦੀ ਇਕ ਚੌਂਕੀ ਬਣਾਈ। ਉਸ ਨੇ ਇਨ੍ਹਾਂ ਨੂੰ ਬਣਾਉਣ ਲਈ ਔਰਤਾਂ ਵੱਲੋਂ ਦਾਨ ਕੀਤੇ ਧਾਤ ਦੇ ਸ਼ੀਸ਼ੇ* ਇਸਤੇਮਾਲ ਕੀਤੇ। ਇਹ ਔਰਤਾਂ ਮੰਡਲੀ ਦੇ ਤੰਬੂ ਵਿਚ ਠਹਿਰਾਏ ਗਏ ਪ੍ਰਬੰਧ ਮੁਤਾਬਕ ਇਸ ਦੇ ਦਰਵਾਜ਼ੇ ʼਤੇ ਸੇਵਾ ਕਰਦੀਆਂ ਸਨ।

9 ਫਿਰ ਉਸ ਨੇ ਡੇਰੇ ਲਈ ਵਿਹੜਾ ਬਣਾਇਆ।+ ਉਸ ਨੇ ਵਿਹੜੇ ਦੇ ਦੱਖਣ ਵਾਲੇ ਪਾਸੇ ਦੀ 100 ਹੱਥ ਲੰਬੀ ਵਾੜ ਲਈ ਕੱਤੇ ਹੋਏ ਵਧੀਆ ਮਲਮਲ ਦੇ ਪਰਦੇ ਬਣਾਏ।+ 10 ਉਸ ਨੇ ਵਾੜ ਲਈ ਤਾਂਬੇ ਦੇ 20 ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ 20 ਚੌਂਕੀਆਂ ਬਣਾਈਆਂ। ਨਾਲੇ ਥੰਮ੍ਹਾਂ ਦੀਆਂ ਕੁੰਡੀਆਂ ਅਤੇ ਛੱਲੇ ਚਾਂਦੀ ਦੇ ਸਨ। 11 ਵਿਹੜੇ ਦੇ ਉੱਤਰ ਵਾਲੇ ਪਾਸੇ ਦੀ 100 ਹੱਥ ਲੰਬੀ ਵਾੜ ਲਈ ਵੀ ਪਰਦੇ, 20 ਥੰਮ੍ਹ ਤੇ ਤਾਂਬੇ ਦੀਆਂ ਸੁਰਾਖ਼ਾਂ ਵਾਲੀਆਂ 20 ਚੌਂਕੀਆਂ ਬਣਾਈਆਂ। ਥੰਮ੍ਹਾਂ ਦੀਆਂ ਕੁੰਡੀਆਂ ਅਤੇ ਛੱਲੇ ਚਾਂਦੀ ਦੇ ਸਨ। 12 ਪਰ ਵਿਹੜੇ ਦੇ ਪੱਛਮ ਵਾਲੇ ਪਾਸੇ ਦੀ 50 ਹੱਥ ਲੰਬੀ ਵਾੜ ਲਈ ਪਰਦੇ, ਦਸ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਦਸ ਚੌਂਕੀਆਂ ਬਣਾਈਆਂ। ਥੰਮ੍ਹਾਂ ਦੀਆਂ ਕੁੰਡੀਆਂ ਅਤੇ ਛੱਲੇ ਚਾਂਦੀ ਦੇ ਸਨ। 13 ਵਿਹੜੇ ਦੇ ਪੂਰਬ ਵਾਲੇ ਪਾਸੇ ਯਾਨੀ ਸੂਰਜ ਦੇ ਚੜ੍ਹਦੇ ਪਾਸੇ ਵੱਲ ਵਾੜ 50 ਹੱਥ ਲੰਬੀ ਸੀ। 14 ਵਿਹੜੇ ਦੇ ਦਰਵਾਜ਼ੇ ਦੇ ਸੱਜੇ ਪਾਸੇ ਦੀ 15 ਹੱਥ ਲੰਬੀ ਵਾੜ ਲਈ ਪਰਦੇ, ਤਿੰਨ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਤਿੰਨ ਚੌਂਕੀਆਂ ਬਣਾਈਆਂ। 15 ਅਤੇ ਵਿਹੜੇ ਦੇ ਦਰਵਾਜ਼ੇ ਦੇ ਖੱਬੇ ਪਾਸੇ ਦੀ 15 ਹੱਥ ਲੰਬੀ ਵਾੜ ਲਈ ਵੀ ਪਰਦੇ, ਤਿੰਨ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਤਿੰਨ ਚੌਂਕੀਆਂ ਬਣਾਈਆਂ। 16 ਡੇਰੇ ਦੇ ਵਿਹੜੇ ਦੇ ਸਾਰੇ ਪਰਦੇ ਕੱਤੇ ਹੋਏ ਵਧੀਆ ਮਲਮਲ ਦੇ ਸਨ। 17 ਥੰਮ੍ਹਾਂ ਦੀਆਂ ਸੁਰਾਖ਼ਾਂ ਵਾਲੀਆਂ ਚੌਂਕੀਆਂ ਤਾਂਬੇ ਦੀਆਂ ਅਤੇ ਕੁੰਡੀਆਂ ਤੇ ਛੱਲੇ ਚਾਂਦੀ ਦੇ ਸਨ। ਥੰਮ੍ਹਾਂ ਦੇ ਉੱਪਰਲੇ ਹਿੱਸਿਆਂ ਨੂੰ ਚਾਂਦੀ ਨਾਲ ਮੜ੍ਹਿਆ ਗਿਆ ਸੀ ਅਤੇ ਵਿਹੜੇ ਦੇ ਸਾਰੇ ਥੰਮ੍ਹਾਂ ਦੇ ਛੱਲੇ ਚਾਂਦੀ ਦੇ ਸਨ।+

18 ਵਿਹੜੇ ਦੇ ਦਰਵਾਜ਼ੇ ਲਈ ਨੀਲੇ ਧਾਗੇ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤੇ ਹੋਏ ਵਧੀਆ ਮਲਮਲ ਦਾ ਪਰਦਾ ਬੁਣਿਆ ਗਿਆ। ਦਰਵਾਜ਼ੇ ਦੀ ਚੁੜਾਈ 20 ਹੱਥ ਸੀ ਅਤੇ ਵਾੜ ਦੀ ਉਚਾਈ ਮੁਤਾਬਕ ਇਸ ਦੀ ਉਚਾਈ ਵੀ 5 ਹੱਥ ਸੀ।+ 19 ਇਸ ਦੇ ਚਾਰ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਚਾਰ ਚੌਂਕੀਆਂ ਤਾਂਬੇ ਦੀਆਂ ਸਨ। ਥੰਮ੍ਹਾਂ ਦੀਆਂ ਕੁੰਡੀਆਂ ਅਤੇ ਛੱਲੇ ਚਾਂਦੀ ਦੇ ਸਨ ਅਤੇ ਥੰਮ੍ਹਾਂ ਦੇ ਉੱਪਰਲੇ ਹਿੱਸੇ ਨੂੰ ਚਾਂਦੀ ਨਾਲ ਮੜ੍ਹਿਆ ਗਿਆ ਸੀ। 20 ਤੰਬੂ ਅਤੇ ਵਿਹੜੇ ਦੀਆਂ ਸਾਰੀਆਂ ਕਿੱਲੀਆਂ ਤਾਂਬੇ ਦੀਆਂ ਸਨ।+

21 ਮੂਸਾ ਦੇ ਹੁਕਮ ʼਤੇ ਡੇਰੇ ਯਾਨੀ ਗਵਾਹੀ ਦੇ ਡੇਰੇ+ ਵਿਚ ਵਰਤੇ ਗਏ ਸਾਰੇ ਸਾਮਾਨ ਦੀ ਸੂਚੀ ਬਣਾਈ ਗਈ ਜੋ ਅੱਗੇ ਦਿੱਤੀ ਗਈ ਹੈ। ਪੁਜਾਰੀ ਹਾਰੂਨ ਦੇ ਪੁੱਤਰ ਈਥਾਮਾਰ+ ਦੀ ਨਿਗਰਾਨੀ ਅਧੀਨ ਲੇਵੀਆਂ ਨੇ ਇਹ ਸੂਚੀ ਬਣਾਉਣ ਦੀ ਜ਼ਿੰਮੇਵਾਰੀ ਨਿਭਾਈ ਸੀ।+ 22 ਯਹੋਵਾਹ ਨੇ ਮੂਸਾ ਨੂੰ ਜੋ ਵੀ ਕੰਮ ਕਰਨ ਦਾ ਹੁਕਮ ਦਿੱਤਾ ਸੀ, ਉਹ ਸਾਰਾ ਕੰਮ ਯਹੂਦਾਹ ਦੇ ਗੋਤ ਵਿੱਚੋਂ ਬਸਲੇਲ+ ਨੇ ਕੀਤਾ ਜੋ ਊਰੀ ਦਾ ਪੁੱਤਰ ਅਤੇ ਹੂਰ ਦਾ ਪੋਤਾ ਸੀ। 23 ਉਸ ਨਾਲ ਦਾਨ ਦੇ ਗੋਤ ਵਿੱਚੋਂ ਅਹੀਸਮਕ ਦੇ ਪੁੱਤਰ ਆਹਾਲੀਆਬ+ ਨੇ ਕੰਮ ਕੀਤਾ। ਆਹਾਲੀਆਬ ਵਧੀਆ ਕਾਰੀਗਰ ਅਤੇ ਕਢਾਈ ਕੱਢਣ ਦੇ ਕੰਮ ਵਿਚ ਮਾਹਰ ਸੀ। ਉਸ ਕੋਲ ਨੀਲੇ ਧਾਗੇ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਵਧੀਆ ਮਲਮਲ ਨਾਲ ਕਸੀਦਾਕਾਰੀ ਕਰਨ ਦਾ ਵੀ ਹੁਨਰ ਸੀ।

24 ਪਵਿੱਤਰ ਸਥਾਨ ਦਾ ਸਾਰਾ ਸਾਮਾਨ ਬਣਾਉਣ ਲਈ 29 ਕਿੱਕਾਰ* ਅਤੇ 730 ਸ਼ੇਕੇਲ* ਸੋਨਾ ਇਸਤੇਮਾਲ ਹੋਇਆ ਜੋ ਹਿਲਾਉਣ ਦੀ ਭੇਟ ਵਜੋਂ ਦਾਨ ਕੀਤਾ ਗਿਆ ਸੀ। ਇਹ ਸ਼ੇਕੇਲ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਸੀ।+ 25 ਮੰਡਲੀ ਦੇ ਜਿਨ੍ਹਾਂ ਲੋਕਾਂ ਦੀ ਮਰਦਮਸ਼ੁਮਾਰੀ ਵੇਲੇ ਗਿਣਤੀ ਕੀਤੀ ਗਈ ਸੀ, ਉਨ੍ਹਾਂ ਨੇ 100 ਕਿੱਕਾਰ ਅਤੇ 1,775 ਸ਼ੇਕੇਲ ਚਾਂਦੀ ਦਾਨ ਕੀਤੀ। ਇਹ ਸ਼ੇਕੇਲ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਸੀ। 26 ਮਰਦਮਸ਼ੁਮਾਰੀ ਵੇਲੇ ਜਿਹੜੇ 20 ਸਾਲ ਅਤੇ ਇਸ ਤੋਂ ਉੱਪਰ ਦੇ ਆਦਮੀਆਂ ਦੀ ਗਿਣਤੀ ਕੀਤੀ ਗਈ,+ ਉਨ੍ਹਾਂ ਦੀ ਕੁੱਲ ਗਿਣਤੀ 6,03,550 ਸੀ।+ ਅਤੇ ਹਰੇਕ ਨੇ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਅੱਧਾ ਸ਼ੇਕੇਲ ਦਾਨ ਦਿੱਤਾ ਸੀ।

27 ਪਵਿੱਤਰ ਸਥਾਨ ਦੀਆਂ ਸੁਰਾਖ਼ਾਂ ਵਾਲੀਆਂ ਚੌਂਕੀਆਂ ਅਤੇ ਪਰਦੇ ਦੇ ਥੰਮ੍ਹਾਂ ਦੀਆਂ ਸੁਰਾਖ਼ਾਂ ਵਾਲੀਆਂ ਚੌਂਕੀਆਂ ਲਈ 100 ਕਿੱਕਾਰ ਚਾਂਦੀ ਇਸਤੇਮਾਲ ਕੀਤੀ ਗਈ; ਸੁਰਾਖ਼ਾਂ ਵਾਲੀਆਂ 100 ਚੌਂਕੀਆਂ ਲਈ 100 ਕਿੱਕਾਰ ਚਾਂਦੀ ਯਾਨੀ ਹਰ ਚੌਂਕੀ ਲਈ ਇਕ ਕਿੱਕਾਰ ਚਾਂਦੀ।+ 28 ਉਸ ਨੇ ਥੰਮ੍ਹਾਂ ਵਾਸਤੇ 1,775 ਸ਼ੇਕੇਲ ਚਾਂਦੀ ਦੀਆਂ ਕੁੰਡੀਆਂ ਬਣਾਈਆਂ ਅਤੇ ਥੰਮ੍ਹਾਂ ਦੇ ਉੱਪਰਲੇ ਹਿੱਸਿਆਂ ਨੂੰ ਮੜ੍ਹਿਆ ਅਤੇ ਉਨ੍ਹਾਂ ਨੂੰ ਆਪਸ ਵਿਚ ਜੋੜ ਦਿੱਤਾ।

29 ਹਿਲਾਉਣ ਦੀ ਭੇਟ ਵਜੋਂ 70 ਕਿੱਕਾਰ ਅਤੇ 2,400 ਸ਼ੇਕੇਲ ਤਾਂਬਾ ਦਾਨ ਕੀਤਾ ਗਿਆ ਸੀ। 30 ਇਸ ਤਾਂਬੇ ਤੋਂ ਉਸ ਨੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਲਈ ਸੁਰਾਖ਼ਾਂ ਵਾਲੀਆਂ ਚੌਂਕੀਆਂ, ਤਾਂਬੇ ਦੀ ਵੇਦੀ ਅਤੇ ਇਸ ਦੀ ਤਾਂਬੇ ਦੀ ਜਾਲ਼ੀ ਅਤੇ ਵੇਦੀ ʼਤੇ ਵਰਤਿਆ ਜਾਣ ਵਾਲਾ ਸਾਰਾ ਸਾਮਾਨ, 31 ਵਿਹੜੇ ਦੀ ਵਾੜ ਲਈ ਸੁਰਾਖ਼ਾਂ ਵਾਲੀਆਂ ਚੌਂਕੀਆਂ, ਵਿਹੜੇ ਦੇ ਦਰਵਾਜ਼ੇ ਲਈ ਸੁਰਾਖ਼ਾਂ ਵਾਲੀਆਂ ਚੌਂਕੀਆਂ, ਤੰਬੂ ਤੇ ਵਿਹੜੇ ਦੀ ਵਾੜ ਲਈ ਸਾਰੀਆਂ ਕਿੱਲੀਆਂ ਬਣਾਈਆਂ।+

39 ਉਨ੍ਹਾਂ* ਨੇ ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ+ ਨੂੰ ਵਧੀਆ ਤਰੀਕੇ ਨਾਲ ਬੁਣ ਕੇ ਪਵਿੱਤਰ ਸਥਾਨ ਵਿਚ ਸੇਵਾ ਕਰਨ ਵਾਲਿਆਂ ਲਈ ਕੱਪੜੇ ਬਣਾਏ। ਉਨ੍ਹਾਂ ਨੇ ਹਾਰੂਨ ਲਈ ਪਵਿੱਤਰ ਲਿਬਾਸ ਬਣਾਇਆ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

2 ਉਸ* ਨੇ ਸੋਨੇ ਦੀਆਂ ਤਾਰਾਂ, ਨੀਲੇ ਧਾਗੇ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤੇ ਹੋਏ ਵਧੀਆ ਮਲਮਲ ਦਾ ਏਫ਼ੋਦ+ ਬਣਾਇਆ। 3 ਉਨ੍ਹਾਂ ਨੇ ਸੋਨੇ ਨੂੰ ਹਥੌੜੇ ਨਾਲ ਕੁੱਟ ਕੇ ਇਸ ਦੇ ਪਤਲੇ-ਪਤਲੇ ਪੱਤਰੇ ਬਣਾਏ ਅਤੇ ਫਿਰ ਉਨ੍ਹਾਂ ਦੀਆਂ ਬਾਰੀਕ-ਬਾਰੀਕ ਤਾਰਾਂ ਕੱਟ ਲਈਆਂ। ਉਨ੍ਹਾਂ ਨੇ ਇਹ ਤਾਰਾਂ, ਨੀਲਾ ਧਾਗਾ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦਾ ਧਾਗਾ ਅਤੇ ਵਧੀਆ ਮਲਮਲ ਇਸਤੇਮਾਲ ਕਰ ਕੇ ਏਫ਼ੋਦ ਉੱਤੇ ਕਢਾਈ ਕੀਤੀ। 4 ਉਨ੍ਹਾਂ ਨੇ ਇਸ ਦਾ ਅਗਲਾ ਅਤੇ ਪਿਛਲਾ ਹਿੱਸਾ ਬਣਾਇਆ ਅਤੇ ਇਨ੍ਹਾਂ ਹਿੱਸਿਆਂ ਨੂੰ ਮੋਢਿਆਂ ʼਤੇ ਜੋੜਿਆ। 5 ਸੋਨੇ ਦੀਆਂ ਤਾਰਾਂ, ਨੀਲੇ ਧਾਗੇ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤੇ ਹੋਏ ਵਧੀਆ ਮਲਮਲ ਨੂੰ ਬੁਣ ਕੇ ਏਫ਼ੋਦ ਨੂੰ ਬੰਨ੍ਹਣ ਲਈ ਵੱਧਰੀਆਂ ਬਣਾਈਆਂ ਗਈਆਂ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

6 ਫਿਰ ਉਨ੍ਹਾਂ ਨੇ ਸੋਨੇ ਦੇ ਖ਼ਾਨਿਆਂ ਵਿਚ ਸੁਲੇਮਾਨੀ ਪੱਥਰ ਜੜੇ ਅਤੇ ਉਨ੍ਹਾਂ ਉੱਤੇ ਇਜ਼ਰਾਈਲ ਦੇ ਪੁੱਤਰਾਂ ਦੇ ਨਾਂ ਉੱਕਰੇ, ਜਿਵੇਂ ਇਕ ਮੁਹਰ ਉੱਤੇ ਉਕਰਾਈ ਕੀਤੀ ਜਾਂਦੀ ਹੈ।+ 7 ਉਸ ਨੇ ਇਹ ਦੋਵੇਂ ਪੱਥਰ ਇਜ਼ਰਾਈਲ ਦੇ ਪੁੱਤਰਾਂ ਲਈ ਯਾਦਗਾਰ ਵਜੋਂ ਏਫ਼ੋਦ ਦੇ ਮੋਢਿਆਂ ਉੱਤੇ ਲਾ ਦਿੱਤੇ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 8 ਫਿਰ ਉਸ ਨੇ ਸੀਨਾਬੰਦ ਬਣਾਇਆ।+ ਕਢਾਈ ਕਰਨ ਵਾਲੇ ਨੇ ਏਫ਼ੋਦ ਵਾਂਗ ਸੀਨੇਬੰਦ ਉੱਤੇ ਵੀ ਕਢਾਈ ਕੀਤੀ। ਕਢਾਈ ਕਰਨ ਲਈ ਸੋਨੇ ਦੀਆਂ ਤਾਰਾਂ, ਨੀਲਾ ਧਾਗਾ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦਾ ਧਾਗਾ ਅਤੇ ਕੱਤਿਆ ਹੋਇਆ ਵਧੀਆ ਮਲਮਲ ਇਸਤੇਮਾਲ ਕੀਤਾ ਗਿਆ।+ 9 ਉਨ੍ਹਾਂ ਨੇ ਸੀਨਾਬੰਦ ਬਣਾਇਆ ਜੋ ਦੋਹਰਾ ਕਰਨ ਤੇ ਚੌਰਸ ਹੋ ਗਿਆ ਅਤੇ ਇਹ ਇਕ ਗਿੱਠ* ਲੰਬਾ ਅਤੇ ਇਕ ਗਿੱਠ ਚੌੜਾ ਸੀ। 10 ਉਨ੍ਹਾਂ ਨੇ ਇਸ ਉੱਤੇ ਚਾਰ ਕਤਾਰਾਂ ਵਿਚ ਪੱਥਰ ਜੜੇ। ਪਹਿਲੀ ਕਤਾਰ ਵਿਚ ਲਾਲ ਪੱਥਰ, ਪੁਖਰਾਜ ਅਤੇ ਪੰਨਾ, 11 ਦੂਸਰੀ ਕਤਾਰ ਵਿਚ ਫਿਰੋਜ਼ਾ, ਨੀਲਮ ਅਤੇ ਯਸ਼ਬ, 12 ਤੀਸਰੀ ਕਤਾਰ ਵਿਚ “ਲੀਸ਼ਮ” ਪੱਥਰ,* ਅਕੀਕ ਤੇ ਲਾਜਵਰਦ 13 ਅਤੇ ਚੌਥੀ ਕਤਾਰ ਵਿਚ ਸਬਜ਼ਾ, ਸੁਲੇਮਾਨੀ ਅਤੇ ਹਰਾ ਪੱਥਰ* ਜੜੇ। ਸਾਰੇ ਪੱਥਰ ਸੋਨੇ ਦੇ ਖ਼ਾਨਿਆਂ ਵਿਚ ਜੜੇ ਗਏ ਸਨ। 14 ਇਹ 12 ਪੱਥਰ ਇਜ਼ਰਾਈਲ ਦੇ 12 ਪੁੱਤਰਾਂ ਦੇ ਨਾਵਾਂ ਮੁਤਾਬਕ ਲਾਏ ਗਏ ਅਤੇ 12 ਗੋਤਾਂ ਮੁਤਾਬਕ ਹਰ ਪੱਥਰ ਉੱਤੇ ਇਕ ਗੋਤ ਦਾ ਨਾਂ ਉੱਕਰਿਆ ਗਿਆ, ਜਿਵੇਂ ਇਕ ਮੁਹਰ ਉੱਤੇ ਉਕਰਾਈ ਕੀਤੀ ਜਾਂਦੀ ਹੈ।

15 ਫਿਰ ਉਨ੍ਹਾਂ ਨੇ ਖਾਲਸ ਸੋਨੇ ਦੀਆਂ ਤਾਰਾਂ ਵੱਟ ਕੇ ਡੋਰੀਆਂ ਬਣਾਈਆਂ ਅਤੇ ਉਨ੍ਹਾਂ ਨੂੰ ਸੀਨੇਬੰਦ ਉੱਤੇ ਲਾਇਆ।+ 16 ਉਨ੍ਹਾਂ ਨੇ ਸੋਨੇ ਦੇ ਦੋ ਖ਼ਾਨੇ ਅਤੇ ਸੋਨੇ ਦੇ ਦੋ ਛੱਲੇ ਬਣਾਏ ਅਤੇ ਉਨ੍ਹਾਂ ਛੱਲਿਆਂ ਨੂੰ ਸੀਨੇਬੰਦ ਦੇ ਦੋਵੇਂ ਸਿਰਿਆਂ ʼਤੇ ਲਾ ਦਿੱਤਾ। 17 ਇਸ ਤੋਂ ਬਾਅਦ ਉਨ੍ਹਾਂ ਨੇ ਸੀਨੇਬੰਦ ਦੇ ਸਿਰਿਆਂ ʼਤੇ ਲੱਗੇ ਛੱਲਿਆਂ ਵਿਚ ਸੋਨੇ ਦੀਆਂ ਦੋਵੇਂ ਡੋਰੀਆਂ ਪਾਈਆਂ। 18 ਫਿਰ ਉਨ੍ਹਾਂ ਨੇ ਦੋਵੇਂ ਡੋਰੀਆਂ ਦੇ ਦੂਸਰੇ ਸਿਰੇ ਦੋ ਖ਼ਾਨਿਆਂ ਵਿੱਚੋਂ ਦੀ ਲੰਘਾਏ ਅਤੇ ਉਨ੍ਹਾਂ ਨੂੰ ਏਫ਼ੋਦ ਦੇ ਮੋਢਿਆਂ ਉੱਤੇ ਸਾਮ੍ਹਣੇ ਪਾਸੇ ਲਾ ਦਿੱਤਾ। 19 ਫਿਰ ਉਨ੍ਹਾਂ ਨੇ ਸੋਨੇ ਦੇ ਦੋ ਛੱਲੇ ਬਣਾਏ ਅਤੇ ਉਨ੍ਹਾਂ ਨੂੰ ਸੀਨੇਬੰਦ ਦੇ ਹੇਠਲੇ ਦੋਵੇਂ ਸਿਰਿਆਂ ʼਤੇ ਅੰਦਰਲੇ ਪਾਸੇ ਲਾਇਆ ਜੋ ਏਫ਼ੋਦ ਵੱਲ ਹੈ।+ 20 ਇਸ ਤੋਂ ਬਾਅਦ ਉਨ੍ਹਾਂ ਨੇ ਸੋਨੇ ਦੇ ਦੋ ਹੋਰ ਛੱਲੇ ਬਣਾ ਕੇ ਉਨ੍ਹਾਂ ਨੂੰ ਏਫ਼ੋਦ ਦੇ ਸਾਮ੍ਹਣੇ ਵਾਲੇ ਪਾਸੇ, ਮੋਢਿਆਂ ਤੋਂ ਹੇਠਾਂ ਅਤੇ ਬੁਣੀਆਂ ਹੋਈਆਂ ਵੱਧਰੀਆਂ ਤੋਂ ਉੱਪਰ ਲਾਇਆ। 21 ਅਖ਼ੀਰ ਵਿਚ ਉਨ੍ਹਾਂ ਨੇ ਸੀਨੇਬੰਦ ਦੇ ਹੇਠਲੇ ਸਿਰੇ ʼਤੇ ਲੱਗੇ ਛੱਲਿਆਂ ਵਿਚ ਨੀਲੀ ਡੋਰੀ ਪਾ ਕੇ ਇਨ੍ਹਾਂ ਨੂੰ ਏਫ਼ੋਦ ʼਤੇ ਲੱਗੇ ਛੱਲਿਆਂ ਨਾਲ ਬੰਨ੍ਹ ਦਿੱਤਾ ਤਾਂਕਿ ਸੀਨਾਬੰਦ ਬੁਣੀਆਂ ਹੋਈਆਂ ਵੱਧਰੀਆਂ ਤੋਂ ਉੱਪਰ ਏਫ਼ੋਦ ਉੱਤੇ ਟਿਕਿਆ ਰਹੇ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

22 ਫਿਰ ਉਸ ਨੇ ਏਫ਼ੋਦ ਦੇ ਹੇਠਾਂ ਪਾਉਣ ਲਈ ਇਕ ਬਿਨਾਂ ਬਾਹਾਂ ਵਾਲਾ ਕੁੜਤਾ ਬਣਾਇਆ। ਜੁਲਾਹੇ ਨੇ ਇਹ ਕੁੜਤਾ ਸਿਰਫ਼ ਨੀਲੇ ਧਾਗੇ ਦਾ ਬੁਣਿਆ।+ 23 ਕੁੜਤੇ ਦਾ ਗਲ਼ਾ ਫ਼ੌਜੀ ਦੀ ਸੰਜੋਅ ਦੇ ਗਲ਼ੇ ਵਰਗਾ ਸੀ। ਗਲ਼ੇ ਦੇ ਆਲੇ-ਦੁਆਲੇ ਕਿਨਾਰੀ ਬੁਣੀ ਗਈ ਤਾਂਕਿ ਇਹ ਫਟੇ ਨਾ। 24 ਫਿਰ ਉਨ੍ਹਾਂ ਨੇ ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਆਪਸ ਵਿਚ ਵੱਟ ਕੇ ਅਨਾਰ ਬਣਾਏ ਅਤੇ ਕੁੜਤੇ ਦੇ ਘੇਰੇ ਉੱਤੇ ਲਾਏ। 25 ਅਤੇ ਉਨ੍ਹਾਂ ਨੇ ਖਾਲਸ ਸੋਨੇ ਦੀਆਂ ਘੰਟੀਆਂ ਬਣਾ ਕੇ ਅਨਾਰਾਂ ਦੇ ਵਿਚਕਾਰ ਕੁੜਤੇ ਦੇ ਘੇਰੇ ਉੱਤੇ ਲਾਈਆਂ। 26 ਉਨ੍ਹਾਂ ਨੇ ਸੇਵਾ ਕਰਨ ਵੇਲੇ ਪਾਏ ਜਾਣ ਵਾਲੇ ਕੁੜਤੇ ਦੇ ਪੂਰੇ ਘੇਰੇ ਉੱਤੇ ਇਕ ਘੰਟੀ ਤੇ ਫਿਰ ਇਕ ਅਨਾਰ ਅਤੇ ਫਿਰ ਇਕ ਘੰਟੀ ਤੇ ਇਕ ਅਨਾਰ ਲਾਇਆ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

27 ਅਤੇ ਫਿਰ ਜੁਲਾਹੇ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਵਧੀਆ ਮਲਮਲ ਦੇ ਚੋਗੇ ਬੁਣੇ।+ 28 ਨਾਲੇ ਉਨ੍ਹਾਂ ਨੇ ਵਧੀਆ ਮਲਮਲ ਦੀ ਪਗੜੀ,+ ਸਿਰਾਂ ʼਤੇ ਬੰਨ੍ਹਣ ਲਈ ਵਧੀਆ ਮਲਮਲ ਦੇ ਸੋਹਣੇ ਪਟਕੇ+ ਅਤੇ ਕੱਤੇ ਹੋਏ ਵਧੀਆ ਮਲਮਲ ਦੇ ਕਛਹਿਰੇ+ ਬਣਾਏ 29 ਅਤੇ ਕੱਤੇ ਹੋਏ ਵਧੀਆ ਮਲਮਲ, ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਨੂੰ ਬੁਣ ਕੇ ਲੱਕ ਲਈ ਪਟਕਾ ਬਣਾਇਆ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

30 ਅਖ਼ੀਰ ਵਿਚ ਉਨ੍ਹਾਂ ਨੇ ਖਾਲਸ ਸੋਨੇ ਦੀ ਇਕ ਚਮਕਦੀ ਪੱਤਰੀ ਬਣਾਈ ਜੋ ਸਮਰਪਣ ਦੀ ਨਿਸ਼ਾਨੀ* ਹੈ ਅਤੇ ਇਸ ਉੱਤੇ ਇਹ ਸ਼ਬਦ ਉੱਕਰੇ: “ਪਵਿੱਤਰਤਾ ਯਹੋਵਾਹ ਦੀ ਹੈ।” ਇਹ ਸ਼ਬਦ ਇਸ ਤਰ੍ਹਾਂ ਉੱਕਰੇ ਗਏ ਜਿਵੇਂ ਇਕ ਮੁਹਰ ਉੱਤੇ ਉੱਕਰੇ ਜਾਂਦੇ ਹਨ।+ 31 ਉਨ੍ਹਾਂ ਨੇ ਪੱਤਰੀ ਨਾਲ ਨੀਲੀ ਡੋਰੀ ਬੰਨ੍ਹ ਦਿੱਤੀ ਤਾਂਕਿ ਇਸ ਨੂੰ ਪਗੜੀ ਉੱਤੇ ਬੰਨ੍ਹਿਆ ਜਾ ਸਕੇ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

32 ਇਸ ਤਰ੍ਹਾਂ ਡੇਰੇ, ਹਾਂ, ਮੰਡਲੀ ਦੇ ਤੰਬੂ ਦਾ ਸਾਰਾ ਕੰਮ ਪੂਰਾ ਹੋ ਗਿਆ ਅਤੇ ਇਜ਼ਰਾਈਲੀਆਂ ਨੇ ਉਹ ਹਰ ਕੰਮ ਕੀਤਾ ਜਿਸ ਦਾ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।+ ਉਨ੍ਹਾਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ।

33 ਫਿਰ ਉਹ ਮੂਸਾ ਕੋਲ ਡੇਰੇ+ ਦੇ ਸਾਰੇ ਹਿੱਸੇ ਅਤੇ ਇਸ ਦੇ ਪਰਦੇ*+ ਅਤੇ ਸਾਰਾ ਸਾਮਾਨ ਲਿਆਏ: ਚੂੰਢੀਆਂ,+ ਚੌਖਟੇ,*+ ਡੰਡੇ,+ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਚੌਂਕੀਆਂ;+ 34 ਲਾਲ ਰੰਗ ਨਾਲ ਰੰਗੀਆਂ ਭੇਡੂਆਂ ਦੀਆਂ ਖੱਲਾਂ ਦਾ ਪਰਦਾ,+ ਸੀਲ ਮੱਛੀ ਦੀਆਂ ਖੱਲਾਂ ਦਾ ਪਰਦਾ ਅਤੇ ਸੰਦੂਕ ਦੇ ਸਾਮ੍ਹਣੇ ਲਾਉਣ ਲਈ ਪਰਦਾ;+ 35 ਗਵਾਹੀ ਦਾ ਸੰਦੂਕ ਅਤੇ ਇਸ ਦੇ ਡੰਡੇ+ ਅਤੇ ਇਸ ਦਾ ਢੱਕਣ;+ 36 ਮੇਜ਼ ਅਤੇ ਇਸ ʼਤੇ ਰੱਖਿਆ ਜਾਣ ਵਾਲਾ ਸਾਰਾ ਸਾਮਾਨ+ ਅਤੇ ਚੜ੍ਹਾਵੇ ਦੀਆਂ ਰੋਟੀਆਂ; 37 ਖਾਲਸ ਸੋਨੇ ਦਾ ਸ਼ਮਾਦਾਨ, ਇਕ ਕਤਾਰ ਵਿਚ ਰੱਖੇ ਗਏ ਇਸ ਦੇ ਦੀਵੇ+ ਅਤੇ ਇਸ ਦਾ ਸਾਰਾ ਸਾਮਾਨ+ ਅਤੇ ਦੀਵੇ ਬਾਲ਼ਣ ਲਈ ਤੇਲ;+ 38 ਸੋਨੇ ਦੀ ਵੇਦੀ,+ ਪਵਿੱਤਰ ਤੇਲ,+ ਖ਼ੁਸ਼ਬੂਦਾਰ ਧੂਪ+ ਅਤੇ ਤੰਬੂ ਦੇ ਦਰਵਾਜ਼ੇ ਵਾਸਤੇ ਪਰਦਾ;+ 39 ਤਾਂਬੇ ਦੀ ਵੇਦੀ+ ਅਤੇ ਇਸ ਦੀ ਤਾਂਬੇ ਦੀ ਜਾਲ਼ੀ, ਇਸ ਦੇ ਡੰਡੇ,+ ਇਸ ਦਾ ਸਾਰਾ ਸਾਮਾਨ,+ ਹੌਦ ਅਤੇ ਇਸ ਦੀ ਚੌਂਕੀ;+ 40 ਵਿਹੜੇ ਦੀ ਵਾੜ ਦੇ ਪਰਦੇ, ਇਸ ਦੇ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਚੌਂਕੀਆਂ,+ ਵਿਹੜੇ ਦੇ ਦਰਵਾਜ਼ੇ ਲਈ ਪਰਦਾ,+ ਰੱਸੀਆਂ ਅਤੇ ਕਿੱਲੀਆਂ+ ਅਤੇ ਡੇਰੇ ਤੇ ਮੰਡਲੀ ਦੇ ਤੰਬੂ ਵਿਚ ਸੇਵਾ ਦੌਰਾਨ ਇਸਤੇਮਾਲ ਹੋਣ ਵਾਲਾ ਸਾਰਾ ਸਾਮਾਨ; 41 ਪਵਿੱਤਰ ਸਥਾਨ ਵਿਚ ਸੇਵਾ ਕਰਨ ਲਈ ਵਧੀਆ ਤਰੀਕੇ ਨਾਲ ਬੁਣੇ ਹੋਏ ਕੱਪੜੇ ਅਤੇ ਪੁਜਾਰੀ ਹਾਰੂਨ ਦਾ ਪਵਿੱਤਰ ਲਿਬਾਸ+ ਅਤੇ ਉਸ ਦੇ ਪੁੱਤਰਾਂ ਦੇ ਲਿਬਾਸ ਜੋ ਪੁਜਾਰੀਆਂ ਵਜੋਂ ਸੇਵਾ ਕਰਨਗੇ।

42 ਯਹੋਵਾਹ ਨੇ ਮੂਸਾ ਨੂੰ ਜੋ ਵੀ ਹੁਕਮ ਦਿੱਤਾ ਸੀ, ਇਜ਼ਰਾਈਲੀਆਂ ਨੇ ਉਸੇ ਮੁਤਾਬਕ ਸਾਰਾ ਕੰਮ ਕੀਤਾ।+ 43 ਜਦੋਂ ਮੂਸਾ ਨੇ ਉਨ੍ਹਾਂ ਦੇ ਸਾਰੇ ਕੰਮਾਂ ਦੀ ਜਾਂਚ ਕੀਤੀ, ਤਾਂ ਉਸ ਨੇ ਦੇਖਿਆ ਕਿ ਸਾਰਾ ਕੰਮ ਬਿਲਕੁਲ ਉਸੇ ਤਰ੍ਹਾਂ ਕੀਤਾ ਗਿਆ ਸੀ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ। ਅਤੇ ਮੂਸਾ ਨੇ ਉਨ੍ਹਾਂ ਨੂੰ ਬਰਕਤ ਦਿੱਤੀ।

40 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 2 “ਤੂੰ ਪਹਿਲੇ ਮਹੀਨੇ ਦੇ ਪਹਿਲੇ ਦਿਨ ਡੇਰਾ, ਹਾਂ, ਮੰਡਲੀ ਦਾ ਤੰਬੂ ਖੜ੍ਹਾ ਕਰੀਂ।+ 3 ਇਸ ਵਿਚ ਗਵਾਹੀ ਦਾ ਸੰਦੂਕ ਰੱਖੀਂ+ ਅਤੇ ਓਹਲਾ ਕਰਨ ਲਈ ਸੰਦੂਕ ਦੇ ਅੱਗੇ ਪਰਦਾ ਲਾ ਦੇਈਂ।+ 4 ਫਿਰ ਮੇਜ਼ ਅੰਦਰ ਲਿਆਈਂ+ ਅਤੇ ਇਸ ਦੀਆਂ ਸਾਰੀਆਂ ਚੀਜ਼ਾਂ ਇਸ ਉੱਤੇ ਸੁਆਰ ਕੇ ਰੱਖੀਂ ਅਤੇ ਸ਼ਮਾਦਾਨ ਅੰਦਰ ਲਿਆਈਂ+ ਅਤੇ ਇਸ ਦੇ ਦੀਵੇ ਬਾਲ਼ੀਂ।+ 5 ਫਿਰ ਗਵਾਹੀ ਦੇ ਸੰਦੂਕ ਦੇ ਸਾਮ੍ਹਣੇ ਧੂਪ ਧੁਖਾਉਣ ਲਈ ਸੋਨੇ ਦੀ ਵੇਦੀ+ ਰੱਖੀਂ ਅਤੇ ਫਿਰ ਤੰਬੂ ਦੇ ਦਰਵਾਜ਼ੇ ʼਤੇ ਪਰਦਾ ਲਾ ਦੇਈਂ।+

6 “ਤੂੰ ਡੇਰੇ ਯਾਨੀ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਦੇ ਸਾਮ੍ਹਣੇ ਹੋਮ-ਬਲ਼ੀ ਦੀ ਵੇਦੀ+ ਰੱਖੀਂ 7 ਅਤੇ ਮੰਡਲੀ ਦੇ ਤੰਬੂ ਅਤੇ ਵੇਦੀ ਦੇ ਵਿਚਕਾਰ ਹੌਦ ਰੱਖੀਂ ਅਤੇ ਇਸ ਨੂੰ ਪਾਣੀ ਨਾਲ ਭਰ ਦੇਈਂ।+ 8 ਫਿਰ ਵਿਹੜੇ ਦੇ ਆਲੇ-ਦੁਆਲੇ ਪਰਦਿਆਂ ਦੀ ਵਾੜ ਲਾ ਦੇਈਂ+ ਅਤੇ ਵਿਹੜੇ ਦੇ ਦਰਵਾਜ਼ੇ ʼਤੇ ਪਰਦਾ ਲਾਈਂ।+ 9 ਇਸ ਤੋਂ ਬਾਅਦ ਪਵਿੱਤਰ ਤੇਲ+ ਲੈ ਕੇ ਡੇਰੇ ਅਤੇ ਇਸ ਵਿਚਲੀਆਂ ਸਾਰੀਆਂ ਚੀਜ਼ਾਂ ਉੱਤੇ ਪਾਈਂ+ ਅਤੇ ਇਸ ਨੂੰ ਅਤੇ ਇਸ ਦੀਆਂ ਸਾਰੀਆਂ ਚੀਜ਼ਾਂ ਨੂੰ ਪਵਿੱਤਰ ਕਰੀਂ ਤਾਂਕਿ ਡੇਰਾ ਪਵਿੱਤਰ ਹੋ ਜਾਵੇ। 10 ਤੂੰ ਹੋਮ-ਬਲ਼ੀ ਦੀ ਵੇਦੀ ਅਤੇ ਇਸ ਦੇ ਸਾਰੇ ਸਾਮਾਨ ਉੱਤੇ ਪਵਿੱਤਰ ਤੇਲ ਪਾਈਂ ਅਤੇ ਇਸ ਨੂੰ ਅਤੇ ਇਸ ਦੇ ਸਾਰੇ ਸਾਮਾਨ ਨੂੰ ਪਵਿੱਤਰ ਕਰੀਂ ਤਾਂਕਿ ਵੇਦੀ ਅੱਤ ਪਵਿੱਤਰ ਹੋ ਜਾਵੇ।+ 11 ਫਿਰ ਹੌਦ ਅਤੇ ਇਸ ਦੀ ਚੌਂਕੀ ਉੱਤੇ ਪਵਿੱਤਰ ਤੇਲ ਪਾ ਕੇ ਇਸ ਨੂੰ ਪਵਿੱਤਰ ਕਰੀਂ।

12 “ਫਿਰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਕੋਲ ਲਿਆਈਂ ਅਤੇ ਉਨ੍ਹਾਂ ਨੂੰ ਨਵ੍ਹਾਈਂ।*+ 13 ਤੂੰ ਹਾਰੂਨ ਦੇ ਪਵਿੱਤਰ ਲਿਬਾਸ ਪਾਈਂ+ ਅਤੇ ਉਸ ਉੱਤੇ ਪਵਿੱਤਰ ਤੇਲ ਪਾ ਕੇ+ ਉਸ ਨੂੰ ਪਵਿੱਤਰ ਕਰੀਂ ਅਤੇ ਉਹ ਪੁਜਾਰੀ ਵਜੋਂ ਮੇਰੀ ਸੇਵਾ ਕਰੇਗਾ। 14 ਇਸ ਤੋਂ ਬਾਅਦ ਉਸ ਦੇ ਪੁੱਤਰਾਂ ਨੂੰ ਦਰਵਾਜ਼ੇ ਕੋਲ ਲਿਆਈਂ ਅਤੇ ਉਨ੍ਹਾਂ ਦੇ ਚੋਗੇ ਪਾਈਂ।+ 15 ਜਿਵੇਂ ਤੂੰ ਉਨ੍ਹਾਂ ਦੇ ਪਿਤਾ ਉੱਤੇ ਪਵਿੱਤਰ ਤੇਲ ਪਾਇਆ ਸੀ, ਉਨ੍ਹਾਂ ਉੱਤੇ ਵੀ ਪਵਿੱਤਰ ਤੇਲ ਪਾ+ ਕੇ ਉਨ੍ਹਾਂ ਨੂੰ ਮੇਰੇ ਪੁਜਾਰੀਆਂ ਵਜੋਂ ਨਿਯੁਕਤ ਕਰੀਂ। ਪਵਿੱਤਰ ਤੇਲ ਨਾਲ ਨਿਯੁਕਤੀ ਹੋਣ ਕਰਕੇ ਉਹ ਪੀੜ੍ਹੀਓ-ਪੀੜ੍ਹੀ ਪੁਜਾਰੀਆਂ ਵਜੋਂ ਸੇਵਾ ਕਰਨਗੇ।”+

16 ਯਹੋਵਾਹ ਨੇ ਮੂਸਾ ਨੂੰ ਜੋ ਵੀ ਹੁਕਮ ਦਿੱਤੇ ਸਨ, ਉਸ ਨੇ ਉਹ ਸਾਰੇ ਪੂਰੇ ਕੀਤੇ।+ ਉਸ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ।

17 ਦੂਸਰੇ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਡੇਰਾ ਖੜ੍ਹਾ ਕਰ ਦਿੱਤਾ ਗਿਆ।+ 18 ਜਦੋਂ ਮੂਸਾ ਨੇ ਡੇਰਾ ਖੜ੍ਹਾ ਕਰਨਾ ਸ਼ੁਰੂ ਕੀਤਾ, ਤਾਂ ਉਸ ਨੇ ਪਹਿਲਾਂ ਜ਼ਮੀਨ ʼਤੇ ਇਸ ਦੀਆਂ ਸੁਰਾਖ਼ਾਂ ਵਾਲੀਆਂ ਚੌਂਕੀਆਂ ਰੱਖੀਆਂ,+ ਇਨ੍ਹਾਂ ਵਿਚ ਚੌਖਟੇ* ਪਾਏ,+ ਫਿਰ ਚੌਖਟਿਆਂ ʼਤੇ ਡੰਡੇ+ ਲਾਏ ਅਤੇ ਥੰਮ੍ਹ ਖੜ੍ਹੇ ਕੀਤੇ। 19 ਉਸ ਨੇ ਤੰਬੂ ਦੇ ਢਾਂਚੇ ਉੱਤੇ ਪਰਦਾ ਪਾ ਦਿੱਤਾ+ ਅਤੇ ਉਸ ਉੱਤੇ ਬਾਕੀ ਪਰਦੇ ਪਾ ਦਿੱਤੇ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

20 ਇਸ ਤੋਂ ਬਾਅਦ ਉਸ ਨੇ ਗਵਾਹੀ ਦੀਆਂ ਫੱਟੀਆਂ+ ਸੰਦੂਕ+ ਵਿਚ ਰੱਖੀਆਂ। ਫਿਰ ਉਸ ਨੇ ਸੰਦੂਕ ਦੇ ਛੱਲਿਆਂ ਵਿਚ ਡੰਡੇ ਪਾ ਦਿੱਤੇ+ ਅਤੇ ਸੰਦੂਕ ਉੱਤੇ ਢੱਕਣ+ ਰੱਖ ਦਿੱਤਾ।+ 21 ਉਸ ਨੇ ਗਵਾਹੀ ਦਾ ਸੰਦੂਕ ਲਿਆ ਕੇ ਤੰਬੂ ਵਿਚ ਰੱਖ ਦਿੱਤਾ ਅਤੇ ਓਹਲਾ ਕਰਨ ਲਈ ਇਸ ਦੇ ਸਾਮ੍ਹਣੇ ਪਰਦਾ ਲਾ ਦਿੱਤਾ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

22 ਫਿਰ ਉਸ ਨੇ ਮੇਜ਼+ ਮੰਡਲੀ ਦੇ ਤੰਬੂ ਵਿਚ ਉੱਤਰ ਵਾਲੇ ਪਾਸੇ ਪਰਦੇ ਤੋਂ ਬਾਹਰ ਰੱਖ ਦਿੱਤਾ 23 ਅਤੇ ਉਸ ਨੇ ਯਹੋਵਾਹ ਸਾਮ੍ਹਣੇ ਮੇਜ਼ ਉੱਤੇ ਸੁਆਰ ਕੇ ਰੋਟੀਆਂ ਰੱਖੀਆਂ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

24 ਉਸ ਨੇ ਸ਼ਮਾਦਾਨ+ ਮੰਡਲੀ ਦੇ ਤੰਬੂ ਵਿਚ ਦੱਖਣ ਵਾਲੇ ਪਾਸੇ ਮੇਜ਼ ਦੇ ਸਾਮ੍ਹਣੇ ਰੱਖ ਦਿੱਤਾ। 25 ਉਸ ਨੇ ਯਹੋਵਾਹ ਅੱਗੇ ਦੀਵੇ ਬਾਲ਼ੇ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

26 ਇਸ ਤੋਂ ਬਾਅਦ ਉਸ ਨੇ ਸੋਨੇ ਦੀ ਵੇਦੀ+ ਮੰਡਲੀ ਦੇ ਤੰਬੂ ਵਿਚ ਪਰਦੇ ਦੇ ਸਾਮ੍ਹਣੇ ਰੱਖ ਦਿੱਤੀ 27 ਤਾਂਕਿ ਇਸ ਉੱਤੇ ਖ਼ੁਸ਼ਬੂਦਾਰ ਧੂਪ+ ਧੁਖਾਇਆ ਜਾਵੇ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

28 ਫਿਰ ਉਸ ਨੇ ਓਹਲਾ ਕਰਨ ਲਈ ਤੰਬੂ ਦੇ ਦਰਵਾਜ਼ੇ ʼਤੇ ਪਰਦਾ ਲਾ ਦਿੱਤਾ।+

29 ਉਸ ਨੇ ਡੇਰੇ ਯਾਨੀ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਹੋਮ-ਬਲ਼ੀ ਦੀ ਵੇਦੀ ਰੱਖ ਦਿੱਤੀ+ ਤਾਂਕਿ ਉਹ ਉਸ ਉੱਤੇ ਹੋਮ-ਬਲ਼ੀ+ ਅਤੇ ਅਨਾਜ ਦਾ ਚੜ੍ਹਾਵਾ ਚੜ੍ਹਾਵੇ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

30 ਫਿਰ ਉਸ ਨੇ ਮੰਡਲੀ ਦੇ ਤੰਬੂ ਅਤੇ ਵੇਦੀ ਦੇ ਵਿਚਕਾਰ ਹੌਦ ਰੱਖ ਕੇ ਇਸ ਨੂੰ ਪਾਣੀ ਨਾਲ ਭਰ ਦਿੱਤਾ।+ 31 ਮੂਸਾ, ਹਾਰੂਨ ਅਤੇ ਉਸ ਦੇ ਪੁੱਤਰ ਉੱਥੇ ਆਪਣੇ ਹੱਥ-ਪੈਰ ਧੋਂਦੇ ਸਨ। 32 ਉਹ ਜਦੋਂ ਵੀ ਮੰਡਲੀ ਦੇ ਤੰਬੂ ਵਿਚ ਜਾਂਦੇ ਸਨ ਜਾਂ ਵੇਦੀ ʼਤੇ ਸੇਵਾ ਕਰਨ ਆਉਂਦੇ ਸਨ, ਤਾਂ ਉਹ ਆਪਣੇ ਹੱਥ-ਪੈਰ ਧੋਂਦੇ ਸਨ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

33 ਅਖ਼ੀਰ ਵਿਚ ਉਸ ਨੇ ਡੇਰੇ ਦੇ ਵਿਹੜੇ ਅਤੇ ਵੇਦੀ ਦੇ ਆਲੇ-ਦੁਆਲੇ ਵਾੜ ਲਾ ਦਿੱਤੀ+ ਅਤੇ ਵਿਹੜੇ ਦੇ ਦਰਵਾਜ਼ੇ ʼਤੇ ਪਰਦਾ ਲਾ ਦਿੱਤਾ।+

ਇਸ ਤਰ੍ਹਾਂ ਮੂਸਾ ਨੇ ਸਾਰਾ ਕੰਮ ਪੂਰਾ ਕੀਤਾ। 34 ਬੱਦਲ ਮੰਡਲੀ ਦੇ ਤੰਬੂ ਉੱਤੇ ਛਾਉਣ ਲੱਗਾ ਅਤੇ ਡੇਰਾ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ।+ 35 ਮੂਸਾ ਮੰਡਲੀ ਦੇ ਤੰਬੂ ਵਿਚ ਨਾ ਜਾ ਸਕਿਆ ਕਿਉਂਕਿ ਬੱਦਲ ਇਸ ਉੱਤੇ ਠਹਿਰ ਗਿਆ ਸੀ ਅਤੇ ਡੇਰਾ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ ਸੀ।+

36 ਸਫ਼ਰ ਦੌਰਾਨ ਜਦੋਂ ਬੱਦਲ ਡੇਰੇ ਤੋਂ ਉੱਪਰ ਉੱਠਦਾ ਸੀ, ਤਾਂ ਇਜ਼ਰਾਈਲੀ ਆਪਣਾ ਬੋਰੀਆ-ਬਿਸਤਰਾ ਬੰਨ੍ਹ ਕੇ ਅੱਗੇ ਤੁਰ ਪੈਂਦੇ ਸਨ।+ 37 ਪਰ ਜੇ ਬੱਦਲ ਡੇਰੇ ਤੋਂ ਉੱਪਰ ਨਹੀਂ ਉੱਠਦਾ ਸੀ, ਤਾਂ ਉਹ ਉਸ ਦਿਨ ਤਕ ਇੱਕੋ ਜਗ੍ਹਾ ਰਹਿੰਦੇ ਸਨ ਜਦ ਤਕ ਬੱਦਲ ਨਹੀਂ ਉੱਠਦਾ ਸੀ।+ 38 ਦਿਨੇ ਤੰਬੂ ਉੱਤੇ ਯਹੋਵਾਹ ਦਾ ਬੱਦਲ ਠਹਿਰਿਆ ਰਹਿੰਦਾ ਸੀ ਅਤੇ ਰਾਤ ਨੂੰ ਅੱਗ ਇਸ ਉੱਤੇ ਠਹਿਰਦੀ ਸੀ। ਪੂਰੇ ਸਫ਼ਰ ਦੌਰਾਨ ਇਜ਼ਰਾਈਲੀਆਂ ਦੀਆਂ ਨਜ਼ਰਾਂ ਸਾਮ੍ਹਣੇ ਇਸੇ ਤਰ੍ਹਾਂ ਹੁੰਦਾ ਰਿਹਾ।+

ਇਬ, “ਇਜ਼ਰਾਈਲੀਆਂ ਦੇ ਪੁੱਤਰਾਂ।”

ਜਾਂ, “ਕਿਸ਼ਤੀ; ਸੰਦੂਕ।”

ਮਤਲਬ “ਬਾਹਰ ਕੱਢਿਆ,” ਯਾਨੀ ਪਾਣੀ ਵਿੱਚੋਂ ਬਚਾਇਆ।

ਜਾਂ, “ਤਕੜਾ।”

ਜਾਂ, “ਨੂੰ ਬਚਾਇਆ।”

ਉਰਫ਼ ਯਿਥਰੋ।

ਮਤਲਬ “ਉੱਥੇ ਪਰਦੇਸੀ।”

ਇਬ, “ਬਹੁਤ ਦਿਨਾਂ ਬਾਅਦ।”

ਇਬ, “ਪਿਤਾ।”

ਜਾਂ, “ਵੱਲ ਧਿਆਨ ਦੇ।”

ਇਬ, “ਸੇਵਾ।”

ਜਾਂ, “ਬਣਨ ਦਾ ਫ਼ੈਸਲਾ ਕਰਦਾ।”

ਜਾਂ, “ਮੈਂ ਬਣਾਂਗਾ ਜੋ ਮੈਂ ਬਣਾਂਗਾ।” ਵਧੇਰੇ ਜਾਣਕਾਰੀ 1.4 ਦੇਖੋ।

ਇਬ, “ਤੇਰੇ ਮੂੰਹ।”

ਜਾਂ, “ਪਰਮੇਸ਼ੁਰ ਦਾ ਨੁਮਾਇੰਦਾ ਹੋਵੇਂਗਾ।”

ਯਾਨੀ, ਯਹੋਵਾਹ ਵੱਲੋਂ ਆਇਆ ਦੂਤ।

ਸ਼ਾਇਦ ਮੂਸਾ ਦਾ ਪੁੱਤਰ।

ਜਾਂ, “ਚਕਮਾਕ ਪੱਥਰ ਦੀ ਛੁਰੀ।”

ਸ਼ਾਇਦ ਦੂਤ ਦੇ ਪੈਰਾਂ ਨੂੰ।

ਜਾਂ, “ਆਲਸੀ।”

ਜਾਂ, “ਆਲਸੀ।”

ਜਾਂ, “ਆਲਸੀ।”

ਇਬ, “ਪਸਾਰੀ ਹੋਈ ਬਾਂਹ।”

ਇਬ, “ਹੱਥ ਚੁੱਕ ਕੇ ਸਹੁੰ।”

ਇਬ, “ਮੈਂ ਬੇਸੁੰਨਤੇ ਬੁੱਲ੍ਹਾਂ ਵਾਲਾ ਹਾਂ।”

ਇਬ, “ਦੀਆਂ ਸੈਨਾਵਾਂ ਅਨੁਸਾਰ।”

ਇਬ, “ਮੈਂ ਬੇਸੁੰਨਤੇ ਬੁੱਲ੍ਹਾਂ ਵਾਲਾ ਹਾਂ।”

ਇਬ, “ਪਰਮੇਸ਼ੁਰ ਬਣਾਇਆ ਹੈ।”

ਇਬ, “ਆਪਣੀਆਂ ਸੈਨਾਵਾਂ; ਆਪਣੀ ਪਰਜਾ।”

ਯਾਨੀ, ਨੀਲ ਦਰਿਆ ਵਿੱਚੋਂ ਕੱਢੀਆਂ ਨਹਿਰਾਂ।

ਇਬ, “ਸੇਵਾ।”

ਜਾਂ, “ਸ਼ਕਤੀ।”

ਇਬ, “ਸੇਵਾ।”

ਡੰਗ ਮਾਰਨ ਵਾਲੇ ਮੱਖਾਂ ਦੀ ਇਕ ਕਿਸਮ।

ਇਬ, “ਸੇਵਾ।”

ਇਬ, “ਸੇਵਾ।”

ਸ਼ਾਇਦ ਇੱਥੇ ਜ਼ੋਰਦਾਰ ਬਿਜਲੀ ਲਿਸ਼ਕਣ ਦੀ ਗੱਲ ਕੀਤੀ ਗਈ ਹੈ।

ਇੱਥੇ ਇਬਰਾਨੀ ਵਿਚ ਦੋ ਕਿਸਮਾਂ ਦੀ ਕਣਕ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚੋਂ ਘਟੀਆ ਕਿਸਮ ਦੀ ਕਣਕ ਪ੍ਰਾਚੀਨ ਮਿਸਰ ਵਿਚ ਉਗਾਈ ਜਾਂਦੀ ਸੀ।

ਇਬ, “ਸੇਵਾ।”

ਇਬ, “ਫੰਦਾ।”

ਇਬ, “ਸੇਵਾ।”

ਇਬ, “ਸੇਵਾ।”

ਇਬ, “ਸੇਵਾ।”

ਜਾਂ, “ਜ਼ਮੀਨ ਕਾਲੀ ਹੋ ਗਈ।”

ਲੱਗਦਾ ਹੈ ਕਿ ਇੱਥੇ ਮੂਸਾ ਦੀ ਗੱਲ ਕੀਤੀ ਗਈ ਹੈ।

ਜਾਂ, “ਲਿਜਾਣ ਦੇਵੇਂਗਾ।”

ਇਬ, “ਖੁਰ।”

ਇਬ, “ਪਿਉ-ਦਾਦਿਆਂ ਦੇ ਘਰਾਣੇ।”

ਇਬ, “ਦੋ ਸ਼ਾਮਾਂ ਵਿਚਕਾਰ।” ਇੱਥੇ ਸੂਰਜ ਛਿਪਣ ਤੋਂ ਲੈ ਕੇ ਹਨੇਰਾ ਸ਼ੁਰੂ ਹੋਣ ਦੇ ਵਿਚਕਾਰਲੇ ਸਮੇਂ ਦੀ ਗੱਲ ਕੀਤੀ ਗਈ ਹੈ।

ਜਾਂ, “ਲੱਕ।”

ਜਾਂ, “ਖਮੀਰ।”

ਇਬ, “ਫ਼ੌਜਾਂ।”

ਜਾਂ, “ਖਮੀਰ।”

ਭੇਡ ਜਾਂ ਬੱਕਰੀ ਦਾ।

ਇਬ, “ਤਬਾਹੀ।”

ਇਬ, “ਭੋਰੇ।”

ਇਸ ਵਿਚ ਮਿਸਰੀ ਤੇ ਹੋਰ ਗ਼ੈਰ-ਇਜ਼ਰਾਈਲੀ ਲੋਕ ਸ਼ਾਮਲ ਸਨ।

ਇਬ, “ਦੀਆਂ ਫ਼ੌਜਾਂ।”

ਇਬ, “ਦੀਆਂ ਫ਼ੌਜਾਂ।”

ਜਾਂ, “ਵੱਖਰਾ।”

ਵਧੇਰੇ ਜਾਣਕਾਰੀ 2.15 ਦੇਖੋ।

ਇਬ, “ਤੁਹਾਡੀਆਂ ਅੱਖਾਂ ਦੇ ਵਿਚਕਾਰ।”

ਇਬ, “ਕੁੱਖ ਦਾ ਖੋਲ੍ਹਣ ਵਾਲਾ।”

ਇਬ, “ਕੁੱਖ ਦੇ ਖੋਲ੍ਹਣ ਵਾਲੇ।”

ਇਬ, “ਤੁਹਾਡੀਆਂ ਅੱਖਾਂ ਦੇ ਵਿਚਕਾਰ।”

ਰਾਤ ਦੇ 2 ਕੁ ਵਜੇ ਤੋਂ ਲੈ ਕੇ 6 ਵਜੇ ਤਕ ਦਾ ਸਮਾਂ।

ਇਬ, “ਦਾ ਵੱਡਾ ਹੱਥ।”

ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।

ਇਬ, “ਨੂੰ ਜਣਨ-ਪੀੜਾਂ ਲੱਗਣਗੀਆਂ।”

ਕਿਸੇ ਕਬੀਲੇ ਜਾਂ ਖ਼ਾਨਦਾਨ ਦਾ ਮੁਖੀ।

ਜਾਂ, “ਅਤਿਆਚਾਰੀ ਹਾਕਮ।”

ਇਬ, “ਬੀਜੇਂਗਾ।”

ਮਤਲਬ “ਕੁੜੱਤਣ।”

ਇਬ, “ਦੋ ਸ਼ਾਮਾਂ ਵਿਚਕਾਰ।” ਕੂਚ 12:​6, ਫੁਟਨੋਟ ਦੇਖੋ।

ਲਗਭਗ 2.2 ਲੀਟਰ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਸਬਤ ਮਨਾਉਣ।”

ਸ਼ਬਦਾਵਲੀ ਦੇਖੋ।

ਜਾਂ, “ਆਰਾਮ ਕੀਤਾ।”

ਸ਼ਾਇਦ ਇਬਰਾਨੀ ਵਿਚ ਮਤਲਬ ਹੈ, “ਆਹ ਕੀ ਹੈ?”

ਇਸ ਵਿਚ ਜ਼ਰੂਰੀ ਦਸਤਾਵੇਜ਼ ਸਾਂਭ ਕੇ ਰੱਖੇ ਜਾਂਦੇ ਸਨ।

ਇਕ ਏਫਾ 22 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਮਤਲਬ “ਪਰੀਖਿਆ; ਅਜ਼ਮਾਇਸ਼।”

ਮਤਲਬ “ਝਗੜਾ।”

ਜਾਂ, “ਇਕ ਯਾਦਗਾਰ ਵਜੋਂ।”

ਮਤਲਬ “ਯਹੋਵਾਹ ਮੇਰਾ ਝੰਡਾ ਹੈ।”

ਮਤਲਬ “ਉੱਥੇ ਪਰਦੇਸੀ।”

ਮਤਲਬ “ਪਰਮੇਸ਼ੁਰ ਮੇਰਾ ਮਦਦਗਾਰ ਹੈ।”

ਇਬ, “ਦੇ ਹੱਥੋਂ।”

ਜਾਂ, “ਕੀਮਤੀ ਜਾਇਦਾਦ।”

ਇਬ, “ਭੇਡੂ ਦੇ ਸਿੰਗ।”

ਇਬ, “ਕੋਲ ਨਾ ਜਾਵੇ।”

ਜਾਂ, “ਤੁਸੀਂ ਮੇਰੇ ਵਿਰੁੱਧ ਜਾ ਕੇ ਕਿਸੇ ਹੋਰ ਨੂੰ ਆਪਣਾ ਈਸ਼ਵਰ ਨਾ ਬਣਾਇਓ।”

ਜਾਂ, “ਵਿਅਰਥ ਨਾ ਲੈ।”

ਇਬ, “ਦਰਵਾਜ਼ਿਆਂ।”

ਜਾਂ, “ਗੁਪਤ ਅੰਗ।”

ਜਾਂ, “ਰਖੇਲ; ਉਪ-ਪਤਨੀ।”

ਇੱਥੇ ਸਰੀਰਕ ਸੰਬੰਧਾਂ ਦੀ ਗੱਲ ਕੀਤੀ ਗਈ ਹੈ।

ਜਾਂ, “ਸਰਾਪ ਦਿੰਦਾ।”

ਜਾਂ ਸੰਭਵ ਹੈ, “ਕਿਸੇ ਔਜ਼ਾਰ ਨਾਲ।”

ਇਬ, “ਦੇ ਬੱਚੇ ਬਾਹਰ ਆ ਜਾਂਦੇ ਹਨ।”

ਜਾਂ, “ਕੋਈ ਗੰਭੀਰ ਰੂਪ ਵਿਚ ਜ਼ਖ਼ਮੀ ਨਹੀਂ ਹੁੰਦਾ।”

ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਵਿਆਹ ਵੇਲੇ ਮੁੰਡੇ ਨੂੰ ਕੁੜੀ ਦੀ ਕੀਮਤ ਅਦਾ ਕਰਨੀ ਪੈਂਦੀ ਸੀ।

ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”

ਜਾਂ, “ਦੁਖੀ।”

ਇਬ, “ਆਪਣੀ ਚਮੜੀ।”

ਜਾਂ, “ਹਮਦਰਦ।”

ਜਾਂ, “ਹਾਕਮ।”

ਜਾਂ, “ਸਰਾਪ ਨਾ ਦੇਈਂ।”

ਯਾਨੀ, ਤੇਲ ਅਤੇ ਦਾਖਰਸ ਦੇ ਚੁਬੱਚੇ।

ਇਸ ਨੂੰ ਹਫ਼ਤਿਆਂ ਦਾ ਤਿਉਹਾਰ ਜਾਂ ਪੰਤੇਕੁਸਤ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।

ਜਾਂ ਸੰਭਵ ਹੈ, “ਵਿਚ ਖ਼ੌਫ਼ ਛਾ ਜਾਵੇਗਾ; ਵਿਚ ਦਹਿਸ਼ਤ ਫੈਲ ਜਾਵੇਗੀ।”

ਜਾਂ, “ਬਕਸਾ।”

ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਲਗਭਗ 7.4 ਸੈਂਟੀਮੀਟਰ (2.9 ਇੰਚ)। ਵਧੇਰੇ ਜਾਣਕਾਰੀ 2.14 ਦੇਖੋ।

ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਫਰੇਮ।”

ਜਾਂ, “ਸਿੱਧੀਆਂ ਥੰਮ੍ਹੀਆਂ।”

ਇਹ ਚੂੰਢੀਆਂ ਡੇਰੇ ਦੇ ਉੱਤੇ ਪਾਏ ਪਰਦਿਆਂ ਨੂੰ ਜੋੜਨ ਲਈ ਵਰਤੀਆਂ ਗਈਆਂ ਸਨ।

ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਚਰਬੀ ਵਾਲੀ ਸੁਆਹ,” ਯਾਨੀ ਚੜ੍ਹਾਏ ਗਏ ਜਾਨਵਰਾਂ ਦੀ ਚਰਬੀ ਨਾਲ ਗਿੱਲੀ ਹੋਈ ਸੁਆਹ।

ਇਬ, “ਦਿਲੋਂ ਬੁੱਧੀਮਾਨਾਂ।”

ਇਕ ਗਿੱਠ ਲਗਭਗ 22.2 ਸੈਂਟੀਮੀਟਰ (8.75 ਇੰਚ) ਹੁੰਦੀ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਸ ਕੀਮਤੀ ਪੱਥਰ ਦੀ ਸਹੀ ਪਛਾਣ ਪਤਾ ਨਹੀਂ ਹੈ। ਸ਼ਾਇਦ ਇਹ ਐਂਬਰ, ਜ਼ਰਕੂਨ ਜਾਂ ਦੂਧੀਆ ਪੱਥਰ ਸੀ।

ਜਾਂ, “ਜੇਡ।”

ਸ਼ਬਦਾਵਲੀ ਦੇਖੋ।

ਇਬ, “ਉਨ੍ਹਾਂ ਦੇ ਹੱਥ ਭਰ ਦੇਈਂ।”

ਇਬ, “ਬੀ।”

ਜਾਂ, “ਪਵਿੱਤਰ ਤਾਜ।”

ਇਬ, “ਹਾਰੂਨ ਦੇ ਹੱਥ ਅਤੇ ਉਸ ਦੇ ਪੁੱਤਰਾਂ ਦੇ ਹੱਥ ਭਰ ਦੇਈਂ।”

ਸ਼ਾਇਦ ਪਵਿੱਤਰ ਤੰਬੂ ਦੇ ਵਿਹੜੇ ਵਿਚ।

ਇਬ, “ਉਨ੍ਹਾਂ ਦੇ ਹੱਥ ਭਰੇ ਜਾਣ।”

ਇਬ, “ਕਿਸੇ ਅਜਨਬੀ,” ਯਾਨੀ ਜੋ ਹਾਰੂਨ ਦੇ ਪਰਿਵਾਰ ਵਿੱਚੋਂ ਨਹੀਂ ਹੁੰਦਾ ਸੀ।

ਇਬ, “ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਹੱਥ ਉਸੇ ਤਰ੍ਹਾਂ ਭਰ ਦੇਈਂ।”

ਇਬ, “ਦੋ ਸ਼ਾਮਾਂ ਵਿਚਕਾਰ।” ਕੂਚ 12:​6, ਫੁਟਨੋਟ ਦੇਖੋ।

ਇਕ ਏਫਾ 22 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਕ ਹੀਨ 3.67 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਦੋ ਸ਼ਾਮਾਂ ਵਿਚਕਾਰ।” ਕੂਚ 12:​6, ਫੁਟਨੋਟ ਦੇਖੋ।

ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਦੋ ਸ਼ਾਮਾਂ ਵਿਚਕਾਰ।” ਕੂਚ 12:​6, ਫੁਟਨੋਟ ਦੇਖੋ।

ਜਾਂ, “ਪਵਿੱਤਰ ਸ਼ੇਕੇਲ ਮੁਤਾਬਕ।”

ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਕ ਗੀਰਾਹ 0.57 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਆਪਣੇ ਪਾਪਾਂ ਦੀ ਮਾਫ਼ੀ ਲਈ।”

ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਪਾਪਾਂ ਦੀ ਮਾਫ਼ੀ ਲਈ।”

ਜਾਂ, “ਪਵਿੱਤਰ ਸ਼ੇਕੇਲ ਮੁਤਾਬਕ।”

ਇਕ ਹੀਨ 3.67 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਸੁਗੰਧਿਤ ਤੇਲ ਬਣਾਉਣ ਵਾਲੇ ਦੀ ਕੁਸ਼ਲਤਾ ਅਨੁਸਾਰ।”

ਇਬ, “ਅਜਨਬੀ ਉੱਤੇ ਲਾਵੇ,” ਯਾਨੀ ਜੋ ਹਾਰੂਨ ਦੇ ਪਰਿਵਾਰ ਵਿੱਚੋਂ ਨਹੀਂ ਹੁੰਦਾ ਸੀ।

ਇਬ, “ਸ਼ੇਕਲੇਥ।” ਇਹ ਸ਼ਾਇਦ ਕਿਸੇ ਪੌਦੇ ਜਾਂ ਸਿੱਪੀ ਤੋਂ ਬਣਾਇਆ ਜਾਂਦਾ ਸੀ, ਪਰ ਇਸ ਬਾਰੇ ਪੱਕਾ ਪਤਾ ਨਹੀਂ ਹੈ।

ਜਾਂ, “ਸੁਗੰਧਿਤ ਤੇਲ ਬਣਾਉਣ ਵਾਲੇ ਦੀ ਕੁਸ਼ਲਤਾ ਅਨੁਸਾਰ।”

ਇਬ, “ਨਾਂ ਲੈ ਕੇ ਬੁਲਾਇਆ ਹੈ।”

ਇਬ, “ਪਰਮੇਸ਼ੁਰ ਦੀ।”

ਇਬ, “ਦਿਲੋਂ ਬੁੱਧੀਮਾਨਾਂ।”

ਜਾਂ, “ਢਾਲ਼ੀ ਹੋਈ ਮੂਰਤ।”

ਜਾਂ, “ਢਾਲ਼ੀ ਹੋਈ ਮੂਰਤ।”

ਜਾਂ, “ਪਛਤਾਵਾ।”

ਇਬ, “ਬੀ।”

ਇਬ, “ਬੀ।”

ਜਾਂ, “ਪਛਤਾਵਾ।”

ਜਾਂ, “ਸ਼ਕਤੀਸ਼ਾਲੀ ਕੰਮ ਬਾਰੇ।”

ਇਬ, “ਆਪਣਾ ਹੱਥ ਭਰੋ।”

ਇਬ, “ਬੀ।”

ਇਬ, “ਲਾਹ ਦਿੱਤੇ।”

ਜਾਂ, “ਮੈਂ ਤੈਨੂੰ ਚੁਣਿਆ ਹੈ।”

ਇਬ, “ਮੇਰਾ ਚਿਹਰਾ।”

ਇਬ, “ਤੇਰੇ ਚਿਹਰੇ ਨੇ।”

ਜਾਂ, “ਹਮਦਰਦ।”

ਜਾਂ, “ਵਫ਼ਾਦਾਰੀ।”

ਸ਼ਬਦਾਵਲੀ ਦੇਖੋ।

ਇਬ, “ਯਹੋਵਾਹ, ਉਸ ਦਾ ਨਾਂ।”

ਇਬ, “ਜੋ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕਰਦਾ ਜੋ ਉਸ ਦਾ ਮੁਕਾਬਲਾ ਕਰਦੇ ਹਨ।”

ਯਾਨੀ, ਉਨ੍ਹਾਂ ਦੀ ਭਗਤੀ ਕਰਨਗੇ।

ਵਧੇਰੇ ਜਾਣਕਾਰੀ 2.15 ਦੇਖੋ।

ਇਬ, “ਕੁੱਖ ਦਾ ਖੋਲ੍ਹਣ ਵਾਲਾ।”

ਜਾਂ, “ਸਬਤ ਮਨਾਈਂ।”

ਇਸ ਨੂੰ ਛੱਪਰਾਂ (ਡੇਰਿਆਂ) ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।

ਯਾਨੀ, ਯਹੋਵਾਹ। ਆਇਤ 1 ਦੇਖੋ।

ਇਬ, “ਦਸ ਸ਼ਬਦ।”

ਇਬ, “ਉਸ।”

ਇਬ, “ਦਿਲੋਂ ਬੁੱਧੀਮਾਨ ਹੈ।”

ਜਾਂ, “ਫਰੇਮ।”

ਜਾਂ, “ਹਿਲਾਉਣ ਦੀ ਭੇਟ ਵਜੋਂ ਸੋਨਾ ਚੜ੍ਹਾਇਆ।”

ਇਬ, “ਦਿਲੋਂ ਬੁੱਧੀਮਾਨ ਬਣਾਇਆ।”

ਇਬ, “ਦਿਲੋਂ ਬੁੱਧੀਮਾਨਾਂ।”

ਜ਼ਾਹਰ ਹੈ ਕਿ ਇੱਥੇ ਬਸਲੇਲ ਦੀ ਗੱਲ ਕੀਤੀ ਗਈ ਹੈ।

ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਫਰੇਮ।”

ਜਾਂ, “ਸਿੱਧੀਆਂ ਥੰਮ੍ਹੀਆਂ।”

ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਲਗਭਗ 7.4 ਸੈਂਟੀਮੀਟਰ (2.9 ਇੰਚ)। ਵਧੇਰੇ ਜਾਣਕਾਰੀ 2.14 ਦੇਖੋ।

ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਸੁਗੰਧਿਤ ਤੇਲ ਬਣਾਉਣ ਵਾਲੇ ਦੀ ਕੁਸ਼ਲਤਾ ਅਨੁਸਾਰ।”

ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਧਾਤ ਨੂੰ ਚੰਗੀ ਤਰ੍ਹਾਂ ਲਿਸ਼ਕਾ ਕੇ ਸ਼ੀਸ਼ਾ ਬਣਾਇਆ ਜਾਂਦਾ ਸੀ।

ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਪਵਿੱਤਰ ਸ਼ੇਕੇਲ ਮੁਤਾਬਕ।”

ਜਾਂ, “ਪਵਿੱਤਰ ਸ਼ੇਕੇਲ ਮੁਤਾਬਕ।”

ਜਾਂ, “ਪਵਿੱਤਰ ਸ਼ੇਕੇਲ ਮੁਤਾਬਕ।”

ਜ਼ਾਹਰ ਹੈ ਕਿ ਇੱਥੇ ਸ਼ਬਦ “ਉਨ੍ਹਾਂ” ਕਾਰੀਗਰਾਂ ਲਈ ਵਰਤਿਆ ਗਿਆ ਹੈ।

ਜ਼ਾਹਰ ਹੈ ਕਿ ਇੱਥੇ ਬਸਲੇਲ ਦੀ ਗੱਲ ਕੀਤੀ ਗਈ ਹੈ।

ਇਕ ਗਿੱਠ ਲਗਭਗ 22.2 ਸੈਂਟੀਮੀਟਰ (8.75 ਇੰਚ) ਹੁੰਦੀ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਸ ਕੀਮਤੀ ਪੱਥਰ ਦੀ ਸਹੀ ਪਛਾਣ ਪਤਾ ਨਹੀਂ ਹੈ। ਸ਼ਾਇਦ ਇਹ ਐਂਬਰ, ਜ਼ਰਕੂਨ ਜਾਂ ਦੂਧੀਆ ਪੱਥਰ ਸੀ।

ਜਾਂ, “ਜੇਡ।”

ਜਾਂ, “ਪਵਿੱਤਰ ਤਾਜ।”

ਜਾਂ, “ਤੰਬੂ।”

ਜਾਂ, “ਫਰੇਮ।”

ਸੰਭਵ ਹੈ ਕਿ ਮੂਸਾ ਨੇ ਉਨ੍ਹਾਂ ਨੂੰ ਨਹਾਉਣ ਲਈ ਕਿਹਾ ਹੋਣਾ।

ਜਾਂ, “ਫਰੇਮ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ