ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਬਿਵਸਥਾ ਸਾਰ 1:1 - 34:12
  • ਬਿਵਸਥਾ ਸਾਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਿਵਸਥਾ ਸਾਰ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਬਿਵਸਥਾ ਸਾਰ

ਬਿਵਸਥਾ ਸਾਰ

1 ਮੂਸਾ ਨੇ ਇਹ ਗੱਲਾਂ ਇਜ਼ਰਾਈਲ ਨੂੰ ਯਰਦਨ ਦੇ ਨੇੜੇ ਉਜਾੜ ਵਿਚ ਕਹੀਆਂ ਸਨ। ਇਹ ਉਜਾੜ ਸੂਫ ਦੇ ਸਾਮ੍ਹਣੇ ਅਤੇ ਪਾਰਾਨ, ਤੋਫਲ, ਲਾਬਾਨ, ਹਸੇਰੋਥ ਅਤੇ ਦੀਜ਼ਾਹਾਬ ਦੇ ਵਿਚਕਾਰ ਹੈ। 2 ਸੇਈਰ ਪਹਾੜ ਦੇ ਰਸਤਿਓਂ ਹੋਰੇਬ ਤੋਂ ਕਾਦੇਸ਼-ਬਰਨੇਆ+ ਜਾਣ ਲਈ 11 ਦਿਨ ਲੱਗਦੇ ਹਨ। 3 ਅਤੇ 40ਵੇਂ ਸਾਲ+ ਦੇ 11ਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਮੂਸਾ ਨੇ ਇਜ਼ਰਾਈਲੀਆਂ* ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜੋ ਯਹੋਵਾਹ ਨੇ ਮੂਸਾ ਨੂੰ ਉਨ੍ਹਾਂ ਨੂੰ ਦੱਸਣ ਲਈ ਕਹੀਆਂ ਸਨ। 4 ਇਸ ਤੋਂ ਪਹਿਲਾਂ ਮੂਸਾ ਨੇ ਅਮੋਰੀਆਂ ਦੇ ਰਾਜੇ ਸੀਹੋਨ+ ਨੂੰ ਅਤੇ ਅਦਰਈ ਵਿਚ ਬਾਸ਼ਾਨ ਦੇ ਰਾਜੇ ਓਗ+ ਨੂੰ ਹਰਾਇਆ ਸੀ। ਸੀਹੋਨ ਹਸ਼ਬੋਨ ਵਿਚ ਰਹਿੰਦਾ ਸੀ ਅਤੇ ਓਗ ਅਸ਼ਤਾਰਾਥ ਵਿਚ ਰਹਿੰਦਾ ਸੀ।+ 5 ਮੋਆਬ ਵਿਚ ਯਰਦਨ ਦੇ ਇਲਾਕੇ ਵਿਚ ਮੂਸਾ ਨੇ ਇਸ ਕਾਨੂੰਨ ਨੂੰ ਸਮਝਾਉਣਾ ਸ਼ੁਰੂ ਕੀਤਾ।+ ਉਸ ਨੇ ਕਿਹਾ:

6 “ਸਾਡੇ ਪਰਮੇਸ਼ੁਰ ਯਹੋਵਾਹ ਨੇ ਹੋਰੇਬ ਵਿਚ ਸਾਨੂੰ ਕਿਹਾ ਸੀ, ‘ਤੁਸੀਂ ਇਸ ਪਹਾੜੀ ਇਲਾਕੇ ਵਿਚ ਲੰਬੇ ਸਮੇਂ ਤੋਂ ਰੁਕੇ ਹੋਏ ਹੋ।+ 7 ਹੁਣ ਤੁਸੀਂ ਉੱਠੋ ਅਤੇ ਅਮੋਰੀਆਂ+ ਦੇ ਪਹਾੜੀ ਇਲਾਕੇ ਅਤੇ ਇਸ ਦੇ ਨੇੜਲੇ ਇਨ੍ਹਾਂ ਸਾਰੇ ਇਲਾਕਿਆਂ ਵਿਚ ਜਾਓ: ਅਰਾਬਾਹ,+ ਪਹਾੜੀ ਇਲਾਕਾ, ਸ਼ੇਫਲਾਹ, ਨੇਗੇਬ, ਸਮੁੰਦਰੀ ਤਟ+ ਅਤੇ ਕਨਾਨੀਆਂ ਦਾ ਦੇਸ਼। ਤੁਸੀਂ ਲਬਾਨੋਨ*+ ਅਤੇ ਵੱਡੇ ਦਰਿਆ ਫ਼ਰਾਤ+ ਤਕ ਜਾਓ। 8 ਸਾਰਾ ਦੇਸ਼ ਤੁਹਾਡੇ ਸਾਮ੍ਹਣੇ ਹੈ। ਜਾਓ ਅਤੇ ਉਸ ਦੇਸ਼ ʼਤੇ ਕਬਜ਼ਾ ਕਰੋ ਜਿਸ ਬਾਰੇ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ+ ਅਤੇ ਯਾਕੂਬ+ ਨਾਲ ਸਹੁੰ ਖਾਧੀ ਸੀ ਕਿ ਉਹ ਇਹ ਦੇਸ਼ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਸੰਤਾਨ* ਨੂੰ ਦੇਵੇਗਾ।’+

9 “ਅਤੇ ਮੈਂ ਉਸ ਵੇਲੇ ਤੁਹਾਨੂੰ ਕਿਹਾ ਸੀ, ‘ਮੈਂ ਇਕੱਲਾ ਤੁਹਾਨੂੰ ਸਾਂਭ ਨਹੀਂ ਸਕਦਾ।+ 10 ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਇੰਨਾ ਵਧਾਇਆ ਹੈ ਕਿ ਅੱਜ ਤੁਹਾਡੀ ਗਿਣਤੀ ਆਕਾਸ਼ ਦੇ ਤਾਰਿਆਂ ਜਿੰਨੀ ਹੈ।+ 11 ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਹੋਰ ਵੀ ਹਜ਼ਾਰ ਗੁਣਾ ਵਧਾਵੇ+ ਅਤੇ ਆਪਣੇ ਵਾਅਦੇ ਅਨੁਸਾਰ ਤੁਹਾਨੂੰ ਬਰਕਤ ਦੇਵੇ।+ 12 ਮੈਂ ਇਕੱਲਾ ਕਿਸ ਤਰ੍ਹਾਂ ਤੁਹਾਡਾ ਬੋਝ ਚੁੱਕ ਸਕਦਾਂ ਅਤੇ ਤੁਹਾਡੀਆਂ ਸਮੱਸਿਆਵਾਂ ਤੇ ਝਗੜੇ ਨਜਿੱਠ ਸਕਦਾਂ?+ 13 ਇਸ ਲਈ ਤੁਸੀਂ ਆਪਣੇ ਗੋਤਾਂ ਵਿੱਚੋਂ ਬੁੱਧੀਮਾਨ, ਸਮਝਦਾਰ ਅਤੇ ਤਜਰਬੇਕਾਰ ਆਦਮੀ ਚੁਣੋ ਅਤੇ ਮੈਂ ਉਨ੍ਹਾਂ ਨੂੰ ਤੁਹਾਡੇ ʼਤੇ ਮੁਖੀਆਂ ਵਜੋਂ ਨਿਯੁਕਤ ਕਰਾਂਗਾ।’+ 14 ਤੁਸੀਂ ਮੈਨੂੰ ਜਵਾਬ ਵਿਚ ਕਿਹਾ ਸੀ, ‘ਹਾਂ, ਇਸ ਤਰ੍ਹਾਂ ਕਰਨਾ ਵਧੀਆ ਹੋਵੇਗਾ।’ 15 ਇਸ ਲਈ ਮੈਂ ਤੁਹਾਡੇ ਗੋਤਾਂ ਦੇ ਮੁਖੀਆਂ ਵਿੱਚੋਂ ਬੁੱਧੀਮਾਨ ਅਤੇ ਤਜਰਬੇਕਾਰ ਆਦਮੀਆਂ ਨੂੰ ਚੁਣ ਕੇ ਤੁਹਾਡੇ ʼਤੇ ਮੁਖੀਆਂ ਵਜੋਂ ਨਿਯੁਕਤ ਕੀਤਾ। ਮੈਂ ਉਨ੍ਹਾਂ ਨੂੰ ਹਜ਼ਾਰ-ਹਜ਼ਾਰ ਉੱਤੇ, ਸੌ-ਸੌ ਉੱਤੇ, ਪੰਜਾਹ-ਪੰਜਾਹ ਉੱਤੇ ਅਤੇ ਦਸ-ਦਸ ਉੱਤੇ ਮੁਖੀਆਂ ਅਤੇ ਤੁਹਾਡੇ ਗੋਤਾਂ ਦੇ ਅਧਿਕਾਰੀਆਂ ਵਜੋਂ ਨਿਯੁਕਤ ਕੀਤਾ।+

16 “ਉਸ ਸਮੇਂ ਮੈਂ ਤੁਹਾਡੇ ਨਿਆਂਕਾਰਾਂ ਨੂੰ ਇਹ ਹਿਦਾਇਤ ਦਿੱਤੀ, ‘ਤੁਸੀਂ ਸੱਚਾਈ ਨਾਲ ਹਰ ਮਸਲੇ ਦਾ ਫ਼ੈਸਲਾ ਕਰੋ,+ ਚਾਹੇ ਇਹ ਮਸਲਾ ਦੋ ਇਜ਼ਰਾਈਲੀਆਂ ਜਾਂ ਫਿਰ ਕਿਸੇ ਇਜ਼ਰਾਈਲੀ ਤੇ ਪਰਦੇਸੀ ਵਿਚ ਹੋਵੇ।+ 17 ਤੁਸੀਂ ਫ਼ੈਸਲਾ ਕਰਦੇ ਵੇਲੇ ਪੱਖਪਾਤ ਨਾ ਕਰੋ।+ ਤੁਸੀਂ ਕਮਜ਼ੋਰ ਤੇ ਤਾਕਤਵਰ ਦੋਵਾਂ ਦੀ ਗੱਲ ਸੁਣੋ।+ ਤੁਸੀਂ ਇਨਸਾਨਾਂ ਤੋਂ ਨਾ ਡਰੋ+ ਕਿਉਂਕਿ ਨਿਆਂ ਕਰਨ ਵਾਲਾ ਪਰਮੇਸ਼ੁਰ ਹੀ ਹੈ।+ ਜੇ ਤੁਹਾਡੇ ਲਈ ਕਿਸੇ ਮਸਲੇ ਨੂੰ ਸੁਲਝਾਉਣਾ ਬਹੁਤ ਔਖਾ ਹੈ, ਤਾਂ ਉਹ ਮਸਲਾ ਮੇਰੇ ਕੋਲ ਲੈ ਕੇ ਆਓ ਅਤੇ ਮੈਂ ਇਸ ਦੀ ਸੁਣਵਾਈ ਕਰਾਂਗਾ।’+ 18 ਮੈਂ ਤੁਹਾਨੂੰ ਉਸ ਵੇਲੇ ਹੀ ਦੱਸ ਦਿੱਤਾ ਸੀ ਕਿ ਤੁਸੀਂ ਕੀ ਕਰਨਾ ਹੈ।

19 “ਫਿਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਹੁਕਮ ਮੰਨਦੇ ਹੋਏ ਹੋਰੇਬ ਤੋਂ ਤੁਰ ਪਏ ਅਤੇ ਵੱਡੀ ਅਤੇ ਖ਼ਤਰਨਾਕ ਉਜਾੜ ਵਿੱਚੋਂ ਦੀ ਲੰਘੇ।+ ਇਹ ਉਜਾੜ ਤੁਸੀਂ ਅਮੋਰੀਆਂ ਦੇ ਪਹਾੜੀ ਇਲਾਕੇ+ ਨੂੰ ਜਾਂਦੇ ਹੋਏ ਰਾਹ ਵਿਚ ਦੇਖੀ ਸੀ। ਫਿਰ ਅਸੀਂ ਤੁਰਦੇ ਹੋਏ ਕਾਦੇਸ਼-ਬਰਨੇਆ ਪਹੁੰਚੇ।+ 20 ਫਿਰ ਮੈਂ ਤੁਹਾਨੂੰ ਕਿਹਾ ਸੀ, ‘ਤੁਸੀਂ ਅਮੋਰੀਆਂ ਦੇ ਪਹਾੜੀ ਇਲਾਕੇ ਵਿਚ ਆ ਗਏ ਹੋ ਜੋ ਸਾਡਾ ਪਰਮੇਸ਼ੁਰ ਯਹੋਵਾਹ ਸਾਨੂੰ ਦੇਵੇਗਾ। 21 ਦੇਖੋ, ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਇਹ ਦੇਸ਼ ਤੁਹਾਡੇ ਹਵਾਲੇ ਕਰ ਦਿੱਤਾ ਹੈ। ਜਾਓ ਅਤੇ ਇਸ ਉੱਤੇ ਕਬਜ਼ਾ ਕਰੋ, ਠੀਕ ਜਿਵੇਂ ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਕਿਹਾ ਸੀ।+ ਤੁਸੀਂ ਨਾ ਡਰੋ ਅਤੇ ਨਾ ਹੀ ਖ਼ੌਫ਼ ਖਾਓ।’

22 “ਪਰ ਤੁਸੀਂ ਸਾਰਿਆਂ ਨੇ ਮੇਰੇ ਕੋਲ ਆ ਕੇ ਕਿਹਾ, ‘ਕਿਉਂ ਨਾ ਆਪਾਂ ਪਹਿਲਾਂ ਉਸ ਦੇਸ਼ ਦੀ ਜਾਸੂਸੀ ਕਰਨ ਲਈ ਕੁਝ ਆਦਮੀ ਘੱਲੀਏ ਜੋ ਵਾਪਸ ਆ ਕੇ ਸਾਨੂੰ ਦੱਸਣਗੇ ਕਿ ਸਾਨੂੰ ਕਿਹੜੇ ਰਾਹ ਜਾਣਾ ਚਾਹੀਦਾ ਹੈ ਅਤੇ ਉੱਥੇ ਸਾਨੂੰ ਕਿਹੋ ਜਿਹੇ ਸ਼ਹਿਰਾਂ ਨਾਲ ਲੜਨਾ ਪਵੇਗਾ।’+ 23 ਮੈਨੂੰ ਤੁਹਾਡੀ ਸਲਾਹ ਚੰਗੀ ਲੱਗੀ, ਇਸ ਲਈ ਮੈਂ ਇਸ ਕੰਮ ਲਈ 12 ਆਦਮੀ ਯਾਨੀ ਸਾਰੇ ਗੋਤਾਂ ਵਿੱਚੋਂ ਇਕ-ਇਕ ਆਦਮੀ ਚੁਣਿਆ।+ 24 ਉਹ ਉੱਥੋਂ ਤੁਰ ਕੇ ਪਹਾੜੀ ਇਲਾਕੇ+ ਵਿਚ ਗਏ ਅਤੇ ਉਨ੍ਹਾਂ ਨੇ ਅਸ਼ਕੋਲ ਘਾਟੀ ਵਿਚ ਪਹੁੰਚ ਕੇ ਉਸ ਦੇਸ਼ ਦੀ ਜਾਸੂਸੀ ਕੀਤੀ। 25 ਉਹ ਸਾਡੇ ਲਈ ਉਸ ਦੇਸ਼ ਦੇ ਕੁਝ ਫਲ ਲੈ ਕੇ ਆਏ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ, ‘ਸਾਡਾ ਪਰਮੇਸ਼ੁਰ ਯਹੋਵਾਹ ਸਾਨੂੰ ਜੋ ਦੇਸ਼ ਦੇਵੇਗਾ, ਉਹ ਬਹੁਤ ਹੀ ਵਧੀਆ ਹੈ।’+ 26 ਪਰ ਤੁਸੀਂ ਉੱਥੇ ਜਾਣ ਤੋਂ ਇਨਕਾਰ ਕੀਤਾ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮ ਦੇ ਖ਼ਿਲਾਫ਼ ਜਾ ਕੇ ਬਗਾਵਤ ਕੀਤੀ।+ 27 ਤੁਸੀਂ ਆਪਣੇ ਤੰਬੂਆਂ ਵਿਚ ਬੁੜਬੁੜਾਉਂਦੇ ਹੋਏ ਕਹਿੰਦੇ ਰਹੇ, ‘ਯਹੋਵਾਹ ਸਾਡੇ ਨਾਲ ਨਫ਼ਰਤ ਕਰਦਾ ਹੈ, ਤਾਂ ਹੀ ਉਹ ਸਾਨੂੰ ਮਿਸਰ ਵਿੱਚੋਂ ਕੱਢ ਕੇ ਅਮੋਰੀਆਂ ਦੇ ਹਵਾਲੇ ਕਰ ਰਿਹਾ ਹੈ ਤਾਂਕਿ ਅਸੀਂ ਨਾਸ਼ ਹੋ ਜਾਈਏ। 28 ਪਤਾ ਨਹੀਂ ਉਹ ਜਗ੍ਹਾ ਕਿੱਦਾਂ ਦੀ ਹੈ ਜਿੱਥੇ ਅਸੀਂ ਜਾ ਰਹੇ ਹਾਂ? ਅਸੀਂ ਆਪਣੇ ਭਰਾਵਾਂ ਦੀ ਇਸ ਗੱਲ ਕਰਕੇ ਦਿਲ ਹਾਰ ਗਏ,*+ “ਉਹ ਲੋਕ ਸਾਡੇ ਨਾਲੋਂ ਤਾਕਤਵਰ ਅਤੇ ਉੱਚੇ-ਲੰਬੇ ਹਨ। ਉਨ੍ਹਾਂ ਦੇ ਸ਼ਹਿਰ ਵੱਡੇ-ਵੱਡੇ ਹਨ ਅਤੇ ਸ਼ਹਿਰਾਂ ਦੀਆਂ ਮਜ਼ਬੂਤ ਕੰਧਾਂ ਆਕਾਸ਼ ਤਕ ਉੱਚੀਆਂ ਹਨ।+ ਅਸੀਂ ਉੱਥੇ ਅਨਾਕੀ ਲੋਕ+ ਦੇਖੇ।”’

29 “ਇਸ ਲਈ ਮੈਂ ਤੁਹਾਨੂੰ ਕਿਹਾ, ‘ਤੁਸੀਂ ਉਨ੍ਹਾਂ ਤੋਂ ਖ਼ੌਫ਼ ਨਾ ਖਾਓ ਅਤੇ ਨਾ ਹੀ ਉਨ੍ਹਾਂ ਤੋਂ ਡਰੋ।+ 30 ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਅੱਗੇ-ਅੱਗੇ ਜਾਵੇਗਾ ਅਤੇ ਤੁਹਾਡੇ ਲਈ ਲੜੇਗਾ,+ ਜਿਵੇਂ ਉਹ ਤੁਹਾਡੇ ਸਾਮ੍ਹਣੇ ਮਿਸਰ ਵਿਚ ਲੜਿਆ ਸੀ।+ 31 ਉਜਾੜ ਵਿਚ ਤੁਸੀਂ ਦੇਖਿਆ ਕਿ ਤੁਸੀਂ ਜਿੱਥੇ ਕਿਤੇ ਵੀ ਗਏ, ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਆਪਣੀਆਂ ਬਾਹਾਂ ਵਿਚ ਚੁੱਕਿਆ, ਜਿਵੇਂ ਇਕ ਪਿਤਾ ਆਪਣੇ ਪੁੱਤਰ ਨੂੰ ਚੁੱਕਦਾ ਹੈ, ਜਦ ਤਕ ਤੁਸੀਂ ਇੱਥੇ ਨਹੀਂ ਪਹੁੰਚ ਗਏ।’ 32 ਪਰ ਇਸ ਦੇ ਬਾਵਜੂਦ ਵੀ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਉੱਤੇ ਨਿਹਚਾ ਨਹੀਂ ਕੀਤੀ।+ 33 ਉਹ ਤੁਹਾਡੇ ਅੱਗੇ-ਅੱਗੇ ਜਾ ਕੇ ਤੁਹਾਡੇ ਵਾਸਤੇ ਤੰਬੂ ਲਾਉਣ ਦੀ ਜਗ੍ਹਾ ਲੱਭਦਾ ਸੀ। ਉਹ ਤੁਹਾਨੂੰ ਰਾਹ ਦਿਖਾਉਣ ਲਈ ਰਾਤ ਨੂੰ ਅੱਗ ਦੇ ਥੰਮ੍ਹ ਵਿਚ ਅਤੇ ਦਿਨੇ ਬੱਦਲ ਦੇ ਥੰਮ੍ਹ ਵਿਚ ਪ੍ਰਗਟ ਹੁੰਦਾ ਸੀ।+

34 “ਉਦੋਂ ਯਹੋਵਾਹ ਤੁਹਾਡੀ ਬੁੜ-ਬੁੜ ਸੁਣਦਾ ਰਿਹਾ ਅਤੇ ਕ੍ਰੋਧ ਨਾਲ ਭਰ ਗਿਆ ਅਤੇ ਉਸ ਨੇ ਸਹੁੰ ਖਾਧੀ,+ 35 ‘ਇਸ ਦੁਸ਼ਟ ਪੀੜ੍ਹੀ ਦਾ ਇਕ ਵੀ ਆਦਮੀ ਉਹ ਵਧੀਆ ਦੇਸ਼ ਨਹੀਂ ਦੇਖੇਗਾ ਜਿਸ ਨੂੰ ਦੇਣ ਦੀ ਮੈਂ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ।+ 36 ਸਿਰਫ਼ ਯਫੁੰਨਾਹ ਦਾ ਪੁੱਤਰ ਕਾਲੇਬ ਹੀ ਉਹ ਦੇਸ਼ ਦੇਖੇਗਾ ਅਤੇ ਮੈਂ ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਉਹ ਜ਼ਮੀਨ ਦਿਆਂਗਾ ਜਿਸ ਉੱਤੇ ਉਸ ਨੇ ਪੈਰ ਰੱਖਿਆ ਸੀ ਕਿਉਂਕਿ ਉਹ ਪੂਰੇ ਦਿਲ ਨਾਲ* ਯਹੋਵਾਹ ਦੇ ਪਿੱਛੇ-ਪਿੱਛੇ ਤੁਰਿਆ।+ 37 (ਤੁਹਾਡੇ ਕਰਕੇ ਯਹੋਵਾਹ ਮੇਰੇ ਨਾਲ ਵੀ ਗੁੱਸੇ ਹੋ ਗਿਆ ਅਤੇ ਉਸ ਨੇ ਕਿਹਾ, “ਤੂੰ ਵੀ ਉਸ ਦੇਸ਼ ਵਿਚ ਨਹੀਂ ਜਾਵੇਂਗਾ।+ 38 ਨੂਨ ਦਾ ਪੁੱਤਰ ਯਹੋਸ਼ੁਆ ਜੋ ਤੇਰਾ ਸੇਵਾਦਾਰ ਹੈ,*+ ਉਸ ਦੇਸ਼ ਵਿਚ ਜਾਵੇਗਾ।+ ਉਸ ਨੂੰ ਤਕੜਾ ਕਰ*+ ਕਿਉਂਕਿ ਉਹ ਉਸ ਦੇਸ਼ ਉੱਤੇ ਕਬਜ਼ਾ ਕਰਨ ਵਿਚ ਇਜ਼ਰਾਈਲ ਦੀ ਅਗਵਾਈ ਕਰੇਗਾ।”) 39 ਇਸ ਤੋਂ ਇਲਾਵਾ ਤੁਹਾਡੇ ਬੱਚੇ ਜਿਨ੍ਹਾਂ ਬਾਰੇ ਤੁਸੀਂ ਕਿਹਾ ਸੀ ਕਿ ਉਨ੍ਹਾਂ ਨੂੰ ਤੁਹਾਡੇ ਤੋਂ ਖੋਹ ਲਿਆ ਜਾਵੇਗਾ+ ਅਤੇ ਤੁਹਾਡੇ ਪੁੱਤਰ ਜਿਨ੍ਹਾਂ ਨੂੰ ਅਜੇ ਸਹੀ-ਗ਼ਲਤ ਬਾਰੇ ਪਤਾ ਨਹੀਂ ਹੈ, ਉਸ ਦੇਸ਼ ਵਿਚ ਜਾਣਗੇ ਅਤੇ ਮੈਂ ਉਹ ਦੇਸ਼ ਉਨ੍ਹਾਂ ਦੇ ਕਬਜ਼ੇ ਹੇਠ ਕਰਾਂਗਾ।+ 40 ਪਰ ਜਿੱਥੋਂ ਤਕ ਤੁਹਾਡੀ ਗੱਲ ਹੈ, ਤੁਸੀਂ ਵਾਪਸ ਮੁੜ ਜਾਓ ਅਤੇ ਲਾਲ ਸਮੁੰਦਰ ਦੇ ਰਸਤੇ ਥਾਣੀਂ ਉਜਾੜ ਵਿਚ ਚਲੇ ਜਾਓ।’+

41 “ਇਹ ਸੁਣ ਕੇ ਤੁਸੀਂ ਮੈਨੂੰ ਕਿਹਾ, ‘ਅਸੀਂ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਹੈ। ਪਰ ਹੁਣ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਹੁਕਮ ਮੰਨਦੇ ਹੋਏ ਉੱਥੇ ਜਾ ਕੇ ਲੜਾਂਗੇ!’ ਇਸ ਲਈ ਤੁਸੀਂ ਸਾਰਿਆਂ ਨੇ ਆਪਣੇ ਹਥਿਆਰ ਚੁੱਕ ਲਏ ਅਤੇ ਤੁਸੀਂ ਸੋਚਿਆ ਕਿ ਉਸ ਪਹਾੜ ʼਤੇ ਜਾ ਕੇ ਪੂਰੇ ਇਲਾਕੇ ਨੂੰ ਜਿੱਤਣਾ ਸੌਖਾ ਹੋਵੇਗਾ।+ 42 ਪਰ ਯਹੋਵਾਹ ਨੇ ਮੈਨੂੰ ਕਿਹਾ, ‘ਉਨ੍ਹਾਂ ਨੂੰ ਕਹਿ: “ਤੁਸੀਂ ਪਹਾੜ ʼਤੇ ਲੜਨ ਨਾ ਜਾਓ ਕਿਉਂਕਿ ਮੈਂ ਤੁਹਾਡੇ ਨਾਲ ਨਹੀਂ ਹੋਵਾਂਗਾ।+ ਜੇ ਤੁਸੀਂ ਗਏ, ਤਾਂ ਤੁਸੀਂ ਆਪਣੇ ਦੁਸ਼ਮਣਾਂ ਦੇ ਹੱਥੋਂ ਹਾਰ ਜਾਓਗੇ।”’ 43 ਇਸ ਲਈ ਮੈਂ ਤੁਹਾਡੇ ਨਾਲ ਗੱਲ ਕੀਤੀ, ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ। ਇਸ ਦੀ ਬਜਾਇ, ਤੁਸੀਂ ਯਹੋਵਾਹ ਦੇ ਹੁਕਮ ਦੇ ਖ਼ਿਲਾਫ਼ ਜਾ ਕੇ ਬਗਾਵਤ ਕੀਤੀ ਅਤੇ ਉਸ ਪਹਾੜ ʼਤੇ ਜਾਣ ਦੀ ਗੁਸਤਾਖ਼ੀ ਕੀਤੀ। 44 ਫਿਰ ਪਹਾੜ ʼਤੇ ਰਹਿੰਦੇ ਅਮੋਰੀਆਂ ਨੇ ਤੁਹਾਡੇ ʼਤੇ ਹਮਲਾ ਕਰ ਦਿੱਤਾ ਅਤੇ ਮਧੂ-ਮੱਖੀਆਂ ਵਾਂਗ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਭਜਾ ਦਿੱਤਾ ਅਤੇ ਤੁਹਾਨੂੰ ਸੇਈਰ ਤੋਂ ਲੈ ਕੇ ਹਾਰਮਾਹ ਤਕ ਖਿੰਡਾ ਦਿੱਤਾ। 45 ਇਸ ਲਈ ਤੁਸੀਂ ਵਾਪਸ ਆ ਗਏ ਅਤੇ ਯਹੋਵਾਹ ਅੱਗੇ ਰੋਣ ਲੱਗੇ, ਪਰ ਯਹੋਵਾਹ ਨੇ ਤੁਹਾਡੀ ਇਕ ਨਾ ਸੁਣੀ ਅਤੇ ਨਾ ਹੀ ਤੁਹਾਡੇ ਵੱਲ ਧਿਆਨ ਦਿੱਤਾ। 46 ਇਸੇ ਕਰਕੇ ਤੁਸੀਂ ਇੰਨਾ ਲੰਬਾ ਸਮਾਂ ਕਾਦੇਸ਼ ਵਿਚ ਹੀ ਰਹੇ।

2 “ਫਿਰ ਅਸੀਂ ਮੁੜੇ ਅਤੇ ਲਾਲ ਸਮੁੰਦਰ ਦੇ ਰਸਤੇ ਥਾਣੀਂ ਉਜਾੜ ਵੱਲ ਤੁਰ ਪਏ, ਠੀਕ ਜਿਵੇਂ ਯਹੋਵਾਹ ਨੇ ਮੈਨੂੰ ਕਿਹਾ ਸੀ+ ਅਤੇ ਕਈ ਦਿਨਾਂ ਤਕ ਸੇਈਰ ਪਹਾੜ ਦੇ ਨਾਲ-ਨਾਲ ਸਫ਼ਰ ਕਰਦੇ ਰਹੇ। 2 ਫਿਰ ਯਹੋਵਾਹ ਨੇ ਮੈਨੂੰ ਕਿਹਾ, 3 ‘ਤੁਸੀਂ ਇਸ ਪਹਾੜ ਦੇ ਨਾਲ-ਨਾਲ ਕਾਫ਼ੀ ਸਫ਼ਰ ਕਰ ਲਿਆ ਹੈ। ਹੁਣ ਉੱਤਰ ਵੱਲ ਨੂੰ ਮੁੜੋ। 4 ਅਤੇ ਲੋਕਾਂ ਨੂੰ ਇਹ ਹੁਕਮ ਦੇ: “ਤੁਹਾਡੇ ਭਰਾ ਜਿਹੜੇ ਏਸਾਓ ਦੀ ਪੀੜ੍ਹੀ ਵਿੱਚੋਂ ਹਨ,+ ਸੇਈਰ ਵਿਚ ਵੱਸਦੇ ਹਨ।+ ਤੁਸੀਂ ਉਨ੍ਹਾਂ ਦੇ ਇਲਾਕੇ ਦੀ ਸਰਹੱਦ ਕੋਲੋਂ ਦੀ ਲੰਘੋਗੇ। ਉਹ ਤੁਹਾਡੇ ਤੋਂ ਡਰਨਗੇ,+ ਫਿਰ ਵੀ ਤੁਸੀਂ ਧਿਆਨ ਰੱਖਿਓ। 5 ਤੁਸੀਂ ਉਨ੍ਹਾਂ ਨਾਲ ਲੜਾਈ ਨਾ ਕਰਿਓ।* ਮੈਂ ਤੁਹਾਨੂੰ ਉਨ੍ਹਾਂ ਦੇ ਦੇਸ਼ ਦਾ ਥੋੜ੍ਹਾ ਜਿਹਾ ਹਿੱਸਾ ਵੀ ਨਹੀਂ ਦਿਆਂਗਾ, ਇੱਥੋਂ ਤਕ ਕਿ ਪੈਰ ਰੱਖਣ ਦੀ ਜਗ੍ਹਾ ਵੀ ਨਹੀਂ ਕਿਉਂਕਿ ਮੈਂ ਸੇਈਰ ਪਹਾੜ ਏਸਾਓ ਨੂੰ ਮਲਕੀਅਤ ਵਜੋਂ ਦਿੱਤਾ ਹੈ।+ 6 ਤੁਸੀਂ ਪੈਸੇ ਦੇ ਕੇ ਉਨ੍ਹਾਂ ਤੋਂ ਖਾਣ ਵਾਲੀਆਂ ਚੀਜ਼ਾਂ ਅਤੇ ਪਾਣੀ ਖ਼ਰੀਦਣਾ।+ 7 ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਈ ਹੈ। ਉਹ ਇਸ ਵੱਡੀ ਉਜਾੜ ਵਿਚ ਤੁਹਾਡੇ ਸਫ਼ਰ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ਇਨ੍ਹਾਂ 40 ਸਾਲਾਂ ਦੌਰਾਨ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਨਾਲ ਰਿਹਾ ਹੈ ਅਤੇ ਉਸ ਨੇ ਤੁਹਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ।”’+ 8 ਇਸ ਲਈ ਅਸੀਂ ਸੇਈਰ ਵਿਚ ਰਹਿੰਦੇ ਆਪਣੇ ਭਰਾਵਾਂ ਕੋਲੋਂ ਦੀ ਲੰਘ ਗਏ ਜਿਹੜੇ ਏਸਾਓ ਦੀ ਪੀੜ੍ਹੀ ਵਿੱਚੋਂ ਹਨ।+ ਅਸੀਂ ਅਰਾਬਾਹ ਦੇ ਰਸਤੇ ਤੋਂ ਅਤੇ ਏਲੱਥ ਤੇ ਅਸਯੋਨ-ਗਬਰ+ ਤੋਂ ਦੂਰ ਰਹੇ।

“ਫਿਰ ਅਸੀਂ ਮੁੜੇ ਅਤੇ ਮੋਆਬ ਦੀ ਉਜਾੜ ਦੇ ਰਸਤੇ ਥਾਣੀਂ ਸਫ਼ਰ ਕੀਤਾ।+ 9 ਫਿਰ ਯਹੋਵਾਹ ਨੇ ਮੈਨੂੰ ਕਿਹਾ: ‘ਤੁਸੀਂ ਮੋਆਬ ʼਤੇ ਹਮਲਾ ਨਾ ਕਰਿਓ ਅਤੇ ਨਾ ਹੀ ਉਸ ਨਾਲ ਲੜਾਈ ਕਰਿਓ। ਮੈਂ ਤੁਹਾਨੂੰ ਉਸ ਦੇ ਦੇਸ਼ ਦਾ ਥੋੜ੍ਹਾ ਜਿਹਾ ਹਿੱਸਾ ਵੀ ਨਹੀਂ ਦਿਆਂਗਾ ਕਿਉਂਕਿ ਮੈਂ ਲੂਤ ਦੀ ਔਲਾਦ ਨੂੰ ਆਰ* ਮਲਕੀਅਤ ਵਜੋਂ ਦਿੱਤਾ ਹੈ।+ 10 (ਪਹਿਲਾਂ ਇੱਥੇ ਏਮੀ+ ਲੋਕ ਵੱਸਦੇ ਸਨ ਜੋ ਕਿ ਅਨਾਕੀ ਲੋਕਾਂ ਵਾਂਗ ਉੱਚੇ-ਲੰਬੇ ਤੇ ਤਾਕਤਵਰ ਸਨ ਅਤੇ ਉਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। 11 ਕਿਹਾ ਜਾਂਦਾ ਹੈ ਕਿ ਰਫ਼ਾਈਮੀ+ ਲੋਕ ਵੀ ਅਨਾਕੀ ਲੋਕਾਂ+ ਵਰਗੇ ਸਨ ਅਤੇ ਮੋਆਬੀ ਉਨ੍ਹਾਂ ਨੂੰ ਏਮੀ ਕਹਿੰਦੇ ਸਨ। 12 ਸੇਈਰ ਵਿਚ ਪਹਿਲਾਂ ਹੋਰੀ ਲੋਕ+ ਵੱਸਦੇ ਸਨ, ਪਰ ਏਸਾਓ ਦੀ ਔਲਾਦ ਨੇ ਉਨ੍ਹਾਂ ਦੇ ਇਲਾਕੇ ʼਤੇ ਕਬਜ਼ਾ ਕਰ ਲਿਆ ਅਤੇ ਉਨ੍ਹਾਂ ਦਾ ਨਾਸ਼ ਕਰ ਦਿੱਤਾ ਅਤੇ ਆਪ ਉੱਥੇ ਵੱਸ ਗਏ।+ ਇਜ਼ਰਾਈਲੀ ਵੀ ਉਸ ਦੇਸ਼ ਨਾਲ ਇਸੇ ਤਰ੍ਹਾਂ ਕਰਨਗੇ ਜਿਸ ਉੱਤੇ ਉਹ ਕਬਜ਼ਾ ਕਰਨਗੇ। ਯਹੋਵਾਹ ਉਨ੍ਹਾਂ ਨੂੰ ਉਹ ਦੇਸ਼ ਜ਼ਰੂਰ ਦੇਵੇਗਾ।) 13 ਹੁਣ ਤੁਸੀਂ ਜ਼ਾਰਦ ਘਾਟੀ ਪਾਰ ਕਰੋ।’ ਇਸ ਲਈ ਅਸੀਂ ਜ਼ਾਰਦ ਘਾਟੀ ਪਾਰ ਕੀਤੀ।+ 14 ਸਾਨੂੰ ਕਾਦੇਸ਼-ਬਰਨੇਆ ਤੋਂ ਪੈਦਲ ਤੁਰ ਕੇ ਜ਼ਾਰਦ ਘਾਟੀ ਪਾਰ ਕਰਨ ਵਿਚ 38 ਸਾਲ ਲੱਗੇ। ਉਸ ਸਮੇਂ ਤਕ ਇਜ਼ਰਾਈਲੀਆਂ ਵਿੱਚੋਂ ਉਸ ਪੀੜ੍ਹੀ ਦੇ ਸਾਰੇ ਫ਼ੌਜੀ ਮਰ ਚੁੱਕੇ ਸਨ, ਠੀਕ ਜਿਵੇਂ ਯਹੋਵਾਹ ਨੇ ਸਹੁੰ ਖਾ ਕੇ ਉਨ੍ਹਾਂ ਨੂੰ ਕਿਹਾ ਸੀ।+ 15 ਯਹੋਵਾਹ ਦਾ ਹੱਥ ਉਨ੍ਹਾਂ ਦੇ ਖ਼ਿਲਾਫ਼ ਤਦ ਤਕ ਉੱਠਿਆ ਰਿਹਾ ਜਦ ਤਕ ਉਹ ਸਾਰੇ ਲੋਕਾਂ ਵਿੱਚੋਂ ਮਰ-ਮਿਟ ਨਹੀਂ ਗਏ।+

16 “ਜਦ ਉਹ ਸਾਰੇ ਫ਼ੌਜੀ ਮਰ ਗਏ,+ 17 ਤਾਂ ਯਹੋਵਾਹ ਨੇ ਮੈਨੂੰ ਦੁਬਾਰਾ ਕਿਹਾ, 18 ‘ਅੱਜ ਤੁਸੀਂ ਮੋਆਬ ਦੇ ਇਲਾਕੇ ਆਰ ਕੋਲੋਂ ਦੀ ਲੰਘੋਗੇ। 19 ਜਦ ਤੁਸੀਂ ਅੰਮੋਨੀਆਂ ਦੇ ਇਲਾਕੇ ਕੋਲੋਂ ਦੀ ਲੰਘੋਗੇ, ਤਾਂ ਤੁਸੀਂ ਉਨ੍ਹਾਂ ਨੂੰ ਨਾ ਸਤਾਇਓ ਅਤੇ ਨਾ ਹੀ ਉਨ੍ਹਾਂ ਦਾ ਗੁੱਸਾ ਭੜਕਾਇਓ। ਮੈਂ ਤੁਹਾਨੂੰ ਅੰਮੋਨੀਆਂ ਦੇ ਦੇਸ਼ ਦਾ ਥੋੜ੍ਹਾ ਜਿਹਾ ਹਿੱਸਾ ਵੀ ਨਹੀਂ ਦਿਆਂਗਾ ਕਿਉਂਕਿ ਮੈਂ ਇਹ ਲੂਤ ਦੀ ਔਲਾਦ ਨੂੰ ਮਲਕੀਅਤ ਵਜੋਂ ਦਿੱਤਾ ਹੈ।+ 20 ਇਹ ਇਲਾਕਾ ਵੀ ਰਫ਼ਾਈਮੀ ਲੋਕਾਂ+ ਦਾ ਮੰਨਿਆ ਜਾਂਦਾ ਸੀ। (ਪਹਿਲਾਂ ਇੱਥੇ ਰਫ਼ਾਈਮੀ ਲੋਕ ਵੱਸਦੇ ਸਨ ਅਤੇ ਅੰਮੋਨੀ ਲੋਕ ਉਨ੍ਹਾਂ ਨੂੰ ਜ਼ਮਜ਼ੁਮੀਮ ਕਹਿੰਦੇ ਸਨ। 21 ਉਹ ਅਨਾਕੀ ਲੋਕਾਂ+ ਵਾਂਗ ਉੱਚੇ-ਲੰਬੇ ਤੇ ਤਾਕਤਵਰ ਸਨ ਅਤੇ ਉਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਪਰ ਯਹੋਵਾਹ ਨੇ ਉਨ੍ਹਾਂ ਨੂੰ ਅੰਮੋਨੀਆਂ ਦੇ ਅੱਗਿਓਂ ਨਾਸ਼ ਕਰ ਦਿੱਤਾ ਸੀ ਅਤੇ ਅੰਮੋਨੀਆਂ ਨੇ ਉਨ੍ਹਾਂ ਨੂੰ ਉੱਥੋਂ ਕੱਢ ਦਿੱਤਾ ਸੀ ਅਤੇ ਆਪ ਉੱਥੇ ਵੱਸ ਗਏ। 22 ਉਸ ਨੇ ਏਸਾਓ ਦੀ ਔਲਾਦ ਲਈ ਇਸੇ ਤਰ੍ਹਾਂ ਕੀਤਾ ਜਿਹੜੇ ਹੁਣ ਸੇਈਰ+ ਵਿਚ ਵੱਸਦੇ ਹਨ। ਉਸ ਨੇ ਹੋਰੀ ਲੋਕਾਂ+ ਨੂੰ ਉਨ੍ਹਾਂ ਦੇ ਅੱਗਿਓਂ ਨਾਸ਼ ਕੀਤਾ ਜਿਸ ਕਰਕੇ ਉਹ ਹੋਰੀ ਲੋਕਾਂ ਨੂੰ ਉੱਥੋਂ ਕੱਢ ਸਕੇ ਅਤੇ ਉਹ ਆਪ ਉੱਥੇ ਅੱਜ ਤਕ ਵੱਸੇ ਹੋਏ ਹਨ। 23 ਅੱਵੀਮ ਲੋਕ ਗਾਜ਼ਾ+ ਤਕ ਪਿੰਡਾਂ ਵਿਚ ਵੱਸਦੇ ਸਨ। ਫਿਰ ਕਫਤੋਰ* ਤੋਂ ਆਏ ਕਫਤੋਰੀ ਲੋਕਾਂ+ ਨੇ ਉਨ੍ਹਾਂ ਦਾ ਨਾਸ਼ ਕਰ ਦਿੱਤਾ ਅਤੇ ਆਪ ਉੱਥੇ ਵੱਸ ਗਏ।)

24 “‘ਹੁਣ ਉੱਠੋ ਅਤੇ ਅਰਨੋਨ ਘਾਟੀ ਪਾਰ ਕਰੋ।+ ਦੇਖੋ, ਮੈਂ ਹਸ਼ਬੋਨ ਦੇ ਅਮੋਰੀ ਰਾਜੇ ਸੀਹੋਨ+ ਨੂੰ ਤੁਹਾਡੇ ਹੱਥ ਵਿਚ ਦੇ ਦਿੱਤਾ ਹੈ। ਇਸ ਲਈ ਉਸ ਨਾਲ ਲੜਾਈ ਕਰ ਕੇ ਉਸ ਦੇ ਦੇਸ਼ ʼਤੇ ਕਬਜ਼ਾ ਕਰਨਾ ਸ਼ੁਰੂ ਕਰੋ। 25 ਅੱਜ ਤੋਂ ਮੈਂ ਧਰਤੀ ਦੇ ਸਾਰੇ ਲੋਕਾਂ ਵਿਚ ਤੁਹਾਡਾ ਖ਼ੌਫ਼ ਅਤੇ ਡਰ ਫੈਲਾਉਣਾ ਸ਼ੁਰੂ ਕਰ ਦਿਆਂਗਾ। ਤੁਹਾਡੇ ਬਾਰੇ ਸੁਣ ਕੇ ਉਹ ਪਰੇਸ਼ਾਨ ਹੋ ਜਾਣਗੇ ਅਤੇ ਤੁਹਾਡੇ ਤੋਂ ਥਰ-ਥਰ ਕੰਬਣਗੇ।’*+

26 “ਫਿਰ ਮੈਂ ਕਦੇਮੋਥ+ ਦੀ ਉਜਾੜ ਤੋਂ ਹਸ਼ਬੋਨ ਦੇ ਰਾਜੇ ਸੀਹੋਨ ਕੋਲ ਸ਼ਾਂਤੀ ਦਾ ਇਹ ਸੰਦੇਸ਼ ਦੇਣ ਲਈ ਬੰਦੇ ਘੱਲੇ,+ 27 ‘ਮੈਨੂੰ ਆਪਣੇ ਦੇਸ਼ ਵਿੱਚੋਂ ਲੰਘਣ ਦੀ ਇਜਾਜ਼ਤ ਦੇ। ਮੈਂ ਸ਼ਾਹੀ ਸੜਕ ʼਤੇ ਹੀ ਜਾਵਾਂਗਾ ਅਤੇ ਨਾ ਤਾਂ ਖੱਬੇ ਤੇ ਨਾ ਹੀ ਸੱਜੇ ਮੁੜਾਂਗਾ।+ 28 ਮੈਂ ਤੇਰੇ ਕੋਲੋਂ ਖਾਣ ਵਾਲੀਆਂ ਚੀਜ਼ਾਂ ਅਤੇ ਪੀਣ ਲਈ ਪਾਣੀ ਪੈਸੇ ਦੇ ਕੇ ਖ਼ਰੀਦਾਂਗਾ। ਬੱਸ ਮੈਨੂੰ ਆਪਣੇ ਇਲਾਕੇ ਵਿੱਚੋਂ ਪੈਦਲ ਜਾਣ ਦੀ ਇਜਾਜ਼ਤ ਦੇ 29 ਜਦ ਤਕ ਮੈਂ ਯਰਦਨ ਦਰਿਆ ਪਾਰ ਕਰ ਕੇ ਉਸ ਦੇਸ਼ ਵਿਚ ਪਹੁੰਚ ਨਾ ਜਾਵਾਂ ਜੋ ਸਾਡਾ ਪਰਮੇਸ਼ੁਰ ਯਹੋਵਾਹ ਸਾਨੂੰ ਦੇਣ ਵਾਲਾ ਹੈ। ਸੇਈਰ ਵਿਚ ਵੱਸਦੀ ਏਸਾਓ ਦੀ ਔਲਾਦ ਅਤੇ ਆਰ ਵਿਚ ਵੱਸਦੇ ਮੋਆਬੀਆਂ ਨੇ ਇਸੇ ਤਰ੍ਹਾਂ ਮੇਰੀ ਮਦਦ ਕੀਤੀ ਸੀ।’ 30 ਪਰ ਹਸ਼ਬੋਨ ਦੇ ਰਾਜੇ ਸੀਹੋਨ ਨੇ ਸਾਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘਣ ਨਹੀਂ ਦਿੱਤਾ ਕਿਉਂਕਿ ਯਹੋਵਾਹ ਸਾਡੇ* ਪਰਮੇਸ਼ੁਰ ਨੇ ਉਸ ਦਾ ਦਿਲ ਢੀਠ ਅਤੇ ਕਠੋਰ ਹੋਣ ਦਿੱਤਾ+ ਤਾਂਕਿ ਉਹ ਉਸ ਨੂੰ ਸਾਡੇ* ਹੱਥ ਵਿਚ ਦੇ ਦੇਵੇ ਜੋ ਕਿ ਹੁਣ ਹੋ ਚੁੱਕਾ ਹੈ।+

31 “ਫਿਰ ਯਹੋਵਾਹ ਨੇ ਮੈਨੂੰ ਕਿਹਾ, ‘ਦੇਖ, ਮੈਂ ਸੀਹੋਨ ਅਤੇ ਉਸ ਦੇ ਦੇਸ਼ ਨੂੰ ਤੇਰੇ ਹੱਥ ਵਿਚ ਦੇਣਾ ਸ਼ੁਰੂ ਕਰ ਦਿੱਤਾ ਹੈ। ਉਸ ਦੇਸ਼ ʼਤੇ ਕਬਜ਼ਾ ਕਰਨਾ ਸ਼ੁਰੂ ਕਰ ਦੇ।’+ 32 ਜਦ ਸੀਹੋਨ ਆਪਣੇ ਲੋਕਾਂ ਨਾਲ ਯਹਾਸ ਵਿਚ ਸਾਡੇ ਨਾਲ ਲੜਾਈ ਕਰਨ ਲਈ ਆਇਆ,+ 33 ਤਾਂ ਸਾਡੇ ਪਰਮੇਸ਼ੁਰ ਯਹੋਵਾਹ ਨੇ ਉਸ ਨੂੰ ਸਾਡੇ ਹੱਥ ਵਿਚ ਦੇ ਦਿੱਤਾ ਅਤੇ ਅਸੀਂ ਉਸ ਨੂੰ, ਉਸ ਦੇ ਪੁੱਤਰਾਂ ਅਤੇ ਉਸ ਦੇ ਸਾਰੇ ਲੋਕਾਂ ਨੂੰ ਹਰਾ ਦਿੱਤਾ। 34 ਅਸੀਂ ਉਸ ਵੇਲੇ ਉਸ ਦੇ ਸਾਰੇ ਸ਼ਹਿਰਾਂ ʼਤੇ ਕਬਜ਼ਾ ਕਰ ਲਿਆ ਅਤੇ ਹਰ ਸ਼ਹਿਰ ਨੂੰ ਆਦਮੀਆਂ, ਔਰਤਾਂ ਅਤੇ ਬੱਚਿਆਂ ਸਣੇ ਨਾਸ਼ ਕਰ ਦਿੱਤਾ। ਅਸੀਂ ਕਿਸੇ ਨੂੰ ਵੀ ਜੀਉਂਦਾ ਨਹੀਂ ਛੱਡਿਆ।+ 35 ਅਸੀਂ ਜਿਨ੍ਹਾਂ ਸ਼ਹਿਰਾਂ ʼਤੇ ਕਬਜ਼ਾ ਕੀਤਾ ਸੀ, ਉੱਥੋਂ ਅਸੀਂ ਸਿਰਫ਼ ਪਸ਼ੂ ਅਤੇ ਹੋਰ ਚੀਜ਼ਾਂ ਲੁੱਟੀਆਂ। 36 ਅਰਨੋਨ ਘਾਟੀ ਦੇ ਕੰਢੇ ʼਤੇ ਵੱਸੇ ਅਰੋਏਰ ਸ਼ਹਿਰ (ਅਤੇ ਘਾਟੀ ਵਿਚ ਵੱਸੇ ਸ਼ਹਿਰ) ਤੋਂ+ ਲੈ ਕੇ ਗਿਲਆਦ ਤਕ ਅਜਿਹਾ ਕੋਈ ਵੀ ਸ਼ਹਿਰ ਨਹੀਂ ਸੀ ਜਿਸ ਉੱਤੇ ਕਬਜ਼ਾ ਕਰਨਾ ਸਾਡੇ ਲਈ ਨਾਮੁਮਕਿਨ ਸੀ। ਸਾਡੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਸਾਰਿਆਂ ਨੂੰ ਸਾਡੇ ਹੱਥਾਂ ਵਿਚ ਦੇ ਦਿੱਤਾ।+ 37 ਪਰ ਤੁਸੀਂ ਅੰਮੋਨੀਆਂ ਦੇ ਦੇਸ਼ ਦੇ ਨੇੜੇ ਨਹੀਂ ਗਏ+ ਯਾਨੀ ਯਬੋਕ ਘਾਟੀ+ ਅਤੇ ਪਹਾੜੀ ਇਲਾਕਿਆਂ ਦੇ ਸ਼ਹਿਰਾਂ ਨੂੰ ਜਾਂ ਕਿਸੇ ਹੋਰ ਜਗ੍ਹਾ ਨਹੀਂ ਗਏ ਜਿੱਥੇ ਸਾਡੇ ਪਰਮੇਸ਼ੁਰ ਯਹੋਵਾਹ ਨੇ ਸਾਨੂੰ ਜਾਣ ਤੋਂ ਮਨ੍ਹਾ ਕੀਤਾ ਸੀ।

3 “ਫਿਰ ਅਸੀਂ ਮੁੜੇ ਅਤੇ ਬਾਸ਼ਾਨ ਦੇ ਰਾਹ ਪੈ ਗਏ। ਅਤੇ ਬਾਸ਼ਾਨ ਦਾ ਰਾਜਾ ਓਗ ਆਪਣੇ ਸਾਰੇ ਲੋਕਾਂ ਨਾਲ ਅਦਰਈ ਵਿਚ ਸਾਡੇ ਨਾਲ ਯੁੱਧ ਕਰਨ ਆਇਆ।+ 2 ਇਸ ਲਈ ਯਹੋਵਾਹ ਨੇ ਮੈਨੂੰ ਕਿਹਾ: ‘ਤੂੰ ਉਸ ਤੋਂ ਨਾ ਡਰ ਕਿਉਂਕਿ ਮੈਂ ਉਸ ਨੂੰ ਅਤੇ ਉਸ ਦੇ ਲੋਕਾਂ ਨੂੰ ਅਤੇ ਉਸ ਦੇ ਦੇਸ਼ ਨੂੰ ਤੇਰੇ ਹੱਥ ਵਿਚ ਦੇ ਦਿਆਂਗਾ ਅਤੇ ਤੂੰ ਉਸ ਦਾ ਉਹੀ ਹਾਲ ਕਰੇਂਗਾ ਜੋ ਤੂੰ ਅਮੋਰੀਆਂ ਦੇ ਰਾਜੇ ਸੀਹੋਨ ਦਾ ਕੀਤਾ ਸੀ ਜਿਹੜਾ ਹਸ਼ਬੋਨ ਵਿਚ ਰਹਿੰਦਾ ਸੀ।’ 3 ਇਸ ਲਈ ਸਾਡੇ ਪਰਮੇਸ਼ੁਰ ਯਹੋਵਾਹ ਨੇ ਬਾਸ਼ਾਨ ਦੇ ਰਾਜੇ ਓਗ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਸਾਡੇ ਹੱਥ ਵਿਚ ਦੇ ਦਿੱਤਾ। ਅਸੀਂ ਉਨ੍ਹਾਂ ਨੂੰ ਉਦੋਂ ਤਕ ਮਾਰਦੇ ਰਹੇ ਜਦ ਤਕ ਸਾਰਿਆਂ ਨੂੰ ਮਾਰ ਨਹੀਂ ਦਿੱਤਾ ਗਿਆ। 4 ਅਸੀਂ ਉਸ ਦੇ ਸਾਰੇ ਸ਼ਹਿਰਾਂ ʼਤੇ ਕਬਜ਼ਾ ਕਰ ਲਿਆ। ਅਜਿਹਾ ਕੋਈ ਸ਼ਹਿਰ ਨਹੀਂ ਸੀ ਜਿਸ ʼਤੇ ਅਸੀਂ ਕਬਜ਼ਾ ਨਾ ਕੀਤਾ ਹੋਵੇ। ਅਸੀਂ ਬਾਸ਼ਾਨ ਦੇ ਰਾਜੇ ਓਗ ਦੇ ਰਾਜ ਯਾਨੀ ਅਰਗੋਬ ਦੇ ਸਾਰੇ ਇਲਾਕੇ ਦੇ 60 ਸ਼ਹਿਰਾਂ ʼਤੇ ਕਬਜ਼ਾ ਕਰ ਲਿਆ।+ 5 ਇਹ ਸਾਰੇ ਕਿਲੇਬੰਦ ਸ਼ਹਿਰ ਸਨ ਜਿਨ੍ਹਾਂ ਦੀਆਂ ਉੱਚੀਆਂ-ਉੱਚੀਆਂ ਕੰਧਾਂ, ਦਰਵਾਜ਼ੇ ਅਤੇ ਕੁੰਡੇ ਸਨ। ਨਾਲੇ ਅਸੀਂ ਬਹੁਤ ਸਾਰੇ ਬਿਨਾਂ ਕੰਧਾਂ ਵਾਲੇ ਕਸਬਿਆਂ ʼਤੇ ਵੀ ਕਬਜ਼ਾ ਕੀਤਾ। 6 ਪਰ ਅਸੀਂ ਇਨ੍ਹਾਂ ਸਾਰੇ ਸ਼ਹਿਰਾਂ ਦਾ ਨਾਸ਼ ਕਰ ਦਿੱਤਾ,+ ਜਿਵੇਂ ਅਸੀਂ ਹਸ਼ਬੋਨ ਦੇ ਰਾਜੇ ਸੀਹੋਨ ਦਾ ਕੀਤਾ ਸੀ। ਅਸੀਂ ਹਰ ਸ਼ਹਿਰ ਨੂੰ ਆਦਮੀਆਂ, ਔਰਤਾਂ ਅਤੇ ਬੱਚਿਆਂ ਸਣੇ ਨਾਸ਼ ਕਰ ਦਿੱਤਾ।+ 7 ਅਸੀਂ ਉਨ੍ਹਾਂ ਸ਼ਹਿਰਾਂ ਦੇ ਸਾਰੇ ਪਾਲਤੂ ਪਸ਼ੂ ਅਤੇ ਹੋਰ ਚੀਜ਼ਾਂ ਲੁੱਟ ਲਈਆਂ।

8 “ਉਸ ਵੇਲੇ ਅਸੀਂ ਯਰਦਨ ਦੇ ਇਲਾਕੇ ਵਿਚ ਦੋ ਅਮੋਰੀ ਰਾਜਿਆਂ ਦੇ ਦੇਸ਼ ʼਤੇ ਕਬਜ਼ਾ ਕਰ ਲਿਆ+ ਜਿਸ ਦੀ ਸਰਹੱਦ ਅਰਨੋਨ ਘਾਟੀ ਤੋਂ ਲੈ ਕੇ ਹਰਮੋਨ ਪਹਾੜ ਤਕ ਫੈਲੀ ਹੋਈ ਸੀ।+ 9 (ਸੀਦੋਨੀ ਲੋਕ ਹਰਮੋਨ ਪਹਾੜ ਨੂੰ ਸਿਰਯੋਨ ਕਹਿੰਦੇ ਸਨ ਅਤੇ ਅਮੋਰੀ ਲੋਕ ਇਸ ਨੂੰ ਸਨੀਰ ਕਹਿੰਦੇ ਸਨ।) 10 ਅਸੀਂ ਪਹਾੜੀ ਇਲਾਕੇ* ਦੇ ਸਾਰੇ ਸ਼ਹਿਰਾਂ, ਪੂਰੇ ਗਿਲਆਦ ਅਤੇ ਸਲਕਾਹ ਤੇ ਅਦਰਈ+ ਤਕ ਪੂਰੇ ਬਾਸ਼ਾਨ ਉੱਤੇ ਵੀ ਕਬਜ਼ਾ ਕਰ ਲਿਆ। ਇਹ ਬਾਸ਼ਾਨ ਦੇ ਰਾਜੇ ਓਗ ਦੇ ਸ਼ਹਿਰ ਸਨ। 11 ਬਾਸ਼ਾਨ ਦਾ ਰਾਜਾ ਓਗ ਰਫ਼ਾਈਮੀ ਲੋਕਾਂ ਵਿੱਚੋਂ ਆਖ਼ਰੀ ਸੀ। ਉਸ ਦੀ ਅਰਥੀ* ਲੋਹੇ* ਦੀ ਬਣੀ ਸੀ ਅਤੇ ਇਹ ਅਜੇ ਵੀ ਅੰਮੋਨੀਆਂ ਦੇ ਰੱਬਾਹ ਸ਼ਹਿਰ ਵਿਚ ਹੈ। ਉਸ ਵੇਲੇ ਦੇ ਮਾਪ ਮੁਤਾਬਕ ਇਹ ਅਰਥੀ ਨੌਂ ਹੱਥ* ਲੰਬੀ ਅਤੇ ਚਾਰ ਹੱਥ ਚੌੜੀ ਸੀ। 12 ਉਸ ਸਮੇਂ ਅਸੀਂ ਇਸ ਇਲਾਕੇ ʼਤੇ ਕਬਜ਼ਾ ਕੀਤਾ ਜਿਸ ਦੀ ਸਰਹੱਦ ਅਰਨੋਨ ਘਾਟੀ ਕੋਲ ਅਰੋਏਰ+ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਵਿਚ ਗਿਲਆਦ ਦਾ ਅੱਧਾ ਪਹਾੜੀ ਇਲਾਕਾ ਸ਼ਾਮਲ ਹੈ ਅਤੇ ਮੈਂ ਇਸ ਦੇ ਸ਼ਹਿਰ ਰਊਬੇਨੀਆਂ ਅਤੇ ਗਾਦੀਆਂ ਨੂੰ ਦੇ ਦਿੱਤੇ।+ 13 ਅਤੇ ਮੈਂ ਮਨੱਸ਼ਹ ਦੇ ਅੱਧੇ ਗੋਤ ਨੂੰ ਗਿਲਆਦ ਦਾ ਬਾਕੀ ਬਚਿਆ ਇਲਾਕਾ ਅਤੇ ਪੂਰਾ ਬਾਸ਼ਾਨ ਦੇ ਦਿੱਤਾ ਜੋ ਓਗ ਦੇ ਰਾਜ ਦਾ ਹਿੱਸਾ ਸੀ।+ ਬਾਸ਼ਾਨ ਵਿਚ ਅਰਗੋਬ ਦੇ ਪੂਰੇ ਇਲਾਕੇ ਨੂੰ ਰਫ਼ਾਈਮੀਆਂ ਦਾ ਦੇਸ਼ ਕਿਹਾ ਜਾਂਦਾ ਸੀ।

14 ਮਨੱਸ਼ਹ ਦੇ ਪੁੱਤਰ ਯਾਈਰ+ ਨੇ ਅਰਗੋਬ ਦਾ ਸਾਰਾ ਇਲਾਕਾ ਲੈ ਲਿਆ+ ਜੋ ਗਸ਼ੂਰੀਆਂ ਅਤੇ ਮਾਕਾਥੀਆਂ+ ਦੀ ਸਰਹੱਦ ਤਕ ਫੈਲਿਆ ਸੀ। ਉਸ ਨੇ ਆਪਣੇ ਨਾਂ ʼਤੇ ਬਾਸ਼ਾਨ ਦੇ ਪਿੰਡਾਂ ਦਾ ਨਾਂ ਹੱਵੋਥ-ਯਾਈਰ* ਰੱਖ ਦਿੱਤਾ+ ਜੋ ਅੱਜ ਤਕ ਹੈ। 15 ਮੈਂ ਗਿਲਆਦ ਦਾ ਇਲਾਕਾ ਮਾਕੀਰ ਨੂੰ ਦੇ ਦਿੱਤਾ।+ 16 ਅਤੇ ਮੈਂ ਰਊਬੇਨੀਆਂ ਅਤੇ ਗਾਦੀਆਂ+ ਨੂੰ ਗਿਲਆਦ ਤੋਂ ਲੈ ਕੇ ਅਰਨੋਨ ਘਾਟੀ ਤਕ ਦਾ ਇਲਾਕਾ (ਘਾਟੀ ਦਾ ਵਿਚਲਾ ਹਿੱਸਾ ਇਸ ਦੀ ਸਰਹੱਦ ਹੈ) ਅਤੇ ਯਬੋਕ ਘਾਟੀ ਤਕ ਦਾ ਇਲਾਕਾ ਦੇ ਦਿੱਤਾ ਜੋ ਅੰਮੋਨੀਆਂ ਦੀ ਸਰਹੱਦ ਹੈ। 17 ਨਾਲੇ ਉਨ੍ਹਾਂ ਨੂੰ ਅਰਾਬਾਹ, ਯਰਦਨ ਅਤੇ ਇਸ ਦੇ ਨਾਲ ਸਰਹੱਦੀ ਇਲਾਕਾ ਦੇ ਦਿੱਤਾ ਜੋ ਕਿੰਨਰਥ ਤੋਂ ਲੈ ਕੇ ਅਰਾਬਾਹ ਸਾਗਰ ਤਕ ਹੈ। ਅਰਾਬਾਹ ਸਾਗਰ ਯਾਨੀ ਖਾਰਾ ਸਮੁੰਦਰ* ਪੂਰਬ ਵਿਚ ਪਿਸਗਾਹ ਦੀ ਢਲਾਣ ਕੋਲ ਹੈ।+

18 “ਇਸ ਤੋਂ ਬਾਅਦ ਮੈਂ ਤੁਹਾਨੂੰ* ਇਹ ਹੁਕਮ ਦਿੱਤਾ ਸੀ: ‘ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਇਹ ਦੇਸ਼ ਵਿਰਾਸਤ ਵਿਚ ਤੁਹਾਨੂੰ ਦਿੱਤਾ ਹੈ। ਤੁਹਾਡੇ ਸਾਰੇ ਸੂਰਮੇ ਹਥਿਆਰ ਚੁੱਕਣ ਅਤੇ ਆਪਣੇ ਇਜ਼ਰਾਈਲੀ ਭਰਾਵਾਂ ਦੇ ਅੱਗੇ-ਅੱਗੇ ਯਰਦਨ ਦਰਿਆ ਪਾਰ ਕਰਨ।+ 19 ਪਰ ਤੁਹਾਡੀਆਂ ਪਤਨੀਆਂ, ਤੁਹਾਡੇ ਬੱਚੇ ਅਤੇ ਤੁਹਾਡੇ ਪਾਲਤੂ ਪਸ਼ੂ (ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਹਾਡੇ ਕੋਲ ਵੱਡੀ ਤਾਦਾਦ ਵਿਚ ਪਸ਼ੂ ਹਨ) ਉਨ੍ਹਾਂ ਸ਼ਹਿਰਾਂ ਵਿਚ ਰਹਿਣ ਜੋ ਮੈਂ ਤੁਹਾਨੂੰ ਦਿੱਤੇ ਹਨ 20 ਜਦ ਤਕ ਯਹੋਵਾਹ ਤੁਹਾਡੇ ਭਰਾਵਾਂ ਨੂੰ ਆਰਾਮ ਨਹੀਂ ਦੇ ਦਿੰਦਾ ਜਿਵੇਂ ਉਸ ਨੇ ਤੁਹਾਨੂੰ ਦਿੱਤਾ ਹੈ ਅਤੇ ਜਦ ਤਕ ਉਹ ਵੀ ਯਰਦਨ ਦਰਿਆ ਪਾਰ ਕਰ ਕੇ ਉਸ ਦੇਸ਼ ʼਤੇ ਕਬਜ਼ਾ ਨਹੀਂ ਕਰ ਲੈਂਦੇ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਨੂੰ ਦੇਣ ਵਾਲਾ ਹੈ। ਫਿਰ ਤੁਹਾਡੇ ਵਿੱਚੋਂ ਹਰੇਕ ਜਣਾ ਆਪੋ-ਆਪਣੀ ਜ਼ਮੀਨ ʼਤੇ ਵਾਪਸ ਆ ਸਕਦਾ ਹੈ ਜੋ ਮੈਂ ਤੁਹਾਨੂੰ ਦਿੱਤੀ ਹੈ।’+

21 “ਉਸ ਵੇਲੇ ਮੈਂ ਯਹੋਸ਼ੁਆ ਨੂੰ ਹੁਕਮ ਦਿੱਤਾ:+ ‘ਤੂੰ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਤੇਰੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਦੋਵਾਂ ਰਾਜਿਆਂ ਦਾ ਕੀ ਹਾਲ ਕੀਤਾ ਸੀ। ਯਹੋਵਾਹ ਦਰਿਆ ਪਾਰ ਉਨ੍ਹਾਂ ਸਾਰੇ ਰਾਜਾਂ ਦਾ ਵੀ ਉਹੀ ਹਾਲ ਕਰੇਗਾ ਜਿੱਥੇ ਤੂੰ ਜਾਵੇਂਗਾ।+ 22 ਤੁਸੀਂ ਉਨ੍ਹਾਂ ਤੋਂ ਨਾ ਡਰਿਓ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਲਈ ਲੜਦਾ ਹੈ।’+

23 “ਉਸ ਵੇਲੇ ਮੈਂ ਯਹੋਵਾਹ ਨੂੰ ਬੇਨਤੀ ਕਰਦੇ ਹੋਏ ਕਿਹਾ: 24 ‘ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਆਪਣੇ ਸੇਵਕ ਨੂੰ ਆਪਣੀ ਮਹਾਨਤਾ ਅਤੇ ਆਪਣੀ ਤਾਕਤਵਰ ਬਾਂਹ ਦਾ ਕਮਾਲ ਦਿਖਾਉਣ ਲੱਗ ਪਿਆ ਹੈਂ।+ ਕੀ ਆਕਾਸ਼ ਅਤੇ ਧਰਤੀ ʼਤੇ ਤੇਰੇ ਵਰਗਾ ਕੋਈ ਈਸ਼ਵਰ ਹੈ ਜੋ ਤੇਰੇ ਵਾਂਗ ਅਜਿਹੇ ਸ਼ਕਤੀਸ਼ਾਲੀ ਕੰਮ ਕਰੇ?+ 25 ਕਿਰਪਾ ਕਰ ਕੇ ਮੈਨੂੰ ਯਰਦਨ ਦਰਿਆ ਪਾਰ ਜਾਣ ਦੀ ਇਜਾਜ਼ਤ ਦੇ ਤਾਂਕਿ ਮੈਂ ਉੱਥੇ ਜਾ ਕੇ ਇਸ ਵਧੀਆ ਦੇਸ਼, ਹਾਂ, ਇਸ ਵਧੀਆ ਪਹਾੜੀ ਇਲਾਕੇ ਅਤੇ ਲਬਾਨੋਨ ਨੂੰ ਦੇਖ ਸਕਾਂ।’+ 26 ਪਰ ਯਹੋਵਾਹ ਅਜੇ ਵੀ ਤੁਹਾਡੇ ਕਾਰਨ ਮੇਰੇ ਨਾਲ ਗੁੱਸੇ ਸੀ+ ਅਤੇ ਉਸ ਨੇ ਮੇਰੀ ਗੱਲ ਨਹੀਂ ਸੁਣੀ। ਇਸ ਦੀ ਬਜਾਇ, ਯਹੋਵਾਹ ਨੇ ਮੈਨੂੰ ਕਿਹਾ, ‘ਬੱਸ! ਬਹੁਤ ਹੋ ਗਿਆ। ਮੇਰੇ ਨਾਲ ਦੁਬਾਰਾ ਇਸ ਬਾਰੇ ਕਦੇ ਗੱਲ ਨਾ ਕਰੀਂ। 27 ਤੂੰ ਪਿਸਗਾਹ ਦੀ ਚੋਟੀ ʼਤੇ ਜਾਹ+ ਅਤੇ ਉੱਤਰ, ਦੱਖਣ, ਪੂਰਬ ਤੇ ਪੱਛਮ ਚਾਰੇ ਪਾਸੇ ਆਪਣੀਆਂ ਅੱਖਾਂ ਨਾਲ ਇਹ ਦੇਸ਼ ਦੇਖ ਲੈ ਕਿਉਂਕਿ ਤੂੰ ਯਰਦਨ ਦਰਿਆ ਪਾਰ ਨਹੀਂ ਜਾਵੇਂਗਾ।+ 28 ਤੂੰ ਯਹੋਸ਼ੁਆ ਨੂੰ ਆਗੂ ਨਿਯੁਕਤ ਕਰ+ ਅਤੇ ਉਸ ਦੀ ਹਿੰਮਤ ਵਧਾ ਅਤੇ ਉਸ ਨੂੰ ਤਕੜਾ ਕਰ ਕਿਉਂਕਿ ਉਹੀ ਇਨ੍ਹਾਂ ਲੋਕਾਂ ਦੇ ਅੱਗੇ-ਅੱਗੇ ਯਰਦਨ ਦਰਿਆ ਪਾਰ ਕਰੇਗਾ+ ਅਤੇ ਜੋ ਦੇਸ਼ ਤੂੰ ਦੇਖੇਂਗਾ, ਉਸ ʼਤੇ ਕਬਜ਼ਾ ਕਰਨ ਵਿਚ ਉਹ ਉਨ੍ਹਾਂ ਦੀ ਅਗਵਾਈ ਕਰੇਗਾ।’ 29 ਇਹ ਸਭ ਕੁਝ ਉਸ ਵੇਲੇ ਵਾਪਰਿਆ ਜਦ ਅਸੀਂ ਬੈਤ-ਪਓਰ ਦੇ ਸਾਮ੍ਹਣੇ ਘਾਟੀ ਵਿਚ ਤੰਬੂ ਲਾਏ ਸਨ।+

4 “ਹੁਣ ਹੇ ਇਜ਼ਰਾਈਲ ਦੇ ਲੋਕੋ, ਉਨ੍ਹਾਂ ਨਿਯਮਾਂ ਅਤੇ ਕਾਨੂੰਨਾਂ ਨੂੰ ਸੁਣੋ ਜੋ ਮੈਂ ਤੁਹਾਨੂੰ ਸਿਖਾਉਂਦਾ ਹਾਂ ਤਾਂਕਿ ਤੁਸੀਂ ਉਨ੍ਹਾਂ ਦੀ ਪਾਲਣਾ ਕਰੋ ਅਤੇ ਜੀਉਂਦੇ ਰਹੋ+ ਅਤੇ ਉਸ ਦੇਸ਼ ʼਤੇ ਕਬਜ਼ਾ ਕਰੋ ਜੋ ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ। 2 ਮੈਂ ਤੁਹਾਨੂੰ ਜੋ ਹੁਕਮ ਦਿੰਦਾ ਹਾਂ, ਤੁਸੀਂ ਉਨ੍ਹਾਂ ਵਿਚ ਨਾ ਤਾਂ ਕੁਝ ਜੋੜਿਓ ਤੇ ਨਾ ਹੀ ਕੁਝ ਕੱਢਿਓ।+ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮਾਂ ਦੀ ਪਾਲਣਾ ਕਰੋ ਜੋ ਮੈਂ ਤੁਹਾਨੂੰ ਦਿੰਦਾ ਹਾਂ।

3 “ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਕਿ ਯਹੋਵਾਹ ਨੇ ਪਿਓਰ ਦੇ ਬਆਲ ਦੇ ਮਾਮਲੇ ਵਿਚ ਕੀ ਕੀਤਾ ਸੀ। ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਵਿੱਚੋਂ ਹਰ ਉਸ ਆਦਮੀ ਦਾ ਨਾਸ਼ ਕਰ ਦਿੱਤਾ ਸੀ ਜੋ ਬਆਲ ਦੇ ਪਿੱਛੇ-ਪਿੱਛੇ ਚੱਲਿਆ ਸੀ।+ 4 ਪਰ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਅੰਗ-ਸੰਗ ਚੱਲਣ ਕਰਕੇ ਅੱਜ ਤਕ ਜੀਉਂਦੇ ਹੋ। 5 ਦੇਖੋ, ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮ ਮੁਤਾਬਕ ਤੁਹਾਨੂੰ ਉਹ ਸਾਰੇ ਨਿਯਮ ਅਤੇ ਕਾਨੂੰਨ ਸਿਖਾਏ ਹਨ+ ਤਾਂਕਿ ਤੁਸੀਂ ਉਸ ਦੇਸ਼ ਵਿਚ ਉਨ੍ਹਾਂ ਦੀ ਪਾਲਣਾ ਕਰੋ ਜਿਸ ʼਤੇ ਤੁਸੀਂ ਕਬਜ਼ਾ ਕਰੋਗੇ। 6 ਤੁਸੀਂ ਧਿਆਨ ਨਾਲ ਇਨ੍ਹਾਂ ਮੁਤਾਬਕ ਚੱਲੋ+ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਵੱਖੋ-ਵੱਖਰੀਆਂ ਕੌਮਾਂ ਦੇ ਲੋਕਾਂ ਨੂੰ ਤੁਹਾਡੀ ਬੁੱਧ+ ਅਤੇ ਸਮਝ+ ਦਾ ਸਬੂਤ ਮਿਲੇਗਾ। ਜਦੋਂ ਲੋਕ ਇਨ੍ਹਾਂ ਸਾਰੇ ਨਿਯਮਾਂ ਬਾਰੇ ਸੁਣਨਗੇ, ਤਾਂ ਉਹ ਕਹਿਣਗੇ: ‘ਵਾਕਈ, ਇਹ ਵੱਡੀ ਕੌਮ ਬੁੱਧੀਮਾਨ ਤੇ ਸਮਝਦਾਰ ਹੈ।’+ 7 ਕੀ ਕੋਈ ਹੋਰ ਵੱਡੀ ਕੌਮ ਹੈ ਜਿਸ ਦੇ ਦੇਵਤੇ ਉਨ੍ਹਾਂ ਦੇ ਇੰਨੇ ਨੇੜੇ ਹਨ ਜਿੰਨਾ ਸਾਡਾ ਪਰਮੇਸ਼ੁਰ ਯਹੋਵਾਹ ਸਾਡੇ ਨੇੜੇ ਹੈ? ਅਸੀਂ ਜਦੋਂ ਵੀ ਉਸ ਨੂੰ ਪੁਕਾਰਦੇ ਹਾਂ, ਉਹ ਸਾਡੀ ਸੁਣਦਾ ਹੈ।+ 8 ਮੈਂ ਅੱਜ ਤੁਹਾਨੂੰ ਜੋ ਕਾਨੂੰਨ ਦੇ ਰਿਹਾ ਹਾਂ, ਕੀ ਕਿਸੇ ਹੋਰ ਵੱਡੀ ਕੌਮ ਕੋਲ ਅਜਿਹਾ ਕਾਨੂੰਨ ਹੈ ਜਿਸ ਦੇ ਨਿਯਮ ਅਤੇ ਹੁਕਮ ਸਹੀ ਹਨ?+

9 “ਖ਼ਬਰਦਾਰ ਰਹੋ ਅਤੇ ਆਪਣੇ ʼਤੇ ਨਜ਼ਰ ਰੱਖੋ ਤਾਂਕਿ ਤੁਸੀਂ ਅੱਖੀਂ ਦੇਖੀਆਂ ਗੱਲਾਂ ਭੁੱਲ ਨਾ ਜਾਓ ਅਤੇ ਜ਼ਿੰਦਗੀ ਭਰ ਉਹ ਗੱਲਾਂ ਤੁਹਾਡੇ ਦਿਲਾਂ ਵਿੱਚੋਂ ਨਾ ਨਿਕਲਣ। ਨਾਲੇ ਤੁਸੀਂ ਉਹ ਗੱਲਾਂ ਆਪਣੇ ਪੁੱਤਰਾਂ ਅਤੇ ਪੋਤਿਆਂ ਨੂੰ ਜ਼ਰੂਰ ਦੱਸਿਓ।+ 10 ਜਿਸ ਦਿਨ ਤੁਸੀਂ ਹੋਰੇਬ ਵਿਚ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਖੜ੍ਹੇ ਸੀ, ਉਦੋਂ ਯਹੋਵਾਹ ਨੇ ਮੈਨੂੰ ਕਿਹਾ, ‘ਸਾਰੇ ਲੋਕਾਂ ਨੂੰ ਮੇਰੇ ਸਾਮ੍ਹਣੇ ਇਕੱਠਾ ਕਰ ਤਾਂਕਿ ਉਹ ਮੇਰੀਆਂ ਗੱਲਾਂ ਸੁਣਨ+ ਅਤੇ ਸਾਰੀ ਜ਼ਿੰਦਗੀ ਮੇਰਾ ਡਰ ਮੰਨਣਾ ਸਿੱਖਣ+ ਅਤੇ ਆਪਣੇ ਪੁੱਤਰਾਂ ਨੂੰ ਵੀ ਇਹ ਗੱਲਾਂ ਸਿਖਾਉਣ।’+

11 “ਇਸ ਲਈ ਤੁਸੀਂ ਆ ਕੇ ਪਹਾੜ ਕੋਲ ਖੜ੍ਹੇ ਹੋ ਗਏ ਅਤੇ ਪਹਾੜ ਤੋਂ ਅੱਗ ਦਾ ਭਾਂਬੜ ਉੱਠ ਰਿਹਾ ਸੀ ਅਤੇ ਇਸ ਦੀਆਂ ਲਪਟਾਂ ਆਕਾਸ਼ ਨੂੰ ਛੂਹ ਰਹੀਆਂ ਸਨ। ਚਾਰੇ ਪਾਸੇ ਘੁੱਪ ਹਨੇਰਾ ਅਤੇ ਕਾਲ਼ੇ ਬੱਦਲ ਛਾਏ ਹੋਏ ਸਨ।+ 12 ਫਿਰ ਯਹੋਵਾਹ ਅੱਗ ਦੇ ਵਿੱਚੋਂ ਤੁਹਾਡੇ ਨਾਲ ਗੱਲ ਕਰਨ ਲੱਗਾ।+ ਤੁਸੀਂ ਸਿਰਫ਼ ਆਵਾਜ਼ ਸੁਣੀ, ਪਰ ਕਿਸੇ ਨੂੰ ਦੇਖਿਆ ਨਹੀਂ,+ ਉਦੋਂ ਤੁਹਾਨੂੰ ਸਿਰਫ਼ ਆਵਾਜ਼ ਹੀ ਸੁਣਾਈ ਦਿੱਤੀ।+ 13 ਅਤੇ ਉਸ ਨੇ ਤੁਹਾਨੂੰ ਆਪਣਾ ਇਕਰਾਰ ਯਾਨੀ ਦਸ ਹੁਕਮ* ਦਿੱਤੇ ਜਿਨ੍ਹਾਂ ਦੀ ਪਾਲਣਾ ਕਰਨ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਸੀ।+ ਬਾਅਦ ਵਿਚ ਉਸ ਨੇ ਉਨ੍ਹਾਂ ਹੁਕਮਾਂ ਨੂੰ ਪੱਥਰ ਦੀਆਂ ਦੋ ਫੱਟੀਆਂ ʼਤੇ ਲਿਖਿਆ।+ 14 ਉਸ ਵੇਲੇ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਕਿ ਮੈਂ ਤੁਹਾਨੂੰ ਉਸ ਦੇ ਨਿਯਮ ਅਤੇ ਕਾਨੂੰਨ ਸਿਖਾਵਾਂ ਜਿਨ੍ਹਾਂ ਦੀ ਪਾਲਣਾ ਤੁਸੀਂ ਉਸ ਦੇਸ਼ ਵਿਚ ਕਰਨੀ ਹੈ ਜਿਸ ਦੇਸ਼ ʼਤੇ ਤੁਸੀਂ ਕਬਜ਼ਾ ਕਰੋਗੇ।

15 “ਜਿਸ ਦਿਨ ਹੋਰੇਬ ਵਿਚ ਯਹੋਵਾਹ ਨੇ ਅੱਗ ਦੇ ਵਿੱਚੋਂ ਤੁਹਾਡੇ ਨਾਲ ਗੱਲ ਕੀਤੀ ਸੀ, ਤਾਂ ਉਦੋਂ ਤੁਸੀਂ ਕਿਸੇ ਨੂੰ ਦੇਖਿਆ ਨਹੀਂ, ਇਸ ਲਈ ਆਪਣੇ ʼਤੇ ਨਜ਼ਰ ਰੱਖੋ 16 ਤਾਂਕਿ ਤੁਸੀਂ ਕੋਈ ਮੂਰਤ ਬਣਾ ਕੇ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰੋ, ਭਾਵੇਂ ਉਹ ਮੂਰਤ ਕਿਸੇ ਚੀਜ਼ ਦੀ ਹੋਵੇ ਜਾਂ ਕਿਸੇ ਆਦਮੀ ਜਾਂ ਔਰਤ ਦੀ ਹੋਵੇ+ 17 ਜਾਂ ਧਰਤੀ ਦੇ ਕਿਸੇ ਜਾਨਵਰ ਦੀ ਹੋਵੇ ਜਾਂ ਆਕਾਸ਼ ਵਿਚ ਉੱਡਣ ਵਾਲੇ ਕਿਸੇ ਪੰਛੀ ਦੀ ਹੋਵੇ+ 18 ਜਾਂ ਧਰਤੀ ʼਤੇ ਰੀਂਗਣ ਵਾਲੇ ਕਿਸੇ ਜੀਵ ਦੀ ਜਾਂ ਪਾਣੀ ਵਿਚ ਰਹਿਣ ਵਾਲੀ ਕਿਸੇ ਮੱਛੀ ਦੀ ਹੋਵੇ।+ 19 ਅਤੇ ਜਦੋਂ ਵੀ ਤੁਸੀਂ ਆਪਣੀਆਂ ਨਜ਼ਰਾਂ ਉੱਪਰ ਆਕਾਸ਼ ਵੱਲ ਚੁੱਕ ਕੇ ਸੂਰਜ, ਚੰਦ ਅਤੇ ਤਾਰੇ ਯਾਨੀ ਆਕਾਸ਼ ਦੀ ਸਾਰੀ ਸੈਨਾ ਦੇਖੋ, ਤਾਂ ਤੁਸੀਂ ਇਨ੍ਹਾਂ ਅੱਗੇ ਮੱਥਾ ਟੇਕਣ ਤੇ ਇਨ੍ਹਾਂ ਦੀ ਭਗਤੀ ਕਰਨ ਲਈ ਬਹਿਕਾਏ ਨਾ ਜਾਓ।+ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਧਰਤੀ ਦੇ* ਸਾਰੇ ਲੋਕਾਂ ਨੂੰ ਇਹ ਚੀਜ਼ਾਂ ਦਿੱਤੀਆਂ ਹਨ। 20 ਪਰ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੂੰ ਯਹੋਵਾਹ ਬਲ਼ਦੀ ਹੋਈ ਭੱਠੀ* ਯਾਨੀ ਮਿਸਰ ਵਿੱਚੋਂ ਕੱਢ ਲਿਆਇਆ ਤਾਂਕਿ ਤੁਸੀਂ ਉਸ ਦੀ ਖ਼ਾਸ ਪਰਜਾ* ਬਣੋ+ ਜਿਵੇਂ ਕਿ ਤੁਸੀਂ ਅੱਜ ਹੋ।

21 “ਤੁਹਾਡੇ ਕਰਕੇ ਯਹੋਵਾਹ ਮੇਰੇ ʼਤੇ ਗੁੱਸੇ ਨਾਲ ਭੜਕਿਆ+ ਅਤੇ ਉਸ ਨੇ ਸਹੁੰ ਖਾਧੀ ਕਿ ਉਹ ਮੈਨੂੰ ਯਰਦਨ ਦਰਿਆ ਪਾਰ ਨਹੀਂ ਜਾਣ ਦੇਵੇਗਾ ਅਤੇ ਨਾ ਹੀ ਉਸ ਵਧੀਆ ਦੇਸ਼ ਵਿਚ ਜਾਣ ਦੇਵੇਗਾ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹੈ।+ 22 ਇਸ ਲਈ ਇਸੇ ਦੇਸ਼ ਵਿਚ ਮੇਰੀ ਮੌਤ ਹੋ ਜਾਵੇਗੀ। ਮੈਂ ਯਰਦਨ ਦਰਿਆ ਪਾਰ ਨਹੀਂ ਜਾਵਾਂਗਾ,+ ਪਰ ਤੁਸੀਂ ਦਰਿਆ ਪਾਰ ਕਰ ਕੇ ਉਸ ਵਧੀਆ ਦੇਸ਼ ʼਤੇ ਕਬਜ਼ਾ ਕਰੋਗੇ। 23 ਖ਼ਬਰਦਾਰ ਰਹੋ ਕਿ ਕਿਤੇ ਤੁਸੀਂ ਉਸ ਇਕਰਾਰ ਨੂੰ ਭੁੱਲ ਨਾ ਜਾਓ ਜੋ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਨਾਲ ਕੀਤਾ ਹੈ।+ ਨਾਲੇ ਤੁਸੀਂ ਆਪਣੇ ਲਈ ਕੋਈ ਮੂਰਤ ਅਤੇ ਕਿਸੇ ਚੀਜ਼ ਦੀ ਸੂਰਤ ਨਾ ਬਣਾਓ ਕਿਉਂਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਅਜਿਹੀ ਕੋਈ ਵੀ ਚੀਜ਼ ਬਣਾਉਣ ਤੋਂ ਮਨ੍ਹਾ ਕੀਤਾ ਹੈ।+ 24 ਤੁਹਾਡਾ ਪਰਮੇਸ਼ੁਰ ਯਹੋਵਾਹ ਭਸਮ ਕਰ ਦੇਣ ਵਾਲੀ ਅੱਗ ਹੈ+ ਅਤੇ ਉਹ ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਹੀ ਭਗਤੀ ਕੀਤੀ ਜਾਵੇ।+

25 “ਜਦੋਂ ਤੁਹਾਡੇ ਪੁੱਤਰ ਤੇ ਪੋਤੇ ਪੈਦਾ ਹੋਣਗੇ ਅਤੇ ਤੁਹਾਨੂੰ ਉਸ ਦੇਸ਼ ਵਿਚ ਰਹਿੰਦਿਆਂ ਬਹੁਤ ਸਮਾਂ ਬੀਤ ਚੁੱਕਾ ਹੋਵੇਗਾ ਅਤੇ ਫਿਰ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਮੂਰਤ ਬਣਾਉਣ ਦਾ ਦੁਸ਼ਟ ਕੰਮ ਕਰੋਗੇ+ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਇਹ ਬੁਰਾ ਕੰਮ ਕਰ ਕੇ ਉਸ ਦਾ ਗੁੱਸਾ ਭੜਕਾਓਗੇ,+ 26 ਤਾਂ ਮੈਂ ਅੱਜ ਆਕਾਸ਼ ਅਤੇ ਧਰਤੀ ਨੂੰ ਤੁਹਾਡੇ ਖ਼ਿਲਾਫ਼ ਗਵਾਹ ਬਣਾਉਂਦਾ ਹਾਂ ਕਿ ਤੁਸੀਂ ਜਲਦੀ ਹੀ ਉਸ ਦੇਸ਼ ਵਿੱਚੋਂ ਜ਼ਰੂਰ ਖ਼ਤਮ ਹੋ ਜਾਓਗੇ ਜਿਸ ʼਤੇ ਤੁਸੀਂ ਕਬਜ਼ਾ ਕਰਨ ਲਈ ਯਰਦਨ ਦਰਿਆ ਪਾਰ ਜਾ ਰਹੇ ਹੋ। ਤੁਸੀਂ ਜ਼ਿਆਦਾ ਦਿਨ ਉੱਥੇ ਨਹੀਂ ਰਹਿ ਸਕੋਗੇ, ਸਗੋਂ ਤੁਸੀਂ ਪੂਰੀ ਤਰ੍ਹਾਂ ਨਾਸ਼ ਹੋ ਜਾਓਗੇ।+ 27 ਯਹੋਵਾਹ ਤੁਹਾਨੂੰ ਕੌਮਾਂ ਵਿਚ ਖਿੰਡਾ ਦੇਵੇਗਾ+ ਅਤੇ ਜਿਨ੍ਹਾਂ ਕੌਮਾਂ ਵਿਚ ਯਹੋਵਾਹ ਤੁਹਾਨੂੰ ਖਿੰਡਾਵੇਗਾ, ਉੱਥੇ ਤੁਹਾਡੇ ਵਿੱਚੋਂ ਥੋੜ੍ਹੇ ਜਣੇ ਹੀ ਬਚਣਗੇ।+ 28 ਉੱਥੇ ਤੁਹਾਨੂੰ ਇਨਸਾਨਾਂ ਦੇ ਹੱਥਾਂ ਦੇ ਬਣਾਏ ਦੇਵਤਿਆਂ ਦੀ ਭਗਤੀ ਕਰਨੀ ਪਵੇਗੀ।+ ਲੱਕੜ ਤੇ ਪੱਥਰ ਦੇ ਦੇਵਤੇ ਨਾ ਦੇਖ ਸਕਦੇ, ਨਾ ਸੁਣ ਸਕਦੇ, ਨਾ ਖਾ ਸਕਦੇ ਅਤੇ ਨਾ ਹੀ ਸੁੰਘ ਸਕਦੇ।

29 “ਜੇ ਤੁਸੀਂ ਉੱਥੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਾਲ ਕਰੋਗੇ ਅਤੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਉਸ ਦੀ ਤਲਾਸ਼ ਕਰੋਗੇ,+ ਤਾਂ ਉਹ ਤੁਹਾਨੂੰ ਜ਼ਰੂਰ ਲੱਭ ਜਾਵੇਗਾ।+ 30 ਜਦੋਂ ਤੁਹਾਡੇ ʼਤੇ ਦੁੱਖਾਂ ਦਾ ਪਹਾੜ ਟੁੱਟੇਗਾ ਅਤੇ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਵਾਪਰਨਗੀਆਂ, ਤਾਂ ਤੁਸੀਂ ਜ਼ਰੂਰ ਆਪਣੇ ਪਰਮੇਸ਼ੁਰ ਯਹੋਵਾਹ ਵੱਲ ਮੁੜੋਗੇ ਅਤੇ ਉਸ ਦੀ ਆਵਾਜ਼ ਸੁਣੋਗੇ।+ 31 ਤੁਹਾਡਾ ਪਰਮੇਸ਼ੁਰ ਯਹੋਵਾਹ ਦਇਆਵਾਨ ਪਰਮੇਸ਼ੁਰ ਹੈ।+ ਉਹ ਤੁਹਾਨੂੰ ਨਹੀਂ ਤਿਆਗੇਗਾ ਅਤੇ ਨਾ ਹੀ ਉਹ ਤੁਹਾਡਾ ਨਾਸ਼ ਹੋਣ ਦੇਵੇਗਾ। ਉਸ ਨੇ ਸਹੁੰ ਖਾ ਕੇ ਤੁਹਾਡੇ ਪਿਉ-ਦਾਦਿਆਂ ਨਾਲ ਜੋ ਇਕਰਾਰ ਕੀਤਾ ਸੀ, ਉਸ ਨੂੰ ਉਹ ਕਦੇ ਨਹੀਂ ਭੁੱਲੇਗਾ।+

32 “ਹੁਣ ਜ਼ਰਾ ਆਪਣੇ ਤੋਂ ਪਹਿਲਾਂ ਦੇ ਸਮਿਆਂ ਬਾਰੇ ਸੋਚੋ ਜਦੋਂ ਤੋਂ ਪਰਮੇਸ਼ੁਰ ਨੇ ਇਨਸਾਨ ਨੂੰ ਧਰਤੀ ਉੱਤੇ ਬਣਾਇਆ ਹੈ। ਆਕਾਸ਼ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਕ ਖੋਜ ਕਰੋ। ਕੀ ਪਹਿਲਾਂ ਕਦੇ ਅਜਿਹੀ ਵੱਡੀ ਘਟਨਾ ਵਾਪਰੀ ਹੈ ਜਾਂ ਕੀ ਕਦੇ ਪਹਿਲਾਂ ਕਿਸੇ ਨੇ ਇਸ ਬਾਰੇ ਸੁਣਿਆ ਹੈ?+ 33 ਕੀ ਕਦੇ ਕਿਸੇ ਹੋਰ ਕੌਮ ਨੇ ਅੱਗ ਵਿੱਚੋਂ ਦੀ ਪਰਮੇਸ਼ੁਰ ਦੀ ਆਵਾਜ਼ ਸੁਣੀ ਹੈ ਜਿਸ ਤਰ੍ਹਾਂ ਤੁਸੀਂ ਉਸ ਦੀ ਆਵਾਜ਼ ਸੁਣੀ ਅਤੇ ਅੱਜ ਤਕ ਜੀਉਂਦੇ ਹੋ?+ 34 ਜਾਂ ਕੀ ਪਰਮੇਸ਼ੁਰ ਨੇ ਕਦੇ ਦੂਜੀਆਂ ਕੌਮਾਂ ਵਿੱਚੋਂ ਆਪਣੇ ਲਈ ਕਿਸੇ ਕੌਮ ਨੂੰ ਚੁਣਨ ਦੀ ਕੋਸ਼ਿਸ਼ ਕੀਤੀ ਸੀ? ਕੀ ਤੁਸੀਂ ਖ਼ੁਦ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ ਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੀ ਖ਼ਾਤਰ ਮਿਸਰ ਨੂੰ ਸਜ਼ਾਵਾਂ ਦਿੱਤੀਆਂ,* ਆਪਣੇ ਬਲਵੰਤ ਹੱਥ+ ਅਤੇ ਤਾਕਤਵਰ ਬਾਂਹ* ਦਾ ਕਮਾਲ ਦਿਖਾਇਆ, ਕਰਾਮਾਤਾਂ ਤੇ ਚਮਤਕਾਰ ਕੀਤੇ,+ ਯੁੱਧ ਕੀਤਾ+ ਅਤੇ ਦਿਲ ਦਹਿਲਾਉਣ ਵਾਲੇ ਕੰਮ ਕੀਤੇ?+ 35 ਤੁਹਾਨੂੰ ਇਹ ਸਾਰਾ ਕੁਝ ਇਸ ਲਈ ਦਿਖਾਇਆ ਗਿਆ ਤਾਂਕਿ ਤੁਸੀਂ ਜਾਣ ਲਓ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ+ ਅਤੇ ਉਸ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ ਹੈ।+ 36 ਉਸ ਨੇ ਤੁਹਾਨੂੰ ਸੁਧਾਰਨ ਲਈ ਸਵਰਗ ਤੋਂ ਤੁਹਾਡੇ ਨਾਲ ਗੱਲ ਕੀਤੀ ਅਤੇ ਧਰਤੀ ʼਤੇ ਤੁਹਾਨੂੰ ਆਪਣੀ ਵੱਡੀ ਅੱਗ ਦਿਖਾਈ ਅਤੇ ਤੁਸੀਂ ਅੱਗ ਦੇ ਵਿੱਚੋਂ ਉਸ ਦੀਆਂ ਗੱਲਾਂ ਸੁਣੀਆਂ।+

37 “ਉਹ ਤੁਹਾਡੇ ਪਿਉ-ਦਾਦਿਆਂ ਨਾਲ ਪਿਆਰ ਕਰਦਾ ਸੀ ਅਤੇ ਉਸ ਨੇ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਸੰਤਾਨ* ਨੂੰ ਚੁਣਿਆ,+ ਇਸ ਲਈ ਉਹ ਤੁਹਾਡੇ ਨਾਲ ਰਹਿ ਕੇ ਤੁਹਾਨੂੰ ਆਪਣੀ ਡਾਢੀ ਤਾਕਤ ਨਾਲ ਮਿਸਰ ਵਿੱਚੋਂ ਕੱਢ ਲਿਆਇਆ। 38 ਉਸ ਨੇ ਤੁਹਾਡੇ ਅੱਗਿਓਂ ਉਨ੍ਹਾਂ ਕੌਮਾਂ ਨੂੰ ਕੱਢ ਦਿੱਤਾ ਜੋ ਤੁਹਾਡੇ ਨਾਲੋਂ ਵੱਡੀਆਂ ਅਤੇ ਤਾਕਤਵਰ ਸਨ ਤਾਂਕਿ ਉਹ ਤੁਹਾਨੂੰ ਉਨ੍ਹਾਂ ਦੇ ਦੇਸ਼ ਲੈ ਜਾਵੇ ਅਤੇ ਉਹ ਦੇਸ਼ ਤੁਹਾਨੂੰ ਵਿਰਾਸਤ ਵਿਚ ਦੇਵੇ, ਜਿਵੇਂ ਕਿ ਉਹ ਅੱਜ ਤੁਹਾਨੂੰ ਦੇ ਰਿਹਾ ਹੈ।+ 39 ਇਸ ਲਈ ਅੱਜ ਦੇ ਦਿਨ ਤੁਸੀਂ ਜਾਣ ਲਓ ਅਤੇ ਇਹ ਗੱਲ ਆਪਣੇ ਦਿਲ ਵਿਚ ਬਿਠਾ ਲਓ ਕਿ ਉੱਪਰ ਆਕਾਸ਼ ਵਿਚ ਅਤੇ ਹੇਠਾਂ ਧਰਤੀ ʼਤੇ ਸਿਰਫ਼ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।+ ਉਸ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ ਹੈ।+ 40 ਤੁਸੀਂ ਉਸ ਦੇ ਨਿਯਮਾਂ ਅਤੇ ਹੁਕਮਾਂ ਦੀ ਪਾਲਣਾ ਕਰੋ ਜੋ ਅੱਜ ਮੈਂ ਤੁਹਾਨੂੰ ਦੇ ਰਿਹਾ ਹਾਂ ਤਾਂਕਿ ਤੁਹਾਡਾ ਅਤੇ ਤੁਹਾਡੇ ਤੋਂ ਬਾਅਦ ਤੁਹਾਡੇ ਪੁੱਤਰਾਂ ਦਾ ਭਲਾ ਹੋਵੇ ਅਤੇ ਤੁਸੀਂ ਉਸ ਦੇਸ਼ ਵਿਚ ਲੰਬੇ ਸਮੇਂ ਤਕ ਰਹਿ ਸਕੋ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ।”+

41 ਉਸ ਵੇਲੇ ਮੂਸਾ ਨੇ ਯਰਦਨ ਦਰਿਆ ਦੇ ਪੂਰਬ ਵਾਲੇ ਪਾਸੇ ਤਿੰਨ ਸ਼ਹਿਰ ਚੁਣੇ।+ 42 ਜੇ ਕੋਈ ਅਣਜਾਣੇ ਵਿਚ ਬਿਨਾਂ ਕਿਸੇ ਨਫ਼ਰਤ ਦੇ ਆਪਣੇ ਗੁਆਂਢੀ ਦਾ ਖ਼ੂਨ ਕਰ ਦਿੰਦਾ ਹੈ,+ ਤਾਂ ਉਹ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇਕ ਸ਼ਹਿਰ ਵਿਚ ਭੱਜ ਜਾਵੇ ਅਤੇ ਉੱਥੇ ਰਹੇ।+ 43 ਇਹ ਤਿੰਨ ਸ਼ਹਿਰ ਹਨ: ਰਊਬੇਨੀਆਂ ਲਈ ਪਹਾੜੀ ਇਲਾਕੇ ਦੀ ਉਜਾੜ ਵਿਚ ਬਸਰ,+ ਗਾਦੀਆਂ ਲਈ ਗਿਲਆਦ ਵਿਚ ਰਾਮੋਥ+ ਅਤੇ ਮਨੱਸ਼ਹ ਦੇ ਗੋਤ ਲਈ ਬਾਸ਼ਾਨ ਵਿਚ ਗੋਲਨ।+

44 ਇਹ ਉਹ ਕਾਨੂੰਨ+ ਹੈ ਜੋ ਮੂਸਾ ਨੇ ਇਜ਼ਰਾਈਲੀਆਂ ਨੂੰ ਦਿੱਤਾ ਸੀ। 45 ਮੂਸਾ ਨੇ ਇਹ ਨਸੀਹਤਾਂ,* ਨਿਯਮ ਅਤੇ ਕਾਨੂੰਨ ਇਜ਼ਰਾਈਲੀਆਂ ਨੂੰ ਦਿੱਤੇ ਜਦੋਂ ਉਹ ਮਿਸਰ ਵਿੱਚੋਂ ਨਿਕਲੇ ਸਨ।+ 46 ਉਸ ਨੇ ਇਹ ਸਾਰਾ ਕੁਝ ਉਨ੍ਹਾਂ ਨੂੰ ਯਰਦਨ ਦਰਿਆ ਦੇ ਲਾਗੇ ਬੈਤ-ਪਓਰ ਦੇ ਸਾਮ੍ਹਣੇ ਵਾਲੀ ਘਾਟੀ ਵਿਚ ਦੱਸਿਆ ਸੀ।+ ਇਹ ਇਲਾਕਾ ਅਮੋਰੀਆਂ ਦੇ ਰਾਜੇ ਸੀਹੋਨ ਦਾ ਸੀ ਜੋ ਹਸ਼ਬੋਨ ਵਿਚ ਰਹਿੰਦਾ ਸੀ।+ ਮਿਸਰ ਵਿੱਚੋਂ ਨਿਕਲਣ ਤੋਂ ਬਾਅਦ ਮੂਸਾ ਅਤੇ ਇਜ਼ਰਾਈਲੀਆਂ ਨੇ ਉਸ ਨੂੰ ਹਰਾਇਆ ਸੀ।+ 47 ਉਨ੍ਹਾਂ ਨੇ ਉਸ ਦੇ ਦੇਸ਼ ਅਤੇ ਬਾਸ਼ਾਨ ਦੇ ਰਾਜੇ ਓਗ+ ਦੇ ਦੇਸ਼ ʼਤੇ ਕਬਜ਼ਾ ਕਰ ਲਿਆ। ਇਹ ਦੋਵੇਂ ਅਮੋਰੀ ਰਾਜੇ ਯਰਦਨ ਦਰਿਆ ਦੇ ਪੂਰਬ ਵਾਲੇ ਪਾਸੇ ਰਹਿੰਦੇ ਸਨ। 48 ਇਜ਼ਰਾਈਲੀਆਂ ਨੇ ਅਰਨੋਨ ਘਾਟੀ ਦੇ ਕੰਢੇ ʼਤੇ ਵੱਸੇ ਅਰੋਏਰ ਸ਼ਹਿਰ ਤੋਂ+ ਲੈ ਕੇ ਸਿਓਨ ਪਹਾੜ ਯਾਨੀ ਹਰਮੋਨ ਤਕ ਦੇ ਪੂਰੇ ਇਲਾਕੇ ਉੱਤੇ+ 49 ਅਤੇ ਯਰਦਨ ਦੇ ਪੂਰਬੀ ਪਾਸੇ ਸਾਰੇ ਅਰਾਬਾਹ ਉੱਤੇ ਅਤੇ ਪਿਸਗਾਹ ਦੀ ਢਲਾਣ ਕੋਲ ਅਰਾਬਾਹ ਸਾਗਰ* ਤਕ ਦੇ ਇਲਾਕੇ ਉੱਤੇ ਕਬਜ਼ਾ ਕਰ ਲਿਆ।+

5 ਫਿਰ ਮੂਸਾ ਨੇ ਸਾਰੇ ਇਜ਼ਰਾਈਲੀਆਂ ਨੂੰ ਬੁਲਾ ਕੇ ਕਿਹਾ: “ਹੇ ਇਜ਼ਰਾਈਲ ਦੇ ਲੋਕੋ, ਇਨ੍ਹਾਂ ਨਿਯਮਾਂ ਅਤੇ ਕਾਨੂੰਨਾਂ ਨੂੰ ਸੁਣੋ ਜਿਹੜੇ ਅੱਜ ਮੈਂ ਤੁਹਾਨੂੰ ਦੱਸ ਰਿਹਾ ਹਾਂ। ਤੁਸੀਂ ਇਨ੍ਹਾਂ ਬਾਰੇ ਸਿੱਖੋ ਅਤੇ ਧਿਆਨ ਨਾਲ ਇਨ੍ਹਾਂ ਦੀ ਪਾਲਣਾ ਕਰੋ। 2 ਸਾਡੇ ਪਰਮੇਸ਼ੁਰ ਯਹੋਵਾਹ ਨੇ ਹੋਰੇਬ ਵਿਚ ਸਾਡੇ ਨਾਲ ਇਕਰਾਰ ਕੀਤਾ ਸੀ।+ 3 ਯਹੋਵਾਹ ਨੇ ਸਾਡੇ ਪਿਉ-ਦਾਦਿਆਂ ਨਾਲ ਨਹੀਂ, ਸਗੋਂ ਸਾਡੇ ਨਾਲ ਇਕਰਾਰ ਕੀਤਾ ਜਿਹੜੇ ਅੱਜ ਇੱਥੇ ਮੌਜੂਦ ਹਨ। 4 ਯਹੋਵਾਹ ਨੇ ਪਹਾੜ ਤੋਂ ਅੱਗ ਦੇ ਵਿੱਚੋਂ ਤੁਹਾਡੇ ਨਾਲ ਆਮ੍ਹੋ-ਸਾਮ੍ਹਣੇ ਗੱਲ ਕੀਤੀ।+ 5 ਉਸ ਵੇਲੇ ਮੈਂ ਤੁਹਾਨੂੰ ਯਹੋਵਾਹ ਦਾ ਬਚਨ ਸੁਣਾਉਣ ਲਈ ਤੁਹਾਡੇ ਅਤੇ ਯਹੋਵਾਹ ਦੇ ਵਿਚਕਾਰ ਖੜ੍ਹਾ ਸੀ+ ਕਿਉਂਕਿ ਤੁਸੀਂ ਪਹਾੜ ʼਤੇ ਅੱਗ ਦੇਖ ਕੇ ਡਰ ਗਏ ਅਤੇ ਪਹਾੜ ਉੱਤੇ ਨਹੀਂ ਗਏ।+ ਫਿਰ ਪਰਮੇਸ਼ੁਰ ਨੇ ਕਿਹਾ:

6 “‘ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ ਜੋ ਤੁਹਾਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ 7 ਮੇਰੇ ਤੋਂ ਇਲਾਵਾ ਤੁਹਾਡਾ ਕੋਈ ਹੋਰ ਈਸ਼ਵਰ ਨਾ ਹੋਵੇ।*+

8 “‘ਤੂੰ ਆਪਣੇ ਲਈ ਕੋਈ ਮੂਰਤ ਜਾਂ ਕਿਸੇ ਚੀਜ਼ ਦੀ ਸੂਰਤ ਨਾ ਬਣਾ+ ਭਾਵੇਂ ਉਹ ਆਕਾਸ਼ ਵਿਚ ਹੋਵੇ ਜਾਂ ਧਰਤੀ ʼਤੇ ਹੋਵੇ ਜਾਂ ਪਾਣੀਆਂ ਦੇ ਵਿਚ। 9 ਤੂੰ ਉਨ੍ਹਾਂ ਸਾਮ੍ਹਣੇ ਮੱਥਾ ਨਾ ਟੇਕ ਜਾਂ ਕਿਸੇ ਦੇ ਬਹਿਕਾਵੇ ਵਿਚ ਆ ਕੇ ਉਨ੍ਹਾਂ ਦੀ ਭਗਤੀ ਨਾ ਕਰ+ ਕਿਉਂਕਿ ਮੈਂ ਤੇਰਾ ਪਰਮੇਸ਼ੁਰ ਯਹੋਵਾਹ ਮੰਗ ਕਰਦਾ ਹਾਂ ਕਿ ਸਿਰਫ਼ ਮੇਰੀ ਹੀ ਭਗਤੀ ਕੀਤੀ ਜਾਵੇ।+ ਜਿਹੜੇ ਮੇਰੇ ਨਾਲ ਨਫ਼ਰਤ ਕਰਦੇ ਹਨ, ਮੈਂ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਉਨ੍ਹਾਂ ਦੇ ਪੁੱਤਰਾਂ ਨੂੰ ਅਤੇ ਤੀਜੀ ਅਤੇ ਚੌਥੀ ਪੀੜ੍ਹੀ ਨੂੰ ਦਿੰਦਾ ਹਾਂ।+ 10 ਪਰ ਜਿਹੜੇ ਮੈਨੂੰ ਪਿਆਰ ਕਰਦੇ ਹਨ ਅਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ, ਉਨ੍ਹਾਂ ਦੀਆਂ ਹਜ਼ਾਰਾਂ ਪੀੜ੍ਹੀਆਂ ਨਾਲ ਮੈਂ ਅਟੱਲ ਪਿਆਰ ਕਰਦਾ ਹਾਂ।

11 “‘ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ਦਾ ਗ਼ਲਤ ਇਸਤੇਮਾਲ ਨਾ ਕਰ*+ ਕਿਉਂਕਿ ਜਿਹੜਾ ਯਹੋਵਾਹ ਦੇ ਨਾਂ ਦਾ ਗ਼ਲਤ ਇਸਤੇਮਾਲ ਕਰਦਾ ਹੈ, ਉਹ ਉਸ ਨੂੰ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟਦਾ।+

12 “‘ਤੂੰ ਸਬਤ ਦਾ ਦਿਨ ਮਨਾ ਤਾਂਕਿ ਇਹ ਪਵਿੱਤਰ ਰਹੇ, ਠੀਕ ਜਿਵੇਂ ਤੇਰੇ ਪਰਮੇਸ਼ੁਰ ਯਹੋਵਾਹ ਨੇ ਤੈਨੂੰ ਹੁਕਮ ਦਿੱਤਾ ਹੈ।+ 13 ਤੂੰ ਛੇ ਦਿਨ ਮਿਹਨਤ ਕਰ ਅਤੇ ਆਪਣੇ ਸਾਰੇ ਕੰਮ-ਧੰਦੇ ਕਰ।+ 14 ਪਰ ਸੱਤਵੇਂ ਦਿਨ ਤੇਰੇ ਪਰਮੇਸ਼ੁਰ ਯਹੋਵਾਹ ਦਾ ਸਬਤ ਹੈ।+ ਤੂੰ ਉਸ ਦਿਨ ਕੋਈ ਕੰਮ-ਕਾਰ ਨਾ ਕਰ,+ ਨਾ ਤੂੰ, ਨਾ ਤੇਰਾ ਪੁੱਤਰ, ਨਾ ਤੇਰੀ ਧੀ, ਨਾ ਤੇਰਾ ਦਾਸ, ਨਾ ਤੇਰੀ ਦਾਸੀ, ਨਾ ਤੇਰਾ ਬਲਦ, ਨਾ ਤੇਰਾ ਗਧਾ, ਨਾ ਤੇਰਾ ਪਾਲਤੂ ਪਸ਼ੂ ਅਤੇ ਨਾ ਹੀ ਤੇਰੇ ਸ਼ਹਿਰਾਂ* ਵਿਚ ਰਹਿੰਦਾ ਕੋਈ ਵੀ ਪਰਦੇਸੀ ਕੰਮ ਕਰੇ+ ਤਾਂਕਿ ਤੇਰਾ ਦਾਸ ਅਤੇ ਤੇਰੀ ਦਾਸੀ ਤੇਰੇ ਵਾਂਗ ਆਰਾਮ ਕਰਨ।+ 15 ਯਾਦ ਰੱਖ ਕਿ ਤੂੰ ਮਿਸਰ ਵਿਚ ਗ਼ੁਲਾਮ ਸੀ ਅਤੇ ਤੇਰਾ ਪਰਮੇਸ਼ੁਰ ਯਹੋਵਾਹ ਤੈਨੂੰ ਆਪਣੇ ਬਲਵੰਤ ਹੱਥ ਅਤੇ ਤਾਕਤਵਰ ਬਾਂਹ* ਨਾਲ ਉੱਥੋਂ ਕੱਢ ਲਿਆਇਆ ਸੀ।+ ਇਸੇ ਕਰਕੇ ਤੇਰੇ ਪਰਮੇਸ਼ੁਰ ਯਹੋਵਾਹ ਨੇ ਤੈਨੂੰ ਸਬਤ ਦਾ ਦਿਨ ਮਨਾਉਣ ਦਾ ਹੁਕਮ ਦਿੱਤਾ ਸੀ।

16 “‘ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ,+ ਜਿਵੇਂ ਤੇਰੇ ਪਰਮੇਸ਼ੁਰ ਯਹੋਵਾਹ ਨੇ ਤੈਨੂੰ ਹੁਕਮ ਦਿੱਤਾ ਹੈ ਤਾਂਕਿ ਉਸ ਦੇਸ਼ ਵਿਚ ਤੇਰੀ ਉਮਰ ਲੰਬੀ ਹੋਵੇ ਜੋ ਤੇਰਾ ਪਰਮੇਸ਼ੁਰ ਯਹੋਵਾਹ ਤੈਨੂੰ ਦੇਵੇਗਾ ਅਤੇ ਤੂੰ ਵਧੇ-ਫੁੱਲੇਂ।*+

17 “‘ਤੂੰ ਖ਼ੂਨ ਨਾ ਕਰ।+

18 “‘ਤੂੰ ਹਰਾਮਕਾਰੀ ਨਾ ਕਰ।+

19 “‘ਤੂੰ ਚੋਰੀ ਨਾ ਕਰ।+

20 “‘ਤੂੰ ਆਪਣੇ ਗੁਆਂਢੀ ਦੇ ਖ਼ਿਲਾਫ਼ ਝੂਠੀ ਗਵਾਹੀ ਨਾ ਦੇ।+

21 “‘ਤੂੰ ਆਪਣੇ ਗੁਆਂਢੀ ਦੀ ਪਤਨੀ ਦੀ ਲਾਲਸਾ ਨਾ ਰੱਖ+ ਅਤੇ ਨਾ ਹੀ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਕਰ ਅਤੇ ਨਾ ਹੀ ਉਸ ਦੇ ਖੇਤ, ਨਾ ਹੀ ਉਸ ਦੇ ਦਾਸ, ਨਾ ਹੀ ਉਸ ਦੀ ਦਾਸੀ, ਨਾ ਹੀ ਉਸ ਦੇ ਬਲਦ, ਨਾ ਹੀ ਉਸ ਦੇ ਗਧੇ ਤੇ ਨਾ ਹੀ ਉਸ ਦੀ ਕਿਸੇ ਵੀ ਚੀਜ਼ ਦਾ ਲਾਲਚ ਕਰ।’+

22 “ਯਹੋਵਾਹ ਨੇ ਤੁਹਾਡੀ ਸਾਰੀ ਮੰਡਲੀ ਨੂੰ ਇਹ ਹੁਕਮ* ਪਹਾੜ ʼਤੇ ਅੱਗ, ਬੱਦਲ ਅਤੇ ਘੁੱਪ ਹਨੇਰੇ+ ਵਿੱਚੋਂ ਉੱਚੀ ਆਵਾਜ਼ ਵਿਚ ਬੋਲ ਕੇ ਦਿੱਤੇ ਸਨ। ਉਸ ਨੇ ਇਨ੍ਹਾਂ ਸ਼ਬਦਾਂ ਵਿਚ ਹੋਰ ਕੁਝ ਨਹੀਂ ਜੋੜਿਆ। ਫਿਰ ਉਸ ਨੇ ਇਹ ਹੁਕਮ ਪੱਥਰ ਦੀਆਂ ਦੋ ਫੱਟੀਆਂ ਉੱਤੇ ਲਿਖ ਕੇ ਮੈਨੂੰ ਦੇ ਦਿੱਤੇ।+

23 “ਪਰ ਜਦੋਂ ਪਹਾੜ ʼਤੇ ਅੱਗ ਬਲ਼ ਰਹੀ ਸੀ, ਤਾਂ ਜਿਉਂ ਹੀ ਤੁਸੀਂ ਹਨੇਰੇ ਵਿੱਚੋਂ ਆਵਾਜ਼ ਸੁਣੀ,+ ਤਾਂ ਤੁਹਾਡੇ ਗੋਤਾਂ ਦੇ ਸਾਰੇ ਮੁਖੀ ਅਤੇ ਬਜ਼ੁਰਗ ਮੇਰੇ ਕੋਲ ਆਏ। 24 ਫਿਰ ਤੁਸੀਂ ਕਿਹਾ, ‘ਅੱਜ ਸਾਡੇ ਪਰਮੇਸ਼ੁਰ ਯਹੋਵਾਹ ਨੇ ਸਾਨੂੰ ਆਪਣੀ ਮਹਿਮਾ ਅਤੇ ਮਹਾਨਤਾ ਦਿਖਾਈ ਹੈ ਅਤੇ ਅਸੀਂ ਅੱਗ ਵਿੱਚੋਂ ਉਸ ਦੀ ਆਵਾਜ਼ ਸੁਣੀ ਹੈ।+ ਹੁਣ ਅਸੀਂ ਦੇਖ ਲਿਆ ਹੈ ਕਿ ਪਰਮੇਸ਼ੁਰ ਨਾਲ ਗੱਲ ਕਰ ਕੇ ਵੀ ਇਨਸਾਨ ਜੀਉਂਦਾ ਰਹਿ ਸਕਦਾ ਹੈ।+ 25 ਪਰ ਸਾਨੂੰ ਡਰ ਹੈ ਕਿ ਕਿਤੇ ਇਹ ਅੱਗ ਦਾ ਭਾਂਬੜ ਸਾਨੂੰ ਭਸਮ ਨਾ ਕਰ ਦੇਵੇ ਤੇ ਅਸੀਂ ਮਰ ਨਾ ਜਾਈਏ। ਜੇ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਆਵਾਜ਼ ਲਗਾਤਾਰ ਸੁਣਦੇ ਰਹੇ, ਤਾਂ ਅਸੀਂ ਪੱਕਾ ਮਰ ਜਾਵਾਂਗੇ। 26 ਕੀ ਕਦੀ ਕੋਈ ਇਨਸਾਨ ਅੱਗ ਦੇ ਵਿੱਚੋਂ ਜੀਉਂਦੇ ਪਰਮੇਸ਼ੁਰ ਦੀ ਆਵਾਜ਼ ਸੁਣ ਕੇ ਜੀਉਂਦਾ ਬਚਿਆ ਹੈ ਜਿਵੇਂ ਅਸੀਂ ਸੁਣ ਕੇ ਜੀਉਂਦੇ ਬਚੇ ਹਾਂ? 27 ਤੂੰ ਆਪ ਸਾਡੇ ਪਰਮੇਸ਼ੁਰ ਯਹੋਵਾਹ ਦੇ ਨੇੜੇ ਜਾ ਕੇ ਉਸ ਦੀਆਂ ਸਾਰੀਆਂ ਗੱਲਾਂ ਸੁਣ ਅਤੇ ਫਿਰ ਵਾਪਸ ਆ ਕੇ ਸਾਨੂੰ ਦੱਸੀਂ ਕਿ ਸਾਡੇ ਪਰਮੇਸ਼ੁਰ ਯਹੋਵਾਹ ਨੇ ਤੈਨੂੰ ਕੀ-ਕੀ ਦੱਸਿਆ ਹੈ। ਅਸੀਂ ਤੇਰੇ ਤੋਂ ਸਾਰੀਆਂ ਗੱਲਾਂ ਸੁਣਾਂਗੇ ਅਤੇ ਉਸ ਮੁਤਾਬਕ ਚੱਲਾਂਗੇ।’+

28 “ਇਸ ਲਈ ਤੁਸੀਂ ਮੈਨੂੰ ਜੋ ਵੀ ਕਿਹਾ, ਉਹ ਯਹੋਵਾਹ ਨੇ ਸੁਣਿਆ ਅਤੇ ਯਹੋਵਾਹ ਨੇ ਮੈਨੂੰ ਕਿਹਾ, ‘ਇਨ੍ਹਾਂ ਲੋਕਾਂ ਨੇ ਤੈਨੂੰ ਜੋ ਕਿਹਾ ਹੈ, ਉਹ ਮੈਂ ਸੁਣਿਆ ਹੈ। ਇਹ ਲੋਕ ਠੀਕ ਕਹਿੰਦੇ ਹਨ।+ 29 ਜੇ ਉਹ ਹਮੇਸ਼ਾ ਦਿਲੋਂ ਮੇਰਾ ਡਰ ਮੰਨਣਗੇ+ ਅਤੇ ਮੇਰੇ ਹੁਕਮਾਂ ਦੀ ਪਾਲਣਾ ਕਰਨਗੇ,+ ਤਾਂ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪੁੱਤਰਾਂ ਦਾ ਹਮੇਸ਼ਾ ਭਲਾ ਹੋਵੇਗਾ!+ 30 ਉਨ੍ਹਾਂ ਨੂੰ ਜਾ ਕੇ ਕਹਿ: “ਆਪੋ-ਆਪਣੇ ਤੰਬੂਆਂ ਵਿਚ ਵਾਪਸ ਚਲੇ ਜਾਓ।” 31 ਪਰ ਤੂੰ ਇੱਥੇ ਮੇਰੇ ਕੋਲ ਰਹਿ ਅਤੇ ਮੈਂ ਤੈਨੂੰ ਸਾਰੇ ਹੁਕਮ, ਨਿਯਮ ਅਤੇ ਕਾਨੂੰਨ ਦੱਸਾਂਗਾ। ਤੂੰ ਇਹ ਸਭ ਲੋਕਾਂ ਨੂੰ ਸਿਖਾਈਂ ਅਤੇ ਉਹ ਉਸ ਦੇਸ਼ ਵਿਚ ਇਨ੍ਹਾਂ ਦੀ ਪਾਲਣਾ ਕਰਨ ਜੋ ਮੈਂ ਉਨ੍ਹਾਂ ਦੇ ਕਬਜ਼ੇ ਹੇਠ ਕਰ ਦਿਆਂਗਾ।’ 32 ਇਸ ਲਈ ਹੁਣ ਤੁਸੀਂ ਸਾਰੇ ਧਿਆਨ ਨਾਲ ਇਨ੍ਹਾਂ ਦੀ ਪਾਲਣਾ ਕਰਿਓ ਜਿਵੇਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ।+ ਤੁਸੀਂ ਸੱਜੇ ਜਾਂ ਖੱਬੇ ਨਾ ਮੁੜਿਓ।+ 33 ਤੁਸੀਂ ਉਸ ਰਾਹ ʼਤੇ ਚੱਲੋ ਜਿਸ ਉੱਤੇ ਚੱਲਣ ਦਾ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ+ ਤਾਂਕਿ ਤੁਸੀਂ ਜੀਉਂਦੇ ਰਹੋ, ਵਧੋ-ਫੁੱਲੋ ਅਤੇ ਲੰਬੇ ਸਮੇਂ ਤਕ ਉਸ ਦੇਸ਼ ਵਿਚ ਰਹਿ ਸਕੋ ਜਿਸ ʼਤੇ ਤੁਸੀਂ ਕਬਜ਼ਾ ਕਰਨ ਜਾ ਰਹੇ ਹੋ।+

6 “ਇਹ ਉਹ ਹੁਕਮ, ਨਿਯਮ ਅਤੇ ਕਾਨੂੰਨ ਹਨ ਜੋ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਸਿਖਾਉਣ ਲਈ ਦਿੱਤੇ ਹਨ ਤਾਂਕਿ ਜਦੋਂ ਤੁਸੀਂ ਉਸ ਦੇਸ਼ ਵਿਚ ਜਾਓਗੇ ਜਿਸ ʼਤੇ ਤੁਸੀਂ ਕਬਜ਼ਾ ਕਰਨ ਵਾਲੇ ਹੋ, ਤਾਂ ਤੁਸੀਂ ਉੱਥੇ ਇਨ੍ਹਾਂ ਦੀ ਪਾਲਣਾ ਕਰਨੀ 2 ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਮੰਨਣਾ ਅਤੇ ਉਸ ਦੇ ਸਾਰੇ ਨਿਯਮ ਅਤੇ ਸਾਰੇ ਹੁਕਮ ਮੰਨਣੇ ਜਿਹੜੇ ਮੈਂ ਤੁਹਾਨੂੰ ਦੇ ਰਿਹਾ ਹਾਂ। ਤੁਸੀਂ, ਤੁਹਾਡੇ ਪੁੱਤਰ ਅਤੇ ਤੁਹਾਡੇ ਪੋਤੇ+ ਸਾਰੀ ਜ਼ਿੰਦਗੀ ਇਨ੍ਹਾਂ ਮੁਤਾਬਕ ਚੱਲਣ ਤਾਂਕਿ ਤੁਸੀਂ ਲੰਬੀ ਜ਼ਿੰਦਗੀ ਜੀ ਸਕੋ।+ 3 ਅਤੇ ਹੇ ਇਜ਼ਰਾਈਲ ਦੇ ਲੋਕੋ, ਇਨ੍ਹਾਂ ਸਾਰੇ ਹੁਕਮਾਂ ਨੂੰ ਧਿਆਨ ਨਾਲ ਸੁਣੋ ਅਤੇ ਇਨ੍ਹਾਂ ਦੀ ਪਾਲਣਾ ਕਰੋ ਤਾਂਕਿ ਤੁਸੀਂ ਵਧੋ-ਫੁੱਲੋ ਅਤੇ ਉਸ ਦੇਸ਼ ਵਿਚ ਤੁਹਾਡੀ ਗਿਣਤੀ ਵਧੇ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ, ਠੀਕ ਜਿਵੇਂ ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੈ।

4 “ਹੇ ਇਜ਼ਰਾਈਲ ਦੇ ਲੋਕੋ, ਸੁਣੋ, ਸਾਡਾ ਪਰਮੇਸ਼ੁਰ ਯਹੋਵਾਹ ਇੱਕੋ ਹੀ ਯਹੋਵਾਹ ਹੈ।+ 5 ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ+ ਨਾਲ ਅਤੇ ਆਪਣੀ ਪੂਰੀ ਤਾਕਤ*+ ਨਾਲ ਪਿਆਰ ਕਰੋ। 6 ਜਿਹੜੇ ਹੁਕਮ ਅੱਜ ਮੈਂ ਤੁਹਾਨੂੰ ਦੱਸ ਰਿਹਾ ਹਾਂ, ਉਹ ਤੁਹਾਡੇ ਦਿਲ ਵਿਚ ਰਹਿਣ 7 ਅਤੇ ਤੁਸੀਂ ਇਨ੍ਹਾਂ ਨੂੰ ਆਪਣੇ ਬੱਚਿਆਂ ਦੇ ਦਿਲਾਂ ਵਿਚ ਬਿਠਾਓ*+ ਅਤੇ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਤੇ ਉੱਠਦਿਆਂ ਇਨ੍ਹਾਂ ਬਾਰੇ ਚਰਚਾ ਕਰੋ।+ 8 ਤੁਸੀਂ ਇਨ੍ਹਾਂ ਨੂੰ ਯਾਦ ਰੱਖਣ ਲਈ ਆਪਣੇ ਹੱਥ ਉੱਤੇ ਬੰਨ੍ਹੋ ਅਤੇ ਆਪਣੇ ਮੱਥੇ* ਉੱਤੇ ਨਿਸ਼ਾਨੀ ਵਾਂਗ ਬੰਨ੍ਹੋ।+ 9 ਇਨ੍ਹਾਂ ਨੂੰ ਆਪਣੇ ਘਰ ਦੀਆਂ ਚੁਗਾਠਾਂ ਅਤੇ ਦਰਵਾਜ਼ਿਆਂ ʼਤੇ ਲਿਖੋ।

10 “ਜਦੋਂ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਉਸ ਦੇਸ਼ ਵਿਚ ਲੈ ਜਾਵੇਗਾ ਜੋ ਦੇਸ਼ ਉਸ ਨੇ ਤੁਹਾਨੂੰ ਦੇਣ ਦੀ ਤੁਹਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ+ ਅਤੇ ਉਹ ਤੁਹਾਨੂੰ ਵੱਡੇ-ਵੱਡੇ ਅਤੇ ਵਧੀਆ ਸ਼ਹਿਰ ਦੇਵੇਗਾ ਜਿਨ੍ਹਾਂ ਨੂੰ ਤੁਸੀਂ ਨਹੀਂ ਉਸਾਰਿਆ+ 11 ਅਤੇ ਤੁਹਾਨੂੰ ਹਰ ਤਰ੍ਹਾਂ ਦੀਆਂ ਵਧੀਆ-ਵਧੀਆ ਚੀਜ਼ਾਂ ਨਾਲ ਭਰੇ ਘਰ ਦੇਵੇਗਾ ਜਿਨ੍ਹਾਂ ਲਈ ਤੁਸੀਂ ਕੋਈ ਮਿਹਨਤ ਨਹੀਂ ਕੀਤੀ, ਉਹ ਹੌਦ ਦੇਵੇਗਾ ਜਿਹੜੇ ਤੁਸੀਂ ਨਹੀਂ ਪੁੱਟੇ ਅਤੇ ਉਹ ਅੰਗੂਰਾਂ ਦੇ ਬਾਗ਼ ਅਤੇ ਜ਼ੈਤੂਨ ਦੇ ਦਰਖ਼ਤ ਦੇਵੇਗਾ ਜਿਹੜੇ ਤੁਸੀਂ ਨਹੀਂ ਲਾਏ ਅਤੇ ਜਦੋਂ ਤੁਸੀਂ ਖਾ-ਪੀ ਕੇ ਰੱਜ ਜਾਓਗੇ,+ 12 ਤਾਂ ਤੁਸੀਂ ਖ਼ਬਰਦਾਰ ਰਹਿਓ ਕਿ ਕਿਤੇ ਤੁਸੀਂ ਯਹੋਵਾਹ ਨੂੰ ਭੁੱਲ ਨਾ ਜਾਇਓ+ ਜੋ ਤੁਹਾਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ। 13 ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਰੱਖੋ+ ਅਤੇ ਉਸੇ ਦੀ ਭਗਤੀ ਕਰੋ+ ਅਤੇ ਉਸ ਦੇ ਨਾਂ ਦੀ ਹੀ ਸਹੁੰ ਖਾਓ।+ 14 ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਨਾ ਜਾਇਓ, ਹਾਂ, ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਕਿਸੇ ਵੀ ਦੇਵਤੇ ਦੇ ਪਿੱਛੇ ਨਾ ਜਾਇਓ+ 15 ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਜੋ ਤੁਹਾਡੇ ਵਿਚਕਾਰ ਵੱਸਦਾ ਹੈ, ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਹੀ ਭਗਤੀ ਕੀਤੀ ਜਾਵੇ।+ ਨਹੀਂ ਤਾਂ ਤੁਹਾਡੇ ਪਰਮੇਸ਼ੁਰ ਯਹੋਵਾਹ ਦਾ ਗੁੱਸਾ ਤੁਹਾਡੇ ਉੱਤੇ ਭੜਕੇਗਾ+ ਅਤੇ ਉਹ ਧਰਤੀ ਤੋਂ ਤੁਹਾਡਾ ਨਾਮੋ-ਨਿਸ਼ਾਨ ਮਿਟਾ ਦੇਵੇਗਾ।+

16 “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਨਾ ਪਰਖੋ+ ਜਿਵੇਂ ਤੁਸੀਂ ਮੱਸਾਹ ਵਿਚ ਉਸ ਨੂੰ ਪਰਖਿਆ ਸੀ।+ 17 ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮਾਂ, ਉਸ ਦੀਆਂ ਨਸੀਹਤਾਂ* ਅਤੇ ਉਸ ਦੇ ਨਿਯਮਾਂ ਦੀ ਪੂਰੇ ਦਿਲ ਨਾਲ ਪਾਲਣਾ ਕਰੋ ਜਿਨ੍ਹਾਂ ਮੁਤਾਬਕ ਚੱਲਣ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਹੈ। 18 ਤੁਸੀਂ ਉਹੀ ਕਰੋ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਅਤੇ ਚੰਗਾ ਹੈ ਤਾਂਕਿ ਤੁਸੀਂ ਵਧੋ-ਫੁੱਲੋ ਅਤੇ ਉਸ ਵਧੀਆ ਦੇਸ਼ ਵਿਚ ਜਾ ਕੇ ਉਸ ਉੱਤੇ ਕਬਜ਼ਾ ਕਰੋ ਜੋ ਯਹੋਵਾਹ ਨੇ ਤੁਹਾਨੂੰ ਦੇਣ ਦੀ ਸਹੁੰ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸੀ।+ 19 ਅਤੇ ਤੁਸੀਂ ਆਪਣੇ ਦੁਸ਼ਮਣਾਂ ਨੂੰ ਆਪਣੇ ਅੱਗਿਓਂ ਕੱਢ ਦਿਓਗੇ ਜਿਵੇਂ ਯਹੋਵਾਹ ਨੇ ਵਾਅਦਾ ਕੀਤਾ ਹੈ।+

20 “ਭਵਿੱਖ ਵਿਚ ਜਦ ਤੁਹਾਡੇ ਪੁੱਤਰ ਤੁਹਾਨੂੰ ਪੁੱਛਣਗੇ, ‘ਸਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਨਸੀਹਤਾਂ, ਨਿਯਮ ਅਤੇ ਆਪਣੇ ਕਾਨੂੰਨ ਕਿਉਂ ਦਿੱਤੇ ਹਨ?’ 21 ਤਦ ਤੁਸੀਂ ਉਨ੍ਹਾਂ ਨੂੰ ਇਹ ਕਹਿਣਾ, ‘ਅਸੀਂ ਮਿਸਰ ਵਿਚ ਫ਼ਿਰਊਨ ਦੇ ਗ਼ੁਲਾਮ ਸਾਂ, ਪਰ ਯਹੋਵਾਹ ਸਾਨੂੰ ਆਪਣੇ ਬਲਵੰਤ ਹੱਥ ਨਾਲ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਸੀ। 22 ਯਹੋਵਾਹ ਸਾਡੀਆਂ ਅੱਖਾਂ ਸਾਮ੍ਹਣੇ ਵੱਡੀਆਂ-ਵੱਡੀਆਂ ਕਰਾਮਾਤਾਂ ਤੇ ਚਮਤਕਾਰ ਦਿਖਾ ਕੇ ਮਿਸਰ,+ ਫ਼ਿਰਊਨ ਅਤੇ ਉਸ ਦੇ ਸਾਰੇ ਘਰਾਣੇ ʼਤੇ ਤਬਾਹੀ ਲਿਆਉਂਦਾ ਰਿਹਾ।+ 23 ਫਿਰ ਉਹ ਸਾਨੂੰ ਉੱਥੋਂ ਕੱਢ ਕੇ ਇੱਥੇ ਲੈ ਆਇਆ ਤਾਂਕਿ ਸਾਨੂੰ ਉਹ ਦੇਸ਼ ਦੇਵੇ ਜਿਸ ਬਾਰੇ ਉਸ ਨੇ ਸਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ।+ 24 ਫਿਰ ਯਹੋਵਾਹ ਨੇ ਸਾਨੂੰ ਹੁਕਮ ਦਿੱਤਾ ਕਿ ਅਸੀਂ ਇਨ੍ਹਾਂ ਸਾਰੇ ਨਿਯਮਾਂ ਦੀ ਪਾਲਣਾ ਕਰੀਏ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਮੰਨੀਏ ਤਾਂਕਿ ਹਮੇਸ਼ਾ ਸਾਡਾ ਭਲਾ ਹੋਵੇ+ ਅਤੇ ਅਸੀਂ ਜੀਉਂਦੇ ਰਹੀਏ+ ਜਿਵੇਂ ਅੱਜ ਜੀ ਰਹੇ ਹਾਂ। 25 ਅਤੇ ਜੇ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਕਹਿਣਾ ਮੰਨਾਂਗੇ ਅਤੇ ਧਿਆਨ ਨਾਲ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰਾਂਗੇ, ਜਿਵੇਂ ਉਸ ਨੇ ਸਾਨੂੰ ਹੁਕਮ ਦਿੱਤਾ ਹੈ, ਤਾਂ ਅਸੀਂ ਧਰਮੀ ਗਿਣੇ ਜਾਵਾਂਗੇ।’+

7 “ਜਦੋਂ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਉਸ ਦੇਸ਼ ਵਿਚ ਲੈ ਜਾਵੇਗਾ ਜਿੱਥੇ ਤੁਸੀਂ ਜਾਣ ਵਾਲੇ ਹੋ ਅਤੇ ਜਿਸ ʼਤੇ ਤੁਸੀਂ ਕਬਜ਼ਾ ਕਰਨ ਵਾਲੇ ਹੋ,+ ਤਾਂ ਉਹ ਤੁਹਾਡੇ ਅੱਗਿਓਂ ਇਨ੍ਹਾਂ ਸੱਤ ਕੌਮਾਂ ਨੂੰ ਕੱਢ ਦੇਵੇਗਾ+ ਜੋ ਤੁਹਾਡੇ ਤੋਂ ਵੱਡੀਆਂ ਅਤੇ ਤਾਕਤਵਰ ਹਨ:+ ਹਿੱਤੀ, ਗਿਰਗਾਸ਼ੀ, ਅਮੋਰੀ,+ ਕਨਾਨੀ, ਪਰਿੱਜੀ, ਹਿੱਵੀ ਅਤੇ ਯਬੂਸੀ।+ 2 ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਕੌਮਾਂ ਨੂੰ ਤੁਹਾਡੇ ਹਵਾਲੇ ਕਰ ਦੇਵੇਗਾ ਅਤੇ ਤੁਸੀਂ ਉਨ੍ਹਾਂ ਨੂੰ ਹਰਾ ਦਿਓਗੇ।+ ਤੁਸੀਂ ਜ਼ਰੂਰ ਉਨ੍ਹਾਂ ਦਾ ਨਾਸ਼ ਕਰ ਦੇਣਾ।+ ਤੁਸੀਂ ਉਨ੍ਹਾਂ ਨਾਲ ਨਾ ਤਾਂ ਕੋਈ ਇਕਰਾਰ ਕਰਨਾ ਅਤੇ ਨਾ ਹੀ ਉਨ੍ਹਾਂ ʼਤੇ ਤਰਸ ਖਾਣਾ।+ 3 ਤੁਸੀਂ ਆਪਣੀਆਂ ਕੁੜੀਆਂ ਦੇ ਵਿਆਹ ਉਨ੍ਹਾਂ ਦੇ ਮੁੰਡਿਆਂ ਨਾਲ ਅਤੇ ਉਨ੍ਹਾਂ ਦੀਆਂ ਕੁੜੀਆਂ ਦੇ ਵਿਆਹ ਆਪਣੇ ਮੁੰਡਿਆਂ ਨਾਲ ਨਾ ਕਰਿਓ। ਇਸ ਤਰ੍ਹਾਂ ਤੁਸੀਂ ਉਨ੍ਹਾਂ ਨਾਲ ਰਿਸ਼ਤੇਦਾਰੀ ਨਾ ਜੋੜਿਓ+ 4 ਕਿਉਂਕਿ ਉਹ ਤੁਹਾਡੇ ਪੁੱਤਰਾਂ ਨੂੰ ਪਰਮੇਸ਼ੁਰ ਦੀ ਭਗਤੀ ਕਰਨ ਤੋਂ ਹਟਾ ਦੇਣਗੀਆਂ ਅਤੇ ਆਪਣੇ ਦੇਵਤਿਆਂ ਦੇ ਪਿੱਛੇ ਲਾ ਲੈਣਗੀਆਂ।+ ਫਿਰ ਯਹੋਵਾਹ ਦਾ ਗੁੱਸਾ ਤੁਹਾਡੇ ਉੱਤੇ ਭੜਕੇਗਾ ਅਤੇ ਉਹ ਤੁਹਾਨੂੰ ਝੱਟ ਨਾਸ਼ ਕਰ ਦੇਵੇਗਾ।+

5 “ਇਸ ਦੀ ਬਜਾਇ, ਤੁਸੀਂ ਉਨ੍ਹਾਂ ਨਾਲ ਇਸ ਤਰ੍ਹਾਂ ਕਰਿਓ: ਤੁਸੀਂ ਉਨ੍ਹਾਂ ਦੀਆਂ ਵੇਦੀਆਂ ਢਾਹ ਦੇਣੀਆਂ, ਉਨ੍ਹਾਂ ਦੇ ਪੂਜਾ-ਥੰਮ੍ਹ ਚਕਨਾਚੂਰ ਕਰ ਦੇਣੇ,+ ਉਨ੍ਹਾਂ ਦੇ ਪੂਜਾ-ਖੰਭੇ* ਵੱਢ ਸੁੱਟਣੇ+ ਅਤੇ ਉਨ੍ਹਾਂ ਦੀਆਂ ਘੜੀਆਂ ਹੋਈਆਂ ਮੂਰਤਾਂ ਸਾੜ ਦੇਣੀਆਂ+ 6 ਕਿਉਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਪਵਿੱਤਰ ਪਰਜਾ ਹੋ ਅਤੇ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚੋਂ ਤੁਹਾਨੂੰ ਆਪਣੇ ਲੋਕਾਂ, ਹਾਂ, ਆਪਣੇ ਖ਼ਾਸ ਲੋਕਾਂ* ਵਜੋਂ ਚੁਣਿਆ ਹੈ।+

7 “ਯਹੋਵਾਹ ਨੇ ਤੁਹਾਨੂੰ ਇਸ ਕਰਕੇ ਨਹੀਂ ਚੁਣਿਆ ਕਿ ਤੁਹਾਡੀ ਗਿਣਤੀ ਸਾਰੀਆਂ ਕੌਮਾਂ ਨਾਲੋਂ ਜ਼ਿਆਦਾ ਸੀ, ਪਰ ਤੁਹਾਡੇ ਨਾਲ ਪਿਆਰ ਹੋਣ ਕਰਕੇ ਉਸ ਨੇ ਤੁਹਾਨੂੰ ਚੁਣਿਆ ਹੈ,+ ਜਦ ਕਿ ਤੁਹਾਡੀ ਗਿਣਤੀ ਸਾਰੀਆਂ ਕੌਮਾਂ ਨਾਲੋਂ ਘੱਟ ਸੀ।+ 8 ਹਾਂ, ਕਿਉਂਕਿ ਯਹੋਵਾਹ ਤੁਹਾਡੇ ਨਾਲ ਪਿਆਰ ਕਰਦਾ ਹੈ ਅਤੇ ਉਸ ਨੇ ਆਪਣੀ ਸਹੁੰ ਪੂਰੀ ਕੀਤੀ ਹੈ ਜੋ ਉਸ ਨੇ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸੀ,+ ਇਸ ਕਰਕੇ ਯਹੋਵਾਹ ਨੇ ਆਪਣੇ ਬਲਵੰਤ ਹੱਥ ਨਾਲ ਤੁਹਾਨੂੰ ਗ਼ੁਲਾਮੀ ਦੇ ਘਰੋਂ+ ਯਾਨੀ ਮਿਸਰ ਦੇ ਰਾਜੇ ਫ਼ਿਰਊਨ ਦੇ ਪੰਜੇ ਤੋਂ ਛੁਡਾਇਆ। 9 ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਸੱਚਾ ਅਤੇ ਵਫ਼ਾਦਾਰ ਪਰਮੇਸ਼ੁਰ ਹੈ। ਜਿਹੜੇ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਹੁਕਮਾਂ ਨੂੰ ਮੰਨਦੇ ਹਨ, ਉਹ ਉਨ੍ਹਾਂ ਦੀਆਂ ਹਜ਼ਾਰਾਂ ਪੀੜ੍ਹੀਆਂ ਨਾਲ ਆਪਣਾ ਇਕਰਾਰ ਪੂਰਾ ਕਰਦਾ ਹੈ ਅਤੇ ਉਨ੍ਹਾਂ ਨਾਲ ਅਟੱਲ ਪਿਆਰ ਕਰਦਾ ਹੈ।+ 10 ਪਰ ਜਿਹੜੇ ਉਸ ਨੂੰ ਨਫ਼ਰਤ ਕਰਦੇ ਹਨ, ਉਹ ਆਪ ਉਨ੍ਹਾਂ ਤੋਂ ਬਦਲਾ ਲਵੇਗਾ ਅਤੇ ਉਨ੍ਹਾਂ ਨੂੰ ਨਾਸ਼ ਕਰੇਗਾ।+ ਉਹ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਵਿਚ ਢਿੱਲ-ਮੱਠ ਨਹੀਂ ਕਰੇਗਾ ਜਿਹੜੇ ਉਸ ਨੂੰ ਨਫ਼ਰਤ ਕਰਦੇ ਹਨ, ਸਗੋਂ ਆਪ ਉਨ੍ਹਾਂ ਤੋਂ ਬਦਲਾ ਲਵੇਗਾ। 11 ਇਸ ਲਈ ਮੇਰੇ ਹੁਕਮਾਂ, ਨਿਯਮਾਂ ਅਤੇ ਕਾਨੂੰਨਾਂ ʼਤੇ ਧਿਆਨ ਨਾਲ ਚੱਲੋ ਜਿਨ੍ਹਾਂ ਬਾਰੇ ਮੈਂ ਅੱਜ ਤੁਹਾਨੂੰ ਦੱਸ ਰਿਹਾ ਹਾਂ ਅਤੇ ਉਨ੍ਹਾਂ ਦੀ ਪਾਲਣਾ ਕਰੋ।

12 “ਜੇ ਤੁਸੀਂ ਇਨ੍ਹਾਂ ਕਾਨੂੰਨਾਂ ʼਤੇ ਹਮੇਸ਼ਾ ਧਿਆਨ ਦਿਓਗੇ ਅਤੇ ਇਨ੍ਹਾਂ ਦੀ ਪਾਲਣਾ ਕਰੋਗੇ, ਤਾਂ ਤੁਹਾਡਾ ਪਰਮੇਸ਼ੁਰ ਯਹੋਵਾਹ ਆਪਣਾ ਇਕਰਾਰ ਪੂਰਾ ਕਰੇਗਾ ਅਤੇ ਤੁਹਾਨੂੰ ਅਟੱਲ ਪਿਆਰ ਕਰੇਗਾ ਜਿਵੇਂ ਉਸ ਨੇ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ। 13 ਉਹ ਤੁਹਾਨੂੰ ਪਿਆਰ ਕਰੇਗਾ ਅਤੇ ਬਰਕਤ ਦੇਵੇਗਾ ਅਤੇ ਤੁਹਾਡੀ ਗਿਣਤੀ ਵਧਾਵੇਗਾ। ਹਾਂ, ਉਸ ਨੇ ਤੁਹਾਨੂੰ ਜੋ ਦੇਸ਼ ਦੇਣ ਦੀ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ,+ ਉਸ ਦੇਸ਼ ਵਿਚ ਉਹ ਤੁਹਾਨੂੰ ਬਹੁਤ ਸਾਰੇ ਬੱਚਿਆਂ ਦੀ ਦਾਤ ਬਖ਼ਸ਼ੇਗਾ*+ ਅਤੇ ਉਹ ਤੁਹਾਡੀ ਜ਼ਮੀਨ ਦੀ ਪੈਦਾਵਾਰ, ਤੁਹਾਡੇ ਅਨਾਜ, ਤੁਹਾਡੇ ਨਵੇਂ ਦਾਖਰਸ, ਤੁਹਾਡੇ ਤੇਲ,+ ਤੁਹਾਡੇ ਗਾਂਵਾਂ-ਬਲਦਾਂ ਦੇ ਬੱਚਿਆਂ ਅਤੇ ਭੇਡਾਂ-ਬੱਕਰੀਆਂ ਦੇ ਬੱਚਿਆਂ ʼਤੇ ਬਰਕਤ ਪਾਵੇਗਾ। 14 ਤੁਹਾਨੂੰ ਸਾਰੀਆਂ ਕੌਮਾਂ ਨਾਲੋਂ ਜ਼ਿਆਦਾ ਬਰਕਤਾਂ ਮਿਲਣਗੀਆਂ+ ਅਤੇ ਤੁਹਾਡੇ ਵਿੱਚੋਂ ਕੋਈ ਆਦਮੀ ਜਾਂ ਕੋਈ ਔਰਤ ਬੇਔਲਾਦ ਨਹੀਂ ਹੋਵੇਗੀ ਅਤੇ ਨਾ ਹੀ ਤੁਹਾਡਾ ਕੋਈ ਅਜਿਹਾ ਪਾਲਤੂ ਪਸ਼ੂ ਹੋਵੇਗਾ ਜਿਸ ਦਾ ਕੋਈ ਬੱਚਾ ਨਾ ਹੋਵੇ।+ 15 ਯਹੋਵਾਹ ਤੁਹਾਡੇ ਤੋਂ ਸਾਰੀਆਂ ਬੀਮਾਰੀਆਂ ਦੂਰ ਕਰ ਦੇਵੇਗਾ ਅਤੇ ਉਹ ਤੁਹਾਨੂੰ ਭਿਆਨਕ ਬੀਮਾਰੀਆਂ ਨਹੀਂ ਲੱਗਣ ਦੇਵੇਗਾ ਜੋ ਤੁਸੀਂ ਮਿਸਰ ਵਿਚ ਦੇਖੀਆਂ ਸਨ।+ ਇਸ ਦੀ ਬਜਾਇ, ਉਹ ਉਨ੍ਹਾਂ ਲੋਕਾਂ ਨੂੰ ਇਹ ਬੀਮਾਰੀਆਂ ਲਾਵੇਗਾ ਜੋ ਤੁਹਾਨੂੰ ਨਫ਼ਰਤ ਕਰਦੇ ਹਨ। 16 ਤੁਸੀਂ ਉਨ੍ਹਾਂ ਸਾਰੀਆਂ ਕੌਮਾਂ ਨੂੰ ਨਸ਼ਟ ਕਰ ਦਿਓ* ਜਿਨ੍ਹਾਂ ਨੂੰ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਹੱਥ ਵਿਚ ਕਰੇਗਾ।+ ਤੁਸੀਂ* ਉਨ੍ਹਾਂ ਉੱਤੇ ਤਰਸ ਨਾ ਖਾਇਓ+ ਅਤੇ ਨਾ ਹੀ ਉਨ੍ਹਾਂ ਦੇ ਦੇਵੀ-ਦੇਵਤਿਆਂ ਦੀ ਭਗਤੀ ਕਰਿਓ+ ਕਿਉਂਕਿ ਉਹ ਤੁਹਾਡੇ ਲਈ ਫੰਦਾ ਸਾਬਤ ਹੋਣਗੇ।+

17 “ਜੇ ਤੁਹਾਡੇ ਦਿਲ ਵਿਚ ਇਹ ਆਉਂਦਾ ਹੈ, ‘ਇਹ ਕੌਮਾਂ ਸਾਡੇ ਨਾਲੋਂ ਵੱਡੀਆਂ ਹਨ। ਅਸੀਂ ਇਨ੍ਹਾਂ ਨੂੰ ਕਿਵੇਂ ਕੱਢ ਸਕਦੇ ਹਾਂ?’+ 18 ਤਾਂ ਤੁਸੀਂ ਉਨ੍ਹਾਂ ਤੋਂ ਨਾ ਡਰਿਓ।+ ਤੁਸੀਂ ਆਪਣੇ ਆਪ ਨੂੰ ਯਾਦ ਕਰਾਇਓ ਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਫ਼ਿਰਊਨ ਅਤੇ ਸਾਰੇ ਮਿਸਰ ਦਾ ਕੀ ਹਾਲ ਕੀਤਾ ਸੀ।+ 19 ਤੁਸੀਂ ਆਪਣੀ ਅੱਖੀਂ ਦੇਖਿਆ ਸੀ ਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਨੂੰ ਕਿੰਨੀਆਂ ਸਖ਼ਤ ਸਜ਼ਾਵਾਂ ਦਿੱਤੀਆਂ,* ਕਰਾਮਾਤਾਂ ਅਤੇ ਚਮਤਕਾਰ ਕੀਤੇ+ ਅਤੇ ਉਹ ਆਪਣੇ ਬਲਵੰਤ ਹੱਥ ਅਤੇ ਤਾਕਤਵਰ ਬਾਂਹ* ਦਾ ਕਮਾਲ ਦਿਖਾ ਕੇ ਤੁਹਾਨੂੰ ਉੱਥੋਂ ਬਾਹਰ ਕੱਢ ਲਿਆਇਆ।+ ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਸਾਰੀਆਂ ਕੌਮਾਂ ਨਾਲ ਇਸੇ ਤਰ੍ਹਾਂ ਕਰੇਗਾ ਜਿਨ੍ਹਾਂ ਤੋਂ ਤੁਸੀਂ ਡਰਦੇ ਹੋ।+ 20 ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਦੇ ਹੌਸਲੇ ਢਾਹ* ਦੇਵੇਗਾ। ਜਿਹੜੇ ਵੀ ਬਚ ਜਾਣਗੇ+ ਅਤੇ ਤੁਹਾਡੇ ਤੋਂ ਲੁਕਣਗੇ, ਉਹ ਸਾਰੇ ਦੇ ਸਾਰੇ ਖ਼ਤਮ ਹੋ ਜਾਣਗੇ। 21 ਉਨ੍ਹਾਂ ਤੋਂ ਖ਼ੌਫ਼ ਨਾ ਖਾਓ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਨਾਲ ਹੈ+ ਜੋ ਮਹਾਨ ਅਤੇ ਸ਼ਰਧਾ ਦੇ ਲਾਇਕ ਹੈ।+

22 “ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਕੌਮਾਂ ਨੂੰ ਥੋੜ੍ਹੇ-ਥੋੜ੍ਹੇ ਕਰ ਕੇ ਤੁਹਾਡੇ ਅੱਗਿਓਂ ਜ਼ਰੂਰ ਕੱਢ ਦੇਵੇਗਾ।+ ਉਹ ਤੁਹਾਨੂੰ ਇਜਾਜ਼ਤ ਨਹੀਂ ਦੇਵੇਗਾ ਕਿ ਤੁਸੀਂ ਉਨ੍ਹਾਂ ਨੂੰ ਫਟਾਫਟ ਨਾਸ਼ ਕਰ ਦਿਓ। ਨਹੀਂ ਤਾਂ, ਦੇਸ਼ ਉਜਾੜ ਹੋ ਜਾਵੇਗਾ ਅਤੇ ਜੰਗਲੀ ਜਾਨਵਰਾਂ ਦੀ ਗਿਣਤੀ ਵਧ ਜਾਵੇਗੀ ਅਤੇ ਉਹ ਤੁਹਾਡੇ ਲਈ ਖ਼ਤਰਾ ਬਣ ਜਾਣਗੇ। 23 ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਨੂੰ ਤੁਹਾਡੇ ਹਵਾਲੇ ਕਰ ਦੇਵੇਗਾ ਅਤੇ ਤੁਸੀਂ ਤਦ ਤਕ ਉਨ੍ਹਾਂ ਨੂੰ ਹਰਾਉਂਦੇ ਰਹੋਗੇ ਜਦ ਤਕ ਉਹ ਨਾਸ਼ ਨਹੀਂ ਹੋ ਜਾਂਦੇ।+ 24 ਉਹ ਉਨ੍ਹਾਂ ਦੇ ਰਾਜਿਆਂ ਨੂੰ ਤੁਹਾਡੇ ਹੱਥ ਵਿਚ ਕਰ ਦੇਵੇਗਾ+ ਅਤੇ ਤੁਸੀਂ ਧਰਤੀ ਤੋਂ ਉਨ੍ਹਾਂ ਦਾ ਨਾਂ ਪੂਰੀ ਤਰ੍ਹਾਂ ਮਿਟਾ ਦਿਓਗੇ।+ ਕੋਈ ਵੀ ਤੁਹਾਡਾ ਮੁਕਾਬਲਾ ਨਹੀਂ ਕਰ ਸਕੇਗਾ+ ਅਤੇ ਤੁਸੀਂ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿਓਗੇ।+ 25 ਤੁਸੀਂ ਉਨ੍ਹਾਂ ਦੇ ਦੇਵੀ-ਦੇਵਤਿਆਂ ਦੀਆਂ ਘੜੀਆਂ ਹੋਈਆਂ ਮੂਰਤਾਂ ਅੱਗ ਵਿਚ ਸਾੜ ਦਿਓ।+ ਤੁਸੀਂ ਉਨ੍ਹਾਂ ਉੱਤੇ ਲੱਗੇ ਸੋਨੇ-ਚਾਂਦੀ ਦਾ ਲਾਲਚ ਨਾ ਕਰਿਓ ਅਤੇ ਆਪਣੇ ਲਈ ਨਾ ਲਿਓ+ ਤਾਂਕਿ ਤੁਸੀਂ ਇਸ ਕਰਕੇ ਫੰਦੇ ਵਿਚ ਨਾ ਫਸ ਜਾਇਓ ਕਿਉਂਕਿ ਇਹ ਸੋਨਾ-ਚਾਂਦੀ ਤੁਹਾਡੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣਾ ਹੈ।+ 26 ਤੁਸੀਂ ਕੋਈ ਘਿਣਾਉਣੀ ਚੀਜ਼ ਆਪਣੇ ਘਰ ਨਾ ਲਿਆਇਓ ਤਾਂਕਿ ਪਰਮੇਸ਼ੁਰ ਉਸ ਚੀਜ਼ ਦੇ ਨਾਲ ਤੁਹਾਡਾ ਵੀ ਨਾਸ਼ ਨਾ ਕਰ ਦੇਵੇ। ਉਹ ਚੀਜ਼ ਤੁਹਾਡੀਆਂ ਨਜ਼ਰਾਂ ਵਿਚ ਬਿਲਕੁਲ ਘਿਣਾਉਣੀ ਅਤੇ ਨਫ਼ਰਤ ਦੇ ਲਾਇਕ ਹੋਵੇ ਕਿਉਂਕਿ ਉਹ ਨਾਸ਼ ਕੀਤੇ ਜਾਣ ਦੇ ਲਾਇਕ ਹੈ।

8 “ਤੁਸੀਂ ਉਨ੍ਹਾਂ ਸਾਰੇ ਹੁਕਮਾਂ ਦੀ ਧਿਆਨ ਨਾਲ ਪਾਲਣਾ ਕਰੋ ਜੋ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ ਤਾਂਕਿ ਤੁਸੀਂ ਜੀਉਂਦੇ ਰਹੋ+ ਅਤੇ ਤੁਹਾਡੀ ਗਿਣਤੀ ਵਧਦੀ ਜਾਵੇ ਅਤੇ ਤੁਸੀਂ ਉਸ ਦੇਸ਼ ʼਤੇ ਕਬਜ਼ਾ ਕਰੋ ਜਿਸ ਬਾਰੇ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ।+ 2 ਯਾਦ ਕਰੋ ਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਤੋਂ ਉਜਾੜ ਵਿਚ 40 ਸਾਲ ਲੰਬਾ ਸਫ਼ਰ ਕਰਵਾਇਆ ਸੀ+ ਤਾਂਕਿ ਉਹ ਤੁਹਾਨੂੰ ਨਿਮਰ ਬਣਾਵੇ ਅਤੇ ਤੁਹਾਨੂੰ ਪਰਖ ਕੇ ਦੇਖੇ+ ਕਿ ਤੁਹਾਡੇ ਦਿਲਾਂ ਵਿਚ ਕੀ ਹੈ+ ਅਤੇ ਤੁਸੀਂ ਉਸ ਦੇ ਸਾਰੇ ਹੁਕਮ ਮੰਨੋਗੇ ਜਾਂ ਨਹੀਂ। 3 ਇਸ ਲਈ ਉਸ ਨੇ ਤੁਹਾਨੂੰ ਨਿਮਰ ਬਣਾਇਆ ਅਤੇ ਤੁਹਾਨੂੰ ਭੁੱਖਾ ਰੱਖਿਆ+ ਅਤੇ ਫਿਰ ਤੁਹਾਨੂੰ ਖਾਣ ਲਈ ਮੰਨ ਦਿੱਤਾ+ ਜਿਸ ਬਾਰੇ ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪਿਉ-ਦਾਦੇ ਜਾਣਦੇ ਸਨ। ਉਸ ਨੇ ਇਹ ਇਸ ਲਈ ਕੀਤਾ ਤਾਂਕਿ ਤੁਹਾਨੂੰ ਅਹਿਸਾਸ ਹੋਵੇ ਕਿ ਇਨਸਾਨ ਨੂੰ ਜੀਉਂਦਾ ਰਹਿਣ ਵਾਸਤੇ ਸਿਰਫ਼ ਰੋਟੀ ਦੀ ਹੀ ਲੋੜ ਨਹੀਂ, ਸਗੋਂ ਯਹੋਵਾਹ ਦੇ ਮੂੰਹੋਂ ਨਿਕਲੇ ਹਰ ਬਚਨ ਦੀ ਲੋੜ ਹੈ।+ 4 ਇਨ੍ਹਾਂ 40 ਸਾਲਾਂ ਦੌਰਾਨ ਨਾ ਤਾਂ ਤੁਹਾਡੇ ਕੱਪੜੇ ਫਟੇ ਤੇ ਨਾ ਹੀ ਤੁਹਾਡੇ ਪੈਰ ਸੁੱਜੇ।+ 5 ਤੁਹਾਡਾ ਦਿਲ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਤਾੜਦਾ ਰਿਹਾ ਜਿਵੇਂ ਇਕ ਪਿਤਾ ਆਪਣੇ ਪੁੱਤਰ ਨੂੰ ਤਾੜਦਾ ਹੈ।+

6 “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਰਾਹਾਂ ʼਤੇ ਚੱਲ ਕੇ ਅਤੇ ਉਸ ਦਾ ਡਰ ਰੱਖਦੇ ਹੋਏ ਉਸ ਦੇ ਹੁਕਮਾਂ ਦੀ ਪਾਲਣਾ ਕਰੋ 7 ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਇਕ ਵਧੀਆ ਦੇਸ਼ ਵਿਚ ਲੈ ਕੇ ਜਾ ਰਿਹਾ ਹੈ+ ਜਿੱਥੇ ਘਾਟੀਆਂ ਅਤੇ ਪਹਾੜੀ ਇਲਾਕਿਆਂ ਵਿਚ ਪਾਣੀ ਦੀਆਂ ਨਦੀਆਂ ਤੇ ਚਸ਼ਮੇ ਵਗਦੇ ਹਨ ਅਤੇ ਡੂੰਘੇ ਪਾਣੀਆਂ ਦੇ ਸੋਮੇ ਹਨ 8 ਅਤੇ ਜਿੱਥੇ ਕਣਕ, ਜੌਂ, ਅੰਗੂਰਾਂ ਦੇ ਬਾਗ਼, ਅੰਜੀਰਾਂ ਦੇ ਦਰਖ਼ਤ, ਅਨਾਰ,+ ਜ਼ੈਤੂਨ ਦਾ ਤੇਲ ਅਤੇ ਸ਼ਹਿਦ+ ਹੈ। 9 ਉਸ ਦੇਸ਼ ਵਿਚ ਤੁਹਾਨੂੰ ਭੋਜਨ ਦੀ ਕੋਈ ਕਮੀ ਨਹੀਂ ਹੋਵੇਗੀ ਅਤੇ ਨਾ ਹੀ ਤੁਹਾਨੂੰ ਕਿਸੇ ਚੀਜ਼ ਦੀ ਘਾਟ ਹੋਵੇਗੀ। ਉੱਥੇ ਪੱਥਰਾਂ ਵਿਚ ਲੋਹਾ ਹੈ ਅਤੇ ਤੁਸੀਂ ਪਹਾੜਾਂ ਵਿੱਚੋਂ ਤਾਂਬਾ ਕੱਢੋਗੇ।

10 “ਜਦੋਂ ਤੁਸੀਂ ਉੱਥੇ ਖਾ-ਪੀ ਕੇ ਰੱਜ ਜਾਓਗੇ, ਤਾਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਕਰਿਓ ਕਿ ਉਸ ਨੇ ਤੁਹਾਨੂੰ ਇਹ ਵਧੀਆ ਦੇਸ਼ ਦਿੱਤਾ ਹੈ।+ 11 ਤੁਸੀਂ ਖ਼ਬਰਦਾਰ ਰਹਿਓ ਕਿ ਕਿਤੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭੁੱਲ ਨਾ ਜਾਇਓ ਅਤੇ ਨਾ ਹੀ ਉਸ ਦੇ ਹੁਕਮਾਂ, ਕਾਨੂੰਨਾਂ ਅਤੇ ਨਿਯਮਾਂ ʼਤੇ ਚੱਲਣਾ ਛੱਡਿਓ ਜਿਹੜੇ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ। 12 ਜਦੋਂ ਤੁਸੀਂ ਉੱਥੇ ਖਾ-ਪੀ ਕੇ ਰੱਜ ਜਾਓਗੇ ਅਤੇ ਸੋਹਣੇ-ਸੋਹਣੇ ਘਰ ਬਣਾ ਕੇ ਉੱਥੇ ਰਹਿਣ ਲੱਗ ਪਓਗੇ,+ 13 ਜਦੋਂ ਤੁਹਾਡੇ ਗਾਂਵਾਂ-ਬਲਦਾਂ ਅਤੇ ਭੇਡਾਂ-ਬੱਕਰੀਆਂ ਦੀ ਗਿਣਤੀ ਵਧ ਜਾਵੇਗੀ ਅਤੇ ਤੁਹਾਡੇ ਕੋਲ ਬੇਸ਼ੁਮਾਰ ਚਾਂਦੀ ਤੇ ਸੋਨਾ ਹੋਵੇਗਾ ਅਤੇ ਤੁਹਾਡੇ ਕੋਲ ਹਰ ਚੀਜ਼ ਬਹੁਤਾਤ ਵਿਚ ਹੋਵੇਗੀ, 14 ਤਾਂ ਤੁਹਾਡੇ ਦਿਲ ਘਮੰਡ ਨਾਲ ਭਰ ਨਾ ਜਾਣ+ ਜਿਸ ਕਰਕੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭੁੱਲ ਜਾਓ ਜਿਹੜਾ ਤੁਹਾਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ 15 ਉਹ ਤੁਹਾਨੂੰ ਵੱਡੀ ਅਤੇ ਖ਼ਤਰਨਾਕ ਉਜਾੜ ਵਿੱਚੋਂ ਦੀ ਲੈ ਕੇ ਗਿਆ+ ਜਿੱਥੇ ਜ਼ਹਿਰੀਲੇ ਸੱਪ ਅਤੇ ਬਿੱਛੂ ਸਨ ਅਤੇ ਜਿੱਥੇ ਜ਼ਮੀਨ ਖ਼ੁਸ਼ਕ ਸੀ ਤੇ ਜਿੱਥੇ ਪਾਣੀ ਨਹੀਂ ਸੀ। ਉਸ ਨੇ ਸਖ਼ਤ ਚਟਾਨ* ਵਿੱਚੋਂ ਪਾਣੀ ਕੱਢਿਆ।+ 16 ਉਸ ਨੇ ਉਜਾੜ ਵਿਚ ਤੁਹਾਨੂੰ ਮੰਨ ਖਿਲਾਇਆ+ ਜਿਸ ਬਾਰੇ ਤੁਹਾਡੇ ਪਿਉ-ਦਾਦੇ ਨਹੀਂ ਜਾਣਦੇ ਸਨ ਤਾਂਕਿ ਉਹ ਤੁਹਾਨੂੰ ਨਿਮਰ ਬਣਾਵੇ+ ਅਤੇ ਤੁਹਾਨੂੰ ਪਰਖੇ ਜਿਸ ਦਾ ਤੁਹਾਨੂੰ ਭਵਿੱਖ ਵਿਚ ਫ਼ਾਇਦਾ ਹੋਵੇਗਾ।+ 17 ਜੇ ਤੁਸੀਂ ਆਪਣੇ ਦਿਲਾਂ ਵਿਚ ਇਹ ਕਹੋ, ‘ਮੈਂ ਆਪਣੀ ਤਾਕਤ ਅਤੇ ਆਪਣੇ ਬਲਬੂਤੇ ʼਤੇ ਸਾਰੀ ਧਨ-ਦੌਲਤ ਹਾਸਲ ਕੀਤੀ ਹੈ,’+ 18 ਤਾਂ ਯਾਦ ਰੱਖੋ ਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਹੀ ਤੁਹਾਨੂੰ ਇਹ ਸਾਰੀ ਧਨ-ਦੌਲਤ ਹਾਸਲ ਕਰਨ ਦੀ ਤਾਕਤ ਦਿੰਦਾ ਹੈ+ ਤਾਂਕਿ ਉਹ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾ ਕੇ ਕੀਤੇ ਇਕਰਾਰ ਨੂੰ ਪੂਰਾ ਕਰ ਸਕੇ ਜਿਵੇਂ ਉਹ ਅੱਜ ਕਰ ਰਿਹਾ ਹੈ।+

19 “ਜੇ ਕਦੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭੁੱਲ ਜਾਓ ਅਤੇ ਦੂਸਰੇ ਦੇਵਤਿਆਂ ਦੇ ਪਿੱਛੇ ਚੱਲਣ ਲੱਗ ਪਓ ਅਤੇ ਉਨ੍ਹਾਂ ਦੀ ਭਗਤੀ ਕਰਨ ਲੱਗ ਪਓ ਤੇ ਉਨ੍ਹਾਂ ਸਾਮ੍ਹਣੇ ਮੱਥਾ ਟੇਕਣ ਲੱਗ ਪਓ, ਤਾਂ ਅੱਜ ਮੈਂ ਤੁਹਾਨੂੰ ਚੇਤਾਵਨੀ ਦਿੰਦਾ ਹਾਂ ਕਿ ਤੁਹਾਡਾ ਨਾਸ਼ ਜ਼ਰੂਰ ਹੋਵੇਗਾ।+ 20 ਜੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਨਹੀਂ ਸੁਣੋਗੇ, ਤਾਂ ਜਿਵੇਂ ਯਹੋਵਾਹ ਦੂਸਰੀਆਂ ਕੌਮਾਂ ਨੂੰ ਤੁਹਾਡੇ ਅੱਗਿਓਂ ਨਾਸ਼ ਕਰ ਰਿਹਾ ਹੈ, ਉਸੇ ਤਰ੍ਹਾਂ ਉਹ ਤੁਹਾਨੂੰ ਵੀ ਨਾਸ਼ ਕਰ ਦੇਵੇਗਾ।+

9 “ਹੇ ਇਜ਼ਰਾਈਲ ਸੁਣ, ਅੱਜ ਤੂੰ ਯਰਦਨ ਦਰਿਆ ਪਾਰ ਕਰ ਕੇ+ ਉਸ ਦੇਸ਼ ਵਿਚ ਜਾ ਰਿਹਾ ਹੈਂ। ਤੂੰ ਉਨ੍ਹਾਂ ਕੌਮਾਂ ਨੂੰ ਬਾਹਰ ਕੱਢੇਂਗਾ ਜੋ ਤੇਰੇ ਨਾਲੋਂ ਵੱਡੀਆਂ ਅਤੇ ਤਾਕਤਵਰ ਹਨ+ ਅਤੇ ਉਨ੍ਹਾਂ ਦੇ ਸ਼ਹਿਰ ਵੱਡੇ-ਵੱਡੇ ਹਨ ਅਤੇ ਸ਼ਹਿਰਾਂ ਦੀਆਂ ਮਜ਼ਬੂਤ ਕੰਧਾਂ ਆਕਾਸ਼ ਤਕ ਉੱਚੀਆਂ ਹਨ,+ 2 ਉਹ ਲੋਕ ਤਾਕਤਵਰ ਅਤੇ ਉੱਚੇ-ਲੰਬੇ ਹਨ ਜਿਹੜੇ ਅਨਾਕ ਦੇ ਵੰਸ਼ ਵਿੱਚੋਂ ਹਨ।+ ਤੂੰ ਉਨ੍ਹਾਂ ਲੋਕਾਂ ਨੂੰ ਜਾਣਦਾ ਹੈਂ ਅਤੇ ਉਨ੍ਹਾਂ ਬਾਰੇ ਇਹ ਸੁਣਿਆ ਹੈ, ‘ਕੌਣ ਅਨਾਕੀ ਲੋਕਾਂ ਸਾਮ੍ਹਣੇ ਖੜ੍ਹਾ ਰਹਿ ਸਕਦਾ ਹੈ?’ 3 ਇਸ ਲਈ ਤੂੰ ਅੱਜ ਜਾਣ ਲੈ ਕਿ ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ਅੱਗੇ-ਅੱਗੇ ਯਰਦਨ ਦਰਿਆ ਪਾਰ ਜਾਵੇਗਾ।+ ਉਹ ਭਸਮ ਕਰ ਦੇਣ ਵਾਲੀ ਅੱਗ ਹੈ+ ਅਤੇ ਉਹ ਉਨ੍ਹਾਂ ਦਾ ਨਾਸ਼ ਕਰ ਦੇਵੇਗਾ। ਉਹ ਤੇਰੀਆਂ ਨਜ਼ਰਾਂ ਸਾਮ੍ਹਣੇ ਉਨ੍ਹਾਂ ਨੂੰ ਹਰਾ ਦੇਵੇਗਾ ਤਾਂਕਿ ਤੂੰ ਛੇਤੀ ਹੀ ਉਨ੍ਹਾਂ ਨੂੰ ਉੱਥੋਂ ਕੱਢ ਦੇਵੇਂ ਅਤੇ ਉਨ੍ਹਾਂ ਦਾ ਨਾਸ਼ ਕਰ ਦੇਵੇਂ ਜਿਵੇਂ ਯਹੋਵਾਹ ਨੇ ਤੇਰੇ ਨਾਲ ਵਾਅਦਾ ਕੀਤਾ ਹੈ।+

4 “ਜਦੋਂ ਯਹੋਵਾਹ ਉਨ੍ਹਾਂ ਨੂੰ ਤੇਰੇ ਅੱਗਿਓਂ ਕੱਢ ਦੇਵੇਗਾ, ਤਾਂ ਤੂੰ ਆਪਣੇ ਦਿਲ ਵਿਚ ਇਹ ਨਾ ਕਹੀਂ ‘ਮੈਂ ਨੇਕ ਹਾਂ, ਇਸ ਕਰਕੇ ਯਹੋਵਾਹ ਮੈਨੂੰ ਇਸ ਦੇਸ਼ ਵਿਚ ਲਿਆਇਆ ਅਤੇ ਇਸ ਦੇਸ਼ ਦਾ ਮਾਲਕ ਬਣਾਇਆ।’+ ਇਸ ਦੀ ਬਜਾਇ, ਉਨ੍ਹਾਂ ਕੌਮਾਂ ਦੀ ਦੁਸ਼ਟਤਾ+ ਕਰਕੇ ਯਹੋਵਾਹ ਉਨ੍ਹਾਂ ਨੂੰ ਤੇਰੇ ਅੱਗਿਓਂ ਕੱਢ ਰਿਹਾ ਹੈ। 5 ਤੂੰ ਨੇਕ ਜਾਂ ਸਾਫ਼ਦਿਲ ਹੋਣ ਕਰਕੇ ਉਸ ਦੇਸ਼ ʼਤੇ ਕਬਜ਼ਾ ਕਰਨ ਨਹੀਂ ਜਾ ਰਿਹਾ। ਇਸ ਦੀ ਬਜਾਇ, ਯਹੋਵਾਹ ਉਨ੍ਹਾਂ ਕੌਮਾਂ ਨੂੰ ਇਸ ਲਈ ਤੇਰੇ ਅੱਗਿਓਂ ਕੱਢ ਰਿਹਾ ਹੈ ਕਿਉਂਕਿ ਉਹ ਕੌਮਾਂ ਦੁਸ਼ਟ ਹਨ+ ਅਤੇ ਯਹੋਵਾਹ ਉਸ ਵਾਅਦੇ ਨੂੰ ਪੂਰਾ ਕਰ ਰਿਹਾ ਹੈ ਜਿਹੜਾ ਉਸ ਨੇ ਤੇਰੇ ਪਿਉ-ਦਾਦਿਆਂ ਅਬਰਾਹਾਮ,+ ਇਸਹਾਕ+ ਤੇ ਯਾਕੂਬ ਨਾਲ ਸਹੁੰ ਖਾ ਕੇ ਕੀਤਾ ਸੀ।+ 6 ਤੂੰ ਇਹ ਜਾਣ ਲੈ ਕਿ ਤੇਰਾ ਪਰਮੇਸ਼ੁਰ ਯਹੋਵਾਹ ਤੈਨੂੰ ਇਸ ਵਧੀਆ ਦੇਸ਼ ʼਤੇ ਕਬਜ਼ਾ ਕਰਨ ਲਈ ਇਸ ਕਰਕੇ ਨਹੀਂ ਲੈ ਕੇ ਆਇਆ ਕਿ ਤੂੰ ਨੇਕ ਹੈਂ, ਸਗੋਂ ਤੂੰ ਢੀਠ ਹੈਂ।+

7 “ਯਾਦ ਰੱਖ ਅਤੇ ਇਸ ਗੱਲ ਨੂੰ ਕਦੇ ਨਾ ਭੁੱਲ ਕਿ ਤੂੰ ਉਜਾੜ ਵਿਚ ਕਿਵੇਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਗੁੱਸਾ ਚੜ੍ਹਾਇਆ ਸੀ।+ ਮਿਸਰ ਵਿੱਚੋਂ ਨਿਕਲਣ ਦੇ ਦਿਨ ਤੋਂ ਲੈ ਕੇ ਇਸ ਜਗ੍ਹਾ ਆਉਣ ਤਕ ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਖ਼ਿਲਾਫ਼ ਬਗਾਵਤ ਹੀ ਕੀਤੀ ਹੈ।+ 8 ਤੂੰ ਹੋਰੇਬ ਵਿਚ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਗੁੱਸਾ ਚੜ੍ਹਾਇਆ ਸੀ ਅਤੇ ਯਹੋਵਾਹ ਤੇਰੇ ਨਾਲ ਇੰਨਾ ਗੁੱਸੇ ਸੀ ਕਿ ਉਹ ਤੇਰਾ ਨਾਸ਼ ਤਕ ਕਰਨ ਲਈ ਤਿਆਰ ਸੀ।+ 9 ਜਦੋਂ ਮੈਂ ਪਹਾੜ ਉੱਤੇ ਪੱਥਰ ਦੀਆਂ ਫੱਟੀਆਂ ਲੈਣ ਗਿਆ ਸੀ+ ਜਿਨ੍ਹਾਂ ਉੱਤੇ ਉਹ ਇਕਰਾਰ ਲਿਖਿਆ ਗਿਆ ਸੀ ਜਿਹੜਾ ਯਹੋਵਾਹ ਨੇ ਤੁਹਾਡੇ ਨਾਲ ਕੀਤਾ ਸੀ,+ ਤਾਂ ਮੈਂ 40 ਦਿਨ ਅਤੇ 40 ਰਾਤਾਂ ਪਹਾੜ ʼਤੇ ਹੀ ਰਿਹਾ+ ਅਤੇ ਮੈਂ ਨਾ ਤਾਂ ਰੋਟੀ ਖਾਧੀ ਤੇ ਨਾ ਹੀ ਪਾਣੀ ਪੀਤਾ। 10 ਫਿਰ ਯਹੋਵਾਹ ਨੇ ਮੈਨੂੰ ਪੱਥਰ ਦੀਆਂ ਦੋ ਫੱਟੀਆਂ ਦਿੱਤੀਆਂ ਜਿਨ੍ਹਾਂ ʼਤੇ ਪਰਮੇਸ਼ੁਰ ਨੇ ਆਪਣੀ ਉਂਗਲ ਨਾਲ ਉਹ ਸਾਰੀਆਂ ਗੱਲਾਂ ਲਿਖੀਆਂ ਸਨ ਜਿਹੜੀਆਂ ਯਹੋਵਾਹ ਨੇ ਇਕੱਠੀ ਹੋਈ ਮੰਡਲੀ ਨੂੰ ਉਸ ਦਿਨ ਦੱਸੀਆਂ ਸਨ ਜਿਸ ਦਿਨ ਉਸ ਨੇ ਪਹਾੜ ʼਤੇ ਅੱਗ ਵਿੱਚੋਂ ਦੀ ਤੁਹਾਡੇ ਨਾਲ ਗੱਲ ਕੀਤੀ ਸੀ।+ 11 ਫਿਰ 40 ਦਿਨ ਅਤੇ 40 ਰਾਤਾਂ ਤੋਂ ਬਾਅਦ ਯਹੋਵਾਹ ਨੇ ਮੈਨੂੰ ਪੱਥਰ ਦੀਆਂ ਦੋ ਫੱਟੀਆਂ ਦਿੱਤੀਆਂ ਜਿਨ੍ਹਾਂ ਉੱਤੇ ਇਕਰਾਰ ਲਿਖਿਆ ਗਿਆ ਸੀ, 12 ਅਤੇ ਯਹੋਵਾਹ ਨੇ ਮੈਨੂੰ ਕਿਹਾ, ‘ਉੱਠ ਅਤੇ ਛੇਤੀ-ਛੇਤੀ ਥੱਲੇ ਜਾਹ ਕਿਉਂਕਿ ਤੇਰੇ ਲੋਕਾਂ ਨੇ ਭੈੜਾ ਕੰਮ ਕੀਤਾ ਹੈ ਜਿਨ੍ਹਾਂ ਨੂੰ ਤੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ ਉਹ ਛੇਤੀ ਹੀ ਉਸ ਰਸਤੇ ਤੋਂ ਭਟਕ ਗਏ ਜਿਸ ʼਤੇ ਚੱਲਣ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਉਨ੍ਹਾਂ ਨੇ ਆਪਣੇ ਲਈ ਧਾਤ ਦੀ ਮੂਰਤ* ਬਣਾਈ ਹੈ।’+ 13 ਫਿਰ ਯਹੋਵਾਹ ਨੇ ਮੈਨੂੰ ਕਿਹਾ, ‘ਮੈਂ ਦੇਖਿਆ ਹੈ ਕਿ ਇਹ ਲੋਕ ਢੀਠ ਹਨ।+ 14 ਮੈਨੂੰ ਨਾ ਰੋਕ। ਮੈਂ ਇਨ੍ਹਾਂ ਦਾ ਨਾਸ਼ ਕਰ ਦਿਆਂਗਾ ਅਤੇ ਧਰਤੀ ਉੱਤੋਂ ਇਨ੍ਹਾਂ ਦਾ ਨਾਂ ਮਿਟਾ ਦਿਆਂਗਾ ਅਤੇ ਮੈਂ ਤੇਰੇ ਤੋਂ ਇਕ ਵੱਡੀ ਅਤੇ ਤਾਕਤਵਰ ਕੌਮ ਬਣਾਵਾਂਗਾ।’+

15 “ਫਿਰ ਮੈਂ ਮੁੜਿਆ ਅਤੇ ਉਸ ਪਹਾੜ ਤੋਂ ਥੱਲੇ ਉੱਤਰ ਆਇਆ ਅਤੇ ਮੇਰੇ ਦੋਵਾਂ ਹੱਥਾਂ ਵਿਚ ਇਕਰਾਰ ਦੀਆਂ ਦੋ ਫੱਟੀਆਂ ਸਨ।+ ਉਸ ਵੇਲੇ ਵੀ ਪਹਾੜ ਤੋਂ ਅੱਗ ਦਾ ਭਾਂਬੜ ਉੱਠ ਰਿਹਾ ਸੀ।+ 16 ਮੈਂ ਆਪਣੀ ਅੱਖੀਂ ਦੇਖਿਆ ਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ। ਤੁਸੀਂ ਆਪਣੇ ਲਈ ਧਾਤ ਦਾ* ਵੱਛਾ ਬਣਾਇਆ। ਤੁਸੀਂ ਛੇਤੀ ਹੀ ਉਸ ਰਸਤੇ ਤੋਂ ਭਟਕ ਗਏ ਜਿਸ ʼਤੇ ਚੱਲਣ ਦਾ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਸੀ।+ 17 ਇਸ ਲਈ ਮੇਰੇ ਹੱਥਾਂ ਵਿਚ ਜੋ ਫੱਟੀਆਂ ਸਨ, ਮੈਂ ਉਹ ਤੁਹਾਡੀਆਂ ਨਜ਼ਰਾਂ ਸਾਮ੍ਹਣੇ ਜ਼ੋਰ ਨਾਲ ਸੁੱਟ ਕੇ ਟੋਟੇ-ਟੋਟੇ ਕਰ ਦਿੱਤੀਆਂ।+ 18 ਫਿਰ ਮੈਂ ਗੋਡਿਆਂ ਭਾਰ ਬੈਠ ਕੇ ਯਹੋਵਾਹ ਸਾਮ੍ਹਣੇ ਸਿਰ ਨਿਵਾਇਆ। ਮੈਂ ਇਸ ਤਰ੍ਹਾਂ 40 ਦਿਨ ਅਤੇ 40 ਰਾਤ ਕਰਦਾ ਰਿਹਾ ਜਿਵੇਂ ਮੈਂ ਪਹਿਲਾਂ ਕੀਤਾ ਸੀ। ਮੈਂ ਨਾ ਤਾਂ ਰੋਟੀ ਖਾਧੀ ਤੇ ਨਾ ਹੀ ਪਾਣੀ ਪੀਤਾ+ ਕਿਉਂਕਿ ਤੁਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਕੰਮ ਕਰ ਕੇ ਪਾਪ ਕੀਤਾ ਸੀ ਅਤੇ ਉਸ ਨੂੰ ਗੁੱਸਾ ਚੜ੍ਹਾਇਆ ਸੀ। 19 ਤੁਹਾਡੇ ਖ਼ਿਲਾਫ਼ ਯਹੋਵਾਹ ਦਾ ਡਾਢਾ ਕ੍ਰੋਧ ਦੇਖ ਕੇ ਮੈਂ ਡਰ ਗਿਆ,+ ਉਹ ਤੁਹਾਡਾ ਨਾਸ਼ ਕਰਨ ਲਈ ਤਿਆਰ ਸੀ। ਪਰ ਇਸ ਵਾਰ ਵੀ ਯਹੋਵਾਹ ਨੇ ਮੇਰੀ ਗੱਲ ਸੁਣੀ।+

20 “ਯਹੋਵਾਹ ਹਾਰੂਨ ਨਾਲ ਇੰਨਾ ਗੁੱਸੇ ਸੀ ਕਿ ਉਹ ਉਸ ਨੂੰ ਜਾਨੋਂ ਮਾਰਨ ਲਈ ਤਿਆਰ ਸੀ।+ ਪਰ ਉਸ ਵੇਲੇ ਵੀ ਮੈਂ ਹਾਰੂਨ ਲਈ ਪਰਮੇਸ਼ੁਰ ਨੂੰ ਬੇਨਤੀ ਕੀਤੀ। 21 ਫਿਰ ਮੈਂ ਉਸ ਵੱਛੇ ਨੂੰ ਅੱਗ ਵਿਚ ਸਾੜ ਦਿੱਤਾ ਜੋ ਤੁਹਾਡੇ ਪਾਪ ਦੀ ਨਿਸ਼ਾਨੀ ਸੀ।+ ਫਿਰ ਮੈਂ ਉਸ ਨੂੰ ਉਦੋਂ ਤਕ ਕੁੱਟਦਾ ਰਿਹਾ ਜਦ ਤਕ ਉਸ ਦਾ ਬਾਰੀਕ-ਬਾਰੀਕ ਬੂਰਾ ਨਹੀਂ ਬਣ ਗਿਆ ਅਤੇ ਮੈਂ ਉਸ ਬੂਰੇ ਨੂੰ ਪਹਾੜ ਤੋਂ ਵਹਿੰਦੇ ਚਸ਼ਮੇ ਵਿਚ ਸੁੱਟ ਦਿੱਤਾ।+

22 “ਤੁਸੀਂ ਤਬੇਰਾਹ,+ ਮੱਸਾਹ+ ਅਤੇ ਕਿਬਰੋਥ-ਹੱਤਵਾਹ+ ਵਿਚ ਵੀ ਯਹੋਵਾਹ ਨੂੰ ਗੁੱਸਾ ਚੜ੍ਹਾਇਆ ਸੀ। 23 ਜਦੋਂ ਯਹੋਵਾਹ ਨੇ ਤੁਹਾਨੂੰ ਕਾਦੇਸ਼-ਬਰਨੇਆ+ ਤੋਂ ਭੇਜਿਆ ਸੀ ਅਤੇ ਕਿਹਾ ਸੀ, ‘ਜਾਓ ਅਤੇ ਉਸ ਦੇਸ਼ ʼਤੇ ਕਬਜ਼ਾ ਕਰੋ ਜੋ ਮੈਂ ਤੁਹਾਨੂੰ ਜ਼ਰੂਰ ਦਿਆਂਗਾ,’ ਤਾਂ ਉਸ ਵੇਲੇ ਤੁਸੀਂ ਦੁਬਾਰਾ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮ ਦੇ ਖ਼ਿਲਾਫ਼ ਜਾ ਕੇ ਬਗਾਵਤ ਕੀਤੀ+ ਅਤੇ ਉਸ ʼਤੇ ਨਿਹਚਾ ਨਹੀਂ ਕੀਤੀ+ ਅਤੇ ਉਸ ਦਾ ਕਹਿਣਾ ਨਹੀਂ ਮੰਨਿਆ। 24 ਮੈਂ ਤੁਹਾਨੂੰ ਜਦੋਂ ਤੋਂ ਜਾਣਦਾ ਹਾਂ, ਉਦੋਂ ਤੋਂ ਤੁਸੀਂ ਵਾਰ-ਵਾਰ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕਰਦੇ ਆਏ ਹੋ।

25 “ਇਸ ਲਈ ਮੈਂ ਗੋਡਿਆਂ ਭਾਰ ਬੈਠ ਕੇ ਯਹੋਵਾਹ ਸਾਮ੍ਹਣੇ 40 ਦਿਨ ਅਤੇ 40 ਰਾਤ ਸਿਰ ਨਿਵਾਇਆ। ਮੈਂ ਇਸ ਲਈ ਸਿਰ ਨਿਵਾਉਂਦਾ ਰਿਹਾ+ ਕਿਉਂਕਿ ਯਹੋਵਾਹ ਨੇ ਕਿਹਾ ਸੀ ਕਿ ਉਹ ਤੁਹਾਡਾ ਨਾਸ਼ ਕਰ ਦੇਵੇਗਾ। 26 ਮੈਂ ਯਹੋਵਾਹ ਨੂੰ ਫ਼ਰਿਆਦ ਕਰਨੀ ਸ਼ੁਰੂ ਕੀਤੀ, ‘ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਆਪਣੇ ਲੋਕਾਂ ਦਾ ਨਾਸ਼ ਨਾ ਕਰ। ਉਹ ਤੇਰੇ ਆਪਣੇ ਖ਼ਾਸ ਲੋਕ* ਹਨ+ ਜਿਨ੍ਹਾਂ ਨੂੰ ਤੂੰ ਆਪਣੀ ਤਾਕਤ ਨਾਲ ਛੁਡਾਇਆ ਅਤੇ ਆਪਣੇ ਬਲਵੰਤ ਹੱਥ ਨਾਲ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢਿਆ।+ 27 ਤੂੰ ਆਪਣੇ ਸੇਵਕ ਅਬਰਾਹਾਮ, ਇਸਹਾਕ ਅਤੇ ਯਾਕੂਬ+ ਨੂੰ ਯਾਦ ਕਰ। ਤੂੰ ਇਨ੍ਹਾਂ ਲੋਕਾਂ ਦੇ ਢੀਠਪੁਣੇ, ਦੁਸ਼ਟਤਾ ਅਤੇ ਪਾਪ ਵੱਲ ਧਿਆਨ ਨਾ ਦੇ।+ 28 ਨਹੀਂ ਤਾਂ ਜਿਸ ਦੇਸ਼ ਵਿੱਚੋਂ ਤੂੰ ਸਾਨੂੰ ਕੱਢ ਕੇ ਲਿਆਇਆ ਹੈਂ, ਉਸ ਦੇਸ਼ ਦੇ ਲੋਕ ਕਹਿਣਗੇ, “ਯਹੋਵਾਹ ਉਨ੍ਹਾਂ ਨੂੰ ਉਸ ਦੇਸ਼ ਵਿਚ ਨਹੀਂ ਲੈ ਕੇ ਜਾ ਸਕਿਆ ਜਿਸ ਦੇਸ਼ ਵਿਚ ਉਨ੍ਹਾਂ ਨੂੰ ਲੈ ਕੇ ਜਾਣ ਦਾ ਵਾਅਦਾ ਕੀਤਾ ਸੀ। ਉਹ ਉਨ੍ਹਾਂ ਨਾਲ ਨਫ਼ਰਤ ਕਰਦਾ ਸੀ ਇਸ ਲਈ ਉਹ ਉਨ੍ਹਾਂ ਨੂੰ ਉਜਾੜ ਵਿਚ ਮਾਰਨ ਲਈ ਲੈ ਆਇਆ।”+ 29 ਇਹ ਤੇਰੇ ਆਪਣੇ ਖ਼ਾਸ ਲੋਕ* ਹਨ+ ਜਿਨ੍ਹਾਂ ਨੂੰ ਤੂੰ ਆਪਣੀ ਵੱਡੀ ਤਾਕਤ ਅਤੇ ਤਾਕਤਵਰ ਬਾਂਹ* ਨਾਲ ਕੱਢ ਲਿਆਇਆ।’+

10 “ਉਸ ਵੇਲੇ ਯਹੋਵਾਹ ਨੇ ਮੈਨੂੰ ਕਿਹਾ: ‘ਤੂੰ ਆਪਣੇ ਲਈ ਪਹਿਲਾਂ ਵਰਗੀਆਂ ਪੱਥਰ ਦੀਆਂ ਦੋ ਫੱਟੀਆਂ ਘੜ+ ਅਤੇ ਪਹਾੜ ʼਤੇ ਮੇਰੇ ਕੋਲ ਆ। ਨਾਲੇ ਆਪਣੇ ਲਈ ਲੱਕੜ ਦਾ ਇਕ ਸੰਦੂਕ ਵੀ ਬਣਾ। 2 ਮੈਂ ਉਨ੍ਹਾਂ ਫੱਟੀਆਂ ਉੱਤੇ ਉਹੀ ਗੱਲਾਂ ਲਿਖਾਂਗਾ ਜਿਹੜੀਆਂ ਮੈਂ ਪਹਿਲੀਆਂ ਫੱਟੀਆਂ ʼਤੇ ਲਿਖੀਆਂ ਸਨ ਜਿਨ੍ਹਾਂ ਨੂੰ ਤੂੰ ਚਕਨਾਚੂਰ ਕਰ ਦਿੱਤਾ ਸੀ। ਤੂੰ ਉਹ ਫੱਟੀਆਂ ਸੰਦੂਕ ਵਿਚ ਰੱਖੀਂ।’ 3 ਇਸ ਲਈ ਮੈਂ ਕਿੱਕਰ ਦੀ ਲੱਕੜ ਦਾ ਸੰਦੂਕ ਬਣਾਇਆ ਅਤੇ ਪਹਿਲਾਂ ਵਰਗੀਆਂ ਪੱਥਰ ਦੀਆਂ ਦੋ ਫੱਟੀਆਂ ਘੜੀਆਂ ਅਤੇ ਮੈਂ ਆਪਣੇ ਹੱਥਾਂ ਵਿਚ ਉਨ੍ਹਾਂ ਦੋਵਾਂ ਫੱਟੀਆਂ ਨੂੰ ਲੈ ਕੇ ਪਹਾੜ ʼਤੇ ਗਿਆ।+ 4 ਫਿਰ ਉਸ ਨੇ ਉਹੀ ਗੱਲਾਂ ਉਨ੍ਹਾਂ ਫੱਟੀਆਂ ʼਤੇ ਲਿਖੀਆਂ ਜਿਹੜੀਆਂ ਉਸ ਨੇ ਪਹਿਲਾਂ ਲਿਖੀਆਂ ਸਨ।+ ਇਹ ਉਹੀ ਦਸ ਹੁਕਮ*+ ਸਨ ਜਿਹੜੇ ਯਹੋਵਾਹ ਨੇ ਤੁਹਾਨੂੰ ਪਹਾੜ ʼਤੇ ਅੱਗ ਵਿੱਚੋਂ ਦੀ ਗੱਲ ਕਰਦੇ ਹੋਏ ਦਿੱਤੇ ਸਨ+ ਜਿਸ ਦਿਨ ਸਾਰੀ ਮੰਡਲੀ ਇਕੱਠੀ ਹੋਈ ਸੀ।+ ਫਿਰ ਯਹੋਵਾਹ ਨੇ ਉਹ ਫੱਟੀਆਂ ਮੈਨੂੰ ਦੇ ਦਿੱਤੀਆਂ। 5 ਫਿਰ ਮੈਂ ਮੁੜਿਆ ਅਤੇ ਪਹਾੜ ਤੋਂ ਥੱਲੇ ਉੱਤਰ ਆਇਆ+ ਅਤੇ ਉਨ੍ਹਾਂ ਫੱਟੀਆਂ ਨੂੰ ਉਸ ਸੰਦੂਕ ਵਿਚ ਰੱਖ ਦਿੱਤਾ ਜਿਹੜਾ ਮੈਂ ਬਣਾਇਆ ਸੀ, ਜਿਵੇਂ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਸੀ। ਇਹ ਫੱਟੀਆਂ ਸੰਦੂਕ ਵਿਚ ਹੀ ਪਈਆਂ ਰਹੀਆਂ।

6 “ਫਿਰ ਇਜ਼ਰਾਈਲੀ ਬਏਰੋਥ ਬਨੇ-ਯਾਕਾਨ ਤੋਂ ਤੁਰੇ ਅਤੇ ਮੋਸੇਰਾਹ ਵਿਚ ਆ ਗਏ। ਉੱਥੇ ਹਾਰੂਨ ਦੀ ਮੌਤ ਹੋ ਗਈ ਅਤੇ ਉਸ ਨੂੰ ਦਫ਼ਨਾਇਆ ਗਿਆ+ ਅਤੇ ਉਸ ਦਾ ਪੁੱਤਰ ਅਲਆਜ਼ਾਰ ਉਸ ਦੀ ਥਾਂ ਪੁਜਾਰੀ ਵਜੋਂ ਸੇਵਾ ਕਰਨ ਲੱਗਾ।+ 7 ਉੱਥੋਂ ਉਹ ਗੁਦਗੋਦਾਹ ਚਲੇ ਗਏ ਅਤੇ ਗੁਦਗੋਦਾਹ ਤੋਂ ਯਾਟਬਾਥਾਹ ਗਏ+ ਜਿੱਥੇ ਪਾਣੀ ਦੇ ਚਸ਼ਮੇ ਵਹਿੰਦੇ ਹਨ।

8 “ਉਸ ਵੇਲੇ ਯਹੋਵਾਹ ਨੇ ਲੇਵੀ ਦੇ ਗੋਤ ਨੂੰ ਵੱਖਰਾ ਕੀਤਾ+ ਤਾਂਕਿ ਉਹ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਚੁੱਕਣ+ ਅਤੇ ਯਹੋਵਾਹ ਦੇ ਸਾਮ੍ਹਣੇ ਖੜ੍ਹੇ ਹੋ ਕੇ ਉਸ ਦੀ ਸੇਵਾ ਕਰਨ ਅਤੇ ਉਸ ਦੇ ਨਾਂ ʼਤੇ ਲੋਕਾਂ ਨੂੰ ਬਰਕਤ ਦੇਣ,+ ਜਿਵੇਂ ਉਹ ਅੱਜ ਕਰਦੇ ਹਨ। 9 ਇਸੇ ਕਰਕੇ ਲੇਵੀਆਂ ਨੂੰ ਉਨ੍ਹਾਂ ਦੇ ਭਰਾਵਾਂ ਨਾਲ ਕੋਈ ਵੀ ਹਿੱਸਾ ਜਾਂ ਵਿਰਾਸਤ ਨਹੀਂ ਦਿੱਤੀ ਗਈ। ਯਹੋਵਾਹ ਹੀ ਉਨ੍ਹਾਂ ਦੀ ਵਿਰਾਸਤ ਹੈ ਠੀਕ ਜਿਵੇਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਸੀ।+ 10 ਮੈਂ ਪਹਿਲਾਂ ਵਾਂਗ 40 ਦਿਨ ਅਤੇ 40 ਰਾਤਾਂ ਪਹਾੜ ʼਤੇ ਰਿਹਾ।+ ਇਸ ਵਾਰ ਵੀ ਯਹੋਵਾਹ ਨੇ ਮੇਰੀ ਗੱਲ ਸੁਣੀ।+ ਯਹੋਵਾਹ ਤੁਹਾਨੂੰ ਨਾਸ਼ ਨਹੀਂ ਕਰਨਾ ਚਾਹੁੰਦਾ ਸੀ। 11 ਫਿਰ ਯਹੋਵਾਹ ਨੇ ਮੈਨੂੰ ਕਿਹਾ, ‘ਤੂੰ ਇੱਥੋਂ ਜਾਣ ਦੀ ਤਿਆਰੀ ਕਰ ਅਤੇ ਲੋਕਾਂ ਦੀ ਅਗਵਾਈ ਕਰ ਤਾਂਕਿ ਉਹ ਉਸ ਦੇਸ਼ ਵਿਚ ਜਾ ਕੇ ਉਸ ʼਤੇ ਕਬਜ਼ਾ ਕਰਨ ਜੋ ਮੈਂ ਉਨ੍ਹਾਂ ਨੂੰ ਦੇਣ ਦੀ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ।’+

12 “ਹੇ ਇਜ਼ਰਾਈਲ, ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ਤੋਂ ਹੋਰ ਕੀ ਚਾਹੁੰਦਾ ਹੈ?+ ਸਿਰਫ਼ ਇਹੀ ਕਿ ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਰੱਖ,+ ਉਸ ਦੇ ਸਾਰੇ ਰਾਹਾਂ ʼਤੇ ਚੱਲ,+ ਉਸ ਨੂੰ ਪਿਆਰ ਕਰ, ਆਪਣੇ ਪੂਰੇ ਦਿਲ ਨਾਲ ਅਤੇ ਆਪਣੀ ਪੂਰੀ ਜਾਨ ਨਾਲ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰ+ 13 ਅਤੇ ਯਹੋਵਾਹ ਦੇ ਸਾਰੇ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰ ਜਿਹੜੇ ਮੈਂ ਅੱਜ ਤੇਰੇ ਭਲੇ ਲਈ ਤੈਨੂੰ ਦੇ ਰਿਹਾ ਹਾਂ।+ 14 ਦੇਖ, ਆਕਾਸ਼ ਯਹੋਵਾਹ ਦੇ ਹਨ, ਇੱਥੋਂ ਤਕ ਕਿ ਉੱਚੇ ਤੋਂ ਉੱਚੇ ਆਕਾਸ਼ ਵੀ, ਨਾਲੇ ਧਰਤੀ ਅਤੇ ਇਸ ਦੀ ਹਰ ਚੀਜ਼ ਉਸ ਦੀ ਹੈ।+ 15 ਪਰ ਯਹੋਵਾਹ ਸਿਰਫ਼ ਤੇਰੇ ਪਿਉ-ਦਾਦਿਆਂ ਦੇ ਨੇੜੇ ਆਇਆ ਅਤੇ ਉਨ੍ਹਾਂ ਨੂੰ ਪਿਆਰ ਕੀਤਾ ਅਤੇ ਉਸ ਨੇ ਸਾਰੀਆਂ ਕੌਮਾਂ ਵਿੱਚੋਂ ਉਨ੍ਹਾਂ ਦੀ ਸੰਤਾਨ ਯਾਨੀ ਤੈਨੂੰ ਚੁਣਿਆ,+ ਜਿਵੇਂ ਅੱਜ ਤੂੰ ਚੁਣਿਆ ਹੋਇਆ ਹੈਂ। 16 ਆਪਣੇ ਦਿਲ ਨੂੰ ਸ਼ੁੱਧ* ਕਰ+ ਅਤੇ ਢੀਠਪੁਣਾ ਛੱਡ ਦੇ।*+ 17 ਤੇਰਾ ਪਰਮੇਸ਼ੁਰ ਯਹੋਵਾਹ ਸਾਰੇ ਈਸ਼ਵਰਾਂ ਨਾਲੋਂ ਮਹਾਨ+ ਹੈ ਅਤੇ ਉਹ ਪ੍ਰਭੂਆਂ ਦਾ ਪ੍ਰਭੂ, ਮਹਾਨ ਪਰਮੇਸ਼ੁਰ, ਤਾਕਤਵਰ ਅਤੇ ਸ਼ਰਧਾ ਦੇ ਲਾਇਕ ਹੈ। ਉਹ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਦਾ+ ਅਤੇ ਨਾ ਹੀ ਰਿਸ਼ਵਤ ਲੈਂਦਾ ਹੈ। 18 ਉਹ ਯਤੀਮਾਂ* ਅਤੇ ਵਿਧਵਾਵਾਂ ਦਾ ਨਿਆਂ ਕਰਦਾ ਹੈ+ ਅਤੇ ਪਰਦੇਸੀਆਂ ਨੂੰ ਪਿਆਰ ਕਰਦਾ ਹੈ+ ਅਤੇ ਉਨ੍ਹਾਂ ਨੂੰ ਰੋਟੀ ਅਤੇ ਕੱਪੜਾ ਦਿੰਦਾ ਹੈ। 19 ਤੂੰ ਵੀ ਪਰਦੇਸੀਆਂ ਨੂੰ ਪਿਆਰ ਕਰ ਕਿਉਂਕਿ ਤੂੰ ਮਿਸਰ ਵਿਚ ਪਰਦੇਸੀ ਸੀ।+

20 “ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਰੱਖ, ਉਸੇ ਦੀ ਭਗਤੀ ਕਰ,+ ਉਸ ਨਾਲ ਚਿੰਬੜਿਆ ਰਹਿ ਅਤੇ ਉਸ ਦੇ ਨਾਂ ਦੀ ਸਹੁੰ ਖਾਹ। 21 ਤੂੰ ਸਿਰਫ਼ ਉਸੇ ਦੀ ਮਹਿਮਾ ਕਰ।+ ਉਹ ਤੇਰਾ ਪਰਮੇਸ਼ੁਰ ਹੈ ਜਿਸ ਨੇ ਤੇਰੇ ਲਈ ਇਹ ਸਾਰੇ ਵੱਡੇ-ਵੱਡੇ ਅਤੇ ਹੈਰਾਨੀਜਨਕ ਕੰਮ ਕੀਤੇ ਜੋ ਤੂੰ ਆਪਣੀ ਅੱਖੀਂ ਦੇਖੇ।+ 22 ਜਦੋਂ ਤੇਰੇ ਪਿਉ-ਦਾਦੇ ਮਿਸਰ ਗਏ, ਤਾਂ ਉਹ ਸਿਰਫ਼ 70 ਜਣੇ ਸਨ+ ਅਤੇ ਹੁਣ ਤੇਰੇ ਪਰਮੇਸ਼ੁਰ ਯਹੋਵਾਹ ਨੇ ਤੇਰੀ ਗਿਣਤੀ ਆਕਾਸ਼ ਦੇ ਤਾਰਿਆਂ ਜਿੰਨੀ ਵਧਾਈ ਹੈ।+

11 “ਤੂੰ ਆਪਣੇ ਪਰਮੇਸ਼ੁਰ ਯਹੋਵਾਹ ਨਾਲ ਪਿਆਰ ਕਰ+ ਅਤੇ ਉਸ ਪ੍ਰਤੀ ਆਪਣਾ ਫ਼ਰਜ਼ ਹਮੇਸ਼ਾ ਪੂਰਾ ਕਰ ਅਤੇ ਉਸ ਦੇ ਨਿਯਮਾਂ, ਕਾਨੂੰਨਾਂ ਅਤੇ ਹੁਕਮਾਂ ਦੀ ਪਾਲਣਾ ਕਰ। 2 ਤੂੰ ਜਾਣਦਾ ਹੈਂ ਕਿ ਮੈਂ ਅੱਜ ਤੇਰੇ ਨਾਲ ਗੱਲ ਕਰ ਰਿਹਾ ਹਾਂ, ਨਾ ਕਿ ਤੇਰੇ ਪੁੱਤਰਾਂ ਨਾਲ। ਉਨ੍ਹਾਂ ਨੇ ਇਹ ਨਹੀਂ ਦੇਖਿਆ ਕਿ ਤੇਰੇ ਪਰਮੇਸ਼ੁਰ ਯਹੋਵਾਹ ਨੇ ਕਿਵੇਂ ਅਨੁਸ਼ਾਸਨ ਦਿੱਤਾ ਸੀ+ ਅਤੇ ਨਾ ਹੀ ਉਨ੍ਹਾਂ ਨੇ ਉਸ ਦੀ ਮਹਾਨਤਾ,+ ਉਸ ਦੇ ਬਲਵੰਤ ਹੱਥ+ ਅਤੇ ਤਾਕਤਵਰ ਬਾਂਹ* ਦਾ ਕਮਾਲ ਦੇਖਿਆ ਅਤੇ ਨਾ ਹੀ ਉਹ ਇਸ ਬਾਰੇ ਜਾਣਦੇ ਹਨ। 3 ਉਨ੍ਹਾਂ ਨੇ ਮਿਸਰ ਵਿਚ ਕੀਤੀਆਂ ਉਸ ਦੀਆਂ ਕਰਾਮਾਤਾਂ ਅਤੇ ਕੰਮ ਨਹੀਂ ਦੇਖੇ। ਉਨ੍ਹਾਂ ਨੇ ਇਹ ਵੀ ਨਹੀਂ ਦੇਖਿਆ ਕਿ ਉਸ ਨੇ ਮਿਸਰ ਦੇ ਰਾਜੇ ਫ਼ਿਰਊਨ ਅਤੇ ਉਸ ਦੇ ਸਾਰੇ ਦੇਸ਼ ਦਾ ਕੀ ਹਾਲ ਕੀਤਾ ਸੀ+ 4 ਤੇ ਨਾ ਹੀ ਉਨ੍ਹਾਂ ਨੇ ਦੇਖਿਆ ਕਿ ਤੇਰਾ ਪਿੱਛਾ ਕਰ ਰਹੀਆਂ ਮਿਸਰ ਦੀਆਂ ਫ਼ੌਜਾਂ, ਫ਼ਿਰਊਨ ਦੇ ਘੋੜਿਆਂ ਅਤੇ ਯੁੱਧ ਦੇ ਰਥਾਂ ਨੂੰ ਯਹੋਵਾਹ ਨੇ ਲਾਲ ਸਮੁੰਦਰ ਵਿਚ ਡੋਬ ਕੇ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਸੀ।+ 5 ਉਨ੍ਹਾਂ ਨੇ ਇਹ ਵੀ ਨਹੀਂ ਦੇਖਿਆ ਕਿ ਉਸ ਨੇ ਤੇਰੇ ਲਈ* ਉਜਾੜ ਵਿਚ ਕੀ-ਕੀ ਕੀਤਾ ਜਦ ਤਕ ਤੂੰ ਇੱਥੇ ਪਹੁੰਚ ਨਹੀਂ ਗਿਆ 6 ਅਤੇ ਨਾ ਹੀ ਉਨ੍ਹਾਂ ਨੇ ਦੇਖਿਆ ਕਿ ਉਸ ਨੇ ਰਊਬੇਨ ਦੇ ਗੋਤ ਵਿੱਚੋਂ ਅਲੀਆਬ ਦੇ ਪੁੱਤਰਾਂ ਦਾਥਾਨ ਤੇ ਅਬੀਰਾਮ ਨਾਲ ਕੀ ਕੀਤਾ ਸੀ ਜਦੋਂ ਇਜ਼ਰਾਈਲੀਆਂ ਦੇ ਦੇਖਦਿਆਂ-ਦੇਖਦਿਆਂ ਧਰਤੀ ਪਾਟ ਗਈ ਸੀ ਅਤੇ ਉਨ੍ਹਾਂ ਨੂੰ, ਉਨ੍ਹਾਂ ਦੇ ਘਰਾਣਿਆਂ, ਤੰਬੂਆਂ, ਉਨ੍ਹਾਂ ਦੇ ਪਿੱਛੇ ਲੱਗੇ ਲੋਕਾਂ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਨਿਗਲ਼ ਗਈ ਸੀ।+ 7 ਪਰ ਤੂੰ ਆਪਣੀ ਅੱਖੀਂ ਯਹੋਵਾਹ ਦੇ ਇਹ ਸਾਰੇ ਵੱਡੇ-ਵੱਡੇ ਕੰਮ ਦੇਖੇ ਹਨ।

8 “ਤੂੰ ਉਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰ ਜੋ ਅੱਜ ਮੈਂ ਤੈਨੂੰ ਦੇ ਰਿਹਾ ਹਾਂ ਤਾਂਕਿ ਤੂੰ ਤਾਕਤਵਰ ਬਣੇਂ ਅਤੇ ਦਰਿਆ ਪਾਰ ਜਾ ਕੇ ਉਸ ਦੇਸ਼ ʼਤੇ ਕਬਜ਼ਾ ਕਰੇਂ 9 ਅਤੇ ਤੂੰ ਉਸ ਦੇਸ਼ ਵਿਚ ਲੰਬੀ ਜ਼ਿੰਦਗੀ ਜੀ ਸਕੇਂ+ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ। ਯਹੋਵਾਹ ਨੇ ਇਹ ਦੇਸ਼ ਤੇਰੇ ਪਿਉ-ਦਾਦਿਆਂ ਅਤੇ ਉਨ੍ਹਾਂ ਦੀ ਸੰਤਾਨ* ਨੂੰ ਦੇਣ ਦੀ ਸਹੁੰ ਖਾਧੀ ਸੀ।+

10 “ਤੂੰ ਜਿਸ ਦੇਸ਼ ʼਤੇ ਕਬਜ਼ਾ ਕਰਨ ਜਾ ਰਿਹਾ ਹੈਂ, ਉਹ ਦੇਸ਼ ਮਿਸਰ ਵਰਗਾ ਨਹੀਂ ਹੈ ਜਿੱਥੋਂ ਤੂੰ ਨਿਕਲ ਕੇ ਆਇਆ ਹੈਂ ਅਤੇ ਜਿੱਥੇ ਤੂੰ ਖੇਤਾਂ ਵਿਚ ਬੀ ਬੀਜਦਾ ਸੀ ਅਤੇ ਫਿਰ ਪਾਣੀ ਦੇਣ ਲਈ ਤੈਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਸੀ ਜਿਵੇਂ ਸਬਜ਼ੀਆਂ ਦੀਆਂ ਕਿਆਰੀਆਂ ਨੂੰ ਪਾਣੀ ਦਿੱਤਾ ਜਾਂਦਾ ਹੈ। 11 ਪਰ ਤੂੰ ਦਰਿਆ ਪਾਰ ਜਿਸ ਦੇਸ਼ ਵਿਚ ਜਾ ਰਿਹਾ ਹੈਂ, ਉੱਥੇ ਪਹਾੜ ਅਤੇ ਘਾਟੀਆਂ ਹਨ+ ਅਤੇ ਉੱਥੋਂ ਦੀ ਜ਼ਮੀਨ ਮੀਂਹ ਦੇ ਪਾਣੀ ਨਾਲ ਸਿੰਜ ਹੁੰਦੀ ਹੈ;+ 12 ਤੇਰਾ ਪਰਮੇਸ਼ੁਰ ਯਹੋਵਾਹ ਉਸ ਦੇਸ਼ ਦੀ ਦੇਖ-ਭਾਲ ਕਰਦਾ ਹੈ। ਤੇਰੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਪੂਰਾ ਸਾਲ ਉਸ ਦੇਸ਼ ਉੱਤੇ ਲੱਗੀਆਂ ਰਹਿੰਦੀਆਂ ਹਨ।

13 “ਜੇ ਤੂੰ ਲਗਨ ਨਾਲ ਮੇਰੇ ਹੁਕਮਾਂ ਦੀ ਪਾਲਣਾ ਕਰੇਂਗਾ ਜੋ ਅੱਜ ਮੈਂ ਤੈਨੂੰ ਦੇ ਰਿਹਾ ਹਾਂ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰੇਂਗਾ ਅਤੇ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਉਸ ਦੀ ਭਗਤੀ ਕਰੇਂਗਾ,+ 14 ਤਾਂ ਪਰਮੇਸ਼ੁਰ* ਤੇਰੇ ਦੇਸ਼ ਉੱਤੇ ਪਤਝੜ ਅਤੇ ਬਸੰਤ ਰੁੱਤ ਵਿਚ ਮਿਥੇ ਸਮੇਂ ਤੇ ਮੀਂਹ ਵਰ੍ਹਾਵੇਗਾ ਜਿਸ ਕਰਕੇ ਤੈਨੂੰ ਅਨਾਜ, ਨਵਾਂ ਦਾਖਰਸ ਅਤੇ ਤੇਲ ਮਿਲੇਗਾ।+ 15 ਉਹ ਤੇਰੇ ਪਸ਼ੂਆਂ ਲਈ ਮੈਦਾਨਾਂ ਵਿਚ ਘਾਹ ਉਗਾਵੇਗਾ। ਤੇਰੇ ਕੋਲ ਵੀ ਰੱਜ ਕੇ ਖਾਣ ਲਈ ਭੋਜਨ ਹੋਵੇਗਾ।+ 16 ਖ਼ਬਰਦਾਰ ਰਹੀਂ ਕਿ ਕਿਤੇ ਤੇਰਾ ਦਿਲ ਭਰਮਾਇਆ ਨਾ ਜਾਵੇ ਤੇ ਤੂੰ ਗੁਮਰਾਹ ਹੋ ਕੇ ਹੋਰ ਦੇਵਤਿਆਂ ਦੀ ਭਗਤੀ ਨਾ ਕਰਨ ਲੱਗ ਪਵੇਂ ਤੇ ਉਨ੍ਹਾਂ ਅੱਗੇ ਮੱਥਾ ਨਾ ਟੇਕਣ ਲੱਗ ਪਵੇਂ।+ 17 ਨਹੀਂ ਤਾਂ ਤੇਰੇ ਉੱਤੇ ਯਹੋਵਾਹ ਦਾ ਗੁੱਸਾ ਭੜਕੇਗਾ ਅਤੇ ਉਹ ਆਕਾਸ਼ੋਂ ਮੀਂਹ ਵਰ੍ਹਾਉਣਾ ਬੰਦ ਕਰ ਦੇਵੇਗਾ+ ਅਤੇ ਜ਼ਮੀਨ ਆਪਣੀ ਪੈਦਾਵਾਰ ਨਹੀਂ ਦੇਵੇਗੀ ਅਤੇ ਉਸ ਵਧੀਆ ਦੇਸ਼ ਵਿੱਚੋਂ ਤੇਰਾ ਨਾਮੋ-ਨਿਸ਼ਾਨ ਛੇਤੀ ਮਿਟ ਜਾਵੇਗਾ ਜੋ ਦੇਸ਼ ਯਹੋਵਾਹ ਤੈਨੂੰ ਦੇਣ ਜਾ ਰਿਹਾ ਹੈ।+

18 “ਤੂੰ ਮੇਰੀਆਂ ਇਹ ਗੱਲਾਂ ਆਪਣੇ ਦਿਲ ਅਤੇ ਮਨ ਵਿਚ ਬਿਠਾ ਲੈ ਅਤੇ ਇਨ੍ਹਾਂ ਨੂੰ ਯਾਦ ਰੱਖਣ ਲਈ ਆਪਣੇ ਹੱਥ ਉੱਤੇ ਬੰਨ੍ਹ ਲੈ ਅਤੇ ਆਪਣੇ ਮੱਥੇ ਉੱਤੇ* ਨਿਸ਼ਾਨੀ ਦੇ ਤੌਰ ਤੇ ਬੰਨ੍ਹ ਲੈ।+ 19 ਆਪਣੇ ਬੱਚਿਆਂ ਨੂੰ ਇਹ ਗੱਲਾਂ ਸਿਖਾ ਅਤੇ ਉਨ੍ਹਾਂ ਨਾਲ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਤੇ ਉੱਠਦਿਆਂ ਇਨ੍ਹਾਂ ਬਾਰੇ ਚਰਚਾ ਕਰ।+ 20 ਇਨ੍ਹਾਂ ਨੂੰ ਆਪਣੇ ਘਰ ਦੀਆਂ ਚੁਗਾਠਾਂ ਅਤੇ ਦਰਵਾਜ਼ਿਆਂ ਉੱਤੇ ਲਿਖ ਲੈ 21 ਤਾਂਕਿ ਤੂੰ ਅਤੇ ਤੇਰੇ ਬੱਚੇ ਉਸ ਦੇਸ਼ ਵਿਚ ਲੰਬੀ ਜ਼ਿੰਦਗੀ ਜੀਉਣ+ ਜੋ ਦੇਸ਼ ਯਹੋਵਾਹ ਨੇ ਤੇਰੇ ਪਿਉ-ਦਾਦਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ।+ ਤੂੰ ਤੇ ਤੇਰੇ ਬੱਚੇ ਉੱਨਾ ਚਿਰ ਉਸ ਦੇਸ਼ ਵਿਚ ਵੱਸੋਗੇ ਜਿੰਨਾ ਚਿਰ ਧਰਤੀ ਉੱਤੇ ਆਕਾਸ਼ ਰਹੇਗਾ।

22 “ਜੇ ਤੂੰ ਸਖ਼ਤੀ ਨਾਲ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰੇਂ ਜੋ ਅੱਜ ਮੈਂ ਤੈਨੂੰ ਦੇ ਰਿਹਾ ਹਾਂ ਅਤੇ ਇਨ੍ਹਾਂ ਮੁਤਾਬਕ ਚੱਲੇਂ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰੇਂ,+ ਉਸ ਦੇ ਸਾਰੇ ਰਾਹਾਂ ʼਤੇ ਚੱਲੇਂ ਅਤੇ ਉਸ ਨਾਲ ਚਿੰਬੜਿਆ ਰਹੇਂ,+ 23 ਤਾਂ ਯਹੋਵਾਹ ਤੇਰੇ ਅੱਗਿਓਂ ਇਨ੍ਹਾਂ ਸਾਰੀਆਂ ਕੌਮਾਂ ਨੂੰ ਕੱਢ ਦੇਵੇਗਾ+ ਅਤੇ ਤੂੰ ਆਪਣੇ ਤੋਂ ਵੱਡੀਆਂ ਅਤੇ ਤਾਕਤਵਰ ਕੌਮਾਂ ਨੂੰ ਹਰਾ ਦੇਵੇਂਗਾ।+ 24 ਤੂੰ ਜਿਸ ਜਗ੍ਹਾ ਪੈਰ ਰੱਖੇਂਗਾ, ਉਹ ਤੇਰੀ ਹੋ ਜਾਵੇਗੀ।+ ਤੇਰੇ ਇਲਾਕੇ ਦੀ ਸਰਹੱਦ ਉਜਾੜ ਤੋਂ ਲੈ ਕੇ ਲਬਾਨੋਨ ਤਕ ਅਤੇ ਫ਼ਰਾਤ ਦਰਿਆ ਤੋਂ ਲੈ ਕੇ ਪੱਛਮੀ ਸਮੁੰਦਰ* ਤਕ ਹੋਵੇਗੀ।+ 25 ਕੋਈ ਵੀ ਤੇਰੇ ਸਾਮ੍ਹਣੇ ਖੜ੍ਹਾ ਨਹੀਂ ਰਹਿ ਸਕੇਗਾ।+ ਤੂੰ ਦੇਸ਼ ਵਿਚ ਜਿੱਥੇ ਵੀ ਜਾਵੇਂਗਾ, ਤੇਰਾ ਪਰਮੇਸ਼ੁਰ ਯਹੋਵਾਹ ਪੂਰੇ ਦੇਸ਼ ਵਿਚ ਤੇਰਾ ਖ਼ੌਫ਼ ਅਤੇ ਡਰ ਫੈਲਾ ਦੇਵੇਗਾ,+ ਠੀਕ ਜਿਵੇਂ ਉਸ ਨੇ ਤੇਰੇ ਨਾਲ ਵਾਅਦਾ ਕੀਤਾ ਹੈ।

26 “ਦੇਖ, ਮੈਂ ਅੱਜ ਤੇਰੇ ਅੱਗੇ ਬਰਕਤ ਅਤੇ ਸਰਾਪ ਰੱਖ ਰਿਹਾ ਹਾਂ:+ 27 ਜੇ ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮ ਮੰਨੇਂਗਾ ਜੋ ਅੱਜ ਮੈਂ ਤੈਨੂੰ ਦੇ ਰਿਹਾ ਹਾਂ, ਤਾਂ ਤੈਨੂੰ ਬਰਕਤਾਂ ਮਿਲਣਗੀਆਂ+ 28 ਅਤੇ ਜੇ ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮ ਨਹੀਂ ਮੰਨੇਂਗਾ ਅਤੇ ਉਸ ਰਾਹ ʼਤੇ ਚੱਲਣਾ ਛੱਡ ਦੇਵੇਂਗਾ ਜਿਸ ਉੱਤੇ ਚੱਲਣ ਦਾ ਅੱਜ ਮੈਂ ਤੈਨੂੰ ਹੁਕਮ ਦੇ ਰਿਹਾ ਹਾਂ ਅਤੇ ਜੇ ਤੂੰ ਉਨ੍ਹਾਂ ਦੇਵਤਿਆਂ ਦੇ ਪਿੱਛੇ ਚੱਲੇਂਗਾ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ, ਤਾਂ ਤੈਨੂੰ ਸਰਾਪ ਲੱਗੇਗਾ।+

29 “ਜਦੋਂ ਤੇਰਾ ਪਰਮੇਸ਼ੁਰ ਯਹੋਵਾਹ ਤੈਨੂੰ ਉਸ ਦੇਸ਼ ਵਿਚ ਲੈ ਜਾਵੇਗਾ ਜਿਸ ਉੱਤੇ ਤੂੰ ਕਬਜ਼ਾ ਕਰਨਾ ਹੈ, ਤਾਂ ਤੂੰ ਗਰਿੱਜ਼ੀਮ ਪਹਾੜ ਕੋਲ ਬਰਕਤਾਂ ਦਾ ਐਲਾਨ ਕਰੀਂ* ਅਤੇ ਏਬਾਲ ਪਹਾੜ ਕੋਲ ਸਰਾਪ ਦਾ ਐਲਾਨ ਕਰੀਂ।*+ 30 ਇਹ ਦੋਵੇਂ ਪਹਾੜ ਯਰਦਨ ਦਰਿਆ ਦੇ ਦੂਸਰੇ ਪਾਸੇ ਪੱਛਮ ਵਿਚ ਕਨਾਨੀਆਂ ਦੇ ਦੇਸ਼ ਵਿਚ ਹਨ। ਕਨਾਨੀ ਲੋਕ ਗਿਲਗਾਲ ਦੇ ਸਾਮ੍ਹਣੇ ਮੋਰੇਹ ਦੇ ਵੱਡੇ ਦਰਖ਼ਤਾਂ ਕੋਲ ਅਰਾਬਾਹ ਵਿਚ ਰਹਿੰਦੇ ਹਨ।+ 31 ਤੂੰ ਯਰਦਨ ਦਰਿਆ ਪਾਰ ਕਰ ਕੇ ਉਸ ਦੇਸ਼ ʼਤੇ ਕਬਜ਼ਾ ਕਰਨ ਜਾ ਰਿਹਾ ਹੈਂ ਜੋ ਦੇਸ਼ ਤੇਰਾ ਪਰਮੇਸ਼ੁਰ ਯਹੋਵਾਹ ਤੈਨੂੰ ਦੇਣ ਵਾਲਾ ਹੈ।+ ਜਦੋਂ ਤੂੰ ਉਸ ਦੇਸ਼ ʼਤੇ ਕਬਜ਼ਾ ਕਰ ਲਵੇਂਗਾ ਅਤੇ ਉਸ ਵਿਚ ਰਹਿਣ ਲੱਗ ਪਵੇਂਗਾ, 32 ਤਾਂ ਤੂੰ ਇਨ੍ਹਾਂ ਸਾਰੇ ਨਿਯਮਾਂ ਅਤੇ ਕਾਨੂੰਨਾਂ ਦੀ ਧਿਆਨ ਨਾਲ ਪਾਲਣਾ ਕਰੀਂ ਜੋ ਅੱਜ ਮੈਂ ਤੈਨੂੰ ਦੇ ਰਿਹਾ ਹਾਂ।+

12 “ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ ਯਹੋਵਾਹ ਜੋ ਦੇਸ਼ ਤੁਹਾਡੇ ਕਬਜ਼ੇ ਹੇਠ ਕਰੇਗਾ, ਉੱਥੇ ਤੁਸੀਂ ਉਮਰ ਭਰ ਧਿਆਨ ਨਾਲ ਇਨ੍ਹਾਂ ਸਾਰੇ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਿਓ। 2 ਤੁਸੀਂ ਜਿਨ੍ਹਾਂ ਕੌਮਾਂ ਨੂੰ ਉੱਥੋਂ ਕੱਢੋਗੇ, ਉਨ੍ਹਾਂ ਦੀਆਂ ਉਹ ਸਾਰੀਆਂ ਥਾਵਾਂ ਪੂਰੀ ਤਰ੍ਹਾਂ ਢਾਹ ਦੇਣੀਆਂ ਜਿੱਥੇ ਉਹ ਆਪਣੇ ਦੇਵਤਿਆਂ ਦੀ ਭਗਤੀ ਕਰਦੀਆਂ ਹਨ,+ ਚਾਹੇ ਉਹ ਉੱਚੇ ਪਹਾੜਾਂ ʼਤੇ ਹੋਣ ਜਾਂ ਪਹਾੜੀਆਂ ʼਤੇ ਜਾਂ ਹਰੇ-ਭਰੇ ਦਰਖ਼ਤਾਂ ਥੱਲੇ ਹੋਣ। 3 ਤੁਸੀਂ ਉਨ੍ਹਾਂ ਦੀਆਂ ਵੇਦੀਆਂ ਢਾਹ ਦੇਣੀਆਂ, ਉਨ੍ਹਾਂ ਦੇ ਪੂਜਾ-ਥੰਮ੍ਹ ਚਕਨਾਚੂਰ ਕਰ ਦੇਣੇ,+ ਪੂਜਾ-ਖੰਭੇ* ਅੱਗ ਵਿਚ ਸਾੜ ਦੇਣੇ ਅਤੇ ਉਨ੍ਹਾਂ ਦੇ ਦੇਵਤਿਆਂ ਦੀਆਂ ਘੜੀਆਂ ਹੋਈਆਂ ਮੂਰਤੀਆਂ ਤੋੜ ਦੇਣੀਆਂ।+ ਇਸ ਤਰ੍ਹਾਂ ਤੁਸੀਂ ਉਸ ਜਗ੍ਹਾ ਤੋਂ ਉਨ੍ਹਾਂ ਦੇਵਤਿਆਂ ਦਾ ਨਾਂ ਤਕ ਮਿਟਾ ਦੇਣਾ।+

4 “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਦੇ ਹੋਏ ਉਨ੍ਹਾਂ ਕੌਮਾਂ ਦੀ ਰੀਸ ਨਾ ਕਰਿਓ।+ 5 ਇਸ ਦੀ ਬਜਾਇ, ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਸਾਰੇ ਗੋਤਾਂ ਦੇ ਇਲਾਕਿਆਂ ਵਿਚ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ ਅਤੇ ਜਿਸ ਨੂੰ ਆਪਣਾ ਨਿਵਾਸ-ਸਥਾਨ ਬਣਾਵੇਗਾ, ਤੁਸੀਂ ਉੱਥੇ ਜਾ ਕੇ ਉਸ ਦੀ ਭਗਤੀ ਕਰਿਓ।+ 6 ਤੁਸੀਂ ਉੱਥੇ ਆਪਣੀਆਂ ਹੋਮ-ਬਲ਼ੀਆਂ,+ ਹੋਰ ਬਲ਼ੀਆਂ, ਦਸਵਾਂ ਹਿੱਸਾ,+ ਦਾਨ,+ ਸੁੱਖਣਾਂ ਦੀਆਂ ਭੇਟਾਂ, ਇੱਛਾ-ਬਲ਼ੀਆਂ+ ਅਤੇ ਆਪਣੇ ਗਾਂਵਾਂ-ਬਲਦਾਂ ਅਤੇ ਭੇਡਾਂ-ਬੱਕਰੀਆਂ ਦੇ ਜੇਠੇ+ ਲੈ ਕੇ ਜਾਇਓ। 7 ਤੁਸੀਂ ਆਪਣੇ ਘਰਾਣਿਆਂ ਸਮੇਤ ਉੱਥੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਆਪਣੇ ਚੜ੍ਹਾਵੇ ਖਾਇਓ+ ਅਤੇ ਆਪਣੇ ਸਾਰੇ ਕੰਮਾਂ ਕਰਕੇ ਖ਼ੁਸ਼ ਹੋਇਓ+ ਕਿਉਂਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਬਰਕਤ ਦਿੱਤੀ ਹੈ।

8 “ਤੁਸੀਂ ਆਪਣੀ ਮਨ-ਮਰਜ਼ੀ ਨਾ ਕਰਿਓ, ਜਿਵੇਂ ਤੁਸੀਂ ਅੱਜ ਇੱਥੇ ਕਰ ਰਹੇ ਹੋ। ਹੁਣ ਤੁਹਾਨੂੰ ਜੋ ਚੰਗਾ ਲੱਗਦਾ ਹੈ, ਤੁਸੀਂ ਉਹੀ ਕਰਦੇ ਹੋ 9 ਕਿਉਂਕਿ ਤੁਸੀਂ ਅਜੇ ਤਕ ਆਰਾਮ ਕਰਨ ਦੀ ਜਗ੍ਹਾ+ ਅਤੇ ਵਿਰਾਸਤ ਵਿਚ ਮਿਲਣ ਵਾਲੀ ਜ਼ਮੀਨ ʼਤੇ ਨਹੀਂ ਪਹੁੰਚੇ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ। 10 ਜਦੋਂ ਤੁਸੀਂ ਯਰਦਨ ਦਰਿਆ ਪਾਰ+ ਕਰ ਕੇ ਉਸ ਦੇਸ਼ ਵਿਚ ਵੱਸ ਜਾਓਗੇ ਜੋ ਦੇਸ਼ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਕਬਜ਼ੇ ਹੇਠ ਕਰੇਗਾ, ਤਾਂ ਉਹ ਤੁਹਾਡੇ ਆਲੇ-ਦੁਆਲੇ ਰਹਿੰਦੇ ਸਾਰੇ ਦੁਸ਼ਮਣਾਂ ਤੋਂ ਜ਼ਰੂਰ ਤੁਹਾਡੀ ਰੱਖਿਆ ਕਰੇਗਾ ਅਤੇ ਤੁਸੀਂ ਸੁਰੱਖਿਅਤ ਵੱਸੋਗੇ।+ 11 ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ,+ ਤੁਸੀਂ ਉੱਥੇ ਇਹ ਸਾਰੀਆਂ ਚੀਜ਼ਾਂ ਲੈ ਕੇ ਜਾਇਓ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ: ਹੋਮ-ਬਲ਼ੀਆਂ, ਹੋਰ ਬਲ਼ੀਆਂ, ਦਸਵਾਂ ਹਿੱਸਾ,+ ਦਾਨ, ਯਹੋਵਾਹ ਦੇ ਸਾਮ੍ਹਣੇ ਸੁੱਖੀਆਂ ਸੁੱਖਣਾਂ ਦੀਆਂ ਭੇਟਾਂ। 12 ਤੁਸੀਂ ਅਤੇ ਤੁਹਾਡੇ ਧੀਆਂ-ਪੁੱਤਰ ਅਤੇ ਤੁਹਾਡੇ ਦਾਸ-ਦਾਸੀਆਂ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਖ਼ੁਸ਼ੀਆਂ ਮਨਾਉਣ।+ ਤੁਹਾਡੇ ਸ਼ਹਿਰਾਂ* ਵਿਚ ਰਹਿੰਦੇ ਲੇਵੀ ਵੀ ਤੁਹਾਡੇ ਨਾਲ ਖ਼ੁਸ਼ੀਆਂ ਮਨਾਉਣ ਜਿਨ੍ਹਾਂ ਨੂੰ ਤੁਹਾਡੇ ਨਾਲ ਕੋਈ ਹਿੱਸਾ ਜਾਂ ਵਿਰਾਸਤ ਨਹੀਂ ਦਿੱਤੀ ਗਈ ਹੈ।+ 13 ਖ਼ਬਰਦਾਰ ਰਹਿਓ ਕਿ ਤੁਸੀਂ ਉਸ ਜਗ੍ਹਾ ਹੋਮ-ਬਲ਼ੀਆਂ ਨਾ ਚੜ੍ਹਾਇਓ ਜੋ ਤੁਹਾਨੂੰ ਚੰਗੀ ਲੱਗੇ।+ 14 ਪਰ ਤੁਸੀਂ ਉਸ ਜਗ੍ਹਾ ਹੀ ਹੋਮ-ਬਲ਼ੀਆਂ ਚੜਾਇਓ ਜੋ ਯਹੋਵਾਹ ਤੁਹਾਡੇ ਗੋਤਾਂ ਦੇ ਇਲਾਕਿਆਂ ਵਿਚ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ ਅਤੇ ਉੱਥੇ ਹੀ ਤੁਸੀਂ ਉਹ ਸਭ ਕੁਝ ਕਰਿਓ ਜਿਸ ਦਾ ਮੈਂ ਤੁਹਾਨੂੰ ਹੁਕਮ ਦੇ ਰਿਹਾ ਹਾਂ।+

15 “ਪਰ ਜਦੋਂ ਵੀ ਤੁਹਾਡਾ ਦਿਲ ਮੀਟ ਖਾਣ ਨੂੰ ਕਰੇ, ਤਾਂ ਤੁਸੀਂ ਆਪਣੇ ਸਾਰੇ ਸ਼ਹਿਰਾਂ* ਵਿਚ ਜਾਨਵਰ ਵੱਢ ਕੇ ਖਾ ਸਕਦੇ ਹੋ।+ ਤੁਹਾਡੇ ਪਰਮੇਸ਼ੁਰ ਯਹੋਵਾਹ ਦੀ ਬਰਕਤ ਨਾਲ ਤੁਹਾਡੇ ਕੋਲ ਜਿੰਨੇ ਜਾਨਵਰ ਹਨ, ਤੁਸੀਂ ਉਨ੍ਹਾਂ ਵਿੱਚੋਂ ਜਿੰਨੇ ਚਾਹੋ ਖਾ ਸਕਦੇ ਹੋ। ਸ਼ੁੱਧ ਤੇ ਅਸ਼ੁੱਧ ਦੋਵੇਂ ਇਨਸਾਨ ਇਹ ਮੀਟ ਖਾ ਸਕਦੇ ਹਨ ਜਿਵੇਂ ਤੁਸੀਂ ਕਿਸੇ ਚਿਕਾਰੇ* ਜਾਂ ਹਿਰਨ ਦਾ ਖਾਂਦੇ ਹੋ। 16 ਪਰ ਤੁਸੀਂ ਖ਼ੂਨ ਨਾ ਖਾਇਓ,+ ਸਗੋਂ ਇਸ ਨੂੰ ਜ਼ਮੀਨ ਉੱਤੇ ਪਾਣੀ ਵਾਂਗ ਡੋਲ੍ਹ ਦਿਓ।+ 17 ਤੁਹਾਨੂੰ ਆਪਣੇ ਸ਼ਹਿਰਾਂ* ਵਿਚ ਇਹ ਚੀਜ਼ਾਂ ਖਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ: ਅਨਾਜ, ਨਵੇਂ ਦਾਖਰਸ ਅਤੇ ਤੇਲ ਦਾ ਦਸਵਾਂ ਹਿੱਸਾ, ਗਾਂਵਾਂ-ਬਲਦਾਂ ਤੇ ਭੇਡਾਂ-ਬੱਕਰੀਆਂ ਦੇ ਜੇਠੇ ਬੱਚੇ,+ ਆਪਣੀਆਂ ਸੁੱਖਣਾਂ ਦੀਆਂ ਭੇਟਾਂ, ਇੱਛਾ-ਬਲ਼ੀਆਂ ਤੇ ਦਾਨ। 18 ਤੁਸੀਂ ਇਹ ਸਾਰੀਆਂ ਚੀਜ਼ਾਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਉਸ ਜਗ੍ਹਾ ਖਾਣੀਆਂ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਚੁਣੇਗਾ।+ ਤੁਸੀਂ ਅਤੇ ਤੁਹਾਡੇ ਧੀਆਂ-ਪੁੱਤਰ, ਤੁਹਾਡੇ ਦਾਸ-ਦਾਸੀਆਂ ਅਤੇ ਤੁਹਾਡੇ ਸ਼ਹਿਰਾਂ* ਵਿਚ ਰਹਿੰਦੇ ਲੇਵੀ ਇਹ ਸਭ ਕੁਝ ਖਾਣ। ਤੁਸੀਂ ਆਪਣੇ ਸਾਰੇ ਕੰਮਾਂ ਕਰਕੇ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਖ਼ੁਸ਼ੀਆਂ ਮਨਾਇਓ। 19 ਧਿਆਨ ਰੱਖਿਓ ਕਿ ਤੁਸੀਂ ਜਿੰਨਾ ਚਿਰ ਆਪਣੇ ਦੇਸ਼ ਵਿਚ ਰਹੋ, ਤੁਸੀਂ ਕਦੀ ਵੀ ਲੇਵੀਆਂ ਨੂੰ ਅਣਗੌਲਿਆਂ ਨਾ ਕਰਿਓ।+

20 “ਜਦੋਂ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਨਾਲ ਕੀਤੇ ਵਾਅਦੇ ਮੁਤਾਬਕ ਤੁਹਾਡਾ ਇਲਾਕਾ ਵਧਾਵੇਗਾ+ ਅਤੇ ਤੁਹਾਡਾ ਦਿਲ ਮੀਟ ਖਾਣ ਨੂੰ ਕਰੇ ਅਤੇ ਤੁਸੀਂ ਕਹੋ, ‘ਮੈਂ ਮੀਟ ਖਾਣਾ ਚਾਹੁੰਦਾ ਹਾਂ,’ ਤਾਂ ਤੁਸੀਂ ਜਦੋਂ ਚਾਹੋ, ਮੀਟ ਖਾ ਸਕਦੇ ਹੋ।+ 21 ਯਹੋਵਾਹ ਨੇ ਤੁਹਾਨੂੰ ਜੋ ਗਾਂਵਾਂ-ਬਲਦ ਜਾਂ ਭੇਡਾਂ-ਬੱਕਰੀਆਂ ਦਿੱਤੀਆਂ ਹਨ, ਤੁਸੀਂ ਉਨ੍ਹਾਂ ਵਿੱਚੋਂ ਜਦੋਂ ਜੀ ਚਾਹੇ, ਕੁਝ ਜਾਨਵਰ ਵੱਢ ਕੇ ਖਾ ਸਕਦੇ ਹੋ, ਠੀਕ ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਜੇ ਉਹ ਜਗ੍ਹਾ ਤੁਹਾਡੇ ਤੋਂ ਦੂਰ ਹੈ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ,+ ਤਾਂ ਤੁਸੀਂ ਉਨ੍ਹਾਂ ਨੂੰ ਆਪਣੇ ਸ਼ਹਿਰਾਂ* ਵਿਚ ਖਾ ਸਕਦੇ ਹੋ। 22 ਤੁਸੀਂ ਉਨ੍ਹਾਂ ਨੂੰ ਉਸੇ ਤਰ੍ਹਾਂ ਖਾ ਸਕਦੇ ਹੋ ਜਿਵੇਂ ਤੁਸੀਂ ਚਿਕਾਰਾ ਅਤੇ ਹਿਰਨ ਖਾਂਦੇ ਹੋ;+ ਸ਼ੁੱਧ ਅਤੇ ਅਸ਼ੁੱਧ ਇਨਸਾਨ ਇਸ ਨੂੰ ਖਾ ਸਕਦੇ ਹਨ। 23 ਪਰ ਤੁਸੀਂ ਪੱਕਾ ਇਰਾਦਾ ਕਰੋ ਕਿ ਤੁਸੀਂ ਖ਼ੂਨ ਨਹੀਂ ਖਾਓਗੇ+ ਕਿਉਂਕਿ ਖ਼ੂਨ ਜੀਵਨ ਹੈ+ ਅਤੇ ਤੁਸੀਂ ਮਾਸ ਦੇ ਨਾਲ ਜੀਵਨ ਨਹੀਂ ਖਾਣਾ। 24 ਤੁਸੀਂ ਹਰਗਿਜ਼ ਖ਼ੂਨ ਨਹੀਂ ਖਾਣਾ, ਸਗੋਂ ਇਸ ਨੂੰ ਜ਼ਮੀਨ ਉੱਤੇ ਪਾਣੀ ਵਾਂਗ ਡੋਲ੍ਹ ਦੇਣਾ।+ 25 ਤੁਸੀਂ ਇਸ ਨੂੰ ਹਰਗਿਜ਼ ਨਹੀਂ ਖਾਣਾ ਤਾਂਕਿ ਤੁਹਾਡਾ ਅਤੇ ਤੁਹਾਡੇ ਤੋਂ ਬਾਅਦ ਤੁਹਾਡੇ ਬੱਚਿਆਂ ਦਾ ਭਲਾ ਹੋਵੇ ਕਿਉਂਕਿ ਤੁਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰ ਰਹੇ ਹੋ। 26 ਤੁਸੀਂ ਜਦੋਂ ਵੀ ਉਸ ਜਗ੍ਹਾ ਜਾਓਗੇ ਜੋ ਯਹੋਵਾਹ ਚੁਣੇਗਾ, ਤਾਂ ਤੁਸੀਂ ਸਿਰਫ਼ ਆਪਣੀਆਂ ਪਵਿੱਤਰ ਚੀਜ਼ਾਂ ਅਤੇ ਸੁੱਖਣਾਂ ਦੀਆਂ ਭੇਟਾਂ ਲੈ ਕੇ ਜਾਣਾ। 27 ਉੱਥੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਵੇਦੀ ਉੱਤੇ ਹੋਮ-ਬਲ਼ੀਆਂ ਦਾ ਮਾਸ ਅਤੇ ਖ਼ੂਨ ਚੜ੍ਹਾਇਓ+ ਅਤੇ ਆਪਣੀਆਂ ਹੋਰ ਬਲ਼ੀਆਂ ਦਾ ਖ਼ੂਨ ਆਪਣੇ ਪਰਮੇਸ਼ੁਰ ਯਹੋਵਾਹ ਦੀ ਵੇਦੀ ਕੋਲ ਡੋਲ੍ਹ ਦਿਓ,+ ਪਰ ਤੁਸੀਂ ਮਾਸ ਖਾ ਸਕਦੇ ਹੋ।

28 “ਤੁਸੀਂ ਧਿਆਨ ਨਾਲ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰਿਓ ਜੋ ਅੱਜ ਮੈਂ ਤੁਹਾਨੂੰ ਦੇ ਰਿਹਾ ਹਾਂ ਤਾਂਕਿ ਤੁਹਾਡਾ ਅਤੇ ਤੁਹਾਡੇ ਤੋਂ ਬਾਅਦ ਤੁਹਾਡੇ ਬੱਚਿਆਂ ਦਾ ਹਮੇਸ਼ਾ ਭਲਾ ਹੋਵੇ ਕਿਉਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਅਤੇ ਚੰਗਾ ਕੰਮ ਕਰ ਰਹੇ ਹੋ।

29 “ਜਦੋਂ ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਕੌਮਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ ਜਿਨ੍ਹਾਂ ਨੂੰ ਤੁਸੀਂ ਉੱਥੋਂ ਕੱਢ ਦਿਓਗੇ+ ਅਤੇ ਉਨ੍ਹਾਂ ਦੇ ਦੇਸ਼ ਵਿਚ ਰਹਿਣ ਲੱਗ ਪਓਗੇ, 30 ਤਾਂ ਤੁਸੀਂ ਉਨ੍ਹਾਂ ਦੇ ਨਾਸ਼ ਹੋ ਜਾਣ ਤੋਂ ਬਾਅਦ ਉਨ੍ਹਾਂ ਵਾਂਗ ਜਾਲ਼ ਵਿਚ ਨਾ ਫਸ ਜਾਇਓ। ਤੁਸੀਂ ਉਨ੍ਹਾਂ ਦੇ ਦੇਵਤਿਆਂ ਬਾਰੇ ਇਹ ਪੁੱਛ-ਗਿੱਛ ਨਾ ਕਰਿਓ, ‘ਇਹ ਕੌਮਾਂ ਆਪਣੇ ਦੇਵਤਿਆਂ ਦੀ ਭਗਤੀ ਕਿਸ ਤਰ੍ਹਾਂ ਕਰਦੀਆਂ ਸਨ? ਮੈਂ ਵੀ ਉਸੇ ਤਰ੍ਹਾਂ ਭਗਤੀ ਕਰਾਂਗਾ।’+ 31 ਤੁਸੀਂ ਉਨ੍ਹਾਂ ਕੌਮਾਂ ਦੇ ਲੋਕਾਂ ਵਾਂਗ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਨਾ ਕਰਿਓ ਕਿਉਂਕਿ ਉਹ ਆਪਣੇ ਦੇਵਤਿਆਂ ਲਈ ਹਰ ਘਿਣਾਉਣਾ ਕੰਮ ਕਰਦੇ ਹਨ, ਇੱਥੋਂ ਤਕ ਕਿ ਉਹ ਆਪਣੇ ਦੇਵਤਿਆਂ ਦੀ ਖ਼ਾਤਰ ਆਪਣੇ ਧੀਆਂ-ਪੁੱਤਰਾਂ ਨੂੰ ਵੀ ਅੱਗ ਵਿਚ ਸਾੜਦੇ ਹਨ। ਯਹੋਵਾਹ ਅਜਿਹੇ ਕੰਮਾਂ ਤੋਂ ਨਫ਼ਰਤ ਕਰਦਾ ਹੈ।+ 32 ਮੈਂ ਤੁਹਾਨੂੰ ਜਿਹੜੇ ਵੀ ਹੁਕਮ ਦੇ ਰਿਹਾ ਹਾਂ, ਤੁਸੀਂ ਧਿਆਨ ਨਾਲ ਉਨ੍ਹਾਂ ਦੀ ਪਾਲਣਾ ਕਰਿਓ।+ ਤੁਸੀਂ ਉਨ੍ਹਾਂ ਵਿਚ ਨਾ ਤਾਂ ਕੁਝ ਜੋੜਿਓ ਤੇ ਨਾ ਹੀ ਉਨ੍ਹਾਂ ਵਿੱਚੋਂ ਕੁਝ ਕੱਢਿਓ।+

13 “ਜੇ ਤੁਹਾਡੇ ਵਿਚ ਕੋਈ ਨਬੀ ਜਾਂ ਸੁਪਨੇ ਦੇਖ ਕੇ ਭਵਿੱਖ ਦੱਸਣ ਵਾਲਾ ਖੜ੍ਹਾ ਹੁੰਦਾ ਹੈ ਅਤੇ ਤੁਹਾਨੂੰ ਕੋਈ ਨਿਸ਼ਾਨੀ ਦਿਖਾਉਂਦਾ ਹੈ ਜਾਂ ਕੋਈ ਹੈਰਾਨੀਜਨਕ ਘਟਨਾ ਦੀ ਭਵਿੱਖਬਾਣੀ ਕਰਦਾ ਹੈ, 2 ਅਤੇ ਉਸ ਨੇ ਜਿਸ ਨਿਸ਼ਾਨੀ ਜਾਂ ਹੈਰਾਨੀਜਨਕ ਘਟਨਾ ਦੀ ਭਵਿੱਖਬਾਣੀ ਕੀਤੀ ਸੀ, ਉਹ ਪੂਰੀ ਹੋ ਜਾਂਦੀ ਹੈ ਅਤੇ ਉਹ ਕਹਿੰਦਾ ਹੈ, ‘ਆਓ ਆਪਾਂ ਹੋਰ ਦੇਵਤਿਆਂ ਪਿੱਛੇ ਚੱਲੀਏʼ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ‘ਅਤੇ ਉਨ੍ਹਾਂ ਦੀ ਭਗਤੀ ਕਰੀਏ,ʼ 3 ਤਾਂ ਤੁਸੀਂ ਉਸ ਨਬੀ ਜਾਂ ਸੁਪਨਾ ਦੇਖਣ ਵਾਲੇ ਦੀ ਗੱਲ ਬਿਲਕੁਲ ਨਾ ਸੁਣਿਓ+ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਪਰਖ+ ਕੇ ਦੇਖ ਰਿਹਾ ਹੈ ਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਪਿਆਰ ਕਰਦੇ ਹੋ ਜਾਂ ਨਹੀਂ।+ 4 ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਪਿੱਛੇ ਹੀ ਚੱਲੋ, ਉਸ ਦਾ ਹੀ ਡਰ ਰੱਖੋ, ਉਸ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਸੇ ਦੀ ਆਵਾਜ਼ ਸੁਣੋ; ਤੁਸੀਂ ਸਿਰਫ਼ ਉਸੇ ਦੀ ਹੀ ਭਗਤੀ ਕਰੋ ਅਤੇ ਉਸ ਨੂੰ ਘੁੱਟ ਕੇ ਫੜੀ ਰੱਖੋ।+ 5 ਪਰ ਉਸ ਨਬੀ ਜਾਂ ਸੁਪਨਾ ਦੇਖਣ ਵਾਲੇ ਨੂੰ ਜਾਨੋਂ ਮਾਰ ਦਿੱਤਾ ਜਾਵੇ+ ਕਿਉਂਕਿ ਉਸ ਨੇ ਲੋਕਾਂ ਨੂੰ ਤੁਹਾਡੇ ਪਰਮੇਸ਼ੁਰ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕਰਨ ਲਈ ਭੜਕਾਇਆ ਸੀ ਜਿਹੜਾ ਤੁਹਾਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਛੁਡਾ ਕੇ ਲਿਆਇਆ ਸੀ। ਉਸ ਨੇ ਤੁਹਾਨੂੰ ਉਸ ਰਾਹ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਜਿਸ ਰਾਹ ʼਤੇ ਚੱਲਣ ਦਾ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ। ਤੁਸੀਂ ਆਪਣੇ ਲੋਕਾਂ ਵਿੱਚੋਂ ਇਹ ਬੁਰਾਈ ਕੱਢ ਦਿਓ।+

6 “ਜੇ ਤੇਰਾ ਸਕਾ ਭਰਾ ਜਾਂ ਤੇਰਾ ਪੁੱਤਰ ਜਾਂ ਤੇਰੀ ਧੀ ਜਾਂ ਤੇਰੀ ਪਿਆਰੀ ਪਤਨੀ ਜਾਂ ਤੇਰਾ ਜਿਗਰੀ ਦੋਸਤ ਤੈਨੂੰ ਗੁਪਤ ਵਿਚ ਭਰਮਾ ਕੇ ਹੋਰ ਦੇਵਤਿਆਂ ਦੀ ਭਗਤੀ ਕਰਨ ਲਈ ਕਹੇ+ ਜਿਨ੍ਹਾਂ ਨੂੰ ਨਾ ਤੂੰ ਜਾਣਦਾ ਹੈਂ ਤੇ ਨਾ ਹੀ ਤੇਰੇ ਪਿਉ-ਦਾਦੇ ਜਾਣਦੇ ਸਨ, 7 ਭਾਵੇਂ ਇਹ ਦੇਵਤੇ ਤੁਹਾਡੇ ਆਲੇ-ਦੁਆਲੇ ਰਹਿੰਦੀਆਂ ਕੌਮਾਂ ਦੇ ਹੋਣ ਜਾਂ ਦੂਰ ਰਹਿੰਦੀਆਂ ਕੌਮਾਂ ਦੇ ਹੋਣ ਜਾਂ ਇਹ ਦੇਸ਼ ਦੇ ਕਿਸੇ ਵੀ ਕੋਨੇ ਤੋਂ ਹੋਣ, 8 ਤੂੰ ਉਸ ਦੀਆਂ ਗੱਲਾਂ ਵਿਚ ਨਾ ਆਈਂ ਅਤੇ ਉਸ ਦੀ ਗੱਲ ਨਾ ਸੁਣੀਂ।+ ਤੂੰ ਨਾ ਉਸ ਉੱਤੇ ਤਰਸ ਖਾਈਂ ਤੇ ਨਾ ਹੀ ਉਸ ʼਤੇ ਦਇਆ ਕਰੀਂ ਅਤੇ ਨਾ ਹੀ ਉਸ ਦੀ ਰੱਖਿਆ ਕਰੀਂ। 9 ਇਸ ਦੀ ਬਜਾਇ, ਤੂੰ ਉਸ ਨੂੰ ਜ਼ਰੂਰ ਜਾਨੋਂ ਮਾਰ ਦੇਈਂ।+ ਉਸ ਨੂੰ ਜਾਨੋਂ ਮਾਰਨ ਲਈ ਸਭ ਤੋਂ ਪਹਿਲਾਂ ਤੇਰਾ ਹੱਥ ਉੱਠੇ ਅਤੇ ਫਿਰ ਦੂਜੇ ਲੋਕਾਂ ਦਾ।+ 10 ਤੂੰ ਪੱਥਰ ਮਾਰ-ਮਾਰ ਕੇ ਉਸ ਨੂੰ ਜਾਨੋਂ ਮਾਰ ਦੇਈਂ+ ਕਿਉਂਕਿ ਉਸ ਨੇ ਤੈਨੂੰ ਤੇਰੇ ਪਰਮੇਸ਼ੁਰ ਯਹੋਵਾਹ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਕੀਤੀ ਜਿਹੜਾ ਤੈਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ। 11 ਫਿਰ ਜਦੋਂ ਪੂਰਾ ਇਜ਼ਰਾਈਲ ਇਸ ਬਾਰੇ ਸੁਣੇਗਾ, ਤਾਂ ਸਾਰੇ ਲੋਕ ਡਰਨਗੇ ਅਤੇ ਫਿਰ ਤੁਹਾਡੇ ਵਿੱਚੋਂ ਕੋਈ ਵੀ ਕਦੇ ਅਜਿਹਾ ਬੁਰਾ ਕੰਮ ਨਹੀਂ ਕਰੇਗਾ।+

12 “ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੇ ਸ਼ਹਿਰ ਤੁਹਾਨੂੰ ਰਹਿਣ ਲਈ ਦੇਵੇਗਾ, ਜੇ ਤੁਸੀਂ ਉਨ੍ਹਾਂ ਵਿੱਚੋਂ ਕਿਸੇ ਸ਼ਹਿਰ ਬਾਰੇ ਇਹ ਸੁਣਦੇ ਹੋ, 13 ‘ਤੁਹਾਡੇ ਵਿੱਚੋਂ ਕੁਝ ਨਿਕੰਮੇ ਆਦਮੀ ਉੱਠ ਖੜ੍ਹੇ ਹੋਏ ਹਨ ਅਤੇ ਉਹ ਸ਼ਹਿਰ ਦੇ ਲੋਕਾਂ ਨੂੰ ਗੁਮਰਾਹ ਕਰ ਕੇ ਹੋਰ ਦੇਵਤਿਆਂ ਦੀ ਭਗਤੀ ਕਰਨ ਲਈ ਕਹਿ ਰਹੇ ਹਨ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ,’ 14 ਤਾਂ ਤੁਸੀਂ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਅਤੇ ਪੁੱਛ-ਗਿੱਛ ਕਰਿਓ।+ ਜੇ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਤੁਹਾਡੇ ਵਿਚ ਇਹ ਘਿਣਾਉਣਾ ਕੰਮ ਸੱਚ-ਮੁੱਚ ਹੋਇਆ ਹੈ, 15 ਤਾਂ ਤੁਸੀਂ ਜ਼ਰੂਰ ਉਸ ਸ਼ਹਿਰ ਦੇ ਲੋਕਾਂ ਨੂੰ ਤਲਵਾਰ ਨਾਲ ਵੱਢ ਦਿਓ।+ ਸ਼ਹਿਰ ਨੂੰ ਅਤੇ ਇਸ ਵਿਚਲੀ ਹਰ ਚੀਜ਼ ਨੂੰ ਨਾਸ਼ ਕਰ ਦਿਓ, ਇੱਥੋਂ ਤਕ ਕਿ ਪਾਲਤੂ ਪਸ਼ੂਆਂ ਨੂੰ ਵੀ ਮਾਰ ਦਿਓ।+ 16 ਫਿਰ ਤੁਸੀਂ ਸ਼ਹਿਰ ਦੇ ਚੌਂਕ ਵਿਚ ਲੁੱਟ ਦੇ ਸਾਰੇ ਮਾਲ ਦਾ ਢੇਰ ਲਾ ਦਿਓ ਅਤੇ ਸ਼ਹਿਰ ਨੂੰ ਅੱਗ ਨਾਲ ਸਾੜ ਦਿਓ। ਲੁੱਟ ਦਾ ਮਾਲ ਤੁਹਾਡੇ ਪਰਮੇਸ਼ੁਰ ਯਹੋਵਾਹ ਲਈ ਹੋਮ-ਬਲ਼ੀ ਹੋਵੇਗਾ। ਉਹ ਸ਼ਹਿਰ ਹਮੇਸ਼ਾ ਲਈ ਮਲਬੇ ਦਾ ਢੇਰ ਬਣ ਜਾਵੇਗਾ। ਉਸ ਨੂੰ ਕਦੀ ਵੀ ਦੁਬਾਰਾ ਨਾ ਬਣਾਇਆ ਜਾਵੇ। 17 ਤੁਸੀਂ ਉੱਥੋਂ ਅਜਿਹੀ ਕੋਈ ਵੀ ਚੀਜ਼ ਨਾ ਲਿਓ ਜੋ ਨਾਸ਼ ਕਰਨ ਲਈ ਅਲੱਗ ਰੱਖੀ ਗਈ ਹੋਵੇ+ ਤਾਂਕਿ ਯਹੋਵਾਹ ਆਪਣੇ ਗੁੱਸੇ ਦੀ ਅੱਗ ਸ਼ਾਂਤ ਕਰੇ ਅਤੇ ਤੁਹਾਡੇ ʼਤੇ ਰਹਿਮ ਅਤੇ ਦਇਆ ਕਰੇ ਅਤੇ ਤੁਹਾਡੀ ਗਿਣਤੀ ਵਧਾਵੇ, ਠੀਕ ਜਿਵੇਂ ਉਸ ਨੇ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਹੈ।+ 18 ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਆਗਿਆਕਾਰੀ ਕਰੋ* ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ ਜੋ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ। ਇਸ ਤਰ੍ਹਾਂ ਕਰ ਕੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰੋਗੇ।+

14 “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਪੁੱਤਰ ਹੋ। ਤੁਸੀਂ ਕਿਸੇ ਮਰੇ ਬੰਦੇ ਕਰਕੇ ਆਪਣੇ ਸਰੀਰ ਨੂੰ ਨਾ ਕੱਟੋ-ਵੱਢੋ+ ਅਤੇ ਨਾ ਹੀ ਆਪਣੇ ਭਰਵੱਟੇ ਮੁੰਨੋ*+ 2 ਕਿਉਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਪਵਿੱਤਰ ਪਰਜਾ ਹੋ।+ ਯਹੋਵਾਹ ਨੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚੋਂ ਤੁਹਾਨੂੰ ਆਪਣੇ ਲੋਕਾਂ, ਹਾਂ, ਆਪਣੇ ਖ਼ਾਸ ਲੋਕਾਂ* ਵਜੋਂ ਚੁਣਿਆ ਹੈ।+

3 “ਤੁਸੀਂ ਕਿਸੇ ਵੀ ਤਰ੍ਹਾਂ ਦੀ ਘਿਣਾਉਣੀ ਚੀਜ਼ ਨਹੀਂ ਖਾਣੀ।+ 4 ਤੁਸੀਂ ਇਹ ਜਾਨਵਰ ਖਾ ਸਕਦੇ ਹੋ:+ ਬਲਦ, ਭੇਡ, ਬੱਕਰੀ, 5 ਹਿਰਨ, ਚਿਕਾਰਾ,* ਛੋਟਾ ਹਿਰਨ, ਜੰਗਲੀ ਬੱਕਰਾ, ਨੀਲ ਗਾਂ, ਜੰਗਲੀ ਭੇਡ ਅਤੇ ਪਹਾੜੀ ਭੇਡ। 6 ਤੁਸੀਂ ਹਰ ਉਹ ਜਾਨਵਰ ਖਾ ਸਕਦੇ ਹੋ ਜਿਸ ਦੇ ਖੁਰ ਪਾਟੇ ਹੋਣ ਅਤੇ ਦੋ ਹਿੱਸਿਆਂ ਵਿਚ ਵੰਡੇ ਹੋਣ ਅਤੇ ਉਹ ਜੁਗਾਲੀ ਕਰਦਾ ਹੋਵੇ। 7 ਪਰ ਤੁਸੀਂ ਇਹ ਜਾਨਵਰ ਨਹੀਂ ਖਾਣੇ ਜਿਹੜੇ ਸਿਰਫ਼ ਜੁਗਾਲੀ ਕਰਦੇ ਹਨ ਜਾਂ ਜਿਨ੍ਹਾਂ ਦੇ ਸਿਰਫ਼ ਖੁਰ ਪਾਟੇ ਹੁੰਦੇ ਹਨ: ਊਠ, ਖ਼ਰਗੋਸ਼, ਪਹਾੜੀ ਬਿੱਜੂ।* ਇਹ ਜੁਗਾਲੀ ਤਾਂ ਕਰਦੇ ਹਨ, ਪਰ ਇਨ੍ਹਾਂ ਦੇ ਖੁਰ ਨਹੀਂ ਪਾਟੇ ਹੁੰਦੇ। ਇਹ ਤੁਹਾਡੇ ਲਈ ਅਸ਼ੁੱਧ ਹਨ।+ 8 ਤੁਸੀਂ ਸੂਰ ਦਾ ਮਾਸ ਵੀ ਨਹੀਂ ਖਾਣਾ ਕਿਉਂਕਿ ਇਸ ਦੇ ਖੁਰ ਤਾਂ ਪਾਟੇ ਹੁੰਦੇ ਹਨ, ਪਰ ਇਹ ਜੁਗਾਲੀ ਨਹੀਂ ਕਰਦਾ। ਇਹ ਤੁਹਾਡੇ ਲਈ ਅਸ਼ੁੱਧ ਹੈ। ਤੁਸੀਂ ਨਾ ਤਾਂ ਇਨ੍ਹਾਂ ਜਾਨਵਰਾਂ ਦਾ ਮਾਸ ਖਾਣਾ ਤੇ ਨਾ ਹੀ ਇਨ੍ਹਾਂ ਦੀਆਂ ਲਾਸ਼ਾਂ ਨੂੰ ਛੂਹਣਾ।

9 “ਤੁਸੀਂ ਪਾਣੀ ਵਿਚ ਰਹਿਣ ਵਾਲਾ ਹਰ ਉਹ ਜੀਵ ਖਾ ਸਕਦੇ ਹੋ ਜਿਸ ਦੇ ਖੰਭ ਤੇ ਚਾਨੇ ਹੁੰਦੇ ਹਨ।+ 10 ਪਰ ਤੁਸੀਂ ਉਹ ਜੀਵ ਨਹੀਂ ਖਾ ਸਕਦੇ ਜਿਸ ਦੇ ਖੰਭ ਤੇ ਚਾਨੇ ਨਹੀਂ ਹੁੰਦੇ। ਉਹ ਤੁਹਾਡੇ ਲਈ ਅਸ਼ੁੱਧ ਹਨ।

11 “ਤੁਸੀਂ ਕੋਈ ਵੀ ਸ਼ੁੱਧ ਪੰਛੀ ਖਾ ਸਕਦੇ ਹੋ। 12 ਪਰ ਤੁਸੀਂ ਇਹ ਪੰਛੀ ਨਹੀਂ ਖਾਣੇ: ਉਕਾਬ, ਸਮੁੰਦਰੀ ਬਾਜ਼, ਕਾਲੀ ਗਿੱਧ,+ 13 ਲਾਲ ਇੱਲ, ਕਾਲੀ ਇੱਲ ਅਤੇ ਹੋਰ ਕਿਸਮਾਂ ਦੀਆਂ ਇੱਲਾਂ, 14 ਹਰ ਕਿਸਮ ਦੇ ਪਹਾੜੀ ਕਾਂ, 15 ਸ਼ੁਤਰਮੁਰਗ, ਉੱਲੂ, ਜਲਮੁਰਗੀ, ਹਰ ਕਿਸਮ ਦੇ ਬਾਜ਼, 16 ਛੋਟਾ ਉੱਲੂ, ਲੰਬੇ ਕੰਨਾਂ ਵਾਲਾ ਉੱਲੂ, ਹੰਸ, 17 ਪੇਇਣ, ਗਿੱਧ, ਜਲ ਕਾਂ, 18 ਸਾਰਸ, ਹਰ ਕਿਸਮ ਦੇ ਬਗਲੇ, ਚੱਕੀਰਾਹਾ ਅਤੇ ਚਾਮਚੜਿੱਕ। 19 ਹਰ ਤਰ੍ਹਾਂ ਦੇ ਖੰਭਾਂ ਵਾਲੇ ਛੋਟੇ-ਛੋਟੇ ਜੀਵ* ਜੋ ਝੁੰਡਾਂ ਵਿਚ ਰਹਿੰਦੇ ਹਨ, ਤੁਹਾਡੇ ਲਈ ਅਸ਼ੁੱਧ ਹਨ। ਤੁਸੀਂ ਇਹ ਨਹੀਂ ਖਾ ਸਕਦੇ। 20 ਤੁਸੀਂ ਹਰ ਕਿਸਮ ਦੇ ਉੱਡਣ ਵਾਲੇ ਸ਼ੁੱਧ ਜੀਵ ਖਾ ਸਕਦੇ ਹੋ।

21 “ਤੁਸੀਂ ਉਸ ਜਾਨਵਰ ਦਾ ਮਾਸ ਨਹੀਂ ਖਾਣਾ ਜੋ ਮਰਿਆ ਪਿਆ ਹੋਵੇ।+ ਤੁਸੀਂ ਉਸ ਦਾ ਮਾਸ ਆਪਣੇ ਸ਼ਹਿਰਾਂ* ਵਿਚ ਰਹਿੰਦੇ ਕਿਸੇ ਪਰਦੇਸੀ ਨੂੰ ਦੇ ਸਕਦੇ ਹੋ ਅਤੇ ਉਹ ਇਸ ਨੂੰ ਖਾ ਸਕਦਾ ਹੈ ਜਾਂ ਤੁਸੀਂ ਇਹ ਮਾਸ ਕਿਸੇ ਪਰਦੇਸੀ ਨੂੰ ਵੇਚ ਸਕਦੇ ਹੋ। ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਪਵਿੱਤਰ ਲੋਕ ਹੋ।

“ਤੁਸੀਂ ਮੇਮਣੇ ਨੂੰ ਉਸ ਦੀ ਮਾਂ ਦੇ ਦੁੱਧ ਵਿਚ ਨਾ ਉਬਾਲਿਓ।+

22 “ਤੁਸੀਂ ਹਰ ਸਾਲ ਆਪਣੇ ਖੇਤ ਦੀ ਪੈਦਾਵਾਰ ਦਾ ਦਸਵਾਂ ਹਿੱਸਾ ਜ਼ਰੂਰ ਦਿਓ।+ 23 ਤੁਹਾਡਾ ਪਰਮੇਸ਼ੁਰ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ, ਤੁਸੀਂ ਉੱਥੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਆਪਣੇ ਅਨਾਜ, ਨਵੇਂ ਦਾਖਰਸ ਤੇ ਤੇਲ ਦਾ ਦਸਵਾਂ ਹਿੱਸਾ ਅਤੇ ਗਾਂਵਾਂ-ਬਲਦਾਂ ਤੇ ਭੇਡਾਂ-ਬੱਕਰੀਆਂ ਦੇ ਜੇਠਿਆਂ ਦਾ ਮਾਸ ਖਾਇਓ+ ਤਾਂਕਿ ਤੁਸੀਂ ਹਮੇਸ਼ਾ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਰੱਖਣਾ ਸਿੱਖੋ।+

24 “ਪਰ ਜੇ ਉਹ ਜਗ੍ਹਾ ਤੁਹਾਡੇ ਘਰ ਤੋਂ ਬਹੁਤ ਦੂਰ ਹੈ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ ਅਤੇ ਤੁਸੀਂ ਯਹੋਵਾਹ ਦੀ ਬਰਕਤ ਨਾਲ ਹੋਈ ਭਰਪੂਰ ਪੈਦਾਵਾਰ ਦਾ ਦਸਵਾਂ ਹਿੱਸਾ ਇੰਨੀ ਦੂਰ ਨਹੀਂ ਲਿਜਾ ਸਕਦੇ,+ 25 ਤਾਂ ਤੁਸੀਂ ਉਹ ਦਸਵਾਂ ਹਿੱਸਾ ਵੇਚ ਦਿਓ ਅਤੇ ਉਹ ਪੈਸਾ ਆਪਣੇ ਹੱਥ ਵਿਚ ਲੈ ਕੇ ਉਸ ਜਗ੍ਹਾ ਜਾਓ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਚੁਣੇਗਾ। 26 ਉੱਥੇ ਤੁਸੀਂ ਉਸ ਪੈਸੇ ਨਾਲ ਜੋ ਚਾਹੋ ਖ਼ਰੀਦ ਸਕਦੇ ਹੋ: ਗਾਂਵਾਂ-ਬਲਦ, ਭੇਡਾਂ, ਬੱਕਰੀਆਂ, ਦਾਖਰਸ ਜਾਂ ਪੀਣ ਵਾਲੀਆਂ ਹੋਰ ਨਸ਼ੀਲੀਆਂ ਚੀਜ਼ਾਂ ਜਾਂ ਜੋ ਵੀ ਤੁਹਾਡਾ ਜੀਅ ਚਾਹੁੰਦਾ ਹੈ; ਤੁਸੀਂ ਤੇ ਤੁਹਾਡਾ ਘਰਾਣਾ ਉੱਥੇ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਭੋਜਨ ਖਾਇਓ ਅਤੇ ਖ਼ੁਸ਼ੀਆਂ ਮਨਾਇਓ।+ 27 ਤੁਸੀਂ ਆਪਣੇ ਸ਼ਹਿਰਾਂ ਵਿਚ ਰਹਿੰਦੇ ਲੇਵੀਆਂ ਨੂੰ ਅਣਗੌਲਿਆਂ ਨਾ ਕਰਿਓ+ ਜਿਨ੍ਹਾਂ ਨੂੰ ਤੁਹਾਡੇ ਨਾਲ ਕੋਈ ਹਿੱਸਾ ਜਾਂ ਵਿਰਾਸਤ ਨਹੀਂ ਦਿੱਤੀ ਗਈ ਹੈ।+

28 “ਹਰ ਤੀਸਰੇ ਸਾਲ ਦੇ ਅਖ਼ੀਰ ਵਿਚ ਤੁਸੀਂ ਉਸ ਸਾਲ ਦੀ ਪੈਦਾਵਾਰ ਦਾ ਪੂਰਾ ਦਸਵਾਂ ਹਿੱਸਾ ਆਪਣੇ ਸ਼ਹਿਰਾਂ ਵਿਚ ਜਮ੍ਹਾ ਕਰ ਕੇ ਰੱਖਿਓ।+ 29 ਫਿਰ ਤੁਹਾਡੇ ਸ਼ਹਿਰਾਂ ਵਿਚ ਰਹਿਣ ਵਾਲੇ ਲੇਵੀ, ਜਿਨ੍ਹਾਂ ਨੂੰ ਤੁਹਾਡੇ ਨਾਲ ਕੋਈ ਹਿੱਸਾ ਜਾਂ ਵਿਰਾਸਤ ਨਹੀਂ ਦਿੱਤੀ ਗਈ ਹੈ, ਨਾਲੇ ਪਰਦੇਸੀ, ਯਤੀਮ ਬੱਚੇ* ਅਤੇ ਵਿਧਵਾਵਾਂ ਉਸ ਵਿੱਚੋਂ ਲੈ ਕੇ ਖਾ ਸਕਦੇ ਹਨ ਅਤੇ ਆਪਣਾ ਢਿੱਡ ਭਰ ਸਕਦੇ ਹਨ।+ ਇਹ ਦੇਖ ਕੇ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਵੇਗਾ।+

15 “ਹਰ ਸੱਤਵੇਂ ਸਾਲ ਦੇ ਅਖ਼ੀਰ ਵਿਚ ਤੁਸੀਂ ਛੁਟਕਾਰੇ ਦਾ ਐਲਾਨ ਕਰਿਓ।+ 2 ਛੁਟਕਾਰੇ ਵਿਚ ਇਹ ਸਭ ਕੁਝ ਸ਼ਾਮਲ ਹੈ: ਜੇ ਕਿਸੇ ਨੇ ਆਪਣੇ ਗੁਆਂਢੀ ਨੂੰ ਕਰਜ਼ਾ ਦਿੱਤਾ ਹੈ, ਤਾਂ ਉਹ ਆਪਣੇ ਗੁਆਂਢੀ ਦਾ ਕਰਜ਼ਾ ਮਾਫ਼ ਕਰ ਦੇਵੇ। ਉਹ ਆਪਣੇ ਗੁਆਂਢੀ ਜਾਂ ਆਪਣੇ ਭਰਾ ਤੋਂ ਕਰਜ਼ਾ ਵਾਪਸ ਨਾ ਮੰਗੇ ਕਿਉਂਕਿ ਯਹੋਵਾਹ ਦੇ ਸਨਮਾਨ ਵਿਚ ਛੁਟਕਾਰੇ ਦਾ ਐਲਾਨ ਕੀਤਾ ਗਿਆ ਹੈ।+ 3 ਤੁਸੀਂ ਪਰਦੇਸੀ ਤੋਂ ਕਰਜ਼ਾ ਵਾਪਸ ਮੰਗ ਸਕਦੇ ਹੋ,+ ਪਰ ਆਪਣੇ ਭਰਾ ਦਾ ਕਰਜ਼ਾ ਮਾਫ਼ ਕਰ ਦਿਓ। 4 ਪਰ ਤੁਹਾਡੇ ਵਿੱਚੋਂ ਕਿਸੇ ʼਤੇ ਵੀ ਗ਼ਰੀਬੀ ਨਹੀਂ ਆਉਣੀ ਚਾਹੀਦੀ ਕਿਉਂਕਿ ਯਹੋਵਾਹ ਤੁਹਾਨੂੰ ਉਸ ਦੇਸ਼ ਵਿਚ ਜ਼ਰੂਰ ਬਰਕਤਾਂ ਦੇਵੇਗਾ+ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਵਿਰਾਸਤ ਵਿਚ ਦੇ ਰਿਹਾ ਹੈ, 5 ਬਸ਼ਰਤੇ ਕਿ ਤੁਸੀਂ ਧਿਆਨ ਨਾਲ ਆਪਣੇ ਪਰਮੇਸ਼ੁਰ ਯਹੋਵਾਹ ਦਾ ਕਹਿਣਾ ਮੰਨੋ ਅਤੇ ਧਿਆਨ ਨਾਲ ਉਸ ਦੇ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰੋ ਜੋ ਅੱਜ ਮੈਂ ਤੁਹਾਨੂੰ ਦੇ ਰਿਹਾ ਹਾਂ।+ 6 ਤੁਹਾਡਾ ਪਰਮੇਸ਼ੁਰ ਯਹੋਵਾਹ ਆਪਣੇ ਵਾਅਦੇ ਮੁਤਾਬਕ ਤੁਹਾਨੂੰ ਬਰਕਤਾਂ ਦੇਵੇਗਾ, ਇਸ ਲਈ ਤੁਸੀਂ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ਾ* ਦਿਓਗੇ, ਪਰ ਤੁਹਾਨੂੰ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ।+ ਤੁਸੀਂ ਬਹੁਤ ਸਾਰੀਆਂ ਕੌਮਾਂ ਉੱਤੇ ਅਧਿਕਾਰ ਚਲਾਓਗੇ, ਪਰ ਉਹ ਤੁਹਾਡੇ ਉੱਤੇ ਅਧਿਕਾਰ ਨਹੀਂ ਚਲਾਉਣਗੇ।+

7 “ਤੁਹਾਡਾ ਪਰਮੇਸ਼ੁਰ ਯਹੋਵਾਹ ਜੋ ਦੇਸ਼ ਤੁਹਾਨੂੰ ਦੇਣ ਜਾ ਰਿਹਾ ਹੈ, ਜੇ ਉੱਥੇ ਕਿਸੇ ਸ਼ਹਿਰ ਵਿਚ ਤੁਹਾਡਾ ਕੋਈ ਭਰਾ ਗ਼ਰੀਬ ਹੋ ਜਾਂਦਾ ਹੈ, ਤਾਂ ਆਪਣੇ ਗ਼ਰੀਬ ਭਰਾ ਪ੍ਰਤੀ ਆਪਣਾ ਦਿਲ ਕਠੋਰ ਨਾ ਕਰਿਓ ਜਾਂ ਉਸ ਦੀ ਮਦਦ ਕਰਨ ਤੋਂ ਇਨਕਾਰ ਨਾ ਕਰਿਓ।+ 8 ਤੁਸੀਂ ਉਸ ਨੂੰ ਖੁੱਲ੍ਹੇ ਹੱਥੀਂ ਉਧਾਰ ਦਿਓ।+ ਉਸ ਦੀ ਲੋੜ ਅਨੁਸਾਰ ਉਸ ਨੂੰ ਜ਼ਰੂਰ ਉਧਾਰ* ਦਿਓ। 9 ਖ਼ਬਰਦਾਰ ਰਹਿਓ ਕਿ ਤੁਸੀਂ ਆਪਣੇ ਮਨ ਵਿਚ ਇਹ ਬੁਰਾ ਖ਼ਿਆਲ ਨਾ ਪਲ਼ਣ ਦਿਓ, ‘ਸੱਤਵਾਂ ਸਾਲ ਆਉਣ ਵਾਲਾ ਹੈ ਜੋ ਕਿ ਛੁਟਕਾਰੇ ਦਾ ਸਾਲ ਹੈ’+ ਜਿਸ ਕਰਕੇ ਤੁਸੀਂ ਖੁੱਲ੍ਹੇ ਦਿਲ ਨਾਲ ਆਪਣੇ ਗ਼ਰੀਬ ਭਰਾ ਦੀ ਮਦਦ ਕਰਨ ਤੋਂ ਇਨਕਾਰ ਕਰ ਦਿਓ ਅਤੇ ਉਸ ਨੂੰ ਕੁਝ ਨਾ ਦਿਓ। ਜੇ ਉਹ ਤੁਹਾਡੇ ਖ਼ਿਲਾਫ਼ ਯਹੋਵਾਹ ਅੱਗੇ ਦੁਹਾਈ ਦਿੰਦਾ ਹੈ, ਤਾਂ ਤੁਸੀਂ ਪਾਪ ਦੇ ਦੋਸ਼ੀ ਠਹਿਰੋਗੇ।+ 10 ਤੁਹਾਨੂੰ ਉਸ ਨੂੰ ਖੁੱਲ੍ਹੇ ਦਿਲ ਨਾਲ ਕਰਜ਼ਾ ਦੇਣਾ ਚਾਹੀਦਾ ਹੈ,+ ਨਾ ਕਿ ਬੇਦਿਲੀ ਨਾਲ ਕਿਉਂਕਿ ਇਸ ਤਰ੍ਹਾਂ ਕਰਨ ਕਰਕੇ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਵੇਗਾ।+ 11 ਤੁਹਾਡੇ ਦੇਸ਼ ਵਿਚ ਹਮੇਸ਼ਾ ਗ਼ਰੀਬ ਲੋਕ ਹੋਣਗੇ,+ ਇਸੇ ਲਈ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ‘ਤੁਸੀਂ ਆਪਣੇ ਦੇਸ਼ ਵਿਚ ਆਪਣੇ ਦੁਖੀ ਅਤੇ ਗ਼ਰੀਬ ਭਰਾ ਦੀ ਦਿਲ ਖੋਲ੍ਹ ਕੇ ਮਦਦ ਕਰਿਓ।’+

12 “ਜੇ ਤੁਹਾਡੇ ਕਿਸੇ ਇਬਰਾਨੀ ਭਰਾ ਜਾਂ ਭੈਣ ਨੂੰ ਤੁਹਾਡੇ ਕੋਲ ਵੇਚਿਆ ਜਾਂਦਾ ਹੈ ਅਤੇ ਉਸ ਨੇ ਛੇ ਸਾਲ ਤੁਹਾਡੀ ਸੇਵਾ ਕੀਤੀ ਹੈ, ਤਾਂ ਸੱਤਵੇਂ ਸਾਲ ਤੁਸੀਂ ਉਸ ਨੂੰ ਆਜ਼ਾਦ ਕਰ ਦਿਓ।+ 13 ਜੇ ਤੁਸੀਂ ਉਸ ਨੂੰ ਆਜ਼ਾਦ ਕਰਦੇ ਹੋ, ਤਾਂ ਤੁਸੀਂ ਉਸ ਨੂੰ ਖਾਲੀ ਹੱਥ ਨਾ ਘੱਲੋ। 14 ਤੁਸੀਂ ਉਸ ਨੂੰ ਆਪਣੀਆਂ ਭੇਡਾਂ-ਬੱਕਰੀਆਂ, ਅਨਾਜ, ਤੇਲ ਦੇ ਕੋਹਲੂ ਤੇ ਦਾਖਰਸ ਦੇ ਚੁਬੱਚੇ ਵਿੱਚੋਂ ਦਿਲ ਖੋਲ੍ਹ ਕੇ ਦਿਓ। ਠੀਕ ਜਿਵੇਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਬਰਕਤ ਦਿੱਤੀ ਹੈ, ਤੁਸੀਂ ਵੀ ਉਸ ਨੂੰ ਦਿਲ ਖੋਲ੍ਹ ਕੇ ਦਿਓ। 15 ਯਾਦ ਰੱਖੋ ਕਿ ਤੁਸੀਂ ਵੀ ਮਿਸਰ ਵਿਚ ਗ਼ੁਲਾਮ ਸੀ ਅਤੇ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਉੱਥੋਂ ਛੁਡਾ ਲਿਆਇਆ ਸੀ। ਇਸੇ ਕਰਕੇ ਮੈਂ ਤੁਹਾਨੂੰ ਅੱਜ ਇਸ ਤਰ੍ਹਾਂ ਕਰਨ ਦਾ ਹੁਕਮ ਦੇ ਰਿਹਾ ਹਾਂ।

16 “ਪਰ ਜੇ ਉਹ ਕਹਿੰਦਾ ਹੈ, ‘ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ!’ ਕਿਉਂਕਿ ਉਹ ਤੁਹਾਡੇ ਨਾਲ ਤੇ ਤੁਹਾਡੇ ਘਰਾਣੇ ਨਾਲ ਪਿਆਰ ਕਰਦਾ ਹੈ ਅਤੇ ਉਹ ਤੁਹਾਡੇ ਕੋਲ ਰਹਿ ਕੇ ਖ਼ੁਸ਼ ਹੈ,+ 17 ਤਾਂ ਤੁਸੀਂ ਉਸ ਦਾ ਕੰਨ ਦਰਵਾਜ਼ੇ ਨਾਲ ਲਾ ਕੇ ਸੂਏ ਨਾਲ ਵਿੰਨ੍ਹ ਦਿਓ ਅਤੇ ਉਹ ਸਾਰੀ ਜ਼ਿੰਦਗੀ ਲਈ ਤੁਹਾਡਾ ਗ਼ੁਲਾਮ ਬਣ ਜਾਵੇਗਾ। ਤੁਸੀਂ ਆਪਣੀ ਦਾਸੀ ਨਾਲ ਵੀ ਇਸੇ ਤਰ੍ਹਾਂ ਕਰਿਓ। 18 ਜਦੋਂ ਤੁਸੀਂ ਉਸ ਨੂੰ ਆਜ਼ਾਦ ਕਰੋ ਅਤੇ ਉਹ ਤੁਹਾਨੂੰ ਛੱਡ ਕੇ ਚਲਾ ਜਾਵੇ, ਤਾਂ ਇਹ ਨਾ ਸੋਚਿਓ ਕਿ ਤੁਹਾਨੂੰ ਇਸ ਨਾਲ ਔਖਿਆਈ ਹੋਵੇਗੀ। ਉਸ ਨੇ ਛੇ ਸਾਲਾਂ ਦੌਰਾਨ ਜਿੰਨਾ ਕੰਮ ਕੀਤਾ, ਉਸ ਤੋਂ ਤੁਹਾਨੂੰ ਕਿਸੇ ਮਜ਼ਦੂਰ ਦੇ ਕੰਮ ਨਾਲੋਂ ਦੁਗਣਾ ਫ਼ਾਇਦਾ ਹੋਇਆ ਹੈ ਅਤੇ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਹਰ ਕੰਮ ʼਤੇ ਬਰਕਤ ਪਾਈ ਹੈ।

19 “ਤੁਸੀਂ ਆਪਣੇ ਗਾਂਵਾਂ-ਬਲਦਾਂ ਅਤੇ ਭੇਡਾਂ-ਬੱਕਰੀਆਂ ਦਾ ਹਰ ਜੇਠਾ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਅਰਪਿਤ ਕਰਿਓ।+ ਤੁਸੀਂ ਗਾਂਵਾਂ-ਬਲਦਾਂ ਦੇ ਜੇਠਿਆਂ ਤੋਂ ਕੋਈ ਕੰਮ ਨਾ ਕਰਾਇਓ ਅਤੇ ਭੇਡਾਂ ਦੇ ਜੇਠਿਆਂ ਦੀ ਉੱਨ ਨਾ ਕਤਰਿਓ। 20 ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੀ ਜਗ੍ਹਾ ਚੁਣੇਗਾ, ਉੱਥੇ ਜਾ ਕੇ ਤੁਸੀਂ ਅਤੇ ਤੁਹਾਡਾ ਘਰਾਣਾ ਹਰ ਸਾਲ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਇਨ੍ਹਾਂ ਦਾ ਮਾਸ ਖਾਵੇ।+ 21 ਪਰ ਜੇ ਉਹ ਜਾਨਵਰ ਲੰਗੜਾ ਜਾਂ ਅੰਨ੍ਹਾ ਹੈ ਜਾਂ ਉਸ ਵਿਚ ਕੋਈ ਹੋਰ ਵੱਡਾ ਨੁਕਸ ਹੈ, ਤਾਂ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਉਸ ਦੀ ਬਲ਼ੀ ਨਾ ਚੜ੍ਹਾਇਓ।+ 22 ਤੁਸੀਂ ਉਸ ਨੂੰ ਆਪਣੇ ਸ਼ਹਿਰਾਂ* ਵਿਚ ਖਾ ਸਕਦੇ ਹੋ। ਸ਼ੁੱਧ ਤੇ ਅਸ਼ੁੱਧ ਇਨਸਾਨ ਉਸ ਨੂੰ ਖਾ ਸਕਦੇ ਹਨ, ਜਿਵੇਂ ਤੁਸੀਂ ਚਿਕਾਰਾ ਜਾਂ ਹਿਰਨ ਖਾਂਦੇ ਹੋ।+ 23 ਪਰ ਤੁਸੀਂ ਉਸ ਦਾ ਖ਼ੂਨ ਨਾ ਖਾਇਓ,+ ਸਗੋਂ ਉਸ ਨੂੰ ਜ਼ਮੀਨ ਉੱਤੇ ਪਾਣੀ ਵਾਂਗ ਡੋਲ੍ਹ ਦਿਓ।+

16 “ਤੁਸੀਂ ਅਬੀਬ* ਦੇ ਮਹੀਨੇ ਨੂੰ ਯਾਦ ਰੱਖਿਓ ਅਤੇ ਯਹੋਵਾਹ ਦੀ ਭਗਤੀ ਕਰਨ ਲਈ ਪਸਾਹ ਦਾ ਤਿਉਹਾਰ ਮਨਾਇਓ+ ਕਿਉਂਕਿ ਅਬੀਬ ਦੇ ਮਹੀਨੇ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਰਾਤ ਦੇ ਵੇਲੇ ਮਿਸਰ ਵਿੱਚੋਂ ਕੱਢ ਲਿਆਇਆ ਸੀ।+ 2 ਅਤੇ ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ,+ ਤੁਸੀਂ ਉੱਥੇ ਆਪਣੀਆਂ ਭੇਡਾਂ-ਬੱਕਰੀਆਂ ਅਤੇ ਗਾਂਵਾਂ-ਬਲਦਾਂ ਵਿੱਚੋਂ+ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਪਸਾਹ ਦੇ ਜਾਨਵਰ ਦੀ ਬਲ਼ੀ ਦਿਓ।+ 3 ਤੁਸੀਂ ਇਸ ਬਲ਼ੀ ਨਾਲ ਕੋਈ ਵੀ ਖ਼ਮੀਰੀ ਚੀਜ਼ ਨਾ ਖਾਇਓ;+ ਤੁਸੀਂ ਸੱਤ ਦਿਨ ਬੇਖਮੀਰੀ ਰੋਟੀ ਖਾਇਓ ਕਿਉਂਕਿ ਤੁਸੀਂ ਮਿਸਰ ਵਿੱਚੋਂ ਕਾਹਲੀ ਨਾਲ ਨਿਕਲੇ ਸੀ।+ ਇਹ ਰੋਟੀ ਤੁਹਾਨੂੰ ਮਿਸਰ ਵਿਚ ਝੱਲੇ ਦੁੱਖ ਯਾਦ ਕਰਵਾਏਗੀ। ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਸੀਂ ਉਮਰ ਭਰ ਉਸ ਦਿਨ ਨੂੰ ਯਾਦ ਰੱਖੋਗੇ ਜਿਸ ਦਿਨ ਤੁਸੀਂ ਮਿਸਰ ਵਿੱਚੋਂ ਨਿਕਲੇ ਸੀ।+ 4 ਇਨ੍ਹਾਂ ਸੱਤ ਦਿਨਾਂ ਦੌਰਾਨ ਤੁਹਾਡੇ ਪੂਰੇ ਇਲਾਕੇ ਵਿਚ ਖਮੀਰਾ ਆਟਾ* ਨਾ ਹੋਵੇ+ ਅਤੇ ਨਾ ਹੀ ਪਹਿਲੇ ਦਿਨ ਸ਼ਾਮ ਨੂੰ ਚੜ੍ਹਾਈ ਬਲ਼ੀ ਦਾ ਮਾਸ ਸਵੇਰ ਤਕ ਬਚਾ ਕੇ ਰੱਖਿਆ ਜਾਵੇ।+ 5 ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਜਿਹੜੇ ਸ਼ਹਿਰ ਦੇਵੇਗਾ, ਉਨ੍ਹਾਂ ਵਿੱਚੋਂ ਕਿਸੇ ਵੀ ਸ਼ਹਿਰ ਵਿਚ ਤੁਹਾਨੂੰ ਪਸਾਹ ਦੇ ਜਾਨਵਰ ਦੀ ਬਲ਼ੀ ਦੇਣ ਦੀ ਇਜਾਜ਼ਤ ਨਹੀਂ ਹੋਵੇਗੀ। 6 ਪਰ ਤੁਸੀਂ ਇਹ ਬਲ਼ੀ ਉਸ ਜਗ੍ਹਾ ਚੜ੍ਹਾਇਓ ਜਿਹੜੀ ਤੁਹਾਡਾ ਪਰਮੇਸ਼ੁਰ ਯਹੋਵਾਹ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ। ਤੁਸੀਂ ਪਸਾਹ ਦੇ ਜਾਨਵਰ ਦੀ ਬਲ਼ੀ ਸ਼ਾਮ ਨੂੰ ਸੂਰਜ ਡੁੱਬਣ ʼਤੇ ਚੜ੍ਹਾਇਓ,+ ਜਿਵੇਂ ਤੁਸੀਂ ਮਿਸਰ ਵਿੱਚੋਂ ਨਿਕਲਣ ਦੇ ਦਿਨ ਮਿਥੇ ਸਮੇਂ ਤੇ ਚੜ੍ਹਾਈ ਸੀ। 7 ਜਿਹੜੀ ਜਗ੍ਹਾ ਤੁਹਾਡਾ ਪਰਮੇਸ਼ੁਰ ਯਹੋਵਾਹ ਚੁਣੇਗਾ,+ ਤੁਸੀਂ ਉਸ ਜਗ੍ਹਾ ਇਸ ਨੂੰ ਪਕਾ ਕੇ ਖਾਇਓ+ ਅਤੇ ਸਵੇਰ ਨੂੰ ਆਪੋ-ਆਪਣੇ ਤੰਬੂ ਵਿਚ ਵਾਪਸ ਚਲੇ ਜਾਇਓ। 8 ਤੁਸੀਂ ਛੇ ਦਿਨ ਬੇਖਮੀਰੀ ਰੋਟੀ ਖਾਇਓ ਅਤੇ ਸੱਤਵੇਂ ਦਿਨ ਆਪਣੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਕਰਨ ਲਈ ਖ਼ਾਸ ਸਭਾ ਰੱਖਿਓ। ਤੁਸੀਂ ਉਸ ਦਿਨ ਕੋਈ ਕੰਮ ਨਾ ਕਰਿਓ।+

9 “ਜਿਸ ਦਿਨ ਤੁਸੀਂ ਖੜ੍ਹੀ ਫ਼ਸਲ ਦਾਤੀ ਨਾਲ ਵੱਢਣੀ ਸ਼ੁਰੂ ਕਰੋਗੇ, ਉਸ ਦਿਨ ਤੋਂ ਤੁਸੀਂ ਸੱਤ ਹਫ਼ਤੇ ਗਿਣਨੇ ਸ਼ੁਰੂ ਕਰਿਓ।+ 10 ਫਿਰ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਲਈ ਹਫ਼ਤਿਆਂ ਦਾ ਤਿਉਹਾਰ ਮਨਾਇਓ।+ ਨਾਲੇ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਜਿੰਨੀ ਬਰਕਤ ਦਿੱਤੀ ਹੈ, ਉਸ ਹਿਸਾਬ ਨਾਲ ਤੁਸੀਂ ਉਸ ਨੂੰ ਇੱਛਾ-ਬਲ਼ੀਆਂ ਚੜ੍ਹਾਇਓ।+ 11 ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ, ਉਸ ਜਗ੍ਹਾ ਤੁਸੀਂ, ਤੁਹਾਡੇ ਧੀਆਂ-ਪੁੱਤਰ, ਤੁਹਾਡੇ ਦਾਸ-ਦਾਸੀਆਂ ਅਤੇ ਤੁਹਾਡੇ ਸ਼ਹਿਰਾਂ* ਦੇ ਲੇਵੀ, ਤੁਹਾਡੇ ਵਿਚ ਰਹਿੰਦੇ ਪਰਦੇਸੀ, ਯਤੀਮ ਬੱਚੇ ਅਤੇ ਵਿਧਵਾਵਾਂ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਖ਼ੁਸ਼ੀਆਂ ਮਨਾਉਣ।+ 12 ਯਾਦ ਰੱਖੋ ਕਿ ਤੁਸੀਂ ਮਿਸਰ ਵਿਚ ਗ਼ੁਲਾਮ ਸੀ+ ਅਤੇ ਤੁਸੀਂ ਇਨ੍ਹਾਂ ਸਾਰੇ ਨਿਯਮਾਂ ਦੀ ਪਾਲਣਾ ਕਰੋ।

13 “ਤੁਸੀਂ ਪਿੜ ਵਿੱਚੋਂ ਆਪਣੀ ਸਾਰੀ ਫ਼ਸਲ ਇਕੱਠੀ ਕਰਨ ਅਤੇ ਕੋਹਲੂ ਵਿਚ ਤੇਲ ਕੱਢਣ ਅਤੇ ਦਾਖਰਸ ਲਈ ਚੁਬੱਚਿਆਂ ਵਿਚ ਅੰਗੂਰਾਂ ਦਾ ਰਸ ਕੱਢਣ ਤੋਂ ਬਾਅਦ ਸੱਤ ਦਿਨਾਂ ਤਕ ਛੱਪਰਾਂ ਦਾ ਤਿਉਹਾਰ ਮਨਾਇਓ।+ 14 ਤੁਸੀਂ, ਤੁਹਾਡੇ ਧੀਆਂ-ਪੁੱਤਰ, ਤੁਹਾਡੇ ਦਾਸ-ਦਾਸੀਆਂ, ਤੁਹਾਡੇ ਸ਼ਹਿਰਾਂ ਵਿਚ ਰਹਿੰਦੇ ਲੇਵੀ, ਪਰਦੇਸੀ, ਯਤੀਮ ਬੱਚੇ* ਅਤੇ ਵਿਧਵਾਵਾਂ ਤਿਉਹਾਰ ਦੌਰਾਨ ਖ਼ੁਸ਼ੀਆਂ ਮਨਾਉਣ।+ 15 ਯਹੋਵਾਹ ਜਿਹੜੀ ਜਗ੍ਹਾ ਚੁਣੇਗਾ, ਤੁਸੀਂ ਉਸ ਜਗ੍ਹਾ ਸੱਤ ਦਿਨਾਂ ਤਕ ਆਪਣੇ ਪਰਮੇਸ਼ੁਰ ਯਹੋਵਾਹ ਲਈ ਤਿਉਹਾਰ ਮਨਾਇਓ+ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੀ ਸਾਰੀ ਪੈਦਾਵਾਰ ਅਤੇ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਵੇਗਾ+ ਜਿਸ ਕਰਕੇ ਤੁਸੀਂ ਸਿਰਫ਼ ਖ਼ੁਸ਼ੀਆਂ ਹੀ ਮਨਾਓਗੇ।+

16 “ਤੁਹਾਡੇ ਸਾਰੇ ਆਦਮੀ ਸਾਲ ਵਿਚ ਤਿੰਨ ਵਾਰ ਯਾਨੀ ਬੇਖਮੀਰੀ ਰੋਟੀ ਦੇ ਤਿਉਹਾਰ+ ʼਤੇ, ਹਫ਼ਤਿਆਂ ਦੇ ਤਿਉਹਾਰ+ ʼਤੇ ਅਤੇ ਛੱਪਰਾਂ ਦੇ ਤਿਉਹਾਰ+ ʼਤੇ ਉਸ ਜਗ੍ਹਾ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਹਾਜ਼ਰ ਹੋਣ ਜਿਹੜੀ ਜਗ੍ਹਾ ਉਹ ਚੁਣੇਗਾ। ਕੋਈ ਵੀ ਯਹੋਵਾਹ ਸਾਮ੍ਹਣੇ ਖਾਲੀ ਹੱਥ ਹਾਜ਼ਰ ਨਾ ਹੋਵੇ। 17 ਪਰਮੇਸ਼ੁਰ ਨੇ ਤੁਹਾਡੇ ਵਿੱਚੋਂ ਹਰੇਕ ਨੂੰ ਜਿੰਨੀ ਬਰਕਤ ਦਿੱਤੀ ਹੈ, ਉਸ ਹਿਸਾਬ ਨਾਲ ਉਹ ਆਪਣੇ ਪਰਮੇਸ਼ੁਰ ਯਹੋਵਾਹ ਲਈ ਤੋਹਫ਼ਾ ਲਿਆਵੇ।+

18 “ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਜਿਹੜੇ ਸ਼ਹਿਰ ਦੇਵੇਗਾ, ਤੁਸੀਂ ਉਨ੍ਹਾਂ ਸਾਰੇ ਸ਼ਹਿਰਾਂ* ਵਿਚ ਹਰੇਕ ਗੋਤ ਲਈ ਨਿਆਂਕਾਰ+ ਅਤੇ ਅਧਿਕਾਰੀ ਨਿਯੁਕਤ ਕਰਿਓ। ਉਹ ਸੱਚਾਈ ਨਾਲ ਲੋਕਾਂ ਦਾ ਨਿਆਂ ਕਰਨ। 19 ਤੁਸੀਂ ਕਿਸੇ ਨਾਲ ਅਨਿਆਂ ਨਾ ਕਰਿਓ,+ ਪੱਖਪਾਤ ਨਾ ਕਰਿਓ+ ਅਤੇ ਰਿਸ਼ਵਤ ਨਾ ਲਿਓ ਕਿਉਂਕਿ ਰਿਸ਼ਵਤ ਬੁੱਧੀਮਾਨ ਨੂੰ ਅੰਨ੍ਹਾ ਕਰ ਦਿੰਦੀ ਹੈ+ ਅਤੇ ਧਰਮੀਆਂ ਦੇ ਮੂੰਹੋਂ ਗ਼ਲਤ ਗੱਲਾਂ ਕਹਾਉਂਦੀ ਹੈ। 20 ਤੁਸੀਂ ਸਿਰਫ਼ ਤੇ ਸਿਰਫ਼ ਨਿਆਂ ਕਰਿਓ+ ਤਾਂਕਿ ਤੁਸੀਂ ਜੀਉਂਦੇ ਰਹੋ ਅਤੇ ਉਸ ਦੇਸ਼ ʼਤੇ ਕਬਜ਼ਾ ਕਰੋ ਜਿਹੜਾ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ।

21 “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਲਈ ਜੋ ਵੇਦੀ ਬਣਾਓਗੇ, ਉਸ ਦੇ ਨੇੜੇ ਪੂਜਾ-ਖੰਭੇ* ਵਜੋਂ ਕੋਈ ਦਰਖ਼ਤ ਨਾ ਲਾਇਓ।+

22 “ਤੁਸੀਂ ਆਪਣੇ ਲਈ ਪੂਜਾ-ਥੰਮ੍ਹ ਨਾ ਬਣਾਇਓ+ ਜਿਸ ਤੋਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੂੰ ਨਫ਼ਰਤ ਹੈ।

17 “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਅਜਿਹਾ ਕੋਈ ਬਲਦ ਜਾਂ ਭੇਡ ਨਾ ਚੜ੍ਹਾਇਓ ਜਿਸ ਵਿਚ ਕੋਈ ਨੁਕਸ ਜਾਂ ਖ਼ਰਾਬੀ ਹੋਵੇ ਕਿਉਂਕਿ ਇਹ ਚੜ੍ਹਾਵਾ ਤੁਹਾਡੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣਾ ਹੈ।+

2 “ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਜਿਹੜੇ ਸ਼ਹਿਰ ਦੇਣ ਜਾ ਰਿਹਾ ਹੈ, ਮੰਨ ਲਓ ਕਿ ਉੱਥੇ ਕੋਈ ਆਦਮੀ ਜਾਂ ਔਰਤ ਆਪਣੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਕੋਈ ਬੁਰਾ ਕੰਮ ਕਰਦਾ ਹੈ ਅਤੇ ਉਸ ਦੇ ਇਕਰਾਰ ਦੀ ਉਲੰਘਣਾ ਕਰਦਾ ਹੈ+ 3 ਅਤੇ ਉਹ ਕੁਰਾਹੇ ਪੈ ਕੇ ਦੂਜੇ ਦੇਵਤਿਆਂ ਦੀ ਭਗਤੀ ਕਰਨ ਲੱਗ ਪੈਂਦਾ ਹੈ ਅਤੇ ਉਹ ਉਨ੍ਹਾਂ ਦੇਵਤਿਆਂ ਅੱਗੇ ਜਾਂ ਸੂਰਜ, ਚੰਦ ਅਤੇ ਆਕਾਸ਼ ਦੀ ਸਾਰੀ ਸੈਨਾ ਅੱਗੇ ਮੱਥਾ ਟੇਕਦਾ ਹੈ+ ਜਿਸ ਦਾ ਮੈਂ ਹੁਕਮ ਨਹੀਂ ਦਿੱਤਾ।+ 4 ਜਦ ਤੁਹਾਨੂੰ ਇਸ ਬਾਰੇ ਦੱਸਿਆ ਜਾਂਦਾ ਹੈ ਜਾਂ ਤੁਸੀਂ ਇਸ ਬਾਰੇ ਸੁਣਦੇ ਹੋ, ਤਾਂ ਤੁਸੀਂ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰੋ। ਜੇ ਇਹ ਗੱਲ ਸਾਬਤ ਹੋ ਜਾਂਦੀ ਹੈ+ ਕਿ ਇਜ਼ਰਾਈਲ ਵਿਚ ਇਹ ਘਿਣਾਉਣਾ ਕੰਮ ਸੱਚ-ਮੁੱਚ ਹੋਇਆ ਹੈ, 5 ਤਾਂ ਬੁਰਾ ਕੰਮ ਕਰਨ ਵਾਲੇ ਉਸ ਆਦਮੀ ਜਾਂ ਔਰਤ ਨੂੰ ਸ਼ਹਿਰ ਦੇ ਦਰਵਾਜ਼ੇ ਕੋਲ ਲਿਆਂਦਾ ਜਾਵੇ ਅਤੇ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਜਾਵੇ।+ 6 ਉਸ ਨੂੰ ਦੋ ਜਾਂ ਤਿੰਨ ਗਵਾਹਾਂ ਦੇ ਬਿਆਨ ਦੇ ਆਧਾਰ ʼਤੇ+ ਹੀ ਮੌਤ ਦੀ ਸਜ਼ਾ ਦਿੱਤੀ ਜਾਵੇ। ਉਸ ਨੂੰ ਇਕ ਜਣੇ ਦੀ ਗਵਾਹੀ ʼਤੇ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ।+ 7 ਉਸ ਨੂੰ ਜਾਨੋਂ ਮਾਰਨ ਲਈ ਸਭ ਤੋਂ ਪਹਿਲਾਂ ਗਵਾਹਾਂ ਦਾ ਹੱਥ ਉੱਠੇ ਅਤੇ ਫਿਰ ਦੂਜੇ ਲੋਕਾਂ ਦਾ। ਤੁਸੀਂ ਆਪਣੇ ਲੋਕਾਂ ਵਿੱਚੋਂ ਇਹ ਬੁਰਾਈ ਕੱਢ ਦਿਓ।+

8 “ਜੇ ਤੁਹਾਡੇ ਕਿਸੇ ਸ਼ਹਿਰ ਵਿਚ ਕੋਈ ਅਜਿਹਾ ਮਸਲਾ ਖੜ੍ਹਾ ਹੁੰਦਾ ਹੈ ਜਿਸ ਨੂੰ ਹੱਲ ਕਰਨਾ ਤੁਹਾਡੇ ਲਈ ਬਹੁਤ ਮੁਸ਼ਕਲ ਹੈ, ਚਾਹੇ ਉਹ ਕਿਸੇ ਦੇ ਕਤਲ ਦਾ ਹੋਵੇ+ ਜਾਂ ਕਾਨੂੰਨੀ ਦਾਅਵੇ ਦਾ ਹੋਵੇ ਜਾਂ ਮਾਰ-ਕੁਟਾਈ ਦਾ ਹੋਵੇ ਜਾਂ ਲੜਾਈ-ਝਗੜੇ ਦਾ ਹੋਵੇ, ਤਾਂ ਤੁਸੀਂ ਉਸ ਮਸਲੇ ਨੂੰ ਉਸ ਜਗ੍ਹਾ ਪੇਸ਼ ਕਰਿਓ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਚੁਣੇਗਾ।+ 9 ਤੁਸੀਂ ਉਸ ਮਸਲੇ ਨੂੰ ਉਸ ਵੇਲੇ ਦੇ ਲੇਵੀ ਪੁਜਾਰੀਆਂ ਅਤੇ ਨਿਆਂਕਾਰ+ ਦੇ ਸਾਮ੍ਹਣੇ ਪੇਸ਼ ਕਰਿਓ ਅਤੇ ਉਹ ਤੁਹਾਨੂੰ ਮਸਲੇ ਦਾ ਫ਼ੈਸਲਾ ਸੁਣਾਉਣਗੇ।+ 10 ਫਿਰ ਉਹ ਯਹੋਵਾਹ ਦੀ ਚੁਣੀ ਹੋਈ ਜਗ੍ਹਾ ਤੋਂ ਜੋ ਵੀ ਫ਼ੈਸਲਾ ਤੁਹਾਨੂੰ ਸੁਣਾਉਣਗੇ, ਤੁਸੀਂ ਉਸ ਮੁਤਾਬਕ ਕਾਰਵਾਈ ਕਰਿਓ। ਤੁਸੀਂ ਧਿਆਨ ਨਾਲ ਉਨ੍ਹਾਂ ਸਾਰੀਆਂ ਹਿਦਾਇਤਾਂ ਮੁਤਾਬਕ ਚੱਲਿਓ ਜੋ ਉਹ ਤੁਹਾਨੂੰ ਦੇਣਗੇ। 11 ਉਹ ਜਿਹੜਾ ਕਾਨੂੰਨ ਤੁਹਾਨੂੰ ਦਿਖਾਉਣਗੇ ਅਤੇ ਫ਼ੈਸਲਾ ਸੁਣਾਉਣਗੇ, ਤੁਸੀਂ ਉਸੇ ਮੁਤਾਬਕ ਕਾਰਵਾਈ ਕਰਿਓ।+ ਤੁਸੀਂ ਉਨ੍ਹਾਂ ਦੇ ਫ਼ੈਸਲੇ ਤੋਂ ਸੱਜੇ ਜਾਂ ਖੱਬੇ ਨਾ ਮੁੜਿਓ।+ 12 ਜੇ ਕੋਈ ਆਦਮੀ ਕਿਸੇ ਨਿਆਂਕਾਰ ਦੀ ਜਾਂ ਤੁਹਾਡੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰਨ ਵਾਲੇ ਪੁਜਾਰੀ ਦੀ ਗੱਲ ਨਾ ਸੁਣਨ ਦੀ ਗੁਸਤਾਖ਼ੀ ਕਰਦਾ ਹੈ, ਤਾਂ ਉਸ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ।+ ਤੁਸੀਂ ਇਜ਼ਰਾਈਲ ਵਿੱਚੋਂ ਇਹ ਬੁਰਾਈ ਕੱਢ ਦਿਓ।+ 13 ਫਿਰ ਜਦੋਂ ਸਾਰੇ ਲੋਕ ਇਸ ਬਾਰੇ ਸੁਣਨਗੇ, ਤਾਂ ਉਹ ਡਰਨਗੇ ਅਤੇ ਫਿਰ ਕਦੇ ਗੁਸਤਾਖ਼ੀ ਨਹੀਂ ਕਰਨਗੇ।+

14 “ਜਦੋਂ ਤੁਸੀਂ ਉਸ ਦੇਸ਼ ਵਿਚ ਜਾਓਗੇ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਣ ਵਾਲਾ ਹੈ ਅਤੇ ਤੁਸੀਂ ਉਸ ʼਤੇ ਕਬਜ਼ਾ ਕਰ ਲਵੋਗੇ ਅਤੇ ਉਸ ਵਿਚ ਰਹਿਣ ਲੱਗ ਪਵੋਗੇ ਅਤੇ ਤੁਸੀਂ ਕਹੋਗੇ, ‘ਆਓ ਆਪਾਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਵਾਂਗ ਆਪਣੇ ਲਈ ਇਕ ਰਾਜਾ ਨਿਯੁਕਤ ਕਰੀਏ,’+ 15 ਤਾਂ ਤੁਸੀਂ ਆਪਣੇ ਲਈ ਉਹ ਰਾਜਾ ਨਿਯੁਕਤ ਕਰਿਓ ਜਿਸ ਨੂੰ ਤੁਹਾਡਾ ਪਰਮੇਸ਼ੁਰ ਯਹੋਵਾਹ ਚੁਣੇਗਾ।+ ਤੁਸੀਂ ਆਪਣੇ ਇਜ਼ਰਾਈਲੀ ਭਰਾਵਾਂ ਵਿੱਚੋਂ ਕਿਸੇ ਨੂੰ ਰਾਜਾ ਨਿਯੁਕਤ ਕਰਿਓ। ਤੁਹਾਨੂੰ ਕਿਸੇ ਪਰਦੇਸੀ ਨੂੰ ਰਾਜਾ ਬਣਾਉਣ ਦੀ ਇਜਾਜ਼ਤ ਨਹੀਂ ਹੈ ਜੋ ਤੁਹਾਡਾ ਭਰਾ ਨਹੀਂ ਹੈ। 16 ਪਰ ਰਾਜਾ ਆਪਣੇ ਲਈ ਬਹੁਤ ਸਾਰੇ ਘੋੜੇ ਨਾ ਰੱਖੇ+ ਜਾਂ ਆਪਣੇ ਲੋਕਾਂ ਨੂੰ ਹੋਰ ਘੋੜੇ ਲਿਆਉਣ ਲਈ ਮਿਸਰ ਨਾ ਭੇਜੇ ਕਿਉਂਕਿ ਯਹੋਵਾਹ ਨੇ ਤੁਹਾਨੂੰ ਕਿਹਾ ਹੈ, ‘ਤੁਸੀਂ ਵਾਪਸ ਮਿਸਰ ਨਹੀਂ ਜਾਣਾ।’ 17 ਨਾਲੇ ਉਹ ਬਹੁਤ ਸਾਰੀਆਂ ਪਤਨੀਆਂ ਨਾ ਰੱਖੇ ਤਾਂਕਿ ਉਸ ਦਾ ਦਿਲ ਸਹੀ ਰਾਹ ਤੋਂ ਭਟਕ ਨਾ ਜਾਵੇ+ ਅਤੇ ਨਾ ਹੀ ਉਹ ਆਪਣੇ ਲਈ ਢੇਰ ਸਾਰਾ ਸੋਨਾ-ਚਾਂਦੀ ਇਕੱਠਾ ਕਰੇ।+ 18 ਜਦ ਉਹ ਰਾਜ ਕਰਨ ਲਈ ਸਿੰਘਾਸਣ ʼਤੇ ਬੈਠੇ, ਤਾਂ ਉਹ ਲੇਵੀ ਪੁਜਾਰੀਆਂ ਕੋਲ ਰੱਖੇ ਇਸ ਕਾਨੂੰਨ ਨੂੰ ਆਪਣੇ ਹੱਥੀਂ ਇਕ ਕਿਤਾਬ* ਵਿਚ ਲਿਖੇ।+

19 “ਇਹ ਕਿਤਾਬ ਉਸ ਦੇ ਕੋਲ ਰਹੇ ਅਤੇ ਉਹ ਜ਼ਿੰਦਗੀ ਭਰ ਇਸ ਨੂੰ ਪੜ੍ਹੇ+ ਤਾਂਕਿ ਉਹ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਰੱਖਣਾ ਸਿੱਖੇ ਅਤੇ ਇਸ ਕਾਨੂੰਨ ਵਿਚ ਲਿਖੀਆਂ ਗੱਲਾਂ ਅਤੇ ਨਿਯਮਾਂ ਦੀ ਪਾਲਣਾ ਕਰੇ।+ 20 ਇਸ ਤਰ੍ਹਾਂ ਉਹ ਆਪਣੇ ਦਿਲ ਵਿਚ ਖ਼ੁਦ ਨੂੰ ਆਪਣੇ ਭਰਾਵਾਂ ਤੋਂ ਉੱਚਾ ਨਹੀਂ ਸਮਝੇਗਾ ਅਤੇ ਇਨ੍ਹਾਂ ਹੁਕਮਾਂ ਤੋਂ ਸੱਜੇ-ਖੱਬੇ ਨਹੀਂ ਮੁੜੇਗਾ ਜਿਸ ਕਰਕੇ ਉਹ ਅਤੇ ਉਸ ਦੇ ਪੁੱਤਰ ਇਜ਼ਰਾਈਲ ਵਿਚ ਲੰਬੇ ਸਮੇਂ ਤਕ ਰਾਜ ਕਰ ਸਕਣਗੇ।

18 “ਲੇਵੀ ਪੁਜਾਰੀਆਂ, ਹਾਂ, ਲੇਵੀ ਦੇ ਪੂਰੇ ਗੋਤ ਨੂੰ ਇਜ਼ਰਾਈਲ ਦੇ ਨਾਲ ਕੋਈ ਹਿੱਸਾ ਜਾਂ ਵਿਰਾਸਤ ਨਹੀਂ ਮਿਲੇਗੀ। ਜਿਹੜੇ ਚੜ੍ਹਾਵੇ ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਏ ਜਾਂਦੇ ਹਨ, ਉਹ ਉਨ੍ਹਾਂ ਚੜ੍ਹਾਵਿਆਂ ਵਿੱਚੋਂ ਉਸ ਦਾ ਹਿੱਸਾ ਖਾਣਗੇ।+ 2 ਇਸ ਲਈ ਉਨ੍ਹਾਂ ਨੂੰ ਆਪਣੇ ਭਰਾਵਾਂ ਦੇ ਨਾਲ ਕੋਈ ਵਿਰਾਸਤ ਨਹੀਂ ਮਿਲੇਗੀ। ਯਹੋਵਾਹ ਉਨ੍ਹਾਂ ਦੀ ਵਿਰਾਸਤ ਹੈ, ਠੀਕ ਜਿਵੇਂ ਉਸ ਨੇ ਆਪ ਉਨ੍ਹਾਂ ਨੂੰ ਕਿਹਾ ਸੀ।

3 “ਜਦੋਂ ਲੋਕ ਕਿਸੇ ਜਾਨਵਰ ਦੀ ਬਲ਼ੀ ਚੜ੍ਹਾਉਂਦੇ ਹਨ, ਚਾਹੇ ਉਹ ਬਲਦ ਹੋਵੇ ਜਾਂ ਭੇਡ, ਤਾਂ ਬਲ਼ੀ ਦੇ ਇਨ੍ਹਾਂ ਹਿੱਸਿਆਂ ʼਤੇ ਪੁਜਾਰੀਆਂ ਦਾ ਹੱਕ ਹੋਵੇਗਾ: ਜਾਨਵਰ ਦਾ ਮੋਢਾ, ਜਬਾੜ੍ਹੇ ਅਤੇ ਢਿੱਡ। 4 ਤੁਸੀਂ ਆਪਣੇ ਅਨਾਜ, ਨਵੇਂ ਦਾਖਰਸ, ਤੇਲ ਦਾ ਪਹਿਲਾ ਫਲ ਅਤੇ ਭੇਡਾਂ ਦੀ ਕਤਰੀ ਹੋਈ ਪਹਿਲੀ ਉੱਨ ਲੇਵੀਆਂ ਨੂੰ ਦੇਣੀ।+ 5 ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਸਾਰੇ ਗੋਤਾਂ ਵਿੱਚੋਂ ਲੇਵੀਆਂ ਨੂੰ ਅਤੇ ਉਨ੍ਹਾਂ ਦੇ ਪੁੱਤਰਾਂ ਨੂੰ ਚੁਣਿਆ ਹੈ ਤਾਂਕਿ ਉਹ ਹਮੇਸ਼ਾ ਯਹੋਵਾਹ ਦੇ ਨਾਂ ʼਤੇ ਸੇਵਾ ਕਰਨ।+

6 “ਜੇ ਇਜ਼ਰਾਈਲ ਦੇ ਕਿਸੇ ਸ਼ਹਿਰ ਵਿਚ ਰਹਿੰਦੇ ਕਿਸੇ ਲੇਵੀ+ ਦੇ ਦਿਲ ਵਿਚ ਯਹੋਵਾਹ ਦੀ ਚੁਣੀ ਹੋਈ ਜਗ੍ਹਾ*+ ਜਾਣ ਦੀ ਤਮੰਨਾ ਹੈ ਅਤੇ ਉਹ ਆਪਣਾ ਸ਼ਹਿਰ ਛੱਡ ਕੇ ਉੱਥੇ ਜਾਂਦਾ ਹੈ, 7 ਤਾਂ ਉਹ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ʼਤੇ ਸੇਵਾ ਕਰ ਸਕਦਾ ਹੈ, ਜਿਵੇਂ ਉਸ ਦੇ ਲੇਵੀ ਭਰਾ ਯਹੋਵਾਹ ਦੇ ਸਾਮ੍ਹਣੇ ਸੇਵਾ ਕਰਦੇ ਹਨ।+ 8 ਉਸ ਨੂੰ ਚੜ੍ਹਾਵਿਆਂ ਵਿੱਚੋਂ ਬਰਾਬਰ ਹਿੱਸਾ ਮਿਲੇਗਾ,+ ਚਾਹੇ ਉਸ ਕੋਲ ਆਪਣੀਆਂ ਜੱਦੀ ਚੀਜ਼ਾਂ ਵੇਚਣ ਤੋਂ ਬਾਅਦ ਪੈਸਾ ਕਿਉਂ ਨਾ ਹੋਵੇ।

9 “ਜਦ ਤੁਸੀਂ ਉਸ ਦੇਸ਼ ਵਿਚ ਜਾਓਗੇ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ, ਤਾਂ ਤੁਸੀਂ ਉੱਥੋਂ ਦੀਆਂ ਕੌਮਾਂ ਵਾਂਗ ਘਿਣਾਉਣੇ ਕੰਮ ਕਰਨੇ ਨਾ ਸਿੱਖਿਓ।+ 10 ਤੁਹਾਡੇ ਵਿੱਚੋਂ ਕੋਈ ਵੀ ਆਪਣੇ ਪੁੱਤਰ ਜਾਂ ਧੀ ਦੀ ਅੱਗ ਵਿਚ ਬਲ਼ੀ ਨਾ ਦੇਵੇ,*+ ਫਾਲ* ਨਾ ਪਾਵੇ,+ ਜਾਦੂਗਰੀ ਨਾ ਕਰੇ+ ਜਾਂ ਸ਼ੁਭ-ਅਸ਼ੁਭ ਨਾ ਵਿਚਾਰੇ*+ ਜਾਂ ਜਾਦੂ-ਟੂਣਾ ਨਾ ਕਰੇ+ 11 ਜਾਂ ਮੰਤਰ ਫੂਕ ਕੇ ਕਿਸੇ ਨੂੰ ਆਪਣੇ ਵੱਸ ਵਿਚ ਨਾ ਕਰੇ ਜਾਂ ਉਹ ਕਿਸੇ ਚੇਲੇ-ਚਾਂਟੇ*+ ਕੋਲ ਜਾਂ ਸਲਾਹ-ਮਸ਼ਵਰੇ ਲਈ ਭਵਿੱਖ ਦੱਸਣ ਵਾਲੇ ਕੋਲ ਨਾ ਜਾਵੇ+ ਜਾਂ ਮਰੇ ਹੋਏ ਲੋਕਾਂ ਤੋਂ ਪੁੱਛ-ਗਿੱਛ ਨਾ ਕਰੇ।+ 12 ਜਿਹੜਾ ਇਨਸਾਨ ਅਜਿਹੇ ਕੰਮ ਕਰਦਾ ਹੈ, ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣਾ ਹੈ ਅਤੇ ਇਨ੍ਹਾਂ ਘਿਣਾਉਣੇ ਕੰਮਾਂ ਕਰਕੇ ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਕੌਮਾਂ ਨੂੰ ਤੁਹਾਡੇ ਅੱਗਿਓਂ ਕੱਢਣ ਜਾ ਰਿਹਾ ਹੈ। 13 ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਖ਼ੁਦ ਨੂੰ ਨਿਰਦੋਸ਼ ਸਾਬਤ ਕਰੋ।+

14 “ਤੁਸੀਂ ਜਿਨ੍ਹਾਂ ਕੌਮਾਂ ਨੂੰ ਉੱਥੋਂ ਕੱਢੋਗੇ, ਉਹ ਜਾਦੂਗਰੀ ਕਰਨ+ ਅਤੇ ਫਾਲ ਪਾਉਣ ਵਾਲਿਆਂ+ ਦੀ ਗੱਲ ਸੁਣਦੀਆਂ ਹਨ, ਪਰ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਅਜਿਹਾ ਕੋਈ ਵੀ ਕੰਮ ਕਰਨ ਤੋਂ ਮਨ੍ਹਾ ਕੀਤਾ ਹੈ। 15 ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਮੇਰੇ ਵਰਗਾ ਇਕ ਨਬੀ ਖੜ੍ਹਾ ਕਰੇਗਾ ਅਤੇ ਤੁਸੀਂ ਜ਼ਰੂਰ ਉਸ ਦੀ ਗੱਲ ਸੁਣਿਓ।+ 16 ਤੁਹਾਡਾ ਪਰਮੇਸ਼ੁਰ ਯਹੋਵਾਹ ਇਸ ਲਈ ਇਸ ਤਰ੍ਹਾਂ ਕਰੇਗਾ ਕਿਉਂਕਿ ਹੋਰੇਬ ਵਿਚ ਸਾਰੀ ਮੰਡਲੀ ਨੇ ਇਹ ਬੇਨਤੀ ਕੀਤੀ ਸੀ,+ ‘ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਆਵਾਜ਼ ਨਹੀਂ ਸੁਣਨੀ ਚਾਹੁੰਦੇ ਅਤੇ ਅਸੀਂ ਇਹ ਵੱਡੀ ਅੱਗ ਹੋਰ ਨਹੀਂ ਦੇਖਣੀ ਚਾਹੁੰਦੇ, ਕਿਤੇ ਇੱਦਾਂ ਨਾ ਹੋਵੇ ਕਿ ਅਸੀਂ ਮਰ ਜਾਈਏ।’+ 17 ਫਿਰ ਯਹੋਵਾਹ ਨੇ ਮੈਨੂੰ ਕਿਹਾ, ‘ਇਹ ਲੋਕ ਠੀਕ ਕਹਿੰਦੇ ਹਨ। 18 ਮੈਂ ਉਨ੍ਹਾਂ ਦੇ ਭਰਾਵਾਂ ਵਿੱਚੋਂ ਉਨ੍ਹਾਂ ਲਈ ਤੇਰੇ ਵਰਗਾ ਇਕ ਨਬੀ ਖੜ੍ਹਾ ਕਰਾਂਗਾ+ ਅਤੇ ਮੇਰੀਆਂ ਗੱਲਾਂ ਉਸ ਦੀ ਜ਼ਬਾਨ ʼਤੇ ਹੋਣਗੀਆਂ।+ ਉਹ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੇਗਾ ਜਿਨ੍ਹਾਂ ਦਾ ਮੈਂ ਉਸ ਨੂੰ ਹੁਕਮ ਦਿਆਂਗਾ।+ 19 ਉਹ ਨਬੀ ਮੇਰੇ ਨਾਂ ʼਤੇ ਗੱਲ ਕਰੇਗਾ। ਜੇ ਕੋਈ ਉਸ ਦੀ ਗੱਲ ਨਹੀਂ ਸੁਣੇਗਾ, ਤਾਂ ਮੈਂ ਉਸ ਇਨਸਾਨ ਤੋਂ ਲੇਖਾ ਲਵਾਂਗਾ।+

20 “‘ਪਰ ਜੇ ਕੋਈ ਨਬੀ ਮੇਰੇ ਨਾਂ ʼਤੇ ਅਜਿਹੀ ਗੱਲ ਕਹਿਣ ਦੀ ਗੁਸਤਾਖ਼ੀ ਕਰਦਾ ਹੈ ਜਿਹੜੀ ਗੱਲ ਕਹਿਣ ਦਾ ਮੈਂ ਉਸ ਨੂੰ ਹੁਕਮ ਨਹੀਂ ਦਿੱਤਾ ਜਾਂ ਉਹ ਦੂਜੇ ਦੇਵਤਿਆਂ ਦੇ ਨਾਂ ʼਤੇ ਕੋਈ ਗੱਲ ਕਹਿੰਦਾ ਹੈ, ਤਾਂ ਉਸ ਨਬੀ ਨੂੰ ਜਾਨੋਂ ਮਾਰ ਦਿੱਤਾ ਜਾਵੇ।+ 21 ਪਰ ਸ਼ਾਇਦ ਤੁਹਾਡੇ ਮਨ ਵਿਚ ਇਹ ਵਿਚਾਰ ਆਵੇ: “ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਇਹ ਗੱਲ ਯਹੋਵਾਹ ਨੇ ਨਹੀਂ ਕਹੀ?” 22 ਜਦ ਉਸ ਨਬੀ ਦੀ ਗੱਲ ਪੂਰੀ ਜਾਂ ਸੱਚ ਸਾਬਤ ਨਹੀਂ ਹੁੰਦੀ ਜੋ ਉਸ ਨੇ ਯਹੋਵਾਹ ਦੇ ਨਾਂ ʼਤੇ ਕਹੀ ਸੀ, ਤਾਂ ਇਸ ਦਾ ਮਤਲਬ ਹੈ ਕਿ ਉਹ ਗੱਲ ਯਹੋਵਾਹ ਨੇ ਨਹੀਂ ਕਹੀ ਸੀ। ਉਸ ਨਬੀ ਨੇ ਇਹ ਗੱਲ ਆਪਣੇ ਵੱਲੋਂ ਬੋਲਣ ਦੀ ਗੁਸਤਾਖ਼ੀ ਕੀਤੀ ਹੈ। ਤੁਸੀਂ ਉਸ ਤੋਂ ਨਾ ਡਰਿਓ।’

19 “ਜਦੋਂ ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਕੌਮਾਂ ਦਾ ਨਾਸ਼ ਕਰ ਦੇਵੇਗਾ ਜਿਨ੍ਹਾਂ ਦਾ ਦੇਸ਼ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ ਅਤੇ ਤੁਸੀਂ ਉਨ੍ਹਾਂ ਕੌਮਾਂ ਨੂੰ ਉੱਥੋਂ ਕੱਢ ਦਿਓਗੇ ਅਤੇ ਉਨ੍ਹਾਂ ਦੇ ਸ਼ਹਿਰਾਂ ਅਤੇ ਘਰਾਂ ਵਿਚ ਰਹਿਣ ਲੱਗ ਪਵੋਗੇ,+ 2 ਤਾਂ ਤੁਸੀਂ ਆਪਣੇ ਦੇਸ਼ ਵਿਚ ਤਿੰਨ ਸ਼ਹਿਰ ਚੁਣਿਓ ਜੋ ਦੇਸ਼ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਕਬਜ਼ੇ ਹੇਠ ਕਰੇਗਾ।+ 3 ਤੁਹਾਡਾ ਪਰਮੇਸ਼ੁਰ ਯਹੋਵਾਹ ਜੋ ਦੇਸ਼ ਤੁਹਾਡੇ ਕਬਜ਼ੇ ਹੇਠ ਕਰੇਗਾ, ਤੁਸੀਂ ਉਸ ਨੂੰ ਤਿੰਨ ਹਿੱਸਿਆਂ ਵਿਚ ਵੰਡਿਓ ਅਤੇ ਉਨ੍ਹਾਂ ਸ਼ਹਿਰਾਂ ਨੂੰ ਜਾਣ ਵਾਲੀਆਂ ਸੜਕਾਂ ਬਣਾਇਓ ਤਾਂਕਿ ਖ਼ੂਨੀ ਭੱਜ ਕੇ ਉਨ੍ਹਾਂ ਵਿੱਚੋਂ ਕਿਸੇ ਇਕ ਸ਼ਹਿਰ ਵਿਚ ਜਾ ਸਕੇ।

4 “ਜਦੋਂ ਕਿਸੇ ਤੋਂ ਅਣਜਾਣੇ ਵਿਚ ਆਪਣੇ ਗੁਆਂਢੀ ਦਾ ਖ਼ੂਨ ਹੋ ਜਾਂਦਾ ਹੈ ਜਿਸ ਨਾਲ ਉਹ ਨਫ਼ਰਤ ਨਹੀਂ ਕਰਦਾ ਸੀ, ਤਾਂ ਉਹ ਕਿਸੇ ਇਕ ਸ਼ਹਿਰ ਭੱਜ ਕੇ ਆਪਣੀ ਜਾਨ ਬਚਾ ਸਕਦਾ ਹੈ।+ 5 ਮਿਸਾਲ ਲਈ, ਉਹ ਆਪਣੇ ਗੁਆਂਢੀ ਨਾਲ ਜੰਗਲ ਵਿੱਚੋਂ ਲੱਕੜਾਂ ਲੈਣ ਜਾਂਦਾ ਹੈ। ਜਦ ਉਹ ਕੁਹਾੜੀ ਨਾਲ ਦਰਖ਼ਤ ਵੱਢਣ ਲਈ ਆਪਣਾ ਹੱਥ ਚੁੱਕਦਾ ਹੈ, ਤਾਂ ਕੁਹਾੜੀ ਦਸਤੇ ਵਿੱਚੋਂ ਨਿਕਲ ਕੇ ਗੁਆਂਢੀ ਦੇ ਵੱਜ ਜਾਂਦੀ ਹੈ ਅਤੇ ਉਹ ਮਰ ਜਾਂਦਾ ਹੈ। ਉਹ ਖ਼ੂਨੀ ਆਪਣੀ ਜਾਨ ਬਚਾਉਣ ਲਈ ਇਨ੍ਹਾਂ ਵਿੱਚੋਂ ਕਿਸੇ ਇਕ ਸ਼ਹਿਰ ਵਿਚ ਭੱਜ ਜਾਵੇ।+ 6 ਨਹੀਂ ਤਾਂ ਹੋ ਸਕਦਾ ਹੈ ਕਿ ਉਹ ਸ਼ਹਿਰ ਬਹੁਤ ਦੂਰ ਹੋਣ ਕਰਕੇ ਖ਼ੂਨ ਦਾ ਬਦਲਾ ਲੈਣ ਵਾਲਾ+ ਗੁੱਸੇ ਵਿਚ* ਉਸ ਖ਼ੂਨੀ ਦਾ ਪਿੱਛਾ ਕਰ ਕੇ ਉਸ ਨੂੰ ਘੇਰ ਲਵੇ ਅਤੇ ਉਸ ਨੂੰ ਜਾਨੋਂ ਮਾਰ ਦੇਵੇ। ਪਰ ਉਹ ਖ਼ੂਨੀ ਮੌਤ ਦੀ ਸਜ਼ਾ ਦੇ ਲਾਇਕ ਨਹੀਂ ਹੈ ਕਿਉਂਕਿ ਉਹ ਆਪਣੇ ਗੁਆਂਢੀ ਨਾਲ ਨਫ਼ਰਤ ਨਹੀਂ ਕਰਦਾ ਸੀ।+ 7 ਇਸੇ ਲਈ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ: ‘ਤੁਸੀਂ ਇਸ ਮਕਸਦ ਲਈ ਤਿੰਨ ਸ਼ਹਿਰ ਰੱਖਿਓ।’

8 “ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡਾ ਇਲਾਕਾ ਵਧਾਵੇਗਾ ਜਿਸ ਦੀ ਉਸ ਨੇ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ+ ਅਤੇ ਉਹ ਤੁਹਾਨੂੰ ਉਹ ਪੂਰਾ ਦੇਸ਼ ਦੇਵੇਗਾ ਜਿਸ ਦਾ ਵਾਅਦਾ ਉਸ ਨੇ ਤੁਹਾਡੇ ਪਿਉ-ਦਾਦਿਆਂ ਨਾਲ ਕੀਤਾ ਸੀ,+ 9 ਬਸ਼ਰਤੇ ਤੁਸੀਂ ਵਫ਼ਾਦਾਰੀ ਨਾਲ ਉਸ ਦੇ ਇਸ ਹੁਕਮ ਦੀ ਪਾਲਣਾ ਕਰੋ ਜੋ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ ਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰੋ ਅਤੇ ਹਮੇਸ਼ਾ ਉਸ ਦੇ ਰਾਹਾਂ ʼਤੇ ਚੱਲੋ।+ ਪੂਰਾ ਦੇਸ਼ ਮਿਲਣ ਤੋਂ ਬਾਅਦ ਤੁਸੀਂ ਇਨ੍ਹਾਂ ਤਿੰਨਾਂ ਸ਼ਹਿਰਾਂ ਤੋਂ ਇਲਾਵਾ ਹੋਰ ਤਿੰਨ ਸ਼ਹਿਰ ਚੁਣਿਓ।+ 10 ਇਸ ਤਰ੍ਹਾਂ ਤੁਹਾਡੇ ਦੇਸ਼ ਵਿਚ ਕਿਸੇ ਬੇਕਸੂਰ ਦਾ ਖ਼ੂਨ ਨਹੀਂ ਵਹਾਇਆ ਜਾਵੇਗਾ+ ਜੋ ਦੇਸ਼ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹੈ ਅਤੇ ਤੁਹਾਨੂੰ ਖ਼ੂਨ ਦਾ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ।+

11 “ਪਰ ਜੇ ਕੋਈ ਆਦਮੀ ਆਪਣੇ ਗੁਆਂਢੀ ਨਾਲ ਨਫ਼ਰਤ ਕਰਦਾ ਹੈ+ ਅਤੇ ਘਾਤ ਲਾ ਕੇ ਉਸ ਉੱਤੇ ਜਾਨਲੇਵਾ ਹਮਲਾ ਕਰਦਾ ਹੈ ਅਤੇ ਉਸ ਨੂੰ ਜ਼ਖ਼ਮੀ ਕਰ ਦਿੰਦਾ ਹੈ ਅਤੇ ਉਸ ਨੂੰ ਜਾਨੋਂ ਮਾਰ ਕੇ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇਕ ਸ਼ਹਿਰ ਵਿਚ ਭੱਜ ਜਾਂਦਾ ਹੈ, 12 ਤਾਂ ਉਸ ਦੇ ਸ਼ਹਿਰ ਦੇ ਬਜ਼ੁਰਗ ਉਸ ਨੂੰ ਉੱਥੋਂ ਬੁਲਾਉਣ ਅਤੇ ਉਸ ਨੂੰ ਖ਼ੂਨ ਦਾ ਬਦਲਾ ਲੈਣ ਵਾਲੇ ਦੇ ਹਵਾਲੇ ਕਰ ਦੇਣ। ਉਸ ਖ਼ੂਨੀ ਨੂੰ ਜ਼ਰੂਰ ਮਾਰ ਦਿੱਤਾ ਜਾਵੇ।+ 13 ਤੁਸੀਂ* ਉਸ ਉੱਤੇ ਤਰਸ ਨਾ ਖਾਇਓ। ਇਜ਼ਰਾਈਲ ਵਿੱਚੋਂ ਬੇਕਸੂਰ ਦੇ ਖ਼ੂਨ ਦਾ ਦੋਸ਼ ਮਿਟਾ ਦਿਓ+ ਤਾਂਕਿ ਤੁਹਾਡਾ ਭਲਾ ਹੋਵੇ।

14 “ਤੁਹਾਡਾ ਪਰਮੇਸ਼ੁਰ ਯਹੋਵਾਹ ਜੋ ਦੇਸ਼ ਤੁਹਾਡੇ ਕਬਜ਼ੇ ਹੇਠ ਕਰੇਗਾ, ਉੱਥੇ ਜਦੋਂ ਤੁਹਾਨੂੰ ਵਿਰਾਸਤ ਵਿਚ ਜ਼ਮੀਨ ਮਿਲੇਗੀ, ਤਾਂ ਤੁਸੀਂ ਆਪਣੇ ਗੁਆਂਢੀ ਦੀ ਜ਼ਮੀਨ ਦੀ ਹੱਦ ʼਤੇ ਲੱਗਾ ਨਿਸ਼ਾਨ ਨਾ ਖਿਸਕਾਇਓ+ ਜਿਸ ਨੂੰ ਤੁਹਾਡੇ ਪਿਉ-ਦਾਦਿਆਂ ਨੇ ਲਗਾਇਆ ਹੈ।

15 “ਇਕ ਗਵਾਹ ਦੇ ਬਿਆਨ ਦੇ ਆਧਾਰ ʼਤੇ ਕਿਸੇ ਨੂੰ ਅਪਰਾਧ ਜਾਂ ਪਾਪ ਦਾ ਦੋਸ਼ੀ ਨਾ ਠਹਿਰਾਇਆ ਜਾਵੇ।+ ਦੋ ਜਾਂ ਤਿੰਨ ਗਵਾਹਾਂ ਦੇ ਬਿਆਨ ਦੇ ਆਧਾਰ ʼਤੇ ਹੀ ਮਸਲੇ ਦਾ ਫ਼ੈਸਲਾ ਕੀਤਾ ਜਾਵੇ।+ 16 ਜੇ ਕੋਈ ਆਦਮੀ ਕਿਸੇ ਦਾ ਬੁਰਾ ਕਰਨ ਲਈ ਗਵਾਹੀ ਦਿੰਦਾ ਹੈ ਅਤੇ ਉਸ ਉੱਤੇ ਅਪਰਾਧ ਕਰਨ ਦਾ ਇਲਜ਼ਾਮ ਲਾਉਂਦਾ ਹੈ,+ 17 ਤਾਂ ਜਿਨ੍ਹਾਂ ਦੋ ਆਦਮੀਆਂ ਵਿਚਕਾਰ ਝਗੜਾ ਹੋਇਆ ਹੈ, ਉਹ ਦੋਵੇਂ ਯਹੋਵਾਹ, ਉਸ ਵੇਲੇ ਦੇ ਪੁਜਾਰੀਆਂ ਅਤੇ ਨਿਆਂਕਾਰਾਂ ਦੇ ਸਾਮ੍ਹਣੇ ਪੇਸ਼ ਹੋਣ।+ 18 ਨਿਆਂਕਾਰ ਮਸਲੇ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਨ।+ ਜੇ ਇਹ ਸਾਬਤ ਹੋ ਜਾਵੇ ਕਿ ਉਹ ਝੂਠਾ ਗਵਾਹ ਹੈ ਅਤੇ ਉਸ ਨੇ ਆਪਣੇ ਭਰਾ ʼਤੇ ਝੂਠਾ ਇਲਜ਼ਾਮ ਲਾਇਆ ਹੈ, 19 ਤਾਂ ਤੁਸੀਂ ਉਸ ਨਾਲ ਵੀ ਉਸੇ ਤਰ੍ਹਾਂ ਕਰਿਓ ਜੋ ਉਸ ਨੇ ਆਪਣੇ ਭਰਾ ਨਾਲ ਕਰਨ ਦੀ ਸਾਜ਼ਸ਼ ਘੜੀ ਸੀ।+ ਅਤੇ ਤੁਸੀਂ ਆਪਣੇ ਲੋਕਾਂ ਵਿੱਚੋਂ ਇਹ ਬੁਰਾਈ ਕੱਢ ਦਿਓ।+ 20 ਫਿਰ ਜਦੋਂ ਬਾਕੀ ਲੋਕ ਇਸ ਬਾਰੇ ਸੁਣਨਗੇ, ਤਾਂ ਉਹ ਡਰਨਗੇ ਅਤੇ ਫਿਰ ਉਹ ਕਦੇ ਦੁਬਾਰਾ ਅਜਿਹਾ ਬੁਰਾ ਕੰਮ ਨਹੀਂ ਕਰਨਗੇ।+ 21 ਤੁਸੀਂ* ਉਸ ʼਤੇ ਤਰਸ ਨਾ ਖਾਇਓ:+ ਜਾਨ ਦੇ ਬਦਲੇ ਜਾਨ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ ਅਤੇ ਪੈਰ ਦੇ ਬਦਲੇ ਪੈਰ।+

20 “ਜੇ ਤੁਸੀਂ ਆਪਣੇ ਦੁਸ਼ਮਣਾਂ ਦੇ ਖ਼ਿਲਾਫ਼ ਲੜਾਈ ਕਰਨ ਜਾਂਦੇ ਹੋ, ਤਾਂ ਤੁਸੀਂ ਉਨ੍ਹਾਂ ਦੇ ਘੋੜੇ, ਰਥ ਅਤੇ ਆਪਣੇ ਤੋਂ ਵੱਡੀ ਫ਼ੌਜ ਦੇਖ ਕੇ ਘਬਰਾ ਨਾ ਜਾਇਓ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਨਾਲ ਹੈ ਜੋ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ 2 ਜਦ ਤੁਸੀਂ ਲੜਾਈ ਵਿਚ ਜਾਣ ਲਈ ਤਿਆਰ ਖੜ੍ਹੇ ਹੋਵੋਗੇ, ਤਾਂ ਪੁਜਾਰੀ ਆ ਕੇ ਫ਼ੌਜੀਆਂ ਨਾਲ ਗੱਲ ਕਰੇ।+ 3 ਉਹ ਉਨ੍ਹਾਂ ਨੂੰ ਕਹੇ, ‘ਹੇ ਇਜ਼ਰਾਈਲੀਓ, ਸੁਣੋ। ਤੁਸੀਂ ਆਪਣੇ ਦੁਸ਼ਮਣਾਂ ਨਾਲ ਲੜਾਈ ਕਰਨ ਜਾ ਰਹੇ ਹੋ। ਇਸ ਲਈ ਤੁਸੀਂ ਡਰਪੋਕ ਨਾ ਬਣੋ। ਤੁਸੀਂ ਉਨ੍ਹਾਂ ਤੋਂ ਨਾ ਡਰੋ ਅਤੇ ਨਾ ਹੀ ਖ਼ੌਫ਼ ਖਾਓ ਅਤੇ ਨਾ ਹੀ ਥਰ-ਥਰ ਕੰਬੋ 4 ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਦੁਸ਼ਮਣਾਂ ਨਾਲ ਯੁੱਧ ਕਰਨ ਲਈ ਤੁਹਾਡੇ ਨਾਲ ਜਾ ਰਿਹਾ ਹੈ ਅਤੇ ਉਹ ਤੁਹਾਨੂੰ ਬਚਾਵੇਗਾ।’+

5 “ਫ਼ੌਜ ਦੇ ਅਧਿਕਾਰੀ ਫ਼ੌਜੀਆਂ ਨੂੰ ਇਹ ਪੁੱਛਣ, ‘ਕੀ ਤੁਹਾਡੇ ਵਿੱਚੋਂ ਕਿਸੇ ਨੇ ਨਵਾਂ ਘਰ ਬਣਾਇਆ ਹੈ, ਪਰ ਅਜੇ ਉਸ ਵਿਚ ਰਹਿਣਾ ਸ਼ੁਰੂ ਨਹੀਂ ਕੀਤਾ ਹੈ? ਉਹ ਆਪਣੇ ਘਰ ਵਾਪਸ ਚਲਾ ਜਾਵੇ, ਕਿਤੇ ਇੱਦਾਂ ਨਾ ਹੋਵੇ ਕਿ ਉਹ ਲੜਾਈ ਵਿਚ ਮਾਰਿਆ ਜਾਵੇ ਅਤੇ ਕੋਈ ਹੋਰ ਉਸ ਦੇ ਘਰ ਵਿਚ ਰਹਿਣ ਲੱਗ ਪਵੇ। 6 ਅਤੇ ਕੀ ਤੁਹਾਡੇ ਵਿੱਚੋਂ ਕਿਸੇ ਨੇ ਅੰਗੂਰਾਂ ਦਾ ਬਾਗ਼ ਲਾਇਆ ਹੈ, ਪਰ ਅਜੇ ਉਸ ਦਾ ਫਲ ਨਹੀਂ ਖਾਧਾ? ਉਹ ਆਪਣੇ ਘਰ ਵਾਪਸ ਚਲਾ ਜਾਵੇ, ਕਿਤੇ ਇੱਦਾਂ ਨਾ ਹੋਵੇ ਕਿ ਉਹ ਲੜਾਈ ਵਿਚ ਮਾਰਿਆ ਜਾਵੇ ਅਤੇ ਉਸ ਦੇ ਬਾਗ਼ ਦਾ ਫਲ ਕੋਈ ਹੋਰ ਖਾਵੇ। 7 ਅਤੇ ਕੀ ਤੁਹਾਡੇ ਵਿੱਚੋਂ ਕਿਸੇ ਦੀ ਮੰਗਣੀ ਹੋਈ ਹੈ, ਪਰ ਅਜੇ ਉਸ ਦਾ ਵਿਆਹ ਨਹੀਂ ਹੋਇਆ ਹੈ? ਉਹ ਆਪਣੇ ਘਰ ਵਾਪਸ ਚਲਾ ਜਾਵੇ,+ ਕਿਤੇ ਇੱਦਾਂ ਨਾ ਹੋਵੇ ਕਿ ਉਹ ਲੜਾਈ ਵਿਚ ਮਾਰਿਆ ਜਾਵੇ ਅਤੇ ਕੋਈ ਹੋਰ ਉਸ ਦੀ ਮੰਗੇਤਰ ਨਾਲ ਵਿਆਹ ਕਰਾ ਲਵੇ।’ 8 ਫਿਰ ਫ਼ੌਜ ਦੇ ਅਧਿਕਾਰੀ ਉਨ੍ਹਾਂ ਨੂੰ ਇਹ ਵੀ ਪੁੱਛਣ, ‘ਤੁਹਾਡੇ ਵਿੱਚੋਂ ਕੌਣ ਡਰਪੋਕ ਅਤੇ ਕਮਜ਼ੋਰ ਦਿਲ ਵਾਲਾ ਹੈ?+ ਉਹ ਆਪਣੇ ਘਰ ਵਾਪਸ ਚਲਾ ਜਾਵੇ, ਕਿਤੇ ਇੱਦਾਂ ਨਾ ਹੋਵੇ ਕਿ ਉਹ ਆਪਣੇ ਭਰਾਵਾਂ ਦਾ ਵੀ ਹੌਸਲਾ ਢਾਹ ਦੇਵੇ।’*+ 9 ਇਹ ਸਭ ਕਹਿਣ ਤੋਂ ਬਾਅਦ ਅਧਿਕਾਰੀ ਫ਼ੌਜ ਦੀ ਅਗਵਾਈ ਕਰਨ ਲਈ ਮੁਖੀ ਨਿਯੁਕਤ ਕਰਨ।

10 “ਜੇ ਤੁਸੀਂ ਕਿਸੇ ਸ਼ਹਿਰ ਉੱਤੇ ਹਮਲਾ ਕਰਨ ਜਾਂਦੇ ਹੋ, ਤਾਂ ਤੁਸੀਂ ਉੱਥੇ ਦੇ ਲੋਕਾਂ ਅੱਗੇ ਸ਼ਾਂਤੀ ਦੀਆਂ ਸ਼ਰਤਾਂ ਰੱਖੋ।+ 11 ਜੇ ਉਹ ਸ਼ਰਤਾਂ ਮੰਨ ਲੈਂਦੇ ਹਨ ਅਤੇ ਆਪਣੇ ਸ਼ਹਿਰ ਦੇ ਦਰਵਾਜ਼ੇ ਤੁਹਾਡੇ ਲਈ ਖੋਲ੍ਹ ਦਿੰਦੇ ਹਨ, ਤਾਂ ਉੱਥੇ ਦੇ ਸਾਰੇ ਲੋਕ ਤੁਹਾਡੇ ਗ਼ੁਲਾਮ ਬਣ ਜਾਣਗੇ ਅਤੇ ਤੁਹਾਡੇ ਲਈ ਕੰਮ ਕਰਨਗੇ।+ 12 ਪਰ ਜੇ ਉਹ ਸ਼ਾਂਤੀ ਦੀਆਂ ਸ਼ਰਤਾਂ ਮੰਨਣ ਤੋਂ ਇਨਕਾਰ ਕਰਦੇ ਹਨ ਅਤੇ ਤੁਹਾਡੇ ਨਾਲ ਲੜਾਈ ਕਰਨ ਲਈ ਤਿਆਰ ਹੋ ਜਾਂਦੇ ਹਨ, ਤਾਂ ਤੁਸੀਂ ਉਸ ਸ਼ਹਿਰ ਦੀ ਘੇਰਾਬੰਦੀ ਕਰਿਓ। 13 ਤੁਹਾਡਾ ਪਰਮੇਸ਼ੁਰ ਯਹੋਵਾਹ ਜ਼ਰੂਰ ਉਨ੍ਹਾਂ ਨੂੰ ਤੁਹਾਡੇ ਹੱਥ ਵਿਚ ਦੇ ਦੇਵੇਗਾ ਅਤੇ ਤੁਸੀਂ ਉਸ ਸ਼ਹਿਰ ਦੇ ਹਰ ਆਦਮੀ ਨੂੰ ਤਲਵਾਰ ਨਾਲ ਵੱਢ ਸੁੱਟਿਓ। 14 ਪਰ ਤੁਸੀਂ ਔਰਤਾਂ, ਬੱਚਿਆਂ, ਪਾਲਤੂ ਪਸ਼ੂਆਂ ਅਤੇ ਉਸ ਸ਼ਹਿਰ ਦੀ ਹਰ ਚੀਜ਼ ਆਪਣੇ ਲਈ ਲੁੱਟ ਲਓ।+ ਤੁਸੀਂ ਆਪਣੇ ਦੁਸ਼ਮਣਾਂ ਦੀਆਂ ਕੀਮਤੀ ਚੀਜ਼ਾਂ ਲੈ ਲਓ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਵੇਗਾ।+

15 “ਤੁਸੀਂ ਉਨ੍ਹਾਂ ਸਾਰੇ ਸ਼ਹਿਰਾਂ ਦਾ ਇਹੀ ਹਾਲ ਕਰਿਓ ਜਿਹੜੇ ਤੁਹਾਡੇ ਤੋਂ ਬਹੁਤ ਦੂਰ ਹਨ ਅਤੇ ਜਿਹੜੇ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਦੇ ਸ਼ਹਿਰ ਨਹੀਂ ਹਨ। 16 ਪਰ ਤੁਹਾਡਾ ਪਰਮੇਸ਼ੁਰ ਯਹੋਵਾਹ ਆਲੇ-ਦੁਆਲੇ ਦੀਆਂ ਕੌਮਾਂ ਦੇ ਸ਼ਹਿਰ ਤੁਹਾਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹੈ। ਤੁਸੀਂ ਇਨ੍ਹਾਂ ਵਿਚ ਕਿਸੇ ਵੀ ਇਨਸਾਨ ਨੂੰ ਜੀਉਂਦਾ ਨਾ ਛੱਡਿਓ।+ 17 ਇਸ ਦੀ ਬਜਾਇ, ਤੁਸੀਂ ਇਨ੍ਹਾਂ ਕੌਮਾਂ ਨੂੰ ਯਾਨੀ ਹਿੱਤੀਆਂ, ਅਮੋਰੀਆਂ, ਕਨਾਨੀਆਂ, ਪਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਪੂਰੀ ਤਰ੍ਹਾਂ ਨਾਸ਼ ਕਰ ਦਿਓ,+ ਠੀਕ ਜਿਵੇਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ 18 ਤਾਂਕਿ ਉਹ ਤੁਹਾਨੂੰ ਆਪਣੇ ਸਾਰੇ ਘਿਣਾਉਣੇ ਕੰਮ ਨਾ ਸਿਖਾ ਸਕਣ ਜੋ ਉਹ ਆਪਣੇ ਦੇਵਤਿਆਂ ਲਈ ਕਰਦੇ ਹਨ ਅਤੇ ਉਹ ਤੁਹਾਡੇ ਤੋਂ ਤੁਹਾਡੇ ਪਰਮੇਸ਼ੁਰ ਯਹੋਵਾਹ ਦੇ ਖ਼ਿਲਾਫ਼ ਪਾਪ ਨਾ ਕਰਵਾਉਣ।+

19 “ਜੇ ਤੁਸੀਂ ਕਿਸੇ ਸ਼ਹਿਰ ਉੱਤੇ ਕਬਜ਼ਾ ਕਰਨ ਲਈ ਉਸ ਦੇ ਆਲੇ-ਦੁਆਲੇ ਘੇਰਾਬੰਦੀ ਕਰਦੇ ਹੋ ਅਤੇ ਬਹੁਤ ਦਿਨਾਂ ਤਕ ਯੁੱਧ ਕਰਦੇ ਹੋ, ਤਾਂ ਤੁਸੀਂ ਉੱਥੇ ਦੇ ਦਰਖ਼ਤਾਂ ਨੂੰ ਨਾ ਵੱਢਿਓ। ਤੁਸੀਂ ਉਨ੍ਹਾਂ ਦਾ ਫਲ ਖਾ ਸਕਦੇ ਹੋ, ਪਰ ਉਨ੍ਹਾਂ ਨੂੰ ਵੱਢ ਨਹੀਂ ਸਕਦੇ।+ ਤੁਸੀਂ ਇਨਸਾਨਾਂ ਵਾਂਗ ਦਰਖ਼ਤਾਂ ʼਤੇ ਹਮਲਾ ਨਾ ਕਰਿਓ। 20 ਤੁਸੀਂ ਸਿਰਫ਼ ਉਹੀ ਦਰਖ਼ਤ ਵੱਢਿਓ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੈ ਕਿ ਉਹ ਫਲਦਾਰ ਨਹੀਂ ਹਨ। ਤੁਸੀਂ ਉਨ੍ਹਾਂ ਦਰਖ਼ਤਾਂ ਨੂੰ ਵੱਢ ਕੇ ਲੜਾਈ ਵੇਲੇ ਸ਼ਹਿਰ ਦੀ ਘੇਰਾਬੰਦੀ ਲਈ ਵਰਤ ਸਕਦੇ ਹੋ ਜਦ ਤਕ ਤੁਸੀਂ ਸ਼ਹਿਰ ਨੂੰ ਜਿੱਤ ਨਹੀਂ ਲੈਂਦੇ।

21 “ਤੁਹਾਡਾ ਪਰਮੇਸ਼ੁਰ ਯਹੋਵਾਹ ਜੋ ਦੇਸ਼ ਤੁਹਾਡੇ ਕਬਜ਼ੇ ਹੇਠ ਕਰਨ ਜਾ ਰਿਹਾ ਹੈ, ਜੇ ਉੱਥੇ ਕਿਸੇ ਮੈਦਾਨ ਵਿਚ ਤੁਹਾਨੂੰ ਕਿਸੇ ਦੀ ਲਾਸ਼ ਪਈ ਮਿਲਦੀ ਹੈ, ਪਰ ਇਹ ਪਤਾ ਨਾ ਲੱਗੇ ਕਿ ਖ਼ੂਨ ਕਿਸ ਨੇ ਕੀਤਾ ਹੈ, 2 ਤਾਂ ਤੁਹਾਡੇ ਬਜ਼ੁਰਗ ਅਤੇ ਨਿਆਂਕਾਰ+ ਉਸ ਜਗ੍ਹਾ ਜਾਣ ਜਿੱਥੇ ਉਹ ਲਾਸ਼ ਪਈ ਹੈ ਅਤੇ ਲਾਸ਼ ਤੋਂ ਆਲੇ-ਦੁਆਲੇ ਦੇ ਸ਼ਹਿਰਾਂ ਦੀ ਦੂਰੀ ਮਿਣਨ। 3 ਜਿਹੜਾ ਸ਼ਹਿਰ ਲਾਸ਼ ਦੇ ਸਭ ਤੋਂ ਨੇੜੇ ਪੈਂਦਾ ਹੈ, ਉਸ ਸ਼ਹਿਰ ਦੇ ਬਜ਼ੁਰਗ ਇਕ ਵੱਛੀ ਲੈਣ ਜਿਸ ਤੋਂ ਕਦੇ ਕੋਈ ਕੰਮ ਨਾ ਕਰਾਇਆ ਗਿਆ ਹੋਵੇ ਅਤੇ ਨਾ ਹੀ ਉਸ ਨੂੰ ਜੂਲੇ ਹੇਠ ਜੋਤਿਆ ਗਿਆ ਹੋਵੇ। 4 ਫਿਰ ਉਸ ਸ਼ਹਿਰ ਦੇ ਬਜ਼ੁਰਗ ਉਸ ਵੱਛੀ ਨੂੰ ਅਜਿਹੀ ਘਾਟੀ ਵਿਚ ਲੈ ਜਾਣ ਜਿੱਥੇ ਪਾਣੀ ਵਗਦਾ ਹੋਵੇ ਅਤੇ ਉੱਥੇ ਨਾ ਤਾਂ ਵਾਹੀ ਕੀਤੀ ਗਈ ਹੋਵੇ ਅਤੇ ਨਾ ਹੀ ਬੀ ਬੀਜਿਆ ਗਿਆ ਹੋਵੇ। ਬਜ਼ੁਰਗ ਉਸ ਘਾਟੀ ਵਿਚ ਵੱਛੀ ਦੀ ਧੌਣ ਤੋੜ ਦੇਣ।+

5 “ਫਿਰ ਲੇਵੀ ਪੁਜਾਰੀ ਅੱਗੇ ਆਉਣ ਕਿਉਂਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਨੂੰ ਆਪਣੀ ਸੇਵਾ ਕਰਨ ਲਈ+ ਅਤੇ ਯਹੋਵਾਹ ਦੇ ਨਾਂ ʼਤੇ ਬਰਕਤਾਂ ਦੇਣ ਲਈ ਚੁਣਿਆ ਹੈ।+ ਉਹ ਦੱਸਣਗੇ ਕਿ ਮਾਰ-ਧਾੜ ਦੇ ਹਰ ਮਾਮਲੇ ਦਾ ਫ਼ੈਸਲਾ ਕਿਵੇਂ ਕੀਤਾ ਜਾਣਾ ਚਾਹੀਦਾ ਹੈ।+ 6 ਫਿਰ ਜਿਹੜਾ ਸ਼ਹਿਰ ਉਸ ਲਾਸ਼ ਦੇ ਸਭ ਤੋਂ ਨੇੜੇ ਹੈ, ਉੱਥੇ ਦੇ ਬਜ਼ੁਰਗ ਉਸ ਵੱਛੀ ʼਤੇ ਆਪਣੇ ਹੱਥ ਧੋਣ+ ਜਿਸ ਦੀ ਧੌਣ ਘਾਟੀ ਵਿਚ ਤੋੜ ਦਿੱਤੀ ਗਈ ਹੈ 7 ਅਤੇ ਉਹ ਇਹ ਐਲਾਨ ਕਰਨ, ‘ਸਾਡੇ ਹੱਥਾਂ ਨੇ ਇਸ ਆਦਮੀ ਦਾ ਖ਼ੂਨ ਨਹੀਂ ਵਹਾਇਆ ਅਤੇ ਨਾ ਹੀ ਸਾਡੀਆਂ ਅੱਖਾਂ ਨੇ ਇਸ ਦਾ ਖ਼ੂਨ ਹੁੰਦਾ ਦੇਖਿਆ ਹੈ। 8 ਹੇ ਯਹੋਵਾਹ, ਤੂੰ ਆਪਣੀ ਪਰਜਾ ਇਜ਼ਰਾਈਲ ਨੂੰ ਇਸ ਦਾ ਕਸੂਰਵਾਰ ਨਾ ਠਹਿਰਾ ਜਿਸ ਨੂੰ ਤੂੰ ਗ਼ੁਲਾਮੀ ਤੋਂ ਛੁਡਾਇਆ ਹੈ+ ਅਤੇ ਕਿਸੇ ਬੇਕਸੂਰ ਦੇ ਕਤਲ ਦਾ ਦੋਸ਼ ਆਪਣੇ ਇਜ਼ਰਾਈਲੀ ਲੋਕਾਂ ਵਿੱਚੋਂ ਮਿਟਾ ਦੇ।’+ ਫਿਰ ਉਨ੍ਹਾਂ ਨੂੰ ਉਸ ਕਤਲ ਦਾ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ। 9 ਇਸ ਤਰ੍ਹਾਂ ਤੁਸੀਂ ਆਪਣੇ ਵਿੱਚੋਂ ਉਸ ਬੇਕਸੂਰ ਦੇ ਕਤਲ ਦਾ ਦੋਸ਼ ਮਿਟਾ ਦਿਓਗੇ ਕਿਉਂਕਿ ਤੁਸੀਂ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਹੈ।

10 “ਜਦੋਂ ਤੂੰ ਆਪਣੇ ਦੁਸ਼ਮਣਾਂ ਦੇ ਖ਼ਿਲਾਫ਼ ਲੜਾਈ ਕਰਨ ਜਾਂਦਾ ਹੈਂ ਅਤੇ ਤੇਰਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਨੂੰ ਹਰਾ ਦਿੰਦਾ ਹੈ ਅਤੇ ਤੂੰ ਉਨ੍ਹਾਂ ਨੂੰ ਬੰਦੀ ਬਣਾ ਲੈਂਦਾ ਹੈਂ+ 11 ਅਤੇ ਜੇ ਬੰਦੀ ਬਣਾਏ ਲੋਕਾਂ ਵਿੱਚੋਂ ਤੈਨੂੰ ਕੋਈ ਖ਼ੂਬਸੂਰਤ ਔਰਤ ਪਸੰਦ ਆਉਂਦੀ ਹੈ ਅਤੇ ਤੂੰ ਉਸ ਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਹੈਂ, 12 ਤਾਂ ਤੂੰ ਉਸ ਨੂੰ ਆਪਣੇ ਘਰ ਲਿਆ ਸਕਦਾ ਹੈਂ। ਉਹ ਔਰਤ ਆਪਣਾ ਸਿਰ ਮੁਨਾਵੇ, ਆਪਣੇ ਨਹੁੰ ਕੱਟੇ, 13 ਅਤੇ ਗ਼ੁਲਾਮੀ ਦੇ ਕੱਪੜੇ ਲਾਹ ਸੁੱਟੇ। ਫਿਰ ਉਹ ਤੇਰੇ ਘਰ ਰਹਿ ਕੇ ਆਪਣੇ ਮਾਂ-ਪਿਉ ਲਈ ਇਕ ਮਹੀਨਾ ਸੋਗ ਮਨਾਵੇ।+ ਇਸ ਤੋਂ ਬਾਅਦ ਤੂੰ ਉਸ ਨਾਲ ਸਰੀਰਕ ਸੰਬੰਧ ਕਾਇਮ ਕਰ ਸਕਦਾ ਹੈਂ; ਫਿਰ ਤੂੰ ਉਸ ਦਾ ਪਤੀ ਹੋਵੇਂਗਾ ਅਤੇ ਉਹ ਤੇਰੀ ਪਤਨੀ ਹੋਵੇਗੀ। 14 ਪਰ ਜੇ ਤੂੰ ਉਸ ਤੋਂ ਖ਼ੁਸ਼ ਨਹੀਂ ਹੈਂ, ਤਾਂ ਉਹ ਜਿੱਥੇ ਜਾਣਾ ਚਾਹੁੰਦੀ ਹੈ, ਤੂੰ ਉਸ ਨੂੰ ਜਾਣ ਦੇਈਂ।+ ਪਰ ਤੂੰ ਉਸ ਨੂੰ ਪੈਸਿਆਂ ਲਈ ਨਾ ਵੇਚੀਂ ਜਾਂ ਉਸ ਨਾਲ ਬਦਸਲੂਕੀ ਨਾ ਕਰੀਂ ਕਿਉਂਕਿ ਤੂੰ ਉਸ ਨੂੰ ਜ਼ਬਰਦਸਤੀ ਆਪਣੀ ਪਤਨੀ ਬਣਾਇਆ ਸੀ।

15 “ਮੰਨ ਲਓ ਇਕ ਆਦਮੀ ਦੀਆਂ ਦੋ ਪਤਨੀਆਂ ਹਨ। ਉਹ ਇਕ ਪਤਨੀ ਨੂੰ ਦੂਜੀ ਨਾਲੋਂ ਜ਼ਿਆਦਾ ਪਿਆਰ ਕਰਦਾ ਹੈ।* ਉਨ੍ਹਾਂ ਦੋਵਾਂ ਤੋਂ ਉਸ ਦੇ ਮੁੰਡੇ ਪੈਦਾ ਹੋਏ ਹਨ ਅਤੇ ਜੇਠਾ ਮੁੰਡਾ ਉਸ ਪਤਨੀ ਦਾ ਹੈ ਜਿਸ ਨੂੰ ਉਹ ਘੱਟ ਪਿਆਰ ਕਰਦਾ ਹੈ।+ 16 ਜਿਸ ਦਿਨ ਉਹ ਆਦਮੀ ਆਪਣੀ ਜਾਇਦਾਦ ਆਪਣੇ ਪੁੱਤਰਾਂ ਵਿਚ ਵੰਡੇਗਾ, ਤਾਂ ਉਸ ਨੂੰ ਇਹ ਇਜਾਜ਼ਤ ਨਹੀਂ ਹੋਵੇਗੀ ਕਿ ਉਹ ਆਪਣੀ ਘੱਟ ਪਿਆਰੀ ਪਤਨੀ ਦੇ ਜੇਠੇ ਮੁੰਡੇ ਦਾ ਹੱਕ ਆਪਣੀ ਪਿਆਰੀ ਪਤਨੀ ਦੇ ਮੁੰਡੇ ਨੂੰ ਦੇਵੇ। 17 ਜਿਸ ਪਤਨੀ ਨੂੰ ਉਹ ਘੱਟ ਪਿਆਰ ਕਰਦਾ ਹੈ, ਉਸ ਦੇ ਮੁੰਡੇ ਨੂੰ ਆਪਣੀਆਂ ਸਾਰੀਆਂ ਚੀਜ਼ਾਂ ਦਾ ਦੁਗਣਾ ਹਿੱਸਾ ਦੇ ਕੇ ਦਿਖਾਵੇ ਕਿ ਉਹ ਉਸ ਦਾ ਜੇਠਾ ਪੁੱਤਰ ਹੈ ਕਿਉਂਕਿ ਉਹੀ ਬੱਚੇ ਪੈਦਾ ਕਰਨ ਦੀ ਉਸ ਦੀ ਤਾਕਤ ਦੀ ਸ਼ੁਰੂਆਤ ਹੈ। ਜੇਠਾ ਹੋਣ ਦਾ ਹੱਕ ਸਿਰਫ਼ ਉਸੇ ਮੁੰਡੇ ਦਾ ਹੈ।+

18 “ਜੇ ਕਿਸੇ ਆਦਮੀ ਦਾ ਪੁੱਤਰ ਜ਼ਿੱਦੀ ਅਤੇ ਬਾਗ਼ੀ ਹੈ ਅਤੇ ਉਹ ਆਪਣੇ ਮਾਤਾ-ਪਿਤਾ ਦਾ ਕਹਿਣਾ ਨਹੀਂ ਮੰਨਦਾ+ ਅਤੇ ਉਨ੍ਹਾਂ ਨੇ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਉਨ੍ਹਾਂ ਦੀ ਨਹੀਂ ਸੁਣਦਾ,+ 19 ਤਾਂ ਮਾਤਾ-ਪਿਤਾ ਉਸ ਨੂੰ ਫੜ ਕੇ ਸ਼ਹਿਰ ਦੇ ਦਰਵਾਜ਼ੇ ʼਤੇ ਬਜ਼ੁਰਗਾਂ ਕੋਲ ਲਿਜਾਣ। 20 ਅਤੇ ਉਹ ਸ਼ਹਿਰ ਦੇ ਬਜ਼ੁਰਗਾਂ ਨੂੰ ਦੱਸਣ, ‘ਸਾਡਾ ਮੁੰਡਾ ਜ਼ਿੱਦੀ ਅਤੇ ਬਾਗ਼ੀ ਹੈ ਅਤੇ ਸਾਡਾ ਕਹਿਣਾ ਨਹੀਂ ਮੰਨਦਾ। ਉਹ ਪੇਟੂ+ ਅਤੇ ਸ਼ਰਾਬੀ ਹੈ।’+ 21 ਫਿਰ ਉਸ ਦੇ ਸ਼ਹਿਰ ਦੇ ਸਾਰੇ ਆਦਮੀ ਉਸ ਮੁੰਡੇ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦੇਣ। ਇਸ ਤਰ੍ਹਾਂ ਤੁਸੀਂ ਆਪਣੇ ਲੋਕਾਂ ਵਿੱਚੋਂ ਇਹ ਬੁਰਾਈ ਕੱਢ ਦੇਣਾ। ਫਿਰ ਜਦੋਂ ਪੂਰਾ ਇਜ਼ਰਾਈਲ ਇਸ ਬਾਰੇ ਸੁਣੇਗਾ, ਤਾਂ ਸਾਰੇ ਲੋਕ ਡਰਨਗੇ।+

22 “ਜੇ ਕੋਈ ਇਨਸਾਨ ਮੌਤ ਦੀ ਸਜ਼ਾ ਦੇ ਲਾਇਕ ਪਾਪ ਕਰਦਾ ਹੈ ਅਤੇ ਉਸ ਨੂੰ ਮਾਰਨ ਤੋਂ ਬਾਅਦ+ ਤੁਸੀਂ ਉਸ ਦੀ ਲਾਸ਼ ਸੂਲ਼ੀ ਉੱਤੇ ਟੰਗ ਦਿੱਤੀ ਹੈ,+ 23 ਤਾਂ ਉਸ ਦੀ ਲਾਸ਼ ਪੂਰੀ ਰਾਤ ਸੂਲ਼ੀ ʼਤੇ ਨਾ ਟੰਗੀ ਰਹਿਣ ਦਿਓ।+ ਇਸ ਦੀ ਬਜਾਇ, ਤੁਸੀਂ ਉਸ ਨੂੰ ਉਸੇ ਦਿਨ ਦਫ਼ਨਾ ਦਿਓ ਕਿਉਂਕਿ ਸੂਲ਼ੀ ʼਤੇ ਟੰਗਿਆ ਇਨਸਾਨ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਰਾਪਿਆ ਹੋਇਆ ਹੈ।+ ਅਤੇ ਤੁਸੀਂ ਉਸ ਦੇਸ਼ ਨੂੰ ਭ੍ਰਿਸ਼ਟ ਨਾ ਕਰਿਓ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹੈ।+

22 “ਜੇ ਤੂੰ ਆਪਣੇ ਭਰਾ ਦੇ ਬਲਦ ਜਾਂ ਭੇਡ ਨੂੰ ਭਟਕਦਿਆਂ ਦੇਖੇਂ, ਤਾਂ ਤੂੰ ਜਾਣ-ਬੁੱਝ ਕੇ ਉਸ ਨੂੰ ਨਜ਼ਰਅੰਦਾਜ਼ ਨਾ ਕਰੀਂ।+ ਤੂੰ ਜ਼ਰੂਰ ਉਸ ਨੂੰ ਆਪਣੇ ਭਰਾ ਕੋਲ ਲੈ ਜਾਈਂ। 2 ਪਰ ਜੇ ਤੇਰਾ ਭਰਾ ਤੇਰੇ ਘਰ ਦੇ ਨੇੜੇ ਨਹੀਂ ਰਹਿੰਦਾ ਜਾਂ ਤੈਨੂੰ ਨਹੀਂ ਪਤਾ ਕਿ ਉਸ ਜਾਨਵਰ ਦਾ ਮਾਲਕ ਕੌਣ ਹੈ, ਤਾਂ ਤੂੰ ਉਸ ਨੂੰ ਆਪਣੇ ਘਰ ਲੈ ਆਈਂ ਅਤੇ ਉਸ ਨੂੰ ਆਪਣੇ ਕੋਲ ਤਦ ਤਕ ਰੱਖੀਂ ਜਦ ਤਕ ਤੇਰਾ ਭਰਾ ਉਸ ਨੂੰ ਲੱਭਦੇ ਹੋਏ ਤੇਰੇ ਕੋਲ ਨਹੀਂ ਆ ਜਾਂਦਾ। ਜਦ ਉਹ ਆਵੇ, ਤਾਂ ਤੂੰ ਉਹ ਜਾਨਵਰ ਉਸ ਨੂੰ ਵਾਪਸ ਕਰ ਦੇਈਂ।+ 3 ਤੈਨੂੰ ਆਪਣੇ ਭਰਾ ਦੀ ਜੋ ਵੀ ਗੁਆਚੀ ਚੀਜ਼ ਲੱਭਦੀ ਹੈ, ਤੂੰ ਉਸ ਨੂੰ ਵਾਪਸ ਕਰ ਦੇਈਂ, ਚਾਹੇ ਉਸ ਦਾ ਗਧਾ ਹੋਵੇ ਜਾਂ ਉਸ ਦਾ ਕੋਈ ਕੱਪੜਾ। ਤੂੰ ਉਸ ਨੂੰ ਨਜ਼ਰਅੰਦਾਜ਼ ਨਾ ਕਰੀਂ।

4 “ਜੇ ਤੂੰ ਆਪਣੇ ਭਰਾ ਦੇ ਗਧੇ ਜਾਂ ਬਲਦ ਨੂੰ ਸੜਕ ʼਤੇ ਡਿਗਿਆ ਹੋਇਆ ਦੇਖੇਂ, ਤਾਂ ਤੂੰ ਜਾਣ-ਬੁੱਝ ਕੇ ਉਸ ਨੂੰ ਨਜ਼ਰਅੰਦਾਜ਼ ਨਾ ਕਰੀਂ। ਤੂੰ ਉਸ ਜਾਨਵਰ ਨੂੰ ਖੜ੍ਹਾ ਕਰਨ ਵਿਚ ਆਪਣੇ ਭਰਾ ਦੀ ਜ਼ਰੂਰ ਮਦਦ ਕਰੀਂ।+

5 “ਔਰਤ ਨੂੰ ਆਦਮੀਆਂ ਵਾਲੇ ਕੱਪੜੇ ਨਹੀਂ ਪਾਉਣੇ ਚਾਹੀਦੇ ਅਤੇ ਆਦਮੀ ਨੂੰ ਔਰਤਾਂ ਵਾਲੇ ਕੱਪੜੇ ਨਹੀਂ ਪਾਉਣੇ ਚਾਹੀਦੇ। ਜਿਹੜਾ ਵੀ ਇਸ ਤਰ੍ਹਾਂ ਕਰਦਾ ਹੈ, ਉਹ ਤੁਹਾਡੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣਾ ਹੈ।

6 “ਜੇ ਤੈਨੂੰ ਰਾਹ ਵਿਚ ਕਿਸੇ ਦਰਖ਼ਤ ਜਾਂ ਜ਼ਮੀਨ ʼਤੇ ਆਲ੍ਹਣਾ ਪਿਆ ਦਿਖਾਈ ਦੇਵੇ ਅਤੇ ਉਸ ਵਿਚ ਪੰਛੀ ਦੇ ਬੱਚੇ ਜਾਂ ਆਂਡੇ ਪਏ ਹੋਣ ਅਤੇ ਮਾਂ ਆਪਣੇ ਬੱਚਿਆਂ ਜਾਂ ਆਂਡਿਆਂ ਉੱਤੇ ਬੈਠੀ ਹੋਵੇ, ਤਾਂ ਤੂੰ ਬੱਚਿਆਂ ਦੇ ਨਾਲ ਉਸ ਪੰਛੀ ਨੂੰ ਨਾ ਫੜੀਂ।+ 7 ਤੂੰ ਬੱਚੇ ਲੈ ਸਕਦਾ ਹੈਂ, ਪਰ ਪੰਛੀ ਨੂੰ ਉਡਾ ਦੇਈਂ। ਇਸ ਤਰ੍ਹਾਂ ਕਰਨ ਨਾਲ ਤੇਰਾ ਭਲਾ ਹੋਵੇਗਾ ਅਤੇ ਤੂੰ ਲੰਬੀ ਜ਼ਿੰਦਗੀ ਜੀ ਸਕੇਂਗਾ।

8 “ਜਦ ਤੂੰ ਨਵਾਂ ਘਰ ਬਣਾਵੇਂ, ਤਾਂ ਤੂੰ ਛੱਤ ʼਤੇ ਬਨੇਰਾ ਜ਼ਰੂਰ ਬਣਾਈਂ,+ ਕਿਤੇ ਇੱਦਾਂ ਨਾ ਹੋਵੇ ਕਿ ਕੋਈ ਛੱਤ ਤੋਂ ਡਿਗ ਪਵੇ ਅਤੇ ਉਸ ਦੇ ਖ਼ੂਨ ਦਾ ਦੋਸ਼ ਤੇਰੇ ਸਿਰ ਆ ਪਵੇ।

9 “ਤੂੰ ਆਪਣੇ ਅੰਗੂਰਾਂ ਦੇ ਬਾਗ਼ ਵਿਚ ਦੋ ਤਰ੍ਹਾਂ ਦੀ ਫ਼ਸਲ* ਨਾ ਬੀਜੀਂ।+ ਨਹੀਂ ਤਾਂ ਅੰਗੂਰਾਂ ਦੇ ਬਾਗ਼ ਦੀ ਸਾਰੀ ਪੈਦਾਵਾਰ ਅਤੇ ਦੂਜੀ ਫ਼ਸਲ ਦੀ ਸਾਰੀ ਪੈਦਾਵਾਰ ਜ਼ਬਤ ਕਰ ਕੇ ਪਵਿੱਤਰ ਸਥਾਨ ਵਿਚ ਚੜ੍ਹਾ ਦਿੱਤੀ ਜਾਵੇਗੀ।

10 “ਤੂੰ ਖੇਤ ਵਾਹੁਣ ਲਈ ਬਲਦ ਅਤੇ ਗਧੇ ਨੂੰ ਇੱਕੋ ਜੂਲੇ ਹੇਠ ਨਾ ਜੋਤੀਂ।+

11 “ਤੂੰ ਅਜਿਹਾ ਕੱਪੜਾ ਨਾ ਪਾਈਂ ਜੋ ਉੱਨ ਅਤੇ ਮਲਮਲ ਦੇ ਧਾਗਿਆਂ ਨਾਲ ਬੁਣਿਆ ਹੋਵੇ।+

12 “ਤੂੰ ਆਪਣੇ ਚੋਗੇ ਦੇ ਚਾਰੇ ਕੋਨਿਆਂ ʼਤੇ ਫੁੰਮਣ ਲਾਈਂ।+

13 “ਮੰਨ ਲਓ ਇਕ ਆਦਮੀ ਵਿਆਹ ਕਰਾਉਂਦਾ ਹੈ ਅਤੇ ਆਪਣੀ ਪਤਨੀ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਪਰ ਫਿਰ ਉਹ ਉਸ ਨੂੰ ਨਫ਼ਰਤ ਕਰਨ ਲੱਗ ਪੈਂਦਾ ਹੈ।* 14 ਉਹ ਉਸ ʼਤੇ ਬਦਚਲਣੀ ਦਾ ਦੋਸ਼ ਲਾਉਂਦਾ ਹੈ ਅਤੇ ਇਹ ਕਹਿ ਕੇ ਉਸ ਨੂੰ ਬਦਨਾਮ ਕਰਦਾ ਹੈ: ‘ਮੈਂ ਇਸ ਨਾਲ ਵਿਆਹ ਕਰਾਇਆ ਸੀ, ਪਰ ਜਦ ਮੈਂ ਇਸ ਨਾਲ ਸਰੀਰਕ ਸੰਬੰਧ ਬਣਾਏ, ਤਾਂ ਮੈਨੂੰ ਇਸ ਦੇ ਕੁਆਰੇ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ।’ 15 ਤਦ ਕੁੜੀ ਦੇ ਮਾਤਾ-ਪਿਤਾ ਸ਼ਹਿਰ ਦੇ ਦਰਵਾਜ਼ੇ ʼਤੇ ਬਜ਼ੁਰਗਾਂ ਕੋਲ ਜਾਣ ਅਤੇ ਉਨ੍ਹਾਂ ਸਾਮ੍ਹਣੇ ਆਪਣੀ ਕੁੜੀ ਦੇ ਕੁਆਰੇ ਹੋਣ ਦਾ ਸਬੂਤ ਪੇਸ਼ ਕਰਨ। 16 ਕੁੜੀ ਦਾ ਪਿਤਾ ਬਜ਼ੁਰਗਾਂ ਨੂੰ ਕਹੇ, ‘ਮੈਂ ਆਪਣੀ ਕੁੜੀ ਦਾ ਵਿਆਹ ਇਸ ਆਦਮੀ ਨਾਲ ਕੀਤਾ ਸੀ, ਪਰ ਹੁਣ ਇਹ ਉਸ ਨਾਲ ਨਫ਼ਰਤ ਕਰਦਾ ਹੈ* 17 ਅਤੇ ਇਸ ਨੇ ਉਸ ʼਤੇ ਬਦਚਲਣੀ ਦਾ ਦੋਸ਼ ਲਾ ਕੇ ਇਹ ਗੱਲ ਕਹੀ ਹੈ: “ਮੈਨੂੰ ਤੁਹਾਡੀ ਕੁੜੀ ਦੇ ਕੁਆਰੇ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ।” ਪਰ ਆਹ ਦੇਖੋ ਮੇਰੀ ਧੀ ਦੇ ਕੁਆਰੇ ਹੋਣ ਦਾ ਸਬੂਤ।’ ਫਿਰ ਕੁੜੀ ਦੇ ਮਾਤਾ-ਪਿਤਾ ਸ਼ਹਿਰ ਦੇ ਬਜ਼ੁਰਗਾਂ ਸਾਮ੍ਹਣੇ ਸਬੂਤ ਵਜੋਂ ਚਾਦਰ ਵਿਛਾਉਣ। 18 ਸ਼ਹਿਰ ਦੇ ਬਜ਼ੁਰਗ+ ਉਸ ਆਦਮੀ ਨੂੰ ਸਜ਼ਾ ਦੇਣ।+ 19 ਬਜ਼ੁਰਗ ਉਸ ਉੱਤੇ 100 ਸ਼ੇਕੇਲ* ਚਾਂਦੀ ਜੁਰਮਾਨਾ ਲਾਉਣ ਅਤੇ ਕੁੜੀ ਦੇ ਪਿਤਾ ਨੂੰ ਦੇ ਦੇਣ ਕਿਉਂਕਿ ਉਸ ਆਦਮੀ ਨੇ ਇਜ਼ਰਾਈਲ ਦੀ ਇਕ ਕੁਆਰੀ ਕੁੜੀ ਨੂੰ ਬੇਇੱਜ਼ਤ ਕੀਤਾ ਹੈ।+ ਨਾਲੇ ਕੁੜੀ ਉਸ ਦੀ ਪਤਨੀ ਬਣੀ ਰਹੇਗੀ ਅਤੇ ਉਹ ਆਪਣੇ ਜੀਉਂਦੇ-ਜੀ ਕੁੜੀ ਨੂੰ ਤਲਾਕ ਨਹੀਂ ਦੇ ਸਕਦਾ।

20 “ਪਰ ਜੇ ਕੁੜੀ ʼਤੇ ਲਾਇਆ ਦੋਸ਼ ਸੱਚ ਹੈ ਅਤੇ ਉਸ ਦੇ ਕੁਆਰੇ ਹੋਣ ਦਾ ਕੋਈ ਸਬੂਤ ਨਹੀਂ ਮਿਲਦਾ, 21 ਤਾਂ ਉਹ ਕੁੜੀ ਨੂੰ ਉਸ ਦੇ ਪਿਤਾ ਦੇ ਘਰ ਦੇ ਦਰਵਾਜ਼ੇ ਕੋਲ ਲਿਆਉਣ ਅਤੇ ਉਸ ਦੇ ਸ਼ਹਿਰ ਦੇ ਆਦਮੀ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਮੁਕਾਉਣ ਕਿਉਂਕਿ ਉਸ ਨੇ ਆਪਣੇ ਪਿਤਾ ਦੇ ਘਰ ਰਹਿੰਦਿਆਂ ਹਰਾਮਕਾਰੀ* ਕਰ ਕੇ ਇਜ਼ਰਾਈਲ ਵਿਚ ਬੇਸ਼ਰਮੀ ਭਰਿਆ ਕੰਮ ਕੀਤਾ ਹੈ।+ ਇਸ ਤਰ੍ਹਾਂ ਤੁਸੀਂ ਆਪਣੇ ਲੋਕਾਂ ਵਿੱਚੋਂ ਇਹ ਬੁਰਾਈ ਕੱਢ ਦਿਓ।+

22 “ਜੇ ਕੋਈ ਆਦਮੀ ਕਿਸੇ ਹੋਰ ਦੀ ਪਤਨੀ ਨਾਲ ਸਰੀਰਕ ਸੰਬੰਧ ਬਣਾਉਂਦਾ ਹੋਇਆ ਫੜਿਆ ਜਾਵੇ, ਤਾਂ ਉਸ ਆਦਮੀ ਤੇ ਔਰਤ ਦੋਵਾਂ ਨੂੰ ਇਕੱਠਿਆਂ ਜਾਨੋਂ ਮਾਰ ਦਿੱਤਾ ਜਾਵੇ।+ ਇਸ ਤਰ੍ਹਾਂ ਤੁਸੀਂ ਇਜ਼ਰਾਈਲ ਵਿੱਚੋਂ ਇਹ ਬੁਰਾਈ ਕੱਢ ਦਿਓ।

23 “ਜੇ ਕਿਸੇ ਕੁਆਰੀ ਕੁੜੀ ਦੀ ਮੰਗਣੀ ਹੋਈ ਹੈ ਅਤੇ ਉਸ ਨੂੰ ਅਚਾਨਕ ਕੋਈ ਹੋਰ ਆਦਮੀ ਸ਼ਹਿਰ ਵਿਚ ਮਿਲਦਾ ਹੈ ਅਤੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, 24 ਤਾਂ ਤੁਸੀਂ ਦੋਵਾਂ ਨੂੰ ਸ਼ਹਿਰ ਦੇ ਦਰਵਾਜ਼ੇ ਕੋਲ ਲਿਜਾ ਕੇ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿਓ। ਕੁੜੀ ਨੂੰ ਇਸ ਕਰਕੇ ਮਾਰਿਆ ਜਾਵੇ ਕਿਉਂਕਿ ਉਸ ਨੇ ਸ਼ਹਿਰ ਵਿਚ ਹੁੰਦਿਆਂ ਮਦਦ ਲਈ ਚੀਕਾਂ ਨਹੀਂ ਮਾਰੀਆਂ ਅਤੇ ਆਦਮੀ ਨੂੰ ਇਸ ਕਰਕੇ ਮਾਰਿਆ ਜਾਵੇ ਕਿਉਂਕਿ ਉਸ ਨੇ ਕਿਸੇ ਹੋਰ ਦੀ ਪਤਨੀ ਨੂੰ ਬੇਇੱਜ਼ਤ ਕੀਤਾ ਹੈ।+ ਇਸ ਤਰ੍ਹਾਂ ਤੁਸੀਂ ਆਪਣੇ ਲੋਕਾਂ ਵਿੱਚੋਂ ਇਹ ਬੁਰਾਈ ਕੱਢ ਦਿਓ।

25 “ਪਰ ਜੇ ਕੋਈ ਆਦਮੀ ਕਿਸੇ ਕੁੜੀ ਨੂੰ ਸ਼ਹਿਰੋਂ ਬਾਹਰ ਕਿਤੇ ਦੇਖਦਾ ਹੈ ਜਿਸ ਦੀ ਮੰਗਣੀ ਹੋਈ ਹੈ ਅਤੇ ਉਸ ਨਾਲ ਜ਼ਬਰਦਸਤੀ ਕਰਦਾ ਹੈ, ਤਾਂ ਸਿਰਫ਼ ਉਸ ਆਦਮੀ ਨੂੰ ਜਾਨੋਂ ਮਾਰਿਆ ਜਾਵੇ। 26 ਪਰ ਤੁਸੀਂ ਉਸ ਕੁੜੀ ਨਾਲ ਕੁਝ ਨਾ ਕਰਿਓ ਕਿਉਂਕਿ ਉਸ ਨੇ ਕੋਈ ਪਾਪ ਨਹੀਂ ਕੀਤਾ ਹੈ, ਇਸ ਲਈ ਉਹ ਮੌਤ ਦੀ ਸਜ਼ਾ ਦੇ ਲਾਇਕ ਨਹੀਂ ਹੈ। ਇਹ ਮਾਮਲਾ ਵੀ ਉਸੇ ਤਰ੍ਹਾਂ ਦਾ ਹੈ ਜਦੋਂ ਕੋਈ ਕਿਸੇ ʼਤੇ ਹਮਲਾ ਕਰ ਕੇ ਉਸ ਦਾ ਖ਼ੂਨ ਕਰ ਦਿੰਦਾ ਹੈ।+ 27 ਉਸ ਆਦਮੀ ਨੇ ਸ਼ਹਿਰੋਂ ਬਾਹਰ ਕਿਤੇ ਉਸ ਮੰਗੀ ਹੋਈ ਕੁੜੀ ਨੂੰ ਫੜਿਆ ਅਤੇ ਉਸ ਕੁੜੀ ਨੇ ਮਦਦ ਲਈ ਚੀਕਾਂ ਮਾਰੀਆਂ, ਪਰ ਉੱਥੇ ਉਸ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ।

28 “ਜੇ ਕੋਈ ਆਦਮੀ ਕਿਸੇ ਕੁਆਰੀ ਕੁੜੀ ਨੂੰ ਸ਼ਹਿਰੋਂ ਬਾਹਰ ਕਿਤੇ ਦੇਖਦਾ ਹੈ ਜਿਸ ਦੀ ਮੰਗਣੀ ਨਹੀਂ ਹੋਈ ਹੈ ਅਤੇ ਉਹ ਉਸ ਨੂੰ ਫੜ ਕੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ ਅਤੇ ਉਹ ਦੋਵੇਂ ਫੜੇ ਜਾਂਦੇ ਹਨ,+ 29 ਤਾਂ ਉਹ ਆਦਮੀ ਉਸ ਕੁੜੀ ਦੇ ਪਿਤਾ ਨੂੰ 50 ਸ਼ੇਕੇਲ ਚਾਂਦੀ ਦੇਵੇ। ਉਹ ਕੁੜੀ ਉਸ ਦੀ ਪਤਨੀ ਬਣ ਜਾਵੇਗੀ।+ ਉਹ ਆਪਣੇ ਜੀਉਂਦੇ-ਜੀ ਉਸ ਨੂੰ ਤਲਾਕ ਨਹੀਂ ਦੇ ਸਕਦਾ ਕਿਉਂਕਿ ਉਸ ਨੇ ਉਸ ਕੁੜੀ ਨੂੰ ਬੇਇੱਜ਼ਤ ਕੀਤਾ ਹੈ।

30 “ਕੋਈ ਵੀ ਆਪਣੇ ਪਿਤਾ ਦੀ ਪਤਨੀ ਨਾਲ ਸਰੀਰਕ ਸੰਬੰਧ ਨਾ ਬਣਾਵੇ। ਇਸ ਤਰ੍ਹਾਂ ਕਰ ਕੇ ਉਹ ਆਪਣੇ ਪਿਤਾ ਨੂੰ ਬੇਇੱਜ਼ਤ ਕਰਦਾ ਹੈ।+

23 “ਅਜਿਹਾ ਕੋਈ ਵੀ ਆਦਮੀ ਯਹੋਵਾਹ ਦੀ ਮੰਡਲੀ ਵਿਚ ਨਹੀਂ ਆ ਸਕਦਾ ਜਿਸ ਦੇ ਅੰਡਕੋਸ਼ ਕੁਚਲੇ ਗਏ ਹੋਣ ਜਾਂ ਜਿਸ ਦਾ ਗੁਪਤ ਅੰਗ ਕੱਟਿਆ ਹੋਵੇ।+

2 “ਕੋਈ ਵੀ ਨਾਜਾਇਜ਼ ਪੁੱਤਰ ਯਹੋਵਾਹ ਦੀ ਮੰਡਲੀ ਵਿਚ ਨਹੀਂ ਆ ਸਕਦਾ।+ ਦਸਵੀਂ ਪੀੜ੍ਹੀ ਤਕ ਉਸ ਦੀ ਕੋਈ ਵੀ ਔਲਾਦ ਯਹੋਵਾਹ ਦੀ ਮੰਡਲੀ ਵਿਚ ਨਹੀਂ ਆ ਸਕਦੀ।

3 “ਕੋਈ ਵੀ ਅੰਮੋਨੀ ਜਾਂ ਮੋਆਬੀ ਯਹੋਵਾਹ ਦੀ ਮੰਡਲੀ ਵਿਚ ਨਹੀਂ ਆ ਸਕਦਾ।+ ਦਸਵੀਂ ਪੀੜ੍ਹੀ ਤਕ ਉਨ੍ਹਾਂ ਦੀ ਕੋਈ ਵੀ ਔਲਾਦ ਕਦੇ ਯਹੋਵਾਹ ਦੀ ਮੰਡਲੀ ਵਿਚ ਨਹੀਂ ਆ ਸਕਦੀ 4 ਕਿਉਂਕਿ ਜਦੋਂ ਤੁਸੀਂ ਮਿਸਰ ਵਿੱਚੋਂ ਨਿਕਲ ਕੇ ਆ ਰਹੇ ਸੀ, ਤਾਂ ਉਨ੍ਹਾਂ ਨੇ ਤੁਹਾਨੂੰ ਰੋਟੀ-ਪਾਣੀ ਨਹੀਂ ਦਿੱਤਾ,+ ਸਗੋਂ ਉਨ੍ਹਾਂ ਨੇ ਮੈਸੋਪੋਟਾਮੀਆ ਦੇ ਪਥੋਰ ਤੋਂ ਬਿਓਰ ਦੇ ਪੁੱਤਰ ਬਿਲਾਮ ਨੂੰ ਤੁਹਾਨੂੰ ਸਰਾਪ ਦੇਣ ਲਈ ਸੱਦਿਆ ਸੀ ਅਤੇ ਉਸ ਨੂੰ ਇਸ ਕੰਮ ਲਈ ਪੈਸਾ ਦਿੱਤਾ ਸੀ।+ 5 ਪਰ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਬਿਲਾਮ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ।+ ਇਸ ਦੀ ਬਜਾਇ, ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਉਸ ਦੇ ਸਰਾਪ ਨੂੰ ਤੁਹਾਡੇ ਲਈ ਬਰਕਤ ਵਿਚ ਬਦਲ ਦਿੱਤਾ+ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ।+ 6 ਤੁਸੀਂ ਜ਼ਿੰਦਗੀ ਭਰ ਅੰਮੋਨੀਆਂ ਜਾਂ ਮੋਆਬੀਆਂ ਦੇ ਭਲੇ ਜਾਂ ਖ਼ੁਸ਼ਹਾਲੀ ਲਈ ਕੁਝ ਨਾ ਕਰਿਓ।+

7 “ਤੁਸੀਂ ਅਦੋਮੀਆਂ ਨਾਲ ਨਫ਼ਰਤ ਨਾ ਕਰਿਓ ਕਿਉਂਕਿ ਉਹ ਤੁਹਾਡੇ ਭਰਾ ਹਨ।+

“ਤੁਸੀਂ ਮਿਸਰੀਆਂ ਨਾਲ ਨਫ਼ਰਤ ਨਾ ਕਰਿਓ ਕਿਉਂਕਿ ਤੁਸੀਂ ਉਨ੍ਹਾਂ ਦੇ ਦੇਸ਼ ਵਿਚ ਪਰਦੇਸੀ ਸੀ।+ 8 ਉਨ੍ਹਾਂ ਦੀ ਤੀਜੀ ਪੀੜ੍ਹੀ ਯਹੋਵਾਹ ਦੀ ਮੰਡਲੀ ਵਿਚ ਆ ਸਕਦੀ ਹੈ।

9 “ਜਦੋਂ ਤੁਸੀਂ ਆਪਣੇ ਦੁਸ਼ਮਣਾਂ ਦੇ ਖ਼ਿਲਾਫ਼ ਕਿਤੇ ਛਾਉਣੀ ਲਾਉਂਦੇ ਹੋ, ਤਾਂ ਤੁਸੀਂ ਹਰ ਉਸ ਚੀਜ਼ ਤੋਂ ਦੂਰ ਰਹੋ ਜੋ ਤੁਹਾਨੂੰ ਭ੍ਰਿਸ਼ਟ ਕਰ ਸਕਦੀ ਹੈ।+ 10 ਜੇ ਕੋਈ ਆਦਮੀ ਰਾਤ ਨੂੰ ਵੀਰਜ ਨਿਕਲਣ ਕਰਕੇ ਅਸ਼ੁੱਧ ਹੋ ਜਾਂਦਾ ਹੈ,+ ਤਾਂ ਉਹ ਛਾਉਣੀ ਤੋਂ ਬਾਹਰ ਚਲਾ ਜਾਵੇ ਅਤੇ ਦੁਬਾਰਾ ਛਾਉਣੀ ਵਿਚ ਵਾਪਸ ਨਾ ਆਵੇ। 11 ਉਹ ਸ਼ਾਮ ਪੈਣ ਤੇ ਨਹਾਵੇ ਅਤੇ ਫਿਰ ਉਹ ਸੂਰਜ ਢਲ਼ਣ ਤੋਂ ਬਾਅਦ ਛਾਉਣੀ ਵਿਚ ਆ ਸਕਦਾ ਹੈ।+ 12 ਛਾਉਣੀ ਤੋਂ ਬਾਹਰ ਇਕ ਵੱਖਰੀ ਜਗ੍ਹਾ ਰੱਖੀ ਜਾਵੇ ਜੋ ਪਖਾਨੇ ਲਈ ਵਰਤੀ ਜਾਵੇ। 13 ਆਪਣੇ ਔਜ਼ਾਰਾਂ ਵਿਚ ਇਕ ਰੰਬੀ ਵੀ ਰੱਖੋ। ਜਦੋਂ ਤੁਸੀਂ ਬਾਹਰ ਜੰਗਲ-ਪਾਣੀ ਲਈ ਜਾਵੋ, ਤਾਂ ਰੰਬੀ ਨਾਲ ਟੋਆ ਪੁੱਟੋ ਅਤੇ ਮਲ ਤਿਆਗਣ ਤੋਂ ਬਾਅਦ ਉਸ ਨੂੰ ਮਿੱਟੀ ਨਾਲ ਢਕ ਦਿਓ। 14 ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੁਸ਼ਮਣਾਂ ਤੋਂ ਛੁਡਾਉਣ ਅਤੇ ਉਨ੍ਹਾਂ ਨੂੰ ਤੁਹਾਡੇ ਹੱਥ ਵਿਚ ਕਰ ਦੇਣ ਲਈ ਤੁਹਾਡੀ ਛਾਉਣੀ ਵਿਚ ਤੁਰਦਾ-ਫਿਰਦਾ ਹੈ।+ ਤੁਹਾਡੀ ਛਾਉਣੀ ਪਵਿੱਤਰ ਰਹੇ+ ਤਾਂਕਿ ਉਹ ਤੁਹਾਡੇ ਵਿਚ ਕੋਈ ਘਿਣਾਉਣੀ ਚੀਜ਼ ਦੇਖ ਕੇ ਤੁਹਾਡਾ ਸਾਥ ਨਾ ਛੱਡ ਦੇਵੇ।

15 “ਜੇ ਕੋਈ ਗ਼ੁਲਾਮ ਆਪਣੇ ਮਾਲਕ ਕੋਲੋਂ ਨੱਠ ਕੇ ਤੁਹਾਡੇ ਕੋਲ ਆਉਂਦਾ ਹੈ, ਤਾਂ ਤੁਸੀਂ ਗ਼ੁਲਾਮ ਨੂੰ ਉਸ ਦੇ ਮਾਲਕ ਦੇ ਹਵਾਲੇ ਨਾ ਕਰਿਓ। 16 ਉਹ ਤੁਹਾਡੇ ਕਿਸੇ ਵੀ ਸ਼ਹਿਰ ਵਿਚ ਜਿੱਥੇ ਚਾਹੇ, ਰਹਿ ਸਕਦਾ ਹੈ। ਤੁਸੀਂ ਉਸ ਨਾਲ ਬੁਰਾ ਸਲੂਕ ਨਾ ਕਰਿਓ।+

17 “ਕੋਈ ਇਜ਼ਰਾਈਲੀ ਕੁੜੀ ਮੰਦਰਾਂ ਵਿਚ ਵੇਸਵਾਗਿਰੀ ਨਾ ਕਰੇ+ ਅਤੇ ਨਾ ਹੀ ਕੋਈ ਇਜ਼ਰਾਈਲੀ ਮੁੰਡਾ ਮੰਦਰਾਂ ਵਿਚ ਵੇਸਵਾਗਿਰੀ ਕਰੇ।*+ 18 ਵੇਸਵਾਗਿਰੀ ਕਰਨ ਵਾਲੀ ਕੋਈ ਵੀ ਤੀਵੀਂ ਜਾਂ ਆਦਮੀ* ਆਪਣੀ ਸੁੱਖਣਾ ਪੂਰੀ ਕਰਨ ਲਈ ਆਪਣੀ ਕਮਾਈ ਤੁਹਾਡੇ ਪਰਮੇਸ਼ੁਰ ਯਹੋਵਾਹ ਦੇ ਘਰ ਨਾ ਲਿਆਵੇ ਕਿਉਂਕਿ ਉਹ ਦੋਵੇਂ ਤੁਹਾਡੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣੇ ਹਨ।

19 “ਤੁਸੀਂ ਆਪਣੇ ਭਰਾ ਨੂੰ ਕੋਈ ਵੀ ਚੀਜ਼ ਵਿਆਜ ʼਤੇ ਨਾ ਦਿਓ:+ ਨਾ ਪੈਸੇ, ਨਾ ਖਾਣ-ਪੀਣ ਦੀਆਂ ਚੀਜ਼ਾਂ ਅਤੇ ਨਾ ਹੀ ਕੋਈ ਹੋਰ ਚੀਜ਼ ਜਿਸ ʼਤੇ ਵਿਆਜ ਲਿਆ ਜਾ ਸਕਦਾ ਹੈ। 20 ਤੁਸੀਂ ਪਰਦੇਸੀ ਤੋਂ ਵਿਆਜ ਲੈ ਸਕਦੇ ਹੋ,+ ਪਰ ਤੁਸੀਂ ਆਪਣੇ ਭਰਾ ਤੋਂ ਵਿਆਜ ਨਾ ਮੰਗਿਓ+ ਤਾਂਕਿ ਜਿਸ ਦੇਸ਼ ʼਤੇ ਤੁਸੀਂ ਕਬਜ਼ਾ ਕਰਨ ਜਾ ਰਹੇ ਹੋ, ਉੱਥੇ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਹਰ ਕੰਮ ਉੱਤੇ ਬਰਕਤ ਪਾਵੇ।+

21 “ਜਦ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਕੋਈ ਸੁੱਖਣਾ ਸੁੱਖਦੇ ਹੋ,+ ਤਾਂ ਉਸ ਨੂੰ ਪੂਰਾ ਕਰਨ ਵਿਚ ਦੇਰ ਨਾ ਕਰਿਓ।+ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਤੋਂ ਮੰਗ ਕਰੇਗਾ ਕਿ ਤੁਸੀਂ ਆਪਣੀ ਸੁੱਖਣਾ ਪੂਰੀ ਕਰੋ, ਨਹੀਂ ਤਾਂ ਤੁਸੀਂ ਪਾਪੀ ਠਹਿਰੋਗੇ।+ 22 ਪਰ ਜੇ ਤੁਸੀਂ ਸੁੱਖਣਾ ਨਹੀਂ ਸੁੱਖਦੇ, ਤਾਂ ਤੁਸੀਂ ਪਾਪ ਦੇ ਦੋਸ਼ੀ ਨਹੀਂ ਠਹਿਰੋਗੇ।+ 23 ਜਦੋਂ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਕੋਈ ਇੱਛਾ-ਬਲ਼ੀ ਚੜ੍ਹਾਉਣ ਦੀ ਸੁੱਖਣਾ ਸੁੱਖਦੇ ਹੋ, ਤਾਂ ਤੁਸੀਂ ਆਪਣੀ ਜ਼ਬਾਨ ਦੇ ਪੱਕੇ ਰਹੋ+ ਅਤੇ ਆਪਣੇ ਮੂੰਹੋਂ ਨਿਕਲੀ ਗੱਲ ਪੂਰੀ ਕਰੋ।

24 “ਜਦ ਤੁਸੀਂ ਆਪਣੇ ਗੁਆਂਢੀ ਦੇ ਅੰਗੂਰਾਂ ਦੇ ਬਾਗ਼ ਵਿਚ ਜਾਂਦੇ ਹੋ, ਤਾਂ ਤੁਸੀਂ ਰੱਜ ਕੇ ਅੰਗੂਰ ਖਾ ਸਕਦੇ ਹੋ, ਪਰ ਤੁਸੀਂ ਅੰਗੂਰਾਂ ਨੂੰ ਆਪਣੇ ਝੋਲ਼ੇ ਵਿਚ ਨਹੀਂ ਲਿਜਾ ਸਕਦੇ।+

25 “ਜਦ ਤੁਸੀਂ ਆਪਣੇ ਗੁਆਂਢੀ ਦੇ ਖੇਤ ਵਿਚ ਜਾਂਦੇ ਹੋ, ਤਾਂ ਤੁਸੀਂ ਉਸ ਦੀ ਖੜ੍ਹੀ ਫ਼ਸਲ ਦੇ ਪੱਕੇ ਹੋਏ ਸਿੱਟੇ ਆਪਣੇ ਹੱਥਾਂ ਨਾਲ ਤੋੜ ਸਕਦੇ ਹੋ, ਪਰ ਤੁਸੀਂ ਉਸ ਦੀ ਫ਼ਸਲ ਨੂੰ ਦਾਤੀ ਨਾਲ ਨਹੀਂ ਵੱਢ ਸਕਦੇ।+

24 “ਜੇ ਕੋਈ ਆਦਮੀ ਕਿਸੇ ਔਰਤ ਨਾਲ ਵਿਆਹ ਕਰਾਉਂਦਾ ਹੈ, ਪਰ ਉਹ ਦੇਖਦਾ ਹੈ ਕਿ ਉਸ ਦੀ ਪਤਨੀ ਨੇ ਕੋਈ ਬੇਸ਼ਰਮੀ ਭਰਿਆ ਕੰਮ ਕੀਤਾ ਹੈ ਜਿਸ ਕਰਕੇ ਉਹ ਉਸ ਤੋਂ ਖ਼ੁਸ਼ ਨਹੀਂ ਹੈ, ਤਾਂ ਉਹ ਤਲਾਕਨਾਮਾ ਲਿਖ ਕੇ ਉਸ ਦੇ ਹੱਥ ਫੜਾ ਦੇਵੇ+ ਅਤੇ ਉਸ ਨੂੰ ਆਪਣੇ ਘਰੋਂ ਬਾਹਰ ਕੱਢ ਦੇਵੇ।+ 2 ਫਿਰ ਉਹ ਔਰਤ ਉਸ ਦਾ ਘਰ ਛੱਡਣ ਤੋਂ ਬਾਅਦ ਕਿਸੇ ਹੋਰ ਆਦਮੀ ਨਾਲ ਵਿਆਹ ਕਰਾ ਸਕਦੀ ਹੈ।+ 3 ਜੇ ਉਸ ਦਾ ਦੂਜਾ ਪਤੀ ਉਸ ਨਾਲ ਨਫ਼ਰਤ ਕਰਦਾ ਹੈ* ਅਤੇ ਤਲਾਕਨਾਮਾ ਲਿਖ ਕੇ ਉਸ ਦੇ ਹੱਥ ਫੜਾਉਂਦਾ ਹੈ ਅਤੇ ਆਪਣੇ ਘਰੋਂ ਬਾਹਰ ਕੱਢ ਦਿੰਦਾ ਹੈ ਜਾਂ ਉਸ ਔਰਤ ਦੇ ਦੂਜੇ ਪਤੀ ਦੀ ਮੌਤ ਹੋ ਜਾਂਦੀ ਹੈ, 4 ਤਾਂ ਉਸ ਔਰਤ ਦਾ ਪਹਿਲਾ ਪਤੀ ਜਿਸ ਨੇ ਉਸ ਨੂੰ ਘਰੋਂ ਕੱਢਿਆ ਸੀ, ਉਸ ਨਾਲ ਦੁਬਾਰਾ ਵਿਆਹ ਨਹੀਂ ਕਰਾ ਸਕਦਾ ਕਿਉਂਕਿ ਉਹ ਭ੍ਰਿਸ਼ਟ ਹੋ ਚੁੱਕੀ ਹੈ। ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣੀ ਗੱਲ ਹੈ। ਇਸ ਤਰ੍ਹਾਂ ਕਰ ਕੇ ਤੁਸੀਂ ਉਸ ਦੇਸ਼ ਵਿਚ ਪਾਪ ਨਾ ਲਿਆਇਓ ਜੋ ਦੇਸ਼ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹੈ।

5 “ਜੇ ਕਿਸੇ ਆਦਮੀ ਦਾ ਨਵਾਂ-ਨਵਾਂ ਵਿਆਹ ਹੋਇਆ ਹੈ, ਤਾਂ ਉਹ ਫ਼ੌਜ ਵਿਚ ਕੰਮ ਨਾ ਕਰੇ ਜਾਂ ਉਸ ਨੂੰ ਕੋਈ ਹੋਰ ਕੰਮ ਨਾ ਦਿੱਤਾ ਜਾਵੇ। ਉਸ ਨੂੰ ਇਕ ਸਾਲ ਦੀ ਛੁੱਟੀ ਦਿੱਤੀ ਜਾਵੇ ਅਤੇ ਉਹ ਆਪਣੇ ਘਰ ਰਹਿ ਕੇ ਆਪਣੀ ਪਤਨੀ ਨੂੰ ਖ਼ੁਸ਼ ਕਰੇ।+

6 “ਕੋਈ ਕਿਸੇ ਨੂੰ ਕਰਜ਼ਾ ਦੇਣ ਵੇਲੇ ਉਸ ਦੀ ਚੱਕੀ ਜਾਂ ਚੱਕੀ ਦਾ ਉਤਲਾ ਪੁੜ ਗਹਿਣੇ ਨਾ ਰੱਖੇ+ ਕਿਉਂਕਿ ਇਸ ਤਰ੍ਹਾਂ ਕਰ ਕੇ ਉਹ ਉਸ ਦੀ ਰੋਜ਼ੀ-ਰੋਟੀ ਖੋਂਹਦਾ ਹੈ।*

7 “ਜੇ ਕੋਈ ਆਪਣੇ ਇਜ਼ਰਾਈਲੀ ਭਰਾ ਨੂੰ ਅਗਵਾ ਕਰ ਲੈਂਦਾ ਹੈ ਅਤੇ ਉਸ ਨਾਲ ਬੁਰਾ ਸਲੂਕ ਕਰਦਾ ਹੈ ਅਤੇ ਉਸ ਨੂੰ ਵੇਚ ਦਿੰਦਾ ਹੈ,+ ਤਾਂ ਅਗਵਾਕਾਰ ਨੂੰ ਜਾਨੋਂ ਮਾਰ ਦਿੱਤਾ ਜਾਵੇ।+ ਇਸ ਤਰ੍ਹਾਂ ਤੁਸੀਂ ਆਪਣੇ ਲੋਕਾਂ ਵਿੱਚੋਂ ਇਹ ਬੁਰਾਈ ਕੱਢ ਦਿਓ।+

8 “ਜਦੋਂ ਕਿਸੇ ਨੂੰ ਕੋੜ੍ਹ* ਹੋ ਜਾਂਦਾ ਹੈ, ਤਾਂ ਤੁਸੀਂ ਲੇਵੀ ਪੁਜਾਰੀਆਂ ਦੀਆਂ ਸਾਰੀਆਂ ਹਿਦਾਇਤਾਂ ਦੀ ਬਹੁਤ ਧਿਆਨ ਨਾਲ ਪਾਲਣਾ ਕਰਿਓ।+ ਮੈਂ ਉਨ੍ਹਾਂ ਨੂੰ ਜੋ ਹੁਕਮ ਦਿੱਤਾ ਹੈ, ਤੁਸੀਂ ਉਸ ਮੁਤਾਬਕ ਧਿਆਨ ਨਾਲ ਚੱਲਿਓ। 9 ਯਾਦ ਰੱਖੋ ਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਮਿਰੀਅਮ ਨਾਲ ਕੀ ਕੀਤਾ ਸੀ ਜਦ ਤੁਸੀਂ ਮਿਸਰ ਤੋਂ ਆ ਰਹੇ ਸੀ।+

10 “ਜੇ ਤੂੰ ਆਪਣੇ ਗੁਆਂਢੀ ਨੂੰ ਉਧਾਰ ਦਿੰਦਾ ਹੈ,+ ਤਾਂ ਉਸ ਨੇ ਜੋ ਚੀਜ਼ ਗਹਿਣੇ ਰੱਖਣੀ ਹੈ, ਤੂੰ ਉਹ ਚੀਜ਼ ਲੈਣ ਲਈ ਉਸ ਦੇ ਘਰ ਨਾ ਵੜੀਂ। 11 ਤੂੰ ਉਸ ਦੇ ਘਰ ਦੇ ਬਾਹਰ ਖੜ੍ਹਾ ਰਹੀਂ ਅਤੇ ਜਿਸ ਆਦਮੀ ਨੇ ਉਧਾਰ ਲਿਆ ਹੈ, ਉਹ ਆਪ ਬਾਹਰ ਆ ਕੇ ਤੈਨੂੰ ਗਹਿਣੇ ਰੱਖਣ ਲਈ ਚੀਜ਼ ਦੇਵੇ। 12 ਜੇ ਉਹ ਆਦਮੀ ਗ਼ਰੀਬ ਹੈ, ਤਾਂ ਤੂੰ ਉਸ ਦਾ ਗਹਿਣੇ ਰੱਖਿਆ ਕੱਪੜਾ ਰਾਤ ਭਰ ਆਪਣੇ ਕੋਲ ਨਾ ਰੱਖੀਂ।+ 13 ਤੂੰ ਸੂਰਜ ਢਲ਼ਦਿਆਂ ਹੀ ਉਸ ਦਾ ਗਹਿਣੇ ਰੱਖਿਆ ਕੱਪੜਾ ਜ਼ਰੂਰ ਵਾਪਸ ਮੋੜ ਦੇਈਂ ਤਾਂਕਿ ਉਹ ਆਪਣਾ ਕੱਪੜਾ ਪਾ ਕੇ ਸੌਂ ਸਕੇ।+ ਉਹ ਤੈਨੂੰ ਬਰਕਤ ਦੇਵੇਗਾ ਅਤੇ ਤੇਰਾ ਇਹ ਕੰਮ ਤੇਰੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਨੇਕ ਗਿਣਿਆ ਜਾਵੇਗਾ।

14 “ਤੂੰ ਆਪਣੇ ਕਿਸੇ ਵੀ ਸ਼ਹਿਰ* ਵਿਚ ਕਿਸੇ ਗ਼ਰੀਬ ਤੇ ਲੋੜਵੰਦ ਮਜ਼ਦੂਰ ਨਾਲ ਠੱਗੀ ਨਾ ਮਾਰੀਂ ਚਾਹੇ ਉਹ ਤੇਰਾ ਕੋਈ ਇਜ਼ਰਾਈਲੀ ਭਰਾ ਹੋਵੇ ਜਾਂ ਤੇਰੇ ਦੇਸ਼ ਵਿਚ ਰਹਿਣ ਵਾਲਾ ਕੋਈ ਪਰਦੇਸੀ।+ 15 ਤੂੰ ਉਸੇ ਦਿਨ ਸੂਰਜ ਡੁੱਬਣ ਤੋਂ ਪਹਿਲਾਂ ਉਸ ਨੂੰ ਮਜ਼ਦੂਰੀ ਦੇ ਦੇਈਂ+ ਕਿਉਂਕਿ ਉਹ ਲੋੜਵੰਦ ਹੈ ਅਤੇ ਉਹ ਮਜ਼ਦੂਰੀ ਕਰ ਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਤੋਰਦਾ ਹੈ। ਜੇ ਤੂੰ ਮਜ਼ਦੂਰੀ ਨਹੀਂ ਦੇਵੇਂਗਾ, ਤਾਂ ਉਹ ਤੇਰੇ ਖ਼ਿਲਾਫ਼ ਯਹੋਵਾਹ ਅੱਗੇ ਦੁਹਾਈ ਦੇਵੇਗਾ ਅਤੇ ਤੂੰ ਪਾਪ ਦਾ ਦੋਸ਼ੀ ਠਹਿਰੇਂਗਾ।+

16 “ਬੱਚਿਆਂ ਦੇ ਪਾਪਾਂ ਕਰਕੇ ਪਿਤਾ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ ਅਤੇ ਪਿਤਾ ਦੇ ਪਾਪਾਂ ਕਰਕੇ ਬੱਚਿਆਂ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ।+ ਜਿਹੜਾ ਵੀ ਪਾਪ ਕਰਦਾ ਹੈ, ਉਸ ਨੂੰ ਹੀ ਮੌਤ ਦੀ ਸਜ਼ਾ ਦਿੱਤੀ ਜਾਵੇ।+

17 “ਤੂੰ ਕਿਸੇ ਪਰਦੇਸੀ ਜਾਂ ਯਤੀਮ* ਦੇ ਨਾਲ ਅਨਿਆਂ ਨਾ ਕਰੀਂ।+ ਜੇ ਤੂੰ ਕਿਸੇ ਵਿਧਵਾ ਨੂੰ ਉਧਾਰ ਦਿੰਦਾ ਹੈ, ਤਾਂ ਤੂੰ ਉਸ ਦਾ ਕੱਪੜਾ ਗਹਿਣੇ ਨਾ ਰੱਖੀਂ।+ 18 ਯਾਦ ਰੱਖ ਕਿ ਤੂੰ ਮਿਸਰ ਵਿਚ ਗ਼ੁਲਾਮ ਸੀ ਅਤੇ ਤੇਰਾ ਪਰਮੇਸ਼ੁਰ ਯਹੋਵਾਹ ਤੈਨੂੰ ਉੱਥੋਂ ਛੁਡਾ ਲਿਆਇਆ ਸੀ।+ ਇਸੇ ਕਰਕੇ ਮੈਂ ਤੈਨੂੰ ਅਜਿਹਾ ਕਰਨ ਦਾ ਹੁਕਮ ਦੇ ਰਿਹਾ ਹਾਂ।

19 “ਜਦੋਂ ਤੂੰ ਆਪਣੀ ਫ਼ਸਲ ਦੀ ਵਾਢੀ ਕਰਦਾ ਹੈਂ ਅਤੇ ਤੂੰ ਖੇਤ ਵਿੱਚੋਂ ਭਰੀ ਚੁੱਕਣੀ ਭੁੱਲ ਜਾਂਦਾ ਹੈ, ਤਾਂ ਤੂੰ ਉਸ ਨੂੰ ਲੈਣ ਲਈ ਵਾਪਸ ਨਾ ਜਾਈਂ। ਤੂੰ ਉਹ ਭਰੀ ਕਿਸੇ ਪਰਦੇਸੀ, ਯਤੀਮ ਅਤੇ ਵਿਧਵਾ ਲਈ ਛੱਡ ਦੇਈਂ+ ਤਾਂਕਿ ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ਸਾਰੇ ਕੰਮਾਂ ʼਤੇ ਬਰਕਤ ਪਾਵੇ।+

20 “ਜਦੋਂ ਤੂੰ ਆਪਣੇ ਜ਼ੈਤੂਨ ਦੇ ਦਰਖ਼ਤਾਂ ਨੂੰ ਝਾੜੇਂ, ਤਾਂ ਤੂੰ ਇਸ ਦੀਆਂ ਟਾਹਣੀਆਂ ਨੂੰ ਦੁਬਾਰਾ ਨਾ ਝਾੜੀਂ। ਜੋ ਜ਼ੈਤੂਨ ਰਹਿ ਜਾਣ, ਤੂੰ ਉਹ ਕਿਸੇ ਪਰਦੇਸੀ, ਯਤੀਮ ਅਤੇ ਵਿਧਵਾ ਲਈ ਛੱਡ ਦੇਈਂ।+

21 “ਜਦੋਂ ਤੂੰ ਅੰਗੂਰਾਂ ਦੇ ਬਾਗ਼ ਵਿੱਚੋਂ ਅੰਗੂਰ ਇਕੱਠੇ ਕਰਦਾ ਹੈਂ, ਤਾਂ ਤੂੰ ਬਚੇ ਹੋਏ ਅੰਗੂਰਾਂ ਨੂੰ ਇਕੱਠਾ ਕਰਨ ਲਈ ਦੁਬਾਰਾ ਨਾ ਜਾਈਂ। ਤੂੰ ਉਹ ਕਿਸੇ ਪਰਦੇਸੀ, ਯਤੀਮ ਅਤੇ ਵਿਧਵਾ ਲਈ ਛੱਡ ਦੇਈਂ। 22 ਯਾਦ ਰੱਖ ਕਿ ਤੂੰ ਮਿਸਰ ਵਿਚ ਗ਼ੁਲਾਮ ਸੀ। ਇਸੇ ਕਰਕੇ ਮੈਂ ਤੈਨੂੰ ਅਜਿਹਾ ਕਰਨ ਦਾ ਹੁਕਮ ਦੇ ਰਿਹਾ ਹਾਂ।

25 “ਜਦ ਦੋ ਆਦਮੀਆਂ ਵਿਚਕਾਰ ਝਗੜਾ ਹੁੰਦਾ ਹੈ, ਤਾਂ ਉਹ ਨਿਆਂਕਾਰਾਂ ਸਾਮ੍ਹਣੇ ਪੇਸ਼ ਹੋਣ।+ ਨਿਆਂਕਾਰ ਉਨ੍ਹਾਂ ਦਾ ਨਿਆਂ ਕਰਨਗੇ ਅਤੇ ਉਹ ਧਰਮੀ ਨੂੰ ਬੇਕਸੂਰ ਅਤੇ ਦੁਸ਼ਟ ਨੂੰ ਦੋਸ਼ੀ ਕਰਾਰ ਦੇਣਗੇ।+ 2 ਜੇ ਦੁਸ਼ਟ ਨੇ ਕੁੱਟ ਖਾਣ ਦੇ ਲਾਇਕ ਕੰਮ ਕੀਤਾ ਹੈ,+ ਤਾਂ ਨਿਆਂਕਾਰ ਉਸ ਨੂੰ ਮੂੰਹ ਭਾਰ ਲੰਮਾ ਪਾਉਣ ਦਾ ਹੁਕਮ ਦੇਵੇ ਅਤੇ ਉਸ ਦੀਆਂ ਅੱਖਾਂ ਸਾਮ੍ਹਣੇ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ। ਉਸ ਨੇ ਜੋ ਦੁਸ਼ਟ ਕੰਮ ਕੀਤਾ ਹੈ, ਉਸ ਦੇ ਅਨੁਸਾਰ ਉਸ ਨੂੰ ਉੱਨੇ ਕੋਰੜੇ ਮਾਰੇ ਜਾਣ। 3 ਉਸ ਨੂੰ ਜ਼ਿਆਦਾ ਤੋਂ ਜ਼ਿਆਦਾ 40 ਕੋਰੜੇ ਮਾਰੇ ਜਾ ਸਕਦੇ ਹਨ,+ ਇਸ ਤੋਂ ਵੱਧ ਨਹੀਂ। ਜੇ ਉਸ ਨੂੰ ਇਸ ਤੋਂ ਜ਼ਿਆਦਾ ਕੋਰੜੇ ਮਾਰੇ ਜਾਂਦੇ ਹਨ, ਤਾਂ ਤੁਹਾਡੀਆਂ ਨਜ਼ਰਾਂ ਸਾਮ੍ਹਣੇ ਤੁਹਾਡੇ ਭਰਾ ਦੀ ਬੇਇੱਜ਼ਤੀ ਹੋਵੇਗੀ।

4 “ਤੂੰ ਗਹਾਈ ਕਰ ਰਹੇ ਬਲਦ ਦੇ ਮੂੰਹ ʼਤੇ ਛਿੱਕਲੀ ਨਾ ਚਾੜ੍ਹ।+

5 “ਮੰਨ ਲਓ ਕਿ ਕੁਝ ਭਰਾ ਇਕ-ਦੂਜੇ ਦੇ ਨੇੜੇ ਰਹਿੰਦੇ ਹਨ। ਜੇ ਉਨ੍ਹਾਂ ਵਿੱਚੋਂ ਇਕ ਜਣੇ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਦਾ ਕੋਈ ਪੁੱਤਰ ਨਹੀਂ ਹੈ, ਤਾਂ ਉਸ ਦੀ ਵਿਧਵਾ ਨੂੰ ਉਸ ਪਰਿਵਾਰ ਤੋਂ ਬਾਹਰ ਕਿਸੇ ਹੋਰ ਆਦਮੀ ਨਾਲ ਵਿਆਹ ਨਹੀਂ ਕਰਾਉਣਾ ਚਾਹੀਦਾ। ਉਸ ਦੇ ਪਤੀ ਦਾ ਭਰਾ ਆਪਣਾ ਫ਼ਰਜ਼ ਨਿਭਾਉਂਦੇ ਹੋਏ ਆਪਣੀ ਭਾਬੀ ਨਾਲ ਵਿਆਹ ਕਰਾਵੇ।+ 6 ਉਸ ਔਰਤ ਤੋਂ ਜਿਹੜਾ ਪਹਿਲਾ ਬੱਚਾ ਪੈਦਾ ਹੋਵੇਗਾ, ਉਹੀ ਉਸ ਦੇ ਮਰ ਚੁੱਕੇ ਭਰਾ ਦੇ ਵੰਸ਼ ਨੂੰ ਅੱਗੇ ਤੋਰੇਗਾ+ ਤਾਂਕਿ ਇਜ਼ਰਾਈਲ ਵਿੱਚੋਂ ਉਸ ਦਾ ਨਾਂ ਨਾ ਮਿਟੇ।*+

7 “ਜੇ ਉਹ ਆਦਮੀ ਆਪਣੀ ਭਾਬੀ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ, ਤਾਂ ਉਸ ਦੇ ਭਰਾ ਦੀ ਵਿਧਵਾ ਸ਼ਹਿਰ ਦੇ ਦਰਵਾਜ਼ੇ ʼਤੇ ਬਜ਼ੁਰਗਾਂ ਕੋਲ ਜਾਵੇ ਅਤੇ ਉਨ੍ਹਾਂ ਨੂੰ ਕਹੇ, ‘ਮੇਰੇ ਪਤੀ ਦੇ ਭਰਾ ਨੇ ਇਜ਼ਰਾਈਲ ਵਿਚ ਆਪਣੇ ਭਰਾ ਦੇ ਵੰਸ਼ ਨੂੰ ਅੱਗੇ ਤੋਰਨ ਤੋਂ ਇਨਕਾਰ ਕਰ ਦਿੱਤਾ ਹੈ। ਉਹ ਮੇਰੇ ਨਾਲ ਵਿਆਹ ਕਰਾ ਕੇ ਆਪਣਾ ਫ਼ਰਜ਼ ਨਿਭਾਉਣ ਤੋਂ ਇਨਕਾਰ ਕਰ ਰਿਹਾ ਹੈ।’ 8 ਉਸ ਦੇ ਸ਼ਹਿਰ ਦੇ ਬਜ਼ੁਰਗ ਉਸ ਨੂੰ ਬੁਲਾਉਣ ਅਤੇ ਉਸ ਨਾਲ ਗੱਲ ਕਰਨ। ਜੇ ਉਹ ਆਪਣੀ ਗੱਲ ʼਤੇ ਅੜਿਆ ਰਹਿੰਦਾ ਹੈ ਅਤੇ ਕਹਿੰਦਾ ਹੈ, ‘ਮੈਂ ਆਪਣੀ ਭਾਬੀ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ,’ 9 ਫਿਰ ਉਸ ਦੇ ਭਰਾ ਦੀ ਵਿਧਵਾ ਬਜ਼ੁਰਗਾਂ ਸਾਮ੍ਹਣੇ ਉਸ ਕੋਲ ਆਵੇ ਅਤੇ ਉਸ ਦੇ ਪੈਰੋਂ ਜੁੱਤੀ ਲਾਹ ਦੇਵੇ+ ਅਤੇ ਉਸ ਦੇ ਮੂੰਹ ʼਤੇ ਥੁੱਕੇ ਅਤੇ ਕਹੇ, ‘ਜਿਹੜਾ ਆਪਣੇ ਭਰਾ ਦੇ ਵੰਸ਼ ਨੂੰ ਅੱਗੇ ਨਹੀਂ ਤੋਰਦਾ, ਉਸ ਨਾਲ ਇਸੇ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ।’ 10 ਇਸ ਤੋਂ ਬਾਅਦ ਇਜ਼ਰਾਈਲ ਵਿਚ ਉਸ ਆਦਮੀ ਦੇ ਪਰਿਵਾਰ* ਨੂੰ ਇਸ ਨਾਂ ਨਾਲ ਜਾਣਿਆ ਜਾਵੇਗਾ, ‘ਉਸ ਆਦਮੀ ਦਾ ਪਰਿਵਾਰ ਜਿਸ ਦੀ ਜੁੱਤੀ ਲਾਹੀ ਗਈ ਸੀ।’

11 “ਮੰਨ ਲਓ ਦੋ ਆਦਮੀ ਆਪਸ ਵਿਚ ਲੜ ਰਹੇ ਹਨ ਅਤੇ ਇਕ ਆਦਮੀ ਦੀ ਪਤਨੀ ਦੂਜੇ ਆਦਮੀ ਤੋਂ ਆਪਣੇ ਪਤੀ ਨੂੰ ਬਚਾਉਣ ਆਉਂਦੀ ਹੈ ਜੋ ਉਸ ਦੇ ਪਤੀ ਨੂੰ ਮਾਰ ਰਿਹਾ ਹੈ। ਜੇ ਉਹ ਔਰਤ ਹੱਥ ਵਧਾ ਕੇ ਦੂਜੇ ਆਦਮੀ ਦੇ ਗੁਪਤ ਅੰਗ ਨੂੰ ਫੜ ਲੈਂਦੀ ਹੈ, 12 ਤਾਂ ਤੂੰ ਜ਼ਰੂਰ ਉਸ ਔਰਤ ਦਾ ਹੱਥ ਵੱਢ ਦੇਈਂ। ਤੂੰ* ਉਸ ʼਤੇ ਤਰਸ ਨਾ ਖਾਈਂ।

13 “ਤੂੰ ਆਪਣੇ ਝੋਲ਼ੇ ਵਿਚ ਇੱਕੋ ਤੋਲ ਲਈ ਦੋ ਵੱਖ-ਵੱਖ ਵੱਟੇ ਨਾ ਰੱਖੀਂ,+ ਇਕ ਵੱਡਾ ਅਤੇ ਇਕ ਛੋਟਾ। 14 ਤੂੰ ਆਪਣੇ ਘਰ ਵਿਚ ਇੱਕੋ ਮਾਪ ਲਈ ਦੋ ਵੱਖ-ਵੱਖ ਭਾਂਡੇ* ਨਾ ਰੱਖੀਂ,+ ਇਕ ਵੱਡਾ ਅਤੇ ਇਕ ਛੋਟਾ। 15 ਤੂੰ ਸਹੀ ਤੇ ਪੂਰੇ ਤੋਲ ਵਾਲੇ ਵੱਟੇ ਅਤੇ ਸਹੀ ਅਤੇ ਪੂਰੇ ਮਾਪ ਵਾਲੇ ਭਾਂਡੇ ਰੱਖੀਂ ਤਾਂਕਿ ਤੂੰ ਉਸ ਦੇਸ਼ ਵਿਚ ਲੰਬੀ ਜ਼ਿੰਦਗੀ ਜੀ ਸਕੇਂ ਜੋ ਦੇਸ਼ ਤੇਰਾ ਪਰਮੇਸ਼ੁਰ ਯਹੋਵਾਹ ਤੈਨੂੰ ਦੇਣ ਜਾ ਰਿਹਾ ਹੈ।+ 16 ਅਜਿਹੇ ਕੰਮ ਕਰਨ ਵਾਲਾ ਹਰ ਬੇਈਮਾਨ ਆਦਮੀ ਤੇਰੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣਾ ਹੈ।+

17 “ਯਾਦ ਰੱਖੋ ਕਿ ਜਦ ਤੁਸੀਂ ਮਿਸਰ ਤੋਂ ਆ ਰਹੇ ਸੀ, ਤਾਂ ਅਮਾਲੇਕੀਆਂ ਨੇ ਤੁਹਾਡੇ ਨਾਲ ਕੀ ਕੀਤਾ ਸੀ।+ 18 ਜਦ ਤੁਸੀਂ ਸਫ਼ਰ ਦੌਰਾਨ ਥੱਕ ਕੇ ਚੂਰ ਹੋ ਚੁੱਕੇ ਸੀ, ਤਾਂ ਅਮਾਲੇਕੀਆਂ ਨੇ ਉਨ੍ਹਾਂ ਸਾਰਿਆਂ ʼਤੇ ਹਮਲਾ ਕੀਤਾ ਜਿਹੜੇ ਥੱਕੇ ਹੋਣ ਕਰਕੇ ਪਿੱਛੇ ਰਹਿ ਗਏ ਸਨ। ਅਮਾਲੇਕੀਆਂ ਨੂੰ ਪਰਮੇਸ਼ੁਰ ਦਾ ਡਰ ਨਹੀਂ ਸੀ। 19 ਇਸ ਲਈ ਜਦ ਤੁਹਾਡਾ ਪਰਮੇਸ਼ੁਰ ਯਹੋਵਾਹ ਉਸ ਦੇਸ਼ ਵਿਚ ਤੁਹਾਨੂੰ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਆਰਾਮ ਦੇਵੇਗਾ ਜੋ ਦੇਸ਼ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹੈ,+ ਤਾਂ ਤੁਸੀਂ ਅਮਾਲੇਕੀਆਂ ਦਾ ਨਾਂ ਧਰਤੀ ਤੋਂ ਪੂਰੀ ਤਰ੍ਹਾਂ ਮਿਟਾ ਦੇਣਾ।+ ਤੁਸੀਂ ਇਹ ਗੱਲ ਨਾ ਭੁੱਲਿਓ।

26 “ਤੇਰਾ ਪਰਮੇਸ਼ੁਰ ਯਹੋਵਾਹ ਜੋ ਦੇਸ਼ ਤੈਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹੈ, ਜਦੋਂ ਤੂੰ ਉਸ ਵਿਚ ਜਾਵੇਂਗਾ ਅਤੇ ਉਸ ʼਤੇ ਕਬਜ਼ਾ ਕਰ ਕੇ ਰਹਿਣ ਲੱਗ ਪਵੇਂਗਾ 2 ਅਤੇ ਉਸ ਦੇਸ਼ ਵਿਚ ਆਪਣੀ ਜ਼ਮੀਨ ਦੀ ਪੈਦਾਵਾਰ* ਇਕੱਠੀ ਕਰੇਂਗਾ ਜੋ ਤੇਰਾ ਪਰਮੇਸ਼ੁਰ ਯਹੋਵਾਹ ਤੈਨੂੰ ਦੇਣ ਜਾ ਰਿਹਾ ਹੈ, ਤਾਂ ਤੂੰ ਸਾਰੀ ਪੈਦਾਵਾਰ ਦੇ ਪਹਿਲੇ ਫਲਾਂ ਵਿੱਚੋਂ ਕੁਝ ਲੈ ਕੇ ਇਕ ਟੋਕਰੀ ਵਿਚ ਪਾਈਂ ਅਤੇ ਉਸ ਜਗ੍ਹਾ ਲਿਜਾਈਂ ਜੋ ਜਗ੍ਹਾ ਤੇਰਾ ਪਰਮੇਸ਼ੁਰ ਯਹੋਵਾਹ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ।+ 3 ਤੂੰ ਉਸ ਵੇਲੇ ਸੇਵਾ ਕਰ ਰਹੇ ਪੁਜਾਰੀ ਕੋਲ ਜਾਈਂ ਅਤੇ ਉਸ ਨੂੰ ਕਹੀਂ, ‘ਅੱਜ ਮੈਂ ਤੇਰੇ ਪਰਮੇਸ਼ੁਰ ਯਹੋਵਾਹ ਦੇ ਅੱਗੇ ਐਲਾਨ ਕਰ ਰਿਹਾ ਹਾਂ ਕਿ ਮੈਂ ਇਸ ਦੇਸ਼ ਵਿਚ ਪਹੁੰਚ ਗਿਆ ਹਾਂ ਜੋ ਦੇਸ਼ ਸਾਨੂੰ ਦੇਣ ਦੀ ਯਹੋਵਾਹ ਨੇ ਸਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ।’+

4 “ਫਿਰ ਪੁਜਾਰੀ ਤੇਰੇ ਹੱਥੋਂ ਟੋਕਰੀ ਲੈ ਕੇ ਤੇਰੇ ਪਰਮੇਸ਼ੁਰ ਯਹੋਵਾਹ ਦੀ ਵੇਦੀ ਦੇ ਸਾਮ੍ਹਣੇ ਰੱਖੇਗਾ। 5 ਫਿਰ ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਇਹ ਐਲਾਨ ਕਰੀਂ, ‘ਮੇਰਾ ਪਿਤਾ ਅਰਾਮੀ+ ਸੀ ਅਤੇ ਉਹ ਜਗ੍ਹਾ-ਜਗ੍ਹਾ ਪਰਦੇਸੀਆਂ ਵਾਂਗ ਰਿਹਾ। ਫਿਰ ਉਹ ਆਪਣੇ ਘਰਾਣੇ ਸਮੇਤ ਮਿਸਰ ਗਿਆ+ ਅਤੇ ਉੱਥੇ ਉਸ ਨੇ ਪਰਦੇਸੀਆਂ ਵਾਂਗ ਜ਼ਿੰਦਗੀ ਗੁਜ਼ਾਰੀ। ਭਾਵੇਂ ਉਸ ਵੇਲੇ ਉਸ ਦਾ ਘਰਾਣਾ ਛੋਟਾ ਸੀ,+ ਪਰ ਬਾਅਦ ਵਿਚ ਉੱਥੇ ਉਸ ਤੋਂ ਇਕ ਵੱਡੀ ਤੇ ਸ਼ਕਤੀਸ਼ਾਲੀ ਕੌਮ ਬਣੀ ਜਿਸ ਦੀ ਗਿਣਤੀ ਬਹੁਤ ਜ਼ਿਆਦਾ ਸੀ।+ 6 ਮਿਸਰੀਆਂ ਨੇ ਸਾਡੇ ਨਾਲ ਬੁਰਾ ਸਲੂਕ ਕੀਤਾ ਅਤੇ ਸਾਡੇ ʼਤੇ ਜ਼ੁਲਮ ਢਾਹੇ ਅਤੇ ਸਾਡੇ ਤੋਂ ਬੇਰਹਿਮੀ ਨਾਲ ਗ਼ੁਲਾਮੀ ਕਰਵਾਈ।+ 7 ਇਸ ਲਈ ਅਸੀਂ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਅੱਗੇ ਦੁਹਾਈ ਦੇਣ ਲੱਗੇ ਅਤੇ ਯਹੋਵਾਹ ਨੇ ਸਾਡੀ ਪੁਕਾਰ ਸੁਣੀ ਅਤੇ ਉਸ ਨੇ ਸਾਡੇ ਕਸ਼ਟਾਂ, ਸਾਡੀਆਂ ਮੁਸੀਬਤਾਂ ਅਤੇ ਸਾਡੇ ʼਤੇ ਹੁੰਦੇ ਜ਼ੁਲਮਾਂ ਨੂੰ ਦੇਖਿਆ।+ 8 ਅਖ਼ੀਰ ਯਹੋਵਾਹ ਨੇ ਆਪਣੇ ਬਲਵੰਤ ਹੱਥ ਅਤੇ ਤਾਕਤਵਰ ਬਾਂਹ*+ ਨਾਲ ਕਰਾਮਾਤਾਂ, ਚਮਤਕਾਰ ਅਤੇ ਦਿਲ ਦਹਿਲਾਉਣ ਵਾਲੇ ਕੰਮ ਕਰ ਕੇ ਸਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਂਦਾ।+ 9 ਫਿਰ ਉਹ ਸਾਨੂੰ ਇਸ ਜਗ੍ਹਾ ਲੈ ਆਇਆ ਅਤੇ ਇਹ ਦੇਸ਼ ਸਾਨੂੰ ਦਿੱਤਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।+ 10 ਹੁਣ ਮੈਂ ਆਪਣੀ ਜ਼ਮੀਨ ਦੀ ਪੈਦਾਵਾਰ ਦੇ ਪਹਿਲੇ ਫਲ ਲਿਆਇਆ ਹਾਂ ਜੋ ਯਹੋਵਾਹ ਨੇ ਮੈਨੂੰ ਦਿੱਤੀ ਹੈ।’+

“ਤੂੰ ਇਹ ਪਹਿਲੇ ਫਲ ਆਪਣੇ ਪਰਮੇਸ਼ੁਰ ਯਹੋਵਾਹ ਦੇ ਅੱਗੇ ਰੱਖੀਂ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਅੱਗੇ ਮੱਥਾ ਟੇਕੀਂ। 11 ਫਿਰ ਤੂੰ ਉਨ੍ਹਾਂ ਸਾਰੀਆਂ ਚੰਗੀਆਂ ਚੀਜ਼ਾਂ ਕਾਰਨ ਖ਼ੁਸ਼ੀ ਮਨਾਈਂ ਜੋ ਤੇਰੇ ਪਰਮੇਸ਼ੁਰ ਯਹੋਵਾਹ ਨੇ ਤੈਨੂੰ ਅਤੇ ਤੇਰੇ ਘਰਾਣੇ ਨੂੰ ਦਿੱਤੀਆਂ ਹਨ। ਤੇਰੇ ਨਾਲ ਲੇਵੀ ਅਤੇ ਪਰਦੇਸੀ ਵੀ ਖ਼ੁਸ਼ੀਆਂ ਮਨਾਉਣ ਜੋ ਤੁਹਾਡੇ ਵਿਚ ਰਹਿੰਦੇ ਹਨ।+

12 “ਜਦੋਂ ਤੂੰ ਤੀਜੇ ਸਾਲ ਜੋ ਕਿ ਦਸਵਾਂ ਹਿੱਸਾ ਦੇਣ ਦਾ ਸਾਲ ਹੈ, ਆਪਣੀ ਪੈਦਾਵਾਰ ਦਾ ਪੂਰਾ ਦਸਵਾਂ ਹਿੱਸਾ ਅਲੱਗ ਕਰੇਂ,+ ਤਾਂ ਤੂੰ ਇਹ ਹਿੱਸਾ ਲੇਵੀਆਂ, ਪਰਦੇਸੀਆਂ, ਯਤੀਮਾਂ* ਤੇ ਵਿਧਵਾਵਾਂ ਨੂੰ ਦੇਈਂ ਤਾਂਕਿ ਉਹ ਤੇਰੇ ਸ਼ਹਿਰਾਂ* ਵਿਚ ਰੱਜ ਕੇ ਖਾਣ।+ 13 ਫਿਰ ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਅੱਗੇ ਇਹ ਕਹੀਂ, ‘ਮੈਂ ਆਪਣੇ ਘਰੋਂ ਇਹ ਪਵਿੱਤਰ ਹਿੱਸਾ ਲੈ ਕੇ ਲੇਵੀਆਂ, ਪਰਦੇਸੀਆਂ, ਯਤੀਮਾਂ ਤੇ ਵਿਧਵਾਵਾਂ ਨੂੰ ਦੇ ਦਿੱਤਾ ਹੈ,+ ਠੀਕ ਜਿਵੇਂ ਤੂੰ ਮੈਨੂੰ ਹੁਕਮ ਦਿੱਤਾ ਹੈ। ਮੈਂ ਤੇਰੇ ਹੁਕਮਾਂ ਦੀ ਉਲੰਘਣਾ ਨਹੀਂ ਕੀਤੀ ਅਤੇ ਨਾ ਹੀ ਇਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। 14 ਮੈਂ ਸੋਗ ਮਨਾਉਂਦੇ ਵੇਲੇ ਇਸ ਹਿੱਸੇ ਵਿੱਚੋਂ ਨਹੀਂ ਖਾਧਾ ਅਤੇ ਨਾ ਹੀ ਮੈਂ ਅਸ਼ੁੱਧ ਹਾਲਤ ਵਿਚ ਇਸ ਹਿੱਸੇ ਨੂੰ ਹੱਥ ਲਾਇਆ ਹੈ ਅਤੇ ਨਾ ਹੀ ਕਿਸੇ ਮਰੇ ਹੋਏ ਲਈ ਵਰਤਿਆ ਹੈ। ਹੇ ਮੇਰੇ ਪਰਮੇਸ਼ੁਰ ਯਹੋਵਾਹ, ਮੈਂ ਤੇਰੀ ਗੱਲ ਸੁਣੀ ਹੈ ਅਤੇ ਤੂੰ ਮੈਨੂੰ ਜੋ ਹੁਕਮ ਦਿੱਤੇ ਹਨ, ਮੈਂ ਉਨ੍ਹਾਂ ਦੀ ਪਾਲਣਾ ਕੀਤੀ ਹੈ। 15 ਹੁਣ ਆਪਣੇ ਪਵਿੱਤਰ ਨਿਵਾਸ-ਸਥਾਨ ਯਾਨੀ ਸਵਰਗ ਤੋਂ ਦੇਖ ਅਤੇ ਸਾਡੇ ਪਿਉ-ਦਾਦਿਆਂ ਨਾਲ ਖਾਧੀ ਸਹੁੰ ਮੁਤਾਬਕ ਆਪਣੀ ਪਰਜਾ ਇਜ਼ਰਾਈਲ ਅਤੇ ਉਸ ਦੇਸ਼ ਨੂੰ ਬਰਕਤ ਦੇ ਜੋ ਤੂੰ ਸਾਨੂੰ ਦਿੱਤਾ ਹੈ+ ਅਤੇ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।’+

16 “ਅੱਜ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਇਨ੍ਹਾਂ ਸਾਰੇ ਨਿਯਮਾਂ ਅਤੇ ਕਾਨੂੰਨਾਂ ਨੂੰ ਮੰਨਣ ਦਾ ਹੁਕਮ ਦੇ ਰਿਹਾ ਹੈ। ਤੁਸੀਂ ਜ਼ਰੂਰ ਇਨ੍ਹਾਂ ਦੀ ਪਾਲਣਾ ਕਰਿਓ ਅਤੇ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਇਨ੍ਹਾਂ ਮੁਤਾਬਕ ਚੱਲਿਓ।+ 17 ਅੱਜ ਤੁਸੀਂ ਯਹੋਵਾਹ ਦਾ ਇਹ ਐਲਾਨ ਸੁਣਿਆ ਹੈ ਕਿ ਉਹ ਤੁਹਾਡਾ ਪਰਮੇਸ਼ੁਰ ਹੋਵੇਗਾ ਅਤੇ ਤੁਸੀਂ ਉਸ ਦੇ ਰਾਹਾਂ ʼਤੇ ਚੱਲਿਓ ਅਤੇ ਉਸ ਦੇ ਨਿਯਮਾਂ,+ ਹੁਕਮਾਂ+ ਅਤੇ ਕਾਨੂੰਨਾਂ+ ਦੀ ਪਾਲਣਾ ਕਰਿਓ ਅਤੇ ਉਸ ਦੀ ਗੱਲ ਸੁਣਿਓ। 18 ਅਤੇ ਅੱਜ ਤੁਸੀਂ ਯਹੋਵਾਹ ਸਾਮ੍ਹਣੇ ਐਲਾਨ ਕੀਤਾ ਹੈ ਕਿ ਤੁਸੀਂ ਉਸ ਦੇ ਵਾਅਦੇ ਮੁਤਾਬਕ ਉਸ ਦੇ ਲੋਕ, ਹਾਂ, ਖ਼ਾਸ ਲੋਕ* ਬਣੋਗੇ+ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋਗੇ 19 ਅਤੇ ਜਦੋਂ ਤੁਸੀਂ ਖ਼ੁਦ ਨੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਪਵਿੱਤਰ ਲੋਕ ਸਾਬਤ ਕਰੋਗੇ, ਤਾਂ ਉਹ ਆਪਣੇ ਵਾਅਦੇ ਮੁਤਾਬਕ ਤੁਹਾਨੂੰ ਬਾਕੀ ਸਾਰੀਆਂ ਕੌਮਾਂ ਨਾਲੋਂ ਉੱਚਾ ਕਰੇਗਾ ਜਿਨ੍ਹਾਂ ਨੂੰ ਉਸ ਨੇ ਬਣਾਇਆ ਹੈ ਅਤੇ ਉਹ ਤੁਹਾਨੂੰ ਸ਼ਾਨੋ-ਸ਼ੌਕਤ, ਵਡਿਆਈ ਅਤੇ ਇੱਜ਼ਤ-ਮਾਣ ਬਖ਼ਸ਼ੇਗਾ।”+

27 ਫਿਰ ਮੂਸਾ ਨੇ ਇਜ਼ਰਾਈਲ ਦੇ ਬਜ਼ੁਰਗਾਂ ਨਾਲ ਮਿਲ ਕੇ ਲੋਕਾਂ ਨੂੰ ਇਹ ਹੁਕਮ ਦਿੱਤਾ: “ਤੁਸੀਂ ਹਰ ਹੁਕਮ ਦੀ ਪਾਲਣਾ ਕਰਿਓ ਜੋ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ। 2 ਜਿਸ ਦਿਨ ਤੁਸੀਂ ਯਰਦਨ ਦਰਿਆ ਪਾਰ ਕਰ ਕੇ ਉਸ ਦੇਸ਼ ਵਿਚ ਜਾਓਗੇ ਜੋ ਦੇਸ਼ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ, ਤਾਂ ਉੱਥੇ ਤੁਸੀਂ ਵੱਡੇ-ਵੱਡੇ ਪੱਥਰ ਖੜ੍ਹੇ ਕਰਿਓ ਅਤੇ ਉਨ੍ਹਾਂ ʼਤੇ ਪਲਸਤਰ ਕਰਿਓ।*+ 3 ਫਿਰ ਤੁਸੀਂ ਇਸ ਕਾਨੂੰਨ ਦੇ ਸਾਰੇ ਹੁਕਮਾਂ ਨੂੰ ਉਨ੍ਹਾਂ ਪੱਥਰਾਂ ʼਤੇ ਲਿਖ ਦਿਓ। ਇਹ ਤੁਸੀਂ ਉਦੋਂ ਕਰਿਓ ਜਦੋਂ ਤੁਸੀਂ ਯਰਦਨ ਦਰਿਆ ਪਾਰ ਉਸ ਦੇਸ਼ ਵਿਚ ਪਹੁੰਚ ਜਾਓਗੇ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ ਅਤੇ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ, ਠੀਕ ਜਿਵੇਂ ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੈ।+ 4 ਜਦੋਂ ਤੁਸੀਂ ਯਰਦਨ ਦਰਿਆ ਪਾਰ ਚਲੇ ਜਾਓਗੇ, ਤਾਂ ਤੁਸੀਂ ਏਬਾਲ ਪਹਾੜ+ ʼਤੇ ਇਨ੍ਹਾਂ ਪੱਥਰਾਂ ਨੂੰ ਖੜ੍ਹੇ ਕਰਿਓ ਅਤੇ ਇਨ੍ਹਾਂ ʼਤੇ ਪਲਸਤਰ ਕਰਿਓ,* ਠੀਕ ਜਿਵੇਂ ਮੈਂ ਅੱਜ ਤੁਹਾਨੂੰ ਹੁਕਮ ਦੇ ਰਿਹਾ ਹਾਂ। 5 ਉੱਥੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਲਈ ਪੱਥਰਾਂ ਦੀ ਇਕ ਵੇਦੀ ਬਣਾਇਓ। ਤੁਸੀਂ ਇਨ੍ਹਾਂ ਨੂੰ ਲੋਹੇ ਦੇ ਸੰਦਾਂ ਨਾਲ ਨਾ ਘੜਿਓ।+ 6 ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਲਈ ਅਣਘੜੇ ਪੱਥਰਾਂ ਦੀ ਵੇਦੀ ਬਣਾਇਓ ਅਤੇ ਇਸ ਉੱਤੇ ਆਪਣੇ ਪਰਮੇਸ਼ੁਰ ਯਹੋਵਾਹ ਲਈ ਹੋਮ-ਬਲ਼ੀਆਂ ਚੜ੍ਹਾਇਓ। 7 ਤੁਸੀਂ ਉੱਥੇ ਸ਼ਾਂਤੀ-ਬਲ਼ੀਆਂ ਚੜ੍ਹਾਇਓ+ ਅਤੇ ਉੱਥੇ ਹੀ ਖਾਇਓ+ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਖ਼ੁਸ਼ੀਆਂ ਮਨਾਇਓ।+ 8 ਤੁਸੀਂ ਇਨ੍ਹਾਂ ਪੱਥਰਾਂ ਉੱਤੇ ਇਸ ਕਾਨੂੰਨ ਦੇ ਸਾਰੇ ਹੁਕਮ ਸਾਫ਼-ਸਾਫ਼ ਲਿਖਿਓ।”+

9 ਫਿਰ ਮੂਸਾ ਅਤੇ ਲੇਵੀ ਪੁਜਾਰੀਆਂ ਨੇ ਸਾਰੇ ਇਜ਼ਰਾਈਲੀਆਂ ਨਾਲ ਗੱਲ ਕਰਦੇ ਹੋਏ ਕਿਹਾ: “ਹੇ ਇਜ਼ਰਾਈਲ ਦੇ ਲੋਕੋ, ਸ਼ਾਂਤ ਰਹੋ ਅਤੇ ਧਿਆਨ ਨਾਲ ਸੁਣੋ! ਅੱਜ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਲੋਕ ਬਣ ਗਏ ਹੋ।+ 10 ਇਸ ਲਈ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਸੁਣੋ ਅਤੇ ਉਸ ਦੇ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰੋ+ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦੇ ਰਿਹਾ ਹਾਂ।”

11 ਉਸ ਦਿਨ ਮੂਸਾ ਨੇ ਲੋਕਾਂ ਨੂੰ ਹੁਕਮ ਦਿੱਤਾ: 12 “ਜਦ ਤੁਸੀਂ ਯਰਦਨ ਦਰਿਆ ਪਾਰ ਚਲੇ ਜਾਓਗੇ, ਤਾਂ ਸ਼ਿਮਓਨ, ਲੇਵੀ, ਯਹੂਦਾਹ, ਯਿਸਾਕਾਰ, ਯੂਸੁਫ਼ ਤੇ ਬਿਨਯਾਮੀਨ ਦੇ ਗੋਤ ਗਰਿੱਜ਼ੀਮ ਪਹਾੜ+ ʼਤੇ ਖੜ੍ਹੇ ਹੋ ਕੇ ਲੋਕਾਂ ਨੂੰ ਬਰਕਤ ਦੇਣ। 13 ਅਤੇ ਰਊਬੇਨ, ਗਾਦ, ਆਸ਼ੇਰ, ਜ਼ਬੂਲੁਨ, ਦਾਨ ਤੇ ਨਫ਼ਤਾਲੀ ਦੇ ਗੋਤ ਏਬਾਲ ਪਹਾੜ+ ʼਤੇ ਖੜ੍ਹੇ ਹੋ ਕੇ ਸਰਾਪ ਦੇਣ। 14 ਅਤੇ ਲੇਵੀ ਸਾਰੇ ਇਜ਼ਰਾਈਲੀਆਂ ਨੂੰ ਉੱਚੀ ਆਵਾਜ਼ ਵਿਚ ਇਹ ਕਹਿਣਗੇ:+

15 “‘ਸਰਾਪਿਆ ਹੈ ਉਹ ਆਦਮੀ ਜਿਹੜਾ ਮੂਰਤ ਘੜਦਾ ਹੈ+ ਜਾਂ ਧਾਤ ਦੀ ਮੂਰਤ*+ ਬਣਾਉਂਦਾ ਹੈ ਅਤੇ ਇਸ ਨੂੰ ਲੁਕਾ ਕੇ ਰੱਖਦਾ ਹੈ। ਕਾਰੀਗਰ* ਦੇ ਹੱਥਾਂ ਦੀਆਂ ਬਣਾਈਆਂ ਇਹ ਮੂਰਤਾਂ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣੀਆਂ ਹਨ।’+ (ਅਤੇ ਫਿਰ ਸਾਰੇ ਲੋਕ ਜਵਾਬ ਵਿਚ ਕਹਿਣ, ‘ਆਮੀਨ!’*)

16 “‘ਸਰਾਪਿਆ ਹੈ ਉਹ ਆਦਮੀ ਜਿਹੜਾ ਆਪਣੇ ਮਾਤਾ-ਪਿਤਾ ਦੀ ਬੇਇੱਜ਼ਤੀ ਕਰਦਾ ਹੈ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

17 “‘ਸਰਾਪਿਆ ਹੈ ਉਹ ਆਦਮੀ ਜੋ ਆਪਣੇ ਗੁਆਂਢੀ ਦੀ ਜ਼ਮੀਨ ਦੀ ਹੱਦ ʼਤੇ ਲੱਗਾ ਨਿਸ਼ਾਨ ਖਿਸਕਾਉਂਦਾ ਹੈ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

18 “‘ਸਰਾਪਿਆ ਹੈ ਉਹ ਆਦਮੀ ਜੋ ਅੰਨ੍ਹੇ ਨੂੰ ਗ਼ਲਤ ਰਾਹ ਪਾਉਂਦਾ ਹੈ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

19 “‘ਸਰਾਪਿਆ ਹੈ ਉਹ ਆਦਮੀ ਜੋ ਪਰਦੇਸੀ, ਯਤੀਮ* ਅਤੇ ਵਿਧਵਾ ਨਾਲ ਅਨਿਆਂ ਕਰਦਾ ਹੈ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

20 “‘ਸਰਾਪਿਆ ਹੈ ਉਹ ਆਦਮੀ ਜੋ ਆਪਣੇ ਪਿਤਾ ਦੀ ਪਤਨੀ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ। ਇਸ ਤਰ੍ਹਾਂ ਕਰ ਕੇ ਉਹ ਆਪਣੇ ਪਿਤਾ ਨੂੰ ਬੇਇੱਜ਼ਤ ਕਰਦਾ ਹੈ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

21 “‘ਸਰਾਪਿਆ ਹੈ ਉਹ ਆਦਮੀ ਜੋ ਕਿਸੇ ਜਾਨਵਰ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

22 “‘ਸਰਾਪਿਆ ਹੈ ਉਹ ਆਦਮੀ ਜੋ ਆਪਣੀ ਭੈਣ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਚਾਹੇ ਉਹ ਉਸ ਦੇ ਪਿਤਾ ਦੀ ਧੀ ਹੋਵੇ ਜਾਂ ਉਸ ਦੀ ਮਾਂ ਦੀ ਧੀ ਹੋਵੇ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

23 “‘ਸਰਾਪਿਆ ਹੈ ਉਹ ਆਦਮੀ ਜੋ ਆਪਣੀ ਸੱਸ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

24 “‘ਸਰਾਪਿਆ ਹੈ ਉਹ ਆਦਮੀ ਜੋ ਘਾਤ ਲਾ ਕੇ ਆਪਣੇ ਗੁਆਂਢੀ ਨੂੰ ਜਾਨੋਂ ਮਾਰ ਦਿੰਦਾ ਹੈ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

25 “‘ਸਰਾਪਿਆ ਹੈ ਉਹ ਆਦਮੀ ਜੋ ਬੇਕਸੂਰ ਆਦਮੀ ਨੂੰ ਜਾਨੋਂ ਮਾਰਨ ਲਈ ਕਿਸੇ ਕੋਲੋਂ ਰਿਸ਼ਵਤ ਲੈਂਦਾ ਹੈ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

26 “‘ਸਰਾਪਿਆ ਹੈ ਉਹ ਆਦਮੀ ਜੋ ਇਸ ਕਾਨੂੰਨ ਦੇ ਹੁਕਮਾਂ ਨੂੰ ਕਬੂਲ ਨਹੀਂ ਕਰਦਾ ਅਤੇ ਇਨ੍ਹਾਂ ਦੀ ਪਾਲਣਾ ਨਹੀਂ ਕਰਦਾ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)

28 “ਜੇ ਤੁਸੀਂ ਧਿਆਨ ਨਾਲ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਸੁਣੋਗੇ ਅਤੇ ਉਸ ਦੇ ਸਾਰੇ ਹੁਕਮਾਂ ਦੀ ਜ਼ਰੂਰ ਪਾਲਣਾ ਕਰੋਗੇ ਜਿਨ੍ਹਾਂ ਦਾ ਅੱਜ ਮੈਂ ਤੁਹਾਨੂੰ ਹੁਕਮ ਦੇ ਰਿਹਾ ਹਾਂ, ਤਾਂ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਜ਼ਰੂਰ ਧਰਤੀ ਦੀਆਂ ਬਾਕੀ ਸਾਰੀਆਂ ਕੌਮਾਂ ਨਾਲੋਂ ਉੱਚਾ ਕਰੇਗਾ।+ 2 ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਸੁਣਨ ਕਰਕੇ ਤੁਹਾਨੂੰ ਇਹ ਸਾਰੀਆਂ ਬਰਕਤਾਂ ਮਿਲਣਗੀਆਂ, ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਘੇਰ ਲੈਣਗੀਆਂ:+

3 “ਚਾਹੇ ਤੁਸੀਂ ਸ਼ਹਿਰ ਵਿਚ ਹੋਵੋ ਜਾਂ ਪਿੰਡ ਵਿਚ, ਪਰਮੇਸ਼ੁਰ ਤੁਹਾਨੂੰ ਬਰਕਤ ਦੇਵੇਗਾ।+

4 “ਪਰਮੇਸ਼ੁਰ ਤੁਹਾਡੇ ਬੱਚਿਆਂ* ʼਤੇ, ਤੁਹਾਡੀ ਜ਼ਮੀਨ ਦੀ ਪੈਦਾਵਾਰ ʼਤੇ, ਤੁਹਾਡੇ ਪਾਲਤੂ ਪਸ਼ੂਆਂ ਦੇ ਬੱਚਿਆਂ ʼਤੇ, ਗਾਂਵਾਂ-ਬਲਦਾਂ ਅਤੇ ਭੇਡਾਂ ਦੇ ਬੱਚਿਆਂ ʼਤੇ ਬਰਕਤ ਪਾਵੇਗਾ।+

5 “ਪਰਮੇਸ਼ੁਰ ਤੁਹਾਡੀ ਟੋਕਰੀ+ ਅਤੇ ਪਰਾਤ+ ʼਤੇ ਬਰਕਤ ਪਾਵੇਗਾ।

6 “ਪਰਮੇਸ਼ੁਰ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ʼਤੇ ਬਰਕਤ ਪਾਵੇਗਾ।

7 “ਜਦੋਂ ਤੁਹਾਡੇ ਦੁਸ਼ਮਣ ਤੁਹਾਡੇ ʼਤੇ ਹਮਲਾ ਕਰਨਗੇ, ਤਾਂ ਯਹੋਵਾਹ ਉਨ੍ਹਾਂ ਨੂੰ ਹਰਾ ਦੇਵੇਗਾ।+ ਉਹ ਤੁਹਾਡੇ ʼਤੇ ਇਕ ਦਿਸ਼ਾ ਤੋਂ ਹਮਲਾ ਕਰਨਗੇ, ਪਰ ਉਹ ਸੱਤ ਦਿਸ਼ਾਵਾਂ ਵਿਚ ਤੁਹਾਡੇ ਸਾਮ੍ਹਣਿਓਂ ਭੱਜ ਜਾਣਗੇ।+ 8 ਯਹੋਵਾਹ ਹੁਕਮ ਦੇਵੇਗਾ ਕਿ ਤੁਹਾਡੇ ਅਨਾਜ ਦੇ ਭੰਡਾਰ ਭਰ ਜਾਣ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ʼਤੇ ਬਰਕਤ ਹੋਵੇ।+ ਤੁਹਾਡਾ ਪਰਮੇਸ਼ੁਰ ਯਹੋਵਾਹ ਜ਼ਰੂਰ ਤੁਹਾਨੂੰ ਉਸ ਦੇਸ਼ ਵਿਚ ਬਰਕਤ ਦੇਵੇਗਾ ਜੋ ਦੇਸ਼ ਉਹ ਤੁਹਾਨੂੰ ਦੇਣ ਜਾ ਰਿਹਾ ਹੈ। 9 ਜੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮਾਂ ਦੀ ਪਾਲਣਾ ਕਰਦੇ ਰਹੋਗੇ ਅਤੇ ਉਸ ਦੇ ਰਾਹਾਂ ʼਤੇ ਹਮੇਸ਼ਾ ਚੱਲਦੇ ਰਹੋਗੇ, ਤਾਂ ਯਹੋਵਾਹ ਤੁਹਾਨੂੰ ਆਪਣੇ ਪਵਿੱਤਰ ਲੋਕ ਬਣਾਵੇਗਾ,+ ਜਿਵੇਂ ਉਸ ਨੇ ਤੁਹਾਡੇ ਨਾਲ ਸਹੁੰ ਖਾਧੀ ਹੈ।+ 10 ਧਰਤੀ ਦੀਆਂ ਸਾਰੀਆਂ ਕੌਮਾਂ ਦੇਖਣਗੀਆਂ ਕਿ ਤੁਸੀਂ ਯਹੋਵਾਹ ਦੇ ਨਾਂ ਤੋਂ ਜਾਣੇ ਜਾਂਦੇ ਹੋ+ ਅਤੇ ਉਹ ਤੁਹਾਡੇ ਤੋਂ ਡਰਨਗੀਆਂ।+

11 “ਯਹੋਵਾਹ ਨੇ ਤੁਹਾਨੂੰ ਜੋ ਦੇਸ਼ ਦੇਣ ਦੀ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਹੈ,+ ਉਸ ਦੇਸ਼ ਵਿਚ ਯਹੋਵਾਹ ਤੁਹਾਨੂੰ ਬਹੁਤ ਸਾਰੇ ਬੱਚਿਆਂ ਦੀ ਦਾਤ ਬਖ਼ਸ਼ੇਗਾ ਅਤੇ ਬਹੁਤ ਸਾਰੇ ਪਾਲਤੂ ਪਸ਼ੂ ਦੇਵੇਗਾ ਅਤੇ ਜ਼ਮੀਨ ਨੂੰ ਉਪਜਾਊ ਬਣਾਵੇਗਾ।+ 12 ਯਹੋਵਾਹ ਆਪਣੇ ਆਕਾਸ਼ ਦੇ ਭਰੇ ਹੋਏ ਖ਼ਜ਼ਾਨਿਆਂ ਵਿੱਚੋਂ ਤੁਹਾਡੀ ਜ਼ਮੀਨ ʼਤੇ ਰੁੱਤ ਸਿਰ ਮੀਂਹ ਵਰ੍ਹਾਵੇਗਾ+ ਅਤੇ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਵੇਗਾ। ਤੁਸੀਂ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ਾ ਦਿਓਗੇ, ਪਰ ਤੁਹਾਨੂੰ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ।+ 13 ਜੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮਾਂ ਨੂੰ ਮੰਨਦੇ ਰਹੋਗੇ ਜਿਨ੍ਹਾਂ ਦੀ ਪਾਲਣਾ ਕਰਨ ਦਾ ਅੱਜ ਮੈਂ ਤੁਹਾਨੂੰ ਹੁਕਮ ਦੇ ਰਿਹਾ ਹਾਂ, ਤਾਂ ਯਹੋਵਾਹ ਤੁਹਾਨੂੰ ਦੂਜਿਆਂ ਤੋਂ ਵੱਡਾ ਬਣਾਵੇਗਾ, ਨਾ ਕਿ ਛੋਟਾ ਅਤੇ ਉਹ ਤੁਹਾਨੂੰ ਦੂਜਿਆਂ ਤੋਂ ਉੱਚਾ ਚੁੱਕੇਗਾ,+ ਨਾ ਕਿ ਨੀਵਾਂ ਕਰੇਗਾ। 14 ਮੈਂ ਅੱਜ ਤੁਹਾਨੂੰ ਜਿਹੜੇ ਹੁਕਮ ਦੇ ਰਿਹਾ ਹਾਂ, ਤੁਸੀਂ ਉਨ੍ਹਾਂ ਤੋਂ ਸੱਜੇ-ਖੱਬੇ ਮੁੜ ਕੇ ਦੂਜੇ ਦੇਵਤਿਆਂ ਦੇ ਮਗਰ ਨਾ ਜਾਇਓ ਤੇ ਉਨ੍ਹਾਂ ਦੀ ਭਗਤੀ ਨਾ ਕਰਿਓ।+

15 “ਪਰ ਜੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਨਹੀਂ ਸੁਣੋਗੇ ਅਤੇ ਉਸ ਦੇ ਸਾਰੇ ਹੁਕਮਾਂ ਅਤੇ ਨਿਯਮਾਂ ਦੀ ਧਿਆਨ ਨਾਲ ਪਾਲਣਾ ਨਹੀਂ ਕਰੋਗੇ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦੇ ਰਿਹਾ ਹਾਂ, ਤਾਂ ਇਹ ਸਾਰੇ ਸਰਾਪ ਤੁਹਾਡੇ ਉੱਤੇ ਆ ਪੈਣਗੇ ਅਤੇ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਘੇਰ ਲੈਣਗੇ:+

16 “ਚਾਹੇ ਤੁਸੀਂ ਸ਼ਹਿਰ ਵਿਚ ਹੋਵੋ ਜਾਂ ਪਿੰਡ ਵਿਚ, ਪਰਮੇਸ਼ੁਰ ਤੁਹਾਨੂੰ ਸਰਾਪ ਦੇਵੇਗਾ।+

17 “ਪਰਮੇਸ਼ੁਰ ਤੁਹਾਡੀ ਟੋਕਰੀ+ ਅਤੇ ਪਰਾਤ+ ਨੂੰ ਸਰਾਪ ਦੇਵੇਗਾ।

18 “ਪਰਮੇਸ਼ੁਰ ਤੁਹਾਡੇ ਬੱਚਿਆਂ,* ਤੁਹਾਡੀ ਜ਼ਮੀਨ ਦੀ ਪੈਦਾਵਾਰ, ਤੁਹਾਡੇ ਗਾਂਵਾਂ-ਬਲਦਾਂ ਅਤੇ ਭੇਡਾਂ ਦੇ ਬੱਚਿਆਂ ਨੂੰ ਸਰਾਪ ਦੇਵੇਗਾ।+

19 “ਪਰਮੇਸ਼ੁਰ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਨੂੰ ਸਰਾਪ ਦੇਵੇਗਾ।

20 “ਤੁਹਾਡੇ ਬੁਰੇ ਕੰਮਾਂ ਕਰਕੇ ਅਤੇ ਯਹੋਵਾਹ ਨੂੰ ਤਿਆਗਣ ਕਰਕੇ ਉਹ* ਤੁਹਾਨੂੰ ਸਰਾਪ ਦੇਵੇਗਾ, ਤੁਹਾਡੇ ਸਾਰੇ ਕੰਮਾਂ ਵਿਚ ਗੜਬੜੀ ਫੈਲਾ ਦੇਵੇਗਾ ਅਤੇ ਤੁਹਾਨੂੰ ਸਜ਼ਾ ਦੇਵੇਗਾ। ਉਹ ਉਦੋਂ ਤਕ ਇਸ ਤਰ੍ਹਾਂ ਕਰਦਾ ਰਹੇਗਾ ਜਦ ਤਕ ਤੁਸੀਂ ਦੇਖਦੇ ਹੀ ਦੇਖਦੇ ਪੂਰੀ ਤਰ੍ਹਾਂ ਨਾਸ਼ ਨਹੀਂ ਹੋ ਜਾਂਦੇ।+ 21 ਯਹੋਵਾਹ ਤੁਹਾਨੂੰ ਬੀਮਾਰੀਆਂ ਲਾਵੇਗਾ ਜੋ ਉਦੋਂ ਤਕ ਤੁਹਾਡਾ ਪਿੱਛਾ ਨਹੀਂ ਛੱਡਣਗੀਆਂ ਜਦ ਤਕ ਉਹ ਤੁਹਾਨੂੰ ਉਸ ਦੇਸ਼ ਵਿੱਚੋਂ ਖ਼ਤਮ ਨਹੀਂ ਕਰ ਦਿੰਦਾ ਜਿਸ ਦੇਸ਼ ʼਤੇ ਤੁਸੀਂ ਕਬਜ਼ਾ ਕਰਨ ਜਾ ਰਹੇ ਹੋ।+ 22 ਯਹੋਵਾਹ ਤੁਹਾਨੂੰ ਤਪਦਿਕ, ਤੇਜ਼ ਬੁਖ਼ਾਰ,+ ਸੋਜ, ਤਪਦੀ ਧੁੱਪ ਅਤੇ ਤਲਵਾਰ+ ਨਾਲ ਮਾਰੇਗਾ। ਤੁਹਾਡੇ ਪੇੜ-ਪੌਦੇ ਲੂ ਅਤੇ ਉੱਲੀ+ ਨਾਲ ਤਬਾਹ ਹੋ ਜਾਣਗੇ। ਇਹ ਸਾਰੀਆਂ ਚੀਜ਼ਾਂ ਉਦੋਂ ਤਕ ਤੁਹਾਡਾ ਪਿੱਛਾ ਕਰਨਗੀਆਂ ਜਦ ਤਕ ਤੁਸੀਂ ਨਾਸ਼ ਨਹੀਂ ਹੋ ਜਾਂਦੇ। 23 ਉਹ ਤੁਹਾਡੇ ਉੱਪਰ ਆਕਾਸ਼ ਨੂੰ ਤਾਂਬੇ ਵਰਗਾ ਅਤੇ ਤੁਹਾਡੇ ਹੇਠਾਂ ਧਰਤੀ ਨੂੰ ਲੋਹੇ ਵਰਗੀ ਬਣਾ ਦੇਵੇਗਾ।+ 24 ਯਹੋਵਾਹ ਤਦ ਤਕ ਆਕਾਸ਼ ਤੋਂ ਤੁਹਾਡੇ ਦੇਸ਼ ʼਤੇ ਮੀਂਹ ਵਾਂਗ ਘੱਟਾ ਤੇ ਧੂੜ ਵਰ੍ਹਾਏਗਾ ਜਦ ਤਕ ਤੁਸੀਂ ਨਾਸ਼ ਨਹੀਂ ਹੋ ਜਾਂਦੇ। 25 ਯਹੋਵਾਹ ਤੁਹਾਨੂੰ ਤੁਹਾਡੇ ਦੁਸ਼ਮਣਾਂ ਤੋਂ ਹਰਾ ਦੇਵੇਗਾ।+ ਤੁਸੀਂ ਉਨ੍ਹਾਂ ʼਤੇ ਇਕ ਦਿਸ਼ਾ ਤੋਂ ਹਮਲਾ ਕਰੋਗੇ, ਪਰ ਤੁਸੀਂ ਸੱਤ ਦਿਸ਼ਾਵਾਂ ਵਿਚ ਉਨ੍ਹਾਂ ਸਾਮ੍ਹਣਿਓਂ ਭੱਜ ਜਾਓਗੇ ਅਤੇ ਤੁਹਾਡਾ ਬੁਰਾ ਹਸ਼ਰ ਦੇਖ ਕੇ ਧਰਤੀ ਦੇ ਸਾਰੇ ਰਾਜ ਖ਼ੌਫ਼ ਖਾਣਗੇ।+ 26 ਅਤੇ ਤੁਹਾਡੀਆਂ ਲਾਸ਼ਾਂ ਨੂੰ ਆਕਾਸ਼ ਦੇ ਸਾਰੇ ਪੰਛੀ ਅਤੇ ਧਰਤੀ ਦੇ ਸਾਰੇ ਜਾਨਵਰ ਖਾਣਗੇ ਅਤੇ ਉਨ੍ਹਾਂ ਨੂੰ ਡਰਾ ਕੇ ਭਜਾਉਣ ਵਾਲਾ ਕੋਈ ਨਹੀਂ ਹੋਵੇਗਾ।+

27 “ਯਹੋਵਾਹ ਤੁਹਾਡੇ ਸਰੀਰਾਂ ਨੂੰ ਫੋੜਿਆਂ ਨਾਲ ਭਰ ਦੇਵੇਗਾ ਜੋ ਮਿਸਰੀਆਂ ਦੇ ਨਿਕਲਦੇ ਹਨ। ਉਹ ਤੁਹਾਨੂੰ ਬਵਾਸੀਰ, ਚੰਬਲ ਅਤੇ ਖੁਰਕ ਵਰਗੀਆਂ ਬੀਮਾਰੀਆਂ ਲਾਵੇਗਾ ਜਿਨ੍ਹਾਂ ਤੋਂ ਤੁਸੀਂ ਕਦੇ ਠੀਕ ਨਹੀਂ ਹੋ ਸਕੋਗੇ। 28 ਯਹੋਵਾਹ ਤੁਹਾਨੂੰ ਪਾਗਲ ਅਤੇ ਅੰਨ੍ਹਾ ਕਰ ਦੇਵੇਗਾ+ ਅਤੇ ਤੁਹਾਨੂੰ ਉਲਝਣ* ਵਿਚ ਪਾਈ ਰੱਖੇਗਾ। 29 ਜਿਵੇਂ ਇਕ ਅੰਨ੍ਹਾ ਹਨੇਰੇ ਵਿਚ ਭਟਕਦਾ ਫਿਰਦਾ ਹੈ, ਉਸੇ ਤਰ੍ਹਾਂ ਤੁਸੀਂ ਸਿਖਰ ਦੁਪਹਿਰੇ ਭਟਕਦੇ ਫਿਰੋਗੇ।+ ਤੁਸੀਂ ਕਿਸੇ ਵੀ ਕੰਮ ਵਿਚ ਸਫ਼ਲ ਨਹੀਂ ਹੋਵੋਗੇ ਅਤੇ ਤੁਹਾਡੇ ਨਾਲ ਹਮੇਸ਼ਾ ਠੱਗੀ ਹੋਵੇਗੀ ਅਤੇ ਤੁਹਾਨੂੰ ਲੁੱਟਿਆ ਜਾਵੇਗਾ ਅਤੇ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।+ 30 ਜਿਸ ਔਰਤ ਨਾਲ ਤੁਹਾਡੀ ਮੰਗਣੀ ਹੋਈ ਹੋਵੇਗੀ, ਕੋਈ ਹੋਰ ਉਸ ਨਾਲ ਬਲਾਤਕਾਰ ਕਰੇਗਾ। ਤੁਸੀਂ ਘਰ ਬਣਾਓਗੇ, ਪਰ ਉਸ ਵਿਚ ਵੱਸੋਗੇ ਨਹੀਂ।+ ਤੁਸੀਂ ਅੰਗੂਰਾਂ ਦਾ ਬਾਗ਼ ਲਾਓਗੇ, ਪਰ ਉਸ ਦਾ ਫਲ ਨਹੀਂ ਖਾਓਗੇ।+ 31 ਤੁਹਾਡੇ ਬਲਦ ਤੁਹਾਡੀਆਂ ਅੱਖਾਂ ਸਾਮ੍ਹਣੇ ਵੱਢੇ ਜਾਣਗੇ, ਪਰ ਤੁਸੀਂ ਉਨ੍ਹਾਂ ਦਾ ਮਾਸ ਨਹੀਂ ਖਾ ਸਕੋਗੇ। ਤੁਹਾਡੀਆਂ ਨਜ਼ਰਾਂ ਸਾਮ੍ਹਣੇ ਤੁਹਾਡੇ ਗਧੇ ਚੋਰੀ ਕਰ ਲਏ ਜਾਣਗੇ, ਪਰ ਉਹ ਤੁਹਾਨੂੰ ਵਾਪਸ ਨਹੀਂ ਮਿਲਣਗੇ। ਤੁਹਾਡੀਆਂ ਭੇਡਾਂ ਤੁਹਾਡੇ ਦੁਸ਼ਮਣਾਂ ਨੂੰ ਦਿੱਤੀਆਂ ਜਾਣਗੀਆਂ, ਪਰ ਤੁਹਾਡੀ ਮਦਦ ਕਰਨ ਵਾਲਾ ਕੋਈ ਨਹੀਂ ਹੋਵੇਗਾ। 32 ਤੁਹਾਡੀਆਂ ਨਜ਼ਰਾਂ ਸਾਮ੍ਹਣੇ ਤੁਹਾਡੇ ਧੀਆਂ-ਪੁੱਤਰ ਦੂਜੇ ਲੋਕਾਂ ਦੇ ਹਵਾਲੇ ਕਰ ਦਿੱਤੇ ਜਾਣਗੇ+ ਅਤੇ ਤੁਸੀਂ ਰੋਜ਼ ਉਨ੍ਹਾਂ ਨੂੰ ਦੇਖਣ ਲਈ ਤਰਸੋਗੇ, ਪਰ ਬੇਬੱਸ ਹੋਣ ਕਰਕੇ ਤੁਸੀਂ ਕੁਝ ਨਹੀਂ ਕਰ ਸਕੋਗੇ। 33 ਤੁਹਾਡੀ ਜ਼ਮੀਨ ਦੀ ਪੈਦਾਵਾਰ ਅਤੇ ਤੁਹਾਡੀਆਂ ਖਾਣ-ਪੀਣ ਦੀਆਂ ਚੀਜ਼ਾਂ ਉਹ ਕੌਮ ਖਾਏਗੀ ਜਿਸ ਨੂੰ ਤੁਸੀਂ ਨਹੀਂ ਜਾਣਦੇ।+ ਤੁਹਾਡੇ ਨਾਲ ਹਮੇਸ਼ਾ ਠੱਗੀ ਹੋਵੇਗੀ ਅਤੇ ਤੁਹਾਡੇ ʼਤੇ ਜ਼ੁਲਮ ਢਾਹੇ ਜਾਣਗੇ। 34 ਤੁਸੀਂ ਇਹ ਸਭ ਕੁਝ ਹੁੰਦਾ ਦੇਖ ਕੇ ਪਾਗਲ ਹੋ ਜਾਓਗੇ।

35 “ਯਹੋਵਾਹ ਤੁਹਾਡੇ ਗੋਡਿਆਂ ਅਤੇ ਲੱਤਾਂ ਨੂੰ, ਸਗੋਂ ਪੈਰ ਦੀ ਤਲੀ ਤੋਂ ਲੈ ਕੇ ਸਿਰ ਤਕ ਤੁਹਾਨੂੰ ਦਰਦਨਾਕ ਤੇ ਲਾਇਲਾਜ ਫੋੜਿਆਂ ਨਾਲ ਭਰ ਦੇਵੇਗਾ। 36 ਤੁਸੀਂ ਆਪਣੇ ʼਤੇ ਜੋ ਰਾਜਾ ਨਿਯੁਕਤ ਕਰੋਗੇ, ਯਹੋਵਾਹ ਉਸ ਨੂੰ ਅਤੇ ਤੁਹਾਨੂੰ ਇਕ ਅਜਿਹੀ ਕੌਮ ਦੇ ਦੇਸ਼ ਭੇਜ ਦੇਵੇਗਾ ਜਿਸ ਨੂੰ ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪਿਉ-ਦਾਦੇ ਜਾਣਦੇ ਸਨ+ ਅਤੇ ਉੱਥੇ ਤੁਸੀਂ ਦੂਜੇ ਦੇਵਤਿਆਂ, ਹਾਂ, ਲੱਕੜ ਤੇ ਪੱਥਰ ਦੇ ਬਣੇ ਦੇਵਤਿਆਂ ਦੀ ਭਗਤੀ ਕਰੋਗੇ।+ 37 ਯਹੋਵਾਹ ਤੁਹਾਨੂੰ ਆਪਣੇ ਦੇਸ਼ ਵਿੱਚੋਂ ਕੱਢ ਕੇ ਜਿਨ੍ਹਾਂ ਕੌਮਾਂ ਵਿਚ ਭੇਜੇਗਾ, ਉੱਥੇ ਲੋਕ ਤੁਹਾਡਾ ਹਸ਼ਰ ਦੇਖ ਕੇ ਡਰ ਜਾਣਗੇ ਅਤੇ ਤੁਹਾਡੇ ਨਾਲ ਘਿਰਣਾ ਕਰਨਗੇ* ਅਤੇ ਤੁਹਾਡਾ ਮਜ਼ਾਕ ਉਡਾਉਣਗੇ।+

38 “ਤੁਸੀਂ ਖੇਤਾਂ ਵਿਚ ਬਹੁਤ ਸਾਰਾ ਬੀ ਬੀਜੋਗੇ, ਪਰ ਬਹੁਤ ਥੋੜ੍ਹਾ ਵੱਢੋਗੇ+ ਕਿਉਂਕਿ ਟਿੱਡੀਆਂ ਤੁਹਾਡੀਆਂ ਫ਼ਸਲਾਂ ਚੱਟ ਕਰ ਜਾਣਗੀਆਂ। 39 ਤੁਸੀਂ ਅੰਗੂਰਾਂ ਦੇ ਬਾਗ਼ ਲਾਓਗੇ ਅਤੇ ਉਨ੍ਹਾਂ ਦੀ ਦੇਖ-ਭਾਲ ਕਰੋਗੇ, ਪਰ ਤੁਸੀਂ ਦਾਖਰਸ ਨਹੀਂ ਪੀ ਸਕੋਗੇ ਅਤੇ ਨਾ ਹੀ ਬਾਗ਼ਾਂ ਵਿੱਚੋਂ ਅੰਗੂਰ ਇਕੱਠੇ ਕਰ ਸਕੋਗੇ+ ਕਿਉਂਕਿ ਅੰਗੂਰਾਂ ਨੂੰ ਕੀੜੇ ਖਾ ਜਾਣਗੇ। 40 ਤੁਹਾਡੇ ਪੂਰੇ ਦੇਸ਼ ਵਿਚ ਜ਼ੈਤੂਨ ਦੇ ਦਰਖ਼ਤ ਹੋਣਗੇ, ਪਰ ਤੁਸੀਂ ਉਨ੍ਹਾਂ ਦਾ ਤੇਲ ਨਹੀਂ ਮਲ਼ ਸਕੋਗੇ ਕਿਉਂਕਿ ਸਾਰੇ ਜ਼ੈਤੂਨ ਝੜ ਜਾਣਗੇ। 41 ਤੁਹਾਡੇ ਧੀਆਂ-ਪੁੱਤਰ ਪੈਦਾ ਹੋਣਗੇ, ਪਰ ਉਹ ਤੁਹਾਡੇ ਨਹੀਂ ਰਹਿਣਗੇ ਕਿਉਂਕਿ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਕਿਤੇ ਹੋਰ ਲਿਜਾਇਆ ਜਾਵੇਗਾ।+ 42 ਕੀੜਿਆਂ ਦੇ ਝੁੰਡ ਤੁਹਾਡੇ ਸਾਰੇ ਦਰਖ਼ਤ ਅਤੇ ਤੁਹਾਡੀ ਜ਼ਮੀਨ ਦੀ ਪੈਦਾਵਾਰ ਚੱਟ ਕਰ ਜਾਣਗੇ। 43 ਤੁਹਾਡੇ ਵਿਚ ਰਹਿੰਦਾ ਪਰਦੇਸੀ ਤਾਕਤਵਰ ਤੋਂ ਤਾਕਤਵਰ ਹੁੰਦਾ ਜਾਵੇਗਾ, ਪਰ ਤੁਸੀਂ ਕਮਜ਼ੋਰ ਤੋਂ ਕਮਜ਼ੋਰ ਹੁੰਦੇ ਜਾਓਗੇ। 44 ਉਹ ਤੁਹਾਨੂੰ ਕਰਜ਼ਾ ਦੇਵੇਗਾ, ਪਰ ਤੁਸੀਂ ਉਸ ਨੂੰ ਕਰਜ਼ਾ ਨਹੀਂ ਦੇ ਸਕੋਗੇ।+ ਉਹ ਤੁਹਾਡਾ ਮੁਖੀ ਬਣੇਗਾ ਅਤੇ ਤੁਸੀਂ ਉਸ ਦੇ ਅਧੀਨ ਹੋਵੋਗੇ।+

45 “ਇਹ ਸਾਰੇ ਸਰਾਪ+ ਜ਼ਰੂਰ ਤੁਹਾਡੇ ਉੱਤੇ ਆ ਪੈਣਗੇ ਅਤੇ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਘੇਰ ਲੈਣਗੇ ਜਦ ਤਕ ਤੁਸੀਂ ਨਾਸ਼ ਨਹੀਂ ਹੋ ਜਾਂਦੇ+ ਕਿਉਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਨਹੀਂ ਸੁਣੀ ਅਤੇ ਉਸ ਦੇ ਹੁਕਮਾਂ ਤੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜੋ ਉਸ ਨੇ ਤੁਹਾਨੂੰ ਦਿੱਤੇ ਸਨ।+ 46 ਇਹ ਸਰਾਪ ਤੁਹਾਡੇ ʼਤੇ ਅਤੇ ਤੁਹਾਡੇ ਬੱਚਿਆਂ ʼਤੇ ਆ ਪੈਣਗੇ ਅਤੇ ਇਹ ਸਾਰਿਆਂ ਲਈ ਹਮੇਸ਼ਾ ਇਕ ਨਿਸ਼ਾਨੀ ਅਤੇ ਚੇਤਾਵਨੀ ਹੋਣਗੇ+ 47 ਕਿਉਂਕਿ ਤੁਹਾਡੇ ਕੋਲ ਸਾਰੀਆਂ ਚੀਜ਼ਾਂ ਬਹੁਤਾਤ ਵਿਚ ਹੋਣ ਦੇ ਬਾਵਜੂਦ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਖ਼ੁਸ਼ਦਿਲੀ ਨਾਲ ਨਹੀਂ ਕੀਤੀ।+ 48 ਯਹੋਵਾਹ ਤੁਹਾਡੇ ਦੁਸ਼ਮਣਾਂ ਤੋਂ ਤੁਹਾਡੇ ਉੱਤੇ ਹਮਲਾ ਕਰਾਵੇਗਾ ਅਤੇ ਤੁਸੀਂ ਉਨ੍ਹਾਂ ਦੀ ਗ਼ੁਲਾਮੀ ਕਰੋਗੇ।+ ਤੁਸੀਂ ਭੁੱਖੇ-ਪਿਆਸੇ ਰਹੋਗੇ+ ਅਤੇ ਫਟੇ-ਪੁਰਾਣੇ ਕੱਪੜੇ ਪਾਓਗੇ ਅਤੇ ਤੁਹਾਨੂੰ ਹਰ ਚੀਜ਼ ਦੀ ਥੁੜ੍ਹ ਹੋਵੇਗੀ। ਉਹ ਤਦ ਤਕ ਤੁਹਾਡੀਆਂ ਧੌਣਾਂ ʼਤੇ ਲੋਹੇ ਦਾ ਜੂਲਾ ਰੱਖਣਗੇ ਜਦ ਤਕ ਉਹ ਤੁਹਾਨੂੰ ਨਾਸ਼ ਨਹੀਂ ਕਰ ਦਿੰਦੇ।

49 “ਯਹੋਵਾਹ ਧਰਤੀ ਦੇ ਦੂਜੇ ਪਾਸਿਓਂ ਤੁਹਾਡੇ ਖ਼ਿਲਾਫ਼ ਇਕ ਕੌਮ ਘੱਲੇਗਾ+ ਜੋ ਇਕ ਉਕਾਬ ਵਾਂਗ ਤੁਹਾਡੇ ʼਤੇ ਝਪੱਟਾ ਮਾਰੇਗੀ।+ ਤੁਸੀਂ ਉਸ ਕੌਮ ਦੀ ਭਾਸ਼ਾ ਨਹੀਂ ਸਮਝੋਗੇ।+ 50 ਉਹ ਖੂੰਖਾਰ ਕੌਮ ਨਾ ਤਾਂ ਬੁੱਢਿਆਂ ਦਾ ਲਿਹਾਜ਼ ਕਰੇਗੀ ਅਤੇ ਨਾ ਹੀ ਬੱਚਿਆਂ ʼਤੇ ਤਰਸ ਖਾਏਗੀ।+ 51 ਉਹ ਤੁਹਾਡੇ ਪਾਲਤੂ ਪਸ਼ੂਆਂ ਦੇ ਬੱਚੇ ਅਤੇ ਤੁਹਾਡੀ ਜ਼ਮੀਨ ਦੀ ਪੈਦਾਵਾਰ ਖਾ ਜਾਣਗੇ ਜਦ ਤਕ ਤੁਸੀਂ ਨਾਸ਼ ਨਹੀਂ ਹੋ ਜਾਂਦੇ। ਉਹ ਤੁਹਾਡੇ ਲਈ ਅਨਾਜ ਦਾ ਇਕ ਦਾਣਾ ਤਕ ਨਹੀਂ ਛੱਡਣਗੇ ਅਤੇ ਨਾ ਹੀ ਨਵਾਂ ਦਾਖਰਸ, ਤੇਲ, ਗਾਂਵਾਂ-ਬਲਦਾਂ ਅਤੇ ਭੇਡਾਂ ਦੇ ਬੱਚੇ ਛੱਡਣਗੇ ਜਦ ਤਕ ਉਹ ਤੁਹਾਨੂੰ ਨਾਸ਼ ਨਹੀਂ ਕਰ ਦਿੰਦੇ।+ 52 ਉਹ ਤੁਹਾਡੇ ਦੇਸ਼ ਦੇ ਸਾਰੇ ਸ਼ਹਿਰਾਂ* ਨੂੰ ਘੇਰ ਲੈਣਗੇ ਅਤੇ ਉਨ੍ਹਾਂ ਵਿਚ ਤੁਹਾਨੂੰ ਕੈਦ ਕਰ ਲੈਣਗੇ ਜਦ ਤਕ ਤੁਹਾਡੀਆਂ ਉੱਚੀਆਂ ਅਤੇ ਮਜ਼ਬੂਤ ਕੰਧਾਂ ਢਹਿ-ਢੇਰੀ ਨਹੀਂ ਹੋ ਜਾਂਦੀਆਂ ਜਿਨ੍ਹਾਂ ʼਤੇ ਤੁਸੀਂ ਭਰੋਸਾ ਕਰਦੇ ਹੋ। ਹਾਂ, ਉਹ ਜ਼ਰੂਰ ਤੁਹਾਡੇ ਦੇਸ਼ ਦੇ ਸਾਰੇ ਸ਼ਹਿਰਾਂ ਵਿਚ ਤੁਹਾਨੂੰ ਘੇਰ ਲੈਣਗੇ ਜੋ ਦੇਸ਼ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਦਿੱਤਾ ਹੈ।+ 53 ਫਿਰ ਦੁਸ਼ਮਣਾਂ ਨਾਲ ਘਿਰੇ ਹੋਣ ਕਰਕੇ ਤੁਹਾਡੀ ਹਾਲਤ ਇੰਨੀ ਮਾੜੀ ਹੋਵੇਗੀ ਕਿ ਤੁਸੀਂ ਆਪਣੇ ਬੱਚਿਆਂ,* ਹਾਂ, ਆਪਣੇ ਹੀ ਧੀਆਂ-ਪੁੱਤਰਾਂ ਦਾ ਮਾਸ ਖਾਓਗੇ+ ਜੋ ਯਹੋਵਾਹ ਨੇ ਤੁਹਾਨੂੰ ਦਿੱਤੇ ਹਨ।

54 “ਸਭ ਤੋਂ ਨਾਜ਼ੁਕ ਅਤੇ ਨਰਮ ਦਿਲ ਵਾਲਾ ਆਦਮੀ ਵੀ ਆਪਣੇ ਭਰਾ, ਆਪਣੀ ਪਿਆਰੀ ਪਤਨੀ ਅਤੇ ਆਪਣੇ ਬਚੇ ਹੋਏ ਪੁੱਤਰਾਂ ʼਤੇ ਤਰਸ ਨਹੀਂ ਖਾਏਗਾ 55 ਅਤੇ ਉਹ ਆਪਣੇ ਪੁੱਤਰਾਂ ਦਾ ਮਾਸ ਜਿਹੜਾ ਉਹ ਆਪ ਖਾਂਦਾ ਹੈ, ਉਨ੍ਹਾਂ ਨੂੰ ਖਾਣ ਲਈ ਨਹੀਂ ਦੇਵੇਗਾ। ਦੁਸ਼ਮਣਾਂ ਨਾਲ ਘਿਰੇ ਹੋਣ ਕਰਕੇ ਤੁਹਾਡੇ ਸ਼ਹਿਰਾਂ ਦੀ ਹਾਲਤ ਇੰਨੀ ਮਾੜੀ ਹੋਵੇਗੀ ਕਿ ਉਸ ਆਦਮੀ ਕੋਲ ਖਾਣ ਲਈ ਹੋਰ ਕੁਝ ਨਹੀਂ ਹੋਵੇਗਾ।+ 56 ਇਕ ਨਾਜ਼ੁਕ ਅਤੇ ਨਰਮ ਦਿਲ ਵਾਲੀ ਔਰਤ ਜੋ ਇੰਨੀ ਨਾਜ਼ੁਕ ਹੈ ਕਿ ਉਹ ਕਦੇ ਆਪਣਾ ਪੈਰ ਵੀ ਜ਼ਮੀਨ ʼਤੇ ਰੱਖਣ ਬਾਰੇ ਨਹੀਂ ਸੋਚਦੀ,+ ਉਹ ਵੀ ਆਪਣੇ ਪਿਆਰੇ ਪਤੀ, ਆਪਣੇ ਪੁੱਤਰ ਅਤੇ ਆਪਣੀ ਧੀ ʼਤੇ ਤਰਸ ਨਹੀਂ ਖਾਏਗੀ। 57 ਅਤੇ ਉਹ ਆਪਣਾ ਨਵ-ਜੰਮਿਆ ਬੱਚਾ ਉਨ੍ਹਾਂ ਨੂੰ ਖਾਣ ਲਈ ਨਹੀਂ ਦੇਵੇਗੀ ਅਤੇ ਨਾ ਹੀ ਉਹ ਸਭ ਕੁਝ ਜੋ ਜਨਮ ਦੇਣ ਤੋਂ ਬਾਅਦ ਗਰਭ ਵਿੱਚੋਂ ਨਿਕਲਦਾ ਹੈ। ਉਹ ਆਪ ਇਹ ਸਾਰਾ ਕੁਝ ਚੋਰੀ-ਛਿਪੇ ਖਾਏਗੀ ਕਿਉਂਕਿ ਦੁਸ਼ਮਣਾਂ ਨਾਲ ਘਿਰੇ ਹੋਣ ਕਰਕੇ ਤੁਹਾਡੇ ਸ਼ਹਿਰਾਂ ਦੀ ਹਾਲਤ ਬਹੁਤ ਮਾੜੀ ਹੋਵੇਗੀ।

58 “ਜੇ ਤੁਸੀਂ ਇਸ ਕਿਤਾਬ+ ਵਿਚ ਲਿਖੇ ਇਸ ਕਾਨੂੰਨ ਦੇ ਸਾਰੇ ਹੁਕਮਾਂ ਦੀ ਪਾਲਣਾ ਧਿਆਨ ਨਾਲ ਨਹੀਂ ਕਰੋਗੇ ਅਤੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ+ ਦੇ ਮਹਿਮਾਵਾਨ ਤੇ ਸ਼ਰਧਾਮਈ ਨਾਂ ਦਾ ਡਰ ਨਹੀਂ ਰੱਖੋਗੇ,+ 59 ਤਾਂ ਯਹੋਵਾਹ ਤੁਹਾਡੇ ਉੱਤੇ ਅਤੇ ਤੁਹਾਡੀ ਔਲਾਦ ʼਤੇ ਭਿਆਨਕ ਤੇ ਵੱਡੀਆਂ ਮੁਸੀਬਤਾਂ ਲਿਆਵੇਗਾ ਜੋ ਲੰਬੇ ਸਮੇਂ ਤਕ ਤੁਹਾਡਾ ਪਿੱਛਾ ਨਹੀਂ ਛੱਡਣਗੀਆਂ।+ ਨਾਲੇ ਉਹ ਤੁਹਾਨੂੰ ਗੰਭੀਰ ਬੀਮਾਰੀਆਂ ਲਾਵੇਗਾ ਜੋ ਤੁਹਾਡਾ ਖਹਿੜਾ ਨਹੀਂ ਛੱਡਣਗੀਆਂ। 60 ਉਹ ਮਿਸਰ ਦੇਸ਼ ਦੀਆਂ ਸਾਰੀਆਂ ਬੀਮਾਰੀਆਂ ਤੁਹਾਨੂੰ ਲਾਵੇਗਾ ਜਿਨ੍ਹਾਂ ਬੀਮਾਰੀਆਂ ਤੋਂ ਤੁਸੀਂ ਡਰਦੇ ਸੀ ਅਤੇ ਇਹ ਤੁਹਾਡਾ ਪਿੱਛਾ ਨਹੀਂ ਛੱਡਣਗੀਆਂ। 61 ਇਸ ਤੋਂ ਇਲਾਵਾ, ਜਦ ਤਕ ਤੁਸੀਂ ਨਾਸ਼ ਨਹੀਂ ਹੋ ਜਾਂਦੇ ਤਦ ਤਕ ਯਹੋਵਾਹ ਤੁਹਾਡੇ ʼਤੇ ਹਰ ਤਰ੍ਹਾਂ ਦੀ ਬੀਮਾਰੀ ਅਤੇ ਮੁਸੀਬਤ ਲਿਆਵੇਗਾ ਜੋ ਇਸ ਕਾਨੂੰਨ ਦੀ ਕਿਤਾਬ ਵਿਚ ਨਹੀਂ ਲਿਖੀ ਗਈ। 62 ਹਾਲਾਂਕਿ ਤੁਹਾਡੀ ਗਿਣਤੀ ਆਕਾਸ਼ ਦੇ ਤਾਰਿਆਂ ਜਿੰਨੀ ਹੈ,+ ਪਰ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਨਾ ਸੁਣਨ ਕਰਕੇ ਤੁਸੀਂ ਬਹੁਤ ਥੋੜ੍ਹੇ ਰਹਿ ਜਾਓਗੇ।+

63 “ਅਤੇ ਜਿਵੇਂ ਇਕ ਸਮੇਂ ਤੇ ਤੁਹਾਨੂੰ ਖ਼ੁਸ਼ਹਾਲ ਬਣਾਉਣ ਅਤੇ ਤੁਹਾਡੀ ਗਿਣਤੀ ਵਧਾਉਣ ਵਿਚ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਸੀ, ਉਸੇ ਤਰ੍ਹਾਂ ਤੁਹਾਨੂੰ ਤਬਾਹ ਕਰਨ ਅਤੇ ਨਾਸ਼ ਕਰਨ ਵਿਚ ਵੀ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ। ਤੁਸੀਂ ਜਿਸ ਦੇਸ਼ ʼਤੇ ਕਬਜ਼ਾ ਕਰਨ ਜਾ ਰਹੇ ਹੋ, ਉਸ ਦੇਸ਼ ਵਿੱਚੋਂ ਤੁਹਾਨੂੰ ਕੱਢ ਦਿੱਤਾ ਜਾਵੇਗਾ।

64 “ਯਹੋਵਾਹ ਤੁਹਾਨੂੰ ਧਰਤੀ ਦੇ ਇਕ ਪਾਸੇ ਤੋਂ ਲੈ ਕੇ ਦੂਜੇ ਪਾਸੇ ਤਕ ਸਾਰੀਆਂ ਕੌਮਾਂ ਵਿਚ ਖਿੰਡਾ ਦੇਵੇਗਾ+ ਅਤੇ ਉੱਥੇ ਤੁਹਾਨੂੰ ਲੱਕੜ ਅਤੇ ਪੱਥਰ ਦੇ ਦੇਵਤਿਆਂ ਦੀ ਭਗਤੀ ਕਰਨੀ ਪਵੇਗੀ ਜਿਨ੍ਹਾਂ ਨੂੰ ਤੁਸੀਂ ਅਤੇ ਤੁਹਾਡੇ ਪਿਉ-ਦਾਦੇ ਨਹੀਂ ਜਾਣਦੇ ਸਨ।+ 65 ਉਨ੍ਹਾਂ ਕੌਮਾਂ ਵਿਚ ਤੁਹਾਨੂੰ ਸ਼ਾਂਤੀ ਨਹੀਂ ਮਿਲੇਗੀ+ ਅਤੇ ਨਾ ਹੀ ਰਹਿਣ ਲਈ ਜਗ੍ਹਾ ਮਿਲੇਗੀ। ਇਸ ਦੀ ਬਜਾਇ, ਯਹੋਵਾਹ ਤੁਹਾਡੇ ਮਨ ਚਿੰਤਾ+ ਅਤੇ ਨਿਰਾਸ਼ਾ ਨਾਲ ਭਰ ਦੇਵੇਗਾ+ ਅਤੇ ਤੁਹਾਡੀਆਂ ਅੱਖਾਂ ਕਮਜ਼ੋਰ ਕਰ ਦੇਵੇਗਾ। 66 ਤੁਹਾਡੀ ਜ਼ਿੰਦਗੀ ਖ਼ਤਰੇ ਵਿਚ ਪਈ ਰਹੇਗੀ ਅਤੇ ਡਰ ਤੁਹਾਨੂੰ ਦਿਨ-ਰਾਤ ਘੇਰੀ ਰੱਖੇਗਾ ਅਤੇ ਤੁਹਾਨੂੰ ਆਪਣੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੋਵੇਗਾ। 67 ਤੁਸੀਂ ਆਪਣੀਆਂ ਅੱਖਾਂ ਸਾਮ੍ਹਣੇ ਜੋ ਕੁਝ ਹੁੰਦਾ ਦੇਖੋਗੇ, ਉਸ ਕਰਕੇ ਤੁਹਾਡੇ ਦਿਲ ਡਰੇ ਰਹਿਣਗੇ ਅਤੇ ਤੁਸੀਂ ਸਵੇਰੇ ਕਹੋਗੇ, ‘ਹਾਇ! ਸ਼ਾਮ ਕਦੋਂ ਹੋਵੇਗੀ? ਅਤੇ ਸ਼ਾਮ ਨੂੰ ਕਹੋਗੇ, ‘ਹਾਇ! ਸਵੇਰ ਕਦੋਂ ਹੋਵੇਗੀ? 68 ਅਤੇ ਯਹੋਵਾਹ ਸਮੁੰਦਰੀ ਜਹਾਜ਼ ਰਾਹੀਂ ਤੁਹਾਨੂੰ ਮਿਸਰ ਜ਼ਰੂਰ ਵਾਪਸ ਲੈ ਜਾਵੇਗਾ ਜਿਸ ਬਾਰੇ ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਨੂੰ ਦੁਬਾਰਾ ਮਿਸਰ ਨਹੀਂ ਜਾਣਾ ਪਵੇਗਾ। ਉੱਥੇ ਤੁਹਾਨੂੰ ਆਪਣੇ ਆਪ ਨੂੰ ਦੁਸ਼ਮਣਾਂ ਦੇ ਹੱਥ ਦਾਸ-ਦਾਸੀਆਂ ਵਜੋਂ ਵੇਚਣਾ ਪਵੇਗਾ, ਪਰ ਕੋਈ ਤੁਹਾਨੂੰ ਖ਼ਰੀਦਣ ਵਾਲਾ ਨਹੀਂ ਹੋਵੇਗਾ।”

29 ਜਦੋਂ ਇਜ਼ਰਾਈਲੀ ਮੋਆਬ ਵਿਚ ਸਨ, ਤਾਂ ਯਹੋਵਾਹ ਨੇ ਮੂਸਾ ਨੂੰ ਉਨ੍ਹਾਂ ਨਾਲ ਇਕਰਾਰ ਕਾਇਮ ਕਰਨ ਦਾ ਹੁਕਮ ਦਿੱਤਾ ਸੀ। ਇਹ ਉਸ ਇਕਰਾਰ ਨਾਲੋਂ ਵੱਖਰਾ ਸੀ ਜੋ ਉਸ ਨੇ ਉਨ੍ਹਾਂ ਨਾਲ ਹੋਰੇਬ ਵਿਚ ਕੀਤਾ ਸੀ। ਮੋਆਬ ਵਿਚ ਕੀਤੇ ਇਕਰਾਰ ਦੀਆਂ ਗੱਲਾਂ ਇਹ ਹਨ।+

2 ਫਿਰ ਮੂਸਾ ਨੇ ਸਾਰੇ ਇਜ਼ਰਾਈਲੀਆਂ ਨੂੰ ਬੁਲਾ ਕੇ ਕਿਹਾ: “ਤੁਸੀਂ ਆਪਣੀ ਅੱਖੀਂ ਦੇਖਿਆ ਕਿ ਯਹੋਵਾਹ ਨੇ ਮਿਸਰ ਵਿਚ ਫ਼ਿਰਊਨ ਅਤੇ ਉਸ ਦੇ ਸਾਰੇ ਨੌਕਰਾਂ ਅਤੇ ਉਸ ਦੇ ਸਾਰੇ ਦੇਸ਼ ਨਾਲ ਕੀ-ਕੀ ਕੀਤਾ ਸੀ।+ 3 ਤੁਸੀਂ ਇਹ ਵੀ ਦੇਖਿਆ ਕਿ ਉਸ ਨੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ* ਅਤੇ ਵੱਡੀਆਂ-ਵੱਡੀਆਂ ਕਰਾਮਾਤਾਂ ਤੇ ਚਮਤਕਾਰ ਕੀਤੇ।+ 4 ਪਰ ਯਹੋਵਾਹ ਨੇ ਤੁਹਾਨੂੰ ਸਮਝਣ ਲਈ ਮਨ, ਦੇਖਣ ਲਈ ਅੱਖਾਂ ਅਤੇ ਸੁਣਨ ਲਈ ਕੰਨ ਨਹੀਂ ਦਿੱਤੇ। ਅੱਜ ਤਕ ਤੁਹਾਡਾ ਇਹੀ ਹਾਲ ਹੈ।+ 5 ਉਸ ਨੇ ਕਿਹਾ ਸੀ, ‘ਉਜਾੜ ਵਿਚ 40 ਸਾਲਾਂ ਦੌਰਾਨ ਮੇਰੀ ਅਗਵਾਈ ਵਿਚ+ ਤੁਹਾਡੇ ਨਾ ਤਾਂ ਕੱਪੜੇ ਫਟੇ ਅਤੇ ਨਾ ਹੀ ਤੁਹਾਡੀਆਂ ਜੁੱਤੀਆਂ ਟੁੱਟੀਆਂ।+ 6 ਤੁਹਾਡੇ ਕੋਲ ਖਾਣ ਲਈ ਰੋਟੀ ਨਹੀਂ ਸੀ ਅਤੇ ਨਾ ਹੀ ਪੀਣ ਲਈ ਦਾਖਰਸ ਜਾਂ ਕੋਈ ਹੋਰ ਨਸ਼ੇ ਵਾਲੀ ਚੀਜ਼, ਪਰ ਫਿਰ ਵੀ ਮੈਂ ਤੁਹਾਡੀ ਦੇਖ-ਭਾਲ ਕੀਤੀ ਤਾਂਕਿ ਤੁਸੀਂ ਜਾਣ ਲਓ ਕਿ ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ।’ 7 ਜਦੋਂ ਤੁਸੀਂ ਇਸ ਜਗ੍ਹਾ ਆਏ, ਤਾਂ ਹਸ਼ਬੋਨ ਦਾ ਰਾਜਾ ਸੀਹੋਨ+ ਅਤੇ ਬਾਸ਼ਾਨ ਦਾ ਰਾਜਾ ਓਗ+ ਸਾਡੇ ਨਾਲ ਯੁੱਧ ਕਰਨ ਆਏ, ਪਰ ਅਸੀਂ ਉਨ੍ਹਾਂ ਨੂੰ ਹਰਾ ਦਿੱਤਾ।+ 8 ਫਿਰ ਅਸੀਂ ਉਨ੍ਹਾਂ ਦੇ ਇਲਾਕੇ ʼਤੇ ਕਬਜ਼ਾ ਕਰ ਲਿਆ ਅਤੇ ਉਹ ਇਲਾਕਾ ਰਊਬੇਨੀਆਂ, ਗਾਦੀਆਂ ਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਵਿਰਾਸਤ ਵਿਚ ਦੇ ਦਿੱਤਾ।+ 9 ਇਸ ਲਈ ਤੁਸੀਂ ਇਸ ਇਕਰਾਰ ਦੀਆਂ ਸਾਰੀਆਂ ਗੱਲਾਂ ਦੀ ਪਾਲਣਾ ਕਰੋ ਅਤੇ ਇਨ੍ਹਾਂ ਮੁਤਾਬਕ ਚੱਲੋ ਤਾਂਕਿ ਤੁਸੀਂ ਆਪਣੇ ਹਰ ਕੰਮ ਵਿਚ ਸਫ਼ਲ ਹੋਵੋ।+

10 “ਅੱਜ ਤੁਸੀਂ ਸਾਰੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਖੜ੍ਹੇ ਹੋ: ਤੁਸੀਂ, ਤੁਹਾਡੇ ਗੋਤਾਂ ਦੇ ਮੁਖੀ, ਤੁਹਾਡੇ ਬਜ਼ੁਰਗ, ਤੁਹਾਡੇ ਅਧਿਕਾਰੀ, ਇਜ਼ਰਾਈਲ ਦੇ ਸਾਰੇ ਆਦਮੀ, 11 ਤੁਹਾਡੇ ਬੱਚੇ, ਤੁਹਾਡੀਆਂ ਪਤਨੀਆਂ+ ਅਤੇ ਛਾਉਣੀ ਵਿਚ ਤੁਹਾਡੇ ਨਾਲ ਰਹਿੰਦੇ ਪਰਦੇਸੀ,+ ਤੁਹਾਡੇ ਲਈ ਲੱਕੜਾਂ ਇਕੱਠੀਆਂ ਕਰਨ ਵਾਲੇ ਅਤੇ ਪਾਣੀ ਭਰਨ ਵਾਲੇ। 12 ਤੁਸੀਂ ਸਾਰੇ ਇੱਥੇ ਇਸ ਲਈ ਇਕੱਠੇ ਹੋ ਤਾਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਇਕਰਾਰ ਵਿਚ ਸ਼ਾਮਲ ਹੋ ਸਕੋ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਅੱਜ ਤੁਹਾਡੇ ਨਾਲ ਕਰਨ ਜਾ ਰਿਹਾ ਹੈ ਅਤੇ ਇਸ ਨੂੰ ਸਹੁੰ ਖਾ ਕੇ ਪੱਕਾ ਕੀਤਾ ਜਾ ਰਿਹਾ ਹੈ।+ 13 ਇਸ ਤਰ੍ਹਾਂ ਕਰ ਕੇ ਅੱਜ ਉਹ ਤੁਹਾਨੂੰ ਆਪਣੇ ਲੋਕ ਬਣਾਵੇਗਾ+ ਅਤੇ ਉਹ ਤੁਹਾਡਾ ਪਰਮੇਸ਼ੁਰ ਹੋਵੇਗਾ,+ ਜਿਵੇਂ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਅਤੇ ਜਿਵੇਂ ਉਸ ਨੇ ਤੁਹਾਡੇ ਪਿਉ-ਦਾਦਿਆਂ ਅਬਰਾਹਾਮ,+ ਇਸਹਾਕ+ ਤੇ ਯਾਕੂਬ+ ਨਾਲ ਸਹੁੰ ਖਾਧੀ ਸੀ।

14 “ਪਰ ਮੈਂ* ਸਹੁੰ ਖਾ ਕੇ ਇਹ ਇਕਰਾਰ ਸਿਰਫ਼ ਤੁਹਾਡੇ ਨਾਲ ਹੀ ਨਹੀਂ ਕਰ ਰਿਹਾ 15 ਜਿਹੜੇ ਅੱਜ ਇੱਥੇ ਸਾਡੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਸਾਡੇ ਨਾਲ ਖੜ੍ਹੇ ਹਨ, ਸਗੋਂ ਉਨ੍ਹਾਂ ਨਾਲ ਵੀ ਕਰ ਰਿਹਾ ਹਾਂ ਜੋ ਅੱਜ ਇੱਥੇ ਸਾਡੇ ਨਾਲ ਨਹੀਂ ਹਨ।* 16 (ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਸੀਂ ਮਿਸਰ ਵਿਚ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਉਂਦੇ ਸੀ ਅਤੇ ਕਿਵੇਂ ਅਸੀਂ ਵੱਖੋ-ਵੱਖਰੀਆਂ ਕੌਮਾਂ ਦੇ ਇਲਾਕਿਆਂ ਵਿੱਚੋਂ ਦੀ ਸਫ਼ਰ ਕੀਤਾ ਸੀ।+ 17 ਅਤੇ ਤੁਸੀਂ ਉਨ੍ਹਾਂ ਦੀਆਂ ਘਿਣਾਉਣੀ ਚੀਜ਼ਾਂ ਅਤੇ ਉਨ੍ਹਾਂ ਦੀਆਂ ਲੱਕੜ, ਪੱਥਰ ਤੇ ਸੋਨੇ-ਚਾਂਦੀ ਦੀਆਂ ਘਿਣਾਉਣੀਆਂ ਮੂਰਤਾਂ*+ ਦੇਖੀਆਂ ਸਨ ਜੋ ਉਨ੍ਹਾਂ ਦੇ ਕੋਲ ਸਨ।) 18 ਖ਼ਬਰਦਾਰ ਰਹੋ ਕਿ ਅੱਜ ਤੁਹਾਡੇ ਵਿਚ ਕੋਈ ਅਜਿਹਾ ਆਦਮੀ, ਔਰਤ, ਪਰਿਵਾਰ ਜਾਂ ਗੋਤ ਨਾ ਹੋਵੇ ਜਿਸ ਦਾ ਦਿਲ ਆਪਣੇ ਪਰਮੇਸ਼ੁਰ ਯਹੋਵਾਹ ਤੋਂ ਦੂਰ ਹੋ ਜਾਵੇ ਅਤੇ ਉਹ ਉਨ੍ਹਾਂ ਕੌਮਾਂ ਦੇ ਦੇਵਤਿਆਂ ਦੀ ਭਗਤੀ ਕਰਨ ਲੱਗ ਪਵੇ।+ ਅਜਿਹਾ ਇਨਸਾਨ ਨਾਗਦੋਨੇ* ਦੀ ਜੜ੍ਹ ਵਰਗਾ ਹੁੰਦਾ ਹੈ ਜਿਸ ਨੂੰ ਜ਼ਹਿਰੀਲਾ ਫਲ ਲੱਗਦਾ ਹੈ।+

19 “ਪਰ ਜੇ ਕੋਈ ਇਸ ਸਹੁੰ ਨੂੰ ਸੁਣਨ ਤੋਂ ਬਾਅਦ ਘਮੰਡ ਵਿਚ ਆ ਕੇ ਆਪਣੇ ਦਿਲ ਵਿਚ ਕਹਿੰਦਾ ਹੈ, ‘ਮੈਂ ਆਪਣੀ ਮਨ-ਮਰਜ਼ੀ ਕਰਾਂਗਾ* ਤੇ ਮੈਨੂੰ ਕੁਝ ਨਹੀਂ ਹੋਵੇਗਾ,’ ਤਾਂ ਉਹ ਆਪਣੇ ਰਾਹ ਵਿਚ ਆਉਣ ਵਾਲੀ ਹਰ ਚੀਜ਼* ਨੂੰ ਤਬਾਹ ਕਰਦਾ ਹੈ। 20 ਯਹੋਵਾਹ ਉਸ ਨੂੰ ਕਦੇ ਮਾਫ਼ ਨਹੀਂ ਕਰੇਗਾ।+ ਇਸ ਦੀ ਬਜਾਇ, ਯਹੋਵਾਹ ਦਾ ਡਾਢਾ ਗੁੱਸਾ ਉਸ ʼਤੇ ਭੜਕੇਗਾ ਅਤੇ ਉਸ ਉੱਤੇ ਇਸ ਕਿਤਾਬ ਵਿਚ ਲਿਖੇ ਸਾਰੇ ਸਰਾਪ ਜ਼ਰੂਰ ਆ ਪੈਣਗੇ+ ਅਤੇ ਯਹੋਵਾਹ ਉਸ ਦਾ ਨਾਂ ਧਰਤੀ ਤੋਂ ਜ਼ਰੂਰ ਮਿਟਾ ਦੇਵੇਗਾ। 21 ਯਹੋਵਾਹ ਉਸ ਨੂੰ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਵੱਖਰਾ ਕਰੇਗਾ ਅਤੇ ਇਸ ਕਾਨੂੰਨ ਦੀ ਕਿਤਾਬ ਵਿਚ ਇਕਰਾਰ ਸੰਬੰਧੀ ਜਿਹੜੇ ਸਰਾਪ ਲਿਖੇ ਗਏ ਹਨ, ਉਨ੍ਹਾਂ ਮੁਤਾਬਕ ਉਸ ਉੱਤੇ ਬਿਪਤਾ ਲਿਆਵੇਗਾ।

22 “ਤੁਹਾਡੇ ਪੁੱਤਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਦੂਰ ਦੇਸ਼ ਤੋਂ ਆਏ ਪਰਦੇਸੀ ਉਹ ਕਹਿਰ ਅਤੇ ਬਿਪਤਾਵਾਂ ਦੇਖਣਗੇ ਜੋ ਯਹੋਵਾਹ ਇਸ ਦੇਸ਼ ʼਤੇ ਲਿਆਇਆ ਹੈ। 23 ਉਹ ਦੇਖਣਗੇ ਕਿ ਉਸ ਨੇ ਗੰਧਕ, ਲੂਣ ਤੇ ਅੱਗ ਨਾਲ ਇਸ ਦੇਸ਼ ਦੀ ਸਾਰੀ ਜ਼ਮੀਨ ਨੂੰ ਬੰਜਰ ਕਰ ਦਿੱਤਾ ਤਾਂਕਿ ਕੋਈ ਫ਼ਸਲ ਬੀਜੀ ਨਾ ਜਾ ਸਕੇ, ਨਾ ਕੁਝ ਪੁੰਗਰ ਸਕੇ ਅਤੇ ਨਾ ਹੀ ਕੋਈ ਪੇੜ-ਪੌਦਾ ਉੱਗ ਸਕੇ। ਉਸ ਨੇ ਇਸ ਦੇਸ਼ ਦੀ ਹਾਲਤ ਸਦੂਮ, ਗਮੋਰਾ,*+ ਅਦਮਾਹ ਤੇ ਸਬੋਈਮ+ ਵਰਗੀ ਕਰ ਦਿੱਤੀ ਜਿਨ੍ਹਾਂ ਨੂੰ ਯਹੋਵਾਹ ਨੇ ਗੁੱਸੇ ਅਤੇ ਕ੍ਰੋਧ ਵਿਚ ਆ ਕੇ ਤਬਾਹ ਕਰ ਦਿੱਤਾ ਸੀ। 24 ਫਿਰ ਉਹ ਅਤੇ ਸਾਰੀਆਂ ਕੌਮਾਂ ਦੇ ਲੋਕ ਪੁੱਛਣਗੇ, ‘ਯਹੋਵਾਹ ਨੇ ਇਸ ਦੇਸ਼ ਦਾ ਇਹ ਹਸ਼ਰ ਕਿਉਂ ਕੀਤਾ?+ ਉਸ ਦੇ ਗੁੱਸੇ ਦੀ ਅੱਗ ਇੰਨੀ ਕਿਉਂ ਭੜਕੀ?’ 25 ਫਿਰ ਲੋਕ ਉਨ੍ਹਾਂ ਨੂੰ ਦੱਸਣਗੇ, ‘ਇਹ ਇਸ ਕਰਕੇ ਹੋਇਆ ਕਿਉਂਕਿ ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨਾਲ ਕੀਤੇ ਇਕਰਾਰ ਦੀ ਉਲੰਘਣਾ ਕੀਤੀ।+ ਉਸ ਨੇ ਉਨ੍ਹਾਂ ਨਾਲ ਇਹ ਇਕਰਾਰ ਉਦੋਂ ਕੀਤਾ ਸੀ ਜਦੋਂ ਉਹ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ 26 ਉਨ੍ਹਾਂ ਨੇ ਦੂਜੇ ਦੇਵਤਿਆਂ ਦੇ ਮਗਰ ਲੱਗ ਕੇ ਉਨ੍ਹਾਂ ਦੀ ਭਗਤੀ ਕੀਤੀ ਅਤੇ ਉਨ੍ਹਾਂ ਅੱਗੇ ਮੱਥਾ ਟੇਕਿਆ ਜਿਨ੍ਹਾਂ ਨੂੰ ਉਹ ਨਾ ਤਾਂ ਜਾਣਦੇ ਸਨ ਅਤੇ ਨਾ ਹੀ ਉਸ ਨੇ ਉਨ੍ਹਾਂ ਨੂੰ ਇਨ੍ਹਾਂ ਦੇਵਤਿਆਂ ਦੀ ਭਗਤੀ ਕਰਨ ਦੀ ਇਜਾਜ਼ਤ ਦਿੱਤੀ ਸੀ।*+ 27 ਫਿਰ ਇਸ ਦੇਸ਼ ਉੱਤੇ ਯਹੋਵਾਹ ਦੇ ਗੁੱਸੇ ਦੀ ਅੱਗ ਭੜਕੀ ਅਤੇ ਇਸ ਕਿਤਾਬ ਵਿਚ ਲਿਖੇ ਸਾਰੇ ਸਰਾਪ ਇਸ ਦੇਸ਼ ʼਤੇ ਆ ਪਏ।+ 28 ਇਸ ਲਈ ਯਹੋਵਾਹ ਨੇ ਡਾਢੇ ਗੁੱਸੇ ਅਤੇ ਕ੍ਰੋਧ ਵਿਚ ਆ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਤੋਂ ਕੱਢ ਦਿੱਤਾ+ ਅਤੇ ਦੂਜੇ ਦੇਸ਼ ਲੈ ਗਿਆ ਜਿੱਥੇ ਉਹ ਅਜੇ ਤਕ ਹਨ।’+

29 “ਸਾਡਾ ਪਰਮੇਸ਼ੁਰ ਯਹੋਵਾਹ ਸਾਰੀਆਂ ਗੁਪਤ ਗੱਲਾਂ ਜਾਣਦਾ ਹੈ,+ ਪਰ ਉਹ ਸਾਡੇ ʼਤੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ʼਤੇ ਕਈ ਗੱਲਾਂ ਜ਼ਾਹਰ ਕਰਦਾ ਹੈ ਤਾਂਕਿ ਅਸੀਂ ਇਸ ਕਾਨੂੰਨ ਦੀਆਂ ਸਾਰੀਆਂ ਗੱਲਾਂ ਦੀ ਪਾਲਣਾ ਕਰ ਸਕੀਏ।+

30 “ਇਹ ਸਾਰੀਆਂ ਗੱਲਾਂ ਯਾਨੀ ਬਰਕਤ ਤੇ ਸਰਾਪ ਤੁਹਾਡੇ ਉੱਤੇ ਆ ਪੈਣਗੇ ਜੋ ਮੈਂ ਤੁਹਾਡੇ ਸਾਮ੍ਹਣੇ ਰੱਖੇ ਹਨ।+ ਫਿਰ ਜਦ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਸਾਰੀਆਂ ਕੌਮਾਂ ਵਿਚ ਖਿੰਡਾ ਦੇਵੇਗਾ,+ ਤਾਂ ਉੱਥੇ ਤੁਹਾਨੂੰ ਇਹ ਸਾਰੀਆਂ ਗੱਲਾਂ ਚੇਤੇ ਆਉਣਗੀਆਂ*+ 2 ਅਤੇ ਤੁਸੀਂ ਅਤੇ ਤੁਹਾਡੇ ਪੁੱਤਰ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਆਪਣੇ ਪਰਮੇਸ਼ੁਰ ਯਹੋਵਾਹ ਵੱਲ ਵਾਪਸ ਆਉਣਗੇ+ ਅਤੇ ਤੁਸੀਂ ਉਸ ਦੀ ਗੱਲ ਸੁਣੋਗੇ ਜਿਸ ਦਾ ਮੈਂ ਅੱਜ ਤੁਹਾਨੂੰ ਹੁਕਮ ਦੇ ਰਿਹਾ ਹਾਂ।+ 3 ਫਿਰ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਗ਼ੁਲਾਮੀ ਵਿੱਚੋਂ ਵਾਪਸ ਲੈ ਆਵੇਗਾ+ ਅਤੇ ਤੁਹਾਡੇ ʼਤੇ ਤਰਸ ਖਾਵੇਗਾ+ ਅਤੇ ਤੁਹਾਨੂੰ ਉਨ੍ਹਾਂ ਕੌਮਾਂ ਵਿੱਚੋਂ ਇਕੱਠਾ ਕਰੇਗਾ ਜਿਨ੍ਹਾਂ ਕੌਮਾਂ ਵਿਚ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਖਿੰਡਾ ਦਿੱਤਾ ਸੀ।+ 4 ਚਾਹੇ ਤੁਸੀਂ ਧਰਤੀ ਦੇ ਦੂਜੇ ਸਿਰੇ ਤਕ ਕਿਉਂ ਨਾ ਖਿੰਡੇ ਹੋਵੋ, ਤਾਂ ਵੀ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਉੱਥੋਂ ਇਕੱਠਾ ਕਰ ਕੇ ਵਾਪਸ ਲੈ ਆਵੇਗਾ।+ 5 ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਉਸ ਦੇਸ਼ ਵਿਚ ਲੈ ਜਾਵੇਗਾ ਜਿਸ ʼਤੇ ਤੁਹਾਡੇ ਪਿਉ-ਦਾਦਿਆਂ ਨੇ ਕਬਜ਼ਾ ਕੀਤਾ ਸੀ ਅਤੇ ਤੁਸੀਂ ਵੀ ਉਸ ਦੇਸ਼ ʼਤੇ ਕਬਜ਼ਾ ਕਰੋਗੇ ਅਤੇ ਉਹ ਤੁਹਾਨੂੰ ਖ਼ੁਸ਼ਹਾਲ ਬਣਾਏਗਾ ਅਤੇ ਤੁਹਾਡੇ ਪਿਉ-ਦਾਦਿਆਂ ਨਾਲੋਂ ਤੁਹਾਡੀ ਗਿਣਤੀ ਵਧਾਏਗਾ।+ 6 ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਅਤੇ ਤੁਹਾਡੀ ਔਲਾਦ ਦੇ ਦਿਲਾਂ ਨੂੰ ਸ਼ੁੱਧ* ਕਰੇਗਾ+ ਤਾਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਪਿਆਰ ਕਰੋ ਅਤੇ ਜੀਉਂਦੇ ਰਹੋ।+ 7 ਫਿਰ ਤੁਹਾਡਾ ਪਰਮੇਸ਼ੁਰ ਯਹੋਵਾਹ ਇਹ ਸਾਰੇ ਸਰਾਪ ਤੁਹਾਡੇ ਦੁਸ਼ਮਣਾਂ ʼਤੇ ਲਿਆਵੇਗਾ ਜਿਨ੍ਹਾਂ ਨੇ ਤੁਹਾਡੇ ਨਾਲ ਨਫ਼ਰਤ ਕੀਤੀ ਅਤੇ ਤੁਹਾਡੇ ʼਤੇ ਅਤਿਆਚਾਰ ਕੀਤੇ।+

8 “ਫਿਰ ਤੁਸੀਂ ਯਹੋਵਾਹ ਵੱਲ ਮੁੜੋਗੇ ਅਤੇ ਉਸ ਦੀ ਗੱਲ ਸੁਣੋਗੇ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋਗੇ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦੇ ਰਿਹਾ ਹਾਂ। 9 ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾ ਕੇ ਤੁਹਾਨੂੰ ਬਹੁਤ ਖ਼ੁਸ਼ਹਾਲ ਬਣਾਏਗਾ,+ ਤੁਹਾਨੂੰ ਬਹੁਤ ਸਾਰੇ ਬੱਚਿਆਂ ਦੀ ਦਾਤ ਬਖ਼ਸ਼ੇਗਾ ਅਤੇ ਤੁਹਾਡੇ ਪਾਲਤੂ ਪਸ਼ੂ ਅਤੇ ਤੁਹਾਡੀ ਜ਼ਮੀਨ ਦੀ ਪੈਦਾਵਾਰ ਵਧਾਏਗਾ। ਤੁਹਾਨੂੰ ਖ਼ੁਸ਼ਹਾਲ ਬਣਾਉਣ ਵਿਚ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ, ਜਿਵੇਂ ਉਸ ਨੂੰ ਤੁਹਾਡੇ ਪਿਉ-ਦਾਦਿਆਂ ਨੂੰ ਖ਼ੁਸ਼ਹਾਲ ਬਣਾਉਣ ਵਿਚ ਖ਼ੁਸ਼ੀ ਹੋਈ ਸੀ+ 10 ਕਿਉਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਸੁਣੋਗੇ ਅਤੇ ਇਸ ਕਾਨੂੰਨ ਦੀ ਕਿਤਾਬ ਵਿਚ ਲਿਖੇ ਉਸ ਦੇ ਹੁਕਮਾਂ ਤੇ ਨਿਯਮਾਂ ਦੀ ਪਾਲਣਾ ਕਰੋਗੇ ਅਤੇ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਆਪਣੇ ਪਰਮੇਸ਼ੁਰ ਯਹੋਵਾਹ ਵੱਲ ਵਾਪਸ ਆਓਗੇ।+

11 “ਇਹ ਹੁਕਮ ਜੋ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ, ਤੁਹਾਡੇ ਲਈ ਮੰਨਣੇ ਇੰਨੇ ਔਖੇ ਨਹੀਂ ਹਨ ਅਤੇ ਨਾ ਹੀ ਤੁਹਾਡੀ ਪਹੁੰਚ ਤੋਂ ਬਾਹਰ ਹਨ।*+ 12 ਇਹ ਹੁਕਮ ਆਕਾਸ਼ ਉੱਤੇ ਤਾਂ ਹੈ ਨਹੀਂ ਕਿ ਤੁਸੀਂ ਕਹੋ, ‘ਕੌਣ ਆਕਾਸ਼ ਉੱਪਰ ਜਾ ਕੇ ਸਾਡੇ ਲਈ ਇਹ ਹੁਕਮ ਲਿਆਵੇਗਾ ਤਾਂਕਿ ਅਸੀਂ ਇਨ੍ਹਾਂ ਨੂੰ ਸੁਣੀਏ ਤੇ ਇਨ੍ਹਾਂ ਮੁਤਾਬਕ ਚੱਲੀਏ?’+ 13 ਅਤੇ ਨਾ ਹੀ ਇਹ ਹੁਕਮ ਸਮੁੰਦਰ ਪਾਰ ਹਨ ਕਿ ਤੁਸੀਂ ਕਹੋ, ‘ਕੌਣ ਸਮੁੰਦਰ ਪਾਰ ਜਾ ਕੇ ਸਾਡੇ ਲਈ ਇਹ ਹੁਕਮ ਲਿਆਵੇਗਾ ਤਾਂਕਿ ਅਸੀਂ ਇਨ੍ਹਾਂ ਨੂੰ ਸੁਣੀਏ ਤੇ ਇਨ੍ਹਾਂ ਮੁਤਾਬਕ ਚੱਲੀਏ?’ 14 ਇਹ ਬਚਨ ਤਾਂ ਤੁਹਾਡੇ ਬਹੁਤ ਨੇੜੇ ਹੈ, ਤੁਹਾਡੇ ਮੂੰਹ ਅਤੇ ਤੁਹਾਡੇ ਦਿਲ ਵਿਚ ਹੈ+ ਤਾਂਕਿ ਤੁਸੀਂ ਇਸ ਦੀ ਪਾਲਣਾ ਕਰ ਸਕੋ।+

15 “ਦੇਖੋ, ਅੱਜ ਮੈਂ ਤੁਹਾਡੇ ਸਾਮ੍ਹਣੇ ਜ਼ਿੰਦਗੀ ਤੇ ਖ਼ੁਸ਼ਹਾਲੀ ਅਤੇ ਮੌਤ ਤੇ ਬਰਬਾਦੀ ਨੂੰ ਰੱਖ ਰਿਹਾ ਹਾਂ।+ 16 ਜੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰ ਕੇ,+ ਉਸ ਦੇ ਰਾਹਾਂ ʼਤੇ ਚੱਲ ਕੇ ਅਤੇ ਉਸ ਦੇ ਹੁਕਮਾਂ, ਨਿਯਮਾਂ ਤੇ ਕਾਨੂੰਨਾਂ ਮੁਤਾਬਕ ਚੱਲ ਕੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮ ਸੁਣਦੇ ਹੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦੇ ਰਿਹਾ ਹਾਂ, ਤਾਂ ਤੁਸੀਂ ਜੀਉਂਦੇ ਰਹੋਗੇ+ ਅਤੇ ਤੁਹਾਡੀ ਗਿਣਤੀ ਵਧੇਗੀ ਅਤੇ ਫਿਰ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਤੁਹਾਡੇ ਦੇਸ਼ ਵਿਚ ਬਰਕਤਾਂ ਦੇਵੇਗਾ ਜਿਸ ਦੇਸ਼ ʼਤੇ ਤੁਸੀਂ ਕਬਜ਼ਾ ਕਰਨ ਜਾ ਰਹੇ ਹੋ।+

17 “ਪਰ ਜੇ ਤੁਹਾਡਾ ਦਿਲ ਪਰਮੇਸ਼ੁਰ ਤੋਂ ਦੂਰ ਹੋ ਜਾਂਦਾ ਹੈ+ ਅਤੇ ਤੁਸੀਂ ਉਸ ਦੀ ਗੱਲ ਨਹੀਂ ਸੁਣਦੇ ਅਤੇ ਦੂਜੇ ਦੇਵਤਿਆਂ ਅੱਗੇ ਮੱਥਾ ਟੇਕਣ ਅਤੇ ਉਨ੍ਹਾਂ ਦੀ ਭਗਤੀ ਕਰਨ ਲਈ ਭਰਮਾਏ ਜਾਂਦੇ ਹੋ,+ 18 ਤਾਂ ਮੈਂ ਅੱਜ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਜ਼ਰੂਰ ਨਾਸ਼ ਹੋ ਜਾਵੋਗੇ।+ ਤੁਸੀਂ ਯਰਦਨ ਦਰਿਆ ਪਾਰ ਜਿਸ ਦੇਸ਼ ʼਤੇ ਕਬਜ਼ਾ ਕਰਨ ਜਾ ਰਹੇ ਹੋ, ਉੱਥੇ ਤੁਸੀਂ ਲੰਬੀ ਜ਼ਿੰਦਗੀ ਨਹੀਂ ਜੀ ਸਕੋਗੇ। 19 ਮੈਂ ਅੱਜ ਆਕਾਸ਼ ਅਤੇ ਧਰਤੀ ਨੂੰ ਤੁਹਾਡੇ ਖ਼ਿਲਾਫ਼ ਗਵਾਹ ਬਣਾਉਂਦਾ ਹਾਂ ਕਿ ਮੈਂ ਤੁਹਾਡੇ ਸਾਮ੍ਹਣੇ ਜ਼ਿੰਦਗੀ ਅਤੇ ਮੌਤ, ਬਰਕਤ ਅਤੇ ਸਰਾਪ ਰੱਖਦਾ ਹਾਂ।+ ਤੁਸੀਂ ਜ਼ਿੰਦਗੀ ਨੂੰ ਚੁਣੋ ਤਾਂਕਿ ਤੁਸੀਂ ਅਤੇ ਤੁਹਾਡੀ ਔਲਾਦ ਜੀਉਂਦੀ ਰਹੇ।+ 20 ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰ ਕੇ,+ ਉਸ ਦੀ ਗੱਲ ਸੁਣ ਕੇ ਅਤੇ ਉਸ ਨਾਲ ਚਿੰਬੜੇ ਰਹਿ ਕੇ+ ਜ਼ਿੰਦਗੀ ਨੂੰ ਚੁਣੋ ਕਿਉਂਕਿ ਉਹੀ ਤੁਹਾਡੀ ਜ਼ਿੰਦਗੀ ਹੈ ਅਤੇ ਉਸੇ ਸਦਕਾ ਤੁਸੀਂ ਉਸ ਦੇਸ਼ ਵਿਚ ਲੰਬੇ ਸਮੇਂ ਤਕ ਰਹਿ ਸਕੋਗੇ ਜੋ ਦੇਸ਼ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਦੇਣ ਦੀ ਸਹੁੰ ਖਾਧੀ ਸੀ।”+

31 ਫਿਰ ਮੂਸਾ ਨੇ ਜਾ ਕੇ ਇਹ ਗੱਲਾਂ ਸਾਰੇ ਇਜ਼ਰਾਈਲੀਆਂ ਨੂੰ ਦੱਸੀਆਂ 2 ਅਤੇ ਉਨ੍ਹਾਂ ਨੂੰ ਕਿਹਾ: “ਮੈਂ ਹੁਣ 120 ਸਾਲਾਂ ਦਾ ਹੋ ਗਿਆ ਹਾਂ।+ ਹੁਣ ਤੋਂ ਮੈਂ ਤੁਹਾਡੀ ਅਗਵਾਈ ਨਹੀਂ ਕਰਾਂਗਾ* ਕਿਉਂਕਿ ਯਹੋਵਾਹ ਨੇ ਮੈਨੂੰ ਕਿਹਾ ਹੈ, ‘ਤੂੰ ਯਰਦਨ ਦਰਿਆ ਪਾਰ ਨਹੀਂ ਜਾਵੇਂਗਾ।’+ 3 ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਅੱਗੇ-ਅੱਗੇ ਯਰਦਨ ਦਰਿਆ ਪਾਰ ਜਾਵੇਗਾ ਅਤੇ ਉਹ ਤੁਹਾਡੇ ਅੱਗਿਓਂ ਉਨ੍ਹਾਂ ਕੌਮਾਂ ਨੂੰ ਨਾਸ਼ ਕਰ ਦੇਵੇਗਾ ਅਤੇ ਤੁਸੀਂ ਉੱਥੋਂ ਉਨ੍ਹਾਂ ਨੂੰ ਕੱਢ ਦਿਓਗੇ।+ ਯਹੋਸ਼ੁਆ ਤੁਹਾਡੀ ਅਗਵਾਈ ਕਰੇਗਾ+ ਅਤੇ ਤੁਹਾਨੂੰ ਉਸ ਪਾਰ ਲੈ ਜਾਵੇਗਾ ਜਿਵੇਂ ਯਹੋਵਾਹ ਨੇ ਕਿਹਾ ਹੈ। 4 ਯਹੋਵਾਹ ਉਨ੍ਹਾਂ ਦਾ ਨਾਸ਼ ਕਰ ਦੇਵੇਗਾ ਜਿਵੇਂ ਉਸ ਨੇ ਅਮੋਰੀਆਂ ਦੇ ਰਾਜੇ ਸੀਹੋਨ+ ਤੇ ਓਗ+ ਦਾ ਅਤੇ ਉਨ੍ਹਾਂ ਦੇ ਦੇਸ਼ ਦਾ ਕੀਤਾ ਸੀ।+ 5 ਯਹੋਵਾਹ ਤੁਹਾਡੇ ਵੱਲੋਂ ਲੜੇਗਾ ਅਤੇ ਉਨ੍ਹਾਂ ਨੂੰ ਹਰਾ ਦੇਵੇਗਾ ਅਤੇ ਮੈਂ ਤੁਹਾਨੂੰ ਜੋ ਕਾਨੂੰਨ ਦਿੱਤਾ ਹੈ, ਤੁਸੀਂ ਉਨ੍ਹਾਂ ਨਾਲ ਉਸੇ ਮੁਤਾਬਕ ਕਰਿਓ।+ 6 ਦਲੇਰ ਬਣੋ ਅਤੇ ਤਕੜੇ ਹੋਵੋ।+ ਤੁਸੀਂ ਉਨ੍ਹਾਂ ਤੋਂ ਨਾ ਡਰੋ ਅਤੇ ਨਾ ਹੀ ਖ਼ੌਫ਼ ਖਾਓ+ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਨਾਲ-ਨਾਲ ਜਾਵੇਗਾ। ਉਹ ਤੁਹਾਨੂੰ ਕਦੇ ਨਹੀਂ ਛੱਡੇਗਾ ਅਤੇ ਨਾ ਹੀ ਤੁਹਾਨੂੰ ਤਿਆਗੇਗਾ।”+

7 ਫਿਰ ਮੂਸਾ ਨੇ ਯਹੋਸ਼ੁਆ ਨੂੰ ਸੱਦਿਆ ਅਤੇ ਸਾਰੇ ਇਜ਼ਰਾਈਲੀਆਂ ਦੇ ਸਾਮ੍ਹਣੇ ਉਸ ਨੂੰ ਕਿਹਾ: ‘ਦਲੇਰ ਬਣ ਅਤੇ ਤਕੜਾ ਹੋ+ ਕਿਉਂਕਿ ਤੂੰ ਹੀ ਇਨ੍ਹਾਂ ਲੋਕਾਂ ਨੂੰ ਉਸ ਦੇਸ਼ ਵਿਚ ਲੈ ਜਾਵੇਂਗਾ ਜੋ ਦੇਸ਼ ਇਨ੍ਹਾਂ ਨੂੰ ਦੇਣ ਦੀ ਯਹੋਵਾਹ ਨੇ ਇਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ। ਤੂੰ ਇਹ ਦੇਸ਼ ਇਨ੍ਹਾਂ ਲੋਕਾਂ ਨੂੰ ਵਿਰਾਸਤ ਵਿਚ ਦੇਵੇਂਗਾ।+ 8 ਯਹੋਵਾਹ ਤੇਰੇ ਅੱਗੇ-ਅੱਗੇ ਜਾਵੇਗਾ ਅਤੇ ਉਹ ਹਮੇਸ਼ਾ ਤੇਰੇ ਨਾਲ ਰਹੇਗਾ।+ ਉਹ ਤੈਨੂੰ ਕਦੇ ਨਹੀਂ ਛੱਡੇਗਾ ਅਤੇ ਨਾ ਹੀ ਤੈਨੂੰ ਤਿਆਗੇਗਾ। ਤੂੰ ਨਾ ਡਰ ਅਤੇ ਨਾ ਹੀ ਖ਼ੌਫ਼ ਖਾਹ।”+

9 ਫਿਰ ਮੂਸਾ ਨੇ ਇਹ ਕਾਨੂੰਨ ਲਿਖ+ ਕੇ ਲੇਵੀ ਪੁਜਾਰੀਆਂ ਨੂੰ, ਜੋ ਯਹੋਵਾਹ ਦੇ ਇਕਰਾਰ ਦਾ ਸੰਦੂਕ ਚੁੱਕਦੇ ਹਨ ਅਤੇ ਇਜ਼ਰਾਈਲ ਦੇ ਸਾਰੇ ਬਜ਼ੁਰਗਾਂ ਨੂੰ ਦਿੱਤਾ। 10 ਮੂਸਾ ਨੇ ਉਨ੍ਹਾਂ ਨੂੰ ਹੁਕਮ ਦਿੱਤਾ: “ਹਰ ਸੱਤਵੇਂ ਸਾਲ ਯਾਨੀ ਛੁਟਕਾਰੇ ਦੇ ਸਾਲ ਦੇ ਅਖ਼ੀਰ ਵਿਚ ਮਿਥੇ ਹੋਏ ਸਮੇਂ ਤੇ+ ਛੱਪਰਾਂ ਦੇ ਤਿਉਹਾਰ ਦੌਰਾਨ+ 11 ਜਦੋਂ ਸਾਰਾ ਇਜ਼ਰਾਈਲ ਆਪਣੇ ਪਰਮੇਸ਼ੁਰ ਯਹੋਵਾਹ ਦੀ ਚੁਣੀ ਹੋਈ ਜਗ੍ਹਾ ʼਤੇ ਉਸ ਦੀ ਹਜ਼ੂਰੀ ਵਿਚ ਇਕੱਠਾ ਹੋਵੇਗਾ,+ ਤਾਂ ਤੁਸੀਂ ਪੂਰੇ ਇਜ਼ਰਾਈਲ ਨੂੰ ਇਹ ਕਾਨੂੰਨ ਪੜ੍ਹ ਕੇ ਸੁਣਾਇਓ।+ 12 ਤੁਸੀਂ ਸਾਰੇ ਆਦਮੀਆਂ, ਤੀਵੀਆਂ, ਬੱਚਿਆਂ ਅਤੇ ਤੁਹਾਡੇ ਸ਼ਹਿਰਾਂ* ਵਿਚ ਰਹਿੰਦੇ ਪਰਦੇਸੀਆਂ ਨੂੰ ਇਕੱਠਾ ਕਰਿਓ+ ਤਾਂਕਿ ਉਹ ਸੁਣ ਕੇ ਆਪਣੇ ਪਰਮੇਸ਼ੁਰ ਯਹੋਵਾਹ ਬਾਰੇ ਸਿੱਖਣ ਅਤੇ ਉਸ ਦਾ ਡਰ ਮੰਨਣ ਅਤੇ ਇਸ ਕਾਨੂੰਨ ਦੀਆਂ ਸਾਰੀਆਂ ਗੱਲਾਂ ਦੀ ਧਿਆਨ ਨਾਲ ਪਾਲਣਾ ਕਰਨ। 13 ਤੁਸੀਂ ਯਰਦਨ ਪਾਰ ਜਿਸ ਦੇਸ਼ ʼਤੇ ਕਬਜ਼ਾ ਕਰਨ ਜਾ ਰਹੇ ਹੋ, ਉੱਥੇ ਉਨ੍ਹਾਂ ਦੇ ਪੁੱਤਰ ਇਸ ਕਾਨੂੰਨ ਨੂੰ ਸੁਣਨਗੇ ਜੋ ਇਸ ਬਾਰੇ ਨਹੀਂ ਜਾਣਦੇ ਅਤੇ ਉਹ ਉਮਰ ਭਰ ਤੁਹਾਡੇ ਪਰਮੇਸ਼ੁਰ ਯਹੋਵਾਹ ਦਾ ਡਰ ਮੰਨਣਾ ਸਿੱਖਣਗੇ।”+

14 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਦੇਖ, ਤੇਰੀ ਮੌਤ ਦਾ ਸਮਾਂ ਨੇੜੇ ਹੈ।*+ ਇਸ ਲਈ ਯਹੋਸ਼ੁਆ ਨੂੰ ਬੁਲਾ ਅਤੇ ਤੁਸੀਂ ਦੋਵੇਂ ਮੰਡਲੀ ਦੇ ਤੰਬੂ ਸਾਮ੍ਹਣੇ ਹਾਜ਼ਰ ਹੋਵੋ ਤਾਂਕਿ ਮੈਂ ਯਹੋਸ਼ੁਆ ਨੂੰ ਆਗੂ ਨਿਯੁਕਤ ਕਰਾਂ।”+ ਇਸ ਕਰਕੇ ਮੂਸਾ ਅਤੇ ਯਹੋਸ਼ੁਆ ਦੋਵੇਂ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਹਾਜ਼ਰ ਹੋਏ। 15 ਫਿਰ ਯਹੋਵਾਹ ਬੱਦਲ ਦੇ ਥੰਮ੍ਹ ਵਿਚ ਤੰਬੂ ʼਤੇ ਪ੍ਰਗਟ ਹੋਇਆ ਅਤੇ ਬੱਦਲ ਦਾ ਥੰਮ੍ਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਖੜ੍ਹ ਗਿਆ।+

16 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਦੇਖ, ਤੇਰੀ ਮੌਤ ਨੇੜੇ ਹੈ। ਇਹ ਲੋਕ ਜਿਸ ਦੇਸ਼ ਵਿਚ ਜਾ ਰਹੇ ਹਨ, ਇਹ ਉੱਥੇ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਦੇਵਤਿਆਂ ਨਾਲ ਹਰਾਮਕਾਰੀ* ਕਰਨ ਲੱਗ ਪੈਣਗੇ।+ ਇਹ ਮੈਨੂੰ ਤਿਆਗ ਦੇਣਗੇ+ ਅਤੇ ਮੇਰੇ ਇਕਰਾਰ ਨੂੰ ਤੋੜ ਦੇਣਗੇ ਜੋ ਮੈਂ ਇਨ੍ਹਾਂ ਨਾਲ ਕੀਤਾ ਹੈ।+ 17 ਉਸ ਵੇਲੇ ਇਨ੍ਹਾਂ ʼਤੇ ਮੇਰਾ ਗੁੱਸਾ ਭੜਕੇਗਾ+ ਅਤੇ ਮੈਂ ਇਨ੍ਹਾਂ ਨੂੰ ਤਿਆਗ ਦਿਆਂਗਾ+ ਅਤੇ ਇਨ੍ਹਾਂ ਤੋਂ ਆਪਣਾ ਮੂੰਹ ਲੁਕਾ ਲਵਾਂਗਾ+ ਜਦ ਤਕ ਇਹ ਨਾਸ਼ ਨਹੀਂ ਹੋ ਜਾਂਦੇ। ਫਿਰ ਇਨ੍ਹਾਂ ʼਤੇ ਬਹੁਤ ਸਾਰੀਆਂ ਆਫ਼ਤਾਂ ਤੇ ਮੁਸੀਬਤਾਂ ਦਾ ਪਹਾੜ ਟੁੱਟੇਗਾ+ ਅਤੇ ਇਹ ਕਹਿਣਗੇ, ‘ਕੀ ਇਹ ਸਾਰੀਆਂ ਆਫ਼ਤਾਂ ਸਾਡੇ ʼਤੇ ਇਸ ਕਰਕੇ ਨਹੀਂ ਆਈਆਂ ਕਿਉਂਕਿ ਸਾਡਾ ਪਰਮੇਸ਼ੁਰ ਸਾਡੇ ਨਾਲ ਨਹੀਂ ਹੈ?’+ 18 ਪਰ ਮੈਂ ਉਸ ਦਿਨ ਇਨ੍ਹਾਂ ਤੋਂ ਆਪਣਾ ਮੂੰਹ ਲੁਕਾਈ ਰੱਖਾਂਗਾ ਕਿਉਂਕਿ ਇਨ੍ਹਾਂ ਨੇ ਬੁਰਾਈ ਕੀਤੀ ਕਿ ਇਹ ਦੂਜੇ ਦੇਵਤਿਆਂ ਦੇ ਮਗਰ ਗਏ।+

19 “ਹੁਣ ਆਪਣੇ ਲਈ ਇਸ ਗੀਤ ਨੂੰ ਲਿਖ ਲਓ+ ਅਤੇ ਇਹ ਇਜ਼ਰਾਈਲੀਆਂ ਨੂੰ ਸਿਖਾਓ।+ ਉਨ੍ਹਾਂ ਨੂੰ ਯਾਦ ਕਰਾਓ* ਤਾਂਕਿ ਇਹ ਗੀਤ ਇਜ਼ਰਾਈਲੀਆਂ ਦੇ ਖ਼ਿਲਾਫ਼ ਗਵਾਹੀ ਦੇਵੇ।+ 20 ਜਦ ਮੈਂ ਉਨ੍ਹਾਂ ਨੂੰ ਉਸ ਦੇਸ਼ ਲੈ ਜਾਵਾਂਗਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ,+ ਜਿਵੇਂ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ+ ਅਤੇ ਉੱਥੇ ਉਹ ਖਾ ਕੇ ਰੱਜ ਜਾਣਗੇ ਅਤੇ ਵਧਣ-ਫੁੱਲਣਗੇ,*+ ਤਾਂ ਉਹ ਦੂਜੇ ਦੇਵਤਿਆਂ ਦੇ ਮਗਰ ਲੱਗ ਕੇ ਉਨ੍ਹਾਂ ਦੀ ਭਗਤੀ ਕਰਨਗੇ ਅਤੇ ਮੇਰਾ ਅਪਮਾਨ ਕਰਨਗੇ ਅਤੇ ਮੇਰਾ ਇਕਰਾਰ ਤੋੜ ਦੇਣਗੇ।+ 21 ਜਦ ਇਨ੍ਹਾਂ ʼਤੇ ਬਹੁਤ ਸਾਰੀਆਂ ਆਫ਼ਤਾਂ ਤੇ ਮੁਸੀਬਤਾਂ ਦਾ ਪਹਾੜ ਟੁੱਟੇਗਾ,+ ਤਾਂ ਇਹ ਗੀਤ ਇਨ੍ਹਾਂ ਖ਼ਿਲਾਫ਼ ਗਵਾਹੀ ਦੇਵੇਗਾ (ਇਨ੍ਹਾਂ ਦੀ ਔਲਾਦ ਨੂੰ ਇਹ ਗੀਤ ਨਹੀਂ ਭੁੱਲਣਾ ਚਾਹੀਦਾ) ਕਿਉਂਕਿ ਮੈਂ ਪਹਿਲਾਂ ਤੋਂ ਹੀ ਇਨ੍ਹਾਂ ਦੇ ਮਨ ਦਾ ਝੁਕਾਅ ਜਾਣਦਾ ਹਾਂ+ ਭਾਵੇਂ ਕਿ ਮੈਂ ਇਨ੍ਹਾਂ ਨੂੰ ਅਜੇ ਉਸ ਦੇਸ਼ ਵਿਚ ਨਹੀਂ ਲੈ ਕੇ ਗਿਆ ਜੋ ਦੇਸ਼ ਦੇਣ ਦੀ ਮੈਂ ਸਹੁੰ ਖਾਧੀ ਸੀ।”

22 ਇਸ ਲਈ ਮੂਸਾ ਨੇ ਉਸ ਦਿਨ ਇਹ ਗੀਤ ਲਿਖ ਲਿਆ ਅਤੇ ਇਜ਼ਰਾਈਲੀਆਂ ਨੂੰ ਸਿਖਾਇਆ।

23 ਉਸ* ਨੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਆਗੂ ਨਿਯੁਕਤ ਕੀਤਾ+ ਅਤੇ ਕਿਹਾ: “ਦਲੇਰ ਬਣ ਅਤੇ ਤਕੜਾ ਹੋ+ ਕਿਉਂਕਿ ਤੂੰ ਹੀ ਇਜ਼ਰਾਈਲੀਆਂ ਨੂੰ ਉਸ ਦੇਸ਼ ਵਿਚ ਲੈ ਜਾਵੇਂਗਾ ਜੋ ਦੇਸ਼ ਮੈਂ ਇਨ੍ਹਾਂ ਨੂੰ ਦੇਣ ਦੀ ਸਹੁੰ ਖਾਧੀ ਸੀ।+ ਮੈਂ ਹਮੇਸ਼ਾ ਤੇਰੇ ਨਾਲ ਰਹਾਂਗਾ।”

24 ਜਿਉਂ ਹੀ ਮੂਸਾ ਨੇ ਇਕ ਕਿਤਾਬ ਵਿਚ ਇਸ ਕਾਨੂੰਨ ਦੀਆਂ ਸਾਰੀਆਂ ਗੱਲਾਂ ਲਿਖ ਲਈਆਂ,+ 25 ਤਾਂ ਮੂਸਾ ਨੇ ਲੇਵੀਆਂ ਨੂੰ ਹੁਕਮ ਦਿੱਤਾ ਜੋ ਯਹੋਵਾਹ ਦੇ ਇਕਰਾਰ ਦਾ ਸੰਦੂਕ ਚੁੱਕਦੇ ਸਨ: 26 “ਕਾਨੂੰਨ ਦੀ ਇਸ ਕਿਤਾਬ ਨੂੰ ਲੈ ਕੇ+ ਆਪਣੇ ਪਰਮੇਸ਼ੁਰ ਯਹੋਵਾਹ ਦੇ ਇਕਰਾਰ ਦੇ ਸੰਦੂਕ+ ਦੇ ਇਕ ਪਾਸੇ ਰੱਖ ਦਿਓ ਅਤੇ ਇਹ ਤੁਹਾਡੇ ਖ਼ਿਲਾਫ਼ ਗਵਾਹੀ ਦੇਵੇਗੀ। 27 ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਸੀਂ ਕਿੰਨੇ ਬਾਗ਼ੀ+ ਤੇ ਢੀਠ*+ ਹੋ! ਜੇ ਤੁਸੀਂ ਮੇਰੇ ਜੀਉਂਦੇ-ਜੀ ਯਹੋਵਾਹ ਦੇ ਖ਼ਿਲਾਫ਼ ਇੰਨੀ ਬਗਾਵਤ ਕਰਦੇ ਹੋ, ਤਾਂ ਮੇਰੀ ਮੌਤ ਤੋਂ ਬਾਅਦ ਤੁਸੀਂ ਕਿੰਨੀ ਜ਼ਿਆਦਾ ਬਗਾਵਤ ਕਰੋਗੇ। 28 ਤੁਸੀਂ ਮੇਰੇ ਸਾਮ੍ਹਣੇ ਆਪਣੇ ਗੋਤਾਂ ਦੇ ਸਾਰੇ ਮੁਖੀ ਅਤੇ ਆਪਣੇ ਅਧਿਕਾਰੀ ਇਕੱਠੇ ਕਰੋ ਅਤੇ ਮੈਂ ਉਨ੍ਹਾਂ ਦੇ ਸਾਮ੍ਹਣੇ ਇਹ ਗੱਲਾਂ ਕਹਾਂਗਾ ਅਤੇ ਮੈਂ ਉਨ੍ਹਾਂ ਦੇ ਖ਼ਿਲਾਫ਼ ਆਕਾਸ਼ ਤੇ ਧਰਤੀ ਨੂੰ ਗਵਾਹ ਬਣਾਵਾਂਗਾ।+ 29 ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੇਰੀ ਮੌਤ ਤੋਂ ਬਾਅਦ ਤੁਸੀਂ ਜ਼ਰੂਰ ਦੁਸ਼ਟ ਕੰਮ ਕਰਨ ਲੱਗ ਪਵੋਗੇ+ ਅਤੇ ਉਸ ਰਾਹ ʼਤੇ ਚੱਲਣਾ ਛੱਡ ਦਿਓਗੇ ਜਿਸ ਉੱਤੇ ਚੱਲਣ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਤੁਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਕੰਮ ਕਰੋਗੇ ਅਤੇ ਆਪਣੇ ਹੱਥਾਂ ਦੇ ਕੰਮਾਂ ਨਾਲ ਉਸ ਨੂੰ ਗੁੱਸਾ ਚੜ੍ਹਾਓਗੇ ਜਿਸ ਕਰਕੇ ਭਵਿੱਖ ਵਿਚ ਜ਼ਰੂਰ ਤੁਹਾਡੇ ਉੱਤੇ ਆਫ਼ਤ ਆ ਪਵੇਗੀ।”+

30 ਫਿਰ ਮੂਸਾ ਨੇ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ ਇਸ ਗੀਤ ਦੇ ਬੋਲ ਇਜ਼ਰਾਈਲ ਦੀ ਸਾਰੀ ਮੰਡਲੀ ਨੂੰ ਸੁਣਾਏ:+

32 “ਹੇ ਆਕਾਸ਼, ਮੈਂ ਜੋ ਕਹਿ ਰਿਹਾ ਹਾਂ, ਉਸ ਵੱਲ ਕੰਨ ਲਾ,

ਹੇ ਧਰਤੀ, ਮੇਰੀ ਗੱਲ ਸੁਣ।

 2 ਮੇਰੀਆਂ ਹਿਦਾਇਤਾਂ ਮੀਂਹ ਵਾਂਗ ਵਰ੍ਹਨਗੀਆਂ;

ਅਤੇ ਮੇਰੀਆਂ ਗੱਲਾਂ ਤ੍ਰੇਲ ਵਾਂਗ ਪੈਣਗੀਆਂ,

ਜਿਵੇਂ ਘਾਹ ʼਤੇ ਮੀਂਹ ਦੀ ਫੁਹਾਰ

ਅਤੇ ਪੇੜ-ਪੌਦਿਆਂ ʼਤੇ ਜ਼ੋਰਦਾਰ ਮੀਂਹ।

 3 ਮੈਂ ਯਹੋਵਾਹ ਦੇ ਨਾਂ ਦਾ ਐਲਾਨ ਕਰਾਂਗਾ।+

ਹੇ ਲੋਕੋ, ਸਾਡੇ ਪਰਮੇਸ਼ੁਰ ਦੀ ਮਹਾਨਤਾ ਬਾਰੇ ਦੱਸੋ।+

 4 ਉਹ ਚਟਾਨ ਹੈ ਤੇ ਉਸ ਦਾ ਹਰ ਕੰਮ ਖਰਾ ਹੈ,+

ਉਸ ਦੇ ਸਾਰੇ ਰਾਹ ਨਿਆਂ ਦੇ ਹਨ।+

ਉਹ ਵਫ਼ਾਦਾਰ ਪਰਮੇਸ਼ੁਰ ਹੈ+ ਜੋ ਕਦੇ ਅਨਿਆਂ ਨਹੀਂ ਕਰਦਾ;+

ਉਹ ਜੋ ਵੀ ਕਰਦਾ ਹੈ, ਸਹੀ ਕਰਦਾ ਹੈ ਅਤੇ ਉਹ ਸੱਚਾ ਹੈ।+

 5 ਪਰ ਤੁਸੀਂ ਹੋ ਜਿਨ੍ਹਾਂ ਨੇ ਦੁਸ਼ਟ ਕੰਮ ਕੀਤੇ।+

ਤੁਸੀਂ ਉਸ ਦੇ ਬੱਚੇ ਨਹੀਂ ਹੋ, ਖੋਟ ਤੁਹਾਡੇ ਵਿਚ ਹੈ।+

ਤੁਸੀਂ ਧੋਖੇਬਾਜ਼ ਤੇ ਵਿਗੜੀ ਹੋਈ ਪੀੜ੍ਹੀ ਹੋ!+

 6 ਓਏ ਮੂਰਖੋ ਤੇ ਨਾਸਮਝੋ,+

ਕੀ ਤੁਹਾਨੂੰ ਯਹੋਵਾਹ ਦੇ ਸਾਰੇ ਅਹਿਸਾਨਾਂ ਦਾ ਇਹ ਬਦਲਾ ਦੇਣਾ ਚਾਹੀਦਾ?+

ਕੀ ਉਹ ਤੁਹਾਡਾ ਪਿਤਾ ਨਹੀਂ ਜਿਸ ਕਰਕੇ ਤੁਸੀਂ ਵਜੂਦ ਵਿਚ ਹੋ?+

ਕੀ ਉਸੇ ਨੇ ਤੁਹਾਨੂੰ ਨਹੀਂ ਬਣਾਇਆ ਅਤੇ ਮਜ਼ਬੂਤੀ ਨਾਲ ਕਾਇਮ ਨਹੀਂ ਕੀਤਾ?

 7 ਜ਼ਰਾ ਬੀਤੇ ਸਮਿਆਂ ਨੂੰ ਯਾਦ ਕਰੋ;

ਪੁਰਾਣੀਆਂ ਪੀੜ੍ਹੀਆਂ ਦੇ ਦਿਨਾਂ ʼਤੇ ਗੌਰ ਕਰੋ।

ਆਪਣੇ ਪਿਤਾ ਨੂੰ ਪੁੱਛੋ, ਉਹ ਤੁਹਾਨੂੰ ਦੱਸੇਗਾ;+

ਆਪਣੇ ਬਜ਼ੁਰਗਾਂ ਨੂੰ ਪੁੱਛੋ, ਉਹ ਤੁਹਾਨੂੰ ਦੱਸਣਗੇ।

 8 ਜਦ ਅੱਤ ਮਹਾਨ ਨੇ ਕੌਮਾਂ ਨੂੰ ਵਿਰਾਸਤ ਦਿੱਤੀ,+

ਜਦ ਉਸ ਨੇ ਆਦਮ ਦੇ ਪੁੱਤਰਾਂ* ਨੂੰ ਇਕ-ਦੂਜੇ ਤੋਂ ਵੱਖ ਕੀਤਾ,+

ਤਦ ਉਸ ਨੇ ਇਜ਼ਰਾਈਲ ਦੇ ਲੋਕਾਂ ਦੀ ਗਿਣਤੀ ਮੁਤਾਬਕ+

ਦੇਸ਼-ਦੇਸ਼ ਦੇ ਲੋਕਾਂ ਦੀ ਹੱਦ ਮਿਥੀ।+

 9 ਯਹੋਵਾਹ ਦੀ ਪਰਜਾ ਉਸ ਦਾ ਹਿੱਸਾ ਹੈ;+

ਯਾਕੂਬ ਉਸ ਦੀ ਵਿਰਾਸਤ ਹੈ।+

10 ਪਰਮੇਸ਼ੁਰ ਨੂੰ ਉਹ ਬੀਆਬਾਨ ਇਲਾਕੇ ਵਿਚ,+

ਇਕ ਸੁੰਨਸਾਨ ਤੇ ਭਿਆਨਕ ਉਜਾੜ ਵਿਚ ਮਿਲਿਆ।+

ਉਸ ਨੇ ਸੁਰੱਖਿਆ ਦੀ ਢਾਲ ਬਣ ਕੇ ਉਸ ਦੀ ਦੇਖ-ਭਾਲ ਕੀਤੀ+

ਅਤੇ ਆਪਣੀ ਅੱਖ ਦੀ ਪੁਤਲੀ ਵਾਂਗ ਉਸ ਦੀ ਰੱਖਿਆ ਕੀਤੀ।+

11 ਜਿਵੇਂ ਇਕ ਉਕਾਬ ਆਪਣੇ ਆਲ੍ਹਣੇ ਨੂੰ ਹਿਲਾਉਂਦਾ ਹੈ,

ਆਪਣੇ ਬੱਚਿਆਂ ਉੱਤੇ ਮੰਡਲਾਉਂਦਾ ਹੈ,

ਆਪਣੇ ਪਰਾਂ ਨੂੰ ਫੈਲਾ ਕੇ ਉਨ੍ਹਾਂ ਨੂੰ ਚੁੱਕ ਲੈਂਦਾ ਹੈ,

ਆਪਣੇ ਖੰਭਾਂ ʼਤੇ ਉਨ੍ਹਾਂ ਨੂੰ ਬਿਠਾ ਲੈਂਦਾ ਹੈ,+

12 ਉਸੇ ਤਰ੍ਹਾਂ ਯਹੋਵਾਹ ਇਕੱਲਾ ਉਸ* ਦੀ ਅਗਵਾਈ ਕਰਦਾ ਰਿਹਾ;+

ਹੋਰ ਕੌਮਾਂ ਦੇ ਦੇਵਤੇ ਉਸ ਦੇ ਨਾਲ ਨਹੀਂ ਸਨ।+

13 ਸਾਡੇ ਪਰਮੇਸ਼ੁਰ ਨੇ ਉਸ ਨੂੰ ਧਰਤੀ ਦੀਆਂ ਉੱਚੀਆਂ ਥਾਵਾਂ ʼਤੇ ਜਿੱਤ ਦਿਵਾਈ,+

ਜਿਸ ਕਰਕੇ ਉਸ ਨੇ ਜ਼ਮੀਨ ਦੀ ਪੈਦਾਵਾਰ ਖਾਧੀ।+

ਪਰਮੇਸ਼ੁਰ ਨੇ ਉਸ ਨੂੰ ਚਟਾਨ ਤੋਂ ਸ਼ਹਿਦ ਖੁਆਇਆ

ਅਤੇ ਸਖ਼ਤ ਚਟਾਨ* ਵਿੱਚੋਂ ਤੇਲ ਦਿੱਤਾ,

14 ਉਸ ਨੂੰ ਗਾਂਵਾਂ ਦਾ ਮੱਖਣ ਤੇ ਭੇਡਾਂ-ਬੱਕਰੀਆਂ ਦਾ ਦੁੱਧ ਦਿੱਤਾ,

ਸਭ ਤੋਂ ਵਧੀਆ ਭੇਡਾਂ,* ਬਾਸ਼ਾਨ ਦੇ ਭੇਡੂਆਂ ਅਤੇ ਬੱਕਰਿਆਂ ਦਾ ਮਾਸ ਦਿੱਤਾ,

ਨਾਲੇ ਉੱਤਮ ਕਣਕ ਖਾਣ ਲਈ ਦਿੱਤੀ;+

ਅਤੇ ਤੂੰ ਅੰਗੂਰਾਂ ਦੇ ਰਸ* ਤੋਂ ਬਣਿਆ ਦਾਖਰਸ ਪੀਤਾ।

15 ਹੇ ਯਸ਼ੁਰੂਨ,* ਜਦ ਤੂੰ ਮੋਟਾ ਹੋ ਗਿਆ, ਤਾਂ ਬਾਗ਼ੀ ਹੋ ਕੇ ਲੱਤਾਂ ਮਾਰਨ ਲੱਗਾ।

ਤੂੰ ਮੋਟਾ ਅਤੇ ਹੱਟਾ-ਕੱਟਾ ਹੋ ਗਿਆ ਹੈਂ, ਤੂੰ ਆਫ਼ਰ ਗਿਆ ਹੈਂ।+

ਇਸ ਲਈ ਤੂੰ ਪਰਮੇਸ਼ੁਰ ਨੂੰ ਛੱਡ ਦਿੱਤਾ ਜਿਸ ਨੇ ਤੈਨੂੰ ਰਚਿਆ,+

ਅਤੇ ਤੂੰ ਆਪਣੀ ਮੁਕਤੀ ਦੀ ਚਟਾਨ ਨਾਲ ਨਫ਼ਰਤ ਕੀਤੀ।

16 ਉਨ੍ਹਾਂ ਨੇ ਹੋਰ ਕੌਮਾਂ ਦੇ ਦੇਵਤਿਆਂ ਦੀ ਭਗਤੀ ਕਰ ਕੇ ਉਸ ਨੂੰ ਗੁੱਸਾ ਚੜ੍ਹਾਇਆ;+

ਉਨ੍ਹਾਂ ਨੇ ਘਿਣਾਉਣੀਆਂ ਚੀਜ਼ਾਂ ਨਾਲ ਉਸ ਦਾ ਕ੍ਰੋਧ ਭੜਕਾਇਆ।+

17 ਉਹ ਪਰਮੇਸ਼ੁਰ ਨੂੰ ਨਹੀਂ, ਸਗੋਂ ਦੁਸ਼ਟ ਦੂਤਾਂ ਨੂੰ ਬਲ਼ੀਆਂ ਚੜ੍ਹਾਉਂਦੇ ਸਨ,+

ਹਾਂ, ਅਜਿਹੇ ਦੇਵਤਿਆਂ ਨੂੰ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਸਨ,

ਨਵੇਂ-ਨਵੇਂ ਦੇਵਤਿਆਂ ਨੂੰ ਜਿਹੜੇ ਹੁਣੇ-ਹੁਣੇ ਬਣੇ ਹਨ,

ਜਿਨ੍ਹਾਂ ਨੂੰ ਤੁਹਾਡੇ ਪਿਉ-ਦਾਦੇ ਨਹੀਂ ਜਾਣਦੇ ਸਨ।

18 ਤੂੰ ਉਸ ਚਟਾਨ ਨੂੰ ਭੁੱਲ ਗਿਆ+ ਜਿਸ ਨੇ ਤੈਨੂੰ ਪੈਦਾ ਕੀਤਾ,

ਅਤੇ ਤੂੰ ਪਰਮੇਸ਼ੁਰ ਨੂੰ ਯਾਦ ਨਹੀਂ ਰੱਖਿਆ ਜਿਸ ਨੇ ਤੈਨੂੰ ਜਨਮ ਦਿੱਤਾ।+

19 ਜਦ ਯਹੋਵਾਹ ਨੇ ਇਹ ਦੇਖਿਆ, ਤਾਂ ਉਸ ਨੇ ਉਨ੍ਹਾਂ ਨੂੰ ਤਿਆਗ ਦਿੱਤਾ+

ਕਿਉਂਕਿ ਉਸ ਦੇ ਧੀਆਂ-ਪੁੱਤਰਾਂ ਨੇ ਉਸ ਨੂੰ ਗੁੱਸਾ ਚੜ੍ਹਾਇਆ।

20 ਇਸ ਲਈ ਉਸ ਨੇ ਕਿਹਾ, ‘ਮੈਂ ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵਾਂਗਾ;+

ਮੈਂ ਦੇਖਾਂਗਾ ਕਿ ਉਨ੍ਹਾਂ ਦਾ ਕੀ ਹਸ਼ਰ ਹੁੰਦਾ ਹੈ

ਕਿਉਂਕਿ ਉਹ ਇਕ ਦੁਸ਼ਟ ਪੀੜ੍ਹੀ ਹੈ,+

ਉਹ ਅਜਿਹੇ ਪੁੱਤਰ ਹਨ ਜੋ ਜ਼ਰਾ ਵੀ ਵਫ਼ਾਦਾਰ ਨਹੀਂ ਹਨ।+

21 ਜੋ ਈਸ਼ਵਰ ਹੈ ਹੀ ਨਹੀਂ, ਉਸ ਦੀ ਭਗਤੀ ਕਰ ਕੇ ਉਨ੍ਹਾਂ ਨੇ ਮੇਰਾ ਕ੍ਰੋਧ ਭੜਕਾਇਆ;*+

ਉਨ੍ਹਾਂ ਨੇ ਨਿਕੰਮੀਆਂ ਮੂਰਤਾਂ ਦੀ ਭਗਤੀ ਕਰ ਕੇ ਮੈਨੂੰ ਗੁੱਸਾ ਚੜ੍ਹਾਇਆ।+

ਇਸ ਲਈ ਜਿਨ੍ਹਾਂ ਲੋਕਾਂ ਦੀ ਆਪਣੀ ਕੋਈ ਪਛਾਣ ਨਹੀਂ, ਮੈਂ ਉਨ੍ਹਾਂ ਰਾਹੀਂ ਤੁਹਾਡੇ ਵਿਚ ਈਰਖਾ ਪੈਦਾ ਕਰਾਂਗਾ;+

ਮੈਂ ਇਕ ਮੂਰਖ ਕੌਮ ਦੇ ਰਾਹੀਂ ਉਨ੍ਹਾਂ ਨੂੰ ਗੁੱਸਾ ਚੜ੍ਹਾਵਾਂਗਾ।+

22 ਮੇਰੇ ਗੁੱਸੇ ਦੀ ਅੱਗ ਬਲ਼ ਉੱਠੀ ਹੈ+

ਜੋ ਕਬਰ* ਦੀਆਂ ਡੂੰਘਾਈਆਂ ਤਕ ਬਲ਼ਦੀ ਰਹੇਗੀ,+

ਇਹ ਧਰਤੀ ਅਤੇ ਇਸ ਦੀ ਪੈਦਾਵਾਰ ਨੂੰ ਭਸਮ ਕਰ ਦੇਵੇਗੀ

ਅਤੇ ਪਹਾੜਾਂ ਦੀਆਂ ਨੀਂਹਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।

23 ਮੈਂ ਉਨ੍ਹਾਂ ʼਤੇ ਆਫ਼ਤਾਂ ਤੇ ਆਫ਼ਤਾਂ ਲਿਆਵਾਂਗਾ;

ਮੈਂ ਉਨ੍ਹਾਂ ʼਤੇ ਆਪਣੇ ਸਾਰੇ ਤੀਰ ਚਲਾਵਾਂਗਾ।

24 ਉਹ ਭੁੱਖ ਨਾਲ ਬੇਹਾਲ ਹੋ ਜਾਣਗੇ+

ਅਤੇ ਤੇਜ਼ ਬੁਖ਼ਾਰ ਅਤੇ ਭਿਆਨਕ ਤਬਾਹੀ ਨਾਲ ਮਰ-ਮੁੱਕ ਜਾਣਗੇ।+

ਮੈਂ ਉਨ੍ਹਾਂ ਦੇ ਪਿੱਛੇ ਸ਼ਿਕਾਰੀ ਜਾਨਵਰ+

ਅਤੇ ਜ਼ਮੀਨ ʼਤੇ ਘਿਸਰਨ ਵਾਲੇ ਜ਼ਹਿਰੀਲੇ ਸੱਪ ਛੱਡਾਂਗਾ।

25 ਘਰੋਂ ਬਾਹਰ ਤਲਵਾਰ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਤੋਂ ਖੋਹ ਲਵੇਗੀ;+

ਅਤੇ ਘਰ ਦੇ ਅੰਦਰ ਖ਼ੌਫ਼ ਛਾਇਆ ਹੋਵੇਗਾ+

ਕੁਆਰੇ ਮੁੰਡੇ-ਕੁੜੀਆਂ ਅਤੇ ਨਿਆਣੇ-ਸਿਆਣੇ

ਸਭ ਖ਼ਤਮ ਹੋ ਜਾਣਗੇ।+

26 ਮੈਂ ਇਹ ਨਹੀਂ ਕਿਹਾ: “ਮੈਂ ਉਨ੍ਹਾਂ ਨੂੰ ਖਿੰਡਾ ਦਿਆਂਗਾ;

ਮੈਂ ਇਨਸਾਨਾਂ ਵਿੱਚੋਂ ਉਨ੍ਹਾਂ ਦੀ ਯਾਦ ਮਿਟਾ ਦਿਆਂਗਾ,”

27 ਕਿਉਂਕਿ ਮੈਨੂੰ ਇਹ ਫ਼ਿਕਰ ਸੀ ਕਿ ਦੁਸ਼ਮਣ ਕੀ ਕਹੇਗਾ,+

ਵਿਰੋਧੀਆਂ ਨੇ ਤਾਂ ਇਸ ਦਾ ਗ਼ਲਤ ਮਤਲਬ ਕੱਢ ਲੈਣਾ ਸੀ।+

ਉਹ ਸ਼ਾਇਦ ਕਹਿੰਦੇ: “ਅਸੀਂ ਆਪਣੀ ਤਾਕਤ ਸਦਕਾ ਜਿੱਤੇ ਹਾਂ;+

ਯਹੋਵਾਹ ਨੇ ਇਹ ਸਭ ਕੁਝ ਨਹੀਂ ਕੀਤਾ।”

28 ਇਸ ਕੌਮ ਦੇ ਲੋਕ ਬੇਅਕਲ ਹਨ*

ਅਤੇ ਉਨ੍ਹਾਂ ਨੂੰ ਕੋਈ ਸਮਝ ਨਹੀਂ ਹੈ।+

29 ਕਾਸ਼! ਉਹ ਬੁੱਧੀਮਾਨ ਹੁੰਦੇ+ ਅਤੇ ਇਸ ਗੱਲ ʼਤੇ ਸੋਚ-ਵਿਚਾਰ ਕਰਦੇ+

ਅਤੇ ਆਪਣੇ ਅੰਜਾਮ ਬਾਰੇ ਸੋਚਦੇ।+

30 ਇਹ ਕਿਵੇਂ ਹੋ ਸਕਦਾ ਕਿ ਇਕ ਜਣਾ 1,000 ਲੋਕਾਂ ਦਾ ਪਿੱਛਾ ਕਰੇ

ਅਤੇ ਦੋ ਜਣੇ 10,000 ਲੋਕਾਂ ਨੂੰ ਭਜਾ ਦੇਣ?+

ਇਹ ਇਸ ਕਰਕੇ ਹੋਇਆ ਕਿਉਂਕਿ ਉਨ੍ਹਾਂ ਲੋਕਾਂ ਦੀ ਚਟਾਨ ਨੇ ਉਨ੍ਹਾਂ ਨੂੰ ਵੇਚ ਦਿੱਤਾ+

ਅਤੇ ਯਹੋਵਾਹ ਨੇ ਉਨ੍ਹਾਂ ਨੂੰ ਦੁਸ਼ਮਣਾਂ ਦੇ ਹਵਾਲੇ ਕਰ ਦਿੱਤਾ।

31 ਦੁਸ਼ਮਣਾਂ ਦੀ ਚਟਾਨ ਸਾਡੀ ਚਟਾਨ ਵਰਗੀ ਨਹੀਂ ਹੈ,+

ਇਹ ਗੱਲ ਸਾਡੇ ਦੁਸ਼ਮਣ ਵੀ ਜਾਣਦੇ ਹਨ।+

32 ਉਨ੍ਹਾਂ ਲੋਕਾਂ ਦੀ ਅੰਗੂਰੀ ਵੇਲ ਸਦੂਮ ਦੀ ਅੰਗੂਰੀ ਵੇਲ ਤੋਂ

ਅਤੇ ਗਮੋਰਾ* ਦੇ ਬਾਗ਼ਾਂ ਤੋਂ ਨਿਕਲੀ ਹੈ।+

ਉਨ੍ਹਾਂ ਦੇ ਅੰਗੂਰ ਜ਼ਹਿਰੀਲੇ ਹਨ,

ਉਨ੍ਹਾਂ ਦੇ ਅੰਗੂਰਾਂ ਦੇ ਗੁੱਛੇ ਕੌੜੇ ਹਨ।+

33 ਉਨ੍ਹਾਂ ਦਾ ਦਾਖਰਸ ਸੱਪਾਂ ਦਾ ਜ਼ਹਿਰ ਹੈ,

ਹਾਂ, ਫਨੀਅਰ ਨਾਗਾਂ ਦਾ ਜਾਨਲੇਵਾ ਜ਼ਹਿਰ ਹੈ।

34 ਕੀ ਮੈਂ ਇਹ ਸਾਰਾ ਕੁਝ ਆਪਣੇ ਕੋਲ ਜਮ੍ਹਾ ਨਹੀਂ ਕਰ ਰੱਖਿਆ

ਅਤੇ ਆਪਣੇ ਭੰਡਾਰ ਵਿਚ ਮੁਹਰ ਲਾ ਕੇ ਨਹੀਂ ਰੱਖਿਆ?+

35 ਬਦਲਾ ਲੈਣਾ ਅਤੇ ਸਜ਼ਾ ਦੇਣਾ ਮੇਰਾ ਕੰਮ ਹੈ,+

ਮਿਥੇ ਸਮੇਂ ਤੇ ਉਨ੍ਹਾਂ ਦਾ ਪੈਰ ਤਿਲਕੇਗਾ+

ਕਿਉਂਕਿ ਉਨ੍ਹਾਂ ਦੀ ਤਬਾਹੀ ਦਾ ਦਿਨ ਨੇੜੇ ਆ ਗਿਆ ਹੈ,

ਅਤੇ ਉਨ੍ਹਾਂ ਨਾਲ ਜੋ ਕੁਝ ਹੋਣ ਵਾਲਾ ਹੈ, ਉਹ ਛੇਤੀ ਹੋਵੇਗਾ।’

36 ਯਹੋਵਾਹ ਆਪਣੇ ਲੋਕਾਂ ਨਾਲ ਨਿਆਂ ਕਰੇਗਾ,+

ਅਤੇ ਉਹ ਆਪਣੇ ਸੇਵਕਾਂ ʼਤੇ ਤਰਸ ਖਾਵੇਗਾ+

ਜਦ ਉਹ ਦੇਖੇਗਾ ਕਿ ਉਨ੍ਹਾਂ ਦੀ ਤਾਕਤ ਖ਼ਤਮ ਹੋ ਗਈ ਹੈ

ਅਤੇ ਸਿਰਫ਼ ਲਾਚਾਰ ਅਤੇ ਕਮਜ਼ੋਰ ਲੋਕ ਹੀ ਬਚੇ ਹਨ।

37 ਫਿਰ ਉਸ ਵੇਲੇ ਉਹ ਕਹੇਗਾ, ‘ਕਿੱਥੇ ਹਨ ਉਨ੍ਹਾਂ ਦੇ ਦੇਵਤੇ+

ਹਾਂ, ਉਹ ਚਟਾਨ ਜਿਸ ਵਿਚ ਉਨ੍ਹਾਂ ਨੇ ਪਨਾਹ ਲਈ ਸੀ?

38 ਜਿਹੜੇ ਉਨ੍ਹਾਂ ਦੀਆਂ ਬਲ਼ੀਆਂ ਦੀ ਚਰਬੀ ਖਾਂਦੇ ਸਨ*

ਅਤੇ ਉਨ੍ਹਾਂ ਦੀਆਂ ਪੀਣ ਦੀਆਂ ਭੇਟਾਂ ਦਾ ਦਾਖਰਸ ਪੀਂਦੇ ਸਨ?+

ਹੁਣ ਉਹ ਉੱਠਣ ਅਤੇ ਤੁਹਾਡੀ ਮਦਦ ਕਰਨ।

ਉਹ ਤੁਹਾਡੇ ਲਈ ਪਨਾਹ ਦੀ ਜਗ੍ਹਾ ਬਣਨ।

39 ਹੁਣ ਜਾਣ ਲਓ ਕਿ ਮੈਂ ਹੀ ਪਰਮੇਸ਼ੁਰ ਹਾਂ,+

ਅਤੇ ਮੇਰੇ ਤੋਂ ਸਿਵਾਇ ਹੋਰ ਕੋਈ ਈਸ਼ਵਰ ਨਹੀਂ ਹੈ।+

ਮੈਂ ਹੀ ਮੌਤ ਦਿੰਦਾ ਹਾਂ ਅਤੇ ਮੈਂ ਹੀ ਜ਼ਿੰਦਗੀ ਦਿੰਦਾ ਹਾਂ।+

ਮੈਂ ਹੀ ਜ਼ਖ਼ਮ ਦਿੰਦਾ ਹਾਂ+ ਅਤੇ ਮੈਂ ਹੀ ਚੰਗਾ ਕਰਦਾ ਹਾਂ,+

ਅਤੇ ਕੋਈ ਵੀ ਕਿਸੇ ਨੂੰ ਮੇਰੇ ਹੱਥੋਂ ਛੁਡਾ ਨਹੀਂ ਸਕਦਾ।+

40 ਮੈਂ ਆਪਣਾ ਹੱਥ ਸਵਰਗ ਵੱਲ ਚੁੱਕ ਕੇ

ਆਪਣੀ ਅਨੰਤ ਜ਼ਿੰਦਗੀ ਦੀ ਸਹੁੰ ਖਾਂਦਾ ਹਾਂ,+

41 ਜਦ ਮੈਂ ਆਪਣੀ ਚਮਕਦੀ ਤਲਵਾਰ ਤਿੱਖੀ ਕਰਾਂਗਾ

ਅਤੇ ਸਜ਼ਾ ਦੇਣ ਲਈ ਆਪਣਾ ਹੱਥ ਚੁੱਕਾਂਗਾ,+

ਤਦ ਮੈਂ ਆਪਣੇ ਵਿਰੋਧੀਆਂ ਤੋਂ ਬਦਲਾ ਲਵਾਂਗਾ+

ਅਤੇ ਜਿਹੜੇ ਮੇਰੇ ਨਾਲ ਨਫ਼ਰਤ ਕਰਦੇ ਹਨ, ਉਨ੍ਹਾਂ ਨੂੰ ਸਜ਼ਾ ਦਿਆਂਗਾ।

42 ਮੈਂ ਕਤਲ ਕੀਤੇ ਹੋਏ ਲੋਕਾਂ ਅਤੇ ਬੰਦੀਆਂ ਦੇ ਖ਼ੂਨ ਨਾਲ

ਆਪਣੇ ਤੀਰਾਂ ਨੂੰ ਸ਼ਰਾਬੀ ਕਰਾਂਗਾ,

ਮੇਰੀ ਤਲਵਾਰ ਮੇਰੇ ਦੁਸ਼ਮਣਾਂ ਦੇ ਆਗੂਆਂ ਦੇ ਸਿਰਾਂ ਦਾ ਮਾਸ ਖਾਏਗੀ।’

43 ਹੇ ਕੌਮੋਂ, ਪਰਮੇਸ਼ੁਰ ਦੇ ਲੋਕਾਂ ਨਾਲ ਮਿਲ ਕੇ ਖ਼ੁਸ਼ੀਆਂ ਮਨਾਓ+

ਕਿਉਂਕਿ ਉਹ ਆਪਣੇ ਸੇਵਕਾਂ ਦੇ ਖ਼ੂਨ ਦਾ ਬਦਲਾ ਲਵੇਗਾ,+

ਅਤੇ ਉਹ ਆਪਣੇ ਵਿਰੋਧੀਆਂ ਨੂੰ ਸਜ਼ਾ ਦੇਵੇਗਾ।+

ਉਹ ਆਪਣੇ ਲੋਕਾਂ ਦੇ ਦੇਸ਼ ਦੇ ਪਾਪ ਮਿਟਾ* ਦੇਵੇਗਾ।”

44 ਇਸ ਤਰ੍ਹਾਂ ਮੂਸਾ ਅਤੇ ਨੂਨ ਦੇ ਪੁੱਤਰ ਹੋਸ਼ੇਆ*+ ਨੇ ਆ ਕੇ ਇਸ ਗੀਤ ਦੇ ਸਾਰੇ ਬੋਲ ਲੋਕਾਂ ਨੂੰ ਸੁਣਾਏ।+ 45 ਜਦ ਮੂਸਾ ਸਾਰੇ ਇਜ਼ਰਾਈਲੀਆਂ ਨੂੰ ਇਹ ਸਾਰੀਆਂ ਗੱਲਾਂ ਕਹਿ ਹਟਿਆ, 46 ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਮੈਂ ਅੱਜ ਤੁਹਾਨੂੰ ਜੋ ਚੇਤਾਵਨੀ ਦੇ ਰਿਹਾ ਹਾਂ, ਤੁਸੀਂ ਉਸ ਨੂੰ ਆਪਣੇ ਦਿਲਾਂ ਵਿਚ ਬਿਠਾ ਲਓ+ ਤਾਂਕਿ ਤੁਸੀਂ ਆਪਣੇ ਪੁੱਤਰਾਂ ਨੂੰ ਹੁਕਮ ਦੇ ਸਕੋ ਕਿ ਉਹ ਇਸ ਕਾਨੂੰਨ ਦੀਆਂ ਸਾਰੀਆਂ ਗੱਲਾਂ ਦੀ ਧਿਆਨ ਨਾਲ ਪਾਲਣਾ ਕਰਨ।+ 47 ਇਹ ਫੋਕੀਆਂ ਗੱਲਾਂ ਨਹੀਂ ਹਨ, ਸਗੋਂ ਤੁਹਾਡੀ ਜ਼ਿੰਦਗੀ ਇਨ੍ਹਾਂ ʼਤੇ ਨਿਰਭਰ ਕਰਦੀ ਹੈ।+ ਇਨ੍ਹਾਂ ਗੱਲਾਂ ਮੁਤਾਬਕ ਚੱਲ ਕੇ ਤੁਸੀਂ ਉਸ ਦੇਸ਼ ਵਿਚ ਲੰਬੀ ਜ਼ਿੰਦਗੀ ਜੀ ਸਕੋਗੇ ਜਿਸ ਦੇਸ਼ ʼਤੇ ਤੁਸੀਂ ਯਰਦਨ ਦਰਿਆ ਪਾਰ ਕਬਜ਼ਾ ਕਰਨ ਜਾ ਰਹੇ ਹੋ।”

48 ਉਸੇ ਦਿਨ ਯਹੋਵਾਹ ਨੇ ਮੂਸਾ ਨੂੰ ਕਿਹਾ: 49 “ਤੂੰ ਅਬਾਰੀਮ ਪਹਾੜਾਂ ʼਤੇ ਜਾਹ+ ਜੋ ਮੋਆਬ ਦੇਸ਼ ਵਿਚ ਯਰੀਹੋ ਦੇ ਸਾਮ੍ਹਣੇ ਹਨ। ਉੱਥੇ ਨਬੋ+ ਪਹਾੜ ਉੱਪਰ ਜਾ ਕੇ ਕਨਾਨ ਦੇਸ਼ ਦੇਖ ਲੈ ਜੋ ਮੈਂ ਇਜ਼ਰਾਈਲੀਆਂ ਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹਾਂ।+ 50 ਫਿਰ ਉਸ ਪਹਾੜ ʼਤੇ ਜਿਸ ਉੱਤੇ ਤੂੰ ਚੜ੍ਹਨ ਵਾਲਾ ਹੈਂ, ਤੇਰੀ ਮੌਤ ਹੋ ਜਾਵੇਗੀ ਅਤੇ ਤੂੰ ਆਪਣੇ ਲੋਕਾਂ ਨਾਲ ਰਲ਼ ਜਾਵੇਂਗਾ,* ਠੀਕ ਜਿਵੇਂ ਤੇਰੇ ਭਰਾ ਹਾਰੂਨ ਦੀ ਹੋਰ ਨਾਂ ਦੇ ਪਹਾੜ ʼਤੇ ਮੌਤ ਹੋ ਗਈ ਸੀ+ ਅਤੇ ਉਹ ਵੀ ਆਪਣੇ ਲੋਕਾਂ ਨਾਲ ਜਾ ਰਲ਼ਿਆ ਸੀ 51 ਕਿਉਂਕਿ ਤੁਸੀਂ ਦੋਵਾਂ ਨੇ ਸਿਨ ਦੀ ਉਜਾੜ ਵਿਚ ਕਾਦੇਸ਼ ਵਿਚ ਮਰੀਬਾਹ ਦੇ ਪਾਣੀਆਂ ਕੋਲ ਮੇਰੇ ਪ੍ਰਤੀ ਵਫ਼ਾਦਾਰੀ ਨਹੀਂ ਦਿਖਾਈ+ ਅਤੇ ਇਜ਼ਰਾਈਲੀਆਂ ਸਾਮ੍ਹਣੇ ਮੈਨੂੰ ਪਵਿੱਤਰ ਨਹੀਂ ਕੀਤਾ।+ 52 ਤੂੰ ਉਸ ਦੇਸ਼ ਨੂੰ ਦੂਰੋਂ ਦੇਖੇਂਗਾ, ਪਰ ਤੂੰ ਉਸ ਦੇਸ਼ ਵਿਚ ਕਦਮ ਨਹੀਂ ਰੱਖ ਪਾਵੇਂਗਾ ਜੋ ਮੈਂ ਇਜ਼ਰਾਈਲੀਆਂ ਨੂੰ ਦੇਣ ਜਾ ਰਿਹਾ ਹਾਂ।”+

33 ਸੱਚੇ ਪਰਮੇਸ਼ੁਰ ਦੇ ਸੇਵਕ ਮੂਸਾ ਨੇ ਆਪਣੀ ਮੌਤ ਤੋਂ ਪਹਿਲਾਂ ਇਜ਼ਰਾਈਲੀਆਂ ਨੂੰ ਬਰਕਤਾਂ ਦਿੱਤੀਆਂ।+ 2 ਉਸ ਨੇ ਕਿਹਾ:

“ਯਹੋਵਾਹ ਸੀਨਈ ਪਹਾੜ ਤੋਂ ਆਇਆ,+

ਉਸ ਨੇ ਸੇਈਰ ਵਿਚ ਉਨ੍ਹਾਂ ਉੱਤੇ ਆਪਣਾ ਨੂਰ ਚਮਕਾਇਆ।

ਉਸ ਨੇ ਪਾਰਾਨ ਦੇ ਪਹਾੜੀ ਇਲਾਕੇ ਤੋਂ ਆਪਣੀ ਮਹਿਮਾ ਦਿਖਾਈ,+

ਉਸ ਦੇ ਨਾਲ ਲੱਖਾਂ ਪਵਿੱਤਰ ਦੂਤ* ਸਨ,+

ਉਸ ਦੇ ਸੱਜੇ ਹੱਥ ਉਸ ਦੇ ਯੋਧੇ ਸਨ।+

 3 ਉਹ ਆਪਣੇ ਲੋਕਾਂ ਨਾਲ ਪਿਆਰ ਕਰਦਾ ਸੀ;+

ਉਨ੍ਹਾਂ ਦੇ ਸਾਰੇ ਪਵਿੱਤਰ ਸੇਵਕ ਤੇਰੇ ਹੱਥ ਵਿਚ ਹਨ।+

ਉਹ ਤੇਰੇ ਪੈਰਾਂ ਕੋਲ ਬੈਠ ਕੇ ਤੇਰੀਆਂ ਗੱਲਾਂ ਸੁਣਨ ਲੱਗੇ।+

 4 (ਮੂਸਾ ਨੇ ਸਾਨੂੰ ਇਕ ਕਾਨੂੰਨ ਦਿੱਤਾ+

ਜੋ ਯਾਕੂਬ ਦੀ ਮੰਡਲੀ ਦੀ ਵਿਰਾਸਤ ਹੈ।)+

 5 ਜਦੋਂ ਲੋਕਾਂ ਦੇ ਮੁਖੀ ਅਤੇ ਇਜ਼ਰਾਈਲ ਦੇ ਸਾਰੇ ਗੋਤ ਇਕੱਠੇ ਹੋਏ,+

ਤਾਂ ਪਰਮੇਸ਼ੁਰ ਯਸ਼ੁਰੂਨ* ਵਿਚ ਰਾਜਾ ਬਣਿਆ।+

 6 ਰਊਬੇਨ ਜੀਉਂਦਾ ਰਹੇ ਅਤੇ ਉਸ ਨੂੰ ਕਦੀ ਮੌਤ ਦਾ ਮੂੰਹ ਨਾ ਦੇਖਣਾ ਪਵੇ,+

ਉਸ ਦੇ ਆਦਮੀਆਂ ਦੀ ਗਿਣਤੀ ਕਦੇ ਨਾ ਘਟੇ।”+

 7 ਉਸ ਨੇ ਯਹੂਦਾਹ ਨੂੰ ਇਹ ਬਰਕਤ ਦਿੱਤੀ:+

“ਹੇ ਯਹੋਵਾਹ, ਯਹੂਦਾਹ ਦੀ ਬੇਨਤੀ ਸੁਣ,+

ਤੂੰ ਉਸ ਨੂੰ ਉਸ ਦੇ ਲੋਕਾਂ ਕੋਲ ਵਾਪਸ ਲੈ ਆ।

ਜੋ ਕੁਝ ਵੀ ਉਸ ਦਾ ਹੈ, ਉਸ ਨੇ ਆਪਣੀ ਤਾਕਤ ਨਾਲ ਉਸ ਦੀ ਰਾਖੀ ਕੀਤੀ,*

ਤੂੰ ਦੁਸ਼ਮਣਾਂ ਨਾਲ ਲੜਨ ਵਿਚ ਉਸ ਦੀ ਮਦਦ ਕਰ।”+

 8 ਉਸ ਨੇ ਲੇਵੀ ਬਾਰੇ ਕਿਹਾ:+

“ਤੇਰਾ* ਤੁੰਮੀਮ ਅਤੇ ਊਰੀਮ+ ਤੇਰੇ ਵਫ਼ਾਦਾਰ ਸੇਵਕ ਦਾ ਹੈ,+

ਜਿਸ ਨੂੰ ਤੂੰ ਮੱਸਾਹ ਵਿਚ ਪਰਖਿਆ ਸੀ।+

ਤੂੰ ਮਰੀਬਾਹ ਦੇ ਪਾਣੀਆਂ ਕੋਲ ਉਸ ਨਾਲ ਝਗੜਨ ਲੱਗਾ,+

 9 ਉਸ ਸੇਵਕ ਨੇ ਆਪਣੇ ਮਾਤਾ-ਪਿਤਾ ਬਾਰੇ ਕਿਹਾ, ‘ਮੈਂ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਕੀਤੀ।’

ਉਸ ਨੇ ਆਪਣੇ ਭਰਾਵਾਂ ਨੂੰ ਵੀ ਨਜ਼ਰਅੰਦਾਜ਼ ਕੀਤਾ,+

ਨਾਲੇ ਆਪਣੇ ਬੱਚਿਆਂ ਦਾ ਵੀ ਸਾਥ ਨਹੀਂ ਦਿੱਤਾ

ਕਿਉਂਕਿ ਉਸ ਨੇ ਤੇਰੀ ਗੱਲ ਮੰਨੀ,

ਅਤੇ ਤੇਰੇ ਇਕਰਾਰ ਦੀ ਪਾਲਣਾ ਕੀਤੀ।+

10 ਉਹ ਯਾਕੂਬ ਨੂੰ ਤੇਰੇ ਹੁਕਮ ਸਿਖਾਵੇ,+

ਨਾਲੇ ਇਜ਼ਰਾਈਲ ਨੂੰ ਤੇਰਾ ਕਾਨੂੰਨ ਸਿਖਾਵੇ।+

ਉਹ ਤੇਰੇ ਅੱਗੇ ਧੂਪ ਧੁਖਾਵੇ ਜਿਸ ਦੀ ਖ਼ੁਸ਼ਬੂ ਤੋਂ ਤੈਨੂੰ ਖ਼ੁਸ਼ੀ ਹੋਵੇਗੀ+

ਅਤੇ ਤੇਰੀ ਵੇਦੀ ʼਤੇ ਹੋਮ-ਬਲ਼ੀ ਚੜ੍ਹਾਵੇ।+

11 ਹੇ ਯਹੋਵਾਹ, ਉਸ ਦੀ ਤਾਕਤ ʼਤੇ ਬਰਕਤ ਪਾ,

ਅਤੇ ਦਿਖਾ ਕਿ ਤੂੰ ਉਸ ਦੇ ਹੱਥਾਂ ਦੇ ਕੰਮਾਂ ਤੋਂ ਖ਼ੁਸ਼ ਹੈਂ।

ਉਸ ਦੇ ਖ਼ਿਲਾਫ਼ ਉੱਠਣ ਵਾਲਿਆਂ ਦੀਆਂ ਲੱਤਾਂ* ਤੋੜ ਦੇ

ਤਾਂਕਿ ਉਸ ਨਾਲ ਨਫ਼ਰਤ ਕਰਨ ਵਾਲੇ ਦੁਬਾਰਾ ਨਾ ਉੱਠ ਸਕਣ।”

12 ਉਸ ਨੇ ਬਿਨਯਾਮੀਨ ਬਾਰੇ ਕਿਹਾ:+

“ਯਹੋਵਾਹ ਦਾ ਪਿਆਰਾ ਉਸ ਦੀ ਪਨਾਹ ਵਿਚ ਸੁਰੱਖਿਅਤ ਵੱਸੇ;

ਉਹ ਪੂਰਾ ਦਿਨ ਉਸ ਦੀ ਰੱਖਿਆ ਕਰੇ,

ਉਹ ਉਸ ਦੀ ਪਿੱਠ ʼਤੇ* ਵੱਸੇਗਾ।”

13 ਉਸ ਨੇ ਯੂਸੁਫ਼ ਬਾਰੇ ਕਿਹਾ:+

“ਯਹੋਵਾਹ ਉਸ ਦੀ ਜ਼ਮੀਨ ʼਤੇ ਬਰਕਤ ਪਾਵੇ,+

ਇਸ ਉੱਤੇ ਆਕਾਸ਼ੋਂ ਵਧੀਆ-ਵਧੀਆ ਚੀਜ਼ਾਂ ਵਰ੍ਹਾਵੇ,

ਇਸ ਨੂੰ ਤ੍ਰੇਲ ਅਤੇ ਜ਼ਮੀਨ ਹੇਠਲੇ ਪਾਣੀਆਂ ਨਾਲ ਸਿੰਜੇ,+

14 ਉਸ ਨੂੰ ਵਧੀਆ-ਵਧੀਆ ਚੀਜ਼ਾਂ ਦੇਵੇ ਜੋ ਸੂਰਜ ਕਰਕੇ ਉੱਗਦੀਆਂ ਹਨ

ਅਤੇ ਹਰ ਮਹੀਨੇ ਭਰਪੂਰ ਪੈਦਾਵਾਰ ਦੇਵੇ,+

15 ਯੁਗਾਂ-ਯੁਗਾਂ ਤੋਂ ਖੜ੍ਹੇ ਪਹਾੜਾਂ* ਦੀਆਂ ਸਭ ਤੋਂ ਵਧੀਆ ਚੀਜ਼ਾਂ ਦੇਵੇ+

ਅਤੇ ਸਦਾ ਕਾਇਮ ਰਹਿਣ ਵਾਲੀਆਂ ਪਹਾੜੀਆਂ ਦੀਆਂ ਵਧੀਆ-ਵਧੀਆ ਚੀਜ਼ਾਂ ਦੇਵੇ,

16 ਧਰਤੀ ਅਤੇ ਇਸ ਦੇ ਖ਼ਜ਼ਾਨੇ ਦੀਆਂ ਵਧੀਆ-ਵਧੀਆ ਚੀਜ਼ਾਂ ਦੇਵੇ,+

ਉਸ ਨੂੰ ਝਾੜੀ ਵਿਚ ਪ੍ਰਗਟ ਹੋਣ ਵਾਲੇ ਦੀ ਮਨਜ਼ੂਰੀ ਮਿਲੇ।+

ਯੂਸੁਫ਼ ਦੇ ਸਿਰ ʼਤੇ ਇਨ੍ਹਾਂ ਬਰਕਤਾਂ ਦਾ ਮੀਂਹ ਵਰ੍ਹੇ,

ਹਾਂ, ਉਸ ਦੇ ਸਿਰ ʼਤੇ ਜਿਸ ਨੂੰ ਆਪਣੇ ਭਰਾਵਾਂ ਵਿੱਚੋਂ ਚੁਣਿਆ ਗਿਆ ਸੀ।+

17 ਉਸ ਦੀ ਸ਼ਾਨ ਜੇਠੇ ਸਾਨ੍ਹ ਵਰਗੀ ਹੈ,

ਉਸ ਦੇ ਸਿੰਗ ਜੰਗਲੀ ਸਾਨ੍ਹ ਦੇ ਸਿੰਗਾਂ ਵਰਗੇ ਹਨ।

ਉਹ ਆਪਣੇ ਸਿੰਗਾਂ ਨਾਲ ਸਾਰੀਆਂ ਕੌਮਾਂ ਨੂੰ

ਧਰਤੀ ਦੀਆਂ ਹੱਦਾਂ ਤਕ ਧੱਕ ਦੇਵੇਗਾ।*

ਉਸ ਦੇ ਸਿੰਗ ਇਫ਼ਰਾਈਮ ਦੇ ਲੱਖਾਂ ਆਦਮੀ+

ਅਤੇ ਮਨੱਸ਼ਹ ਦੇ ਹਜ਼ਾਰਾਂ ਆਦਮੀ ਹਨ।”

18 ਉਸ ਨੇ ਜ਼ਬੂਲੁਨ ਬਾਰੇ ਕਿਹਾ:+

“ਹੇ ਜ਼ਬੂਲੁਨ, ਤੂੰ ਆਪਣੇ ਵਪਾਰ ਕਰਕੇ ਖ਼ੁਸ਼ ਹੋ,

ਹੇ ਯਿਸਾਕਾਰ, ਤੂੰ ਆਪਣੇ ਤੰਬੂਆਂ ਵਿਚ ਖ਼ੁਸ਼ ਹੋ।+

19 ਉਹ ਦੇਸ਼-ਦੇਸ਼ ਦੇ ਲੋਕਾਂ ਨੂੰ ਪਹਾੜ ʼਤੇ ਬੁਲਾਉਣਗੇ।

ਉੱਥੇ ਉਹ ਸਾਫ਼ ਮਨ ਨਾਲ ਬਲੀਦਾਨ ਚੜ੍ਹਾਉਣਗੇ

ਕਿਉਂਕਿ ਉਹ ਸਮੁੰਦਰ ਵਿੱਚੋਂ ਬੇਸ਼ੁਮਾਰ ਧਨ-ਦੌਲਤ

ਅਤੇ ਰੇਤ ਵਿੱਚੋਂ ਗੁਪਤ ਖ਼ਜ਼ਾਨੇ ਇਕੱਠੇ ਕਰਨਗੇ।”

20 ਉਸ ਨੇ ਗਾਦ ਬਾਰੇ ਕਿਹਾ:+

“ਗਾਦ ਦੀਆਂ ਹੱਦਾਂ+ ਵਧਾਉਣ ਵਾਲੇ ʼਤੇ ਬਰਕਤ ਹੋਵੇ।

ਉਹ ਉੱਥੇ ਸ਼ੇਰ ਵਾਂਗ ਸ਼ਿਕਾਰ ਕਰਨ ਲਈ ਬੈਠਦਾ ਹੈ,

ਉਹ ਆਪਣੇ ਸ਼ਿਕਾਰ ਦੀ ਬਾਂਹ, ਹਾਂ, ਸਿਰ ਦੇ ਵੀ ਟੋਟੇ-ਟੋਟੇ ਕਰਨ ਲਈ ਤਿਆਰ ਹੈ।

21 ਉਹ ਆਪਣੇ ਲਈ ਪਹਿਲਾ ਹਿੱਸਾ ਚੁਣੇਗਾ+

ਕਿਉਂਕਿ ਕਾਨੂੰਨ ਦੇਣ ਵਾਲੇ ਨੇ ਉਸ ਲਈ ਇਹੀ ਹਿੱਸਾ ਰੱਖਿਆ ਹੈ।+

ਲੋਕਾਂ ਦੇ ਮੁਖੀ ਇਕੱਠੇ ਹੋਣਗੇ।

ਉਹ ਯਹੋਵਾਹ ਵੱਲੋਂ ਨਿਆਂ ਕਰੇਗਾ,

ਅਤੇ ਇਜ਼ਰਾਈਲ ਦੀ ਖ਼ਾਤਰ ਉਸ ਦੇ ਹੁਕਮ ਲਾਗੂ ਕਰੇਗਾ।”

22 ਉਸ ਨੇ ਦਾਨ ਬਾਰੇ ਕਿਹਾ:+

“ਦਾਨ ਸ਼ੇਰ ਦਾ ਬੱਚਾ ਹੈ।+

ਉਹ ਬਾਸ਼ਾਨ ਤੋਂ ਛਾਲ ਮਾਰੇਗਾ।”+

23 ਉਸ ਨੇ ਨਫ਼ਤਾਲੀ ਬਾਰੇ ਕਿਹਾ:+

“ਨਫ਼ਤਾਲੀ ਯਹੋਵਾਹ ਦੀ ਮਨਜ਼ੂਰੀ

ਅਤੇ ਬੇਸ਼ੁਮਾਰ ਬਰਕਤਾਂ ਪਾ ਕੇ ਖ਼ੁਸ਼ ਹੈ।

ਤੂੰ ਪੱਛਮ ਅਤੇ ਦੱਖਣ ʼਤੇ ਕਬਜ਼ਾ ਕਰ।”

24 ਉਸ ਨੇ ਆਸ਼ੇਰ ਬਾਰੇ ਕਿਹਾ:+

“ਆਸ਼ੇਰ ਨੂੰ ਪੁੱਤਰਾਂ ਦੀ ਦਾਤ ਮਿਲੀ ਹੈ।

ਉਸ ਦੇ ਭਰਾ ਉਸ ਉੱਤੇ ਮਿਹਰਬਾਨ ਹੋਣ,

ਉਹ ਆਪਣੇ ਪੈਰ ਤੇਲ ਵਿਚ ਡੋਬੇ।*

25 ਤੇਰੇ ਦਰਵਾਜ਼ਿਆਂ ਦੇ ਕੁੰਡੇ ਲੋਹੇ ਅਤੇ ਤਾਂਬੇ ਦੇ ਹਨ,+

ਤੂੰ ਸਾਰੀ ਜ਼ਿੰਦਗੀ ਸੁਰੱਖਿਅਤ ਰਹੇਂਗਾ।*

26 ਕੋਈ ਵੀ ਯਸ਼ੁਰੂਨ+ ਦੇ ਸੱਚੇ ਪਰਮੇਸ਼ੁਰ ਵਰਗਾ ਨਹੀਂ ਹੈ,+

ਉਹ ਆਕਾਸ਼ ਵਿੱਚੋਂ ਹੋ ਕੇ ਤੇਰੀ ਸਹਾਇਤਾ ਕਰਨ ਆਉਂਦਾ ਹੈ,

ਉਹ ਸ਼ਾਨ ਨਾਲ ਬੱਦਲਾਂ ʼਤੇ ਸਵਾਰ ਹੋ ਕੇ ਆਉਂਦਾ ਹੈ।+

27 ਪਰਮੇਸ਼ੁਰ ਪੁਰਾਣੇ ਸਮਿਆਂ ਤੋਂ ਤੇਰੀ ਪਨਾਹ ਹੈ,+

ਉਸ ਦੀਆਂ ਬਾਹਾਂ ਹਮੇਸ਼ਾ ਤੈਨੂੰ ਸਹਾਰਾ ਦੇਣਗੀਆਂ।+

ਉਹ ਤੇਰੇ ਦੁਸ਼ਮਣਾਂ ਨੂੰ ਤੇਰੇ ਅੱਗਿਓਂ ਭਜਾ ਦੇਵੇਗਾ,+

ਅਤੇ ਉਹ ਕਹੇਗਾ, ‘ਇਨ੍ਹਾਂ ਦਾ ਖੁਰਾ-ਖੋਜ ਮਿਟਾ ਦੇ!’+

28 ਜਿਸ ਦੇਸ਼ ਵਿਚ ਅਨਾਜ ਅਤੇ ਦਾਖਰਸ ਹੈ+

ਅਤੇ ਜਿੱਥੇ ਆਕਾਸ਼ ਤੋਂ ਤ੍ਰੇਲ ਪੈਂਦੀ ਹੈ,+

ਉੱਥੇ ਇਜ਼ਰਾਈਲ ਸੁਰੱਖਿਅਤ ਵੱਸੇਗਾ,

ਯਾਕੂਬ ਦਾ ਚਸ਼ਮਾ ਇਕਾਂਤ ਵਿਚ ਰਹੇਗਾ।

29 ਖ਼ੁਸ਼ ਹੈਂ ਤੂੰ, ਹੇ ਇਜ਼ਰਾਈਲ!+

ਤੇਰੇ ਵਰਗਾ ਕੌਣ ਹੈ?+

ਤੇਰਾ ਮੁਕਤੀਦਾਤਾ ਯਹੋਵਾਹ ਹੈ,+

ਉਹ ਤੇਰੀ ਸੁਰੱਖਿਆ ਦੀ ਢਾਲ+

ਅਤੇ ਤੇਰੀ ਸ਼ਾਨਦਾਰ ਤਲਵਾਰ ਹੈ,

ਤੇਰੇ ਦੁਸ਼ਮਣ ਤੇਰੇ ਅੱਗੇ ਡਰ ਨਾਲ ਥਰ-ਥਰ ਕੰਬਣਗੇ,+

ਤੂੰ ਉਨ੍ਹਾਂ ਦੀ ਪਿੱਠ* ਆਪਣੇ ਪੈਰਾਂ ਹੇਠ ਮਿੱਧੇਂਗਾ।”

34 ਫਿਰ ਮੂਸਾ ਮੋਆਬ ਦੀ ਉਜਾੜ ਤੋਂ ਨਬੋ ਪਹਾੜ ਉੱਤੇ ਗਿਆ+ ਅਤੇ ਉਹ ਪਿਸਗਾਹ ਦੀ ਚੋਟੀ+ ʼਤੇ ਚੜ੍ਹਿਆ ਜੋ ਯਰੀਹੋ ਦੇ ਸਾਮ੍ਹਣੇ ਹੈ।+ ਯਹੋਵਾਹ ਨੇ ਉਸ ਨੂੰ ਪੂਰਾ ਦੇਸ਼ ਦਿਖਾਇਆ। ਉਸ ਨੇ ਮੂਸਾ ਨੂੰ ਗਿਲਆਦ ਤੋਂ ਲੈ ਕੇ ਦਾਨ ਤਕ ਦਾ ਇਲਾਕਾ,+ 2 ਨਫ਼ਤਾਲੀ, ਇਫ਼ਰਾਈਮ ਤੇ ਮਨੱਸ਼ਹ ਦਾ ਸਾਰਾ ਇਲਾਕਾ, ਪੱਛਮੀ ਸਮੁੰਦਰ* ਤਕ ਯਹੂਦਾਹ ਦਾ ਸਾਰਾ ਇਲਾਕਾ,+ 3 ਨੇਗੇਬ+ ਅਤੇ ਯਰਦਨ ਦਾ ਇਲਾਕਾ,+ ਯਰੀਹੋ ਦੀ ਘਾਟੀ ਜੋ ਖਜੂਰਾਂ ਦੇ ਦਰਖ਼ਤਾਂ ਦਾ ਸ਼ਹਿਰ ਹੈ ਅਤੇ ਸੋਆਰ+ ਤਕ ਦਾ ਇਲਾਕਾ ਦਿਖਾਇਆ।

4 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਇਹੀ ਉਹ ਦੇਸ਼ ਹੈ ਜਿਸ ਬਾਰੇ ਮੈਂ ਅਬਰਾਹਾਮ, ਇਸਹਾਕ ਤੇ ਯਾਕੂਬ ਨੂੰ ਸਹੁੰ ਖਾ ਕੇ ਕਿਹਾ ਸੀ, ‘ਮੈਂ ਇਹ ਦੇਸ਼ ਤੇਰੀ ਸੰਤਾਨ* ਨੂੰ ਦਿਆਂਗਾ।’+ ਮੈਂ ਤੈਨੂੰ ਇਹ ਦੇਸ਼ ਦਿਖਾ ਦਿੱਤਾ ਹੈ, ਪਰ ਤੂੰ ਯਰਦਨ ਦਰਿਆ ਪਾਰ ਉੱਥੇ ਨਹੀਂ ਜਾਵੇਂਗਾ।”+

5 ਇਸ ਤੋਂ ਬਾਅਦ ਮੋਆਬ ਦੇਸ਼ ਵਿਚ ਪਹਾੜ ʼਤੇ ਯਹੋਵਾਹ ਦੇ ਸੇਵਕ ਮੂਸਾ ਦੀ ਮੌਤ ਹੋ ਗਈ, ਠੀਕ ਜਿਵੇਂ ਯਹੋਵਾਹ ਨੇ ਕਿਹਾ ਸੀ।+ 6 ਉਸ ਨੇ ਮੂਸਾ ਦੀ ਲਾਸ਼ ਮੋਆਬ ਦੇਸ਼ ਵਿਚ ਬੈਤ-ਪਓਰ ਦੇ ਸਾਮ੍ਹਣੇ ਵਾਲੀ ਘਾਟੀ ਵਿਚ ਦਫ਼ਨਾ ਦਿੱਤੀ ਅਤੇ ਅੱਜ ਤਕ ਕੋਈ ਨਹੀਂ ਜਾਣਦਾ ਕਿ ਉਸ ਦੀ ਕਬਰ ਕਿੱਥੇ ਹੈ।+ 7 ਮੂਸਾ ਦੀ ਮੌਤ 120 ਸਾਲ ਦੀ ਉਮਰ ਵਿਚ ਹੋਈ।+ ਉਸ ਵੇਲੇ ਨਾ ਤਾਂ ਉਸ ਦੀ ਨਜ਼ਰ ਕਮਜ਼ੋਰ ਹੋਈ ਸੀ ਅਤੇ ਨਾ ਹੀ ਉਸ ਦੀ ਤਾਕਤ ਘਟੀ ਸੀ। 8 ਇਜ਼ਰਾਈਲ ਦੇ ਲੋਕ ਮੋਆਬ ਦੀ ਉਜਾੜ ਵਿਚ ਮੂਸਾ ਲਈ 30 ਦਿਨਾਂ ਤਕ ਰੋਂਦੇ ਰਹੇ।+ ਫਿਰ ਮੂਸਾ ਦੀ ਮੌਤ ʼਤੇ ਰੋਣ ਅਤੇ ਸੋਗ ਮਨਾਉਣ ਦੇ ਦਿਨ ਪੂਰੇ ਹੋ ਗਏ।

9 ਨੂਨ ਦਾ ਪੁੱਤਰ ਯਹੋਸ਼ੁਆ ਬੁੱਧ* ਨਾਲ ਭਰਪੂਰ ਸੀ ਕਿਉਂਕਿ ਮੂਸਾ ਨੇ ਉਸ ʼਤੇ ਹੱਥ ਰੱਖੇ ਸਨ।+ ਫਿਰ ਇਜ਼ਰਾਈਲੀ ਯਹੋਸ਼ੁਆ ਦੀ ਗੱਲ ਮੰਨਣ ਲੱਗ ਪਏ ਅਤੇ ਉਨ੍ਹਾਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।+ 10 ਪਰ ਇਜ਼ਰਾਈਲ ਵਿਚ ਦੁਬਾਰਾ ਕਦੇ ਮੂਸਾ ਵਰਗਾ ਨਬੀ ਖੜ੍ਹਾ ਨਹੀਂ ਹੋਇਆ+ ਜਿਸ ਨਾਲ ਯਹੋਵਾਹ ਦਾ ਨਜ਼ਦੀਕੀ ਰਿਸ਼ਤਾ ਸੀ।*+ 11 ਮੂਸਾ ਨੇ ਮਿਸਰ ਵਿਚ ਕਰਾਮਾਤਾਂ ਤੇ ਚਮਤਕਾਰ ਕਰ ਕੇ ਫ਼ਿਰਊਨ, ਉਸ ਦੇ ਨੌਕਰਾਂ ਅਤੇ ਉਸ ਦੇ ਸਾਰੇ ਦੇਸ਼ ਨੂੰ ਸਜ਼ਾ ਦਿੱਤੀ ਜਿਸ ਕੰਮ ਲਈ ਯਹੋਵਾਹ ਨੇ ਉਸ ਨੂੰ ਉੱਥੇ ਭੇਜਿਆ ਸੀ।+ 12 ਉਸ ਨੇ ਆਪਣੇ ਬਲਵੰਤ ਹੱਥ ਨਾਲ ਸਾਰੇ ਇਜ਼ਰਾਈਲੀਆਂ ਸਾਮ੍ਹਣੇ ਹੈਰਾਨੀਜਨਕ ਤੇ ਸ਼ਕਤੀਸ਼ਾਲੀ ਕੰਮ ਕੀਤੇ ਸਨ।+

ਇਬ, “ਇਜ਼ਰਾਈਲ ਦੇ ਪੁੱਤਰਾਂ।”

ਜ਼ਾਹਰ ਹੈ ਕਿ ਇੱਥੇ ਲਬਾਨੋਨ ਦੇ ਪਹਾੜਾਂ ਦੀ ਗੱਲ ਕੀਤੀ ਗਈ ਹੈ।

ਇਬ, “ਬੀ।”

ਇਬ, “ਸਾਡੇ ਦਿਲ ਪਿਘਲ ਗਏ।”

ਇਬ, “ਪੂਰੀ ਤਰ੍ਹਾਂ।”

ਇਬ, “ਜੋ ਤੇਰੇ ਸਾਮ੍ਹਣੇ ਖੜ੍ਹਦਾ ਹੈ।”

ਜਾਂ ਸੰਭਵ ਹੈ, “ਪਰਮੇਸ਼ੁਰ ਨੇ ਉਸ ਨੂੰ ਤਕੜਾ ਕੀਤਾ ਹੈ।”

ਜਾਂ, “ਉਨ੍ਹਾਂ ਦਾ ਗੁੱਸਾ ਨਾ ਭੜਕਾਇਓ।”

ਮੋਆਬ ਦਾ ਇਕ ਸ਼ਹਿਰ, ਸ਼ਾਇਦ ਇਸ ਦੀ ਰਾਜਧਾਨੀ।

ਯਾਨੀ, ਕ੍ਰੀਟ।

ਜਾਂ, “ਉਨ੍ਹਾਂ ਨੂੰ ਜਣਨ-ਪੀੜਾਂ ਵਾਂਗ ਦਰਦ ਹੋਵੇਗਾ।”

ਇਬ, “ਤੁਹਾਡੇ।”

ਇਬ, “ਤੁਹਾਡੇ।”

ਜਾਂ, “ਪਠਾਰ।”

ਜਾਂ, “ਪੱਥਰ ਦਾ ਤਾਬੂਤ।”

ਜਾਂ ਸੰਭਵ ਹੈ, “ਕਾਲਾ ਮਰਮਰ।”

ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਮਤਲਬ “ਯਾਈਰ ਦੇ ਤੰਬੂਆਂ ਵਾਲੇ ਪਿੰਡ।”

ਯਾਨੀ, ਮ੍ਰਿਤ ਸਾਗਰ।

ਯਾਨੀ, ਰਊਬੇਨ, ਗਾਦ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ।

ਇਬ, “ਦਸ ਸ਼ਬਦ।”

ਇਬ, “ਆਕਾਸ਼ ਹੇਠ ਰਹਿਣ ਵਾਲੇ।”

ਜਾਂ, “ਲੋਹਾ ਪਿਘਲਾਉਣ ਵਾਲੀ ਭੱਠੀ।”

ਜਾਂ, “ਵਿਰਾਸਤ।”

ਜਾਂ, “ਉੱਤੇ ਅਜ਼ਮਾਇਸ਼ਾਂ ਲਿਆਂਦੀਆਂ।”

ਇਬ, “ਪਸਾਰੀ ਹੋਈ ਬਾਂਹ।”

ਇਬ, “ਬੀ।”

“ਨਸੀਹਤ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਵਿਚ ਕਾਨੂੰਨ, ਹੁਕਮ, ਚੇਤਾਵਨੀ ਅਤੇ ਉਹ ਗੱਲਾਂ ਸ਼ਾਮਲ ਹਨ ਜੋ ਪਰਮੇਸ਼ੁਰ ਆਪਣੇ ਲੋਕਾਂ ਨੂੰ ਯਾਦ ਕਰਾਉਂਦਾ ਹੈ ਅਤੇ ਉਨ੍ਹਾਂ ਮੁਤਾਬਕ ਚੱਲਣ ਲਈ ਕਹਿੰਦਾ ਹੈ।

ਯਾਨੀ, ਖਾਰਾ ਸਮੁੰਦਰ ਜਾਂ ਮ੍ਰਿਤ ਸਾਗਰ।

ਜਾਂ, “ਤੁਸੀਂ ਮੇਰੇ ਵਿਰੁੱਧ ਜਾ ਕੇ ਕਿਸੇ ਹੋਰ ਨੂੰ ਆਪਣਾ ਈਸ਼ਵਰ ਨਾ ਬਣਾਇਓ।”

ਜਾਂ, “ਵਿਅਰਥ ਨਾ ਲੈ।”

ਇਬ, “ਦਰਵਾਜ਼ਿਆਂ।”

ਇਬ, “ਪਸਾਰੀ ਹੋਈ ਬਾਂਹ।”

ਜਾਂ, “ਤੇਰਾ ਭਲਾ ਹੋਵੇ।”

ਇਬ, “ਸ਼ਬਦ।”

ਜਾਂ, “ਪੂਰਾ ਜ਼ੋਰ ਲਾ ਕੇ; ਤੇਰੇ ਕੋਲ ਜੋ ਕੁਝ ਹੈ।”

ਜਾਂ, “ਸਾਮ੍ਹਣੇ ਦੁਹਰਾਓ।”

ਇਬ, “ਆਪਣੀਆਂ ਅੱਖਾਂ ਦੇ ਵਿਚਕਾਰ।”

ਬਿਵ 4:​45, ਫੁਟਨੋਟ ਦੇਖੋ।

ਸ਼ਬਦਾਵਲੀ ਦੇਖੋ।

ਜਾਂ, “ਆਪਣੀ ਕੀਮਤੀ ਜਾਇਦਾਦ।”

ਇਬ, “ਤੇਰੀ ਕੁੱਖ ਦੇ ਫਲ ਨੂੰ ਬਰਕਤ ਦੇਵੇਗਾ।”

ਇਬ, “ਨਿਗਲ਼ ਜਾਇਓ।”

ਇਬ, “ਤੁਹਾਡੀਆਂ ਅੱਖਾਂ।”

ਜਾਂ, “ਅਜ਼ਮਾਇਸ਼ਾਂ ਲਿਆਂਦੀਆਂ।”

ਇਬ, “ਪਸਾਰੀ ਹੋਈ ਬਾਂਹ।”

ਜਾਂ ਸੰਭਵ ਹੈ, “ਖ਼ੌਫ਼; ਦਹਿਸ਼ਤ ਫੈਲਾ।”

ਇਬ, “ਚਕਮਾਕ ਪੱਥਰ।”

ਜਾਂ, “ਢਾਲ਼ੀ ਹੋਈ ਮੂਰਤ।”

ਜਾਂ, “ਢਾਲ਼ਿਆ ਹੋਇਆ।”

ਜਾਂ, “ਤੇਰੀ ਵਿਰਾਸਤ।”

ਜਾਂ, “ਤੇਰੀ ਵਿਰਾਸਤ।”

ਇਬ, “ਪਸਾਰੀ ਹੋਈ ਬਾਂਹ।”

ਇਬ, “ਦਸ ਸ਼ਬਦ।”

ਜਾਂ, “ਦੀ ਸੁੰਨਤ।”

ਇਬ, “ਆਪਣੀ ਗਰਦਨ ਨਾ ਅਕੜਾਈ ਰੱਖ।”

ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”

ਇਬ, “ਪਸਾਰੀ ਹੋਈ ਬਾਂਹ।”

ਜਾਂ, “ਨਾਲ।”

ਇਬ, “ਬੀ।”

ਇਬ, “ਮੈਂ।” ਇੱਥੇ ਅਤੇ ਅਗਲੀ ਆਇਤ ਵਿਚ “ਮੈਂ” ਪਰਮੇਸ਼ੁਰ ਲਈ ਵਰਤਿਆ ਗਿਆ ਹੈ।

ਇਬ, “ਆਪਣੀਆਂ ਅੱਖਾਂ ਦੇ ਵਿਚਕਾਰ।”

ਯਾਨੀ, ਵੱਡਾ ਸਾਗਰ; ਭੂਮੱਧ ਸਾਗਰ।

ਜਾਂ, “ਬਰਕਤਾਂ ਦੇਵੀਂ।”

ਜਾਂ, “ਸਰਾਪ ਦੇਵੀਂ।”

ਸ਼ਬਦਾਵਲੀ ਦੇਖੋ।

ਇਬ, “ਦਰਵਾਜ਼ਿਆਂ।”

ਇਬ, “ਦਰਵਾਜ਼ਿਆਂ।”

ਹਿਰਨ ਦੀ ਇਕ ਕਿਸਮ।

ਇਬ, “ਦਰਵਾਜ਼ਿਆਂ।”

ਇਬ, “ਦਰਵਾਜ਼ਿਆਂ।”

ਇਬ, “ਦਰਵਾਜ਼ਿਆਂ।”

ਜਾਂ, “ਦੀ ਆਵਾਜ਼ ਸੁਣੋ।”

ਇਬ, “ਆਪਣੀਆਂ ਅੱਖਾਂ ਦੇ ਵਿਚਕਾਰ ਗੰਜ ਨਾ ਕਰਾਓ।”

ਜਾਂ, “ਕੀਮਤੀ ਜਾਇਦਾਦ।”

ਹਿਰਨ ਦੀ ਇਕ ਕਿਸਮ।

ਖਰਗੋਸ਼ ਵਰਗਾ ਇਕ ਜਾਨਵਰ।

ਜਾਂ, “ਕੀਟ-ਪਤੰਗੇ।”

ਇਬ, “ਦਰਵਾਜ਼ਿਆਂ।”

ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”

ਜਾਂ, “ਚੀਜ਼ਾਂ ਗਹਿਣੇ ਰਖਵਾ ਕੇ ਕਰਜ਼ਾ।”

ਜਾਂ, “ਚੀਜ਼ਾਂ ਗਹਿਣੇ ਰਖਵਾ ਕੇ ਉਧਾਰ।”

ਇਬ, “ਦਰਵਾਜ਼ਿਆਂ।”

ਵਧੇਰੇ ਜਾਣਕਾਰੀ 2.15 ਦੇਖੋ।

ਜਾਂ, “ਖਮੀਰ।”

ਇਬ, “ਦਰਵਾਜ਼ਿਆਂ।”

ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”

ਇਬ, “ਦਰਵਾਜ਼ੇ।”

ਸ਼ਬਦਾਵਲੀ ਦੇਖੋ।

ਜਾਂ, “ਪੱਤਰੀ।”

ਯਾਨੀ, ਉਹ ਜਗ੍ਹਾ ਜੋ ਯਹੋਵਾਹ ਆਪਣੀ ਭਗਤੀ ਲਈ ਚੁਣੇਗਾ।

ਇਬ, “ਨੂੰ ਅੱਗ ਦੇ ਵਿੱਚੋਂ ਦੀ ਨਾ ਲੰਘਾਵੇ।”

ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।

ਇਸ ਦਾ ਮਤਲਬ ਹੈ ਕਿਸੇ ਚੀਜ਼ ਜਾਂ ਘਟਨਾ ʼਤੇ ਵਿਚਾਰ ਕਰਨਾ ਕਿ ਭਵਿੱਖ ਵਿਚ ਚੰਗਾ ਹੋਵੇਗਾ ਜਾਂ ਮਾੜਾ।

ਯਾਨੀ, ਮਰੇ ਹੋਇਆਂ ਨਾਲ ਗੱਲ ਕਰਨ ਦਾ ਦਾਅਵਾ ਕਰਨ ਵਾਲਾ ਇਨਸਾਨ।

ਇਬ, “ਦਿਲ ਵਿਚ ਅੱਗ ਬਲ਼ਦੀ ਹੋਣ ਕਰਕੇ।”

ਇਬ, “ਤੁਹਾਡੀ ਅੱਖ।”

ਇਬ, “ਤੁਹਾਡੀ ਅੱਖ।”

ਜਾਂ, “ਉਸ ਦੇ ਭਰਾਵਾਂ ਦੇ ਦਿਲ ਉਸ ਦੇ ਦਿਲ ਵਾਂਗ ਪਿਘਲ ਜਾਣ।”

ਇਬ, “ਉਹ ਇਕ ਪਤਨੀ ਨੂੰ ਪਿਆਰ ਕਰਦਾ ਹੈ ਤੇ ਦੂਜੀ ਨੂੰ ਨਫ਼ਰਤ।”

ਇਬ, “ਬੀ।”

ਜਾਂ, “ਉਸ ਨੂੰ ਠੁਕਰਾ ਦਿੰਦਾ ਹੈ।”

ਜਾਂ, “ਇਸ ਨੇ ਉਸ ਨੂੰ ਠੁਕਰਾ ਦਿੱਤਾ ਹੈ।”

ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਵੇਸਵਾਗਿਰੀ।”

ਅਜਿਹੇ ਆਦਮੀ ਅਤੇ ਔਰਤਾਂ ਜਿਨ੍ਹਾਂ ਲਈ ਵੇਸਵਾਗਿਰੀ ਝੂਠੀ ਭਗਤੀ ਦਾ ਹਿੱਸਾ ਸੀ।

ਇਬ, “ਕੁੱਤਾ।”

ਜਾਂ, “ਉਸ ਨੂੰ ਠੁਕਰਾ ਦਿੰਦਾ ਹੈ।”

ਜਾਂ, “ਜਾਨ ਗਹਿਣੇ ਰੱਖਦਾ ਹੈ।”

ਇੱਥੇ ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਕੋੜ੍ਹ” ਕੀਤਾ ਗਿਆ ਹੈ, ਉਹ ਕਈ ਤਰ੍ਹਾਂ ਦੇ ਚਮੜੀ ਨੂੰ ਲੱਗਣ ਵਾਲੇ ਛੂਤ ਦੇ ਰੋਗਾਂ ਲਈ ਵਰਤਿਆ ਜਾਂਦਾ ਹੈ। ਇਹ ਕੱਪੜਿਆਂ ਅਤੇ ਘਰਾਂ ਨੂੰ ਲੱਗਣ ਵਾਲੀ ਉੱਲੀ ਲਈ ਵੀ ਵਰਤਿਆ ਜਾਂਦਾ ਹੈ।

ਇਬ, “ਦਰਵਾਜ਼ੇ।”

ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”

ਸ਼ਬਦਾਵਲੀ, “ਦਿਓਰ-ਭਾਬੀ ਵਿਆਹ” ਦੇਖੋ।

ਜਾਂ, “ਘਰਾਣੇ।”

ਇਬ, “ਤੇਰੀ ਅੱਖ।”

ਇਬ, “ਆਪਣੇ ਘਰ ਵਿਚ ਇਕ ਏਫਾ ਅਤੇ ਇਕ ਏਫਾ।” ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਦਾ ਫਲ।”

ਇਬ, “ਪਸਾਰੀ ਹੋਈ ਬਾਂਹ।”

ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”

ਇਬ, “ਦਰਵਾਜ਼ਿਆਂ।”

ਜਾਂ, “ਕੀਮਤੀ ਜਾਇਦਾਦ।”

ਜਾਂ, “ਕਲੀ ਫੇਰਿਓ।”

ਜਾਂ, “ਕਲੀ ਫੇਰਿਓ।”

ਜਾਂ, “ਢਾਲ਼ੀ ਹੋਈ ਮੂਰਤ।”

ਜਾਂ, “ਲੱਕੜ ਅਤੇ ਧਾਤ ਦਾ ਕੰਮ ਕਰਨ ਵਾਲੇ।”

ਜਾਂ, “ਇਸੇ ਤਰ੍ਹਾਂ ਹੋਵੇ!”

ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”

ਇਬ, “ਤੇਰੀ ਕੁੱਖ ਦੇ ਫਲ।”

ਇਬ, “ਤੇਰੀ ਕੁੱਖ ਦੇ ਫਲ।”

ਇਬ, “ਮੈਂ।”

ਜਾਂ, “ਤੁਹਾਡੇ ਮਨ ਨੂੰ ਘਬਰਾਹਟ।”

ਇਬ, “ਤੁਸੀਂ ਇਕ ਕਹਾਵਤ . . . ਬਣ ਜਾਓਗੇ।”

ਇਬ, “ਦਰਵਾਜ਼ਿਆਂ।”

ਇਬ, “ਆਪਣੀ ਕੁੱਖ ਦੇ ਫਲ।”

ਜਾਂ, “ਉੱਤੇ ਅਜ਼ਮਾਇਸ਼ਾਂ ਲਿਆਂਦੀਆਂ।”

ਯਾਨੀ, ਮੂਸਾ ਜਿਸ ਦੇ ਜ਼ਰੀਏ ਯਹੋਵਾਹ ਨੇ ਇਹ ਇਕਰਾਰ ਕੀਤਾ ਸੀ।

ਯਾਨੀ, ਆਉਣ ਵਾਲੀਆਂ ਪੀੜ੍ਹੀਆਂ।

ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।

ਸ਼ਬਦਾਵਲੀ ਦੇਖੋ।

ਜਾਂ, “ਮੈਂ ਢੀਠ ਹੋ ਕੇ ਆਪਣੇ ਦਿਲ ਦੀ ਗੱਲ ਸੁਣਾਂਗਾ।”

ਇਬ, “ਸੁੱਕੇ ਹੋਏ ਦੇ ਨਾਲ-ਨਾਲ ਸਿੰਜੇ ਹੋਏ।”

ਜਾਂ, “ਅਮੂਰਾਹ।”

ਇਬ, “ਨਾ ਹੀ ਉਸ ਨੇ ਇਹ ਦੇਵਤੇ ਉਨ੍ਹਾਂ ਦੇ ਹਿੱਸੇ ਪਾਏ ਸਨ।”

ਇਬ, “ਤੁਸੀਂ ਮਨ ਵਿਚ ਯਾਦ ਕਰੋਗੇ।”

ਇਬ, “ਦੀ ਸੁੰਨਤ।”

ਇਬ, “ਤੁਹਾਡੇ ਤੋਂ ਦੂਰ ਹਨ।”

ਇਬ, “ਅੰਦਰ-ਬਾਹਰ ਨਹੀਂ ਜਾਵਾਂਗਾ।”

ਇਬ, “ਦਰਵਾਜ਼ਿਆਂ।”

ਇਬ, “ਤੂੰ ਆਪਣੇ ਪਿਉ-ਦਾਦਿਆਂ ਨਾਲ ਸੌਂ ਜਾਵੇਂਗਾ।”

ਯਾਨੀ, ਉਨ੍ਹਾਂ ਦੀ ਭਗਤੀ।

ਇਬ, “ਇਸ ਨੂੰ ਉਨ੍ਹਾਂ ਦੇ ਮੂੰਹ ਵਿਚ ਰੱਖੋ।”

ਇਬ, “ਮੋਟੇ ਹੋ ਜਾਣਗੇ।”

ਜ਼ਾਹਰ ਹੈ ਕਿ ਇੱਥੇ ਪਰਮੇਸ਼ੁਰ ਦੀ ਗੱਲ ਕੀਤੀ ਗਈ ਹੈ।

ਇਬ, “ਆਕੜੀਆਂ ਧੌਣਾਂ ਵਾਲੇ ਲੋਕ।”

ਜਾਂ ਸੰਭਵ ਹੈ, “ਮਨੁੱਖਜਾਤੀ।”

ਯਾਨੀ, ਯਾਕੂਬ।

ਇਬ, “ਚਕਮਾਕ ਪੱਥਰ।”

ਇਬ, “ਭੇਡਾਂ ਦੀ ਚਰਬੀ।”

ਇਬ, “ਖ਼ੂਨ।”

ਮਤਲਬ “ਖਰਾ,” ਆਦਰ ਦੇਣ ਲਈ ਇਜ਼ਰਾਈਲ ਨੂੰ ਦਿੱਤਾ ਗਿਆ ਖ਼ਿਤਾਬ।

ਜਾਂ, “ਮੇਰੇ ਵਿਚ ਈਰਖਾ ਪੈਦਾ ਕੀਤੀ।”

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਜਾਂ ਸੰਭਵ ਹੈ, “ਸਲਾਹ ਸੁਣ ਕੇ ਅਣਸੁਣੀ ਕਰਦੇ ਹਨ।”

ਜਾਂ, “ਅਮੂਰਾਹ।”

ਜਾਂ, “ਜਿਹੜੇ ਉਨ੍ਹਾਂ ਦੀਆਂ ਸਭ ਤੋਂ ਵਧੀਆ ਬਲ਼ੀਆਂ ਖਾਂਦੇ ਸਨ।”

ਜਾਂ, “ਦੇਸ਼ ਨੂੰ ਸ਼ੁੱਧ ਕਰ।”

ਯਹੋਸ਼ੁਆ ਦਾ ਅਸਲੀ ਨਾਂ। ਹੋਸ਼ੇਆ ਹੋਸ਼ਾਯਾਹ ਨਾਂ ਦਾ ਛੋਟਾ ਰੂਪ ਹੈ ਜਿਸ ਦਾ ਮਤਲਬ ਹੈ “ਯਾਹ ਦੁਆਰਾ ਬਚਾਇਆ ਗਿਆ; ਯਾਹ ਨੇ ਬਚਾਇਆ।”

ਮੌਤ ਲਈ ਵਰਤਿਆ ਜਾਂਦਾ ਇਕ ਮੁਹਾਵਰਾ।

ਜਾਂ, “ਅਣਗਿਣਤ ਪਵਿੱਤਰ ਸੇਵਕ।”

ਮਤਲਬ “ਖਰਾ,” ਆਦਰ ਦੇਣ ਲਈ ਇਜ਼ਰਾਈਲ ਨੂੰ ਦਿੱਤਾ ਗਿਆ ਖ਼ਿਤਾਬ।

ਜਾਂ, “ਉਹ ਉਸ ਲਈ ਆਪਣੀ ਤਾਕਤ ਨਾਲ ਲੜਿਆ।”

ਇਸ ਆਇਤ ਵਿਚ “ਤੇਰਾ” ਅਤੇ “ਤੇਰੇ” ਪਰਮੇਸ਼ੁਰ ਲਈ ਵਰਤੇ ਗਏ ਹਨ।

ਜਾਂ, “ਦੇ ਚੂਲੇ।”

ਇਬ, “ਦੇ ਮੋਢਿਆਂ ਵਿਚਕਾਰ।”

ਜਾਂ ਸੰਭਵ ਹੈ, “ਪੂਰਬ ਦੇ ਪਹਾੜਾਂ।”

ਜਾਂ, “ਮਾਰੇਗਾ।”

ਜਾਂ, “ਨਾਲ ਧੋਵੇ।”

ਇਬ, “ਤੇਰੇ ਦਿਨਾਂ ਵਾਂਗ ਤੇਰਾ ਬਲ ਹੋਵੇਗਾ।”

ਜਾਂ ਸੰਭਵ ਹੈ, “ਉੱਚੀਆਂ ਥਾਵਾਂ।”

ਯਾਨੀ, ਵੱਡਾ ਸਾਗਰ; ਭੂਮੱਧ ਸਾਗਰ।

ਇਬ, “ਬੀ।”

ਜਾਂ, “ਪਰਮੇਸ਼ੁਰ ਦੀ ਸ਼ਕਤੀ ਨਾਲ ਮਿਲੀ ਬੁੱਧ।”

ਇਬ, “ਜਿਸ ਨੂੰ ਯਹੋਵਾਹ ਆਮ੍ਹੋ-ਸਾਮ੍ਹਣੇ ਜਾਣਦਾ ਸੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ