ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਲੇਵੀਆਂ 1:1 - 27:34
  • ਲੇਵੀਆਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਲੇਵੀਆਂ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਲੇਵੀਆਂ

ਲੇਵੀਆਂ

1 ਫਿਰ ਯਹੋਵਾਹ ਨੇ ਮੂਸਾ ਨੂੰ ਬੁਲਾਇਆ ਅਤੇ ਉਸ ਨਾਲ ਮੰਡਲੀ ਦੇ ਤੰਬੂ+ ਵਿੱਚੋਂ ਗੱਲ ਕੀਤੀ ਅਤੇ ਕਿਹਾ: 2 “ਇਜ਼ਰਾਈਲੀਆਂ* ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜੇ ਤੁਹਾਡੇ ਵਿੱਚੋਂ ਕੋਈ ਆਪਣੇ ਪਾਲਤੂ ਪਸ਼ੂ ਦੀ ਯਹੋਵਾਹ ਅੱਗੇ ਬਲ਼ੀ ਚੜ੍ਹਾਉਣੀ ਚਾਹੁੰਦਾ ਹੈ, ਤਾਂ ਉਹ ਆਪਣੇ ਗਾਂਵਾਂ-ਬਲਦਾਂ ਜਾਂ ਭੇਡਾਂ-ਬੱਕਰੀਆਂ ਵਿੱਚੋਂ ਕੋਈ ਜਾਨਵਰ ਚੜ੍ਹਾ ਸਕਦਾ।+

3 “‘ਜੇ ਉਹ ਆਪਣੇ ਇੱਜੜ ਵਿੱਚੋਂ ਕੋਈ ਜਾਨਵਰ ਹੋਮ-ਬਲ਼ੀ ਵਜੋਂ ਚੜ੍ਹਾਉਂਦਾ ਹੈ, ਤਾਂ ਉਹ ਬਿਨਾਂ ਨੁਕਸ ਵਾਲਾ ਬਲਦ ਚੜ੍ਹਾਵੇ।+ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਸਾਮ੍ਹਣੇ ਯਹੋਵਾਹ ਅੱਗੇ ਖ਼ੁਸ਼ੀ-ਖ਼ੁਸ਼ੀ+ ਬਲ਼ੀ ਚੜ੍ਹਾਵੇ। 4 ਉਹ ਹੋਮ-ਬਲ਼ੀ ਦੇ ਬਲਦ ਦੇ ਸਿਰ ਉੱਪਰ ਆਪਣਾ ਹੱਥ ਰੱਖੇ ਅਤੇ ਇਹ ਉਸ ਦੇ ਪਾਪਾਂ ਦੀ ਮਾਫ਼ੀ ਲਈ ਕਬੂਲ ਕੀਤਾ ਜਾਵੇਗਾ।

5 “‘ਫਿਰ ਉਸ ਜਵਾਨ ਬਲਦ ਨੂੰ ਯਹੋਵਾਹ ਅੱਗੇ ਵੱਢਿਆ ਜਾਵੇ। ਪੁਜਾਰੀਆਂ ਵਜੋਂ ਸੇਵਾ ਕਰ ਰਹੇ+ ਹਾਰੂਨ ਦੇ ਪੁੱਤਰ ਉਸ ਬਲਦ ਦਾ ਖ਼ੂਨ ਪਰਮੇਸ਼ੁਰ ਸਾਮ੍ਹਣੇ ਲਿਆਉਣ ਅਤੇ ਉਸ ਖ਼ੂਨ ਨੂੰ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਣ+ ਜੋ ਕਿ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਸਾਮ੍ਹਣੇ ਹੈ। 6 ਹੋਮ-ਬਲ਼ੀ ਦੇ ਜਾਨਵਰ ਦੀ ਚਮੜੀ ਲਾਹੀ ਜਾਵੇ ਅਤੇ ਉਸ ਦੇ ਟੋਟੇ-ਟੋਟੇ ਕੀਤੇ ਜਾਣ।+ 7 ਫਿਰ ਪੁਜਾਰੀਆਂ ਵਜੋਂ ਸੇਵਾ ਕਰ ਰਹੇ ਹਾਰੂਨ ਦੇ ਪੁੱਤਰ ਵੇਦੀ ਉੱਤੇ ਅੱਗ ਰੱਖਣ+ ਅਤੇ ਅੱਗ ਉੱਤੇ ਲੱਕੜਾਂ ਚਿਣਨ। 8 ਉਹ ਅੱਗ ਉੱਤੇ ਰੱਖੀਆਂ ਲੱਕੜਾਂ ਉੱਪਰ ਬਲਦ ਦਾ ਸਿਰ, ਉਸ ਦੀ ਚਰਬੀ* ਅਤੇ ਉਸ ਦੇ ਟੋਟੇ ਤਰਤੀਬਵਾਰ ਰੱਖਣ।+ 9 ਉਸ ਦੀਆਂ ਆਂਦਰਾਂ ਅਤੇ ਲੱਤਾਂ ਪਾਣੀ ਨਾਲ ਧੋਤੀਆਂ ਜਾਣ ਅਤੇ ਪੁਜਾਰੀ ਹੋਮ-ਬਲ਼ੀ ਵਜੋਂ ਇਹ ਸਭ ਕੁਝ ਵੇਦੀ ਉੱਤੇ ਸਾੜੇ ਤਾਂਕਿ ਬਲ਼ੀ ਦਾ ਧੂੰਆਂ ਉੱਠੇ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+

10 “‘ਜੇ ਉਹ ਆਪਣੀਆਂ ਭੇਡਾਂ-ਬੱਕਰੀਆਂ ਵਿੱਚੋਂ ਕੋਈ ਜਾਨਵਰ ਹੋਮ-ਬਲ਼ੀ ਵਜੋਂ ਚੜ੍ਹਾਉਂਦਾ ਹੈ,+ ਤਾਂ ਉਹ ਭੇਡੂ ਜਾਂ ਬੱਕਰਾ ਚੜ੍ਹਾਵੇ ਜਿਸ ਵਿਚ ਕੋਈ ਨੁਕਸ ਨਾ ਹੋਵੇ।+ 11 ਉਸ ਜਾਨਵਰ ਨੂੰ ਯਹੋਵਾਹ ਅੱਗੇ ਵੇਦੀ ਦੇ ਉੱਤਰ ਵਾਲੇ ਪਾਸੇ ਵੱਢਿਆ ਜਾਵੇ ਅਤੇ ਪੁਜਾਰੀਆਂ ਵਜੋਂ ਸੇਵਾ ਕਰ ਰਹੇ ਹਾਰੂਨ ਦੇ ਪੁੱਤਰ ਉਸ ਜਾਨਵਰ ਦਾ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਣ।+ 12 ਉਹ ਜਾਨਵਰ ਦੇ ਟੋਟੇ-ਟੋਟੇ ਕਰੇ। ਪੁਜਾਰੀ ਅੱਗ ਉੱਤੇ ਰੱਖੀਆਂ ਲੱਕੜਾਂ ਉੱਪਰ ਉਸ ਦਾ ਸਿਰ, ਉਸ ਦੀ ਚਰਬੀ* ਅਤੇ ਉਸ ਦੇ ਟੋਟੇ ਤਰਤੀਬਵਾਰ ਰੱਖੇ। 13 ਉਹ ਉਸ ਦੀਆਂ ਆਂਦਰਾਂ ਅਤੇ ਲੱਤਾਂ ਪਾਣੀ ਨਾਲ ਧੋਵੇ ਅਤੇ ਪੁਜਾਰੀ ਹੋਮ-ਬਲ਼ੀ ਵਜੋਂ ਇਹ ਸਭ ਕੁਝ ਵੇਦੀ ਉੱਤੇ ਪਰਮੇਸ਼ੁਰ ਨੂੰ ਚੜ੍ਹਾਵੇ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ ਤਾਂਕਿ ਬਲ਼ੀ ਦਾ ਧੂੰਆਂ ਉੱਠੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।

14 “‘ਪਰ ਜੇ ਉਹ ਯਹੋਵਾਹ ਅੱਗੇ ਹੋਮ-ਬਲ਼ੀ ਵਜੋਂ ਕੋਈ ਪੰਛੀ ਚੜ੍ਹਾਉਂਦਾ ਹੈ, ਤਾਂ ਉਹ ਇਕ ਘੁੱਗੀ ਜਾਂ ਕਬੂਤਰ ਦਾ ਇਕ ਬੱਚਾ ਚੜ੍ਹਾਵੇ।+ 15 ਪੁਜਾਰੀ ਉਸ ਨੂੰ ਵੇਦੀ ਕੋਲ ਲਿਆਵੇ ਅਤੇ ਆਪਣੇ ਨਹੁੰਆਂ ਨਾਲ ਉਸ ਦੇ ਗਲ਼ੇ ਨੂੰ ਚੀਰਾ ਦੇਵੇ ਅਤੇ ਉਸ ਦਾ ਖ਼ੂਨ ਵੇਦੀ ਦੇ ਇਕ ਪਾਸੇ ʼਤੇ ਨਿਚੋੜ ਦੇਵੇ। ਫਿਰ ਉਸ ਨੂੰ ਵੇਦੀ ਉੱਤੇ ਸਾੜੇ ਤਾਂਕਿ ਬਲ਼ੀ ਦਾ ਧੂੰਆਂ ਉੱਠੇ। 16 ਉਹ ਪੰਛੀ ਦੇ ਗਲ਼ੇ ਦੀ ਥੈਲੀ ਕੱਢ ਕੇ ਅਤੇ ਉਸ ਦੇ ਖੰਭ ਲਾਹ ਕੇ ਵੇਦੀ ਦੇ ਪੂਰਬ ਵਾਲੇ ਪਾਸੇ ਸੁੱਟ ਦੇਵੇ ਜਿੱਥੇ ਸੁਆਹ* ਕੱਢ ਕੇ ਰੱਖੀ ਜਾਂਦੀ ਹੈ।+ 17 ਉਹ ਪੰਛੀ ਦੇ ਦੋਵੇਂ ਖੰਭਾਂ ਵਿਚਕਾਰ ਚੀਰਾ ਦੇਵੇ, ਪਰ ਉਸ ਦੇ ਦੋ ਟੋਟੇ ਨਾ ਕਰੇ। ਫਿਰ ਪੁਜਾਰੀ ਉਸ ਨੂੰ ਹੋਮ-ਬਲ਼ੀ ਵਜੋਂ ਵੇਦੀ ਦੀ ਅੱਗ ਉੱਤੇ ਰੱਖੀਆਂ ਲੱਕੜਾਂ ʼਤੇ ਸਾੜੇ ਤਾਂਕਿ ਬਲ਼ੀ ਦਾ ਧੂੰਆਂ ਉੱਠੇ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।

2 “‘ਜੇ ਕੋਈ ਯਹੋਵਾਹ ਅੱਗੇ ਅਨਾਜ ਦਾ ਚੜ੍ਹਾਵਾ ਚੜ੍ਹਾਉਂਦਾ ਹੈ,+ ਤਾਂ ਉਹ ਮੈਦੇ ਦਾ ਹੋਵੇ ਅਤੇ ਉਹ ਉਸ ਉੱਤੇ ਤੇਲ ਪਾਵੇ ਅਤੇ ਲੋਬਾਨ ਰੱਖੇ।+ 2 ਫਿਰ ਉਹ ਪੁਜਾਰੀਆਂ ਵਜੋਂ ਸੇਵਾ ਕਰ ਰਹੇ ਹਾਰੂਨ ਦੇ ਪੁੱਤਰਾਂ ਕੋਲ ਚੜ੍ਹਾਵਾ ਲਿਆਵੇ। ਪੁਜਾਰੀ ਮੁੱਠੀ ਭਰ ਤੇਲ ਵਾਲਾ ਮੈਦਾ ਅਤੇ ਸਾਰਾ ਲੋਬਾਨ ਲਵੇ ਅਤੇ ਉਸ ਨੂੰ ਨਿਸ਼ਾਨੀ*+ ਦੇ ਤੌਰ ਤੇ ਵੇਦੀ ਉੱਤੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। 3 ਅਨਾਜ ਦੇ ਚੜ੍ਹਾਵੇ ਵਿੱਚੋਂ ਜੋ ਕੁਝ ਬਚ ਜਾਵੇ, ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇਗਾ।+ ਇਹ ਯਹੋਵਾਹ ਲਈ ਅੱਗ ਵਿਚ ਚੜ੍ਹਾਏ ਜਾਂਦੇ ਚੜ੍ਹਾਵਿਆਂ ਵਿੱਚੋਂ ਅੱਤ ਪਵਿੱਤਰ ਚੜ੍ਹਾਵਾ+ ਹੋਵੇਗਾ।

4 “‘ਜੇ ਤੁਸੀਂ ਤੰਦੂਰ ਵਿਚ ਪਕਾਇਆ ਹੋਇਆ ਅਨਾਜ ਦਾ ਚੜ੍ਹਾਵਾ ਚੜ੍ਹਾਉਂਦੇ ਹੋ, ਤਾਂ ਤੇਲ ਵਿਚ ਗੁੰਨ੍ਹੇ ਮੈਦੇ ਦੀਆਂ ਛੱਲੇ ਵਰਗੀਆਂ ਬੇਖਮੀਰੀਆਂ ਰੋਟੀਆਂ ਚੜ੍ਹਾਓ ਜਾਂ ਕੜਕ ਪਤਲੀਆਂ ਰੋਟੀਆਂ ਚੜ੍ਹਾਓ ਜੋ ਬੇਖਮੀਰੀਆਂ ਹੋਣ ਅਤੇ ਤੇਲ ਨਾਲ ਚੋਪੜੀਆਂ ਹੋਈਆਂ ਹੋਣ।+

5 “‘ਜੇ ਤੁਸੀਂ ਤਵੇ ʼਤੇ ਪਕਾਇਆ ਹੋਇਆ ਅਨਾਜ ਦਾ ਚੜ੍ਹਾਵਾ+ ਚੜ੍ਹਾਉਂਦੇ ਹੋ, ਤਾਂ ਇਹ ਤੇਲ ਵਿਚ ਗੁੰਨ੍ਹੇ ਹੋਏ ਬੇਖਮੀਰੇ ਮੈਦੇ ਦਾ ਹੋਵੇ। 6 ਇਨ੍ਹਾਂ ਨੂੰ ਤੋੜ ਕੇ ਟੁਕੜੇ ਕੀਤੇ ਜਾਣ ਅਤੇ ਤੁਸੀਂ ਇਨ੍ਹਾਂ ʼਤੇ ਤੇਲ ਪਾਉਣਾ।+ ਇਹ ਅਨਾਜ ਦਾ ਚੜ੍ਹਾਵਾ ਹੈ।

7 “‘ਜੇ ਤੁਸੀਂ ਕੜਾਹੀ ਵਿਚ ਤਲੇ ਹੋਏ ਅਨਾਜ ਦਾ ਚੜ੍ਹਾਵਾ ਚੜ੍ਹਾਉਂਦੇ ਹੋ, ਤਾਂ ਇਹ ਤੇਲ ਵਿਚ ਗੁੰਨ੍ਹੇ ਮੈਦੇ ਦਾ ਬਣਿਆ ਹੋਵੇ। 8 ਤੁਸੀਂ ਇਨ੍ਹਾਂ ਚੀਜ਼ਾਂ ਨਾਲ ਬਣਿਆ ਅਨਾਜ ਦਾ ਚੜ੍ਹਾਵਾ ਯਹੋਵਾਹ ਅੱਗੇ ਲਿਆਓ ਅਤੇ ਪੁਜਾਰੀ ਨੂੰ ਦਿਓ ਜੋ ਇਸ ਚੜ੍ਹਾਵੇ ਨੂੰ ਵੇਦੀ ਦੇ ਕੋਲ ਲਿਆਵੇ। 9 ਅਤੇ ਪੁਜਾਰੀ ਉਸ ਅਨਾਜ ਦੇ ਚੜ੍ਹਾਵੇ ਵਿੱਚੋਂ ਥੋੜ੍ਹਾ ਜਿਹਾ ਲੈ ਕੇ ਨਿਸ਼ਾਨੀ*+ ਦੇ ਤੌਰ ਤੇ ਵੇਦੀ ʼਤੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+ 10 ਅਨਾਜ ਦੇ ਚੜ੍ਹਾਵੇ ਵਿੱਚੋਂ ਜੋ ਕੁਝ ਬਚ ਜਾਵੇ, ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇਗਾ। ਇਹ ਯਹੋਵਾਹ ਲਈ ਅੱਗ ਵਿਚ ਚੜ੍ਹਾਏ ਜਾਂਦੇ ਚੜ੍ਹਾਵਿਆਂ ਵਿੱਚੋਂ ਅੱਤ ਪਵਿੱਤਰ ਚੜ੍ਹਾਵਾ ਹੋਵੇਗਾ।+

11 “‘ਤੁਸੀਂ ਜੋ ਵੀ ਅਨਾਜ ਦਾ ਚੜ੍ਹਾਵਾ ਯਹੋਵਾਹ ਅੱਗੇ ਚੜ੍ਹਾਉਂਦੇ ਹੋ, ਉਸ ਵਿਚ ਖਮੀਰ ਨਾ ਮਿਲਿਆ ਹੋਵੇ।+ ਖਮੀਰਾ ਆਟਾ* ਜਾਂ ਸ਼ਹਿਦ* ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਉਣਾ ਮਨ੍ਹਾ ਹੈ।

12 “‘ਤੁਸੀਂ ਖਮੀਰਾ ਆਟਾ ਜਾਂ ਸ਼ਹਿਦ ਪਹਿਲੇ ਫਲ+ ਵਜੋਂ ਯਹੋਵਾਹ ਅੱਗੇ ਚੜ੍ਹਾ ਸਕਦੇ ਹੋ, ਪਰ ਇਨ੍ਹਾਂ ਚੀਜ਼ਾਂ ਨੂੰ ਤੁਸੀਂ ਖ਼ੁਸ਼ਬੂ ਦੇਣ ਵਾਲੇ ਚੜ੍ਹਾਵੇ ਵਜੋਂ ਵੇਦੀ ʼਤੇ ਨਾ ਸਾੜਨਾ।

13 “‘ਤੁਸੀਂ ਅਨਾਜ ਦੇ ਹਰ ਚੜ੍ਹਾਵੇ ਵਿਚ ਲੂਣ ਪਾਇਓ। ਤੁਸੀਂ ਅਨਾਜ ਦੇ ਚੜ੍ਹਾਵੇ ਵਿਚ ਪਰਮੇਸ਼ੁਰ ਦੇ ਇਕਰਾਰ ਦਾ ਲੂਣ ਪਾਉਣਾ ਨਾ ਭੁੱਲਿਓ। ਤੁਸੀਂ ਆਪਣੇ ਹਰ ਚੜ੍ਹਾਵੇ ਦੇ ਨਾਲ ਲੂਣ ਜ਼ਰੂਰ ਚੜ੍ਹਾਇਓ।+

14 “‘ਜੇ ਤੁਸੀਂ ਯਹੋਵਾਹ ਅੱਗੇ ਫ਼ਸਲ ਦੇ ਪੱਕੇ ਹੋਏ ਪਹਿਲੇ ਫਲਾਂ ਵਿੱਚੋਂ ਅਨਾਜ ਦਾ ਚੜ੍ਹਾਵਾ ਚੜ੍ਹਾਉਂਦੇ ਹੋ, ਤਾਂ ਤੁਸੀਂ ਅੱਗ ਵਿਚ ਭੁੰਨੇ ਅਤੇ ਦਲ਼ੇ ਹੋਏ ਅਨਾਜ ਦੇ ਨਵੇਂ ਦਾਣੇ* ਚੜ੍ਹਾਓ। ਇਹ ਤੁਹਾਡੇ ਪੱਕੇ ਹੋਏ ਪਹਿਲੇ ਫਲ ਵਿੱਚੋਂ ਅਨਾਜ ਦਾ ਚੜ੍ਹਾਵਾ ਹੈ।+ 15 ਤੁਸੀਂ ਇਸ ਉੱਤੇ ਤੇਲ ਪਾਉਣਾ ਅਤੇ ਲੋਬਾਨ ਰੱਖਣਾ। ਇਹ ਅਨਾਜ ਦਾ ਚੜ੍ਹਾਵਾ ਹੈ। 16 ਪੁਜਾਰੀ ਕੁਝ ਦਲ਼ੇ ਹੋਏ ਦਾਣੇ, ਤੇਲ ਅਤੇ ਸਾਰੇ ਲੋਬਾਨ ਨੂੰ ਨਿਸ਼ਾਨੀ*+ ਦੇ ਤੌਰ ਤੇ ਅੱਗ ਵਿਚ ਸਾੜੇਗਾ ਤਾਂਕਿ ਇਸ ਦਾ ਧੂੰਆਂ ਉੱਠੇ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ।

3 “‘ਜੇ ਉਹ ਆਪਣੇ ਇੱਜੜ ਵਿੱਚੋਂ ਨਰ ਜਾਂ ਮਾਦਾ ਜਾਨਵਰ ਸ਼ਾਂਤੀ-ਬਲ਼ੀ+ ਵਜੋਂ ਚੜ੍ਹਾਉਂਦਾ ਹੈ, ਤਾਂ ਉਹ ਯਹੋਵਾਹ ਅੱਗੇ ਬਿਨਾਂ ਨੁਕਸ ਵਾਲਾ ਜਾਨਵਰ ਚੜ੍ਹਾਵੇ। 2 ਉਹ ਜਾਨਵਰ ਦੇ ਸਿਰ ਉੱਪਰ ਆਪਣਾ ਹੱਥ ਰੱਖੇ ਅਤੇ ਉਸ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਵੱਢਿਆ ਜਾਵੇ ਅਤੇ ਪੁਜਾਰੀਆਂ ਵਜੋਂ ਸੇਵਾ ਕਰ ਰਹੇ ਹਾਰੂਨ ਦੇ ਪੁੱਤਰ ਉਸ ਦਾ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਣ। 3 ਉਹ ਸ਼ਾਂਤੀ-ਬਲ਼ੀ ਦਾ ਇਹ ਹਿੱਸਾ ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਵੇ:+ ਆਂਦਰਾਂ ਨੂੰ ਢਕਣ ਵਾਲੀ ਚਰਬੀ,+ ਆਂਦਰਾਂ ਦੇ ਉੱਪਰਲੀ ਚਰਬੀ, 4 ਦੋਵੇਂ ਗੁਰਦੇ ਅਤੇ ਉਨ੍ਹਾਂ ਉਤਲੀ ਚਰਬੀ ਜੋ ਕਿ ਵੱਖੀਆਂ ਦੁਆਲੇ ਹੈ। ਉਹ ਗੁਰਦਿਆਂ ਦੇ ਨਾਲ-ਨਾਲ ਕਲੇਜੀ ਦੀ ਚਰਬੀ ਵੀ ਦੇਵੇ।+ 5 ਅੱਗ ਉੱਤੇ ਰੱਖੀਆਂ ਲੱਕੜਾਂ ਉੱਪਰ ਜੋ ਹੋਮ-ਬਲ਼ੀ ਪਈ ਹੈ, ਉਸ ਉੱਤੇ ਹਾਰੂਨ ਦੇ ਪੁੱਤਰ ਇਹ ਸਭ ਕੁਝ ਰੱਖ ਕੇ ਸਾੜਨ ਤਾਂਕਿ ਇਸ ਦਾ ਧੂੰਆਂ ਉੱਠੇ।+ ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+

6 “‘ਜੇ ਉਹ ਆਪਣੀਆਂ ਭੇਡਾਂ-ਬੱਕਰੀਆਂ ਵਿੱਚੋਂ ਕੋਈ ਨਰ ਜਾਂ ਮਾਦਾ ਜਾਨਵਰ ਸ਼ਾਂਤੀ-ਬਲ਼ੀ ਵਜੋਂ ਯਹੋਵਾਹ ਅੱਗੇ ਚੜ੍ਹਾਉਂਦਾ ਹੈ, ਤਾਂ ਉਸ ਜਾਨਵਰ ਵਿਚ ਕੋਈ ਨੁਕਸ ਨਾ ਹੋਵੇ।+ 7 ਜੇ ਉਹ ਚੜ੍ਹਾਵੇ ਵਜੋਂ ਭੇਡੂ ਚੜ੍ਹਾਉਂਦਾ ਹੈ, ਤਾਂ ਉਹ ਇਸ ਨੂੰ ਯਹੋਵਾਹ ਅੱਗੇ ਲਿਆਵੇ। 8 ਉਹ ਜਾਨਵਰ ਦੇ ਸਿਰ ਉੱਪਰ ਆਪਣਾ ਹੱਥ ਰੱਖੇ ਅਤੇ ਉਸ ਨੂੰ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਵੱਢਿਆ ਜਾਵੇ। ਹਾਰੂਨ ਦੇ ਪੁੱਤਰ ਉਸ ਦਾ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਣ। 9 ਉਹ ਸ਼ਾਂਤੀ-ਬਲ਼ੀ ਦੇ ਜਾਨਵਰ ਦੀ ਚਰਬੀ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਵੇ।+ ਉਹ ਜਾਨਵਰ ਦੀ ਰੀੜ੍ਹ ਦੀ ਹੱਡੀ ਕੋਲੋਂ ਚਰਬੀ ਵਾਲੀ ਮੋਟੀ ਪੂਛ ਵੱਢ ਕੇ ਦੇਵੇ। ਨਾਲੇ ਉਹ ਆਂਦਰਾਂ ਨੂੰ ਢਕਣ ਵਾਲੀ ਚਰਬੀ, ਆਂਦਰਾਂ ਦੇ ਉੱਪਰਲੀ ਚਰਬੀ, 10 ਦੋਵੇਂ ਗੁਰਦੇ ਅਤੇ ਉਨ੍ਹਾਂ ਉੱਪਰਲੀ ਚਰਬੀ ਜੋ ਕਿ ਵੱਖੀਆਂ ਦੁਆਲੇ ਹੈ ਅਤੇ ਗੁਰਦਿਆਂ ਦੇ ਨਾਲ-ਨਾਲ ਕਲੇਜੀ ਦੀ ਚਰਬੀ ਵੀ ਦੇਵੇ।+ 11 ਫਿਰ ਪੁਜਾਰੀ ਇਹ ਸਭ ਕੁਝ ਵੇਦੀ ਉੱਤੇ ਅੱਗ ਵਿਚ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ। ਭੋਜਨ* ਦਾ ਇਹ ਹਿੱਸਾ ਯਹੋਵਾਹ ਵਾਸਤੇ ਹੈ।+

12 “‘ਜੇ ਉਹ ਬੱਕਰਾ ਜਾਂ ਬੱਕਰੀ ਚੜ੍ਹਾਉਂਦਾ ਹੈ, ਤਾਂ ਉਹ ਉਸ ਨੂੰ ਯਹੋਵਾਹ ਅੱਗੇ ਲਿਆਵੇ। 13 ਉਹ ਜਾਨਵਰ ਦੇ ਸਿਰ ਉੱਪਰ ਆਪਣਾ ਹੱਥ ਰੱਖੇ ਅਤੇ ਉਸ ਨੂੰ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਵੱਢਿਆ ਜਾਵੇ। ਹਾਰੂਨ ਦੇ ਪੁੱਤਰ ਉਸ ਦਾ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਣ। 14 ਉਹ ਜਾਨਵਰ ਦੇ ਇਹ ਹਿੱਸੇ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਵੇ: ਆਂਦਰਾਂ ਨੂੰ ਢਕਣ ਵਾਲੀ ਚਰਬੀ, ਆਂਦਰਾਂ ਦੇ ਉੱਪਰਲੀ ਚਰਬੀ,+ 15 ਦੋਵੇਂ ਗੁਰਦੇ ਅਤੇ ਉਨ੍ਹਾਂ ਉੱਪਰਲੀ ਚਰਬੀ ਜੋ ਕਿ ਵੱਖੀਆਂ ਦੁਆਲੇ ਹੈ ਅਤੇ ਗੁਰਦਿਆਂ ਦੇ ਨਾਲ-ਨਾਲ ਕਲੇਜੀ ਦੀ ਚਰਬੀ ਵੀ ਦੇਵੇ। 16 ਫਿਰ ਪੁਜਾਰੀ ਇਹ ਸਭ ਕੁਝ ਵੇਦੀ ਉੱਤੇ ਅੱਗ ਵਿਚ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ ਜਿਸ ਦੀ ਖ਼ੁਸ਼ਬੂ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਹੋਵੇਗੀ। ਭੋਜਨ* ਦਾ ਇਹ ਹਿੱਸਾ ਪਰਮੇਸ਼ੁਰ ਵਾਸਤੇ ਹੈ। ਸਾਰੀ ਚਰਬੀ ਦਾ ਹੱਕਦਾਰ ਯਹੋਵਾਹ ਹੈ।+

17 “‘ਤੁਸੀਂ ਚਰਬੀ ਜਾਂ ਖ਼ੂਨ ਬਿਲਕੁਲ ਨਾ ਖਾਣਾ।+ ਤੁਸੀਂ ਜਿੱਥੇ ਕਿਤੇ ਵੀ ਰਹੋ, ਪੀੜ੍ਹੀਓ-ਪੀੜ੍ਹੀ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨੀ ਹੈ।’”

4 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਨੂੰ ਕਹਿ, ‘ਜੇ ਕੋਈ ਇਨਸਾਨ ਅਣਜਾਣੇ ਵਿਚ ਯਹੋਵਾਹ ਦੁਆਰਾ ਮਨ੍ਹਾ ਕੀਤਾ ਕੰਮ ਕਰ ਕੇ ਪਾਪ ਕਰ ਬੈਠਦਾ ਹੈ,+ ਤਾਂ ਉਹ ਇਸ ਤਰ੍ਹਾਂ ਕਰੇ:

3 “‘ਜੇ ਨਿਯੁਕਤ ਪੁਜਾਰੀ*+ ਪਾਪ ਕਰਦਾ ਹੈ+ ਅਤੇ ਉਸ ਕਰਕੇ ਸਾਰੇ ਲੋਕ ਦੋਸ਼ੀ ਠਹਿਰਦੇ ਹਨ, ਤਾਂ ਉਹ ਆਪਣੇ ਪਾਪ ਲਈ ਯਹੋਵਾਹ ਅੱਗੇ ਪਾਪ-ਬਲ਼ੀ ਵਜੋਂ ਇਕ ਜਵਾਨ ਬਲਦ ਚੜ੍ਹਾਵੇ ਜਿਸ ਵਿਚ ਕੋਈ ਨੁਕਸ ਨਾ ਹੋਵੇ।+ 4 ਉਹ ਬਲਦ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾਹ ਅੱਗੇ ਲਿਆਵੇ+ ਅਤੇ ਉਸ ਬਲਦ ਦੇ ਸਿਰ ਉੱਪਰ ਆਪਣਾ ਹੱਥ ਰੱਖੇ ਅਤੇ ਉਸ ਨੂੰ ਯਹੋਵਾਹ ਅੱਗੇ ਵੱਢਿਆ ਜਾਵੇ।+ 5 ਫਿਰ ਨਿਯੁਕਤ ਪੁਜਾਰੀ+ ਬਲਦ ਦਾ ਥੋੜ੍ਹਾ ਜਿਹਾ ਖ਼ੂਨ ਮੰਡਲੀ ਦੇ ਤੰਬੂ ਦੇ ਅੰਦਰ ਲਿਆਵੇ; 6 ਅਤੇ ਪੁਜਾਰੀ ਆਪਣੀ ਉਂਗਲ ਖ਼ੂਨ ਵਿਚ ਡੋਬੇ+ ਅਤੇ ਉਹ ਥੋੜ੍ਹਾ ਜਿਹਾ ਖ਼ੂਨ ਪਵਿੱਤਰ ਸਥਾਨ ਦੇ ਪਰਦੇ ਦੇ ਸਾਮ੍ਹਣੇ ਯਹੋਵਾਹ ਅੱਗੇ ਸੱਤ ਵਾਰ ਛਿੜਕੇ।+ 7 ਪੁਜਾਰੀ ਥੋੜ੍ਹਾ ਜਿਹਾ ਖ਼ੂਨ ਖ਼ੁਸ਼ਬੂਦਾਰ ਧੂਪ ਦੀ ਵੇਦੀ ਦੇ ਸਿੰਗਾਂ ʼਤੇ ਵੀ ਲਾਵੇ+ ਜੋ ਮੰਡਲੀ ਦੇ ਤੰਬੂ ਵਿਚ ਯਹੋਵਾਹ ਦੇ ਸਾਮ੍ਹਣੇ ਰੱਖੀ ਹੋਈ ਹੈ। ਫਿਰ ਉਹ ਬਲਦ ਦਾ ਬਾਕੀ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਕੋਲ ਡੋਲ੍ਹ ਦੇਵੇ+ ਜੋ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਸਾਮ੍ਹਣੇ ਹੈ।

8 “‘ਫਿਰ ਉਹ ਪਾਪ-ਬਲ਼ੀ ਦੇ ਬਲਦ ਦੀ ਸਾਰੀ ਚਰਬੀ ਲਾਹੇ: ਆਂਦਰਾਂ ਨੂੰ ਢਕਣ ਵਾਲੀ ਚਰਬੀ, ਆਂਦਰਾਂ ਦੇ ਉੱਪਰਲੀ ਚਰਬੀ, 9 ਦੋਵੇਂ ਗੁਰਦੇ ਅਤੇ ਉਨ੍ਹਾਂ ਉੱਪਰਲੀ ਚਰਬੀ ਜੋ ਕਿ ਵੱਖੀਆਂ ਦੁਆਲੇ ਹੈ। ਉਹ ਗੁਰਦਿਆਂ ਦੇ ਨਾਲ-ਨਾਲ ਕਲੇਜੀ ਦੀ ਚਰਬੀ ਵੀ ਲਾਹੇ।+ 10 ਬਲਦ ਦੀ ਸਾਰੀ ਚਰਬੀ ਉਸੇ ਤਰ੍ਹਾਂ ਲਾਹੀ ਜਾਵੇ ਜਿਸ ਤਰ੍ਹਾਂ ਸ਼ਾਂਤੀ-ਬਲ਼ੀ ਦੇ ਬਲਦ ਦੀ ਲਾਹੀ ਜਾਂਦੀ ਹੈ।+ ਫਿਰ ਪੁਜਾਰੀ ਇਹ ਸਭ ਕੁਝ ਹੋਮ-ਬਲ਼ੀ ਦੀ ਵੇਦੀ ਉੱਤੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ।

11 “‘ਪਰ ਉਹ ਬਲਦ ਦੀ ਚਮੜੀ, ਉਸ ਦਾ ਸਾਰਾ ਮਾਸ, ਸਿਰ, ਲੱਤਾਂ, ਆਂਦਰਾਂ ਅਤੇ ਗੋਹਾ+ 12 ਯਾਨੀ ਬਾਕੀ ਸਾਰਾ ਬਲਦ ਛਾਉਣੀ ਤੋਂ ਬਾਹਰ ਇਕ ਸਾਫ਼-ਸੁਥਰੀ ਜਗ੍ਹਾ ਲੈ ਜਾਵੇ ਜਿੱਥੇ ਸੁਆਹ* ਸੁੱਟੀ ਜਾਂਦੀ ਹੈ ਅਤੇ ਉਹ ਇਸ ਨੂੰ ਅੱਗ ʼਤੇ ਰੱਖੀਆਂ ਲੱਕੜਾਂ ਉੱਪਰ ਸਾੜੇ।+ ਬਲਦ ਨੂੰ ਉੱਥੇ ਸਾੜਿਆ ਜਾਵੇ ਜਿੱਥੇ ਸੁਆਹ ਸੁੱਟੀ ਜਾਂਦੀ ਹੈ।

13 “‘ਜੇ ਇਜ਼ਰਾਈਲ ਦੀ ਸਾਰੀ ਮੰਡਲੀ ਅਣਜਾਣੇ ਵਿਚ ਕੋਈ ਪਾਪ ਕਰ ਬੈਠਦੀ ਹੈ ਅਤੇ ਦੋਸ਼ੀ ਠਹਿਰਦੀ ਹੈ,+ ਪਰ ਮੰਡਲੀ ਦੇ ਲੋਕਾਂ ਨੂੰ ਪਤਾ ਨਹੀਂ ਲੱਗਾ ਕਿ ਉਨ੍ਹਾਂ ਤੋਂ ਯਹੋਵਾਹ ਦੁਆਰਾ ਮਨ੍ਹਾ ਕੀਤਾ ਕੰਮ ਹੋ ਗਿਆ ਹੈ+ 14 ਅਤੇ ਫਿਰ ਉਹ ਪਾਪ ਜ਼ਾਹਰ ਹੋ ਜਾਂਦਾ ਹੈ, ਤਾਂ ਮੰਡਲੀ ਪਾਪ-ਬਲ਼ੀ ਵਜੋਂ ਇਕ ਜਵਾਨ ਬਲਦ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਸਾਮ੍ਹਣੇ ਲਿਆਵੇ। 15 ਮੰਡਲੀ ਦੇ ਬਜ਼ੁਰਗ ਯਹੋਵਾਹ ਅੱਗੇ ਬਲਦ ਦੇ ਸਿਰ ਉੱਪਰ ਆਪਣੇ ਹੱਥ ਰੱਖਣ ਅਤੇ ਉਸ ਬਲਦ ਨੂੰ ਯਹੋਵਾਹ ਅੱਗੇ ਵੱਢਿਆ ਜਾਵੇ।

16 “‘ਫਿਰ ਨਿਯੁਕਤ ਪੁਜਾਰੀ ਬਲਦ ਦਾ ਥੋੜ੍ਹਾ ਜਿਹਾ ਖ਼ੂਨ ਮੰਡਲੀ ਦੇ ਤੰਬੂ ਦੇ ਅੰਦਰ ਲਿਆਵੇ। 17 ਅਤੇ ਪੁਜਾਰੀ ਆਪਣੀ ਉਂਗਲ ਖ਼ੂਨ ਵਿਚ ਡੋਬੇ ਅਤੇ ਥੋੜ੍ਹਾ ਜਿਹਾ ਖ਼ੂਨ ਪਰਦੇ+ ਦੇ ਸਾਮ੍ਹਣੇ ਯਹੋਵਾਹ ਅੱਗੇ ਸੱਤ ਵਾਰ ਛਿੜਕੇ। 18 ਉਹ ਥੋੜ੍ਹਾ ਜਿਹਾ ਖ਼ੂਨ ਵੇਦੀ+ ਦੇ ਸਿੰਗਾਂ ʼਤੇ ਲਾਵੇ ਜੋ ਮੰਡਲੀ ਦੇ ਤੰਬੂ ਵਿਚ ਯਹੋਵਾਹ ਦੇ ਸਾਮ੍ਹਣੇ ਰੱਖੀ ਹੋਈ ਹੈ। ਫਿਰ ਉਹ ਬਾਕੀ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਕੋਲ ਡੋਲ੍ਹ ਦੇਵੇ ਜੋ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਸਾਮ੍ਹਣੇ ਹੈ।+ 19 ਉਹ ਬਲਦ ਦੀ ਸਾਰੀ ਚਰਬੀ ਲਾਹ ਕੇ ਵੇਦੀ ਉੱਤੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ।+ 20 ਪੁਜਾਰੀ ਇਸ ਬਲਦ ਨਾਲ ਵੀ ਉਸੇ ਤਰ੍ਹਾਂ ਕਰੇ ਜਿਸ ਤਰ੍ਹਾਂ ਪਾਪ-ਬਲ਼ੀ ਦੇ ਪਹਿਲੇ ਬਲਦ ਨਾਲ ਕੀਤਾ ਜਾਂਦਾ ਹੈ। ਪੁਜਾਰੀ ਲੋਕਾਂ ਦੇ ਪਾਪ ਨੂੰ ਮਿਟਾਉਣ ਲਈ ਇਸ ਤਰ੍ਹਾਂ ਕਰੇ+ ਅਤੇ ਉਨ੍ਹਾਂ ਦਾ ਪਾਪ ਮਾਫ਼ ਕੀਤਾ ਜਾਵੇਗਾ। 21 ਪਹਿਲੇ ਬਲਦ ਵਾਂਗ ਉਹ ਇਸ ਬਲਦ ਨੂੰ ਵੀ ਛਾਉਣੀ ਤੋਂ ਬਾਹਰ ਲਿਜਾ ਕੇ ਸਾੜ ਦੇਵੇ।+ ਇਹ ਮੰਡਲੀ ਲਈ ਪਾਪ-ਬਲ਼ੀ ਹੈ।+

22 “‘ਜਦ ਕੋਈ ਮੁਖੀ+ ਆਪਣੇ ਪਰਮੇਸ਼ੁਰ ਯਹੋਵਾਹ ਦੁਆਰਾ ਮਨ੍ਹਾ ਕੀਤਾ ਕੰਮ ਕਰ ਕੇ ਅਣਜਾਣੇ ਵਿਚ ਪਾਪ ਕਰ ਬੈਠਦਾ ਹੈ ਅਤੇ ਦੋਸ਼ੀ ਠਹਿਰਦਾ ਹੈ 23 ਜਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਨੇ ਪਰਮੇਸ਼ੁਰ ਦੇ ਹੁਕਮ ਖ਼ਿਲਾਫ਼ ਕੋਈ ਪਾਪ ਕੀਤਾ ਹੈ, ਤਾਂ ਉਹ ਚੜ੍ਹਾਵੇ ਵਜੋਂ ਇਕ ਮੇਮਣਾ ਲਿਆਵੇ ਜਿਸ ਵਿਚ ਕੋਈ ਨੁਕਸ ਨਾ ਹੋਵੇ। 24 ਉਹ ਮੇਮਣੇ ਦੇ ਸਿਰ ਉੱਪਰ ਆਪਣਾ ਹੱਥ ਰੱਖੇ ਅਤੇ ਉਸ ਨੂੰ ਵੀ ਉੱਥੇ ਵੱਢਿਆ ਜਾਵੇ ਜਿੱਥੇ ਯਹੋਵਾਹ ਅੱਗੇ ਹੋਮ-ਬਲ਼ੀ ਦੇ ਜਾਨਵਰ ਨੂੰ ਵੱਢਿਆ ਜਾਂਦਾ ਹੈ।+ ਇਹ ਪਾਪ-ਬਲ਼ੀ ਹੈ। 25 ਫਿਰ ਪੁਜਾਰੀ ਆਪਣੀ ਉਂਗਲ ਨਾਲ ਪਾਪ-ਬਲ਼ੀ ਦਾ ਥੋੜ੍ਹਾ ਜਿਹਾ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਸਿੰਗਾਂ+ ਉੱਤੇ ਲਾਵੇ ਅਤੇ ਬਾਕੀ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਕੋਲ ਡੋਲ੍ਹ ਦੇਵੇ।+ 26 ਫਿਰ ਉਹ ਮੇਮਣੇ ਦੀ ਸਾਰੀ ਚਰਬੀ ਵੇਦੀ ਉੱਤੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ, ਜਿਵੇਂ ਸ਼ਾਂਤੀ-ਬਲ਼ੀ ਦੇ ਜਾਨਵਰ ਦੀ ਚਰਬੀ ਸਾੜੀ ਜਾਂਦੀ ਹੈ।+ ਪੁਜਾਰੀ ਉਸ ਮੁਖੀ ਦੇ ਪਾਪ ਨੂੰ ਮਿਟਾਉਣ ਲਈ ਇਸ ਤਰ੍ਹਾਂ ਕਰੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।

27 “‘ਜੇ ਕੋਈ ਆਮ ਇਨਸਾਨ ਯਹੋਵਾਹ ਦੁਆਰਾ ਮਨ੍ਹਾ ਕੀਤਾ ਕੰਮ ਕਰ ਕੇ ਅਣਜਾਣੇ ਵਿਚ ਪਾਪ ਕਰ ਬੈਠਦਾ ਹੈ ਅਤੇ ਦੋਸ਼ੀ ਠਹਿਰਦਾ ਹੈ+ 28 ਜਾਂ ਉਸ ਨੂੰ ਆਪਣੇ ਕਿਸੇ ਪਾਪ ਬਾਰੇ ਪਤਾ ਲੱਗਦਾ ਹੈ, ਤਾਂ ਉਹ ਆਪਣੇ ਪਾਪ ਦੇ ਬਦਲੇ ਇਕ ਮੇਮਣੀ ਚੜ੍ਹਾਉਣ ਲਈ ਲਿਆਵੇ ਜਿਸ ਵਿਚ ਕੋਈ ਨੁਕਸ ਨਾ ਹੋਵੇ। 29 ਉਹ ਪਾਪ-ਬਲ਼ੀ ਦੇ ਜਾਨਵਰ ਦੇ ਸਿਰ ʼਤੇ ਆਪਣਾ ਹੱਥ ਰੱਖੇ ਅਤੇ ਉਸ ਨੂੰ ਵੀ ਉੱਥੇ ਵੱਢਿਆ ਜਾਵੇ ਜਿੱਥੇ ਹੋਮ-ਬਲ਼ੀ ਦੇ ਜਾਨਵਰ ਨੂੰ ਵੱਢਿਆ ਜਾਂਦਾ ਹੈ।+ 30 ਪੁਜਾਰੀ ਆਪਣੀ ਉਂਗਲ ਨਾਲ ਉਸ ਦਾ ਥੋੜ੍ਹਾ ਜਿਹਾ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਸਿੰਗਾਂ ʼਤੇ ਲਾਵੇ ਅਤੇ ਬਾਕੀ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਕੋਲ ਡੋਲ੍ਹ ਦੇਵੇ।+ 31 ਫਿਰ ਉਹ ਉਸ ਦੀ ਸਾਰੀ ਚਰਬੀ ਉਸੇ ਤਰ੍ਹਾਂ ਲਾਹੇ+ ਜਿਸ ਤਰ੍ਹਾਂ ਸ਼ਾਂਤੀ-ਬਲ਼ੀ ਦੇ ਜਾਨਵਰ ਦੀ ਲਾਹੀ ਜਾਂਦੀ ਹੈ।+ ਪੁਜਾਰੀ ਇਸ ਨੂੰ ਹੋਮ-ਬਲ਼ੀ ਦੀ ਵੇਦੀ ਉੱਤੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ ਜਿਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ। ਪੁਜਾਰੀ ਉਸ ਦੇ ਪਾਪ ਨੂੰ ਮਿਟਾਉਣ ਲਈ ਇਸ ਤਰ੍ਹਾਂ ਕਰੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।

32 “‘ਪਰ ਜੇ ਉਹ ਇਨਸਾਨ ਆਪਣੀਆਂ ਭੇਡਾਂ ਵਿੱਚੋਂ ਕੋਈ ਜਾਨਵਰ ਪਾਪ-ਬਲ਼ੀ ਵਜੋਂ ਚੜ੍ਹਾਉਂਦਾ ਹੈ, ਤਾਂ ਉਹ ਇਕ ਲੇਲੀ ਲਿਆਵੇ ਜਿਸ ਵਿਚ ਕੋਈ ਨੁਕਸ ਨਾ ਹੋਵੇ। 33 ਉਹ ਪਾਪ-ਬਲ਼ੀ ਦੇ ਜਾਨਵਰ ਦੇ ਸਿਰ ʼਤੇ ਆਪਣਾ ਹੱਥ ਰੱਖੇ ਅਤੇ ਉਸ ਨੂੰ ਵੀ ਉੱਥੇ ਵੱਢਿਆ ਜਾਵੇ ਜਿੱਥੇ ਹੋਮ-ਬਲ਼ੀ ਦੇ ਜਾਨਵਰ ਨੂੰ ਵੱਢਿਆ ਜਾਂਦਾ ਹੈ।+ 34 ਪੁਜਾਰੀ ਆਪਣੀ ਉਂਗਲ ਨਾਲ ਪਾਪ-ਬਲ਼ੀ ਦਾ ਥੋੜ੍ਹਾ ਜਿਹਾ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਸਿੰਗਾਂ ʼਤੇ ਲਾਵੇ+ ਅਤੇ ਬਾਕੀ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਕੋਲ ਡੋਲ੍ਹ ਦੇਵੇ। 35 ਉਹ ਇਸ ਦੀ ਸਾਰੀ ਚਰਬੀ ਉਸੇ ਤਰ੍ਹਾਂ ਲਾਹੇ ਜਿਸ ਤਰ੍ਹਾਂ ਸ਼ਾਂਤੀ-ਬਲ਼ੀ ਦੇ ਭੇਡੂ ਦੀ ਲਾਹੀ ਜਾਂਦੀ ਹੈ। ਫਿਰ ਪੁਜਾਰੀ ਇਸ ਨੂੰ ਵੇਦੀ ਉੱਤੇ ਯਹੋਵਾਹ ਦੇ ਚੜ੍ਹਾਵਿਆਂ ਉੱਪਰ ਰੱਖ ਕੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ।+ ਪੁਜਾਰੀ ਉਸ ਦੇ ਪਾਪ ਨੂੰ ਮਿਟਾਉਣ ਲਈ ਇਸ ਤਰ੍ਹਾਂ ਕਰੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।+

5 “‘ਜੇ ਕੋਈ ਇਨਸਾਨ ਕਿਸੇ ਨੂੰ ਪਾਪ ਕਰਦੇ ਹੋਏ ਦੇਖਦਾ ਹੈ ਜਾਂ ਉਸ ਨੂੰ ਕਿਸੇ ਪਾਪ ਦਾ ਪਤਾ ਲੱਗਦਾ ਹੈ, ਤਾਂ ਉਹ ਉਸ ਪਾਪ ਦਾ ਗਵਾਹ ਬਣ ਜਾਂਦਾ ਹੈ। ਜੇ ਉਹ ਅਪਰਾਧੀ ਦੇ ਖ਼ਿਲਾਫ਼ ਗਵਾਹੀ ਦੇਣ ਦਾ ਜਨਤਕ ਐਲਾਨ* ਸੁਣਦਾ ਹੈ,+ ਪਰ ਗਵਾਹੀ ਨਹੀਂ ਦਿੰਦਾ, ਤਾਂ ਇਹ ਪਾਪ ਹੈ। ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ।

2 “‘ਜੇ ਕੋਈ ਕਿਸੇ ਅਸ਼ੁੱਧ ਚੀਜ਼ ਨੂੰ ਛੂਹ ਲੈਂਦਾ ਹੈ, ਭਾਵੇਂ ਉਹ ਕਿਸੇ ਅਸ਼ੁੱਧ ਜੰਗਲੀ ਜਾਨਵਰ ਦੀ ਲਾਸ਼ ਹੋਵੇ ਜਾਂ ਕਿਸੇ ਅਸ਼ੁੱਧ ਪਾਲਤੂ ਜਾਨਵਰ ਦੀ ਜਾਂ ਕਿਸੇ ਛੋਟੇ ਅਸ਼ੁੱਧ ਜੀਵ ਦੀ ਲਾਸ਼ ਹੋਵੇ।+ ਚਾਹੇ ਉਸ ਨੇ ਅਣਜਾਣੇ ਵਿਚ ਉਸ ਨੂੰ ਛੂਹਿਆ, ਪਰ ਉਹ ਅਸ਼ੁੱਧ ਹੈ ਅਤੇ ਦੋਸ਼ੀ ਹੈ। 3 ਜੇ ਕੋਈ ਅਣਜਾਣੇ ਵਿਚ ਇਨਸਾਨੀ ਅਸ਼ੁੱਧਤਾ+ ਯਾਨੀ ਅਸ਼ੁੱਧ ਕਰਨ ਵਾਲੀ ਕੋਈ ਵੀ ਚੀਜ਼ ਛੂਹ ਲੈਂਦਾ ਹੈ, ਤਾਂ ਉਹ ਦੋਸ਼ੀ ਹੈ, ਭਾਵੇਂ ਬਾਅਦ ਵਿਚ ਉਸ ਨੂੰ ਆਪਣੀ ਗ਼ਲਤੀ ਪਤਾ ਲੱਗਦੀ ਹੈ।

4 “‘ਜੇ ਕੋਈ ਜਲਦਬਾਜ਼ੀ ਵਿਚ ਚੰਗਾ ਜਾਂ ਬੁਰਾ ਕਰਨ ਦੀ ਸਹੁੰ ਖਾਂਦਾ ਹੈ ਅਤੇ ਅਣਜਾਣ ਹੁੰਦਾ ਹੈ ਕਿ ਉਸ ਨੇ ਬਿਨਾਂ ਸੋਚੇ-ਸਮਝੇ ਸਹੁੰ ਖਾਧੀ ਹੈ, ਤਾਂ ਉਹ ਦੋਸ਼ੀ ਹੈ, ਭਾਵੇਂ ਬਾਅਦ ਵਿਚ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੈ।*+

5 “‘ਜੇ ਉਹ ਇਨ੍ਹਾਂ ਵਿੱਚੋਂ ਕੋਈ ਪਾਪ ਕਰ ਕੇ ਦੋਸ਼ੀ ਠਹਿਰਦਾ ਹੈ, ਤਾਂ ਉਹ ਕਬੂਲ ਕਰੇ+ ਕਿ ਉਸ ਨੇ ਕੀ ਪਾਪ ਕੀਤਾ ਹੈ। 6 ਨਾਲੇ ਉਸ ਨੇ ਜੋ ਪਾਪ ਕੀਤਾ ਹੈ, ਉਸ ਲਈ ਉਹ ਯਹੋਵਾਹ ਅੱਗੇ ਦੋਸ਼-ਬਲ਼ੀ ਵਜੋਂ ਚੜ੍ਹਾਉਣ+ ਲਈ ਆਪਣੇ ਇੱਜੜ ਵਿੱਚੋਂ ਇਕ ਲੇਲੀ ਜਾਂ ਇਕ ਮੇਮਣੀ ਲਿਆਵੇ। ਇਹ ਪਾਪ-ਬਲ਼ੀ ਹੈ। ਫਿਰ ਪੁਜਾਰੀ ਉਸ ਦੇ ਪਾਪ ਨੂੰ ਮਿਟਾਉਣ ਲਈ ਇਹ ਬਲ਼ੀ ਚੜ੍ਹਾਵੇ।

7 “‘ਜੇ ਉਹ ਭੇਡ ਨਹੀਂ ਚੜ੍ਹਾ ਸਕਦਾ, ਤਾਂ ਉਹ ਆਪਣੇ ਪਾਪ ਲਈ ਦੋਸ਼-ਬਲ਼ੀ ਵਜੋਂ ਯਹੋਵਾਹ ਅੱਗੇ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਚੜ੍ਹਾਵੇ,+ ਇਕ ਪਾਪ-ਬਲ਼ੀ ਵਜੋਂ ਅਤੇ ਦੂਜਾ ਹੋਮ-ਬਲ਼ੀ ਵਜੋਂ।+ 8 ਉਹ ਇਨ੍ਹਾਂ ਨੂੰ ਪੁਜਾਰੀ ਕੋਲ ਲਿਆਵੇ ਜੋ ਇਕ ਪੰਛੀ ਨੂੰ ਪਾਪ-ਬਲ਼ੀ ਵਜੋਂ ਚੜ੍ਹਾਵੇ। ਪੁਜਾਰੀ ਆਪਣੇ ਨਹੁੰਆਂ ਨਾਲ ਪੰਛੀ ਦੇ ਗਲ਼ੇ ਦੇ ਅਗਲੇ ਪਾਸੇ ਚੀਰਾ ਦੇਵੇ, ਪਰ ਉਹ ਪੰਛੀ ਦਾ ਸਿਰ ਧੜ ਤੋਂ ਵੱਖ ਨਾ ਕਰੇ। 9 ਉਹ ਪਾਪ-ਬਲ਼ੀ ਦਾ ਥੋੜ੍ਹਾ ਜਿਹਾ ਖ਼ੂਨ ਵੇਦੀ ਦੇ ਇਕ ਪਾਸੇ ਉੱਤੇ ਛਿੜਕੇ, ਫਿਰ ਬਾਕੀ ਖ਼ੂਨ ਵੇਦੀ ਦੇ ਕੋਲ ਜ਼ਮੀਨ ʼਤੇ ਡੋਲ੍ਹ ਦੇਵੇ।+ ਇਹ ਪਾਪ-ਬਲ਼ੀ ਹੈ। 10 ਅਤੇ ਉਹ ਦੂਸਰੇ ਪੰਛੀ ਨੂੰ ਉਸੇ ਤਰ੍ਹਾਂ ਚੜ੍ਹਾਵੇ ਜਿਵੇਂ ਹੋਮ-ਬਲ਼ੀ ਚੜ੍ਹਾਈ ਜਾਂਦੀ ਹੈ।+ ਪੁਜਾਰੀ ਉਸ ਦੇ ਪਾਪ ਨੂੰ ਮਿਟਾਉਣ ਲਈ ਇਹ ਬਲ਼ੀ ਚੜ੍ਹਾਵੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।+

11 “‘ਜੇ ਉਸ ਕੋਲ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਚੜ੍ਹਾਉਣ ਦੀ ਗੁੰਜਾਇਸ਼ ਨਹੀਂ ਹੈ, ਤਾਂ ਉਹ ਆਪਣੇ ਪਾਪ ਲਈ ਇਕ ਏਫਾ ਮੈਦੇ ਦਾ ਦਸਵਾਂ ਹਿੱਸਾ*+ ਪਾਪ-ਬਲ਼ੀ ਵਜੋਂ ਚੜ੍ਹਾਵੇ। ਉਹ ਉਸ ਵਿਚ ਤੇਲ ਨਾ ਮਿਲਾਵੇ ਜਾਂ ਉਸ ਉੱਤੇ ਲੋਬਾਨ ਨਾ ਰੱਖੇ ਕਿਉਂਕਿ ਇਹ ਪਾਪ-ਬਲ਼ੀ ਹੈ। 12 ਉਹ ਇਸ ਨੂੰ ਪੁਜਾਰੀ ਕੋਲ ਲਿਆਵੇ ਅਤੇ ਪੁਜਾਰੀ ਉਸ ਵਿੱਚੋਂ ਥੋੜ੍ਹਾ ਜਿਹਾ ਮੈਦਾ ਲੈ ਕੇ ਨਿਸ਼ਾਨੀ* ਦੇ ਤੌਰ ਤੇ ਵੇਦੀ ʼਤੇ ਪਏ ਯਹੋਵਾਹ ਦੇ ਚੜ੍ਹਾਵਿਆਂ ਉੱਪਰ ਰੱਖ ਕੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ। ਇਹ ਪਾਪ-ਬਲ਼ੀ ਹੈ। 13 ਉਸ ਨੇ ਉੱਪਰ ਦੱਸੇ ਪਾਪਾਂ ਵਿੱਚੋਂ ਜਿਹੜਾ ਵੀ ਪਾਪ ਕੀਤਾ ਹੈ, ਪੁਜਾਰੀ ਉਸ ਦੇ ਪਾਪ ਨੂੰ ਮਿਟਾਉਣ ਲਈ ਇਹ ਚੜ੍ਹਾਵਾ ਚੜ੍ਹਾਵੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।+ ਅਨਾਜ ਦੇ ਚੜ੍ਹਾਵੇ ਵਾਂਗ ਇਸ ਚੜ੍ਹਾਵੇ ਦਾ ਬਾਕੀ ਬਚਿਆ ਮੈਦਾ ਪੁਜਾਰੀ ਦਾ ਹੋਵੇਗਾ।’”+

14 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 15 “ਜੇ ਕੋਈ ਅਣਜਾਣੇ ਵਿਚ ਯਹੋਵਾਹ ਦੀਆਂ ਪਵਿੱਤਰ ਚੀਜ਼ਾਂ ਦੇ ਸੰਬੰਧ ਵਿਚ ਪਾਪ ਕਰਦਾ ਹੈ ਅਤੇ ਪਰਮੇਸ਼ੁਰ ਨਾਲ ਵਿਸ਼ਵਾਸਘਾਤ ਕਰਦਾ ਹੈ,+ ਤਾਂ ਉਹ ਆਪਣੇ ਇੱਜੜ ਵਿੱਚੋਂ ਬਿਨਾਂ ਨੁਕਸ ਵਾਲਾ ਇਕ ਭੇਡੂ ਲਿਆ ਕੇ ਯਹੋਵਾਹ ਸਾਮ੍ਹਣੇ ਦੋਸ਼-ਬਲ਼ੀ ਵਜੋਂ ਚੜ੍ਹਾਵੇ।+ ਪੁਜਾਰੀ ਫ਼ੈਸਲਾ ਕਰੇਗਾ ਕਿ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ+ ਭੇਡੂ ਦੀ ਕੀਮਤ ਕਿੰਨੇ ਸ਼ੇਕੇਲ* ਚਾਂਦੀ ਹੋਣੀ ਚਾਹੀਦੀ ਹੈ। 16 ਅਤੇ ਉਸ ਨੇ ਜਿਸ ਪਵਿੱਤਰ ਚੀਜ਼* ਦੇ ਸੰਬੰਧ ਵਿਚ ਪਾਪ ਕੀਤਾ ਹੈ, ਉਹ ਉਸ ਦਾ ਹਰਜਾਨਾ ਭਰੇ ਅਤੇ ਉਸ ਦੀ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ ਪੁਜਾਰੀ ਨੂੰ ਦੇਵੇ।+ ਪੁਜਾਰੀ ਉਸ ਦੇ ਪਾਪ ਨੂੰ ਮਿਟਾਉਣ+ ਲਈ ਉਸ ਭੇਡੂ ਨੂੰ ਦੋਸ਼-ਬਲ਼ੀ ਵਜੋਂ ਚੜ੍ਹਾਵੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।+

17 “ਜੇ ਕੋਈ ਯਹੋਵਾਹ ਦੁਆਰਾ ਮਨ੍ਹਾ ਕੀਤਾ ਕੰਮ ਕਰ ਕੇ ਪਾਪ ਕਰ ਬੈਠਦਾ ਹੈ, ਭਾਵੇਂ ਉਸ ਨੇ ਉਹ ਕੰਮ ਅਣਜਾਣੇ ਵਿਚ ਹੀ ਕੀਤਾ ਹੈ, ਫਿਰ ਵੀ ਉਹ ਦੋਸ਼ੀ ਹੈ ਅਤੇ ਉਸ ਨੂੰ ਆਪਣੇ ਪਾਪ ਦਾ ਲੇਖਾ ਦੇਣਾ ਪਵੇਗਾ।+ 18 ਉਹ ਦੋਸ਼-ਬਲ਼ੀ ਵਜੋਂ ਚੜ੍ਹਾਉਣ ਲਈ ਪੁਜਾਰੀ ਕੋਲ ਬਿਨਾਂ ਨੁਕਸ ਵਾਲਾ ਇਕ ਭੇਡੂ ਲਿਆਵੇ। ਭੇਡੂ ਦੀ ਕੀਮਤ ਦੋਸ਼-ਬਲ਼ੀ ਦੇ ਜਾਨਵਰ ਦੀ ਤੈਅ ਕੀਤੀ ਗਈ ਕੀਮਤ ਜਿੰਨੀ ਹੋਣੀ ਚਾਹੀਦੀ ਹੈ।+ ਉਸ ਨੇ ਅਣਜਾਣੇ ਵਿਚ ਜੋ ਪਾਪ ਕੀਤਾ ਹੈ, ਪੁਜਾਰੀ ਉਸ ਦੇ ਪਾਪ ਨੂੰ ਮਿਟਾਉਣ ਲਈ ਇਹ ਬਲ਼ੀ ਚੜ੍ਹਾਵੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ। 19 ਇਹ ਦੋਸ਼-ਬਲ਼ੀ ਹੈ। ਉਹ ਯਹੋਵਾਹ ਦੇ ਖ਼ਿਲਾਫ਼ ਪਾਪ ਕਰ ਕੇ ਜ਼ਰੂਰ ਦੋਸ਼ੀ ਠਹਿਰਿਆ ਹੈ।”

6 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਜੇ ਕੋਈ ਆਪਣੇ ਗੁਆਂਢੀ ਨੂੰ ਧੋਖਾ ਦੇ ਕੇ ਉਸ ਦੀ ਅਮਾਨਤ ਵਜੋਂ ਜਾਂ ਗਹਿਣੇ ਰੱਖੀ ਚੀਜ਼ ਮਾਰ ਲੈਂਦਾ ਹੈ+ ਜਾਂ ਉਸ ਦੀ ਕੋਈ ਚੀਜ਼ ਚੋਰੀ ਕਰਦਾ ਹੈ ਜਾਂ ਉਸ ਨਾਲ ਠੱਗੀ ਮਾਰਦਾ ਹੈ, ਤਾਂ ਉਹ ਪਾਪ ਕਰਦਾ ਹੈ ਅਤੇ ਯਹੋਵਾਹ ਨਾਲ ਵਿਸ਼ਵਾਸਘਾਤ ਕਰਦਾ ਹੈ।+ 3 ਜਾਂ ਫਿਰ ਜੇ ਉਸ ਨੂੰ ਕੋਈ ਗੁਆਚੀ ਚੀਜ਼ ਲੱਭਦੀ ਹੈ ਅਤੇ ਉਹ ਇਸ ਬਾਰੇ ਝੂਠ ਬੋਲਦਾ ਹੈ ਜਾਂ ਫਿਰ ਉਹ ਇਨ੍ਹਾਂ ਵਿੱਚੋਂ ਕੋਈ ਵੀ ਪਾਪ ਕਰ ਕੇ ਝੂਠੀ ਸਹੁੰ ਖਾਂਦਾ ਹੈ,+ ਤਾਂ ਉਹ ਪਰਮੇਸ਼ੁਰ ਨਾਲ ਵਿਸ਼ਵਾਸਘਾਤ ਕਰਦਾ ਹੈ। ਇਸ ਲਈ ਉਸ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ: 4 ਜੇ ਉਸ ਨੇ ਪਾਪ ਕੀਤਾ ਹੈ ਅਤੇ ਉਹ ਦੋਸ਼ੀ ਹੈ, ਤਾਂ ਉਹ ਚੋਰੀ ਕੀਤੀ ਚੀਜ਼ ਜਾਂ ਜ਼ਬਰਦਸਤੀ ਲਈ ਚੀਜ਼ ਜਾਂ ਠੱਗੀ ਮਾਰ ਕੇ ਲਈ ਚੀਜ਼ ਜਾਂ ਅਮਾਨਤ ਵਜੋਂ ਰੱਖੀ ਚੀਜ਼ ਜਾਂ ਲੱਭੀ ਚੀਜ਼ 5 ਜਾਂ ਫਿਰ ਕੋਈ ਵੀ ਚੀਜ਼ ਮੋੜ ਦੇਵੇ ਜਿਸ ਬਾਰੇ ਉਸ ਨੇ ਝੂਠੀ ਸਹੁੰ ਖਾਧੀ ਸੀ। ਜਿਸ ਦਿਨ ਉਸ ਦਾ ਦੋਸ਼ ਸਾਬਤ ਹੁੰਦਾ ਹੈ, ਉਹ ਉਸ ਚੀਜ਼ ਦਾ ਪੂਰਾ ਹਰਜਾਨਾ ਭਰੇ+ ਅਤੇ ਉਸ ਦੀ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ ਉਸ ਦੇ ਮਾਲਕ ਨੂੰ ਦੇਵੇ। 6 ਨਾਲੇ ਉਹ ਆਪਣੇ ਇੱਜੜ ਵਿੱਚੋਂ ਬਿਨਾਂ ਨੁਕਸ ਵਾਲਾ ਇਕ ਭੇਡੂ ਯਹੋਵਾਹ ਅੱਗੇ ਦੋਸ਼-ਬਲ਼ੀ ਵਜੋਂ ਚੜ੍ਹਾਉਣ ਲਈ ਪੁਜਾਰੀ ਕੋਲ ਲਿਆਵੇ। ਭੇਡੂ ਦੀ ਕੀਮਤ ਦੋਸ਼-ਬਲ਼ੀ ਦੇ ਜਾਨਵਰ ਦੀ ਤੈਅ ਕੀਤੀ ਗਈ ਕੀਮਤ ਜਿੰਨੀ ਹੋਣੀ ਚਾਹੀਦੀ ਹੈ।+ 7 ਪੁਜਾਰੀ ਯਹੋਵਾਹ ਅੱਗੇ ਉਸ ਦੇ ਪਾਪ ਨੂੰ ਮਿਟਾਉਣ ਲਈ ਬਲ਼ੀ ਚੜ੍ਹਾਵੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।”+

8 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 9 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਇਹ ਹੁਕਮ ਦੇ, ‘ਹੋਮ-ਬਲ਼ੀ ਦੇ ਸੰਬੰਧ ਵਿਚ ਇਹ ਨਿਯਮ ਹੈ:+ ਹੋਮ-ਬਲ਼ੀ ਸਵੇਰ ਹੋਣ ਤਕ ਪੂਰੀ ਰਾਤ ਵੇਦੀ ਉੱਤੇ ਅੱਗ ਵਿਚ ਪਈ ਰਹੇ ਅਤੇ ਵੇਦੀ ʼਤੇ ਅੱਗ ਬਲ਼ਦੀ ਰੱਖੀ ਜਾਵੇ। 10 ਪੁਜਾਰੀ ਆਪਣਾ ਮਲਮਲ ਦਾ ਲਿਬਾਸ+ ਅਤੇ ਮਲਮਲ ਦਾ ਕਛਹਿਰਾ+ ਪਾਵੇ। ਫਿਰ ਉਹ ਵੇਦੀ ਉੱਤੇ ਸੜੀ ਹੋਮ-ਬਲ਼ੀ ਦੀ ਸੁਆਹ* ਕੱਢ ਕੇ+ ਵੇਦੀ ਦੇ ਇਕ ਪਾਸੇ ਰੱਖ ਦੇਵੇ। 11 ਫਿਰ ਉਹ ਆਪਣਾ ਲਿਬਾਸ ਲਾਹ ਕੇ+ ਹੋਰ ਕੱਪੜੇ ਪਾਵੇ ਅਤੇ ਸੁਆਹ ਚੁੱਕ ਕੇ ਛਾਉਣੀ ਤੋਂ ਬਾਹਰ ਸਾਫ਼-ਸੁਥਰੀ ਥਾਂ ʼਤੇ ਸੁੱਟ ਦੇਵੇ।+ 12 ਵੇਦੀ ਉੱਤੇ ਅੱਗ ਬਲ਼ਦੀ ਰੱਖੀ ਜਾਵੇ। ਇਹ ਬੁਝਣੀ ਨਹੀਂ ਚਾਹੀਦੀ। ਪੁਜਾਰੀ ਇਸ ਉੱਤੇ ਰੋਜ਼ ਸਵੇਰੇ ਲੱਕੜਾਂ ਬਾਲ਼ੇ+ ਅਤੇ ਇਸ ਉੱਤੇ ਹੋਮ-ਬਲ਼ੀ ਦੇ ਜਾਨਵਰ ਦੇ ਟੋਟੇ ਤਰਤੀਬਵਾਰ ਰੱਖੇ। ਉਹ ਇਸ ਉੱਤੇ ਸ਼ਾਂਤੀ-ਬਲ਼ੀਆਂ ਦੀ ਚਰਬੀ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ।+ 13 ਵੇਦੀ ਉੱਤੇ ਹਮੇਸ਼ਾ ਅੱਗ ਬਲ਼ਦੀ ਰੱਖੀ ਜਾਵੇ। ਇਹ ਬੁਝਣੀ ਨਹੀਂ ਚਾਹੀਦੀ।

14 “‘ਅਨਾਜ ਦੇ ਚੜ੍ਹਾਵੇ ਦੇ ਸੰਬੰਧ ਵਿਚ ਇਹ ਨਿਯਮ ਹੈ:+ ਹਾਰੂਨ ਦੇ ਪੁੱਤਰ ਵੇਦੀ ਦੇ ਸਾਮ੍ਹਣੇ ਯਹੋਵਾਹ ਅੱਗੇ ਇਹ ਚੜ੍ਹਾਵਾ ਪੇਸ਼ ਕਰਨ। 15 ਉਨ੍ਹਾਂ ਵਿੱਚੋਂ ਇਕ ਜਣਾ ਅਨਾਜ ਦੇ ਚੜ੍ਹਾਵੇ ਵਿੱਚੋਂ ਮੁੱਠੀ ਭਰ ਤੇਲ ਵਾਲਾ ਮੈਦਾ ਅਤੇ ਅਨਾਜ ਦੇ ਚੜ੍ਹਾਵੇ ਉੱਤੇ ਰੱਖਿਆ ਸਾਰਾ ਲੋਬਾਨ ਲੈ ਕੇ ਨਿਸ਼ਾਨੀ* ਦੇ ਤੌਰ ਤੇ ਵੇਦੀ ʼਤੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+ 16 ਅਨਾਜ ਦੇ ਚੜ੍ਹਾਵੇ ਵਿੱਚੋਂ ਜੋ ਕੁਝ ਬਚ ਜਾਵੇ, ਉਹ ਹਾਰੂਨ ਅਤੇ ਉਸ ਦੇ ਪੁੱਤਰ ਪਵਿੱਤਰ ਜਗ੍ਹਾ ʼਤੇ ਖਾਣ।+ ਉਹ ਇਸ ਦੀਆਂ ਬੇਖਮੀਰੀਆਂ ਰੋਟੀਆਂ ਬਣਾ ਕੇ ਮੰਡਲੀ ਦੇ ਤੰਬੂ ਦੇ ਵਿਹੜੇ ਵਿਚ ਖਾਣ।+ 17 ਰੋਟੀਆਂ ਬਣਾਉਣ ਲਈ ਇਸ ਵਿਚ ਖਮੀਰ ਨਾ ਰਲ਼ਾਇਆ ਜਾਵੇ।+ ਮੈਂ ਇਹ ਬਚਿਆ ਚੜ੍ਹਾਵਾ ਉਨ੍ਹਾਂ ਨੂੰ ਆਪਣੇ ਚੜ੍ਹਾਵਿਆਂ ਵਿੱਚੋਂ ਹਿੱਸੇ ਦੇ ਤੌਰ ਤੇ ਦਿੱਤਾ ਹੈ ਜੋ ਅੱਗ ਵਿਚ ਸਾੜ ਕੇ ਚੜ੍ਹਾਏ ਜਾਂਦੇ ਹਨ।+ ਪਾਪ-ਬਲ਼ੀ ਅਤੇ ਦੋਸ਼-ਬਲ਼ੀ ਵਾਂਗ ਇਹ ਵੀ ਅੱਤ ਪਵਿੱਤਰ+ ਹੈ। 18 ਹਾਰੂਨ ਦੀ ਪੀੜ੍ਹੀ ਦੇ ਸਾਰੇ ਆਦਮੀ ਇਹ ਰੋਟੀਆਂ ਖਾਣਗੇ।+ ਅੱਗ ਵਿਚ ਸਾੜ ਕੇ ਚੜ੍ਹਾਏ ਜਾਂਦੇ ਯਹੋਵਾਹ ਦੇ ਚੜ੍ਹਾਵਿਆਂ ਵਿੱਚੋਂ ਇਹ ਹਿੱਸਾ ਉਨ੍ਹਾਂ ਨੂੰ ਪੀੜ੍ਹੀਓ-ਪੀੜ੍ਹੀ ਦਿੱਤਾ ਜਾਵੇਗਾ।+ ਉਨ੍ਹਾਂ* ਨੂੰ ਛੂਹਣ ਵਾਲੀ ਹਰ ਚੀਜ਼ ਪਵਿੱਤਰ ਹੋਵੇਗੀ।’”

19 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 20 “ਹਾਰੂਨ ਦੀ ਨਿਯੁਕਤੀ ਦੇ ਦਿਨ+ ਉਹ ਅਤੇ ਉਸ ਦੇ ਪੁੱਤਰ ਯਹੋਵਾਹ ਅੱਗੇ ਅਨਾਜ ਦੇ ਚੜ੍ਹਾਵੇ+ ਵਜੋਂ ਇਕ ਏਫਾ ਮੈਦੇ ਦਾ ਦਸਵਾਂ ਹਿੱਸਾ*+ ਚੜ੍ਹਾਉਣ, ਅੱਧਾ ਸਵੇਰੇ ਅਤੇ ਅੱਧਾ ਸ਼ਾਮ ਨੂੰ। 21 ਇਸ ਨੂੰ ਤੇਲ ਵਿਚ ਗੁੰਨ੍ਹ ਕੇ ਤਵੇ ਉੱਤੇ ਪਕਾਇਆ ਜਾਵੇ।+ ਇਸ ਦੀਆਂ ਰੋਟੀਆਂ ਤੇਲ ਨਾਲ ਤਰ ਕੀਤੀਆਂ ਜਾਣ ਅਤੇ ਇਨ੍ਹਾਂ ਦੇ ਟੁਕੜੇ ਕਰ ਕੇ ਅਨਾਜ ਦੇ ਚੜ੍ਹਾਵੇ ਵਜੋਂ ਯਹੋਵਾਹ ਨੂੰ ਚੜ੍ਹਾਏ ਜਾਣ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। 22 ਉਸ ਦੇ ਪੁੱਤਰਾਂ ਵਿੱਚੋਂ ਜਿਹੜਾ ਵੀ ਉਸ ਦੀ ਜਗ੍ਹਾ ਪੁਜਾਰੀ ਨਿਯੁਕਤ ਹੋਵੇਗਾ,+ ਉਹ ਇਹ ਚੜ੍ਹਾਵਾ ਚੜ੍ਹਾਵੇਗਾ। ਇਸ ਨਿਯਮ ਦੀ ਹਮੇਸ਼ਾ ਪਾਲਣਾ ਕੀਤੀ ਜਾਵੇ: ਇਸ ਨੂੰ ਯਹੋਵਾਹ ਅੱਗੇ ਪੂਰੇ ਦਾ ਪੂਰਾ ਸਾੜਿਆ ਜਾਵੇ ਤਾਂਕਿ ਇਸ ਦਾ ਧੂੰਆਂ ਉੱਠੇ। 23 ਪੁਜਾਰੀ ਜੋ ਵੀ ਅਨਾਜ ਦਾ ਚੜ੍ਹਾਵਾ ਚੜ੍ਹਾਉਂਦਾ ਹੈ, ਉਹ ਪੂਰੇ ਦਾ ਪੂਰਾ ਅੱਗ ਵਿਚ ਸਾੜਿਆ ਜਾਵੇ। ਇਸ ਨੂੰ ਖਾਧਾ ਨਾ ਜਾਵੇ।”

24 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 25 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਕਹਿ, ‘ਪਾਪ-ਬਲ਼ੀ ਦੇ ਸੰਬੰਧ ਵਿਚ ਇਹ ਨਿਯਮ ਹੈ:+ ਜਿੱਥੇ ਹੋਮ-ਬਲ਼ੀ ਦਾ ਜਾਨਵਰ ਵੱਢਿਆ ਜਾਂਦਾ ਹੈ,+ ਉੱਥੇ ਹੀ ਯਹੋਵਾਹ ਅੱਗੇ ਪਾਪ-ਬਲ਼ੀ ਦਾ ਜਾਨਵਰ ਵੱਢਿਆ ਜਾਵੇ। ਇਹ ਭੇਟ ਅੱਤ ਪਵਿੱਤਰ ਹੈ। 26 ਜਿਹੜਾ ਪੁਜਾਰੀ ਇਹ ਪਾਪ-ਬਲ਼ੀ ਚੜ੍ਹਾਉਂਦਾ ਹੈ, ਉਹ ਇਸ ਨੂੰ ਖਾਵੇਗਾ।+ ਉਹ ਪਵਿੱਤਰ ਜਗ੍ਹਾ ਯਾਨੀ ਮੰਡਲੀ ਦੇ ਤੰਬੂ ਦੇ ਵਿਹੜੇ ਵਿਚ ਇਸ ਨੂੰ ਖਾਵੇ।+

27 “‘ਇਸ ਬਲ਼ੀ ਦੇ ਜਾਨਵਰ ਦੇ ਮਾਸ ਨੂੰ ਜੋ ਵੀ ਚੀਜ਼ ਛੂਹੇਗੀ, ਉਹ ਪਵਿੱਤਰ ਹੋ ਜਾਵੇਗੀ। ਜਦੋਂ ਕਿਸੇ ਦੇ ਕੱਪੜਿਆਂ ʼਤੇ ਇਸ ਦੇ ਖ਼ੂਨ ਦੇ ਛਿੱਟੇ ਪੈ ਜਾਣ, ਤਾਂ ਉਹ ਉਨ੍ਹਾਂ ਕੱਪੜਿਆਂ ਨੂੰ ਪਵਿੱਤਰ ਜਗ੍ਹਾ ʼਤੇ ਧੋਵੇ। 28 ਜੇ ਮਿੱਟੀ ਦੇ ਭਾਂਡੇ ਵਿਚ ਮਾਸ ਉਬਾਲਿਆ ਜਾਂਦਾ ਹੈ, ਤਾਂ ਉਸ ਨੂੰ ਤੋੜ ਦਿੱਤਾ ਜਾਵੇ। ਪਰ ਜੇ ਇਸ ਨੂੰ ਤਾਂਬੇ ਦੇ ਭਾਂਡੇ ਵਿਚ ਉਬਾਲਿਆ ਜਾਂਦਾ ਹੈ, ਤਾਂ ਉਸ ਭਾਂਡੇ ਨੂੰ ਚੰਗੀ ਤਰ੍ਹਾਂ ਮਾਂਜਿਆ ਜਾਵੇ ਅਤੇ ਪਾਣੀ ਨਾਲ ਧੋਤਾ ਜਾਵੇ।

29 “‘ਹਰ ਆਦਮੀ ਜੋ ਪੁਜਾਰੀ ਹੈ, ਇਸ ਨੂੰ ਖਾਵੇ।+ ਇਹ ਅੱਤ ਪਵਿੱਤਰ ਹੈ।+ 30 ਪਰ ਜੇ ਪਾਪ-ਬਲ਼ੀ ਦਾ ਥੋੜ੍ਹਾ ਜਿਹਾ ਖ਼ੂਨ ਪਾਪਾਂ ਦੀ ਮਾਫ਼ੀ ਲਈ ਮੰਡਲੀ ਦੇ ਤੰਬੂ ਅੰਦਰ ਪਵਿੱਤਰ ਜਗ੍ਹਾ ਵਿਚ ਲਿਆਂਦਾ ਜਾਂਦਾ ਹੈ, ਤਾਂ ਇਸ ਦਾ ਮਾਸ ਹਰਗਿਜ਼ ਨਾ ਖਾਧਾ ਜਾਵੇ।+ ਇਸ ਨੂੰ ਅੱਗ ਵਿਚ ਸਾੜ ਦਿੱਤਾ ਜਾਵੇ।

7 “‘ਦੋਸ਼-ਬਲ਼ੀ ਦੇ ਸੰਬੰਧ ਵਿਚ ਇਹ ਨਿਯਮ ਹੈ:+ ਇਹ ਅੱਤ ਪਵਿੱਤਰ ਬਲ਼ੀ ਹੈ। 2 ਉਹ ਦੋਸ਼-ਬਲ਼ੀ ਦੇ ਜਾਨਵਰ ਨੂੰ ਉਸੇ ਜਗ੍ਹਾ ਵੱਢਣਗੇ ਜਿੱਥੇ ਹੋਮ-ਬਲ਼ੀਆਂ ਦੇ ਜਾਨਵਰ ਵੱਢੇ ਜਾਂਦੇ ਹਨ ਅਤੇ ਇਸ ਦਾ ਖ਼ੂਨ+ ਵੇਦੀ ਦੇ ਚਾਰੇ ਪਾਸਿਆਂ ਉੱਪਰ ਛਿੜਕਿਆ ਜਾਵੇ।+ 3 ਉਹ ਇਸ ਦੀ ਸਾਰੀ ਚਰਬੀ ਚੜ੍ਹਾਵੇ+ ਯਾਨੀ ਚਰਬੀ ਵਾਲੀ ਮੋਟੀ ਪੂਛ, ਆਂਦਰਾਂ ਨੂੰ ਢਕਣ ਵਾਲੀ ਚਰਬੀ 4 ਅਤੇ ਦੋਵੇਂ ਗੁਰਦੇ ਅਤੇ ਉਨ੍ਹਾਂ ਉੱਪਰਲੀ ਚਰਬੀ ਜੋ ਕਿ ਵੱਖੀਆਂ ਦੁਆਲੇ ਹੈ। ਉਹ ਗੁਰਦਿਆਂ ਦੇ ਨਾਲ-ਨਾਲ ਕਲੇਜੀ ਦੀ ਚਰਬੀ ਵੀ ਲਾਹੇ।+ 5 ਫਿਰ ਪੁਜਾਰੀ ਇਹ ਸਭ ਕੁਝ ਭੇਟ ਵਜੋਂ ਵੇਦੀ ਉੱਤੇ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਵੇ ਤਾਂਕਿ ਇਸ ਦਾ ਧੂੰਆਂ ਉੱਠੇ।+ ਇਹ ਦੋਸ਼-ਬਲ਼ੀ ਹੈ। 6 ਹਰ ਆਦਮੀ ਜੋ ਪੁਜਾਰੀ ਹੈ, ਬਲ਼ੀ ਦਾ ਮਾਸ ਖਾਵੇ।+ ਇਹ ਪਵਿੱਤਰ ਜਗ੍ਹਾ* ʼਤੇ ਹੀ ਖਾਧਾ ਜਾਣਾ ਚਾਹੀਦਾ ਹੈ। ਇਹ ਅੱਤ ਪਵਿੱਤਰ ਹੈ।+ 7 ਪਾਪ-ਬਲ਼ੀ ਦੇ ਸੰਬੰਧ ਵਿਚ ਦਿੱਤਾ ਨਿਯਮ ਦੋਸ਼-ਬਲ਼ੀ ʼਤੇ ਵੀ ਲਾਗੂ ਹੁੰਦਾ ਹੈ; ਇਸ ਬਲ਼ੀ ਦਾ ਮਾਸ ਉਸ ਪੁਜਾਰੀ ਦਾ ਹੋਵੇਗਾ ਜੋ ਪਾਪ ਮਿਟਾਉਣ ਲਈ ਇਸ ਨੂੰ ਵੇਦੀ ʼਤੇ ਚੜ੍ਹਾਉਂਦਾ ਹੈ।+

8 “‘ਜਦੋਂ ਪੁਜਾਰੀ ਕਿਸੇ ਲਈ ਹੋਮ-ਬਲ਼ੀ ਚੜ੍ਹਾਉਂਦਾ ਹੈ, ਤਾਂ ਹੋਮ-ਬਲ਼ੀ ਦੇ ਜਾਨਵਰ ਦੀ ਖੱਲ+ ਉਸ ਪੁਜਾਰੀ ਦੀ ਹੋਵੇਗੀ।

9 “‘ਅਨਾਜ ਦਾ ਹਰ ਚੜ੍ਹਾਵਾ, ਚਾਹੇ ਉਹ ਤੰਦੂਰ ਵਿਚ ਜਾਂ ਕੜਾਹੀ ਵਿਚ ਜਾਂ ਤਵੇ ʼਤੇ ਪਕਾਇਆ ਹੋਵੇ,+ ਉਸ ਪੁਜਾਰੀ ਦਾ ਹੋਵੇਗਾ ਜੋ ਇਸ ਨੂੰ ਚੜ੍ਹਾਉਂਦਾ ਹੈ। ਇਹ ਉਸੇ ਦਾ ਹੋਵੇਗਾ।+ 10 ਪਰ ਅਨਾਜ ਦਾ ਹਰ ਚੜ੍ਹਾਵਾ ਜਿਸ ਵਿਚ ਤੇਲ ਮਿਲਾਇਆ ਗਿਆ ਹੈ+ ਜਾਂ ਸੁੱਕਾ ਹੈ,+ ਹਾਰੂਨ ਦੇ ਸਾਰੇ ਪੁੱਤਰਾਂ ਦਾ ਹੋਵੇਗਾ; ਸਾਰਿਆਂ ਨੂੰ ਬਰਾਬਰ ਹਿੱਸਾ ਮਿਲੇਗਾ।

11 “‘ਇਹ ਯਹੋਵਾਹ ਨੂੰ ਚੜ੍ਹਾਈ ਜਾਣ ਵਾਲੀ ਸ਼ਾਂਤੀ-ਬਲ਼ੀ ਦੇ ਸੰਬੰਧ ਵਿਚ ਨਿਯਮ ਹੈ:+ 12 ਜੇ ਕੋਈ ਧੰਨਵਾਦ ਕਰਨ ਲਈ ਸ਼ਾਂਤੀ-ਬਲ਼ੀ ਚੜ੍ਹਾਉਂਦਾ ਹੈ,+ ਤਾਂ ਉਹ ਧੰਨਵਾਦ ਦੀ ਬਲ਼ੀ ਦੇ ਨਾਲ ਤੇਲ ਵਿਚ ਗੁੰਨ੍ਹੇ ਮੈਦੇ ਦੀਆਂ ਛੱਲੇ ਵਰਗੀਆਂ ਬੇਖਮੀਰੀਆਂ ਰੋਟੀਆਂ, ਤੇਲ ਨਾਲ ਚੋਪੜੀਆਂ ਬੇਖਮੀਰੀਆਂ ਕੜਕ ਪਤਲੀਆਂ ਰੋਟੀਆਂ ਅਤੇ ਤੇਲ ਵਿਚ ਗੁੰਨੇ ਮੈਦੇ ਦੀਆਂ ਛੱਲੇ ਵਰਗੀਆਂ ਰੋਟੀਆਂ ਚੜ੍ਹਾਵੇ ਜੋ ਤੇਲ ਨਾਲ ਤਰ ਹੋਣ। 13 ਇਸ ਤੋਂ ਇਲਾਵਾ, ਉਹ ਧੰਨਵਾਦ ਕਰਨ ਲਈ ਸ਼ਾਂਤੀ-ਬਲ਼ੀ ਦੇ ਨਾਲ ਛੱਲੇ ਵਰਗੀਆਂ ਖਮੀਰੀਆਂ ਰੋਟੀਆਂ ਵੀ ਚੜ੍ਹਾਵੇ। 14 ਉਹ ਹਰੇਕ ਭੇਟ ਵਿੱਚੋਂ ਇਕ ਰੋਟੀ ਯਹੋਵਾਹ ਨੂੰ ਪਵਿੱਤਰ ਹਿੱਸੇ ਵਜੋਂ ਚੜ੍ਹਾਵੇ। ਇਹ ਭੇਟ ਉਸ ਪੁਜਾਰੀ ਦੀ ਹੋਵੇਗੀ ਜੋ ਸ਼ਾਂਤੀ-ਬਲ਼ੀ ਦੇ ਜਾਨਵਰ ਦਾ ਖ਼ੂਨ ਵੇਦੀ ʼਤੇ ਛਿੜਕਦਾ ਹੈ।+ 15 ਜਿਸ ਦਿਨ ਉਹ ਧੰਨਵਾਦ ਕਰਨ ਲਈ ਸ਼ਾਂਤੀ-ਬਲ਼ੀ ਚੜ੍ਹਾਉਂਦਾ ਹੈ, ਉਸੇ ਦਿਨ ਉਸ ਜਾਨਵਰ ਦਾ ਮਾਸ ਖਾਧਾ ਜਾਵੇ। ਉਸ ਨੂੰ ਅਗਲੇ ਦਿਨ ਸਵੇਰ ਤਕ ਨਾ ਰੱਖਿਆ ਜਾਵੇ।+

16 “‘ਜੇ ਉਹ ਆਪਣੀ ਸੁੱਖਣਾ ਪੂਰੀ ਕਰਨ ਲਈ ਬਲ਼ੀ ਚੜ੍ਹਾਉਂਦਾ ਹੈ+ ਜਾਂ ਇੱਛਾ-ਬਲ਼ੀ ਚੜ੍ਹਾਉਂਦਾ ਹੈ,+ ਤਾਂ ਜਿਸ ਦਿਨ ਉਹ ਬਲ਼ੀ ਚੜ੍ਹਾਉਂਦਾ ਹੈ, ਉਸੇ ਦਿਨ ਉਹ ਉਸ ਦਾ ਮਾਸ ਖਾਵੇ। ਬਚਿਆ ਹੋਇਆ ਮਾਸ ਅਗਲੇ ਦਿਨ ਵੀ ਖਾਧਾ ਜਾ ਸਕਦਾ ਹੈ। 17 ਪਰ ਜੇ ਤੀਜੇ ਦਿਨ ਤਕ ਕੁਝ ਬਚ ਜਾਂਦਾ ਹੈ, ਤਾਂ ਉਸ ਨੂੰ ਅੱਗ ਵਿਚ ਸਾੜ ਦਿੱਤਾ ਜਾਵੇ।+ 18 ਜੇ ਸ਼ਾਂਤੀ-ਬਲ਼ੀ ਦੇ ਜਾਨਵਰ ਦਾ ਮਾਸ ਤੀਜੇ ਦਿਨ ਖਾਧਾ ਜਾਂਦਾ ਹੈ, ਤਾਂ ਬਲ਼ੀ ਚੜ੍ਹਾਉਣ ਵਾਲੇ ਨੂੰ ਕਬੂਲ ਨਹੀਂ ਕੀਤਾ ਜਾਵੇਗਾ। ਉਸ ਉੱਤੇ ਮਿਹਰ ਨਹੀਂ ਕੀਤੀ ਜਾਵੇਗੀ। ਇਹ ਘਿਣਾਉਣੀ ਹੋਵੇਗੀ ਅਤੇ ਜੋ ਇਨਸਾਨ ਇਸ ਦਾ ਮਾਸ ਖਾਂਦਾ ਹੈ, ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ।+ 19 ਜਿਹੜਾ ਮਾਸ ਕਿਸੇ ਅਸ਼ੁੱਧ ਚੀਜ਼ ਨਾਲ ਛੂਹ ਜਾਂਦਾ ਹੈ, ਉਹ ਖਾਧਾ ਨਹੀਂ ਜਾਣਾ ਚਾਹੀਦਾ। ਉਸ ਨੂੰ ਅੱਗ ਵਿਚ ਸਾੜ ਦਿੱਤਾ ਜਾਵੇ। ਜਿਹੜਾ ਵੀ ਇਨਸਾਨ ਸ਼ੁੱਧ ਹੈ, ਉਹ ਸ਼ੁੱਧ ਮਾਸ ਖਾ ਸਕਦਾ ਹੈ।

20 “‘ਪਰ ਜੇ ਕੋਈ ਅਸ਼ੁੱਧ ਇਨਸਾਨ ਯਹੋਵਾਹ ਨੂੰ ਚੜ੍ਹਾਈ ਸ਼ਾਂਤੀ-ਬਲ਼ੀ ਦਾ ਮਾਸ ਖਾਂਦਾ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।+ 21 ਜੇ ਕੋਈ ਇਨਸਾਨ ਕਿਸੇ ਅਸ਼ੁੱਧ ਚੀਜ਼ ਨੂੰ ਛੂੰਹਦਾ ਹੈ, ਭਾਵੇਂ ਉਹ ਇਨਸਾਨੀ ਅਸ਼ੁੱਧਤਾ+ ਹੋਵੇ ਜਾਂ ਅਸ਼ੁੱਧ ਜਾਨਵਰ+ ਜਾਂ ਕੋਈ ਵੀ ਅਸ਼ੁੱਧ ਤੇ ਘਿਣਾਉਣੀ ਚੀਜ਼+ ਹੋਵੇ ਅਤੇ ਉਹ ਯਹੋਵਾਹ ਨੂੰ ਚੜ੍ਹਾਈ ਸ਼ਾਂਤੀ-ਬਲ਼ੀ ਦਾ ਮਾਸ ਖਾਂਦਾ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।’”

22 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 23 “ਇਜ਼ਰਾਈਲੀਆਂ ਨੂੰ ਕਹਿ, ‘ਤੂੰ ਕਿਸੇ ਬਲਦ ਜਾਂ ਭੇਡੂ ਜਾਂ ਬੱਕਰੇ ਦੀ ਚਰਬੀ ਨਾ ਖਾਈਂ।+ 24 ਜਿਹੜਾ ਜਾਨਵਰ ਮਰਿਆ ਹੋਇਆ ਪਾਇਆ ਜਾਂਦਾ ਹੈ ਜਾਂ ਜਿਸ ਨੂੰ ਕਿਸੇ ਹੋਰ ਜਾਨਵਰ ਨੇ ਮਾਰਿਆ ਹੈ, ਤੂੰ ਉਸ ਦੀ ਚਰਬੀ ਹਰਗਿਜ਼ ਨਾ ਖਾਈਂ। ਪਰ ਉਹ ਚਰਬੀ ਹੋਰ ਕਿਸੇ ਵੀ ਕੰਮ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ।+ 25 ਜਿਹੜਾ ਇਨਸਾਨ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਉਣ ਲਈ ਲਿਆਂਦੇ ਜਾਨਵਰ ਦੀ ਚਰਬੀ ਖਾਂਦਾ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।

26 “‘ਤੂੰ ਜਿੱਥੇ ਕਿਤੇ ਵੀ ਰਹੇਂ, ਤੂੰ ਹਰਗਿਜ਼ ਖ਼ੂਨ ਨਾ ਖਾਈਂ,+ ਚਾਹੇ ਉਹ ਪੰਛੀਆਂ ਦਾ ਹੋਵੇ ਜਾਂ ਫਿਰ ਜਾਨਵਰਾਂ ਦਾ। 27 ਜਿਹੜਾ ਵੀ ਇਨਸਾਨ ਖ਼ੂਨ ਖਾਂਦਾ ਹੈ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।’”+

28 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 29 “ਇਜ਼ਰਾਈਲੀਆਂ ਨੂੰ ਕਹਿ, ‘ਜਿਹੜਾ ਵੀ ਯਹੋਵਾਹ ਨੂੰ ਸ਼ਾਂਤੀ-ਬਲ਼ੀ ਚੜ੍ਹਾਉਂਦਾ ਹੈ, ਉਹ ਸ਼ਾਂਤੀ-ਬਲ਼ੀ ਦਾ ਕੁਝ ਹਿੱਸਾ ਯਹੋਵਾਹ ਕੋਲ ਲਿਆਵੇ।+ 30 ਉਹ ਆਪਣੇ ਹੱਥਾਂ ʼਤੇ ਜਾਨਵਰ ਦੀ ਚਰਬੀ+ ਅਤੇ ਸੀਨਾ ਰੱਖ ਕੇ ਯਹੋਵਾਹ ਅੱਗੇ ਅੱਗ ਵਿਚ ਸਾੜਨ ਲਈ ਲਿਆਵੇ ਅਤੇ ਇਸ ਨੂੰ ਹਿਲਾਉਣ ਦੀ ਭੇਟ+ ਵਜੋਂ ਯਹੋਵਾਹ ਸਾਮ੍ਹਣੇ ਅੱਗੇ-ਪਿੱਛੇ ਹਿਲਾਵੇ। 31 ਪੁਜਾਰੀ ਚਰਬੀ ਨੂੰ ਵੇਦੀ ਉੱਤੇ ਸਾੜੇਗਾ ਤਾਂਕਿ ਇਸ ਦਾ ਧੂੰਆਂ ਉੱਠੇ,+ ਪਰ ਸੀਨਾ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇਗਾ।+

32 “‘ਤੂੰ ਸ਼ਾਂਤੀ-ਬਲ਼ੀ ਦੇ ਜਾਨਵਰ ਦੀ ਸੱਜੀ ਲੱਤ ਪਵਿੱਤਰ ਹਿੱਸੇ ਵਜੋਂ ਪੁਜਾਰੀ ਨੂੰ ਦੇਈਂ।+ 33 ਹਾਰੂਨ ਦਾ ਜਿਹੜਾ ਪੁੱਤਰ ਸ਼ਾਂਤੀ-ਬਲ਼ੀ ਦੇ ਜਾਨਵਰ ਦਾ ਖ਼ੂਨ ਅਤੇ ਚਰਬੀ ਚੜ੍ਹਾਵੇਗਾ, ਸੱਜੀ ਲੱਤ ਉਸ ਦੇ ਹਿੱਸੇ ਆਵੇਗੀ।+ 34 ਕਿਉਂਕਿ ਮੈਂ ਇਜ਼ਰਾਈਲੀਆਂ ਵੱਲੋਂ ਚੜ੍ਹਾਈਆਂ ਸ਼ਾਂਤੀ-ਬਲ਼ੀਆਂ ਵਿੱਚੋਂ ਹਿਲਾਉਣ ਦੀ ਭੇਟ ਵਜੋਂ ਚੜ੍ਹਾਇਆ ਸੀਨਾ ਅਤੇ ਪਵਿੱਤਰ ਹਿੱਸੇ ਵਜੋਂ ਚੜ੍ਹਾਈ ਸੱਜੀ ਲੱਤ ਪੁਜਾਰੀ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦਿੰਦਾ ਹਾਂ। ਇਜ਼ਰਾਈਲੀ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨ।+

35 “‘ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਏ ਜਾਂਦੇ ਚੜ੍ਹਾਵਿਆਂ ਵਿੱਚੋਂ ਇਹ ਹਿੱਸਾ ਉਸੇ ਦਿਨ ਤੋਂ ਪੁਜਾਰੀਆਂ ਲਈ ਅਲੱਗ ਰੱਖਿਆ ਜਾਣ ਲੱਗਾ ਜਿਸ ਦਿਨ ਤੋਂ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਪੁਜਾਰੀਆਂ ਵਜੋਂ ਸੇਵਾ ਕਰਨ ਲਈ ਯਹੋਵਾਹ ਅੱਗੇ ਪੇਸ਼ ਕੀਤਾ ਗਿਆ।+ 36 ਜਿਸ ਦਿਨ ਉਨ੍ਹਾਂ ਨੂੰ ਪੁਜਾਰੀਆਂ ਵਜੋਂ ਨਿਯੁਕਤ ਕੀਤਾ ਗਿਆ,+ ਉਸੇ ਦਿਨ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਕਿ ਇਹ ਹਿੱਸਾ ਉਨ੍ਹਾਂ ਨੂੰ ਦਿੱਤਾ ਜਾਵੇ। ਇਜ਼ਰਾਈਲੀ ਪੀੜ੍ਹੀਓ-ਪੀੜ੍ਹੀ ਇਸ ਨਿਯਮ ਦੀ ਪਾਲਣਾ ਕਰਨ।’”

37 ਇਹ ਨਿਯਮ ਇਨ੍ਹਾਂ ਬਲ਼ੀਆਂ ਦੇ ਸੰਬੰਧ ਵਿਚ ਹਨ: ਹੋਮ-ਬਲ਼ੀ,+ ਅਨਾਜ ਦੇ ਚੜ੍ਹਾਵੇ,+ ਪਾਪ-ਬਲ਼ੀ,+ ਦੋਸ਼-ਬਲ਼ੀ,+ ਨਿਯੁਕਤੀ ਵੇਲੇ ਚੜ੍ਹਾਈ ਜਾਂਦੀ ਬਲ਼ੀ+ ਅਤੇ ਸ਼ਾਂਤੀ-ਬਲ਼ੀ।+ 38 ਇਹ ਨਿਯਮ ਯਹੋਵਾਹ ਨੇ ਸੀਨਈ ਪਹਾੜ ਉੱਤੇ ਉਸ ਦਿਨ ਮੂਸਾ ਨੂੰ ਦਿੱਤੇ ਸਨ+ ਜਿਸ ਦਿਨ ਉਸ ਨੇ ਸੀਨਈ ਦੀ ਉਜਾੜ ਵਿਚ ਇਜ਼ਰਾਈਲੀਆਂ ਨੂੰ ਯਹੋਵਾਹ ਅੱਗੇ ਭੇਟਾਂ ਚੜ੍ਹਾਉਣ ਦਾ ਹੁਕਮ ਦਿੱਤਾ ਸੀ।+

8 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਲੈ ਕੇ ਆ,+ ਨਾਲੇ ਉਨ੍ਹਾਂ ਦੇ ਲਿਬਾਸ,+ ਨਿਯੁਕਤ ਕਰਨ ਲਈ ਪਵਿੱਤਰ ਤੇਲ,+ ਪਾਪ-ਬਲ਼ੀ ਦਾ ਬਲਦ, ਦੋ ਭੇਡੂ ਅਤੇ ਬੇਖਮੀਰੀਆਂ ਰੋਟੀਆਂ ਦੀ ਟੋਕਰੀ ਲਿਆ+ 3 ਅਤੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਸਾਰੀ ਮੰਡਲੀ ਨੂੰ ਇਕੱਠਾ ਕਰ।”

4 ਫਿਰ ਮੂਸਾ ਨੇ ਯਹੋਵਾਹ ਦੇ ਹੁਕਮ ਅਨੁਸਾਰ ਬਿਲਕੁਲ ਉਸੇ ਤਰ੍ਹਾਂ ਕੀਤਾ ਅਤੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਮੰਡਲੀ ਇਕੱਠੀ ਹੋ ਗਈ। 5 ਫਿਰ ਮੂਸਾ ਨੇ ਮੰਡਲੀ ਨੂੰ ਕਿਹਾ: “ਯਹੋਵਾਹ ਨੇ ਸਾਨੂੰ ਇਸ ਤਰ੍ਹਾਂ ਕਰਨ ਦਾ ਹੁਕਮ ਦਿੱਤਾ ਹੈ।” 6 ਇਸ ਲਈ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਨੇੜੇ ਬੁਲਾਇਆ ਅਤੇ ਉਨ੍ਹਾਂ ਨੂੰ ਨਹਾਉਣ ਦਾ ਹੁਕਮ ਦਿੱਤਾ।+ 7 ਇਸ ਤੋਂ ਬਾਅਦ ਉਸ ਨੇ ਹਾਰੂਨ ਦੇ ਚੋਗਾ+ ਪਾਇਆ ਅਤੇ ਉਸ ਦੇ ਲੱਕ ਦੁਆਲੇ ਪਟਕਾ+ ਬੰਨ੍ਹਿਆ ਅਤੇ ਬਿਨਾਂ ਬਾਹਾਂ ਵਾਲਾ ਕੁੜਤਾ+ ਪਾ ਕੇ ਉਸ ਉੱਤੇ ਏਫ਼ੋਦ+ ਪਾਇਆ ਅਤੇ ਏਫ਼ੋਦ ਨੂੰ ਬੁਣੀਆਂ ਹੋਈਆਂ ਵੱਧਰੀਆਂ+ ਨਾਲ ਕੱਸ ਕੇ ਬੰਨ੍ਹ ਦਿੱਤਾ। 8 ਫਿਰ ਉਸ ਨੇ ਉਸ ਦੇ ਸੀਨਾਬੰਦ+ ਪਾਇਆ ਅਤੇ ਸੀਨੇਬੰਦ ਵਿਚ ਊਰੀਮ ਤੇ ਤੁੰਮੀਮ+ ਪਾ ਦਿੱਤੇ। 9 ਇਸ ਤੋਂ ਬਾਅਦ ਉਸ ਨੇ ਹਾਰੂਨ ਦੇ ਸਿਰ ਉੱਤੇ ਪਗੜੀ+ ਰੱਖੀ ਅਤੇ ਪਗੜੀ ਉੱਤੇ ਸਾਮ੍ਹਣੇ ਪਾਸੇ ਸੋਨੇ ਦੀ ਚਮਕਦੀ ਹੋਈ ਪੱਤਰੀ ਯਾਨੀ ਸਮਰਪਣ ਦੀ ਪਵਿੱਤਰ ਨਿਸ਼ਾਨੀ*+ ਬੰਨ੍ਹੀ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

10 ਫਿਰ ਮੂਸਾ ਨੇ ਪਵਿੱਤਰ ਤੇਲ ਲੈ ਕੇ ਡੇਰੇ ਅਤੇ ਇਸ ਵਿਚਲੀਆਂ ਸਾਰੀਆਂ ਚੀਜ਼ਾਂ ਉੱਤੇ ਪਾਇਆ+ ਅਤੇ ਇਨ੍ਹਾਂ ਨੂੰ ਪਵਿੱਤਰ ਕੀਤਾ। 11 ਇਸ ਤੋਂ ਬਾਅਦ ਉਸ ਨੇ ਵੇਦੀ ਅਤੇ ਇਸ ਦੇ ਲਈ ਵਰਤੇ ਜਾਣ ਵਾਲੇ ਸਾਰੇ ਸਾਮਾਨ ਉੱਤੇ ਅਤੇ ਹੌਦ ਤੇ ਇਸ ਦੀ ਚੌਂਕੀ ਉੱਤੇ ਸੱਤ ਵਾਰ ਥੋੜ੍ਹਾ ਜਿਹਾ ਤੇਲ ਛਿੜਕ ਕੇ ਇਨ੍ਹਾਂ ਨੂੰ ਪਵਿੱਤਰ ਕੀਤਾ। 12 ਅਖ਼ੀਰ ਵਿਚ ਉਸ ਨੇ ਹਾਰੂਨ ਦੇ ਸਿਰ ਉੱਤੇ ਥੋੜ੍ਹਾ ਜਿਹਾ ਪਵਿੱਤਰ ਤੇਲ ਪਾ ਕੇ ਉਸ ਨੂੰ ਪਵਿੱਤਰ ਕੀਤਾ ਅਤੇ ਸੇਵਾ ਲਈ ਨਿਯੁਕਤ ਕੀਤਾ।+

13 ਫਿਰ ਮੂਸਾ ਨੇ ਹਾਰੂਨ ਦੇ ਪੁੱਤਰਾਂ ਨੂੰ ਨੇੜੇ ਬੁਲਾਇਆ ਅਤੇ ਉਨ੍ਹਾਂ ਦੇ ਚੋਗੇ ਪਾਏ, ਲੱਕ ਦੁਆਲੇ ਪਟਕੇ ਬੰਨ੍ਹੇ ਅਤੇ ਉਨ੍ਹਾਂ ਦੇ ਸਿਰਾਂ ʼਤੇ ਪਗੜੀਆਂ ਰੱਖੀਆਂ,*+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

14 ਫਿਰ ਉਹ ਪਾਪ-ਬਲ਼ੀ ਦਾ ਬਲਦ ਲਿਆਇਆ ਅਤੇ ਹਾਰੂਨ ਤੇ ਉਸ ਦੇ ਪੁੱਤਰਾਂ ਨੇ ਪਾਪ-ਬਲ਼ੀ ਦੇ ਬਲਦ ਦੇ ਸਿਰ ਉੱਤੇ ਆਪਣੇ ਹੱਥ ਰੱਖੇ।+ 15 ਮੂਸਾ ਨੇ ਬਲਦ ਨੂੰ ਵੱਢਿਆ ਅਤੇ ਉਸ ਦਾ ਖ਼ੂਨ ਆਪਣੀ ਉਂਗਲ ਉੱਤੇ ਲਾ ਕੇ+ ਵੇਦੀ ਦੇ ਚਾਰੇ ਸਿੰਗਾਂ ʼਤੇ ਲਾਇਆ ਅਤੇ ਵੇਦੀ ਨੂੰ ਪਾਪ ਤੋਂ ਸ਼ੁੱਧ ਕੀਤਾ, ਪਰ ਉਸ ਨੇ ਬਾਕੀ ਖ਼ੂਨ ਵੇਦੀ ਦੇ ਕੋਲ ਡੋਲ੍ਹ ਦਿੱਤਾ। ਇਸ ਤਰ੍ਹਾਂ ਉਸ ਨੇ ਵੇਦੀ ਨੂੰ ਪਵਿੱਤਰ ਅਤੇ ਸ਼ੁੱਧ ਕੀਤਾ। 16 ਫਿਰ ਉਸ ਨੇ ਬਲਦ ਦੀ ਸਾਰੀ ਚਰਬੀ ਯਾਨੀ ਆਂਦਰਾਂ ਦੇ ਉੱਪਰਲੀ ਚਰਬੀ, ਕਲੇਜੀ ਦੀ ਚਰਬੀ ਅਤੇ ਦੋਵੇਂ ਗੁਰਦੇ ਅਤੇ ਉਨ੍ਹਾਂ ਉੱਪਰਲੀ ਚਰਬੀ ਲੈ ਕੇ ਵੇਦੀ ʼਤੇ ਸਾੜ ਦਿੱਤੀ ਤਾਂਕਿ ਇਨ੍ਹਾਂ ਦਾ ਧੂੰਆਂ ਉੱਠੇ।+ 17 ਇਸ ਤੋਂ ਬਾਅਦ ਉਸ ਨੇ ਬਲਦ ਦਾ ਮਾਸ, ਚਮੜੀ, ਗੋਹਾ ਅਤੇ ਉਸ ਦੇ ਬਾਕੀ ਹਿੱਸੇ ਛਾਉਣੀ ਤੋਂ ਬਾਹਰ ਲਿਜਾ ਕੇ ਅੱਗ ਵਿਚ ਸਾੜ ਦਿੱਤੇ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

18 ਫਿਰ ਉਸ ਨੇ ਹੋਮ-ਬਲ਼ੀ ਲਈ ਭੇਡੂ ਅੱਗੇ ਲਿਆਂਦਾ ਅਤੇ ਹਾਰੂਨ ਤੇ ਉਸ ਦੇ ਪੁੱਤਰਾਂ ਨੇ ਭੇਡੂ ਦੇ ਸਿਰ ਉੱਤੇ ਆਪਣੇ ਹੱਥ ਰੱਖੇ।+ 19 ਮੂਸਾ ਨੇ ਭੇਡੂ ਨੂੰ ਵੱਢਿਆ ਅਤੇ ਇਸ ਦਾ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਿਆ। 20 ਮੂਸਾ ਨੇ ਭੇਡੂ ਦੇ ਟੋਟੇ-ਟੋਟੇ ਕੀਤੇ ਅਤੇ ਉਸ ਦਾ ਸਿਰ, ਉਸ ਦੇ ਟੋਟੇ ਅਤੇ ਚਰਬੀ* ਅੱਗ ਵਿਚ ਸਾੜੀ ਤਾਂਕਿ ਬਲ਼ੀ ਦਾ ਧੂੰਆਂ ਉੱਠੇ। 21 ਫਿਰ ਉਸ ਨੇ ਭੇਡੂ ਦੀਆਂ ਆਂਦਰਾਂ ਅਤੇ ਲੱਤਾਂ ਪਾਣੀ ਨਾਲ ਧੋਤੀਆਂ ਅਤੇ ਪੂਰੇ ਭੇਡੂ ਨੂੰ ਵੇਦੀ ʼਤੇ ਸਾੜ ਦਿੱਤਾ ਤਾਂਕਿ ਬਲ਼ੀ ਦਾ ਧੂੰਆਂ ਉੱਠੇ। ਇਹ ਹੋਮ-ਬਲ਼ੀ ਸੀ ਜਿਸ ਦੀ ਖ਼ੁਸ਼ਬੂ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਹੋਈ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਗਈ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

22 ਇਸ ਤੋਂ ਬਾਅਦ ਉਸ ਨੇ ਪੁਜਾਰੀਆਂ ਦੀ ਨਿਯੁਕਤੀ+ ਲਈ ਦੂਸਰਾ ਭੇਡੂ ਲਿਆ ਅਤੇ ਹਾਰੂਨ ਤੇ ਉਸ ਦੇ ਪੁੱਤਰਾਂ ਨੇ ਭੇਡੂ ਦੇ ਸਿਰ ਉੱਤੇ ਆਪਣੇ ਹੱਥ ਰੱਖੇ।+ 23 ਫਿਰ ਉਸ ਨੇ ਭੇਡੂ ਨੂੰ ਵੱਢਿਆ ਅਤੇ ਉਸ ਦਾ ਥੋੜ੍ਹਾ ਜਿਹਾ ਖ਼ੂਨ ਹਾਰੂਨ ਦੇ ਸੱਜੇ ਕੰਨ ਦੇ ਹੇਠਲੇ ਸਿਰੇ ʼਤੇ ਅਤੇ ਸੱਜੇ ਹੱਥ ਦੇ ਅੰਗੂਠੇ ʼਤੇ ਅਤੇ ਸੱਜੇ ਪੈਰ ਦੇ ਅੰਗੂਠੇ ʼਤੇ ਲਾਇਆ। 24 ਫਿਰ ਮੂਸਾ ਹਾਰੂਨ ਦੇ ਪੁੱਤਰਾਂ ਨੂੰ ਅੱਗੇ ਲਿਆਇਆ ਅਤੇ ਉਸ ਨੇ ਥੋੜ੍ਹਾ ਜਿਹਾ ਖ਼ੂਨ ਉਨ੍ਹਾਂ ਦੇ ਸੱਜੇ ਕੰਨਾਂ ਦੇ ਹੇਠਲੇ ਸਿਰੇ ʼਤੇ ਅਤੇ ਉਨ੍ਹਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ʼਤੇ ਅਤੇ ਉਨ੍ਹਾਂ ਦੇ ਸੱਜੇ ਪੈਰਾਂ ਦੇ ਅੰਗੂਠਿਆਂ ʼਤੇ ਲਾਇਆ। ਮੂਸਾ ਨੇ ਬਾਕੀ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਿਆ।+

25 ਫਿਰ ਉਸ ਨੇ ਭੇਡੂ ਦੀ ਚਰਬੀ ਯਾਨੀ ਇਸ ਦੀ ਚਰਬੀ ਵਾਲੀ ਮੋਟੀ ਪੂਛ, ਆਂਦਰਾਂ ਉੱਪਰਲੀ ਚਰਬੀ, ਕਲੇਜੀ ਦੀ ਚਰਬੀ ਤੇ ਦੋਵੇਂ ਗੁਰਦੇ ਤੇ ਉਨ੍ਹਾਂ ਉੱਪਰਲੀ ਚਰਬੀ ਅਤੇ ਸੱਜੀ ਲੱਤ ਲਈ।+ 26 ਉਸ ਨੇ ਯਹੋਵਾਹ ਸਾਮ੍ਹਣੇ ਪਈ ਬੇਖਮੀਰੀਆਂ ਰੋਟੀਆਂ ਦੀ ਟੋਕਰੀ ਵਿੱਚੋਂ ਇਕ ਛੱਲੇ ਵਰਗੀ ਬੇਖਮੀਰੀ ਰੋਟੀ,+ ਤੇਲ ਵਿਚ ਗੁੰਨ੍ਹ ਕੇ ਬਣਾਈ ਇਕ ਛੱਲੇ ਵਰਗੀ ਰੋਟੀ+ ਅਤੇ ਇਕ ਪਤਲੀ ਕੜਕ ਰੋਟੀ ਲਈ। ਉਸ ਨੇ ਇਹ ਰੋਟੀਆਂ ਭੇਡੂ ਦੀ ਚਰਬੀ ਅਤੇ ਸੱਜੀ ਲੱਤ ਉੱਤੇ ਰੱਖ ਦਿੱਤੀਆਂ। 27 ਉਸ ਨੇ ਇਹ ਸਾਰੀਆਂ ਚੀਜ਼ਾਂ ਹਾਰੂਨ ਤੇ ਉਸ ਦੇ ਪੁੱਤਰਾਂ ਦੇ ਹੱਥਾਂ ʼਤੇ ਰੱਖ ਕੇ ਯਹੋਵਾਹ ਸਾਮ੍ਹਣੇ ਹਿਲਾਉਣ ਦੀ ਭੇਟ ਵਜੋਂ ਅੱਗੇ-ਪਿੱਛੇ ਹਿਲਾਉਣੀਆਂ ਸ਼ੁਰੂ ਕੀਤੀਆਂ। 28 ਫਿਰ ਮੂਸਾ ਨੇ ਉਨ੍ਹਾਂ ਦੇ ਹੱਥਾਂ ਤੋਂ ਉਹ ਚੀਜ਼ਾਂ ਲਈਆਂ ਅਤੇ ਉਨ੍ਹਾਂ ਨੂੰ ਹੋਮ-ਬਲ਼ੀ ਵਜੋਂ ਕੁਰਬਾਨ ਕੀਤੇ ਪਹਿਲੇ ਭੇਡੂ ਦੇ ਉੱਪਰ ਰੱਖ ਕੇ ਵੇਦੀ ਉੱਤੇ ਸਾੜ ਦਿੱਤਾ ਤਾਂਕਿ ਬਲ਼ੀ ਦਾ ਧੂੰਆਂ ਉੱਠੇ। ਇਹ ਭੇਟ ਪੁਜਾਰੀਆਂ ਵਜੋਂ ਉਨ੍ਹਾਂ ਦੀ ਨਿਯੁਕਤੀ ਵੇਲੇ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਗਈ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਈ।

29 ਫਿਰ ਮੂਸਾ ਨੇ ਉਸ ਭੇਡੂ ਦਾ ਸੀਨਾ ਲਿਆ ਅਤੇ ਉਸ ਨੂੰ ਯਹੋਵਾਹ ਸਾਮ੍ਹਣੇ ਹਿਲਾਉਣ ਦੀ ਭੇਟ ਵਜੋਂ ਅੱਗੇ-ਪਿੱਛੇ ਹਿਲਾਇਆ।+ ਨਿਯੁਕਤੀ ਵੇਲੇ ਕੁਰਬਾਨ ਕੀਤੇ ਗਏ ਭੇਡੂ ਵਿੱਚੋਂ ਇਹ ਉਸ ਦਾ ਹਿੱਸਾ ਸੀ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।+

30 ਅਤੇ ਮੂਸਾ ਨੇ ਥੋੜ੍ਹਾ ਜਿਹਾ ਪਵਿੱਤਰ ਤੇਲ+ ਅਤੇ ਵੇਦੀ ਤੋਂ ਥੋੜ੍ਹਾ ਜਿਹਾ ਖ਼ੂਨ ਲੈ ਕੇ ਹਾਰੂਨ ਅਤੇ ਉਸ ਦੇ ਕੱਪੜਿਆਂ ʼਤੇ ਅਤੇ ਉਸ ਦੇ ਪੁੱਤਰਾਂ ਅਤੇ ਉਨ੍ਹਾਂ ਦੇ ਕੱਪੜਿਆਂ ਉੱਤੇ ਛਿੜਕਿਆ। ਇਸ ਤਰ੍ਹਾਂ ਉਸ ਨੇ ਹਾਰੂਨ ਤੇ ਉਸ ਦੇ ਕੱਪੜਿਆਂ ਨੂੰ ਅਤੇ ਉਸ ਦੇ ਪੁੱਤਰਾਂ+ ਤੇ ਉਨ੍ਹਾਂ ਦੇ ਕੱਪੜਿਆਂ ਨੂੰ ਪਵਿੱਤਰ ਕੀਤਾ।+

31 ਫਿਰ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਕਿਹਾ: “ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਭੇਡੂ ਦਾ ਮਾਸ ਰਿੰਨ੍ਹੋ+ ਅਤੇ ਉੱਥੇ ਇਸ ਨੂੰ ਟੋਕਰੀ* ਵਿਚ ਪਈਆਂ ਰੋਟੀਆਂ ਨਾਲ ਖਾਓ, ਠੀਕ ਜਿਵੇਂ ਮੈਨੂੰ ਪਰਮੇਸ਼ੁਰ ਤੋਂ ਇਹ ਹੁਕਮ ਮਿਲਿਆ ਸੀ, ‘ਹਾਰੂਨ ਅਤੇ ਉਸ ਦੇ ਪੁੱਤਰ ਇਸ ਨੂੰ ਖਾਣਗੇ।’+ 32 ਤੁਸੀਂ ਭੇਡੂ ਦਾ ਬਾਕੀ ਬਚਿਆ ਮਾਸ ਅਤੇ ਰੋਟੀਆਂ ਅੱਗ ਵਿਚ ਸਾੜ ਦਿਓ।+ 33 ਤੁਸੀਂ ਸੱਤ ਦਿਨ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੋਂ ਬਾਹਰ ਕਦਮ ਨਹੀਂ ਰੱਖਣਾ ਜਦ ਤਕ ਤੁਹਾਡੀ ਨਿਯੁਕਤੀ ਦੇ ਦਿਨ ਪੂਰੇ ਨਹੀਂ ਹੋ ਜਾਂਦੇ ਕਿਉਂਕਿ ਪੁਜਾਰੀਆਂ ਵਜੋਂ ਤੁਹਾਡੀ ਨਿਯੁਕਤੀ ਕਰਨ* ਵਿਚ ਸੱਤ ਦਿਨ ਲੱਗਣਗੇ।+ 34 ਅਸੀਂ ਤੁਹਾਡੇ ਪਾਪ ਮਿਟਾਉਣ ਲਈ ਅੱਜ ਜੋ ਵੀ ਕੀਤਾ, ਉਸ ਨੂੰ ਕਰਨ ਦਾ ਯਹੋਵਾਹ ਨੇ ਹੁਕਮ ਦਿੱਤਾ ਸੀ।+ 35 ਤੁਸੀਂ ਸੱਤ ਦਿਨਾਂ ਤਕ ਦਿਨ-ਰਾਤ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਰਹੋ+ ਅਤੇ ਯਹੋਵਾਹ ਨੇ ਜਿਹੜੇ ਵੀ ਹੁਕਮ ਦਿੱਤੇ ਹਨ, ਉਨ੍ਹਾਂ ਦਾ ਪਾਲਣ ਕਰ ਕੇ ਆਪਣਾ ਫ਼ਰਜ਼ ਪੂਰਾ ਕਰੋ+ ਤਾਂਕਿ ਤੁਹਾਨੂੰ ਮੌਤ ਦੀ ਸਜ਼ਾ ਨਾ ਮਿਲੇ; ਮੈਨੂੰ ਇਹੀ ਹੁਕਮ ਦਿੱਤਾ ਗਿਆ ਹੈ।”

36 ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਉਹ ਸਭ ਕੁਝ ਕੀਤਾ ਜਿਸ ਨੂੰ ਕਰਨ ਦਾ ਯਹੋਵਾਹ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ।

9 ਅੱਠਵੇਂ ਦਿਨ+ ਮੂਸਾ ਨੇ ਹਾਰੂਨ, ਉਸ ਦੇ ਪੁੱਤਰਾਂ ਅਤੇ ਇਜ਼ਰਾਈਲ ਦੇ ਬਜ਼ੁਰਗਾਂ ਨੂੰ ਬੁਲਾਇਆ। 2 ਉਸ ਨੇ ਹਾਰੂਨ ਨੂੰ ਕਿਹਾ: “ਆਪਣੇ ਵਾਸਤੇ ਪਾਪ-ਬਲ਼ੀ ਲਈ ਇਕ ਵੱਛਾ+ ਅਤੇ ਹੋਮ-ਬਲ਼ੀ ਲਈ ਇਕ ਭੇਡੂ ਲੈ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ ਅਤੇ ਉਨ੍ਹਾਂ ਨੂੰ ਯਹੋਵਾਹ ਅੱਗੇ ਚੜ੍ਹਾ। 3 ਅਤੇ ਤੂੰ ਇਜ਼ਰਾਈਲੀਆਂ ਨੂੰ ਕਹਿ, ‘ਪਾਪ-ਬਲ਼ੀ ਲਈ ਇਕ ਬੱਕਰਾ ਅਤੇ ਹੋਮ-ਬਲ਼ੀ ਲਈ ਇਕ ਵੱਛਾ ਅਤੇ ਲੇਲਾ ਲਓ। ਦੋਵੇਂ ਇਕ ਸਾਲ ਦੇ ਹੋਣ ਅਤੇ ਉਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ 4 ਅਤੇ ਸ਼ਾਂਤੀ-ਬਲ਼ੀਆਂ ਲਈ ਇਕ ਬਲਦ ਅਤੇ ਭੇਡੂ ਲਓ+ ਅਤੇ ਯਹੋਵਾਹ ਅੱਗੇ ਉਨ੍ਹਾਂ ਦੀ ਬਲ਼ੀ ਦਿਓ। ਨਾਲੇ ਅਨਾਜ ਦਾ ਚੜ੍ਹਾਵਾ+ ਚੜ੍ਹਾਓ ਜਿਸ ਵਿਚ ਤੇਲ ਮਿਲਾਇਆ ਗਿਆ ਹੋਵੇ ਕਿਉਂਕਿ ਅੱਜ ਯਹੋਵਾਹ ਤੁਹਾਡੇ ਸਾਮ੍ਹਣੇ ਪ੍ਰਗਟ ਹੋਵੇਗਾ।’”+

5 ਇਸ ਲਈ ਉਹ ਮੂਸਾ ਦੇ ਹੁਕਮ ਮੁਤਾਬਕ ਇਹ ਸਭ ਕੁਝ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਲੈ ਆਏ। ਫਿਰ ਪੂਰੀ ਮੰਡਲੀ ਅੱਗੇ ਆਈ ਅਤੇ ਯਹੋਵਾਹ ਸਾਮ੍ਹਣੇ ਖੜ੍ਹ ਗਈ। 6 ਅਤੇ ਮੂਸਾ ਨੇ ਕਿਹਾ: “ਯਹੋਵਾਹ ਨੇ ਤੁਹਾਨੂੰ ਇਹ ਸਭ ਕੁਝ ਕਰਨ ਦਾ ਹੁਕਮ ਦਿੱਤਾ ਹੈ ਤਾਂਕਿ ਯਹੋਵਾਹ ਦੀ ਮਹਿਮਾ ਤੁਹਾਡੇ ਸਾਮ੍ਹਣੇ ਪ੍ਰਗਟ ਹੋਵੇ।”+ 7 ਫਿਰ ਮੂਸਾ ਨੇ ਹਾਰੂਨ ਨੂੰ ਕਿਹਾ: “ਵੇਦੀ ਕੋਲ ਜਾ ਕੇ ਆਪਣੀ ਪਾਪ-ਬਲ਼ੀ+ ਤੇ ਹੋਮ-ਬਲ਼ੀ ਚੜ੍ਹਾ ਅਤੇ ਆਪਣੇ ਪਾਪ ਤੇ ਆਪਣੇ ਘਰਾਣੇ ਦੇ ਪਾਪ ਮਿਟਾਉਣ ਲਈ ਇਹ ਬਲ਼ੀਆਂ ਚੜ੍ਹਾ।+ ਨਾਲੇ ਲੋਕਾਂ ਦੇ ਪਾਪ ਮਿਟਾਉਣ ਲਈ ਉਨ੍ਹਾਂ ਵੱਲੋਂ ਲਿਆਂਦੇ ਚੜ੍ਹਾਵੇ ਚੜ੍ਹਾ,+ ਠੀਕ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਹੈ।”

8 ਹਾਰੂਨ ਨੇ ਉਸੇ ਵੇਲੇ ਵੇਦੀ ਕੋਲ ਜਾ ਕੇ ਵੱਛੇ ਨੂੰ ਵੱਢਿਆ ਜੋ ਉਸ ਦੇ ਆਪਣੇ ਪਾਪਾਂ ਲਈ ਸੀ।+ 9 ਫਿਰ ਹਾਰੂਨ ਦੇ ਪੁੱਤਰ ਉਸ ਕੋਲ ਵੱਛੇ ਦਾ ਖ਼ੂਨ+ ਲਿਆਏ ਅਤੇ ਉਸ ਨੇ ਖ਼ੂਨ ਵਿਚ ਆਪਣੀ ਉਂਗਲ ਡੋਬ ਕੇ ਵੇਦੀ ਦੇ ਸਿੰਗਾਂ ਉੱਤੇ ਖ਼ੂਨ ਲਾ ਦਿੱਤਾ ਅਤੇ ਉਸ ਨੇ ਬਾਕੀ ਬਚਿਆ ਖ਼ੂਨ ਵੇਦੀ ਦੇ ਕੋਲ ਡੋਲ੍ਹ ਦਿੱਤਾ।+ 10 ਉਸ ਨੇ ਪਾਪ-ਬਲ਼ੀ ਦੇ ਵੱਛੇ ਦੀ ਚਰਬੀ, ਗੁਰਦੇ ਅਤੇ ਕਲੇਜੀ ਦੀ ਚਰਬੀ ਵੇਦੀ ਉੱਤੇ ਸਾੜ ਦਿੱਤੀ ਜਿਸ ਦਾ ਧੂੰਆਂ ਉੱਠਿਆ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।+ 11 ਅਤੇ ਉਸ ਨੇ ਵੱਛੇ ਦਾ ਮਾਸ ਅਤੇ ਚਮੜੀ ਛਾਉਣੀ ਤੋਂ ਬਾਹਰ ਅੱਗ ਵਿਚ ਸਾੜ ਦਿੱਤੀ।+

12 ਫਿਰ ਉਸ ਨੇ ਹੋਮ-ਬਲ਼ੀ ਦੇ ਜਾਨਵਰ ਨੂੰ ਵੱਢਿਆ ਅਤੇ ਹਾਰੂਨ ਦੇ ਪੁੱਤਰਾਂ ਨੇ ਉਸ ਜਾਨਵਰ ਦਾ ਖ਼ੂਨ ਉਸ ਨੂੰ ਫੜਾਇਆ ਅਤੇ ਉਸ ਨੇ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਿਆ।+ 13 ਉਨ੍ਹਾਂ ਨੇ ਉਸ ਨੂੰ ਹੋਮ-ਬਲ਼ੀ ਦੇ ਜਾਨਵਰ ਦਾ ਸਿਰ ਅਤੇ ਟੋਟੇ ਫੜਾਏ ਅਤੇ ਉਸ ਨੇ ਉਨ੍ਹਾਂ ਨੂੰ ਵੇਦੀ ਉੱਤੇ ਅੱਗ ਵਿਚ ਸਾੜ ਦਿੱਤਾ ਜਿਸ ਦਾ ਧੂੰਆਂ ਉੱਠਿਆ। 14 ਫਿਰ ਉਸ ਨੇ ਆਂਦਰਾਂ ਅਤੇ ਲੱਤਾਂ ਧੋਤੀਆਂ ਅਤੇ ਉਨ੍ਹਾਂ ਨੂੰ ਵੇਦੀ ਉੱਤੇ ਪਈ ਹੋਮ-ਬਲ਼ੀ ਉੱਤੇ ਰੱਖ ਕੇ ਸਾੜ ਦਿੱਤਾ ਜਿਸ ਦਾ ਧੂੰਆਂ ਉੱਠਿਆ।

15 ਫਿਰ ਉਸ ਨੇ ਲੋਕਾਂ ਵੱਲੋਂ ਲਿਆਂਦਾ ਚੜ੍ਹਾਵਾ ਚੜ੍ਹਾਇਆ। ਉਸ ਨੇ ਲੋਕਾਂ ਦੇ ਪਾਪਾਂ ਲਈ ਲਿਆਂਦਾ ਬੱਕਰਾ ਵੱਢਿਆ ਅਤੇ ਵੱਛੇ ਵਾਂਗ ਇਸ ਨੂੰ ਵੀ ਪਾਪ-ਬਲ਼ੀ ਵਜੋਂ ਚੜ੍ਹਾਇਆ। 16 ਫਿਰ ਉਸ ਨੇ ਹੋਮ-ਬਲ਼ੀ ਦਾ ਜਾਨਵਰ ਲਿਆ ਅਤੇ ਉਸ ਨੂੰ ਵੀ ਉਸੇ ਤਰ੍ਹਾਂ ਚੜ੍ਹਾਇਆ ਜਿਸ ਤਰ੍ਹਾਂ ਹੋਮ-ਬਲ਼ੀਆਂ ਚੜ੍ਹਾਈਆਂ ਜਾਂਦੀਆਂ ਹਨ।+

17 ਫਿਰ ਉਸ ਨੇ ਅਨਾਜ ਦਾ ਚੜ੍ਹਾਵਾ ਚੜ੍ਹਾਇਆ।+ ਉਸ ਨੇ ਆਪਣੇ ਹੱਥ ਵਿਚ ਥੋੜ੍ਹਾ ਜਿਹਾ ਅਨਾਜ ਲੈ ਕੇ ਉਸ ਨੂੰ ਸਵੇਰੇ ਚੜ੍ਹਾਈ ਹੋਮ-ਬਲ਼ੀ ਦੇ ਨਾਲ ਵੇਦੀ ਉੱਤੇ ਸਾੜਿਆ ਜਿਸ ਦਾ ਧੂੰਆਂ ਉੱਠਿਆ।+

18 ਇਸ ਤੋਂ ਬਾਅਦ ਉਸ ਨੇ ਲੋਕਾਂ ਦੇ ਪਾਪਾਂ ਲਈ ਸ਼ਾਂਤੀ-ਬਲ਼ੀ ਦੇ ਬਲਦ ਅਤੇ ਭੇਡੂ ਨੂੰ ਵੱਢਿਆ। ਫਿਰ ਹਾਰੂਨ ਦੇ ਪੁੱਤਰਾਂ ਨੇ ਇਨ੍ਹਾਂ ਜਾਨਵਰਾਂ ਦਾ ਖ਼ੂਨ ਉਸ ਨੂੰ ਫੜਾਇਆ ਅਤੇ ਉਸ ਨੇ ਵੇਦੀ ਦੇ ਚਾਰੇ ਪਾਸਿਆਂ ਉੱਤੇ ਖ਼ੂਨ ਛਿੜਕਿਆ।+ 19 ਉਨ੍ਹਾਂ ਨੇ ਬਲਦ ਦੀ ਚਰਬੀ,+ ਭੇਡੂ ਦੀ ਚਰਬੀ ਵਾਲੀ ਮੋਟੀ ਪੂਛ, ਅੰਦਰਲੇ ਅੰਗਾਂ ਨੂੰ ਢਕਣ ਵਾਲੀ ਚਰਬੀ, ਗੁਰਦੇ ਅਤੇ ਕਲੇਜੀ ਦੀ ਚਰਬੀ ਲਈ+ 20 ਅਤੇ ਇਹ ਸਾਰੀ ਚਰਬੀ ਬਲਦ ਅਤੇ ਭੇਡੂ ਦੇ ਸੀਨਿਆਂ ਉੱਤੇ ਰੱਖੀ ਜਿਸ ਤੋਂ ਬਾਅਦ ਉਸ ਨੇ ਸਾਰੀ ਚਰਬੀ ਵੇਦੀ ਉੱਤੇ ਅੱਗ ਵਿਚ ਸਾੜੀ ਜਿਸ ਦਾ ਧੂੰਆਂ ਉੱਠਿਆ।+ 21 ਪਰ ਹਾਰੂਨ ਨੇ ਦੋਵੇਂ ਜਾਨਵਰਾਂ ਦੇ ਸੀਨੇ ਅਤੇ ਸੱਜੀਆਂ ਲੱਤਾਂ ਨੂੰ ਯਹੋਵਾਹ ਦੇ ਸਾਮ੍ਹਣੇ ਹਿਲਾਉਣ ਦੀ ਭੇਟ ਵਜੋਂ ਅੱਗੇ-ਪਿੱਛੇ ਹਿਲਾਇਆ, ਠੀਕ ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ।+

22 ਫਿਰ ਹਾਰੂਨ ਨੇ ਲੋਕਾਂ ਵੱਲ ਆਪਣੇ ਹੱਥ ਚੁੱਕ ਕੇ ਉਨ੍ਹਾਂ ਨੂੰ ਅਸੀਸ ਦਿੱਤੀ+ ਅਤੇ ਉਹ ਪਾਪ-ਬਲ਼ੀ, ਹੋਮ-ਬਲ਼ੀ ਤੇ ਸ਼ਾਂਤੀ-ਬਲ਼ੀਆਂ ਚੜ੍ਹਾ ਕੇ ਵੇਦੀ ਤੋਂ ਥੱਲੇ ਉੱਤਰਿਆ। 23 ਅਖ਼ੀਰ ਵਿਚ ਮੂਸਾ ਤੇ ਹਾਰੂਨ ਮੰਡਲੀ ਦੇ ਤੰਬੂ ਦੇ ਅੰਦਰ ਗਏ ਅਤੇ ਫਿਰ ਬਾਹਰ ਆ ਕੇ ਲੋਕਾਂ ਨੂੰ ਅਸੀਸ ਦਿੱਤੀ।+

ਫਿਰ ਯਹੋਵਾਹ ਦੀ ਮਹਿਮਾ ਸਾਰੇ ਲੋਕਾਂ ਸਾਮ੍ਹਣੇ ਪ੍ਰਗਟ ਹੋਈ+ 24 ਅਤੇ ਯਹੋਵਾਹ ਨੇ ਅੱਗ ਘੱਲੀ+ ਜੋ ਵੇਦੀ ਉੱਤੇ ਪਈ ਹੋਮ-ਬਲ਼ੀ ਅਤੇ ਚਰਬੀ ਨੂੰ ਭਸਮ ਕਰਨ ਲੱਗੀ। ਜਦੋਂ ਲੋਕਾਂ ਨੇ ਇਹ ਸਭ ਕੁਝ ਦੇਖਿਆ, ਤਾਂ ਉਹ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨ ਲੱਗੇ ਅਤੇ ਉਨ੍ਹਾਂ ਨੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ।+

10 ਬਾਅਦ ਵਿਚ ਹਾਰੂਨ ਦੇ ਪੁੱਤਰ ਨਾਦਾਬ ਅਤੇ ਅਬੀਹੂ+ ਨੇ ਆਪਣੇ ਕੜਛਿਆਂ ਵਿਚ ਅੱਗ ਰੱਖੀ ਅਤੇ ਉਸ ਉੱਤੇ ਧੂਪ ਪਾਇਆ।+ ਫਿਰ ਉਹ ਕਾਨੂੰਨ ਵਿਚ ਦਿੱਤੀਆਂ ਹਿਦਾਇਤਾਂ ਤੋਂ ਉਲਟ ਯਹੋਵਾਹ ਅੱਗੇ ਧੂਪ ਧੁਖਾਉਣ ਲੱਗੇ+ ਜਿਸ ਦਾ ਉਸ ਨੇ ਉਨ੍ਹਾਂ ਨੂੰ ਹੁਕਮ ਨਹੀਂ ਦਿੱਤਾ ਸੀ। 2 ਉਸ ਵੇਲੇ ਯਹੋਵਾਹ ਨੇ ਅੱਗ ਵਰ੍ਹਾ ਕੇ ਉਨ੍ਹਾਂ ਨੂੰ ਸਾੜ ਦਿੱਤਾ+ ਅਤੇ ਉਹ ਯਹੋਵਾਹ ਸਾਮ੍ਹਣੇ ਮਰ ਗਏ।+ 3 ਫਿਰ ਮੂਸਾ ਨੇ ਹਾਰੂਨ ਨੂੰ ਕਿਹਾ: “ਯਹੋਵਾਹ ਨੇ ਕਿਹਾ ਹੈ, ‘ਉਹ ਮੈਨੂੰ ਪਵਿੱਤਰ ਕਰਨ ਜੋ ਮੇਰੇ ਨਜ਼ਦੀਕ ਹਨ+ ਅਤੇ ਸਾਰੇ ਲੋਕਾਂ ਸਾਮ੍ਹਣੇ ਮੇਰੀ ਮਹਿਮਾ ਕੀਤੀ ਜਾਵੇ।’” ਅਤੇ ਹਾਰੂਨ ਚੁੱਪ ਰਿਹਾ।

4 ਇਸ ਲਈ ਮੂਸਾ ਨੇ ਹਾਰੂਨ ਦੇ ਚਾਚੇ ਉਜ਼ੀਏਲ+ ਦੇ ਪੁੱਤਰ ਮੀਸ਼ਾਏਲ ਅਤੇ ਅਲਸਾਫਾਨ ਨੂੰ ਬੁਲਾ ਕੇ ਕਿਹਾ: “ਇੱਥੇ ਆਓ ਅਤੇ ਪਵਿੱਤਰ ਸਥਾਨ ਦੇ ਸਾਮ੍ਹਣਿਓਂ ਆਪਣੇ ਭਰਾਵਾਂ ਨੂੰ ਚੁੱਕ ਕੇ ਛਾਉਣੀ ਤੋਂ ਬਾਹਰ ਕਿਸੇ ਜਗ੍ਹਾ ਲੈ ਜਾਓ।” 5 ਇਸ ਲਈ ਉਹ ਅੱਗੇ ਆਏ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਚੋਗਿਆਂ ਸਣੇ ਚੁੱਕ ਕੇ ਛਾਉਣੀ ਤੋਂ ਬਾਹਰ ਕਿਸੇ ਜਗ੍ਹਾ ਲੈ ਗਏ, ਠੀਕ ਜਿਵੇਂ ਮੂਸਾ ਨੇ ਉਨ੍ਹਾਂ ਨੂੰ ਕਿਹਾ ਸੀ।

6 ਫਿਰ ਮੂਸਾ ਨੇ ਹਾਰੂਨ ਅਤੇ ਉਸ ਦੇ ਦੂਸਰੇ ਪੁੱਤਰਾਂ ਅਲਆਜ਼ਾਰ ਤੇ ਈਥਾਮਾਰ ਨੂੰ ਕਿਹਾ: “ਤੁਹਾਡੇ ਵਾਲ਼ ਖਿਲਰੇ ਨਾ ਰਹਿਣ ਤੇ ਨਾ ਹੀ ਤੁਸੀਂ ਆਪਣੇ ਕੱਪੜੇ ਪਾੜੋ,+ ਨਹੀਂ ਤਾਂ ਤੁਸੀਂ ਮਰ ਜਾਓਗੇ ਤੇ ਪੂਰੀ ਮੰਡਲੀ ʼਤੇ ਪਰਮੇਸ਼ੁਰ ਦਾ ਗੁੱਸਾ ਭੜਕੇਗਾ। ਤੁਹਾਡੇ ਭਰਾ, ਹਾਂ, ਇਜ਼ਰਾਈਲ ਦਾ ਪੂਰਾ ਘਰਾਣਾ ਉਨ੍ਹਾਂ ਦੋਵਾਂ ਲਈ ਰੋਵੇਗਾ ਜਿਨ੍ਹਾਂ ਨੂੰ ਯਹੋਵਾਹ ਨੇ ਅੱਗ ਨਾਲ ਸਾੜ ਕੇ ਮਾਰ ਸੁੱਟਿਆ ਹੈ। 7 ਤੁਸੀਂ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੋਂ ਬਾਹਰ ਕਦਮ ਨਾ ਰੱਖਿਓ, ਨਹੀਂ ਤਾਂ ਤੁਸੀਂ ਮਰ ਜਾਓਗੇ ਕਿਉਂਕਿ ਯਹੋਵਾਹ ਨੇ ਪਵਿੱਤਰ ਤੇਲ ਨਾਲ ਤੁਹਾਨੂੰ ਨਿਯੁਕਤ ਕੀਤਾ ਹੈ।”+ ਉਨ੍ਹਾਂ ਨੇ ਮੂਸਾ ਦੇ ਕਹੇ ਅਨੁਸਾਰ ਕੀਤਾ।

8 ਫਿਰ ਯਹੋਵਾਹ ਨੇ ਹਾਰੂਨ ਨੂੰ ਕਿਹਾ: 9 “ਤੂੰ ਅਤੇ ਤੇਰੇ ਪੁੱਤਰ ਮੰਡਲੀ ਦੇ ਤੰਬੂ ਵਿਚ ਦਾਖਰਸ ਜਾਂ ਹੋਰ ਕੋਈ ਨਸ਼ੇ ਵਾਲੀ ਚੀਜ਼ ਪੀ ਕੇ ਨਾ ਆਉਣ+ ਤਾਂਕਿ ਤੁਹਾਨੂੰ ਮੌਤ ਦੀ ਸਜ਼ਾ ਨਾ ਮਿਲੇ। ਤੁਸੀਂ ਪੀੜ੍ਹੀਓ-ਪੀੜ੍ਹੀ ਇਸ ਨਿਯਮ ਦੀ ਪਾਲਣਾ ਕਰਨੀ ਹੈ 10 ਤਾਂਕਿ ਤੁਸੀਂ ਪਵਿੱਤਰ ਤੇ ਅਪਵਿੱਤਰ ਚੀਜ਼ ਵਿਚ ਅਤੇ ਅਸ਼ੁੱਧ ਤੇ ਸ਼ੁੱਧ ਚੀਜ਼ ਵਿਚ ਫ਼ਰਕ ਕਰ ਸਕੋ+ 11 ਅਤੇ ਤੁਸੀਂ ਇਜ਼ਰਾਈਲੀਆਂ ਨੂੰ ਉਹ ਸਾਰੇ ਕਾਨੂੰਨ ਸਿਖਾ ਸਕੋ ਜੋ ਯਹੋਵਾਹ ਨੇ ਮੂਸਾ ਦੇ ਜ਼ਰੀਏ ਦਿੱਤੇ ਹਨ।”+

12 ਫਿਰ ਮੂਸਾ ਨੇ ਹਾਰੂਨ ਅਤੇ ਉਸ ਦੇ ਬਾਕੀ ਜੀਉਂਦੇ ਪੁੱਤਰਾਂ ਅਲਆਜ਼ਾਰ ਤੇ ਈਥਾਮਾਰ ਨੂੰ ਕਿਹਾ: “ਯਹੋਵਾਹ ਲਈ ਅੱਗ ਵਿਚ ਚੜ੍ਹਾਏ ਅਨਾਜ ਦੇ ਚੜ੍ਹਾਵੇ ਵਿੱਚੋਂ ਜੋ ਕੁਝ ਬਚਿਆ ਹੈ, ਉਸ ਦੀਆਂ ਬੇਖਮੀਰੀਆਂ ਰੋਟੀਆਂ ਬਣਾ ਕੇ ਵੇਦੀ ਕੋਲ ਖਾਓ+ ਕਿਉਂਕਿ ਇਹ ਅੱਤ ਪਵਿੱਤਰ ਹੈ।+ 13 ਤੁਸੀਂ ਇਸ ਨੂੰ ਪਵਿੱਤਰ ਜਗ੍ਹਾ* ʼਤੇ ਖਾਓ+ ਕਿਉਂਕਿ ਇਹ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਏ ਚੜ੍ਹਾਵਿਆਂ ਵਿੱਚੋਂ ਤੇਰਾ ਤੇ ਤੇਰੇ ਪੁੱਤਰਾਂ ਦਾ ਹਿੱਸਾ ਹੈ, ਮੈਨੂੰ ਇਹੀ ਹੁਕਮ ਦਿੱਤਾ ਗਿਆ ਹੈ। 14 ਇਜ਼ਰਾਈਲੀ ਜੋ ਸ਼ਾਂਤੀ-ਬਲ਼ੀਆਂ ਚੜ੍ਹਾਉਂਦੇ ਹਨ, ਉਨ੍ਹਾਂ ਵਿੱਚੋਂ ਹਿਲਾਉਣ ਦੀ ਭੇਟ ਵਜੋਂ ਚੜ੍ਹਾਇਆ ਸੀਨਾ ਅਤੇ ਪਵਿੱਤਰ ਹਿੱਸੇ ਵਿੱਚੋਂ ਲਈ ਗਈ ਲੱਤ+ ਤੇਰਾ ਤੇ ਤੇਰੇ ਪੁੱਤਰਾਂ ਦਾ ਹਿੱਸਾ ਹੈ। ਇਸ ਲਈ ਤੂੰ, ਤੇਰੇ ਪੁੱਤਰ ਅਤੇ ਤੇਰੀਆਂ ਧੀਆਂ+ ਇਸ ਨੂੰ ਪਵਿੱਤਰ ਜਗ੍ਹਾ ʼਤੇ ਖਾਣ। 15 ਉਹ ਪਵਿੱਤਰ ਹਿੱਸੇ ਵਿੱਚੋਂ ਲਈ ਗਈ ਲੱਤ ਅਤੇ ਹਿਲਾਉਣ ਦੀ ਭੇਟ ਵਜੋਂ ਚੜ੍ਹਾਇਆ ਗਿਆ ਸੀਨਾ ਅਤੇ ਅੱਗ ਵਿਚ ਸਾੜ ਕੇ ਚੜ੍ਹਾਈ ਜਾਣ ਵਾਲੀ ਚਰਬੀ ਲੈ ਕੇ ਆਉਣ ਤਾਂਕਿ ਉਹ ਯਹੋਵਾਹ ਅੱਗੇ ਹਿਲਾਉਣ ਦੀ ਭੇਟ ਨੂੰ ਅੱਗੇ-ਪਿੱਛੇ ਹਿਲਾਉਣ। ਇਹ ਸੀਨਾ ਤੇ ਲੱਤ ਹਮੇਸ਼ਾ ਤੇਰੇ ਤੇ ਤੇਰੇ ਪੁੱਤਰਾਂ ਦਾ ਹਿੱਸਾ ਹੋਵੇਗਾ,+ ਠੀਕ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਹੈ।”

16 ਮੂਸਾ ਨੇ ਧਿਆਨ ਨਾਲ ਪਾਪ-ਬਲ਼ੀ ਵਜੋਂ ਚੜ੍ਹਾਏ ਬੱਕਰੇ ਦੀ ਭਾਲ ਕੀਤੀ।+ ਉਸ ਨੇ ਦੇਖਿਆ ਕਿ ਇਹ ਪੂਰੀ ਤਰ੍ਹਾਂ ਸੜ ਚੁੱਕਾ ਸੀ। ਇਸ ਕਰਕੇ ਮੂਸਾ ਦਾ ਗੁੱਸਾ ਹਾਰੂਨ ਦੇ ਬਾਕੀ ਬਚੇ ਪੁੱਤਰਾਂ ਅਲਆਜ਼ਾਰ ਅਤੇ ਈਥਾਮਾਰ ʼਤੇ ਭੜਕ ਉੱਠਿਆ। ਉਸ ਨੇ ਕਿਹਾ: 17 “ਤੁਸੀਂ ਪਵਿੱਤਰ ਸਥਾਨ ਵਿਚ ਪਾਪ-ਬਲ਼ੀ ਕਿਉਂ ਨਹੀਂ ਖਾਧੀ?+ ਇਹ ਅੱਤ ਪਵਿੱਤਰ ਹੈ ਅਤੇ ਇਹ ਤੁਹਾਨੂੰ ਦਿੱਤੀ ਗਈ ਸੀ ਤਾਂਕਿ ਤੁਸੀਂ ਮੰਡਲੀ ਦੇ ਲੋਕਾਂ ਦੇ ਪਾਪ ਆਪਣੇ ਜ਼ਿੰਮੇ ਲੈ ਸਕੋ ਅਤੇ ਯਹੋਵਾਹ ਸਾਮ੍ਹਣੇ ਉਨ੍ਹਾਂ ਦੇ ਪਾਪ ਮਿਟਾ ਸਕੋ। 18 ਬਲ਼ੀ ਦਾ ਖ਼ੂਨ ਪਵਿੱਤਰ ਸਥਾਨ ਵਿਚ ਨਹੀਂ ਲਿਜਾਇਆ ਗਿਆ ਸੀ।+ ਇਸ ਲਈ ਤੁਹਾਨੂੰ ਇਹ ਬਲ਼ੀ ਪਵਿੱਤਰ ਜਗ੍ਹਾ ʼਤੇ ਖਾਣੀ ਚਾਹੀਦੀ ਸੀ, ਠੀਕ ਜਿਵੇਂ ਮੈਂ ਹੁਕਮ ਦਿੱਤਾ ਸੀ।” 19 ਹਾਰੂਨ ਨੇ ਮੂਸਾ ਨੂੰ ਜਵਾਬ ਦਿੱਤਾ: “ਦੇਖ! ਅੱਜ ਯਹੋਵਾਹ ਅੱਗੇ ਪਾਪ-ਬਲ਼ੀ ਤੇ ਹੋਮ-ਬਲ਼ੀ ਚੜ੍ਹਾਈ ਗਈ ਸੀ।+ ਪਰ ਮੇਰੇ ʼਤੇ ਇਹ ਬਿਪਤਾ ਆਉਣ ਕਰਕੇ ਮੈਂ ਇਸ ਨੂੰ ਖਾ ਨਹੀਂ ਸਕਿਆ। ਜੇ ਮੈਂ ਅੱਜ ਪਾਪ-ਬਲ਼ੀ ਖਾਂਦਾ, ਤਾਂ ਕੀ ਇਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ?” 20 ਮੂਸਾ ਨੂੰ ਉਸ ਦਾ ਜਵਾਬ ਸੁਣ ਕੇ ਤਸੱਲੀ ਹੋ ਗਈ।

11 ਫਿਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਕਿਹਾ: 2 “ਇਜ਼ਰਾਈਲੀਆਂ ਨੂੰ ਦੱਸ, ‘ਤੁਸੀਂ ਧਰਤੀ ਦੇ ਇਨ੍ਹਾਂ ਜੀਉਂਦੇ ਪ੍ਰਾਣੀਆਂ* ਨੂੰ ਖਾ ਸਕਦੇ ਹੋ:+ 3 ਹਰ ਜਾਨਵਰ ਜਿਸ ਦੇ ਖੁਰ ਪਾਟੇ ਹੋਣ ਤੇ ਖੁਰਾਂ ਵਿਚਕਾਰ ਜਗ੍ਹਾ ਹੋਵੇ ਅਤੇ ਉਹ ਜੁਗਾਲੀ ਕਰਦਾ ਹੋਵੇ।

4 “‘ਪਰ ਤੁਸੀਂ ਇਹ ਜਾਨਵਰ ਨਹੀਂ ਖਾਣੇ ਜਿਹੜੇ ਸਿਰਫ਼ ਜੁਗਾਲੀ ਕਰਦੇ ਹਨ ਜਾਂ ਸਿਰਫ਼ ਜਿਨ੍ਹਾਂ ਦੇ ਖੁਰ ਪਾਟੇ ਹੁੰਦੇ ਹਨ: ਊਠ ਜੋ ਜੁਗਾਲੀ ਤਾਂ ਕਰਦਾ ਹੈ, ਪਰ ਉਸ ਦੇ ਖੁਰ ਪਾਟੇ ਨਹੀਂ ਹੁੰਦੇ। ਇਹ ਤੁਹਾਡੇ ਲਈ ਅਸ਼ੁੱਧ ਹੈ।+ 5 ਨਾਲੇ ਪਹਾੜੀ ਬਿੱਜੂ*+ ਜੋ ਜੁਗਾਲੀ ਤਾਂ ਕਰਦਾ ਹੈ, ਪਰ ਉਸ ਦੇ ਖੁਰ ਪਾਟੇ ਨਹੀਂ ਹੁੰਦੇ। ਇਹ ਤੁਹਾਡੇ ਲਈ ਅਸ਼ੁੱਧ ਹੈ। 6 ਨਾਲੇ ਖਰਗੋਸ਼ ਜੋ ਜੁਗਾਲੀ ਤਾਂ ਕਰਦਾ ਹੈ, ਪਰ ਉਸ ਦੇ ਖੁਰ ਪਾਟੇ ਨਹੀਂ ਹੁੰਦੇ। ਇਹ ਤੁਹਾਡੇ ਲਈ ਅਸ਼ੁੱਧ ਹੈ। 7 ਅਤੇ ਸੂਰ+ ਜਿਸ ਦੇ ਖੁਰ ਪਾਟੇ ਹੁੰਦੇ ਹਨ ਤੇ ਖੁਰਾਂ ਵਿਚਕਾਰ ਜਗ੍ਹਾ ਹੁੰਦੀ ਹੈ, ਪਰ ਉਹ ਜੁਗਾਲੀ ਨਹੀਂ ਕਰਦਾ। ਇਹ ਤੁਹਾਡੇ ਲਈ ਅਸ਼ੁੱਧ ਹੈ। 8 ਤੁਸੀਂ ਨਾ ਤਾਂ ਇਨ੍ਹਾਂ ਦਾ ਮਾਸ ਖਾਣਾ ਤੇ ਨਾ ਹੀ ਇਨ੍ਹਾਂ ਦੀਆਂ ਲਾਸ਼ਾਂ ਨੂੰ ਛੂਹਣਾ। ਇਹ ਤੁਹਾਡੇ ਲਈ ਅਸ਼ੁੱਧ ਹਨ।+

9 “‘ਤੁਸੀਂ ਪਾਣੀ ਵਿਚ ਰਹਿਣ ਵਾਲੇ ਇਹ ਜੀਵ ਖਾ ਸਕਦੇ ਹੋ: ਤੁਸੀਂ ਸਮੁੰਦਰਾਂ ਜਾਂ ਦਰਿਆਵਾਂ ਵਿਚ ਰਹਿਣ ਵਾਲਾ ਹਰ ਉਹ ਜੀਵ ਖਾ ਸਕਦੇ ਹੋ ਜਿਸ ਦੇ ਖੰਭ ਤੇ ਚਾਨੇ ਹੁੰਦੇ ਹਨ।+ 10 ਪਰ ਸਮੁੰਦਰਾਂ ਜਾਂ ਦਰਿਆਵਾਂ ਵਿਚ ਝੁੰਡਾਂ ਵਿਚ ਰਹਿਣ ਵਾਲੇ ਛੋਟੇ-ਛੋਟੇ ਜੀਵ ਅਤੇ ਹੋਰ ਸਾਰੇ ਜੀਉਂਦੇ ਪ੍ਰਾਣੀ ਤੁਹਾਡੇ ਲਈ ਘਿਣਾਉਣੇ ਹਨ ਜਿਨ੍ਹਾਂ ਦੇ ਖੰਭ ਤੇ ਚਾਨੇ ਨਹੀਂ ਹੁੰਦੇ। 11 ਹਾਂ, ਇਹ ਤੁਹਾਡੇ ਲਈ ਘਿਣਾਉਣੇ ਹੋਣ ਅਤੇ ਤੁਸੀਂ ਇਨ੍ਹਾਂ ਦਾ ਮਾਸ ਬਿਲਕੁਲ ਨਹੀਂ ਖਾਣਾ+ ਤੇ ਇਨ੍ਹਾਂ ਦੀਆਂ ਲਾਸ਼ਾਂ ਤੁਹਾਡੇ ਲਈ ਘਿਣਾਉਣੀਆਂ ਹਨ। 12 ਪਾਣੀ ਵਿਚ ਰਹਿਣ ਵਾਲੇ ਜਿਹੜੇ ਜੀਵਾਂ ਦੇ ਖੰਭ ਤੇ ਚਾਨੇ ਨਹੀਂ ਹੁੰਦੇ, ਉਹ ਤੁਹਾਡੇ ਲਈ ਘਿਣਾਉਣੇ ਹਨ।

13 “‘ਉੱਡਣ ਵਾਲੇ ਇਹ ਜੀਵ ਤੁਹਾਡੇ ਲਈ ਘਿਣਾਉਣੇ ਹੋਣ; ਤੁਸੀਂ ਇਨ੍ਹਾਂ ਨੂੰ ਬਿਲਕੁਲ ਨਹੀਂ ਖਾਣਾ ਕਿਉਂਕਿ ਇਹ ਘਿਣਾਉਣੇ ਹਨ: ਉਕਾਬ,+ ਸਮੁੰਦਰੀ ਬਾਜ਼, ਕਾਲੀ ਗਿੱਧ,+ 14 ਲਾਲ ਇੱਲ ਅਤੇ ਹਰ ਕਿਸਮ ਦੀ ਕਾਲੀ ਇੱਲ, 15 ਹਰ ਕਿਸਮ ਦੇ ਪਹਾੜੀ ਕਾਂ, 16 ਸ਼ੁਤਰਮੁਰਗ, ਉੱਲੂ, ਜਲਮੁਰਗੀ, ਹਰ ਕਿਸਮ ਦੇ ਬਾਜ਼, 17 ਛੋਟਾ ਉੱਲੂ, ਜਲ ਕਾਂ, ਲੰਬੇ ਕੰਨਾਂ ਵਾਲਾ ਉੱਲੂ, 18 ਹੰਸ, ਪੇਇਣ, ਗਿੱਧ, 19 ਸਾਰਸ, ਹਰ ਕਿਸਮ ਦੇ ਬਗਲੇ, ਚੱਕੀਰਾਹਾ ਅਤੇ ਚਾਮਚੜਿੱਕ। 20 ਹਰ ਤਰ੍ਹਾਂ ਦੇ ਖੰਭਾਂ ਵਾਲੇ ਛੋਟੇ-ਛੋਟੇ ਜੀਵ ਜੋ ਝੁੰਡਾਂ ਵਿਚ ਰਹਿੰਦੇ ਹਨ ਅਤੇ ਚਾਰ ਲੱਤਾਂ ʼਤੇ ਤੁਰਦੇ ਹਨ, ਤੁਹਾਡੇ ਲਈ ਘਿਣਾਉਣੇ ਹਨ।

21 “‘ਖੰਭਾਂ ਵਾਲੇ ਛੋਟੇ-ਛੋਟੇ ਜੀਵ* ਜਿਹੜੇ ਝੁੰਡਾਂ ਵਿਚ ਰਹਿੰਦੇ ਹਨ ਅਤੇ ਚਾਰ ਲੱਤਾਂ ʼਤੇ ਤੁਰਦੇ ਹਨ, ਉਨ੍ਹਾਂ ਵਿੱਚੋਂ ਤੁਸੀਂ ਸਿਰਫ਼ ਉਹੀ ਖਾ ਸਕਦੇ ਹੋ ਜਿਨ੍ਹਾਂ ਦੀਆਂ ਇਨ੍ਹਾਂ ਚਾਰ ਲੱਤਾਂ ਤੋਂ ਇਲਾਵਾ ਦੋ ਹੋਰ ਲੱਤਾਂ ਹੁੰਦੀਆਂ ਹਨ ਜਿਨ੍ਹਾਂ ਨਾਲ ਉਹ ਜ਼ਮੀਨ ʼਤੇ ਛੜੱਪੇ ਮਾਰਦੇ ਹਨ। 22 ਤੁਸੀਂ ਇਹ ਖਾ ਸਕਦੇ ਹੋ: ਹਰ ਤਰ੍ਹਾਂ ਦੀਆਂ ਪਰਵਾਸੀ ਟਿੱਡੀਆਂ, ਹੋਰ ਖਾਣਯੋਗ ਟਿੱਡੀਆਂ,+ ਬੀਂਡੇ ਅਤੇ ਟਿੱਡੇ। 23 ਖੰਭਾਂ ਵਾਲੇ ਹੋਰ ਸਾਰੇ ਛੋਟੇ-ਛੋਟੇ ਜੀਵ ਜਿਹੜੇ ਝੁੰਡਾਂ ਵਿਚ ਰਹਿੰਦੇ ਹਨ ਅਤੇ ਚਾਰ ਲੱਤਾਂ ʼਤੇ ਤੁਰਦੇ ਹਨ, ਤੁਹਾਡੇ ਲਈ ਘਿਣਾਉਣੇ ਹਨ। 24 ਉਨ੍ਹਾਂ ਨਾਲ ਤੁਸੀਂ ਅਸ਼ੁੱਧ ਹੋ ਜਾਓਗੇ। ਕਿਸੇ ਮਰੇ ਹੋਏ ਜੀਵ ਨੂੰ ਛੂਹਣ ਵਾਲਾ ਇਨਸਾਨ ਸ਼ਾਮ ਤਕ ਅਸ਼ੁੱਧ ਰਹੇਗਾ।+ 25 ਮਰੇ ਹੋਏ ਜੀਵ ਨੂੰ ਚੁੱਕਣ ਵਾਲਾ ਇਨਸਾਨ ਆਪਣੇ ਕੱਪੜੇ ਧੋਵੇ;+ ਉਹ ਸ਼ਾਮ ਤਕ ਅਸ਼ੁੱਧ ਰਹੇਗਾ।

26 “‘ਹਰ ਜਾਨਵਰ ਜਿਸ ਦੇ ਖੁਰ ਪਾਟੇ ਹੁੰਦੇ ਹਨ, ਪਰ ਉਸ ਦੇ ਖੁਰਾਂ ਵਿਚਕਾਰ ਜਗ੍ਹਾ ਨਹੀਂ ਹੁੰਦੀ ਤੇ ਉਹ ਜੁਗਾਲੀ ਨਹੀਂ ਕਰਦਾ, ਉਹ ਤੁਹਾਡੇ ਲਈ ਅਸ਼ੁੱਧ ਹੈ। ਉਸ ਨੂੰ ਛੂਹਣ ਵਾਲਾ ਇਨਸਾਨ ਅਸ਼ੁੱਧ ਹੋਵੇਗਾ।+ 27 ਚਾਰ ਪੈਰਾਂ ਉੱਤੇ ਤੁਰਨ ਵਾਲੇ ਜਾਨਵਰਾਂ ਵਿੱਚੋਂ ਜਿਹੜੇ ਪੰਜਿਆਂ ਉੱਤੇ ਤੁਰਦੇ ਹਨ, ਉਹ ਤੁਹਾਡੇ ਲਈ ਅਸ਼ੁੱਧ ਹਨ। ਉਨ੍ਹਾਂ ਦੀ ਲਾਸ਼ ਨੂੰ ਛੂਹਣ ਵਾਲਾ ਇਨਸਾਨ ਸ਼ਾਮ ਤਕ ਅਸ਼ੁੱਧ ਰਹੇਗਾ। 28 ਇਨ੍ਹਾਂ ਜਾਨਵਰਾਂ ਦੀ ਲਾਸ਼ ਨੂੰ ਚੁੱਕਣ ਵਾਲਾ ਇਨਸਾਨ ਆਪਣੇ ਕੱਪੜੇ ਧੋਵੇ+ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ।+ ਇਹ ਜਾਨਵਰ ਤੁਹਾਡੇ ਲਈ ਅਸ਼ੁੱਧ ਹਨ।

29 “‘ਜ਼ਮੀਨ ਉੱਤੇ ਝੁੰਡਾਂ ਵਿਚ ਰਹਿਣ ਵਾਲੇ ਇਨ੍ਹਾਂ ਛੋਟੇ-ਛੋਟੇ ਜੀਵਾਂ ਵਿੱਚੋਂ ਇਹ ਤੁਹਾਡੇ ਲਈ ਅਸ਼ੁੱਧ ਹਨ: ਛਛੂੰਦਰ, ਚੂਹਾ,+ ਹਰ ਕਿਸਮ ਦੀ ਕਿਰਲੀ, 30 ਕੋੜ੍ਹ-ਕਿਰਲੀ, ਵੱਡੀ ਕਿਰਲੀ, ਗੋਹ, ਰੇਤ ਵਿਚ ਰਹਿਣ ਵਾਲੀ ਕਿਰਲੀ ਤੇ ਗਿਰਗਿਟ। 31 ਝੁੰਡਾਂ ਵਿਚ ਰਹਿਣ ਵਾਲੇ ਇਹ ਛੋਟੇ-ਛੋਟੇ ਜੀਵ ਤੁਹਾਡੇ ਲਈ ਅਸ਼ੁੱਧ ਹਨ।+ ਕਿਸੇ ਮਰੇ ਹੋਏ ਜੀਵ ਨੂੰ ਛੂਹਣ ਵਾਲਾ ਇਨਸਾਨ ਸ਼ਾਮ ਤਕ ਅਸ਼ੁੱਧ ਰਹੇਗਾ।+

32 “‘ਜੇ ਕੋਈ ਮਰਿਆ ਹੋਇਆ ਜੀਵ ਕਿਸੇ ਚੀਜ਼ ਉੱਤੇ ਡਿਗਦਾ ਹੈ, ਤਾਂ ਉਹ ਚੀਜ਼ ਅਸ਼ੁੱਧ ਹੋ ਜਾਵੇਗੀ, ਚਾਹੇ ਉਹ ਲੱਕੜ ਦਾ ਭਾਂਡਾ ਹੋਵੇ, ਕੋਈ ਕੱਪੜਾ ਹੋਵੇ, ਖੱਲ ਹੋਵੇ ਜਾਂ ਤੱਪੜ ਹੋਵੇ। ਕੋਈ ਵੀ ਭਾਂਡਾ ਜੋ ਵਰਤਿਆ ਜਾਂਦਾ ਹੈ, ਉਸ ਨੂੰ ਪਾਣੀ ਵਿਚ ਡਬੋਇਆ ਜਾਵੇ ਅਤੇ ਇਹ ਸ਼ਾਮ ਤਕ ਅਸ਼ੁੱਧ ਰਹੇਗਾ; ਫਿਰ ਇਹ ਸ਼ੁੱਧ ਹੋ ਜਾਵੇਗਾ। 33 ਜੇ ਉਹ ਮਿੱਟੀ ਦੇ ਭਾਂਡੇ ਵਿਚ ਡਿਗ ਪੈਂਦੇ ਹਨ, ਤਾਂ ਤੂੰ ਉਸ ਭਾਂਡੇ ਨੂੰ ਚਕਨਾਚੂਰ ਕਰ ਦੇਈਂ। ਅਤੇ ਉਸ ਭਾਂਡੇ ਵਿਚ ਪਈ ਚੀਜ਼ ਅਸ਼ੁੱਧ ਹੋ ਜਾਵੇਗੀ।+ 34 ਅਜਿਹੇ ਭਾਂਡੇ ਵਿਚ ਰੱਖਿਆ ਪਾਣੀ ਜੇ ਕਿਸੇ ਖਾਣ ਵਾਲੀ ਚੀਜ਼ ʼਤੇ ਪੈ ਜਾਵੇ, ਤਾਂ ਉਹ ਅਸ਼ੁੱਧ ਹੋ ਜਾਵੇਗੀ ਅਤੇ ਉਸ ਭਾਂਡੇ ਵਿਚ ਰੱਖੀ ਕੋਈ ਵੀ ਪੀਣ ਵਾਲੀ ਚੀਜ਼ ਅਸ਼ੁੱਧ ਹੋ ਜਾਵੇਗੀ। 35 ਮਰਿਆ ਜੀਵ ਜਿਸ ਚੀਜ਼ ਉੱਤੇ ਵੀ ਡਿਗਦਾ ਹੈ, ਉਹ ਅਸ਼ੁੱਧ ਹੋ ਜਾਵੇਗੀ। ਚਾਹੇ ਇਹ ਤੰਦੂਰ ਹੋਵੇ ਜਾਂ ਛੋਟਾ ਚੁੱਲ੍ਹਾ, ਇਸ ਨੂੰ ਤੋੜ ਦਿੱਤਾ ਜਾਣਾ ਚਾਹੀਦਾ ਹੈ। ਇਹ ਅਸ਼ੁੱਧ ਹਨ ਅਤੇ ਤੁਹਾਡੇ ਲਈ ਅਸ਼ੁੱਧ ਰਹਿਣਗੇ। 36 ਸਿਰਫ਼ ਪਾਣੀ ਦਾ ਚਸ਼ਮਾ ਅਤੇ ਪਾਣੀ ਰੱਖਣ ਵਾਲਾ ਹੌਦ ਸ਼ੁੱਧ ਰਹਿਣਗੇ, ਪਰ ਮਰੇ ਹੋਏ ਜੀਵ ਨੂੰ ਛੂਹਣ ਵਾਲਾ ਇਨਸਾਨ ਅਸ਼ੁੱਧ ਹੋਵੇਗਾ। 37 ਜੇ ਮਰਿਆ ਜੀਵ ਕਿਸੇ ਪੌਦੇ ਦੇ ਬੀਆਂ ਉੱਤੇ ਡਿਗ ਪੈਂਦਾ ਹੈ ਜਿਨ੍ਹਾਂ ਨੂੰ ਬੀਜਣਾ ਹੈ, ਤਾਂ ਉਹ ਬੀ ਸ਼ੁੱਧ ਰਹਿਣਗੇ। 38 ਪਰ ਜੇ ਬੀਆਂ ਉੱਤੇ ਪਾਣੀ ਪਾਇਆ ਗਿਆ ਹੈ ਅਤੇ ਮਰੇ ਹੋਏ ਜੀਵ ਦੇ ਸਰੀਰ ਦਾ ਕੋਈ ਹਿੱਸਾ ਉਨ੍ਹਾਂ ਉੱਤੇ ਡਿਗ ਪੈਂਦਾ ਹੈ, ਤਾਂ ਉਹ ਬੀ ਤੁਹਾਡੇ ਲਈ ਅਸ਼ੁੱਧ ਹਨ।

39 “‘ਜੇ ਕੋਈ ਅਜਿਹਾ ਜਾਨਵਰ ਮਰ ਜਾਂਦਾ ਹੈ ਜਿਸ ਦਾ ਮਾਸ ਖਾਣ ਦੀ ਤੁਹਾਨੂੰ ਇਜਾਜ਼ਤ ਹੈ, ਤਾਂ ਜਿਹੜਾ ਵੀ ਉਸ ਦੀ ਲਾਸ਼ ਨੂੰ ਛੂੰਹਦਾ ਹੈ, ਉਹ ਸ਼ਾਮ ਤਕ ਅਸ਼ੁੱਧ ਰਹੇਗਾ।+ 40 ਜਿਹੜਾ ਵੀ ਮਰੇ ਜਾਨਵਰ ਦਾ ਮਾਸ ਖਾਂਦਾ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ।+ ਉਸ ਦੀ ਲਾਸ਼ ਨੂੰ ਚੁੱਕਣ ਵਾਲਾ ਇਨਸਾਨ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ। 41 ਜ਼ਮੀਨ ਉੱਤੇ ਝੁੰਡਾਂ ਵਿਚ ਰਹਿਣ ਵਾਲੇ ਛੋਟੇ-ਛੋਟੇ ਜੀਵ ਘਿਣਾਉਣੇ ਹਨ।+ ਇਨ੍ਹਾਂ ਨੂੰ ਖਾਣਾ ਮਨ੍ਹਾ ਹੈ। 42 ਜਿਹੜੇ ਜੀਵ ਢਿੱਡ ਭਾਰ ਘਿਸਰਦੇ ਹਨ, ਜਿਹੜੇ ਚਾਰ ਲੱਤਾਂ ਉੱਤੇ ਤੁਰਦੇ ਹਨ, ਜਾਂ ਝੁੰਡਾਂ ਵਿਚ ਰਹਿੰਦੇ ਜ਼ਿਆਦਾ ਲੱਤਾਂ ਵਾਲੇ ਜੀਵ, ਤੁਸੀਂ ਇਨ੍ਹਾਂ ਨੂੰ ਨਹੀਂ ਖਾਣਾ ਕਿਉਂਕਿ ਇਹ ਘਿਣਾਉਣੇ ਹਨ।+ 43 ਝੁੰਡਾਂ ਵਿਚ ਰਹਿਣ ਵਾਲੇ ਛੋਟੇ-ਛੋਟੇ ਜੀਵ ਖਾ ਕੇ ਆਪਣੇ ਆਪ ਨੂੰ ਘਿਣਾਉਣੇ ਨਾ ਬਣਾਓ ਅਤੇ ਇਨ੍ਹਾਂ ਨਾਲ ਆਪਣੇ ਆਪ ਨੂੰ ਭ੍ਰਿਸ਼ਟ ਜਾਂ ਅਸ਼ੁੱਧ ਨਾ ਕਰੋ।+ 44 ਕਿਉਂਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ+ ਅਤੇ ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਪਵਿੱਤਰ ਬਣੋ+ ਕਿਉਂਕਿ ਮੈਂ ਪਵਿੱਤਰ ਹਾਂ।+ ਇਸ ਲਈ ਧਰਤੀ ਉੱਤੇ ਚੱਲਣ ਵਾਲੇ ਛੋਟੇ-ਛੋਟੇ ਜੀਵਾਂ ਨਾਲ ਤੁਸੀਂ ਆਪਣੇ ਆਪ ਨੂੰ ਅਸ਼ੁੱਧ ਨਾ ਕਰੋ ਜੋ ਝੁੰਡਾਂ ਵਿਚ ਰਹਿੰਦੇ ਹਨ। 45 ਕਿਉਂਕਿ ਮੈਂ ਯਹੋਵਾਹ ਹਾਂ ਅਤੇ ਤੁਹਾਨੂੰ ਮਿਸਰ ਵਿੱਚੋਂ ਕੱਢ ਕੇ ਲਿਜਾ ਰਿਹਾ ਹਾਂ ਤਾਂਕਿ ਮੈਂ ਆਪਣੇ ਆਪ ਨੂੰ ਤੁਹਾਡਾ ਪਰਮੇਸ਼ੁਰ ਸਾਬਤ ਕਰਾਂ।+ ਤੁਸੀਂ ਪਵਿੱਤਰ ਬਣੋ+ ਕਿਉਂਕਿ ਮੈਂ ਪਵਿੱਤਰ ਹਾਂ।+

46 “‘ਇਹ ਨਿਯਮ ਜਾਨਵਰਾਂ, ਉੱਡਣ ਵਾਲੇ ਜੀਵਾਂ, ਪਾਣੀ ਵਿਚ ਰਹਿਣ ਵਾਲੇ ਜੀਉਂਦੇ ਪ੍ਰਾਣੀਆਂ ਅਤੇ ਜ਼ਮੀਨ ਉੱਤੇ ਝੁੰਡਾਂ ਵਿਚ ਰਹਿਣ ਵਾਲੇ ਛੋਟੇ-ਛੋਟੇ ਜੀਵਾਂ ਸੰਬੰਧੀ ਹੈ 47 ਤਾਂਕਿ ਤੁਸੀਂ ਫ਼ਰਕ ਕਰ ਸਕੋ ਕਿ ਕਿਹੜੇ ਜੀਉਂਦੇ ਪ੍ਰਾਣੀ ਅਸ਼ੁੱਧ ਹਨ ਤੇ ਕਿਹੜੇ ਸ਼ੁੱਧ ਅਤੇ ਕਿਹੜੇ ਜਾਨਵਰ ਖਾਧੇ ਜਾ ਸਕਦੇ ਹਨ ਅਤੇ ਕਿਹੜੇ ਨਹੀਂ।’”+

12 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਨੂੰ ਕਹਿ, ‘ਜੇ ਕੋਈ ਔਰਤ ਗਰਭਵਤੀ ਹੁੰਦੀ ਹੈ ਅਤੇ ਇਕ ਮੁੰਡੇ ਨੂੰ ਜਨਮ ਦਿੰਦੀ ਹੈ, ਤਾਂ ਉਹ ਸੱਤ ਦਿਨਾਂ ਤਕ ਅਸ਼ੁੱਧ ਰਹੇਗੀ, ਠੀਕ ਜਿਵੇਂ ਉਹ ਆਪਣੀ ਮਾਹਵਾਰੀ ਦੇ ਦਿਨਾਂ ਵਿਚ ਅਸ਼ੁੱਧ ਹੁੰਦੀ ਹੈ।+ 3 ਅੱਠਵੇਂ ਦਿਨ ਮੁੰਡੇ ਦੀ ਸੁੰਨਤ ਕੀਤੀ ਜਾਵੇਗੀ।+ 4 ਉਹ ਖ਼ੂਨ ਵਹਿਣ ਕਰਕੇ ਅਸ਼ੁੱਧ ਹੈ, ਇਸ ਲਈ ਉਹ ਅਗਲੇ 33 ਦਿਨਾਂ ਤਕ ਆਪਣੇ ਆਪ ਨੂੰ ਸ਼ੁੱਧ ਕਰਦੀ ਰਹੇਗੀ। ਆਪਣੇ ਸ਼ੁੱਧ ਹੋਣ ਦੇ ਦਿਨ ਪੂਰੇ ਹੋਣ ਤਕ ਉਹ ਕਿਸੇ ਵੀ ਪਵਿੱਤਰ ਚੀਜ਼ ਨੂੰ ਹੱਥ ਨਾ ਲਾਵੇ ਅਤੇ ਨਾ ਹੀ ਉਹ ਪਵਿੱਤਰ ਸਥਾਨ ਵਿਚ ਆਵੇ।

5 “‘ਜੇ ਉਹ ਇਕ ਕੁੜੀ ਨੂੰ ਜਨਮ ਦਿੰਦੀ ਹੈ, ਤਾਂ ਉਹ 14 ਦਿਨਾਂ ਤਕ ਅਸ਼ੁੱਧ ਰਹੇਗੀ, ਠੀਕ ਜਿਵੇਂ ਉਹ ਆਪਣੀ ਮਾਹਵਾਰੀ ਦੇ ਦਿਨਾਂ ਵਿਚ ਅਸ਼ੁੱਧ ਹੁੰਦੀ ਹੈ। ਉਹ ਅਗਲੇ 66 ਦਿਨਾਂ ਤਕ ਆਪਣੇ ਆਪ ਨੂੰ ਖ਼ੂਨ ਵਹਿਣ ਕਰਕੇ ਹੋਈ ਅਸ਼ੁੱਧਤਾ ਤੋਂ ਸ਼ੁੱਧ ਕਰਦੀ ਰਹੇਗੀ। 6 ਮੁੰਡੇ ਜਾਂ ਕੁੜੀ ਦੇ ਜਨਮ ਤੋਂ ਬਾਅਦ ਜਦੋਂ ਉਸ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋ ਜਾਣ, ਤਾਂ ਉਹ ਹੋਮ-ਬਲ਼ੀ ਲਈ ਇਕ ਸਾਲ ਦਾ ਭੇਡੂ+ ਅਤੇ ਪਾਪ-ਬਲ਼ੀ ਲਈ ਕਬੂਤਰ ਦਾ ਇਕ ਬੱਚਾ ਜਾਂ ਇਕ ਘੁੱਗੀ ਲਿਆ ਕੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਪੁਜਾਰੀ ਨੂੰ ਦੇਵੇਗੀ। 7 ਪੁਜਾਰੀ ਉਸ ਦੇ ਪਾਪ ਮਿਟਾਉਣ ਲਈ ਯਹੋਵਾਹ ਅੱਗੇ ਇਨ੍ਹਾਂ ਨੂੰ ਚੜ੍ਹਾਵੇਗਾ ਅਤੇ ਉਹ ਖ਼ੂਨ ਵਹਿਣ ਕਰਕੇ ਹੋਈ ਅਸ਼ੁੱਧਤਾ ਤੋਂ ਸ਼ੁੱਧ ਹੋ ਜਾਵੇਗੀ। ਇਹ ਨਿਯਮ ਉਸ ਔਰਤ ਲਈ ਹੈ ਜੋ ਇਕ ਮੁੰਡੇ ਜਾਂ ਕੁੜੀ ਨੂੰ ਜਨਮ ਦਿੰਦੀ ਹੈ। 8 ਪਰ ਜੇ ਉਸ ਵਿਚ ਭੇਡ ਚੜ੍ਹਾਉਣ ਦੀ ਗੁੰਜਾਇਸ਼ ਨਹੀਂ ਹੈ, ਤਾਂ ਉਹ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਲਿਆਵੇ,+ ਇਕ ਹੋਮ-ਬਲ਼ੀ ਲਈ ਅਤੇ ਇਕ ਪਾਪ-ਬਲ਼ੀ ਲਈ। ਪੁਜਾਰੀ ਉਸ ਦੇ ਪਾਪ ਮਿਟਾਉਣ ਲਈ ਇਨ੍ਹਾਂ ਨੂੰ ਚੜ੍ਹਾਵੇਗਾ ਅਤੇ ਉਹ ਸ਼ੁੱਧ ਹੋ ਜਾਵੇਗੀ।’”

13 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਅੱਗੇ ਕਿਹਾ: 2 “ਜੇ ਕਿਸੇ ਇਨਸਾਨ ਦੀ ਚਮੜੀ ʼਤੇ ਸੋਜ ਪੈ ਜਾਵੇ ਜਾਂ ਖਰੀਂਢ ਆ ਜਾਵੇ ਜਾਂ ਦਾਗ਼ ਨਿਕਲ ਆਵੇ ਜੋ ਕੋੜ੍ਹ*+ ਦਾ ਰੂਪ ਧਾਰਨ ਕਰ ਸਕਦਾ ਹੈ, ਤਾਂ ਉਸ ਨੂੰ ਪੁਜਾਰੀ ਹਾਰੂਨ ਜਾਂ ਪੁਜਾਰੀਆਂ ਵਜੋਂ ਸੇਵਾ ਕਰ ਰਹੇ ਉਸ ਦੇ ਪੁੱਤਰਾਂ ਵਿੱਚੋਂ ਕਿਸੇ ਇਕ ਕੋਲ ਲਿਆਂਦਾ ਜਾਵੇ।+ 3 ਪੁਜਾਰੀ ਉਸ ਦੀ ਚਮੜੀ ਦੇ ਰੋਗ ਦੀ ਜਾਂਚ ਕਰੇਗਾ। ਜੇ ਬੀਮਾਰੀ ਵਾਲੀ ਜਗ੍ਹਾ ਦੇ ਵਾਲ਼ ਚਿੱਟੇ ਹੋ ਗਏ ਹਨ ਅਤੇ ਰੋਗ ਚਮੜੀ ਦੇ ਅੰਦਰ ਤਕ ਨਜ਼ਰ ਆਉਂਦਾ ਹੈ, ਤਾਂ ਇਹ ਕੋੜ੍ਹ ਦੀ ਬੀਮਾਰੀ ਹੈ। ਪੁਜਾਰੀ ਇਸ ਦੀ ਜਾਂਚ ਕਰੇਗਾ ਅਤੇ ਉਸ ਇਨਸਾਨ ਨੂੰ ਅਸ਼ੁੱਧ ਕਰਾਰ ਦੇਵੇਗਾ। 4 ਪਰ ਜੇ ਉਸ ਦੀ ਚਮੜੀ ʼਤੇ ਨਿਕਲੇ ਦਾਗ਼ ਦਾ ਰੰਗ ਚਿੱਟਾ ਹੈ ਅਤੇ ਇਹ ਚਮੜੀ ਦੇ ਅੰਦਰ ਤਕ ਨਜ਼ਰ ਨਹੀਂ ਆਉਂਦਾ ਅਤੇ ਉਸ ਜਗ੍ਹਾ ਦੇ ਵਾਲ਼ ਚਿੱਟੇ ਨਹੀਂ ਹੋਏ ਹਨ, ਤਾਂ ਪੁਜਾਰੀ ਉਸ ਇਨਸਾਨ ਨੂੰ ਸੱਤ ਦਿਨ ਦੂਸਰਿਆਂ ਤੋਂ ਵੱਖਰਾ ਰੱਖੇਗਾ।+ 5 ਸੱਤਵੇਂ ਦਿਨ ਪੁਜਾਰੀ ਫਿਰ ਉਸ ਦੀ ਜਾਂਚ ਕਰੇਗਾ ਅਤੇ ਜੇ ਦਾਗ਼ ਦੇਖਣ ਨੂੰ ਪਹਿਲੇ ਵਰਗਾ ਲੱਗਦਾ ਹੈ ਅਤੇ ਚਮੜੀ ʼਤੇ ਨਹੀਂ ਫੈਲਿਆ ਹੈ, ਤਾਂ ਪੁਜਾਰੀ ਉਸ ਨੂੰ ਹੋਰ ਸੱਤ ਦਿਨਾਂ ਤਕ ਦੂਸਰਿਆਂ ਤੋਂ ਵੱਖਰਾ ਰੱਖੇਗਾ।

6 “ਪੁਜਾਰੀ ਸੱਤਵੇਂ ਦਿਨ ਦੁਬਾਰਾ ਉਸ ਦੀ ਜਾਂਚ ਕਰੇਗਾ ਅਤੇ ਜੇ ਬੀਮਾਰੀ ਠੀਕ ਹੋਣ ਲੱਗ ਪਈ ਹੈ ਅਤੇ ਚਮੜੀ ʼਤੇ ਨਹੀਂ ਫੈਲੀ ਹੈ, ਤਾਂ ਪੁਜਾਰੀ ਉਸ ਨੂੰ ਸ਼ੁੱਧ ਕਰਾਰ ਦੇਵੇਗਾ;+ ਇਹ ਸਿਰਫ਼ ਖਰੀਂਢ ਹੀ ਸੀ। ਫਿਰ ਉਹ ਇਨਸਾਨ ਆਪਣੇ ਕੱਪੜੇ ਧੋਵੇ ਅਤੇ ਸ਼ੁੱਧ ਹੋਵੇ। 7 ਪਰ ਜੇ ਪੁਜਾਰੀ ਦੁਆਰਾ ਉਸ ਨੂੰ ਸ਼ੁੱਧ ਕਰਾਰ ਦਿੱਤੇ ਜਾਣ ਤੋਂ ਬਾਅਦ ਖਰੀਂਢ* ਚਮੜੀ ਉੱਤੇ ਫੈਲ ਜਾਂਦਾ ਹੈ, ਤਾਂ ਉਹ ਪੁਜਾਰੀ ਕੋਲ ਦੁਬਾਰਾ ਜਾਵੇ। 8 ਪੁਜਾਰੀ ਇਸ ਦੀ ਜਾਂਚ ਕਰੇਗਾ ਅਤੇ ਜੇ ਖਰੀਂਢ ਚਮੜੀ ਉੱਤੇ ਫੈਲ ਗਿਆ ਹੈ, ਤਾਂ ਪੁਜਾਰੀ ਉਸ ਨੂੰ ਅਸ਼ੁੱਧ ਕਰਾਰ ਦੇਵੇਗਾ। ਇਹ ਕੋੜ੍ਹ ਦੀ ਬੀਮਾਰੀ ਹੈ।+

9 “ਜੇ ਕਿਸੇ ਇਨਸਾਨ ਨੂੰ ਕੋੜ੍ਹ ਦੀ ਬੀਮਾਰੀ ਹੋ ਜਾਂਦੀ ਹੈ, ਤਾਂ ਉਸ ਨੂੰ ਪੁਜਾਰੀ ਕੋਲ ਲਿਆਂਦਾ ਜਾਵੇ 10 ਅਤੇ ਪੁਜਾਰੀ ਉਸ ਦੀ ਜਾਂਚ ਕਰੇਗਾ।+ ਜੇ ਚਮੜੀ ਸੁੱਜ ਗਈ ਹੈ ਅਤੇ ਚਿੱਟੀ ਹੋ ਗਈ ਹੈ ਅਤੇ ਉਸ ਜਗ੍ਹਾ ਦੇ ਵਾਲ਼ ਚਿੱਟੇ ਹੋ ਗਏ ਹਨ ਅਤੇ ਸੁੱਜੀ ਜਗ੍ਹਾ ʼਤੇ ਫੋੜਾ ਹੋ ਗਿਆ ਹੈ,+ 11 ਤਾਂ ਉਸ ਦੀ ਚਮੜੀ ਨੂੰ ਕੋੜ੍ਹ ਦੀ ਗੰਭੀਰ ਬੀਮਾਰੀ ਹੋ ਗਈ ਹੈ। ਪੁਜਾਰੀ ਉਸ ਨੂੰ ਅਸ਼ੁੱਧ ਕਰਾਰ ਦੇਵੇਗਾ। ਉਹ ਉਸ ਨੂੰ ਹੋਰ ਜਾਂਚ ਲਈ ਦੂਸਰਿਆਂ ਤੋਂ ਵੱਖਰਾ ਨਾ ਰੱਖੇ+ ਕਿਉਂਕਿ ਉਹ ਅਸ਼ੁੱਧ ਹੈ। 12 ਜੇ ਕੋੜ੍ਹ ਉਸ ਦੀ ਪੂਰੀ ਚਮੜੀ ʼਤੇ ਫੈਲ ਗਿਆ ਹੈ ਅਤੇ ਪੁਜਾਰੀ ਨੂੰ ਨਜ਼ਰ ਆਉਂਦਾ ਹੈ ਕਿ ਉਹ ਸਿਰ ਤੋਂ ਲੈ ਕੇ ਪੈਰਾਂ ਤਕ ਕੋੜ੍ਹ ਨਾਲ ਭਰ ਗਿਆ ਹੈ 13 ਅਤੇ ਪੁਜਾਰੀ ਉਸ ਦੀ ਜਾਂਚ ਕਰ ਕੇ ਦੇਖਦਾ ਹੈ ਕਿ ਕੋੜ੍ਹ ਉਸ ਦੀ ਪੂਰੀ ਚਮੜੀ ʼਤੇ ਫੈਲ ਗਿਆ ਹੈ, ਤਾਂ ਉਹ ਉਸ ਮਰੀਜ਼ ਨੂੰ ਸ਼ੁੱਧ ਕਰਾਰ ਦੇਵੇਗਾ।* ਉਸ ਦੀ ਪੂਰੀ ਚਮੜੀ ਚਿੱਟੀ ਹੋ ਗਈ ਹੈ ਅਤੇ ਉਹ ਸ਼ੁੱਧ ਹੈ। 14 ਪਰ ਜਦੋਂ ਵੀ ਚਮੜੀ ʼਤੇ ਫੋੜਾ ਨਿਕਲ ਆਉਂਦਾ ਹੈ, ਤਾਂ ਉਹ ਅਸ਼ੁੱਧ ਹੋਵੇਗਾ। 15 ਜਦੋਂ ਪੁਜਾਰੀ ਉਸ ਦੇ ਫੋੜੇ ਨੂੰ ਦੇਖੇਗਾ, ਤਾਂ ਉਹ ਫੋੜੇ ਕਰਕੇ ਉਸ ਆਦਮੀ ਨੂੰ ਅਸ਼ੁੱਧ ਕਰਾਰ ਦੇਵੇਗਾ।+ ਇਹ ਕੋੜ੍ਹ ਹੈ।+ 16 ਪਰ ਜੇ ਫੋੜੇ ਦਾ ਰੰਗ ਚਿੱਟਾ ਹੋ ਜਾਂਦਾ ਹੈ, ਤਾਂ ਉਹ ਪੁਜਾਰੀ ਕੋਲ ਆਵੇ। 17 ਪੁਜਾਰੀ ਉਸ ਦੀ ਜਾਂਚ ਕਰੇਗਾ+ ਅਤੇ ਜੇ ਫੋੜਾ ਚਿੱਟਾ ਹੋ ਗਿਆ ਹੈ, ਤਾਂ ਪੁਜਾਰੀ ਉਸ ਰੋਗੀ ਨੂੰ ਸ਼ੁੱਧ ਕਰਾਰ ਦੇਵੇਗਾ। ਉਹ ਸ਼ੁੱਧ ਹੈ।

18 “ਜੇ ਕਿਸੇ ਦੀ ਚਮੜੀ ʼਤੇ ਫੋੜਾ ਹੋ ਜਾਂਦਾ ਹੈ ਤੇ ਫਿਰ ਠੀਕ ਹੋ ਜਾਂਦਾ ਹੈ, 19 ਪਰ ਫੋੜੇ ਵਾਲੀ ਜਗ੍ਹਾ ਸੁੱਜ ਕੇ ਚਿੱਟੀ ਹੋ ਜਾਂਦੀ ਹੈ ਜਾਂ ਉੱਥੇ ਲਾਲ-ਚਿੱਟਾ ਦਾਗ਼ ਪੈ ਜਾਂਦਾ ਹੈ, ਤਾਂ ਉਹ ਜਾ ਕੇ ਪੁਜਾਰੀ ਨੂੰ ਇਹ ਦਾਗ਼ ਦਿਖਾਵੇ। 20 ਪੁਜਾਰੀ ਇਸ ਦੀ ਜਾਂਚ ਕਰੇਗਾ+ ਅਤੇ ਜੇ ਇਹ ਦਾਗ਼ ਚਮੜੀ ਦੇ ਅੰਦਰ ਤਕ ਨਜ਼ਰ ਆਉਂਦਾ ਹੈ ਤੇ ਉਸ ਜਗ੍ਹਾ ਦੇ ਵਾਲ਼ ਚਿੱਟੇ ਹੋ ਗਏ ਹਨ, ਤਾਂ ਪੁਜਾਰੀ ਉਸ ਨੂੰ ਅਸ਼ੁੱਧ ਕਰਾਰ ਦੇਵੇਗਾ। ਉੱਥੇ ਫੋੜੇ ਵਾਲੀ ਜਗ੍ਹਾ ʼਤੇ ਕੋੜ੍ਹ ਦੀ ਬੀਮਾਰੀ ਹੋ ਗਈ ਹੈ। 21 ਪਰ ਜੇ ਪੁਜਾਰੀ ਜਾਂਚ ਕਰ ਕੇ ਦੇਖਦਾ ਹੈ ਕਿ ਉਸ ਜਗ੍ਹਾ ਦੇ ਵਾਲ਼ ਚਿੱਟੇ ਨਹੀਂ ਹੋਏ ਹਨ ਅਤੇ ਦਾਗ਼ ਚਮੜੀ ਦੇ ਅੰਦਰ ਤਕ ਨਜ਼ਰ ਨਹੀਂ ਆਉਂਦਾ ਤੇ ਇਹ ਮਿਟਣ ਲੱਗ ਪਿਆ ਹੈ, ਤਾਂ ਪੁਜਾਰੀ ਉਸ ਨੂੰ ਸੱਤ ਦਿਨਾਂ ਤਕ ਦੂਸਰਿਆਂ ਤੋਂ ਵੱਖਰਾ ਰੱਖੇਗਾ।+ 22 ਜੇ ਸਾਫ਼ ਦਿਖਾਈ ਦਿੰਦਾ ਹੈ ਕਿ ਇਹ ਚਮੜੀ ʼਤੇ ਫੈਲ ਗਿਆ ਹੈ, ਤਾਂ ਪੁਜਾਰੀ ਉਸ ਨੂੰ ਅਸ਼ੁੱਧ ਕਰਾਰ ਦੇਵੇ। ਉਸ ਨੂੰ ਕੋੜ੍ਹ ਦੀ ਬੀਮਾਰੀ ਹੈ। 23 ਪਰ ਜੇ ਦਾਗ਼ ਉਸੇ ਜਗ੍ਹਾ ਰਹਿੰਦਾ ਹੈ ਅਤੇ ਫੈਲਦਾ ਨਹੀਂ, ਤਾਂ ਇਸ ਦਾ ਮਤਲਬ ਹੈ ਕਿ ਸੋਜ ਫੋੜੇ ਕਰਕੇ ਹੈ। ਇਸ ਲਈ ਪੁਜਾਰੀ ਉਸ ਨੂੰ ਸ਼ੁੱਧ ਕਰਾਰ ਦੇਵੇਗਾ।+

24 “ਜੇ ਸੜਨ ਕਰਕੇ ਕਿਸੇ ਇਨਸਾਨ ਦੇ ਜ਼ਖ਼ਮ ਹੋ ਜਾਂਦਾ ਹੈ ਅਤੇ ਅੱਲੇ ਜ਼ਖ਼ਮ ਵਿਚ ਲਾਲ-ਚਿੱਟੇ ਜਾਂ ਚਿੱਟੇ ਰੰਗ ਦਾ ਦਾਗ਼ ਪੈ ਜਾਂਦਾ ਹੈ, 25 ਤਾਂ ਪੁਜਾਰੀ ਇਸ ਦੀ ਜਾਂਚ ਕਰੇਗਾ। ਜੇ ਇਸ ਜਗ੍ਹਾ ਦੇ ਵਾਲ਼ ਚਿੱਟੇ ਹੋ ਗਏ ਹਨ ਅਤੇ ਦਾਗ਼ ਚਮੜੀ ਦੇ ਅੰਦਰ ਤਕ ਨਜ਼ਰ ਆਉਂਦਾ ਹੈ, ਤਾਂ ਜ਼ਖ਼ਮ ਵਾਲੀ ਜਗ੍ਹਾ ʼਤੇ ਕੋੜ੍ਹ ਹੋ ਗਿਆ ਹੈ। ਪੁਜਾਰੀ ਉਸ ਨੂੰ ਅਸ਼ੁੱਧ ਕਰਾਰ ਦੇਵੇਗਾ। ਇਹ ਕੋੜ੍ਹ ਦੀ ਬੀਮਾਰੀ ਹੈ। 26 ਪਰ ਜੇ ਪੁਜਾਰੀ ਜਾਂਚ ਕਰ ਕੇ ਦੇਖਦਾ ਹੈ ਕਿ ਦਾਗ਼ ਵਾਲੀ ਜਗ੍ਹਾ ਦੇ ਵਾਲ਼ ਚਿੱਟੇ ਨਹੀਂ ਹੋਏ ਹਨ ਅਤੇ ਇਹ ਚਮੜੀ ਦੇ ਅੰਦਰ ਤਕ ਨਜ਼ਰ ਨਹੀਂ ਆਉਂਦਾ ਅਤੇ ਦਾਗ਼ ਮਿਟਣ ਲੱਗ ਪਿਆ ਹੈ, ਤਾਂ ਪੁਜਾਰੀ ਉਸ ਨੂੰ ਹੋਰ ਸੱਤ ਦਿਨਾਂ ਤਕ ਦੂਸਰਿਆਂ ਤੋਂ ਵੱਖਰਾ ਰੱਖੇ।+ 27 ਪੁਜਾਰੀ ਸੱਤਵੇਂ ਦਿਨ ਉਸ ਦੀ ਜਾਂਚ ਕਰੇਗਾ ਅਤੇ ਜੇ ਇਹ ਸਾਫ਼ ਦਿਖਾਈ ਦਿੰਦਾ ਹੈ ਕਿ ਦਾਗ਼ ਚਮੜੀ ਉੱਤੇ ਫੈਲ ਗਿਆ ਹੈ, ਤਾਂ ਪੁਜਾਰੀ ਉਸ ਨੂੰ ਅਸ਼ੁੱਧ ਕਰਾਰ ਦੇਵੇਗਾ। ਉਸ ਨੂੰ ਕੋੜ੍ਹ ਦੀ ਬੀਮਾਰੀ ਹੈ। 28 ਪਰ ਜੇ ਦਾਗ਼ ਉਸੇ ਜਗ੍ਹਾ ਰਹਿੰਦਾ ਹੈ ਤੇ ਫੈਲਦਾ ਨਹੀਂ ਅਤੇ ਇਹ ਮਿਟਣ ਲੱਗ ਪਿਆ ਹੈ, ਤਾਂ ਇਸ ਦਾ ਮਤਲਬ ਹੈ ਕਿ ਸੋਜ ਜ਼ਖ਼ਮ ਕਰਕੇ ਪਈ ਹੈ। ਇਸ ਲਈ ਪੁਜਾਰੀ ਉਸ ਨੂੰ ਸ਼ੁੱਧ ਕਰਾਰ ਦੇਵੇਗਾ ਕਿਉਂਕਿ ਸੋਜ ਸਿਰਫ਼ ਜ਼ਖ਼ਮ ਕਰਕੇ ਹੈ ।

29 “ਜੇ ਕਿਸੇ ਆਦਮੀ ਜਾਂ ਔਰਤ ਦੇ ਸਿਰ ਜਾਂ ਠੋਡੀ ʼਤੇ ਕੋਈ ਬੀਮਾਰੀ ਹੋ ਜਾਂਦੀ ਹੈ, 30 ਤਾਂ ਪੁਜਾਰੀ ਇਸ ਦੀ ਜਾਂਚ ਕਰੇਗਾ।+ ਜੇ ਇਹ ਬੀਮਾਰੀ ਚਮੜੀ ਦੇ ਅੰਦਰ ਤਕ ਨਜ਼ਰ ਆਉਂਦੀ ਹੈ ਅਤੇ ਉਸ ਜਗ੍ਹਾ ਵਾਲ਼ ਪੀਲ਼ੇ ਪੈ ਗਏ ਹਨ ਤੇ ਝੜਨ ਲੱਗ ਪਏ ਹਨ, ਤਾਂ ਪੁਜਾਰੀ ਉਸ ਨੂੰ ਅਸ਼ੁੱਧ ਕਰਾਰ ਦੇਵੇਗਾ; ਇਹ ਸਿਰ ਜਾਂ ਦਾੜ੍ਹੀ ਨੂੰ ਹੋਣ ਵਾਲੀ ਬੀਮਾਰੀ ਹੈ। ਇਹ ਸਿਰ ਜਾਂ ਠੋਡੀ ਦਾ ਕੋੜ੍ਹ ਹੈ। 31 ਪਰ ਜੇ ਪੁਜਾਰੀ ਦੇਖਦਾ ਹੈ ਕਿ ਬੀਮਾਰੀ ਚਮੜੀ ਦੇ ਅੰਦਰ ਤਕ ਨਜ਼ਰ ਨਹੀਂ ਆਉਂਦੀ ਅਤੇ ਉਸ ਜਗ੍ਹਾ ਕਾਲ਼ੇ ਵਾਲ਼ ਨਹੀਂ ਹਨ, ਤਾਂ ਉਹ ਉਸ ਨੂੰ ਸੱਤ ਦਿਨ ਦੂਸਰਿਆਂ ਨਾਲੋਂ ਵੱਖਰਾ ਰੱਖੇ।+ 32 ਪੁਜਾਰੀ ਸੱਤਵੇਂ ਦਿਨ ਬੀਮਾਰੀ ਦੀ ਜਾਂਚ ਕਰੇ ਅਤੇ ਜੇ ਬੀਮਾਰੀ ਚਮੜੀ ʼਤੇ ਨਹੀਂ ਫੈਲੀ ਹੈ ਅਤੇ ਉਸ ਜਗ੍ਹਾ ਵਾਲ਼ ਪੀਲ਼ੇ ਨਹੀਂ ਪਏ ਹਨ ਅਤੇ ਇਹ ਚਮੜੀ ਦੇ ਅੰਦਰ ਤਕ ਨਜ਼ਰ ਨਹੀਂ ਆਉਂਦੀ, 33 ਤਾਂ ਉਹ ਉਸਤਰੇ ਨਾਲ ਆਪਣੀ ਹਜਾਮਤ ਕਰਾਵੇ, ਪਰ ਬੀਮਾਰੀ ਵਾਲੀ ਜਗ੍ਹਾ ਹਜਾਮਤ ਨਾ ਕਰਾਵੇ। ਫਿਰ ਪੁਜਾਰੀ ਰੋਗੀ ਨੂੰ ਸੱਤ ਦਿਨ ਦੂਸਰਿਆਂ ਤੋਂ ਵੱਖਰਾ ਰੱਖੇ।

34 “ਸੱਤਵੇਂ ਦਿਨ ਪੁਜਾਰੀ ਦੁਬਾਰਾ ਬੀਮਾਰੀ ਵਾਲੀ ਜਗ੍ਹਾ ਦੀ ਜਾਂਚ ਕਰੇ ਅਤੇ ਜੇ ਸਿਰ ਜਾਂ ਦਾੜ੍ਹੀ ਦੀ ਬੀਮਾਰੀ ਚਮੜੀ ʼਤੇ ਫੈਲੀ ਨਹੀਂ ਹੈ ਅਤੇ ਇਹ ਚਮੜੀ ਦੇ ਅੰਦਰ ਤਕ ਨਜ਼ਰ ਨਹੀਂ ਆਉਂਦੀ, ਤਾਂ ਪੁਜਾਰੀ ਉਸ ਨੂੰ ਸ਼ੁੱਧ ਕਰਾਰ ਦੇਵੇ ਅਤੇ ਉਹ ਆਪਣੇ ਕੱਪੜੇ ਧੋਵੇ ਤੇ ਸ਼ੁੱਧ ਹੋਵੇ। 35 ਪਰ ਜੇ ਉਸ ਨੂੰ ਸ਼ੁੱਧ ਕਰਾਰ ਦਿੱਤੇ ਜਾਣ ਤੋਂ ਬਾਅਦ ਬੀਮਾਰੀ ਫੈਲ ਜਾਂਦੀ ਹੈ, 36 ਤਾਂ ਪੁਜਾਰੀ ਉਸ ਦੀ ਜਾਂਚ ਕਰੇ ਅਤੇ ਜੇ ਇਹ ਸਾਫ਼ ਦਿਖਾਈ ਦਿੰਦਾ ਹੈ ਕਿ ਬੀਮਾਰੀ ਚਮੜੀ ʼਤੇ ਫੈਲ ਗਈ ਹੈ, ਤਾਂ ਪੁਜਾਰੀ ਨੂੰ ਦੇਖਣ ਦੀ ਲੋੜ ਨਹੀਂ ਕਿ ਉਸ ਜਗ੍ਹਾ ਪੀਲ਼ੇ ਵਾਲ਼ ਹਨ ਜਾਂ ਨਹੀਂ; ਉਹ ਇਨਸਾਨ ਅਸ਼ੁੱਧ ਹੈ। 37 ਪਰ ਜੇ ਜਾਂਚ ਕਰ ਕੇ ਪਤਾ ਲੱਗਦਾ ਹੈ ਕਿ ਬੀਮਾਰੀ ਫੈਲੀ ਨਹੀਂ ਹੈ ਅਤੇ ਉਸ ਜਗ੍ਹਾ ਕਾਲ਼ੇ ਵਾਲ਼ ਉੱਗ ਆਏ ਹਨ, ਤਾਂ ਬੀਮਾਰੀ ਠੀਕ ਹੋ ਗਈ ਹੈ। ਉਹ ਸ਼ੁੱਧ ਹੈ ਅਤੇ ਪੁਜਾਰੀ ਉਸ ਨੂੰ ਸ਼ੁੱਧ ਕਰਾਰ ਦੇਵੇਗਾ।+

38 “ਜੇ ਕਿਸੇ ਆਦਮੀ ਜਾਂ ਔਰਤ ਦੀ ਚਮੜੀ ʼਤੇ ਚਿੱਟੇ ਦਾਗ਼ ਪੈ ਜਾਂਦੇ ਹਨ, 39 ਤਾਂ ਪੁਜਾਰੀ ਦਾਗ਼ਾਂ ਦੀ ਜਾਂਚ ਕਰੇ।+ ਜੇ ਇਹ ਹਲਕੇ ਚਿੱਟੇ ਰੰਗ ਦੇ ਹਨ, ਤਾਂ ਇਹ ਸਿਰਫ਼ ਧੱਫੜ ਹੀ ਹਨ ਜਿਨ੍ਹਾਂ ਤੋਂ ਖ਼ਤਰਾ ਨਹੀਂ ਹੈ। ਉਹ ਇਨਸਾਨ ਸ਼ੁੱਧ ਹੈ।

40 “ਜੇ ਕਿਸੇ ਆਦਮੀ ਦੇ ਸਿਰ ਦੇ ਵਾਲ਼ ਝੜ ਜਾਂਦੇ ਹਨ ਅਤੇ ਉਹ ਗੰਜਾ ਹੋ ਜਾਂਦਾ ਹੈ, ਤਾਂ ਉਹ ਸ਼ੁੱਧ ਹੈ। 41 ਜੇ ਉਸ ਦੇ ਸਿਰ ਦੇ ਸਾਮ੍ਹਣੇ ਵਾਲੇ ਪਾਸੇ ਦੇ ਵਾਲ਼ ਝੜ ਜਾਂਦੇ ਹਨ ਤੇ ਉਹ ਗੰਜਾ ਹੋ ਜਾਂਦਾ ਹੈ, ਤਾਂ ਉਹ ਸ਼ੁੱਧ ਹੈ। 42 ਪਰ ਜੇ ਉਸ ਦੇ ਸਿਰ ਦੇ ਗੰਜ ਵਾਲੇ ਹਿੱਸੇ ਜਾਂ ਮੱਥੇ ਉੱਤੇ ਲਾਲ-ਚਿੱਟੇ ਰੰਗ ਦਾ ਫੋੜਾ ਹੋ ਜਾਂਦਾ ਹੈ, ਤਾਂ ਉਸ ਦੇ ਸਿਰ ਜਾਂ ਮੱਥੇ ਉੱਤੇ ਕੋੜ੍ਹ ਹੋ ਗਿਆ ਹੈ। 43 ਪੁਜਾਰੀ ਉਸ ਦੀ ਜਾਂਚ ਕਰੇਗਾ ਅਤੇ ਜੇ ਉਸ ਦੇ ਸਿਰ ਦੇ ਗੰਜ ਵਾਲੇ ਹਿੱਸੇ ਜਾਂ ਮੱਥੇ ਉੱਤੇ ਬੀਮਾਰੀ ਕਰਕੇ ਸੋਜ ਪਈ ਹੈ ਅਤੇ ਉਹ ਜਗ੍ਹਾ ਲਾਲ-ਚਿੱਟੇ ਰੰਗ ਦੀ ਹੈ ਅਤੇ ਇਹ ਕੋੜ੍ਹ ਵਰਗੀ ਨਜ਼ਰ ਆਉਂਦੀ ਹੈ, 44 ਤਾਂ ਉਹ ਕੋੜ੍ਹੀ ਹੈ। ਉਹ ਅਸ਼ੁੱਧ ਹੈ ਅਤੇ ਪੁਜਾਰੀ ਉਸ ਨੂੰ ਅਸ਼ੁੱਧ ਕਰਾਰ ਦੇਵੇ ਕਿਉਂਕਿ ਉਸ ਦੇ ਸਿਰ ʼਤੇ ਕੋੜ੍ਹ ਹੋਇਆ ਹੈ। 45 ਜਿਸ ਨੂੰ ਕੋੜ੍ਹ ਹੋਇਆ ਹੈ, ਉਸ ਦੇ ਕੱਪੜੇ ਪਾੜੇ ਜਾਣ ਅਤੇ ਉਸ ਦੇ ਵਾਲ਼ ਖਿਲਰੇ ਰਹਿਣ ਅਤੇ ਉਹ ਆਪਣੀਆਂ ਮੁੱਛਾਂ ਢਕ ਕੇ ਉੱਚੀ-ਉੱਚੀ ਕਹੇ, ‘ਅਸ਼ੁੱਧ, ਅਸ਼ੁੱਧ!’ 46 ਜਦੋਂ ਤਕ ਉਸ ਨੂੰ ਕੋੜ੍ਹ ਦੀ ਬੀਮਾਰੀ ਹੈ, ਉਦੋਂ ਤਕ ਉਹ ਅਸ਼ੁੱਧ ਰਹੇਗਾ। ਅਸ਼ੁੱਧ ਹੋਣ ਕਰਕੇ ਉਹ ਦੂਸਰਿਆਂ ਤੋਂ ਵੱਖਰਾ ਰਹੇ। ਉਸ ਦੇ ਰਹਿਣ ਦੀ ਜਗ੍ਹਾ ਛਾਉਣੀ ਤੋਂ ਬਾਹਰ ਹੋਵੇ।+

47 “ਜੇ ਕਿਸੇ ਕੱਪੜੇ ਨੂੰ ਕੋੜ੍ਹ ਦੀ ਬੀਮਾਰੀ ਲੱਗਦੀ ਹੈ, ਚਾਹੇ ਇਹ ਕੱਪੜਾ ਉੱਨ ਦਾ ਹੋਵੇ ਜਾਂ ਮਲਮਲ ਦਾ, 48 ਭਾਵੇਂ ਇਹ ਬੁਣੇ ਹੋਏ ਉੱਨੀ ਕੱਪੜੇ ਜਾਂ ਮਲਮਲ ਦੇ ਕੱਪੜੇ ਦੇ ਤਾਣੇ ਵਿਚ ਹੋਵੇ ਜਾਂ ਬਾਣੇ ਵਿਚ। ਜਾਂ ਫਿਰ ਇਹ ਬੀਮਾਰੀ ਚਮੜੇ ਵਿਚ ਹੋਵੇ ਜਾਂ ਚਮੜੇ ਤੋਂ ਬਣੀ ਕਿਸੇ ਚੀਜ਼ ਵਿਚ ਹੋਵੇ 49 ਅਤੇ ਜੇ ਇਸ ਬੀਮਾਰੀ ਕਰਕੇ ਕੱਪੜੇ, ਚਮੜੇ, ਬੁਣੇ ਹੋਏ ਕੱਪੜੇ ਦੇ ਤਾਣੇ-ਬਾਣੇ ਜਾਂ ਚਮੜੇ ਦੀ ਬਣੀ ਕਿਸੇ ਚੀਜ਼ ʼਤੇ ਪੀਲ਼ੇ-ਹਰੇ ਜਾਂ ਲਾਲ ਰੰਗ ਦਾ ਦਾਗ਼ ਪੈ ਜਾਂਦਾ ਹੈ, ਤਾਂ ਇਸ ਨੂੰ ਕੋੜ੍ਹ ਦੀ ਬੀਮਾਰੀ ਲੱਗੀ ਹੈ ਅਤੇ ਇਹ ਪੁਜਾਰੀ ਨੂੰ ਦਿਖਾਈ ਜਾਣੀ ਚਾਹੀਦੀ ਹੈ। 50 ਪੁਜਾਰੀ ਬੀਮਾਰੀ ਦੀ ਜਾਂਚ ਕਰੇ ਅਤੇ ਉਹ ਸੱਤ ਦਿਨਾਂ ਤਕ ਉਸ ਚੀਜ਼ ਨੂੰ ਵੱਖਰਾ ਰੱਖੇ ਜਿਸ ਚੀਜ਼ ਨੂੰ ਇਹ ਬੀਮਾਰੀ ਲੱਗੀ ਹੈ।+ 51 ਜਦੋਂ ਉਹ ਸੱਤਵੇਂ ਦਿਨ ਜਾਂਚ ਕਰ ਕੇ ਦੇਖਦਾ ਹੈ ਕਿ ਇਹ ਪੂਰੇ ਕੱਪੜੇ, ਤਾਣੇ-ਬਾਣੇ ਜਾਂ ਚਮੜੇ (ਚਾਹੇ ਉਹ ਚਮੜਾ ਕਿਸੇ ਵੀ ਕੰਮ ਲਈ ਵਰਤਿਆ ਗਿਆ ਹੋਵੇ) ਵਿਚ ਫੈਲ ਗਈ ਹੈ, ਤਾਂ ਇਹ ਕੋੜ੍ਹ ਦੀ ਗੰਭੀਰ ਬੀਮਾਰੀ ਹੈ ਅਤੇ ਇਹ ਅਸ਼ੁੱਧ ਹੈ।+ 52 ਉਹ ਉਸ ਕੱਪੜੇ ਜਾਂ ਬੁਣੇ ਹੋਏ ਉੱਨੀ ਕੱਪੜੇ ਜਾਂ ਮਲਮਲ ਦੇ ਕੱਪੜੇ ਦੇ ਤਾਣੇ-ਬਾਣੇ ਜਾਂ ਚਮੜੇ ਦੀ ਕਿਸੇ ਵੀ ਚੀਜ਼ ਨੂੰ ਸਾੜ ਦੇਵੇ ਜਿਸ ਨੂੰ ਕੋੜ੍ਹ ਦੀ ਬੀਮਾਰੀ ਲੱਗ ਗਈ ਹੈ ਕਿਉਂਕਿ ਇਹ ਕੋੜ੍ਹ ਦੀ ਗੰਭੀਰ ਬੀਮਾਰੀ ਹੈ। ਉਸ ਚੀਜ਼ ਨੂੰ ਅੱਗ ਵਿਚ ਸਾੜ ਦਿੱਤਾ ਜਾਵੇ।

53 “ਪਰ ਜੇ ਪੁਜਾਰੀ ਜਾਂਚ ਕਰ ਕੇ ਦੇਖਦਾ ਹੈ ਕਿ ਬੀਮਾਰੀ ਕੱਪੜੇ ਜਾਂ ਤਾਣੇ-ਬਾਣੇ ਵਿਚ ਜਾਂ ਚਮੜੇ ਦੀ ਚੀਜ਼ ਵਿਚ ਨਹੀਂ ਫੈਲੀ ਹੈ, 54 ਤਾਂ ਪੁਜਾਰੀ ਉਸ ਚੀਜ਼ ਨੂੰ ਧੋਣ ਦਾ ਹੁਕਮ ਦੇਵੇ ਅਤੇ ਉਸ ਨੂੰ ਹੋਰ ਸੱਤ ਦਿਨਾਂ ਤਕ ਵੱਖਰਾ ਰੱਖੇ। 55 ਕੱਪੜੇ ਨੂੰ ਚੰਗੀ ਤਰ੍ਹਾਂ ਧੋਤੇ ਜਾਣ ਤੋਂ ਬਾਅਦ ਪੁਜਾਰੀ ਉਸ ਦੀ ਜਾਂਚ ਕਰੇਗਾ। ਜੇ ਦਾਗ਼ ਦਾ ਰੰਗ ਬਦਲਿਆ ਨਹੀਂ ਹੈ, ਭਾਵੇਂ ਬੀਮਾਰੀ ਕੱਪੜੇ ʼਤੇ ਨਹੀਂ ਫੈਲੀ ਹੈ, ਤਾਂ ਇਹ ਅਸ਼ੁੱਧ ਹੈ। ਤੁਸੀਂ ਇਸ ਨੂੰ ਅੱਗ ਵਿਚ ਸਾੜ ਦਿਓ ਕਿਉਂਕਿ ਕੋੜ੍ਹ ਨੇ ਉਸ ਨੂੰ ਅੰਦਰੋਂ ਜਾਂ ਬਾਹਰੋਂ ਖਾ ਲਿਆ ਹੈ।

56 “ਪਰ ਜੇ ਪੁਜਾਰੀ ਜਾਂਚ ਕਰ ਕੇ ਦੇਖਦਾ ਹੈ ਕਿ ਕੱਪੜੇ ਜਾਂ ਤਾਣੇ-ਬਾਣੇ ਜਾਂ ਚਮੜੇ ਨੂੰ ਚੰਗੀ ਤਰ੍ਹਾਂ ਧੋਤੇ ਜਾਣ ਤੋਂ ਬਾਅਦ ਦਾਗ਼ ਫਿੱਕਾ ਪੈ ਗਿਆ ਹੈ, ਤਾਂ ਉਹ ਦਾਗ਼ ਵਾਲੇ ਹਿੱਸੇ ਨੂੰ ਪਾੜ ਕੇ ਕੱਢ ਦੇਵੇ। 57 ਪਰ ਜੇ ਇਹ ਦਾਗ਼ ਕੱਪੜੇ ਜਾਂ ਤਾਣੇ-ਬਾਣੇ ਜਾਂ ਚਮੜੇ ਦੀ ਚੀਜ਼ ਦੇ ਕਿਸੇ ਹੋਰ ਹਿੱਸੇ ʼਤੇ ਦਿਖਾਈ ਦਿੰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਇਹ ਬੀਮਾਰੀ ਫੈਲ ਰਹੀ ਹੈ ਅਤੇ ਤੁਸੀਂ ਅਜਿਹੀ ਕਿਸੇ ਵੀ ਚੀਜ਼ ਨੂੰ ਅੱਗ ਵਿਚ ਸਾੜ ਦਿਓ।+ 58 ਪਰ ਜੇ ਕੱਪੜੇ ਜਾਂ ਤਾਣੇ-ਬਾਣੇ ਜਾਂ ਚਮੜੇ ਦੀ ਚੀਜ਼ ਨੂੰ ਧੋਣ ਤੋਂ ਬਾਅਦ ਇਹ ਦਾਗ਼ ਮਿਟ ਜਾਂਦਾ ਹੈ, ਤਾਂ ਇਸ ਨੂੰ ਦੁਬਾਰਾ ਧੋਤਾ ਜਾਵੇ ਅਤੇ ਇਹ ਸ਼ੁੱਧ ਹੋਵੇਗੀ।

59 “ਇਹ ਨਿਯਮ ਉੱਨ ਜਾਂ ਮਲਮਲ ਦੇ ਕੱਪੜੇ ਜਾਂ ਬੁਣੇ ਹੋਏ ਕੱਪੜੇ ਦੇ ਤਾਣੇ-ਬਾਣੇ ਜਾਂ ਚਮੜੇ ਦੀ ਬਣੀ ਹੋਈ ਕਿਸੇ ਵੀ ਚੀਜ਼ ਵਿਚ ਕੋੜ੍ਹ ਦੀ ਬੀਮਾਰੀ ਦੇ ਸੰਬੰਧ ਵਿਚ ਹੈ ਤਾਂਕਿ ਇਸ ਨੂੰ ਸ਼ੁੱਧ ਜਾਂ ਅਸ਼ੁੱਧ ਕਰਾਰ ਦਿੱਤਾ ਜਾਵੇ।”

14 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 ਕਿਸੇ ਕੋੜ੍ਹੀ ਦੇ ਠੀਕ ਹੋਣ ਤੋਂ ਬਾਅਦ ਜਦੋਂ ਉਸ ਨੂੰ ਸ਼ੁੱਧ ਕਰਨ ਲਈ ਪੁਜਾਰੀ ਕੋਲ ਲਿਆਇਆ ਜਾਂਦਾ ਹੈ, ਤਾਂ ਇਸ ਨਿਯਮ ਦੀ ਪਾਲਣਾ ਕੀਤੀ ਜਾਵੇ।+ 3 ਪੁਜਾਰੀ ਛਾਉਣੀ ਤੋਂ ਬਾਹਰ ਜਾ ਕੇ ਉਸ ਦੀ ਜਾਂਚ ਕਰੇ। ਜੇ ਕੋੜ੍ਹੀ ਆਪਣੇ ਕੋੜ੍ਹ ਤੋਂ ਠੀਕ ਹੋ ਗਿਆ ਹੈ, 4 ਤਾਂ ਪੁਜਾਰੀ ਉਸ ਨੂੰ ਸ਼ੁੱਧ ਕਰਨ ਲਈ ਦੋ ਜੀਉਂਦੇ ਤੇ ਸ਼ੁੱਧ ਪੰਛੀ, ਦਿਆਰ ਦੀ ਲੱਕੜ, ਗੂੜ੍ਹੇ ਲਾਲ ਰੰਗ ਦਾ ਧਾਗਾ ਅਤੇ ਜ਼ੂਫੇ ਦੀ ਟਾਹਣੀ ਲਿਆਉਣ ਦਾ ਹੁਕਮ ਦੇਵੇ।+ 5 ਫਿਰ ਪੁਜਾਰੀ ਹੁਕਮ ਦੇਵੇ ਕਿ ਇਕ ਪੰਛੀ ਨੂੰ ਤਾਜ਼ੇ ਪਾਣੀ ਨਾਲ ਭਰੇ ਮਿੱਟੀ ਦੇ ਭਾਂਡੇ ਉੱਪਰ ਮਾਰਿਆ ਜਾਵੇ। 6 ਪਰ ਉਹ ਜੀਉਂਦਾ ਪੰਛੀ, ਦਿਆਰ ਦੀ ਲੱਕੜ, ਗੂੜ੍ਹੇ ਲਾਲ ਰੰਗ ਦਾ ਧਾਗਾ ਅਤੇ ਜ਼ੂਫੇ ਦੀ ਟਾਹਣੀ ਲਵੇ ਅਤੇ ਇਨ੍ਹਾਂ ਸਾਰਿਆਂ ਨੂੰ ਇਕੱਠੇ ਉਸ ਪੰਛੀ ਦੇ ਖ਼ੂਨ ਵਿਚ ਡੋਬੇ ਜਿਸ ਨੂੰ ਤਾਜ਼ੇ ਪਾਣੀ ਉੱਪਰ ਮਾਰਿਆ ਗਿਆ ਹੈ। 7 ਫਿਰ ਪੁਜਾਰੀ ਕੋੜ੍ਹ ਤੋਂ ਸ਼ੁੱਧ ਹੋਣ ਲਈ ਆਏ ਆਦਮੀ ਉੱਤੇ ਸੱਤ ਵਾਰ ਖ਼ੂਨ ਛਿੜਕੇ ਅਤੇ ਉਸ ਨੂੰ ਸ਼ੁੱਧ ਕਰਾਰ ਦੇਵੇ। ਅਤੇ ਉਹ ਜੀਉਂਦੇ ਪੰਛੀ ਨੂੰ ਖੁੱਲ੍ਹੇ ਮੈਦਾਨ ਵਿਚ ਛੱਡ ਦੇਵੇ।+

8 “ਫਿਰ ਜਿਹੜਾ ਆਪਣੇ ਆਪ ਨੂੰ ਸ਼ੁੱਧ ਕਰ ਰਿਹਾ ਹੈ, ਉਹ ਆਪਣੇ ਕੱਪੜੇ ਧੋਵੇ, ਉਸਤਰੇ ਨਾਲ ਆਪਣੇ ਸਾਰੇ ਵਾਲ਼ਾਂ ਦੀ ਹਜਾਮਤ ਕਰੇ ਤੇ ਪਾਣੀ ਵਿਚ ਨਹਾਵੇ ਅਤੇ ਉਹ ਸ਼ੁੱਧ ਹੋ ਜਾਵੇਗਾ। ਇਸ ਤੋਂ ਬਾਅਦ ਉਹ ਛਾਉਣੀ ਵਿਚ ਆ ਸਕਦਾ ਹੈ, ਪਰ ਉਹ ਸੱਤ ਦਿਨ ਆਪਣੇ ਤੰਬੂ ਦੇ ਬਾਹਰ ਰਹੇ। 9 ਸੱਤਵੇਂ ਦਿਨ ਉਹ ਉਸਤਰੇ ਨਾਲ ਆਪਣੇ ਸਿਰ ਤੇ ਠੋਡੀ ਦੇ ਵਾਲ਼ਾਂ ਅਤੇ ਭਰਵੱਟਿਆਂ ਦੀ ਹਜਾਮਤ ਕਰੇ। ਸਾਰੇ ਵਾਲ਼ਾਂ ਦੀ ਹਜਾਮਤ ਕਰਨ ਤੋਂ ਬਾਅਦ ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਵਿਚ ਨਹਾਵੇ ਅਤੇ ਉਹ ਸ਼ੁੱਧ ਹੋ ਜਾਵੇਗਾ।

10 “ਅੱਠਵੇਂ ਦਿਨ ਉਹ ਆਦਮੀ ਬਿਨਾਂ ਨੁਕਸ ਵਾਲੇ ਦੋ ਭੇਡੂ, ਬਿਨਾਂ ਨੁਕਸ ਵਾਲੀ ਇਕ ਸਾਲ ਦੀ ਲੇਲੀ,+ ਅਨਾਜ ਦੇ ਚੜ੍ਹਾਵੇ ਲਈ ਤੇਲ ਨਾਲ ਗੁੰਨ੍ਹਿਆ ਤਿੰਨ ਓਮਰ* ਮੈਦਾ+ ਅਤੇ ਇਕ ਲਾਗ* ਤੇਲ ਲਵੇ;+ 11 ਅਤੇ ਜਿਹੜਾ ਪੁਜਾਰੀ ਉਸ ਆਦਮੀ ਨੂੰ ਸ਼ੁੱਧ ਕਰਾਰ ਦਿੰਦਾ ਹੈ, ਉਹ ਉਸ ਨੂੰ ਤੇ ਉਸ ਦੇ ਚੜ੍ਹਾਵਿਆਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਯਹੋਵਾਹ ਸਾਮ੍ਹਣੇ ਪੇਸ਼ ਕਰੇ। 12 ਫਿਰ ਪੁਜਾਰੀ ਦੋਸ਼-ਬਲ਼ੀ ਵਜੋਂ ਇਕ ਭੇਡੂ+ ਅਤੇ ਇਕ ਲਾਗ ਤੇਲ ਚੜ੍ਹਾਵੇ ਅਤੇ ਉਹ ਇਨ੍ਹਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਹੋਵਾਹ ਸਾਮ੍ਹਣੇ ਅੱਗੇ-ਪਿੱਛੇ ਹਿਲਾਵੇ।+ 13 ਇਸ ਤੋਂ ਬਾਅਦ ਉਹ ਭੇਡੂ ਨੂੰ ਪਵਿੱਤਰ ਸਥਾਨ ਵਿਚ ਉਸ ਜਗ੍ਹਾ ਵੱਢੇ ਜਿੱਥੇ ਆਮ ਤੌਰ ਤੇ ਪਾਪ-ਬਲ਼ੀ ਤੇ ਹੋਮ-ਬਲ਼ੀ ਦੇ ਜਾਨਵਰ ਵੱਢੇ ਜਾਂਦੇ ਹਨ+ ਕਿਉਂਕਿ ਪਾਪ-ਬਲ਼ੀ ਵਾਂਗ ਦੋਸ਼-ਬਲ਼ੀ ਵੀ ਪੁਜਾਰੀ ਦੀ ਹੁੰਦੀ ਹੈ।+ ਇਹ ਬਲ਼ੀ ਅੱਤ ਪਵਿੱਤਰ ਹੈ।+

14 “ਫਿਰ ਪੁਜਾਰੀ ਦੋਸ਼-ਬਲ਼ੀ ਦੇ ਜਾਨਵਰ ਦਾ ਥੋੜ੍ਹਾ ਜਿਹਾ ਖ਼ੂਨ ਲੈ ਕੇ ਸ਼ੁੱਧ ਹੋਣ ਲਈ ਆਏ ਆਦਮੀ ਦੇ ਸੱਜੇ ਕੰਨ ਦੇ ਹੇਠਲੇ ਸਿਰੇ ਉੱਤੇ, ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਵੇ। 15 ਇਸ ਤੋਂ ਬਾਅਦ ਪੁਜਾਰੀ ਇਕ ਲਾਗ ਤੇਲ+ ਆਪਣੇ ਖੱਬੇ ਹੱਥ ਦੀ ਤਲੀ ਉੱਤੇ ਪਾਵੇ। 16 ਫਿਰ ਪੁਜਾਰੀ ਖੱਬੇ ਹੱਥ ਦੀ ਤਲੀ ਉੱਤੇ ਪਾਏ ਤੇਲ ਵਿਚ ਆਪਣੇ ਸੱਜੇ ਹੱਥ ਦੀ ਉਂਗਲ ਡੋਬ ਕੇ ਯਹੋਵਾਹ ਅੱਗੇ ਸੱਤ ਵਾਰ ਤੇਲ ਛਿੜਕੇ। 17 ਫਿਰ ਪੁਜਾਰੀ ਤਲੀ ʼਤੇ ਬਚਿਆ ਤੇਲ ਸ਼ੁੱਧ ਹੋਣ ਲਈ ਆਏ ਆਦਮੀ ਦੇ ਸੱਜੇ ਕੰਨ ਦੇ ਹੇਠਲੇ ਸਿਰੇ ਉੱਤੇ, ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਵੇ ਜਿਨ੍ਹਾਂ ʼਤੇ ਦੋਸ਼-ਬਲ਼ੀ ਦੇ ਜਾਨਵਰ ਦਾ ਖ਼ੂਨ ਲਾਇਆ ਗਿਆ ਸੀ। 18 ਪੁਜਾਰੀ ਤਲੀ ʼਤੇ ਬਾਕੀ ਬਚਿਆ ਤੇਲ ਉਸ ਦੇ ਸਿਰ ਉੱਤੇ ਪਾਵੇ ਅਤੇ ਯਹੋਵਾਹ ਅੱਗੇ ਉਸ ਦੀ ਪਾਪੀ ਹਾਲਤ ਲਈ ਮਾਫ਼ੀ ਮੰਗੇ।+

19 “ਪੁਜਾਰੀ ਉਸ ਅਸ਼ੁੱਧ ਵਿਅਕਤੀ ਦੀ ਪਾਪੀ ਹਾਲਤ ਲਈ ਮਾਫ਼ੀ ਵਾਸਤੇ ਪਾਪ-ਬਲ਼ੀ ਦੇ ਜਾਨਵਰ ਨੂੰ ਵੱਢੇ+ ਤਾਂਕਿ ਉਹ ਸ਼ੁੱਧ ਹੋਵੇ। ਇਸ ਤੋਂ ਬਾਅਦ ਪੁਜਾਰੀ ਹੋਮ-ਬਲ਼ੀ ਦਾ ਜਾਨਵਰ ਵੱਢੇ। 20 ਪੁਜਾਰੀ ਉਸ ਦੀ ਪਾਪੀ ਹਾਲਤ ਲਈ ਮਾਫ਼ੀ ਵਾਸਤੇ ਵੇਦੀ ਉੱਤੇ ਹੋਮ-ਬਲ਼ੀ ਅਤੇ ਅਨਾਜ ਦਾ ਚੜ੍ਹਾਵਾ ਚੜ੍ਹਾਵੇ+ ਅਤੇ ਉਹ ਸ਼ੁੱਧ ਹੋ ਜਾਵੇਗਾ।+

21 “ਪਰ ਜੇ ਗ਼ਰੀਬ ਹੋਣ ਕਰਕੇ ਉਸ ਵਿਚ ਗੁੰਜਾਇਸ਼ ਨਹੀਂ ਹੈ, ਤਾਂ ਉਹ ਆਪਣੀ ਪਾਪੀ ਹਾਲਤ ਲਈ ਮਾਫ਼ੀ ਵਾਸਤੇ ਦੋਸ਼-ਬਲ਼ੀ ਲਈ ਇਕ ਭੇਡੂ ਲਿਆਵੇ ਜੋ ਹਿਲਾਉਣ ਦੀ ਭੇਟ ਵਜੋਂ ਚੜ੍ਹਾਇਆ ਜਾਵੇਗਾ। ਨਾਲੇ ਉਹ ਅਨਾਜ ਦੇ ਚੜ੍ਹਾਵੇ ਲਈ ਤੇਲ ਨਾਲ ਗੁੰਨ੍ਹਿਆ ਇਕ ਏਫਾ ਮੈਦੇ ਦਾ ਦਸਵਾਂ ਹਿੱਸਾ* ਅਤੇ ਇਕ ਲਾਗ ਤੇਲ 22 ਅਤੇ ਆਪਣੀ ਗੁੰਜਾਇਸ਼ ਮੁਤਾਬਕ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਲਿਆਵੇ। ਇਕ ਨੂੰ ਪਾਪ-ਬਲ਼ੀ ਲਈ ਅਤੇ ਇਕ ਨੂੰ ਹੋਮ-ਬਲ਼ੀ ਲਈ ਚੜ੍ਹਾਇਆ ਜਾਵੇਗਾ।+ 23 ਅੱਠਵੇਂ ਦਿਨ+ ਉਹ ਸ਼ੁੱਧ ਹੋਣ ਲਈ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਯਹੋਵਾਹ ਸਾਮ੍ਹਣੇ ਇਹ ਸਭ ਕੁਝ ਪੁਜਾਰੀ ਨੂੰ ਦੇਵੇ।+

24 “ਪੁਜਾਰੀ ਦੋਸ਼-ਬਲ਼ੀ ਲਈ ਭੇਡੂ+ ਅਤੇ ਇਕ ਲਾਗ ਤੇਲ ਲੈ ਕੇ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਹੋਵਾਹ ਦੇ ਸਾਮ੍ਹਣੇ ਅੱਗੇ-ਪਿੱਛੇ ਹਿਲਾਏ।+ 25 ਫਿਰ ਉਹ ਦੋਸ਼-ਬਲ਼ੀ ਦੇ ਭੇਡੂ ਨੂੰ ਵੱਢੇ ਅਤੇ ਦੋਸ਼-ਬਲ਼ੀ ਦੇ ਜਾਨਵਰ ਦਾ ਥੋੜ੍ਹਾ ਜਿਹਾ ਖ਼ੂਨ ਲੈ ਕੇ ਸ਼ੁੱਧ ਹੋਣ ਲਈ ਆਏ ਆਦਮੀ ਦੇ ਸੱਜੇ ਕੰਨ ਦੇ ਹੇਠਲੇ ਸਿਰੇ ਉੱਤੇ, ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਵੇ।+ 26 ਪੁਜਾਰੀ ਆਪਣੇ ਖੱਬੇ ਹੱਥ ਦੀ ਤਲੀ ਉੱਤੇ ਕੁਝ ਤੇਲ ਪਾਵੇ+ 27 ਫਿਰ ਪੁਜਾਰੀ ਖੱਬੇ ਹੱਥ ਦੀ ਤਲੀ ਉੱਤੇ ਪਾਏ ਤੇਲ ਵਿਚ ਆਪਣੇ ਸੱਜੇ ਹੱਥ ਦੀ ਉਂਗਲ ਡੋਬ ਕੇ ਯਹੋਵਾਹ ਅੱਗੇ ਸੱਤ ਵਾਰ ਤੇਲ ਛਿੜਕੇ। 28 ਫਿਰ ਪੁਜਾਰੀ ਤਲੀ ʼਤੇ ਬਚਿਆ ਤੇਲ ਉਸ ਦੇ ਸੱਜੇ ਕੰਨ ਦੇ ਹੇਠਲੇ ਸਿਰੇ ਉੱਤੇ, ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਵੇ ਜਿਨ੍ਹਾਂ ʼਤੇ ਦੋਸ਼-ਬਲ਼ੀ ਦੇ ਜਾਨਵਰ ਦਾ ਖ਼ੂਨ ਲਾਇਆ ਗਿਆ ਸੀ। 29 ਪੁਜਾਰੀ ਬਾਕੀ ਬਚਿਆ ਤੇਲ ਸ਼ੁੱਧ ਹੋਣ ਲਈ ਆਏ ਆਦਮੀ ਦੇ ਸਿਰ ਉੱਤੇ ਪਾਵੇ ਅਤੇ ਯਹੋਵਾਹ ਅੱਗੇ ਉਸ ਦੀ ਪਾਪੀ ਹਾਲਤ ਲਈ ਮਾਫ਼ੀ ਮੰਗੇ।

30 “ਪੁਜਾਰੀ ਦੋਵੇਂ ਘੁੱਗੀਆਂ ਜਾਂ ਕਬੂਤਰ ਦੇ ਦੋਵੇਂ ਬੱਚੇ ਚੜ੍ਹਾਵੇ, ਜੋ ਉਸ ਆਦਮੀ ਨੇ ਆਪਣੀ ਗੁੰਜਾਇਸ਼ ਮੁਤਾਬਕ ਲਿਆਂਦੇ ਹਨ,+ 31 ਇਕ ਪਾਪ-ਬਲ਼ੀ ਵਜੋਂ ਅਤੇ ਦੂਜਾ ਹੋਮ-ਬਲ਼ੀ ਵਜੋਂ ਚੜ੍ਹਾਵੇ।+ ਇਨ੍ਹਾਂ ਦੇ ਨਾਲ ਉਹ ਅਨਾਜ ਦਾ ਚੜ੍ਹਾਵਾ ਵੀ ਚੜ੍ਹਾਵੇ। ਪੁਜਾਰੀ ਯਹੋਵਾਹ ਅੱਗੇ ਉਸ ਵਿਅਕਤੀ ਦੀ ਪਾਪੀ ਹਾਲਤ ਲਈ ਮਾਫ਼ੀ ਮੰਗੇ ਜੋ ਸ਼ੁੱਧ ਹੋਣ ਲਈ ਆਇਆ ਹੈ।+

32 “ਇਹ ਨਿਯਮ ਉਸ ਆਦਮੀ ਲਈ ਹੈ ਜੋ ਕੋੜ੍ਹ ਤੋਂ ਠੀਕ ਹੋ ਗਿਆ ਹੈ, ਪਰ ਉਸ ਵਿਚ ਉਹ ਸਾਰੀਆਂ ਚੀਜ਼ਾਂ ਲਿਆਉਣ ਦੀ ਗੁੰਜਾਇਸ਼ ਨਹੀਂ ਹੈ ਜੋ ਉਸ ਨੂੰ ਸ਼ੁੱਧ ਹੋਣ ਲਈ ਚਾਹੀਦੀਆਂ ਹਨ।”

33 ਫਿਰ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਕਿਹਾ: 34 “ਜਦੋਂ ਤੁਸੀਂ ਕਨਾਨ ਦੇਸ਼ ਵਿਚ ਜਾਓਗੇ+ ਜਿਸ ਦਾ ਮੈਂ ਤੁਹਾਨੂੰ ਮਾਲਕ ਬਣਾਵਾਂਗਾ+ ਅਤੇ ਤੁਹਾਡੇ ਦੇਸ਼ ਵਿਚ ਕਿਸੇ ਘਰ ਨੂੰ ਮੈਂ ਕੋੜ੍ਹ ਦੀ ਬੀਮਾਰੀ ਲਾ ਦਿਆਂ,+ 35 ਤਾਂ ਉਸ ਘਰ ਦਾ ਮਾਲਕ ਆ ਕੇ ਪੁਜਾਰੀ ਨੂੰ ਦੱਸੇ, ‘ਮੇਰੇ ਘਰ ਦੀਆਂ ਕੰਧਾਂ ਉੱਤੇ ਦਾਗ਼ ਦਿਖਾਈ ਦੇ ਰਹੇ ਹਨ ਜੋ ਦੇਖਣ ਨੂੰ ਕੋੜ੍ਹ ਵਰਗੇ ਲੱਗਦੇ ਹਨ।’ 36 ਦਾਗ਼ਾਂ ਦੀ ਜਾਂਚ ਕਰਨ ਲਈ ਆਉਣ ਤੋਂ ਪਹਿਲਾਂ ਪੁਜਾਰੀ ਉਸ ਘਰ ਨੂੰ ਖਾਲੀ ਕਰਨ ਦਾ ਹੁਕਮ ਦੇਵੇ ਤਾਂਕਿ ਇਸ ਤਰ੍ਹਾਂ ਨਾ ਹੋਵੇ ਕਿ ਉਹ ਘਰ ਦੀ ਹਰ ਚੀਜ਼ ਨੂੰ ਅਸ਼ੁੱਧ ਕਰਾਰ ਦੇ ਦੇਵੇ। ਇਸ ਤੋਂ ਬਾਅਦ ਪੁਜਾਰੀ ਘਰ ਦੀ ਜਾਂਚ ਕਰਨ ਆਵੇ। 37 ਉਹ ਕੰਧਾਂ ਦੇ ਉਨ੍ਹਾਂ ਹਿੱਸਿਆਂ ਦੀ ਜਾਂਚ ਕਰੇ ਜਿੱਥੇ ਦਾਗ਼ ਪਏ ਹਨ ਅਤੇ ਜੇ ਕੰਧਾਂ ਉੱਤੇ ਪੀਲ਼ੇ-ਹਰੇ ਜਾਂ ਲਾਲ ਰੰਗ ਦੇ ਟੋਏ ਪਏ ਹੋਏ ਹਨ ਅਤੇ ਇਹ ਕੰਧ ਵਿਚ ਅੰਦਰ ਤਕ ਨਜ਼ਰ ਆਉਂਦੇ ਹਨ, 38 ਤਾਂ ਪੁਜਾਰੀ ਘਰ ਦੇ ਬਾਹਰਲੇ ਦਰਵਾਜ਼ੇ ʼਤੇ ਜਾਵੇ ਅਤੇ ਘਰ ਨੂੰ ਸੱਤ ਦਿਨ ਬੰਦ ਰੱਖਣ ਦਾ ਹੁਕਮ ਦੇਵੇ।+

39 “ਫਿਰ ਪੁਜਾਰੀ ਸੱਤਵੇਂ ਦਿਨ ਵਾਪਸ ਆ ਕੇ ਘਰ ਦੀ ਜਾਂਚ ਕਰੇ। ਜੇ ਦਾਗ਼ ਘਰ ਦੀਆਂ ਕੰਧਾਂ ਉੱਤੇ ਫੈਲ ਗਏ ਹਨ, 40 ਤਾਂ ਪੁਜਾਰੀ ਹੁਕਮ ਦੇਵੇ ਕਿ ਕੰਧਾਂ ਵਿੱਚੋਂ ਦਾਗ਼ਾਂ ਵਾਲੇ ਪੱਥਰ ਕੱਢ ਕੇ ਸ਼ਹਿਰੋਂ ਬਾਹਰ ਅਸ਼ੁੱਧ ਥਾਂ ʼਤੇ ਸੁੱਟ ਦਿੱਤੇ ਜਾਣ। 41 ਫਿਰ ਉਹ ਹੁਕਮ ਦੇਵੇ ਕਿ ਕੰਧਾਂ ʼਤੇ ਲਿੱਪਿਆ ਗਾਰਾ ਅਤੇ ਪੱਥਰਾਂ ਵਿਚਕਾਰ ਲਾਇਆ ਗਾਰਾ ਕੱਢ ਕੇ ਸ਼ਹਿਰੋਂ ਬਾਹਰ ਅਸ਼ੁੱਧ ਥਾਂ ʼਤੇ ਸੁੱਟ ਦਿੱਤਾ ਜਾਵੇ। 42 ਫਿਰ ਉਹ ਕੱਢੇ ਗਏ ਪੱਥਰਾਂ ਦੀ ਜਗ੍ਹਾ ਹੋਰ ਪੱਥਰ ਲਾਉਣ ਅਤੇ ਹੋਰ ਗਾਰਾ ਬਣਾ ਕੇ ਕੰਧਾਂ ਨੂੰ ਲਿੱਪਣ।

43 “ਪਰ ਜੇ ਦਾਗ਼ਾਂ ਵਾਲੇ ਪੱਥਰ ਕੱਢਣ ਅਤੇ ਘਰ ਦੀ ਦੁਬਾਰਾ ਲਿਪਾਈ ਕਰਨ ਤੋਂ ਬਾਅਦ ਵੀ ਦਾਗ਼ ਦੁਬਾਰਾ ਨਜ਼ਰ ਆਉਂਦੇ ਹਨ, 44 ਤਾਂ ਪੁਜਾਰੀ ਘਰ ਦੇ ਅੰਦਰ ਜਾ ਕੇ ਜਾਂਚ ਕਰੇ। ਜੇ ਦਾਗ਼ ਘਰ ਵਿਚ ਫੈਲ ਗਏ ਹਨ, ਤਾਂ ਘਰ ਨੂੰ ਕੋੜ੍ਹ ਦੀ ਗੰਭੀਰ ਬੀਮਾਰੀ+ ਹੋ ਗਈ ਹੈ। ਉਹ ਘਰ ਅਸ਼ੁੱਧ ਹੈ। 45 ਪੁਜਾਰੀ ਘਰ ਨੂੰ ਢਾਹ ਦੇਣ ਦਾ ਹੁਕਮ ਦੇਵੇ ਅਤੇ ਸਾਰੇ ਪੱਥਰ, ਘਰ ਵਿਚ ਲੱਗੀ ਲੱਕੜ ਅਤੇ ਸਾਰਾ ਗਾਰਾ ਸ਼ਹਿਰੋਂ ਬਾਹਰ ਲਿਜਾ ਕੇ ਅਸ਼ੁੱਧ ਥਾਂ ʼਤੇ ਸੁੱਟ ਦਿੱਤਾ ਜਾਵੇ।+ 46 ਜਿਨ੍ਹਾਂ ਦਿਨਾਂ ਦੌਰਾਨ ਘਰ ਬੰਦ ਰੱਖਿਆ ਗਿਆ ਸੀ,+ ਉਨ੍ਹਾਂ ਦਿਨਾਂ ਦੌਰਾਨ ਜੇ ਕੋਈ ਇਕ ਦਿਨ ਵੀ ਉਸ ਘਰ ਵਿਚ ਜਾਂਦਾ ਹੈ, ਤਾਂ ਉਹ ਸ਼ਾਮ ਤਕ ਅਸ਼ੁੱਧ ਰਹੇਗਾ+ 47 ਅਤੇ ਜਿਹੜਾ ਉਸ ਘਰ ਵਿਚ ਲੇਟਦਾ ਹੈ ਜਾਂ ਰੋਟੀ ਖਾਂਦਾ ਹੈ, ਉਹ ਆਪਣੇ ਕੱਪੜੇ ਧੋਵੇ।

48 “ਪਰ ਜੇ ਪੁਜਾਰੀ ਆ ਕੇ ਦੇਖਦਾ ਹੈ ਕਿ ਦੁਬਾਰਾ ਲਿਪਾਈ ਕਰਨ ਤੋਂ ਬਾਅਦ ਦਾਗ਼ ਘਰ ਵਿਚ ਨਹੀਂ ਫੈਲੇ ਹਨ, ਤਾਂ ਪੁਜਾਰੀ ਘਰ ਨੂੰ ਸ਼ੁੱਧ ਕਰਾਰ ਦੇਵੇ ਕਿਉਂਕਿ ਦਾਗ਼ ਮਿਟ ਗਏ ਹਨ। 49 ਘਰ ਦੀ ਅਸ਼ੁੱਧਤਾ* ਦੂਰ ਕਰਨ ਲਈ ਉਹ ਦੋ ਪੰਛੀ, ਦਿਆਰ ਦੀ ਲੱਕੜ, ਗੂੜ੍ਹੇ ਲਾਲ ਰੰਗ ਦਾ ਧਾਗਾ ਅਤੇ ਜ਼ੂਫੇ ਦੀ ਟਾਹਣੀ ਲਵੇ।+ 50 ਉਹ ਇਕ ਪੰਛੀ ਨੂੰ ਤਾਜ਼ੇ ਪਾਣੀ ਨਾਲ ਭਰੇ ਮਿੱਟੀ ਦੇ ਭਾਂਡੇ ਉੱਪਰ ਮਾਰੇ। 51 ਫਿਰ ਉਹ ਦਿਆਰ ਦੀ ਲੱਕੜ, ਜ਼ੂਫੇ ਦੀ ਟਾਹਣੀ, ਗੂੜ੍ਹੇ ਲਾਲ ਰੰਗ ਦਾ ਧਾਗਾ ਅਤੇ ਜੀਉਂਦਾ ਪੰਛੀ ਲਵੇ ਅਤੇ ਇਨ੍ਹਾਂ ਸਾਰਿਆਂ ਨੂੰ ਇਕੱਠੇ ਉਸ ਪੰਛੀ ਦੇ ਖ਼ੂਨ ਵਿਚ ਡੋਬੇ ਜਿਸ ਨੂੰ ਤਾਜ਼ੇ ਪਾਣੀ ਉੱਪਰ ਮਾਰਿਆ ਗਿਆ ਹੈ ਅਤੇ ਉਹ ਘਰ ਵੱਲ ਸੱਤ ਵਾਰ ਖ਼ੂਨ ਛਿੜਕੇ।+ 52 ਉਹ ਪੰਛੀ ਦੇ ਖ਼ੂਨ, ਤਾਜ਼ੇ ਪਾਣੀ, ਜੀਉਂਦੇ ਪੰਛੀ, ਦਿਆਰ ਦੀ ਲੱਕੜ, ਜ਼ੂਫੇ ਦੀ ਟਾਹਣੀ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਨਾਲ ਘਰ ਦੀ ਅਸ਼ੁੱਧਤਾ* ਦੂਰ ਕਰੇ। 53 ਫਿਰ ਉਹ ਜੀਉਂਦੇ ਪੰਛੀ ਨੂੰ ਸ਼ਹਿਰੋਂ ਬਾਹਰ ਖੁੱਲ੍ਹੇ ਮੈਦਾਨ ਵਿਚ ਛੱਡ ਦੇਵੇ। ਇਸ ਤਰ੍ਹਾਂ ਉਹ ਘਰ ਦੀ ਅਸ਼ੁੱਧਤਾ ਦੂਰ ਕਰੇ ਅਤੇ ਘਰ ਸ਼ੁੱਧ ਹੋ ਜਾਵੇਗਾ।

54 “ਇਹ ਨਿਯਮ ਕੋੜ੍ਹ ਦੀ ਬੀਮਾਰੀ, ਸਿਰ ਜਾਂ ਦਾੜ੍ਹੀ ਦੀ ਬੀਮਾਰੀ,+ 55 ਕੱਪੜੇ ਜਾਂ ਘਰ ਨੂੰ ਲੱਗੇ ਕੋੜ੍ਹ+ ਅਤੇ 56 ਕੋੜ੍ਹ ਕਰਕੇ ਪਈ ਸੋਜ, ਖਰੀਂਢ ਤੇ ਦਾਗ਼ਾਂ ਦੇ ਸੰਬੰਧ ਵਿਚ ਹੈ+ 57 ਤਾਂਕਿ ਫ਼ੈਸਲਾ ਕੀਤਾ ਜਾ ਸਕੇ ਕਿ ਕੋਈ ਇਨਸਾਨ ਜਾਂ ਚੀਜ਼ ਕਦੋਂ ਅਸ਼ੁੱਧ ਹੁੰਦੀ ਹੈ ਅਤੇ ਕਦੋਂ ਸ਼ੁੱਧ ਹੁੰਦੀ ਹੈ।+ ਇਹ ਕੋੜ੍ਹ ਦੇ ਸੰਬੰਧ ਵਿਚ ਨਿਯਮ ਹੈ।”+

15 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜੇ ਕਿਸੇ ਆਦਮੀ ਦੇ ਗੁਪਤ ਅੰਗ* ਤੋਂ ਤਰਲ ਪਦਾਰਥ ਵਹਿੰਦਾ ਹੈ, ਤਾਂ ਉਹ ਇਸ ਰੋਗ ਕਰਕੇ ਅਸ਼ੁੱਧ ਹੈ।+ 3 ਉਹ ਗੁਪਤ ਅੰਗ ਤੋਂ ਤਰਲ ਪਦਾਰਥ ਦੇ ਵਗਣ ਕਰਕੇ ਅਸ਼ੁੱਧ ਹੈ, ਭਾਵੇਂ ਇਹ ਲਗਾਤਾਰ ਵਗਦਾ ਰਹਿੰਦਾ ਹੈ ਜਾਂ ਫਿਰ ਇਸ ਕਰਕੇ ਉਸ ਦੇ ਗੁਪਤ ਅੰਗ ਵਿਚ ਰੁਕਾਵਟ ਪੈ ਜਾਂਦੀ ਹੈ।

4 “‘ਜੇ ਉਹ ਰੋਗੀ ਕਿਸੇ ਬਿਸਤਰੇ ਉੱਤੇ ਲੰਮਾ ਪੈਂਦਾ ਹੈ, ਤਾਂ ਉਹ ਬਿਸਤਰਾ ਅਸ਼ੁੱਧ ਹੋ ਜਾਵੇਗਾ ਅਤੇ ਉਹ ਜਿਸ ਵੀ ਚੀਜ਼ ਉੱਤੇ ਬੈਠਦਾ ਹੈ, ਉਹ ਚੀਜ਼ ਅਸ਼ੁੱਧ ਹੋ ਜਾਵੇਗੀ। 5 ਜੇ ਕੋਈ ਆਦਮੀ ਉਸ ਦੇ ਬਿਸਤਰੇ ਨੂੰ ਛੂੰਹਦਾ ਹੈ, ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ।+ 6 ਜੇ ਕੋਈ ਆਦਮੀ ਉਸ ਰੋਗੀ ਦੀ ਕਿਸੇ ਚੀਜ਼ ʼਤੇ ਬੈਠ ਜਾਂਦਾ ਹੈ, ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ। 7 ਜੇ ਕੋਈ ਆਦਮੀ ਉਸ ਰੋਗੀ ਨੂੰ ਛੂੰਹਦਾ ਹੈ, ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ। 8 ਜੇ ਉਹ ਰੋਗੀ ਕਿਸੇ ਸ਼ੁੱਧ ਆਦਮੀ ʼਤੇ ਥੁੱਕਦਾ ਹੈ, ਤਾਂ ਉਹ ਆਦਮੀ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ। 9 ਜੇ ਉਹ ਰੋਗੀ ਕਿਸੇ ਜਾਨਵਰ ਦੀ ਕਾਠੀ ʼਤੇ ਬਹਿੰਦਾ ਹੈ, ਤਾਂ ਉਹ ਅਸ਼ੁੱਧ ਹੈ। 10 ਜੇ ਕੋਈ ਆਦਮੀ ਉਸ ਚੀਜ਼ ਨੂੰ ਛੂੰਹਦਾ ਹੈ ਜਿਸ ʼਤੇ ਉਹ ਰੋਗੀ ਬੈਠਾ ਸੀ, ਤਾਂ ਉਹ ਸ਼ਾਮ ਤਕ ਅਸ਼ੁੱਧ ਰਹੇਗਾ। ਜੇ ਕੋਈ ਉਸ ਰੋਗੀ ਦੀਆਂ ਚੀਜ਼ਾਂ ਚੁੱਕਦਾ ਹੈ, ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ। 11 ਜੇ ਉਹ ਰੋਗੀ+ ਬਿਨਾਂ ਹੱਥ ਧੋਤਿਆਂ ਕਿਸੇ ਨੂੰ ਛੂੰਹਦਾ ਹੈ, ਤਾਂ ਉਹ ਆਦਮੀ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ। 12 ਜੇ ਉਹ ਰੋਗੀ ਕਿਸੇ ਮਿੱਟੀ ਦੇ ਭਾਂਡੇ ਨੂੰ ਛੂੰਹਦਾ ਹੈ, ਤਾਂ ਉਹ ਭਾਂਡਾ ਭੰਨ ਦਿੱਤਾ ਜਾਵੇ। ਪਰ ਜੇ ਉਹ ਲੱਕੜ ਦੇ ਭਾਂਡੇ ਨੂੰ ਛੂੰਹਦਾ ਹੈ, ਤਾਂ ਉਹ ਭਾਂਡਾ ਪਾਣੀ ਨਾਲ ਧੋਤਾ ਜਾਵੇ।+

13 “‘ਜਦ ਉਸ ਆਦਮੀ ਦੇ ਤਰਲ ਪਦਾਰਥ ਵਗਣਾ ਬੰਦ ਹੋ ਜਾਂਦਾ ਹੈ ਅਤੇ ਉਹ ਆਪਣੀ ਬੀਮਾਰੀ ਤੋਂ ਚੰਗਾ ਹੋ ਜਾਂਦਾ ਹੈ, ਤਾਂ ਉਹ ਸ਼ੁੱਧ ਹੋਣ ਦੇ ਸੱਤ ਦਿਨ ਪੂਰੇ ਹੋਣ ਤੋਂ ਬਾਅਦ ਆਪਣੇ ਕੱਪੜੇ ਧੋਵੇ ਅਤੇ ਤਾਜ਼ੇ ਪਾਣੀ ਨਾਲ ਨਹਾਵੇ ਅਤੇ ਫਿਰ ਉਹ ਸ਼ੁੱਧ ਹੋ ਜਾਵੇਗਾ।+ 14 ਅੱਠਵੇਂ ਦਿਨ ਉਹ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਲਿਆਵੇ+ ਅਤੇ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਯਹੋਵਾਹ ਸਾਮ੍ਹਣੇ ਪੁਜਾਰੀ ਨੂੰ ਦੇਵੇ। 15 ਅਤੇ ਪੁਜਾਰੀ ਇਕ ਪੰਛੀ ਪਾਪ-ਬਲ਼ੀ ਲਈ ਅਤੇ ਇਕ ਹੋਮ-ਬਲ਼ੀ ਲਈ ਚੜ੍ਹਾਵੇਗਾ ਅਤੇ ਪੁਜਾਰੀ ਯਹੋਵਾਹ ਅੱਗੇ ਉਸ ਦੀ ਪਾਪੀ ਹਾਲਤ ਲਈ ਮਾਫ਼ੀ ਮੰਗੇਗਾ।

16 “‘ਜੇ ਕਿਸੇ ਆਦਮੀ ਦਾ ਵੀਰਜ ਨਿਕਲਦਾ ਹੈ, ਤਾਂ ਉਹ ਆਪਣਾ ਪੂਰਾ ਸਰੀਰ ਪਾਣੀ ਨਾਲ ਧੋਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ।+ 17 ਜੇ ਕਿਸੇ ਕੱਪੜੇ ਜਾਂ ਚਮੜੇ ਦੀ ਕਿਸੇ ਚੀਜ਼ ਉੱਤੇ ਉਸ ਦਾ ਵੀਰਜ ਲੱਗ ਜਾਂਦਾ ਹੈ, ਤਾਂ ਉਹ ਉਸ ਚੀਜ਼ ਨੂੰ ਪਾਣੀ ਨਾਲ ਧੋਵੇ ਅਤੇ ਉਹ ਚੀਜ਼ ਸ਼ਾਮ ਤਕ ਅਸ਼ੁੱਧ ਰਹੇਗੀ।

18 “‘ਜੇ ਕੋਈ ਆਦਮੀ ਕਿਸੇ ਔਰਤ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ ਅਤੇ ਉਸ ਦਾ ਵੀਰਜ ਨਿਕਲਦਾ ਹੈ, ਤਾਂ ਉਹ ਦੋਵੇਂ ਨਹਾਉਣ ਅਤੇ ਉਹ ਸ਼ਾਮ ਤਕ ਅਸ਼ੁੱਧ ਰਹਿਣਗੇ।+

19 “‘ਜੇ ਮਾਹਵਾਰੀ ਕਰਕੇ ਕਿਸੇ ਔਰਤ ਦੇ ਸਰੀਰ ਵਿੱਚੋਂ ਖ਼ੂਨ ਵਹਿੰਦਾ ਹੈ, ਤਾਂ ਉਹ ਸੱਤਾਂ ਦਿਨਾਂ ਤਕ ਅਸ਼ੁੱਧ ਰਹੇਗੀ।+ ਜਿਹੜਾ ਵੀ ਉਸ ਨੂੰ ਛੂੰਹਦਾ ਹੈ, ਉਹ ਸ਼ਾਮ ਤਕ ਅਸ਼ੁੱਧ ਰਹੇਗਾ।+ 20 ਜਦੋਂ ਉਹ ਮਾਹਵਾਰੀ ਕਰਕੇ ਅਸ਼ੁੱਧ ਹੁੰਦੀ ਹੈ, ਤਾਂ ਉਨ੍ਹਾਂ ਦਿਨਾਂ ਦੌਰਾਨ ਉਹ ਜਿਸ ਵੀ ਚੀਜ਼ ʼਤੇ ਲੰਮੀ ਪੈਂਦੀ ਹੈ, ਉਹ ਚੀਜ਼ ਅਸ਼ੁੱਧ ਹੋ ਜਾਵੇਗੀ ਅਤੇ ਉਹ ਜਿਸ ਚੀਜ਼ ʼਤੇ ਬੈਠਦੀ ਹੈ, ਉਹ ਚੀਜ਼ ਅਸ਼ੁੱਧ ਹੋ ਜਾਵੇਗੀ।+ 21 ਜਿਹੜਾ ਵੀ ਉਸ ਦੇ ਬਿਸਤਰੇ ਨੂੰ ਛੂੰਹਦਾ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ। 22 ਜਿਹੜਾ ਵੀ ਉਸ ਚੀਜ਼ ਨੂੰ ਛੂੰਹਦਾ ਹੈ ਜਿਸ ʼਤੇ ਉਹ ਔਰਤ ਬੈਠੀ ਸੀ, ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ। 23 ਜੇ ਕੋਈ ਉਸ ਬਿਸਤਰੇ ਜਾਂ ਚੀਜ਼ ਨੂੰ ਛੂੰਹਦਾ ਹੈ ਜਿਸ ਉੱਤੇ ਉਹ ਔਰਤ ਬੈਠੀ ਸੀ, ਤਾਂ ਉਹ ਸ਼ਾਮ ਤਕ ਅਸ਼ੁੱਧ ਰਹੇਗਾ।+ 24 ਅਤੇ ਜੇ ਕੋਈ ਆਦਮੀ ਉਸ ਔਰਤ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ ਅਤੇ ਮਾਹਵਾਰੀ ਕਰਕੇ ਵਹਿ ਰਿਹਾ ਖ਼ੂਨ ਉਸ ਆਦਮੀ ਦੇ ਲੱਗ ਜਾਂਦਾ ਹੈ,+ ਤਾਂ ਉਹ ਸੱਤ ਦਿਨਾਂ ਤਕ ਅਸ਼ੁੱਧ ਰਹੇਗਾ ਅਤੇ ਉਹ ਆਦਮੀ ਜਿਸ ਬਿਸਤਰੇ ʼਤੇ ਲੰਮਾ ਪੈਂਦਾ ਹੈ, ਉਹ ਬਿਸਤਰਾ ਅਸ਼ੁੱਧ ਰਹੇਗਾ।

25 “‘ਜੇ ਬਹੁਤ ਦਿਨਾਂ ਤਕ ਕਿਸੇ ਔਰਤ ਦਾ ਖ਼ੂਨ ਵਹਿੰਦਾ ਹੈ,+ ਜਦ ਕਿ ਇਹ ਉਸ ਦੀ ਮਾਹਵਾਰੀ ਦਾ ਸਮਾਂ ਨਹੀਂ ਹੈ+ ਜਾਂ ਫਿਰ ਮਾਹਵਾਰੀ ਦੇ ਦਿਨਾਂ ਤੋਂ ਜ਼ਿਆਦਾ ਦਿਨ ਉਸ ਦਾ ਖ਼ੂਨ ਵਹਿੰਦਾ ਹੈ, ਤਾਂ ਜਿੰਨੇ ਦਿਨ ਉਸ ਦਾ ਖ਼ੂਨ ਵਹਿੰਦਾ ਹੈ, ਉੱਨੇ ਦਿਨ ਉਹ ਅਸ਼ੁੱਧ ਰਹੇਗੀ, ਜਿਵੇਂ ਉਹ ਮਾਹਵਾਰੀ ਦੇ ਦਿਨਾਂ ਦੌਰਾਨ ਅਸ਼ੁੱਧ ਹੁੰਦੀ ਹੈ। 26 ਖ਼ੂਨ ਵਹਿਣ ਦੇ ਦਿਨਾਂ ਦੌਰਾਨ ਉਹ ਜਿਸ ਬਿਸਤਰੇ ʼਤੇ ਲੰਮੀ ਪੈਂਦੀ ਹੈ, ਉਹ ਬਿਸਤਰਾ ਅਸ਼ੁੱਧ ਹੋ ਜਾਵੇਗਾ।+ ਜਾਂ ਉਹ ਜਿਸ ਚੀਜ਼ ʼਤੇ ਬੈਠਦੀ ਹੈ, ਉਹ ਚੀਜ਼ ਅਸ਼ੁੱਧ ਹੋ ਜਾਵੇਗੀ, ਜਿਵੇਂ ਉਸ ਔਰਤ ਦੇ ਮਾਹਵਾਰੀ ਦੇ ਦਿਨਾਂ ਦੌਰਾਨ ਅਸ਼ੁੱਧ ਹੁੰਦੀ ਹੈ। 27 ਜਿਹੜਾ ਵੀ ਉਨ੍ਹਾਂ ਚੀਜ਼ਾਂ ਨੂੰ ਛੂੰਹਦਾ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ।+

28 “‘ਜਦ ਉਸ ਔਰਤ ਦਾ ਲਹੂ ਵਹਿਣਾ ਬੰਦ ਹੋ ਜਾਂਦਾ ਹੈ, ਤਾਂ ਉਹ ਸੱਤ ਦਿਨ ਗਿਣੇ ਅਤੇ ਉਸ ਤੋਂ ਬਾਅਦ ਉਹ ਸ਼ੁੱਧ ਹੋ ਜਾਵੇਗੀ।+ 29 ਅੱਠਵੇਂ ਦਿਨ ਉਹ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਲਿਆਵੇ+ ਅਤੇ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਪੁਜਾਰੀ ਨੂੰ ਦੇਵੇ।+ 30 ਪੁਜਾਰੀ ਇਕ ਪੰਛੀ ਪਾਪ-ਬਲ਼ੀ ਲਈ ਅਤੇ ਇਕ ਹੋਮ-ਬਲ਼ੀ ਲਈ ਚੜ੍ਹਾਵੇਗਾ ਅਤੇ ਯਹੋਵਾਹ ਅੱਗੇ ਉਸ ਦੀ ਪਾਪੀ ਹਾਲਤ ਲਈ ਮਾਫ਼ੀ ਮੰਗੇਗਾ।+

31 “‘ਇਸ ਲਈ ਤੁਸੀਂ ਇਜ਼ਰਾਈਲੀਆਂ ਨੂੰ ਉਨ੍ਹਾਂ ਦੀ ਅਸ਼ੁੱਧਤਾ ਤੋਂ ਬਚਾ ਕੇ ਰੱਖੋ ਤਾਂਕਿ ਉਹ ਮੇਰੇ ਡੇਰੇ ਨੂੰ ਭ੍ਰਿਸ਼ਟ ਨਾ ਕਰ ਦੇਣ ਜੋ ਉਨ੍ਹਾਂ ਦੇ ਵਿਚਕਾਰ ਹੈ, ਨਹੀਂ ਤਾਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਮਿਲੇਗੀ।+

32 “‘ਇਹ ਨਿਯਮ ਉਸ ਆਦਮੀ ਲਈ ਹੈ ਜਿਸ ਦੇ ਤਰਲ ਪਦਾਰਥ ਵਗਦਾ ਹੈ ਜਾਂ ਵੀਰਜ ਨਿਕਲਣ ਕਰਕੇ ਅਸ਼ੁੱਧ ਹੋ ਗਿਆ ਹੈ+ 33 ਅਤੇ ਉਸ ਔਰਤ ਲਈ ਹੈ ਜੋ ਮਾਹਵਾਰੀ ਕਰਕੇ ਅਸ਼ੁੱਧ ਹੈ+ ਅਤੇ ਉਸ ਆਦਮੀ ਲਈ ਹੈ ਜੋ ਕਿਸੇ ਅਸ਼ੁੱਧ ਔਰਤ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਹਾਂ, ਹਰ ਉਸ ਆਦਮੀ ਜਾਂ ਔਰਤ ਲਈ ਜੋ ਇਸ ਹਾਲਤ ਵਿਚ ਹੈ।’”+

16 ਯਹੋਵਾਹ ਨੇ ਹਾਰੂਨ ਦੇ ਦੋ ਪੁੱਤਰਾਂ ਦੀ ਮੌਤ ਤੋਂ ਬਾਅਦ ਮੂਸਾ ਨਾਲ ਗੱਲ ਕੀਤੀ ਜਿਹੜੇ ਯਹੋਵਾਹ ਸਾਮ੍ਹਣੇ ਜਾਣ ਕਰਕੇ ਮਰ ਗਏ ਸਨ।+ 2 ਯਹੋਵਾਹ ਨੇ ਮੂਸਾ ਨੂੰ ਕਿਹਾ: “ਆਪਣੇ ਭਰਾ ਹਾਰੂਨ ਨੂੰ ਕਹਿ ਕਿ ਉਹ ਪਵਿੱਤਰ ਸਥਾਨ ਵਿਚ ਪਰਦੇ ਦੇ ਓਹਲੇ+ ਪਏ ਇਕਰਾਰ ਦੇ ਸੰਦੂਕ ਦੇ ਢੱਕਣ ਸਾਮ੍ਹਣੇ ਆਪਣੀ ਮਰਜ਼ੀ ਨਾਲ ਨਹੀਂ ਆ ਸਕਦਾ+ ਤਾਂਕਿ ਉਸ ਨੂੰ ਮੌਤ ਦੀ ਸਜ਼ਾ ਨਾ ਮਿਲੇ+ ਕਿਉਂਕਿ ਮੈਂ ਢੱਕਣ ਉੱਤੇ ਬੱਦਲ ਵਿਚ ਪ੍ਰਗਟ ਹੋਵਾਂਗਾ।+

3 “ਪਵਿੱਤਰ ਸਥਾਨ ਦੇ ਅੰਦਰ ਆਉਣ ਤੋਂ ਪਹਿਲਾਂ ਹਾਰੂਨ ਪਾਪ-ਬਲ਼ੀ ਲਈ ਇਕ ਬਲਦ+ ਅਤੇ ਹੋਮ-ਬਲ਼ੀ ਲਈ ਇਕ ਭੇਡੂ+ ਲਿਆਵੇ। 4 ਉਹ ਆਪਣਾ ਮਲਮਲ ਦਾ ਪਵਿੱਤਰ ਚੋਗਾ+ ਅਤੇ ਆਪਣਾ ਸਰੀਰ* ਢਕਣ ਲਈ ਮਲਮਲ ਦਾ ਕਛਹਿਰਾ+ ਪਾਵੇ ਅਤੇ ਲੱਕ ਦੁਆਲੇ ਮਲਮਲ ਦਾ ਪਟਕਾ+ ਬੰਨ੍ਹੇ ਅਤੇ ਸਿਰ ʼਤੇ ਮਲਮਲ ਦੀ ਪਗੜੀ ਬੰਨ੍ਹੇ।+ ਇਹ ਪਵਿੱਤਰ ਲਿਬਾਸ ਹੈ।+ ਉਹ ਨਹਾਵੇ+ ਅਤੇ ਇਹ ਲਿਬਾਸ ਪਾਵੇ।

5 “ਉਹ ਇਜ਼ਰਾਈਲੀਆਂ ਦੀ ਮੰਡਲੀ ਤੋਂ ਪਾਪ-ਬਲ਼ੀ ਲਈ ਦੋ ਮੇਮਣੇ ਅਤੇ ਹੋਮ-ਬਲ਼ੀ ਲਈ ਇਕ ਭੇਡੂ ਲਵੇ।+

6 “ਹਾਰੂਨ ਆਪਣੇ ਪਾਪਾਂ ਲਈ ਪਾਪ-ਬਲ਼ੀ ਵਜੋਂ ਬਲਦ ਨੂੰ ਚੜ੍ਹਾਵੇ ਅਤੇ ਉਹ ਆਪਣੇ ਅਤੇ ਆਪਣੇ ਘਰਾਣੇ ਦੇ ਪਾਪ ਮਿਟਾਉਣ ਲਈ ਇਹ ਬਲ਼ੀ ਚੜ੍ਹਾਵੇ।+

7 “ਫਿਰ ਉਹ ਦੋਵੇਂ ਮੇਮਣੇ ਲੈ ਕੇ ਉਨ੍ਹਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾਹ ਸਾਮ੍ਹਣੇ ਖੜ੍ਹਾ ਕਰੇ। 8 ਹਾਰੂਨ ਦੋਵੇਂ ਮੇਮਣਿਆਂ ਉੱਤੇ ਗੁਣੇ ਪਾਵੇ, ਇਕ ਗੁਣਾ ਯਹੋਵਾਹ ਲਈ ਅਤੇ ਦੂਜਾ ਗੁਣਾ ਅਜ਼ਾਜ਼ੇਲ* ਲਈ। 9 ਜਿਸ ਮੇਮਣੇ ਉੱਤੇ ਯਹੋਵਾਹ ਲਈ ਗੁਣਾ ਨਿਕਲੇਗਾ,+ ਹਾਰੂਨ ਉਸ ਨੂੰ ਪਾਪ-ਬਲ਼ੀ ਵਜੋਂ ਚੜ੍ਹਾਵੇ। 10 ਪਰ ਜਿਸ ਮੇਮਣੇ ਉੱਤੇ ਅਜ਼ਾਜ਼ੇਲ ਲਈ ਗੁਣਾ ਨਿਕਲੇਗਾ, ਉਸ ਨੂੰ ਯਹੋਵਾਹ ਸਾਮ੍ਹਣੇ ਜੀਉਂਦਾ ਖੜ੍ਹਾ ਕੀਤਾ ਜਾਵੇ ਤਾਂਕਿ ਉਸ ਉੱਪਰ ਪਾਪ ਮਿਟਾਉਣ ਦੀ ਰਸਮ ਨਿਭਾਈ ਜਾਵੇ ਅਤੇ ਅਜ਼ਾਜ਼ੇਲ ਲਈ ਉਸ ਮੇਮਣੇ ਨੂੰ ਉਜਾੜ ਵਿਚ ਛੱਡਿਆ ਜਾਵੇ।+

11 “ਹਾਰੂਨ ਆਪਣੇ ਤੇ ਆਪਣੇ ਘਰਾਣੇ ਦੇ ਪਾਪ ਮਿਟਾਉਣ ਲਈ ਪਾਪ-ਬਲ਼ੀ ਦਾ ਬਲਦ ਲਿਆਵੇ; ਉਹ ਪਾਪ-ਬਲ਼ੀ ਦੇ ਬਲਦ ਨੂੰ ਵੱਢੇ ਜੋ ਉਸ ਦੇ ਆਪਣੇ ਪਾਪਾਂ ਲਈ ਹੈ।+

12 “ਫਿਰ ਉਹ ਯਹੋਵਾਹ ਸਾਮ੍ਹਣੇ ਰੱਖੀ ਵੇਦੀ+ ਤੋਂ ਆਪਣੇ ਕੜਛੇ+ ਵਿਚ ਬਲ਼ਦੇ ਕੋਲੇ ਪਾਵੇ ਅਤੇ ਦੋ ਮੁੱਠੀਆਂ ਪੀਸਿਆ ਹੋਇਆ ਖ਼ੁਸ਼ਬੂਦਾਰ ਧੂਪ+ ਲਵੇ ਅਤੇ ਇਹ ਸਾਰੀਆਂ ਚੀਜ਼ਾਂ ਪਰਦੇ ਦੇ ਪਿੱਛੇ ਲਿਆਵੇ।+ 13 ਉਹ ਯਹੋਵਾਹ ਸਾਮ੍ਹਣੇ ਅੱਗ ਵਿਚ ਧੂਪ ਵੀ ਪਾਵੇ+ ਅਤੇ ਧੂਪ ਦੇ ਧੂੰਏਂ ਦਾ ਬੱਦਲ ਗਵਾਹੀ ਦੇ ਸੰਦੂਕ ਦੇ ਢੱਕਣ ਨੂੰ ਢਕ ਲਵੇ+ ਤਾਂਕਿ ਉਸ ਨੂੰ ਮੌਤ ਦੀ ਸਜ਼ਾ ਨਾ ਮਿਲੇ।

14 “ਉਹ ਬਲਦ ਦਾ ਥੋੜ੍ਹਾ ਜਿਹਾ ਖ਼ੂਨ+ ਲੈ ਕੇ ਆਪਣੀ ਉਂਗਲ ਨਾਲ ਪੂਰਬ ਵਾਲੇ ਪਾਸੇ ਢੱਕਣ ਦੇ ਸਾਮ੍ਹਣੇ ਛਿੜਕੇ ਅਤੇ ਉਹ ਆਪਣੀ ਉਂਗਲ ਨਾਲ ਥੋੜ੍ਹਾ ਜਿਹਾ ਖ਼ੂਨ ਢੱਕਣ ਦੇ ਸਾਮ੍ਹਣੇ ਸੱਤ ਵਾਰ ਛਿੜਕੇ।+

15 “ਫਿਰ ਉਹ ਲੋਕਾਂ ਦੇ ਪਾਪਾਂ ਲਈ ਪਾਪ-ਬਲ਼ੀ ਦਾ ਮੇਮਣਾ ਵੱਢੇ+ ਅਤੇ ਉਸ ਦਾ ਖ਼ੂਨ ਪਰਦੇ ਦੇ ਪਿੱਛੇ ਲਿਆਵੇ+ ਅਤੇ ਇਹ ਖ਼ੂਨ+ ਵੀ ਉਸੇ ਤਰ੍ਹਾਂ ਛਿੜਕੇ ਜਿਵੇਂ ਉਸ ਨੇ ਬਲਦ ਦਾ ਖ਼ੂਨ ਛਿੜਕਿਆ ਸੀ; ਉਹ ਢੱਕਣ ਵੱਲ ਅਤੇ ਢੱਕਣ ਦੇ ਸਾਮ੍ਹਣੇ ਇਹ ਖ਼ੂਨ ਛਿੜਕੇ।

16 “ਉਹ ਪਵਿੱਤਰ ਸਥਾਨ ਨੂੰ ਇਜ਼ਰਾਈਲੀਆਂ ਦੀ ਅਸ਼ੁੱਧਤਾ, ਅਪਰਾਧਾਂ ਅਤੇ ਪਾਪਾਂ ਤੋਂ ਸ਼ੁੱਧ ਕਰੇ।+ ਉਹ ਮੰਡਲੀ ਦੇ ਤੰਬੂ ਲਈ ਇਸ ਤਰ੍ਹਾਂ ਕਰੇ ਜੋ ਅਸ਼ੁੱਧ ਇਜ਼ਰਾਈਲੀਆਂ ਦੇ ਵਿਚਕਾਰ ਹੈ।

17 “ਜਦੋਂ ਉਹ ਪਾਪ ਮਿਟਾਉਣ ਲਈ ਪਵਿੱਤਰ ਸਥਾਨ ਦੇ ਅੰਦਰ ਜਾਵੇ, ਤਾਂ ਉਸ ਦੇ ਬਾਹਰ ਆਉਣ ਤਕ ਮੰਡਲੀ ਦੇ ਤੰਬੂ ਵਿਚ ਉਸ ਤੋਂ ਇਲਾਵਾ ਹੋਰ ਕੋਈ ਨਾ ਹੋਵੇ। ਉਹ ਆਪਣੇ, ਆਪਣੇ ਘਰਾਣੇ+ ਅਤੇ ਇਜ਼ਰਾਈਲ ਦੀ ਸਾਰੀ ਮੰਡਲੀ ਦੇ ਪਾਪ ਮਿਟਾਵੇਗਾ।+

18 “ਫਿਰ ਉਹ ਬਾਹਰ ਯਹੋਵਾਹ ਦੇ ਸਾਮ੍ਹਣੇ ਰੱਖੀ ਵੇਦੀ+ ਕੋਲ ਆਵੇ ਅਤੇ ਇਸ ਨੂੰ ਪਾਪ ਤੋਂ ਸ਼ੁੱਧ ਕਰਨ ਲਈ ਬਲਦ ਦਾ ਥੋੜ੍ਹਾ ਜਿਹਾ ਖ਼ੂਨ ਅਤੇ ਮੇਮਣੇ ਦਾ ਥੋੜ੍ਹਾ ਜਿਹਾ ਖ਼ੂਨ ਵੇਦੀ ਦੇ ਸਿੰਗਾਂ ਉੱਤੇ ਲਾਵੇ। 19 ਉਹ ਆਪਣੀ ਉਂਗਲ ਨਾਲ ਥੋੜ੍ਹਾ ਜਿਹਾ ਖ਼ੂਨ ਵੇਦੀ ਉੱਤੇ ਸੱਤ ਵਾਰ ਛਿੜਕ ਕੇ ਇਸ ਨੂੰ ਸ਼ੁੱਧ ਕਰੇ ਅਤੇ ਇਜ਼ਰਾਈਲੀਆਂ ਦੀ ਅਸ਼ੁੱਧਤਾ ਤੋਂ ਇਸ ਨੂੰ ਪਵਿੱਤਰ ਕਰੇ।

20 “ਜਦੋਂ ਉਹ ਪਵਿੱਤਰ ਸਥਾਨ, ਮੰਡਲੀ ਦੇ ਤੰਬੂ ਅਤੇ ਵੇਦੀ+ ਨੂੰ ਪਾਪ ਤੋਂ ਸ਼ੁੱਧ ਕਰ ਹਟੇ,+ ਤਾਂ ਉਹ ਜੀਉਂਦਾ ਮੇਮਣਾ ਵੀ ਪਰਮੇਸ਼ੁਰ ਸਾਮ੍ਹਣੇ ਪੇਸ਼ ਕਰੇ।+ 21 ਹਾਰੂਨ ਜੀਉਂਦੇ ਮੇਮਣੇ ਦੇ ਸਿਰ ਉੱਤੇ ਆਪਣੇ ਦੋਵੇਂ ਹੱਥ ਰੱਖੇ ਅਤੇ ਇਜ਼ਰਾਈਲੀਆਂ ਦੀਆਂ ਸਾਰੀਆਂ ਗ਼ਲਤੀਆਂ, ਉਨ੍ਹਾਂ ਦੇ ਸਾਰੇ ਅਪਰਾਧ ਅਤੇ ਉਨ੍ਹਾਂ ਦੇ ਸਾਰੇ ਪਾਪ ਕਬੂਲ ਕਰ ਕੇ ਉਨ੍ਹਾਂ ਨੂੰ ਮੇਮਣੇ ਦੇ ਸਿਰ ਉੱਤੇ ਰੱਖੇ।+ ਫਿਰ ਇਕ ਆਦਮੀ ਦੇ ਹੱਥ ਉਸ ਮੇਮਣੇ ਨੂੰ ਉਜਾੜ ਵਿਚ ਘੱਲ ਦੇਵੇ ਜਿਸ ਨੂੰ ਇਸ ਕੰਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।* 22 ਉਹ ਮੇਮਣਾ ਆਪਣੇ ਉੱਤੇ ਉਨ੍ਹਾਂ ਦੀਆਂ ਸਾਰੀਆਂ ਗ਼ਲਤੀਆਂ+ ਉਜਾੜ ਵਿਚ+ ਲੈ ਜਾਵੇਗਾ ਅਤੇ ਉਹ ਆਦਮੀ ਮੇਮਣੇ ਨੂੰ ਉਜਾੜ ਵਿਚ ਛੱਡ ਦੇਵੇਗਾ।+

23 “ਫਿਰ ਹਾਰੂਨ ਮੰਡਲੀ ਦੇ ਤੰਬੂ ਵਿਚ ਜਾਵੇ ਅਤੇ ਆਪਣਾ ਮਲਮਲ ਦਾ ਲਿਬਾਸ ਲਾਹ ਦੇਵੇ ਜੋ ਉਸ ਨੇ ਪਵਿੱਤਰ ਸਥਾਨ ਵਿਚ ਜਾਣ ਵੇਲੇ ਪਾਇਆ ਸੀ। ਉਹ ਲਿਬਾਸ ਲਾਹ ਕੇ ਉੱਥੇ ਰੱਖ ਦੇਵੇ। 24 ਉਹ ਪਵਿੱਤਰ ਜਗ੍ਹਾ* ʼਤੇ ਨਹਾਵੇ+ ਅਤੇ ਆਪਣੇ ਕੱਪੜੇ ਪਾਵੇ;+ ਫਿਰ ਉਹ ਬਾਹਰ ਆ ਕੇ ਵੇਦੀ ʼਤੇ ਆਪਣੀ ਹੋਮ-ਬਲ਼ੀ+ ਅਤੇ ਲੋਕਾਂ ਵੱਲੋਂ ਲਿਆਂਦੀ ਹੋਮ-ਬਲ਼ੀ+ ਚੜ੍ਹਾਵੇ। ਉਹ ਆਪਣੇ ਅਤੇ ਲੋਕਾਂ ਦੇ ਪਾਪ ਮਿਟਾਉਣ ਲਈ ਇਹ ਬਲ਼ੀ ਚੜ੍ਹਾਵੇ।+ 25 ਉਹ ਪਾਪ-ਬਲ਼ੀ ਦੇ ਜਾਨਵਰ ਦੀ ਚਰਬੀ ਵੇਦੀ ʼਤੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ।

26 “ਜਿਸ ਆਦਮੀ ਨੇ ਅਜ਼ਾਜ਼ੇਲ ਲਈ ਉਸ ਮੇਮਣੇ ਨੂੰ ਉਜਾੜ ਵਿਚ ਛੱਡਿਆ ਸੀ,+ ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਇਸ ਤੋਂ ਬਾਅਦ ਉਹ ਛਾਉਣੀ ਵਿਚ ਆ ਸਕਦਾ ਹੈ।

27 “ਪਾਪ-ਬਲ਼ੀ ਦੇ ਬਲਦ ਅਤੇ ਪਾਪ-ਬਲ਼ੀ ਦੇ ਮੇਮਣੇ ਨੂੰ, ਜਿਨ੍ਹਾਂ ਦਾ ਖ਼ੂਨ ਪਾਪ ਮਿਟਾਉਣ ਲਈ ਪਵਿੱਤਰ ਸਥਾਨ ਵਿਚ ਲਿਜਾਇਆ ਗਿਆ ਸੀ, ਉਨ੍ਹਾਂ ਦੀ ਚਮੜੀ, ਮਾਸ ਅਤੇ ਗੋਹੇ ਸਮੇਤ ਛਾਉਣੀ ਤੋਂ ਬਾਹਰ ਲਿਜਾ ਕੇ ਅੱਗ ਵਿਚ ਸਾੜ ਦਿੱਤਾ ਜਾਵੇ।+ 28 ਜਿਹੜਾ ਆਦਮੀ ਇਨ੍ਹਾਂ ਨੂੰ ਸਾੜਦਾ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਇਸ ਤੋਂ ਬਾਅਦ ਉਹ ਛਾਉਣੀ ਵਿਚ ਆ ਸਕਦਾ ਹੈ।

29 “ਤੁਸੀਂ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨੀ: ਸੱਤਵੇਂ ਮਹੀਨੇ ਦੀ 10 ਤਾਰੀਖ਼ ਨੂੰ ਤੁਸੀਂ ਆਪਣੇ ਆਪ ਨੂੰ ਕਸ਼ਟ ਦੇਣਾ* ਅਤੇ ਤੁਹਾਡੇ ਵਿੱਚੋਂ ਕੋਈ ਵੀ ਕੰਮ ਨਾ ਕਰੇ,+ ਚਾਹੇ ਉਹ ਪੈਦਾਇਸ਼ੀ ਇਜ਼ਰਾਈਲੀ ਹੋਵੇ ਜਾਂ ਤੁਹਾਡੇ ਵਿਚ ਰਹਿਣ ਵਾਲਾ ਕੋਈ ਪਰਦੇਸੀ। 30 ਇਸ ਦਿਨ ਤੁਹਾਡੇ ਪਾਪ ਮਿਟਾਏ ਜਾਣਗੇ+ ਅਤੇ ਤੁਹਾਨੂੰ ਸ਼ੁੱਧ ਕਰਾਰ ਦਿੱਤਾ ਜਾਵੇਗਾ। ਤੁਸੀਂ ਯਹੋਵਾਹ ਸਾਮ੍ਹਣੇ ਆਪਣੇ ਸਾਰੇ ਪਾਪਾਂ ਤੋਂ ਸ਼ੁੱਧ ਹੋਵੋਗੇ।+ 31 ਇਹ ਤੁਹਾਡੇ ਲਈ ਸਬਤ ਦਾ ਦਿਨ ਹੋਵੇਗਾ ਅਤੇ ਇਸ ਦਿਨ ਤੁਸੀਂ ਪੂਰਾ ਆਰਾਮ ਕਰਨਾ ਅਤੇ ਆਪਣੇ ਆਪ ਨੂੰ ਕਸ਼ਟ ਦੇਣਾ।+ ਤੁਸੀਂ ਇਸ ਨਿਯਮ ਦੀ ਹਮੇਸ਼ਾ ਪਾਲਣਾ ਕਰਨੀ।

32 “ਜਿਸ ਪੁਜਾਰੀ ਨੂੰ ਤੇਲ ਪਾ ਕੇ ਆਪਣੇ ਪਿਤਾ ਦੀ ਜਗ੍ਹਾ+ ਪੁਜਾਰੀ* ਵਜੋਂ ਸੇਵਾ ਕਰਨ ਲਈ ਨਿਯੁਕਤ ਕੀਤਾ ਜਾਂਦਾ ਹੈ,*+ ਉਹ ਪਾਪ ਮਿਟਾਉਣ ਲਈ ਬਲ਼ੀਆਂ ਚੜ੍ਹਾਵੇ ਅਤੇ ਮਲਮਲ ਦਾ+ ਪਵਿੱਤਰ ਲਿਬਾਸ ਪਾਵੇ।+ 33 ਉਹ ਬਲ਼ੀਆਂ ਚੜ੍ਹਾ ਕੇ ਅੱਤ ਪਵਿੱਤਰ ਕਮਰੇ,+ ਮੰਡਲੀ ਦੇ ਤੰਬੂ+ ਅਤੇ ਵੇਦੀ+ ਨੂੰ ਪਾਪ ਤੋਂ ਸ਼ੁੱਧ ਕਰੇਗਾ; ਉਹ ਪੁਜਾਰੀਆਂ ਅਤੇ ਮੰਡਲੀ ਦੇ ਸਾਰੇ ਲੋਕਾਂ ਦੇ ਪਾਪ ਮਿਟਾਉਣ ਲਈ ਬਲ਼ੀਆਂ ਚੜ੍ਹਾਵੇਗਾ।+ 34 ਸਾਲ ਵਿਚ ਇਕ ਵਾਰ ਸਾਰੇ ਇਜ਼ਰਾਈਲੀਆਂ ਦੇ ਪਾਪ ਮਿਟਾਉਣ ਲਈ ਇਸ ਤਰ੍ਹਾਂ ਕੀਤਾ ਜਾਵੇ।+ ਤੁਸੀਂ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨੀ।”+

ਇਸ ਲਈ ਹਾਰੂਨ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

17 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਹਾਰੂਨ, ਉਸ ਦੇ ਪੁੱਤਰਾਂ ਅਤੇ ਸਾਰੇ ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਯਹੋਵਾਹ ਨੇ ਇਹ ਹੁਕਮ ਦਿੱਤਾ ਹੈ:

3 “‘“ਜੇ ਇਜ਼ਰਾਈਲ ਦੇ ਘਰਾਣੇ ਦਾ ਕੋਈ ਆਦਮੀ ਛਾਉਣੀ ਵਿਚ ਜਾਂ ਛਾਉਣੀ ਤੋਂ ਬਾਹਰ ਬਲਦ ਜਾਂ ਭੇਡੂ ਜਾਂ ਬੱਕਰਾ ਵੱਢਦਾ ਹੈ, 4 ਤਾਂ ਉਸ ਆਦਮੀ ਨੂੰ ਖ਼ੂਨ ਦਾ ਦੋਸ਼ੀ ਕਰਾਰ ਦਿੱਤਾ ਜਾਵੇਗਾ ਕਿਉਂਕਿ ਉਸ ਨੂੰ ਇਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਲਿਆ ਕੇ ਯਹੋਵਾਹ ਦੇ ਡੇਰੇ ਦੇ ਸਾਮ੍ਹਣੇ ਯਹੋਵਾਹ ਨੂੰ ਚੜ੍ਹਾਉਣਾ ਚਾਹੀਦਾ ਸੀ। ਉਸ ਨੇ ਖ਼ੂਨ ਵਹਾਇਆ ਹੈ ਅਤੇ ਉਸ ਆਦਮੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ 5 ਤਾਂਕਿ ਇਜ਼ਰਾਈਲੀ ਜੋ ਬਲ਼ੀਆਂ ਮੈਦਾਨ ਵਿਚ ਚੜ੍ਹਾਉਂਦੇ ਹਨ, ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾਹ ਸਾਮ੍ਹਣੇ ਪੁਜਾਰੀ ਨੂੰ ਦੇਣ। ਉਹ ਇਹ ਬਲ਼ੀਆਂ ਯਹੋਵਾਹ ਸਾਮ੍ਹਣੇ ਸ਼ਾਂਤੀ-ਬਲ਼ੀਆਂ ਵਜੋਂ ਚੜ੍ਹਾਉਣ।+ 6 ਪੁਜਾਰੀ ਜਾਨਵਰ ਦਾ ਖ਼ੂਨ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਪਈ ਯਹੋਵਾਹ ਦੀ ਵੇਦੀ ਉੱਤੇ ਛਿੜਕੇ ਅਤੇ ਚਰਬੀ ਅੱਗ ਵਿਚ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ ਜਿਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ।+ 7 ਇਸ ਲਈ ਉਹ ਅੱਗੇ ਤੋਂ ਬੱਕਰਿਆਂ ਵਰਗੇ ਦਿਸਣ ਵਾਲੇ ਦੁਸ਼ਟ ਦੂਤਾਂ ਸਾਮ੍ਹਣੇ* ਬਲ਼ੀਆਂ ਨਾ ਚੜ੍ਹਾਉਣ+ ਜਿਨ੍ਹਾਂ ਨਾਲ ਉਹ ਹਰਾਮਕਾਰੀ ਕਰਦੇ ਹਨ।*+ ਤੁਸੀਂ ਪੀੜ੍ਹੀਓ-ਪੀੜ੍ਹੀ ਇਸ ਨਿਯਮ ਦੀ ਪਾਲਣਾ ਕਰਨੀ।”’

8 “ਤੂੰ ਉਨ੍ਹਾਂ ਨੂੰ ਕਹਿ, ‘ਇਜ਼ਰਾਈਲ ਦੇ ਘਰਾਣੇ ਦਾ ਜਿਹੜਾ ਆਦਮੀ ਜਾਂ ਤੁਹਾਡੇ ਵਿਚ ਵੱਸਦਾ ਕੋਈ ਪਰਦੇਸੀ ਹੋਮ-ਬਲ਼ੀ ਜਾਂ ਕੋਈ ਹੋਰ ਬਲ਼ੀ ਚੜ੍ਹਾਉਂਦਾ ਹੈ 9 ਅਤੇ ਇਹ ਜਾਨਵਰ ਯਹੋਵਾਹ ਨੂੰ ਦੇਣ ਲਈ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਨਹੀਂ ਲਿਆਉਂਦਾ, ਤਾਂ ਉਸ ਆਦਮੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।+

10 “‘ਜੇ ਇਜ਼ਰਾਈਲ ਦੇ ਘਰਾਣੇ ਦਾ ਕੋਈ ਆਦਮੀ ਜਾਂ ਤੁਹਾਡੇ ਵਿਚ ਵੱਸਦਾ ਪਰਦੇਸੀ ਕਿਸੇ ਵੀ ਪ੍ਰਾਣੀ ਦਾ ਖ਼ੂਨ ਖਾਂਦਾ ਹੈ,+ ਤਾਂ ਮੈਂ ਜ਼ਰੂਰ ਉਸ ਆਦਮੀ ਦਾ ਵਿਰੋਧੀ ਬਣਾਂਗਾ ਜੋ ਖ਼ੂਨ ਖਾਂਦਾ ਹੈ ਅਤੇ ਮੈਂ ਉਸ ਨੂੰ ਮੌਤ ਦੀ ਸਜ਼ਾ ਦਿਆਂਗਾ। 11 ਕਿਉਂਕਿ ਹਰ ਜੀਉਂਦੇ ਪ੍ਰਾਣੀ ਦੀ ਜਾਨ ਖ਼ੂਨ ਵਿਚ ਹੈ+ ਅਤੇ ਮੈਂ ਤੈਅ ਕੀਤਾ ਹੈ ਕਿ ਤੁਹਾਡੇ ਪਾਪ ਮਿਟਾਉਣ ਲਈ ਇਸ ਨੂੰ ਵੇਦੀ ਉੱਤੇ ਚੜ੍ਹਾਇਆ ਜਾਵੇ+ ਕਿਉਂਕਿ ਖ਼ੂਨ ਵਿਚ ਜਾਨ ਹੈ ਅਤੇ ਖ਼ੂਨ ਨਾਲ ਹੀ ਪਾਪ ਮਿਟਾਏ ਜਾਂਦੇ ਹਨ।+ 12 ਇਸੇ ਲਈ ਮੈਂ ਇਜ਼ਰਾਈਲੀਆਂ ਨੂੰ ਕਿਹਾ ਹੈ: “ਤੁਹਾਡੇ ਵਿੱਚੋਂ ਕੋਈ ਵੀ ਖ਼ੂਨ ਨਾ ਖਾਵੇ ਅਤੇ ਨਾ ਹੀ ਤੁਹਾਡੇ ਵਿਚ ਰਹਿੰਦਾ ਕੋਈ ਵੀ ਪਰਦੇਸੀ+ ਖ਼ੂਨ ਖਾਵੇ।”+

13 “‘ਜੇ ਕੋਈ ਇਜ਼ਰਾਈਲੀ ਜਾਂ ਤੁਹਾਡੇ ਵਿਚ ਵੱਸਦਾ ਕੋਈ ਪਰਦੇਸੀ ਸ਼ਿਕਾਰ ਕਰ ਕੇ ਕੋਈ ਜੰਗਲੀ ਜਾਨਵਰ ਜਾਂ ਪੰਛੀ ਫੜਦਾ ਹੈ ਜਿਸ ਨੂੰ ਖਾਣ ਦੀ ਇਜਾਜ਼ਤ ਹੈ, ਤਾਂ ਉਹ ਉਸ ਦਾ ਖ਼ੂਨ ਡੋਲ੍ਹ ਦੇਵੇ+ ਅਤੇ ਉਸ ਉੱਤੇ ਮਿੱਟੀ ਪਾਵੇ। 14 ਖ਼ੂਨ ਹਰ ਤਰ੍ਹਾਂ ਦੇ ਜੀਉਂਦੇ ਪ੍ਰਾਣੀ ਦੀ ਜਾਨ ਹੈ ਕਿਉਂਕਿ ਇਸ ਵਿਚ ਜਾਨ ਹੈ। ਇਸ ਲਈ ਮੈਂ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਹੈ: “ਤੁਸੀਂ ਕਿਸੇ ਵੀ ਤਰ੍ਹਾਂ ਦੇ ਜੀਉਂਦੇ ਪ੍ਰਾਣੀ ਦਾ ਖ਼ੂਨ ਨਹੀਂ ਖਾਣਾ ਕਿਉਂਕਿ ਖ਼ੂਨ ਹਰ ਤਰ੍ਹਾਂ ਦੇ ਜੀਉਂਦੇ ਪ੍ਰਾਣੀ ਦੀ ਜਾਨ ਹੈ। ਜੋ ਵੀ ਖ਼ੂਨ ਖਾਂਦਾ ਹੈ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।”+ 15 ਜੇ ਕੋਈ ਪੈਦਾਇਸ਼ੀ ਇਜ਼ਰਾਈਲੀ ਜਾਂ ਪਰਦੇਸੀ ਅਜਿਹੇ ਜਾਨਵਰ ਦਾ ਮਾਸ ਖਾਂਦਾ ਹੈ ਜੋ ਮਰਿਆ ਪਿਆ ਸੀ ਜਾਂ ਕਿਸੇ ਜੰਗਲੀ ਜਾਨਵਰ ਨੇ ਮਾਰ ਦਿੱਤਾ ਸੀ,+ ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ;+ ਫਿਰ ਉਹ ਸ਼ੁੱਧ ਹੋ ਜਾਵੇਗਾ। 16 ਪਰ ਜੇ ਉਹ ਆਪਣੇ ਕੱਪੜੇ ਨਹੀਂ ਧੋਂਦਾ ਅਤੇ ਨਹੀਂ ਨਹਾਉਂਦਾ, ਤਾਂ ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ।’”+

18 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।+ 3 ਤੁਸੀਂ ਮਿਸਰੀਆਂ ਵਰਗੇ ਕੰਮ ਨਾ ਕਰਿਓ ਜਿੱਥੇ ਤੁਸੀਂ ਪਹਿਲਾਂ ਰਹਿੰਦੇ ਸੀ ਅਤੇ ਨਾ ਹੀ ਤੁਸੀਂ ਕਨਾਨੀਆਂ ਵਰਗੇ ਕੰਮ ਕਰਿਓ ਜਿੱਥੇ ਮੈਂ ਤੁਹਾਨੂੰ ਲਿਜਾ ਰਿਹਾ ਹਾਂ।+ ਅਤੇ ਤੁਸੀਂ ਉਨ੍ਹਾਂ ਦੇ ਰੀਤਾਂ-ਰਿਵਾਜਾਂ ਮੁਤਾਬਕ ਨਾ ਚੱਲਿਓ। 4 ਤੁਸੀਂ ਮੇਰੇ ਹੁਕਮਾਂ ਨੂੰ ਮੰਨਿਓ ਅਤੇ ਮੇਰੇ ਨਿਯਮਾਂ ਦੀ ਪਾਲਣਾ ਕਰਿਓ ਅਤੇ ਉਨ੍ਹਾਂ ਮੁਤਾਬਕ ਚੱਲਿਓ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ। 5 ਤੁਸੀਂ ਮੇਰੇ ਨਿਯਮਾਂ ਅਤੇ ਹੁਕਮਾਂ ਦੀ ਪਾਲਣਾ ਕਰਿਓ; ਜਿਹੜਾ ਇਨ੍ਹਾਂ ਉੱਤੇ ਚੱਲਦਾ ਹੈ, ਉਹ ਇਨ੍ਹਾਂ ਕਰਕੇ ਜੀਉਂਦਾ ਰਹੇਗਾ।+ ਮੈਂ ਯਹੋਵਾਹ ਹਾਂ।

6 “‘ਤੁਹਾਡੇ ਵਿੱਚੋਂ ਕੋਈ ਵੀ ਆਦਮੀ ਆਪਣੇ ਨੇੜੇ ਦੇ ਰਿਸ਼ਤੇਦਾਰਾਂ ਨਾਲ ਸਰੀਰਕ ਸੰਬੰਧ ਨਾ ਬਣਾਵੇ।*+ ਮੈਂ ਯਹੋਵਾਹ ਹਾਂ। 7 ਤੂੰ ਆਪਣੇ ਪਿਉ ਜਾਂ ਆਪਣੀ ਮਾਂ ਨਾਲ ਸਰੀਰਕ ਸੰਬੰਧ ਨਾ ਬਣਾਈਂ। ਉਹ ਤੇਰੀ ਮਾਂ ਹੈ ਅਤੇ ਤੂੰ ਉਸ ਨਾਲ ਸਰੀਰਕ ਸੰਬੰਧ ਨਾ ਬਣਾਈਂ।

8 “‘ਤੂੰ ਆਪਣੇ ਪਿਤਾ ਦੀ ਪਤਨੀ ਨਾਲ ਸਰੀਰਕ ਸੰਬੰਧ ਨਾ ਬਣਾਈਂ।+ ਇਸ ਤਰ੍ਹਾਂ ਕਰਨ ਨਾਲ ਤੇਰਾ ਪਿਤਾ ਬੇਇੱਜ਼ਤ ਹੋਵੇਗਾ।*

9 “‘ਤੂੰ ਆਪਣੀ ਭੈਣ ਨਾਲ ਸਰੀਰਕ ਸੰਬੰਧ ਨਾ ਬਣਾਈਂ, ਭਾਵੇਂ ਉਹ ਤੇਰੇ ਪਿਉ ਦੀ ਧੀ ਹੋਵੇ ਜਾਂ ਤੇਰੀ ਮਾਂ ਦੀ ਧੀ ਹੋਵੇ, ਚਾਹੇ ਤੁਸੀਂ ਦੋਵੇਂ ਇੱਕੋ ਪਰਿਵਾਰ ਵਿਚ ਪੈਦਾ ਹੋਏ ਹੋਵੋ ਜਾਂ ਨਹੀਂ।+

10 “‘ਤੂੰ ਆਪਣੀ ਪੋਤੀ ਨਾਲ ਜਾਂ ਆਪਣੀ ਦੋਹਤੀ ਨਾਲ ਸਰੀਰਕ ਸੰਬੰਧ ਨਾ ਬਣਾਈਂ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੂੰ ਬੇਇੱਜ਼ਤ ਹੋਵੇਂਗਾ।

11 “‘ਤੂੰ ਆਪਣੇ ਪਿਉ ਦੀ ਪਤਨੀ ਦੀ ਧੀ ਨਾਲ ਸਰੀਰਕ ਸੰਬੰਧ ਨਾ ਬਣਾਈਂ ਕਿਉਂਕਿ ਉਹ ਤੇਰੀ ਭੈਣ ਹੈ। ਉਹ ਤੇਰੇ ਪਿਤਾ ਦੀ ਔਲਾਦ ਹੈ।

12 “‘ਤੂੰ ਆਪਣੀ ਭੂਆ ਨਾਲ ਸਰੀਰਕ ਸੰਬੰਧ ਨਾ ਬਣਾਈਂ। ਉਸ ਦਾ ਤੇਰੇ ਪਿਤਾ ਨਾਲ ਖ਼ੂਨ ਦਾ ਰਿਸ਼ਤਾ ਹੈ।+

13 “‘ਤੂੰ ਆਪਣੀ ਮਾਸੀ ਨਾਲ ਸਰੀਰਕ ਸੰਬੰਧ ਨਾ ਬਣਾਈਂ ਕਿਉਂਕਿ ਉਸ ਦਾ ਤੇਰੀ ਮਾਂ ਨਾਲ ਖ਼ੂਨ ਦਾ ਰਿਸ਼ਤਾ ਹੈ।

14 “‘ਤੂੰ ਆਪਣੀ ਚਾਚੀ ਜਾਂ ਤਾਈ ਨਾਲ ਸਰੀਰਕ ਸੰਬੰਧ ਨਾ ਬਣਾਈਂ ਕਿਉਂਕਿ ਉਹ ਤੇਰੀ ਰਿਸ਼ਤੇਦਾਰ ਹੈ। ਇਸ ਤਰ੍ਹਾਂ ਕਰਨ ਨਾਲ ਤੇਰਾ ਚਾਚਾ ਜਾਂ ਤਾਇਆ ਬੇਇੱਜ਼ਤ ਹੋਵੇਗਾ।*+

15 “‘ਤੂੰ ਆਪਣੀ ਨੂੰਹ ਨਾਲ ਸਰੀਰਕ ਸੰਬੰਧ ਨਾ ਬਣਾਈਂ।+ ਉਹ ਤੇਰੇ ਪੁੱਤਰ ਦੀ ਪਤਨੀ ਹੈ, ਇਸ ਲਈ ਤੂੰ ਉਸ ਨਾਲ ਸਰੀਰਕ ਸੰਬੰਧ ਨਾ ਬਣਾਈਂ।

16 “‘ਤੂੰ ਆਪਣੀ ਭਾਬੀ ਨਾਲ ਸਰੀਰਕ ਸੰਬੰਧ ਨਾ ਬਣਾਈਂ+ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੇਰਾ ਭਰਾ ਬੇਇੱਜ਼ਤ ਹੋਵੇਗਾ।*

17 “‘ਜੇ ਤੂੰ ਕਿਸੇ ਔਰਤ ਨਾਲ ਸਰੀਰਕ ਸੰਬੰਧ ਬਣਾਉਂਦਾ ਹੈਂ, ਤਾਂ ਤੂੰ ਉਸ ਦੀ ਧੀ ਨਾਲ ਸਰੀਰਕ ਸੰਬੰਧ ਨਾ ਬਣਾਈਂ।+ ਅਤੇ ਨਾ ਹੀ ਤੂੰ ਉਸ ਦੀ ਪੋਤੀ ਨਾਲ ਅਤੇ ਨਾ ਹੀ ਉਸ ਦੀ ਦੋਹਤੀ ਨਾਲ ਸਰੀਰਕ ਸੰਬੰਧ ਬਣਾਈਂ। ਉਹ ਉਸ ਔਰਤ ਦੇ ਨੇੜੇ ਦੇ ਰਿਸ਼ਤੇਦਾਰ ਹਨ। ਇਹ ਸ਼ਰਮਨਾਕ ਕੰਮ* ਹੈ।

18 “‘ਤੂੰ ਆਪਣੀ ਪਤਨੀ ਦੇ ਜੀਉਂਦੇ-ਜੀ ਉਸ ਦੀ ਭੈਣ ਨੂੰ ਉਸ ਦੀ ਸੌਂਕਣ ਨਾ ਬਣਾਈਂ+ ਅਤੇ ਉਸ ਨਾਲ ਸਰੀਰਕ ਸੰਬੰਧ ਨਾ ਬਣਾਈਂ।

19 “‘ਤੂੰ ਉਸ ਔਰਤ ਨਾਲ ਸਰੀਰਕ ਸੰਬੰਧ ਨਾ ਬਣਾਈਂ ਜੋ ਮਾਹਵਾਰੀ ਕਰਕੇ ਅਸ਼ੁੱਧ ਹੈ।+

20 “‘ਤੂੰ ਆਪਣੇ ਗੁਆਂਢੀ* ਦੀ ਪਤਨੀ ਨਾਲ ਸਰੀਰਕ ਸੰਬੰਧ ਨਾ ਬਣਾਈਂ। ਇਸ ਤਰ੍ਹਾਂ ਕਰਨ ਨਾਲ ਤੂੰ ਅਸ਼ੁੱਧ ਹੋ ਜਾਵੇਂਗਾ।+

21 “‘ਤੂੰ ਆਪਣਾ ਕੋਈ ਵੀ ਬੱਚਾ ਮੋਲਕ ਦੇਵਤੇ ਨੂੰ ਭੇਟ* ਵਜੋਂ ਨਾ ਚੜ੍ਹਾਈਂ।+ ਤੂੰ ਇਸ ਤਰ੍ਹਾਂ ਕਰ ਕੇ ਆਪਣੇ ਪਰਮੇਸ਼ੁਰ ਦੇ ਨਾਂ ਨੂੰ ਪਲੀਤ ਨਾ ਕਰੀਂ।+ ਮੈਂ ਯਹੋਵਾਹ ਹਾਂ।

22 “‘ਤੂੰ ਕਿਸੇ ਆਦਮੀ ਨਾਲ ਸਰੀਰਕ ਸੰਬੰਧ ਨਾ ਬਣਾਈਂ ਜਿਵੇਂ ਤੂੰ ਕਿਸੇ ਔਰਤ ਨਾਲ ਸਰੀਰਕ ਸੰਬੰਧ ਬਣਾਉਂਦਾ ਹੈਂ।+ ਇਹ ਘਿਣਾਉਣਾ ਕੰਮ ਹੈ।

23 “‘ਕੋਈ ਆਦਮੀ ਕਿਸੇ ਜਾਨਵਰ ਨਾਲ ਸਰੀਰਕ ਸੰਬੰਧ ਬਣਾ ਕੇ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ ਅਤੇ ਨਾ ਹੀ ਕੋਈ ਔਰਤ ਸਰੀਰਕ ਸੰਬੰਧ ਬਣਾਉਣ ਲਈ ਕਿਸੇ ਜਾਨਵਰ ਦੇ ਸਾਮ੍ਹਣੇ ਜਾਵੇ।+ ਇਹ ਗ਼ੈਰ-ਕੁਦਰਤੀ ਹੈ।

24 “‘ਤੁਸੀਂ ਅਜਿਹੇ ਕੰਮ ਕਰ ਕੇ ਆਪਣੇ ਆਪ ਨੂੰ ਅਸ਼ੁੱਧ ਨਾ ਕਰਿਓ ਕਿਉਂਕਿ ਮੈਂ ਜਿਨ੍ਹਾਂ ਕੌਮਾਂ ਨੂੰ ਤੁਹਾਡੇ ਸਾਮ੍ਹਣਿਓਂ ਕੱਢਣ ਵਾਲਾ ਹਾਂ, ਉਨ੍ਹਾਂ ਨੇ ਇਹ ਕੰਮ ਕਰ ਕੇ ਆਪਣੇ ਆਪ ਨੂੰ ਅਸ਼ੁੱਧ ਕੀਤਾ ਹੈ।+ 25 ਇਸ ਲਈ ਉਨ੍ਹਾਂ ਦਾ ਦੇਸ਼ ਅਸ਼ੁੱਧ ਹੈ ਅਤੇ ਮੈਂ ਦੇਸ਼ ਦੇ ਵਾਸੀਆਂ ਨੂੰ ਉਨ੍ਹਾਂ ਦੀਆਂ ਗ਼ਲਤੀਆਂ ਦੀ ਸਜ਼ਾ ਦਿਆਂਗਾ ਅਤੇ ਉਨ੍ਹਾਂ ਨੂੰ ਉੱਥੋਂ ਕੱਢ ਦਿਆਂਗਾ।+ 26 ਪਰ ਤੁਸੀਂ ਮੇਰੇ ਨਿਯਮਾਂ ਅਤੇ ਹੁਕਮਾਂ ਦੀ ਪਾਲਣਾ ਕਰਿਓ।+ ਅਤੇ ਤੁਹਾਡੇ ਵਿੱਚੋਂ ਕੋਈ ਵੀ ਅਜਿਹਾ ਘਿਣਾਉਣਾ ਕੰਮ ਨਾ ਕਰੇ, ਚਾਹੇ ਉਹ ਪੈਦਾਇਸ਼ੀ ਇਜ਼ਰਾਈਲੀ ਹੋਵੇ ਜਾਂ ਤੁਹਾਡੇ ਵਿਚ ਰਹਿਣ ਵਾਲਾ ਕੋਈ ਪਰਦੇਸੀ।+ 27 ਤੁਹਾਡੇ ਤੋਂ ਪਹਿਲਾਂ ਉਸ ਦੇਸ਼ ਵਿਚ ਰਹਿਣ ਵਾਲੇ ਆਦਮੀਆਂ ਨੇ ਇਹ ਸਾਰੇ ਘਿਣਾਉਣੇ ਕੰਮ ਕੀਤੇ ਹਨ+ ਜਿਸ ਕਰਕੇ ਹੁਣ ਉਹ ਦੇਸ਼ ਅਸ਼ੁੱਧ ਹੈ। 28 ਜੇ ਤੁਸੀਂ ਉੱਥੋਂ ਦੇ ਲੋਕਾਂ ਵਰਗੇ ਕੰਮ ਕਰ ਕੇ ਉਸ ਦੇਸ਼ ਨੂੰ ਭ੍ਰਿਸ਼ਟ ਨਹੀਂ ਕਰੋਗੇ, ਤਾਂ ਤੁਹਾਨੂੰ ਉੱਥੋਂ ਨਹੀਂ ਕੱਢਿਆ ਜਾਵੇਗਾ ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲਾਂ ਉੱਥੇ ਰਹਿਣ ਵਾਲੀਆਂ ਕੌਮਾਂ ਨੂੰ ਉੱਥੋਂ ਕੱਢਿਆ ਜਾਵੇਗਾ। 29 ਜੇ ਕੋਈ ਵੀ ਜਣਾ ਅਜਿਹਾ ਘਿਣਾਉਣਾ ਕੰਮ ਕਰਦਾ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। 30 ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਘਿਣਾਉਣਾ ਰੀਤੀ-ਰਿਵਾਜ ਨਾ ਮਨਾਇਓ ਜੋ ਤੁਹਾਡੇ ਤੋਂ ਪਹਿਲਾਂ ਉੱਥੇ ਮਨਾਏ ਜਾਂਦੇ ਸਨ+ ਤਾਂਕਿ ਤੁਸੀਂ ਇਨ੍ਹਾਂ ਕੰਮਾਂ ਰਾਹੀਂ ਆਪਣੇ ਆਪ ਨੂੰ ਅਸ਼ੁੱਧ ਨਾ ਕਰ ਲਿਓ। ਇਸ ਤਰ੍ਹਾਂ ਤੁਸੀਂ ਮੇਰੇ ਪ੍ਰਤੀ ਆਪਣਾ ਫ਼ਰਜ਼ ਨਿਭਾਉਣਾ। ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’”

19 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਦੀ ਪੂਰੀ ਮੰਡਲੀ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਪਵਿੱਤਰ ਹਾਂ।+

3 “‘ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਮਾਤਾ-ਪਿਤਾ ਦਾ ਆਦਰ ਕਰੇ।*+ ਤੁਸੀਂ ਮੇਰੇ ਸਬਤ ਮਨਾਓ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ। 4 ਨਿਕੰਮੇ ਦੇਵਤਿਆਂ ਵੱਲ ਨਾ ਮੁੜੋ+ ਜਾਂ ਆਪਣੇ ਲਈ ਕਿਸੇ ਦੇਵੀ-ਦੇਵਤੇ ਦੀ ਧਾਤ ਦੀ ਮੂਰਤ ਨਾ ਬਣਾਓ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।

5 “‘ਜੇ ਤੁਸੀਂ ਯਹੋਵਾਹ ਨੂੰ ਸ਼ਾਂਤੀ-ਬਲ਼ੀ ਚੜ੍ਹਾਉਂਦੇ ਹੋ,+ ਤਾਂ ਤੁਸੀਂ ਇਹ ਬਲ਼ੀ ਸਹੀ ਤਰੀਕੇ ਨਾਲ ਚੜ੍ਹਾਓ ਤਾਂਕਿ ਤੁਸੀਂ ਪਰਮੇਸ਼ੁਰ ਦੀ ਮਨਜ਼ੂਰੀ ਪਾ ਸਕੋ।+ 6 ਜਿਸ ਦਿਨ ਤੁਸੀਂ ਬਲ਼ੀ ਚੜ੍ਹਾਉਂਦੇ ਹੋ, ਉਸ ਦਿਨ ਅਤੇ ਅਗਲੇ ਦਿਨ ਤੁਸੀਂ ਇਹ ਬਲ਼ੀ ਖਾ ਸਕਦੇ ਹੋ। ਪਰ ਜੇ ਤੀਜੇ ਦਿਨ ਤਕ ਕੁਝ ਬਚ ਜਾਂਦਾ ਹੈ, ਤਾਂ ਇਸ ਨੂੰ ਅੱਗ ਵਿਚ ਸਾੜ ਦਿੱਤਾ ਜਾਵੇ।+ 7 ਜੇ ਤੀਜੇ ਦਿਨ ਬਚਿਆ ਹੋਇਆ ਮਾਸ ਖਾਧਾ ਜਾਂਦਾ ਹੈ, ਤਾਂ ਇਹ ਬਲ਼ੀ ਘਿਣਾਉਣੀ ਹੋਵੇਗੀ ਅਤੇ ਇਸ ਨੂੰ ਕਬੂਲ ਨਹੀਂ ਕੀਤਾ ਜਾਵੇਗਾ। 8 ਜਿਹੜਾ ਤੀਜੇ ਦਿਨ ਬਚਿਆ ਹੋਇਆ ਮਾਸ ਖਾਂਦਾ ਹੈ, ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ ਕਿਉਂਕਿ ਉਸ ਨੇ ਯਹੋਵਾਹ ਦੀ ਪਵਿੱਤਰ ਭੇਟ ਨੂੰ ਭ੍ਰਿਸ਼ਟ ਕੀਤਾ ਹੈ। ਇਸ ਲਈ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।

9 “‘ਜਦੋਂ ਤੁਸੀਂ ਆਪਣੇ ਖੇਤਾਂ ਵਿਚ ਵਾਢੀ ਕਰੋ, ਤਾਂ ਤੁਸੀਂ ਆਪਣੇ ਖੇਤਾਂ ਦੀਆਂ ਨੁੱਕਰਾਂ ਤੋਂ ਪੂਰੀ ਤਰ੍ਹਾਂ ਫ਼ਸਲ ਨਾ ਵੱਢੋ ਅਤੇ ਨਾ ਹੀ ਖੇਤਾਂ ਵਿੱਚੋਂ ਸਿੱਟੇ ਚੁਗੋ।+ 10 ਨਾਲੇ ਤੁਸੀਂ ਆਪਣੇ ਅੰਗੂਰਾਂ ਦੇ ਬਾਗ਼ ਵਿਚ ਵੇਲਾਂ ਉੱਤੇ ਬਾਕੀ ਬਚੇ ਅੰਗੂਰ ਨਾ ਤੋੜੋ ਅਤੇ ਨਾ ਹੀ ਬਾਗ਼ ਵਿਚ ਥੱਲੇ ਡਿਗੇ ਅੰਗੂਰ ਚੁਗੋ। ਤੁਸੀਂ ਇਨ੍ਹਾਂ ਨੂੰ ਗ਼ਰੀਬਾਂ* ਅਤੇ ਪਰਦੇਸੀਆਂ ਵਾਸਤੇ ਰਹਿਣ ਦਿਓ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।

11 “‘ਤੁਸੀਂ ਚੋਰੀ ਨਾ ਕਰੋ,+ ਤੁਸੀਂ ਧੋਖਾ ਨਾ ਦਿਓ+ ਅਤੇ ਇਕ-ਦੂਜੇ ਨਾਲ ਬੇਈਮਾਨੀ ਨਾ ਕਰੋ। 12 ਤੁਸੀਂ ਮੇਰੇ ਨਾਂ ਦੀ ਝੂਠੀ ਸਹੁੰ ਨਾ ਖਾਓ।+ ਇਸ ਤਰ੍ਹਾਂ ਕਰ ਕੇ ਤੁਸੀਂ ਆਪਣੇ ਪਰਮੇਸ਼ੁਰ ਦੇ ਨਾਂ ਨੂੰ ਪਲੀਤ ਨਾ ਕਰੋ। ਮੈਂ ਯਹੋਵਾਹ ਹਾਂ। 13 ਤੁਸੀਂ ਆਪਣੇ ਗੁਆਂਢੀ ਨਾਲ ਠੱਗੀ ਨਾ ਮਾਰੋ+ ਅਤੇ ਨਾ ਹੀ ਲੁੱਟ-ਮਾਰ ਕਰੋ।+ ਤੁਸੀਂ ਪੂਰੀ ਰਾਤ, ਹਾਂ, ਸਵੇਰ ਹੋਣ ਤਕ ਕਿਸੇ ਮਜ਼ਦੂਰ ਦੀ ਮਜ਼ਦੂਰੀ ਨਾ ਰੱਖੋ।+

14 “‘ਤੁਸੀਂ ਕਿਸੇ ਬੋਲ਼ੇ ਨੂੰ ਸਰਾਪ ਨਾ ਦਿਓ ਜਾਂ ਕਿਸੇ ਅੰਨ੍ਹੇ ਦੇ ਰਾਹ ਵਿਚ ਕੋਈ ਰੁਕਾਵਟ ਖੜ੍ਹੀ ਨਾ ਕਰੋ।+ ਤੁਸੀਂ ਆਪਣੇ ਪਰਮੇਸ਼ੁਰ ਦਾ ਡਰ ਮੰਨੋ।+ ਮੈਂ ਯਹੋਵਾਹ ਹਾਂ।

15 “‘ਤੁਸੀਂ ਕਿਸੇ ਨਾਲ ਅਨਿਆਂ ਨਾ ਕਰੋ। ਤੁਸੀਂ ਕਿਸੇ ਗ਼ਰੀਬ ਦਾ ਪੱਖ ਨਾ ਲਓ ਜਾਂ ਕਿਸੇ ਅਮੀਰ ਦੀ ਤਰਫ਼ਦਾਰੀ ਨਾ ਕਰੋ।+ ਤੁਸੀਂ ਆਪਣੇ ਗੁਆਂਢੀ ਨਾਲ ਨਿਆਂ ਕਰੋ।

16 “‘ਤੁਸੀਂ ਕਿਸੇ ਨੂੰ ਬਦਨਾਮ ਕਰਨ ਲਈ ਇੱਧਰ-ਉੱਧਰ ਜਾ ਕੇ ਝੂਠੀਆਂ ਗੱਲਾਂ ਨਾ ਫੈਲਾਓ।+ ਤੁਸੀਂ ਆਪਣੇ ਗੁਆਂਢੀ ਦੀ ਜਾਨ* ਦੇ ਦੁਸ਼ਮਣ ਨਾ ਬਣੋ।*+ ਮੈਂ ਯਹੋਵਾਹ ਹਾਂ।

17 “‘ਤੁਸੀਂ ਆਪਣੇ ਦਿਲ ਵਿਚ ਆਪਣੇ ਭਰਾ ਲਈ ਨਫ਼ਰਤ ਨਾ ਪਾਲ਼ੋ।+ ਤੁਸੀਂ ਆਪਣੇ ਗੁਆਂਢੀ ਨੂੰ ਜ਼ਰੂਰ ਤਾੜਨਾ ਦਿਓ+ ਤਾਂਕਿ ਤੁਸੀਂ ਉਸ ਵਾਂਗ ਪਾਪ ਦੇ ਦੋਸ਼ੀ ਨਾ ਬਣੋ।

18 “‘ਤੁਸੀਂ ਬਦਲਾ ਨਾ ਲਓ+ ਅਤੇ ਆਪਣੇ ਲੋਕਾਂ ਦੇ ਖ਼ਿਲਾਫ਼ ਦਿਲ ਵਿਚ ਨਾਰਾਜ਼ਗੀ ਨਾ ਪਾਲ਼ੋ। ਤੁਸੀਂ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰੋ ਜਿਵੇਂ ਤੁਸੀਂ ਆਪਣੇ ਆਪ ਨੂੰ ਕਰਦੇ ਹੋ।+ ਮੈਂ ਯਹੋਵਾਹ ਹਾਂ।

19 “‘ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਕਰੋ: ਤੁਸੀਂ ਦੋ ਨਸਲਾਂ ਦੇ ਪਾਲਤੂ ਜਾਨਵਰਾਂ ਦਾ ਮੇਲ ਨਾ ਕਰਾਓ। ਤੁਸੀਂ ਆਪਣੇ ਖੇਤ ਵਿਚ ਦੋ ਤਰ੍ਹਾਂ ਦੀ ਫ਼ਸਲ ਨਾ ਬੀਜੋ+ ਅਤੇ ਦੋ ਤਰ੍ਹਾਂ ਦੇ ਧਾਗਿਆਂ ਦਾ ਬਣਿਆ ਕੱਪੜਾ ਨਾ ਪਾਓ।+

20 “‘ਜੇ ਕੋਈ ਆਦਮੀ ਕਿਸੇ ਔਰਤ ਨਾਲ ਲੰਮਾ ਪੈਂਦਾ ਹੈ ਅਤੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ ਅਤੇ ਉਹ ਨੌਕਰਾਣੀ ਹੈ ਤੇ ਕਿਸੇ ਹੋਰ ਆਦਮੀ ਨਾਲ ਮੰਗੀ ਹੋਈ ਹੈ, ਪਰ ਉਸ ਔਰਤ ਨੂੰ ਕੀਮਤ ਦੇ ਕੇ ਅਜੇ ਤਕ ਛੁਡਾਇਆ ਨਹੀਂ ਗਿਆ ਹੈ ਜਾਂ ਉਸ ਨੂੰ ਆਜ਼ਾਦ ਨਹੀਂ ਕੀਤਾ ਗਿਆ ਹੈ, ਤਾਂ ਉਨ੍ਹਾਂ ਦੋਵਾਂ ਨੂੰ ਇਸ ਦੀ ਸਜ਼ਾ ਦਿੱਤੀ ਜਾਵੇ। ਪਰ ਉਨ੍ਹਾਂ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ ਕਿਉਂਕਿ ਉਸ ਔਰਤ ਨੂੰ ਅਜੇ ਆਜ਼ਾਦ ਨਹੀਂ ਕੀਤਾ ਗਿਆ ਸੀ। 21 ਉਹ ਆਦਮੀ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾਹ ਅੱਗੇ ਦੋਸ਼-ਬਲ਼ੀ ਲਈ ਇਕ ਭੇਡੂ ਲਿਆਵੇ।+ 22 ਪੁਜਾਰੀ ਉਸ ਦਾ ਪਾਪ ਮਿਟਾਉਣ ਲਈ ਯਹੋਵਾਹ ਅੱਗੇ ਦੋਸ਼-ਬਲ਼ੀ ਦਾ ਭੇਡੂ ਚੜ੍ਹਾਵੇਗਾ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।

23 “‘ਜਦੋਂ ਤੁਸੀਂ ਉਸ ਦੇਸ਼ ਵਿਚ ਜਾਓਗੇ ਜੋ ਮੈਂ ਤੁਹਾਨੂੰ ਦਿਆਂਗਾ ਅਤੇ ਉੱਥੇ ਕੋਈ ਫਲਦਾਰ ਦਰਖ਼ਤ ਲਾਓਗੇ, ਤਾਂ ਤੁਹਾਨੂੰ ਤਿੰਨ ਸਾਲ ਉਸ ਦਾ ਫਲ ਖਾਣਾ ਮਨ੍ਹਾ ਹੈ। ਤੁਹਾਡੇ ਲਈ ਉਸ ਦਾ ਫਲ ਅਸ਼ੁੱਧ ਹੋਵੇ ਅਤੇ ਉਹ ਖਾਧਾ ਨਾ ਜਾਵੇ। 24 ਪਰ ਚੌਥੇ ਸਾਲ ਇਸ ਦਾ ਫਲ ਪਵਿੱਤਰ ਹੋਵੇਗਾ; ਤੁਸੀਂ ਸਾਰਾ ਫਲ ਯਹੋਵਾਹ ਨੂੰ ਖ਼ੁਸ਼ੀ-ਖ਼ੁਸ਼ੀ ਚੜ੍ਹਾ ਦਿਓ।+ 25 ਫਿਰ ਪੰਜਵੇਂ ਸਾਲ ਤੁਸੀਂ ਇਸ ਦਾ ਫਲ ਖਾ ਸਕਦੇ ਹੋ ਅਤੇ ਇਹ ਜ਼ਿਆਦਾ ਪੈਦਾਵਾਰ ਦੇਵੇਗਾ। ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।

26 “‘ਤੁਸੀਂ ਅਜਿਹੀ ਕੋਈ ਚੀਜ਼ ਨਾ ਖਾਓ ਜਿਸ ਵਿਚ ਖ਼ੂਨ ਮਿਲਾਇਆ ਹੋਵੇ।+

“‘ਤੁਸੀਂ ਫਾਲ* ਨਾ ਪਾਓ ਤੇ ਨਾ ਹੀ ਜਾਦੂਗਰੀ ਕਰੋ।+

27 “‘ਤੁਸੀਂ ਆਪਣੇ ਵਾਲ਼ਾਂ ਦੀਆਂ ਕਲਮਾਂ ਦੀ ਹਜਾਮਤ ਨਾ ਕਰੋ* ਅਤੇ ਆਪਣੀ ਦਾੜ੍ਹੀ ਦੇ ਸਿਰੇ ਕੱਟ ਕੇ ਇਸ ਨੂੰ ਨਾ ਵਿਗਾੜੋ।+

28 “‘ਤੁਸੀਂ ਕਿਸੇ ਮਰੇ ਬੰਦੇ ਕਰਕੇ ਆਪਣੇ ਸਰੀਰ ਨੂੰ ਨਾ ਕੱਟੋ-ਵੱਢੋ।+ ਆਪਣੇ ਸਰੀਰ ਉੱਤੇ ਗੋਦਨੇ* ਨਾ ਗੁੰਦਵਾਓ। ਮੈਂ ਯਹੋਵਾਹ ਹਾਂ।

29 “‘ਤੂੰ ਆਪਣੀ ਧੀ ਨੂੰ ਵੇਸਵਾ ਬਣਾ ਕੇ ਉਸ ਨੂੰ ਬੇਇੱਜ਼ਤ ਨਾ ਕਰ+ ਤਾਂਕਿ ਦੇਸ਼ ਵੇਸਵਾਗਿਰੀ ਨਾਲ ਭ੍ਰਿਸ਼ਟ ਨਾ ਹੋ ਜਾਵੇ ਅਤੇ ਸਾਰੇ ਪਾਸੇ ਬਦਚਲਣੀ ਨਾ ਫੈਲ ਜਾਵੇ।+

30 “‘ਤੁਸੀਂ ਮੇਰੇ ਸਬਤਾਂ ਨੂੰ ਮਨਾਉਣਾ+ ਅਤੇ ਤੁਸੀਂ ਮੇਰੇ ਪਵਿੱਤਰ ਸਥਾਨ ਪ੍ਰਤੀ ਸ਼ਰਧਾ ਰੱਖਣੀ।* ਮੈਂ ਯਹੋਵਾਹ ਹਾਂ।

31 “‘ਤੁਸੀਂ ਕਿਸੇ ਚੇਲੇ-ਚਾਂਟੇ* ਕੋਲ ਨਾ ਜਾਓ+ ਅਤੇ ਨਾ ਹੀ ਸਲਾਹ-ਮਸ਼ਵਰੇ ਲਈ ਭਵਿੱਖ ਦੱਸਣ ਵਾਲੇ ਕੋਲ ਜਾਓ+ ਤਾਂਕਿ ਤੁਸੀਂ ਉਨ੍ਹਾਂ ਕਰਕੇ ਅਸ਼ੁੱਧ ਨਾ ਹੋ ਜਾਓ। ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।

32 “‘ਤੂੰ ਧੌਲ਼ੇ ਸਿਰ ਵਾਲਿਆਂ ਦੇ ਸਾਮ੍ਹਣੇ ਉੱਠ ਖੜ੍ਹਾ ਹੋ+ ਅਤੇ ਤੂੰ ਬਜ਼ੁਰਗ ਆਦਮੀ ਦਾ ਆਦਰ ਕਰ+ ਅਤੇ ਤੂੰ ਆਪਣੇ ਪਰਮੇਸ਼ੁਰ ਦਾ ਡਰ ਮੰਨ।+ ਮੈਂ ਯਹੋਵਾਹ ਹਾਂ।

33 “‘ਜੇ ਕੋਈ ਪਰਦੇਸੀ ਤੇਰੇ ਦੇਸ਼ ਵਿਚ ਆ ਕੇ ਤੇਰੇ ਨਾਲ ਰਹਿੰਦਾ ਹੈ, ਤਾਂ ਤੂੰ ਉਸ ਨਾਲ ਬਦਸਲੂਕੀ ਨਾ ਕਰ।+ 34 ਤੁਹਾਡੇ ਨਾਲ ਰਹਿੰਦਾ ਪਰਦੇਸੀ ਤੁਹਾਡੀਆਂ ਨਜ਼ਰਾਂ ਵਿਚ ਤੁਹਾਡੇ ਆਪਣੇ ਲੋਕਾਂ ਵਰਗਾ ਹੋਵੇ;+ ਅਤੇ ਤੁਸੀਂ ਉਸ ਨੂੰ ਉਵੇਂ ਪਿਆਰ ਕਰੋ ਜਿਵੇਂ ਤੁਸੀਂ ਆਪਣੇ ਆਪ ਨੂੰ ਕਰਦੇ ਹੋ ਕਿਉਂਕਿ ਤੁਸੀਂ ਵੀ ਮਿਸਰ ਵਿਚ ਪਰਦੇਸੀ ਸੀ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।

35 “‘ਤੁਸੀਂ ਮਿਣਨ, ਤੋਲਣ ਤੇ ਮਾਪਣ ਵੇਲੇ ਬੇਈਮਾਨੀ ਨਾ ਕਰੋ।+ 36 ਤੁਸੀਂ ਸਹੀ ਤੱਕੜੀ, ਸਹੀ ਵੱਟੇ ਅਤੇ ਸੁੱਕੇ ਤੇ ਤਰਲ ਪਦਾਰਥ ਮਾਪਣ ਲਈ ਸਹੀ ਭਾਂਡੇ* ਇਸਤੇਮਾਲ ਕਰੋ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ ਜੋ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਹੈ। 37 ਇਸ ਲਈ ਤੁਸੀਂ ਮੇਰੇ ਸਾਰੇ ਨਿਯਮ ਅਤੇ ਮੇਰੇ ਸਾਰੇ ਕਾਨੂੰਨ ਮੰਨੋ ਅਤੇ ਤੁਸੀਂ ਉਨ੍ਹਾਂ ਦੀ ਪਾਲਣਾ ਕਰੋ।+ ਮੈਂ ਯਹੋਵਾਹ ਹਾਂ।’”

20 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਤੂੰ ਇਜ਼ਰਾਈਲੀਆਂ ਨੂੰ ਕਹਿ, ‘ਜਿਹੜਾ ਇਜ਼ਰਾਈਲੀ ਆਦਮੀ ਜਾਂ ਤੁਹਾਡੇ ਵਿਚ ਰਹਿੰਦਾ ਪਰਦੇਸੀ ਮੋਲਕ ਦੇਵਤੇ ਨੂੰ ਆਪਣਾ ਕੋਈ ਬੱਚਾ ਦਿੰਦਾ ਹੈ, ਤਾਂ ਉਸ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ।+ ਦੇਸ਼ ਦੇ ਲੋਕ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦੇਣ। 3 ਮੈਂ ਉਸ ਆਦਮੀ ਦਾ ਵਿਰੋਧੀ ਬਣਾਂਗਾ ਅਤੇ ਉਸ ਨੂੰ ਮੌਤ ਦੀ ਸਜ਼ਾ ਦਿਆਂਗਾ ਕਿਉਂਕਿ ਉਸ ਨੇ ਮੋਲਕ ਦੇਵਤੇ ਨੂੰ ਆਪਣਾ ਬੱਚਾ ਦੇ ਕੇ ਮੇਰੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ ਹੈ+ ਅਤੇ ਮੇਰੇ ਪਵਿੱਤਰ ਨਾਂ ਨੂੰ ਪਲੀਤ ਕੀਤਾ ਹੈ। 4 ਜੇ ਦੇਸ਼ ਦੇ ਲੋਕ ਉਸ ਆਦਮੀ ਨੂੰ ਆਪਣਾ ਬੱਚਾ ਮੋਲਕ ਦੇਵਤੇ ਨੂੰ ਦਿੰਦੇ ਹੋਏ ਦੇਖਦੇ ਹਨ ਅਤੇ ਜਾਣ-ਬੁੱਝ ਕੇ ਆਪਣੀਆਂ ਅੱਖਾਂ ਮੀਟ ਲੈਂਦੇ ਹਨ ਅਤੇ ਉਸ ਨੂੰ ਜਾਨੋਂ ਨਹੀਂ ਮਾਰਦੇ,+ 5 ਤਾਂ ਮੈਂ ਉਸ ਆਦਮੀ ਦਾ ਅਤੇ ਉਸ ਦੇ ਪਰਿਵਾਰ ਦਾ ਵਿਰੋਧੀ ਬਣਾਂਗਾ।+ ਮੈਂ ਉਸ ਨੂੰ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਮੌਤ ਦੀ ਸਜ਼ਾ ਦਿਆਂਗਾ ਜੋ ਰਲ਼ ਕੇ ਮੋਲਕ ਨਾਲ ਹਰਾਮਕਾਰੀ* ਕਰਦੇ ਹਨ।

6 “‘ਜਿਹੜਾ ਇਨਸਾਨ ਚੇਲੇ-ਚਾਂਟਿਆਂ* ਕੋਲ+ ਜਾਂ ਭਵਿੱਖ ਦੱਸਣ ਵਾਲੇ ਕੋਲ ਜਾਂਦਾ ਹੈ,+ ਉਹ ਮੇਰੇ ਨਾਲ ਵਿਸ਼ਵਾਸਘਾਤ ਕਰਦਾ ਹੈ।* ਮੈਂ ਜ਼ਰੂਰ ਉਸ ਆਦਮੀ ਦੇ ਖ਼ਿਲਾਫ਼ ਹੋ ਜਾਵਾਂਗਾ ਅਤੇ ਉਸ ਨੂੰ ਮੌਤ ਦੀ ਸਜ਼ਾ ਦਿਆਂਗਾ।+

7 “‘ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਪਵਿੱਤਰ ਬਣੋ+ ਕਿਉਂਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ। 8 ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਕਰੋ ਅਤੇ ਉਨ੍ਹਾਂ ਮੁਤਾਬਕ ਚੱਲੋ।+ ਮੈਂ ਯਹੋਵਾਹ ਹਾਂ ਅਤੇ ਤੁਹਾਨੂੰ ਪਵਿੱਤਰ ਕਰ ਰਿਹਾ ਹਾਂ।+

9 “‘ਜੇ ਕੋਈ ਆਦਮੀ ਆਪਣੇ ਪਿਤਾ ਜਾਂ ਮਾਤਾ ਨੂੰ ਬੁਰਾ-ਭਲਾ ਕਹਿੰਦਾ* ਹੈ, ਤਾਂ ਉਸ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ।+ ਉਸ ਨੇ ਆਪਣੇ ਪਿਤਾ ਜਾਂ ਮਾਤਾ ਨੂੰ ਬੁਰਾ-ਭਲਾ ਕਿਹਾ* ਹੈ, ਇਸ ਲਈ ਉਸ ਦਾ ਖ਼ੂਨ ਉਸ ਦੇ ਹੀ ਸਿਰ ਹੋਵੇਗਾ।

10 “‘ਜਿਹੜਾ ਆਦਮੀ ਕਿਸੇ ਹੋਰ ਦੀ ਪਤਨੀ ਨਾਲ ਹਰਾਮਕਾਰੀ ਕਰਦਾ ਹੈ, ਉਸ ਨਾਲ ਇਸ ਤਰ੍ਹਾਂ ਕੀਤਾ ਜਾਵੇ: ਆਪਣੇ ਗੁਆਂਢੀ ਦੀ ਪਤਨੀ ਨਾਲ ਹਰਾਮਕਾਰੀ ਕਰਨ ਵਾਲੇ ਆਦਮੀ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ, ਹਾਂ, ਉਸ ਬਦਕਾਰ ਆਦਮੀ ਤੇ ਔਰਤ ਦੋਵਾਂ ਨੂੰ।+ 11 ਜਿਹੜਾ ਆਦਮੀ ਆਪਣੇ ਪਿਤਾ ਦੀ ਪਤਨੀ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਉਹ ਆਪਣੇ ਪਿਤਾ ਨੂੰ ਬੇਇੱਜ਼ਤ ਕਰਦਾ ਹੈ।*+ ਉਨ੍ਹਾਂ ਦੋਵਾਂ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ। ਉਨ੍ਹਾਂ ਦਾ ਖ਼ੂਨ ਉਨ੍ਹਾਂ ਦੇ ਹੀ ਸਿਰ ਹੋਵੇਗਾ। 12 ਜੇ ਕੋਈ ਆਦਮੀ ਆਪਣੀ ਨੂੰਹ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਤਾਂ ਉਨ੍ਹਾਂ ਦੋਵਾਂ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ। ਉਨ੍ਹਾਂ ਨੇ ਗ਼ੈਰ-ਕੁਦਰਤੀ ਕੰਮ ਕੀਤਾ ਹੈ। ਉਨ੍ਹਾਂ ਦਾ ਖ਼ੂਨ ਉਨ੍ਹਾਂ ਦੇ ਹੀ ਸਿਰ ਹੋਵੇਗਾ।+

13 “‘ਜੇ ਕੋਈ ਆਦਮੀ ਕਿਸੇ ਹੋਰ ਆਦਮੀ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ ਜਿਵੇਂ ਉਹ ਕਿਸੇ ਔਰਤ ਨਾਲ ਬਣਾਉਂਦਾ ਹੈ, ਤਾਂ ਉਨ੍ਹਾਂ ਨੇ ਘਿਣਾਉਣਾ ਕੰਮ ਕੀਤਾ ਹੈ।+ ਉਨ੍ਹਾਂ ਦੋਵਾਂ ਆਦਮੀਆਂ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ। ਉਨ੍ਹਾਂ ਦਾ ਖ਼ੂਨ ਉਨ੍ਹਾਂ ਦੇ ਹੀ ਸਿਰ ਹੋਵੇਗਾ।

14 “‘ਜੇ ਕੋਈ ਆਦਮੀ ਆਪਣੀ ਪਤਨੀ ਤੋਂ ਇਲਾਵਾ ਆਪਣੀ ਸੱਸ ਨਾਲ ਵੀ ਸਰੀਰਕ ਸੰਬੰਧ ਬਣਾਉਂਦਾ ਹੈ, ਤਾਂ ਇਹ ਸ਼ਰਮਨਾਕ ਕੰਮ* ਹੈ।+ ਉਸ ਨੂੰ ਅਤੇ ਦੋਵੇਂ ਔਰਤਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਵੇ ਤਾਂਕਿ ਤੁਹਾਡੇ ਵਿਚ ਇਹ ਸ਼ਰਮਨਾਕ ਕੰਮ ਨਾ ਹੁੰਦਾ ਰਹੇ।+

15 “‘ਜੇ ਕੋਈ ਆਦਮੀ ਕਿਸੇ ਜਾਨਵਰ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਉਸ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ ਅਤੇ ਉਸ ਜਾਨਵਰ ਨੂੰ ਵੀ ਮਾਰ ਦਿੱਤਾ ਜਾਵੇ।+ 16 ਜੇ ਕੋਈ ਔਰਤ ਸਰੀਰਕ ਸੰਬੰਧ ਬਣਾਉਣ ਲਈ ਕਿਸੇ ਜਾਨਵਰ ਦੇ ਸਾਮ੍ਹਣੇ ਜਾਂਦੀ ਹੈ,+ ਤਾਂ ਉਸ ਔਰਤ ਤੇ ਜਾਨਵਰ ਨੂੰ ਮਾਰ ਦਿੱਤਾ ਜਾਵੇ। ਉਨ੍ਹਾਂ ਦੋਵਾਂ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ। ਉਨ੍ਹਾਂ ਦਾ ਖ਼ੂਨ ਉਨ੍ਹਾਂ ਦੇ ਹੀ ਸਿਰ ਹੋਵੇਗਾ।

17 “‘ਜੇ ਕੋਈ ਆਦਮੀ ਆਪਣੀ ਭੈਣ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਭਾਵੇਂ ਉਹ ਉਸ ਦੇ ਪਿਤਾ ਦੀ ਧੀ ਹੋਵੇ ਜਾਂ ਉਸ ਦੀ ਮਾਂ ਦੀ ਧੀ ਹੋਵੇ ਅਤੇ ਉਹ ਉਸ ਦਾ ਨੰਗੇਜ਼ ਦੇਖਦਾ ਹੈ ਅਤੇ ਉਹ ਉਸ ਦਾ ਨੰਗੇਜ਼ ਦੇਖਦੀ ਹੈ, ਤਾਂ ਇਹ ਸ਼ਰਮਨਾਕ ਗੱਲ ਹੈ।+ ਉਨ੍ਹਾਂ ਨੂੰ ਸ਼ਰੇਆਮ ਲੋਕਾਂ ਦੇ ਸਾਮ੍ਹਣੇ ਜਾਨੋਂ ਮਾਰ ਦਿੱਤਾ ਜਾਵੇ। ਉਸ ਨੇ ਆਪਣੀ ਭੈਣ ਨੂੰ ਬੇਇੱਜ਼ਤ ਕੀਤਾ ਹੈ।* ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ।

18 “‘ਜੇ ਕੋਈ ਆਦਮੀ ਕਿਸੇ ਔਰਤ ਨਾਲ ਮਾਹਵਾਰੀ ਦੌਰਾਨ ਲੰਮਾ ਪੈਂਦਾ ਹੈ ਅਤੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਤਾਂ ਉਹ ਦੋਵੇਂ ਖ਼ੂਨ ਦਾ ਨਿਰਾਦਰ ਕਰਦੇ ਹਨ।+ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।

19 “‘ਤੂੰ ਆਪਣੀ ਮਾਸੀ ਜਾਂ ਭੂਆ ਨਾਲ ਸਰੀਰਕ ਸੰਬੰਧ ਨਾ ਬਣਾਈਂ ਕਿਉਂਕਿ ਤੂੰ ਇਸ ਤਰ੍ਹਾਂ ਕਰ ਕੇ ਉਸ ਨੂੰ ਬੇਇੱਜ਼ਤ ਕਰਦਾ ਹੈਂ ਜਿਸ ਨਾਲ ਤੇਰਾ ਖ਼ੂਨ ਦਾ ਰਿਸ਼ਤਾ ਹੈ।+ ਉਨ੍ਹਾਂ ਦੋਵਾਂ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ। 20 ਜਿਹੜਾ ਆਦਮੀ ਆਪਣੀ ਚਾਚੀ ਜਾਂ ਤਾਈ ਨਾਲ ਲੰਮਾ ਪੈਂਦਾ ਹੈ, ਉਹ ਆਪਣੇ ਚਾਚੇ ਜਾਂ ਤਾਏ ਨੂੰ ਬੇਇੱਜ਼ਤ ਕਰਦਾ ਹੈ।*+ ਉਨ੍ਹਾਂ ਦੋਵਾਂ ਨੂੰ ਆਪਣੇ ਪਾਪ ਦਾ ਅੰਜਾਮ ਭੁਗਤਣਾ ਪਵੇਗਾ। ਉਨ੍ਹਾਂ ਦੋਵਾਂ ਨੂੰ ਜਾਨੋਂ ਮਾਰ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਕੋਈ ਬੱਚਾ ਪੈਦਾ ਨਾ ਹੋਵੇ। 21 ਜੇ ਕੋਈ ਆਦਮੀ ਆਪਣੀ ਭਾਬੀ ਨਾਲ ਵਿਆਹ* ਕਰਾਉਂਦਾ ਹੈ, ਤਾਂ ਇਹ ਘਿਣਾਉਣਾ ਕੰਮ ਹੈ।+ ਉਸ ਨੇ ਆਪਣੇ ਭਰਾ ਨੂੰ ਬੇਇੱਜ਼ਤ ਕੀਤਾ ਹੈ।* ਉਨ੍ਹਾਂ ਦੋਵਾਂ ਨੂੰ ਜਾਨੋਂ ਮਾਰ ਦਿੱਤਾ ਜਾਵੇ ਤਾਂਕਿ ਉਨ੍ਹਾਂ ਦੇ ਕੋਈ ਬੱਚਾ ਪੈਦਾ ਨਾ ਹੋਵੇ।

22 “‘ਤੁਸੀਂ ਮੇਰੇ ਸਾਰੇ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰੋ+ ਅਤੇ ਉਨ੍ਹਾਂ ਮੁਤਾਬਕ ਚੱਲੋ+ ਤਾਂਕਿ ਤੁਹਾਨੂੰ ਉਸ ਦੇਸ਼ ਵਿੱਚੋਂ ਕੱਢਿਆ ਨਾ ਜਾਵੇ ਜਿੱਥੇ ਮੈਂ ਤੁਹਾਨੂੰ ਵਸਾਉਣ ਲਈ ਲਿਜਾ ਰਿਹਾ ਹਾਂ।+ 23 ਤੁਸੀਂ ਉਨ੍ਹਾਂ ਕੌਮਾਂ ਦੇ ਰੀਤਾਂ-ਰਿਵਾਜਾਂ ਮੁਤਾਬਕ ਨਾ ਚੱਲਿਓ ਜਿਨ੍ਹਾਂ ਨੂੰ ਮੈਂ ਤੁਹਾਡੇ ਅੱਗਿਓਂ ਕੱਢ ਰਿਹਾ ਹਾਂ+ ਕਿਉਂਕਿ ਉਨ੍ਹਾਂ ਨੇ ਇਹ ਸਾਰੇ ਕੰਮ ਕੀਤੇ ਹਨ ਅਤੇ ਮੈਂ ਉਨ੍ਹਾਂ ਨਾਲ ਨਫ਼ਰਤ ਕਰਦਾ ਹਾਂ।+ 24 ਇਸੇ ਕਰਕੇ ਮੈਂ ਤੁਹਾਨੂੰ ਕਿਹਾ ਹੈ: “ਤੁਸੀਂ ਉਨ੍ਹਾਂ ਦੇ ਦੇਸ਼ ʼਤੇ ਕਬਜ਼ਾ ਕਰੋਗੇ ਅਤੇ ਮੈਂ ਤੁਹਾਨੂੰ ਉਸ ਦੇਸ਼ ਦਾ ਮਾਲਕ ਬਣਾਵਾਂਗਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ ਜਿਸ ਨੇ ਤੁਹਾਨੂੰ ਹੋਰ ਕੌਮਾਂ ਤੋਂ ਵੱਖਰਾ ਕੀਤਾ ਹੈ।”+ 25 ਤੁਸੀਂ ਸ਼ੁੱਧ ਤੇ ਅਸ਼ੁੱਧ ਜਾਨਵਰ ਵਿਚ ਅਤੇ ਅਸ਼ੁੱਧ ਤੇ ਸ਼ੁੱਧ ਪੰਛੀ ਵਿਚ ਫ਼ਰਕ ਦੇਖੋ।+ ਤੁਸੀਂ ਉਹ ਜਾਨਵਰ ਜਾਂ ਪੰਛੀ ਜਾਂ ਜ਼ਮੀਨ ʼਤੇ ਰੀਂਗਣ ਵਾਲਾ ਕੋਈ ਵੀ ਜੀਵ ਖਾ ਕੇ ਆਪਣੇ ਆਪ ਨੂੰ ਘਿਣਾਉਣੇ ਨਾ ਬਣਾਓ ਜਿਨ੍ਹਾਂ ਨੂੰ ਮੈਂ ਤੁਹਾਡੇ ਲਈ ਅਸ਼ੁੱਧ ਕਰਾਰ ਦਿੱਤਾ ਹੈ।+ 26 ਤੁਸੀਂ ਮੇਰੇ ਲਈ ਪਵਿੱਤਰ ਬਣੋ ਕਿਉਂਕਿ ਮੈਂ ਯਹੋਵਾਹ ਪਵਿੱਤਰ ਹਾਂ+ ਅਤੇ ਮੈਂ ਤੁਹਾਨੂੰ ਆਪਣਾ ਬਣਾਉਣ ਲਈ ਹੋਰ ਕੌਮਾਂ ਤੋਂ ਵੱਖਰਾ ਕੀਤਾ ਹੈ।+

27 “‘ਚੇਲੇ-ਚਾਂਟੇ ਜਾਂ ਭਵਿੱਖ ਦੱਸਣ ਵਾਲੇ ਆਦਮੀ ਜਾਂ ਔਰਤ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ।+ ਲੋਕ ਉਨ੍ਹਾਂ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦੇਣ। ਉਨ੍ਹਾਂ ਦਾ ਖ਼ੂਨ ਉਨ੍ਹਾਂ ਦੇ ਹੀ ਸਿਰ ਹੋਵੇਗਾ।’”

21 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: “ਪੁਜਾਰੀਆਂ ਵਜੋਂ ਸੇਵਾ ਕਰ ਰਹੇ ਹਾਰੂਨ ਦੇ ਪੁੱਤਰਾਂ ਨੂੰ ਕਹਿ, ‘ਕੋਈ ਵੀ ਪੁਜਾਰੀ ਆਪਣੇ ਲੋਕਾਂ ਵਿਚ ਕਿਸੇ ਦੀ ਮੌਤ ਕਾਰਨ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ।+ 2 ਪਰ ਉਹ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਮੌਤ ʼਤੇ ਆਪਣੇ ਆਪ ਨੂੰ ਅਸ਼ੁੱਧ ਕਰ ਸਕਦਾ ਹੈ ਜਿਨ੍ਹਾਂ ਨਾਲ ਉਸ ਦਾ ਖ਼ੂਨ ਦਾ ਰਿਸ਼ਤਾ ਹੈ, ਜਿਵੇਂ ਕਿ ਉਸ ਦੇ ਮਾਂ-ਪਿਉ, ਧੀ-ਪੁੱਤਰ ਜਾਂ ਭਰਾ। 3 ਉਹ ਆਪਣੀ ਭੈਣ ਦੀ ਮੌਤ ʼਤੇ ਵੀ ਆਪਣੇ ਆਪ ਨੂੰ ਅਸ਼ੁੱਧ ਕਰ ਸਕਦਾ ਹੈ ਜੇ ਉਹ ਕੁਆਰੀ ਹੈ, ਉਸ ਦੇ ਨੇੜੇ ਰਹਿੰਦੀ ਹੈ ਅਤੇ ਅਜੇ ਵਿਆਹੀ ਨਹੀਂ ਹੈ। 4 ਉਹ ਕਿਸੇ ਹੋਰ ਨਾਲ ਵਿਆਹੀ ਔਰਤ ਦੀ ਮੌਤ ʼਤੇ ਆਪਣੇ ਆਪ ਨੂੰ ਅਸ਼ੁੱਧ ਅਤੇ ਅਪਵਿੱਤਰ ਨਹੀਂ ਕਰ ਸਕਦਾ। 5 ਉਹ ਆਪਣੇ ਸਿਰ ਗੰਜੇ ਨਾ ਕਰਾਉਣ+ ਜਾਂ ਸਿਰਿਆਂ ਤੋਂ ਦਾੜ੍ਹੀ ਦੀ ਹਜਾਮਤ ਨਾ ਕਰਨ ਜਾਂ ਆਪਣੇ ਸਰੀਰ ਨੂੰ ਨਾ ਕੱਟਣ-ਵੱਢਣ।+ 6 ਉਹ ਆਪਣੇ ਪਰਮੇਸ਼ੁਰ ਲਈ ਆਪਣੇ ਆਪ ਨੂੰ ਪਵਿੱਤਰ ਰੱਖਣ+ ਅਤੇ ਆਪਣੇ ਪਰਮੇਸ਼ੁਰ ਦੇ ਨਾਂ ਨੂੰ ਪਲੀਤ ਨਾ ਕਰਨ+ ਕਿਉਂਕਿ ਉਹ ਅੱਗ ਵਿਚ ਸਾੜ ਕੇ ਚੜ੍ਹਾਏ ਜਾਂਦੇ ਯਹੋਵਾਹ ਦੇ ਚੜ੍ਹਾਵੇ ਯਾਨੀ ਪਰਮੇਸ਼ੁਰ ਦਾ ਭੋਜਨ* ਪੇਸ਼ ਕਰਦੇ ਹਨ, ਇਸ ਲਈ ਉਹ ਪਵਿੱਤਰ ਰਹਿਣ।+ 7 ਉਹ ਕਿਸੇ ਵੇਸਵਾ,+ ਤਲਾਕਸ਼ੁਦਾ ਜਾਂ ਕਿਸੇ ਅਜਿਹੀ ਔਰਤ ਨਾਲ ਵਿਆਹ ਨਹੀਂ ਕਰਾ ਸਕਦਾ ਜਿਸ ਨੂੰ ਕਿਸੇ ਹੋਰ ਆਦਮੀ ਨੇ ਅਸ਼ੁੱਧ ਕੀਤਾ ਹੈ+ ਕਿਉਂਕਿ ਪੁਜਾਰੀ ਆਪਣੇ ਪਰਮੇਸ਼ੁਰ ਲਈ ਪਵਿੱਤਰ ਹਨ। 8 ਤੂੰ ਪੁਜਾਰੀ ਨੂੰ ਪਵਿੱਤਰ ਕਰੀਂ+ ਕਿਉਂਕਿ ਉਹ ਤੇਰੇ ਪਰਮੇਸ਼ੁਰ ਦਾ ਭੋਜਨ ਪੇਸ਼ ਕਰਦਾ ਹੈ। ਉਹ ਤੇਰੇ ਲਈ ਪਵਿੱਤਰ ਹੋਵੇ ਕਿਉਂਕਿ ਮੈਂ ਯਹੋਵਾਹ ਪਵਿੱਤਰ ਹਾਂ ਜੋ ਤੁਹਾਨੂੰ ਪਵਿੱਤਰ ਕਰ ਰਿਹਾ ਹੈ।+

9 “‘ਜੇ ਕਿਸੇ ਪੁਜਾਰੀ ਦੀ ਧੀ ਵੇਸਵਾ ਦਾ ਕੰਮ ਕਰ ਕੇ ਆਪਣੇ ਆਪ ਨੂੰ ਅਸ਼ੁੱਧ ਕਰਦੀ ਹੈ, ਤਾਂ ਉਹ ਆਪਣੇ ਪਿਤਾ ਨੂੰ ਬੇਇੱਜ਼ਤ ਕਰਦੀ ਹੈ। ਉਸ ਨੂੰ ਜਾਨੋਂ ਮਾਰ ਕੇ ਅੱਗ ਵਿਚ ਸਾੜ ਦਿੱਤਾ ਜਾਵੇ।+

10 “‘ਜਿਸ ਪੁਜਾਰੀ ਨੂੰ ਆਪਣੇ ਭਰਾਵਾਂ ਵਿੱਚੋਂ ਮਹਾਂ ਪੁਜਾਰੀ ਨਿਯੁਕਤ ਕੀਤਾ ਗਿਆ ਹੈ* ਅਤੇ ਜਿਸ ਦੇ ਸਿਰ ਉੱਤੇ ਪਵਿੱਤਰ ਤੇਲ ਪਾਇਆ ਗਿਆ ਹੈ+ ਤਾਂਕਿ ਉਹ ਪਵਿੱਤਰ ਲਿਬਾਸ ਪਾਵੇ,+ ਉਸ ਦੇ ਵਾਲ਼ ਖਿਲਰੇ ਨਾ ਰਹਿਣ ਤੇ ਉਹ ਆਪਣੇ ਕੱਪੜੇ ਨਾ ਪਾੜੇ।+ 11 ਉਹ ਕਿਸੇ ਮਰੇ ਇਨਸਾਨ ਦੀ ਲਾਸ਼ ਕੋਲ ਨਾ ਜਾਵੇ;+ ਇੱਥੋਂ ਤਕ ਕਿ ਉਹ ਆਪਣੀ ਮਾਂ ਜਾਂ ਪਿਉ ਦੀ ਮੌਤ ʼਤੇ ਵੀ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ। 12 ਉਹ ਪਵਿੱਤਰ ਸਥਾਨ ਤੋਂ ਬਾਹਰ ਨਾ ਜਾਵੇ ਅਤੇ ਨਾ ਹੀ ਉਹ ਆਪਣੇ ਪਰਮੇਸ਼ੁਰ ਦੇ ਪਵਿੱਤਰ ਸਥਾਨ ਨੂੰ ਅਸ਼ੁੱਧ ਕਰੇ+ ਕਿਉਂਕਿ ਪਰਮੇਸ਼ੁਰ ਦਾ ਪਵਿੱਤਰ ਤੇਲ ਉਸ ਉੱਤੇ ਪਾਇਆ ਗਿਆ ਹੈ ਜੋ ਸਮਰਪਣ ਦੀ ਨਿਸ਼ਾਨੀ ਹੈ।+ ਮੈਂ ਯਹੋਵਾਹ ਹਾਂ।

13 “‘ਉਹ ਕੁਆਰੀ ਕੁੜੀ ਨਾਲ ਹੀ ਵਿਆਹ ਕਰਾਵੇ।+ 14 ਉਹ ਕਿਸੇ ਵਿਧਵਾ, ਤਲਾਕਸ਼ੁਦਾ, ਵੇਸਵਾ ਜਾਂ ਅਜਿਹੀ ਔਰਤ ਨਾਲ ਵਿਆਹ ਨਾ ਕਰਾਵੇ ਜਿਸ ਨੂੰ ਕਿਸੇ ਹੋਰ ਆਦਮੀ ਨੇ ਅਸ਼ੁੱਧ ਕੀਤਾ ਹੈ; ਪਰ ਉਹ ਆਪਣੇ ਲੋਕਾਂ ਵਿੱਚੋਂ ਕਿਸੇ ਕੁਆਰੀ ਕੁੜੀ ਨੂੰ ਹੀ ਆਪਣੀ ਪਤਨੀ ਬਣਾਵੇ। 15 ਉਹ ਆਪਣੇ ਲੋਕਾਂ ਵਿਚ ਆਪਣੀ ਔਲਾਦ* ਨੂੰ ਅਸ਼ੁੱਧ ਨਾ ਕਰੇ+ ਕਿਉਂਕਿ ਮੈਂ ਯਹੋਵਾਹ ਹਾਂ ਅਤੇ ਉਸ ਨੂੰ ਪਵਿੱਤਰ ਕਰ ਰਿਹਾ ਹਾਂ।’”

16 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 17 “ਹਾਰੂਨ ਨੂੰ ਕਹਿ, ‘ਜੇ ਤੇਰੀ ਔਲਾਦ* ਵਿੱਚੋਂ ਕਿਸੇ ਆਦਮੀ ਦੇ ਸਰੀਰ ਵਿਚ ਨੁਕਸ ਹੈ, ਤਾਂ ਉਹ ਕਦੀ ਵੀ ਆਪਣੇ ਪਰਮੇਸ਼ੁਰ ਨੂੰ ਭੋਜਨ ਪੇਸ਼ ਕਰਨ ਲਈ ਵੇਦੀ ਕੋਲ ਨਾ ਆਵੇ। 18 ਜੇ ਕਿਸੇ ਆਦਮੀ ਦੇ ਸਰੀਰ ਵਿਚ ਅਜਿਹਾ ਕੋਈ ਨੁਕਸ ਹੈ, ਤਾਂ ਉਹ ਵੇਦੀ ਕੋਲ ਨਾ ਆਵੇ: ਜਿਹੜਾ ਆਦਮੀ ਅੰਨ੍ਹਾ ਜਾਂ ਲੰਗੜਾ ਹੋਵੇ ਜਾਂ ਜਿਸ ਦੇ ਚਿਹਰੇ ਦਾ ਰੂਪ ਵਿਗੜਿਆ ਹੋਵੇ* ਜਾਂ ਇਕ ਅੰਗ ਦੂਜੇ ਨਾਲੋਂ ਲੰਬਾ ਹੋਵੇ, 19 ਜਿਸ ਦਾ ਹੱਥ ਜਾਂ ਪੈਰ ਟੁੱਟਾ ਹੋਵੇ 20 ਕੁੱਬਾ ਜਾਂ ਬੌਣਾ* ਹੋਵੇ ਜਾਂ ਜਿਸ ਦੀ ਅੱਖ ਵਿਚ ਨੁਕਸ ਹੋਵੇ ਜਾਂ ਜਿਸ ਨੂੰ ਚੰਬਲ ਜਾਂ ਦਾਦ ਹੋਵੇ ਜਾਂ ਜਿਸ ਦੇ ਅੰਡਕੋਸ਼ ਨੁਕਸਾਨੇ ਹੋਣ।+ 21 ਜੇ ਪੁਜਾਰੀ ਹਾਰੂਨ ਦੀ ਔਲਾਦ* ਵਿੱਚੋਂ ਕਿਸੇ ਵਿਚ ਨੁਕਸ ਹੈ, ਤਾਂ ਉਹ ਅੱਗ ਵਿਚ ਚੜ੍ਹਾਏ ਜਾਂਦੇ ਯਹੋਵਾਹ ਦੇ ਚੜ੍ਹਾਵੇ ਪੇਸ਼ ਕਰਨ ਲਈ ਵੇਦੀ ਕੋਲ ਨਾ ਆਵੇ। ਉਸ ਵਿਚ ਨੁਕਸ ਹੈ, ਇਸ ਲਈ ਉਹ ਆਪਣੇ ਪਰਮੇਸ਼ੁਰ ਦਾ ਭੋਜਨ ਪੇਸ਼ ਕਰਨ ਲਈ ਵੇਦੀ ਕੋਲ ਨਹੀਂ ਆ ਸਕਦਾ। 22 ਉਹ ਪਰਮੇਸ਼ੁਰ ਦਾ ਭੋਜਨ ਯਾਨੀ ਪਵਿੱਤਰ+ ਅਤੇ ਅੱਤ ਪਵਿੱਤਰ ਚੀਜ਼ਾਂ+ ਖਾ ਸਕਦਾ ਹੈ। 23 ਪਰ ਉਹ ਪਰਦੇ ਦੇ ਨੇੜੇ ਨਾ ਆਵੇ+ ਅਤੇ ਨਾ ਹੀ ਵੇਦੀ+ ਕੋਲ ਆਵੇ ਕਿਉਂਕਿ ਉਸ ਵਿਚ ਨੁਕਸ ਹੈ; ਉਹ ਮੇਰੇ ਪਵਿੱਤਰ ਸਥਾਨ ਨੂੰ ਅਸ਼ੁੱਧ ਨਾ ਕਰੇ+ ਕਿਉਂਕਿ ਮੈਂ ਯਹੋਵਾਹ ਹਾਂ ਅਤੇ ਉਨ੍ਹਾਂ ਨੂੰ ਪਵਿੱਤਰ ਕਰ ਰਿਹਾ ਹਾਂ।’”+

24 ਇਸ ਲਈ ਮੂਸਾ ਨੇ ਹਾਰੂਨ, ਉਸ ਦੇ ਪੁੱਤਰਾਂ ਅਤੇ ਸਾਰੇ ਇਜ਼ਰਾਈਲੀਆਂ ਨਾਲ ਗੱਲ ਕੀਤੀ।

22 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਕਹਿ ਕਿ ਉਹ ਇਜ਼ਰਾਈਲੀਆਂ ਦੇ ਪਵਿੱਤਰ ਚੜ੍ਹਾਵਿਆਂ ਦੇ ਸੰਬੰਧ ਵਿਚ ਸਾਵਧਾਨੀ ਵਰਤਣ* ਅਤੇ ਉਹ ਜਿਹੜੇ ਚੜ੍ਹਾਵੇ ਮੇਰੇ ਲਈ ਪਵਿੱਤਰ ਠਹਿਰਾਉਂਦੇ ਹਨ,+ ਉਨ੍ਹਾਂ ਦੇ ਸੰਬੰਧ ਵਿਚ ਮੇਰੇ ਪਵਿੱਤਰ ਨਾਂ ਨੂੰ ਪਲੀਤ ਨਾ ਕਰਨ।+ ਮੈਂ ਯਹੋਵਾਹ ਹਾਂ। 3 ਉਨ੍ਹਾਂ ਨੂੰ ਕਹਿ, ‘ਜੇ ਤੁਹਾਡੀਆਂ ਪੀੜ੍ਹੀਆਂ ਦੌਰਾਨ ਤੁਹਾਡੀ ਔਲਾਦ ਵਿੱਚੋਂ ਕੋਈ ਵੀ ਆਦਮੀ ਅਸ਼ੁੱਧ ਹਾਲਤ ਵਿਚ ਹੁੰਦਿਆਂ ਪਵਿੱਤਰ ਚੜ੍ਹਾਵਿਆਂ ਦੇ ਨੇੜੇ ਆਉਂਦਾ ਹੈ ਜੋ ਇਜ਼ਰਾਈਲੀ ਯਹੋਵਾਹ ਲਈ ਪਵਿੱਤਰ ਠਹਿਰਾਉਂਦੇ ਹਨ, ਤਾਂ ਉਸ ਆਦਮੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।+ ਮੈਂ ਯਹੋਵਾਹ ਹਾਂ। 4 ਹਾਰੂਨ ਦੀ ਔਲਾਦ ਵਿੱਚੋਂ ਅਜਿਹਾ ਕੋਈ ਵੀ ਆਦਮੀ ਦੁਬਾਰਾ ਸ਼ੁੱਧ ਹੋਣ ਤਕ ਪਵਿੱਤਰ ਚੜ੍ਹਾਵੇ ਨਹੀਂ ਖਾ ਸਕਦਾ+ ਜਿਸ ਨੂੰ ਕੋੜ੍ਹ ਹੈ+ ਜਾਂ ਜਿਸ ਦੇ ਗੁਪਤ ਅੰਗ ਵਿੱਚੋਂ ਤਰਲ ਪਦਾਰਥ ਵਗਦਾ ਹੈ+ ਜਾਂ ਜਿਹੜਾ ਕਿਸੇ ਇਨਸਾਨ ਦੀ ਲਾਸ਼ ਨੂੰ ਛੂਹਣ ਕਰਕੇ ਅਸ਼ੁੱਧ ਹੋਏ ਇਨਸਾਨ ਨੂੰ ਛੂੰਹਦਾ ਹੈ+ ਜਾਂ ਜਿਸ ਦਾ ਵੀਰਜ ਨਿਕਲਿਆ ਹੈ+ 5 ਜਾਂ ਜਿਹੜਾ ਝੁੰਡਾਂ ਵਿਚ ਰਹਿਣ ਵਾਲੇ ਕਿਸੇ ਅਸ਼ੁੱਧ ਜੀਵ ਨੂੰ ਛੂੰਹਦਾ ਹੈ+ ਜਾਂ ਜਿਹੜਾ ਕਿਸੇ ਵੀ ਕਾਰਨ ਕਰਕੇ ਅਸ਼ੁੱਧ ਹੋਏ ਆਦਮੀ ਨੂੰ ਛੂੰਹਦਾ ਹੈ।+ 6 ਜਿਹੜਾ ਆਦਮੀ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਛੂੰਹਦਾ ਹੈ, ਉਹ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ ਅਤੇ ਪਵਿੱਤਰ ਚੜ੍ਹਾਵਿਆਂ ਵਿੱਚੋਂ ਕੁਝ ਵੀ ਨਹੀਂ ਖਾ ਸਕਦਾ।+ 7 ਸੂਰਜ ਡੁੱਬਣ ਤੋਂ ਬਾਅਦ ਉਹ ਸ਼ੁੱਧ ਹੋ ਜਾਵੇਗਾ ਅਤੇ ਫਿਰ ਉਹ ਪਵਿੱਤਰ ਚੜ੍ਹਾਵਿਆਂ ਵਿੱਚੋਂ ਖਾ ਸਕਦਾ ਹੈ ਕਿਉਂਕਿ ਇਹੀ ਉਸ ਦਾ ਭੋਜਨ ਹੈ।+ 8 ਨਾਲੇ ਉਹ ਅਜਿਹੇ ਕਿਸੇ ਵੀ ਜਾਨਵਰ ਦਾ ਮਾਸ ਖਾ ਕੇ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ ਜੋ ਮਰਿਆ ਪਿਆ ਹੋਵੇ ਜਾਂ ਜਿਸ ਨੂੰ ਜੰਗਲੀ ਜਾਨਵਰਾਂ ਨੇ ਮਾਰਿਆ ਹੋਵੇ।+ ਮੈਂ ਯਹੋਵਾਹ ਹਾਂ।

9 “‘ਉਹ ਮੇਰੇ ਪ੍ਰਤੀ ਆਪਣਾ ਫ਼ਰਜ਼ ਪੂਰਾ ਕਰਨ ਤਾਂਕਿ ਉਹ ਇਸ ਕਰਕੇ ਪਾਪ ਦੇ ਦੋਸ਼ੀ ਨਾ ਬਣਨ ਅਤੇ ਆਪਣੀ ਜਾਨ ਤੋਂ ਹੱਥ ਨਾ ਧੋ ਬੈਠਣ ਕਿਉਂਕਿ ਉਨ੍ਹਾਂ ਨੇ ਪਵਿੱਤਰ ਚੜ੍ਹਾਵਿਆਂ ਨੂੰ ਪਲੀਤ ਕੀਤਾ ਹੈ। ਮੈਂ ਯਹੋਵਾਹ ਹਾਂ ਅਤੇ ਮੈਂ ਉਨ੍ਹਾਂ ਨੂੰ ਪਵਿੱਤਰ ਕਰ ਰਿਹਾ ਹਾਂ।

10 “‘ਜਿਸ ਨੂੰ ਅਧਿਕਾਰ ਨਹੀਂ ਹੈ,* ਉਹ ਪਵਿੱਤਰ ਚੜ੍ਹਾਵਿਆਂ ਵਿੱਚੋਂ ਨਹੀਂ ਖਾ ਸਕਦਾ।+ ਕਿਸੇ ਪੁਜਾਰੀ ਦਾ ਕੋਈ ਪਰਦੇਸੀ ਮਹਿਮਾਨ ਜਾਂ ਮਜ਼ਦੂਰ ਪਵਿੱਤਰ ਚੜ੍ਹਾਵਿਆਂ ਵਿੱਚੋਂ ਨਹੀਂ ਖਾ ਸਕਦਾ। 11 ਪਰ ਜੇ ਪੁਜਾਰੀ ਆਪਣੇ ਪੈਸੇ ਨਾਲ ਕੋਈ ਗ਼ੁਲਾਮ ਖ਼ਰੀਦਦਾ ਹੈ, ਤਾਂ ਉਹ ਗ਼ੁਲਾਮ ਪਵਿੱਤਰ ਚੜ੍ਹਾਵਿਆਂ ਵਿੱਚੋਂ ਖਾ ਸਕਦਾ ਹੈ। ਉਸ ਦੇ ਘਰ ਵਿਚ ਪੈਦਾ ਹੋਇਆ ਗ਼ੁਲਾਮ ਵੀ ਉਸ ਦੇ ਭੋਜਨ ਵਿੱਚੋਂ ਖਾ ਸਕਦਾ ਹੈ।+ 12 ਜੇ ਕਿਸੇ ਪੁਜਾਰੀ ਦੀ ਧੀ ਅਜਿਹੇ ਆਦਮੀ* ਨਾਲ ਵਿਆਹ ਕਰਾਉਂਦੀ ਹੈ ਜੋ ਪੁਜਾਰੀ ਨਹੀਂ ਹੈ, ਤਾਂ ਉਹ ਦਾਨ ਕੀਤੇ ਗਏ ਪਵਿੱਤਰ ਚੜ੍ਹਾਵਿਆਂ ਵਿੱਚੋਂ ਨਹੀਂ ਖਾ ਸਕਦੀ। 13 ਪਰ ਜੇ ਪੁਜਾਰੀ ਦੀ ਧੀ ਵਿਧਵਾ ਹੋ ਜਾਂਦੀ ਹੈ ਜਾਂ ਉਸ ਦਾ ਪਤੀ ਉਸ ਨੂੰ ਤਲਾਕ ਦੇ ਦਿੰਦਾ ਹੈ ਅਤੇ ਉਸ ਦੇ ਕੋਈ ਬੱਚਾ ਨਹੀਂ ਹੈ ਅਤੇ ਉਹ ਆਪਣੇ ਪਿਤਾ ਦੇ ਘਰ ਰਹਿਣ ਆ ਜਾਂਦੀ ਹੈ ਜਿਵੇਂ ਉਹ ਛੋਟੀ ਉਮਰੇ ਰਹਿੰਦੀ ਸੀ, ਤਾਂ ਉਹ ਆਪਣੇ ਪਿਤਾ ਦੇ ਭੋਜਨ ਵਿੱਚੋਂ ਖਾ ਸਕਦੀ ਹੈ।+ ਪਰ ਜਿਸ ਨੂੰ ਅਧਿਕਾਰ ਨਹੀਂ ਹੈ,* ਉਹ ਇਹ ਨਹੀਂ ਖਾ ਸਕਦਾ।

14 “‘ਜੇ ਕੋਈ ਆਦਮੀ ਗ਼ਲਤੀ ਨਾਲ ਪਵਿੱਤਰ ਚੜ੍ਹਾਵਾ ਖਾ ਲੈਂਦਾ ਹੈ, ਤਾਂ ਉਹ ਇਸ ਦਾ ਹਰਜਾਨਾ ਭਰੇ ਅਤੇ ਇਸ ਦੀ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ ਪੁਜਾਰੀ ਨੂੰ ਦੇਵੇ।+ 15 ਇਸ ਲਈ ਪੁਜਾਰੀ ਇਜ਼ਰਾਈਲੀਆਂ ਦੁਆਰਾ ਯਹੋਵਾਹ ਨੂੰ ਦਾਨ ਕੀਤੇ ਪਵਿੱਤਰ ਚੜ੍ਹਾਵਿਆਂ ਨੂੰ ਪਲੀਤ ਨਾ ਕਰਨ+ 16 ਅਤੇ ਲੋਕਾਂ ਨੂੰ ਪਵਿੱਤਰ ਚੜ੍ਹਾਵਿਆਂ ਵਿੱਚੋਂ ਖਾਣ ਦੀ ਇਜਾਜ਼ਤ ਦੇ ਕੇ ਉਨ੍ਹਾਂ ਨੂੰ ਪਾਪ ਦੇ ਦੋਸ਼ੀ ਨਾ ਬਣਾਉਣ ਜਿਸ ਕਰਕੇ ਉਨ੍ਹਾਂ ਨੂੰ ਸਜ਼ਾ ਮਿਲੇਗੀ; ਮੈਂ ਯਹੋਵਾਹ ਹਾਂ ਅਤੇ ਮੈਂ ਉਨ੍ਹਾਂ ਨੂੰ ਪਵਿੱਤਰ ਕਰ ਰਿਹਾ ਹਾਂ।’”

17 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 18 “ਹਾਰੂਨ, ਉਸ ਦੇ ਪੁੱਤਰਾਂ ਅਤੇ ਸਾਰੇ ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜਦੋਂ ਕੋਈ ਇਜ਼ਰਾਈਲੀ ਜਾਂ ਇਜ਼ਰਾਈਲ ਵਿਚ ਰਹਿੰਦਾ ਪਰਦੇਸੀ ਇੱਛਾ-ਬਲ਼ੀ ਦੇ ਤੌਰ ਤੇ ਜਾਂ ਆਪਣੀਆਂ ਸੁੱਖਣਾਂ ਪੂਰੀਆਂ ਕਰਨ ਲਈ ਯਹੋਵਾਹ ਅੱਗੇ ਹੋਮ-ਬਲ਼ੀ ਚੜ੍ਹਾਉਂਦਾ ਹੈ,+ 19 ਤਾਂ ਉਹ ਬਲਦ ਜਾਂ ਇਕ ਭੇਡੂ ਜਾਂ ਬੱਕਰਾ ਚੜ੍ਹਾਵੇ ਜਿਸ ਵਿਚ ਕੋਈ ਨੁਕਸ ਨਾ ਹੋਵੇ+ ਤਾਂਕਿ ਉਸ ਦੀ ਬਲ਼ੀ ਕਬੂਲ ਕੀਤੀ ਜਾਵੇ। 20 ਤੁਸੀਂ ਕੋਈ ਨੁਕਸ ਵਾਲਾ ਜਾਨਵਰ ਨਾ ਚੜ੍ਹਾਓ+ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਪਰਮੇਸ਼ੁਰ ਦੀ ਮਨਜ਼ੂਰੀ ਨਹੀਂ ਮਿਲੇਗੀ।

21 “‘ਜੇ ਕੋਈ ਆਦਮੀ ਇੱਛਾ-ਬਲ਼ੀ ਦੇ ਤੌਰ ਤੇ ਜਾਂ ਆਪਣੀਆਂ ਸੁੱਖਣਾਂ ਪੂਰੀਆਂ ਕਰਨ ਲਈ ਯਹੋਵਾਹ ਅੱਗੇ ਸ਼ਾਂਤੀ-ਬਲ਼ੀ+ ਚੜ੍ਹਾਉਂਦਾ ਹੈ, ਤਾਂ ਉਹ ਬਿਨਾਂ ਨੁਕਸ ਵਾਲਾ ਬਲਦ ਜਾਂ ਇਕ ਭੇਡੂ ਜਾਂ ਬੱਕਰਾ ਚੜ੍ਹਾਵੇ ਤਾਂਕਿ ਉਸ ਦੀ ਬਲ਼ੀ ਕਬੂਲ ਕੀਤੀ ਜਾਵੇ। ਉਸ ਵਿਚ ਕੋਈ ਵੀ ਨੁਕਸ ਨਾ ਹੋਵੇ। 22 ਬਲ਼ੀ ਦਾ ਜਾਨਵਰ ਅੰਨ੍ਹਾ ਨਾ ਹੋਵੇ ਜਾਂ ਇਸ ਦੀ ਕੋਈ ਹੱਡੀ ਨਾ ਟੁੱਟੀ ਹੋਵੇ, ਨਾ ਹੀ ਇਸ ਦੇ ਕੋਈ ਚੀਰਾ, ਮਹੁਕਾ ਜਾਂ ਫੋੜਾ ਹੋਵੇ ਅਤੇ ਨਾ ਹੀ ਇਸ ਨੂੰ ਚੰਬਲ ਹੋਈ ਹੋਵੇ; ਤੁਸੀਂ ਅਜਿਹਾ ਕੋਈ ਵੀ ਜਾਨਵਰ ਯਹੋਵਾਹ ਅੱਗੇ ਪੇਸ਼ ਨਾ ਕਰੋ ਜਾਂ ਯਹੋਵਾਹ ਲਈ ਵੇਦੀ ਉੱਤੇ ਨਾ ਚੜ੍ਹਾਓ। 23 ਜੇ ਕਿਸੇ ਬਲਦ ਜਾਂ ਭੇਡ ਦਾ ਕੋਈ ਅੰਗ ਬਹੁਤ ਵੱਡਾ ਜਾਂ ਛੋਟਾ ਹੈ, ਤਾਂ ਤੁਸੀਂ ਉਸ ਨੂੰ ਇੱਛਾ-ਬਲ਼ੀ ਦੇ ਤੌਰ ਤੇ ਚੜ੍ਹਾ ਸਕਦੇ ਹੋ, ਪਰ ਜੇ ਤੁਸੀਂ ਅਜਿਹਾ ਜਾਨਵਰ ਆਪਣੀ ਕੋਈ ਸੁੱਖਣਾ ਪੂਰੀ ਕਰਨ ਲਈ ਚੜ੍ਹਾਉਂਦੇ ਹੋ, ਤਾਂ ਇਸ ਨੂੰ ਕਬੂਲ ਨਹੀਂ ਕੀਤਾ ਜਾਵੇਗਾ। 24 ਤੁਸੀਂ ਯਹੋਵਾਹ ਅੱਗੇ ਅਜਿਹਾ ਕੋਈ ਜਾਨਵਰ ਨਾ ਚੜ੍ਹਾਓ ਜਿਸ ਦੇ ਅੰਡਕੋਸ਼ ਨੁਕਸਾਨੇ ਹੋਣ ਜਾਂ ਕੁਚਲੇ ਹੋਣ ਜਾਂ ਕੱਢੇ ਗਏ ਹੋਣ ਜਾਂ ਵੱਢੇ ਗਏ ਹੋਣ। ਤੁਸੀਂ ਆਪਣੇ ਦੇਸ਼ ਵਿਚ ਅਜਿਹੇ ਕਿਸੇ ਜਾਨਵਰ ਦੀ ਬਲ਼ੀ ਨਾ ਦੇਣੀ। 25 ਤੁਸੀਂ ਕਿਸੇ ਪਰਦੇਸੀ ਦੇ ਹੱਥੋਂ ਅਜਿਹਾ ਜਾਨਵਰ ਲੈ ਕੇ ਆਪਣੇ ਪਰਮੇਸ਼ੁਰ ਲਈ ਭੋਜਨ ਦੇ ਤੌਰ ਤੇ ਨਾ ਚੜ੍ਹਾਓ ਕਿਉਂਕਿ ਉਸ ਜਾਨਵਰ ਦੇ ਸਰੀਰ ਵਿਚ ਖ਼ਰਾਬੀ ਅਤੇ ਨੁਕਸ ਹੈ। ਅਜਿਹੇ ਜਾਨਵਰ ਦੀ ਬਲ਼ੀ ਚੜ੍ਹਾਉਣ ʼਤੇ ਤੁਹਾਨੂੰ ਪਰਮੇਸ਼ੁਰ ਦੀ ਮਨਜ਼ੂਰੀ ਨਹੀਂ ਮਿਲੇਗੀ।’”

26 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 27 “ਜੇ ਕੋਈ ਵੱਛਾ ਜਾਂ ਲੇਲਾ ਜਾਂ ਮੇਮਣਾ ਜੰਮਦਾ ਹੈ, ਤਾਂ ਉਹ ਆਪਣੀ ਮਾਂ ਨਾਲ ਸੱਤ ਦਿਨ ਰਹੇ,+ ਪਰ ਅੱਠਵੇਂ ਦਿਨ ਤੋਂ ਉਸ ਨੂੰ ਯਹੋਵਾਹ ਅੱਗੇ ਅੱਗ ਵਿਚ ਚੜ੍ਹਾਈ ਜਾਂਦੀ ਭੇਟ ਵਜੋਂ ਚੜ੍ਹਾਇਆ ਜਾ ਸਕਦਾ ਹੈ ਅਤੇ ਉਸ ਨੂੰ ਕਬੂਲ ਕੀਤਾ ਜਾਵੇਗਾ। 28 ਪਰ ਤੁਸੀਂ ਗਾਂ ਨੂੰ ਉਸ ਦੇ ਵੱਛੇ ਨਾਲ ਜਾਂ ਭੇਡ ਨੂੰ ਉਸ ਦੇ ਲੇਲੇ ਨਾਲ ਇੱਕੋ ਦਿਨ ਨਾ ਵੱਢੋ।+

29 “ਜੇ ਤੁਸੀਂ ਯਹੋਵਾਹ ਨੂੰ ਧੰਨਵਾਦ ਦੀ ਬਲ਼ੀ ਚੜ੍ਹਾਉਂਦੇ ਹੋ,+ ਤਾਂ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਚੜ੍ਹਾਓ ਕਿ ਤੁਸੀਂ ਪਰਮੇਸ਼ੁਰ ਦੀ ਮਨਜ਼ੂਰੀ ਪਾ ਸਕੋ। 30 ਉਸੇ ਦਿਨ ਇਸ ਦਾ ਮਾਸ ਖਾਧਾ ਜਾਵੇ। ਉਸ ਨੂੰ ਅਗਲੇ ਦਿਨ ਸਵੇਰ ਤਕ ਨਾ ਰੱਖਿਆ ਜਾਵੇ।+ ਮੈਂ ਯਹੋਵਾਹ ਹਾਂ।

31 “ਤੁਸੀਂ ਮੇਰੇ ਹੁਕਮ ਮੰਨੋ ਅਤੇ ਉਨ੍ਹਾਂ ਦੀ ਪਾਲਣਾ ਕਰੋ।+ ਮੈਂ ਯਹੋਵਾਹ ਹਾਂ। 32 ਤੁਸੀਂ ਮੇਰੇ ਪਵਿੱਤਰ ਨਾਂ ਨੂੰ ਪਲੀਤ ਨਾ ਕਰੋ,+ ਸਗੋਂ ਇਜ਼ਰਾਈਲ ਵਿਚ ਮੈਨੂੰ ਪਵਿੱਤਰ ਮੰਨਿਆ ਜਾਵੇ।+ ਮੈਂ ਯਹੋਵਾਹ ਹਾਂ ਅਤੇ ਮੈਂ ਤੁਹਾਨੂੰ ਪਵਿੱਤਰ ਕਰ ਰਿਹਾ ਹਾਂ+ 33 ਅਤੇ ਤੁਹਾਨੂੰ ਮਿਸਰ ਵਿੱਚੋਂ ਕੱਢ ਕੇ ਲਿਜਾ ਰਿਹਾ ਹਾਂ ਤਾਂਕਿ ਮੈਂ ਆਪਣੇ ਆਪ ਨੂੰ ਤੁਹਾਡਾ ਪਰਮੇਸ਼ੁਰ ਸਾਬਤ ਕਰਾਂ।+ ਮੈਂ ਯਹੋਵਾਹ ਹਾਂ।”

23 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਯਹੋਵਾਹ ਤੁਹਾਨੂੰ ਜਿਹੜੇ ਤਿਉਹਾਰ ਮਨਾਉਣ ਲਈ ਕਹਿੰਦਾ ਹੈ,+ ਉਹ ਪਵਿੱਤਰ ਸਭਾਵਾਂ ਹਨ। ਤੁਸੀਂ ਇਨ੍ਹਾਂ ਤਿਉਹਾਰਾਂ ਦਾ ਐਲਾਨ ਕਰੋ।+ ਮੇਰੀ ਮਹਿਮਾ ਕਰਨ ਲਈ ਇਹ ਤਿਉਹਾਰ ਮਨਾਏ ਜਾਣ:

3 “‘ਛੇ ਦਿਨ ਕੰਮ ਕੀਤਾ ਜਾ ਸਕਦਾ ਹੈ, ਪਰ ਸੱਤਵੇਂ ਦਿਨ ਸਬਤ ਹੋਣ ਕਰਕੇ ਪੂਰਾ ਆਰਾਮ ਕੀਤਾ ਜਾਵੇ।+ ਇਸ ਦਿਨ ਪਵਿੱਤਰ ਸਭਾ ਰੱਖੀ ਜਾਵੇ। ਤੁਸੀਂ ਕੋਈ ਵੀ ਕੰਮ ਨਾ ਕਰੋ। ਤੁਸੀਂ ਜਿੱਥੇ ਵੀ ਰਹੋ, ਸੱਤਵਾਂ ਦਿਨ ਯਹੋਵਾਹ ਲਈ ਸਬਤ ਦਾ ਹੋਵੇ।+

4 “‘ਯਹੋਵਾਹ ਦੀ ਮਹਿਮਾ ਕਰਨ ਲਈ ਇਹ ਤਿਉਹਾਰ ਮਨਾਓ, ਹਾਂ, ਇਹ ਪਵਿੱਤਰ ਸਭਾਵਾਂ ਰੱਖੋ ਅਤੇ ਇਨ੍ਹਾਂ ਦਾ ਮਿਥੇ ਸਮੇਂ ਤੇ ਐਲਾਨ ਕਰੋ: 5 ਪਹਿਲੇ ਮਹੀਨੇ ਦੀ 14 ਤਾਰੀਖ਼+ ਦੀ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਯਹੋਵਾਹ ਲਈ ਪਸਾਹ ਦਾ ਤਿਉਹਾਰ ਮਨਾਇਆ ਜਾਵੇ।+

6 “‘ਇਸੇ ਮਹੀਨੇ ਦੀ 15 ਤਾਰੀਖ਼ ਨੂੰ ਯਹੋਵਾਹ ਲਈ ਬੇਖਮੀਰੀ ਰੋਟੀ ਦਾ ਤਿਉਹਾਰ ਮਨਾਇਆ ਜਾਵੇ।+ ਤੁਸੀਂ ਸੱਤ ਦਿਨ ਬੇਖਮੀਰੀ ਰੋਟੀ ਖਾਓ।+ 7 ਪਹਿਲੇ ਦਿਨ ਤੁਸੀਂ ਪਵਿੱਤਰ ਸਭਾ ਰੱਖੋ।+ ਤੁਸੀਂ ਕੋਈ ਸਖ਼ਤ ਕੰਮ ਨਾ ਕਰੋ। 8 ਪਰ ਤੁਸੀਂ ਸੱਤ ਦਿਨ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਈ ਜਾਂਦੀ ਭੇਟ ਚੜ੍ਹਾਓ। ਸੱਤਵੇਂ ਦਿਨ ਪਵਿੱਤਰ ਸਭਾ ਰੱਖੀ ਜਾਵੇ। ਤੁਸੀਂ ਕੋਈ ਸਖ਼ਤ ਕੰਮ ਨਾ ਕਰੋ।’”

9 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 10 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜਦੋਂ ਤੁਸੀਂ ਉਸ ਦੇਸ਼ ਵਿਚ ਪਹੁੰਚ ਜਾਓਗੇ ਜੋ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ ਅਤੇ ਉੱਥੇ ਫ਼ਸਲ ਵੱਢੋਗੇ, ਤਾਂ ਤੁਸੀਂ ਆਪਣੀ ਪੈਦਾਵਾਰ ਦੇ ਪਹਿਲੇ ਫਲ ਦਾ ਇਕ ਪੂਲਾ+ ਪੁਜਾਰੀ ਕੋਲ ਲੈ ਕੇ ਆਓ।+ 11 ਪੁਜਾਰੀ ਯਹੋਵਾਹ ਸਾਮ੍ਹਣੇ ਉਸ ਪੂਲੇ ਨੂੰ ਅੱਗੇ-ਪਿੱਛੇ ਹਿਲਾਵੇਗਾ ਤਾਂਕਿ ਤੁਹਾਨੂੰ ਪਰਮੇਸ਼ੁਰ ਦੀ ਮਨਜ਼ੂਰੀ ਮਿਲੇ। ਪੁਜਾਰੀ ਸਬਤ ਤੋਂ ਅਗਲੇ ਦਿਨ ਉਹ ਪੂਲਾ ਅੱਗੇ-ਪਿੱਛੇ ਹਿਲਾਵੇ। 12 ਪੂਲੇ ਨੂੰ ਹਿਲਾਏ ਜਾਣ ਤੋਂ ਬਾਅਦ ਉਸੇ ਦਿਨ ਤੁਸੀਂ ਯਹੋਵਾਹ ਲਈ ਇਕ ਸਾਲ ਦਾ ਭੇਡੂ ਹੋਮ-ਬਲ਼ੀ ਵਜੋਂ ਚੜ੍ਹਾਓ ਜਿਸ ਵਿਚ ਕੋਈ ਨੁਕਸ ਨਾ ਹੋਵੇ। 13 ਇਸ ਦੇ ਨਾਲ ਅਨਾਜ ਦੇ ਚੜ੍ਹਾਵੇ ਵਜੋਂ ਤੇਲ ਵਿਚ ਗੁੰਨ੍ਹਿਆ ਦੋ ਓਮਰ* ਮੈਦਾ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਓ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। ਇਕ-ਚੌਥਾਈ ਹੀਨ* ਦਾਖਰਸ ਪੀਣ ਦੀ ਭੇਟ ਵਜੋਂ ਚੜ੍ਹਾਓ। 14 ਇਸ ਦਿਨ ਤਕ ਤੁਸੀਂ ਨਵਾਂ ਅਨਾਜ ਨਾ ਖਾਓ ਤੇ ਨਾ ਹੀ ਇਸ ਦੇ ਦਾਣਿਆਂ ਨੂੰ ਭੁੰਨ ਕੇ ਜਾਂ ਇਸ ਦੀ ਰੋਟੀ ਬਣਾ ਕੇ ਖਾਓ ਜਦ ਤਕ ਤੁਸੀਂ ਆਪਣੇ ਪਰਮੇਸ਼ੁਰ ਲਈ ਚੜ੍ਹਾਵਾ ਨਹੀਂ ਲੈ ਆਉਂਦੇ। ਤੁਸੀਂ ਜਿੱਥੇ ਵੀ ਰਹੋ, ਤੁਸੀਂ ਇਸ ਨਿਯਮ ਦੀ ਪੀੜ੍ਹੀਓ-ਪੀੜ੍ਹੀ ਪਾਲਣਾ ਕਰਨੀ।

15 “‘ਸਬਤ ਦੇ ਅਗਲੇ ਦਿਨ ਤੋਂ ਜਦੋਂ ਤੁਸੀਂ ਹਿਲਾਉਣ ਦੀ ਭੇਟ ਵਜੋਂ ਅਨਾਜ ਦਾ ਪੂਲਾ ਚੜ੍ਹਾਉਂਦੇ ਹੋ, ਤੁਸੀਂ ਪੂਰੇ ਸੱਤ ਹਫ਼ਤੇ* ਗਿਣੋ।+ 16 ਤੁਸੀਂ ਸੱਤਵੇਂ ਹਫ਼ਤੇ ਦੇ ਸਬਤ ਤੋਂ ਬਾਅਦ ਦੇ ਦਿਨ ਤਕ 50 ਦਿਨ ਗਿਣੋ।+ ਉਸ ਦਿਨ ਤੁਸੀਂ ਯਹੋਵਾਹ ਨੂੰ ਨਵੇਂ ਅਨਾਜ ਦਾ ਚੜ੍ਹਾਵਾ ਚੜ੍ਹਾਓ।+ 17 ਤੁਸੀਂ ਆਪਣੇ ਘਰੋਂ ਹਿਲਾਉਣ ਦੀ ਭੇਟ ਵਜੋਂ ਦੋ ਰੋਟੀਆਂ ਲੈ ਕੇ ਆਓ। ਦੋ ਓਮਰ* ਮੈਦੇ ਵਿਚ ਖਮੀਰ ਰਲ਼ਾਇਆ ਜਾਵੇ ਅਤੇ ਤੰਦੂਰ ਵਿਚ ਇਸ ਦੀਆਂ ਰੋਟੀਆਂ ਪਕਾਈਆਂ ਜਾਣ+ ਅਤੇ ਯਹੋਵਾਹ ਨੂੰ ਪਹਿਲੇ ਫਲ ਵਜੋਂ ਚੜ੍ਹਾਈਆਂ ਜਾਣ।+ 18 ਤੁਸੀਂ ਰੋਟੀਆਂ ਦੇ ਨਾਲ ਇਕ ਸਾਲ ਦੇ ਸੱਤ ਲੇਲੇ, ਇਕ ਵੱਛਾ ਅਤੇ ਦੋ ਭੇਡੂ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ ਇਹ ਸਾਰੇ ਜਾਨਵਰ, ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀਆਂ ਭੇਟਾਂ ਯਹੋਵਾਹ ਨੂੰ ਹੋਮ-ਬਲ਼ੀ ਵਜੋਂ ਅੱਗ ਵਿਚ ਸਾੜ ਕੇ ਚੜ੍ਹਾਓ ਜਿਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ। 19 ਤੁਸੀਂ ਪਾਪ-ਬਲ਼ੀ+ ਵਜੋਂ ਇਕ ਮੇਮਣਾ ਅਤੇ ਸ਼ਾਂਤੀ-ਬਲ਼ੀ+ ਵਜੋਂ ਇਕ ਸਾਲ ਦੇ ਦੋ ਲੇਲੇ ਚੜ੍ਹਾਓ। 20 ਪੁਜਾਰੀ ਪੱਕੇ ਹੋਏ ਅਨਾਜ ਦੇ ਪਹਿਲੇ ਫਲ ਦੀਆਂ ਰੋਟੀਆਂ ਦੇ ਨਾਲ ਦੋਵੇਂ ਲੇਲਿਆਂ ਨੂੰ ਯਹੋਵਾਹ ਸਾਮ੍ਹਣੇ ਹਿਲਾਉਣ ਦੀ ਭੇਟ ਵਜੋਂ ਅੱਗੇ-ਪਿੱਛੇ ਹਿਲਾਵੇ। ਇਹ ਸਭ ਕੁਝ ਯਹੋਵਾਹ ਲਈ ਪਵਿੱਤਰ ਚੜ੍ਹਾਵਾ ਹੈ ਜੋ ਪੁਜਾਰੀ ਨੂੰ ਦਿੱਤਾ ਜਾਵੇਗਾ।+ 21 ਇਸ ਦਿਨ ਤੁਸੀਂ ਪਵਿੱਤਰ ਸਭਾ ਦਾ ਐਲਾਨ ਕਰੋ।+ ਤੁਸੀਂ ਕੋਈ ਸਖ਼ਤ ਕੰਮ ਨਾ ਕਰੋ। ਤੁਸੀਂ ਜਿੱਥੇ ਵੀ ਰਹੋ, ਤੁਸੀਂ ਪੀੜ੍ਹੀਓ-ਪੀੜ੍ਹੀ ਇਸ ਨਿਯਮ ਦੀ ਪਾਲਣਾ ਕਰਨੀ।

22 “‘ਜਦੋਂ ਤੁਸੀਂ ਆਪਣੇ ਦੇਸ਼ ਵਿਚ ਫ਼ਸਲ ਵੱਢਦੇ ਹੋ, ਤਾਂ ਤੁਸੀਂ ਆਪਣੇ ਖੇਤਾਂ ਦੀਆਂ ਨੁੱਕਰਾਂ ਤੋਂ ਪੂਰੀ ਤਰ੍ਹਾਂ ਫ਼ਸਲ ਨਾ ਵੱਢੋ ਅਤੇ ਨਾ ਹੀ ਖੇਤਾਂ ਵਿੱਚੋਂ ਸਿੱਟੇ ਚੁਗੋ।+ ਤੁਸੀਂ ਇਨ੍ਹਾਂ ਨੂੰ ਗ਼ਰੀਬਾਂ*+ ਅਤੇ ਪਰਦੇਸੀਆਂ+ ਵਾਸਤੇ ਰਹਿਣ ਦਿਓ। ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’”

23 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 24 “ਇਜ਼ਰਾਈਲੀਆਂ ਨੂੰ ਕਹਿ, ‘ਸੱਤਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਤੁਸੀਂ ਪੂਰਾ ਆਰਾਮ ਕਰੋ ਅਤੇ ਤੁਰ੍ਹੀ ਵਜਾ ਕੇ ਲੋਕਾਂ ਨੂੰ ਯਾਦ ਕਰਾਓ+ ਕਿ ਇਸ ਦਿਨ ਪਵਿੱਤਰ ਸਭਾ ਹੈ। 25 ਤੁਸੀਂ ਕੋਈ ਸਖ਼ਤ ਕੰਮ ਨਾ ਕਰੋ ਅਤੇ ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਵਾ ਚੜ੍ਹਾਓ।’”

26 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 27 “ਪਰ ਸੱਤਵੇਂ ਮਹੀਨੇ ਦੀ 10 ਤਾਰੀਖ਼ ਨੂੰ ਪਾਪ ਮਿਟਾਉਣ ਦਾ ਦਿਨ* ਹੋਵੇਗਾ।+ ਤੁਸੀਂ ਪਵਿੱਤਰ ਸਭਾ ਰੱਖੋ ਅਤੇ ਆਪਣੇ ਆਪ ਨੂੰ ਕਸ਼ਟ* ਦਿਓ+ ਅਤੇ ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਵਾ ਚੜ੍ਹਾਓ। 28 ਤੁਸੀਂ ਇਸ ਖ਼ਾਸ ਦਿਨ ʼਤੇ ਕੋਈ ਕੰਮ ਨਾ ਕਰੋ ਕਿਉਂਕਿ ਇਹ ਤੁਹਾਡੇ ਪਾਪ ਮਿਟਾਉਣ ਦਾ ਦਿਨ ਹੈ+ ਅਤੇ ਇਸ ਦਿਨ ਤੁਹਾਡੇ ਪਰਮੇਸ਼ੁਰ ਯਹੋਵਾਹ ਅੱਗੇ ਤੁਹਾਡੇ ਪਾਪ ਮਿਟਾਏ ਜਾਣਗੇ। 29 ਇਸ ਦਿਨ ਜਿਹੜਾ ਆਪਣੇ ਆਪ ਨੂੰ ਕਸ਼ਟ* ਨਹੀਂ ਦੇਵੇਗਾ, ਉਸ ਨੂੰ ਮੌਤ ਦੀ ਸਜ਼ਾ ਮਿਲੇਗੀ।+ 30 ਜਿਹੜਾ ਇਸ ਦਿਨ ਕੋਈ ਵੀ ਕੰਮ ਕਰੇਗਾ, ਮੈਂ ਉਸ ਨੂੰ ਮੌਤ ਦੀ ਸਜ਼ਾ ਦਿਆਂਗਾ। 31 ਤੁਸੀਂ ਕੋਈ ਕੰਮ ਨਾ ਕਰੋ। ਤੁਸੀਂ ਜਿੱਥੇ ਵੀ ਰਹੋ, ਤੁਸੀਂ ਪੀੜ੍ਹੀਓ-ਪੀੜ੍ਹੀ ਇਸ ਨਿਯਮ ਦੀ ਪਾਲਣਾ ਕਰਨੀ। 32 ਇਹ ਸਬਤ ਦਾ ਦਿਨ ਹੈ ਅਤੇ ਤੁਸੀਂ ਪੂਰਾ ਆਰਾਮ ਕਰੋ ਅਤੇ ਇਸ ਮਹੀਨੇ ਦੀ 9 ਤਾਰੀਖ਼ ਦੀ ਸ਼ਾਮ ਨੂੰ ਆਪਣੇ ਆਪ ਨੂੰ ਕਸ਼ਟ ਦਿਓ।+ ਤੁਸੀਂ ਇਸ ਦਿਨ ਦੀ ਸ਼ਾਮ ਤੋਂ ਲੈ ਕੇ ਅਗਲੇ ਦਿਨ ਸ਼ਾਮ ਤਕ ਸਬਤ ਮਨਾਓ।”

33 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 34 “ਇਜ਼ਰਾਈਲੀਆਂ ਨੂੰ ਕਹਿ, ‘ਸੱਤਵੇਂ ਮਹੀਨੇ ਦੀ 15 ਤਾਰੀਖ਼ ਨੂੰ ਤੁਸੀਂ ਯਹੋਵਾਹ ਦੀ ਮਹਿਮਾ ਕਰਨ ਲਈ ਸੱਤ ਦਿਨਾਂ ਤਕ ਛੱਪਰਾਂ ਦਾ ਤਿਉਹਾਰ ਮਨਾਓ।+ 35 ਪਹਿਲੇ ਦਿਨ ਪਵਿੱਤਰ ਸਭਾ ਰੱਖੋ ਅਤੇ ਤੁਸੀਂ ਕੋਈ ਸਖ਼ਤ ਕੰਮ ਨਾ ਕਰੋ। 36 ਤੁਸੀਂ ਸੱਤ ਦਿਨ ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਵਾ ਚੜ੍ਹਾਓ। ਅੱਠਵੇਂ ਦਿਨ ਪਵਿੱਤਰ ਸਭਾ ਰੱਖੋ+ ਅਤੇ ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਵਾ ਚੜ੍ਹਾਓ। ਇਹ ਖ਼ਾਸ ਸਭਾ ਦਾ ਦਿਨ ਹੈ। ਤੁਸੀਂ ਕੋਈ ਸਖ਼ਤ ਕੰਮ ਨਾ ਕਰੋ।

37 “‘ਯਹੋਵਾਹ ਦੀ ਮਹਿਮਾ ਕਰਨ ਲਈ ਇਹ ਸਾਰੇ ਤਿਉਹਾਰ+ ਮਨਾਓ, ਹਾਂ, ਇਹ ਪਵਿੱਤਰ ਸਭਾਵਾਂ+ ਰੱਖੋ ਅਤੇ ਇਨ੍ਹਾਂ ਦਾ ਐਲਾਨ ਕਰੋ। ਤੁਸੀਂ ਇਸ ਦਿਨ ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਇਹ ਚੜ੍ਹਾਵੇ ਚੜ੍ਹਾਓ: ਹਰ ਦਿਨ ਲਈ ਠਹਿਰਾਏ ਗਏ ਚੜ੍ਹਾਵਿਆਂ ਅਨੁਸਾਰ ਹੋਮ-ਬਲ਼ੀ,+ ਅਨਾਜ ਦਾ ਚੜ੍ਹਾਵਾ+ ਅਤੇ ਪੀਣ ਦੀ ਭੇਟ।+ 38 ਯਹੋਵਾਹ ਦੇ ਸਬਤਾਂ ਦੇ ਚੜ੍ਹਾਵਿਆਂ+ ਅਤੇ ਤੋਹਫ਼ਿਆਂ,+ ਸੁੱਖਣਾਂ ਦੀਆਂ ਭੇਟਾਂ+ ਅਤੇ ਇੱਛਾ-ਬਲ਼ੀਆਂ+ ਤੋਂ ਇਲਾਵਾ ਤੁਸੀਂ ਇਹ ਸਾਰੇ ਚੜ੍ਹਾਵੇ ਯਹੋਵਾਹ ਅੱਗੇ ਚੜ੍ਹਾਓ। 39 ਪਰ ਆਪਣੀ ਜ਼ਮੀਨ ਦੀ ਪੈਦਾਵਾਰ ਇਕੱਠੀ ਕਰਨ ਤੋਂ ਬਾਅਦ ਸੱਤਵੇਂ ਮਹੀਨੇ ਦੀ 15 ਤਾਰੀਖ਼ ਨੂੰ ਤੁਸੀਂ ਸੱਤ ਦਿਨਾਂ ਤਕ ਯਹੋਵਾਹ ਦੀ ਮਹਿਮਾ ਲਈ ਤਿਉਹਾਰ ਮਨਾਓ।+ ਪਹਿਲੇ ਅਤੇ ਅੱਠਵੇਂ ਦਿਨ ਤੁਸੀਂ ਪੂਰਾ ਆਰਾਮ ਕਰੋ।+ 40 ਤੁਸੀਂ ਪਹਿਲੇ ਦਿਨ ਸ਼ਾਨਦਾਰ ਦਰਖ਼ਤਾਂ ਦਾ ਫਲ, ਖਜੂਰ ਦੇ ਦਰਖ਼ਤ ਦੀਆਂ ਟਾਹਣੀਆਂ,+ ਹਰੇ-ਭਰੇ ਦਰਖ਼ਤਾਂ ਦੀਆਂ ਟਾਹਣੀਆਂ ਅਤੇ ਵਾਦੀ ਦੇ ਬੇਦ* ਦੇ ਦਰਖ਼ਤਾਂ ਦੀਆਂ ਟਾਹਣੀਆਂ ਲਿਆਓ। ਤੁਸੀਂ ਸੱਤ ਦਿਨ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਖ਼ੁਸ਼ੀਆਂ ਮਨਾਓ।+ 41 ਤੁਸੀਂ ਸਾਲ ਵਿਚ ਇਕ ਵਾਰ ਸੱਤ ਦਿਨਾਂ ਤਕ ਯਹੋਵਾਹ ਦੀ ਮਹਿਮਾ ਕਰਨ ਲਈ ਤਿਉਹਾਰ ਮਨਾਓ।+ ਤੁਸੀਂ ਇਹ ਤਿਉਹਾਰ ਸੱਤਵੇਂ ਮਹੀਨੇ ਮਨਾਓ। ਤੁਸੀਂ ਪੀੜ੍ਹੀਓ-ਪੀੜ੍ਹੀ ਇਸ ਨਿਯਮ ਦੀ ਪਾਲਣਾ ਕਰਨੀ। 42 ਤੁਸੀਂ ਸੱਤਾਂ ਦਿਨਾਂ ਤਕ ਛੱਪਰਾਂ ਵਿਚ ਰਹੋ।+ ਸਾਰੇ ਪੈਦਾਇਸ਼ੀ ਇਜ਼ਰਾਈਲੀ ਸੱਤਾਂ ਦਿਨਾਂ ਤਕ ਛੱਪਰਾਂ ਵਿਚ ਰਹਿਣ 43 ਤਾਂਕਿ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ+ ਕਿ ਜਦੋਂ ਮੈਂ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆ ਰਿਹਾ ਸੀ, ਤਾਂ ਮੈਂ ਉਨ੍ਹਾਂ ਨੂੰ ਛੱਪਰਾਂ ਵਿਚ ਰਹਿਣ ਦਿੱਤਾ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’”

44 ਇਸ ਲਈ ਮੂਸਾ ਨੇ ਇਜ਼ਰਾਈਲੀਆਂ ਨੂੰ ਯਹੋਵਾਹ ਦੀ ਮਹਿਮਾ ਕਰਨ ਲਈ ਤਿਉਹਾਰ ਮਨਾਉਣ ਬਾਰੇ ਇਹ ਸਭ ਕੁਝ ਦੱਸਿਆ।

24 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਨੂੰ ਹੁਕਮ ਦੇ ਕਿ ਉਹ ਦੀਵਿਆਂ ਵਾਸਤੇ ਜ਼ੈਤੂਨ ਦਾ ਸ਼ੁੱਧ ਤੇਲ ਲਿਆਉਣ ਤਾਂਕਿ ਦੀਵੇ ਲਗਾਤਾਰ ਬਲ਼ਦੇ ਰਹਿਣ।+ 3 ਹਾਰੂਨ ਪ੍ਰਬੰਧ ਕਰੇ ਕਿ ਮੰਡਲੀ ਦੇ ਤੰਬੂ ਵਿਚ ਗਵਾਹੀ ਦੇ ਸੰਦੂਕ ਦੇ ਲਾਗੇ ਟੰਗੇ ਪਰਦੇ ਦੇ ਬਾਹਰ ਯਹੋਵਾਹ ਸਾਮ੍ਹਣੇ ਸ਼ਾਮ ਤੋਂ ਲੈ ਕੇ ਸਵੇਰ ਤਕ ਦੀਵੇ ਜਗਦੇ ਰਹਿਣ। ਤੁਸੀਂ ਪੀੜ੍ਹੀਓ-ਪੀੜ੍ਹੀ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨੀ। 4 ਉਹ ਯਹੋਵਾਹ ਸਾਮ੍ਹਣੇ ਖਾਲਸ ਸੋਨੇ ਦੇ ਸ਼ਮਾਦਾਨ+ ਉੱਤੇ ਰੱਖੇ ਦੀਵਿਆਂ ਦੀ ਹਮੇਸ਼ਾ ਸਾਂਭ-ਸੰਭਾਲ ਕਰੇ।

5 “ਤੂੰ ਮੈਦਾ ਲੈ ਕੇ ਤੰਦੂਰ ਵਿਚ ਇਸ ਦੀਆਂ ਛੱਲੇ ਵਰਗੀਆਂ 12 ਰੋਟੀਆਂ ਬਣਾਈਂ। ਹਰ ਰੋਟੀ ਲਈ ਦੋ ਓਮਰ* ਮੈਦਾ ਵਰਤੀਂ। 6 ਤੂੰ ਯਹੋਵਾਹ ਸਾਮ੍ਹਣੇ ਰੱਖੇ ਖਾਲਸ ਸੋਨੇ ਦੇ ਮੇਜ਼+ ਉੱਤੇ ਰੋਟੀਆਂ ਦੀਆਂ ਦੋ ਤਹਿਆਂ ਬਣਾ ਕੇ ਰੱਖੀਂ। ਹਰ ਤਹਿ ਵਿਚ ਛੇ-ਛੇ ਰੋਟੀਆਂ ਹੋਣ।+ 7 ਤੂੰ ਹਰ ਤਹਿ ਉੱਤੇ ਸ਼ੁੱਧ ਲੋਬਾਨ ਰੱਖੀਂ ਅਤੇ ਇਸ ਨੂੰ ਰੋਟੀ ਦੀ ਜਗ੍ਹਾ ਨਿਸ਼ਾਨੀ*+ ਦੇ ਤੌਰ ਤੇ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈਂ। 8 ਉਹ ਹਰ ਸਬਤ ਦੇ ਦਿਨ ਯਹੋਵਾਹ ਸਾਮ੍ਹਣੇ ਇਹ ਰੋਟੀਆਂ ਸੁਆਰ ਕੇ ਰੱਖੇ।+ ਇਜ਼ਰਾਈਲੀ ਪੀੜ੍ਹੀਓ-ਪੀੜ੍ਹੀ ਇਸ ਨਿਯਮ ਦੀ ਪਾਲਣਾ ਕਰਨ। 9 ਇਹ ਰੋਟੀਆਂ ਹਾਰੂਨ ਅਤੇ ਉਸ ਦੇ ਪੁੱਤਰਾਂ ਦੀਆਂ ਹੋਣਗੀਆਂ+ ਅਤੇ ਉਹ ਇਨ੍ਹਾਂ ਨੂੰ ਪਵਿੱਤਰ ਜਗ੍ਹਾ* ʼਤੇ ਖਾਣ+ ਕਿਉਂਕਿ ਇਹ ਰੋਟੀਆਂ ਪੁਜਾਰੀਆਂ ਲਈ ਅੱਤ ਪਵਿੱਤਰ ਹਨ ਅਤੇ ਉਨ੍ਹਾਂ ਚੜ੍ਹਾਵਿਆਂ ਵਿੱਚੋਂ ਹਨ ਜੋ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਏ ਜਾਂਦੇ ਹਨ। ਇਸ ਨਿਯਮ ਦੀ ਹਮੇਸ਼ਾ ਪਾਲਣਾ ਕੀਤੀ ਜਾਵੇ।”

10 ਇਜ਼ਰਾਈਲੀਆਂ ਦੀ ਛਾਉਣੀ ਵਿਚ ਇਕ ਮੁੰਡਾ ਸੀ ਜਿਸ ਦੀ ਮਾਂ ਇਜ਼ਰਾਈਲੀ ਅਤੇ ਪਿਉ ਮਿਸਰੀ ਸੀ।+ ਉਸ ਦਾ ਛਾਉਣੀ ਵਿਚ ਕਿਸੇ ਇਜ਼ਰਾਈਲੀ ਆਦਮੀ ਨਾਲ ਝਗੜਾ ਹੋ ਗਿਆ। 11 ਉਸ ਇਜ਼ਰਾਈਲੀ ਔਰਤ ਦਾ ਮੁੰਡਾ ਪਰਮੇਸ਼ੁਰ ਦੇ ਨਾਂ ਦਾ ਨਿਰਾਦਰ ਕਰਨ ਲੱਗ ਪਿਆ ਅਤੇ ਸਰਾਪ ਦੇਣ ਲੱਗ ਪਿਆ।+ ਇਸ ਲਈ ਉਹ ਉਸ ਨੂੰ ਮੂਸਾ ਕੋਲ ਲਿਆਏ।+ ਉਸ ਦੀ ਮਾਂ ਦਾ ਨਾਂ ਸ਼ਲੋਮੀਥ ਸੀ ਜੋ ਦਾਨ ਦੇ ਗੋਤ ਵਿੱਚੋਂ ਦਿਬਰੀ ਦੀ ਧੀ ਸੀ। 12 ਯਹੋਵਾਹ ਦਾ ਫ਼ੈਸਲਾ ਪਤਾ ਲੱਗਣ ਤਕ ਉਨ੍ਹਾਂ ਨੇ ਉਸ ਨੂੰ ਬੰਦੀ ਬਣਾ ਕੇ ਰੱਖਿਆ।+

13 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 14 “ਉਸ ਮੁੰਡੇ ਨੂੰ ਛਾਉਣੀ ਤੋਂ ਬਾਹਰ ਲਿਆਓ ਜਿਸ ਨੇ ਮੇਰੇ ਨਾਂ ਦਾ ਨਿਰਾਦਰ ਕੀਤਾ ਹੈ। ਜਿਨ੍ਹਾਂ ਨੇ ਉਸ ਨੂੰ ਸਰਾਪ ਦਿੰਦਿਆਂ ਸੁਣਿਆ ਸੀ, ਉਹ ਉਸ ਦੇ ਸਿਰ ਉੱਤੇ ਆਪਣੇ ਹੱਥ ਰੱਖਣ ਅਤੇ ਫਿਰ ਸਾਰੀ ਮੰਡਲੀ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਸੁੱਟੇ।+ 15 ਤੂੰ ਇਜ਼ਰਾਈਲੀਆਂ ਨੂੰ ਕਹਿ, ‘ਜਿਹੜਾ ਵੀ ਇਨਸਾਨ ਆਪਣੇ ਪਰਮੇਸ਼ੁਰ ਨੂੰ ਸਰਾਪ ਦਿੰਦਾ ਹੈ, ਉਸ ਨੂੰ ਆਪਣੇ ਪਾਪ ਦਾ ਅੰਜਾਮ ਭੁਗਤਣਾ ਪਵੇਗਾ। 16 ਇਸ ਲਈ ਯਹੋਵਾਹ ਦੇ ਨਾਂ ਦਾ ਨਿਰਾਦਰ ਕਰਨ ਵਾਲੇ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ।+ ਸਾਰੀ ਮੰਡਲੀ ਉਸ ਨੂੰ ਜ਼ਰੂਰ ਪੱਥਰਾਂ ਨਾਲ ਮਾਰ ਸੁੱਟੇ। ਚਾਹੇ ਉਹ ਪਰਦੇਸੀ ਹੋਵੇ ਜਾਂ ਪੈਦਾਇਸ਼ੀ ਇਜ਼ਰਾਈਲੀ, ਪਰਮੇਸ਼ੁਰ ਦੇ ਨਾਂ ਦਾ ਨਿਰਾਦਰ ਕਰਨ ਵਾਲੇ ਨੂੰ ਜਾਨੋਂ ਮਾਰ ਦਿੱਤਾ ਜਾਵੇ।

17 “‘ਜੇ ਕੋਈ ਆਦਮੀ ਕਿਸੇ ਇਨਸਾਨ ਦੀ ਜਾਨ ਲੈਂਦਾ ਹੈ, ਤਾਂ ਉਸ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ।+ 18 ਜੇ ਕੋਈ ਕਿਸੇ ਦੇ ਪਾਲਤੂ ਪਸ਼ੂ ਨੂੰ ਮਾਰ ਸੁੱਟਦਾ ਹੈ, ਤਾਂ ਉਹ ਇਸ ਦਾ ਹਰਜਾਨਾ ਭਰੇ, ਜਾਨਵਰ ਦੇ ਬਦਲੇ ਜਾਨਵਰ। 19 ਜੇ ਕੋਈ ਆਦਮੀ ਕਿਸੇ ਨੂੰ ਜ਼ਖ਼ਮੀ ਕਰ ਦਿੰਦਾ ਹੈ, ਤਾਂ ਉਸ ਨਾਲ ਵੀ ਉਹੀ ਕੀਤਾ ਜਾਵੇ ਜੋ ਉਸ ਨੇ ਕੀਤਾ ਹੈ।+ 20 ਹੱਡੀ ਦੇ ਬਦਲੇ ਹੱਡੀ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹਾਂ, ਉਸ ਨੇ ਜੋ ਸੱਟ ਮਾਰੀ ਹੈ, ਉਸ ਨੂੰ ਵੀ ਉਹੀ ਸੱਟ ਮਾਰੀ ਜਾਵੇ।+ 21 ਜਿਹੜਾ ਆਦਮੀ ਕਿਸੇ ਦੇ ਪਾਲਤੂ ਪਸ਼ੂ ਦੀ ਜਾਨ ਲੈਂਦਾ ਹੈ, ਉਹ ਇਸ ਦਾ ਹਰਜਾਨਾ ਭਰੇ।+ ਪਰ ਜਿਹੜਾ ਕਿਸੇ ਇਨਸਾਨ ਦੀ ਜਾਨ ਲੈਂਦਾ ਹੈ, ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।+

22 “‘ਤੁਹਾਡੇ ਸਾਰਿਆਂ ਉੱਤੇ ਇੱਕੋ ਜਿਹਾ ਕਾਨੂੰਨ ਲਾਗੂ ਹੋਵੇਗਾ, ਚਾਹੇ ਤੁਸੀਂ ਪਰਦੇਸੀ ਹੋ ਜਾਂ ਪੈਦਾਇਸ਼ੀ ਇਜ਼ਰਾਈਲੀ+ ਕਿਉਂਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’”

23 ਫਿਰ ਮੂਸਾ ਨੇ ਇਜ਼ਰਾਈਲੀਆਂ ਨਾਲ ਗੱਲ ਕੀਤੀ ਅਤੇ ਉਹ ਉਸ ਮੁੰਡੇ ਨੂੰ ਛਾਉਣੀ ਤੋਂ ਬਾਹਰ ਲਿਆਏ ਜਿਸ ਨੇ ਪਰਮੇਸ਼ੁਰ ਦੇ ਨਾਂ ਦਾ ਨਿਰਾਦਰ ਕੀਤਾ ਸੀ ਅਤੇ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ।+ ਇਸ ਤਰ੍ਹਾਂ ਇਜ਼ਰਾਈਲੀਆਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

25 ਸੀਨਈ ਪਹਾੜ ਉੱਤੇ ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜਦੋਂ ਤੁਸੀਂ ਉਸ ਦੇਸ਼ ਵਿਚ ਪਹੁੰਚ ਜਾਓਗੇ ਜੋ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ,+ ਤਾਂ ਦੇਸ਼ ਯਹੋਵਾਹ ਲਈ ਸਬਤ ਮਨਾਵੇ।+ 3 ਤੁਸੀਂ ਛੇ ਸਾਲ ਆਪਣੇ ਖੇਤਾਂ ਵਿਚ ਬੀ ਬੀਜਣਾ ਅਤੇ ਛੇ ਸਾਲ ਆਪਣੀਆਂ ਅੰਗੂਰੀ ਵੇਲਾਂ ਛਾਂਗਣੀਆਂ ਅਤੇ ਤੁਸੀਂ ਜ਼ਮੀਨ ਦੀ ਪੈਦਾਵਾਰ ਇਕੱਠੀ ਕਰਨੀ।+ 4 ਪਰ ਸੱਤਵਾਂ ਸਾਲ ਜ਼ਮੀਨ ਲਈ ਯਹੋਵਾਹ ਦਾ ਸਬਤ ਹੋਵੇਗਾ ਅਤੇ ਪੂਰੇ ਆਰਾਮ ਦਾ ਹੋਵੇਗਾ। ਤੁਸੀਂ ਆਪਣੇ ਖੇਤਾਂ ਵਿਚ ਬੀ ਨਹੀਂ ਬੀਜਣਾ ਤੇ ਨਾ ਹੀ ਅੰਗੂਰੀ ਵੇਲਾਂ ਛਾਂਗਣੀਆਂ। 5 ਪਿਛਲੀ ਵਾਢੀ ਤੋਂ ਬਾਅਦ ਖੇਤਾਂ ਵਿਚ ਡਿਗੇ ਦਾਣਿਆਂ ਤੋਂ ਜੋ ਕੁਝ ਵੀ ਆਪਣੇ ਆਪ ਉੱਗੇਗਾ, ਤੁਸੀਂ ਉਹ ਨਹੀਂ ਵੱਢਣਾ। ਤੁਸੀਂ ਅੰਗੂਰੀ ਵੇਲਾਂ, ਜਿਨ੍ਹਾਂ ਨੂੰ ਛਾਂਗਿਆ ਨਹੀਂ ਗਿਆ ਹੈ, ਉੱਤੇ ਲੱਗੇ ਅੰਗੂਰ ਇਕੱਠੇ ਨਹੀਂ ਕਰਨੇ। ਇਹ ਸਾਲ ਜ਼ਮੀਨ ਵਾਸਤੇ ਪੂਰੇ ਆਰਾਮ ਦਾ ਸਾਲ ਹੋਵੇਗਾ। 6 ਪਰ ਸਬਤ ਦੇ ਸਾਲ ਦੌਰਾਨ ਜ਼ਮੀਨ ਉੱਤੇ ਜੋ ਕੁਝ ਵੀ ਆਪਣੇ ਆਪ ਉੱਗੇਗਾ, ਤੁਸੀਂ ਉਸ ਨੂੰ ਖਾ ਸਕਦੇ ਹੋ; ਤੁਸੀਂ, ਤੁਹਾਡੇ ਦਾਸ-ਦਾਸੀਆਂ, ਤੁਹਾਡੇ ਮਜ਼ਦੂਰ ਅਤੇ ਤੁਹਾਡੇ ਵਿਚ ਰਹਿੰਦੇ ਪਰਵਾਸੀ ਲੋਕ ਇਸ ਨੂੰ ਖਾ ਸਕਦੇ ਹਨ। 7 ਨਾਲੇ ਤੁਹਾਡੇ ਦੇਸ਼ ਦੇ ਪਾਲਤੂ ਪਸ਼ੂ ਅਤੇ ਜੰਗਲੀ ਜਾਨਵਰ ਇਸ ਨੂੰ ਖਾ ਸਕਦੇ ਹਨ। ਜ਼ਮੀਨ ਉੱਤੇ ਜੋ ਵੀ ਉੱਗੇਗਾ, ਉਸ ਨੂੰ ਖਾਣ ਦੀ ਇਜਾਜ਼ਤ ਹੈ।

8 “‘ਤੁਸੀਂ ਸੱਤ ਸਬਤਾਂ ਦੇ ਸਾਲ ਗਿਣਨੇ ਯਾਨੀ ਸੱਤ ਗੁਣਾ ਸੱਤ ਸਾਲ। ਸੱਤ ਸਬਤਾਂ ਦੇ ਸਾਲ 49 ਸਾਲ ਦੇ ਬਰਾਬਰ ਹੋਣਗੇ। 9 ਫਿਰ ਤੁਸੀਂ ਉਸ ਸਾਲ ਦੇ ਸੱਤਵੇਂ ਮਹੀਨੇ ਦੀ 10 ਤਾਰੀਖ਼ ਨੂੰ ਉੱਚੀ ਆਵਾਜ਼ ਵਿਚ ਨਰਸਿੰਗਾ ਵਜਾਉਣਾ। ਪਾਪ ਮਿਟਾਉਣ ਦੇ ਦਿਨ+ ਤੁਹਾਡੇ ਪੂਰੇ ਦੇਸ਼ ਵਿਚ ਨਰਸਿੰਗੇ ਦੀ ਆਵਾਜ਼ ਸੁਣਾਈ ਦੇਵੇ। 10 ਤੁਸੀਂ 50ਵੇਂ ਸਾਲ ਨੂੰ ਪਵਿੱਤਰ ਕਰਨਾ ਅਤੇ ਦੇਸ਼ ਦੇ ਸਾਰੇ ਵਾਸੀਆਂ ਲਈ ਆਜ਼ਾਦੀ ਦਾ ਐਲਾਨ ਕਰਨਾ।+ ਇਹ ਤੁਹਾਡੇ ਲਈ ਆਜ਼ਾਦੀ ਦਾ ਸਾਲ ਹੋਵੇਗਾ। ਜਿਸ ਦੀ ਜ਼ਮੀਨ-ਜਾਇਦਾਦ ਵਿੱਕ ਚੁੱਕੀ ਸੀ, ਉਹ ਉਸ ਨੂੰ ਵਾਪਸ ਮਿਲ ਜਾਵੇਗੀ ਅਤੇ ਜਿਸ ਨੂੰ ਗ਼ੁਲਾਮ ਦੇ ਤੌਰ ਤੇ ਵੇਚ ਦਿੱਤਾ ਗਿਆ ਸੀ, ਉਹ ਆਪਣੇ ਪਰਿਵਾਰ ਕੋਲ ਵਾਪਸ ਮੁੜ ਜਾਵੇਗਾ।+ 11 ਤੁਹਾਡੇ ਲਈ 50ਵਾਂ ਸਾਲ ਆਜ਼ਾਦੀ ਦਾ ਸਾਲ ਹੋਵੇਗਾ। ਤੁਸੀਂ ਆਪਣੇ ਖੇਤਾਂ ਵਿਚ ਬੀ ਨਹੀਂ ਬੀਜਣਾ ਅਤੇ ਪਿਛਲੀ ਵਾਢੀ ਤੋਂ ਬਾਅਦ ਖੇਤਾਂ ਵਿਚ ਜੋ ਕੁਝ ਵੀ ਆਪਣੇ ਆਪ ਉੱਗੇਗਾ, ਉਹ ਤੁਸੀਂ ਨਹੀਂ ਵੱਢਣਾ। ਜਿਨ੍ਹਾਂ ਅੰਗੂਰੀ ਵੇਲਾਂ ਨੂੰ ਛਾਂਗਿਆ ਨਹੀਂ ਗਿਆ ਹੈ, ਉਨ੍ਹਾਂ ਉੱਤੇ ਆਪਣੇ ਆਪ ਲੱਗੇ ਅੰਗੂਰ ਤੁਸੀਂ ਇਕੱਠੇ ਨਹੀਂ ਕਰਨੇ।+ 12 ਇਹ ਆਜ਼ਾਦੀ ਦਾ ਸਾਲ ਹੈ ਅਤੇ ਇਹ ਤੁਹਾਡੀਆਂ ਨਜ਼ਰਾਂ ਵਿਚ ਪਵਿੱਤਰ ਹੋਵੇ। ਤੁਸੀਂ ਉਹੀ ਖਾ ਸਕਦੇ ਹੋ ਜੋ ਜ਼ਮੀਨ ʼਤੇ ਆਪਣੇ ਆਪ ਉੱਗੇਗਾ।+

13 “‘ਆਜ਼ਾਦੀ ਦੇ ਸਾਲ ਦੌਰਾਨ ਤੁਹਾਨੂੰ ਹਰੇਕ ਨੂੰ ਆਪਣੀ ਜ਼ਮੀਨ-ਜਾਇਦਾਦ ਵਾਪਸ ਮਿਲ ਜਾਵੇਗੀ।+ 14 ਜੇ ਤੁਸੀਂ ਆਪਣੇ ਗੁਆਂਢੀ ਨੂੰ ਕੁਝ ਵੇਚਦੇ ਹੋ ਜਾਂ ਉਸ ਤੋਂ ਕੁਝ ਖ਼ਰੀਦਦੇ ਹੋ, ਤਾਂ ਇਕ-ਦੂਜੇ ਦਾ ਫ਼ਾਇਦਾ ਨਾ ਉਠਾਓ।+ 15 ਆਪਣੇ ਗੁਆਂਢੀ ਤੋਂ ਕੁਝ ਖ਼ਰੀਦਣ ਵੇਲੇ ਦੇਖੋ ਕਿ ਆਜ਼ਾਦੀ ਦੇ ਸਾਲ ਤੋਂ ਬਾਅਦ ਕਿੰਨੇ ਸਾਲ ਬੀਤ ਚੁੱਕੇ ਹਨ ਅਤੇ ਉਸ ਅਨੁਸਾਰ ਉਸ ਦੀ ਕੀਮਤ ਤੈਅ ਕੀਤੀ ਜਾਵੇ। ਗੁਆਂਢੀ ਤੁਹਾਨੂੰ ਕੁਝ ਵੇਚਣ ਤੋਂ ਪਹਿਲਾਂ ਦੇਖੇ ਕਿ ਆਜ਼ਾਦੀ ਦਾ ਸਾਲ ਆਉਣ ਵਿਚ ਕਿੰਨੇ ਸਾਲ ਬਾਕੀ ਰਹਿੰਦੇ ਹਨ ਜਿਨ੍ਹਾਂ ਦੌਰਾਨ ਫ਼ਸਲ ਵੱਢੀ ਜਾਵੇਗੀ। ਫਿਰ ਉਸ ਅਨੁਸਾਰ ਉਸ ਦੀ ਕੀਮਤ ਤੈਅ ਕੀਤੀ ਜਾਵੇ।+ 16 ਜੇ ਅਜੇ ਕਈ ਸਾਲ ਰਹਿੰਦੇ ਹਨ, ਤਾਂ ਉਹ ਇਸ ਦੀ ਕੀਮਤ ਵਧਾਵੇ, ਪਰ ਜੇ ਥੋੜ੍ਹੇ ਸਾਲ ਰਹਿੰਦੇ ਹਨ, ਤਾਂ ਉਹ ਇਸ ਦੀ ਕੀਮਤ ਘਟਾਵੇ ਕਿਉਂਕਿ ਉਨ੍ਹਾਂ ਸਾਲਾਂ ਦੌਰਾਨ ਜ਼ਮੀਨ ʼਤੇ ਜਿੰਨੀ ਵਾਰ ਫ਼ਸਲ ਹੋਵੇਗੀ, ਉਸ ਅਨੁਸਾਰ ਉਹ ਤੁਹਾਨੂੰ ਵੇਚ ਰਿਹਾ ਹੈ। 17 ਤੁਹਾਡੇ ਵਿੱਚੋਂ ਕੋਈ ਵੀ ਆਪਣੇ ਗੁਆਂਢੀ ਦਾ ਫ਼ਾਇਦਾ ਨਾ ਉਠਾਵੇ।+ ਤੁਸੀਂ ਆਪਣੇ ਪਰਮੇਸ਼ੁਰ ਦਾ ਡਰ ਮੰਨਣਾ+ ਕਿਉਂਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।+ 18 ਮੇਰੇ ਨਿਯਮਾਂ ਅਤੇ ਹੁਕਮਾਂ ਦੀ ਪਾਲਣਾ ਕਰ ਕੇ ਤੁਸੀਂ ਦੇਸ਼ ਵਿਚ ਬਿਨਾਂ ਕਿਸੇ ਡਰ ਦੇ ਵੱਸੋਗੇ।+ 19 ਜ਼ਮੀਨ ਆਪਣੀ ਪੈਦਾਵਾਰ ਦੇਵੇਗੀ+ ਅਤੇ ਤੁਸੀਂ ਰੱਜ ਕੇ ਰੋਟੀ ਖਾਓਗੇ ਅਤੇ ਬਿਨਾਂ ਕਿਸੇ ਡਰ ਦੇ ਵੱਸੋਗੇ।+

20 “‘ਪਰ ਸ਼ਾਇਦ ਤੁਹਾਡੇ ਮਨ ਵਿਚ ਆਵੇ: “ਜੇ ਅਸੀਂ ਸੱਤਵੇਂ ਸਾਲ ਖੇਤਾਂ ਵਿਚ ਬੀ ਨਹੀਂ ਬੀਜਿਆ ਜਾਂ ਫ਼ਸਲ ਨਹੀਂ ਵੱਢੀ, ਤਾਂ ਅਸੀਂ ਕੀ ਖਾਵਾਂਗੇ?”+ 21 ਮੈਂ ਛੇਵੇਂ ਸਾਲ ਤੁਹਾਡੇ ਉੱਤੇ ਆਪਣੀ ਬਰਕਤ ਵਰ੍ਹਾਵਾਂਗਾ ਅਤੇ ਜ਼ਮੀਨ ਭਰਪੂਰ ਫ਼ਸਲ ਦੇਵੇਗੀ ਜੋ ਤਿੰਨ ਸਾਲਾਂ ਲਈ ਕਾਫ਼ੀ ਹੋਵੇਗੀ।+ 22 ਫਿਰ ਤੁਸੀਂ ਅੱਠਵੇਂ ਸਾਲ ਖੇਤਾਂ ਵਿਚ ਬੀ ਬੀਜੋਗੇ ਅਤੇ ਨੌਵੇਂ ਸਾਲ ਤਕ ਪੁਰਾਣਾ ਅਨਾਜ ਖਾਓਗੇ। ਨਵਾਂ ਅਨਾਜ ਆਉਣ ਤਕ ਤੁਸੀਂ ਪੁਰਾਣਾ ਅਨਾਜ ਖਾਓਗੇ।

23 “‘ਤੁਸੀਂ ਆਪਣੀ ਜ਼ਮੀਨ ਹਮੇਸ਼ਾ ਲਈ ਨਹੀਂ ਵੇਚ ਸਕਦੇ+ ਕਿਉਂਕਿ ਜ਼ਮੀਨ ਮੇਰੀ ਹੈ।+ ਤੁਸੀਂ ਮੇਰੀਆਂ ਨਜ਼ਰਾਂ ਵਿਚ ਪਰਦੇਸੀ ਅਤੇ ਪਰਵਾਸੀ ਹੋ।+ 24 ਤੁਸੀਂ ਦੇਸ਼ ਵਿਚ ਜਿੱਥੇ ਵੀ ਰਹਿੰਦੇ ਹੋ, ਜ਼ਮੀਨ ਦੇ ਮਾਲਕ ਨੂੰ ਆਪਣੀ ਜ਼ਮੀਨ ਵਾਪਸ ਖ਼ਰੀਦਣ ਦਾ ਹੱਕ ਹੋਵੇਗਾ।

25 “‘ਜੇ ਤੇਰਾ ਭਰਾ ਗ਼ਰੀਬ ਹੋ ਜਾਂਦਾ ਹੈ ਅਤੇ ਉਸ ਨੂੰ ਆਪਣੀ ਕੁਝ ਜ਼ਮੀਨ-ਜਾਇਦਾਦ ਵੇਚਣੀ ਪੈਂਦੀ ਹੈ, ਤਾਂ ਉਸ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਉਸ ਦਾ ਛੁਡਾਉਣ ਵਾਲਾ ਬਣੇ ਅਤੇ ਉਸ ਦੀ ਵਿਕੀ ਹੋਈ ਜ਼ਮੀਨ-ਜਾਇਦਾਦ ਵਾਪਸ ਖ਼ਰੀਦੇ।+ 26 ਜੇ ਉਸ ਦਾ ਕੋਈ ਛੁਡਾਉਣ ਵਾਲਾ ਨਹੀਂ ਹੈ, ਪਰ ਉਹ ਆਪ ਅਮੀਰ ਹੋ ਜਾਂਦਾ ਹੈ ਅਤੇ ਉਸ ਕੋਲ ਆਪਣੀ ਜਾਇਦਾਦ ਵਾਪਸ ਖ਼ਰੀਦਣ ਲਈ ਕਾਫ਼ੀ ਪੈਸੇ ਹਨ, 27 ਤਾਂ ਉਹ ਦੇਖੇ ਕਿ ਜ਼ਮੀਨ-ਜਾਇਦਾਦ ਵੇਚੀ ਨੂੰ ਕਿੰਨੇ ਸਾਲ ਹੋ ਚੁੱਕੇ ਹਨ ਅਤੇ ਉਨ੍ਹਾਂ ਸਾਲਾਂ ਦੌਰਾਨ ਜ਼ਮੀਨ ʼਤੇ ਹੋਈ ਫ਼ਸਲ ਦੀ ਕੀਮਤ ਕਿੰਨੀ ਸੀ। ਫਿਰ ਉਸ ਨੇ ਜਿੰਨੇ ਦੀ ਜ਼ਮੀਨ ਵੇਚੀ ਸੀ, ਉਸ ਵਿੱਚੋਂ ਉਹ ਫ਼ਸਲ ਦੀ ਕੀਮਤ ਘਟਾ ਕੇ ਬਾਕੀ ਪੈਸੇ ਉਸ ਆਦਮੀ ਨੂੰ ਮੋੜ ਦੇਵੇ ਜਿਸ ਨੂੰ ਉਸ ਨੇ ਜਾਇਦਾਦ ਵੇਚੀ ਸੀ। ਫਿਰ ਉਸ ਨੂੰ ਆਪਣੀ ਜ਼ਮੀਨ-ਜਾਇਦਾਦ ਵਾਪਸ ਮਿਲ ਜਾਵੇਗੀ।+

28 “‘ਪਰ ਜੇ ਉਸ ਕੋਲ ਆਪਣੀ ਜ਼ਮੀਨ-ਜਾਇਦਾਦ ਵਾਪਸ ਖ਼ਰੀਦਣ ਲਈ ਪੈਸੇ ਨਹੀਂ ਹਨ, ਤਾਂ ਇਹ ਆਜ਼ਾਦੀ ਦੇ ਸਾਲ ਤਕ ਖ਼ਰੀਦਾਰ ਕੋਲ ਰਹੇਗੀ;+ ਆਜ਼ਾਦੀ ਦੇ ਸਾਲ ਵਿਚ ਉਹ ਜ਼ਮੀਨ-ਜਾਇਦਾਦ ਉਸ ਦੇ ਅਸਲੀ ਮਾਲਕ ਨੂੰ ਵਾਪਸ ਮਿਲ ਜਾਵੇਗੀ।+

29 “‘ਜੇ ਕਿਸੇ ਆਦਮੀ ਨੂੰ ਚਾਰ-ਦੀਵਾਰੀ ਵਾਲੇ ਸ਼ਹਿਰ ਵਿਚ ਆਪਣਾ ਘਰ ਵੇਚਣਾ ਪੈਂਦਾ ਹੈ, ਤਾਂ ਘਰ ਵੇਚਣ ਤੋਂ ਬਾਅਦ ਇਕ ਸਾਲ ਤਕ ਉਸ ਕੋਲ ਉਸ ਨੂੰ ਦੁਬਾਰਾ ਖ਼ਰੀਦਣ ਦਾ ਹੱਕ ਹੋਵੇਗਾ। ਉਸ ਕੋਲ ਇਹ ਹੱਕ+ ਪੂਰਾ ਇਕ ਸਾਲ ਹੋਵੇਗਾ। 30 ਪਰ ਜੇ ਇਕ ਸਾਲ ਦੇ ਵਿਚ-ਵਿਚ ਘਰ ਵਾਪਸ ਨਹੀਂ ਖ਼ਰੀਦਿਆ ਜਾਂਦਾ, ਤਾਂ ਚਾਰ-ਦੀਵਾਰੀ ਵਾਲੇ ਸ਼ਹਿਰ ਅੰਦਰਲਾ ਘਰ ਪੀੜ੍ਹੀਓ-ਪੀੜ੍ਹੀ, ਹਾਂ, ਹਮੇਸ਼ਾ ਲਈ ਖ਼ਰੀਦਾਰ ਦਾ ਹੋ ਜਾਵੇਗਾ। ਆਜ਼ਾਦੀ ਦੇ ਸਾਲ ਵਿਚ ਇਹ ਘਰ ਅਸਲੀ ਮਾਲਕ ਨੂੰ ਨਹੀਂ ਮਿਲੇਗਾ। 31 ਪਰ ਜਿਹੜਾ ਘਰ ਚਾਰ-ਦੀਵਾਰੀ ਵਾਲੇ ਸ਼ਹਿਰ ਵਿਚ ਨਹੀਂ ਹੈ, ਤਾਂ ਉਸ ਘਰ ਨੂੰ ਖੇਤਾਂ ਦਾ ਹੀ ਹਿੱਸਾ ਮੰਨਿਆ ਜਾਵੇਗਾ। ਉਸ ਦੇ ਅਸਲੀ ਮਾਲਕ ਨੂੰ ਇਸ ਨੂੰ ਵਾਪਸ ਖ਼ਰੀਦਣ ਦਾ ਹੱਕ ਰਹੇਗਾ ਅਤੇ ਆਜ਼ਾਦੀ ਦੇ ਸਾਲ ਵਿਚ ਉਸ ਨੂੰ ਘਰ ਵਾਪਸ ਮੋੜ ਦਿੱਤਾ ਜਾਵੇਗਾ।

32 “‘ਪਰ ਲੇਵੀਆਂ ਕੋਲ ਆਪਣੇ ਸ਼ਹਿਰਾਂ+ ਵਿਚ ਆਪਣੇ ਘਰ ਦੁਬਾਰਾ ਖ਼ਰੀਦਣ ਦਾ ਹੱਕ ਹਮੇਸ਼ਾ ਹੋਵੇਗਾ। 33 ਜੇ ਕੋਈ ਲੇਵੀ ਸ਼ਹਿਰ ਵਿਚ ਆਪਣਾ ਘਰ ਵਾਪਸ ਨਹੀਂ ਖ਼ਰੀਦ ਸਕਦਾ, ਤਾਂ ਉਸ ਨੂੰ ਆਜ਼ਾਦੀ ਦੇ ਸਾਲ ਵਿਚ ਆਪਣਾ ਘਰ ਵਾਪਸ ਮਿਲ ਜਾਵੇਗਾ+ ਕਿਉਂਕਿ ਇਜ਼ਰਾਈਲੀਆਂ ਵਿਚਕਾਰ ਲੇਵੀਆਂ ਦੇ ਸ਼ਹਿਰਾਂ ਵਿਚ ਘਰ ਲੇਵੀਆਂ ਦੀ ਜਾਇਦਾਦ ਹਨ।+ 34 ਇਸ ਤੋਂ ਇਲਾਵਾ ਉਨ੍ਹਾਂ ਦੇ ਸ਼ਹਿਰਾਂ ਦੇ ਆਲੇ-ਦੁਆਲੇ ਦੀਆਂ ਚਰਾਂਦਾਂ+ ਨਹੀਂ ਵੇਚੀਆਂ ਜਾ ਸਕਦੀਆਂ ਕਿਉਂਕਿ ਇਹ ਉਨ੍ਹਾਂ ਦੀ ਪੱਕੀ ਜਾਇਦਾਦ ਹੈ।

35 “‘ਜੇ ਤੇਰੇ ਨੇੜੇ ਰਹਿੰਦਾ ਤੇਰਾ ਭਰਾ ਗ਼ਰੀਬ ਹੋ ਜਾਂਦਾ ਹੈ ਤੇ ਆਪਣਾ ਗੁਜ਼ਾਰਾ ਨਹੀਂ ਤੋਰ ਸਕਦਾ, ਤਾਂ ਤੂੰ ਉਸ ਦੀ ਦੇਖ-ਭਾਲ ਕਰ+ ਜਿਵੇਂ ਤੂੰ ਕਿਸੇ ਪਰਦੇਸੀ ਜਾਂ ਪਰਵਾਸੀ ਦੀ ਮਦਦ ਕਰਦਾ ਹੈਂ+ ਤਾਂਕਿ ਉਹ ਜੀਉਂਦਾ ਰਹੇ। 36 ਤੂੰ ਉਸ ਤੋਂ ਵਿਆਜ ਨਾ ਲੈ ਜਾਂ ਉਸ ਦਾ ਫ਼ਾਇਦਾ ਉਠਾ ਕੇ ਕਮਾਈ ਨਾ ਕਰ।+ ਤੂੰ ਆਪਣੇ ਪਰਮੇਸ਼ੁਰ ਦਾ ਡਰ ਮੰਨ+ ਅਤੇ ਤੇਰੇ ਨਾਲ ਤੇਰਾ ਭਰਾ ਜੀਉਂਦਾ ਰਹੇਗਾ। 37 ਤੂੰ ਉਸ ਨੂੰ ਆਪਣੇ ਪੈਸੇ ਵਿਆਜ ਉੱਤੇ ਨਾ ਦੇ+ ਜਾਂ ਮੁਨਾਫ਼ਾ ਕਰਨ ਲਈ ਆਪਣਾ ਭੋਜਨ ਉਧਾਰ ਨਾ ਦੇ। 38 ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ ਜੋ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਹਾਂ+ ਤਾਂਕਿ ਤੁਹਾਨੂੰ ਕਨਾਨ ਦੇਸ਼ ਦੇਵਾਂ ਅਤੇ ਆਪਣੇ ਆਪ ਨੂੰ ਤੁਹਾਡਾ ਪਰਮੇਸ਼ੁਰ ਸਾਬਤ ਕਰਾਂ।+

39 “‘ਜੇ ਤੇਰੇ ਨੇੜੇ ਰਹਿੰਦਾ ਤੇਰਾ ਭਰਾ ਗ਼ਰੀਬ ਹੋ ਜਾਂਦਾ ਹੈ ਅਤੇ ਉਸ ਨੂੰ ਤੇਰੇ ਕੋਲ ਆਪਣੇ ਆਪ ਨੂੰ ਵੇਚਣਾ ਪੈਂਦਾ ਹੈ,+ ਤਾਂ ਤੂੰ ਉਸ ਤੋਂ ਗ਼ੁਲਾਮਾਂ ਵਾਂਗ ਕੰਮ ਨਾ ਕਰਾਈਂ।+ 40 ਇਸ ਦੀ ਬਜਾਇ, ਉਸ ਨਾਲ ਮਜ਼ਦੂਰਾਂ ਅਤੇ ਪਰਵਾਸੀਆਂ ਵਾਂਗ ਸਲੂਕ ਕੀਤਾ ਜਾਵੇ।+ ਉਹ ਆਜ਼ਾਦੀ ਦੇ ਸਾਲ ਤਕ ਤੇਰੇ ਕੋਲ ਕੰਮ ਕਰੇਗਾ। 41 ਫਿਰ ਉਹ ਤੈਨੂੰ ਛੱਡ ਕੇ ਆਪਣੇ ਬੱਚਿਆਂ* ਨਾਲ ਆਪਣੇ ਰਿਸ਼ਤੇਦਾਰਾਂ ਕੋਲ ਮੁੜ ਜਾਵੇਗਾ। ਉਹ ਆਪਣੇ ਪਿਉ-ਦਾਦਿਆਂ ਦੀ ਜ਼ਮੀਨ ਵੱਲ ਮੁੜ ਜਾਵੇ।+ 42 ਉਹ ਮੇਰੇ ਗ਼ੁਲਾਮ ਹਨ ਜਿਨ੍ਹਾਂ ਨੂੰ ਮੈਂ ਮਿਸਰ ਵਿੱਚੋਂ ਕੱਢ ਲਿਆਇਆ ਹਾਂ।+ ਉਹ ਆਪਣੇ ਆਪ ਨੂੰ ਗ਼ੁਲਾਮਾਂ ਵਾਂਗ ਵੇਚ ਨਹੀਂ ਸਕਦੇ। 43 ਤੂੰ ਉਸ ਨਾਲ ਬੇਰਹਿਮੀ ਭਰਿਆ ਸਲੂਕ ਨਾ ਕਰੀਂ+ ਅਤੇ ਤੂੰ ਆਪਣੇ ਪਰਮੇਸ਼ੁਰ ਦਾ ਡਰ ਮੰਨੀਂ।+ 44 ਤੇਰੇ ਦਾਸ-ਦਾਸੀਆਂ ਤੇਰੇ ਆਲੇ-ਦੁਆਲੇ ਦੀਆਂ ਕੌਮਾਂ ਵਿੱਚੋਂ ਹੋਣ। ਤੂੰ ਉਨ੍ਹਾਂ ਵਿੱਚੋਂ ਆਪਣੇ ਲਈ ਦਾਸ-ਦਾਸੀਆਂ ਖ਼ਰੀਦੀਂ। 45 ਨਾਲੇ ਤੇਰੇ ਦੇਸ਼ ਵਿਚ ਰਹਿੰਦੇ ਪਰਵਾਸੀਆਂ+ ਤੋਂ ਅਤੇ ਉਨ੍ਹਾਂ ਦੇ ਬੱਚਿਆਂ ਤੋਂ ਜੋ ਤੇਰੇ ਦੇਸ਼ ਵਿਚ ਪੈਦਾ ਹੋਏ ਹਨ, ਤੂੰ ਗ਼ੁਲਾਮ ਖ਼ਰੀਦ ਸਕਦਾ ਹੈਂ ਅਤੇ ਤੂੰ ਉਨ੍ਹਾਂ ਦਾ ਮਾਲਕ ਬਣੇਂਗਾ। 46 ਤੂੰ ਆਪਣੇ ਪੁੱਤਰਾਂ ਨੂੰ ਵਿਰਾਸਤ ਵਿਚ ਆਪਣੇ ਗ਼ੁਲਾਮ ਦੇ ਸਕਦਾ ਹੈਂ ਅਤੇ ਤੇਰੇ ਤੋਂ ਬਾਅਦ ਤੇਰੇ ਪੁੱਤਰ ਉਨ੍ਹਾਂ ਦੇ ਮਾਲਕ ਬਣਨਗੇ। ਤੂੰ ਉਨ੍ਹਾਂ ਤੋਂ ਮਜ਼ਦੂਰੀ ਕਰਾ ਸਕਦਾ ਹੈਂ, ਪਰ ਤੂੰ ਆਪਣੇ ਇਜ਼ਰਾਈਲੀ ਭਰਾਵਾਂ ਨਾਲ ਬੇਰਹਿਮੀ ਭਰਿਆ ਸਲੂਕ ਨਹੀਂ ਕਰ ਸਕਦਾ।+

47 “‘ਪਰ ਜੇ ਤੇਰੇ ਨਾਲ ਰਹਿੰਦਾ ਕੋਈ ਪਰਦੇਸੀ ਜਾਂ ਪਰਵਾਸੀ ਅਮੀਰ ਬਣ ਜਾਂਦਾ ਹੈ ਅਤੇ ਤੇਰਾ ਕੋਈ ਭਰਾ ਗ਼ਰੀਬ ਹੋ ਜਾਂਦਾ ਹੈ ਜਿਸ ਕਰਕੇ ਉਸ ਨੂੰ ਆਪਣੇ ਆਪ ਨੂੰ ਉਸ ਪਰਦੇਸੀ ਜਾਂ ਪਰਵਾਸੀ ਕੋਲ ਵੇਚਣਾ ਪੈਂਦਾ ਹੈ ਜਾਂ ਪਰਦੇਸੀ ਦੇ ਪਰਿਵਾਰ ਦੇ ਕਿਸੇ ਜੀਅ ਕੋਲ ਆਪਣੇ ਆਪ ਨੂੰ ਵੇਚਣਾ ਪੈਂਦਾ ਹੈ, 48 ਆਪਣੇ ਆਪ ਨੂੰ ਵੇਚਣ ਤੋਂ ਬਾਅਦ ਵੀ ਉਸ ਕੋਲ ਆਪਣੇ ਆਪ ਨੂੰ ਛੁਡਾਉਣ ਦਾ ਹੱਕ ਹੋਵੇਗਾ। ਉਸ ਦਾ ਕੋਈ ਭਰਾ ਉਸ ਨੂੰ ਪਰਦੇਸੀ ਜਾਂ ਪਰਵਾਸੀ ਤੋਂ ਵਾਪਸ ਖ਼ਰੀਦ ਸਕਦਾ ਹੈ+ 49 ਜਾਂ ਫਿਰ ਉਸ ਦਾ ਚਾਚਾ ਜਾਂ ਤਾਇਆ ਜਾਂ ਚਾਚੇ-ਤਾਏ ਦਾ ਪੁੱਤਰ ਜਾਂ ਉਸ ਦੇ ਪਰਿਵਾਰ ਵਿੱਚੋਂ ਕੋਈ ਵੀ ਨਜ਼ਦੀਕੀ ਰਿਸ਼ਤੇਦਾਰ* ਉਸ ਨੂੰ ਖ਼ਰੀਦ ਸਕਦਾ ਹੈ।

“‘ਜਾਂ ਜੇ ਉਹ ਆਪ ਅਮੀਰ ਹੋ ਜਾਂਦਾ ਹੈ, ਤਾਂ ਉਹ ਆਪਣੇ ਆਪ ਨੂੰ ਕੀਮਤ ਦੇ ਕੇ ਛੁਡਾ ਸਕਦਾ ਹੈ।+ 50 ਉਹ ਆਪਣੇ ਖ਼ਰੀਦਾਰ ਨਾਲ ਮਿਲ ਕੇ ਹਿਸਾਬ ਲਾਵੇ ਕਿ ਆਪਣੇ ਆਪ ਨੂੰ ਵੇਚਣ ਤੋਂ ਲੈ ਕੇ ਆਜ਼ਾਦੀ ਦੇ ਸਾਲ ਤਕ ਕਿੰਨੇ ਸਾਲ ਬਣਦੇ ਹਨ।+ ਫਿਰ ਉਨ੍ਹਾਂ ਸਾਲਾਂ ਦੀ ਮਜ਼ਦੂਰੀ ਅਨੁਸਾਰ ਉਸ ਦੀ ਕੀਮਤ ਤੈਅ ਕੀਤੀ ਜਾਵੇ।+ ਉਸ ਦੇ ਰੋਜ਼ਾਨਾ ਦੇ ਕੰਮ ਦੀ ਮਜ਼ਦੂਰੀ ਆਮ ਮਜ਼ਦੂਰ ਦੀ ਦਿਹਾੜੀ ਦੇ ਬਰਾਬਰ ਹੋਵੇਗੀ।+ 51 ਜੇ ਆਜ਼ਾਦੀ ਦਾ ਸਾਲ ਆਉਣ ਤਕ ਕਾਫ਼ੀ ਸਾਲ ਰਹਿੰਦੇ ਹਨ, ਤਾਂ ਉਹ ਬਾਕੀ ਬਚੇ ਸਾਲਾਂ ਦੀ ਮਜ਼ਦੂਰੀ ਦਾ ਹਿਸਾਬ ਲਾ ਕੇ ਆਪਣੇ ਆਪ ਨੂੰ ਛੁਡਾਉਣ ਦੀ ਕੀਮਤ ਖ਼ਰੀਦਾਰ ਨੂੰ ਅਦਾ ਕਰੇ। 52 ਪਰ ਜੇ ਆਜ਼ਾਦੀ ਦਾ ਸਾਲ ਆਉਣ ਤਕ ਥੋੜ੍ਹੇ ਸਾਲ ਰਹਿੰਦੇ ਹਨ, ਤਾਂ ਉਹ ਬਾਕੀ ਬਚੇ ਸਾਲਾਂ ਦੀ ਮਜ਼ਦੂਰੀ ਦਾ ਹਿਸਾਬ ਲਾ ਕੇ ਆਪਣੇ ਆਪ ਨੂੰ ਛੁਡਾਉਣ ਦੀ ਕੀਮਤ ਖ਼ਰੀਦਾਰ ਨੂੰ ਅਦਾ ਕਰੇ। 53 ਉਹ ਸਾਲ-ਦਰ-ਸਾਲ ਆਪਣੇ ਖ਼ਰੀਦਾਰ ਕੋਲ ਇਕ ਮਜ਼ਦੂਰ ਦੇ ਤੌਰ ਤੇ ਕੰਮ ਕਰੇਗਾ; ਅਤੇ ਤੂੰ ਧਿਆਨ ਰੱਖੀਂ ਕਿ ਉਹ ਉਸ ਨਾਲ ਬੇਰਹਿਮੀ ਭਰਿਆ ਸਲੂਕ ਨਾ ਕਰੇ।+ 54 ਪਰ ਜੇ ਉਹ ਇਨ੍ਹਾਂ ਸ਼ਰਤਾਂ ਮੁਤਾਬਕ ਕੀਮਤ ਦੇ ਕੇ ਆਪਣੇ ਆਪ ਨੂੰ ਛੁਡਾ ਨਹੀਂ ਸਕਦਾ, ਤਾਂ ਉਹ ਅਤੇ ਉਸ ਦੇ ਬੱਚੇ* ਆਜ਼ਾਦੀ ਦੇ ਸਾਲ ਵਿਚ ਆਜ਼ਾਦ ਹੋ ਜਾਣਗੇ।+

55 “‘ਇਜ਼ਰਾਈਲੀ ਮੇਰੇ ਆਪਣੇ ਗ਼ੁਲਾਮ ਹਨ, ਹਾਂ, ਉਹ ਮੇਰੇ ਗ਼ੁਲਾਮ ਹਨ ਜਿਨ੍ਹਾਂ ਨੂੰ ਮੈਂ ਮਿਸਰ ਵਿੱਚੋਂ ਕੱਢ ਲਿਆਇਆ ਹਾਂ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।

26 “‘ਤੂੰ ਆਪਣੇ ਲਈ ਨਿਕੰਮੇ ਦੇਵਤਿਆਂ ਦੀਆਂ ਮੂਰਤਾਂ ਨਾ ਬਣਾ+ ਅਤੇ ਤੂੰ ਆਪਣੇ ਵਾਸਤੇ ਤਰਾਸ਼ੇ ਹੋਏ ਬੁੱਤ+ ਜਾਂ ਪੂਜਾ-ਥੰਮ੍ਹ ਖੜ੍ਹੇ ਨਾ ਕਰ। ਤੂੰ ਦੇਸ਼ ਵਿਚ ਨਕਾਸ਼ੀਦਾਰ ਪੱਥਰਾਂ+ ਸਾਮ੍ਹਣੇ ਮੱਥਾ ਨਾ ਟੇਕ;+ ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ। 2 ਤੂੰ ਮੇਰੇ ਸਬਤਾਂ ਨੂੰ ਮਨਾ ਅਤੇ ਮੇਰੇ ਪਵਿੱਤਰ ਸਥਾਨ ਪ੍ਰਤੀ ਸ਼ਰਧਾ ਰੱਖ। ਮੈਂ ਯਹੋਵਾਹ ਹਾਂ।

3 “‘ਜੇ ਤੂੰ ਮੇਰੇ ਨਿਯਮਾਂ ਦੀ ਪਾਲਣਾ ਕਰਦਾ ਰਹੇਂਗਾ ਅਤੇ ਮੇਰੇ ਹੁਕਮਾਂ ਮੁਤਾਬਕ ਚੱਲਦਾ ਰਹੇਂਗਾ ਅਤੇ ਉਨ੍ਹਾਂ ਨੂੰ ਪੂਰਾ ਕਰੇਂਗਾ,+ 4 ਤਾਂ ਮੈਂ ਸਹੀ ਸਮੇਂ ਤੇ ਤੁਹਾਡੇ ਲਈ ਮੀਂਹ ਵਰ੍ਹਾਵਾਂਗਾ+ ਅਤੇ ਜ਼ਮੀਨ ਆਪਣੀ ਪੈਦਾਵਾਰ ਦੇਵੇਗੀ+ ਅਤੇ ਖੇਤ ਦੇ ਦਰਖ਼ਤ ਆਪਣਾ ਫਲ ਦੇਣਗੇ। 5 ਤੇਰੀ ਫ਼ਸਲ ਇੰਨੀ ਜ਼ਿਆਦਾ ਹੋਵੇਗੀ ਕਿ ਤੂੰ ਇਸ ਦੀ ਗਹਾਈ ਅੰਗੂਰ ਤੋੜਨ ਦੇ ਮੌਸਮ ਤਕ ਕਰਦਾ ਰਹੇਂਗਾ ਅਤੇ ਅੰਗੂਰ ਤੋੜਨ ਦਾ ਕੰਮ ਬੀ ਬੀਜਣ ਦੇ ਸਮੇਂ ਤਕ ਚੱਲਦਾ ਰਹੇਗਾ; ਤੂੰ ਰੱਜ ਕੇ ਰੋਟੀ ਖਾਵੇਂਗਾ ਅਤੇ ਦੇਸ਼ ਵਿਚ ਬਿਨਾਂ ਕਿਸੇ ਡਰ ਦੇ ਵੱਸੇਂਗਾ।+ 6 ਮੈਂ ਦੇਸ਼ ਵਿਚ ਸ਼ਾਂਤੀ ਕਾਇਮ ਕਰਾਂਗਾ+ ਅਤੇ ਤੈਨੂੰ ਕੋਈ ਨਹੀਂ ਡਰਾਵੇਗਾ, ਇਸ ਲਈ ਤੂੰ ਆਰਾਮ ਨਾਲ ਲੰਮਾ ਪਵੇਂਗਾ;+ ਮੈਂ ਖੂੰਖਾਰ ਜੰਗਲੀ ਜਾਨਵਰਾਂ ਨੂੰ ਦੇਸ਼ ਵਿੱਚੋਂ ਭਜਾ ਦਿਆਂਗਾ ਅਤੇ ਕੋਈ ਤਲਵਾਰ ਤੇਰੇ ਦੇਸ਼ ਦੇ ਵਿਰੁੱਧ ਨਹੀਂ ਉੱਠੇਗੀ। 7 ਤੂੰ ਜ਼ਰੂਰ ਆਪਣੇ ਦੁਸ਼ਮਣਾਂ ਦਾ ਪਿੱਛਾ ਕਰੇਂਗਾ ਅਤੇ ਉਹ ਤੇਰੀ ਤਲਵਾਰ ਨਾਲ ਡਿਗਣਗੇ। 8 ਪੰਜ ਜਣੇ 100 ਦਾ ਪਿੱਛਾ ਕਰਨਗੇ ਅਤੇ 100 ਜਣੇ 10,000 ਦਾ ਪਿੱਛਾ ਕਰਨਗੇ ਅਤੇ ਤੇਰੇ ਦੁਸ਼ਮਣ ਤੇਰੀ ਤਲਵਾਰ ਨਾਲ ਡਿਗਣਗੇ।+

9 “‘ਮੈਂ ਤੇਰੇ ʼਤੇ ਮਿਹਰ ਕਰਾਂਗਾ ਜਿਸ ਕਰਕੇ ਤੂੰ ਵਧੇ-ਫੁੱਲੇਂਗਾ ਅਤੇ ਤੇਰੀ ਸੰਤਾਨ ਦੀ ਗਿਣਤੀ ਵਧੇਗੀ+ ਅਤੇ ਮੈਂ ਤੇਰੇ ਨਾਲ ਕੀਤਾ ਆਪਣਾ ਇਕਰਾਰ ਪੂਰਾ ਕਰਾਂਗਾ।+ 10 ਤੂੰ ਅਜੇ ਪਿਛਲੇ ਸਾਲ ਦਾ ਪੁਰਾਣਾ ਅਨਾਜ ਖਾ ਹੀ ਰਿਹਾ ਹੋਵੇਂਗਾ ਕਿ ਤੈਨੂੰ ਨਵਾਂ ਅਨਾਜ ਰੱਖਣ ਲਈ ਪੁਰਾਣਾ ਅਨਾਜ ਸੁੱਟਣਾ ਪਵੇਗਾ। 11 ਮੈਂ ਤੇਰੇ ਵਿਚਕਾਰ ਆਪਣਾ ਡੇਰਾ ਖੜ੍ਹਾ ਕਰਾਂਗਾ+ ਅਤੇ ਮੈਂ ਤੈਨੂੰ ਨਹੀਂ ਤਿਆਗਾਂਗਾ। 12 ਮੈਂ ਤੇਰੇ ਵਿਚ ਤੁਰਾਂ-ਫਿਰਾਂਗਾ ਅਤੇ ਤੇਰਾ ਪਰਮੇਸ਼ੁਰ ਹੋਵਾਂਗਾ+ ਅਤੇ ਤੁਸੀਂ ਮੇਰੇ ਲੋਕ ਹੋਵੋਗੇ।+ 13 ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ ਜੋ ਤੈਨੂੰ ਮਿਸਰ ਵਿੱਚੋਂ ਕੱਢ ਲਿਆਇਆ ਤਾਂਕਿ ਤੁਸੀਂ ਮਿਸਰੀਆਂ ਦੇ ਗ਼ੁਲਾਮ ਨਾ ਰਹੋ। ਮੈਂ ਤੇਰਾ ਜੂਲਾ ਭੰਨ ਸੁੱਟਿਆ ਤਾਂਕਿ ਤੂੰ ਸਿਰ ਚੁੱਕ ਕੇ ਤੁਰ ਸਕੇਂ।

14 “‘ਪਰ ਜੇ ਤੂੰ ਮੇਰੀ ਗੱਲ ਨਹੀਂ ਸੁਣੇਂਗਾ ਜਾਂ ਮੇਰੇ ਇਹ ਸਾਰੇ ਹੁਕਮ ਨਹੀਂ ਮੰਨੇਂਗਾ+ 15 ਅਤੇ ਜੇ ਤੂੰ ਮੇਰੇ ਨਿਯਮਾਂ ਤੋਂ ਉਲਟ ਚੱਲੇਂਗਾ,+ ਮੇਰੇ ਕਾਨੂੰਨਾਂ ਨਾਲ ਨਫ਼ਰਤ ਕਰੇਂਗਾ, ਮੇਰੇ ਸਾਰੇ ਹੁਕਮਾਂ ਦੀ ਪਾਲਣਾ ਨਹੀਂ ਕਰੇਂਗਾ ਅਤੇ ਮੇਰੇ ਇਕਰਾਰ ਦੀ ਉਲੰਘਣਾ ਕਰੇਂਗਾ,+ 16 ਤਾਂ ਮੈਂ ਤੇਰੇ ਨਾਲ ਇਹ ਸਭ ਕੁਝ ਕਰਾਂਗਾ: ਮੈਂ ਤੇਰੇ ʼਤੇ ਬਿਪਤਾ ਲਿਆਵਾਂਗਾ ਅਤੇ ਤਪਦਿਕ ਰੋਗ ਤੇ ਤੇਜ਼ ਬੁਖ਼ਾਰ ਨਾਲ ਤੈਨੂੰ ਸਜ਼ਾ ਦਿਆਂਗਾ। ਤੇਰੀਆਂ ਅੱਖਾਂ ਦੀ ਰੌਸ਼ਨੀ ਘੱਟ ਜਾਵੇਗੀ ਤੇ ਤੂੰ ਮਰਨ ਕਿਨਾਰੇ ਪਹੁੰਚ ਜਾਏਂਗਾ। ਤੂੰ ਵਿਅਰਥ ਹੀ ਬੀ ਬੀਜੇਂਗਾ ਕਿਉਂਕਿ ਤੇਰੀ ਫ਼ਸਲ ਤੇਰੇ ਦੁਸ਼ਮਣ ਖਾਣਗੇ।+ 17 ਮੈਂ ਤੇਰਾ ਵਿਰੋਧੀ ਬਣਾਂਗਾ ਅਤੇ ਤੂੰ ਆਪਣੇ ਦੁਸ਼ਮਣਾਂ ਦੇ ਹੱਥੋਂ ਹਾਰ ਜਾਏਂਗਾ;+ ਜਿਹੜੇ ਤੇਰੇ ਨਾਲ ਨਫ਼ਰਤ ਕਰਦੇ ਹਨ, ਉਹ ਤੈਨੂੰ ਆਪਣੇ ਪੈਰਾਂ ਹੇਠ ਮਿੱਧਣਗੇ+ ਅਤੇ ਭਾਵੇਂ ਤੇਰੇ ਪਿੱਛੇ ਕੋਈ ਵੀ ਨਾ ਪਿਆ ਹੋਵੇ, ਤਾਂ ਵੀ ਤੂੰ ਡਰ ਕੇ ਭੱਜੇਂਗਾ।+

18 “‘ਪਰ ਜੇ ਫਿਰ ਵੀ ਤੂੰ ਮੇਰੀ ਗੱਲ ਨਹੀਂ ਸੁਣੇਂਗਾ, ਤਾਂ ਮੈਂ ਤੈਨੂੰ ਤੇਰੇ ਪਾਪਾਂ ਦੀ ਇਸ ਤੋਂ ਵੀ ਸੱਤ ਗੁਣਾ ਜ਼ਿਆਦਾ ਸਜ਼ਾ ਦਿਆਂਗਾ। 19 ਮੈਂ ਤੇਰੇ ਢੀਠਪੁਣੇ ਤੇ ਘਮੰਡ ਨੂੰ ਤੋੜ ਦਿਆਂਗਾ ਅਤੇ ਤੇਰੇ ਉੱਪਰ ਆਕਾਸ਼ ਨੂੰ ਲੋਹੇ ਵਰਗਾ+ ਅਤੇ ਤੇਰੇ ਹੇਠਾਂ ਧਰਤੀ ਨੂੰ ਤਾਂਬੇ ਵਰਗੀ ਬਣਾ ਦਿਆਂਗਾ। 20 ਤੂੰ ਬੇਕਾਰ ਵਿਚ ਮਿਹਨਤ ਕਰੇਂਗਾ ਕਿਉਂਕਿ ਤੇਰੀ ਜ਼ਮੀਨ ਆਪਣੀ ਪੈਦਾਵਾਰ ਨਹੀਂ ਦੇਵੇਗੀ+ ਅਤੇ ਤੇਰੇ ਦਰਖ਼ਤ ਆਪਣਾ ਫਲ ਨਹੀਂ ਦੇਣਗੇ।

21 “‘ਜੇ ਤੂੰ ਮੇਰੇ ਖ਼ਿਲਾਫ਼ ਚੱਲਦਾ ਰਹੇਂਗਾ ਤੇ ਮੇਰੀ ਗੱਲ ਸੁਣਨ ਤੋਂ ਇਨਕਾਰ ਕਰੇਂਗਾ, ਤਾਂ ਮੈਂ ਤੈਨੂੰ ਤੇਰੇ ਪਾਪਾਂ ਦੀ ਇਸ ਤੋਂ ਵੀ ਸੱਤ ਗੁਣਾ ਜ਼ਿਆਦਾ ਸਜ਼ਾ ਦਿਆਂਗਾ। 22 ਮੈਂ ਤੇਰੇ ਵਿਚਕਾਰ ਜੰਗਲੀ ਜਾਨਵਰ ਘੱਲਾਂਗਾ+ ਅਤੇ ਉਹ ਤੇਰੇ ਬੱਚਿਆਂ ਨੂੰ ਚੁੱਕ ਕੇ ਲੈ ਜਾਣਗੇ+ ਅਤੇ ਤੇਰੇ ਪਾਲਤੂ ਪਸ਼ੂਆਂ ਨੂੰ ਮਾਰ ਸੁੱਟਣਗੇ ਅਤੇ ਤੁਹਾਡੀ ਗਿਣਤੀ ਘਟਾ ਦੇਣਗੇ। ਤੇਰੀਆਂ ਸੜਕਾਂ ਸੁੰਨੀਆਂ ਹੋ ਜਾਣਗੀਆਂ।+

23 “‘ਜੇ ਫਿਰ ਵੀ ਤੂੰ ਮੇਰੀ ਤਾੜਨਾ ਕਬੂਲ ਨਹੀਂ ਕਰੇਂਗਾ+ ਅਤੇ ਢੀਠ ਬਣ ਕੇ ਮੇਰੇ ਖ਼ਿਲਾਫ਼ ਚੱਲਦਾ ਰਹੇਂਗਾ, 24 ਤਾਂ ਮੈਂ ਵੀ ਤੇਰੇ ਖ਼ਿਲਾਫ਼ ਚੱਲਾਂਗਾ ਅਤੇ ਤੈਨੂੰ ਤੇਰੇ ਪਾਪਾਂ ਦੀ ਇਸ ਤੋਂ ਵੀ ਸੱਤ ਗੁਣਾ ਜ਼ਿਆਦਾ ਸਜ਼ਾ ਦਿਆਂਗਾ। 25 ਮੈਂ ਤੇਰੇ ਤੋਂ ਬਦਲਾ ਲੈਣ ਲਈ ਤੇਰੇ ʼਤੇ ਤਲਵਾਰ ਚਲਾਵਾਂਗਾ ਕਿਉਂਕਿ ਤੂੰ ਮੇਰੇ ਨਾਲ ਕੀਤਾ ਇਕਰਾਰ ਤੋੜਿਆ ਹੈ।+ ਜੇ ਤੂੰ ਆਪਣੇ ਸ਼ਹਿਰਾਂ ਵਿਚ ਲੁਕ ਜਾਵੇਂਗਾ, ਤਾਂ ਮੈਂ ਤੇਰੇ ਵਿਚ ਬੀਮਾਰੀ ਫੈਲਾਵਾਂਗਾ+ ਅਤੇ ਤੈਨੂੰ ਤੇਰੇ ਦੁਸ਼ਮਣ ਦੇ ਹਵਾਲੇ ਕਰ ਦਿਆਂਗਾ।+ 26 ਜਦੋਂ ਮੈਂ ਤੈਨੂੰ ਰੋਟੀ ਤੋਂ ਵਾਂਝਾ ਰੱਖਾਂਗਾ,*+ ਤਾਂ ਦਸ ਤੀਵੀਆਂ ਲਈ ਰੋਟੀ ਪਕਾਉਣ ਵਾਸਤੇ ਇੱਕੋ ਤੰਦੂਰ ਕਾਫ਼ੀ ਹੋਵੇਗਾ ਅਤੇ ਉਹ ਤੋਲ ਕੇ ਤੈਨੂੰ ਰੋਟੀ ਦੇਣਗੀਆਂ।+ ਤੂੰ ਖਾਵੇਂਗਾ, ਪਰ ਤੇਰਾ ਢਿੱਡ ਨਹੀਂ ਭਰੇਗਾ।+

27 “‘ਜੇ ਫਿਰ ਵੀ ਤੂੰ ਮੇਰੀ ਗੱਲ ਨਹੀਂ ਸੁਣੇਂਗਾ ਅਤੇ ਢੀਠ ਬਣ ਕੇ ਮੇਰੇ ਖ਼ਿਲਾਫ਼ ਚੱਲਦਾ ਰਹੇਂਗਾ, 28 ਤਾਂ ਮੈਂ ਤੇਰਾ ਹੋਰ ਵੀ ਸਖ਼ਤ ਵਿਰੋਧ ਕਰਾਂਗਾ+ ਅਤੇ ਮੈਂ ਆਪ ਤੈਨੂੰ ਤੇਰੇ ਪਾਪਾਂ ਦੀ ਇਸ ਤੋਂ ਵੀ ਸੱਤ ਗੁਣਾ ਜ਼ਿਆਦਾ ਸਜ਼ਾ ਦਿਆਂਗਾ। 29 ਇਸ ਲਈ ਤੈਨੂੰ ਆਪਣੇ ਪੁੱਤਰਾਂ ਦਾ ਮਾਸ ਅਤੇ ਆਪਣੀਆਂ ਧੀਆਂ ਦਾ ਮਾਸ ਖਾਣਾ ਪਵੇਗਾ।+ 30 ਮੈਂ ਤੇਰੀਆਂ ਭਗਤੀ ਦੀਆਂ ਉੱਚੀਆਂ ਥਾਵਾਂ ਨੂੰ ਢਹਿ-ਢੇਰੀ ਕਰ ਦਿਆਂਗਾ+ ਅਤੇ ਧੂਪ ਦੀਆਂ ਵੇਦੀਆਂ ਤੋੜ ਦਿਆਂਗਾ ਅਤੇ ਤੇਰੇ ਘਿਣਾਉਣੇ ਦੇਵੀ-ਦੇਵਤਿਆਂ ਦੇ ਬੇਜਾਨ ਬੁੱਤਾਂ ਉੱਤੇ ਤੁਹਾਡੀਆਂ ਲਾਸ਼ਾਂ ਦੇ ਢੇਰ ਲਾ ਦਿਆਂਗਾ+ ਅਤੇ ਤੇਰੇ ਨਾਲ ਘਿਣ ਹੋਣ ਕਰਕੇ ਮੈਂ ਤੇਰੇ ਤੋਂ ਆਪਣਾ ਮੂੰਹ ਫੇਰ ਲਵਾਂਗਾ।+ 31 ਮੈਂ ਤੇਰੇ ਸ਼ਹਿਰਾਂ ਨੂੰ ਤਲਵਾਰ ਨਾਲ ਉਜਾੜ ਦਿਆਂਗਾ+ ਅਤੇ ਭਗਤੀ ਦੀਆਂ ਥਾਵਾਂ ਨੂੰ ਨਾਸ਼ ਕਰ ਦਿਆਂਗਾ। ਮੈਨੂੰ ਤੇਰੀਆਂ ਬਲ਼ੀਆਂ ਦੀ ਖ਼ੁਸ਼ਬੂ ਤੋਂ ਕੋਈ ਖ਼ੁਸ਼ੀ ਨਹੀਂ ਹੋਵੇਗੀ। 32 ਮੈਂ ਦੇਸ਼ ਨੂੰ ਉਜਾੜ ਦਿਆਂਗਾ+ ਅਤੇ ਤੇਰੇ ਦੁਸ਼ਮਣ ਜਿਹੜੇ ਇੱਥੇ ਆ ਕੇ ਵੱਸਣਗੇ, ਦੇਸ਼ ਦੀ ਹਾਲਤ ਦੇਖ ਕੇ ਹੱਕੇ-ਬੱਕੇ ਰਹਿ ਜਾਣਗੇ।+ 33 ਮੈਂ ਤੈਨੂੰ ਕੌਮਾਂ ਵਿਚ ਖਿੰਡਾ ਦਿਆਂਗਾ+ ਅਤੇ ਤਲਵਾਰ ਤੇਰਾ ਪਿੱਛਾ ਕਰੇਗੀ;+ ਤੇਰਾ ਦੇਸ਼ ਉਜਾੜ ਦਿੱਤਾ ਜਾਵੇਗਾ+ ਅਤੇ ਤੇਰੇ ਸ਼ਹਿਰ ਤਬਾਹ ਹੋ ਜਾਣਗੇ।

34 “‘ਜਦੋਂ ਤੂੰ ਆਪਣੇ ਦੁਸ਼ਮਣਾਂ ਦੇ ਦੇਸ਼ ਵਿਚ ਹੋਵੇਂਗਾ ਅਤੇ ਇਹ ਦੇਸ਼ ਉਜਾੜ ਪਿਆ ਹੋਵੇਗਾ, ਤਾਂ ਉਸ ਸਮੇਂ ਤੇਰਾ ਦੇਸ਼ ਸਬਤਾਂ ਦਾ ਘਾਟਾ ਪੂਰਾ ਕਰੇਗਾ। ਉਸ ਸਮੇਂ ਤੇਰਾ ਦੇਸ਼ ਆਰਾਮ ਕਰੇਗਾ ਕਿਉਂਕਿ ਇਸ ਨੇ ਸਬਤਾਂ ਦਾ ਘਾਟਾ ਪੂਰਾ ਕਰਨਾ ਹੈ।+ 35 ਜਦੋਂ ਇਹ ਦੇਸ਼ ਉਜਾੜ ਪਿਆ ਹੋਵੇਗਾ, ਤਾਂ ਇਹ ਆਰਾਮ ਕਰੇਗਾ ਕਿਉਂਕਿ ਜਦੋਂ ਤੁਸੀਂ ਇੱਥੇ ਰਹਿੰਦੇ ਸੀ, ਤਾਂ ਉਦੋਂ ਇਸ ਨੇ ਤੁਹਾਡੇ ਸਬਤਾਂ ਦੌਰਾਨ ਆਰਾਮ ਨਹੀਂ ਕੀਤਾ।

36 “‘ਜਿਹੜੇ ਬਚ ਜਾਣਗੇ+ ਅਤੇ ਆਪਣੇ ਦੁਸ਼ਮਣਾਂ ਦੇ ਦੇਸ਼ਾਂ ਵਿਚ ਰਹਿ ਰਹੇ ਹੋਣਗੇ, ਮੈਂ ਉਨ੍ਹਾਂ ਦੇ ਦਿਲ ਨਿਰਾਸ਼ਾ ਨਾਲ ਭਰ ਦਿਆਂਗਾ; ਉਹ ਪੱਤਿਆਂ ਦੀ ਖੜ-ਖੜ ਸੁਣ ਕੇ ਹੀ ਡਰ ਦੇ ਮਾਰੇ ਇਸ ਤਰ੍ਹਾਂ ਭੱਜਣਗੇ ਜਿਵੇਂ ਕੋਈ ਤਲਵਾਰ ਲੈ ਕੇ ਉਨ੍ਹਾਂ ਦਾ ਪਿੱਛਾ ਕਰ ਰਿਹਾ ਹੋਵੇ। ਭਾਵੇਂ ਉਨ੍ਹਾਂ ਦੇ ਪਿੱਛੇ ਕੋਈ ਵੀ ਨਾ ਪਿਆ ਹੋਵੇ, ਤਾਂ ਵੀ ਉਹ ਭੱਜਦੇ-ਭੱਜਦੇ ਡਿਗਣਗੇ।+ 37 ਉਹ ਭੱਜਦੇ ਹੋਏ ਇਕ-ਦੂਜੇ ਵਿਚ ਵੱਜ ਕੇ ਡਿਗਣਗੇ ਜਿਵੇਂ ਕੋਈ ਤਲਵਾਰ ਲੈ ਕੇ ਉਨ੍ਹਾਂ ਦੇ ਪਿੱਛੇ ਪਿਆ ਹੋਵੇ, ਜਦ ਕਿ ਕੋਈ ਵੀ ਉਨ੍ਹਾਂ ਦਾ ਪਿੱਛਾ ਨਹੀਂ ਕਰ ਰਿਹਾ ਹੋਵੇਗਾ। ਤੁਸੀਂ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਨਹੀਂ ਕਰ ਸਕੋਗੇ।+ 38 ਤੁਸੀਂ ਕੌਮਾਂ ਵਿਚ ਨਾਸ਼ ਹੋ ਜਾਓਗੇ+ ਅਤੇ ਤੁਹਾਡੇ ਦੁਸ਼ਮਣਾਂ ਦਾ ਦੇਸ਼ ਤੁਹਾਨੂੰ ਨਿਗਲ਼ ਜਾਵੇਗਾ। 39 ਜਿਹੜੇ ਬਚ ਜਾਣਗੇ, ਉਨ੍ਹਾਂ ਦੀ ਆਪਣੀਆਂ ਗ਼ਲਤੀਆਂ ਕਰਕੇ ਦੁਸ਼ਮਣਾਂ ਦੇ ਦੇਸ਼ਾਂ ਵਿਚ ਹਾਲਤ ਬਹੁਤ ਤਰਸਯੋਗ ਹੋਵੇਗੀ।+ ਹਾਂ, ਉਨ੍ਹਾਂ ਦੇ ਪਿਉ-ਦਾਦਿਆਂ ਦੀਆਂ ਗ਼ਲਤੀਆਂ ਕਰਕੇ+ ਉਨ੍ਹਾਂ ਦੀ ਹਾਲਤ ਬਹੁਤ ਤਰਸਯੋਗ ਹੋਵੇਗੀ। 40 ਫਿਰ ਉਹ ਕਬੂਲ ਕਰਨਗੇ ਕਿ ਉਨ੍ਹਾਂ ਨੇ ਗ਼ਲਤੀਆਂ ਕੀਤੀਆਂ+ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਨੇ ਗ਼ਲਤੀਆਂ ਅਤੇ ਬੇਵਫ਼ਾਈ ਕੀਤੀ ਅਤੇ ਉਹ ਮੰਨਣਗੇ ਕਿ ਉਨ੍ਹਾਂ ਨੇ ਮੇਰੇ ਖ਼ਿਲਾਫ਼ ਚੱਲ ਕੇ ਮੇਰੇ ਨਾਲ ਬੇਵਫ਼ਾਈ ਕੀਤੀ+ 41 ਜਿਸ ਕਰਕੇ ਮੈਂ ਵੀ ਉਨ੍ਹਾਂ ਦੇ ਖ਼ਿਲਾਫ਼ ਹੋ ਗਿਆ+ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਦੇਸ਼ ਵਿਚ ਘੱਲ ਦਿੱਤਾ।+

“‘ਫਿਰ ਸ਼ਾਇਦ ਉਨ੍ਹਾਂ ਦੇ ਢੀਠ ਦਿਲ ਨਿਮਰ ਹੋ ਜਾਣ।+ ਉਹ ਆਪਣੀਆਂ ਗ਼ਲਤੀਆਂ ਦਾ ਅੰਜਾਮ ਭੁਗਤਣਗੇ। 42 ਫਿਰ ਮੈਂ ਯਾਕੂਬ ਨਾਲ ਕੀਤਾ ਇਕਰਾਰ+ ਅਤੇ ਇਸਹਾਕ ਨਾਲ ਕੀਤਾ ਇਕਰਾਰ+ ਅਤੇ ਅਬਰਾਹਾਮ ਨਾਲ ਕੀਤਾ ਇਕਰਾਰ+ ਯਾਦ ਕਰਾਂਗਾ ਅਤੇ ਦੇਸ਼ ਨੂੰ ਯਾਦ ਕਰਾਂਗਾ। 43 ਜਦੋਂ ਉਹ ਦੇਸ਼ ਛੱਡ ਕੇ ਚਲੇ ਜਾਣਗੇ, ਤਾਂ ਦੇਸ਼ ਆਪਣੇ ਸਬਤਾਂ ਦਾ ਘਾਟਾ ਪੂਰਾ ਕਰੇਗਾ+ ਅਤੇ ਇਹ ਉਨ੍ਹਾਂ ਤੋਂ ਬਿਨਾਂ ਉਜਾੜ ਪਿਆ ਹੋਵੇਗਾ ਅਤੇ ਉਹ ਆਪਣੀਆਂ ਗ਼ਲਤੀਆਂ ਦਾ ਅੰਜਾਮ ਭੁਗਤ ਰਹੇ ਹੋਣਗੇ ਕਿਉਂਕਿ ਉਨ੍ਹਾਂ ਨੇ ਮੇਰੇ ਕਾਨੂੰਨਾਂ ਤੋਂ ਉਲਟ ਕੰਮ ਕੀਤਾ ਅਤੇ ਉਨ੍ਹਾਂ ਨੇ ਮੇਰੇ ਨਿਯਮਾਂ ਨਾਲ ਨਫ਼ਰਤ ਕੀਤੀ।+ 44 ਪਰ ਇਸ ਸਭ ਦੇ ਬਾਵਜੂਦ ਮੈਂ ਉਨ੍ਹਾਂ ਨੂੰ ਦੁਸ਼ਮਣਾਂ ਦੇ ਦੇਸ਼ ਵਿਚ ਪੂਰੀ ਤਰ੍ਹਾਂ ਨਹੀਂ ਤਿਆਗਾਂਗਾ+ ਅਤੇ ਨਾ ਹੀ ਉਨ੍ਹਾਂ ਨੂੰ ਆਪਣੇ ਤੋਂ ਇੰਨਾ ਦੂਰ ਕਰ ਦਿਆਂਗਾ ਕਿ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਜਾਵੇ ਜੋ ਕਿ ਉਨ੍ਹਾਂ ਨਾਲ ਕੀਤੇ ਮੇਰੇ ਇਕਰਾਰ ਦੀ ਉਲੰਘਣਾ ਹੋਵੇਗੀ,+ ਮੈਂ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹਾਂ। 45 ਮੈਂ ਉਨ੍ਹਾਂ ਦੀ ਖ਼ਾਤਰ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਕੀਤੇ ਇਕਰਾਰ ਨੂੰ ਯਾਦ ਕਰਾਂਗਾ+ ਜਿਨ੍ਹਾਂ ਨੂੰ ਮੈਂ ਕੌਮਾਂ ਦੀਆਂ ਨਜ਼ਰਾਂ ਸਾਮ੍ਹਣੇ ਮਿਸਰ ਵਿੱਚੋਂ ਕੱਢ ਲਿਆਇਆ ਸੀ+ ਤਾਂਕਿ ਮੈਂ ਆਪਣੇ ਆਪ ਨੂੰ ਉਨ੍ਹਾਂ ਦਾ ਪਰਮੇਸ਼ੁਰ ਸਾਬਤ ਕਰਾਂ। ਮੈਂ ਯਹੋਵਾਹ ਹਾਂ।’”

46 ਇਹ ਉਹ ਸਾਰੇ ਨਿਯਮ, ਹੁਕਮ ਤੇ ਕਾਨੂੰਨ ਹਨ ਜਿਹੜੇ ਯਹੋਵਾਹ ਨੇ ਸੀਨਈ ਪਹਾੜ ਉੱਤੇ ਮੂਸਾ ਦੇ ਜ਼ਰੀਏ ਆਪਣੇ ਅਤੇ ਇਜ਼ਰਾਈਲੀਆਂ ਵਿਚਕਾਰ ਠਹਿਰਾਏ ਹਨ।+

27 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜੇ ਕੋਈ ਆਦਮੀ ਖ਼ਾਸ ਸੁੱਖਣਾ ਸੁੱਖਦਾ ਹੈ+ ਕਿ ਉਹ ਇਕ ਇਨਸਾਨ ਦੀ ਤੈਅ ਕੀਤੀ ਗਈ ਕੀਮਤ ਯਹੋਵਾਹ ਨੂੰ ਚੜ੍ਹਾਵੇਗਾ, 3 ਤਾਂ 20 ਤੋਂ 60 ਸਾਲ ਦੀ ਉਮਰ ਦੇ ਆਦਮੀ ਦੀ ਤੈਅ ਕੀਮਤ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ 50 ਸ਼ੇਕੇਲ* ਚਾਂਦੀ ਹੋਵੇਗੀ। 4 ਪਰ ਇਸੇ ਉਮਰ ਦੀ ਔਰਤ ਦੀ ਤੈਅ ਕੀਮਤ 30 ਸ਼ੇਕੇਲ ਹੋਵੇਗੀ। 5 ਅਤੇ 5 ਤੋਂ 20 ਸਾਲ ਦੇ ਮੁੰਡੇ ਦੀ ਤੈਅ ਕੀਮਤ 20 ਸ਼ੇਕੇਲ ਅਤੇ ਕੁੜੀ ਦੀ ਕੀਮਤ 10 ਸ਼ੇਕੇਲ ਹੋਵੇਗੀ। 6 ਅਤੇ ਇਕ ਮਹੀਨੇ ਤੋਂ ਪੰਜ ਸਾਲ ਦੇ ਮੁੰਡੇ ਦੀ ਤੈਅ ਕੀਮਤ ਪੰਜ ਸ਼ੇਕੇਲ ਚਾਂਦੀ ਅਤੇ ਕੁੜੀ ਦੀ ਕੀਮਤ ਤਿੰਨ ਸ਼ੇਕੇਲ ਚਾਂਦੀ ਹੋਵੇਗੀ।

7 “‘ਅਤੇ 60 ਸਾਲ ਅਤੇ ਇਸ ਤੋਂ ਵੱਡੀ ਉਮਰ ਦੇ ਆਦਮੀ ਦੀ ਤੈਅ ਕੀਮਤ 15 ਸ਼ੇਕੇਲ ਅਤੇ ਔਰਤ ਦੀ ਕੀਮਤ 10 ਸ਼ੇਕੇਲ ਹੋਵੇਗੀ। 8 ਪਰ ਜੇ ਉਹ ਇੰਨਾ ਗ਼ਰੀਬ ਹੈ ਕਿ ਉਹ ਤੈਅ ਕੀਮਤ ਨਹੀਂ ਦੇ ਸਕਦਾ,+ ਤਾਂ ਉਹ ਪੁਜਾਰੀ ਸਾਮ੍ਹਣੇ ਖੜ੍ਹਾ ਹੋਵੇ ਅਤੇ ਪੁਜਾਰੀ ਉਸ ਦੀ ਕੀਮਤ ਤੈਅ ਕਰੇਗਾ। ਸੁੱਖਣਾ ਸੁੱਖਣ ਵਾਲਾ ਜਿੰਨਾ ਦੇ ਸਕਦਾ ਹੈ, ਉਸ ਅਨੁਸਾਰ ਪੁਜਾਰੀ ਕੀਮਤ ਤੈਅ ਕਰੇਗਾ।+

9 “‘ਜੇ ਕੋਈ ਆਦਮੀ ਅਜਿਹਾ ਜਾਨਵਰ ਚੜ੍ਹਾਉਣ ਦੀ ਸੁੱਖਣਾ ਸੁੱਖਦਾ ਹੈ ਜੋ ਯਹੋਵਾਹ ਨੂੰ ਚੜ੍ਹਾਏ ਜਾਣ ਦੇ ਯੋਗ ਹੈ, ਤਾਂ ਉਹ ਜੋ ਵੀ ਜਾਨਵਰ ਯਹੋਵਾਹ ਨੂੰ ਦੇਵੇਗਾ, ਉਹ ਪਵਿੱਤਰ ਹੋ ਜਾਵੇਗਾ। 10 ਉਹ ਉਸ ਜਾਨਵਰ ਦੇ ਬਦਲੇ ਹੋਰ ਜਾਨਵਰ ਨਹੀਂ ਦੇ ਸਕਦਾ ਭਾਵੇਂ ਚੰਗਾ ਹੋਵੇ ਜਾਂ ਮਾੜਾ। ਪਰ ਜੇ ਉਹ ਇਕ ਜਾਨਵਰ ਦੇ ਬਦਲੇ ਹੋਰ ਜਾਨਵਰ ਦਿੰਦਾ ਹੈ, ਤਾਂ ਪਹਿਲਾਂ ਵਾਲਾ ਜਾਨਵਰ ਅਤੇ ਉਸ ਦੇ ਬਦਲੇ ਦਿੱਤਾ ਜਾਣ ਵਾਲਾ ਜਾਨਵਰ ਦੋਵੇਂ ਪਵਿੱਤਰ ਹੋ ਜਾਣਗੇ। 11 ਜੇ ਉਹ ਕੋਈ ਅਸ਼ੁੱਧ ਜਾਨਵਰ+ ਦੇਣਾ ਚਾਹੁੰਦਾ ਹੈ ਜੋ ਯਹੋਵਾਹ ਨੂੰ ਭੇਟ ਚੜ੍ਹਾਏ ਜਾਣ ਦੇ ਯੋਗ ਨਹੀਂ ਹੈ, ਤਾਂ ਉਹ ਜਾਨਵਰ ਨੂੰ ਲਿਜਾ ਕੇ ਪੁਜਾਰੀ ਦੇ ਸਾਮ੍ਹਣੇ ਖੜ੍ਹਾ ਕਰੇ। 12 ਪੁਜਾਰੀ ਦੇਖੇਗਾ ਕਿ ਉਹ ਜਾਨਵਰ ਚੰਗਾ ਹੈ ਜਾਂ ਮਾੜਾ ਅਤੇ ਫਿਰ ਉਸ ਅਨੁਸਾਰ ਜਾਨਵਰ ਦੀ ਕੀਮਤ ਤੈਅ ਕਰੇਗਾ। ਪੁਜਾਰੀ ਦੁਆਰਾ ਤੈਅ ਕੀਤੀ ਕੀਮਤ ਬਦਲੀ ਨਹੀਂ ਜਾ ਸਕਦੀ। 13 ਪਰ ਜੇ ਉਹ ਆਦਮੀ ਕਦੀ ਉਸ ਜਾਨਵਰ ਨੂੰ ਵਾਪਸ ਖ਼ਰੀਦਣਾ ਚਾਹੁੰਦਾ ਹੈ, ਤਾਂ ਉਸ ਨੂੰ ਜਾਨਵਰ ਦੀ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ ਦੇਣਾ ਪਵੇਗਾ।+

14 “‘ਜੇ ਕੋਈ ਆਦਮੀ ਆਪਣਾ ਘਰ ਯਹੋਵਾਹ ਨੂੰ ਦੇਣ ਲਈ ਪਵਿੱਤਰ ਕਰਦਾ ਹੈ, ਤਾਂ ਪੁਜਾਰੀ ਘਰ ਦੀ ਕੀਮਤ ਤੈਅ ਕਰੇਗਾ, ਚਾਹੇ ਘਰ ਦੀ ਹਾਲਤ ਚੰਗੀ ਹੈ ਜਾਂ ਮਾੜੀ। ਪੁਜਾਰੀ ਜੋ ਵੀ ਕੀਮਤ ਤੈਅ ਕਰੇਗਾ, ਉਹੀ ਘਰ ਦੀ ਕੀਮਤ ਹੋਵੇਗੀ।+ 15 ਪਰ ਘਰ ਨੂੰ ਪਵਿੱਤਰ ਕਰਨ ਤੋਂ ਬਾਅਦ ਜੇ ਉਹ ਆਦਮੀ ਆਪਣਾ ਘਰ ਵਾਪਸ ਖ਼ਰੀਦਣਾ ਚਾਹੁੰਦਾ ਹੈ, ਤਾਂ ਉਸ ਨੂੰ ਘਰ ਦੀ ਤੈਅ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ ਦੇਣਾ ਪਵੇਗਾ ਅਤੇ ਘਰ ਉਸ ਦਾ ਹੋ ਜਾਵੇਗਾ।

16 “‘ਜੇ ਕੋਈ ਆਦਮੀ ਆਪਣੇ ਖੇਤ ਦਾ ਕੁਝ ਹਿੱਸਾ ਯਹੋਵਾਹ ਨੂੰ ਦੇਣ ਲਈ ਪਵਿੱਤਰ ਕਰਦਾ ਹੈ, ਤਾਂ ਉਸ ਹਿੱਸੇ ਵਿਚ ਕਿੰਨਾ ਬੀ ਬੀਜਿਆ ਜਾ ਸਕਦਾ ਹੈ, ਉਸ ਮੁਤਾਬਕ ਉਸ ਹਿੱਸੇ ਦੀ ਕੀਮਤ ਤੈਅ ਕੀਤੀ ਜਾਵੇਗੀ: ਇਕ ਹੋਮਰ* ਜੌਂ ਦੀ ਕੀਮਤ 50 ਸ਼ੇਕੇਲ ਚਾਂਦੀ ਹੋਵੇਗੀ। 17 ਜੇ ਉਹ ਆਜ਼ਾਦੀ ਦੇ ਸਾਲ+ ਤੋਂ ਆਪਣਾ ਖੇਤ ਪਵਿੱਤਰ ਕਰਦਾ ਹੈ, ਤਾਂ ਇਸ ਦੀ ਤੈਅ ਕੀਮਤ ਬਦਲੀ ਨਹੀਂ ਜਾ ਸਕਦੀ। 18 ਜੇ ਉਹ ਆਜ਼ਾਦੀ ਦੇ ਸਾਲ ਤੋਂ ਬਾਅਦ ਖੇਤ ਪਵਿੱਤਰ ਕਰਦਾ ਹੈ, ਤਾਂ ਪੁਜਾਰੀ ਦੇਖੇ ਕਿ ਅਗਲਾ ਆਜ਼ਾਦੀ ਦਾ ਸਾਲ ਆਉਣ ਤਕ ਕਿੰਨੇ ਸਾਲ ਰਹਿੰਦੇ ਹਨ ਅਤੇ ਫਿਰ ਉਹ ਉਸ ਅਨੁਸਾਰ ਖੇਤ ਦੀ ਕੀਮਤ ਦਾ ਹਿਸਾਬ ਲਾਵੇ ਅਤੇ ਫਿਰ ਇਸ ਕੀਮਤ ਨੂੰ ਤੈਅ ਕੀਤੀ ਗਈ ਕੀਮਤ ਵਿੱਚੋਂ ਘਟਾਵੇ।+ 19 ਪਰ ਖੇਤ ਨੂੰ ਪਵਿੱਤਰ ਕਰਨ ਤੋਂ ਬਾਅਦ ਜੇ ਉਹ ਆਦਮੀ ਕਦੀ ਖੇਤ ਵਾਪਸ ਖ਼ਰੀਦਣਾ ਚਾਹੁੰਦਾ ਹੈ, ਤਾਂ ਉਸ ਨੂੰ ਖੇਤ ਦੀ ਤੈਅ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ ਦੇਣਾ ਪਵੇਗਾ ਅਤੇ ਖੇਤ ਉਸ ਦਾ ਹੋ ਜਾਵੇਗਾ। 20 ਜੇ ਉਹ ਆਦਮੀ ਖੇਤ ਵਾਪਸ ਨਹੀਂ ਖ਼ਰੀਦਦਾ ਅਤੇ ਖੇਤ ਕਿਸੇ ਹੋਰ ਆਦਮੀ ਨੂੰ ਵੇਚ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਦੁਬਾਰਾ ਨਹੀਂ ਖ਼ਰੀਦਿਆ ਜਾ ਸਕਦਾ। 21 ਆਜ਼ਾਦੀ ਦੇ ਸਾਲ ਵਿਚ ਉਹ ਖੇਤ ਯਹੋਵਾਹ ਦਾ ਹੋ ਜਾਵੇਗਾ; ਉਹ ਪਵਿੱਤਰ ਅਤੇ ਉਸ ਨੂੰ ਅਰਪਿਤ ਕੀਤੀ ਹੋਈ ਚੀਜ਼ ਹੋ ਜਾਵੇਗਾ। ਉਹ ਖੇਤ ਪੁਜਾਰੀਆਂ ਦੀ ਜਾਇਦਾਦ ਬਣ ਜਾਵੇਗਾ।+

22 “‘ਜੇ ਕੋਈ ਆਦਮੀ ਅਜਿਹਾ ਖੇਤ ਯਹੋਵਾਹ ਨੂੰ ਦੇਣ ਲਈ ਪਵਿੱਤਰ ਕਰਦਾ ਹੈ ਜੋ ਉਸ ਨੇ ਖ਼ਰੀਦਿਆ ਹੈ, ਪਰ ਉਸ ਦੀ ਜੱਦੀ ਜ਼ਮੀਨ ਦਾ ਹਿੱਸਾ ਨਹੀਂ ਹੈ,+ 23 ਤਾਂ ਪੁਜਾਰੀ ਹਿਸਾਬ ਲਾਵੇਗਾ ਕਿ ਆਜ਼ਾਦੀ ਦਾ ਸਾਲ ਆਉਣ ਤਕ ਕਿੰਨੇ ਸਾਲ ਰਹਿੰਦੇ ਹਨ ਅਤੇ ਫਿਰ ਉਸ ਅਨੁਸਾਰ ਖੇਤ ਦੀ ਕੀਮਤ ਤੈਅ ਕਰੇਗਾ। ਉਹ ਆਦਮੀ ਉਸੇ ਦਿਨ ਕੀਮਤ ਅਦਾ ਕਰੇਗਾ।+ ਉਹ ਪੈਸਾ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਹੋਵੇਗਾ। 24 ਆਜ਼ਾਦੀ ਦੇ ਸਾਲ ਵਿਚ ਖੇਤ ਅਸਲੀ ਮਾਲਕ ਨੂੰ ਵਾਪਸ ਮਿਲ ਜਾਵੇਗਾ ਜਿਸ ਤੋਂ ਖ਼ਰੀਦਿਆ ਗਿਆ ਸੀ।+

25 “‘ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ ਹੀ ਹਰ ਕੀਮਤ ਤੈਅ ਕੀਤੀ ਜਾਵੇ। ਇਕ ਸ਼ੇਕੇਲ 20 ਗੀਰਾਹ* ਦੇ ਬਰਾਬਰ ਹੋਣਾ ਚਾਹੀਦਾ ਹੈ।

26 “‘ਪਰ ਜਾਨਵਰਾਂ ਦਾ ਕੋਈ ਵੀ ਜੇਠਾ ਯਹੋਵਾਹ ਨੂੰ ਦੇਣ ਲਈ ਪਵਿੱਤਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੇਠਾ ਹੋਣ ਕਰਕੇ ਇਹ ਜਨਮ ਤੋਂ ਹੀ ਉਸ ਦਾ ਹੁੰਦਾ ਹੈ।+ ਚਾਹੇ ਉਹ ਬਲਦ ਦਾ ਜੇਠਾ ਹੋਵੇ ਜਾਂ ਭੇਡ ਦਾ, ਉਹ ਪਹਿਲਾਂ ਹੀ ਯਹੋਵਾਹ ਦਾ ਹੈ।+ 27 ਪਰ ਅਸ਼ੁੱਧ ਜਾਨਵਰ ਦੇ ਜੇਠੇ ਨੂੰ ਛੁਡਾਇਆ ਜਾ ਸਕਦਾ ਹੈ। ਜੇ ਕੋਈ ਉਸ ਨੂੰ ਛੁਡਾਉਂਦਾ ਹੈ, ਤਾਂ ਉਹ ਉਸ ਦੀ ਤੈਅ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ ਦੇਵੇ।+ ਪਰ ਜੇ ਉਹ ਜਾਨਵਰ ਨੂੰ ਵਾਪਸ ਨਹੀਂ ਖ਼ਰੀਦਦਾ, ਤਾਂ ਜਾਨਵਰ ਨੂੰ ਤੈਅ ਕੀਮਤ ਮੁਤਾਬਕ ਵੇਚਿਆ ਜਾਵੇਗਾ।

28 “‘ਜੇ ਕੋਈ ਆਦਮੀ ਬਿਨਾਂ ਕਿਸੇ ਸ਼ਰਤ ਦੇ ਯਹੋਵਾਹ ਨੂੰ ਕੁਝ ਅਰਪਿਤ* ਕਰਦਾ ਹੈ, ਚਾਹੇ ਉਹ ਕੋਈ ਇਨਸਾਨ ਹੋਵੇ ਜਾਂ ਜਾਨਵਰ ਜਾਂ ਖੇਤ, ਤਾਂ ਉਹ ਵੇਚਿਆ ਜਾਂ ਵਾਪਸ ਖ਼ਰੀਦਿਆ ਨਹੀਂ ਜਾ ਸਕਦਾ। ਅਰਪਿਤ ਕੀਤੀ ਗਈ ਹਰ ਚੀਜ਼ ਯਹੋਵਾਹ ਲਈ ਅੱਤ ਪਵਿੱਤਰ ਹੈ।+ 29 ਇਸ ਤੋਂ ਇਲਾਵਾ ਜਿਸ ਅਪਰਾਧੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਸ ਨੂੰ ਰਿਹਾਈ ਦੀ ਕੀਮਤ ਦੇ ਕੇ ਛੁਡਾਇਆ ਨਹੀਂ ਜਾ ਸਕਦਾ।+ ਉਸ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ।+

30 “‘ਜ਼ਮੀਨ ਦੀ ਪੈਦਾਵਾਰ ਦਾ ਦਸਵਾਂ ਹਿੱਸਾ+ ਯਹੋਵਾਹ ਦਾ ਹੈ, ਚਾਹੇ ਫ਼ਸਲ ਦਾ ਹੋਵੇ ਜਾਂ ਦਰਖ਼ਤਾਂ ਦੇ ਫਲਾਂ ਦਾ। ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਹੈ। 31 ਜੇ ਕੋਈ ਆਦਮੀ ਉਸ ਦਸਵੇਂ ਹਿੱਸੇ ਨੂੰ ਵਾਪਸ ਖ਼ਰੀਦਣਾ ਚਾਹੁੰਦਾ ਹੈ, ਤਾਂ ਉਹ ਉਸ ਚੀਜ਼ ਦੀ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ ਦੇਵੇ। 32 ਗਾਂਵਾਂ-ਬਲਦਾਂ ਜਾਂ ਭੇਡਾਂ-ਬੱਕਰੀਆਂ ਦਾ ਦਸਵਾਂ ਹਿੱਸਾ ਪਰਮੇਸ਼ੁਰ ਨੂੰ ਦਿੱਤਾ ਜਾਵੇ। ਉਨ੍ਹਾਂ ਦੀ ਗਿਣਤੀ ਕਰਨ ਵੇਲੇ ਚਰਵਾਹੇ ਦੇ ਡੰਡੇ ਥੱਲਿਓਂ ਲੰਘਣ ਵਾਲਾ ਹਰ ਦਸਵਾਂ ਜਾਨਵਰ ਯਹੋਵਾਹ ਨੂੰ ਦੇਣ ਲਈ ਪਵਿੱਤਰ ਹੋਵੇਗਾ। 33 ਉਹ ਇਹ ਨਾ ਜਾਂਚੇ ਕਿ ਜਾਨਵਰ ਚੰਗਾ ਹੈ ਜਾਂ ਮਾੜਾ ਅਤੇ ਨਾ ਹੀ ਉਸ ਦੇ ਬਦਲੇ ਕੋਈ ਹੋਰ ਜਾਨਵਰ ਦੇਵੇ। ਪਰ ਜੇ ਉਹ ਜਾਨਵਰ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਪਹਿਲਾਂ ਵਾਲਾ ਜਾਨਵਰ ਅਤੇ ਉਸ ਦੇ ਬਦਲੇ ਦਿੱਤਾ ਜਾਣ ਵਾਲਾ ਜਾਨਵਰ ਦੋਵੇਂ ਪਵਿੱਤਰ ਹੋ ਜਾਣਗੇ।+ ਉਹ ਵਾਪਸ ਨਹੀਂ ਖ਼ਰੀਦੇ ਜਾ ਸਕਦੇ।’”

34 ਯਹੋਵਾਹ ਨੇ ਇਹ ਸਾਰੇ ਹੁਕਮ ਸੀਨਈ ਪਹਾੜ ਉੱਤੇ ਮੂਸਾ ਨੂੰ ਇਜ਼ਰਾਈਲੀਆਂ ਵਾਸਤੇ ਦਿੱਤੇ ਸਨ।+

ਇਬ, “ਇਜ਼ਰਾਈਲ ਦੇ ਪੁੱਤਰਾਂ।”

ਜਾਂ, “ਗੁਰਦਿਆਂ ਦੇ ਆਲੇ-ਦੁਆਲੇ ਦੀ ਚਰਬੀ।”

ਜਾਂ, “ਗੁਰਦਿਆਂ ਦੇ ਆਲੇ-ਦੁਆਲੇ ਦੀ ਚਰਬੀ।”

ਜਾਂ, “ਚਰਬੀ ਵਾਲੀ ਸੁਆਹ,” ਯਾਨੀ ਚੜ੍ਹਾਏ ਗਏ ਜਾਨਵਰਾਂ ਦੀ ਚਰਬੀ ਨਾਲ ਗਿੱਲੀ ਹੋਈ ਸੁਆਹ।

ਜਾਂ, “ਯਾਦਗਾਰੀ ਹਿੱਸੇ।”

ਜਾਂ, “ਯਾਦਗਾਰੀ ਹਿੱਸੇ।”

ਜਾਂ, “ਖਮੀਰ।”

ਮਧੂ-ਮੱਖੀਆਂ ਦਾ ਸ਼ਹਿਦ ਨਹੀਂ, ਸਗੋਂ ਫਲਾਂ ਦਾ ਰਸ।

ਜਾਂ, “ਹਰੇ ਸਿੱਟੇ।”

ਜਾਂ, “ਯਾਦਗਾਰੀ ਹਿੱਸੇ।”

ਇਬ, “ਰੋਟੀਆਂ,” ਯਾਨੀ ਸ਼ਾਂਤੀ-ਬਲ਼ੀਆਂ ਵਿੱਚੋਂ ਪਰਮੇਸ਼ੁਰ ਦਾ ਹਿੱਸਾ।

ਇਬ, “ਰੋਟੀਆਂ,” ਯਾਨੀ ਸ਼ਾਂਤੀ-ਬਲ਼ੀਆਂ ਵਿੱਚੋਂ ਪਰਮੇਸ਼ੁਰ ਦਾ ਹਿੱਸਾ।

ਯਾਨੀ, ਮਹਾਂ ਪੁਜਾਰੀ।

ਜਾਂ, “ਚਰਬੀ ਵਾਲੀ ਸੁਆਹ,” ਯਾਨੀ ਚੜ੍ਹਾਏ ਗਏ ਜਾਨਵਰਾਂ ਦੀ ਚਰਬੀ ਨਾਲ ਗਿੱਲੀ ਹੋਈ ਸੁਆਹ।

ਇਬ, “ਸਰਾਪ (ਸਹੁੰ) ਦੀ ਆਵਾਜ਼।” ਸੰਭਵ ਹੈ ਕਿ ਇਹ ਅਪਰਾਧੀ ਦੇ ਖ਼ਿਲਾਫ਼ ਜਾਂ ਗਵਾਹੀ ਨਾ ਦੇਣ ਵਾਲੇ ਗਵਾਹ ਦੇ ਖ਼ਿਲਾਫ਼ ਸਰਾਪ ਦਾ ਐਲਾਨ ਸੀ।

ਸ਼ਾਇਦ ਇਸ ਦਾ ਮਤਲਬ ਹੈ ਕਿ ਉਸ ਨੇ ਆਪਣੀ ਸੁੱਖਣਾ ਪੂਰੀ ਨਹੀਂ ਕੀਤੀ।

ਇਕ ਏਫਾ ਦਾ ਦਸਵਾਂ ਹਿੱਸਾ 2.2 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਯਾਦਗਾਰੀ ਹਿੱਸੇ।”

ਜਾਂ, “ਪਵਿੱਤਰ ਸ਼ੇਕੇਲ।”

ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਸਥਾਨ।”

ਜਾਂ, “ਚਰਬੀ ਵਾਲੀ ਸੁਆਹ,” ਯਾਨੀ ਚੜ੍ਹਾਏ ਗਏ ਜਾਨਵਰਾਂ ਦੀ ਚਰਬੀ ਨਾਲ ਗਿੱਲੀ ਹੋਈ ਸੁਆਹ।

ਜਾਂ, “ਯਾਦਗਾਰੀ ਹਿੱਸੇ।”

ਜਾਂ, “ਚੜ੍ਹਾਵਿਆਂ।”

ਇਕ ਏਫਾ ਦਾ ਦਸਵਾਂ ਹਿੱਸਾ 2.2 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਸ਼ਾਇਦ ਪਵਿੱਤਰ ਤੰਬੂ ਦੇ ਵਿਹੜੇ ਵਿਚ।

ਜਾਂ, “ਪਵਿੱਤਰ ਤਾਜ।”

ਜਾਂ, “ਬੰਨ੍ਹੀਆਂ।”

ਜਾਂ, “ਗੁਰਦਿਆਂ ਦੇ ਆਲੇ-ਦੁਆਲੇ ਦੀ ਚਰਬੀ।”

ਇਬ, “ਨਿਯੁਕਤੀ ਕਰਨ ਵੇਲੇ ਵਰਤੀ ਗਈ ਟੋਕਰੀ।”

ਇਬ, “ਤੁਹਾਡੇ ਹੱਥ ਭਰਨ।”

ਸ਼ਾਇਦ ਪਵਿੱਤਰ ਤੰਬੂ ਦੇ ਵਿਹੜੇ ਵਿਚ।

ਜਾਂ, “ਜ਼ਮੀਨ ʼਤੇ ਰਹਿਣ ਵਾਲੇ ਇਨ੍ਹਾਂ ਜਾਨਵਰਾਂ।”

ਖਰਗੋਸ਼ ਵਰਗਾ ਇਕ ਜਾਨਵਰ।

ਜਾਂ, “ਕੀਟ-ਪਤੰਗੇ।”

ਇੱਥੇ ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਕੋੜ੍ਹ” ਕੀਤਾ ਗਿਆ ਹੈ, ਉਹ ਕਈ ਤਰ੍ਹਾਂ ਦੇ ਚਮੜੀ ਨੂੰ ਲੱਗਣ ਵਾਲੇ ਛੂਤ ਦੇ ਰੋਗਾਂ ਲਈ ਵਰਤਿਆ ਜਾਂਦਾ ਹੈ। ਇਹ ਕੱਪੜਿਆਂ ਅਤੇ ਘਰਾਂ ਨੂੰ ਲੱਗਣ ਵਾਲੀ ਉੱਲੀ ਲਈ ਵੀ ਵਰਤਿਆ ਜਾਂਦਾ ਹੈ।

ਜਾਂ, “ਬੀਮਾਰੀ।”

ਜਾਂ, “ਉਸ ਤੋਂ ਦੂਸਰਿਆਂ ਨੂੰ ਕੋੜ੍ਹ ਹੋਣ ਦਾ ਖ਼ਤਰਾ ਨਹੀਂ ਹੈ।”

ਇਬ, “ਤਿੰਨ-ਦਹਾਈ ਏਫਾ।” ਤਿੰਨ ਓਮਰ 6.6 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਕ ਲਾਗ 0.31 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਕ ਏਫਾ ਦਾ ਦਸਵਾਂ ਹਿੱਸਾ 2.2 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਦਾ ਪਾਪ।”

ਇਬ, “ਦਾ ਪਾਪ।”

ਇਬ, “ਸਰੀਰ।”

ਜਾਂ, “ਨੰਗੇਜ਼।”

ਸ਼ਾਇਦ ਇਸ ਦਾ ਮਤਲਬ ਹੈ “ਉਹ ਮੇਮਣਾ ਜੋ ਗਾਇਬ ਹੋ ਜਾਂਦਾ।”

ਜਾਂ, “ਜੋ ਤਿਆਰ-ਬਰ-ਤਿਆਰ ਖੜ੍ਹਾ ਹੈ।”

ਸ਼ਾਇਦ ਪਵਿੱਤਰ ਤੰਬੂ ਦੇ ਵਿਹੜੇ ਵਿਚ।

ਮੰਨਿਆ ਜਾਂਦਾ ਹੈ ਕਿ ਆਪਣੇ ਆਪ ਨੂੰ ਕਸ਼ਟ ਦੇਣ ਦਾ ਮਤਲਬ ਹੈ ਵਰਤ ਰੱਖਣਾ ਅਤੇ ਆਪਣੇ ਆਪ ਨੂੰ ਕੁਝ ਚੀਜ਼ਾਂ ਤੋਂ ਵਾਂਝਾ ਰੱਖਣਾ।

ਯਾਨੀ, ਮਹਾਂ ਪੁਜਾਰੀ।

ਇਬ, “ਹੱਥ ਭਰਿਆ ਜਾਵੇਗਾ।”

ਇਬ, “ਅੱਗੇ ਤੋਂ ਬੱਕਰਿਆਂ ਸਾਮ੍ਹਣੇ।”

ਯਾਨੀ, ਉਨ੍ਹਾਂ ਦੀ ਭਗਤੀ ਕਰਦੇ ਸਨ।

ਇਬ, “ਨੰਗੇਜ਼ ਨਾ ਉਘਾੜੇ,” ਇੱਥੇ ਅਤੇ ਅਗਲੀਆਂ ਆਇਤਾਂ ਵਿਚ।

ਇਬ, “ਇਹ ਤੇਰੇ ਪਿਤਾ ਦਾ ਨੰਗੇਜ਼ ਹੈ।”

ਇਬ, “ਆਪਣੇ ਚਾਚੇ ਜਾਂ ਤਾਏ ਦਾ ਨੰਗੇਜ਼ ਨਾ ਉਘਾੜੀਂ।”

ਇਬ, “ਇਹ ਤੇਰੇ ਭਰਾ ਦਾ ਨੰਗੇਜ਼ ਹੈ।”

ਜਾਂ, “ਬੇਸ਼ਰਮੀ ਭਰਿਆ ਕੰਮ; ਅਸ਼ਲੀਲ ਕੰਮ।”

ਜਾਂ, “ਸਾਥੀ।”

ਜਾਂ, “ਬਲ਼ੀ।”

ਇਬ, “ਡਰ ਰੱਖੇ।”

ਜਾਂ, “ਦੁਖੀ ਲੋਕਾਂ।”

ਇਬ, “ਦੇ ਖ਼ੂਨ।”

ਜਾਂ ਸੰਭਵ ਹੈ, “ਜਦੋਂ ਤੇਰੇ ਗੁਆਂਢੀ ਦੀ ਜਾਨ ਖ਼ਤਰੇ ਵਿਚ ਹੋਵੇ, ਤਾਂ ਤੂੰ ਚੁੱਪ-ਚਾਪ ਖੜ੍ਹਾ ਨਾ ਰਹਿ।”

ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।

ਜਾਂ, “ਨਾ ਕਤਰੋ; ਨਾ ਕੱਟੋ।”

ਜਾਂ, “ਟੈਟੂ।”

ਇਬ, “ਡਰ ਰੱਖਣਾ।”

ਯਾਨੀ, ਮਰੇ ਹੋਇਆਂ ਨਾਲ ਗੱਲ ਕਰਨ ਦਾ ਦਾਅਵਾ ਕਰਨ ਵਾਲਾ ਇਨਸਾਨ।

ਇਬ, “ਸਹੀ ਏਫਾ ਅਤੇ ਸਹੀ ਹੀਨ।” ਵਧੇਰੇ ਜਾਣਕਾਰੀ 2.14 ਦੇਖੋ।

ਯਾਨੀ, ਮੋਲਕ ਦੀ ਭਗਤੀ।

ਯਾਨੀ, ਮਰੇ ਹੋਇਆਂ ਨਾਲ ਗੱਲ ਕਰਨ ਦਾ ਦਾਅਵਾ ਕਰਨ ਵਾਲਾ ਇਨਸਾਨ।

ਇਬ, “ਉਹ ਉਨ੍ਹਾਂ ਨਾਲ ਹਰਾਮਕਾਰੀ ਕਰਦਾ ਹੈ।”

ਜਾਂ, “ਸਰਾਪ ਦਿੰਦਾ।”

ਜਾਂ, “ਸਰਾਪ ਦਿੱਤਾ।”

ਇਬ, “ਆਪਣੇ ਪਿਤਾ ਦਾ ਨੰਗੇਜ਼ ਉਘਾੜਦਾ ਹੈ।”

ਜਾਂ, “ਬੇਸ਼ਰਮੀ ਭਰਿਆ ਕੰਮ; ਅਸ਼ਲੀਲ ਕੰਮ।”

ਇਬ, “ਆਪਣੀ ਭੈਣ ਦਾ ਨੰਗੇਜ਼ ਉਘਾੜਿਆ ਹੈ।”

ਇਬ, “ਆਪਣੇ ਚਾਚੇ ਜਾਂ ਤਾਏ ਦਾ ਨੰਗੇਜ਼ ਉਘਾੜਦਾ ਹੈ।”

ਯਾਨੀ, ਆਪਣੇ ਭਰਾ ਦੇ ਜੀਉਂਦੇ-ਜੀ।

ਇਬ, “ਆਪਣੇ ਭਰਾ ਦਾ ਨੰਗੇਜ਼ ਉਘਾੜਿਆ ਹੈ।”

ਯਾਨੀ, ਬਲ਼ੀਆਂ।

ਇਬ, “ਲਈ ਹੱਥ ਭਰਿਆ ਗਿਆ ਹੈ।”

ਇਬ, “ਬੀ।”

ਇਬ, “ਬੀ।”

ਇਬ, “ਨੱਕ ʼਤੇ ਚੀਰਾ ਹੋਵੇ।”

ਜਾਂ ਸੰਭਵ ਹੈ, “ਲਿੱਸਾ।”

ਇਬ, “ਬੀ।”

ਇਬ, “ਤੋਂ ਆਪਣੇ ਆਪ ਨੂੰ ਵੱਖਰਾ ਕਰਨ।”

ਇਬ, “ਕੋਈ ਅਜਨਬੀ,” ਯਾਨੀ ਜੋ ਹਾਰੂਨ ਦੇ ਪਰਿਵਾਰ ਵਿੱਚੋਂ ਨਹੀਂ ਹੁੰਦਾ ਸੀ।

ਜਾਂ, “ਅਜਨਬੀ।”

ਇਬ, “ਕੋਈ ਅਜਨਬੀ,” ਯਾਨੀ ਜੋ ਹਾਰੂਨ ਦੇ ਪਰਿਵਾਰ ਵਿੱਚੋਂ ਨਹੀਂ ਹੁੰਦਾ ਸੀ।

ਇਬ, “ਦੋ ਸ਼ਾਮਾਂ ਵਿਚਕਾਰ।” ਕੂਚ 12:​6, ਫੁਟਨੋਟ ਦੇਖੋ।

ਇਬ, “ਦੋ-ਦਹਾਈ ਏਫਾ।” ਦੋ ਓਮਰ 4.4 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਕ ਹੀਨ 3.67 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਸੱਤ ਸਬਤ।”

ਇਬ, “ਦੋ-ਦਹਾਈ ਏਫਾ।” ਦੋ ਓਮਰ 4.4 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਦੁਖੀਆਂ।”

ਇਬ, “ਸੁਲ੍ਹਾ ਦਾ ਦਿਨ।”

ਲੇਵੀ 16:​29, ਫੁਟਨੋਟ ਦੇਖੋ।

ਜਾਂ ਸੰਭਵ ਹੈ, “ਵਰਤ ਨਹੀਂ ਰੱਖੇਗਾ।”

ਜਾਂ, “ਪਾਪਲਰ।”

ਇਬ, “ਦੋ-ਦਹਾਈ ਏਫਾ।” ਦੋ ਓਮਰ 4.4 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਯਾਦਗਾਰੀ ਹਿੱਸੇ।”

ਸ਼ਾਇਦ ਪਵਿੱਤਰ ਤੰਬੂ ਦੇ ਵਿਹੜੇ ਵਿਚ।

ਇਬ, “ਪੁੱਤਰਾਂ।”

ਜਾਂ, “ਕੋਈ ਵੀ ਰਿਸ਼ਤੇਦਾਰ ਜਿਸ ਨਾਲ ਉਸ ਦਾ ਖ਼ੂਨ ਦਾ ਰਿਸ਼ਤਾ ਹੈ।”

ਇਬ, “ਪੁੱਤਰ।”

ਇਬ, “ਰੋਟੀ ਦੀ ਹਰ ਕਿੱਲੀ ਤੋੜ ਦਿਆਂਗਾ।” ਸ਼ਾਇਦ ਇਨ੍ਹਾਂ ਕਿੱਲੀਆਂ ʼਤੇ ਰੋਟੀਆਂ ਟੰਗੀਆਂ ਜਾਂਦੀਆਂ ਸਨ।

ਜਾਂ, “ਪਵਿੱਤਰ ਸ਼ੇਕੇਲ ਮੁਤਾਬਕ।”

ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਕ ਹੋਮਰ 220 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਕ ਗੀਰਾਹ 0.57 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਨਾਸ਼ ਲਈ ਅਰਪਿਤ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ