ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਯਿਰਮਿਯਾਹ 1:1 - 52:34
  • ਯਿਰਮਿਯਾਹ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਿਰਮਿਯਾਹ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਯਿਰਮਿਯਾਹ

ਯਿਰਮਿਯਾਹ

1 ਇਹ ਯਿਰਮਿਯਾਹ* ਦਾ ਸੰਦੇਸ਼ ਹੈ। ਉਸ ਦਾ ਪਿਤਾ ਹਿਲਕੀਯਾਹ ਬਿਨਯਾਮੀਨ ਦੇ ਇਲਾਕੇ ਵਿਚ ਅਨਾਥੋਥ+ ਸ਼ਹਿਰ ਦੇ ਪੁਜਾਰੀਆਂ ਵਿੱਚੋਂ ਸੀ। 2 ਉਸ ਨੂੰ ਯਹੋਵਾਹ ਦਾ ਇਹ ਸੰਦੇਸ਼ ਯਹੂਦਾਹ ਦੇ ਰਾਜੇ ਯੋਸੀਯਾਹ+ ਦੇ ਰਾਜ ਦੇ 13ਵੇਂ ਸਾਲ ਵਿਚ ਮਿਲਿਆ। ਯੋਸੀਯਾਹ ਆਮੋਨ+ ਦਾ ਪੁੱਤਰ ਸੀ। 3 ਯਿਰਮਿਯਾਹ ਨੂੰ ਯੋਸੀਯਾਹ ਦੇ ਪੁੱਤਰ, ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਰਾਜ ਦੌਰਾਨ+ ਵੀ ਸੰਦੇਸ਼ ਮਿਲਿਆ। ਉਸ ਨੂੰ ਇਹ ਸੰਦੇਸ਼ ਯੋਸੀਯਾਹ ਦੇ ਪੁੱਤਰ, ਯਹੂਦਾਹ ਦੇ ਰਾਜੇ ਸਿਦਕੀਯਾਹ+ ਦੇ ਰਾਜ ਦੇ 11ਵੇਂ ਸਾਲ ਤਕ ਮਿਲਦਾ ਰਿਹਾ ਜਦੋਂ ਪੰਜਵੇਂ ਮਹੀਨੇ ਵਿਚ ਯਰੂਸ਼ਲਮ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਲਿਜਾਇਆ ਗਿਆ।+

4 ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:

 5 “ਮੈਂ ਤੈਨੂੰ ਕੁੱਖ ਵਿਚ ਰਚਣ ਤੋਂ ਪਹਿਲਾਂ ਹੀ ਜਾਣਦਾ* ਸੀ,+

ਤੇਰੇ ਪੈਦਾ ਹੋਣ ਤੋਂ ਪਹਿਲਾਂ ਹੀ* ਮੈਂ ਤੈਨੂੰ ਪਵਿੱਤਰ ਕੰਮ ਲਈ ਚੁਣਿਆ।*+

ਹਾਂ, ਮੈਂ ਤੈਨੂੰ ਕੌਮਾਂ ਲਈ ਇਕ ਨਬੀ ਬਣਾਇਆ।”

 6 ਪਰ ਮੈਂ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ,

ਮੈਨੂੰ ਤਾਂ ਗੱਲ ਵੀ ਨਹੀਂ ਕਰਨੀ ਆਉਂਦੀ+ ਕਿਉਂਕਿ ਮੈਂ ਤਾਂ ਅਜੇ ਮੁੰਡਾ ਹੀ ਹਾਂ।”+

 7 ਫਿਰ ਯਹੋਵਾਹ ਨੇ ਮੈਨੂੰ ਕਿਹਾ:

“ਤੂੰ ਇਹ ਨਾ ਕਹਿ, ‘ਮੈਂ ਤਾਂ ਅਜੇ ਮੁੰਡਾ ਹੀ ਹਾਂ।’

ਤੈਨੂੰ ਉਨ੍ਹਾਂ ਸਾਰਿਆਂ ਕੋਲ ਜਾਣਾ ਹੀ ਪਵੇਗਾ ਜਿਨ੍ਹਾਂ ਕੋਲ ਮੈਂ ਤੈਨੂੰ ਘੱਲਾਂਗਾ

ਅਤੇ ਤੂੰ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਂ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿਆਂਗਾ।+

 8 ਤੂੰ ਉਨ੍ਹਾਂ ਵੱਲ ਦੇਖ ਕੇ ਡਰੀਂ ਨਾ+

ਕਿਉਂਕਿ ਮੈਂ, ਯਹੋਵਾਹ, ਕਹਿੰਦਾ ਹਾਂ, ‘ਮੈਂ ਤੈਨੂੰ ਬਚਾਉਣ ਲਈ ਤੇਰੇ ਨਾਲ ਹਾਂ।’”+

9 ਫਿਰ ਯਹੋਵਾਹ ਨੇ ਆਪਣਾ ਹੱਥ ਵਧਾ ਕੇ ਮੇਰੇ ਮੂੰਹ ਨੂੰ ਛੋਹਿਆ+ ਅਤੇ ਯਹੋਵਾਹ ਨੇ ਮੈਨੂੰ ਕਿਹਾ: “ਮੈਂ ਆਪਣੀਆਂ ਗੱਲਾਂ ਤੇਰੇ ਮੂੰਹ ਵਿਚ ਪਾ ਦਿੱਤੀਆਂ ਹਨ।+ 10 ਦੇਖ, ਮੈਂ ਅੱਜ ਤੈਨੂੰ ਕੌਮਾਂ ਅਤੇ ਰਾਜਾਂ ʼਤੇ ਅਧਿਕਾਰ ਦਿੱਤਾ ਹੈ ਕਿ ਤੂੰ ਜੜ੍ਹੋਂ ਪੁੱਟੇਂ ਤੇ ਢਾਹ ਦੇਵੇਂ, ਨਾਸ਼ ਕਰੇਂ ਤੇ ਤਬਾਹ ਕਰੇਂ, ਬਣਾਵੇਂ ਤੇ ਲਾਵੇਂ।”+

11 ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ ਅਤੇ ਉਸ ਨੇ ਮੈਨੂੰ ਪੁੱਛਿਆ: “ਯਿਰਮਿਯਾਹ, ਤੂੰ ਕੀ ਦੇਖਦਾ ਹੈਂ?” ਮੈਂ ਜਵਾਬ ਦਿੱਤਾ: “ਬਦਾਮ ਦੇ ਦਰਖ਼ਤ* ਦੀ ਇਕ ਟਾਹਣੀ।”

12 ਯਹੋਵਾਹ ਨੇ ਮੈਨੂੰ ਕਿਹਾ: “ਤੂੰ ਬਿਲਕੁਲ ਸਹੀ ਦੇਖਿਆ। ਮੈਂ ਆਪਣੇ ਬਚਨ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਜਾਗਿਆ ਹੋਇਆ ਹਾਂ।”

13 ਫਿਰ ਯਹੋਵਾਹ ਨੇ ਮੈਨੂੰ ਦੂਸਰੀ ਵਾਰ ਪੁੱਛਿਆ: “ਤੂੰ ਕੀ ਦੇਖਦਾ ਹੈਂ?” ਮੈਂ ਜਵਾਬ ਦਿੱਤਾ: “ਇਕ ਪਤੀਲਾ* ਜਿਸ ਵਿਚ ਕੁਝ ਉਬਲ ਰਿਹਾ ਹੈ ਅਤੇ ਜਿਸ ਦਾ ਮੂੰਹ ਉੱਤਰ ਤੋਂ ਦੱਖਣ ਵੱਲ ਨੂੰ ਝੁਕਿਆ ਹੋਇਆ ਹੈ।” 14 ਫਿਰ ਯਹੋਵਾਹ ਨੇ ਮੈਨੂੰ ਕਿਹਾ:

“ਉੱਤਰ ਵੱਲੋਂ ਇਸ ਦੇਸ਼ ਦੇ ਸਾਰੇ ਵਾਸੀਆਂ ʼਤੇ ਬਿਪਤਾ ਆ ਪਵੇਗੀ।+

15 ‘ਮੈਂ ਉੱਤਰ ਦੇ ਰਾਜਾਂ ਦੇ ਸਾਰੇ ਘਰਾਣਿਆਂ ਨੂੰ ਬੁਲਾਵਾਂਗਾ,’ ਯਹੋਵਾਹ ਕਹਿੰਦਾ ਹੈ,+

‘ਉਹ ਆਉਣਗੇ ਅਤੇ ਸਾਰੇ ਜਣੇ ਯਰੂਸ਼ਲਮ ਦੇ ਦਰਵਾਜ਼ਿਆਂ ਕੋਲ

ਅਤੇ ਉਸ ਦੀਆਂ ਕੰਧਾਂ ਦੇ ਆਲੇ-ਦੁਆਲੇ ਆਪਣੇ ਸਿੰਘਾਸਣ ਕਾਇਮ ਕਰਨਗੇ+

ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ʼਤੇ ਹਮਲਾ ਕਰਨਗੇ।+

16 ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਸਾਰੇ ਬੁਰੇ ਕੰਮਾਂ ਦੀ ਸਜ਼ਾ ਸੁਣਾਵਾਂਗਾ

ਕਿਉਂਕਿ ਉਨ੍ਹਾਂ ਨੇ ਮੈਨੂੰ ਤਿਆਗ ਦਿੱਤਾ ਹੈ,+

ਉਹ ਹੋਰ ਦੇਵੀ-ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਉਂਦੇ ਹਨ*+

ਅਤੇ ਆਪਣੇ ਹੱਥਾਂ ਦੇ ਕੰਮਾਂ ਅੱਗੇ ਮੱਥਾ ਟੇਕਦੇ ਹਨ।’+

17 ਪਰ ਹੁਣ ਤੂੰ ਤਿਆਰ ਹੋ ਜਾਹ,*

ਉੱਠ ਅਤੇ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੰਦਾ ਹਾਂ।

ਤੂੰ ਉਨ੍ਹਾਂ ਤੋਂ ਡਰੀਂ ਨਾ,+

ਨਹੀਂ ਤਾਂ ਮੈਂ ਤੈਨੂੰ ਉਨ੍ਹਾਂ ਸਾਮ੍ਹਣੇ ਹੋਰ ਵੀ ਡਰਾਵਾਂਗਾ।

18 ਮੈਂ ਅੱਜ ਯਹੂਦਾਹ ਦੇ ਰਾਜਿਆਂ ਅਤੇ ਹਾਕਮਾਂ ਦੇ ਵਿਰੁੱਧ,

ਉਸ ਦੇ ਪੁਜਾਰੀਆਂ ਅਤੇ ਦੇਸ਼ ਦੇ ਲੋਕਾਂ ਦੇ ਵਿਰੁੱਧ+

ਤੈਨੂੰ ਇਕ ਕਿਲਾਬੰਦ ਸ਼ਹਿਰ ਬਣਾ ਦਿੱਤਾ ਹੈ,

ਨਾਲੇ ਲੋਹੇ ਦਾ ਇਕ ਥੰਮ੍ਹ ਅਤੇ ਤਾਂਬੇ ਦੀਆਂ ਕੰਧਾਂ ਬਣਾ ਦਿੱਤਾ ਹੈ।+

19 ਉਹ ਜ਼ਰੂਰ ਤੇਰੇ ਨਾਲ ਲੜਨਗੇ,

ਪਰ ਤੈਨੂੰ ਜਿੱਤ* ਨਹੀਂ ਸਕਣਗੇ

ਕਿਉਂਕਿ ‘ਮੈਂ ਤੈਨੂੰ ਬਚਾਉਣ ਲਈ ਤੇਰੇ ਨਾਲ ਹਾਂ,’+ ਯਹੋਵਾਹ ਕਹਿੰਦਾ ਹੈ।”

2 ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 2 “ਜਾਹ ਅਤੇ ਯਰੂਸ਼ਲਮ ਨੂੰ ਦੱਸ, ‘ਯਹੋਵਾਹ ਕਹਿੰਦਾ ਹੈ:

“ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਤੂੰ ਜਵਾਨੀ ਵਿਚ ਮੇਰੇ ਨਾਲ ਕਿੰਨਾ ਮੋਹ* ਰੱਖਦੀ ਸੀ,+

ਜਦੋਂ ਮੇਰੇ ਨਾਲ ਤੇਰੀ ਮੰਗਣੀ ਹੋਈ ਸੀ, ਤਾਂ ਤੂੰ ਮੈਨੂੰ ਕਿੰਨਾ ਪਿਆਰ ਕਰਦੀ ਸੀ,+

ਤੂੰ ਕਿਵੇਂ ਉਜਾੜ ਵਿਚ ਮੇਰੇ ਪਿੱਛੇ-ਪਿੱਛੇ ਚੱਲਦੀ ਰਹੀ

ਜਿੱਥੇ ਜ਼ਮੀਨ ਵਿਚ ਬੀ ਨਹੀਂ ਬੀਜਿਆ ਗਿਆ ਸੀ।+

 3 ਇਜ਼ਰਾਈਲ ਯਹੋਵਾਹ ਲਈ ਪਵਿੱਤਰ ਸੀ,+ ਉਹ ਉਸ ਦੀ ਪੈਦਾਵਾਰ ਦਾ ਪਹਿਲਾ ਫਲ ਸੀ।”’

ਯਹੋਵਾਹ ਕਹਿੰਦਾ ਹੈ, ‘ਜਿਹੜਾ ਵੀ ਉਸ ਨੂੰ ਨੁਕਸਾਨ ਪਹੁੰਚਾਉਂਦਾ ਸੀ, ਉਹ ਦੋਸ਼ੀ ਹੁੰਦਾ ਸੀ।

ਉਸ ਉੱਤੇ ਬਿਪਤਾ ਆਉਂਦੀ ਸੀ।’”+

 4 ਹੇ ਯਾਕੂਬ ਦੇ ਘਰਾਣੇ, ਯਹੋਵਾਹ ਦਾ ਸੰਦੇਸ਼ ਸੁਣ,

ਨਾਲੇ ਇਜ਼ਰਾਈਲ ਦੇ ਘਰਾਣੇ ਦੇ ਸਾਰੇ ਪਰਿਵਾਰ ਵੀ ਸੁਣਨ।

 5 ਯਹੋਵਾਹ ਕਹਿੰਦਾ ਹੈ:

“ਤੁਹਾਡੇ ਪਿਉ-ਦਾਦਿਆਂ ਨੇ ਮੇਰੇ ਵਿਚ ਕਿਹੜਾ ਖੋਟ ਦੇਖਿਆ+

ਜਿਸ ਕਰਕੇ ਉਹ ਮੇਰੇ ਤੋਂ ਇੰਨੀ ਦੂਰ ਚਲੇ ਗਏ

ਅਤੇ ਉਹ ਨਿਕੰਮੀਆਂ ਮੂਰਤਾਂ ਦੇ ਪਿੱਛੇ ਚੱਲ ਕੇ+ ਆਪ ਵੀ ਨਿਕੰਮੇ ਬਣ ਗਏ?+

 6 ਉਨ੍ਹਾਂ ਨੇ ਇਹ ਨਹੀਂ ਕਿਹਾ, ‘ਆਓ ਆਪਾਂ ਯਹੋਵਾਹ ਦੀ ਭਾਲ ਕਰੀਏ*

ਜਿਹੜਾ ਸਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ,+

ਜਿਸ ਨੇ ਉਜਾੜ ਵਿਚ ਸਾਡੀ ਅਗਵਾਈ ਕੀਤੀ ਸੀ

ਜਿੱਥੇ ਰੇਗਿਸਤਾਨ+ ਅਤੇ ਡੂੰਘੇ ਟੋਏ ਹਨ

ਜਿੱਥੇ ਸੋਕਾ+ ਅਤੇ ਘੁੱਪ ਹਨੇਰਾ ਹੈ

ਜਿੱਥੇ ਕੋਈ ਨਹੀਂ ਜਾਂਦਾ ਅਤੇ ਨਾ ਹੀ ਕੋਈ ਵੱਸਦਾ ਹੈ।’

 7 ਫਿਰ ਮੈਂ ਤੁਹਾਨੂੰ ਇਸ ਉਪਜਾਊ ਦੇਸ਼* ਵਿਚ ਲਿਆਇਆ

ਤਾਂਕਿ ਤੁਸੀਂ ਇਸ ਦੀ ਪੈਦਾਵਾਰ ਅਤੇ ਵਧੀਆ-ਵਧੀਆ ਚੀਜ਼ਾਂ ਖਾਓ।+

ਪਰ ਤੁਸੀਂ ਮੇਰੇ ਦੇਸ਼ ਆ ਕੇ ਇਸ ਨੂੰ ਭ੍ਰਿਸ਼ਟ ਕਰ ਦਿੱਤਾ;

ਤੁਸੀਂ ਮੇਰੀ ਵਿਰਾਸਤ ਨੂੰ ਘਿਣਾਉਣਾ ਬਣਾ ਦਿੱਤਾ।+

 8 ਪੁਜਾਰੀਆਂ ਨੇ ਇਹ ਨਹੀਂ ਕਿਹਾ, ‘ਆਓ ਆਪਾਂ ਯਹੋਵਾਹ ਦੀ ਭਾਲ ਕਰੀਏ।’*+

ਕਾਨੂੰਨ ਦੀ ਸਿੱਖਿਆ ਦੇਣ ਵਾਲੇ ਮੈਨੂੰ ਨਹੀਂ ਜਾਣਦੇ ਸਨ,

ਚਰਵਾਹਿਆਂ ਨੇ ਮੇਰੇ ਵਿਰੁੱਧ ਬਗਾਵਤ ਕੀਤੀ,+

ਨਬੀਆਂ ਨੇ ਬਆਲ ਦੇ ਨਾਂ ʼਤੇ ਭਵਿੱਖਬਾਣੀਆਂ ਕੀਤੀਆਂ+

ਅਤੇ ਉਹ ਉਨ੍ਹਾਂ ਦੇਵਤਿਆਂ ਦੇ ਪਿੱਛੇ ਲੱਗੇ ਜਿਹੜੇ ਉਨ੍ਹਾਂ ਲਈ ਕੁਝ ਨਹੀਂ ਕਰ ਸਕਦੇ ਸਨ।

 9 ‘ਇਸ ਲਈ ਮੈਂ ਤੁਹਾਡੇ ਉੱਤੇ ਹੋਰ ਵੀ ਦੋਸ਼ ਲਾਵਾਂਗਾ,’+ ਯਹੋਵਾਹ ਕਹਿੰਦਾ ਹੈ,

‘ਅਤੇ ਮੈਂ ਤੁਹਾਡੇ ਪੋਤਿਆਂ ਉੱਤੇ ਦੋਸ਼ ਲਾਵਾਂਗਾ।’

10 ‘ਪਰ ਕਿੱਤੀਮ+ ਦੇ ਟਾਪੂਆਂ ʼਤੇ ਜਾਓ ਅਤੇ ਦੇਖੋ।

ਹਾਂ, ਕਿਸੇ ਨੂੰ ਕੇਦਾਰ+ ਵਿਚ ਘੱਲੋ ਅਤੇ ਧਿਆਨ ਨਾਲ ਸੋਚ-ਵਿਚਾਰ ਕਰੋ;

ਦੇਖੋ ਕਿ ਪਹਿਲਾਂ ਕਦੇ ਇਸ ਤਰ੍ਹਾਂ ਹੋਇਆ ਹੈ ਜਾਂ ਨਹੀਂ।

11 ਕੀ ਕਿਸੇ ਕੌਮ ਨੇ ਆਪਣੇ ਈਸ਼ਵਰ ਛੱਡ ਕੇ ਉਨ੍ਹਾਂ ਈਸ਼ਵਰਾਂ ਦੀ ਭਗਤੀ ਕੀਤੀ ਜਿਹੜੇ ਹੈ ਹੀ ਨਹੀਂ?

ਪਰ ਮੇਰੇ ਲੋਕਾਂ ਨੇ ਮੈਨੂੰ, ਹਾਂ, ਆਪਣੇ ਮਹਿਮਾਵਾਨ ਪਰਮੇਸ਼ੁਰ ਨੂੰ ਛੱਡ ਕੇ ਨਿਕੰਮੀਆਂ ਚੀਜ਼ਾਂ ਦੀ ਭਗਤੀ ਕੀਤੀ।+

12 ਹੇ ਆਕਾਸ਼, ਇਸ ਗੱਲੋਂ ਹੈਰਾਨ ਹੋ

ਅਤੇ ਖ਼ੌਫ਼ ਨਾਲ ਥਰ-ਥਰ ਕੰਬ,’ ਯਹੋਵਾਹ ਕਹਿੰਦਾ ਹੈ,

13 ‘ਕਿਉਂਕਿ ਮੇਰੇ ਲੋਕਾਂ ਨੇ ਦੋ ਬੁਰੇ ਕੰਮ ਕੀਤੇ:

ਉਨ੍ਹਾਂ ਨੇ ਮੈਨੂੰ, ਹਾਂ, ਅੰਮ੍ਰਿਤ ਜਲ* ਦੇ ਚਸ਼ਮੇ ਨੂੰ ਤਿਆਗ ਦਿੱਤਾ+

ਅਤੇ ਆਪਣੇ ਲਈ ਚੁਬੱਚੇ ਬਣਾਏ,*

ਟੁੱਟੇ ਹੋਏ ਚੁਬੱਚੇ ਜਿਨ੍ਹਾਂ ਵਿਚ ਪਾਣੀ ਨਹੀਂ ਠਹਿਰ ਸਕਦਾ।’

14 ‘ਕੀ ਇਜ਼ਰਾਈਲ ਨੌਕਰ ਹੈ ਜਾਂ ਕਿਸੇ ਘਰਾਣੇ ਵਿਚ ਪੈਦਾ ਹੋਇਆ ਗ਼ੁਲਾਮ ਹੈ?

ਤਾਂ ਫਿਰ, ਉਸ ਨੂੰ ਬੰਦੀ ਕਿਉਂ ਬਣਾਇਆ ਗਿਆ ਹੈ?

15 ਜਵਾਨ ਸ਼ੇਰ ਉਸ ਉੱਤੇ ਗਰਜਦੇ ਹਨ;+

ਉਹ ਉੱਚੀ-ਉੱਚੀ ਦਹਾੜਦੇ ਹਨ।

ਉਨ੍ਹਾਂ ਨੇ ਉਸ ਦੇ ਦੇਸ਼ ਦਾ ਜੋ ਹਸ਼ਰ ਕੀਤਾ ਹੈ, ਉਸ ਨੂੰ ਦੇਖ ਕੇ ਲੋਕ ਡਰਦੇ ਹਨ।

ਉਸ ਦੇ ਸ਼ਹਿਰ ਅੱਗ ਨਾਲ ਸਾੜ ਦਿੱਤੇ, ਇਸ ਕਰਕੇ ਉੱਥੇ ਕੋਈ ਨਹੀਂ ਰਹਿੰਦਾ।

16 ਨੋਫ*+ ਅਤੇ ਤਪਨਹੇਸ+ ਦੇ ਲੋਕ ਤੇਰੇ ਸਿਰ ਨੂੰ ਚੱਕ ਮਾਰਦੇ ਹਨ।

17 ਕੀ ਤੂੰ ਖ਼ੁਦ ਆਪਣਾ ਇਹ ਹਾਲ ਨਹੀਂ ਕੀਤਾ?

ਤੂੰ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਤਿਆਗ ਦਿੱਤਾ+

ਜਦੋਂ ਉਹ ਰਾਹ ਵਿਚ ਤੇਰੀ ਅਗਵਾਈ ਕਰ ਰਿਹਾ ਸੀ।

18 ਹੁਣ ਤੂੰ ਮਿਸਰ ਦੇ ਰਾਹ ਕਿਉਂ ਜਾਣਾ ਚਾਹੁੰਦਾ ਹੈਂ?+

ਸ਼ਿਹੋਰ* ਦਾ ਪਾਣੀ ਪੀਣ ਲਈ?

ਤੂੰ ਅੱਸ਼ੂਰ ਦੇ ਰਾਹ ਕਿਉਂ ਜਾਣਾ ਚਾਹੁੰਦਾ ਹੈਂ?+

ਫ਼ਰਾਤ ਦਰਿਆ ਦਾ ਪਾਣੀ ਪੀਣ ਲਈ?

19 ਤੈਨੂੰ ਆਪਣੇ ਬੁਰੇ ਕੰਮਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ,

ਤੈਨੂੰ ਆਪਣੀ ਬੇਵਫ਼ਾਈ ਦੀ ਸਜ਼ਾ ਮਿਲਣੀ ਚਾਹੀਦੀ ਹੈ,

ਤੂੰ ਜਾਣ ਅਤੇ ਸਮਝ ਲੈ ਕਿ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਤਿਆਗਣਾ

ਕਿੰਨਾ ਬੁਰਾ ਅਤੇ ਦੁਖਦਾਈ ਹੁੰਦਾ ਹੈ;+

ਤੂੰ ਮੇਰਾ ਜ਼ਰਾ ਵੀ ਡਰ ਨਹੀਂ ਮੰਨਿਆ,’+ ਸਾਰੇ ਜਹਾਨ ਦਾ ਮਾਲਕ, ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।

20 ‘ਮੈਂ ਬਹੁਤ ਪਹਿਲਾਂ ਤੇਰਾ ਜੂਲਾ ਭੰਨ ਸੁੱਟਿਆ ਸੀ+

ਅਤੇ ਤੇਰੀਆਂ ਬੇੜੀਆਂ ਤੋੜ ਦਿੱਤੀਆਂ ਸਨ।

ਪਰ ਤੂੰ ਕਿਹਾ: “ਮੈਂ ਤੇਰੀ ਭਗਤੀ ਨਹੀਂ ਕਰਨੀ,”

ਹਰ ਉੱਚੀ ਪਹਾੜੀ ਅਤੇ ਸੰਘਣੇ ਦਰਖ਼ਤ ਥੱਲੇ+

ਤੂੰ ਲੱਤਾਂ-ਬਾਹਾਂ ਪਸਾਰ ਕੇ ਲੰਮੀ ਪੈਂਦੀ ਸੀ ਅਤੇ ਵੇਸਵਾਗਿਰੀ ਕਰਦੀ ਸੀ।+

21 ਜਦ ਮੈਂ ਤੈਨੂੰ ਲਾਇਆ ਸੀ, ਤਾਂ ਤੂੰ ਕਾਲ਼ੇ ਅੰਗੂਰਾਂ ਦੀ ਇਕ ਵਧੀਆ ਵੇਲ ਸੀ,+ ਇਸ ਦਾ ਬੀ ਅਸਲੀ ਸੀ;

ਤਾਂ ਫਿਰ, ਤੇਰੀਆਂ ਟਾਹਣੀਆਂ ਕਿਵੇਂ ਗਲ਼-ਸੜ ਗਈਆਂ ਅਤੇ ਤੂੰ ਮੇਰੀਆਂ ਨਜ਼ਰਾਂ ਵਿਚ ਇਕ ਜੰਗਲੀ ਵੇਲ ਕਿਵੇਂ ਬਣ ਗਈ?’+

22 ‘ਭਾਵੇਂ ਤੂੰ ਸੋਡੇ ਅਤੇ ਸਾਬਣ ਨਾਲ ਆਪਣੇ ਆਪ ਨੂੰ ਕਿੰਨਾ ਹੀ ਕਿਉਂ ਨਾ ਧੋਵੇਂ,

ਫਿਰ ਵੀ ਮੇਰੀਆਂ ਨਜ਼ਰਾਂ ਵਿਚ ਤੇਰੇ ਪਾਪ ਦਾ ਦਾਗ਼ ਨਹੀਂ ਮਿਟੇਗਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।

23 ਤੂੰ ਕਿਵੇਂ ਕਹਿ ਸਕਦੀ ਹੈਂ, ‘ਮੈਂ ਆਪਣੇ ਆਪ ਨੂੰ ਭ੍ਰਿਸ਼ਟ ਨਹੀਂ ਕੀਤਾ।

ਮੈਂ ਬਆਲਾਂ ਦੇ ਪਿੱਛੇ ਨਹੀਂ ਗਈ’?

ਤੂੰ ਘਾਟੀ ਵਿਚ ਕੀਤੇ ਆਪਣੇ ਕੰਮਾਂ ਨੂੰ ਯਾਦ ਕਰ।

ਗੌਰ ਕਰ ਕਿ ਤੂੰ ਕੀ-ਕੀ ਕੀਤਾ ਹੈ।

ਤੂੰ ਇਕ ਜਵਾਨ ਤੇ ਫੁਰਤੀਲੀ ਊਠਣੀ ਹੈਂ ਜੋ ਆਵਾਰਾ ਇੱਧਰ-ਉੱਧਰ ਘੁੰਮਦੀ ਹੈ,

24 ਤੂੰ ਇਕ ਜੰਗਲੀ ਗਧੀ ਹੈਂ ਜੋ ਉਜਾੜ ਵਿਚ ਰਹਿਣ ਦੀ ਆਦੀ ਹੈ,

ਜੋ ਆਪਣੀ ਕਾਮ-ਵਾਸ਼ਨਾ ਵਿਚ ਹਵਾ ਨੂੰ ਸੁੰਘਦੀ ਹੈ।

ਜਦੋਂ ਉਹ ਮੇਲ ਕਰਨਾ ਚਾਹੁੰਦੀ ਹੈ, ਤਾਂ ਕੌਣ ਉਸ ਨੂੰ ਰੋਕ ਸਕਦਾ ਹੈ?

ਉਸ ਨੂੰ ਲੱਭਣ ਲਈ ਜੰਗਲੀ ਗਧੇ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਵੇਗੀ।

ਮੇਲ ਕਰਨ ਦੇ ਮੌਸਮ* ਵਿਚ ਉਹ ਉਸ ਨੂੰ ਲੱਭ ਲਵੇਗਾ।

25 ਇਸ ਤੋਂ ਪਹਿਲਾਂ ਕਿ ਤੇਰੇ ਪੈਰ ਨੰਗੇ ਹੋ ਜਾਣ

ਅਤੇ ਤੇਰਾ ਗਲ਼ਾ ਸੁੱਕ ਜਾਵੇ, ਤੂੰ ਰੁਕ ਜਾ।

ਪਰ ਤੂੰ ਕਿਹਾ, ‘ਇੱਦਾਂ ਨਹੀਂ ਹੋ ਸਕਦਾ!+

ਮੈਨੂੰ ਅਜਨਬੀਆਂ* ਨਾਲ ਪਿਆਰ ਹੋ ਗਿਆ ਹੈ+

ਅਤੇ ਮੈਂ ਉਨ੍ਹਾਂ ਦੇ ਪਿੱਛੇ ਜਾਵਾਂਗੀ।’+

26 ਜਿਵੇਂ ਚੋਰ ਫੜੇ ਜਾਣ ਤੇ ਸ਼ਰਮਿੰਦਾ ਹੁੰਦਾ ਹੈ,

ਉਸੇ ਤਰ੍ਹਾਂ ਇਜ਼ਰਾਈਲ ਦੇ ਘਰਾਣੇ ਨੂੰ ਸ਼ਰਮਿੰਦਾ ਕੀਤਾ ਗਿਆ ਹੈ,

ਉਨ੍ਹਾਂ ਨੂੰ, ਉਨ੍ਹਾਂ ਦੇ ਰਾਜਿਆਂ, ਉਨ੍ਹਾਂ ਦੇ ਹਾਕਮਾਂ,

ਉਨ੍ਹਾਂ ਦੇ ਪੁਜਾਰੀਆਂ ਅਤੇ ਉਨ੍ਹਾਂ ਦੇ ਨਬੀਆਂ ਨੂੰ ਸ਼ਰਮਿੰਦਾ ਕੀਤਾ ਗਿਆ ਹੈ।+

27 ਉਹ ਦਰਖ਼ਤ ਨੂੰ ਕਹਿੰਦੇ ਹਨ, ‘ਤੂੰ ਮੇਰਾ ਪਿਤਾ ਹੈਂ’+

ਅਤੇ ਪੱਥਰ ਨੂੰ ਕਹਿੰਦੇ ਹਨ, ‘ਤੂੰ ਸਾਨੂੰ ਜਨਮ ਦਿੱਤਾ ਹੈ।’

ਪਰ ਉਹ ਮੇਰੇ ਵੱਲ ਆਪਣਾ ਮੂੰਹ ਕਰਨ ਦੀ ਬਜਾਇ ਪਿੱਠ ਕਰਦੇ ਹਨ।+

ਉਹ ਬਿਪਤਾ ਦੇ ਵੇਲੇ ਕਹਿਣਗੇ, ‘ਉੱਠ ਅਤੇ ਸਾਨੂੰ ਬਚਾ!’+

28 ਕਿੱਥੇ ਹਨ ਤੇਰੇ ਦੇਵਤੇ ਜਿਹੜੇ ਤੂੰ ਆਪਣੇ ਲਈ ਬਣਾਏ ਸਨ?+

ਜੇ ਉਹ ਬਿਪਤਾ ਦੇ ਵੇਲੇ ਤੈਨੂੰ ਬਚਾ ਸਕਦੇ ਹਨ, ਤਾਂ ਉਹ ਬਚਾਉਣ ਲਈ ਉੱਠਣ,

ਹੇ ਯਹੂਦਾਹ, ਜਿੰਨੇ ਤੇਰੇ ਸ਼ਹਿਰ ਉੱਨੇ ਤੇਰੇ ਦੇਵਤੇ।+

29 ‘ਤੁਸੀਂ ਮੇਰੇ ʼਤੇ ਦੋਸ਼ ਕਿਉਂ ਲਾਈ ਜਾਂਦੇ ਹੋ?

ਤੁਸੀਂ ਸਾਰਿਆਂ ਨੇ ਮੇਰੇ ਵਿਰੁੱਧ ਬਗਾਵਤ ਕਿਉਂ ਕੀਤੀ ਹੈ?’+ ਯਹੋਵਾਹ ਕਹਿੰਦਾ ਹੈ।

30 ਮੈਂ ਬੇਕਾਰ ਹੀ ਤੁਹਾਡੇ ਪੁੱਤਰਾਂ ਨੂੰ ਸਜ਼ਾ ਦਿੱਤੀ।+

ਉਨ੍ਹਾਂ ਨੇ ਅਨੁਸ਼ਾਸਨ ਕਬੂਲ ਨਹੀਂ ਕੀਤਾ;+

ਤੁਹਾਡੀ ਆਪਣੀ ਤਲਵਾਰ ਤੁਹਾਡੇ ਨਬੀਆਂ ਨੂੰ

ਇਕ ਖੂੰਖਾਰ ਸ਼ੇਰ ਵਾਂਗ ਨਿਗਲ਼ ਗਈ।+

31 ਹੇ ਪੀੜ੍ਹੀ, ਯਹੋਵਾਹ ਦੇ ਸੰਦੇਸ਼ ਵੱਲ ਧਿਆਨ ਦੇ।

ਕੀ ਮੈਂ ਇਜ਼ਰਾਈਲ ਲਈ ਉਜਾੜ ਵਰਗਾ

ਜਾਂ ਖ਼ੌਫ਼ਨਾਕ ਘੁੱਪ ਹਨੇਰੇ ਵਾਲੇ ਦੇਸ਼ ਵਰਗਾ ਬਣ ਗਿਆ ਹਾਂ?

ਮੇਰੇ ਲੋਕਾਂ ਨੇ ਕਿਉਂ ਕਿਹਾ, ‘ਅਸੀਂ ਆਜ਼ਾਦ ਘੁੰਮਦੇ ਹਾਂ।

ਅਸੀਂ ਤੇਰੇ ਕੋਲ ਫਿਰ ਕਦੇ ਨਹੀਂ ਆਵਾਂਗੇ’?+

32 ਕੀ ਕੋਈ ਕੁਆਰੀ ਕੁੜੀ ਆਪਣੇ ਗਹਿਣੇ ਭੁੱਲ ਸਕਦੀ ਹੈ,

ਕੀ ਕੋਈ ਦੁਲਹਨ ਆਪਣਾ ਸਜਾਵਟੀ ਕਮਰਬੰਦ ਭੁੱਲ ਸਕਦੀ ਹੈ?

ਪਰ ਮੇਰੇ ਆਪਣੇ ਹੀ ਲੋਕਾਂ ਨੇ ਮੈਨੂੰ ਕਿੰਨੇ ਚਿਰ ਤੋਂ ਭੁਲਾ ਦਿੱਤਾ ਹੈ!+

33 ਹੇ ਔਰਤ, ਤੂੰ ਪ੍ਰੇਮੀਆਂ ਦੀ ਤਲਾਸ਼ ਕਰਨ ਲਈ ਸੋਚ-ਸਮਝ ਕੇ ਜੁਗਤਾਂ ਘੜਦੀ ਹੈਂ!

ਤੂੰ ਆਪਣੇ ਆਪ ਨੂੰ ਦੁਸ਼ਟਤਾ ਦੇ ਰਾਹ ʼਤੇ ਚੱਲਣਾ ਸਿਖਾਇਆ ਹੈ।+

34 ਤੇਰੇ ਕੱਪੜੇ ਬੇਕਸੂਰ ਗ਼ਰੀਬ ਲੋਕਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ,+

ਭਾਵੇਂ ਮੈਂ ਉਨ੍ਹਾਂ ਨੂੰ ਤੇਰੇ ਘਰ ਵਿਚ ਚੋਰੀ ਕਰਦੇ ਹੋਏ ਨਹੀਂ ਦੇਖਿਆ;

ਫਿਰ ਵੀ ਉਨ੍ਹਾਂ ਦੇ ਖ਼ੂਨ ਦੇ ਦਾਗ਼ ਤੇਰੇ ਕੱਪੜਿਆਂ ʼਤੇ ਲੱਗੇ ਹੋਏ ਹਨ।+

35 ਪਰ ਤੂੰ ਕਹਿੰਦੀ ਹੈਂ, ‘ਮੈਂ ਬੇਕਸੂਰ ਹਾਂ।

ਮੇਰੇ ਵਿਰੁੱਧ ਪਰਮੇਸ਼ੁਰ ਦਾ ਗੁੱਸਾ ਸ਼ਾਂਤ ਹੋ ਗਿਆ ਹੈ।’

ਹੁਣ ਮੈਂ ਤੈਨੂੰ ਸਜ਼ਾ ਦਿਆਂਗਾ

ਕਿਉਂਕਿ ਤੂੰ ਕਹਿੰਦੀ ਹੈਂ, ‘ਮੈਂ ਕੋਈ ਪਾਪ ਨਹੀਂ ਕੀਤਾ।’

36 ਤੂੰ ਕਿਉਂ ਇੰਨੀ ਲਾਪਰਵਾਹ ਹੋ ਕੇ ਝੱਟ ਆਪਣਾ ਰਾਹ ਬਦਲ ਲੈਂਦੀ ਹੈਂ?

ਤੈਨੂੰ ਮਿਸਰ ਦੇ ਕਾਰਨ ਸ਼ਰਮਿੰਦਾ ਹੋਣਾ ਪਵੇਗਾ,+

ਜਿਵੇਂ ਤੂੰ ਅੱਸ਼ੂਰ ਦੇ ਕਾਰਨ ਸ਼ਰਮਿੰਦਾ ਹੋਈ ਸੀ।+

37 ਇਸ ਕਰਕੇ ਵੀ ਤੂੰ ਸ਼ਰਮ ਦੇ ਮਾਰੇ ਆਪਣਾ ਸਿਰ ਝੁਕਾ ਕੇ ਬਾਹਰ ਨਿਕਲੇਂਗੀ*+

ਕਿਉਂਕਿ ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਠੁਕਰਾ ਦਿੱਤਾ ਹੈ ਜਿਨ੍ਹਾਂ ʼਤੇ ਤੂੰ ਭਰੋਸਾ ਰੱਖਿਆ ਹੈ;

ਉਹ ਤੇਰੀ ਮਦਦ ਨਹੀਂ ਕਰ ਸਕਣਗੇ।”

3 ਲੋਕ ਪੁੱਛਦੇ ਹਨ: “ਜੇ ਇਕ ਆਦਮੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਉਹ ਉਸ ਨੂੰ ਛੱਡ ਕੇ ਚਲੀ ਜਾਂਦੀ ਹੈ ਅਤੇ ਫਿਰ ਕਿਸੇ ਹੋਰ ਨਾਲ ਵਿਆਹ ਕਰਾ ਲੈਂਦੀ ਹੈ, ਤਾਂ ਕੀ ਉਸ ਆਦਮੀ ਨੂੰ ਉਸ ਔਰਤ ਨੂੰ ਦੁਬਾਰਾ ਅਪਣਾਉਣਾ ਚਾਹੀਦਾ ਹੈ?”

ਕੀ ਇਹ ਦੇਸ਼ ਪੂਰੀ ਤਰ੍ਹਾਂ ਭ੍ਰਿਸ਼ਟ ਨਹੀਂ ਹੋ ਚੁੱਕਾ?+

“ਤੂੰ ਕਈ ਪ੍ਰੇਮੀਆਂ ਨਾਲ ਹਰਾਮਕਾਰੀ ਕੀਤੀ ਹੈ,+

ਤਾਂ ਫਿਰ, ਕੀ ਹੁਣ ਤੈਨੂੰ ਮੇਰੇ ਕੋਲ ਵਾਪਸ ਆਉਣਾ ਚਾਹੀਦਾ?” ਯਹੋਵਾਹ ਕਹਿੰਦਾ ਹੈ।

 2 “ਆਪਣੀਆਂ ਨਜ਼ਰਾਂ ਚੁੱਕ ਕੇ ਪਹਾੜੀਆਂ ਵੱਲ ਦੇਖ।

ਕਿੱਥੇ-ਕਿੱਥੇ ਤੇਰਾ ਬਲਾਤਕਾਰ ਨਹੀਂ ਹੋਇਆ?

ਜਿਵੇਂ ਉਜਾੜ ਵਿਚ ਕੋਈ ਟੱਪਰੀਵਾਸੀ* ਇੰਤਜ਼ਾਰ ਕਰਦਾ ਹੈ,

ਉਸੇ ਤਰ੍ਹਾਂ ਤੂੰ ਰਾਹ ਵਿਚ ਬੈਠ ਕੇ ਆਪਣੇ ਪ੍ਰੇਮੀਆਂ ਦਾ ਇੰਤਜ਼ਾਰ ਕਰਦੀ ਸੀ।

ਤੂੰ ਆਪਣੀ ਵੇਸਵਾਗਿਰੀ ਅਤੇ ਦੁਸ਼ਟਤਾ ਨਾਲ

ਦੇਸ਼ ਨੂੰ ਲਗਾਤਾਰ ਭ੍ਰਿਸ਼ਟ ਕਰ ਰਹੀ ਹੈਂ।+

 3 ਇਸ ਲਈ ਮੀਂਹ ਨੂੰ ਰੋਕ ਦਿੱਤਾ ਗਿਆ+

ਅਤੇ ਬਸੰਤ ਵਿਚ ਬਾਰਸ਼ ਨਹੀਂ ਪੈਂਦੀ।

ਤੂੰ ਉਸ ਬੇਹਯਾ ਪਤਨੀ ਵਰਗੀ ਹੈਂ* ਜੋ ਵੇਸਵਾਗਿਰੀ ਕਰਦੀ ਹੈ;

ਤੈਨੂੰ ਜ਼ਰਾ ਵੀ ਸ਼ਰਮ ਨਹੀਂ।+

 4 ਪਰ ਹੁਣ ਤੂੰ ਮੈਨੂੰ ਪੁਕਾਰ ਕੇ ਕਹਿੰਦੀ ਹੈਂ,

‘ਹੇ ਮੇਰੇ ਪਿਤਾ, ਜਵਾਨੀ ਤੋਂ ਤੂੰ ਹੀ ਮੇਰਾ ਸਾਥੀ ਹੈਂ!+

 5 ਕੀ ਤੂੰ ਹਮੇਸ਼ਾ ਮੇਰੇ ਨਾਲ ਗੁੱਸੇ ਰਹੇਂਗਾ

ਜਾਂ ਮੇਰੇ ਨਾਲ ਨਾਰਾਜ਼ ਰਹੇਂਗਾ?’

ਤੂੰ ਇਹ ਕਹਿੰਦੀ ਤਾਂ ਹੈਂ,

ਪਰ ਤੂੰ ਉਹ ਸਭ ਬੁਰੇ ਕੰਮ ਕਰਦੀ ਰਹਿੰਦੀ ਹੈਂ ਜੋ ਤੂੰ ਕਰ ਸਕਦੀ ਹੈਂ।”+

6 ਰਾਜਾ ਯੋਸੀਯਾਹ+ ਦੇ ਦਿਨਾਂ ਵਿਚ ਯਹੋਵਾਹ ਨੇ ਮੈਨੂੰ ਕਿਹਾ: “ਕੀ ਤੂੰ ਦੇਖਿਆ ਕਿ ਬੇਵਫ਼ਾ ਇਜ਼ਰਾਈਲ ਨੇ ਕੀ ਕੀਤਾ ਹੈ? ਉਸ ਨੇ ਹਰ ਉੱਚੇ ਪਹਾੜ ʼਤੇ ਜਾ ਕੇ ਅਤੇ ਹਰ ਸੰਘਣੇ ਦਰਖ਼ਤ ਦੇ ਥੱਲੇ ਵੇਸਵਾਗਿਰੀ ਕੀਤੀ।+ 7 ਭਾਵੇਂ ਕਿ ਉਸ ਨੇ ਇਹ ਸਭ ਕੁਝ ਕੀਤਾ, ਫਿਰ ਵੀ ਮੈਂ ਉਸ ਨੂੰ ਆਪਣੇ ਕੋਲ ਵਾਪਸ ਬੁਲਾਉਂਦਾ ਰਿਹਾ,+ ਪਰ ਉਹ ਮੇਰੇ ਕੋਲ ਵਾਪਸ ਨਾ ਆਈ। ਯਹੂਦਾਹ ਆਪਣੀ ਧੋਖੇਬਾਜ਼ ਭੈਣ ਇਜ਼ਰਾਈਲ ਨੂੰ ਬੱਸ ਦੇਖਦੀ ਰਹੀ।+ 8 ਜਦ ਮੈਂ ਇਹ ਦੇਖਿਆ, ਤਾਂ ਮੈਂ ਬੇਵਫ਼ਾ ਇਜ਼ਰਾਈਲ ਨੂੰ ਉਸ ਦੀ ਹਰਾਮਕਾਰੀ ਕਰਕੇ+ ਤਲਾਕਨਾਮਾ ਦੇ ਕੇ ਭੇਜ ਦਿੱਤਾ।+ ਪਰ ਇਹ ਦੇਖ ਕੇ ਉਸ ਦੀ ਧੋਖੇਬਾਜ਼ ਭੈਣ ਯਹੂਦਾਹ ਨਹੀਂ ਡਰੀ ਅਤੇ ਉਸ ਨੇ ਵੀ ਜਾ ਕੇ ਵੇਸਵਾਗਿਰੀ ਕੀਤੀ।+ 9 ਉਸ ਨੇ ਆਪਣੇ ਵੇਸਵਾ ਦੇ ਕੰਮਾਂ ਨੂੰ ਹਲਕੀ ਜਿਹੀ ਗੱਲ ਸਮਝਿਆ ਅਤੇ ਉਹ ਪੱਥਰਾਂ ਅਤੇ ਦਰਖ਼ਤਾਂ ਨਾਲ ਹਰਾਮਕਾਰੀ ਕਰ ਕੇ ਦੇਸ਼ ਨੂੰ ਭ੍ਰਿਸ਼ਟ ਕਰਦੀ ਰਹੀ।+ 10 ਇਹ ਸਭ ਕੁਝ ਹੋਣ ਦੇ ਬਾਵਜੂਦ, ਉਸ ਦੀ ਧੋਖੇਬਾਜ਼ ਭੈਣ ਯਹੂਦਾਹ ਆਪਣੇ ਪੂਰੇ ਦਿਲ ਨਾਲ ਮੇਰੇ ਕੋਲ ਵਾਪਸ ਨਾ ਮੁੜੀ, ਉਸ ਨੇ ਸਿਰਫ਼ ਵਾਪਸ ਮੁੜਨ ਦਾ ਦਿਖਾਵਾ ਕੀਤਾ,’ ਯਹੋਵਾਹ ਕਹਿੰਦਾ ਹੈ।”

11 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਬੇਵਫ਼ਾ ਇਜ਼ਰਾਈਲ ਆਪਣੀ ਧੋਖੇਬਾਜ਼ ਭੈਣ ਯਹੂਦਾਹ ਨਾਲੋਂ ਘੱਟ ਦੋਸ਼ੀ ਹੈ।+ 12 ਤੂੰ ਉੱਤਰ ਵਿਚ ਜਾ ਕੇ ਇਨ੍ਹਾਂ ਗੱਲਾਂ ਦਾ ਐਲਾਨ ਕਰ:+

“‘“ਹੇ ਬਾਗ਼ੀ ਇਜ਼ਰਾਈਲ, ਤੂੰ ਮੇਰੇ ਕੋਲ ਵਾਪਸ ਆਜਾ,” ਯਹੋਵਾਹ ਕਹਿੰਦਾ ਹੈ।’+ ‘“ਮੈਂ ਤੇਰੇ ਵੱਲ ਗੁੱਸੇ ਭਰੀਆਂ ਨਜ਼ਰਾਂ ਨਾਲ ਨਹੀਂ ਦੇਖਾਂਗਾ+ ਕਿਉਂਕਿ ਮੈਂ ਵਫ਼ਾਦਾਰ ਹਾਂ,” ਯਹੋਵਾਹ ਕਹਿੰਦਾ ਹੈ।’ ‘“ਮੈਂ ਹਮੇਸ਼ਾ ਤੇਰੇ ਨਾਲ ਨਾਰਾਜ਼ ਨਹੀਂ ਰਹਾਂਗਾ। 13 ਤੂੰ ਬੱਸ ਆਪਣਾ ਪਾਪ ਕਬੂਲ ਕਰ ਕਿਉਂਕਿ ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕੀਤੀ ਹੈ। ਤੂੰ ਹਰ ਸੰਘਣੇ ਦਰਖ਼ਤ ਥੱਲੇ ਅਜਨਬੀਆਂ* ਨਾਲ ਸੰਬੰਧ ਕਾਇਮ ਕਰਦੀ ਰਹੀ, ਪਰ ਤੂੰ ਮੇਰਾ ਕਹਿਣਾ ਨਹੀਂ ਮੰਨਿਆ,” ਯਹੋਵਾਹ ਕਹਿੰਦਾ ਹੈ।’”

14 “ਹੇ ਬਾਗ਼ੀ ਪੁੱਤਰੋ, ਤੁਸੀਂ ਮੇਰੇ ਕੋਲ ਵਾਪਸ ਆ ਜਾਓ,” ਯਹੋਵਾਹ ਕਹਿੰਦਾ ਹੈ। “ਕਿਉਂਕਿ ਮੈਂ ਹੀ ਤੁਹਾਡਾ ਅਸਲੀ ਮਾਲਕ* ਬਣ ਗਿਆ ਹਾਂ ਅਤੇ ਮੈਂ ਤੁਹਾਨੂੰ ਕਬੂਲ ਕਰਾਂਗਾ। ਮੈਂ ਹਰ ਸ਼ਹਿਰ ਵਿੱਚੋਂ ਇਕ ਜਣੇ ਨੂੰ ਅਤੇ ਹਰ ਪਰਿਵਾਰ ਵਿੱਚੋਂ ਦੋ ਜਣਿਆਂ ਨੂੰ ਲਵਾਂਗਾ ਅਤੇ ਤੁਹਾਨੂੰ ਸੀਓਨ ਵਿਚ ਲੈ ਆਵਾਂਗਾ।+ 15 ਮੈਂ ਤੁਹਾਨੂੰ ਚਰਵਾਹੇ ਦਿਆਂਗਾ ਜੋ ਮੇਰੀ ਇੱਛਾ* ਮੁਤਾਬਕ ਚੱਲਣਗੇ+ ਅਤੇ ਉਹ ਤੁਹਾਨੂੰ ਗਿਆਨ ਅਤੇ ਡੂੰਘੀ ਸਮਝ ਦੀ ਖ਼ੁਰਾਕ ਦੇਣਗੇ। 16 ਉਨ੍ਹਾਂ ਦਿਨਾਂ ਵਿਚ ਦੇਸ਼ ਵਿਚ ਤੁਹਾਡੀ ਗਿਣਤੀ ਵਧੇਗੀ ਅਤੇ ਤੁਸੀਂ ਵਧੋ-ਫੁੱਲੋਗੇ,” ਯਹੋਵਾਹ ਕਹਿੰਦਾ ਹੈ।+ “ਫਿਰ ਉਹ ਕਦੇ ਨਹੀਂ ਕਹਿਣਗੇ, ‘ਯਹੋਵਾਹ ਦੇ ਇਕਰਾਰ ਦਾ ਸੰਦੂਕ!’ “ਇਸ ਦਾ ਖ਼ਿਆਲ ਵੀ ਉਨ੍ਹਾਂ ਦੇ ਮਨ ਵਿਚ ਨਹੀਂ ਆਵੇਗਾ ਅਤੇ ਨਾ ਹੀ ਉਹ ਇਸ ਨੂੰ ਯਾਦ ਕਰਨਗੇ ਤੇ ਨਾ ਹੀ ਇਸ ਦੀ ਕਮੀ ਮਹਿਸੂਸ ਕਰਨਗੇ ਅਤੇ ਇਹ ਦੁਬਾਰਾ ਨਹੀਂ ਬਣਾਇਆ ਜਾਵੇਗਾ। 17 ਉਸ ਵੇਲੇ ਉਹ ਯਰੂਸ਼ਲਮ ਨੂੰ ਯਹੋਵਾਹ ਦਾ ਸਿੰਘਾਸਣ ਕਹਿਣਗੇ+ ਅਤੇ ਸਾਰੀਆਂ ਕੌਮਾਂ ਯਹੋਵਾਹ ਦੇ ਨਾਂ ਦੀ ਮਹਿਮਾ ਕਰਨ ਲਈ ਯਰੂਸ਼ਲਮ ਵਿਚ ਇਕੱਠੀਆਂ ਹੋਣਗੀਆਂ+ ਤੇ ਉਹ ਫਿਰ ਕਦੇ ਢੀਠ ਹੋ ਕੇ ਆਪਣੇ ਦਿਲ ਦੀ ਦੁਸ਼ਟ ਇੱਛਾ ਮੁਤਾਬਕ ਨਹੀਂ ਚੱਲਣਗੇ।”

18 “ਉਨ੍ਹਾਂ ਦਿਨਾਂ ਵਿਚ ਯਹੂਦਾਹ ਦਾ ਘਰਾਣਾ ਅਤੇ ਇਜ਼ਰਾਈਲ ਦਾ ਘਰਾਣਾ ਨਾਲ-ਨਾਲ ਚੱਲਣਗੇ+ ਅਤੇ ਉਹ ਇਕੱਠੇ ਉੱਤਰ ਦੇਸ਼ ਤੋਂ ਉਸ ਦੇਸ਼ ਵਿਚ ਆਉਣਗੇ ਜੋ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਵਿਰਾਸਤ ਵਿਚ ਦਿੱਤਾ ਸੀ।+ 19 ਨਾਲੇ ਮੈਂ ਸੋਚਿਆ, ‘ਮੈਂ ਕਿੰਨਾ ਖ਼ੁਸ਼ ਸੀ ਜਦੋਂ ਮੈਂ ਤੈਨੂੰ ਆਪਣੇ ਪੁੱਤਰਾਂ ਵਿਚ ਗਿਣਿਆ ਸੀ ਅਤੇ ਤੈਨੂੰ ਇਕ ਵਧੀਆ ਦੇਸ਼ ਦਿੱਤਾ ਸੀ ਜੋ ਕੌਮਾਂ ਵਿਚ* ਸਭ ਤੋਂ ਸੋਹਣੀ ਵਿਰਾਸਤ ਸੀ।+ ਮੈਂ ਇਹ ਵੀ ਸੋਚਿਆ ਸੀ ਕਿ ਤੂੰ ਮੈਨੂੰ ਆਪਣਾ ਪਿਤਾ ਕਹਿ ਕੇ ਬੁਲਾਏਂਗੀ ਅਤੇ ਤੂੰ ਮੇਰੇ ਪਿੱਛੇ-ਪਿੱਛੇ ਚੱਲਣੋਂ ਨਹੀਂ ਹਟੇਂਗੀ। 20 ‘ਪਰ ਜਿਵੇਂ ਇਕ ਪਤਨੀ ਆਪਣੇ ਪਤੀ* ਨਾਲ ਵਿਸ਼ਵਾਸਘਾਤ ਕਰ ਕੇ ਉਸ ਨੂੰ ਛੱਡ ਦਿੰਦੀ ਹੈ, ਉਸੇ ਤਰ੍ਹਾਂ ਹੇ ਇਜ਼ਰਾਈਲ ਦੇ ਘਰਾਣੇ, ਤੂੰ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ,’+ ਯਹੋਵਾਹ ਕਹਿੰਦਾ ਹੈ।”

21 ਪਹਾੜੀਆਂ ਉੱਪਰ ਰੌਲ਼ਾ ਸੁਣਾਈ ਦਿੰਦਾ ਹੈ,

ਇਜ਼ਰਾਈਲ ਦੇ ਲੋਕ ਰੋ ਰਹੇ ਹਨ ਅਤੇ ਤਰਲੇ ਕਰ ਰਹੇ ਹਨ,

ਉਹ ਕੁਰਾਹੇ ਪੈ ਗਏ ਹਨ;

ਉਨ੍ਹਾਂ ਨੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭੁਲਾ ਦਿੱਤਾ ਹੈ।+

22 “ਹੇ ਬਾਗ਼ੀ ਪੁੱਤਰੋ, ਤੁਸੀਂ ਵਾਪਸ ਮੁੜ ਆਓ।

ਮੈਂ ਤੁਹਾਡੀ ਬਗਾਵਤ ਕਰਨ ਦੀ ਬੀਮਾਰੀ ਦਾ ਇਲਾਜ ਕਰਾਂਗਾ।”+

“ਦੇਖ, ਅਸੀਂ ਤੇਰੇ ਕੋਲ ਆ ਗਏ ਹਾਂ

ਕਿਉਂਕਿ ਹੇ ਯਹੋਵਾਹ, ਤੂੰ ਹੀ ਸਾਡਾ ਪਰਮੇਸ਼ੁਰ ਹੈਂ।+

23 ਅਸਲ ਵਿਚ ਪਹਾੜੀਆਂ ਅਤੇ ਪਹਾੜਾਂ ʼਤੇ ਰੌਲ਼ਾ-ਰੱਪਾ ਪਾ ਕੇ ਅਸੀਂ ਖ਼ੁਦ ਨੂੰ ਧੋਖਾ ਦਿੱਤਾ।+

ਸਾਡਾ ਪਰਮੇਸ਼ੁਰ ਯਹੋਵਾਹ ਹੀ ਇਜ਼ਰਾਈਲ ਦਾ ਮੁਕਤੀਦਾਤਾ ਹੈ।+

24 ਪਰ ਉਸ ਸ਼ਰਮਨਾਕ ਚੀਜ਼* ਨੇ ਸਾਡੀ ਜਵਾਨੀ ਤੋਂ ਹਰ ਚੀਜ਼ ਨਿਗਲ਼ ਲਈ

ਜਿਸ ਲਈ ਸਾਡੇ ਪਿਉ-ਦਾਦਿਆਂ ਨੇ ਮਿਹਨਤ ਕੀਤੀ,+

ਉਹ ਉਨ੍ਹਾਂ ਦੀਆਂ ਭੇਡਾਂ-ਬੱਕਰੀਆਂ, ਗਾਂਵਾਂ-ਬਲਦ

ਅਤੇ ਉਨ੍ਹਾਂ ਦੇ ਧੀਆਂ-ਪੁੱਤਰ ਖਾ ਗਿਆ।

25 ਆਓ ਆਪਾਂ ਸ਼ਰਮ ਦੇ ਮਾਰੇ ਲੰਮੇ ਪੈ ਜਾਈਏ

ਅਤੇ ਸ਼ਰਮਿੰਦਗੀ ਸਾਨੂੰ ਢਕ ਲਵੇ

ਕਿਉਂਕਿ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਹੈ,+

ਹਾਂ, ਜਵਾਨੀ ਤੋਂ ਲੈ ਕੇ ਹੁਣ ਤਕ ਅਸੀਂ ਅਤੇ ਸਾਡੇ ਪਿਉ-ਦਾਦਿਆਂ ਨੇ ਪਾਪ ਕੀਤਾ ਹੈ+

ਅਤੇ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ।”

4 “ਹੇ ਇਜ਼ਰਾਈਲ, ਜੇ ਤੂੰ ਵਾਪਸ ਆਵੇਂ,” ਯਹੋਵਾਹ ਕਹਿੰਦਾ ਹੈ,

“ਜੇ ਤੂੰ ਮੇਰੇ ਕੋਲ ਵਾਪਸ ਆਵੇਂ,

ਜੇ ਤੂੰ ਮੇਰੇ ਸਾਮ੍ਹਣਿਓਂ ਆਪਣੀਆਂ ਘਿਣਾਉਣੀਆਂ ਮੂਰਤਾਂ ਹਟਾ ਦੇਵੇਂ,

ਤਾਂ ਤੂੰ ਭਗੌੜਾ ਬਣ ਕੇ ਇੱਧਰ-ਉੱਧਰ ਨਹੀਂ ਫਿਰੇਂਗਾ।+

 2 ਜੇ ਤੂੰ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਖਾਵੇਂ

ਅਤੇ ਸੱਚਾਈ, ਨਿਆਂ ਤੇ ਧਰਮੀ ਅਸੂਲਾਂ ਮੁਤਾਬਕ ਚੱਲੇਂ,

ਤਾਂ ਉਸ ਰਾਹੀਂ ਕੌਮਾਂ ਨੂੰ ਬਰਕਤ ਮਿਲੇਗੀ*

ਅਤੇ ਉਹ ਉਸ ʼਤੇ ਮਾਣ ਕਰਨਗੀਆਂ।”+

3 ਯਹੋਵਾਹ ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਨੂੰ ਕਹਿੰਦਾ ਹੈ:

“ਵਾਹੀਯੋਗ ਜ਼ਮੀਨ ਉੱਤੇ ਹਲ਼ ਚਲਾਓ

ਅਤੇ ਕੰਡਿਆਂ ਵਿਚ ਬੀ ਨਾ ਬੀਜਦੇ ਰਹੋ।+

 4 ਹੇ ਯਹੂਦਾਹ ਦੇ ਲੋਕੋ ਅਤੇ ਯਰੂਸ਼ਲਮ ਦੇ ਵਾਸੀਓ,

ਆਪਣੀ ਸੁੰਨਤ ਕਰਾਓ ਅਤੇ ਯਹੋਵਾਹ ਦੇ ਅਧੀਨ ਹੋਵੋ,

ਆਪਣੇ ਦਿਲਾਂ ਦੀ ਸੁੰਨਤ ਕਰਾਓ+

ਤਾਂਕਿ ਤੁਹਾਡੇ ਬੁਰੇ ਕੰਮਾਂ ਕਰਕੇ ਮੇਰੇ ਗੁੱਸੇ ਦੀ ਅੱਗ ਨਾ ਭੜਕੇ

ਜਿਸ ਨੂੰ ਕੋਈ ਬੁਝਾ ਨਹੀਂ ਸਕੇਗਾ।”+

 5 ਯਹੂਦਾਹ ਤੇ ਯਰੂਸ਼ਲਮ ਵਿਚ ਇਸ ਗੱਲ ਦਾ ਐਲਾਨ ਕਰੋ।

ਪੂਰੇ ਦੇਸ਼ ਵਿਚ ਨਰਸਿੰਗਾ ਵਜਾਓ ਅਤੇ ਚੀਕ-ਚੀਕ ਕੇ ਕਹੋ।+

ਉੱਚੀ-ਉੱਚੀ ਹੋਕਾ ਦਿਓ ਅਤੇ ਕਹੋ: “ਇਕੱਠੇ ਹੋ ਜਾਓ,

ਆਓ ਆਪਾਂ ਭੱਜ ਕੇ ਕਿਲੇਬੰਦ ਸ਼ਹਿਰਾਂ ਵਿਚ ਚਲੇ ਜਾਈਏ।+

 6 ਸੀਓਨ ਵੱਲ ਝੰਡਾ ਉੱਚਾ ਕਰ ਕੇ ਇਕੱਠੇ ਹੋਣ ਦਾ ਇਸ਼ਾਰਾ ਕਰੋ।

ਖੜ੍ਹੇ ਨਾ ਰਹੋ, ਪਨਾਹ ਲੈਣ ਲਈ ਨੱਠੋ”

ਕਿਉਂਕਿ ਮੈਂ ਉੱਤਰ ਵੱਲੋਂ ਬਿਪਤਾ, ਹਾਂ, ਵੱਡੀ ਤਬਾਹੀ ਲਿਆ ਰਿਹਾ ਹਾਂ।+

 7 ਜਿਵੇਂ ਇਕ ਸ਼ੇਰ ਜੰਗਲ ਵਿੱਚੋਂ ਨਿਕਲਦਾ ਹੈ,+

ਉਸੇ ਤਰ੍ਹਾਂ ਕੌਮਾਂ ਨੂੰ ਤਬਾਹ ਕਰਨ ਵਾਲਾ ਤੁਰ ਪਿਆ ਹੈ।+

ਉਹ ਆਪਣੀ ਜਗ੍ਹਾ ਤੋਂ ਚੱਲ ਪਿਆ ਹੈ,

ਉਹ ਤੇਰੇ ਦੇਸ਼ ਦਾ ਅਜਿਹਾ ਹਸ਼ਰ ਕਰੇਗਾ ਕਿ ਸਾਰੇ ਦੇਖ ਕੇ ਖ਼ੌਫ਼ ਖਾਣਗੇ।

ਤੇਰੇ ਸ਼ਹਿਰਾਂ ਨੂੰ ਖੰਡਰ ਬਣਾ ਦਿੱਤਾ ਜਾਵੇਗਾ ਤੇ ਉੱਥੇ ਕੋਈ ਵੀ ਨਹੀਂ ਰਹੇਗਾ।+

 8 ਇਸ ਲਈ ਤੱਪੜ ਪਾਓ,+

ਸੋਗ ਕਰੋ* ਅਤੇ ਕੀਰਨੇ ਪਾਓ

ਕਿਉਂਕਿ ਸਾਡੇ ਖ਼ਿਲਾਫ਼ ਯਹੋਵਾਹ ਦੇ ਗੁੱਸੇ ਦੀ ਅੱਗ ਬੁਝੀ ਨਹੀਂ ਹੈ।

 9 ਯਹੋਵਾਹ ਕਹਿੰਦਾ ਹੈ: “ਉਸ ਦਿਨ ਰਾਜਾ ਦਿਲ* ਹਾਰ ਜਾਵੇਗਾ,+

ਨਾਲੇ ਹਾਕਮ ਵੀ ਦਿਲ* ਹਾਰ ਜਾਣਗੇ;

ਪੁਜਾਰੀਆਂ ਦੇ ਦਿਲ ਦਹਿਲ ਜਾਣਗੇ ਅਤੇ ਨਬੀ ਹੱਕੇ-ਬੱਕੇ ਰਹਿ ਜਾਣਗੇ।”+

10 ਫਿਰ ਮੈਂ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਇਨ੍ਹਾਂ ਲੋਕਾਂ ਨੂੰ ਅਤੇ ਯਰੂਸ਼ਲਮ ਨੂੰ ਇਹ ਕਹਿ ਕੇ ਸੱਚ-ਮੁੱਚ ਧੋਖਾ ਦਿੱਤਾ ਹੈ,+ ‘ਤੁਹਾਨੂੰ ਸ਼ਾਂਤੀ ਮਿਲੇਗੀ,’+ ਜਦ ਕਿ ਤਲਵਾਰ ਤਾਂ ਸਾਡੀਆਂ ਧੌਣਾਂ ʼਤੇ ਰੱਖੀ ਹੋਈ ਹੈ।”

11 ਉਸ ਵੇਲੇ ਇਨ੍ਹਾਂ ਲੋਕਾਂ ਨੂੰ ਅਤੇ ਯਰੂਸ਼ਲਮ ਨੂੰ ਇਹ ਕਿਹਾ ਜਾਵੇਗਾ:

“ਉਜਾੜ ਦੀਆਂ ਬੰਜਰ ਪਹਾੜੀਆਂ ਤੋਂ ਝੁਲ਼ਸਾ ਦੇਣ ਵਾਲੀ ਹਵਾ ਚੱਲੇਗੀ,

ਇਹ ਹਵਾ ਤੇਜ਼ੀ ਨਾਲ ਮੇਰੇ ਲੋਕਾਂ ਦੀ ਧੀ* ʼਤੇ ਵਗੇਗੀ;

ਇਹ ਅਨਾਜ ਨੂੰ ਛੱਟਣ ਜਾਂ ਸਾਫ਼ ਕਰਨ ਲਈ ਨਹੀਂ ਆਵੇਗੀ।

12 ਇਹ ਤੇਜ਼ ਹਨੇਰੀ ਮੇਰੇ ਹੁਕਮ ʼਤੇ ਇਨ੍ਹਾਂ ਥਾਵਾਂ ਤੋਂ ਆਵੇਗੀ।

ਹੁਣ ਮੈਂ ਆਪਣੇ ਲੋਕਾਂ ਨੂੰ ਸਜ਼ਾ ਸੁਣਾਵਾਂਗਾ।

13 ਦੇਖ, ਉਹ ਮੀਂਹ ਦੇ ਬੱਦਲਾਂ ਵਾਂਗ ਆਵੇਗਾ,

ਉਸ ਦੇ ਰਥ ਤੂਫ਼ਾਨੀ ਹਵਾ ਵਰਗੇ ਹਨ।+

ਉਸ ਦੇ ਘੋੜੇ ਉਕਾਬਾਂ ਨਾਲੋਂ ਵੀ ਤੇਜ਼ ਹਨ।+

ਹਾਇ ਸਾਡੇ ਉੱਤੇ! ਅਸੀਂ ਤਬਾਹ ਹੋ ਗਏ ਹਾਂ।

14 ਹੇ ਯਰੂਸ਼ਲਮ, ਆਪਣੇ ਦਿਲ ਵਿੱਚੋਂ ਬੁਰਾਈ ਨੂੰ ਧੋ ਸੁੱਟ ਤਾਂਕਿ ਤੂੰ ਬਚ ਸਕੇਂ।+

ਤੂੰ ਕਦ ਤਕ ਆਪਣੇ ਮਨ ਵਿਚ ਦੁਸ਼ਟ ਖ਼ਿਆਲ ਪਾਲ਼ਦਾ ਰਹੇਂਗਾ?

15 ਕਿਉਂਕਿ ਇਕ ਆਵਾਜ਼ ਦਾਨ ਤੋਂ ਖ਼ਬਰ ਦਿੰਦੀ ਹੈ+

ਅਤੇ ਇਫ਼ਰਾਈਮ ਦੇ ਪਹਾੜਾਂ ਤੋਂ ਤਬਾਹੀ ਦਾ ਐਲਾਨ ਕਰਦੀ ਹੈ।

16 ਹਾਂ, ਕੌਮਾਂ ਨੂੰ ਇਹ ਖ਼ਬਰ ਦਿਓ;

ਯਰੂਸ਼ਲਮ ਦੇ ਖ਼ਿਲਾਫ਼ ਇਸ ਦਾ ਐਲਾਨ ਕਰੋ।”

“ਦੂਰ ਦੇਸ਼ ਤੋਂ ਪਹਿਰੇਦਾਰ* ਆ ਰਹੇ ਹਨ,

ਉਹ ਯਹੂਦਾਹ ਦੇ ਸ਼ਹਿਰਾਂ ਵਿਰੁੱਧ ਯੁੱਧ ਦੇ ਨਾਅਰੇ ਮਾਰਨਗੇ।

17 ਉਹ ਖੇਤ ਦੇ ਰਾਖਿਆਂ ਵਾਂਗ ਸਾਰੇ ਪਾਸਿਓਂ ਉਸ ਉੱਤੇ ਆ ਪੈਣਗੇ+

ਕਿਉਂਕਿ ਉਸ ਨੇ ਮੇਰੇ ਖ਼ਿਲਾਫ਼ ਬਗਾਵਤ ਕੀਤੀ ਹੈ,”+ ਯਹੋਵਾਹ ਕਹਿੰਦਾ ਹੈ।

18 “ਤੈਨੂੰ ਆਪਣੇ ਰਵੱਈਏ ਅਤੇ ਕੰਮਾਂ ਦਾ ਅੰਜਾਮ ਭੁਗਤਣਾ ਪਵੇਗਾ।+

ਤੇਰਾ ਹਸ਼ਰ ਕਿੰਨਾ ਹੀ ਭਿਆਨਕ ਹੋਵੇਗਾ

ਕਿਉਂਕਿ ਇਸ ਨੇ ਤੇਰੇ ਧੁਰ ਅੰਦਰ* ਤਕ ਅਸਰ ਕੀਤਾ ਹੈ।”

19 ਹਾਇ! ਹਾਇ! ਮੇਰੀ ਪੀੜ ਸਹਿਣ ਤੋਂ ਬਾਹਰ ਹੈ।*

ਮੇਰਾ ਦਿਲ* ਦਰਦ ਨਾਲ ਤੜਫ ਰਿਹਾ ਹੈ।

ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਹੈ।

ਮੈਂ ਚੁੱਪ ਨਹੀਂ ਰਹਿ ਸਕਦਾ

ਕਿਉਂਕਿ ਮੈਂ ਨਰਸਿੰਗੇ ਦੀ ਆਵਾਜ਼ ਸੁਣੀ ਹੈ,

ਹਾਂ, ਯੁੱਧ ਦੇ ਐਲਾਨ ਦੀ ਆਵਾਜ਼।+

20 ਤਬਾਹੀ ਤੇ ਤਬਾਹੀ ਦੀਆਂ ਖ਼ਬਰਾਂ ਆ ਰਹੀਆਂ ਹਨ

ਅਤੇ ਪੂਰਾ ਦੇਸ਼ ਨਾਸ਼ ਹੋ ਚੁੱਕਾ ਹੈ।

ਮੇਰੇ ਆਪਣੇ ਤੰਬੂ ਅਚਾਨਕ ਤਬਾਹ ਕਰ ਦਿੱਤੇ ਗਏ ਹਨ,

ਹਾਂ, ਇਕ ਪਲ ਵਿਚ ਹੀ ਮੇਰੇ ਤੰਬੂ ਤਬਾਹ ਕਰ ਦਿੱਤੇ ਗਏ ਹਨ।+

21 ਮੈਂ ਕਦ ਤਕ ਝੰਡਾ* ਦੇਖਦਾ ਰਹਾਂ?

ਮੈਂ ਕਦ ਤਕ ਨਰਸਿੰਗੇ ਦੀ ਆਵਾਜ਼ ਸੁਣਦਾ ਰਹਾਂ?+

22 “ਮੇਰੇ ਲੋਕ ਮੂਰਖ ਹਨ;+

ਉਹ ਮੇਰੇ ਵੱਲ ਧਿਆਨ ਨਹੀਂ ਦਿੰਦੇ।

ਉਹ ਬੇਵਕੂਫ਼ ਪੁੱਤਰ ਹਨ ਜਿਨ੍ਹਾਂ ਨੂੰ ਕੋਈ ਸਮਝ ਨਹੀਂ।

ਉਹ ਬੁਰੇ ਕੰਮ ਕਰਨ ਨੂੰ ਤਾਂ ਹੁਸ਼ਿਆਰ* ਹਨ,

ਪਰ ਨੇਕ ਕੰਮ ਕਰਨੇ ਨਹੀਂ ਜਾਣਦੇ।”

23 ਮੈਂ ਦੇਸ਼ ਨੂੰ ਦੇਖ ਕੇ ਹੈਰਾਨ ਰਹਿ ਗਿਆ!

ਇਹ ਸੁੰਨਸਾਨ ਅਤੇ ਵੀਰਾਨ ਹੋ ਚੁੱਕਾ ਸੀ।+

ਮੈਂ ਆਕਾਸ਼ ਵੱਲ ਦੇਖਿਆ ਅਤੇ ਉੱਥੇ ਕੋਈ ਰੌਸ਼ਨੀ ਨਹੀਂ ਸੀ।+

24 ਮੈਂ ਪਹਾੜਾਂ ਨੂੰ ਦੇਖ ਕੇ ਹੈਰਾਨ ਰਹਿ ਗਿਆ,

ਉਹ ਕੰਬ ਰਹੇ ਸਨ ਅਤੇ ਪਹਾੜੀਆਂ ਹਿਲ ਰਹੀਆਂ ਸਨ।+

25 ਮੈਂ ਇਹ ਦੇਖ ਕੇ ਹੱਕਾ-ਬੱਕਾ ਰਹਿ ਗਿਆ ਕਿ ਕਿਤੇ ਕੋਈ ਇਨਸਾਨ ਨਹੀਂ ਸੀ

ਅਤੇ ਆਕਾਸ਼ ਦੇ ਸਾਰੇ ਪੰਛੀ ਉੱਡ-ਪੁੱਡ ਗਏ ਸਨ।+

26 ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਫਲਾਂ ਦੇ ਬਾਗ਼ ਉੱਜੜ ਗਏ ਸਨ,

ਇਸ ਦੇ ਸਾਰੇ ਸ਼ਹਿਰ ਮਲਬੇ ਦਾ ਢੇਰ ਬਣ ਗਏ ਸਨ।+

ਇਹ ਸਭ ਕੁਝ ਯਹੋਵਾਹ ਕਰਕੇ ਹੋਇਆ

ਕਿਉਂਕਿ ਉਸ ਦੇ ਗੁੱਸੇ ਦੀ ਅੱਗ ਬਲ਼ ਰਹੀ ਸੀ।

27 ਯਹੋਵਾਹ ਕਹਿੰਦਾ ਹੈ: “ਪੂਰਾ ਦੇਸ਼ ਵੀਰਾਨ ਹੋ ਜਾਵੇਗਾ,+

ਪਰ ਮੈਂ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰਾਂਗਾ।

28 ਇਸ ਕਰਕੇ ਦੇਸ਼ ਮਾਤਮ ਮਨਾਵੇਗਾ+

ਅਤੇ ਆਕਾਸ਼ ਕਾਲਾ ਹੋ ਜਾਵੇਗਾ।+

ਇਹ ਇਸ ਕਰਕੇ ਹੋਵੇਗਾ ਕਿਉਂਕਿ ਮੈਂ ਕਿਹਾ ਹੈ ਅਤੇ ਮੈਂ ਇਹ ਫ਼ੈਸਲਾ ਕੀਤਾ ਹੈ।

ਮੈਂ ਆਪਣਾ ਮਨ ਨਹੀਂ ਬਦਲਾਂਗਾ* ਅਤੇ ਨਾ ਹੀ ਆਪਣੇ ਫ਼ੈਸਲੇ ਤੋਂ ਪਿੱਛੇ ਹਟਾਂਗਾ।+

29 ਘੋੜਸਵਾਰਾਂ ਤੇ ਤੀਰਅੰਦਾਜ਼ਾਂ ਦੀ ਆਵਾਜ਼ ਸੁਣ ਕੇ

ਸਾਰਾ ਸ਼ਹਿਰ ਨੱਠ ਜਾਂਦਾ ਹੈ।+

ਉਹ ਝਾੜੀਆਂ ਵਿਚ ਵੜ ਜਾਂਦੇ ਹਨ

ਅਤੇ ਉਹ ਚਟਾਨਾਂ ਉੱਤੇ ਚੜ੍ਹ ਜਾਂਦੇ ਹਨ।+

ਹਰ ਸ਼ਹਿਰ ਖਾਲੀ ਹੈ, ਉਸ ਵਿਚ ਕੋਈ ਨਹੀਂ ਵੱਸਦਾ।”

30 ਹੁਣ ਜਦ ਤੂੰ ਤਬਾਹ ਹੋ ਚੁੱਕੀ ਹੈਂ, ਤਾਂ ਤੂੰ ਕੀ ਕਰੇਂਗੀ?

ਤੂੰ ਸੁਰਖ਼ ਲਾਲ ਰੰਗ ਦੇ ਕੱਪੜੇ ਪਾਉਂਦੀ ਹੁੰਦੀ ਸੀ

ਅਤੇ ਸੋਨੇ ਦੇ ਗਹਿਣਿਆਂ ਨਾਲ ਖ਼ੁਦ ਨੂੰ ਸ਼ਿੰਗਾਰਦੀ ਸੀ

ਅਤੇ ਆਪਣੀਆਂ ਅੱਖਾਂ ਵਿਚ ਸੁਰਮਾ ਪਾਉਂਦੀ ਸੀ ਤਾਂਕਿ ਉਹ ਵੱਡੀਆਂ ਦਿਸਣ।

ਪਰ ਤੂੰ ਬੇਕਾਰ ਹੀ ਖ਼ੁਦ ਨੂੰ ਸ਼ਿੰਗਾਰਦੀ ਰਹੀ+

ਕਿਉਂਕਿ ਤੇਰੀ ਹਵਸ ਦੇ ਪੁਜਾਰੀਆਂ ਨੇ ਤੈਨੂੰ ਠੁਕਰਾ ਦਿੱਤਾ ਹੈ;

ਹੁਣ ਉਹ ਤੇਰੇ ਖ਼ੂਨ ਦੇ ਪਿਆਸੇ ਹਨ।+

31 ਮੈਂ ਇਕ ਆਵਾਜ਼ ਸੁਣੀ ਜਿਵੇਂ ਕੋਈ ਬੀਮਾਰ ਤੀਵੀਂ ਹੂੰਗਦੀ ਹੈ,

ਜਿਵੇਂ ਇਕ ਤੀਵੀਂ ਆਪਣੇ ਪਹਿਲੇ ਬੱਚੇ ਨੂੰ ਜਣਨ ਵੇਲੇ ਦਰਦ ਨਾਲ ਤੜਫਦੀ ਹੈ,

ਮੈਂ ਸੀਓਨ ਦੀ ਧੀ ਦੀ ਆਵਾਜ਼ ਸੁਣੀ ਜੋ ਔਖੇ ਸਾਹ ਲੈ ਰਹੀ ਹੈ।

ਉਹ ਆਪਣੇ ਹੱਥ ਫੈਲਾ ਕੇ ਇਹ ਕਹਿੰਦੀ ਹੈ:+

“ਹਾਇ ਮੇਰੇ ਉੱਤੇ! ਮੈਂ ਕਾਤਲਾਂ ਕਰਕੇ ਨਿਢਾਲ ਹੋ ਚੁੱਕੀ ਹਾਂ।”

5 ਯਰੂਸ਼ਲਮ ਦੀਆਂ ਗਲੀਆਂ ਵਿਚ ਘੁੰਮੋ।

ਚਾਰੇ ਪਾਸੇ ਨਜ਼ਰ ਮਾਰੋ ਅਤੇ ਧਿਆਨ ਨਾਲ ਦੇਖੋ।

ਸ਼ਹਿਰ ਦੇ ਚੌਂਕਾਂ ਵਿਚ ਲੱਭੋ।

ਕੀ ਤੁਹਾਨੂੰ ਕੋਈ ਅਜਿਹਾ ਇਨਸਾਨ ਨਜ਼ਰ ਆਉਂਦਾ ਹੈ

ਜੋ ਨਿਆਂ ਕਰਦਾ ਹੋਵੇ+ ਅਤੇ ਵਫ਼ਾਦਾਰੀ ਨਿਭਾਉਂਦਾ ਹੋਵੇ?

ਜੇ ਹਾਂ, ਤਾਂ ਮੈਂ ਯਰੂਸ਼ਲਮ ਨੂੰ ਮਾਫ਼ ਕਰ ਦਿਆਂਗਾ।

 2 ਭਾਵੇਂ ਉਹ ਕਹਿੰਦੇ ਤਾਂ ਹਨ: “ਸਾਨੂੰ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ!”

ਫਿਰ ਵੀ ਉਹ ਝੂਠੀ ਸਹੁੰ ਖਾਂਦੇ ਹਨ।+

 3 ਹੇ ਯਹੋਵਾਹ, ਕੀ ਤੇਰੀਆਂ ਅੱਖਾਂ ਵਫ਼ਾਦਾਰ ਲੋਕਾਂ ਨੂੰ ਨਹੀਂ ਲੱਭਦੀਆਂ?+

ਤੂੰ ਉਨ੍ਹਾਂ ਨੂੰ ਸਜ਼ਾ ਦਿੱਤੀ, ਪਰ ਉਨ੍ਹਾਂ ʼਤੇ ਕੋਈ ਅਸਰ ਨਹੀਂ ਹੋਇਆ।*

ਤੂੰ ਉਨ੍ਹਾਂ ਨੂੰ ਤਬਾਹ ਕਰ ਦਿੱਤਾ, ਪਰ ਉਨ੍ਹਾਂ ਨੇ ਅਨੁਸ਼ਾਸਨ ਕਬੂਲ ਨਹੀਂ ਕੀਤਾ।+

ਉਨ੍ਹਾਂ ਨੇ ਆਪਣੇ ਚਿਹਰੇ ਚਟਾਨ ਨਾਲੋਂ ਵੀ ਸਖ਼ਤ ਕਰ ਲਏ,+

ਉਨ੍ਹਾਂ ਨੇ ਤੇਰੇ ਕੋਲ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ।+

 4 ਪਰ ਮੈਂ ਮਨ ਵਿਚ ਸੋਚਿਆ: “ਇਹ ਜ਼ਰੂਰ ਛੋਟੇ ਦਰਜੇ ਦੇ ਲੋਕ ਹੋਣੇ।

ਉਹ ਮੂਰਖਪੁਣਾ ਕਰਦੇ ਹਨ ਕਿਉਂਕਿ ਉਹ ਯਹੋਵਾਹ ਦਾ ਰਾਹ ਨਹੀਂ ਜਾਣਦੇ,

ਉਹ ਆਪਣੇ ਪਰਮੇਸ਼ੁਰ ਦਾ ਕਾਨੂੰਨ ਨਹੀਂ ਜਾਣਦੇ।

 5 ਮੈਂ ਜਾ ਕੇ ਮੰਨੇ-ਪ੍ਰਮੰਨੇ ਲੋਕਾਂ ਨਾਲ ਗੱਲ ਕਰਾਂਗਾ

ਕਿਉਂਕਿ ਉਨ੍ਹਾਂ ਨੇ ਜ਼ਰੂਰ ਯਹੋਵਾਹ ਦੇ ਰਾਹ ʼਤੇ ਧਿਆਨ ਦਿੱਤਾ ਹੋਣਾ

ਅਤੇ ਆਪਣੇ ਪਰਮੇਸ਼ੁਰ ਦੇ ਕਾਨੂੰਨ ʼਤੇ ਗੌਰ ਕੀਤਾ ਹੋਣਾ।+

ਪਰ ਉਹ ਸਾਰੇ ਜੂਲਾ ਭੰਨ ਚੁੱਕੇ ਸਨ

ਅਤੇ ਉਨ੍ਹਾਂ ਨੇ ਬੇੜੀਆਂ ਤੋੜ ਦਿੱਤੀਆਂ ਸਨ।”

 6 ਇਸੇ ਕਰਕੇ ਜੰਗਲ ਵਿੱਚੋਂ ਸ਼ੇਰ ਆ ਕੇ ਉਨ੍ਹਾਂ ʼਤੇ ਹਮਲਾ ਕਰਦਾ ਹੈ,

ਉਜਾੜ ਵਿੱਚੋਂ ਇਕ ਬਘਿਆੜ ਉਨ੍ਹਾਂ ਨੂੰ ਪਾੜ ਖਾਂਦਾ ਹੈ,

ਇਕ ਚੀਤਾ ਉਨ੍ਹਾਂ ਦੇ ਸ਼ਹਿਰਾਂ ਨੇੜੇ ਘਾਤ ਲਾ ਕੇ ਬੈਠਦਾ ਹੈ।

ਜਿਹੜਾ ਵੀ ਬਾਹਰ ਆਉਂਦਾ ਹੈ, ਉਹ ਉਸ ਦੇ ਟੋਟੇ-ਟੋਟੇ ਕਰ ਦਿੰਦਾ ਹੈ

ਕਿਉਂਕਿ ਉਨ੍ਹਾਂ ਨੇ ਬਹੁਤ ਸਾਰੇ ਅਪਰਾਧ ਕੀਤੇ ਹਨ;

ਉਨ੍ਹਾਂ ਨੇ ਵਾਰ-ਵਾਰ ਵਿਸ਼ਵਾਸਘਾਤ ਕੀਤਾ ਹੈ।+

 7 ਤਾਂ ਫਿਰ, ਮੈਂ ਤੈਨੂੰ ਕਿਵੇਂ ਮਾਫ਼ ਕਰ ਦਿਆਂ?

ਤੇਰੇ ਪੁੱਤਰਾਂ ਨੇ ਮੈਨੂੰ ਤਿਆਗ ਦਿੱਤਾ ਹੈ

ਅਤੇ ਉਹ ਉਸ ਈਸ਼ਵਰ ਦੀ ਸਹੁੰ ਖਾਂਦੇ ਹਨ ਜਿਹੜਾ ਹੈ ਹੀ ਨਹੀਂ।+

ਮੈਂ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ,

ਪਰ ਉਹ ਹਰਾਮਕਾਰੀ ਕਰਦੇ ਰਹੇ

ਅਤੇ ਟੋਲੀਆਂ ਬਣਾ ਕੇ ਵੇਸਵਾ ਦੇ ਘਰ ਗਏ।

 8 ਉਹ ਕਾਮ-ਵਾਸ਼ਨਾ ਨਾਲ ਬੇਚੈਨ ਘੋੜਿਆਂ ਵਰਗੇ ਹਨ,

ਹਰ ਕੋਈ ਦੂਜੇ ਦੀ ਘਰਵਾਲੀ ʼਤੇ ਅੱਖ ਰੱਖਦਾ ਹੈ।+

 9 ਯਹੋਵਾਹ ਕਹਿੰਦਾ ਹੈ: “ਕੀ ਮੈਨੂੰ ਉਨ੍ਹਾਂ ਤੋਂ ਇਨ੍ਹਾਂ ਕੰਮਾਂ ਦਾ ਲੇਖਾ ਨਹੀਂ ਲੈਣਾ ਚਾਹੀਦਾ?”

“ਕੀ ਮੈਨੂੰ ਅਜਿਹੀ ਕੌਮ ਤੋਂ ਬਦਲਾ ਨਹੀਂ ਲੈਣਾ ਚਾਹੀਦਾ?”+

10 “ਆਓ ਅਤੇ ਹਮਲਾ ਕਰ ਕੇ ਉਸ ਦੇ ਅੰਗੂਰਾਂ ਦੇ ਬਾਗ਼ ਉਜਾੜ ਦਿਓ,

ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਖ਼ਤਮ ਨਾ ਕਰੋ।+

ਉਸ ਦੀਆਂ ਨਵੀਆਂ ਟਾਹਣੀਆਂ ਛਾਂਗ ਸੁੱਟੋ

ਕਿਉਂਕਿ ਉਹ ਯਹੋਵਾਹ ਦੀਆਂ ਨਹੀਂ ਹਨ।

11 ਇਜ਼ਰਾਈਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨੇ

ਮੇਰੇ ਨਾਲ ਹਰ ਤਰ੍ਹਾਂ ਦਾ ਧੋਖਾ ਕੀਤਾ ਹੈ,” ਯਹੋਵਾਹ ਕਹਿੰਦਾ ਹੈ।+

12 “ਉਨ੍ਹਾਂ ਨੇ ਯਹੋਵਾਹ ਦੀਆਂ ਚੇਤਾਵਨੀਆਂ ਵੱਲ ਧਿਆਨ ਦੇਣ ਤੋਂ ਇਨਕਾਰ ਕੀਤਾ ਅਤੇ ਉਹ ਇਹ ਕਹਿੰਦੇ ਰਹਿੰਦੇ ਹਨ,

‘ਉਹ ਕੁਝ ਨਹੀਂ ਕਰੇਗਾ।*+

ਸਾਡੇ ਉੱਤੇ ਕੋਈ ਬਿਪਤਾ ਨਹੀਂ ਆਵੇਗੀ;

ਸਾਡੇ ਉੱਤੇ ਨਾ ਤਾਂ ਤਲਵਾਰ ਚੱਲੇਗੀ ਅਤੇ ਨਾ ਹੀ ਅਸੀਂ ਭੁੱਖੇ ਮਰਾਂਗੇ।’+

13 ਨਬੀ ਫੋਕੀਆਂ ਗੱਲਾਂ ਕਰਦੇ ਹਨ

ਅਤੇ ਉਨ੍ਹਾਂ ਵਿਚ ਪਰਮੇਸ਼ੁਰ ਦਾ ਬਚਨ ਨਹੀਂ ਹੈ।

ਉਹ ਵੀ ਆਪਣੀਆਂ ਫੋਕੀਆਂ ਗੱਲਾਂ ਵਾਂਗ ਹੋ ਜਾਣ!”

14 ਇਸ ਲਈ ਸੈਨਾਵਾਂ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ:

“ਕਿਉਂਕਿ ਇਹ ਲੋਕ ਇੱਦਾਂ ਕਹਿੰਦੇ ਹਨ,

ਇਸ ਕਰਕੇ ਮੈਂ ਤੇਰੇ ਮੂੰਹ ਵਿਚ ਆਪਣੀਆਂ ਗੱਲਾਂ ਨੂੰ ਅੱਗ ਬਣਾਉਂਦਾ ਹਾਂ+

ਅਤੇ ਇਨ੍ਹਾਂ ਲੋਕਾਂ ਨੂੰ ਲੱਕੜਾਂ ਬਣਾਉਂਦਾ ਹਾਂ

ਇਹ ਅੱਗ ਉਨ੍ਹਾਂ ਨੂੰ ਭਸਮ ਕਰ ਦੇਵੇਗੀ।”+

15 ਯਹੋਵਾਹ ਕਹਿੰਦਾ ਹੈ: “ਹੇ ਇਜ਼ਰਾਈਲ ਦੇ ਘਰਾਣੇ, ਮੈਂ ਤੇਰੇ ਖ਼ਿਲਾਫ਼ ਦੂਰੋਂ ਇਕ ਕੌਮ ਨੂੰ ਲਿਆ ਰਿਹਾ ਹਾਂ।+

ਇਹ ਕੌਮ ਲੰਬੇ ਸਮੇਂ ਤੋਂ ਹੋਂਦ ਵਿਚ ਹੈ।

ਇਹ ਪੁਰਾਣੇ ਸਮਿਆਂ ਤੋਂ ਹੈ,

ਤੂੰ ਇਸ ਦੀ ਭਾਸ਼ਾ ਨਹੀਂ ਜਾਣਦਾ

ਅਤੇ ਇਸ ਦੀ ਬੋਲੀ ਨਹੀਂ ਸਮਝ ਸਕਦਾ।+

16 ਉਨ੍ਹਾਂ ਦੇ ਤਰਕਸ਼* ਖੁੱਲ੍ਹੀ ਕਬਰ ਹਨ;

ਉਹ ਸਾਰੇ ਯੋਧੇ ਹਨ।

17 ਉਹ ਤੇਰੀਆਂ ਫ਼ਸਲਾਂ ਅਤੇ ਤੇਰੀ ਰੋਟੀ ਚੱਟ ਕਰ ਜਾਣਗੇ।+

ਉਹ ਤੇਰੇ ਧੀਆਂ-ਪੁੱਤਰਾਂ ਨੂੰ ਚੱਟ ਕਰ ਜਾਣਗੇ।

ਉਹ ਤੇਰੀਆਂ ਭੇਡਾਂ-ਬੱਕਰੀਆਂ ਅਤੇ ਤੇਰੇ ਗਾਂਵਾਂ-ਬਲਦਾਂ ਨੂੰ ਚੱਟ ਕਰ ਜਾਣਗੇ।

ਉਹ ਤੇਰੇ ਅੰਗੂਰਾਂ ਦੇ ਬਾਗ਼ ਅਤੇ ਤੇਰੇ ਅੰਜੀਰਾਂ ਦੇ ਦਰਖ਼ਤ ਚੱਟ ਕਰ ਜਾਣਗੇ।

ਉਨ੍ਹਾਂ ਦੇ ਹਥਿਆਰ ਤੇਰੇ ਕਿਲੇਬੰਦ ਸ਼ਹਿਰਾਂ ਨੂੰ ਢਾਹ ਦੇਣਗੇ ਜਿਨ੍ਹਾਂ ʼਤੇ ਤੈਨੂੰ ਭਰੋਸਾ ਹੈ।”

18 ਯਹੋਵਾਹ ਕਹਿੰਦਾ ਹੈ: “ਪਰ ਉਨ੍ਹਾਂ ਦਿਨਾਂ ਵਿਚ ਵੀ ਮੈਂ ਤੈਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰਾਂਗਾ।+ 19 ਜਦ ਉਹ ਪੁੱਛਣਗੇ: ‘ਸਾਡੇ ਪਰਮੇਸ਼ੁਰ ਯਹੋਵਾਹ ਨੇ ਸਾਡੇ ਨਾਲ ਇਹ ਸਭ ਕੁਝ ਕਿਉਂ ਕੀਤਾ?’ ਤਾਂ ਤੂੰ ਉਨ੍ਹਾਂ ਨੂੰ ਜਵਾਬ ਦੇਈਂ, ‘ਜਿਵੇਂ ਤੁਸੀਂ ਆਪਣੇ ਦੇਸ਼ ਵਿਚ ਪਰਾਏ ਦੇਵਤੇ ਦੀ ਭਗਤੀ ਕਰਨ ਲਈ ਮੈਨੂੰ ਤਿਆਗ ਦਿੱਤਾ, ਉਸੇ ਤਰ੍ਹਾਂ ਤੁਸੀਂ ਕਿਸੇ ਹੋਰ ਦੇਸ਼ ਵਿਚ ਜੋ ਤੁਹਾਡਾ ਨਹੀਂ ਹੈ, ਪਰਾਏ ਲੋਕਾਂ ਦੀ ਸੇਵਾ ਕਰੋਗੇ।’”+

20 ਯਾਕੂਬ ਦੇ ਘਰਾਣੇ ਵਿਚ ਇਸ ਦਾ ਐਲਾਨ ਕਰੋ

ਅਤੇ ਯਹੂਦਾਹ ਨੂੰ ਇਸ ਬਾਰੇ ਦੱਸੋ:

21 “ਓਏ ਮੂਰਖ ਅਤੇ ਬੇਅਕਲ ਲੋਕੋ,* ਸੁਣੋ:+

ਉਨ੍ਹਾਂ ਦੀਆਂ ਅੱਖਾਂ ਤਾਂ ਹਨ, ਪਰ ਉਹ ਦੇਖ ਨਹੀਂ ਸਕਦੇ;+

ਉਨ੍ਹਾਂ ਦੇ ਕੰਨ ਤਾਂ ਹਨ, ਪਰ ਉਹ ਸੁਣ ਨਹੀਂ ਸਕਦੇ।+

22 ਯਹੋਵਾਹ ਕਹਿੰਦਾ ਹੈ: ‘ਕੀ ਤੁਹਾਨੂੰ ਮੇਰਾ ਡਰ ਨਹੀਂ?

ਕੀ ਤੁਹਾਨੂੰ ਮੇਰੇ ਸਾਮ੍ਹਣੇ ਥਰ-ਥਰ ਨਹੀਂ ਕੰਬਣਾ ਚਾਹੀਦਾ?

ਮੈਂ ਹੀ ਹਾਂ ਜਿਸ ਨੇ ਰੇਤ ਨਾਲ ਸਮੁੰਦਰ ਦੀ ਹੱਦ ਬੰਨ੍ਹੀ ਹੈ।

ਜਿਸ ਨੇ ਉਸ ਨੂੰ ਪੱਕਾ ਫ਼ਰਮਾਨ ਦਿੱਤਾ ਹੈ ਕਿ ਉਹ ਆਪਣੀ ਹੱਦ ਪਾਰ ਨਾ ਕਰੇ।

ਭਾਵੇਂ ਉਸ ਦੀਆਂ ਲਹਿਰਾਂ ਉੱਛਲ਼ਦੀਆਂ ਹਨ, ਪਰ ਉਹ ਜਿੱਤ ਨਹੀਂ ਸਕਦੀਆਂ;

ਭਾਵੇਂ ਉਹ ਗਰਜਦੀਆਂ ਹਨ, ਫਿਰ ਵੀ ਆਪਣੀ ਹੱਦ ਪਾਰ ਨਹੀਂ ਕਰ ਸਕਦੀਆਂ।+

23 ਪਰ ਇਨ੍ਹਾਂ ਲੋਕਾਂ ਦੇ ਦਿਲ ਜ਼ਿੱਦੀ ਤੇ ਬਾਗ਼ੀ ਹਨ;

ਉਹ ਮੇਰੇ ਰਾਹ ਨੂੰ ਛੱਡ ਕੇ ਆਪਣੇ ਰਾਹ ਤੁਰ ਪਏ ਹਨ।+

24 ਉਹ ਆਪਣੇ ਦਿਲ ਵਿਚ ਇਹ ਨਹੀਂ ਕਹਿੰਦੇ:

“ਆਓ ਆਪਾਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਮੰਨੀਏ,

ਜਿਹੜਾ ਰੁੱਤ ਸਿਰ ਮੀਂਹ ਵਰ੍ਹਾਉਂਦਾ ਹੈ,

ਪਤਝੜ ਤੇ ਬਸੰਤ ਦੋਵਾਂ ਰੁੱਤਾਂ ਵਿਚ,

ਜਿਹੜਾ ਸਾਡੇ ਲਈ ਵਾਢੀ ਦੇ ਮਿਥੇ ਹੋਏ ਹਫ਼ਤਿਆਂ ਦੀ ਰਾਖੀ ਕਰਦਾ ਹੈ।”+

25 ਤੁਹਾਡੀਆਂ ਗ਼ਲਤੀਆਂ ਕਾਰਨ ਇਹ ਚੀਜ਼ਾਂ ਰੁਕ ਗਈਆਂ ਹਨ;

ਤੁਹਾਡੇ ਪਾਪਾਂ ਕਰਕੇ ਤੁਹਾਨੂੰ ਵਧੀਆ ਚੀਜ਼ਾਂ ਨਹੀਂ ਮਿਲਦੀਆਂ।+

26 ਮੇਰੇ ਲੋਕਾਂ ਵਿਚ ਦੁਸ਼ਟ ਲੋਕ ਹਨ।

ਉਹ ਚਿੜੀਮਾਰ ਵਾਂਗ ਘਾਤ ਲਾ ਕੇ ਸ਼ਿਕਾਰ ਦੀ ਤਾਕ ਵਿਚ ਰਹਿੰਦੇ ਹਨ।

ਉਹ ਜਾਨਲੇਵਾ ਫੰਦੇ ਵਿਛਾਉਂਦੇ ਹਨ।

ਉਹ ਆਦਮੀਆਂ ਦਾ ਸ਼ਿਕਾਰ ਕਰਦੇ ਹਨ।

27 ਜਿਵੇਂ ਪਿੰਜਰਾ ਪੰਛੀਆਂ ਨਾਲ ਭਰਿਆ ਹੁੰਦਾ ਹੈ,

ਉਸੇ ਤਰ੍ਹਾਂ ਉਨ੍ਹਾਂ ਦੇ ਘਰ ਧੋਖਾਧੜੀ ਨਾਲ ਭਰੇ ਹੋਏ ਹਨ।+

ਇਸੇ ਕਰਕੇ ਉਹ ਤਾਕਤਵਰ ਤੇ ਅਮੀਰ ਬਣ ਗਏ ਹਨ।

28 ਉਹ ਮੋਟੇ ਹੋ ਗਏ ਹਨ ਅਤੇ ਉਨ੍ਹਾਂ ਦੀ ਚਮੜੀ ਮੁਲਾਇਮ ਹੋ ਗਈ ਹੈ;

ਉਹ ਬੁਰਾਈ ਨਾਲ ਨੱਕੋ-ਨੱਕ ਭਰੇ ਹੋਏ ਹਨ।

ਉਹ ਯਤੀਮ ਨਾਲ ਇਨਸਾਫ਼ ਨਹੀਂ ਕਰਦੇ+

ਤਾਂਕਿ ਉਹ ਆਪ ਵਧ-ਫੁੱਲ ਸਕਣ;

ਉਹ ਗ਼ਰੀਬ ਦਾ ਨਿਆਂ ਕਰਨ ਤੋਂ ਇਨਕਾਰ ਕਰਦੇ ਹਨ।’”+

29 ਯਹੋਵਾਹ ਕਹਿੰਦਾ ਹੈ: “ਕੀ ਮੈਨੂੰ ਉਨ੍ਹਾਂ ਤੋਂ ਇਨ੍ਹਾਂ ਕੰਮਾਂ ਦਾ ਲੇਖਾ ਨਹੀਂ ਲੈਣਾ ਚਾਹੀਦਾ?”

“ਕੀ ਮੈਨੂੰ ਅਜਿਹੀ ਕੌਮ ਤੋਂ ਬਦਲਾ ਨਹੀਂ ਲੈਣਾ ਚਾਹੀਦਾ?

30 ਦੇਸ਼ ਵਿਚ ਇਹ ਘਿਣਾਉਣੀ ਤੇ ਭਿਆਨਕ ਗੱਲ ਵਾਪਰੀ ਹੈ:

31 ਨਬੀ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ+

ਅਤੇ ਪੁਜਾਰੀ ਆਪਣਾ ਹੁਕਮ ਚਲਾ ਕੇ ਦੂਜਿਆਂ ਨੂੰ ਦਬਾਉਂਦੇ ਹਨ।

ਮੇਰੇ ਆਪਣੇ ਲੋਕਾਂ ਨੂੰ ਇੱਦਾਂ ਹੀ ਪਸੰਦ ਹੈ।+

ਪਰ ਜਦੋਂ ਅੰਤ ਆਵੇਗਾ, ਤਾਂ ਤੁਸੀਂ ਕੀ ਕਰੋਗੇ?”

6 ਹੇ ਬਿਨਯਾਮੀਨ ਦੇ ਪੁੱਤਰੋ, ਯਰੂਸ਼ਲਮ ਤੋਂ ਦੂਰ ਕਿਸੇ ਜਗ੍ਹਾ ਪਨਾਹ ਲਓ।

ਤਕੋਆ+ ਵਿਚ ਨਰਸਿੰਗਾ ਵਜਾਓ,+

ਬੈਤ-ਹਕਰਮ ਵਿਚ ਅੱਗ ਬਾਲ਼ ਕੇ ਇਸ਼ਾਰਾ ਦਿਓ!

ਕਿਉਂਕਿ ਉੱਤਰ ਵੱਲੋਂ ਬਿਪਤਾ, ਹਾਂ, ਵੱਡੀ ਤਬਾਹੀ ਆ ਰਹੀ ਹੈ।+

 2 ਸੀਓਨ ਦੀ ਧੀ ਇਕ ਖ਼ੂਬਸੂਰਤ ਤੇ ਨਾਜ਼ੁਕ ਔਰਤ ਵਰਗੀ ਹੈ।+

 3 ਚਰਵਾਹੇ ਆਪਣੇ ਇੱਜੜ ਲੈ ਕੇ ਆਉਣਗੇ।

ਉਹ ਉਸ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣਗੇ,+

ਹਰ ਚਰਵਾਹਾ ਆਪਣੇ ਇੱਜੜ ਨੂੰ ਚਾਰੇਗਾ।+

 4 “ਉਸ ਦੇ ਖ਼ਿਲਾਫ਼ ਯੁੱਧ ਦੀ ਤਿਆਰੀ ਕਰੋ!

ਉੱਠੋ! ਆਓ ਆਪਾਂ ਉਸ ʼਤੇ ਦੁਪਹਿਰ ਵੇਲੇ ਹਮਲਾ ਕਰੀਏ।”

“ਹਾਇ! ਦਿਨ ਢਲ਼ਦਾ ਜਾ ਰਿਹਾ ਹੈ

ਸ਼ਾਮ ਦੇ ਪਰਛਾਵੇਂ ਲੰਬੇ ਹੁੰਦੇ ਜਾ ਰਹੇ ਹਨ!”

 5 “ਉੱਠੋ! ਆਓ ਆਪਾਂ ਰਾਤ ਨੂੰ ਹਮਲਾ ਕਰੀਏ

ਅਤੇ ਉਸ ਦੇ ਮਜ਼ਬੂਤ ਬੁਰਜਾਂ ਨੂੰ ਤਬਾਹ ਕਰ ਦੇਈਏ।”+

 6 ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ:

“ਦਰਖ਼ਤਾਂ ਨੂੰ ਵੱਢੋ ਅਤੇ ਯਰੂਸ਼ਲਮ ʼਤੇ ਹਮਲਾ ਕਰਨ ਲਈ ਟਿੱਲਾ ਬਣਾਓ।+

ਇਸ ਸ਼ਹਿਰ ਤੋਂ ਲੇਖਾ ਜ਼ਰੂਰ ਲਿਆ ਜਾਣਾ ਚਾਹੀਦਾ ਹੈ;

ਇੱਥੇ ਜ਼ੁਲਮ ਤੋਂ ਸਿਵਾਇ ਹੋਰ ਕੁਝ ਨਹੀਂ ਹੁੰਦਾ।+

 7 ਜਿਵੇਂ ਚੁਬੱਚਾ ਪਾਣੀ ਨੂੰ ਤਾਜ਼ਾ* ਰੱਖਦਾ ਹੈ

ਉਸੇ ਤਰ੍ਹਾਂ ਉਹ ਆਪਣੀ ਦੁਸ਼ਟਤਾ ਨੂੰ ਤਾਜ਼ਾ* ਰੱਖਦਾ ਹੈ।

ਉਸ ਵਿਚ ਹਿੰਸਾ ਅਤੇ ਤਬਾਹੀ ਦਾ ਰੌਲ਼ਾ ਸੁਣਾਈ ਦਿੰਦਾ ਹੈ,+

ਮੇਰੀਆਂ ਨਜ਼ਰਾਂ ਸਾਮ੍ਹਣੇ ਬੱਸ ਬੀਮਾਰੀ ਤੇ ਕਹਿਰ ਹੀ ਹੈ।

 8 ਹੇ ਯਰੂਸ਼ਲਮ, ਚੇਤਾਵਨੀ ਵੱਲ ਧਿਆਨ ਦੇ,

ਨਹੀਂ ਤਾਂ ਮੈਂ ਤੇਰੇ ਨਾਲ ਘਿਣ ਕਰਾਂਗਾ ਤੇ ਤੇਰੇ ਤੋਂ ਮੂੰਹ ਮੋੜ ਲਵਾਂਗਾ;+

ਮੈਂ ਤੈਨੂੰ ਉਜਾੜ ਦਿਆਂਗਾ ਅਤੇ ਤੇਰੇ ਵਿਚ ਕੋਈ ਨਹੀਂ ਰਹੇਗਾ।”+

 9 ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ:

“ਉਹ ਇਜ਼ਰਾਈਲ ਦੇ ਬਚੇ ਹੋਏ ਲੋਕਾਂ ਨੂੰ ਚੁਗ ਲੈਣਗੇ,

ਜਿਵੇਂ ਵੇਲ ਤੋਂ ਬਾਕੀ ਬਚੇ-ਖੁਚੇ ਅੰਗੂਰ ਚੁਗ ਲਏ ਜਾਂਦੇ ਹਨ।

ਅੰਗੂਰ ਚੁਗਣ ਵਾਲਿਆਂ ਵਾਂਗ ਤੂੰ ਆਪਣਾ ਹੱਥ ਦੁਬਾਰਾ ਟਾਹਣੀਆਂ ʼਤੇ ਫੇਰ।”

10 “ਮੈਂ ਕਿਸ ਨਾਲ ਗੱਲ ਕਰਾਂ ਅਤੇ ਕਿਸ ਨੂੰ ਚੇਤਾਵਨੀ ਦੇਵਾਂ?

ਕੌਣ ਮੇਰੀ ਸੁਣੇਗਾ?

ਦੇਖ, ਉਨ੍ਹਾਂ ਦੇ ਕੰਨ ਬੰਦ ਹਨ,* ਇਸ ਲਈ ਉਹ ਧਿਆਨ ਨਹੀਂ ਦੇ ਸਕਦੇ।+

ਦੇਖ, ਉਹ ਯਹੋਵਾਹ ਦੇ ਬਚਨ ਨੂੰ ਤੁੱਛ ਸਮਝਦੇ ਹਨ;+

ਉਨ੍ਹਾਂ ਨੂੰ ਉਸ ਦੇ ਬਚਨ ਤੋਂ ਖ਼ੁਸ਼ੀ ਨਹੀਂ ਮਿਲਦੀ।

11 ਇਸ ਲਈ ਮੇਰੇ ਅੰਦਰ ਯਹੋਵਾਹ ਦਾ ਗੁੱਸਾ ਭਰਿਆ ਹੋਇਆ ਹੈ,

ਮੈਂ ਇਸ ਨੂੰ ਆਪਣੇ ਅੰਦਰ ਦਬਾ ਕੇ ਥੱਕ ਗਿਆ ਹਾਂ।”+

“ਤੂੰ ਮੇਰੇ ਕ੍ਰੋਧ ਦਾ ਪਿਆਲਾ ਗਲੀ ਵਿਚ ਬੱਚਿਆਂ ਉੱਤੇ ਡੋਲ੍ਹ ਦੇ,+

ਜਵਾਨਾਂ ਦੀਆਂ ਟੋਲੀਆਂ ਉੱਤੇ ਡੋਲ੍ਹ ਦੇ।

ਉਨ੍ਹਾਂ ਸਾਰਿਆਂ ਨੂੰ ਬੰਦੀ ਬਣਾ ਲਿਆ ਜਾਵੇਗਾ, ਆਦਮੀ ਨੂੰ ਉਸ ਦੀ ਪਤਨੀ ਸਣੇ,

ਨਾਲੇ ਬੁੱਢਿਆਂ ਅਤੇ ਉਨ੍ਹਾਂ ਤੋਂ ਵੀ ਵੱਡੀ ਉਮਰ ਵਾਲਿਆਂ ਨੂੰ।+

12 ਉਨ੍ਹਾਂ ਦੇ ਘਰ ਦੂਜਿਆਂ ਦੇ ਹਵਾਲੇ ਕੀਤੇ ਜਾਣਗੇ,

ਨਾਲੇ ਉਨ੍ਹਾਂ ਦੇ ਖੇਤ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ+

ਕਿਉਂਕਿ ਮੈਂ ਆਪਣਾ ਹੱਥ ਦੇਸ਼ ਦੇ ਵਾਸੀਆਂ ਦੇ ਖ਼ਿਲਾਫ਼ ਚੁੱਕਾਂਗਾ,” ਯਹੋਵਾਹ ਕਹਿੰਦਾ ਹੈ।

13 “ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰੇ ਬੇਈਮਾਨੀ ਦੀ ਕਮਾਈ ਖਾਂਦੇ ਹਨ;+

ਨਬੀਆਂ ਤੋਂ ਲੈ ਕੇ ਪੁਜਾਰੀਆਂ ਤਕ ਸਾਰੇ ਧੋਖਾਧੜੀ ਕਰਦੇ ਹਨ।+

14 ਉਹ ਇਹ ਕਹਿ ਕੇ ਮੇਰੇ ਲੋਕਾਂ ਦੇ ਜ਼ਖ਼ਮਾਂ* ਦਾ ਇਲਾਜ ਉੱਪਰੋਂ-ਉੱਪਰੋਂ ਕਰਦੇ ਹਨ:

‘ਸ਼ਾਂਤੀ ਹੈ ਬਈ ਸ਼ਾਂਤੀ!

ਜਦ ਕਿ ਸ਼ਾਂਤੀ ਹੈ ਨਹੀਂ।+

15 ਕੀ ਉਨ੍ਹਾਂ ਨੂੰ ਆਪਣੇ ਘਿਣਾਉਣੇ ਕੰਮਾਂ ʼਤੇ ਸ਼ਰਮ ਹੈ?

ਉਨ੍ਹਾਂ ਨੂੰ ਜ਼ਰਾ ਵੀ ਸ਼ਰਮ ਨਹੀਂ।

ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਸ਼ਰਮ ਹੁੰਦੀ ਕੀ ਹੈ।+

ਇਸ ਲਈ ਹੋਰ ਲੋਕਾਂ ਵਾਂਗ ਉਹ ਵੀ ਡਿਗਣਗੇ।

ਜਦ ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ, ਤਾਂ ਉਹ ਠੋਕਰ ਖਾਣਗੇ,” ਯਹੋਵਾਹ ਕਹਿੰਦਾ ਹੈ।

16 ਯਹੋਵਾਹ ਕਹਿੰਦਾ ਹੈ:

“ਚੁਰਾਹਿਆਂ ਵਿਚ ਖੜ੍ਹੇ ਹੋ ਕੇ ਦੇਖੋ।

ਪੁਰਾਣੇ ਰਸਤਿਆਂ ਬਾਰੇ ਪੁੱਛੋ,

ਪੁੱਛੋ ਕਿ ਸਹੀ ਰਾਹ ਕਿਹੜਾ ਹੈ ਅਤੇ ਉਸ ʼਤੇ ਚੱਲੋ+

ਤਾਂਕਿ ਤੁਹਾਨੂੰ ਆਰਾਮ ਮਿਲੇ।”

ਪਰ ਉਹ ਕਹਿੰਦੇ ਹਨ: “ਅਸੀਂ ਉਸ ਰਾਹ ʼਤੇ ਨਹੀਂ ਚੱਲਾਂਗੇ।”+

17 “ਮੈਂ ਪਹਿਰੇਦਾਰ ਖੜ੍ਹੇ ਕੀਤੇ+ ਜਿਨ੍ਹਾਂ ਨੇ ਕਿਹਾ,

‘ਨਰਸਿੰਗੇ ਦੀ ਆਵਾਜ਼ ਵੱਲ ਧਿਆਨ ਦਿਓ!’”+

ਪਰ ਉਨ੍ਹਾਂ ਨੇ ਕਿਹਾ: “ਅਸੀਂ ਨਹੀਂ ਧਿਆਨ ਦੇਣਾ।”+

18 “ਇਸ ਲਈ ਹੇ ਕੌਮਾਂ ਦੇ ਲੋਕੋ, ਸੁਣੋ!

ਹੇ ਲੋਕੋ, ਜਾਣ ਲਓ ਕਿ ਉਨ੍ਹਾਂ ਨਾਲ ਕੀ ਹੋਵੇਗਾ।

19 ਹੇ ਧਰਤੀ ਦੇ ਵਾਸੀਓ, ਸੁਣੋ!

ਇਨ੍ਹਾਂ ਲੋਕਾਂ ਦੀਆਂ ਆਪਣੀਆਂ ਜੁਗਤਾਂ ਕਰਕੇ

ਮੈਂ ਇਨ੍ਹਾਂ ʼਤੇ ਬਿਪਤਾ ਲਿਆ ਰਿਹਾ ਹਾਂ+

ਕਿਉਂਕਿ ਇਨ੍ਹਾਂ ਨੇ ਮੇਰੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ

ਅਤੇ ਮੇਰੇ ਕਾਨੂੰਨ* ਨੂੰ ਠੁਕਰਾ ਦਿੱਤਾ।”

20 “ਤੁਸੀਂ ਸ਼ਬਾ ਤੋਂ ਜੋ ਲੋਬਾਨ ਲਿਆਉਂਦੇ ਹੋ

ਅਤੇ ਦੂਰ ਦੇਸ਼ ਤੋਂ ਜੋ ਸੁਗੰਧਿਤ ਕੁਸਾ* ਲਿਆਉਂਦੇ ਹੋ,

ਮੈਂ ਉਨ੍ਹਾਂ ਤੋਂ ਕੀ ਲੈਣਾ?

ਮੈਨੂੰ ਤੁਹਾਡੀਆਂ ਹੋਮ-ਬਲ਼ੀਆਂ ਕਬੂਲ ਨਹੀਂ ਹਨ

ਅਤੇ ਨਾ ਹੀ ਤੁਹਾਡੀਆਂ ਬਲ਼ੀਆਂ ਤੋਂ ਮੈਨੂੰ ਕੋਈ ਖ਼ੁਸ਼ੀ ਹੁੰਦੀ ਹੈ।”+

21 ਇਸ ਲਈ ਯਹੋਵਾਹ ਕਹਿੰਦਾ ਹੈ:

“ਮੈਂ ਇਨ੍ਹਾਂ ਲੋਕਾਂ ਦੇ ਰਾਹ ਵਿਚ ਠੋਕਰ ਦੇ ਪੱਥਰ ਰੱਖਾਂਗਾ,

ਉਹ ਇਨ੍ਹਾਂ ਨਾਲ ਠੇਡਾ ਖਾ ਕੇ ਡਿਗਣਗੇ,

ਪਿਤਾ ਤੇ ਪੁੱਤਰ, ਗੁਆਂਢੀ ਅਤੇ ਉਸ ਦਾ ਸਾਥੀ

ਸਾਰੇ ਜਣੇ ਠੋਕਰ ਖਾਣਗੇ ਅਤੇ ਨਾਸ਼ ਹੋ ਜਾਣਗੇ।”+

22 ਯਹੋਵਾਹ ਕਹਿੰਦਾ ਹੈ:

“ਦੇਖੋ, ਉੱਤਰ ਦੇਸ਼ ਤੋਂ ਇਕ ਕੌਮ ਆ ਰਹੀ ਹੈ,

ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਇਕ ਵੱਡੀ ਕੌਮ ਨੂੰ ਜਗਾਇਆ ਜਾਵੇਗਾ।+

23 ਉਨ੍ਹਾਂ ਦੇ ਹੱਥਾਂ ਵਿਚ ਤੀਰ-ਕਮਾਨ ਤੇ ਨੇਜ਼ੇ ਹੋਣਗੇ।

ਉਹ ਬੇਰਹਿਮ ਹਨ ਅਤੇ ਕਿਸੇ ʼਤੇ ਤਰਸ ਨਹੀਂ ਖਾਣਗੇ।

ਉਨ੍ਹਾਂ ਦੀ ਆਵਾਜ਼ ਸਮੁੰਦਰ ਵਾਂਗ ਗੱਜੇਗੀ,

ਉਹ ਘੋੜਿਆਂ ʼਤੇ ਸਵਾਰ ਹੋ ਕੇ ਆਉਣਗੇ।+

ਹੇ ਸੀਓਨ ਦੀਏ ਧੀਏ, ਉਹ ਦਲ ਬਣਾ ਕੇ ਆਉਣਗੇ

ਅਤੇ ਇਕ ਯੋਧੇ ਵਾਂਗ ਤੇਰੇ ʼਤੇ ਹਮਲਾ ਕਰਨਗੇ।”

24 ਅਸੀਂ ਇਸ ਬਾਰੇ ਖ਼ਬਰ ਸੁਣੀ ਹੈ।

ਸਾਡੇ ਹੱਥ ਢਿੱਲੇ ਪੈ ਗਏ ਹਨ;+

ਡਰ ਨੇ ਸਾਨੂੰ ਜਕੜ ਲਿਆ ਹੈ,

ਬੱਚਾ ਜਣਨ ਵਾਲੀ ਔਰਤ ਵਾਂਗ ਅਸੀਂ ਕਸ਼ਟ* ਵਿਚ ਹਾਂ।+

25 ਖੇਤਾਂ ਵਿਚ ਨਾ ਜਾਓ,

ਸੜਕਾਂ ʼਤੇ ਨਾ ਤੁਰੋ

ਕਿਉਂਕਿ ਦੁਸ਼ਮਣ ਦੇ ਹੱਥ ਵਿਚ ਤਲਵਾਰ ਹੈ;

ਸਾਰੇ ਪਾਸੇ ਖ਼ੌਫ਼ ਹੀ ਖ਼ੌਫ਼ ਹੈ।

26 ਮੇਰੇ ਲੋਕਾਂ ਦੀਏ ਧੀਏ,

ਤੱਪੜ ਪਾ+ ਅਤੇ ਸੁਆਹ ਵਿਚ ਬੈਠ।

ਤੂੰ ਧਾਹਾਂ ਮਾਰ-ਮਾਰ ਕੇ ਰੋ ਤੇ ਮਾਤਮ ਮਨਾ,

ਜਿਵੇਂ ਕੋਈ ਇਕਲੌਤੇ ਪੁੱਤਰ ਦੀ ਮੌਤ ʼਤੇ ਮਨਾਉਂਦਾ ਹੈ+

ਕਿਉਂਕਿ ਨਾਸ਼ ਕਰਨ ਵਾਲਾ ਅਚਾਨਕ ਸਾਡੇ ʼਤੇ ਟੁੱਟ ਪਵੇਗਾ।+

27 “ਮੈਂ ਤੈਨੂੰ* ਆਪਣੇ ਲੋਕਾਂ ਵਿਚ ਧਾਤ ਨੂੰ ਸ਼ੁੱਧ ਕਰਨ ਵਾਲਾ ਠਹਿਰਾਇਆ ਹੈ

ਜੋ ਚੰਗੀ ਤਰ੍ਹਾਂ ਜਾਂਚ-ਪਰਖ ਕਰਦਾ ਹੈ;

ਤੂੰ ਉਨ੍ਹਾਂ ਦੇ ਰਵੱਈਏ ਵੱਲ ਧਿਆਨ ਦੇ ਅਤੇ ਇਸ ਦੀ ਜਾਂਚ ਕਰ।

28 ਉਹ ਸਾਰੇ ਬੇਹੱਦ ਢੀਠ ਹਨ,+

ਉਹ ਦੂਜਿਆਂ ਨੂੰ ਬਦਨਾਮ ਕਰਦੇ ਫਿਰਦੇ ਹਨ।+

ਉਨ੍ਹਾਂ ਦੇ ਦਿਲ ਤਾਂਬੇ ਤੇ ਲੋਹੇ ਵਾਂਗ ਸਖ਼ਤ ਹਨ;

ਉਹ ਸਾਰੇ ਭ੍ਰਿਸ਼ਟ ਹਨ।

29 ਧੌਂਕਣੀਆਂ ਸੜ ਗਈਆਂ ਹਨ।

ਅੱਗ ਵਿੱਚੋਂ ਸਿਰਫ਼ ਸਿੱਕਾ ਨਿਕਲਦਾ ਹੈ।

ਧਾਤ ਨੂੰ ਸ਼ੁੱਧ ਕਰਨ ਵਾਲਾ ਪੂਰਾ ਜ਼ੋਰ ਲਾਉਂਦਾ ਹੈ,

ਪਰ ਉਸ ਦੀ ਮਿਹਨਤ ਬੇਕਾਰ ਜਾਂਦੀ ਹੈ+

ਅਤੇ ਜਿਹੜੇ ਬੁਰੇ ਹਨ, ਉਨ੍ਹਾਂ ਨੂੰ ਅਲੱਗ ਨਹੀਂ ਕੀਤਾ ਗਿਆ।+

30 ਲੋਕ ਉਨ੍ਹਾਂ ਨੂੰ ਜ਼ਰੂਰ ਖੋਟੀ ਚਾਂਦੀ ਕਹਿ ਕੇ ਠੁਕਰਾਉਣਗੇ

ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਠੁਕਰਾ ਦਿੱਤਾ ਹੈ।”+

7 ਯਹੋਵਾਹ ਦਾ ਇਹ ਸੰਦੇਸ਼ ਯਿਰਮਿਯਾਹ ਨੂੰ ਮਿਲਿਆ: 2 “ਯਹੋਵਾਹ ਦੇ ਘਰ ਦੇ ਦਰਵਾਜ਼ੇ ਕੋਲ ਖੜ੍ਹਾ ਹੋ ਅਤੇ ਇਹ ਸੰਦੇਸ਼ ਦੇ, ‘ਹੇ ਯਹੂਦਾਹ ਦੇ ਸਾਰੇ ਲੋਕੋ, ਤੁਸੀਂ ਜਿਹੜੇ ਇਨ੍ਹਾਂ ਦਰਵਾਜ਼ਿਆਂ ਰਾਹੀਂ ਅੰਦਰ ਜਾ ਕੇ ਯਹੋਵਾਹ ਨੂੰ ਮੱਥਾ ਟੇਕਦੇ ਹੋ, ਯਹੋਵਾਹ ਦਾ ਇਹ ਸੰਦੇਸ਼ ਸੁਣੋ। 3 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਆਪਣੇ ਰਵੱਈਏ ਅਤੇ ਕੰਮਾਂ ਨੂੰ ਸੁਧਾਰੋ ਅਤੇ ਮੈਂ ਤੁਹਾਨੂੰ ਇਸ ਦੇਸ਼ ਵਿਚ ਰਹਿਣ ਦਿਆਂਗਾ।+ 4 ਤੁਸੀਂ ਧੋਖਾ ਦੇਣ ਵਾਲੀਆਂ ਗੱਲਾਂ ʼਤੇ ਭਰੋਸਾ ਨਾ ਕਰੋ ਅਤੇ ਇਹ ਨਾ ਕਹੋ, ‘ਇਹ ਯਹੋਵਾਹ ਦਾ ਮੰਦਰ ਹੈ, ਯਹੋਵਾਹ ਦਾ ਮੰਦਰ, ਯਹੋਵਾਹ ਦਾ ਮੰਦਰ!’+ 5 ਜੇ ਤੁਸੀਂ ਸੱਚ-ਮੁੱਚ ਆਪਣੇ ਰਵੱਈਏ ਅਤੇ ਕੰਮਾਂ ਨੂੰ ਸੁਧਾਰੋ; ਜੇ ਤੁਸੀਂ ਦੋ ਜਣਿਆਂ ਦੇ ਮਸਲੇ ਵਿਚ ਸਹੀ ਨਿਆਂ ਕਰੋ;+ 6 ਜੇ ਤੁਸੀਂ ਪਰਦੇਸੀਆਂ, ਯਤੀਮਾਂ* ਤੇ ਵਿਧਵਾਵਾਂ ʼਤੇ ਜ਼ੁਲਮ ਨਾ ਢਾਹੋ,+ ਜੇ ਤੁਸੀਂ ਇਸ ਦੇਸ਼ ਵਿਚ ਬੇਕਸੂਰ ਲੋਕਾਂ ਦਾ ਖ਼ੂਨ ਨਾ ਵਹਾਓ, ਜੇ ਤੁਸੀਂ ਦੂਜੇ ਦੇਵਤਿਆਂ ਦੇ ਮਗਰ ਨਾ ਲੱਗੋ ਜਿਸ ਨਾਲ ਤੁਹਾਡਾ ਆਪਣਾ ਨੁਕਸਾਨ ਹੋਵੇਗਾ,+ 7 ਤਾਂ ਮੈਂ ਤੁਹਾਨੂੰ ਇਸ ਦੇਸ਼ ਵਿਚ ਰਹਿਣ ਦਿਆਂਗਾ ਜੋ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਹਮੇਸ਼ਾ ਲਈ ਦਿੱਤਾ ਸੀ।”’”

8 “ਪਰ ਤੁਸੀਂ ਧੋਖਾ ਦੇਣ ਵਾਲੀਆਂ ਗੱਲਾਂ ʼਤੇ ਭਰੋਸਾ ਕਰਦੇ ਹੋ+ ਜਿਸ ਦਾ ਤੁਹਾਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ। 9 ਇਕ ਪਾਸੇ ਤਾਂ ਤੁਸੀਂ ਚੋਰੀਆਂ ਕਰਦੇ ਹੋ,+ ਕਤਲ ਕਰਦੇ ਹੋ, ਹਰਾਮਕਾਰੀ ਕਰਦੇ ਹੋ, ਝੂਠੀਆਂ ਸਹੁੰਆਂ ਖਾਂਦੇ ਹੋ,+ ਬਆਲ ਦੇਵਤੇ ਨੂੰ ਬਲ਼ੀਆਂ ਚੜ੍ਹਾਉਂਦੇ ਹੋ+ ਅਤੇ ਉਨ੍ਹਾਂ ਦੇਵਤਿਆਂ ਦੇ ਪਿੱਛੇ ਜਾਂਦੇ ਹੋ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਸੀ, 10 ਦੂਜੇ ਪਾਸੇ, ਤੁਸੀਂ ਇਸ ਘਰ ਵਿਚ ਜਿਸ ਨਾਲ ਮੇਰਾ ਨਾਂ ਜੁੜਿਆ ਹੈ, ਮੇਰੇ ਸਾਮ੍ਹਣੇ ਖੜ੍ਹੇ ਹੋ ਕੇ ਇਹ ਕਹਿੰਦੇ ਹੋ, ‘ਅਸੀਂ ਬਚ ਜਾਵਾਂਗੇ।’ ਤੁਹਾਨੂੰ ਕੀ ਲੱਗਦਾ ਕਿ ਇਹ ਸਾਰੇ ਘਿਣਾਉਣੇ ਕੰਮ ਕਰ ਕੇ ਤੁਸੀਂ ਬਚ ਸਕਦੇ ਹੋ? 11 ਕੀ ਮੇਰਾ ਘਰ ਜਿਸ ਨਾਲ ਮੇਰਾ ਨਾਂ ਜੁੜਿਆ ਹੈ, ਤੁਹਾਡੀਆਂ ਨਜ਼ਰਾਂ ਵਿਚ ਲੁਟੇਰਿਆਂ ਦਾ ਅੱਡਾ ਬਣ ਗਿਆ ਹੈ?+ ਮੈਂ ਆਪਣੀ ਅੱਖੀਂ ਇਹ ਸਭ ਦੇਖਿਆ ਹੈ,” ਯਹੋਵਾਹ ਕਹਿੰਦਾ ਹੈ।

12 “‘ਪਰ ਤੁਸੀਂ ਸ਼ੀਲੋਹ ਵਿਚ ਜਾ ਕੇ ਮੇਰੀ ਉਹ ਜਗ੍ਹਾ ਦੇਖੋ+ ਜਿਸ ਨੂੰ ਪਹਿਲਾਂ ਮੈਂ ਆਪਣੇ ਨਾਂ ਦੀ ਮਹਿਮਾ ਲਈ ਚੁਣਿਆ ਸੀ+ ਅਤੇ ਧਿਆਨ ਦਿਓ ਕਿ ਮੈਂ ਆਪਣੀ ਪਰਜਾ ਇਜ਼ਰਾਈਲ ਦੇ ਬੁਰੇ ਕੰਮਾਂ ਕਰਕੇ ਉਸ ਜਗ੍ਹਾ ਨਾਲ ਕੀ ਕੀਤਾ ਸੀ।’+ 13 ਯਹੋਵਾਹ ਕਹਿੰਦਾ ਹੈ, ‘ਪਰ ਤੁਸੀਂ ਇਹ ਸਭ ਬੁਰੇ ਕੰਮ ਕਰਦੇ ਰਹੇ। ਭਾਵੇਂ ਮੈਂ ਤੁਹਾਨੂੰ ਵਾਰ-ਵਾਰ* ਸਮਝਾਉਂਦਾ ਰਿਹਾ, ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ।+ ਮੈਂ ਤੁਹਾਨੂੰ ਬੁਲਾਉਂਦਾ ਰਿਹਾ, ਪਰ ਤੁਸੀਂ ਮੈਨੂੰ ਕੋਈ ਜਵਾਬ ਨਹੀਂ ਦਿੱਤਾ।+ 14 ਇਸ ਲਈ ਜੋ ਕੁਝ ਮੈਂ ਸ਼ੀਲੋਹ ਨਾਲ ਕੀਤਾ, ਉਹੀ ਸਭ ਕੁਝ ਮੈਂ ਇਸ ਘਰ ਨਾਲ ਕਰਾਂਗਾ ਜਿਸ ਨਾਲ ਮੇਰਾ ਨਾਂ ਜੁੜਿਆ ਹੈ+ ਅਤੇ ਜਿਸ ʼਤੇ ਤੁਸੀਂ ਭਰੋਸਾ ਕਰਦੇ ਹੋ।+ ਮੈਂ ਤੁਹਾਨੂੰ ਅਤੇ ਤੁਹਾਡੇ ਪਿਉ-ਦਾਦਿਆਂ ਨੂੰ ਜੋ ਦੇਸ਼ ਦਿੱਤਾ ਹੈ, ਉਸ ਨਾਲ ਵੀ ਮੈਂ ਇਸੇ ਤਰ੍ਹਾਂ ਕਰਾਂਗਾ।+ 15 ਮੈਂ ਤੁਹਾਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿਆਂਗਾ, ਠੀਕ ਜਿਵੇਂ ਮੈਂ ਤੁਹਾਡੇ ਸਾਰੇ ਭਰਾਵਾਂ ਨੂੰ ਯਾਨੀ ਇਫ਼ਰਾਈਮ ਦੀ ਸਾਰੀ ਔਲਾਦ ਨੂੰ ਦੂਰ ਕਰ ਦਿੱਤਾ ਸੀ।’+

16 “ਤੂੰ ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰ। ਤੂੰ ਇਨ੍ਹਾਂ ਦੀ ਖ਼ਾਤਰ ਫ਼ਰਿਆਦ ਜਾਂ ਪ੍ਰਾਰਥਨਾ ਨਾ ਕਰ ਜਾਂ ਮੇਰੇ ਸਾਮ੍ਹਣੇ ਤਰਲੇ-ਮਿੰਨਤਾਂ ਨਾ ਕਰ+ ਕਿਉਂਕਿ ਮੈਂ ਤੇਰੀ ਇਕ ਨਹੀਂ ਸੁਣਾਂਗਾ।+ 17 ਕੀ ਤੂੰ ਨਹੀਂ ਦੇਖਦਾ ਕਿ ਉਹ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿਚ ਕੀ ਕਰ ਰਹੇ ਹਨ? 18 ਪੁੱਤਰ ਲੱਕੜਾਂ ਇਕੱਠੀਆਂ ਕਰ ਰਹੇ ਹਨ, ਪਿਤਾ ਅੱਗ ਬਾਲ਼ ਰਹੇ ਹਨ ਅਤੇ ਮਾਵਾਂ ਆਟਾ ਗੁੰਨ੍ਹ ਕੇ ਆਕਾਸ਼ ਦੀ ਰਾਣੀ* ਨੂੰ ਚੜ੍ਹਾਉਣ ਲਈ ਟਿੱਕੀਆਂ ਬਣਾ ਰਹੀਆਂ ਹਨ।+ ਉਹ ਦੂਜੇ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਚੜ੍ਹਾ ਰਹੇ ਹਨ। ਇਹ ਸਭ ਕਰ ਕੇ ਉਹ ਮੇਰਾ ਗੁੱਸਾ ਭੜਕਾ ਰਹੇ ਹਨ।+ 19 ਯਹੋਵਾਹ ਕਹਿੰਦਾ ਹੈ, ‘ਕੀ ਇੱਦਾਂ ਕਰ ਕੇ ਉਹ ਮੈਨੂੰ ਦੁੱਖ* ਦੇ ਰਹੇ ਹਨ? ਨਹੀਂ, ਸਗੋਂ ਉਹ ਖ਼ੁਦ ਨੂੰ ਦੁੱਖ ਦੇ ਰਹੇ ਹਨ। ਉਹ ਆਪਣੇ ਆਪ ਨੂੰ ਬੇਇੱਜ਼ਤ ਕਰ ਰਹੇ ਹਨ।’+ 20 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਦੇਖ, ਮੇਰਾ ਗੁੱਸਾ ਅਤੇ ਮੇਰਾ ਕ੍ਰੋਧ ਇਸ ਸ਼ਹਿਰ, ਇਨਸਾਨਾਂ ਅਤੇ ਜਾਨਵਰਾਂ, ਫਲਦਾਰ ਦਰਖ਼ਤਾਂ ਅਤੇ ਜ਼ਮੀਨ ਦੀ ਪੈਦਾਵਾਰ ʼਤੇ ਵਰ੍ਹੇਗਾ;+ ਮੇਰੇ ਗੁੱਸੇ ਦੀ ਅੱਗ ਬਲ਼ੇਗੀ ਅਤੇ ਇਹ ਬੁਝੇਗੀ ਨਹੀਂ।’+

21 “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਜਾਓ ਅਤੇ ਹੋਮ-ਬਲ਼ੀਆਂ ਦੇ ਨਾਲ-ਨਾਲ ਹੋਰ ਜਿੰਨੀਆਂ ਮਰਜ਼ੀ ਬਲ਼ੀਆਂ ਚੜ੍ਹਾਓ ਅਤੇ ਉਨ੍ਹਾਂ ਦਾ ਮਾਸ ਖਾਓ।+ 22 ਜਿਸ ਦਿਨ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ, ਮੈਂ ਨਾ ਤਾਂ ਉਨ੍ਹਾਂ ਨਾਲ ਹੋਮ-ਬਲ਼ੀਆਂ ਅਤੇ ਹੋਰ ਬਲ਼ੀਆਂ ਬਾਰੇ ਗੱਲ ਕੀਤੀ ਸੀ ਅਤੇ ਨਾ ਹੀ ਬਲੀਆਂ ਚੜ੍ਹਾਉਣ ਦਾ ਹੁਕਮ ਦਿੱਤਾ ਸੀ।+ 23 ਪਰ ਮੈਂ ਉਨ੍ਹਾਂ ਨੂੰ ਇਹ ਹੁਕਮ ਜ਼ਰੂਰ ਦਿੱਤਾ ਸੀ: “ਤੁਸੀਂ ਮੇਰਾ ਕਹਿਣਾ ਮੰਨੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ ਅਤੇ ਤੁਸੀਂ ਮੇਰੇ ਲੋਕ ਹੋਵੋਗੇ।+ ਮੈਂ ਤੁਹਾਨੂੰ ਜਿਸ ਰਾਹ ʼਤੇ ਚੱਲਣ ਦਾ ਹੁਕਮ ਦਿਆਂਗਾ, ਤੁਸੀਂ ਉਸ ਰਾਹ ʼਤੇ ਚੱਲਿਓ ਤਾਂਕਿ ਤੁਹਾਡਾ ਭਲਾ ਹੋਵੇ।”’+ 24 ਪਰ ਉਨ੍ਹਾਂ ਨੇ ਮੇਰੀ ਇਕ ਨਹੀਂ ਸੁਣੀ ਅਤੇ ਨਾ ਹੀ ਮੇਰੀ ਗੱਲ ਵੱਲ ਕੰਨ ਲਾਇਆ,+ ਸਗੋਂ ਉਹ ਆਪਣੀਆਂ ਜੁਗਤਾਂ* ਮੁਤਾਬਕ ਚੱਲੇ ਅਤੇ ਢੀਠ ਹੋ ਕੇ ਆਪਣੇ ਦਿਲ ਦੀ ਦੁਸ਼ਟ ਇੱਛਾ ਅਨੁਸਾਰ ਚੱਲੇ+ ਜਿਸ ਕਰਕੇ ਉਹ ਅੱਗੇ ਵਧਣ ਦੀ ਬਜਾਇ ਪਿੱਛੇ ਮੁੜ ਗਏ। 25 ਨਾਲੇ ਜਿਸ ਦਿਨ ਤੁਹਾਡੇ ਪਿਉ-ਦਾਦੇ ਮਿਸਰ ਵਿੱਚੋਂ ਨਿਕਲੇ ਸਨ, ਉਸ ਦਿਨ ਤੋਂ ਲੈ ਕੇ ਹੁਣ ਤਕ ਤੁਸੀਂ ਇੱਦਾਂ ਹੀ ਕਰਦੇ ਆਏ ਹੋ।+ ਇਸ ਲਈ ਮੈਂ ਆਪਣੇ ਸਾਰੇ ਸੇਵਕਾਂ, ਹਾਂ, ਨਬੀਆਂ ਨੂੰ ਤੁਹਾਡੇ ਕੋਲ ਭੇਜਦਾ ਰਿਹਾ। ਮੈਂ ਉਨ੍ਹਾਂ ਨੂੰ ਹਰ ਦਿਨ, ਵਾਰ-ਵਾਰ* ਤੁਹਾਡੇ ਕੋਲ ਭੇਜਦਾ ਰਿਹਾ।+ 26 ਪਰ ਉਨ੍ਹਾਂ ਨੇ ਮੇਰੀ ਗੱਲ ਸੁਣਨ ਤੋਂ ਇਨਕਾਰ ਕੀਤਾ ਅਤੇ ਉਨ੍ਹਾਂ ਨੇ ਮੇਰੀ ਗੱਲ ਵੱਲ ਕੰਨ ਨਹੀਂ ਲਾਇਆ,+ ਸਗੋਂ ਉਹ ਢੀਠ ਹੋ ਗਏ* ਅਤੇ ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਨਾਲੋਂ ਵੀ ਜ਼ਿਆਦਾ ਦੁਸ਼ਟ ਕੰਮ ਕੀਤੇ!

27 “ਤੂੰ ਉਨ੍ਹਾਂ ਨੂੰ ਇਹ ਸਾਰੀਆਂ ਗੱਲਾਂ ਦੱਸੇਂਗਾ,+ ਪਰ ਉਹ ਤੇਰੀ ਇਕ ਵੀ ਨਹੀਂ ਸੁਣਨਗੇ। ਤੂੰ ਉਨ੍ਹਾਂ ਨੂੰ ਬੁਲਾਏਂਗਾ, ਪਰ ਉਹ ਤੈਨੂੰ ਕੋਈ ਜਵਾਬ ਨਹੀਂ ਦੇਣਗੇ। 28 ਤੂੰ ਉਨ੍ਹਾਂ ਨੂੰ ਕਹੇਂਗਾ, ‘ਇਹੀ ਉਹ ਕੌਮ ਹੈ ਜਿਸ ਨੇ ਆਪਣੇ ਪਰਮੇਸ਼ੁਰ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ ਅਤੇ ਉਸ ਵੱਲੋਂ ਦਿੱਤਾ ਅਨੁਸ਼ਾਸਨ ਕਬੂਲ ਨਹੀਂ ਕੀਤਾ। ਇਸ ਦੇਸ਼ ਵਿੱਚੋਂ ਵਫ਼ਾਦਾਰੀ ਦਾ ਨਾਮੋ-ਨਿਸ਼ਾਨ ਮਿਟ ਚੁੱਕਾ ਹੈ ਅਤੇ ਉਹ ਵਫ਼ਾਦਾਰੀ ਦਾ ਜ਼ਿਕਰ ਤਕ ਨਹੀਂ ਕਰਦੇ।’+

29 “ਆਪਣੇ ਲੰਬੇ* ਵਾਲ਼ ਕਟਵਾ ਕੇ ਸੁੱਟ ਦੇ ਅਤੇ ਪਹਾੜੀਆਂ ʼਤੇ ਜਾ ਕੇ ਵਿਰਲਾਪ* ਦਾ ਗੀਤ ਗਾ ਕਿਉਂਕਿ ਯਹੋਵਾਹ ਨੇ ਇਸ ਪੀੜ੍ਹੀ ਨੂੰ ਠੁਕਰਾ ਦਿੱਤਾ ਹੈ। ਪਰਮੇਸ਼ੁਰ ਇਸ ਨੂੰ ਤਿਆਗ ਦੇਵੇਗਾ ਕਿਉਂਕਿ ਇਸ ਨੇ ਉਸ ਦਾ ਗੁੱਸਾ ਭੜਕਾਇਆ ਹੈ। 30 ਯਹੋਵਾਹ ਕਹਿੰਦਾ ਹੈ, ‘ਯਹੂਦਾਹ ਦੇ ਲੋਕਾਂ ਨੇ ਮੇਰੀਆਂ ਨਜ਼ਰਾਂ ਵਿਚ ਬੁਰੇ ਕੰਮ ਕੀਤੇ ਹਨ ਅਤੇ ਉਨ੍ਹਾਂ ਨੇ ਉਸ ਘਰ ਵਿਚ ਜਿਸ ਨਾਲ ਮੇਰਾ ਨਾਂ ਜੁੜਿਆ ਹੈ, ਘਿਣਾਉਣੀਆਂ ਮੂਰਤਾਂ ਖੜ੍ਹੀਆਂ ਕਰ ਕੇ ਮੇਰੇ ਘਰ ਨੂੰ ਭ੍ਰਿਸ਼ਟ ਕੀਤਾ ਹੈ।+ 31 ਉਨ੍ਹਾਂ ਨੇ ਆਪਣੇ ਧੀਆਂ-ਪੁੱਤਰਾਂ ਨੂੰ ਅੱਗ ਵਿਚ ਸਾੜਨ ਲਈ+ ਹਿੰਨੋਮ ਦੇ ਪੁੱਤਰ ਦੀ ਵਾਦੀ*+ ਵਿਚ ਤੋਫਥ ਦੀਆਂ ਉੱਚੀਆਂ ਥਾਵਾਂ ਬਣਾਈਆਂ। ਮੈਂ ਅਜਿਹਾ ਕਰਨ ਦਾ ਨਾ ਤਾਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਤੇ ਨਾ ਹੀ ਕਦੇ ਇਸ ਦਾ ਖ਼ਿਆਲ ਮੇਰੇ ਮਨ ਵਿਚ ਆਇਆ ਸੀ।’+

32 “‘ਇਸ ਲਈ ਦੇਖ, ਉਹ ਦਿਨ ਆ ਰਹੇ ਹਨ,’ ਯਹੋਵਾਹ ਕਹਿੰਦਾ ਹੈ, ‘ਜਦ ਇਸ ਨੂੰ ਤੋਫਥ ਜਾਂ ਹਿੰਨੋਮ ਦੇ ਪੁੱਤਰ ਦੀ ਵਾਦੀ* ਨਹੀਂ, ਸਗੋਂ ਕਤਲੇਆਮ ਦੀ ਵਾਦੀ ਕਿਹਾ ਜਾਵੇਗਾ। ਉਹ ਤੋਫਥ ਵਿਚ ਤਦ ਤਕ ਲਾਸ਼ਾਂ ਨੂੰ ਦਫ਼ਨਾਉਣਗੇ ਜਦ ਤਕ ਸਾਰੀ ਜਗ੍ਹਾ ਭਰ ਨਹੀਂ ਜਾਂਦੀ।+ 33 ਇਨ੍ਹਾਂ ਲੋਕਾਂ ਦੀਆਂ ਲਾਸ਼ਾਂ ਨੂੰ ਆਕਾਸ਼ ਦੇ ਪੰਛੀ ਅਤੇ ਧਰਤੀ ਦੇ ਜਾਨਵਰ ਖਾਣਗੇ ਅਤੇ ਉਨ੍ਹਾਂ ਨੂੰ ਡਰਾ ਕੇ ਭਜਾਉਣ ਵਾਲਾ ਕੋਈ ਨਹੀਂ ਹੋਵੇਗਾ।+ 34 ਮੈਂ ਸਾਰੇ ਦੇਸ਼ ਨੂੰ ਖੰਡਰ ਬਣਾ ਦਿਆਂਗਾ+ ਜਿਸ ਕਰਕੇ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿਚ ਖ਼ੁਸ਼ੀ ਦੀ ਆਵਾਜ਼, ਜਸ਼ਨ ਮਨਾਉਣ ਦੀ ਆਵਾਜ਼, ਲਾੜੇ ਦੀ ਆਵਾਜ਼ ਤੇ ਲਾੜੀ ਦੀ ਆਵਾਜ਼ ਸੁਣਾਈ ਨਹੀਂ ਦੇਵੇਗੀ।’”+

8 ਯਹੋਵਾਹ ਕਹਿੰਦਾ ਹੈ: “ਉਸ ਵੇਲੇ ਯਹੂਦਾਹ ਦੇ ਰਾਜਿਆਂ, ਇਸ ਦੇ ਹਾਕਮਾਂ, ਪੁਜਾਰੀਆਂ, ਨਬੀਆਂ ਅਤੇ ਯਰੂਸ਼ਲਮ ਦੇ ਵਾਸੀਆਂ ਦੀਆਂ ਹੱਡੀਆਂ ਉਨ੍ਹਾਂ ਦੀਆਂ ਕਬਰਾਂ ਵਿੱਚੋਂ ਬਾਹਰ ਕੱਢੀਆਂ ਜਾਣਗੀਆਂ। 2 ਉਨ੍ਹਾਂ ਦੀਆਂ ਹੱਡੀਆਂ ਸੂਰਜ, ਚੰਦ ਅਤੇ ਆਕਾਸ਼ ਦੀ ਸਾਰੀ ਸੈਨਾ ਅੱਗੇ ਖਿਲਾਰ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਸਨ, ਜਿਨ੍ਹਾਂ ਦੀ ਭਗਤੀ ਕਰਦੇ ਸਨ, ਜਿਨ੍ਹਾਂ ਦੇ ਪਿੱਛੇ ਚੱਲਦੇ ਸਨ, ਜਿਨ੍ਹਾਂ ਤੋਂ ਸਲਾਹ ਲੈਂਦੇ ਸਨ ਅਤੇ ਜਿਨ੍ਹਾਂ ਅੱਗੇ ਮੱਥਾ ਟੇਕਦੇ ਸਨ।+ ਉਨ੍ਹਾਂ ਦੀਆਂ ਹੱਡੀਆਂ ਨਾ ਤਾਂ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਨਾ ਹੀ ਦਫ਼ਨਾਈਆਂ ਜਾਣਗੀਆਂ। ਉਹ ਜ਼ਮੀਨ ਉੱਤੇ ਰੂੜੀ ਵਾਂਗ ਪਈਆਂ ਰਹਿਣਗੀਆਂ।”+

3 “ਮੈਂ ਇਸ ਦੁਸ਼ਟ ਘਰਾਣੇ ਦੇ ਬਚੇ ਹੋਏ ਲੋਕਾਂ ਨੂੰ ਜਿਨ੍ਹਾਂ-ਜਿਨ੍ਹਾਂ ਥਾਵਾਂ ʼਤੇ ਖਿੰਡਾਵਾਂਗਾ, ਉਹ ਉੱਥੇ ਜ਼ਿੰਦਗੀ ਨਹੀਂ, ਸਗੋਂ ਮੌਤ ਮੰਗਣਗੇ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।

4 “ਤੂੰ ਉਨ੍ਹਾਂ ਨੂੰ ਇਹ ਕਹੀਂ, ‘ਯਹੋਵਾਹ ਕਹਿੰਦਾ ਹੈ:

“ਕੀ ਉਹ ਡਿਗਣਗੇ ਅਤੇ ਫਿਰ ਕਦੇ ਨਹੀਂ ਉੱਠਣਗੇ?

ਜੇ ਇਕ ਜਣਾ ਪਿੱਛੇ ਮੁੜੇਗਾ, ਤਾਂ ਕੀ ਦੂਜਾ ਵੀ ਪਿੱਛੇ ਨਹੀਂ ਮੁੜੇਗਾ?

 5 ਯਰੂਸ਼ਲਮ ਦੇ ਲੋਕ ਵਾਰ-ਵਾਰ ਮੇਰੇ ਨਾਲ ਵਿਸ਼ਵਾਸਘਾਤ ਕਿਉਂ ਕਰਦੇ ਹਨ?

ਉਨ੍ਹਾਂ ਨੇ ਛਲ-ਕਪਟ ਦਾ ਰਾਹ ਫੜਿਆ ਹੋਇਆ ਹੈ;

ਉਹ ਵਾਪਸ ਆਉਣ ਤੋਂ ਇਨਕਾਰ ਕਰਦੇ ਹਨ।+

 6 ਮੈਂ ਧਿਆਨ ਨਾਲ ਉਨ੍ਹਾਂ ਦੀਆਂ ਗੱਲਾਂ ਸੁਣਦਾ ਰਿਹਾ, ਪਰ ਉਹ ਸੱਚ ਨਹੀਂ ਬੋਲਦੇ ਸਨ।

ਇਕ ਵੀ ਜਣੇ ਨੇ ਆਪਣੇ ਬੁਰੇ ਕੰਮਾਂ ʼਤੇ ਪਛਤਾਵਾ ਨਹੀਂ ਕੀਤਾ ਜਾਂ ਇਹ ਨਹੀਂ ਕਿਹਾ: ‘ਮੈਂ ਇਹ ਕੀ ਕੀਤਾ?’+

ਹਰ ਕੋਈ ਉਸ ਰਾਹ ʼਤੇ ਤੁਰਦਾ ਹੈ ਜਿਸ ʼਤੇ ਦੂਜੇ ਤੁਰਦੇ ਹਨ,

ਜਿਵੇਂ ਘੋੜਾ ਅੰਨ੍ਹੇਵਾਹ ਲੜਾਈ ਦੇ ਮੈਦਾਨ ਵੱਲ ਦੌੜਦਾ ਹੈ।

 7 ਆਕਾਸ਼ ਵਿਚ ਉੱਡਣ ਵਾਲਾ ਸਾਰਸ ਆਪਣੀਆਂ ਰੁੱਤਾਂ* ਜਾਣਦਾ ਹੈ;

ਘੁੱਗੀਆਂ ਤੇ ਹੋਰ ਪੰਛੀ ਆਪਣੇ ਵਾਪਸ ਆਉਣ ਦਾ ਸਮਾਂ ਜਾਣਦੇ ਹਨ।

ਪਰ ਮੇਰੇ ਆਪਣੇ ਲੋਕ ਨਹੀਂ ਜਾਣਦੇ ਕਿ ਮੈਂ ਯਹੋਵਾਹ ਉਨ੍ਹਾਂ ਦਾ ਨਿਆਂ ਕਦੋਂ ਕਰਾਂਗਾ।”’+

 8 ‘ਤੁਸੀਂ ਕਿਵੇਂ ਕਹਿ ਸਕਦੇ ਹੋ: “ਅਸੀਂ ਬੁੱਧੀਮਾਨ ਹਾਂ ਅਤੇ ਸਾਡੇ ਕੋਲ ਯਹੋਵਾਹ ਦਾ ਕਾਨੂੰਨ* ਹੈ”?

ਸੱਚ ਤਾਂ ਇਹ ਹੈ ਕਿ ਗ੍ਰੰਥੀਆਂ* ਨੇ ਆਪਣੀ ਕਲਮ+ ਨਾਲ ਸਿਰਫ਼ ਝੂਠੀਆਂ ਗੱਲਾਂ ਹੀ ਲਿਖੀਆਂ ਹਨ।

 9 ਬੁੱਧੀਮਾਨਾਂ ਨੂੰ ਸ਼ਰਮਿੰਦਾ ਕੀਤਾ ਗਿਆ ਹੈ।+

ਉਹ ਡਰ ਨਾਲ ਸਹਿਮ ਗਏ ਹਨ, ਉਹ ਫੜੇ ਜਾਣਗੇ।

ਦੇਖ, ਉਨ੍ਹਾਂ ਨੇ ਯਹੋਵਾਹ ਦੇ ਬਚਨ ਨੂੰ ਠੁਕਰਾ ਦਿੱਤਾ ਹੈ,

ਤਾਂ ਫਿਰ, ਉਨ੍ਹਾਂ ਨੂੰ ਬੁੱਧ ਕਿੱਥੋਂ ਮਿਲੇਗੀ?

10 ਇਸ ਲਈ ਮੈਂ ਉਨ੍ਹਾਂ ਦੀਆਂ ਪਤਨੀਆਂ ਨੂੰ ਦੂਜੇ ਆਦਮੀਆਂ ਦੇ ਹਵਾਲੇ ਕਰ ਦਿਆਂਗਾ,

ਦੂਜਿਆਂ ਨੂੰ ਉਨ੍ਹਾਂ ਦੇ ਖੇਤਾਂ ਦੇ ਮਾਲਕ ਬਣਾਵਾਂਗਾ;+

ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰੇ ਬੇਈਮਾਨੀ ਦੀ ਕਮਾਈ ਖਾਂਦੇ ਹਨ;+

ਨਬੀਆਂ ਤੋਂ ਲੈ ਕੇ ਪੁਜਾਰੀਆਂ ਤਕ ਸਾਰੇ ਧੋਖਾਧੜੀ ਕਰਦੇ ਹਨ।+

11 ਉਹ ਇਹ ਕਹਿ ਕੇ ਮੇਰੇ ਲੋਕਾਂ ਦੀ ਧੀ ਦੇ ਜ਼ਖ਼ਮਾਂ* ਦਾ ਇਲਾਜ ਉੱਪਰੋਂ-ਉੱਪਰੋਂ ਕਰਦੇ ਹਨ:

“ਸ਼ਾਂਤੀ ਹੈ ਬਈ ਸ਼ਾਂਤੀ!”

ਜਦ ਕਿ ਸ਼ਾਂਤੀ ਹੈ ਨਹੀਂ।+

12 ਕੀ ਉਨ੍ਹਾਂ ਨੂੰ ਆਪਣੇ ਘਿਣਾਉਣੇ ਕੰਮਾਂ ʼਤੇ ਸ਼ਰਮ ਹੈ?

ਉਨ੍ਹਾਂ ਨੂੰ ਜ਼ਰਾ ਵੀ ਸ਼ਰਮ ਨਹੀਂ।

ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਸ਼ਰਮ ਹੁੰਦੀ ਕੀ ਹੈ।+

ਇਸ ਲਈ ਹੋਰ ਲੋਕਾਂ ਵਾਂਗ ਉਹ ਵੀ ਡਿਗਣਗੇ।

ਜਦ ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ, ਤਾਂ ਉਹ ਠੋਕਰ ਖਾਣਗੇ,’+ ਯਹੋਵਾਹ ਕਹਿੰਦਾ ਹੈ।

13 ਯਹੋਵਾਹ ਕਹਿੰਦਾ ਹੈ: ‘ਜਦ ਮੈਂ ਉਨ੍ਹਾਂ ਨੂੰ ਇਕੱਠਾ ਕਰਾਂਗਾ, ਤਾਂ ਮੈਂ ਉਨ੍ਹਾਂ ਦਾ ਨਾਸ਼ ਕਰ ਦਿਆਂਗਾ,’

‘ਅੰਗੂਰੀ ਵੇਲਾਂ ʼਤੇ ਕੋਈ ਅੰਗੂਰ ਨਹੀਂ ਬਚੇਗਾ, ਅੰਜੀਰ ਦੇ ਦਰਖ਼ਤਾਂ ʼਤੇ ਕੋਈ ਅੰਜੀਰ ਨਹੀਂ ਬਚੇਗੀ ਅਤੇ ਸਾਰੇ ਪੱਤੇ ਝੜ ਜਾਣਗੇ।

ਮੈਂ ਉਨ੍ਹਾਂ ਨੂੰ ਜੋ ਵੀ ਦਿੱਤਾ ਸੀ, ਉਹ ਸਭ ਕੁਝ ਗੁਆ ਬੈਠਣਗੇ।’”

14 “ਆਪਾਂ ਇੱਥੇ ਕਿਉਂ ਬੈਠੇ ਹਾਂ?

ਆਓ ਆਪਾਂ ਇਕੱਠੇ ਹੋ ਕੇ ਕਿਲੇਬੰਦ ਸ਼ਹਿਰਾਂ ਵਿਚ ਜਾਈਏ+ ਤੇ ਉੱਥੇ ਮਰ-ਮੁੱਕ ਜਾਈਏ

ਕਿਉਂਕਿ ਸਾਡਾ ਪਰਮੇਸ਼ੁਰ ਯਹੋਵਾਹ ਸਾਨੂੰ ਖ਼ਤਮ ਕਰ ਦੇਵੇਗਾ

ਉਹ ਸਾਨੂੰ ਜ਼ਹਿਰੀਲਾ ਪਾਣੀ ਪੀਣ ਲਈ ਦਿੰਦਾ ਹੈ+

ਕਿਉਂਕਿ ਅਸੀਂ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਹੈ।

15 ਅਸੀਂ ਸ਼ਾਂਤੀ ਦੀ ਆਸ ਲਾਈ ਸੀ, ਪਰ ਕੁਝ ਵੀ ਚੰਗਾ ਨਹੀਂ ਹੋਇਆ,

ਸਾਨੂੰ ਠੀਕ ਹੋਣ ਦੀ ਉਮੀਦ ਸੀ, ਪਰ ਅਸੀਂ ਖ਼ੌਫ਼ ਨਾਲ ਸਹਿਮੇ ਹੋਏ ਹਾਂ।+

16 ਦਾਨ ਤੋਂ ਦੁਸ਼ਮਣ ਦੇ ਘੋੜਿਆਂ ਦੀ ਫੁੰਕਾਰ ਸੁਣਾਈ ਦਿੰਦੀ ਹੈ।

ਉਸ ਦੇ ਘੋੜਿਆਂ ਦੇ ਹਿਣਕਣ ਦੀ ਆਵਾਜ਼ ਨਾਲ ਸਾਰਾ ਦੇਸ਼ ਕੰਬ ਉੱਠਿਆ ਹੈ।

ਉਹ ਆ ਕੇ ਸਾਰੇ ਦੇਸ਼ ਅਤੇ ਇਸ ਦੀ ਹਰੇਕ ਚੀਜ਼ ਨੂੰ ਚੱਟ ਕਰ ਜਾਂਦੇ ਹਨ,

ਉਹ ਸ਼ਹਿਰ ਤੇ ਇਸ ਦੇ ਵਾਸੀਆਂ ਨੂੰ ਨਿਗਲ਼ ਜਾਂਦੇ ਹਨ।”

17 ਯਹੋਵਾਹ ਕਹਿੰਦਾ ਹੈ, “ਮੈਂ ਤੁਹਾਡੇ ਵਿਚ ਸੱਪਾਂ ਨੂੰ ਭੇਜ ਰਿਹਾ ਹਾਂ,

ਅਜਿਹੇ ਜ਼ਹਿਰੀਲੇ ਸੱਪ ਜਿਨ੍ਹਾਂ ਨੂੰ ਜਾਦੂ-ਮੰਤਰ ਨਾਲ ਵੱਸ ਵਿਚ ਨਹੀਂ ਕੀਤਾ ਜਾ ਸਕਦਾ,

ਉਹ ਜ਼ਰੂਰ ਤੁਹਾਨੂੰ ਡੰਗ ਮਾਰਨਗੇ।”

18 ਮੇਰੇ ਦਰਦ ਦੀ ਕੋਈ ਦਵਾ ਨਹੀਂ;

ਮੇਰੇ ਦਿਲ ਵਿਚ ਪੀੜ ਹੈ।

19 ਦੂਰ ਦੇਸ਼ ਤੋਂ ਮਦਦ ਲਈ ਦੁਹਾਈ ਦੀ ਆਵਾਜ਼ ਆ ਰਹੀ ਹੈ,

ਮੇਰੇ ਲੋਕਾਂ ਦੀ ਧੀ ਪੁਕਾਰ ਰਹੀ ਹੈ:

“ਕੀ ਯਹੋਵਾਹ ਸੀਓਨ ਵਿਚ ਨਹੀਂ ਹੈ?

ਜਾਂ ਕੀ ਸੀਓਨ ਦਾ ਰਾਜਾ ਉੱਥੇ ਨਹੀਂ ਹੈ?”

“ਉਨ੍ਹਾਂ ਨੇ ਘੜੀਆਂ ਹੋਈਆਂ ਮੂਰਤਾਂ ਅਤੇ ਨਿਕੰਮੇ ਤੇ ਪਰਾਏ ਦੇਵਤਿਆਂ ਦੀ ਭਗਤੀ ਕਰ ਕੇ ਮੈਨੂੰ ਗੁੱਸਾ ਕਿਉਂ ਚੜ੍ਹਾਇਆ?”

20 “ਵਾਢੀ ਦਾ ਸਮਾਂ ਬੀਤ ਚੁੱਕਾ ਹੈ ਅਤੇ ਗਰਮੀ ਦਾ ਮੌਸਮ ਲੰਘ ਗਿਆ ਹੈ,

ਪਰ ਕਿਸੇ ਨੇ ਸਾਨੂੰ ਨਹੀਂ ਬਚਾਇਆ ਹੈ।”

21 ਮੈਂ ਆਪਣੇ ਲੋਕਾਂ ਦੀ ਧੀ ਦੇ ਜ਼ਖ਼ਮ ਦੇਖ ਕੇ ਬੇਹੱਦ ਦੁਖੀ ਹਾਂ;+

ਮੈਂ ਉਦਾਸ ਹਾਂ।

ਡਰ ਨੇ ਮੈਨੂੰ ਜਕੜ ਲਿਆ ਹੈ।

22 ਕੀ ਗਿਲਆਦ ਵਿਚ ਬਲਸਾਨ* ਨਹੀਂ ਹੈ?+

ਜਾਂ ਕੀ ਉੱਥੇ ਕੋਈ ਇਲਾਜ ਕਰਨ ਵਾਲਾ ਨਹੀਂ ਹੈ?+

ਤਾਂ ਫਿਰ, ਮੇਰੇ ਲੋਕਾਂ ਦੀ ਧੀ ਦੀ ਸਿਹਤ ਠੀਕ ਕਿਉਂ ਨਹੀਂ ਹੋਈ?+

9 ਕਾਸ਼! ਮੇਰਾ ਸਿਰ ਪਾਣੀ ਦਾ ਖੂਹ ਹੁੰਦਾ

ਅਤੇ ਮੇਰੀਆਂ ਅੱਖਾਂ ਹੰਝੂਆਂ ਦਾ ਚਸ਼ਮਾ ਹੁੰਦੀਆਂ,+

ਤਾਂ ਮੈਂ ਆਪਣੇ ਕਤਲ ਹੋਏ ਲੋਕਾਂ ਲਈ ਦਿਨ-ਰਾਤ ਰੋਂਦਾ ਰਹਿੰਦਾ।

 2 ਕਾਸ਼! ਉਜਾੜ ਵਿਚ ਮੇਰਾ ਕੋਈ ਟਿਕਾਣਾ ਹੁੰਦਾ,

ਤਾਂ ਮੈਂ ਆਪਣੇ ਲੋਕਾਂ ਤੋਂ ਦੂਰ ਚਲਾ ਜਾਂਦਾ

ਕਿਉਂਕਿ ਉਹ ਸਾਰੇ ਹਰਾਮਕਾਰ ਹਨ,+

ਉਹ ਧੋਖੇਬਾਜ਼ਾਂ ਦੀ ਟੋਲੀ ਹਨ।

 3 ਕੱਸੀ ਹੋਈ ਕਮਾਨ ਵਾਂਗ ਉਨ੍ਹਾਂ ਦੀ ਜ਼ਬਾਨ ਝੂਠ ਬੋਲਣ ਲਈ ਤਿਆਰ ਰਹਿੰਦੀ ਹੈ;

ਦੇਸ਼ ਵਿਚ ਵਫ਼ਾਦਾਰੀ ਦਾ ਨਹੀਂ, ਸਗੋਂ ਝੂਠ ਦਾ ਬੋਲਬਾਲਾ ਹੈ।+

“ਉਹ ਇਕ ਤੋਂ ਬਾਅਦ ਇਕ ਬੁਰਾ ਕੰਮ ਕਰਦੇ ਹਨ,

ਉਹ ਮੇਰੇ ਵੱਲ ਕੋਈ ਧਿਆਨ ਨਹੀਂ ਦਿੰਦੇ,”+ ਯਹੋਵਾਹ ਕਹਿੰਦਾ ਹੈ।

 4 “ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਗੁਆਂਢੀ ਤੋਂ ਖ਼ਬਰਦਾਰ ਰਹੇ,

ਉਹ ਆਪਣੇ ਭਰਾ ʼਤੇ ਵੀ ਯਕੀਨ ਨਾ ਕਰੇ

ਕਿਉਂਕਿ ਹਰ ਭਰਾ ਧੋਖੇਬਾਜ਼ ਹੈ+

ਅਤੇ ਹਰ ਗੁਆਂਢੀ ਦੂਜਿਆਂ ਨੂੰ ਬਦਨਾਮ ਕਰਦਾ ਹੈ।+

 5 ਹਰ ਕੋਈ ਆਪਣੇ ਗੁਆਂਢੀ ਨਾਲ ਠੱਗੀ ਮਾਰਦਾ ਹੈ,

ਕੋਈ ਵੀ ਸੱਚ ਨਹੀਂ ਬੋਲਦਾ।

ਉਨ੍ਹਾਂ ਨੇ ਆਪਣੀ ਜ਼ਬਾਨ ਨੂੰ ਝੂਠ ਬੋਲਣਾ ਸਿਖਾਇਆ ਹੈ।+

ਉਹ ਬੁਰੇ ਕੰਮ ਕਰ-ਕਰ ਕੇ ਖ਼ੁਦ ਨੂੰ ਥਕਾਉਂਦੇ ਹਨ।

 6 ਤੇਰਾ ਬਸੇਰਾ ਛਲ-ਕਪਟ ਦੇ ਵਿਚਕਾਰ ਹੈ।

ਕਪਟੀ ਹੋਣ ਕਰਕੇ ਉਹ ਮੈਨੂੰ ਜਾਣਨ ਤੋਂ ਇਨਕਾਰ ਕਰਦੇ ਹਨ,” ਯਹੋਵਾਹ ਕਹਿੰਦਾ ਹੈ।

 7 ਇਸ ਲਈ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ:

“ਮੈਂ ਉਨ੍ਹਾਂ ਨੂੰ ਧਾਤ ਵਾਂਗ ਪਿਘਲਾਵਾਂਗਾ ਤੇ ਉਨ੍ਹਾਂ ਦੀ ਜਾਂਚ ਕਰਾਂਗਾ।+

ਮੈਂ ਆਪਣੇ ਲੋਕਾਂ ਦੀ ਧੀ ਲਈ ਹੋਰ ਕਰ ਹੀ ਕੀ ਸਕਦਾਂ?

 8 ਉਨ੍ਹਾਂ ਦੀ ਜ਼ਬਾਨ ਜਾਨਲੇਵਾ ਤੀਰਾਂ ਵਰਗੀ ਹੈ ਜਿਸ ʼਤੇ ਛਲ-ਕਪਟ ਰਹਿੰਦਾ ਹੈ।

ਹਰ ਕੋਈ ਆਪਣੇ ਗੁਆਂਢੀ ਨਾਲ ਸ਼ਾਂਤੀ ਦੀਆਂ ਗੱਲਾਂ ਕਰਦਾ ਹੈ,

ਪਰ ਉਸ ਉੱਤੇ ਘਾਤ ਲਾ ਕੇ ਹਮਲਾ ਕਰਨ ਦੀਆਂ ਮਨ ਵਿਚ ਸਾਜ਼ਸ਼ਾਂ ਘੜਦਾ ਹੈ।”

 9 ਯਹੋਵਾਹ ਕਹਿੰਦਾ ਹੈ: “ਕੀ ਮੈਨੂੰ ਉਨ੍ਹਾਂ ਤੋਂ ਇਨ੍ਹਾਂ ਕੰਮਾਂ ਦਾ ਲੇਖਾ ਨਹੀਂ ਲੈਣਾ ਚਾਹੀਦਾ?”

“ਕੀ ਮੈਨੂੰ ਅਜਿਹੀ ਕੌਮ ਤੋਂ ਬਦਲਾ ਨਹੀਂ ਲੈਣਾ ਚਾਹੀਦਾ?+

10 ਮੈਂ ਪਹਾੜਾਂ ਲਈ ਰੋਵਾਂਗਾ ਅਤੇ ਸੋਗ ਮਨਾਵਾਂਗਾ

ਅਤੇ ਮੈਂ ਉਜਾੜ ਦੀਆਂ ਚਰਾਂਦਾਂ ਲਈ ਵਿਰਲਾਪ* ਦਾ ਗੀਤ ਗਾਵਾਂਗਾ

ਕਿਉਂਕਿ ਇਹ ਸਭ ਕੁਝ ਸੜ ਚੁੱਕਾ ਹੈ ਤੇ ਉੱਧਰੋਂ ਦੀ ਕੋਈ ਨਹੀਂ ਲੰਘਦਾ,

ਉੱਥੇ ਪਸ਼ੂਆਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ।

ਆਕਾਸ਼ ਦੇ ਪੰਛੀ ਅਤੇ ਜਾਨਵਰ ਨੱਠ ਗਏ ਹਨ; ਉਹ ਚਲੇ ਗਏ ਹਨ।+

11 ਮੈਂ ਯਰੂਸ਼ਲਮ ਨੂੰ ਪੱਥਰਾਂ ਦਾ ਢੇਰ+ ਅਤੇ ਗਿੱਦੜਾਂ ਦਾ ਟਿਕਾਣਾ ਬਣਾ ਦਿਆਂਗਾ,+

ਮੈਂ ਯਹੂਦਾਹ ਦੇ ਸ਼ਹਿਰਾਂ ਨੂੰ ਵੀਰਾਨ ਕਰ ਦਿਆਂਗਾ ਅਤੇ ਉੱਥੇ ਕੋਈ ਨਹੀਂ ਰਹੇਗਾ।+

12 ਕੌਣ ਇੰਨਾ ਬੁੱਧੀਮਾਨ ਹੈ ਜੋ ਇਸ ਗੱਲ ਨੂੰ ਸਮਝ ਸਕੇ?

ਯਹੋਵਾਹ ਨੇ ਕਿਸ ਨੂੰ ਇਸ ਬਾਰੇ ਦੱਸਿਆ ਹੈ ਕਿ ਉਹ ਇਸ ਦਾ ਐਲਾਨ ਕਰੇ?

ਦੇਸ਼ ਕਿਉਂ ਤਬਾਹ ਹੋ ਗਿਆ ਹੈ?

ਇਹ ਉਜਾੜ ਵਾਂਗ ਕਿਉਂ ਸੜ ਗਿਆ ਹੈ

ਜਿਸ ਕਰਕੇ ਇੱਥੋਂ ਦੀ ਕੋਈ ਨਹੀਂ ਲੰਘਦਾ?”

13 ਯਹੋਵਾਹ ਨੇ ਜਵਾਬ ਦਿੱਤਾ: “ਕਿਉਂਕਿ ਉਨ੍ਹਾਂ ਨੇ ਮੇਰੇ ਕਾਨੂੰਨ* ਨੂੰ ਠੁਕਰਾ ਦਿੱਤਾ ਜੋ ਮੈਂ ਉਨ੍ਹਾਂ ਨੂੰ ਦਿੱਤਾ ਸੀ ਅਤੇ ਉਨ੍ਹਾਂ ਨੇ ਇਸ ਦੀ ਪਾਲਣਾ ਨਹੀਂ ਕੀਤੀ ਅਤੇ ਨਾ ਹੀ ਮੇਰਾ ਕਹਿਣਾ ਮੰਨਿਆ। 14 ਇਸ ਦੀ ਬਜਾਇ, ਉਨ੍ਹਾਂ ਨੇ ਢੀਠ ਹੋ ਕੇ ਆਪਣੀ ਮਨ-ਮਰਜ਼ੀ ਕੀਤੀ+ ਅਤੇ ਬਆਲ ਦੀਆਂ ਮੂਰਤਾਂ ਦੀ ਭਗਤੀ ਕੀਤੀ, ਜਿਵੇਂ ਉਨ੍ਹਾਂ ਦੇ ਪਿਉ-ਦਾਦਿਆਂ ਨੇ ਉਨ੍ਹਾਂ ਨੂੰ ਸਿਖਾਇਆ ਸੀ।+ 15 ਇਸ ਲਈ ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਦੇਖ, ਮੈਂ ਇਨ੍ਹਾਂ ਲੋਕਾਂ ਨੂੰ ਮਜਬੂਰ ਕਰਾਂਗਾ ਕਿ ਉਹ ਨਾਗਦੋਨਾ ਖਾਣ ਅਤੇ ਜ਼ਹਿਰੀਲਾ ਪਾਣੀ ਪੀਣ।+ 16 ਮੈਂ ਉਨ੍ਹਾਂ ਨੂੰ ਕੌਮਾਂ ਵਿਚ ਖਿੰਡਾ ਦਿਆਂਗਾ ਜਿਨ੍ਹਾਂ ਨੂੰ ਉਹ ਅਤੇ ਉਨ੍ਹਾਂ ਦੇ ਪਿਉ-ਦਾਦੇ ਨਹੀਂ ਜਾਣਦੇ ਸਨ।+ ਮੈਂ ਉਨ੍ਹਾਂ ਦੇ ਪਿੱਛੇ-ਪਿੱਛੇ ਉੱਨਾ ਚਿਰ ਤਲਵਾਰ ਘੱਲਦਾ ਰਹਾਂਗਾ ਜਿੰਨਾ ਚਿਰ ਉਹ ਪੂਰੀ ਤਰ੍ਹਾਂ ਨਾਸ਼ ਨਹੀਂ ਹੋ ਜਾਂਦੇ।’+

17 ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ,

‘ਸਮਝਦਾਰੀ ਨਾਲ ਚੱਲੋ।

ਕੀਰਨੇ ਪਾਉਣ* ਵਾਲੀਆਂ ਔਰਤਾਂ ਨੂੰ ਬੁਲਾਓ,+

ਇਸ ਕੰਮ ਵਿਚ ਮਾਹਰ ਔਰਤਾਂ ਨੂੰ ਸੱਦੋ।

18 ਉਹ ਛੇਤੀ ਆਉਣ ਅਤੇ ਸਾਡੇ ਲਈ ਮਾਤਮ ਦਾ ਗੀਤ ਗਾਉਣ

ਤਾਂਕਿ ਸਾਡੀਆਂ ਅੱਖਾਂ ਵਿੱਚੋਂ ਹੰਝੂ ਵਗਣ

ਅਤੇ ਸਾਡੀਆਂ ਪਲਕਾਂ ਪਾਣੀ ਨਾਲ ਤਰ ਹੋਣ।+

19 ਸੀਓਨ ਤੋਂ ਕੀਰਨਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ:+

“ਹਾਇ! ਅਸੀਂ ਤਬਾਹ ਹੋ ਚੁੱਕੇ ਹਾਂ।

ਹਾਇ! ਸਾਡੀ ਕਿੰਨੀ ਬੇਇੱਜ਼ਤੀ ਹੋਈ।

ਸਾਨੂੰ ਆਪਣਾ ਦੇਸ਼ ਛੱਡਣਾ ਪਿਆ ਅਤੇ ਉਨ੍ਹਾਂ ਨੇ ਸਾਡੇ ਘਰ ਢਾਹ ਦਿੱਤੇ ਹਨ।”+

20 ਹੇ ਔਰਤੋ, ਯਹੋਵਾਹ ਦਾ ਸੰਦੇਸ਼ ਸੁਣੋ।

ਉਸ ਦੇ ਸੰਦੇਸ਼ ਵੱਲ ਕੰਨ ਲਾਓ।

ਆਪਣੀਆਂ ਧੀਆਂ ਨੂੰ ਕੀਰਨੇ ਪਾਉਣੇ ਸਿਖਾਓ

ਅਤੇ ਇਕ-ਦੂਜੇ ਨੂੰ ਵਿਰਲਾਪ* ਦਾ ਗੀਤ ਸਿਖਾਓ।+

21 ਮੌਤ ਸਾਡੀਆਂ ਖਿੜਕੀਆਂ ਵਿੱਚੋਂ ਅੰਦਰ ਆ ਗਈ ਹੈ;

ਇਹ ਸਾਡੇ ਮਜ਼ਬੂਤ ਬੁਰਜਾਂ ਅੰਦਰ ਵੜ ਗਈ ਹੈ

ਤਾਂਕਿ ਗਲੀਆਂ ਵਿੱਚੋਂ ਸਾਡੇ ਨਿਆਣਿਆਂ ਨੂੰ

ਅਤੇ ਚੌਂਕਾਂ ਵਿੱਚੋਂ ਸਾਡੇ ਜਵਾਨਾਂ ਨੂੰ ਖੋਹ ਲਵੇ।’+

22 ਤੂੰ ਕਹੀਂ, ‘ਯਹੋਵਾਹ ਕਹਿੰਦਾ ਹੈ:

“ਲੋਕਾਂ ਦੀਆਂ ਲਾਸ਼ਾਂ ਜ਼ਮੀਨ ʼਤੇ ਰੂੜੀ ਵਾਂਗ ਪਈਆਂ ਰਹਿਣਗੀਆਂ

ਜਿਵੇਂ ਵਾਢਾ ਖੇਤ ਵਿਚ ਫ਼ਸਲ ਵੱਢ-ਵੱਢ ਕੇ ਆਪਣੇ ਪਿੱਛੇ ਰੱਖੀ ਜਾਂਦਾ ਹੈ,

ਪਰ ਉਸ ਨੂੰ ਇਕੱਠਾ ਕਰਨ ਵਾਲਾ ਕੋਈ ਨਹੀਂ ਹੁੰਦਾ।”’”+

23 ਯਹੋਵਾਹ ਕਹਿੰਦਾ ਹੈ:

“ਬੁੱਧੀਮਾਨ ਆਪਣੀ ਬੁੱਧ ʼਤੇ ਸ਼ੇਖ਼ੀ ਨਾ ਮਾਰੇ;+

ਨਾ ਹੀ ਤਾਕਤਵਰ ਆਪਣੀ ਤਾਕਤ ʼਤੇ ਸ਼ੇਖ਼ੀ ਮਾਰੇ

ਅਤੇ ਨਾ ਹੀ ਅਮੀਰ ਆਪਣੀ ਅਮੀਰੀ ʼਤੇ ਸ਼ੇਖ਼ੀ ਮਾਰੇ।”+

24 “ਪਰ ਜੇ ਕੋਈ ਸ਼ੇਖ਼ੀ ਮਾਰੇ, ਤਾਂ ਇਸ ਗੱਲ ʼਤੇ ਸ਼ੇਖ਼ੀ ਮਾਰੇ

ਕਿ ਉਸ ਨੂੰ ਮੇਰੇ ਬਾਰੇ ਡੂੰਘੀ ਸਮਝ ਅਤੇ ਗਿਆਨ ਹੈ;+

ਨਾਲੇ ਉਹ ਜਾਣਦਾ ਹੈ ਕਿ ਮੈਂ ਯਹੋਵਾਹ ਹਾਂ ਅਤੇ ਮੈਂ ਅਟੱਲ ਪਿਆਰ ਦਿਖਾਉਂਦਾ ਹਾਂ

ਅਤੇ ਧਰਤੀ ʼਤੇ ਨਿਆਂ ਅਤੇ ਆਪਣੇ ਧਰਮੀ ਅਸੂਲਾਂ ਮੁਤਾਬਕ ਹਰ ਕੰਮ ਕਰਦਾ ਹਾਂ+

ਕਿਉਂਕਿ ਮੈਨੂੰ ਇਨ੍ਹਾਂ ਤੋਂ ਖ਼ੁਸ਼ੀ ਮਿਲਦੀ ਹੈ,”+ ਯਹੋਵਾਹ ਕਹਿੰਦਾ ਹੈ।

25 “ਦੇਖੋ, ਉਹ ਦਿਨ ਆ ਰਹੇ ਹਨ,” ਯਹੋਵਾਹ ਕਹਿੰਦਾ ਹੈ, “ਜਦੋਂ ਮੈਂ ਹਰ ਉਸ ਇਨਸਾਨ ਤੋਂ ਲੇਖਾ ਲਵਾਂਗਾ ਜਿਸ ਦੀ ਸੁੰਨਤ ਤਾਂ ਹੋਈ ਹੈ, ਪਰ ਅਸਲ ਵਿਚ ਬੇਸੁੰਨਤਾ ਹੈ।+ 26 ਮੈਂ ਮਿਸਰ,+ ਯਹੂਦਾਹ,+ ਅਦੋਮ,+ ਅੰਮੋਨ,+ ਮੋਆਬ+ ਅਤੇ ਉਜਾੜ ਵਿਚ ਵੱਸਦੇ ਉਨ੍ਹਾਂ ਸਾਰੇ ਲੋਕਾਂ ਤੋਂ ਲੇਖਾ ਲਵਾਂਗਾ ਜਿਨ੍ਹਾਂ ਨੇ ਆਪਣੀਆਂ ਕਲਮਾਂ ਦੀ ਹਜਾਮਤ ਕਰਾਈ ਹੈ+ ਕਿਉਂਕਿ ਸਾਰੀਆਂ ਕੌਮਾਂ ਬੇਸੁੰਨਤੀਆਂ ਹਨ ਅਤੇ ਇਜ਼ਰਾਈਲ ਦਾ ਸਾਰਾ ਘਰਾਣਾ ਦਿਲੋਂ ਬੇਸੁੰਨਤਾ ਹੈ।”+

10 ਹੇ ਇਜ਼ਰਾਈਲ ਦੇ ਘਰਾਣੇ, ਯਹੋਵਾਹ ਨੇ ਤੇਰੇ ਖ਼ਿਲਾਫ਼ ਜੋ ਸੰਦੇਸ਼ ਦਿੱਤਾ ਹੈ, ਉਸ ਨੂੰ ਸੁਣ। 2 ਯਹੋਵਾਹ ਕਹਿੰਦਾ ਹੈ:

“ਕੌਮਾਂ ਦੇ ਰੀਤੀ-ਰਿਵਾਜ ਨਾ ਸਿੱਖ+

ਅਤੇ ਨਾ ਹੀ ਆਕਾਸ਼ ਵਿਚ ਨਿਸ਼ਾਨੀਆਂ ਦੇਖ ਕੇ ਖ਼ੌਫ਼ ਖਾਹ

ਕਿਉਂਕਿ ਇਨ੍ਹਾਂ ਨਿਸ਼ਾਨੀਆਂ ਤੋਂ ਕੌਮਾਂ ਡਰਦੀਆਂ ਹਨ।+

 3 ਦੇਸ਼-ਦੇਸ਼ ਦੇ ਲੋਕਾਂ ਦੇ ਰੀਤੀ-ਰਿਵਾਜ ਸਿਰਫ਼ ਧੋਖਾ* ਹਨ।

ਇਕ ਕਾਰੀਗਰ ਜੰਗਲ ਵਿੱਚੋਂ ਦਰਖ਼ਤ ਵੱਢਦਾ ਹੈ

ਅਤੇ ਆਪਣੇ ਔਜ਼ਾਰ* ਨਾਲ ਇਸ ਦੀ ਇਕ ਮੂਰਤ ਘੜਦਾ ਹੈ।+

 4 ਉਹ ਸੋਨੇ-ਚਾਂਦੀ ਨਾਲ ਉਸ ਮੂਰਤ ਨੂੰ ਸ਼ਿੰਗਾਰਦੇ ਹਨ+

ਉਹ ਹਥੌੜੇ ਨਾਲ ਉਸ ਵਿਚ ਕਿੱਲ ਠੋਕਦੇ ਹਨ ਤਾਂਕਿ ਉਹ ਡਿਗੇ ਨਾ।+

 5 ਖੀਰੇ ਦੇ ਖੇਤ ਵਿਚ ਖੜ੍ਹੇ ਕੀਤੇ ਡਰਨੇ ਵਾਂਗ ਮੂਰਤਾਂ ਬੋਲ ਨਹੀਂ ਸਕਦੀਆਂ;+

ਉਨ੍ਹਾਂ ਨੂੰ ਚੁੱਕ ਕੇ ਲਿਜਾਣਾ ਪੈਂਦਾ ਹੈ ਕਿਉਂਕਿ ਉਹ ਤੁਰ ਨਹੀਂ ਸਕਦੀਆਂ।+

ਉਨ੍ਹਾਂ ਤੋਂ ਖ਼ੌਫ਼ ਨਾ ਖਾਓ ਕਿਉਂਕਿ ਉਹ ਨਾ ਤਾਂ ਨੁਕਸਾਨ ਪਹੁੰਚਾ ਸਕਦੀਆਂ

ਅਤੇ ਨਾ ਹੀ ਕਿਸੇ ਦਾ ਭਲਾ ਕਰ ਸਕਦੀਆਂ।”+

 6 ਹੇ ਯਹੋਵਾਹ, ਤੇਰੇ ਵਰਗਾ ਕੋਈ ਨਹੀਂ ਹੈ।+

ਤੂੰ ਮਹਾਨ ਹੈਂ; ਤੇਰਾ ਨਾਂ ਮਹਾਨ ਅਤੇ ਸ਼ਕਤੀਸ਼ਾਲੀ ਹੈ।

 7 ਹੇ ਕੌਮਾਂ ਦੇ ਬਾਦਸ਼ਾਹ,+ ਕੌਣ ਤੇਰੇ ਤੋਂ ਨਹੀਂ ਡਰੇਗਾ; ਤੇਰੇ ਤੋਂ ਡਰਨਾ ਸਹੀ ਹੈ

ਕਿਉਂਕਿ ਧਰਤੀ ਦੀਆਂ ਸਾਰੀਆਂ ਬਾਦਸ਼ਾਹੀਆਂ ਵਿਚ ਜਿੰਨੇ ਵੀ ਬੁੱਧੀਮਾਨ ਹਨ,

ਉਨ੍ਹਾਂ ਵਿੱਚੋਂ ਇਕ ਵੀ ਤੇਰੇ ਵਰਗਾ ਨਹੀਂ।+

 8 ਉਹ ਸਾਰੇ ਬੇਅਕਲ ਅਤੇ ਮੂਰਖ ਹਨ।+

ਦਰਖ਼ਤ* ਦੀ ਸਿੱਖਿਆ ਲੋਕਾਂ ਨੂੰ ਧੋਖਾ ਦਿੰਦੀ ਹੈ।*+

 9 ਤਰਸ਼ੀਸ਼ ਤੋਂ ਚਾਂਦੀ ਦੇ ਪੱਤਰੇ ਅਤੇ ਊਫਾਜ਼ ਤੋਂ ਸੋਨਾ ਮੰਗਵਾਇਆ ਜਾਂਦਾ ਹੈ+

ਜਿਸ ਨੂੰ ਕਾਰੀਗਰ ਅਤੇ ਸੁਨਿਆਰੇ ਲੱਕੜ ਉੱਤੇ ਮੜ੍ਹਦੇ ਹਨ।

ਉਹ ਮੂਰਤਾਂ ਨੂੰ ਨੀਲੇ ਧਾਗੇ ਅਤੇ ਬੈਂਗਣੀ ਉੱਨ ਦੀ ਪੁਸ਼ਾਕ ਪਾਉਂਦੇ ਹਨ।

ਇਹ ਮੂਰਤਾਂ ਹੁਨਰਮੰਦ ਕਾਰੀਗਰ ਤਿਆਰ ਕਰਦੇ ਹਨ।

10 ਪਰ ਅਸਲ ਵਿਚ ਯਹੋਵਾਹ ਹੀ ਪਰਮੇਸ਼ੁਰ ਹੈ।

ਉਹ ਜੀਉਂਦਾ ਪਰਮੇਸ਼ੁਰ ਹੈ+ ਅਤੇ ਯੁਗਾਂ-ਯੁਗਾਂ ਤੋਂ ਰਾਜਾ ਹੈ।+

ਉਸ ਦੇ ਕ੍ਰੋਧ ਨਾਲ ਧਰਤੀ ਕੰਬ ਉੱਠੇਗੀ+

ਅਤੇ ਕੋਈ ਵੀ ਕੌਮ ਉਸ ਦੇ ਗੁੱਸੇ ਦਾ ਕਹਿਰ ਨਹੀਂ ਝੱਲ ਸਕੇਗੀ।

11 * ਤੂੰ ਉਨ੍ਹਾਂ ਨੂੰ ਇਹ ਕਹੀਂ:

“ਜਿਨ੍ਹਾਂ ਦੇਵਤਿਆਂ ਨੇ ਆਕਾਸ਼ ਤੇ ਧਰਤੀ ਨੂੰ ਨਹੀਂ ਬਣਾਇਆ,

ਉਹ ਧਰਤੀ ਉੱਤੋਂ ਅਤੇ ਆਕਾਸ਼ ਹੇਠੋਂ ਨਾਸ਼ ਹੋ ਜਾਣਗੇ।”+

12 ਪਰਮੇਸ਼ੁਰ ਧਰਤੀ ਦਾ ਸਿਰਜਣਹਾਰ ਹੈ,

ਉਸ ਨੇ ਆਪਣੀ ਤਾਕਤ ਨਾਲ ਇਸ ਨੂੰ ਬਣਾਇਆ ਹੈ।

ਉਸ ਨੇ ਆਪਣੀ ਬੁੱਧ ਨਾਲ ਉਪਜਾਊ ਜ਼ਮੀਨ ਤਿਆਰ ਕੀਤੀ ਹੈ+

ਅਤੇ ਆਪਣੀ ਸਮਝ ਨਾਲ ਆਕਾਸ਼ ਨੂੰ ਤਾਣਿਆ।+

13 ਜਦ ਉਹ ਗਰਜਦਾ ਹੈ,

ਤਾਂ ਆਕਾਸ਼ ਦੇ ਪਾਣੀਆਂ ਵਿਚ ਹਲਚਲ ਮੱਚ ਜਾਂਦੀ ਹੈ।+

ਉਹ ਧਰਤੀ ਦੇ ਕੋਨੇ-ਕੋਨੇ ਤੋਂ ਭਾਫ਼* ਨੂੰ ਉੱਪਰ ਚੁੱਕਦਾ ਹੈ।+

ਉਹ ਮੀਂਹ ਪਾਉਂਦਾ ਅਤੇ ਬਿਜਲੀ ਚਮਕਾਉਂਦਾ ਹੈ,

ਉਹ ਆਪਣੇ ਭੰਡਾਰਾਂ ਵਿੱਚੋਂ ਹਵਾ ਨੂੰ ਬਾਹਰ ਲਿਆਉਂਦਾ ਹੈ।+

14 ਹਰ ਇਨਸਾਨ ਬਿਨਾਂ ਸਮਝ ਅਤੇ ਗਿਆਨ ਤੋਂ ਕੰਮ ਕਰਦਾ ਹੈ।

ਹਰ ਕਾਰੀਗਰ ਨੂੰ ਮੂਰਤਾਂ* ਕਾਰਨ ਸ਼ਰਮਿੰਦਾ ਕੀਤਾ ਜਾਵੇਗਾ+

ਕਿਉਂਕਿ ਉਸ ਦੀਆਂ ਧਾਤ ਦੀਆਂ* ਮੂਰਤਾਂ ਝੂਠ ਤੋਂ ਇਲਾਵਾ ਕੁਝ ਨਹੀਂ ਹਨ

ਅਤੇ ਉਨ੍ਹਾਂ ਵਿਚ ਸਾਹ ਨਹੀਂ ਹੈ।+

15 ਉਹ ਬੱਸ ਧੋਖਾ* ਹੀ ਹਨ ਅਤੇ ਮਜ਼ਾਕ ਦੇ ਲਾਇਕ ਹਨ।+

ਜਦੋਂ ਉਨ੍ਹਾਂ ਤੋਂ ਲੇਖਾ ਲੈਣ ਦਾ ਦਿਨ ਆਵੇਗਾ, ਤਾਂ ਉਹ ਨਾਸ਼ ਹੋ ਜਾਣਗੇ।

16 ਯਾਕੂਬ ਦਾ ਪਰਮੇਸ਼ੁਰ* ਇਨ੍ਹਾਂ ਚੀਜ਼ਾਂ ਵਰਗਾ ਨਹੀਂ ਹੈ

ਕਿਉਂਕਿ ਉਸੇ ਨੇ ਸਭ ਕੁਝ ਬਣਾਇਆ ਹੈ

ਅਤੇ ਇਜ਼ਰਾਈਲ ਉਸ ਦੀ ਵਿਰਾਸਤ ਦਾ ਡੰਡਾ ਹੈ।+

ਉਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ।+

17 ਹੇ ਔਰਤ, ਤੂੰ ਜੋ ਘੇਰਾਬੰਦੀ ਦੇ ਸਾਏ ਹੇਠ ਰਹਿੰਦੀ ਹੈਂ,

ਜ਼ਮੀਨ ਤੋਂ ਆਪਣੀ ਗਠੜੀ ਚੁੱਕ।

18 ਯਹੋਵਾਹ ਕਹਿੰਦਾ ਹੈ:

“ਮੈਂ ਇਸ ਵੇਲੇ ਇਨ੍ਹਾਂ ਲੋਕਾਂ ਨੂੰ ਦੇਸ਼ ਵਿੱਚੋਂ ਬਾਹਰ ਸੁੱਟਣ ਵਾਲਾ ਹਾਂ,*+

ਮੈਂ ਉਨ੍ਹਾਂ ਨੂੰ ਕਸ਼ਟ ਝੱਲਣ ਲਈ ਮਜਬੂਰ ਕਰਾਂਗਾ।”

19 ਹਾਇ! ਮੇਰਾ ਜ਼ਖ਼ਮ ਕਿੰਨਾ ਗਹਿਰਾ ਹੈ!+

ਇਸ ਦਾ ਕੋਈ ਇਲਾਜ ਨਹੀਂ।

ਮੈਂ ਕਿਹਾ: “ਇਹ ਰੋਗ ਮੈਨੂੰ ਲੱਗਾ ਅਤੇ ਮੈਨੂੰ ਹੀ ਝੱਲਣਾ ਪਵੇਗਾ।

20 ਮੇਰੇ ਤੰਬੂ ਨੂੰ ਤਬਾਹ ਕਰ ਦਿੱਤਾ ਗਿਆ ਹੈ।

ਇਸ ਦੀਆਂ ਰੱਸੀਆਂ ਤੋੜ ਦਿੱਤੀਆਂ ਗਈਆਂ ਹਨ।+

ਮੇਰੇ ਪੁੱਤਰ ਮੇਰੇ ਤੋਂ ਦੂਰ ਚਲੇ ਗਏ ਹਨ ਅਤੇ ਉਹ ਮੇਰੇ ਨਾਲ ਨਹੀਂ ਹਨ।+

ਮੇਰੇ ਤੰਬੂ ਨੂੰ ਤਾਣਨ ਵਾਲਾ ਜਾਂ ਇਸ ਨੂੰ ਖੜ੍ਹਾ ਕਰਨ ਵਾਲਾ ਕੋਈ ਨਹੀਂ ਹੈ।

21 ਚਰਵਾਹਿਆਂ ਨੇ ਮੂਰਖਪੁਣਾ ਕੀਤਾ ਹੈ,+

ਉਨ੍ਹਾਂ ਨੇ ਯਹੋਵਾਹ ਤੋਂ ਸਲਾਹ ਨਹੀਂ ਲਈ।+

ਇਸੇ ਕਰਕੇ ਉਨ੍ਹਾਂ ਨੇ ਡੂੰਘੀ ਸਮਝ ਤੋਂ ਕੰਮ ਨਹੀਂ ਲਿਆ

ਅਤੇ ਉਨ੍ਹਾਂ ਦੇ ਸਾਰੇ ਇੱਜੜ ਖਿੰਡ ਗਏ ਹਨ।”+

22 ਸੁਣੋ! ਇਕ ਖ਼ਬਰ ਆਈ ਹੈ! ਦੁਸ਼ਮਣ ਆ ਰਿਹਾ ਹੈ!

ਉੱਤਰ ਦੇਸ਼ ਤੋਂ ਵੱਡੇ ਰੌਲ਼ੇ ਦੀ ਆਵਾਜ਼ ਸੁਣਾਈ ਦੇ ਰਹੀ ਹੈ,+

ਉਹ ਯਹੂਦਾਹ ਦੇ ਸ਼ਹਿਰਾਂ ਨੂੰ ਵੀਰਾਨ ਅਤੇ ਗਿੱਦੜਾਂ ਦਾ ਟਿਕਾਣਾ ਬਣਾ ਦੇਵੇਗਾ।+

23 ਹੇ ਯਹੋਵਾਹ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਨਸਾਨ ਨੂੰ ਆਪਣਾ ਰਾਹ ਚੁਣਨ ਦਾ ਹੱਕ ਨਹੀਂ

ਅਤੇ ਉਹ ਇਸ ਕਾਬਲ ਵੀ ਨਹੀਂ ਕਿ ਆਪਣੇ ਕਦਮਾਂ ਨੂੰ ਸੇਧ ਦੇਵੇ।+

24 ਹੇ ਯਹੋਵਾਹ, ਆਪਣੇ ਨਿਆਂ ਮੁਤਾਬਕ ਮੈਨੂੰ ਸੁਧਾਰ।

ਪਰ ਗੁੱਸੇ ਨਾਲ ਨਹੀਂ,+ ਕਿਤੇ ਇੱਦਾਂ ਨਾ ਹੋਵੇ ਕਿ ਤੂੰ ਮੈਨੂੰ ਖ਼ਤਮ ਹੀ ਕਰ ਦੇਵੇਂ।+

25 ਉਨ੍ਹਾਂ ਕੌਮਾਂ ʼਤੇ ਆਪਣਾ ਕ੍ਰੋਧ ਵਰ੍ਹਾ ਜੋ ਤੈਨੂੰ ਨਜ਼ਰਅੰਦਾਜ਼ ਕਰਦੀਆਂ ਹਨ+

ਅਤੇ ਉਨ੍ਹਾਂ ਪਰਿਵਾਰਾਂ ʼਤੇ ਵੀ ਜੋ ਤੇਰਾ ਨਾਂ ਨਹੀਂ ਲੈਂਦੇ।

ਉਨ੍ਹਾਂ ਨੇ ਯਾਕੂਬ ਨੂੰ ਨਿਗਲ਼ ਲਿਆ ਹੈ,+

ਹਾਂ, ਉਨ੍ਹਾਂ ਨੇ ਉਸ ਨੂੰ ਨਿਗਲ਼ ਕੇ ਮਿਟਾ ਦਿੱਤਾ ਹੈ+

ਅਤੇ ਉਸ ਦਾ ਦੇਸ਼ ਉਜਾੜ ਦਿੱਤਾ ਹੈ।+

11 ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 2 “ਹੇ ਲੋਕੋ, ਤੁਸੀਂ ਇਸ ਇਕਰਾਰ ਦੀਆਂ ਗੱਲਾਂ ਸੁਣੋ!

“ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਦੇ ਵਾਸੀਆਂ ਨਾਲ ਗੱਲ ਕਰ* 3 ਅਤੇ ਉਨ੍ਹਾਂ ਨੂੰ ਕਹਿ, ‘ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ: “ਸਰਾਪੀ ਹੈ ਉਹ ਇਨਸਾਨ ਜਿਹੜਾ ਇਸ ਇਕਰਾਰ ਦੀਆਂ ਗੱਲਾਂ ਦੀ ਪਾਲਣਾ ਨਹੀਂ ਕਰਦਾ।+ 4 ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਇਸ ਇਕਰਾਰ ਦੀ ਪਾਲਣਾ ਕਰਨ ਦਾ ਹੁਕਮ ਉਸ ਦਿਨ ਦਿੱਤਾ ਸੀ ਜਿਸ ਦਿਨ ਮੈਂ ਉਨ੍ਹਾਂ ਨੂੰ ਬਲ਼ਦੀ ਹੋਈ ਭੱਠੀ ਯਾਨੀ ਮਿਸਰ ਵਿੱਚੋਂ ਕੱਢ ਲਿਆਇਆ ਸੀ+ ਅਤੇ ਉਨ੍ਹਾਂ ਨੂੰ ਕਿਹਾ ਸੀ: ‘ਤੁਸੀਂ ਮੇਰਾ ਕਹਿਣਾ ਮੰਨੋ ਅਤੇ ਉਹ ਸਾਰੇ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਤੁਸੀਂ ਮੇਰੇ ਲੋਕ ਹੋਵੋਗੇ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।+ 5 ਇਸ ਤਰ੍ਹਾਂ ਮੈਂ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸਹੁੰ ਪੂਰੀ ਕਰਾਂਗਾ ਕਿ ਮੈਂ ਉਨ੍ਹਾਂ ਨੂੰ ਉਹ ਦੇਸ਼ ਦਿਆਂਗਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ,+ ਜਿਵੇਂ ਤੁਸੀਂ ਅੱਜ ਇੱਥੇ ਰਹਿ ਰਹੇ ਹੋ।’”’”

ਮੈਂ ਜਵਾਬ ਦਿੱਤਾ: “ਹੇ ਯਹੋਵਾਹ, ਆਮੀਨ।”*

6 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿਚ ਇਨ੍ਹਾਂ ਸਾਰੀਆਂ ਗੱਲਾਂ ਦਾ ਐਲਾਨ ਕਰ: ‘ਇਸ ਇਕਰਾਰ ਦੀਆਂ ਗੱਲਾਂ ਸੁਣੋ ਅਤੇ ਇਨ੍ਹਾਂ ਦੀ ਪਾਲਣਾ ਕਰੋ। 7 ਜਿਸ ਦਿਨ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਸੀ, ਉਸ ਦਿਨ ਤੋਂ ਲੈ ਕੇ ਹੁਣ ਤਕ ਮੈਂ ਉਨ੍ਹਾਂ ਨੂੰ ਵਾਰ-ਵਾਰ* ਇਹ ਸਮਝਾਉਂਦਾ ਆਇਆ ਹਾਂ: “ਮੇਰਾ ਕਹਿਣਾ ਮੰਨੋ।”+ 8 ਪਰ ਉਨ੍ਹਾਂ ਨੇ ਮੇਰੀ ਇਕ ਨਹੀਂ ਸੁਣੀ ਅਤੇ ਨਾ ਹੀ ਮੇਰੀ ਗੱਲ ਵੱਲ ਕੰਨ ਲਾਇਆ, ਸਗੋਂ ਹਰ ਕੋਈ ਢੀਠ ਹੋ ਕੇ ਆਪਣੇ ਦਿਲ ਦੀ ਦੁਸ਼ਟ ਇੱਛਾ ਅਨੁਸਾਰ ਚੱਲਦਾ ਰਿਹਾ।+ ਇਸ ਕਰਕੇ ਮੈਂ ਉਨ੍ਹਾਂ ਨੂੰ ਇਸ ਇਕਰਾਰ ਵਿਚ ਲਿਖੀਆਂ ਗੱਲਾਂ ਅਨੁਸਾਰ ਸਜ਼ਾ ਦਿੱਤੀ। ਮੈਂ ਉਨ੍ਹਾਂ ਨੂੰ ਇਸ ਦੀ ਪਾਲਣਾ ਕਰਨ ਦਾ ਹੁਕਮ ਦਿੱਤਾ ਸੀ, ਪਰ ਉਨ੍ਹਾਂ ਨੇ ਇਸ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ।’”

9 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਮੇਰੇ ਖ਼ਿਲਾਫ਼ ਸਾਜ਼ਸ਼ ਘੜੀ ਹੈ। 10 ਇਹ ਲੋਕ ਵੀ ਉਹੀ ਗ਼ਲਤੀਆਂ ਕਰਦੇ ਹਨ ਜੋ ਇਨ੍ਹਾਂ ਦੇ ਪਿਉ-ਦਾਦੇ ਸ਼ੁਰੂ ਤੋਂ ਕਰਦੇ ਆਏ ਹਨ ਜਿਨ੍ਹਾਂ ਨੇ ਮੇਰਾ ਕਹਿਣਾ ਮੰਨਣ ਤੋਂ ਇਨਕਾਰ ਕੀਤਾ ਸੀ।+ ਇਨ੍ਹਾਂ ਲੋਕਾਂ ਨੇ ਵੀ ਦੂਜੇ ਦੇਵਤਿਆਂ ਦੇ ਪਿੱਛੇ ਲੱਗ ਕੇ ਉਨ੍ਹਾਂ ਦੀ ਭਗਤੀ ਕੀਤੀ ਹੈ।+ ਇਜ਼ਰਾਈਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨੇ ਮੇਰੇ ਇਕਰਾਰ ਨੂੰ ਤੋੜਿਆ ਹੈ ਜੋ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਕੀਤਾ ਸੀ।+ 11 ਇਸ ਲਈ ਯਹੋਵਾਹ ਕਹਿੰਦਾ ਹੈ: ‘ਮੈਂ ਉਨ੍ਹਾਂ ʼਤੇ ਬਿਪਤਾ ਲਿਆ ਰਿਹਾ ਹਾਂ+ ਜਿਸ ਤੋਂ ਉਹ ਬਚ ਨਹੀਂ ਸਕਣਗੇ। ਜਦ ਉਹ ਮੈਨੂੰ ਮਦਦ ਲਈ ਪੁਕਾਰਨਗੇ, ਤਾਂ ਮੈਂ ਉਨ੍ਹਾਂ ਦੀ ਨਹੀਂ ਸੁਣਾਂਗਾ।+ 12 ਫਿਰ ਯਹੂਦਾਹ ਦੇ ਸ਼ਹਿਰ ਅਤੇ ਯਰੂਸ਼ਲਮ ਦੇ ਵਾਸੀ ਉਨ੍ਹਾਂ ਦੇਵਤਿਆਂ ਕੋਲ ਜਾਣਗੇ ਜਿਨ੍ਹਾਂ ਨੂੰ ਉਹ ਬਲ਼ੀਆਂ ਚੜ੍ਹਾਉਂਦੇ ਹਨ। ਉਹ ਉਨ੍ਹਾਂ ਅੱਗੇ ਮਦਦ ਲਈ ਦੁਹਾਈ ਦੇਣਗੇ,+ ਪਰ ਉਹ ਦੇਵਤੇ ਉਨ੍ਹਾਂ ਨੂੰ ਕਿਸੇ ਵੀ ਹਾਲ ਵਿਚ ਬਿਪਤਾ ਤੋਂ ਬਚਾ ਨਹੀਂ ਸਕਣਗੇ। 13 ਹੇ ਯਹੂਦਾਹ, ਜਿੰਨੇ ਤੇਰੇ ਸ਼ਹਿਰ ਉੱਨੇ ਤੇਰੇ ਦੇਵਤੇ। ਤੂੰ ਇਸ ਸ਼ਰਮਨਾਕ ਚੀਜ਼* ਯਾਨੀ ਬਆਲ ਅੱਗੇ ਬਲ਼ੀਆਂ ਚੜ੍ਹਾਉਣ ਲਈ ਇੰਨੀਆਂ ਵੇਦੀਆਂ ਬਣਾਈਆਂ ਹਨ ਜਿੰਨੀਆਂ ਯਰੂਸ਼ਲਮ ਵਿਚ ਗਲੀਆਂ ਹਨ।’+

14 “ਤੂੰ* ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰ। ਤੂੰ ਇਨ੍ਹਾਂ ਦੀ ਖ਼ਾਤਰ ਫ਼ਰਿਆਦ ਜਾਂ ਪ੍ਰਾਰਥਨਾ ਨਾ ਕਰ+ ਕਿਉਂਕਿ ਬਿਪਤਾ ਦੇ ਵੇਲੇ ਜਦ ਉਹ ਮੈਨੂੰ ਪੁਕਾਰਨਗੇ, ਤਾਂ ਮੈਂ ਉਨ੍ਹਾਂ ਦੀ ਨਹੀਂ ਸੁਣਾਂਗਾ।

15 ਮੇਰੇ ਪਿਆਰੇ ਲੋਕਾਂ ਨੂੰ ਮੇਰੇ ਘਰ ਵਿਚ ਆਉਣ ਦਾ ਕੀ ਹੱਕ ਹੈ

ਜਦ ਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਸਾਜ਼ਸ਼ਾਂ ਨੂੰ ਅੰਜਾਮ ਦਿੰਦੇ ਹਨ?

ਕੀ ਬਲ਼ੀਆਂ ਦੇ ਪਵਿੱਤਰ ਮਾਸ* ਨਾਲ ਉਹ ਉਸ ਬਿਪਤਾ ਨੂੰ ਟਾਲ਼ ਸਕਣਗੇ ਜੋ ਤੇਰੇ ਉੱਤੇ ਆਵੇਗੀ?

ਕੀ ਤੂੰ* ਉਸ ਵੇਲੇ ਖ਼ੁਸ਼ੀਆਂ ਮਨਾਵੇਂਗਾ?

16 ਇਕ ਸਮੇਂ ਤੇ ਯਹੋਵਾਹ ਨੇ ਤੈਨੂੰ ਜ਼ੈਤੂਨ ਦਾ ਦਰਖ਼ਤ ਕਿਹਾ ਸੀ

ਜੋ ਸੋਹਣਾ, ਹਰਿਆ-ਭਰਿਆ ਅਤੇ ਵਧੀਆ-ਵਧੀਆ ਫਲਾਂ ਨਾਲ ਲੱਦਿਆ ਹੋਇਆ ਸੀ।

ਪਰ ਇਕ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ ਅਤੇ ਪਰਮੇਸ਼ੁਰ ਨੇ ਇਸ ਦਰਖ਼ਤ ਨੂੰ ਅੱਗ ਲਾ ਦਿੱਤੀ

ਅਤੇ ਉਨ੍ਹਾਂ ਨੇ ਇਸ ਦੀਆਂ ਟਾਹਣੀਆਂ ਤੋੜ ਦਿੱਤੀਆਂ।

17 “ਸੈਨਾਵਾਂ ਦਾ ਯਹੋਵਾਹ, ਜਿਸ ਨੇ ਤੈਨੂੰ ਲਾਇਆ ਸੀ,+ ਨੇ ਐਲਾਨ ਕੀਤਾ ਹੈ ਕਿ ਤੇਰੇ ਉੱਤੇ ਬਿਪਤਾ ਟੁੱਟ ਪਵੇਗੀ ਕਿਉਂਕਿ ਇਜ਼ਰਾਈਲ ਦੇ ਘਰਾਣੇ ਤੇ ਯਹੂਦਾਹ ਦੇ ਘਰਾਣੇ ਨੇ ਬੁਰੇ ਕੰਮ ਕੀਤੇ ਹਨ ਅਤੇ ਬਆਲ ਦੇਵਤੇ ਨੂੰ ਬਲ਼ੀਆਂ ਚੜ੍ਹਾ ਕੇ ਮੇਰਾ ਗੁੱਸਾ ਭੜਕਾਇਆ ਹੈ।”+

18 ਹੇ ਯਹੋਵਾਹ, ਤੂੰ ਮੈਨੂੰ ਦੱਸਿਆ ਜਿਸ ਕਰਕੇ ਮੈਨੂੰ ਪਤਾ ਲੱਗਾ;

ਤੂੰ ਉਸ ਵੇਲੇ ਮੈਨੂੰ ਉਨ੍ਹਾਂ ਦੇ ਕੰਮ ਦਿਖਾਏ।

19 ਮੈਂ ਇਕ ਸ਼ਾਂਤ ਲੇਲੇ ਵਾਂਗ ਸੀ ਜਿਸ ਨੂੰ ਵੱਢਣ ਲਈ ਲਿਆਂਦਾ ਜਾ ਰਿਹਾ ਸੀ।

ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰੇ ਖ਼ਿਲਾਫ਼ ਸਾਜ਼ਸ਼ਾਂ ਘੜ ਰਹੇ ਸਨ:+

“ਆਓ ਆਪਾਂ ਦਰਖ਼ਤ ਨੂੰ ਫਲਾਂ ਸਣੇ ਨਾਸ਼ ਕਰ ਦੇਈਏ,

ਆਓ ਆਪਾਂ ਉਸ ਨੂੰ ਜੀਉਂਦਿਆਂ ਦੇ ਦੇਸ਼ ਵਿੱਚੋਂ ਮਿਟਾ ਦੇਈਏ

ਤਾਂਕਿ ਉਸ ਦਾ ਨਾਂ ਦੁਬਾਰਾ ਕਦੇ ਯਾਦ ਨਾ ਕੀਤਾ ਜਾਵੇ।”

20 ਸੈਨਾਵਾਂ ਦਾ ਯਹੋਵਾਹ ਆਪਣੇ ਧਰਮੀ ਅਸੂਲਾਂ ਮੁਤਾਬਕ ਨਿਆਂ ਕਰਦਾ ਹੈ;

ਉਹ ਮਨ ਦੀਆਂ ਸੋਚਾਂ* ਅਤੇ ਦਿਲਾਂ ਨੂੰ ਜਾਂਚਦਾ ਹੈ।+

ਹੇ ਪਰਮੇਸ਼ੁਰ, ਜਦ ਤੂੰ ਉਨ੍ਹਾਂ ਤੋਂ ਬਦਲਾ ਲਵੇਂਗਾ, ਤਾਂ ਮੈਨੂੰ ਦੇਖਣ ਦਾ ਮੌਕਾ ਦੇਈਂ

ਕਿਉਂਕਿ ਮੈਂ ਆਪਣਾ ਮੁਕੱਦਮਾ ਤੈਨੂੰ ਸੌਂਪ ਦਿੱਤਾ ਹੈ।

21 ਇਸ ਲਈ ਜਿਹੜੇ ਅਨਾਥੋਥ+ ਦੇ ਆਦਮੀ ਮੇਰੇ ਖ਼ੂਨ ਦੇ ਪਿਆਸੇ ਹਨ ਅਤੇ ਇਹ ਕਹਿੰਦੇ ਹਨ: “ਤੂੰ ਯਹੋਵਾਹ ਦੇ ਨਾਂ ʼਤੇ ਭਵਿੱਖਬਾਣੀ ਨਾ ਕਰ,+ ਨਹੀਂ ਤਾਂ ਤੂੰ ਸਾਡੇ ਹੱਥੋਂ ਮਾਰਿਆ ਜਾਵੇਂਗਾ,” ਉਨ੍ਹਾਂ ਖ਼ਿਲਾਫ਼ ਮੈਨੂੰ ਯਹੋਵਾਹ ਦਾ ਸੰਦੇਸ਼ ਮਿਲਿਆ ਹੈ। 22 ਉਨ੍ਹਾਂ ਬਾਰੇ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ: “ਮੈਂ ਉਨ੍ਹਾਂ ਲੋਕਾਂ ਤੋਂ ਲੇਖਾ ਲੈਣ ਵਾਲਾ ਹਾਂ। ਉਨ੍ਹਾਂ ਦੇ ਜਵਾਨ ਤਲਵਾਰ ਨਾਲ ਮਾਰੇ ਜਾਣਗੇ+ ਅਤੇ ਉਨ੍ਹਾਂ ਦੇ ਧੀਆਂ-ਪੁੱਤਰ ਕਾਲ਼ ਨਾਲ ਮਰਨਗੇ।+ 23 ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਬਚੇਗਾ ਕਿਉਂਕਿ ਮੈਂ ਜਿਸ ਸਾਲ ਅਨਾਥੋਥ+ ਦੇ ਲੋਕਾਂ ਤੋਂ ਲੇਖਾ ਲਵਾਂਗਾ, ਮੈਂ ਉਸ ਸਾਲ ਉਨ੍ਹਾਂ ʼਤੇ ਬਿਪਤਾ ਲਿਆਵਾਂਗਾ।”

12 ਹੇ ਯਹੋਵਾਹ, ਜਦ ਮੈਂ ਤੈਨੂੰ ਸ਼ਿਕਾਇਤ ਕਰਦਾ ਹਾਂ

ਅਤੇ ਜਦ ਮੈਂ ਤੇਰੇ ਨਾਲ ਨਿਆਂ ਦੇ ਮਾਮਲਿਆਂ ਬਾਰੇ ਗੱਲ ਕਰਦਾ ਹਾਂ,

ਤਾਂ ਤੂੰ ਹਮੇਸ਼ਾ ਸਹੀ ਹੁੰਦਾ ਹੈਂ।+

ਪਰ ਦੁਸ਼ਟ ਆਪਣੇ ਕੰਮਾਂ ਵਿਚ ਸਫ਼ਲ ਕਿਉਂ ਹੁੰਦੇ ਹਨ?+

ਅਤੇ ਧੋਖੇਬਾਜ਼ ਬੇਫ਼ਿਕਰ ਜ਼ਿੰਦਗੀ ਕਿਉਂ ਜੀਉਂਦੇ ਹਨ?

 2 ਤੂੰ ਉਨ੍ਹਾਂ ਨੂੰ ਲਾਇਆ ਅਤੇ ਉਨ੍ਹਾਂ ਨੇ ਜੜ੍ਹ ਫੜ ਲਈ।

ਉਹ ਵਧੇ-ਫੁੱਲੇ ਹਨ ਅਤੇ ਫਲ ਦਿੰਦੇ ਹਨ।

ਤੇਰਾ ਜ਼ਿਕਰ ਉਨ੍ਹਾਂ ਦੀ ਜ਼ਬਾਨ ʼਤੇ ਰਹਿੰਦਾ ਹੈ,

ਪਰ ਉਨ੍ਹਾਂ ਦੇ ਮਨ* ਤੇਰੇ ਤੋਂ ਦੂਰ ਹਨ।+

 3 ਹੇ ਯਹੋਵਾਹ, ਤੂੰ ਮੈਨੂੰ ਚੰਗੀ ਤਰ੍ਹਾਂ ਜਾਣਦਾ ਹੈਂ+ ਅਤੇ ਤੂੰ ਮੈਨੂੰ ਦੇਖਦਾ ਹੈਂ;

ਤੂੰ ਮੇਰੇ ਦਿਲ ਨੂੰ ਜਾਂਚਿਆ ਹੈ ਅਤੇ ਦੇਖਿਆ ਹੈ ਕਿ ਇਹ ਤੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹੈ।+

ਤੂੰ ਉਨ੍ਹਾਂ ਨੂੰ ਵੱਢੇ ਜਾਣ ਦੇ ਦਿਨ ਲਈ ਵੱਖਰਾ ਰੱਖ,

ਜਿਵੇਂ ਭੇਡਾਂ ਨੂੰ ਹਲਾਲ ਕਰਨ ਲਈ ਵੱਖ ਕੀਤਾ ਜਾਂਦਾ ਹੈ।

 4 ਕਦੋਂ ਤਕ ਜ਼ਮੀਨ ਸੁੱਕੀ ਰਹੇਗੀ?

ਕਦੋਂ ਤਕ ਮੈਦਾਨ ਦੇ ਪੇੜ-ਪੌਦੇ ਮੁਰਝਾਉਂਦੇ ਰਹਿਣਗੇ?+

ਇਸ ਦੇਸ਼ ਦੇ ਵਾਸੀਆਂ ਦੇ ਬੁਰੇ ਕੰਮਾਂ ਕਰਕੇ

ਜਾਨਵਰਾਂ ਅਤੇ ਪੰਛੀਆਂ ਦਾ ਖ਼ਾਤਮਾ ਹੋ ਗਿਆ ਹੈ।

ਲੋਕਾਂ ਨੇ ਕਿਹਾ ਹੈ: “ਸਾਡੇ ਨਾਲ ਜੋ ਵੀ ਹੋਵੇਗਾ, ਪਰਮੇਸ਼ੁਰ ਉਸ ਨੂੰ ਦੇਖ ਨਹੀਂ ਸਕਦਾ।”

 5 ਜੇ ਤੂੰ ਇਨਸਾਨਾਂ ਨਾਲ ਦੌੜਦੇ-ਦੌੜਦੇ ਥੱਕ ਗਿਆ,

ਤਾਂ ਤੂੰ ਘੋੜਿਆਂ ਦੀ ਬਰਾਬਰੀ ਕਿਵੇਂ ਕਰ ਸਕੇਂਗਾ?+

ਤੂੰ ਉਸ ਦੇਸ਼ ਵਿਚ ਸੁਰੱਖਿਅਤ ਮਹਿਸੂਸ ਕਰਦਾ ਹੈਂ ਜਿੱਥੇ ਸ਼ਾਂਤੀ ਹੈ,

ਪਰ ਤੂੰ ਉਦੋਂ ਕੀ ਕਰੇਂਗਾ ਜਦੋਂ ਤੂੰ ਯਰਦਨ ਦਰਿਆ ਦੇ ਕਿਨਾਰੇ ਸੰਘਣੀਆਂ ਝਾੜੀਆਂ ਵਿਚ ਹੋਵੇਂਗਾ?

 6 ਤੇਰੇ ਆਪਣੇ ਭਰਾਵਾਂ, ਹਾਂ, ਤੇਰੇ ਪਿਤਾ ਦੇ ਘਰਾਣੇ ਨੇ ਤੈਨੂੰ ਧੋਖਾ ਦਿੱਤਾ ਹੈ।+

ਉਹ ਤੇਰੇ ਖ਼ਿਲਾਫ਼ ਉੱਚੀ-ਉੱਚੀ ਚਿਲਾਉਂਦੇ ਹਨ।

ਉਨ੍ਹਾਂ ਦੀਆਂ ਗੱਲਾਂ ʼਤੇ ਯਕੀਨ ਨਾ ਕਰ,

ਭਾਵੇਂ ਉਹ ਤੇਰੇ ਨਾਲ ਚੰਗੀਆਂ ਗੱਲਾਂ ਹੀ ਕਿਉਂ ਨਾ ਕਰਨ।

 7 “ਮੈਂ ਆਪਣੇ ਘਰ ਨੂੰ ਤਿਆਗ ਦਿੱਤਾ ਹੈ;+ ਮੈਂ ਆਪਣੀ ਵਿਰਾਸਤ ਛੱਡ ਦਿੱਤੀ ਹੈ।+

ਮੈਂ ਆਪਣੇ ਬਹੁਤ ਹੀ ਪਿਆਰੇ ਲੋਕਾਂ ਨੂੰ ਦੁਸ਼ਮਣਾਂ ਦੇ ਹੱਥਾਂ ਵਿਚ ਸੌਂਪ ਦਿੱਤਾ ਹੈ।+

 8 ਮੇਰੀ ਵਿਰਾਸਤ ਮੇਰੇ ਲਈ ਜੰਗਲ ਦੇ ਸ਼ੇਰ ਵਾਂਗ ਬਣ ਗਈ ਹੈ।

ਉਹ ਮੇਰੇ ਖ਼ਿਲਾਫ਼ ਦਹਾੜਦੀ ਹੈ।

ਇਸ ਲਈ ਮੈਨੂੰ ਉਸ ਨਾਲ ਨਫ਼ਰਤ ਹੋ ਗਈ ਹੈ।

 9 ਮੇਰੀ ਵਿਰਾਸਤ ਮੇਰੇ ਲਈ ਇਕ ਰੰਗ-ਬਰੰਗੇ* ਸ਼ਿਕਾਰੀ ਪੰਛੀ ਵਾਂਗ ਹੈ;

ਹੋਰ ਸ਼ਿਕਾਰੀ ਪੰਛੀ ਉਸ ਨੂੰ ਘੇਰਦੇ ਹਨ ਅਤੇ ਉਸ ʼਤੇ ਹਮਲਾ ਕਰਦੇ ਹਨ।+

ਮੈਦਾਨ ਦੇ ਸਾਰੇ ਜਾਨਵਰੋ, ਇਕੱਠੇ ਹੋਵੋ,

ਤੁਸੀਂ ਸਾਰੇ ਖਾਣ ਲਈ ਆਓ।+

10 ਬਹੁਤ ਸਾਰੇ ਚਰਵਾਹਿਆਂ ਨੇ ਮੇਰਾ ਅੰਗੂਰਾਂ ਦਾ ਬਾਗ਼ ਤਬਾਹ ਕਰ ਦਿੱਤਾ ਹੈ;+

ਉਨ੍ਹਾਂ ਨੇ ਮੇਰੀ ਜ਼ਮੀਨ ਦੇ ਹਿੱਸੇ ਨੂੰ ਪੈਰਾਂ ਹੇਠ ਮਿੱਧਿਆ ਹੈ।+

ਉਨ੍ਹਾਂ ਨੇ ਮੇਰੀ ਜ਼ਮੀਨ ਦੇ ਸੋਹਣੇ ਹਿੱਸੇ ਨੂੰ ਉਜਾੜ ਦਿੱਤਾ ਹੈ।

11 ਇਹ ਜ਼ਮੀਨ ਬੰਜਰ ਹੋ ਗਈ ਹੈ।

ਇਹ ਸੁੱਕ ਕੇ ਬਰਬਾਦ ਹੋ ਗਈ ਹੈ;*

ਇਹ ਮੇਰੇ ਸਾਮ੍ਹਣੇ ਉਜਾੜ ਪਈ ਹੈ।+

ਸਾਰੀ ਜ਼ਮੀਨ ਨੂੰ ਨਸ਼ਟ ਕਰ ਦਿੱਤਾ ਗਿਆ ਹੈ,

ਪਰ ਕੋਈ ਵੀ ਇਸ ਗੱਲ ʼਤੇ ਧਿਆਨ ਨਹੀਂ ਦਿੰਦਾ।+

12 ਉਜਾੜ ਵਿਚਲੇ ਸਾਰੇ ਰਸਤਿਆਂ ਥਾਣੀਂ ਨਾਸ਼ ਕਰਨ ਵਾਲੇ ਆ ਗਏ ਹਨ

ਕਿਉਂਕਿ ਯਹੋਵਾਹ ਦੀ ਤਲਵਾਰ ਦੇਸ਼ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਕ ਲੋਕਾਂ ਨੂੰ ਨਿਗਲ਼ ਰਹੀ ਹੈ।+

ਕਿਸੇ ਲਈ ਵੀ ਸ਼ਾਂਤੀ ਨਹੀਂ।

13 ਉਨ੍ਹਾਂ ਨੇ ਕਣਕ ਬੀਜੀ, ਪਰ ਉਨ੍ਹਾਂ ਨੇ ਕੰਡਿਆਂ ਦੀ ਵਾਢੀ ਕੀਤੀ।+

ਉਹ ਮਿਹਨਤ ਕਰਦੇ ਹੋਏ ਥੱਕ ਕੇ ਚੂਰ ਹੋ ਗਏ, ਪਰ ਕੋਈ ਫ਼ਾਇਦਾ ਨਾ ਹੋਇਆ।

ਉਹ ਆਪਣੀ ਪੈਦਾਵਾਰ ਕਾਰਨ ਸ਼ਰਮਿੰਦੇ ਹੋਣਗੇ

ਕਿਉਂਕਿ ਯਹੋਵਾਹ ਦੇ ਗੁੱਸੇ ਦੀ ਅੱਗ ਉਨ੍ਹਾਂ ʼਤੇ ਭੜਕ ਉੱਠੀ ਹੈ।”

14 ਯਹੋਵਾਹ ਨੇ ਕਿਹਾ ਹੈ: “ਮੇਰੇ ਸਾਰੇ ਦੁਸ਼ਟ ਗੁਆਂਢੀ ਮੇਰੀ ਵਿਰਾਸਤ ਨੂੰ ਹੱਥ ਪਾਉਂਦੇ ਹਨ ਜੋ ਮੈਂ ਆਪਣੇ ਇਜ਼ਰਾਈਲੀ ਲੋਕਾਂ ਦੇ ਕਬਜ਼ੇ ਹੇਠ ਕੀਤੀ ਸੀ।+ ਇਸ ਲਈ ਮੈਂ ਉਨ੍ਹਾਂ ਸਾਰਿਆਂ ਨੂੰ ਉਨ੍ਹਾਂ ਦੇ ਦੇਸ਼ ਵਿੱਚੋਂ ਕੱਢ ਦਿਆਂਗਾ।+ ਨਾਲੇ ਮੈਂ ਯਹੂਦਾਹ ਦੇ ਘਰਾਣੇ ਨੂੰ ਉਨ੍ਹਾਂ ਦੇ ਵਿੱਚੋਂ ਕੱਢ ਦਿਆਂਗਾ। 15 ਪਰ ਉਨ੍ਹਾਂ ਨੂੰ ਕੱਢਣ ਤੋਂ ਬਾਅਦ ਮੈਂ ਉਨ੍ਹਾਂ ʼਤੇ ਦੁਬਾਰਾ ਦਇਆ ਕਰਾਂਗਾ ਅਤੇ ਉਨ੍ਹਾਂ ਵਿੱਚੋਂ ਹਰ ਕਿਸੇ ਨੂੰ ਉਸ ਦੀ ਵਿਰਾਸਤ ਅਤੇ ਜ਼ਮੀਨ ʼਤੇ ਵਾਪਸ ਲੈ ਆਵਾਂਗਾ।”

16 “ਪਰ ਜੇ ਉਹ ਮੇਰੇ ਲੋਕਾਂ ਦੇ ਰਾਹਾਂ ʼਤੇ ਚੱਲਣਾ ਸਿੱਖਣਗੇ ਅਤੇ ਮੇਰੇ ਨਾਂ ʼਤੇ ਇਹ ਸਹੁੰ ਖਾਣਗੇ, ‘ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ,’ ਠੀਕ ਜਿਵੇਂ ਉਨ੍ਹਾਂ ਨੇ ਮੇਰੇ ਲੋਕਾਂ ਨੂੰ ਬਆਲ ਦੇ ਨਾਂ ʼਤੇ ਸਹੁੰ ਖਾਣੀ ਸਿਖਾਈ ਸੀ, ਤਾਂ ਮੈਂ ਆਪਣੇ ਲੋਕਾਂ ਦੇ ਨਾਲ-ਨਾਲ ਉਨ੍ਹਾਂ ਨੂੰ ਖ਼ੁਸ਼ਹਾਲ ਬਣਾਵਾਂਗਾ। 17 ਪਰ ਜੇ ਉਹ ਮੇਰਾ ਕਹਿਣਾ ਮੰਨਣ ਤੋਂ ਇਨਕਾਰ ਕਰਨਗੇ, ਤਾਂ ਮੈਂ ਉਨ੍ਹਾਂ ਨੂੰ ਜੜ੍ਹੋਂ ਉਖਾੜ ਕੇ ਨਾਸ਼ ਕਰ ਦਿਆਂਗਾ,” ਯਹੋਵਾਹ ਕਹਿੰਦਾ ਹੈ।+

13 ਫਿਰ ਯਹੋਵਾਹ ਨੇ ਮੈਨੂੰ ਇਹ ਕਿਹਾ: “ਜਾਹ ਅਤੇ ਮਲਮਲ ਦਾ ਇਕ ਕਮਰਬੰਦ ਖ਼ਰੀਦ ਅਤੇ ਇਸ ਨੂੰ ਆਪਣੇ ਲੱਕ ਦੁਆਲੇ ਬੰਨ੍ਹ ਲੈ, ਪਰ ਇਸ ਨੂੰ ਪਾਣੀ ਵਿਚ ਨਾ ਡੋਬੀਂ।” 2 ਇਸ ਲਈ ਮੈਂ ਯਹੋਵਾਹ ਦੇ ਕਹੇ ਅਨੁਸਾਰ ਇਕ ਕਮਰਬੰਦ ਖ਼ਰੀਦਿਆ ਅਤੇ ਆਪਣੇ ਲੱਕ ਦੁਆਲੇ ਬੰਨ੍ਹ ਲਿਆ। 3 ਫਿਰ ਯਹੋਵਾਹ ਦਾ ਸੰਦੇਸ਼ ਮੈਨੂੰ ਦੂਸਰੀ ਵਾਰ ਮਿਲਿਆ: 4 “ਤੂੰ ਜਿਹੜਾ ਕਮਰਬੰਦ ਖ਼ਰੀਦ ਕੇ ਆਪਣੇ ਲੱਕ ਦੁਆਲੇ ਬੰਨ੍ਹਿਆ ਹੈ, ਉਸ ਨੂੰ ਲੈ ਕੇ ਫ਼ਰਾਤ ਦਰਿਆ ਕੋਲ ਜਾਹ ਅਤੇ ਉੱਥੇ ਉਸ ਨੂੰ ਇਕ ਚਟਾਨ ਦੀ ਤਰੇੜ ਵਿਚ ਲੁਕਾ ਦੇ।” 5 ਇਸ ਲਈ ਮੈਂ ਯਹੋਵਾਹ ਦੇ ਹੁਕਮ ਮੁਤਾਬਕ ਫ਼ਰਾਤ ਦਰਿਆ ਕੋਲ ਗਿਆ ਅਤੇ ਉੱਥੇ ਉਸ ਕਮਰਬੰਦ ਨੂੰ ਲੁਕਾ ਦਿੱਤਾ।

6 ਫਿਰ ਬਹੁਤ ਦਿਨਾਂ ਬਾਅਦ ਯਹੋਵਾਹ ਨੇ ਮੈਨੂੰ ਕਿਹਾ: “ਉੱਠ ਅਤੇ ਫ਼ਰਾਤ ਦਰਿਆ ਕੋਲ ਜਾਹ ਅਤੇ ਉੱਥੋਂ ਉਹ ਕਮਰਬੰਦ ਲੈ ਕੇ ਆ ਜਿਸ ਨੂੰ ਲੁਕਾਉਣ ਦਾ ਮੈਂ ਤੈਨੂੰ ਹੁਕਮ ਦਿੱਤਾ ਸੀ।” 7 ਇਸ ਲਈ ਮੈਂ ਫ਼ਰਾਤ ਦਰਿਆ ਕੋਲ ਗਿਆ ਅਤੇ ਜਿਸ ਜਗ੍ਹਾ ਮੈਂ ਕਮਰਬੰਦ ਲੁਕਾਇਆ ਸੀ, ਮੈਂ ਉੱਥੋਂ ਪੁੱਟ ਕੇ ਕਮਰਬੰਦ ਕੱਢਿਆ। ਮੈਂ ਦੇਖਿਆ ਕਿ ਉਹ ਪੂਰੀ ਤਰ੍ਹਾਂ ਗਲ਼ ਗਿਆ ਸੀ ਜਿਸ ਕਰਕੇ ਉਹ ਕਿਸੇ ਕੰਮ ਦਾ ਨਹੀਂ ਰਿਹਾ।

8 ਫਿਰ ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 9 “ਯਹੋਵਾਹ ਕਹਿੰਦਾ ਹੈ, ‘ਮੈਂ ਇਸੇ ਤਰ੍ਹਾਂ ਯਹੂਦਾਹ ਦੇ ਘਮੰਡ ਨੂੰ ਚੂਰ-ਚੂਰ ਕਰ ਦਿਆਂਗਾ ਅਤੇ ਯਰੂਸ਼ਲਮ ਦਾ ਹੰਕਾਰ ਤੋੜ ਸੁੱਟਾਂਗਾ।+ 10 ਇਹ ਦੁਸ਼ਟ ਲੋਕ ਮੇਰਾ ਕਹਿਣਾ ਮੰਨਣ ਤੋਂ ਇਨਕਾਰ ਕਰਦੇ ਹਨ,+ ਢੀਠ ਹੋ ਕੇ ਆਪਣੀ ਮਨ-ਮਰਜ਼ੀ ਕਰਦੇ ਹਨ,+ ਦੂਜੇ ਦੇਵਤਿਆਂ ਦੇ ਪਿੱਛੇ ਚੱਲਦੇ ਹਨ, ਉਨ੍ਹਾਂ ਦੀ ਭਗਤੀ ਕਰਦੇ ਹਨ ਅਤੇ ਉਨ੍ਹਾਂ ਅੱਗੇ ਮੱਥਾ ਟੇਕਦੇ ਹਨ। ਇਹ ਸਾਰੇ ਇਸ ਕਮਰਬੰਦ ਵਾਂਗ ਹੋ ਜਾਣਗੇ ਜੋ ਕਿਸੇ ਕੰਮ ਦਾ ਨਹੀਂ ਰਿਹਾ।’ 11 ਯਹੋਵਾਹ ਕਹਿੰਦਾ ਹੈ, ‘ਜਿਵੇਂ ਇਕ ਕਮਰਬੰਦ ਆਦਮੀ ਦੇ ਲੱਕ ਦੁਆਲੇ ਬੱਝਾ ਹੁੰਦਾ ਹੈ, ਉਸੇ ਤਰ੍ਹਾਂ ਮੈਂ ਇਜ਼ਰਾਈਲ ਦੇ ਸਾਰੇ ਘਰਾਣੇ ਅਤੇ ਯਹੂਦਾਹ ਦੇ ਸਾਰੇ ਘਰਾਣੇ ਨੂੰ ਆਪਣੇ ਨਾਲ ਬੰਨ੍ਹਿਆ ਸੀ ਤਾਂਕਿ ਉਹ ਮੇਰੇ ਲੋਕ ਬਣਨ,+ ਮੇਰੇ ਨਾਂ ਦੀ ਮਹਿਮਾ ਕਰਨ,+ ਮੇਰੀ ਵਡਿਆਈ ਕਰਨ ਅਤੇ ਮੇਰੀ ਸ਼ਾਨ ਵਧਾਉਣ। ਪਰ ਉਨ੍ਹਾਂ ਨੇ ਮੇਰਾ ਕਹਿਣਾ ਨਹੀਂ ਮੰਨਿਆ।’+

12 “ਤੂੰ ਉਨ੍ਹਾਂ ਨੂੰ ਇਹ ਸੰਦੇਸ਼ ਵੀ ਦੇਈਂ, ‘ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ: “ਹਰ ਵੱਡਾ ਘੜਾ ਦਾਖਰਸ ਨਾਲ ਭਰਿਆ ਜਾਵੇ।”’ ਉਹ ਤੈਨੂੰ ਜਵਾਬ ਦੇਣਗੇ, ‘ਕੀ ਸਾਨੂੰ ਨਹੀਂ ਪਤਾ ਕਿ ਹਰ ਵੱਡਾ ਘੜਾ ਦਾਖਰਸ ਨਾਲ ਭਰਿਆ ਜਾਣਾ ਚਾਹੀਦਾ ਹੈ?’ 13 ਫਿਰ ਤੂੰ ਉਨ੍ਹਾਂ ਨੂੰ ਕਹੀਂ, ‘ਯਹੋਵਾਹ ਕਹਿੰਦਾ ਹੈ: “ਦੇਖੋ, ਮੈਂ ਇਸ ਦੇਸ਼ ਦੇ ਵਾਸੀਆਂ ਨੂੰ, ਦਾਊਦ ਦੇ ਸਿੰਘਾਸਣ ʼਤੇ ਬੈਠੇ ਰਾਜਿਆਂ ਨੂੰ, ਪੁਜਾਰੀਆਂ ਨੂੰ, ਨਬੀਆਂ ਨੂੰ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਨੂੰ ਇੰਨਾ ਦਾਖਰਸ ਪਿਲਾਵਾਂਗਾ ਕਿ ਉਹ ਨਸ਼ੇ ਵਿਚ ਚੂਰ ਹੋ ਜਾਣਗੇ।+ 14 ਮੈਂ ਉਨ੍ਹਾਂ ਨੂੰ ਇਕ-ਦੂਜੇ ਵਿਚ ਪਟਕਾ-ਪਟਕਾ ਕੇ ਮਾਰਾਂਗਾ। ਮੈਂ ਪਿਤਾਵਾਂ ਤੇ ਪੁੱਤਰਾਂ ਨਾਲ ਇਸੇ ਤਰ੍ਹਾਂ ਕਰਾਂਗਾ,” ਯਹੋਵਾਹ ਕਹਿੰਦਾ ਹੈ।+ “ਮੈਂ ਉਨ੍ਹਾਂ ʼਤੇ ਤਰਸ ਨਹੀਂ ਖਾਵਾਂਗਾ ਅਤੇ ਨਾ ਹੀ ਮੈਨੂੰ ਇਸ ਗੱਲ ਦਾ ਕੋਈ ਅਫ਼ਸੋਸ ਹੋਵੇਗਾ ਅਤੇ ਨਾ ਹੀ ਮੈਂ ਉਨ੍ਹਾਂ ʼਤੇ ਰਹਿਮ ਕਰਾਂਗਾ। ਕੋਈ ਵੀ ਚੀਜ਼ ਮੈਨੂੰ ਉਨ੍ਹਾਂ ਨੂੰ ਤਬਾਹ ਕਰਨ ਤੋਂ ਰੋਕ ਨਹੀਂ ਸਕਦੀ।”’+

15 ਸੁਣੋ ਅਤੇ ਧਿਆਨ ਦਿਓ।

ਹੰਕਾਰੀ ਨਾ ਬਣੋ ਕਿਉਂਕਿ ਯਹੋਵਾਹ ਗੱਲ ਕਰ ਰਿਹਾ ਹੈ।

16 ਆਪਣੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਕਰੋ

ਇਸ ਤੋਂ ਪਹਿਲਾਂ ਕਿ ਉਹ ਹਨੇਰਾ ਕਰ ਦੇਵੇ,

ਇਸ ਤੋਂ ਪਹਿਲਾਂ ਕਿ ਸ਼ਾਮ ਨੂੰ ਪਹਾੜਾਂ ਉੱਤੇ ਤੁਹਾਡੇ ਪੈਰਾਂ ਨੂੰ ਠੇਡਾ ਲੱਗੇ।

ਤੁਸੀਂ ਚਾਨਣ ਦੀ ਆਸ ਰੱਖੋਗੇ,

ਪਰ ਉਹ ਘੁੱਪ ਹਨੇਰਾ ਕਰ ਦੇਵੇਗਾ;

ਉਹ ਚਾਨਣ ਨੂੰ ਅੰਧਕਾਰ ਵਿਚ ਬਦਲ ਦੇਵੇਗਾ।+

17 ਜੇ ਤੁਸੀਂ ਸੁਣਨ ਤੋਂ ਇਨਕਾਰ ਕਰੋਗੇ,

ਤਾਂ ਮੈਂ ਤੁਹਾਡੇ ਘਮੰਡ ਕਰਕੇ ਲੁਕ-ਲੁਕ ਕੇ ਰੋਵਾਂਗਾ।

ਮੈਂ ਫੁੱਟ-ਫੁੱਟ ਕੇ ਰੋਵਾਂਗਾ ਅਤੇ ਮੇਰੀਆਂ ਅੱਖਾਂ ਤੋਂ ਹੰਝੂਆਂ ਦਾ ਚਸ਼ਮਾ ਵਗੇਗਾ+

ਕਿਉਂਕਿ ਯਹੋਵਾਹ ਦੇ ਇੱਜੜ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਹੈ।+

18 ਆਪਣੇ ਰਾਜੇ ਅਤੇ ਰਾਜ-ਮਾਤਾ ਨੂੰ ਕਹਿ,+ ‘ਆਪਣੇ ਸਿੰਘਾਸਣਾਂ ਤੋਂ ਉੱਠ ਕੇ ਹੇਠਾਂ ਬੈਠੋ

ਕਿਉਂਕਿ ਤੁਹਾਡੇ ਸੋਹਣੇ ਮੁਕਟ ਤੁਹਾਡੇ ਸਿਰਾਂ ਤੋਂ ਡਿਗ ਪੈਣਗੇ।’

19 ਦੱਖਣ ਦੇ ਸ਼ਹਿਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ,* ਉਨ੍ਹਾਂ ਨੂੰ ਖੋਲ੍ਹਣ ਵਾਲਾ ਕੋਈ ਨਹੀਂ ਹੈ।

ਯਹੂਦਾਹ ਦੇ ਸਾਰੇ ਲੋਕਾਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਹੈ, ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਗਿਆ।+

20 ਆਪਣੀਆਂ ਨਜ਼ਰਾਂ ਚੁੱਕ ਕੇ ਉੱਤਰ ਤੋਂ ਆਉਣ ਵਾਲਿਆਂ ਨੂੰ ਦੇਖ।+

ਕਿੱਥੇ ਹਨ ਤੇਰੇ ਇੱਜੜ ਦੀਆਂ ਸੋਹਣੀਆਂ ਭੇਡਾਂ ਜੋ ਤੈਨੂੰ ਦਿੱਤੀਆਂ ਗਈਆਂ ਸਨ?+

21 ਤੂੰ ਉਸ ਸਮੇਂ ਕੀ ਕਹੇਂਗੀ ਜਦੋਂ ਤੈਨੂੰ ਉਨ੍ਹਾਂ ਲੋਕਾਂ ਤੋਂ ਸਜ਼ਾ ਮਿਲੇਗੀ

ਜਿਨ੍ਹਾਂ ਨੂੰ ਤੂੰ ਸ਼ੁਰੂ ਤੋਂ ਆਪਣੇ ਕਰੀਬੀ ਦੋਸਤ ਬਣਾਇਆ ਹੈ?+

ਕੀ ਤੈਨੂੰ ਬੱਚਾ ਜਣਨ ਵਾਲੀ ਔਰਤ ਵਾਂਗ ਪੀੜਾਂ ਨਹੀਂ ਲੱਗਣਗੀਆਂ?+

22 ਤੂੰ ਆਪਣੇ ਦਿਲ ਵਿਚ ਸੋਚਦੀ ਹੈਂ, ‘ਇਹ ਸਭ ਕੁਝ ਮੇਰੇ ਨਾਲ ਕਿਉਂ ਵਾਪਰਿਆ?’+

ਤੇਰੇ ਪਾਪਾਂ ਕਾਰਨ ਤੇਰਾ ਘੱਗਰਾ ਲਾਹ ਦਿੱਤਾ ਗਿਆ+

ਅਤੇ ਤੇਰੀਆਂ ਅੱਡੀਆਂ ਨੂੰ ਬੇਹੱਦ ਦਰਦ ਸਹਿਣਾ ਪਿਆ ਹੈ।

23 ਕੀ ਇਕ ਕੂਸ਼ੀ* ਆਦਮੀ ਆਪਣੀ ਚਮੜੀ ਦਾ ਰੰਗ ਬਦਲ ਸਕਦਾ ਹੈ?

ਜਾਂ ਕੀ ਇਕ ਚੀਤਾ ਆਪਣੇ ਧੱਬੇ ਬਦਲ ਸਕਦਾ ਹੈ?+

ਜੇ ਹਾਂ, ਤਾਂ ਫਿਰ ਤੂੰ ਵੀ ਚੰਗੇ ਕੰਮ ਕਰ ਸਕਦੀ ਹੈਂ,

ਭਾਵੇਂ ਤੂੰ ਬੁਰੇ ਕੰਮ ਕਰਨ ਦੀ ਸਿਖਲਾਈ ਲਈ ਹੈ।

24 ਇਸ ਲਈ ਮੈਂ ਉਨ੍ਹਾਂ ਨੂੰ ਇਸ ਤਰ੍ਹਾਂ ਖਿੰਡਾ ਦਿਆਂਗਾ,

ਜਿਵੇਂ ਉਜਾੜ ਵੱਲੋਂ ਵਗਦੀ ਹਵਾ ਘਾਹ-ਫੂਸ ਉਡਾ ਲੈ ਜਾਂਦੀ ਹੈ।+

25 ਇਹ ਤੇਰਾ ਹਿੱਸਾ ਹੈ ਜੋ ਮੈਂ ਤੈਨੂੰ ਮਾਪ ਕੇ ਦਿੱਤਾ ਹੈ,” ਯਹੋਵਾਹ ਕਹਿੰਦਾ ਹੈ

“ਕਿਉਂਕਿ ਤੂੰ ਮੈਨੂੰ ਭੁੱਲ ਗਈ ਹੈਂ+ ਅਤੇ ਤੂੰ ਝੂਠ ʼਤੇ ਯਕੀਨ ਕਰਦੀ ਹੈਂ।+

26 ਇਸ ਲਈ ਮੈਂ ਤੇਰਾ ਘੱਗਰਾ ਤੇਰੇ ਮੂੰਹ ਤਕ ਚੁੱਕਾਂਗਾ

ਅਤੇ ਤੇਰਾ ਨੰਗੇਜ਼ ਉਘਾੜਿਆ ਜਾਵੇਗਾ,+

27 ਤੇਰੇ ਹਰਾਮਕਾਰੀ ਦੇ ਕੰਮ,+ ਤੇਰੀ ਕਾਮ-ਵਾਸ਼ਨਾ,

ਤੇਰੀ ਘਿਣਾਉਣੀ* ਬਦਚਲਣੀ ਜ਼ਾਹਰ ਹੋ ਜਾਵੇਗੀ।

ਮੈਂ ਪਹਾੜਾਂ ਤੇ ਮੈਦਾਨਾਂ ਵਿਚ ਤੇਰੇ ਘਿਣਾਉਣੇ ਕੰਮ ਦੇਖੇ ਹਨ।+

ਹੇ ਯਰੂਸ਼ਲਮ, ਲਾਹਨਤ ਹੈ ਤੇਰੇ ʼਤੇ!

ਤੂੰ ਕਦ ਤਕ ਅਸ਼ੁੱਧ ਰਹੇਂਗੀ?”+

14 ਯਿਰਮਿਯਾਹ ਨੂੰ ਸੋਕੇ ਬਾਰੇ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:+

 2 ਯਹੂਦਾਹ ਸੋਗ ਮਨਾਉਂਦਾ ਹੈ+ ਅਤੇ ਇਸ ਦੇ ਦਰਵਾਜ਼ੇ ਢਹਿ ਗਏ ਹਨ।

ਉਹ ਨਿਰਾਸ਼ ਹੋ ਕੇ ਜ਼ਮੀਨ ʼਤੇ ਡਿਗ ਪਏ ਹਨ

ਅਤੇ ਯਰੂਸ਼ਲਮ ਤੋਂ ਚੀਕ-ਚਿਹਾੜੇ ਦੀ ਆਵਾਜ਼ ਸੁਣਾਈ ਦੇ ਰਹੀ ਹੈ।

 3 ਉੱਥੇ ਦੇ ਮਾਲਕ ਆਪਣੇ ਨੌਕਰਾਂ* ਨੂੰ ਪਾਣੀ ਲੈਣ ਭੇਜਦੇ ਹਨ।

ਉਹ ਪਾਣੀ ਦੇ ਚੁਬੱਚਿਆਂ* ਕੋਲ ਜਾਂਦੇ ਹਨ, ਪਰ ਉਨ੍ਹਾਂ ਨੂੰ ਪਾਣੀ ਨਹੀਂ ਮਿਲਦਾ।

ਉਹ ਖਾਲੀ ਭਾਂਡੇ ਲੈ ਕੇ ਵਾਪਸ ਆਉਂਦੇ ਹਨ।

ਉਹ ਸ਼ਰਮਿੰਦੇ ਹਨ ਅਤੇ ਨਿਰਾਸ਼ ਹੋ ਗਏ ਹਨ

ਅਤੇ ਉਹ ਆਪਣੇ ਸਿਰ ਢਕ ਲੈਂਦੇ ਹਨ।

 4 ਕਿਸਾਨ ਨਿਰਾਸ਼ ਹਨ ਅਤੇ ਉਨ੍ਹਾਂ ਨੇ ਆਪਣੇ ਸਿਰ ਢਕ ਲਏ ਹਨ

ਕਿਉਂਕਿ ਦੇਸ਼ ਵਿਚ ਮੀਂਹ ਨਹੀਂ ਪੈਂਦਾ+

ਜਿਸ ਕਰਕੇ ਜ਼ਮੀਨ ਵਿਚ ਤਰੇੜਾਂ ਪੈ ਗਈਆਂ ਹਨ।

 5 ਮੈਦਾਨ ਦੀ ਹਿਰਨੀ ਵੀ ਆਪਣੇ ਨਵ-ਜੰਮੇ ਬੱਚੇ ਨੂੰ ਛੱਡ ਕੇ ਚਲੀ ਜਾਂਦੀ ਹੈ

ਕਿਉਂਕਿ ਕਿਤੇ ਵੀ ਘਾਹ ਨਹੀਂ ਹੈ।

 6 ਜੰਗਲੀ ਗਧੇ ਪਹਾੜੀਆਂ ʼਤੇ ਖੜ੍ਹੇ ਹਨ।

ਉਹ ਗਿੱਦੜਾਂ ਵਾਂਗ ਹਵਾ ਵਿਚ ਔਖੇ-ਔਖੇ ਸਾਹ ਲੈਂਦੇ ਹਨ;

ਉਨ੍ਹਾਂ ਦੀਆਂ ਅੱਖਾਂ ਕਮਜ਼ੋਰ ਹੋ ਗਈਆਂ ਹਨ ਕਿਉਂਕਿ ਉੱਥੇ ਪੇੜ-ਪੌਦੇ ਨਹੀਂ ਹਨ।+

 7 ਹਾਲਾਂਕਿ ਸਾਡੀਆਂ ਗ਼ਲਤੀਆਂ ਸਾਡੇ ਖ਼ਿਲਾਫ਼ ਗਵਾਹੀ ਦਿੰਦੀਆਂ ਹਨ,

ਫਿਰ ਵੀ ਹੇ ਯਹੋਵਾਹ, ਆਪਣੇ ਨਾਂ ਦੀ ਖ਼ਾਤਰ ਕਦਮ ਚੁੱਕ।+

ਅਸੀਂ ਕਈ ਵਾਰ ਤੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ,+

ਹਾਂ, ਅਸੀਂ ਤੇਰੇ ਖ਼ਿਲਾਫ਼ ਪਾਪ ਕੀਤਾ ਹੈ।

 8 ਹੇ ਇਜ਼ਰਾਈਲ ਦੀ ਆਸ, ਬਿਪਤਾ ਦੇ ਵੇਲੇ ਉਸ ਦੇ ਮੁਕਤੀਦਾਤੇ,+

ਤੂੰ ਇਸ ਦੇਸ਼ ਵਿਚ ਇਕ ਅਜਨਬੀ ਵਾਂਗ ਕਿਉਂ ਹੈਂ,

ਜਾਂ ਇਕ ਮੁਸਾਫ਼ਰ ਵਾਂਗ ਜੋ ਸਿਰਫ਼ ਰਾਤ ਕੱਟਣ ਲਈ ਰੁਕਦਾ ਹੈ?

 9 ਤੂੰ ਇਨਸਾਨ ਵਾਂਗ ਹੱਕਾ-ਬੱਕਾ ਕਿਉਂ ਹੈਂ?

ਤੂੰ ਉਸ ਯੋਧੇ ਵਾਂਗ ਕਿਉਂ ਹੈਂ ਜੋ ਆਪਣੇ ਲੋਕਾਂ ਨੂੰ ਬਚਾ ਨਹੀਂ ਸਕਦਾ?

ਹੇ ਯਹੋਵਾਹ, ਤੂੰ ਸਾਡੇ ਵਿਚ ਹੈਂ+

ਅਤੇ ਅਸੀਂ ਤੇਰੇ ਨਾਂ ਤੋਂ ਜਾਣੇ ਜਾਂਦੇ ਹਾਂ।+

ਸਾਨੂੰ ਨਾ ਤਿਆਗ।

10 ਯਹੋਵਾਹ ਇਨ੍ਹਾਂ ਲੋਕਾਂ ਬਾਰੇ ਕਹਿੰਦਾ ਹੈ: “ਇਨ੍ਹਾਂ ਨੂੰ ਆਵਾਰਾ ਘੁੰਮਣਾ ਪਸੰਦ ਹੈ।+ ਇਨ੍ਹਾਂ ਨੇ ਆਪਣੇ ਪੈਰਾਂ ਨੂੰ ਰੋਕਿਆ ਨਹੀਂ ਹੈ।+ ਇਸ ਲਈ ਯਹੋਵਾਹ ਇਨ੍ਹਾਂ ਤੋਂ ਖ਼ੁਸ਼ ਨਹੀਂ ਹੈ।+ ਹੁਣ ਉਹ ਇਨ੍ਹਾਂ ਦੀਆਂ ਗ਼ਲਤੀਆਂ ਨੂੰ ਯਾਦ ਕਰੇਗਾ ਅਤੇ ਇਨ੍ਹਾਂ ਦੇ ਪਾਪਾਂ ਦਾ ਲੇਖਾ ਲਵੇਗਾ।”+

11 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਇਨ੍ਹਾਂ ਲੋਕਾਂ ਦੇ ਭਲੇ ਲਈ ਪ੍ਰਾਰਥਨਾ ਨਾ ਕਰ।+ 12 ਜਦ ਇਹ ਵਰਤ ਰੱਖਦੇ ਹਨ, ਤਾਂ ਮੈਂ ਇਨ੍ਹਾਂ ਦੀਆਂ ਫ਼ਰਿਆਦਾਂ ਨਹੀਂ ਸੁਣਦਾ+ ਅਤੇ ਜਦ ਇਹ ਹੋਮ-ਬਲ਼ੀਆਂ ਅਤੇ ਅਨਾਜ ਦੇ ਚੜ੍ਹਾਵੇ ਚੜ੍ਹਾਉਂਦੇ ਹਨ, ਤਾਂ ਮੈਨੂੰ ਇਨ੍ਹਾਂ ਦੇ ਚੜ੍ਹਾਵਿਆਂ ਤੋਂ ਕੋਈ ਖ਼ੁਸ਼ੀ ਨਹੀਂ ਹੁੰਦੀ।+ ਮੈਂ ਇਨ੍ਹਾਂ ਨੂੰ ਤਲਵਾਰ, ਕਾਲ਼ ਅਤੇ ਮਹਾਂਮਾਰੀ* ਨਾਲ ਖ਼ਤਮ ਕਰ ਦਿਆਂਗਾ।”+

13 ਤਦ ਮੈਂ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਦੇਖ, ਨਬੀ ਲੋਕਾਂ ਨੂੰ ਕਹਿੰਦੇ ਹਨ, ‘ਤੁਸੀਂ ਤਲਵਾਰ ਦਾ ਮੂੰਹ ਨਹੀਂ ਦੇਖੋਗੇ ਅਤੇ ਨਾ ਹੀ ਤੁਹਾਨੂੰ ਕਾਲ਼ ਦਾ ਸਾਮ੍ਹਣਾ ਕਰਨਾ ਪਵੇਗਾ। ਪਰ ਪਰਮੇਸ਼ੁਰ ਤੁਹਾਨੂੰ ਇਸ ਜਗ੍ਹਾ ਸੱਚੀ ਸ਼ਾਂਤੀ ਬਖ਼ਸ਼ੇਗਾ।’”+

14 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਨਬੀ ਮੇਰੇ ਨਾਂ ʼਤੇ ਝੂਠੀਆਂ ਭਵਿੱਖਬਾਣੀਆਂ ਕਰ ਰਹੇ ਹਨ।+ ਮੈਂ ਨਾ ਤਾਂ ਉਨ੍ਹਾਂ ਨੂੰ ਭੇਜਿਆ, ਨਾ ਹੀ ਉਨ੍ਹਾਂ ਨੂੰ ਇੱਦਾਂ ਕਰਨ ਦਾ ਹੁਕਮ ਦਿੱਤਾ ਅਤੇ ਨਾ ਹੀ ਉਨ੍ਹਾਂ ਨਾਲ ਗੱਲ ਕੀਤੀ।+ ਉਹ ਝੂਠੇ ਦਰਸ਼ਣ ਦੱਸਦੇ ਹਨ, ਫਾਲ* ਪਾ ਕੇ ਬੇਕਾਰ ਗੱਲਾਂ ਦੱਸਦੇ ਹਨ ਅਤੇ ਛਲ ਭਰੀਆਂ ਗੱਲਾਂ ਦੀਆਂ ਭਵਿੱਖਬਾਣੀਆਂ ਕਰਦੇ ਹਨ।+ 15 ਇਸ ਲਈ ਯਹੋਵਾਹ ਕਹਿੰਦਾ ਹੈ: ‘ਜਿਹੜੇ ਨਬੀ ਮੇਰੇ ਨਾਂ ʼਤੇ ਭਵਿੱਖਬਾਣੀਆਂ ਕਰ ਰਹੇ ਹਨ ਅਤੇ ਜਿਨ੍ਹਾਂ ਨੂੰ ਮੈਂ ਨਹੀਂ ਭੇਜਿਆ ਅਤੇ ਜਿਹੜੇ ਕਹਿੰਦੇ ਹਨ ਕਿ ਇਸ ਦੇਸ਼ ਵਿਚ ਤਲਵਾਰ ਨਹੀਂ ਚੱਲੇਗੀ ਅਤੇ ਨਾ ਹੀ ਕਾਲ਼ ਪਵੇਗਾ, ਉਹ ਨਬੀ ਤਲਵਾਰ ਅਤੇ ਕਾਲ਼ ਨਾਲ ਮਾਰੇ ਜਾਣਗੇ।+ 16 ਨਾਲੇ ਉਨ੍ਹਾਂ ਦੀਆਂ ਭਵਿੱਖਬਾਣੀਆਂ ਸੁਣਨ ਵਾਲੇ ਲੋਕ ਵੀ ਕਾਲ਼ ਅਤੇ ਤਲਵਾਰ ਨਾਲ ਮਾਰੇ ਜਾਣਗੇ ਅਤੇ ਉਨ੍ਹਾਂ ਦੀਆਂ ਲਾਸ਼ਾਂ ਯਰੂਸ਼ਲਮ ਦੀਆਂ ਗਲੀਆਂ ਵਿਚ ਸੁੱਟ ਦਿੱਤੀਆਂ ਜਾਣਗੀਆਂ। ਉਨ੍ਹਾਂ ਨੂੰ, ਉਨ੍ਹਾਂ ਦੀਆਂ ਪਤਨੀਆਂ, ਉਨ੍ਹਾਂ ਦੇ ਪੁੱਤਰਾਂ ਅਤੇ ਉਨ੍ਹਾਂ ਦੀਆਂ ਧੀਆਂ ਨੂੰ ਦਫ਼ਨਾਉਣ ਵਾਲਾ ਕੋਈ ਨਹੀਂ ਹੋਵੇਗਾ+ ਕਿਉਂਕਿ ਮੈਂ ਉਨ੍ਹਾਂ ʼਤੇ ਬਿਪਤਾ ਲਿਆਵਾਂਗਾ ਜਿਸ ਦੇ ਉਹ ਲਾਇਕ ਹਨ।’+

17 “ਤੂੰ ਉਨ੍ਹਾਂ ਨੂੰ ਇਹ ਕਹੀਂ,

‘ਮੇਰੀਆਂ ਅੱਖਾਂ ਤੋਂ ਰਾਤ-ਦਿਨ ਹੰਝੂ ਵਗਦੇ ਰਹਿਣ, ਇਹ ਕਦੇ ਨਾ ਰੁਕਣ+

ਕਿਉਂਕਿ ਮੇਰੇ ਲੋਕਾਂ ਦੀ ਕੁਆਰੀ ਧੀ ਨੂੰ ਜ਼ੋਰ ਨਾਲ ਮਾਰਿਆ ਗਿਆ ਹੈ,+

ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਗਿਆ ਹੈ।

18 ਜੇ ਮੈਂ ਸ਼ਹਿਰੋਂ ਬਾਹਰ ਜਾਂਦਾ ਹਾਂ, ਤਾਂ ਦੇਖੋ,

ਉੱਥੇ ਮੈਨੂੰ ਤਲਵਾਰ ਨਾਲ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਪਈਆਂ ਨਜ਼ਰ ਆਉਂਦੀਆਂ ਹਨ!+

ਅਤੇ ਜੇ ਮੈਂ ਸ਼ਹਿਰ ਵਿਚ ਆਉਂਦਾ ਹਾਂ,

ਤਾਂ ਮੈਂ ਕਾਲ਼ ਦੀ ਮਾਰ ਝੱਲ ਰਹੇ ਲੋਕਾਂ ਨੂੰ ਦੇਖਦਾ ਹਾਂ!+

ਨਬੀ ਅਤੇ ਪੁਜਾਰੀ ਅਣਜਾਣ ਦੇਸ਼ ਨੂੰ ਜਾਂਦੇ ਹਨ।’”+

19 ਹੇ ਪਰਮੇਸ਼ੁਰ, ਕੀ ਤੂੰ ਪੂਰੀ ਤਰ੍ਹਾਂ ਯਹੂਦਾਹ ਨੂੰ ਤਿਆਗ ਦਿੱਤਾ ਹੈ

ਕੀ ਤੈਨੂੰ ਸੀਓਨ ਤੋਂ ਘਿਣ ਹੋ ਗਈ ਹੈ?+

ਤੂੰ ਸਾਨੂੰ ਇੰਨੇ ਜ਼ੋਰ ਨਾਲ ਕਿਉਂ ਮਾਰਿਆ ਕਿ ਅਸੀਂ ਠੀਕ ਹੀ ਨਹੀਂ ਹੋ ਸਕਦੇ?+

ਅਸੀਂ ਸ਼ਾਂਤੀ ਦੀ ਆਸ ਲਾਈ ਸੀ, ਪਰ ਕੁਝ ਵੀ ਚੰਗਾ ਨਹੀਂ ਹੋਇਆ,

ਸਾਨੂੰ ਠੀਕ ਹੋਣ ਦੀ ਉਮੀਦ ਸੀ, ਪਰ ਅਸੀਂ ਖ਼ੌਫ਼ ਨਾਲ ਸਹਿਮੇ ਹੋਏ ਹਾਂ।+

20 ਹੇ ਯਹੋਵਾਹ, ਅਸੀਂ ਆਪਣੇ ਦੁਸ਼ਟ ਕੰਮਾਂ

ਅਤੇ ਆਪਣੇ ਪਿਉ-ਦਾਦਿਆਂ ਦੀਆਂ ਗ਼ਲਤੀਆਂ ਨੂੰ ਕਬੂਲ ਕਰਦੇ ਹਾਂ

ਕਿਉਂਕਿ ਅਸੀਂ ਤੇਰੇ ਖ਼ਿਲਾਫ਼ ਪਾਪ ਕੀਤਾ ਹੈ।+

21 ਆਪਣੇ ਨਾਂ ਦੀ ਖ਼ਾਤਰ ਸਾਨੂੰ ਨਾ ਤਿਆਗ;+

ਆਪਣੇ ਸ਼ਾਨਦਾਰ ਸਿੰਘਾਸਣ ਨੂੰ ਤੁੱਛ ਨਾ ਸਮਝ।

ਸਾਡੇ ਨਾਲ ਕੀਤਾ ਆਪਣਾ ਇਕਰਾਰ ਯਾਦ ਕਰ ਅਤੇ ਇਸ ਨੂੰ ਨਾ ਤੋੜ।+

22 ਕੀ ਕੌਮਾਂ ਦੀ ਕੋਈ ਵੀ ਨਿਕੰਮੀ ਮੂਰਤ ਮੀਂਹ ਵਰ੍ਹਾ ਸਕਦੀ ਹੈ?

ਜਾਂ ਕੀ ਆਕਾਸ਼ ਆਪਣੇ ਆਪ ਬਾਰਸ਼ ਪਾ ਸਕਦਾ ਹੈ?

ਹੇ ਸਾਡੇ ਪਰਮੇਸ਼ੁਰ ਯਹੋਵਾਹ, ਸਿਰਫ਼ ਤੂੰ ਹੀ ਇਸ ਤਰ੍ਹਾਂ ਕਰ ਸਕਦਾ ਹੈਂ।+

ਅਸੀਂ ਤੇਰੇ ʼਤੇ ਉਮੀਦ ਲਾਈ ਹੈ

ਕਿਉਂਕਿ ਸਿਰਫ਼ ਤੂੰ ਹੀ ਹੈਂ ਜਿਸ ਨੇ ਇਹ ਸਭ ਕੰਮ ਕੀਤੇ ਹਨ।

15 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਜੇ ਮੂਸਾ ਤੇ ਸਮੂਏਲ ਵੀ ਮੇਰੇ ਸਾਮ੍ਹਣੇ ਖੜ੍ਹੇ ਹੁੰਦੇ,+ ਤਾਂ ਵੀ ਮੈਂ ਇਨ੍ਹਾਂ ਲੋਕਾਂ ʼਤੇ ਤਰਸ ਨਾ ਖਾਂਦਾ। ਇਨ੍ਹਾਂ ਲੋਕਾਂ ਨੂੰ ਮੇਰੇ ਸਾਮ੍ਹਣਿਓਂ ਭਜਾ ਦੇ। ਇਹ ਇੱਥੋਂ ਚਲੇ ਜਾਣ। 2 ਜੇ ਉਹ ਤੈਨੂੰ ਕਹਿਣ, ‘ਅਸੀਂ ਕਿੱਥੇ ਜਾਈਏ?’ ਤੂੰ ਉਨ੍ਹਾਂ ਨੂੰ ਕਹੀਂ, ‘ਯਹੋਵਾਹ ਕਹਿੰਦਾ ਹੈ:

“ਤੁਹਾਡੇ ਵਿੱਚੋਂ ਕੁਝ ਜਣੇ ਗੰਭੀਰ ਬੀਮਾਰੀਆਂ ਨਾਲ ਮਰਨਗੇ!

ਕੁਝ ਜਣੇ ਤਲਵਾਰ ਨਾਲ ਮਰਨਗੇ!+

ਕੁਝ ਜਣੇ ਕਾਲ਼ ਨਾਲ ਮਰਨਗੇ!

ਅਤੇ ਕੁਝ ਜਣੇ ਬੰਦੀ ਬਣਾ ਕੇ ਲਿਜਾਏ ਜਾਣਗੇ!”’+

3 “‘ਮੈਂ ਉਨ੍ਹਾਂ ʼਤੇ ਚਾਰ ਆਫ਼ਤਾਂ* ਲਿਆਵਾਂਗਾ,’+ ਯਹੋਵਾਹ ਕਹਿੰਦਾ ਹੈ, ‘ਉਨ੍ਹਾਂ ਨੂੰ ਵੱਢਣ ਲਈ ਤਲਵਾਰ, ਉਨ੍ਹਾਂ ਦੀਆਂ ਲਾਸ਼ਾਂ ਨੂੰ ਘਸੀਟਣ ਲਈ ਕੁੱਤੇ ਅਤੇ ਉਨ੍ਹਾਂ ਨੂੰ ਖਾਣ ਤੇ ਖ਼ਤਮ ਕਰਨ ਲਈ ਆਕਾਸ਼ ਦੇ ਪੰਛੀ ਤੇ ਧਰਤੀ ਦੇ ਜਾਨਵਰ।+ 4 ਮੈਂ ਉਨ੍ਹਾਂ ਲੋਕਾਂ ਦਾ ਇੰਨਾ ਬੁਰਾ ਹਸ਼ਰ ਕਰਾਂਗਾ ਕਿ ਧਰਤੀ ਦੇ ਸਾਰੇ ਰਾਜ ਖ਼ੌਫ਼ ਖਾਣਗੇ।+ ਮੈਂ ਯਰੂਸ਼ਲਮ ਵਿਚ ਹਿਜ਼ਕੀਯਾਹ ਦੇ ਪੁੱਤਰ, ਯਹੂਦਾਹ ਦੇ ਰਾਜੇ ਮਨੱਸ਼ਹ ਦੇ ਕੰਮਾਂ ਕਰਕੇ ਇਸ ਤਰ੍ਹਾਂ ਕਰਾਂਗਾ।+

 5 ਹੇ ਯਰੂਸ਼ਲਮ, ਕੌਣ ਤੇਰੇ ਉੱਤੇ ਦਇਆ ਕਰੇਗਾ?

ਕੌਣ ਤੇਰੇ ਨਾਲ ਹਮਦਰਦੀ ਜਤਾਏਗਾ?

ਅਤੇ ਕੌਣ ਤੇਰਾ ਹਾਲ-ਚਾਲ ਪੁੱਛਣ ਲਈ ਰੁਕੇਗਾ?’

 6 ਯਹੋਵਾਹ ਕਹਿੰਦਾ ਹੈ, ‘ਤੁਸੀਂ ਮੈਨੂੰ ਤਿਆਗ ਦਿੱਤਾ ਹੈ।+

ਤੁਸੀਂ ਵਾਰ-ਵਾਰ ਮੈਨੂੰ ਪਿੱਠ ਦਿਖਾਈ ਹੈ।*+

ਇਸ ਲਈ ਮੈਂ ਤੁਹਾਡੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਤੁਹਾਨੂੰ ਨਾਸ਼ ਕਰ ਦਿਆਂਗਾ।+

ਮੈਂ ਤੁਹਾਡੇ ʼਤੇ ਦਇਆ ਕਰਦਾ-ਕਰਦਾ ਥੱਕ ਗਿਆ ਹਾਂ।

 7 ਮੈਂ ਉਨ੍ਹਾਂ ਨੂੰ ਦੇਸ਼ ਦੇ ਸ਼ਹਿਰਾਂ* ਵਿਚ ਤੰਗਲੀ ਨਾਲ ਛੱਟਾਂਗਾ।

ਮੈਂ ਉਨ੍ਹਾਂ ਦੇ ਬੱਚਿਆਂ ਨੂੰ ਮਾਰ ਦਿਆਂਗਾ।+

ਮੈਂ ਆਪਣੇ ਲੋਕਾਂ ਨੂੰ ਤਬਾਹ ਕਰ ਦਿਆਂਗਾ

ਕਿਉਂਕਿ ਉਹ ਆਪਣਾ ਰਾਹ ਬਦਲਣ ਤੋਂ ਇਨਕਾਰ ਕਰਦੇ ਹਨ।+

 8 ਮੇਰੇ ਸਾਮ੍ਹਣੇ ਉਨ੍ਹਾਂ ਦੀਆਂ ਵਿਧਵਾਵਾਂ ਦੀ ਗਿਣਤੀ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਨਾਲੋਂ ਵੀ ਜ਼ਿਆਦਾ ਹੋਵੇਗੀ।

ਮੈਂ ਇਕ ਨਾਸ਼ ਕਰਨ ਵਾਲੇ ਨੂੰ ਸਿਖਰ ਦੁਪਹਿਰੇ ਮਾਵਾਂ ਅਤੇ ਉਨ੍ਹਾਂ ਦੇ ਪੁੱਤਰਾਂ ਦੇ ਖ਼ਿਲਾਫ਼ ਲਿਆਵਾਂਗਾ।

ਮੈਂ ਅਚਾਨਕ ਉਨ੍ਹਾਂ ਵਿਚ ਹਲਚਲ ਮਚਾ ਦਿਆਂਗਾ ਅਤੇ ਉਨ੍ਹਾਂ ਵਿਚ ਦਹਿਸ਼ਤ ਫੈਲਾ ਦਿਆਂਗਾ।

 9 ਸੱਤ ਬੱਚਿਆਂ ਨੂੰ ਜਨਮ ਦੇਣ ਵਾਲੀ ਔਰਤ ਕਮਜ਼ੋਰ ਹੋ ਗਈ ਹੈ;

ਉਹ ਔਖੇ ਸਾਹ ਲੈਂਦੀ ਹੈ।

ਉਸ ਦਾ ਸੂਰਜ ਦਿਨ ਵੇਲੇ ਹੀ ਢਲ਼ ਗਿਆ ਹੈ,

ਉਹ ਸ਼ਰਮਿੰਦੀ ਅਤੇ ਬੇਇੱਜ਼ਤ ਹੋਈ ਹੈ।’*

‘ਅਤੇ ਉਨ੍ਹਾਂ ਵਿੱਚੋਂ ਜਿਹੜੇ ਥੋੜ੍ਹੇ ਕੁ ਬਚ ਗਏ ਹਨ

ਮੈਂ ਉਨ੍ਹਾਂ ਨੂੰ ਦੁਸ਼ਮਣਾਂ ਦੀ ਤਲਵਾਰ ਦੇ ਹਵਾਲੇ ਕਰ ਦਿਆਂਗਾ,’ ਯਹੋਵਾਹ ਕਹਿੰਦਾ ਹੈ।”+

10 ਹਾਇ ਮੇਰੇ ਉੱਤੇ! ਹੇ ਮੇਰੀਏ ਮਾਏਂ, ਤੂੰ ਮੈਨੂੰ ਜਨਮ ਕਿਉਂ ਦਿੱਤਾ?+

ਦੇਸ਼ ਦੇ ਲੋਕ ਮੇਰੇ ਨਾਲ ਲੜਦੇ-ਝਗੜਦੇ ਹਨ।

ਮੈਂ ਨਾ ਤਾਂ ਕਿਸੇ ਨੂੰ ਉਧਾਰ ਦਿੱਤਾ ਤੇ ਨਾ ਹੀ ਕਿਸੇ ਤੋਂ ਲਿਆ;

ਫਿਰ ਵੀ ਸਾਰੇ ਮੈਨੂੰ ਸਰਾਪ ਦਿੰਦੇ ਹਨ।

11 ਯਹੋਵਾਹ ਨੇ ਕਿਹਾ: “ਮੈਂ ਜ਼ਰੂਰ ਤੇਰੇ ਨਾਲ ਭਲਾਈ ਕਰਾਂਗਾ;

ਮੈਂ ਦੁੱਖ ਦੇ ਸਮੇਂ ਅਤੇ ਬਿਪਤਾ ਦੇ ਵੇਲੇ,

ਤੇਰੇ ਲਈ ਦੁਸ਼ਮਣ ਨਾਲ ਗੱਲ ਕਰਾਂਗਾ।

12 ਕੀ ਕੋਈ ਲੋਹੇ ਦੇ, ਹਾਂ, ਉੱਤਰ ਦੇ ਲੋਹੇ ਦੇ ਟੋਟੇ-ਟੋਟੇ ਕਰ ਸਕਦਾ ਹੈ?

ਕੀ ਕੋਈ ਤਾਂਬੇ ਦੇ ਟੁਕੜੇ-ਟੁਕੜੇ ਕਰ ਸਕਦਾ ਹੈ?

13 ਤੂੰ ਆਪਣੇ ਸਾਰੇ ਇਲਾਕਿਆਂ ਵਿਚ ਬਹੁਤ ਸਾਰੇ ਪਾਪ ਕੀਤੇ ਹਨ

ਜਿਸ ਕਰਕੇ ਮੈਂ ਤੇਰੀ ਧਨ-ਦੌਲਤ ਅਤੇ ਖ਼ਜ਼ਾਨੇ ਲੁੱਟ ਦੇ ਮਾਲ ਵਜੋਂ ਦੇ ਦਿਆਂਗਾ।+

ਉਹ ਵੀ ਬਿਨਾਂ ਕਿਸੇ ਕੀਮਤ ਦੇ।

14 ਮੈਂ ਇਹ ਸਭ ਚੀਜ਼ਾਂ ਤੇਰੇ ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ

ਅਤੇ ਉਹ ਇਨ੍ਹਾਂ ਨੂੰ ਉਸ ਦੇਸ਼ ਵਿਚ ਲੈ ਜਾਣਗੇ ਜਿਸ ਨੂੰ ਤੁਸੀਂ ਨਹੀਂ ਜਾਣਦੇ+

ਕਿਉਂਕਿ ਮੇਰੇ ਗੁੱਸੇ ਦੀ ਅੱਗ ਭੜਕ ਉੱਠੀ ਹੈ

ਅਤੇ ਇਹ ਤੁਹਾਡੇ ਖ਼ਿਲਾਫ਼ ਬਲ਼ ਰਹੀ ਹੈ।”+

15 ਹੇ ਯਹੋਵਾਹ, ਤੂੰ ਮੇਰੇ ਦੁੱਖ ਨੂੰ ਜਾਣਦਾ ਹੈਂ,

ਯਾਦ ਕਰ ਅਤੇ ਮੇਰੇ ਵੱਲ ਧਿਆਨ ਦੇ।

ਮੇਰੇ ਅਤਿਆਚਾਰੀਆਂ ਤੋਂ ਮੇਰਾ ਬਦਲਾ ਲੈ।+

ਤੂੰ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਨਾ ਆ, ਕਿਤੇ ਉਹ ਮੈਨੂੰ ਖ਼ਤਮ ਨਾ ਕਰ ਦੇਣ।

ਜਾਣ ਲੈ ਕਿ ਮੈਂ ਤੇਰੇ ਕਾਰਨ ਬੇਇੱਜ਼ਤੀ ਸਹਾਰ ਰਿਹਾ ਹਾਂ।+

16 ਮੈਨੂੰ ਤੇਰਾ ਸੰਦੇਸ਼ ਮਿਲਿਆ ਅਤੇ ਮੈਂ ਉਸ ਨੂੰ ਖਾ ਲਿਆ;+

ਤੇਰੇ ਸੰਦੇਸ਼ ਨੇ ਮੈਨੂੰ ਖ਼ੁਸ਼ੀ ਦਿੱਤੀ ਅਤੇ ਮੇਰਾ ਦਿਲ ਬਾਗ਼-ਬਾਗ਼ ਹੋ ਗਿਆ

ਕਿਉਂਕਿ ਹੇ ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ, ਮੈਂ ਤੇਰੇ ਨਾਂ ਤੋਂ ਜਾਣਿਆ ਜਾਂਦਾ ਹਾਂ।

17 ਮੈਂ ਰੰਗਰਲੀਆਂ ਮਨਾਉਣ ਵਾਲਿਆਂ ਨਾਲ ਬੈਠ ਕੇ ਮੌਜ-ਮਸਤੀ ਨਹੀਂ ਕਰਦਾ+

ਕਿਉਂਕਿ ਤੇਰਾ ਹੱਥ ਮੇਰੇ ਉੱਤੇ ਹੈ, ਇਸ ਲਈ ਮੈਂ ਇਕੱਲਾ ਬੈਠਦਾ ਹਾਂ,

ਤੂੰ ਮੇਰੇ ਵਿਚ ਉਨ੍ਹਾਂ ਦੇ ਬੁਰੇ ਕੰਮਾਂ ਕਰਕੇ ਗੁੱਸਾ* ਭਰ ਦਿੱਤਾ ਹੈ।+

18 ਮੇਰਾ ਦੁੱਖ ਸਹਿਣ ਤੋਂ ਬਾਹਰ ਕਿਉਂ ਹੈ?

ਮੇਰਾ ਜ਼ਖ਼ਮ ਲਾਇਲਾਜ ਕਿਉਂ ਹੈ?

ਇਹ ਠੀਕ ਹੋਣ ਦਾ ਨਾਂ ਹੀ ਨਹੀਂ ਲੈਂਦਾ।

ਕੀ ਤੂੰ ਮੇਰੇ ਲਈ ਅਜਿਹੇ ਪਾਣੀ ਦੇ ਚਸ਼ਮੇ ਵਰਗਾ ਹੈਂ ਜੋ ਧੋਖਾ ਦੇਵੇਗਾ

ਅਤੇ ਜਿਸ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ?

19 ਇਸ ਲਈ ਯਹੋਵਾਹ ਕਹਿੰਦਾ ਹੈ:

“ਜੇ ਤੂੰ ਮੇਰੇ ਵੱਲ ਮੁੜੇਂਗਾ, ਤਾਂ ਮੈਂ ਤੇਰੇ ʼਤੇ ਦੁਬਾਰਾ ਮਿਹਰ ਕਰਾਂਗਾ

ਅਤੇ ਤੂੰ ਮੇਰੇ ਸਾਮ੍ਹਣੇ ਖੜ੍ਹਾ ਹੋਵੇਂਗਾ।

ਜੇ ਤੂੰ ਬੇਕਾਰ ਚੀਜ਼ਾਂ ਵਿੱਚੋਂ ਕੀਮਤੀ ਚੀਜ਼ਾਂ ਵੱਖਰੀਆਂ ਕਰੇਂਗਾ,

ਤਾਂ ਤੂੰ ਮੇਰੇ ਵੱਲੋਂ ਗੱਲ ਕਰੇਂਗਾ।*

ਉਨ੍ਹਾਂ ਨੂੰ ਤੇਰੇ ਕੋਲ ਵਾਪਸ ਆਉਣਾ ਹੀ ਪਵੇਗਾ,

ਪਰ ਤੂੰ ਉਨ੍ਹਾਂ ਕੋਲ ਵਾਪਸ ਨਹੀਂ ਜਾਵੇਂਗਾ।”

20 “ਮੈਂ ਤੈਨੂੰ ਇਨ੍ਹਾਂ ਲੋਕਾਂ ਸਾਮ੍ਹਣੇ ਤਾਂਬੇ ਦੀ ਮਜ਼ਬੂਤ ਕੰਧ ਬਣਾਵਾਂਗਾ।+

ਉਹ ਜ਼ਰੂਰ ਤੇਰੇ ਨਾਲ ਲੜਨਗੇ,

ਪਰ ਤੈਨੂੰ ਜਿੱਤ* ਨਹੀਂ ਸਕਣਗੇ+

ਕਿਉਂਕਿ ਮੈਂ ਤੈਨੂੰ ਬਚਾਉਣ ਲਈ ਅਤੇ ਤੈਨੂੰ ਛੁਡਾਉਣ ਲਈ ਤੇਰੇ ਨਾਲ ਹਾਂ,” ਯਹੋਵਾਹ ਕਹਿੰਦਾ ਹੈ।

21 “ਮੈਂ ਤੈਨੂੰ ਦੁਸ਼ਟਾਂ ਦੇ ਹੱਥੋਂ ਛੁਡਾਵਾਂਗਾ

ਅਤੇ ਜ਼ਾਲਮਾਂ ਦੇ ਪੰਜੇ ਵਿੱਚੋਂ ਬਾਹਰ ਕੱਢਾਂਗਾ।”

16 ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਦੁਬਾਰਾ ਮਿਲਿਆ: 2 “ਤੂੰ ਵਿਆਹ ਨਾ ਕਰਾਈਂ ਅਤੇ ਨਾ ਹੀ ਧੀਆਂ-ਪੁੱਤਰ ਪੈਦਾ ਕਰੀਂ 3 ਕਿਉਂਕਿ ਇਸ ਦੇਸ਼ ਵਿਚ ਪੈਦਾ ਹੋਏ ਧੀਆਂ-ਪੁੱਤਰਾਂ ਬਾਰੇ ਅਤੇ ਉਨ੍ਹਾਂ ਨੂੰ ਜਨਮ ਦੇਣ ਵਾਲੇ ਮਾਪਿਆਂ ਬਾਰੇ ਯਹੋਵਾਹ ਇਹ ਕਹਿੰਦਾ ਹੈ: 4 ‘ਉਹ ਗੰਭੀਰ ਬੀਮਾਰੀਆਂ ਨਾਲ ਮਰਨਗੇ,+ ਪਰ ਉਨ੍ਹਾਂ ਲਈ ਸੋਗ ਕਰਨ ਵਾਲਾ ਅਤੇ ਉਨ੍ਹਾਂ ਨੂੰ ਦਫ਼ਨਾਉਣ ਵਾਲਾ ਕੋਈ ਨਹੀਂ ਹੋਵੇਗਾ। ਉਨ੍ਹਾਂ ਦੀਆਂ ਲਾਸ਼ਾਂ ਜ਼ਮੀਨ ʼਤੇ ਰੂੜੀ ਵਾਂਗ ਪਈਆਂ ਰਹਿਣਗੀਆਂ।+ ਉਹ ਤਲਵਾਰ ਅਤੇ ਕਾਲ਼ ਨਾਲ ਮਰਨਗੇ+ ਅਤੇ ਉਨ੍ਹਾਂ ਦੀਆਂ ਲਾਸ਼ਾਂ ਆਕਾਸ਼ ਦੇ ਪੰਛੀ ਅਤੇ ਧਰਤੀ ਦੇ ਜਾਨਵਰ ਖਾਣਗੇ।’

 5 ਯਹੋਵਾਹ ਇਹ ਕਹਿੰਦਾ ਹੈ,

‘ਤੂੰ ਉਸ ਘਰ ਵਿਚ ਨਾ ਜਾਈਂ ਜਿੱਥੇ ਸੋਗ ਮਨਾਉਣ ਵਾਲਿਆਂ ਲਈ ਦਾਅਵਤ ਰੱਖੀ ਜਾਂਦੀ ਹੈ।’

ਤੂੰ ਵੈਣ ਪਾਉਣ ਜਾਂ ਹਮਦਰਦੀ ਜਤਾਉਣ ਲਈ ਨਾ ਜਾਈਂ।’+

ਯਹੋਵਾਹ ਕਹਿੰਦਾ ਹੈ, ‘ਕਿਉਂਕਿ ਮੈਂ ਇਨ੍ਹਾਂ ਲੋਕਾਂ ਤੋਂ ਆਪਣੀ ਸ਼ਾਂਤੀ,

ਆਪਣਾ ਅਟੱਲ ਪਿਆਰ ਅਤੇ ਦਇਆ ਵਾਪਸ ਲੈ ਲਈ ਹੈ।+

 6 ਇਸ ਦੇਸ਼ ਦੇ ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰੇ ਮਰ ਜਾਣਗੇ।

ਉਨ੍ਹਾਂ ਨੂੰ ਦਫ਼ਨਾਇਆ ਨਹੀਂ ਜਾਵੇਗਾ,

ਉਨ੍ਹਾਂ ਲਈ ਕੋਈ ਸੋਗ ਨਹੀਂ ਮਨਾਏਗਾ

ਅਤੇ ਨਾ ਹੀ ਕੋਈ ਆਪਣੇ ਸਰੀਰ ਨੂੰ ਕੱਟੇ-ਵੱਢੇਗਾ ਜਾਂ ਸਿਰ ਗੰਜਾ ਕਰਵਾਏਗਾ।*

 7 ਕੋਈ ਵੀ ਸੋਗ ਮਨਾਉਣ ਵਾਲਿਆਂ ਨੂੰ ਰੋਟੀ ਨਹੀਂ ਦੇਵੇਗਾ

ਅਤੇ ਨਾ ਹੀ ਆਪਣਿਆਂ ਦੀ ਮੌਤ ʼਤੇ ਉਨ੍ਹਾਂ ਨੂੰ ਦਿਲਾਸਾ ਦੇਵੇਗਾ

ਅਤੇ ਨਾ ਹੀ ਕੋਈ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ʼਤੇ

ਉਨ੍ਹਾਂ ਨੂੰ ਦਿਲਾਸੇ ਦਾ ਪਿਆਲਾ ਦੇਵੇਗਾ।

 8 ਤੂੰ ਦਾਅਵਤ ਵਾਲੇ ਘਰ ਨਾ ਜਾਹ

ਅਤੇ ਨਾ ਹੀ ਉਨ੍ਹਾਂ ਨਾਲ ਬੈਠ ਕੇ ਖਾ-ਪੀ।’

9 “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਇਹ ਕਹਿੰਦਾ ਹੈ, ‘ਮੈਂ ਤੁਹਾਡੇ ਜੀਉਂਦੇ-ਜੀ ਤੁਹਾਡੀਆਂ ਅੱਖਾਂ ਸਾਮ੍ਹਣੇ ਇਸ ਜਗ੍ਹਾ ਖ਼ੁਸ਼ੀ ਦੀ ਆਵਾਜ਼, ਜਸ਼ਨ ਮਨਾਉਣ ਦੀ ਆਵਾਜ਼, ਲਾੜੇ ਦੀ ਆਵਾਜ਼ ਤੇ ਲਾੜੀ ਦੀ ਆਵਾਜ਼ ਬੰਦ ਕਰ ਦਿਆਂਗਾ।’+

10 “ਜਦੋਂ ਤੂੰ ਇਹ ਸਾਰੀਆਂ ਗੱਲਾਂ ਲੋਕਾਂ ਨੂੰ ਦੱਸੇਂਗਾ, ਤਾਂ ਉਹ ਤੈਨੂੰ ਪੁੱਛਣਗੇ, ‘ਯਹੋਵਾਹ ਨੇ ਕਿਉਂ ਕਿਹਾ ਹੈ ਕਿ ਉਹ ਸਾਡੇ ਉੱਤੇ ਇੰਨੀ ਵੱਡੀ ਬਿਪਤਾ ਲਿਆਵੇਗਾ? ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਖ਼ਿਲਾਫ਼ ਕਿਹੜੀ ਗ਼ਲਤੀ ਅਤੇ ਕਿਹੜਾ ਪਾਪ ਕੀਤਾ ਹੈ?’+ 11 ਤੂੰ ਉਨ੍ਹਾਂ ਨੂੰ ਇਹ ਕਹੀਂ, ‘“ਕਿਉਂਕਿ ਤੁਹਾਡੇ ਪਿਉ-ਦਾਦਿਆਂ ਨੇ ਮੈਨੂੰ ਤਿਆਗ ਦਿੱਤਾ,”+ ਯਹੋਵਾਹ ਕਹਿੰਦਾ ਹੈ, “ਅਤੇ ਉਹ ਦੂਜੇ ਦੇਵਤਿਆਂ ਦੇ ਪਿੱਛੇ ਚੱਲਦੇ ਰਹੇ ਅਤੇ ਉਨ੍ਹਾਂ ਦੀ ਭਗਤੀ ਕਰਦੇ ਰਹੇ ਅਤੇ ਉਨ੍ਹਾਂ ਅੱਗੇ ਮੱਥਾ ਟੇਕਦੇ ਰਹੇ।+ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਅਤੇ ਮੇਰੇ ਕਾਨੂੰਨ ਦੀ ਪਾਲਣਾ ਨਹੀਂ ਕੀਤੀ।+ 12 ਪਰ ਤੁਸੀਂ ਆਪਣੇ ਪਿਉ-ਦਾਦਿਆਂ ਨਾਲੋਂ ਵੀ ਭੈੜੇ ਨਿਕਲੇ+ ਅਤੇ ਤੁਹਾਡੇ ਵਿੱਚੋਂ ਹਰੇਕ ਜਣਾ ਮੇਰਾ ਕਹਿਣਾ ਮੰਨਣ ਦੀ ਬਜਾਇ ਢੀਠ ਹੋ ਕੇ ਆਪਣੇ ਦੁਸ਼ਟ ਦਿਲ ਦੀ ਇੱਛਾ ਮੁਤਾਬਕ ਚੱਲਦਾ ਹੈ।+ 13 ਇਸ ਲਈ ਮੈਂ ਤੁਹਾਨੂੰ ਇਸ ਦੇਸ਼ ਵਿੱਚੋਂ ਵਗਾਹ ਕੇ ਅਜਿਹੇ ਦੇਸ਼ ਵਿਚ ਸੁੱਟਾਂਗਾ ਜਿਸ ਨੂੰ ਨਾ ਤਾਂ ਤੁਸੀਂ ਤੇ ਨਾ ਹੀ ਤੁਹਾਡੇ ਪਿਉ-ਦਾਦੇ ਜਾਣਦੇ ਸਨ+ ਅਤੇ ਉੱਥੇ ਤੁਹਾਨੂੰ ਦੂਜੇ ਦੇਵਤਿਆਂ ਦੀ ਦਿਨ-ਰਾਤ ਭਗਤੀ ਕਰਨੀ ਪਵੇਗੀ+ ਕਿਉਂਕਿ ਮੈਂ ਤੁਹਾਡੇ ʼਤੇ ਬਿਲਕੁਲ ਤਰਸ ਨਹੀਂ ਖਾਵਾਂਗਾ।”’

14 ਯਹੋਵਾਹ ਕਹਿੰਦਾ ਹੈ, “‘ਪਰ ਉਹ ਦਿਨ ਆ ਰਹੇ ਹਨ ਜਦੋਂ ਉਹ ਫਿਰ ਨਾ ਕਹਿਣਗੇ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਜਿਹੜਾ ਆਪਣੀ ਪਰਜਾ ਇਜ਼ਰਾਈਲ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ ਸੀ!”+ 15 ਇਸ ਦੀ ਬਜਾਇ, ਉਹ ਕਹਿਣਗੇ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਜਿਹੜਾ ਆਪਣੀ ਪਰਜਾ ਇਜ਼ਰਾਈਲ ਨੂੰ ਉੱਤਰ ਦੇਸ਼ ਵਿੱਚੋਂ ਅਤੇ ਉਨ੍ਹਾਂ ਸਾਰੇ ਦੇਸ਼ਾਂ ਵਿੱਚੋਂ ਕੱਢ ਲਿਆਇਆ ਜਿਨ੍ਹਾਂ ਦੇਸ਼ਾਂ ਵਿਚ ਉਸ ਨੇ ਉਨ੍ਹਾਂ ਨੂੰ ਖਿੰਡਾ ਦਿੱਤਾ ਸੀ!” ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਲੈ ਆਵਾਂਗਾ ਜੋ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ।’+

16 ਯਹੋਵਾਹ ਕਹਿੰਦਾ ਹੈ, ‘ਮੈਂ ਬਹੁਤ ਸਾਰੇ ਮਛਿਆਰੇ ਘੱਲਾਂਗਾ

ਅਤੇ ਉਹ ਉਨ੍ਹਾਂ ਨੂੰ ਫੜਨਗੇ।

ਇਸ ਤੋਂ ਬਾਅਦ ਮੈਂ ਬਹੁਤ ਸਾਰੇ ਸ਼ਿਕਾਰੀ ਭੇਜਾਂਗਾ,

ਉਹ ਹਰ ਪਹਾੜ ਅਤੇ ਪਹਾੜੀ ਉੱਤੇ

ਅਤੇ ਚਟਾਨਾਂ ਦੀਆਂ ਵਿੱਥਾਂ ਵਿੱਚੋਂ ਉਨ੍ਹਾਂ ਦਾ ਸ਼ਿਕਾਰ ਕਰਨਗੇ।

17 ਮੇਰੀਆਂ ਅੱਖਾਂ ਉਨ੍ਹਾਂ ਦੇ ਸਾਰੇ ਕੰਮਾਂ* ʼਤੇ ਲੱਗੀਆਂ ਹੋਈਆਂ ਹਨ।

ਉਨ੍ਹਾਂ ਦੇ ਕੰਮ ਮੇਰੇ ਤੋਂ ਲੁਕੇ ਹੋਏ ਨਹੀਂ ਹਨ

ਅਤੇ ਨਾ ਹੀ ਉਨ੍ਹਾਂ ਦੀਆਂ ਗ਼ਲਤੀਆਂ ਮੇਰੀਆਂ ਨਜ਼ਰਾਂ ਤੋਂ ਲੁਕੀਆਂ ਹੋਈਆਂ ਹਨ।

18 ਪਹਿਲਾਂ ਮੈਂ ਉਨ੍ਹਾਂ ਦੀਆਂ ਗ਼ਲਤੀਆਂ ਅਤੇ ਪਾਪਾਂ ਦਾ ਪੂਰਾ ਲੇਖਾ ਲਵਾਂਗਾ+

ਕਿਉਂਕਿ ਉਨ੍ਹਾਂ ਨੇ ਮੇਰੇ ਦੇਸ਼ ਨੂੰ ਆਪਣੇ ਘਿਣਾਉਣੇ ਦੇਵਤਿਆਂ ਦੀਆਂ ਬੇਜਾਨ ਮੂਰਤਾਂ* ਨਾਲ ਭ੍ਰਿਸ਼ਟ ਕਰ ਦਿੱਤਾ ਹੈ

ਅਤੇ ਮੇਰੀ ਵਿਰਾਸਤ ਨੂੰ ਆਪਣੀਆਂ ਘਿਣਾਉਣੀਆਂ ਚੀਜ਼ਾਂ ਨਾਲ ਭਰ ਦਿੱਤਾ ਹੈ।’”+

19 ਹੇ ਯਹੋਵਾਹ, ਤੂੰ ਮੇਰੀ ਤਾਕਤ ਅਤੇ ਮੇਰਾ ਕਿਲਾ ਹੈਂ,

ਬਿਪਤਾ ਦੇ ਵੇਲੇ ਮੇਰੇ ਲੁਕਣ ਦੀ ਥਾਂ ਹੈਂ,+

ਧਰਤੀ ਦੇ ਕੋਨੇ-ਕੋਨੇ ਤੋਂ ਕੌਮਾਂ ਤੇਰੇ ਕੋਲ ਆਉਣਗੀਆਂ

ਅਤੇ ਉਹ ਤੈਨੂੰ ਕਹਿਣਗੀਆਂ: “ਸਾਡੇ ਪਿਉ-ਦਾਦਿਆਂ ਨੂੰ ਵਿਰਾਸਤ ਵਿਚ ਨਿਰਾ ਝੂਠ* ਮਿਲਿਆ ਹੈ,

ਹਾਂ, ਵਿਅਰਥ ਅਤੇ ਬੇਕਾਰ ਚੀਜ਼ਾਂ ਜਿਨ੍ਹਾਂ ਦਾ ਕੋਈ ਫ਼ਾਇਦਾ ਨਹੀਂ।”+

20 ਕੀ ਇਨਸਾਨ ਆਪਣੇ ਲਈ ਈਸ਼ਵਰ ਬਣਾ ਸਕਦਾ ਹੈ?

ਉਹ ਜਿਹੜੇ ਈਸ਼ਵਰ ਬਣਾਉਂਦਾ ਹੈ, ਉਹ ਅਸਲ ਵਿਚ ਈਸ਼ਵਰ ਹੈ ਹੀ ਨਹੀਂ।+

21 “ਇਸ ਲਈ ਮੈਂ ਉਨ੍ਹਾਂ ਨੂੰ ਦਿਖਾਵਾਂਗਾ,

ਹਾਂ, ਇਸ ਵਾਰ ਮੈਂ ਉਨ੍ਹਾਂ ਨੂੰ ਆਪਣੀ ਤਾਕਤ ਅਤੇ ਆਪਣਾ ਬਲ ਦਿਖਾਵਾਂਗਾ

ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੇਰਾ ਨਾਂ ਯਹੋਵਾਹ ਹੈ।”

17 “ਯਹੂਦਾਹ ਦਾ ਪਾਪ ਲੋਹੇ ਦੀ ਕਲਮ ਨਾਲ ਲਿਖਿਆ ਗਿਆ ਹੈ।

ਉਨ੍ਹਾਂ ਦਾ ਪਾਪ ਹੀਰੇ ਦੀ ਨੋਕ ਨਾਲ ਉਨ੍ਹਾਂ ਦੇ ਦਿਲ ਦੀ ਫੱਟੀ ʼਤੇ

ਅਤੇ ਉਨ੍ਹਾਂ ਦੀਆਂ ਵੇਦੀਆਂ ਦੇ ਸਿੰਗਾਂ ʼਤੇ ਉੱਕਰਿਆ ਗਿਆ ਹੈ,

 2 ਉਨ੍ਹਾਂ ਦੇ ਪੁੱਤਰ ਵੀ ਇਨ੍ਹਾਂ ਵੇਦੀਆਂ ਅਤੇ ਪੂਜਾ-ਖੰਭਿਆਂ* ਨੂੰ ਯਾਦ ਕਰਦੇ ਹਨ+

ਜੋ ਉੱਚੀਆਂ ਪਹਾੜੀਆਂ ਉੱਤੇ ਇਕ ਹਰੇ-ਭਰੇ ਦਰਖ਼ਤ ਦੇ ਕੋਲ ਸਨ,+

 3 ਜੋ ਸ਼ਹਿਰਾਂ ਤੋਂ ਦੂਰ ਪਹਾੜਾਂ ਉੱਤੇ ਸਨ।

ਤੂੰ ਆਪਣੇ ਇਲਾਕਿਆਂ ਵਿਚ ਜਿੰਨੇ ਪਾਪ ਕੀਤੇ ਹਨ

ਉਨ੍ਹਾਂ ਕਰਕੇ ਮੈਂ ਤੇਰੀ ਧਨ-ਦੌਲਤ ਅਤੇ ਤੇਰੇ ਸਾਰੇ ਖ਼ਜ਼ਾਨੇ,

ਹਾਂ, ਤੇਰੇ ਉੱਚੇ ਸਥਾਨ ਲੁੱਟ ਦੇ ਮਾਲ ਵਜੋਂ ਦੇ ਦਿਆਂਗਾ।+

 4 ਤੂੰ ਆਪਣੀ ਮਰਜ਼ੀ ਨਾਲ ਆਪਣੀ ਵਿਰਾਸਤ ਗੁਆ ਬੈਠੇਂਗਾ ਜੋ ਮੈਂ ਤੈਨੂੰ ਦਿੱਤੀ ਸੀ।+

ਮੈਂ ਤੈਨੂੰ ਉਸ ਦੇਸ਼ ਵਿਚ ਲੈ ਜਾਵਾਂਗਾ ਜਿਸ ਨੂੰ ਤੂੰ ਨਹੀਂ ਜਾਣਦਾ,

ਉੱਥੇ ਮੈਂ ਤੇਰੇ ਤੋਂ ਦੁਸ਼ਮਣਾਂ ਦੀ ਗ਼ੁਲਾਮੀ ਕਰਾਵਾਂਗਾ+

ਕਿਉਂਕਿ ਤੂੰ ਮੇਰੇ ਗੁੱਸੇ ਦੀ ਅੱਗ ਭੜਕਾਈ ਹੈ।*+

ਇਹ ਅੱਗ ਹਮੇਸ਼ਾ ਬਲ਼ਦੀ ਰਹੇਗੀ।”

 5 ਯਹੋਵਾਹ ਕਹਿੰਦਾ ਹੈ:

“ਸਰਾਪੀ ਹੈ ਉਹ ਇਨਸਾਨ* ਜਿਹੜਾ ਇਨਸਾਨਾਂ ʼਤੇ ਭਰੋਸਾ ਰੱਖਦਾ ਹੈ,+

ਜਿਹੜਾ ਇਨਸਾਨੀ ਤਾਕਤ ਦਾ ਸਹਾਰਾ ਲੈਂਦਾ ਹੈ+

ਅਤੇ ਜਿਸ ਦਾ ਦਿਲ ਯਹੋਵਾਹ ਤੋਂ ਦੂਰ ਹੋ ਗਿਆ ਹੈ।

 6 ਉਹ ਉਜਾੜ ਵਿਚ ਇਕੱਲੇ ਖੜ੍ਹੇ ਦਰਖ਼ਤ ਵਰਗਾ ਹੋਵੇਗਾ।

ਉਸ ਨੂੰ ਕਿਸੇ ਵੀ ਚੰਗੀ ਚੀਜ਼ ਦੀ ਆਸ ਨਹੀਂ ਹੋਵੇਗੀ,

ਸਗੋਂ ਉਹ ਉਜਾੜ ਵਿਚ ਖ਼ੁਸ਼ਕ ਥਾਵਾਂ ʼਤੇ

ਅਤੇ ਲੂਣ ਵਾਲੀ ਜ਼ਮੀਨ ਉੱਤੇ ਵੱਸੇਗਾ ਜਿੱਥੇ ਕੋਈ ਨਹੀਂ ਰਹਿ ਸਕਦਾ।

 7 ਪਰ ਉਸ ਇਨਸਾਨ* ਨੂੰ ਬਰਕਤ ਮਿਲਦੀ ਹੈ ਜੋ ਯਹੋਵਾਹ ʼਤੇ ਭਰੋਸਾ ਰੱਖਦਾ ਹੈ

ਜੋ ਯਹੋਵਾਹ ʼਤੇ ਉਮੀਦ ਲਾਉਂਦਾ ਹੈ।*+

 8 ਉਹ ਵਹਿੰਦੇ ਪਾਣੀਆਂ ਕੋਲ ਲਾਏ ਗਏ ਦਰਖ਼ਤ ਵਰਗਾ ਹੋਵੇਗਾ,

ਜਿਹੜਾ ਨਦੀ ਵੱਲ ਆਪਣੀਆਂ ਜੜ੍ਹਾਂ ਫੈਲਾਉਂਦਾ ਹੈ।

ਉਸ ʼਤੇ ਸੂਰਜ ਦੀ ਤਪਸ਼ ਦਾ ਕੋਈ ਅਸਰ ਨਹੀਂ ਹੋਵੇਗਾ,

ਸਗੋਂ ਉਸ ਦੇ ਪੱਤੇ ਹਮੇਸ਼ਾ ਹਰੇ ਰਹਿਣਗੇ।+

ਉਸ ਨੂੰ ਸੋਕੇ ਦੇ ਸਾਲ ਵਿਚ ਕੋਈ ਚਿੰਤਾ ਨਹੀਂ ਹੋਵੇਗੀ

ਅਤੇ ਨਾ ਹੀ ਉਹ ਫਲ ਦੇਣਾ ਬੰਦ ਕਰੇਗਾ।

 9 ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼* ਅਤੇ ਬੇਸਬਰਾ* ਹੈ।+

ਕੌਣ ਇਸ ਨੂੰ ਸਮਝ ਸਕਦਾ ਹੈ?

10 ਮੈਂ, ਯਹੋਵਾਹ, ਦਿਲਾਂ ਨੂੰ ਪਰਖਦਾ ਹਾਂ+

ਅਤੇ ਮਨ ਦੀਆਂ ਸੋਚਾਂ* ਨੂੰ ਜਾਂਚਦਾ ਹਾਂ

ਤਾਂਕਿ ਹਰੇਕ ਨੂੰ ਉਸ ਦੇ ਚਾਲ-ਚਲਣ

ਅਤੇ ਉਸ ਦੇ ਕੰਮਾਂ ਮੁਤਾਬਕ ਫਲ ਦਿਆਂ।+

11 ਜੋ ਇਨਸਾਨ ਬੇਈਮਾਨੀ ਨਾਲ* ਧਨ ਇਕੱਠਾ ਕਰਦਾ ਹੈ,

ਉਹ ਉਸ ਤਿੱਤਰ ਵਰਗਾ ਹੈ ਜੋ ਪਰਾਏ ਆਂਡਿਆਂ ਉੱਤੇ ਬੈਠਦਾ ਹੈ।+

ਧਨ ਉਸ ਨੂੰ ਅੱਧਖੜ ਉਮਰੇ ਛੱਡ ਦੇਵੇਗਾ

ਅਤੇ ਅਖ਼ੀਰ ਵਿਚ ਉਹ ਮੂਰਖ ਸਾਬਤ ਹੋਵੇਗਾ।”

12 ਸ਼ੁਰੂ ਤੋਂ ਪਰਮੇਸ਼ੁਰ ਦਾ ਸ਼ਾਨਦਾਰ ਸਿੰਘਾਸਣ ਉੱਚਾ ਕੀਤਾ ਗਿਆ ਹੈ

ਜੋ ਕਿ ਸਾਡਾ ਪਵਿੱਤਰ ਸਥਾਨ ਹੈ।+

13 ਹੇ ਯਹੋਵਾਹ, ਇਜ਼ਰਾਈਲ ਦੀ ਆਸ,

ਜਿਹੜੇ ਤੈਨੂੰ ਛੱਡ ਦਿੰਦੇ ਹਨ, ਉਹ ਸਾਰੇ ਸ਼ਰਮਿੰਦੇ ਕੀਤੇ ਜਾਣਗੇ।

ਜਿਹੜੇ ਤੇਰੇ* ਖ਼ਿਲਾਫ਼ ਬਗਾਵਤ ਕਰਦੇ ਹਨ, ਉਹ ਰੇਤ ʼਤੇ ਲਿਖੇ ਅੱਖਰਾਂ ਵਾਂਗ ਮਿਟ ਜਾਣਗੇ+

ਕਿਉਂਕਿ ਉਨ੍ਹਾਂ ਨੇ ਅੰਮ੍ਰਿਤ ਜਲ ਦੇ ਚਸ਼ਮੇ ਯਹੋਵਾਹ ਨੂੰ ਤਿਆਗ ਦਿੱਤਾ ਹੈ।+

14 ਹੇ ਯਹੋਵਾਹ, ਮੈਨੂੰ ਚੰਗਾ ਕਰ ਅਤੇ ਮੈਂ ਚੰਗਾ ਹੋ ਜਾਵਾਂਗਾ।

ਮੈਨੂੰ ਬਚਾ ਅਤੇ ਮੈਂ ਬਚ ਜਾਵਾਂਗਾ+

ਕਿਉਂਕਿ ਮੈਂ ਤੇਰੀ ਹੀ ਮਹਿਮਾ ਕਰਦਾ ਹਾਂ।

15 ਦੇਖ, ਉਹ ਮੈਨੂੰ ਪੁੱਛਦੇ ਹਨ:

“ਯਹੋਵਾਹ ਦਾ ਬਚਨ ਅਜੇ ਤਕ ਪੂਰਾ ਕਿਉਂ ਨਹੀਂ ਹੋਇਆ?”+

16 ਪਰ ਮੈਂ ਇਕ ਚਰਵਾਹੇ ਵਜੋਂ ਤੇਰੇ ਪਿੱਛੇ ਚੱਲਣ ਤੋਂ ਨਹੀਂ ਹਟਿਆ

ਅਤੇ ਨਾ ਹੀ ਮੈਂ ਤਬਾਹੀ ਦਾ ਦਿਨ ਦੇਖਣਾ ਚਾਹਿਆ।

ਤੂੰ ਮੇਰੇ ਮੂੰਹੋਂ ਨਿਕਲੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈਂ;

ਇਹ ਸਭ ਕੁਝ ਤੇਰੇ ਸਾਮ੍ਹਣੇ ਵਾਪਰਿਆ ਹੈ।

17 ਤੂੰ ਮੇਰੇ ਲਈ ਖ਼ੌਫ਼ ਦਾ ਕਾਰਨ ਨਾ ਬਣ।

ਬਿਪਤਾ ਦੇ ਵੇਲੇ ਤੂੰ ਹੀ ਮੇਰੀ ਪਨਾਹ ਹੈਂ।

18 ਮੈਨੂੰ ਸਤਾਉਣ ਵਾਲੇ ਸ਼ਰਮਿੰਦੇ ਕੀਤੇ ਜਾਣ,+

ਪਰ ਤੂੰ ਮੈਨੂੰ ਸ਼ਰਮਿੰਦਾ ਨਾ ਹੋਣ ਦੇਈਂ।

ਉਨ੍ਹਾਂ ਉੱਤੇ ਡਰ ਹਾਵੀ ਹੋ ਜਾਵੇ,

ਪਰ ਤੂੰ ਮੇਰੇ ਉੱਤੇ ਡਰ ਹਾਵੀ ਨਾ ਹੋਣ ਦੇਈਂ।

ਉਨ੍ਹਾਂ ਉੱਤੇ ਬਿਪਤਾ ਦਾ ਦਿਨ ਲੈ ਕੇ ਆ,+

ਉਨ੍ਹਾਂ ਨੂੰ ਕੁਚਲ ਕੇ ਪੂਰੀ ਤਰ੍ਹਾਂ* ਨਾਸ਼ ਕਰ ਦੇ।

19 ਯਹੋਵਾਹ ਨੇ ਮੈਨੂੰ ਇਹ ਕਿਹਾ: “ਤੂੰ ਲੋਕਾਂ ਦੇ ਪੁੱਤਰਾਂ ਦੇ ਦਰਵਾਜ਼ੇ ਕੋਲ ਜਾ ਕੇ ਖੜ੍ਹਾ ਹੋ ਜਿਸ ਥਾਣੀਂ ਯਹੂਦਾਹ ਦੇ ਰਾਜੇ ਅੰਦਰ-ਬਾਹਰ ਆਉਂਦੇ-ਜਾਂਦੇ ਹਨ ਅਤੇ ਫਿਰ ਤੂੰ ਯਰੂਸ਼ਲਮ ਦੇ ਸਾਰੇ ਦਰਵਾਜ਼ਿਆਂ ਕੋਲ ਖੜ੍ਹਾ ਹੋਵੀਂ।+ 20 ਤੂੰ ਉਨ੍ਹਾਂ ਨੂੰ ਇਹ ਕਹੀਂ, ‘ਹੇ ਯਹੂਦਾਹ ਦੇ ਰਾਜਿਓ, ਯਹੂਦਾਹ ਦੇ ਸਾਰੇ ਲੋਕੋ ਅਤੇ ਯਰੂਸ਼ਲਮ ਦੇ ਸਾਰੇ ਵਾਸੀਓ, ਤੁਸੀਂ ਜੋ ਇਨ੍ਹਾਂ ਦਰਵਾਜ਼ਿਆਂ ਥਾਣੀਂ ਅੰਦਰ ਆਉਂਦੇ ਹੋ, ਯਹੋਵਾਹ ਦਾ ਸੰਦੇਸ਼ ਸੁਣੋ। 21 ਯਹੋਵਾਹ ਕਹਿੰਦਾ ਹੈ: “ਖ਼ਬਰਦਾਰ ਰਹੋ ਅਤੇ ਸਬਤ ਦੇ ਦਿਨ ਕੋਈ ਵੀ ਭਾਰ ਨਾ ਚੁੱਕੋ ਅਤੇ ਨਾ ਹੀ ਕੋਈ ਭਾਰ ਯਰੂਸ਼ਲਮ ਦੇ ਦਰਵਾਜ਼ਿਆਂ ਅੰਦਰ ਲਿਆਓ।+ 22 ਤੁਸੀਂ ਸਬਤ ਦੇ ਦਿਨ ਆਪਣੇ ਘਰਾਂ ਤੋਂ ਕੋਈ ਭਾਰ ਬਾਹਰ ਨਾ ਲੈ ਕੇ ਜਾਓ ਅਤੇ ਨਾ ਹੀ ਕੋਈ ਕੰਮ ਕਰੋ।+ ਸਬਤ ਦੇ ਦਿਨ ਨੂੰ ਪਵਿੱਤਰ ਰੱਖੋ, ਠੀਕ ਜਿਵੇਂ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਹੁਕਮ ਦਿੱਤਾ ਸੀ।+ 23 ਪਰ ਉਨ੍ਹਾਂ ਨੇ ਮੇਰੀ ਇਕ ਨਹੀਂ ਸੁਣੀ ਅਤੇ ਨਾ ਹੀ ਮੇਰੀ ਗੱਲ ਵੱਲ ਕੰਨ ਲਾਇਆ, ਸਗੋਂ ਢੀਠ ਹੋ ਕੇ ਮੇਰਾ ਕਹਿਣਾ ਮੰਨਣ ਤੋਂ ਇਨਕਾਰ ਕਰ ਦਿੱਤਾ* ਅਤੇ ਅਨੁਸ਼ਾਸਨ ਨੂੰ ਕਬੂਲ ਨਹੀਂ ਕੀਤਾ।”’+

24 “‘“ਪਰ ਜੇ ਤੁਸੀਂ ਧਿਆਨ ਨਾਲ ਮੇਰਾ ਕਹਿਣਾ ਮੰਨੋਗੇ,” ਯਹੋਵਾਹ ਕਹਿੰਦਾ ਹੈ, “ਅਤੇ ਤੁਸੀਂ ਸਬਤ ਦੇ ਦਿਨ ਇਸ ਸ਼ਹਿਰ ਦੇ ਦਰਵਾਜ਼ਿਆਂ ਥਾਣੀਂ ਕੋਈ ਭਾਰ ਅੰਦਰ ਨਹੀਂ ਲਿਆਓਗੇ ਅਤੇ ਤੁਸੀਂ ਸਬਤ ਦੇ ਦਿਨ ਕੋਈ ਵੀ ਕੰਮ ਨਾ ਕਰ ਕੇ ਇਸ ਨੂੰ ਪਵਿੱਤਰ ਰੱਖੋਗੇ,+ 25 ਤਾਂ ਫਿਰ ਦਾਊਦ ਦੇ ਸਿੰਘਾਸਣ+ ʼਤੇ ਬੈਠਣ ਵਾਲੇ ਰਾਜੇ ਅਤੇ ਹਾਕਮ ਰਥਾਂ ਅਤੇ ਘੋੜਿਆਂ ʼਤੇ ਸਵਾਰ ਹੋ ਕੇ ਇਸ ਸ਼ਹਿਰ ਦੇ ਦਰਵਾਜ਼ਿਆਂ ਥਾਣੀਂ ਅੰਦਰ ਆਉਣਗੇ। ਉਹ ਤੇ ਉਨ੍ਹਾਂ ਦੇ ਹਾਕਮ, ਯਹੂਦਾਹ ਦੇ ਲੋਕ, ਯਰੂਸ਼ਲਮ ਦੇ ਵਾਸੀ ਅੰਦਰ ਆਉਣਗੇ।+ ਇਹ ਸ਼ਹਿਰ ਹਮੇਸ਼ਾ ਲਈ ਆਬਾਦ ਰਹੇਗਾ। 26 ਯਹੂਦਾਹ ਦੇ ਸ਼ਹਿਰਾਂ ਤੋਂ, ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਥਾਵਾਂ ਤੋਂ, ਬਿਨਯਾਮੀਨ ਦੇ ਇਲਾਕੇ+ ਤੋਂ, ਨੀਵੇਂ ਇਲਾਕਿਆਂ+ ਤੋਂ, ਪਹਾੜੀ ਇਲਾਕਿਆਂ ਤੋਂ ਅਤੇ ਨੇਗੇਬ* ਤੋਂ ਲੋਕ ਆਉਣਗੇ ਅਤੇ ਆਪਣੇ ਨਾਲ ਹੋਮ-ਬਲ਼ੀਆਂ,+ ਬਲ਼ੀਆਂ,+ ਅਨਾਜ ਦੇ ਚੜ੍ਹਾਵੇ,+ ਲੋਬਾਨ ਅਤੇ ਧੰਨਵਾਦ ਦੀਆਂ ਬਲ਼ੀਆਂ ਯਹੋਵਾਹ ਦੇ ਘਰ ਵਿਚ ਲਿਆਉਣਗੇ।+

27 “‘“ਪਰ ਜੇ ਤੁਸੀਂ ਮੇਰਾ ਕਹਿਣਾ ਮੰਨਣ ਦੀ ਬਜਾਇ ਸਬਤ ਦੇ ਦਿਨ ਭਾਰ ਚੁੱਕਦੇ ਹੋ ਅਤੇ ਇਹ ਭਾਰ ਯਰੂਸ਼ਲਮ ਦੇ ਦਰਵਾਜ਼ਿਆਂ ਥਾਣੀਂ ਅੰਦਰ ਲਿਆ ਕੇ ਇਸ ਦਿਨ ਨੂੰ ਪਵਿੱਤਰ ਨਹੀਂ ਰੱਖਦੇ, ਤਾਂ ਮੈਂ ਸ਼ਹਿਰ ਦੇ ਦਰਵਾਜ਼ਿਆਂ ਨੂੰ ਅੱਗ ਲਾ ਦਿਆਂਗਾ ਅਤੇ ਇਹ ਯਰੂਸ਼ਲਮ ਦੇ ਮਜ਼ਬੂਤ ਬੁਰਜਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ+ ਅਤੇ ਇਹ ਅੱਗ ਕਦੇ ਨਹੀਂ ਬੁਝੇਗੀ।”’”+

18 ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 2 “ਉੱਠ ਅਤੇ ਘੁਮਿਆਰ ਦੇ ਘਰ ਜਾਹ+ ਅਤੇ ਉੱਥੇ ਮੈਂ ਤੇਰੇ ਨਾਲ ਗੱਲ ਕਰਾਂਗਾ।”

3 ਇਸ ਲਈ ਮੈਂ ਘੁਮਿਆਰ ਦੇ ਘਰ ਗਿਆ। ਉਹ ਆਪਣੇ ਚੱਕ ʼਤੇ ਕੰਮ ਕਰ ਰਿਹਾ ਸੀ। 4 ਪਰ ਘੁਮਿਆਰ ਆਪਣੇ ਹੱਥਾਂ ਨਾਲ ਮਿੱਟੀ ਦਾ ਜੋ ਭਾਂਡਾ ਬਣਾ ਰਿਹਾ ਸੀ, ਉਹ ਖ਼ਰਾਬ ਹੋ ਗਿਆ। ਇਸ ਲਈ ਘੁਮਿਆਰ ਨੇ ਉਸੇ ਮਿੱਟੀ ਤੋਂ ਇਕ ਹੋਰ ਭਾਂਡਾ ਬਣਾਇਆ, ਜਿਵੇਂ ਉਸ ਨੂੰ ਚੰਗਾ* ਲੱਗਾ।

5 ਫਿਰ ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 6 “‘ਹੇ ਇਜ਼ਰਾਈਲ ਦੇ ਘਰਾਣੇ, ਇਸ ਘੁਮਿਆਰ ਨੇ ਮਿੱਟੀ ਨਾਲ ਜੋ ਕੀਤਾ, ਕੀ ਮੈਂ ਵੀ ਤੁਹਾਡੇ ਨਾਲ ਉਸੇ ਤਰ੍ਹਾਂ ਨਹੀਂ ਕਰ ਸਕਦਾ?’ ਯਹੋਵਾਹ ਕਹਿੰਦਾ ਹੈ। ‘ਹੇ ਇਜ਼ਰਾਈਲ ਦੇ ਘਰਾਣੇ, ਦੇਖ, ਜਿਵੇਂ ਘੁਮਿਆਰ ਦੇ ਹੱਥ ਵਿਚ ਮਿੱਟੀ ਹੁੰਦੀ ਹੈ, ਤਿਵੇਂ ਤੁਸੀਂ ਮੇਰੇ ਹੱਥ ਵਿਚ ਹੋ।+ 7 ਜਿਸ ਕੌਮ ਜਾਂ ਰਾਜ ਨੂੰ ਮੈਂ ਉਖਾੜਨ, ਢਾਹੁਣ ਅਤੇ ਨਾਸ਼ ਕਰਨ ਦਾ ਐਲਾਨ ਕਰਦਾ ਹਾਂ,+ 8 ਜੇ ਉਹ ਕੌਮ ਬੁਰਾਈ ਕਰਨੀ ਛੱਡ ਦੇਵੇ ਜਿਸ ਦੇ ਖ਼ਿਲਾਫ਼ ਮੈਂ ਬੋਲਿਆ ਸੀ, ਤਾਂ ਮੈਂ ਆਪਣਾ ਮਨ ਬਦਲ ਲਵਾਂਗਾ* ਅਤੇ ਉਸ ਉੱਤੇ ਬਿਪਤਾ ਨਹੀਂ ਲਿਆਵਾਂਗਾ ਜੋ ਮੈਂ ਲਿਆਉਣ ਦਾ ਇਰਾਦਾ ਕੀਤਾ ਸੀ।+ 9 ਪਰ ਜਿਸ ਕੌਮ ਜਾਂ ਰਾਜ ਨੂੰ ਮੈਂ ਬਣਾਉਣ ਅਤੇ ਕਾਇਮ ਕਰਨ ਦਾ ਐਲਾਨ ਕਰਦਾ ਹਾਂ, 10 ਜੇ ਉਹ ਕੌਮ ਮੇਰੀਆਂ ਨਜ਼ਰਾਂ ਵਿਚ ਬੁਰੇ ਕੰਮ ਕਰਦੀ ਹੈ ਅਤੇ ਮੇਰਾ ਕਹਿਣਾ ਨਹੀਂ ਮੰਨਦੀ, ਤਾਂ ਮੈਂ ਆਪਣਾ ਮਨ ਬਦਲ ਲਵਾਂਗਾ* ਅਤੇ ਉਸ ਨਾਲ ਭਲਾਈ ਨਹੀਂ ਕਰਾਂਗਾ ਜੋ ਮੈਂ ਉਸ ਨਾਲ ਕਰਨ ਦਾ ਇਰਾਦਾ ਕੀਤਾ ਸੀ।’

11 “ਹੁਣ ਕਿਰਪਾ ਕਰ ਕੇ ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਦੇਖੋ, ਮੈਂ ਤੁਹਾਡੇ ʼਤੇ ਬਿਪਤਾ ਲਿਆਉਣ ਦੀ ਤਿਆਰੀ ਕਰ ਰਿਹਾ ਹਾਂ ਅਤੇ ਸੋਚ ਰਿਹਾ ਹਾਂ ਕਿ ਕਿਵੇਂ ਤੁਹਾਨੂੰ ਸਜ਼ਾ ਦੇਣੀ ਹੈ। ਕਿਰਪਾ ਕਰ ਕੇ ਆਪਣੇ ਬੁਰੇ ਰਾਹਾਂ ਤੋਂ ਮੁੜੋ ਅਤੇ ਆਪਣੇ ਰਵੱਈਏ ਅਤੇ ਆਪਣੇ ਕੰਮਾਂ ਨੂੰ ਸੁਧਾਰੋ।”’”+

12 ਪਰ ਉਨ੍ਹਾਂ ਨੇ ਕਿਹਾ: “ਇੱਦਾਂ ਨਹੀਂ ਹੋ ਸਕਦਾ!+ ਅਸੀਂ ਆਪਣੀ ਸੋਚ ਮੁਤਾਬਕ ਚੱਲਾਂਗੇ ਅਤੇ ਸਾਡੇ ਵਿੱਚੋਂ ਹਰੇਕ ਜਣਾ ਢੀਠ ਹੋ ਕੇ ਆਪਣੇ ਦਿਲ ਦੀ ਦੁਸ਼ਟ ਇੱਛਾ ਅਨੁਸਾਰ ਚੱਲੇਗਾ।”+

13 ਇਸ ਲਈ ਯਹੋਵਾਹ ਕਹਿੰਦਾ ਹੈ:

“ਕਿਰਪਾ ਕਰ ਕੇ ਕੌਮਾਂ ਤੋਂ ਪੁੱਛੋ।

ਕੀ ਕਿਸੇ ਨੇ ਕਦੇ ਅਜਿਹੀ ਗੱਲ ਸੁਣੀ ਹੈ?

ਇਜ਼ਰਾਈਲ ਦੀ ਕੁਆਰੀ ਧੀ ਨੇ ਸਭ ਤੋਂ ਘਿਣਾਉਣਾ ਕੰਮ ਕੀਤਾ ਹੈ।+

14 ਕੀ ਲਬਾਨੋਨ ਦੀਆਂ ਚਟਾਨੀ ਢਲਾਣਾਂ ਤੋਂ ਬਰਫ਼ ਗਾਇਬ ਹੁੰਦੀ ਹੈ?

ਜਾਂ ਕੀ ਦੂਰੋਂ ਵਹਿੰਦਾ ਠੰਢਾ ਪਾਣੀ ਸੁੱਕਦਾ ਹੈ?

15 ਪਰ ਮੇਰੇ ਲੋਕਾਂ ਨੇ ਮੈਨੂੰ ਭੁਲਾ ਦਿੱਤਾ ਹੈ।+

ਉਹ ਨਿਕੰਮੀਆਂ ਮੂਰਤਾਂ ਦੇ ਅੱਗੇ ਬਲ਼ੀਆਂ ਚੜ੍ਹਾਉਂਦੇ ਹਨ,*+

ਉਹ ਦੂਜੇ ਲੋਕਾਂ ਲਈ ਠੇਡਾ ਖਾਣ ਦਾ ਕਾਰਨ ਬਣਦੇ ਹਨ

ਤਾਂਕਿ ਉਹ ਲੋਕ ਆਪਣੇ ਰਾਹਾਂ, ਹਾਂ, ਪੁਰਾਣਿਆਂ ਰਾਹਾਂ ʼਤੇ ਚੱਲਣਾ ਛੱਡ ਦੇਣ+

ਅਤੇ ਹੋਰ ਰਸਤਿਆਂ ʼਤੇ ਚੱਲਣ ਜੋ ਪੱਧਰੇ ਨਹੀਂ ਹਨ,

16 ਇਸ ਲਈ ਮੈਂ ਉਨ੍ਹਾਂ ਦੇ ਦੇਸ਼ ਦਾ ਜੋ ਹਸ਼ਰ ਕਰਾਂਗਾ+

ਉਸ ਨੂੰ ਦੇਖ ਕੇ ਲੋਕ ਖ਼ੌਫ਼ ਖਾਣਗੇ ਤੇ ਹਮੇਸ਼ਾ ਸੀਟੀ ਮਾਰਨਗੇ।*+

ਉਸ ਕੋਲੋਂ ਲੰਘਣ ਵਾਲਾ ਹਰ ਕੋਈ ਡਰ ਦੇ ਮਾਰੇ ਦੇਖਦਾ ਰਹਿ ਜਾਵੇਗਾ

ਅਤੇ ਘਿਰਣਾ ਨਾਲ ਆਪਣਾ ਸਿਰ ਹਿਲਾਵੇਗਾ।+

17 ਪੂਰਬ ਵੱਲੋਂ ਵਗਦੀ ਹਵਾ ਵਾਂਗ ਮੈਂ ਉਨ੍ਹਾਂ ਨੂੰ ਦੁਸ਼ਮਣਾਂ ਦੇ ਸਾਮ੍ਹਣੇ ਖਿੰਡਾ ਦਿਆਂਗਾ।

ਮੈਂ ਤਬਾਹੀ ਦੇ ਦਿਨ ਉਨ੍ਹਾਂ ਨੂੰ ਆਪਣਾ ਮੂੰਹ ਨਹੀਂ, ਸਗੋਂ ਪਿੱਠ ਦਿਖਾਵਾਂਗਾ।”+

18 ਉਨ੍ਹਾਂ ਨੇ ਕਿਹਾ: “ਆਓ ਆਪਾਂ ਯਿਰਮਿਯਾਹ ਦੇ ਖ਼ਿਲਾਫ਼ ਸਾਜ਼ਸ਼ ਘੜੀਏ+ ਕਿਉਂਕਿ ਸਾਡੇ ਪੁਜਾਰੀ ਸਾਨੂੰ ਕਾਨੂੰਨ ਸਿਖਾਉਂਦੇ ਰਹਿਣਗੇ,* ਬੁੱਧੀਮਾਨ ਲੋਕ ਸਲਾਹ ਦਿੰਦੇ ਰਹਿਣਗੇ ਅਤੇ ਨਬੀ ਪਰਮੇਸ਼ੁਰ ਦਾ ਸੰਦੇਸ਼ ਸੁਣਾਉਂਦੇ ਰਹਿਣਗੇ। ਆਓ ਆਪਾਂ ਉਸ ਦੇ ਖ਼ਿਲਾਫ਼ ਬੋਲੀਏ* ਅਤੇ ਉਸ ਦੀ ਗੱਲ ਵੱਲ ਕੋਈ ਧਿਆਨ ਨਾ ਦੇਈਏ।”

19 ਹੇ ਯਹੋਵਾਹ, ਮੇਰੇ ਵੱਲ ਧਿਆਨ ਦੇ

ਅਤੇ ਸੁਣ ਕਿ ਮੇਰੇ ਵਿਰੋਧੀ ਕੀ ਕਹਿ ਰਹੇ ਹਨ।

20 ਕੀ ਭਲਾਈ ਦਾ ਬਦਲਾ ਬੁਰਾਈ ਨਾਲ ਦਿੱਤਾ ਜਾਣਾ ਚਾਹੀਦਾ ਹੈ?

ਉਨ੍ਹਾਂ ਨੇ ਮੇਰੀ ਜਾਨ ਲੈਣ ਲਈ ਟੋਆ ਪੁੱਟਿਆ ਹੈ।+

ਯਾਦ ਕਰ ਕਿ ਮੈਂ ਤੇਰੇ ਸਾਮ੍ਹਣੇ ਉਨ੍ਹਾਂ ਬਾਰੇ ਚੰਗੀਆਂ ਗੱਲਾਂ ਕੀਤੀਆਂ ਸਨ

ਤਾਂਕਿ ਉਨ੍ਹਾਂ ʼਤੇ ਤੇਰਾ ਕ੍ਰੋਧ ਨਾ ਭੜਕੇ।

21 ਇਸ ਲਈ ਉਨ੍ਹਾਂ ਦੇ ਪੁੱਤਰਾਂ ਨੂੰ ਕਾਲ਼ ਦੇ ਹਵਾਲੇ ਕਰ ਦੇ

ਅਤੇ ਉਨ੍ਹਾਂ ਨੂੰ ਤਲਵਾਰ ਦੇ ਘਾਟ ਉਤਾਰ ਦੇ।+

ਮੌਤ ਉਨ੍ਹਾਂ ਦੀਆਂ ਪਤਨੀਆਂ ਨੂੰ ਬੇਔਲਾਦ ਕਰ ਦੇਵੇ ਅਤੇ ਉਹ ਵਿਧਵਾ ਹੋ ਜਾਣ।+

ਉਨ੍ਹਾਂ ਦੇ ਆਦਮੀ ਗੰਭੀਰ ਬੀਮਾਰੀਆਂ ਨਾਲ ਮਰ ਜਾਣ,

ਉਨ੍ਹਾਂ ਦੇ ਜਵਾਨ ਲੜਾਈ ਵਿਚ ਤਲਵਾਰ ਨਾਲ ਵੱਢੇ ਜਾਣ।+

22 ਜਦ ਤੂੰ ਅਚਾਨਕ ਉਨ੍ਹਾਂ ʼਤੇ ਲੁਟੇਰਿਆਂ ਤੋਂ ਹਮਲਾ ਕਰਾਏਂਗਾ

ਤਦ ਉਨ੍ਹਾਂ ਦੇ ਘਰਾਂ ਤੋਂ ਚੀਕ-ਚਿਹਾੜਾ ਸੁਣਾਈ ਦੇਵੇ

ਕਿਉਂਕਿ ਉਨ੍ਹਾਂ ਨੇ ਮੈਨੂੰ ਫੜਨ ਲਈ ਟੋਆ ਪੁੱਟਿਆ ਹੈ

ਅਤੇ ਉਨ੍ਹਾਂ ਨੇ ਮੇਰੇ ਪੈਰਾਂ ਲਈ ਫੰਦੇ ਵਿਛਾਏ ਹਨ।+

23 ਪਰ ਹੇ ਯਹੋਵਾਹ, ਤੂੰ ਚੰਗੀ ਤਰ੍ਹਾਂ ਜਾਣਦਾ ਹੈਂ

ਕਿ ਉਨ੍ਹਾਂ ਨੇ ਮੈਨੂੰ ਮਾਰਨ ਲਈ ਕਿੰਨੀਆਂ ਸਾਜ਼ਸ਼ਾਂ ਘੜੀਆਂ ਹਨ।+

ਉਨ੍ਹਾਂ ਦੀਆਂ ਗ਼ਲਤੀਆਂ ਮਾਫ਼ ਨਾ ਕਰ*

ਅਤੇ ਨਾ ਹੀ ਉਨ੍ਹਾਂ ਦੇ ਪਾਪ ਆਪਣੇ ਸਾਮ੍ਹਣਿਓਂ ਮਿਟਾ।

ਜਦ ਤੂੰ ਗੁੱਸੇ ਵਿਚ ਆ ਕੇ ਉਨ੍ਹਾਂ ਦੇ ਖ਼ਿਲਾਫ਼ ਕਦਮ ਚੁੱਕੇਂਗਾ,+

ਤਾਂ ਉਹ ਤੇਰੇ ਸਾਮ੍ਹਣੇ ਠੇਡਾ ਖਾ ਕੇ ਡਿਗ ਜਾਣ।+

19 ਯਹੋਵਾਹ ਕਹਿੰਦਾ ਹੈ: “ਜਾਹ ਅਤੇ ਘੁਮਿਆਰ ਕੋਲੋਂ ਇਕ ਮਿੱਟੀ ਦੀ ਸੁਰਾਹੀ ਖ਼ਰੀਦ।+ ਲੋਕਾਂ ਦੇ ਕੁਝ ਬਜ਼ੁਰਗਾਂ ਅਤੇ ਪੁਜਾਰੀਆਂ ਦੇ ਕੁਝ ਬਜ਼ੁਰਗਾਂ ਨੂੰ ਆਪਣੇ ਨਾਲ ਲੈ ਕੇ 2 ਠੀਕਰੀ ਫਾਟਕ ਕੋਲ ਹਿੰਨੋਮ ਦੇ ਪੁੱਤਰ ਦੀ ਵਾਦੀ+ ਵਿਚ ਜਾਹ। ਉੱਥੇ ਉਨ੍ਹਾਂ ਨੂੰ ਮੇਰਾ ਸੰਦੇਸ਼ ਸੁਣਾਈਂ ਜੋ ਮੈਂ ਤੈਨੂੰ ਦੱਸ ਰਿਹਾ ਹਾਂ। 3 ਤੂੰ ਉਨ੍ਹਾਂ ਨੂੰ ਕਹੀਂ, ‘ਹੇ ਯਹੂਦਾਹ ਦੇ ਰਾਜਿਓ ਅਤੇ ਯਰੂਸ਼ਲਮ ਦੇ ਵਾਸੀਓ, ਯਹੋਵਾਹ ਦਾ ਸੰਦੇਸ਼ ਸੁਣੋ। ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ:

“‘“ਮੈਂ ਇਸ ਜਗ੍ਹਾ ਬਿਪਤਾ ਲਿਆਉਣ ਵਾਲਾ ਹਾਂ ਅਤੇ ਇਸ ਬਾਰੇ ਸੁਣ ਕੇ ਹਰ ਕਿਸੇ ਦੇ ਕੰਨਾਂ ਵਿਚ ਸਾਂ-ਸਾਂ ਹੋਵੇਗੀ। 4 ਮੈਂ ਇਹ ਸਭ ਇਸ ਲਈ ਕਰਾਂਗਾ ਕਿਉਂਕਿ ਉਨ੍ਹਾਂ ਨੇ ਮੈਨੂੰ ਤਿਆਗ ਦਿੱਤਾ ਹੈ+ ਅਤੇ ਉਨ੍ਹਾਂ ਨੇ ਇਸ ਜਗ੍ਹਾ ਦਾ ਜੋ ਹਾਲ ਕੀਤਾ ਹੈ, ਉਸ ਕਰਕੇ ਇਹ ਪਛਾਣੀ ਹੀ ਨਹੀਂ ਜਾਂਦੀ।+ ਇੱਥੇ ਉਹ ਦੂਜੇ ਦੇਵਤਿਆਂ ਨੂੰ ਬਲ਼ੀਆਂ ਚੜ੍ਹਾ ਰਹੇ ਹਨ ਜਿਨ੍ਹਾਂ ਨੂੰ ਨਾ ਤਾਂ ਉਹ, ਨਾ ਹੀ ਉਨ੍ਹਾਂ ਦੇ ਪਿਉ-ਦਾਦੇ ਅਤੇ ਨਾ ਹੀ ਯਹੂਦਾਹ ਦੇ ਰਾਜੇ ਜਾਣਦੇ ਸਨ। ਉਨ੍ਹਾਂ ਨੇ ਇਸ ਜਗ੍ਹਾ ਨੂੰ ਬੇਕਸੂਰ ਲੋਕਾਂ ਦੇ ਖ਼ੂਨ ਨਾਲ ਭਰ ਦਿੱਤਾ ਹੈ।+ 5 ਉਨ੍ਹਾਂ ਨੇ ਬਆਲ ਲਈ ਉੱਚੀਆਂ ਥਾਵਾਂ ਬਣਾਈਆਂ ਤਾਂਕਿ ਉਹ ਉਸ ਦੇ ਲਈ ਆਪਣੇ ਪੁੱਤਰਾਂ ਨੂੰ ਅੱਗ ਵਿਚ ਸਾੜ ਕੇ ਹੋਮ-ਬਲ਼ੀਆਂ ਵਜੋਂ ਚੜ੍ਹਾਉਣ।+ ਮੈਂ ਅਜਿਹਾ ਕਰਨ ਦਾ ਨਾ ਤਾਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ, ਨਾ ਹੀ ਕਦੇ ਇਸ ਬਾਰੇ ਗੱਲ ਕੀਤੀ ਸੀ ਅਤੇ ਨਾ ਹੀ ਕਦੇ ਇਸ ਦਾ ਖ਼ਿਆਲ ਮੇਰੇ ਮਨ ਵਿਚ ਆਇਆ ਸੀ।”’+

6 “‘“ਇਸ ਲਈ ਦੇਖੋ, ਉਹ ਦਿਨ ਆ ਰਹੇ ਹਨ,’ ਯਹੋਵਾਹ ਕਹਿੰਦਾ ਹੈ, ‘ਜਦ ਇਸ ਜਗ੍ਹਾ ਨੂੰ ਤੋਫਥ ਜਾਂ ਹਿੰਨੋਮ ਦੇ ਪੁੱਤਰ ਦੀ ਵਾਦੀ ਨਹੀਂ, ਸਗੋਂ ਕਤਲੇਆਮ ਦੀ ਵਾਦੀ ਕਿਹਾ ਜਾਵੇਗਾ।+ 7 ਮੈਂ ਇਸ ਜਗ੍ਹਾ ਯਹੂਦਾਹ ਤੇ ਯਰੂਸ਼ਲਮ ਦੀਆਂ ਯੋਜਨਾਵਾਂ ਨਾਕਾਮ ਕਰ ਦਿਆਂਗਾ ਅਤੇ ਮੈਂ ਉਨ੍ਹਾਂ ਨੂੰ ਦੁਸ਼ਮਣਾਂ ਦੀ ਤਲਵਾਰ ਦੇ ਹਵਾਲੇ ਕਰ ਦਿਆਂਗਾ ਜੋ ਉਨ੍ਹਾਂ ਦੇ ਖ਼ੂਨ ਦੇ ਪਿਆਸੇ ਹਨ। ਮੈਂ ਉਨ੍ਹਾਂ ਦੀਆਂ ਲਾਸ਼ਾਂ ਆਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਜਾਨਵਰਾਂ ਨੂੰ ਖਾਣ ਲਈ ਦਿਆਂਗਾ+ 8 ਅਤੇ ਮੈਂ ਉਨ੍ਹਾਂ ਦੇ ਦੇਸ਼ ਦਾ ਜੋ ਹਸ਼ਰ ਕਰਾਂਗਾ, ਉਸ ਨੂੰ ਦੇਖ ਕੇ ਲੋਕ ਖ਼ੌਫ਼ ਖਾਣਗੇ ਤੇ ਸੀਟੀ ਵਜਾਉਣਗੇ।* ਉਸ ਕੋਲੋਂ ਲੰਘਣ ਵਾਲਾ ਹਰ ਕੋਈ ਡਰ ਦੇ ਮਾਰੇ ਦੇਖਦਾ ਰਹਿ ਜਾਵੇਗਾ ਅਤੇ ਉਸ ਉੱਤੇ ਆਈਆਂ ਸਾਰੀਆਂ ਆਫ਼ਤਾਂ ਦੇਖ ਕੇ ਸੀਟੀ ਵਜਾਏਗਾ।+ 9 ਮੈਂ ਉਨ੍ਹਾਂ ਨੂੰ ਆਪਣੇ ਹੀ ਧੀਆਂ-ਪੁੱਤਰਾਂ ਦਾ ਮਾਸ ਖਾਣ ਲਈ ਮਜਬੂਰ ਕਰਾਂਗਾ ਅਤੇ ਹਰੇਕ ਜਣਾ ਬੇਬੱਸ ਹੋ ਕੇ ਆਪਣੇ ਹੀ ਗੁਆਂਢੀ ਦਾ ਮਾਸ ਖਾਵੇਗਾ ਕਿਉਂਕਿ ਜਦੋਂ ਉਨ੍ਹਾਂ ਦੇ ਖ਼ੂਨ ਦੇ ਪਿਆਸੇ ਦੁਸ਼ਮਣ ਚਾਰੇ ਪਾਸਿਓਂ ਉਨ੍ਹਾਂ ਦੀ ਸਖ਼ਤ ਘੇਰਾਬੰਦੀ ਕਰਨਗੇ, ਤਾਂ ਉਨ੍ਹਾਂ ਕੋਲ ਖਾਣ ਲਈ ਹੋਰ ਕੁਝ ਨਹੀਂ ਹੋਵੇਗਾ।”’+

10 “ਫਿਰ ਜਿਹੜੇ ਆਦਮੀ ਤੇਰੇ ਨਾਲ ਜਾਣਗੇ, ਤੂੰ ਉਨ੍ਹਾਂ ਦੇ ਸਾਮ੍ਹਣੇ ਸੁਰਾਹੀ ਭੰਨ ਸੁੱਟੀਂ 11 ਅਤੇ ਉਨ੍ਹਾਂ ਨੂੰ ਕਹੀਂ, ‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਜਿਵੇਂ ਕੋਈ ਘੁਮਿਆਰ ਦੇ ਭਾਂਡੇ ਨੂੰ ਤੋੜ ਸੁੱਟਦਾ ਹੈ ਜਿਸ ਨੂੰ ਦੁਬਾਰਾ ਨਹੀਂ ਜੋੜਿਆ ਜਾ ਸਕਦਾ, ਉਸੇ ਤਰ੍ਹਾਂ ਮੈਂ ਇਨ੍ਹਾਂ ਲੋਕਾਂ ਅਤੇ ਇਸ ਸ਼ਹਿਰ ਨੂੰ ਤੋੜ ਸੁੱਟਾਂਗਾ। ਉਹ ਤੋਫਥ ਵਿਚ ਤਦ ਤਕ ਲਾਸ਼ਾਂ ਨੂੰ ਦਫ਼ਨਾਉਣਗੇ ਜਦ ਤਕ ਸਾਰੀ ਜਗ੍ਹਾ ਭਰ ਨਹੀਂ ਜਾਂਦੀ।”’+

12 “ਯਹੋਵਾਹ ਕਹਿੰਦਾ ਹੈ, ‘ਮੈਂ ਇਸ ਸ਼ਹਿਰ ਦਾ ਅਤੇ ਇਸ ਦੇ ਵਾਸੀਆਂ ਦਾ ਉਹ ਹਾਲ ਕਰਾਂਗਾ ਕਿ ਇਹ ਸ਼ਹਿਰ ਤੋਫਥ ਵਰਗਾ ਬਣ ਜਾਵੇਗਾ। 13 ਤੋਫਥ ਵਾਂਗ ਯਰੂਸ਼ਲਮ ਦੇ ਘਰ ਅਤੇ ਯਹੂਦਾਹ ਦੇ ਰਾਜਿਆਂ ਦੇ ਘਰ ਅਸ਼ੁੱਧ ਹੋ ਜਾਣਗੇ,+ ਹਾਂ, ਉਹ ਸਾਰੇ ਘਰ ਜਿਨ੍ਹਾਂ ਦੀਆਂ ਛੱਤਾਂ ਉੱਤੇ ਲੋਕ ਆਕਾਸ਼ ਦੀ ਸਾਰੀ ਸੈਨਾ ਅੱਗੇ ਬਲ਼ੀਆਂ ਚੜ੍ਹਾਉਂਦੇ ਸਨ+ ਅਤੇ ਦੂਜੇ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਚੜ੍ਹਾਉਂਦੇ ਸਨ।’”+

14 ਜਦ ਯਿਰਮਿਯਾਹ ਤੋਫਥ ਤੋਂ ਵਾਪਸ ਆਇਆ ਜਿੱਥੇ ਯਹੋਵਾਹ ਨੇ ਉਸ ਨੂੰ ਭਵਿੱਖਬਾਣੀ ਕਰਨ ਲਈ ਭੇਜਿਆ ਸੀ, ਤਾਂ ਉਹ ਯਹੋਵਾਹ ਦੇ ਘਰ ਦੇ ਵਿਹੜੇ ਵਿਚ ਖੜ੍ਹਾ ਹੋਇਆ ਅਤੇ ਉਸ ਨੇ ਸਾਰੇ ਲੋਕਾਂ ਨੂੰ ਕਿਹਾ: 15 “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਮੈਂ ਇਸ ਸ਼ਹਿਰ ʼਤੇ ਅਤੇ ਇਸ ਦੇ ਆਲੇ-ਦੁਆਲੇ ਦੇ ਸਾਰੇ ਨਗਰਾਂ ʼਤੇ ਬਿਪਤਾ ਲਿਆਉਣ ਜਾ ਰਿਹਾ ਹਾਂ ਜਿਹੜੀ ਮੈਂ ਇਸ ʼਤੇ ਲਿਆਉਣ ਦੀ ਗੱਲ ਕੀਤੀ ਸੀ ਕਿਉਂਕਿ ਇਨ੍ਹਾਂ ਲੋਕਾਂ ਨੇ ਢੀਠ ਹੋ ਕੇ* ਮੇਰਾ ਕਹਿਣਾ ਮੰਨਣ ਤੋਂ ਇਨਕਾਰ ਕੀਤਾ ਹੈ।’”+

20 ਹੁਣ ਜਦੋਂ ਯਿਰਮਿਯਾਹ ਇਨ੍ਹਾਂ ਗੱਲਾਂ ਦੀਆਂ ਭਵਿੱਖਬਾਣੀਆਂ ਕਰ ਰਿਹਾ ਸੀ, ਤਾਂ ਇੰਮੇਰ ਦਾ ਪੁੱਤਰ ਪਸ਼ਹੂਰ ਇਹ ਗੱਲਾਂ ਸੁਣ ਰਿਹਾ ਸੀ। ਉਹ ਪੁਜਾਰੀ ਤੇ ਯਹੋਵਾਹ ਦੇ ਘਰ ਵਿਚ ਮੁੱਖ ਅਧਿਕਾਰੀ ਸੀ। 2 ਫਿਰ ਪਸ਼ਹੂਰ ਨੇ ਯਿਰਮਿਯਾਹ ਨਬੀ ਨੂੰ ਮਾਰਿਆ ਅਤੇ ਸ਼ਿਕੰਜੇ ਵਿਚ ਜਕੜ ਦਿੱਤਾ+ ਜੋ ਯਹੋਵਾਹ ਦੇ ਘਰ ਵਿਚ ਉੱਪਰਲੇ ਬਿਨਯਾਮੀਨ ਫਾਟਕ ਕੋਲ ਸੀ। 3 ਪਰ ਜਦੋਂ ਅਗਲੇ ਦਿਨ ਪਸ਼ਹੂਰ ਨੇ ਯਿਰਮਿਯਾਹ ਨੂੰ ਸ਼ਿਕੰਜੇ ਵਿੱਚੋਂ ਬਾਹਰ ਕੱਢਿਆ, ਤਾਂ ਯਿਰਮਿਯਾਹ ਨੇ ਉਸ ਨੂੰ ਕਿਹਾ:

“ਯਹੋਵਾਹ ਨੇ ਤੇਰਾ ਨਾਂ ਪਸ਼ਹੂਰ ਨਹੀਂ, ਸਗੋਂ ‘ਚਾਰੇ ਪਾਸੇ ਖ਼ੌਫ਼’ ਰੱਖਿਆ ਹੈ+ 4 ਕਿਉਂਕਿ ਯਹੋਵਾਹ ਇਹ ਕਹਿੰਦਾ ਹੈ, ‘ਮੈਂ ਤੇਰਾ ਉਹ ਹਾਲ ਕਰਾਂਗਾ ਜਿਸ ਨੂੰ ਦੇਖ ਕੇ ਤੂੰ ਅਤੇ ਤੇਰੇ ਸਾਰੇ ਦੋਸਤ ਖ਼ੌਫ਼ ਖਾਣਗੇ। ਉਹ ਤੇਰੀਆਂ ਅੱਖਾਂ ਸਾਮ੍ਹਣੇ ਦੁਸ਼ਮਣਾਂ ਦੀ ਤਲਵਾਰ ਦੇ ਹਵਾਲੇ ਕੀਤੇ ਜਾਣਗੇ+ ਅਤੇ ਮੈਂ ਸਾਰੇ ਯਹੂਦਾਹ ਨੂੰ ਬਾਬਲ ਦੇ ਰਾਜੇ ਦੇ ਹੱਥ ਵਿਚ ਦੇ ਦਿਆਂਗਾ ਅਤੇ ਉਹ ਉਨ੍ਹਾਂ ਨੂੰ ਬੰਦੀ ਬਣਾ ਕੇ ਬਾਬਲ ਲੈ ਜਾਵੇਗਾ ਅਤੇ ਉੱਥੇ ਉਨ੍ਹਾਂ ਨੂੰ ਤਲਵਾਰ ਨਾਲ ਮੌਤ ਦੇ ਘਾਟ ਉਤਾਰ ਦੇਵੇਗਾ।+ 5 ਮੈਂ ਇਸ ਸ਼ਹਿਰ ਦੀ ਸਾਰੀ ਜਾਇਦਾਦ, ਇਸ ਦੀ ਸਾਰੀ ਧਨ-ਦੌਲਤ, ਇਸ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਅਤੇ ਯਹੂਦਾਹ ਦੇ ਰਾਜਿਆਂ ਦੇ ਸਾਰੇ ਖ਼ਜ਼ਾਨੇ ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ।+ ਉਹ ਇਹ ਸਭ ਚੀਜ਼ਾਂ ਲੁੱਟ ਲੈਣਗੇ ਅਤੇ ਜ਼ਬਰਦਸਤੀ ਖੋਹ ਕੇ ਬਾਬਲ ਲੈ ਜਾਣਗੇ।+ 6 ਹੇ ਪਸ਼ਹੂਰ, ਤੂੰ ਅਤੇ ਤੇਰੇ ਘਰ ਵਿਚ ਰਹਿੰਦੇ ਸਾਰੇ ਲੋਕਾਂ ਨੂੰ ਬੰਦੀ ਬਣਾ ਕੇ ਲਿਜਾਇਆ ਜਾਵੇਗਾ। ਤੂੰ ਬਾਬਲ ਜਾਏਂਗਾ ਅਤੇ ਉੱਥੇ ਹੀ ਮਰ-ਮੁੱਕ ਜਾਏਂਗਾ ਅਤੇ ਤੈਨੂੰ ਆਪਣੇ ਦੋਸਤਾਂ ਨਾਲ ਉੱਥੇ ਹੀ ਦਫ਼ਨਾਇਆ ਜਾਵੇਗਾ ਕਿਉਂਕਿ ਤੂੰ ਉਨ੍ਹਾਂ ਨੂੰ ਝੂਠੀਆਂ ਭਵਿੱਖਬਾਣੀਆਂ ਦੱਸੀਆਂ ਹਨ।’”+

 7 ਹੇ ਯਹੋਵਾਹ, ਤੂੰ ਮੈਨੂੰ ਮੂਰਖ ਬਣਾਇਆ ਅਤੇ ਮੈਂ ਮੂਰਖ ਬਣ ਗਿਆ।

ਤੂੰ ਮੇਰੇ ਖ਼ਿਲਾਫ਼ ਆਪਣੀ ਤਾਕਤ ਵਰਤੀ ਅਤੇ ਤੂੰ ਜਿੱਤ ਗਿਆਂ।+

ਮੈਂ ਸਾਰਾ-ਸਾਰਾ ਦਿਨ ਮਜ਼ਾਕ ਦਾ ਪਾਤਰ ਬਣਿਆ ਰਹਿੰਦਾ ਹਾਂ;

ਹਰ ਕੋਈ ਮੇਰਾ ਮਖੌਲ ਉਡਾਉਂਦਾ ਹੈ।+

 8 ਮੈਂ ਜਦੋਂ ਵੀ ਬੋਲਦਾ ਹਾਂ, ਤਾਂ ਮੈਨੂੰ ਚੀਕ-ਚੀਕ ਕੇ ਕਹਿਣਾ ਪੈਂਦਾ,

“ਮਾਰ-ਧਾੜ ਅਤੇ ਤਬਾਹੀ!”

ਕਿਉਂਕਿ ਯਹੋਵਾਹ ਦੇ ਸੰਦੇਸ਼ ਕਾਰਨ ਮੈਨੂੰ ਸਾਰਾ-ਸਾਰਾ ਦਿਨ ਬੇਇੱਜ਼ਤੀ ਸਹਿਣੀ ਪੈਂਦੀ ਹੈ ਅਤੇ ਮੇਰਾ ਮਜ਼ਾਕ ਉਡਾਇਆ ਜਾਂਦਾ ਹੈ।+

 9 ਇਸ ਲਈ ਮੈਂ ਕਿਹਾ: “ਮੈਂ ਉਸ ਬਾਰੇ ਗੱਲ ਨਹੀਂ ਕਰਾਂਗਾ

ਅਤੇ ਨਾ ਹੀ ਉਸ ਦੇ ਨਾਂ ʼਤੇ ਸੰਦੇਸ਼ ਦਿਆਂਗਾ।”+

ਪਰ ਉਸ ਦਾ ਸੰਦੇਸ਼ ਮੇਰੇ ਦਿਲ ਵਿਚ ਅੱਗ ਵਾਂਗ ਬਲ਼ਣ ਲੱਗ ਪਿਆ,

ਇਹ ਮੇਰੀਆਂ ਹੱਡੀਆਂ ਵਿਚ ਅੱਗ ਦੇ ਭਾਂਬੜ ਵਾਂਗ ਸੀ,

ਮੈਂ ਇਸ ਨੂੰ ਰੋਕਦਾ-ਰੋਕਦਾ ਥੱਕ ਗਿਆ;

ਮੈਂ ਇਸ ਨੂੰ ਹੋਰ ਬਰਦਾਸ਼ਤ ਨਾ ਕਰ ਸਕਿਆ।+

10 ਮੈਂ ਬਹੁਤ ਸਾਰੀਆਂ ਖ਼ਤਰਨਾਕ ਅਫ਼ਵਾਹਾਂ ਸੁਣੀਆਂ ਹਨ;

ਮੈਂ ਜਿੱਥੇ ਕਿਤੇ ਜਾਂਦਾ ਹਾਂ, ਡਰ ਨਾਲ ਮੇਰਾ ਸਾਹ ਸੁੱਕਿਆ ਰਹਿੰਦਾ ਹੈ।+

“ਉਸ ਦੇ ਖ਼ਿਲਾਫ਼ ਬੋਲੋ; ਆਓ ਆਪਾਂ ਉਸ ਦੇ ਖ਼ਿਲਾਫ਼ ਬੋਲੀਏ!”

ਜਿਹੜੇ ਲੋਕ ਮੇਰਾ ਭਲਾ ਚਾਹੁਣ ਦਾ ਦਿਖਾਵਾ ਕਰਦੇ ਸਨ,

ਉਹ ਅਸਲ ਵਿਚ ਮੇਰੇ ਡਿਗਣ ਦਾ ਇੰਤਜ਼ਾਰ ਕਰਦੇ ਸਨ।+

ਉਹ ਕਹਿੰਦੇ ਸਨ: “ਸ਼ਾਇਦ ਉਹ ਕੋਈ ਗ਼ਲਤੀ ਕਰਨ ਦੀ ਬੇਵਕੂਫ਼ੀ ਕਰੇ,

ਫਿਰ ਅਸੀਂ ਉਸ ਉੱਤੇ ਹਾਵੀ ਹੋ ਕੇ ਆਪਣਾ ਬਦਲਾ ਲਵਾਂਗੇ।”

11 ਪਰ ਯਹੋਵਾਹ ਮੇਰੇ ਨਾਲ ਇਕ ਖ਼ੌਫ਼ਨਾਕ ਯੋਧੇ ਵਾਂਗ ਸੀ।+

ਇਸੇ ਕਰਕੇ ਮੇਰੇ ਸਤਾਉਣ ਵਾਲੇ ਠੇਡਾ ਖਾ ਕੇ ਡਿਗਣਗੇ ਅਤੇ ਮੇਰੇ ਤੋਂ ਨਹੀਂ ਜਿੱਤਣਗੇ।+

ਉਨ੍ਹਾਂ ਨੂੰ ਬੇਹੱਦ ਸ਼ਰਮਿੰਦਾ ਕੀਤਾ ਜਾਵੇਗਾ ਕਿਉਂਕਿ ਉਹ ਕਾਮਯਾਬ ਨਹੀਂ ਹੋਣਗੇ।

ਉਨ੍ਹਾਂ ਨੂੰ ਹਮੇਸ਼ਾ ਲਈ ਬੇਇੱਜ਼ਤੀ ਸਹਿਣੀ ਪਵੇਗੀ ਜਿਸ ਦੀ ਯਾਦ ਕਦੇ ਨਹੀਂ ਮਿਟੇਗੀ।+

12 ਪਰ ਤੂੰ, ਹੇ ਸੈਨਾਵਾਂ ਦੇ ਯਹੋਵਾਹ, ਧਰਮੀ ਨੂੰ ਜਾਂਚਦਾ ਹੈਂ;

ਤੂੰ ਮਨ ਦੀਆਂ ਸੋਚਾਂ* ਅਤੇ ਦਿਲਾਂ ਨੂੰ ਦੇਖਦਾ ਹੈਂ।+

ਜਦ ਤੂੰ ਉਨ੍ਹਾਂ ਤੋਂ ਬਦਲਾ ਲਵੇਂਗਾ, ਤਾਂ ਮੈਨੂੰ ਦੇਖਣ ਦਾ ਮੌਕਾ ਦੇਈਂ+

ਕਿਉਂਕਿ ਮੈਂ ਆਪਣਾ ਮੁਕੱਦਮਾ ਤੈਨੂੰ ਸੌਂਪ ਦਿੱਤਾ ਹੈ।+

13 ਯਹੋਵਾਹ ਲਈ ਗੀਤ ਗਾਓ! ਯਹੋਵਾਹ ਦੀ ਮਹਿਮਾ ਕਰੋ!

ਕਿਉਂਕਿ ਉਸ ਨੇ ਗ਼ਰੀਬ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਇਆ ਹੈ।

14 ਲਾਹਨਤ ਹੈ ਉਸ ਦਿਨ ʼਤੇ ਜਦੋਂ ਮੈਂ ਜੰਮਿਆ ਸੀ!

ਉਹ ਦਿਨ ਮੁਬਾਰਕ ਨਾ ਹੋਵੇ, ਜਿਸ ਦਿਨ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਸੀ!+

15 ਸਰਾਪਿਆ ਹੈ ਉਹ ਇਨਸਾਨ ਜਿਸ ਨੇ ਮੇਰੇ ਪਿਤਾ ਨੂੰ ਇਹ ਖ਼ੁਸ਼ ਖ਼ਬਰੀ ਸੁਣਾਈ ਸੀ:

“ਤੇਰੇ ਘਰ ਮੁੰਡਾ ਹੋਇਆ, ਮੁੰਡਾ!”

ਅਤੇ ਇਹ ਖ਼ਬਰ ਸੁਣ ਕੇ ਉਸ ਨੂੰ ਬੇਹੱਦ ਖ਼ੁਸ਼ੀ ਹੋਈ ਸੀ।

16 ਉਸ ਆਦਮੀ ਦੀ ਹਾਲਤ ਉਨ੍ਹਾਂ ਸ਼ਹਿਰਾਂ ਵਰਗੀ ਹੋ ਜਾਵੇ

ਜਿਨ੍ਹਾਂ ਨੂੰ ਯਹੋਵਾਹ ਨੇ ਬਿਨਾਂ ਕਿਸੇ ਅਫ਼ਸੋਸ ਦੇ ਤਬਾਹ ਕਰ ਦਿੱਤਾ ਸੀ।

ਉਹ ਸਵੇਰੇ ਚੀਕ-ਚਿਹਾੜਾ ਸੁਣੇ ਅਤੇ ਸਿਖਰ ਦੁਪਹਿਰੇ ਯੁੱਧ ਦੇ ਐਲਾਨ ਦੀ ਆਵਾਜ਼ ਸੁਣੇ।

17 ਉਸ ਨੇ ਮੈਨੂੰ ਕੁੱਖ ਵਿਚ ਹੀ ਕਿਉਂ ਨਹੀਂ ਮਾਰ ਸੁੱਟਿਆ?

ਮੇਰੀ ਮਾਂ ਦੀ ਕੁੱਖ ਹੀ ਮੇਰੀ ਕਬਰ ਬਣ ਜਾਂਦੀ

ਅਤੇ ਮੈਂ ਸਦਾ ਉਸ ਦੀ ਕੁੱਖ ਵਿਚ ਹੀ ਰਹਿੰਦਾ।+

18 ਮੈਂ ਉਸ ਦੀ ਕੁੱਖ ਵਿੱਚੋਂ ਬਾਹਰ ਹੀ ਕਿਉਂ ਆਇਆ?

ਕੀ ਮੁਸੀਬਤਾਂ ਤੇ ਦੁੱਖ ਦੇਖਣ ਲਈ?

ਕੀ ਸਾਰੀ ਜ਼ਿੰਦਗੀ ਬੇਇੱਜ਼ਤ ਹੋਣ ਲਈ?+

21 ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਉਦੋਂ ਮਿਲਿਆ ਜਦੋਂ ਰਾਜਾ ਸਿਦਕੀਯਾਹ+ ਨੇ ਮਲਕੀਯਾਹ ਦੇ ਪੁੱਤਰ ਪਸ਼ਹੂਰ+ ਅਤੇ ਮਾਸੇਯਾਹ ਦੇ ਪੁੱਤਰ ਸਫ਼ਨਯਾਹ+ ਪੁਜਾਰੀ ਨੂੰ ਉਸ ਕੋਲ ਇਹ ਬੇਨਤੀ ਕਰਨ ਲਈ ਭੇਜਿਆ: 2 “ਕਿਰਪਾ ਕਰ ਕੇ ਸਾਡੇ ਵੱਲੋਂ ਯਹੋਵਾਹ ਨੂੰ ਪੁੱਛ ਕਿ ਸਾਡੇ ਨਾਲ ਕੀ ਹੋਵੇਗਾ ਕਿਉਂਕਿ ਬਾਬਲ ਦਾ ਰਾਜਾ ਨਬੂਕਦਨੱਸਰ* ਸਾਡੇ ਖ਼ਿਲਾਫ਼ ਯੁੱਧ ਲੜ ਰਿਹਾ ਹੈ।+ ਸ਼ਾਇਦ ਯਹੋਵਾਹ ਸਾਡੀ ਖ਼ਾਤਰ ਪੁਰਾਣੇ ਜ਼ਮਾਨੇ ਵਾਂਗ ਕੋਈ ਸ਼ਕਤੀਸ਼ਾਲੀ ਕੰਮ ਕਰੇ ਜਿਸ ਕਰਕੇ ਰਾਜਾ ਸਾਡੇ ਨਾਲ ਯੁੱਧ ਕਰਨਾ ਛੱਡ ਕੇ ਵਾਪਸ ਚਲਾ ਜਾਵੇ।”+

3 ਯਿਰਮਿਯਾਹ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਸਿਦਕੀਯਾਹ ਨੂੰ ਇਹ ਦੱਸਿਓ, 4 ‘ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: “ਤੁਸੀਂ ਜਿਹੜੇ ਹਥਿਆਰ ਲੈ ਕੇ ਬਾਬਲ ਦੇ ਰਾਜੇ ਅਤੇ ਕਸਦੀਆਂ ਖ਼ਿਲਾਫ਼ ਯੁੱਧ ਕਰ ਰਹੇ ਹੋ ਜਿਨ੍ਹਾਂ ਨੇ ਸ਼ਹਿਰ ਦੇ ਬਾਹਰ ਤੇਰੀ ਘੇਰਾਬੰਦੀ ਕੀਤੀ ਹੋਈ ਹੈ, ਮੈਂ ਉਨ੍ਹਾਂ ਹਥਿਆਰਾਂ ਨਾਲ ਹੀ ਤੁਹਾਡੇ ਉੱਤੇ ਹਮਲਾ ਕਰਾਵਾਂਗਾ।*+ ਮੈਂ ਉਨ੍ਹਾਂ ਨੂੰ ਸ਼ਹਿਰ ਦੇ ਵਿਚਕਾਰ ਇਕੱਠਾ ਕਰਾਂਗਾ। 5 ਮੈਂ ਆਪ ਤੁਹਾਡੇ ਖ਼ਿਲਾਫ਼ ਤਾਕਤਵਰ ਹੱਥ ਅਤੇ ਬਲਵੰਤ ਬਾਂਹ ਨਾਲ ਲੜਾਂਗਾ+ ਅਤੇ ਤੁਹਾਡੇ ʼਤੇ ਆਪਣਾ ਡਾਢਾ ਗੁੱਸਾ ਤੇ ਕ੍ਰੋਧ ਵਰ੍ਹਾਵਾਂਗਾ।+ 6 ਮੈਂ ਇਸ ਸ਼ਹਿਰ ਦੇ ਵਾਸੀਆਂ, ਹਾਂ, ਇਨਸਾਨਾਂ ਅਤੇ ਜਾਨਵਰਾਂ ਨੂੰ ਮਾਰ ਸੁੱਟਾਂਗਾ। ਉਹ ਸਾਰੇ ਮਹਾਂਮਾਰੀ* ਨਾਲ ਮਰਨਗੇ।”’+

7 “‘ਯਹੋਵਾਹ ਕਹਿੰਦਾ ਹੈ: “ਇਸ ਤੋਂ ਬਾਅਦ ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ, ਉਸ ਦੇ ਨੌਕਰਾਂ ਅਤੇ ਇਸ ਸ਼ਹਿਰ ਦੇ ਲੋਕਾਂ ਨੂੰ ਜਿਹੜੇ ਮਹਾਂਮਾਰੀ, ਤਲਵਾਰ ਅਤੇ ਕਾਲ਼ ਤੋਂ ਬਚ ਜਾਣਗੇ, ਬਾਬਲ ਦੇ ਰਾਜੇ ਨਬੂਕਦਨੱਸਰ* ਅਤੇ ਉਨ੍ਹਾਂ ਦੇ ਖ਼ੂਨ ਦੇ ਪਿਆਸੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿਆਂਗਾ।+ ਰਾਜਾ ਉਨ੍ਹਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ। ਉਹ ਉਨ੍ਹਾਂ ʼਤੇ ਤਰਸ ਨਹੀਂ ਖਾਵੇਗਾ, ਨਾ ਹੀ ਉਨ੍ਹਾਂ ʼਤੇ ਦਇਆ ਕਰੇਗਾ ਅਤੇ ਨਾ ਹੀ ਉਨ੍ਹਾਂ ʼਤੇ ਰਹਿਮ ਕਰੇਗਾ।”’+

8 “ਤੂੰ ਇਨ੍ਹਾਂ ਲੋਕਾਂ ਨੂੰ ਕਹੀਂ, ‘ਯਹੋਵਾਹ ਇਹ ਕਹਿੰਦਾ ਹੈ: “ਮੈਂ ਤੁਹਾਨੂੰ ਜ਼ਿੰਦਗੀ ਦਾ ਰਾਹ ਜਾਂ ਮੌਤ ਦਾ ਰਾਹ ਚੁਣਨ ਦਾ ਮੌਕਾ ਦੇ ਰਿਹਾ ਹਾਂ। 9 ਜਿਹੜੇ ਇਸ ਸ਼ਹਿਰ ਵਿਚ ਰਹਿਣਗੇ, ਉਹ ਤਲਵਾਰ, ਕਾਲ਼ ਅਤੇ ਮਹਾਂਮਾਰੀ ਨਾਲ ਮਰਨਗੇ, ਪਰ ਜਿਹੜਾ ਵੀ ਬਾਹਰ ਜਾ ਕੇ ਖ਼ੁਦ ਨੂੰ ਕਸਦੀਆਂ ਦੇ ਹਵਾਲੇ ਕਰੇਗਾ ਜਿਨ੍ਹਾਂ ਨੇ ਤੁਹਾਡੀ ਘੇਰਾਬੰਦੀ ਕੀਤੀ ਹੋਈ ਹੈ, ਉਹ ਜੀਉਂਦਾ ਰਹੇਗਾ ਅਤੇ ਉਸ ਦੀ ਜਾਨ ਸਲਾਮਤ ਰਹੇਗੀ।”’*+

10 “‘“ਮੈਂ ਠਾਣ ਲਿਆ ਹੈ ਕਿ ਮੈਂ ਇਸ ਸ਼ਹਿਰ ਦਾ ਭਲਾ ਕਰਨ ਦੀ ਬਜਾਇ ਇਸ ʼਤੇ ਬਿਪਤਾ ਲਿਆਵਾਂਗਾ,”+ ਯਹੋਵਾਹ ਕਹਿੰਦਾ ਹੈ। “ਇਹ ਸ਼ਹਿਰ ਬਾਬਲ ਦੇ ਰਾਜੇ ਦੇ ਹੱਥ ਵਿਚ ਕਰ ਦਿੱਤਾ ਜਾਵੇਗਾ+ ਅਤੇ ਉਹ ਇਸ ਨੂੰ ਅੱਗ ਨਾਲ ਸਾੜ ਸੁੱਟੇਗਾ।”+

11 “‘ਹੇ ਯਹੂਦਾਹ ਦੇ ਰਾਜੇ ਦੇ ਘਰਾਣੇ: ਯਹੋਵਾਹ ਦਾ ਸੰਦੇਸ਼ ਸੁਣ। 12 ਹੇ ਦਾਊਦ ਦੇ ਘਰਾਣੇ, ਯਹੋਵਾਹ ਇਹ ਕਹਿੰਦਾ ਹੈ:

“ਰੋਜ਼ ਸਵੇਰੇ ਨਿਆਂ ਕਰੋ

ਅਤੇ ਜਿਸ ਨੂੰ ਲੁੱਟਿਆ ਜਾ ਰਿਹਾ ਹੈ, ਉਸ ਨੂੰ ਠੱਗੀ ਮਾਰਨ ਵਾਲੇ ਦੇ ਹੱਥੋਂ ਬਚਾਓ+

ਤਾਂਕਿ ਤੁਹਾਡੇ ਬੁਰੇ ਕੰਮਾਂ ਕਰਕੇ+ ਮੇਰੇ ਗੁੱਸੇ ਦੀ ਅੱਗ ਨਾ ਭੜਕੇ+

ਜਿਸ ਨੂੰ ਕੋਈ ਬੁਝਾ ਨਹੀਂ ਸਕੇਗਾ।”’

13 ਯਹੋਵਾਹ ਕਹਿੰਦਾ ਹੈ, ‘ਹੇ ਘਾਟੀ ਵਿਚ ਰਹਿੰਦੇ ਲੋਕੋ,

ਹੇ ਚਟਾਨ ʼਤੇ ਵੱਸੇ ਸ਼ਹਿਰ ਦੇ ਲੋਕੋ, ਮੈਂ ਤੁਹਾਡੇ ਖ਼ਿਲਾਫ਼ ਹਾਂ।

ਤੁਸੀਂ ਕਹਿੰਦੇ ਹੋ: “ਕੌਣ ਸਾਡੇ ਉੱਤੇ ਚੜ੍ਹਾਈ ਕਰੇਗਾ?

ਕੌਣ ਸਾਡੇ ਘਰਾਂ ʼਤੇ ਹਮਲਾ ਕਰੇਗਾ?”

14 ਮੈਂ ਤੁਹਾਡੇ ਤੋਂ ਤੁਹਾਡੇ ਕੰਮਾਂ ਦਾ ਲੇਖਾ ਲਵਾਂਗਾ

ਕਿਉਂਕਿ ਤੁਸੀਂ ਇਸੇ ਦੇ ਲਾਇਕ ਹੋ,’+ ਯਹੋਵਾਹ ਕਹਿੰਦਾ ਹੈ।

‘ਮੈਂ ਤੁਹਾਡੇ ਜੰਗਲ ਨੂੰ ਅੱਗ ਲਾ ਦਿਆਂਗਾ

ਜੋ ਤੁਹਾਡੇ ਆਲੇ-ਦੁਆਲੇ ਦੀਆਂ ਸਾਰੀਆਂ ਚੀਜ਼ਾਂ ਭਸਮ ਕਰ ਦੇਵੇਗੀ।’”+

22 ਯਹੋਵਾਹ ਇਹ ਕਹਿੰਦਾ ਹੈ: “ਯਹੂਦਾਹ ਦੇ ਰਾਜੇ ਦੇ ਮਹਿਲ* ਨੂੰ ਜਾਹ ਅਤੇ ਇਹ ਸੰਦੇਸ਼ ਸੁਣਾ। 2 ਤੂੰ ਉਸ ਨੂੰ ਕਹੀਂ, ‘ਹੇ ਯਹੂਦਾਹ ਦੇ ਰਾਜੇ, ਤੂੰ ਜੋ ਦਾਊਦ ਦੇ ਸਿੰਘਾਸਣ ʼਤੇ ਬੈਠਾ ਹੈਂ, ਯਹੋਵਾਹ ਦਾ ਸੰਦੇਸ਼ ਸੁਣ। ਨਾਲੇ ਇਨ੍ਹਾਂ ਦਰਵਾਜ਼ਿਆਂ ਥਾਣੀਂ ਅੰਦਰ ਆਉਂਦੇ ਤੇਰੇ ਨੌਕਰ ਅਤੇ ਤੇਰੇ ਲੋਕ ਵੀ ਇਹ ਸੰਦੇਸ਼ ਸੁਣਨ। 3 ਯਹੋਵਾਹ ਕਹਿੰਦਾ ਹੈ: “ਨਿਆਂ ਕਰੋ ਅਤੇ ਜੋ ਸਹੀ ਹੈ, ਉਹੀ ਕਰੋ। ਜਿਸ ਨੂੰ ਲੁੱਟਿਆ ਜਾ ਰਿਹਾ ਹੈ, ਉਸ ਨੂੰ ਠੱਗੀ ਮਾਰਨ ਵਾਲੇ ਦੇ ਹੱਥੋਂ ਬਚਾਓ। ਕਿਸੇ ਪਰਦੇਸੀ ਨਾਲ ਬਦਸਲੂਕੀ ਨਾ ਕਰੋ ਅਤੇ ਨਾ ਹੀ ਕਿਸੇ ਯਤੀਮ* ਜਾਂ ਵਿਧਵਾ ਨਾਲ ਬੁਰਾ ਕਰੋ+ ਅਤੇ ਨਾ ਹੀ ਇਸ ਸ਼ਹਿਰ ਵਿਚ ਕਿਸੇ ਬੇਕਸੂਰ ਦਾ ਖ਼ੂਨ ਵਹਾਓ।+ 4 ਜੇ ਤੁਸੀਂ ਇਸ ਸੰਦੇਸ਼ ਦੀਆਂ ਸਾਰੀਆਂ ਗੱਲਾਂ ਦੀ ਧਿਆਨ ਨਾਲ ਪਾਲਣਾ ਕਰੋਗੇ, ਤਾਂ ਦਾਊਦ ਦੇ ਸਿੰਘਾਸਣ ʼਤੇ ਬੈਠਣ ਵਾਲੇ ਰਾਜੇ+ ਰਥਾਂ ਅਤੇ ਘੋੜਿਆਂ ʼਤੇ ਸਵਾਰ ਹੋ ਕੇ ਇਸ ਮਹਿਲ ਦੇ ਦਰਵਾਜ਼ਿਆਂ ਥਾਣੀਂ ਅੰਦਰ ਆਉਣਗੇ। ਉਹ ਆਪਣੇ ਨੌਕਰਾਂ ਅਤੇ ਲੋਕਾਂ ਸਣੇ ਅੰਦਰ ਆਉਣਗੇ।”’+

5 “ਯਹੋਵਾਹ ਕਹਿੰਦਾ ਹੈ, ‘ਪਰ ਜੇ ਤੁਸੀਂ ਇਨ੍ਹਾਂ ਗੱਲਾਂ ਦੀ ਪਾਲਣਾ ਨਹੀਂ ਕਰੋਗੇ, ਤਾਂ ਮੈਂ ਆਪਣੀ ਸਹੁੰ ਖਾ ਕੇ ਕਹਿੰਦਾ ਹਾਂ ਕਿ ਇਹ ਮਹਿਲ ਤਬਾਹ ਹੋ ਜਾਵੇਗਾ।’+

6 “ਯਹੂਦਾਹ ਦੇ ਰਾਜੇ ਦੇ ਮਹਿਲ ਬਾਰੇ ਯਹੋਵਾਹ ਇਹ ਕਹਿੰਦਾ ਹੈ,

‘ਤੂੰ ਮੇਰੇ ਲਈ ਗਿਲਆਦ ਵਾਂਗ ਹੈਂ,

ਲਬਾਨੋਨ ਦੀ ਚੋਟੀ ਵਰਗਾ।

ਪਰ ਮੈਂ ਤੈਨੂੰ ਉਜਾੜ ਬਣਾ ਦਿਆਂਗਾ;

ਤੇਰੇ ਸ਼ਹਿਰਾਂ ਵਿਚ ਕੋਈ ਨਹੀਂ ਵੱਸੇਗਾ।+

 7 ਮੈਂ ਤੇਰੇ ਖ਼ਿਲਾਫ਼ ਨਾਸ਼ ਕਰਨ ਵਾਲੇ ਠਹਿਰਾਵਾਂਗਾ,*

ਹਰ ਬੰਦੇ ਕੋਲ ਹਥਿਆਰ ਹੋਣਗੇ।+

ਉਹ ਤੇਰੇ ਸਭ ਤੋਂ ਵਧੀਆ ਦਿਆਰਾਂ ਨੂੰ ਵੱਢ ਸੁੱਟਣਗੇ

ਅਤੇ ਅੱਗ ਨਾਲ ਫੂਕ ਦੇਣਗੇ।+

8 “‘ਬਹੁਤ ਸਾਰੀਆਂ ਕੌਮਾਂ ਦੇ ਲੋਕ ਇਸ ਸ਼ਹਿਰ ਕੋਲੋਂ ਦੀ ਲੰਘਣਗੇ ਅਤੇ ਇਕ-ਦੂਜੇ ਨੂੰ ਪੁੱਛਣਗੇ: “ਯਹੋਵਾਹ ਨੇ ਇਸ ਆਲੀਸ਼ਾਨ ਸ਼ਹਿਰ ਦਾ ਇਹ ਹਸ਼ਰ ਕਿਉਂ ਕੀਤਾ?”+ 9 ਅਤੇ ਉਹ ਜਵਾਬ ਦੇਣਗੇ: “ਕਿਉਂਕਿ ਉਨ੍ਹਾਂ ਨੇ ਆਪਣੇ ਪਰਮੇਸ਼ੁਰ ਯਹੋਵਾਹ ਦਾ ਇਕਰਾਰ ਤੋੜ ਦਿੱਤਾ ਅਤੇ ਦੂਜੇ ਦੇਵਤਿਆਂ ਦੇ ਅੱਗੇ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਭਗਤੀ ਕੀਤੀ।”’+

10 ਜੋ ਮਰ ਗਿਆ ਹੈ, ਉਸ ਲਈ ਨਾ ਰੋਵੋ

ਅਤੇ ਨਾ ਹੀ ਉਸ ਲਈ ਸੋਗ ਮਨਾਓ।

ਇਸ ਦੀ ਬਜਾਇ, ਉਸ ਬੰਦੇ ਲਈ ਧਾਹਾਂ ਮਾਰ-ਮਾਰ ਕੇ ਰੋਵੋ ਜਿਸ ਨੂੰ ਬੰਦੀ ਬਣਾ ਕੇ ਲਿਜਾਇਆ ਜਾਵੇਗਾ

ਕਿਉਂਕਿ ਉਹ ਆਪਣੇ ਜਨਮ-ਸਥਾਨ ਨੂੰ ਦੇਖਣ ਲਈ ਵਾਪਸ ਨਹੀਂ ਆਵੇਗਾ।

11 “ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਸ਼ਲੂਮ*+ ਬਾਰੇ ਜਿਸ ਨੇ ਆਪਣੇ ਪਿਤਾ ਯੋਸੀਯਾਹ ਦੀ ਥਾਂ ʼਤੇ ਰਾਜ ਕੀਤਾ ਹੈ+ ਅਤੇ ਜੋ ਇਸ ਜਗ੍ਹਾ ਤੋਂ ਜਾ ਚੁੱਕਾ ਹੈ, ਯਹੋਵਾਹ ਇਹ ਕਹਿੰਦਾ ਹੈ: ‘ਉਹ ਇੱਥੇ ਕਦੇ ਵਾਪਸ ਨਹੀਂ ਆਵੇਗਾ। 12 ਉਸ ਨੂੰ ਜਿਸ ਜਗ੍ਹਾ ਬੰਦੀ ਬਣਾ ਕੇ ਲਿਜਾਇਆ ਗਿਆ ਹੈ, ਉਹ ਉੱਥੇ ਹੀ ਮਰ ਜਾਵੇਗਾ ਅਤੇ ਉਹ ਇਸ ਦੇਸ਼ ਨੂੰ ਦੁਬਾਰਾ ਕਦੇ ਨਹੀਂ ਦੇਖੇਗਾ।’+

13 ਲਾਹਨਤ ਹੈ ਉਸ ਉੱਤੇ ਜਿਹੜਾ ਬੁਰਾਈ ਨਾਲ ਆਪਣਾ ਮਹਿਲ ਉਸਾਰਦਾ ਹੈ,

ਅਨਿਆਂ ਨਾਲ ਆਪਣੇ ਚੁਬਾਰੇ ਬਣਾਉਂਦਾ ਹੈ,

ਆਪਣੇ ਗੁਆਂਢੀ ਤੋਂ ਮੁਫ਼ਤ ਕੰਮ ਕਰਵਾਉਂਦਾ ਹੈ

ਅਤੇ ਉਸ ਦੀ ਮਜ਼ਦੂਰੀ ਦੇਣ ਤੋਂ ਇਨਕਾਰ ਕਰਦਾ ਹੈ;+

14 ਉਹ ਕਹਿੰਦਾ ਹੈ, ‘ਮੈਂ ਆਪਣੇ ਲਈ ਇਕ ਵੱਡਾ ਘਰ ਬਣਾਵਾਂਗਾ

ਜਿਸ ਦੇ ਚੁਬਾਰੇ ਖੁੱਲ੍ਹੇ-ਡੁੱਲ੍ਹੇ ਹੋਣਗੇ।

ਮੈਂ ਉਸ ਵਿਚ ਖਿੜਕੀਆਂ ਲਾਵਾਂਗਾ

ਅਤੇ ਦਿਆਰ ਦੀ ਲੱਕੜ ਨਾਲ ਇਸ ਨੂੰ ਸਜਾਵਾਂਗਾ

ਅਤੇ ਉਨ੍ਹਾਂ ਨੂੰ ਸੰਧੂਰੀ* ਰੰਗ ਨਾਲ ਰੰਗਾਂਗਾ।’

15 ਕੀ ਤੂੰ ਇਸ ਲਈ ਰਾਜ ਕਰਦਾ ਰਹੇਂਗਾ

ਕਿਉਂਕਿ ਤੂੰ ਦੂਜਿਆਂ ਨਾਲੋਂ ਜ਼ਿਆਦਾ ਦਿਆਰ ਦੀ ਲੱਕੜ ਵਰਤਦਾ ਹੈਂ?

ਤੇਰਾ ਪਿਤਾ ਵੀ ਖਾਣ-ਪੀਣ ਦਾ ਸ਼ੌਕੀਨ ਸੀ,

ਪਰ ਉਸ ਨੇ ਨਿਆਂ ਕੀਤਾ ਅਤੇ ਜੋ ਸਹੀ ਹੈ, ਉਹੀ ਕੀਤਾ+ ਜਿਸ ਕਰਕੇ ਉਸ ਦਾ ਭਲਾ ਹੋਇਆ।

16 ਉਸ ਨੇ ਮੁਕੱਦਮੇ ਵਿਚ ਦੁਖੀ ਅਤੇ ਗ਼ਰੀਬ ਦਾ ਪੱਖ ਲਿਆ

ਜਿਸ ਕਰਕੇ ਸਭ ਦਾ ਭਲਾ ਹੋਇਆ।

‘ਕੀ ਇਸ ਤੋਂ ਪਤਾ ਨਹੀਂ ਲੱਗਦਾ ਕਿ ਉਹ ਮੈਨੂੰ ਜਾਣਦਾ ਸੀ?’ ਯਹੋਵਾਹ ਕਹਿੰਦਾ ਹੈ।

17 ‘ਪਰ ਤੇਰਾ ਦਿਲ ਅਤੇ ਤੇਰੀਆਂ ਅੱਖਾਂ

ਬੱਸ ਬੇਈਮਾਨੀ ਦੀ ਕਮਾਈ ਕਰਨ, ਬੇਕਸੂਰ ਦਾ ਖ਼ੂਨ ਵਹਾਉਣ,

ਧੋਖਾਧੜੀ ਅਤੇ ਲੁੱਟ-ਖਸੁੱਟ ਕਰਨ ʼਤੇ ਲੱਗੀਆਂ ਹੋਈਆਂ ਹਨ।’

18 “ਇਸ ਲਈ ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਯਹੋਯਾਕੀਮ+ ਬਾਰੇ ਯਹੋਵਾਹ ਇਹ ਕਹਿੰਦਾ ਹੈ,

‘ਜਿਵੇਂ ਲੋਕ ਇਹ ਕਹਿ ਕੇ ਸੋਗ ਮਨਾਉਂਦੇ ਹਨ:

“ਹਾਇ ਮੇਰੇ ਭਰਾ! ਹਾਇ ਮੇਰੀ ਭੈਣ!”

ਉਸ ਤਰ੍ਹਾਂ ਕੋਈ ਉਸ ਲਈ ਸੋਗ ਨਹੀਂ ਮਨਾਵੇਗਾ

ਅਤੇ ਨਾ ਹੀ ਇਹ ਕਹੇਗਾ: “ਹਾਇ ਮੇਰੇ ਮਾਲਕ! ਤੇਰੀ ਸ਼ਾਨੋ-ਸ਼ੌਕਤ ਖ਼ਤਮ ਹੋ ਗਈ!”

19 ਗਧੇ ਦੀ ਲਾਸ਼ ਦਾ ਜੋ ਹਸ਼ਰ ਕੀਤਾ ਜਾਂਦਾ ਹੈ,

ਉਸ ਦੀ ਲਾਸ਼ ਦਾ ਵੀ ਉਹੀ ਹਸ਼ਰ ਹੋਵੇਗਾ,+

ਉਸ ਦੀ ਲਾਸ਼ ਨੂੰ ਘਸੀਟ ਕੇ ਯਰੂਸ਼ਲਮ ਦੇ ਦਰਵਾਜ਼ਿਆਂ ਤੋਂ ਬਾਹਰ ਸੁੱਟਿਆ ਜਾਵੇਗਾ।’+

20 ਲਬਾਨੋਨ ਨੂੰ ਜਾਹ ਅਤੇ ਰੋ,

ਬਾਸ਼ਾਨ ਵਿਚ ਉੱਚੀ-ਉੱਚੀ ਰੋ-ਕੁਰਲਾ,

ਅਬਾਰੀਮ ਵਿਚ ਧਾਹਾਂ ਮਾਰ+

ਕਿਉਂਕਿ ਤੇਰੇ ਸਾਰੇ ਯਾਰ ਨਾਸ਼ ਕਰ ਦਿੱਤੇ ਗਏ ਹਨ।+

21 ਜਦੋਂ ਤੂੰ ਸੁਰੱਖਿਅਤ ਮਹਿਸੂਸ ਕਰਦੀ ਸੀ, ਤਾਂ ਮੈਂ ਤੈਨੂੰ ਸਲਾਹ ਦਿੱਤੀ।

ਪਰ ਤੂੰ ਕਿਹਾ: “ਮੈਂ ਸਲਾਹ ਨਹੀਂ ਮੰਨਾਂਗੀ।’+

ਤੂੰ ਜਵਾਨੀ ਤੋਂ ਹੀ ਇੱਦਾਂ ਕਰਦੀ ਆਈਂ ਹੈਂ,

ਤੂੰ ਮੇਰਾ ਕਹਿਣਾ ਨਹੀਂ ਮੰਨਿਆ।+

22 ਹਨੇਰੀ ਤੇਰੇ ਸਾਰੇ ਚਰਵਾਹਿਆਂ ਨੂੰ ਉਡਾ ਲੈ ਜਾਵੇਗੀ+

ਅਤੇ ਤੇਰੇ ਯਾਰ ਬੰਦੀ ਬਣਾ ਕੇ ਲਿਜਾਏ ਜਾਣਗੇ।

ਫਿਰ ਬਿਪਤਾ ਦੇ ਵੇਲੇ ਤੇਰਾ ਜੋ ਹਸ਼ਰ ਹੋਵੇਗਾ

ਉਸ ਕਾਰਨ ਤੈਨੂੰ ਸ਼ਰਮਿੰਦਾ ਤੇ ਬੇਇੱਜ਼ਤ ਕੀਤਾ ਜਾਵੇਗਾ।

23 ਹੇ ਲਬਾਨੋਨ ਵਿਚ ਰਹਿਣ ਵਾਲੀਏ,+

ਦਿਆਰਾਂ ਵਿਚ ਆਲ੍ਹਣਾ ਬਣਾਉਣ ਵਾਲੀਏ,+

ਜਦੋਂ ਤੈਨੂੰ ਪੀੜਾਂ ਲੱਗਣਗੀਆਂ, ਤਾਂ ਤੂੰ ਦਰਦ ਨਾਲ ਕਿੰਨਾ ਹੂੰਗੇਂਗੀ,

ਤੂੰ ਬੱਚਾ ਜਣਨ ਵਾਲੀ ਔਰਤ ਵਾਂਗ ਤੜਫੇਂਗੀ!”+

24 “ਯਹੋਵਾਹ ਕਹਿੰਦਾ ਹੈ, ‘ਮੈਂ ਆਪਣੀ ਜਾਨ ਦੀ ਸਹੁੰ ਖਾਂਦਾ ਹਾਂ ਕਿ ਹੇ ਯਹੂਦਾਹ ਦੇ ਰਾਜੇ, ਯਹੋਯਾਕੀਮ+ ਦੇ ਪੁੱਤਰ ਕਾਨਯਾਹ,*+ ਜੇ ਤੂੰ ਮੇਰੇ ਸੱਜੇ ਹੱਥ ਦੀ ਮੁਹਰ ਵਾਲੀ ਅੰਗੂਠੀ ਵੀ ਹੁੰਦਾ, ਤਾਂ ਵੀ ਮੈਂ ਤੈਨੂੰ ਲਾਹ ਸੁੱਟਦਾ! 25 ਮੈਂ ਤੈਨੂੰ ਬਾਬਲ ਦੇ ਰਾਜੇ ਨਬੂਕਦਨੱਸਰ* ਅਤੇ ਕਸਦੀਆਂ ਦੇ ਹੱਥ ਵਿਚ ਦੇ ਦਿਆਂਗਾ,+ ਹਾਂ, ਉਨ੍ਹਾਂ ਦੇ ਹੱਥਾਂ ਵਿਚ ਜਿਹੜੇ ਤੇਰੇ ਖ਼ੂਨ ਦੇ ਪਿਆਸੇ ਹਨ ਅਤੇ ਜਿਨ੍ਹਾਂ ਤੋਂ ਤੂੰ ਡਰਦਾ ਹੈਂ। 26 ਮੈਂ ਤੈਨੂੰ ਅਤੇ ਤੈਨੂੰ ਜਨਮ ਦੇਣ ਵਾਲੀ ਮਾਂ ਨੂੰ ਵਗਾਹ ਕੇ ਦੂਜੇ ਦੇਸ਼ ਵਿਚ ਸੁੱਟਾਂਗਾ ਜਿੱਥੇ ਤੂੰ ਪੈਦਾ ਨਹੀਂ ਹੋਇਆ ਸੀ ਅਤੇ ਉੱਥੇ ਹੀ ਤੂੰ ਮਰ-ਮੁੱਕ ਜਾਏਂਗਾ। 27 ਉਹ ਉਸ ਦੇਸ਼ ਵਿਚ ਕਦੇ ਵਾਪਸ ਨਹੀਂ ਆਉਣਗੇ ਜਿਸ ਨੂੰ ਦੇਖਣ ਲਈ ਉਹ ਤਰਸਦੇ ਹਨ।+

28 ਕੀ ਇਹ ਆਦਮੀ ਕਾਨਯਾਹ ਤੁੱਛ ਅਤੇ ਟੁੱਟਾ ਹੋਇਆ ਭਾਂਡਾ ਹੈ

ਜਿਸ ਨੂੰ ਕੋਈ ਨਹੀਂ ਚਾਹੁੰਦਾ?

ਉਸ ਨੂੰ ਅਤੇ ਉਸ ਦੀ ਔਲਾਦ ਨੂੰ ਕਿਉਂ ਵਗਾਹ ਕੇ

ਇਕ ਅਜਿਹੇ ਦੇਸ਼ ਵਿਚ ਸੁੱਟਿਆ ਗਿਆ ਜਿਸ ਨੂੰ ਉਹ ਨਹੀਂ ਜਾਣਦੇ ਹਨ?’+

29 ਹੇ ਧਰਤੀ,* ਹੇ ਧਰਤੀ, ਹੇ ਧਰਤੀ! ਯਹੋਵਾਹ ਦਾ ਸੰਦੇਸ਼ ਸੁਣ!

30 ਯਹੋਵਾਹ ਇਹ ਕਹਿੰਦਾ ਹੈ:

‘ਲਿਖ ਕਿ ਇਹ ਆਦਮੀ ਬੇਔਲਾਦ ਹੈ

ਜੋ ਆਪਣੇ ਜੀਉਂਦੇ-ਜੀ* ਕਦੀ ਵੀ ਕਾਮਯਾਬ ਨਹੀਂ ਹੋਵੇਗਾ

ਕਿਉਂਕਿ ਉਸ ਦੀ ਕੋਈ ਵੀ ਔਲਾਦ ਦਾਊਦ ਦੀ ਰਾਜ-ਗੱਦੀ ʼਤੇ ਨਹੀਂ ਬੈਠੇਗੀ

ਅਤੇ ਨਾ ਹੀ ਯਹੂਦਾਹ ʼਤੇ ਦੁਬਾਰਾ ਰਾਜ ਕਰਨ ਵਿਚ ਕਾਮਯਾਬ ਹੋਵੇਗੀ।’”+

23 “ਲਾਹਨਤ ਹੈ ਉਨ੍ਹਾਂ ਚਰਵਾਹਿਆਂ ʼਤੇ ਜਿਹੜੇ ਮੇਰੀ ਚਰਾਂਦ ਦੀਆਂ ਭੇਡਾਂ ਨੂੰ ਨਾਸ਼ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਖਿੰਡਾ ਰਹੇ ਹਨ!” ਯਹੋਵਾਹ ਕਹਿੰਦਾ ਹੈ।+

2 ਇਸ ਲਈ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਆਪਣੀ ਪਰਜਾ ਦੇ ਚਰਵਾਹਿਆਂ ਖ਼ਿਲਾਫ਼ ਇਹ ਕਹਿੰਦਾ ਹੈ: “ਤੁਸੀਂ ਮੇਰੀਆਂ ਭੇਡਾਂ ਨੂੰ ਖਿੰਡਾ ਦਿੱਤਾ ਹੈ; ਤੁਸੀਂ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰ ਦਿੱਤਾ ਹੈ ਅਤੇ ਉਨ੍ਹਾਂ ਦਾ ਧਿਆਨ ਨਹੀਂ ਰੱਖਿਆ।”+

“ਇਸ ਕਰਕੇ ਮੈਂ ਤੁਹਾਡੇ ਬੁਰੇ ਕੰਮਾਂ ਕਾਰਨ ਤੁਹਾਨੂੰ ਸਜ਼ਾ ਦਿਆਂਗਾ,” ਯਹੋਵਾਹ ਕਹਿੰਦਾ ਹੈ।

3 “ਫਿਰ ਮੈਂ ਆਪਣੀਆਂ ਬਾਕੀ ਬਚੀਆਂ ਭੇਡਾਂ ਨੂੰ ਉਨ੍ਹਾਂ ਸਾਰੇ ਦੇਸ਼ਾਂ ਤੋਂ ਦੁਬਾਰਾ ਇਕੱਠਾ ਕਰਾਂਗਾ ਜਿਨ੍ਹਾਂ ਦੇਸ਼ਾਂ ਵਿਚ ਮੈਂ ਉਨ੍ਹਾਂ ਨੂੰ ਖਿੰਡਾ ਦਿੱਤਾ ਸੀ+ ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਚਰਾਂਦ ਵਿਚ ਵਾਪਸ ਲੈ ਆਵਾਂਗਾ।+ ਉਹ ਵਧਣ-ਫੁੱਲਣਗੀਆਂ ਅਤੇ ਉਨ੍ਹਾਂ ਦੀ ਗਿਣਤੀ ਬਹੁਤ ਹੋ ਜਾਵੇਗੀ।+ 4 ਮੈਂ ਉਨ੍ਹਾਂ ਵਾਸਤੇ ਅਜਿਹੇ ਚਰਵਾਹੇ ਨਿਯੁਕਤ ਕਰਾਂਗਾ ਜੋ ਧਿਆਨ ਨਾਲ ਉਨ੍ਹਾਂ ਦੀ ਚਰਵਾਹੀ ਕਰਨਗੇ।+ ਉਹ ਫਿਰ ਕਦੇ ਨਹੀਂ ਡਰਨਗੀਆਂ ਅਤੇ ਨਾ ਹੀ ਖ਼ੌਫ਼ ਖਾਣਗੀਆਂ ਅਤੇ ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਗੁਆਚੇਗੀ,” ਯਹੋਵਾਹ ਕਹਿੰਦਾ ਹੈ।

5 ਯਹੋਵਾਹ ਕਹਿੰਦਾ ਹੈ: “ਦੇਖੋ, ਉਹ ਦਿਨ ਆ ਰਹੇ ਹਨ ਜਦੋਂ ਮੈਂ ਦਾਊਦ ਦੇ ਵੰਸ਼ ਵਿੱਚੋਂ ਇਕ ਧਰਮੀ ਟਾਹਣੀ ਉਗਾਵਾਂਗਾ।*+ ਇਕ ਰਾਜਾ ਰਾਜ ਕਰੇਗਾ+ ਅਤੇ ਡੂੰਘੀ ਸਮਝ ਤੋਂ ਕੰਮ ਲਵੇਗਾ ਅਤੇ ਦੇਸ਼ ਵਿਚ ਨਿਆਂ ਅਤੇ ਧਰਮੀ ਅਸੂਲਾਂ ਮੁਤਾਬਕ ਚੱਲੇਗਾ।+ 6 ਉਸ ਦੇ ਦਿਨਾਂ ਵਿਚ ਯਹੂਦਾਹ ਨੂੰ ਬਚਾਇਆ ਜਾਵੇਗਾ+ ਅਤੇ ਇਜ਼ਰਾਈਲ ਸੁਰੱਖਿਅਤ ਵੱਸੇਗਾ।+ ਉਹ ਇਸ ਨਾਂ ਤੋਂ ਜਾਣਿਆ ਜਾਵੇਗਾ: “ਯਹੋਵਾਹ ਸਾਨੂੰ ਧਰਮੀ ਠਹਿਰਾਉਂਦਾ ਹੈ।”+

7 ਯਹੋਵਾਹ ਕਹਿੰਦਾ ਹੈ, “ਪਰ ਉਹ ਦਿਨ ਆ ਰਹੇ ਹਨ ਜਦੋਂ ਉਹ ਫਿਰ ਨਾ ਕਹਿਣਗੇ: ‘ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਜਿਹੜਾ ਆਪਣੀ ਪਰਜਾ ਇਜ਼ਰਾਈਲ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ ਸੀ!’+ 8 ਇਸ ਦੀ ਬਜਾਇ, ਉਹ ਕਹਿਣਗੇ: ‘ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਜਿਹੜਾ ਇਜ਼ਰਾਈਲ ਦੇ ਘਰਾਣੇ ਦੀ ਔਲਾਦ ਨੂੰ ਉੱਤਰ ਦੇਸ਼ ਵਿੱਚੋਂ ਅਤੇ ਉਨ੍ਹਾਂ ਸਾਰੇ ਦੇਸ਼ਾਂ ਵਿੱਚੋਂ ਕੱਢ ਕੇ ਵਾਪਸ ਲਿਆਇਆ ਜਿਨ੍ਹਾਂ ਦੇਸ਼ਾਂ ਵਿਚ ਮੈਂ ਉਨ੍ਹਾਂ ਨੂੰ ਖਿੰਡਾ ਦਿੱਤਾ ਸੀ’ ਅਤੇ ਉਹ ਆਪਣੇ ਦੇਸ਼ ਵਿਚ ਵੱਸਣਗੇ।”+

9 ਨਬੀਆਂ ਲਈ ਸੰਦੇਸ਼:

ਮੇਰਾ ਦਿਲ ਅੰਦਰੋਂ ਟੁੱਟ ਚੁੱਕਾ ਹੈ।

ਮੇਰੀਆਂ ਸਾਰੀਆਂ ਹੱਡੀਆਂ ਕੰਬ ਰਹੀਆਂ ਹਨ।

ਜਦੋਂ ਮੈਂ ਯਹੋਵਾਹ ਦਾ ਪਵਿੱਤਰ ਸੰਦੇਸ਼ ਸੁਣਿਆ,

ਤਾਂ ਮੇਰੀ ਹਾਲਤ ਇਕ ਸ਼ਰਾਬੀ ਵਰਗੀ ਹੋ ਗਈ

ਜਿਸ ਨੂੰ ਦਾਖਰਸ ਨੇ ਆਪਣੇ ਵੱਸ ਵਿਚ ਕਰ ਲਿਆ ਹੋਵੇ।

10 ਸਾਰਾ ਦੇਸ਼ ਹਰਾਮਕਾਰਾਂ ਨਾਲ ਭਰਿਆ ਹੋਇਆ ਹੈ;+

ਸਰਾਪ ਦੇ ਕਾਰਨ ਦੇਸ਼ ਸੋਗ ਮਨਾ ਰਿਹਾ ਹੈ+

ਅਤੇ ਉਜਾੜ ਦੀਆਂ ਚਰਾਂਦਾਂ ਸੁੱਕ ਗਈਆਂ ਹਨ।+

ਲੋਕ ਬੁਰਾਈ ਦੇ ਰਾਹ ʼਤੇ ਤੁਰਦੇ ਹਨ ਅਤੇ ਆਪਣੀ ਤਾਕਤ ਦਾ ਗ਼ਲਤ ਇਸਤੇਮਾਲ ਕਰਦੇ ਹਨ।

11 “ਨਬੀ ਤੇ ਪੁਜਾਰੀ ਭ੍ਰਿਸ਼ਟ ਹੋ ਚੁੱਕੇ ਹਨ।+

ਮੈਂ ਦੇਖਿਆ ਹੈ ਕਿ ਉਹ ਮੇਰੇ ਹੀ ਘਰ ਵਿਚ ਬੁਰਾਈ ਕਰਦੇ ਹਨ,”+ ਯਹੋਵਾਹ ਕਹਿੰਦਾ ਹੈ।

12 “ਇਸ ਲਈ ਉਨ੍ਹਾਂ ਦੇ ਰਾਹ ਵਿਚ ਤਿਲਕਣ ਅਤੇ ਹਨੇਰਾ ਹੋਵੇਗਾ;+

ਉਨ੍ਹਾਂ ਨੂੰ ਧੱਕਾ ਦੇ ਕੇ ਸੁੱਟਿਆ ਜਾਵੇਗਾ

ਕਿਉਂਕਿ ਮੈਂ ਲੇਖਾ ਲੈਣ ਦੇ ਸਾਲ ਉਨ੍ਹਾਂ ʼਤੇ ਬਿਪਤਾ ਲਿਆਵਾਂਗਾ,” ਯਹੋਵਾਹ ਕਹਿੰਦਾ ਹੈ।

13 “ਮੈਂ ਸਾਮਰਿਯਾ+ ਦੇ ਨਬੀਆਂ ਵਿਚ ਘਿਣਾਉਣੀਆਂ ਗੱਲਾਂ ਦੇਖੀਆਂ ਹਨ।

ਉਹ ਬਆਲ ਦੇ ਨਾਂ ʼਤੇ ਭਵਿੱਖਬਾਣੀਆਂ ਕਰਦੇ ਹਨ,

ਉਹ ਮੇਰੀ ਪਰਜਾ ਇਜ਼ਰਾਈਲ ਨੂੰ ਕੁਰਾਹੇ ਪਾਉਂਦੇ ਹਨ।

14 ਮੈਂ ਯਰੂਸ਼ਲਮ ਦੇ ਨਬੀਆਂ ਵਿਚ ਬਹੁਤ ਹੀ ਘਟੀਆ ਗੱਲਾਂ ਦੇਖੀਆਂ ਹਨ।

ਉਹ ਹਰਾਮਕਾਰੀ ਕਰਦੇ ਹਨ+ ਅਤੇ ਝੂਠ ਦੇ ਰਾਹ ਤੁਰਦੇ ਹਨ;+

ਉਹ ਬੁਰੇ ਕੰਮ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦਿੰਦੇ ਹਨ*

ਅਤੇ ਉਹ ਬੁਰਾਈ ਕਰਨ ਤੋਂ ਬਾਜ਼ ਨਹੀਂ ਆਉਂਦੇ।

ਉਹ ਸਾਰੇ ਮੇਰੇ ਲਈ ਸਦੂਮ ਦੇ ਲੋਕਾਂ ਵਰਗੇ ਹਨ+

ਅਤੇ ਇਸ ਸ਼ਹਿਰ ਦੇ ਵਾਸੀ ਗਮੋਰਾ* ਦੇ ਵਾਸੀਆਂ ਵਰਗੇ ਹਨ।”+

15 ਇਸ ਲਈ ਸੈਨਾਵਾਂ ਦਾ ਯਹੋਵਾਹ ਨਬੀਆਂ ਦੇ ਖ਼ਿਲਾਫ਼ ਇਹ ਕਹਿੰਦਾ ਹੈ:

“ਦੇਖ, ਮੈਂ ਇਨ੍ਹਾਂ ਨੂੰ ਨਾਗਦੋਨਾ ਖਾਣ ਲਈ ਮਜਬੂਰ ਕਰਾਂਗਾ

ਅਤੇ ਇਨ੍ਹਾਂ ਨੂੰ ਪੀਣ ਲਈ ਜ਼ਹਿਰੀਲਾ ਪਾਣੀ ਦਿਆਂਗਾ+

ਕਿਉਂਕਿ ਮੇਰੇ ਖ਼ਿਲਾਫ਼ ਯਰੂਸ਼ਲਮ ਦੇ ਨਬੀਆਂ ਦੀ ਬਗਾਵਤ ਸਾਰੇ ਦੇਸ਼ ਵਿਚ ਫੈਲ ਗਈ ਹੈ।”

16 ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ:

“ਇਨ੍ਹਾਂ ਨਬੀਆਂ ਦੀਆਂ ਭਵਿੱਖਬਾਣੀਆਂ ਨਾ ਸੁਣੋ ਜੋ ਇਹ ਤੁਹਾਨੂੰ ਦੱਸ ਰਹੇ ਹਨ।+

ਇਹ ਤੁਹਾਨੂੰ ਗੁਮਰਾਹ ਕਰ ਰਹੇ ਹਨ।*

ਜਿਸ ਦਰਸ਼ਣ ਦੀ ਇਹ ਗੱਲ ਕਰਦੇ ਹਨ, ਉਹ ਯਹੋਵਾਹ ਵੱਲੋਂ ਨਹੀਂ ਹੈ,+

ਸਗੋਂ ਇਹ ਆਪਣੇ ਮਨੋਂ ਘੜ ਕੇ ਦੱਸਦੇ ਹਨ।+

17 ਮੇਰਾ ਅਪਮਾਨ ਕਰਨ ਵਾਲਿਆਂ ਨੂੰ ਉਹ ਵਾਰ-ਵਾਰ ਕਹਿੰਦੇ ਹਨ,

‘ਯਹੋਵਾਹ ਨੇ ਕਿਹਾ ਹੈ: “ਤੁਸੀਂ ਅਮਨ-ਚੈਨ ਨਾਲ ਵੱਸੋਗੇ।”’+

ਜਿਹੜਾ ਵੀ ਢੀਠ ਹੋ ਕੇ ਆਪਣੀ ਮਨ-ਮਰਜ਼ੀ ਕਰਦਾ ਹੈ, ਉਸ ਨੂੰ ਉਹ ਕਹਿੰਦੇ ਹਨ,

‘ਤੁਹਾਡੇ ਉੱਤੇ ਕੋਈ ਬਿਪਤਾ ਨਹੀਂ ਆਵੇਗੀ।’+

18 ਕੌਣ ਯਹੋਵਾਹ ਦਾ ਸੰਦੇਸ਼ ਸੁਣਨ ਅਤੇ ਸਮਝਣ ਲਈ

ਉਸ ਦੇ ਕਰੀਬੀਆਂ ਵਿਚ ਖੜ੍ਹਾ ਹੋਇਆ ਹੈ?

ਕਿਸ ਨੇ ਉਸ ਦੇ ਸੰਦੇਸ਼ ਨੂੰ ਸੁਣ ਕੇ ਉਸ ਵੱਲ ਧਿਆਨ ਦਿੱਤਾ ਹੈ?

19 ਦੇਖੋ, ਯਹੋਵਾਹ ਦੇ ਗੁੱਸੇ ਦੀ ਹਨੇਰੀ ਵਗੇਗੀ;

ਉਸ ਦੇ ਗੁੱਸੇ ਦਾ ਤੂਫ਼ਾਨੀ ਵਾਵਰੋਲਾ ਦੁਸ਼ਟਾਂ ਦੇ ਸਿਰ ʼਤੇ ਆ ਪਵੇਗਾ।+

20 ਯਹੋਵਾਹ ਦਾ ਗੁੱਸਾ ਤਦ ਤਕ ਸ਼ਾਂਤ ਨਹੀਂ ਹੋਵੇਗਾ

ਜਦ ਤਕ ਉਹ ਆਪਣੇ ਮਨ ਦੇ ਇਰਾਦੇ ਮੁਤਾਬਕ

ਆਪਣਾ ਕੰਮ ਪੂਰਾ ਨਹੀਂ ਕਰ ਲੈਂਦਾ ਅਤੇ ਉਸ ਨੂੰ ਸਿਰੇ ਨਹੀਂ ਚਾੜ੍ਹ ਦਿੰਦਾ।

ਤੂੰ ਆਖ਼ਰੀ ਦਿਨਾਂ ਵਿਚ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਜਾਵੇਂਗਾ।

21 ਮੈਂ ਨਬੀਆਂ ਨੂੰ ਨਹੀਂ ਭੇਜਿਆ, ਫਿਰ ਵੀ ਉਹ ਭੱਜ ਕੇ ਗਏ।

ਮੈਂ ਉਨ੍ਹਾਂ ਨਾਲ ਗੱਲ ਨਹੀਂ ਕੀਤੀ, ਫਿਰ ਵੀ ਉਨ੍ਹਾਂ ਨੇ ਭਵਿੱਖਬਾਣੀਆਂ ਕੀਤੀਆਂ।+

22 ਪਰ ਜੇ ਉਹ ਮੇਰੇ ਕਰੀਬੀਆਂ ਵਿਚ ਖੜ੍ਹੇ ਹੁੰਦੇ,

ਤਾਂ ਉਨ੍ਹਾਂ ਨੇ ਮੇਰੇ ਲੋਕਾਂ ਨੂੰ ਮੇਰਾ ਸੰਦੇਸ਼ ਸੁਣਾਇਆ ਹੁੰਦਾ

ਅਤੇ ਉਹ ਉਨ੍ਹਾਂ ਨੂੰ ਬੁਰੇ ਰਾਹ ਤੋਂ ਮੋੜਦੇ ਅਤੇ ਦੁਸ਼ਟ ਕੰਮ ਕਰਨ ਤੋਂ ਰੋਕਦੇ।”+

23 ਯਹੋਵਾਹ ਕਹਿੰਦਾ ਹੈ: “ਕੀ ਮੈਂ ਉਦੋਂ ਹੀ ਪਰਮੇਸ਼ੁਰ ਹੁੰਦਾ ਹਾਂ ਜਦੋਂ ਮੈਂ ਨੇੜੇ ਹੁੰਦਾ ਹਾਂ?

ਕੀ ਮੈਂ ਉਦੋਂ ਵੀ ਪਰਮੇਸ਼ੁਰ ਨਹੀਂ ਹੁੰਦਾ ਹਾਂ ਜਦੋਂ ਮੈਂ ਦੂਰ ਹੁੰਦਾ ਹਾਂ?”

24 “ਕੀ ਕੋਈ ਆਦਮੀ ਕਿਸੇ ਅਜਿਹੀ ਗੁਪਤ ਥਾਂ ਲੁੱਕ ਸਕਦਾ ਜਿੱਥੇ ਮੈਂ ਉਸ ਨੂੰ ਦੇਖ ਨਾ ਸਕਾਂ?”+ ਯਹੋਵਾਹ ਕਹਿੰਦਾ ਹੈ।

“ਕੀ ਆਕਾਸ਼ ਜਾਂ ਧਰਤੀ ʼਤੇ ਕੋਈ ਚੀਜ਼ ਹੈ ਜੋ ਮੇਰੀਆਂ ਨਜ਼ਰਾਂ ਤੋਂ ਲੁੱਕ ਸਕੇ?”+ ਯਹੋਵਾਹ ਕਹਿੰਦਾ ਹੈ।

25 “ਮੈਂ ਆਪਣੇ ਨਾਂ ʼਤੇ ਨਬੀਆਂ ਨੂੰ ਇਹ ਝੂਠੀਆਂ ਭਵਿੱਖਬਾਣੀਆਂ ਕਰਦੇ ਹੋਏ ਸੁਣਿਆ ਹੈ, ‘ਮੈਂ ਇਕ ਸੁਪਨਾ ਦੇਖਿਆ! ਮੈਂ ਇਕ ਸੁਪਨਾ ਦੇਖਿਆ!’+ 26 ਇਹ ਨਬੀ ਕਦ ਤਕ ਆਪਣੇ ਮਨੋਂ ਝੂਠੀਆਂ ਭਵਿੱਖਬਾਣੀਆਂ ਕਰਦੇ ਰਹਿਣਗੇ? ਇਹ ਨਬੀ ਛਲ ਭਰੀਆਂ ਗੱਲਾਂ ਦੀਆਂ ਭਵਿੱਖਬਾਣੀਆਂ ਕਰਦੇ ਹਨ।+ 27 ਉਹ ਇਸ ਇਰਾਦੇ ਨਾਲ ਇਕ-ਦੂਜੇ ਨੂੰ ਸੁਪਨੇ ਦੱਸਦੇ ਹਨ ਤਾਂਕਿ ਮੇਰੇ ਲੋਕ ਮੇਰਾ ਨਾਂ ਭੁੱਲ ਜਾਣ, ਜਿਵੇਂ ਉਨ੍ਹਾਂ ਦੇ ਪਿਉ-ਦਾਦੇ ਬਆਲ ਦੇ ਕਰਕੇ ਮੇਰਾ ਨਾਂ ਭੁੱਲ ਗਏ ਸਨ।+ 28 ਜਿਸ ਨਬੀ ਨੇ ਸੁਪਨਾ ਦੇਖਿਆ ਹੈ, ਉਹ ਸੁਪਨਾ ਦੱਸੇ। ਪਰ ਜਿਸ ਨੇ ਮੇਰਾ ਸੰਦੇਸ਼ ਸੁਣਿਆ ਹੈ, ਉਹ ਮੇਰਾ ਸੰਦੇਸ਼ ਸੱਚ-ਸੱਚ ਦੱਸੇ।”

“ਤੂੜੀ ਦਾ ਕਣਕ ਨਾਲ ਕੀ ਮੇਲ?” ਯਹੋਵਾਹ ਕਹਿੰਦਾ ਹੈ।

29 “ਕੀ ਮੇਰਾ ਸੰਦੇਸ਼ ਅੱਗ ਵਰਗਾ ਨਹੀਂ,”+ ਯਹੋਵਾਹ ਕਹਿੰਦਾ ਹੈ, “ਕੀ ਮੇਰਾ ਸੰਦੇਸ਼ ਹਥੌੜੇ ਵਰਗਾ ਨਹੀਂ ਜੋ ਚਟਾਨ ਨੂੰ ਚੂਰ-ਚੂਰ ਕਰ ਦਿੰਦਾ ਹੈ?”+

30 ਯਹੋਵਾਹ ਕਹਿੰਦਾ ਹੈ: “ਇਸ ਲਈ ਮੈਂ ਇਨ੍ਹਾਂ ਨਬੀਆਂ ਦੇ ਖ਼ਿਲਾਫ਼ ਹਾਂ ਜੋ ਦੂਜੇ ਨਬੀਆਂ ਤੋਂ ਮੇਰਾ ਸੰਦੇਸ਼ ਲੈ ਕੇ ਤੋੜਦੇ-ਮਰੋੜਦੇ ਹਨ।”+

31 ਯਹੋਵਾਹ ਕਹਿੰਦਾ ਹੈ: “ਮੈਂ ਇਨ੍ਹਾਂ ਨਬੀਆਂ ਦੇ ਖ਼ਿਲਾਫ਼ ਹਾਂ ਜਿਹੜੇ ਆਪਣੀ ਜ਼ਬਾਨ ਨਾਲ ਇਹ ਕਹਿੰਦੇ ਹਨ, ‘ਪਰਮੇਸ਼ੁਰ ਕਹਿੰਦਾ ਹੈ!’”+

32 ਯਹੋਵਾਹ ਕਹਿੰਦਾ ਹੈ: “ਮੈਂ ਝੂਠੇ ਸੁਪਨੇ ਦੱਸਣ ਵਾਲੇ ਇਨ੍ਹਾਂ ਨਬੀਆਂ ਦੇ ਖ਼ਿਲਾਫ਼ ਹਾਂ ਜਿਹੜੇ ਝੂਠ ਬੋਲ ਕੇ ਅਤੇ ਸ਼ੇਖ਼ੀਆਂ ਮਾਰ ਕੇ ਮੇਰੇ ਲੋਕਾਂ ਨੂੰ ਕੁਰਾਹੇ ਪਾਉਂਦੇ ਹਨ।”+

“ਪਰ ਮੈਂ ਇਨ੍ਹਾਂ ਨੂੰ ਨਹੀਂ ਭੇਜਿਆ ਜਾਂ ਇੱਦਾਂ ਕਰਨ ਦਾ ਹੁਕਮ ਨਹੀਂ ਦਿੱਤਾ। ਇਸ ਲਈ ਉਨ੍ਹਾਂ ਤੋਂ ਇਨ੍ਹਾਂ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ,”+ ਯਹੋਵਾਹ ਕਹਿੰਦਾ ਹੈ।

33 “ਜਦ ਇਹ ਲੋਕ ਜਾਂ ਕੋਈ ਨਬੀ ਜਾਂ ਪੁਜਾਰੀ ਤੈਨੂੰ ਪੁੱਛੇ, ‘ਯਹੋਵਾਹ ਦਾ ਬੋਝ* ਕੀ ਹੈ?’ ਤਾਂ ਤੂੰ ਉਨ੍ਹਾਂ ਨੂੰ ਜਵਾਬ ਦੇਈਂ, ‘“ਤੁਸੀਂ ਲੋਕ ਹੀ ਬੋਝ ਹੋ! ਮੈਂ ਤੁਹਾਨੂੰ ਲਾਹ ਕੇ ਸੁੱਟ ਦਿਆਂਗਾ,”+ ਯਹੋਵਾਹ ਕਹਿੰਦਾ ਹੈ।’ 34 ਜਿਹੜਾ ਨਬੀ ਜਾਂ ਪੁਜਾਰੀ ਜਾਂ ਇਨ੍ਹਾਂ ਲੋਕਾਂ ਵਿੱਚੋਂ ਕੋਈ ਕਹਿੰਦਾ ਹੈ, ‘ਯਹੋਵਾਹ ਦਾ ਬੋਝ* ਇਹ ਹੈ!’ ਤਾਂ ਮੈਂ ਉਸ ਆਦਮੀ ਨੂੰ ਅਤੇ ਉਸ ਦੇ ਘਰਾਣੇ ਨੂੰ ਸਜ਼ਾ ਦਿਆਂਗਾ। 35 ਤੁਹਾਡੇ ਵਿੱਚੋਂ ਹਰ ਕੋਈ ਆਪਣੇ ਗੁਆਂਢੀ ਅਤੇ ਆਪਣੇ ਭਰਾ ਨੂੰ ਪੁੱਛਦਾ ਹੈ, ‘ਯਹੋਵਾਹ ਨੇ ਕੀ ਜਵਾਬ ਦਿੱਤਾ ਹੈ? ਯਹੋਵਾਹ ਨੇ ਕੀ ਕਿਹਾ ਹੈ?’ 36 ਪਰ ਤੁਸੀਂ ਯਹੋਵਾਹ ਦੇ ਬੋਝ* ਦਾ ਅੱਗੇ ਤੋਂ ਜ਼ਿਕਰ ਨਾ ਕਰਿਓ ਕਿਉਂਕਿ ਤੁਹਾਡੇ ਵਿੱਚੋਂ ਹਰ ਕਿਸੇ ਦਾ ਆਪਣਾ ਸੰਦੇਸ਼ ਹੀ ਬੋਝ* ਹੈ ਅਤੇ ਤੁਸੀਂ ਸਾਡੇ ਜੀਉਂਦੇ ਪਰਮੇਸ਼ੁਰ, ਸੈਨਾਵਾਂ ਦੇ ਯਹੋਵਾਹ ਦਾ ਸੰਦੇਸ਼ ਬਦਲ ਦਿੱਤਾ ਹੈ।

37 “ਤੂੰ ਨਬੀਆਂ ਨੂੰ ਇਹ ਕਹੀਂ, ‘ਯਹੋਵਾਹ ਨੇ ਤੁਹਾਨੂੰ ਕੀ ਜਵਾਬ ਦਿੱਤਾ ਹੈ? ਯਹੋਵਾਹ ਨੇ ਕੀ ਕਿਹਾ ਹੈ? 38 ਜੇ ਤੁਸੀਂ ਇਹੀ ਕਹਿੰਦੇ ਰਹਿੰਦੇ ਹੋ, “ਯਹੋਵਾਹ ਦਾ ਬੋਝ* ਇਹ ਹੈ!” ਤਾਂ ਯਹੋਵਾਹ ਕਹਿੰਦਾ ਹੈ: “ਤੁਸੀਂ ਕਹਿੰਦੇ ਹੋ, ‘ਇਹ ਸੰਦੇਸ਼ ਹੀ ਯਹੋਵਾਹ ਦਾ ਬੋਝ* ਹੈ,’ ਜਦ ਕਿ ਮੈਂ ਤੁਹਾਨੂੰ ਕਿਹਾ ਸੀ, ‘ਤੁਸੀਂ ਇਹ ਨਾ ਕਹੋ: “ਇਹ ਯਹੋਵਾਹ ਦਾ ਬੋਝ* ਹੈ!”’ 39 ਇਸ ਲਈ ਦੇਖੋ, ਮੈਂ ਤੁਹਾਨੂੰ ਚੁੱਕ ਕੇ ਆਪਣੀਆਂ ਨਜ਼ਰਾਂ ਤੋਂ ਦੂਰ ਸੁੱਟ ਦਿਆਂਗਾ, ਹਾਂ, ਤੁਹਾਨੂੰ ਅਤੇ ਤੁਹਾਡੇ ਇਸ ਸ਼ਹਿਰ ਨੂੰ ਜੋ ਮੈਂ ਤੁਹਾਨੂੰ ਅਤੇ ਤੁਹਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ। 40 ਮੈਂ ਤੁਹਾਨੂੰ ਹਮੇਸ਼ਾ ਲਈ ਸ਼ਰਮਿੰਦਾ ਅਤੇ ਬੇਇੱਜ਼ਤ ਕਰਾਂਗਾ ਜਿਸ ਦੀ ਯਾਦ ਕਦੇ ਨਹੀਂ ਮਿਟੇਗੀ।”’”+

24 ਜਦੋਂ ਬਾਬਲ ਦਾ ਰਾਜਾ ਨਬੂਕਦਨੱਸਰ* ਯਹੂਦਾਹ ਦੇ ਰਾਜੇ, ਯਹੋਯਾਕੀਮ ਦੇ ਪੁੱਤਰ+ ਯਕਾਨਯਾਹ*+ ਨੂੰ ਯਹੂਦਾਹ ਦੇ ਹਾਕਮਾਂ, ਕਾਰੀਗਰਾਂ, ਲੁਹਾਰਾਂ* ਸਣੇ ਬੰਦੀ ਬਣਾ ਕੇ ਯਰੂਸ਼ਲਮ ਤੋਂ ਬਾਬਲ ਲੈ ਗਿਆ,+ ਤਾਂ ਉਸ ਤੋਂ ਬਾਅਦ ਯਹੋਵਾਹ ਨੇ ਮੈਨੂੰ ਅੰਜੀਰਾਂ ਦੀਆਂ ਦੋ ਟੋਕਰੀਆਂ ਦਿਖਾਈਆਂ। ਇਹ ਯਹੋਵਾਹ ਦੇ ਮੰਦਰ ਦੇ ਸਾਮ੍ਹਣੇ ਰੱਖੀਆਂ ਹੋਈਆਂ ਸਨ। 2 ਇਕ ਟੋਕਰੀ ਵਿਚ ਬਹੁਤ ਵਧੀਆ ਅੰਜੀਰਾਂ ਸਨ ਜਿਵੇਂ ਪਹਿਲੀਆਂ ਅੰਜੀਰਾਂ* ਹੋਣ, ਪਰ ਦੂਜੀ ਟੋਕਰੀ ਵਿਚ ਅੰਜੀਰਾਂ ਸਨ ਜੋ ਇੰਨੀਆਂ ਖ਼ਰਾਬ ਸਨ ਕਿ ਖਾਧੀਆਂ ਨਹੀਂ ਜਾ ਸਕਦੀਆਂ ਸਨ।

3 ਯਹੋਵਾਹ ਨੇ ਮੈਨੂੰ ਪੁੱਛਿਆ: “ਯਿਰਮਿਯਾਹ, ਤੂੰ ਕੀ ਦੇਖਦਾ ਹੈਂ?” ਮੈਂ ਕਿਹਾ: “ਅੰਜੀਰਾਂ; ਵਧੀਆ ਅੰਜੀਰਾਂ ਬਹੁਤ ਹੀ ਵਧੀਆ ਹਨ, ਪਰ ਖ਼ਰਾਬ ਅੰਜੀਰਾਂ ਬਹੁਤ ਹੀ ਖ਼ਰਾਬ ਹਨ, ਇੰਨੀਆਂ ਖ਼ਰਾਬ ਕਿ ਉਹ ਖਾਧੀਆਂ ਨਹੀਂ ਜਾ ਸਕਦੀਆਂ।”+

4 ਫਿਰ ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 5 “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਯਹੂਦਾਹ ਦੇ ਉਹ ਲੋਕ ਮੇਰੇ ਲਈ ਇਨ੍ਹਾਂ ਵਧੀਆ ਅੰਜੀਰਾਂ ਵਰਗੇ ਹੋਣਗੇ ਜਿਨ੍ਹਾਂ ਨੂੰ ਮੈਂ ਇਸ ਥਾਂ ਤੋਂ ਕਸਦੀਆਂ ਦੇ ਦੇਸ਼ ਗ਼ੁਲਾਮੀ ਵਿਚ ਭੇਜਿਆ ਹੈ। ਮੈਂ ਉਨ੍ਹਾਂ ਉੱਤੇ ਮਿਹਰ ਕਰਾਂਗਾ। 6 ਮੈਂ ਉਨ੍ਹਾਂ ਦੇ ਭਲੇ ਲਈ ਉਨ੍ਹਾਂ ʼਤੇ ਨਿਗਾਹ ਰੱਖਾਂਗਾ ਅਤੇ ਮੈਂ ਉਨ੍ਹਾਂ ਨੂੰ ਇਸ ਦੇਸ਼ ਵਿਚ ਵਾਪਸ ਲੈ ਆਵਾਂਗਾ।+ ਮੈਂ ਉਨ੍ਹਾਂ ਨੂੰ ਬਣਾਵਾਂਗਾ ਅਤੇ ਨਹੀਂ ਢਾਹਾਂਗਾ; ਮੈਂ ਉਨ੍ਹਾਂ ਨੂੰ ਲਾਵਾਂਗਾ ਅਤੇ ਜੜ੍ਹੋਂ ਨਹੀਂ ਪੁੱਟਾਂਗਾ।+ 7 ਮੈਂ ਉਨ੍ਹਾਂ ਦੇ ਦਿਲ ਵਿਚ ਇਹ ਜਾਣਨ ਦੀ ਇੱਛਾ ਪੈਦਾ ਕਰਾਂਗਾ ਕਿ ਮੈਂ ਯਹੋਵਾਹ ਹਾਂ।+ ਉਹ ਮੇਰੇ ਲੋਕ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ+ ਕਿਉਂਕਿ ਉਹ ਆਪਣੇ ਪੂਰੇ ਦਿਲ ਨਾਲ ਮੇਰੇ ਕੋਲ ਵਾਪਸ ਆਉਣਗੇ।+

8 “ਯਹੋਵਾਹ ਇਹ ਕਹਿੰਦਾ ਹੈ, ‘ਪਰ ਯਹੂਦਾਹ ਦਾ ਰਾਜਾ ਸਿਦਕੀਯਾਹ,+ ਉਸ ਦੇ ਹਾਕਮ, ਯਰੂਸ਼ਲਮ ਦੇ ਬਚੇ ਲੋਕ ਜਿਹੜੇ ਇਸ ਦੇਸ਼ ਵਿਚ ਰਹਿ ਗਏ ਹਨ ਅਤੇ ਜਿਹੜੇ ਮਿਸਰ ਵਿਚ ਵੱਸਦੇ ਹਨ,+ ਉਹ ਮੇਰੇ ਲਈ ਇਨ੍ਹਾਂ ਬਹੁਤ ਹੀ ਖ਼ਰਾਬ ਅੰਜੀਰਾਂ ਵਰਗੇ ਹੋਣਗੇ ਜੋ ਇੰਨੀਆਂ ਖ਼ਰਾਬ ਹਨ ਕਿ ਖਾਧੀਆਂ ਨਹੀਂ ਜਾ ਸਕਦੀਆਂ।+ 9 ਮੈਂ ਉਨ੍ਹਾਂ ʼਤੇ ਬਿਪਤਾ ਲਿਆ ਕੇ ਉਨ੍ਹਾਂ ਦਾ ਅਜਿਹਾ ਹਸ਼ਰ ਕਰਾਂਗਾ ਕਿ ਧਰਤੀ ਦੇ ਸਾਰੇ ਰਾਜ ਖ਼ੌਫ਼ ਖਾਣਗੇ।+ ਜਿਨ੍ਹਾਂ ਥਾਵਾਂ ʼਤੇ ਮੈਂ ਉਨ੍ਹਾਂ ਨੂੰ ਖਿੰਡਾ ਦਿਆਂਗਾ,+ ਉੱਥੇ ਲੋਕ ਉਨ੍ਹਾਂ ਦੀ ਬੇਇੱਜ਼ਤੀ ਕਰਨਗੇ, ਉਨ੍ਹਾਂ ਬਾਰੇ ਕਹਾਵਤਾਂ ਘੜਨਗੇ, ਉਨ੍ਹਾਂ ਦਾ ਮਖੌਲ ਉਡਾਉਣਗੇ ਅਤੇ ਉਨ੍ਹਾਂ ਨੂੰ ਸਰਾਪ ਦੇਣਗੇ।+ 10 ਮੈਂ ਉਨ੍ਹਾਂ ਦੇ ਖ਼ਿਲਾਫ਼ ਤਲਵਾਰ,+ ਕਾਲ਼ ਤੇ ਮਹਾਂਮਾਰੀ*+ ਘੱਲਾਂਗਾ ਜਦ ਤਕ ਉਹ ਉਸ ਦੇਸ਼ ਵਿੱਚੋਂ ਖ਼ਤਮ ਨਹੀਂ ਹੋ ਜਾਂਦੇ ਜੋ ਮੈਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ।’”

25 ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਚੌਥੇ ਸਾਲ ਦੌਰਾਨ ਯਿਰਮਿਯਾਹ ਨੂੰ ਯਹੂਦਾਹ ਦੇ ਸਾਰੇ ਲੋਕਾਂ ਬਾਰੇ ਸੰਦੇਸ਼ ਮਿਲਿਆ।+ ਇਹ ਸਾਲ ਬਾਬਲ ਦੇ ਰਾਜੇ ਨਬੂਕਦਨੱਸਰ* ਦੇ ਰਾਜ ਦਾ ਪਹਿਲਾ ਸਾਲ ਸੀ। 2 ਯਿਰਮਿਯਾਹ ਨਬੀ ਨੇ ਯਹੂਦਾਹ ਦੇ ਸਾਰੇ ਲੋਕਾਂ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਬਾਰੇ* ਇਹ ਕਿਹਾ:

3 “ਯਹੂਦਾਹ ਦੇ ਰਾਜੇ, ਆਮੋਨ ਦੇ ਪੁੱਤਰ ਯੋਸੀਯਾਹ ਦੇ ਰਾਜ ਦੇ 13ਵੇਂ ਸਾਲ+ ਤੋਂ ਲੈ ਕੇ ਹੁਣ ਤਕ ਇਨ੍ਹਾਂ 23 ਸਾਲਾਂ ਦੌਰਾਨ ਯਹੋਵਾਹ ਦਾ ਸੰਦੇਸ਼ ਮੈਨੂੰ ਮਿਲਦਾ ਰਿਹਾ। ਮੈਂ ਤੁਹਾਨੂੰ ਵਾਰ-ਵਾਰ* ਇਸ ਬਾਰੇ ਦੱਸਦਾ ਰਿਹਾ, ਪਰ ਤੁਸੀਂ ਮੇਰੀ ਇਕ ਨਹੀਂ ਸੁਣੀ।+ 4 ਯਹੋਵਾਹ ਆਪਣੇ ਸਾਰੇ ਸੇਵਕਾਂ, ਹਾਂ, ਨਬੀਆਂ ਨੂੰ ਤੁਹਾਡੇ ਕੋਲ ਵਾਰ-ਵਾਰ* ਘੱਲਦਾ ਰਿਹਾ, ਪਰ ਤੁਸੀਂ ਉਨ੍ਹਾਂ ਦੀ ਗੱਲ ਸੁਣਨ ਤੋਂ ਇਨਕਾਰ ਕੀਤਾ ਅਤੇ ਇਸ ਵੱਲ ਕੰਨ ਨਹੀਂ ਲਾਇਆ।+ 5 ਉਹ ਕਹਿੰਦੇ ਸਨ, ‘ਕਿਰਪਾ ਕਰ ਕੇ ਆਪਣੇ ਬੁਰੇ ਰਾਹਾਂ ਅਤੇ ਬੁਰੇ ਕੰਮਾਂ ਤੋਂ ਮੁੜੋ,+ ਫਿਰ ਤੁਸੀਂ ਇਸ ਦੇਸ਼ ਵਿਚ ਲੰਬੇ ਸਮੇਂ ਤਕ ਵੱਸਦੇ ਰਹੋਗੇ ਜੋ ਯਹੋਵਾਹ ਨੇ ਤੁਹਾਨੂੰ ਅਤੇ ਤੁਹਾਡੇ ਪਿਉ-ਦਾਦਿਆਂ ਨੂੰ ਬਹੁਤ ਚਿਰ ਪਹਿਲਾਂ ਦਿੱਤਾ ਸੀ। 6 ਦੂਜੇ ਦੇਵਤਿਆਂ ਦੇ ਪਿੱਛੇ ਨਾ ਚੱਲੋ ਅਤੇ ਉਨ੍ਹਾਂ ਦੀ ਭਗਤੀ ਨਾ ਕਰੋ ਅਤੇ ਉਨ੍ਹਾਂ ਅੱਗੇ ਮੱਥਾ ਨਾ ਟੇਕੋ ਅਤੇ ਮੂਰਤਾਂ ਬਣਾ ਕੇ ਮੈਨੂੰ ਗੁੱਸਾ ਨਾ ਚੜ੍ਹਾਓ; ਨਹੀਂ ਤਾਂ ਮੈਂ ਤੁਹਾਡੇ ʼਤੇ ਬਿਪਤਾ ਲਿਆਵਾਂਗਾ।’

7 “ਯਹੋਵਾਹ ਕਹਿੰਦਾ ਹੈ, ‘ਪਰ ਤੁਸੀਂ ਮੇਰੀ ਇਕ ਨਾ ਸੁਣੀ, ਸਗੋਂ ਮੂਰਤਾਂ ਬਣਾ ਕੇ ਮੈਨੂੰ ਗੁੱਸਾ ਚੜ੍ਹਾਇਆ ਅਤੇ ਖ਼ੁਦ ਆਪਣੇ ਉੱਤੇ ਬਿਪਤਾ ਲਿਆਂਦੀ।’+

8 “ਇਸ ਲਈ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, ‘“ਕਿਉਂਕਿ ਤੁਸੀਂ ਮੇਰਾ ਕਹਿਣਾ ਨਹੀਂ ਮੰਨਿਆ, 9 ਇਸ ਕਰਕੇ ਮੈਂ ਉੱਤਰ ਦੇ ਸਾਰੇ ਪਰਿਵਾਰਾਂ ਨੂੰ ਅਤੇ ਬਾਬਲ ਤੋਂ ਆਪਣੇ ਸੇਵਕ ਰਾਜਾ ਨਬੂਕਦਨੱਸਰ* ਨੂੰ ਬੁਲਾ ਰਿਹਾ ਹਾਂ+ ਅਤੇ ਮੈਂ ਉਨ੍ਹਾਂ ਨੂੰ ਇਸ ਦੇਸ਼ ʼਤੇ, ਇਸ ਦੇ ਵਾਸੀਆਂ ਅਤੇ ਇਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ʼਤੇ ਹਮਲਾ ਕਰਨ ਲਈ ਬੁਲਾ ਰਿਹਾ ਹਾਂ।+ ਮੈਂ ਤੁਹਾਨੂੰ ਅਤੇ ਇਨ੍ਹਾਂ ਕੌਮਾਂ ਨੂੰ ਨਾਸ਼ ਕਰ ਦਿਆਂਗਾ ਅਤੇ ਤੁਹਾਡਾ ਸਾਰਿਆਂ ਦਾ ਹਸ਼ਰ ਦੇਖ ਕੇ ਸਾਰੇ ਲੋਕ ਖ਼ੌਫ਼ ਖਾਣਗੇ ਅਤੇ ਸੀਟੀ ਵਜਾਉਣਗੇ।* ਮੈਂ ਉਨ੍ਹਾਂ ਨੂੰ ਖੰਡਰ ਬਣਾ ਦਿਆਂਗਾ,” ਯਹੋਵਾਹ ਕਹਿੰਦਾ ਹੈ, 10 “ਮੈਂ ਖ਼ੁਸ਼ੀ ਦੀ ਆਵਾਜ਼, ਜਸ਼ਨ ਮਨਾਉਣ ਦੀ ਆਵਾਜ਼,+ ਲਾੜੇ ਦੀ ਆਵਾਜ਼, ਲਾੜੀ ਦੀ ਆਵਾਜ਼+ ਤੇ ਚੱਕੀ ਦੀ ਆਵਾਜ਼ ਬੰਦ ਕਰ ਦਿਆਂਗਾ ਅਤੇ ਦੀਵੇ ਬੁਝਾ ਦਿਆਂਗਾ। 11 ਮੈਂ ਇਸ ਸਾਰੇ ਦੇਸ਼ ਨੂੰ ਖੰਡਰ ਬਣਾ ਦਿਆਂਗਾ ਅਤੇ ਇਸ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣਗੇ ਅਤੇ ਇਨ੍ਹਾਂ ਕੌਮਾਂ ਨੂੰ 70 ਸਾਲਾਂ ਤਕ ਬਾਬਲ ਦੇ ਰਾਜੇ ਦੀ ਗ਼ੁਲਾਮੀ ਕਰਨੀ ਪਵੇਗੀ।”’+

12 “ਯਹੋਵਾਹ ਕਹਿੰਦਾ ਹੈ, ‘ਪਰ ਜਦ 70 ਸਾਲ ਪੂਰੇ ਹੋ ਜਾਣਗੇ,+ ਤਾਂ ਮੈਂ ਬਾਬਲ ਦੇ ਰਾਜੇ ਅਤੇ ਉਸ ਕੌਮ ਦੀਆਂ ਗ਼ਲਤੀਆਂ ਦਾ ਲੇਖਾ ਲਵਾਂਗਾ*+ ਅਤੇ ਮੈਂ ਕਸਦੀਆਂ ਦੇ ਦੇਸ਼ ਨੂੰ ਹਮੇਸ਼ਾ ਲਈ ਉਜਾੜ ਬਣਾ ਦਿਆਂਗਾ।+ 13 ਮੈਂ ਉਸ ਦੇਸ਼ ʼਤੇ ਉਹ ਸਾਰੀਆਂ ਬਿਪਤਾਵਾਂ ਲਿਆਵਾਂਗਾ ਜੋ ਮੈਂ ਉਸ ਦੇ ਖ਼ਿਲਾਫ਼ ਕਹੀਆਂ ਹਨ, ਉਹ ਸਾਰੀਆਂ ਬਿਪਤਾਵਾਂ ਜੋ ਇਸ ਕਿਤਾਬ ਵਿਚ ਲਿਖੀਆਂ ਗਈਆਂ ਹਨ ਅਤੇ ਜਿਨ੍ਹਾਂ ਬਾਰੇ ਯਿਰਮਿਯਾਹ ਨੇ ਸਾਰੀਆਂ ਕੌਮਾਂ ਦੇ ਖ਼ਿਲਾਫ਼ ਭਵਿੱਖਬਾਣੀ ਕੀਤੀ ਹੈ। 14 ਬਹੁਤ ਸਾਰੀਆਂ ਕੌਮਾਂ ਅਤੇ ਮਹਾਨ ਰਾਜੇ+ ਉਨ੍ਹਾਂ ਨੂੰ ਆਪਣੇ ਗ਼ੁਲਾਮ ਬਣਾਉਣਗੇ+ ਅਤੇ ਮੈਂ ਉਨ੍ਹਾਂ ਤੋਂ ਉਨ੍ਹਾਂ ਦੀਆਂ ਕਰਤੂਤਾਂ ਅਤੇ ਉਨ੍ਹਾਂ ਦੇ ਹੱਥਾਂ ਦੇ ਕੰਮਾਂ ਦਾ ਲੇਖਾ ਲਵਾਂਗਾ।’”+

15 ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਮੈਨੂੰ ਕਿਹਾ: “ਤੂੰ ਕ੍ਰੋਧ ਦੇ ਦਾਖਰਸ ਦਾ ਇਹ ਪਿਆਲਾ ਮੇਰੇ ਹੱਥੋਂ ਲੈ ਅਤੇ ਉਨ੍ਹਾਂ ਕੌਮਾਂ ਨੂੰ ਪਿਲਾ ਜਿਨ੍ਹਾਂ ਨੂੰ ਪਿਲਾਉਣ ਲਈ ਮੈਂ ਤੈਨੂੰ ਘੱਲਾਂਗਾ। 16 ਉਹ ਪੀਣਗੇ ਅਤੇ ਲੜਖੜਾਉਣਗੇ ਅਤੇ ਪਾਗਲਾਂ ਵਾਂਗ ਕਰਨਗੇ ਕਿਉਂਕਿ ਮੈਂ ਉਨ੍ਹਾਂ ਦੇ ਪਿੱਛੇ ਤਲਵਾਰ ਘੱਲਾਂਗਾ।”+

17 ਫਿਰ ਮੈਂ ਯਹੋਵਾਹ ਦੇ ਹੱਥੋਂ ਉਹ ਪਿਆਲਾ ਲਿਆ ਅਤੇ ਉਨ੍ਹਾਂ ਸਾਰੀਆਂ ਕੌਮਾਂ ਨੂੰ ਪਿਲਾਇਆ ਜਿਨ੍ਹਾਂ ਨੂੰ ਪਿਲਾਉਣ ਲਈ ਯਹੋਵਾਹ ਨੇ ਮੈਨੂੰ ਘੱਲਿਆ ਸੀ।+ 18 ਮੈਂ ਸਭ ਤੋਂ ਪਹਿਲਾਂ ਯਰੂਸ਼ਲਮ, ਯਹੂਦਾਹ ਦੇ ਸ਼ਹਿਰਾਂ,+ ਇਸ ਦੇ ਰਾਜਿਆਂ ਤੇ ਹਾਕਮਾਂ ਨੂੰ ਪਿਲਾਇਆ ਤਾਂਕਿ ਉਹ ਨਾਸ਼ ਹੋ ਜਾਣ, ਜੋ ਕਿ ਹੋਣ ਹੀ ਵਾਲਾ ਹੈ ਅਤੇ ਉਨ੍ਹਾਂ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣ, ਸੀਟੀਆਂ ਵਜਾਉਣ ਅਤੇ ਉਨ੍ਹਾਂ ਨੂੰ ਸਰਾਪ ਦੇਣ।+ 19 ਫਿਰ ਮੈਂ ਮਿਸਰ ਦੇ ਰਾਜੇ ਫ਼ਿਰਊਨ ਅਤੇ ਉਸ ਦੇ ਨੌਕਰਾਂ, ਉਸ ਦੇ ਹਾਕਮਾਂ, ਉਸ ਦੇ ਸਾਰੇ ਲੋਕਾਂ+ 20 ਅਤੇ ਉਸ ਦੇਸ਼ ਵਿਚ ਰਹਿਣ ਵਾਲੇ ਸਾਰੇ ਪਰਦੇਸੀਆਂ ਨੂੰ ਪਿਲਾਇਆ; ਊਸ ਦੇਸ਼ ਦੇ ਸਾਰੇ ਰਾਜਿਆਂ; ਫਲਿਸਤੀਆਂ ਦੇ ਦੇਸ਼+ ਦੇ ਸਾਰੇ ਰਾਜਿਆਂ ਨੂੰ ਯਾਨੀ ਅਸ਼ਕਲੋਨ,+ ਗਾਜ਼ਾ ਤੇ ਅਕਰੋਨ ਦੇ ਰਾਜਿਆਂ ਨੂੰ ਅਤੇ ਅਸ਼ਦੋਦ ਦੇ ਬਚੇ ਹੋਏ ਲੋਕਾਂ ਦੇ ਰਾਜੇ ਨੂੰ ਪਿਲਾਇਆ; 21 ਅਦੋਮ,+ ਮੋਆਬ+ ਅਤੇ ਅੰਮੋਨੀਆਂ ਨੂੰ+ 22 ਸੋਰ ਦੇ ਸਾਰੇ ਰਾਜਿਆਂ ਨੂੰ, ਸੀਦੋਨ ਦੇ ਸਾਰੇ ਰਾਜਿਆਂ ਨੂੰ+ ਅਤੇ ਸਮੁੰਦਰ ਵਿਚਲੇ ਟਾਪੂ ਦੇ ਰਾਜਿਆਂ ਨੂੰ; 23 ਦਦਾਨ,+ ਤੇਮਾ, ਬੂਜ਼ ਅਤੇ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨੇ ਆਪਣੀਆਂ ਕਲਮਾਂ ਦੀ ਹਜਾਮਤ ਕਰਾਈ ਹੈ,+ 24 ਅਰਬੀ ਲੋਕਾਂ ਦੇ ਸਾਰੇ ਰਾਜਿਆਂ ਨੂੰ+ ਅਤੇ ਉਜਾੜ ਵਿਚ ਵੱਸਦੇ ਵੱਖੋ-ਵੱਖਰੇ ਲੋਕਾਂ ਦੇ ਸਾਰੇ ਰਾਜਿਆਂ ਨੂੰ; 25 ਜ਼ਿਮਰੀ ਦੇ ਸਾਰੇ ਰਾਜਿਆਂ ਨੂੰ, ਏਲਾਮ ਦੇ ਸਾਰੇ ਰਾਜਿਆਂ ਨੂੰ+ ਅਤੇ ਮਾਦੀਆਂ ਦੇ ਸਾਰੇ ਰਾਜਿਆਂ ਨੂੰ;+ 26 ਇਕ-ਇਕ ਕਰ ਕੇ ਉੱਤਰ ਵਿਚ ਦੂਰ ਤੇ ਨੇੜੇ ਦੇ ਸਾਰੇ ਰਾਜਿਆਂ ਨੂੰ ਅਤੇ ਧਰਤੀ ਦੇ ਹੋਰ ਸਾਰੇ ਰਾਜਾਂ ਨੂੰ ਪਿਲਾਇਆ। ਇਨ੍ਹਾਂ ਤੋਂ ਬਾਅਦ ਸ਼ੇਸ਼ਕ*+ ਦਾ ਰਾਜਾ ਇਹ ਪਿਆਲਾ ਪੀਵੇਗਾ।

27 “ਤੂੰ ਉਨ੍ਹਾਂ ਨੂੰ ਕਹੀਂ, ‘ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਇਹ ਕਹਿੰਦਾ ਹੈ: “ਪੀ ਕੇ ਸ਼ਰਾਬੀ ਹੋ ਜਾਓ ਅਤੇ ਉਲਟੀ ਕਰੋ ਅਤੇ ਇੱਦਾਂ ਡਿਗੋ ਕਿ ਤੁਸੀਂ ਉੱਠ ਨਾ ਸਕੋ+ ਕਿਉਂਕਿ ਮੈਂ ਤੁਹਾਡੇ ਪਿੱਛੇ ਤਲਵਾਰ ਘੱਲ ਰਿਹਾ ਹਾਂ।”’ 28 ਜੇ ਉਹ ਤੇਰੇ ਹੱਥੋਂ ਪਿਆਲਾ ਲੈ ਕੇ ਪੀਣ ਤੋਂ ਇਨਕਾਰ ਕਰਨ, ਤਾਂ ਤੂੰ ਉਨ੍ਹਾਂ ਨੂੰ ਕਹੀਂ, ‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਤੁਹਾਨੂੰ ਇਹ ਪੀਣਾ ਹੀ ਪਵੇਗਾ! 29 ਕਿਉਂਕਿ ਦੇਖੋ, ਜੇ ਮੈਂ ਪਹਿਲਾਂ ਉਸ ਸ਼ਹਿਰ ʼਤੇ ਬਿਪਤਾ ਲਿਆ ਰਿਹਾ ਹਾਂ ਜਿਸ ਨਾਲ ਮੇਰਾ ਨਾਂ ਜੁੜਿਆ ਹੋਇਆ ਹੈ,+ ਤਾਂ ਤੁਸੀਂ ਕਿਵੇਂ ਸਜ਼ਾ ਤੋਂ ਬਚੋਗੇ?”’+

“‘ਤੁਸੀਂ ਸਜ਼ਾ ਤੋਂ ਹਰਗਿਜ਼ ਨਹੀਂ ਬਚੋਗੇ ਕਿਉਂਕਿ ਮੈਂ ਧਰਤੀ ਦੇ ਸਾਰੇ ਵਾਸੀਆਂ ਦੇ ਖ਼ਿਲਾਫ਼ ਤਲਵਾਰ ਭੇਜ ਰਿਹਾ ਹਾਂ,’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।

30 “ਤੂੰ ਉਨ੍ਹਾਂ ਸਾਮ੍ਹਣੇ ਇਨ੍ਹਾਂ ਸਾਰੀਆਂ ਗੱਲਾਂ ਦੀ ਭਵਿੱਖਬਾਣੀ ਕਰੀਂ ਅਤੇ ਉਨ੍ਹਾਂ ਨੂੰ ਕਹੀਂ,

‘ਯਹੋਵਾਹ ਉੱਚੀ ਜਗ੍ਹਾ ਤੋਂ ਗਰਜੇਗਾ,

ਉਹ ਆਪਣੇ ਪਵਿੱਤਰ ਨਿਵਾਸ-ਸਥਾਨ ਤੋਂ ਬੁਲੰਦ ਆਵਾਜ਼ ਵਿਚ ਬੋਲੇਗਾ।

ਉਹ ਆਪਣੀ ਰਿਹਾਇਸ਼ ਦੇ ਖ਼ਿਲਾਫ਼ ਜ਼ੋਰ ਨਾਲ ਗਰਜੇਗਾ।

ਉਹ ਚੁਬੱਚੇ ਵਿਚ ਅੰਗੂਰ ਮਿੱਧਣ ਵਾਲੇ ਲੋਕਾਂ ਵਾਂਗ ਲਲਕਾਰੇਗਾ,

ਉਹ ਧਰਤੀ ਦੇ ਸਾਰੇ ਵਾਸੀਆਂ ਖ਼ਿਲਾਫ਼ ਜਿੱਤ ਦੇ ਗੀਤ ਗਾਵੇਗਾ।’

31 ‘ਧਰਤੀ ਦੇ ਕੋਨੇ-ਕੋਨੇ ਤਕ ਰੌਲ਼ਾ-ਰੱਪਾ ਸੁਣੇਗਾ

ਕਿਉਂਕਿ ਯਹੋਵਾਹ ਦਾ ਕੌਮਾਂ ਨਾਲ ਮੁਕੱਦਮਾ ਹੈ।

ਉਹ ਆਪ ਸਾਰੇ ਇਨਸਾਨਾਂ ਦਾ ਨਿਆਂ ਕਰੇਗਾ।+

ਉਹ ਦੁਸ਼ਟਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ,’ ਯਹੋਵਾਹ ਕਹਿੰਦਾ ਹੈ।

32 ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ:

‘ਦੇਖੋ! ਇਕ ਤੋਂ ਬਾਅਦ ਇਕ ਕੌਮ ਉੱਤੇ ਤਬਾਹੀ ਆ ਰਹੀ ਹੈ,+

ਮੈਂ ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਇਕ ਵੱਡਾ ਤੂਫ਼ਾਨ ਲਿਆਵਾਂਗਾ।+

33 “‘ਉਸ ਦਿਨ ਯਹੋਵਾਹ ਦੇ ਹੱਥੋਂ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਧਰਤੀ ਦੇ ਇਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤਕ ਪਈਆਂ ਰਹਿਣਗੀਆਂ। ਉਨ੍ਹਾਂ ਲਈ ਸੋਗ ਨਹੀਂ ਮਨਾਇਆ ਜਾਵੇਗਾ ਅਤੇ ਨਾ ਹੀ ਉਨ੍ਹਾਂ ਦੀਆਂ ਲਾਸ਼ਾਂ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਨਾ ਹੀ ਉਨ੍ਹਾਂ ਨੂੰ ਦਫ਼ਨਾਇਆ ਜਾਵੇਗਾ। ਉਹ ਜ਼ਮੀਨ ʼਤੇ ਰੂੜੀ ਵਾਂਗ ਪਈਆਂ ਰਹਿਣਗੀਆਂ।’

34 ਚਰਵਾਹਿਓ, ਤੁਸੀਂ ਕੀਰਨੇ ਪਾਓ ਅਤੇ ਰੋਵੋ-ਪਿੱਟੋ!

ਹੇ ਭੇਡੋ, ਤੁਸੀਂ ਜਿਹੜੀਆਂ ਝੁੰਡ ਵਿਚ ਪ੍ਰਧਾਨ ਹੋ, ਸੁਆਹ ਵਿਚ ਲੇਟੋ

ਕਿਉਂਕਿ ਤੁਹਾਨੂੰ ਵੱਢੇ ਜਾਣ ਅਤੇ ਖਿੰਡਾਉਣ ਦਾ ਸਮਾਂ ਆ ਗਿਆ ਹੈ,

ਤੁਸੀਂ ਇਕ ਬੇਸ਼ਕੀਮਤੀ ਭਾਂਡੇ ਵਾਂਗ ਡਿਗ ਕੇ ਚੂਰ-ਚੂਰ ਹੋ ਜਾਓਗੇ!

35 ਚਰਵਾਹਿਆਂ ਕੋਲ ਲੁੱਕਣ ਲਈ ਕੋਈ ਥਾਂ ਨਹੀਂ ਹੈ

ਅਤੇ ਝੁੰਡ ਦੀਆਂ ਪ੍ਰਧਾਨ ਭੇਡਾਂ ਕੋਲ ਬਚਣ ਲਈ ਕੋਈ ਰਾਹ ਨਹੀਂ ਹੈ।

36 ਚਰਵਾਹਿਆਂ ਦਾ ਰੋਣਾ-ਕੁਰਲਾਉਣਾ ਸੁਣੋ!

ਝੁੰਡ ਦੀਆਂ ਪ੍ਰਧਾਨ ਭੇਡਾਂ ਦੇ ਕੀਰਨੇ ਸੁਣੋ

ਕਿਉਂਕਿ ਯਹੋਵਾਹ ਉਨ੍ਹਾਂ ਦੀਆਂ ਚਰਾਂਦਾਂ ਤਬਾਹ ਕਰ ਰਿਹਾ ਹੈ।

37 ਸ਼ਾਂਤਮਈ ਬਸੇਰੇ ਵੀਰਾਨ ਕਰ ਦਿੱਤੇ ਗਏ ਹਨ

ਕਿਉਂਕਿ ਯਹੋਵਾਹ ਦਾ ਡਾਢਾ ਗੁੱਸਾ ਭੜਕ ਉੱਠਿਆ ਹੈ।

38 ਉਹ ਇਕ ਜਵਾਨ ਸ਼ੇਰ ਵਾਂਗ ਆਪਣੇ ਘੁਰਨੇ ਵਿੱਚੋਂ ਨਿਕਲ ਆਇਆ ਹੈ+

ਕਿਉਂਕਿ ਬੇਰਹਿਮ ਤਲਵਾਰ ਅਤੇ ਉਸ ਦੇ ਡਾਢੇ ਗੁੱਸੇ ਕਰਕੇ

ਉਨ੍ਹਾਂ ਦੇ ਦੇਸ਼ ਦਾ ਜੋ ਹਸ਼ਰ ਹੋਇਆ ਹੈ, ਉਸ ਨੂੰ ਦੇਖ ਕੇ ਲੋਕ ਖ਼ੌਫ਼ ਖਾਂਦੇ ਹਨ।”

26 ਯੋਸੀਯਾਹ ਦੇ ਪੁੱਤਰ, ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਰਾਜ+ ਦੇ ਸ਼ੁਰੂ ਵਿਚ ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 2 “ਯਹੋਵਾਹ ਇਹ ਕਹਿੰਦਾ ਹੈ, ‘ਯਹੋਵਾਹ ਦੇ ਘਰ ਦੇ ਵਿਹੜੇ ਵਿਚ ਖੜ੍ਹਾ ਹੋ ਅਤੇ ਯਹੂਦਾਹ ਦੇ ਸ਼ਹਿਰਾਂ ਦੇ ਲੋਕਾਂ ਨਾਲ* ਗੱਲ ਕਰ ਜਿਹੜੇ ਯਹੋਵਾਹ ਦੇ ਘਰ ਵਿਚ ਭਗਤੀ ਕਰਨ* ਆ ਰਹੇ ਹਨ। ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ; ਉਨ੍ਹਾਂ ਵਿੱਚੋਂ ਇਕ ਵੀ ਗੱਲ ਨਾ ਛੱਡੀਂ। 3 ਸ਼ਾਇਦ ਉਹ ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਅਤੇ ਆਪਣੇ ਬੁਰੇ ਰਾਹ ਤੋਂ ਮੁੜ ਆਉਣ। ਫਿਰ ਮੈਂ ਆਪਣਾ ਮਨ ਬਦਲ ਕੇ* ਉਨ੍ਹਾਂ ਉੱਤੇ ਬਿਪਤਾ ਨਹੀਂ ਲਿਆਵਾਂਗਾ ਜੋ ਮੈਂ ਉਨ੍ਹਾਂ ਦੇ ਬੁਰੇ ਕੰਮਾਂ ਕਰਕੇ ਲਿਆਉਣ ਦਾ ਇਰਾਦਾ ਕੀਤਾ ਹੈ।+ 4 ਉਨ੍ਹਾਂ ਨੂੰ ਕਹੀਂ: “ਯਹੋਵਾਹ ਕਹਿੰਦਾ ਹੈ, ‘ਮੈਂ ਤੁਹਾਨੂੰ ਜੋ ਕਾਨੂੰਨ* ਦਿੱਤਾ ਹੈ, ਜੇ ਤੁਸੀਂ ਉਸ ਉੱਤੇ ਚੱਲ ਕੇ ਮੇਰੀ ਗੱਲ ਨਹੀਂ ਸੁਣੋਗੇ 5 ਅਤੇ ਜੇ ਮੇਰੇ ਸੇਵਕਾਂ ਯਾਨੀ ਨਬੀਆਂ ਦੀ ਗੱਲ ਨਹੀਂ ਸੁਣੋਗੇ ਜਿਨ੍ਹਾਂ ਨੂੰ ਮੈਂ ਵਾਰ-ਵਾਰ* ਤੁਹਾਡੇ ਕੋਲ ਘੱਲ ਰਿਹਾ ਹਾਂ ਅਤੇ ਜਿਨ੍ਹਾਂ ਦੀ ਗੱਲ ਤੁਸੀਂ ਹੁਣ ਤਕ ਨਹੀਂ ਸੁਣੀ ਹੈ,+ 6 ਤਾਂ ਮੈਂ ਇਸ ਘਰ ਦਾ ਹਾਲ ਸ਼ੀਲੋਹ+ ਵਰਗਾ ਕਰ ਦਿਆਂਗਾ ਅਤੇ ਮੈਂ ਇਸ ਸ਼ਹਿਰ ਨੂੰ ਤਬਾਹ ਕਰ ਦਿਆਂਗਾ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਸਰਾਪ ਦੇਣ ਵੇਲੇ ਇਸ ਦੀ ਮਿਸਾਲ ਦੇਣਗੀਆਂ।’”’”+

7 ਯਹੋਵਾਹ ਦੇ ਘਰ ਵਿਚ ਪੁਜਾਰੀਆਂ, ਨਬੀਆਂ ਅਤੇ ਸਾਰੇ ਲੋਕਾਂ ਨੇ ਯਿਰਮਿਯਾਹ ਦੀਆਂ ਇਹ ਗੱਲਾਂ ਸੁਣੀਆਂ।+ 8 ਇਸ ਲਈ ਜਦੋਂ ਯਿਰਮਿਯਾਹ ਉਹ ਸਾਰੀਆਂ ਗੱਲਾਂ ਦੱਸ ਹਟਿਆ ਜਿਹੜੀਆਂ ਯਹੋਵਾਹ ਨੇ ਸਾਰੇ ਲੋਕਾਂ ਨੂੰ ਦੱਸਣ ਦਾ ਹੁਕਮ ਦਿੱਤਾ ਸੀ, ਤਾਂ ਪੁਜਾਰੀਆਂ, ਨਬੀਆਂ ਅਤੇ ਸਾਰੇ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਕਿਹਾ: “ਤੂੰ ਨਹੀਂ ਹੁਣ ਬਚਦਾ। 9 ਤੂੰ ਕਿਉਂ ਯਹੋਵਾਹ ਦੇ ਨਾਂ ʼਤੇ ਭਵਿੱਖਬਾਣੀ ਕਰ ਕੇ ਕਹਿੰਦਾ ਹੈਂ, ‘ਇਸ ਘਰ ਦਾ ਹਾਲ ਸ਼ੀਲੋਹ ਵਰਗਾ ਹੋ ਜਾਵੇਗਾ ਅਤੇ ਇਹ ਸ਼ਹਿਰ ਤਬਾਹ ਹੋ ਜਾਵੇਗਾ ਅਤੇ ਇੱਥੇ ਕੋਈ ਨਹੀਂ ਵੱਸੇਗਾ’?” ਯਹੋਵਾਹ ਦੇ ਘਰ ਵਿਚ ਸਾਰੇ ਲੋਕ ਯਿਰਮਿਯਾਹ ਦੇ ਆਲੇ-ਦੁਆਲੇ ਇਕੱਠੇ ਹੋ ਗਏ।

10 ਜਦੋਂ ਯਹੂਦਾਹ ਦੇ ਹਾਕਮਾਂ ਨੇ ਇਹ ਗੱਲਾਂ ਸੁਣੀਆਂ, ਤਾਂ ਉਹ ਰਾਜੇ ਦੇ ਮਹਿਲ ਤੋਂ ਯਹੋਵਾਹ ਦੇ ਘਰ ਆ ਗਏ ਅਤੇ ਯਹੋਵਾਹ ਦੇ ਘਰ ਦੇ ਨਵੇਂ ਦਰਵਾਜ਼ੇ ਕੋਲ ਬੈਠ ਗਏ।+ 11 ਫਿਰ ਪੁਜਾਰੀਆਂ ਅਤੇ ਨਬੀਆਂ ਨੇ ਹਾਕਮਾਂ ਤੇ ਸਾਰੇ ਲੋਕਾਂ ਨੂੰ ਕਿਹਾ: “ਇਹ ਆਦਮੀ ਮੌਤ ਦੀ ਸਜ਼ਾ ਦੇ ਲਾਇਕ ਹੈ+ ਕਿਉਂਕਿ ਇਸ ਨੇ ਇਸ ਸ਼ਹਿਰ ਦੇ ਖ਼ਿਲਾਫ਼ ਭਵਿੱਖਬਾਣੀ ਕੀਤੀ ਹੈ ਜੋ ਤੁਸੀਂ ਆਪ ਆਪਣੇ ਕੰਨੀਂ ਸੁਣੀ ਹੈ।”+

12 ਫਿਰ ਯਿਰਮਿਯਾਹ ਨੇ ਹਾਕਮਾਂ ਅਤੇ ਸਾਰੇ ਲੋਕਾਂ ਨੂੰ ਕਿਹਾ: “ਯਹੋਵਾਹ ਨੇ ਹੀ ਮੈਨੂੰ ਇਸ ਘਰ ਅਤੇ ਸ਼ਹਿਰ ਦੇ ਖ਼ਿਲਾਫ਼ ਇਨ੍ਹਾਂ ਸਾਰੀਆਂ ਗੱਲਾਂ ਦੀ ਭਵਿੱਖਬਾਣੀ ਕਰਨ ਲਈ ਘੱਲਿਆ ਹੈ ਜੋ ਤੁਸੀਂ ਸੁਣੀਆਂ ਹਨ।+ 13 ਇਸ ਲਈ ਹੁਣ ਤੁਸੀਂ ਆਪਣੇ ਰਵੱਈਏ ਅਤੇ ਕੰਮਾਂ ਨੂੰ ਸੁਧਾਰੋ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦਾ ਕਹਿਣਾ ਮੰਨੋ। ਫਿਰ ਯਹੋਵਾਹ ਆਪਣਾ ਮਨ ਬਦਲ ਕੇ* ਤੁਹਾਡੇ ਉੱਤੇ ਬਿਪਤਾ ਨਹੀਂ ਲਿਆਵੇਗਾ ਜੋ ਉਸ ਨੇ ਤੁਹਾਡੇ ਉੱਤੇ ਲਿਆਉਣ ਬਾਰੇ ਕਿਹਾ ਸੀ।+ 14 ਪਰ ਜਿੱਥੋਂ ਤਕ ਮੇਰੀ ਗੱਲ ਹੈ, ਮੈਂ ਤੁਹਾਡੇ ਹੱਥਾਂ ਵਿਚ ਹਾਂ। ਤੁਹਾਨੂੰ ਜੋ ਚੰਗਾ ਤੇ ਸਹੀ ਲੱਗੇ, ਤੁਸੀਂ ਮੇਰੇ ਨਾਲ ਕਰੋ। 15 ਪਰ ਇਕ ਗੱਲ ਜਾਣ ਲਓ ਕਿ ਜੇ ਤੁਸੀਂ ਮੈਨੂੰ ਮਾਰ ਦਿੱਤਾ, ਤਾਂ ਤੁਸੀਂ, ਇਹ ਸ਼ਹਿਰ ਅਤੇ ਇਸ ਦੇ ਵਾਸੀ ਬੇਕਸੂਰ ਇਨਸਾਨ ਦੇ ਖ਼ੂਨ ਦੇ ਦੋਸ਼ੀ ਠਹਿਰੋਗੇ ਕਿਉਂਕਿ ਇਹ ਸੱਚ ਹੈ ਕਿ ਯਹੋਵਾਹ ਨੇ ਹੀ ਮੈਨੂੰ ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸਣ ਲਈ ਘੱਲਿਆ ਹੈ।”

16 ਫਿਰ ਹਾਕਮਾਂ ਅਤੇ ਸਾਰੇ ਲੋਕਾਂ ਨੇ ਪੁਜਾਰੀਆਂ ਅਤੇ ਨਬੀਆਂ ਨੂੰ ਕਿਹਾ: “ਇਹ ਆਦਮੀ ਮੌਤ ਦੀ ਸਜ਼ਾ ਦੇ ਲਾਇਕ ਨਹੀਂ ਹੈ ਕਿਉਂਕਿ ਇਸ ਨੇ ਸਾਡੇ ਪਰਮੇਸ਼ੁਰ ਯਹੋਵਾਹ ਦੇ ਨਾਂ ʼਤੇ ਹੀ ਸਾਡੇ ਨਾਲ ਗੱਲ ਕੀਤੀ ਹੈ।”

17 ਇਸ ਤੋਂ ਇਲਾਵਾ, ਦੇਸ਼ ਦੇ ਬਜ਼ੁਰਗਾਂ ਵਿੱਚੋਂ ਕੁਝ ਜਣੇ ਖੜ੍ਹੇ ਹੋਏ ਅਤੇ ਉਹ ਲੋਕਾਂ ਦੀ ਸਾਰੀ ਮੰਡਲੀ ਨੂੰ ਕਹਿਣ ਲੱਗੇ: 18 ਯਹੂਦਾਹ ਦੇ ਰਾਜੇ ਹਿਜ਼ਕੀਯਾਹ+ ਦੇ ਦਿਨਾਂ ਵਿਚ ਮੋਰਸ਼ਥ ਦਾ ਰਹਿਣ ਵਾਲਾ ਮੀਕਾਹ+ ਭਵਿੱਖਬਾਣੀ ਕਰਦਾ ਹੁੰਦਾ ਸੀ। ਉਸ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਕਿਹਾ, ‘ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ:

“ਸੀਓਨ ਨੂੰ ਖੇਤ ਵਾਂਗ ਵਾਹਿਆ ਜਾਵੇਗਾ,

ਯਰੂਸ਼ਲਮ ਮਲਬੇ ਦਾ ਢੇਰ ਬਣ ਜਾਵੇਗਾ+

ਅਤੇ ਉਹ ਪਹਾੜ* ਸੰਘਣਾ ਜੰਗਲ ਬਣ ਜਾਵੇਗਾ ਜਿੱਥੇ ਪਰਮੇਸ਼ੁਰ ਦਾ ਘਰ ਹੈ।”’+

19 “ਕੀ ਉਸ ਵੇਲੇ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਅਤੇ ਯਹੂਦਾਹ ਦੇ ਲੋਕਾਂ ਨੇ ਉਸ ਨੂੰ ਜਾਨੋਂ ਮਾਰਿਆ ਸੀ? ਕੀ ਉਹ ਯਹੋਵਾਹ ਤੋਂ ਨਹੀਂ ਡਰਿਆ ਸੀ ਅਤੇ ਯਹੋਵਾਹ ਅੱਗੇ ਮਿਹਰ ਲਈ ਤਰਲੇ ਨਹੀਂ ਕੀਤੇ ਸਨ? ਇਸ ਕਰਕੇ ਯਹੋਵਾਹ ਨੇ ਆਪਣਾ ਮਨ ਬਦਲ ਕੇ* ਉਨ੍ਹਾਂ ਉੱਤੇ ਬਿਪਤਾ ਨਹੀਂ ਲਿਆਂਦੀ ਜੋ ਉਸ ਨੇ ਉਨ੍ਹਾਂ ਉੱਤੇ ਲਿਆਉਣ ਬਾਰੇ ਕਿਹਾ ਸੀ।+ ਇਸ ਤਰ੍ਹਾਂ ਕਰ ਕੇ* ਅਸੀਂ ਆਪਣੇ ਉੱਤੇ ਵੱਡੀ ਬਿਪਤਾ ਲਿਆਵਾਂਗੇ।

20 “ਇਕ ਹੋਰ ਆਦਮੀ ਸੀ ਜਿਹੜਾ ਯਹੋਵਾਹ ਦੇ ਨਾਂ ʼਤੇ ਭਵਿੱਖਬਾਣੀ ਕਰਦਾ ਹੁੰਦਾ ਸੀ। ਉਹ ਸ਼ਮਾਯਾਹ ਦਾ ਪੁੱਤਰ ਊਰੀਯਾਹ ਸੀ ਜੋ ਕਿਰਯਥ-ਯਾਰੀਮ+ ਦਾ ਰਹਿਣ ਵਾਲਾ ਸੀ। ਉਸ ਨੇ ਇਸ ਸ਼ਹਿਰ ਅਤੇ ਇਸ ਦੇਸ਼ ਦੇ ਖ਼ਿਲਾਫ਼ ਭਵਿੱਖਬਾਣੀ ਕੀਤੀ ਸੀ, ਜਿਵੇਂ ਯਿਰਮਿਯਾਹ ਨੇ ਕੀਤੀ ਹੈ। 21 ਰਾਜਾ ਯਹੋਯਾਕੀਮ+ ਅਤੇ ਉਸ ਦੇ ਤਾਕਤਵਰ ਯੋਧਿਆਂ ਅਤੇ ਸਾਰੇ ਹਾਕਮਾਂ ਨੇ ਉਸ ਦੀ ਗੱਲ ਸੁਣੀ ਅਤੇ ਰਾਜੇ ਨੇ ਉਸ ਨੂੰ ਜਾਨੋਂ ਮਾਰਨ ਦਾ ਇਰਾਦਾ ਕੀਤਾ।+ ਜਦੋਂ ਊਰੀਯਾਹ ਨੇ ਇਸ ਬਾਰੇ ਸੁਣਿਆ, ਤਾਂ ਉਹ ਉਸ ਵੇਲੇ ਡਰ ਕੇ ਮਿਸਰ ਭੱਜ ਗਿਆ। 22 ਫਿਰ ਰਾਜਾ ਯਹੋਯਾਕੀਮ ਨੇ ਅਕਬੋਰ ਦੇ ਪੁੱਤਰ ਅਲਨਾਥਾਨ+ ਅਤੇ ਹੋਰ ਆਦਮੀਆਂ ਨੂੰ ਮਿਸਰ ਭੇਜਿਆ। 23 ਉਹ ਊਰੀਯਾਹ ਨੂੰ ਮਿਸਰ ਤੋਂ ਲੈ ਆਏ ਅਤੇ ਉਸ ਨੂੰ ਰਾਜਾ ਯਹੋਯਾਕੀਮ ਦੇ ਸਾਮ੍ਹਣੇ ਪੇਸ਼ ਕੀਤਾ। ਰਾਜੇ ਨੇ ਉਸ ਨੂੰ ਤਲਵਾਰ ਨਾਲ ਮਾਰ ਦਿੱਤਾ+ ਅਤੇ ਉਸ ਦੀ ਲਾਸ਼ ਆਮ ਲੋਕਾਂ ਦੇ ਕਬਰਸਤਾਨ ਵਿਚ ਸੁੱਟਵਾ ਦਿੱਤੀ।”

24 ਪਰ ਸ਼ਾਫਾਨ+ ਦੇ ਪੁੱਤਰ ਅਹੀਕਾਮ+ ਨੇ ਯਿਰਮਿਯਾਹ ਦਾ ਸਾਥ ਦਿੱਤਾ ਜਿਸ ਕਰਕੇ ਯਿਰਮਿਯਾਹ ਨੂੰ ਜਾਨੋਂ ਮਾਰਨ ਲਈ ਲੋਕਾਂ ਦੇ ਹਵਾਲੇ ਨਹੀਂ ਕੀਤਾ ਗਿਆ।+

27 ਯੋਸੀਯਾਹ ਦੇ ਪੁੱਤਰ, ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਰਾਜ ਦੇ ਸ਼ੁਰੂ ਵਿਚ ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 2 “ਯਹੋਵਾਹ ਨੇ ਮੈਨੂੰ ਇਹ ਕਿਹਾ ਹੈ, ‘ਆਪਣੇ ਲਈ ਜੂਲਾ ਅਤੇ ਪਟੇ ਬਣਾ ਅਤੇ ਉਸ ਨੂੰ ਆਪਣੀ ਧੌਣ ਉੱਤੇ ਰੱਖ। 3 ਫਿਰ ਇਸ ਤਰ੍ਹਾਂ ਦੇ ਜੂਲੇ ਅਦੋਮ ਦੇ ਰਾਜੇ,+ ਮੋਆਬ ਦੇ ਰਾਜੇ,+ ਅੰਮੋਨੀਆਂ ਦੇ ਰਾਜੇ,+ ਸੋਰ ਦੇ ਰਾਜੇ+ ਅਤੇ ਸੀਦੋਨ ਦੇ ਰਾਜੇ+ ਨੂੰ ਉਨ੍ਹਾਂ ਰਾਜਦੂਤਾਂ ਦੇ ਹੱਥੀਂ ਘੱਲ ਜਿਹੜੇ ਯਹੂਦਾਹ ਦੇ ਰਾਜੇ ਸਿਦਕੀਯਾਹ ਕੋਲ ਯਰੂਸ਼ਲਮ ਵਿਚ ਆਏ ਹਨ। 4 ਉਨ੍ਹਾਂ ਰਾਹੀਂ ਉਨ੍ਹਾਂ ਦੇ ਮਾਲਕਾਂ ਨੂੰ ਇਹ ਹੁਕਮ ਦੇ:

“‘“ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ; ਤੁਸੀਂ ਆਪਣੇ ਮਾਲਕਾਂ ਨੂੰ ਇਹ ਕਹਿਣਾ, 5 ‘ਮੈਂ ਹੀ ਆਪਣੀ ਵੱਡੀ ਤਾਕਤ ਅਤੇ ਆਪਣੀ ਤਾਕਤਵਰ ਬਾਂਹ* ਨਾਲ ਧਰਤੀ ਅਤੇ ਇਸ ਉੱਤੇ ਰਹਿੰਦੇ ਇਨਸਾਨਾਂ ਅਤੇ ਜਾਨਵਰਾਂ ਨੂੰ ਬਣਾਇਆ ਹੈ। ਮੈਂ ਜਿਨ੍ਹਾਂ ਨੂੰ ਚਾਹਾਂ,* ਉਨ੍ਹਾਂ ਨੂੰ ਇਹ ਸਭ ਕੁਝ ਦਿੰਦਾ ਹਾਂ।+ 6 ਮੈਂ ਹੁਣ ਇਹ ਸਾਰੇ ਦੇਸ਼ ਆਪਣੇ ਦਾਸ, ਬਾਬਲ ਦੇ ਰਾਜੇ ਨਬੂਕਦਨੱਸਰ+ ਦੇ ਹੱਥ ਵਿਚ ਦੇ ਦਿੱਤੇ ਹਨ; ਇੱਥੋਂ ਤਕ ਕਿ ਜੰਗਲੀ ਜਾਨਵਰ ਵੀ ਉਸ ਨੂੰ ਦੇ ਦਿੱਤੇ ਹਨ ਤਾਂਕਿ ਉਹ ਉਸ ਦੀ ਸੇਵਾ ਕਰਨ। 7 ਇਹ ਸਾਰੀਆਂ ਕੌਮਾਂ ਉਸ ਦੀ, ਉਸ ਦੇ ਪੁੱਤਰ ਦੀ ਅਤੇ ਉਸ ਦੇ ਪੋਤੇ ਦੀ ਗ਼ੁਲਾਮੀ ਕਰਨਗੀਆਂ ਜਦ ਤਕ ਉਸ ਦੇ ਰਾਜ ਦਾ ਅੰਤ ਨਹੀਂ ਆ ਜਾਂਦਾ।+ ਫਿਰ ਬਹੁਤ ਸਾਰੀਆਂ ਕੌਮਾਂ ਅਤੇ ਵੱਡੇ-ਵੱਡੇ ਰਾਜੇ ਉਸ ਨੂੰ ਆਪਣਾ ਗ਼ੁਲਾਮ ਬਣਾਉਣਗੇ।’+

8 “‘“ਯਹੋਵਾਹ ਕਹਿੰਦਾ ਹੈ, ‘ਜੇ ਕੋਈ ਕੌਮ ਜਾਂ ਰਾਜ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਅਧੀਨ ਹੋਣ ਤੋਂ ਇਨਕਾਰ ਕਰਦਾ ਹੈ ਅਤੇ ਆਪਣੀ ਧੌਣ ʼਤੇ ਬਾਬਲ ਦੇ ਰਾਜੇ ਦਾ ਜੂਲਾ ਰੱਖਣ ਤੋਂ ਇਨਕਾਰ ਕਰਦਾ ਹੈ, ਤਾਂ ਮੈਂ ਉਸ ਕੌਮ ਨੂੰ ਤਲਵਾਰ, ਕਾਲ਼ ਅਤੇ ਮਹਾਂਮਾਰੀ* ਨਾਲ ਤਦ ਤਕ ਸਜ਼ਾ ਦਿਆਂਗਾ+ ਜਦ ਤਕ ਮੈਂ ਉਸ ਦੇ ਹੱਥੀਂ ਉਨ੍ਹਾਂ ਦਾ ਨਾਮੋ-ਨਿਸ਼ਾਨ ਨਹੀਂ ਮਿਟਾ ਦਿੰਦਾ।’

9 “‘“‘ਇਸ ਲਈ ਤੁਸੀਂ ਆਪਣੇ ਨਬੀਆਂ, ਫਾਲ* ਪਾਉਣ ਵਾਲਿਆਂ, ਸੁਪਨੇ ਦੇਖਣ ਵਾਲਿਆਂ, ਜਾਦੂਗਰਾਂ ਅਤੇ ਜਾਦੂ-ਟੂਣਾ ਕਰਨ ਵਾਲਿਆਂ ਦੀ ਗੱਲ ਨਾ ਸੁਣੋ ਜੋ ਤੁਹਾਨੂੰ ਕਹਿੰਦੇ ਹਨ: “ਤੁਹਾਨੂੰ ਬਾਬਲ ਦੇ ਰਾਜੇ ਦੀ ਗ਼ੁਲਾਮੀ ਨਹੀਂ ਕਰਨੀ ਪਵੇਗੀ।” 10 ਉਹ ਤੁਹਾਡੇ ਸਾਮ੍ਹਣੇ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ, ਇਸ ਲਈ ਤੁਹਾਨੂੰ ਤੁਹਾਡੇ ਦੇਸ਼ ਤੋਂ ਬਹੁਤ ਦੂਰ ਲਿਜਾਇਆ ਜਾਵੇਗਾ। ਮੈਂ ਤੁਹਾਨੂੰ ਖਿੰਡਾ ਦਿਆਂਗਾ ਅਤੇ ਤੁਸੀਂ ਨਾਸ਼ ਹੋ ਜਾਓਗੇ।

11 “‘“ਯਹੋਵਾਹ ਕਹਿੰਦਾ ਹੈ, ‘ਪਰ ਜਿਹੜੀ ਕੌਮ ਆਪਣੀ ਧੌਣ ʼਤੇ ਬਾਬਲ ਦੇ ਰਾਜੇ ਦਾ ਜੂਲਾ ਰੱਖੇਗੀ ਅਤੇ ਉਸ ਦੀ ਗ਼ੁਲਾਮੀ ਕਰੇਗੀ, ਮੈਂ ਉਸ ਨੂੰ ਉਸ ਦੇ ਦੇਸ਼ ਵਿਚ ਰਹਿਣ* ਦਿਆਂਗਾ ਤਾਂਕਿ ਉਹ ਦੇਸ਼ ਦੀ ਜ਼ਮੀਨ ਵਾਹੇ ਅਤੇ ਉੱਥੇ ਵੱਸੀ ਰਹੇ।’”’”

12 ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ+ ਨੂੰ ਵੀ ਇਹੀ ਕਿਹਾ: “ਜੇ ਤੁਸੀਂ ਆਪਣੀਆਂ ਧੌਣਾਂ ʼਤੇ ਬਾਬਲ ਦੇ ਰਾਜੇ ਦਾ ਜੂਲਾ ਰੱਖੋਗੇ ਅਤੇ ਉਸ ਦੀ ਅਤੇ ਉਸ ਦੇ ਲੋਕਾਂ ਦੀ ਗ਼ੁਲਾਮੀ ਕਰੋਗੇ, ਤਾਂ ਤੁਸੀਂ ਜੀਉਂਦੇ ਰਹੋਗੇ।+ 13 ਤੂੰ ਅਤੇ ਤੇਰੇ ਲੋਕ ਕਿਉਂ ਤਲਵਾਰ,+ ਕਾਲ਼+ ਅਤੇ ਮਹਾਂਮਾਰੀ+ ਨਾਲ ਮਰਨ? ਯਹੋਵਾਹ ਨੇ ਕਿਹਾ ਹੈ ਕਿ ਜੋ ਕੌਮ ਬਾਬਲ ਦੇ ਰਾਜੇ ਦੀ ਗ਼ੁਲਾਮੀ ਨਹੀਂ ਕਰੇਗੀ, ਉਸ ਦਾ ਇਹੀ ਹਸ਼ਰ ਹੋਵੇਗਾ। 14 ਉਨ੍ਹਾਂ ਨਬੀਆਂ ਦੀ ਗੱਲ ਨਾ ਸੁਣੋ ਜਿਹੜੇ ਕਹਿੰਦੇ ਹਨ, ‘ਤੁਹਾਨੂੰ ਬਾਬਲ ਦੇ ਰਾਜੇ ਦੀ ਗ਼ੁਲਾਮੀ ਨਹੀਂ ਕਰਨੀ ਪਵੇਗੀ।’+ ਉਹ ਤੁਹਾਡੇ ਸਾਮ੍ਹਣੇ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ।+

15 “ਯਹੋਵਾਹ ਕਹਿੰਦਾ ਹੈ, ‘ਮੈਂ ਉਨ੍ਹਾਂ ਨਬੀਆਂ ਨੂੰ ਨਹੀਂ ਭੇਜਿਆ, ਪਰ ਉਹ ਮੇਰੇ ਨਾਂ ʼਤੇ ਝੂਠੀਆਂ ਭਵਿੱਖਬਾਣੀਆਂ ਕਰ ਰਹੇ ਹਨ। ਇਸ ਕਰਕੇ ਮੈਂ ਤੁਹਾਨੂੰ ਖਿੰਡਾ ਦਿਆਂਗਾ ਅਤੇ ਤੁਹਾਡਾ ਨਾਸ਼ ਕਰ ਦਿਆਂਗਾ, ਹਾਂ ਤੁਹਾਨੂੰ ਅਤੇ ਉਨ੍ਹਾਂ ਨਬੀਆਂ ਨੂੰ ਜਿਹੜੇ ਤੁਹਾਡੇ ਸਾਮ੍ਹਣੇ ਭਵਿੱਖਬਾਣੀਆਂ ਕਰ ਰਹੇ ਹਨ।’”+

16 ਮੈਂ ਪੁਜਾਰੀਆਂ ਅਤੇ ਇਨ੍ਹਾਂ ਸਾਰੇ ਲੋਕਾਂ ਨੂੰ ਕਿਹਾ: “ਯਹੋਵਾਹ ਕਹਿੰਦਾ ਹੈ, ‘ਆਪਣੇ ਨਬੀਆਂ ਦੀ ਗੱਲ ਨਾ ਸੁਣੋ ਜਿਹੜੇ ਭਵਿੱਖਬਾਣੀ ਕਰਦੇ ਹੋਏ ਤੁਹਾਨੂੰ ਕਹਿੰਦੇ ਹਨ: “ਦੇਖੋ! ਬਾਬਲ ਤੋਂ ਯਹੋਵਾਹ ਦੇ ਘਰ ਦੇ ਭਾਂਡੇ ਜਲਦੀ ਹੀ ਵਾਪਸ ਲਿਆਂਦੇ ਜਾਣਗੇ!”+ ਉਹ ਤੁਹਾਡੇ ਸਾਮ੍ਹਣੇ ਝੂਠੀ ਭਵਿੱਖਬਾਣੀ ਕਰਦੇ ਹਨ।+ 17 ਉਨ੍ਹਾਂ ਦੀ ਗੱਲ ਨਾ ਸੁਣੋ। ਬਾਬਲ ਦੇ ਰਾਜੇ ਦੀ ਗ਼ੁਲਾਮੀ ਕਰੋ ਅਤੇ ਜੀਉਂਦੇ ਰਹੋ।+ ਨਹੀਂ ਤਾਂ ਇਹ ਸ਼ਹਿਰ ਤਬਾਹ ਹੋ ਜਾਵੇਗਾ। 18 ਪਰ ਜੇ ਉਹ ਸੱਚ-ਮੁੱਚ ਨਬੀ ਹਨ ਅਤੇ ਉਨ੍ਹਾਂ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ ਹੈ, ਤਾਂ ਕਿਰਪਾ ਕਰ ਕੇ ਉਹ ਸੈਨਾਵਾਂ ਦੇ ਯਹੋਵਾਹ ਨੂੰ ਬੇਨਤੀ ਕਰਨ ਕਿ ਜਿਹੜੇ ਭਾਂਡੇ ਯਹੋਵਾਹ ਦੇ ਘਰ ਵਿਚ, ਯਹੂਦਾਹ ਦੇ ਰਾਜੇ ਦੇ ਘਰ* ਵਿਚ ਅਤੇ ਯਰੂਸ਼ਲਮ ਵਿਚ ਬਾਕੀ ਰਹਿ ਗਏ ਸਨ, ਉਹ ਬਾਬਲ ਨਾ ਲਿਜਾਏ ਜਾਣ।’

19 “ਕਿਉਂਕਿ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ ਕਿ ਜਿਹੜੇ ਥੰਮ੍ਹ,+ ਵੱਡਾ ਹੌਦ,*+ ਪਹੀਏਦਾਰ ਗੱਡੀਆਂ+ ਅਤੇ ਇਸ ਸ਼ਹਿਰ ਵਿਚ ਬਾਕੀ ਬਚੇ ਭਾਂਡੇ 20 ਬਾਬਲ ਦਾ ਰਾਜਾ ਨਬੂਕਦਨੱਸਰ ਉਦੋਂ ਆਪਣੇ ਨਾਲ ਨਹੀਂ ਲੈ ਗਿਆ ਸੀ ਜਦੋਂ ਉਹ ਯਹੋਯਾਕੀਮ ਦੇ ਪੁੱਤਰ, ਯਹੂਦਾਹ ਦੇ ਰਾਜੇ ਯਕਾਨਯਾਹ ਅਤੇ ਯਹੂਦਾਹ ਤੇ ਯਰੂਸ਼ਲਮ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਬੰਦੀ ਬਣਾ ਕੇ ਯਰੂਸ਼ਲਮ ਤੋਂ ਬਾਬਲ ਲੈ ਗਿਆ ਸੀ,+ 21 ਹਾਂ, ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਉਨ੍ਹਾਂ ਬਾਕੀ ਬਚੇ ਭਾਂਡਿਆਂ ਬਾਰੇ ਕਹਿੰਦਾ ਹੈ ਜੋ ਯਹੋਵਾਹ ਦੇ ਘਰ ਵਿਚ, ਯਹੂਦਾਹ ਦੇ ਰਾਜੇ ਦੇ ਘਰ* ਵਿਚ ਅਤੇ ਯਰੂਸ਼ਲਮ ਵਿਚ ਰਹਿ ਗਏ ਹਨ: 22 ‘“ਉਹ ਭਾਂਡੇ ਬਾਬਲ ਲਿਜਾਏ ਜਾਣਗੇ+ ਅਤੇ ਉਸ ਦਿਨ ਤਕ ਉੱਥੇ ਰਹਿਣਗੇ ਜਦ ਤਕ ਮੈਂ ਉਨ੍ਹਾਂ ਵੱਲ ਆਪਣਾ ਧਿਆਨ ਨਹੀਂ ਦਿੰਦਾ,” ਯਹੋਵਾਹ ਕਹਿੰਦਾ ਹੈ। “ਫਿਰ ਮੈਂ ਉਨ੍ਹਾਂ ਨੂੰ ਵਾਪਸ ਲਿਆਵਾਂਗਾ ਅਤੇ ਇਸ ਜਗ੍ਹਾ ਦੁਬਾਰਾ ਰੱਖਾਂਗਾ।”’”+

28 ਉਸੇ ਸਾਲ ਯਾਨੀ ਯਹੂਦਾਹ ਦੇ ਰਾਜੇ ਸਿਦਕੀਯਾਹ+ ਦੇ ਰਾਜ ਦੇ ਸ਼ੁਰੂ ਵਿਚ, ਚੌਥੇ ਸਾਲ ਦੇ ਪੰਜਵੇਂ ਮਹੀਨੇ ਵਿਚ ਅੱਜ਼ੂਰ ਦੇ ਪੁੱਤਰ ਹਨਨਯਾਹ ਨਬੀ ਜੋ ਗਿਬਓਨ ਤੋਂ ਸੀ,+ ਨੇ ਯਹੋਵਾਹ ਦੇ ਘਰ ਵਿਚ ਪੁਜਾਰੀਆਂ ਅਤੇ ਸਾਰੇ ਲੋਕਾਂ ਸਾਮ੍ਹਣੇ ਮੈਨੂੰ ਕਿਹਾ: 2 “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਮੈਂ ਬਾਬਲ ਦੇ ਰਾਜੇ ਦਾ ਜੂਲਾ ਭੰਨ ਸੁੱਟਾਂਗਾ।+ 3 ਦੋ ਸਾਲਾਂ ਦੇ ਅੰਦਰ-ਅੰਦਰ ਮੈਂ ਯਹੋਵਾਹ ਦੇ ਘਰ ਦੇ ਸਾਰੇ ਭਾਂਡੇ ਵਾਪਸ ਇਸ ਜਗ੍ਹਾ ਲੈ ਆਵਾਂਗਾ ਜੋ ਬਾਬਲ ਦਾ ਰਾਜਾ ਨਬੂਕਦਨੱਸਰ ਇੱਥੋਂ ਬਾਬਲ ਲੈ ਗਿਆ ਸੀ।’”+ 4 “ਯਹੋਵਾਹ ਕਹਿੰਦਾ ਹੈ, ‘ਮੈਂ ਯਹੋਯਾਕੀਮ+ ਦੇ ਪੁੱਤਰ, ਯਹੂਦਾਹ ਦੇ ਰਾਜੇ ਯਕਾਨਯਾਹ+ ਨੂੰ ਅਤੇ ਯਹੂਦਾਹ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਵਾਪਸ ਇਸ ਜਗ੍ਹਾ ਲੈ ਆਵਾਂਗਾ ਜਿਨ੍ਹਾਂ ਨੂੰ ਬੰਦੀ ਬਣਾ ਕੇ ਬਾਬਲ ਲਿਜਾਇਆ ਗਿਆ ਹੈ+ ਕਿਉਂਕਿ ਮੈਂ ਬਾਬਲ ਦੇ ਰਾਜੇ ਦਾ ਜੂਲਾ ਭੰਨ ਸੁੱਟਾਂਗਾ।’”

5 ਫਿਰ ਯਿਰਮਿਯਾਹ ਨਬੀ ਨੇ ਯਹੋਵਾਹ ਦੇ ਘਰ ਵਿਚ ਖੜ੍ਹੇ ਪੁਜਾਰੀਆਂ ਅਤੇ ਸਾਰੇ ਲੋਕਾਂ ਸਾਮ੍ਹਣੇ ਹਨਨਯਾਹ ਨਬੀ ਨਾਲ ਗੱਲ ਕੀਤੀ। 6 ਯਿਰਮਿਯਾਹ ਨਬੀ ਨੇ ਕਿਹਾ: “ਆਮੀਨ!* ਯਹੋਵਾਹ ਇੱਦਾਂ ਹੀ ਕਰੇ! ਯਹੋਵਾਹ ਦੇ ਘਰ ਦੇ ਭਾਂਡਿਆਂ ਅਤੇ ਬੰਦੀ ਬਣਾ ਕੇ ਲਿਜਾਏ ਗਏ ਸਾਰੇ ਲੋਕਾਂ ਨੂੰ ਬਾਬਲ ਤੋਂ ਇਸ ਜਗ੍ਹਾ ਵਾਪਸ ਲਿਆ ਕੇ ਯਹੋਵਾਹ ਤੇਰੀ ਇਹ ਭਵਿੱਖਬਾਣੀ ਪੂਰੀ ਕਰੇ। 7 ਪਰ ਕਿਰਪਾ ਕਰ ਕੇ ਮੇਰੇ ਇਸ ਸੰਦੇਸ਼ ਵੱਲ ਧਿਆਨ ਦੇ ਜੋ ਮੈਂ ਤੈਨੂੰ ਅਤੇ ਇੱਥੇ ਸਾਰੇ ਲੋਕਾਂ ਨੂੰ ਦੱਸਣ ਜਾ ਰਿਹਾ ਹਾਂ। 8 ਮੇਰੇ ਤੋਂ ਅਤੇ ਤੁਹਾਡੇ ਤੋਂ ਲੰਬਾ ਸਮਾਂ ਪਹਿਲਾਂ ਆਏ ਨਬੀ ਬਹੁਤ ਸਾਰੇ ਦੇਸ਼ਾਂ ਅਤੇ ਵੱਡੇ-ਵੱਡੇ ਰਾਜਾਂ ਦੇ ਵਿਰੁੱਧ ਭਵਿੱਖਬਾਣੀਆਂ ਕਰਦੇ ਹੁੰਦੇ ਸਨ ਕਿ ਉਨ੍ਹਾਂ ਨੂੰ ਯੁੱਧਾਂ, ਬਿਪਤਾਵਾਂ ਅਤੇ ਮਹਾਂਮਾਰੀਆਂ* ਦਾ ਸਾਮ੍ਹਣਾ ਕਰਨਾ ਪਵੇਗਾ। 9 ਇਸ ਲਈ ਜਿਹੜਾ ਨਬੀ ਇਸ ਤੋਂ ਉਲਟ ਸ਼ਾਂਤੀ ਦੀ ਭਵਿੱਖਬਾਣੀ ਕਰਦਾ ਸੀ, ਉਸ ਨੂੰ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਪੈਂਦਾ ਸੀ। ਜੇ ਉਸ ਦੀ ਭਵਿੱਖਬਾਣੀ ਪੂਰੀ ਹੋ ਜਾਂਦੀ ਸੀ, ਤਾਂ ਇਸ ਤੋਂ ਪਤਾ ਲੱਗ ਜਾਂਦਾ ਸੀ ਕਿ ਉਸ ਨੂੰ ਵਾਕਈ ਯਹੋਵਾਹ ਨੇ ਘੱਲਿਆ ਸੀ।”

10 ਇਹ ਸੁਣ ਕੇ ਹਨਨਯਾਹ ਨਬੀ ਨੇ ਯਿਰਮਿਯਾਹ ਨਬੀ ਦੀ ਧੌਣ ਤੋਂ ਜੂਲਾ ਲੈ ਕੇ ਭੰਨ ਸੁੱਟਿਆ।+ 11 ਫਿਰ ਹਨਨਯਾਹ ਨੇ ਸਾਰੇ ਲੋਕਾਂ ਸਾਮ੍ਹਣੇ ਕਿਹਾ: “ਯਹੋਵਾਹ ਕਹਿੰਦਾ ਹੈ, ‘ਇਸੇ ਤਰ੍ਹਾਂ ਮੈਂ ਦੋ ਸਾਲਾਂ ਦੇ ਅੰਦਰ-ਅੰਦਰ ਬਾਬਲ ਦੇ ਰਾਜੇ ਨਬੂਕਦਨੱਸਰ ਦਾ ਜੂਲਾ ਭੰਨ ਸੁੱਟਾਂਗਾ ਜੋ ਉਸ ਨੇ ਸਾਰੀਆਂ ਕੌਮਾਂ ਦੀਆਂ ਧੌਣਾਂ ਉੱਤੇ ਰੱਖਿਆ ਹੋਇਆ ਹੈ।’”+ ਫਿਰ ਯਿਰਮਿਯਾਹ ਨਬੀ ਉੱਥੋਂ ਚਲਾ ਗਿਆ।

12 ਹਨਨਯਾਹ ਨਬੀ ਵੱਲੋਂ ਯਿਰਮਿਯਾਹ ਨਬੀ ਦੀ ਧੌਣ ਤੋਂ ਜੂਲਾ ਲੈ ਕੇ ਭੰਨ ਸੁੱਟਣ ਤੋਂ ਬਾਅਦ ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 13 “ਜਾ ਕੇ ਹਨਨਯਾਹ ਨੂੰ ਕਹਿ, ‘ਯਹੋਵਾਹ ਕਹਿੰਦਾ ਹੈ: “ਤੂੰ ਲੱਕੜ ਦਾ ਜੂਲਾ ਭੰਨਿਆ ਹੈ,+ ਪਰ ਇਸ ਦੀ ਜਗ੍ਹਾ ਤੂੰ ਲੋਹੇ ਦਾ ਜੂਲਾ ਬਣਾਵੇਂਗਾ।” 14 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਮੈਂ ਇਨ੍ਹਾਂ ਸਾਰੀਆਂ ਕੌਮਾਂ ਦੀਆਂ ਧੌਣਾਂ ʼਤੇ ਲੋਹੇ ਦਾ ਜੂਲਾ ਰੱਖਾਂਗਾ ਤਾਂਕਿ ਇਹ ਬਾਬਲ ਦੇ ਰਾਜੇ ਨਬੂਕਦਨੱਸਰ ਦੀ ਗ਼ੁਲਾਮੀ ਕਰਨ। ਇਨ੍ਹਾਂ ਨੂੰ ਉਸ ਦੀ ਗ਼ੁਲਾਮੀ ਕਰਨੀ ਹੀ ਪਵੇਗੀ।+ ਇੱਥੋਂ ਤਕ ਕਿ ਮੈਂ ਜੰਗਲੀ ਜਾਨਵਰ ਵੀ ਉਸ ਨੂੰ ਦੇ ਦਿਆਂਗਾ।”’”+

15 ਫਿਰ ਯਿਰਮਿਯਾਹ ਨਬੀ ਨੇ ਹਨਨਯਾਹ+ ਨਬੀ ਨੂੰ ਕਿਹਾ: “ਹੇ ਹਨਨਯਾਹ, ਕਿਰਪਾ ਕਰ ਕੇ ਮੇਰੀ ਗੱਲ ਸੁਣ! ਯਹੋਵਾਹ ਨੇ ਤੈਨੂੰ ਨਹੀਂ ਘੱਲਿਆ ਹੈ, ਪਰ ਤੂੰ ਇਨ੍ਹਾਂ ਲੋਕਾਂ ਨੂੰ ਝੂਠ ʼਤੇ ਯਕੀਨ ਦਿਵਾਉਂਦਾ ਹੈਂ।+ 16 ਇਸ ਲਈ ਯਹੋਵਾਹ ਕਹਿੰਦਾ ਹੈ, ‘ਦੇਖ! ਮੈਂ ਤੈਨੂੰ ਧਰਤੀ ਉੱਤੋਂ ਮਿਟਾਉਣ ਜਾ ਰਿਹਾ ਹਾਂ। ਤੂੰ ਇਸੇ ਸਾਲ ਮਰ ਜਾਵੇਂਗਾ ਕਿਉਂਕਿ ਤੂੰ ਲੋਕਾਂ ਨੂੰ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕਰਨ ਲਈ ਭੜਕਾਇਆ ਹੈ।’”+

17 ਇਸ ਲਈ, ਉਸੇ ਸਾਲ ਦੇ ਸੱਤਵੇਂ ਮਹੀਨੇ ਵਿਚ ਹਨਨਯਾਹ ਨਬੀ ਦੀ ਮੌਤ ਹੋ ਗਈ।

29 ਯਿਰਮਿਯਾਹ ਨਬੀ ਨੇ ਯਰੂਸ਼ਲਮ ਤੋਂ ਬਾਬਲ ਵਿਚ ਗ਼ੁਲਾਮ ਬਜ਼ੁਰਗਾਂ, ਪੁਜਾਰੀਆਂ, ਨਬੀਆਂ ਅਤੇ ਸਾਰੇ ਲੋਕਾਂ ਨੂੰ ਚਿੱਠੀ ਲਿਖੀ ਜਿਨ੍ਹਾਂ ਨੂੰ ਨਬੂਕਦਨੱਸਰ ਬੰਦੀ ਬਣਾ ਕੇ ਯਰੂਸ਼ਲਮ ਤੋਂ ਬਾਬਲ ਲੈ ਗਿਆ ਸੀ। 2 ਉਸ ਨੇ ਇਹ ਚਿੱਠੀ ਰਾਜਾ ਯਕਾਨਯਾਹ,+ ਰਾਜ-ਮਾਤਾ,+ ਦਰਬਾਰੀਆਂ, ਯਹੂਦਾਹ ਤੇ ਯਰੂਸ਼ਲਮ ਦੇ ਹਾਕਮਾਂ, ਕਾਰੀਗਰਾਂ ਅਤੇ ਲੁਹਾਰਾਂ* ਨੂੰ ਯਰੂਸ਼ਲਮ ਤੋਂ ਬੰਦੀ ਬਣਾ ਕੇ ਲਿਜਾਏ ਜਾਣ ਤੋਂ ਬਾਅਦ ਲਿਖੀ ਸੀ।+ 3 ਉਸ ਨੇ ਇਹ ਚਿੱਠੀ ਸ਼ਾਫਾਨ+ ਦੇ ਪੁੱਤਰ ਅਲਆਸਾਹ ਅਤੇ ਹਿਲਕੀਯਾਹ ਦੇ ਪੁੱਤਰ ਗਮਰਯਾਹ ਦੇ ਹੱਥੀਂ ਬਾਬਲ ਘੱਲੀ ਸੀ ਜਿਨ੍ਹਾਂ ਨੂੰ ਯਹੂਦਾਹ ਦੇ ਰਾਜੇ ਸਿਦਕੀਯਾਹ+ ਨੇ ਬਾਬਲ ਦੇ ਰਾਜੇ ਨਬੂਕਦਨੱਸਰ ਕੋਲ ਭੇਜਿਆ ਸੀ। ਇਸ ਵਿਚ ਲਿਖਿਆ ਸੀ:

4 “ਮੈਂ, ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਉਨ੍ਹਾਂ ਸਾਰੇ ਗ਼ੁਲਾਮ ਲੋਕਾਂ ਨੂੰ ਕਹਿੰਦਾ ਹਾਂ ਜਿਨ੍ਹਾਂ ਨੂੰ ਮੈਂ ਯਰੂਸ਼ਲਮ ਤੋਂ ਬਾਬਲ ਵਿਚ ਗ਼ੁਲਾਮੀ ਕਰਨ ਭੇਜਿਆ ਹੈ, 5 ‘ਤੁਸੀਂ ਘਰ ਬਣਾਓ ਅਤੇ ਉਨ੍ਹਾਂ ਵਿਚ ਰਹੋ। ਬਾਗ਼-ਬਗ਼ੀਚੇ ਲਾਓ ਅਤੇ ਉਨ੍ਹਾਂ ਦਾ ਫਲ ਖਾਓ। 6 ਵਿਆਹ ਕਰਾਓ ਅਤੇ ਧੀਆਂ-ਪੁੱਤਰ ਪੈਦਾ ਕਰੋ; ਆਪਣੇ ਧੀਆਂ-ਪੁੱਤਰਾਂ ਦੇ ਵਿਆਹ ਕਰੋ ਤਾਂਕਿ ਉਨ੍ਹਾਂ ਦੇ ਵੀ ਧੀਆਂ-ਪੁੱਤਰ ਹੋਣ। ਉੱਥੇ ਤੁਹਾਡੀ ਗਿਣਤੀ ਘਟੇ ਨਾ, ਸਗੋਂ ਵਧਦੀ ਜਾਵੇ। 7 ਜਿਸ ਸ਼ਹਿਰ ਵਿਚ ਮੈਂ ਤੁਹਾਨੂੰ ਬੰਦੀ ਬਣਾ ਕੇ ਭੇਜਿਆ ਹੈ, ਉਸ ਸ਼ਹਿਰ ਲਈ ਸ਼ਾਂਤੀ ਦੀ ਕਾਮਨਾ ਕਰੋ ਅਤੇ ਉਸ ਸ਼ਹਿਰ ਲਈ ਯਹੋਵਾਹ ਅੱਗੇ ਪ੍ਰਾਰਥਨਾ ਕਰੋ ਕਿਉਂਕਿ ਉੱਥੇ ਸ਼ਾਂਤੀ ਹੋਣ ਕਰਕੇ ਤੁਸੀਂ ਵੀ ਸ਼ਾਂਤੀ ਨਾਲ ਰਹਿ ਸਕੋਗੇ।+ 8 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਉੱਥੇ ਤੁਹਾਡੇ ਵਿਚ ਜਿਹੜੇ ਨਬੀ ਅਤੇ ਫਾਲ* ਪਾਉਣ ਵਾਲੇ ਹਨ, ਉਨ੍ਹਾਂ ਦੇ ਧੋਖੇ ਵਿਚ ਨਾ ਆਓ+ ਅਤੇ ਉਹ ਸੁਪਨੇ ਦੇਖ ਕੇ ਜਿਹੜੀਆਂ ਗੱਲਾਂ ਤੁਹਾਨੂੰ ਦੱਸਦੇ ਹਨ, ਉਨ੍ਹਾਂ ਵੱਲ ਧਿਆਨ ਨਾ ਦਿਓ। 9 ‘ਉਹ ਤੁਹਾਡੇ ਸਾਮ੍ਹਣੇ ਮੇਰੇ ਨਾਂ ʼਤੇ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ। ਮੈਂ ਉਨ੍ਹਾਂ ਨੂੰ ਨਹੀਂ ਭੇਜਿਆ ਹੈ,’+ ਯਹੋਵਾਹ ਕਹਿੰਦਾ ਹੈ।”’”

10 “ਯਹੋਵਾਹ ਕਹਿੰਦਾ ਹੈ, ‘ਜਦੋਂ ਬਾਬਲ ਵਿਚ 70 ਸਾਲ ਪੂਰੇ ਹੋ ਜਾਣਗੇ, ਤਾਂ ਮੈਂ ਤੁਹਾਡੇ ਵੱਲ ਧਿਆਨ ਦਿਆਂਗਾ+ ਅਤੇ ਤੁਹਾਨੂੰ ਇਸ ਜਗ੍ਹਾ ਵਾਪਸ ਲਿਆ ਕੇ ਆਪਣਾ ਵਾਅਦਾ ਪੂਰਾ ਕਰਾਂਗਾ।’+

11 “ਯਹੋਵਾਹ ਕਹਿੰਦਾ ਹੈ, ‘ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੈਂ ਤੁਹਾਡੇ ਲਈ ਕੀ ਕਰਨ ਦਾ ਇਰਾਦਾ ਕੀਤਾ ਹੈ। ਮੈਂ ਤੁਹਾਡੇ ਉੱਤੇ ਬਿਪਤਾ ਨਹੀਂ ਲਿਆਵਾਂਗਾ, ਸਗੋਂ ਤੁਹਾਨੂੰ ਸ਼ਾਂਤੀ ਬਖ਼ਸ਼ਾਂਗਾ।+ ਮੈਂ ਤੁਹਾਨੂੰ ਚੰਗਾ ਭਵਿੱਖ ਅਤੇ ਉਮੀਦ ਦਿਆਂਗਾ।+ 12 ਤੁਸੀਂ ਮੈਨੂੰ ਪੁਕਾਰੋਗੇ ਅਤੇ ਆ ਕੇ ਮੈਨੂੰ ਪ੍ਰਾਰਥਨਾ ਕਰੋਗੇ ਅਤੇ ਮੈਂ ਤੁਹਾਡੀ ਪ੍ਰਾਰਥਨਾ ਸੁਣਾਂਗਾ।’+

13 “‘ਤੁਸੀਂ ਮੇਰੀ ਭਾਲ ਕਰੋਗੇ ਅਤੇ ਮੈਨੂੰ ਲੱਭ ਲਓਗੇ+ ਕਿਉਂਕਿ ਤੁਸੀਂ ਪੂਰੇ ਦਿਲ ਨਾਲ ਮੇਰੀ ਤਲਾਸ਼ ਕਰੋਗੇ।+ 14 ਹਾਂ, ਮੈਂ ਤੁਹਾਨੂੰ ਲੱਭ ਪਵਾਂਗਾ,’+ ਯਹੋਵਾਹ ਕਹਿੰਦਾ ਹੈ। ‘ਮੈਂ ਜਿਨ੍ਹਾਂ ਸਾਰੀਆਂ ਕੌਮਾਂ ਅਤੇ ਥਾਵਾਂ ਵਿਚ ਤੁਹਾਨੂੰ ਖਿੰਡਾ ਦਿੱਤਾ ਹੈ, ਮੈਂ ਉੱਥੋਂ ਤੁਹਾਨੂੰ ਸਾਰੇ ਬੰਦੀ ਬਣਾਏ ਲੋਕਾਂ ਨੂੰ ਇਕੱਠਾ ਕਰਾਂਗਾ,’+ ਯਹੋਵਾਹ ਕਹਿੰਦਾ ਹੈ। ‘ਮੈਂ ਤੁਹਾਨੂੰ ਉਸ ਜਗ੍ਹਾ ਵਾਪਸ ਲੈ ਆਵਾਂਗਾ ਜਿੱਥੋਂ ਮੈਂ ਤੁਹਾਨੂੰ ਬੰਦੀ ਬਣਾ ਕੇ ਘੱਲ ਦਿੱਤਾ ਸੀ।’+

15 “ਪਰ ਤੁਸੀਂ ਕਹਿੰਦੇ ਹੋ, ‘ਯਹੋਵਾਹ ਨੇ ਬਾਬਲ ਵਿਚ ਸਾਡੇ ਲਈ ਨਬੀ ਨਿਯੁਕਤ ਕੀਤੇ ਹਨ।’

16 “ਯਹੋਵਾਹ ਦਾਊਦ ਦੇ ਸਿੰਘਾਸਣ ਉੱਤੇ ਬੈਠੇ ਰਾਜੇ+ ਅਤੇ ਇਸ ਸ਼ਹਿਰ ਦੇ ਸਾਰੇ ਵਾਸੀਆਂ ਨੂੰ, ਹਾਂ, ਤੁਹਾਡੇ ਭਰਾਵਾਂ ਨੂੰ ਕਹਿੰਦਾ ਹੈ ਜਿਨ੍ਹਾਂ ਨੂੰ ਤੁਹਾਡੇ ਨਾਲ ਬੰਦੀ ਬਣਾ ਕੇ ਨਹੀਂ ਲਿਜਾਇਆ ਗਿਆ ਹੈ, 17 ‘ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ: “ਮੈਂ ਉਨ੍ਹਾਂ ਦੇ ਖ਼ਿਲਾਫ਼ ਤਲਵਾਰ, ਕਾਲ਼ ਅਤੇ ਮਹਾਂਮਾਰੀ*+ ਘੱਲ ਰਿਹਾ ਹਾਂ ਅਤੇ ਮੈਂ ਉਨ੍ਹਾਂ ਨੂੰ ਗਲ਼ੀਆਂ-ਸੜੀਆਂ* ਅੰਜੀਰਾਂ ਵਰਗੇ ਬਣਾ ਦਿਆਂਗਾ ਜੋ ਬਹੁਤ ਖ਼ਰਾਬ ਹੋਣ ਕਰਕੇ ਖਾਧੀਆਂ ਨਹੀਂ ਜਾ ਸਕਦੀਆਂ।”’+

18 “‘ਮੈਂ ਤਲਵਾਰ, ਕਾਲ਼ ਅਤੇ ਮਹਾਂਮਾਰੀ ਨਾਲ ਉਨ੍ਹਾਂ ਦਾ ਪਿੱਛਾ ਕਰਾਂਗਾ+ ਅਤੇ ਮੈਂ ਉਨ੍ਹਾਂ ਦਾ ਇੰਨਾ ਬੁਰਾ ਹਸ਼ਰ ਕਰਾਂਗਾ ਕਿ ਧਰਤੀ ਦੇ ਸਾਰੇ ਰਾਜ ਖ਼ੌਫ਼ ਖਾਣਗੇ।+ ਮੈਂ ਜਿਨ੍ਹਾਂ ਕੌਮਾਂ ਵਿਚ ਉਨ੍ਹਾਂ ਨੂੰ ਖਿੰਡਾ ਦਿਆਂਗਾ, ਉੱਥੇ ਲੋਕ ਉਨ੍ਹਾਂ ਨੂੰ ਸਰਾਪ ਦੇਣਗੇ, ਉਨ੍ਹਾਂ ਦਾ ਹਾਲ ਦੇਖ ਕੇ ਹੱਕੇ-ਬੱਕੇ ਰਹਿ ਜਾਣਗੇ, ਸੀਟੀਆਂ ਮਾਰਨਗੇ*+ ਅਤੇ ਉਨ੍ਹਾਂ ਦੀ ਬੇਇੱਜ਼ਤੀ ਕਰਨਗੇ+ 19 ਕਿਉਂਕਿ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ ਜਿਹੜੀ ਮੈਂ ਉਨ੍ਹਾਂ ਨੂੰ ਆਪਣੇ ਸੇਵਕਾਂ ਯਾਨੀ ਨਬੀਆਂ ਰਾਹੀਂ ਦੱਸੀ ਸੀ,’ ਯਹੋਵਾਹ ਕਹਿੰਦਾ ਹੈ, ‘ਜਿਨ੍ਹਾਂ ਨੂੰ ਮੈਂ ਉਨ੍ਹਾਂ ਕੋਲ ਵਾਰ-ਵਾਰ* ਘੱਲਿਆ ਸੀ।’+

“‘ਪਰ ਤੁਸੀਂ ਗੱਲ ਨਹੀਂ ਸੁਣੀ,’+ ਯਹੋਵਾਹ ਕਹਿੰਦਾ ਹੈ।

20 “ਇਸ ਲਈ, ਹੇ ਬਾਬਲ ਵਿਚ ਗ਼ੁਲਾਮ ਲੋਕੋ ਜਿਨ੍ਹਾਂ ਨੂੰ ਮੈਂ ਬੰਦੀ ਬਣਾ ਕੇ ਯਰੂਸ਼ਲਮ ਤੋਂ ਬਾਬਲ ਘੱਲਿਆ ਹੈ, ਤੁਸੀਂ ਸਾਰੇ ਯਹੋਵਾਹ ਦਾ ਸੰਦੇਸ਼ ਸੁਣੋ। 21 ਕੋਲਾਯਾਹ ਦਾ ਪੁੱਤਰ ਅਹਾਬ ਅਤੇ ਮਾਸੇਯਾਹ ਦਾ ਪੁੱਤਰ ਸਿਦਕੀਯਾਹ ਤੁਹਾਡੇ ਸਾਮ੍ਹਣੇ ਮੇਰੇ ਨਾਂ ʼਤੇ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ।+ ਉਨ੍ਹਾਂ ਬਾਰੇ ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਮੈਂ ਉਨ੍ਹਾਂ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ* ਦੇ ਹੱਥ ਵਿਚ ਦੇਣ ਜਾ ਰਿਹਾ ਹਾਂ ਅਤੇ ਉਹ ਤੁਹਾਡੀਆਂ ਨਜ਼ਰਾਂ ਸਾਮ੍ਹਣੇ ਉਨ੍ਹਾਂ ਨੂੰ ਜਾਨੋਂ ਮਾਰ ਦੇਵੇਗਾ। 22 ਉਨ੍ਹਾਂ ਦਾ ਜੋ ਹਸ਼ਰ ਹੋਵੇਗਾ, ਉਸ ਦੀ ਮਿਸਾਲ ਦਿੰਦੇ ਹੋਏ ਬਾਬਲ ਵਿਚ ਗ਼ੁਲਾਮ ਯਹੂਦਾਹ ਦੇ ਲੋਕ ਇਹ ਸਰਾਪ ਦੇਣਗੇ: “ਯਹੋਵਾਹ ਤੇਰਾ ਹਾਲ ਸਿਦਕੀਯਾਹ ਅਤੇ ਅਹਾਬ ਵਰਗਾ ਕਰੇ ਜਿਨ੍ਹਾਂ ਨੂੰ ਬਾਬਲ ਦੇ ਰਾਜੇ ਨੇ ਅੱਗ ਵਿਚ ਭੁੰਨਿਆ ਸੀ!” 23 ਉਨ੍ਹਾਂ ਨੇ ਇਜ਼ਰਾਈਲ ਵਿਚ ਸ਼ਰਮਨਾਕ ਕੰਮ ਕੀਤੇ ਹਨ।+ ਉਨ੍ਹਾਂ ਨੇ ਆਪਣੇ ਗੁਆਂਢੀਆਂ ਦੀਆਂ ਪਤਨੀਆਂ ਨਾਲ ਹਰਾਮਕਾਰੀ ਕੀਤੀ ਹੈ ਅਤੇ ਮੇਰੇ ਨਾਂ ʼਤੇ ਝੂਠੀਆਂ ਗੱਲਾਂ ਕਹੀਆਂ ਹਨ ਜਿਨ੍ਹਾਂ ਦਾ ਮੈਂ ਉਨ੍ਹਾਂ ਨੂੰ ਹੁਕਮ ਨਹੀਂ ਦਿੱਤਾ ਸੀ।+

“‘“ਮੈਂ ਇਹ ਸਭ ਜਾਣਦਾ ਹਾਂ ਅਤੇ ਮੈਂ ਇਸ ਦਾ ਗਵਾਹ ਹਾਂ,”+ ਯਹੋਵਾਹ ਕਹਿੰਦਾ ਹੈ।’”

24 “ਤੂੰ ਸ਼ਮਾਯਾਹ ਨੂੰ ਜਿਹੜਾ ਨਹਲਾਮ ਤੋਂ ਹੈ, ਕਹੀਂ,+ 25 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਤੂੰ ਯਰੂਸ਼ਲਮ ਦੇ ਸਾਰੇ ਲੋਕਾਂ, ਪੁਜਾਰੀ ਸਫ਼ਨਯਾਹ+ ਜੋ ਮਾਸੇਯਾਹ ਦਾ ਪੁੱਤਰ ਹੈ ਅਤੇ ਸਾਰੇ ਪੁਜਾਰੀਆਂ ਨੂੰ ਆਪਣੇ ਨਾਂ ʼਤੇ ਚਿੱਠੀਆਂ ਲਿਖੀਆਂ ਹਨ। ਤੂੰ ਉਨ੍ਹਾਂ ਚਿੱਠੀਆਂ ਵਿਚ ਕਿਹਾ ਹੈ, 26 ‘ਹੇ ਸਫ਼ਨਯਾਹ, ਯਹੋਵਾਹ ਨੇ ਪੁਜਾਰੀ ਯਹੋਯਾਦਾ ਦੀ ਜਗ੍ਹਾ ਤੈਨੂੰ ਪੁਜਾਰੀ ਬਣਾਇਆ ਹੈ ਤਾਂਕਿ ਤੂੰ ਯਹੋਵਾਹ ਦੇ ਘਰ ਦਾ ਨਿਗਰਾਨ ਹੋਵੇਂ ਅਤੇ ਹਰ ਉਸ ਪਾਗਲ ਆਦਮੀ ਦੇ ਖ਼ਿਲਾਫ਼ ਕਾਰਵਾਈ ਕਰੇਂ ਜਿਹੜਾ ਨਬੀ ਹੋਣ ਦਾ ਦਾਅਵਾ ਕਰਦਾ ਹੈ ਅਤੇ ਉਸ ਨੂੰ ਸ਼ਿਕੰਜਿਆਂ* ਵਿਚ ਜਕੜੇਂ।+ 27 ਤਾਂ ਫਿਰ, ਤੂੰ ਅਨਾਥੋਥ ਦੇ ਰਹਿਣ ਵਾਲੇ ਯਿਰਮਿਯਾਹ+ ਨੂੰ ਸਖ਼ਤੀ ਨਾਲ ਕਿਉਂ ਨਹੀਂ ਝਿੜਕਿਆ ਜਿਹੜਾ ਤੁਹਾਡੇ ਸਾਮ੍ਹਣੇ ਨਬੀ ਹੋਣ ਦਾ ਦਾਅਵਾ ਕਰਦਾ ਹੈ?+ 28 ਇੱਥੋਂ ਤਕ ਕਿ ਉਸ ਨੇ ਤਾਂ ਸਾਨੂੰ ਬਾਬਲ ਵਿਚ ਇਹ ਸੰਦੇਸ਼ ਵੀ ਘੱਲਿਆ ਹੈ: “ਤੁਸੀਂ ਲੰਬੇ ਸਮੇਂ ਤਕ ਗ਼ੁਲਾਮ ਰਹੋਗੇ! ਇਸ ਲਈ ਤੁਸੀਂ ਘਰ ਬਣਾਓ ਅਤੇ ਉਨ੍ਹਾਂ ਵਿਚ ਰਹੋ। ਬਾਗ਼-ਬਗ਼ੀਚੇ ਲਾਓ ਅਤੇ ਉਨ੍ਹਾਂ ਦਾ ਫਲ ਖਾਓ,+ . . . ”’”’”

29 ਜਦੋਂ ਪੁਜਾਰੀ ਸਫ਼ਨਯਾਹ+ ਨੇ ਯਿਰਮਿਯਾਹ ਨਬੀ ਦੇ ਸਾਮ੍ਹਣੇ ਇਹ ਚਿੱਠੀ ਪੜ੍ਹੀ, 30 ਤਾਂ ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 31 “ਬਾਬਲ ਵਿਚ ਗ਼ੁਲਾਮ ਸਾਰੇ ਲੋਕਾਂ ਨੂੰ ਇਹ ਸੰਦੇਸ਼ ਘੱਲ, ‘ਯਹੋਵਾਹ ਸ਼ਮਾਯਾਹ ਬਾਰੇ ਕਹਿੰਦਾ ਹੈ ਜੋ ਨਹਲਾਮ ਤੋਂ ਹੈ: “ਭਾਵੇਂ ਮੈਂ ਸ਼ਮਾਯਾਹ ਨੂੰ ਨਹੀਂ ਘੱਲਿਆ, ਫਿਰ ਵੀ ਉਸ ਨੇ ਤੁਹਾਡੇ ਸਾਮ੍ਹਣੇ ਭਵਿੱਖਬਾਣੀ ਕੀਤੀ ਹੈ ਅਤੇ ਤੁਹਾਨੂੰ ਝੂਠੀਆਂ ਗੱਲਾਂ ʼਤੇ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ,+ 32 ਇਸ ਲਈ ਯਹੋਵਾਹ ਕਹਿੰਦਾ ਹੈ, ‘ਮੈਂ ਸ਼ਮਾਯਾਹ ਨੂੰ ਜਿਹੜਾ ਨਹਲਾਮ ਤੋਂ ਹੈ ਅਤੇ ਉਸ ਦੀ ਔਲਾਦ ਨੂੰ ਸਜ਼ਾ ਦਿਆਂਗਾ। ਉਸ ਦੀ ਪੀੜ੍ਹੀ ਵਿੱਚੋਂ ਕੋਈ ਵੀ ਆਦਮੀ ਇਨ੍ਹਾਂ ਲੋਕਾਂ ਵਿਚ ਜੀਉਂਦਾ ਨਹੀਂ ਬਚੇਗਾ।’ ਯਹੋਵਾਹ ਕਹਿੰਦਾ ਹੈ, ‘ਮੈਂ ਆਪਣੇ ਲੋਕਾਂ ਨਾਲ ਜੋ ਭਲਾਈ ਕਰਾਂਗਾ, ਉਹ ਉਸ ਨੂੰ ਨਹੀਂ ਦੇਖੇਗਾ ਕਿਉਂਕਿ ਉਸ ਨੇ ਲੋਕਾਂ ਨੂੰ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕਰਨ ਲਈ ਭੜਕਾਇਆ ਹੈ।’”’”

30 ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 2 “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ, ‘ਮੈਂ ਜੋ ਗੱਲਾਂ ਤੈਨੂੰ ਕਹੀਆਂ ਹਨ, ਉਹ ਸਾਰੀਆਂ ਗੱਲਾਂ ਇਕ ਕਿਤਾਬ ਵਿਚ ਲਿਖ ਲੈ 3 ਕਿਉਂਕਿ “ਦੇਖ! ਉਹ ਦਿਨ ਆ ਰਹੇ ਹਨ,” ਯਹੋਵਾਹ ਕਹਿੰਦਾ ਹੈ, “ਮੈਂ ਇਜ਼ਰਾਈਲ ਅਤੇ ਯਹੂਦਾਹ ਦੇ ਲੋਕਾਂ ਨੂੰ ਇਕੱਠਾ ਕਰਾਂਗਾ ਜਿਨ੍ਹਾਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਹੈ,”+ ਯਹੋਵਾਹ ਕਹਿੰਦਾ ਹੈ, “ਅਤੇ ਮੈਂ ਉਨ੍ਹਾਂ ਨੂੰ ਉਸ ਦੇਸ਼ ਵਿਚ ਵਾਪਸ ਲੈ ਆਵਾਂਗਾ ਜੋ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ। ਉਹ ਇਕ ਵਾਰ ਫਿਰ ਇਸ ਉੱਤੇ ਕਬਜ਼ਾ ਕਰਨਗੇ।”’”+

4 ਯਹੋਵਾਹ ਨੇ ਇਜ਼ਰਾਈਲ ਤੇ ਯਹੂਦਾਹ ਨੂੰ ਇਹ ਸੰਦੇਸ਼ ਦਿੱਤਾ।

 5 ਯਹੋਵਾਹ ਇਹ ਕਹਿੰਦਾ ਹੈ:

“ਅਸੀਂ ਲੋਕਾਂ ਨੂੰ ਡਰ ਨਾਲ ਚੀਕਦਿਆਂ ਸੁਣਿਆ ਹੈ;

ਚਾਰੇ ਪਾਸੇ ਖ਼ੌਫ਼ ਹੀ ਖ਼ੌਫ਼ ਹੈ, ਕਿਤੇ ਵੀ ਸ਼ਾਂਤੀ ਨਹੀਂ।

 6 ਕਿਰਪਾ ਕਰ ਕੇ ਪੁੱਛੋ: ਕੀ ਕੋਈ ਆਦਮੀ ਬੱਚੇ ਨੂੰ ਜਨਮ ਦੇ ਸਕਦਾ?

ਤਾਂ ਫਿਰ, ਮੈਂ ਹਰੇਕ ਤਾਕਤਵਰ ਆਦਮੀ ਨੂੰ ਆਪਣਾ ਢਿੱਡ* ਫੜੀ ਕਿਉਂ ਦੇਖਦਾ ਹਾਂ,

ਜਿਵੇਂ ਇਕ ਔਰਤ ਬੱਚੇ ਨੂੰ ਜਨਮ ਦੇਣ ਵੇਲੇ ਆਪਣਾ ਢਿੱਡ ਫੜਦੀ ਹੈ?+

ਹਰ ਕਿਸੇ ਦਾ ਚਿਹਰਾ ਪੀਲ਼ਾ ਕਿਉਂ ਪੈ ਗਿਆ ਹੈ?

 7 ਹਾਇ! ਉਹ ਦਿਨ ਕਿੰਨਾ ਹੀ ਭਿਆਨਕ* ਹੈ।+

ਅਜਿਹਾ ਦਿਨ ਅੱਜ ਤਕ ਨਹੀਂ ਆਇਆ।

ਯਾਕੂਬ ਲਈ ਇਹ ਬਿਪਤਾ ਦਾ ਸਮਾਂ ਹੈ।

ਪਰ ਉਸ ਨੂੰ ਬਚਾ ਲਿਆ ਜਾਵੇਗਾ।”

8 ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਉਸ ਦਿਨ ਮੈਂ ਤੇਰੀ ਧੌਣ ਤੋਂ ਜੂਲਾ ਭੰਨ ਸੁੱਟਾਂਗਾ ਅਤੇ ਤੇਰੇ ਪਟੇ* ਦੇ ਦੋ ਟੋਟੇ ਕਰ ਦਿਆਂਗਾ; ਫਿਰ ਅਜਨਬੀ* ਲੋਕ ਉਸ* ਨੂੰ ਕਦੇ ਆਪਣਾ ਗ਼ੁਲਾਮ ਨਹੀਂ ਬਣਾਉਣਗੇ। 9 ਉਹ ਆਪਣੇ ਪਰਮੇਸ਼ੁਰ ਯਹੋਵਾਹ ਅਤੇ ਆਪਣੇ ਰਾਜੇ ਦਾਊਦ ਦੀ ਸੇਵਾ ਕਰਨਗੇ ਜਿਸ ਨੂੰ ਮੈਂ ਉਨ੍ਹਾਂ ਲਈ ਨਿਯੁਕਤ ਕਰਾਂਗਾ।”+

10 “ਹੇ ਮੇਰੇ ਸੇਵਕ ਯਾਕੂਬ, ਤੂੰ ਨਾ ਡਰ,” ਯਹੋਵਾਹ ਕਹਿੰਦਾ ਹੈ,

“ਹੇ ਇਜ਼ਰਾਈਲ, ਤੂੰ ਖ਼ੌਫ਼ ਨਾ ਖਾਹ+

ਕਿਉਂਕਿ ਮੈਂ ਤੈਨੂੰ ਦੂਰ ਦੇਸ਼ ਤੋਂ ਬਚਾ ਲਵਾਂਗਾ

ਅਤੇ ਤੇਰੀ ਸੰਤਾਨ ਨੂੰ ਉਸ ਦੇਸ਼ ਤੋਂ ਜਿੱਥੇ ਉਸ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਹੈ।+

ਯਾਕੂਬ ਵਾਪਸ ਆਵੇਗਾ ਅਤੇ ਅਮਨ-ਚੈਨ ਨਾਲ ਰਹੇਗਾ,

ਉਨ੍ਹਾਂ ਨੂੰ ਕੋਈ ਨਹੀਂ ਡਰਾਵੇਗਾ।”+

11 ਯਹੋਵਾਹ ਕਹਿੰਦਾ ਹੈ, “ਕਿਉਂਕਿ ਮੈਂ ਤੈਨੂੰ ਬਚਾਉਣ ਲਈ ਤੇਰੇ ਨਾਲ ਹਾਂ।

ਮੈਂ ਉਨ੍ਹਾਂ ਸਾਰੀਆਂ ਕੌਮਾਂ ਨੂੰ ਖ਼ਤਮ ਕਰ ਦਿਆਂਗਾ ਜਿਨ੍ਹਾਂ ਵਿਚ ਮੈਂ ਤੈਨੂੰ ਖਿੰਡਾ ਦਿੱਤਾ ਹੈ,+

ਪਰ ਮੈਂ ਤੈਨੂੰ ਖ਼ਤਮ ਨਹੀਂ ਕਰਾਂਗਾ।+

ਮੈਂ ਤੈਨੂੰ ਜਾਇਜ਼ ਹੱਦ ਤਕ ਅਨੁਸ਼ਾਸਨ ਦਿਆਂਗਾ*

ਅਤੇ ਤੈਨੂੰ ਸਜ਼ਾ ਦਿੱਤੇ ਬਿਨਾਂ ਨਹੀਂ ਛੱਡਾਂਗਾ।”+

12 ਯਹੋਵਾਹ ਕਹਿੰਦਾ ਹੈ:

“ਤੇਰੇ ਜ਼ਖ਼ਮ ਦਾ ਕੋਈ ਇਲਾਜ ਨਹੀਂ ਹੈ।+

ਇਹ ਲਾਇਲਾਜ ਹੈ।

13 ਤੇਰੇ ਮੁਕੱਦਮੇ ਦੀ ਪੈਰਵੀ ਕਰਨ ਵਾਲਾ ਕੋਈ ਨਹੀਂ ਹੈ,

ਤੇਰੇ ਫੋੜੇ ਦਾ ਕਿਸੇ ਵੀ ਤਰ੍ਹਾਂ ਇਲਾਜ ਨਹੀਂ ਹੋ ਸਕਦਾ।

ਤੂੰ ਠੀਕ ਨਹੀਂ ਹੋ ਸਕਦਾ।

14 ਤੇਰੇ ਸਾਰੇ ਯਾਰ ਤੈਨੂੰ ਭੁੱਲ ਗਏ ਹਨ।+

ਉਹ ਹੁਣ ਤੇਰੀ ਤਲਾਸ਼ ਨਹੀਂ ਕਰਦੇ।

ਮੈਂ ਇਕ ਦੁਸ਼ਮਣ ਵਾਂਗ ਤੈਨੂੰ ਮਾਰਿਆ+

ਅਤੇ ਇਕ ਜ਼ਾਲਮ ਵਾਂਗ ਤੈਨੂੰ ਸਜ਼ਾ ਦਿੱਤੀ

ਕਿਉਂਕਿ ਤੇਰਾ ਅਪਰਾਧ ਵੱਡਾ ਹੈ ਅਤੇ ਤੇਰੇ ਪਾਪ ਬਹੁਤ ਸਾਰੇ ਹਨ।+

15 ਤੂੰ ਆਪਣੇ ਜ਼ਖ਼ਮ ਕਾਰਨ ਕਿਉਂ ਚੀਕਾਂ ਮਾਰਦੀ ਹੈਂ?

ਤੇਰੇ ਦਰਦ ਦਾ ਕੋਈ ਇਲਾਜ ਨਹੀਂ ਹੈ!

ਕਿਉਂਕਿ ਤੇਰਾ ਅਪਰਾਧ ਵੱਡਾ ਹੈ ਅਤੇ ਤੇਰੇ ਪਾਪ ਬਹੁਤ ਸਾਰੇ ਹਨ+

ਇਸੇ ਕਰਕੇ ਮੈਂ ਤੇਰਾ ਇਹ ਹਾਲ ਕੀਤਾ ਹੈ।

16 ਜਿਹੜੇ ਤੈਨੂੰ ਨਿਗਲ਼ਦੇ ਹਨ, ਉਹ ਸਾਰੇ ਆਪ ਨਿਗਲ਼ੇ ਜਾਣਗੇ+

ਅਤੇ ਤੇਰੇ ਸਾਰੇ ਦੁਸ਼ਮਣ ਬੰਦੀ ਬਣਾ ਕੇ ਲਿਜਾਏ ਜਾਣਗੇ।+

ਤੈਨੂੰ ਲੁੱਟਣ ਵਾਲੇ ਆਪ ਲੁੱਟੇ ਜਾਣਗੇ

ਅਤੇ ਜਿਹੜੇ ਤੇਰਾ ਮਾਲ ਲੁੱਟਦੇ ਹਨ, ਮੈਂ ਉਨ੍ਹਾਂ ਸਾਰਿਆਂ ਦਾ ਮਾਲ ਦੂਜਿਆਂ ਦੇ ਹਵਾਲੇ ਕਰ ਦਿਆਂਗਾ।”+

17 “ਭਾਵੇਂ ਉਹ ਕਹਿੰਦੇ ਹਨ ਕਿ ਤੈਨੂੰ ਠੁਕਰਾਇਆ ਗਿਆ ਹੈ

ਅਤੇ ‘ਸੀਓਨ ਦੀ ਕੋਈ ਪਰਵਾਹ ਨਹੀਂ ਕਰਦਾ,’”+

ਯਹੋਵਾਹ ਕਹਿੰਦਾ ਹੈ, “ਪਰ ਮੈਂ ਤੇਰੀ ਸਿਹਤ ਠੀਕ ਕਰਾਂਗਾ ਅਤੇ ਤੇਰੇ ਜ਼ਖ਼ਮ ਭਰਾਂਗਾ।”+

18 ਯਹੋਵਾਹ ਕਹਿੰਦਾ ਹੈ:

“ਮੈਂ ਯਾਕੂਬ ਦੇ ਤੰਬੂਆਂ ਦੇ ਬੰਦੀ ਬਣਾਏ ਲੋਕਾਂ ਨੂੰ ਇਕੱਠਾ ਕਰਾਂਗਾ+

ਅਤੇ ਮੈਂ ਉਨ੍ਹਾਂ ਦੇ ਡੇਰਿਆਂ ʼਤੇ ਤਰਸ ਖਾਵਾਂਗਾ।

ਇਹ ਸ਼ਹਿਰ ਆਪਣੇ ਟਿੱਲੇ ʼਤੇ ਦੁਬਾਰਾ ਉਸਾਰਿਆ ਜਾਵੇਗਾ+

ਅਤੇ ਇਸ ਦੇ ਮਜ਼ਬੂਤ ਬੁਰਜ ਦੁਬਾਰਾ ਆਪਣੀ ਜਗ੍ਹਾ ʼਤੇ ਖੜ੍ਹੇ ਕੀਤੇ ਜਾਣਗੇ।

19 ਉੱਥੋਂ ਧੰਨਵਾਦ ਦੇ ਗੀਤਾਂ ਅਤੇ ਹਾਸਿਆਂ ਦੀਆਂ ਆਵਾਜ਼ਾਂ ਸੁਣਾਈ ਦੇਣਗੀਆਂ।+

ਮੈਂ ਉਨ੍ਹਾਂ ਦੀ ਗਿਣਤੀ ਵਧਾਵਾਂਗਾ ਅਤੇ ਉਹ ਘਟਣਗੇ ਨਹੀਂ,+

ਹਾਂ, ਮੈਂ ਉਨ੍ਹਾਂ ਦੀ ਗਿਣਤੀ ਵਧਾਵਾਂਗਾ*

ਅਤੇ ਉਹ ਮੁੱਠੀ ਭਰ ਨਹੀਂ ਹੋਣਗੇ।+

20 ਉਸ ਦੇ ਪੁੱਤਰ ਪਹਿਲੇ ਸਮਿਆਂ ਵਾਂਗ ਖ਼ੁਸ਼ਹਾਲ ਹੋਣਗੇ

ਅਤੇ ਉਸ ਦੀ ਮੰਡਲੀ ਮੇਰੇ ਸਾਮ੍ਹਣੇ ਮਜ਼ਬੂਤੀ ਨਾਲ ਕਾਇਮ ਹੋਵੇਗੀ।+

ਮੈਂ ਉਸ ʼਤੇ ਅਤਿਆਚਾਰ ਕਰਨ ਵਾਲੇ ਸਾਰੇ ਲੋਕਾਂ ਨਾਲ ਨਜਿੱਠਾਂਗਾ।+

21 ਉਸ ਦੇ ਲੋਕਾਂ ਵਿੱਚੋਂ ਹੀ ਉਸ ਦਾ ਆਗੂ ਨਿਕਲੇਗਾ

ਅਤੇ ਉਨ੍ਹਾਂ ਵਿੱਚੋਂ ਹੀ ਉਸ ਦਾ ਹਾਕਮ ਖੜ੍ਹਾ ਹੋਵੇਗਾ।

ਮੈਂ ਉਸ ਨੂੰ ਆਪਣੇ ਨੇੜੇ ਆਉਣ ਦਿਆਂਗਾ ਅਤੇ ਉਹ ਮੇਰੇ ਕੋਲ ਆਵੇਗਾ।”

“ਵਰਨਾ ਮੇਰੇ ਨੇੜੇ ਆਉਣ ਦੀ ਹਿੰਮਤ ਕੌਣ ਕਰ ਸਕਦਾ ਹੈ?” ਯਹੋਵਾਹ ਕਹਿੰਦਾ ਹੈ।

22 “ਤੁਸੀਂ ਮੇਰੇ ਲੋਕ ਹੋਵੋਗੇ+ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।”+

23 ਦੇਖੋ, ਯਹੋਵਾਹ ਦੇ ਗੁੱਸੇ ਦੀ ਹਨੇਰੀ ਵਗੇਗੀ,+

ਉਸ ਦੇ ਗੁੱਸੇ ਦਾ ਤੂਫ਼ਾਨੀ ਵਾਵਰੋਲਾ ਦੁਸ਼ਟਾਂ ਦੇ ਸਿਰ ʼਤੇ ਆ ਪਵੇਗਾ।

24 ਯਹੋਵਾਹ ਦਾ ਗੁੱਸਾ ਤਦ ਤਕ ਸ਼ਾਂਤ ਨਹੀਂ ਹੋਵੇਗਾ

ਜਦ ਤਕ ਉਹ ਆਪਣੇ ਮਨ ਦੇ ਇਰਾਦੇ ਮੁਤਾਬਕ

ਆਪਣਾ ਕੰਮ ਪੂਰਾ ਨਹੀਂ ਕਰ ਲੈਂਦਾ ਅਤੇ ਉਸ ਨੂੰ ਸਿਰੇ ਨਹੀਂ ਚਾੜ੍ਹ ਦਿੰਦਾ।+

ਤੂੰ ਆਖ਼ਰੀ ਦਿਨਾਂ ਵਿਚ ਇਸ ਗੱਲ ਨੂੰ ਸਮਝ ਜਾਵੇਂਗਾ।+

31 ਯਹੋਵਾਹ ਕਹਿੰਦਾ ਹੈ, “ਉਸ ਵੇਲੇ ਮੈਂ ਇਜ਼ਰਾਈਲ ਦੇ ਸਾਰੇ ਪਰਿਵਾਰਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ।”+

 2 ਯਹੋਵਾਹ ਕਹਿੰਦਾ ਹੈ:

“ਤਲਵਾਰ ਤੋਂ ਬਚੇ ਲੋਕਾਂ ਨੇ ਉਜਾੜ ਵਿਚ ਪਰਮੇਸ਼ੁਰ ਦੀ ਮਿਹਰ ਪਾਈ

ਜਦ ਇਜ਼ਰਾਈਲ ਆਪਣੀ ਆਰਾਮ ਕਰਨ ਦੀ ਜਗ੍ਹਾ ਵੱਲ ਆ ਰਿਹਾ ਸੀ।”

 3 ਯਹੋਵਾਹ ਦੂਰੋਂ ਮੇਰੇ ਸਾਮ੍ਹਣੇ ਪ੍ਰਗਟ ਹੋਇਆ ਅਤੇ ਕਿਹਾ:

“ਮੈਂ ਤੈਨੂੰ ਪਿਆਰ ਕੀਤਾ ਹੈ ਅਤੇ ਮੇਰਾ ਪਿਆਰ ਹਮੇਸ਼ਾ ਕਾਇਮ ਰਹਿੰਦਾ ਹੈ।

ਇਸੇ ਕਰਕੇ ਮੈਂ ਤੈਨੂੰ ਅਟੱਲ ਪਿਆਰ ਨਾਲ ਆਪਣੇ ਵੱਲ ਖਿੱਚਿਆ ਹੈ।*+

 4 ਹੇ ਇਜ਼ਰਾਈਲ ਦੀਏ ਕੁਆਰੀਏ ਧੀਏ,

ਮੈਂ ਤੈਨੂੰ ਦੁਬਾਰਾ ਉਸਾਰਾਂਗਾ ਅਤੇ ਤੂੰ ਮੁੜ ਉਸਾਰੀ ਜਾਏਂਗੀ।+

ਤੂੰ ਦੁਬਾਰਾ ਡਫਲੀਆਂ ਵਜਾਉਂਦੀ ਹੋਈ ਖ਼ੁਸ਼ੀ ਦੇ ਮਾਰੇ ਨੱਚੇਂਗੀ।*+

 5 ਤੂੰ ਸਾਮਰਿਯਾ ਦੇ ਪਹਾੜਾਂ ʼਤੇ ਦੁਬਾਰਾ ਅੰਗੂਰਾਂ ਦੇ ਬਾਗ਼ ਲਾਵੇਂਗੀ,+

ਜਿਹੜੇ ਬਾਗ਼ ਲਾਉਣਗੇ, ਉਹੀ ਉਨ੍ਹਾਂ ਦੇ ਫਲਾਂ ਦਾ ਮਜ਼ਾ ਲੈਣਗੇ।+

 6 ਉਹ ਦਿਨ ਆਵੇਗਾ ਜਦ ਇਫ਼ਰਾਈਮ ਦੇ ਪਹਾੜਾਂ ʼਤੇ ਪਹਿਰੇਦਾਰ ਪੁਕਾਰਨਗੇ:

‘ਉੱਠੋ, ਆਓ ਆਪਾਂ ਸੀਓਨ ਉੱਤੇ ਆਪਣੇ ਪਰਮੇਸ਼ੁਰ ਯਹੋਵਾਹ ਕੋਲ ਚੱਲੀਏ।’”+

 7 ਯਹੋਵਾਹ ਕਹਿੰਦਾ ਹੈ:

“ਯਾਕੂਬ ਦੇ ਲਈ ਖ਼ੁਸ਼ੀ ਨਾਲ ਗੀਤ ਗਾਓ।

ਖ਼ੁਸ਼ੀ ਨਾਲ ਜੈ-ਜੈ ਕਾਰ ਕਰੋ ਕਿਉਂਕਿ ਤੁਸੀਂ ਕੌਮਾਂ ਦੇ ਆਗੂ ਹੋ।+

ਇਸ ਸੰਦੇਸ਼ ਦਾ ਐਲਾਨ ਕਰੋ; ਪਰਮੇਸ਼ੁਰ ਦੀ ਮਹਿਮਾ ਕਰੋ ਅਤੇ ਕਹੋ,

‘ਹੇ ਯਹੋਵਾਹ, ਆਪਣੇ ਲੋਕਾਂ ਨੂੰ, ਹਾਂ, ਇਜ਼ਰਾਈਲ ਦੇ ਬਾਕੀ ਬਚੇ ਹੋਇਆਂ ਨੂੰ ਛੁਡਾ।’+

 8 ਮੈਂ ਉਨ੍ਹਾਂ ਨੂੰ ਉੱਤਰ ਦੇਸ਼ ਤੋਂ ਵਾਪਸ ਲਿਆਵਾਂਗਾ।+

ਮੈਂ ਉਨ੍ਹਾਂ ਨੂੰ ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਇਕੱਠਾ ਕਰਾਂਗਾ।+

ਉਨ੍ਹਾਂ ਵਿਚ ਅੰਨ੍ਹੇ, ਲੰਗੜੇ+ ਅਤੇ ਗਰਭਵਤੀ ਤੀਵੀਆਂ ਹੋਣਗੀਆਂ

ਅਤੇ ਉਹ ਤੀਵੀਆਂ ਵੀ ਹੋਣਗੀਆਂ ਜਿਨ੍ਹਾਂ ਨੂੰ ਜਣਨ-ਪੀੜਾਂ ਲੱਗੀਆਂ ਹੋਈਆਂ ਹਨ।

ਉਹ ਸਾਰੇ ਇਕ ਵੱਡਾ ਦਲ ਬਣਾ ਕੇ ਇੱਥੇ ਵਾਪਸ ਆਉਣਗੇ।+

 9 ਉਹ ਰੋਂਦੇ ਹੋਏ ਆਉਣਗੇ।+

ਜਦ ਉਹ ਮਿਹਰ ਲਈ ਤਰਲੇ ਕਰਨਗੇ, ਤਾਂ ਮੈਂ ਉਨ੍ਹਾਂ ਦੀ ਅਗਵਾਈ ਕਰਾਂਗਾ।

ਮੈਂ ਉਨ੍ਹਾਂ ਨੂੰ ਪਾਣੀ ਦੇ ਚਸ਼ਮਿਆਂ ਕੋਲ ਲੈ ਜਾਵਾਂਗਾ,+

ਉਨ੍ਹਾਂ ਨੂੰ ਪੱਧਰੇ ਰਾਹ ʼਤੇ ਲੈ ਜਾਵਾਂਗਾ ਜਿੱਥੇ ਉਹ ਠੇਡਾ ਨਹੀਂ ਖਾਣਗੇ

ਕਿਉਂਕਿ ਮੈਂ ਇਜ਼ਰਾਈਲ ਦਾ ਪਿਤਾ ਹਾਂ ਅਤੇ ਇਫ਼ਰਾਈਮ ਮੇਰਾ ਜੇਠਾ ਪੁੱਤਰ ਹੈ।”+

10 ਹੇ ਕੌਮਾਂ ਦੇ ਲੋਕੋ, ਯਹੋਵਾਹ ਦਾ ਸੰਦੇਸ਼ ਸੁਣੋ

ਅਤੇ ਦੂਰ-ਦੁਰਾਡੇ ਟਾਪੂਆਂ ਵਿਚ ਇਸ ਦਾ ਐਲਾਨ ਕਰੋ:+

“ਜਿਸ ਨੇ ਇਜ਼ਰਾਈਲ ਨੂੰ ਖਿੰਡਾਇਆ ਸੀ, ਉਹੀ ਉਸ ਨੂੰ ਇਕੱਠਾ ਕਰੇਗਾ।

ਉਹ ਉਸ ਦਾ ਧਿਆਨ ਰੱਖੇਗਾ ਜਿਵੇਂ ਇਕ ਚਰਵਾਹਾ ਆਪਣੇ ਇੱਜੜ ਦਾ ਧਿਆਨ ਰੱਖਦਾ ਹੈ।+

11 ਯਹੋਵਾਹ ਯਾਕੂਬ ਨੂੰ ਬਚਾਵੇਗਾ,+

ਉਹ ਯਾਕੂਬ ਨੂੰ ਉਸ ਦੇ ਹੱਥੋਂ ਛੁਡਾਵੇਗਾ ਜਿਹੜਾ ਉਸ ਨਾਲੋਂ ਤਾਕਤਵਰ ਹੈ।+

12 ਉਹ ਆਉਣਗੇ ਅਤੇ ਸੀਓਨ ਦੀ ਚੋਟੀ ਉੱਤੇ ਜੈ-ਜੈ ਕਾਰ ਕਰਨਗੇ+

ਅਤੇ ਯਹੋਵਾਹ ਦੀ ਭਲਾਈ* ਕਰਕੇ ਉਨ੍ਹਾਂ ਦੇ ਚਿਹਰੇ ਚਮਕਣਗੇ,

ਉਹ ਉਨ੍ਹਾਂ ਨੂੰ ਅਨਾਜ, ਨਵਾਂ ਦਾਖਰਸ+ ਅਤੇ ਤੇਲ ਦੇਵੇਗਾ

ਅਤੇ ਉਨ੍ਹਾਂ ਦੀਆਂ ਭੇਡਾਂ-ਬੱਕਰੀਆਂ ਅਤੇ ਗਾਂਵਾਂ-ਬਲਦਾਂ ਦੇ ਬੱਚੇ ਹੋਣਗੇ।+

ਉਹ ਪਾਣੀ ਨਾਲ ਸਿੰਜੇ ਹੋਏ ਬਾਗ਼ ਵਰਗੇ ਹੋਣਗੇ+

ਅਤੇ ਉਹ ਫਿਰ ਕਦੇ ਲਿੱਸੇ ਨਹੀਂ ਪੈਣਗੇ।”+

13 “ਉਸ ਵੇਲੇ ਕੁਆਰੀਆਂ ਖ਼ੁਸ਼ੀ ਨਾਲ ਨੱਚਣਗੀਆਂ,

ਨਾਲੇ ਜਵਾਨ ਤੇ ਬੁੱਢੇ ਰਲ਼ ਕੇ ਨੱਚਣਗੇ।+

ਮੈਂ ਉਨ੍ਹਾਂ ਦੇ ਮਾਤਮ ਨੂੰ ਖ਼ੁਸ਼ੀ ਵਿਚ ਬਦਲ ਦਿਆਂਗਾ।+

ਮੈਂ ਉਨ੍ਹਾਂ ਨੂੰ ਦਿਲਾਸਾ ਦਿਆਂਗਾ ਅਤੇ ਉਨ੍ਹਾਂ ਦਾ ਗਮ ਦੂਰ ਕਰ ਕੇ ਖ਼ੁਸ਼ੀ ਦਿਆਂਗਾ।+

14 ਮੈਂ ਪੁਜਾਰੀਆਂ ਨੂੰ ਭਰਪੂਰ ਖਾਣ-ਪੀਣ ਦੀਆਂ ਚੀਜ਼ਾਂ* ਦਿਆਂਗਾ

ਅਤੇ ਮੇਰੇ ਲੋਕ ਮੇਰੀ ਭਲਾਈ ਕਾਰਨ ਸੰਤੁਸ਼ਟ ਹੋ ਜਾਣਗੇ,”+ ਯਹੋਵਾਹ ਕਹਿੰਦਾ ਹੈ।

15 “ਯਹੋਵਾਹ ਇਹ ਕਹਿੰਦਾ ਹੈ:

‘ਰਾਮਾਹ+ ਵਿਚ ਰੋਣ-ਕੁਰਲਾਉਣ ਤੇ ਵੈਣ ਪਾਉਣ ਦੀ ਆਵਾਜ਼ ਸੁਣਾਈ ਦੇ ਰਹੀ ਹੈ,

ਰਾਕੇਲ ਆਪਣੇ ਪੁੱਤਰਾਂ* ਲਈ ਰੋ ਰਹੀ ਹੈ,+

ਉਸ ਦੇ ਪੁੱਤਰ ਨਹੀਂ ਰਹੇ, ਇਸ ਲਈ ਉਹ ਨਹੀਂ ਚਾਹੁੰਦੀ ਕਿ ਕੋਈ ਉਸ ਨੂੰ ਦਿਲਾਸਾ ਦੇਵੇ।’”+

16 ਯਹੋਵਾਹ ਇਹ ਕਹਿੰਦਾ ਹੈ:

“‘ਬੱਸ ਕਰ, ਹੋਰ ਨਾ ਰੋ, ਆਪਣੇ ਹੰਝੂ ਪੂੰਝ ਲੈ

ਕਿਉਂਕਿ ਤੈਨੂੰ ਆਪਣੇ ਕੰਮ ਦਾ ਇਨਾਮ ਮਿਲੇਗਾ,’ ਯਹੋਵਾਹ ਕਹਿੰਦਾ ਹੈ।

‘ਉਹ ਦੁਸ਼ਮਣਾਂ ਦੇ ਦੇਸ਼ ਤੋਂ ਵਾਪਸ ਮੁੜ ਆਉਣਗੇ।’+

17 ‘ਤੇਰੇ ਲਈ ਇਕ ਚੰਗੇ ਭਵਿੱਖ ਦੀ ਉਮੀਦ ਹੈ,’+ ਯਹੋਵਾਹ ਕਹਿੰਦਾ ਹੈ।

‘ਤੇਰੇ ਪੁੱਤਰ ਆਪਣੇ ਇਲਾਕੇ ਵਿਚ ਵਾਪਸ ਆਉਣਗੇ।’”+

18 “ਮੈਂ ਸੱਚ-ਮੁੱਚ ਇਫ਼ਰਾਈਮ ਨੂੰ ਦੁਖੀ ਹਾਲਤ ਵਿਚ ਇਹ ਕਹਿੰਦੇ ਸੁਣਿਆ ਹੈ,

‘ਮੈਂ ਇਕ ਅਜਿਹੇ ਵੱਛੇ ਵਾਂਗ ਸੀ ਜਿਸ ਨੂੰ ਸਿਖਲਾਈ ਨਾ ਦਿੱਤੀ ਗਈ ਹੋਵੇ,

ਤੂੰ ਮੈਨੂੰ ਸੁਧਾਰਿਆ ਅਤੇ ਮੈਂ ਆਪਣੇ ਵਿਚ ਸੁਧਾਰ ਕੀਤਾ।

ਤੂੰ ਮੈਨੂੰ ਵਾਪਸ ਲੈ ਆ ਅਤੇ ਮੈਂ ਝੱਟ ਵਾਪਸ ਮੁੜਾਂਗਾ

ਕਿਉਂਕਿ ਤੂੰ ਮੇਰਾ ਪਰਮੇਸ਼ੁਰ ਯਹੋਵਾਹ ਹੈਂ।

19 ਮੈਂ ਪਛਤਾਇਆ ਅਤੇ ਵਾਪਸ ਮੁੜ ਆਇਆ,+

ਜਦ ਤੂੰ ਮੈਨੂੰ ਸਮਝਾਇਆ, ਤਾਂ ਮੈਂ ਦੁੱਖ ਦੇ ਮਾਰੇ ਆਪਣੇ ਪੱਟਾਂ ʼਤੇ ਹੱਥ ਮਾਰੇ।

ਜਵਾਨੀ ਵਿਚ ਕੀਤੇ ਪਾਪਾਂ ਕਰਕੇ ਮੈਂ ਸ਼ਰਮਿੰਦਾ ਹੋਇਆ+

ਅਤੇ ਮੈਨੂੰ ਬੇਇੱਜ਼ਤੀ ਸਹਿਣੀ ਪਈ।’”

20 “ਕੀ ਇਫ਼ਰਾਈਮ ਮੇਰਾ ਪਿਆਰਾ ਪੁੱਤਰ ਨਹੀਂ ਹੈ? ਕੀ ਉਹ ਮੇਰਾ ਲਾਡਲਾ ਬੱਚਾ ਨਹੀਂ ਹੈ?+

ਮੈਂ ਉਸ ਨੂੰ ਜਿੰਨਾ ਝਿੜਕਦਾ ਹਾਂ, ਉਸ ਨੂੰ ਉੱਨਾ ਹੀ ਯਾਦ ਕਰਦਾ ਹਾਂ।

ਇਸੇ ਕਰਕੇ ਮੇਰਾ ਦਿਲ ਉਸ ਲਈ ਤਰਸਦਾ ਹੈ।+

ਮੈਂ ਜ਼ਰੂਰ ਉਸ ʼਤੇ ਰਹਿਮ ਕਰਾਂਗਾ,” ਯਹੋਵਾਹ ਕਹਿੰਦਾ ਹੈ।+

21 “ਰਾਹ ਦਿਖਾਉਣ ਵਾਲੇ ਮੀਲ-ਪੱਥਰ ਲਾ

ਅਤੇ ਸੜਕ ʼਤੇ ਪੱਥਰ ਦੇ ਥੰਮ੍ਹ ਖੜ੍ਹੇ ਕਰ।+

ਰਾਜਮਾਰਗ ʼਤੇ ਧਿਆਨ ਦੇ ਜਿਸ ਰਾਹੀਂ ਤੂੰ ਜਾਣਾ ਹੈ।+

ਹੇ ਇਜ਼ਰਾਈਲ ਦੀਏ ਕੁਆਰੀਏ ਧੀਏ, ਆਪਣੇ ਇਨ੍ਹਾਂ ਸ਼ਹਿਰਾਂ ਨੂੰ ਵਾਪਸ ਜਾਹ।

22 ਹੇ ਬੇਵਫ਼ਾ ਧੀਏ, ਤੂੰ ਕਦ ਤਕ ਆਵਾਰਾ ਫਿਰੇਂਗੀ?

ਯਹੋਵਾਹ ਨੇ ਧਰਤੀ ʼਤੇ ਕੁਝ ਨਵਾਂ ਕੀਤਾ ਹੈ:

ਇਕ ਔਰਤ ਬੇਸਬਰੀ ਨਾਲ ਆਦਮੀ ਦਾ ਪਿੱਛਾ ਕਰੇਗੀ।”

23 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਜਦ ਮੈਂ ਉਨ੍ਹਾਂ ਦੇ ਬੰਦੀ ਬਣਾਏ ਲੋਕਾਂ ਨੂੰ ਇਕੱਠਾ ਕਰਾਂਗਾ, ਤਾਂ ਉਹ ਯਹੂਦਾਹ ਦੇ ਇਲਾਕੇ ਅਤੇ ਇਸ ਦੇ ਸ਼ਹਿਰਾਂ ਵਿਚ ਦੁਬਾਰਾ ਇਹ ਗੱਲ ਕਹਿਣਗੇ: ‘ਹੇ ਧਾਰਮਿਕਤਾ* ਦੇ ਨਿਵਾਸ-ਸਥਾਨ,+ ਹੇ ਪਵਿੱਤਰ ਪਹਾੜ,+ ਯਹੋਵਾਹ ਤੈਨੂੰ ਬਰਕਤ ਦੇਵੇ।’ 24 ਯਹੂਦਾਹ ਅਤੇ ਇਸ ਦੇ ਸਾਰੇ ਸ਼ਹਿਰ ਵਸਾਏ ਜਾਣਗੇ, ਕਿਸਾਨ ਅਤੇ ਭੇਡਾਂ-ਬੱਕਰੀਆਂ ਚਾਰਨ ਵਾਲੇ ਉੱਥੇ ਵੱਸਣਗੇ।+ 25 ਮੈਂ ਥੱਕੇ-ਟੁੱਟੇ ਲੋਕਾਂ ਵਿਚ ਜਾਨ ਪਾਵਾਂਗਾ ਅਤੇ ਲਿੱਸੇ ਲੋਕਾਂ ਨੂੰ ਰਜਾਵਾਂਗਾ।”+

26 ਫਿਰ ਮੈਂ ਜਾਗ ਗਿਆ ਅਤੇ ਮੈਂ ਆਪਣੀਆਂ ਅੱਖਾਂ ਖੋਲ੍ਹੀਆਂ। ਮੈਨੂੰ ਮਿੱਠੀ ਨੀਂਦ ਆਈ ਸੀ।

27 “ਦੇਖੋ! ਉਹ ਦਿਨ ਆ ਰਹੇ ਹਨ,” ਯਹੋਵਾਹ ਕਹਿੰਦਾ ਹੈ, “ਜਦ ਮੈਂ ਇਜ਼ਰਾਈਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਵਿਚ ਇਨਸਾਨਾਂ ਤੇ ਪਾਲਤੂ ਪਸ਼ੂਆਂ ਦੇ ਬੀ* ਬੀਜਾਂਗਾ।”+

28 “ਜਿਵੇਂ ਮੈਂ ਉਨ੍ਹਾਂ ਨੂੰ ਜੜ੍ਹੋਂ ਪੁੱਟਣ, ਢਾਹੁਣ, ਤਬਾਹ ਕਰਨ, ਨਾਸ਼ ਕਰਨ ਅਤੇ ਉਨ੍ਹਾਂ ਦਾ ਨੁਕਸਾਨ ਕਰਨ ਦੀ ਤਾੜ ਵਿਚ ਬੈਠਾ ਸੀ,+ ਉਸੇ ਤਰ੍ਹਾਂ ਮੈਂ ਇਸ ਮੌਕੇ ਦੀ ਤਾੜ ਵਿਚ ਬੈਠਾਂਗਾ ਕਿ ਮੈਂ ਉਨ੍ਹਾਂ ਨੂੰ ਬਣਾਵਾਂ ਅਤੇ ਲਾਵਾਂ,”+ ਯਹੋਵਾਹ ਕਹਿੰਦਾ ਹੈ। 29 “ਉਨ੍ਹਾਂ ਦਿਨਾਂ ਦੌਰਾਨ ਲੋਕ ਫਿਰ ਕਦੇ ਇਹ ਨਹੀਂ ਕਹਿਣਗੇ, ‘ਖੱਟੇ ਅੰਗੂਰ ਖਾਧੇ ਪਿਉ ਨੇ, ਪਰ ਦੰਦ ਖੱਟੇ ਹੋਏ ਪੁੱਤਰ ਦੇ।’+ 30 ਹਰੇਕ ਆਪਣੀ ਹੀ ਗ਼ਲਤੀ ਕਾਰਨ ਮਰੇਗਾ। ਜਿਹੜਾ ਵੀ ਖੱਟੇ ਅੰਗੂਰ ਖਾਵੇਗਾ, ਉਸ ਦੇ ਹੀ ਦੰਦ ਖੱਟੇ ਹੋਣਗੇ।”

31 “ਦੇਖੋ! ਉਹ ਦਿਨ ਆ ਰਹੇ ਹਨ,” ਯਹੋਵਾਹ ਕਹਿੰਦਾ ਹੈ, “ਜਦੋਂ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇਕ ਨਵਾਂ ਇਕਰਾਰ ਕਰਾਂਗਾ।+ 32 ਇਹ ਇਕਰਾਰ ਉਸ ਇਕਰਾਰ ਵਰਗਾ ਨਹੀਂ ਹੋਵੇਗਾ ਜਿਹੜਾ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਉਸ ਦਿਨ ਕੀਤਾ ਸੀ ਜਿਸ ਦਿਨ ਮੈਂ ਉਨ੍ਹਾਂ ਦਾ ਹੱਥ ਫੜ ਕੇ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ ਯਹੋਵਾਹ ਕਹਿੰਦਾ ਹੈ, ‘ਭਾਵੇਂ ਮੈਂ ਉਨ੍ਹਾਂ ਦਾ ਅਸਲੀ ਮਾਲਕ* ਸੀ, ਪਰ ਫਿਰ ਵੀ ਉਨ੍ਹਾਂ ਨੇ ਮੇਰਾ ਇਕਰਾਰ ਤੋੜਿਆ।’”+

33 “ਉਨ੍ਹਾਂ ਦਿਨਾਂ ਤੋਂ ਬਾਅਦ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਇਹ ਇਕਰਾਰ ਕਰਾਂਗਾ,” ਯਹੋਵਾਹ ਕਹਿੰਦਾ ਹੈ। “ਮੈਂ ਆਪਣਾ ਕਾਨੂੰਨ ਉਨ੍ਹਾਂ ਦੇ ਮਨਾਂ ਵਿਚ ਪਾਵਾਂਗਾ+ ਅਤੇ ਇਹ ਕਾਨੂੰਨ ਮੈਂ ਉਨ੍ਹਾਂ ਦੇ ਦਿਲਾਂ ʼਤੇ ਲਿਖਾਂਗਾ।+ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ।”+

34 “ਉਨ੍ਹਾਂ ਵਿੱਚੋਂ ਕੋਈ ਵੀ ਆਪਣੇ ਗੁਆਂਢੀ ਨੂੰ ਤੇ ਆਪਣੇ ਭਰਾ ਨੂੰ ਇਹ ਕਹਿ ਕੇ ਸਿੱਖਿਆ ਨਹੀਂ ਦੇਵੇਗਾ: ‘ਯਹੋਵਾਹ ਨੂੰ ਜਾਣੋ!’+ ਕਿਉਂਕਿ ਉਹ ਸਾਰੇ, ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ, ਮੈਨੂੰ ਜਾਣਦੇ ਹੋਣਗੇ,”+ ਯਹੋਵਾਹ ਕਹਿੰਦਾ ਹੈ। “ਮੈਂ ਉਨ੍ਹਾਂ ਦੀ ਗ਼ਲਤੀ ਮਾਫ਼ ਕਰਾਂਗਾ ਅਤੇ ਮੈਂ ਉਨ੍ਹਾਂ ਦਾ ਪਾਪ ਦੁਬਾਰਾ ਯਾਦ ਨਹੀਂ ਕਰਾਂਗਾ।”+

35 ਯਹੋਵਾਹ ਜੋ ਦਿਨ ਵੇਲੇ ਸੂਰਜ ਨਾਲ ਚਾਨਣ ਕਰਦਾ,

ਜਿਸ ਨੇ ਚੰਦ ਅਤੇ ਤਾਰਿਆਂ ਲਈ ਕਾਨੂੰਨ* ਬਣਾਏ ਹਨ

ਤਾਂਕਿ ਉਹ ਰਾਤ ਨੂੰ ਰੌਸ਼ਨੀ ਦੇਣ,

ਜੋ ਸਮੁੰਦਰ ਵਿਚ ਹਲਚਲ ਮਚਾਉਂਦਾ ਹੈ ਅਤੇ ਇਸ ਦੀਆਂ ਲਹਿਰਾਂ ਨੂੰ ਉਛਾਲ਼ਦਾ ਹੈ,

ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ, ਉਹ ਕਹਿੰਦਾ ਹੈ:+

36 “‘ਜੇ ਕਦੇ ਇਹ ਨਿਯਮ ਖ਼ਤਮ ਹੋਏ,’ ਯਹੋਵਾਹ ਕਹਿੰਦਾ ਹੈ,

‘ਤਾਂ ਸਮਝ ਲਓ ਕਿ ਇਜ਼ਰਾਈਲ ਦੀ ਸੰਤਾਨ ਵੀ ਇਕ ਕੌਮ ਵਜੋਂ ਮੇਰੇ ਸਾਮ੍ਹਣਿਓਂ ਹਮੇਸ਼ਾ ਲਈ ਖ਼ਤਮ ਹੋ ਗਈ।’”+

37 ਯਹੋਵਾਹ ਕਹਿੰਦਾ ਹੈ: “‘ਜੇ ਆਕਾਸ਼ਾਂ ਨੂੰ ਨਾਪਿਆ ਜਾ ਸਕਦਾ ਅਤੇ ਧਰਤੀ ਦੀਆਂ ਨੀਂਹਾਂ ਦੀ ਡੂੰਘਾਈ ਮਾਪੀ ਜਾ ਸਕਦੀ, ਤਾਂ ਇੱਦਾਂ ਹੋ ਸਕਦਾ ਸੀ ਕਿ ਮੈਂ ਇਜ਼ਰਾਈਲ ਦੀ ਸਾਰੀ ਸੰਤਾਨ ਨੂੰ ਉਨ੍ਹਾਂ ਦੇ ਕੰਮਾਂ ਕਰਕੇ ਤਿਆਗ ਦਿੰਦਾ,’ ਯਹੋਵਾਹ ਕਹਿੰਦਾ ਹੈ।”+

38 “ਦੇਖੋ! ਉਹ ਦਿਨ ਆ ਰਹੇ ਹਨ,” ਯਹੋਵਾਹ ਕਹਿੰਦਾ ਹੈ, “ਜਦ ਹਨਨੇਲ ਦੇ ਬੁਰਜ+ ਤੋਂ ਲੈ ਕੇ ਕੋਨੇ ਵਾਲੇ ਫਾਟਕ+ ਤਕ ਇਹ ਸ਼ਹਿਰ ਯਹੋਵਾਹ ਲਈ ਬਣਾਇਆ ਜਾਵੇਗਾ।+ 39 ਉੱਥੋਂ ਗਾਰੇਬ ਪਹਾੜੀ ਤਕ ਰੱਸੀ+ ਨਾਲ ਸਿੱਧੀ ਮਿਣਤੀ ਕੀਤੀ ਜਾਵੇਗੀ ਅਤੇ ਫਿਰ ਉੱਥੋਂ ਗੋਆਹ ਵੱਲ ਨੂੰ ਮਿਣਤੀ ਕੀਤੀ ਜਾਵੇਗੀ। 40 ਲਾਸ਼ਾਂ ਅਤੇ ਸੁਆਹ* ਦੀ ਪੂਰੀ ਘਾਟੀ, ਕਿਦਰੋਨ ਘਾਟੀ+ ਤਕ ਸਾਰੀਆਂ ਢਲਾਣਾਂ ਅਤੇ ਪੂਰਬ ਵਿਚ ਘੋੜਾ ਫਾਟਕ+ ਦੇ ਖੂੰਜੇ ਤਕ ਸਾਰਾ ਇਲਾਕਾ ਯਹੋਵਾਹ ਲਈ ਪਵਿੱਤਰ ਹੋਵੇਗਾ।+ ਇਹ ਦੁਬਾਰਾ ਕਦੇ ਜੜ੍ਹੋਂ ਨਹੀਂ ਪੁੱਟਿਆ ਜਾਵੇਗਾ ਅਤੇ ਨਾ ਹੀ ਢਾਹਿਆ ਜਾਵੇਗਾ।”

32 ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦੇ ਦਸਵੇਂ ਸਾਲ ਦੌਰਾਨ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਸੰਦੇਸ਼ ਮਿਲਿਆ। ਇਹ ਸਾਲ ਨਬੂਕਦਨੱਸਰ* ਦੇ ਰਾਜ ਦਾ 18ਵਾਂ ਸਾਲ ਸੀ।+ 2 ਉਸ ਵੇਲੇ ਬਾਬਲ ਦੇ ਰਾਜੇ ਦੀ ਫ਼ੌਜ ਨੇ ਯਰੂਸ਼ਲਮ ਨੂੰ ਘੇਰਿਆ ਹੋਇਆ ਸੀ ਅਤੇ ਯਿਰਮਿਯਾਹ ਨਬੀ ਪਹਿਰੇਦਾਰਾਂ ਦੇ ਵਿਹੜੇ ਵਿਚ ਕੈਦ ਸੀ+ ਜੋ ਯਹੂਦਾਹ ਦੇ ਰਾਜੇ ਦੇ ਮਹਿਲ ਵਿਚ ਸੀ। 3 ਯਹੂਦਾਹ ਦੇ ਰਾਜੇ ਸਿਦਕੀਯਾਹ ਨੇ ਇਹ ਕਹਿ ਕੇ ਉਸ ਨੂੰ ਕੈਦ ਵਿਚ ਸੁੱਟ ਦਿੱਤਾ ਸੀ:+ “ਤੂੰ ਇਹ ਭਵਿੱਖਬਾਣੀ ਕਿਉਂ ਕਰਦਾ ਹੈਂ? ਤੂੰ ਕਹਿੰਦਾ ਹੈਂ, ‘ਯਹੋਵਾਹ ਨੇ ਕਿਹਾ ਹੈ: “ਮੈਂ ਇਸ ਸ਼ਹਿਰ ਨੂੰ ਬਾਬਲ ਦੇ ਰਾਜੇ ਦੇ ਹੱਥ ਵਿਚ ਦੇ ਦਿਆਂਗਾ ਅਤੇ ਉਹ ਇਸ ʼਤੇ ਕਬਜ਼ਾ ਕਰ ਲਵੇਗਾ+ 4 ਅਤੇ ਯਹੂਦਾਹ ਦਾ ਰਾਜਾ ਸਿਦਕੀਯਾਹ ਕਸਦੀਆਂ ਦੇ ਹੱਥੋਂ ਨਹੀਂ ਬਚੇਗਾ ਕਿਉਂਕਿ ਉਸ ਨੂੰ ਜ਼ਰੂਰ ਬਾਬਲ ਦੇ ਰਾਜੇ ਦੇ ਹੱਥ ਵਿਚ ਦੇ ਦਿੱਤਾ ਜਾਵੇਗਾ ਅਤੇ ਸਿਦਕੀਯਾਹ ਨੂੰ ਉਸ ਦੇ ਸਾਮ੍ਹਣੇ ਪੇਸ਼ ਹੋ ਕੇ ਉਸ ਨਾਲ ਗੱਲ ਕਰਨੀ ਪਵੇਗੀ।”’+ 5 ਯਹੋਵਾਹ ਕਹਿੰਦਾ ਹੈ, ‘ਉਹ ਸਿਦਕੀਯਾਹ ਨੂੰ ਬਾਬਲ ਲੈ ਜਾਵੇਗਾ ਅਤੇ ਉਹ ਉੱਥੇ ਤਦ ਤਕ ਰਹੇਗਾ ਜਦ ਤਕ ਮੈਂ ਉਸ ਵੱਲ ਧਿਆਨ ਨਹੀਂ ਦਿੰਦਾ। ਭਾਵੇਂ ਤੁਸੀਂ ਕਸਦੀਆਂ ਨਾਲ ਲੜਾਈ ਕਰੀ ਜਾਂਦੇ ਹੋ, ਪਰ ਤੁਸੀਂ ਜਿੱਤੋਗੇ ਨਹੀਂ।’”+

6 ਯਿਰਮਿਯਾਹ ਨੇ ਕਿਹਾ: “ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ, 7 ‘ਤੇਰੇ ਚਾਚੇ ਸ਼ਲੂਮ ਦਾ ਪੁੱਤਰ ਹਨਮੇਲ ਆ ਕੇ ਤੈਨੂੰ ਕਹੇਗਾ: “ਤੂੰ ਅਨਾਥੋਥ ਵਿਚਲਾ ਮੇਰਾ ਖੇਤ+ ਖ਼ਰੀਦ ਲੈ ਕਿਉਂਕਿ ਉਸ ਨੂੰ ਖ਼ਰੀਦਣ ਦਾ ਹੱਕ ਪਹਿਲਾਂ ਤੇਰਾ ਬਣਦਾ ਹੈ।”’”+

8 ਫਿਰ ਜਿਵੇਂ ਯਹੋਵਾਹ ਨੇ ਕਿਹਾ ਸੀ, ਮੇਰੇ ਚਾਚੇ ਸ਼ਲੂਮ ਦਾ ਪੁੱਤਰ ਹਨਮੇਲ ਮੇਰੇ ਕੋਲ ਪਹਿਰੇਦਾਰਾਂ ਦੇ ਵਿਹੜੇ ਵਿਚ ਆਇਆ ਅਤੇ ਉਸ ਨੇ ਮੈਨੂੰ ਕਿਹਾ: “ਕਿਰਪਾ ਕਰ ਕੇ ਤੂੰ ਅਨਾਥੋਥ ਵਿਚਲਾ ਮੇਰਾ ਖੇਤ ਖ਼ਰੀਦ ਲੈ ਜੋ ਬਿਨਯਾਮੀਨ ਦੇ ਇਲਾਕੇ ਵਿਚ ਹੈ ਕਿਉਂਕਿ ਉਸ ਨੂੰ ਖ਼ਰੀਦਣ ਅਤੇ ਉਸ ʼਤੇ ਕਬਜ਼ਾ ਕਰਨ ਦਾ ਹੱਕ ਪਹਿਲਾਂ ਤੇਰਾ ਬਣਦਾ ਹੈ। ਤੂੰ ਉਸ ਨੂੰ ਆਪਣੇ ਲਈ ਖ਼ਰੀਦ ਲੈ।” ਤਦ ਮੈਂ ਜਾਣ ਗਿਆ ਕਿ ਇਹ ਯਹੋਵਾਹ ਦੇ ਕਹੇ ਅਨੁਸਾਰ ਹੋਇਆ ਹੈ।

9 ਇਸ ਲਈ ਮੈਂ ਆਪਣੇ ਚਾਚੇ ਸ਼ਲੂਮ ਦੇ ਪੁੱਤਰ ਹਨਮੇਲ ਤੋਂ ਅਨਾਥੋਥ ਵਿਚਲਾ ਖੇਤ ਖ਼ਰੀਦ ਲਿਆ। ਮੈਂ ਉਸ ਨੂੰ 17 ਸ਼ੇਕੇਲ* ਚਾਂਦੀ* ਤੋਲ ਕੇ ਦੇ ਦਿੱਤੀ।+ 10 ਫਿਰ ਮੈਂ ਇਸ ਦੀ ਇਕ ਕਾਨੂੰਨੀ ਲਿਖਤ ਤਿਆਰ ਕੀਤੀ,+ ਇਸ ʼਤੇ ਮੁਹਰ ਲਾਈ, ਗਵਾਹਾਂ ਨੂੰ ਬੁਲਾਇਆ+ ਅਤੇ ਤੱਕੜੀ ਵਿਚ ਪੈਸਾ ਤੋਲਿਆ। 11 ਜਿਸ ਕਾਨੂੰਨੀ ਲਿਖਤ ʼਤੇ ਕਾਨੂੰਨਾਂ ਅਤੇ ਨਿਯਮਾਂ ਮੁਤਾਬਕ ਮੁਹਰ ਲਾਈ ਗਈ ਸੀ, ਮੈਂ ਉਹ ਅਤੇ ਬਿਨਾਂ ਮੁਹਰ ਵਾਲੀ ਲਿਖਤ ਲਈ 12 ਅਤੇ ਮੈਂ ਉਹ ਕਾਨੂੰਨੀ ਲਿਖਤ ਆਪਣੇ ਚਾਚੇ ਦੇ ਪੁੱਤਰ ਹਨਮੇਲ ਦੇ ਸਾਮ੍ਹਣੇ, ਲਿਖਤ ʼਤੇ ਦਸਤਖਤ ਕਰਨ ਵਾਲੇ ਗਵਾਹਾਂ ਦੇ ਸਾਮ੍ਹਣੇ ਅਤੇ ਪਹਿਰੇਦਾਰਾਂ ਦੇ ਵਿਹੜੇ+ ਵਿਚ ਬੈਠੇ ਸਾਰੇ ਯਹੂਦੀਆਂ ਦੇ ਸਾਮ੍ਹਣੇ ਮਹਸੇਯਾਹ ਦੇ ਪੋਤੇ ਅਤੇ ਨੇਰੀਯਾਹ+ ਦੇ ਪੁੱਤਰ ਬਾਰੂਕ+ ਨੂੰ ਦੇ ਦਿੱਤੀ।

13 ਫਿਰ ਮੈਂ ਉਨ੍ਹਾਂ ਸਾਰਿਆਂ ਦੇ ਸਾਮ੍ਹਣੇ ਬਾਰੂਕ ਨੂੰ ਹੁਕਮ ਦਿੱਤਾ: 14 “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਤੂੰ ਮੁਹਰ ਵਾਲੀ ਅਤੇ ਬਿਨਾਂ ਮੁਹਰ ਵਾਲੀ ਕਾਨੂੰਨੀ ਲਿਖਤ ਲੈ ਅਤੇ ਦੋਵਾਂ ਨੂੰ ਇਕ ਮਿੱਟੀ ਦੇ ਭਾਂਡੇ ਵਿਚ ਰੱਖ ਦੇ ਤਾਂਕਿ ਇਹ ਲੰਬੇ ਸਮੇਂ ਤਕ ਸਾਂਭੀਆਂ ਰਹਿਣ’ 15 ਕਿਉਂਕਿ ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਇਸ ਦੇਸ਼ ਵਿਚ ਘਰ, ਖੇਤ ਅਤੇ ਅੰਗੂਰਾਂ ਦੇ ਬਾਗ਼ ਦੁਬਾਰਾ ਤੋਂ ਖ਼ਰੀਦੇ ਜਾਣਗੇ।’”+

16 ਫਿਰ ਮੈਂ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਕਾਨੂੰਨੀ ਲਿਖਤ ਦੇਣ ਤੋਂ ਬਾਅਦ ਯਹੋਵਾਹ ਨੂੰ ਪ੍ਰਾਰਥਨਾ ਵਿਚ ਇਹ ਕਿਹਾ: 17 “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਆਪਣੀ ਵੱਡੀ ਤਾਕਤ ਅਤੇ ਆਪਣੀ ਤਾਕਤਵਰ ਬਾਂਹ* ਨਾਲ ਆਕਾਸ਼ ਅਤੇ ਧਰਤੀ ਨੂੰ ਬਣਾਇਆ ਹੈ।+ ਤੇਰੇ ਲਈ ਕੁਝ ਵੀ ਕਰਨਾ ਨਾਮੁਮਕਿਨ ਨਹੀਂ ਹੈ। 18 ਤੂੰ ਹਜ਼ਾਰਾਂ ਨਾਲ ਅਟੱਲ ਪਿਆਰ ਕਰਦਾ ਹੈਂ, ਪਰ ਪਿਤਾ ਦੀਆਂ ਗ਼ਲਤੀਆਂ ਦੀ ਸਜ਼ਾ ਉਸ ਦੇ ਪੁੱਤਰਾਂ ਨੂੰ ਦਿੰਦਾ ਹੈਂ।*+ ਤੂੰ ਸੱਚਾ, ਮਹਾਨ ਤੇ ਤਾਕਤਵਰ ਪਰਮੇਸ਼ੁਰ ਹੈਂ ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ। 19 ਤੇਰੇ ਮਕਸਦ* ਮਹਾਨ ਹਨ, ਤੇਰੇ ਕੰਮ ਸ਼ਕਤੀਸ਼ਾਲੀ ਹਨ+ ਅਤੇ ਤੇਰੀਆਂ ਅੱਖਾਂ ਇਨਸਾਨਾਂ ਦੇ ਕੰਮਾਂ ʼਤੇ ਲੱਗੀਆਂ ਹੋਈਆਂ ਹਨ+ ਤਾਂਕਿ ਤੂੰ ਹਰੇਕ ਨੂੰ ਉਸ ਦੇ ਚਾਲ-ਚਲਣ ਅਤੇ ਕੰਮਾਂ ਮੁਤਾਬਕ ਫਲ ਦੇਵੇਂ।+ 20 ਤੂੰ ਮਿਸਰ ਵਿਚ ਕਰਾਮਾਤਾਂ ਅਤੇ ਚਮਤਕਾਰ ਕੀਤੇ ਜਿਨ੍ਹਾਂ ਨੂੰ ਲੋਕ ਅੱਜ ਤਕ ਯਾਦ ਕਰਦੇ ਹਨ। ਇਸ ਤਰ੍ਹਾਂ ਤੂੰ ਇਜ਼ਰਾਈਲ ਅਤੇ ਦੁਨੀਆਂ ਵਿਚ ਆਪਣੇ ਲਈ ਇਕ ਵੱਡਾ ਨਾਂ ਕਮਾਇਆ+ ਜੋ ਅੱਜ ਵੀ ਕਾਇਮ ਹੈ। 21 ਤੂੰ ਆਪਣੇ ਬਲਵੰਤ ਹੱਥ ਅਤੇ ਤਾਕਤਵਰ ਬਾਂਹ* ਨਾਲ ਕਰਾਮਾਤਾਂ, ਚਮਤਕਾਰ ਅਤੇ ਦਿਲ ਦਹਿਲਾਉਣ ਵਾਲੇ ਕੰਮ ਕਰ ਕੇ ਆਪਣੀ ਪਰਜਾ ਇਜ਼ਰਾਈਲ ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਸੀ।+

22 “ਸਮੇਂ ਦੇ ਬੀਤਣ ਨਾਲ ਤੂੰ ਉਨ੍ਹਾਂ ਨੂੰ ਇਹ ਦੇਸ਼ ਦਿੱਤਾ ਜਿਸ ਨੂੰ ਦੇਣ ਦੀ ਤੂੰ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ+ ਅਤੇ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।+ 23 ਉਨ੍ਹਾਂ ਨੇ ਆ ਕੇ ਇਸ ਦੇਸ਼ ʼਤੇ ਕਬਜ਼ਾ ਕਰ ਲਿਆ, ਪਰ ਉਨ੍ਹਾਂ ਨੇ ਤੇਰਾ ਕਹਿਣਾ ਨਹੀਂ ਮੰਨਿਆ ਅਤੇ ਨਾ ਹੀ ਉਹ ਤੇਰੇ ਕਾਨੂੰਨ ਮੁਤਾਬਕ ਚੱਲੇ। ਤੂੰ ਉਨ੍ਹਾਂ ਨੂੰ ਜੋ ਵੀ ਹੁਕਮ ਦਿੱਤੇ ਸਨ, ਉਨ੍ਹਾਂ ਨੇ ਉਨ੍ਹਾਂ ਵਿੱਚੋਂ ਇਕ ਵੀ ਹੁਕਮ ਨਹੀਂ ਮੰਨਿਆ ਜਿਸ ਕਰਕੇ ਤੂੰ ਉਨ੍ਹਾਂ ʼਤੇ ਇਹ ਸਾਰੀ ਬਿਪਤਾ ਲਿਆਂਦੀ।+ 24 ਦੇਖ, ਲੋਕ ਇਸ ਸ਼ਹਿਰ ʼਤੇ ਕਬਜ਼ਾ ਕਰਨ ਲਈ ਆ ਗਏ ਹਨ। ਕਸਦੀਆਂ ਨੇ ਸ਼ਹਿਰ ਦੀ ਘੇਰਾਬੰਦੀ ਕਰ ਕੇ+ ਇਸ ʼਤੇ ਹਮਲਾ ਕਰ ਦਿੱਤਾ ਹੈ ਅਤੇ ਇਹ ਤਲਵਾਰ,+ ਕਾਲ਼ ਤੇ ਮਹਾਂਮਾਰੀ*+ ਕਰਕੇ ਜ਼ਰੂਰ ਉਨ੍ਹਾਂ ਦੇ ਹੱਥਾਂ ਵਿਚ ਚਲਾ ਜਾਵੇਗਾ। ਤੂੰ ਜੋ ਵੀ ਕਿਹਾ ਸੀ, ਉਹ ਸਾਰਾ ਕੁਝ ਹੋ ਰਿਹਾ ਹੈ ਜਿਵੇਂ ਕਿ ਤੂੰ ਦੇਖ ਰਿਹਾ ਹੈਂ। 25 ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਭਾਵੇਂ ਕਿ ਇਹ ਸ਼ਹਿਰ ਜ਼ਰੂਰ ਕਸਦੀਆਂ ਦੇ ਹੱਥ ਵਿਚ ਦੇ ਦਿੱਤਾ ਜਾਵੇਗਾ, ਫਿਰ ਵੀ ਤੂੰ ਮੈਨੂੰ ਕਿਹਾ, ‘ਤੂੰ ਪੈਸੇ ਦੇ ਕੇ ਆਪਣੇ ਲਈ ਖੇਤ ਖ਼ਰੀਦ ਲੈ ਅਤੇ ਗਵਾਹਾਂ ਨੂੰ ਬੁਲਾ।’”

26 ਤਦ ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 27 “ਮੈਂ ਯਹੋਵਾਹ ਹਾਂ, ਮੈਂ ਸਾਰੇ ਇਨਸਾਨਾਂ ਦਾ ਪਰਮੇਸ਼ੁਰ ਹਾਂ। ਕੀ ਮੇਰੇ ਲਈ ਕੁਝ ਵੀ ਕਰਨਾ ਨਾਮੁਮਕਿਨ ਹੈ? 28 ਇਸ ਲਈ ਯਹੋਵਾਹ ਕਹਿੰਦਾ ਹੈ, ‘ਮੈਂ ਇਸ ਸ਼ਹਿਰ ਨੂੰ ਕਸਦੀਆਂ ਦੇ ਹੱਥ ਵਿਚ ਅਤੇ ਬਾਬਲ ਦੇ ਰਾਜੇ ਨਬੂਕਦਨੱਸਰ* ਦੇ ਹੱਥ ਵਿਚ ਦੇ ਦਿਆਂਗਾ ਅਤੇ ਉਹ ਇਸ ʼਤੇ ਕਬਜ਼ਾ ਕਰ ਲਵੇਗਾ।+ 29 ਕਸਦੀ ਸ਼ਹਿਰ ʼਤੇ ਹਮਲਾ ਕਰ ਕੇ ਇਸ ਨੂੰ ਅਤੇ ਉਨ੍ਹਾਂ ਘਰਾਂ ਨੂੰ ਅੱਗ ਨਾਲ ਸਾੜ ਸੁੱਟਣਗੇ+ ਜਿਨ੍ਹਾਂ ਦੀਆਂ ਛੱਤਾਂ ਉੱਪਰ ਲੋਕਾਂ ਨੇ ਬਆਲ ਨੂੰ ਬਲ਼ੀਆਂ ਚੜ੍ਹਾਈਆਂ ਹਨ ਅਤੇ ਦੂਜੇ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਚੜ੍ਹਾਈਆਂ ਹਨ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਮੈਨੂੰ ਗੁੱਸਾ ਚੜ੍ਹਾਇਆ ਹੈ।’+

30 “‘ਇਜ਼ਰਾਈਲ ਅਤੇ ਯਹੂਦਾਹ ਦੇ ਲੋਕਾਂ ਨੇ ਜਵਾਨੀ ਤੋਂ ਹੀ ਉਹ ਕੰਮ ਕੀਤੇ ਹਨ ਜੋ ਮੇਰੀਆਂ ਨਜ਼ਰਾਂ ਵਿਚ ਬੁਰੇ ਹਨ।+ ਇਜ਼ਰਾਈਲ ਦੇ ਲੋਕ ਆਪਣੇ ਹੱਥਾਂ ਦੇ ਕੰਮਾਂ ਨਾਲ ਮੈਨੂੰ ਗੁੱਸਾ ਚੜ੍ਹਾ ਰਹੇ ਹਨ,’ ਯਹੋਵਾਹ ਕਹਿੰਦਾ ਹੈ। 31 ‘ਜਿਸ ਦਿਨ ਤੋਂ ਇਹ ਸ਼ਹਿਰ ਬਣਿਆ ਹੈ, ਉਸ ਦਿਨ ਤੋਂ ਲੈ ਕੇ ਅੱਜ ਤਕ ਇਸ ਸ਼ਹਿਰ ਨੇ ਬੱਸ ਮੇਰਾ ਗੁੱਸਾ ਤੇ ਕ੍ਰੋਧ ਹੀ ਭੜਕਾਇਆ ਹੈ।+ ਇਸ ਲਈ ਇਸ ਸ਼ਹਿਰ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਕਰ ਦਿੱਤਾ ਜਾਣਾ ਚਾਹੀਦਾ ਹੈ+ 32 ਕਿਉਂਕਿ ਇਜ਼ਰਾਈਲ ਅਤੇ ਯਹੂਦਾਹ ਦੇ ਲੋਕਾਂ ਨੇ, ਉਨ੍ਹਾਂ ਦੇ ਰਾਜਿਆਂ ਨੇ,+ ਉਨ੍ਹਾਂ ਦੇ ਹਾਕਮਾਂ ਨੇ,+ ਉਨ੍ਹਾਂ ਦੇ ਪੁਜਾਰੀਆਂ ਨੇ, ਉਨ੍ਹਾਂ ਦੇ ਨਬੀਆਂ ਨੇ,+ ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਬੁਰੇ ਕੰਮ ਕਰ ਕੇ ਮੇਰਾ ਗੁੱਸਾ ਭੜਕਾਇਆ ਹੈ। 33 ਉਹ ਮੇਰੇ ਵੱਲ ਆਪਣਾ ਮੂੰਹ ਕਰਨ ਦੀ ਬਜਾਇ ਪਿੱਠ ਕਰਦੇ ਰਹੇ।+ ਭਾਵੇਂ ਕਿ ਮੈਂ ਉਨ੍ਹਾਂ ਨੂੰ ਵਾਰ-ਵਾਰ* ਸਿਖਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਮੇਰੀ ਗੱਲ ਨਹੀਂ ਸੁਣੀ ਅਤੇ ਮੇਰਾ ਅਨੁਸ਼ਾਸਨ ਕਬੂਲ ਨਹੀਂ ਕੀਤਾ।+ 34 ਅਤੇ ਜਿਸ ਘਰ ਨਾਲ ਮੇਰਾ ਨਾਂ ਜੁੜਿਆ ਹੈ, ਉੱਥੇ ਉਨ੍ਹਾਂ ਨੇ ਆਪਣੀਆਂ ਘਿਣਾਉਣੀਆਂ ਮੂਰਤਾਂ ਰੱਖ ਕੇ ਇਸ ਨੂੰ ਭ੍ਰਿਸ਼ਟ ਕੀਤਾ।+ 35 ਇੰਨਾ ਹੀ ਨਹੀਂ, ਸਗੋਂ ਉਨ੍ਹਾਂ ਨੇ ਹਿੰਨੋਮ ਦੇ ਪੁੱਤਰ ਦੀ ਵਾਦੀ*+ ਵਿਚ ਬਆਲ ਲਈ ਉੱਚੀਆਂ ਥਾਵਾਂ ਬਣਾਈਆਂ ਤਾਂਕਿ ਉਹ ਮੋਲਕ ਦੇਵਤੇ ਅੱਗੇ ਅੱਗ ਵਿਚ ਆਪਣੇ ਧੀਆਂ-ਪੁੱਤਰਾਂ ਦੀਆਂ ਬਲ਼ੀਆਂ ਦੇਣ।*+ ਮੈਂ ਅਜਿਹਾ ਕਰਨ ਦਾ ਨਾ ਤਾਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ+ ਤੇ ਨਾ ਹੀ ਕਦੇ ਅਜਿਹਾ ਘਿਣਾਉਣਾ ਕੰਮ ਕਰਾਉਣ ਦਾ ਖ਼ਿਆਲ ਮੇਰੇ ਮਨ ਵਿਚ ਆਇਆ ਸੀ। ਇਸ ਤਰ੍ਹਾਂ ਯਹੂਦਾਹ ਨੇ ਘੋਰ ਪਾਪ ਕੀਤਾ।’

36 “ਇਸ ਲਈ ਜਿਸ ਸ਼ਹਿਰ ਬਾਰੇ ਤੁਸੀਂ ਕਹਿੰਦੇ ਹੋ ਕਿ ਇਹ ਤਲਵਾਰ, ਕਾਲ਼ ਤੇ ਮਹਾਂਮਾਰੀ ਕਰਕੇ ਜ਼ਰੂਰ ਬਾਬਲ ਦੇ ਰਾਜੇ ਦੇ ਹੱਥ ਵਿਚ ਦੇ ਦਿੱਤਾ ਜਾਵੇਗਾ, ਉਸ ਸ਼ਹਿਰ ਬਾਰੇ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ, 37 ‘ਮੈਂ ਡਾਢੇ ਗੁੱਸੇ ਅਤੇ ਕ੍ਰੋਧ ਵਿਚ ਆ ਕੇ ਉਨ੍ਹਾਂ ਨੂੰ ਜਿਨ੍ਹਾਂ ਸਾਰੇ ਦੇਸ਼ਾਂ ਵਿਚ ਖਿੰਡਾ ਦਿੱਤਾ ਹੈ,+ ਮੈਂ ਉੱਥੋਂ ਉਨ੍ਹਾਂ ਨੂੰ ਇਕੱਠਾ ਕਰ ਕੇ ਇਸ ਜਗ੍ਹਾ ਵਾਪਸ ਲੈ ਆਵਾਂਗਾ ਅਤੇ ਉਹ ਇੱਥੇ ਸੁਰੱਖਿਅਤ ਵੱਸਣਗੇ।+ 38 ਉਹ ਮੇਰੇ ਲੋਕ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।+ 39 ਮੈਂ ਉਨ੍ਹਾਂ ਨੂੰ ਇਕ ਮਨ ਕਰਾਂਗਾ+ ਅਤੇ ਇਕ ਰਾਹ ਦਿਖਾਵਾਂਗਾ ਤਾਂਕਿ ਉਹ ਹਮੇਸ਼ਾ ਮੇਰਾ ਡਰ ਮੰਨਣ। ਇਸ ਨਾਲ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਭਲਾ ਹੋਵੇਗਾ।+ 40 ਨਾਲੇ ਮੈਂ ਉਨ੍ਹਾਂ ਨਾਲ ਹਮੇਸ਼ਾ ਕਾਇਮ ਰਹਿਣ ਵਾਲਾ ਇਕਰਾਰ ਕਰਾਂਗਾ+ ਕਿ ਮੈਂ ਉਨ੍ਹਾਂ ਦਾ ਭਲਾ ਕਰਨ ਤੋਂ ਪਿੱਛੇ ਨਹੀਂ ਹਟਾਂਗਾ।+ ਮੈਂ ਉਨ੍ਹਾਂ ਦੇ ਦਿਲਾਂ ਵਿਚ ਆਪਣਾ ਡਰ ਬਿਠਾਵਾਂਗਾ ਤਾਂਕਿ ਉਹ ਮੇਰੇ ਤੋਂ ਕਦੇ ਵੀ ਮੂੰਹ ਨਾ ਮੋੜਨ।+ 41 ਮੈਨੂੰ ਉਨ੍ਹਾਂ ਦਾ ਭਲਾ ਕਰ ਕੇ ਬਹੁਤ ਖ਼ੁਸ਼ੀ ਹੋਵੇਗੀ+ ਅਤੇ ਮੈਂ ਪੂਰੇ ਦਿਲ ਅਤੇ ਪੂਰੀ ਜਾਨ ਨਾਲ ਉਨ੍ਹਾਂ ਨੂੰ ਇਸ ਦੇਸ਼ ਵਿਚ ਪੱਕੇ ਤੌਰ ਤੇ ਵਸਾਵਾਂਗਾ।’”*+

42 “ਯਹੋਵਾਹ ਇਹ ਕਹਿੰਦਾ ਹੈ, ‘ਜਿਵੇਂ ਮੈਂ ਇਨ੍ਹਾਂ ਲੋਕਾਂ ʼਤੇ ਇਹ ਵੱਡੀ ਬਿਪਤਾ ਲਿਆਇਆ ਹਾਂ, ਤਿਵੇਂ ਮੈਂ ਇਨ੍ਹਾਂ ਨਾਲ ਭਲਾਈ ਕਰਾਂਗਾ* ਜਿਸ ਦਾ ਮੈਂ ਇਨ੍ਹਾਂ ਨਾਲ ਵਾਅਦਾ ਕਰ ਰਿਹਾ ਹਾਂ।+ 43 ਨਾਲੇ ਇਸ ਦੇਸ਼ ਵਿਚ ਦੁਬਾਰਾ ਤੋਂ ਖੇਤ ਖ਼ਰੀਦੇ ਜਾਣਗੇ,+ ਭਾਵੇਂ ਕਿ ਤੁਸੀਂ ਕਹਿ ਰਹੇ ਹੋ: “ਇਹ ਦੇਸ਼ ਇਨਸਾਨਾਂ ਅਤੇ ਜਾਨਵਰਾਂ ਤੋਂ ਬਿਨਾਂ ਉਜਾੜ ਪਿਆ ਹੈ ਅਤੇ ਇਹ ਕਸਦੀਆਂ ਦੇ ਹਵਾਲੇ ਕੀਤਾ ਗਿਆ ਹੈ।”’

44 “‘ਬਿਨਯਾਮੀਨ ਦੇ ਇਲਾਕੇ ਵਿਚ, ਯਰੂਸ਼ਲਮ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ, ਯਹੂਦਾਹ ਦੇ ਸ਼ਹਿਰਾਂ ਵਿਚ,+ ਪਹਾੜੀ ਇਲਾਕਿਆਂ ਦੇ ਸ਼ਹਿਰਾਂ ਵਿਚ, ਨੀਵੇਂ ਇਲਾਕਿਆਂ ਦੇ ਸ਼ਹਿਰਾਂ ਵਿਚ+ ਅਤੇ ਦੱਖਣ ਦੇ ਸ਼ਹਿਰਾਂ ਵਿਚ ਪੈਸੇ ਨਾਲ ਖੇਤ ਖ਼ਰੀਦੇ ਜਾਣਗੇ, ਕਾਨੂੰਨੀ ਲਿਖਤਾਂ ਤਿਆਰ ਕਰ ਕੇ ਉਨ੍ਹਾਂ ʼਤੇ ਮੁਹਰ ਲਾਈ ਜਾਵੇਗੀ ਅਤੇ ਗਵਾਹਾਂ ਨੂੰ ਬੁਲਾਇਆ ਜਾਵੇਗਾ+ ਕਿਉਂਕਿ ਮੈਂ ਉਨ੍ਹਾਂ ਦੇ ਬੰਦੀ ਬਣਾਏ ਲੋਕਾਂ ਨੂੰ ਵਾਪਸ ਲਿਆਵਾਂਗਾ,’+ ਯਹੋਵਾਹ ਕਹਿੰਦਾ ਹੈ।”

33 ਜਦੋਂ ਯਿਰਮਿਯਾਹ ਅਜੇ ਪਹਿਰੇਦਾਰਾਂ ਦੇ ਵਿਹੜੇ ਵਿਚ ਕੈਦ ਹੀ ਸੀ, ਉਦੋਂ ਉਸ ਨੂੰ ਦੂਜੀ ਵਾਰ ਯਹੋਵਾਹ ਦਾ ਇਹ ਸੰਦੇਸ਼+ ਮਿਲਿਆ: 2 “ਯਹੋਵਾਹ ਜਿਹੜਾ ਧਰਤੀ ਦਾ ਸਿਰਜਣਹਾਰ ਹੈ, ਯਹੋਵਾਹ ਜਿਸ ਨੇ ਧਰਤੀ ਨੂੰ ਬਣਾਇਆ ਅਤੇ ਮਜ਼ਬੂਤੀ ਨਾਲ ਕਾਇਮ ਕੀਤਾ ਹੈ; ਜਿਸ ਦਾ ਨਾਂ ਯਹੋਵਾਹ ਹੈ, ਉਹ ਕਹਿੰਦਾ ਹੈ, 3 ‘ਤੂੰ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦਿਆਂਗਾ ਅਤੇ ਤੈਨੂੰ ਜ਼ਰੂਰ ਵੱਡੀਆਂ-ਵੱਡੀਆਂ ਗੱਲਾਂ ਦੱਸਾਂਗਾ ਜੋ ਤੇਰੀ ਸਮਝ ਤੋਂ ਬਾਹਰ ਹਨ ਅਤੇ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ।’”+

4 “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਇਹ ਸੰਦੇਸ਼ ਇਸ ਸ਼ਹਿਰ ਦੇ ਘਰਾਂ ਅਤੇ ਯਹੂਦਾਹ ਦੇ ਰਾਜਿਆਂ ਦੇ ਘਰਾਂ ਬਾਰੇ ਹੈ ਜਿਨ੍ਹਾਂ ਨੂੰ ਘੇਰਾਬੰਦੀ ਅਤੇ ਤਲਵਾਰ ਕਾਰਨ ਢਾਹ ਦਿੱਤਾ ਗਿਆ ਹੈ।+ 5 ਇਹ ਸੰਦੇਸ਼ ਉਨ੍ਹਾਂ ਲੋਕਾਂ ਬਾਰੇ ਵੀ ਹੈ ਜੋ ਕਸਦੀਆਂ ਨਾਲ ਲੜਨ ਆ ਰਹੇ ਹਨ, ਨਾਲੇ ਇਸ ਸ਼ਹਿਰ ਨੂੰ ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਨਾਲ ਭਰਨ ਬਾਰੇ ਵੀ ਹੈ ਜਿਨ੍ਹਾਂ ਨੂੰ ਮੈਂ ਆਪਣੇ ਗੁੱਸੇ ਅਤੇ ਕ੍ਰੋਧ ਨਾਲ ਮਾਰ ਮੁਕਾਇਆ ਹੈ ਅਤੇ ਜਿਨ੍ਹਾਂ ਦੀ ਬੁਰਾਈ ਕਰਕੇ ਮੈਂ ਇਸ ਸ਼ਹਿਰ ਤੋਂ ਆਪਣਾ ਮੂੰਹ ਲੁਕਾਇਆ ਹੈ। 6 ਹੁਣ ਪਰਮੇਸ਼ੁਰ ਇਸ ਸ਼ਹਿਰ ਬਾਰੇ ਇਹ ਕਹਿੰਦਾ ਹੈ: ‘ਮੈਂ ਇਸ ਦੀ ਸਿਹਤ ਠੀਕ ਕਰਾਂਗਾ ਅਤੇ ਇਸ ਨੂੰ ਤੰਦਰੁਸਤੀ ਬਖ਼ਸ਼ਾਂਗਾ।+ ਮੈਂ ਲੋਕਾਂ ਨੂੰ ਚੰਗਾ ਕਰਾਂਗਾ ਅਤੇ ਉਨ੍ਹਾਂ ਨੂੰ ਭਰਪੂਰ ਸ਼ਾਂਤੀ ਦਿਆਂਗਾ ਅਤੇ ਉਨ੍ਹਾਂ ʼਤੇ ਸੱਚਾਈ ਪ੍ਰਗਟ ਕਰਾਂਗਾ।+ 7 ਮੈਂ ਯਹੂਦਾਹ ਅਤੇ ਇਜ਼ਰਾਈਲ ਦੇ ਬੰਦੀ ਬਣਾਏ ਲੋਕਾਂ ਨੂੰ ਵਾਪਸ ਲਿਆਵਾਂਗਾ+ ਅਤੇ ਉਨ੍ਹਾਂ ਨੂੰ ਪਹਿਲਾਂ ਵਰਗੇ ਬਣਾਵਾਂਗਾ।+ 8 ਉਨ੍ਹਾਂ ਨੇ ਮੇਰੇ ਖ਼ਿਲਾਫ਼ ਜੋ ਵੀ ਪਾਪ ਕੀਤੇ ਹਨ, ਮੈਂ ਉਨ੍ਹਾਂ ਨੂੰ ਦੋਸ਼-ਮੁਕਤ ਕਰ ਕੇ ਸ਼ੁੱਧ ਕਰਾਂਗਾ।+ ਮੈਂ ਉਨ੍ਹਾਂ ਦੇ ਸਾਰੇ ਪਾਪ ਅਤੇ ਅਪਰਾਧ ਮਾਫ਼ ਕਰਾਂਗਾ ਜੋ ਉਨ੍ਹਾਂ ਨੇ ਮੇਰੇ ਖ਼ਿਲਾਫ਼ ਕੀਤੇ ਹਨ।+ 9 ਇਸ ਸ਼ਹਿਰ ਦਾ ਨਾਂ ਧਰਤੀ ਦੀਆਂ ਸਾਰੀਆਂ ਕੌਮਾਂ ਸਾਮ੍ਹਣੇ ਮੇਰੇ ਲਈ ਖ਼ੁਸ਼ੀ, ਵਡਿਆਈ ਅਤੇ ਮਹਿਮਾ ਦਾ ਕਾਰਨ ਹੋਵੇਗਾ। ਮੈਂ ਇਸ ਸ਼ਹਿਰ ਨਾਲ ਜੋ ਵੀ ਭਲਾਈ ਕਰਾਂਗਾ, ਉਸ ਬਾਰੇ ਇਹ ਕੌਮਾਂ ਸੁਣਨਗੀਆਂ।+ ਮੈਂ ਇਸ ਸ਼ਹਿਰ ਨਾਲ ਭਲਾਈ ਕਰਾਂਗਾ ਅਤੇ ਇਸ ਨੂੰ ਸ਼ਾਂਤੀ ਬਖ਼ਸ਼ਾਂਗਾ+ ਜਿਸ ਕਾਰਨ ਕੌਮਾਂ ਡਰ ਨਾਲ ਥਰ-ਥਰ ਕੰਬਣਗੀਆਂ।’”+

10 “ਯਹੋਵਾਹ ਇਹ ਕਹਿੰਦਾ ਹੈ: ‘ਤੁਸੀਂ ਕਹੋਗੇ ਕਿ ਇਹ ਜਗ੍ਹਾ ਉਜਾੜ ਹੈ ਅਤੇ ਇੱਥੇ ਕੋਈ ਇਨਸਾਨ ਜਾਂ ਜਾਨਵਰ ਨਹੀਂ ਰਹਿੰਦਾ। ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਸੁੰਨੀਆਂ ਹਨ ਅਤੇ ਇਨ੍ਹਾਂ ਵਿਚ ਕੋਈ ਨਹੀਂ ਰਹਿੰਦਾ, ਨਾ ਕੋਈ ਇਨਸਾਨ ਅਤੇ ਨਾ ਹੀ ਕੋਈ ਪਾਲਤੂ ਪਸ਼ੂ। ਪਰ ਇੱਥੇ ਦੁਬਾਰਾ 11 ਖ਼ੁਸ਼ੀ ਦੀ ਆਵਾਜ਼, ਜਸ਼ਨ ਮਨਾਉਣ ਦੀ ਆਵਾਜ਼,+ ਲਾੜੇ ਦੀ ਆਵਾਜ਼ ਤੇ ਲਾੜੀ ਦੀ ਆਵਾਜ਼ ਸੁਣਾਈ ਦੇਵੇਗੀ ਅਤੇ ਉਨ੍ਹਾਂ ਲੋਕਾਂ ਦੀ ਆਵਾਜ਼ ਸੁਣਾਈ ਦੇਵੇਗੀ ਜਿਹੜੇ ਕਹਿਣਗੇ: “ਸੈਨਾਵਾਂ ਦੇ ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਯਹੋਵਾਹ ਚੰਗਾ ਹੈ;+ ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ!”’+

“‘ਉਹ ਯਹੋਵਾਹ ਦੇ ਘਰ ਵਿਚ ਧੰਨਵਾਦ ਦੀਆਂ ਭੇਟਾਂ ਲਿਆਉਣਗੇ+ ਕਿਉਂਕਿ ਮੈਂ ਦੇਸ਼ ਦੇ ਬੰਦੀ ਬਣਾਏ ਲੋਕਾਂ ਨੂੰ ਵਾਪਸ ਲੈ ਆਵਾਂਗਾ ਅਤੇ ਉਹ ਪਹਿਲਾਂ ਵਾਂਗ ਵੱਸਣਗੇ,’ ਯਹੋਵਾਹ ਕਹਿੰਦਾ ਹੈ।”

12 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: ‘ਇਹ ਦੇਸ਼ ਅਤੇ ਇਸ ਦੇ ਸਾਰੇ ਸ਼ਹਿਰ ਇਨਸਾਨਾਂ ਅਤੇ ਜਾਨਵਰਾਂ ਤੋਂ ਬਿਨਾਂ ਉਜਾੜ ਪਏ ਹਨ, ਪਰ ਇੱਥੇ ਦੁਬਾਰਾ ਚਰਾਂਦਾਂ ਹੋਣਗੀਆਂ ਜਿੱਥੇ ਚਰਵਾਹੇ ਆਪਣੀਆਂ ਭੇਡਾਂ-ਬੱਕਰੀਆਂ ਨੂੰ ਆਰਾਮ ਕਰਾਉਣਗੇ।’+

13 “‘ਪਹਾੜੀ ਇਲਾਕੇ ਦੇ ਸ਼ਹਿਰਾਂ ਵਿਚ, ਨੀਵੇਂ ਇਲਾਕੇ ਦੇ ਸ਼ਹਿਰਾਂ ਵਿਚ, ਦੱਖਣ ਦੇ ਸ਼ਹਿਰਾਂ ਵਿਚ, ਬਿਨਯਾਮੀਨ ਦੇ ਇਲਾਕੇ ਵਿਚ, ਯਰੂਸ਼ਲਮ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ+ ਅਤੇ ਯਹੂਦਾਹ ਦੇ ਸ਼ਹਿਰਾਂ ਵਿਚ+ ਦੁਬਾਰਾ ਤੋਂ ਚਰਵਾਹੇ ਆਪਣੀਆਂ ਭੇਡਾਂ ਦੀ ਗਿਣਤੀ ਕਰਨਗੇ,’ ਯਹੋਵਾਹ ਕਹਿੰਦਾ ਹੈ।”

14 “‘ਦੇਖੋ! ਉਹ ਦਿਨ ਆ ਰਹੇ ਹਨ,’ ਯਹੋਵਾਹ ਕਹਿੰਦਾ ਹੈ, ‘ਜਦ ਮੈਂ ਇਜ਼ਰਾਈਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਬਾਰੇ ਕੀਤਾ ਆਪਣਾ ਵਾਅਦਾ ਪੂਰਾ ਕਰਾਂਗਾ।+ 15 ਉਨ੍ਹਾਂ ਦਿਨਾਂ ਵਿਚ ਅਤੇ ਉਸ ਸਮੇਂ ਮੈਂ ਦਾਊਦ ਦੇ ਵੰਸ਼ ਵਿੱਚੋਂ ਇਕ ਧਰਮੀ ਟਾਹਣੀ ਉਗਾਵਾਂਗਾ*+ ਅਤੇ ਉਹ ਦੇਸ਼ ਵਿਚ ਨਿਆਂ ਕਰੇਗਾ ਅਤੇ ਧਰਮੀ ਅਸੂਲ ਲਾਗੂ ਕਰੇਗਾ।+ 16 ਉਨ੍ਹਾਂ ਦਿਨਾਂ ਵਿਚ ਯਹੂਦਾਹ ਬਚਾਇਆ ਜਾਵੇਗਾ+ ਅਤੇ ਯਰੂਸ਼ਲਮ ਸੁਰੱਖਿਅਤ ਵੱਸੇਗਾ।+ ਇਸ ਸ਼ਹਿਰ ਦਾ ਨਾਂ ਹੋਵੇਗਾ: “ਯਹੋਵਾਹ ਸਾਨੂੰ ਧਰਮੀ ਠਹਿਰਾਉਂਦਾ ਹੈ।’”+

17 “ਯਹੋਵਾਹ ਇਹ ਕਹਿੰਦਾ ਹੈ: ‘ਇਜ਼ਰਾਈਲ ਦੇ ਘਰਾਣੇ ਦੇ ਸਿੰਘਾਸਣ ʼਤੇ ਬੈਠਣ ਲਈ ਦਾਊਦ ਦੇ ਵੰਸ਼ ਦਾ ਕੋਈ-ਨਾ-ਕੋਈ ਆਦਮੀ ਹਮੇਸ਼ਾ ਹੋਵੇਗਾ।+ 18 ਨਾਲੇ ਲੇਵੀ ਪੁਜਾਰੀਆਂ ਵਿੱਚੋਂ ਕੋਈ-ਨਾ-ਕੋਈ ਆਦਮੀ ਮੇਰੇ ਸਾਮ੍ਹਣੇ ਖੜ੍ਹਾ ਹੋ ਕੇ ਹੋਮ-ਬਲ਼ੀਆਂ ਅਤੇ ਬਲ਼ੀਆਂ ਅਤੇ ਅੱਗ ਵਿਚ ਅਨਾਜ ਦੇ ਚੜ੍ਹਾਵੇ ਚੜ੍ਹਾਵੇਗਾ।’”

19 ਯਿਰਮਿਯਾਹ ਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 20 “ਯਹੋਵਾਹ ਕਹਿੰਦਾ ਹੈ, ‘ਜੇ ਤੁਸੀਂ ਦਿਨ ਅਤੇ ਰਾਤ ਸੰਬੰਧੀ ਠਹਿਰਾਇਆ ਮੇਰਾ ਇਕਰਾਰ ਤੋੜ ਸਕਦੇ ਹੋ ਤਾਂਕਿ ਸਹੀ ਸਮੇਂ ਤੇ ਦਿਨ ਅਤੇ ਰਾਤ ਨਾ ਹੋਣ,+ 21 ਤਾਂ ਸਿਰਫ਼ ਉਦੋਂ ਹੀ ਆਪਣੇ ਸੇਵਕ ਦਾਊਦ ਨਾਲ ਕੀਤਾ ਮੇਰਾ ਇਕਰਾਰ ਟੁੱਟੇਗਾ+ ਅਤੇ ਰਾਜੇ ਵਜੋਂ ਉਸ ਦੇ ਸਿੰਘਾਸਣ ʼਤੇ ਬੈਠਣ ਲਈ ਕੋਈ ਪੁੱਤਰ ਨਹੀਂ ਹੋਵੇਗਾ।+ ਨਾਲੇ ਮੇਰੀ ਸੇਵਾ ਕਰਨ ਵਾਲੇ ਲੇਵੀ ਪੁਜਾਰੀਆਂ ਨਾਲ ਕੀਤਾ ਮੇਰਾ ਇਕਰਾਰ ਵੀ ਟੁੱਟ ਜਾਵੇਗਾ।+ 22 ਠੀਕ ਜਿਵੇਂ ਆਕਾਸ਼ ਦੀ ਸੈਨਾ ਗਿਣੀ ਨਹੀਂ ਜਾ ਸਕਦੀ ਅਤੇ ਸਮੁੰਦਰ ਦੀ ਰੇਤ ਮਿਣੀ ਨਹੀਂ ਜਾ ਸਕਦੀ, ਉਸੇ ਤਰ੍ਹਾਂ ਮੈਂ ਆਪਣੇ ਸੇਵਕ ਦਾਊਦ ਦੀ ਸੰਤਾਨ* ਦੀ ਗਿਣਤੀ ਅਤੇ ਮੇਰੀ ਸੇਵਾ ਕਰਨ ਵਾਲੇ ਲੇਵੀਆਂ ਦੀ ਗਿਣਤੀ ਵਧਾਵਾਂਗਾ।’”

23 ਯਿਰਮਿਯਾਹ ਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ: 24 “ਕੀ ਤੂੰ ਧਿਆਨ ਦਿੱਤਾ ਕਿ ਇਹ ਲੋਕ ਕੀ ਕਹਿ ਰਹੇ ਹਨ, ‘ਯਹੋਵਾਹ ਉਨ੍ਹਾਂ ਦੋਵੇਂ ਪਰਿਵਾਰਾਂ ਨੂੰ ਠੁਕਰਾ ਦੇਵੇਗਾ ਜਿਨ੍ਹਾਂ ਨੂੰ ਉਸ ਨੇ ਚੁਣਿਆ ਹੈ’? ਉਹ ਮੇਰੇ ਲੋਕਾਂ ਦਾ ਨਿਰਾਦਰ ਕਰਦੇ ਹਨ ਅਤੇ ਉਨ੍ਹਾਂ ਨੂੰ ਇਕ ਕੌਮ ਨਹੀਂ ਸਮਝਦੇ।

25 “ਯਹੋਵਾਹ ਕਹਿੰਦਾ ਹੈ: ‘ਠੀਕ ਜਿਵੇਂ ਮੈਂ ਦਿਨ ਅਤੇ ਰਾਤ ਦੇ ਸੰਬੰਧ ਵਿਚ ਇਕਰਾਰ ਕਾਇਮ ਕੀਤਾ ਹੈ ਅਤੇ ਆਕਾਸ਼ ਅਤੇ ਧਰਤੀ ਲਈ ਕਾਨੂੰਨ* ਬਣਾਏ ਹਨ ਜੋ ਬਦਲ ਨਹੀਂ ਸਕਦੇ,+ 26 ਉਸੇ ਤਰ੍ਹਾਂ ਮੇਰਾ ਇਹ ਵਾਅਦਾ ਕਦੀ ਬਦਲ ਨਹੀਂ ਸਕਦਾ ਕਿ ਮੈਂ ਯਾਕੂਬ ਦੀ ਸੰਤਾਨ* ਅਤੇ ਆਪਣੇ ਸੇਵਕ ਦਾਊਦ ਦੀ ਸੰਤਾਨ* ਨੂੰ ਕਦੀ ਨਹੀਂ ਠੁਕਰਾਵਾਂਗਾ। ਮੈਂ ਉਸ ਦੀ ਸੰਤਾਨ* ਵਿੱਚੋਂ ਰਾਜੇ ਨਿਯੁਕਤ ਕਰਾਂਗਾ ਜੋ ਅਬਰਾਹਾਮ, ਇਸਹਾਕ ਅਤੇ ਯਾਕੂਬ ਦੀ ਔਲਾਦ* ਉੱਤੇ ਰਾਜ ਕਰਨਗੇ। ਮੈਂ ਉਨ੍ਹਾਂ ਦੇ ਬੰਦੀ ਬਣਾਏ ਲੋਕਾਂ ਨੂੰ ਇਕੱਠਾ ਕਰਾਂਗਾ+ ਅਤੇ ਉਨ੍ਹਾਂ ʼਤੇ ਦਇਆ ਕਰਾਂਗਾ।’”+

34 ਜਦੋਂ ਬਾਬਲ ਦਾ ਰਾਜਾ ਨਬੂਕਦਨੱਸਰ* ਅਤੇ ਉਸ ਦੀ ਸਾਰੀ ਫ਼ੌਜ ਅਤੇ ਉਸ ਦੀ ਹਕੂਮਤ ਅਧੀਨ ਧਰਤੀ ਦੇ ਸਾਰੇ ਰਾਜ ਅਤੇ ਦੇਸ਼ ਯਰੂਸ਼ਲਮ ਅਤੇ ਆਲੇ-ਦੁਆਲੇ ਦੇ ਸ਼ਹਿਰਾਂ ਨਾਲ ਲੜ ਰਹੇ ਸਨ, ਤਾਂ ਉਦੋਂ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ:+

2 “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਜਾਹ ਅਤੇ ਯਹੂਦਾਹ ਦੇ ਰਾਜੇ ਸਿਦਕੀਯਾਹ+ ਨਾਲ ਗੱਲ ਕਰ ਅਤੇ ਉਸ ਨੂੰ ਦੱਸ: “ਯਹੋਵਾਹ ਕਹਿੰਦਾ ਹੈ, ‘ਮੈਂ ਇਹ ਸ਼ਹਿਰ ਬਾਬਲ ਦੇ ਰਾਜੇ ਦੇ ਹੱਥ ਵਿਚ ਦੇਣ ਜਾ ਰਿਹਾ ਹਾਂ ਅਤੇ ਉਹ ਇਸ ਨੂੰ ਅੱਗ ਨਾਲ ਸਾੜ ਸੁੱਟੇਗਾ।+ 3 ਤੂੰ ਉਸ ਦੇ ਹੱਥੋਂ ਨਹੀਂ ਬਚੇਂਗਾ। ਤੈਨੂੰ ਫੜ ਕੇ ਜ਼ਰੂਰ ਉਸ ਦੇ ਹੱਥ ਵਿਚ ਦਿੱਤਾ ਜਾਵੇਗਾ।+ ਤੈਨੂੰ ਬਾਬਲ ਦੇ ਰਾਜੇ ਦੇ ਸਾਮ੍ਹਣੇ ਪੇਸ਼ ਹੋ ਕੇ ਉਸ ਨਾਲ ਗੱਲ ਕਰਨੀ ਪਵੇਗੀ ਅਤੇ ਤੈਨੂੰ ਬਾਬਲ ਲਿਜਾਇਆ ਜਾਵੇਗਾ।’+ 4 ਪਰ ਹੇ ਯਹੂਦਾਹ ਦੇ ਰਾਜੇ ਸਿਦਕੀਯਾਹ, ਯਹੋਵਾਹ ਦਾ ਸੰਦੇਸ਼ ਸੁਣ, ‘ਯਹੋਵਾਹ ਤੇਰੇ ਬਾਰੇ ਕਹਿੰਦਾ ਹੈ: “ਤੂੰ ਤਲਵਾਰ ਨਾਲ ਨਹੀਂ ਮਰੇਂਗਾ, 5 ਸਗੋਂ ਤੂੰ ਸ਼ਾਂਤੀ ਨਾਲ ਮਰੇਂਗਾ।+ ਤੇਰੀ ਮੌਤ ਵੇਲੇ ਖ਼ੁਸ਼ਬੂਦਾਰ ਮਸਾਲੇ ਸਾੜੇ ਜਾਣਗੇ, ਜਿਵੇਂ ਤੇਰੇ ਤੋਂ ਪਹਿਲਾਂ ਰਾਜ ਕਰਨ ਵਾਲੇ ਤੇਰੇ ਪਿਉ-ਦਾਦਿਆਂ ਦੀ ਮੌਤ ਦੇ ਵੇਲੇ ਸਾੜੇ ਗਏ ਸਨ। ਉਹ ਸੋਗ ਮਨਾਉਂਦੇ ਹੋਏ ਕਹਿਣਗੇ, ‘ਹਾਇ! ਸਾਡੇ ਮਾਲਕ!’ ਇਹ ਜ਼ਰੂਰ ਹੋਵੇਗਾ ਕਿਉਂਕਿ ‘ਮੈਂ ਇਹ ਗੱਲ ਕਹੀ ਹੈ,’ ਯਹੋਵਾਹ ਕਹਿੰਦਾ ਹੈ।”’”’”

6 ਯਿਰਮਿਯਾਹ ਨਬੀ ਨੇ ਯਰੂਸ਼ਲਮ ਵਿਚ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਇਹ ਗੱਲਾਂ ਉਦੋਂ ਕਹੀਆਂ ਸਨ 7 ਜਦੋਂ ਬਾਬਲ ਦੇ ਰਾਜੇ ਦੀਆਂ ਫ਼ੌਜਾਂ ਨੇ ਯਰੂਸ਼ਲਮ ਉੱਤੇ ਅਤੇ ਯਹੂਦਾਹ ਦੇ ਬਚੇ ਹੋਏ ਸ਼ਹਿਰਾਂ+ ਲਾਕੀਸ਼+ ਅਤੇ ਅਜ਼ੇਕਾਹ+ ਉੱਤੇ ਹਮਲਾ ਕੀਤਾ ਹੋਇਆ ਸੀ। ਯਹੂਦਾਹ ਦੇ ਸਿਰਫ਼ ਇਨ੍ਹਾਂ ਕਿਲੇਬੰਦ ਸ਼ਹਿਰਾਂ ʼਤੇ ਅਜੇ ਕਬਜ਼ਾ ਨਹੀਂ ਕੀਤਾ ਗਿਆ ਸੀ।

8 ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਣ ਤੋਂ ਪਹਿਲਾਂ ਰਾਜਾ ਸਿਦਕੀਯਾਹ ਨੇ ਯਰੂਸ਼ਲਮ ਦੇ ਸਾਰੇ ਲੋਕਾਂ ਨਾਲ ਇਕਰਾਰ ਕਰ ਕੇ ਉਨ੍ਹਾਂ ਦੀ ਆਜ਼ਾਦੀ ਦਾ ਐਲਾਨ ਕੀਤਾ ਸੀ।+ 9 ਹਰ ਕਿਸੇ ਨੇ ਆਪਣੇ ਇਬਰਾਨੀ ਗ਼ੁਲਾਮਾਂ ਨੂੰ, ਚਾਹੇ ਉਹ ਆਦਮੀ ਹੋਵੇ ਜਾਂ ਔਰਤ, ਆਜ਼ਾਦ ਕਰਨਾ ਸੀ ਤਾਂਕਿ ਕੋਈ ਵੀ ਕਿਸੇ ਯਹੂਦੀ ਨੂੰ ਗ਼ੁਲਾਮ ਬਣਾ ਕੇ ਨਾ ਰੱਖੇ। 10 ਇਸ ਲਈ ਸਾਰੇ ਹਾਕਮਾਂ ਅਤੇ ਲੋਕਾਂ ਨੇ ਇਹ ਗੱਲ ਮੰਨੀ। ਉਨ੍ਹਾਂ ਨੇ ਇਕਰਾਰ ਕੀਤਾ ਕਿ ਹਰੇਕ ਜਣਾ ਆਪਣੇ ਗ਼ੁਲਾਮਾਂ ਨੂੰ, ਚਾਹੇ ਉਹ ਆਦਮੀ ਹੋਵੇ ਜਾਂ ਔਰਤ, ਆਜ਼ਾਦ ਕਰ ਦੇਵੇ ਅਤੇ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਨਾ ਰੱਖੇ। ਉਨ੍ਹਾਂ ਨੇ ਇਹ ਗੱਲ ਮੰਨੀ ਅਤੇ ਗ਼ੁਲਾਮਾਂ ਨੂੰ ਛੱਡ ਦਿੱਤਾ। 11 ਪਰ ਬਾਅਦ ਵਿਚ ਉਹ ਆਪਣੇ ਆਜ਼ਾਦ ਕੀਤੇ ਗ਼ੁਲਾਮਾਂ ਨੂੰ, ਚਾਹੇ ਉਹ ਆਦਮੀ ਹੋਵੇ ਜਾਂ ਔਰਤ, ਵਾਪਸ ਲੈ ਆਏ ਅਤੇ ਉਨ੍ਹਾਂ ਤੋਂ ਦੁਬਾਰਾ ਜ਼ਬਰਦਸਤੀ ਗ਼ੁਲਾਮੀ ਕਰਾਈ। 12 ਇਸ ਲਈ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। ਯਹੋਵਾਹ ਨੇ ਕਿਹਾ:

13 “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ, ‘ਜਿਸ ਦਿਨ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਕੇ ਲਿਆਇਆ ਸੀ, ਉਸ ਦਿਨ ਮੈਂ ਉਨ੍ਹਾਂ ਨਾਲ ਇਕਰਾਰ ਕਰਦੇ ਹੋਏ ਕਿਹਾ ਸੀ:+ 14 “ਜਦੋਂ ਤੇਰਾ ਕੋਈ ਇਬਰਾਨੀ ਭਰਾ ਤੇਰੇ ਕੋਲ ਆਪਣੇ ਆਪ ਨੂੰ ਵੇਚ ਦਿੰਦਾ ਹੈ ਅਤੇ ਉਹ ਛੇ ਸਾਲ ਤੇਰੀ ਸੇਵਾ ਕਰਦਾ ਹੈ, ਤਾਂ ਤੂੰ ਉਸ ਨੂੰ ਸੱਤਵੇਂ ਸਾਲ* ਆਜ਼ਾਦ ਕਰ ਦੇਈਂ; ਤੂੰ ਉਸ ਨੂੰ ਜ਼ਰੂਰ ਆਜ਼ਾਦ ਕਰ ਦੇਈਂ।”+ ਪਰ ਤੁਹਾਡੇ ਪਿਉ-ਦਾਦਿਆਂ ਨੇ ਮੇਰੀ ਗੱਲ ਨਹੀਂ ਸੁਣੀ ਅਤੇ ਨਾ ਹੀ ਮੇਰੀ ਗੱਲ ਵੱਲ ਕੰਨ ਲਾਇਆ। 15 ਕੁਝ ਸਮਾਂ ਪਹਿਲਾਂ* ਤੁਸੀਂ ਆਪਣੇ ਆਪ ਨੂੰ ਬਦਲਿਆ ਅਤੇ ਆਪਣੇ ਗੁਆਂਢੀਆਂ ਨੂੰ ਆਜ਼ਾਦ ਕਰਨ ਦਾ ਐਲਾਨ ਕੀਤਾ ਜੋ ਮੇਰੀਆਂ ਨਜ਼ਰਾਂ ਵਿਚ ਸਹੀ ਸੀ। ਅਤੇ ਤੁਸੀਂ ਮੇਰੇ ਸਾਮ੍ਹਣੇ ਉਸ ਘਰ ਵਿਚ ਇਕਰਾਰ ਕੀਤਾ ਜਿਸ ਨਾਲ ਮੇਰਾ ਨਾਂ ਜੁੜਿਆ ਹੋਇਆ ਹੈ। 16 ਪਰ ਫਿਰ ਤੁਸੀਂ ਬਦਲ ਗਏ ਅਤੇ ਜਿਨ੍ਹਾਂ ਆਦਮੀਆਂ ਤੇ ਔਰਤਾਂ ਦੀ ਇੱਛਾ ਪੂਰੀ ਕਰਦੇ ਹੋਏ ਤੁਸੀਂ ਉਨ੍ਹਾਂ ਨੂੰ ਗ਼ੁਲਾਮੀ ਤੋਂ ਆਜ਼ਾਦ ਕੀਤਾ ਸੀ, ਉਨ੍ਹਾਂ ਨੂੰ ਵਾਪਸ ਲੈ ਆਏ ਅਤੇ ਉਨ੍ਹਾਂ ਤੋਂ ਦੁਬਾਰਾ ਜ਼ਬਰਦਸਤੀ ਗ਼ੁਲਾਮੀ ਕਰਾਈ। ਇਸ ਤਰ੍ਹਾਂ ਕਰ ਕੇ ਤੁਸੀਂ ਮੇਰੇ ਨਾਂ ਨੂੰ ਪਲੀਤ ਕੀਤਾ।’+

17 “ਇਸ ਲਈ ਯਹੋਵਾਹ ਕਹਿੰਦਾ ਹੈ: ‘ਤੁਸੀਂ ਮੇਰੀ ਗੱਲ ਨਹੀਂ ਸੁਣੀ ਕਿ ਹਰੇਕ ਜਣਾ ਆਪਣੇ ਭਰਾ ਅਤੇ ਗੁਆਂਢੀ ਨੂੰ ਆਜ਼ਾਦ ਕਰ ਦੇਵੇ।+ ਇਸ ਲਈ ਹੁਣ ਮੈਂ ਤੁਹਾਨੂੰ ਆਜ਼ਾਦੀ ਦਿਆਂਗਾ ਜਦੋਂ ਤਲਵਾਰ, ਮਹਾਂਮਾਰੀ* ਅਤੇ ਕਾਲ਼ ਨਾਲ ਤੁਹਾਡੀ ਮੌਤ ਹੋਵੇਗੀ।+ ਮੈਂ ਤੁਹਾਡਾ ਇੰਨਾ ਬੁਰਾ ਹਸ਼ਰ ਕਰਾਂਗਾ ਕਿ ਧਰਤੀ ਦੇ ਸਾਰੇ ਰਾਜ ਖ਼ੌਫ਼ ਖਾਣਗੇ,’+ ਯਹੋਵਾਹ ਕਹਿੰਦਾ ਹੈ। 18 ‘ਮੈਂ ਉਨ੍ਹਾਂ ਆਦਮੀਆਂ ਨਾਲ ਇਸ ਤਰ੍ਹਾਂ ਕਰਾਂਗਾ ਜਿਨ੍ਹਾਂ ਨੇ ਇਕਰਾਰ ਦੀਆਂ ਗੱਲਾਂ ਦੀ ਪਾਲਣਾ ਨਾ ਕਰ ਕੇ ਮੇਰੇ ਇਕਰਾਰ ਦੀ ਉਲੰਘਣਾ ਕੀਤੀ। ਉਨ੍ਹਾਂ ਨੇ ਮੇਰੇ ਸਾਮ੍ਹਣੇ ਇਹ ਇਕਰਾਰ ਕਰਨ ਵੇਲੇ ਵੱਛੇ ਦੇ ਦੋ ਟੁਕੜੇ ਕੀਤੇ ਸਨ ਅਤੇ ਉਨ੍ਹਾਂ ਦੇ ਵਿੱਚੋਂ ਦੀ ਲੰਘੇ ਸਨ।*+ 19 ਹਾਂ, ਮੈਂ ਯਹੂਦਾਹ ਦੇ ਹਾਕਮਾਂ, ਯਰੂਸ਼ਲਮ ਦੇ ਹਾਕਮਾਂ, ਦਰਬਾਰੀਆਂ, ਪੁਜਾਰੀਆਂ ਅਤੇ ਦੇਸ਼ ਦੇ ਸਾਰੇ ਲੋਕਾਂ ਨਾਲ ਇਸ ਤਰ੍ਹਾਂ ਕਰਾਂਗਾ ਜਿਹੜੇ ਵੱਛੇ ਦੇ ਦੋ ਟੁਕੜਿਆਂ ਵਿੱਚੋਂ ਦੀ ਲੰਘੇ ਸਨ: 20 ਮੈਂ ਉਨ੍ਹਾਂ ਨੂੰ ਦੁਸ਼ਮਣਾਂ ਦੇ ਹੱਥ ਵਿਚ ਦੇ ਦਿਆਂਗਾ ਜੋ ਉਨ੍ਹਾਂ ਦੇ ਖ਼ੂਨ ਦੇ ਪਿਆਸੇ ਹਨ। ਉਨ੍ਹਾਂ ਦੀਆਂ ਲਾਸ਼ਾਂ ਨੂੰ ਆਕਾਸ਼ ਦੇ ਪੰਛੀ ਅਤੇ ਧਰਤੀ ਦੇ ਜਾਨਵਰ ਖਾਣਗੇ।+ 21 ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਅਤੇ ਉਸ ਦੇ ਹਾਕਮਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿਆਂਗਾ ਜੋ ਉਨ੍ਹਾਂ ਦੇ ਖ਼ੂਨ ਦੇ ਪਿਆਸੇ ਹਨ ਅਤੇ ਬਾਬਲ ਦੇ ਰਾਜੇ ਦੀਆਂ ਫ਼ੌਜਾਂ ਦੇ ਹੱਥਾਂ ਵਿਚ ਦੇ ਦਿਆਂਗਾ+ ਜੋ ਤੁਹਾਡੇ ਨਾਲ ਲੜਨਾ ਛੱਡ ਕੇ ਵਾਪਸ ਜਾ ਰਹੇ ਹਨ।’+

22 “‘ਪਰ ਮੈਂ ਉਨ੍ਹਾਂ ਨੂੰ ਹੁਕਮ ਦਿਆਂਗਾ,’ ਯਹੋਵਾਹ ਕਹਿੰਦਾ ਹੈ, ‘ਅਤੇ ਮੈਂ ਉਨ੍ਹਾਂ ਨੂੰ ਇਸ ਸ਼ਹਿਰ ਦੇ ਖ਼ਿਲਾਫ਼ ਵਾਪਸ ਲੈ ਆਵਾਂਗਾ ਅਤੇ ਉਹ ਹਮਲਾ ਕਰ ਕੇ ਇਸ ʼਤੇ ਕਬਜ਼ਾ ਕਰ ਲੈਣਗੇ ਅਤੇ ਇਸ ਨੂੰ ਅੱਗ ਨਾਲ ਸਾੜ ਸੁੱਟਣਗੇ।+ ਮੈਂ ਯਹੂਦਾਹ ਦੇ ਸ਼ਹਿਰਾਂ ਨੂੰ ਵੀਰਾਨ ਕਰ ਦਿਆਂਗਾ ਅਤੇ ਇੱਥੇ ਕੋਈ ਨਹੀਂ ਵੱਸੇਗਾ।’”+

35 ਯੋਸੀਯਾਹ ਦੇ ਪੁੱਤਰ, ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਦਿਨਾਂ ਵਿਚ+ ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 2 “ਤੂੰ ਰੇਕਾਬੀਆਂ+ ਦੇ ਘਰਾਣੇ ਕੋਲ ਜਾਹ ਅਤੇ ਉਨ੍ਹਾਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਘਰ ਵਿਚ ਰੋਟੀ ਖਾਣ ਵਾਲੇ ਇਕ ਕਮਰੇ ਵਿਚ ਲੈ ਜਾ; ਫਿਰ ਉੱਥੇ ਉਨ੍ਹਾਂ ਨੂੰ ਪੀਣ ਲਈ ਦਾਖਰਸ ਦੇਈਂ।”

3 ਇਸ ਲਈ ਮੈਂ ਹਬਸਿਨਯਾਹ ਦੇ ਪੋਤੇ, ਯਿਰਮਿਯਾਹ ਦੇ ਪੁੱਤਰ ਯਜ਼ਨਯਾਹ ਨੂੰ, ਉਸ ਦੇ ਭਰਾਵਾਂ ਨੂੰ, ਉਸ ਦੇ ਸਾਰੇ ਪੁੱਤਰਾਂ ਨੂੰ ਅਤੇ ਰੇਕਾਬੀਆਂ ਦੇ ਪੂਰੇ ਘਰਾਣੇ ਨੂੰ 4 ਯਹੋਵਾਹ ਦੇ ਘਰ ਵਿਚ ਲੈ ਗਿਆ। ਮੈਂ ਉਨ੍ਹਾਂ ਨੂੰ ਹਨਾਨ ਦੇ ਪੁੱਤਰਾਂ ਦੇ ਰੋਟੀ ਖਾਣ ਵਾਲੇ ਕਮਰੇ ਵਿਚ ਲੈ ਗਿਆ। ਹਨਾਨ ਯਿਗਦਲਯਾਹ ਦਾ ਪੁੱਤਰ ਅਤੇ ਸੱਚੇ ਪਰਮੇਸ਼ੁਰ ਦਾ ਬੰਦਾ ਸੀ। ਹਨਾਨ ਦੇ ਪੁੱਤਰਾਂ ਦਾ ਕਮਰਾ ਹਾਕਮਾਂ ਦੇ ਰੋਟੀ ਖਾਣ ਵਾਲੇ ਕਮਰੇ ਦੇ ਨਾਲ ਸੀ। ਹਾਕਮਾਂ ਦਾ ਕਮਰਾ ਦਰਬਾਨ ਸ਼ਲੂਮ ਦੇ ਪੁੱਤਰ ਮਾਸੇਯਾਹ ਦੇ ਰੋਟੀ ਖਾਣ ਵਾਲੇ ਕਮਰੇ ਦੇ ਉੱਪਰ ਸੀ। 5 ਫਿਰ ਮੈਂ ਪਿਆਲੇ ਅਤੇ ਕਟੋਰੇ ਦਾਖਰਸ ਨਾਲ ਭਰ ਕੇ ਰੇਕਾਬੀਆਂ ਦੇ ਘਰਾਣਿਆਂ ਦੇ ਆਦਮੀਆਂ ਸਾਮ੍ਹਣੇ ਰੱਖੇ ਅਤੇ ਉਨ੍ਹਾਂ ਨੂੰ ਕਿਹਾ: “ਲਓ ਦਾਖਰਸ ਪੀਓ।”

6 ਪਰ ਉਨ੍ਹਾਂ ਨੇ ਕਿਹਾ: “ਅਸੀਂ ਦਾਖਰਸ ਨਹੀਂ ਪੀਵਾਂਗੇ ਕਿਉਂਕਿ ਸਾਡੇ ਵੱਡ-ਵਡੇਰੇ ਰੇਕਾਬ ਦੇ ਪੁੱਤਰ ਯਹੋਨਾਦਾਬ*+ ਨੇ ਸਾਨੂੰ ਇਹ ਹੁਕਮ ਦਿੱਤਾ ਸੀ, ‘ਤੁਸੀਂ ਅਤੇ ਤੁਹਾਡੇ ਪੁੱਤਰ ਕਦੀ ਦਾਖਰਸ ਨਾ ਪੀਓ 7 ਅਤੇ ਤੁਸੀਂ ਘਰ ਨਾ ਬਣਾਇਓ, ਬੀ ਨਾ ਬੀਜੀਓ, ਅੰਗੂਰਾਂ ਦੇ ਬਾਗ਼ ਨਾ ਲਾਇਓ ਜਾਂ ਬਾਗ਼ਾਂ ਦੇ ਮਾਲਕ ਨਾ ਬਣਿਓ। ਇਸ ਦੀ ਬਜਾਇ, ਤੁਸੀਂ ਹਮੇਸ਼ਾ ਤੰਬੂਆਂ ਵਿਚ ਵੱਸਿਓ ਤਾਂਕਿ ਤੁਸੀਂ ਇਸ ਦੇਸ਼ ਵਿਚ ਲੰਬੇ ਸਮੇਂ ਤਕ ਰਹਿ ਸਕੋ ਜਿੱਥੇ ਤੁਸੀਂ ਪਰਦੇਸੀਆਂ ਵਜੋਂ ਰਹਿ ਰਹੇ ਹੋ।’ 8 ਇਸ ਲਈ ਆਪਣੇ ਵੱਡ-ਵਡੇਰੇ ਰੇਕਾਬ ਦੇ ਪੁੱਤਰ ਯਹੋਨਾਦਾਬ ਦਾ ਹੁਕਮ ਮੰਨਦੇ ਹੋਏ ਨਾ ਅਸੀਂ, ਨਾ ਸਾਡੀਆਂ ਪਤਨੀਆਂ ਨੇ ਅਤੇ ਨਾ ਹੀ ਸਾਡੇ ਧੀਆਂ-ਪੁੱਤਰਾਂ ਨੇ ਕਦੀ ਦਾਖਰਸ ਪੀਤਾ ਹੈ। 9 ਅਸੀਂ ਰਹਿਣ ਲਈ ਘਰ ਨਹੀਂ ਬਣਾਉਂਦੇ ਅਤੇ ਨਾ ਹੀ ਸਾਡੇ ਕੋਲ ਅੰਗੂਰਾਂ ਦੇ ਬਾਗ਼, ਖੇਤ ਜਾਂ ਬੀਜਣ ਲਈ ਬੀ ਹਨ। 10 ਅਸੀਂ ਤੰਬੂਆਂ ਵਿਚ ਰਹਿੰਦੇ ਹਾਂ ਅਤੇ ਆਪਣੇ ਵੱਡ-ਵਡੇਰੇ ਯਹੋਨਾਦਾਬ* ਦੇ ਹੁਕਮ ʼਤੇ ਚੱਲ ਕੇ ਸਾਰੀਆਂ ਗੱਲਾਂ ਮੰਨਦੇ ਹਾਂ। 11 ਪਰ ਜਦੋਂ ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਇਸ ਦੇਸ਼ ʼਤੇ ਹਮਲਾ ਕੀਤਾ,+ ਤਾਂ ਅਸੀਂ ਕਿਹਾ, ‘ਆਓ ਆਪਾਂ ਯਰੂਸ਼ਲਮ ਨੂੰ ਚੱਲੀਏ ਤਾਂਕਿ ਅਸੀਂ ਕਸਦੀਆਂ ਅਤੇ ਸੀਰੀਆ ਦੀਆਂ ਫ਼ੌਜਾਂ ਤੋਂ ਬਚ ਸਕੀਏ।’ ਇਸ ਕਰਕੇ ਅਸੀਂ ਹੁਣ ਯਰੂਸ਼ਲਮ ਵਿਚ ਰਹਿ ਰਹੇ ਹਾਂ।”

12 ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 13 “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਜਾਹ ਅਤੇ ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਕਹਿ: “ਕੀ ਤੁਹਾਨੂੰ ਲਗਾਤਾਰ ਹੱਲਾਸ਼ੇਰੀ ਨਹੀਂ ਦਿੱਤੀ ਗਈ ਸੀ ਕਿ ਤੁਸੀਂ ਮੇਰਾ ਕਹਿਣਾ ਮੰਨੋ?”+ ਯਹੋਵਾਹ ਕਹਿੰਦਾ ਹੈ। 14 “ਰੇਕਾਬ ਦੇ ਪੁੱਤਰ ਯਹੋਨਾਦਾਬ ਨੇ ਆਪਣੀ ਔਲਾਦ ਨੂੰ ਦਾਖਰਸ ਨਾ ਪੀਣ ਦਾ ਹੁਕਮ ਦਿੱਤਾ ਸੀ। ਉਨ੍ਹਾਂ ਨੇ ਉਸ ਦਾ ਹੁਕਮ ਮੰਨਦੇ ਹੋਏ ਅੱਜ ਤਕ ਦਾਖਰਸ ਨਹੀਂ ਪੀਤਾ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਵੱਡ-ਵਡੇਰੇ ਦਾ ਕਹਿਣਾ ਮੰਨਿਆ।+ ਮੈਂ ਤੁਹਾਡੇ ਨਾਲ ਵਾਰ-ਵਾਰ* ਗੱਲ ਕੀਤੀ, ਪਰ ਤੁਸੀਂ ਮੇਰੀ ਗੱਲ ਨਹੀਂ ਮੰਨੀ।+ 15 ਮੈਂ ਆਪਣੇ ਸਾਰੇ ਸੇਵਕਾਂ, ਹਾਂ, ਨਬੀਆਂ ਨੂੰ ਵਾਰ-ਵਾਰ* ਤੁਹਾਡੇ ਕੋਲ ਭੇਜਦਾ ਰਿਹਾ+ ਅਤੇ ਕਹਿੰਦਾ ਰਿਹਾ: “ਕਿਰਪਾ ਕਰ ਕੇ ਆਪਣੇ ਬੁਰੇ ਰਾਹਾਂ ਤੋਂ ਮੁੜ ਆਓ+ ਅਤੇ ਸਹੀ ਕੰਮ ਕਰੋ! ਹੋਰ ਦੇਵਤਿਆਂ ਦੇ ਪਿੱਛੇ ਨਾ ਜਾਓ ਅਤੇ ਉਨ੍ਹਾਂ ਦੀ ਭਗਤੀ ਨਾ ਕਰੋ। ਫਿਰ ਤੁਸੀਂ ਇਸ ਦੇਸ਼ ਵਿਚ ਵੱਸੇ ਰਹੋਗੇ ਜੋ ਮੈਂ ਤੁਹਾਨੂੰ ਅਤੇ ਤੁਹਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ।’+ ਪਰ ਤੁਸੀਂ ਮੇਰੀ ਗੱਲ ਵੱਲ ਕੰਨ ਨਹੀਂ ਲਾਇਆ ਅਤੇ ਨਾ ਹੀ ਮੇਰੀ ਗੱਲ ਸੁਣੀ। 16 ਰੇਕਾਬ ਦੇ ਪੁੱਤਰ ਯਹੋਨਾਦਾਬ ਦੀ ਔਲਾਦ ਨੇ ਆਪਣੇ ਵੱਡ-ਵਡੇਰੇ ਦਾ ਹੁਕਮ ਮੰਨਿਆ,+ ਪਰ ਇਨ੍ਹਾਂ ਲੋਕਾਂ ਨੇ ਮੇਰੀ ਇਕ ਨਹੀਂ ਸੁਣੀ।”’”

17 “ਇਸ ਲਈ ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: ‘ਮੈਂ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਉੱਤੇ ਬਿਪਤਾ ਲਿਆ ਰਿਹਾ ਹਾਂ ਜਿਸ ਬਾਰੇ ਮੈਂ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ+ ਕਿਉਂਕਿ ਮੈਂ ਉਨ੍ਹਾਂ ਨੂੰ ਸਮਝਾਉਂਦਾ ਰਿਹਾ, ਪਰ ਉਨ੍ਹਾਂ ਨੇ ਮੇਰੀ ਇਕ ਨਹੀਂ ਸੁਣੀ ਅਤੇ ਮੈਂ ਉਨ੍ਹਾਂ ਨੂੰ ਬੁਲਾਉਂਦਾ ਰਿਹਾ, ਪਰ ਉਨ੍ਹਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ।’”+

18 ਫਿਰ ਯਿਰਮਿਯਾਹ ਨੇ ਰੇਕਾਬੀਆਂ ਦੇ ਘਰਾਣੇ ਨੂੰ ਕਿਹਾ: “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਤੁਸੀਂ ਆਪਣੇ ਵੱਡ-ਵਡੇਰੇ ਯਹੋਨਾਦਾਬ ਦਾ ਹੁਕਮ ਮੰਨਿਆ ਹੈ ਅਤੇ ਉਸ ਦੇ ਸਾਰੇ ਹੁਕਮ ਲਗਾਤਾਰ ਮੰਨ ਰਹੇ ਹੋ ਅਤੇ ਉਹੀ ਕਰ ਰਹੇ ਹੋ ਜੋ ਉਸ ਨੇ ਤੁਹਾਨੂੰ ਕਰਨ ਦਾ ਹੁਕਮ ਦਿੱਤਾ ਸੀ, 19 ਇਸ ਲਈ ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਰੇਕਾਬ ਦੇ ਪੁੱਤਰ ਯਹੋਨਾਦਾਬ* ਦੀ ਔਲਾਦ ਵਿੱਚੋਂ ਹਮੇਸ਼ਾ ਕੋਈ-ਨਾ-ਕੋਈ ਹੋਵੇਗਾ ਜੋ ਮੇਰੀ ਹਜ਼ੂਰੀ ਵਿਚ ਸੇਵਾ ਕਰੇਗਾ।”’”

36 ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਚੌਥੇ ਸਾਲ+ ਦੌਰਾਨ ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 2 “ਇਕ ਕਾਗਜ਼* ਲੈ ਅਤੇ ਉਸ ਉੱਤੇ ਉਹ ਸਾਰੀਆਂ ਗੱਲਾਂ ਲਿਖ ਜੋ ਮੈਂ ਤੈਨੂੰ ਇਜ਼ਰਾਈਲ, ਯਹੂਦਾਹ+ ਅਤੇ ਸਾਰੀਆਂ ਕੌਮਾਂ ਦੇ ਖ਼ਿਲਾਫ਼ ਦੱਸੀਆਂ ਹਨ।+ ਯੋਸੀਯਾਹ ਦੇ ਰਾਜ ਦੌਰਾਨ ਤੇਰੇ ਨਾਲ ਗੱਲ ਕਰਨ ਦੇ ਪਹਿਲੇ ਦਿਨ ਤੋਂ ਲੈ ਕੇ ਅੱਜ ਤਕ ਮੈਂ ਤੈਨੂੰ ਜੋ ਵੀ ਦੱਸਿਆ ਹੈ, ਉਸ ਉੱਤੇ ਲਿਖ।+ 3 ਮੈਂ ਯਹੂਦਾਹ ਦੇ ਘਰਾਣੇ ਉੱਤੇ ਜੋ ਬਿਪਤਾ ਲਿਆਉਣ ਦਾ ਇਰਾਦਾ ਕੀਤਾ ਹੈ, ਸ਼ਾਇਦ ਉਸ ਬਾਰੇ ਸੁਣ ਕੇ ਉਹ ਆਪਣੇ ਬੁਰੇ ਰਾਹਾਂ ਤੋਂ ਮੁੜ ਆਉਣ ਅਤੇ ਮੈਂ ਉਨ੍ਹਾਂ ਦੀਆਂ ਗ਼ਲਤੀਆਂ ਅਤੇ ਪਾਪ ਮਾਫ਼ ਕਰ ਦਿਆਂ।”+

4 ਫਿਰ ਯਿਰਮਿਯਾਹ ਨੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਸੱਦਿਆ+ ਅਤੇ ਯਹੋਵਾਹ ਨੇ ਯਿਰਮਿਯਾਹ ਨੂੰ ਜੋ ਵੀ ਗੱਲਾਂ ਦੱਸੀਆਂ ਸਨ, ਉਹ ਸਾਰੀਆਂ ਉਸ ਨੇ ਬੋਲ ਕੇ ਬਾਰੂਕ ਨੂੰ ਲਿਖਵਾਈਆਂ ਅਤੇ ਬਾਰੂਕ ਨੇ ਉਹ ਗੱਲਾਂ ਇਕ ਕਾਗਜ਼* ਉੱਤੇ ਲਿਖ ਲਈਆਂ।+ 5 ਫਿਰ ਯਿਰਮਿਯਾਹ ਨੇ ਬਾਰੂਕ ਨੂੰ ਹੁਕਮ ਦਿੱਤਾ: “ਮੇਰੇ ʼਤੇ ਪਾਬੰਦੀ ਲਾਈ ਗਈ ਹੈ ਜਿਸ ਕਰਕੇ ਮੈਂ ਯਹੋਵਾਹ ਦੇ ਘਰ ਵਿਚ ਨਹੀਂ ਜਾ ਸਕਦਾ। 6 ਇਸ ਲਈ ਤੂੰ ਉੱਥੇ ਜਾਈਂ ਅਤੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਉੱਚੀ ਆਵਾਜ਼ ਵਿਚ ਪੜ੍ਹ ਕੇ ਸੁਣਾਈਂ ਜੋ ਮੈਂ ਤੈਨੂੰ ਬੋਲ ਕੇ ਲਿਖਵਾਈਆਂ ਹਨ। ਵਰਤ ਵਾਲੇ ਦਿਨ ਯਹੋਵਾਹ ਦੇ ਘਰ ਵਿਚ ਆਏ ਸਾਰੇ ਲੋਕਾਂ ਨੂੰ ਇਹ ਗੱਲਾਂ ਪੜ੍ਹ ਕੇ ਸੁਣਾਈਂ; ਯਹੂਦਾਹ ਦੇ ਸਾਰੇ ਲੋਕਾਂ ਨੂੰ ਇਹ ਗੱਲਾਂ ਪੜ੍ਹ ਕੇ ਸੁਣਾਈਂ ਜੋ ਆਪਣੇ ਸ਼ਹਿਰਾਂ ਤੋਂ ਇੱਥੇ ਆਏ ਹਨ। 7 ਸ਼ਾਇਦ ਉਹ ਯਹੋਵਾਹ ਅੱਗੇ ਮਿਹਰ ਲਈ ਤਰਲੇ ਕਰਨ ਅਤੇ ਹਰ ਕੋਈ ਆਪਣੇ ਬੁਰੇ ਰਾਹ ਤੋਂ ਮੁੜ ਆਵੇ ਕਿਉਂਕਿ ਯਹੋਵਾਹ ਨੇ ਐਲਾਨ ਕੀਤਾ ਹੈ ਕਿ ਉਹ ਇਨ੍ਹਾਂ ਲੋਕਾਂ ਉੱਤੇ ਆਪਣਾ ਡਾਢਾ ਗੁੱਸਾ ਅਤੇ ਕ੍ਰੋਧ ਵਰ੍ਹਾਏਗਾ।”

8 ਇਸ ਲਈ ਨੇਰੀਯਾਹ ਦੇ ਪੁੱਤਰ ਬਾਰੂਕ ਨੇ ਉਹ ਸਭ ਕੁਝ ਕੀਤਾ ਜੋ ਯਿਰਮਿਯਾਹ ਨਬੀ ਨੇ ਉਸ ਨੂੰ ਕਰਨ ਦਾ ਹੁਕਮ ਦਿੱਤਾ ਸੀ; ਉਸ ਨੇ ਯਹੋਵਾਹ ਦੇ ਘਰ ਵਿਚ ਉਸ ਕਾਗਜ਼* ʼਤੇ ਲਿਖੀਆਂ ਯਹੋਵਾਹ ਦੀਆਂ ਸਾਰੀਆਂ ਗੱਲਾਂ ਉੱਚੀ ਆਵਾਜ਼ ਵਿਚ ਪੜ੍ਹੀਆਂ।+

9 ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ+ ਦੇ ਪੰਜਵੇਂ ਸਾਲ ਦੇ ਨੌਵੇਂ ਮਹੀਨੇ ਵਿਚ ਇਹ ਐਲਾਨ ਕੀਤਾ ਗਿਆ ਕਿ ਯਰੂਸ਼ਲਮ ਦੇ ਸਾਰੇ ਲੋਕ ਅਤੇ ਯਹੂਦਾਹ ਦੇ ਸ਼ਹਿਰਾਂ ਤੋਂ ਯਰੂਸ਼ਲਮ ਆਏ ਸਾਰੇ ਲੋਕ ਯਹੋਵਾਹ ਦੇ ਸਾਮ੍ਹਣੇ ਵਰਤ ਰੱਖਣ।+ 10 ਫਿਰ ਬਾਰੂਕ ਨੇ ਯਹੋਵਾਹ ਦੇ ਘਰ ਵਿਚ ਸਾਰੇ ਲੋਕਾਂ ਨੂੰ ਉੱਚੀ ਆਵਾਜ਼ ਵਿਚ ਉਹ ਸਾਰੀਆਂ ਗੱਲਾਂ ਪੜ੍ਹ ਕੇ ਸੁਣਾਈਆਂ ਜੋ ਯਿਰਮਿਯਾਹ ਨੇ ਉਸ ਨੂੰ ਲਿਖਵਾਈਆਂ ਸਨ। ਉਸ ਨੇ ਇਹ ਗੱਲਾਂ ਨਕਲਨਵੀਸ* ਸ਼ਾਫਾਨ ਦੇ ਪੁੱਤਰ+ ਗਮਰਯਾਹ+ ਦੇ ਕਮਰੇ* ਵਿਚ ਪੜ੍ਹੀਆਂ ਸਨ ਜੋ ਯਹੋਵਾਹ ਦੇ ਘਰ ਦੇ ਨਵੇਂ ਦਰਵਾਜ਼ੇ ਕੋਲ ਉੱਪਰਲੇ ਵਿਹੜੇ ਵਿਚ ਸੀ।+

11 ਜਦੋਂ ਸ਼ਾਫਾਨ ਦੇ ਪੋਤੇ, ਗਮਰਯਾਹ ਦੇ ਪੁੱਤਰ ਮੀਕਾਯਾਹ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਸੁਣੀਆਂ, 12 ਤਾਂ ਉਹ ਰਾਜੇ ਦੇ ਮਹਿਲ ਵਿਚ ਸਕੱਤਰ ਦੇ ਕਮਰੇ ਵਿਚ ਗਿਆ। ਉੱਥੇ ਸਾਰੇ ਹਾਕਮ* ਬੈਠੇ ਹੋਏ ਸਨ: ਸਕੱਤਰ ਅਲੀਸ਼ਾਮਾ,+ ਸ਼ਮਾਯਾਹ ਦਾ ਪੁੱਤਰ ਦਲਾਯਾਹ, ਅਕਬੋਰ ਦਾ ਪੁੱਤਰ+ ਅਲਨਾਥਾਨ,+ ਸ਼ਾਫਾਨ ਦਾ ਪੁੱਤਰ ਗਮਰਯਾਹ, ਹਨਨਯਾਹ ਦਾ ਪੁੱਤਰ ਸਿਦਕੀਯਾਹ ਅਤੇ ਹੋਰ ਸਾਰੇ ਹਾਕਮ। 13 ਮੀਕਾਯਾਹ ਨੇ ਉਨ੍ਹਾਂ ਨੂੰ ਕਾਗਜ਼* ʼਤੇ ਲਿਖੀਆਂ ਸਾਰੀਆਂ ਗੱਲਾਂ ਦੱਸੀਆਂ ਜੋ ਬਾਰੂਕ ਨੇ ਲੋਕਾਂ ਨੂੰ ਪੜ੍ਹ ਕੇ ਸੁਣਾਈਆਂ ਸਨ।

14 ਫਿਰ ਸਾਰੇ ਹਾਕਮਾਂ ਨੇ ਕੂਸ਼ੀ ਦੇ ਪੜਪੋਤੇ, ਸ਼ਲਮਯਾਹ ਦੇ ਪੋਤੇ, ਨਥਨਯਾਹ ਦੇ ਪੁੱਤਰ ਯਹੂਦੀ ਦੇ ਹੱਥ ਬਾਰੂਕ ਨੂੰ ਇਹ ਸੁਨੇਹਾ ਘੱਲਿਆ: “ਇੱਥੇ ਆ ਅਤੇ ਆਪਣੇ ਨਾਲ ਉਹ ਕਾਗਜ਼ ਵੀ ਲੈਂਦਾ ਆਈਂ ਜੋ ਤੂੰ ਲੋਕਾਂ ਨੂੰ ਪੜ੍ਹ ਕੇ ਸੁਣਾਇਆ ਸੀ।” ਨੇਰੀਯਾਹ ਦਾ ਪੁੱਤਰ ਬਾਰੂਕ ਆਪਣੇ ਹੱਥ ਵਿਚ ਉਹ ਕਾਗਜ਼ ਲੈ ਕੇ ਉਨ੍ਹਾਂ ਕੋਲ ਚਲਾ ਗਿਆ। 15 ਉਨ੍ਹਾਂ ਨੇ ਉਸ ਨੂੰ ਕਿਹਾ: “ਕਿਰਪਾ ਕਰ ਕੇ ਬੈਠ ਜਾਹ ਅਤੇ ਸਾਨੂੰ ਇਸ ਕਾਗਜ਼ ʼਤੇ ਲਿਖੀਆਂ ਗੱਲਾਂ ਪੜ੍ਹ ਕੇ ਸੁਣਾ।” ਇਸ ਲਈ ਬਾਰੂਕ ਨੇ ਉਨ੍ਹਾਂ ਨੂੰ ਉਹ ਗੱਲਾਂ ਪੜ੍ਹ ਕੇ ਸੁਣਾਈਆਂ।

16 ਜਦੋਂ ਉਨ੍ਹਾਂ ਨੇ ਉਹ ਸਾਰੀਆਂ ਗੱਲਾਂ ਸੁਣੀਆਂ, ਤਾਂ ਉਨ੍ਹਾਂ ਨੇ ਡਰ ਦੇ ਮਾਰੇ ਇਕ-ਦੂਜੇ ਵੱਲ ਦੇਖਿਆ ਅਤੇ ਬਾਰੂਕ ਨੂੰ ਕਿਹਾ: “ਸਾਨੂੰ ਇਹ ਸਾਰੀਆਂ ਗੱਲਾਂ ਰਾਜੇ ਨੂੰ ਦੱਸਣੀਆਂ ਚਾਹੀਦੀਆਂ ਹਨ।” 17 ਫਿਰ ਉਨ੍ਹਾਂ ਨੇ ਬਾਰੂਕ ਨੂੰ ਪੁੱਛਿਆ: “ਕਿਰਪਾ ਕਰ ਕੇ ਸਾਨੂੰ ਦੱਸ ਕਿ ਤੂੰ ਇਹ ਗੱਲਾਂ ਕਿੱਥੋਂ ਲਿਖੀਆਂ। ਕੀ ਯਿਰਮਿਯਾਹ ਨੇ ਤੈਨੂੰ ਇਹ ਗੱਲਾਂ ਲਿਖਵਾਈਆਂ?” 18 ਬਾਰੂਕ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਹਾਂ, ਉਸ ਨੇ ਹੀ ਮੈਨੂੰ ਇਹ ਸਾਰੀਆਂ ਗੱਲਾਂ ਉੱਚੀ ਬੋਲ ਕੇ ਦੱਸੀਆਂ ਅਤੇ ਮੈਂ ਸਿਆਹੀ ਨਾਲ ਇਸ ਕਾਗਜ਼ ਉੱਤੇ ਲਿਖ ਦਿੱਤੀਆਂ।” 19 ਫਿਰ ਹਾਕਮਾਂ ਨੇ ਬਾਰੂਕ ਨੂੰ ਕਿਹਾ: “ਜਾਹ, ਤੂੰ ਤੇ ਯਿਰਮਿਯਾਹ ਲੁਕ ਜਾਓ। ਕਿਸੇ ਨੂੰ ਪਤਾ ਨਾ ਲੱਗੇ ਕਿ ਤੁਸੀਂ ਕਿੱਥੇ ਹੋ।”+

20 ਫਿਰ ਉਨ੍ਹਾਂ ਨੇ ਉਹ ਕਾਗਜ਼ ਸਕੱਤਰ ਅਲੀਸ਼ਾਮਾ ਦੇ ਕਮਰੇ ਵਿਚ ਰੱਖ ਦਿੱਤਾ ਅਤੇ ਵਿਹੜੇ ਵਿਚ ਰਾਜੇ ਕੋਲ ਚਲੇ ਗਏ। ਉਨ੍ਹਾਂ ਨੇ ਰਾਜੇ ਨੂੰ ਸਾਰੀਆਂ ਗੱਲਾਂ ਦੱਸੀਆਂ ਜੋ ਉਨ੍ਹਾਂ ਨੇ ਸੁਣੀਆਂ ਸਨ।

21 ਫਿਰ ਰਾਜੇ ਨੇ ਯਹੂਦੀ ਨੂੰ ਉਹ ਕਾਗਜ਼ ਲਿਆਉਣ ਲਈ ਭੇਜਿਆ।+ ਯਹੂਦੀ ਜਾ ਕੇ ਸਕੱਤਰ ਅਲੀਸ਼ਾਮਾ ਦੇ ਕਮਰੇ ਵਿੱਚੋਂ ਉਹ ਕਾਗਜ਼ ਲੈ ਆਇਆ ਅਤੇ ਉਸ ਨੇ ਰਾਜੇ ਅਤੇ ਉਸ ਦੇ ਕੋਲ ਖੜ੍ਹੇ ਸਾਰੇ ਹਾਕਮਾਂ ਨੂੰ ਪੜ੍ਹ ਕੇ ਸੁਣਾਉਣਾ ਸ਼ੁਰੂ ਕੀਤਾ। 22 ਨੌਵੇਂ ਮਹੀਨੇ* ਦੌਰਾਨ ਰਾਜਾ ਸਰਦੀਆਂ ਲਈ ਬਣਾਏ ਮਹਿਲ ਵਿਚ ਬੈਠਾ ਹੋਇਆ ਸੀ ਅਤੇ ਉਸ ਦੇ ਸਾਮ੍ਹਣੇ ਅੰਗੀਠੀ ਬਲ਼ ਰਹੀ ਸੀ। 23 ਜਦੋਂ ਯਹੂਦੀ ਉਸ ਕਾਗਜ਼ ਉੱਤੋਂ ਤਿੰਨ ਜਾਂ ਚਾਰ ਹਿੱਸੇ ਪੜ੍ਹ ਕੇ ਖ਼ਤਮ ਕਰਦਾ ਸੀ, ਤਾਂ ਰਾਜਾ ਉਨ੍ਹਾਂ ਹਿੱਸਿਆਂ ਨੂੰ ਸਕੱਤਰ ਦੇ ਚਾਕੂ ਨਾਲ ਪਾੜ ਕੇ ਅੰਗੀਠੀ ਵਿਚ ਸੁੱਟ ਦਿੰਦਾ ਸੀ। ਉਹ ਉਦੋਂ ਤਕ ਇਸ ਤਰ੍ਹਾਂ ਕਰਦਾ ਰਿਹਾ ਜਦ ਤਕ ਉਸ ਨੇ ਅੰਗੀਠੀ ਵਿਚ ਪੂਰਾ ਕਾਗਜ਼ ਸਾੜ ਨਹੀਂ ਦਿੱਤਾ। 24 ਉਨ੍ਹਾਂ ਨੂੰ ਬਿਲਕੁਲ ਵੀ ਡਰ ਨਹੀਂ ਲੱਗਾ; ਇਹ ਸਾਰੀਆਂ ਗੱਲਾਂ ਸੁਣ ਕੇ ਨਾ ਰਾਜੇ ਨੇ ਤੇ ਨਾ ਹੀ ਉਸ ਦੇ ਸਾਰੇ ਨੌਕਰਾਂ ਨੇ ਆਪਣੇ ਕੱਪੜੇ ਪਾੜੇ। 25 ਅਲਨਾਥਾਨ,+ ਦਲਾਯਾਹ+ ਅਤੇ ਗਮਰਯਾਹ+ ਨੇ ਰਾਜੇ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਕਾਗਜ਼ ਨਾ ਸਾੜੇ, ਪਰ ਉਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। 26 ਫਿਰ ਰਾਜੇ ਨੇ ਯਰਹਮਏਲ ਨੂੰ ਜੋ ਰਾਜੇ ਦਾ ਪੁੱਤਰ ਸੀ ਅਤੇ ਅਜ਼ਰੀਏਲ ਦੇ ਪੁੱਤਰ ਸਰਾਯਾਹ ਨੂੰ ਅਤੇ ਅਬਦਏਲ ਦੇ ਪੁੱਤਰ ਸ਼ਲਮਯਾਹ ਨੂੰ ਹੁਕਮ ਦਿੱਤਾ ਕਿ ਉਹ ਸਕੱਤਰ ਬਾਰੂਕ ਅਤੇ ਯਿਰਮਿਯਾਹ ਨਬੀ ਨੂੰ ਫੜ ਲੈਣ, ਪਰ ਯਹੋਵਾਹ ਨੇ ਉਨ੍ਹਾਂ ਨੂੰ ਲੁਕਾਈ ਰੱਖਿਆ।+

27 ਜਿਸ ਕਾਗਜ਼ ਉੱਤੇ ਯਿਰਮਿਯਾਹ ਨੇ ਬੋਲ ਕੇ ਬਾਰੂਕ ਤੋਂ ਗੱਲਾਂ ਲਿਖਵਾਈਆਂ ਸਨ, ਉਸ ਕਾਗਜ਼ ਨੂੰ ਰਾਜੇ ਵੱਲੋਂ ਸਾੜੇ ਜਾਣ ਤੋਂ ਬਾਅਦ ਯਿਰਮਿਯਾਹ ਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ:+ 28 “ਇਕ ਹੋਰ ਕਾਗਜ਼ ਲੈ ਅਤੇ ਉਸ ਉੱਤੇ ਉਹ ਸਾਰੀਆਂ ਗੱਲਾਂ ਲਿਖ ਜੋ ਪਹਿਲੇ ਕਾਗਜ਼ ਉੱਤੇ ਲਿਖੀਆਂ ਸਨ ਜਿਸ ਨੂੰ ਯਹੂਦਾਹ ਦੇ ਰਾਜੇ ਯਹੋਯਾਕੀਮ ਨੇ ਸਾੜ ਦਿੱਤਾ ਸੀ।+ 29 ਤੂੰ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਵਿਰੁੱਧ ਕਹੀਂ, ‘ਯਹੋਵਾਹ ਕਹਿੰਦਾ ਹੈ: “ਤੂੰ ਉਹ ਕਾਗਜ਼ ਸਾੜ ਦਿੱਤਾ ਸੀ ਅਤੇ ਕਿਹਾ ਸੀ, ‘ਤੂੰ ਇਸ ਉੱਤੇ ਇਹ ਕਿਉਂ ਲਿਖਿਆ ਹੈ ਕਿ ਬਾਬਲ ਦਾ ਰਾਜਾ ਜ਼ਰੂਰ ਆਵੇਗਾ ਅਤੇ ਇਸ ਦੇਸ਼ ਨੂੰ ਤਬਾਹ ਕਰ ਦੇਵੇਗਾ ਅਤੇ ਦੇਸ਼ ਵਿੱਚੋਂ ਇਨਸਾਨ ਅਤੇ ਜਾਨਵਰ ਖ਼ਤਮ ਕਰ ਦੇਵੇਗਾ?’+ 30 ਇਸ ਲਈ ਯਹੋਵਾਹ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਖ਼ਿਲਾਫ਼ ਇਹ ਕਹਿੰਦਾ ਹੈ, ‘ਉਸ ਦੀ ਔਲਾਦ ਵਿੱਚੋਂ ਕੋਈ ਵੀ ਦਾਊਦ ਦੇ ਸਿੰਘਾਸਣ ਉੱਤੇ ਨਹੀਂ ਬੈਠੇਗਾ।+ ਉਸ ਦੀ ਲਾਸ਼ ਦਿਨੇ ਧੁੱਪ ਵਿਚ ਅਤੇ ਰਾਤ ਨੂੰ ਠੰਢ ਵਿਚ ਪਈ ਰਹੇਗੀ।+ 31 ਮੈਂ ਉਸ ਤੋਂ, ਉਸ ਦੀ ਔਲਾਦ* ਤੋਂ ਅਤੇ ਉਸ ਦੇ ਨੌਕਰਾਂ ਤੋਂ ਉਨ੍ਹਾਂ ਦੀਆਂ ਗ਼ਲਤੀਆਂ ਦਾ ਲੇਖਾ ਲਵਾਂਗਾ ਅਤੇ ਉਨ੍ਹਾਂ ਉੱਤੇ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ ਅਤੇ ਯਹੂਦਾਹ ਦੇ ਸਾਰੇ ਲੋਕਾਂ ਉੱਤੇ ਬਿਪਤਾ ਲਿਆਵਾਂਗਾ ਜੋ ਮੈਂ ਉਨ੍ਹਾਂ ਉੱਤੇ ਲਿਆਉਣ ਬਾਰੇ ਕਿਹਾ ਸੀ,+ ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ।’”’”+

32 ਫਿਰ ਯਿਰਮਿਯਾਹ ਨੇ ਇਕ ਹੋਰ ਕਾਗਜ਼ ਲੈ ਕੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਦਿੱਤਾ+ ਅਤੇ ਯਿਰਮਿਯਾਹ ਨੇ ਬੋਲ ਕੇ ਉਹ ਸਾਰੀਆਂ ਗੱਲਾਂ ਸਕੱਤਰ ਬਾਰੂਕ ਨੂੰ ਲਿਖਵਾਈਆਂ ਜੋ ਉਸ ਕਾਗਜ਼* ਉੱਤੇ ਸਨ ਜਿਸ ਨੂੰ ਯਹੂਦਾਹ ਦੇ ਰਾਜੇ ਯਹੋਯਾਕੀਮ ਨੇ ਸਾੜ ਦਿੱਤਾ ਸੀ।+ ਉਨ੍ਹਾਂ ਵਿਚ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਜੋੜੀਆਂ ਗਈਆਂ।

37 ਯਹੋਯਾਕੀਮ ਦੇ ਪੁੱਤਰ ਕਾਨਯਾਹ*+ ਦੀ ਥਾਂ ਯੋਸੀਯਾਹ ਦਾ ਪੁੱਤਰ ਸਿਦਕੀਯਾਹ+ ਰਾਜ ਕਰਨ ਲੱਗਾ ਕਿਉਂਕਿ ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਉਸ ਨੂੰ ਯਹੂਦਾਹ ਦਾ ਰਾਜਾ ਬਣਾਇਆ ਸੀ।+ 2 ਪਰ ਉਸ ਨੇ ਅਤੇ ਉਸ ਦੇ ਨੌਕਰਾਂ ਨੇ ਅਤੇ ਦੇਸ਼ ਦੇ ਲੋਕਾਂ ਨੇ ਯਹੋਵਾਹ ਦਾ ਸੰਦੇਸ਼ ਨਹੀਂ ਸੁਣਿਆ ਜੋ ਉਸ ਨੇ ਯਿਰਮਿਯਾਹ ਨਬੀ ਰਾਹੀਂ ਦੱਸਿਆ ਸੀ।

3 ਰਾਜਾ ਸਿਦਕੀਯਾਹ ਨੇ ਸ਼ਲਮਯਾਹ ਦੇ ਪੁੱਤਰ ਯਹੂਕਲ+ ਅਤੇ ਪੁਜਾਰੀ ਮਾਸੇਯਾਹ ਦੇ ਪੁੱਤਰ ਸਫ਼ਨਯਾਹ+ ਨੂੰ ਯਿਰਮਿਯਾਹ ਨਬੀ ਕੋਲ ਘੱਲਿਆ ਅਤੇ ਕਿਹਾ: “ਕਿਰਪਾ ਕਰ ਕੇ ਸਾਡੇ ਪਰਮੇਸ਼ੁਰ ਯਹੋਵਾਹ ਅੱਗੇ ਸਾਡੇ ਲਈ ਫ਼ਰਿਆਦ ਕਰ।” 4 ਯਿਰਮਿਯਾਹ ਲੋਕਾਂ ਵਿਚ ਆਜ਼ਾਦ ਘੁੰਮਦਾ-ਫਿਰਦਾ ਸੀ ਕਿਉਂਕਿ ਉਸ ਨੂੰ ਅਜੇ ਕੈਦ ਨਹੀਂ ਕੀਤਾ ਗਿਆ ਸੀ।+ 5 ਉਸ ਵੇਲੇ ਕਸਦੀਆਂ ਨੇ ਯਰੂਸ਼ਲਮ ਦੀ ਘੇਰਾਬੰਦੀ ਕੀਤੀ ਹੋਈ ਸੀ। ਪਰ ਜਦੋਂ ਉਨ੍ਹਾਂ ਨੇ ਸੁਣਿਆ ਕਿ ਫ਼ਿਰਊਨ ਦੀ ਫ਼ੌਜ ਮਿਸਰ ਤੋਂ ਤੁਰ ਪਈ ਸੀ,+ ਤਾਂ ਉਹ ਯਰੂਸ਼ਲਮ ਛੱਡ ਕੇ ਚਲੇ ਗਏ।+ 6 ਫਿਰ ਯਿਰਮਿਯਾਹ ਨਬੀ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 7 “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ, ‘ਯਹੂਦਾਹ ਦੇ ਰਾਜੇ ਨੇ ਤੁਹਾਨੂੰ ਮੇਰੇ ਕੋਲ ਪੁੱਛ-ਪੜਤਾਲ ਕਰਨ ਲਈ ਘੱਲਿਆ ਹੈ। ਤੁਸੀਂ ਉਸ ਨੂੰ ਕਹੋ: “ਦੇਖ! ਫ਼ਿਰਊਨ ਦੀ ਫ਼ੌਜ ਤੁਹਾਡੀ ਮਦਦ ਕਰਨ ਆ ਰਹੀ ਹੈ, ਪਰ ਇਸ ਨੂੰ ਆਪਣੇ ਦੇਸ਼ ਮਿਸਰ ਵਾਪਸ ਮੁੜਨਾ ਪਵੇਗਾ।+ 8 ਪਰ ਕਸਦੀ ਵਾਪਸ ਆਉਣਗੇ ਅਤੇ ਹਮਲਾ ਕਰ ਕੇ ਸ਼ਹਿਰ ʼਤੇ ਕਬਜ਼ਾ ਕਰ ਲੈਣਗੇ ਅਤੇ ਇਸ ਨੂੰ ਅੱਗ ਨਾਲ ਸਾੜ ਸੁੱਟਣਗੇ।”+ 9 ਯਹੋਵਾਹ ਕਹਿੰਦਾ ਹੈ, “ਇਹ ਕਹਿ ਕੇ ਆਪਣੇ ਆਪ ਨੂੰ ਧੋਖਾ ਨਾ ਦਿਓ, ‘ਕਸਦੀ ਸਾਡੇ ਨਾਲ ਲੜਨਾ ਛੱਡ ਕੇ ਸੱਚ-ਮੁੱਚ ਚਲੇ ਜਾਣਗੇ,’ ਕਿਉਂਕਿ ਉਹ ਨਹੀਂ ਜਾਣਗੇ। 10 ਭਾਵੇਂ ਤੁਸੀਂ ਕਸਦੀਆਂ ਦੀ ਸਾਰੀ ਫ਼ੌਜ ਨੂੰ ਹਰਾ ਹੀ ਕਿਉਂ ਨਾ ਦਿਓ ਜੋ ਤੁਹਾਡੇ ਨਾਲ ਲੜ ਰਹੀ ਹੈ ਅਤੇ ਭਾਵੇਂ ਉਨ੍ਹਾਂ ਦੇ ਬਚੇ ਹੋਏ ਫ਼ੌਜੀ ਜ਼ਖ਼ਮੀ ਹੀ ਕਿਉਂ ਨਾ ਹੋਣ, ਤਾਂ ਵੀ ਉਹ ਆਪਣੇ ਤੰਬੂਆਂ ਵਿੱਚੋਂ ਉੱਠ ਖੜ੍ਹੇ ਹੋਣਗੇ ਅਤੇ ਇਸ ਸ਼ਹਿਰ ਨੂੰ ਅੱਗ ਨਾਲ ਸਾੜ ਸੁੱਟਣਗੇ।”’”+

11 ਜਦੋਂ ਫ਼ਿਰਊਨ ਦੀ ਫ਼ੌਜ ਕਰਕੇ ਕਸਦੀ ਲੜਨਾ ਛੱਡ ਕੇ ਯਰੂਸ਼ਲਮ ਤੋਂ ਚਲੇ ਗਏ,+ 12 ਤਾਂ ਯਿਰਮਿਯਾਹ ਬਿਨਯਾਮੀਨ ਦੇ ਇਲਾਕੇ+ ਵਿਚ ਆਪਣੇ ਲੋਕਾਂ ਤੋਂ ਹਿੱਸਾ ਲੈਣ ਲਈ ਯਰੂਸ਼ਲਮ ਤੋਂ ਤੁਰ ਪਿਆ। 13 ਪਰ ਜਦੋਂ ਉਹ ਬਿਨਯਾਮੀਨ ਫਾਟਕ ਕੋਲ ਪਹੁੰਚਿਆ, ਤਾਂ ਉੱਥੇ ਪਹਿਰੇਦਾਰਾਂ ਦਾ ਮੁਖੀ ਯਿਰੀਯਾਹ ਸੀ ਜੋ ਸ਼ਲਮਯਾਹ ਦਾ ਪੁੱਤਰ ਅਤੇ ਹਨਨਯਾਹ ਦਾ ਪੋਤਾ ਸੀ। ਉਸ ਨੇ ਯਿਰਮਿਯਾਹ ਨਬੀ ਨੂੰ ਫੜ ਲਿਆ ਅਤੇ ਕਿਹਾ: “ਤੂੰ ਪੱਕਾ ਸਾਨੂੰ ਛੱਡ ਕੇ ਕਸਦੀਆਂ ਕੋਲ ਜਾ ਰਿਹਾ ਹੈਂ!” 14 ਪਰ ਯਿਰਮਿਯਾਹ ਨੇ ਕਿਹਾ: “ਇਹ ਸੱਚ ਨਹੀਂ ਹੈ! ਮੈਂ ਤੁਹਾਨੂੰ ਛੱਡ ਕੇ ਕਸਦੀਆਂ ਕੋਲ ਨਹੀਂ ਜਾ ਰਿਹਾਂ।” ਪਰ ਯਿਰੀਯਾਹ ਨੇ ਉਸ ਦੀ ਗੱਲ ਨਹੀਂ ਸੁਣੀ ਅਤੇ ਉਸ ਨੂੰ ਗਿਰਫ਼ਤਾਰ ਕਰ ਕੇ ਹਾਕਮਾਂ ਕੋਲ ਲੈ ਗਿਆ। 15 ਹਾਕਮਾਂ ਨੂੰ ਯਿਰਮਿਯਾਹ ʼਤੇ ਬਹੁਤ ਗੁੱਸਾ ਚੜ੍ਹਿਆ+ ਅਤੇ ਉਨ੍ਹਾਂ ਨੇ ਉਸ ਨੂੰ ਕੁੱਟਿਆ ਅਤੇ ਸਕੱਤਰ ਯਹੋਨਾਥਾਨ ਦੇ ਘਰ ਵਿਚ ਕੈਦ ਕਰ ਲਿਆ।+ ਯਹੋਨਾਥਾਨ ਦੇ ਘਰ ਨੂੰ ਜੇਲ੍ਹ ਬਣਾ ਦਿੱਤਾ ਗਿਆ ਸੀ। 16 ਉੱਥੇ ਉਨ੍ਹਾਂ ਨੇ ਯਿਰਮਿਯਾਹ ਨੂੰ ਭੋਰੇ ਵਿਚ ਸੁੱਟ ਦਿੱਤਾ ਜਿੱਥੇ ਕਈ ਕੋਠੜੀਆਂ ਸਨ ਅਤੇ ਉਹ ਉੱਥੇ ਕਈ ਦਿਨ ਰਿਹਾ।

17 ਫਿਰ ਰਾਜਾ ਸਿਦਕੀਯਾਹ ਨੇ ਉਸ ਨੂੰ ਬੁਲਾਇਆ ਅਤੇ ਆਪਣੇ ਮਹਿਲ ਵਿਚ ਚੋਰੀ-ਛਿਪੇ ਉਸ ਤੋਂ ਪੁੱਛ-ਪੜਤਾਲ ਕੀਤੀ।+ ਉਸ ਨੇ ਪੁੱਛਿਆ, “ਕੀ ਯਹੋਵਾਹ ਵੱਲੋਂ ਕੋਈ ਸੰਦੇਸ਼ ਹੈ?” ਯਿਰਮਿਯਾਹ ਨੇ ਕਿਹਾ, “ਹਾਂ ਹੈ! ਤੈਨੂੰ ਬਾਬਲ ਦੇ ਰਾਜੇ ਦੇ ਹੱਥ ਵਿਚ ਦਿੱਤਾ ਜਾਵੇਗਾ!”+

18 ਯਿਰਮਿਯਾਹ ਨੇ ਰਾਜਾ ਸਿਦਕੀਯਾਹ ਨੂੰ ਇਹ ਵੀ ਕਿਹਾ: “ਮੈਂ ਤੇਰੇ ਖ਼ਿਲਾਫ਼ ਅਤੇ ਤੇਰੇ ਨੌਕਰਾਂ ਦੇ ਖ਼ਿਲਾਫ਼ ਅਤੇ ਇਨ੍ਹਾਂ ਲੋਕਾਂ ਦੇ ਖ਼ਿਲਾਫ਼ ਕੀ ਪਾਪ ਕੀਤਾ ਹੈ ਜੋ ਤੂੰ ਮੈਨੂੰ ਜੇਲ੍ਹ ਵਿਚ ਸੁੱਟਿਆ ਹੈ? 19 ਕਿੱਥੇ ਆ ਹੁਣ ਤੇਰੇ ਉਹ ਨਬੀ ਜਿਨ੍ਹਾਂ ਨੇ ਇਹ ਭਵਿੱਖਬਾਣੀ ਕੀਤੀ ਸੀ, ‘ਬਾਬਲ ਦਾ ਰਾਜਾ ਤੇਰੇ ʼਤੇ ਅਤੇ ਇਸ ਦੇਸ਼ ʼਤੇ ਹਮਲਾ ਕਰਨ ਲਈ ਨਹੀਂ ਆਵੇਗਾ’?+ 20 ਹੇ ਮੇਰੇ ਮਾਲਕ, ਮੇਰੇ ਮਹਾਰਾਜ, ਕਿਰਪਾ ਕਰ ਕੇ ਮੇਰੀ ਬੇਨਤੀ ਸੁਣ। ਕਿਰਪਾ ਕਰ ਕੇ ਮੇਰੇ ʼਤੇ ਮਿਹਰ ਕਰ। ਮੈਨੂੰ ਸਕੱਤਰ ਯਹੋਨਾਥਾਨ ਦੇ ਘਰ+ ਵਾਪਸ ਨਾ ਭੇਜੀਂ, ਨਹੀਂ ਤਾਂ ਮੈਂ ਉੱਥੇ ਮਰ ਜਾਣਾ।”+ 21 ਇਸ ਲਈ ਰਾਜਾ ਸਿਦਕੀਯਾਹ ਨੇ ਹੁਕਮ ਦਿੱਤਾ ਕਿ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵਿਹੜੇ+ ਵਿਚ ਬੰਦੀ ਬਣਾ ਕੇ ਰੱਖਿਆ ਜਾਵੇ। ਉਸ ਨੂੰ ਲਾਂਗਰੀਆਂ* ਦੀ ਗਲੀ ਵਿੱਚੋਂ ਰੋਜ਼ ਇਕ ਗੋਲ ਰੋਟੀ ਦਿੱਤੀ ਜਾਂਦੀ ਸੀ+ ਜਦ ਤਕ ਸ਼ਹਿਰ ਵਿੱਚੋਂ ਰੋਟੀਆਂ ਮੁੱਕ ਨਹੀਂ ਗਈਆਂ।+ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵਿਹੜੇ ਵਿਚ ਬੰਦੀ ਬਣਾ ਕੇ ਰੱਖਿਆ ਗਿਆ।

38 ਮੱਤਾਨ ਦੇ ਪੁੱਤਰ ਸ਼ਫਟਯਾਹ, ਪਸ਼ਹੂਰ ਦੇ ਪੁੱਤਰ ਗਦਲਯਾਹ, ਸ਼ਲਮਯਾਹ ਦੇ ਪੁੱਤਰ ਯੂਕਲ+ ਅਤੇ ਮਲਕੀਯਾਹ ਦੇ ਪੁੱਤਰ ਪਸ਼ਹੂਰ+ ਨੇ ਯਿਰਮਿਯਾਹ ਨੂੰ ਇਹ ਗੱਲਾਂ ਸਾਰੇ ਲੋਕਾਂ ਨੂੰ ਕਹਿੰਦਿਆਂ ਸੁਣਿਆ: 2 “ਯਹੋਵਾਹ ਇਹ ਕਹਿੰਦਾ ਹੈ, ‘ਜਿਹੜੇ ਇਸ ਸ਼ਹਿਰ ਵਿਚ ਰਹਿਣਗੇ, ਉਹ ਤਲਵਾਰ, ਕਾਲ਼ ਅਤੇ ਮਹਾਂਮਾਰੀ* ਨਾਲ ਮਰਨਗੇ,+ ਪਰ ਜਿਹੜਾ ਵੀ ਖ਼ੁਦ ਨੂੰ ਕਸਦੀਆਂ ਦੇ ਹਵਾਲੇ ਕਰੇਗਾ,* ਉਹ ਜੀਉਂਦਾ ਰਹੇਗਾ ਅਤੇ ਉਸ ਦੀ ਜਾਨ ਸਲਾਮਤ ਰਹੇਗੀ* ਅਤੇ ਉਹ ਬਚ ਜਾਵੇਗਾ।’+ 3 ਯਹੋਵਾਹ ਕਹਿੰਦਾ ਹੈ, ‘ਇਹ ਸ਼ਹਿਰ ਜ਼ਰੂਰ ਬਾਬਲ ਦੇ ਰਾਜੇ ਦੀ ਫ਼ੌਜ ਦੇ ਹਵਾਲੇ ਕੀਤਾ ਜਾਵੇਗਾ ਅਤੇ ਉਹ ਇਸ ਉੱਤੇ ਕਬਜ਼ਾ ਕਰ ਲਵੇਗਾ।’”+

4 ਫਿਰ ਹਾਕਮਾਂ ਨੇ ਰਾਜਾ ਸਿਦਕੀਯਾਹ ਨੂੰ ਕਿਹਾ: “ਇਸ ਬੰਦੇ ਨੂੰ ਮਾਰ ਸੁੱਟ+ ਕਿਉਂਕਿ ਇਹ ਅਜਿਹੀਆਂ ਗੱਲਾਂ ਕਰ ਕੇ ਸ਼ਹਿਰ ਵਿਚ ਬਾਕੀ ਬਚੇ ਫ਼ੌਜੀਆਂ ਅਤੇ ਸਾਰੇ ਲੋਕਾਂ ਦੇ ਹੌਸਲੇ ਢਾਹ* ਰਿਹਾ ਹੈ। ਇਹ ਲੋਕਾਂ ਦਾ ਭਲਾ ਨਹੀਂ, ਸਗੋਂ ਬੁਰਾ ਚਾਹੁੰਦਾ ਹੈ।” 5 ਰਾਜਾ ਸਿਦਕੀਯਾਹ ਨੇ ਜਵਾਬ ਦਿੱਤਾ: “ਦੇਖੋ! ਉਹ ਤੁਹਾਡੇ ਹੱਥਾਂ ਵਿਚ ਹੈ। ਰਾਜਾ ਤੁਹਾਨੂੰ ਕੁਝ ਵੀ ਕਰਨ ਤੋਂ ਰੋਕ ਨਹੀਂ ਸਕਦਾ।”

6 ਇਸ ਲਈ ਉਨ੍ਹਾਂ ਨੇ ਯਿਰਮਿਯਾਹ ਨੂੰ ਫੜ ਕੇ ਰਾਜੇ ਦੇ ਪੁੱਤਰ ਮਲਕੀਯਾਹ ਦੇ ਪਾਣੀ ਦੇ ਕੁੰਡ ਵਿਚ ਸੁੱਟ ਦਿੱਤਾ ਜੋ ਪਹਿਰੇਦਾਰਾਂ ਦੇ ਵਿਹੜੇ ਵਿਚ ਸੀ।+ ਉਨ੍ਹਾਂ ਨੇ ਯਿਰਮਿਯਾਹ ਨੂੰ ਰੱਸੀਆਂ ਨਾਲ ਲਮਕਾ ਕੇ ਕੁੰਡ ਵਿਚ ਉਤਾਰਿਆ। ਕੁੰਡ ਵਿਚ ਪਾਣੀ ਨਹੀਂ ਸੀ, ਸਗੋਂ ਚਿੱਕੜ ਸੀ ਅਤੇ ਯਿਰਮਿਯਾਹ ਚਿੱਕੜ ਵਿਚ ਖੁੱਭਣ ਲੱਗ ਪਿਆ।

7 ਰਾਜੇ ਦੇ ਮਹਿਲ ਵਿਚ ਉੱਚ ਅਧਿਕਾਰੀ* ਇਥੋਪੀਆਈ ਅਬਦ-ਮਲਕ+ ਨੇ ਸੁਣਿਆ ਕਿ ਯਿਰਮਿਯਾਹ ਨੂੰ ਪਾਣੀ ਦੇ ਕੁੰਡ ਵਿਚ ਸੁੱਟਿਆ ਗਿਆ ਸੀ। ਰਾਜਾ ਉਸ ਵੇਲੇ ਬਿਨਯਾਮੀਨ ਫਾਟਕ ਕੋਲ ਬੈਠਾ ਹੋਇਆ ਸੀ।+ 8 ਇਸ ਲਈ ਅਬਦ-ਮਲਕ ਰਾਜੇ ਦੇ ਮਹਿਲ ਤੋਂ ਬਾਹਰ ਗਿਆ ਅਤੇ ਉਸ ਨੇ ਰਾਜੇ ਨੂੰ ਕਿਹਾ: 9 “ਹੇ ਮੇਰੇ ਮਾਲਕ, ਮੇਰੇ ਮਹਾਰਾਜ, ਇਨ੍ਹਾਂ ਆਦਮੀਆਂ ਨੇ ਯਿਰਮਿਯਾਹ ਨਾਲ ਜੋ ਕੀਤਾ ਹੈ, ਉਹ ਬਹੁਤ ਹੀ ਬੁਰਾ ਹੈ! ਉਨ੍ਹਾਂ ਨੇ ਉਸ ਨੂੰ ਪਾਣੀ ਦੇ ਕੁੰਡ ਵਿਚ ਸੁੱਟ ਦਿੱਤਾ ਹੈ ਅਤੇ ਉਹ ਉੱਥੇ ਭੁੱਖਾ ਮਰ ਜਾਵੇਗਾ ਕਿਉਂਕਿ ਸ਼ਹਿਰ ਵਿਚ ਖਾਣ ਲਈ ਰੋਟੀ ਨਹੀਂ ਹੈ।”+

10 ਫਿਰ ਰਾਜੇ ਨੇ ਇਥੋਪੀਆਈ ਅਬਦ-ਮਲਕ ਨੂੰ ਹੁਕਮ ਦਿੱਤਾ: “ਇੱਥੋਂ ਆਪਣੇ ਨਾਲ 30 ਬੰਦੇ ਲੈ ਜਾ ਅਤੇ ਯਿਰਮਿਯਾਹ ਨਬੀ ਨੂੰ ਪਾਣੀ ਦੇ ਕੁੰਡ ਵਿੱਚੋਂ ਕੱਢ ਲੈ ਤਾਂਕਿ ਉਹ ਮਰ ਨਾ ਜਾਵੇ।” 11 ਇਸ ਲਈ ਅਬਦ-ਮਲਕ ਆਪਣੇ ਨਾਲ ਆਦਮੀ ਲੈ ਗਿਆ ਅਤੇ ਰਾਜੇ ਦੇ ਮਹਿਲ ਵਿਚ ਖ਼ਜ਼ਾਨੇ ਵਾਲੀ ਜਗ੍ਹਾ ਦੇ ਹੇਠਾਂ ਬਣੇ ਕਮਰੇ ਵਿਚ ਗਿਆ।+ ਉੱਥੋਂ ਉਸ ਨੇ ਕੁਝ ਫਟੇ-ਪੁਰਾਣੇ ਕੱਪੜੇ ਲਏ ਅਤੇ ਉਹ ਕੱਪੜੇ ਰੱਸਿਆਂ ਨਾਲ ਬੰਨ੍ਹ ਕੇ ਕੁੰਡ ਵਿਚ ਯਿਰਮਿਯਾਹ ਨੂੰ ਦੇ ਦਿੱਤੇ। 12 ਫਿਰ ਇਥੋਪੀਆਈ ਅਬਦ-ਮਲਕ ਨੇ ਯਿਰਮਿਯਾਹ ਨੂੰ ਕਿਹਾ: “ਇਨ੍ਹਾਂ ਫਟੇ-ਪੁਰਾਣੇ ਕੱਪੜਿਆਂ ਨੂੰ ਆਪਣੀਆਂ ਬਾਹਾਂ* ਹੇਠ ਰੱਖ ਲੈ ਅਤੇ ਫਿਰ ਰੱਸੇ ਬੰਨ੍ਹ ਲੈ।” ਯਿਰਮਿਯਾਹ ਨੇ ਉਸੇ ਤਰ੍ਹਾਂ ਕੀਤਾ। 13 ਫਿਰ ਉਨ੍ਹਾਂ ਨੇ ਯਿਰਮਿਯਾਹ ਨੂੰ ਰੱਸਿਆਂ ਨਾਲ ਪਾਣੀ ਦੇ ਕੁੰਡ ਵਿੱਚੋਂ ਬਾਹਰ ਕੱਢ ਲਿਆ। ਅਤੇ ਯਿਰਮਿਯਾਹ ਪਹਿਰੇਦਾਰਾਂ ਦੇ ਵਿਹੜੇ ਵਿਚ ਰਿਹਾ।+

14 ਰਾਜਾ ਸਿਦਕੀਯਾਹ ਨੇ ਯਹੋਵਾਹ ਦੇ ਘਰ ਵਿਚ ਤੀਸਰੇ ਦਰਵਾਜ਼ੇ ਕੋਲ ਯਿਰਮਿਯਾਹ ਨਬੀ ਨੂੰ ਆਪਣੇ ਕੋਲ ਸੱਦਿਆ। ਉਸ ਨੇ ਯਿਰਮਿਯਾਹ ਨੂੰ ਕਿਹਾ: “ਮੈਂ ਤੈਨੂੰ ਕੁਝ ਪੁੱਛਣਾ ਚਾਹੁੰਦਾਂ। ਮੇਰੇ ਤੋਂ ਕੁਝ ਨਾ ਲੁਕਾਈਂ।” 15 ਯਿਰਮਿਯਾਹ ਨੇ ਸਿਦਕੀਯਾਹ ਨੂੰ ਕਿਹਾ: “ਜੇ ਮੈਂ ਤੈਨੂੰ ਦੱਸਿਆ, ਤਾਂ ਤੂੰ ਜ਼ਰੂਰ ਮੈਨੂੰ ਜਾਨੋਂ ਮਾਰ ਦੇਵੇਂਗਾ। ਜੇ ਮੈਂ ਤੈਨੂੰ ਕੋਈ ਸਲਾਹ ਦਿੱਤੀ, ਤਾਂ ਤੂੰ ਨਹੀਂ ਮੰਨੇਂਗਾ।” 16 ਇਸ ਲਈ ਰਾਜਾ ਸਿਦਕੀਯਾਹ ਨੇ ਗੁਪਤ ਵਿਚ ਯਿਰਮਿਯਾਹ ਨਾਲ ਸਹੁੰ ਖਾਧੀ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਜਿਸ ਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਹੈ, ਮੈਂ ਤੈਨੂੰ ਜਾਨੋਂ ਨਹੀਂ ਮਾਰਾਂਗਾ ਅਤੇ ਮੈਂ ਤੈਨੂੰ ਇਨ੍ਹਾਂ ਆਦਮੀਆਂ ਦੇ ਹਵਾਲੇ ਨਹੀਂ ਕਰਾਂਗਾ ਜਿਹੜੇ ਤੇਰੀ ਜਾਨ ਦੇ ਪਿੱਛੇ ਪਏ ਹੋਏ ਹਨ।”

17 ਫਿਰ ਯਿਰਮਿਯਾਹ ਨੇ ਸਿਦਕੀਯਾਹ ਨੂੰ ਕਿਹਾ: “ਸੈਨਾਵਾਂ ਦਾ ਪਰਮੇਸ਼ੁਰ ਅਤੇ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਜੇ ਤੂੰ ਆਪਣੇ ਆਪ ਨੂੰ ਬਾਬਲ ਦੇ ਰਾਜੇ ਦੇ ਹਾਕਮਾਂ ਦੇ ਹਵਾਲੇ ਕਰ ਦੇਵੇਂਗਾ,* ਤਾਂ ਤੇਰੀ ਜਾਨ ਬਚ ਜਾਵੇਗੀ। ਇਸ ਸ਼ਹਿਰ ਨੂੰ ਅੱਗ ਨਾਲ ਨਹੀਂ ਸਾੜਿਆ ਜਾਵੇਗਾ। ਤੂੰ ਅਤੇ ਤੇਰਾ ਘਰਾਣਾ ਬਚ ਜਾਵੇਗਾ।+ 18 ਪਰ ਜੇ ਤੂੰ ਆਪਣੇ ਆਪ ਨੂੰ ਬਾਬਲ ਦੇ ਰਾਜੇ ਦੇ ਹਾਕਮਾਂ ਦੇ ਹਵਾਲੇ ਨਹੀਂ ਕਰਦਾ,* ਤਾਂ ਇਹ ਸ਼ਹਿਰ ਕਸਦੀਆਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਉਹ ਇਸ ਨੂੰ ਅੱਗ ਨਾਲ ਸਾੜ ਸੁੱਟਣਗੇ।+ ਤੂੰ ਉਨ੍ਹਾਂ ਦੇ ਹੱਥੋਂ ਬਚ ਨਹੀਂ ਸਕੇਂਗਾ।’”+

19 ਫਿਰ ਰਾਜਾ ਸਿਦਕੀਯਾਹ ਨੇ ਯਿਰਮਿਯਾਹ ਨੂੰ ਕਿਹਾ: “ਮੈਨੂੰ ਉਨ੍ਹਾਂ ਯਹੂਦੀਆਂ ਦਾ ਡਰ ਹੈ ਜਿਹੜੇ ਕਸਦੀਆਂ ਨਾਲ ਰਲ਼ ਗਏ ਹਨ। ਜੇ ਮੈਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ, ਤਾਂ ਉਹ ਮੇਰੇ ਨਾਲ ਬੇਰਹਿਮੀ ਭਰਿਆ ਸਲੂਕ ਕਰਨਗੇ।” 20 ਪਰ ਯਿਰਮਿਯਾਹ ਨੇ ਕਿਹਾ: “ਤੈਨੂੰ ਉਨ੍ਹਾਂ ਦੇ ਹਵਾਲੇ ਨਹੀਂ ਕੀਤਾ ਜਾਵੇਗਾ। ਕਿਰਪਾ ਕਰ ਕੇ ਯਹੋਵਾਹ ਦੀ ਗੱਲ ਮੰਨ ਜੋ ਮੈਂ ਤੈਨੂੰ ਦੱਸ ਰਿਹਾ ਹਾਂ। ਇਸ ਤਰ੍ਹਾਂ ਕਰ ਕੇ ਤੇਰਾ ਭਲਾ ਹੋਵੇਗਾ ਅਤੇ ਤੂੰ ਜੀਉਂਦਾ ਰਹੇਂਗਾ। 21 ਪਰ ਜੇ ਤੂੰ ਆਪਣੇ ਆਪ ਨੂੰ ਉਨ੍ਹਾਂ ਦੇ ਹਵਾਲੇ ਕਰਨ* ਤੋਂ ਇਨਕਾਰ ਕਰਦਾ ਹੈਂ, ਤਾਂ ਯਹੋਵਾਹ ਨੇ ਮੈਨੂੰ ਇਹ ਦੱਸਿਆ ਹੈ: 22 ਦੇਖ! ਯਹੂਦਾਹ ਦੇ ਰਾਜੇ ਦੇ ਮਹਿਲ ਵਿਚ ਬਚੀਆਂ ਔਰਤਾਂ ਨੂੰ ਬਾਬਲ ਦੇ ਰਾਜੇ ਦੇ ਹਾਕਮਾਂ ਕੋਲ ਲਿਜਾਇਆ ਜਾ ਰਿਹਾ ਹੈ+ ਅਤੇ ਉਹ ਕਹਿ ਰਹੀਆਂ ਹਨ,

‘ਜਿਨ੍ਹਾਂ ਆਦਮੀਆਂ ʼਤੇ ਤੂੰ ਭਰੋਸਾ ਕੀਤਾ, ਉਨ੍ਹਾਂ ਨੇ ਤੈਨੂੰ ਧੋਖਾ ਦਿੱਤਾ ਅਤੇ ਉਹ ਤੇਰੇ ʼਤੇ ਹਾਵੀ ਹੋ ਗਏ।+

ਉਨ੍ਹਾਂ ਨੇ ਤੇਰੇ ਪੈਰ ਚਿੱਕੜ ਵਿਚ ਖੋਭ ਦਿੱਤੇ।

ਹੁਣ ਉਹ ਤੈਨੂੰ ਛੱਡ ਕੇ ਭੱਜ ਗਏ ਹਨ।’

23 ਉਹ ਤੇਰੀਆਂ ਪਤਨੀਆਂ ਅਤੇ ਤੇਰੇ ਪੁੱਤਰਾਂ ਨੂੰ ਕਸਦੀਆਂ ਕੋਲ ਲਿਜਾ ਰਹੇ ਹਨ। ਤੂੰ ਉਨ੍ਹਾਂ ਦੇ ਹੱਥੋਂ ਨਹੀਂ ਬਚੇਂਗਾ, ਸਗੋਂ ਬਾਬਲ ਦਾ ਰਾਜਾ ਤੈਨੂੰ ਫੜ ਲਵੇਗਾ+ ਅਤੇ ਤੇਰੇ ਕਰਕੇ ਇਸ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ ਜਾਵੇਗਾ।”+

24 ਫਿਰ ਸਿਦਕੀਯਾਹ ਨੇ ਯਿਰਮਿਯਾਹ ਨੂੰ ਕਿਹਾ: “ਇਹ ਗੱਲਾਂ ਕਿਸੇ ਨੂੰ ਦੱਸੀਂ ਨਾ, ਨਹੀਂ ਤਾਂ ਤੂੰ ਆਪਣੀ ਜਾਨ ਤੋਂ ਹੱਥ ਧੋ ਬੈਠੇਂਗਾ। 25 ਜੇ ਹਾਕਮਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਤੇਰੇ ਨਾਲ ਗੱਲ ਕੀਤੀ ਹੈ ਅਤੇ ਉਹ ਆ ਕੇ ਤੈਨੂੰ ਕਹਿਣ, ‘ਸਾਨੂੰ ਦੱਸ ਕਿ ਤੂੰ ਰਾਜੇ ਨੂੰ ਕੀ ਕਿਹਾ। ਸਾਡੇ ਤੋਂ ਕੋਈ ਗੱਲ ਲੁਕਾਈਂ ਨਾ। ਅਸੀਂ ਤੈਨੂੰ ਜਾਨੋਂ ਨਹੀਂ ਮਾਰਾਂਗੇ।+ ਰਾਜੇ ਨੇ ਤੈਨੂੰ ਕੀ ਕਿਹਾ?’ 26 ਤਾਂ ਤੂੰ ਉਨ੍ਹਾਂ ਨੂੰ ਕਹੀਂ, ‘ਮੈਂ ਰਾਜੇ ਦੀਆਂ ਮਿੰਨਤਾਂ ਕਰ ਰਿਹਾ ਸੀ ਕਿ ਉਹ ਮੈਨੂੰ ਮਰਨ ਲਈ ਯਹੋਨਾਥਾਨ ਦੇ ਘਰ ਵਾਪਸ ਨਾ ਘੱਲੇ।’”+

27 ਕੁਝ ਸਮੇਂ ਬਾਅਦ ਸਾਰੇ ਹਾਕਮ ਯਿਰਮਿਯਾਹ ਕੋਲ ਆਏ ਅਤੇ ਉਨ੍ਹਾਂ ਨੇ ਉਸ ਤੋਂ ਪੁੱਛ-ਗਿੱਛ ਕੀਤੀ। ਉਸ ਨੇ ਉਨ੍ਹਾਂ ਨੂੰ ਉਹੀ ਦੱਸਿਆ ਜੋ ਰਾਜੇ ਨੇ ਉਸ ਨੂੰ ਕਿਹਾ ਸੀ। ਇਸ ਲਈ ਉਨ੍ਹਾਂ ਨੇ ਉਸ ਨੂੰ ਹੋਰ ਕੁਝ ਨਹੀਂ ਕਿਹਾ ਕਿਉਂਕਿ ਕਿਸੇ ਨੇ ਵੀ ਉਨ੍ਹਾਂ ਦੋਵਾਂ ਵਿਚਕਾਰ ਹੋਈ ਗੱਲਬਾਤ ਨਹੀਂ ਸੁਣੀ ਸੀ। 28 ਯਰੂਸ਼ਲਮ ʼਤੇ ਕਬਜ਼ਾ ਹੋਣ ਦੇ ਦਿਨ ਤਕ ਯਿਰਮਿਯਾਹ ਪਹਿਰੇਦਾਰਾਂ ਦੇ ਵਿਹੜੇ+ ਵਿਚ ਰਿਹਾ; ਉਹ ਉਸ ਵੇਲੇ ਵੀ ਉੱਥੇ ਹੀ ਸੀ ਜਦੋਂ ਯਰੂਸ਼ਲਮ ʼਤੇ ਕਬਜ਼ਾ ਕੀਤਾ ਗਿਆ।+

39 ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦੇ ਨੌਵੇਂ ਸਾਲ ਦੇ ਦਸਵੇਂ ਮਹੀਨੇ ਵਿਚ ਬਾਬਲ ਦਾ ਰਾਜਾ ਨਬੂਕਦਨੱਸਰ* ਆਪਣੀ ਸਾਰੀ ਫ਼ੌਜ ਲੈ ਕੇ ਯਰੂਸ਼ਲਮ ਆਇਆ ਅਤੇ ਇਸ ਦੀ ਘੇਰਾਬੰਦੀ ਕੀਤੀ।+

2 ਸਿਦਕੀਯਾਹ ਦੇ ਰਾਜ ਦੇ 11ਵੇਂ ਸਾਲ ਦੇ ਚੌਥੇ ਮਹੀਨੇ ਦੀ 9 ਤਾਰੀਖ਼ ਨੂੰ ਉਨ੍ਹਾਂ ਨੇ ਸ਼ਹਿਰ ਦੀ ਕੰਧ ਵਿਚ ਪਾੜ ਪਾ ਦਿੱਤਾ।+ 3 ਅਤੇ ਬਾਬਲ ਦੇ ਰਾਜੇ ਦੇ ਸਾਰੇ ਹਾਕਮ ਯਰੂਸ਼ਲਮ ਵਿਚ ਦਾਖ਼ਲ ਹੋਏ ਅਤੇ ਉੱਥੇ ਉਹ “ਵਿਚਕਾਰਲੇ ਫਾਟਕ” ਕੋਲ ਬੈਠ ਗਏ।+ ਇਹ ਹਾਕਮ ਸਨ: ਨੇਰਗਲ-ਸ਼ਰਾਸਰ ਜੋ ਸਮਗਰ* ਸੀ, ਨਬੋ-ਸਰਸਕੀਮ ਜੋ ਰਬਸਾਰੀਸ ਸੀ,* ਨੇਰਗਲ-ਸ਼ਰਾਸਰ ਜੋ ਰਬਮਾਗ* ਸੀ ਅਤੇ ਬਾਬਲ ਦੇ ਰਾਜੇ ਦੇ ਬਾਕੀ ਸਾਰੇ ਹਾਕਮ।

4 ਜਦੋਂ ਯਹੂਦਾਹ ਦੇ ਰਾਜੇ ਸਿਦਕੀਯਾਹ ਅਤੇ ਸਾਰੇ ਫ਼ੌਜੀਆਂ ਨੇ ਉਨ੍ਹਾਂ ਨੂੰ ਦੇਖਿਆ, ਤਾਂ ਉਹ ਭੱਜ ਗਏ।+ ਉਹ ਰਾਤ ਨੂੰ ਰਾਜੇ ਦੇ ਬਾਗ਼ ਨੇੜੇ ਦੋ ਕੰਧਾਂ ਵਿਚਕਾਰ ਲੱਗੇ ਦਰਵਾਜ਼ੇ ਥਾਣੀਂ ਸ਼ਹਿਰ ਵਿੱਚੋਂ ਨਿਕਲ ਗਏ ਅਤੇ ਅਰਾਬਾਹ ਦੇ ਰਾਹ ਪੈ ਗਏ।+ 5 ਪਰ ਕਸਦੀ ਫ਼ੌਜ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੇ ਯਰੀਹੋ ਦੀ ਉਜਾੜ ਵਿਚ ਸਿਦਕੀਯਾਹ ਨੂੰ ਫੜ ਲਿਆ।+ ਉਹ ਉਸ ਨੂੰ ਹਮਾਥ ਦੇਸ਼+ ਦੇ ਰਿਬਲਾਹ ਸ਼ਹਿਰ+ ਵਿਚ ਬਾਬਲ ਦੇ ਰਾਜੇ ਨਬੂਕਦਨੱਸਰ* ਕੋਲ ਲੈ ਆਏ ਜਿੱਥੇ ਰਾਜੇ ਨੇ ਉਸ ਨੂੰ ਸਜ਼ਾ ਸੁਣਾਈ। 6 ਰਿਬਲਾਹ ਵਿਚ ਬਾਬਲ ਦੇ ਰਾਜੇ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਸ ਦੀਆਂ ਅੱਖਾਂ ਸਾਮ੍ਹਣੇ ਵਢਵਾ ਦਿੱਤਾ। ਨਾਲੇ ਬਾਬਲ ਦੇ ਰਾਜੇ ਨੇ ਯਹੂਦਾਹ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਵੀ ਵਢਵਾ ਦਿੱਤਾ।+ 7 ਫਿਰ ਉਸ ਨੇ ਸਿਦਕੀਯਾਹ ਨੂੰ ਅੰਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਉਹ ਉਸ ਨੂੰ ਤਾਂਬੇ ਦੀਆਂ ਬੇੜੀਆਂ ਨਾਲ ਜਕੜ ਕੇ ਬਾਬਲ ਲੈ ਗਿਆ।+

8 ਫਿਰ ਕਸਦੀਆਂ ਨੇ ਰਾਜੇ ਦਾ ਮਹਿਲ ਅਤੇ ਲੋਕਾਂ ਦੇ ਘਰ ਅੱਗ ਨਾਲ ਸਾੜ ਦਿੱਤੇ+ ਅਤੇ ਯਰੂਸ਼ਲਮ ਦੀਆਂ ਕੰਧਾਂ ਢਾਹ ਦਿੱਤੀਆਂ।+ 9 ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ+ ਸ਼ਹਿਰ ਵਿਚ ਬਚੇ ਲੋਕਾਂ ਅਤੇ ਕਸਦੀਆਂ ਨਾਲ ਰਲ਼ੇ ਲੋਕਾਂ ਅਤੇ ਹੋਰ ਲੋਕਾਂ ਨੂੰ ਬੰਦੀ ਬਣਾ ਕੇ ਬਾਬਲ ਲੈ ਗਿਆ।

10 ਪਰ ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ ਯਹੂਦਾਹ ਵਿਚ ਕੁਝ ਸਭ ਤੋਂ ਗ਼ਰੀਬ ਲੋਕਾਂ ਨੂੰ ਛੱਡ ਗਿਆ ਜਿਨ੍ਹਾਂ ਕੋਲ ਕੁਝ ਵੀ ਨਹੀਂ ਸੀ। ਉਸ ਦਿਨ ਉਸ ਨੇ ਉਨ੍ਹਾਂ ਨੂੰ ਅੰਗੂਰਾਂ ਦੇ ਬਾਗ਼ਾਂ ਅਤੇ ਖੇਤਾਂ ਵਿਚ ਕੰਮ* ʼਤੇ ਲਾਇਆ।+

11 ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਪਹਿਰੇਦਾਰਾਂ ਦੇ ਮੁਖੀ ਨਬੂਜ਼ਰਦਾਨ ਨੂੰ ਯਿਰਮਿਯਾਹ ਬਾਰੇ ਇਹ ਹੁਕਮ ਦਿੱਤੇ: 12 “ਜਾ ਕੇ ਉਸ ਨੂੰ ਲੈ ਆ ਅਤੇ ਉਸ ਦੀ ਦੇਖ-ਭਾਲ ਕਰ; ਉਸ ਨਾਲ ਕੁਝ ਬੁਰਾ ਨਾ ਕਰੀਂ; ਉਹ ਤੇਰੇ ਤੋਂ ਜੋ ਮੰਗੇ, ਉਸ ਨੂੰ ਦੇ ਦੇਈਂ।”+

13 ਇਸ ਲਈ ਪਹਿਰੇਦਾਰਾਂ ਦੇ ਮੁਖੀ ਨਬੂਜ਼ਰਦਾਨ, ਨਬੂਸ਼ਾਜ਼ਬਾਨ ਜੋ ਰਬਸਾਰੀਸ* ਸੀ, ਨੇਰਗਲ-ਸ਼ਰਾਸਰ ਜੋ ਰਬਮਾਗ* ਸੀ ਅਤੇ ਬਾਬਲ ਦੇ ਰਾਜੇ ਦੇ ਹੋਰ ਉੱਚ ਅਧਿਕਾਰੀਆਂ ਨੇ ਆਦਮੀ ਘੱਲ ਕੇ 14 ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵਿਹੜੇ ਵਿੱਚੋਂ ਆਜ਼ਾਦ ਕੀਤਾ+ ਅਤੇ ਉਸ ਨੂੰ ਸ਼ਾਫਾਨ ਦੇ ਪੋਤੇ,+ ਅਹੀਕਾਮ ਦੇ ਪੁੱਤਰ+ ਗਦਲਯਾਹ+ ਦੇ ਹਵਾਲੇ ਕਰ ਦਿੱਤਾ ਤਾਂਕਿ ਉਹ ਉਸ ਨੂੰ ਆਪਣੇ ਘਰ ਲੈ ਜਾਵੇ। ਇਸ ਲਈ ਯਿਰਮਿਯਾਹ ਲੋਕਾਂ ਵਿਚ ਰਹਿਣ ਲੱਗ ਪਿਆ।

15 ਜਦੋਂ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵਿਹੜੇ ਵਿਚ ਹਿਰਾਸਤ ਵਿਚ ਰੱਖਿਆ ਗਿਆ ਸੀ,+ ਤਾਂ ਉਸ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ ਸੀ: 16 “ਜਾਹ ਅਤੇ ਇਥੋਪੀਆਈ ਅਬਦ-ਮਲਕ+ ਨੂੰ ਦੱਸ, ‘ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਮੈਂ ਕਿਹਾ ਸੀ ਕਿ ਮੈਂ ਇਸ ਸ਼ਹਿਰ ਦਾ ਭਲਾ ਨਹੀਂ ਕਰਾਂਗਾ, ਸਗੋਂ ਇਸ ਉੱਤੇ ਬਿਪਤਾ ਲਿਆਵਾਂਗਾ। ਮੈਂ ਆਪਣੀ ਗੱਲ ਪੂਰੀ ਕਰਨ ਜਾ ਰਿਹਾ ਹਾਂ ਅਤੇ ਤੂੰ ਉਸ ਦਿਨ ਇਹ ਗੱਲ ਪੂਰੀ ਹੁੰਦੀ ਦੇਖੇਂਗਾ।”’

17 “‘ਪਰ ਮੈਂ ਤੈਨੂੰ ਉਸ ਦਿਨ ਬਚਾਵਾਂਗਾ ਅਤੇ ਉਨ੍ਹਾਂ ਆਦਮੀਆਂ ਦੇ ਹਵਾਲੇ ਨਹੀਂ ਕਰਾਂਗਾ ਜਿਨ੍ਹਾਂ ਤੋਂ ਤੂੰ ਡਰਦਾ ਹੈਂ,’ ਯਹੋਵਾਹ ਕਹਿੰਦਾ ਹੈ।

18 “‘ਮੈਂ ਜ਼ਰੂਰ ਤੇਰੀ ਰੱਖਿਆ ਕਰਾਂਗਾ ਅਤੇ ਤੂੰ ਤਲਵਾਰ ਨਾਲ ਨਹੀਂ ਮਰੇਂਗਾ। ਤੇਰੀ ਜਾਨ ਸਲਾਮਤ ਰਹੇਗੀ*+ ਕਿਉਂਕਿ ਤੂੰ ਮੇਰੇ ʼਤੇ ਭਰੋਸਾ ਕੀਤਾ ਹੈ,’+ ਯਹੋਵਾਹ ਕਹਿੰਦਾ ਹੈ।”

40 ਜਦੋਂ ਪਹਿਰੇਦਾਰਾਂ ਦੇ ਮੁਖੀ ਨਬੂਜ਼ਰਦਾਨ+ ਨੇ ਰਾਮਾਹ+ ਤੋਂ ਯਿਰਮਿਯਾਹ ਨੂੰ ਆਜ਼ਾਦ ਕਰ ਦਿੱਤਾ ਸੀ, ਉਸ ਤੋਂ ਬਾਅਦ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। ਨਬੂਜ਼ਰਦਾਨ ਬੇੜੀਆਂ ਨਾਲ ਉਸ ਦੇ ਹੱਥ ਬੰਨ੍ਹ ਕੇ ਉਸ ਨੂੰ ਰਾਮਾਹ ਲੈ ਗਿਆ ਸੀ। ਯਿਰਮਿਯਾਹ ਯਰੂਸ਼ਲਮ ਅਤੇ ਯਹੂਦਾਹ ਦੇ ਉਨ੍ਹਾਂ ਸਾਰੇ ਲੋਕਾਂ ਵਿਚ ਸੀ ਜਿਨ੍ਹਾਂ ਨੂੰ ਬੰਦੀ ਬਣਾ ਕੇ ਬਾਬਲ ਲਿਜਾਇਆ ਜਾਣਾ ਸੀ। 2 ਫਿਰ ਪਹਿਰੇਦਾਰਾਂ ਦੇ ਮੁਖੀ ਨੇ ਯਿਰਮਿਯਾਹ ਨੂੰ ਇਕ ਪਾਸੇ ਲਿਜਾ ਕੇ ਕਿਹਾ: “ਤੇਰੇ ਪਰਮੇਸ਼ੁਰ ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ਇਸ ਦੇਸ਼ ਉੱਤੇ ਬਿਪਤਾ ਆਵੇਗੀ। 3 ਇਸ ਲਈ ਯਹੋਵਾਹ ਆਪਣੇ ਕਹੇ ਮੁਤਾਬਕ ਇਸ ʼਤੇ ਬਿਪਤਾ ਲਿਆਇਆ ਹੈ ਕਿਉਂਕਿ ਤੁਸੀਂ ਲੋਕਾਂ ਨੇ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਅਤੇ ਉਸ ਦਾ ਕਹਿਣਾ ਨਹੀਂ ਮੰਨਿਆ। ਇਸੇ ਕਰਕੇ ਤੁਹਾਡਾ ਇਹ ਹਾਲ ਹੋਇਆ ਹੈ।+ 4 ਅੱਜ ਮੈਂ ਤੇਰੇ ਹੱਥਾਂ ਤੋਂ ਬੇੜੀਆਂ ਖੋਲ੍ਹ ਕੇ ਤੈਨੂੰ ਆਜ਼ਾਦ ਕਰ ਰਿਹਾ ਹਾਂ। ਜੇ ਤੂੰ ਚਾਹੁੰਦਾ ਹੈਂ, ਤਾਂ ਤੂੰ ਮੇਰੇ ਨਾਲ ਬਾਬਲ ਆ ਸਕਦਾ ਹੈਂ। ਮੈਂ ਤੇਰਾ ਖ਼ਿਆਲ ਰੱਖਾਂਗਾ। ਪਰ ਜੇ ਤੂੰ ਮੇਰੇ ਨਾਲ ਬਾਬਲ ਨਹੀਂ ਆਉਣਾ ਚਾਹੁੰਦਾ, ਤਾਂ ਨਾ ਆ। ਦੇਖ! ਪੂਰਾ ਦੇਸ਼ ਤੇਰੇ ਸਾਮ੍ਹਣੇ ਹੈ। ਤੂੰ ਜਿੱਥੇ ਚਾਹੇਂ, ਜਾ ਸਕਦਾ ਹੈਂ।”+

5 ਇਸ ਤੋਂ ਪਹਿਲਾਂ ਕਿ ਯਿਰਮਿਯਾਹ ਕੋਈ ਫ਼ੈਸਲਾ ਕਰਦਾ, ਨਬੂਜ਼ਰਦਾਨ ਨੇ ਕਿਹਾ: “ਤੂੰ ਸ਼ਾਫਾਨ+ ਦੇ ਪੋਤੇ, ਅਹੀਕਾਮ ਦੇ ਪੁੱਤਰ+ ਗਦਲਯਾਹ+ ਕੋਲ ਚਲਾ ਜਾਹ। ਬਾਬਲ ਦੇ ਰਾਜੇ ਨੇ ਉਸ ਨੂੰ ਯਹੂਦਾਹ ਦੇ ਸ਼ਹਿਰਾਂ ਉੱਤੇ ਅਧਿਕਾਰੀ ਨਿਯੁਕਤ ਕੀਤਾ ਹੈ। ਉਸ ਨਾਲ ਲੋਕਾਂ ਵਿਚ ਰਹਿ; ਜੇ ਨਹੀਂ, ਤਾਂ ਜਿੱਥੇ ਤੇਰਾ ਦਿਲ ਕਰਦਾ, ਤੂੰ ਜਾ ਸਕਦਾ ਹੈਂ।”

ਫਿਰ ਪਹਿਰੇਦਾਰਾਂ ਦੇ ਮੁਖੀ ਨੇ ਯਿਰਮਿਯਾਹ ਨੂੰ ਕੁਝ ਭੋਜਨ ਅਤੇ ਤੋਹਫ਼ਾ ਦੇ ਕੇ ਵਿਦਾ ਕੀਤਾ। 6 ਇਸ ਲਈ ਯਿਰਮਿਯਾਹ ਮਿਸਪਾਹ+ ਵਿਚ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਚਲਾ ਗਿਆ ਅਤੇ ਉੱਥੇ ਉਸ ਨਾਲ ਉਨ੍ਹਾਂ ਲੋਕਾਂ ਵਿਚ ਰਿਹਾ ਜਿਹੜੇ ਦੇਸ਼ ਵਿਚ ਬਾਕੀ ਬਚ ਗਏ ਸਨ।

7 ਫ਼ੌਜ ਦੇ ਕਈ ਮੁਖੀ ਆਪਣੇ ਆਦਮੀਆਂ ਨਾਲ ਅਜੇ ਵੀ ਬਾਹਰ ਸਨ। ਸਮੇਂ ਦੇ ਬੀਤਣ ਨਾਲ ਉਨ੍ਹਾਂ ਸਾਰਿਆਂ ਨੇ ਸੁਣਿਆ ਕਿ ਬਾਬਲ ਦੇ ਰਾਜੇ ਨੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਦੇਸ਼ ਦਾ ਅਧਿਕਾਰੀ ਨਿਯੁਕਤ ਕੀਤਾ ਸੀ। ਨਾਲੇ ਉਸ ਨੇ ਗਦਲਯਾਹ ਨੂੰ ਦੇਸ਼ ਦੇ ਗ਼ਰੀਬ ਆਦਮੀਆਂ, ਔਰਤਾਂ ਅਤੇ ਬੱਚਿਆਂ ਉੱਤੇ ਵੀ ਅਧਿਕਾਰੀ ਨਿਯੁਕਤ ਕੀਤਾ ਸੀ ਜਿਨ੍ਹਾਂ ਨੂੰ ਬਾਬਲ ਨਹੀਂ ਲਿਜਾਇਆ ਗਿਆ ਸੀ।+ 8 ਇਸ ਲਈ ਉਹ ਆਪਣੇ ਸਾਰੇ ਆਦਮੀਆਂ ਨਾਲ ਮਿਸਪਾਹ ਵਿਚ ਗਦਲਯਾਹ ਕੋਲ ਆਏ।+ ਇਹ ਮੁਖੀ ਸਨ: ਨਥਨਯਾਹ ਦਾ ਪੁੱਤਰ ਇਸਮਾਏਲ,+ ਕਾਰੇਆਹ ਦੇ ਪੁੱਤਰ ਯੋਹਾਨਾਨ+ ਤੇ ਯੋਨਾਥਾਨ, ਤਨਹੁਮਥ ਦਾ ਪੁੱਤਰ ਸਰਾਯਾਹ, ਏਫਈ ਨਟੋਫਾਥੀ ਦੇ ਪੁੱਤਰ ਅਤੇ ਯਜ਼ਨਯਾਹ+ ਜੋ ਇਕ ਮਾਕਾਥੀ ਆਦਮੀ ਦਾ ਪੁੱਤਰ ਸੀ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਆਦਮੀ ਸਨ। 9 ਸ਼ਾਫਾਨ ਦੇ ਪੋਤੇ, ਅਹੀਕਾਮ ਦੇ ਪੁੱਤਰ ਗਦਲਯਾਹ ਨੇ ਸਹੁੰ ਖਾ ਕੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਆਦਮੀਆਂ ਨੂੰ ਕਿਹਾ: “ਕਸਦੀਆਂ ਦੀ ਸੇਵਾ ਕਰਨ ਤੋਂ ਨਾ ਡਰੋ। ਦੇਸ਼ ਵਿਚ ਰਹੋ ਅਤੇ ਬਾਬਲ ਦੇ ਰਾਜੇ ਦੀ ਸੇਵਾ ਕਰੋ ਅਤੇ ਤੁਹਾਡਾ ਭਲਾ ਹੋਵੇਗਾ।+ 10 ਮੈਂ ਮਿਸਪਾਹ ਵਿਚ ਰਹਾਂਗਾ ਅਤੇ ਤੁਹਾਡੇ ਵੱਲੋਂ ਕਸਦੀਆਂ ਨਾਲ ਗੱਲ ਕਰਾਂਗਾ* ਜਿਹੜੇ ਸਾਨੂੰ ਮਿਲਣ ਆਉਣਗੇ। ਪਰ ਤੁਸੀਂ ਦਾਖਰਸ, ਗਰਮੀਆਂ ਦੇ ਫਲ ਅਤੇ ਤੇਲ ਇਕੱਠਾ ਕਰ ਕੇ ਭਾਂਡਿਆਂ ਵਿਚ ਰੱਖੋ ਅਤੇ ਉਨ੍ਹਾਂ ਸ਼ਹਿਰਾਂ ਵਿਚ ਵੱਸੋ ਜਿਨ੍ਹਾਂ ʼਤੇ ਤੁਸੀਂ ਕਬਜ਼ਾ ਕਰ ਲਿਆ ਹੈ।”+

11 ਜਿਹੜੇ ਯਹੂਦੀ ਮੋਆਬ, ਅੰਮੋਨ, ਅਦੋਮ ਅਤੇ ਹੋਰ ਦੇਸ਼ਾਂ ਵਿਚ ਸਨ, ਉਨ੍ਹਾਂ ਸਾਰਿਆਂ ਨੇ ਵੀ ਸੁਣਿਆ ਕਿ ਬਾਬਲ ਦੇ ਰਾਜੇ ਨੇ ਬਾਕੀ ਬਚੇ ਲੋਕਾਂ ਨੂੰ ਯਹੂਦਾਹ ਵਿਚ ਰਹਿਣ ਦਿੱਤਾ ਸੀ ਅਤੇ ਉਸ ਨੇ ਸ਼ਾਫਾਨ ਦੇ ਪੋਤੇ, ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਉਨ੍ਹਾਂ ʼਤੇ ਅਧਿਕਾਰੀ ਨਿਯੁਕਤ ਕੀਤਾ ਸੀ। 12 ਇਸ ਲਈ ਸਾਰੇ ਯਹੂਦੀ ਉਨ੍ਹਾਂ ਸਾਰੀਆਂ ਥਾਵਾਂ ਤੋਂ ਵਾਪਸ ਆਉਣ ਲੱਗ ਪਏ ਜਿੱਥੇ ਉਹ ਖਿੰਡ ਗਏ ਸਨ। ਉਹ ਯਹੂਦਾਹ ਦੇ ਮਿਸਪਾਹ ਵਿਚ ਗਦਲਯਾਹ ਕੋਲ ਆਏ। ਉਨ੍ਹਾਂ ਨੇ ਵੱਡੀ ਤਾਦਾਦ ਵਿਚ ਦਾਖਰਸ ਅਤੇ ਗਰਮੀਆਂ ਦੇ ਫਲ ਇਕੱਠੇ ਕੀਤੇ।

13 ਕਾਰੇਆਹ ਦਾ ਪੁੱਤਰ ਯੋਹਾਨਾਨ ਅਤੇ ਫ਼ੌਜ ਦੇ ਬਾਕੀ ਸਾਰੇ ਮੁਖੀ ਜਿਹੜੇ ਬਾਹਰ ਸਨ, ਮਿਸਪਾਹ ਵਿਚ ਗਦਲਯਾਹ ਕੋਲ ਆਏ। 14 ਉਨ੍ਹਾਂ ਨੇ ਉਸ ਨੂੰ ਕਿਹਾ: “ਕੀ ਤੈਨੂੰ ਪਤਾ ਕਿ ਅੰਮੋਨੀਆਂ ਦੇ ਰਾਜੇ+ ਬਅਲੀਸ ਨੇ ਤੈਨੂੰ ਜਾਨੋਂ ਮਾਰਨ ਲਈ ਨਥਨਯਾਹ ਦੇ ਪੁੱਤਰ ਇਸਮਾਏਲ ਨੂੰ ਘੱਲਿਆ ਹੈ?”+ ਪਰ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਉਨ੍ਹਾਂ ਦੀ ਗੱਲ ਦਾ ਯਕੀਨ ਨਹੀਂ ਕੀਤਾ।

15 ਫਿਰ ਕਾਰੇਆਹ ਦੇ ਪੁੱਤਰ ਯੋਹਾਨਾਨ ਨੇ ਮਿਸਪਾਹ ਵਿਚ ਗਦਲਯਾਹ ਨਾਲ ਗੁਪਤ ਵਿਚ ਗੱਲ ਕਰਦੇ ਹੋਏ ਕਿਹਾ: “ਮੈਨੂੰ ਜਾਣ ਦੀ ਇਜਾਜ਼ਤ ਦੇ। ਮੈਂ ਨਥਨਯਾਹ ਦੇ ਪੁੱਤਰ ਇਸਮਾਏਲ ਨੂੰ ਜਾਨੋਂ ਮਾਰਨਾ ਚਾਹੁੰਦਾ ਹਾਂ ਅਤੇ ਕਿਸੇ ਨੂੰ ਇਸ ਬਾਰੇ ਪਤਾ ਵੀ ਨਹੀਂ ਲੱਗੇਗਾ। ਉਹ ਤੈਨੂੰ ਕਿਉਂ ਜਾਨੋਂ ਮਾਰੇ? ਅਤੇ ਕਿਉਂ ਯਹੂਦਾਹ ਦੇ ਸਾਰੇ ਲੋਕ ਜਿਹੜੇ ਤੇਰੇ ਕੋਲ ਇਕੱਠੇ ਹੋਏ ਹਨ, ਖਿੰਡ-ਪੁੰਡ ਜਾਣ ਅਤੇ ਯਹੂਦਾਹ ਦੇ ਬਾਕੀ ਬਚੇ ਲੋਕ ਨਾਸ਼ ਹੋ ਜਾਣ?” 16 ਪਰ ਅਹੀਕਾਮ ਦੇ ਪੁੱਤਰ ਗਦਲਯਾਹ+ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਨੂੰ ਕਿਹਾ: “ਇੱਦਾਂ ਨਾ ਕਰੀਂ ਕਿਉਂਕਿ ਤੂੰ ਇਸਮਾਏਲ ਬਾਰੇ ਜੋ ਵੀ ਕਹਿ ਰਿਹਾ ਹੈਂ, ਉਹ ਝੂਠ ਹੈ।”

41 ਸੱਤਵੇਂ ਮਹੀਨੇ ਵਿਚ ਨਥਨਯਾਹ ਦਾ ਪੁੱਤਰ ਅਤੇ ਅਲੀਸ਼ਾਮਾ ਦਾ ਪੋਤਾ ਇਸਮਾਏਲ+ ਜੋ ਸ਼ਾਹੀ ਘਰਾਣੇ ਵਿੱਚੋਂ* ਅਤੇ ਰਾਜੇ ਦੇ ਮੁੱਖ ਅਧਿਕਾਰੀਆਂ ਵਿੱਚੋਂ ਸੀ, ਦਸ ਹੋਰ ਆਦਮੀਆਂ ਨਾਲ ਮਿਸਪਾਹ ਵਿਚ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਆਇਆ।+ ਜਦੋਂ ਉਹ ਸਾਰੇ ਜਣੇ ਮਿਸਪਾਹ ਵਿਚ ਰੋਟੀ ਖਾ ਰਹੇ ਸਨ, 2 ਤਾਂ ਨਥਨਯਾਹ ਦੇ ਪੁੱਤਰ ਇਸਮਾਏਲ ਅਤੇ ਉਸ ਦੇ ਨਾਲ ਆਏ ਦਸ ਆਦਮੀਆਂ ਨੇ ਉੱਠ ਕੇ ਸ਼ਾਫਾਨ ਦੇ ਪੋਤੇ, ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਤਲਵਾਰ ਨਾਲ ਮਾਰ ਦਿੱਤਾ। ਇਸਮਾਏਲ ਨੇ ਉਸ ਆਦਮੀ ਨੂੰ ਜਾਨੋਂ ਮਾਰ ਦਿੱਤਾ ਜਿਸ ਨੂੰ ਬਾਬਲ ਦੇ ਰਾਜੇ ਨੇ ਦੇਸ਼ ਉੱਤੇ ਅਧਿਕਾਰੀ ਨਿਯੁਕਤ ਕੀਤਾ ਸੀ। 3 ਇਸਮਾਏਲ ਨੇ ਉਨ੍ਹਾਂ ਸਾਰੇ ਯਹੂਦੀਆਂ ਨੂੰ ਵੀ ਜਾਨੋਂ ਮਾਰ ਦਿੱਤਾ ਜਿਹੜੇ ਮਿਸਪਾਹ ਵਿਚ ਗਦਲਯਾਹ ਕੋਲ ਸਨ। ਨਾਲੇ ਉਸ ਨੇ ਉੱਥੇ ਮੌਜੂਦ ਕਸਦੀ ਫ਼ੌਜੀਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ।

4 ਗਦਲਯਾਹ ਦੇ ਕਤਲ ਤੋਂ ਦੂਜੇ ਦਿਨ ਜਦੋਂ ਅਜੇ ਕਿਸੇ ਨੂੰ ਇਸ ਬਾਰੇ ਪਤਾ ਨਹੀਂ ਲੱਗਾ ਸੀ, 5 ਸ਼ਕਮ,+ ਸ਼ੀਲੋਹ+ ਅਤੇ ਸਾਮਰਿਯਾ+ ਤੋਂ 80 ਆਦਮੀ ਆਏ। ਉਨ੍ਹਾਂ ਨੇ ਆਪਣੀ ਦਾੜ੍ਹੀ ਮੁੰਨੀ ਹੋਈ ਸੀ ਅਤੇ ਕੱਪੜੇ ਪਾੜੇ ਹੋਏ ਸਨ ਅਤੇ ਆਪਣੇ ਸਰੀਰ ਨੂੰ ਕੱਟਿਆ-ਵੱਢਿਆ ਹੋਇਆ ਸੀ।+ ਉਨ੍ਹਾਂ ਦੇ ਹੱਥਾਂ ਵਿਚ ਅਨਾਜ ਦਾ ਚੜ੍ਹਾਵਾ ਅਤੇ ਲੋਬਾਨ ਸੀ+ ਜੋ ਉਹ ਯਹੋਵਾਹ ਦੇ ਘਰ ਵਿਚ ਚੜ੍ਹਾਉਣ ਲਈ ਲਿਆਏ ਸਨ। 6 ਇਸ ਲਈ ਨਥਨਯਾਹ ਦਾ ਪੁੱਤਰ ਇਸਮਾਏਲ ਮਿਸਪਾਹ ਤੋਂ ਉਨ੍ਹਾਂ ਨੂੰ ਮਿਲਣ ਲਈ ਤੁਰ ਪਿਆ। ਉਹ ਤੁਰਿਆ ਜਾਂਦਾ ਰੋਂਦਾ ਸੀ। ਜਦੋਂ ਉਹ ਉਨ੍ਹਾਂ ਆਦਮੀਆਂ ਨੂੰ ਮਿਲਿਆ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਆ ਜਾਓ।” 7 ਪਰ ਜਦੋਂ ਉਹ ਸ਼ਹਿਰ ਵਿਚ ਆਏ, ਤਾਂ ਨਥਨਯਾਹ ਦੇ ਪੁੱਤਰ ਇਸਮਾਏਲ ਅਤੇ ਉਸ ਦੇ ਆਦਮੀਆਂ ਨੇ ਉਨ੍ਹਾਂ ਨੂੰ ਵੱਢ ਸੁੱਟਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਪਾਣੀ ਦੇ ਕੁੰਡ ਵਿਚ ਸੁੱਟ ਦਿੱਤੀਆਂ।

8 ਪਰ ਉਨ੍ਹਾਂ ਵਿੱਚੋਂ ਦਸ ਆਦਮੀਆਂ ਨੇ ਇਸਮਾਏਲ ਨੂੰ ਕਿਹਾ: “ਸਾਨੂੰ ਜਾਨੋਂ ਨਾ ਮਾਰ ਕਿਉਂਕਿ ਅਸੀਂ ਖੇਤਾਂ ਵਿਚ ਕਣਕ, ਜੌਂ, ਤੇਲ ਅਤੇ ਸ਼ਹਿਦ ਦੇ ਭੰਡਾਰ ਲੁਕਾ ਕੇ ਰੱਖੇ ਹਨ।” ਇਸ ਲਈ ਉਸ ਨੇ ਉਨ੍ਹਾਂ ਨੂੰ ਛੱਡ ਦਿੱਤਾ ਅਤੇ ਉਨ੍ਹਾਂ ਦੇ ਭਰਾਵਾਂ ਦੇ ਨਾਲ ਉਨ੍ਹਾਂ ਨੂੰ ਜਾਨੋਂ ਨਹੀਂ ਮਾਰਿਆ। 9 ਇਸਮਾਏਲ ਨੇ ਜਿਨ੍ਹਾਂ ਆਦਮੀਆਂ ਨੂੰ ਮਾਰਿਆ ਸੀ, ਉਨ੍ਹਾਂ ਦੀਆਂ ਲਾਸ਼ਾਂ ਪਾਣੀ ਦੇ ਇਕ ਵੱਡੇ ਕੁੰਡ ਵਿਚ ਸੁੱਟ ਦਿੱਤੀਆਂ। ਇਹ ਕੁੰਡ ਰਾਜਾ ਆਸਾ ਨੇ ਉਦੋਂ ਬਣਵਾਇਆ ਸੀ ਜਦੋਂ ਇਜ਼ਰਾਈਲ ਦਾ ਰਾਜਾ ਬਾਸ਼ਾ ਉਸ ਨਾਲ ਯੁੱਧ ਕਰ ਰਿਹਾ ਸੀ।+ ਇਸੇ ਕੁੰਡ ਨੂੰ ਨਥਨਯਾਹ ਦੇ ਪੁੱਤਰ ਇਸਮਾਏਲ ਨੇ ਉਨ੍ਹਾਂ ਸਾਰੇ ਆਦਮੀਆਂ ਦੀਆਂ ਲਾਸ਼ਾਂ ਨਾਲ ਭਰ ਦਿੱਤਾ।

10 ਇਸਮਾਏਲ ਨੇ ਮਿਸਪਾਹ+ ਵਿਚ ਬਾਕੀ ਬਚੇ ਸਾਰੇ ਲੋਕਾਂ ਨੂੰ ਜਿਨ੍ਹਾਂ ਵਿਚ ਰਾਜੇ ਦੀਆਂ ਧੀਆਂ ਵੀ ਸਨ, ਅਤੇ ਮਿਸਪਾਹ ਦੇ ਹੋਰ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ। ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ ਇਨ੍ਹਾਂ ਸਾਰਿਆਂ ਨੂੰ ਅਹੀਕਾਮ ਦੇ ਪੁੱਤਰ ਗਦਲਯਾਹ ਦੇ ਹਵਾਲੇ ਕਰ ਕੇ ਗਿਆ ਸੀ।+ ਨਥਨਯਾਹ ਦੇ ਪੁੱਤਰ ਇਸਮਾਏਲ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਅਤੇ ਉਸ ਪਾਰ ਅੰਮੋਨੀਆਂ ਕੋਲ ਜਾਣ ਲਈ ਤੁਰ ਪਿਆ।+

11 ਜਦੋਂ ਕਾਰੇਆਹ ਦੇ ਪੁੱਤਰ ਯੋਹਾਨਾਨ+ ਅਤੇ ਉਸ ਦੇ ਨਾਲ ਫ਼ੌਜ ਦੇ ਹੋਰ ਸਾਰੇ ਮੁਖੀਆਂ ਨੇ ਨਥਨਯਾਹ ਦੇ ਪੁੱਤਰ ਇਸਮਾਏਲ ਦੇ ਇਸ ਦੁਸ਼ਟ ਕੰਮ ਬਾਰੇ ਸੁਣਿਆ, 12 ਤਾਂ ਉਨ੍ਹਾਂ ਨੇ ਸਾਰੇ ਆਦਮੀਆਂ ਨੂੰ ਆਪਣੇ ਨਾਲ ਲਿਆ ਅਤੇ ਉਹ ਨਥਨਯਾਹ ਦੇ ਪੁੱਤਰ ਇਸਮਾਏਲ ਨਾਲ ਲੜਨ ਲਈ ਤੁਰ ਪਏ। ਉਨ੍ਹਾਂ ਨੇ ਉਸ ਨੂੰ ਗਿਬਓਨ ਵਿਚ ਉਸ ਜਗ੍ਹਾ ਘੇਰ ਲਿਆ ਜਿੱਥੇ ਬਹੁਤ ਸਾਰਾ ਪਾਣੀ ਸੀ।*

13 ਜਦੋਂ ਇਸਮਾਏਲ ਦੇ ਨਾਲ ਗਏ ਲੋਕਾਂ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਫ਼ੌਜ ਦੇ ਸਾਰੇ ਮੁਖੀਆਂ ਨੂੰ ਦੇਖਿਆ, ਤਾਂ ਉਹ ਬਹੁਤ ਖ਼ੁਸ਼ ਹੋਏ। 14 ਫਿਰ ਸਾਰੇ ਲੋਕ ਜਿਨ੍ਹਾਂ ਨੂੰ ਇਸਮਾਏਲ ਨੇ ਮਿਸਪਾਹ ਵਿਚ ਬੰਦੀ ਬਣਾ ਲਿਆ ਸੀ,+ ਮੁੜੇ ਅਤੇ ਕਾਰੇਆਹ ਦੇ ਪੁੱਤਰ ਯੋਹਾਨਾਨ ਕੋਲ ਵਾਪਸ ਚਲੇ ਗਏ। 15 ਪਰ ਨਥਨਯਾਹ ਦਾ ਪੁੱਤਰ ਇਸਮਾਏਲ ਅਤੇ ਉਸ ਦੇ ਅੱਠ ਆਦਮੀ ਯੋਹਾਨਾਨ ਦੇ ਹੱਥੋਂ ਬਚ ਕੇ ਭੱਜ ਗਏ ਅਤੇ ਅੰਮੋਨੀਆਂ ਕੋਲ ਚਲੇ ਗਏ।

16 ਜਿਨ੍ਹਾਂ ਲੋਕਾਂ ਨੂੰ ਨਥਨਯਾਹ ਦੇ ਪੁੱਤਰ ਇਸਮਾਏਲ ਨੇ ਮਿਸਪਾਹ ਵਿਚ ਅਹੀਕਾਮ ਦੇ ਪੁੱਤਰ ਗਦਲਯਾਹ ਦਾ ਕਤਲ ਕਰਨ ਤੋਂ ਬਾਅਦ+ ਬੰਦੀ ਬਣਾ ਲਿਆ ਸੀ, ਉਨ੍ਹਾਂ ਸਾਰਿਆਂ ਨੂੰ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਫ਼ੌਜ ਦੇ ਮੁਖੀਆਂ ਨੇ ਛੁਡਾ ਲਿਆ। ਉਹ ਉਨ੍ਹਾਂ ਆਦਮੀਆਂ, ਫ਼ੌਜੀਆਂ, ਔਰਤਾਂ, ਬੱਚਿਆਂ ਅਤੇ ਦਰਬਾਰੀਆਂ ਨੂੰ ਗਿਬਓਨ ਤੋਂ ਵਾਪਸ ਲੈ ਆਏ। 17 ਇਸ ਲਈ ਉਹ ਚਲੇ ਗਏ ਅਤੇ ਬੈਤਲਹਮ+ ਨੇੜੇ ਕਿਮਹਾਮ ਦੇ ਮੁਸਾਫ਼ਰਖ਼ਾਨੇ ਵਿਚ ਰਹੇ। ਉਨ੍ਹਾਂ ਨੇ ਮਿਸਰ ਜਾਣ ਦਾ ਮਨ ਬਣਾਇਆ ਹੋਇਆ ਸੀ+ 18 ਕਿਉਂਕਿ ਉਹ ਕਸਦੀਆਂ ਤੋਂ ਡਰੇ ਹੋਏ ਸਨ। ਉਹ ਇਸ ਲਈ ਡਰ ਗਏ ਸਨ ਕਿਉਂਕਿ ਨਥਨਯਾਹ ਦੇ ਪੁੱਤਰ ਇਸਮਾਏਲ ਨੇ ਅਹੀਕਾਮ ਦੇ ਪੁੱਤਰ ਗਦਲਯਾਹ ਦਾ ਕਤਲ ਕਰ ਦਿੱਤਾ ਸੀ ਜਿਸ ਨੂੰ ਬਾਬਲ ਦੇ ਰਾਜੇ ਨੇ ਦੇਸ਼ ਉੱਤੇ ਅਧਿਕਾਰੀ ਨਿਯੁਕਤ ਕੀਤਾ ਸੀ।+

42 ਫਿਰ ਫ਼ੌਜ ਦੇ ਸਾਰੇ ਮੁਖੀ ਅਤੇ ਕਾਰੇਆਹ ਦਾ ਪੁੱਤਰ ਯੋਹਾਨਾਨ+ ਅਤੇ ਹੋਸ਼ਾਯਾਹ ਦਾ ਪੁੱਤਰ ਯਜ਼ਨਯਾਹ ਅਤੇ ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰੇ ਆਏ 2 ਅਤੇ ਉਨ੍ਹਾਂ ਨੇ ਯਿਰਮਿਯਾਹ ਨਬੀ ਨੂੰ ਕਿਹਾ: “ਕਿਰਪਾ ਕਰ ਕੇ ਸਾਡੀ ਫ਼ਰਿਆਦ ਸੁਣ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਸਾਡੇ ਲਈ ਅਤੇ ਇਨ੍ਹਾਂ ਬਾਕੀ ਬਚੇ ਲੋਕਾਂ ਲਈ ਪ੍ਰਾਰਥਨਾ ਕਰ ਜਿਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਰਹਿ ਗਈ ਹੈ,+ ਜਿਵੇਂ ਕਿ ਤੂੰ ਦੇਖ ਸਕਦਾ ਹੈਂ। 3 ਅਸੀਂ ਬੇਨਤੀ ਕਰਦੇ ਹਾਂ ਕਿ ਤੇਰਾ ਪਰਮੇਸ਼ੁਰ ਯਹੋਵਾਹ ਸਾਨੂੰ ਦੱਸੇ ਕਿ ਅਸੀਂ ਕਿਹੜੇ ਰਾਹ ਜਾਈਏ ਅਤੇ ਕੀ ਕਰੀਏ।”

4 ਯਿਰਮਿਯਾਹ ਨਬੀ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਠੀਕ ਹੈ, ਜਿਵੇਂ ਤੁਸੀਂ ਬੇਨਤੀ ਕੀਤੀ ਹੈ, ਮੈਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੂੰ ਪ੍ਰਾਰਥਨਾ ਕਰਾਂਗਾ। ਯਹੋਵਾਹ ਜੋ ਵੀ ਕਹੇਗਾ, ਮੈਂ ਤੁਹਾਨੂੰ ਦੱਸਾਂਗਾ। ਮੈਂ ਤੁਹਾਡੇ ਤੋਂ ਕੁਝ ਨਹੀਂ ਲੁਕਾਵਾਂਗਾ।”

5 ਉਨ੍ਹਾਂ ਨੇ ਯਿਰਮਿਯਾਹ ਨੂੰ ਕਿਹਾ: “ਜੇ ਅਸੀਂ ਉਨ੍ਹਾਂ ਸਾਰੀਆਂ ਹਿਦਾਇਤਾਂ ਮੁਤਾਬਕ ਨਾ ਚੱਲੀਏ ਜੋ ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ਜ਼ਰੀਏ ਸਾਨੂੰ ਦੇਵੇਗਾ, ਤਾਂ ਯਹੋਵਾਹ ਸਾਡੇ ਖ਼ਿਲਾਫ਼ ਸੱਚਾ ਤੇ ਵਫ਼ਾਦਾਰ ਗਵਾਹ ਠਹਿਰੇ ਤੇ ਸਾਨੂੰ ਸਜ਼ਾ ਦੇਵੇ। 6 ਚਾਹੇ ਇਹ ਹਿਦਾਇਤਾਂ ਸਾਨੂੰ ਚੰਗੀਆਂ ਲੱਗਣ ਜਾਂ ਨਾ, ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਜ਼ਰੂਰ ਮੰਨਾਂਗੇ ਜਿਸ ਕੋਲ ਅਸੀਂ ਤੈਨੂੰ ਘੱਲ ਰਹੇ ਹਾਂ। ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਮੰਨਣ ਕਰਕੇ ਸਾਡਾ ਭਲਾ ਹੋਵੇਗਾ।”

7 ਫਿਰ ਦਸ ਦਿਨਾਂ ਬਾਅਦ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। 8 ਇਸ ਲਈ ਯਿਰਮਿਯਾਹ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਉਸ ਦੇ ਨਾਲ ਫ਼ੌਜ ਦੇ ਸਾਰੇ ਮੁਖੀਆਂ ਨੂੰ ਅਤੇ ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰਿਆਂ ਨੂੰ ਆਪਣੇ ਕੋਲ ਬੁਲਾਇਆ।+ 9 ਉਸ ਨੇ ਉਨ੍ਹਾਂ ਨੂੰ ਕਿਹਾ: “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਜਿਸ ਕੋਲ ਤੁਸੀਂ ਮੈਨੂੰ ਮਿਹਰ ਲਈ ਫ਼ਰਿਆਦ ਕਰਨ ਵਾਸਤੇ ਘੱਲਿਆ ਸੀ, ਕਹਿੰਦਾ ਹੈ: 10 ‘ਜੇ ਤੁਸੀਂ ਇਸ ਦੇਸ਼ ਵਿਚ ਹੀ ਰਹੋਗੇ, ਤਾਂ ਮੈਂ ਤੁਹਾਨੂੰ ਬਣਾਵਾਂਗਾ ਅਤੇ ਢਾਹਾਂਗਾ ਨਹੀਂ; ਮੈਂ ਤੁਹਾਨੂੰ ਲਾਵਾਂਗਾ ਅਤੇ ਜੜ੍ਹੋਂ ਨਹੀਂ ਪੁੱਟਾਂਗਾ ਕਿਉਂਕਿ ਤੁਹਾਡੇ ਉੱਤੇ ਲਿਆਂਦੀ ਬਿਪਤਾ ਕਰਕੇ ਮੈਂ ਦੁਖੀ ਹੋਵਾਂਗਾ।*+ 11 ਤੁਹਾਡੇ ਅੰਦਰ ਬਾਬਲ ਦੇ ਰਾਜੇ ਦਾ ਡਰ ਹੈ, ਪਰ ਤੁਸੀਂ ਇਸ ਡਰ ਨੂੰ ਆਪਣੇ ਅੰਦਰੋਂ ਕੱਢ ਦਿਓ।’+

“ਯਹੋਵਾਹ ਕਹਿੰਦਾ ਹੈ, ‘ਤੁਸੀਂ ਉਸ ਤੋਂ ਨਾ ਡਰੋ ਕਿਉਂਕਿ ਮੈਂ ਤੁਹਾਨੂੰ ਬਚਾਉਣ ਲਈ ਅਤੇ ਉਸ ਦੇ ਹੱਥੋਂ ਛੁਡਾਉਣ ਲਈ ਤੁਹਾਡੇ ਨਾਲ ਹਾਂ। 12 ਮੈਂ ਤੁਹਾਡੇ ʼਤੇ ਦਇਆ ਕਰਾਂਗਾ+ ਅਤੇ ਉਹ ਵੀ ਤੁਹਾਡੇ ʼਤੇ ਦਇਆ ਕਰੇਗਾ ਅਤੇ ਤੁਹਾਨੂੰ ਤੁਹਾਡੇ ਦੇਸ਼ ਵਿਚ ਵਾਪਸ ਭੇਜ ਦੇਵੇਗਾ।

13 “‘ਪਰ ਜੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਨਹੀਂ ਮੰਨੋਗੇ ਅਤੇ ਕਹੋਗੇ, “ਅਸੀਂ ਇਸ ਦੇਸ਼ ਵਿਚ ਨਹੀਂ ਰਹਾਂਗੇ! 14 ਅਸੀਂ ਮਿਸਰ ਨੂੰ ਜਾਵਾਂਗੇ+ ਜਿੱਥੇ ਅਸੀਂ ਨਾ ਲੜਾਈ ਦੇਖਾਂਗੇ, ਨਾ ਨਰਸਿੰਗੇ ਦੀ ਆਵਾਜ਼ ਸੁਣਾਂਗੇ ਅਤੇ ਨਾ ਹੀ ਰੋਟੀ ਤੋਂ ਬਿਨਾਂ ਭੁੱਖੇ ਮਰਾਂਗੇ; ਹਾਂ, ਅਸੀਂ ਉਸ ਦੇਸ਼ ਵਿਚ ਹੀ ਵੱਸਾਂਗੇ,” 15 ਤਾਂ ਹੇ ਯਹੂਦਾਹ ਦੇ ਬਾਕੀ ਬਚੇ ਲੋਕੋ, ਤੁਸੀਂ ਯਹੋਵਾਹ ਦਾ ਸੰਦੇਸ਼ ਸੁਣ ਲਓ। ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਜੇ ਤੁਸੀਂ ਮਿਸਰ ਜਾਣ ਦਾ ਪੱਕਾ ਮਨ ਬਣਾ ਲਿਆ ਹੈ ਅਤੇ ਉੱਥੇ ਜਾ ਕੇ ਵੱਸਣਾ* ਚਾਹੁੰਦੇ ਹੋ, 16 ਤਾਂ ਜਿਸ ਤਲਵਾਰ ਤੋਂ ਤੁਸੀਂ ਡਰਦੇ ਹੋ, ਉਹ ਤੁਹਾਡੇ ਪਿੱਛੇ-ਪਿੱਛੇ ਮਿਸਰ ਆਵੇਗੀ ਤੇ ਜਿਸ ਕਾਲ਼ ਤੋਂ ਤੁਸੀਂ ਡਰਦੇ ਹੋ, ਉਹ ਮਿਸਰ ਤਕ ਤੁਹਾਡਾ ਪਿੱਛਾ ਨਹੀਂ ਛੱਡੇਗਾ। ਤੁਸੀਂ ਉੱਥੇ ਮਰ ਜਾਓਗੇ।+ 17 ਜਿਹੜੇ ਲੋਕਾਂ ਨੇ ਮਿਸਰ ਜਾ ਕੇ ਵੱਸਣ ਦਾ ਪੱਕਾ ਮਨ ਬਣਾਇਆ ਹੋਇਆ ਹੈ, ਉਨ੍ਹਾਂ ਵਿੱਚੋਂ ਕੋਈ ਵੀ ਜੀਉਂਦਾ ਨਹੀਂ ਬਚੇਗਾ। ਉਹ ਤਲਵਾਰ, ਕਾਲ਼ ਅਤੇ ਮਹਾਂਮਾਰੀ* ਨਾਲ ਮਰਨਗੇ ਅਤੇ ਉਸ ਬਿਪਤਾ ਤੋਂ ਨਹੀਂ ਬਚਣਗੇ ਜੋ ਮੈਂ ਉਨ੍ਹਾਂ ʼਤੇ ਲਿਆਵਾਂਗਾ।’”

18 “ਕਿਉਂਕਿ ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: ‘ਜਿਵੇਂ ਮੈਂ ਯਰੂਸ਼ਲਮ ਦੇ ਵਾਸੀਆਂ ʼਤੇ ਆਪਣਾ ਗੁੱਸਾ ਅਤੇ ਕ੍ਰੋਧ ਵਰ੍ਹਾਇਆ ਸੀ,+ ਉਸੇ ਤਰ੍ਹਾਂ ਜੇ ਤੁਸੀਂ ਮਿਸਰ ਜਾਓਗੇ, ਤਾਂ ਮੈਂ ਤੁਹਾਡੇ ਉੱਤੇ ਵੀ ਆਪਣਾ ਕ੍ਰੋਧ ਵਰ੍ਹਾਵਾਂਗਾ। ਤੁਹਾਨੂੰ ਸਰਾਪ ਦਿੱਤਾ ਜਾਵੇਗਾ, ਤੁਹਾਡਾ ਹਾਲ ਦੇਖ ਕੇ ਲੋਕ ਖ਼ੌਫ਼ ਖਾਣਗੇ, ਤੁਹਾਨੂੰ ਬਦ-ਦੁਆਵਾਂ ਦਿੱਤੀਆਂ ਜਾਣਗੀਆਂ ਅਤੇ ਤੁਹਾਨੂੰ ਬੇਇੱਜ਼ਤ ਕੀਤਾ ਜਾਵੇਗਾ।+ ਤੁਸੀਂ ਫਿਰ ਕਦੇ ਇਹ ਦੇਸ਼ ਨਹੀਂ ਦੇਖੋਗੇ।’

19 “ਹੇ ਯਹੂਦਾਹ ਦੇ ਬਾਕੀ ਬਚੇ ਲੋਕੋ, ਯਹੋਵਾਹ ਨੇ ਤੁਹਾਨੂੰ ਕਹਿ ਦਿੱਤਾ ਹੈ ਕਿ ਤੁਸੀਂ ਮਿਸਰ ਨਾ ਜਾਓ। ਯਾਦ ਰੱਖੋ ਕਿ ਮੈਂ ਅੱਜ ਤੁਹਾਨੂੰ ਇਹ ਚੇਤਾਵਨੀ ਦਿੱਤੀ ਹੈ 20 ਕਿ ਤੁਹਾਨੂੰ ਆਪਣੀ ਇਸ ਗ਼ਲਤੀ ਕਰਕੇ ਜਾਨ ਤੋਂ ਹੱਥ ਧੋਣੇ ਪੈਣਗੇ ਕਿਉਂਕਿ ਤੁਸੀਂ ਆਪ ਮੈਨੂੰ ਆਪਣੇ ਪਰਮੇਸ਼ੁਰ ਯਹੋਵਾਹ ਕੋਲ ਘੱਲਿਆ ਸੀ ਅਤੇ ਕਿਹਾ ਸੀ, ‘ਸਾਡੇ ਲਈ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪ੍ਰਾਰਥਨਾ ਕਰ ਅਤੇ ਸਾਡਾ ਪਰਮੇਸ਼ੁਰ ਯਹੋਵਾਹ ਜੋ ਵੀ ਕਹੇਗਾ, ਸਾਨੂੰ ਦੱਸੀਂ ਅਤੇ ਅਸੀਂ ਉਹੀ ਕਰਾਂਗੇ।’+ 21 ਮੈਂ ਅੱਜ ਤੁਹਾਨੂੰ ਇਹ ਸਭ ਕੁਝ ਦੱਸਿਆ ਹੈ, ਪਰ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਕਹਿਣਾ ਨਹੀਂ ਮੰਨੋਗੇ ਅਤੇ ਨਾ ਹੀ ਉਸ ਤਰ੍ਹਾਂ ਕਰੋਗੇ ਜਿਸ ਤਰ੍ਹਾਂ ਉਸ ਨੇ ਮੇਰੇ ਜ਼ਰੀਏ ਤੁਹਾਨੂੰ ਕਿਹਾ ਹੈ।+ 22 ਇਸ ਲਈ ਇਹ ਗੱਲ ਚੰਗੀ ਤਰ੍ਹਾਂ ਸਮਝ ਲਓ ਕਿ ਜਿੱਥੇ ਜਾ ਕੇ ਤੁਸੀਂ ਵੱਸਣਾ ਚਾਹੁੰਦੇ ਹੋ, ਉੱਥੇ ਤੁਸੀਂ ਤਲਵਾਰ, ਕਾਲ਼ ਅਤੇ ਮਹਾਂਮਾਰੀ ਨਾਲ ਮਰ ਜਾਓਗੇ।”+

43 ਜਦੋਂ ਯਿਰਮਿਯਾਹ ਲੋਕਾਂ ਨੂੰ ਉਨ੍ਹਾਂ ਦੇ ਪਰਮੇਸ਼ੁਰ ਯਹੋਵਾਹ ਦੀ ਇਕ-ਇਕ ਗੱਲ ਦੱਸ ਹਟਿਆ ਜੋ ਉਨ੍ਹਾਂ ਦੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਨੂੰ ਦੱਸਣ ਲਈ ਯਿਰਮਿਯਾਹ ਨੂੰ ਭੇਜਿਆ ਸੀ, 2 ਤਾਂ ਹੋਸ਼ਾਯਾਹ ਦੇ ਪੁੱਤਰ ਅਜ਼ਰਯਾਹ ਅਤੇ ਕਾਰੇਆਹ ਦੇ ਪੁੱਤਰ ਯੋਹਾਨਾਨ+ ਅਤੇ ਸਾਰੇ ਗੁਸਤਾਖ਼ ਆਦਮੀਆਂ ਨੇ ਯਿਰਮਿਯਾਹ ਨੂੰ ਕਿਹਾ: “ਤੂੰ ਸਾਡੇ ਨਾਲ ਝੂਠ ਬੋਲ ਰਿਹਾ ਹੈਂ! ਸਾਡੇ ਪਰਮੇਸ਼ੁਰ ਯਹੋਵਾਹ ਨੇ ਤੈਨੂੰ ਇਹ ਕਹਿਣ ਲਈ ਨਹੀਂ ਘੱਲਿਆ ਹੈ, ‘ਮਿਸਰ ਨਾ ਜਾਓ ਅਤੇ ਨਾ ਹੀ ਉੱਥੇ ਵੱਸੋ।’ 3 ਤੈਨੂੰ ਤਾਂ ਨੇਰੀਯਾਹ ਦਾ ਪੁੱਤਰ ਬਾਰੂਕ+ ਸਾਡੇ ਖ਼ਿਲਾਫ਼ ਭੜਕਾ ਰਿਹਾ ਹੈ ਤਾਂਕਿ ਅਸੀਂ ਕਸਦੀਆਂ ਦੇ ਹਵਾਲੇ ਕੀਤੇ ਜਾਈਏ ਤੇ ਸਾਨੂੰ ਜਾਨੋਂ ਮਾਰ ਦਿੱਤਾ ਜਾਵੇ ਜਾਂ ਬੰਦੀ ਬਣਾ ਕੇ ਬਾਬਲ ਲਿਜਾਇਆ ਜਾਵੇ।”+

4 ਇਸ ਲਈ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਫ਼ੌਜ ਦੇ ਸਾਰੇ ਮੁਖੀਆਂ ਅਤੇ ਸਾਰੇ ਲੋਕਾਂ ਨੇ ਯਹੋਵਾਹ ਦਾ ਇਹ ਹੁਕਮ ਨਹੀਂ ਮੰਨਿਆ ਕਿ ਉਹ ਯਹੂਦਾਹ ਵਿਚ ਹੀ ਰਹਿਣ। 5 ਇਸ ਦੀ ਬਜਾਇ, ਕਾਰੇਆਹ ਦਾ ਪੁੱਤਰ ਯੋਹਾਨਾਨ ਅਤੇ ਫ਼ੌਜ ਦੇ ਸਾਰੇ ਮੁਖੀ ਯਹੂਦਾਹ ਦੇ ਬਾਕੀ ਬਚੇ ਸਾਰੇ ਲੋਕਾਂ ਨੂੰ ਆਪਣੇ ਨਾਲ ਲੈ ਗਏ। ਇਹ ਲੋਕ ਉਨ੍ਹਾਂ ਸਾਰੀਆਂ ਕੌਮਾਂ ਤੋਂ ਯਹੂਦਾਹ ਵਿਚ ਵੱਸਣ ਆਏ ਸਨ ਜਿੱਥੇ ਉਹ ਖਿੰਡ-ਪੁੰਡ ਗਏ ਸਨ।+ 6 ਉਹ ਆਦਮੀਆਂ, ਔਰਤਾਂ, ਬੱਚਿਆਂ, ਰਾਜੇ ਦੀਆਂ ਧੀਆਂ ਅਤੇ ਹੋਰ ਸਾਰੇ ਲੋਕਾਂ ਨੂੰ ਲੈ ਗਏ ਜਿਨ੍ਹਾਂ ਨੂੰ ਪਹਿਰੇਦਾਰਾਂ ਦੇ ਮੁਖੀ ਨਬੂਜ਼ਰਦਾਨ+ ਨੇ ਸ਼ਾਫਾਨ ਦੇ ਪੋਤੇ,+ ਅਹੀਕਾਮ ਦੇ ਪੁੱਤਰ+ ਗਦਲਯਾਹ ਦੇ ਹਵਾਲੇ ਕੀਤਾ ਸੀ।+ ਉਹ ਯਿਰਮਿਯਾਹ ਨਬੀ ਅਤੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਵੀ ਆਪਣੇ ਨਾਲ ਲੈ ਗਏ। 7 ਉਹ ਯਹੋਵਾਹ ਦਾ ਹੁਕਮ ਤੋੜ ਕੇ ਮਿਸਰ ਦੇ ਤਪਨਹੇਸ ਸ਼ਹਿਰ ਚਲੇ ਗਏ।+

8 ਫਿਰ ਤਪਨਹੇਸ ਵਿਚ ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 9 “ਆਪਣੇ ਹੱਥਾਂ ਵਿਚ ਵੱਡੇ ਪੱਥਰ ਲੈ ਅਤੇ ਉਨ੍ਹਾਂ ਪੱਥਰਾਂ ਨੂੰ ਤਪਨਹੇਸ ਵਿਚ ਫ਼ਿਰਊਨ ਦੇ ਮਹਿਲ ਦੇ ਦਰਵਾਜ਼ੇ ਲਾਗੇ ਇੱਟਾਂ ਦੇ ਚਬੂਤਰੇ ਵਿਚ ਲੁਕੋ ਦੇ ਅਤੇ ਉਨ੍ਹਾਂ ʼਤੇ ਗਾਰਾ ਲਿੱਪ ਦੇ। ਤੂੰ ਇਹ ਸਭ ਕੁਝ ਯਹੂਦੀ ਆਦਮੀਆਂ ਦੀਆਂ ਨਜ਼ਰਾਂ ਸਾਮ੍ਹਣੇ ਕਰ। 10 ਫਿਰ ਉਨ੍ਹਾਂ ਨੂੰ ਕਹਿ, ‘ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਮੈਂ ਆਪਣੇ ਸੇਵਕ, ਬਾਬਲ ਦੇ ਰਾਜੇ ਨਬੂਕਦਨੱਸਰ*+ ਨੂੰ ਬੁਲਾ ਰਿਹਾ ਹਾਂ ਅਤੇ ਮੈਂ ਇਨ੍ਹਾਂ ਪੱਥਰਾਂ ਦੇ ਉੱਪਰ ਉਸ ਦਾ ਸਿੰਘਾਸਣ ਰੱਖਾਂਗਾ ਜੋ ਮੈਂ ਲੁਕਾਏ ਹਨ ਅਤੇ ਉਹ ਆਪਣਾ ਸ਼ਾਹੀ ਤੰਬੂ ਇਨ੍ਹਾਂ ਉੱਤੇ ਤਾਣੇਗਾ।+ 11 ਉਹ ਆਵੇਗਾ ਅਤੇ ਮਿਸਰ ʼਤੇ ਹਮਲਾ ਕਰੇਗਾ।+ ਕੁਝ ਜਣੇ ਗੰਭੀਰ ਬੀਮਾਰੀਆਂ ਨਾਲ ਮਰਨਗੇ, ਕੁਝ ਜਣੇ ਬੰਦੀ ਬਣਾ ਕੇ ਲਿਜਾਏ ਜਾਣਗੇ ਅਤੇ ਕੁਝ ਜਣੇ ਤਲਵਾਰ ਨਾਲ ਮਰਨਗੇ!+ 12 ਅਤੇ ਮੈਂ ਮਿਸਰ ਦੇ ਦੇਵਤਿਆਂ ਦੇ ਮੰਦਰਾਂ* ਨੂੰ ਅੱਗ ਲਾ ਦਿਆਂਗਾ।+ ਉਹ ਉਨ੍ਹਾਂ ਨੂੰ ਅੱਗ ਨਾਲ ਸਾੜ ਦੇਵੇਗਾ ਅਤੇ ਦੇਵਤਿਆਂ ਨੂੰ ਬੰਦੀ ਬਣਾ ਕੇ ਲੈ ਜਾਵੇਗਾ। ਉਹ ਮਿਸਰ ਨੂੰ ਆਪਣੇ ਦੁਆਲੇ ਇਸ ਤਰ੍ਹਾਂ ਲਪੇਟ ਲਵੇਗਾ ਜਿਵੇਂ ਇਕ ਚਰਵਾਹਾ ਆਪਣੇ ਦੁਆਲੇ ਚਾਦਰ ਲਪੇਟਦਾ ਹੈ। ਫਿਰ ਉਹ ਉੱਥੋਂ ਸਹੀ-ਸਲਾਮਤ* ਚਲਾ ਜਾਵੇਗਾ। 13 ਉਹ ਮਿਸਰ ਵਿਚ ਬੈਤ-ਸ਼ਮਸ਼* ਦੇ ਥੰਮ੍ਹਾਂ ਨੂੰ ਚਕਨਾਚੂਰ ਕਰ ਦੇਵੇਗਾ ਅਤੇ ਮਿਸਰ ਦੇ ਦੇਵਤਿਆਂ ਦੇ ਮੰਦਰਾਂ* ਨੂੰ ਅੱਗ ਨਾਲ ਸਾੜ ਸੁੱਟੇਗਾ।”’”

44 ਮਿਸਰ+ ਵਿਚ ਮਿਗਦੋਲ,+ ਤਪਨਹੇਸ,+ ਨੋਫ*+ ਅਤੇ ਪਥਰੋਸ+ ਦੇ ਇਲਾਕੇ ਵਿਚ ਰਹਿੰਦੇ ਸਾਰੇ ਯਹੂਦੀਆਂ ਬਾਰੇ ਯਿਰਮਿਯਾਹ ਨੂੰ ਇਹ ਸੰਦੇਸ਼ ਮਿਲਿਆ: 2 “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਮੈਂ ਯਰੂਸ਼ਲਮ+ ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ਉੱਤੇ ਬਿਪਤਾ ਲਿਆਂਦੀ ਸੀ। ਇਹ ਸਾਰੀਆਂ ਥਾਵਾਂ ਅੱਜ ਤਕ ਖੰਡਰ ਹਨ ਅਤੇ ਇਨ੍ਹਾਂ ਵਿਚ ਕੋਈ ਨਹੀਂ ਵੱਸਦਾ।+ 3 ਇਹ ਇਸ ਕਰਕੇ ਹੋਇਆ ਕਿਉਂਕਿ ਤੁਸੀਂ ਦੁਸ਼ਟ ਕੰਮ ਕਰ ਕੇ ਮੇਰਾ ਗੁੱਸਾ ਭੜਕਾਇਆ। ਤੁਸੀਂ ਜਾ ਕੇ ਦੂਸਰੇ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਈਆਂ+ ਅਤੇ ਉਨ੍ਹਾਂ ਦੀ ਭਗਤੀ ਕੀਤੀ ਜਿਨ੍ਹਾਂ ਨੂੰ ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪਿਉ-ਦਾਦੇ ਜਾਣਦੇ ਸਨ।+ 4 ਮੈਂ ਆਪਣੇ ਸਾਰੇ ਸੇਵਕਾਂ, ਹਾਂ, ਨਬੀਆਂ ਨੂੰ ਵਾਰ-ਵਾਰ* ਤੁਹਾਡੇ ਕੋਲ ਭੇਜਦਾ ਰਿਹਾ ਅਤੇ ਕਹਿੰਦਾ ਰਿਹਾ: “ਕਿਰਪਾ ਕਰ ਕੇ ਇਹ ਘਿਣਾਉਣਾ ਕੰਮ ਨਾ ਕਰੋ। ਮੈਨੂੰ ਇਸ ਤੋਂ ਨਫ਼ਰਤ ਹੈ।”+ 5 ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ ਅਤੇ ਨਾ ਹੀ ਮੇਰੀ ਗੱਲ ਵੱਲ ਕੰਨ ਲਾਇਆ ਅਤੇ ਦੂਜੇ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਉਣ ਦਾ ਦੁਸ਼ਟ ਕੰਮ ਕਰਨੋਂ ਨਾ ਹਟੇ।+ 6 ਇਸ ਕਰਕੇ ਮੈਂ ਆਪਣੇ ਗੁੱਸੇ ਅਤੇ ਕ੍ਰੋਧ ਦੀ ਅੱਗ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ʼਤੇ ਵਰ੍ਹਾਈ। ਇਹ ਅੱਜ ਤਕ ਖੰਡਰ ਅਤੇ ਉਜਾੜ ਪਏ ਹਨ।’+

7 “ਇਸ ਲਈ ਹੁਣ ਯਹੋਵਾਹ ਜੋ ਸੈਨਾਵਾਂ ਦਾ ਪਰਮੇਸ਼ੁਰ ਅਤੇ ਇਜ਼ਰਾਈਲ ਦਾ ਪਰਮੇਸ਼ੁਰ ਹੈ, ਕਹਿੰਦਾ ਹੈ, ‘ਤੁਸੀਂ ਆਪਣੇ ʼਤੇ ਵੱਡੀ ਬਿਪਤਾ ਕਿਉਂ ਲਿਆਉਣੀ ਚਾਹੁੰਦੇ ਹੋ ਜਿਸ ਵਿਚ ਸਾਰੇ ਆਦਮੀ, ਔਰਤਾਂ, ਬੱਚੇ ਅਤੇ ਦੁੱਧ ਚੁੰਘਦੇ ਬੱਚੇ ਯਹੂਦਾਹ ਵਿੱਚੋਂ ਖ਼ਤਮ ਹੋ ਜਾਣਗੇ ਅਤੇ ਕੋਈ ਨਹੀਂ ਬਚੇਗਾ? 8 ਮਿਸਰ ਵਿਚ ਜਿੱਥੇ ਤੁਸੀਂ ਵੱਸਣ ਲਈ ਗਏ ਹੋ, ਤੁਸੀਂ ਆਪਣੇ ਹੱਥੀਂ ਦੂਜੇ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾ ਕੇ ਮੈਨੂੰ ਗੁੱਸਾ ਕਿਉਂ ਚੜ੍ਹਾਉਂਦੇ ਹੋ? ਤੁਸੀਂ ਨਾਸ਼ ਹੋ ਜਾਓਗੇ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਸਰਾਪ ਦੇਣ ਵੇਲੇ ਤੁਹਾਡੀ ਮਿਸਾਲ ਦੇਣਗੀਆਂ ਅਤੇ ਤੁਹਾਡੀ ਬੇਇੱਜ਼ਤੀ ਕਰਨਗੀਆਂ।+ 9 ਕੀ ਤੁਸੀਂ ਆਪਣੇ ਪਿਉ-ਦਾਦਿਆਂ ਦੇ ਦੁਸ਼ਟ ਕੰਮਾਂ, ਯਹੂਦਾਹ ਦੇ ਰਾਜਿਆਂ+ ਦੇ ਦੁਸ਼ਟ ਕੰਮਾਂ, ਉਨ੍ਹਾਂ ਦੀਆਂ ਪਤਨੀਆਂ+ ਦੇ ਦੁਸ਼ਟ ਕੰਮਾਂ ਅਤੇ ਆਪਣੇ ਦੁਸ਼ਟ ਕੰਮਾਂ ਅਤੇ ਆਪਣੀਆਂ ਪਤਨੀਆਂ ਦੇ ਦੁਸ਼ਟ ਕੰਮਾਂ ਨੂੰ ਭੁੱਲ ਗਏ ਹੋ+ ਜੋ ਯਹੂਦਾਹ ਵਿਚ ਅਤੇ ਯਰੂਸ਼ਲਮ ਦੀਆਂ ਗਲੀਆਂ ਵਿਚ ਕੀਤੇ ਗਏ ਸਨ? 10 ਅੱਜ ਤਕ ਤੁਸੀਂ* ਖ਼ੁਦ ਨੂੰ ਨਾ ਤਾਂ ਨਿਮਰ ਕੀਤਾ,* ਨਾ ਤੁਸੀਂ ਮੇਰਾ ਡਰ ਮੰਨਿਆ+ ਅਤੇ ਨਾ ਹੀ ਮੇਰੇ ਕਾਨੂੰਨ ਅਤੇ ਨਿਯਮਾਂ ʼਤੇ ਚੱਲੇ ਜੋ ਮੈਂ ਤੁਹਾਨੂੰ ਅਤੇ ਤੁਹਾਡੇ ਪਿਉ-ਦਾਦਿਆਂ ਨੂੰ ਦਿੱਤੇ ਸਨ।’+

11 “ਇਸ ਲਈ ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਮੈਂ ਠਾਣ ਲਿਆ ਹੈ ਕਿ ਮੈਂ ਤੁਹਾਡੇ ਉੱਤੇ ਬਿਪਤਾ ਲਿਆਵਾਂਗਾ ਤਾਂਕਿ ਸਾਰੇ ਯਹੂਦਾਹ ਦਾ ਨਾਮੋ-ਨਿਸ਼ਾਨ ਮਿਟ ਜਾਵੇ। 12 ਮੈਂ ਯਹੂਦਾਹ ਦੇ ਬਾਕੀ ਬਚੇ ਲੋਕਾਂ ਨੂੰ ਫੜ ਲਵਾਂਗਾ ਜਿਨ੍ਹਾਂ ਨੇ ਮਿਸਰ ਵਿਚ ਜਾ ਕੇ ਵੱਸਣ ਦਾ ਪੱਕਾ ਮਨ ਬਣਾਇਆ ਹੋਇਆ ਸੀ। ਉਹ ਸਾਰੇ ਮਿਸਰ ਵਿਚ ਮਰ ਜਾਣਗੇ।+ ਉਹ ਤਲਵਾਰ ਅਤੇ ਕਾਲ਼ ਨਾਲ ਮਰਨਗੇ, ਹਾਂ, ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰੇ ਤਲਵਾਰ ਅਤੇ ਕਾਲ਼ ਨਾਲ ਮਰ ਜਾਣਗੇ। ਉਨ੍ਹਾਂ ਨੂੰ ਸਰਾਪ ਦਿੱਤਾ ਜਾਵੇਗਾ, ਉਨ੍ਹਾਂ ਦਾ ਹਾਲ ਦੇਖ ਕੇ ਲੋਕ ਖ਼ੌਫ਼ ਖਾਣਗੇ, ਉਨ੍ਹਾਂ ਨੂੰ ਬਦਦੁਆਵਾਂ ਦਿੱਤੀਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾਵੇਗਾ।+ 13 ਮੈਂ ਮਿਸਰ ਵਿਚ ਵੱਸਦੇ ਲੋਕਾਂ ਨੂੰ ਸਜ਼ਾ ਦਿਆਂਗਾ, ਜਿਵੇਂ ਮੈਂ ਯਰੂਸ਼ਲਮ ਨੂੰ ਤਲਵਾਰ, ਕਾਲ਼ ਅਤੇ ਮਹਾਂਮਾਰੀ* ਨਾਲ ਸਜ਼ਾ ਦਿੱਤੀ ਸੀ।+ 14 ਯਹੂਦਾਹ ਦੇ ਜਿਹੜੇ ਬਾਕੀ ਬਚੇ ਲੋਕ ਮਿਸਰ ਵਿਚ ਵੱਸਣ ਲਈ ਚਲੇ ਗਏ ਹਨ, ਉਹ ਸਜ਼ਾ ਤੋਂ ਨਹੀਂ ਬਚਣਗੇ ਅਤੇ ਨਾ ਹੀ ਯਹੂਦਾਹ ਵਾਪਸ ਆਉਣ ਲਈ ਜੀਉਂਦੇ ਰਹਿਣਗੇ। ਉਹ ਯਹੂਦਾਹ ਵਾਪਸ ਆ ਕੇ ਵੱਸਣ ਲਈ ਤਰਸਣਗੇ, ਪਰ ਉਹ ਵਾਪਸ ਨਹੀਂ ਆਉਣਗੇ। ਉਨ੍ਹਾਂ ਵਿੱਚੋਂ ਮੁੱਠੀ ਭਰ ਲੋਕ ਹੀ ਵਾਪਸ ਆਉਣਗੇ।’”

15 ਫਿਰ ਉਨ੍ਹਾਂ ਸਾਰੇ ਆਦਮੀਆਂ ਨੇ ਜੋ ਜਾਣਦੇ ਸਨ ਕਿ ਉਨ੍ਹਾਂ ਦੀਆਂ ਪਤਨੀਆਂ ਦੂਜੇ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਉਂਦੀਆਂ ਸਨ ਅਤੇ ਉੱਥੇ ਖੜ੍ਹੀਆਂ ਉਨ੍ਹਾਂ ਦੀਆਂ ਪਤਨੀਆਂ ਦੀ ਵੱਡੀ ਟੋਲੀ ਨੇ ਅਤੇ ਮਿਸਰ+ ਦੇ ਪਥਰੋਸ+ ਵਿਚ ਰਹਿਣ ਵਾਲੇ ਸਾਰੇ ਲੋਕਾਂ ਨੇ ਯਿਰਮਿਯਾਹ ਨੂੰ ਜਵਾਬ ਦਿੱਤਾ: 16 “ਅਸੀਂ ਤੇਰਾ ਸੰਦੇਸ਼ ਨਹੀਂ ਸੁਣਾਂਗੇ ਜੋ ਤੂੰ ਸਾਨੂੰ ਯਹੋਵਾਹ ਦੇ ਨਾਂ ʼਤੇ ਦੱਸਿਆ ਹੈ। 17 ਇਸ ਦੀ ਬਜਾਇ, ਅਸੀਂ ਉਹੀ ਕਰਾਂਗੇ ਜੋ ਅਸੀਂ ਕਿਹਾ ਹੈ। ਅਸੀਂ ਆਕਾਸ਼ ਦੀ ਰਾਣੀ* ਅੱਗੇ ਬਲ਼ੀਆਂ ਚੜ੍ਹਾਵਾਂਗੇ ਅਤੇ ਪੀਣ ਦੀਆਂ ਭੇਟਾਂ ਡੋਲ੍ਹਾਂਗੇ,+ ਜਿਵੇਂ ਅਸੀਂ, ਸਾਡੇ ਪਿਉ-ਦਾਦੇ, ਸਾਡੇ ਰਾਜੇ, ਸਾਡੇ ਹਾਕਮ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿਚ ਚੜ੍ਹਾਉਂਦੇ ਸੀ। ਉਸ ਵੇਲੇ ਅਸੀਂ ਰੱਜ ਕੇ ਰੋਟੀ ਖਾਂਦੇ ਸੀ ਅਤੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਅਤੇ ਨਾ ਹੀ ਅਸੀਂ ਕਿਸੇ ਬਿਪਤਾ ਦਾ ਮੂੰਹ ਦੇਖਿਆ ਸੀ। 18 ਪਰ ਜਦੋਂ ਤੋਂ ਅਸੀਂ ਆਕਾਸ਼ ਦੀ ਰਾਣੀ* ਅੱਗੇ ਬਲ਼ੀਆਂ ਅਤੇ ਪੀਣ ਦੀਆਂ ਭੇਟਾਂ ਚੜ੍ਹਾਉਣੀਆਂ ਬੰਦ ਕੀਤੀਆਂ ਹਨ, ਉਦੋਂ ਤੋਂ ਸਾਨੂੰ ਹਰ ਚੀਜ਼ ਦੀ ਥੁੜ੍ਹ ਹੋਣ ਲੱਗੀ ਹੈ ਅਤੇ ਅਸੀਂ ਤਲਵਾਰ ਅਤੇ ਕਾਲ਼ ਨਾਲ ਨਾਸ਼ ਹੋ ਗਏ ਹਾਂ।”

19 ਫਿਰ ਔਰਤਾਂ ਨੇ ਕਿਹਾ: “ਅਸੀਂ ਆਪਣੇ ਪਤੀਆਂ ਦੀ ਇਜਾਜ਼ਤ ਨਾਲ ਹੀ ਆਕਾਸ਼ ਦੀ ਰਾਣੀ* ਅੱਗੇ ਬਲ਼ੀਆਂ ਅਤੇ ਪੀਣ ਦੀਆਂ ਭੇਟਾਂ ਚੜ੍ਹਾਉਂਦੀਆਂ ਸੀ। ਨਾਲੇ ਅਸੀਂ ਉਨ੍ਹਾਂ ਦੀ ਇਜਾਜ਼ਤ ਨਾਲ ਰਾਣੀ ਦੀ ਸ਼ਕਲ ਵਰਗੀਆਂ ਟਿੱਕੀਆਂ ਬਣਾਉਂਦੀਆਂ ਸੀ ਅਤੇ ਉਸ ਦੇ ਅੱਗੇ ਪੀਣ ਦੀਆਂ ਭੇਟਾਂ ਚੜ੍ਹਾਉਂਦੀਆਂ ਸੀ।”

20 ਫਿਰ ਯਿਰਮਿਯਾਹ ਨੇ ਗੱਲ ਕਰ ਰਹੇ ਸਾਰੇ ਲੋਕਾਂ, ਆਦਮੀਆਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਕਿਹਾ: 21 “ਤੁਸੀਂ, ਤੁਹਾਡੇ ਪਿਉ-ਦਾਦਿਆਂ, ਤੁਹਾਡੇ ਰਾਜਿਆਂ, ਤੁਹਾਡੇ ਹਾਕਮਾਂ ਅਤੇ ਦੇਸ਼ ਦੇ ਲੋਕਾਂ ਨੇ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿਚ ਜੋ ਬਲ਼ੀਆਂ ਚੜ੍ਹਾਈਆਂ ਸਨ,+ ਉਨ੍ਹਾਂ ਨੂੰ ਯਹੋਵਾਹ ਭੁੱਲਿਆ ਨਹੀਂ,* ਸਗੋਂ ਉਨ੍ਹਾਂ ਨੂੰ ਯਾਦ ਰੱਖਿਆ! 22 ਅਖ਼ੀਰ ਤੁਹਾਡੇ ਬੁਰੇ ਅਤੇ ਘਿਣਾਉਣੇ ਕੰਮ ਯਹੋਵਾਹ ਦੀ ਬਰਦਾਸ਼ਤ ਤੋਂ ਬਾਹਰ ਹੋ ਗਏ। ਅਤੇ ਤੁਹਾਡਾ ਦੇਸ਼ ਤਬਾਹ ਹੋ ਗਿਆ ਅਤੇ ਇਸ ਦਾ ਹਾਲ ਦੇਖ ਕੇ ਲੋਕ ਖ਼ੌਫ਼ ਖਾਣ ਲੱਗੇ ਅਤੇ ਸਰਾਪ ਦੇਣ ਲਈ ਇਸ ਦੀ ਮਿਸਾਲ ਦੇਣ ਲੱਗੇ ਅਤੇ ਇੱਥੇ ਕੋਈ ਵੀ ਨਹੀਂ ਵੱਸਦਾ। ਅੱਜ ਤਕ ਇਸ ਦਾ ਇਹੀ ਹਾਲ ਹੈ।+ 23 ਇਹ ਇਸ ਕਰਕੇ ਹੋਇਆ ਕਿਉਂਕਿ ਤੁਸੀਂ ਇਹ ਬਲ਼ੀਆਂ ਚੜ੍ਹਾਈਆਂ ਅਤੇ ਤੁਸੀਂ ਯਹੋਵਾਹ ਦਾ ਕਹਿਣਾ ਨਾ ਮੰਨ ਕੇ ਅਤੇ ਉਸ ਦੇ ਕਾਨੂੰਨ, ਨਿਯਮਾਂ ਅਤੇ ਨਸੀਹਤਾਂ* ਮੁਤਾਬਕ ਨਾ ਚੱਲ ਕੇ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਜਿਸ ਕਰਕੇ ਇਹ ਬਿਪਤਾ ਤੁਹਾਡੇ ʼਤੇ ਆ ਪਈ ਜੋ ਅੱਜ ਤਕ ਹੈ।”+

24 ਯਿਰਮਿਯਾਹ ਨੇ ਸਾਰੇ ਲੋਕਾਂ ਅਤੇ ਸਾਰੀਆਂ ਔਰਤਾਂ ਨੂੰ ਅੱਗੇ ਕਿਹਾ: “ਮਿਸਰ ਵਿਚ ਰਹਿੰਦੇ ਯਹੂਦਾਹ ਦੇ ਸਾਰੇ ਲੋਕੋ, ਯਹੋਵਾਹ ਦਾ ਸੰਦੇਸ਼ ਸੁਣੋ। 25 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਤੁਸੀਂ ਅਤੇ ਤੁਹਾਡੀਆਂ ਪਤਨੀਆਂ ਨੇ ਆਪਣੇ ਮੂੰਹੋਂ ਜੋ ਵੀ ਕਿਹਾ, ਉਸ ਨੂੰ ਤੁਸੀਂ ਆਪਣੇ ਹੱਥਾਂ ਨਾਲ ਪੂਰਾ ਕੀਤਾ ਕਿਉਂਕਿ ਤੁਸੀਂ ਕਿਹਾ ਹੈ: “ਅਸੀਂ ਆਕਾਸ਼ ਦੀ ਰਾਣੀ* ਅੱਗੇ ਬਲ਼ੀਆਂ ਅਤੇ ਪੀਣ ਦੀਆਂ ਭੇਟਾਂ ਚੜ੍ਹਾਉਣ ਦੀਆਂ ਆਪਣੀਆਂ ਸੁੱਖਣਾਂ ਜ਼ਰੂਰ ਪੂਰੀਆਂ ਕਰਾਂਗੇ।”+ ਤੁਸੀਂ ਆਪਣੀਆਂ ਸੁੱਖਣਾਂ ਜ਼ਰੂਰ ਪੂਰੀਆਂ ਕਰੋਗੀਆਂ, ਤੁਸੀਂ ਉਹੀ ਕਰੋਗੀਆਂ ਜੋ ਤੁਸੀਂ ਸੁੱਖਿਆ ਹੈ।’

26 “ਇਸ ਲਈ ਮਿਸਰ ਵਿਚ ਰਹਿੰਦੇ ਯਹੂਦਾਹ ਦੇ ਸਾਰੇ ਲੋਕੋ, ਤੁਸੀਂ ਯਹੋਵਾਹ ਦਾ ਸੰਦੇਸ਼ ਸੁਣੋ: ‘ਯਹੋਵਾਹ ਕਹਿੰਦਾ ਹੈ, “ਮੈਂ ਆਪਣੇ ਮਹਾਨ ਨਾਂ ਦੀ ਸਹੁੰ ਖਾਂਦਾ ਹਾਂ ਕਿ ਮਿਸਰ ਵਿਚ ਰਹਿੰਦਾ ਯਹੂਦਾਹ ਦਾ ਕੋਈ ਵੀ ਆਦਮੀ ਅੱਗੇ ਤੋਂ ਇਹ ਕਹਿ ਕੇ ਮੇਰੇ ਨਾਂ ʼਤੇ ਸਹੁੰ ਨਹੀਂ ਖਾਵੇਗਾ,+ ‘ਸਾਰੇ ਜਹਾਨ ਦੇ ਮਾਲਕ, ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ!’+ 27 ਹੁਣ ਮੈਂ ਉਨ੍ਹਾਂ ʼਤੇ ਨਜ਼ਰ ਰੱਖ ਰਿਹਾ ਹਾਂ ਤਾਂਕਿ ਮੈਂ ਉਨ੍ਹਾਂ ਦਾ ਭਲਾ ਨਾ ਕਰਾਂ, ਸਗੋਂ ਉਨ੍ਹਾਂ ʼਤੇ ਬਿਪਤਾ ਲਿਆਵਾਂ।+ ਮਿਸਰ ਵਿਚ ਰਹਿੰਦੇ ਯਹੂਦਾਹ ਦੇ ਸਾਰੇ ਆਦਮੀ ਤਲਵਾਰ ਅਤੇ ਕਾਲ਼ ਨਾਲ ਮਾਰੇ ਜਾਣਗੇ ਜਦ ਤਕ ਉਹ ਪੂਰੀ ਤਰ੍ਹਾਂ ਨਾਸ਼ ਨਹੀਂ ਹੋ ਜਾਂਦੇ।+ 28 ਸਿਰਫ਼ ਮੁੱਠੀ ਭਰ ਲੋਕ ਹੀ ਤਲਵਾਰ ਤੋਂ ਬਚਣਗੇ ਅਤੇ ਮਿਸਰ ਤੋਂ ਯਹੂਦਾਹ ਵਾਪਸ ਜਾਣਗੇ।+ ਇਸ ਤੋਂ ਯਹੂਦਾਹ ਦੇ ਬਾਕੀ ਬਚੇ ਲੋਕ ਜਿਹੜੇ ਮਿਸਰ ਵਿਚ ਵੱਸਣ ਲਈ ਗਏ ਸਨ, ਜਾਣ ਲੈਣਗੇ ਕਿ ਕਿਸ ਦੀ ਗੱਲ ਸਹੀ ਸਾਬਤ ਹੋਈ ਹੈ, ਮੇਰੀ ਜਾਂ ਉਨ੍ਹਾਂ ਦੀ!”’”

29 “ਯਹੋਵਾਹ ਕਹਿੰਦਾ ਹੈ, ‘ਤੁਹਾਡੇ ਲਈ ਇਹ ਨਿਸ਼ਾਨੀ ਹੈ ਕਿ ਮੈਂ ਤੁਹਾਨੂੰ ਇਸ ਜਗ੍ਹਾ ਸਜ਼ਾ ਦਿਆਂਗਾ ਤਾਂਕਿ ਤੁਸੀਂ ਜਾਣ ਲਓ ਕਿ ਮੈਂ ਤੁਹਾਡੇ ʼਤੇ ਬਿਪਤਾ ਲਿਆਉਣ ਦੀ ਜੋ ਗੱਲ ਕਹੀ ਸੀ, ਉਹ ਜ਼ਰੂਰ ਪੂਰੀ ਹੋਵੇਗੀ। 30 ਯਹੋਵਾਹ ਕਹਿੰਦਾ ਹੈ: “ਮੈਂ ਮਿਸਰ ਦੇ ਰਾਜੇ ਫ਼ਿਰਊਨ ਹਾਫਰਾ ਨੂੰ ਉਸ ਦੇ ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ ਜੋ ਉਸ ਦੇ ਖ਼ੂਨ ਦੇ ਪਿਆਸੇ ਹਨ, ਜਿਵੇਂ ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ* ਦੇ ਹੱਥ ਵਿਚ ਦੇ ਦਿੱਤਾ ਸੀ ਜੋ ਉਸ ਦਾ ਦੁਸ਼ਮਣ ਅਤੇ ਉਸ ਦੇ ਖ਼ੂਨ ਦਾ ਪਿਆਸਾ ਸੀ।”’”+

45 ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਚੌਥੇ ਸਾਲ+ ਦੌਰਾਨ ਜਦੋਂ ਯਿਰਮਿਯਾਹ ਨਬੀ ਨੇ ਇਹ ਸਾਰੀਆਂ ਗੱਲਾਂ ਬੋਲ ਕੇ ਨੇਰੀਯਾਹ ਦੇ ਪੁੱਤਰ ਬਾਰੂਕ+ ਤੋਂ ਇਕ ਕਿਤਾਬ ਵਿਚ ਲਿਖਵਾਈਆਂ ਸਨ,+ ਤਾਂ ਉਸ ਨੇ ਬਾਰੂਕ ਨੂੰ ਇਹ ਸੰਦੇਸ਼ ਦਿੱਤਾ:

2 “ਹੇ ਬਾਰੂਕ, ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਤੇਰੇ ਬਾਰੇ ਇਹ ਕਹਿੰਦਾ ਹੈ, 3 ‘ਤੂੰ ਕਿਹਾ ਹੈ: “ਹਾਇ ਮੇਰੇ ਉੱਤੇ! ਕਿਉਂਕਿ ਯਹੋਵਾਹ ਨੇ ਮੇਰੇ ਦੁੱਖ ਨੂੰ ਵਧਾਇਆ ਹੈ। ਮੈਂ ਹਉਕੇ ਭਰਦਾ-ਭਰਦਾ ਥੱਕ ਗਿਆ ਹਾਂ ਅਤੇ ਮੈਨੂੰ ਕਿਤੇ ਆਰਾਮ ਨਹੀਂ ਮਿਲਦਾ।”’

4 “ਤੂੰ ਉਸ ਨੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਦੇਖ, ਮੈਂ ਜੋ ਬਣਾਇਆ ਹੈ, ਉਸ ਨੂੰ ਢਾਹ ਰਿਹਾ ਹਾਂ ਅਤੇ ਮੈਂ ਜੋ ਲਾਇਆ ਹੈ, ਉਸ ਨੂੰ ਜੜ੍ਹੋਂ ਪੁੱਟ ਰਿਹਾ ਹਾਂ। ਹਾਂ, ਮੈਂ ਪੂਰੇ ਦੇਸ਼ ਦਾ ਇਹੀ ਹਸ਼ਰ ਕਰਾਂਗਾ।+ 5 ਤੂੰ ਵੱਡੀਆਂ-ਵੱਡੀਆਂ ਚੀਜ਼ਾਂ ਪਿੱਛੇ ਭੱਜਦਾ ਹੈਂ।* ਤੂੰ ਇਨ੍ਹਾਂ ਪਿੱਛੇ ਭੱਜਣਾ ਛੱਡ ਦੇ।”’

“‘ਕਿਉਂਕਿ ਮੈਂ ਸਾਰੇ ਲੋਕਾਂ ਉੱਤੇ ਬਿਪਤਾ ਲਿਆਉਣ ਵਾਲਾ ਹਾਂ,’+ ਯਹੋਵਾਹ ਕਹਿੰਦਾ ਹੈ, ‘ਤੂੰ ਜਿੱਥੇ ਕਿਤੇ ਵੀ ਜਾਵੇਂਗਾ, ਮੈਂ ਤੇਰੀ ਜਾਨ ਨੂੰ ਸਲਾਮਤ ਰੱਖਾਂਗਾ।’”*+

46 ਯਿਰਮਿਯਾਹ ਨਬੀ ਨੂੰ ਕੌਮਾਂ ਬਾਰੇ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:+ 2 ਇਹ ਸੰਦੇਸ਼ ਮਿਸਰ ਅਤੇ ਮਿਸਰ ਦੇ ਰਾਜੇ ਫ਼ਿਰਊਨ ਨਕੋਹ+ ਦੀ ਫ਼ੌਜ ਬਾਰੇ ਸੀ।+ ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਚੌਥੇ ਸਾਲ+ ਵਿਚ ਉਸ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਫ਼ਰਾਤ ਦਰਿਆ ਦੇ ਲਾਗੇ ਕਰਕਮਿਸ਼ ਵਿਖੇ ਹਰਾਇਆ ਸੀ:

 3 “ਆਪਣੀਆਂ ਛੋਟੀਆਂ* ਤੇ ਵੱਡੀਆਂ ਢਾਲਾਂ ਤਿਆਰ ਕਰੋ

ਅਤੇ ਲੜਾਈ ਲਈ ਅੱਗੇ ਵਧੋ।

 4 ਹੇ ਘੋੜਸਵਾਰੋ, ਘੋੜੇ ਤਿਆਰ ਕਰੋ ਅਤੇ ਉਨ੍ਹਾਂ ʼਤੇ ਸਵਾਰ ਹੋ ਜਾਓ।

ਆਪੋ-ਆਪਣੀ ਥਾਂ ʼਤੇ ਖੜ੍ਹੇ ਹੋ ਜਾਓ ਅਤੇ ਆਪਣੇ ਸਿਰਾਂ ʼਤੇ ਟੋਪ ਪਾਓ।

ਆਪਣੇ ਨੇਜ਼ੇ ਲਿਸ਼ਕਾਓ ਅਤੇ ਆਪਣੀਆਂ ਸੰਜੋਆਂ ਪਾ ਲਓ।

 5 ਯਹੋਵਾਹ ਕਹਿੰਦਾ ਹੈ, ‘ਮੈਂ ਇਹ ਕੀ ਦੇਖ ਰਿਹਾ ਹਾਂ?

ਉਹ ਡਰ ਨਾਲ ਸਹਿਮੇ ਹੋਏ ਹਨ।

ਉਹ ਪਿੱਠ ਦਿਖਾ ਕੇ ਭੱਜ ਰਹੇ ਹਨ, ਉਨ੍ਹਾਂ ਦੇ ਯੋਧੇ ਹਾਰ ਗਏ ਹਨ।

ਉਹ ਡਰ ਦੇ ਮਾਰੇ ਭੱਜ ਗਏ ਹਨ, ਉਨ੍ਹਾਂ ਦੇ ਯੋਧੇ ਪਿੱਛੇ ਮੁੜ ਕੇ ਨਹੀਂ ਦੇਖਦੇ।

ਚਾਰੇ ਪਾਸੇ ਖ਼ੌਫ਼ ਹੀ ਖ਼ੌਫ਼ ਹੈ।’

 6 ‘ਤੇਜ਼ ਦੌੜਨ ਵਾਲਾ ਭੱਜ ਨਹੀਂ ਸਕਦਾ ਅਤੇ ਯੋਧੇ ਬਚ ਨਹੀਂ ਸਕਦੇ।

ਉਹ ਉੱਤਰ ਵਿਚ ਫ਼ਰਾਤ ਦਰਿਆ ਦੇ ਕੰਢੇ ਠੇਡਾ ਖਾ ਕੇ ਡਿਗ ਪਏ ਹਨ।’+

 7 ਇਹ ਕੌਣ ਹੈ ਜੋ ਨੀਲ ਦਰਿਆ ਵਾਂਗ ਆ ਰਿਹਾ ਹੈ?

ਅਤੇ ਨਦੀਆਂ ਦੇ ਠਾਠਾਂ ਮਾਰਦੇ ਪਾਣੀਆਂ ਵਾਂਗ ਅੱਗੇ ਵਧ ਰਿਹਾ ਹੈ?

 8 ਮਿਸਰ ਨੀਲ ਦਰਿਆ ਵਾਂਗ ਆ ਰਿਹਾ ਹੈ+

ਅਤੇ ਨਦੀਆਂ ਦੇ ਠਾਠਾਂ ਮਾਰਦੇ ਪਾਣੀਆਂ ਵਾਂਗ ਅੱਗੇ ਵਧ ਰਿਹਾ ਹੈ

ਇਹ ਕਹਿੰਦਾ ਹੈ, ‘ਮੈਂ ਉਤਾਹਾਂ ਜਾਵਾਂਗਾ ਅਤੇ ਧਰਤੀ ਨੂੰ ਢਕ ਲਵਾਂਗਾ।

ਮੈਂ ਸ਼ਹਿਰ ਨੂੰ ਅਤੇ ਇਸ ਦੇ ਵਾਸੀਆਂ ਨੂੰ ਨਾਸ਼ ਕਰ ਦਿਆਂਗਾ।’

 9 ਹੇ ਘੋੜਿਓ, ਉਤਾਹਾਂ ਜਾਓ!

ਹੇ ਰਥੋ, ਅੰਨ੍ਹੇਵਾਹ ਦੌੜੋ!

ਯੋਧਿਆਂ ਨੂੰ ਅੱਗੇ ਵਧਣ ਦਿਓ

ਕੂਸ਼ ਤੇ ਫੂਟ ਨੂੰ ਜਿਹੜੇ ਢਾਲਾਂ ਵਰਤਣ ਵਿਚ ਮਾਹਰ ਹਨ+

ਅਤੇ ਲੂਦੀਮੀਆਂ+ ਨੂੰ ਜਿਨ੍ਹਾਂ ਨੇ ਕਮਾਨਾਂ ਕੱਸੀਆਂ ਹੋਈਆਂ ਹਨ

ਅਤੇ ਜੋ ਇਨ੍ਹਾਂ ਨੂੰ ਚਲਾਉਣ ਵਿਚ ਮਾਹਰ ਹਨ।+

10 “ਉਹ ਦਿਨ ਸਾਰੇ ਜਹਾਨ ਦੇ ਮਾਲਕ, ਸੈਨਾਵਾਂ ਦੇ ਯਹੋਵਾਹ ਦਾ ਹੈ। ਉਹ ਬਦਲਾ ਲੈਣ ਦਾ ਦਿਨ ਹੈ ਜਦ ਉਹ ਆਪਣੇ ਦੁਸ਼ਮਣਾਂ ਤੋਂ ਬਦਲਾ ਲਵੇਗਾ। ਤਲਵਾਰ ਤਦ ਤਕ ਉਨ੍ਹਾਂ ਨੂੰ ਖਾਂਦੀ ਰਹੇਗੀ ਜਦ ਤਕ ਉਹ ਰੱਜ ਨਾ ਜਾਵੇ ਅਤੇ ਉਨ੍ਹਾਂ ਦੇ ਖ਼ੂਨ ਨਾਲ ਆਪਣੀ ਪਿਆਸ ਨਾ ਬੁਝਾ ਲਵੇ। ਸਾਰੇ ਜਹਾਨ ਦੇ ਮਾਲਕ, ਸੈਨਾਵਾਂ ਦੇ ਯਹੋਵਾਹ ਨੇ ਉੱਤਰ ਦੇਸ਼ ਵਿਚ ਫ਼ਰਾਤ ਦਰਿਆ+ ਕੰਢੇ ਇਕ ਬਲ਼ੀ ਤਿਆਰ ਕੀਤੀ ਹੈ।*

11 ਹੇ ਮਿਸਰ ਦੀਏ ਕੁਆਰੀਏ ਧੀਏ,

ਗਿਲਆਦ ਨੂੰ ਜਾ ਕੇ ਬਲਸਾਨ ਲਿਆ।+

ਤੂੰ ਬੇਕਾਰ ਹੀ ਇੰਨੇ ਸਾਰੇ ਇਲਾਜ ਕਰਵਾ ਰਹੀ ਹੈਂ

ਕਿਉਂਕਿ ਤੇਰੀ ਬੀਮਾਰੀ ਲਾਇਲਾਜ ਹੈ।+

12 ਕੌਮਾਂ ਨੇ ਤੇਰੀ ਬੇਇੱਜ਼ਤੀ ਬਾਰੇ ਸੁਣਿਆ ਹੈ+

ਸਾਰੇ ਦੇਸ਼ ਵਿਚ ਤੇਰੀਆਂ ਚੀਕਾਂ ਸੁਣਾਈ ਦਿੰਦੀਆਂ ਹਨ।

ਯੋਧੇ ਇਕ-ਦੂਜੇ ਨਾਲ ਟਕਰਾ ਕੇ ਇਕੱਠੇ ਡਿਗ ਪੈਂਦੇ ਹਨ।”

13 ਯਹੋਵਾਹ ਨੇ ਯਿਰਮਿਯਾਹ ਨਬੀ ਨੂੰ ਸੰਦੇਸ਼ ਦਿੱਤਾ ਕਿ ਬਾਬਲ ਦਾ ਰਾਜਾ ਨਬੂਕਦਨੱਸਰ* ਮਿਸਰ ʼਤੇ ਹਮਲਾ ਕਰਨ ਆ ਰਿਹਾ ਹੈ:+

14 “ਮਿਸਰ ਵਿਚ ਇਸ ਦਾ ਐਲਾਨ ਕਰੋ, ਮਿਗਦੋਲ ਵਿਚ ਇਸ ਬਾਰੇ ਦੱਸੋ।+

ਨੋਫ* ਅਤੇ ਤਪਨਹੇਸ ਵਿਚ ਇਸ ਦਾ ਐਲਾਨ ਕਰੋ+

ਅਤੇ ਕਹੋ, “ਆਪੋ-ਆਪਣੀ ਜਗ੍ਹਾ ਖੜ੍ਹੇ ਹੋ ਜਾਓ ਅਤੇ ਤਿਆਰ ਰਹੋ

ਕਿਉਂਕਿ ਤਲਵਾਰ ਤੁਹਾਡੇ ਚਾਰੇ ਪਾਸੇ ਸਾਰਿਆਂ ਨੂੰ ਖਾ ਜਾਵੇਗੀ।

15 ਤੇਰੇ ਬਲਵਾਨ ਆਦਮੀ ਕਿਉਂ ਹੂੰਝੇ ਗਏ?

ਉਹ ਆਪਣੀ ਥਾਂ ʼਤੇ ਖੜ੍ਹੇ ਨਾ ਰਹੇ

ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਹੇਠਾਂ ਡੇਗ ਦਿੱਤਾ ਹੈ।

16 ਉਹ ਵੱਡੀ ਗਿਣਤੀ ਵਿਚ ਠੇਡਾ ਖਾ ਕੇ ਡਿਗ ਰਹੇ ਹਨ।

ਉਹ ਇਕ-ਦੂਜੇ ਨੂੰ ਕਹਿ ਰਹੇ ਹਨ:

“ਉੱਠੋ! ਆਓ ਆਪਾਂ ਆਪਣੇ ਲੋਕਾਂ ਕੋਲ ਅਤੇ ਦੇਸ਼ ਨੂੰ ਮੁੜ ਚੱਲੀਏ

ਕਿਉਂਕਿ ਇਹ ਤਲਵਾਰ ਬੇਰਹਿਮ ਹੈ।”’

17 ਉਨ੍ਹਾਂ ਨੇ ਉੱਥੇ ਐਲਾਨ ਕੀਤਾ ਹੈ,

‘ਮਿਸਰ ਦਾ ਰਾਜਾ ਫ਼ਿਰਊਨ ਫੋਕੀਆਂ ਫੜ੍ਹਾਂ ਮਾਰਦਾ ਹੈ,

ਉਸ ਨੇ ਮੌਕਾ* ਹੱਥੋਂ ਗੁਆ ਲਿਆ ਹੈ।’+

18 ‘ਮੈਂ ਆਪਣੀ ਜਾਨ ਦੀ ਸਹੁੰ ਖਾਂਦਾ ਹਾਂ,’ ਰਾਜਾ ਕਹਿੰਦਾ ਹੈ, ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ,

‘ਉਹ* ਇਵੇਂ ਆਵੇਗਾ ਜਿਵੇਂ ਪਹਾੜਾਂ ਵਿਚਕਾਰ ਤਾਬੋਰ ਖੜ੍ਹਾ ਹੈ+

ਅਤੇ ਸਮੁੰਦਰ ਕੰਢੇ ਕਰਮਲ।+

19 ਹੇ ਮਿਸਰ ਵਿਚ ਰਹਿਣ ਵਾਲੀਏ ਧੀਏ,

ਗ਼ੁਲਾਮੀ ਵਿਚ ਜਾਣ ਲਈ ਆਪਣਾ ਸਾਮਾਨ ਬੰਨ੍ਹ ਲੈ

ਕਿਉਂਕਿ ਨੋਫ* ਨੂੰ ਭਸਮ ਕਰ ਦਿੱਤਾ ਜਾਵੇਗਾ* ਅਤੇ ਇੱਥੇ ਕੋਈ ਨਹੀਂ ਵੱਸੇਗਾ;

ਇਸ ਦਾ ਹਸ਼ਰ ਦੇਖ ਕੇ ਸਾਰੇ ਲੋਕ ਖ਼ੌਫ਼ ਖਾਣਗੇ।+

20 ਮਿਸਰ ਇਕ ਸੋਹਣੀ ਵੱਛੀ ਵਰਗਾ ਹੈ,

ਪਰ ਉੱਤਰ ਵੱਲੋਂ ਮੱਖ ਆ ਕੇ ਉਸ ਨੂੰ ਡੰਗ ਮਾਰਨਗੇ।

21 ਉਸ ਦੇ ਕਿਰਾਏ ਦੇ ਫ਼ੌਜੀ ਹੱਟੇ-ਕੱਟੇ ਵੱਛਿਆਂ ਵਰਗੇ ਹਨ,

ਪਰ ਉਹ ਵੀ ਸਾਰੇ ਪਿੱਛੇ ਮੁੜ ਕੇ ਭੱਜ ਗਏ ਹਨ।

ਉਹ ਆਪਣੀ ਜਗ੍ਹਾ ʼਤੇ ਖੜ੍ਹੇ ਨਹੀਂ ਰਹਿ ਸਕੇ+

ਕਿਉਂਕਿ ਉਨ੍ਹਾਂ ਉੱਤੇ ਤਬਾਹੀ ਦਾ ਦਿਨ ਆ ਪਿਆ ਹੈ,

ਉਨ੍ਹਾਂ ਤੋਂ ਲੇਖਾ ਲੈਣ ਦਾ ਸਮਾਂ ਆ ਗਿਆ ਹੈ।’

22 ‘ਉਸ ਦੀ ਆਵਾਜ਼ ਸੱਪ ਦੀ ਸਰਸਰਾਹਟ ਵਰਗੀ ਹੈ

ਕਿਉਂਕਿ ਉਹ ਕੁਹਾੜੀਆਂ ਲੈ ਕੇ ਪੂਰੇ ਜ਼ੋਰ ਨਾਲ ਉਸ ਦੇ ਪਿੱਛੇ ਆ ਰਹੇ ਹਨ

ਹਾਂ, ਉਹ ਦਰਖ਼ਤ ਵੱਢਣ ਵਾਲੇ* ਆਦਮੀਆਂ ਵਾਂਗ ਆ ਰਹੇ ਹਨ।

23 ਯਹੋਵਾਹ ਕਹਿੰਦਾ ਹੈ, ‘ਉਹ ਉਸ ਦਾ ਜੰਗਲ ਵੱਢ ਸੁੱਟਣਗੇ,

ਭਾਵੇਂ ਉਹ ਕਿੰਨਾ ਹੀ ਸੰਘਣਾ ਕਿਉਂ ਨਾ ਹੋਵੇ

ਕਿਉਂਕਿ ਉਨ੍ਹਾਂ ਦੀ ਗਿਣਤੀ ਟਿੱਡੀਆਂ ਨਾਲੋਂ ਕਿਤੇ ਜ਼ਿਆਦਾ ਹੈ, ਉਹ ਅਣਗਿਣਤ ਹਨ।

24 ਮਿਸਰ ਦੀ ਧੀ ਨੂੰ ਬੇਇੱਜ਼ਤ ਕੀਤਾ ਜਾਵੇਗਾ।

ਉਸ ਨੂੰ ਉੱਤਰ ਦੇ ਲੋਕਾਂ ਦੇ ਹਵਾਲੇ ਕੀਤਾ ਜਾਵੇਗਾ।’+

25 “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: ‘ਹੁਣ ਮੈਂ ਨੋ* ਸ਼ਹਿਰ+ ਦੇ ਆਮੋਨ ਦੇਵਤੇ,+ ਫ਼ਿਰਊਨ, ਮਿਸਰ, ਇਸ ਦੇ ਦੇਵਤਿਆਂ+ ਅਤੇ ਇਸ ਦੇ ਰਾਜਿਆਂ, ਹਾਂ, ਫ਼ਿਰਊਨ ਅਤੇ ਉਸ ʼਤੇ ਭਰੋਸਾ ਰੱਖਣ ਵਾਲੇ ਸਾਰੇ ਲੋਕਾਂ ਨੂੰ ਸਜ਼ਾ ਦੇਣ ਲਈ ਉਨ੍ਹਾਂ ʼਤੇ ਧਿਆਨ ਦਿਆਂਗਾ।’+

26 “‘ਮੈਂ ਉਨ੍ਹਾਂ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ* ਅਤੇ ਉਸ ਦੇ ਨੌਕਰਾਂ ਦੇ ਹਵਾਲੇ ਕਰ ਦਿਆਂਗਾ ਜੋ ਉਸ ਦੇ ਖ਼ੂਨ ਦੇ ਪਿਆਸੇ ਹਨ।+ ਪਰ ਬਾਅਦ ਵਿਚ ਮਿਸਰ ਨੂੰ ਪੁਰਾਣੇ ਸਮਿਆਂ ਵਾਂਗ ਦੁਬਾਰਾ ਵਸਾਇਆ ਜਾਵੇਗਾ,’ ਯਹੋਵਾਹ ਕਹਿੰਦਾ ਹੈ।+

27 ‘ਹੇ ਮੇਰੇ ਸੇਵਕ ਯਾਕੂਬ, ਤੂੰ ਨਾ ਡਰ,

ਹੇ ਇਜ਼ਰਾਈਲ, ਤੂੰ ਖ਼ੌਫ਼ ਨਾ ਖਾਹ।+

ਕਿਉਂਕਿ ਮੈਂ ਤੈਨੂੰ ਦੂਰ ਦੇਸ਼ ਤੋਂ ਬਚਾ ਲਵਾਂਗਾ

ਅਤੇ ਤੇਰੀ ਸੰਤਾਨ* ਨੂੰ ਉਸ ਦੇਸ਼ ਤੋਂ ਜਿੱਥੇ ਉਸ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਹੈ।+

ਯਾਕੂਬ ਵਾਪਸ ਆਵੇਗਾ ਅਤੇ ਅਮਨ-ਚੈਨ ਨਾਲ ਰਹੇਗਾ,

ਉਨ੍ਹਾਂ ਨੂੰ ਕੋਈ ਨਹੀਂ ਡਰਾਵੇਗਾ।+

28 ਯਹੋਵਾਹ ਕਹਿੰਦਾ ਹੈ, ‘ਹੇ ਮੇਰੇ ਸੇਵਕ ਯਾਕੂਬ, ਨਾ ਡਰ ਕਿਉਂਕਿ ਮੈਂ ਤੇਰੇ ਨਾਲ ਹਾਂ।

ਮੈਂ ਉਨ੍ਹਾਂ ਸਾਰੀਆਂ ਕੌਮਾਂ ਨੂੰ ਖ਼ਤਮ ਕਰ ਦਿਆਂਗਾ ਜਿਨ੍ਹਾਂ ਵਿਚ ਮੈਂ ਤੈਨੂੰ ਖਿੰਡਾ ਦਿੱਤਾ ਹੈ;+

ਪਰ ਮੈਂ ਤੈਨੂੰ ਖ਼ਤਮ ਨਹੀਂ ਕਰਾਂਗਾ।+

ਮੈਂ ਤੈਨੂੰ ਜਾਇਜ਼ ਹੱਦ ਤਕ ਅਨੁਸ਼ਾਸਨ ਦਿਆਂਗਾ*+

ਅਤੇ ਤੈਨੂੰ ਸਜ਼ਾ ਦਿੱਤੇ ਬਿਨਾਂ ਨਹੀਂ ਛੱਡਾਂਗਾ।’”

47 ਯਿਰਮਿਯਾਹ ਨਬੀ ਨੂੰ ਫਲਿਸਤੀਆਂ ਬਾਰੇ ਯਹੋਵਾਹ ਦਾ ਸੰਦੇਸ਼ ਮਿਲਿਆ।+ ਇਹ ਸੰਦੇਸ਼ ਉਸ ਨੂੰ ਫ਼ਿਰਊਨ ਵੱਲੋਂ ਗਾਜ਼ਾ ਉੱਤੇ ਹਮਲਾ ਕਰਨ ਤੋਂ ਪਹਿਲਾਂ ਮਿਲਿਆ ਸੀ। 2 ਯਹੋਵਾਹ ਇਹ ਕਹਿੰਦਾ ਹੈ:

“ਦੇਖੋ! ਉੱਤਰ ਵੱਲੋਂ ਪਾਣੀ ਆ ਰਿਹਾ ਹੈ।

ਹੜ੍ਹ ਠਾਠਾਂ ਮਾਰਦਾ ਆ ਰਿਹਾ ਹੈ।

ਇਹ ਸਾਰੇ ਦੇਸ਼ ਨੂੰ ਅਤੇ ਇਸ ਵਿਚਲੀ ਹਰ ਚੀਜ਼ ਨੂੰ ਰੋੜ੍ਹ ਕੇ ਲੈ ਜਾਵੇਗਾ,

ਨਾਲੇ ਇਸ ਸ਼ਹਿਰ ਅਤੇ ਇਸ ਦੇ ਵਾਸੀਆਂ ਨੂੰ ਵੀ।

ਲੋਕ ਚੀਕ-ਚਿਹਾੜਾ ਪਾਉਣਗੇ

ਅਤੇ ਦੇਸ਼ ਦਾ ਹਰ ਵਾਸੀ ਉੱਚੀ-ਉੱਚੀ ਰੋਵੇਗਾ।

 3 ਉਸ ਦੇ ਜੰਗੀ ਘੋੜਿਆਂ ਦੇ ਖੁਰਾਂ ਦੀਆਂ ਟਾਪਾਂ ਸੁਣ ਕੇ,

ਉਸ ਦੇ ਰਥਾਂ ਦਾ ਸ਼ੋਰ ਅਤੇ ਉਸ ਦੇ ਪਹੀਆਂ ਦੀ ਖੜ-ਖੜ ਸੁਣ ਕੇ

ਪਿਤਾ ਆਪਣੇ ਪੁੱਤਰਾਂ ਨੂੰ ਬਚਾਉਣ ਲਈ ਪਿੱਛੇ ਨਹੀਂ ਮੁੜੇਗਾ

ਕਿਉਂਕਿ ਉਸ ਦੇ ਹੱਥਾਂ ਵਿਚ ਜਾਨ ਨਹੀਂ ਰਹੇਗੀ।

 4 ਉਸ ਦਿਨ ਸਾਰੇ ਫਲਿਸਤੀਆਂ ਨੂੰ ਨਾਸ਼ ਕੀਤਾ ਜਾਵੇਗਾ;+

ਸੋਰ+ ਅਤੇ ਸੀਦੋਨ+ ਦੇ ਬਚੇ ਹੋਏ ਸਹਾਇਕਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ।

ਯਹੋਵਾਹ ਫਲਿਸਤੀਆਂ ਨੂੰ ਨਾਸ਼ ਕਰ ਦੇਵੇਗਾ

ਜੋ ਕਫਤੋਰ* ਟਾਪੂ ਦੇ ਬਚੇ ਹੋਏ ਲੋਕਾਂ ਵਿੱਚੋਂ ਹਨ।+

 5 ਗਾਜ਼ਾ ਆਪਣਾ ਸਿਰ ਮੁਨਾਵੇਗਾ।*

ਅਸ਼ਕਲੋਨ ਨੂੰ ਚੁੱਪ ਕਰਾ ਦਿੱਤਾ ਗਿਆ ਹੈ।+

ਹੇ ਵਾਦੀ ਦੇ ਬਾਕੀ ਬਚੇ ਹੋਏ ਲੋਕੋ,

ਤੁਸੀਂ ਕਦੋਂ ਤਕ ਆਪਣੇ ਆਪ ਨੂੰ ਕੱਟਦੇ-ਵੱਢਦੇ ਰਹੋਗੇ?+

 6 ਹੇ ਯਹੋਵਾਹ ਦੀ ਤਲਵਾਰ,+

ਤੂੰ ਕਦੋਂ ਸ਼ਾਂਤ ਹੋਵੇਂਗੀ?

ਆਪਣੀ ਮਿਆਨ ਵਿਚ ਵਾਪਸ ਚਲੀ ਜਾਹ।

ਆਰਾਮ ਕਰ ਅਤੇ ਚੁੱਪ ਰਹਿ।

 7 ਇਹ ਕਿਵੇਂ ਸ਼ਾਂਤ ਰਹਿ ਸਕਦੀ ਹੈ?

ਇਸ ਨੂੰ ਯਹੋਵਾਹ ਨੇ ਹੁਕਮ ਦਿੱਤਾ ਹੈ,

ਉਸ ਨੇ ਇਸ ਨੂੰ ਅਸ਼ਕਲੋਨ ਅਤੇ ਸਮੁੰਦਰ ਦੇ ਕੰਢੇ ਦੇ ਵਿਰੁੱਧ ਭੇਜਿਆ ਹੈ।”+

48 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਮੋਆਬ+ ਬਾਰੇ ਕਹਿੰਦਾ ਹੈ:

“ਨਬੋ+ ʼਤੇ ਹਾਇ! ਕਿਉਂਕਿ ਉਸ ਨੂੰ ਤਬਾਹ ਕੀਤਾ ਗਿਆ ਹੈ।

ਕਿਰਯਾਥੈਮ+ ਨੂੰ ਸ਼ਰਮਿੰਦਾ ਕੀਤਾ ਗਿਆ ਹੈ, ਇਸ ʼਤੇ ਕਬਜ਼ਾ ਕੀਤਾ ਗਿਆ ਹੈ।

ਇਸ ਮਜ਼ਬੂਤ ਪਨਾਹ* ਨੂੰ ਸ਼ਰਮਿੰਦਾ ਅਤੇ ਢਹਿ-ਢੇਰੀ ਕੀਤਾ ਗਿਆ ਹੈ।+

 2 ਹੁਣ ਮੋਆਬ ਦੀ ਮਹਿਮਾ ਨਹੀਂ ਕੀਤੀ ਜਾਂਦੀ।

ਦੁਸ਼ਮਣਾਂ ਨੇ ਹਸ਼ਬੋਨ+ ਵਿਚ ਉਸ ਦੀ ਤਬਾਹੀ ਦੀਆਂ ਸਾਜ਼ਸ਼ਾਂ ਘੜੀਆਂ ਹਨ:

‘ਆਓ ਆਪਾਂ ਇਸ ਕੌਮ ਨੂੰ ਮਿਟਾ ਦੇਈਏ।’

ਹੇ ਮਦਮੇਨ, ਤੂੰ ਵੀ ਚੁੱਪ ਰਹਿ

ਕਿਉਂਕਿ ਤਲਵਾਰ ਤੇਰੇ ਪਿੱਛੇ-ਪਿੱਛੇ ਆ ਰਹੀ ਹੈ।

 3 ਹੋਰੋਨਾਇਮ+ ਤੋਂ ਚੀਕ-ਚਿਹਾੜੇ ਦੀ ਆਵਾਜ਼ ਸੁਣਾਈ ਦਿੰਦੀ ਹੈ,

ਨਾਲੇ ਵਿਨਾਸ਼ ਤੇ ਵੱਡੀ ਤਬਾਹੀ ਦੀ ਆਵਾਜ਼।

 4 ਮੋਆਬ ਨੂੰ ਤਬਾਹ ਕੀਤਾ ਗਿਆ ਹੈ।

ਉਸ ਦੇ ਛੋਟੇ ਬੱਚੇ ਰੋ ਰਹੇ ਹਨ।

 5 ਲੋਕ ਰੋਂਦੇ-ਰੋਂਦੇ ਲੂਹੀਥ ਦੀ ਚੜ੍ਹਾਈ ਚੜ੍ਹ ਰਹੇ ਹਨ।

ਹੋਰੋਨਾਇਮ ਤੋਂ ਥੱਲੇ ਆਉਂਦਿਆਂ ਲੋਕ ਬਰਬਾਦੀ ਕਰਕੇ ਰੋ-ਕੁਰਲਾ ਰਹੇ ਹਨ।+

 6 ਆਪਣੀਆਂ ਜਾਨਾਂ ਬਚਾਉਣ ਲਈ ਭੱਜੋ!

ਤੁਸੀਂ ਉਜਾੜ ਵਿਚ ਇਕੱਲੇ ਖੜ੍ਹੇ ਸਨੋਬਰ ਦੇ ਦਰਖ਼ਤ ਵਰਗੇ ਬਣ ਜਾਓ।

 7 ਕਿਉਂਕਿ ਹੇ ਮੋਆਬ, ਤੂੰ ਆਪਣੇ ਕੰਮਾਂ ਅਤੇ ਖ਼ਜ਼ਾਨਿਆਂ ʼਤੇ ਭਰੋਸਾ ਕਰਦਾ ਹੈਂ,

ਤੇਰੇ ʼਤੇ ਵੀ ਕਬਜ਼ਾ ਕਰ ਲਿਆ ਜਾਵੇਗਾ।

ਤੇਰੇ ਦੇਵਤੇ ਕਮੋਸ਼,+ ਉਸ ਦੇ ਪੁਜਾਰੀਆਂ ਅਤੇ ਉਸ ਦੇ ਹਾਕਮਾਂ ਨੂੰ ਬੰਦੀ ਬਣਾ ਕੇ ਲਿਜਾਇਆ ਜਾਵੇਗਾ।

 8 ਨਾਸ਼ ਕਰਨ ਵਾਲਾ ਹਰ ਸ਼ਹਿਰ ʼਤੇ ਹਮਲਾ ਕਰੇਗਾ,

ਕੋਈ ਸ਼ਹਿਰ ਨਹੀਂ ਬਚੇਗਾ।+

ਘਾਟੀ ਬਰਬਾਦ ਹੋ ਜਾਵੇਗੀ

ਅਤੇ ਪੱਧਰੇ ਇਲਾਕੇ* ਨੂੰ ਤਬਾਹ ਕਰ ਦਿੱਤਾ ਜਾਵੇਗਾ, ਠੀਕ ਜਿਵੇਂ ਯਹੋਵਾਹ ਨੇ ਕਿਹਾ ਹੈ।

 9 ਮੋਆਬ ਲਈ ਰਾਹ ਦਿਖਾਉਣ ਵਾਲੇ ਮੀਲ-ਪੱਥਰ ਲਾਓ

ਕਿਉਂਕਿ ਇਸ ਦੀ ਤਬਾਹੀ ਦੇ ਵੇਲੇ ਲੋਕ ਭੱਜਣਗੇ,

ਇਸ ਦੇ ਸ਼ਹਿਰਾਂ ਵਿਚ ਕੋਈ ਨਹੀਂ ਵੱਸੇਗਾ,+

ਇਨ੍ਹਾਂ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣਗੇ।

10 ਸਰਾਪੀ ਹੈ ਉਹ ਇਨਸਾਨ ਜਿਹੜਾ ਯਹੋਵਾਹ ਦਾ ਕੰਮ ਲਾਪਰਵਾਹੀ ਨਾਲ ਕਰਦਾ ਹੈ!

ਸਰਾਪੀ ਹੈ ਉਹ ਇਨਸਾਨ ਜਿਹੜਾ ਆਪਣੀ ਤਲਵਾਰ ਨੂੰ ਖ਼ੂਨ ਵਹਾਉਣ ਤੋਂ ਰੋਕਦਾ ਹੈ!

11 ਮੋਆਬੀ ਜਵਾਨੀ ਤੋਂ ਹੀ ਅਮਨ-ਚੈਨ ਨਾਲ ਰਹਿ ਰਹੇ ਹਨ,

ਇਹ ਉਸ ਦਾਖਰਸ ਵਾਂਗ ਹਨ ਜਿਸ ਦੀ ਰਹਿੰਦ-ਖੂੰਹਦ ਹੇਠਾਂ ਬੈਠ ਗਈ ਹੈ।

ਇਨ੍ਹਾਂ ਨੂੰ ਇਕ ਭਾਂਡੇ ਵਿੱਚੋਂ ਕੱਢ ਕੇ ਦੂਜੇ ਭਾਂਡੇ ਵਿਚ ਨਹੀਂ ਪਾਇਆ ਗਿਆ ਹੈ,

ਇਨ੍ਹਾਂ ਨੂੰ ਕਦੀ ਬੰਦੀ ਬਣਾ ਕੇ ਨਹੀਂ ਲਿਜਾਇਆ ਗਿਆ।

ਇਨ੍ਹਾਂ ਦਾ ਸੁਆਦ ਉੱਦਾਂ ਦਾ ਉੱਦਾਂ ਹੀ ਹੈ

ਅਤੇ ਇਨ੍ਹਾਂ ਦੀ ਖ਼ੁਸ਼ਬੂ ਕਦੀ ਨਹੀਂ ਬਦਲੀ।

12 “‘ਇਸ ਲਈ ਦੇਖੋ! ਉਹ ਦਿਨ ਆ ਰਹੇ ਹਨ,’ ਯਹੋਵਾਹ ਕਹਿੰਦਾ ਹੈ, ‘ਜਦੋਂ ਮੈਂ ਉਨ੍ਹਾਂ ਨੂੰ ਉਲਟਾਉਣ ਲਈ ਆਦਮੀ ਭੇਜਾਂਗਾ। ਉਹ ਉਨ੍ਹਾਂ ਨੂੰ ਉਲਟਾ ਦੇਣਗੇ ਅਤੇ ਉਨ੍ਹਾਂ ਦੇ ਭਾਂਡੇ ਖਾਲੀ ਕਰ ਦੇਣਗੇ ਅਤੇ ਉਨ੍ਹਾਂ ਦੇ ਵੱਡੇ ਘੜੇ ਭੰਨ ਸੁੱਟਣਗੇ। 13 ਮੋਆਬੀ ਆਪਣੇ ਦੇਵਤੇ ਕਮੋਸ਼ ਕਰਕੇ ਸ਼ਰਮਿੰਦੇ ਹੋਣਗੇ, ਜਿਵੇਂ ਇਜ਼ਰਾਈਲ ਦਾ ਘਰਾਣਾ ਬੈਤੇਲ ਕਰਕੇ ਸ਼ਰਮਿੰਦਾ ਹੈ ਜਿਸ ਉੱਤੇ ਉਨ੍ਹਾਂ ਨੂੰ ਭਰੋਸਾ ਸੀ।+

14 ਤੁਸੀਂ ਇਹ ਕਹਿਣ ਦੀ ਹਿੰਮਤ ਕਿੱਦਾਂ ਕੀਤੀ: “ਅਸੀਂ ਤਾਕਤਵਰ ਯੋਧੇ ਹਾਂ ਤੇ ਯੁੱਧ ਲਈ ਤਿਆਰ-ਬਰ-ਤਿਆਰ ਹਾਂ”?’+

15 ਰਾਜਾ ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ, ਐਲਾਨ ਕਰਦਾ ਹੈ,+

‘ਮੋਆਬ ਨੂੰ ਤਬਾਹ ਕਰ ਦਿੱਤਾ ਗਿਆ ਹੈ,+

ਦੁਸ਼ਮਣ ਉਸ ਦੇ ਸ਼ਹਿਰਾਂ ਦੇ ਅੰਦਰ ਆ ਗਏ ਹਨ,

ਉਨ੍ਹਾਂ ਦੇ ਗੱਭਰੂ ਜਵਾਨਾਂ ਨੂੰ ਵੱਢ ਦਿੱਤਾ ਗਿਆ ਹੈ।’+

16 ਮੋਆਬੀਆਂ ਉੱਤੇ ਬਿਪਤਾ ਜਲਦੀ ਆ ਰਹੀ ਹੈ

ਅਤੇ ਉਨ੍ਹਾਂ ਦਾ ਵਿਨਾਸ਼ ਤੇਜ਼ੀ ਨਾਲ ਆ ਰਿਹਾ ਹੈ।+

17 ਉਨ੍ਹਾਂ ਦੇ ਆਲੇ-ਦੁਆਲੇ ਦੇ ਸਾਰੇ ਲੋਕ ਉਨ੍ਹਾਂ ਨਾਲ ਹਮਦਰਦੀ ਰੱਖਣਗੇ,

ਹਾਂ, ਉਹ ਸਾਰੇ ਜਿਹੜੇ ਉਨ੍ਹਾਂ ਦਾ ਨਾਂ ਜਾਣਦੇ ਹਨ।

ਉਨ੍ਹਾਂ ਨੂੰ ਕਹੋ: ‘ਹਾਇ! ਇਸ ਤਾਕਤਵਰ ਲਾਠੀ ਨੂੰ, ਹਾਂ, ਸੋਹਣੇ ਡੰਡੇ ਨੂੰ ਕਿਵੇਂ ਭੰਨ ਦਿੱਤਾ ਗਿਆ ਹੈ!’

18 ਹੇ ਦੀਬੋਨ+ ਵਿਚ ਵੱਸਦੀਏ ਧੀਏ,

ਤੂੰ ਆਪਣੀ ਮਹਿਮਾ ਛੱਡ ਅਤੇ ਜ਼ਮੀਨ ʼਤੇ ਪਿਆਸੀ ਬੈਠ*

ਕਿਉਂਕਿ ਮੋਆਬ ਨੂੰ ਨਾਸ਼ ਕਰਨ ਵਾਲਾ ਤੇਰੇ ਵਿਰੁੱਧ ਆਇਆ ਹੈ

ਅਤੇ ਉਹ ਤੇਰੀਆਂ ਕਿਲੇਬੰਦ ਥਾਵਾਂ ਨੂੰ ਤਬਾਹ ਕਰ ਦੇਵੇਗਾ।+

19 ਹੇ ਅਰੋਏਰ+ ਦੇ ਵਾਸੀਓ, ਰਾਹ ਵਿਚ ਖੜ੍ਹੋ ਅਤੇ ਨਜ਼ਰ ਰੱਖੋ।

ਭੱਜ ਰਹੇ ਆਦਮੀਆਂ-ਔਰਤਾਂ ਤੋਂ ਪੁੱਛੋ, ‘ਕੀ ਹੋਇਆ?’

20 ਮੋਆਬ ਨੂੰ ਸ਼ਰਮਿੰਦਾ ਕੀਤਾ ਗਿਆ ਹੈ, ਉਸ ʼਤੇ ਡਰ ਹਾਵੀ ਹੋ ਗਿਆ ਹੈ।

ਉੱਚੀ-ਉੱਚੀ ਰੋਵੋ ਅਤੇ ਕੀਰਨੇ ਪਾਓ।

ਅਰਨੋਨ+ ਵਿਚ ਐਲਾਨ ਕਰੋ ਕਿ ਮੋਆਬ ਨੂੰ ਤਬਾਹ ਕਰ ਦਿੱਤਾ ਗਿਆ ਹੈ।

21 “ਪੱਧਰੇ ਇਲਾਕੇ* ਦੇ ਵਿਰੁੱਧ ਸਜ਼ਾ ਦਾ ਫ਼ੈਸਲਾ ਸੁਣਾਇਆ ਗਿਆ ਹੈ+ ਯਾਨੀ ਹੋਲੋਨ, ਯਹਾਸ,+ ਮੇਫਾਆਥ+ ਦੇ ਵਿਰੁੱਧ; 22 ਦੀਬੋਨ,+ ਨਬੋ,+ ਬੈਤ-ਦਿਬਲਾਤਾਇਮ ਦੇ ਵਿਰੁੱਧ; 23 ਕਿਰਯਾਥੈਮ,+ ਬੈਤ-ਗਾਮੂਲ, ਬੈਤ-ਮੀਓਨ+ ਦੇ ਵਿਰੁੱਧ; 24 ਕਰੀਯੋਥ,+ ਬਾਸਰਾਹ ਦੇ ਵਿਰੁੱਧ; ਨਾਲੇ ਮੋਆਬ ਦੇ ਦੂਰ-ਨੇੜੇ ਦੇ ਸਾਰੇ ਸ਼ਹਿਰਾਂ ਦੇ ਵਿਰੁੱਧ।

25 ‘ਮੋਆਬ ਦੀ ਤਾਕਤ* ਖ਼ਤਮ ਕਰ ਦਿੱਤੀ ਗਈ ਹੈ;

ਉਸ ਦੀ ਬਾਂਹ ਤੋੜ ਦਿੱਤੀ ਗਈ ਹੈ,’ ਯਹੋਵਾਹ ਕਹਿੰਦਾ ਹੈ।

26 ‘ਉਸ ਨੂੰ ਸ਼ਰਾਬੀ ਕਰੋ+ ਕਿਉਂਕਿ ਉਸ ਨੇ ਯਹੋਵਾਹ ਦੇ ਵਿਰੁੱਧ ਆਪਣੇ ਆਪ ਨੂੰ ਉੱਚਾ ਕੀਤਾ ਹੈ।+

ਮੋਆਬ ਆਪਣੀ ਉਲਟੀ ਵਿਚ ਲੇਟਦਾ ਹੈ

ਅਤੇ ਉਸ ਦਾ ਮਜ਼ਾਕ ਉਡਾਇਆ ਜਾਂਦਾ ਹੈ।

27 ਕੀ ਤੂੰ ਇਜ਼ਰਾਈਲ ਦਾ ਮਜ਼ਾਕ ਨਹੀਂ ਉਡਾਇਆ ਸੀ?+

ਕੀ ਉਹ ਚੋਰਾਂ ਨਾਲ ਫੜਿਆ ਗਿਆ ਸੀ

ਜਿਸ ਕਰਕੇ ਤੂੰ ਆਪਣਾ ਸਿਰ ਹਿਲਾਇਆ ਅਤੇ ਉਸ ਦੇ ਵਿਰੁੱਧ ਬੋਲਿਆ?

28 ਮੋਆਬ ਦੇ ਵਾਸੀਓ, ਸ਼ਹਿਰਾਂ ਨੂੰ ਛੱਡ ਕੇ ਚਟਾਨਾਂ ʼਤੇ ਰਹੋ,

ਉਸ ਘੁੱਗੀ ਵਰਗੇ ਬਣ ਜਾਓ ਜੋ ਤੰਗ ਘਾਟੀ ਦੇ ਪਾਸਿਆਂ ʼਤੇ ਆਲ੍ਹਣਾ ਪਾਉਂਦੀ ਹੈ।’”

29 “ਅਸੀਂ ਮੋਆਬ ਦੇ ਘਮੰਡ ਬਾਰੇ ਸੁਣਿਆ ਹੈ, ਉਹ ਬਹੁਤ ਹੰਕਾਰੀ ਹੈ।

ਹਾਂ, ਉਹ ਹੈਂਕੜਬਾਜ਼, ਘਮੰਡੀ ਅਤੇ ਹੰਕਾਰੀ ਹੈ, ਉਸ ਦੇ ਦਿਲ ਵਿਚ ਆਕੜ ਹੈ।”+

30 “‘ਮੈਂ ਉਸ ਦੇ ਕ੍ਰੋਧ ਬਾਰੇ ਜਾਣਦਾ ਹਾਂ,’ ਯਹੋਵਾਹ ਕਹਿੰਦਾ ਹੈ,

‘ਪਰ ਉਸ ਦੀਆਂ ਖੋਖਲੀਆਂ ਗੱਲਾਂ ਬੇਕਾਰ ਸਾਬਤ ਹੋਣਗੀਆਂ।

ਉਹ ਕੁਝ ਨਹੀਂ ਕਰ ਸਕਣਗੇ।

31 ਇਸ ਲਈ ਮੈਂ ਮੋਆਬ ਲਈ ਵੈਣ ਪਾਵਾਂਗਾ,

ਮੈਂ ਸਾਰੇ ਮੋਆਬ ਲਈ ਰੋਵਾਂਗਾ

ਅਤੇ ਕੀਰ-ਹਰਸ ਦੇ ਲੋਕਾਂ ਲਈ ਵਿਰਲਾਪ ਕਰਾਂਗਾ।+

32 ਹੇ ਸਿਬਮਾਹ+ ਦੀ ਅੰਗੂਰੀ ਵੇਲ, ਮੈਂ ਯਾਜ਼ੇਰ+ ਲਈ ਜਿੰਨਾ ਰੋਇਆ,

ਉਸ ਤੋਂ ਕਿਤੇ ਵੱਧ ਤੇਰੇ ਲਈ ਰੋਵਾਂਗਾ,

ਤੇਰੀਆਂ ਟਾਹਣੀਆਂ ਵਧ ਕੇ ਸਮੁੰਦਰੋਂ ਪਾਰ ਚਲੀਆਂ ਗਈਆਂ ਹਨ।

ਉਹ ਸਮੁੰਦਰ ਤਕ, ਯਾਜ਼ੇਰ ਤਕ ਪਹੁੰਚ ਗਈਆਂ ਹਨ।

ਤੇਰੇ ਗਰਮੀਆਂ ਦੇ ਫਲਾਂ ਅਤੇ ਤੇਰੇ ਅੰਗੂਰਾਂ ਦੀ ਫ਼ਸਲ ਉੱਤੇ

ਨਾਸ਼ ਕਰਨ ਵਾਲਾ ਟੁੱਟ ਪਿਆ ਹੈ।+

33 ਫਲਾਂ ਦੇ ਬਾਗ਼ਾਂ ਅਤੇ ਮੋਆਬ ਵਿੱਚੋਂ

ਖ਼ੁਸ਼ੀ ਤੇ ਰੌਣਕ-ਮੇਲਾ ਖ਼ਤਮ ਹੋ ਗਿਆ ਹੈ।+

ਮੈਂ ਚੁਬੱਚਿਆਂ ਵਿੱਚੋਂ ਦਾਖਰਸ ਵਹਿਣ ਤੋਂ ਰੋਕ ਦਿੱਤਾ ਹੈ।

ਅੰਗੂਰ ਮਿੱਧਦੇ ਵੇਲੇ ਖ਼ੁਸ਼ੀ ਦੀ ਆਵਾਜ਼ ਨਹੀਂ ਆਵੇਗੀ।

ਇਹ ਆਵਾਜ਼ ਵੱਖਰੀ ਆਵਾਜ਼ ਹੋਵੇਗੀ।’”+

34 “‘ਹਸ਼ਬੋਨ+ ਵਿਚ ਉਨ੍ਹਾਂ ਦਾ ਚੀਕ-ਚਿਹਾੜਾ ਅਲਾਲੇਹ+ ਤਕ,

ਇੱਥੋਂ ਤਕ ਕਿ ਯਹਾਸ+ ਤਕ ਸੁਣਾਈ ਦਿੰਦਾ ਹੈ,

ਸੋਆਰ ਵਿਚ ਰੋਣਾ ਹੋਰੋਨਾਇਮ+ ਅਤੇ ਅਗਲਥ-ਸ਼ਲੀਸ਼ੀਯਾਹ ਤਕ ਸੁਣਾਈ ਦਿੰਦਾ ਹੈ।

ਇੱਥੋਂ ਤਕ ਕਿ ਨਿਮਰੀਮ+ ਦੇ ਪਾਣੀ ਵੀ ਸੁੱਕ ਜਾਣਗੇ।’

35 ਯਹੋਵਾਹ ਕਹਿੰਦਾ ਹੈ, ‘ਮੈਂ ਮੋਆਬ ਵਿੱਚੋਂ ਉਨ੍ਹਾਂ ਸਭਨਾਂ ਨੂੰ ਖ਼ਤਮ ਕਰ ਦਿਆਂਗਾ

ਜਿਹੜੇ ਉੱਚੀਆਂ ਥਾਵਾਂ ʼਤੇ ਭੇਟਾਂ ਲਿਆਉਂਦੇ ਹਨ

ਅਤੇ ਆਪਣੇ ਦੇਵਤੇ ਅੱਗੇ ਬਲ਼ੀਆਂ ਚੜ੍ਹਾਉਂਦੇ ਹਨ।

36 ਇਸ ਕਰਕੇ ਮੇਰਾ ਦਿਲ ਮੋਆਬ ਲਈ ਬੰਸਰੀ* ਵਾਂਗ ਵਿਰਲਾਪ ਕਰੇਗਾ,+

ਮੇਰਾ ਦਿਲ ਕੀਰ-ਹਰਸ ਦੇ ਲੋਕਾਂ ਲਈ ਬੰਸਰੀ* ਵਾਂਗ ਵਿਰਲਾਪ ਕਰੇਗਾ,

ਉਸ ਨੇ ਜੋ ਧਨ-ਦੌਲਤ ਹਾਸਲ ਕੀਤੀ ਹੈ, ਉਹ ਨਸ਼ਟ ਹੋ ਜਾਵੇਗੀ।

37 ਹਰੇਕ ਦਾ ਸਿਰ ਮੁੰਨਿਆ ਹੋਇਆ ਹੈ+

ਅਤੇ ਦਾੜ੍ਹੀ ਕੱਟੀ ਹੋਈ ਹੈ।

ਹਰੇਕ ਦੇ ਹੱਥਾਂ ʼਤੇ ਚੀਰੇ ਹਨ+

ਅਤੇ ਹਰੇਕ ਦੇ ਲੱਕ ਦੁਆਲੇ ਤੱਪੜ ਬੰਨ੍ਹਿਆ ਹੋਇਆ ਹੈ!’”+

38 “‘ਮੋਆਬ ਦੇ ਘਰਾਂ ਦੀਆਂ ਸਾਰੀਆਂ ਛੱਤਾਂ ਉੱਤੇ

ਅਤੇ ਸਾਰੇ ਚੌਂਕਾਂ ਵਿਚ ਰੋਣ-ਕੁਰਲਾਉਣ ਤੋਂ ਸਿਵਾਇ ਹੋਰ ਕੁਝ ਨਹੀਂ ਹੈ।

ਮੈਂ ਮੋਆਬ ਨੂੰ ਉਸ ਭਾਂਡੇ ਵਾਂਗ ਭੰਨ ਸੁੱਟਿਆ

ਜੋ ਕਿਸੇ ਕੰਮ ਦਾ ਨਹੀਂ,’ ਯਹੋਵਾਹ ਕਹਿੰਦਾ ਹੈ।

39 ‘ਉਹ ਕਿੰਨਾ ਡਰਿਆ ਹੋਇਆ ਹੈ! ਰੋਵੋ-ਕੁਰਲਾਵੋ!

ਮੋਆਬ ਕਿਵੇਂ ਸ਼ਰਮਿੰਦਾ ਹੋ ਕੇ ਪਿੱਛੇ ਮੁੜ ਗਿਆ ਹੈ!

ਮੋਆਬ ਮਜ਼ਾਕ ਦਾ ਪਾਤਰ ਬਣ ਗਿਆ ਹੈ

ਅਤੇ ਉਸ ਦਾ ਹਸ਼ਰ ਦੇਖ ਕੇ ਆਲੇ-ਦੁਆਲੇ ਦੇ ਲੋਕ ਖ਼ੌਫ਼ ਖਾਂਦੇ ਹਨ।’”

40 “ਯਹੋਵਾਹ ਕਹਿੰਦਾ ਹੈ:

‘ਦੇਖੋ! ਜਿਵੇਂ ਉਕਾਬ ਆਪਣੇ ਸ਼ਿਕਾਰ ʼਤੇ ਝਪੱਟਾ ਮਾਰਦਾ ਹੈ,+

ਉਵੇਂ ਉਹ ਮੋਆਬ ਉੱਤੇ ਆਪਣੇ ਖੰਭ ਖਿਲਾਰੇਗਾ।+

41 ਇਸ ਦੇ ਸ਼ਹਿਰਾਂ ʼਤੇ ਕਬਜ਼ਾ ਕਰ ਲਿਆ ਜਾਵੇਗਾ

ਅਤੇ ਇਸ ਦੇ ਕਿਲੇ ਖੋਹ ਲਏ ਜਾਣਗੇ।

ਉਸ ਦਿਨ ਮੋਆਬ ਦੇ ਯੋਧਿਆਂ ਦੇ ਦਿਲ

ਉਸ ਔਰਤ ਦੇ ਦਿਲ ਵਰਗੇ ਹੋ ਜਾਣਗੇ ਜਿਸ ਨੂੰ ਜਣਨ-ਪੀੜਾਂ ਲੱਗੀਆਂ ਹਨ।’”

42 “‘ਮੋਆਬ ਦੀ ਕੌਮ ਨੂੰ ਮਿਟਾ ਦਿੱਤਾ ਜਾਵੇਗਾ+

ਕਿਉਂਕਿ ਇਸ ਨੇ ਯਹੋਵਾਹ ਦੇ ਵਿਰੁੱਧ ਆਪਣੇ ਆਪ ਨੂੰ ਉੱਚਾ ਕੀਤਾ ਹੈ।’+

43 ਯਹੋਵਾਹ ਕਹਿੰਦਾ ਹੈ, ‘ਹੇ ਮੋਆਬ ਦੇ ਵਾਸੀਓ,

ਤੁਹਾਡੇ ਅੱਗੇ ਦਹਿਸ਼ਤ, ਟੋਆ ਅਤੇ ਫੰਦਾ ਹੈ।

44 ਜਿਹੜਾ ਵੀ ਦਹਿਸ਼ਤ ਤੋਂ ਭੱਜੇਗਾ, ਉਹ ਟੋਏ ਵਿਚ ਡਿਗੇਗਾ

ਅਤੇ ਜਿਹੜਾ ਟੋਏ ਵਿੱਚੋਂ ਬਾਹਰ ਨਿਕਲੇਗਾ, ਉਹ ਫੰਦੇ ਵਿਚ ਫਸੇਗਾ।’

ਯਹੋਵਾਹ ਕਹਿੰਦਾ ਹੈ, ‘ਮੈਂ ਆਪਣੇ ਮਿਥੇ ਸਾਲ ਵਿਚ ਮੋਆਬ ਨੂੰ ਸਜ਼ਾ ਦਿਆਂਗਾ।’

45 ‘ਭੱਜ ਰਹੇ ਲੋਕ ਹਸ਼ਬੋਨ ਦੇ ਸਾਏ ਹੇਠ ਬੇਬੱਸ ਖੜ੍ਹੇ ਹੋਣਗੇ।

ਕਿਉਂਕਿ ਹਸ਼ਬੋਨ ਤੋਂ ਅੱਗ ਅਤੇ ਸੀਹੋਨ ਤੋਂ ਅੱਗ ਦੀ ਲਾਟ ਨਿਕਲੇਗੀ।+

ਇਹ ਮੋਆਬ ਦੇ ਮੱਥੇ ਨੂੰ ਅਤੇ ਤਬਾਹੀ ਮਚਾਉਣ ਵਾਲਿਆਂ ਦੀ ਖੋਪੜੀ ਨੂੰ ਸਾੜ ਦੇਵੇਗੀ।’+

46 ‘ਹੇ ਮੋਆਬ, ਹਾਇ! ਤੇਰਾ ਕਿੰਨਾ ਬੁਰਾ ਹਸ਼ਰ ਹੋਇਆ।

ਕਮੋਸ਼ ਦੇ ਲੋਕ+ ਖ਼ਤਮ ਹੋ ਗਏ ਹਨ।

ਤੇਰੇ ਪੁੱਤਰਾਂ ਨੂੰ ਗ਼ੁਲਾਮ ਬਣਾ ਲਿਆ ਗਿਆ ਹੈ

ਅਤੇ ਤੇਰੀਆਂ ਧੀਆਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਹੈ।+

47 ਪਰ ਮੈਂ ਆਖ਼ਰੀ ਦਿਨਾਂ ਵਿਚ ਮੋਆਬ ਦੇ ਗ਼ੁਲਾਮਾਂ ਨੂੰ ਇਕੱਠਾ ਕਰਾਂਗਾ,’ ਯਹੋਵਾਹ ਕਹਿੰਦਾ ਹੈ।

‘ਇੱਥੇ ਮੋਆਬ ਲਈ ਸਜ਼ਾ ਦਾ ਸੰਦੇਸ਼ ਖ਼ਤਮ ਹੁੰਦਾ ਹੈ।’”+

49 ਅੰਮੋਨੀਆਂ+ ਬਾਰੇ ਯਹੋਵਾਹ ਇਹ ਕਹਿੰਦਾ ਹੈ:

“ਕੀ ਇਜ਼ਰਾਈਲ ਦਾ ਕੋਈ ਪੁੱਤਰ ਨਹੀਂ ਹੈ?

ਕੀ ਉਸ ਦਾ ਕੋਈ ਵਾਰਸ ਨਹੀਂ ਹੈ?

ਤਾਂ ਫਿਰ, ਮਲਕਾਮ+ ਨੇ ਗਾਦ ʼਤੇ ਕਿਉਂ ਕਬਜ਼ਾ ਕਰ ਲਿਆ ਹੈ?+

ਉਸ ਦੇ ਲੋਕ ਇਜ਼ਰਾਈਲ ਦੇ ਸ਼ਹਿਰਾਂ ਵਿਚ ਕਿਉਂ ਰਹਿ ਰਹੇ ਹਨ?”

 2 “‘ਇਸ ਲਈ ਦੇਖੋ! ਉਹ ਦਿਨ ਆ ਰਹੇ ਹਨ,’ ਯਹੋਵਾਹ ਕਹਿੰਦਾ ਹੈ,

‘ਜਦੋਂ ਮੈਂ ਅੰਮੋਨੀਆਂ+ ਦੇ ਰੱਬਾਹ ਸ਼ਹਿਰ+ ਦੇ ਖ਼ਿਲਾਫ਼ ਯੁੱਧ ਦਾ ਐਲਾਨ ਕਰਾਂਗਾ।

ਇਹ ਮਲਬੇ ਦਾ ਢੇਰ ਬਣ ਜਾਵੇਗਾ

ਅਤੇ ਇਸ ਦੇ ਆਲੇ-ਦੁਆਲੇ ਦੇ* ਕਸਬਿਆਂ ਨੂੰ ਅੱਗ ਲਾ ਦਿੱਤੀ ਜਾਵੇਗੀ।’

‘ਇਜ਼ਰਾਈਲ ਉਨ੍ਹਾਂ ਲੋਕਾਂ ਤੋਂ ਆਪਣਾ ਦੇਸ਼ ਵਾਪਸ ਲੈ ਲਵੇਗਾ ਜਿਸ ʼਤੇ ਉਨ੍ਹਾਂ ਨੇ ਕਬਜ਼ਾ ਕੀਤਾ ਹੋਇਆ ਹੈ,’+ ਯਹੋਵਾਹ ਕਹਿੰਦਾ ਹੈ।

 3 ‘ਹੇ ਹਸ਼ਬੋਨ, ਉੱਚੀ-ਉੱਚੀ ਰੋ ਕਿਉਂਕਿ ਅਈ ਨੂੰ ਨਾਸ਼ ਕਰ ਦਿੱਤਾ ਗਿਆ ਹੈ!

ਰੱਬਾਹ ਦੇ ਆਲੇ-ਦੁਆਲੇ ਦੇ* ਕਸਬਿਓ, ਰੋਵੋ-ਕੁਰਲਾਵੋ।

ਤੱਪੜ ਪਾਓ, ਕੀਰਨੇ ਪਾਓ ਅਤੇ ਪੱਥਰ ਦੇ ਵਾੜਿਆਂ* ਵਿਚ ਇੱਧਰ-ਉੱਧਰ ਘੁੰਮੋ

ਕਿਉਂਕਿ ਮਲਕਾਮ, ਉਸ ਦੇ ਪੁਜਾਰੀਆਂ ਅਤੇ ਉਸ ਦੇ ਹਾਕਮਾਂ ਨੂੰ ਬੰਦੀ ਬਣਾ ਕੇ ਲਿਜਾਇਆ ਜਾਵੇਗਾ।+

 4 ਹੇ ਬੇਵਫ਼ਾ ਧੀਏ, ਤੂੰ ਘਾਟੀਆਂ ਉੱਤੇ

ਅਤੇ ਆਪਣੀ ਉਪਜਾਊ ਜ਼ਮੀਨ ʼਤੇ ਸ਼ੇਖ਼ੀਆਂ ਕਿਉਂ ਮਾਰਦੀ ਹੈਂ?

ਤੂੰ ਆਪਣੇ ਖ਼ਜ਼ਾਨਿਆਂ ʼਤੇ ਭਰੋਸਾ ਰੱਖਦੀ ਹੈਂ

ਅਤੇ ਕਹਿੰਦੀ ਹੈਂ: “ਮੇਰੇ ʼਤੇ ਕੌਣ ਹਮਲਾ ਕਰੇਗਾ?”’”

 5 “ਸਾਰੇ ਜਹਾਨ ਦਾ ਮਾਲਕ, ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ,

‘ਮੈਂ ਤੇਰੇ ਆਲੇ-ਦੁਆਲੇ ਦੇ ਲੋਕਾਂ ਦੇ ਜ਼ਰੀਏ ਤੇਰੇ ਉੱਤੇ ਭਿਆਨਕ ਬਿਪਤਾ ਲਿਆ ਰਿਹਾ ਹਾਂ।

ਤੈਨੂੰ ਹਰ ਦਿਸ਼ਾ ਵਿਚ ਖਿੰਡਾ ਦਿੱਤਾ ਜਾਵੇਗਾ

ਅਤੇ ਭੱਜਣ ਵਾਲੇ ਲੋਕਾਂ ਨੂੰ ਕੋਈ ਇਕੱਠਾ ਨਹੀਂ ਕਰੇਗਾ।’”

 6 “‘ਪਰ ਬਾਅਦ ਵਿਚ ਮੈਂ ਅੰਮੋਨੀਆਂ ਦੇ ਬੰਦੀ ਬਣਾਏ ਲੋਕਾਂ ਨੂੰ ਇਕੱਠਾ ਕਰਾਂਗਾ,’ ਯਹੋਵਾਹ ਕਹਿੰਦਾ ਹੈ।”

7 ਅਦੋਮ ਬਾਰੇ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ:

“ਕੀ ਤੇਮਾਨ+ ਵਿੱਚੋਂ ਬੁੱਧ ਖ਼ਤਮ ਹੋ ਗਈ ਹੈ?

ਕੀ ਗਿਆਨੀ ਵਧੀਆ ਸਲਾਹ ਦੇਣ ਦੇ ਕਾਬਲ ਨਹੀਂ ਰਹੇ?

ਕੀ ਉਨ੍ਹਾਂ ਦੀ ਬੁੱਧ ਨਿਕੰਮੀ ਹੋ ਗਈ ਹੈ?

 8 ਹੇ ਦਦਾਨ+ ਦੇ ਵਾਸੀਓ, ਪਿੱਛੇ ਮੁੜੋ ਅਤੇ ਨੱਠੋ!

ਜਾਓ ਅਤੇ ਗਹਿਰਾਈਆਂ ਵਿਚ ਵੱਸੋ!

ਕਿਉਂਕਿ ਜਦ ਸਮਾਂ ਆਉਣ ਤੇ ਮੈਂ ਏਸਾਓ ਵੱਲ ਧਿਆਨ ਦਿਆਂਗਾ,

ਤਾਂ ਮੈਂ ਉਸ ਉੱਤੇ ਬਿਪਤਾ ਲਿਆਵਾਂਗਾ।

 9 ਜੇ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ,

ਤਾਂ ਕੀ ਉਹ ਕੁਝ ਅੰਗੂਰ ਛੱਡ ਨਹੀਂ ਦੇਣਗੇ?

ਜੇ ਰਾਤ ਨੂੰ ਚੋਰ ਤੇਰੇ ਘਰ ਆਉਣ,

ਤਾਂ ਕੀ ਉਹ ਉੱਨੀ ਹੀ ਲੁੱਟ-ਮਾਰ ਨਹੀਂ ਕਰਨਗੇ ਜਿੰਨੀ ਉਹ ਚਾਹੁੰਦੇ ਹਨ?+

10 ਪਰ ਮੈਂ ਏਸਾਓ ਨੂੰ ਪੂਰੀ ਤਰ੍ਹਾਂ ਕੰਗਾਲ ਕਰ ਦਿਆਂਗਾ।

ਮੈਂ ਉਸ ਦੇ ਲੁੱਕਣ ਦੀਆਂ ਥਾਵਾਂ ਦਾ ਪਰਦਾਫ਼ਾਸ਼ ਕਰ ਦਿਆਂਗਾ

ਤਾਂਕਿ ਉਹ ਲੁੱਕ ਨਾ ਸਕੇ।

ਉਸ ਦੇ ਬੱਚੇ, ਭਰਾ, ਗੁਆਂਢੀ, ਸਾਰੇ ਨਾਸ਼ ਕਰ ਦਿੱਤੇ ਜਾਣਗੇ+

ਅਤੇ ਉਹ ਵੀ ਖ਼ਤਮ ਹੋ ਜਾਵੇਗਾ।+

11 ਆਪਣੇ ਯਤੀਮ ਬੱਚਿਆਂ ਨੂੰ ਮੇਰੇ ਕੋਲ ਛੱਡ ਦੇ,

ਮੈਂ ਉਨ੍ਹਾਂ ਨੂੰ ਜੀਉਂਦਾ ਰੱਖਾਂਗਾ

ਅਤੇ ਤੁਹਾਡੀਆਂ ਵਿਧਵਾਵਾਂ ਮੇਰੇ ʼਤੇ ਭਰੋਸਾ ਰੱਖਣਗੀਆਂ।”

12 ਯਹੋਵਾਹ ਕਹਿੰਦਾ ਹੈ: “ਦੇਖ, ਜੇ ਉਨ੍ਹਾਂ ਲੋਕਾਂ ਨੂੰ ਕ੍ਰੋਧ ਦਾ ਪਿਆਲਾ ਪੀਣਾ ਪਵੇਗਾ ਜਿਨ੍ਹਾਂ ਨੂੰ ਇਹ ਪੀਣ ਦਾ ਹੁਕਮ ਨਹੀਂ ਦਿੱਤਾ ਗਿਆ, ਤਾਂ ਫਿਰ ਤੈਨੂੰ ਕੀ ਲੱਗਦਾ ਕਿ ਤੂੰ ਸਜ਼ਾ ਤੋਂ ਪੂਰੀ ਤਰ੍ਹਾਂ ਬਚ ਜਾਵੇਂਗਾ? ਤੂੰ ਸਜ਼ਾ ਤੋਂ ਨਹੀਂ ਬਚੇਂਗਾ, ਤੈਨੂੰ ਇਹ ਪਿਆਲਾ ਪੀਣਾ ਹੀ ਪਵੇਗਾ।”+

13 “ਮੈਂ ਆਪਣੀ ਸਹੁੰ ਖਾਧੀ ਹੈ,” ਯਹੋਵਾਹ ਕਹਿੰਦਾ ਹੈ, “ਬਾਸਰਾਹ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣਗੇ,+ ਇਸ ਨੂੰ ਬੇਇੱਜ਼ਤ ਤੇ ਬਰਬਾਦ ਕੀਤਾ ਜਾਵੇਗਾ ਅਤੇ ਇਸ ਨੂੰ ਸਰਾਪ ਦਿੱਤਾ ਜਾਵੇਗਾ। ਇਸ ਦੇ ਸਾਰੇ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ।”+

14 ਮੈਂ ਯਹੋਵਾਹ ਤੋਂ ਇਹ ਖ਼ਬਰ ਸੁਣੀ ਹੈ,

ਇਕ ਰਾਜਦੂਤ ਨੂੰ ਕੌਮਾਂ ਕੋਲ ਘੱਲਿਆ ਗਿਆ ਹੈ, ਉਹ ਕਹਿੰਦਾ ਹੈ:

“ਤੁਸੀਂ ਸਾਰੇ ਇਕੱਠੇ ਹੋ ਜਾਓ ਅਤੇ ਉਸ ʼਤੇ ਹਮਲਾ ਕਰੋ;

ਯੁੱਧ ਦੀ ਤਿਆਰੀ ਕਰੋ।”+

15 “ਦੇਖ! ਮੈਂ ਤੈਨੂੰ ਕੌਮਾਂ ਵਿਚ ਮਾਮੂਲੀ

ਅਤੇ ਇਨਸਾਨਾਂ ਦੀਆਂ ਨਜ਼ਰਾਂ ਵਿਚ ਤੁੱਛ ਬਣਾ ਦਿੱਤਾ ਹੈ।+

16 ਹੇ ਚਟਾਨੀ ਪਹਾੜਾਂ ਵਿਚ ਪਨਾਹ ਲੈਣ ਵਾਲਿਆ,

ਸਭ ਤੋਂ ਉੱਚੀ ਪਹਾੜੀ ʼਤੇ ਵੱਸਣ ਵਾਲਿਆ,

ਤੇਰੀ ਫੈਲਾਈ ਦਹਿਸ਼ਤ ਅਤੇ ਤੇਰੇ ਘਮੰਡੀ ਦਿਲ ਨੇ ਤੈਨੂੰ ਧੋਖਾ ਦਿੱਤਾ ਹੈ,

ਭਾਵੇਂ ਤੂੰ ਉਕਾਬ ਵਾਂਗ ਆਪਣਾ ਬਸੇਰਾ ਉੱਚੀ ਥਾਂ ʼਤੇ ਬਣਾਉਂਦਾ ਹੈ,

ਤਾਂ ਵੀ ਮੈਂ ਤੈਨੂੰ ਉੱਥੋਂ ਹੇਠਾਂ ਸੁੱਟ ਦਿਆਂਗਾ,” ਯਹੋਵਾਹ ਕਹਿੰਦਾ ਹੈ।

17 “ਅਦੋਮ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣਗੇ।+ ਉਸ ਕੋਲੋਂ ਲੰਘਣ ਵਾਲਾ ਹਰ ਕੋਈ ਡਰ ਦੇ ਮਾਰੇ ਦੇਖਦਾ ਰਹਿ ਜਾਵੇਗਾ ਅਤੇ ਉਸ ਉੱਤੇ ਆਈਆਂ ਸਾਰੀਆਂ ਆਫ਼ਤਾਂ ਦੇਖ ਕੇ ਸੀਟੀ ਵਜਾਏਗਾ।”* 18 ਯਹੋਵਾਹ ਕਹਿੰਦਾ ਹੈ: “ਸਦੂਮ, ਗਮੋਰਾ* ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਕਸਬਿਆਂ ਵਾਂਗ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ।+ ਉੱਥੇ ਕੋਈ ਨਹੀਂ ਵੱਸੇਗਾ ਅਤੇ ਨਾ ਹੀ ਕੋਈ ਰਹੇਗਾ।+

19 “ਦੇਖ! ਜਿਸ ਤਰ੍ਹਾਂ ਯਰਦਨ ਕਿਨਾਰੇ ਦੀਆਂ ਸੰਘਣੀਆਂ ਝਾੜੀਆਂ ਵਿੱਚੋਂ ਸ਼ੇਰ ਨਿਕਲ ਕੇ ਆਉਂਦਾ ਹੈ, ਉਸੇ ਤਰ੍ਹਾਂ ਕੋਈ ਇਨ੍ਹਾਂ ਸੁਰੱਖਿਅਤ ਚਰਾਂਦਾਂ ਦੇ ਵਿਰੁੱਧ ਆਵੇਗਾ।+ ਪਰ ਮੈਂ ਇਕ ਪਲ ਵਿਚ ਹੀ ਉਸ* ਨੂੰ ਉਸ ਦੇ ਦੇਸ਼ ਤੋਂ ਭਜਾ ਦਿਆਂਗਾ। ਮੈਂ ਇਕ ਚੁਣੇ ਹੋਏ ਨੂੰ ਉਨ੍ਹਾਂ ਦਾ ਆਗੂ ਬਣਾਵਾਂਗਾ। ਕੌਣ ਮੇਰੇ ਵਰਗਾ ਹੈ? ਕੌਣ ਮੈਨੂੰ ਲਲਕਾਰੇਗਾ? ਕਿਹੜਾ ਚਰਵਾਹਾ ਮੇਰੇ ਸਾਮ੍ਹਣੇ ਖੜ੍ਹਾ ਰਹਿ ਸਕਦਾ ਹੈ?+ 20 ਇਸ ਲਈ ਹੇ ਲੋਕੋ, ਸੁਣੋ, ਯਹੋਵਾਹ ਨੇ ਅਦੋਮ ਦੇ ਖ਼ਿਲਾਫ਼ ਕੀ ਫ਼ੈਸਲਾ ਕੀਤਾ ਹੈ* ਅਤੇ ਉਸ ਨੇ ਤੇਮਾਨ+ ਦੇ ਵਾਸੀਆਂ ਨਾਲ ਕੀ ਕਰਨ ਬਾਰੇ ਸੋਚਿਆ ਹੈ:

ਝੁੰਡ ਵਿੱਚੋਂ ਲੇਲਿਆਂ ਨੂੰ ਘਸੀਟ ਕੇ ਲਿਜਾਇਆ ਜਾਵੇਗਾ।

ਉਹ ਉਨ੍ਹਾਂ ਦੀ ਚਰਾਂਦ ਨੂੰ ਉਨ੍ਹਾਂ ਕਰਕੇ ਉਜਾੜ ਦੇਵੇਗਾ।+

21 ਉਨ੍ਹਾਂ ਦੇ ਡਿਗਣ ਦੀ ਆਵਾਜ਼ ਨਾਲ ਧਰਤੀ ਕੰਬ ਉੱਠੀ।

ਚੀਕ-ਚਿਹਾੜਾ ਮੱਚ ਗਿਆ!

ਇਹ ਆਵਾਜ਼ ਦੂਰ ਲਾਲ ਸਮੁੰਦਰ ਤਕ ਸੁਣਾਈ ਦਿੱਤੀ ਹੈ।+

22 ਦੇਖੋ! ਉਹ ਉਕਾਬ ਵਾਂਗ ਉੱਪਰ ਉੱਡੇਗਾ

ਅਤੇ ਆਪਣੇ ਸ਼ਿਕਾਰ ʼਤੇ ਝਪੱਟਾ ਮਾਰੇਗਾ,+

ਉਹ ਬਾਸਰਾਹ ਉੱਤੇ ਆਪਣੇ ਖੰਭ ਖਿਲਾਰੇਗਾ।+

ਉਸ ਦਿਨ ਅਦੋਮ ਦੇ ਯੋਧਿਆਂ ਦੇ ਦਿਲ ਉਸ ਔਰਤ ਦੇ ਦਿਲ ਵਰਗੇ ਹੋ ਜਾਣਗੇ

ਜਿਸ ਨੂੰ ਜਣਨ-ਪੀੜਾਂ ਲੱਗੀਆਂ ਹੋਈਆਂ ਹਨ।”

23 ਦਮਿਸਕ ਲਈ ਸੰਦੇਸ਼:+

“ਹਮਾਥ+ ਅਤੇ ਅਰਪਾਦ ਨੂੰ ਸ਼ਰਮਿੰਦਾ ਕੀਤਾ ਗਿਆ ਹੈ

ਕਿਉਂਕਿ ਉਨ੍ਹਾਂ ਨੇ ਇਕ ਬੁਰੀ ਖ਼ਬਰ ਸੁਣੀ ਹੈ।

ਡਰ ਦੇ ਮਾਰੇ ਉਹ ਹੌਸਲਾ ਹਾਰ ਗਏ ਹਨ।

ਸਮੁੰਦਰ ਵਿਚ ਹਲਚਲ ਮਚੀ ਹੋਈ ਹੈ ਜੋ ਸ਼ਾਂਤ ਨਹੀਂ ਕੀਤੀ ਜਾ ਸਕਦੀ।

24 ਦਮਿਸਕ ਹਿੰਮਤ ਹਾਰ ਚੁੱਕਾ ਹੈ।

ਉਹ ਭੱਜਣ ਲਈ ਪਿੱਛੇ ਮੁੜਿਆ, ਪਰ ਡਰ ਨੇ ਉਸ ਨੂੰ ਜਕੜ ਲਿਆ।

ਉਹ ਬੱਚਾ ਜਣਨ ਵਾਲੀ ਔਰਤ ਵਾਂਗ ਦੁੱਖ ਅਤੇ ਕਸ਼ਟ ਵਿਚ ਹੈ।

25 ਇਹ ਕਿਵੇਂ ਹੋ ਸਕਦਾ ਹੈ ਕਿ ਇਸ ਸ਼ਾਨਦਾਰ ਸ਼ਹਿਰ ਨੂੰ,

ਹਾਂ, ਖ਼ੁਸ਼ੀਆਂ ਦੇ ਸ਼ਹਿਰ ਨੂੰ ਲੋਕ ਛੱਡ ਕੇ ਨਹੀਂ ਗਏ?

26 ਉਸ ਦਿਨ ਉਸ ਦੇ ਜਵਾਨ ਉਸ ਦੇ ਚੌਂਕਾਂ ਵਿਚ ਡਿਗਣਗੇ

ਅਤੇ ਉਸ ਦੇ ਸਾਰੇ ਫ਼ੌਜੀ ਮਾਰੇ ਜਾਣਗੇ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।

27 “ਮੈਂ ਦਮਿਸਕ ਦੀ ਕੰਧ ਨੂੰ ਅੱਗ ਲਾ ਦਿਆਂਗਾ

ਅਤੇ ਇਹ ਬਨ-ਹਦਦ ਦੇ ਕਿਲਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।”+

28 ਕੇਦਾਰ+ ਬਾਰੇ ਅਤੇ ਹਾਸੋਰ ਦੇ ਰਾਜਾਂ ਬਾਰੇ ਜਿਨ੍ਹਾਂ ਨੂੰ ਰਾਜਾ ਨਬੂਕਦਨੱਸਰ* ਨੇ ਹਰਾਇਆ ਸੀ, ਯਹੋਵਾਹ ਇਹ ਕਹਿੰਦਾ ਹੈ:

“ਉੱਠੋ, ਕੇਦਾਰ ਨੂੰ ਜਾਓ

ਅਤੇ ਪੂਰਬ ਦੇ ਪੁੱਤਰਾਂ ਨੂੰ ਖ਼ਤਮ ਕਰ ਦਿਓ।

29 ਉਨ੍ਹਾਂ ਦੇ ਤੰਬੂ ਅਤੇ ਉਨ੍ਹਾਂ ਦੇ ਇੱਜੜ ਲੈ ਲਏ ਜਾਣਗੇ,

ਨਾਲੇ ਉਨ੍ਹਾਂ ਦੇ ਤੰਬੂਆਂ ਦੇ ਪਰਦੇ ਅਤੇ ਉਨ੍ਹਾਂ ਦਾ ਸਾਮਾਨ।

ਉਨ੍ਹਾਂ ਦੇ ਊਠ ਖੋਹ ਲਏ ਜਾਣਗੇ

ਅਤੇ ਲੋਕ ਉਨ੍ਹਾਂ ਨੂੰ ਚੀਕ-ਚੀਕ ਕੇ ਕਹਿਣਗੇ, ‘ਹਰ ਪਾਸੇ ਖ਼ੌਫ਼ ਹੀ ਖ਼ੌਫ਼ ਹੈ!’”

30 ਯਹੋਵਾਹ ਕਹਿੰਦਾ ਹੈ: “ਹੇ ਹਾਸੋਰ ਦੇ ਵਾਸੀਓ, ਨੱਠੋ ਅਤੇ ਦੂਰ ਚਲੇ ਜਾਓ,

ਜਾਓ ਅਤੇ ਗਹਿਰਾਈਆਂ ਵਿਚ ਵੱਸੋ

ਕਿਉਂਕਿ ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਤੁਹਾਡੇ ਖ਼ਿਲਾਫ਼ ਇਕ ਰਣਨੀਤੀ ਤਿਆਰ ਕੀਤੀ ਹੈ

ਅਤੇ ਉਸ ਨੇ ਤੁਹਾਡੇ ਖ਼ਿਲਾਫ਼ ਇਕ ਯੋਜਨਾ ਬਣਾਈ ਹੈ।”

31 ਯਹੋਵਾਹ ਕਹਿੰਦਾ ਹੈ, “ਉੱਠੋ, ਇਸ ਕੌਮ ʼਤੇ ਹਮਲਾ ਕਰੋ

ਜੋ ਸ਼ਾਂਤੀ ਨਾਲ ਰਹਿੰਦੀ ਹੈ ਅਤੇ ਸੁਰੱਖਿਅਤ ਵੱਸਦੀ ਹੈ!”

“ਇਸ ਦੇ ਨਾ ਤਾਂ ਦਰਵਾਜ਼ੇ ਹਨ ਤੇ ਨਾ ਹੀ ਕੁੰਡੇ; ਇਹ ਕੌਮ ਇਕੱਲੀ ਵੱਸਦੀ ਹੈ।

32 ਉਨ੍ਹਾਂ ਦੇ ਊਠ ਲੁੱਟ ਲਏ ਜਾਣਗੇ

ਅਤੇ ਉਨ੍ਹਾਂ ਦੇ ਅਣਗਿਣਤ ਜਾਨਵਰ ਲੁੱਟ ਦਾ ਮਾਲ ਹੋਣਗੇ।

ਉਹ ਆਪਣੀਆਂ ਕਲਮਾਂ ਦੀ ਹਜਾਮਤ ਕਰਾਉਂਦੇ ਹਨ,+

ਮੈਂ ਉਨ੍ਹਾਂ ਨੂੰ ਹਵਾ ਵਿਚ ਚਾਰੇ ਪਾਸੇ* ਖਿੰਡਾ ਦਿਆਂਗਾ

ਅਤੇ ਮੈਂ ਹਰ ਦਿਸ਼ਾ ਤੋਂ ਉਨ੍ਹਾਂ ʼਤੇ ਤਬਾਹੀ ਲਿਆਵਾਂਗਾ,” ਯਹੋਵਾਹ ਕਹਿੰਦਾ ਹੈ।

33 “ਹਾਸੋਰ ਗਿੱਦੜਾਂ ਦਾ ਟਿਕਾਣਾ ਬਣ ਜਾਵੇਗਾ,

ਇਹ ਹਮੇਸ਼ਾ ਲਈ ਤਬਾਹ ਹੋ ਜਾਵੇਗਾ।

ਇੱਥੇ ਕੋਈ ਨਹੀਂ ਵੱਸੇਗਾ ਅਤੇ ਨਾ ਹੀ ਇੱਥੇ ਕੋਈ ਰਹੇਗਾ।”

34 ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦੇ ਸ਼ੁਰੂ ਵਿਚ+ ਯਿਰਮਿਯਾਹ ਨਬੀ ਨੂੰ ਏਲਾਮ ਦੇ ਬਾਰੇ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:+ 35 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਮੈਂ ਏਲਾਮ ਦੀ ਕਮਾਨ ਨੂੰ ਭੰਨ ਸੁੱਟਣ ਵਾਲਾ ਹਾਂ+ ਜੋ ਉਸ ਦੀ ਤਾਕਤ ਹੈ। 36 ਮੈਂ ਏਲਾਮ ʼਤੇ ਆਕਾਸ਼ ਦੇ ਚਾਰੇ ਕੋਨਿਆਂ ਤੋਂ ਚਾਰ ਹਵਾਵਾਂ ਵਗਾਵਾਂਗਾ ਅਤੇ ਮੈਂ ਉਸ ਨੂੰ ਇਨ੍ਹਾਂ ਸਾਰੀਆਂ ਦਿਸ਼ਾਵਾਂ* ਵਿਚ ਖਿੰਡਾ ਦਿਆਂਗਾ। ਅਜਿਹੀ ਕੋਈ ਵੀ ਕੌਮ ਨਹੀਂ ਹੋਵੇਗੀ ਜਿੱਥੇ ਏਲਾਮ ਦੇ ਲੋਕ ਖਿੰਡੇ ਨਾ ਹੋਣਗੇ।’”

37 “ਮੈਂ ਏਲਾਮੀਆਂ ਦੇ ਮਨਾਂ ਵਿਚ ਉਨ੍ਹਾਂ ਦੇ ਦੁਸ਼ਮਣਾਂ ਦਾ ਡਰ ਬਿਠਾਵਾਂਗਾ ਜੋ ਉਨ੍ਹਾਂ ਦੇ ਖ਼ੂਨ ਦੇ ਪਿਆਸੇ ਹਨ। ਮੈਂ ਉਨ੍ਹਾਂ ʼਤੇ ਬਿਪਤਾ ਲਿਆਵਾਂਗਾ ਅਤੇ ਆਪਣੇ ਗੁੱਸੇ ਦੀ ਅੱਗ ਵਰ੍ਹਾਵਾਂਗਾ,” ਯਹੋਵਾਹ ਕਹਿੰਦਾ ਹੈ। “ਮੈਂ ਉਨ੍ਹਾਂ ਦੇ ਪਿੱਛੇ-ਪਿੱਛੇ ਉੱਨਾ ਚਿਰ ਤਲਵਾਰ ਘੱਲਦਾ ਰਹਾਂਗਾ ਜਿੰਨਾ ਚਿਰ ਉਹ ਪੂਰੀ ਤਰ੍ਹਾਂ ਨਾਸ਼ ਨਹੀਂ ਹੋ ਜਾਂਦੇ।”

38 “ਮੈਂ ਏਲਾਮ ਵਿੱਚ ਆਪਣਾ ਸਿੰਘਾਸਣ ਰੱਖਾਂਗਾ+ ਅਤੇ ਇਸ ਦੇ ਰਾਜੇ ਅਤੇ ਹਾਕਮਾਂ ਨੂੰ ਖ਼ਤਮ ਕਰ ਦਿਆਂਗਾ,” ਯਹੋਵਾਹ ਕਹਿੰਦਾ ਹੈ।

39 “ਪਰ ਮੈਂ ਆਖ਼ਰੀ ਦਿਨਾਂ ਵਿਚ ਏਲਾਮ ਦੇ ਗ਼ੁਲਾਮਾਂ ਨੂੰ ਇਕੱਠਾ ਕਰਾਂਗਾ,” ਯਹੋਵਾਹ ਕਹਿੰਦਾ ਹੈ।

50 ਯਿਰਮਿਯਾਹ ਨਬੀ ਨੂੰ ਬਾਬਲ ਅਤੇ ਕਸਦੀਆਂ ਦੇ ਦੇਸ਼ ਬਾਰੇ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:+

 2 “ਕੌਮਾਂ ਵਿਚ ਇਸ ਦਾ ਐਲਾਨ ਕਰੋ ਅਤੇ ਦੱਸੋ।

ਝੰਡਾ ਖੜ੍ਹਾ ਕਰੋ ਅਤੇ ਇਸ ਬਾਰੇ ਦੱਸੋ।

ਕੁਝ ਵੀ ਨਾ ਲੁਕਾਓ!

ਕਹੋ, ‘ਬਾਬਲ ਉੱਤੇ ਕਬਜ਼ਾ ਕਰ ਲਿਆ ਗਿਆ ਹੈ।+

ਬੇਲ ਦੇਵਤੇ ਨੂੰ ਸ਼ਰਮਿੰਦਾ ਕੀਤਾ ਗਿਆ ਹੈ।+

ਮਰੋਦਕ ਦੇਵਤਾ ਡਰ ਗਿਆ ਹੈ।

ਉਸ ਦੀਆਂ ਮੂਰਤਾਂ ਨੂੰ ਸ਼ਰਮਿੰਦਾ ਕੀਤਾ ਗਿਆ ਹੈ।

ਉਸ ਦੀਆਂ ਘਿਣਾਉਣੀਆਂ ਮੂਰਤਾਂ* ਡਰ ਗਈਆਂ ਹਨ’

 3 ਕਿਉਂਕਿ ਉੱਤਰ ਵੱਲੋਂ ਇਕ ਕੌਮ ਉਸ ਦੇ ਖ਼ਿਲਾਫ਼ ਆਈ ਹੈ।+

ਉਸ ਨੇ ਉਸ ਦੇ ਦੇਸ਼ ਦਾ ਜੋ ਹਸ਼ਰ ਕੀਤਾ ਹੈ, ਉਸ ਨੂੰ ਦੇਖ ਕੇ ਲੋਕ ਖ਼ੌਫ਼ ਖਾਂਦੇ ਹਨ;

ਉੱਥੇ ਕੋਈ ਨਹੀਂ ਵੱਸਦਾ।

ਇਨਸਾਨ ਅਤੇ ਜਾਨਵਰ ਭੱਜ ਗਏ ਹਨ;

ਉਹ ਉੱਥੋਂ ਚਲੇ ਗਏ ਹਨ।”

4 ਯਹੋਵਾਹ ਕਹਿੰਦਾ ਹੈ, “ਉਨ੍ਹਾਂ ਦਿਨਾਂ ਵਿਚ ਅਤੇ ਉਸ ਵੇਲੇ ਯਹੂਦਾਹ ਦੇ ਲੋਕ ਅਤੇ ਇਜ਼ਰਾਈਲ ਦੇ ਲੋਕ ਇਕੱਠੇ ਹੋ ਕੇ ਆਉਣਗੇ।+ ਉਹ ਤੁਰਦੇ-ਤੁਰਦੇ ਰੋਣਗੇ+ ਅਤੇ ਇਕੱਠੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਾਲ ਕਰਨਗੇ।+ 5 ਉਹ ਸੀਓਨ ਦਾ ਰਾਹ ਪੁੱਛਣਗੇ ਅਤੇ ਉੱਧਰ ਨੂੰ ਮੂੰਹ ਕਰ ਕੇ ਕਹਿਣਗੇ,+ ‘ਆਓ ਆਪਾਂ ਯਹੋਵਾਹ ਨਾਲ ਹਮੇਸ਼ਾ ਕਾਇਮ ਰਹਿਣ ਵਾਲਾ ਇਕਰਾਰ ਕਰੀਏ ਜੋ ਕਦੇ ਭੁਲਾਇਆ ਨਹੀਂ ਜਾਵੇਗਾ।’+ 6 ਮੇਰੇ ਲੋਕ ਗੁਆਚੀਆਂ ਹੋਈਆਂ ਭੇਡਾਂ ਬਣ ਗਏ ਹਨ।+ ਉਨ੍ਹਾਂ ਦੇ ਚਰਵਾਹਿਆਂ ਨੇ ਉਨ੍ਹਾਂ ਨੂੰ ਕੁਰਾਹੇ ਪਾਇਆ ਹੈ।+ ਉਹ ਉਨ੍ਹਾਂ ਨੂੰ ਪਹਾੜਾਂ ʼਤੇ ਲੈ ਗਏ ਅਤੇ ਇਕ ਪਹਾੜ ਤੋਂ ਦੂਜੇ ਪਹਾੜ ʼਤੇ ਭਟਕਦੇ ਰਹੇ। ਭੇਡਾਂ ਆਪਣੀ ਆਰਾਮ ਕਰਨ ਦੀ ਥਾਂ ਭੁੱਲ ਗਈਆਂ ਹਨ। 7 ਜਦੋਂ ਉਨ੍ਹਾਂ ਦੇ ਦੁਸ਼ਮਣਾਂ ਨੇ ਉਨ੍ਹਾਂ ਨੂੰ ਲੱਭਿਆ, ਤਾਂ ਉਨ੍ਹਾਂ ਨੇ ਭੇਡਾਂ ਨੂੰ ਨਿਗਲ਼ ਲਿਆ+ ਅਤੇ ਕਿਹਾ, ‘ਅਸੀਂ ਦੋਸ਼ੀ ਨਹੀਂ ਹਾਂ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਹੈ, ਹਾਂ, ਧਾਰਮਿਕਤਾ* ਦੇ ਸੋਮੇ* ਅਤੇ ਆਪਣੇ ਪਿਉ-ਦਾਦਿਆਂ ਦੀ ਆਸ ਯਹੋਵਾਹ ਦੇ ਖ਼ਿਲਾਫ਼।’”

 8 “ਬਾਬਲ ਤੋਂ ਭੱਜ ਜਾਓ,

ਕਸਦੀਆਂ ਦੇ ਦੇਸ਼ ਤੋਂ ਬਾਹਰ ਨਿਕਲ ਜਾਓ+

ਅਤੇ ਇੱਜੜ ਦੇ ਅੱਗੇ-ਅੱਗੇ ਚੱਲਣ ਵਾਲੇ ਜਾਨਵਰਾਂ* ਵਰਗੇ ਬਣੋ

 9 ਕਿਉਂਕਿ ਮੈਂ ਉੱਤਰ ਵੱਲੋਂ ਵੱਡੀਆਂ-ਵੱਡੀਆਂ ਕੌਮਾਂ ਦੇ ਇਕ ਦਲ ਨੂੰ

ਬਾਬਲ ਦੇ ਖ਼ਿਲਾਫ਼ ਆਉਣ ਦਾ ਹੁਕਮ ਦੇ ਰਿਹਾ ਹਾਂ।+

ਉਹ ਮੋਰਚਾ ਬੰਨ੍ਹ ਕੇ ਉਸ ਦੇ ਖ਼ਿਲਾਫ਼ ਆਉਣਗੇ;

ਉੱਥੋਂ ਉਸ ʼਤੇ ਕਬਜ਼ਾ ਕਰ ਲਿਆ ਜਾਵੇਗਾ।

ਉਨ੍ਹਾਂ ਦੇ ਤੀਰ ਇਕ ਯੋਧੇ ਦੇ ਤੀਰਾਂ ਵਰਗੇ ਹਨ

ਜੋ ਮਾਂ-ਬਾਪ ਤੋਂ ਉਨ੍ਹਾਂ ਦੇ ਬੱਚੇ ਖੋਹ ਲੈਂਦੇ ਹਨ;+

ਉਨ੍ਹਾਂ ਦਾ ਨਿਸ਼ਾਨਾ ਕਦੇ ਨਹੀਂ ਖੁੰਝਦਾ।

10 ਕਸਦੀਮ ਲੁੱਟ ਦਾ ਮਾਲ ਬਣ ਜਾਵੇਗਾ।+

ਉਸ ਨੂੰ ਲੁੱਟਣ ਵਾਲੇ ਪੂਰੀ ਤਰ੍ਹਾਂ ਸੰਤੁਸ਼ਟ ਹੋਣਗੇ,”+ ਯਹੋਵਾਹ ਕਹਿੰਦਾ ਹੈ।

11 “ਜਦ ਤੁਸੀਂ ਮੇਰੀ ਵਿਰਾਸਤ ਨੂੰ ਲੁੱਟਿਆ,+

ਤਾਂ ਤੁਸੀਂ ਖ਼ੁਸ਼ੀਆਂ ਅਤੇ ਜਸ਼ਨ ਮਨਾਏ।+

ਤੁਸੀਂ ਇਕ ਵੱਛੀ ਵਾਂਗ ਘਾਹ ʼਤੇ ਕੁੱਦਦੇ ਰਹੇ

ਅਤੇ ਘੋੜਿਆਂ ਵਾਂਗ ਹਿਣਕਦੇ ਰਹੇ।

12 ਤੇਰੀ ਮਾਤਾ ਨੂੰ ਸ਼ਰਮਿੰਦਾ ਕੀਤਾ ਗਿਆ ਹੈ।+

ਤੈਨੂੰ ਜਨਮ ਦੇਣ ਵਾਲੀ ਨਿਰਾਸ਼ ਹੋਈ ਹੈ।

ਦੇਖ! ਉਹ ਕੌਮਾਂ ਵਿਚ ਸਭ ਤੋਂ ਤੁੱਛ ਹੈ+

ਅਤੇ ਉਹ ਸੁੱਕੀ ਉਜਾੜ ਅਤੇ ਰੇਗਿਸਤਾਨ ਹੈ।

13 ਯਹੋਵਾਹ ਦੇ ਗੁੱਸੇ ਕਰਕੇ ਇਹ ਸ਼ਹਿਰ ਦੁਬਾਰਾ ਨਹੀਂ ਵਸਾਇਆ ਜਾਵੇਗਾ;+

ਉਹ ਪੂਰੀ ਤਰ੍ਹਾਂ ਵੀਰਾਨ ਹੋ ਜਾਵੇਗਾ।+

ਬਾਬਲ ਕੋਲੋਂ ਲੰਘਣ ਵਾਲਾ ਹਰ ਕੋਈ ਡਰ ਦੇ ਮਾਰੇ ਦੇਖਦਾ ਰਹਿ ਜਾਵੇਗਾ

ਅਤੇ ਉਸ ਉੱਤੇ ਆਈਆਂ ਸਾਰੀਆਂ ਆਫ਼ਤਾਂ ਦੇਖ ਕੇ ਸੀਟੀ ਵਜਾਏਗਾ।*+

14 ਤੁਸੀਂ ਸਾਰੇ ਜਿਹੜੇ ਆਪਣੀਆਂ ਕਮਾਨਾਂ ਕੱਸਦੇ ਹੋ,

ਮੋਰਚਾ ਬੰਨ੍ਹ ਕੇ ਹਰ ਪਾਸਿਓਂ ਬਾਬਲ ʼਤੇ ਹਮਲਾ ਕਰੋ।

ਉਸ ʼਤੇ ਤੀਰ ਚਲਾਓ, ਤੀਰਾਂ ਦਾ ਸਰਫ਼ਾ ਨਾ ਕਰੋ+

ਕਿਉਂਕਿ ਉਸ ਨੇ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਹੈ।+

15 ਹਰ ਪਾਸਿਓਂ ਉਸ ਦੇ ਖ਼ਿਲਾਫ਼ ਯੁੱਧ ਦਾ ਐਲਾਨ ਕਰੋ।

ਉਸ ਨੇ ਆਪਣੇ ਹਥਿਆਰ ਸੁੱਟ ਦਿੱਤੇ ਹਨ।*

ਉਸ ਦੇ ਥੰਮ੍ਹ ਡਿਗ ਪਏ ਹਨ, ਉਸ ਦੀਆਂ ਕੰਧਾਂ ਢਾਹ ਦਿੱਤੀਆਂ ਗਈਆਂ ਹਨ+

ਕਿਉਂਕਿ ਯਹੋਵਾਹ ਉਸ ਤੋਂ ਬਦਲਾ ਲੈ ਰਿਹਾ ਹੈ।+

ਉਸ ਤੋਂ ਆਪਣਾ ਬਦਲਾ ਲਓ।

ਉਸ ਨਾਲ ਉਹੀ ਸਲੂਕ ਕਰੋ ਜੋ ਉਸ ਨੇ ਦੂਜਿਆਂ ਨਾਲ ਕੀਤਾ ਹੈ।+

16 ਬਾਬਲ ਵਿੱਚੋਂ ਬੀ ਬੀਜਣ ਵਾਲੇ ਨੂੰ

ਅਤੇ ਵਾਢੀ ਦੇ ਵੇਲੇ ਦਾਤੀ ਫੜਨ ਵਾਲੇ ਨੂੰ ਖ਼ਤਮ ਕਰ ਦਿਓ।+

ਬੇਰਹਿਮ ਤਲਵਾਰ ਕਰਕੇ ਹਰ ਕੋਈ ਆਪਣੇ ਲੋਕਾਂ ਕੋਲ ਵਾਪਸ ਮੁੜ ਜਾਵੇਗਾ,

ਹਰ ਕੋਈ ਆਪਣੇ ਦੇਸ਼ ਭੱਜ ਜਾਵੇਗਾ।+

17 “ਇਜ਼ਰਾਈਲ ਦੇ ਲੋਕ ਖਿੰਡੀਆਂ ਹੋਈਆਂ ਭੇਡਾਂ ਹਨ।+ ਸ਼ੇਰਾਂ ਨੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰ ਦਿੱਤਾ ਹੈ।+ ਪਹਿਲਾਂ ਅੱਸ਼ੂਰ ਦੇ ਰਾਜੇ ਨੇ ਉਨ੍ਹਾਂ ਨੂੰ ਨਿਗਲ਼ ਲਿਆ;+ ਫਿਰ ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਉਨ੍ਹਾਂ ਦੀਆਂ ਹੱਡੀਆਂ ਚਬਾ ਲਈਆਂ।+ 18 ਇਸ ਲਈ ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: ‘ਦੇਖੋ, ਮੈਂ ਬਾਬਲ ਦੇ ਰਾਜੇ ਅਤੇ ਉਸ ਦੇ ਦੇਸ਼ ਦਾ ਉਹੀ ਹਸ਼ਰ ਕਰਾਂਗਾ ਜੋ ਮੈਂ ਅੱਸ਼ੂਰ ਦੇ ਰਾਜੇ ਦਾ ਕੀਤਾ ਸੀ।+ 19 ਮੈਂ ਇਜ਼ਰਾਈਲ ਨੂੰ ਉਸ ਦੀ ਚਰਾਂਦ ਵਿਚ ਵਾਪਸ ਲੈ ਆਵਾਂਗਾ+ ਅਤੇ ਉਹ ਕਰਮਲ ਅਤੇ ਬਾਸ਼ਾਨ ʼਤੇ ਚਰੇਗਾ+ ਅਤੇ ਉਹ ਇਫ਼ਰਾਈਮ+ ਅਤੇ ਗਿਲਆਦ+ ਦੇ ਪਹਾੜੀ ਇਲਾਕਿਆਂ ਵਿਚ ਰੱਜ ਕੇ ਖਾਵੇਗਾ।’”

20 ਯਹੋਵਾਹ ਕਹਿੰਦਾ ਹੈ, “ਉਨ੍ਹਾਂ ਦਿਨਾਂ ਦੌਰਾਨ ਅਤੇ ਉਸ ਵੇਲੇ

ਇਜ਼ਰਾਈਲ ਵਿਚ ਦੋਸ਼ ਲੱਭਿਆ ਜਾਵੇਗਾ,

ਪਰ ਉਸ ਵਿਚ ਕੋਈ ਦੋਸ਼ ਨਹੀਂ ਮਿਲੇਗਾ

ਅਤੇ ਯਹੂਦਾਹ ਵਿਚ ਪਾਪ ਨਹੀਂ ਮਿਲਣਗੇ

ਕਿਉਂਕਿ ਮੈਂ ਉਨ੍ਹਾਂ ਨੂੰ ਮਾਫ਼ ਕਰਾਂਗਾ ਜਿਨ੍ਹਾਂ ਨੂੰ ਮੈਂ ਜੀਉਂਦੇ ਰੱਖਿਆ ਹੈ।”+

21 “ਮਰਾਥਾਇਮ ਦੇਸ਼ ਅਤੇ ਪਕੋਦ ਦੇ ਵਾਸੀਆਂ ʼਤੇ ਹਮਲਾ ਕਰ।+

ਉਨ੍ਹਾਂ ਦਾ ਕਤਲੇਆਮ ਕਰ ਸੁੱਟ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਸ਼ ਕਰ ਦੇ,” ਯਹੋਵਾਹ ਕਹਿੰਦਾ ਹੈ।

“ਤੂੰ ਉਹ ਸਭ ਕੁਝ ਕਰ ਜਿਸ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ।

22 ਦੇਸ਼ ਵਿਚ ਲੜਾਈ ਦੀ ਆਵਾਜ਼ ਸੁਣਾਈ ਦਿੰਦੀ ਹੈ

ਹਾਂ, ਇਕ ਵੱਡੀ ਤਬਾਹੀ ਦੀ ਆਵਾਜ਼।

23 ਦੇਖੋ! ਸਾਰੀ ਧਰਤੀ ਦੇ ਹਥੌੜੇ ਨੂੰ ਕਿਵੇਂ ਕੱਟਿਆ ਅਤੇ ਭੰਨਿਆ ਗਿਆ ਹੈ।+

ਦੇਖੋ! ਬਾਬਲ ਦਾ ਕਿੰਨਾ ਬੁਰਾ ਹਸ਼ਰ ਹੋਇਆ ਹੈ ਜਿਸ ਨੂੰ ਦੇਖ ਕੇ ਕੌਮਾਂ ਦੇ ਲੋਕ ਖ਼ੌਫ਼ ਖਾਂਦੇ ਹਨ।+

24 ਹੇ ਬਾਬਲ, ਮੈਂ ਤੇਰੇ ਲਈ ਫੰਦਾ ਵਿਛਾਇਆ ਅਤੇ ਤੂੰ ਫੜਿਆ ਗਿਆ,

ਤੈਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ।

ਤੈਨੂੰ ਲੱਭ ਕੇ ਫੜ ਲਿਆ ਗਿਆ+

ਕਿਉਂਕਿ ਤੂੰ ਯਹੋਵਾਹ ਦਾ ਵਿਰੋਧ ਕੀਤਾ।

25 ਯਹੋਵਾਹ ਨੇ ਆਪਣਾ ਅਸਲਾਖ਼ਾਨਾ ਖੋਲ੍ਹਿਆ ਹੈ

ਅਤੇ ਉਸ ਨੇ ਆਪਣੇ ਕ੍ਰੋਧ ਦੇ ਹਥਿਆਰ ਬਾਹਰ ਕੱਢ ਲਏ ਹਨ+

ਕਿਉਂਕਿ ਸਾਰੇ ਜਹਾਨ ਦੇ ਮਾਲਕ, ਸੈਨਾਵਾਂ ਦੇ ਯਹੋਵਾਹ ਨੇ

ਕਸਦੀਆਂ ਦੇ ਦੇਸ਼ ਵਿਚ ਇਕ ਕੰਮ ਕਰਨਾ ਹੈ।

26 ਦੂਰ-ਦੁਰਾਡੀਆਂ ਥਾਵਾਂ ਤੋਂ ਆ ਕੇ ਉਸ ʼਤੇ ਹਮਲਾ ਕਰੋ।+

ਉਸ ਦੇ ਅਨਾਜ ਦੇ ਭੰਡਾਰ ਖੋਲ੍ਹ ਦਿਓ।+

ਅਨਾਜ ਦੀਆਂ ਢੇਰੀਆਂ ਵਾਂਗ ਉਸ ਦੀ ਧਨ-ਦੌਲਤ ਦੀਆਂ ਢੇਰੀਆਂ ਲਾਓ।

ਉਸ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਸੁੱਟੋ।+

ਉਸ ਵਿਚ ਕੋਈ ਵੀ ਜੀਉਂਦਾ ਨਾ ਬਚੇ।

27 ਉਸ ਦੇ ਸਾਰੇ ਜਵਾਨ ਬਲਦਾਂ ਨੂੰ ਵੱਢ ਸੁੱਟੋ;+

ਉਨ੍ਹਾਂ ਨੂੰ ਵੱਢੇ ਜਾਣ ਲਈ ਭੇਜ ਦਿਓ।

ਹਾਇ ਉਨ੍ਹਾਂ ʼਤੇ! ਕਿਉਂਕਿ ਉਨ੍ਹਾਂ ਤੋਂ ਲੇਖਾ ਲੈਣ ਦਾ ਦਿਨ ਆ ਗਿਆ ਹੈ,

ਹਾਂ, ਉਨ੍ਹਾਂ ਨੂੰ ਸਜ਼ਾ ਦੇਣ ਦਾ ਸਮਾਂ ਆ ਗਿਆ ਹੈ!

28 ਭੱਜਣ ਵਾਲਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ,

ਨਾਲੇ ਬਾਬਲ ਤੋਂ ਜਾਨ ਬਚਾ ਕੇ ਜਾਣ ਵਾਲਿਆਂ ਦੀ ਆਵਾਜ਼

ਤਾਂਕਿ ਉਹ ਸੀਓਨ ਵਿਚ ਦੱਸਣ ਕਿ ਸਾਡੇ ਪਰਮੇਸ਼ੁਰ ਯਹੋਵਾਹ ਨੇ ਬਦਲਾ ਲੈ ਲਿਆ ਹੈ,

ਹਾਂ, ਆਪਣੇ ਮੰਦਰ ਦਾ ਬਦਲਾ ਲੈ ਲਿਆ ਹੈ।+

29 ਬਾਬਲ ʼਤੇ ਹਮਲਾ ਕਰਨ ਲਈ ਤੀਰਅੰਦਾਜ਼ਾਂ ਨੂੰ ਸੱਦੋ,

ਉਨ੍ਹਾਂ ਸਾਰਿਆਂ ਨੂੰ ਜੋ ਕਮਾਨਾਂ ਕੱਸਦੇ ਹਨ।+

ਉਸ ਦੀ ਘੇਰਾਬੰਦੀ ਕਰੋ; ਕਿਸੇ ਨੂੰ ਵੀ ਬਚ ਕੇ ਜਾਣ ਨਾ ਦਿਓ।

ਉਸ ਤੋਂ ਉਸ ਦੇ ਕੰਮਾਂ ਦਾ ਲੇਖਾ ਲਵੋ।+

ਉਸ ਦਾ ਵੀ ਉਹੀ ਹਸ਼ਰ ਕਰੋ ਜੋ ਉਸ ਨੇ ਦੂਜਿਆਂ ਦਾ ਕੀਤਾ ਹੈ+

ਕਿਉਂਕਿ ਉਸ ਨੇ ਹੰਕਾਰ ਵਿਚ ਆ ਕੇ ਯਹੋਵਾਹ ਦੇ ਖ਼ਿਲਾਫ਼ ਕੰਮ ਕੀਤਾ ਹੈ,

ਹਾਂ, ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੇ ਖ਼ਿਲਾਫ਼।+

30 ਇਸ ਲਈ ਉਸ ਦਿਨ ਉਸ ਦੇ ਜਵਾਨ ਉਸ ਦੇ ਚੌਂਕਾਂ ਵਿਚ ਡਿਗਣਗੇ+

ਅਤੇ ਉਸ ਦੇ ਸਾਰੇ ਫ਼ੌਜੀ ਮਾਰੇ* ਜਾਣਗੇ,” ਯਹੋਵਾਹ ਕਹਿੰਦਾ ਹੈ।

31 “ਹੇ ਗੁਸਤਾਖ਼ ਬਾਬਲ,+ ਦੇਖ! ਮੈਂ ਤੇਰੇ ਖ਼ਿਲਾਫ਼ ਹਾਂ,”+ ਸਾਰੇ ਜਹਾਨ ਦਾ ਮਾਲਕ, ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ,

“ਉਹ ਦਿਨ ਜ਼ਰੂਰ ਆਵੇਗਾ ਜਦੋਂ ਮੈਂ ਤੇਰੇ ਤੋਂ ਲੇਖਾ ਲਵਾਂਗਾ,

ਹਾਂ, ਤੈਨੂੰ ਸਜ਼ਾ ਦੇਣ ਦਾ ਸਮਾਂ ਆਵੇਗਾ।

32 ਹੇ ਗੁਸਤਾਖ਼ ਬਾਬਲ, ਤੂੰ ਠੇਡਾ ਖਾ ਕੇ ਡਿਗੇਂਗਾ,

ਤੈਨੂੰ ਚੁੱਕਣ ਵਾਲਾ ਕੋਈ ਨਹੀਂ ਹੋਵੇਗਾ।+

ਮੈਂ ਤੇਰੇ ਸ਼ਹਿਰਾਂ ਨੂੰ ਅੱਗ ਲਾ ਦਿਆਂਗਾ

ਅਤੇ ਇਹ ਤੇਰੇ ਆਲੇ-ਦੁਆਲਿਓਂ ਸਭ ਕੁਝ ਭਸਮ ਕਰ ਦੇਵੇਗੀ।”

33 ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ:

“ਇਜ਼ਰਾਈਲ ਅਤੇ ਯਹੂਦਾਹ ਦੇ ਲੋਕਾਂ ʼਤੇ ਜ਼ੁਲਮ ਕੀਤੇ ਗਏ ਹਨ

ਜਿਨ੍ਹਾਂ ਨੇ ਉਨ੍ਹਾਂ ਨੂੰ ਬੰਦੀ ਬਣਾਇਆ ਹੈ, ਉਹ ਉਨ੍ਹਾਂ ਨੂੰ ਆਪਣੇ ਕਬਜ਼ੇ ਵਿਚ ਰੱਖਦੇ ਹਨ+

ਅਤੇ ਉਨ੍ਹਾਂ ਨੂੰ ਆਜ਼ਾਦ ਕਰਨ ਤੋਂ ਇਨਕਾਰ ਕਰਦੇ ਹਨ।+

34 ਪਰ ਉਨ੍ਹਾਂ ਦਾ ਛੁਡਾਉਣ ਵਾਲਾ ਤਾਕਤਵਰ ਹੈ।+

ਉਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ।+

ਉਹ ਉਨ੍ਹਾਂ ਦੇ ਮੁਕੱਦਮੇ ਦੀ ਜ਼ਰੂਰ ਪੈਰਵੀ ਕਰੇਗਾ+

ਤਾਂਕਿ ਉਨ੍ਹਾਂ ਦੇ ਦੇਸ਼ ਨੂੰ ਆਰਾਮ ਮਿਲੇ+

ਅਤੇ ਬਾਬਲ ਦੇ ਵਾਸੀਆਂ ਵਿਚ ਹਲਚਲ ਮਚਾਵੇ।”+

35 ਯਹੋਵਾਹ ਕਹਿੰਦਾ ਹੈ, “ਕਸਦੀਆਂ, ਬਾਬਲ ਦੇ ਵਾਸੀਆਂ, ਉਸ ਦੇ ਹਾਕਮਾਂ

ਅਤੇ ਉਸ ਦੇ ਬੁੱਧੀਮਾਨਾਂ ਦੇ ਖ਼ਿਲਾਫ਼ ਇਕ ਤਲਵਾਰ ਆਈ ਹੈ।+

36 ਖੋਖਲੀਆਂ ਗੱਲਾਂ ਕਰਨ ਵਾਲਿਆਂ* ਦੇ ਖ਼ਿਲਾਫ਼ ਇਕ ਤਲਵਾਰ ਆਈ ਹੈ ਅਤੇ ਉਹ ਮੂਰਖਪੁਣਾ ਕਰਨਗੇ।

ਉਸ ਦੇ ਯੋਧਿਆਂ ਦੇ ਖ਼ਿਲਾਫ਼ ਇਕ ਤਲਵਾਰ ਆਈ ਹੈ ਅਤੇ ਉਹ ਡਰ ਨਾਲ ਸਹਿਮ ਜਾਣਗੇ।+

37 ਉਨ੍ਹਾਂ ਦੇ ਘੋੜਿਆਂ ਅਤੇ ਲੜਾਈ ਦੇ ਰਥਾਂ ਦੇ ਖ਼ਿਲਾਫ਼ ਇਕ ਤਲਵਾਰ ਆਈ ਹੈ,

ਨਾਲੇ ਉੱਥੇ ਰਹਿੰਦੇ ਸਾਰੇ ਪਰਦੇਸੀਆਂ ਦੇ ਖ਼ਿਲਾਫ਼,

ਉਹ ਤੀਵੀਆਂ ਵਰਗੇ ਹੋ ਜਾਣਗੇ।+

ਉਨ੍ਹਾਂ ਦੇ ਖ਼ਜ਼ਾਨਿਆਂ ਦੇ ਖ਼ਿਲਾਫ਼ ਇਕ ਤਲਵਾਰ ਆਈ ਹੈ; ਉਹ ਲੁੱਟ ਲਏ ਜਾਣਗੇ।+

38 ਹਾਇ ਉਸ ਦੇ ਪਾਣੀਆਂ ਉੱਤੇ! ਉਹ ਸੁਕਾ ਦਿੱਤੇ ਜਾਣਗੇ+

ਕਿਉਂਕਿ ਉਹ ਦੇਸ਼ ਘੜੀਆਂ ਹੋਈਆਂ ਮੂਰਤਾਂ ਨਾਲ ਭਰਿਆ ਹੋਇਆ ਹੈ+

ਅਤੇ ਉਹ ਖ਼ੌਫ਼ਨਾਕ ਦਰਸ਼ਣ ਦੇਖਣ ਕਰਕੇ ਪਾਗਲਾਂ ਵਾਂਗ ਕਰਦੇ ਹਨ।

39 ਇਸ ਲਈ ਉੱਥੇ ਰੇਗਿਸਤਾਨ ਦੇ ਜਾਨਵਰ, ਵਿਲਕਣ ਵਾਲੇ ਜਾਨਵਰ

ਅਤੇ ਸ਼ੁਤਰਮੁਰਗ ਰਹਿਣਗੇ।+

ਉਹ ਦੁਬਾਰਾ ਕਦੇ ਵਸਾਇਆ ਨਹੀਂ ਜਾਵੇਗਾ

ਅਤੇ ਨਾ ਹੀ ਪੀੜ੍ਹੀਓ-ਪੀੜ੍ਹੀ ਉੱਥੇ ਕੋਈ ਵੱਸੇਗਾ।”+

40 ਯਹੋਵਾਹ ਕਹਿੰਦਾ ਹੈ: “ਸਦੂਮ, ਗਮੋਰਾ*+ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਕਸਬਿਆਂ ਵਾਂਗ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ।+ ਉੱਥੇ ਕੋਈ ਨਹੀਂ ਵੱਸੇਗਾ ਅਤੇ ਨਾ ਹੀ ਕੋਈ ਰਹੇਗਾ।+

41 ਦੇਖੋ! ਉੱਤਰ ਤੋਂ ਇਕ ਕੌਮ ਆ ਰਹੀ ਹੈ;

ਹਾਂ, ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ+

ਇਕ ਵੱਡੀ ਕੌਮ ਅਤੇ ਵੱਡੇ-ਵੱਡੇ ਰਾਜੇ ਉੱਠ ਖੜ੍ਹੇ ਹੋਣਗੇ।+

42 ਉਨ੍ਹਾਂ ਨੇ ਤੀਰ-ਕਮਾਨ ਅਤੇ ਨੇਜ਼ੇ ਫੜੇ ਹੋਏ ਹਨ।+

ਉਹ ਲੋਕ ਜ਼ਾਲਮ ਹਨ; ਉਹ ਕਿਸੇ ʼਤੇ ਰਹਿਮ ਨਹੀਂ ਕਰਨਗੇ।+

ਜਦ ਉਹ ਆਪਣੇ ਘੋੜਿਆਂ ʼਤੇ ਸਵਾਰ ਹੁੰਦੇ ਹਨ,

ਤਾਂ ਉਨ੍ਹਾਂ ਦੀ ਆਵਾਜ਼ ਗਰਜਦੇ ਸਮੁੰਦਰ ਵਰਗੀ ਹੁੰਦੀ ਹੈ।+

ਹੇ ਬਾਬਲ ਦੀਏ ਧੀਏ, ਉਹ ਸਾਰੇ ਰਲ਼ ਕੇ ਤੇਰੇ ਖ਼ਿਲਾਫ਼ ਮੋਰਚਾ ਬੰਨ੍ਹਦੇ ਹਨ।+

43 ਬਾਬਲ ਦੇ ਰਾਜੇ ਨੇ ਉਨ੍ਹਾਂ ਬਾਰੇ ਖ਼ਬਰ ਸੁਣੀ ਹੈ+

ਜਿਸ ਕਰਕੇ ਉਸ ਦੇ ਹੱਥਾਂ ਵਿਚ ਜਾਨ ਨਹੀਂ ਰਹੀ।+

ਉਹ ਬੱਚਾ ਜਣਨ ਵਾਲੀ ਔਰਤ ਵਾਂਗ ਚਿੰਤਾ ਅਤੇ ਕਸ਼ਟ ਵਿਚ ਹੈ।

44 “ਦੇਖ! ਜਿਸ ਤਰ੍ਹਾਂ ਯਰਦਨ ਕਿਨਾਰੇ ਦੀਆਂ ਸੰਘਣੀਆਂ ਝਾੜੀਆਂ ਵਿੱਚੋਂ ਸ਼ੇਰ ਨਿਕਲ ਕੇ ਆਉਂਦਾ ਹੈ, ਉਸੇ ਤਰ੍ਹਾਂ ਕੋਈ ਇਨ੍ਹਾਂ ਸੁਰੱਖਿਅਤ ਚਰਾਂਦਾਂ ਦੇ ਵਿਰੁੱਧ ਆਵੇਗਾ। ਪਰ ਮੈਂ ਇਕ ਪਲ ਵਿਚ ਹੀ ਉਸ* ਨੂੰ ਉਸ ਦੇ ਦੇਸ਼ ਤੋਂ ਭਜਾ ਦਿਆਂਗਾ। ਮੈਂ ਇਕ ਚੁਣੇ ਹੋਏ ਨੂੰ ਉਨ੍ਹਾਂ ਦਾ ਆਗੂ ਬਣਾਵਾਂਗਾ।+ ਕੌਣ ਮੇਰੇ ਵਰਗਾ ਹੈ? ਕੌਣ ਮੈਨੂੰ ਲਲਕਾਰੇਗਾ? ਕਿਹੜਾ ਚਰਵਾਹਾ ਮੇਰੇ ਸਾਮ੍ਹਣੇ ਖੜ੍ਹਾ ਰਹਿ ਸਕਦਾ ਹੈ?+ 45 ਇਸ ਲਈ ਹੇ ਲੋਕੋ, ਸੁਣੋ ਕਿ ਯਹੋਵਾਹ ਨੇ ਬਾਬਲ ਦੇ ਖ਼ਿਲਾਫ਼ ਕੀ ਫ਼ੈਸਲਾ ਕੀਤਾ ਹੈ*+ ਅਤੇ ਉਸ ਨੇ ਕਸਦੀਆਂ ਦੇ ਦੇਸ਼ ਨਾਲ ਕੀ ਕਰਨ ਬਾਰੇ ਸੋਚਿਆ ਹੈ:

ਝੁੰਡ ਵਿੱਚੋਂ ਲੇਲਿਆਂ ਨੂੰ ਘਸੀਟ ਕੇ ਲਿਜਾਇਆ ਜਾਵੇਗਾ।

ਉਹ ਉਨ੍ਹਾਂ ਦੀ ਚਰਾਂਦ ਨੂੰ ਉਨ੍ਹਾਂ ਕਰਕੇ ਉਜਾੜ ਦੇਵੇਗਾ।+

46 ਜਦ ਬਾਬਲ ʼਤੇ ਕਬਜ਼ਾ ਕੀਤਾ ਜਾਵੇਗਾ,

ਤਾਂ ਉਸ ਵੇਲੇ ਰੌਲ਼ੇ-ਰੱਪੇ ਨਾਲ ਧਰਤੀ ਕੰਬ ਉੱਠੇਗੀ,

ਉਸ ਦਾ ਚੀਕ-ਚਿਹਾੜਾ ਕੌਮਾਂ ਵਿਚ ਸੁਣਾਈ ਦੇਵੇਗਾ।”+

51 ਯਹੋਵਾਹ ਇਹ ਕਹਿੰਦਾ ਹੈ:

“ਦੇਖ! ਮੈਂ ਬਾਬਲ ਅਤੇ ਲੇਬ-ਕਾਮਾਈ* ਦੇ ਵਾਸੀਆਂ ʼਤੇ

ਇਕ ਵਿਨਾਸ਼ਕਾਰੀ ਹਨੇਰੀ ਵਗਾ ਰਿਹਾ ਹਾਂ।+

 2 ਮੈਂ ਬਾਬਲ ਨੂੰ ਛੱਟਣ ਲਈ ਲੋਕ ਘੱਲਾਂਗਾ

ਉਹ ਉਸ ਨੂੰ ਛੱਟਣਗੇ ਅਤੇ ਉਸ ਦੇ ਦੇਸ਼ ਨੂੰ ਖਾਲੀ ਕਰ ਦੇਣਗੇ;

ਉਹ ਬਿਪਤਾ ਦੇ ਵੇਲੇ ਚਾਰੇ ਪਾਸਿਓਂ ਉਸ ʼਤੇ ਹਮਲਾ ਕਰਨਗੇ।+

 3 ਤੀਰਅੰਦਾਜ਼ ਆਪਣੀਆਂ ਕਮਾਨਾਂ ਨਾ ਕੱਸਣ

ਅਤੇ ਨਾ ਹੀ ਕੋਈ ਆਪਣੀ ਸੰਜੋਅ ਪਾ ਕੇ ਖੜ੍ਹਾ ਹੋਵੇ।

ਉਸ ਦੇ ਜਵਾਨਾਂ ʼਤੇ ਤਰਸ ਨਾ ਖਾਓ।+

ਉਸ ਦੀ ਸਾਰੀ ਫ਼ੌਜ ਨੂੰ ਖ਼ਤਮ ਕਰ ਦਿਓ।

 4 ਉਹ ਸਾਰੇ ਕਸਦੀਆਂ ਦੇ ਦੇਸ਼ ਵਿਚ ਵੱਢੇ ਜਾਣਗੇ

ਅਤੇ ਉਸ ਦੀਆਂ ਗਲੀਆਂ ਵਿਚ ਵਿੰਨ੍ਹੇ ਜਾਣਗੇ।+

 5 ਇਜ਼ਰਾਈਲ ਅਤੇ ਯਹੂਦਾਹ ਦੇ ਲੋਕਾਂ ਨੂੰ ਉਨ੍ਹਾਂ ਦੇ ਪਰਮੇਸ਼ੁਰ, ਸੈਨਾਵਾਂ ਦੇ ਯਹੋਵਾਹ ਨੇ ਤਿਆਗਿਆ ਨਹੀਂ ਹੈ।+ ਉਨ੍ਹਾਂ ਦੀ ਹਾਲਤ ਵਿਧਵਾ ਵਰਗੀ ਨਹੀਂ ਹੈ।

ਪਰ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਨ੍ਹਾਂ* ਦਾ ਦੇਸ਼ ਪੂਰੀ ਤਰ੍ਹਾਂ ਕਸੂਰਵਾਰ ਹੈ।

 6 ਬਾਬਲ ਤੋਂ ਭੱਜ ਜਾਓ,

ਆਪਣੀ ਜਾਨ ਬਚਾ ਕੇ ਨੱਠੋ।+

ਤੁਸੀਂ ਉਸ ਦੇ ਗੁਨਾਹਾਂ ਕਰਕੇ ਆਪਣੀਆਂ ਜਾਨਾਂ ਨਾ ਗੁਆਓ

ਕਿਉਂਕਿ ਇਹ ਯਹੋਵਾਹ ਵੱਲੋਂ ਬਦਲਾ ਲੈਣ ਦਾ ਸਮਾਂ ਹੈ।

ਉਹ ਬਾਬਲ ਨੂੰ ਉਸ ਦੇ ਕੰਮਾਂ ਦੀ ਸਜ਼ਾ ਦੇ ਰਿਹਾ ਹੈ।+

 7 ਬਾਬਲ ਯਹੋਵਾਹ ਦੇ ਹੱਥ ਵਿਚ ਸੋਨੇ ਦਾ ਪਿਆਲਾ ਸੀ;

ਉਸ ਨੇ ਸਾਰੀ ਧਰਤੀ ਨੂੰ ਸ਼ਰਾਬੀ ਕੀਤਾ ਸੀ।

ਕੌਮਾਂ ਨੇ ਉਸ ਦਾ ਦਾਖਰਸ ਪੀਤਾ ਹੈ+

ਜਿਸ ਕਰਕੇ ਕੌਮਾਂ ਪਾਗਲ ਹੋ ਗਈਆਂ ਹਨ।+

 8 ਬਾਬਲ ਅਚਾਨਕ ਡਿਗ ਕੇ ਢਹਿ-ਢੇਰੀ ਹੋ ਗਿਆ ਹੈ।+

ਉਸ ਲਈ ਉੱਚੀ-ਉੱਚੀ ਰੋਵੋ!+

ਉਸ ਦੇ ਦਰਦ ਲਈ ਬਲਸਾਨ ਲਿਆਓ; ਸ਼ਾਇਦ ਉਹ ਠੀਕ ਹੋ ਜਾਵੇ।”

 9 “ਅਸੀਂ ਬਾਬਲ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਠੀਕ ਨਾ ਹੋ ਸਕਿਆ।

ਉਸ ਨੂੰ ਛੱਡ ਦਿਓ, ਆਓ ਅਸੀਂ ਆਪੋ-ਆਪਣੇ ਦੇਸ਼ ਚਲੇ ਜਾਈਏ+

ਕਿਉਂਕਿ ਉਸ ਦੇ ਗੁਨਾਹ ਆਕਾਸ਼ ਤਕ, ਹਾਂ, ਬੱਦਲਾਂ ਤਕ ਪਹੁੰਚ ਚੁੱਕੇ ਹਨ।+

10 ਯਹੋਵਾਹ ਨੇ ਸਾਡੀ ਖ਼ਾਤਰ ਨਿਆਂ ਕੀਤਾ ਹੈ।+

ਆਓ ਆਪਾਂ ਸੀਓਨ ਵਿਚ ਆਪਣੇ ਪਰਮੇਸ਼ੁਰ ਯਹੋਵਾਹ ਦੇ ਕੰਮਾਂ ਬਾਰੇ ਦੱਸੀਏ।”+

11 “ਤੀਰਾਂ ਨੂੰ ਲਿਸ਼ਕਾਓ;+ ਢਾਲਾਂ ਫੜ ਲਓ।*

ਯਹੋਵਾਹ ਨੇ ਮਾਦੀਆਂ ਦੇ ਰਾਜਿਆਂ ਦੇ ਮਨਾਂ ਨੂੰ ਉਕਸਾਇਆ ਹੈ+

ਕਿਉਂਕਿ ਉਸ ਨੇ ਬਾਬਲ ਨੂੰ ਤਬਾਹ ਕਰਨ ਦਾ ਇਰਾਦਾ ਕੀਤਾ ਹੈ।

ਯਹੋਵਾਹ ਬਦਲਾ ਲਵੇਗਾ, ਹਾਂ, ਉਹ ਆਪਣੇ ਮੰਦਰ ਦਾ ਬਦਲਾ ਲਵੇਗਾ।

12 ਬਾਬਲ ਦੀਆਂ ਕੰਧਾਂ ʼਤੇ ਹਮਲਾ ਕਰਨ ਲਈ ਝੰਡਾ ਖੜ੍ਹਾ ਕਰੋ+

ਪਹਿਰਾ ਸਖ਼ਤ ਕਰੋ ਅਤੇ ਪਹਿਰੇਦਾਰਾਂ ਨੂੰ ਤੈਨਾਤ ਕਰੋ।

ਘਾਤ ਲਾ ਕੇ ਹਮਲਾ ਕਰਨ ਵਾਲਿਆਂ ਨੂੰ ਤਿਆਰ ਕਰੋ

ਕਿਉਂਕਿ ਯਹੋਵਾਹ ਨੇ ਬਾਬਲ ਦੇ ਵਾਸੀਆਂ ਖ਼ਿਲਾਫ਼ ਰਣਨੀਤੀ ਤਿਆਰ ਕੀਤੀ ਹੈ

ਅਤੇ ਉਹ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰੇਗਾ।”+

13 “ਹੇ ਔਰਤ, ਤੂੰ ਜੋ ਬਹੁਤ ਸਾਰੇ ਪਾਣੀਆਂ ʼਤੇ ਵੱਸਦੀ ਹੈਂ,+

ਤੇਰੇ ਕੋਲ ਬਹੁਤਾਤ ਵਿਚ ਖ਼ਜ਼ਾਨਾ ਹੈ,+

ਤੇਰਾ ਅਤੇ ਤੇਰੀ ਬੇਈਮਾਨੀ ਦੀ ਕਮਾਈ ਦਾ ਅੰਤ ਆ ਗਿਆ ਹੈ।+

14 ਸੈਨਾਵਾਂ ਦੇ ਯਹੋਵਾਹ ਨੇ ਆਪਣੀ ਸਹੁੰ ਖਾ ਕੇ ਕਿਹਾ ਹੈ,

‘ਮੈਂ ਤੇਰੇ ਅੰਦਰ ਦੁਸ਼ਮਣ ਫ਼ੌਜੀਆਂ ਨੂੰ ਲੈ ਆਵਾਂਗਾ ਜਿਨ੍ਹਾਂ ਦੀ ਗਿਣਤੀ ਟਿੱਡੀਆਂ ਜਿੰਨੀ ਹੋਵੇਗੀ

ਅਤੇ ਉਹ ਤੇਰੇ ਖ਼ਿਲਾਫ਼ ਜਿੱਤ ਦੇ ਨਾਅਰੇ ਲਾਉਣਗੇ।’+

15 ਪਰਮੇਸ਼ੁਰ ਧਰਤੀ ਦਾ ਸਿਰਜਣਹਾਰ ਹੈ,

ਉਸ ਨੇ ਆਪਣੀ ਤਾਕਤ ਨਾਲ ਇਸ ਨੂੰ ਬਣਾਇਆ ਹੈ।

ਉਸ ਨੇ ਆਪਣੀ ਬੁੱਧ ਨਾਲ ਉਪਜਾਊ ਜ਼ਮੀਨ ਤਿਆਰ ਕੀਤੀ ਹੈ+ ਅਤੇ ਆਪਣੀ ਸਮਝ ਨਾਲ ਆਕਾਸ਼ ਨੂੰ ਤਾਣਿਆ।+

16 ਜਦ ਉਹ ਗਰਜਦਾ ਹੈ,

ਤਾਂ ਆਕਾਸ਼ ਦੇ ਪਾਣੀਆਂ ਵਿਚ ਹਲਚਲ ਮੱਚ ਜਾਂਦੀ ਹੈ।

ਉਹ ਧਰਤੀ ਦੇ ਕੋਨੇ-ਕੋਨੇ ਤੋਂ ਭਾਫ਼* ਨੂੰ ਉੱਪਰ ਚੁੱਕਦਾ ਹੈ।

ਉਹ ਮੀਂਹ ਪਾਉਂਦਾ ਅਤੇ ਬਿਜਲੀ ਚਮਕਾਉਂਦਾ ਹੈ,

ਉਹ ਆਪਣੇ ਭੰਡਾਰਾਂ ਵਿੱਚੋਂ ਹਵਾ ਨੂੰ ਬਾਹਰ ਲਿਆਉਂਦਾ ਹੈ।+

17 ਹਰ ਇਨਸਾਨ ਬਿਨਾਂ ਸਮਝ ਅਤੇ ਗਿਆਨ ਤੋਂ ਕੰਮ ਕਰਦਾ ਹੈ।

ਹਰ ਕਾਰੀਗਰ ਨੂੰ ਮੂਰਤਾਂ* ਕਾਰਨ ਸ਼ਰਮਿੰਦਾ ਕੀਤਾ ਜਾਵੇਗਾ+

ਕਿਉਂਕਿ ਉਸ ਦੀਆਂ ਧਾਤ ਦੀਆਂ* ਮੂਰਤਾਂ ਝੂਠ ਤੋਂ ਇਲਾਵਾ ਕੁਝ ਨਹੀਂ ਹਨ

ਅਤੇ ਉਨ੍ਹਾਂ ਵਿਚ ਸਾਹ ਨਹੀਂ ਹੈ।+

18 ਉਹ ਬੱਸ ਧੋਖਾ* ਹੀ ਹਨ+ ਅਤੇ ਮਜ਼ਾਕ ਦੇ ਲਾਇਕ ਹਨ।

ਜਦੋਂ ਉਨ੍ਹਾਂ ਤੋਂ ਲੇਖਾ ਲੈਣ ਦਾ ਦਿਨ ਆਵੇਗਾ, ਤਾਂ ਉਹ ਨਾਸ਼ ਹੋ ਜਾਣਗੇ।

19 ਯਾਕੂਬ ਦਾ ਪਰਮੇਸ਼ੁਰ* ਇਨ੍ਹਾਂ ਚੀਜ਼ਾਂ ਵਰਗਾ ਨਹੀਂ ਹੈ

ਕਿਉਂਕਿ ਉਸੇ ਨੇ ਸਭ ਕੁਝ ਬਣਾਇਆ ਹੈ

ਅਤੇ ਉਹੀ ਆਪਣੀ ਵਿਰਾਸਤ ਦਾ ਡੰਡਾ ਹੈ।*+

ਉਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ।”+

20 “ਤੂੰ ਮੇਰੇ ਲਈ ਲੜਾਈ ਦਾ ਡੰਡਾ, ਹਾਂ, ਯੁੱਧ ਦਾ ਹਥਿਆਰ ਹੈਂ,

ਮੈਂ ਤੇਰੇ ਨਾਲ ਕੌਮਾਂ ਨੂੰ ਭੰਨ ਸੁੱਟਾਂਗਾ

ਅਤੇ ਤੇਰੇ ਨਾਲ ਰਾਜਾਂ ਨੂੰ ਮਿੱਟੀ ਵਿਚ ਮਿਲਾ ਦਿਆਂਗਾ।

21 ਮੈਂ ਤੇਰੇ ਨਾਲ ਘੋੜੇ ਅਤੇ ਇਸ ਦੇ ਸਵਾਰ ਨੂੰ ਭੰਨ ਸੁੱਟਾਂਗਾ।

ਮੈਂ ਤੇਰੇ ਨਾਲ ਲੜਾਈ ਦੇ ਰਥ ਅਤੇ ਇਸ ਦੇ ਸਵਾਰ ਨੂੰ ਭੰਨ ਸੁੱਟਾਂਗਾ।

22 ਮੈਂ ਤੇਰੇ ਨਾਲ ਆਦਮੀ ਅਤੇ ਔਰਤ ਨੂੰ ਭੰਨ ਸੁੱਟਾਂਗਾ।

ਮੈਂ ਤੇਰੇ ਨਾਲ ਬੁੱਢੇ ਅਤੇ ਜਵਾਨ ਨੂੰ ਭੰਨ ਸੁੱਟਾਂਗਾ।

ਮੈਂ ਤੇਰੇ ਨਾਲ ਗੱਭਰੂ ਅਤੇ ਮੁਟਿਆਰ ਨੂੰ ਭੰਨ ਸੁੱਟਾਂਗਾ।

23 ਮੈਂ ਤੇਰੇ ਨਾਲ ਚਰਵਾਹੇ ਅਤੇ ਉਸ ਦੇ ਇੱਜੜ ਨੂੰ ਭੰਨ ਸੁੱਟਾਂਗਾ।

ਮੈਂ ਤੇਰੇ ਨਾਲ ਕਿਸਾਨ ਅਤੇ ਉਸ ਦੇ ਹਲ਼ ਵਾਹੁਣ ਵਾਲੇ ਜਾਨਵਰਾਂ ਨੂੰ ਭੰਨ ਸੁੱਟਾਂਗਾ।

ਮੈਂ ਤੇਰੇ ਨਾਲ ਰਾਜਪਾਲਾਂ ਅਤੇ ਅਧਿਕਾਰੀਆਂ ਨੂੰ ਭੰਨ ਸੁੱਟਾਂਗਾ।

24 ਮੈਂ ਬਾਬਲ ਅਤੇ ਕਸਦੀਮ ਦੇ ਸਾਰੇ ਵਾਸੀਆਂ ਤੋਂ ਉਨ੍ਹਾਂ ਸਾਰੇ ਦੁਸ਼ਟ ਕੰਮਾਂ ਦਾ ਲੇਖਾ ਲਵਾਂਗਾ

ਜੋ ਉਨ੍ਹਾਂ ਨੇ ਸੀਓਨ ਵਿਚ ਤੁਹਾਡੀਆਂ ਨਜ਼ਰਾਂ ਸਾਮ੍ਹਣੇ ਕੀਤੇ ਹਨ,”+ ਯਹੋਵਾਹ ਕਹਿੰਦਾ ਹੈ।

25 “ਹੇ ਵਿਨਾਸ਼ਕਾਰੀ ਪਹਾੜ,

ਹੇ ਸਾਰੀ ਧਰਤੀ ਦੇ ਵਿਨਾਸ਼ਕ,+ ਮੈਂ ਤੇਰੇ ਖ਼ਿਲਾਫ਼ ਹਾਂ,” ਯਹੋਵਾਹ ਕਹਿੰਦਾ ਹੈ।+

“ਮੈਂ ਤੇਰੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਤੈਨੂੰ ਚਟਾਨਾਂ ਤੋਂ ਹੇਠਾਂ ਰੋੜ੍ਹ ਦਿਆਂਗਾ

ਅਤੇ ਤੈਨੂੰ ਸੜ ਚੁੱਕਾ ਪਹਾੜ ਬਣਾ ਦਿਆਂਗਾ।”

26 “ਲੋਕ ਤੇਰੇ ਵਿੱਚੋਂ ਕੋਨੇ ਜਾਂ ਨੀਂਹ ਲਈ ਪੱਥਰ ਨਹੀਂ ਲਿਜਾਣਗੇ

ਕਿਉਂਕਿ ਤੂੰ ਹਮੇਸ਼ਾ ਲਈ ਉੱਜੜ ਜਾਵੇਂਗਾ,”+ ਯਹੋਵਾਹ ਕਹਿੰਦਾ ਹੈ।

27 “ਦੇਸ਼ ਵਿਚ ਝੰਡਾ ਖੜ੍ਹਾ ਕਰੋ।+

ਕੌਮਾਂ ਵਿਚ ਨਰਸਿੰਗਾ ਵਜਾਓ।

ਕੌਮਾਂ ਨੂੰ ਉਸ ਦੇ ਖ਼ਿਲਾਫ਼ ਖੜ੍ਹਾ* ਕਰੋ।

ਅਰਾਰਾਤ,+ ਮਿੰਨੀ ਅਤੇ ਅਸ਼ਕਨਜ਼+ ਰਾਜਾਂ ਨੂੰ ਉਸ ਦੇ ਖ਼ਿਲਾਫ਼ ਯੁੱਧ ਕਰਨ ਲਈ ਬੁਲਾਓ।

ਉਸ ਦੇ ਖ਼ਿਲਾਫ਼ ਇਕ ਭਰਤੀ ਅਫ਼ਸਰ ਨੂੰ ਨਿਯੁਕਤ ਕਰੋ।

ਉਸ ʼਤੇ ਘਿਸਰਨ ਵਾਲੀਆਂ ਟਿੱਡੀਆਂ ਦੇ ਝੁੰਡ ਜਿੰਨੇ ਘੋੜਿਆਂ ਨਾਲ ਹਮਲਾ ਕਰੋ।

28 ਕੌਮਾਂ ਨੂੰ ਉਸ ਦੇ ਖ਼ਿਲਾਫ਼ ਖੜ੍ਹਾ ਕਰੋ।

ਮਾਦਾ+ ਦੇ ਰਾਜਿਆਂ, ਇਸ ਦੇ ਰਾਜਪਾਲਾਂ ਅਤੇ ਅਧਿਕਾਰੀਆਂ

ਅਤੇ ਉਨ੍ਹਾਂ ਸਾਰੇ ਦੇਸ਼ਾਂ ਨੂੰ ਨਿਯੁਕਤ ਕਰੋ ਜਿਨ੍ਹਾਂ ʼਤੇ ਉਹ ਹਕੂਮਤ ਕਰਦੇ ਹਨ।

29 ਧਰਤੀ ਕੰਬੇਗੀ ਅਤੇ ਹਿੱਲੇਗੀ

ਕਿਉਂਕਿ ਯਹੋਵਾਹ ਨੇ ਬਾਬਲ ਬਾਰੇ ਜੋ ਠਾਣਿਆ ਹੈ, ਉਹ ਉਸ ਨੂੰ ਪੂਰਾ ਕਰੇਗਾ

ਉਹ ਬਾਬਲ ਦੇਸ਼ ਦਾ ਅਜਿਹਾ ਹਸ਼ਰ ਕਰੇਗਾ ਜਿਸ ਨੂੰ ਦੇਖ ਕੇ ਲੋਕ ਖ਼ੌਫ਼ ਖਾਣਗੇ

ਅਤੇ ਉੱਥੇ ਕੋਈ ਨਹੀਂ ਵੱਸੇਗਾ।+

30 ਬਾਬਲ ਦੇ ਯੋਧਿਆਂ ਨੇ ਲੜਨਾ ਛੱਡ ਦਿੱਤਾ ਹੈ।

ਉਹ ਆਪਣੇ ਗੜ੍ਹਾਂ ਵਿਚ ਬੈਠੇ ਹਨ।

ਉਨ੍ਹਾਂ ਦੀ ਤਾਕਤ ਖ਼ਤਮ ਹੋ ਗਈ ਹੈ।+

ਉਹ ਤੀਵੀਆਂ ਵਰਗੇ ਬਣ ਗਏ ਹਨ।+

ਉਸ ਦੇ ਘਰਾਂ ਨੂੰ ਅੱਗ ਲਾ ਦਿੱਤੀ ਗਈ ਹੈ।

ਉਸ ਦੇ ਦਰਵਾਜ਼ਿਆਂ ਦੇ ਕੁੰਡੇ ਭੰਨ ਦਿੱਤੇ ਗਏ ਹਨ।+

31 ਇਕ ਡਾਕੀਆ ਦੌੜ ਕੇ ਦੂਜੇ ਡਾਕੀਏ ਕੋਲ ਜਾਂਦਾ ਹੈ

ਅਤੇ ਇਕ ਸੰਦੇਸ਼ ਦੇਣ ਵਾਲਾ ਦੌੜ ਕੇ ਦੂਜੇ ਸੰਦੇਸ਼ ਦੇਣ ਵਾਲੇ ਕੋਲ ਜਾਂਦਾ ਹੈ

ਤਾਂਕਿ ਉਹ ਬਾਬਲ ਦੇ ਰਾਜੇ ਨੂੰ ਖ਼ਬਰ ਦੇਵੇ ਕਿ ਉਸ ਦੇ ਸ਼ਹਿਰ ʼਤੇ ਹਰ ਪਾਸਿਓਂ ਕਬਜ਼ਾ ਕਰ ਲਿਆ ਗਿਆ ਹੈ,+

32 ਉਸ ਦੇ ਘਾਟਾਂ ʼਤੇ ਕਬਜ਼ਾ ਕਰ ਲਿਆ ਗਿਆ ਹੈ,+

ਉਸ ਦੀਆਂ ਸਰਕੰਡਿਆਂ ਦੀਆਂ ਕਿਸ਼ਤੀਆਂ ਅੱਗ ਨਾਲ ਸਾੜ ਦਿੱਤੀਆਂ ਗਈਆਂ ਹਨ

ਅਤੇ ਉਸ ਦੇ ਫ਼ੌਜੀ ਡਰ ਨਾਲ ਸਹਿਮੇ ਹੋਏ ਹਨ।”

33 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ:

“ਬਾਬਲ ਦੀ ਧੀ ਗਹਾਈ ਦੇ ਪਿੜ ਵਰਗੀ ਹੈ।

ਉਸ ਨੂੰ ਚੰਗੀ ਤਰ੍ਹਾਂ ਕੁੱਟ ਕੇ ਸਖ਼ਤ ਕਰਨ ਦਾ ਸਮਾਂ ਆ ਗਿਆ ਹੈ।

ਬਹੁਤ ਜਲਦ ਉਸ ਦੀ ਵਾਢੀ ਦਾ ਸਮਾਂ ਆ ਜਾਵੇਗਾ।”

34 “ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਮੈਨੂੰ ਨਿਗਲ਼ ਲਿਆ ਹੈ;+

ਉਸ ਨੇ ਮੈਨੂੰ ਉਲਝਣ ਵਿਚ ਪਾ ਦਿੱਤਾ ਹੈ।

ਉਸ ਨੇ ਮੈਨੂੰ ਇਕ ਭਾਂਡੇ ਵਾਂਗ ਖਾਲੀ ਕਰ ਕੇ ਰੱਖ ਦਿੱਤਾ ਹੈ।

ਉਸ ਨੇ ਮੈਨੂੰ ਇਕ ਵੱਡੇ ਸੱਪ ਵਾਂਗ ਨਿਗਲ਼ ਲਿਆ ਹੈ;+

ਉਸ ਨੇ ਮੇਰੀਆਂ ਵਧੀਆ ਤੋਂ ਵਧੀਆ ਚੀਜ਼ਾਂ ਨਾਲ ਆਪਣਾ ਢਿੱਡ ਭਰ ਲਿਆ ਹੈ।

ਉਸ ਨੇ ਮੈਨੂੰ ਸੁੱਟ ਦਿੱਤਾ ਹੈ।*

35 ਸੀਓਨ ਦਾ ਵਾਸੀ ਕਹਿੰਦਾ ਹੈ, ‘ਜਿਸ ਤਰ੍ਹਾਂ ਮੇਰੇ ਉੱਤੇ ਅਤੇ ਮੇਰੇ ਸਰੀਰ ʼਤੇ ਜ਼ੁਲਮ ਕੀਤੇ ਗਏ, ਉਸੇ ਤਰ੍ਹਾਂ ਬਾਬਲ ਉੱਤੇ ਵੀ ਕੀਤੇ ਜਾਣ!’+

ਯਰੂਸ਼ਲਮ ਕਹਿੰਦਾ ਹੈ, ‘ਮੇਰੇ ਖ਼ੂਨ ਦਾ ਦੋਸ਼ ਕਸਦੀਮ ਦੇ ਵਾਸੀਆਂ ਦੇ ਸਿਰ ਮੜ੍ਹਿਆ ਜਾਵੇ!’”

36 ਇਸ ਲਈ ਯਹੋਵਾਹ ਇਹ ਕਹਿੰਦਾ ਹੈ:

“ਦੇਖ! ਮੈਂ ਤੇਰੇ ਮੁਕੱਦਮੇ ਦੀ ਪੈਰਵੀ ਕਰਾਂਗਾ,+

ਮੈਂ ਤੇਰਾ ਬਦਲਾ ਲਵਾਂਗਾ।+

ਮੈਂ ਉਸ ਦੇ ਸਮੁੰਦਰ ਅਤੇ ਉਸ ਦੇ ਖੂਹਾਂ ਨੂੰ ਸੁਕਾ ਦਿਆਂਗਾ।+

37 ਬਾਬਲ ਪੱਥਰਾਂ ਦਾ ਢੇਰ+ ਅਤੇ ਗਿੱਦੜਾਂ ਦਾ ਟਿਕਾਣਾ ਬਣ ਜਾਵੇਗਾ,+

ਉਸ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣਗੇ ਅਤੇ ਸੀਟੀ ਵਜਾਉਣਗੇ*

ਅਤੇ ਉੱਥੇ ਕੋਈ ਨਹੀਂ ਵੱਸੇਗਾ।+

38 ਉਹ ਸਾਰੇ ਮਿਲ ਕੇ ਜਵਾਨ ਸ਼ੇਰਾਂ ਵਾਂਗ ਗਰਜਣਗੇ।

ਉਹ ਸ਼ੇਰ ਦੇ ਬੱਚਿਆਂ ਵਾਂਗ ਗੁਰਰਾਉਣਗੇ।”

39 “ਜਦ ਉਨ੍ਹਾਂ ਵਿਚ ਲਾਲਸਾਵਾਂ ਜਾਗਣਗੀਆਂ, ਤਦ ਮੈਂ ਉਨ੍ਹਾਂ ਲਈ ਦਾਅਵਤ ਰੱਖਾਂਗਾ ਅਤੇ ਉਨ੍ਹਾਂ ਨੂੰ ਸ਼ਰਾਬੀ ਕਰਾਂਗਾ

ਤਾਂਕਿ ਉਹ ਜਸ਼ਨ ਮਨਾਉਣ;+

ਇਸ ਤੋਂ ਬਾਅਦ ਉਹ ਹਮੇਸ਼ਾ ਦੀ ਨੀਂਦ ਸੌਂ ਜਾਣਗੇ

ਅਤੇ ਫਿਰ ਕਦੇ ਨਹੀਂ ਜਾਗਣਗੇ,”+ ਯਹੋਵਾਹ ਕਹਿੰਦਾ ਹੈ।

40 “ਮੈਂ ਉਨ੍ਹਾਂ ਨੂੰ ਲੇਲਿਆਂ, ਭੇਡੂਆਂ ਅਤੇ ਬੱਕਰਿਆਂ ਵਾਂਗ ਵੱਢੇ ਜਾਣ ਲਈ ਲੈ ਜਾਵਾਂਗਾ।”

41 “ਹਾਇ! ਸ਼ੇਸ਼ਕ* ʼਤੇ ਅਧਿਕਾਰ ਕਰ ਲਿਆ ਗਿਆ ਹੈ,+

ਹਾਇ! ਜਿਸ ਸ਼ਹਿਰ ਦੀ ਸਾਰੇ ਤਾਰੀਫ਼ ਕਰਦੇ ਸਨ, ਉਸ ʼਤੇ ਕਬਜ਼ਾ ਕਰ ਲਿਆ ਗਿਆ ਹੈ।+

ਹਾਇ! ਬਾਬਲ ਦਾ ਹਸ਼ਰ ਦੇਖ ਕੇ ਕੌਮਾਂ ਦੇ ਲੋਕ ਖ਼ੌਫ਼ ਖਾਂਦੇ ਹਨ।

42 ਸਮੁੰਦਰ ਬਾਬਲ ਉੱਤੇ ਚੜ੍ਹ ਆਇਆ ਹੈ।

ਇਸ ਦੀਆਂ ਠਾਠਾਂ ਮਾਰਦੀਆਂ ਲਹਿਰਾਂ ਉਸ ਨੂੰ ਰੋੜ੍ਹ ਕੇ ਲੈ ਗਈਆਂ ਹਨ।

43 ਇਸ ਦੇ ਸ਼ਹਿਰਾਂ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਂਦੇ ਹਨ,

ਇਹ ਸੁੱਕ ਕੇ ਉਜਾੜ ਅਤੇ ਰੇਗਿਸਤਾਨ ਬਣ ਗਿਆ ਹੈ।

ਹਾਂ, ਅਜਿਹਾ ਦੇਸ਼ ਜਿੱਥੇ ਕੋਈ ਨਹੀਂ ਰਹਿੰਦਾ ਅਤੇ ਨਾ ਹੀ ਉੱਥੋਂ ਦੀ ਕੋਈ ਲੰਘਦਾ ਹੈ।+

44 ਮੈਂ ਬਾਬਲ ਦੇ ਦੇਵਤੇ ਬੇਲ ਵੱਲ ਧਿਆਨ ਦਿਆਂਗਾ+

ਅਤੇ ਉਸ ਨੇ ਜੋ ਕੁਝ ਨਿਗਲ਼ਿਆ ਹੈ, ਮੈਂ ਉਸ ਦੇ ਮੂੰਹ ਵਿੱਚੋਂ ਬਾਹਰ ਕੱਢਾਂਗਾ।+

ਕੌਮਾਂ ਅੱਗੇ ਤੋਂ ਉਸ ਕੋਲ ਨਹੀਂ ਆਉਣਗੀਆਂ

ਅਤੇ ਬਾਬਲ ਦੀ ਕੰਧ ਡਿਗ ਜਾਵੇਗੀ।+

45 ਹੇ ਮੇਰੇ ਲੋਕੋ, ਬਾਬਲ ਤੋਂ ਭੱਜ ਜਾਓ!+

ਯਹੋਵਾਹ ਦੇ ਗੁੱਸੇ ਦੀ ਅੱਗ ਤੋਂ+ ਆਪਣੀਆਂ ਜਾਨਾਂ ਬਚਾ ਕੇ ਨੱਠੋ।+

46 ਦੇਸ਼ ਵਿਚ ਜੋ ਖ਼ਬਰ ਸੁਣਾਈ ਜਾਵੇਗੀ, ਉਸ ਨੂੰ ਸੁਣ ਕੇ ਨਾ ਤਾਂ ਡਰਿਓ ਅਤੇ ਨਾ ਹੀ ਹੌਸਲਾ ਹਾਰਿਓ।

ਦੇਸ਼ ਵਿਚ ਖ਼ੂਨ-ਖ਼ਰਾਬੇ ਅਤੇ ਇਕ ਹਾਕਮ ਦੇ ਦੂਜੇ ਹਾਕਮ ਦੇ ਖ਼ਿਲਾਫ਼ ਖੜ੍ਹੇ ਹੋਣ ਦੀ ਖ਼ਬਰ ਆਵੇਗੀ

ਇਕ ਸਾਲ ਇਕ ਖ਼ਬਰ ਆਵੇਗੀ

ਅਤੇ ਦੂਜੇ ਸਾਲ ਦੂਜੀ ਖ਼ਬਰ।

47 ਇਸ ਲਈ ਦੇਖੋ! ਉਹ ਦਿਨ ਆ ਰਹੇ ਹਨ

ਜਦ ਮੈਂ ਬਾਬਲ ਦੀਆਂ ਘੜੀਆਂ ਹੋਈਆਂ ਮੂਰਤਾਂ ਵੱਲ ਧਿਆਨ ਦਿਆਂਗਾ।

ਉਸ ਦੇ ਸਾਰੇ ਦੇਸ਼ ਨੂੰ ਸ਼ਰਮਿੰਦਾ ਕੀਤਾ ਜਾਵੇਗਾ

ਅਤੇ ਜਿਹੜੇ ਵੱਢੇ ਜਾਣਗੇ, ਉਹ ਸਾਰੇ ਉਸ ਵਿਚ ਪਏ ਰਹਿਣਗੇ।+

48 ਆਕਾਸ਼ ਅਤੇ ਧਰਤੀ ਅਤੇ ਇਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ

ਬਾਬਲ ਖ਼ਿਲਾਫ਼ ਜਿੱਤ ਦੇ ਨਾਅਰੇ ਲਾਉਣਗੀਆਂ+

ਕਿਉਂਕਿ ਉੱਤਰ ਤੋਂ ਉਸ ਨੂੰ ਨਾਸ਼ ਕਰਨ ਵਾਲੇ ਆਉਣਗੇ,”+ ਯਹੋਵਾਹ ਕਹਿੰਦਾ ਹੈ।

49 “ਬਾਬਲ ਨੇ ਨਾ ਸਿਰਫ਼ ਇਜ਼ਰਾਈਲੀਆਂ ਨੂੰ ਵੱਢ ਸੁੱਟਿਆ ਸੀ;+

ਸਗੋਂ ਬਾਬਲ ਵਿਚ ਸਾਰੀ ਧਰਤੀ ਦੇ ਲੋਕ ਵੱਢੇ ਗਏ ਸਨ।

50 ਤੁਸੀਂ ਜਿਹੜੇ ਤਲਵਾਰ ਤੋਂ ਬਚ ਗਏ ਹੋ, ਤੁਰਦੇ ਜਾਓ, ਖੜ੍ਹੇ ਨਾ ਹੋਵੋ!+

ਤੁਸੀਂ ਜਿਹੜੇ ਦੂਰ ਹੋ, ਯਹੋਵਾਹ ਨੂੰ ਯਾਦ ਕਰੋ

ਅਤੇ ਤੁਸੀਂ ਆਪਣੇ ਮਨ ਵਿਚ ਯਰੂਸ਼ਲਮ ਨੂੰ ਯਾਦ ਕਰੋ।”+

51 “ਸਾਨੂੰ ਸ਼ਰਮਿੰਦਾ ਕੀਤਾ ਗਿਆ ਹੈ ਕਿਉਂਕਿ ਸਾਨੂੰ ਤਾਅਨੇ-ਮਿਹਣੇ ਮਾਰੇ ਗਏ ਹਨ।

ਅਸੀਂ ਮੂੰਹ ਦਿਖਾਉਣ ਜੋਗੇ ਨਹੀਂ ਰਹੇ

ਕਿਉਂਕਿ ਵਿਦੇਸ਼ੀਆਂ* ਨੇ ਯਹੋਵਾਹ ਦੇ ਘਰ ਦੀਆਂ ਪਵਿੱਤਰ ਥਾਵਾਂ ʼਤੇ ਹਮਲਾ ਕੀਤਾ ਹੈ।”+

52 ਯਹੋਵਾਹ ਕਹਿੰਦਾ ਹੈ, “ਇਸ ਲਈ ਦੇਖੋ! ਉਹ ਦਿਨ ਆ ਰਹੇ ਹਨ

ਜਦ ਮੈਂ ਉਸ ਦੀਆਂ ਘੜੀਆਂ ਹੋਈਆਂ ਮੂਰਤਾਂ ʼਤੇ ਧਿਆਨ ਦਿਆਂਗਾ

ਅਤੇ ਉਸ ਦੇ ਸਾਰੇ ਦੇਸ਼ ਵਿਚ ਜ਼ਖ਼ਮੀ ਦਰਦ ਨਾਲ ਤੜਫਣਗੇ।”+

53 “ਭਾਵੇਂ ਬਾਬਲ ਆਕਾਸ਼ ʼਤੇ ਚੜ੍ਹ ਜਾਵੇ,+

ਭਾਵੇਂ ਉਹ ਆਪਣੇ ਉੱਚੇ ਬੁਰਜਾਂ ਨੂੰ ਮਜ਼ਬੂਤ ਕਰ ਲਵੇ,

ਤਾਂ ਵੀ ਮੈਂ ਨਾਸ਼ ਕਰਨ ਵਾਲਿਆਂ ਨੂੰ ਉਸ ਦੇ ਖ਼ਿਲਾਫ਼ ਘੱਲਾਂਗਾ,”+ ਯਹੋਵਾਹ ਕਹਿੰਦਾ ਹੈ।

54 “ਸੁਣੋ! ਬਾਬਲ ਤੋਂ ਚੀਕ-ਚਿਹਾੜਾ ਸੁਣਾਈ ਦਿੰਦਾ ਹੈ,+

ਕਸਦੀਆਂ ਦੇ ਦੇਸ਼ ਤੋਂ ਵੱਡੀ ਤਬਾਹੀ ਦੀ ਆਵਾਜ਼ ਆ ਰਹੀ ਹੈ+

55 ਕਿਉਂਕਿ ਯਹੋਵਾਹ ਬਾਬਲ ਨੂੰ ਨਾਸ਼ ਕਰ ਰਿਹਾ ਹੈ,

ਉਹ ਉਸ ਦੇ ਸ਼ੋਰ-ਸ਼ਰਾਬੇ ਨੂੰ ਖ਼ਾਮੋਸ਼ ਕਰ ਦੇਵੇਗਾ

ਅਤੇ ਉਸ ਦੇ ਦੁਸ਼ਮਣਾਂ ਦਾ ਰੌਲ਼ਾ ਸਮੁੰਦਰ ਦੀਆਂ ਲਹਿਰਾਂ ਵਾਂਗ ਹੋਵੇਗਾ।

ਉਨ੍ਹਾਂ ਦੇ ਰੌਲ਼ੇ ਦੀ ਆਵਾਜ਼ ਸੁਣਾਈ ਦੇਵੇਗੀ।

56 ਬਾਬਲ ਨੂੰ ਨਾਸ਼ ਕਰਨ ਵਾਲਾ ਆਵੇਗਾ;+

ਉਸ ਦੇ ਯੋਧੇ ਫੜੇ ਜਾਣਗੇ,+

ਉਨ੍ਹਾਂ ਦੀਆਂ ਕਮਾਨਾਂ ਦੇ ਟੋਟੇ-ਟੋਟੇ ਕਰ ਦਿੱਤੇ ਜਾਣਗੇ

ਕਿਉਂਕਿ ਯਹੋਵਾਹ ਯੋਗ ਸਜ਼ਾ ਦੇਣ ਵਾਲਾ ਪਰਮੇਸ਼ੁਰ ਹੈ।+

ਉਹ ਜ਼ਰੂਰ ਬਦਲਾ ਲਵੇਗਾ।+

57 ਮੈਂ ਉਸ ਦੇ ਹਾਕਮਾਂ ਅਤੇ ਉਸ ਦੇ ਬੁੱਧੀਮਾਨਾਂ ਨੂੰ ਸ਼ਰਾਬੀ ਕਰਾਂਗਾ+

ਨਾਲੇ ਉਸ ਦੇ ਰਾਜਪਾਲਾਂ, ਅਧਿਕਾਰੀਆਂ ਅਤੇ ਯੋਧਿਆਂ ਨੂੰ ਵੀ।

ਉਹ ਹਮੇਸ਼ਾ ਦੀ ਨੀਂਦ ਸੌਂ ਜਾਣਗੇ

ਅਤੇ ਫਿਰ ਕਦੇ ਨਹੀਂ ਜਾਗਣਗੇ,”+ ਰਾਜਾ ਕਹਿੰਦਾ ਹੈ, ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ।

58 ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ:

“ਭਾਵੇਂ ਕਿ ਬਾਬਲ ਦੀ ਕੰਧ ਚੌੜੀ ਹੈ, ਫਿਰ ਵੀ ਉਹ ਪੂਰੀ ਤਰ੍ਹਾਂ ਢਾਹ ਦਿੱਤੀ ਜਾਵੇਗੀ+

ਭਾਵੇਂ ਕਿ ਉਸ ਦੇ ਦਰਵਾਜ਼ੇ ਉੱਚੇ ਹਨ, ਫਿਰ ਵੀ ਉਹ ਅੱਗ ਨਾਲ ਸਾੜੇ ਜਾਣਗੇ।

ਦੇਸ਼-ਦੇਸ਼ ਦੇ ਲੋਕ ਬੇਕਾਰ ਹੀ ਮਿਹਨਤ ਕਰਨਗੇ;

ਅੱਗ ਕੌਮਾਂ ਦੀ ਸਾਰੀ ਹੱਡ-ਤੋੜ ਮਿਹਨਤ ਨੂੰ ਸਾੜ ਕੇ ਸੁਆਹ ਕਰ ਦੇਵੇਗੀ।”+

59 ਜਦੋਂ ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦੇ ਚੌਥੇ ਸਾਲ ਦੌਰਾਨ ਮਹਸੇਯਾਹ ਦਾ ਪੋਤਾ, ਨੇਰੀਯਾਹ ਦਾ ਪੁੱਤਰ+ ਸਰਾਯਾਹ ਰਾਜੇ ਨਾਲ ਬਾਬਲ ਗਿਆ ਸੀ, ਤਾਂ ਯਿਰਮਿਯਾਹ ਨਬੀ ਨੇ ਉਸ ਨੂੰ ਇਕ ਹੁਕਮ ਦਿੱਤਾ ਸੀ; ਸਰਾਯਾਹ ਰਾਜੇ ਦਾ ਨਿੱਜੀ ਪ੍ਰਬੰਧਕ ਸੀ। 60 ਯਿਰਮਿਯਾਹ ਨੇ ਬਾਬਲ ʼਤੇ ਆਉਣ ਵਾਲੀਆਂ ਸਾਰੀਆਂ ਬਿਪਤਾਵਾਂ ਯਾਨੀ ਬਾਬਲ ਦੇ ਖ਼ਿਲਾਫ਼ ਇਹ ਸਾਰੀਆਂ ਗੱਲਾਂ ਇਕ ਕਿਤਾਬ ਵਿਚ ਲਿਖੀਆਂ। 61 ਯਿਰਮਿਯਾਹ ਨੇ ਸਰਾਯਾਹ ਨੂੰ ਇਹ ਹੁਕਮ ਦਿੱਤਾ ਸੀ: “ਜਦ ਤੂੰ ਬਾਬਲ ਪਹੁੰਚ ਕੇ ਉਸ ਸ਼ਹਿਰ ਨੂੰ ਦੇਖੇਂਗਾ, ਤਾਂ ਤੂੰ ਇਹ ਸਾਰੀਆਂ ਗੱਲਾਂ ਉੱਚੀ ਆਵਾਜ਼ ਵਿਚ ਪੜ੍ਹ ਕੇ ਸੁਣਾਈਂ। 62 ਫਿਰ ਕਹੀਂ, ‘ਹੇ ਯਹੋਵਾਹ, ਤੂੰ ਇਸ ਸ਼ਹਿਰ ਬਾਰੇ ਕਿਹਾ ਸੀ ਕਿ ਇਸ ਨੂੰ ਨਾਸ਼ ਕਰ ਦਿੱਤਾ ਜਾਵੇਗਾ ਅਤੇ ਇੱਥੇ ਕੋਈ ਨਹੀਂ ਵੱਸੇਗਾ, ਨਾ ਇਨਸਾਨ ਅਤੇ ਨਾ ਹੀ ਜਾਨਵਰ। ਇਹ ਹਮੇਸ਼ਾ ਲਈ ਉੱਜੜ ਜਾਵੇਗਾ।’+ 63 ਜਦ ਤੂੰ ਇਸ ਕਿਤਾਬ ਨੂੰ ਪੜ੍ਹ ਹਟੇਂ, ਤਾਂ ਇਸ ਦੇ ਨਾਲ ਇਕ ਪੱਥਰ ਬੰਨ੍ਹ ਕੇ ਇਸ ਨੂੰ ਫ਼ਰਾਤ ਦਰਿਆ ਵਿਚ ਸੁੱਟ ਦੇਈਂ। 64 ਫਿਰ ਕਹੀਂ, ‘ਇਸੇ ਤਰ੍ਹਾਂ ਬਾਬਲ ਡੁੱਬ ਜਾਵੇਗਾ ਅਤੇ ਇਹ ਫਿਰ ਕਦੇ ਉੱਪਰ ਨਹੀਂ ਆਵੇਗਾ+ ਕਿਉਂਕਿ ਪਰਮੇਸ਼ੁਰ ਇਸ ʼਤੇ ਬਿਪਤਾ ਲਿਆ ਰਿਹਾ ਹੈ ਅਤੇ ਇਸ ਦੇ ਵਾਸੀ ਥੱਕ ਕੇ ਚੂਰ ਹੋ ਜਾਣਗੇ।’”+

ਇੱਥੇ ਯਿਰਮਿਯਾਹ ਦਾ ਸੰਦੇਸ਼ ਖ਼ਤਮ ਹੁੰਦਾ ਹੈ।

52 ਸਿਦਕੀਯਾਹ+ 21 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 11 ਸਾਲ ਯਰੂਸ਼ਲਮ ਵਿਚ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਹਮੂਟਲ+ ਸੀ ਜੋ ਲਿਬਨਾਹ ਦੇ ਰਹਿਣ ਵਾਲੇ ਯਿਰਮਿਯਾਹ ਦੀ ਧੀ ਸੀ। 2 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ, ਠੀਕ ਜਿਵੇਂ ਯਹੋਯਾਕੀਮ ਨੇ ਕੀਤਾ ਸੀ।+ 3 ਯਹੋਵਾਹ ਦਾ ਕ੍ਰੋਧ ਭੜਕਣ ਕਰਕੇ ਯਹੂਦਾਹ ਅਤੇ ਯਰੂਸ਼ਲਮ ਵਿਚ ਇਹ ਸਭ ਕੁਝ ਉਦੋਂ ਤਕ ਹੁੰਦਾ ਰਿਹਾ ਜਦ ਤਕ ਉਸ ਨੇ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਨਹੀਂ ਕਰ ਦਿੱਤਾ।+ ਸਿਦਕੀਯਾਹ ਨੇ ਬਾਬਲ ਦੇ ਰਾਜੇ ਖ਼ਿਲਾਫ਼ ਬਗਾਵਤ ਕਰ ਦਿੱਤੀ।+ 4 ਸਿਦਕੀਯਾਹ ਦੇ ਰਾਜ ਦੇ ਨੌਵੇਂ ਸਾਲ ਦੇ ਦਸਵੇਂ ਮਹੀਨੇ ਦੀ 10 ਤਾਰੀਖ਼ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ* ਆਪਣੀ ਸਾਰੀ ਫ਼ੌਜ ਨਾਲ ਯਰੂਸ਼ਲਮ ਖ਼ਿਲਾਫ਼ ਆਇਆ। ਉਨ੍ਹਾਂ ਨੇ ਇਸ ਖ਼ਿਲਾਫ਼ ਡੇਰਾ ਲਾਇਆ ਅਤੇ ਇਸ ਦੀ ਘੇਰਾਬੰਦੀ ਕਰਨ ਲਈ ਕੰਧ ਉਸਾਰੀ।+ 5 ਇਹ ਘੇਰਾਬੰਦੀ ਰਾਜਾ ਸਿਦਕੀਯਾਹ ਦੇ ਰਾਜ ਦੇ 11ਵੇਂ ਸਾਲ ਤਕ ਰਹੀ।

6 ਚੌਥੇ ਮਹੀਨੇ ਦੀ 9 ਤਾਰੀਖ਼+ ਨੂੰ ਸ਼ਹਿਰ ਵਿਚ ਕਾਲ਼ ਨੇ ਭਿਆਨਕ ਰੂਪ ਧਾਰ ਲਿਆ ਅਤੇ ਦੇਸ਼ ਦੇ ਲੋਕਾਂ ਕੋਲ ਖਾਣ ਲਈ ਕੁਝ ਵੀ ਨਹੀਂ ਸੀ।+ 7 ਅਖ਼ੀਰ ਵਿਚ ਸ਼ਹਿਰ ਦੀ ਕੰਧ ਤੋੜ ਦਿੱਤੀ ਗਈ ਅਤੇ ਸਾਰੇ ਫ਼ੌਜੀ ਰਾਤ ਨੂੰ ਰਾਜੇ ਦੇ ਬਾਗ਼ ਨੇੜਲੇ ਦੋ ਕੰਧਾਂ ਦੇ ਵਿਚਕਾਰ ਲੱਗੇ ਦਰਵਾਜ਼ੇ ਥਾਣੀਂ ਸ਼ਹਿਰ ਵਿੱਚੋਂ ਭੱਜ ਗਏ। ਉਸ ਵੇਲੇ ਕਸਦੀਆਂ ਨੇ ਸ਼ਹਿਰ ਨੂੰ ਘੇਰਿਆ ਹੋਇਆ ਸੀ; ਉਹ ਅਰਾਬਾਹ ਦੇ ਰਾਹ ਥਾਣੀਂ ਚਲੇ ਗਏ।+ 8 ਪਰ ਕਸਦੀ ਫ਼ੌਜ ਨੇ ਰਾਜੇ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੇ ਸਿਦਕੀਯਾਹ ਨੂੰ ਯਰੀਹੋ ਦੀ ਉਜਾੜ ਵਿਚ ਘੇਰ ਲਿਆ+ ਅਤੇ ਉਸ ਦੇ ਸਾਰੇ ਫ਼ੌਜੀ ਉਸ ਕੋਲੋਂ ਖਿੰਡ-ਪੁੰਡ ਗਏ। 9 ਫਿਰ ਉਨ੍ਹਾਂ ਨੇ ਰਾਜੇ ਨੂੰ ਫੜ ਲਿਆ ਅਤੇ ਉਸ ਨੂੰ ਹਮਾਥ ਦੇਸ਼ ਦੇ ਰਿਬਲਾਹ ਸ਼ਹਿਰ ਵਿਚ ਬਾਬਲ ਦੇ ਰਾਜੇ ਕੋਲ ਲੈ ਆਏ ਅਤੇ ਰਾਜੇ ਨੇ ਉਸ ਨੂੰ ਸਜ਼ਾ ਸੁਣਾਈ। 10 ਬਾਬਲ ਦੇ ਰਾਜੇ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਸ ਦੀਆਂ ਅੱਖਾਂ ਸਾਮ੍ਹਣੇ ਵੱਢ ਦਿੱਤਾ ਅਤੇ ਉਸ ਨੇ ਰਿਬਲਾਹ ਵਿਚ ਯਹੂਦਾਹ ਦੇ ਸਾਰੇ ਹਾਕਮਾਂ ਨੂੰ ਵੀ ਵੱਢ ਸੁੱਟਿਆ। 11 ਫਿਰ ਬਾਬਲ ਦੇ ਰਾਜੇ ਨੇ ਸਿਦਕੀਯਾਹ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ+ ਅਤੇ ਉਸ ਨੂੰ ਤਾਂਬੇ ਦੀਆਂ ਬੇੜੀਆਂ ਨਾਲ ਬੰਨ੍ਹ ਕੇ ਬਾਬਲ ਲੈ ਆਇਆ। ਰਾਜੇ ਨੇ ਸਿਦਕੀਯਾਹ ਨੂੰ ਉਸ ਦੀ ਮੌਤ ਤਕ ਕੈਦ ਵਿਚ ਰੱਖਿਆ।

12 ਪੰਜਵੇਂ ਮਹੀਨੇ ਦੀ 10 ਤਾਰੀਖ਼ ਨੂੰ ਯਾਨੀ ਬਾਬਲ ਦੇ ਰਾਜੇ ਨਬੂਕਦਨੱਸਰ* ਦੇ ਰਾਜ ਦੇ 19ਵੇਂ ਸਾਲ ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ, ਜੋ ਬਾਬਲ ਦੇ ਰਾਜੇ ਦਾ ਸੇਵਕ ਸੀ, ਯਰੂਸ਼ਲਮ ਆਇਆ।+ 13 ਉਸ ਨੇ ਯਹੋਵਾਹ ਦੇ ਭਵਨ, ਰਾਜੇ ਦੇ ਮਹਿਲ ਅਤੇ ਯਰੂਸ਼ਲਮ ਦੇ ਸਾਰੇ ਘਰਾਂ ਨੂੰ ਸਾੜ ਦਿੱਤਾ।+ ਨਾਲੇ ਉਸ ਨੇ ਸਾਰੇ ਵੱਡੇ ਘਰਾਂ ਨੂੰ ਵੀ ਸਾੜ ਸੁੱਟਿਆ। 14 ਪਹਿਰੇਦਾਰਾਂ ਦੇ ਮੁਖੀ ਨਾਲ ਆਈ ਕਸਦੀਆਂ ਦੀ ਸਾਰੀ ਫ਼ੌਜ ਨੇ ਯਰੂਸ਼ਲਮ ਦੁਆਲੇ ਬਣੀਆਂ ਕੰਧਾਂ ਨੂੰ ਢਾਹ ਦਿੱਤਾ।+

15 ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ ਕੁਝ ਗ਼ਰੀਬ ਲੋਕਾਂ ਨੂੰ ਅਤੇ ਸ਼ਹਿਰ ਵਿਚ ਬਾਕੀ ਰਹਿ ਗਏ ਲੋਕਾਂ ਨੂੰ ਬੰਦੀ ਬਣਾ ਕੇ ਲੈ ਗਿਆ। ਉਹ ਬਾਕੀ ਬਚੇ ਕਾਰੀਗਰਾਂ ਨੂੰ ਅਤੇ ਬਾਬਲ ਦੇ ਰਾਜੇ ਨਾਲ ਰਲ਼ੇ ਲੋਕਾਂ ਨੂੰ ਵੀ ਬੰਦੀ ਬਣਾ ਕੇ ਲੈ ਗਿਆ।+ 16 ਪਰ ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ ਦੇਸ਼ ਦੇ ਕੁਝ ਸਭ ਤੋਂ ਗ਼ਰੀਬ ਲੋਕਾਂ ਨੂੰ ਛੱਡ ਗਿਆ ਤਾਂਕਿ ਉਹ ਅੰਗੂਰਾਂ ਦੇ ਬਾਗ਼ਾਂ ਵਿਚ ਕੰਮ ਕਰਨ ਅਤੇ ਉਨ੍ਹਾਂ ਕੋਲੋਂ ਜਬਰੀ ਮਜ਼ਦੂਰੀ ਕਰਾਈ ਜਾਵੇ।+

17 ਕਸਦੀਆਂ ਨੇ ਯਹੋਵਾਹ ਦੇ ਭਵਨ ਦੇ ਤਾਂਬੇ ਦੇ ਥੰਮ੍ਹਾਂ,+ ਯਹੋਵਾਹ ਦੇ ਭਵਨ ਵਿਚ ਰੱਖੀਆਂ ਪਹੀਏਦਾਰ ਗੱਡੀਆਂ+ ਅਤੇ ਤਾਂਬੇ ਦੇ ਹੌਦ+ ਦੇ ਟੋਟੇ-ਟੋਟੇ ਕਰ ਦਿੱਤੇ ਅਤੇ ਸਾਰਾ ਤਾਂਬਾ ਬਾਬਲ ਲੈ ਗਏ।+ 18 ਨਾਲੇ ਉਹ ਬਾਲਟੀਆਂ, ਬੇਲਚੇ, ਬੱਤੀ ਨੂੰ ਕੱਟਣ ਵਾਲੀਆਂ ਕੈਂਚੀਆਂ, ਕਟੋਰੇ,+ ਪਿਆਲੇ+ ਅਤੇ ਤਾਂਬੇ ਦੀਆਂ ਸਾਰੀਆਂ ਚੀਜ਼ਾਂ ਲੈ ਗਏ ਜੋ ਮੰਦਰ ਵਿਚ ਸੇਵਾ ਕਰਨ ਲਈ ਵਰਤੀਆਂ ਜਾਂਦੀਆਂ ਸਨ। 19 ਪਹਿਰੇਦਾਰਾਂ ਦਾ ਮੁਖੀ ਖਾਲਸ ਸੋਨੇ ਅਤੇ ਚਾਂਦੀ ਦੇ ਬਣੇ+ ਛੋਟੇ ਹੌਦ,+ ਅੱਗ ਚੁੱਕਣ ਵਾਲੇ ਕੜਛੇ, ਕਟੋਰੇ, ਬਾਲਟੀਆਂ, ਸ਼ਮਾਦਾਨ,+ ਪਿਆਲੇ ਅਤੇ ਚੜ੍ਹਾਵੇ ਵੇਲੇ ਵਰਤੇ ਜਾਣ ਵਾਲੇ ਕਟੋਰੇ ਲੈ ਗਿਆ। 20 ਰਾਜਾ ਸੁਲੇਮਾਨ ਨੇ ਯਹੋਵਾਹ ਦੇ ਭਵਨ ਲਈ ਜੋ ਦੋ ਥੰਮ੍ਹ, ਪਹੀਏਦਾਰ ਗੱਡੀਆਂ, ਵੱਡਾ ਹੌਦ ਅਤੇ ਹੌਦ ਦੇ ਹੇਠਾਂ 12 ਤਾਂਬੇ ਦੇ ਬਲਦ+ ਬਣਾਏ ਸਨ, ਉਨ੍ਹਾਂ ਨੂੰ ਬਣਾਉਣ ਲਈ ਇੰਨਾ ਤਾਂਬਾ ਲੱਗਾ ਸੀ ਕਿ ਉਸ ਨੂੰ ਤੋਲਿਆ ਨਹੀਂ ਜਾ ਸਕਦਾ ਸੀ।

21 ਹਰੇਕ ਥੰਮ੍ਹ ਦੀ ਉਚਾਈ 18 ਹੱਥ* ਅਤੇ ਘੇਰਾ 12 ਹੱਥ ਸੀ।*+ ਇਹ ਚਾਰ ਉਂਗਲਾਂ* ਮੋਟੇ ਸਨ ਅਤੇ ਅੰਦਰੋਂ ਖੋਖਲੇ ਸਨ। 22 ਉਸ ਉੱਤੇ ਤਾਂਬੇ ਦਾ ਕੰਗੂਰਾ* ਬਣਿਆ ਹੋਇਆ ਸੀ; ਕੰਗੂਰੇ ਦੀ ਉਚਾਈ ਪੰਜ ਹੱਥ ਸੀ+ ਅਤੇ ਕੰਗੂਰੇ ʼਤੇ ਬਣੀ ਜਾਲ਼ੀ ਅਤੇ ਇਸ ਦੁਆਲੇ ਬਣੇ ਸਾਰੇ ਅਨਾਰ ਤਾਂਬੇ ਦੇ ਸਨ। ਦੂਸਰਾ ਥੰਮ੍ਹ ਅਤੇ ਅਨਾਰ ਵੀ ਇਸੇ ਤਰ੍ਹਾਂ ਦੇ ਸਨ। 23 ਇਸ ਦੇ ਆਲੇ-ਦੁਆਲੇ 96 ਅਨਾਰ ਬਣੇ ਹੋਏ ਸਨ; ਜਾਲ਼ੀ ਦੇ ਆਲੇ-ਦੁਆਲੇ ਕੁੱਲ 100 ਅਨਾਰ ਸਨ।+

24 ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ ਮੁੱਖ ਪੁਜਾਰੀ ਸਰਾਯਾਹ,+ ਦੂਸਰੇ ਪੁਜਾਰੀ ਸਫ਼ਨਯਾਹ+ ਅਤੇ ਤਿੰਨ ਦਰਬਾਨਾਂ ਨੂੰ ਵੀ ਲੈ ਗਿਆ।+ 25 ਉਹ ਸ਼ਹਿਰ ਵਿੱਚੋਂ ਇਕ ਦਰਬਾਰੀ ਨੂੰ ਲੈ ਗਿਆ ਜੋ ਫ਼ੌਜੀਆਂ ਉੱਤੇ ਅਧਿਕਾਰੀ ਸੀ ਅਤੇ ਸ਼ਹਿਰ ਵਿਚ ਮਿਲੇ ਰਾਜੇ ਦੇ ਸੱਤ ਸਲਾਹਕਾਰਾਂ ਨੂੰ, ਫ਼ੌਜ ਦੇ ਮੁਖੀ ਦੇ ਸਕੱਤਰ ਨੂੰ ਜੋ ਦੇਸ਼ ਦੇ ਲੋਕਾਂ ਨੂੰ ਫ਼ੌਜ ਵਿਚ ਭਰਤੀ ਕਰਦਾ ਸੀ ਅਤੇ ਦੇਸ਼ ਦੇ ਆਮ ਲੋਕਾਂ ਵਿੱਚੋਂ 60 ਆਦਮੀਆਂ ਨੂੰ ਲੈ ਗਿਆ ਜੋ ਅਜੇ ਵੀ ਸ਼ਹਿਰ ਵਿਚ ਸਨ। 26 ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ ਉਨ੍ਹਾਂ ਨੂੰ ਰਿਬਲਾਹ ਵਿਚ ਬਾਬਲ ਦੇ ਰਾਜੇ ਕੋਲ ਲੈ ਆਇਆ। 27 ਬਾਬਲ ਦੇ ਰਾਜੇ ਨੇ ਹਮਾਥ ਦੇਸ਼ ਦੇ ਰਿਬਲਾਹ ਸ਼ਹਿਰ ਵਿਚ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ।+ ਇਸ ਤਰ੍ਹਾਂ ਯਹੂਦਾਹ ਨੂੰ ਆਪਣੇ ਦੇਸ਼ ਵਿੱਚੋਂ ਕੱਢ ਕੇ ਗ਼ੁਲਾਮੀ ਵਿਚ ਲਿਜਾਇਆ ਗਿਆ।+

28 ਨਬੂਕਦਨੱਸਰ* ਇਨ੍ਹਾਂ ਲੋਕਾਂ ਨੂੰ ਬੰਦੀ ਬਣਾ ਕੇ ਲੈ ਗਿਆ ਸੀ: ਸੱਤਵੇਂ ਸਾਲ 3,023 ਯਹੂਦੀਆਂ ਨੂੰ।+

29 ਨਬੂਕਦਨੱਸਰ* ਦੇ ਰਾਜ ਦੇ 18ਵੇਂ ਸਾਲ+ ਦੌਰਾਨ ਯਰੂਸ਼ਲਮ ਤੋਂ 832 ਲੋਕਾਂ ਨੂੰ ਲਿਜਾਇਆ ਗਿਆ।

30 ਨਬੂਕਦਨੱਸਰ* ਦੇ ਰਾਜ ਦੇ 23ਵੇਂ ਸਾਲ ਦੌਰਾਨ ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ 745 ਯਹੂਦੀਆਂ ਨੂੰ ਬੰਦੀ ਬਣਾ ਕੇ ਲੈ ਗਿਆ।+

ਕੁੱਲ ਮਿਲਾ ਕੇ 4,600 ਲੋਕਾਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ।

31 ਫਿਰ ਯਹੂਦਾਹ ਦੇ ਰਾਜੇ ਯਹੋਯਾਕੀਨ ਦੀ ਗ਼ੁਲਾਮੀ ਦੇ 37ਵੇਂ ਸਾਲ+ ਦੇ 12ਵੇਂ ਮਹੀਨੇ ਦੀ 25 ਤਾਰੀਖ਼ ਨੂੰ ਬਾਬਲ ਦੇ ਰਾਜੇ ਅਵੀਲ-ਮਰੋਦਕ ਨੇ ਆਪਣੇ ਰਾਜ ਦੇ ਪਹਿਲੇ ਸਾਲ ਦੌਰਾਨ ਯਹੂਦਾਹ ਦੇ ਰਾਜੇ ਯਹੋਯਾਕੀਨ ਨੂੰ ਕੈਦ ਵਿੱਚੋਂ ਰਿਹਾ ਕਰ ਦਿੱਤਾ।*+ 32 ਉਸ ਨੇ ਯਹੋਯਾਕੀਨ ਨਾਲ ਨਰਮਾਈ ਨਾਲ ਗੱਲ ਕੀਤੀ ਅਤੇ ਉਸ ਨੂੰ ਦੂਜੇ ਰਾਜਿਆਂ ਨਾਲੋਂ ਵੱਧ ਇੱਜ਼ਤ-ਮਾਣ* ਬਖ਼ਸ਼ਿਆ ਜੋ ਉਸ ਦੇ ਨਾਲ ਬਾਬਲ ਵਿਚ ਸਨ। 33 ਯਹੋਯਾਕੀਨ ਨੇ ਕੈਦੀਆਂ ਵਾਲੇ ਕੱਪੜੇ ਲਾਹ ਦਿੱਤੇ ਅਤੇ ਉਹ ਆਪਣੀ ਜ਼ਿੰਦਗੀ ਦੇ ਸਾਰੇ ਦਿਨਾਂ ਦੌਰਾਨ ਰਾਜੇ ਦੇ ਮੇਜ਼ ਤੋਂ ਖਾਣਾ ਖਾਂਦਾ ਰਿਹਾ। 34 ਉਸ ਦੀ ਮੌਤ ਹੋਣ ਤਕ ਸਾਰੀ ਜ਼ਿੰਦਗੀ ਉਸ ਨੂੰ ਰੋਜ਼ਾਨਾ ਬਾਬਲ ਦੇ ਰਾਜੇ ਤੋਂ ਖਾਣਾ ਮਿਲਦਾ ਰਿਹਾ।

ਸ਼ਾਇਦ ਇਸ ਦਾ ਮਤਲਬ ਹੈ “ਯਹੋਵਾਹ ਉੱਚਾ ਚੁੱਕਦਾ ਹੈ।”

ਜਾਂ, “ਚੁਣਿਆ।”

ਇਬ, “ਕੁੱਖ ਵਿੱਚੋਂ ਬਾਹਰ ਆਉਣ ਤੋਂ ਪਹਿਲਾਂ ਹੀ।”

ਜਾਂ, “ਵੱਖਰਾ ਕੀਤਾ।”

ਇਬ, “ਜਾਗਣ ਵਾਲੇ।”

ਜਾਂ, “ਚੌੜ੍ਹੇ ਮੂੰਹ ਵਾਲਾ ਪਤੀਲਾ।”

ਇੱਥੇ ਵਰਤੇ ਗਏ ਇਬਰਾਨੀ ਸ਼ਬਦ ਦਾ ਮਤਲਬ ਧੂਪ ਧੁਖਾਉਣਾ ਵੀ ਹੋ ਸਕਦਾ ਹੈ।

ਇਬ, “ਆਪਣਾ ਲੱਕ ਬੰਨ੍ਹ।”

ਜਾਂ, “ਹਰਾ।”

ਜਾਂ, “ਅਟੱਲ ਪਿਆਰ।”

ਇਬ, “ਕਿੱਥੇ ਹੈ ਯਹੋਵਾਹ?”

ਜਾਂ, “ਫਲਾਂ ਦੇ ਬਾਗ਼ਾਂ ਦੇ ਦੇਸ਼।”

ਇਬ, “ਕਿੱਥੇ ਹੈ ਯਹੋਵਾਹ?”

ਜਾਂ, “ਜੀਵਨ ਦੇਣ ਵਾਲੇ ਪਾਣੀ।”

ਜਾਂ, “ਤਰਾਸ਼ੇ,” ਸ਼ਾਇਦ ਚਟਾਨ ਵਿਚ।

ਜਾਂ, “ਮੈਮਫ਼ਿਸ।”

ਯਾਨੀ, ਨੀਲ ਦਰਿਆ ਦੀ ਇਕ ਸਹਾਇਕ ਨਦੀ।

ਇਬ, “ਮਹੀਨੇ।”

ਜਾਂ, “ਹੋਰ ਕੌਮਾਂ ਦੇ ਦੇਵਤਿਆਂ।”

ਇਬ, “ਆਪਣੇ ਹੱਥ ਆਪਣੇ ਸਿਰ ʼਤੇ ਰੱਖ ਕੇ ਬਾਹਰ ਨਿਕਲੇਂਗੀ।”

ਇਬ, “ਅਰਬੀ।”

ਇਬ, “ਤੇਰਾ ਮੱਥਾ ਉਸ ਪਤਨੀ ਵਰਗਾ ਹੈ।”

ਜਾਂ, “ਹੋਰ ਕੌਮਾਂ ਦੇ ਦੇਵਤਿਆਂ।”

ਜਾਂ ਸੰਭਵ ਹੈ, “ਤੁਹਾਡਾ ਪਤੀ।”

ਇਬ, “ਮੇਰੇ ਦਿਲ।”

ਇਬ, “ਕੌਮਾਂ ਦੀਆਂ ਫ਼ੌਜਾਂ ਦੀ।”

ਇਬ, “ਸਾਥੀ।”

ਜਾਂ, “ਸ਼ਰਮਨਾਕ ਦੇਵਤੇ।”

ਜਾਂ, “ਕੌਮਾਂ ਆਪਣੇ ਲਈ ਬਰਕਤ ਹਾਸਲ ਕਰਨਗੀਆਂ।”

ਜਾਂ, “ਛਾਤੀ ਪਿੱਟੋ।”

ਜਾਂ, “ਹੌਸਲਾ।”

ਜਾਂ, “ਹੌਸਲਾ।”

ਸ਼ਾਇਦ ਦਇਆ ਜਾਂ ਹਮਦਰਦੀ ਦਿਖਾਉਣ ਲਈ ਉਨ੍ਹਾਂ ਨੂੰ ਧੀ ਕਿਹਾ ਗਿਆ ਹੈ।

ਇਬ, “ਨਜ਼ਰ ਰੱਖਣ ਵਾਲੇ,” ਯਾਨੀ ਉਹ ਲੋਕ ਜੋ ਸ਼ਹਿਰ ʼਤੇ ਨਜ਼ਰ ਰੱਖਦੇ ਸਨ ਕਿ ਕਦੋਂ ਇਸ ʼਤੇ ਹਮਲਾ ਕਰਨਾ ਹੈ।

ਜਾਂ, “ਦਿਲ।”

ਇਬ, “ਮੇਰੀਆਂ ਆਂਦਰਾਂ! ਮੇਰੀਆਂ ਆਂਦਰਾਂ!”

ਇਬ, “ਮੇਰੇ ਦਿਲ ਦੇ ਪਰਦੇ।”

ਇਕੱਠੇ ਹੋਣ ਦਾ ਇਸ਼ਾਰਾ ਕਰਨ ਲਈ।

ਜਾਂ, “ਅਕਲਮੰਦ।”

ਜਾਂ, “ਮੈਨੂੰ ਇਸ ʼਤੇ ਅਫ਼ਸੋਸ ਨਹੀਂ ਹੋਵੇਗਾ।”

ਇਬ, “ਉਹ ਕਮਜ਼ੋਰ ਨਹੀਂ ਹੋਏ।”

ਜਾਂ ਸੰਭਵ ਹੈ, “ਉਹ ਹੈ ਹੀ ਨਹੀਂ।”

ਜਾਂ, “ਤੀਰਦਾਨ।”

ਇਬ, “ਬਿਨਾਂ ਦਿਲ ਦੇ ਮੂਰਖ ਲੋਕੋ।”

ਜਾਂ, “ਠੰਢਾ।”

ਜਾਂ, “ਠੰਢਾ।”

ਇਬ, “ਉਨ੍ਹਾਂ ਦੇ ਕੰਨ ਬੇਸੁੰਨਤੇ ਹਨ।”

ਜਾਂ, “ਦੀ ਟੁੱਟੀ ਹੱਡੀ।”

ਜਾਂ, “ਮੇਰੀ ਸਿੱਖਿਆ।”

ਇਕ ਖ਼ੁਸ਼ਬੂਦਾਰ ਘਾਹ।

ਇਬ, “ਜਣਨ-ਪੀੜਾਂ।”

ਯਾਨੀ, ਯਿਰਮਿਯਾਹ।

ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”

ਇਬ, “ਸਵੇਰੇ ਤੜਕੇ ਉੱਠ ਕੇ।”

ਇਕ ਦੇਵੀ ਦਾ ਖ਼ਿਤਾਬ ਜਿਸ ਦੀ ਧਰਮ-ਤਿਆਗੀ ਇਜ਼ਰਾਈਲੀ ਭਗਤੀ ਕਰਦੇ ਸਨ; ਬੱਚੇ ਦੀ ਦਾਤ ਬਖ਼ਸ਼ਣ ਵਾਲੀ ਦੇਵੀ।

ਜਾਂ, “ਗੁੱਸਾ ਚੜ੍ਹਾ ਰਹੇ; ਭੜਕਾ ਰਹੇ।”

ਜਾਂ, “ਸਲਾਹਾਂ।”

ਇਬ, “ਸਵੇਰੇ ਤੜਕੇ ਉੱਠ ਕੇ।”

ਇਬ, “ਉਨ੍ਹਾਂ ਨੇ ਆਪਣੀਆਂ ਧੌਣਾਂ ਅਕੜਾ ਲਈਆਂ।”

ਜਾਂ, “ਸਮਰਪਿਤ।”

ਜਾਂ, “ਮਾਤਮ।”

ਸ਼ਬਦਾਵਲੀ “ਗ਼ਹੈਨਾ” ਦੇਖੋ।

ਸ਼ਬਦਾਵਲੀ “ਗ਼ਹੈਨਾ” ਦੇਖੋ।

ਜਾਂ, “ਆਪਣਾ ਮਿਥਿਆ ਸਮਾਂ।”

ਜਾਂ, “ਦੀ ਸਿੱਖਿਆ।”

ਜਾਂ, “ਸਕੱਤਰਾਂ।”

ਜਾਂ, “ਦੀ ਟੁੱਟੀ ਹੱਡੀ।”

ਜਾਂ, “ਗੁੱਗਲ; ਮਲ੍ਹਮ।”

ਜਾਂ, “ਮਾਤਮ।”

ਜਾਂ, “ਮੇਰੀ ਸਿੱਖਿਆ।”

ਜਾਂ, “ਵਿਰਲਾਪ; ਮਾਤਮ ਦੇ ਗੀਤ ਗਾਉਣ।”

ਜਾਂ, “ਮਾਤਮ।”

ਜਾਂ, “ਵਿਅਰਥ।”

ਜਾਂ, “ਦਾਤ।”

ਯਾਨੀ, ਲੱਕੜ ਦੀ ਮੂਰਤ।

ਜਾਂ, “ਲਈ ਵਿਅਰਥ ਹੈ।”

ਆਇਤ 11 ਪਹਿਲਾਂ ਅਰਾਮੀ ਭਾਸ਼ਾ ਵਿਚ ਲਿਖੀ ਗਈ ਸੀ।

ਜਾਂ, “ਬੱਦਲਾਂ।”

ਜਾਂ, “ਘੜੀਆਂ ਹੋਈਆਂ ਮੂਰਤਾਂ।”

ਜਾਂ, “ਢਾਲ਼ੀਆਂ ਹੋਈਆਂ।”

ਜਾਂ, “ਵਿਅਰਥ।”

ਇਬ, “ਹਿੱਸਾ।”

ਜਾਂ, “ਗੋਪੀਏ ਨਾਲ ਬਾਹਰ ਸੁੱਟਣ ਵਾਲਾ ਹਾਂ।”

ਲੱਗਦਾ ਹੈ ਕਿ ਇੱਥੇ ਪਰਮੇਸ਼ੁਰ ਯਿਰਮਿਯਾਹ ਨੂੰ ਇੱਦਾਂ ਕਰਨ ਲਈ ਕਹਿ ਰਿਹਾ ਹੈ।

ਜਾਂ, “ਇਸੇ ਤਰ੍ਹਾਂ ਹੋਵੇ!”

ਇਬ, “ਸਵੇਰੇ ਤੜਕੇ ਉੱਠ ਕੇ।”

ਜਾਂ, “ਸ਼ਰਮਨਾਕ ਦੇਵਤੇ।”

ਯਾਨੀ, ਯਿਰਮਿਯਾਹ।

ਯਾਨੀ, ਮੰਦਰ ਵਿਚ ਚੜ੍ਹਾਈਆਂ ਜਾਂਦੀਆਂ ਬਲ਼ੀਆਂ।

ਯਾਨੀ, ਯਹੂਦਾਹ।

ਜਾਂ, “ਡੂੰਘੀਆਂ ਭਾਵਨਾਵਾਂ।” ਇਬ, “ਗੁਰਦਿਆਂ।”

ਜਾਂ, “ਡੂੰਘੀਆਂ ਭਾਵਨਾਵਾਂ।” ਇਬ, “ਗੁਰਦੇ।”

ਜਾਂ, “ਡੱਬ-ਖੜੱਬੇ।”

ਜਾਂ ਸੰਭਵ ਹੈ, “ਇਹ ਸੋਗ ਮਨਾਉਂਦੀ ਹੈ।”

ਜਾਂ, “ਸ਼ਹਿਰਾਂ ਦੀ ਘੇਰਾਬੰਦੀ ਕੀਤੀ ਗਈ ਹੈ।”

ਜਾਂ, “ਇਥੋਪੀਆਈ।”

ਜਾਂ, “ਸ਼ਰਮਨਾਕ।”

ਜਾਂ, “ਛੋਟੇ ਲੋਕਾਂ।”

ਜਾਂ, “ਖਾਈਆਂ।”

ਜਾਂ, “ਬੀਮਾਰੀ।”

ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।

ਜਾਂ ਸੰਭਵ ਹੈ, “ਚਾਰ ਤਰੀਕਿਆਂ ਨਾਲ ਸਜ਼ਾ।” ਇਬ, “ਚਾਰ ਪਰਿਵਾਰਾਂ।”

ਜਾਂ ਸੰਭਵ ਹੈ, “ਤੁਸੀਂ ਵਾਰ-ਵਾਰ ਪੁੱਠੇ ਪੈਰੀਂ ਤੁਰਦੇ ਰਹੇ।”

ਇਬ, “ਦਰਵਾਜ਼ਿਆਂ।”

ਜਾਂ ਸੰਭਵ ਹੈ, “ਸੂਰਜ ਸ਼ਰਮਿੰਦਾ ਅਤੇ ਬੇਇੱਜ਼ਤ ਹੋਇਆ ਹੈ।”

ਜਾਂ, “ਸਜ਼ਾ ਦਾ ਸੰਦੇਸ਼।”

ਜਾਂ, “ਤੂੰ ਮੇਰਾ ਬੁਲਾਰਾ ਬਣੇਂਗਾ।”

ਜਾਂ, “ਹਰਾ।”

ਬਾਗ਼ੀ ਇਜ਼ਰਾਈਲ ਵਿਚ ਸੋਗ ਮਨਾਉਣ ਵੇਲੇ ਝੂਠੇ ਧਰਮਾਂ ਦੇ ਇਹ ਰੀਤੀ-ਰਿਵਾਜ ਕੀਤੇ ਜਾਂਦੇ ਸਨ।

ਇਬ, “ਰਾਹਾਂ।”

ਇਬ, “ਲਾਸ਼ਾਂ।”

ਯਾਨੀ, ਝੂਠੇ ਦੇਵਤਿਆਂ ਦੀ ਭਗਤੀ।

ਸ਼ਬਦਾਵਲੀ ਦੇਖੋ।

ਜਾਂ ਸੰਭਵ ਹੈ, “ਮੇਰੇ ਗੁੱਸੇ ਕਰਕੇ ਤੈਨੂੰ ਅੱਗ ਵਾਂਗ ਬਾਲ਼ਿਆ ਗਿਆ ਹੈ।”

ਜਾਂ, “ਤਕੜਾ ਇਨਸਾਨ।”

ਜਾਂ, “ਤਕੜੇ ਇਨਸਾਨ।”

ਜਾਂ, “ਵਿਸ਼ਵਾਸ ਰੱਖਦਾ ਹੈ।”

ਜਾਂ, “ਚਾਲਬਾਜ਼।”

ਜਾਂ ਸੰਭਵ ਹੈ, “ਲਾਇਲਾਜ।”

ਜਾਂ, “ਡੂੰਘੀਆਂ ਭਾਵਨਾਵਾਂ।” ਇਬ, “ਗੁਰਦਿਆਂ।”

ਜਾਂ, “ਇਨਸਾਫ਼ ਤੋਂ ਬਿਨਾਂ।”

ਇਬ, “ਮੇਰੇ,” ਲੱਗਦਾ ਹੈ ਕਿ ਇੱਥੇ ਯਹੋਵਾਹ ਦੀ ਗੱਲ ਕੀਤੀ ਗਈ ਹੈ।

ਜਾਂ, “ਦੋ ਵਾਰ।”

ਇਬ, “ਉਨ੍ਹਾਂ ਨੇ ਆਪਣੀਆਂ ਧੌਣਾਂ ਅਕੜਾ ਲਈਆਂ।”

ਜਾਂ, “ਦੱਖਣ।”

ਇਬ, “ਆਪਣੀਆਂ ਨਜ਼ਰਾਂ ਵਿਚ ਸਹੀ।”

ਜਾਂ, “ਮੈਨੂੰ ਆਪਣੇ ਫ਼ੈਸਲੇ ʼਤੇ ਅਫ਼ਸੋਸ ਹੋਵੇਗਾ।”

ਜਾਂ, “ਮੈਨੂੰ ਆਪਣੇ ਫ਼ੈਸਲੇ ʼਤੇ ਅਫ਼ਸੋਸ ਹੋਵੇਗਾ।”

ਜਾਂ, “ਧੂਪ ਧੁਖਾਉਂਦੇ ਹਨ।”

ਹੈਰਾਨੀ ਜਾਂ ਘਿਰਣਾ ਜ਼ਾਹਰ ਕਰਨ ਲਈ।

ਜਾਂ, “ਸਾਨੂੰ ਸਿੱਖਿਆ ਦਿੰਦੇ ਰਹਿਣਗੇ।”

ਇਬ, “ਉਸ ਨੂੰ ਜੀਭ ਨਾਲ ਮਾਰੀਏ।”

ਇਬ, “ਨਾ ਢਕ।”

ਹੈਰਾਨੀ ਜਾਂ ਘਿਰਣਾ ਜ਼ਾਹਰ ਕਰਨ ਲਈ।

ਇਬ, “ਧੌਣਾਂ ਅਕੜਾ ਕੇ।”

ਜਾਂ, “ਡੂੰਘੀਆਂ ਭਾਵਨਾਵਾਂ।” ਇਬ, “ਗੁਰਦਿਆਂ।”

ਇਬ, “ਨਬੂਕਦਰਸਰ।”

ਜਾਂ, “ਤੁਹਾਡੇ ਵੱਲ ਮੋੜ ਦਿਆਂਗਾ।”

ਜਾਂ, “ਬੀਮਾਰੀ।”

ਇਬ, “ਨਬੂਕਦਰਸਰ।”

ਜਾਂ, “ਉਸ ਦੀ ਜਾਨ ਉਸ ਲਈ ਲੁੱਟ ਦਾ ਮਾਲ ਹੋਵੇਗੀ।”

ਜਾਂ, “ਘਰ।”

ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”

ਇਬ, “ਅਲੱਗ ਰੱਖਾਂਗਾ।”

ਇਸ ਨੂੰ ਯਹੋਆਹਾਜ਼ ਵੀ ਕਿਹਾ ਜਾਂਦਾ ਸੀ।

ਜਾਂ, “ਲਾਲ।”

ਇਸ ਨੂੰ ਯਹੋਯਾਕੀਨ ਅਤੇ ਯਕਾਨਯਾਹ ਵੀ ਕਿਹਾ ਜਾਂਦਾ ਸੀ।

ਇਬ, “ਨਬੂਕਦਰਸਰ।”

ਜਾਂ, “ਦੇਸ਼।”

ਇਬ, “ਆਪਣੇ ਦਿਨਾਂ ਦੌਰਾਨ।”

ਜਾਂ, “ਵਾਰਸ ਖੜ੍ਹਾ ਕਰਾਂਗਾ।”

ਇਬ, “ਦੇ ਹੱਥਾਂ ਨੂੰ ਤਕੜਾ ਕਰਦੇ ਹਨ।”

ਜਾਂ, “ਅਮੂਰਾਹ।”

ਜਾਂ, “ਉਹ ਤੁਹਾਨੂੰ ਝੂਠੀਆਂ ਉਮੀਦਾਂ ਦਿੰਦੇ ਹਨ।”

ਜਾਂ, “ਭਾਰੀ ਸੰਦੇਸ਼।” ਇੱਥੇ ਇਬਰਾਨੀ ਸ਼ਬਦ ਦਾ ਦੋਹਰਾ ਮਤਲਬ ਹੈ: “ਪਰਮੇਸ਼ੁਰ ਦਾ ਭਾਰਾ ਸੰਦੇਸ਼” ਜਾਂ “ਕੋਈ ਭਾਰੀ ਚੀਜ਼।”

ਜਾਂ, “ਭਾਰੀ ਸੰਦੇਸ਼।”

ਜਾਂ, “ਭਾਰੀ ਸੰਦੇਸ਼।”

ਜਾਂ, “ਭਾਰੀ ਸੰਦੇਸ਼।”

ਜਾਂ, “ਭਾਰੀ ਸੰਦੇਸ਼।”

ਜਾਂ, “ਭਾਰੀ ਸੰਦੇਸ਼।”

ਜਾਂ, “ਭਾਰੀ ਸੰਦੇਸ਼।”

ਇਬ, “ਨਬੂਕਦਰਸਰ।”

ਇਸ ਨੂੰ ਯਹੋਯਾਕੀਨ ਅਤੇ ਕਾਨਯਾਹ ਵੀ ਕਿਹਾ ਜਾਂਦਾ ਸੀ।

ਜਾਂ ਸੰਭਵ ਹੈ, “ਰੱਖਿਆ ਲਈ ਬਾਹਰਲੀ ਕੰਧ ਬਣਾਉਣ ਵਾਲੇ।”

ਇਹ ਅੰਜੀਰਾਂ ਸਾਲ ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਤੋੜੀਆਂ ਜਾਂਦੀਆਂ ਸਨ।

ਜਾਂ, “ਬੀਮਾਰੀ।”

ਇਬ, “ਨਬੂਕਦਰਸਰ।”

ਜਾਂ, “ਨੂੰ।”

ਇਬ, “ਸਵੇਰੇ ਤੜਕੇ ਉੱਠ ਕੇ।”

ਇਬ, “ਸਵੇਰੇ ਤੜਕੇ ਉੱਠ ਕੇ।”

ਇਬ, “ਨਬੂਕਦਰਸਰ।”

ਹੈਰਾਨੀ ਜਾਂ ਘਿਰਣਾ ਜ਼ਾਹਰ ਕਰਨ ਲਈ।

ਜਾਂ, “ਦੀ ਸਜ਼ਾ ਦਿਆਂਗਾ।”

ਲੱਗਦਾ ਹੈ ਕਿ ਇਹ ਬਾਬਲ ਦਾ ਇਕ ਗੁਪਤ ਨਾਂ ਸੀ।

ਜਾਂ, “ਬਾਰੇ।”

ਜਾਂ, “ਮੱਥਾ ਟੇਕਣ।”

ਜਾਂ, “ਮੈਨੂੰ ਆਪਣੇ ਫ਼ੈਸਲੇ ʼਤੇ ਅਫ਼ਸੋਸ ਹੋਵੇਗਾ ਅਤੇ ਮੈਂ।”

ਜਾਂ, “ਸਿੱਖਿਆ।”

ਇਬ, “ਸਵੇਰੇ ਤੜਕੇ ਉੱਠ ਕੇ।”

ਜਾਂ, “ਨੂੰ ਆਪਣੇ ਫ਼ੈਸਲੇ ʼਤੇ ਅਫ਼ਸੋਸ ਹੋਵੇਗਾ ਅਤੇ ਉਹ।”

ਜਾਂ, “ਮੰਦਰ ਵਾਲਾ ਪਹਾੜ।”

ਜਾਂ, “ਨੂੰ ਆਪਣੇ ਫ਼ੈਸਲੇ ʼਤੇ ਅਫ਼ਸੋਸ ਹੋਇਆ ਅਤੇ ਉਸ ਨੇ।”

ਯਾਨੀ, ਯਿਰਮਿਯਾਹ ਨੂੰ ਜਾਨੋਂ ਮਾਰ ਕੇ।

ਇਬ, “ਪਸਾਰੀ ਹੋਈ ਬਾਂਹ।”

ਇਬ, “ਜਿਹੜੇ ਮੇਰੀਆਂ ਨਜ਼ਰਾਂ ਵਿਚ ਸਹੀ ਹਨ।”

ਜਾਂ, “ਬੀਮਾਰੀ।”

ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।

ਇਬ, “ਆਰਾਮ ਕਰਨ।”

ਜਾਂ, “ਮਹਿਲ।”

ਯਾਨੀ, ਮੰਦਰ ਵਿਚ ਰੱਖਿਆ ਤਾਂਬੇ ਦਾ ਹੌਦ।

ਜਾਂ, “ਮਹਿਲ।”

ਜਾਂ, “ਇਸੇ ਤਰ੍ਹਾਂ ਹੋਵੇ!”

ਜਾਂ, “ਬੀਮਾਰੀਆਂ।”

ਜਾਂ ਸੰਭਵ ਹੈ, “ਰੱਖਿਆ ਲਈ ਬਾਹਰਲੀ ਕੰਧ ਬਣਾਉਣ ਵਾਲਿਆਂ।”

ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।

ਜਾਂ, “ਬੀਮਾਰੀ।”

ਜਾਂ ਸੰਭਵ ਹੈ, “ਪਾਟੀਆਂ ਹੋਈਆਂ।”

ਹੈਰਾਨੀ ਜਾਂ ਘਿਰਣਾ ਜ਼ਾਹਰ ਕਰਨ ਲਈ।

ਇਬ, “ਸਵੇਰੇ ਤੜਕੇ ਉੱਠ ਕੇ।”

ਇਬ, “ਨਬੂਕਦਰਸਰ।”

ਇੱਥੇ ਇਬਰਾਨੀ ਵਿਚ ਦੋ ਤਰ੍ਹਾਂ ਦੇ ਸ਼ਿਕੰਜਿਆਂ ਦੀ ਗੱਲ ਕੀਤੀ ਗਈ ਹੈ, ਇਕ ਪੈਰਾਂ ਨੂੰ ਜਕੜਨ ਲਈ ਅਤੇ ਦੂਜਾ ਸਿਰ ਅਤੇ ਹੱਥਾਂ ਨੂੰ ਜਕੜਨ ਲਈ।

ਜਾਂ, “ਲੱਕ।”

ਇਬ, “ਮਹਾਨ।”

ਇਬ, “ਤੇਰੀ ਜੰਜ਼ੀਰ।”

ਜਾਂ, “ਵਿਦੇਸ਼ੀ।”

ਜਾਂ, “ਉਨ੍ਹਾਂ।”

ਜਾਂ, “ਸੁਧਾਰਾਂਗਾ।”

ਜਾਂ ਸੰਭਵ ਹੈ, “ਨੂੰ ਇੱਜ਼ਤ ਬਖ਼ਸ਼ਾਂਗਾ।”

ਜਾਂ, “ਤੈਨੂੰ ਅਟੱਲ ਪਿਆਰ ਦਿਖਾਉਂਦਾ ਰਿਹਾ।”

ਜਾਂ, “ਹੱਸਣ ਵਾਲਿਆਂ ਨਾਲ ਨੱਚਦੀ ਹੋਈ ਬਾਹਰ ਨਿਕਲੇਂਗੀ।”

ਜਾਂ, “ਤੋਂ ਮਿਲੀਆਂ ਚੰਗੀਆਂ ਚੀਜ਼ਾਂ।”

ਇਬ, “ਚਰਬੀ।”

ਜਾਂ, “ਬੱਚਿਆਂ।”

ਸ਼ਬਦਾਵਲੀ ਦੇਖੋ।

ਜਾਂ, “ਦੀ ਸੰਤਾਨ।”

ਜਾਂ ਸੰਭਵ ਹੈ, “ਉਨ੍ਹਾਂ ਦਾ ਪਤੀ।”

ਜਾਂ, “ਨਿਯਮ।”

ਜਾਂ, “ਚਰਬੀ ਵਾਲੀ ਸੁਆਹ,” ਯਾਨੀ ਚੜ੍ਹਾਏ ਗਏ ਜਾਨਵਰਾਂ ਦੀ ਚਰਬੀ ਨਾਲ ਗਿੱਲੀ ਹੋਈ ਸੁਆਹ।

ਇਬ, “ਨਬੂਕਦਰਸਰ।”

ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਸੱਤ ਸ਼ੇਕੇਲ ਅਤੇ 10 ਚਾਂਦੀ ਦੇ ਟੁਕੜੇ।”

ਇਬ, “ਪਸਾਰੀ ਹੋਈ ਬਾਂਹ।”

ਇਬ, “ਦੀ ਝੋਲ਼ੀ ਵਿਚ ਪਾਉਂਦਾ ਹੈ।”

ਇਬ, “ਯੋਜਨਾਵਾਂ।”

ਇਬ, “ਪਸਾਰੀ ਹੋਈ ਬਾਂਹ।”

ਜਾਂ, “ਬੀਮਾਰੀ।”

ਇਬ, “ਨਬੂਕਦਰਸਰ।”

ਇਬ, “ਸਵੇਰੇ ਤੜਕੇ ਉੱਠ ਕੇ।”

ਸ਼ਬਦਾਵਲੀ, “ਗ਼ਹੈਨਾ” ਦੇਖੋ।

ਇਬ, “ਨੂੰ ਅੱਗ ਦੇ ਵਿੱਚੋਂ ਦੀ ਲੰਘਾਉਣ।”

ਇਬ, “ਲਾਵਾਂਗਾ।”

ਜਾਂ, “ਨੂੰ ਚੰਗੀਆਂ ਚੀਜ਼ਾਂ ਦਿਆਂਗਾ।”

ਜਾਂ, “ਵਾਰਸ ਖੜ੍ਹਾ ਕਰਾਂਗਾ।”

ਇਬ, “ਬੀ।”

ਜਾਂ, “ਨਿਯਮ।”

ਇਬ, “ਬੀ।”

ਇਬ, “ਬੀ।”

ਇਬ, “ਬੀ।”

ਇਬ, “ਬੀ।”

ਇਬ, “ਨਬੂਕਦਰਸਰ।”

ਇਬ, “ਸੱਤਾਂ ਸਾਲਾਂ ਦੇ ਅਖ਼ੀਰ ਵਿਚ।”

ਇਬ, “ਅੱਜ।”

ਜਾਂ, “ਬੀਮਾਰੀ।”

ਪੁਰਾਣੇ ਜ਼ਮਾਨੇ ਵਿਚ ਇਕਰਾਰ ਕਰਨ ਲਈ ਇਹ ਰਸਮ ਨਿਭਾਈ ਜਾਂਦੀ ਸੀ।

ਇਬ, “ਯੋਨਾਦਾਬ।” ਇਹ ਯਹੋਨਾਦਾਬ ਨਾਂ ਦਾ ਛੋਟਾ ਰੂਪ ਹੈ।

ਇਬ, “ਯੋਨਾਦਾਬ।” ਇਹ ਯਹੋਨਾਦਾਬ ਨਾਂ ਦਾ ਛੋਟਾ ਰੂਪ ਹੈ।

ਇਬ, “ਨਬੂਕਦਰਸਰ।”

ਇਬ, “ਸਵੇਰੇ ਤੜਕੇ ਉੱਠ ਕੇ।”

ਇਬ, “ਸਵੇਰੇ ਤੜਕੇ ਉੱਠ ਕੇ।”

ਇਬ, “ਯੋਨਾਦਾਬ।” ਇਹ ਯਹੋਨਾਦਾਬ ਨਾਂ ਦਾ ਛੋਟਾ ਰੂਪ ਹੈ।

ਇਬ, “ਕਿਤਾਬ ਦੀ ਲਪੇਟਵੀਂ ਪੱਤਰੀ।” ਸ਼ਬਦਾਵਲੀ ਦੇਖੋ।

ਇਬ, “ਕਿਤਾਬ ਦੀ ਲਪੇਟਵੀਂ ਪੱਤਰੀ।”

ਜਾਂ, “ਕਿਤਾਬ।”

ਜਾਂ, “ਗ੍ਰੰਥੀ।”

ਜਾਂ, “ਰੋਟੀ ਖਾਣ ਵਾਲੇ ਕਮਰੇ।”

ਜਾਂ, “ਦਰਬਾਰੀ।”

ਜਾਂ, “ਕਿਤਾਬ।”

ਨਵੰਬਰ ਦੇ ਅੱਧ ਤੋਂ ਲੈ ਕੇ ਦਸੰਬਰ ਦੇ ਅੱਧ ਤਕ। ਵਧੇਰੇ ਜਾਣਕਾਰੀ 2.14 ਦੇਖੋ।

ਇਬ, “ਬੀ।”

ਜਾਂ, “ਕਿਤਾਬ।”

ਇਸ ਨੂੰ ਯਹੋਯਾਕੀਨ ਅਤੇ ਯਕਾਨਯਾਹ ਵੀ ਕਿਹਾ ਜਾਂਦਾ ਸੀ।

ਇਬ, “ਨਬੂਕਦਰਸਰ।”

ਯਾਨੀ, ਰਸੋਈਏ।

ਜਾਂ, “ਬੀਮਾਰੀ।”

ਇਬ, “ਬਾਹਰ ਕਸਦੀਆਂ ਕੋਲ ਚਲਾ ਜਾਵੇਗਾ।”

ਜਾਂ, “ਉਸ ਦੀ ਜਾਨ ਉਸ ਲਈ ਲੁੱਟ ਦਾ ਮਾਲ ਹੋਵੇਗੀ।”

ਇਬ, “ਦੇ ਹੱਥ ਢਿੱਲੇ ਕਰ।”

ਜਾਂ, “ਦਰਬਾਰੀ।”

ਜਾਂ, “ਕੱਛਾਂ।”

ਇਬ, “ਬਾਹਰ ਕਸਦੀਆਂ ਕੋਲ ਚਲਾ ਜਾਵੇਂਗਾ।”

ਇਬ, “ਬਾਹਰ ਕਸਦੀਆਂ ਕੋਲ ਨਹੀਂ ਜਾਵੇਂਗਾ।”

ਇਬ, “ਬਾਹਰ ਉਨ੍ਹਾਂ ਕੋਲ ਜਾਣ।”

ਇਬ, “ਨਬੂਕਦਰਸਰ।”

ਜ਼ਾਹਰ ਹੈ ਕਿ ਇਹ ਇਕ ਰੁਤਬਾ ਸੀ।

ਜਾਂ ਇਬਰਾਨੀ ਲਿਖਤਾਂ ਦੇ ਇਨ੍ਹਾਂ ਸ਼ਬਦਾਂ ਨੂੰ ਅਲੱਗ ਤਰੀਕੇ ਨਾਲ ਵੀ ਵੰਡਿਆ ਜਾ ਸਕਦਾ ਹੈ, “ਨੇਰਗਲ-ਸ਼ਰਾਸਰ, ਸਮਗਰ-ਨਬੋ, ਸਰਸਕੀਮ, ਰਬਸਾਰੀਸ।”

ਜਾਂ, “ਮੁਖ ਜਾਦੂਗਰ (ਜੋਤਸ਼ੀ)।”

ਇਬ, “ਨਬੂਕਦਰਸਰ।”

ਜਾਂ ਸੰਭਵ ਹੈ, “ਜ਼ਬਰੀ ਮਜ਼ਦੂਰੀ।”

ਇਬ, “ਨਬੂਕਦਰਸਰ।”

ਜਾਂ, “ਮੁੱਖ ਦਰਬਾਰੀ।”

ਜਾਂ, “ਮੁਖ ਜਾਦੂਗਰ (ਜੋਤਸ਼ੀ)।”

ਜਾਂ, “ਤੇਰੀ ਜਾਨ ਤੇਰੇ ਲਈ ਲੁੱਟ ਦਾ ਮਾਲ ਹੋਵੇਗੀ।”

ਇਬ, “ਸਾਮ੍ਹਣੇ ਖੜ੍ਹਾ ਹੋਵਾਂਗਾ।”

ਇਬ, “ਰਾਜ ਦਾ ਬੀ।”

ਜਾਂ ਸੰਭਵ ਹੈ, “ਜਿੱਥੇ ਇਕ ਵੱਡਾ ਤਲਾਬ ਸੀ।”

ਜਾਂ, “ਮੈਨੂੰ ਅਫ਼ਸੋਸ ਹੋਵੇਗਾ।”

ਜਾਂ, “ਕੁਝ ਸਮੇਂ ਲਈ ਵੱਸਣਾ।”

ਜਾਂ, “ਬੀਮਾਰੀ।”

ਇਬ, “ਨਬੂਕਦਰਸਰ।”

ਜਾਂ, “ਘਰਾਂ।”

ਜਾਂ, “ਸ਼ਾਂਤੀ ਨਾਲ।”

ਜਾਂ, “ਸੂਰਜ ਦਾ ਘਰ (ਮੰਦਰ),” ਯਾਨੀ ਹੀਲੀਓਪੁਲਿਸ।

ਜਾਂ, “ਘਰਾਂ।”

ਜਾਂ, “ਮੈਮਫ਼ਿਸ।”

ਇਬ, “ਸਵੇਰੇ ਤੜਕੇ ਉੱਠ ਕੇ।”

ਇਬ, “ਉਨ੍ਹਾਂ ਨੇ।”

ਜਾਂ, “ਪਛਤਾਵਾ ਨਹੀਂ ਕੀਤਾ।”

ਜਾਂ, “ਬੀਮਾਰੀ।”

ਇਕ ਦੇਵੀ ਦਾ ਖ਼ਿਤਾਬ ਜਿਸ ਦੀ ਧਰਮ-ਤਿਆਗੀ ਇਜ਼ਰਾਈਲੀ ਭਗਤੀ ਕਰਦੇ ਸਨ; ਬੱਚਿਆਂ ਦੀ ਦਾਤ ਬਖ਼ਸ਼ਣ ਵਾਲੀ ਦੇਵੀ।

ਇਕ ਦੇਵੀ ਦਾ ਖ਼ਿਤਾਬ ਜਿਸ ਦੀ ਧਰਮ-ਤਿਆਗੀ ਇਜ਼ਰਾਈਲੀ ਭਗਤੀ ਕਰਦੇ ਸਨ; ਬੱਚਿਆਂ ਦੀ ਦਾਤ ਬਖ਼ਸ਼ਣ ਵਾਲੀ ਦੇਵੀ।

ਇਕ ਦੇਵੀ ਦਾ ਖ਼ਿਤਾਬ ਜਿਸ ਦੀ ਧਰਮ-ਤਿਆਗੀ ਇਜ਼ਰਾਈਲੀ ਭਗਤੀ ਕਰਦੇ ਸਨ; ਬੱਚਿਆਂ ਦੀ ਦਾਤ ਬਖ਼ਸ਼ਣ ਵਾਲੀ ਦੇਵੀ।

ਇਬ, “ਉਹ ਯਹੋਵਾਹ ਦੇ ਦਿਲ ਵਿਚ ਆਈਆਂ।”

“ਨਸੀਹਤ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਵਿਚ ਕਾਨੂੰਨ, ਹੁਕਮ, ਚੇਤਾਵਨੀ ਅਤੇ ਉਹ ਗੱਲਾਂ ਸ਼ਾਮਲ ਹਨ ਜੋ ਪਰਮੇਸ਼ੁਰ ਆਪਣੇ ਲੋਕਾਂ ਨੂੰ ਯਾਦ ਕਰਾਉਂਦਾ ਹੈ ਅਤੇ ਉਨ੍ਹਾਂ ਮੁਤਾਬਕ ਚੱਲਣ ਲਈ ਕਹਿੰਦਾ ਹੈ।

ਇਕ ਦੇਵੀ ਦਾ ਖ਼ਿਤਾਬ ਜਿਸ ਦੀ ਧਰਮ-ਤਿਆਗੀ ਇਜ਼ਰਾਈਲੀ ਭਗਤੀ ਕਰਦੇ ਸਨ; ਬੱਚਿਆਂ ਦੀ ਦਾਤ ਬਖ਼ਸ਼ਣ ਵਾਲੀ ਦੇਵੀ।

ਇਬ, “ਨਬੂਕਦਰਸਰ।”

ਜਾਂ, “ਦੀ ਉਮੀਦ ਰੱਖਦਾ ਹੈਂ।”

ਜਾਂ, “ਮੈਂ ਤੈਨੂੰ ਤੇਰੀ ਜਾਨ ਲੁੱਟ ਦੇ ਮਾਲ ਦੇ ਤੌਰ ਤੇ ਦਿਆਂਗਾ।”

ਇਬ, “ਨਬੂਕਦਰਸਰ।”

ਛੋਟੀਆਂ ਢਾਲਾਂ ਅਕਸਰ ਤੀਰਅੰਦਾਜ਼ ਲੈ ਕੇ ਜਾਂਦੇ ਹੁੰਦੇ ਸਨ।

ਜਾਂ, “ਕੱਟ-ਵੱਢ ਕੀਤੀ ਹੈ।”

ਇਬ, “ਨਬੂਕਦਰਸਰ।”

ਜਾਂ, “ਮੈਮਫ਼ਿਸ।”

ਇਬ, “ਮਿਥਿਆ ਸਮਾਂ।”

ਯਾਨੀ, ਮਿਸਰ ਨੂੰ ਹਰਾਉਣ ਵਾਲਾ।

ਜਾਂ, “ਮੈਮਫ਼ਿਸ।”

ਜਾਂ ਸੰਭਵ ਹੈ, “ਉਜਾੜ ਬਣਾ ਦਿੱਤਾ ਜਾਵੇਗਾ।”

ਜਾਂ, “ਲੱਕੜਾਂ ਇਕੱਠੀਆਂ ਕਰਨ ਵਾਲੇ।”

ਯਾਨੀ, ਥੀਬਜ਼।

ਇਬ, “ਨਬੂਕਦਰਸਰ।”

ਇਬ, “ਬੀ।”

ਜਾਂ, “ਸੁਧਾਰਾਂਗਾ।”

ਯਾਨੀ, ਕ੍ਰੀਟ।

ਯਾਨੀ, ਲੋਕ ਸੋਗ ਅਤੇ ਸ਼ਰਮ ਦੇ ਮਾਰੇ ਆਪਣੇ ਸਿਰ ਮੁਨਾਉਣਗੇ।

ਜਾਂ, “ਸੁਰੱਖਿਆ ਦੀ ਉੱਚੀ ਥਾਂ।”

ਜਾਂ, “ਪਠਾਰ; ਪਹਾੜ ਦੀ ਪੱਧਰੀ ਚੋਟੀ।”

ਜਾਂ ਸੰਭਵ ਹੈ, “ਸੁੱਕੀ ਜ਼ਮੀਨ ʼਤੇ ਬੈਠ।”

ਜਾਂ, “ਪਠਾਰ; ਪਹਾੜ ਦੀ ਪੱਧਰੀ ਚੋਟੀ।”

ਇਬ, “ਸਿੰਗ।”

ਕਿਸੇ ਦੀ ਮੌਤ ਹੋਣ ਤੇ ਮਾਤਮ ਮਨਾਉਣ ਵੇਲੇ ਬੰਸਰੀ ਵਜਾਈ ਜਾਂਦੀ ਸੀ।

ਕਿਸੇ ਦੀ ਮੌਤ ਹੋਣ ਤੇ ਮਾਤਮ ਮਨਾਉਣ ਵੇਲੇ ਬੰਸਰੀ ਵਜਾਈ ਜਾਂਦੀ ਸੀ।

ਜਾਂ, “ਇਸ ਦੇ ਅਧੀਨ ਆਉਂਦੇ।

ਜਾਂ, “ਦੇ ਅਧੀਨ ਆਉਂਦੇ।

ਜਾਂ, “ਭੇਡਾਂ ਦੇ ਵਾੜਿਆਂ।”

ਹੈਰਾਨੀ ਜਾਂ ਘਿਰਣਾ ਜ਼ਾਹਰ ਕਰਨ ਲਈ।

ਜਾਂ, “ਅਮੂਰਾਹ।”

ਸ਼ਾਇਦ ਇੱਥੇ ਅਦੋਮ ਦੇ ਲੋਕਾਂ ਦੀ ਗੱਲ ਕੀਤੀ ਗਈ ਹੈ।

ਜਾਂ, “ਯੋਜਨਾ ਬਣਾਈ ਹੈ।”

ਇਬ, “ਨਬੂਕਦਰਸਰ।”

ਇਬ, “ਨਬੂਕਦਰਸਰ।”

ਜਾਂ, “ਨੂੰ ਹਰ ਦਿਸ਼ਾ ਵਿਚ।”

ਇਬ, “ਹਵਾਵਾਂ।”

ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।

ਸ਼ਬਦਾਵਲੀ ਦੇਖੋ।

ਇਬ, “ਨਿਵਾਸ-ਸਥਾਨ।”

ਜਾਂ, “ਭੇਡੂਆਂ ਅਤੇ ਬੱਕਰਿਆਂ।”

ਹੈਰਾਨੀ ਜਾਂ ਘਿਰਣਾ ਜ਼ਾਹਰ ਕਰਨ ਲਈ।

ਇਬ, “ਆਪਣਾ ਹੱਥ ਦਿੱਤਾ ਹੈ।”

ਇਬ, “ਨਬੂਕਦਰਸਰ।”

ਇਬ, “ਚੁੱਪ ਹੋ।”

ਜਾਂ, “ਝੂਠੇ ਨਬੀਆਂ।”

ਜਾਂ, “ਅਮੂਰਾਹ।”

ਸ਼ਾਇਦ ਇੱਥੇ ਬਾਬਲ ਦੇ ਵਾਸੀਆਂ ਦੀ ਗੱਲ ਕੀਤੀ ਗਈ ਹੈ।

ਜਾਂ, “ਯੋਜਨਾ ਬਣਾਈ ਹੈ।”

ਲੱਗਦਾ ਹੈ ਕਿ ਇਹ ਕਸਦੀਮ ਦਾ ਇਕ ਗੁਪਤ ਨਾਂ ਸੀ।

ਯਾਨੀ, ਕਸਦੀਆਂ ਦਾ ਦੇਸ਼।

ਜਾਂ ਸੰਭਵ ਹੈ, “ਤਰਕਸ਼ ਤੀਰਾਂ ਨਾਲ ਭਰ ਲਓ।”

ਜਾਂ, “ਬੱਦਲਾਂ।”

ਜਾਂ, “ਘੜੀਆਂ ਹੋਈਆਂ ਮੂਰਤਾਂ।”

ਜਾਂ, “ਢਾਲ਼ੀਆਂ ਹੋਈਆਂ।”

ਜਾਂ, “ਵਿਅਰਥ।”

ਇਬ, “ਹਿੱਸਾ।”

ਜਾਂ ਸੰਭਵ ਹੈ, “ਉਸ ਨੇ ਹੀ ਆਪਣੀ ਵਿਰਾਸਤ ਦੇ ਡੰਡੇ ਨੂੰ ਬਣਾਇਆ ਹੈ।”

ਇਬ, “ਪਵਿੱਤਰ।”

ਇਬ, “ਨਬੂਕਦਰਸਰ।”

ਜਾਂ, “ਪਾਣੀ ਨਾਲ ਧੋ ਸੁੱਟਿਆ ਹੈ।”

ਹੈਰਾਨੀ ਜਾਂ ਘਿਰਣਾ ਜ਼ਾਹਰ ਕਰਨ ਲਈ।

ਲੱਗਦਾ ਹੈ ਕਿ ਇਹ ਬਾਬਲ ਦਾ ਇਕ ਗੁਪਤ ਨਾਂ ਸੀ।

ਜਾਂ, “ਅਜਨਬੀਆਂ।”

ਇਬ, “ਨਬੂਕਦਰਸਰ।”

ਇਬ, “ਨਬੂਕਦਰਸਰ।”

ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਹਰੇਕ ਥੰਮ੍ਹ ਦਾ ਘੇਰਾ ਨਾਪਣ ਲਈ 12 ਹੱਥ ਲੰਬੀ ਰੱਸੀ ਲੱਗਦੀ ਸੀ।”

ਇਕ ਉਂਗਲ ਦੀ ਚੁੜਾਈ 1.85 ਸੈਂਟੀਮੀਟਰ (0.73 ਇੰਚ) ਹੁੰਦੀ ਹੈ। ਵਧੇਰੇ ਜਾਣਕਾਰੀ 2.14 ਦੇਖੋ।

ਥੰਮ੍ਹ ਦਾ ਸਜਾਵਟੀ ਸਿਰਾ।

ਇਬ, “ਨਬੂਕਦਰਸਰ।”

ਇਬ, “ਨਬੂਕਦਰਸਰ।”

ਇਬ, “ਨਬੂਕਦਰਸਰ।”

ਇਬ, “ਦੇ ਸਿਰ ਨੂੰ ਉੱਚਾ ਕੀਤਾ।”

ਇਬ, “ਦੂਜੇ ਰਾਜਿਆਂ ਦੇ ਸਿੰਘਾਸਣਾਂ ਨਾਲੋਂ ਉਸ ਦਾ ਸਿੰਘਾਸਣ ਉੱਚਾ ਕੀਤਾ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ